Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Keema-Malki Folklore

ਵਫਾ ਨੂੰ ਪ੍ਰਣਾਈ ਮੁਹੱਬਤ: ਕੀਮਾ-ਮਲਕੀ ਲੋਕ-ਗਾਥਾ

ਤਿੰਨ-ਚਾਰ ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿਚ ਮੰਗਣੇ, ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ 'ਤੇ ਕੋਠਿਆਂ ਦੀਆਂ ਛੱਤਾਂ ਉਤੇ ਲਾਊਡ ਸਪੀਕਰ ਰੱਖ ਕੇ ਰਿਕਾਰਡ ਸੁਣਨ ਦਾ ਆਮ ਰਿਵਾਜ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ 'ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ' ਵਾਲਾ ਰਿਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਸਰੋਤਿਆਂ ਦੇ ਦਿਲਾਂ ਵਿਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫਾ ਦੀ ਸਾਖਸ਼ਾਤ ਮੂਰਤ ਸ਼ਿਦਕਵਾਨ ਮਲਕੀ ਦੇ ਹੁਸਨਾਂ ਭਰੇ ਚਿਹਰੇ ਨੇ ਸਰੋਤਿਆਂ ਦੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।
ਮਲਕੀ ਸਿੰਧ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ-ਅਖਤੂ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਦਬਦਬਾ ਸੀ। ਘਰ ਵਿਚ ਕਿਸੇ ਵੀ ਕਿਸਮ ਦੀ ਤੋਟ ਨਹੀਂ ਸੀ, ਚਾਰੇ ਬੰਨੇ ਸੱਭੇ ਖੈਰਾਂ ਸਨ। ਦੋਨੋਂ ਪੁੱਤਰ ਵਿਆਹੇ ਹੋਏ ਸਨ। ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ, ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ। ਮਲਕੀ 'ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿਚ ਹੋ ਰਹੀ ਸੀ।
ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੀ ਸੀ, ਜਿਸ ਨੇ ਅਜਿਹੀ ਹੁਸਨਾਂ ਭਰੀ ਧੀ ਨੂੰ ਜਨਮ ਦਿੱਤਾ ਸੀ, ਪਰ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖਉ ਬਣਿਆ ਹੋਇਆ ਸੀ। ਉਸ ਦਾ ਬਾਪ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫਿਕਰ ਜਿੰਦਗੀ ਬਤੀਤ ਕਰ ਰਿਹਾ ਸੀ। ਉਹਦੀ ਧੀ ਜਵਾਨੀ ਦੀਆਂ ਬਰੂਹਾਂ 'ਤੇ ਆਣ ਖਲੋਤੀ ਸੀ, ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ।
ਰਾਏ ਮੁਬਾਰਕ ਅਬੈੜੇ ਸੁਭਾਅ ਦਾ ਮਾਲਕ ਸੀ, ਜਿਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖਰ ਇੱਕ ਦਿਨ ਹਿੰਮਤ 'ਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, "ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ, ਤੇਰੇ ਬੂਹੇ 'ਤੇ ਕੋਠੇ ਜਿੱਡੀ ਧੀ ਬੈਠੀ ਐ, ਉਹਨੂੰ ਵਿਆਹੁਣ ਦਾ ਕੋਈ ਬੰਨ ਸੁਬ ਕਰ।"
ਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ, ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਬੱਚੀ ਸੀ।
"ਭਾਗਵਾਨੇ! ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ, ਮਲਕੀ ਦਾ ਚਾਚਾ ਦਰੀਆ ਹੈਗਾ, ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊ, ਭਲਕੇ ਚਿੱਠੀ ਲਿਖਦਾਂ ਉਹਨੂੰ।"
ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ।
