Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Dhol Ne Kholhi Pol-Nigerian Folk Tale

ਢੋਲ ਨੇ ਖੋਲ੍ਹੀ ਪੋਲ-ਨਾਈਜੀਰੀਆਈ ਲੋਕ ਕਹਾਣੀ

ਪੁਰਾਣੇ ਸਮੇਂ ਦੀ ਗੱਲ ਹੈ। ਨਾਈਜੀਰੀਆ ਦੇ ਜੰਗਲ ਵਿੱਚ ਵਸੇ ਇੱਕ ਛੋਟੇ ਜਿਹੇ ਰਾਜ ਦਾ ਰਾਜਾ ਸੀ ਏਫਿਰਮ। ਉਹ ਬੜਾ ਹੀ ਸ਼ਾਂਤੀ ਪਸੰਦ ਰਾਜਾ ਸੀ। ਉਸ ਨੂੰ ਐਵੇਂ ਹਰ ਗੱਲ ’ਤੇ ਯੁੱਧ ਕਰਨਾ ਪਸੰਦ ਨਹੀਂ ਕਰਦਾ ਸੀ। ਦੁਸ਼ਮਣਾਂ ਦਾ ਦਿਲ ਜਿੱਤਣ ਦਾ ਉਸ ਦਾ ਇੱਕ ਅਨੋਖਾ ਤਰੀਕਾ ਸੀ। ਉਸ ਦੇ ਕੋਲ ਇੱਕ ਜਾਦੂ ਵਾਲਾ ਢੋਲ ਸੀ। ਜਦ ਉਹ ਉਸ ਨੂੰ ਵਜਾਉਂਦਾ ਤਾਂ ਅਨੇਕਾਂ ਪ੍ਰਕਾਰ ਦੇ ਢੇਰ ਸਾਰੇ ਸੁਆਦੀ ਪਕਵਾਨ ਪ੍ਰਗਟ ਹੋ ਜਾਂਦੇ ਸਨ। ਜਦ ਵੀ ਕੋਈ ਦੁਸ਼ਮਣ ਉਸ ਦੇ ਰਾਜ ’ਤੇ ਹਮਲਾ ਕਰਦਾ ਤਾਂ ਰਾਜਾ ਏਫਿਰਮ ਉਸ ਨੂੰ ਖਾਣੇ ’ਤੇ ਸੱਦਦਾ ਅਤੇ ਉਸ ਦੀ ਪੂਰੀ ਫ਼ੌਜ ਨੂੰ ਆਦਰ ਸਹਿਤ ਸੁਆਦਲਾ ਭੋਜਨ ਪਰੋਸਿਆ ਜਾਂਦਾ। ਸਾਰੇ ਉਸ ਦੇ ਇਸ ਸਦਾਚਾਰ ਤੋਂ ਖ਼ੁਸ਼ ਹੁੰਦੇ ਅਤੇ ਮਿੱਤਰ ਬਣ ਜਾਂਦੇ। ਇਸ ਤਰ੍ਹਾਂ ਰਾਜਾ ਏਫਿਰਮ ਆਲੇ-ਦੁਆਲੇ ਦੇ ਸਾਰੇ ਰਾਜਿਆਂ ਨੂੰ ਸ਼ਾਂਤ ਰੱਖਦਾ।
ਉਸ ਜਾਦੂ ਦੇ ਢੋਲ ਸਬੰਧੀ ਇੱਕ ਵਚਿੱਤਰ ਗੱਲ ਵੀ ਸੀ। ਜੇ ਉਸ ਦਾ ਮਾਲਕ ਕਿਸੇ ਲੱਕੜੀ ਦੇ ਡੱਗੇ ਜਾਂ ਰਾਹ ਵਿੱਚ ਡਿੱਗੇ ਰੁੱਖ ਨੂੰ ਟੱਪ ਜਾਂਦਾ ਅਤੇ ਫਿਰ ਫੋਲ ਵਜਾਉਂਦਾ ਤਾਂ ਖਾਣੇ ਦੀ ਥਾਂ ਡੰਡਾ ਫੜੀ ਸੌ ਤਾਕਤਵਰ ਸੈਨਿਕ ਪ੍ਰਗਟ ਹੋ ਜਾਂਦੇ ਅਤੇ ਢੋਲ ਦੇ ਮਾਲਕ ਸਮੇਤ ਸੱਦੇ ਗਏ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣ ਲੱਗਦੇ। ਸਭਨਾਂ ਨੂੰ ਅਧਮੋਇਆਂ ਕਰਕੇ ਗਾਇਬ ਹੋ ਜਾਂਦੇ।
