Punjabi Stories/Kahanian
ਐਂਤਨ ਚੈਖਵ
Anton Chekhov

Punjabi Kavita
  

Ghar Anton Chekhov

ਘਰ ਐਂਟਨ ਚੈਖ਼ਵ

“ਗ੍ਰੀਗਾਰੋਵੋਂ ਕਿਆਂ ਦਾ ਕੋਈ ਕਿਤਾਬ ਲੈਣ ਆਇਆ ਸੀ ਪਰ ਮੈਂ ਕਹਿ ਦਿੱਤਾ ਕਿ ਤੁਸੀਂ ਘਰ ਨਹੀਂ ਹੋ। ਡਾਕੀਆ ਅਖ਼ਬਾਰ ਤੇ ਦੋ ਚਿੱਠੀਆਂ ਲੈ ਕੇ ਆਇਆ ਸੀ। ਹਾਂ ਸੱਚ ਯਾਦ ਆਇਆ, ਇਵਗੇਨੀ ਪਿਤਰੋਵਿਚ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਿਰਯੋਝਾ ’ਤੇ ਧਿਆਨ ਦਿਓ। ਉਹਨੂੰ ਸਿਗਰਟ ਪੀਂਦੇ ਨੂੰ ਦੇਖਦੇ ਮੈਨੂੰ ਅੱਜ ਤਿੰਨ ਦਿਨ ਹੋ ਗਏ ਆ। ਤੇ ਜਦ ਮੈਂ ਉਹਨੂੰ ਸਮਝਾਉਣ ਲੱਗੀ ਤਾਂ ਪਹਿਲਾਂ ਵਾਂਗ ਉਹਨੇ ਆਪਣੇ ਕੰਨ ਬੰਦ ਕਰ ਲਏ ਅਤੇ ਜ਼ੋਰ-ਜ਼ੋਰ ਨਾਲ਼ ਗਾਉਣਾ ਸ਼ੁਰੂ ਕਰਤਾ ਤਾਂ ਕਿ ਮੇਰੀ ’ਵਾਜ ਦੱਬ ਜਾਵੇ।
ਹੁਣੇ-ਹੁਣੇ ਕਚਹਿਰੀ ਤੋਂ ਪਰਤੇ ਤੇ ਆਪਣੇ ਹੱਥਾਂ ਦੇ ਦਸਤਾਨੇ ਲਾਹੁੰਦੇ ਹੋਏ ਜ਼ਿਲ੍ਹਾ ਕਚਹਿਰੀ ਦੇ ਦੀਵਾਨੀ ਜੱਜ (ਪਬਲਿਕ ਪ੍ਰੋਸੀਕਿਉਟਰ) ਇਵਗੇਨੀ ਪਿਤਰੋਵਿਚ ਬੀਕੋਵਸਕੀ ਨੇ ਪੂਰੇ ਦਿਨ ਦਾ ਵੇਰਵਾ ਦਿੰਦੀ ਹੋਈ ਬੱਚੇ ਦੀ ਨਿਗਰਾਨ ਔਰਤ (ਗਵਰਨੈਂਸ) ਵੱਲ ਦੇਖਿਆ ਅਤੇ ਹੱਸ ਪਿਆ।
“ਸਿਰਯੋਝਾ ਸਿਗਰੇਟ ਪੀਂਦਾ…।” ਉਸਨੇ ਮੋਢੇ ਹਿਲਾਏ। “ਉਂਝ ਮੈਂ ਇਸ ਮੋਟੇ ਗੋਲ-ਮੋਲ ਬੱਚੇ ਨੂੰ ਸਿਗਰਟ ਦੇ ਨਾਲ਼ ਚਿਤਵ ਸਕਦਾ ਹਾਂ। ਉਹ ਹੈ ਕਿੰਨੇ ਸਾਲਾਂ ਦਾ?”
“ਸੱਤ ਸਾਲਾਂ ਦਾ। ਤੁਹਾਨੂੰ ਇਹ ਗੱਲ ਸ਼ਾਇਦ ਗੰਭੀਰ ਨਹੀਂ ਲੱਗਦੀ ਪਰ ਇਸੇ ਉਮਰ ’ਚ ਸਿਗਰੇਟ ਪੀਣ ਦੀ ਨੁਕਸਾਨਦੇਹ ਅਤੇ ਖ਼ਰਾਬ ਲਤ ਲੱਗਦੀ ਹੈ ਅਤੇ ਖ਼ਰਾਬ ਆਦਤਾਂ ਨੂੰ ਸ਼ੁਰੂ ’ਚ ਹੀ ਛੁਡਾਉਣਾ ਚਾਹੀਦੈ।”
“ਇਹ ਬਿਲਕੁਲ ਸੱਚ ਹੈ। ਪਰ ਉਹ ਸਿਗਰੇਟ ਲੈਂਦਾ ਕਿੱਥੋਂ ਹੈ?”
“ਤੁਹਾਡੇ ਮੇਜ਼ ਤੋਂ।”
“ਅੱਛਾ? ਜੇ ਇਉਂ ਹੈ ਤਾਂ ਉਹਨੂੰ ਮੇਰੇ ਕੋਲ ਭੇਜ।”
ਬੱਚੇ ਦੀ ਨਿਗਰਾਨ ਔਰਤ ਦੇ ਜਾਣ ਤੋਂ ਬਾਅਦ ਬੀਕੋਵਸਕੀ ਮੇਜ਼ ਅੱਗੇ ਪਈ ਅਰਾਮ ਕੁਰਸੀ ’ਤੇ ਬੈਠ ਗਿਆ, ਅੱਖਾਂ ਬੰਦ ਕਰ ਲਈਆਂ ਤੇ ਸੋਚਣ ਲੱਗਿਆ। ਪਤਾ ਨਹੀਂ ਕਿਉਂ ਉਹਨੇ ਆਪਣੇ ਦਿਮਾਗ਼ ਵਿੱਚ ਸਿਰਯੋਝਾ ਨੂੰ ਇੱਕ ਵੱਡੀ ਲੰਬੀ ਸਿਗਰੇਟ ਪੀਂਦੇ ਹੋਏ ਤੰਬਾਕੂ ਦੇ ਧੂੰਏਂ ਦੇ ਬੱਦਲਾਂ ’ਚ ਖੜ੍ਹੇ ਨੂੰ ਦੇਖਿਆ ਅਤੇ ਸਿਰਯੋਝਾ ਦੇ ਇਸ ਕਾਰਟੂਨ ਨੇ ਉਸਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ; ਨਾਲ਼ ਹੀ ਨਿਗਰਾਨ ਔਰਤ ਦੇ ਸੰਜੀਦਾ ਅਤੇ ਉਤੇਜਿਤ ਚਿਹਰੇ ਨੇ ਬਹੁਤ ਪੁਰਾਣੇ ਅੱਧੇ ਭੁੱਲੇ ਹੋਏ ਸਮੇਂ ਦੀਆਂ ਯਾਦਾਂ ਤਾਜ਼ਾ ਕਰਾ ਦਿੱਤੀਆਂ: ਉਸ ਸਮੇਂ ਦੀਆਂ ਜਦੋਂ ਸਕੂਲ ਵਿੱਚ ਸਿਗਰੇਟ ਪੀਣਾ ਅਧਿਆਪਕਾਂ ਅਤੇ ਮਾਂ-ਬਾਪ ਅੰਦਰ ਇੱਕ ਅਜੀਬ ਜਿਹਾ ਅਤੇ ਕਦੇ ਨਾ ਸਮਝ ਵਿੱਚ ਆਉਣ ਵਾਲ਼ਾ ਗੁੱਸਾ ਭਰ ਦਿੰਦਾ ਸੀ। ਸੱਚੀਂ ਉਹ ਸਹਿਮ ਤੇ ਡਰ ਸੀ। ਉਦੋਂ ਬੱਚਿਆਂ ਨੂੰ ਬੇਰਹਿਮੀ ਨਾਲ਼ ਛਾਂਟੇ ਨਾਲ਼ ਮਾਰਿਆ ਜਾਂਦਾ ਸੀ, ਸਕੂਲੋਂ ਕੱਢ ਦਿੱਤਾ ਜਾਂਦਾ ਸੀ, ਉਹਨਾਂ ਦਾ ਜਿਉਂਣਾ ਦੁੱਭਰ ਕਰ ਦਿੱਤਾ ਜਾਂਦਾ ਸੀ ਭਾਵੇਂ ਕਿ ਕੋਈ ਵੀ ਅਧਿਆਪਕ ਜਾਂ ਪਿਤਾ ਨਹੀਂ ਜਾਣਦਾ ਸੀ ਕਿ ਸਿਗਰੇਟ ਪੀਣ ’ਚ ਭਲਾਂ ਕੀ ਬੁਰਾ? ਹੋਰ ਤਾਂ ਹੋਰ ਬਹੁਤ ਬੁੱਧੀਮਾਨ ਲੋਕ ਵੀ ਅਜਿਹੀ ਬੁਰਾਈ ਨਾਲ਼ ਲੜਨ ਵਿੱਚ ਦਿੱਕਤ ਮਹਿਸੂਸ ਨਹੀਂ ਕਰਦੇ ਸਨ ਜਿਹਨੂੰ ਉਹ ਆਪ ਵੀ ਨਹੀਂ ਸਮਝਦੇ ਸਨ। ਇਵਗੇਨੀ ਪਿਤਰੋਵਿਚ ਨੂੰ ਆਪਣੇ ਸਕੂਲ ਦੇ ਡਾਇਰੈਕਟਰ ਦੀ ਯਾਦ ਆ ਗਈ। ਉਹ ਬਹੁਤ ਪੜ੍ਹਿਆ-ਲਿਖਿਆ ਅਤੇ ਨੇਕਦਿਲ ਬੁੱਢਾ ਸੀ, ਜੋ ਸਿਗਰੇਟ ਪੀਣ ਵਾਲ਼ੇ ਬੱਚਿਆਂ ਨੂੰ ਇੰਨਾ ਡਰਾਉਂਦਾ ਸੀ ਕਿ ਉਹ ਪੀਲ਼ੇ ਪੈ ਜਾਂਦੇ ਸਨ, ਝੱਟ ਐਕਸਟਰਨਲ ਮਨੇਜਮੈਂਟ ਕਾਉਂਸਲ ਬੁਲਾਉਂਦਾ ਅਤੇ ਦੋਸ਼ੀ ਨੂੰ ਸਕੂਲ ਤੋਂ ਬਾਹਰ ਕੱਢਣ ਦੀ ਸਜ਼ਾ ਦਵਾੳਂਦਾ ਸੀ।
ਸ਼ਾਇਦ ਸਮਾਜ ਦਾ ਇਹੀ ਨਿਯਮ ਹੈ: ਬੁਰਾਈ ਜਿੰਨੀ ਵੱਧ ਸਮਝ ਤੋਂ ਬਾਹਰ ਹੁੰਦੀ ਹੈ ਓਨੀ ਹੀ ਜ਼ਿਆਦਾ ਬੇਰਹਮੀ ਅਤੇ ਗੰਵਾਰੂਪਣ ਨਾਲ਼ ਉਸ ਨਾਲ਼ ਲੜਾਈ ਲੜੀ ਜਾਂਦੀ ਹੈ।
ਜੱਜ ਨੂੰ ਦੋ-ਤਿੰਨ ਕੱਢੇ ਹੋਏ ਮੁੰਡਿਆਂ ਅਤੇ ਉਹਨਾਂ ਦੀ ਬਾਅਦ ਦੀ ਜ਼ਿੰਦਗੀ ਯਾਦ ਆਈ ਅਤੇ ਉਦੋਂ ਹੀ ਉਸਨੇ ਸੋਚਿਆ ਕਿ ਆਮ ਤੌਰ ’ਤੇ ਸਜ਼ਾ ਜ਼ੁਰਮ ਤੋਂ ਵੀ ਜ਼ਿਆਦਾ ਨੁਕਸਾਨ ਅਤੇ ਬੁਰਾਈ ਪੈਦਾ ਕਰ ਦਿੰਦੀ ਹੈ। ਜਿਉਂਦੇ ਜੀਵ ’ਚ ਮਾਹੌਲ ਅਨੁਸਾਰ ਤੇਜ਼ੀ ਨਾਲ਼ ਢਲਣ, ਉਹਨਾਂ ਦਾ ਆਦੀ ਹੋਣ ਅਤੇ ਉਹਦੇ ਅਨੁਸਾਰ ਗਿੱਝ ਜਾਣ ਦੀ ਤਾਕਤ ਹੁੰਦੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਇਨਸਾਨ ਹਰ ਪਲ ਇਹ ਮਹਿਸੂਸ ਕਰਦਾ ਕਿ ਉਹਦੇ ਸੋਚੇ ਵਿਚਾਰੇ ਕੰਮਾਂ ’ਚ ਵੀ ਕਿੰਨਾ ਕੁਝ ਬਿਨ ਵਿਚਾਰਿਆ ਹੁੰਦਾ ਹੈ। ਕਿ ਕਿਵੇਂ ਜ਼ਿੰਮੇਵਾਰੀ ਵਾਲ਼ੇ ਤੇ ਬਿਖਮ ਕੰਮ ਕਰਨ ਵਾਲ਼ੇ ਅਧਿਆਪਕ, ਜੱਜ ਜਾਂ ਲੇਖਕ ਵਿੱਚ ਵੀ ਸੱਚ ਤੇ ਨਿਸ਼ਚਿਤਤਾ ਦੀ ਕਿੰਨੀ ਘਾਟ ਹੈ।
ਇਸੇ ਤਰ੍ਹਾਂ ਦੇ ਹਲਕੇ-ਫੁਲਕੇ ਅਤੇ ਖਿੰਡੇ ਹੋਏ ਵਿਚਾਰ ਇਵਗੇਨੀ ਪਿਤਰੋਵਿਚ ਦੇ ਦਿਮਾਗ਼ ’ਚ ਘੁੰਮਣ ਲੱਗੇ ਜੋ ਅਕਸਰ ਥੱਕੇ ਅਤੇ ਆਰਾਮ ਕਰਦੇ ਹੋਏ ਦਿਮਾਗ਼ ’ਚ ਆਉਂਦੇ ਹਨ; ਇਹ ਕਿੱਥੋਂ ਅਤੇ ਕਿਉਂ ਆਉਣ ਲੱਗੇ ਪਤਾ ਨਹੀਂ, ਪਰ ਉਹ ਪਲ ਭਰ ਲਈ ਦਿਮਾਗ਼ ’ਚ ਰਹਿੰਦੇ ਅਤੇ ਲੱਗਦਾ ਕਿ ਪੂਰੀ ਤਰ੍ਹਾਂ ਦਿਮਾਗ਼ ’ਚ ਵੜੇ ਬਿਨਾਂ ਹੀ ਉੱਥੇ ਉੱਤੇ-ਉੱਤੇ ਹੀ ਰੀਂਘਦੇ ਤੇ ਗੁੰਮ ਜਾਂਦੇ। ਆਮ ਤੌਰ ’ਤੇ ਅਜਿਹੇ ਲੋਕਾਂ – ਜੋ ਘੰਟਿਆਂ ਤੇ ਦਿਨਾਂ ਬੱਧੀ ਕੰਮ ’ਚ ਰੁੱਝੇ ਰਹਿੰਦੇ ਹਨ – ਨੂੰ ਇੱਕ ਹੀ ਤਰ੍ਹਾਂ ਦੇ ਵਿਚਾਰ, ਅਤੇ ਉਹ ਵੀ ਪਰਿਵਾਰ ਨਾਲ਼ ਜੁੜੇ ਹੋਏ, ਆਪਣੇ ਹੀ ਤਰ੍ਹਾਂ ਦਾ ਅਰਾਮ ਤੇ ਸੁੱਖ ਦਿੰਦੇ ਹਨ।
ਸ਼ਾਮ ਨੂੰ ਨੌਂ ਵੱਜੇ ਸਨ। ਉੱਪਰ ਦੂਜੀ ਮੰਜ਼ਿਲ ’ਤੇ ਕੋਈ ਤਾਂ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਜਾ ਰਿਹਾ ਸੀ ਅਤੇ ਉਸ ਤੋਂ ਵੀ ਉੱਪਰ ਤੀਜੀ ਮੰਜ਼ਿਲ ’ਤੇ ਚਾਰ ਹੱਥ ਸੰਗੀਤਕ ਧੁਨਾਂ ਵਜਾ ਰਹੇ ਸਨ। ਘੁੰਮਣ ਵਾਲੇ ਦੀ ਤੋਰ ਦੱਸ ਰਹੀ ਸੀ ਕਿ ਉਹ ਕੁਝ ਤਾਂ ਬੜੀ ਬੇਚੈਨੀ ਨਾਲ਼ ਸੋਚ ਰਿਹਾ ਸੀ ਜਾਂ ਉਸਨੂੰ ਦੰਦ ਦੀ ਪੀੜ ਬਹੁਤ ਤੰਗ ਕਰ ਰਹੀ ਸੀ, ਅਤੇ ਸੰਗੀਤਕ ਧੁਨਾਂ ਦੀ ਨੀਰਸ ਆਵਾਜ਼ ਸ਼ਾਮ ਦੀ ਚੁੱਪੀ ਨੂੰ ਕੁਝ ਹੋਰ ਉਨੀਂਦੀ ਬਣਾ ਰਹੀ ਸੀ ਤੇ ਨੀਰਸ ਖ਼ਿਆਲ ਅੱਗੇ ਵਧਾਈ ਜਾ ਰਹੀ ਸੀ। ਦੋ ਕਮਰੇ ਛੱਡ ਕੇ ਬੱਚਿਆਂ ਦੇ ਕਮਰੇ ਵਿੱਚ ਨਿਗਰਾਨ ਔਰਤ ਸਿਰਯੋਝਾ ਨਾਲ਼ ਗੱਲਾਂ ਕਰ ਰਹੀ ਸੀ।
“ਪਾ…ਪਾ…… ਆ ਗਏ।” ਬੱਚਾ ਗਾ ਰਿਹਾ ਸੀ, “ਪਾ ਆ, ਗਏ। ਪਾ!ਪਾ!ਪਾ!”
“ਤੇਰੇ ਪਾਪਾ ਤੈਨੂੰ ਬੁਲਾ ਰਹੇ ਆ। ਹੁਣੇ ਜਾ।” ਡਰੇ ਹੋਏ ਪੰਛੀ ਵਾਂਗ ਭਰੜਿਆਈ ਅਵਾਜ਼ ਵਿੱਚ ਨਿਗਰਾਨ ਔਰਤ ਨੇ ਚੀਕ ਕੇ ਕਿਹਾ, “ਤੈਨੂੰ ਬੁਲਾ ਰਹੇ ਆ।”
“ਉਂਝ ਵੀ ਮੈਂ ਉਸਨੂੰ ਕੀ ਕਹਾਂ।” ਇਵਗੇਨੀ ਪਿਤਰੋਵਿਚ ਨੇ ਸੋਚਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸੋਚਦਾ ਉਸਦਾ ਸੱਤ ਸਾਲ ਦਾ ਪੁੱਤਰ ਸਿਰਯੋਝਾ ਉਸਦੇ ਕਮਰੇ ’ਚ ਆ ਗਿਆ। ਇਹ ਉਹ ਇਨਸਾਨ ਸੀ ਜਿਸਦੇ ਕੱਪੜੇ ਦੇਖ ਕੇ ਹੀ ਉਸਦੇ ਲਿੰਗ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੀ: ਕਮਜ਼ੋਰ, ਚਿੱਟਾ ਚਿਹਰਾ, ਢਿੱਲੀ-ਢਿੱਲੀ ਸਿਹਤ, ਉਸਦਾ ਸਰੀਰ ਕਿਸੇ ਉੱਬਲੀ ਹੋਈ ਸਬਜ਼ੀ ਵਾਂਗ ਸੁੱਕਿਆ ਸੀ ਅਤੇ ਉਸਦੀ ਹਰ ਚੀਜ਼ ਹੀ ਨਰਮ ਸੀ: ਤੋਰ, ਸੰਘਣੇ ਵਾਲ, ਦੇਖਣ ਦਾ ਅੰਦਾਜ਼ ਅਤੇ ਮਖਮਲੀ ਜੈਕੇਟ।
“ਹੈਲੋ, ਪਾਪਾ!” ਪਾਪਾ ਦੇ ਗੋਡਿਆਂ ’ਤੇ ਚੜ੍ਹਦੇ ਹੋਏ ਅਤੇ ਜੱਫ਼ੀ ਪਾ ਕੇ ਉਸਦੀ ਧੌਣ ਨੂੰ ਚੁੰਮਦੇ ਹੋਏ ਉਸਨੇ ਬੜੀ ਨਰਮ ਅਵਾਜ਼ ’ਚ ਕਿਹਾ: “ਤੁਸੀਂ ਮੈਨੂੰ ਬੁਲਾਇਆ?”
“ਰੁਕ, ਰੁਕ, ਸਿਰਗੇਯ ਇਵਗੇਨਿਵਿਚ।” ਖੁਦ ਨੂੰ ਉਸ ਤੋਂ ਦੂਰ ਕਰਦੇ ਹੋਏ ਜੱਜ ਨੇ ਕਿਹਾ, “ਇਸ ਤੋਂ ਪਹਿਲਾਂ ਕਿ ਤੂੰ ਮੈਨੂੰ ਚੁੰਮੇਂ, ਮੈਂ ਤੇਰੇ ਨਾਲ਼ ਇੱਕ ਗੱਲ ਕਰਨੀ ਹੈ ਅਤੇ ਉਹ ਵੀ ਬਹੁਤ ਗੰਭੀਰ… ਮੈਂ ਤੇਰੇ ਨਾਲ਼ ਗੁੱਸੇ ਹਾਂ ਅਤੇ ਤੈਨੂੰ ਬਿਲਕੁਲ ਪਿਆਰ ਨਹੀਂ ਕਰਦਾ। ਇਹ ਸਾਫ਼-2 ਸਮਝ ਲੈ ਦੋਸਤ: ਮੈਂ ਤੈਨੂੰ ਪਿਆਰ ਨਹੀਂ ਕਰਦਾ ਅਤੇ ਤੂੰ ਮੇਰਾ ਪੁੱਤਰ ਨਹੀਂ ਹੈਂ…ਹਾਂ।”
ਸਿਰਯੋਝਾ ਨੇ ਬਿਨਾਂ ਅੱਖਾਂ ਝਪਕੇ ਆਪਣੇ ਪਿਤਾ ਵੱਲ ਦੇਖਿਆ, ਫਿਰ ਆਪਣੀ ਮੇਜ਼ ਵੱਲ਼ ਦੇਖਿਆ ਅਤੇ ਫਿਰ ਆਪਣੇ ਮੋਢੇ ਚੜਾਏ।
“ਮੈਂ ਕੀ ਕੀਤਾ।” ਉਸਨੇ ਅੱਖਾਂ ਮੀਚਦੇ ਅਤੇ ਬਿਨਾਂ ਕੁਝ ਸਮਝਦੇ ਪੁੱਛਿਆ। “ਮੈਂ ਤਾਂ ਅੱਜ ਤੁਹਾਡੇ ਕਮਰੇ ’ਚ ਇੱਕ ਵਾਰ ਵੀ ਨਹੀਂ ਵੜਿਆ ਅਤੇ ਨਾ ਹੀ ਕਿਸੇ ਚੀਜ਼ ਨੂੰ ਹੱਥ ਲਾਇਆ ਹੈ।”
“ਹੁਣੇ ਨਾਤਾਲਿਆ ਸਿਮੋਨਵਨਾ ਨੇ ਸ਼ਿਕਾਇਤ ਕੀਤੀ ਹੈ ਕਿ ਤੂੰ ਸਿਗਰੇਟ ਪੀਂਦਾ ਹੈਂ…। ਕੀ ਇਹ ਸੱਚ ਹੈ? ਤੂੰ ਸਿਗਰੇਟ ਪੀਂਦਾ ਹੈਂ?”
