Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Sacha Dost-Maithili Folk Tale

ਸੱਚਾ ਦੋਸਤ-ਮੈਥਿਲੀ ਲੋਕ ਕਹਾਣੀ

ਮੈਥਿਲੀ ਦੇਸ਼ ਦੇ ਜੰਗਲ ਵਿੱਚ ਇੱਕ ਸ਼ੇਰ ਪਰਿਵਾਰ ਵੱਸਦਾ ਸੀ। ਉਨ੍ਹਾਂ ਦੇ ਰਾਜਕੁਮਾਰ ਬੇਟੇ ਦਾ ਵਿਆਹ ਗੁਆਂਢੀ ਜੰਗਲ ਵਿੱਚ ਰਹਿੰਦੇ ਸ਼ੇਰ ਦੀ ਬੇਟੀ ਸ਼ਹਿਜ਼ਾਦੀ ਪ੍ਰਬੀਨ ਨਾਲ ਹੋਇਆ। ਜਦੋਂ ਰਾਜਕੁਮਾਰ ਆਪਣੀ ਵਿਆਹੁਤਾ ਸ਼ਹਿਜ਼ਾਦੀ ਪ੍ਰਬੀਨ ਕੋਲ ਗਿਆ ਤਾਂ ਉਸ ਨੇ ਸਵਾਲ ਕੀਤਾ, ‘‘ਕੀ ਕੋਈ ਤੁਹਾਡਾ ਦੋਸਤ ਹੈ? ਜੇ ਨਹੀਂ ਤਾਂ ਪਹਿਲਾਂ ਕਿਸੇ ਨੂੰ ਆਪਣਾ ਦੋਸਤ ਬਣਾਓ। ਕੋਈ ਮਿੱਤਰ ਬਣਾ ਕੇ ਹੀ ਮੇਰੇ ਪਾਸ ਆਉਣਾ।’’ ਨੌਜਵਾਨ ਰਾਜਕੁਮਾਰ ਨੇ ਸਹਿਮਤ ਹੁੰਦਿਆਂ ਕਿਹਾ, ‘‘ਕੱਲ੍ਹ ਸਵੇਰੇ ਮੈਂ ਘਰੋਂ ਨਿਕਲਾਂਗਾ ਅਤੇ ਜੋ ਵੀ ਪਸ਼ੂ ਪੰਛੀ ਮਿਲੇਗਾ, ਉਸ ਨੂੰ ਆਪਣਾ ਦੋਸਤ ਬਣਾ ਲਵਾਂਗਾ।’’
ਅਗਲੇ ਦਿਨ ਸਵੇਰੇ ਰਾਜਕੁਮਾਰ ਸ਼ੇਰ ਆਪਣੇ ਘਰੋਂ ਨਿਕਲਿਆ ਤਾਂ ਉਸ ਨੂੰ ਇੱਕ ਚਿੜੀ ਮਿਲੀ। ਉਸ ਨੂੰ ਇਹ ਛੋਟਾ ਜਿਹਾ ਪੰਛੀ ਮਿੱਤਰਤਾ ਦੇ ਯੋਗ ਤਾਂ ਨਹੀਂ ਲੱਗਿਆ, ਪਰ ਸ਼ਹਿਜ਼ਾਦੀ ਨਾਲ ਕੀਤੇ ਵਾਅਦੇ ਕਾਰਨ ਉਸ ਨੇ ਚਿੜੀ ਕੋਲ ਦੋਸਤੀ ਦਾ ਪ੍ਰਸਤਾਵ ਰੱਖਿਆ। ਚਿੜੀ ਨੇ ਪ੍ਰਸਤਾਵ ਸਵੀਕਾਰ ਕਰ ਲਿਆ। ਇਸ ਤਰ੍ਹਾਂ ਉਹ ਦੋਵੇਂ ਮਿੱਤਰ ਬਣ ਗਏ। ਦਿਨ ਲੰਘਦੇ ਗਏ।
ਇੱਕ ਦਿਨ ਲੂੰਮੜੀ ਨੇ ਸੁਫ਼ਨਾ ਵੇਖਿਆ ਕਿ ਉਹ ਸੁਪਨੇ ਵਿੱਚ ਰਾਜਕੁਮਾਰ ਸ਼ੇਰ ਦਾ ਮਾਸ ਖਾ ਰਹੀ ਹੈ। ਸਵੇਰੇ-ਸਵੇਰੇ ਸੁੱਤੀ ਉੱਠਦਿਆਂ ਹੀ ਉਹ ਜੋਤਿਸ਼ੀ ਕੋਲ ਗਈ ਅਤੇ ਤੜਕਸਾਰ ਆਏ ਸੁਫ਼ਨੇ ਦਾ ਅਰਥ ਪੁੱਛਿਆ। ਜੋਤਿਸ਼ੀ ਨੇ ਭਵਿੱਖਬਾਣੀ ਕੀਤੀ ਕਿ ਜੋਤਿਸ਼ ਵਿੱਦਿਆ ਅਨੁਸਾਰ ਸਵੇਰ ਦਾ ਸੁਫ਼ਨਾ ਸੱਚਾ ਹੁੰਦਾ ਹੈ ਤੇ ਉਹ ਯਕੀਨਨ ਸ਼ੇਰ ਦਾ ਮਾਸ ਖਾਵੇਗੀ। ਲੂੰਮੜੀ ਦੌੜੀ-ਦੌੜੀ ਨੌਜਵਾਨ ਸ਼ੇਰ ਪਾਸ ਗਈ ਅਤੇ ਉਸ ਨੂੰ ਕਹਿਣ ਲੱਗੀ, ‘‘ਮੈਂ ਸਵੇਰੇ-ਸਵੇਰੇ ਸੁਫ਼ਨਾ ਵੇਖਿਆ ਹੈ ਕਿ ਮੈਂ ਤੁਹਾਡਾ ਮਾਸ ਖਾ ਰਹੀ ਹਾਂ। ਇਸ ਲਈ ਕੱਲ੍ਹ ਤੁਹਾਨੂੰ ਮਰਨਾ ਪਵੇਗਾ ਕਿਉਂਕਿ ਮੈਂ ਤੁਹਾਡਾ ਮਾਸ ਖਾਣ ਆਵਾਂਗੀ।’’
ਨੌਜਵਾਨ ਸ਼ੇਰ ਦਾ ਪਰਿਵਾਰ ਚਿੰਤਾ ’ਚ ਡੁੱਬ ਗਿਆ। ਰਾਜਕੁਮਾਰ ਸ਼ੇਰ ਆਪਣੇ ਸਾਰੇ ਇਸ਼ਟਾਂ ਕੋਲ ਗਿਆ ਅਤੇ ਉਨ੍ਹਾਂ ਸਾਰਿਆਂ ਤੋਂ ਨਿਮਰਤਾ ਸਹਿਤ ਇਸ ਸੰਕਟ ਵਿੱਚੋਂ ਨਿਕਲਣ ਦਾ ਉਪਾਅ ਪੁੱਛਿਆ, ਪਰ ਉਨ੍ਹਾਂ ਵੀ ਸਵੇਰ ਦੇ ਸੁਫ਼ਨੇ ਦੇ ਸੱਚ ਹੋਣ ਦੀ ਗੱਲ ਆਖੀ। ਰਾਜਕੁਮਾਰ ਸ਼ੇਰ ਨਿਰਾਸ਼ ਹੋ ਗਿਆ ਕਿ ਹੁਣ ਉਸ ਦੀ ਜੀਵਨ ਰੱਖਿਆ ਸੰਭਵ ਨਹੀਂ ਹੈ, ਪਰ ਸ਼ਹਿਜ਼ਾਦੀ ਪ੍ਰਬੀਨ ਨੇ ਕਿਹਾ, ‘‘ਔਖੇ ਵੇਲੇ ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ। ਆਪਣੀ ਮਿੱਤਰ ਨੂੰ ਮਿਲਣ ’ਚ ਤੁਹਾਨੂੰ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ। ਉਹੀ ਸਹੀ ਸਲਾਹ ਅਤੇ ਸਹਿਯੋਗ ਦੇਵੇਗੀ।’’
ਰਾਜਕੁਮਾਰ ਸ਼ੇਰ ਆਪਣੀ ਮਿੱਤਰ ਚਿੜੀ ਕੋਲ ਗਿਆ ਅਤੇ ਵਿਸਥਾਰ ਵਿੱਚ ਆਪਣੀ ਜਾਣ ਦਾ ਖੌਅ ਬਣੇ ਸੰਕਟ ਬਾਰੇ ਦੱਸਿਆ। ਉਸ ਦੀ ਸਮੱਸਿਆ ਸੁਣ ਕੇ ਚਿੜੀ ਨੇ ਕਿਹਾ, ‘‘ਦੋਸਤ! ਬੱਸ ਐਨੀ ਕੁ ਗੱਲ? ਵੇਖੋ ਕੱਲ੍ਹ ਕੀ ਹੁੰਦਾ ਹੈ!’’ ਅਗਲੇ ਦਿਨ ਚਿੜੀ ਸਜ-ਧਜ ਕੇ ਸ਼ੰਕਰ ਭਗਵਾਨ ਦੇ ਦਰਬਾਰ ਪਹੁੰਚੀ। ਦਰਬਾਰ ਵਿੱਚ ਰਿਸ਼ੀ ਮੁਨੀ ਅਤੇ ਦੇਵਤੇ ਹਾਜ਼ਰ ਸਨ। ਚਿੜੀ ਨੇ ਬੇਨਤੀ ਕੀਤੀ, ‘‘ਪ੍ਰਭੂ! ਅੱਜ ਸਵੇਰੇ ਮੈਂ ਇੱਕ ਸੁਫ਼ਨਾ ਵੇਖਿਆ ਜਿਸ ਵਿੱਚ ਮੇਰਾ ਵਿਆਹ ਤੁਹਾਡੇ ਨਾਲ ਹੋਇਆ। ਇਸ ਲਈ ਕਿਰਪਾ ਕਰਕੇ ਇਸ ਦਾਸੀ ਨੂੰ ਸਵੀਕਾਰ ਕਰੋ।’’ ਇਹ ਸੁਣ ਕੇ ਪਾਰਬਤੀ ਦੇ ਮੱਥੇ ਤਿਊੜੀ ਪਈ। ਰਿਸ਼ੀ-ਮੁਨੀ, ਦੇਵੀ-ਦੇਵਤੇ ਅਤੇ ਭਗਵਾਨ ਸ਼ੰਕਰ ਚਿੰਤਾ ’ਚ ਪੈ ਗਏ, ਪਰ ਫਿਰ ਵਿਚਾਰ ਮੰਥਨ ਤੋਂ ਬਾਅਦ ਸ਼ਿਵ ਸ਼ੰਕਰ ਨੇ ਫਰਮਾਇਆ, ‘‘ਭਲਾ ਇਹ ਕਿਵੇਂ ਹੋ ਸਕਦਾ ਹੈ? ਕੀ ਸੁਫ਼ਨੇ ਦੀ ਗੱਲ ਨੂੰ ਸੱਚ ਮੰਨਿਆ ਜਾ ਸਕਦਾ ਹੈ? ਨਹੀਂ, ਇਹ ਹਰਗਿਜ਼ ਨਹੀਂ ਹੋ ਸਕਦਾ।’’ ‘‘ਪ੍ਰਭੂ! ਜੇ ਮੇਰੇ ਸੁਫ਼ਨੇ ਕਰਕੇ ਮੇਰੀ ਸ਼ਾਦੀ ਤੁਹਾਡੇ ਨਾਲ ਨਹੀਂ ਹੋ ਸਕਦੀ ਤਾਂ ਲੰੂਮੜੀ ਦੇ ਸੁਫ਼ਨੇ ਕਰਕੇ ਸ਼ੇਰ ਦਾ ਮਾਸ ਖਾਣ ਦੀ ਗੱਲ ਨੂੰ ਕਿਵੇਂ ਸੱਚ ਮੰਨਿਆ ਜਾ ਸਕਦਾ ਹੈ?’’ ਭਗਵਾਨ ਸ਼ਿਵ ਸ਼ੰਕਰ ਨੂੰ ਰਾਜਕੁਮਾਰ ਸ਼ੇਰ ਦੀ ਕੀਤੀ ਫਰਿਆਦ ਯਾਦ ਆਈ।
‘‘ਹਾਂ, ਲੂੰਮੜੀ ਸੁਫ਼ਨੇ ਦੇ ਆਧਾਰ ’ਤੇ ਸ਼ੇਰ ਦਾ ਮਾਸ ਨਹੀਂ ਖਾ ਸਕਦੀ।’’ ਭੋਲੇ ਸ਼ੰਕਰ ਦਾ ਫ਼ੈਸਲਾ ਸੁਣ ਕੇ ਚਿੜੀ ਨੇ ਭਗਵਾਨ ਸ਼ਿਵ ਨੂੰ ਪ੍ਰਣਾਮ ਕੀਤਾ। ਉਸ ਨੇ ਸਾਰੀ ਗੱਲ ਵਾਪਸ ਜਾ ਕੇ ਰਾਜਕੁਮਾਰ ਸ਼ੇਰ ਅਤੇ ਸ਼ਹਿਜ਼ਾਦੀ ਪ੍ਰਬੀਨ ਨੂੰ ਦੱਸੀ। ਉਨ੍ਹਾਂ ਨੇ ਆਪਣੀ ਮਿੱਤਰ ਚਿੜੀ ਦਾ ਧੰਨਵਾਦ ਕੀਤਾ। ਕਿਸੇ ਠੀਕ ਕਿਹਾ ਹੈ ਕਿ ਸੱਚਾ ਦੋਸਤ ਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ।

(ਮੁਖਤਾਰ ਗਿੱਲ)

 
 

To veiw this site you must have Unicode fonts. Contact Us

punjabi-kavita.com