ਰਾਜ ਏਫਿਰਮ ਹਰੇਕ ਛੇ ਮਹੀਨਿਆਂ ਵਿੱਚ ਇੱਕ ਵੱਡੀ ਦਾਅਵਤ ਦਾ ਪ੍ਰਬੰਧ ਕਰਦਾ ਸੀ ਜਿਸ ਵਿੱਚ ਰਾਜ ਦੇ ਸਾਰੇ ਲੋਕਾਂ ਨੂੰ ਸੱਦਿਆ ਜਾਂਦਾ ਸੀ। ਭੋਜਨ ਵਿੱਚ ਕਈ ਪ੍ਰਕਾਰ ਦੇ ਪਕਵਾਨ ਪਰੋਸੇ ਜਾਂਦੇ ਸਨ। ਸਾਰੇ ਲੋਕ ਰਾਜੇ ਵੱਲੋਂ ਦਿੱਤੇ ਗਏ ਭੋਜਨ ਤੋਂ ਤਾਂ ਖ਼ੁਸ਼ ਹੁੰਦੇ ਪਰ ਈਰਖਾਵੱਸ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਰਾਜੇ ਦਾ ਢੋਲ ਹਾਸਲ ਕਰਨਾ ਚਾਹੁੰਦੇ ਸਨ ਅਤੇ ਢੋਲ ਚੋਰੀ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਨੂੰ ਵਜਾਉਂਦਿਆਂ ਹੀ ਰਾਜੇ ਸਮੇਤ ਸਾਰਿਆਂ ਨੂੰ ਪਤਾ ਲੱਗ ਜਾਂਦਾ। ਰਾਜਾ ਏਫਿਰਮ ਚੋਰੀ ਨੂੰ ਬੜਾ ਗੰਭੀਰ ਅਪਰਾਧ ਮੰਨਦਾ ਸੀ ਅਤੇ ਉਸ ਲਈ ਸਖ਼ਤ ਸਜ਼ਾ ਦਿੰਦਾ ਸੀ।
ਇੱਕ ਦਿਨ ਰਾਜੇ ਦੀ ਰਾਣੀ ਏਡਮ ਆਪਣੇ ਬੱਚੇ ਦੇ ਨਾਲ ਇੱਕ ਵੱਡੇ ਝਰਨੇ ’ਤੇ ਨਹਾਉਣ ਗਈ। ਝਰਨੇ ਦੇ ਉੱਪਰ ਅਬਾਬਾ ਨਾਂ ਦਾ ਇੱਕ ਆਦਮੀ ਦਰੱਖਤ ’ਤੇ ਬੈਠਾ ਅੰਬ ਤੋੜ ਰਿਹਾ ਸੀ। ਤਦੇ ਇੱਕ ਅੰਬ ਝਰਨੇ ਦੇ ਥੱਲੇ ਰਾਣੀ ਦੇ ਸਾਹਮਣੇ ਜਾ ਡਿੱਗਿਆ। ਰਾਣੀ ਨੇ ਉਸ ਨੂੰ ਚੁੱਕ ਕੇ ਆਪਣੇ ਬੱਚੇ ਨੂੰ ਦੇ ਦਿੱਤਾ। ਬੱਚੇ ਨੇ ਉਸ ਨੂੰ ਖਾ ਲਿਆ।
