Punjabi Stories/Kahanian
ਐਲਬੇਅਰ ਕਾਮੂ
Albert Camus

Punjabi Kavita
  

Ajnabi Albert Camus

ਅਜਨਬੀ ਐਲਬੇਅਰ ਕਾਮੂ

ਦੂਜਾ ਭਾਗ :
ਇਕ :
ਗਿਰਫ਼ਤਾਰੀ ਦੇ ਯਕਦਮ ਬਾਅਦ ਮੈਨੂੰ ਅਨੇਕਾਂ ਵਾਰੀ ਸਵਾਲਾਤ ਕੀਤੇ ਗਏ। ਪਰ ਇਹ ਸਾਰੀ ਪੁੱਛਗਿੱਛ ਨਾਂ ਤੇ ਵਲਦੀਅਤ ਦੀ ਖਾਨਾਪੂਰੀ ਵਾਲੀ ਪੁੱਛਗਿੱਛ ਸੀ। ਪਹਿਲੋਂ-ਪਹਿਲ ਇਹ ਸਵਾਲ-ਜਵਾਬ ਥਾਣੇ ਵਿਚ ਹੋਏ—ਪਰ ਮੁਕੱਦਮੇ ਵਿਚ ਇੱਥੇ ਕਿਸੇ ਨੂੰ ਖਾਸ ਦਿਲਚਸਪੀ ਨਹੀਂ ਸੀ ਜਾਪਦੀ। ਹਫ਼ਤੇ ਭਰ ਬਾਅਦ ਜਦੋਂ ਜਾਂਚ, ਮਜਿਸਟਰੇਟ ਦੇ ਸਾਹਮਣੇ ਪੇਸ਼ੀ ਹੋਈ ਤਾਂ ਲੱਗਿਆ ਕਿ ਉਸਨੇ ਪੂਰੀ ਉਤਸੁਕਤਾ ਨਾਲ ਮੇਰਾ ਮੁਆਇਨਾ ਕੀਤਾ ਏ। ਹੋਰਾਂ ਵਾਂਗ ਉਹਨਾਂ ਨੇ ਵੀ ਪਹਿਲਾਂ ਨਾਂ, ਵਲਦੀਅਤ, ਜਰੀਆ-ਮਾਸ਼ (ਪੇਸ਼ਾ), ਜਨਮ-ਤਾਰੀਖ਼ ਤੇ ਸਥਾਨ ਬਾਰੇ ਪੁੱਛਗਿੱਛ ਸ਼ੁਰੂ ਕੀਤੀ। ਇਸ ਸਾਰੀ ਜਾਣਕਾਰੀ ਪਿੱਛੋਂ ਸਵਾਲ ਕੀਤਾ, “ਤੁਸੀਂ ਆਪਣੀ ਪੈਰਵੀ ਲਈ ਵਕੀਲ ਕਰ ਲਿਆ?” ਮੈਂ ਦੱਸਿਆ, “ਜੀ, ਨਈਂ।” ਮੇਰਾ ਕਦੀ ਇਸ ਪਾਸੇ ਖ਼ਿਆਲ ਈ ਨਹੀਂ ਸੀ ਗਿਆ, ਇਸ ਲਈ ਪੁੱਛਿਆ ਕਿ ਕੀ ਮੈਨੂੰ ਵਾਕੱਈ ਵਕੀਲ ਕਰ ਲੈਣਾ ਚਾਹੀਦਾ ਏ? ਤਾਂ ਉਹ ਬੋਲੇ, “ਇਹ ਵੀ ਕੋਈ ਪੁੱਛਣ ਵਾਲੀ ਗੱਲ ਏ?” ਮੈਂ ਕਿਹਾ, “ਮੈਨੂੰ ਤਾਂ ਆਪਣਾ ਮੁਕੱਦਮਾ ਬੜਾ ਸਿੱਧਾ-ਸਾਦਾ ਲੱਗਦਾ ਏ।” ਮੁਸਕੁਰਾ ਕੇ ਮਜਿਸਟਰੇਟ ਸਾਹਬ ਨੇ ਜਵਾਬ ਦਿੱਤਾ, “ਖ਼ੈਰ, ਤੁਹਾਨੂੰ ਲੱਗ ਸਕਦਾ ਏ। ਪਰ ਸਾਨੂੰ ਲੋਕਾਂ ਨੂੰ ਤਾਂ ਕਾਨੂੰਨ ਦੇ ਮੁਤਾਬਿਕ ਈ ਚੱਲਣਾ ਪੈਂਦਾ ਏ। ਤੁਸੀਂ ਵਕੀਲ ਨਈਂ ਕਰੋਂਗੇ ਤਾਂ ਅਦਾਲਤ ਤੁਹਾਡੇ ਲਈ ਵਕੀਲ ਦਾ ਇੰਤਜ਼ਾਮ ਕਰ ਦਵੇਗੀ।”
ਵਾਹ! ਇਹ ਇੰਤਜ਼ਾਮ ਤਾਂ ਖ਼ੂਬ ਏ। ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਅਦਾਲਤ ਨੂੰ ਏਨਾ ਖ਼ਿਆਲ ਏ। ਮੈਂ ਇਹ ਗੱਲ ਮਜਿਸਟਰੇਟ ਸਾਹਬ ਨੂੰ ਦੱਸੀ ਤਾਂ ਉਹਨਾਂ ਨੇ ਵੀ ਸਵੀਕਾਰ ਕੀਤਾ ਕਿ ਕਾਨੂੰਨ ਸਰਬ-ਵਿਆਪੀ, ਸਰਬ-ਸ਼ਕਤੀਮਾਨ ਏਂ ਤੇ ਉਸ ਤੋਂ ਜੋ ਚਾਹੋ ਹੋ ਸਕਦਾ ਏ।
ਪਹਿਲੋਂ-ਪਹਿਲ ਤਾਂ ਮੈਂ ਵੀ ਉਹਨਾਂ ਦੀਆਂ ਗੱਲਾਂ ਵੱਲ ਖਾਸ ਧਿਆਨ ਨਹੀਂ ਸੀ ਦਿੱਤਾ। ਜਿਸ ਕਮਰੇ ਵਿਚ ਉਹਨਾਂ ਮੈਨੂੰ ਸਵਾਲ-ਜਵਾਬ ਕੀਤੇ ਸਨ, ਉਹ ਦੇਖਣ ਵਿਚ ਆਮ ਬੈਠਕ ਵਰਗਾ ਲੱਗਦਾ ਸੀ—ਖਿੜਕੀਆਂ 'ਤੇ ਪਰਦੇ ਸਨ ਤੇ ਡੈਸਕ ਉੱਤੇ ਇਕ ਲੈਂਪ ਰੱਖਿਆ ਹੋਇਆ ਸੀ। ਮਜਿਸਟਰੇਟ ਸਾਹਬ ਨੇ ਮੈਨੂੰ ਬੈਠਣ ਲਈ ਜਿਹੜੀ ਕੁਰਸੀ ਦਿੱਤੀ, ਉਸ ਉੱਤੇ ਇਸ ਲੈਂਪ ਦੀ ਰੋਸ਼ਨੀ ਪੈਂਦੀ ਸੀ—ਪਰ ਖ਼ੁਦ ਉਹਨਾਂ ਦਾ ਚਿਹਰਾ ਹਨੇਰੇ ਵਿਚ ਰਹਿੰਦਾ ਸੀ। ਮੈਂ ਇਸ ਤਰ੍ਹਾਂ ਦੇ ਦ੍ਰਿਸ਼-ਵੇਰਵੇ ਅਨੇਕਾਂ ਪੁਸਤਕਾਂ ਵਿਚ ਪੜ੍ਹੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਇਹ ਸਭ ਖਿਲਵਾੜ-ਜਿਹਾ ਲੱਗਿਆ। ਹਾਂ, ਇਸ ਗੱਲਬਾਤ ਪਿੱਛੋਂ ਮੈਂ ਮਜਿਸਟਰੇਟ ਨੂੰ ਰਤਾ ਗਹੁ ਨਾਲ ਦੇਖਿਆ। ਤਿੱਖੇ ਨਕਸ਼ਾਂ ਵਾਲਾ ਇਕ ਲੰਮਾ ਸਾਰਾ ਆਦਮੀ, ਗੂੜ੍ਹੀਆਂ ਨੀਲੀਆਂ ਅੱਖਾਂ, ਵੱਡੀਆਂ-ਵੱਡੀਆ ਖਿਚੜੀ ਮੁੱਛਾਂ ਤੇ ਸਿਰ ਉੱਤੇ ਚਿੱਟੇ ਕੋਹਰੇ ਵਰਗੇ ਸੰਘਣੇ ਕੇਸ। ਲੱਗਿਆ, ਆਦਮੀ ਸ਼ਕਲ ਤੋਂ ਬੜਾ ਈ ਸਮਝਦਾਰ, ਵਿਦਵਾਨ ਤੇ ਕੁਲ ਮਿਲਾ ਕੇ ਪਸੰਦ ਆਉਣ ਲਾਇਕ ਏ। ਬਸ, ਇਕੋ ਚੀਜ਼ ਅਜੀਬ ਸੀ ਜਿਸਨੇ ਮੇਰਾ ਮਨ ਖ਼ਰਾਬ ਕਰ ਦਿੱਤਾ—ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਸਦੇ ਚਿਹਰੇ ਉੱਤੇ ਇਕ ਵੀਭਤਸ-ਜਿਹੀ ਰੌਅ ਦੌੜ ਜਾਂਦੀ ਸੀ। ਪਰ ਇਹ ਵੀ ਇਕ ਅਜਿਹੀ ਮੁਦਰਾ ਲੱਗਦੀ ਸੀ ਜਿਹੜੀ 'ਚੱਚ' ਕਹਿਣ ਸਮੇਂ ਲੋਕਾਂ ਦੇ ਮੂੰਹ 'ਤੇ ਆਪਣੇ-ਆਪ ਆ ਜਾਂਦੀ ਏ। ਬਾਹਰ ਨਿਕਲਣ ਸਮੇਂ ਮੈਂ ਉਹਨਾਂ ਵੱਲ ਮਿਲਾਉਣ ਲਈ ਹੱਥ ਵਧਾਏ ਤੇ 'ਨਮਸਕਾਰ' ਕਰਦਾ-ਕਰਦਾ ਰੁਕ ਗਿਆ। ਐਨ ਮੌਕੇ 'ਤੇ ਚੇਤਾ ਆ ਗਿਆ ਕਿ ਮੈਂ ਤਾਂ ਇਕ ਆਦਮੀ ਦੀ ਹੱਤਿਆ ਦੇ ਅਪਰਾਧ ਵਿਚ ਇੱਥੇ ਲਿਆਂਦਾ ਗਿਆ ਹਾਂ।
ਅਗਲੇ ਦਿਨ ਮੇਰੀ ਕੋਠੜੀ ਵਿਚ ਈ ਇਕ ਵਕੀਲ ਸਾਹਬ ਤਸ਼ਰੀਫ਼ ਲੈ ਆਏ—ਮਧਰੇ, ਗੋਲ-ਮਟੋਲ, ਛੋਹਰ-ਛੰਡ ਜਿਹੇ ਆਦਮੀ—ਸਿਰ ਦੇ ਕਾਲੇ ਵਾਲ ਤੇਲ ਨਾਲ ਚੋਪੜੇ ਹੋਏ ਸਨ। ਮੈਂ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਸੀ, ਪਰ ਉਹਨਾਂ ਸਖ਼ਤ ਗਰਮੀ ਦੇ ਬਾਵਜੂਦ ਕਾਲਾ ਸੂਟ, ਸਖ਼ਤ ਕਾਲਰ ਤੇ ਚੌੜੀਆਂ-ਚੌੜੀਆਂ ਕਾਲੀਆਂ ਸਫੇਦ ਧਾਰੀਆਂ ਵਾਲੀ ਭੜਕੀਲੀ ਟਾਈ ਕਸੀ ਹੋਈ ਸੀ। ਮੇਰੀ ਮੰਜੀ ਉੱਤੇ ਆਪਣਾ ਥੈਲਾ ਰੱਖ ਕੇ ਉਹਨਾਂ ਨੇ ਆਪਣੀ ਜਾਣ-ਪਛਾਣ ਕਰਵਾਈ। ਦੱਸਿਆ ਕਿ ਮੇਰੇ ਮੁਕੱਦਮੇ ਦੇ ਕਾਗਜ਼ਾਤ ਉਹਨਾਂ ਨੇ ਗਹੁ ਨਾਲ ਪੜ੍ਹੇ ਨੇ। ਉਹਨਾਂ ਦੀ ਰਾਏ 'ਚ ਮੁਕੱਦਮੇ ਵਿਚ ਕਾਫ਼ੀ ਹੁਸ਼ਿਆਰੀ ਵਰਤਨ ਦੀ ਲੋੜ ਏ ਤੇ ਹਾਂ ਮੈਂ ਜੇ ਉਹਨਾਂ ਦੀ ਸਲਾਹ ਮੰਨ ਕੇ ਚੱਲਾਂ ਤਾਂ ਛੁੱਟ ਜਾਣ ਦੀ ਪੂਰੀ-ਪੂਰੀ ਗੁੰਜਾਇਸ਼ ਏ। ਮੈਂ ਧੰਨਵਾਦ ਕੀਤਾ ਤੇ ਬੋਲੇ, “ਅੱਛਾ, ਤਾਂ ਆਓ ਹੁਣ ਕੰਮ ਸ਼ੁਰੂ ਕਰ ਦਿੱਤਾ ਜਾਵੇ।”
ਮੇਰੀ ਮੰਜੀ ਉੱਤੇ ਬੈਠ ਕੇ ਉਹਨਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਮੇਰੇ ਨਿੱਜੀ ਜੀਵਨ ਬਾਰੇ ਤਹਿਕੀਕਾਤ (ਪੁੱਛ-ਪੜਤਾਲ) ਕੀਤੀ ਜਾ ਰਹੀ ਏ। ਇਸ ਗੱਲ ਦੀ ਸੂਚਨਾ ਮਿਲ ਗਈ ਏ ਕਿ ਹੁਣੇ ਜਿਹੇ ਇਕ ਆਸ਼ਰਮ ਵਿਚ ਮੇਰੀ ਮਾਂ ਦੀ ਮੌਤ ਹੋਈ ਏ। 'ਮੋਰੇਂਗੋ' ਵਿਚ ਹੋਈ ਤਫ਼ਤੀਸ਼ ਵਿਚ ਪੁਲਿਸ ਨੇ ਦੱਸਿਆ ਕਿ ਮਾਂ ਦੀ ਅੰਤੇਸ਼ਟੀ ਸਮੇਂ ਮੈਂ ਬੜੀ 'ਹਿਰਦੇ ਹੀਣਤਾ' ਦਿਖਾਈ ਏ।
“ਇਕ ਗੱਲ ਸਮਝ ਲਓ,” ਵਕੀਲ ਸਾਹਬ ਬੋਲੇ, “ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਤੁਹਾਥੋਂ ਪੁੱਛਗਿੱਛ ਕਰਨਾ ਮੈਨੂੰ ਕਤਈ ਚੰਗਾ ਨਈਂ ਲੱਗ ਰਿਹਾ, ਪਰ ਇਹ ਚੀਜ਼ ਬੜੀ ਮਹੱਤਵਪੂਰਨ ਹੋ ਗਈ ਏ। ਤੁਹਾਡੇ ਉੱਤੇ ਇਲਜ਼ਾਮ ਏਂ 'ਹਿਰਦੇ ਹੀਣਤਾ ਤੇ ਬੇਹਯਾਈ' ਦਾ। ਹੁਣ ਜਦੋਂ ਤਕ ਮੈਂ ਇਸ ਇਲਜ਼ਾਮ ਦਾ ਜਵਾਬ ਦੇਣ ਦਾ ਕੋਈ ਰਾਹ ਨਾ ਲੱਭ ਲਵਾਂ, ਬਚਾਅ ਕਰਨ ਵਿਚ ਬੜੀ ਦਿੱਕਤ ਹੋ ਜਾਵੇਗੀ। ਤੇ ਇਸ ਮਾਮਲੇ 'ਚ ਕੋਈ ਦੂਜਾ ਨਈਂ, ਤੁਸੀਂ ਤੇ ਸਿਰਫ਼ ਤੁਸੀਂ ਈ ਮੇਰੀ ਮਦਦ ਕਰ ਸਕੇ ਓਂ।”
ਇਸ ਭੂਮਿਕਾ ਪਿੱਛੋਂ ਉਹਨਾਂ ਨੇ ਸਵਾਲ ਕਰ ਦਿੱਤਾ ਕਿ ਉਸ 'ਦੁੱਖ-ਭਰੇ ਮੌਕੇ 'ਤੇ' ਮੇਰੇ ਮਨ ਨੂੰ ਦੁੱਖ ਹੋਇਆ ਜਾਂ ਨਹੀਂ? ਬੜਾ ਅਜੀਬ ਸਵਾਲ ਲੱਗਿਆ। ਮੈਂ ਤਾਂ ਕਿਸੇ ਤੋਂ ਅਜਿਹਾ ਸਵਾਲ ਪੁੱਛਣ ਵੇਲੇ ਖ਼ੁਦ ਧਰਮ-ਸੰਕਟ ਵਿਚ ਪੈ ਜਾਂਦਾ।
ਜਵਾਬ ਵਿਚ ਮੈਂ ਕਿਹਾ ਕਿ ਇੱਧਰ ਕੁਝ ਸਾਲਾਂ ਤੋਂ ਆਪਣੇ ਮਨ ਦੀਆਂ ਭਾਵਨਾਵਾਂ ਵੱਲ ਧਿਆਨ ਦੇਣ ਦੀ ਆਦਤ ਈ ਛੁੱਟ ਗਈ ਏ, ਇਸ ਲਈ ਇਸਦਾ ਜਵਾਬ ਦੇ ਸਕਣਾ ਬੜਾ ਮੁਸ਼ਕਿਲ ਏ। ਹਾਂ, ਇਹ ਧਰਮ ਤੇ ਈਮਾਨ ਨਾਲ ਕਹਿ ਸਕਦਾ ਹਾਂ ਕਿ ਮੈਂ ਮਾਂ ਨੂੰ ਚਾਹੁੰਦਾ ਬਹੁਤ ਸੀ। ਪਰ ਇਸ ਨਾਲ ਕੀ? ਏਨਾਂ ਕਹਿ ਦੇਣ ਪਿੱਛੋਂ ਖ਼ਿਆਲ ਆਇਆ ਤਾਂ ਬੋਲਿਆ, “ਸੱਚੀ ਗੱਲ ਤਾਂ ਇਹ ਐ ਕਿ ਆਮ ਲੋਕ ਜਿਹਨਾਂ ਨੂੰ ਪਿਆਰ ਕਰਦੇ ਨੇ ਅੱਜ ਜਾਂ ਕਲ੍ਹ ਉਹਨਾਂ ਦੇ ਮਰਨ ਦੀ ਵੀ, ਥੋੜ੍ਹੀ ਬਹੁਤ, ਕਾਮਨਾ ਜ਼ਰੂਰ ਕਰਦੇ ਨੇ।”
ਇਸ 'ਤੇ ਵਕੀਲ ਸਾਹਬ ਯਕਦਮ ਘਬਰਾ ਗਏ। ਝੱਟ ਮੈਨੂੰ ਟੋਕਿਆ, ਬੋਲੇ, “ਸਹੁੰ ਖਾਓ, ਮੁਕੱਦਮੇ ਵਿਚ ਜਾਂ ਜਾਂਚ ਮਜਿਸਟਰੇਟ ਦੇ ਸਾਹਮਣੇ ਇਸ ਕਿਸਮ ਦੀ ਕੋਈ ਗੱਲ ਮੂੰਹੋਂ ਨਈਂ ਕੱਢੋਗੇ।”
ਉਹਨਾਂ ਦੀ ਤਸੱਲੀ ਲਈ ਮੈਂ ਸਹੁੰ ਖਾ ਲਈ। ਪਰ ਉਹਨਾਂ ਦੇ ਸਾਹਮਣੇ ਇਹ ਵੀ ਖੁਲਾਸਾ ਕਰ ਦਿੱਤਾ ਕਿ ਕਦੀ-ਕਦੀ ਕੁਝ ਖਾਸ ਮੌਕਿਆਂ 'ਤੇ ਮੇਰੀਆਂ ਭਾਵਨਾਵਾਂ ਮੇਰੀ ਸਰੀਰ-ਸਥਿਤੀ ਤੋਂ ਪ੍ਰਭਾਵਿਤ ਹੋਣ ਲੱਗਦੀਆਂ ਨੇ। ਮਸਲਨ ਜਿਸ ਦਿਨ ਮਾਂ ਦੇ ਅੰਤਮ-ਸੰਸਕਾਰ ਵਿਚ ਗਿਆ ਸੀ ਉਸ ਦਿਨ ਉਂਜ ਈ ਅੱਧੀ ਨੀਂਦ ਵਿਚ ਸੀ, ਇਸ ਲਈ ਮੈਨੂੰ ਕਤਈ ਹੋਸ਼ ਨਹੀਂ ਸੀ ਕਿ ਕਿੱਥੇ ਕੀ ਹੋ ਰਿਹਾ ਏ। ਖ਼ੈਰ ਜੀ, ਇਕ ਗੱਲ ਦਾ ਵਿਸ਼ਵਾਸ ਮੈਂ ਆਪਣੇ ਵਕੀਲ ਨੂੰ ਕਰਾ ਦਿੱਤਾ ਕਿ ਮੇਰੀ ਤਾਂ ਇਹੋ ਇੱਛਾ ਸੀ ਕਿ ਮਾਂ ਅਜੇ ਨਾ ਮਰੇ।
ਹਾਂ, ਵਕੀਲ ਸਾਹਬ ਫੇਰ ਵੀ ਨਾਰਾਜ਼ ਈ ਲੱਗੇ। ਘੁਰਕ ਕੇ ਬੋਲੇ, “ਸਿਰਫ਼ ਏਨਾ ਈ ਤਾਂ ਕਾਫ਼ੀ ਨਈਂ ਏ।”
ਕੁਝ ਸੋਚ-ਸੋਚ ਕੇ ਉਹਨਾਂ ਨੇ ਸਵਾਲ ਕੀਤਾ ਕਿ ਕੀ ਇਸ ਗੱਲ ਨੂੰ ਇੰਜ ਕਿਹਾ ਜਾ ਸਕਦਾ ਏ ਕਿ ਉਸ ਦਿਨ ਮੈਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਤੇ ਸੰਜਮ ਤੋਂ ਕੰਮ ਲਿਆ?
“ਜੀ ਨਈਂ,” ਮੈਂ ਕਿਹਾ, “ਇਹ ਕਹਿਣਾ ਸਹੀ ਨਈਂ ਐ।”
ਵਕੀਲ ਸਾਹਬ ਨੇ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਿਆ...ਜਿਵੇਂ ਮੇਰੇ ਪ੍ਰਤੀ ਅਚਾਨਕ ਉਹਨਾਂ ਨੂੰ ਗੁੱਸੇ, ਚਿੜ ਤੇ ਨਫ਼ਰਤ ਦਾ ਝੱਟਾ ਲੱਗਿਆ ਹੋਵੇ। ਫੇਰ ਬੜੀ ਰੁੱਖੀ ਆਵਾਜ਼ ਵਿਚ ਬੋਲੇ ਕਿ ਚਲੋ ਖ਼ੈਰ, ਆਸ਼ਰਮ ਦੇ ਇਲਾਵਾ ਹੋਰ ਕੁਝ ਕਰਮਚਾਰੀਆਂ ਦੀ ਗਵਾਹੀ ਤਾਂ ਹਰ ਹਾਲਤ 'ਚ ਹੋਵੇਗੀ।
“ਤੇ ਹੋ ਸਕਦਾ ਏ, ਇਹੀ ਤੁਹਾਡਾ ਬੇੜਾ ਲੈ ਡੁੱਬੇ।” ਅੰਤ ਵਿਚ ਬੋਲੇ।
ਮੈਂ ਦੱਸਿਆ ਕਿ ਮੇਰੇ ਉੱਤੇ ਲਾਏ ਗਏ ਇਲਜ਼ਾਮ ਤੇ ਮਾਂ ਦੀ ਮੌਤ ਦਾ ਤਾਂ ਆਪਸ ਵਿਚ ਸੰਬੰਧ ਈ ਨਹੀਂ ਏ। ਤਾਂ ਜਵਾਬ ਵਿਚ ਉਹਨਾਂ ਨੇ ਸਿਰਫ਼ ਏਨਾ ਈ ਕਿਹਾ ਕਿ ਮੇਰੀ ਗੱਲ ਤੋਂ ਲੱਗਦਾ ਏ, ਕਦੀ ਕਾਨੂੰਨ ਨਾਲ ਮੇਰਾ ਵਾਹ ਨਹੀਂ ਪਿਆ।
ਤੇ ਏਨਾਂ ਕਹਿੰਦੇ ਹੋਏ ਉਹ ਪ੍ਰੇਸ਼ਾਨ-ਜਿਹੇ ਹੋ ਕੇ ਚਲੇ ਗਏ। ਉਦੋਂ ਮੇਰੀ ਇੱਛਾ ਹੋਈ ਕਿ ਉਹ ਕੁਝ ਹੋਰ ਰੁਕਦੇ ਤਾਂ ਮੈਂ ਸਾਫ਼-ਸਾਫ਼ ਸ਼ਬਦਾਂ ਵਿਚ ਕਹਿੰਦਾ ਕਿ 'ਮੈਨੂੰ ਤੁਹਾਡੀ ਹਮਦਰਦੀ ਚਾਹੀਦੀ ਏ...ਇਸ ਲਈ ਨਹੀਂ ਕਿ ਤੁਸੀਂ ਮੇਰਾ ਕੰਮ ਚੰਗੀ ਤਰ੍ਹਾਂ ਕਰੋਂ, ਬਲਕਿ ਕਹਾਂ ਕਿ ਉਂਜ ਈ ਮਨ ਕਰਦਾ ਏ ਕਿ ਤੁਹਾਡੀ ਹਮਦਰਦੀ ਮਿਲੇ।' ਪਰ ਮੈਂ ਦੇਖਿਆ ਕਿ ਮੇਰੀ ਗੱਲਬਾਤ, ਮੇਰਾ ਵਤੀਰਾ ਤੇ ਕੁੱਲ ਮਿਲਾ ਕੇ ਮੈਂ, ਉਹਨਾਂ ਲਈ ਅਸਹਿ ਹੋ ਗਿਆ ਸੀ। ਉਹਨਾਂ ਦੀ ਸਮਝ ਵਿਚ ਈ ਨਹੀਂ ਸੀ ਆਉਂਦਾ ਪਿਆ ਕਿ ਆਖ਼ਰ ਮੈਂ ਕਿਸ ਕਿਸਮ ਦਾ ਆਦਮੀ ਹਾਂ, ਸੋ ਉਹਨਾਂ ਦੀ ਖਿਝ ਵੀ ਸੁਭਾਵਿਕ ਈ ਸੀ। ਇਕ ਅੱਧੀ ਵਾਰੀ ਮਨ ਵਿਚ ਆਇਆ ਵੀ ਕਿ ਉਹਨਾਂ ਨੂੰ ਵਿਸ਼ਵਾਸ ਦੁਆਵਾਂ ਕਿ ਮੈਂ ਵੀ ਬੜਾ ਸਾਧਾਰਣ ਕਿਸਮ ਦਾ ਆਮ-ਜਿਹਾ ਆਦਮੀ ਹਾਂ। ਪਰ ਮੁੱਕਦੀ ਗੱਲ ਇਹ ਕਿ ਇਸ ਨਾਲ ਬਹੁਤਾ ਕੁਝ ਹੱਥ ਆਉਂਦਾ ਨਹੀਂ ਸੀ ਜਾਪਦਾ, ਸੋ ਟਾਲ ਗਿਆ। ਟਾਲਣ ਪਿੱਛੇ ਵੀ ਕੋਈ ਹੋਰ ਕਾਰਨ ਨਹੀਂ ਸੀ, ਬਸ, ਆਲਸ ਈ ਸੀ।
ਉਸੇ ਦਿਨ ਇਸ ਪਿੱਛੋਂ ਫੇਰ ਮੈਨੂੰ ਜਾਂਚ-ਮਜਿਸਟਰੇਟ ਦੇ ਦਫ਼ਤਰ ਵਿਚ ਲਿਆਇਆ ਗਿਆ। ਦੁਪਹਿਰ ਦੇ ਦੋ ਵਜੇ ਦਾ ਸਮਾਂ ਸੀ। ਇਸ ਸਮੇਂ ਕਮਰੇ ਵਿਚ ਭਰਪੂਰ ਰੋਸ਼ਨੀ ਸੀ ਤੇ ਬੇਹੱਦ ਗਰਮੀ ਸੀ। ਖਿੜਕੀਆਂ 'ਤੇ ਮਹੀਨ-ਜਿਹੇ ਪਰਦੇ ਸਨ।
ਕੁਰਸੀ ਲੈ ਲੈਣ ਨੂੰ ਕਹਿ ਕੇ ਮਜਿਸਟਰੇਟ ਸਾਹਬ ਨੇ ਬੜੇ ਈ ਮੁਲਾਇਮ ਲਹਿਜੇ ਵਿਚ ਦੱਸਿਆ ਕਿ ਕਿਸੇ ਖਾਸ ਉਲਝੇਵੇਂ ਕਰਕੇ ਮੇਰਾ ਵਕੀਲ ਤਾਂ ਆ ਨਹੀਂ ਸਕੇਗਾ। ਉਹਨਾਂ ਇਹ ਵੀ ਕਹਿ ਦਿੱਤਾ ਕਿ ਮੈਂ ਚਾਹਾਂ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਆਪਣੇ ਵਕੀਲ ਦੇ ਆ ਜਾਣ ਪਿੱਛੋਂ ਦੇ ਦਿਆਂ।
ਇਸ ਗੱਲ ਦੇ ਜਵਾਬ ਵਿਚ ਮੈਂ ਬੋਲਿਆ, “ਮੈਂ ਆਪਣੀ ਸਫ਼ਾਈ ਖ਼ੁਦ ਦੇ ਲਵਾਂਗਾ।” ਉਹਨਾਂ ਨੇ ਸਾਹਮਣੇ ਡੈਸਕ 'ਤੇ ਰੱਖੀ ਘੰਟੀ ਦਾ ਬਟਨ ਨੱਪਿਆ ਤਾਂ ਇਕ ਨੌਜਵਾਨ ਕਰਲਕ ਆ ਕੇ ਠੀਕ ਮੇਰੇ ਪਿੱਛੇ ਬੈਠ ਗਿਆ। ਮੈਂ ਤੇ ਮਜਿਸਟਰੇਟ ਸਾਹਬ ਵੀ ਆਪਣੀਆਂ-ਆਪਣੀਆਂ ਕੁਰਸੀਆਂ ਉੱਤੇ ਬੈਠ ਗਏ। ਜਾਂਚ ਦੀ ਕਾਰਵਾਈ ਸ਼ੁਰੂ ਹੋਈ। ਉਹਨਾਂ ਨੇ ਗੱਲ ਈ ਇੱਥੋਂ ਸ਼ੁਰੂ ਕੀਤੀ ਕਿ ਲੋਕ ਮੈਨੂੰ 'ਘੁੰਨਾ ਤੇ ਚੁੱਪੂ' ਆਦਮੀ ਸਮਝਦੇ ਨੇ। ਇਸ ਬਾਰੇ 'ਚ ਮੇਰੀ ਆਪਣੀ ਰਾਏ ਕੀ ਏ?
ਮੈਂ ਜਵਾਬ ਦਿੱਤਾ, “ਜੀ, ਮੇਰੇ ਕੋਲ ਬੋਲਣ ਲਈ ਹੁੰਦਾ ਈ ਬੜਾ ਘੱਟ ਏ। ਇਸ ਲਈ ਅਕਸਰ ਮੂੰਹ ਬੰਦ ਈ ਰੱਖਦਾਂ।”
ਇਸ ਵਾਰੀ ਵੀ ਮਜਿਸਟਰੇਟ ਸਾਹਬ ਪਹਿਲਾਂ ਵਾਂਗ ਈ ਮੁਸਕਰਾਏ, “ਹਾਂ, ਇਹੀ ਸਭ ਤੋਂ ਵੱਡਾ ਕਾਰਨ ਹੋ ਸਕਦਾ ਏ। ਪਰ ਖ਼ੈਰ, ਇਹ ਗੱਲ ਕੋਈ ਏਡੀ ਮਹੱਤਵਪੂਰਨ ਹੈ ਵੀ ਨਹੀਂ।”
ਕੁਝ ਚਿਰ ਚੁੱਪ ਰਹਿਣ ਪਿੱਛੋਂ ਉਹ ਅਚਾਨਕ ਅੱਗੇ ਵੱਲ ਝੁਕ ਆਏ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਜ਼ਰਾ ਉੱਚੀ ਆਵਾਜ਼ ਵਿਚ ਬੋਲੇ, “ਮੈਨੂੰ ਤਾਂ ਜੇ ਕਿਸੇ ਵਿਚ ਦਿਲਚਸਪੀ ਏ ਤਾਂ ਉਹ ਸਿਰਫ਼ ਤੁਹਾਡੇ 'ਚ ਏ।”
ਉਹਨਾਂ ਦਾ ਮੰਸ਼ਾ ਮੇਰੀ ਸਮਝ ਵਿਚ ਨਹੀਂ ਆਇਆ, ਇਸ ਲਈ ਕੁਝ ਨਹੀਂ ਬੋਲਿਆ।
ਉਹ ਕਹਿੰਦੇ ਰਹੇ, “ਤੁਹਾਡੇ ਮੁਕੱਦਮੇ ਦੀਆਂ ਗੱਲਾਂ ਨੇ ਮੈਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਏ। ਵਿਸਵਾਸ ਕਰਾਂ ਕਿ ਤੁਸੀਂ ਉਹਨਾਂ ਨੂੰ ਸਮਝਣ ਵਿਚ ਮੇਰੀ ਮਦਦ ਕਰੋਂਗੇ?”
ਮੈਂ ਜਵਾਬ ਦਿੱਤਾ ਕਿ ਦਰਅਸਲ ਗੱਲ ਤਾਂ ਬੜੀ ਈ ਸਿੱਧੀ ਤੇ ਸਾਫ਼ ਏ। ਇਸ 'ਤੇ ਉਹਨਾਂ ਨੇ ਸਾਰਾ ਬਿਓਰਾ ਮੰਗਿਆ ਕਿ ਮੈਂ ਉਸ ਦਿਨ ਕੀ-ਕੀ ਕੀਤਾ ਸੀ? ਹਾਲਾਂਕਿ ਸਾਰ ਰੂਪ ਵਿਚ ਈ ਸਹੀ, ਮੈਂ ਸਾਰੀ ਕਥਾ ਪਹਿਲੀ ਮੁਲਾਕਾਤ ਵਿਚ ਈ ਦੱਸ ਚੁੱਕਿਆ ਸੀ, ਕਿ ਕਿਵੇਂ ਮੈਂ ਰੇਮੰਡ ਨੂੰ ਮਿਲਿਆ, ਸਮੁੰਦਰ ਤਟ 'ਤੇ ਗਿਆ, ਕਿਵੇਂ ਅਸੀਂ ਲੋਕ ਤੈਰਦੇ ਰਹੇ, ਕਿਵੇਂ ਮੈਂ ਦੁਬਾਰਾ ਸਮੁੰਦਰ ਤਟ 'ਤੇ ਗਿਆ ਤੇ ਕਿਵੇਂ ਮੈਂ ਪੰਜ ਗੋਲੀਆਂ ਚਲਾਈਆਂ। ਪਰ ਇੱਥੇ ਫੇਰ ਉਹ ਸਭ ਦੁਬਾਰਾ ਸੁਣਾਉਣਾ ਪਿਆ। ਹਰ ਵਾਕ ਪਿੱਛੋਂ ਉਹ ਸਿਰ ਹਿਲਾ-ਹਿਲਾ ਕੇ 'ਠੀਕ। ਠੀਕ ਏ।' ਕਹਿੰਦੇ ਰਹੇ। ਜਦੋਂ ਮੈਂ ਰੇਤ 'ਤੇ ਪਏ ਉਸ ਅਰਬ ਦੇ ਸਰੀਰ ਦਾ ਵਰਨਣ ਕੀਤਾ ਤਾਂ ਉਹ ਜ਼ਰਾ ਖਾਸ ਤੌਰ 'ਤੇ ਗਰਦਨ ਹਿਲਾ ਕੇ ਬੋਲੇ, “ਬਹੁਤ ਠੀਕ।” ਉਸੇ ਕਹਾਣੀ ਨੂੰ ਵਾਰ-ਵਾਰ ਸੁਣਾਉਂਦਾ ਹੋਇਆ ਮੈਂ ਤਾਂ ਬੜਾ ਈ ਅੱਕ ਗਿਆ ਸੀ—ਤੇ ਇਸ ਸਮੇਂ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਵਿਚ ਏਨਾਂ ਕਦੀ ਨਹੀਂ ਸੀ ਬੋਲਿਆ।
ਫੇਰ ਕੁਝ ਚਿਰ ਚੁੱਪ ਰਹਿਣ ਪਿੱਛੋਂ ਮਜਿਸਟਰੇਟ ਸਾਹਬ ਇਹ ਕਹਿੰਦੇ ਹੋਏ ਉੱਠ ਖੜ੍ਹੇ ਹੋਏ ਕਿ ਮੇਰੇ ਲਈ ਉਹਨਾਂ ਤੋਂ ਜੋ ਵੀ ਹੋ ਸਕੇਗਾ, ਉਹ ਜ਼ਰੂਰ ਕਰਨਗੇ...ਕਿ ਉਹਨਾਂ ਨੂੰ ਮੇਰੇ ਵਿਚ ਕਾਫ਼ੀ ਦਿਲਚਸਪੀ ਹੋ ਗਈ ਏ ਤੇ ਭਗਵਾਨ ਨੇ ਚਾਹਿਆ ਤਾਂ ਇਸ ਸੰਕਟ ਦੇ ਸਮੇਂ ਵਿਚ ਜ਼ਰੂਰ ਕਿਸੇ ਕੰਮ ਆਉਣਗੇ। ਪਰ ਸਭ ਤੋਂ ਪਹਿਲਾਂ ਤਾਂ ਅਜੇ ਕੁਝ ਹੋਰ ਸਵਾਲ ਪੁੱਛਣੇ ਜ਼ਰੂਰੀ ਨੇ।
ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਕ ਸਿੱਧਾ ਸਵਾਲ ਕੀਤਾ ਕਿ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ?
“ਹਾਂ ਜੀ,” ਮੈਂ ਜਵਾਬ ਦਿੱਤਾ, “ਜਿਵੇਂ ਹੋਰ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਮੈਂ ਵੀ ਕਰਦਾ ਸੀ।” ਮੇਰੇ ਪਿੱਛੇ ਬੈਠਾ ਕਲਰਕ ਖਟਾਖਟ ਇਕੋ ਗਤੀ ਨਾਲ ਟਾਈਪ ਕਰੀ ਜਾ ਰਿਹਾ ਸੀ, ਪਰ ਸ਼ਾਇਦ ਉਸੇ ਛਿਣ ਉਸਦੀ ਉਂਗਲ ਕਿਸੇ ਗ਼ਲਤ ਅੱਖਰ ਉੱਤੇ ਪਈ ਕਿਉਂਕਿ ਉਦੋਂ ਈ, ਆਵਾਜ਼ ਤੋਂ ਲੱਗਿਆ ਕਿ ਉਸਨੇ ਕਾਗਜ਼ ਪਿੱਛੇ ਹਟਾ ਕੇ ਪਹਿਲਾਂ ਦਾ ਲਿਖਿਆ ਕੱਟ ਦਿੱਤਾ ਏ।
ਇਸ ਪਿੱਛੋਂ ਮਜਿਸਟਰੇਟ ਨੇ ਯਕਦਕ ਦੂਜਾ ਸਵਾਲ ਪੁੱਛਿਆ ਕਿ ਮੈਂ ਇਕ ਪਿੱਛੋਂ ਇਕ ਲਗਾਤਾਰ ਪੰਜ ਗੋਲੀਆਂ ਕਿਉਂ ਚਲਾਈਆਂ? ਮੈਨੂੰ ਇਸ ਸਵਾਲ ਤੇ ਪਹਿਲਾਂ ਵਾਲੇ ਸਵਾਲ ਵਿਚ ਕੋਈ ਆਪਸੀ ਸੰਬੰਧ ਨਹੀਂ ਸੀ ਦਿਖਾਈ ਦਿੱਤਾ।
ਮੈਂ ਕੁਝ ਚਿਰ ਸੋਚਿਆ, ਫੇਰ ਦੱਸਿਆ ਕਿ ਗੋਲੀਆਂ ਲਗਾਤਾਰ ਚਲਾਈਆਂ ਗਈਆਂ ਹੋਣ, ਇੰਜ ਨਹੀਂ ਏ। ਸਭ ਤੋਂ ਪਹਿਲਾਂ ਇਕ ਚਲਾਈ, ਫੇਰ ਕੁਝ ਚਿਰ ਰੁਕ ਕੇ ਬਾਕੀ ਚਾਰੇ ਚਲਾਈਆਂ।
“ਪਹਿਲੀ ਤੇ ਦੂਜੀਆਂ ਗੋਲੀਆਂ ਚਲਾਉਣ ਵਿਚਕਾਰ ਤੁਸੀਂ ਕਿਉਂ ਰੁਕੇ?”
ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ਸਾਹਵੇਂ ਉਹ ਸਾਰੇ ਦਾ ਸਾਰਾ ਦ੍ਰਿਸ਼ ਨੱਚ ਗਿਆ ਏ...ਸਮੁੰਦਰ ਤਟ ਦੀ ਉਹ ਸੰਧੂਰੀ ਤਪਸ਼, ਗੱਲ੍ਹਾਂ 'ਤੇ ਭਭਕਦੇ ਸਾਹ ਦਾ ਸਪਰਸ਼। ਇਸ ਵਾਰੀ ਮੈਥੋਂ ਕੋਈ ਜਵਾਬ ਨਾ ਦਿੱਤਾ ਗਿਆ।
ਮੇਰੀ ਇਸ ਚੁੱਪ ਦੌਰਾਨ ਮਜਿਸਟਰੇਟ ਸਾਹਬ ਕਦੀ ਆਸਨ ਬਦਲਦੇ, ਕਦੀ ਵਾਲਾਂ ਵਿਚ ਉਂਗਲਾਂ ਫੇਰਦੇ, ਕਦੀ ਜ਼ਰਾ ਕੁ ਉੱਠ ਕੇ ਫੇਰ ਬੈਠ ਜਾਂਦੇ। ਆਖ਼ਰ ਡੈਸਕ 'ਤੇ ਕੁਹਣੀਆਂ ਟੇਕ ਕੇ ਅਜੀਬ ਮੁੱਦਰਾ ਵਿਚ ਮੇਰੇ ਵੱਲ ਝੁਕ ਆਏ।
“ਪਰ ਕਿਉਂ? ਕਿਸ ਲਈ ਤੁਸੀਂ ਇਕ ਮੂਧੇ ਪਏ ਆਦਮੀ ਦੇ ਗੋਲੀਆਂ ਮਾਰਦੇ ਰਹੇ, ਦੱਸੋ” ਉਹਨਾਂ ਨੇ ਆਪਣੀ 'ਕਿਉ' ਤੇ 'ਕਿਸ ਲਈ' ਉੱਤੇ ਜ਼ੋਰ ਦੇ ਕੇ ਪੁੱਛਿਆ।
ਇਸ ਵਾਰੀ ਵੀ ਮੈਨੂੰ ਕੋਈ ਜਵਾਬ ਨਹੀਂ ਸੀ ਸੁੱਝਿਆ।
ਮਜਿਸਟਰੇਟ ਨੇ ਮੱਥੇ ਉੱਤੇ ਹੱਥ ਫੇਰਿਆ ਤੇ ਜ਼ਰਾ ਕੁ ਬਦਲੇ ਲਹਿਜੇ ਵਿਚ ਆਪਣਾ ਸਵਾਲ ਦੁਹਰਾਇਆ, “ਮੈਂ ਪੁੱਛ ਰਿਹਾਂ, 'ਕਿਉਂ ਕੀਤਾ ਤੁਸੀਂ ਇੰਜ?' ਮੈਂ ਫੇਰ ਪੁੱਛ ਰਿਹਾਂ, 'ਮੈਨੂੰ ਇਸਦਾ ਕਾਰਨ ਦੱਸੋ।'”
ਮੈਂ ਫੇਰ ਵੀ ਕੁਝ ਨਹੀਂ ਬੋਲਿਆ।
ਅਚਾਨਕ ਉਹ ਉੱਠੇ—ਤੇ ਸਾਹਮਣੀ ਕੰਧ ਦੇ ਸਹਾਰੇ ਫਾਇਲਾਂ ਰੱਖ ਵਾਲੀ ਅਲਮਾਰੀ ਕੋਲ ਜਾ ਕੇ ਉਸਦੀ ਦਰਾਜ਼, ਖਿੱਚ ਕੇ, ਖੋਲ੍ਹੀ ਤੇ ਉਸ ਵਿਚੋਂ ਸੂਲੀ ਚੜ੍ਹੇ ਈਸਾ ਦੀ ਚਾਂਦੀ ਦੀ ਮੂਰਤੀ ਕੱਢ ਕੇ ਹੱਥ ਵਿਚ ਝੂਲਾਉਂਦੇ ਹੋਏ ਫੇਰ ਵਾਪਸ ਉੱਥੇ ਆ ਬੈਠੇ।
“ਜਾਣਦੇ ਓ, ਇਹ ਕੌਣ ਏਂ?” ਉਹਨਾਂ ਦੀ ਆਵਾਜ਼ ਯਕਦਕ ਬਦਲ ਗਈ ਸੀ। ਭਾਵਨਾ-ਵੱਸ ਕੰਬ ਰਹੀ ਸੀ।
“ਹਾਂ ਜੀ, ਜਾਣਦਾ ਆਂ,” ਮੈਂ ਜਵਾਬ ਦਿੱਤਾ।
ਹੁਣ ਤਾਂ ਜਿਵੇਂ ਉਹਨਾਂ ਦਾ ਬੰਨ੍ਹ ਈ ਟੁੱਟ ਗਿਆ ਸੀ, ਉਹ ਬਿਨਾਂ ਸਾਹ ਲਏ ਅੰਨ੍ਹਵਾਹ ਬੋਲਦੇ ਈ ਰਹੇ। ਦੱਸਣ ਲੱਗੇ ਕਿ ਭਗਵਾਨ ਵਿਚ ਉਹਨਾਂ ਨੂੰ ਕਿੰਨੀ ਆਸਥਾ ਏ...ਕਿ ਵੱਡੇ ਤੋਂ ਵੱਡਾ ਪਾਪੀ ਵੀ ਕਿਸ ਤਰ੍ਹਾਂ ਭਗਵਾਨ ਦੀ ਖ਼ਿਮਾਂ ਦਾ ਅਧਿਕਾਰੀ ਹੋ ਸਕਦਾ ਏ। ਪਰ ਇਸ ਲਈ ਸਭ ਤੋਂ ਪਹਿਲੀ ਸ਼ਰਤ ਇਹੀ ਏ ਕਿ ਉਸਨੂੰ ਸੱਚੇ ਦਿਲ ਨਾਲ ਪ੍ਰਾਸ਼ਚਿਤ ਕਰਨਾ ਪਵੇਗਾ। ਉਸਨੂੰ ਮਾਸੂਮ ਬੱਚੇ ਵਾਂਗ ਸਾਫ਼ ਦਿਲ ਤੇ ਨੇਹਚਾਵਾਨ ਹੋਣਾ ਪਵੇਗਾ। ਕਪਟ-ਰਹਿਤ ਭਾਵ ਨਾਲ ਭਗਵਾਨ ਉੱਤੇ, ਉਸਦੇ ਨਿਆਂ ਉੱਤੇ ਵਿਸ਼ਵਾਸ ਕਰਨਾ ਪਵੇਗਾ। ਉਹ ਮੇਜ਼ ਉੱਤੇ ਉਸ ਪਾਰ ਤੋਂ ਇਸ ਪਾਰ ਤੀਕ ਝੁਕੇ ਹੋਏ ਸਨ ਤੇ ਮੂਰਤੀ ਨੂੰ ਲਗਾਤਾਰ ਮੇਰੀਆਂ ਅੱਖਾਂ ਸਾਹਵੇਂ ਘੁਮਾਈ ਜਾ ਰਹੇ ਸਨ।
ਮੁੱਖ ਤੌਰ 'ਤੇ ਦੋ ਕਾਰਨਾ ਕਰਕੇ ਉਹਨਾਂ ਦੀਆਂ ਗੱਲਾਂ ਸਮਝਣ ਵਿਚ ਮੈਨੂੰ ਦਿੱਕਤ ਹੋ ਰਹੀ ਸੀ...ਇਕ ਤਾਂ ਦਫ਼ਤਰ ਵਿਚ ਬੇਹੱਦ ਹੁੰਮਸ ਸੀ ਤੇ ਵੱਡੀਆਂ-ਵੱਡੀਆਂ ਮੱਖੀਆਂ ਮੇਰੀਆਂ ਪੁੜਪੁੜੀਆਂ ਦੇ ਆਸੇ-ਪਾਸੇ ਜਾਂ ਉੱਤੇ ਬੈਠ ਕੇ ਭੀਂ-ਭੀਂ ਕਰੀ ਜਾ ਰਹੀਆਂ ਸਨ। ਦੂਜਾ, ਉਹਨਾਂ ਦੀਆਂ ਗੱਲਾਂ ਨੇ ਮੈਨੂੰ ਡਰ ਤੇ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ। ਹਾਂ, ਮੈਨੂੰ ਇਹ ਜ਼ਰੂਰ ਲੱਗਿਆ ਕਿ ਇਸ ਤਰ੍ਹਾਂ ਡਰਨਾ ਜਾਂ ਪ੍ਰੇਸ਼ਾਨ ਹੋਣਾ ਬੜਾ ਬੇਤੁਕਾ ਏ—ਇਹਨਾਂ ਵਰਤਮਾਣ ਪ੍ਰਸਥਿਤੀਆਂ ਵਿਚ ਹੋਰ ਵੀ ਬੇਤੁਕਾ ਇਸ ਲਈ ਏ ਕਿ ਲੱਖ ਹੋਵੇ ਮੁਜਰਿਮ ਬਣ ਕੇ ਤਾਂ ਆਇਆ ਈ ਸੀ ਮੈਂ। ਖ਼ੈਰ, ਉਹ ਬੋਲਦੇ ਰਹੇ ਤੇ ਮੈਂ ਮਨੋਂ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਏਨੀ ਗੱਲ ਮੇਰੀ ਸਮਝ ਵਿਚ ਆ ਗਈ ਸੀ ਕਿ ਇਸ ਸਾਰੇ ਇਕਬਾਲੀਆ ਬਿਆਨ ਵਿਚ ਸਭ ਤੋਂ ਵੱਧ ਲੋੜ ਸਿਰਫ਼ ਇਕ ਗੱਲ ਦੀ ਸਫ਼ਾਈ ਦੇਣ ਦੀ ਏ ਤੇ ਉਹ ਇਹ ਕਿ ਦੁਬਾਰਾ ਗੋਲੀਆਂ ਚਲਾਉਣ ਤੋਂ ਪਹਿਲਾਂ ਮੈਂ ਰੁਕਿਆ ਕਿਓਂ ਸੀ? ਬਾਕੀ ਸਾਰੀਆਂ ਗੱਲਾਂ ਤਾਂ ਖ਼ੈਰ, ਇਕ ਤਰ੍ਹਾਂ ਨਾਲ ਠੀਕ-ਠਾਕ ਈ ਸਨ। ਮਜਿਸਟਰੇਟ ਸਾਹਬ ਨੂੰ ਇਸੇ ਗੱਲ ਨੇ ਚੱਕਰ ਵਿਚ ਪਾਇਆ ਹੋਇਆ ਸੀ।
ਮੈਂ ਕਹਿਣ ਲੱਗਾ ਕਿ ਇਸ ਗੱਲ ਉੱਤੇ ਏਨਾਂ ਜ਼ੋਰ ਦੇਣਾ ਗ਼ਲਤ ਏ, ਇਹ ਕੋਈ ਏਡੀ ਮਹੱਤਵਪੂਰਨ ਚੀਜ਼ ਵੀ ਨਹੀਂ। ਪਰ ਸ਼ਬਦਾਂ ਦਾ ਮੇਰੇ ਮੂੰਹ ਵਿਚੋਂ ਨਿਕਲਣਾ ਸੀ ਕਿ ਉਹ ਯਕਦਮ ਸਿੱਧੇ ਤਣ ਕੇ ਖੜ੍ਹੇ ਹੋ ਗਏ ਤੇ ਬੜੇ ਸੱਚੇ ਦਿਲ ਨਾਲ ਪੁੱਛਣ ਲੱਗੇ ਕਿ 'ਤੂੰ ਈਸ਼ਵਰ ਨੂੰ ਤਾਂ ਮੰਨਦਾ ਏਂ ਨਾ?' ਤੇ ਜਦੋਂ ਮੈਂ ਕਿਹਾ, 'ਜੀ ਨਈਂ,' ਤਾਂ ਗੁੱਸੇ ਨਾਲ ਭਰੇ ਘੜੰਮ ਕਰਕੇ ਕੁਰਸੀ ਉੱਤੇ ਬੈਠ ਗਏ।
ਕਹਿਣ ਲੱਗੇ ਕਿ ਇਸ ਗੱਲ ਦੀ ਤਾਂ ਉਹ ਸੱਤ ਜਨਮਾਂ ਵਿਚ ਵੀ ਕਲਪਨਾ ਨਹੀਂ ਕਰ ਸਕਦੇ ਕਿ ਈਸ਼ਵਰ ਨੂੰ ਨਾ ਮੰਨੋ। ਸਾਰੇ ਮਨੁੱਖ ਭਗਵਾਨ ਵਿਚ ਆਸਥਾ ਰੱਖਦੇ ਨੇ...ਜਿਹੜੇ ਉਸਨੂੰ ਨਿੰਦਦੇ ਤੇ ਗਾਲ੍ਹਾਂ ਕੱਢਦੇ ਨੇ, ਉਹ ਵੀ ਉਸਨੂੰ ਮੰਨਦੇ ਨੇ—ਇਹ ਉਹਨਾਂ ਦਾ ਅਡਿੰਗ ਵਿਸ਼ਵਾਸ ਸੀ। “ਭਗਵਾਨ ਦੀ ਆਸਥਾ ਨੂੰ ਲੈ ਕੇ ਜੇ ਕਦੀ ਰੱਤੀ ਭਰ ਵੀ ਸ਼ੰਕਾ ਮੇਰੇ ਮਨ ਵਿਚ ਆਈ ਤਾਂ ਸਮਝ ਲੈਣਾ ਕਿ ਮੇਰੇ ਜੀਵਨ ਦਾ ਕੋਈ ਅਰਥ, ਕੋਈ ਨਿਸ਼ਾਨਾ ਨਈਂ ਰਹਿ ਜਾਵੇਗਾ।” ਉਹਨਾਂ ਨੇ ਤੈਸ਼ ਵਿਚ ਆ ਕੇ ਪੁੱਛਿਆ, “ਤੈਨੂੰ ਚੰਗਾ ਲੱਗੇਗਾ ਕਿ ਮੇਰੇ ਜੀਵਨ ਦਾ ਕੋਈ ਨਿਸ਼ਾਨਾ, ਕੋਈ ਅਰਥ ਨਾ ਰਹੇ?” ਮੇਰੀ ਅਕਲ ਵਿਚ ਸੱਚਮੁੱਚ ਨਹੀਂ ਸੀ ਆਇਆ ਕਿ 'ਮੈਨੂੰ ਚੰਗਾ ਲੱਗਣਾ ਜਾਂ ਨਾ ਲੱਗਣਾ—ਇਹ ਗੱਲ ਏਥੇ ਕਿੱਥੋਂ ਆ ਟਪਕੀ...?' ਇਹ ਗੱਲ ਮੈਂ ਉਹਨਾਂ ਨੂੰ ਕਹਿ ਵੀ ਦਿੱਤੀ।
ਮੈਂ ਅਜੇ ਬੋਲਣਾ ਬੰਦ ਵੀ ਨਹੀਂ ਸੀ ਕੀਤਾ ਕਿ ਉਹਨਾਂ ਨੇ ਫੇਰ ਮੂਰਤੀ ਨੂੰ ਝਟਕੇ ਨਾਲ ਮੇਰੇ ਨੱਕ ਦੇ ਸਾਹਮਣੇ ਕਰ ਦਿੱਤਾ ਤੇ ਬੋਲੇ, “ਖ਼ੈਰ, ਮੈਂ ਤਾਂ ਈਸਾਈ ਆਂ ਤੇ ਈਸ਼ਵਰ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਦਾ ਆਂ ਕਿ ਤੇਰੇ ਪਾਪ ਖ਼ਿਮਾਂ ਕਰ ਦਵੇ। ਭਰਾ ਮੇਰਿਆ, ਤੈਨੂੰ ਵਿਸ਼ਵਾਸ ਕਿਉਂ ਨਈਂ ਆਉਂਦਾ ਕਿ 'ਉਸਨੇ' ਤੇਰੀ ਖਾਤਰ ਈ ਤਕਲੀਫ਼ਾਂ ਝੱਲੀਆਂ ਨੇ।”
ਉਹਨਾਂ ਦੇ ਮੂੰਹੋਂ 'ਭਰਾ ਮੇਰਿਆ' ਸ਼ਬਦ ਸੁਣ ਕੇ ਮੈਨੂੰ ਲੱਗਿਆ ਕਿ ਉਹਨਾਂ ਦੇ ਲਹਿਜੇ ਵਿਚ ਸੱਚਮੁੱਚ ਪੀੜ ਦਾ ਅਹਿਸਾਸ ਏ। ਪਰ ਇਸ ਸਾਰੀ ਬਕਵਾਸ ਤੋਂ ਮੇਰਾ ਜੀਅ ਅੱਕਣ ਲੱਗਾ ਸੀ। ਕਮਰਾ ਹੌਲੀ-ਹੌਲੀ ਹੋਰ ਵੀ ਗਰਮ ਹੁੰਦਾ ਜਾ ਰਿਹਾ ਸੀ।
ਜਦੋਂ ਕਿਸੇ ਦੀਆਂ ਗੱਲਾਂ ਮੈਨੂੰ ਅਕਾਉਣ ਲੱਗਦੀਆਂ ਨੇ ਤਾਂ ਜਾਨ ਛੁਡਾਉਣ ਲਈ ਮੈਂ ਉਸਦੀ ਹਰ ਗੱਲ ਮੰਨ ਲੈਣ ਦੇ ਭਾਵ ਦਰਸਾਉਂਦਾ ਹਾਂ। ਇਹੋ ਮੈਂ ਹੁਣ ਵੀ ਕੀਤਾ ਤਾਂ ਮੇਰੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਕਿ ਮਜਿਸਟਰੇਟ ਸਾਹਬ ਦਾ ਚਿਹਰਾ ਦਗਣ ਲੱਗਾ।
“ਮੰਨਦੇ ਓ ਨਾ...ਮੰਨਦੇ ਓ ਨਾ...। ਅੱਛਾ ਹੁਣ ਵੀ ਨਈਂ ਮੰਨੋਗੇ ਕਿ ਤੁਸੀਂ ਆਸਤਕ ਓਂ ਤੇ ਈਸ਼ਵਰ ਵਿਚ ਵਿਸ਼ਵਾਸ ਕਰਦੇ ਓਂ?”
ਇਨਕਾਰ ਨੇ ਜ਼ਰੂਰ ਮੇਰੇ ਮਨ ਵਿਚ ਸਿਰ ਚੁੱਕਿਆ ਹੋਵੇਗਾ ਕਿਉਂਕਿ ਬੜੇ ਢਿੱਲੇ-ਢਾਲੇ ਤੇ ਪਸਤ-ਜਿਹੇ ਭਾਵ ਨਾਲ ਮਜਿਸਟਰੇਟ ਸਾਹਬ ਫੇਰ ਲਿੱਸੜ-ਜਿਹੇ ਹੋ ਕੇ ਬੈਠ ਗਏ।
ਕੁਝ ਚਿਰ ਸ਼ਾਂਤੀ ਰਹੀ। ਹਾਂ, ਇਸ ਦੌਰਾਨ ਟਈਪਰਾਈਟਰ ਨੇ ਸਾਡੀ ਅੰਤਮ ਗੱਲਬਾਤ ਟਾਈਪ ਕਰ ਦਿੱਤੀ। ਦੱਸਣਾ ਨਹੀਂ ਪਵੇਗਾ ਕਿ ਇਸ ਸਾਰੀ ਵਾਰਤਾ ਦੌਰਾਨ ਟਾਈਪਰਾਈਟਰ ਦੀ 'ਟਿਪਟਿਪ' ਚਾਲੂ ਰਹੀ—ਤੇ ਮਜਿਸਟਰੇਟ ਸਾਹਬ ਬੜੇ ਦੁੱਖੀ ਭਾਵ ਨਾਲ ਮੇਰੇ ਵੱਲ ਵਿੰਹਦੇ-ਤੱਕਦੇ ਰਹੇ।
“ਆਪਣੀ ਇਸ ਸਾਰੀ ਜ਼ਿੰਦਗੀ ਵਿਚ ਮੈਂ ਤੇਰੇ ਵਰਗਾ ਜੜ ਤੇ ਹਿਰਦੇਹੀਣ ਬੰਦਾ ਨਈਂ ਦੇਖਿਆ।” ਉਹ ਬੁਝੀ-ਜਿਹੀ ਸੁਰ ਵਿਚ ਕਹਿੰਦੇ ਰਹੇ, “ਅੱਜ ਤਕ ਪਤਾ ਨਈਂ ਕਿੰਨੇ ਮੁਜਰਿਮ ਇੱਥੇ ਆਏ ਨੇ। ਤੇ ਸਾਰੇ ਦੇ ਸਾਰੇ 'ਭਗਵਾਨ' ਦੀ ਇਸ ਯਾਤਨਾ-ਮੂਰਤ ਨੂੰ ਦੇਖ ਕੇ ਫੁੱਟ-ਫੁੱਟ ਕੇ ਰੋਏ ਨੇ।”
ਗੱਲ ਮੇਰੇ ਬੁੱਲ੍ਹਾਂ ਤੀਕ ਆ ਕੇ ਰਹਿ ਗਈ ਕਿ 'ਉਹ ਸੱਚਮੁੱਚ ਮਜਰਿਮ ਸਨ ਇਸ ਲਈ ਜ਼ਰੂਰ ਰੋਏ ਹੋਣਗੇ।' ਪਰ ਉਦੋਂ ਈ ਖ਼ਿਆਲ ਆਇਆ ਕਿ ਮੈਂ ਵੀ ਤਾਂ ਉਸੇ ਕਟਿਹਰੇ ਵਿਚ ਖੜ੍ਹਾ ਹਾਂ। ਪਤਾ ਨਹੀਂ, ਕਿਉਂ, ਮਨ ਇਸ ਗੱਲ ਨੂੰ ਮੰਨਦਾ ਈ ਨਹੀਂ ਸੀ ਪਿਆ ਕਿ ਮੈਂ ਮੁਜਰਿਮ ਹਾਂ।
ਸ਼ਾਇਦ ਇਹ ਦਰਸਾਉਣ ਲਈ ਮਜਿਸਟਰੇਟ ਸਾਹਬ ਉੱਠ ਖੜ੍ਹੇ ਹੋਏ ਕਿ ਗੱਲਬਾਤ ਯਾਨੀ ਮੁਲਾਕਾਤ ਖ਼ਤਮ ਹੋ ਗਈ ਏ। ਉਸੇ ਥੱਕੇ, ਬੁਝੇ-ਬੁਝੇ ਤੇ ਪ੍ਰੇਸ਼ਾਨ-ਜਿਹੇ ਲਹਿਜੇ ਵਿਚ ਉਹਨਾਂ ਨੇ ਮੈਨੂੰ ਇਕ ਆਖ਼ਰੀ ਸਵਾਲ ਪੁੱਛਿਆ ਕਿ ਕੀ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਏ?
ਕੁਝ ਚਿਰ ਸੋਚਣ ਪਿੱਛੋਂ ਮੈਂ ਦੱਸਿਆ ਕਿ ਮੈਨੂੰ ਤਾਂ ਪਛਤਾਵੇ ਨਾਲੋਂ ਪ੍ਰੇਸ਼ਾਨੀ ਵਧੇਰੇ ਮਹਿਸੂਸ ਹੋ ਰਹੀ ਏ। 'ਪ੍ਰੇਸ਼ਾਨੀ' ਨਾਲੋਂ ਵੱਧ ਢੁਕਵਾਂ ਸ਼ਬਦ ਮੈਨੂੰ ਸੁੱਝਿਆ ਈ ਨਹੀਂ ਸੀ—ਪਰ ਲੱਗਿਆ ਉਹ ਸਮਝੇ ਨਹੀਂ।
ਉਸ ਦਿਨ ਦੀ ਗੱਲਬਾਤ ਵਿਚ ਮਾਮਲਾ ਇੱਥੋਂ ਤੀਕ ਅੱਪੜਿਆ।
ਇਸ ਪਿੱਛੋਂ ਕਈ ਵਾਰੀ ਫੇਰ, ਮਜਿਸਟਰੇਟ ਸਾਹਬ ਦੇ ਸਾਹਵੇਂ ਮੇਰੀ ਪੇਸ਼ੀ ਹੋਈ, ਪਰ ਹਰ ਵਾਰੀ ਵਕੀਲ ਸਾਹਬ ਮੇਰੇ ਨਾਲ ਹੁੰਦੇ ਸੀ। ਇਹਨਾਂ ਸਾਰੀਆਂ ਜਿਰਹਾਵਾਂ ਵਿਚ, ਮੇਰੇ ਪਹਿਲੇ ਦਿੱਤੇ ਹੋਏ ਬਿਆਨਾਂ ਦੇ ਵਾਲ ਦੀ ਖੱਲ ਲਾਹੁਣ ਦੇ ਇਲਾਵਾ ਹੋਰ ਕੁਝ ਨਹੀਂ ਹੋਇਆ। ਜਾਂ ਫੇਰ ਵਕੀਲ ਤੇ ਮਜਿਸਟਰੇਟ ਰਲ ਕੇ ਕਾਨੂੰਨੀ ਗੁੰਝਲਾਂ ਉੱਤੇ ਮੱਥਾ-ਪੱਚੀ ਕਰਦੇ ਰਹੇ ਸੀ। ਅਜਿਹੇ ਮੌਕੇ ਉਹਨਾਂ ਨੂੰ ਖ਼ਿਆਲ ਈ ਨਹੀਂ ਸੀ ਰਹਿੰਦਾ ਕਿ ਮੈਂ ਵੀ ਉੱਥੇ ਈ ਬੈਠਾ ਹੋਇਆ ਹਾਂ। ਚਲੋ ਖ਼ੈਰ, ਜਿਵੇਂ ਤਿਵੇਂ ਸਮਾਂ ਬੀਤਦਾ ਗਿਆ। ਸਾਰੀ ਜਿਰਹਾ ਦਾ ਰੰਗ ਈ ਬਦਲ ਗਿਆ ਸੀ। ਲੱਗਿਆ, ਮਜਿਸਟਰੇਟ ਸਾਹਬ ਨੂੰ ਹੁਣ ਮੇਰੇ ਵਿਚ ਕੋਈ ਖਾਸ ਦਿਲਚਸਪੀ ਨਹੀਂ ਰਹੀ ਤੇ ਮੇਰੇ ਮੁਕੱਦਮੇ ਨੂੰ ਲੈ ਕੇ ਉਹ ਮਨ ਈ ਮਨ ਕੋਈ ਫ਼ੈਸਲਾ ਕਰ ਚੁੱਕੇ ਨੇ। ਇਸ ਪਿੱਛੋਂ ਨਾ ਤਾਂ ਕਦੀ ਉਹਨਾਂ 'ਭਗਵਾਨ' ਦਾ ਜ਼ਿਕਰ ਕੀਤਾ ਤੇ ਨਾ ਈ ਓਹੋ-ਜਿਹਾ ਕੋਈ ਧਾਰਮਕ ਜੋਸ਼ ਈ ਵਿਖਾਇਆ—ਜਿਸ ਨਾਲ ਪਹਿਲੀ ਮੁਲਾਕਾਤ ਵਿਚ ਮੈਂ ਵੱਡੇ ਧਰਮ-ਸੰਕਟ ਵਿਚ ਪੈ ਗਿਆ ਸੀ। ਨਤੀਜੇ ਵਜੋਂ ਸਾਡੇ ਸੰਬੰਧ ਵਧੇਰੇ ਪੀਢੇ ਹੋ ਗਏ। ਉਹਨਾਂ ਨੇ ਕੁਝ ਹੋਰ ਸਵਾਲਾਤ ਕੀਤੇ। ਇਸ 'ਤੇ ਵਕੀਲ ਤੇ ਮਜਿਸਟਰੇਟ ਸਾਹਬ ਵਿਚਕਾਰ ਬਹਿਸ ਹੁੰਦੀ ਰਹੀ ਤੇ ਇਸ ਪਿੱਛੋਂ ਮੇਰੀ ਪੇਸ਼ੀ ਖ਼ਤਮ ਹੋ ਗਈ। ਉਹਨਾਂ ਨੇ ਦੱਸਿਆ ਕਿ ਮੇਰਾ ਮੁਕੱਦਮਾ ਹੁਣ 'ਆਪਣਾ ਵਕਤ ਲੈ ਚੁੱਕਿਆ ਏ।' ਕਦੀ-ਕਦੀ ਗੱਲਬਾਤ ਕਾਨੂੰਨ ਤੋਂ ਹਟ ਕੇ ਆਮ ਧਰਾਤਲ 'ਤੇ ਆ ਜਾਂਦੀ ਤਾਂ ਵਕੀਲ ਤੇ ਮਜਿਸਟਰੇਟ ਦੋਵੇਂ ਮੈਨੂੰ ਉਸ ਵਿਚ ਹਿੱਸਾ ਲੈਣ ਲਈ ਉਕਸਾਉਂਦੇ।

ਹੁਣ ਮੈਨੂੰ ਵੀ ਰਤਾ ਸੁਖ ਦਾ ਆਉਣ ਲੱਗਾ ਸੀ। ਇਹਨੀਂ ਦਿਨੀਂ ਉਹਨਾਂ ਦੋਵਾਂ ਵਿਚੋਂ ਕਿਸੇ ਨੇ ਵੀ ਮੇਰੇ ਪ੍ਰਤੀ ਬੇਰੁਖ਼ੀ ਨਹੀਂ ਸੀ ਦਿਖਾਈ ਤੇ ਸਭ ਕੁਝ ਇੰਜ ਸਹਿਜ ਤੇ ਖ਼ੁਸ਼-ਗਵਾਰ ਮਾਹੌਲ ਵਿਚ ਹੁੰਦਾ ਰਿਹਾ ਕਿ ਮਨ ਵਿਚ ਇਕ ਵੱਡਾ ਬੇਤੁਕਾ-ਜਿਹਾ ਖ਼ਿਆਲ ਘਰ ਕਰਨ ਲੱਗਾ, ਜਿਵੇਂ ਮੈਂ ਵੀ ਇਸੇ ਪਰਿਵਾਰ ਜਾ ਜੀਅ ਹੋਵਾਂ। ਗਿਆਰਾਂ ਮਹੀਨੇ ਇਹ ਪੇਸ਼ੀਆਂ ਚੱਲੀਆਂ ਤੇ ਮੈਂ ਸੱਚ ਕਹਿੰਦਾ ਹਾਂ ਕਿ ਉਹਨਾਂ ਦਾ ਮੈਂ ਆਦੀ ਹੋ ਗਿਆ ਸੀ। ਜਿਸ ਛਿਣ ਮਜਿਸਟਰੇਟ ਸਾਹਬ ਆਪਣੇ ਦਫ਼ਤਰ ਦੇ ਦਰਵਾਜ਼ੇ ਤੀਕ ਮੈਨੂੰ ਛੱਡਣ ਆਉਂਦੇ ਤੇ ਬੜੇ ਦੋਸਤਾਨਾ ਲਹਿਜੇ ਵਿਚ ਮੇਰਾ ਮੋਢਾ ਥਾਪੜਦੇ ਹੋਏ ਕਹਿੰਦੇ, “ਅੱਛਾ ਤਾਂ 'ਦੁਸ਼ਮਣੇ-ਈਸਾ' ਸਾਹਬ, ਅੱਜ ਬਸ ਏਨਾ ਈ।” ਤਾਂ ਮੈਨੂੰ ਬੇਹੱਦ ਆਨੰਦ ਆਉਂਦਾ। ਲੱਗਦਾ, ਇਸ ਨਾਲੋਂ ਵੱਧ ਸੁਖੀ ਛਿਣ ਮੈਂ ਪਹਿਲਾਂ ਕਦੀ ਨਹੀਂ ਦੇਖੇ। ਇਸ ਪਿੱਛੋਂ ਮੈਨੂੰ ਵਾਰਡਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ।

ਦੋ :
ਕੁਝ ਅਜਿਹੀਆਂ ਗੱਲਾਂ ਵੀ ਨੇ ਜਿਹਨਾਂ ਬਾਰੇ ਕਦੀ ਮੈਂ ਬੋਲਣਾ ਨਹੀਂ ਚਾਹਿਆ। ਜੇਲ੍ਹ ਵਿਚ ਕੁਝ ਦਿਨ ਰਹਿ ਕੇ ਮੈਂ ਤੈਅ ਕਰ ਲਿਆ ਸੀ ਕਿ ਜ਼ਿੰਦਗੀ ਦਾ ਇਹ ਹਿੱਸਾ ਵੀ ਉਹਨਾਂ ਨਾ ਕਰਨ ਵਾਲੀਆਂ ਗੱਲਾਂ ਵਿਚ ਜੋੜ ਦਿਆਂਗਾ। ਚਲੋ ਖ਼ੈਰ, ਜਿਵੇਂ ਤਿਵੇਂ ਸਮਾਂ ਬੀਤਦਾ ਗਿਆ। ਇਹ ਗੱਲ ਮੇਰੇ ਮਨ ਨੂੰ ਜਚਣ ਲੱਗ ਪਈ ਕਿ ਇਸ ਕੁਹਜ ਦਾ ਕੋਈ ਠੋਸ ਆਧਾਰ ਨਹੀਂ ਏਂ ਤੇ ਸੱਚੀ ਗੱਲ ਇਹ ਐ ਕਿ ਪਹਿਲੇ ਕੁਝ ਦਿਨ ਤਾਂ ਮੈਨੂੰ ਕਦੀ ਇਹ ਖ਼ਿਆਲ ਵੀ ਨਹੀਂ ਸੀ ਆਇਆ ਕਿ ਮੈਂ ਜੇਲ੍ਹ ਵਿਚ ਹਾਂ। ਹਮੇਸ਼ਾ ਇਕ ਧੁੰਦਲੀ-ਜਿਹੀ ਆਸ ਵੱਝੀ ਰਹਿੰਦੀ ਕਿ ਕੁਝ ਨਾ ਕੁਝ ਅਜਿਹਾ ਹੋਵੇਗਾ ਕਿ ਅਚਾਨਕ ਸਭ ਕੁਝ ਠੀਕ-ਠਾਕ ਹੋ ਜਾਵੇਗਾ।
ਪਰ ਮੇਰੀ ਦੇ ਨਾਲ ਹੋਈ ਪਹਿਲੀ ਤੇ ਇਕੋਇਕ ਮੁਲਾਕਾਤ ਪਿੱਛੋਂ ਈ ਸਭ ਕੁਝ ਬਦਲਣ ਲੱਗਾ। ਜਿਸ ਦਿਨ ਮੈਨੂੰ ਇਹ ਖ਼ਤ ਮਿਲਿਆ ਕਿ 'ਜੇਲ੍ਹਵਾਲੇ ਹੁਣ ਮੈਨੂੰ ਦੁਬਾਰਾ ਮਿਲਣ ਨਹੀਂ ਆਉਣ ਦੇਣਗੇ, ਮੈਂ ਤੇਰੀ ਪਤਨੀ ਜੋ ਨਹੀਂ'—ਬਸ, ਉਸੇ ਦਿਨ ਮੈਨੂੰ ਸੱਚਮੁੱਚ ਮਹਿਸੂਸ ਹੋਇਆ ਕਿ ਇਹ ਕੋਠੜੀ ਈ ਮੇਰੀ ਕਾਲ-ਕੋਠੜੀ ਏ। ਇਹੀ ਮੇਰੀ ਆਖ਼ਰੀ ਮੰਜ਼ਿਲ ਏ।
ਗਿਰਫ਼ਤਾਰੀ ਵਾਲੇ ਦਿਨ ਮੈਨੂੰ ਹੋਰਨਾਂ ਕਈ ਕੈਦੀਆਂ ਦੇ ਨਾਲ ਈ, ਇਕ ਵੱਡੇ ਸਾਰੇ ਕਮਰੇ ਵਿਚ, ਰੱਖਿਆ ਗਿਆ ਸੀ। ਉਹਨਾਂ ਵਿਚ ਵਧੇਰੇ ਅਰਬ ਸਨ। ਦੇਖਦੇ ਈ ਉਹਨਾਂ ਨੇ ਬਤੀਸੀ ਵਿਖਾਅ ਕੇ ਪੁੱਛਿਆ, “ਕੀ ਕਰ ਆਇਐਂ?” ਮੈਂ ਦੱਸਿਆ ਕਿ 'ਇਕ ਅਰਬ ਦਾ ਕੰਮ ਤਮਾਮ ਕਰਕੇ, ਆ ਰਿਹਾਂ।' ਇਸ 'ਤੇ ਕੁਝ ਦੇਰ ਲਈ ਉਹਨਾਂ ਦੇ ਮੂੰਹ ਬੰਦ ਹੋ ਗਏ। ਪਰ ਹੁਣ ਰਾਤ ਵੀ ਹੋਣ ਲੱਗ ਪਈ ਸੀ। ਇਕ ਨੇ ਮੈਨੂੰ ਸੌਣ ਵਾਲੇ ਗੱਦੇ ਨੂੰ ਵਿਛਾਉਣ ਦਾ ਤਰੀਕਾ ਦੱਸਿਆ। ਇਹ ਲੋਕ ਗੱਦੇ ਦੇ ਇਕ ਸਿਰੇ ਨੂੰ ਗੋਲ-ਮੋਲ ਕਰਕੇ ਇਕ ਤਰ੍ਹਾਂ ਦਾ ਮਸਨਦ (ਗਾਊ ਤਕੀਆ) ਬਣਾ ਲੈਂਦੇ ਨੇ। ਸਾਰੀ ਰਾਤ ਮੈਨੂੰ ਆਪਣੇ ਮੂੰਹ 'ਤੇ ਪਿੱਸੂ ਭੁੜਕਦੇ ਮਹਿਸੂਸ ਹੁੰਦੇ ਰਹੇ।
ਕੁਝ ਦਿਨਾਂ ਬਾਅਦ ਮੈਨੂੰ ਇਕ ਵੱਖਰੀ ਕੋਠੜੀ ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੇ ਕਬਜੇ ਦੇ ਸਹਾਰੇ ਕੰਧ ਨਾਲ ਝੂਲਦੇ ਫੱਟੇ 'ਤੇ ਸੌਣ ਦਾ ਇੰਤਜ਼ਾਮ ਸੀ। ਸਾਮਾਨ ਦੇ ਨਾਂ 'ਤੇ ਇਕ ਪਾਖਾਨੇ ਵਾਲੀ ਬਾਲ੍ਹਟੀ ਤੇ ਟੀਨ ਦਾ ਤਸਲਾ—ਬਸ, ਇਹ ਦੋ ਚੀਜ਼ਾਂ ਈ ਸਨ। ਜੇਲ੍ਹ ਜ਼ਰਾ ਉੱਚੀ ਧਰਤੀ 'ਤੇ ਬਣੀ ਸੀ, ਇਸ ਲਈ ਆਪਣੀ ਛੋਟੀ-ਜਿਹੀ ਖਿੜਕੀ ਵਿਚੋਂ ਮੈਨੂੰ ਸਮੁੰਦਰ ਦੀ ਝਾਕੀ ਵੀ ਦਿਖਾਈ ਦਿੰਦੀ ਸੀ। ਇਕ ਦਿਨ ਮੈਂ ਸਲਾਖਾਂ ਫੜ੍ਹ ਕੇ ਖੜ੍ਹਾ, ਲਹਿਰਾਂ 'ਤੇ ਨੱਚਦੀ ਧੁੱਪ ਨੂੰ ਅੱਖਾਂ ਅੱਡ-ਅੱਡ ਦੇਖ ਰਿਹਾ ਸੀ ਕਿ ਇਕ ਵਾਰਡਰ ਨੇ ਆ ਕੇ ਦੱਸਿਆ, “ਕੋਈ ਤੈਨੂੰ ਮਿਲਣ ਆਈ ਏ।” ਸੋਚਿਆ ਜ਼ਰੂਰ ਮੇਰੀ ਈ ਹੋਵੇਗੀ—ਸੀ ਵੀ ਉਹੀ।
ਮੁਲਾਕਾਤ ਵਾਲੇ ਕਮਰੇ ਵਿਚ ਪਹਿਲਾਂ ਇਕ ਲੰਮਾਂ ਵਰਾਂਡਾ, ਫੇਰ ਪੌੜੀਆਂ, ਫੇਰ ਇਕ ਹੋਰ ਵਰਾਂਡਾ ਪਾਰ ਕਰਕੇ ਜਾਣਾ ਪਿਆ। ਕਮਰਾ ਬੜਾ ਵੱਡਾ ਸੀ। ਇਸ ਵਿਚ ਇਕ ਵੱਡੀ ਸਾਰੀ ਬਾਹਰ ਵੱਲ ਨੂੰ ਨਿਕਲੀ ਧਨੁਸ਼ ਆਕਾਰ ਖਿੜਕੀ ਵਿਚੋਂ ਹੋ ਕੇ ਚਾਨਣ ਆ ਰਹੀ ਸੀ। ਕਮਰਾ ਉੱਚੀਆਂ-ਉੱਚੀਆਂ ਲੋਹੇ ਦੀਆਂ ਟੇਢੀਆਂ ਸਲਾਖਾਂ ਨਾਲ ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਸਲਾਖਾਂ ਦੀਆਂ ਦੋ ਜਾਲੀਆਂ ਵਿਚਕਾਰ ਲਗਭਗ ਤੀਹ ਫੁੱਟ ਖਾਲੀ ਜਗ੍ਹਾ ਸੀ। ਇਸ ਦੇ ਇੱਧਰ ਕੈਦੀ ਹੁੰਦੇ ਸਨ ਤੇ ਉੱਧਰ ਮੁਲਾਕਤੀ। ਵਿਚਕਾਰਲੀ ਜਗ੍ਹਾ ਓਵੇਂ ਖਾਲੀ ਪਈ ਰਹਿੰਦੀ ਸੀ, ਇਸ ਵਿਚ ਕੋਈ ਨਹੀਂ ਸੀ ਹੁੰਦਾ। ਮੈਨੂੰ ਉਸ ਜਗ੍ਹਾ ਲੈ ਜਾ ਕੇ ਖੜ੍ਹਾ ਕਰ ਦਿੱਤਾ ਗਿਆ, ਜਿੱਥੇ ਯਕਦਮ ਸਾਹਮਣੇ ਆਪਣੇ ਉਹਨਾਂ ਧਾਰੀਦਾਰ ਕੱਪੜਿਆਂ ਵਿਚ ਮੇਰੀ ਖੜ੍ਹੀ ਸੀ। ਮੇਰੇ ਵੰਨੀ ਦੀਆਂ ਸਲਾਖਾਂ ਨਾਲ ਲੱਗੇ, ਲਗਭਗ, ਬਾਰਾਂ ਹੋਰ ਕੈਦੀ ਖੜ੍ਹੇ ਸਨ। ਵਧੇਰੇ ਅਰਬ ਈ ਸਨ। ਮੇਰੀ ਵਾਲੇ ਪਾਸੇ ਵੀ ਹਬਸ਼ੀ ਔਰਤਾਂ ਈ ਸਨ। ਬੁੱਲ੍ਹ ਘੁੱਟੀ ਖੜ੍ਹੀ ਇਕ ਛੋਟੇ ਕੱਦ ਦੀ ਬੁੱਢੀ ਤੇ ਨੰਗੇ ਸਿਰ ਵਾਲੀ ਮੋਟੀ, ਅਧਖੜ੍ਹ ਉਮਰ ਦੀ ਜ਼ਨਾਨੀ ਦੇ ਵਿਚਾਲੇ ਮੇਰੀ ਵਿਚਾਰੀ, ਭਿਚੀ-ਜਿਹੀ, ਕਿਵੇਂ ਨਾ ਕਿਵੇਂ ਘੁਸੜੀ ਹੋਈ ਸੀ। ਇਹ ਅਧਖੜ੍ਹ ਉਮਰ ਦੀ ਜ਼ਨਾਨੀ ਬੜੇ ਅਜੀਬ-ਅਜੀਬ ਮੂੰਹ ਬਣਾਉਂਦੀ ਹੋਈ ਚੀਕਵੀਂ ਸੁਰ ਵਿਚ ਬੋਲੀ ਜਾ ਰਹੀ ਸੀ। ਕੈਦੀਆਂ ਤੇ ਮੁਲਾਕਤੀਆਂ ਦੇ ਵਿਚਕਾਰਲੀ ਇਸ ਲੰਮੀ ਦੂਰੀ ਕਾਰਨ ਮੈਨੂੰ ਖ਼ੁਦ ਵੀ ਆਪਣੀ ਆਵਾਜ਼ ਉੱਚੀ ਕਰਨੀ ਪਈ।
ਜਿਸ ਵੇਲੇ ਮੈਂ ਇਸ ਕਮਰੇ ਵਿਚ ਪੈਰ ਰੱਖਿਆ ਸੀ, ਉਸ ਵੇਲੇ ਵੀ ਮੱਛੀ ਬਾਜ਼ਾਰ ਵਰਗੀ ਇਹੋ 'ਚੈਂ-ਚੈਂ' ਸੁੰਨੀਆਂ-ਕੰਧਾਂ ਨਾਲ ਟਕਰਾ ਕੇ ਗੂੰਜ ਰਹੀ ਸੀ। ਖਿੜਕੀ 'ਚੋਂ ਆਉਂਦੀ ਧੁੱਪ ਨੇ ਚਾਰੇ-ਪਾਸੇ ਚਿੱਟੀ, ਤਿੱਖੀ ਚਮਕ ਫ਼ੈਲਾਈ ਹੋਈ ਸੀ। ਇਸ ਸਭ ਨਾਲ ਮੇਰਾ ਸਿਰ ਚਕਰਾਉਣ ਲੱਗ ਪਿਆ ਸੀ। ਕੋਠੜੀ ਦੇ ਹਨੇਰੇ ਤੇ ਸੰਨਾਟੇ ਦੀ ਤੁਲਨਾ ਵਿਚ ਇੱਥੋਂ ਦੀ ਇਸ ਸਥਿਤੀ ਨਾਲ ਮਿਜਾ ਮੇਚਣ ਵਿਚ ਮੈਨੂੰ ਕੁਝ ਸਮਾਂ ਲੱਗਿਆ ਸੀ। ਤੇ ਕੁਝ ਚਿਰ ਬਾਅਦ ਤਾਂ ਕਮਰੇ ਦਾ ਇਕ-ਇਕ ਚਿਹਰਾ ਸਾਫ਼ ਚਮਕਦਾ ਦਿਖਾਈ ਦੇਣ ਲੱਗ ਪਿਆ ਸੀ ਜਿਵੇਂ ਕੋਈ ਉਹਨਾਂ 'ਤੇ ਟਾਰਚ ਦਾ ਚਾਨਣ ਪਾ ਰਿਹਾ ਹੋਵੇ।
ਫੇਰ ਦਿਸਿਆ, ਵਿਚਕਾਰਲੀ ਖਾਲੀ ਜਗ੍ਹਾ ਵਿਚ ਦੋਵਾਂ ਪਾਸਿਆਂ ਦੀ ਜਾਲੀਆਂ ਨਾਲ ਲੱਗਿਆ ਜੇਲ੍ਹ ਦਾ ਇਕ-ਇਕ ਹਵਾਲਦਾਰ ਬੈਠਾ ਹੋਇਆ ਏ। ਇੱਥੋਂ ਦੇ ਪੱਕੇ ਕੈਦੀ ਤੇ ਦੂਜੇ ਪਾਸੇ ਵੱਲ ਉਹਨਾਂ ਦੇ ਰਿਸ਼ਤੇਦਾਰ ਆਹਮੋਂ-ਸਾਹਮਣੇ ਬਾਕਾਇਦਾ ਚੌਂਕੜੀ ਮਾਰ ਕੇ ਬੈਠੇ ਹੋਏ ਸਨ। ਉਹਨਾਂ ਨੂੰ ਆਵਾਜ਼ ਉੱਚੀ ਕਰਨ ਦੀ ਲੋੜ ਨਹੀਂ ਸੀ ਪੈ ਰਹੀ। ਏਨੀ ਕਾਂਵਾਂ-ਰੌਲੀ ਵਿਚ ਵੀ ਉਹ ਪਤਾ ਨਹੀਂ ਕਿੰਜ ਘੁਸਰ-ਫੁਸਰ ਕਰਕੇ ਗੱਲਾਂਬਾਤਾਂ ਕਰੀ ਜਾ ਰਹੇ ਸਨ। ਇੰਜ ਹੇਠਾਂ-ਹੇਠਾਂ ਚਲ ਰਹੀਆਂ ਗੱਲਾਂ ਦੀ ਭਿਣਭਿਣਾਹਟ, ਸਿਰਾਂ ਉੱਤੇ ਖੜ੍ਹੇ ਹੋ ਕੇ ਚਲਦੀਆਂ ਗੱਲਾਂ ਦੀ ਸੰਗਤ ਕਰ ਰਹੀ ਲੱਗੀ ਸੀ। ਛੇਤੀ ਈ ਇਹ ਸਭ ਕੁਝ ਮੈਂ ਅੱਖਾਂ ਵਿਚ ਭਰ ਲਿਆ ਤੇ ਮੇਰੀ ਦੀ ਦਿਸ਼ਾ ਵਿਚ ਕੁਝ ਕਦਮ ਹੋਰ ਸਾਹਮਣੇ ਵੱਲ ਵਧ ਆਇਆ। ਆਪਣਾ ਕਣਕ-ਵੰਨਾਂ ਚਿਹਰਾ ਸਲਾਖਾਂ ਵਿਚ ਅੜਾਈ ਉਹ ਖੁੱਲ੍ਹ ਕੇ ਮੁਸਕਰਾ ਰਹੀ ਸੀ। ਇਸ ਤਰ੍ਹਾਂ ਦੇਖਣ ਵਿਚ ਉਹ ਮੈਨੂੰ ਬੜੀ ਸੁੰਦਰ ਲੱਗੀ—ਪਰ ਪਤਾ ਨਹੀਂ ਕਿਉਂ, ਉਸ ਇੰਜ ਬਹੁਤਾ ਚਿਰ ਨਹੀਂ ਸੀ ਕਰ ਸਕੀ।
“ਹੋਰ?” ਆਪਣੀ ਆਵਾਜ਼ ਬੜੀ ਉੱਚੀ ਕਰਕੇ ਉਸਨੇ ਪੁੱਛਿਆ, “ਕੀ ਹਾਲ ਏ? ਠੀਕ ਤਾਂ ਏਂ ਨਾ? ਲੋੜੀਂਦੀਆਂ ਸਾਰੀਆਂ ਚੀਜ਼ਾਂ ਤਾਂ ਹੈਨ ਨਾ?”
“ਹਾਂ-ਹਾਂ, ਮੈਨੂੰ ਜੋ ਚਹੀਦੈ ਸਭ ਕੁਛ ਐ।”
ਫੇਰ ਕੁਝ ਚਿਰ ਸਾਡੇ 'ਚੋਂ ਕੋਈ ਕੁਝ ਨਾ ਬੋਲਿਆ। ਮੇਰੀ ਮੁਸਕਰਾਉਂਦੀ ਰਹੀ। ਮੋਟੀ ਔਰਤ ਮੇਰੇ ਨਾਲ ਖੜ੍ਹੇ ਇਕ ਕੈਦੀ ਨੂੰ ਸੰਬੋਧਤ ਕਰਦੇ ਚੀਕੀ ਜਾ ਰਹੀ ਸੀ। ਆਦਮੀ ਲੰਮਾਂ, ਗੋਰਾ ਤੇ ਖ਼ੂਬਸੂਰਤ ਸੀ ਤੇ ਹੋ ਸਕਦਾ ਏ ਉਸਦਾ ਪਤੀ ਹੋਵੇ।
ਉਹ ਚੀਕ ਕੇ ਕਹਿ ਰਹੀ ਸੀ, “ਜੈਨੀ ਉਸਨੂੰ ਰੱਖਣ ਲਈ ਤਿਆਰ ਨਈਂ। ਦੇਖ ਨਾ, ਕਿੰਨੀ ਮਾੜੀ ਗੱਲ ਐ।” ਆਦਮੀ ਨੇ ਕੁਝ ਨਹੀਂ ਕਿਹਾ। “ਹਾਂ, ਤੇ ਦੇਖ, ਮੈਂ ਉਸਨੂੰ ਇਹ ਵੀ ਕਿਹਾ ਬਈ ਤੂੰ ਜੇਲ੍ਹ 'ਚੋਂ ਬਾਹਰ ਆਉਂਦਾ ਈ ਉਸਨੂੰ ਲੈ ਲਵੇਂਗਾ।” ਪਰ ਕੈਦੀ ਨੇ ਸੁਣ ਕੇ ਵੀ ਕੁਝ ਨਹੀਂ ਕਿਹਾ।
ਉਸ ਖਾਲੀ ਜਗ੍ਹਾ ਦੇ ਪਾਰੋਂ ਮੇਰੀ ਨੇ ਕੂਕ ਕੇ ਦੱਸਿਆ, “ਰੇਮੰਡ ਨੇ ਦਿਲੀ ਸ਼ੁਭਕਾਮਨਾਵਾਂ ਭੇਜੀਆਂ ਨੇ।” ਮੈਂ ਕਿਹਾ, “ਧੰਨਵਾਦ।” ਪਰ ਮੇਰੀ ਦੀ ਆਵਾਜ਼ ਗੁਆਂਢੀ ਦੀ ਆਵਾਜ਼ ਹੇਠ ਦਬ ਗਈ, “ਉਹ ਠੀਕ-ਠਾਕ ਤਾਂ ਐ ਨਾ?” ਮੋਟੀ ਔਰਤ ਹੱਸ ਪਈ, “ਠੀਕ-ਠਾਕ? ਬਈ ਉਸਨੂੰ ਕੀ ਹੋਇਐ? ਸਾਕਸ਼ਾਤ ਤੰਦਰੁਸਤੀ ਦੀ ਮੂਰਤ ਐ।”
ਇਸ ਸਾਰੇ ਸਮੇਂ ਮੇਰੇ ਖੱਬੇ ਹੱਥ ਖੜ੍ਹਾ, ਪਤਲੇ-ਪਤਲੇ, ਕੁੜੀਆਂ ਵਰਗੇ ਹੱਥਾਂ ਵਾਲਾ ਛੋਹਰ ਮੂੰਹੋਂ ਇਕ ਸ਼ਬਦ ਵੀ ਨਹੀਂ ਸੀ ਬੋਲਿਆ। ਦੇਖਿਆ, ਉਸਦੀਆਂ ਅੱਖਾਂ ਬਿਨਾਂ ਝਪਕੇ ਸਾਹਮਣੇ ਖੜ੍ਹੀ ਛੋਟੇ ਕੱਦ ਦੀ ਬੁੱਢੀ 'ਤੇ ਟਿਕੀਆਂ ਹੋਈਆਂ ਨੇ, ਤੇ ਉੱਧਰ ਉਹ ਵੀ ਬੜੀਆਂ ਭਾਵ-ਭਰੀਆਂ ਅੱਖਾਂ ਨਾਲ, ਇਕਟੱਕ, ਉਸ ਵੱਲ ਤੱਕੀ ਜਾ ਰਹੀ ਏ। ਪਰ ਛੇਤੀ ਈ ਮੈਨੂੰ ਆਪਣੀਆਂ ਨਜ਼ਰਾਂ ਉੱਧਰੋਂ ਹਟਾਅ ਲੈਣੀਆਂ ਪਈਆਂ। ਮੇਰੀ ਕੂਕ ਕੇ ਕਹਿ ਰਹੀ ਸੀ, “ਸਾਨੂੰ ਉਮੀਦ ਦਾ ਪੱਲਾ ਨਈਂ ਛੱਡਣਾ ਚਾਹੀਦਾ।”
ਮੈਂ ਜਵਾਬ ਦਿੱਤਾ, “ਬਿਲਕੁਲ ਨਈਂ।” ਮੇਰੀ ਨਜ਼ਰ ਉਸਦੇ ਮੋਢਿਆਂ 'ਤੇ ਪਈ ਤਾਂ ਅਚਾਨਕ ਮਨ ਵਿਚ ਬੜੇ ਜ਼ੋਰ ਨਾਲ ਆਇਆ ਕਿ ਇਹਨਾਂ ਮਹੀਨ ਕੱਪੜਿਆਂ ਵਿਚ ਉਹਨੂੰ ਘੁੱਟ ਕੇ ਭੀਚ ਲਵਾਂ। ਉਸਦੀ ਸੁਡੌਲ ਦੇਹ ਤੇ ਕੱਪੜਿਆਂ ਦੀ ਬਣਾਵਟ ਮੈਨੂੰ ਮੋਹ ਕੇ ਆਪਣੇ ਵੱਲ ਖਿੱਚ ਰਹੀ ਸੀ...ਤੇ ਮਨ ਈ ਮਨ ਇੰਜ ਲੱਗ ਰਿਹਾ ਸੀ ਕਿ 'ਮੇਰੀ' ਜਿਸ ਉਮੀਦ ਦੀ ਗੱਲ ਕਹਿ ਰਹੀ ਏ, ਉਹ ਕਿਤੇ ਨਾ ਕਿਤੇ ਇਹਨਾਂ ਸਭਨਾਂ ਗੱਲਾਂ ਨਾਲ ਵੀ ਜੁੜੀ ਹੋਈ ਏ। ਸੋਚਦਾ ਹਾਂ, ਅਜਿਹੀ ਈ ਕੋਈ ਗੱਲ ਉਸਦੇ ਮਨ ਵਿਚ ਵੀ ਸੀ, ਤਦੇ ਤਾਂ ਉਹ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕੁਰਾ ਰਹੀ ਸੀ।
“ਤੂੰ ਦੇਖੀਂ, ਸਭ ਕੁਛ ਠੀਕ ਹੋ ਜਾਵੇਗਾ। ਫੇਰ ਅਸੀਂ ਸ਼ਾਦੀ ਕਰ ਲਵਾਂਗੇ।”
ਮੈਨੂੰ ਉਸਦੀ ਸਾਰੀ ਦੇਹ ਵਿਚੋਂ ਉਸਦੀਆਂ ਅੱਖਾਂ ਦੀ ਚਮਕ ਤੇ ਅੱਖਾਂ ਦੇ ਚਾਰੇ ਪਾਸੇ ਵਾਲੀਆਂ ਝੁਰੜੀਆਂ ਈ ਦਿਸ ਰਹੀਆਂ ਸਨ। ਪੁੱਛਿਆ, “ਸੱਚਮੁੱਚ, ਤੂੰ ਇਹੀ ਸੋਚਦੀ ਏਂ ਨਾ?” ਪਰ ਇਹ ਗੱਲ ਕਹਿਣ ਦਾ ਮੁੱਖ ਕਾਰਨ ਹੋਰ ਕੁਝ ਨਹੀਂ, ਬਸ, ਇਹੀ ਸੀ ਕਿ ਜਵਾਬ ਵਿਚ ਮੈਂ ਵੀ ਤਾਂ ਕੁਛ-ਨਾ-ਕੁਛ ਤਾਂ ਕਹਿਣਾ ਈ ਸੀ।
ਉਸੇ ਉੱਚੀ ਆਵਾਜ਼ ਵਿਚ ਉਸਨੇ ਕਾਹਲੀ-ਕਾਹਲੀ ਗੱਲਾਂ ਦੀ ਝੜੀ ਲਾ ਦਿੱਤੀ। “ਹਾਂ, ਹਾਂ, ਤੂੰ ਛੁੱਟ ਜਾਵੇਂਗਾ। ਫੇਰ ਅਸੀਂ ਲੋਕ ਹਰ ਐਤਵਾਰ ਨੂੰ ਉਸੇ ਤਰ੍ਹਾਂ ਨਹਾਉਣ ਜਾਇਆ ਕਰਾਂਗੇ।”
ਮੇਰੀ ਦੇ ਨਾਲ ਵਾਲੀ ਔਰਤ ਅਜੇ ਵੀ ਉੱਚੀ-ਉੱਚੀ ਰੋਂਦੀ ਆਪਣੇ ਪਤੀ ਨੂੰ ਦੱਸ ਰਹੀ ਸੀ ਕਿ ਉਹ ਜੇਲ੍ਹ ਦੇ ਦਫ਼ਤਰ ਵਿਚ ਉਸ ਲਈ ਇਕ ਟੋਕਰੀ ਰੱਖ ਆਈ ਏ। ਫੇਰ ਉਹ ਟੋਕਰੀ ਵਿਚ ਜੋ-ਜੋ ਲਿਆਈ ਸੀ, ਉਸਦੀ ਸੂਚੀ ਦੱਸ ਕੇ ਬੋਲੀ, “ਧਿਆਨ ਰੱਖੀਂ! ਖ਼ੂਬ ਹੁਸ਼ਿਆਰੀ ਨਾਲ ਦੇਖ ਲਵੀਂ। ਕਈ ਚੀਜ਼ਾਂ ਬੜੀਆਂ ਕੀਮਤੀ ਨੇ।” ਮੇਰੇ ਦੂਜੇ ਪਾਸੇ ਮੁੰਡਾ ਤੇ ਉਸਦੀ ਮਾਂ ਅਜੇ ਤੀਕ ਉਸੇ ਤਰ੍ਹਾਂ ਸੁੰਨੀਆਂ, ਉਦਾਸ ਅੱਖਾਂ ਨਾਲ ਇਕ ਦੂਜੇ ਵੱਲ ਦੇਖ ਰਹੇ ਸਨ ਤੇ ਸਾਡੇ ਹੇਠਾਂ ਬੈਠੇ ਅਰਬ ਲੋਕਾਂ ਦੀਆਂ ਗੱਲਾਂ ਉਸੇ ਨਿਰਵਿਘਣ ਤੇ ਇਕਾਗਰ ਰਿਫ਼ਤਾਰ ਨਾਲ ਚੱਲ ਰਹੀਆਂ ਸਨ। ਲੱਗਦਾ ਸੀ, ਖਿੜਕੀ ਦੇ ਬਾਹਰ ਚਾਨਣ ਦਾ ਹੜ੍ਹ-ਜਿਹਾ ਆਇਆ ਹੋਇਆ ਏ ਤੇ ਛਣ ਕੇ ਅੰਦਰ ਆ ਰਿਹਾ ਏ। ਜਿਹੜੇ ਲੋਕ ਚਾਨਣ ਦੇ ਸਾਹਮਣੇ ਪੈਂਦੇ ਸਨ, ਉਹਨਾਂ ਦੇ ਚਿਹਰੇ ਬੇਹੱਦ ਪੀਲੇ ਤੇ ਤੇਲ-ਚੌਪੜੇ ਲੱਗ ਰਹੇ ਸਨ।
ਮੇਰਾ ਜੀਅ ਕੱਚਾ ਹੋਣ ਲੱਗ ਪਿਆ ਤੇ ਮਨ ਹੋਇਆ ਬਾਹਰ ਨਿਕਲ ਜਾਵਾਂ। ਆਸੇ-ਪਾਸੇ ਦੀਆਂ ਇਹ ਰਲਗਡ, ਤਿੱਖੀਆਂ ਆਵਾਜ਼ਾਂ ਕੰਨਾਂ ਵਿਚ ਸੱਲ ਮਾਰ ਰਹੀਆਂ ਮਹਿਸੂਸ ਹੋ ਰਹੀਆਂ ਸਨ। ਪਰ ਨਾਲ ਈ ਮਨ ਵਿਚ ਇਹ ਵੀ ਸੀ ਕਿ ਮੇਰੀ ਨਾਲ ਰਹਿਣ ਦੇ ਸੁਖ ਨੂੰ ਜਿੰਨਾ ਵੱਧ ਤੋਂ ਵੱਧ ਮਾਣਿਆ ਜਾ ਸਕੇ, ਮਾਣਦਾ ਰਹਾਂ। ਇਸ ਸਾਰੇ ਰੌਲੇਰੱਪੇ ਵਿਚ ਇਕ ਛਿਣ ਲਈ ਵੀ ਦਰਾੜ ਜਾਂ ਤਰੇੜ ਨਹੀਂ ਸੀ ਪਈ। ਉਹੀ ਲਗਾਤਾਰ ਚੱਲਦੀ ਚੀਕਾਰੌਲੀ, ਗੱਲਬਾਤ ਤੇ ਬੈਠੇ ਸੰਘਾਂ ਵਿਚੋਂ ਨਿਕਲਦੀ ਖਰਖਰਾਹਟ। ਇਸ ਸਾਰੀ ਕਾਵਾਂ-ਰੌਲੀ ਵਿਚ ਜੇ ਚੁੱਪ ਦਾ ਕੋਈ ਰੂਪ ਸੀ ਤਾਂ ਉਹ ਸੀ ਉਸ ਮੁੰਡੇ ਤੇ ਉਸਦੀ ਮਾਂ ਦਾ ਬਿਨਾਂ ਕੁਝ ਬੋਲੇ ਆਪਸ ਵਿਚ ਇਕ-ਦੂਜੇ ਨੂੰ ਅੱਖਾਂ ਰਾਹੀਂ ਪੀਂਦੇ ਰਹਿਣਾ।
ਇਸ ਪਿੱਛੋਂ ਇਕ-ਇਕ ਕਰਕੇ ਅਰਬ ਕੈਦੀ ਹਟਾ ਲਏ ਗਏ। ਜਦੋਂ ਪਹਿਲਾ ਕੈਦੀ ਗਿਆ ਤਾਂ ਸਾਰੇ ਈ ਯਕਦਮ ਚੁੱਪ ਹੋ ਗਏ। ਛੋਟੇ ਕੱਦ ਦੀ ਬੁੱਢੀ ਸਲਾਖਾਂ ਨਾਲ ਚਿਪਕੀ ਓਵੇਂ ਈ ਖੜ੍ਹੀ ਸੀ ਕਿ ਵਾਰਡਰ ਨੇ ਉਸਦੇ ਪੁੱਤਰ ਦੇ ਮੋਢੇ ਉੱਤੇ ਹੱਥ ਰੱਖਿਆ। ਮੁੰਡੇ ਨੇ ਕੂਕ ਕੇ ਕਿਹਾ, “ਫੇਰ ਮਿਲਾਂਗੇ ਅੰਮਾਂ।” ਬੁੱਢੀ ਨੇ ਸਲਾਖਾਂ ਪਿੱਛੋਂ ਹੱਥ ਕੱਢਿਆ ਤੇ ਬੜੀ ਹੌਲੀ-ਜਿਹੀ ਜ਼ਰਾ ਕੁ ਹਿਲਾਅ ਕੇ ਵਿਦਾਅ ਦੇ ਦਿੱਤੀ।
ਉਸਦੇ ਹਟਦਿਆਂ ਈ, ਹੱਥ ਵਿਚ ਇਕ ਟੋਪ ਫੜ੍ਹੀ, ਇਕ ਦੂਜਾ ਆਦਮੀ ਆ ਖੜ੍ਹਾ ਹੋਇਆ। ਮੇਰੇ ਨਾਲ ਵਾਲੀ ਖਾਲੀ ਥਾਂ ਵਿਚ ਵੀ ਦੂਜਾ ਆਦਮੀ ਆ ਗਿਆ ਤੇ ਦੋਵਾਂ ਨੇ ਅੰਨ੍ਹੇਵਾਹ ਗੱਲਬਾਤ ਸ਼ੁਰੂ ਕਰ ਦਿੱਤੀ। ਹਾਂ, ਓਨੇ ਉੱਚੇ ਸੁਰ ਵਿਚ ਇਹ ਨਹੀਂ ਸੀ ਬੋਲ ਰਹੇ, ਕਿਉਂਕਿ ਕਮਰਾ ਹੁਣ ਪਹਿਲਾਂ ਨਾਲੋਂ ਸ਼ਾਂਤ ਹੋ ਗਿਆ ਸੀ। ਕੋਈ ਆ ਕੇ ਮੇਰੇ ਸੱਜੇ ਪਾਸੇ ਵਾਲੇ ਆਦਮੀ ਨੂੰ ਬੁਲਾ ਕੇ ਲੈ ਗਿਆ। ਪਤਨੀ ਨੇ ਖ਼ੂਬ ਜ਼ੋਰ ਨਾਲ ਚੀਕ ਕੇ ਕਿਹਾ, “ਤੇ ਹਾਂ, ਸੁਣੀ, ਆਪਣਾ ਖ਼ਿਆਲ ਰੱਖੀਂ। ਕੁਝ ਉਲਟਾ ਸਿੱਧਾ ਨਾ ਕਰੀਂ।” ਲੱਗਦਾ ਸੀ ਕਿ ਉਸਨੂੰ ਇਹ ਵੀ ਧਿਆਨ ਨਹੀਂ ਸੀ ਕਿ ਹੁਣ ਓਨੇ ਜ਼ੋਰ ਨਾਲ ਬੋਲਣ ਦੀ ਲੋੜ ਨਹੀਂ।
ਇਸ ਪਿੱਛੋਂ ਆਇਆ ਮੇਰਾ ਨੰਬਰ। ਮੇਰੀ ਨੇ ਉਂਗਲਾਂ ਚੁੰਮ ਕੇ ਝਟਕੇ ਨਾਲ ਮੇਰੇ ਵੱਲ ਚੁੰਮਾਂ ਸੁੱਟਿਆ। ਬਾਹਰ ਜਾਂਦਾ ਹੋਇਆ ਮੈਂ ਮੁੜ-ਮੁੜ ਉਸ ਵੱਲ ਦੇਖਾ ਰਿਹਾ। ਉਹ ਬਿਨਾਂ ਹਿੱਲੇ-ਡੋਲੇ ਖੜ੍ਹੀ ਰਹੀ...ਉਸਦਾ ਚਿਹਰਾ ਓਵੇਂ ਈ ਸਲਾਖਾਂ ਨਾਲ ਜੁੜਿਆ ਰਿਹਾ...ਬੁੱਲ੍ਹ ਉਸੇ ਜਬਰੀ ਚਿਪਕਾਈ ਉਦਾਸ ਮੁਸਕਾਨ ਕਾਰਨ ਜ਼ਰਾ ਖੁੱਲ੍ਹੇ ਹੋਏ ਸਨ...
ਇਸ ਪਿੱਛੋਂ ਬੜੀ ਛੇਤੀ ਈ ਮੈਨੂੰ ਉਸਦਾ ਖ਼ਤ ਮਿਲਿਆ। ਤੇ ਫੇਰ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਜਿਹਨਾਂ ਬਾਰੇ ਗੱਲ ਕਰਨੀ ਮੈਨੂੰ ਕਦੀ ਚੰਗੀ ਨਹੀਂ ਲੱਗੀ। ਇੰਜ ਵੀ ਨਹੀਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਖਾਸ ਤੌਰ 'ਤੇ ਭਿਆਨਕ ਤੇ ਦੁੱਖਦਾਈ ਈ ਹੁੰਦੀ ਨੇ। ਮੈਂ ਆਪਣੇ-ਆਪ ਨੂੰ ਤੀਸ ਮਾਰ ਖਾਂ ਨਹੀਂ ਕਹਿਣਾ ਚਾਹੁੰਦਾ, ਫੇਰ ਵੀ ਇਹ ਸੱਚ ਏ ਕਿ ਦੂਜਿਆਂ ਦੇ ਮੁਕਾਬਲੇ ਮੈਂ ਦੁੱਖ ਨੂੰ ਬੜਾ ਘੱਟ ਮਹਿਸੂਸ ਕੀਤਾ। ਪਰ ਸ਼ੁਰੂ ਦੇ ਦਿਨਾਂ ਦੀ ਜਿਸ ਗੱਲ ਕਰਕੇ ਮੈਂ ਸੱਚਮੁੱਚ ਤੰਗ ਆ ਗਿਆ ਸੀ...ਉਹ ਸੀ, ਮੇਰੀ ਆਜ਼ਾਦ ਆਦਮੀ ਦੇ ਤੌਰ 'ਤੇ ਸੋਚਣ ਦੀ ਆਦਤ। ਜਿਵੇਂ ਕਿ ਅਚਾਨਕ ਧੁਨ ਸਵਾਰ ਹੋ ਜਾਂਦੀ ਸੀ ਕਿ ਸਮੁੰਦਰ ਤਟ 'ਤੇ ਚਲਾ ਜਾਵਾਂ ਤੇ ਪਾਣੀ ਵਿਚ ਖ਼ੂਬ ਤੈਰਾਂ। ਤੇ ਜਦੋਂ ਆਪਣੇ ਪੈਰਾਂ 'ਤੇ ਨਿੱਕੀਆਂ-ਨਿੱਕੀਆਂ ਲਹਿਰਾਂ ਦੀ ਛਪਕ-ਛਪਕ...ਛਾਲਾਂ ਮਾਰ ਕੇ ਅੱਗੇ ਵਧਦੇ ਸਰੀਰ 'ਤੇ ਪਾਣੀ ਦੀ ਕੂਲੀ-ਕੋਸੀ ਛੋਹ...ਤੇ ਸਮੁੰਦਰ ਵਿਚ ਪਹੁੰਚ ਕੇ ਆਉਣ ਵਾਲੀ ਸੁਖ ਤੇ ਸੰਤੋਖ ਭਰੀ ਧੁੜਧੁੜੀ ਨੂੰ ਮੈਂ ਕਲਪਨਾ ਵਿਚ ਅੱਖਾਂ ਸਾਹਵੇਂ ਸਾਕਾਰ ਕਰ ਲੈਂਦਾ ਸੀ ਤਾਂ ਆਪਣੀ ਕੋਠੜੀ ਦਾ ਭੀੜਾਪਨ, ਵਧੇਰੇ ਕਰੂਰ ਤੇ ਕਠੋਰ ਲੱਗਣ ਲੱਗ ਪੈਂਦਾ ਸੀ ਮੈਨੂੰ।
ਖ਼ੈਰ, ਇਹ ਹਾਲਤ ਕੁਝ ਮਹੀਨੇ ਈ ਰਹੀ। ਬਾਅਦ ਵਿਚ ਹੌਲੀ-ਹੌਲੀ ਮੇਰਾ ਸੋਚਣ ਦਾ ਢੰਗ ਕੈਦੀਆਂ ਵਰਗਾ ਹੁੰਦਾ ਗਿਆ। ਮੈਂ ਮਨ ਈ ਮਨ ਜਾਂ ਤਾਂ ਖੁੱਲ੍ਹੇ ਚੌਕ ਵਿਚ ਟਹਿਲਦੇ ਹੋਣ ਦੀ ਕਲਪਨਾ, ਜਾਂ ਆਪਣੇ ਵਕੀਲ ਸਾਹਬ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਇਸਦੇ ਇਲਾਵਾ ਬਾਕੀ ਸਮੇਂ ਲਈ ਵੀ ਮੈਂ ਇਕ ਅਜਿਹਾ ਤਰੀਕਾ ਲੱਭ ਲਿਆ ਸੀ, ਜਿਹੜਾ ਸੱਚਮੁੱਚ ਬੜਾ ਵਧੀਆ ਸਾਬਤ ਹੋਇਆ। ਅਕਸਰ ਮੈਂ ਸੋਚਦਾ ਹਾਂ ਕਿ ਮੰਨ ਲਓ ਕਦੀ ਅਜਿਹੀ ਮਜ਼ਬੂਰੀ ਆ ਜਾਵੇ ਕਿ ਮੈਨੂੰ ਕਿਸੇ ਰੁੱਖ ਦੀ ਖੋੜ੍ਹ ਵਿਚ ਰਹਿਣਾ ਪਵੇ ਤੇ ਉਪਰਲੇ ਆਸਮਾਨੀ ਟੋਟੇ ਨੂੰ ਦੇਖਦੇ ਰਹਿਣ ਦੇ ਸਿਵਾਏ, ਕਰਨ ਲਈ ਕੁਝ ਹੋਰ ਨਾ ਹੋਵੇ...ਤਾਂ ਉਸ ਹਾਲਤ ਵਿਚ ਵੀ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ-ਆਪ ਨੂੰ ਉਸ ਸਥਿਤੀ ਦੀ ਆਦਤ ਪਾਵਾਂਗਾ ਈ। ਹੌਲੀ-ਹੌਲੀ ਓਵੇਂ ਮਨ ਬਣਾਵਾਂਗਾ...ਅੱਜ ਕਲ੍ਹ ਮੈਂ ਉਡੀਕ ਕਰਦਾ ਹਾਂ ਕਿ ਦੇਖਾਂ ਵਕੀਲ ਸਾਹਬ ਕਿਹੜੀ ਅਜਬ ਤੇ ਬੇਢੰਗੀ ਟਾਈ ਲਾ ਕੇ ਆਉਂਦੇ ਨੇ...ਜਾਂ ਜਿਸ ਤਰ੍ਹਾਂ ਇਕ ਦੂਜੀ ਦੁਨੀਆਂ ਵਿਚ ਰਹਿੰਦਾ ਹੋਇਆ, ਮੈਂ ਮੇਰੀ ਨਾਲ ਪਿਆਰ ਦੀ ਜਾਦੂ-ਨਗਰੀ ਵਸਾਉਣ ਦੀ ਉਡੀਕ ਬੜੇ ਸਬਰ ਨਾਲ ਕਰਦਾ ਸੀ...ਉਸੇ ਤਰ੍ਹਾਂ ਹੁਣ ਬੈਠਾ-ਬੈਠਾ ਦੇਖਿਆ ਤੇ ਸੋਚਿਆ ਕਰਾਂਗਾ ਕਿ ਹੁਣ ਚਿੜੀਆਂ ਲੰਘਣਗੀਆਂ...ਹੁਣ ਬਦਲ ਤੈਰਦੇ ਹੋਏ ਆਉਣਗੇ...ਇੱਥੇ ਰੁੱਖ ਦੀ ਖੋੜ੍ਹ ਵਿਚ ਤਾਂ ਬੰਦ ਨਹੀਂ ਨਾ, ਘੱਟੋਘੱਟ। ਹੌਲੀ-ਹੌਲੀ ਆਦਮੀ ਨੂੰ ਸਭ ਕਾਸੇ ਦੀ ਆਦਤ ਪੈ ਜਾਂਦੀ ਏ—ਮੈਨੂੰ ਯਾਦ ਏ, ਇਹ ਮਾਂ ਦਾ ਤਕੀਆ-ਕਲਾਮ ਸੀ। ਉਹ ਹਾਰ ਵੇਲੇ ਇਹੋ ਕਹਿੰਦੀ ਰਹਿੰਦੀ ਸੀ।
ਖ਼ੈਰ, ਏਨਾ ਅੱਗੇ ਜਾ ਕੇ ਸੋਚਣ ਦੀ ਲੋੜ ਨਹੀਂ ਸੀ ਪਈ। ਪਹਿਲੇ ਮਹੀਨੇ ਜ਼ਰੂਰ ਨਾਨੀ ਚੇਤੇ ਆ ਗਈ ਸੀ। ਪਰ ਉਹਨਾਂ ਦਿਨਾਂ ਨੂੰ ਲੰਘਾਉਣ ਲਈ ਮੈਨੂੰ ਜੋ-ਜੋ ਯਤਨ ਕਰਨੇ ਪਏ, ਸਮਝੋ ਉਹਨਾਂ ਨੇ ਪਾਰ ਲੰਘਾਇਆ। ਮਸਲਨ, ਔਰਤ ਦੀ ਚਾਹ ਮੈਨੂੰ ਅੰਨ੍ਹਾ ਕਰ ਦਿੰਦੀ ਸੀ ਤੇ ਉਮਰ ਨੂੰ ਦੇਖਦੇ ਹੋਏ ਇਹ ਬਹੁਤਾ ਅਸੁਭਾਵਿਕ ਵੀ ਨਹੀਂ ਸੀ। ਹਾਂ, ਉਸਦੇ ਲਈ ਮੇਰੀ ਦੀ ਤਸਵੀਰ ਈ ਮੇਰੇ ਦਿਮਾਗ਼ ਵਿਚ ਆਉਂਦੀ ਹੋਏ, ਅਜਿਹਾ ਕੁਝ ਨਹੀਂ ਸੀ। ਮੇਰੇ ਉੱਤੇ ਤਾਂ ਜਦੋਂ ਇਹ ਭੂਤ ਸਵਾਰ ਹੁੰਦਾ, ਤਾਂ ਕਦੀ ਇਸ ਔਰਤ ਦਾ ਖ਼ਿਆਲ ਆਉਂਦਾ, ਕਦੀ ਉਸ ਦਾ। ਜਿਹਨਾਂ-ਜਿਹਨਾਂ ਨਾਲ ਮੈਂ ਸੰਭੋਗ ਕੀਤਾ ਸੀ, ਕਦੀ ਇਕੋ ਸਮੇਂ ਉਹ ਸਾਰੀਆਂ ਔਰਤਾਂ ਸਾਹਮਣੇ ਆ ਖਲੋਂਦੀਆਂ, ਕਦੀ ਉਹ ਪ੍ਰਸਥਿਤੀਆਂ ਅੱਖਾਂ ਸਾਹਮਣੇ ਆ ਜਾਂਦੀਆਂ, ਜਿਹਨਾਂ ਵਿਚ ਮੈਂ ਉਹਨਾਂ ਨਾਲ ਪਿਆਰ ਕੀਤਾ ਸੀ। ਇੱਥੋਂ ਤੀਕ ਉਹਨਾਂ ਸਾਰੇ ਚਿਹਰਿਆਂ ਤੇ ਮੇਰੀ ਪੁਰਾਣੀ ਵਾਸਨਾ ਦੇ ਪ੍ਰੇਤਾਂ ਨਾਲ ਮੇਰੀ ਕੋਠੜੀ ਭਰ ਜਾਂਦੀ। ਇਸ ਨਾਲ ਮੈਨੂੰ ਮਾਨਸਿਕ ਉਥਲ-ਪੁਥਲ ਤੇ ਬੇਚੈਨੀ ਤਾਂ ਜ਼ਰੂਰ ਹੁੰਦੀ ਸੀ, ਪਰ ਘੱਟੋਘੱਟ ਸਮਾਂ ਤਾਂ ਕੱਟਿਆ ਜਾਂਦਾ ਸੀ।
ਖਾਣੇ ਸਮੇਂ ਰਸੋਈਆਂ ਦੇ ਨਾਲ-ਨਾਲ ਮੁੱਖ ਜੇਲ੍ਹਰ ਵੀ ਗੇੜਾ ਲਾਉਂਦਾ ਸੀ। ਹੌਲੀ-ਹੌਲੀ ਉਸ ਨਾਲ ਮੇਰੀ ਖਾਸੀ ਦੋਸਤੀ ਹੋ ਗਈ। ਔਰਤਾਂ ਵਾਲੀ ਗੱਲ ਅਸਲ ਵਿਚ ਉਸੇ ਨੇ ਛੇੜੀ ਸੀ। ਇਕ ਵਾਰੀ ਬੋਲਿਆ, “ਇੱਥੇ ਲੋਕ ਇਸੇ ਗੱਲ ਨੂੰ ਲੈ ਕੇ ਸਭ ਤੋਂ ਵੱਧ ਰੋਂਦੇ ਨੇ...।” ਮੈਂ ਵੀ ਕਿਹਾ ਕਿ ਖ਼ੁਦ ਮੈਂ ਵੀ ਵੈਸੀ ਈ ਜ਼ਰੂਰਤ ਮਹਿਸੂਸ ਕਰ ਰਿਹਾਂ। ਮੈਂ ਇਹ ਵੀ ਕਿਹਾ, “ਇਕ ਤਰ੍ਹਾਂ ਨਾਲ, ਇਹ ਤਾਂ ਬੜੀ ਜ਼ਿਆਦਤੀ ਏ...। ਕਹਾਵਤ ਏ ਮਰੇ ਨੂੰ ਮਾਰੇ ਸ਼ਾਹ ਮਦਾਰ...ਇਕ ਤਾਂ ਆਦਮੀ ਇੱਥੇ ਵੈਸੇ ਈ ਮਰਿਆਂ ਵਰਗਾ ਹੁੰਦਾ ਏ...ਉੱਤੋਂ ਇਹ ਹੋਰ...।” ਜੇਲ੍ਹਰ ਬੋਲਿਆ, “ਅਸੀਂ ਤਾਂ ਚਾਹੁੰਦੇ ਈ ਇਹੋ ਆਂ। ਵਰਨਾ ਤੁਹਾਨੂੰ ਲੋਕਾਂ ਨੂੰ ਇੱਥੇ ਰੱਖਿਆ ਈ ਕਿਸ ਲਈ ਜਾਂਦਾ ਏ?” ਜਦੋਂ ਮੈਂ ਕਿਹਾ, “ਮੈਂ ਤੁਹਾਡੀ ਗੱਲ ਨਈਂ ਸਮਝਿਆ।” ਤਾਂ ਜੇਲ੍ਹਰ ਨੇ ਦੱਸਿਆ, “ਉਹ ਸਭ ਤਾਂ ਆਜ਼ਾਦੀ ਦੇ ਮਜ਼ੇ ਨੇ। ਆਜ਼ਾਦੀ ਖੁੱਸ ਜਾਣ ਨੂੰ ਈ ਤਾਂ ਸਜ਼ਾ ਕਹਿੰਦੇ ਨੇ।” ਗੱਲ ਨੂੰ ਇਸ ਰੂਪ ਵਿਚ ਮੈਂ ਕਦੀ ਨਹੀਂ ਸੀ ਦੇਖਿਆ। ਪਰ ਹੁਣ ਮੈਂ ਉਸਦਾ ਦ੍ਰਿਸ਼ਟੀਕੋਨ ਵੀ ਸਮਝ ਗਿਆ ਸੀ। ਬੋਲਿਆ, “ਹਾਂ, ਗੱਲ ਤਾਂ ਸਹੀ ਏ, ਵਰਨਾ ਫੇਰ ਸਜ਼ਾ ਈ ਕਿਸ ਗੱਲ ਦੀ ਹੋਈ?” ਜੇਲ੍ਹਰ ਨੇ ਸਵੀਕਾਰ ਵਿਚ ਸਿਰ ਹਿਲਾਇਆ, “ਹੋਰ ਕੀ! ਤੂੰ ਇਹਨਾਂ ਬਾਕੀ ਲੋਕਾਂ ਵਰਗਾ ਨਈਂ। ਆਪਣੀ ਅਕਲ ਤੋਂ ਵੀ ਕੰਮ ਲੈ ਸਕਦਾ ਏਂ। ਇਹ ਲੋਕ ਖ਼ੁਦ ਨਈਂ ਸੋਚ ਸਕਦੇ। ਫੇਰ ਵੀ ਇਹ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਨੇ। ਇਹ ਲੋਕ ਆਪਸ ਵਿਚ ਈ ਕਰ-ਕਰਾ ਲੈਂਦੇ ਨੇ।” ਕਹਿ ਕੇ ਜੇਲ੍ਹਰ ਤਾਂ ਮੇਰੀ ਕੋਠੜੀ ਵਿਚੋਂ ਚਲਾ ਗਿਆ, ਪਰ ਅਗਲੇ ਦਿਨ ਤੋਂ ਮੈਨੂੰ ਉਸ ਨਾਲ ਨਫ਼ਰਤ ਹੋ ਗਈ।
ਸਿਗਰਟਾਂ ਨਾ ਮਿਲਣਾ, ਇਕ ਦੂਜੀ ਮੁਸੀਬਤ ਸੀ। ਜਿਸ ਸਮੇਂ ਮੈਨੂੰ ਜੇਲ੍ਹ ਲਿਆਂਦਾ ਗਿਆ ਸੀ, ਜੇਲ੍ਹ ਵਾਲਿਆਂ ਨੇ ਮੇਰੀ ਪੇਟੀ, ਬੂਟਾਂ ਦੇ ਫੀਤੇ, ਜੇਬ ਦਾ ਸਾਮਾਨ ਵਗ਼ੈਰਾ ਤਾਂ ਲਏ ਸੋ ਲਏ ਈ, ਇੱਥੋਂ ਤੀਕ ਕਿ ਸਿਗਰਟਾਂ ਵੀ ਨਹੀਂ ਸੀ ਛੱਡੀਆਂ। ਜਦੋਂ ਮੈਨੂੰ ਇਕੱਲੀ ਕੋਠੜੀ ਵਿਚ ਡੱਕ ਦਿੱਤਾ ਗਿਆ, ਉਦੋਂ ਵੀ ਮੈਂ ਕਿਹਾ ਕਿ ਕਮ ਸੇ ਕਮ ਮੈਨੂੰ ਸਿਗਰਟਾਂ ਤਾਂ ਦੇ ਦਿੱਤੀਆਂ ਜਾਣ, ਪਰ ਦੱਸਿਆ ਗਿਆ ਕਿ ਬੀੜੀ-ਸਿਗਰਟ ਪੀਣ ਦੀ ਮਨਾਹੀ ਏ। ਸ਼ਇਦ ਇਸ ਕਰਕੇ ਮੈਨੂੰ ਜਿੰਨਾ ਕਸ਼ਟ ਭੋਗਣਾ ਪਿਆ, ਓਨਾਂ ਕਿਸੇ ਹੋਰ ਕਾਰਨ ਕਰਕੇ ਨਹੀਂ। ਪਹਿਲੇ ਕੁਝ ਦਿਨ ਤਾਂ ਸੱਚਮੁੱਚ ਈ ਹਾਲਤ ਮੰਦੀ ਹੋ ਗਈ ਸੀ। ਮੈਂ ਸੋਣ ਵਾਲੇ ਫੱਟੇ ਦੀਆਂ ਸਿਲਤਰਾਂ ਲਾਹ-ਲਾਹ ਚੱਬਦਾ-ਚੂਸਦਾ ਰਹਿੰਦਾ। ਸਾਰਾ ਦਿਨ ਮੁਰਦਾਨੀ ਛਾਈ ਰਹਿੰਦੀ ਤੇ ਚਿੱਤ ਘਾਊਂ-ਮਾਊਂ ਹੋਇਆ ਰਹਿੰਦਾ। ਖੋਪੜੀ 'ਚ ਨਹੀਂ ਸੀ ਵੜਦਾ ਕਿ ਆਖ਼ਰ ਇਹ ਲੋਕ ਮੈਨੂੰ ਸਿਗਰਟ ਕਿਉਂ ਨਹੀਂ ਪੀਣ ਦਿੰਦੇ? ਇਸ ਨਾਲ ਕਿਸੇ ਦੇ ਪਿਓ ਦਾ ਕੀ ਜਾਂਦਾ ਸੀ? ਪਿੱਛੋਂ ਇਸਦਾ ਕਾਰਨ ਵੀ ਸਮਝ ਵਿਚ ਆ ਗਿਆ। ਇਹ ਕਟੌਤੀ ਵੀ ਸਜ਼ਾ ਦਾ ਈ ਇਕ ਹਿੱਸਾ ਸੀ। ਪਰ ਜਦੋਂ ਇਹ ਗੱਲ ਸਮਝ ਵਿਚ ਆਈ ਉਦੋਂ ਤਾਂ ਮੇਰੀ ਭਲ਼ ਈ ਮਰ ਚੁੱਕੀ ਸੀ, ਇਸ ਲਈ ਇਹ ਸਜ਼ਾ ਵੀ ਮੇਰੇ ਲਈ ਸਜ਼ਾ ਨਹੀਂ ਸੀ ਰਹੀ।
ਇਹੋ-ਜਿਹੀਆਂ ਛੋਟੀਆਂ-ਛੋਟੀਆਂ ਕਮੀਆਂ ਤੇ ਕਟੌਤੀਆਂ ਨੂੰ ਛੱਡ ਕੇ ਮੈਂ ਬਹੁਤਾ ਦੁੱਖੀ ਨਹੀਂ ਸੀ ਹੋਇਆ। ਹਾਂ, ਸਾਰੀ ਸਮੱਸਿਆ ਸੀ, ਸਮਾਂ ਲੰਘਾਉਣ ਦੀ। ਖ਼ੈਰ, ਬਾਅਦ ਵਿਚ ਜਦੋਂ ਮੈਂ ਪੁਰਾਣੀਆਂ ਗੱਲਾਂ ਯਾਦ ਕਰਨ ਦੀ ਇਹ ਤਰਕੀਬ ਲੱਭ ਲਈ ਤਾਂ ਅੱਕਣ-ਉਕਤਾਉਣ ਦਾ ਕੋਈ ਸਵਾਲ ਈ ਨਹੀਂ ਸੀ ਰਿਹਾ। ਕਦੀ-ਕਦੀ ਮੈਂ ਆਪਣੀ ਯਾਦ ਸ਼ਕਤੀ ਨੂੰ ਆਪਣੇ ਫਲੈਟ ਦੇ ਸੌਣ ਵਾਲੇ ਕਮਰੇ ਵਿਚ ਲੈ ਜਾਂਦਾ। ਇਕ ਕੋਨੇ ਤੋਂ ਸ਼ੁਰੂ ਕਰਕੇ ਸਾਰੇ ਕਮਰੇ ਵਿਚ ਚੱਕਰ ਲਾਉਂਦਾ। ਵਿਚ-ਵਿਚ ਜਿਹੜੀਆਂ ਚੀਜ਼ਾਂ ਆਉਂਦੀਆਂ ਸਨ, ਉਹਨਾਂ ਸਾਰੀਆਂ ਨੂੰ ਯਾਦ ਕਰਦਾ। ਪਹਿਲੀ ਵਾਰੀ ਤਾਂ ਇਕ ਦੋ ਮਿੰਟ ਵਿਚ ਈ ਸਾਰਾ ਚੱਕਰ ਪੂਰਾ ਹੋ ਗਿਆ। ਪਰ ਜਦੋਂ ਮੁੜ-ਮੁੜ ਇਸ ਕਿਰਿਆ ਨੂੰ ਦੁਹਰਾਇਆ ਤਾਂ ਹਰ ਵਾਰੀ ਪਹਿਲਾਂ ਨਾਲੋਂ ਵੱਧ ਸਮਾਂ ਲੱਗਿਆ। ਮੈਂ ਖਾਸ ਤੌਰ 'ਤੇ ਫਰਨੀਚਰ ਦੀ ਹਰ ਚੀਜ਼ ਦੀ ਕਲਪਨਾ ਅੱਖਾਂ ਸਾਹਵੇਂ ਸਾਕਾਰ ਕਰਦਾ, ਇਕ-ਇਕ ਚੀਜ਼ ਦੇ ਉੱਤੇ ਜਾਂ ਵਿਚ ਰੱਖੇ ਸਾਮਾਨ ਦਾ ਚੇਤਾ ਕਰਦਾ ਤੇ ਅੰਤ ਵਿਚ ਇਹਨਾਂ ਬਿਓਰਿਆਂ ਦੇ ਵੀ ਬਿਓਰੇ—ਇਕ-ਇਕ ਹਿੱਸੇ, ਟੋਏ, ਪਰਤ ਜਾਂ ਭੁਰੀ ਨੁੱਕੜ ਤੇ ਲੱਕੜੀ ਦੀ ਅਸਲ ਰੰਗਤ ਤੇ ਰੇਸ਼ੇ ਤੀਕ ਯਾਦ ਕਰਦਾ। ਨਾਲ ਈ ਸ਼ੁਰੂ ਤੋਂ ਲੈ ਕੇ ਆਖ਼ਰ ਤੀਕ, ਸਹੀ ਤਰਤੀਬ ਨਾਲ, ਬਿਨਾਂ ਇਕ ਵੀ ਚੀਜ਼ ਛੱਡੇ, ਆਪਣੀ ਇਸ ਖੋਜ ਦੀ ਪੂਰੀ ਦੀ ਪੂਰੀ ਸੂਚੀ ਦਿਮਾਗ਼ ਵਿਚ ਸੁਰੱਖਿਅਤ ਕਰੀ ਜਾਂਦਾ। ਕੁਝ ਹਫ਼ਤੇ ਬਾਅਦ ਨਤੀਜਾ ਇਹ ਹੋਇਆ ਕਿ ਆਪਣੇ ਸੌਣ-ਕਮਰੇ ਦੀ ਸਮਾਨ-ਸੂਚੀ ਤਿਆਰ ਕਰਨ ਵਿਚ ਘੰਟੇ ਬੀਤ ਜਾਂਦੇ। ਦੇਖਿਆ, ਜਿੰਨਾ-ਜਿੰਨਾ ਮੈਂ ਸੋਚਦਾ ਹਾਂ ਓਨੇ ਭੁੱਲੇ ਜਾਂ ਅਣਗੌਲੇ ਬਿਓਰੇ ਮੇਰੀਆਂ ਯਾਦਾਂ ਵਿਚ ਸਾਕਾਰ ਹੁੰਦੇ ਆਉਂਦੇ ਨੇ ਤੇ ਲੱਗਦਾ ਏ ਕਿ ਇਹ ਬਿਓਰੇ ਤਾਂ ਏਨੇ ਨੇ ਕਿ ਕਦੀ ਮੁੱਕਣੇ ਈ ਨਹੀਂ।
ਹਾਂ, ਇਸ ਨਾਲ ਮੈਂ ਏਨਾ ਜਾਣ ਲਿਆ ਕਿ ਜੇ ਆਦਮੀ ਬਾਹਰੀ ਦੁਨੀਆਂ ਦੇ ਸਿਰਫ਼ ਇਕੋ ਦਿਨ ਦਾ ਅਨੁਭਵ ਪ੍ਰਾਪਤ ਕਰ ਲਵੇ ਤਾਂ ਸ਼ਇਦ ਉਸ ਲਈ ਜੇਲ੍ਹ ਵਿਚ ਸੌ ਸਾਲ ਕੱਟਣੇ ਵੀ ਮੁਸ਼ਕਲ ਨਹੀਂ। ਏਨੀਆਂ ਚੀਜ਼ਾਂ ਉਸ ਕੋਲ ਯਾਦ ਕਰਨ ਲਈ ਹੋ ਜਾਣਗੀਆਂ ਕਿ ਉਹ ਕਦੀ ਅੱਕਣ ਦਾ ਨਾਂ ਈ ਨਹੀਂ ਲਵੇਗਾ। ਇਕ ਤਰ੍ਹਾਂ ਨਾਲ ਪੁੱਛਿਆ ਜਾਵੇ ਤਾਂ ਇਹ ਗਨੀਮਤ ਈ ਏ—ਵਰਨਾ ਆਦਮੀ ਹੋਰ ਕਰੇ ਵੀ ਕੀ ਜੇਲ੍ਹ ਵਿਚ!
ਇਸ ਪਿੱਛੋਂ ਸੌਣ ਦਾ ਦੌਰ ਸ਼ੁਰੂ ਹੋਇਆ। ਸ਼ੁਰੂ-ਸ਼ੁਰੂ ਵਿਚ ਤਾਂ ਰਾਤ ਨੂੰ ਵੀ ਠੀਕ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ ਤੇ ਦਿਨੇਂ ਤਾਂ ਮੈਂ ਕਦੀ ਸੁੱਤਾ ਈ ਨਹੀਂ। ਪਰ ਹੌਲੀ-ਹੌਲੀ ਰਾਤਾਂ ਆਰਾਮ ਨਾਲ ਕੱਟੀਆਂ ਜਾਣ ਲੱਗੀਆਂ। ਇਹੋ ਨਹੀਂ, ਦਿਨੇਂ ਵੀ ਇਕ ਅੱਧੀ ਝਪਕੀ ਲੈ ਲੈਂਦਾ। ਪਿਛਲੇ ਮਹੀਨੇ ਤਾਂ ਚੌਵੀਆਂ ਵਿਚੋਂ ਸੋਲਾਂ ਜਾਂ ਅਠਾਰਾਂ ਘੰਟੇ ਵੀ ਸੌਂਦਾ ਰਿਹਾ ਹਾਂ ਮੈਂ। ਰਹਿ ਜਾਂਦੇ ਬਾਕੀ ਛੇ ਘੰਟੇ, ਸੋ ਇਹਨਾਂ ਵਿਚ ਖਾਣਾ-ਪੀਣਾ, ਨਿੱਤ-ਕਿਰਿਆ...ਯਾਦਾਂ ਤੇ ਚੈਕੋਸਲਵਾਕੀਆ ਵਾਲੇ ਆਦਮੀ ਦੀ ਕਹਾਣੀ...।
ਇਕ ਦਿਨ ਗੱਦੇ ਦੀ ਜਾਂਚ ਕਰ ਰਿਹਾ ਸੀ ਕਿ ਉਸਦੇ ਹੇਠਾਂ ਧਸਿਆ ਅਖ਼ਬਾਰ ਦਾ ਇਕ ਪੰਨਾ ਹੱਥ ਆ ਗਿਆ। ਕਾਗਜ਼ ਏਨਾ ਪੁਰਾਣਾ ਹੋ ਗਿਆ ਸੀ ਕਿ ਪੀਲਾ ਪੈ ਗਿਆ ਸੀ ਤੇ ਉਸਦੇ ਆਰ-ਪਾਰ ਦਿਖਾਈ ਦਿੰਦਾ ਸੀ। ਪਰ ਛਪੇ ਅੱਖਰ ਜਿਵੇਂ ਕਿਵੇਂ ਪੜ੍ਹੇ ਜਾ ਸਕਦੇ ਸਨ। ਉਹ ਕੋਈ ਅਪਰਾਧ ਕਥਾ ਸੀ। ਸ਼ੁਰੂ ਦਾ ਹਿੱਸਾ ਗ਼ਾਇਬ ਸੀ, ਪਰ ਇਹ ਸਮਝ ਵਿਚ ਆ ਜਾਂਦਾ ਸੀ ਕਿ ਘਟਨਾ ਸਥਾਨ ਚੈਕੋਸਲਵਾਕੀਆ ਦਾ ਕੋਈ ਪਿੰਡ ਏ। ਕੋਈ ਪਿੰਡ ਵਾਲਾ ਆਪਣੀ ਕਿਸਮਤ ਆਜ਼ਮਾਉਣ ਲਈ ਪ੍ਰਦੇਸ ਚਲਾ ਗਿਆ। ਪੱਚੀ ਸਾਲ ਬਾਅਦ ਕਾਫ਼ੀ ਕਮਾ-ਜੋੜ ਕੇ, ਘਰਵਾਲੀ ਤੇ ਬੱਚਿਆਂ ਨਾਲ ਆਪਣੇ ਪਿੰਡ ਪਰਤਿਆ। ਇੱਧਰ ਉਸਦੀ ਮਾਂ ਤੇ ਭੈਣ, ਉਸੇ ਪਿੰਡ ਵਿਚ ਈ ਹੋਟਲ ਚਲਾਉਣ ਲੱਗੀਆਂ ਸਨ। ਅਚਾਨਕ ਜਾ ਕੇ ਉਹਨਾਂ ਨੂੰ ਹੈਰਾਨ ਕਰ ਦੇਣ ਦੇ ਖ਼ਿਆਲ ਨਾਲ ਉਸਨੇ ਘਰਵਾਰੀ ਤੇ ਬੱਚਿਆਂ ਨੂੰ ਤਾਂ ਦੂਜੀ ਸਰਾਂ ਵਿਚ ਛੱਡਿਆ ਤੇ ਖ਼ੁਦ ਕਿਸੇ ਦੂਜੇ ਨਾਂ ਨਾਲ ਕਮਰਾ ਲੈ ਕੇ ਮਾਂ ਦੇ ਹੋਟਲ ਵਿਚ ਠਹਿਰ ਗਿਆ। ਮਾਂ-ਭੈਣ ਨੂੰ ਸੁਪਨੇ ਵਿਚ ਵੀ ਚੇਤਾ ਨਹੀਂ ਸੀ ਕਿ ਉਹ ਉਹਨਾਂ ਦਾ ਪੁੱਤਰ ਜਾਂ ਭਰਾ ਏ। ਉਹ ਪਛਾਣ ਈ ਨਹੀਂ ਸੀ ਸਕੀਆਂ। ਰਾਤ ਨੂੰ ਖਾਣਾ-ਖਾਣ ਵੇਲੇ ਉਸਨੇ ਆਪਣੀ ਕਮਾਈ ਹੋਈ ਰਕਮ ਉਹਨਾਂ ਨੂੰ ਦਿਖਾ ਦਿੱਤੀ। ਉਹਨਾਂ ਕੰਬਖ਼ਤਾਂ ਨੇ ਰਾਤੋ-ਰਾਤ ਉਸਦਾ ਕੰਮ ਤਮਾਮ ਕਰ ਦਿੱਤਾ ਤੇ ਮਾਲ-ਮੱਤਾ ਸਾਂਭ ਕੇ ਲਾਸ਼ ਨਦੀ ਵਿਚ ਸੁੱਟ ਦਿੱਤੀ। ਅਗਲੇ ਦਿਨ ਉਸਦੀ ਘਰਵਾਲੀ ਆਈ ਤੇ ਉਸਨੇ ਬਿਨਾਂ ਸੋਚੇ ਸਮਝੇ ਦੱਸਿਆ ਕਿ ਉਹ ਆਦਮੀ ਕੌਣ ਸੀ। ਹੁਣ ਤਾਂ, ਮਾਂ ਨੇ ਫਾਹਾ ਲਾ ਲਿਆ ਤੇ ਭੈਣ ਖ਼ੂਹ ਵਿਚ ਛਾਲ ਮਾਰ ਗਈ—ਇਹ ਸੀ ਕਹਾਣੀ। ਇਸ ਨੂੰ ਮੈਂ ਹਜ਼ਾਰਾਂ ਵਾਰੀ ਪੜ੍ਹਿਆ ਹੋਵੇਗਾ। ਇਕ ਤਰ੍ਹਾਂ ਨਾਲ ਦੇਖਦਾ ਤਾਂ ਗੱਲ ਬੜੀ ਅਸੰਭਵ ਲੱਗਦੀ, ਦੂਜੇ ਪਾਸੇ ਸੋਚਣ 'ਤੇ ਕਾਫ਼ੀ ਤਰਕ ਸੰਗਤ ਦਿਖਾਈ ਦਿੰਦੀ। ਖ਼ੈਰ ਜੀ, ਮੇਰੇ ਹਿਸਾਬ ਨਾਲ ਤਾਂ ਉਸ ਆਦਮੀ ਨੇ ਜਾਣ-ਬੁੱਝ ਕੇ ਮੁਸੀਬਤ ਮੁੱਲ ਲਈ। ਇਸ ਤਰ੍ਹਾਂ ਦੀ ਬੇਵਕੂਫ਼ੀ ਆਦਮੀ ਕਰੇ ਈ ਕਿਉਂ?
ਸੋ ਨੀਂਦ ਦੀਆਂ ਇਹਨਾਂ ਲੰਮੀਆਂ ਝੁੱਟੀਆਂ ਦੌਰਾਨ, ਆਪਣੀਆਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਨ ਤੇ ਅਖ਼ਬਾਰ ਦੇ ਕਹਾਣੀ ਵਾਲੇ ਟੁਕੜੇ ਨੂੰ ਪੜ੍ਹਨ ਦੇ ਦੌਰਾਨ, ਹਨੇਰੇ ਤੇ ਚਾਨਣ ਦੇ ਜਵਾਰ-ਭਾਟੇ ਆਉਂਦੇ-ਜਾਂਦੇ ਰਹੇ—ਸਮਾਂ ਬੀਤਦਾ ਗਿਆ। ਮੈਂ ਪੜ੍ਹਿਆ ਜ਼ਰੂਰ ਸੀ ਕਿ ਜੇਲ੍ਹ ਵਿਚ ਆਦਮੀ ਸਮੇਂ ਦਾ ਗਿਆਨ ਨਹੀਂ ਰੱਖ ਸਕਦਾ, ਪਰ ਮੇਰੇ ਲਈ ਇਸਦਾ ਕੋਈ ਨਿਸ਼ਚਿਤ ਅਰਥ ਨਹੀਂ ਸੀ ਰਿਹਾ। ਕਦੀ ਮੇਰੀ ਸਮਝ ਵਿਚ ਨਹੀਂ ਆਇਆ ਸੀ ਕਿ ਦਿਨ ਇਕੋ ਵੇਲੇ ਈ ਲੰਮਾ ਤੇ ਛੋਟਾ ਕਿੰਜ ਹੋ ਸਕਦਾ ਏ? ਅੱਛਾ ਮੰਨ ਲਓ ਕਿ ਆਦਮੀ ਨੂੰ ਇਕ-ਇਕ ਪਲ ਕਰਕੇ ਸਾਰਾ ਸਮਾਂ ਕੱਟਣਾ ਪਏ ਤਾਂ ਸ਼ਇਦ ਦਿਨ ਬੜਾ ਲੰਮਾ ਵੀ ਲੱਗੇ, ਪਰ ਫੇਰ ਵੀ ਆਖ਼ਰ ਏਨਾਂ ਲੰਮਾਂ ਕਿੰਜ ਹੋ ਜਾਵੇਗਾ ਕਿ ਉਸਦੇ ਖ਼ਤਮ ਹੁੰਦਿਆਂ ਨਾ ਹੁੰਦਿਆਂ, ਦੂਜਾ ਦਿਨ ਸ਼ੁਰੂ ਹੋ ਜਾਵੇ? ਦਿਨਾਂ ਨੂੰ ਸੱਚਮੁੱਚ ਅਜੇ ਤੀਕ ਮੈਂ ਇਸ ਰੂਪ ਵਿਚ ਨਹੀਂ ਗ੍ਰਹਿਣ ਕਰ ਸਕਿਆ ਸੀ, 'ਬੀਤਿਆ ਕਲ੍ਹ' ਤੇ 'ਆਉਣ ਵਾਲਾ ਕਲ੍ਹ' ਅਜੇ ਵੀ ਮੇਰੇ ਲਈ ਸਾਰਥਕ ਸ਼ਬਦ ਸਨ।
ਇਕ ਦਿਨ ਸਵੇਰੇ-ਸਵੇਰੇ ਜਦੋਂ ਵਾਰਡਰ ਨੇ ਦੱਸਿਆ ਕਿ ਮੈਨੂੰ ਜੇਲ੍ਹ 'ਚ ਛੇ ਮਹੀਨੇ ਹੋ ਚੁੱਕੇ ਨੇ, ਤਾਂ ਮੈਂ ਮੰਨ ਲਿਆ। ਪਰ ਇਹਨਾਂ ਸ਼ਬਦਾਂ ਦਾ ਮੇਰੇ ਲਈ ਕੋਈ ਅਰਥ ਨਹੀਂ ਸੀ। ਕੋਠੜੀ ਵਿਚ ਆਉਣ ਤੋਂ ਲੈ ਕੇ ਹੁਣ ਤੀਕ ਮੇਰੇ ਲਈ ਤਾਂ ਇਕੋ ਦਿਨ ਈ ਸੀ ਤੇ ਇਸ ਸਾਰੇ ਸਮੇਂ ਵਿਚ ਮੈਂ ਤਾਂ ਇਕੋ ਕੰਮ ਵਿਚ ਈ ਲੱਗਿਆ ਰਿਹਾ ਸੀ।
ਜੇਲ੍ਹਰ ਚਲਾ ਗਿਆ ਤਾਂ ਮੈਂ ਆਪਣਾ ਪਾਣੀ ਪੀਣ ਵਾਲਾ ਗੜਵਾ ਖ਼ੂਬ ਘਿਸਾ-ਘਿਸਾ ਕੇ ਚਮਕਾਇਆ ਤੇ ਉਸ ਵਿਚ ਆਪਣੇ ਚਿਹਰੇ ਨੂੰ ਦੇਖਣ ਲੱਗਾ। ਚਿਹਰੇ 'ਤੇ ਭਿਆਨਕ ਗੰਭੀਰ ਭਾਵ ਛਾਏ ਸਨ। ਮੈਂ ਮੁਸਕਰਾਉਂਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਅੰਤਰ ਨਹੀਂ ਪਿਆ। ਗੜਵੇ ਨੂੰ ਟੇਢਾ-ਤਿਰਛਾ ਕਰਕੇ ਕਈ ਪਾਸਿਓਂ ਦੇਖਿਆ ਪਰ ਚਿਹਰੇ 'ਤੇ ਉਹੀ ਮਨਹੂਸ ਉਦਾਸੀ ਦਿਸਦੀ ਰਹੀ।
ਸ਼ਾਮ ਉੱਤਰ ਆਈ ਸੀ। ਇਹਨਾਂ ਛਿਣਾਂ ਨੂੰ ਮੈਂ 'ਬੇਨਾਮ ਛਿਣ' ਕਹਿੰਦਾ ਹਾਂ। ਕਾਸ਼, ਉਸ ਦਿਨ ਦੇ ਇਹਨਾਂ ਛਿਣਾਂ 'ਚ ਮੈਂ ਚੁੱਪ ਈ ਰਹਿੰਦਾ। ਜੇਲ੍ਹ ਦੇ ਹਰੇਕ ਕਮਰੇ ਤੇ ਹਰੇਕ ਕੋਠੜੀ 'ਚੋਂ ਸੰਧਿਆ ਦੇ ਸੁਰ ਉਦਾਸ ਤੇ ਮਨਹੂਸ ਜਲੂਸਾਂ ਵਾਂਗ ਉਤਾਂਹ ਉੱਠ ਰਹੇ ਸਨ। ਮੈਂ ਜੰਗਲੇ ਕੋਲ ਆ ਕੇ ਖੜ੍ਹਾ ਹੋ ਗਿਆ ਤੇ ਡੁੱਬਦੀਆਂ ਕਿਰਨਾ ਵਿਚ ਇਕ ਵਾਰ ਫੇਰ ਆਪਣੀ ਪ੍ਰਛਾਈਂ ਦੇਖਣ ਲੱਗਾ। ਉਹੀ ਪਹਿਲਾਂ ਵਰਗਾ ਸੰਜੀਦਾ ਚਿਹਰਾ ਸੀ। ਇਸ ਸਮੇਂ ਮੈਂ ਖ਼ੁਦ ਅੰਦਰੋਂ ਸੰਜੀਦਾ ਹੋ ਚੁੱਕਿਆ ਸੀ—ਇਸ ਲਈ ਇਸ ਵਾਰੀ ਤ੍ਰਬਕਿਆ ਨਹੀਂ। ਪਰ ਠੀਕ ਉਸੇ ਸਮੇ ਕੰਨਾਂ ਵਿਚ ਉਹ ਸੁਰ ਸੁਣਾਈ ਦਿੱਤਾ ਜਿਹੜਾ ਮਹੀਨਿਆਂ ਤੋਂ ਨਹੀਂ ਸੀ ਸੁਣਿਆ...ਕੋਈ ਬੋਲ ਰਿਹਾ ਸੀ। ਨਹੀਂ ਮੈਨੂੰ ਕਤਈ ਗ਼ਲਤ-ਫਹਿਮੀ ਨਹੀਂ ਸੀ ਹੋਈ, ਇਹ ਮੇਰੇ ਆਪਣੇ ਬੋਲਣ ਦੀ ਆਵਾਜ਼ ਈ ਸੀ। ਪਿਛਲੇ ਕਈ ਦਿਨਾਂ ਦਾ ਜਿਹੜਾ ਸੁਰ ਲਗਾਤਾਰ ਮੇਰੇ ਕੰਨਾਂ ਵਿਚ ਵੱਜ ਰਿਹਾ ਸੀ, ਉਸਨੂੰ ਮੈਂ ਪਛਾਣ ਲਿਆ ਸੀ। ਅੱਛਾ, ਤਾਂ ਹੁਣ ਸਮਝਿਆ, ਇਹਨਾਂ ਸਾਰੇ ਦਿਨਾਂ ਵਿਚ ਆਪਣੇ-ਆਪ ਨਾਲ ਈ ਗੱਲਾਂ ਕਰਦਾ ਰਿਹਾ ਆਂ।
ਤੇ ਉਦੋਂ ਈ ਕਦੀ ਕਿਸੇ ਦੀ ਆਖੀ ਇਕ ਗੱਲ ਚੇਤੇ ਆ ਗਈ। ਮਾਂ ਦੀ ਅੰਤੇਸ਼ਟੀ ਵਾਲੇ ਦਿਨ ਨਰਸ ਨੇ ਕੋਈ ਗੱਲ ਆਖੀ ਸੀ—ਨਾ, ਹੁਣ ਤਾਂ ਕੋਈ ਪੰਧ ਨਹੀਂ ਰਹਿ ਗਿਆ—ਕੈਸੀਆਂ ਹੁੰਦੀਆਂ ਨੇ ਜੇਲ੍ਹ ਦੀਆਂ ਉਹ ਉਦਾਸ ਸ਼ਾਮਾਂ...ਕਿੰਨਾ ਮਹਿਸੂਸ ਹੁੰਦਾ ਏ ਉਹ ਸਮਾਂ, ਦੂਜਾ ਕੋਈ ਕਿੰਜ ਕਲਪਨਾ ਕਰ ਸਕਦਾ ਏ?

ਤਿੰਨ :
ਕੁੱਲ ਮਿਲਾ ਕੇ, ਇਹ ਤਾਂ ਨਹੀਂ ਕਹਾਂਗਾ ਕਿ ਉਹ ਸਾਰੇ ਮਹੀਨੇ ਰੀਂਘ-ਰੀਂਘ ਕੇ ਈ ਬੀਤੇ। ਹਾਂ, ਏਨਾ ਜ਼ਰੂਰ ਏ ਕਿ ਪਹਿਲੀਆਂ ਗਰਮੀਆਂ ਦੇ ਬੀਤਣ ਦਾ ਗਿਆਨ ਹੁੰਦਿਆਂ ਨਾ ਹੁੰਦਿਆਂ, ਦੂਜੀਆਂ ਗਰਮੀਆਂ ਆ ਗਈਆਂ ਸਨ। ਤੇ ਮੈਨੂੰ ਇਹ ਵੀ ਲੱਗਣ ਲੱਗਾ ਸੀ ਕਿ ਗਰਮੀਆਂ ਦੇ ਦਿਨ ਸ਼ੁਰੂ ਹੁੰਦਿਆਂ ਈ ਮੇਰੀ ਕਿਸਮਤ, ਸ਼ਰਤੀਆ, ਕੋਈ ਨਾ ਕੋਈ ਗੁਲ ਖਿਲਾਵੇਗੀ। ਮੇਰੇ ਮੁਕੱਦਮੇ ਦੀ ਤਾਰੀਖ਼ ਅਸਾਈਜ਼ ਅਦਾਲਤ ਦੇ ਆਖ਼ਰੀ ਸੈਸ਼ਨ ਵਿਚ ਪਈ ਸੀ। ਇਸ ਸੈਸ਼ਨ ਨੇ ਜੂਨ ਵਿਚ ਈ ਕਿਸੇ ਸਮੇਂ ਖ਼ਤਮ ਹੋਣਾ ਸੀ।
ਮੁਕੱਦਮੇ ਦੀ ਸੁਣਵਾਈ ਵਾਲੇ ਦਿਨ ਡੱਟਵੀਂ ਧੁੱਪ ਨਿਕਲੀ ਸੀ। ਵਕੀਲ ਸਾਹਬ ਨੇ ਦੱਸਿਆ ਸੀ ਕਿ ਮੁਕੱਦਮਾ ਦੋ-ਤਿੰਨ ਦਿਨ ਤੋਂ ਵੱਧ ਨਹੀਂ ਲਏਗਾ। ਬੋਲੇ, “ਸੁਣਦੇ ਓਂ, ਅਦਾਲਤ ਜਲਦੀ ਤੋਂ ਜਲਦੀ ਤੁਹਾਡੇ ਮੁਕੱਦਮੇ ਨੂੰ ਨਿਪਟਾਏਗੀ ਕਿਉਂਕਿ ਇਸ ਸੈਸ਼ਨ ਦੀ ਸੂਚੀ ਵਿਚ ਇਹ ਸਭ ਤੋਂ ਮਹੱਤਵਪੂਰਨ ਮੁਕੱਦਮਿਆਂ ਵਿਚ ਨਹੀਂ ਏਂ। ਤੁਹਾਡੇ ਬਾਅਦ ਈ ਪਿਤਰ-ਹੱਤਿਆ ਦਾ ਇਕ ਮੁਕੱਦਮਾ ਸ਼ੁਰੂ ਹੋ ਰਿਹਾ ਏ—ਅਸਲੀ ਵਕਤ ਅਦਾਲਤ ਨੂੰ ਉਸ ਵਿਚ ਲਗੇਗਾ।” ਸਵੇਰੇ ਸਾਢੇ ਸੱਤ ਵਜੇ ਮੈਨੂੰ ਲੈਣ ਵਾਲੇ ਆ ਗਏ ਤੇ ਕੈਦੀਆਂ ਵਾਲੀ ਗੱਡੀ ਵਿਚ ਬਿਠਾਲ ਕੇ ਅਦਾਲਤ ਲੈ ਗਏ। ਦੋ ਸਿਪਾਹੀ ਮੈਨੂੰ ਦੋਵੇਂ ਪਸਿਓਂ ਫੜ੍ਹ ਕੇ ਇਕ ਛੋਟੇ-ਜਿਹੇ ਕਮਰੇ ਵਿਚ ਲਿਆਏ। ਕਮਰੇ ਵਿਚ ਗੰਧਲਾ-ਜਿਹਾ ਹਨੇਰਾ ਸੀ। ਅਸੀਂ ਲੋਕ ਇਕ ਦਰਵਾਜ਼ੇ ਕੋਲ ਜਾ ਬੈਠੇ। ਦਰਵਾਜ਼ੇ ਪਿੱਛੋਂ ਬੋਲਣ ਦੀਆਂ ਆਵਾਜ਼ਾਂ, ਕਾਵਾਂ-ਰੌਲੀ ਤੇ ਫਰਸ਼ ਉੱਤੇ ਕੁਰਸੀਆਂ ਦੇ ਘਸੀਟੇ ਜਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਕ-ਦੂਜੀ ਵਿਚ ਗਡਮਡ ਹੋਈਆਂ ਇਹਨਾਂ ਆਵਾਜ਼ਾਂ ਦਾ ਸ਼ੋਰ, ਮੈਨੂੰ ਕਿਸੇ ਕਸਬੇ ਦੇ ਜਲਸੇ ਦਾ ਚੇਤਾ ਦਿਵਾਅ ਰਿਹਾ ਸੀ। ਇੰਜ ਲੱਗਦਾ ਸੀ—ਜਲਸੇ ਵਿਚ ਸੰਗੀਤ ਦਾ ਪ੍ਰੋਗਰਾਮ ਮੁੱਕ ਚੁੱਕਿਆ ਏ ਤੇ ਹੁਣ ਹਾਲ ਵਿਚ ਨਾਚ ਦੇ ਲਈ ਫਰਸ਼ ਖਾਲੀ ਕੀਤਾ ਜਾ ਰਿਹਾ ਏ।
ਇਕ ਸਿਪਾਹੀ ਨੇ ਦੱਸਿਆ ਕਿ ਅਜੇ ਤੀਕ ਜੱਜ ਸਾਹਬ ਨਹੀਂ ਆਏ। ਉਸਨੇ ਮੈਨੂੰ ਇਕ ਸਿਗਰਟ ਪੀਣ ਨੂੰ ਦਿੱਤੀ ਤਾਂ ਮੈਂ ਇਨਕਾਰ ਕਰ ਦਿੱਤਾ। ਕੁਝ ਚਿਰ ਬਾਅਦ ਉਸਨੇ ਪੁੱਛਿਆ ਕਿ ਮੈਂ ਘਬਰਾ ਤਾਂ ਨਹੀਂ ਰਿਹਾ। ਮੈਂ ਬੋਲਿਆ, “ਨਈਂ...ਉਲਟਾ ਮੈਨੂੰ ਤਾਂ ਉਤਸੁਕਤਾ ਹੋ ਰਹੀ ਏ ਇਕ ਮੁਕੱਦਮਾ ਸੁਣਨ ਨੂੰ ਮਿਲੇਗਾ। ਮੈਂ ਕਦੀ ਦੇਖਿਆ ਵੀ ਨਈਂ ਏਂ।”
“ਹਾਂ, ਹੋ ਸਕਦਾ ਏ।” ਦੂਜੇ ਸਿਪਾਹੀ ਨੇ ਕਿਹਾ, “ਪਰ ਇਕ-ਦੋ ਘੰਟਿਆਂ ਵਿਚ ਈ ਜੀਅ ਭਰ ਜਾਵੇਗਾ।”
ਟਿਰਰ-ਟਿਰਰ-ਟਿਰਰ ਥੋੜ੍ਹੀ ਦੇਰ ਬਾਅਦ ਕਮਰੇ ਵਿਚ ਬਿਜਲੀ ਦੀ ਘੰਟੀ ਵੱਜੀ। ਸਿਪਾਹੀ ਨੇ ਮੇਰੀਆਂ ਹੱਥਕੜੀਆਂ ਲਾਹੀਆਂ, ਦਰਵਾਜ਼ਾ ਖੋਲ੍ਹਿਆ ਤੇ ਕੈਦੀਆਂ ਵਾਲੇ ਕਟਹਿਰੇ ਵੱਲ ਲੈ ਤੁਰਿਆ।
ਕਚਹਿਰੀ ਵਿਚ ਚੋਖੀ ਭੀੜ ਸੀ। ਦਰਵਾਜ਼ਿਆਂ ਦੀਆਂ ਹਵਾ-ਰੋਸ਼ਨੀ ਵਾਲੀਆਂ ਪੱਟੀਆਂ ਝੁਕੀਆਂ ਹੋਈਆਂ ਸਨ, ਪਰ ਰੋਸ਼ਨੀ ਵਿਰਲਾਂ ਵਿਚੋਂ ਛਣ-ਛਣ ਕੇ ਅੰਦਰ ਆ ਰਹੀ ਸੀ। ਹਵਾ ਵਿਚ ਹੁੰਮਸ ਸੀ। ਖਿੜਕੀਆਂ ਬੰਦ ਸਨ। ਮੈਂ ਬੈਠ ਗਿਆ ਤਾਂ ਸਿਪਾਹੀ ਮੇਰੀ ਕੁਰਸੀ ਦੇ ਦੋਵੇਂ ਪਾਸੇ ਤਣ ਕੇ ਖੜ੍ਹੇ ਹੋ ਗਏ।
ਹੁਣ ਜਾ ਕੇ ਮੈਂ ਦੇਖਿਆ ਕਿ ਐਨ ਮੇਰੇ ਸਾਹਮਣੇ ਇਕ ਕਤਾਰ ਵਿਚ ਬੈਠੇ ਕੁਝ ਚਿਹਰੇ ਮੈਨੂੰ ਘੂਰ-ਘੂਰ ਕੇ ਦੇਖ ਰਹੇ ਨੇ। ਅੰਦਾਜ਼ਾ ਲਾਇਆ, ਜੂਰੀ ਏ। ਪਰ ਪਤਾ ਨਹੀਂ ਕਿਉਂ, ਮੈਂ ਅਲੱਗ-ਅਲੱਗ ਬੈਠੇ ਵਿਅਕਤੀਆਂ ਦੇ ਰੂਪ ਵਿਚ ਉਹਨਾਂ ਨੂੰ ਨਹੀਂ ਦੇਖਿਆ। ਟਰਾਮ ਵਿਚ ਚੜ੍ਹਦਿਆਂ ਈ ਕਿਸੇ ਨੂੰ ਲੱਗੇ ਕਿ ਸਾਹਮਣੇ ਵਾਲੀ ਸੀਟ 'ਤੇ ਬੈਠੇ ਲੋਕ ਉਸਦੇ ਪਹਿਰਾਵੇ ਵਿਚ ਕੁਝ ਮਨੋਰੰਜਨ ਤੇ ਮਜ਼ਾਕੀਆ ਲੱਭਣ ਦੀ ਉਮੀਦ ਨਾਲ ਲਗਾਤਾਰ ਉਸ ਵੱਲ ਦੇਖਦੇ ਪਏ ਨੇ, ਤਾਂ ਉਸ ਸਮੇਂ ਉਸਨੂੰ ਜਿਵੇਂ ਮਹਿਸੂਸ ਹੁੰਦਾ ਏ, ਓਵੇਂ ਈ ਮੈਨੂੰ ਲੱਗ ਰਿਹਾ ਸੀ। ਮੈਂ ਜਾਣਦਾ ਹਾਂ, ਉਪਮਾ ਨਿਹਾਇਤ ਬੇਤੁਕੀ ਏ ਕਿਉਂਕਿ ਇਹ ਲੋਕ ਕਿਸੇ ਮਜ਼ਾਕੀਆ ਗੱਲ ਦੀ ਨਹੀਂ, ਅਪਰਾਧੀ ਮਨੋਬਿਰਤੀ ਦੇ ਲੱਛਣਾ ਦੀ ਖੋਜ ਵਿਚ ਮੇਰੇ ਵੱਲ ਦੇਖ ਰਹੇ ਸਨ। ਚਲੋ ਖ਼ੈਰ, ਫਰਕ ਬਹੁਤਾ ਨਹੀਂ ਸੀ। ਘੱਟੋਘੱਟ ਮੈਨੂੰ ਤਾਂ ਇੰਜ ਈ ਲੱਗਿਆ।
ਭੀੜ ਤੇ ਹਵਾ ਦੀ ਘੁਟਨ ਕਾਰਨ ਮੈਨੂੰ ਚੱਕਰ-ਜਿਹੇ ਆਉਣ ਲੱਗੇ। ਕਚਹਿਰੀ ਦੇ ਕਮਰੇ ਵਿਚ ਨਿਗਾਹਾਂ ਘੁਮਾਈਆਂ ਤਾਂ ਇਕ ਵੀ ਪਛਾਣਿਆਂ ਚਿਹਰਾ ਨਾ ਦਿਸਿਆ। ਪਹਿਲਾਂ ਤਾਂ ਇਹੋ ਵਿਸ਼ਵਾਸ ਨਹੀਂ ਸੀ ਹੋਇਆ ਕਿ ਏਨੇ ਸਾਰੇ ਲੋਕ ਮੇਰੇ ਲਈ ਈ ਇਕੱਠੇ ਹੋਏ ਨੇ। ਸਾਧਾਰਨ ਤੌਰ 'ਤੇ ਕਦੀ ਕਿਸੇ ਨੇ ਮੇਰੇ ਵੱਲ ਉਚੇਚ ਧਿਆਨ ਨਹੀਂ ਸੀ ਦਿੱਤਾ, ਹੁਣ ਇੰਜ ਰਾਤੋ-ਰਾਤ ਸਭ ਦੀ ਦਿਲਚਸਪੀ ਦਾ ਕੇਂਦਰ ਬਣ ਜਾਣਾ ਕਿੰਨਾ ਅਜਬ-ਅਜੀਬ ਲੱਗਦਾ ਸੀ। “ਬੜੀ ਭੀੜ ਏ।” ਮੈਂ ਆਪਣੇ ਖੱਬੇ ਪਾਸੇ ਵਾਲੇ ਸਿਪਾਹੀ ਨੂੰ ਕਿਹਾ ਤਾਂ ਉਸਨੇ ਦੱਸਿਆ ਕਿ 'ਇਹ ਸਭ ਅਖ਼ਬਾਰਾਂ ਵਾਲਿਆਂ ਦੀ ਕਾਰਸਤਾਨੀ ਏਂ।' ਜੂਰੀਆਂ ਦੇ ਬੈਠਣ ਵਾਲੀ ਜਗ੍ਹਾ ਦੇ ਐਨ ਹੇਠਾਂ ਬੈਠੇ ਕੁਝ ਲੋਕਾਂ ਵੱਲ ਇਸ਼ਾਰਾ ਕਰਕੇ ਉਹ ਬੋਲਿਆ, “ਉਹ ਬੈਠੇ ਤਾਂ ਹੈਨ।” “ਕੌਣ?” ਮੈਂ ਪੁੱਛਿਆ। ਉਸਨੇ ਕਿਹਾ, “ਪੱਤਰਕਾਰ ਭਾਈ।” ਫੇਰ ਉਸਨੇ ਦੱਸਿਆ ਕਿ ਉਹਨਾਂ ਵਿਚ ਉਸਦਾ ਇਕ ਪੁਰਾਣਾ ਦੋਸਤ ਵੀ ਬੈਠਾ ਏ।
ਕੁਝ ਚਿਰ ਬਾਅਦ ਈ ਉਸਦੇ ਦੱਸੇ ਹੋਏ ਆਦਮੀ ਨੇ ਸਾਡੇ ਵੱਲ ਦੇਖਿਆ ਤੇ ਚਬੂਤਰੇ 'ਤੇ ਆ ਕੇ ਸਿਪਾਹੀ ਨਾਲ ਬੜੇ ਤਪਾਕ ਨਾਲ ਹੱਥ ਮਿਲਾਇਆ। ਪੱਤਰਕਾਰ ਪੱਕੀ ਉਮਰ ਦਾ ਆਦਮੀ ਸੀ ਤੇ ਸ਼ਕਲ ਤੋਂ ਗੰਭੀਰ ਲੱਗਦਾ ਸੀ, ਪਰ ਵਿਹਾਰ ਉਸਦਾ ਬੜਾ ਨਿੱਘਾ ਸੀ। ਉਦੋਂ ਈ ਮੈਂ ਦੇਖਿਆ ਕਿ ਕਮਰੇ ਵਿਚ ਬੈਠੇ ਸਾਰੇ ਆਦਮੀ ਇਕ ਦੂਜੇ ਨੂੰ ਨਮਸਤੇ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ, ਵੱਖ ਵੱਖ ਦਲਾਂ ਵਿਚ ਵੰਡੇ ਹੋਏ ਨੇ। ਸੱਚ ਪੁੱਛੋਂ ਤਾਂ ਉਹਨਾਂ ਦਾ ਸਾਰਾ ਤੌਰ ਤਰੀਕਾ, ਅਦਾਲਤ ਦਾ ਕੰਮ, ਕਲੱਬ ਵਰਗਾ ਵਧੇਰੇ ਲੱਗ ਰਿਹਾ ਸੀ, ਜਿੱਥੇ ਹਰ ਆਦਮੀ ਆਪਣੀ ਹੈਸੀਅਤ ਤੇ ਦਿਲਚਸਪੀ ਅਨੁਸਾਰ ਬੇਤਕਲੁਫ਼ ਤੇ ਬੇਫ਼ਿਕਰ ਮਹਿਸੂਸ ਕਰਨ ਲੱਗਦਾ ਏ। ਬਿਨਾਂ ਸ਼ੱਕ, ਇਹੀ ਕਾਰਨ ਹੋਵੇਗਾ ਕਿ ਮੈਂ ਆਪਣੇ-ਆਪ ਨੂੰ ਦਾਲ ਵਿਚ ਕੋੜਕੂ ਜਾਂ ਬਿਨਬੁਲਾਵੇ, ਜਬਰਦਸਤੀ ਵੜ ਆਏ, ਮਹਿਮਾਨ ਵਾਂਗ ਮਹਿਸੂਸ ਕਰਨ ਲੱਗਾ ਸੀ।
ਖ਼ੈਰ, ਪੱਤਰਕਾਰ ਨੇ ਬੜਾ ਹੱਸ-ਹੱਸ ਮੇਰੇ ਨਾਲ ਗੱਲਾਂ ਕੀਤੀਆਂ। ਕਿਹਾ, “ਉਮੀਦ ਏ ਸਭ ਕੁਝ ਠੀਕ-ਠਾਕ ਹੋ ਜਾਵੇਗਾ।” ਮੈਂ ਉਸਦਾ ਧੰਨਵਾਦ ਕੀਤਾ ਤਾਂ ਮੁਸਕਰਾ ਕੇ ਕਹਿਣ ਲੱਗਾ, “ਅਸੀਂ ਜਾਣਦੇ ਆਂ...ਅਸੀਂ ਤੁਹਾਡੇ ਬਾਰੇ 'ਚ ਲਗਾਤਾਰ ਕੋਈ ਨਾ ਕੋਈ ਲੇਖ ਜਾਂ ਖ਼ਬਰ ਛਾਪਦੇ ਰਹੇ ਆਂ। ਗਰਮੀਆਂ ਦੇ ਦਿਨਾਂ 'ਚ ਉਂਜ ਈ ਹਮੇਸ਼ਾ ਸਾਮਗਰੀ ਦਾ ਰੋਣਾ ਰਹਿੰਦਾ ਏ—ਸੋ ਆਪਣੇ ਤੌਰ 'ਤੇ ਤੁਹਾਡੇ ਬਾਅਦ ਵਾਲੇ ਮੁਕੱਦਮੇ ਨੂੰ ਛੱਡ ਕੇ ਖ਼ਬਰਾਂ ਦੀ ਬੜੀ ਤੰਗੀ ਸੀ। ਇਸ ਦੂਜੇ ਮੁਕੱਦਮੇ ਬਾਰੇ ਤਾਂ ਸੁਣ ਈ ਲਿਆ ਹੋਵੇਗਾ...ਪਿਤਰ-ਹੱਤਿਆ ਦਾ ਮਾਮਲਾ ਏ...।”
ਉਸਨੇ ਪੱਤਰਕਾਰਾਂ ਵਾਲੀ ਮੇਜ਼ ਦੁਆਲੇ ਬੈਠੇ ਇਕ ਮਧਰੇ, ਕਾਲੀ ਐਨਕ ਵਾਲੇ, ਗੋਲ-ਮਟੋਲ ਆਦਮੀ ਨੂੰ (ਜਿਸਨੂੰ ਦੇਖ ਕੇ ਖ਼ੂਬ ਪਲੇ ਹੋਏ ਨਿਓਲੇ ਦੀ ਯਾਦ ਆਉਂਦੀ ਸੀ) ਦਿਖਾ ਕੇ ਕਿਹਾ, “ਉਹ ਸਾਹਬ ਪੈਰਿਸ ਦੇ ਇਕ ਦੈਨਿਕ ਦੇ ਵਿਸ਼ੇਸ਼ ਪੱਤਰਕਾਰ ਨੇ। ਖਾਸ ਤੌਰ 'ਤੇ ਤੁਹਾਡੇ ਲਈ ਤਾਂ ਨਈਂ ਆਏ ਇਹ, ਪਰ ਅਖ਼ਬਾਰ ਵਾਲਿਆਂ ਨੇ ਇਹਨਾਂ ਨੂੰ ਕਿਹਾ ਏ ਕਿ ਤਹਾਡਾ ਮੁਕੱਦਮਾ ਵੀ ਦੇਖ ਲੈਣ, ਉਂਜ ਇਹ ਪਿਤਰ-ਹੱਤਿਆ ਵਾਲੇ ਮੁਕੱਦਮੇ ਲਈ ਭੇਜੇ ਗਏ ਨੇ।”
ਗੱਲ ਜ਼ਬਾਨ ਦੀ ਨੋਕ 'ਤੇ ਆ ਕੇ ਰੁਕ ਗਈ ਕਿ 'ਉਹਨਾਂ ਦੀ ਬੜੀ ਮਿਹਰਬਾਨੀ ਏ।' ਪਰ ਉਦੋਂ ਈ ਖ਼ਿਆਲ ਆਇਆ, ਗੱਲ ਬੇਹੂਦੀ ਲੱਗੇਗੀ। ਬੜੀ ਅਪਣੱਤ ਨਾਲ ਹੱਥ ਮਿਲਾ ਕੇ ਉਹ ਸਾਡੇ ਕੋਲੋਂ ਚਲਾ ਗਿਆ। ਇਸ ਪਿੱਛੋਂ ਥੋੜ੍ਹੀ ਦੇਰ ਕੁਝ ਨਹੀਂ ਹੋਇਆ।
ਉਦੋਂ ਈ, ਚੋਗਾ ਚੜ੍ਹਾਈ, ਆਪਣੇ ਕੁਝ ਸਾਥੀਆਂ ਨਾਲ ਹਫੜਾ-ਦਫੜੀ ਜਿਹੀ ਵਿਚ ਵਕੀਲ ਸਾਹਬ ਨੇ ਪ੍ਰਵੇਸ਼ ਕੀਤਾ। ਪੱਤਰਕਾਰਾਂ ਵਾਲੀ ਮੇਜ਼ ਕੋਲ ਜਾ ਕੇ ਉਹਨਾਂ, ਉਹਨਾਂ ਨਾਲ ਹੱਥ ਮਿਲਾਏ। ਉਪਰੋਂ ਬੜੇ ਬੇਝਿਜਕ ਤੇ ਬੇਫ਼ਿਕਰ-ਜਿਹੇ ਦਿਸ ਰਹੇ ਇਹ ਲੋਕ, ਹੱਸਣ ਤੇ ਗੱਪਾਂ ਮਾਰਨ ਲੱਗੇ। 'ਕਿਰਰ-ਕਿਰਰ!' ਉਦੋਂ ਈ ਇਕ ਤਿੱਖੀ ਘੰਟੀ ਵੱਜੀ ਤੇ ਸਾਰੇ ਦੇ ਸਾਰੇ ਆਪੋ-ਆਪਣੀ ਜਗ੍ਹਾ 'ਤੇ ਜਾ ਬੈਠੇ। ਵਕੀਲ ਸਾਹਬ ਨੇ ਮੇਰੇ ਕੋਲ ਆ ਕੇ ਹੱਥ ਮਿਲਾਇਆ ਤੇ ਸਮਝਾਇਆ ਕਿ 'ਜਿੱਥੋਂ ਤਕ ਹੋ ਸਕੇ ਜਵਾਬ ਘੱਟ ਤੋਂ ਘੱਟ ਸ਼ਬਦਾਂ ਵਿਚ ਦੇਣਾ। ਆਪਣੇ ਵੱਲੋਂ ਕੁਝ ਨਾ ਦੱਸਣ ਲੱਗ ਪੈਣਾ। ਮੇਰੇ 'ਤੇ ਭਰੋਸਾ ਰੱਖੋਗੇ ਤਾਂ ਬੇੜਾ ਪਾਰ ਹੋ ਜਾਵੇਗਾ।'
ਸੱਜੇ ਪਾਸੇ ਕੁਰਸੀ ਖਿਸਕਣ ਦੀ ਆਵਾਜ਼ ਹੋਈ ਤੇ ਬਿਨਾਂ ਕਮਾਨੀਆਂ ਵਾਲੀ ਐਨਕ ਲਾਈ, ਇਕ ਲੰਮਾ-ਪਤਲੂ ਜਿਹਾ ਆਦਮੀ ਆਪਣੇ ਲਾਲ ਚੋਗੇ ਦੀਆਂ ਤੈਹਾਂ ਤੇ ਵੱਟ ਠੀਕ ਕਰਦਾ ਹੋਇਆ ਕੁਰਸੀ 'ਤੇ ਆ ਬੈਠਾ। ਮੈਂ ਸਮਝ ਗਿਆ ਕਿ ਸਰਕਾਰੀ ਵਕੀਲ ਏ। ਅਦਾਲਤ ਦੇ ਪੇਸ਼ਕਾਰ ਨੇ ਐਲਾਨ ਕੀਤਾ ਕਿ 'ਮਾਣਯੋਗ ਜੱਜ ਸਾਹਬ ਪਧਾਰ ਰਹੇ ਨੇ।' ਤੇ ਐਨ ਉਸੇ ਵੇਲੇ ਉਤਾਂਹ ਦੋ ਵੱਡੇ-ਵੱਡੇ ਪੱਖੇ ਭਣਨ-ਭਣਨ ਕਰਕੇ ਚੱਲ ਪਏ। ਤਿੰਨ ਜੱਜਾਂ ਨੇ ਬਗਲੀਂ ਥੈਲੇ ਮਾਰੀ ਅਦਾਲਤ ਦੇ ਕਮਰੇ ਵਿਚ ਪ੍ਰਵੇਸ਼ ਕੀਤਾ—ਦੋਂਹ ਦੇ ਕਾਲੇ ਕੱਪੜੇ ਪਾਏ ਸਨ ਤੇ ਇਕ ਦੇ ਲਾਲ-ਸੁਰਖ। ਤਿੰਨੇ ਫੁਰਤੀ ਨਾਲ ਤੁਰਦੇ ਹੋਏ ਫਰਸ਼ ਤੋਂ ਕਈ ਫੁੱਟ ਉੱਚੀ ਬਣੀ 'ਬੈਂਚ' ਕੋਲ ਜਾ ਪਹੁੰਚੇ। ਸੁਰਖ ਕੱਪੜਿਆਂ ਵਾਲਾ ਵਿਚਕਾਰ, ਉੱਚੀ ਪਿੱਠ ਵਾਲੀ ਕੁਰਸੀ ਉੱਤੇ ਬੈਠ ਗਿਆ। ਉਸਨੇ ਆਪਣੀ ਸਰਕਾਰੀ ਟੋਪੀ ਲਾਹ ਕੇ ਮੇਜ਼ ਉੱਤੇ ਰੱਖੀ ਤੇ ਗੰਜੀ ਟਿੰਡ ਉੱਤੇ ਰੁਮਾਲ ਫੇਰ ਕੇ ਉੱਚੀ ਆਵਾਜ਼ ਵਿਚ ਦੱਸਿਆ ਕਿ ਹੁਣ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੁੰਦੀ ਏ।
ਪੱਤਰਕਾਰਾਂ ਨੇ ਆਪੋ-ਆਪਣੇ ਫਾਊਂਟੇਨਪੈੱਨ ਖੋਲ੍ਹ ਲਏ। ਇਕ ਸਿਰੇ ਤੋਂ ਸਭ ਦੇ ਚਿਹਰਿਆਂ ਉੱਤੇ ਹਲਕੀ-ਜਿਹੀ ਵਿਅੰਗਭਰੀ ਉਦਾਸੀਨਤਾ ਦਾ ਭਾਵ ਸੀ। ਹਾਂ, ਭੂਰੇ ਫਲਾਲੈਨ ਦੇ ਸੂਟ ਤੇ ਨੀਲੀ ਟਾਈ ਵਾਲਾ ਇਕ ਪੱਤਰਕਾਰ ਉਹਨਾਂ ਵਿਚ ਅਜਿਹਾ ਸੀ ਜਿਹੜਾ ਕਲਮ ਮੇਜ਼ ਉੱਤੇ ਰੱਖੀ, ਬਿਨਾਂ ਅੱਖਾਂ ਝਪਕਾਏ, ਮੈਨੂੰ ਘੂਰੀ ਜਾ ਰਿਹਾ ਸੀ। ਸ਼ਕਲ ਤੋਂ ਆਪਣੇ ਬਾਕੀ ਸਾਰੇ ਸਾਥੀਆਂ ਨਾਲੋਂ ਘੱਟ ਉਮਰ ਦਾ ਲੱਗਦਾ ਸੀ। ਚਿਹਰਾ ਸਿੱਧਾ-ਸਾਦਾ, ਆਮ-ਜਿਹਾ...ਪਰ ਇਸ ਸਮੇਂ ਰਤਾ ਕਠੋਰ। ਜਿਸ ਚੀਜ਼ ਨੇ ਮੈਨੂੰ ਕੀਲ ਲਿਆ, ਉਹ ਸੀ ਉਸਦੀਆਂ ਅੱਖਾਂ—ਉਦਾਸ, ਪੀਲੀਆਂ ਨਿਰਮਲ ਅੱਖਾਂ ਮੇਰੇ 'ਤੇ ਜ਼ਰੂਰ ਟਿਕੀਆਂ ਹੋਈਆਂ ਸਨ, ਪਰ ਉਹਨਾਂ ਵਿਚ ਕਿਸੇ ਵਿਸ਼ੇਸ਼ ਭਾਵ ਦੀ ਬਿੜਕ ਨਹੀਂ ਸੀ। ਪਲ ਕੁ ਲਈ ਇਕ ਬੜੀ ਅਦਭੁਤ-ਜਿਹੀ ਗੱਲ ਮਨ ਵਿਚ ਆਈ, ਜਿਵੇਂ ਉਹ ਅੱਖਾਂ ਮੇਰੀਆਂ ਆਪਣੀਆਂ ਅੱਖਾਂ ਈ ਨੇ ਤੇ ਮੈਂ ਖ਼ੁਦ ਆਪਣੇ-ਆਪ ਨੂੰ ਤੋਲ-ਘੋਖ ਰਿਹਾ ਹਾਂ। ਇਕ ਤਾਂ ਉਂਜ ਈ ਅਦਾਲਤੀ ਕਾਰਵਾਈ ਤੋਂ ਕੋਰਾ, ਤੇ ਦੂਜਾ, ਇਹ ਭਾਵ ਵੀ ਇਕ ਕਾਰਨ ਸੀ ਕਿ ਸ਼ੁਰੂ ਵਿਚ ਜੋ ਕੁਝ ਹੁੰਦਾ ਰਿਹਾ ਸੀ, ਠੀਕ-ਠੀਕ ਮੇਰੀ ਸਮਝ ਵਿਚ ਨਹੀਂ ਸੀ ਆਇਆ, ਕਿ ਕਿੰਜ ਜੂਰੀਆਂ ਨੇ ਆਪਸ ਵਿਚ ਆਪਣਾ-ਆਪਣਾ ਕੰਮ ਤੇ ਜ਼ਿੰਮੇਵਾਰੀ ਵੰਡੀ! ਕਿੰਜ ਪ੍ਰਧਾਨ ਜੱਜ ਨੇ, ਸਰਕਾਰੀ ਵਕੀਲ ਯਾਨੀ ਜੂਰੀਆਂ ਦੇ ਪ੍ਰਤੀਨਿਧ ਤੇ ਮੇਰੇ ਵਕੀਲ ਸਾਹਬ ਤੋਂ ਦੁਨੀਆਂ ਭਰ ਦੇ ਸਵਾਲ ਪੁੱਛੇ (ਜਦੋਂ-ਜਦੋਂ ਮੇਰੇ ਵਕੀਲ ਸਾਹਬ ਬੋਲਦੇ, ਸਾਰੇ ਦੇ ਸਾਰੇ ਸਿਰ ਜੂਰੀਆਂ ਦੇ ਜੱਜਾਂ ਵੱਲ ਭੌਂ ਜਾਂਦੇ)! ਕਿੰਜ ਇਕੋ ਸਾਹ ਵਿਚ ਦੋਸ਼-ਫਰਦ ਪੜ੍ਹੀ ਗਈ (ਵਿਚ-ਵਿਚ ਮੈਂ ਕੁਝ ਜਾਣਕਾਰ ਸਥਾਨਾ ਤੇ ਵਿਅਕਤੀਆਂ ਦੇ ਨਾਂ ਜ਼ਰੂਰ ਸੁਣੇ)! ਕਿੰਜ ਇਸ ਪਿੱਛੋਂ ਮੇਰੇ ਵਕੀਲ ਸਾਹਬ ਨੂੰ ਕੁਝ ਸਵਾਲ ਹੋਰ ਪੁੱਛੇ ਗਏ—ਇਹਨਾਂ ਸਾਰਿਆਂ ਵਿਚੋਂ ਮੈਂ ਕੁਝ ਸੁਣੇ, ਕੁਝ ਸਮਝੇ, ਬਹੁਤਿਆਂ ਨੂੰ ਸਮਝ ਨਾ ਸਕਿਆ।
ਇਸ ਪਿੱਛੋਂ ਜਦੋਂ ਜੱਜ ਸਾਹਬ ਨੇ ਫਰਮਾਇਆ ਕਿ ਹੁਣ ਅਦਾਲਤ ਗਵਾਹਾਂ ਦੀ ਸੂਚੀ ਪੜ੍ਹ ਕੇ ਸੁਣਾਵੇਗੀ। ਪੇਸ਼ਕਾਰ ਨੇ ਨਾਂ ਪੜ੍ਹੇ। ਉਹਨਾਂ ਵਿਚੋਂ ਕੁਝ ਨਾਂ ਸੁਣ ਕੇ ਮੈਂ ਚਕਰਾ ਗਿਆ। ਅਜੇ ਤੀਕ ਸਾਹਮਣੀ ਭੀੜ ਮੇਰੇ ਲਈ ਚਿਹਰਿਆਂ ਦੇ ਧੁੰਦਲੇ-ਧੁੰਦਲੇ ਧੱਬਿਆਂ ਨਾਲੋਂ ਵੱਧ ਨਹੀਂ ਸੀ। ਪਰ ਦੇਖਿਆ ਕਿ ਹੁਣ ਇਕ-ਇਕ ਕਰਕੇ ਉਸੇ ਭੀੜ 'ਚ ਈ ਰੇਮੰਡ, ਮੈਸਨ, ਸਲਾਮਾਨੋ, ਆਸ਼ਰਮ ਦਾ ਚੌਕੀਦਾਰ, ਬੁੱਢਾ ਪੀਰੇ ਤੇ ਮੇਰੀ, ਸਾਰੇ ਉੱਠ ਉੱਠ ਖੜ੍ਹੇ ਹੋਣ ਲੱਗੇ। ਇਹਨਾਂ ਸਾਰਿਆਂ ਦੇ ਪਿੱਛੇ-ਪਿੱਛੇ, ਇਕ ਪਾਸੇ ਵਾਲੇ ਦਰਵਾਜ਼ੇ 'ਚੋਂ ਬਾਹਰ ਜਾਂਦਿਆਂ ਹੋਇਆ ਮੇਰੀ ਨੇ ਆਪਣਾ ਕੰਬਦਾ ਹੋਇਆ, ਨਿਰਜਿੰਦ ਜਿਹਾ ਹੱਥ ਬੜੀ ਹੌਲੀ-ਜਿਹੀ ਮੇਰੇ ਵੱਲ ਹਿਲਾਇਆ। ਸੁਣਿਆਂ, ਆਖ਼ਰੀ ਨਾਂ ਸੇਲੇਸਤੇ ਦਾ ਬੋਲਿਆ ਜਾ ਰਿਹਾ ਏ—ਤਾਂ ਅੰਤਾਂ ਦੀ ਹੈਰਾਨੀ ਹੋਈ ਕਿ ਇਹਨਾਂ ਵਿਚੋਂ ਕੋਈ ਵੀ ਪਹਿਲਾਂ ਮੈਨੂੰ ਨਹੀਂ ਸੀ ਦਿਸਿਆ! ਸੇਲੇਸਤੇ ਉੱਠਿਆ ਤਾਂ ਉਸਦੇ ਨਾਲ ਬੈਠੀ ਉਹੀ ਵਚਿੱਤਰ ਮਧਰੀ ਔਰਤ ਨਜ਼ਰ ਆਈ ਜਿਸਨੇ ਰੇਸਤਰਾਂ ਵਿਚ ਮੇਰੀ ਮੇਜ਼ 'ਤੇ ਬੈਠ ਕੇ ਖਾਣਾ ਖਾਧਾ ਸੀ। ਉਹੀ ਮਰਦਾਨਾ ਕੋਟ ਤੇ ਚੁਸਤ, ਦ੍ਰਿੜ੍ਹ ਫ਼ੈਸਲਾ ਲਊ ਅੰਦਾਜ਼। ਦੇਖਿਆ, ਉਸਦੀਆਂ ਨਿਗਾਹਾਂ ਮੇਰੇ ਉੱਤੇ ਈ ਜੰਮੀਆਂ ਹੋਈਆਂ ਸਨ। ਪਰ ਉਸਦੇ ਤੌਰ-ਤਰੀਕੇ ਉੱਤੇ ਸੋਚਣ, ਹੈਰਾਨ ਹੋਣ, ਦਾ ਸਮਾਂ ਨਾ ਮਿਲਿਆ। ਜੱਜ ਸਾਹਬ ਫੇਰ ਬੋਲਣ ਲੱਗੇ—
ਉਹਨਾਂ ਨੇ ਦੱਸਿਆ ਕਿ ਹੁਣ ਮੁਕੱਦਮੇ ਦੀ ਅਸਲੀ ਕਾਰਵਾਈ ਸ਼ੁਰੂ ਹੋਵੇਗੀ। ਕਿਹਾ, ਸ਼ਾਇਦ ਇਹ ਦੱਸਣ ਦੀ ਉਹਨਾਂ ਨੂੰ ਲੋੜ ਨਹੀਂ ਏ ਕਿ ਉਹ ਚਾਹੁੰਦੇ ਨੇ, ਜਨਤਾ ਆਪਣੇ ਅੱਛੇ-ਬੁਰੇ, ਕਿਸੇ ਕਿਸਮ ਦੇ ਭਾਵਾਂ ਦਾ ਪ੍ਰਦਰਸ਼ਨ ਨਾ ਕਰੇ। ਜੱਜ ਤਾਂ ਸਿਰਫ਼ ਸਾਰੀ ਕਾਰਵਾਈ ਦੀ ਦੇਖ-ਰੇਖ ਕਰਨ ਲਈ ਨੇ—ਇਕ ਤਰ੍ਹਾਂ ਨਾਲ ਕਹੀਏ ਵਿਚੋਲੀਏ ਨੇ। ਇਸ ਮੁਕੱਦਮੇ ਦੇ ਪ੍ਰਤੀ ਉਹਨਾਂ ਦਾ ਰੁਖ਼ ਨਿਹਾਇਤ ਈ ਨਿਰਪੱਖ ਰਹੇਗਾ। ਜੋ ਵੀ ਫੈਸਲਾ ਸ਼੍ਰੀਮਾਨ ਜੂਰੀ ਦੇਣਗੇ, ਉਸਨੂੰ ਈ ਉਹ ਨਿਆਂ ਦੇ ਨਜ਼ਰੀਏ ਨਾਲ ਜਨਤਾ ਦੇ ਸਾਹਵੇਂ ਰੱਖ ਦੇਣਗੇ। ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਅੰਤ ਵਿਚ ਲੋਕ ਬਿਨਾਂ ਕਿਸੇ ਕਿਸਮ ਦਾ ਕਤਈ ਸ਼ੋਰ-ਸ਼ਰਾਬਾ ਕੀਤੇ, ਸ਼ਾਂਤਮਈ ਢੰਗ ਨਾਲ, ਬਾਹਰ ਜਾਣਗੇ।
ਦਿਨ ਦੀ ਤਪਸ਼ ਵੱਧਦੀ ਗਈ। ਜਨਤਾ ਵਿਚੋਂ ਕੁਝ ਅਖ਼ਬਾਰਾਂ ਨਾਲ ਹਵਾ ਝੱਲ ਰਹੇ ਸਨ। ਕਾਗਜ਼ਾਂ ਦੇ ਮੁੜਨ ਦੀ ਖੜਖੜਾਹਟ ਤਾਂ ਸਾਰਾ ਸਮਾਂ ਹੁੰਦੀ ਈ ਰਹੀ। ਪ੍ਰਧਾਨ ਜੱਜ ਦਾ ਇਸ਼ਾਰਾ ਸਮਝ ਕੇ ਪੇਸ਼ਕਾਰ ਮੁੰਜ ਦੇ ਬੁਣੇ ਤਿੰਨ ਪੱਖੇ ਲੈ ਆਇਆ। ਤਿੰਨੇ ਜੱਜ ਤੁਰੰਤ ਉਹਨਾਂ ਨਾਲ ਹਵਾ ਲੈਣ ਲੱਗੇ।
ਝੱਟ, ਮੇਰੇ ਨਾਲ ਸਵਾਲ-ਜਵਾਬ ਸ਼ੁਰੂ ਹੋ ਗਏ। ਜੱਜ ਸਾਹਬ ਨੇ ਨਾ ਸਿਰਫ਼ ਸ਼ਾਂਤ ਭਾਵ ਨਾਲ, ਬਲਕਿ ਮੈਨੂੰ ਲੱਗਿਆ ਬੜੀ ਅਪਣੱਤ ਦਿਖਾਉਂਦਿਆਂ ਹੋਇਆਂ, ਸਵਾਲ ਪੁੱਛੇ। ਗਿਆਰਵੀਂ ਵਾਰ ਮੈਥੋਂ ਫੇਰ ਉਹੀ ਨਾਂ-ਪਤਾ, ਵਲਦੀਅਤ ਪੁੱਛੀ ਗਈ। ਇਸ ਖਾਨਾਪੂਰੀ ਤੋਂ ਮੈਂ ਤੰਗ ਆ ਗਿਆ ਸੀ। ਪਰ ਫੇਰ ਮਨ ਵਿਚ ਸੋਚਿਆ, ਇਹ ਸਭ ਬੜਾ ਸੁਭਾਵਿਕ ਤੇ ਜ਼ਰੂਰੀ ਏ। ਕਿਸੇ ਗ਼ਲਤ ਆਦਮੀ 'ਤੇ ਮੁਕੱਦਮਾ ਚਲਾ ਦੇਣਾ ਅਦਾਲਤ ਦੇ ਲਈ ਕਿੰਨੀ ਸ਼ਰਮ ਤੇ ਅਫ਼ਸੋਸ ਦੀ ਗੱਲ ਹੋ ਸਕਦੀ ਏ।
ਇਸ ਪਿੱਛੋਂ ਜੱਜ ਸਾਹਬ ਨੇ ਮੇਰੇ ਸਾਰੇ ਕਾਰਨਾਮਿਆਂ ਦਾ ਚਿੱਠਾ ਪੜ੍ਹਨਾ ਸ਼ੁਰੂ ਕੀਤਾ। ਹਰ ਦੂਜੇ ਤੀਜੇ ਵਾਕ 'ਤੇ ਮੈਨੂੰ ਪੁੱਛਣ ਲਈ ਠਹਿਰ ਜਾਂਦੇ—“ਕੀ ਠੀਕ ਹੈ ਨਾ?” ਤੇ ਇਸ 'ਤੇ ਮੈਂ ਹਰ ਵਾਰ ਕਹਿੰਦਾ, “ਹਾਂ-ਜੀ, ਸਾਹਬ।” ਵਕੀਲ ਸਾਹਬ ਨੇ ਇਹੀ ਕਹਿਣ ਲਈ ਕਿਹਾ ਸੀ। ਜੱਜ ਜ਼ਰਾ-ਜ਼ਰਾ ਜਿੰਨੀ ਗੱਲ ਦੀ ਵਾਲ ਦੀ ਖੱਲ ਲਾਹ ਰਹੇ ਸਨ। ਇਸ ਲਈ ਇਹ 'ਪੁਰਾਣ' ਕਾਫ਼ੀ ਲੰਮਾਂ ਚੱਲਿਆ। ਇਸ ਦੌਰਾਨ ਪੱਤਰਕਾਰ ਵਿਅਸਤ ਭਾਵ ਨਾਲ ਜਲਦੀ-ਜਲਦੀ ਲਿਖਦੇ ਰਹੇ। ਪਰ ਮੈਨੂੰ ਕਦੀ ਤਾਂ ਸਭ ਤੋਂ ਛੋਟੇ ਪੱਤਰਕਾਰ ਦੀਆਂ ਆਪਣੇ ਉੱਤੇ ਟਿਕੀਆਂ ਨਿਗਾਹਾਂ ਦਾ ਖ਼ਿਆਲ ਆਉਂਦਾ, ਕਦੀ ਉਹ 'ਚਾਬੀ ਭਰੀ ਕਠਪੁਤਲੀ' ਵਰਗੀ ਔਰਤ ਦੀਆਂ ਨਜ਼ਰਾਂ ਯਾਦ ਆ ਜਾਂਦੀਆਂ। ਮੈਨੂੰ ਟਰਾਮ ਵਿਚ ਬੈਠੀਆਂ ਸਵਾਰੀਆਂ ਦੀ ਕਤਾਰ ਫੇਰ ਯਾਦ ਆਈ। ਉਦੋਂ ਈ ਜੱਜ ਸਾਹਬ ਜ਼ਰਾ ਕੁ ਖੰਘੇ ਤੇ ਫ਼ਾਈਲ ਦੇ ਕੁਝ ਪੰਨੇ ਪਰਤ ਕੇ ਚਿਹਰੇ ਉੱਤੇ ਪੱਖੇ ਦੀ ਹਵਾ ਕਰਦੇ-ਕਰਦੇ ਗੰਭੀਰਤਾ ਨਾਲ ਮੈਨੂੰ ਕਹਿਣ ਲੱਗੇ—
“ਹੁਣ ਮੈਂ ਕੁਝ ਅਜਿਹੀਆਂ ਗੱਲਾਂ ਲੈਣੀਆਂ ਚਾਹਾਂਗਾ ਜਿਹੜੀਆਂ ਉਪਰੋਂ ਦੇਖਣ ਵਿਚ ਭਾਵੇਂ ਮੁਕੱਦਮੇ ਦੇ ਬਾਹਰ ਲੱਗਦੀਆਂ ਹੋਣ, ਪਰ ਅਸਲ ਵਿਚ ਉਹਨਾਂ ਦਾ ਇਸ ਨਾਲ ਬੜਾ ਡੂੰਘਾ ਸੰਬੰਧ ਏ।” ਮੈਂ ਤਾੜ ਲਿਆ ਕਿ ਹੋਏ ਨਾ ਹੋਏ ਹੁਣ ਇਹ ਮਾਂ ਬਾਰੇ ਕੁਝ ਕਹੇਗਾ, ਨਾਲ ਈ ਇਹ ਵੀ ਸੋਚ ਲਿਆ ਕਿ ਜੇ ਇਸਨੇ ਮਾਂ ਬਾਰੇ ਕੁਝ ਕਿਹਾ ਤਾਂ ਮੈਨੂੰ ਕਿੰਨਾ ਬੁਰਾ ਲੱਗੇਗਾ। ਜੱਜ ਦਾ ਪਹਿਲਾ ਸਵਾਲ ਈ ਇਹ ਆਇਆ ਸੀ ਕਿ ਮੈਂ ਆਪਣੀ ਮਾਂ ਨੂੰ ਆਸ਼ਰਮ ਕਿਉਂ ਭੇਜਿਆ? ਮੈਂ ਦੱਸਿਆ ਕਿ ਕਾਰਨ ਬਿਲਕੁਲ ਸਿੱਧਾ ਏ। ਘਰੇ ਉਹਦੀ ਠੀਕ ਤਰ੍ਹਾਂ ਦੇਖਭਾਲ ਹੋਏ, ਏਨਾ ਪੈਸਾ ਮੇਰੇ ਕੋਲ ਨਹੀਂ ਸੀ। ਜੱਜ ਨੇ ਪੁੱਛਿਆ ਕਿ ਮਾਂ ਦੇ ਵਿਛੋੜੇ ਦਾ ਮੈਨੂੰ ਦੁੱਖ ਹੋਇਆ ਜਾਂ ਨਹੀਂ? ਮੈਂ ਫੇਰ ਆਪਣੀ ਗੱਲ ਦਾ ਖੁਲਾਸਾ ਕੀਤਾ ਕਿ ਮੈਨੂੰ ਜਾਂ ਮਾਂ ਨੂੰ ਆਪਸ ਵਿਚ ਇਕ-ਦੂਜੇ ਤੋਂ ਜਾਂ ਸਾਨੂੰ ਦੋਵਾਂ ਨੂੰ ਕਿਸੇ ਤੀਜੇ ਤੋਂ ਇਸ ਬਾਰੇ ਕਤਈ ਕਿਸੇ ਸਹਾਰੇ ਦੀ ਉਮੀਦ ਨਹੀਂ ਸੀ, ਇਸ ਲਈ ਅਸੀਂ ਦੋਵਾਂ ਨੇ ਆਸਾਨੀ ਨਾਲ ਇਸਨੂੰ ਮੰਨ ਲਿਆ। ਇਸ ਦੇ ਪਿੱਛੋਂ ਜੱਜ ਨੇ ਕਿਹਾ ਕਿ ਉਹਨਾਂ ਅਜੇ ਇਸ ਬਾਰੇ ਕੁਝ ਨਹੀਂ ਪੁੱਛਿਆ। ਉਹਨਾਂ ਨੇ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਕੀ ਉਸਦੇ ਖ਼ਿਆਲ ਵਿਚ, ਇਸ ਮੌਕੇ 'ਤੇ, ਕੋਈ ਹੋਰ ਸਵਾਲ ਕਰਨਾ ਜ਼ਰੂਰੀ ਲੱਗਦਾ ਏ?
ਸਰਕਾਰੀ ਵਕੀਲ ਨੇ ਬਿਨਾਂ ਮੇਰੇ ਵੱਲ ਦੇਖਿਆਂ, ਬਲਕਿ ਮੇਰੇ ਵੱਲ ਅੱਧੀ ਪਿੱਠ ਕਰਕੇ ਕਿਹਾ ਕਿ ਜੇ ਅਦਾਲਤ ਆਗਿਆ ਦਵੇ ਤਾਂ ਉਹ ਜਾਣਨਾ ਚਾਹੁੰਦਾ ਏ ਕਿ ਕੀ ਮੈਂ ਅਰਬ ਨੂੰ ਮਾਰਨ ਦੇ ਇਰਾਦੇ ਨਾਲ ਈ ਦੁਬਾਰਾ ਝਰਨੇ ਵੱਲ ਵਾਪਸ ਗਿਆ ਸਾਂ? ਜਦੋਂ ਮੈਂ ਕਿਹਾ, “ਨਈਂ।” ਤਾਂ ਸਰਕਾਰੀ ਵਕੀਲ ਨੇ ਫੇਰ ਪੁੱਛਿਆ ਕਿ ਤਾਂ ਫੇਰ ਆਪਣੇ ਨਾਲ ਰਿਵਾਲਵਰ ਲੈ ਜਾਣ ਦਾ ਕੀ ਮੰਸ਼ਾ ਸੀ? ਤੇ ਕਿਉਂ ਮੈਂ ਫੇਰ ਖਾਸ ਉਸੇ ਜਗ੍ਹਾ ਪਹੁੰਚਿਆ ਸੀ? ਆਪਣੇ ਜਵਾਬ ਵਿਚ ਮੈਂ ਇਸਨੂੰ ਸਿਰਫ਼ ਸੰਜੋਗ ਦੀ ਗੱਲ ਕਿਹਾ। ਫੇਰ ਸਰਕਾਰੀ ਵਕੀਲ ਬੜੇ ਦੁਸ਼ਟ ਲਹਿਜੇ ਵਿਚ ਬੋਲਿਆ, “ਬਹੁਤ ਅੱਛੇ, ਬਸ, ਇਸ ਵੇਲੇ ਏਨਾ ਈ ਕਾਫ਼ੀ ਏ।”
ਇਸ ਪਿੱਛੋਂ ਕੀ ਹੋਇਆ, ਠੀਕ ਤਰ੍ਹਾਂ ਮੇਰੀ ਸਮਝ ਵਿਚ ਨਹੀਂ ਸੀ ਆਇਆ। ਹਾਂ, ਕੁਝ ਚਿਰ ਸਰਕਾਰੀ ਵਕੀਲ, ਮੇਰੇ ਵਕੀਲ ਤੇ 'ਬੈਂਚ' ਵਿਚਕਾਰ ਚਖਚਖ ਹੁੰਦੀ ਰਹੀ ਸੀ। ਪ੍ਰਧਾਨ ਜੱਜ ਨੇ ਐਲਾਨ ਕੀਤਾ ਕਿ ਹੁਣ ਅਦਾਲਤ ਉੱਠੇਗੀ। ਗਵਾਹੀਆਂ ਦੁਪਹਿਰ ਬਾਅਦ ਹੋਣਗੀਆਂ, ਤਦ ਤੀਕ ਲਈ ਕਾਰਵਾਈ ਮੁਲਤਵੀ ਕੀਤੀ ਜਾਂਦੀ ਏ।
ਇਹ ਕੀ ਹੋਇਆ, ਇਹ ਸਮਝ ਸਕਾਂ ਕਿ ਇਸ ਤੋਂ ਪਹਿਲਾਂ ਮੈਨੂੰ ਧੱਕ ਕੇ ਜੇਲ੍ਹ ਦੀ ਗੱਡੀ ਵਿਚ ਲਿਆ ਬਿਠਾਇਆ ਗਿਆ। ਵਾਪਸ ਜੇਲ੍ਹ ਆਇਆ ਤਾਂ ਦੁਪਹਿਰ ਦਾ ਖਾਣਾ ਮਿਲਿਆ। ਇਸ ਸਭ ਨੇ ਮੈਨੂੰ ਕਿੰਨਾ ਥਕਾਅ ਦਿੱਤਾ ਏ, ਅਜੇ ਇਹੋ ਮਹਿਸੂਸ ਕਰ ਰਿਹਾ ਸੀ ਕਿ ਫੇਰ ਬੁਲਾਵਾ ਆ ਗਿਆ। ਉਹੀ ਕਮਰਾ...ਸਾਹਮਣੇ ਉਹੀ ਚਿਹਰੇ...ਫੇਰ ਉਹੀ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋਇਆ। ਹਾਂ, ਇਸ ਦੌਰਾਨ ਗਰਮੀ ਬੇਹੱਦ ਵਧ ਗਈ ਸੀ ਤੇ ਪਤਾ ਨਹੀਂ ਕੀ ਚਮਤਕਾਰ ਹੋਇਆ ਸੀ ਕਿ ਜੂਰੀਆਂ ਤੋਂ ਲੈ ਕੇ ਮੇਰੇ ਵਕੀਲ, ਸਰਕਾਰੀ ਵਕੀਲ ਤੇ ਕੁਝ ਪੱਤਰਕਾਰਾਂ ਦੇ ਹੱਥਾਂ ਵਿਚ ਵੀ ਪੱਖੇ ਆ ਗਏ ਸਨ। ਉਹ ਨੌਜਵਾਨ ਤੇ 'ਚਾਬੀ ਭਰੀ ਕਠਪੁਤਲੀ' ਦੋਵੇਂ ਓਵੇਂ ਦੀ ਜਿਵੇਂ ਆਪਣੀ ਆਪਣੀ ਜਗ੍ਹਾ 'ਤੇ ਬਿਰਾਜਮਾਨ ਸਨ ਤੇ ਉਹਨਾਂ ਦੀਆਂ ਅੱਖਾਂ, ਐਨ ਪਹਿਲਾਂ ਵਾਂਗ ਈ, ਮੇਰੇ 'ਤੇ ਟਿਕੀਆਂ ਹੋਈਆਂ ਸਨ। ਦੋਵੇਂ ਪੱਖਾ ਵੀ ਨਹੀਂ ਸੀ ਝੱਲ ਰਹੇ।
ਮੈਂ ਚਿਹਰੇ ਦਾ ਪਸੀਨਾ ਪੂੰਝਿਆ। ਅਜੇ ਆਪਣੇ ਬਾਰੇ ਵਿਚ ਹੋਸ਼ ਆਇਆ ਈ ਸੀ ਕਿ ਸੁਣਿਆਂ ਗਵਾਹੀ ਦੇ ਲਈ ਆਸ਼ਰਮ ਦੇ ਵਾਰਡਨ ਨੂੰ ਆਵਾਜ਼ ਪਈ ਏ। ਵਾਰਡਨ ਤੋਂ ਪੁੱਛਿਆ ਗਿਆ ਕਿ ਕੀ ਮੇਰੀ ਮਾਂ ਨੂੰ ਮੇਰੇ ਵਿਹਾਰ ਤੋਂ ਕੋਈ ਸ਼ਿਕਾਇਤ ਸੀ, ਤਾਂ ਉਸਨੇ ਕਿਹਾ, “ਜੀ ਹਾਂ। ਪਰ ਇਹ ਕੋਈ ਵਿਸ਼ੇਸ਼ ਗੱਲ ਨਈਂ ਏਂ ਕਿਉਂਕਿ ਉੱਥੇ ਰਹਿਣ ਵਾਲੇ ਕਰੀਬ-ਕਰੀਬ ਹਰ ਵਿਅਕਤੀ ਨੂੰ ਆਪਣੇ ਰਿਸ਼ਤੇਦਾਰਾਂ ਪ੍ਰਤੀ ਸ਼ਿਕਾਇਤ ਹੁੰਦੀ ਈ ਏ।” ਇਸ 'ਤੇ ਜੱਜ ਸਾਹਬ ਨੇ ਰਤਾ ਹੋਰ ਖੁਲਾਸਾ ਕਰਨ ਲਈ ਕਿਹਾ, “ਇਸ ਤਰ੍ਹਾਂ ਆਸ਼ਰਮ ਭੇਜ ਦਿੱਤੇ ਜਾਣ 'ਤੇ ਕੀ ਮੁਜਰਿਮ ਦੀ ਮਾਂ ਉਸਨੂੰ ਭਲ਼ਾ-ਬੁਰਾ ਕਹਿੰਦੀ ਸੀ?”
“ਜੀ ਹਾਂ।” ਉਸਨੇ ਫੇਰ ਉਹੀ ਕਿਹਾ, ਪਰ ਇਸ ਵਾਰੀ ਆਪਣੇ ਜਵਾਬ ਨਾਲ ਕੋਈ ਸਫ਼ਾਈ ਨਹੀਂ ਜੋੜੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਸਨੇ ਦੱਸਿਆ, “ਅੰਤੇਸ਼ਟੀ ਵਾਲੇ ਦਿਨ ਇਹਨਾਂ ਦੀ ਉਦਾਸੀਨਤਾ ਤੇ ਠੰਢੇਪਨ ਨੂੰ ਦੇਖ ਕੇ ਵਾਕੱਈ ਮੈਨੂੰ ਬੜੀ ਹੈਰਾਨੀ ਹੋਈ ਸੀ।” ਫੇਰ ਪੁੱਛਿਆ ਗਿਆ, “ਇਹਦੀ ਉਦਾਸੀਨਤਾ ਤੇ ਠੰਢੇਪਨ ਤੋਂ ਕੀ ਭਾਵ?” ਇਸ 'ਤੇ ਉਹ ਨੀਵੀਂ ਪਾਈ ਕੁਝ ਚਿਰ ਤੀਕ ਆਪਣੇ ਬੂਟਾਂ ਵੱਲ ਦੇਖਦਾ ਰਿਹਾ। ਫੇਰ ਦੱਸਣ ਲੱਗਾ, “ਨਾ ਤਾਂ ਇਹ ਨੇ ਆਪਣੀ ਮਾਂ ਦੀ ਲਾਸ਼ ਦੇ ਦਰਸ਼ਨਾਂ ਦੀ ਕੋਈ ਇੱਛਾ ਪ੍ਰਗਟ ਕੀਤੀ ਤੇ ਨਾ ਈ ਇਸ ਦੀਆਂ ਅੱਖਾਂ ਵਿਚ ਇਕ ਬੂੰਦ ਅੱਥਰੂ ਈ ਆਇਆ ਤੇ ਅੰਤੇਸ਼ਟੀ ਪਿੱਛੋਂ ਵੀ ਕਬਰ ਦੇ ਕੋਲ ਖਲੋਣ ਦੀ ਬਜਾਏ ਇਹ ਉੱਥੋਂ ਝੱਟ ਤੁਰ ਪਿਆ। ਦੂਜੀ ਇਕ ਹੋਰ ਗੱਲ ਨੇ ਮੈਨੂੰ ਚੱਕਰ ਵਿਚ ਪਾ ਦਿੱਤਾ। ਅੰਡਰਟੇਕਰ ਦਾ ਇਕ ਆਦਮੀ ਦੱਸਦਾ ਸੀ, ਇਸਨੂੰ ਆਪਣੀ ਮਾਂ ਦੀ ਉਮਰ ਵੀ ਨਈਂ ਸੀ ਪਤਾ।” ਥੋੜ੍ਹੀ ਦੇਰ ਚੁੱਪ ਰਹਿ ਕੇ ਜੱਜ ਨੇ ਵਾਰਡਨ ਨੂੰ ਪੁੱਛਿਆ ਕਿ 'ਇਹ ਜੋ ਕੁਝ ਉਸਨੇ ਦੱਸਿਆ ਏ, ਉਹ ਸਭ ਸਾਹਮਣੇ ਕਟਹਿਰੇ ਵਿਚ ਖੜ੍ਹੇ ਮੁਜਰਿਮ ਬਾਰੇ ਈ ਮੰਨਿਆਂ ਜਾਵੇ ਨਾ?' ਲੱਗਿਆ, ਇਸ ਸਵਾਲ 'ਤੇ ਵਾਰਡਨ ਛਿੱਥਾ-ਜਿਹਾ ਪੈ ਗਿਆ। ਉਦੋਂ ਈ ਜੱਜ ਨੇ ਕਿਹਾ, “ਇਸ ਤਰ੍ਹਾਂ ਦੇ ਸਵਾਲ ਪੁੱਛਣ ਦਾ ਵਿਧਾਨ ਏਂ, ਇਸ ਲਈ ਪੁੱਛਣ 'ਤੇ ਮਜ਼ਬੂਰ ਆਂ।”
ਸਰਕਾਰੀ ਵਕੀਲ ਨੂੰ ਪੁੱਛਿਆ ਗਿਆ ਕਿ ਉਸਨੇ ਤਾਂ ਕੋਈ ਗੱਲ ਨਹੀਂ ਪੁੱਛਣੀ? ਉਸਨੇ ਉੱਚੀ ਆਵਾਜ਼ ਵਿਚ ਜਵਾਬ ਦਿੱਤਾ, “ਬਿਲਕੁਲ ਨਈਂ, ਯੋਰ ਆਨਰ। ਮੈਂ ਜੋ ਜਾਣਨਾ ਚਾਹੁੰਦਾ ਸੀ, ਜਾਣ ਲਿਐ।” ਤੇ ਇਹ ਕਹਿ ਕੇ ਜਿਹਨਾਂ ਨਜ਼ਰਾਂ ਨਾਲ ਉਸਨੇ ਮੇਰੇ ਵੱਲ ਦੇਖਿਆ, ਉਹਨਾਂ ਦੇ ਨਾਲ-ਨਾਲ ਉਸਦੇ ਲਹਿਜੇ, ਚਿਹਰੇ ਦੇ ਜੇਤੂ ਭਾਵ ਵਿਚ ਕੁਝ ਅਜੀਬ-ਜਿਹੀ ਖਾਸ ਗੱਲ ਸੀ ਕਿ ਮੈਂ ਕੰਬ ਗਿਆ। ਵਰ੍ਹਿਆਂ ਤੋਂ ਜਿਹੜੀਆਂ ਗੱਲਾਂ ਦਾ ਚਿੱਤ-ਚੇਤਾ ਵੀ ਨਹੀਂ ਸੀ, ਉਹ ਉਸ ਛਿਣ ਮਹਿਸੂਸ ਕੀਤੀਆਂ। ਤੇ ਬੜੀ ਬੇਹੂਦੀ-ਜਿਹੀ ਇੱਛਾ ਹੋਈ ਕਿ ਉੱਚੀ-ਉੱਚੀ ਰੋਣ ਲੱਗ ਪਵਾਂ। ਪਹਿਲੀ ਵਾਰੀ ਅਹਿਸਾਸ ਹੋਇਆ ਕਿ ਇਹਨਾਂ ਸਾਰਿਆਂ ਦੇ ਮਨ ਵਿਚ ਮੇਰੇ ਲਈ ਕਿੰਨੀ ਵੱਧ ਨਫ਼ਰਤ ਏ।
ਜੂਰੀਆਂ ਤੇ ਮੇਰੇ ਵਕੀਲ ਨੇ ਤਾਂ ਵਾਰਡਨ ਤੋਂ ਕੁਝ ਨਹੀਂ ਪੁੱਛਣਾ, ਇਹ ਜਾਣ ਕੇ ਜੱਜ ਨੇ ਚੌਕੀਦਾਰ ਦੇ ਬਿਆਨ ਸੁਣੇ। ਕਟਹਿਰੇ ਵਿਚ ਪੈਰ ਧਰਦਿਆਂ ਹੋਇਆਂ ਚੌਕੀਦਾਰ ਨੇ ਇਕ ਨਜ਼ਰ ਮੇਰੇ ਉੱਤੇ ਮਾਰੀ, ਫੇਰ ਨਿਗਾਹ ਦੂਜੇ ਪਾਸੇ ਘੁਮਾਅ ਲਈ। ਜਿਰਹ ਵਿਚ ਉਸਨੇ ਵੀ ਇਹੀ ਬਿਆਨ ਦਿੱਤੇ ਕਿ ਮੈਂ ਸ਼ਵ ਦੇ ਦਰਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬੈਠਾ-ਬੈਠਾ ਸਿਗਰਟਾਂ ਫੂਕੀ ਗਿਆ ਸੀ ਤੇ ਵਿਸ਼ੇਸ਼ ਕਾਫੀ—ਕੈਫ ਅਲਾਯ—ਪੀਤੀ ਸੀ। ਪਹਿਲੀ ਵਾਰੀ ਲੱਗਿਆ ਕਿ ਗੁੱਸੇ ਦੀ ਲਹਿਰ ਅਦਾਲਤ ਵਿਚ ਇੱਧਰੋਂ-ਉੱਧਰ ਤੀਕ ਫ਼ੈਲ ਗਈ ਏ ਤੇ ਉਦੋਂ ਪਹਿਲੀ ਵਾਰੀ ਸਮਝ ਵਿਚ ਆਇਆ ਕਿ ਮੈਂ ਅਪਰਾਧੀ ਹਾਂ। ਮੇਰੇ ਸਿਗਰਟਾਂ ਤੇ ਕਾਫੀ ਪੀਣ ਬਾਰੇ ਚੌਕੀਦਾਰ ਨੇ ਜੋ ਕੁਝ ਦੱਸਿਆ ਸੀ, ਉਸਨੂੰ ਦੁਬਾਰਾ ਕੁਹਾਇਆ ਗਿਆ। ਸਰਕਾਰੀ ਵਕੀਲ ਨੇ ਘੁੰਮ ਕੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ। ਮੇਰੇ ਵਕੀਲ ਨੇ ਚੌਕੀਦਾਰ ਨੂੰ ਪੁੱਛਿਆ ਕਿ ਮੇਰੇ ਨਾਲ ਖ਼ੁਦ ਉਸਨੇ ਵੀ ਕਾਫੀ ਪੀਤੀ ਜਾਂ ਨਹੀਂ? ਸਰਕਾਰੀ ਵਕੀਲ ਨੇ ਇਸ ਉੱਤੇ ਸਖ਼ਤ ਇਤਰਾਜ਼ ਕੀਤਾ। ਗੁੱਸੇ ਵਿਚ ਕੂਕ ਕੇ ਪੁੱਛਿਆ, “ਮੈਨੂੰ ਦੱਸਿਆ ਜਾਵੇ ਕਿ ਇਸ ਅਦਾਲਤ ਵਿਚ ਮੁਜਰਿਮ ਕੌਣ ਏਂ? ਕਟਹਿਰੇ ਵਿਚ ਖੜ੍ਹਾ ਇਹ ਆਦਮੀ ਜਾਂ ਚੌਕੀਦਾਰ? ਯੋਰ ਆਨਰ, ਕਿਉਂਕਿ ਮੇਰੇ ਮਿੱਤਰ ਬਚਾਅ ਪੱਖ ਦੇ ਵਕੀਲ ਜਾਣਦੇ ਨੇ ਕਿ ਉਹਨਾਂ ਦੇ ਮੁਵੱਕਿਲ ਦੇ ਖ਼ਿਲਾਫ਼ ਅਕੱਟ ਤੇ ਕਾਫੀ ਸਬੂਤ ਨੇ, ਇਸ ਲਈ ਕੀ ਉਹ, ਆਪਣੇ ਖ਼ਿਆਲ ਵਿਚ, ਇੰਜ ਸਰਕਾਰੀ ਗਵਾਹ 'ਤੇ ਚਿੱਕੜ ਉਛਾਲ ਕੇ ਸਬੂਤ ਖ਼ਰਾਬ ਕਰ ਲੈਣਗੇ?” ਖ਼ੈਰ ਜੀ, ਜੱਜ ਨੇ ਚੌਕੀਦਾਰ ਨੂੰ ਸਵਾਲ ਦਾ ਜਵਾਬ ਦੇਣ ਲਈ ਕਿਹਾ।
ਬੁੱਢਾ ਚੌਕੀਦਾਰ ਰਤਾ ਸ਼ਰਮਾਇਆ ਫੇਰ ਮੂੰਹ ਵਿਚ ਬੁੜਬੁੜਾਇਆ, “ਹਾਂ ਜੀ, ਜਾਣਦਾ ਆਂ ਕਿ ਮੈਨੂੰ ਸਿਗਰਟ ਨਈਂ ਸੀ ਪੀਣੀ ਚਾਹੀਦੀ, ਪਰ ਜਦੋਂ ਇਹਨਾਂ ਸਾਹਬ ਨੇ ਪੇਸ਼ ਕੀਤੀ ਤਾਂ ਲਿਹਾਜ਼ ਦੀ ਖਾਤਰ ਮੈਂ ਲੈ ਲਈ ਸੀ।”
ਜੱਜ ਨੇ ਇਸ ਬਾਰੇ ਮੈਨੂੰ ਕੁਝ ਕਹਿਣ ਲਈ ਕਿਹਾ। “ਜੀ ਹਾਂ,” ਮੈਂ ਬੋਲਿਆ, “ਕਹਿਣਾ ਬਸ ਇਹੋ ਏ ਕਿ ਗਵਾਹ ਬਿਲਕੁਲ ਸਹੀ ਕਹਿ ਰਿਹਾ ਏ। ਮੈਂ ਈ ਇਸਨੂੰ ਸਿਗਰਟ ਪੇਸ਼ ਕੀਤੀ ਸੀ—ਇਹ ਸੱਚ ਏ।”
ਚੌਕੀਦਾਰ ਨੇ ਮੇਰੇ ਵੱਲ ਹੈਰਾਨੀ ਤੇ ਧੰਨਵਾਦ ਕਰਦੀਆਂ ਨਜ਼ਰਾਂ ਨਾਲ ਦੇਖਿਆ। ਫੇਰ ਕੁਝ ਚਿਰ ਗੁਣਗੁਣ ਕਰਦਾ ਰਿਹਾ ਤੇ ਫੇਰ ਹਕਲਾ-ਹਕਲਾ ਕੇ ਖ਼ੁਦ ਈ ਆਪਣੇ ਵੱਲੋਂ ਕਿਹਾ, “ਥੋੜ੍ਹੀ-ਜਿਹੀ ਕਾਫੀ ਲੈ ਲੈਣ ਦੀ ਗੱਲ ਤਾਂ ਮੈਂ ਈ ਕਹੀ ਸੀ ਜੀ।”
ਮੇਰੇ ਵਕੀਲ ਸਾਹਬ ਖ਼ੁਸ਼ੀ ਨਾਲ ਤੁੜ੍ਹਕੇ, “ਇਸ ਇਕਬਾਲ ਦੀ ਅਹਿਮੀਅਤ ਉੱਤੇ, ਸ਼੍ਰੀਮਾਨ ਜੂਰੀ ਗੌਰ ਕਰਨ।”
ਝੱਟ ਸਰਕਾਰੀ ਵਕੀਲ ਵੀ ਉੱਠਿਆ ਤੇ ਸਾਡੇ ਸਿਰਾਂ 'ਤੇ ਗੱਜਦਾ ਹੋਇਆ ਬੋਲਿਆ, “ਬਿਲਕੁਲ ਦਰੁਸਤ, ਇਸ 'ਤੇ ਸ਼੍ਰੀਮਾਨ ਜੂਰੀ ਜ਼ਰੂਰ ਗੌਰ ਕਰਨਗੇ ਤੇ ਇਸੇ ਨਤੀਜੇ 'ਤੇ ਪਹੁੰਚਣਗੇ ਕਿ ਅਣਜਾਣਪੁਣੇ ਜਾਂ ਭੁੱਲ ਕੇ ਕੋਈ ਤੀਸਰਾ ਆਦਮੀ ਜੇ ਮੁਜਰਿਮ ਨੂੰ ਕਾਫੀ ਦਾ ਪਿਆਲਾ ਪੇਸ਼ ਵੀ ਕਰ ਦਿੰਦਾ ਏ ਤਾਂ ਮੁਜਰਿਮ ਆਮ ਸ਼ਿਸ਼ਟਾਰ ਵਜੋਂ ਮਨ੍ਹਾਂ ਵੀ ਕਰ ਸਕਦਾ ਏ। ਘੱਟੋਘੱਟ ਹੋਰ ਕੁਛ ਨਈਂ ਤਾਂ ਉਸ ਵਿਚਾਰੀ ਔਰਤ ਦੀ ਲਾਸ਼ ਦੇ ਸਨਮਾਨ ਦੀ ਖਾਤਰ ਈ ਮਨ੍ਹਾਂ ਕਰ ਸਕਦਾ ਏ, ਜਿਸਨੇ ਮੁਜਰਿਮ ਨੂੰ ਇਸ ਧਰਤੀ 'ਤੇ ਜਨਮ ਦਿੱਤਾ।”
ਇਸ ਪਿੱਛੋਂ ਚੌਕੀਦਾਰ ਆਪਣੀ ਜਗ੍ਹਾ 'ਤੇ ਪਰਤ ਗਿਆ।
ਤੋਮਸ ਪੀਰੇ ਦੀ ਵਾਰੀ ਆਈ। ਇਕ ਅਰਦਲੀ ਸਹਾਰਾ ਦੇ ਕੇ ਉਸਨੂੰ ਕਟਹਿਰੇ ਤੀਕ ਲਿਆਇਆ। ਪੀਰੇ ਨੇ ਕਿਹਾ, “ਹਾਲਾਂਕਿ ਮੈਂ ਇਹਨਾਂ ਦੀ ਮਾਂ ਦਾ ਬੜਾ ਅੱਛਾ ਦੋਸਤ ਸਾਂ, ਪਰ ਇਹਨਾਂ ਨੂੰ ਅੰਤਮ-ਸੰਸਕਾਰ ਤੋਂ ਪਹਿਲਾਂ ਮੈਂ ਕਦੀ ਨਈਂ ਸੀ ਦੇਖਿਆ।” ਪੁੱਛਿਆ ਗਿਆ, “ਉਸ ਦਿਨ ਮੁਜਰਿਮ ਦਾ ਵਤੀਰਾ ਕੈਸਾ ਸੀ?”
ਪੀਰੇ ਨੇ ਦੱਸਿਆ, “ਜੀ ਤੁਸੀਂ ਤਾਂ ਜਾਣਦੇ ਈ ਓਂ—ਮੈਂ ਖ਼ੁਦ ਉਸ ਦਿਨ ਬੜਾ ਦੁੱਖੀ ਸਾਂ। ਏਨਾ ਵੱਧ ਦੁੱਖੀ ਸਾਂ ਕਿ ਕਿਸੇ ਪਾਸੇ ਧਿਆਨ ਈ ਨਈਂ ਸਾਂ ਦੇ ਸਕਿਆ। ਸ਼ਾਇਦ ਦੁੱਖ ਨੇ ਮੈਨੂੰ ਸੁੰਨਮੁੰਨ ਕਰ ਦਿੱਤਾ ਸੀ। ਆਪਣੇ ਨਜ਼ਦੀਕੀ ਸਾਥੀ ਦਾ ਇੰਜ ਚਲੇ ਜਾਣਾ ਈ ਮੇਰੇ ਲਈ ਏਡਾ ਵੱਡਾ ਧੱਕਾ ਸੀ ਕਿ ਦਫ਼ਨਾਉਣ ਸਮੇਂ ਮੈਨੂੰ ਤਾਂ ਆਪਣਾ ਈ ਹੋਸ਼ ਨਈਂ ਸੀ ਰਿਹਾ ਜੀ। ਇਸ ਲਈ ਇਸ ਲੜਕੇ ਵੱਲ ਮੇਰਾ ਧਿਆਨ ਬਿਲਕੁਲ ਈ ਨਈਂ ਸੀ ਗਿਆ।”
ਸਰਕਾਰੀ ਵਕੀਲ ਨੇ ਸਵਾਲ ਕੀਤਾ, “ਤੁਸੀਂ ਅਦਾਲਤ ਨੂੰ ਏਨਾ ਦੱਸ ਦਿਓ ਕਿ ਉਸ ਦਿਨ ਮੁਜਰਿਮ ਰੋਇਆ ਸੀ ਕਿ ਨਈਂ?” ਤੇ ਜਦੋਂ ਪੀਰੇ ਨੇ ਦੱਸਿਆ ਕਿ 'ਨਈਂ ਦੇਖਿਆ' ਤਾਂ ਉਸਨੇ ਆਪਣੀ ਗੱਲ ਉੱਤੇ ਜ਼ੋਰ ਦੇ ਕੇ ਕਿਹਾ, “ਯਕੀਨ ਏ, ਸ਼੍ਰੀਮਾਨ ਜੂਰੀ ਇਸ ਗੱਲ ਉੱਤੇ ਗੌਰ ਫਰਮਾਉਣਗੇ।”
ਤੁਰੰਤ ਮੇਰੇ ਵਕੀਲ ਸਾਹਬ ਉੱਠ ਖੜ੍ਹੇ ਹੋਏ ਤੇ ਕੜਕ ਕੇ ਬੋਲੇ, “ਬਾਬਾ ਜੀ, ਚੰਗੀ ਤਰ੍ਹਾਂ ਸੋਚ ਲਓ। ਸਹੁੰ ਖਾ ਕੇ ਕਹੋ ਕਿ ਤੁਸੀਂ ਇਹਨਾਂ ਨੂੰ ਇਕ ਬੂੰਦ ਅੱਥਰੂ ਵਹਾਉਂਦਿਆਂ ਨਈਂ ਦੇਖਿਆ?” ਮੈਨੂੰ ਵਕੀਲ ਦੇ ਲਹਿਜੇ ਤੋਂ ਲੱਗਿਆ ਕਿ ਉਹ ਖਾਹਮਖਾਹ ਈ ਵਿਚਾਰੇ ਨੂੰ ਧਮਕਾ ਰਿਹਾ ਏ।
ਪੀਰੇ ਨੇ ਜਵਾਬ ਦਿੱਤਾ, “ਨਈਂ ਜੀ।”
ਹੀਹੀ-ਹੀ-ਹੀ-ਹੀ—ਕੁਝ ਲੋਕ ਬੇਹੂਦੇ ਢੰਗ ਨਾਲ ਹੱਸ ਪਏ। ਮੇਰੇ ਵਕੀਲ ਨੇ ਝਟਕੇ ਨਾਲ ਆਪਣੇ ਚੋਗੇ ਦੀ ਬਾਂਹ ਪਿੱਛੇ ਖਿੱਚੀ ਤੇ ਖਿਝ ਕੇ ਕਿਹਾ, “ਇਹ ਤਰੀਕਾ ਏ ਸਾਡਾ ਮੁਕੱਦਮਾ ਚਲਾਉਣ ਦਾ। ਸੱਚਾਈ ਨੂੰ ਪਰਖਣ ਤੇ ਉਜਾਗਰ ਕਰਨ ਦੀ ਕਿਸੇ ਨੂੰ ਚਿੰਤਾ ਈ ਨਈਂ...”
ਸਰਕਾਰੀ ਵਕੀਲ ਨੇ ਇਸ ਕਥਨ 'ਤੇ ਕੰਨ ਨਾ ਧਰਿਆ ਤੇ ਉਦਾਸੀਨਤਾ ਦਾ ਭਾਵ ਦਿਖਾਉਂਦਾ ਹੋਇਆ ਪੈਨਸਿਲ ਨਾਲ ਵਕਾਲਤਨਾਮੇ ਦੇ ਕਵਰ ਉੱਤੇ ਹੌਲੀ-ਹੌਲੀ, ਠਕ-ਠਕ, ਕਰਦਾ ਰਿਹਾ।
ਪੰਜ ਮਿੰਟਾਂ ਲਈ ਛੁੱਟੀ ਹੋ ਗਈ। ਇਸ ਦੌਰਾਨ ਮੇਰੇ ਵਕੀਲ ਸਾਹਬ ਨੇ ਆ ਕੇ ਦੱਸਿਆ ਕਿ ਮੁਕੱਦਮਾ ਅਲਸ ਵਿਚ ਬੜੇ ਅੱਛੇ ਢੰਗ ਨਾਲ ਅੱਗੇ ਵਧ ਰਿਹਾ ਏ। ਇਸ ਪਿੱਛੋ ਸੇਲੇਸਤੇ ਨੂੰ ਆਵਾਜ਼ ਪਈ। ਦੱਸਿਆ ਗਿਆ ਕਿ ਉਹ ਬਚਾਅ ਪੱਖ ਦਾ ਗਵਾਹ ਏ। ਬਚਾਅ ਪੱਖ ਦਾ ਅਰਥ ਸੀ ਮੈਂ।
ਸੇਲੇਸਤੇ ਵਾਰ-ਵਾਰ ਮੇਰੇ ਵੱਲ ਦੇਖ ਲੈਂਦਾ ਸੀ ਤੇ ਗਵਾਹੀ ਦਿੰਦਾ ਹੋਇਆ ਦੋਵਾਂ ਹੱਥਾਂ ਨਾਲ ਆਪਣਾ ਪਾਨਾਮਾ ਹੈਟ ਮਸਲੀ ਗਿਆ ਸੀ। ਇਸ ਸਮੇਂ ਉਸਨੇ ਆਪਣਾ ਸਭ ਤੋਂ ਵਧੀਆ ਸੂਟ ਪਾਇਆ ਹੋਇਆ ਸੀ। ਪਹਿਲਾਂ ਇਕ ਐਤਵਾਰ ਨੂੰ ਇਸੇ ਸੂਟ ਵਿਚ ਉਹ ਮੇਰੇ ਨਾਲ ਘੋੜ ਦੌੜ ਦੇਖਣ ਗਿਆ ਸੀ। ਪਰ ਇਸ ਵਾਰੀ ਦੇਖ ਕੇ ਲੱਗਿਆ ਕਿ ਕਾਲਰ ਠੀਕ ਤਰ੍ਹਾਂ ਨਹੀਂ ਲੱਗਿਆ ਏ ਤੇ ਕਮੀਜ਼ ਦਾ ਇਕ ਪਿੱਤਲ ਦਾ ਬਟਨ ਢਿਲਕ ਕੇ ਸਿਰਫ਼ ਅਟਕਿਆ ਹੋਇਆ ਏ। ਪੁੱਛਿਆ ਗਿਆ ਕਿ ਕੀ ਮੈਂ ਉਸਦੇ ਗਾਹਕਾਂ ਵਿਚੋਂ ਹਾਂ? ਤਾਂ ਜਵਾਬ ਦਿੱਤਾ, “ਹਾਂ ਜੀ, ਨਾਲੇ ਦੋਸਤ ਵੀ ਏ ਜੀ।” ਫੇਰ ਸਵਾਲ ਹੋਇਆ ਕਿ 'ਸੇਲੇਸਤੇ ਦੀ ਮੇਰੇ ਬਾਰੇ ਕੀ ਰਾਏ ਏ?' ਸੇਲੇਸਤੇ ਨੇ ਕਿਹਾ ਕਿ 'ਮੈਂ ਬੜਾ ਭਲ਼ਾ ਆਦਮੀ ਆਂ, ਯਕਦਮ ਚੌਕਸ ਆਦਮੀ।' ਪੁੱਛਿਆ ਗਿਆ, “ਯਕਦਮ ਚੌਕਸ ਤੋਂ ਤੁਹਾਡਾ ਕੀ ਮਤਲਬ ਏ, ਜ਼ਰਾ ਖੁਲਾਸਾ ਕਰੋ।” ਤਾਂ ਉਸਨੇ ਕਿਹਾ ਕਿ 'ਇਸਦਾ ਮਤਲਬ ਹਰ ਕੋਈ ਜਾਣਦਾ ਏ।'
“ਕੀ ਇਹ ਆਦਮੀ ਦਿਲ ਦਾ ਘੁੰਨਾਂ ਏਂ?”
“ਜੀ ਨਈਂ।” ਸੇਲੇਸਤੇ ਨੇ ਜਵਾਬ ਦਿੱਤਾ, “ਘੁੰਨਾਂ ਤਾਂ ਮੈਂ ਨਈਂ ਕਹਾਂਗਾ, ਹਾਂ, ਹੋਰ ਲੋਕਾਂ ਵਾਂਗ ਬੇਵਾਹ ਬਕਵਾਸ ਨਈਂ ਕਰਦਾ ਫਿਰਦਾ ਜੀ।”
ਸਰਕਾਰੀ ਵਕੀਲ ਨੇ ਜਾਣਨਾ ਚਾਹਿਆ ਕਿ ਜਦੋਂ ਸੇਲੇਸਤੇ ਮੈਨੂੰ ਮਹੀਨੇ ਦਾ ਬਿੱਲ ਦਿੰਦਾ ਏ ਤਾਂ ਕੀ ਮੈਂ ਨੇਮ ਨਾਲ ਭੁਗਤਾਨ ਕਰ ਦਿੰਦਾ ਹਾਂ ਜਾਂ ਟਾਲ-ਮਟੋਲ ਕਰਦਾ ਹਾਂ? ਇਸ 'ਤੇ ਸੇਲੇਸਤੇ ਹੱਸ ਪਿਆ, “ਜੀ, ਖੜ੍ਹਾ-ਖੜ੍ਹਾ, ਪਾਈ ਪਾਈ ਦੇ ਦਿੰਦਾ ਸੀ। ਪਰ ਮੇਰੇ 'ਤੇ ਇਹਦੇ ਵਿਚ ਬਿੱਲ ਤਾਂ ਸਿਰਫ਼ ਨਾਂ ਦਾ ਈ ਹੁੰਦਾ ਸੀ।” ਤਦ ਮੇਰੇ ਇਸ ਅਪਰਾਧ ਬਾਰੇ ਉਸਦਾ ਆਪਣਾ ਵਿਚਾਰ ਪੁੱਛਿਆ ਗਿਆ। ਇਸ 'ਤੇ ਜਿਸ ਢੰਗ ਨਾਲ ਉਸਨੇ ਕਟਹਿਰੇ ਦੇ ਡੰਡੇ 'ਤੇ ਹੱਥ ਰੱਖੇ, ਉਸ ਤੋਂ ਲੱਗਿਆ ਕਿ ਉਹ ਬਾਕਇਦਾ ਭਾਸ਼ਣ ਤਿਆਰ ਕਰਕੇ ਲਿਆ ਏ।
“ਮੇਰੇ ਖ਼ਿਆਲ ਵਿਚ ਤਾਂ ਭਾਵੇਂ ਇਸ ਨੂੰ ਕਿਸਮਤ ਦੀ ਮਾਰ ਕਹਿ ਲਓ ਜਾਂ ਫੇਰ ਸੰਯੋਗ। ਤੇ ਜਦ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਏ ਤਾਂ ਆਦਮੀ ਉਂਜ ਈ ਹੋਸ਼-ਹਵਾਸ ਭੁੱਲ ਬਹਿੰਦਾ ਏ ਜੀ।”
ਉਸਦਾ ਇਰਾਦਾ ਤਾਂ ਬੋਲਦੇ ਰਹਿਣ ਦਾ ਸੀ, ਪਰ ਜੱਜ ਨੇ ਵਿਚਕਾਰ ਈ ਟੋਕ ਦਿੱਤਾ, “ਤੁਸੀਂ ਠੀਕ ਕਹਿੰਦੇ ਓਂ। ਅੱਛਾ ਬਸ ਸ਼ੁਕਰੀਆ!”
ਪਲ ਕੁ ਲਈ ਤਾਂ ਲੱਗਿਆ ਜਿਵੇਂ ਸੇਲੇਸਤੇ ਬੌਂਦਲ ਗਿਆ ਏ। ਬੋਲਿਆ ਕਿ ਅਜੇ ਉਸਦੀ ਗੱਲ ਪੂਰੀ ਨਹੀਂ ਹੋਈ। ਗੱਲ ਜਾਰੀ ਰੱਖਣ ਦੀ ਆਗਿਆ ਤਾਂ ਉਸਨੂੰ ਮਿਲ ਗਈ ਪਰ ਸੰਖੇਪ ਵਿਚ ਕਹਿਣ ਲਈ ਕਿਹਾ ਗਿਆ।
ਪਰ ਉਹ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ 'ਇਹ ਤਾਂ ਸਿਰਫ਼ ਇਕ ਸੰਯੋਗ ਦੀ ਗੱਲ ਐ ਜੀ।'
“ਹੋ ਸਕਦਾ ਏ ਸੰਯੋਗ ਈ ਹੋਵੇ,” ਜੱਜ ਸਾਹਬ ਨੇ ਕਿਹਾ, “ਪਰ ਅਸੀਂ ਲੋਕ ਵੀ ਤਾਂ ਇੱਥੇ ਇਸੇ ਲਈ ਬੈਠੇ ਆਂ ਕਿ ਅਜਿਹੇ ਸੰਯੋਗਾਂ ਉੱਤੇ ਕਾਨੂੰਨ ਦੇ ਨਜ਼ਰੀਏ ਨਾਲ ਵਿਚਾਰ ਕਰੀਏ। ਹੁਣ ਤੁਸੀਂ ਜਾ ਸਕਦੇ ਓਂ।”
ਸੇਲੇਸਤੇ ਘੁੰਮਿਆਂ ਤੇ ਮੇਰੇ ਵੱਲ ਬਿਨਾਂ ਅੱਖ ਝਪਕਾਏ ਦੇਖਦਾ ਰਿਹਾ—ਅੱਖਾਂ ਸਿੱਜਲ ਸਨ ਤੇ ਬੁੱਲ੍ਹ ਕੰਬ ਰਹੇ ਸਨ, ਜਿਵੇਂ ਇਹੀ ਕਹਿਣਾ ਚਾਹੁੰਦਾ ਹੋਏ, 'ਯਾਰ, ਦੇਖ ਤੇਰੇ ਲਈ ਜੋ ਬਣ ਸਕਿਆ ਸੋ ਮੈਂ ਕਰ ਦਿੱਤਾ। ਹੁਣ ਮਜ਼ਬੂਰ ਆਂ।'
ਨਾ ਤਾਂ ਮੈਂ ਮੂੰਹੋਂ ਕੁਝ ਕਿਹਾ ਤੇ ਨਾ ਈ ਉਹ ਆਪਣੀ ਥਾਂ ਤੋਂ ਹਿੱਲਿਆ-ਡੋਲਿਆ। ਪਰ ਜ਼ਿੰਦਗੀ ਵਿਚ ਪਹਿਲੀ ਵਾਰੀ ਇਕ ਮਰਦ ਨੂੰ ਚੁੰਮ ਲੈਣ ਨੂੰ ਜੀਅ ਕੀਤਾ।
ਜੱਜ ਨੇ ਫੇਰ ਸੇਲੇਸਤੇ ਨੂੰ ਆਪਣੀ ਜਗ੍ਹਾ 'ਤੇ ਚਲੇ ਜਾਣ ਦਾ ਹੁਕਮ ਦੁਹਰਾਇਆ। ਸੇਲੇਸਤੇ ਜਾ ਕੇ ਭੀੜ ਵਿਚ ਆਪਣੀ ਜਗ੍ਹਾ 'ਤੇ ਬੈਠ ਗਿਆ। ਬਾਕੀ ਸਾਰੀ ਸੁਣਵਾਈ ਸਮੇਂ, ਗੋਡਿਆਂ 'ਤੇ ਕੁਹਣੀਆਂ ਟਿਕਾਈ, ਹੱਥਾਂ ਵਿਚ ਪਾਨਾਮਾ ਹੈਟ ਲਈ ਮੁਕੱਦਮੇ ਦਾ ਇਕ-ਇਕ ਸ਼ਬਦ ਸੁਣਦਾ ਹੋਇਆ, ਜ਼ਰਾ ਅੱਗੇ ਵੱਲ ਝੁਕਿਆ ਬੈਠਾ ਰਿਹਾ।
ਅਗਲਾ ਨੰਬਰ ਮੇਰੀ ਦਾ ਸੀ। ਉਸਨੇ ਟੋਪ ਲਿਆ ਹੋਇਆ ਸੀ। ਉਂਜ ਖੁੱਲ੍ਹੇ ਵਾਲਾਂ ਵਿਚ ਈ ਉਹ ਮੈਨੂੰ ਚੰਗੀ ਲੱਗਦੀ ਸੀ, ਪਰ ਹੁਣ ਵੀ ਕਾਫੀ ਸੁੰਦਰ ਦਿਸ ਰਹੀ ਸੀ। ਜਿੱਥੇ ਮੈਂ ਬੈਠਾ ਸੀ ਉੱਥੋਂ ਉਸਦੀਆਂ ਸੁਡੌਲ ਛਾਤੀਆਂ ਦੇ ਉਭਾਰ ਝਲਕਦੇ ਦਿਸ ਰਹੇ ਸਨ। ਉਸਦਾ ਥੋੜ੍ਹਾ-ਜਿਹਾ ਮੋਟਾ ਹੇਠਲਾ ਬੁੱਲ੍ਹ ਹਮੇਸ਼ਾ ਮੇਰਾ ਦਿਲ ਖੋਹ ਲੈਂਦਾ ਏ। ਇਸ ਸਮੇਂ ਮੇਰੀ ਸ਼ਕਲ ਤੋਂ ਖਾਸੀ ਘਬਰਾਈ ਹੋਈ ਲੱਗ ਰਹੀ ਸੀ।
ਪਹਿਲਾ ਸਵਾਲ ਸੀ ਕਿ ਮੈਨੂੰ ਉਹ ਕਿੰਨੇ ਸਮੇਂ ਤੋਂ ਜਾਣਦੀ ਏ? ਉਸਨੇ ਜਵਾਬ ਦਿੱਤਾ ਕਿ 'ਇਹਨਾਂ ਦੇ ਦਫ਼ਤਰ ਵਿਚ ਨਾਲ ਕੰਮ ਕਰਦੀ ਸੀ, ਉਦੋਂ ਦੀ।' ਹੁਣ ਜੱਜ ਨੇ ਮੇਰੇ 'ਤੇ ਉਸਦੇ ਵਿਚਕਾਰ ਕੀ ਸੰਬੰਧ ਸਨ, ਇਹ ਜਾਣਨਾ ਚਾਹਿਆ। ਉਹ ਬੋਲੀ ਕਿ 'ਮੈਂ ਇਹਨਾਂ ਦੀ 'ਲੜਕੀ-ਦੋਸਤ' ਹਾਂ।' ਇਕ ਹੋਰ ਸਵਾਲ ਦੇ ਜਵਾਬ ਵਿਚ ਉਸਨੇ ਸਵੀਕਾਰ ਕੀਤਾ ਕਿ ਉਸਨੇ ਮੇਰੇ ਨਾਲ ਸ਼ਾਦੀ ਕਰਨ ਦਾ ਵਚਨ ਦਿੱਤਾ ਏ। ਸਰਕਾਰੀ ਵਕੀਲ ਬੈਠਾ-ਬੈਠਾ ਸਾਹਮਣੇ ਰੱਖੇ ਦਸਤਾਵੇਜ਼ ਧਿਆਨ ਨਾਲ ਪੜ੍ਹ ਰਿਹਾ ਸੀ। ਜ਼ਰਾ ਤਿੱਖੀ ਆਵਾਜ਼ ਵਿਚ ਉੱਠ ਕੇ ਪੁੱਛਿਆ, “ਤੁਹਾਡੇ ਲੋਕਾਂ ਦਰਮਿਆਨ 'ਸਹਿਵਾਸ' ਕਦੋਂ ਤੋਂ ਸ਼ੁਰੂ ਹੋਇਆ?” ਮੇਰੀ ਨੇ ਤਾਰੀਖ਼ ਦੱਸ ਦਿੱਤੀ ਤਾਂ ਉਸਨੇ ਬੜੀ ਲਾਪ੍ਰਵਾਹੀ ਵਾਲੇ ਅੰਦਾਜ਼ ਵਿਚ, ਜਿਵੇਂ ਉਂਜ ਈ ਚਲੰਤ ਜਿਹਾ ਪੁੱਛ ਲਿਆ ਹੋਏ, ਪੁੱਛ ਲਿਆ, “ਯਾਨੀ ਕਹੀਏ, ਇਹਨਾਂ ਦੀ ਮਾਂ ਦੀ ਅੰਤੇਸ਼ਟੀ ਤੋਂ ਅਗਲੇ ਦਿਨਾਂ ਈ ਤਾਂ ਹੋਇਆ ਨਾ...?” ਫੇਰ ਯਕਦਮ ਇਸ ਸਵਾਲ ਨੂੰ ਓਵੇਂ ਈ ਵਿਚਾਲੇ ਛੱਡ ਕੇ ਉਸਨੇ ਜ਼ਰਾ ਵਿਅੰਗਮਈ ਲਹਿਜੇ ਵਿਚ ਕਿਹਾ, “ਇਹ ਵਿਸ਼ਾ ਕਿੰਨਾ ਨਾਜ਼ੁਕ ਏ, ਮੈਂ ਜਾਣਦਾ ਆਂ ਤੇ ਇਹ ਵੀ ਸੱਚੇ ਦਿਲ ਨਾਲ ਮਹਿਸੂਸ ਕਰ ਸਕਦਾਂ ਕਿ ਕਟਹਿਰੇ ਵਿਚ ਖੜ੍ਹੀ ਮੁਟਿਆਰ ਦੀ ਇਸ ਪ੍ਰਤੀ ਕੀ ਭਾਵਨਾ ਹੋਵੇਗੀ ਪਰ...” ਇੱਥੇ ਉਸਦੀ ਆਵਾਜ਼ ਵਿਚ ਕੁਸੈਲ ਘੁਲ ਗਈ, “ਪਰ ਕੀ ਕਰਾਂ, ਮੇਰਾ ਫਰਜ਼ ਇਹਨਾਂ ਕੋਮਲ ਭਾਵਨਾਵਾਂ ਦਾ ਧਿਆਨ ਕਰਨ ਤੋਂ ਰੋਕਦਾ ਏ...”
ਏਨੀ ਭੂਮਿਕਾ ਦੇ ਬਾਅਦ ਉਸਨੇ ਮੇਰੀ ਨੂੰ ਉਸ ਦਿਨ ਦਾ ਸਾਰਾ ਬਿਓਰਾ ਸੁਣਾ ਦੇਣ ਲਈ ਕਿਹਾ, ਜਿਸ ਦਿਨ ਮੈਂ ਪਹਿਲੀ ਵਾਰੀ ਉਸਦੇ ਨਾਲ 'ਸੰਭੋਗ' ਕੀਤਾ ਸੀ। ਪਹਿਲਾਂ ਤਾਂ ਮੇਰੀ ਸਵਾਲ ਦਾ ਜਵਾਬ ਦੇਣ ਲਈ ਈ ਤਿਆਰ ਨਹੀਂ ਹੋਈ, ਪਰ ਸਰਕਾਰੀ ਵਕੀਲ ਜ਼ਿਦ ਕਰਦਾ ਰਿਹਾ। ਆਖ਼ਰ ਉਸਨੇ ਦੱਸ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਲੋਕ ਨਹਾਉਂਣ ਸਮੇਂ ਮਿਲੇ, ਕਿੰਜ ਸਿਨਮੇ ਗਏ ਤੇ ਫੇਰ ਕਿੰਜ ਇਕੱਠੇ ਕਮਰੇ ਵਿਚ ਆਏ। ਹੁਣ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਮੁਕੱਦਮੇ ਦੇ ਸਿਲਸਿਲੇ ਵਿਚ ਮੇਰੀ ਨੇ ਮਜਿਸਟਰੇਟ ਸਾਹਮਣੇ ਜਿਹੜਾ ਬਿਆਨ ਦਿੱਤੇ ਸੀ ਉਹਨਾਂ ਦੇ ਆਧਾਰ 'ਤੇ ਉਸਨੇ ਉਸ ਤਾਰੀਖ਼ ਤੇ ਸਿਨਮਾ-ਪ੍ਰੋਗਰਾਮ ਦਾ ਅਧਿਅਨ ਕੀਤਾ ਏ ਕਿ ਕਿਸ ਸਿਨੇਮਾ-ਘਰ ਵਿਚ ਕਿਹੜੀ-ਕਿਹੜੀ ਫ਼ਿਲਮ ਚੱਲ ਰਹੀ ਸੀ। ਫੇਰ ਮੇਰੀ ਨੂੰ ਉਸਨੇ ਉਸ ਫ਼ਿਲਮ ਦਾ ਨਾਂ ਦੱਸਣ ਲਈ ਕਿਹਾ, ਜਿਹੜੀ ਅਸੀਂ ਦੇਖਣ ਗਏ ਸੀ। ਬੜੀ ਦੱਬਵੀਂ ਜ਼ਬਾਨ ਵਿਚ ਮੇਰੀ ਨੇ ਦੱਸਿਆ ਕਿ 'ਕੋਈ ਫ਼ਿਲਮ ਸੀ ਜਿਸ ਵਿਚ ਫਰਨਾਂਦੇਲ ਨੇ ਕੰਮ ਕੀਤਾ ਏ।' ਜਿਵੇਂ ਈ ਉਸਨੇ ਆਪਣੀ ਗੱਲ ਖ਼ਤਮ ਕੀਤੀ, ਅਦਾਲਤ ਵਿਚ ਸੰਨਾਟਾ ਛਾ ਗਿਆ ਕਿ ਸੂਈ ਡਿੱਗੇ ਤਾਂ ਵੀ ਸੁਣ ਲਓ।
ਬੜਾ ਸੰਜੀਦਾ-ਜਿਹਾ ਚਿਹਰਾ ਬਣਾ ਕੇ ਸਰਕਾਰੀ ਵਕੀਲ ਸਿੱਧਾ ਤਣ ਕੇ ਖੜ੍ਹਾ ਹੋ ਗਿਆ ਤੇ ਮੇਰੀ ਵੱਲ ਉਂਗਲ ਸਿੰਨ੍ਹ ਕੇ ਜਿਸ ਲਹਿਜੇ ਵਿਚ ਬੋਲਿਆ, ਉਸ ਤੋਂ ਸ਼ਰਤੀਆ ਲੱਗਿਆ ਕਿ ਸੱਚਮੁੱਚ ਉਤੇਜਤ ਹੋ ਗਿਆ ਏ।
“ਮਾਣਯੋਗ ਸ਼੍ਰੀਮਾਨ ਜੂਰੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਉੱਤੇ ਜ਼ਰੂਰ ਗੌਰ ਫਰਮਾਓ ਕਿ ਮਾਂ ਦੀ ਅੰਤੇਸ਼ਟੀ ਤੋਂ ਐਨ ਅਗਲੇ ਦਿਨ ਇਹ ਵਿਅਕਤੀ ਤੈਰਨ ਲਈ ਘਾਟ 'ਤੇ ਜਾਂਦਾ ਏ, ਇਸ ਕੁੜੀ ਨਾਲ ਸਹਿਵਾਸ ਸ਼ੁਰੂ ਕਰਦਾ ਏ, ਤੇ ਮਜ਼ਾਕੀਆ ਫ਼ਿਲਮ ਦੇਖਣ ਪਹੁੰਚਦਾ ਏ। ਬਸ, ਮੈਂ ਇਹੀ ਕਹਿਣਾ ਏ।”
ਉਹ ਬੈਠ ਗਿਆ ਤਦ ਵੀ ਮੌਨ ਭਰੀ ਉਹੀ ਖ਼ਾਮੋਸ਼ੀ ਛਾਈ ਰਹੀ। ਫੇਰ ਅਚਾਨਕ ਮੇਰੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਕਹਿਣ ਲੱਗੀ ਕਿ ਸਰਕਾਰੀ ਵਕੀਲ ਨੇ ਉਸਦੀ ਗੱਲ ਨੂੰ ਉੱਕਾ ਗ਼ਲਤ ਸਮਝਿਆ ਏ। ਸੱਚਮੁੱਚ ਅਜਿਹੀ ਗੱਲ ਕਤਈ ਨਹੀਂ ਸੀ। ਉਸਨੇ ਕਮਲ-ਕੁੱਤੇ ਲਾ ਕੇ, ਉਸ ਤੋਂ ਐਨ ਉਲਟੀ ਗੱਲ ਅਖਵਾ ਲਈ ਗਈ ਏ। ਉਸਦਾ ਮਤਲਬ ਕਦੀ ਵੀ ਇਹ ਨਹੀਂ ਸੀ। ਉਹ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੀ ਏ, ਉਸਨੂੰ ਪੱਕਾ ਭਰੋਸਾ ਏ ਕਿ ਮੈਂ ਕਦੀ ਕਿਸੇ ਦਾ ਕੁਝ ਨਹੀਂ ਵਿਗਾੜਿਆ...ਵਗ਼ੈਰਾ, ਵਗ਼ੈਰਾ। ਪ੍ਰਧਾਨ ਜੱਜ ਦੇ ਇਸ਼ਾਰੇ 'ਤੇ ਇਕ ਅਰਦਲੀ ਮੇਰੀ ਨੂੰ ਹਟਾਅ ਲੈ ਗਿਆ। ਸੁਣਵਾਈ ਜਾਰੀ ਰਹੀ।
ਮੈਸਨ ਅਗਲਾ ਗਵਾਹ ਸੀ, ਪਰ ਉਸਦੀ ਗੱਲ ਸ਼ਾਇਦ ਕਿਸੇ ਨੇ ਸੁਣੀ ਈ ਨਹੀਂ। ਉਸਨੇ ਬਿਆਨ ਦਿੱਤਾ ਕਿ ਮੈਂ ਇਕ ਇੱਜ਼ਤਦਾਰ ਨੌਜਵਾਨ 'ਤੇ ਕੀ ਕਿਹਾ' ਸੱਜਣ ਆਦਮੀ ਹਾਂ। ਸਲਾਮਾਨੋ ਨੇ ਦੱਸਿਆ ਕਿ ਮੈਂ ਹਮੇਸ਼ਾ ਉਸਦੇ ਕੁੱਤੇ ਦੇ ਪ੍ਰਤੀ ਕਿੰਨਾ ਦਿਆਲੂ ਰਿਹਾਂ। ਜਾਂ ਮੇਰੀ ਮਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਸਨੇ ਕਿਹਾ ਕਿ ਮੇਰੇ ਤੇ ਮਾਂ ਦੇ ਵਿਚਕਾਰ ਸੱਚਮੁੱਚ ਇਕੋ-ਜਿਹੀ ਕੋਈ ਗੱਲ ਨਹੀਂ ਸੀ। ਉਹ ਪੂਰਬ ਸੀ ਤੇ ਮੈਂ ਪੱਛਮ। ਇਹੀ ਕਾਰਨ ਸੀ ਕਿ ਮੈਂ ਉਹਨਾਂ ਨੂੰ ਆਸ਼ਰਮ ਵਿਚ ਰੱਖਣ ਦਾ ਇੰਤਜ਼ਾਮ ਕੀਤਾ ਸੀ। ਉਹ ਵਾਰੀ-ਵਾਰੀ ਇਹ ਵੀ ਕਹਿੰਦਾ ਰਿਹਾ, 'ਤੁਹਾਨੂੰ ਲੋਕਾਂ ਨੂੰ ਸਮਝ ਲੈਣਾ ਚਾਹੀਦੈ...ਤੁਹਾਨੂੰ ਲੋਕਾਂ ਨੂੰ ਸਮਝ ਲੈਣਾ ਚਾਹੀਦੈ...।' ਪਰ ਕੋਈ ਉਸਦੀ ਗੱਲ ਨੂੰ ਸਮਝਦਾ ਨਹੀਂ ਸੀ ਲੱਗ ਰਿਹਾ। ਕਿਸੇ ਨੇ ਉਸਦੀ ਗੱਲ ਈ ਨਹੀਂ ਸੀ ਸੁਣੀ। ਹੁਣ ਉਸਨੂੰ ਵੀ ਜਾਣ ਦਾ ਹੁਕਮ ਮਿਲਿਆ।
ਇਸ ਪਿੱਛੋਂ ਸੀ ਆਖ਼ਰੀ ਗਵਾਹ, ਰੇਮੰਡ। ਉਸਨੇ ਹੱਥ ਹਿਲਾਅ ਕੇ ਮੇਰਾ ਸਤਿਕਾਰ ਕੀਤਾ। ਪਰ ਮੈਂ ਬੇਕਸੂਰ ਹਾਂ, ਇਹ ਦੱਸਦਾ-ਦੱਸਦਾ ਪਤਾ ਨਹੀਂ ਕਿੱਧਰ ਭਟਕ ਗਿਆ। ਜੱਜ ਨੇ ਉਸਨੂੰ ਝਿੜਕ ਦਿੱਤਾ।
“ਤੁਸੀਂ ਇੱਥੇ ਗਵਾਹੀ ਦੇਣ ਆਏ ਓ, ਮੁਕੱਦਮੇ 'ਤੇ ਆਪਣੀ ਰਾਏ ਨਈਂ। ਜੋ ਸਵਾਲ ਪੁੱਛਿਆ ਜਾਵੇ, ਸਿਰਫ਼ ਉਸ ਦਾ ਜਵਾਬ ਦਿਓ।”
ਮਰਨ ਵਾਲੇ ਨਾਲ ਰੇਮੰਡ ਦਾ ਸੰਬੰਧ ਕੈਸਾ ਤੇ ਕੀ ਸੀ? ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਸਨੂੰ ਆਪਣੀ ਸਫ਼ਾਈ ਦੇਣ ਦਾ ਮੌਕਾ ਮਿਲ ਗਿਆ। ਉਸਨੇ ਦੱਸਿਆ ਕਿ ਮਰਨ ਵਾਲੇ ਦੀ ਘਰੇੜ ਰੇਮੰਡ ਨਾਲ ਸੀ, ਨਾ ਕਿ ਮੇਰੇ ਨਾਲ। ਕਿਉਂਕਿ ਉਸੇ ਨੇ ਮਰਨ ਵਾਲੇ ਅਰਬ ਦੀ ਭੈਣ ਨੂੰ ਕੁੱਟਿਆ ਸੀ। ਮੇਰਾ ਉਸ ਬਹਿਸ ਨਾਲ ਕੀ ਲੈਣਾ-ਦੇਣਾ? ਜੱਜ ਨੇ ਸਵਾਲ ਕੀਤਾ ਕਿ 'ਕੀ ਮੁਜਰਿਮ ਨਾਲ ਨਫ਼ਰਤ ਕਰਨ ਦਾ, ਮਰਨ ਵਾਲੇ ਕੋਲ ਕੋਈ ਕਾਰਨ ਸੀ?' ਰੇਮੰਡ ਬੋਲਿਆ, “ਇਹ ਤਾਂ ਸਿਰਫ਼ ਇਤਫ਼ਾਕ ਨਾਲ ਈ ਉਸ ਦਿਨ ਸਵੇਰੇ ਉੱਥੇ ਸਮੁੰਦਰ ਤਟ 'ਤੇ ਮੌਜੂਦ ਸੀ।”
“ਜੇ ਇਹੋ ਏ ਤਾਂ...” ਸਰਕਾਰੀ ਵਕੀਲ ਨੇ ਸਵਾਲ ਕੀਤਾ, “ਇਹ ਸਾਰੀ ਦੁਰਘਟਨਾ ਜਿਸ ਚਿੱਠੀ ਕਾਰਨ ਹੋਈ, ਉਹ ਚਿੱਠੀ ਮੁਜਰਿਮ ਦੀ ਕਰਤੂਤ ਕਿਵੇਂ ਹੋ ਗਈ?”
ਰੇਮੰਡ ਨੇ ਜਵਾਬ ਦਿੱਤਾ, “ਇਸ ਨੂੰ ਵੀ ਇਕ ਸੰਯੋਗ ਦੀ ਗੱਲ ਈ ਸਮਝੋ।”
ਇਸ ਉੱਤੇ ਸਰਕਾਰੀ ਵਕੀਲ ਖਿਝ-ਕਰਿਝ ਕੇ ਬੋਲਿਆ ਕਿ ਲੱਗਦਾ ਏ, ਇਸ ਮੁਕੱਦਮੇ ਵਿਚ 'ਸੰਯੋਗ' ਜਾਂ ਸਿਰਫ਼ 'ਇਤਿਫ਼ਾਕ' ਦਾ ਬੜਾ ਵੱਡਾ ਹੱਥ ਏ। “ਫੇਰ ਕੀ ਇਸ ਨੂੰ ਵੀ ਸੰਯੋਗ ਈ ਮੰਨ ਲਿਆ ਜਾਵੇ ਕਿ ਜਦੋਂ ਤੁਸੀਂ ਆਪਣੀ ਪ੍ਰੇਮਿਕਾ ਨੂੰ ਕੁੱਟਿਆ ਤਾਂ ਮੁਜਰਿਮ ਨੇ ਵਿਚ ਪੈ ਕੇ ਕੋਈ ਬਚਾਅ ਨਈਂ ਕੀਤਾ? ਤੇ ਕੀ ਇਸ ਸੰਯੋਗ ਰੂਪੀ ਜੀਵ ਦੀ ਖਾਤਰ ਈ ਮੁਜਰਿਮ ਨੇ ਥਾਣੇ ਜਾ ਕੇ ਤੁਹਾਡੇ ਲਈ ਹਲਫ਼ ਉਠਾਇਆ ਤੇ ਉਸ ਮੌਕੇ ਤੁਹਾਡੇ ਪੱਖ ਵਿਚ ਅੱਖਾਂ ਮੀਚ ਕੇ ਬਿਆਨ ਦੇ ਦਿੱਤੇ?” ਸਭ ਤੋਂ ਅਖ਼ੀਰ ਵਿਚ ਸਰਕਾਰੀ ਵਕੀਲ ਨੇ ਰੇਮੰਡ ਦੇ ਰੁਜ਼ਗਾਰ-ਧੰਦੇ ਬਾਰੇ ਜਾਣਨਾ ਚਾਹਿਆ।
ਜਦੋਂ ਰੇਮੰਡ ਨੇ ਦੱਸਿਆ ਕਿ ਉਹ ਮਾਲ ਗੁਦਾਮ ਵਿਚ ਨੌਕਰ ਏ ਤਾਂ ਸਰਕਾਰੀ ਵਕੀਲ ਨੇ ਜੂਰੀਆਂ ਨੂੰ ਕਿਹਾ, “ਯੋਰ ਆਨਰ, ਹਰ ਕੋਈ ਦੱਸਦਾ ਏ ਕਿ ਗਵਾਹ ਔਰਤਾਂ ਦੀ ਕਮਾਈ 'ਤੇ ਰਹਿੰਦਾ ਏ। ਤੇ ਇਹ ਮੁਜਰਿਮ ਗਵਾਹ ਦਾ ਜਿਗਰੀ ਦੋਸਤ ਤੇ ਸੱਜਾ ਹੱਥ ਰਿਹਾ ਏ।” ਵਕੀਲ ਸਾਹਬ ਦੇ ਹਿਸਾਬ ਨਾਲ, ਅਸਲ ਵਿਚ, ਇਸ ਅਪਰਾਧ ਦੀ ਜੜ ਵਿਚ ਈ ਅੰਤਾਂ ਦੀ ਅਕੱਥ ਗੰਦਗੀ ਭਰੀ ਹੋਈ ਸੀ। ਇਸ ਗੰਦਗੀ ਨੂੰ ਹੋਰ ਵੀ ਘਿਰਣਤ ਤੇ ਨਿੰਦਣਯੋਗ ਬਣਾ ਦਿੱਤਾ ਸੀ—ਮੇਰੇ ਵਰਗੇ ਅਧਰਮੀ-ਰਾਕਸ਼ਸ ਤੇ ਬੇਸ਼ਰਮ-ਬੇਹਯਾ ਲੋਕਾਂ ਨੇ।
ਇਸ 'ਤੇ ਰੇਮੰਡ ਬੁੜਬੁੜ ਕਰਨ ਲੱਗਾ। ਮੇਰੇ ਵਕੀਲ ਸਾਹਬ ਨੇ ਵਿਰੋਧ ਕੀਤਾ। ਪਰ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਪਹਿਲਾਂ ਸਰਕਾਰੀ ਵਕੀਲ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿੱਤੀ ਜਾਵੇ।
“ਮੇਰੀ ਗੱਲ ਖ਼ਤਮ ਏ ਬਸ।” ਕਹਿ ਕੇ ਉਹ ਰੇਮੰਡ ਵੱਲ ਘੁੰਮਿਆਂ, “ਤੋ ਮੁਜਰਿਮ ਤੁਹਾਡਾ ਦੋਸਤ ਏ ਨਾ?”
“ਬੇਸ਼ਕ। ਮੁਹਾਵਰੇ 'ਚ ਕਹਾਂ ਤਾਂ ਸਾਡੀ ਦੋਵਾਂ ਦੀ ਬੁਰਕੀ ਸਾਂਝੀ ਐ।”
ਫੇਰ ਇਹ ਸਵਾਲ ਸਰਕਾਰੀ ਵਕੀਲ ਨੇ ਮੈਨੂੰ ਵੀ ਕੀਤਾ। ਮੈਂ ਗਹੁ ਨਾਲ ਰੇਮੰਡ ਵੱਲ ਦੇਖਿਆ। ਉਸਨੇ ਨਜ਼ਰਾਂ ਨਹੀਂ ਸੀ ਚੁਰਾਈਆਂ। ਤੇ ਮੈਂ ਜਵਾਬ ਦਿੱਤਾ, “ਜੀ, ਹਾਂ।”
ਹੁਣ ਸਰਕਾਰੀ ਵਕੀਲ ਜੂਰੀਆਂ ਵੱਲ ਭੌਂ ਕੇ ਬੋਲਿਆ, “ਸ਼੍ਰੀਮਾਨ ਜੂਰੀ, ਤੁਹਾਡੇ ਸਾਹਮਣੇ ਕਟਹਿਰੇ ਵਿਚ ਬੈਠਾ ਇਹ ਆਦਮੀ ਮਾਂ ਦੀ ਅੰਤੇਸ਼ਟੀ ਦੇ ਠੀਕ ਅਗਲੇ ਦਿਨ ਨਿਹਾਇਤ ਸ਼ਰਮਨਾਕ ਅਯਾਸ਼ੀ ਵਿਚ ਡੁੱਬਿਆ ਰਿਹਾ, ਏਨਾ ਈ ਨਈਂ, ਬਲਕਿ ਰੰਡੀਆਂ ਤੇ ਦਲਾਲਾਂ ਦੀ ਬਦਨਾਮ ਦੁਨੀਆਂ ਦੇ 'ਖ਼ੂਨ ਦੇ ਬਦਲੇ ਖ਼ੂਨ ਚਾਹੁਣ ਵਾਲੇ' ਇਕ ਦੋਖੀ ਦੇ ਬਹਿਕਾਵੇ ਵਿਚ ਆ ਕੇ ਇਸਨੇ ਅਚਾਨਕ ਇਕ ਨਿਹੱਥੇ ਆਦਮੀ ਦੀ ਜਾਨ ਵੀ ਲੈ ਲਈ। ਮਾਣਯੋਗ ਜੂਰੀ ਸ਼੍ਰੀਮਾਨ, ਦੇਖਿਆ ਤੁਸੀਂ, ਕਿਸ ਤਰ੍ਹਾਂ ਦਾ ਏ—ਇਹ ਸਾਹਮਣੇ ਬੈਠਾ ਮੁਜਰਿਮ?” ਅਜੇ ਸਰਕਾਰੀ ਵਕੀਲ ਬੈਠ ਵੀ ਨਹੀਂ ਸੀ ਸਕਿਆ ਕਿ ਮੇਰੇ ਵਕੀਲ ਸਾਹਬ ਨੇ ਸਾਰਾ ਧੀਰਜ ਛਿੱਕੇ ਟੰਗ ਕੇ ਆਪਣੀਆਂ ਬਾਹਾਂ ਕੁਝ ਇਸ ਤਰ੍ਹਾਂ ਉੱਚੀਆਂ ਤਾਣ ਲਈਆਂ ਕਿ ਉਹਨਾਂ ਦਾ ਚੋਗਾ ਹੇਠਾਂ ਸਰਕ ਆਇਆ ਤੇ ਕਲਫ਼ ਲੱਗੀ ਅਸਤੀਨ ਪੂਰੀ ਦੀ ਪੂਰੀ ਦਿਸਣ ਲੱਗੀ।
“ਮੇਰੇ ਮੁਵੱਕਿਲ 'ਤੇ ਜਿਹੜਾ ਮੁਕੱਦਮਾ ਇਸ ਸਮੇਂ ਚੱਲ ਰਿਹਾ ਏ...ਉਹ ਮਾਂ ਦੀ ਅੰਤੇਸ਼ਟੀ ਬਾਰੇ ਚੱਲ ਰਿਹਾ ਏ ਜਾਂ ਇਕ ਆਦਮੀ ਦੀ ਹੱਤਿਆ ਬਾਰੇ?”
ਹੀ-ਹੀ-ਹੀ-ਹੀ—ਅਦਾਲਤ ਵਿਚ ਫੇਰ ਕੁਛ ਬੇਹੂਦਾ ਹਾਸਾ ਸੁਣਾਈ ਦਿੱਤਾ ਸੀ ਕਿ ਝੱਟ ਸਰਕਾਰੀ ਵਕੀਲ ਬੁੜ੍ਹਕ ਕੇ ਖੜ੍ਹਾ ਹੋ ਗਿਆ ਤੇ ਆਪਣਾ ਚੋਗਾ ਝਟਕੇ ਨਾਲ ਚਾਰੇ-ਪਾਸੇ ਲਪੇਟ ਕੇ ਬੋਲਿਆ, “ਮੈਨੂੰ ਆਪਣੇ ਦੋਸਤ ਦੀ ਸਮਝ 'ਤੇ ਨਿਹਾਇਤ ਈ ਤਾੱਜੁਬ ਹੋ ਰਿਹਾ ਏ ਕਿ ਉਹ ਮੁਕੱਦਮੇ ਦੀਆਂ ਇਹਨਾਂ ਦੋਵਾਂ ਗੱਲਾਂ ਵਿਚਲੇ ਗੂੜ੍ਹੇ ਸੰਬੰਧ ਨੂੰ ਨਈਂ ਦੇਖ ਸਕੇ। ਮੈਂ ਤਾਂ ਕਹਾਂਗਾ ਕਿ ਮਨੋਵਿਗਿਆਨਕ ਨਜ਼ਰੀਏ ਤੋਂ ਦੋਵੇਂ ਗੱਲਾਂ ਇਕੋ ਡੋਰ ਨਾਲ ਵੱਝੀਆਂ ਹੋਈਆਂ ਨੇ।” ਫੇਰ ਬੜੀ ਕੜਕ ਨਾਲ ਕਹੇ ਗਏ ਇਸ ਵਾਕ ਨਾਲ ਉਸਨੇ ਆਪਣੀ ਗੱਲ ਖ਼ਤਮ ਕੀਤੀ ਕਿ “ਮੁਜਰਿਮ 'ਤੇ ਮੇਰਾ ਇਲਜ਼ਾਮ ਸੰਖੇਪ ਵਿਚ ਇਹ ਐ ਕਿ ਇਸਨੇ ਮਾਂ ਦੀ ਅੰਤੇਸ਼ਟੀ ਦੇ ਸਮੇਂ ਜਿਹੋ-ਜਿਹਾ ਰਵੱਈਆ ਦਿਖਾਇਆ, ਉਹ ਸਾਬਤ ਕਰਦਾ ਏ ਕਿ ਮੁਜਰਿਮ ਦੇ ਅੰਦਰ ਸਥਾਈ ਅਪਰਾਧੀ ਮਨੋਬਿਰਤੀ ਹਮੇਸ਼ਾ ਕੰਮ ਕਰਦੀ ਰਹੀ।”
ਲੱਗਿਆ, ਇਹਨਾਂ ਸ਼ਬਦਾਂ ਦਾ ਜੂਰੀਆਂ ਤੇ ਜਨਤਾ ਉੱਤੇ ਭਰਪੂਰ ਅਸਰ ਪਿਆ। ਮੇਰੇ ਵਕੀਲ ਸਾਹਬ ਮਜ਼ਬੂਰੀ ਵੱਸ ਮੋਢੇ ਛੰਡਦੇ ਰਹਿ ਗਏ। ਉਹਨਾਂ ਮੱਥੇ ਦਾ ਪਸੀਨਾ ਪੂੰਝਿਆ, ਪਰ ਅਸਲ ਵਿਚ ਉਹ ਵੀ ਬੁਰੀ ਤਰ੍ਹਾਂ ਬੌਖਲਾ ਗਏ ਸਨ। ਇਹ ਸਭ ਮੈਨੂੰ ਆਪਣੇ ਹਿਤ ਵਿਚ ਭਲ਼ਾ ਹੁੰਦਾ ਨਹੀਂ ਲੱਗਿਆ।
ਇਸ ਘਟਨਾ ਪਿੱਛੋਂ ਅਦਾਲਤ ਉੱਠ ਗਈ। ਕਚਹਿਰੀ 'ਚੋਂ ਨਿਕਲ ਕੇ ਜਦੋਂ ਜੇਲ੍ਹ ਦੀ ਗੱਡੀ ਵਿਚ ਬੈਠਾ ਉਦੋਂ ਬਸ ਜ਼ਰਾ ਕੁ ਦੇਰ ਲਈ ਗਰਮੀਆਂ ਦੀ ਜਾਣੀ-ਪਛਾਣੀ ਸ਼ਾਮ ਦਾ ਆਨੰਦ, ਇਕ ਵਾਰੀ ਫੇਰ ਮਹਿਸੂਸ ਹੋਇਆ। ਉਸ ਬੰਦ ਦੌੜਦੀ ਕੋਠੜੀ ਦੇ ਹਨੇਰੇ ਵਿਚ ਬੈਠੇ-ਬੈਠੇ ਈ ਮੈਂ ਸ਼ਹਿਰੀ ਜੀਵਨ ਵਿਚ ਗੂੰਜਣ ਵਾਲੀਆਂ ਆਵਾਜ਼ਾਂ ਪਛਾਣੀਆਂ...ਉਹ ਆਵਾਜ਼ਾਂ ਪਛਾਣੀਆਂ ਜਿਹੜੀਆਂ ਗੋ-ਧੂਲੀ ਸਮੇਂ ਸ਼ਹਿਰ 'ਚੋਂ ਉੱਠਦੀਆਂ ਨੇ। ਕਦੀ ਕਿੰਨੀਆਂ ਪਿਆਰੀਆਂ ਲੱਗਦੀਆਂ ਹੁੰਦੀਆਂ ਸਨ ਇਹ ਆਵਾਜ਼ਾਂ ਮੈਨੂੰ। ਕਿੰਨੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਸਨ ਮੈਨੂੰ ਗਰਮੀ ਘਿਰੀਆਂ ਸ਼ਾਮਾਂ! ਭਾਰੀ ਬੋਝਲ ਵਾਤਾਵਰਣ ਤੇ ਉਸ ਵਿਚ ਅਖ਼ਬਾਰ ਵਾਲੇ ਮੁੰਡਿਆਂ ਦੀਆਂ ਆਵਾਜ਼ਾਂ...ਸਾਂਝੇ ਪਾਰਕ ਵਿਚ ਪੰਛੀਆਂ ਦੀ ਆਖ਼ਰੀ ਚਹਿਚਹਾਟ...ਸੈਂਡਵਿਚ ਦੇ ਫੇਰੀ ਵਾਲਿਆਂ ਦੀਆਂ ਆਵਾਜ਼ਾਂ...ਉੱਚੇ ਸ਼ਹਿਰ ਦੇ ਢਾਲੂ ਮੋੜ ਉੱਤੇ ਟਰਾਮ ਦੀ ਚਰਚਹਾਟ...ਬੰਦਰਗਾਹ ਉੱਤੇ ਛਣ-ਛਣ ਉੱਤਰਦਾ ਹੋਇਆ ਹਨੇਰਾ ਤੇ ਉਸ ਛਿਣ ਆਸਮਾਨ ਤੋਂ ਹਲਕੀ-ਹਲਕੀ ਸਰਸਰਾਹਟ ਦੀ ਆਵਾਜ਼...ਇਹ ਸਾਰੀਆਂ ਆਵਾਜ਼ਾਂ ਮੇਰੇ ਥੱਕੇ ਦਿਮਾਗ਼ ਵਿਚ ਗੂੰਜ ਰਹੀਆਂ ਸਨ ਤੇ ਇਹਨਾਂ ਨੂੰ ਸੁਣਦੇ ਹੋਏ ਜੇਲ੍ਹ ਵੱਲ ਵਾਪਸ ਜਾਣਾ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਅੰਨ੍ਹਾਂ, ਚੱਪਾ-ਚੱਪਾ, ਜਾਣੇ-ਪਛਾਣੇ ਰਸਤੇ ਤੋਂ ਲੰਘ ਰਿਹਾ ਹੋਵੇ...।
ਹਾਂ, ਸ਼ਾਮ ਦੇ ਇਹੋ ਪਲਾਂ ਤਾਂ ਨੇ, ਜਦੋਂ ਜ਼ਿੰਦਗੀ 'ਚ ਅਕੱਥ ਸੁਖ ਤੇ ਅਨੰਤ ਸੰਤੋਖ ਮਹਿਸੂਸ ਹੁੰਦਾ-ਹੁੰਦਾ ਸੀ! ਹੁਣ ਤਾਂ ਲੱਗਦਾ ਏ, ਯੁੱਗ ਬੀਤ ਗਏ ਨੇ। ਅਜਿਹੇ ਪਲਾਂ ਪਿੱਛੋਂ ਈ ਤਾਂ ਸੁਪਨੇਹੀਣ ਤੇ ਨਿਸ਼ਚਿੰਤ ਨੀਂਦ ਭਰੀਆਂ ਰਾਤਾਂ ਬਾਹਾਂ ਪਸਾਰ ਕੇ ਮੇਰੀ ਉਡੀਕ ਕਰਦੀਆਂ ਹੁੰਦੀਆਂ ਸਨ...ਅੱਜ ਵੀ ਉਹੀ ਛਿਣ ਸਨ, ਪਰ ਕਿੰਨਾ ਅੰਤਰ ਸੀ! ਅੱਜ ਮੈਂ ਆਪਣੀ ਕਾਲ-ਕੋਠੜੀ ਵੱਲ ਪਰਤ ਰਿਹਾ ਸੀ...ਅੱਜ ਮੇਰੀ ਉਡੀਕ ਵਿਚ ਬਾਹਾਂ ਪਸਾਰੀ ਬੈਠੀ ਸੀ, ਆਉਣ ਵਾਲੇ ਦਿਨ ਦੇ ਮਨਹੂਸ ਸ਼ੰਕਿਆਂ ਨਾਲ ਰਿੱਝਦੀ ਰਾਤ...। ਤੇ ਤਦ ਮੈਂ ਮਹਿਸੂਸ ਕੀਤਾ ਕਿ ਗਰਮੀਆਂ ਦੀ ਗੋ-ਧੂਲੀ ਭਰੀ ਸ਼ਾਮ ਨੂੰ ਚੀਰ ਕੇ ਜਾਣ ਵਾਲੀਆਂ ਯੁੱਗਾਂ ਤੋਂ ਜਾਣੀਆਂ-ਪਛਾਣੀਆਂ ਪਗਡੰਡੀਆਂ, ਮਾਸੂਮ ਤੇ ਬੇਫ਼ਿਕਰ ਨੀਂਦ ਨੂੰ ਜਾਦੂਈ ਦੁਨੀਆਂ ਵਿਚ ਈ ਨਹੀਂ...ਜੇਲ੍ਹ ਦੀਆਂ ਮਨਹੂਸ ਕੰਧਾਂ ਅੰਦਰ ਵੀ ਲੈ ਜਾਂਦੀਆਂ ਨੇ...।

ਚਾਰ :
ਖ਼ੁਦ ਆਦਮੀ ਭਾਵੇਂ ਅਦਾਲਤ ਦੇ ਕਟਹਿਰੇ ਵਿਚ ਈ ਕਿਉਂ ਨਾ ਖੜ੍ਹਾ ਹੋਵੇ, ਉਸਨੂੰ ਇਹ ਹਮੇਸ਼ਾ ਚੰਗਾ ਲੱਗਦਾ ਏ ਕਿ ਲੋਕ ਉਸਦੀ ਚਰਚਾ ਕਰਨ। ਉਹ, ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਹੋਵੇ। ਸਰਕਾਰੀ ਵਕੀਲ ਤੇ ਮੇਰੇ ਵਕੀਲ ਸਾਹਬ ਨੇ ਜੋ ਏਨਾ ਕੁਝ ਕਿਹਾ ਸੀ, ਉਹ ਸਭ ਮੇਰੇ ਬਾਰੇ ਈ ਤਾਂ ਕਿਹਾ ਸੀ। ਹਾਂ, ਹਾਂ, ਉਹਨਾਂ ਦੀਆਂ ਆਖੀਆਂ ਸਾਰੀਆਂ ਗੱਲਾਂ ਮੇਰੇ ਅਪਰਾਧ ਬਾਰੇ ਘੱਟ, ਮੇਰੀ ਆਪਣੀ ਜਾਤ ਬਾਰੇ ਵੱਧ ਸਨ।
ਗੱਲ ਮੁਕਾਓ, ਦੋਵਾਂ ਦੇ ਭਾਸ਼ਣਾ ਵਿਚ ਕੋਈ ਬਹੁਤ ਵੱਡਾ ਵਿਰੋਧ ਜਾਂ ਅੰਤਰ ਨਹੀਂ ਸੀ। ਬਚਾਅ-ਪੱਖ ਦੇ ਵਕੀਲ ਨੇ ਦੋਵੇਂ ਹੱਥ ਉਤਾਂਹ ਆਸਮਾਨ ਵੱਲ ਚੁੱਕ ਕੇ ਅਪਰਾਧ ਸਵੀਕਾਰ ਕਰ ਲਿਆ ਸੀ, ਪਰ ਨਾਲ ਈ ਕਿਹਾ ਸੀ ਕਿ ਅਪਰਾਧ ਅਜਿਹੀ ਲਾਚਾਰੀ ਦੀ ਹਾਲਤ ਵਿਚ ਕੀਤਾ ਗਿਆ ਕਿ ਉਸਦੀ ਗੁਰੂਤਾ ਘੱਟ ਹੋ ਜਾਂਦੀ ਏ। ਸਰਕਾਰੀ ਵਕੀਲ ਨੇ ਵੀ ਉਸੇ ਤਰ੍ਹਾਂ ਹੱਥ ਆਸਮਾਨ ਵੱਲ ਚੁੱਕੇ ਸਨ, ਪਰ ਮੰਨਿਆਂ ਇਹ ਸੀ ਕਿ ਮੈਂ ਅਪਰਾਧ ਕੀਤਾ ਏ ਤੇ ਅਪਰਾਧ ਕਿਸੇ ਵੀ ਲਾਚਾਰੀ ਦੀ ਹਾਲਤ ਵਿਚ ਨਹੀਂ ਕੀਤਾ ਗਿਆ, ਨਾ ਈ ਉਸਦੀ ਗੁਰੂਤਾ ਘੱਟ ਹੁੰਦੀ ਏ।
ਇੱਥੇ ਆ ਕੇ ਮੁਕੱਦਮੇ ਦੀ ਇਕ ਗੱਲ ਨਾਲ ਮੈਨੂੰ ਬੜੀ ਚਿੜਚਿੜਾਹਟ ਮਹਿਸੂਸ ਹੋਈ—ਇਹ ਲੋਕ ਜੋ ਕੁਝ ਕਹਿ ਰਹੇ ਸਨ ਉਹ ਮੇਰੇ ਹਿਤ ਦੇ ਈ ਲਈ ਸੀ, ਸੋ ਮੈਨੂੰ ਈ ਸਭ ਤੋਂ ਵੱਧ ਦਿਲਚਸਪੀ ਹੋਣੀ ਸੁਭਾਵਿਕ ਸੀ। ਇਸ ਲਈ ਕਈ ਵਾਰੀ ਕੁਝ ਬੋਲਣ ਦਾ ਮੇਰਾ ਵੀ ਮਨ ਹੋਇਆ। ਪਰ ਵਕੀਲ ਸਾਹਬ ਨੇ ਕਿਹਾ ਹੋਇਆ ਸੀ ਕਿ ਮੈਂ ਬਿਲਕੁਲ ਨਾ ਬੋਲਾਂ। ਖਾਸ ਚੇਤਾਵਨੀ ਦਿੱਤੀ ਸੀ ਕਿ 'ਤੁਸੀਂ ਬੋਲੋਗੇ ਤਾਂ ਮੁਕੱਦਮਾ ਵਿਗੜ ਜਾਵੇਗਾ।' ਸੱਚਮੁੱਚ, ਮੈਨੂੰ ਤਾਂ ਇੰਜ ਲੱਗਦਾ ਸੀ ਕਿ ਜਿਵੇਂ ਇਹ ਤਾਂ ਮੈਨੂੰ ਇਸ ਸਾਰੀ ਕਾਰਵਾਈ ਤੋਂ ਬਾਕਾਇਦਾ ਵੱਖ ਰੱਖੇ ਜਾਣ ਦੀ ਸਾਜਿਸ਼ ਏ ਕਿ ਮੈਂ ਮੂੰਹ ਸਿਓਂਈ ਕੇ ਬੈਠਾ ਰਹਾਂ ਤੇ ਉੱਪਰ ਈ ਉੱਪਰ ਮੇਰੀ ਕਿਸਮਤ ਦਾ ਵਾਰਾ-ਨਿਆਰਾ ਹੋ ਜਾਵੇ।
ਕਦੀ-ਕਦੀ ਉਹਨਾਂ ਲੋਕਾਂ ਦੀ ਗੱਲ ਕੱਟਣ ਨੂੰ ਮੇਰਾ ਬੜਾ ਮਨ ਕਰਦਾ ਸੀ, ਤੇ ਇਸ ਇੱਛਾ ਨੂੰ ਮੈਂ ਕਿੰਜ ਵੱਸ ਵਿਚ ਰੱਖਿਆ ਸੀ, ਮੈਂ ਈ ਜਾਣਦਾ ਹਾਂ। ਜੀਅ ਵਿਚ ਆਉਂਦਾ ਸੀ ਕਿ ਕਹਿ ਦਿਆਂ ਕਿ 'ਏਸ ਸਭ ਕਾਸੇ ਦੀ ਐਸੀ ਦੀ ਤੈਸੀ। ਮੈਂ ਪੁੱਛਦਾਂ ਬਈ ਮੁਕੱਦਮਾ ਚੱਲ ਕਿਸ 'ਤੇ ਰਿਹਾ ਏ? ਜਿਸ ਆਦਮੀ 'ਤੇ ਹੱਤਿਆ ਦਾ ਇਲਜ਼ਾਮ ਲਾਇਆ ਗਿਆ ਏ, ਉਸਦੇ ਲਈ ਤਾਂ ਜ਼ਿੰਦਗੀ ਤੇ ਮੌਤ ਦਾ ਸਵਾਲ ਏ? ਇਸ ਲਈ ਮੈਂ ਜੋ ਕੁਝ ਕਹਾਂਗਾ, ਉਹੀ ਬੜਾ ਮਹੱਤਵਪੂਰਨ ਤੇ ਅਸਲ ਵਿਚ ਜ਼ਰੂਰੀ ਵੀ ਏ।'
ਪਰ ਫੇਰ ਜਦੋਂ ਆਪਣੀ ਗੱਲ 'ਤੇ ਵਿਚਾਰ ਕਰਦਾ ਤਾਂ ਲੱਗਦਾ ਕਿ ਕਹਿਣ ਲਈ ਤਾਂ ਕੁਝ ਹੈ ਈ ਨਹੀਂ। ਖ਼ੈਰ ਜੀ, ਇਹ ਮੈਂ ਜਾਣਦਾ ਹਾਂ ਕਿ ਆਪਣੇ ਬਾਰੇ ਵਿਚ ਸੁਣਨ ਵਿਚ ਆਦਮੀ ਨੂੰ ਛੇਤੀ ਈ ਓਨੀਂ ਦਿਲਚਸਪੀ ਨਹੀਂ ਰਹਿ ਜਾਂਦੀ। ਸਰਕਾਰੀ ਵਕੀਲ ਦਾ ਭਾਸ਼ਣ ਅਜੇ ਅੱਧਾ ਵੀ ਨਹੀਂ ਸੀ ਹੋਇਆ ਕਿ ਮੈਂ ਪੂਰੀ ਤਰ੍ਹਾਂ ਉਕਤਾ ਗਿਆ ਸੀ। ਹਾਂ, ਕਿਤੇ-ਕਿਤੇ ਕੁਝ ਚੀਜ਼ਾਂ ਅਜਿਹੀਆਂ ਵੀ ਸਨ ਜਿਹਨਾਂ ਨੇ ਮੈਨੂੰ ਖਿੱਚਿਆ, ਜਿਵੇਂ ਵਿਚ-ਵਿਚ ਕੀਤੀ ਗਈ ਮੁਹਾਵਰਿਆਂ ਦੀ ਵਰਤੋਂ, ਛਿਣ-ਛਿਣ ਬਦਲਦੇ ਵਕੀਲ ਦੇ ਚਿਹਰੇ ਦੇ ਹਾਵ-ਭਾਵ, ਮੁਦਰਾਵਾਂ, ਤੇਜ਼-ਤਰਾਰ ਹਮਲੇ। ਪਰ ਇਹ ਸਭ ਗੱਲਾਂ ਵੀ ਮੈਨੂੰ ਵੱਖੋ-ਵੱਖਰੀਆਂ ਈ ਚੰਗੀਆਂ ਲੱਗੀਆਂ—ਭਾਸ਼ਣ ਦਾ ਅੰਗ ਬਣ ਕੇ ਨਹੀਂ।
ਮੇਰੀ ਸਮਝ ਵਿਚ ਜਿਹੜੀ ਗੱਲ ਆਈ ਉਹ ਇਹ ਕਿ ਸਰਕਾਰੀ ਵਕੀਲ ਸਾਰੀ ਗੱਲ ਨੂੰ ਇਕ ਵਿਸ਼ੇਸ਼ ਦਿਸ਼ਾ ਦੇ ਰਿਹਾ ਏ ਤੇ ਉਹ ਇਹ ਕਿ ਅਪਰਾਧ ਮੈਂ ਖ਼ੂਬ ਸੋਚ-ਵਿਚਾਰ ਕਰਕੇ, ਪੂਰੀ ਤਿਆਰੀ ਨਾਲ ਕੀਤਾ ਏ। ਯਾਦ ਆਉਂਦਾ ਏ ਇਕ ਵਾਰੀ ਉਸਨੇ ਕਿਹਾ ਸੀ, “ਸ਼੍ਰੀਮਾਨ ਜੂਰੀ, ਮੈਂ ਆਪਣੀ ਗੱਲ ਨੂੰ ਰਾਈ-ਰਾਈ ਸਿੱਧ ਕਰ ਦਿਆਂਗਾ। ਇਕ ਪਾਸੇ ਤਾਂ ਤੁਹਾਡੇ ਸਾਹਵੇਂ ਅਪਰਾਧ ਦੇ ਸਾਰੇ ਤੱਥ ਦਿਨ ਦੀ ਰੋਸ਼ਨੀ ਵਾਂਗ ਉਜਾਗਰ ਨੇ, ਦੂਜੇ ਪਾਸੇ ਉਹ ਪੱਖ ਵੀ ਮੌਜੂਦ ਏ ਜਿਸਨੂੰ ਮੈਂ 'ਆਪ ਦੇ' ਅਪਰਾਧ ਦਾ 'ਕਾਲਾ-ਪੱਖ' ਕਹਿੰਦਾ ਆਂ, ਯਾਨੀ ਕਿ ਅਪਰਾਧੀ ਮਨੋਬਿਰਤੀ ਦੀਆਂ ਕਾਲੀਆਂ ਕਰਤੂਤਾਂ ਤੇ ਅੰਦਰੂਨੀ ਚਾਲਾਂ।”
ਕਹਿ ਕੇ ਉਸਨੇ ਮਾਂ ਦੀ ਮੌਤ ਦੇ ਬਾਅਦ ਤੋਂ ਲੈ ਕੇ ਸਾਰੇ ਤੱਥ ਸਮੇਟਨੇ ਸ਼ੁਰੂ ਕਰ ਦਿੱਤੇ। ਜਿਹਨਾਂ ਉੱਤੇ ਉਸਨੇ ਵਿਸ਼ੇਸ਼ ਜ਼ੋਰ ਦਿੱਤਾ ਉਹ ਸਨ—ਮੇਰੀ ਹਿਰਦੇ-ਹੀਣਤਾ, ਮੇਰਾ ਮਾਂ ਦੀ ਉਮਰ ਨਾ ਦੱਸ ਸਕਣਾ, ਨਹਾਉਣ ਵਾਲੇ ਘਾਟ 'ਤੇ ਜਾ ਕੇ ਮੇਰੀ ਨਾਲ ਮੁਲਾਕਾਤ ਕਰਨਾ, ਫਰਨਾਂਦੇਲ ਦੀ ਫ਼ਿਲਮ ਦਾ ਦੁਪਹਿਰ ਵਾਲਾ ਸ਼ੋਅ ਦੇਖਣਾ, ਤੇ ਸਭ ਤੋਂ ਅੰਤ ਵਿਚ ਮੇਰੀ ਨੂੰ ਲੈ ਕੇ ਕਮਰੇ ਵਿਚ ਆਉਣਾ। ਪਹਿਲਾਂ ਜਦੋਂ ਕਈ ਵਾਰੀ ਉਸਨੇ 'ਅਪਰਾਧੀ ਦੀ ਪ੍ਰੇਮਿਕਾ' ਦਾ ਜ਼ਿਕਰ ਕੀਤਾ ਤਾਂ ਮੇਰੀ ਸਮਝ ਵਿਚ ਉਸਦਾ ਮਤਲਬ ਈ ਨਹੀਂ ਸੀ ਆਇਆ, ਕਿਉਂਕਿ ਮੇਰੇ ਲਈ ਤਾਂ ਉਹ ਸਿਰਫ਼ 'ਮੇਰੀ' ਸੀ। ਇਸ ਪਿੱਛੋਂ ਉਸਨੇ ਰੇਮੰਡ ਦੀ ਗੱਲ ਚੁੱਕੀ। ਸਾਰੀ ਗੱਲ ਨੂੰ ਪੇਸ਼ ਕਰਨ ਦੇ ਉਸਦੇ ਢੰਗ ਵਿਚ ਈ ਮੈਨੂੰ ਚਾਲਾਕੀ ਦੀ ਬੂ ਆਈ ਸੀ। ਉਸਨੇ ਜੋ-ਜੋ ਗੱਲਾਂ ਤੇ ਜਿਸ-ਜਿਸ ਢੰਗ ਨਾਲ ਕਹੀਆਂ...ਉਹ ਸਭ ਸੁਣਨ ਵਿਚ ਬੜੀਆਂ ਸਹੀ ਤੇ ਤਰਕ-ਸੰਗਤ ਲੱਗਦੀਆਂ ਸੀ। ਮੈਂ ਰੇਮੰਡ ਨਾਲ ਸਾਜਿਸ਼ ਰਚ ਕੇ ਚਿੱਠੀ ਲਿਖੀ, ਚਿੱਠੀ ਦੇ ਭੁਲੇਚੇ ਵਿਚ ਆ ਕੇ ਉਸਦੀ ਪ੍ਰੇਮਿਕਾ ਰੇਮੰਡ ਦੇ ਕਮਰੇ ਵਿਚ ਆ ਗਈ, ਇੱਥੇ ਉਸਨੂੰ 'ਸ਼ੱਕੀ ਚਾਲ ਚਲਣ' ਵਾਲੇ ਵਿਅਕਤੀ ਦੇ ਹੱਥੋਂ ਦੁਰਵਿਹਾਰ ਸਹਿਣਾ ਪਿਆ। ਫੇਰ ਸਮੁੰਦਰ ਦੇ ਕਿਨਾਰੇ ਜਾ ਕੇ ਮੈਂ ਰੇਮੰਡ ਦੇ ਦੁਸ਼ਮਣਾਂ ਨਾਲ ਫਸਾਦ ਖੜ੍ਹਾ ਕੀਤਾ, ਉਹ ਵਿਚ ਰੇਮੰਡ ਜ਼ਖ਼ਮੀ ਹੋ ਗਿਆ। ਉਸ ਤੋਂ ਪਿਸਤੌਲ ਮੰਗ ਕੇ ਮੈਂ ਖ਼ੁਦ ਉਸਦਾ ਇਸਤੇਮਾਲ ਕਰਨ ਦੀ ਨੀਅਤ ਨਾਲ ਉੱਥੇ ਪਹੁੰਚਿਆ ਤੇ ਜਾ ਕੇ ਅਰਬ ਉੱਤੇ ਗੋਲੀ ਚਲਾਈ। ਪਹਿਲੀ ਗੋਲੀ ਚਲਾ ਕੇ ਮੈਂ ਰੁਕਿਆ, ਫੇਰ ਉਸਨੂੰ ਪੂਰੀ ਤਰ੍ਹਾਂ ਠਿਕਾਣੇ ਲਾਉਣ ਦੇ ਖ਼ਿਆਲ ਨਾਲ ਜਾਣ-ਬੁੱਝ ਕੇ ਆਪਣੇ ਨਿਹੱਥੇ ਸ਼ਿਕਾਰ ਉੱਤੇ ਠਾਹ-ਠਾਹ ਚਾਰ ਗੋਲੀਆਂ ਹੋਰ ਚਲਾ ਦਿੱਤੀਆਂ।
“ਤੋ ਇਹ ਹੈ ਮੇਰੀ ਦਲੀਲ ਤੇ ਮੁਕੱਦਮੇ ਦਾ ਸਰੂਪ।” ਗੱਲ ਖ਼ਤਮ ਕਰਕੇ ਸਰਕਾਰੀ ਵਕੀਲ ਬੋਲਿਆ, “ਆਪਣੇ ਕੰਮ ਤੇ ਨਤੀਜੇ ਨੂੰ ਚੰਗੀ ਤਰ੍ਹਾਂ ਜਾਣਦੇ-ਬੁੱਝਦੇ ਹੋਏ ਕਿਸ ਤਰ੍ਹਾਂ ਇਸ ਵਿਅਕਤੀ ਨੇ ਮਰਨ ਵਾਲੇ ਦੀ ਹੱਤਿਆ ਕੀਤੀ ਤੇ ਇੱਥੋਂ ਤਕ ਕੀ ਘਟਨਾ ਚੱਕਰ ਚੱਲਿਆ, ਸਭ ਕੁਝ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਏ। ਹੁਣ ਇੱਥੇ ਮੈਂ ਇਕ ਗੱਲ ਉੱਤੇ ਹੋਰ ਜ਼ੋਰ ਦੇਣਾ ਚਾਹੁੰਦਾ ਹਾਂ। ਅਚਾਨਕ ਪਾਗਲਪਨ ਵਿਚ ਆ ਕੇ ਕੋਈ ਕਿਸੇ ਦੀ ਜਾਨ ਲੈ ਲਏ, ਇਸ ਤਰ੍ਹਾਂ ਦੇ ਪਾਗਲਪਨ ਨੂੰ ਈ 'ਲਾਚਾਰੀ ਦੀ ਹਾਲਤ' ਵਿਚ ਕੀਤਾ ਅਜਿਹਾ ਅਪਰਾਧ ਮੰਨਿਆਂ ਜਾ ਸਕਦਾ ਏ...ਜਿੱਥੇ ਅਪਰਾਧ ਦੀ ਗੁਰੂਤਾ ਘੱਟ ਹੋ ਜਾਂਦੀ ਏ। ਸਾਡਾ ਇੱਥੇ ਉਸ ਨਾਲ ਕੋਈ ਵਾਸਤਾ ਨਈਂ। ਕਿਉਂਕਿ ਸ਼੍ਰੀਮਾਨ ਜੂਰੀ, ਜਿਸ ਗੱਲ ਉੱਤੇ ਮੈਂ ਤੁਹਾਨੂੰ ਗੌਰ ਫਰਮਾਉਣ ਦੀ ਪ੍ਰਾਰਥਨਾਂ ਕਰ ਰਿਹਾ ਆਂ, ਉਹ ਇਹ ਐ ਕਿ ਮੁਜਰਿਮ ਪੜ੍ਹਿਆ-ਲਿਖਿਆ ਆਦਮੀ ਏ। ਜਿਸ ਢੰਗ ਨਾਲ ਉਸਨੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ, ਉਹਨਾਂ ਉੱਤੇ ਤੁਸੀਂ ਖ਼ੁਦ ਗੌਰ ਕੀਤਾ ਹੋਵੇਗਾ। ਇਹ ਆਦਮੀ ਸਮਝਦਾਰ ਤੇ ਬੁੱਧਵਾਨ ਏਂ ਤੇ ਸ਼ਬਦਾਂ ਦਾ ਮਹੱਤਵ-ਮੁੱਲ ਜਾਣਦਾ ਏ। ਇਸ ਲਈ ਮੈਂ ਫੇਰ ਦੁਹਰਾਉਂਦਾ ਆਂ ਕਿ ਜੁਰਮ ਕਰਨ ਸਮੇਂ ਇਸ ਨੂੰ ਇਹ ਪਤਾ ਨਈਂ ਸੀ ਕਿ ਕਰ ਕੀ ਰਿਹਾ ਏ—ਇੰਜ ਮੰਨ ਲੈਣਾ ਕਿਸੇ ਵੀ ਹਾਲਤ ਵਿਚ ਮੁਮਕਿਨ ਨਈਂ।”
ਮੈਂ ਦੇਖਿਆ ਕਿ ਸਰਕਾਰੀ ਵਕੀਲ ਨੇ ਮੇਰੇ 'ਸਮਝਦਾਰ ਤੇ ਬੁੱਧਵਾਨ' ਹੋਣ 'ਤੇ ਕਾਫੀ ਜ਼ੋਰ ਦਿੱਤਾ ਤੇ ਇਸ ਗੱਲ ਨੇ ਮੈਨੂੰ ਖਾਸਾ ਚੱਕਰ ਵਿਚ ਪਾ ਦਿੱਤਾ ਕਿ ਆਮ ਆਦਮੀ ਵਿਚ ਜਿਹੜੀ ਗੱਲ ਗੁਣ ਮੰਨੀ ਜਾਂਦੀ ਏ, ਉਸ ਨੂੰ ਦੋਸ਼ੀ ਦੇ ਅਪਰਾਧ ਦੇ ਲਈ ਅਕੱਟ ਤਰਕ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਏ! ਮੇਰਾ ਦਿਮਾਗ਼ ਇਸੇ ਵਿਚ ਉਲਝਿਆ ਸੀ ਇਸ ਲਈ ਅੱਗੇ ਜੋ ਕੁਝ ਕਿਹਾ ਗਿਆ—ਨਹੀਂ ਸੁਣ ਸਕਿਆ। ਸੁਣਿਆਂ ਉਦੋਂ ਜਦੋਂ ਉਹ ਤੈਸ਼ ਵਿਚ ਆ ਕੇ ਚੀਕ-ਚੀਕ ਕੇ ਕਹਿ ਰਿਹਾ ਸੀ, “ਆਪਣੇ ਇਸ ਘਿਰਣਤ ਤੇ ਨਿੰਦਨਯੋਗ ਅਪਰਾਧ 'ਤੇ ਅਫ਼ਸੋਸ ਜਾਂ ਪਛਤਾਵੇ ਦਾ ਇਕ ਸ਼ਬਦ ਵੀ ਇਸਦੇ ਮੂੰਹੋਂ ਫੁੱਟਿਆ?ਇਕ ਸ਼ਬਦ ਨਈਂ! ਸ਼੍ਰੀਮਾਨ ਜੂਰੀ, ਇਕ ਵੀ ਸ਼ਬਦ ਨਈਂ! ਇਸ ਸਾਰੀ ਕਾਰਵਾਈ ਦੇ ਦੌਰਾਨ, ਇਸ ਆਦਮੀ ਨੇ ਭੁੱਲ ਕੇ ਵੀ ਤਾਂ ਇਕ ਵਾਰੀ ਆਪਣੇ ਪਾਪ ਲਈ ਪਛਤਾਵਾ ਜਾਂ ਅਫ਼ਸੋਸ ਪ੍ਰਗਟ ਕੀਤਾ ਹੁੰਦਾ!”
ਕਟਹਿਰੇ ਵੱਲ ਘੁੰਮ ਕੇ ਉਸਨੇ ਮੇਰੇ ਵੱਲ ਉਂਗਲ ਸਿੰਨ੍ਹ ਕੇ ਇਸ਼ਾਰਾ ਕੀਤਾ ਤੇ ਉਸੇ ਤਰ੍ਹਾਂ ਉਸੇ ਲਹਿਜੇ ਵਿਚ ਬੋਲਦਾ ਰਿਹਾ। ਮੇਰੀ ਸਮਝ ਵਿਚ ਈ ਨਹੀਂ ਆ ਰਿਹਾ ਸੀ ਕਿ ਉਸਨੇ ਵਾਰੀ-ਵਾਰੀ ਇਸੇ ਗੱਲ ਦੀ ਰਟ ਕਿਉਂ ਲਾਈ ਹੋਈ ਏ? ਉਂਜ, ਇਹ ਮੈਂ ਜ਼ਰੂਰ ਮੰਨਦਾਂ ਕਿ ਉਸਦੀ ਗੱਲ ਸਹੀ ਸੀ, ਆਪਣੇ ਕੀਤੇ 'ਤੇ ਮੈਨੂੰ ਬਹੁਤਾ ਪਛਤਾਵਾ ਵੀ ਨਹੀਂ। ਫੇਰ ਵੀ ਮੈਨੂੰ ਲੱਗਿਆ ਕਿ ਉਸਨੇ ਗੱਲ ਨੂੰ ਜ਼ਰੂਰ ਤੋਂ ਵੱਧ ਘਸੀਟਿਆ ਏ। ਮਨ ਵਿਚ ਤਾਂ ਆਇਆ ਕਿ ਇਕ ਵਾਰੀ ਬੜੇ ਦੋਸਤਾਨੇ ਢੰਗ ਨਾਲ, ਬੜੀ ਈ ਅਪਣੱਤ ਨਾਲ ਉਸਦੇ ਮੋਢੇ 'ਤੇ ਹੱਥ ਰੱਖ ਕੇ ਸਮਝਾ ਦਿਆਂ ਕਿ 'ਭਾਈ ਜਾਨ, ਆਪਣੀ ਸਾਰੀ ਜ਼ਿੰਦਗੀ ਵਿਚ ਕਿਸੇ ਗੱਲ ਨੂੰ ਲੈ ਕੇ ਇਸ ਖਾਕਸਾਰ ਨੂੰ ਕਦੀ ਪਛਤਾਵਾ ਹੋਇਆ ਈ ਨਈਂ। ਇੱਥੇ ਤਾਂ ਆਪਣੇ ਵਰਤਮਾਣ ਜਾਂ ਆਪਣੇ ਤਤਕਾਲ ਭਵਿੱਖ ਨੂੰ ਲੈ ਕੇ ਈ ਐਨੇ ਮਸਤ ਰਹੇ ਆਂ ਕਿ ਪਿੱਛੇ ਮੁੜ ਕੇ ਦੇਖਣ ਦੀ ਫੁਰਸਤ ਈ ਨਈਂ ਮਿਲੀ।' ਪਰ ਇਸ ਸਮੇਂ ਜਿਸ ਝਮੇਲੇ ਵਿਚ ਮੈਨੂੰ ਫਸਾ ਦਿੱਤਾ ਗਿਆ ਸੀ, ਉਸ ਵਿਚ ਇਸ ਲਹਿਜੇ ਨਾਲ ਕਿਸੇ ਨਾਲ ਗੱਲ ਕਰਨ ਦਾ ਸਵਾਲ ਈ ਪੈਦਾ ਨਹੀਂ ਸੀ ਹੁੰਦਾ। ਹੁਣ ਤਾਂ ਮੈਨੂੰ ਇਹ ਹੱਕ ਈ ਨਹੀਂ ਸੀ ਕਿ ਕਿਸੇ ਦੇ ਪ੍ਰਤੀ ਦੋਸਤੀ ਜਾਂ ਸਦਭਾਵਨਾ ਮਨ ਵਿਚ ਰੱਖ ਸਕਾਂ। ਇਸ ਲਈ ਅੱਗੇ ਜੋ ਕੁਝ ਹੋ ਰਿਹਾ ਸੀ ਮੈਂ ਉਸੇ ਨੂੰ ਈ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਸਮੇਂ ਸਰਕਾਰੀ ਵਕੀਲ ਜਿਸ ਚੀਜ਼ 'ਤੇ ਵਿਚਾਰ ਕਰ ਰਿਹਾ ਸੀ, ਉਹ ਸੀ ਉਸਦੇ ਸ਼ਬਦਾਂ ਵਿਚ ਮੇਰੀ 'ਅੰਤਰ-ਆਤਮਾ'।
ਉਹ ਬੋਲਿਆ, “ਮੈਂ ਬੜੇ ਧਿਆਨ ਨਾਲ ਇਸ ਆਦਮੀ ਦੀ 'ਅੰਤਰ-ਆਤਮਾ' ਦਾ ਅਧਿਅਨ ਕੀਤਾ ਏ, ਪਰ ਸ਼੍ਰੀਮਾਨ ਜੂਰੀ, ਮੈਂ ਸੱਚ ਕਹਿੰਦਾ ਆਂ ਮੈਨੂੰ ਇਸ ਵਿਚ ਆਤਮਾ ਨਾਂ ਦੀ ਚੀਜ਼ ਦਾ ਨਾਂ-ਨਿਸ਼ਾਨ ਨਈਂ ਮਿਲਿਆ। ਇਹ ਅੰਦਰੋਂ ਖੋਖਲਾ ਤੇ ਸ਼ੁੰਨ ਏਂ। ਵਿਸਵਾਸ ਕਰਨਾ, ਇਸ ਆਦਮੀ ਵਿਚ ਕੋਈ ਅੰਤਰ-ਆਤਮਾ ਨਈਂ, ਕੋਈ ਮਨੁੱਖੀ ਭਾਵਨਾ ਨਈਂ—ਇਸ ਦੇ ਮਨ ਵਿਚ, ਸੋਚ-ਵਿਚਾਰ ਕਰਨ ਦੇ ਢੰਗ ਵਿਚ, ਆਮ ਆਦਮੀਆਂ ਵਾਲਾ ਕੋਈ ਵੀ ਨੈਤਿਕ ਗੁਣ ਜਾਂ ਸਦ-ਵਿਵੇਕ ਨਈਂ ਏਂ।”
ਉਸ ਪਿੱਛੋਂ ਅੱਗੇ ਉਸਨੇ ਇਹ ਵੀ ਕਿਹਾ, “ਬੇਸ਼ੱਕ ਜੋ ਕੁਛ ਇਸ ਵਿਚ ਨਈਂ, ਉਸ ਲਈ ਅਸੀਂ ਇਸਨੂੰ ਬੁਰਾ-ਭਲ਼ਾ ਕਿਓਂ ਕਹੀਏ? ਜਿਸਨੂੰ ਅਪਣਾਅ ਲੈਣਾ ਆਦਮੀ ਦੇ ਵੱਸ ਵਿਚ ਈ ਨਈਂ, ਉਸਦੇ ਨਾ ਹੋਣ ਦੇ ਲਈ ਕਿਸੇ ਨੂੰ ਦੋਸ਼ੀ ਕਿੰਜ ਠਹਿਰਾਇਆ ਜਾ ਸਕਦਾ ਏ? ਪਰ ਫੇਰ ਵੀ ਦੇਖਣਾ ਇਹ ਐ ਕਿ ਫ਼ੌਜਦਾਰੀ-ਅਦਾਲਤ ਵਿਚ ਜਿਹਨਾਂ ਪੱਕੇ-ਪੂਰੇ ਤੇ ਮਹਾਨ ਆਦਰਸ਼ਾਂ ਦੀ ਲੋੜ ਹੁੰਦੀ ਏ, ਉਹ ਨੇ 'ਨਿਆਂ', 'ਸਹਿਨਸ਼ੀਲਤਾ', ਤੇ 'ਖਿਮਾਂ'। ਸਿਰਫ਼ ਨਿਰਜਿੰਦ ਆਦਰਸ਼ ਨਈਂ। ਖਾਸ ਤੌਰ 'ਤੇ ਇਹ ਨਿਰਦਈ ਨਿਆਂ ਉਸ ਸਮੇਂ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਏ ਜਦੋਂ ਨਰੋਈਆਂ ਤੇ ਸੁੰਦਰ ਭਾਵਨਾਵਾਂ ਦੀ ਕਮੀ ਸਮਾਜ ਦੇ ਲਈ ਸ਼ਰਾਪ ਬਣ ਜਾਵੇ, ਜਿਵੇਂ ਕਿ ਤੁਹਾਡੇ ਸਾਹਮਣੇ ਖੜ੍ਹੇ ਇਸ ਆਦਮੀ ਵਿਚ...।” ਏਨਾ ਕਹਿਣ ਪਿੱਛੋਂ ਪੇਸ਼ੀ ਸਮੇਂ ਕਹੀਆਂ ਸਾਰੀਆਂ ਗੱਲਾਂ ਨੂੰ ਦੁਹਰਾਉਂਦਿਆਂ ਹੋਇਆਂ ਉਸਨੇ ਮਾਂ ਦੇ ਪ੍ਰਤੀ ਮੇਰੇ ਵਿਹਾਰ ਦੀ ਖੱਲ ਫੇਰ ਉਚੇੜਨੀ ਸ਼ੁਰੂ ਕਰ ਦਿੱਤੀ। ਪਰ ਇਸ ਵਾਰੀ ਮੇਰੇ ਅਪਰਾਧ ਨੂੰ ਲੈ ਕੇ ਉਹ ਪਹਿਲਾਂ ਨਾਲੋਂ ਕਿਤੇ ਵੱਧ ਬੋਲਿਆ ਤੇ ਇਸ ਤਰ੍ਹਾਂ ਵਾਲ ਦੀ ਖੱਲ ਲਾਹੁੰਦਾ ਗਿਆ ਕਿ ਮੇਰੇ ਲਈ ਤਾਂ ਗੱਲਾਂ ਦਾ ਸਿਰ ਪੈਰ ਈ ਗ਼ਾਇਬ ਹੋ ਗਿਆ। ਹੋਸ਼ ਰਹਿ ਗਿਆ ਤਾਂ ਸਿਰਫ਼ ਏਨਾ ਕਿ ਗਰਮੀ ਹੌਲੀ-ਹੌਲੀ ਵਧਦੀ ਜਾ ਰਹੀ ਏ।
ਇਕ ਸਥਿਤੀ ਅਜਿਹੀ ਆਈ ਕਿ ਆਖ਼ਰ ਸਰਕਾਰੀ ਵਕੀਲ ਦਾ ਬੋਲਣਾ ਰੁਕਿਆ। ਥੋੜ੍ਹੀ ਦੇਰ ਲਈ ਚੁੱਪ ਵਾਪਰ ਗਈ। ਫੇਰ ਕੰਬਦੀ ਧੀਮੀ ਆਵਾਜ਼ ਵਿਚ ਬੋਲਣ ਲੱਗਾ, “ਸ਼੍ਰੀਮਾਨ ਜੂਰੀ, ਕਲ੍ਹ ਇਹੀ ਅਦਾਲਤ ਅਪਰਾਧ ਦੀ ਦੁਨੀਆਂ ਦੇ ਨੀਚ ਅਪਰਾਧ, ਯਾਨੀ ਕਿ ਪੁੱਤਰ ਦੁਆਰਾ ਪਿਓ ਦੀ ਹੱਤਿਆ 'ਤੇ ਵਿਚਾਰ ਕਰਨ ਵਾਲੀ ਏ। ਇਸਦੀ ਤਾਂ ਮੈਂ ਕਿਸੇ ਤਰ੍ਹਾਂ ਕਲਪਨਾ ਨਈਂ ਕਰ ਸਕਦਾ ਕਿ ਪੁੱਤਰ, ਪਿਓ ਨੂੰ ਮਾਰ ਦਵੇ, ਪਰ ਮੈਂ ਆਸ ਕਰਦਾਂ ਕਿ ਨਿਆਂ ਬਿਨਾਂ ਕਿਸੇ ਰੁ-ਰਵਾਇਤ ਦੇ ਆਪਣਾ ਫਰਜ਼ ਅਦਾਅ ਕਰੇਗਾ। ਪਰ ਨਾਲ-ਨਾਲ ਈ ਮੈਂ ਨਿਰਸੰਕੋਚ ਇਹ ਵੀ ਕਹਿੰਦਾ ਆਂ ਕਿ ਇਸ ਆਦਮੀ ਦੀ ਕਰੂਰਤਾ, ਹਿਰਦੇ ਹੀਣਤਾ ਤੇ ਬੇਹਯਾਈ ਨੂੰ ਦੇਖ ਕੇ ਮੇਰੇ ਦਿਲ ਵਿਚ ਜਿਹੜੀ ਭਿਆਨਕ ਨਫ਼ਰਤ ਜਾਗਦੀ ਏ ਉਸਦੇ ਸਾਹਮਣੇ ਪਿਤਰ-ਹੱਤਿਆ ਦੇ ਅਪਰਾਧ ਦੀ ਸਨਸਨੀ ਮੱਠੀ ਪੈ ਜਾਂਦੀ ਏ।
“ਨੈਤਿਕ ਰੂਪ ਵਿਚ ਆਪਣੀ ਮਾਂ ਦੀ ਮੌਤ ਦਾ ਇਹੀ ਆਦਮੀ ਜ਼ਿੰਮੇਦਾਰ ਏ ਤੇ ਕਿਸੇ ਵੀ ਹਾਲਤ ਵਿਚ ਉਸ ਆਦਮੀ ਨਾਲੋਂ ਉੱਨੀ ਨਈਂ, ਜਿਸਨੇ ਆਪਣੇ ਜਨਮਦਾਤਾ ਪਿਓ ਦੀ ਹੱਤਿਆ ਕਰ ਦਿੱਤੀ। ਇਹ ਵੀ ਉਸੇ ਬਿਰਾਦਰੀ ਵਿਚ ਸ਼ਾਮਲ ਹੋਣ ਦਾ ਹੱਕਦਾਰ ਏ। ਇਕ ਅਪਰਾਧ ਤੋਂ ਈ ਦੂਜੇ ਅਪਰਾਧ ਦਾ ਜਨਮ ਹੁੰਦਾ ਏ, ਇਹ ਸਵੈਸਿੱਧ ਗੱਲ ਏ। ਮੁਜਰਿਮ ਦੋ ਨੇ ਤੇ ਦੋਵਾਂ ਵਿਚੋਂ ਪਹਿਲਾ ਇਹ ਤੁਹਾਡੇ ਸਾਹਮਣੇ ਕਟਹਿਰੇ ਵਿਚ ਏ। ਜੇ ਮੈਨੂੰ ਕਹਿਣ ਦੀ ਆਗਿਆ ਹੋਵੇ ਤਾਂ ਕਹਾਂਗਾ ਕਿ ਇਸ ਨੇ ਉਸ ਦੂਜੇ ਜੁਰਮ ਦਾ ਆਦਰਸ਼ ਸਾਹਮਣੇ ਰੱਖਿਆ ਏ। ਜੀ ਹਾਂ, ਸ਼੍ਰੀਮਾਨ ਜੂਰੀ,” ਇੱਥੇ ਵਕੀਲ ਦੀ ਆਵਾਜ਼ ਉੱਚੀ ਹੋ ਕੇ ਇਕ ਵਿਸ਼ੇਸ਼ ਲਹਿਜੇ ਵਿਚ ਬਦਲ ਗਈ, “ਕਲ੍ਹ ਦੀ ਅਦਾਲਤ ਵਿਚ ਹੱਤਿਆ ਦਾ ਜਿਹੜਾ ਮੁਕੱਦਮਾ ਪੇਸ਼ ਹੋਣ ਵਾਲਾ ਏ, ਉਸਦਾ ਅਸਲ ਅਪਰਾਧੀ ਵੀ ਇਹੋ ਆਦਮੀ ਏਂ, ਜੇ ਇਹ ਕਹਾਂ ਤਾਂ ਮੈਨੂੰ ਵਿਸ਼ਵਾਸ ਏ ਕਿ ਤੁਸੀਂ ਲੋਕ ਇਸਨੂੰ ਮੁਜਰਿਮ ਦੇ ਖ਼ਿਲਾਫ਼ ਮੇਰੀ ਜ਼ਿਆਦਤੀ ਨਈਂ ਮੰਨੋਗੇ ਤੇ ਨਾ ਈ ਇਹ ਸਮਝੋਗੇ ਕਿ ਮੈਂ ਰਾਈ ਦਾ ਪਹਾੜ ਬਣਾ ਰਿਹਾ ਆਂ। ਮੈਨੂੰ ਉਮੀਦ ਏ ਕਿ ਤੁਸੀਂ ਆਪਣਾ ਫ਼ੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਦਿਓਗੇ।”
ਇਸ ਪਿੱਛੋਂ ਸਰਕਾਰੀ ਵਕੀਲ ਮੂੰਹ ਤੋਂ ਪਸੀਨਾ ਪੂੰਝਣ ਲਈ ਰੁਕਿਆ ਤੇ ਫੇਰ ਦੱਸਣ ਲੱਗਾ ਕਿ ਉਸਦਾ ਫਰਜ਼ ਕਿੰਨਾ ਕੁਸੈਲਾ ਤੇ ਕਠੋਰ ਏ, ਪਰ ਬਿਨਾਂ ਮੱਥੇ ਵੱਟ ਪਾਏ ਉਹ ਉਸ ਫਰਜ਼ ਨੂੰ ਪੂਰਾ ਕਰੇਗਾ। “ਮੈਂ ਫੇਰ ਕਹਿੰਦਾ ਆਂ, ਜਿਹਨਾਂ ਲੋਕਾਂ ਦੇ ਮੂਲ ਸਿਧਾਤਾਂ ਦਾ ਇਹ ਆਦਮੀ ਦਿਲ ਖੋਲ੍ਹ ਕੇ ਮਖ਼ੌਲ ਉਡਾਉਂਦਾ ਰਿਹਾ ਏ, ਉਹਨਾਂ ਲੋਕਾਂ ਦੀ ਬਿਰਾਦਰੀ ਵਿਚ ਇਸ ਦੇ ਲਈ ਕੋਈ ਜਗ੍ਹਾ ਨਈਂ। ਇਸ ਵਰਗੇ ਨਿਰਮੋਹੀ ਤੇ ਹਿਰਦੇਹੀਨ ਆਦਮੀ ਨੂੰ ਦਇਆ ਮੰਗਣ ਦਾ ਵੀ ਕੋਈ ਹੱਕ ਨਈਂ। ਮੈਂ ਅਦਾਲਤ ਨੂੰ ਬੇਨਤੀ ਕਰਦਾ ਆਂ ਕਿ ਰਹਿਮ-ਮੁਲਾਹਿਜੇ ਦੇ ਕਾਨੂੰਨ ਦੀ ਰੂ ਨਾਲ ਇਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਜਿਹੀ ਮੰਗ ਕਰਦਿਆਂ ਹੋਇਆਂ ਮੈਨੂੰ ਕੋਈ ਦੁਚਿੱਤੀ ਨਈਂ, ਕੋਈ ਸੰਕੋਚ ਜਾਂ ਝਿਜਕ ਨਈਂ ਏਂ। ਆਪਣੇ ਪੇਸ਼ੇ ਦੇ ਲੰਮੇ ਅਰਸੇ ਦੌਰਾਨ ਅਕਸਰ ਈ ਮੈਨੂੰ ਤੁਸਾਂ ਲੋਕਾਂ ਸਾਹਵੇਂ ਆਪਣੇ ਫਰਜ਼ ਦੀ ਖਾਤਰ ਬਹੁਤ ਵਾਰੀ ਮੌਤ ਦੀ ਸਜ਼ਾ ਦੀ ਮੰਗ ਕਰਨੀ ਪਈ ਏ, ਪਰ ਸੱਚ ਮੰਨੋ ਇਸ ਮੁਕੱਦਮੇ ਵਿਚ ਮੌਤ ਦੀ ਸਜ਼ਾ ਦੀ ਮੰਗ ਕਰਦਿਆਂ ਹੋਇਆਂ ਮੈਂ ਮਨ ਵਿਚ ਜਿਹੜਾ ਹਲਕਾਪਨ ਤੇ ਸੰਤੋਖ ਮਹਿਸੂਸ ਕਰ ਰਿਹਾਂ ਓਹੋ-ਜਿਹਾ ਇਸ ਦੁਖਦਾਈ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਮੈਂ ਕਦੀ ਵੀ ਮਹਿਸੂਸ ਨਈਂ ਕੀਤਾ। ਅਪਰਾਧ ਦੀ ਗੁਰੂਤਾ ਘੱਟ ਕਰਨ ਦੀ ਲਾਚਾਰੀ ਦੀ ਹਾਲਤ ਵਿਚ ਇਹ ਹੱਤਿਆ ਕਤਈ ਨਈਂ ਕੀਤੀ ਗਈ—ਇਸ ਲਈ ਇਸ ਤਰ੍ਹਾਂ ਦੇ ਫ਼ੈਸਲੇ ਦੀ ਮੰਗ ਕਰਕੇ ਮੈਂ ਆਪਣੀ ਆਤਮਾ ਦੀ ਪੁਕਾਰ ਤੇ ਪਵਿੱਤਰ ਕਰਤੱਵ ਦੀ ਜ਼ਿੰਮੇਦਾਰੀ ਈ ਨਈਂ ਨਿਭਾ ਰਿਹਾ, ਨਿਆਂ-ਸੰਗਤ ਕਰੋਧ ਦਾ ਹੁਕਮ ਵੀ ਪੂਰਾ ਕਰ ਰਿਹਾ ਆਂ—ਕਿਉਂਕਿ ਇਸ ਆਦਮੀ ਵਿਚ ਮਨੁੱਖੀ-ਭਾਵਨਾ ਦੀ ਕਿਤੇ ਕੋਈ ਚੰਗਿਆੜੀ ਬਾਕੀ ਨਈਂ ਰਹੀ ਏ।”
ਸਰਕਾਰੀ ਵਕੀਲ ਬੈਠ ਗਿਆ ਪਰ ਇਕ ਲੰਮਾ ਸੰਨਾਟਾ ਜਾਰੀ ਰਿਹਾ। ਇਕ ਤਾਂ ਗਰਮੀ ਤੇ ਦੂਜਾ, ਇਹ ਸਭ ਸੁਣ ਕੇ ਮੈਂ ਹੈਰਾਨੀ ਦੇ ਅਥਾਹ ਸਾਗਰ ਵਿਚ ