Aasha : Lu Xun

ਆਸ਼ਾ : ਲੂ ਸ਼ੁਨ

ਮੇਰਾ ਦਿਲ ਅਸਧਾਰਣ ਰੂਪ ਨਾਲ਼ ਇਕਾਂਗੀ ਹੈ।
ਪਰ ਮੇਰਾ ਦਿਲ ਬਹੁਤ ਸ਼ਾਂਤ ਹੈ, ਪ੍ਰੇਮ ਅਤੇ ਘ੍ਰਿਣਾ, ਅਨੰਦ ਅਤੇ ਉਦਾਸੀ, ਰੰਗ ਅਤੇ ਧੁਨੀ, ਸਭ ਤੋਂ ਸਿਫ਼ਰ।
ਸ਼ਾਇਦ ਮੈਂ ਬੁੱਢਾ ਹੋ ਰਿਹਾ ਹਾਂ। ਕੀ ਮੇਰੇ ਵਾਲ਼ ਚਿੱਟੇ ਨਹੀਂ ਹੋਣ ਲੱਗੇ ਹਨ? ਕੀ ਮੇਰੇ ਹੱਥ ਕੰਬਣ ਨਹੀਂ ਲੱਗੇ ਹਨ? ਤਦ ਤਾਂ ਮੇਰੀ ਆਤਮਾ ਦੇ ਹੱਥ ਵੀ ਕੰਬਣ ਲੱਗੇ ਹੋਣਗੇ। ਮੇਰੀ ਆਤਮਾ ਦੇ ਵਾਲ਼ ਵੀ ਚਿੱਟੇ ਹੋਣ ਲੱਗੇ ਹੋਣਗੇ।
ਪਰ ਅਜਿਹਾ ਤਾਂ ਕਈ ਸਾਲਾਂ ਤੋਂ ਹੈ।
ਉਸ ਤੋਂ ਪਹਿਲਾਂ ਇੱਕ ਸਮਾਂ ਸੀ ਜਦ ਮੇਰਾ ਦਿਲ ਰੱਤ-ਭਿੱਜੇ ਗੀਤਾਂ, ਲੋਹੇ ਅਤੇ ਖ਼ੂਨ, ਅੱਗ ਅਤੇ ਜ਼ਹਿਰ, ਪੁਨਰਜੀਵਨ ਅਤੇ ਬਦਲੇ ਨਾਲ਼ ਲਥਪਥ ਹੁੰਦਾ ਸੀ। ਫਿਰ ਅਚਾਨਕ ਮੇਰਾ ਦਿਲ ਖਾਲੀ ਹੋ ਗਿਆ, ਸਿਵਾਏ ਉਹਨਾਂ ਮੌਕਿਆਂ ਦੇ ਜਦ ਮੈਂ ਕਦੀ-ਕਦੀ ਇਹਨੂੰ ਜਾਣਬੁੱਝ ਕੇ ਨਿਰਅਧਾਰ, ਖੁਦ ਨੂੰ ਭਰਮਾ ਦੇਣ ਵਾਲ਼ੀ ਆਸ਼ਾ ਨਾਲ਼ ਭਰਦਾ ਸੀ। ਆਸ਼ਾ! ਆਸ਼ਾ — ਮੈਂ ਆਸ਼ਾ ਦੀ ਇਹ ਢਾਲ਼ ਚੁੱਕਦਾ ਸੀ ਤਾਂ ਕਿ ਖਾਲੀਪਨ ਵਿੱਚ ਹਨ੍ਹੇਰੀ ਰਾਤ ਦੇ ਹਮਲੇ ਤੋਂ ਬਚਾਅ ਕਰ ਸਕਾਂ ਭਾਵੇਂ ਇਸ ਢਾਲ਼ ਪਿੱਛੇ ਉਦੋਂ ਵੀ ਹਨੇਰੀ ਰਾਤ ਅਤੇ ਖਾਲੀਪਨ ਹੁੰਦਾ ਸੀ। ਪਰ ਫਿਰ ਵੀ, ਮੈਂ ਹੋਲ਼ੀ-ਹੋਲ਼ੀ ਆਪਣੀ ਜਵਾਨੀ ਬੇਕਾਰ ਕਰ ਦਿੱਤੀ।