ਤਦੇ ਅਬਾਬਾ ਆਪਣਾ ਅੰਬ ਲੱਭਦਾ ਹੋਇਆ ਥੱਲੇ ਆਇਆ। ਅਬਾਬਾ ਸੁਭਾਅ ਦਾ ਬੜਾ ਕੁਰੱਖਤ ਸੀ। ਉਸ ਨੂੰ ਜਿਉਂ ਹੀ ਪਤਾ ਲੱਗਾ ਕਿ ਉਸ ਦੇ ਅੰਬ ਨੂੰ ਰਾਣੀ ਨੇ ਆਪਣੇ ਬੱਚੇ ਨੂੰ ਖਵਾ ਦਿੱਤਾ। ਉਸ ਦੇ ਮਨ ਵਿੱਚ ਇਕ ਯੋਜਨਾ ਆ ਗਈ। ਉਸ ਨੇ ਰਾਣੀ ਨੂੰ ਕਿਹਾ, ‘‘ਮੈਂ ਇੱਕ ਗ਼ਰੀਬ ਆਦਮੀ ਹਾਂ ਅਤੇ ਆਪਣੇ ਪਰਿਵਾਰ ਦੇ ਲਈ ਉੱਚੇ ਦਰੱਖਤ ’ਤੇ ਚੜ੍ਹ ਕੇ ਮੈਂ ਇਹ ਅੰਬ ਤੋੜਿਆ ਸੀ। ਤੁਸੀਂ ਉਹ ਚੋਰੀ ਕਰ ਲਿਆ ਹੈ। ਰਾਜਾ ਏਫਿਰਮ ਦੇ ਰਾਜ ਵਿੱਚ ਚੋਰੀ ਇੱਕ ਗੰਭੀਰ ਜੁਰਮ ਹੈ। ਮੈਂ ਰਾਜੇ ਕੋਲ ਤੁਹਾਡੀ ਸ਼ਿਕਾਇਤ ਕਰੂੰਗਾ।’’
ਰਾਣੀ ਹੈਰਾਨ ਰਹਿ ਗਈ। ਉਹ ਬੋਲੀ, ‘‘ਮੈਂ ਕੋਈ ਚੋਰੀ ਨਹੀਂ ਕੀਤੀ। ਅੰਬ ਤਾਂ ਝਰਨੇ ਦੇ ਉੱਪਰ ਤੋਂ ਡਿੱਗ ਕੇ ਇੱਥੇ ਡਿੱਗਿਆ ਸੀ। ਮੈਂ ਉਸ ਨੂੰ ਚੁੱਕ ਕੇ ਬੱਚੇ ਨੂੰ ਖਵਾ ਦਿੱਤਾ। ਮੇਰਾ ਪਤੀ ਹੀ ਰਾਜਾ ਏਫਿਰਮ ਹੈ। ਤੁਸੀਂ ਉਨ੍ਹਾਂ ਕੋਲ ਸ਼ਿਕਾਇਤ ਕਰਨੀ ਹੈ ਤਾਂ ਚੱਲੋ, ਮੈਂ ਹੀ ਤੁਹਾਨੂੰ ਉਨ੍ਹਾਂ ਕੋਲ ਲੈ ਜਾਂਦੀ ਹਾਂ।’’
ਰਾਜੇ ਨੇ ਅਬਾਬਾ ਦੀ ਸ਼ਿਕਾਇਤ ਸੁਣੀ ਅਤੇ ਉਸ ਨੂੰ ਕਿਹਾ, ‘‘ਮੇਰੀ ਰਾਣੀ ਤੋਂ ਗ਼ਲਤੀ ਹੋਈ ਹੈ, ਇਸ ਲਈ ਅੰਬ ਦੇ ਬਦਲੇ ਵਿੱਚ ਤੁਹਾਨੂੰ ਜੋ ਕੁਝ ਚਾਹੀਦਾ ਹੈ, ਮੰਗ ਲਵੋ।’’
ਅਬਾਬਾ ਇਹੀ ਤਾਂ ਚਾਹੁੰਦਾ ਸੀ। ਉਸ ਨੇ ਜਾਦੂ ਦੇ ਢੋਲ ਵੱਲ ਉਂਗਲੀ ਕੀਤੀ। ਰਾਜੇ ਨੂੰ ਤੁਰੰਤ ਅਬਾਬਾ ਦੀ ਸਾਰੀ ਯੋਜਨਾ ਸਮਝ ਵਿੱਚ ਆ ਗਈ। ਉਸ ਨੇ ਮੁਸਕਰਾ ਕੇ ਕਿਹਾ, ‘‘ਠੀਕ ਹੈ, ਤੁਸੀਂ ਇਹ ਢੋਲ ਲੈ ਜਾਵੋ ਪਰ ਰਾਜੇ ਨੇ ਉਸ ਨੂੰ ਇਹ ਨਹੀਂ ਦੱਸਿਆ ਕਿ ਲੱਕੜੀ ਜਾਂ ਰਾਹ ਵਿੱਚ ਡਿੱਗੇ ਦਰੱਖਤ ਨੂੰ ਟੱਪਣ ’ਤੇ ਇਹ ਢੋਲ ਮਾਲਕ ਦੀ ਕਿਹੋ ਜਿਹੀ ਦੁਰਗਤੀ ਕਰਦਾ ਹੈ।
