Punjabi Stories/Kahanian
ਫ਼ਕੀਰ ਚੰਦ ਸ਼ੁਕਲਾ
Faqir Chand Shukla

Punjabi Kavita
  

Janam Din Di Party Dr. Faqir Chand Shukla

ਜਨਮ ਦਿਨ ਦੀ ਪਾਰਟੀ ਡਾ. ਫ਼ਕੀਰ ਚੰਦ ਸ਼ੁਕਲਾ

ਅੱਜ ਜਮਾਤ ਵਿੱਚ ਇੱਕ ਵਾਰ ਫੇਰ ਬਰਫ਼ੀ ਵੰਡੀ ਗਈ ਸੀ ਕਿਉਂਕਿ ਪ੍ਰਿੰਸੀ ਦਾ ਜਨਮ ਦਿਨ ਸੀ। ਹਾਲੇ ਪਿਛਲੇ ਹਫ਼ਤੇ ਹੀ ਤਾਂ ਚਿੰਟੂ ਨੇ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰਸਗੁੱਲੇ ਖਵਾਏ ਸਨ ਕਿਉਂਕਿ ਉਸ ਦਿਨ ਉਸ ਦਾ ਜਨਮ ਦਿਨ ਸੀ।
ਇਸ ਸਕੂਲ ਵਿੱਚ ਇਸ ਤਰ੍ਹਾਂ ਜਨਮ ਦਿਨ ਮਨਾਉਂਦੇ ਦੇਖ ਕੇ ਮਿੱਕੀ ਨੂੰ ਖ਼ੁਸ਼ੀ ਵੀ ਹੁੰਦੀ ਅਤੇ ਅਫ਼ਸੋਸ ਵੀ। ਖ਼ੁਸ਼ੀ ਇਸ ਗੱਲ ਦੀ ਕਿ ਮਹੀਨੇ ਵਿੱਚ ਦੋ-ਤਿੰਨ ਵਾਰੀ ਮੁਫ਼ਤ ਵਿੱਚ ਹੀ ਕੁਝ ਨਾ ਕੁਝ ਖਾਣ ਲਈ ਮਿਲ ਜਾਂਦਾ ਸੀ। ਕਈ ਵਾਰੀ ਤਾਂ ਇੱਕ ਹਫ਼ਤੇ ਵਿੱਚ ਹੀ ਦੋ-ਤਿੰਨ ਬੱਚਿਆਂ ਦੇ ਜਨਮ ਦਿਨ ਆ ਜਾਂਦੇ ਸਨ ਪਰ ਅਕਸਰ ਮਿੱਕੀ ਦਾ ਮਨ ਇਹ ਸੋਚ ਕੇ ਉਦਾਸ ਹੋ ਜਾਂਦਾ ਸੀ ਕਿ ਜਦੋਂ ਉਸ ਦਾ ਜਨਮ ਦਿਨ ਆਵੇਗਾ ਤਾਂ ਉਹ ਕੀ ਕਰੇਗਾ? ਉਸ ਦੇ ਮਾਪੇ ਤਾਂ ਐਨਾ ਖ਼ਰਚ ਨਹੀਂ ਕਰ ਸਕਦੇ। ਉਹ ਤਾਂ ਉਸ ਦੀ ਸਕੂਲ ਦੀ ਫ਼ੀਸ ਅਤੇ ਕਾਪੀਆਂ-ਕਿਤਾਬਾਂ ਦਾ ਖ਼ਰਚਾ ਹੀ ਮੁਸ਼ਕਲ ਨਾਲ ਕਰਦੇ ਸਨ।