ਨਿਸ਼ਚਿਤ ਹੀ, ਮੈਂ ਜਾਣਦਾ ਸੀ ਕਿ ਮੇਰੀ ਨੌਜਵਾਨੀ ਜਾ ਚੁੱਕੀ ਹੈ ਪਰ ਮੈਂ ਸੋਚਦਾ ਸੀ ਕਿ ਮੈਥੋਂ ਬਾਹਰ ਤਾਂ ਜਵਾਨੀ ਹਾਲ਼ੇ ਵੀ ਮੌਜੂਦ ਹੈ — ਤਾਰੇ ਅਤੇ ਚਾਨਣੀ, ਥੱਕ ਕੇ ਡਿੱਗੀਆਂ ਤਿਤਲੀਆਂ, ਹਨੇਰੇ ਵਿੱਚ ਧੂੜ, ਉੱਲੂਆਂ ਦੇ ਮਨਹੂਸ ਸ਼ਗਨ, ਬੁਲਬੁਲ ਦਾ ਰੱਤ-ਭਿੱਜਿਆ ਰੋਣ, ਧੁੰਧਲਾ ਹਾਸਾ, ਪ੍ਰੇਮ ਦਾ ਨਾਚ, ਭਾਵੇਂ ਸ਼ਾਇਦ ਇਹ ਉਦਾਸੀ ਅਤੇ ਨਿਸ਼ਚਿਤਤਾ ਭਰੀ ਜਵਾਨੀ ਹੋਵੇ ਪਰ ਫਿਰ ਵੀ ਇਹ ਜਵਾਨੀ ਹੀ ਹੈ।
ਪਰ ਹੁਣ ਇੰਨੀ ਇਕੱਲ ਕਿਉਂ ਹੈ? ਕੀ ਇਸ ਲਈ ਕਿਉਂਕਿ ਮੈਥੋਂ ਬਾਹਰ ਦੀ ਜਵਾਨੀ ਵੀ ਜਾ ਚੁੱਕੀ ਹੈ ਅਤੇ ਦੁਨੀਆਂ ਦੇ ਸਾਰੇ ਜਵਾਨ ਲੋਕ ਬੁੱਢੇ ਹੋ ਗਏ ਹਨ?
ਮੈਨੂੰ ਖਾਲੀਪਨ ਵਿੱਚ ਹਨੇਰੀ ਰਾਤ ਨਾਲ਼ ਇਕੱਲਿਆਂ ਹੀ ਜੂਝਣਾ ਹੈ। ਮੈਂ ਆਸ਼ਾ ਦੀ ਢਾਲ਼ ਰੱਖ ਦਿੱਤੀ ਜਦ ਮੈਂ ਸ਼ੈਂਡੋਰ ਪੇਤੌਫ਼ੀ (1823-49) ਦਾ ਆਸ਼ਾ ਦਾ ਗੀਤ ਸੁਣਿਆ

ਆਸ਼ਾ ਕੀ ਹੈ? ਇੱਕ ਵੇਸਵਾ!
ਸਭ ਨੂੰ ਲੁਭਾਉਂਦੀ ਹੈ, ਸਭ ਦੀ ਹੋ ਜਾਂਦੀ ਹੈ,
ਜਦ ਤੱਕ ਤੁਸੀਂ ਵਾਰ ਨਹੀਂ ਦਿੰਦੇ ਆਪਣਾ ਅਨਮੋਲ ਖ਼ਜ਼ਾਨਾ—
ਆਪਣੀ ਜਵਾਨੀ – ਫਿਰ ਉਹ ਤੁਹਾਨੂੰ ਛੱਡ ਜਾਂਦੀ ਹੈ।
ਹੰਗਰੀ ਦੇ ਇਸ ਮਹਾਨ ਕਵੀ ਅਤੇ ਦੇਸ਼ਭਗਤ ਨੂੰ ਆਪਣੀ ਮਾਤਭੂਮੀ ਲਈ ਕਜ਼ਾਕਾਂ ਨਾਲ਼ ਲੜਦੇ ਹੋਏ ਸ਼ਹੀਦ ਹੋਏ ਪੰਝੱਤਰ ਵਰ੍ਹੇ ਬੀਤ ਚੁੱਕੇ ਹਨ। ਉਹਦੀ ਮੌਤ ਦੁਖਦ ਹੈ, ਪਰ ਇਹ ਹੋਰ ਵੀ ਦੁਖਦ ਹੈ ਕਿ ਉਹਦੀ ਕਵਿਤਾ ਦੀ ਮੌਤ ਹਾਲ਼ੇ ਵੀ ਨਹੀਂ ਹੋਈ ਹੈ।
ਪਰ ਜੀਵਨ ਇੰਨੀ ਜ਼ਿੱਦੀ ਸ਼ੈਅ ਹੈ ਕਿ ਪੇਤੌਫ਼ੀ ਜਿਹੇ ਨਿਡਰ ਅਤੇ ਦ੍ਰਿੜ ਵਿਅਕਤੀ ਨੂੰ ਅੰਤ ਵਿੱਚ ਹਨੇਰੀ ਰਾਤ ਸਾਹਵੇਂ ਠਹਿਰਨਾ ਅਤੇ ਦੂਰ ਪੂਰਬ ਵੱਲ ਦੇਖਣਾ ਪਿਆ।