ਢੋਲ ਮਿਲਣ ਤੋਂ ਬਾਅਦ ਅਬਾਬਾ ਨੂੰ ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਰਹੀ। ਜਦ ਵੀ ਉਸ ਨੂੰ ਖਾਣੇ ਦੀ ਲੋੜ ਪੈਂਦੀ, ਉਹ ਢੋਲ ਵਜਾਉਂਦਾ ਅਤੇ ਸਾਰਾ ਪਰਿਵਾਰ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਨਾਲ ਆਪਣਾ ਢਿੱਡ ਭਰਦਾ। ਇੱਕ ਦਿਨ ਉਸ ਦੇ ਦਿਮਾਗ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਉਹ ਵੀ ਰਾਜਾ ਏਫਿਰਮ ਦੇ ਬਰਾਬਰ ਸਾਰਿਆਂ ਨੂੰ ਭੋਜਨ ’ਤੇ ਸੱਦੇ ਤਾਂ ਕਿ ਪੂਰੇ ਰਾਜ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਹੁਣ ਉਹ ਗ਼ਰੀਬ ਨਹੀਂ ਰਿਹਾ ਤੇ ਅਮੀਰ ਹੋ ਗਿਆ ਹੈ।
ਜਿਹਨੂੰ ਵੀ ਅਬਾਬਾ ਤੋਂ ਭੋਜਨ ਦਾ ਸੱਦਾ ਮਿਲਿਆ, ਉਹ ਹੱਸਣ ਲੱਗਿਆ। ਸਾਰੇ ਉਸ ਨੂੰ ਜਾਣਦੇ ਸਨ। ਜੋ ਆਪਣੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦਾ, ਉਹ ਭਲਾ ਭੋਜਨ ਵਿੱਚ ਲੋਕਾਂ ਨੂੰ ਕੀ ਖਵਾਏਗਾ। ਇਸ ਲਈ ਬਹੁਤ ਘੱਟ ਲੋਕ ਭੋਜਨ ਖਾਣ ਆਏ ਪਰ ਰਾਜਾ ਏਫਿਰਮ ਆਪਣੇ ਪਰਿਵਾਰ ਸਮੇਤ ਇਸ ਸਮਾਰੋਹ ਵਿੱਚ ਜ਼ਰੂਰ ਸ਼ਾਮਲ ਹੋਇਆ। ਅਬਾਬਾ ਨੇ ਢੋਲ ਵਜਾ ਕੇ ਸਾਰਿਆਂ ਨੂੰ ਰੱਜਵਾਂ ਤਰ੍ਹਾਂ-ਤਰ੍ਹਾਂ ਦਾ ਭੋਜਨ ਖਵਾ ਕੇ ਹੈਰਾਨ ਕਰ ਦਿੱਤਾ। ਉਸ ਵੱਲੋਂ ਖਵਾਏ ਗਏ ਭੋਜਨ ਦੀ ਚਰਚਾ ਰਾਜ ਵਿੱਚ ਦੂਰ-ਦੂਰ ਤਕ ਫੈਲ ਗਈ। ਜੋ ਲੋਕ ਇਸ ਦਾਅਵਤ ਵਿੱਚ ਸ਼ਾਮਲ ਨਹੀਂ ਹੋਏ, ਉਹ ਦੁਖੀ ਸਨ ਕਿ ਮੁਫ਼ਤ ਵਿੱਚ ਮਿਲਣ ਵਾਲੇ ਐਨੇ ਵਧੀਆ ਭੋਜਨ ਤੋਂ ਉਹ ਵਿਰਵੇ ਰਹਿ ਗਏ। ਸਾਰਿਆਂ ਨੇ ਸੋਚਿਆ ਕਿ ਹੁਣ ਅਬਾਬਾ ਜਦ ਵੀ ਭੋਜਨ ’ਤੇ ਸੱਦੇਗਾ, ਉਹ ਜ਼ਰੂਰ ਜਾਣਗੇ।