ਮਿੱਕੀ ਦੇ ਪਿਤਾ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਗਰਮੀ ਦੀ ਰੁੱਤ ਵਿੱਚ ਵੀ ਉਨ੍ਹਾਂ ਨੂੰ ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ’ਤੇ ਕੰਮ ਕਰਨਾ ਪੈਂਦਾ ਸੀ ਅਤੇ ਉਸ ਦੇ ਮਾਤਾ ਜੀ ਸਵੈਟਰ-ਜਰਸੀਆਂ ਲਿਆ ਕੇ ਉਨ੍ਹਾਂ ਦੇ ਬਟਨ ਲਗਾਉਣ ਦਾ ਕੰਮ ਕਰਦੇ ਸਨ ਤਾਂ ਜੋ ਘਰ ਦੀ ਆਮਦਨ ਵਿੱਚ ਕੁਝ ਵਾਧਾ ਹੋ ਸਕੇ। ਉਨ੍ਹਾਂ ਕੋਲ ਮਕਾਨ ਵੀ ਕਿਰਾਏ ਦਾ ਸੀ।
ਅਕਸਰ ਮਿੱਕੀ ਦੇ ਮਨ ਵਿੱਚ ਇਹੋ ਜਿਹੇ ਖ਼ਿਆਲ ਆਉਂਦੇ ਰਹਿੰਦੇ ਖ਼ਾਸ ਕਰਕੇ ਜਦੋਂ ਕੋਈ ਬੱਚਾ ਜਮਾਤ ਵਿੱਚ ਆਪਣੇ ਜਨਮ-ਦਿਨ ਦੀ ਪਾਰਟੀ ’ਤੇ ਮਠਿਆਈ ਵੰਡਦਾ ਤਾਂ ਮਿੱਕੀ ਕਈ-ਕਈ ਦਿਨ ਬੇਚੈਨ ਰਹਿੰਦਾ। ਘਰ ਦੀ ਆਰਥਿਕ ਹਾਲਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਦੇ ਬਾਵਜੂਦ ਹਰ ਘੜੀ ਉਸ ਦੇ ਦਿਮਾਗ਼ ਵਿੱਚ ਇਹੋ ਗੱਲ ਘੁੰਮਦੀ ਰਹਿੰਦੀ ਕਿ ਘਰ ਵਾਲੇ ਉਸ ਦਾ ਜਨਮ-ਦਿਨ ਕਿਉਂ ਨਹੀਂ ਮਨਾਉਂਦੇ, ਹੋਰ ਵੀ ਤਾਂ ਬਥੇਰਾ ਖ਼ਰਚ ਕਰਦੇ ਹਨ। ਉਹ ਅਕਸਰ ਸੋਚਦਾ ਕਿ ਜੇ ਉਸ ਦੇ ਘਰ ਵਾਲੇ ਮੰਨ ਜਾਣ ਤਾਂ ਇਸ ਵਾਰ ਆਪਣੇ ਜਨਮ ਦਿਨ ’ਤੇ ਉਹ ਵੀ ਹੋਰਨਾਂ ਬੱਚਿਆਂ ਵਾਂਗ ਜਮਾਤ ਵਿੱਚ ਮਠਿਆਈ ਵੰਡੇ ਅਤੇ ਇਸ ਤਰ੍ਹਾਂ ਉਸ ਦੀ ਵੀ ਜਮਾਤ ਵਿੱਚ ਟੌਹਰ ਬਣ ਜਾਵੇ ਪਰ ਘਰ ਦਾ ਖ਼ਿਆਲ ਆਉਂਦਿਆਂ ਹੀ ਉਸ ਦਾ ਜੋਸ਼ ਮੱਠਾ ਪੈ ਜਾਂਦਾ।
ਪਹਿਲਾਂ ਮਿੱਕੀ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉੱਥੇ ਸ਼ਾਇਦ ਹੀ ਕਦੇ ਕਿਸੇ ਨੇ ਇਸ ਤਰ੍ਹਾਂ ਪੂਰੀ ਜਮਾਤ ਵਿੱਚ ਮਠਿਆਈ ਵੰਡ ਕੇ ਆਪਣਾ ਜਨਮ-ਦਿਨ ਮਨਾਇਆ ਹੋਵੇ। ਜ਼ਿਆਦਾ ਤੋਂ ਜ਼ਿਆਦਾ ਜੇ ਕੋਈ ਮੁੰਡਾ ਆਪਣਾ ਜਨਮ-ਦਿਨ ਮਨਾਉਂਦਾ ਵੀ ਸੀ ਤਾਂ ਆਪਣੇ ਦੋ-ਚਾਰ ਦੋਸਤਾਂ ਨੂੰ ਅੱਧੀ ਛੁੱਟੀ ਵੇਲੇ ਸਕੂਲ ਦੀ ਕੰਟੀਨ ਵਿੱਚੋਂ ਸਮੋਸੇ ਜਾਂ ਟਿੱਕੀਆਂ ਖੁਆ ਦਿੰਦਾ ਸੀ। ਇੰਜ ਤਾਂ ਕਦੇ ਵੀ ਨਹੀਂ ਹੋਇਆ ਸੀ ਕਿ ਸਾਰੀ ਜਮਾਤ ਨੂੰ ਹੀ ਕੁਝ ਖਵਾਇਆ ਜਾਵੇ ਪਰ ਅੱਠਵੀਂ ਕਰਨ ਮਗਰੋਂ ਉਸ ਨੂੰ ਚੰਗੇ ਨੰਬਰ ਹਾਸਲ ਕਰਨ ਕਰਕੇ ਇਸ ਸਕੂਲ ਵਿੱਚ ਦਾਖਲਾ ਮਿਲ ਗਿਆ ਸੀ। ਇਸ ਸਕੂਲ ਦੀ ਪੜ੍ਹਾਈ ਭਾਵੇਂ ਪਹਿਲਾਂ ਵਾਲੇ ਸਕੂਲ ਨਾਲੋਂ ਚੰਗੀ ਸੀ ਪਰ ਜਨਮ ਦਿਨ ਮਨਾਉਣ ਦਾ ਨਵਾਂ ਢੰਗ ਦੇਖ ਕੇ ਮਿੱਕੀ ਨੂੰ ਡਾਹਢੀ ਹੈਰਾਨੀ ਹੋਈ ਸੀ।
ਜਦੋਂ ਸਾਰੇ ਬੱਚੇ ਜਨਮ ਦਿਨ ਵਾਲੇ ਵਿਦਿਆਰਥੀ ਨੂੰ ਇੱਕੋ ਸੁਰ ਵਿੱਚ ‘ਹੈਪੀ ਬਰਥ ਡੇ ਟੂ ਯੂ’ ਆਖਦੇ ਤਾਂ ਮਿੱਕੀ ਦੇ ਮਨ ਵਿੱਚ ਆਉਂਦਾ ਕਿ ਕਾਸ਼! ਉਹ ਵੀ ਜਮਾਤ ਵਿੱਚ ਆਪਣਾ ਜਨਮ ਦਿਨ ਮਨਾਵੇ ਅਤੇ ਸਾਰੇ ਜਮਾਤੀ ਖ਼ੁਸ਼ ਹੋ ਕੇ ਇਸੇ ਤਰ੍ਹਾਂ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ। ਆਖਰ ਇੱਕ ਦਿਨ ਉਸ ਨੇ ਆਪਣੇ ਪਾਪਾ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ।
‘‘ਤੇਰੀ ਮੱਤ ਤਾਂ ਨ੍ਹੀਂ ਮਾਰੀ ਗਈ। ਐਥੇ ਦੋ ਵੇਲਿਆਂ ਦੀ ਰੋਟੀ ਦਾ ਫ਼ਿਕਰ ਲੱਗਿਆ ਰਹਿੰਦਾ ਹੈ ਤੇ ਤੈਨੂੰ ਜਨਮ ਦਿਨ ਮਨਾਉਣ ਦੀ ਪਈ ਹੈ।’’ ਡੈਡੀ ਨੇ ਰਤਾ ਖਿਝ ਕੇ ਕਿਹਾ ਸੀ।