ਵੱਡੇ ਭਰਾ ਦੀ ਚਿੱਠੀ ਮਿਲਦਿਆਂ ਸਾਰ ਦਰੀਏ ਨੂੰ ਖੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁਕੇ ਸਨ। ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ।
ਪਰੀਆਂ ਵਰਗੀ ਉਸ ਦੀ ਹੁਸਨਾਂ ਭਰੀ ਭਤੀਜੀ ਮਲਕੀ ਉਹਦੇ ਲਈ ਇੱਕ ਅਜਿਹੀ ਗਿੱਦੜਸਿੰਗੀ ਸਾਬਤ ਹੋ ਸਕਦੀ ਸੀ, ਜਿਸ ਰਾਹੀਂ ਉਹ ਬਾਦਸ਼ਾਹ ਦੇ ਦਰਬਾਰ ਵਿਚ ਉਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨਪ੍ਰਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਇਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ।
ਆਥਣ ਪਸਰ ਰਹੀ ਸੀ, ਜਦੋਂ ਦਰੀਆ ਗੜ੍ਹ ਮੁਗਲਾਣੇ ਪੁੱਜਾ। ਉਸ ਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਬਾਰਕ ਅਤੇ ਦੋਨੋਂ ਭਤੀਜਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਆਂਢੀ-ਗੁਆਂਢੀ ਉਹਦੀ ਖਬਰ ਸਾਰ ਲੈਣ ਆਏ, ਘਰ ਦੀਆਂ ਜਨਾਨੀਆਂ ਰੋਟੀ ਟੁੱਕ ਦੇ ਆਹਰ ਵਿਚ ਰੁੱਝ ਗਈਆਂ। ਮੁਰਗ ਮੁਸੱਲਮ ਭੁੰਨੇ ਗਏ। ਦਰੀਏ ਅਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਲ੍ਹ ਲਏ। ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿਚ ਪੇਸ਼-ਪੇਸ਼ ਸਨ। ਭਾਬੀ ਜਮਾਲੋ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ, ਜੋ ਆਨੀ-ਬਹਾਨੀ ਦੋਹਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ।
ਅੰਨ-ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ 'ਚ ਚਲੀਆਂ ਗਈਆਂ, ਦਰੀਆ ਤੇ ਮੁਬਾਰਕ ਮੰਜੀਆਂ 'ਤੇ ਲੰਮੇ ਪੈ ਗਏ। ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ। ਆਖਰ ਉਹਨੇ ਗੱਲ ਤੋਰੀ, "ਬੜੇ ਭਾਈ ਜਾਗਦੈਂ? ਗੱਲ ਮੂੰਹੋਂ ਕੱਢਣੀ ਬੜੀ ਔਖੀ ਐ। ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਵਾੜਾ ਏ। ਵਾਰ-ਵਾਰ ਤਾਂ ਰਿਸ਼ਤੇ ਲੱਭਦੇ ਨ੍ਹੀਂ, ਚੰਗੇ ਪਰਿਵਾਰ ਨਾਲ ਹੱਥ ਜੁੜ ਜਾਣ ਤਾਂ ਧੀ ਸੁਖਾਲੀ ਤੇ ਮਾਪੇ ਵੀ ਸੁਖਾਲੇ। ਬੜੇ ਭਾਈ! ਜੇ ਮੇਰੀ ਗੱਲ ਮੰਨੇਂ ਤਾਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ ਕਰ ਦਿੰਦੇ ਆਂ, ਉਹ ਮੇਰੇ ਤੋਂ ਬਾਹਰ ਨ੍ਹੀਂ। ਐਡੇ ਵੱਡੇ ਸਾਕ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦੈ, ਨਾਲੇ ਮਲਕੀ ਰਾਜ ਕਰੂ, ਗੋਲੀਆਂ 'ਤੇ ਹੁਕਮ ਚਲਾਊ, ਨਾਲੇ ਆਪਾਂ ਸਰਦਾਰੀਆਂ ਭੋਗਾਂਗੇ।"
ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰੀਆ ਐਡੀ ਵੱਡੀ ਗੱਲ ਆਖ ਦੇਵੇਗਾ। ਉਹ ਇੱਕਦਮ ਅੱਗ ਦੇ ਭਬੂਕੇ ਵਾਂਗ ਉਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਮਸੀਂ ਕਾਬੂ ਕਰਦਿਆਂ ਬੋਲਿਆ, "ਛੋਟੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ? ਮੈਂ ਆਪਣੀ ਮਲੂਕ ਜਿਹੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਧੀ ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ। ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂਹ ਖਾਤੇ 'ਚ ਧੱਕਾ ਦੇਣਾ ਬਿਹਤਰ ਐ।"
ਦਰੀਆ ਮੁਬਾਰਕ ਦੇ ਕੱਬੇ ਸੁਭਾਅ ਤੋਂ ਵਾਕਿਫ ਸੀ। ਉਹਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਦੋਨੋਂ ਸਾਰੀ ਰਾਤ ਉਸਲਵੱਟੇ ਭੰਨਦੇ ਰਹੇ।
ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਸ ਦੀ ਗੱਲ ਨਹੀਂ ਸੀ ਮੰਨੀ। ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਘਰ ਕਰ ਚੁਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ, ਉਹਨੇ ਮਨ ਵਿਚ ਕਿਹਾ, "ਵੇਖਾਂਗਾ ਕਿਹੜਾ ਵੱਡਾ ਨਾਢੂ ਖਾਂ ਮਲਕੀ ਨੂੰ ਵਿਆਹ ਕੇ ਲੈ ਜਾਊ।"
ਉਹ ਅਗਲੀ ਸਵੇਰ ਬਿਨਾ ਕੁਝ ਖਾਧੇ ਪੀਤੇ ਗੁੱਸੇ ਨਾਲ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ।
ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿਚ ਸੋਗੀ ਮਾਹੌਲ ਪੈਦਾ ਕਰ ਦਿੱਤਾ। ਮੁਬਾਰਕ ਨੇ ਦਰੀਏ ਨਾਲ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿਚ ਬੜੀ ਗੰਭੀਰਤਾ ਨਾਲ ਵਿਚਾਰੀ।
ਜਮਾਲੋ ਬੜੀ ਗੰਭੀਰਤਾ ਨਾਲ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ।
"ਬਾਦਸ਼ਾਹ ਦਾ ਕੀ ਐ, ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ।"
ਜਮਾਲੋ ਦੀ ਵੱਡੀ ਭੈਣ ਲਾਲੋ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ। ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ, ਜਮਾਲੋ ਤਖਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਜੇ ਪਾਕਿ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ 'ਤੇ 'ਕੱਠਿਆਂ ਕਰ ਦੇਵੇਗੀ। ਉਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ।
ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ ਗੱਲ ਤੋਰੀ, ਉਹ ਪਹਿਲਾਂ ਹੀ ਤਿਆਰ ਸੀ, ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਦੋਨੋਂ ਪਰਿਵਾਰ ਮਿਲ ਕੇ ਜ਼ਿਹਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ, ਇੱਕਠੇ ਸ਼ਿਕਾਰ ਖੇਡਣਗੇ, ਕਿਹੜਾ ਉਨ੍ਹਾਂ ਅੱਗੇ ਕੁਸਕੇਗਾ। ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਖਿੜੇ ਮੱਥੇ ਇਹ ਰਿਸ਼ਤੇ ਪਰਵਾਨ ਕਰ ਲਏ ਤੇ ਨਿਕਾਹ ਦਾ ਦਿਨ ਧਰ ਦਿੱਤਾ।
ਕੀਮਾ ਮੁਕਲਾਵਾ ਲੈਣ ਲਈ ਘੋੜੇ 'ਤੇ ਅਸਵਾਰ ਹੋ ਗੜ੍ਹ ਮੁਗਲਾਣੇ ਪੁੱਜ ਗਿਆ। ਉਹਦਾ ਸ਼ਗਨਾਂ ਨਾਲ ਸੁਆਗਤ ਕੀਤਾ ਗਿਆ।
ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖੁਸ਼ੀਆਂ ਦੀ ਥਾਂ ਗਰਮੀਆਂ ਲਈ ਖੜੋਤੀ ਹੈ। ਰਾਏ ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ 'ਤੇ ਆਪਣੀ ਭਤੀਜੀ ਦੇ ਮੁਕਲਾਵੇ 'ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ। ਉਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ ਬਣਿਆ ਅਜੇ ਤੱਕ ਠੰਢਾ ਨਹੀਂ ਸੀ ਹੋਇਆ, ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ।
ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ। ਦਰੀਏ ਨੇ ਕੁਮਕ ਲੈ ਕੇ ਏਸ ਤਰ੍ਹਾਂ ਚੜ੍ਹਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ, ਦਰੀਏ ਨੇ ਆਪਣੇ ਮਕਸਦ ਲਈ ਸਰਕਾਰੀ ਦਬਾਅ ਦਾ ਇੱਕ ਹੋਰ ਹੱਥਕੰਡਾ ਵਰਤਿਆ ਕਿ ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਝਾੜ ਰਿਹਾ ਸੀ:


ਦਰੀਆ ਆਖਦਾ ਦੇਖ ਮੁਬਾਰਕਾ ਓਏ,
ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ।
ਤੇਰੀ ਮਲਕੀ ਨੂੰ ਅਕਬਰ ਦੇ ਘਰ ਦੇਣਾ,
ਕੀਮੇ ਜੱਟ ਦੇ ਨਾਲ ਘਲਾਵਣਾ ਨਹੀਂ।
ਸਾਰਾ ਕੋੜਮਾ ਦਿੱਲੀ ਨੂੰ ਬੰਨ੍ਹ ਖੜਨਾ,
ਕਿਸੇ ਰਾਹ ਦੇ ਵਿਚ ਅਟਕਾਵਣਾ ਨਹੀਂ।
ਆ ਮੰਨ ਕਹਿਣਾ ਮੇਰੇ ਲੱਗ ਆਖੇ,
ਵੇਲਾ ਬੀਤਿਆ ਫੇਰ ਥਿਆਵਣਾ ਨਹੀਂ।
(ਬਖਸੀ ਈਸਾਈ)

ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ 'ਤੇ ਅੜਿਆ ਹੋਇਆ ਸੀ। ਉਹਨੂੰ ਆਪਣੀ ਇੱਜਤ ਪਿਆਰੀ ਸੀ, ਆਪਣੇ ਪਰਿਵਾਰ ਦੀ ਮਾਣ ਮਰਿਆਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, "ਕਮੀਨਿਆ, ਮਲਕੀ ਦਾ ਕੀਮੇ ਨਾਲ ਨਿਕਾਹ ਹੋ ਚੁੱਕੈ, ਉਹ ਹੁਣ ਉਹਦੀ ਐ, ਉਹਦੇ ਘਰ ਹੀ ਵੱਸੇਗੀ। ਇਹਦੇ ਤੋਂ ਮੈਂ ਸੈਆਂ ਬਾਦਸ਼ਾਹ ਵਾਰ ਸਕਦਾਂ...।"
ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਮੱਚ ਰਹੇ ਸਨ। ਉਹ ਗੇੜੇ 'ਤੇ ਗੇੜਾ ਕੱਢ ਰਿਹਾ ਸੀ। ਉਸ ਦੀ ਆਤਮਾ ਉਸ ਨੂੰ ਲਾਹਨਤਾਂ ਵੀ ਪਾ ਰਹੀ ਸੀ ਪਰ ਜਦੋਂ ਬੰਦਾ ਆਪਣੇ-ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ। ਆਪਣੀਆਂ ਧੀਆਂ ਵਰਗੀ ਭਤੀਜੀ 'ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ। ਨਾ ਹੀ ਕਿਸੇ ਕਿਸਮ ਦਾ ਅਫਸੋਸ ਤੋਂ ਰਿਹਾ ਸੀ। ਸਰਕਾਰੀ ਅਫਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ।
ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ੍ਹ ਕੇ ਦਰੀਆ ਕਾਫਲੇ ਦੇ ਰੂਪ ਵਿਚ ਦਿੱਲੀ ਨੂੰ ਰਵਾਨਾ ਹੋ ਗਿਆ। 'ਕੱਲੇ- 'ਕੱਲੇ ਕੈਦੀ ਦੀ ਕਈ-ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਨ੍ਹੀਂ ਦਿਨੀਂ ਪੈਦਲ ਹੀ ਜਾਣਾ-ਆਉਣਾ ਪੈਂਦਾ ਸੀ, ਅਫਸਰਸ਼ਾਹੀ ਘੋੜਿਆਂ, ਊਠਾਂ 'ਤੇ ਸਫਰ ਕਰਦੀ ਸੀ। ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜੋਖਮ ਭਰਿਆ।
ਮਲਕੀ ਲਈ ਤਾਂ ਜਾਣੀ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ, ਉਹਦਾ ਸੱਭੇ ਕੁਝ ਉਜੜ ਚੁਕਾ ਸੀ, ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ, ਕਰੇ ਤਾਂ ਕੀ ਕਰੇ? ਕਿਹੜੀ ਬਣਤ ਬਣਾਵੇ ਜਿਸ ਨਾਲ ਸਾਰੇ ਜਣੇ ਛੁੱਟ ਜਾਣ।
ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦਿੰਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦਿੰਦੀ।
ਮਲਕੀ ਜਿੰਨੀ ਸਰੀਰਕ ਤੌਰ 'ਤੇ ਨਰੋਈ ਸੀ, ਉਨੀ ਹੀ ਅੰਦਰੋਂ ਮਜਬੂਤ ਸੀ, ਇਰਾਦੇ ਦੀ ਪੱਕੀ। ਉਹਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿਚ ਜਾ ਕੇ ਫਰਿਆਦ ਕਰੇਗੀ।
ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ 'ਤੇ ਭਬੂਤੀ ਮਲ ਲਈ। ਗਲ ਵਿਚ ਮਾਲਾ, ਮੋਢੇ ਤੇ ਬਗਲੀ ਹੱਥ ਵਿਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ। ਜਿੱਧਰ ਜਿੱਧਰ ਦਰੀਏ ਦਾ ਕਾਫਲਾ ਜਾ ਰਿਹਾ ਸੀ, ਓਧਰ ਓਧਰ ਉਨ੍ਹਾਂ ਦੀ ਪੈੜ ਦੱਬਦੀ ਉਨ੍ਹਾਂ ਦੇ ਪਿੱਛੇ ਤੁਰੀ ਜਾ ਰਹੀ ਸੀ। ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ... ਬੇਗਾਨੇ ਲੋਕ ਬੇਗਾਨੀ ਧਰਤੀ...ਪੈਰਾਂ 'ਚ ਬਿਆਈਆਂ ਪਾਟ ਗਈਆਂ, ਮਲੂਕੜੇ ਪੈਰਾਂ 'ਚੋਂ ਲਹੂ ਸਿਮ-ਸਿਮ ਜਾ ਰਿਹਾ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਾ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ, ਉਹਦਾ ਨੂਰਾਹੀ ਚਿਹਰਾ ਦਗ-ਦਗ ਪਿਆ ਕਰਦਾ ਸੀ।
ਵਾਟਾਂ ਕੱਛਦਾ ਦਰੀਏ ਦਾ ਕਾਫਲਾ ਕੁਰੂਕਸ਼ੇਤਰ ਦੀ ਧਰਤੀ 'ਤੇ ਥਾਨੇਸਰ ਦੇ ਪੜਾਅ 'ਤੇ ਜਾ ਪੁੱਜਾ। ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਖਿਆ ਮੰਗਣ ਲਈ ਇੱਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਖਿਆ ਪਾਉਣ ਆਈ ਜਮਨਾ ਦੀ ਗੋਲੀ ਭਰ ਜੋਬਨ ਮੁਟਿਆਰ ਜੋਗਣ ਦਾ ਦਰਦ ਮਹਿਸੂਸ ਕਰਦਿਆਂ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ।
ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿਚ ਸੁੱਤੀ ਵੇਦਨਾ ਜਾਗ ਪਈ, ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ ਭਰੀ ਹੋਈ, ਤਰਸ ਭਰੀਆਂ ਨਜ਼ਰਾਂ ਨਾਲ ਨਿਹਾਰਦੀ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾ ਕਿਸੇ ਸੰਕੋਚ ਤੋਂ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪ੍ਰਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ।
ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਂ ਬੁਲਾ ਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ ਹੀ ਰੱਖ ਲਿਆ ਤੇ ਵਿਸ਼ਵਾਸ ਦਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ।
ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿਚ ਉਚਾ ਅਹੁਦਾ ਹਾਸਲ ਕਰਨ ਦਾ ਸੀ, ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿਚ ਬਾਗੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜਰੂਰੀ ਨਹੀਂ ਸੀ। ਇਸ ਲਈ ਉਹ ਰਾਤੋ ਰਾਤ ਅਗਾਂਹ ਤੁਰ ਗਏ।
ਅਗਲੀ ਸਵੇਰ ਜਮਨਾ ਨੂੰ ਕੈਦੀ ਅਗਾਂਹ ਤੋਰੇ ਜਾਣ ਦੀ ਖਬਰ ਮਿਲ ਗਈ। ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ, ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫੈਸਲਾ ਕਰ ਲਿਆ। ਉਹਨੇ ਮਲਕੀ ਦਾ ਫਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਨੂੰ ਲੈ ਕੇ ਤੁਰ ਪਈ।
ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿਚ ਗਈ। ਉਸ ਨੂੰ ਦਰੀਏ ਦੀ ਕਮੀਨਗੀ ਭਰੀ ਸਾਜਿਸ਼ ਬਾਰੇ ਦੱਸਿਆ। ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾ ਤੱਕ ਝੰਜੋੜੀ ਗਈ। ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿਚ ਚਿਤਵ ਕੇ ਉਹ ਕੰਬ ਗਈ।
ਹਨੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿਚੋਂ ਵਿਹਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜਿਹਾ ਵਰਤਾਓ ਕੀਤਾ ਸੀ। ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਕਿ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ। ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਚੁੱਕਿਆ।
ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਡਿਗ ਰਹੇ ਸਨ। ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੰਦੇ ਨੇ, ਅਕਬਰ ਕੀਹਦੇ ਪਾਣੀਹਾਰ ਸੀ! ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ 'ਚ ਘੁਟਦਿਆਂ ਕਿਹਾ, "ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸਜਾਈਆਂ ਨੇ।"
"ਰਾਜਨ।" ਰਾਣੀ ਗਲਾ ਸਾਫ ਕਰਦਿਆਂ ਬੋਲੀ, "ਤੁਸੀਂ ਤੇ ਅਦਲੀ ਰਾਜਾ ਅਖਵਾਂਦੇ ਓ, ਤੁਹਾਡੇ ਇਨਸਾਫ ਦੀਆਂ ਧੁੰਮਾਂ ਚਾਰੇ ਜਗ ਰੌਸ਼ਨ ਨੇ, ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ, ਜੋ ਤੁਸੀਂ ਇੱਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ।"
"ਰਾਣੀ ਕੀ ਬੁਝਾਰਤਾਂ ਪਾ ਰਹੀ ਏਂ, ਸਾਫ ਗੱਲ ਕਰ।"
ਰਾਣੀ ਅਕਬਰ ਦੀ ਨਬਜ ਖੂਬ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ। ਬੋਲੀ, "ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਦਾਰ ਜ਼ਾਇਦਾਦ ਪਿੱਛੋਂ ਆਪਣੇ ਸਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨਹੀਂ ਕਰਦੇ। ਮੇਰੇ ਭੋਲੇ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਹੱੜਪਣ ਅਤੇ ਉਹਦੀ ਨੰਬਰਦਾਰੀ ਹਥਿਆਉਣ ਖਾਤਰ ਉਨ੍ਹਾਂ 'ਤੇ ਰਾਜ ਦਰਬਾਰ ਵਿਰੁੱਧ ਬਗਾਵਤ ਦਾ ਝੂਠਾ ਇਲਜਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ ਤੇ ਤੁਹਾਡੇ ਦਰਬਾਰ 'ਚ ਉਚਾ ਰੁਤਬਾ ਲੈਣ ਖਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿਚ ਸ਼ਾਮਿਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਆਇਐ।"
ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੰਬੀ ਗਈ ਤੇ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ।
ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ।
ਦਰੀਆ ਬੰਦੀਆਂ ਸਮੇਤ ਹਾਜ਼ਰ ਹੋ ਗਿਆ। ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ, ਕਮੀਨਗੀ ਦੇ ਡੋਰੇ ਉਹਦੀਆਂ ਅੱਖੀਆਂ ਵਿਚ ਸਾਫ ਝਲਕ ਰਹੇ ਸਨ।
ਅਕਬਰ ਨੇ ਬੰਦੀਆਂ ਨੂੰ ਰਿਹਾ ਕਰਨ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ।
ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ, ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ।
ਜਮਨਾ ਸਭ ਨੂੰ ਆਪਣੇ ਨਾਲ ਥਾਨੇਸਰ ਲੈ ਆਈ। ਜਮਨਾ ਦੇ ਮਹਿਲ ਦੀ ਛੱਤ ਉਤੇ ਚੰਨ ਚਾਨਣੀ ਰਾਤ ਵਿਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ। ਦੋਨੋਂ ਇੱਕ ਦੂਜੇ 'ਚ ਲੀਨ ਹੋਏ ਖਿੜੀ ਚਾਨਣੀ ਦਾ ਅਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਗੜ੍ਹ ਮੁਗਲਾਣੇ ਨੂੰ ਤੁਰ ਪਏ। ਸਾਰੇ ਮਾਹੌਲ ਵਿਚ ਮੁਹੱਬਤ, ਕੁਰਬਾਨੀ ਅਤੇ ਸਿਦਕ ਦਿਲੀ ਮਹਿਕਾਂ ਵੰਡ ਰਹੀ ਸੀ। ਜਮਨਾ ਆਪਣੇ ਮਹਿਲ ਦੀ ਛੱਤ 'ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ, ਉਹਦੇ ਨੈਣਾਂ 'ਚੋਂ ਅਨੋਖੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ।

(ਸੁਖਦੇਵ ਮਾਦਪੁਰੀ)

 
 

To veiw this site you must have Unicode fonts. Contact Us

punjabi-kavita.com