ਅਬਾਬਾ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ। ਉਹ ਹਰ ਰੋਜ਼ ਇੱਧਰ-ਉੱਧਰ ਘੁੰਮ ਕੇ ਆਪਣੀ ਅਮੀਰੀ ਦਾ ਦਿਖਾਵਾ ਕਰਨ ਲੱਗਿਆ। ਇੱਕ ਦਿਨ ਸ਼ਾਮ ਨੂੰ ਉਹ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਤੇਜ਼ ਹਨੇਰੀ ਆਈ, ਅਕਾਸ਼ ਵਿੱਚ ਸੰਘਣੇ ਕਾਲੇ ਬੱਦਲ ਚੜ੍ਹ ਆਏ ਅਤੇ ਬਿਜਲੀ ਕੜਕਣ ਲੱਗੀ। ਉਹ ਘਬਰਾ ਕੇ ਆਪਣੇ ਘਰ ਵੱਲ ਭੱਜਿਆ। ਹਨੇਰੀ ਨਾਲ ਡਿੱਗੇ ਇੱਕ ਦਰੱਖਤ ਦੇ ਉੱਪਰੋਂ ਲੰਘ ਕੇ ਉਹ ਘਰ ਪਹੁੰਚਿਆ। ਢੋਲ ਦੀ ਸ਼ਰਤ ਟੁੱਟ ਗਈ। ਅਬਾਬਾ ਨੂੰ ਤਾਂ ਇਹੋ ਜਿਹੀ ਕੋਈ ਸ਼ਰਤ ਦਾ ਪਤਾ ਵੀ ਨਹੀਂ ਸੀ।
ਦੂਜੇ ਦਿਨ ਜਦ ਉਹ ਪਰਿਵਾਰ ਦੇ ਨਾਲ ਖਾਣੇ ਦੇ ਲਈ ਢੋਲ ਵਜਾਉਣ ਲੱਗਿਆ ਤਾਂ ਖਾਣੇ ਦੀ ਥਾਂ ਉਸ ਦਾ ਪੂਰਾ ਘਰ ਹੱਥ ਵਿੱਚ ਡੰਡਾ ਫੜੇ ਸੈਨਿਕਾਂ ਨਾਲ ਭਰ ਗਿਆ। ਸੈਨਿਕ ਅਬਾਬਾ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਕੁੱਟਣ ਲੱਗੇ। ਉਨ੍ਹਾਂ ਨੇ ਸਾਰਿਆਂ ਨੂੰ ਮਾਰ-ਮਾਰ ਕੇ ਅੱਧਮਰਿਆ ਕਰ ਦਿੱਤਾ।
ਅਬਾਬਾ ਦੀ ਦਿਮਾਗ਼ ਵਿੱਚ ਇਹ ਗੱਲ ਨਹੀਂ ਆਈ ਕਿ ਇਹ ਕਿਉਂ ਹੋਇਆ? ਉਸ ਨੂੰ ਢੋਲ ’ਤੇ ਬਹੁਤ ਗੁੱਸਾ ਆਇਆ। ਉਸ ਨੇ ਸੋਚਿਆ, ‘‘ਇਹ ਕਿਹੋ ਜਿਹੀ ਅਨੋਖੀ ਗੱਲ ਹੈ ਕਿ ਜਦ ਉਸ ਨੇ ਲੋਕਾਂ ਨੂੰ ਭੋਜਨ ਖਵਾਇਆ ਤਾਂ ਢੋਲ ਨੇ ਬਹੁਤ ਸਾਰੇ ਪਕਵਾਨ ਪਰੋਸੇ ਪਰ ਅੱਜ ਉਸ ਦੇ ਟੱਬਰ ਨੂੰ ਕੁਟਾਪਾ ਚਾੜ੍ਹਿਆ। ਸ਼ਾਇਦ ਇਹ ਢੋਲ ਜਿਹਨੂੰ ਖਵਾਉਂਦਾ ਹੈ, ਉਸ ਨੂੰ ਕੁੱਟਦਾ ਵੀ ਹੈ। ਫਿਰ ਮੈਂ ਇਕੱਲਾ ਕਿਉਂ ਖਾਵਾਂ। ਜਿਨ੍ਹਾਂ ਨੇ ਮੇਰੇ ਐਨੇ ਪਕਵਾਨ ਖਾਧੇ, ਉਨ੍ਹਾਂ ਨੂੰ ਵੀ ਹੁਣ ਇਸ ਕੁੱਟ ਵਿੱਚ ਹਿੱਸੇਦਾਰ ਹੋਣਾ ਚਾਹੀਦਾ।’’ ਧੂਤਰ ਅਤੇ ਮੂਰਖ ਦੇ ਦਿਮਾਗ ਵਿੱਚ ਅਕਸਰ ਇਹੋ ਜਿਹੀ ਯੋਜਨਾ ਹੀ ਆਉਂਦੀ ਹੈ।
ਉਸ ਨੇ ਇੱਕ ਵਾਰ ਫਿਰ ਤੋਂ ਸਾਰੇ ਲੋਕਾਂ ਨੂੰ ਭੋਜਨ ’ਤੇ ਸੱਦਿਆ। ਰਾਜਾ ਏਫਿਰਮ ਨੂੰ ਛੱਡ ਕੇ ਇਸ ਵਾਰ ਸਾਰੇ ਲੋਕ ਆਏ। ਕੋਈ ਵੀ ਮੁਫ਼ਤ ਦਾ ਸਵਾਦੀ ਭੋਜਨ ਛੱਡਣਾ ਨਹੀਂ ਚਾਹੁੰਦਾ ਸੀ। ਸਾਰਿਆਂ ਨੂੰ ਘਰ ਦੇ ਅੰਦਰ ਲੈ ਕੇ ਅਬਾਬਾ ਨੇ ਮੁਢਲਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਢੋਲ ਵਜਾਉਣ ਲੱਗਾ। ਢੋਲ ਵੱਜਦੇ ਹੀ ਡੰਡੇ ਵਾਲੇ ਸੈਨਿਕ ਪ੍ਰਗਟ ਹੋ ਗਏ।
ਅਬਾਬਾ ਤਾਂ ਤੇਜ਼ੀ ਨਾਲ ਮੇਜ਼ ਦੇ ਥੱਲੇ ਲੁਕ ਗਿਆ ਤੇ ਸੈਨਿਕਾਂ ਨੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਘਬਰਾ ਕੇ ਸਾਰੇ ਐਧਰ-ਉਧਰ ਭੱਜਣ ਲੱਗੇ ਪਰ ਦਰਵਾਜ਼ਾ ਬੰਦ ਸੀ। ਸਾਰੇ ਚੀਕਾਂ ਮਾਰ ਰਹੇ ਸਨ ਅਤੇ ਅਬਾਬਾ ਨੂੰ ਕੋਸ ਰਹੇ ਸਨ। ਸਾਰਿਆਂ ਨੂੰ ਅੱਧਮਰਾ ਕਰਕੇ ਥੋੜ੍ਹੀ ਦੇਰ ਵਿੱਚ ਹੀ ਸਾਰੇ ਸੈਨਿਕ ਗਾਇਬ ਹੋ ਗਏ।
ਰਾਜ ਦੇ ਸਾਰੇ ਲੋਕਾਂ ਨੇ ਅਬਾਬਾ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਕਈ ਲੋਕ ਉਸ ਤੋਂ ਆਪਣੀ ਕੁੱਟਮਾਰ ਦਾ ਬਦਲਾ ਲੈਣ ’ਤੇ ਉਤਾਰੂ ਹੋ ਗਏ। ਇਸ ਤੋਂ ਘਬਰਾ ਕੇ ਅਬਾਬਾ ਢੋਲ ਲੈ ਕੇ ਰਾਜੇ ਦੇ ਕੋਲ ਭੱਜਿਆ। ਸੱਚੀ ਘਟਨਾ ਨੂੰ ਛੁਪਾ ਕੇ ਉਸ ਨੇ ਰਾਜੇ ਨੂੰ ਕਿਹਾ ਕਿ ਉਹ ਇਸ ਢੋਲ ਤੋਂ ਸੰਤੁਸ਼ਟ ਨਹੀਂ ਹੈ। ਰਾਜਾ ਉਸ ਬਦਲੇ ਵਿੱਚ ਕੋਈ ਹੋਰ ਚੀਜ਼ ਦਵੇ।
