Aahlnion Digga Boat (Story in Punjabi) : Jamil Ahmad Pal

ਆਹਲਣਿਓਂ ਡਿੱਗਾ ਬੋਟ (ਕਹਾਣੀ) : ਜਮੀਲ ਅਹਿਮਦ ਪਾਲ

ਕਮਬਖਤ ਚਿੜੀਆਂ ਨੇ ਤੰਗ ਕਰ ਮਾਰਿਆ ਸੀ। ਜਦੋਂ ਮੌਸਮ ਆਹਲਣੇ ਪਾਉਣ ਦਾ ਹੋਵੇ ਤਾਂ ਚਿੜੀਆਂ ਚੈਨ ਨਹੀਂ ਲੈਣ ਦਿੰਦੀਆਂ। ਇਕ ਇਕ ਚਿੜੀ ਦੀ ਖਾਤਿਰ ਦਰਜਨ ਦਰਜਨ ਚਿੜਿਆਂ ਦਾ ਰੌਲਾ, ਫੇਰ ਨੇੜੇ ਕਿਸੇ ਵੀ ਰੋਸ਼ਨਦਾਨ ਯਾ ਤਸਵੀਰ ਪਿਛੇ ਚਿੜੀਆਂ ਦੇ ਆਹਲਣੇ ‘ਚੋਂ ਮੁਸਲਸਲ ਡਿਗਦੇ ਤੀਲੇ, ਧਾਗੇ ਤੇ ਖੰਭ ਵਖਤ ਪਾਈ ਰਖਦੇ ਨੇ। ਕਈ ਵਾਰ ਤਾਂ ਨਿਕੇ ਨਿਕੇ ਬੋਟ ਵੀ ਡਿਗ ਪੈਂਦੇ। ਕਲ੍ਹ ਹੀ ਇਕ ਬੋਟ ਐਨ ਮੇਰੇ ਸਾਹਮਣੇ ਮੇਜ਼ ਉਤੇ ਖਿਲਰੇ ਮਸੌਦੇ ਦੇ ਕਾਗਜ਼ਾਂ ਉਤੇ ਡਿਗ ਪਿਆ। ਚਿੜੀਆਂ ਨੇ ਚੀਂ ਚੀਂ ਕਰਕੇ ਕੋਠਾ ਸਿਰ ‘ਤੇ ਚੁਕ ਲਿਆ ਸੀ। ਪਰ ਜਦੋਂ ਮੈਂ ਯੂਨਸ ਚਪੜਾਸੀ ਨੂੰ ਕਹਿ ਕੇ ਉਹ ਬੋਟ ਦੁਬਾਰਾ ਆਹਲਣੇ ਵਿਚ ਰਖਵਾਇਆ ਤਾਂ ਉਹ ਫਿਰ ਡਿਗ ਪਿਆ। ਦੂਜੀ ਵਾਰ ਵੀ ਇੰਜ ਹੀ ਹੋਇਆ। ਅਸਲ ਵਿਚ ਚਿੜੀਆਂ ਆਪ ਹੀ ਉਹਨੂੰ ਥੱਲੇ ਡੇਗ ਦਿੰਦੀਆਂ ਸਨ। ਉਸ ਵੇਲੇ ਮੈਨੂੰ ਕਿਸੇ ਦੀ ਦੱਸੀ ਇਕ ਬਹੁਤ ਪੁਰਾਣੀ ਗੱਲ ਚੇਤੇ ਆ ਗਈ ਕਿ ਜੇ ਚਿੜੀਆਂ ਦਾ ਕੋਈ ਬੋਟ ਡਿਗ ਪਵੇ ਤਾਂ ਉਹਨੂੰ ਉਹ ਆਪਣੇ ਆਹਲਣੇ ਵਿਚ ਵਾਪਿਸ ਨਹੀਂ ਕਬੂਲ ਕਰਦੀਆਂ। ਜੇ ਵਾਪਿਸ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਡੇਗ ਦਿੰਦੀਆਂ ਨੇ ਤੇ ਕੀੜੀਆਂ ਦੀ ਖੁਰਾਕ ਬਣਨ ਲਈ ਛੱਡ ਦਿੰਦੀਆਂ ਨੇ।
“ਹੈਂ, ਹੈਂ,” ਜਦੋਂ ਮੇਰੇ ਪਿਛੇ ਕੰਧ ਨਾਲ ਟੰਗੀ ਤਸਵੀਰ ਵਿਚੋਂ ਚਿੜੀ ਫੁਰਰ ਕਰਕੇ ਉਡੀ ਤਾਂ ਮੇਰੇ ਸਿਰ ਵਿਚ ਤਿੰਨ ਚਾਰ ਤੀਲੇ ਆ ਡਿਗੇ। ਇਕ ਤਾਂ ਮਹਿਨਾਜ਼ ਕੰਵਲ ਦੀ ਕਹਾਣੀ ਨੇ ਪਹਿਲਾਂ ਹੀ ਮਗਜ਼ ਚਟ ਲਿਆ ਹੋਇਆ ਸੀ, ਉਤੋਂ ਇਹ ਤੀਲਿਆਂ ਦਾ ਆ ਡਿਗਣਾ, ਦਿਲ ਕੀਤਾ ਕਿ ਚਿੜੀ ਤੇ ਮਹਿਨਾਜ਼ ਕੰਵਲ ਦੋਹਾਂ ਦੀਆਂ ਗਰਦਨਾਂ ਮਰੋੜ ਦਿਆਂ।
ਮਸੌਦੇ ਤੋਂ ਨਜ਼ਰ ਚੁਕ ਕੇ ਮੈਂ ਉਤਾਂਹ ਨੂੰ ਦੇਖਿਆ। ਤੀਲੇ ਡਿਗਾਣ ਵਾਲੀ ਚਿੜੀ ਰੋਸ਼ਨਦਾਨ ਰਾਹੀਂ ਬਾਹਰ ਜਾ ਚੁਕੀ ਸੀ। ਉਹਨੂੰ ਇਕ ਦੋ ਗਾਲ੍ਹਾਂ ਕਢ ਕੇ ਮੈਂ ਫਿਰ ਕਹਾਣੀ ਉਤੇ ਝਾਤ ਪਾਈ। ਤਬੀਅਤ ਅਕ ਗਈ ਸੀ। ਖੌਰੇ ਕੀ ਲਿਖਦੀ ਏ ਕਮਬਖਤ। ਕਹਾਣੀ ਲਿਖਣ ਦਾ ਚਜ ਨਹੀਂ ਤਾਂ ਫਿਰ ਵੀ ਇਹ ਮੁਪਾਸਾਂ ਦੀ ਚਾਚੀ...ਮੈਨੂੰ ਮਹਿਨਾਜ਼ ਕੰਵਲ ਉਤੇ ਵੀ ਗੁੱਸਾ ਆਉਣ ਲਗ ਪਿਆ।
ਮੇਰਾ ਵਸ ਚਲਦਾ ਤਾਂ ਮੈਂ ਮਹਿਨਾਜ਼ ਕੰਵਲ ਦੀਆਂ ਕਹਾਣੀਆਂ ਨੂੰ ਬਿਨਾ ਪੜ੍ਹੇ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁਟ ਦਿੰਦਾ। ਪਰ ਮਜ਼ਬੂਰ ਸੀ ਸਿਦੀਕੀ ਸਾਹਿਬ ਦਾ, ਜੋ ਰਸਾਲੇ ਦੇ ਚੀਫ ਐਡੀਟਰ ਹੋਵਣ ਦੇ ਨਾਲ ਨਾਲ ਮਾਲਕ ਵੀ ਸਨ, ਹੁਕਮ ਸੀ ਕਿ ਮਹਿਨਾਜ਼ ਕੰਵਲ ਦੀਆਂ ਕਹਾਣੀਆਂ ਦੀ ਨੋਕ ਪਲਕ ਚੰਗੀ ਤਰ੍ਹਾਂ ਦਰੁਸਤ ਕਰਾਂ ਤੇ ਜੇ ਕੋਈ ਕਹਾਣੀ ਉਕਾ ਹੀ ਨਾਕਾਬਿਲੇ ਇਸ਼ਾਇਤ ਹੋਵੇ ਤਾਂ ਵੀ ਉਹਨੂੰ ਨਵੇਂ ਸਿਰਿਓਂ ਲਿਖ ਕੇ ਛਪਣਯੋਗ ਬਣਾਵਾਂ। ਤੇ ਇਹ ਕੰਮ ਅਜਿਹਾ ਸੀ ਜੀਹਦੇ ‘ਤੇ ਮੇਰੀ ਜਾਨ ਜਾਂਦੀ ਸੀ। ਮੈਂ ਹੀ ਨਹੀਂ, ਪਰਚੇ ਦੇ ਦੂਜੇ ਅਸਿਸਟੈਂਟ ਐਡੀਟਰ ਅਸਗ਼ਰ ਅਲੀ ਪ੍ਰੇਮੀ ਵੀ ਇਸ ਕੰਮ ਤੋਂ ਬੜੀ ਖਾਰ ਖਾਂਦੇ ਸਨ। ਹੁਣ ਤਾਂ ਉਨ੍ਹਾਂ ਦੀ ਜਾਨ ਛੁਟ ਚੁਕੀ ਸੀ ਪਰ ਮੇਰੇ ਆਉਣ ਤੋਂ ਪਹਿਲਾਂ ਇਹ ਕੰਮ ਉਨ੍ਹਾਂ ਦੇ ਹੀ ਸਪੁਰਦ ਸੀ। ਦਫਤਰ ਵਿਚ ਜੇ ਕੋਈ ਬੰਦਾ ਮਹਿਨਾਜ਼ ਕੰਵਲ ਨੂੰ ਪਸੰਦ ਕਰਦਾ ਸੀ ਤਾਂ ਉਹ ਸਨ ਸਿਦਕੀ ਸਾਹਿਬ ਜੋ ਉਂਜ ਤਾਂ ਬੜੇ ਸ਼ਰੀਫ ਆਦਮੀ ਸਨ (ਵਿਆਹਿਆ ਹੋਇਆ ਬੰਦਾ ਹਮੇਸ਼ਾਂ ਹੀ ਸ਼ਰੀਫ ਹੁੰਦਾ ਹੈ), ਬਸ ਕਦੇ ਕਦੇ ਮਹਿਨਾਜ਼ ਕੰਵਲ ਨਾਲ ਗੱਲ ਕਰਕੇ ਥੋੜ੍ਹਾ ਬਹੁਤ ਠਰਕ ਝਾੜ ਲੈਂਦੇ ਸਨ। ਉਨ੍ਹਾਂ ਵਿਚ ਇਕ ਹੀ ਖੂਬੀ ਸੀ ਕਿ ਉਨ੍ਹਾਂ ਕੋਲ ਪੈਸਾ ਸੀ ਜੀਹਦੇ ਨਾਲ ਉਹ ਰਸਾਲਾ ਕਢ ਰਹੇ ਸਨ। ਸਾਹਿਤ ਵਿਚ ਉਨ੍ਹਾਂ ਦਾ ਮੁਤਾਲਾ (ਪੜ੍ਹਾਈ) ਇਥੋਂ ਤਕ ਸੀ ਕਿ ਉਹ ਬੇਦੀ (ਰਾਜਿੰਦਰ ਸਿੰਘ) ਨੂੰ ਔਰਤ ਸਮਝਦੇ ਸਨ ਤੇ ਅੰਮ੍ਰਿਤਾ (ਪ੍ਰੀਤਮ) ਨੂੰ ਮਰਦ। ਇਹੋ ਹਾਲ ਮਹਿਨਾਜ਼ ਕੰਵਲ ਦਾ ਸੀ। ਸ਼ਾਇਦ ਇਹੋ ਵਜ੍ਹਾ ਸੀ ਕਿ ਦੋਹਾਂ ਵਿਚ ਬਹੁਤ ਨਿਭ ਰਹੀ ਸੀ। ਮਹਿਨਾਜ਼ ਕੰਵਲ ਨੂੰ ਜਿਨਸੀਅਤ (ਸੈਕਸ) ਬਾਰੇ ਵੀ ਬੇਬਾਕੀ ਨਾਲ ਲਿਖਣ ਤੇ ਗੱਲ ਕਰਨ ਦਾ ਬੜਾ ਚਾਅ ਸੀ। ਗੱਲਬਾਤ ਤਾਂ ਜ਼ਿਆਦਾਤਰ ਸਿਦੀਕੀ ਸਾਹਿਬ ਨਾਲ ਹੀ ਹੁੰਦੀ ਸੀ, ਐਪਰ ਲਿਖੀਆਂ ਹੋਈਆਂ ਚੀਜ਼ਾਂ ਅਕਸਰ ਮੇਰੀ ਨਜ਼ਰ ‘ਚੋਂ ਗੁਜ਼ਰਦੀਆਂ ਸਨ। ਬਹੁਤ ਭੋਂਡੇ ਤੇ ਗਲਤ ਅੰਦਾਜ ਨਾਲ ਪੋਰਨੋਗ੍ਰਾਫੀ (ਨੰਗੇਜਵਾਦ) ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਸੀ ਜੀਹਦੇ ਤੋਂ ਅੰਦਾਜ਼ਾ ਹੋ ਜਾਂਦਾ ਕਿ ਲਿਖਣ ਵਾਲੀ ਦੇ ਦਿਮਾਗ ਉਤੇ ਉਰਦੂ ਦੀ ਇਸਮਤ ਚੁਗਤਾਈ ਜਾਂ ਵਾਜਿਦਾ ਤਬਸਮ ਦਾ ਅਸਰ ਬੜਾ ਉਘੜਵਾਂ ਹੈ ਪਰ ਮੁਤਾਲੇ (ਪੜ੍ਹਾਈ) ਵਲੋਂ ਉਕਾ ਪੂਰੀ ਹੋਵਣ ਕਰਕੇ ਵਿਸ਼ੇ ਨੂੰ ਨਿਭਾਉਣਾ ਨਹੀਂ ਆਉਂਦਾ। ਪੜ੍ਹ ਕੇ ਕਦੇ ਹਾਸਾ ਆਉਂਦਾ ਤੇ ਕਦੇ ਰੋਣਾ।
ਇਕ ਵਾਰੀ ਕਿਸੇ ਹੋਰ ਕਾਮੀ ਕਿਰਦਾਰ ਬਾਰੇ ਲਿਖਦਿਆਂ ਪੂਰੀ ਦੀ ਪੂਰੀ ਕਹਾਣੀ ਵਿਚ ਉਹਨੇ “ਲਵਾਤਤ” ਨੂੰ “ਲਵਾਤਬ” ਲਿਖ ਦਿਤਾ ਸੀ। ਸਾਫ ਪਤਾ ਲਗਦਾ ਸੀ ਕਿ ਇਹ ਲਫਜ਼ ਉਹਨੇ ਕਿਧਰੇ ਸੁਣ ਜਾਂ ਪੜ੍ਹ ਲਿਆ ਸੀ ਤੇ ਸਿਰਫ ਇਸ ਲਫਜ਼ ਨੂੰ ਇਸਤੇਮਾਲ ਕਰਨ ਦੀ ਖਾਤਿਰ ਪੂਰੀ ਕਹਾਣੀ ਲਿਖ ਮਾਰੀ।
ਜਦ ਮੈਂ ਏਸ ਲਫਜ਼ ਵਲ ਅਸਗ਼ਰ ਅਲੀ ਪ੍ਰੇਮੀ ਦੀ ਤਵੱਜੋ ਦੁਆਈ ਤਾਂ ਉਨ੍ਹਾਂ ਨੇ ਨਾ ਆਖਣ ਤੇ ਨਾ ਲਿਖਣਯੋਗ ਗੱਲਾਂ ਕੀਤੀਆਂ ਜਿਨ੍ਹਾਂ ਦਾ ਅਸੀਂ ਦੋਹਾਂ ਨੇ ਕਾਫੀ ਸੁਆਦ ਲੈਂਦਿਆਂ ਮਹਿਨਾਜ਼ ਦੀਆਂ ਕਹਾਣੀਆਂ ਦੀ ਬੋਰੀਅਤ ਲਾਹੀ।
