Punjabi Stories/Kahanian
ਬਾਲ ਕਹਾਣੀਆਂ
Baal Kahanian

Punjabi Kavita
  

Bahadur Charwaha-Story from Bible

ਬਹਾਦਰ ਚਰਵਾਹਾ-ਬਾਈਬਲ ਵਿੱਚੋਂ ਬਾਲ ਕਹਾਣੀ

ਕਹਿੰਦੇ ਹਨ ਕਿ ਇਹ ਕਹਾਣੀ ਬਹੁਤ ਪੁਰਾਣੀ ਹੈ ਓਦੋਂ ਇਸਰਾਈਲ ਅਤੇ ਫਲਸਤੀਨੀਆਂ ਦੋਹਾਂ ਦੇਸ਼ਾਂ ਵਿਚਕਾਰ ਭਿਆਨਕ ਯੁੱਧ ਛਿੜ ਪਿਆ ਸੀ। ਫਲਸਤੀਨੀ ਸੈਨਾ ਇੱਕ ਪਹਾੜੀ 'ਤੇ ਅਤੇ ਇਸਰਾਈਲ ਦੀ ਸੈਨਾ ਦੂਜੀ ਪਹਾੜੀ 'ਤੇ ਮੋਰਚੇ ਸੰਭਾਲ ਕੇ ਬੈਠੀ ਹੋਈ ਸੀ। ਇਸ ਤਰ੍ਹਾਂ ਕਈ ਮਹੀਨੇ ਲੜਾਈ ਹੁੰਦੀ ਰਹੀ ਅਤੇ ਹਜ਼ਾਰਾਂ ਸੈਨਿਕ ਮਾਰੇ ਗਏ। ਇਸ ਲੜਾਈ ਦੀ ਜਿੱਤ-ਹਾਰ ਦਾ ਕੋਈ ਫ਼ੈਸਲਾ ਨਹੀਂ ਸੀ ਹੋ ਰਿਹਾ।
ਇੱਕ ਦਿਨ ਅਚਾਨਕ ਡਰਾਉਣੀ ਤੇ ਭਾਰੀ ਆਵਾਜ਼ ਦੀ ਗਰਜ਼ ਸੁਣ ਕੇ ਇਸਰਾਈਲੀ ਤੰਬੂਆਂ ਤੋਂ ਬਾਹਰ ਆ ਗਏ। ਉਨ੍ਹਾਂ ਨੇ ਦੇਖਿਆ ਕਿ ਇੱਕ ਦਿਓ-ਕੱਦ ਆਕਾਰ ਦਾ ਫਲਸਤੀਨੀ ਯੋਧਾ ਉਨ੍ਹਾਂ ਵੱਲ ਆ ਰਿਹਾ ਹੈ। ਉਸ ਨੇ ਕੋਲ ਆ ਕੇ ਵੈਰੀ ਦੀ ਸੈਨਾ ਨੂੰ ਲਲਕਾਰਦੇ ਹੋਏ ਕਿਹਾ, ''ਮੇਰਾ ਨਾਂ ਗੋਲਾਇੱਥ ਹੈ। ਤੁਹਾਡੀ ਸੈਨਾ 'ਚੋਂ ਅਜਿਹਾ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ। ਜੇਕਰ ਮੈਂ ਹਾਰ ਗਿਆ ਤਾਂ ਫਲਸਤੀਨ ਤੁਹਾਡਾ ਗੁਲਾਮ ਹੋ ਜਾਵੇਗਾ ਅਤੇ ਜੇਕਰ ਤੁਹਾਡਾ ਯੋਧਾ ਹਾਰ ਗਿਆ ਤਾਂ ਇਸਰਾਈਲ ਸਾਡਾ ਗੁਲਾਮ ਹੋ ਜਾਵੇਗਾ।'' ਇਸ ਤਰ੍ਹਾਂ ਦੀ ਚਿਤਵਾਨੀ ਦਿੰਦਾ ਹੋਇਆ ਗੋਲਾਇੱਥ ਠਹਾਕਾ ਮਾਰ ਕੇ ਐਨਾ ਉੱਚੀ ਹੱਸਿਆ ਕਿ ਜਿਵੇਂ ਜੰਗਲ ਦੀ ਸ਼ਾਂਤੀ ਭੰਗ ਹੋ ਗਈ ਹੋਵੇ।
ਉਸ ਦੇ ਭਾਰੀ ਕੱਦਾਵਰ ਸਰੀਰ ਅਤੇ ਤਾਕਤ ਨੂੰ ਦੇਖ ਕੇ ਇਸਰਾਈਲੀ ਬਹੁਤ ਡਰ ਗਏ। ਉਸ ਦੇ ਸਾਹਮਣੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਸੀ। ਇਸ ਤਰ੍ਹਾਂ ਗੋਲਾਇੱਥ ਰੋਜ਼ ਇਸਰਾਈਲੀ ਸੈਨਾ ਨੂੰ ਲਲਕਾਰਦਾ ਅਤੇ ਉਨ੍ਹਾਂ ਦੀ ਰਸਦ ਆਦਿ ਲੁੱਟ ਕੇ ਲੈ ਜਾਂਦਾ। ਕੋਈ ਵੀ ਉਸ ਦੇ ਸਾਹਮਣੇ ਨਾ ਆਉਂਦਾ।
ਇੱਕ ਦਿਨ ਡੇਵਿਡ ਨਾਂ ਦਾ ਇੱਕ ਚਰਵਾਹਾ ਇਸਰਾਈਲੀ ਸੈਨਾ ਦੇ ਤੰਬੂਆਂ 'ਚ ਆਪਣੇ ਭਰਾਵਾਂ ਨੂੰ ਮਿਲਣ ਲਈ ਆਇਆ। ਉਹ ਵੀ ਇਸਰਾਈਲੀ ਸੈਨਾ ਵਿੱਚ ਸੀ। ਡੇਵਿਡ ਅਜੇ ਆਪਣੇ ਭਰਾਵਾਂ ਨਾਲ ਗੱਲਬਾਤ ਹੀ ਕਰ ਰਿਹਾ ਸੀ ਕਿ ਉਸ ਨੂੰ ਗਰਜਵੀਂ ਆਵਾਜ਼ ਸੁਣਾਈ ਦਿੱਤੀ, ''ਐ ਕਾਇਰੋ! ਤੁਹਾਡੇ 'ਚ ਅਜਿਹਾ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ। ਹਾ…ਹਾ…ਹਾ।''
ਇਹ ਸੁਣ ਕੇ ਡੇਵਿਡ ਨੇ ਆਪਣੇ ਭਾਈਆਂ ਤੋਂ ਪੁੱਛਿਆ ਕਿ, ''ਇਹ ਕੌਣ ਹੈ? ਇਸ ਤਰ੍ਹਾਂ ਕਿਉਂ ਲਲਕਾਰ ਰਿਹਾ ਹੈ?'' ''ਇਹ ਫਲਸਤੀਨੀ ਸੈਨਾ ਦਾ ਮਹਾਂਬਲੀ ਯੋਧਾ ਹੈ।'' ਇਸ ਦਾ ਨਾਂ ਗੋਲਾਇੱਥ ਹੈ ਜੋ ਸਾਨੂੰ ਰੋਜ਼ਾਨਾ ਯੁੱਧ ਲਈ ਲਲਕਾਰਦਾ ਹੈ।'' ਭਾਈਆਂ ਨੇ ਡੇਵਿਡ ਨੂੰ ਦੱਸਿਆ।
''ਕੋਈ ਇਸ ਦਾ ਮੁਕਾਬਲਾ ਕਿਉਂ ਨਹੀਂ ਕਰਦਾ? ਡੇਵਿਡ ਨੇ ਕਿਹਾ ਇਹ ਤਾਂ ਇੱਕ ਦਿਨ ਤੁਹਾਡੀ ਸੈਨਾ ਨੂੰ ਹਰਾ ਕੇ ਦੇਸ਼ 'ਤੇ ਕਬਜ਼ਾ ਕਰ ਲਵੇਗਾ।'' ਭਰਾਵਾਂ ਨੇ ਜਵਾਬ ਦਿੱਤਾ, ''ਡੇਵਿਡ ਇਸ ਦਾ ਸਰੀਰ ਐਨਾ ਭਾਰਾ ਹੈ ਕਿ ਜੇਕਰ ਕਿਸੇ 'ਤੇ ਡਿੱਗ ਪਿਆ ਤਾਂ ਹੱਡੀ ਪਸਲੀ ਤੋੜ ਦੇਵੇਗਾ। ਇਸ ਕਰਕੇ ਹੀ ਡਰਦਾ ਇਸ ਨਾਲ ਕੋਈ ਮੁਕਾਬਲਾ ਨਹੀਂ ਕਰਦਾ। ਇਹ ਤਾਂ ਇੱਕ ਤਰ੍ਹਾਂ ਜਿੰਨ ਹੈ।''
ਇਹ ਗੱਲ ਡੇਵਿਡ ਨੂੰ ਬਹੁਤ ਬੁਰੀ ਲੱਗੀ। ਉਸ ਨੇ ਮਨ ਹੀ ਮਨ ਫ਼ੈਸਲਾ ਕੀਤਾ ਕਿ ਉਹ ਗੋਲਾਇੱਥ ਨਾਲ ਜ਼ਰੂਰ ਲੜੇਗਾ। ਉਹ ਚੁੱਪਚਾਪ ਪਹਾੜੀ ਤੋਂ ਉੱਤਰ ਆਇਆ ਤੇ ਹੇਠਾਂ ਆ ਕੇ ਪਹਾੜੀ ਦੇ ਛੋਟੇ-ਤਿੱਖੇ ਪੱਥਰ ਆਪਣੇ ਝੋਲੇ 'ਚ ਭਰ ਲਏ।
ਡੇਵਿਡ ਨੇ ਉੱਪਰ ਆ ਕੇ ਗੋਲਾਇੱਥ ਨੂੰ ਲਲਕਾਰਦੇ ਹੋਏ ਕਿਹਾ, ''ਗੋਲਾਇੱਥ! ਮੈਂ ਤੇਰੇ ਨਾਲ ਲੜਾਂਗਾ। ਤੂੰ ਮੇਰੇ ਸਾਹਮਣੇ ਆ।'' ''ਡੇਵਿਡ ਉਸ ਦੇ ਸਾਹਮਣੇ ਨਾ ਜਾ। ਉਹ ਤੈਨੂੰ ਪੈਰਾਂ ਹੇਠਾਂ ਲਤਾੜ ਕੇ ਮਾਰ ਦੇਵੇਗਾ। ਤੂੰ ਹੁਣੇ ਆਪਣੇ ਪਿੰਡ ਚਲਾ ਜਾ।'' ਭਰਾਵਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ।
ਗੋਲਾਇੱਥ ਨੇ ਇੱਕ ਲੜਕੇ ਨੂੰ ਲਲਕਾਰਦੇ ਹੋਏ ਦੇਖਿਆ ਤਾਂ ਉਸ ਨੇ ਕਟਾਖ਼ਸ਼ ਕਰਦੇ ਹੋਏ ਕਿਹਾ, ''ਹਾ-ਹਾ-ਹਾ ਕੀ ਤੂੰ ਮੇਰੇ ਨਾਲ ਲੜਾਈ ਕਰੇਂਗਾ? ਕੀ ਪਿੱਦੀ, ਕੀ ਪਿੱਦੀ ਕਾ ਸ਼ੋਰਬਾ। ਹਾ-ਹਾ-ਹਾ।''
'' ਹਾਂ, ਮੈਂ ਤੇਰਾ ਮੁਕਾਬਲਾ ਕਰਾਂਗਾ…।'' ਕਹਿੰਦੇ ਹੋਏ ਡੇਵਿਡ ਨੇ ਆਪਣੇ ਗੋਪੀਏ (ਖੇਤਾਂ 'ਚ ਜਾਨਵਰਾਂ ਨੂੰ ਉਡਾਉਣ ਦੇ ਕੰਮ ਆਉਂਦਾ ਹੈ, ਜਿਹੜਾ ਰੱਸੀ ਨਾਲ ਬੰਨ੍ਹਿਆ ਹੁੰਦਾ ਹੈ। ਇਸ 'ਚ ਪੱਥਰ ਰੱਖ ਕੇ ਘੁਮਾ ਕੇ ਮਾਰਿਆ ਜਾਂਦਾ ਹੈ) 'ਚ ਇੱਕ ਤਿੱਖਾ ਪੱਥਰ ਰੱਖ ਲਿਆ। ''ਮੈਂ ਤੇਰਾ ਪਲਾਂ 'ਚ ਕੰਮ ਤਮਾਮ ਕਰ ਦਿੰਦਾ ਹਾਂ।'' ਗਰਜ਼ਦੇ ਹੋਏ ਗੋਲਾਇੱਥ ਡੇਵਿਡ ਵੱਲ ਵਧਿਆ। ਇਸ ਤੋਂ ਪਹਿਲਾਂ ਕਿ ਉਹ ਨਜ਼ਦੀਕ ਆਉਂਦਾ ਡੇਵਿਡ ਨੇ ਬਿਜਲੀ ਦੀ ਤੇਜ਼ੀ ਵਾਂਗ ਗੋਪੀਆ ਘੁਮਾਇਆ ਅਤੇ ਤਿੱਖਾ ਪੱਥਰ ਗੋਲਾਇੱਥ ਵੱਲ ਛੱਡ ਦਿੱਤਾ। ਪੱਥਰ ਉਸ ਦੇ ਮੱਥੇ 'ਤੇ ਵੱਜਿਆ ਤੇ ਉਹ ਪੈਰੋਂ ਉੱਖੜ ਗਿਆ। ਡੇਵਿਡ ਨੇ ਮੌਕਾ ਸੰਭਾਲਦੇ ਦੋ-ਤਿੰਨ ਪੱਥਰ ਉਸ ਦੇ ਹੋਰ ਮਾਰ ਦਿੱਤੇ। ਗੋਲਾਇੱਥ ਚੀਕ ਕੇ ਡਿੱਗ ਪਿਆ ਅਤੇ ਪਹਾੜਾਂ ਤੋਂ ਹੇਠਾਂ ਰੁੜ੍ਹ ਕੇ ਡੂੰਘੀ ਖੱਡ 'ਚ ਡਿੱਗ ਕੇ ਮਰ ਗਿਆ।
ਇਸ ਤਰ੍ਹਾਂ ਗੋਲਾਇੱਥ ਨੂੰ ਹਾਰਦੇ ਹੋਏ ਦੇਖ ਕੇ ਫਲਸਤੀਨੀ ਸੈਨਾ ਭੱਜ ਚੱਲੀ। ਵੈਰੀ ਸੈਨਾ ਨੂੰ ਭੱਜਦੇ ਹੋਏ ਦੇਖ ਕੇ ਇਸਰਾਈਲੀਆਂ ਨੇ ਅਨੇਕਾਂ ਨੂੰ ਬੰਦੀ ਬਣਾ ਲਿਆ ਅਤੇ ਸਭ ਕੁਝ ਲੁੱਟ ਲਿਆ। ਇਸ ਤਰ੍ਹਾਂ ਆਪਣੀ ਦਲੇਰੀ ਤੇ ਸੂਝ ਨਾਲ ਇਕੱਲੇ ਡੇਵਿਡ ਨੇ ਸਦੀਆਂ ਤੋਂ ਆਪਣੇ ਦੁਸ਼ਮਣ ਫਲਸਤੀਨੀਆਂ ਨੂੰ ਹਰਾ ਦਿੱਤਾ। ਅੱਗੇ ਚੱਲ ਕੇ ਇਹ ਚਰਵਾਹਾ ਡੇਵਿਡ, ਇਸਰਾਈਲੀਆਂ ਦਾ ਰਾਜਾ ਬਣਿਆ ਅਤੇ ਬਹੁਤ ਕੁਸ਼ਲ ਤਰੀਕੇ ਨਾਲ ਉਸ ਨੇ ਕਾਫ਼ੀ ਸਮਾਂ ਰਾਜ ਕੀਤਾ। ਕਹਿੰਦੇ ਹਨ ਕਿ ਜਦੋਂ ਤਕ ਉਹ ਜਿਉਂਦਾ ਰਿਹਾ ਉਸ ਨੇ ਫਲਸਤੀਨੀਆਂ ਨੂੰ ਕਦੇ ਵੀ ਤੰਗ ਨਾ ਕੀਤਾ। -(ਬਲਦੇਵ ਸਿੱਧੂ)

ਬਾਲ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com