ਮੰਮੀ ਨੇ ਵੀ ਉਸ ਨੂੰ ਸਮਝਾਉਂਦਿਆਂ ਆਖਿਆ ਸੀ, ‘‘ਪੁੱਤ, ਤੂੰ ਤਾਂ ਸਿਆਣਾ ਬੱਚਾ ਏਂ। ਤੈਥੋਂ ਕੋਈ ਲੁਕੋ ਤਾਂ ਹੈ ਨ੍ਹੀਂ। ਘਰ ਦੀ ਹਾਲਤ ਤਾਂ ਤੂੰ ਜਾਣਦਾ ਹੀ ਹੈਂ। ਤੇਰੀ ਪੜ੍ਹਾਈ ਦੇ ਨਾਲ-ਨਾਲ ਮੁੰਨੀ ਦੀ ਪੜ੍ਹਾਈ ਦਾ ਵੀ ਖ਼ਰਚਾ ਹੈ।’’
ਉਨ੍ਹਾਂ ਦੇ ਸਮਝਾਉਣ ਅਤੇ ਦਲੀਲਾਂ ਦਾ ਮਿੱਕੀ ’ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਉਸ ਨੇ ਤਾਂ ਪੱਕੀ ਤਰ੍ਹਾਂ ਧਾਰ ਲਿਆ ਸੀ ਕਿ ਇਸ ਵਾਰ ਜ਼ਰੂਰ ਜਨਮ-ਦਿਨ ਮਨਾਵੇਗਾ। ਨਾਲੇ ਜਨਮ-ਦਿਨ ਕਿਹੜਾ ਰੋਜ਼-ਰੋਜ਼ ਆਉਂਦਾ ਹੈ। ਸਾਲ ਵਿੱਚ ਮਸਾਂ ਇੱਕ ਵਾਰੀ ਤੇ ਉਹ ਵੀ ਇੰਜ ਸੁੱਕਾ ਲੰਘ ਜਾਵੇ, ਫੇਰ ਤਾਂ ਜਨਮ-ਦਿਨ ਹੀ ਨਹੀਂ ਆਉਣਾ ਚਾਹੀਦਾ।
ਉਸ ਦੀ ਜ਼ਿੱਦ ਨੇ ਜਿਵੇਂ ਘਰ ਵਿੱਚ ਕਲੇਸ਼ ਪਾ ਦਿੱਤਾ ਸੀ। ਐਵੇਂ ਬਿਨਾਂ ਕਿਸੇ ਖ਼ਾਸ ਗੱਲ ’ਤੇ ਉਸ ਦੇ ਮੰਮੀ-ਪਾਪਾ ਦੀ ਕਈ ਵਾਰੀ ਝੜਪ ਹੋ ਗਈ ਸੀ। ਮੰਮੀ ਵੀ ਚਾਹੁੰਦੇ ਸਨ ਕਿ ਐਤਕੀਂ ਜਿਸ ਤਰ੍ਹਾਂ ਮਿੱਕੀ ਚਾਹੁੰਦਾ ਹੈ, ਉਵੇਂ ਹੀ ਕਰ ਦਈਏ ਪਰ ਉਸ ਦੇ ਪਾਪਾ ਆਪਣੀ ਜਗ੍ਹਾ ਸਹੀ ਸਨ। ਇਸ ਤਰ੍ਹਾਂ ਤਾਂ ਇੱਕੋ ਵਾਰੀ ਵਿੱਚ ਦੋ-ਢਾਈ ਸੌ ਰੁਪਏ ਖ਼ਰਚ ਹੋ ਜਾਣੇ ਸਨ।
ਆਖਰ ਜਨਮ-ਦਿਨ ਤੋਂ ਇੱਕ ਦਿਨ ਪਹਿਲਾਂ ਪਾਪਾ ਕੁਝ ਨਰਮ ਪੈ ਗਏ। ਉਨ੍ਹਾਂ ਪਿਆਰ ਨਾਲ ਮਿੱਕੀ ਨੂੰ ਸਮਝਾਉਂਦਿਆਂ ਆਖਿਆ,‘‘ਬੇਟੇ, ਐਵੇਂ ਵਾਹ-ਵਾਹ ਖੱਟਣ ਲਈ ਜਨਮ-ਦਿਨ ਦੀਆਂ ਪਾਰਟੀਆਂ ਕਰਨੀਆਂ ਸਾਡੇ ਵਰਗੇ ਗ਼ਰੀਬਾਂ ਦੇ ਵੱਸ ਨਹੀਂ। ਇਹ ਤਾਂ ਅਮੀਰਾਂ ਦੇ ਢਕੋਂਸਲੇ ਨੇ। ਸਾਡੇ ਵਰਗੇ ਘਰਾਂ ਵਿੱਚ ਤਾਂ ਦੋ ਵੇਲਿਆਂ ਦੀ ਰੋਟੀ ਮੁਸ਼ਕਲ ਨਾਲ ਜੁੜਦੀ ਹੈ।’’
ਫਿਰ ਉਨ੍ਹਾਂ ਕਿਹਾ,‘‘ਇੰਜ ਕਰ, ਕੁਝ ਅਸੀਂ ਤੇਰੀ ਗੱਲ ਮੰਨ ਲੈਂਦੇ ਆਂ ਤੇ ਕੁਝ ਤੂੰ ਸਾਡੀ ਮੰਨ ਲੈ। ਆਹ ਲੈ ਪੰਜਾਹ ਰੁਪਏ ਤੇ ਆਪਣੇ ਦੋ-ਚਾਰ ਖ਼ਾਸ ਦੋਸਤਾਂ ਨੂੰ ਕੱਲ੍ਹ ਪਾਰਟੀ ਕਰ ਲਈਂ …ਭਾਵੇਂ ਸ਼ਾਮ ਨੂੰ ਘਰ ਬੁਲਾ ਲਈਂ। ਆਪਣੇ ਘਰ ਦੀ ਹਾਲਤ ਤਾਂ ਤੈਨੂੰ ਪਤਾ ਹੀ ਹੈ। ਸਾਰੀ ਜਮਾਤ ਨੂੰ ਪਾਰਟੀ ਕਰਨਾ ਸਾਡੇ ਵੱਸ ’ਚ ਨਹੀਂ।’’
ਉਨ੍ਹਾਂ ਦੇ ਸਮਝਾਉਣ ਨਾਲ ਮਿੱਕੀ ਨੂੰ ਵੀ ਲੱਗਿਆ ਕਿ ਚਲੋ ਐਤਕੀ ਐਨਾ ਹੀ ਸਹੀ। ਨਾਂਹ ਨਾਲੋਂ ਕੁਝ ਤਾਂ ਚੰਗਾ ਹੈ। ਸਾਰੀ ਜਮਾਤ ਨੂੰ ਪਾਰਟੀ ਦੇਣ ਬਾਰੇ ਅਗਲੀ ਵਾਰੀ ਸੋਚ ਲਵਾਂਗੇ। ਇਸ ਤਰ੍ਹਾਂ ਉਸ ਮਨ ਹੀ ਮਨ ਫ਼ੈਸਲਾ ਕਰ ਲਿਆ ਸੀ ਕਿ ਕੱਲ੍ਹ ਸ਼ਾਮ ਨੂੰ ਉਹ ਆਪਣੇ ਕੁਝ ਖ਼ਾਸ ਮਿੱਤਰਾਂ ਨੂੰ ਘਰੇ ਬੁਲਾ ਕੇ ਪਾਰਟੀ ਕਰ ਲਵੇਗਾ।
ਉਹ ਸੋਚਣ ਲੱਗਿਆ ਕਿ ਕਿਸ-ਕਿਸ ਨੂੰ ਬੁਲਾਵੇ। ਚਿੰਟੂ ਤੇ ਸੋਨੂੰ ਨੂੰ ਤਾਂ ਜ਼ਰੂਰ ਬੁਲਾਏਗਾ। ਲੋੜ ਪੈਣ ’ਤੇ ਉਹ ਉਸ ਨੂੰ ਹੋਮਵਰਕ ਦੀਆਂ ਕਾਪੀਆਂ ਦੇ ਦਿੰਦੇ ਹਨ। ਵਿੱਕੀ ਨੂੰ ਤਾਂ ਰਹਿਣ ਦੇਵਾਂਗਾ। ਉਹ ਤਾਂ ਬਹੁਤ ਅਮੀਰ ਹੈ। ਐਵੇਂ ਉਸ ਦੇ ਘਰ ਦੀ ਹਾਲਤ ਦੇਖ ਕੇ ਮਜ਼ਾਕ ਉਡਾਏਗਾ।
ਖ਼ੈਰ!ਉਸ ਮਨ ਵਿੱਚ ਦੋ-ਤਿੰਨ ਦੋਸਤਾਂ ਨੂੰ ਬੁਲਾਉਣ ਦਾ ਫ਼ੈਸਲਾ ਕਰ ਲਿਆ।
ਜਨਮ ਵਾਲੇ ਦਿਨ ਜਦੋਂ ਉਹ ਕੁਝ ਖਾਣ-ਪੀਣ ਦਾ ਸਾਮਾਨ ਲਿਆਉਣ ਲਈ ਘਰੋਂ ਬਾਹਰ ਨਿਕਲਿਆ ਤਾਂ ਉਸ ਵੇਲੇ ਕਾਲੇ ਬੱਦਲ ਛਾਏ ਹੋਏ ਸਨ। ਉਹ ਦਰੇਸੀ ਦੇ ਮੈਦਾਨ ਦੇ ਲਾਗੇ ਦੁਕਾਨ ਤੋਂ ਪਕੌੜੇ ਅਤੇ ਸਮੋਸੇ ਲਿਆਉਣਾ ਚਾਹੁੰਦਾ ਸੀ। ਉੱਥੋਂ ਦੀਆਂ ਚੀਜ਼ਾਂ ਦੀ ਆਪਣੀ ਮਸ਼ਹੂਰੀ ਸੀ ਪਰ ਅਜੇ ਉਹ ਦੁਕਾਨ ਤੋਂ ਦੂਰ ਹੀ ਸੀ ਕਿ ਇਕਦਮ ਤੇਜ਼ ਮੀਂਹ ਪੈਣ ਲੱਗ ਪਿਆ। ਉਹ ਭੱਜ ਕੇ ਇੱਕ ਘਰ ਦੇ ਮੂਹਰੇ ਜਾ ਖਲ੍ਹੋਤਾ। ਘਰ ਦਾ ਬੂਹਾ ਖੁੱਲ੍ਹਾ ਸੀ। ਉਹ ਮੀਂਹ ਤੋਂ ਬਚਣ ਲਈ ਬੂਹੇ ਦੇ ਕੋਲ ਹੋ ਗਿਆ। ਉਸੇ ਵੇਲੇ ਅੰਦਰੋਂ ਅਵਾਜ਼ ਆਈ,‘‘ਬੇਟੇ, ਅੰਦਰ ਲੰਘ ਆ। ਐਂਵੇ ਮੀਂਹ ’ਚ ਭਿੱਜ ਕੇ ਕਿਤੇ ਬਿਮਾਰ ਨਾ ਹੋ ਜਾਈਂ।’’
ਮਿੱਕੀ ਘਰ ਅੰਦਰ ਚਲਾ ਗਿਆ। ਇੱਕ ਖਸਤਾ ਹਾਲਤ ਜਿਹਾ ਘਰ ਸੀ। ਕਮਰੇ ਦੀਆਂ ਕੰਧਾਂ ਦੇ ਖਲੇਪੜ ਲੱਥੇ ਹੋਏ ਸਨ। ਏਧਰ-ਓਧਰ ਕਬਾੜ ਖਿੰਡਰਿਆ ਪਿਆ ਸੀ। ਲਾਗੇ ਹੀ ਮੰਜੇ ’ਤੇ ਇੱਕ ਦਸ ਬਾਰ੍ਹਾਂ ਸਾਲਾਂ ਦਾ ਮੁੰਡਾ ਲੰਮਾ ਪਿਆ ਖੰਘ ਰਿਹਾ ਸੀ।
‘‘ਤੁਸੀਂ ਇਹਦੀ ਦਵਾਈ ਕਿਉਂ ਨ੍ਹੀਂ ਲੈ ਆਉਂਦੇ। ਖੰਘ-ਖੰਘ ਕੇ ਮੁੰਡੇ ਦਾ ਸਾਹ ਸੁੱਕ ਗਿਐ। ਸਵੇਰ ਦਾ ਬੁਖਾਰ ਵੀ ਚੜ੍ਹਿਆ ਹੋਇਐ।’’ ਉੱਥੇ ਬੈਠੀ ਔਰਤ ਨੇ ਕਿਹਾ ਤਾਂ ਉਹ ਆਦਮੀ ਰਤਾ ਖਿਝ ਕੇ ਬੋਲਿਆ,‘‘ਦਵਾਈ ਆਪਣੇ ਸਿਰ ਦੀ ਲਿਆਵਾਂ। ਜੇਬ ਵਿੱਚ ਧੇਲਾ ਨ੍ਹੀਂ। ਚਾਹ ’ਚ ਤੁਲਸੀ ਦੇ ਪੱਤੇ ਉਬਾਲ ਕੇ ਦੇ ਦੇ…ਆਪੇ ਬੁਖਾਰ ਉੱਤਰ ਜਾਊ।’’
‘‘ਚਾਹ ਕਾਹਦੀ ਬਣਾਵਾਂ। ਨਾ ਘਰ ਵਿੱਚ ਖੰਡ ਏ ਤੇ ਨਾ ਦੁੱਧ।’’ ਉਸ ਔਰਤ ਨੇ ਜਿਵੇਂ ਰੋਣ ਹਾਕਾ ਹੋ ਕੇ ਕਿਹਾ।