ਮਹਿਨਾਜ਼ ਹਫਤੇ ‘ਚ ਇਕ ਦੋ ਵਾਰੀ ਆਉਂਦੀ ਤੇ ‘ਸਲੇਮੇ’ (ਇਸਲਾਮ-ਏ-ਲੇਕਮ ਦਾ ਸੰਖੇਪ) ਕਹਿ ਕੇ ਸਿਧੀ ਸਿਦੀਕੀ ਸਾਹਿਬ ਦੇ ਕੈਬਿਨ ਵਿਚ ਜਾ ਵੜਦੀ ਤੇ ਦੋਵੇਂ ਆਪਣੀ ਮਹਿਦੂਦ ਕਾਬਲੀਅਤ ਮੁਤਾਬਕ ਗੱਲਾਂ ਦੀ ਯਰਗਾਲ ਖੋਲ੍ਹ ਦਿੰਦੇ। ਜੇ ਸਿਦੀਕੀ ਸਾਹਿਬ ਮੌਜੂਦ ਨਾ ਹੁੰਦੇ ਤਾਂ ਮੇਰੀ ਤੇ ਪ੍ਰੇਮੀ ਸਾਹਿਬ ਦੀ ਸਾਂਝੀ ਮੇਜ਼ ਦੁਆਲੇ ਕਿਸੇ ਕੁਰਸੀ ਉਤੇ ਬਹਿੰਦੀ ਤੇ ਪਿਛਲੇ ਦੋਰੇ ਜਿਹੜੀ ਕਹਾਣੀ ਦਿਤੀ ਗਈ ਸੀ, ਉਹਦੇ ਬਾਰੇ ਗੱਲ ਕਥ ਕਰਨ ਦੇ ਨਾਲ ਨਾਲ ਉਹੀ ਪੋਰਨੋ (ਨੰਗੀਆਂ) ਗੱਲਾਂ...। ਮੈਨੂੰ ਉਸ ਦਫਤਰ ਵਿਚ ਕੰਮ ਕਰਦਿਆਂ ਹਾਲੀ ਦੋ ਤਿੰਨ ਮਹੀਨੇ ਹੀ ਹੋਏ ਸਨ। ਪ੍ਰੇਮੀ ਸਾਹਿਬ ਕਿਉਂਕਿ ਚਿਰਾਂ ‘ਤੋਂ ਉਥੇ ਕੰਮ ਕਰ ਰਹੇ ਸਨ ਇਸ ਲਈ ਉਹ ਹਰ ਇਕ ਨੂੰ ਮੇਰੇ ਨਾਲੋਂ ਵਧ ਜਾਣਦੇ ਸਨ।
“ਇਹ ਅੱਧੀ ਪਾਗਲ ਹੈ, ਇਹਦੀ ਮਾਂ ਵੀ ਬੜੀ ਬਦਜ਼ਬਾਨ ਹੈ। ਇਸੇ ਪਾਰੋਂ ਇਸ ਦਾ ਪਿਉ ਘਰ ਛਡ ਕੇ ਨੱਸ ਗਿਆ ਸੀ ਤੇ ਅਜ ਤੀਕ ਨਹੀਂ ਪਰਤਿਆ। ਇਕ ਭਰਾ ਸਉਦੀ ਅਰਬ ਵਿਚ ਕੰਮ ਕਰਦਾ ਹੈ, ਜਿਹਦੀ ਕਮਾਈ ਨਾਲ ਦੋਵੇਂ ਮਾਂ-ਧੀ ਐਸ਼ ਕਰਦੀਆਂ ਨੇ। ਹੋਰ ਨਾ ਕੋਈ ਅਗੇ ਨਾ ਕੋਈ ਪਿਛੇ। ਮਾਂ ਧੀ ਨਾਲੋਂ ਵਧ ਜਵਾਨ ਨਜ਼ਰ ਆਉਣ ਦੀ ਨਾਕਾਮ ਕੋਸ਼ਿਸ਼ ਕਰਦੀ ਏ। ਰਹਿੰਦੀ ਗੁਲਬਰਗ਼ ਏ, ਪਰ ਸਾਰਾ ਦਿਨ ਮੇਕਅਪ ਥਪੀ, ਪਰਸ ਹਿਲਾਂਦੀ ਅਨਾਰਕਲੀ ਵਿਚ ਸ਼ਾਪਿੰਗ ਕਰਦੀ ਨਜ਼ਰ ਆਉਂਦੀ ਏ, ਤੇ ਧੀ ਰਮਾਨੀ (ਰੋਮਾਂਟਿਕ) ਨਾਵਲ ਪੜ੍ਹ ਪੜ੍ਹ ਕੇ ਜ਼ਿਹਨੀ ਤੌਰ ‘ਤੇ ਆਪਣੇ ਆਪ ਨੂੰ ਕਿਸੇ ਨਾਵਲ ਦੀ ਹੀਰੋਇਨ ਹੀ ਸਮਝਣ ਲਗ ਪਈ ਏ। ਬੌਂਗੀਆਂ ਬੌਂਗੀਆਂ ਕਹਾਣੀਆਂ ਲਿਖ ਕੇ ਰਸਾਲਿਆਂ ਦੇ ਦਫਤਰਾਂ ਵਿਚ ਫੇਰੇ ਪਾਉਂਦੀ ਫਿਰਦੀ ਹੈ। ਸਿਆਣੇ ਐਡੀਟਰ ਤਾਂ ਘਾਹ ਨਹੀਂ ਪਾਉਂਦੇ, ਸਿਦੀਕੀ ਸਾਹਿਬ ਕਿਉਂ ਜੋ ਅਕਲੋਂ ਪੈਦਲ ਨੇ, ਏਸ ਲਈ ਫਸ ਗਏ।”
