Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Ustaad-Arabian Lok Kahani

ਉਸਤਾਦ-ਅਰਬੀ ਲੋਕ ਕਹਾਣੀ

ਅਰਬ ਦੇਸ਼ ਦਾ ਕਿੱਸਾ ਹੈ। ਸ਼ਹਿਰ ਦੇ ਬੱਚੇ ਮਦਰੱਸੇ ’ਚ ਪੜ੍ਹਨ ਆਉਂਦੇ ਸਨ। ਪੜ੍ਹਾਉਣ ਵਾਲਾ ਉਸਤਾਦ ਬੜਾ ਗੁੱਸੇਖੋਰ ਇਨਸਾਨ ਸੀ। ਉਹ ਜਦੋਂ ਕੁਝ ਬੋਲਦਾ ਸੀ ਤਾਂ ਰੁੱਖਾਂ ’ਤੇ ਬੈਠੇ ਪੰਛੀ ਵੀ ਉਡਾਰੀ ਮਾਰ ਜਾਂਦੇ ਸਨ। ਕੀ ਮਜਾਲ ਕਿ ਕੋਈ ਬੱਚਾ ਆਪਣੇ ਉਸਤਾਦ ਦੀ ਹਾਜ਼ਰੀ ਵਿੱਚ ਚੀਂ…ਪੈਂ… ਕਰ ਜਾਏ। ਕੋਈ ਬੱਚਾ ਉਸਤਾਦ ਦੇ ਸਾਹਮਣੇ ਮਾੜੀ ਹਰਕਤ ਕਰਨ ਦਾ ਹਈਆ ਨਹੀਂ ਸੀ ਕਰਦਾ। ਮਦਰੱਸੇ, ਘਰਾਂ ਤੇ ਸ਼ਹਿਰ ਵਿੱਚ ਬੱਚਿਆਂ ਨੂੰ ਲੈ ਕੇ ਮਾਹੌਲ ਬੜਾ ਖ਼ੁਸ਼ਗਵਾਰ ਸੀ।
ਕੋਈ ਬੱਚਾ ਮਦਰੱਸੇ ’ਚ ਸ਼ਰਾਰਤ ਕਰਦਾ ਜਾਂ ਆਪਣਾ ਸਬਕ ਕੰਠ ਨਾ ਕਰਦਾ ਤਾਂ ਉਸਤਾਦ ਦਾ ਬੈਂਤ ਉਸ ਨੂੰ ਸੋਧਣ ਲਈ ਹਾਜ਼ਰ ਹੁੰਦਾ ਸੀ। ਮੌਲਾ ਬਖਸ਼ ਦੇ ਝੰਬੇ ਬੱਚੇ ਲਾਲ ਹੋਈਆਂ ਤਲੀਆਂ ਨੂੰ ਪਲੋਸਦੇ ਘਰੋ-ਘਰੀ ਚਲੇ ਜਾਂਦੇ ਤੇ ਅਗਲੇ ਦਿਨ ਆਪਣੀ ਗ਼ਲਤੀ ਸੁਧਾਰ ਲੈਂਦੇ।
ਉਸਤਾਦ ਦਾ ਭੈਅ, ਮਾਪਿਆਂ ਨੂੰ ਜਿਵੇਂ ਗਵਾਰਾ ਨਹੀਂ ਸੀ। ਬੱਚਿਆਂ ਦੀ ਥਾਂ ਜਿਵੇਂ ਮਾਪਿਆਂ ਨੂੰ ਬੈਂਤ ਦੀ ਪੀੜ ਹੁੰਦੀ ਹੋਵੇ। ਉਹ ਉਸ ਨੂੰ ਉਸਤਾਦ ਘੱਟ ਤੇ ਜਲਾਦ ਵਧੇਰੇ ਸਮਝਣ ਲੱਗ ਪਏ। ਉਹ ਹਰਗਿਜ਼ ਨਹੀਂ ਸੀ ਚਾਹੁੰਦੇ ਕਿ ਫੁੱਲਾਂ ਵਰਗੇ ਕੋਮਲ ਉਨ੍ਹਾਂ ਦੇ ਬੱਚਿਆਂ ਨੂੰ ਕੁੱਟਿਆ-ਕੋਹਿਆ ਜਾਏ। ਹੋਇਆ ਕੀ ਕਿ ਮਿਲ-ਮਿਲਾ ਕੇ ਸਾਰੇ ਮਾਪੇ ਮਦਰੱਸੇ ਆਣ ਧਮਕੇ। ਸਾਰਿਆਂ ਨੇ ਗੁੱਸੇਖੋਰੇ ਉਸਤਾਦ ਦੀ ਲਾਹ-ਪਾਹ ਕੀਤੀ ਤੇ ਉਸ ਨੂੰ ਸ਼ਹਿਰੋਂ ਬਾਹਰ ਭਜਾ ਦਿੱਤਾ।