‘‘ਮੈਂ ਵੀ ਦੱਸ ਕੀ ਕਰਾਂ। ਇਸ ਝੜੀ ਦਾ ਸੱਤਿਆਨਾਸ ਹੋਵੇ। ਦੋ ਦਿਨਾਂ ਤੋਂ ਦਿਹਾੜੀ ਹੀ ਨਹੀਂ ਲੱਗੀ। ਰੱਬ ਵੀ ਜਿਵੇਂ ਸਾਡਾ ਇਮਤਿਹਾਨ ਲੈ ਰਿਹੈ’’ ਆਖਦਿਆਂ ਉਸ ਆਦਮੀ ਦਾ ਮਨ ਭਰ ਆਇਆ ਸੀ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਿੱਕੀ ਜਿਵੇਂ ਸੁੰਨ ਹੋ ਗਿਆ। ਉਸ ਨੂੰ ਜਾਪਿਆ ਉਸ ਦੇ ਪਾਪਾ ਠੀਕ ਹੀ ਕਹਿੰਦੇ ਹਨ ਕਿ ਪਾਰਟੀਆਂ ਕਰਨੀਆਂ ਤਾਂ ਅਮੀਰਾਂ ਦੇ ਢਕੋਂਸਲੇ ਹਨ। ਆਮ ਆਦਮੀ ਨੂੰ ਤਾਂ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹਨ।
ਉਹ ਕੁਝ ਪਲ ਸੋਚਦਾ ਰਿਹਾ। ਆਖਰਕਾਰ ਉਸ ਪੰਜਾਹ ਦਾ ਨੋਟ ਉਸ ਆਦਮੀ ਵੱਲ ਵਧਾ ਦਿੱਤਾ ਤੇ ਕਿਹਾ,‘‘ਅੰਕਲ ਜੀ, ਤੁਸੀਂ ਇਨ੍ਹਾਂ ਪੈਸਿਆਂ ਨਾਲ ਇਸ ਦੀ ਦਵਾਈ ਲੈ ਆਓ।’’
‘‘ਨਹੀਂ ਪੁੱਤ…ਰੱਬ ਆਪੇ ਸਾਰ ਦੇਵੇਗਾ, ਤੂੰ ਕਾਹਨੂੰ ਤਕਲੀਫ਼ ਕਰਦੈਂ…’’
‘‘ਨਹੀਂ ਅੰਕਲ ਜੀ, ਤਕਲੀਫ਼ ਵਾਲੀ ਤਾਂ ਕੋਈ ਗੱਲ ਨ੍ਹੀਂ…ਨਾਲੇ ਅੱਜ ਤਾਂ ਮੇਰਾ ਜਨਮ ਦਿਨ ਹੈ। ਮੈਂ ਖ਼ੁਸ਼ ਹੋ ਕੇ ਆਪਣੇ ਛੋਟੇ ਵੀਰ ਨੂੰ ਦੇ ਰਿਹਾ ਹਾਂ’’ ਪਤਾ ਨਹੀਂ ਕਿਉਂ ਇੰਜ ਆਖਦਿਆਂ ਮਿੱਕੀ ਦਾ ਮਨ ਭਰ ਆਇਆ ਸੀ।
ਥੋੜ੍ਹੀ ਦੇਰ ਮਗਰੋਂ ਮੀਂਹ ਰੁਕ ਗਿਆ ਸੀ ਅਤੇ ਮਿੱਕੀ ਆਪਣੇ ਘਰ ਵੱਲ ਤੁਰ ਪਿਆ ਸੀ ਪਰ ਹੁਣ ਉਸ ਦਾ ਮਨ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ। ਉਸ ਨੂੰ ਇੰਜ ਜਾਪ ਰਿਹਾ ਸੀ ਜਿਵੇਂ ਉਹ ਆਪਣੇ ਜਨਮ-ਦਿਨ ਦੀ ਪਾਰਟੀ ਕਿਸੇ ਬਹੁਤ ਵੱਡੇ ਹੋਟਲ ਵਿੱਚ ਕਰਕੇ ਆ ਰਿਹਾ ਹੋਵੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com