ਇਹ ਸੀ ਮਹਿਨਾਜ਼ ਕੰਵਲ ਦਾ ਗ਼ਾਇਬਾਨਾ (ਗੈਰ ਹਾਜਰੀ ‘ਚ ਕੀਤਾ) ਤੁਆਰਫ ਜੋ ਅੰਗਰ ਸਾਹਿਬ ਨੇ ਵੇਲੇ ਵੇਲੇ ਮੇਰੇ ਨਾਲ ਕਰਾਇਆ। ਮਹਿਨਾਜ਼ ਦੀ ਕੋਈ ਕਹਾਣੀ ਸਾਡੇ ਪਰਚੇ ਵਿਚ ਨਹੀਂ ਸੀ ਛਪੀ। ਮੈਂ ਹੈਰਾਨ ਸਾਂ ਕਿ ਜਿਨ੍ਹਾਂ ਕਹਾਣੀਆਂ ਦੀ ਮੈਂ ਸੋਧੀ ਕਰਦਾ ਹਾਂ ਉਹ ਕਿਥੇ ਜਾਂਦੀਆਂ ਹਨ? ਅਸਗ਼ਰ ਸਾਹਿਬ ਨੇ ਹੀ ਮੈਨੂੰ ਦਸਿਆ ਕਿ ਇਹ ਕਹਾਣੀਆਂ ਜਮ੍ਹਾਂ ਹੋ ਰਹੀਆਂ ਹਨ। ਇਕ ਫਿਲਮੀ ਪਰਚੇ ਦੇ ਐਡੀਟਰ ਨੇ ਇਕ ਦੋ ਛਾਪੀਆਂ ਵੀ ਨੇ। ਨਾਲੇ ਮਹਿਨਾਜ਼ ਨਾਲ ਇਹ ਵਾਅਦਾ ਕੀਤਾ ਹੈ ਕਿ ਉਹਦੀਆਂ ਕਹਾਣੀਆਂ ਦਾ ਮਜਮੂਆ ਛਾਪੇਗਾ।
ਫੇਰ ਘਟ ਵਧ ਦਸ ਦਿਨ ਮਹਿਨਾਜ਼ ਸਾਡੇ ਦਫਤਰ ਨਾ ਆਈ। ਇਸ ਆਮ ਤੋਂ ਉਲਟ ਗੱਲ ਉਤੇ ਸਭ ਨੂੰ ਹੈਰਾਨੀ ਸੀ। ਉਨ੍ਹੀਂ ਦਿਨੀਂ ਮੈਂ ਵੀ ਦੋ ਦਿਨ ਦਫਤਰ ਨਾ ਜਾ ਸਕਿਆ। ਤੀਜੇ ਦਿਨ ਗਿਆ ਤੇ ਇਕ ਨਵੀਂ ਖਬਰ ਉਡੀਕਦੀ ਸੀ। ਅਸਗ਼ਰ ਨੇ ਦਸਿਆ ਕਿ ਮਹਿਨਾਜ਼ ਦੀ ਮਾਂ ਆਈ ਸੀ ਜੀਹਦੇ ਕੋਲੋਂ ਪਤਾ ਲਗਿਆ ਕਿ ਮਹਿਨਾਜ਼ ਲਗਭਗ ਇਕ ਹਫਤੇ ਤੋਂ ਘਰੋਂ ਗਾਇਬ ਹੈ। ਮੈਂ ਦੰਗ ਰਹਿ ਗਿਆ। “ਸਿਦੀਕੀ ਸਾਹਿਬ ਤਾਂ ਹੈ ਨਹੀਂ ਸਨ, ਮੈਨੂੰ ਆਖਣ ਲੱਗੀ ਕਿ ਥੁਆਡੇ ਜਿਹੇ ਐਡੀਟਰਾਂ ਨੇ ਉਹਨੂੰ ਵਿਗਾੜਿਆ ਹੈ,” ਅਸਗ਼ਰ ਸਾਹਿਬ ਨੇ ਮੈਨੂੰ ਦਸਿਆ।
“ਤੇ ਮੈਂ ਆਖਿਆ, ਮਾਫ ਕਰਨਾ ਅਸੀਂ ਨਹੀਂ ਵਿਗਾੜਿਆ, ਤੁਹਾਡਾ ਆਪਣਾ ਇਸ ਕੰਮ ਵਿਚ ਬਹੁਤ ਹੱਥ ਹੈ ਤਾਂ ਉਹ ਪੈਰ ਪਟਕਦੀ ਤੁਰ ਗਈ। ਜਾਂਦਿਆਂ ਪਤਾ ਜੇ ਕੀ ਕਹਿ ਗਈ!”
“ਕੀ?” ਹੈਰਾਨੀ ਨਾਲ ਮੇਰਾ ਮੂੰਹ ਅਜੇ ਤਕ ਖੁਲ੍ਹਾ ਸੀ।
“ਆਖਣ ਲੱਗੀ ਮੈਨੂੰ ਮਹਿਨਾਜ਼ ਦੀ ਪਰਵਾਹ ਨਹੀਂ, ਮੇਰੇ ਵਲੋਂ ਜਹੰਨਮ ਵਿਚ ਜਾਵੇ, ਪਰ ਉਹਨੂੰ ਇਹ ਕਹਿ ਦੇਣਾ ਕਿ ਹੁਣ ਉਹ ਹਰਾਮਜ਼ਾਦੀ ਘਰ ਦਾ ਰੁਖ ਨਾ ਕਰੇ।”
“ਕੀ ਵਾਕਈ?” ਗੱਲ ਮੇਰੇ ਇਤਬਾਰ ਤੋਂ ਉਚੀ ਸੀ।
“ਆਹੋ ਜੀ ਅਤੇ ਹੋਰ ਭਲਾ?”
ਮਾਂ ਦਾ ਇਹ ਰੁਖ ਮੇਰੇ ਲਈ ਬੜਾ ਓੁਪਰਾ ਸੀ। ਖੌਰੇ ਇਹ ਲੋਕ ਕਿਹੋ ਜਿਹੀ ਸੁਸਾਇਟੀ ਦੇ ਨੇ? ਧੀ ਘਰੋਂ ਭਜ ਗਈ ਏ ਤੇ ਮਾਂ ਕਹਿੰਦੀ ਏ ਮੈਨੂੰ ਪਰਵਾਹ ਨਹੀਂ-ਕੋਈ ਵਿਚਕਾਰਲੇ ਪਰਤ ਦਾ ਘਰ ਹੁੰਦਾ ਤਾਂ ਹੁਣ ਤਕ ਇਕ ਅਧਾ ਕਤਲ ਜ਼ਰੂਰ ਹੋ ਚੁਕਿਆ ਹੋਣਾ ਸੀ।
“ਸਿਦੀਕੀ ਸਾਹਿਬ ਦਫਤਰ ਆ ਰਹੇ ਨੇ?” ਮੈਂ ਅਚਨਚੇਤ ਪੁਛ ਬੈਠਾ।
“ਆਹੋ...ਮੈਂ ਸਮਝ ਗਿਆ ਹਾਂ ਪਰ ਥੁਆਡੀ ਸੋਚ ਉਕਾ ਗ਼ਲਤ ਹੈ। ਠਰਕ ਝਾੜ ਲੈਣ ਤਕ ਠੀਕ ਹੈ ਪਰ ਸਿਦੀਕੀ ਸਾਹਿਬ ਏਨੇ ਜੋਗੇ ਨਹੀਂ ਕਿ ਕੁੜੀ ਉਧਾਲ ਸਕਣ। ਸਿਦੀਕੀ ਨੂੰ ਤਾਂ ਉਹਦੀ ਬੀਵੀ ਈ...।”
“ਫੇਰ ਮਹਿਨਾਜ਼ ਕੰਵਲ ਕਿਥੇ ਗਈ?”
ਮੇਰਾ ਤਾਂ ਖਿਆਲ ਐ ਓਸੇ ਫਿਲਮੀ ਪਰਚੇ ਦੇ ਐਡੀਟਰ ਨਾਲ ਗਈ ਐ। ਉਹਨੇ ਸਬਜ਼ ਬਾਗ਼ ਦਿਖਾਏ ਹੋਣਗੇ। ਕਿਤਾਬ ਛਾਪ ਕੇ ਹਰ ਥਾਂ ਮਸ਼ਹੂਰ ਹੋ ਜਾਵਣ ਦਾ ਨਜ਼ਾਰਾ ਜਦੋਂ ਮਹਿਨਾਜ਼ ਦੇ ਸਾਹਮਣੇ ਆਇਆ ਹੋਵੇਗਾ ਤਾਂ ਉਹ ਐਡੀਟਰ ਦੇ ਨਾਲ ਜਹੰਨਮ ਤਕ ਵੀ ਜਾਣ ਨੂੰ ਤਿਆਰ ਹੋ ਗਈ ਹੋਵੇਗੀ।”
ਅਸਗ਼ਰ ਸਾਹਿਬ ਦੀ ਗੱਲ ਵਿਚ ਕਾਫੀ ਵਜ਼ਨ ਸੀ। ਮਹਿਨਾਜ਼ ਬਾਰੇ ਗੱਲਬਾਤ ਅਜੇ ਜਾਰੀ ਰਹਿੰਦੀ ਪਰ ਸਿਦੀਕੀ ਸਾਹਿਬ ਆ ਗਏ ਤੇ ਗੱਲ ਰੁਕ ਗਈ।
ਦੂਜੇ-ਤੀਜੇ ਦਿਹਾੜੇ ਦੀ ਗੱਲ ਏ। ਮੈਂ ਇਕ ਅੰਗਰੇਜ਼ੀ ਕਹਾਣੀ ਦਾ ਤਰਜ਼ਮਾ ਕਰ ਰਿਹਾ ਸਾਂ। ਅਸਗ਼ਰ ਸਾਹਿਬ ਕਿਸੇ ਮਸੌਦੇ ਵਿਚ ਰੁਝੇ ਹੋਏ ਸਨ। ਸਿਦੀਕੀ ਸਾਹਿਬ ਆਪਣੇ ਕੈਬਿਨ ਵਿਚ ਅਖਬਾਰ ਨਾਲ ਮਸ਼ਰੂਫ ਸਨ। ਦਫਤਰ ਦਾ ਹਰ ਬੰਦਾ ਆਪਣੇ ਕੰਮ ਵਿਚ ਲੱਗਾ ਹੋਇਆ ਸੀ ਕਿ ਦਰਵਾਜ਼ਾ ਜਿਵੇਂ ਕਿਸੇ ਚੋਰ ਨੇ ਪੋਲੇ ਜਿਹੇ ਖੋਲ੍ਹਿਆ। ਇਹ ਕੰਵਲ ਮਹਿਨਾਜ਼ ਸੀ। ਦਰਵਾਜ਼ਾ ਪੂਰਾ ਖੁਲ੍ਹ ਗਿਆ ਤੇ ਉਹ ਅੰਦਰ ਆ ਗਈ। ਮੈਂ ਦੇਖਿਆ ਕਿ ਉਹਦਾ ਰੰਗ ਹਲਦੀ ਵਾਂਗ ਪੀਲਾ ਸੀ। ਉਸ ਦਿਨ ਉਹ ‘ਸਲੇਮੇ’ ਆਖਣਾ ਵੀ ਭੁਲ ਗਈ ਤੇ ਕਿਸੇ ਵੀ ਪਾਸੇ ਦੇਖੇ ਬਿਨਾਂ ਸਿਧੀ ਸਿਦੀਕੀ ਸਾਹਿਬ ਦੇ ਕੈਬਿਨ ਵਿਚ ਜਾ ਵੜੀ।
ਮੈਂ ਕੰਮ ਛਡ ਕੇ ਅਸਗ਼ਰ ਸਾਹਿਬ ਵਲ ਵੇਖਿਆ। ਉਹ ਵੀ ਮਸੌਦਾ ਛਡ ਚੁਕੇ ਸਨ ਤੇ ਮਹਿਨਾਜ਼ ਕੈਬਿਨ ਦੇ ਅੰਦਰ ਸੀ।
“ਸਿਦੀਕੀ ਸਾਹਿਬ,” ਜਿਵੇਂ ਉਹਨੇ ਰੋ ਕੇ ਆਖਿਆ।
“ਕੰਵਲ ਕਿਉਂ ਖੈਰ ਏ? ਕੀ ਹੋਇਆ ਏ?” ਸਿਦੀਕੀ ਸਾਹਿਬ ਦੀ ਆਵਾਜ਼ ਆਈ।
“ਸਿਦੀਕੀ ਸਾਹਿਬ ਮੈਂ ਤਬਾਹ ਹੋ ਗਈ!”
ਸਿਦੀਕੀ ਸਾਹਿਬ ਦੀ ਕੋਈ ਆਵਾਜ਼ ਨਾ ਆਈ-ਖੌਰੇ ਉਨ੍ਹਾਂ ਨੂੰ ਸ਼ਾਕ ਲੱਗਾ ਸੀ, ਜਾਂ ਉਹ ਸੋਚੀਂ ਪੈ ਗਏ ਸਨ, ਕੁਝ ਪਤਾ ਨਹੀਂ।
“ਓਸ ਫਿਲਮੀ ਰਸਾਲੇ ਦੇ ਐਡੀਟਰ…।”
ਉਸ ਤੋਂ ਬਾਅਦ ਮਹਿਨਾਜ਼ ਦੀ ਆਵਾਜ਼ ਹੰਝੂਆਂ ਵਿਚ ਡੁਬ ਗਈ।
“ਮਹਿਨਾਜ਼, ਹੌਂਸਲਾ ਕਰ, ਪੂਰੀ ਗੱਲ ਤਾਂ ਦਸ,” ਸਿਦੀਕੀ ਸਾਹਿਬ ਨੇ ਬੜਾ ਸੋਚ ਕੇ ਪੁਛਿਆ।
“ਉਹ ਮੈਨੂੰ ਲੈ ਕੇ ਹੋਟਲ ਵਿਚ ਰਿਹਾ…ਕਹਿੰਦਾ ਸੀ ਤੇਰੇ ਨਾਲ ਨਿਕਾਹ ਕਰ ਲਵਾਂਗਾ ਪਰ ਮੈਨੂੰ ਛਡ ਕੇ ਟੁਰ ਆਇਆ-ਮੈਂ ਉਹਦੇ ਦਫਤਰ ਗਈ ਤਾਂ ਮੈਨੂੰ ਜਲੀਲ ਕਰਕੇ ਕਢ ਦਿਤਾ।”
“ਫੇਰ?”
“ਫੇਰ ਮੈਂ ਘਰ ਗਈ। ਮਾਂ ਮੈਨੂੰ ਮਾਰਨ ਨੂੰ ਪਈ...ਸਿਦੀਕੀ ਸਾਹਿਬ! ਹੁਣ ਤੁਸੀਂ ਹੀ ਮੇਰਾ ਆਖਰੀ ਸਹਾਰਾ ਹੋ। ਥੁਆਨੂੰ ਅਲ੍ਹਾ ਦਾ ਵਾਸਤਾ...।”
ਹਿਚਕੀਆਂ ਲੈ ਲੈ ਕੇ ਇਹ ਗੱਲਾਂ ਆਖ ਕੇ ਮਹਿਨਾਜ਼ ਨੇ ਸ਼ਾਇਦ ਸਿਦੀਕੀ ਸਾਹਿਬ ਦੇ ਗੋਡੇ ਫੜ ਲਏ ਸਨ ਜਾਂ ਪੈਰ...ਪਰ ਸਿਦੀਕੀ ਸਾਹਿਬ ਮੌਤ ਵਾਂਗੂ ਚੁਪ ਸਨ।
“ਸਿਦੀਕੀ ਸਾਹਿਬ! ਮੈਂ ਬੜੀ ਮਜਬੂਰ ਹਾਂ। ਖੁਦਾ ਦੇ ਵਾਸਤੇ ਮੇਰੇ ਹਾਲ ‘ਤੇ ਰਹਿਮ ਕਰੋ।”
“ਸਿਦੀਕੀ ਸਾਹਿਬ!” ਚੀਕ ਵਰਗੀ ਆਵਾਜ਼ ਸੀ, “ਤੁਸੀਂ ਬੋਲਦੇ ਕਿਉਂ ਨਹੀਂ?”
“ਮਹਿਨਾਜ਼, ਮੈਂ ਆਪ ਬੜਾ ਮਜਬੂਰ ਹਾਂ, ਕੀ ਕਰਾਂ?”
“ਮੈਨੂੰ ਬਚਾ ਲਵੋ।”
“ਮਹਿਨਾਜ਼, ਮੈਂ ਕੀ ਕਰ ਸਕਦਾ ਹਾਂ? ਮੇਰੇ ਦੋ ਬੱਚੇ ਨੇ, ਬੀਵੀ ਐ, ਥੁਆਨੂੰ ਕੌਣ ਕਬੂਲ ਕਰੇਗਾ? ਨਾ ਮੇਰੀ ਬੀਵੀ ਨਾ ਰਿਸ਼ਤੇਦਾਰ,” ਸਿਦੀਕੀ ਸਾਹਿਬ ਬੜੀ ਦੇਰ ਬਾਅਦ ਤੇ ਬੜੀ ਹੌਲੀ ਜਿਹੀ ਬੋਲੇ।
“ਸਿਦੀਕੀ ਸਾਹਿਬ, ਥੁਆਨੂੰ ਅਲ੍ਹਾ ਦਾ ਵਾਸਤਾ! ਮੈਂ ਬੜੀਆਂ ਉਮੀਦਾਂ ਲੈ ਕੇ ਥੁਆਡੇ ਕੋਲ ਆਈ ਸਾਂ...।”
“ਮਹਿਨਾਜ਼, ਨਾਮੁਮਕਿਨ ਜਿਹੀ ਗੱਲ ਹੈ। ਥੁਆਨੂੰ ਪਹਿਲਾਂ ਹੀ ਸੋਚ ਸਮਝ ਕੇ ਕਦਮ ਚੁਕਣਾ ਚਾਹੀਦਾ ਸੀ।”
ਕੈਬਿਨ ਦੇ ਬਾਹਰ ਅਸਗ਼ਰ ਸਾਹਿਬ, ਮੈਂ ਤੇ ਯੂਨਸ ਬੜੇ ਅਫਸੋਸ ਨਾਲ ਇਹ ਇਬਾਰਤ ਭਰਿਆ ਡਰਾਮਾ ਸੁਣ ਰਹੇ ਸਾਂ। ਮਹਿਨਾਜ਼ ਬੜੀ ਹੀ ਦੇਰ ਸਿਦੀਕੀ ਸਾਹਿਬ ਨੂੰ ਵਾਸਤੇ-ਤਰਲੇ ਪਾਉਂਦੀ ਰਹੀ ਪਰ ਸ਼ਾਇਦ ਉਹ ਵੀ ਮਜਬੂਰ ਸਨ ਤੇ ਅਖੀਰ ਉਹ ਰੋਂਦੀ ਧੋਂਦੀ ਕਿਸੇ ਅਨਜਾਣੀ ਮੰਜਿਲ ਨੂੰ ਜਾਣ ਲਈ ਬਾਹਰ ਨਿਕਲ ਗਈ।
ਕੁਝ ਦੇਰ ਬਾਅਦ ਸਿਦੀਕੀ ਸਾਹਿਬ ਕੈਬਿਨ ਵਿਚੋਂ ਬਾਹਰ ਨਿਕਲੇ। ਉਨ੍ਹਾਂ ਦਾ ਰੰਗ ਵੀ ਜ਼ਰਦ ਸੀ ਤੇ ਮੱਥੇ ਉਤੇ ਮੁੜਕੇ ਦੇ ਕਤਰੇ ਚਮਕ ਰਹੇ ਸਨ। ਕਿਸੇ ਨਾਲ ਨਜ਼ਰਾਂ ਮਿਲਾਏ ਬਗੈਰ ਉਹ ਚੁਪ-ਚੁਪੀਤੇ ਤੁਰ ਗਏ।
ਅਸੀਂ ਤਿੰਨੇ ਇਕ ਦੂਜੇ ਵਲ ਦੇਖਣ ਤੋਂ ਇੰਜ ਘਬਰਾ ਰਹੇ ਸਾਂ ਜਿਵੇਂ ਮਹਿਨਾਜ਼ ਦੀ ਬਰਬਾਦੀ ਦੇ ਜਿੰਮੇਵਾਰ ਅਸੀਂ ਹੀ ਸਾਂ। ਕਮਰੇ ਵਿਚ ਬੜੀ ਬੇਰਹਿਮ ਜਿਹੀ ਚੁਪ ਖਿਲਰ ਗਈ ਸੀ। ਇਸ ਚੁਪ ਨੂੰ ਚਿੜੀ ਦੇ ਇਕ ਬੋਟ ਨੇ ਮੇਜ਼ ਉਤੇ ਡਿਗ ਕੇ ਮੁਕਾਇਆ।
ਯੂਨਸ ਨੇ ਉਸੇ ਵੇਲੇ ਉਹਨੂੰ ਚੁਕਿਆ। ਉਹ ਅਜੇ ਜਿੰਦਾ ਸੀ। ਅਸੀਂ ਵੀ ਜਿਵੇਂ ਦੁਬਾਰਾ ਜਿੰਦਾ ਹੋ ਗਏ। ਯੂਨਸ ਥੋੜਾ ਜਿਹਾ ਪਾਣੀ ਲਿਆ ਕੇ ਉਹਨੂੰ ਪਿਆਉਣ ਲੱਗ ਪਿਆ ਪਰ ਉਹਨੇ ਨਾ ਪੀਤਾ। ਫੇਰ ਉਹਨੇ ਸਟੂਲ ਖਿਚਿਆ ਤੇ ਉਹਦੇ ਉਤੇ ਖਲੋ ਕੇ ਬੋਟ ਨੂੰ ਆਲ੍ਹਣੇ ਵਿਚ ਰਖਣ ਲੱਗਾ।
“ਰਹਿਣ ਦੇ ਯਾਰ! ਇਹਨੂੰ ਆਲ੍ਹਣੇ ਵਿਚ ਰੱਖਣ ਦਾ ਕੋਈ ਫਾਇਦਾ ਨਹੀਂ,” ਮੈਂ ਯੂਨਸ ਨੂੰ ਡਕ ਦਿਤਾ।
“ਪਰ ਜੀ ਥੱਲੇ ਇਹਨੂੰ ਕੀੜੀਆਂ ਨਹੀਂ ਛਡਣਗੀਆਂ, ਇਹ ਮਰ ਜਾਵੇਗਾ।”
“ਆਹੋ ਯੂਨਸ ਇਹਦਾ ਅੰਜਾਮ ਇਹੀ ਹੈ। ਚਿੜੀਆਂ ਦੇ ਸਮਾਜ ਦਾ ਕਾਨੂੰਨ ਐ ਕਿ ਕੋਈ ਬੋਟ ਆਲ੍ਹਣੇ ਵਿਚੋਂ ਡਿਗ ਪਵੇ ਤਾਂ ਉਹਨੂੰ ਉਹ ਵਾਪਿਸ ਆਲ੍ਹਣੇ ਵਿਚ ਨਹੀਂ ਕਬੂਲਦੀਆਂ,” ਮੈਂ ਜੁਆਬ ਦਿਤਾ।
ਯੂਨਸ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵਲ ਵੇਖਦਾ ਰਹਿ ਗਿਆ।

  • ਮੁੱਖ ਪੰਨਾ : ਜਮੀਲ ਅਹਿਮਦ ਪਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