ਉਹਨੇ ਕਿਹਾ, ”ਨਿਰਾਸ਼ਾ ਵੀ ਆਸ਼ਾ ਵਾਂਗ ਬਸ ਇੱਕ ਮਿਥਕ ਭਾਵ ਹੈ।”
ਫਿਰ ਵੀ ਜੇਕਰ ਮੈਨੂੰ ਇਸ ਮਿਥਕ ਭਾਵ ਵਿੱਚ ਜੀਣਾ ਹੈ ਜੋ ਨਾ ਪ੍ਰਕਾਸ਼ ਹੈ ਨਾ ਹਨੇਰਾ ਤਾਂ ਮੈਂ ਉਦਾਸੀ ਅਤੇ ਅਨਿਸ਼ਚਿਤਤਾ ਭਰੀ ਇਹ ਜਵਾਨੀ ਪਾਉਣਾ ਚਾਹੂੰਗਾ ਜੋ ਮੈਨੂੰ ਛੱਡਕੇ ਜਾ ਚੁੱਕੀ ਹੈ ਪਰ ਮੈਥੋਂ ਬਾਹਰ ਮੌਜੂਦ ਹੈ ਕਿਉਂਕਿ ਜਿਵੇਂ ਹੀ ਮੈਥੋਂ ਬਾਹਰ ਦੀ ਜਵਾਨੀ ਵੀ ਗਾਇਬ ਹੋ ਜਾਵੇਗੀ, ਮੇਰੀ ਇਹ ਬੁੱਢੀ ਉਮਰ ਵੀ ਮੁਰਝਾ ਜਾਵੇਗੀ।
ਪਰ ਨਾ ਤਾਰੇ ਹਨ ਨਾ ਚਾਨਣੀ, ਨਾ ਥੱਕ ਕੇ ਡਿੱਗੀਆਂ ਤਿਤਲੀਆਂ, ਨਾ ਧੁੰਧਲਾ ਹਾਸਾ, ਨਾ ਪ੍ਰੇਮ ਦਾ ਨਾਚ। ਜਵਾਨ ਲੋਕ ਬਹੁਤ ਸ਼ਾਂਤੀ ਵਿੱਚ ਹਨ।
ਇਸ ਲਈ ਮੈਂ ਖਾਲੀਪਨ ਵਿੱਚ ਹਨੇਰੀ ਰਾਤ ਨਾਲ਼ ਇਕੱਲਿਆਂ ਹੀ ਜੂਝਣਾ ਹੈ। ਭਾਵੇਂ ਹੀ ਮੈਂ ਆਪਣੇ ਬਾਹਰ ਦੀ ਜਵਾਨੀ ਨੂੰ ਨਾ ਪਾ ਸਕਾਂ, ਘੱਟੋ-ਘੱਟ ਮੈਂ ਆਪਣੇ ਬੁਢਾਪੇ ਵਿੱਚ ਜਵਾਨੀ ਦੀ ਇੱਕ ਆਖ਼ਰੀ ਝੋਂਕ ਤਾਂ ਲਿਆ ਹੀ ਸਕਦਾ ਹਾਂ ਪਰ ਕਿੱਥੇ ਹੈ ਹਨੇਰੀ ਰਾਤ? ਹੁਣ ਨਾ ਤਾਂ ਤਾਰੇ ਹਨ ਨਾ ਚਾਨਣੀ, ਨਾ ਧੁੰਧਲਾ ਹਾਸਾ, ਨਾ ਪ੍ਰੇਮ ਦਾ ਨਾਚ।
ਜਵਾਨ ਲੋਕ ਬਹੁਤ ਸ਼ਾਤੀ ਵਿੱਚ ਹਨ ਅਤੇ ਮੇਰੇ ਸਾਹਵੇਂ ਅਸਲੀ ਹਨੇਰੀ ਰਾਤ ਵੀ ਨਹੀਂ ਹੈ।
ਨਿਰਾਸ਼ਾ ਵੀ ਆਸ਼ਾ ਦੀ ਤਰ੍ਹਾਂ ਬਸ ਇੱਕ ਮਿਥਕ ਭਾਵ ਹੈ।
(ਨਵਾਂ ਸਾਲ ਦਿਵਸ, 1925)

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