ਰਾਜਾ ਮੁਸਕਰਾ ਪਿਆ। ਉਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਪਹਿਲਾਂ ਹੀ ਮਿਲ ਗਈ ਸੀ। ਉਂਜ ਵੀ ਰਾਜਾ ਜਾਣਦਾ ਸੀ ਕਿ ਕਿਸੇ ਦਿਨ ਅਜਿਹਾ ਜ਼ਰੂਰ ਹੋਵੇਗਾ। ਰਾਜੇ ਨੇ ਅਬਾਬਾ ਨੂੰ ਝਿੜਕਦੇ ਹੋਏ ਕਿਹਾ, ‘‘ਅਬਾਬਾ, ਝਰਨੇ ਦੇ ਉੱਪਰੋਂ ਡਿੱਗੇ ਅੰਬ ਨੂੰ ਆਪਣੇ ਬੱਚੇ ਨੂੰ ਖਵਾ ਕੇ ਰਾਣੀ ਨੇ ਕੋਈ ਗ਼ਲਤੀ ਨਹੀਂ ਕੀਤੀ ਸੀ। ਉਹ ਕਿਵੇਂ ਜਾਣਦੀ ਸੀ ਕਿ ਉਹ ਅੰਬ ਤੁਹਾਡਾ ਹੈ ਪਰ ਤੁਸੀਂ ਢੋਲ ਲੈਣ ਦੀ ਗਰਜ਼ ਨਾਲ ਰਾਣੀ ’ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ। ਤੁਸੀਂ ਜਾਣ-ਬੁੱਝ ਕੇ ਦੂਜੀ ਵਾਰ ਲੋਕਾਂ ਨੂੰ ਖਾਣੇ ’ਤੇ ਬੁਲਾ ਕੇ ਉਨ੍ਹਾਂ ਦੀ ਮਾਰਕੁੱਟ ਕਰਵਾਈ। ਤੁਹਾਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਫਿਰ ਵੀ ਮੈਂ ਤੁਹਾਨੂੰ ਮੁਆਫ਼ ਕਰਦਾ ਹਾਂ। ਜਾਓ, ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰੋ। ਜਾਦੂ ਦੀਆਂ ਚੀਜ਼ਾਂ ਨਾਲ ਖੇਡਣ ਦੇ ਨਤੀਜੇ ਚੰਗੇ ਨਹੀਂ ਹੁੰਦੇ ਹਨ।’’ ਅਬਾਬਾ ਸਿਰ ਨੀਵਾਂ ਕਰੀ ਆਪਣੀ ਕਿਸਮਤ ਨੂੰ ਕੋਸਦਾ ਹੋਇਆ ਘਰ ਪਰਤ ਗਿਆ।

(ਨਿਰਮਲ ਪ੍ਰੇਮੀ)

 
 

To veiw this site you must have Unicode fonts. Contact Us

punjabi-kavita.com