“ਹਾਂ, ਇੱਕ ਵਾਰ ਪੀਤੀ ਸੀ… ਇਹ ਸੱਚ ਹੈ।”
“ਦੇਖਿਆ, ਤੂੰ ਤਾਂ ਝੂਠ ਵੀ ਬੋਲ ਰਿਹਾ ਹੈਂ,” ਜੱਜ ਨੇ ਆਪਣੀਆਂ ਭਵਾਂ ਸੰਗੋੜਦੇ ਅਤੇ ਆਪਣਾ ਹਾਸਾ ਰੋਕਦੇ ਹੋਏ ਕਿਹਾ। “ਨਾਤਾਲਿਆ ਸਿਮੋਨਵਨਾ ਨੇ ਤੈਨੂੰ ਦੋ ਵਾਰ ਸਿਗਰੇਟ ਪੀਂਦੇ ਹੋਏ ਦੇਖਿਆ। ਯਾਨੀ ਤੂੰ ਤਿੰਨ ਗ਼ਲਤ ਕੰਮ ਕੀਤੇ ਹਨ: ਸਿਗਰੇਟ ਪੀਣ, ਮੇਜ਼ ਤੋਂ ਦੂਜੇ ਦੀ ਸਿਗਰੇਟ ਚੁੱਕਣ ਅਤੇ ਝੂਠ ਬੋਲਣ। ਤਿੰਨ ਗੁਨਾਹ।”
“ਓਹ, ਹਾਂ ਹਾਂ।” ਸਿਰਯੋਝਾ ਨੂੰ ਯਾਦ ਆਇਆ। ਉਸਦੀਆਂ ਅੱਖਾਂ ਹੱਸ ਪਈਆਂ। “ਇਹ ਸੱਚ ਹੈ, ਸੱਚ ਹੈ। ਮੈਂ ਦੋ ਵਾਰ ਸਿਗਰੇਟ ਪੀਤੀ ਹੈ: ਅੱਜ ਤੇ ਇੱਕ ਦਿਨ ਪਹਿਲਾਂ।”
“ਦੇਖਿਆ ਇੱਕ ਵਾਰ ਨਹੀਂ ਦੋ ਵਾਰ…। ਮੈਂ ਤੇਰੇ ਨਾਲ਼ ਬਹੁਤ ਹੀ ਗੁੱਸੇ ਹਾਂ। ਪਹਿਲਾਂ ਤੂੰ ਸਿਆਣਾ ਬੱਚਾ ਸੀ ਪਰ ਹੁਣ ਦੇਖ ਰਿਹਾ ਹਾਂ ਕਿ ਤੂੰ ਵਿਗੜ ਗਿਆ ਹੈਂ। ਖ਼ਰਾਬ ਹੋ ਗਿਆ ਹੈਂ।”
ਇਵਗੇਨੀ ਪਿਤਰੋਵਿਚ ਨੇ ਸਿਰਯੋਝਾ ਦਾ ਕਾਲਰ ਠੀਕ ਕੀਤਾ ਅਤੇ ਸੋਚਣ ਲੱਗਿਆ: ਹੋਰ ਇਸਨੂੰ ਕੀ ਕਹਾਂ?
“ਹਾਂ? ਇਹ ਚੰਗੀ ਗੱਲ ਨੀ ਹੈ,” ਉਹ ਕਹਿ ਰਿਹਾ ਸੀ, “ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ। ਪਹਿਲੀ ਗੱਲ ਤਾਂ ਇਹ ਕਿ ਜੋ ਸਿਗਰੇਟ ਤੇਰੀ ਨਹੀਂ ਉਸਨੂੰ ਲੈਣ ਦਾ ਤੈਨੂੰ ਕੋਈ ਹੱਕ ਨਹੀਂ। ਹਰ ਵਿਅਕਤੀ ਨੂੰ ਕੇਵਲ ਆਪਣੀਆਂ ਹੀ ਚੀਜ਼ਾਂ ਦੀ ਵਰਤੋਂ ਕਰਨ ਦਾ ਹੱਕ ਹੈ ਅਤੇ ਜੇਕਰ ਉਹ ਦੂਜਿਆਂ ਦੀਆਂ ਚੀਜਾਂ ਵਰਤਦਾ ਹੈ ਤਾਂ ਉਹ… ਚੰਗਾ ਬੰਦਾ ਨਹੀਂ … ਹੈ।” (ਸ਼ਾਇਦ ਮੈਂ ਉਸਨੂੰ ਠੀਕ ਤਰ੍ਹਾਂ ਨਹੀਂ ਦੱਸ ਰਿਹਾ ਹਾਂ। ਇਵਗੇਨੀ ਪਿਤਰੋਵਿਚ ਨੇ ਸੋਚਿਆ) “ਮਿਸਾਲ ਵਜੋਂ ਨਾਤਾਲਿਆ ਸਿਮੋਨਵਨਾ ਕੋਲ ਇੱਕ ਕੱਪੜਿਆਂ ਦਾ ਸੰਦੂਕ ਹੈ। ਉਹ ਉਸਦਾ ਸੰਦੂਕ ਹੈ ਅਤੇ ਅਸੀਂ ਯਾਨੀ ਨਾ ਮੈਂ ਤੇ ਨਾ ਤੂੰ ਉਸਨੂੰ ਨਹੀਂ ਛੂਹ ਸਕਦੇ ਹਾਂ ਕਿਉਂਕਿ ਉਹ ਸਾਡਾ ਨਹੀਂ ਹੈ। ਕਿਉਂ ਸੱਚ ਹੈ ਨਾ? ਤੇਰੇ ਕੋਲ਼ ਤੇਰੇ ਘੋੜੇ ਤੇ ਫੋਟੋਆਂ ਹਨ… ਮੈਂ ਕਦੇ ਲਈਆਂ ਉਹ? ਹੋ ਸਕਦਾ ਹੈ ਮੇਰਾ ਦਿਲ ਕਰਦਾ ਹੋਵੇ ਉਹਨਾਂ ਨੂੰ ਲੈਣ ਲਈ, ਪਰ ਉਹ ਮੇਰੀਆਂ ਨਹੀਂ ਤੇਰੀਆਂ ਹਨ।”
“ਲੈ ਲਉ, ਜੇ ਚਾਹੀਦੀਆਂ।” ਸਿਰਯੋਝਾ ਨੇ ਆਪਣੀਆਂ ਭਵਾਂ ਉਠਾਉਂਦੇ ਹੋਏ ਕਿਹਾ। “ਪਾਪਾ, ਤੁਸੀਂ ਮਿਹਰਬਾਨੀ ਕਰਕੇ ਬਿਲਕੁਲ ਨਾ ਸ਼ਰਮਾਓ, ਲੈ ਲਵੋ। ਇਹ ਪੀਲ਼ਾ ਕੁੱਤਾ ਜੋ ਤੁਹਾਡੇ ਮੇਜ਼ ’ਤੇ ਰੱਖਿਆ ਹੈ ਇਹ ਮੇਰਾ ਹੈ ਪਰ ਮੈਂ ਤਾਂ ਕੁਝ ਨਹੀਂ ਕਹਿ ਰਿਹਾ… ਰੱਖਿਆ ਹੈ ਤਾਂ ਰੱਖਿਆ ਹੈ।”
“ਤੁਸੀਂ ਮੈਨੂੰ ਨਹੀਂ ਸਮਝ ਰਹੇ ਹੋ।” ਬੀਕੋਵਸਕੀ ਨੇ ਕਿਹਾ। “ਕੁੱਤਾ ਤਾਂ ਤੁਸੀਂ ਮੈਨੂੰ ਭੇਂਟ ਕੀਤਾ ਸੀ। ਉਹ ਹੁਣ ਮੇਰਾ ਹੈ। ਸਿਗਰੇਟ ਤਾਂ ਮੈਂ ਤੁਹਾਨੂੰ ਭੇਂਟ ਨਹੀਂ ਕੀਤੀ। ਸਿਗਰੇਟ ਤਾਂ ਮੇਰੀ ਹੈ।” (ਸ਼ਾਇਦ ਮੈਂ ਉਸਨੂੰ ਠੀਕ ਤਰ੍ਹਾਂ ਸਮਝਾ ਨਹੀਂ ਰਿਹਾ ਹਾਂ। ਜੱਜ ਨੇ ਸੋਚਿਆ। ਬਿਲਕੁਲ ਠੀਕ ਤਰ੍ਹਾਂ ਨਹੀਂ।) “ਜੇਕਰ ਮੈਂ ਕਿਸੇ ਹੋਰ ਦੀ ਸਿਗਰੇਟ ਪੀਣੀ ਚਾਹਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਉਸਦੀ ਆਗਿਆ ਲੈਣੀ ਹੋਵੇਗੀ…।”
ਹੌਲ਼ੀ-ਹੌਲ਼ੀ ਵਾਕ ਜੋੜਦੇ ਹੋਏ ਅਤੇ ਬੱਚਿਆਂ ਦੀ ਜ਼ੁਬਾਨ ਬੋਲਦੇ ਹੋਏ, ਬੀਕੋਵਸਕੀ ਆਪਣੇ ਬੇਟੇ ਨੂੰ ਮਾਲਕੀ ਦਾ ਮਤਲਬ ਸਮਝਾਉਣ ਲੱਗਿਆ। ਸਿਰਯੋਝਾ ਉਸਦੀ ਹਿੱਕ ਵੱਲ ਦੇਖ ਰਿਹਾ ਸੀ ਅਤੇ ਸਭ ਬੜੇ ਧਿਆਣ ਨਾਲ਼ ਸੁਣ ਰਿਹਾ ਸੀ (ਉਸਨੂੰ ਸ਼ਾਮਾਂ ਨੂੰ ਆਪਣੇ ਪਿਤਾ ਨਾਲ਼ ਗੱਲਾਂ ਕਰਨਾ ਬਹੁਤ ਚੰਗਾ ਲੱਗਦਾ ਸੀ) ਫਿਰ ਥੋੜ੍ਹੇ ਸਮੇਂ ਬਾਅਦ ਉਸਨੇ ਆਪਣੀ ਕੁਹਣੀ ਮੇਜ਼ ਦੇ ਇੱਕ ਕੋਨੇ ’ਤੇ ਰੱਖ ਲਈ, ਆਪਣੀਆਂ ਨੇੜੇ ਦੇਖ ਸਕਣ ਵਾਲ਼ੀਆਂ ਅੱਖਾਂ ਮੇਜ਼ ’ਤੇ ਰੱਖੇ ਕਾਗ਼ਜਾਂ ਅਤੇ ਸਿਆਹੀ ’ਤੇ ਝਪਕਣ ਲੱਗਾ। ਉਸਦੀਆਂ ਅੱਖਾਂ ਕੁਝ ਦੇਰ ਤੱਕ ਮੇਜ਼ ’ਤੇ ਘੁੰਮਦੀਆਂ ਰਹੀਆਂ ਅਤੇ ਉੱਥੇ ਰੱਖੀ ਗੂੰਦ ਦੀ ਬੋਤਲ ’ਤੇ ਜਾ ਰੁਕੀਆਂ। “ਪਾਪਾ, ਗੂੰਦ ਕਿਸ ਤੋਂ ਬਣਦਾ ਹੈ?” ਚਾਣਚੱਕ ਉਸਨੇ ਬੋਤਲ ਨੂੰ ਆਪਣੀਆਂ ਅੱਖਾਂ ਅੱਗੇ ਲਿਆਉਂਦੇ ਹੋਏ ਪੁੱਛਿਆ।
ਬੀਕੋਵਸਕੀ ਨੇ ਉਸਦੇ ਹੱਥੋਂ ਬੋਤਲ ਲਈ, ਮੇਜ਼ ’ਤੇ ਰੱਖ ਦਿੱਤੀ ਅਤੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ:
“ਦੂਜੀ ਗੱਲ, ਤੂੰ ਸਿਗਰੇਟ ਪੀਂਦਾ ਹੈਂ… ਇਹ ਬਹੁਤ ਗੰਦੀ ਗੱਲ ਹੈ! ਜੇ ਮੈਂ ਸਿਗਰੇਟ ਪੀਂਦਾ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿਗਰੇਟ ਪੀਣਾ ਠੀਕ ਹੈ। ਮੈਂ ਸਿਗਰੇਟ ਪੀਂਦਾ ਹਾਂ ਅਤੇ ਜਾਣਦਾ ਹਾਂ ਕਿ ਇਹ ਗੰਦੀ ਗੱਲ ਹੈ। ਇਸ ਕਰਕੇ ਮੈਂ ਖੁਦ ਨੂੰ ਝਿੜਕਦਾ ਹਾਂ ਅਤੇ ਖੁਦ ਨੂੰ ਨਫ਼ਰਤ ਕਰਦਾ ਹਾਂ…।” (“ਮੈਂ ਬਹੁਤ ਚਲਾਕ ਅਧਿਆਪਕ ਹਾਂ।” ਜੱਜ ਨੇ ਸੋਚਿਆ)। “ਸਿਗਰੇਟ ਸਿਹਤ ਖ਼ਰਾਬ ਕਰਦੀ ਹੈ ਅਤੇ ਜੋ ਸਿਗਰੇਟ ਪੀਂਦਾ ਹੈ ਉਹ ਜਲਦੀ ਮਰ ਜਾਂਦਾ ਹੈ। ਖ਼ਾਸ ਕਰਕੇ ਤੇਰੇ ਜਿੰਨੇ ਛੋਟੇ ਮੁੰਡੇ ਲਈ ਸਿਗਰੇਟ ਪੀਣਾ ਤਾਂ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੈ। ਤੇਰੇ ਫੇਫੜੇ ਕਮਜ਼ੋਰ ਹਨ, ਤੂੰ ਹਾਲੇ ਪੂਰੀ ਤਰ੍ਹਾਂ ਤਾਕਤਵਰ ਨਹੀਂ ਹੈਂ। ਕਮਜ਼ੋਰ ਵਿਅਕਤੀਆਂ ਨੂੰ ਸਿਗਰੇਟ ਦਾ ਧੂੰਆਂ ਟੀ.ਬੀ. ਕਰ ਦਿੰਦਾ ਹੈ ਅਤੇ ਹੋਰ ਬਿਮਾਰੀਆਂ ਵੀ। ਯਾਦ ਹੈ ਅੰਕਲ ਇਗਨਾਤੀ ਟੀ.ਬੀ. ਨਾਲ਼ ਮਰੇ ਸੀ। ਜੇਕਰ ਉਹ ਸਿਗਰੇਟ ਨਾ ਪੀਂਦੇ ਤਾਂ ਹੋ ਸਕਦਾ ਹੈ ਅੱਜ ਜਿਉਂਦੇ ਹੁੰਦੇ।”
ਸਿਰਯੋਝਾ ਬੜੇ ਧਿਆਣ ਨਾਲ਼ ਲੈਂਪ ਨੂੰ ਦੇਖ ਰਿਹਾ ਸੀ। ਉਸਨੇ ਆਪਣੀਆਂ ਉਂਗਲਾਂ ਨਾਲ਼ ਲੈਂਪ ਦੀ ਛਾਂ ਨੂੰ ਛੂਹਿਆ ਅਤੇ ਇੱਕ ਲੰਬਾ ਸਾਹ ਲਿਆ।
“ਅੰਕਲ ਇਗਨਾਤੀ ਵਾਇਲਿਨ ਬਹੁਤ ਚੰਗੀ ਵਜਾਉਂਦੇ ਸੀ।” ਉਸਨੇ ਕਿਹਾ, “ਉਸਦੀ ਵਾਇਲਿਨ ਹੁਣ ਗ੍ਰੀਗਾਰੋਵੋਂ ਕੋਲ ਹੈ।”
ਸਿਰਯੋਝਾ ਨੇ ਫਿਰ ਆਪਣੀ ਕੂਹਣੀ ਮੇਜ਼ ਦੇ ਕਿਨਾਰੇ ’ਤੇ ਰੱਖੀ ਅਤੇ ਸੋਚਣ ਲੱਗਿਆ। ਉਸਦੇ ਪੀਲ਼ੇ ਚਿਹਰੇ ’ਤੇ ਅਜਿਹੇ ਭਾਵ ਆਏ ਜਿਵੇਂ ਉਹ ਆਪਣੇ ਵਿਚਾਰਾਂ ਨੂੰ ਸੁਣ ਰਿਹਾ ਸੀ ਜਾਂ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਸੀ; ਇੱਕ ਉਦਾਸੀ ਤੇ ਡਰ ਉਸਦੀਆਂ ਵੱਡੀਆਂ ਤੇ ਟਿਕਟਿਕੀ ਲੱਗੀਆਂ ਅੱਖਾਂ ’ਚ ਝਲਕ ਰਿਹਾ ਸੀ। ਸ਼ਾਇਦ ਇਸ ਸਮੇਂ ਉਹ ਮੌਤ ਬਾਰੇ ਸੋਚ ਰਿਹਾ ਸੀ ਜਿਸਨੇ ਥੋੜ੍ਹੇ ਦੀ ਦਿਨ ਪਹਿਲਾਂ ਉਸਦੀ ਮਾਂ ਅਤੇ ਚਾਚੇ ਇਗਨਾਤੀ ਨੂੰ ਕੋਲ ਬੁਲਾ ਲਿਆ ਸੀ। ਮੌਤ ਮਾਵਾਂ ਤੇ ਚਾਚਿਆਂ ਨੂੰ ਉਸ ਸੰਸਾਰ ’ਚ ਲੈ ਜਾਂਦੀ ਹੈ ਅਤੇ ਬੱਚੇ ਤੇ ਵਾਇਲਿਨਾਂ ਜ਼ਮੀਨ ’ਤੇ ਰਹਿ ਜਾਂਦੇ ਹਨ। ਮਰੇ ਹੋਏ ਆਸਮਾਨ ’ਚ ਕਿਤੇ ਤਾਂ ਤਾਰਿਆਂ ਦੇ ਕੋਲ਼ ਰਹਿੰਦੇ ਹਨ ਅਤੇ ਉੱਥੋਂ ਹੀ ਸਾਨੂੰ ਜ਼ਮੀਨ ’ਤੇ ਦੇਖਦੇ ਹਨ। ਕੀ ਸੱਚੀਂ ਉਹ ਸਾਡਾ ਵਿਛੋੜਾ ਸਹਿ ਸਕਦੇ ਹਨ?
“ਹੁਣ ਮੈਂ ਇਸਨੂੰ ਕੀ ਕਹਾਂ?” ਇਵਗੇਨੀ ਪਿਤਰੋਵਿਚ ਨੇ ਸੋਚਿਆ, “ਉਹ ਮੇਰੀ ਗੱਲ ਨਹੀਂ ਸੁਣ ਰਿਹਾ ਹੈ। ਸਪੱਸ਼ਟ ਹੈ ਕਿ ਉਹ ਨਾ ਤਾਂ ਆਪਣੀਆਂ ਹਰਕਤਾਂ ਅਤੇ ਨਾ ਮੇਰੀਆਂ ਗੱਲਾਂ ਨੂੰ ਕੋਈ ਮਹੱਤਵ ਦੇ ਰਿਹਾ ਹੈ। ਉਸਨੂੰ ਕਿਵੇਂ ਸਮਝਾਵਾਂ?”
“ਪਹਿਲਾਂ, ਸਾਡੇ ਸਮਿਆਂ ’ਚ ਤਾਂ ਅਜਿਹੇ ਸਵਾਲ ਬੜੀ ਅਸਾਨੀ ਨਾਲ਼ ਹੱਲ ਕਰ ਦਿੱਤੇ ਜਾਂਦੇ ਸਨ,” ਉਹ ਸੋਚ ਰਿਹਾ ਸੀ। ਸਿਗਰੇਟ ਪੀਣ ਵਾਲ਼ੇ ਹਰ ਬੱਚੇ ਨੂੰ ਛਾਂਟੇ ਨਾਲ਼ ਝੰਬਦੇ ਸਨ। ਕਮਜ਼ੋਰ ਦਿਲ ਵਾਲ਼ੇ ਤੇ ਡਰੋਕਲ ਸੱਚੀਓਂ ਸਿਗਰੇਟ ਪੀਣਾ ਛੱਡ ਦਿੰਦੇ ਸੀ ਅਤੇ ਦਲੇਰ ਛਾਂਟੇ ਖਾਣ ਤੋਂ ਬਾਅਦ ਆਪਣੇ ਜੋੜਿਆਂ ’ਚ ਸਿਗਰੇਟ ਲਕੋਣਾ ਸ਼ੁਰੂ ਕਰ ਦਿੰਦੇ ਅਤੇ ਵਾੜੇ ’ਚ ਜਾ ਕੇ ਪੀਂਦੇ ਸਨ। ਜਦੋਂ ਉਸਨੂੰ ਵਾੜੇ ਵਿੱਚ ਸਿਗਰੇਟ ਪੀਂਦੇ ਹੋਏ ਫੜਿਆ ਗਿਆ ਤਾਂ ਉਸਨੂੰ ਫਿਰ ਛਾਂਟੇ ਪਏ ਸੀ। ਉਸ ਤੋਂ ਬਾਅਦ ਉਹ ਨਦੀ ਦੇ ਕੰਢੇ ਜਾ ਕੇ ਪੀਣ ਲੱਗਿਆ… ਫਿਰ ਇਹ ਸਿਲਸਿਲਾ ਚੱਲਦਾ ਰਿਹਾ ਜਦੋਂ ਤੱਕ ਉਹ ਵੱਡਾ ਨਹੀਂ ਹੋ ਗਿਆ। ਮੇਰੀ ਮਾਂ ਮੇਰੀ ਸਿਗਰੇਟ ਛੁਡਵਾਉਣ ਲਈ ਮੈਨੂੰ ਪੈਸੇ ਤੇ ਚਾਕਲੇਟ ਦਿੰਦੀ ਹੁੰਦੀ ਸੀ। ਅੱਜ ਦੇ ਜਮਾਨੇ ’ਚ ਇਹ ਢੰਗ ਛੋਟੇ ਅਤੇ ਅਨੈਤਿਕ ਮੰਨੇ ਜਾਂਦੇ ਹਨ। ਆਧੁਨਿਕ ਅਧਿਆਪਕ ਤਰਕ ਦੇ ਅਧਾਰ ’ਤੇ ਫੈਸਲਾ ਲੈਂਦਾ ਅਤੇ ਯਤਨ ਕਰਦਾ ਹੈ ਕਿ ਬੱਚੇ ਚੰਗੀਆਂ ਆਦਤਾਂ ਡਰ ਕਰਕੇ ਨਹੀਂ ਸਗੋਂ ਇਨਾਮ ਮਿਲਣ ਜਾਂ ਦੂਜਿਆਂ ਤੋਂ ਵੱਖਰਾ ਹੋਣ ਦੀ ਭਾਵਨਾ ਕਰਕੇ ਅਪਣਾਉਣ ਅਤੇ ਉਹ ਵੀ ਆਪਣੀ ਸੋਚ ਅਨੁਸਾਰ।
ਜਦੋਂ ਤੱਕ ਉਹ ਘੁੰਮਦਾ ਰਿਹਾ ਅਤੇ ਸੋਚਦਾ ਰਿਹਾ। ਸਿਰਝੋਯਾ ਮੇਜ਼ ਕੰਢੇ ਰੱਖੀ ਕੁਰਸੀ ’ਤੇ ਬੈਠ ਗਿਆ ਅਤੇ ਡਰਾਇੰਗ ਬਣਾਉਣ ਲੱਗਿਆ। ਦਫ਼ਤਰੀ ਕਾਗ਼ਜਾਂ ਨੂੰ ਉਹ ਖ਼ਰਾਬ ਨਾਲ਼ ਕਰੇ ਅਤੇ ਸਿਆਹੀ ਦੀ ਸ਼ੀਸ਼ੀ ਨੂੰ ਨਾ ਛੋਹੇ, ਇਸ ਲਈ ਮੇਜ਼ ’ਤੇ ਉਸ ਲਈ ਕੱਟ ਕੇ ਅੱਧੇ ਕੀਤੇ ਕਾਗ਼ਜ਼ਾਂ ਦਾ ਇੱਕ ਬੰਡਲ ਅਤੇ ਨੀਲ਼ੀ ਪੈਂਸਿਲ ਰੱਖੀ ਹੋਈ ਸੀ।
“ਅੱਜ ਖਾਣਾ ਬਣਾਉਣ ਵਾਲ਼ੀ ਨੇ ਬੰਦਗੋਭੀ ਕੱਟਦੇ ਹੋਏ ਆਪਣੀ ਉਂਗਲ ਕੱਟ ਲਈ,” ਉਸਨੇ ਘਰ ਬਣਾਉਂਦੇ ਹੋਏ ਅਤੇ ਆਪਣੀਆਂ ਭਵਾਂ ਹਿਲਾਉਂਦੇ ਹੋਏ ਕਿਹਾ। “ਉਹ ਇੰਨੀ ਜ਼ੋਰ ਨਾਲ਼ ਚੀਕੀ ਕਿ ਅਸੀਂ ਸਾਰੇ ਡਰ ਗਏ ਅਤੇ ਭੱਜੇ-ਭੱਜੇ ਰਸੋਈ ’ਚ ਗਏ। ਐਹੋ ਜੇਹੀ ਮੂਰਖ ਹੈ। ਨਤਾਲਿਆ ਸਿਮੋਨਵਨਾ ਕਹਿ ਰਹੀ ਸੀ ਕਿ ਆਪਣੀਆਂ ਉਂਗਲਾਂ ਠੰਢੇ ਪਾਣੀ ’ਚ ਡਬੋ ਲੈ ਪਰ ਉਹ ਸੀ ਕਿ ਉਹਨੂੰ ਚੂਸੀ ਜਾ ਰਹੀ ਸੀ। ਉਹ ਗੰਦੀ ਉਂਗਲੀ ਕਿਵੇਂ ਮੂੰਹ ’ਚ ਰੱਖ ਸਕਦੀ ਹੈ। ਪਾਪਾ, ਇਹ ਗੰਦੀ ਗੱਲ ਹੈ ਨਾ।”
ਫਿਰ ਉਸਨੇ ਦੱਸਿਆ ਕਿ ਦੁਪਹਿਰ ਨੂੰ ਇੱਕ ਛੋਟੀ ਕੁੜੀ ਨਾਲ਼ ਵਾਜਾ ਵਜਾਉਣ ਵਾਲ਼ਾ ਆਇਆ ਸੀ। ਉਸਨੇ ਗਾਣਾ ਗਾਇਆ ਅਤੇ ਕੁੜੀ ਸੰਗੀਤ ਦੀ ਤਾਲ ’ਤੇ ਨੱਚੀ ਵੀ ਸੀ।
“ਉਸਦੇ ਆਪਣੇ ਵਿਚਾਰਾਂ ਦੀ ਲੜੀ ਹੈ।” ਜੱਜ ਸੋਚ ਰਿਹਾ ਸੀ। “ਉਸਦੇ ਦਿਮਾਗ਼ ’ਚ ਉਸਦਾ ਆਪਣਾ ਛੋਟਾ ਜਿਹਾ ਸੰਸਾਰ ਹੈ ਅਤੇ ਉਹ ਆਪਣੇ ਹਿਸਾਬ ਨਾਲ਼ ਸਮਝਦਾ ਹੈ ਕਿ ਕੀ ਲਾਜ਼ਮੀ ਹੈ ਤੇ ਕੀ ਨਹੀਂ। ਉਸਦਾ ਦਿਮਾਗ਼ ਅਤੇ ਧਿਆਣ ਖਿੱਚਣ ਲਈ ਬੱਚੇ ਜਿਹੀ ਜ਼ੁਬਾਨ ਬੋਲਣਾ ਹੀ ਬਹੁਤ ਨਹੀਂ ਸਗੋਂ ਉਸਦੇ ਵਾਂਗ ਸੋਚਣਾ ਵੀ ਆਉਣਾ ਚਾਹੀਦਾ ਹੈ। ਉਹ ਮੇਰੀ ਗੱਲ ਫੱਟ ਸਮਝ ਜਾਂਦਾ ਜੇ ਮੈਨੂੰ ਸੱਚੀਓਂ ਉਸਦੇ ਸਿਗਰੇਟ ਪੀਣ ’ਤੇ ਅਫ਼ਸੋਸ ਹੋਇਆ ਹੁੰਦਾ ਅਤੇ ਮੈਨੂੰ ਗੁੱਸਾ ਆ ਜਾਂਦਾ ਜਾਂ ਮੈਂ ਸੱਚੀਓਂ ਰੋ ਪੈਂਦਾ… ਇਸ ਲਈ ਤਾਂ ਪਾਲਣ-ਪੋਸ਼ਣ ਦੀ ਪ੍ਰਕਿਰਿਆ ਵਿੱਚ ਮਾਂਵਾਂ ਦੀ ਥਾਂ ਕੋਈ ਦੂਜਾ ਨਹੀਂ ਲੈ ਸਕਦਾ ਕਿਉਂਕਿ ਉਹ ਇੱਕੋ ਸਮੇਂ ਬੱਚੇ ਵਾਂਗ ਮਹਿਸੂਸ ਕਰ ਸਕਦੀਆਂ ਹਨ, ਰੋ ਸਕਦੀਆਂ ਹਨ, ਹੱਸ ਸਕਦੀਆਂ ਹਨ… ਕੋਰੇ ਤਰਕ ਅਤੇ ਨੈਤਿਕਤਾ ਨਾਲ਼ ਕੁਝ ਨਹੀਂ ਹੋ ਸਕੇਗਾ।” “ਪਰ ਹੋਰ ਉਸਨੂੰ ਕੀ ਕਹਾਂ? ਕੀ?”
ਇਵਗੇਨੀ ਪੇਤਰੋਵਿਚ ਨੂੰ ਬੜਾ ਅਜੀਬ ਅਤੇ ਹਸਾਉਣਾ ਲੱਗ ਰਿਹਾ ਸੀ ਕਿ ਉਹ ਜੋ ਇੱਕ ਤਜਰਬੇਕਾਰ ਵਕੀਲ ਸੀ। ਜਿਸਨੇ ਅੱਧੀ ਜ਼ਿੰਦਗੀ ਹਰ ਤਰ੍ਹਾਂ ਦੀ ਰੋਕ, ਚੇਤਾਵਨੀਆਂ ਅਤੇ ਸਜ਼ਾਵਾਂ ਦਵਾਉਣ ’ਚ ਲੰਘਾ ਦਿੱਤੀ ਸੀ, ਉਹ ਅੱਜ ਪੂਰੀ ਤਰ੍ਹਾਂ ਬੇਵੱਸ ਮਹਿਸੂਸ ਕਰ ਰਿਹਾ ਸੀ ਅਤੇ ਨਹੀਂ ਜਾਣਦਾ ਸੀ ਕਿ ਬੱਚੇ ਨੂੰ ਕੀ ਕਹੇ।
“ਸੁਣ, ਸੌਂਹ ਖਾ ਕਿ ਅੱਜ ਤੋਂ ਤੂੰ ਸਿਗਰੇਟ ਨਹੀਂ ਪੀਵੇਂਗਾ,” ਉਸਨੇ ਕਿਹਾ।
“ਵਾ…ਦਾ।” ਸਿਰਯੋਝਾ ਨੇ ਪੈਂਸਿਲ ਜ਼ੋਰ ਨਾਲ਼ ਦਬਾਈ ਅਤੇ ਡਰਾਇੰਗ ’ਤੇ ਝੁਕ ਕੇ ਅਤੇ ਗਾਉਂਦੇ ਹੋਏ ਕਿਹਾ: “ਵਾ…ਦਾ, ਵਾ…ਦਾ ਰ…ਹਾ।”
“ਪਰ ਕੀ ਉਹ ਜਾਣਦਾ ਹੈ ਕਿ ‘ਵਾਦਾ ਰਿਹਾ’ ਦਾ ਕੀ ਮਤਲਬ ਹੁੰਦਾ ਹੈ?” ਬੀਕੋਵਸਕੀ ਨੇ ਖੁਦ ਨੂੰ ਪੁੱਛਿਆ। “ਨਹੀਂ ਮੈਂ ਇੱਕ ਖ਼ਰਾਬ ਅਧਿਆਪਕ ਹਾਂ। ਜੇਕਰ ਕਿਸੇ ਅਧਿਆਪਕ ਜਾਂ ਸਾਡੀ ਕਚਹਿਰੀ ਦੇ ਜੱਜਾਂ ’ਚੋਂ ਕਿਸੇ ਇੱਕ ਨੇ ਵੀ ਮੇਰੇ ਤਰਕ ’ਚ ਝਾਕ ਕੇ ਦੇਖਿਆ ਹੁੰਦਾ ਤਾਂ ਉਹ ਮੈਨੂੰ ਇੱਕ ਡਰਪੋਕ ਅਤੇ ਢਿੱਲਾ-ਢਾਲਾ ਬੰਦਾ ਕਹਿੰਦੇ ਜਾਂ ਉਹ ਸ਼ੱਕ ਕਰਦੇ ਕਿ ਮੈਂ ਲੋੜ ਤੋਂ ਜ਼ਿਆਦਾ ਚਲਾਕ ਹਾਂ… ਉਂਝ ਵੀ ਘਰ ਦੇ ਮੁਕਾਬਲੇ ਸਕੂਲ ਅਤੇ ਕਚਹਿਰੀ ਵਿੱਚ ਅਜਿਹੇ ਬੇਇਮਾਨੀ ਦੇ ਸਾਰੇ ਸਵਾਲ ਬਹੁਤ ਸੌਖ ਨਾਲ਼ ਤੈਅ ਕੀਤੇ ਜਾ ਸਕਦੇ ਹਨ। ਇੱਥੇ ਤਾਂ ਤੁਹਾਡਾ ਅਜਿਹੇ ਇਨਸਾਨ ਨਾਲ਼ ਵਾਹ ਹੈ ਜਿਸਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਅਤੇ ਪਿਆਰ ਵੱਸੋਂ ਬਾਹਰੀ ਆਸ ਕਰਦਾ ਹੈ ਇਸ ਲਈ ਸਵਾਲਾਂ ਨੂੰ ਉਲਝਾ ਦਿੰਦਾ ਹੈ। ਜੇਕਰ ਇਹ ਬੱਚਾ ਮੇਰਾ ਪੁੱਤਰ ਨਾ ਹੋ ਕੇ ਮੇਰਾ ਵਿਦਿਆਰਥੀ ਜਾਂ ਕੈਦੀ ਹੁੰਦਾ ਤਾਂ ਮੈਂ ਕਦੇ ਇੰਨਾ ਨਾ ਡਰਦਾ ਅਤੇ ਮੇਰੇ ਵਿਚਾਰ ਵੀ ਇੰਨੇ ਖਿੰਡੇ ਹੋਏ ਨਾ ਹੁੰਦੇ!…”
ਇਵਗੇਨੀ ਪਿਤਰੋਵਿਚ ਮੇਜ਼ ’ਤੇ ਬੈਠ ਗਿਆ ਅਤੇ ਸਿਰਯੋਝਾ ਦੀ ਇੱਕ ਪੇਂਟਿੰਗ ਆਪਣੇ ਵੱਲ਼ ਖਿੱਚੀ। ਇਸ ਪੇਂਟਿੰਗ ’ਚ ਝੁਕੀ ਹੋਈ ਛੱਤ ਵਾਲ਼ਾ ਇੱਕ ਘਰ ਬਣਿਆ ਹੋਇਆ ਸੀ ਅਤੇ ਚਿਮਨੀ ’ਚੋਂ ਬੱਦਲਾਂ ਦੀ ਬਿਜਲੀ ਵਾਂਗ ਟੇਢਾ-ਮੇਢਾ ਧੂੰਆਂ ਨਿਕਲ ਰਿਹਾ ਸੀ। ਘਰ ਦੇ ਕੋਲ਼ ਇੱਕ ਫ਼ੌਜੀ ਖੜ੍ਹਾ ਸੀ ਜਿਸਦੀਆਂ ਅੱਖਾਂ ਦੀ ਥਾਂ ਦੋ ਬਿੰਦੂ ਸਨ ਅਤੇ ਉਸਦੀ ਬੰਦੂਕ ਦਾ ਆਕਾਰ ਚਾਰ ਦੇ ਅੰਕੜੇ ਜਿਹਾ ਸੀ।
“ਇਨਸਾਨ ਘਰ ਤੋਂ ਉੱਚਾ ਨਹੀਂ ਹੋ ਸਕਦਾ” ਜੱਜ ਨੇ ਕਿਹਾ। “ਦੇਖ ਤੇਰੇ ਘਰ ਦੀ ਛੱਤ ਤਾਂ ਫ਼ੌਜੀ ਦੇ ਮੋਢਿਆਂ ਤੱਕ ਆ ਗਈ ਹੈ।”
ਸਿਰਯੋਝਾ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਕਿੰਨਾ ਚਿਰ ਹਿਲਦਾ ਰਿਹਾ ਤਾਂ ਕਿ ਆਰਾਮ ਨਾਲ਼ ਬੈਠ ਸਕੇ।
“ਨਹੀਂ ਪਾਪਾ।” ਆਪਣੀ ਪੇਂਟਿੰਗ ਦੇ ਵੱਲ਼ ਦੇਖ ਕੇ ਬੋਲਿਆ, “ਜੇਕਰ ਫ਼ੌਜੀ ਨੂੰ ਛੋਟਾ ਬਣਾ ਦਿੱਤਾ ਜਾਵੇ ਤਾਂ ਉਸਦੀਆਂ ਅੱਖਾਂ ਨਹੀਂ ਦਿਸਣਗੀਆਂ।”
“ਕੀ ਉਸ ਨਾਲ਼ ਬਹਿਸ ਕਰਨੀ ਲਾਜ਼ਮੀ ਹੈ?” ਜੱਜ ਆਪਣੇ ਪੁੱਤਰ ਨੂੰ ਰੋਜ਼ ਦੇਖਦੇ-ਦੇਖਦੇ ਸਮਝ ਗਿਆ ਸੀ ਕਿ ਬੱਚਿਆਂ ਵਿੱਚ ਜੰਗਲੀਆਂ ਦੇ ਵਾਂਗ ਕਲਾ ਬਾਰੇ ਆਪਣੀ ਹੀ ਸਮਝ ਹੁੰਦੀ ਹੈ, ਉਸਦੀਆਂ ਮੰਗਾਂ ਵੀ ਆਪਣੀਆਂ ਹੀ ਖ਼ਾਸ ਹੁੰਦੀਆਂ ਹਨ ਜੋ ਵੱਡਿਆਂ ਦੀ ਸਮਝ ਤੋਂ ਬਾਹਰ ਹੁੰਦੀਆਂ ਹਨ। ਵੱਡਿਆਂ ਅਨੁਸਾਰ ਸਿਰਯੋਝਾ ਸ਼ਾਇਦ ਅਸਧਾਰਨ ਜਾਂ ਅਸੁਭਾਵਿਕ ਲੱਗ ਸਕਦਾ ਸੀ। ਉਸਦੇ ਲਈ ਇਨਸਾਨਾਂ ਨੂੰ ਘਰ ਤੋਂ ਵੱਡਾ ਬਣਾਉਣਾ ਪੂਰੀ ਤਰ੍ਹਾਂ ਸੰਭਵ ਅਤੇ ਤਾਰਕਿਕ ਹੈ। ਇਸ ਤਰ੍ਹਾਂ ਕੇਵਲ ਪੈਂਸਿਲ ਨਾਲ਼ ਆਪਣੇ ਪਾਤਰਾਂ ਤੋਂ ਬਿਨਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣਾ ਵੀ ਸੰਭਵ ਹੈ। ਇਸ ਲਈ ਆਰਕੈਸਰਾ ਦੀਆਂ ਅਵਾਜ਼ਾਂ ਨੂੰ ਉਸਨੇ ਗੋਲਕਾਰ ਧੂੰਏਂ ਦੇ ਬਿੰਦੂਆਂ ਅਤੇ ਸੀਟੀ ਨੂੰ ਕੁੰਡਲਦਾਰ ਧਾਗੇ ਦੇ ਰੂਪ ਵਿੱਚ ਦਿਖਾਇਆ ਸੀ। ਉਸਦੀ ਸਮਝ ਅਨੁਸਾਰ ਹਰ ਅਵਾਜ਼ ਦਾ ਆਪਣਾ ਅਕਾਰ ਅਤੇ ਰੰਗ ਹੁੰਦਾ ਹੈ, ਇਸ ਲਈ ਹਰ ਵਾਰ ਉਹ ‘ਲ’ ਨੂੰ ਪੀਲ਼ੇ, ‘ਮ’ ਨੂੰ ਲਾਲ ਅਤੇ ‘ਅ’ ਨੂੰ ਕਾਲ਼ੇ ਰੰਗ ਵਿੱਚ ਰੰਗਦਾ ਸੀ।
ਪੇਂਟਿੰਗ ਛੱਡ ਕੇ ਸਿਰਯੋਝਾ ਫਿਰ ਆਪਣੇ ਪਿਤਾ ਦੀ ਗੋਦ ਵਿੱਚ ਅਰਾਮ ਨਾਲ਼ ਬੈਠ ਗਿਆ ਅਤੇ ਉਸਦੀ ਦਾੜੀ ਵਿੱਚ ਹੱਥ ਫੇਰਨ ਲੱਗਿਆ। ਪਹਿਲਾਂ ਉਸਨੇ ਬੜੇ ਧਿਆਣ ਨਾਲ਼ ਉਸਨੂੰ ਇੱਕੋ ਜਿਹਾ ਕੀਤਾ, ਉਸਨੂੰ ਦੋ ਹਿੱਸਿਆਂ ਵਿੱਚ ਵੰਡਿਆ ਅਤੇ ਫਿਰ ਆਪਣੇ ਹੱਥਾਂ ਨਾਲ਼ ਹੀ ਉਸ ’ਚ ਕੰਘੀ ਕਰਨ ਲੱਗਿਆ।
“ਤੁਸੀਂ ਇਵਾਨ ਸਿਤਾਪਾਨੋਵਿਚ ਦੇ ਵਾਂਗ ਲੱਗ ਰਹੇ ਹੋ।” ਉਹ ਬੋਲਿਆ “ਅਤੇ ਇੱਕ ਮਿੰਟ ’ਚ ਤੁਸੀਂ ਸਾਡੇ ਚੌਂਕੀਦਾਰਾਂ ਵਰਗੇ ਲੱਗਣ ਲੱਗੋਗੇ। ਪਾਪਾ, ਚੌਂਕੀਦਾਰ ਹਮੇਸ਼ਾ ਦਰਵਾਜਿਆਂ ਦੇ ਕੋਲ਼ ਕਿਉਂ ਖੜ੍ਹੇ ਹੁੰਦੇ ਹਨ? ਇਸ ਲਈ ਕਿ ਚੋਰਾਂ ਨੂੰ ਅੰਦਰ ਨਾ ਆਉਣ ਦੇਣ?
ਜੱਜ ਨੇ ਉਸਦਾ ਸਾਹ ਆਪਣੇ ਚਿਹਰੇ ’ਤੇ ਮਹਿਸੂਸ ਕੀਤਾ, ਉਸਦੇ ਵਾਲ ਉਹਦੀਆਂ ਗੱਲ੍ਹਾਂ ਨੂੰ ਛੂਹ ਰਹੇ ਸੀ। ਤਦੇ ਉਸਨੇ ਆਪਣੇ ਅੰਦਰ ਇੱਕ ਬੇਹੱਦ ਪਿਆਰ ਮਹਿਸੂਸ ਕੀਤਾ। ਉਸਨੂੰ ਲੱਗਿਆ ਕਿ ਉਸਦੇ ਆਪਣੇ ਹੱਥ ਹੀ ਨਹੀਂ ਉਸਦੀ ਸਾਰੀ ਆਤਮਾ ਸਿਰਯੋਝਾ ਦੇ ਮਖ਼ਮਲੀ ਜੈਕੇਟ ਵਿੱਚ ਰਚ ਗਈ ਹੋਵੇ। ਉਹ ਬੱਚੇ ਦੀਆਂ ਵੱਡੀਆਂ ਅਤੇ ਕਾਲ਼ੀਆਂ ਅੱਖਾਂ ’ਚ ਝਾਕ ਰਿਹਾ ਸੀ ਅਤੇ ਉਸਨੂੰ ਲੱਗਿਆ ਕਿ ਉਹਨਾਂ ਵੱਡੀਆਂ-ਵੱਡੀਆਂ ਅੱਖਾਂ ’ਚੋਂ ਝਾਕ ਰਹੀ ਸੀ ਮਾਂ, ਪਤਨੀ ਅਤੇ ਜਿਸਨੂੰ ਕਦੇ ਉਹ ਬਹੁਤ ਪਿਆਰ ਕਰਦਾ ਸੀ।
“ਉਹਨੂੰ ਫਾਂਟੀ ਚਾੜ੍ਹਣ ਬਾਰੇ ਸੋਚਿਆ ਜਾ ਸਕਦਾ ਹੈ,” ਉਹਨੇ ਗੰਭੀਰਤਾ ਨਾਲ਼ ਸੋਚਿਆ। “ਇੱਕ ਚੰਗਾ ਕੰਮ ਹੈ, ਉਹਨੂੰ ਸਜ਼ਾ ਦੇਣ ਦਾ ਢੰਗ ਲੱਭਣਾ। ਅਸੀਂ ਕਿਵੇਂ ਕਿਸੇ ਗਭਰੇਟ ਨੂੰ ਪਾਲਣ-ਪੋਸ਼ਣ ਦਾ ਜ਼ਿੰਮਾ ਚੁੱਕ ਲੈਂਦੇ ਹਾਂ? ਪੁਰਾਣੇ ਬੰਦੇ ਸਿੱਧੇ-ਸਾਧੇ ਸਨ, ਘੱਟ ਸੋਚਦੇ ਸਨ, ਇਸ ਲਈ ਸਾਰੇ ਸਵਾਲ ਦਲੇਰੀ ਨਾਲ਼ ਹੱਲ ਕਰ ਲੈਂਦੇ ਸਨ। ਅਤੇ ਅਸੀਂ ਬਹੁਤ ਜ਼ਿਆਦਾ ਸੋਚਦੇ ਹਾਂ, ਤਰਕ ਸਾਨੂੰ ਖਾ ਗਿਆ ਹੈ…। ਜਿੰਨਾ ਜ਼ਿਆਦਾ ਇਨਸਾਨ ਵਿਕਸਿਤ ਹੁੰਦਾ ਹੈ, ਜਿੰਨਾ ਜ਼ਿਆਦਾ ਉਹ ਸੋਚਦਾ ਹੈ ਅਤੇ ਬਰੀਕੀਆਂ ਵਿੱਚ ਜਾਂਦਾ ਹੈ, ਓਨਾ ਹੀ ਜ਼ਿਆਦਾ ਉਹ ਅਨਿਸ਼ਚਿਤ ਅਤੇ ਸ਼ੱਕੀ ਹੁੰਦਾ ਜਾਂਦਾ ਹੈ ਅਤੇ ਹਰ ਕੰਮ ਓਨਾ ਹੀ ਡਰਦੇ-ਡਰਦੇ ਕਰਦਾ ਹੈ। ਜੇਕਰ ਅਸੀਂ ਧਿਆਣ ਨਾਲ਼ ਸੋਚੀਏ ਤਾਂ ਸੱਚੀਂ ਦਲੇਰੀ ਅਤੇ ਆਤਮ-ਵਿਸ਼ਵਾਸ ਦੀ ਲੋੜ ਹੈ ਪੜ੍ਹਾਉਣ, ਸਿਖਾਉਣ ਅਤੇ ਜੱਜ ਕਰਨ ਲਈ। ਅਤੇ ਹਾਂ ਇੱਕ ਸੰਜੀਦਾ ਕਿਤਾਬ ਲਿਖਣ ਲਈ ਕਿੰਨੀ ਦਲੇਰੀ ਅਤੇ ਆਤਮ-ਵਿਸ਼ਵਾਸ ਦੀ ਲੋੜ ਹੈ…।”
ਦਸ ਵੱਜ ਗਏ।
“ਤਾਂ ਮੇਰੇ ਬੱਚੇ, ਸੌਣ ਦਾ ਸਮਾਂ ਹੋ ਗਿਆ ਹੈ,” ਜੱਜ ਨੇ ਕਿਹਾ। “ਜਾ ਸ਼ੁਭ-ਰਾਤਰੀ।”
“ਨਹੀਂ ਪਾਪਾ,” ਸਿਰਯੋਝਾ ਨੇ ਮੂੰਹ ਜਾ ਬਣਾਉਂਦੇ ਹੋਏ ਕਿਹਾ। “ਮੈਂ ਹਾਲੇ ਥੋੜ੍ਹਾ ਚਿਰ ਹੋਰ ਇੰਝ ਹੀ ਬੈਠਾਂਗਾ। ਕੁਝ ਤਾਂ ਸੁਣਾਓ। ਇੱਕ ਕਹਾਣੀ ਸੁਣਾਓ।”
“ਠੀਕ ਹੈ, ਜਿਵੇਂ ਤੇਰੀ ਮਰਜੀ। ਪਰ ਕਹਾਣੀ ਤੋਂ ਬਾਅਦ ਉਦੋਂ ਹੀ ਸੌਣ ਚਲਾ ਜਾਵੇਗਾ।”
ਵਿਹਲੀਆਂ ਸ਼ਾਮਾਂ ਨੂੰ ਸਿਰਯੋਝਾ ਨੂੰ ਕਹਾਣੀ ਸੁਣਾਉਣਾ, ਇਹ ਇਵਗੇਨੀ ਪਿਤਰੋਵਿਚ ਦੀ ਆਦਤ ਬਣ ਗਈ ਸੀ। ਜਿਵੇਂ ਕਿ ਹਮੇਸ਼ਾ ਹੁੰਦਾ ਹੈ ਰੁਝੇ ਹੋਏ ਬੰਦਿਆਂ ਵਾਂਗ ਉਸਨੂੰ ਨਾ ਤਾਂ ਕੋਈ ਕਵਿਤਾ ਯਾਦ ਸੀ ਅਤੇ ਨਾ ਕੋਈ ਕਹਾਣੀ, ਇਸ ਲਈ ਹਰ ਵਾਰ ਜਦੋਂ ਵੀ ਉਹ ਕਹਾਣੀ ਸੁਣਾਉਂਦਾ ਤਾਂ ਹਮੇਸ਼ਾ ਉਸਨੂੰ ਕੰਮ-ਚਲਾਊ ਜਿਹੀ ਹੀ ਜੋੜਣੀ ਪੈਂਦੀ ਸੀ। ਹਮੇਸ਼ਾ ਉਹ ਜਾਣੇ-ਪਹਿਚਾਣੇ ਸ਼ਬਦਾਂ ਨਾਲ਼ ਕਹਾਣੀ ਸ਼ੁਰੂ ਕਰਦਾ “ਇੱਕ ਰਾਜ ’ਚ ਇੱਕ ਰਾਜਾ ਸੀ” ਅਤੇ ਉਸ ਤੋਂ ਬਾਅਦ ਉਹ ਸਭ ਤਰ੍ਹਾਂ ਦੀਆਂ ਬੇਕਾਰ ਗੱਲਾਂ ਨੂੰ ਇਕੱਠਾ ਕਰ ਦਿੰਦਾ। ਕਹਾਣੀ ਦੀ ਸ਼ੁਰੂਆਤ ਕਰਦੇ ਹੋਏ ਉਹ ਕਦੇ ਨਹੀਂ ਦੱਸਦਾ ਸੀ ਕਿ ਉਸਦਾ ਮੱਧ ਅਤੇ ਅੰਤ ਕੀ ਹੋਵੇਗਾ। ਦਿ੍ਰਸ਼, ਪਾਤਰ ਅਤੇ ਸਥਿਤੀਆਂ ਸਭ ਬਿਨਾਂ ਤਿਆਰੀ ਤੋਂ ਲਏ ਜਾਂਦੇ ਸਨ ਪਰ ਕਿਵੇਂ ਨਾ ਕਿਵੇਂ ਪਲਾਟ ਅਤੇ ਸਿੱਟਾ ਆਪਣੇ ਆਪ ਕਹਾਣੀ ਕਹਿਣ ਵਾਲ਼ੇ ਦੇ ਮਨ ਮੁਤਬਿਕ ਨਿਕਲਦੇ ਸਨ। ਸਿਰਯੋਝਾ ਨੂੰ ਅਜਿਹੀਆਂ ਕੰਮ ਚਲਾਊ ਵਿਉਂਤਾਂ ਚੰਗੀਆਂ ਲੱਗਦੀਆਂ ਸਨ ਅਤੇ ਜੱਜ ਸਮਝਦਾ ਸੀ ਕਿ ਜਿੰਨੇ ਸਿੱਧੇ-ਸਾਦੇ ਪਲਾਟ ਹੁੰਦੇ, ਉਹ ਓਨਾ ਹੀ ਜ਼ਿਆਦਾ ਬੱਚੇ ’ਤੇ ਅਸਰ ਕਰਦੇ ਸਨ।
“ਤਾਂ ਸੁਣ,” ਉਸਨੇ ਛੱਤ ਵੱਲੇ ਦੇਖਦੇ ਹੋਏ ਸ਼ੁਰੂ ਕੀਤਾ: “ ਇੱਕ ਸਮੇਂ ਇੱਕ ਰਾਜ ਵਿੱਚ ਇੱਕ ਲੰਬੀ ਚਿੱਟੀ ਦਾੜੀ ਵਾਲ਼ਾ… ਅਤੇ ਅਜਿਹੀਆਂ ਹੀ ਵੱਡੀਆਂ ਮੁੱਛਾਂ ਵਾਲ਼ਾ ਇੱਕ ਬੁੱਢਾ ਰਾਜਾ ਰਹਿੰਦਾ ਸੀ। ਅਤੇ ਜਾਣਦਾ ਹੈਂ ਉਹ ਇੱਕ ਸ਼ੀਸ਼ੇ ਦੇ ਮਹਿਲ ਵਿੱਚ ਰਹਿੰਦਾ ਸੀ ਜੋ ਸੂਰਜ ਦੇ ਚਾਨਣੇ ਇੰਝ ਜਗਮਗਾਇਆ ਅਤੇ ਚਮਕਿਆ ਕਰਦਾ ਸੀ ਜਿਵੇਂ ਬਰਫ਼ ਦਾ ਇੱਕ ਟੁੱਕੜਾ ਹੋਵੇ। ਜੋ ਮਹਿਲ ਸੀ ਨਾ ਪੁੱਤਰ ਉਹ ਇੱਕ ਬਹੁਤ ਵੱਡੇ ਬਗ਼ੀਚੇ ਵਿੱਚ ਬਣਿਆ ਹੋਇਆ ਸੀ ਜਿਸ ਵਿੱਚ ਸੰਤਰਾ, ਚੇਰੀ, ਬੇਰੀ ਪੈਦਾ ਹੁੰਦੀ ਸੀ… ਟਿਉਲਿਪ, ਗ਼ੁਲਾਬ ਅਤੇ ਲਿਲੀ ਆਫ਼ ਦੀ ਵੈਲੀ ਦੇ ਫੁੱਲ ਲੱਗਦੇ ਸਨ ਅਤੇ ਵੰਨ-ਸੁਵੰਨੇ ਪੰਛੀ ਉੱਥੇ ਗੀਤ ਗਾਇਆ ਕਰਦੇ ਸਨ…। ਹਾਂ, ਜਾਣਦੈਂ ਸ਼ੀਸ਼ੇ ਦੀਆਂ ਘੰਟੀਆਂ ਦਰੱਖ਼ਤਾਂ ’ਤੇ ਲਟਕਦੀਆਂ ਸਨ ਜਿਹਨਾਂ ਦੀ ਪਿਆਰੀ ਅਵਾਜ਼ ਹਵਾ ਚੱਲਦੇ ਹੀ ਸੁਣਾਈ ਦਿੰਦੀ ਸੀ। ਸ਼ੀਸ਼ਾ ਧਾਂਤ ਤੋਂ ਜ਼ਿਆਦਾ ਪਿਆਰੀ ਅਤੇ ਚੰਗੀ ਲੱਗਣ ਵਾਲ਼ੀ ਅਵਾਜ਼ ਪੈਦਾ ਕਰਦਾ ਹੈ। ਹਾਂ, ਅੱਗੇ ਕੀ ਹੋਇਆ? ਬਗ਼ੀਚੇ ਵਿੱਚ ਫੁਹਾਰੇ ਸਨ… ਯਾਦ ਹੈ ਉਹੋ ਜਿਹੇ ਫੁਹਾਰੇ ਜਿਹੜੇ ਆਂਟੀ ਸੋਨਿਆ ਦੇ ਸਮਰ ਵਿਲਾ ਵਿੱਚ ਦੇਖੇ ਸਨ? ਬਿਲਕੁਲ ਅਜਿਹੇ ਹੀ ਫੁਹਾਰੇ ਸੀ ਰਾਜੇ ਦੇ ਬਗ਼ੀਚੇ ਵਿੱਚ। ਪਰ ਸੋਨਿਆ ਆਂਟੀ ਦੇ ਫੁਹਾਰਿਆਂ ਤੋਂ ਕਿਤੇ ਵੱਡੇ ਅਤੇ ਜਾਣਦੈਂ ਪਾਣੀ ਦੀ ਧਾਰ ਸਭ ਤੋਂ ਉੱਚੇ ਟਿਊਲਿਪ ਤੱਕ ਜਾਂਦੀ ਸੀ।”
ਇਵਗੇਨੀ ਪਿਤਰੋਵਿਚ ਨੇ ਥੋੜ੍ਹਾ ਸੋਚਿਆ ਅਤੇ ਕਹਾਣੀ ਜਾਰੀ ਰੱਖਦੇ ਹੋਏ ਕਿਹਾ:
“ਬੁੱਢੇ ਰਾਜੇ ਦਾ ਇੱਕੋ ਇੱਕ ਮੁੰਡਾ ਸੀ ਅਤੇ ਰਾਜ ਦਾ ਵਾਰਸ ਸੀ ਤੇਰੇ ਵਰਗਾ ਹੀ। ਉਹ ਚੰਗਾ ਮੁੰਡਾ ਸੀ। ਉਹ ਕਦੇ ਸ਼ਰਾਰਤ ਨਹੀਂ ਕਰਦਾ ਸੀ, ਛੇਤੀ ਸੌਂ ਜਾਂਦਾ ਸੀ। ਮੇਜ਼ ’ਤੇ ਰੱਖੀ ਕਿਸੇ ਚੀਜ਼ ਨੂੰ ਨਹੀਂ ਛੇੜਦਾ ਸੀ… ਅਤੇ ਬਹੁਤ ਹੀ ਸਮਝਦਾਰ ਸੀ। ਉਸ ’ਚ ਇੱਕ ਹੀ ਘਾਟ ਸੀ ਉਹ ਸਿਗਰੇਟ ਪੀਂਦਾ ਸੀ…।”
ਸਿਰਯੋਝਾ ਧਿਆਣ ਨਾਲ਼ ਸੁਣ ਰਿਹਾ ਸੀ ਅਤੇ ਟਿਕਟਿਕੀ ਲਾ ਕੇ ਆਪਣੇ ਪਿਤਾ ਨੂੰ ਦੇਖ ਰਿਹਾ ਸੀ। ਜੱਜ ਕਹਿ ਰਿਹਾ ਸੀ ਅਤੇ ਸੋਚ ਰਿਹਾ ਸੀ: ਅੱਗੇ ਕੀ? ਉਹ ਕਿੰਨਾ ਚਿਰ ਤੱਕ ਇੱਕ ਗੱਲ ਹੀ ਕਈ ਤਰ੍ਹਾਂ ਘੁੰਮਾਉਂਦਾ ਰਿਹਾ, ਦੁਹਰਾਉਂਦਾ ਰਿਹਾ ਅਤੇ ਅੰਤ ਕਹਾਣੀ ਇੰਝ ਖ਼ਤਮ ਕੀਤੀ:
“ਸਿਗਰੇਟ ਪੀਣ ਕਰਕੇ ਰਾਜਕੁਮਾਰ ਨੂੰ ਟੀ.ਬੀ ਹੋ ਗਈ ਅਤੇ ਉਹ ਮਰ ਗਿਆ। ਉਦੋਂ ਉਹ ਕੇਵਲ ਵੀਹ ਸਾਲਾਂ ਦਾ ਸੀ। ਕਮਜ਼ੋਰ ਅਤੇ ਬੀਮਾਰ ਬੁੱਢਾ ਰਾਜਾ ਬਿਨਾਂ ਕਿਸੇ ਦੀ ਮਦਦ ਤੋਂ ’ਕੱਲਾ ਤੇ ਬੇਆਸਰਾ ਰਹਿ ਗਿਆ। ਉਸ ਕੋਲ਼ ਰਾਜ ਚਲਾਉਣ ਅਤੇ ਮਹਿਲ ਦੀ ਰੱਖਿਆ ਕਰਨ ਲਈ ਕੋਈ ਨਹੀਂ ਸੀ ਰਹਿ ਗਿਆ। ਦੁਸ਼ਮਣ ਆਏ, ਬੁੱਢੇ ਨੂੰ ਮਾਰ ਦਿੱਤਾ, ਮਹਿਲ ਨੂੰ ਤੋੜ ਦਿੱਤਾ ਅਤੇ ਬਗ਼ੀਚੇ ਵਿੱਚ ਨਾ ਚੇਰੀ ਰਹੀ, ਨਾ ਪੰਛੀ ਅਤੇ ਨਾ ਹੀ ਘੰਟੀਆਂ… ਤਾਂ ਇਸ ਲਈ ਮੇਰੇ ਦੋਸਤ…।”
ਇਹ ਅੰਤ ਖੁਦ ਇਵਗੇਨੀ ਪਿਤਰੋਵਿਚ ਨੂੰ ਬੜਾ ਹੀ ਹਸਾਉਣਾ, ਸਹਿਜ ਅਤੇ ਸਿੱਧੜ ਜਿਹਾ ਲੱਗਿਆ ਪਰ ਸਾਰੀ ਕਹਾਣੀ ਨੇ ਸਿਰਯੋਝਾ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਦੀਆਂ ਅੱਖਾਂ ਫਿਰ ਤੋਂ ਕਿਸੇ ਉਦਾਸੀ ਨਾਲ਼ ਭਰ ਗਈਆਂ। ਉਦਾਸੀ ਵੀ ਡਰ ਵਰਗੀ। ਇੱਕ ਪਲ ਉਹਨੇ ਹਨ੍ਹੇਰੀ ਬਾਰੀ ਨੂੰ ਦੇਖਿਆ, ਥੋੜ੍ਹਾ ਕੰਬਿਆ ਅਤੇ ਬੜੀ ਹੀ ਉਦਾਸ ਅਵਾਜ਼ ’ਚ ਕਿਹਾ:
“ਹੁਣ ਮੈਂ ਕਦੇ ਸਿਗਰੇਟ ਨਹੀਂ ਪੀਵਾਂਗਾ…”
ਜਦੋਂ ਉਹ ਸ਼ੁਭ-ਰਾਤਰੀ ਕਹਿ ਕੇ ਸਾਉਣ ਚਲਾ ਗਿਆ ਤਾਂ ਪਿਤਾ ਹੌਲ਼ੀ-ਹੌਲ਼ੀ ਇੱਕ ਸਿਰੇ ਤੋਂ ਦੂਜੇ ਸਿਰੇ ਟਹਿਲ ਰਿਹਾ ਸੀ ਅਤੇ ਮੁਸਕਰਾ ਰਿਹਾ ਸੀ।
“ਲੋਕ ਕਹਿਣਗੇ ਕਿ ਸੁੰਦਰਤਾ ਅਤੇ ਵਿਧਾ ਨੇ ਪ੍ਰਭਾਵਿਤ ਕੀਤਾ”, ਉਹ ਸੋਚ ਰਿਹਾ ਸੀ, “ਠੀਕ ਇਵੇਂ ਹੀ ਸਹੀ ਪਰ ਇਹ ਤਸੱਲੀ ਨਹੀਂ ਦਿੰਦਾ। ਜੋ ਵੀ ਹੋਵੇ ਇਹ ਅਸਲੀ ਢੰਗ ਨਹੀਂ… ਕਿਉਂ ਅਸੀਂ ਸਾਰੇ ਨੈਤਿਕਤਾ ਅਤੇ ਸੱਚ ਨੂੰ ਸਿੱਧੇ ਢੰਗ ਨਾਲ਼ ਅੱਗੇ ਨਹੀਂ ਰੱਖਦੇ, ਕਿਉਂ ਅਸੀਂ ਉਸ ’ਤੇ ਮਿੱਠਾ ਅਤੇ ਸੁਨਹਿਰੀ ਮੁਲੱਮਾ ਚਾੜਦੇ ਹਾਂ, ਉਵੇਂ ਹੀ ਜਿਵੇਂ ਕੌੜੀ ਦਵਾਈ ਦੀ ਗੋਲੀ ’ਤੇ? ਇਹ ਸਧਾਰਨ ਨਹੀਂ ਹੈ, ਝੂਠ ਹੈ, ਧੋਖਾ ਹੈ… ਜਾਦੂ ਹੈ…।”
ਉਸਨੂੰ ਯਾਦ ਆਏ ਉਹ ਬੈਠੇ ਹੋਏ ਮਹਿਮਾਨ ਜਿਹਨਾਂ ਨੂੰ ਹਮੇਸ਼ਾ ਝਿੜਕਣਾ ਪੈਂਦਾ ਸੀ, ਯਾਦ ਆਏ ਉਹ ਲੋਕ ਜੋ ਬਿਲੀਨਾ (ਰੂਸੀ ਮਹਾਂਕਾਵਿ) ਅਤੇ ਇਤਿਹਾਸਕ ਰੁਮਾਂਸਾਂ ਰਾਹੀਂ ਹੀ ਆਪਣਾ ਇਤਿਹਾਸ ਜਾਣਦੇ ਸਨ, ਯਾਦ ਆਏ ਉਹ ਲੋਕ ਜੋ ਜੀਵਨ ਦੇ ਯਥਾਰਥ ਨੂੰ ਕਾਨੂੰਨਾਂ ਅਤੇ ਵਕੀਲਾਂ ਰਾਹੀਂ ਨਹੀਂ ਸਗੋਂ ਊਟ-ਪਟਾਂਗ ਕਹਾਣੀਆਂ, ਨਾਵਲਾਂ ਜਾਂ ਕਵਿਤਾਵਾਂ ਰਾਹੀਂ ਜਾਣਦੇ ਸਨ…।
“ਦਵਾਈ ਮਿੱਠੀ ਹੋਣੀ ਚਾਹੀਦੀ ਹੈ ਅਤੇ ਯਥਾਰਥ ਸੱਚਾ ਤੇ ਸੋਹਣਾ…। ਇਹ ਪਾਗ਼ਲਪਨ ਇਨਸਾਨ ਨੇ ਆਦਮ ਦੇ ਜ਼ਮਾਨੇ ਤੋਂ ਪ੍ਰਵਾਨ ਕੀਤਾ ਹੈ… ਹੋ ਸਕਦਾ ਹੈ ਇਹ ਬਹੁਤ ਸੁਭਾਵਿਕ ਹੋਵੇ ਅਤੇ ਹੋਣਾ ਵੀ ਚਾਹੀਦਾ ਹੈ… ਕੁਦਰਤ ਵਿੱਚ ਢੁੱਕਵੇਂ ਧੋਖੇ ਤੇ ਭਰਮ ਕਿਹੜਾ ਘੱਟ ਹਨ?”
ਉਹ ਫਿਰ ਆਪਣੇ ਕੰਮ ’ਚ ਲੱਗ ਗਿਆ, ਪਰ ਸੁਸਤ ਅਤੇ ਅਪਣੱਤ ਜਿਹੇ ਵਿਚਾਰ ਉਸਦੇ ਦਿਮਾਗ਼ ਵਿੱਚ ਹਾਲੇ ਤੱਕ ਘੁੰਮ ਰਹੇ ਸਨ। ਛੱਤ ’ਤੇ ਸੰਗੀਤਕ ਧੁਨਾਂ ਦੀਆਂ ਅਵਾਜਾਂ ਹੁਣ ਨਹੀਂ ਆ ਰਹੀਆਂ ਸਨ ਪਰ ਦੂਜੀ ਮੰਜ਼ਿਲ ’ਤੇ ਰਹਿਣ ਵਾਲਾ ਹਾਲੇ ਵੀ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ਼ ਘੁੰਮ ਰਿਹਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com