ਮਦਰੱਸੇ ਲਈ ਨਵਾਂ ਉਸਤਾਦ ਲੱਭ ਲਿਆ ਗਿਆ। ਨਵੇਂ ਉਸਤਾਦ ਦਾ ਸੁਭਾਓ ਪਹਿਲੇ ਨਾਲੋਂ ਉਲਟ ਸੀ। ਨੇਕ ਬਖਤ, ਚੁੱਪ ਤੇ ਹੱਦ ਦਰਜੇ ਦਾ ਅਕਲਮੰਦ ਇਨਸਾਨ ਸੀ ਉਹ। ਸਾਰੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ।
ਭਲੇਮਾਣਸ ਉਸਤਾਦ ਦੀ ਹਾਜ਼ਰੀ ’ਚ ਕੀ ਹੋਇਆ ਕਿ ਬੱਚੇ ਵਿਗੜਨ ਲੱਗ ਪਏ। ਮਨਮਰਜ਼ੀ ਕਰਨ ਦੇ ਰਾਹ ਪੈਣ ਲੱਗ ਪਏ। ਪੜ੍ਹਨ-ਲਿਖਣ ਦੀ ਥਾਂ ਇੱਲਤਾਂ ਕਰਨ ’ਚ ਮਸਰੂਫ਼ ਹੋ ਗਏ। ਸਾਹਮਣੇ ਬੈਠੇ ਉਸਤਾਦ ਤੋਂ ਬੇਖ਼ਬਰ ਉਹ ਲਿਖਣ ਵਾਲੀਆਂ ਫੱਟੀਆਂ ਇੱਕ-ਦੂਜੇ ਦੇ ਸਿਰਾਂ ’ਚ ਮਾਰ ਤੋੜ-ਫੋੜ ਕਰਨ ਲੱਗ ਪਏ। ਗੱਲ ਕੀ, ਸਾਰੇ ਬੱਚੇ ਪਿਛਲਾ ਪੜ੍ਹਿਆ-ਲਿਖਿਆ ਵੀ ਭੁੱਲ-ਭੁਲਾ ਗਏ।
ਸ਼ਾਂਤੀ ਸਿਰਫ਼ ਮਦਰੱਸੇ ਦੀ ਹੀ ਭੰਗ ਨਹੀਂ ਸੀ ਹੋਈ, ਸਗੋਂ ਘਰੋਂ-ਘਰੀਂ ਵੀ ਬੱਚਿਆਂ ਨੇ ਮਾਪਿਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਸੀ। ਮਾਪਿਆਂ ਲਈ ਖਰੂਦੀ ਨਿਆਣਿਆਂ ਨੂੰ ਨੱਥ ਪਾਉਣਾ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ।
ਗੱਲ ਤੁਰਦੀ-ਤੁਰਦੀ ਇੱਕ ਬਜ਼ੁਰਗ ਦੇ ਕੰਨੀ ਜਾ ਪਈ। ਹਮਸਾਇਆਂ ਦੇ ਫ਼ਿਕਰਾਂ ਨੂੰ ਆਪਣੇ ਜਾਣ ਉਹ ਲੱਗਾ ਸੋਚ-ਵਿਚਾਰ ਕਰਨ। ਉਸ ਨੇ ਪੁਰਾਣੇ ਤੇ ਨਵੇਂ ਉਸਤਾਦ ਦੇ ਵਰਤੋਂ-ਵਿਹਾਰ ਨੂੰ ਮਨ ਹੀ ਮਨ ਘੋਖਿਆ ਤੇ ਪਰਖਿਆ। ਜ਼ਿੰਦਗੀ ਦੇ ਤਜਰਬੇ ’ਚੋਂ ਉਸ ਬਜ਼ੁਰਗ ਨੂੰ ਕੁਝ ਗੱਲਾਂ ਚੇਤੇ ਆ ਗਈਆਂ। ਉਸ ਨੇ ਹਮਸਾਇਆਂ ਨੂੰ ਬੁਲਾਇਆ ਤੇ ਲੱਗਾ ਪਤੇ ਦੀਆਂ ਗੱਲਾਂ ਸਮਝਾਉਣ। ਉਸ ਨੇ ਦੱਸਿਆ ਕਿ ਭਲੇ ਵੇਲੇ ਇੱਕ ਬਾਦਸ਼ਾਹ ਹੁੰਦਾ ਸੀ। ਉਸ ਦਾ ਲਾਡਲਾ ਰਾਜਕੁਮਾਰ ਜਦੋਂ ਵੱਡਾ ਹੋਇਆ ਤਾਂ ਉਸ ਨੇ ਪੜ੍ਹਨ-ਲਿਖਣ ਲਈ ਚਾਂਦੀ ਦੀ ਫੱਟੀ ਬਣਵਾ ਕੇ ਦਿੱਤੀ ਸੀ। ਬਾਦਸ਼ਾਹ ਨੇ ਮਦਰੱਸੇ ਜਾਣ ਤੋਂ ਪਹਿਲਾਂ ਕੀ ਕੀਤਾ ਕਿ ਆਪਣੇ ਵਾਰਸ ਰਾਜਕੁਮਾਰ ਦੇ ਹੱਥੋਂ ਸੋਨੇ ਦੀ ਸਿਆਹੀ ਨਾਲ ਫੱਟੀ ’ਤੇ ਲਿਖਵਾਇਆ, ‘‘ਉਸਤਾਦ ਦਾ ਜ਼ੁਲਮ, ਬਾਪ ਦੀ ਮੁਹੱਬਤ ਨਾਲੋਂ ਲੱਖ ਦਰਜੇ ਚੰਗਾ…।’’
ਹੋਰ ਸੁਣੋ, ਬਜ਼ੁਰਗ ਨੇ ਸੁੰਨ ਬੈਠੇ ਹਮਸਾਇਆਂ ਨੂੰ ਇਹ ਵੀ ਦੱਸਿਆ ਕਿ ਜਦੋਂ ਉਸਤਾਦ ਆਪਣੇ ਸ਼ਾਗਿਰਦਾਂ ’ਤੇ ਸਖ਼ਤੀ ਕਰਨੀ ਛੱਡ ਦੇਵੇ ਤਾਂ ਉਹ ਮਦਾਰੀ ਬਣ ਜਾਂਦੇ ਨੇ…। ਇਹ ਸੁਣ ਕੇ ਦੁਖੀ ਮਾਪਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਬਜ਼ੁਰਗ ਸਿਆਣੇ ਦੀਆਂ ਬੇਸ਼ਕੀਮਤੀ ਨਸੀਹਤਾਂ ਸੁਣ ਉਹ ਪੁਰਾਣੇ ਉਸਤਾਦ ਨੂੰ ਲੱਭਣ ਤੁਰ ਪਏ। ਲੱਭਦਿਆਂ-ਲੁਭਾਉਂਦਿਆਂ ਸ਼ਹਿਰੋਂ ਬਾਹਰ ਇੱਕ ਕੁਟੀਆ ’ਚ ਬੈਠਾ ਪੁਰਾਣਾ ਉਸਤਾਦ ਲੱਭ ਪਿਆ। ਰਲ-ਮਿਲ ਕੇ ਸਭ ਨੇ ਮਿੰਨਤ-ਤਰਲੇ ਕੀਤੇ, ਆਪਣੀ ਭੁੱਲ ਬਖ਼ਸ਼ਾਈ ਤੇ ਉਸਤਾਦ ਨੂੰ ਮਨਾ ਕੇ ਵਾਪਸ ਮਦਰੱਸੇ ਲੈ ਆਏ। ਇਸ ਤੋਂ ਬਾਅਦ ਅਸੂਲਾਂ ਦੇ ਪੱਕੇ ਅਤੇ ਅਨੁਸ਼ਾਸਨ ਪਸੰਦ ਉਸਤਾਦ ਦੀ ਆਮਦ ਨਾਲ ਮਦਰੱਸੇ ਦੇ ਬਾਲ ਹੌਲੀ-ਹੌਲੀ ਸੁਧਰ ਗਏ ਤੇ ਸ਼ਹਿਰ ਨਿਵਾਸੀ ਵੀ ਨਿਰਵਿਘਨ ਜ਼ਿੰਦਗੀ ਜਿਉਣ ਲੱਗ ਪਏ। -(ਹਰਦੇਵ ਚੌਹਾਨ)

 
 

To veiw this site you must have Unicode fonts. Contact Us

punjabi-kavita.com