Addhi Aurat Addha Supna : Ismat Chughtai

ਅੱਧੀ ਔਰਤ ਅੱਧਾ ਸੁਪਨਾ : ਇਸਮਤ ਚੁਗ਼ਤਾਈ

ਔਰਤ--ਔਰਤ--ਔਰਤ--ਬੁਰੀ, ਚੰਗੀ, ਬੇ-ਵਫ਼ਾ, ਬਾ-ਵਫ਼ਾ, ਐਸੀ ਵੈਸੀ ਅਤੇ ਖ਼ੁਦਾ ਜਾਣੇ ਕੈਸੀ ਕੈਸੀ। ਹਰ ਦੇਸ਼, ਹਰ ਜ਼ਮਾਨੇ ਵਿਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ। ਕੋਈ ਸਾਹਿਬ ਇਸਦੇ ਹੁਸਨ ਤੇ ਜ਼ੋਰ ਦੇ ਰਹੇ ਹਨ ਅਤੇ ਕੋਈ ਇਸ ਦੀ ਪਾਰਸਾਈ ਅਤੇ ਨੇਕ-ਸੀਰਤੀ ਉਤੇ ਖ਼ੁਸ਼ ਹਨ। ਇੱਕ ਸਾਹਿਬ ਦਾ ਖ਼ਿਆਲ ਹੈ ਕਿ 'ਖ਼ੁਦਾ ਦੇ ਬਾਅਦ' ਔਰਤ ਦੀ ਪਦਵੀ ਹੈ। ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਨਾਉਣ 'ਤੇ ਤੁਲੇ ਹੋਏ ਹਨ।
ਇਕ ਸਾਹਿਬ ਫੁਰਮਾਉਂਦੇ ਨੇ 'ਇਕ ਧੋਖੇਬਾਜ਼ ਮਰਦ ਨਾਲੋਂ ਇਕ ਧੋਖੇਬਾਜ਼ ਔਰਤ ਜ਼ਿਆਦਾ ਖ਼ਤਰਨਾਰਕ ਹੁੰਦੀ ਹੈ।' ਜਿਵੇਂ ਕਿ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ। ਕਿੰਨੀ ਸ਼ਾਨਦਾਰ ਗੱਲ ਕਹੀ ਹੈ ਕਿ ਝੂਮ ਉਠੱਣ ਨੂੰ ਜੀਅ ਕਰਦਾ ਹੈ ਅਤੇ ਜੇਕਰ ਮੈਂ ਆਪੂੰ ਔਰਤ ਨਾ ਹੁੰਦੀ ਅਤੇ ਇਹਨਾਂ ਬਿਆਨਾਂ ਨੇ ਮੈਨੂੰ ਬੌਖਲਾ ਨਾ ਦਿੱਤਾ ਹੁੰਦਾ ਤਾਂ ਕਹਿਣ ਵਾਲੇ ਦਾ ਮੂੰਹ ਚੁੰਮ ਲੈਂਦੀ। ਮੁਸੀਬਤ ਤਾਂ ਇਹ ਹੈ ਕਿ ਇਨ੍ਹਾਂ 'ਨਾਮਾਅਕੂਲ' ਬਿਆਨਾਂ ਨੇ 'ਸਿਟੀ' ਹੀ ਗੁੰਮ ਕੀਤੀ ਹੋਈ ਏ।
ਅਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿੰਨਾਂ ਮਰਦਾਂ ਨੇ ਔਰਤਾਂ ਨੂੰ ਸਮਝਣ ਦਾ ਦਅਵਾ ਕੀਤਾ ਹੈ ਉਨਾਂ ਔਰਤਾਂ ਨੇ ਮਰਦਾਂ ਦੇ ਸਬੰਧ ਵਿਚ ਕਦੇ ਕੋਈ ਬਿਆਨ ਆਪਣੀ ਅਕਲ ਨਾਲ ਨਹੀ ਬਣਾਇਆ।
ਮਰਦਾਂ ਨੇ ਕਿਹਾ: 'ਮਰਦ ਜ਼ਾਲਮ ਹੁੰਦਾ ਹੈ।' ਉਹ ਚੁੱਪ-ਚਾਪ ਜ਼ੁਲਮ ਸਹਿਣ ਲੱਗੀਆਂ।
ਮਰਦਾਂ ਨੇ ਆਖਿਆ:'ਔਰਤ ਡਰਪੋਕ ਹੁੰਦੀ ਹੈ।' ਉਹ ਚੂਹੀਆਂ ਤੋਂ ਵੀ ਡਰਨ ਲੱਗੀਆਂ।
ਫਿਰ ਫੁਰਮਾਇਆ-'ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ ਬਸ ਝੱਟ ਹੀ ਜਾਨ 'ਤੇ ਖੇਡ ਗਈਆਂ।'
ਮਾਂ ਦੀ ਮਮਤਾ ਦਾ ਸਾਰੀ ਦੁਨੀਆ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ। ਔਰਤ ਦੀ ਇਜ਼ਤ ਲੁੱਟ ਸਕਦੀ ਹੈ। ਮਰਦ ਦੀ ਨਹੀਂ ਲੁੱਟਦੀ। ਸ਼ਾਇਦ ਮਰਦ ਦੀ ਇਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ-ਖਸੁੱਟੀ ਜਾ ਸਕੇ। ਔਰਤ ਦੇ ਹਰਾਮੀ-ਹਲਾਲ ਬੱਚਾ ਹੁੰਦਾ ਹੈ। ਮਰਦ ਦੇ ਕੁਝ ਵੀ ਨਹੀਂ ਹੁੰਦਾ।
ਸਦੀਆਂ ਤੋਂ ਔਰਤ ਦੇ ਸਿਰ ਅਜਿਹੇ ਊਟ-ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸਨੂੰ ਬੁਖ਼ਲਾਉਣ ਦੀ ਕੋਸ਼ਿਸ਼ ਕਰਦੇ ਆਏ ਹਨ। ਜਾਂ ਤਾਂ ਉਹ ਇਸਨੂੰ ਅਸਮਾਨ 'ਤੇ ਚੜ੍ਹਾ ਦਿੰਦੇ ਹਨ ਜਾਂ ਚਿੱਕੜ ਵਿੱਚ ਪਟਕ ਦਿੰਦੇ ਨੇ। ਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗਦਾ ਹੈ। ਇਸਨੂੰ ਦੈਵੀ ਅਤੇ ਅਸਮਾਨੀ ਮਖ਼ਲੂਕ ਬਣਾ ਦੇਣਗੇ ਪਰ ਦੋਸਤ ਅਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ।
ਸਮਝ ਵਿਚ ਨਹੀ ਆਉਂਦਾ ਕਿ ਇਹ ਘਟੀਆਪਨ ਦਾ ਅਹਿਸਾਸ ਹੈ ਜਾਂ ਗ਼ਲਤ-ਫ਼ਹਿਮੀ। ਆਖ਼ਿਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ। ਉਹ ਵੀ ਤਾਂ ਇਨਸਾਨ ਹੁੰਦੀਆਂ ਹਨ। ਉਸਨੂੰ ਬਰਾਬਰ ਬੈਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈ। ਕੀ ਮਰਦ ਇੱਕ ਪੱਲ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਹਨ। ਸਭ ਜਾਣਦੇ ਹਨ ਕਿ ਔਰਤ, ਮਾਂ, ਧੀ, ਪਤਨੀ ਅਤੇ ਭੈਣ ਹੀ ਬਣ ਸਕਦੀ ਹੈ। ਪਿਤਾ, ਪੁੱਤਰ, ਪਤੀ ਅਤੇ ਭਰਾ ਨਹੀਂ ਬਣ ਸਕਦੀ। ਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਹੀ ਪੈਦਾ ਹੋਈ ਹੈ। ਕੀ ਔਰਤ ਨੂੰ ਇੰਨਾਂ ਵੀ ਪਤਾ ਨਹੀਂ ਕਿ ਉਹ ਔਰਤ ਹੈ ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਹੈ?
ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਨਣਾ ਲੋਹੇ ਦੇ ਚਣੇ ਚਬਾਉਣਾ ਹੈ। ਇਸ ਲਈ ਔਰਤ ਦੇ ਦਿਮਾਗ਼ ਵਿਚ ਠੋਕੀ ਜਾਂਦੇ ਹਨ ਕਿ ਉਹ ਬਣੀ ਹੀ ਇਸੇ ਕਾਰਜ ਲਈ ਹੈ। ਉਸਨੂੰ ਇਸਤੇ ਫਖ਼ਰ ਕਰਨਾ ਚਾਹੀਦਾ ਹੈ ਕਿ ਇਹ ਮਜ਼ੇ ਦੀ ਪਦਵੀ ਹੈ। ਇਹਨਾਂ ਨੂੰ ਕੋਈ ਸਮਝਾਏ ਕਿ ਕਿਸ ਕੰਬਖਤ ਔਰਤ ਨੇ ਕਦੇ ਇਸ ਤੋਂ ਇੰਨਕਾਰ ਕੀਤਾ ਹੈ। ਕੌਣ ਕਹਿ ਰਿਹਾ ਹੈ ਮਰਦਾਂ ਨੂੰ ਕਿ ਆਉ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਅਤੇ ਉਹਨਾਂ ਨੂੰ ਦੁੱਧ ਪਿਲਾਉ। ਫਿਰ ਭਲਾ ਬਾਰ ਬਾਰ ਇੰਝ ਜਤਾਉਣ ਦੀ ਕੀ ਲੋੜ ਪੈ ਰਹੀ ਹੈ?
ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸਦੀਆਂ ਚੂੜੀਆਂ ਭੰਨ ਦਿੰਦੇ ਹਨ। ਮਰਦ ਦੀ ਘੜੀ, ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ। ਵਿਧਵਾ ਪਹਿਰਾਵੇ ਵਿਚ ਵੀ ਤਬਦੀਲੀ ਕਰਨ ਲਈ ਮਜ਼ਬੂਰ ਹੁੰਦੀ ਹੈ। ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਵਿਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣ। ਮਰਦ ਉਹੀ ਸੂਟ-ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈ। ਕਿਹੋ ਜਿਹੀ ਬੇ-ਰਹਿਮੀ ਹੈ ਕਿ ਵਿਖਾਵੇ ਲਈ ਵੀ ਸੋਗ ਨਹੀਂ ਮਨਾਉਂਦਾ। ਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਹੈ। ਬਹੁਤ ਸਾਰੀਆਂ ਔਰਤਾਂ ਅਤੇ ਮਰਦਾਂ ਨੂੰ ਨਹੀਂ ਹੁੰਦਾ। ਪਰ ਇਸਤਰੀਆਂ ਨੂੰ ਢੋਂਗ ਰਚਾਉਣਾ ਪੈਂਦਾ ਹੈ।
ਇਕ ਸਾਹਿਬ ਫੁਰਮਾਉਂਦੇ ਨੇ ਕਿ 'ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆਂ ਇਸਤੋਂ ਨਾ-ਵਾਕਫ਼ ਹੀ ਰਹੇ। ਪਤੀ ਦੀ ਮੁਹੱਬਤ ਇਸਦਾ ਬਹੁ-ਮੁੱਲਾ ਖ਼ਜ਼ਾਨਾ ਹੁੰਦਾ ਹੈ ਅਤੇ ਇਸਦਾ ਛੋਟਾ ਜਿਹਾ ਪਰਵਾਰ ਇਸਦਾ ਸੰਸਾਰ।
ਕਿਉਂ ਸਾਹਿਬ! ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਉਹ ਤੁਹਾਡੇ ਹਿੱਸੇ ਦੀ ਇਜ਼ੱਤ ਤਾਂ ਨਹੀਂ ਖੋਹੰਦੀ। ਅੱਲ੍ਹਾ ਦੀ ਦੇਣ ਹੈ। ਇਸ ਵਿਚ ਤੁਹਾਨੂੰ ਕਿਉਂ ਤਕਲੀਫ਼ ਹੁੰਦੀ ਹੈ? ਕਿਹੋ ਜਿਹਾ ਕਮੀਨਾਪਨ ਹੈ। ਇਸਤਰੀ ਹੋਵੇ ਜਾਂ ਮਰਦ, ਜੇਕਰ ਦੁਨੀਆ ਵਿਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾ। ਮਰਦ ਦੀ ਸ਼ੋਹਰਤ ਨਾਲ ਜੇਕਰ ਮਰਦ ਦੀ ਇਜ਼ਤ ਨਹੀਂ ਘੱਟਦੀ ਤਾਂ ਔਰਤ ਦੀ ਸ਼ੋਹਰਤ ਨਾਲ ਕਿਉਂ ਇਸਦੀ ਵਡਿਆਈ ਨੂੰ ਘੁੱਣ ਲੱਗ ਜਾਵੇਗਾ।
ਪਤਨੀ ਜਾਹਿਲ-ਉਜੱਡ ਹੋਵੇ ਤਾਂ ਕੋਈ ਦੁਸ਼ਵਾਰੀ ਨਹੀਂ। ਪਤੀ, ਪਤਨੀ ਤੋਂ ਘੱਟ ਪੜ੍ਹਿਆ-ਲਿਖਿਆ ਹੋਵੇ ਤਾਂ ਬਸ ਹਨੇਰ ਹੀ ਆ ਜਾਵੇਗਾ। ਕਿਉਂ ਜੋ ਕਿਸੇ ਵੱਡੇ ਦੇ ਆਖੇ ਨੂੰ ਸੱਟ ਲਗ ਜਾਂਦੀ ਹੈ। ਡਾਕਟਰ ਨਾਇਡੋ ਨੂੰ ਜਦੋਂ 'ਮਿਸੇਜ਼ ਸਰੋਜਨੀ ਨਾਇਡੋ ਦੇ ਪਤੀ' ਆਖਿਆ ਜਾਂਦਾ ਸੀ ਤਾਂ ਬਹੁਤ ਸ਼ਰਮਿੰਦਾ ਹੋ ਜਾਂਦੇ ਸਨ। ਦੁਨੀਆਂ ਵਿਚ ਕਰੋੜਾਂ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜ਼ੇ ਨਾਲ ਰਹਿੰਦੀਆਂ ਹਨ। ਇਹਨਾਂ ਨੂੰ ਘਟੀਆਪਨ ਦਾ ਅਹਿਸਾਸ ਨਹੀਂ ਹੁੰਦਾ। ਮਰਦ ਦੇ ਕੰਨ ਵਿਚ ਪੈਦਾ ਹੁੰਦਿਆਂ ਹੀ ਫ਼ੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ-ਉਤੱਮ ਹੈ ਅਤੇ ਉਸਦ ਭੋਲਾਪਨ ਵੇਖੋ ਕਿ ਉਹ ਸੱਚ-ਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਨਾਲੋਂ ਵੀ ਉੱਚਾ ਹੈ। ਸਿਰਫ਼ ਇਸ ਲਈ ਕਿ ਉਹ ਮਰਦ ਹੈ। ਫਿਰ ਜਦੋਂ ਇਸਨੂੰ ਆਪਣੇ ਤੋਂ ਵੱਧ ਪੜ੍ਹੀ-ਲਿਖੀ ਅਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਹ ਉਸ ਨੂੰ ਨਫ਼ਰਤ ਕਰਦਾ ਹੈ। ਕਿਉਂਕਿ ਉਹ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ। ਕੀ ਮੇਰਾ ਰਸੋਈਆ ਕੇਵਲ ਇਸ ਲਈ ਮੈਡਮ ਕਿਊਰੀ ਤੋਂ ਉਤੱਮ ਹੋ ਸਕਦਾ ਹੈ ਕਿ ਉਹ ਮਰਦ ਦੀ ਨਸਲ ਤੋਂ ਹੈ ਜਿਸਨੂੰ ਆਮ ਤੌਰ ਤੇ ਔਰਤ ਤੋਂ ਉਤੱਮ ਸਮਝਿਆ ਗਿਆ ਹੈ? ਪਰ ਜੇਕਰ ਯਕੀਨ ਨਾ ਆਵੇ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾ। ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ!
ਇੱਕ ਹੋਰ ਸਾਹਿਬ ਫੁਰਮਾਉਂਦੇ ਹਨ: 'ਜੇਕਰ ਇਸਤਰੀ ਦੇ ਦਿੱਲ ਨੂੰ ਚੀਰਿਆ ਜਾਵੇ ਤਾਂ ਇਸ ਵਿਚ ਸਬਰ-ਸਬੂਰੀ, ਬਰਦਾਸ਼ਤ, ਲੁਕਵੀਆਂ ਕੁਰਬਾਨੀਆਂ ਕਰਨ ਦਾ ਮਾਦਾ ਅਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ।'
ਬਈ ਹੱਦ ਹੈ। ਮੈਂ ਇਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਹਨ: 'ਸਭ ਬਕਵਾਸ ਹੈ। ਔਰਤ ਤੇ ਮਰਦ ਦੇ ਦਿੱਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ ਅਤੇ ਇਸ ਵਿੱਚੋਂ ਕੋਈ 'ਅਵਾ-ਤਵਾ' ਚੀਜ਼ਾਂ ਨਹੀਂ ਨਿਕਲਦੀਆਂ।' ਲਉ ਸੁਣੋ, ਉਹੀ ਡਾਕਟਰ ਸਾਹਿਬ ਕਹਿੰਦੇ ਨੇ--ਔਰਤ ਮਰਦ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ। ਇਹ ਤਾਂ ਤਰਬੀਅਤ ਉਤੇ ਆਧਾਰਿਤ ਹੈ। ਵਿੱਦਿਆ ਅਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉਤੇ ਇੱਕੋ ਜਿਹਾ ਅਸਰ ਕਰਦੀ ਹੈ।
ਇਕ ਹੋਰ ਸਾਹਿਬ ਫੁਰਮਾਉਂਦੇ ਹਨ: 'ਜਦੋਂ ਬੱਚਾ ਪਹਿਲੀ ਬਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਹੈ ਤਾਂ ਉਹ ਆਨੰਦ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ।'
ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫੁਰਮਾਉਣ ਵਾਲਾ ਸਾਹਿਬ 'ਮਰਦ' ਹੈ। ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ-ਸੁਣਾਇਆ ਹੋਇਆ ਹੈ। ਪੂਰੇ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖ਼ੁੱਦ ਕਦੇ ਵੀ ਕਿਸੇ ਬੱਚੇ ਨੂੰ (ਆਪਣੀ ਛਾਤੀ ਤੋਂ) ਦੁੱਧ ਨਹੀਂ ਪਿਲਾਇਆ। ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਬਾਰ ਦੁੱਧ ਪੀਂਦਾ ਹੈ ਤਾਂ ਮਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ। ਮਾਂ, ਜਿਹੜੀ 'ਲਾਲ' ਹੋ ਕੇ ਕੰਬ ਰਹੀ ਹੋਵੇਗੀ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੋਵੇਗੀ। ਦਰਦ ਕਾਰਨ ਰੰਗ ਬਦਲ ਗਿਆ ਹੋਵੇਗਾ।
ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿ ਮਰਦ ਖ਼ਾਹ-ਮਖ਼ਾਹ ਉਲਟੇ-ਸਿੱਧੇ ਬਿਆਨ ਠੋਕਦੇ ਰਹਿੰਦੇ ਹਨ। ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤਾਂ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ। ਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਲੱਗ ਪਈਆਂ ਹਨ। ਹੁਣ ਅਜਿਹੇ ਘਿਸੇ-ਪਿਟੇ ਵਾਕਾਂ ਨਾਲ ਧੋਖੇ ਵਿਚ ਨਹੀਂ ਆਉਣਗੀਆਂ। ਸਿੱਧੀ-ਸਾਦੀ ਅਕਲ ਦੀ ਗੱਲ ਕਰੋ। ਔਰਤਾਂ ਨੂੰ ਔਰਤਾਂ ਨਾਲੋਂ ਜ਼ਿਆਦਾ ਸਮਝਣ ਦਾ ਦਾਅਵਾ ਨਾ ਕਰੋ ਤਾਂ ਠੀਕ ਰਹੇਗਾ। ਮੁਫ਼ਤ ਵਿਚ ਤੁਹਾਡਾ ਪੋਲ ਖੁਲ੍ਹ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਵਿਚ ਪੈ ਕੇ ਸਮਾਂ ਬਰਬਾਦ ਕਰਨ ਦੀ ਵੇਹਲ ਤੁਹਾਨੂੰ ਕਿੱਥੋਂ ਮਿਲ ਗਈ। ਰੰਗ, ਨਸਲ ਅਤੇ ਇਸਤਰੀ-ਮਰਦ ਦਾ ਭਿੰਨ-ਭੇਦ ਬੜੀ ਤੇਜ਼ੀ ਨਾਲ ਮਿੱਟ ਰਿਹਾ ਹੈ। ਸਨਅੱਤ ਅਤੇ ਵਿੱਦਿਆ ਦੇ ਖੇਤਰ ਵਿੱਚ ਸੰਸਾਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ। ਹਰ ਖੇਤਰ ਵਿਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਹੈ।
ਪੱਛਮੀ ਇਸਤਰੀਆਂ, ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ-ਸੁੰਦਿਆਂ, ਰੋਜੀ ਕਮਾਉਣ ਲਈ ਮਜ਼ਬੂਰ ਹਨ। ਇਸ ਲਈ ਖਾਨਾਦਾਰੀ ਦੇ ਕੰਮਾਂ ਵਿਚ ਅਤੇ ਬੱਚਿਆਂ ਦੀ ਪਾਲਣਾ ਕਰਨ ਵਿਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ। ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ। ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਉਂਦਾ ਹੈ। ਦੋਵੇਂ ਮਿਲ ਕੇ ਨਾਸ਼ਤਾ ਅਤੇ ਭੋਜਨ ਬਣਾਉਂਦੇ ਹਨ। ਬੱਚਿਆਂ ਨੂੰ ਤਿਆਰ ਕਰਦੇ ਹਨ । ਫਿਰ ਆਪੂੰ ਕੰਮ ਤੇ ਜਾਂਦੇ ਹਨ। ਜਿਹੜੀ ਇਸਤਰੀ ਕੰਮ ਤੇ ਨਹੀਂ ਜਾਂਦੀ, ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ। ਧੁਲਾਈ ਕਰਦੀ ਹੈ, ਕਪੜੇ ਇੱਸਤਰੀ ਕਰਦੀ ਹੈ ਅਤੇ ਘਰ ਲਈ ਸੌਦਾ ਖਰੀਦ ਲਿਆਉਂਦੀ ਹੈ। ਸਮਾਂ ਬੱਚ ਜਾਂਦਾ ਹੈ ਇਸ ਲਈ 'ਪਾਰਟ-ਟਾਈਮ' ਕੰਮ ਵੀ ਕਰਦੀ ਹੈ। ਇਸ ਦੇ ਬਾਵਜ਼ੂਦ ਇਹ ਹਾਲ ਹੈ ਕਿ ਮੁਸ਼ਕਲ ਨਾਲ ਪੂਰੀ ਪੈਂਦੀ ਹੈ।
ਪਰ ਸਾਡੇ ਇੱਥੋਂ (ਭਾਰਤ) ਦੇ ਮਰਦ, ਲੰਬੇ-ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹਕ ਰਹੇ ਹਨ। ਚਾਹੇ ਜਿੰਨੀ ਮਰਜ਼ੀ ਤੰਗੀ-ਤੁਰਸ਼ੀ ਹੋਵੇ, ਪਤਨੀ ਘਰ ਦੀ 'ਜ਼ੀਨਤ' ਬਣੀ ਬੈਠੀ ਰਹੇ। ਪਤੀ ਚਰਖ਼ਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ। ਪਤਨੀ, ਇਸਤਰੀ-ਪਨ ਦਾ ਪਟਾਰਾ ਸੰਭਾਲੀ ਬੈਠੀ ਰਹੇ। ਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ 'ਤੇ ਸ਼ਰਮਿੰਦਾ ਹੋਣਾ ਪਵੇ। ਬਾਣੀਆ ਕਰਜ਼ ਮੰਗ ਮੰਗ ਕੇ ਭਾਵੇਂ ਪਤੀ ਦੀ 'ਬੋਲਦੀ' ਬੰਦ ਕਰਾ ਦੇਵੇ ਪਰ ਕਿਉਂਕਿ ਕੋਈ ਵੱਡੇ 'ਮੀਆਂ' ਕਹਿ ਮਰੇ ਹਨ ਕਿ: 'ਔਰਤ ਦੀ ਦੁਨੀਆਂ ਇਸਦਾ ਘਰ ਹੈ' ਤਾਂ ਬਸ ਔਰਤਾਂ ਲਕੀਰ ਦਾ ਫ਼ਕੀਰ ਬਣ ਕੇ 'ਘਰ ਦਾ, ਘਰ ਦਾ' ਕਰਦੀਆਂ ਰਹਿਣਗੀਆਂ।
ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਅਤੇ ਨੇਕੀ ਬਾਰੇ ਕਹੇ ਗਏ ਹਨ।
ਫੁਰਮਾਉਂਦੇ ਹਨ ਕਿ 'ਔਰਤ ਨੂੰ ਕੁੱਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਕੇਵਲ ਇੱਕ ਨੂੰ ਹੀ ਪਿਆਰ ਕਰਦੀ ਹੈ ਅਤੇ ਉਸੇ ਉਤੇ ਕੁਰਬਾਨ ਹੋ ਜਾਂਦੀ ਹੈ।'
ਅਤੇ ਮਰਦ!
'ਮਰਦ ਦੀ ਖ਼ਸਲਤ ਵਿਚ 'ਅਨੇਕਤਾ' ਹੈ। ਉਹ ਹਰ ਵੇਲੇ ਨਵੀਂ ਔਰਤ ਵਲ ਖਿੱਚਿਆ ਜਾਂਦਾ ਹੈ।'
ਕਿਉਂ ਸ੍ਰੀਮਾਨ ਜੀ ਇਹ ਖ਼ਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ 'ਰੰਡੀ-ਬਾਜ਼ੀ' ਕਰੋ ਅਤੇ ਪਤਨੀ ਦੇ ਪੈਰਾਂ ਵਿਚ ਇਸ ਦੀਆਂ ਬੇੜੀਆਂ ਪਾ ਦਿਉ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ, ਗਵਾਂਢੀ ਨਾਲ ਦੀਦੇ ਨਾ ਲੜਾਉਣ ਲੱਗੇ ਅਤੇ ਇਸ ਤਰਾਂ 'ਇਸਤਰੀਤਵ' ਨਾ ਗੰਵਾ ਬੈਠੇ। ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜ਼ਸ਼ ਵਿਚ ਘਸੀਟ ਲਿਆਏ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ, ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਹਨ। ਇਹ ਇਹਨਾਂ ਦੀ ਖ਼ਸਲਤ ਹੈ। ਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸ ਨੇ ਆਖਿਆ ਕਿ ਔਰਤ ਕੇਵਲ ਇੱਕ ਬਾਰ ਹੀ ਪਿਆਰ ਕਰਦੀ ਹੈ?
ਇਹ ਸਭ ਢਕੌਂਸਲੇ ਦੀਆਂ ਗੱਲਾਂ ਹਨ। ਜ਼ਮਾਨਾ ਬਦਲ ਰਿਹਾ ਹੈ ਅਤੇ ਅਜਿਹੇ ਬਿਆਨਾਂ ਦੇ ਰੋਕਿਆਂ, ਰੁਕਣ ਵਾਲਾ ਨਹੀਂ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ ਭਾਵੇਂ ਅਸੀਂ ਜਿਨਾਂ ਵੀ ਮਾਤਮ ਕਰੀਏ, ਸਿਰ ਪਿੱਟੀਏ, ਹਾਲਤਾਂ, ਇਸਤਰੀ ਨੂੰ ਘਰਾਂ ਵਿਚ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੀਆਂ। ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਮਜ਼ਬੂਰੀ-ਵਸ ਅਸੀਂ ਆਪਣੀ ਭੈਣ, ਧੀ, ਮਾਂ ਅਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਲਈ ਭੇਜਣ ਵਾਸਤੇ ਮਜ਼ਬੂਰ ਹੋ ਜਾਵਾਂਗੇ ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ। ਕੀ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਲਈ ਹਰ ਵੇਲੇ 'ਨਾਰੀ' ਹੋਣ ਦੇ ਅਹਿਸਾਸ ਵਿਚ ਹੀ ਗ਼ਰਕ ਰਹਿਣ ਦਾ ਪਾਠ (ਸਬਕ) ਪੜ੍ਹਾਈਏ। ਜਾਂ ਇਹ ਸਮਝਾਈਏ ਕਿ ਜਦੋਂ ਕੰਮ ਤੇ ਜਾਉ ਤਾਂ ਆਪਣੀ ਨਸਵਾਨੀਅਤ, ਨਾਰੀ-ਕੋਮਲਤਾ ਅਤੇ ਨਾਜ਼-ਨਖ਼ਰੇ, ਨਾਲ ਨਾ ਲੈ ਕੇ ਜਾਉ। ਉਥੇ 'ਔਰਤ' ਹੋਣ ਦੇ ਬਲ ਬੂਤੇ ਤੇ ਨਹੀਂ ਸਗੋਂ ਆਪਣੀ ਮਿਹਨਤ ਨਾਲ ਕੰਮ ਕਰੋ।
ਪੱਛਮੀ ਔਰਤਾਂ ਮਰਦਾਂ ਦੇ 'ਮੋਢੇ ਨਾਲ ਮੋਢਾ' ਲਾ ਕੇ ਬਰਾਬਰ ਕੰਮ ਕਰਦੀਆਂ ਹਨ ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ ਹਨ। ਪਲ ਪਲ ਮਗਰੋਂ ਮੇਕ-ਅਪ ਕਰਦੀਆਂ ਹਨ। ਵਾਲ ਸੰਵਾਰਦੀਆਂ ਹਨ ਅਤੇ 'ਡੇਟ' ਭਾਵ ਸੱਦਾ-ਪੱਤਰ ਹਾਸਲ ਕਰਨ ਲਈ ਉਹ ਸਾਰੇ ਨਾਜ਼-ਨਖ਼ਰਾਲੂ ਢੰਗ ਵਰਤਦੀਆਂ ਹਨ ਜਿਹੜੇ ਕਿ ਅਖ਼ਬਾਰਾਂ ਅਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਹਨ। ਉਥੋਂ ਦੇ ਰਸਾਲਿਆਂ-ਮੈਗ਼ਜ਼ੀਨਾਂ ਵਿਚ ਹਜ਼ਾਰਾਂ ਬਨਾਵਟੀ ਵਸਤਾਂ ਅਤੇ ਖ਼ੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਲਈ ਜ਼ਾਹਿਰ ਕੀਤੀਆਂ ਜਾਂਦੀਆਂ ਹਨ। ਉਥੋਂ ਦੀਆਂ ਔਰਤਾਂ ਦੇ ਦਿਲਾਂ ਵਿਚ ਇਹ ਬਿਠਾ ਦਿੱਤਾ ਗਿਆ ਹੈ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇ। ਇਹਨਾਂ ਨਾਲ ਵਿਆਹ ਕਰਕੇ ਬੱਚੇ ਬਖਸ਼ੇ। ਪਰ ਕਿੰਨੀਆਂ ਲੜਕੀਆਂ ਹਨ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਹਨ। ਜ਼ਿਆਦਾ ਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਹਨ ਅਤੇ ਖ਼ੁੱਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਤੇ ਸਾਰੀ ਉੱਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਵਿਚ ਗੁਜ਼ਾਰ ਦਿੰਦੀਆਂ ਹਨ। ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਬਿੱਖਰੇ ਖ਼ਿਆਲਾਂ ਵਾਲੀਆਂ ਅਤੇ ਨਾ-ਮੁਰਾਦ ਹੋਣ ਉਥੋਂ ਦੇ ਬੱਚੇ ਕਿਉਂ ਨਾ 'ਟੈਡੀ' ਬਨਣਗੇ ਅਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਅਬ ਜਮਾਉਣਗੀਆਂ।
ਮੈਂ ਰੂਸ ਵਿਚ ਔਰਤਾਂ ਨੂੰ ਹਰ ਕਿੱਤੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਉਤੇ ਨਾ ਕੋਈ ਮੇਕ-ਅਪ ਸੀ ਅਤੇ ਨਾ ਹੀ ਉਹਨਾਂ ਦੇ ਵਾਲ ਸੰਵਾਰੇ ਹੋਏ ਸਨ। ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ ਸਨ ਕਿ ਪਹਿਚਾਨਣਾ ਔਖਾ ਸੀ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ 'ਇਸਤਰੀਅਤ' ਦਾ ਖੂੰਨ ਹੋ ਰਿਹਾ ਹੈ।
ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ 'ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ 'ਨਸਵਾਨੀਅਤ' ਜਾਂ 'ਮਰਦਾਨਗੀ' ਦੀ ਨੁਮਾਇਸ਼ ਕਰੇ।'
'ਕਿਉ? ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ।'
ਇਹ ਤਾਂ ਹੋਰ ਵੀ ਚੰਗਾ ਹੈ। ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆਂ ਸਮਝਦੇ ਹੋ? ਕੀ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਨਾਲੋਂ ਕੁਝ ਘੱਟ ਪਵਿੱਤਰ ਹਨ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨ-ਦਾਤਾ ਹਨ। ਸਾਨੂੰ ਗਾਵਾਂ-ਬਲਦਾਂ ਨਾਲੋਂ ਜ਼ਿਆਦਾ ਪਿਆਰੀਆਂ ਹਨ। ਕਿਉਂਕਿ ਇਹਨਾਂ ਨੂੰ ਅਸੀਂ ਆਪੂੰ ਬੜੇ ਪਿਆਰ ਨਾਲ ਬਣਾਇਆ ਹੈ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ ਅਤੇ ਇੰਨੀ ਹੀ ਸ਼ਰਾਫਤ ਅਤੇ ਈਮਾਨਦਾਰੀ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਵੇ। ਇਹਨਾਂ ਮਸ਼ੀਨਾਂ ਵਿਚ ਨਾ ਔਰਤਾਂ ਹਨ ਅਤੇ ਨਾ ਹੀ ਮਰਦ। ਇੰਝ ਹੀ ਇਹਨਾਂ ਨੂ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਨੇ ਸਭ ਮਸ਼ੀਨਾਂ-'
ਪਰ ਰਾਤ ਨੂੰ ਅਤਿੱਥੀ-ਭੋਜ ਸਮੇਂ ਮੈਂ ਵੇਖਿਆ ਇਹਨਾਂ ਮਸ਼ੀਨਾਂ ਵਿਚ ਜਾਨ ਪੈ ਗਈ ਸੀ। ਜੀਵਨ ਅਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਨਾਲ ਅਦਾ ਹੋ ਰਿਹਾ ਸੀ।
ਕਾਰਖਾਨੇ ਵਿਚ ਕਿਤੇ ਲੋਹਾ ਗਾਲ਼ਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ 'ਮਾਸ਼ਾ' ਸੀ ਤਾਂ ਕਿਤੇ 'ਨਤਾਸ਼ਾ' ਸੀ। ਇੱਕ ਪਾਸੇ ਪੁਰਜ਼ੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ 'ਯੂਰੀ' ਸੀ ਅਤੇ 'ਵੀਰਾ' ਸੀ।
ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕਲ੍ਹ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ/ਕੌਲ ਬਨਾਉਣੇ ਪੈਣਗੇ:-
(੧) ਕਾਲਜ ਅਤੇ ਸਕੂਲ ਵਿਚ ਤੂੰ ਨਾ ਮਾਂ ਹੈਂ ਨਾ ਧੀ ਅਤੇ ਨਾ ਹੀ ਪ੍ਰੇਮਿਕਾ--ਕੇਵਲ ਵਿਦਿਆਰਥਣ ਹੈਂ ਅਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ/ਵਿਦਿਆਰਥਣਾਂ।
(੨) ਦਫ਼ਤਰ ਵਿਚ ਨਾ ਤੂੰ ਮੁਹਬੱਤ ਵਿਚ ਬਾ-ਵਫ਼ਾ ਹੈਂ ਅਤੇ ਨਾ ਹੀ ਬੇ-ਵਫ਼ਾ। ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖ਼ਰੇ ਭੁੱਲ ਜਾ।
(੩) ਆਲੇ-ਦੁਆਲੇ ਜਿਹੜੇ ਲੋਕ ਬੈਠੇ ਹਨ ਸਭ ਇਨਸਾਨ ਹਨ: ਨਾ ਮਰਦ ਹਨ ਅਤੇ ਨਾ ਹੀ ਔਰਤਾਂ। ਅਫਸਰ ਹਨ ਜਾਂ ਕਲਰਕ, ਆਹ ਮੇਜ ਹੈ, ਔਹ ਕੁਰਸੀ ਅਤੇ ਚਪੜਾਸੀ। ਤੁਸੀਂ ਨਾ ਕਮਜ਼ੋਰ ਹੋ ਨਾ ਸ਼ਕਤੀਸ਼ਾਲੀ, ਨਾ ਕੋਮਲ ਅਤੇ ਨਾ ਹੀ ਕੁਰੱਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖ਼ਾਹ ਲੈਂਦੇ ਹੋ। ਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ ਤੁਹਾਨੂੰ ਕੁਦਰਤ ਨੇ ਇਸੇ ਕੰਮ ਲਈ ਪੈਦਾ ਕੀਤਾ ਹੈ। ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ ਕੇਵਲ ਕੰਮ ਕਰਨ ਲਈ ਆਏ ਹੋ। ਸਰੀਰਕ ਜਾਂ ਦਿਮਾਗ਼ੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਉ ਅਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ।
(੪) ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ। ਕਿਉਂਕਿ ਵਿਆਹ ਕਰ ਲੈਣਾ ਟੀਚੇ ਤੇ ਪਹੁੰਚਣਾ ਨਹੀਂ। ਇਸਨੂੰ ਨਿਭਾਉਣਾ ਅਸਲ ਵਿਚ ਲੰਬੀ ਸੜਕ ਹੈ।
ਪਰ ਗੁਰਦੇਵ ਕਹਿੰਦੇ ਹਨ: 'ਐ ਔਰਤ! ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ!'
ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰੂਦੇਵ ਤਾਂ ਆਪੂੰ 'ਪੂਰੇ ਦੇ ਪੂਰਾ' ਸੁਪਨਾ ਸਨ ਅਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ!
ਪਰ 'ਔਰਤਾਂ ਪੈਗੰਬਰ ਨਹੀਂ ਹੁੰਦੀਆਂ'---'ਔਰਤਾਂ ਨਬੀ ਨਹੀਂ ਹੁੰਦੀਆਂ'---'ਔਰਤਾਂ ਪਾਗਲ ਨਹੀਂ ਹੁੰਦੀਆਂ।'
ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ 'ਔਰਤ, ਔਰਤ ਨਹੀਂ ਹੁੰਦੀ।'
(ਅਨੁਵਾਦ: ਡਾ. ਗੁਰਦਿਆਲ ਸਿੰਘ ਰਾਏ)

  • ਮੁੱਖ ਪੰਨਾ : ਇਸਮਤ ਚੁਗ਼ਤਾਈ : ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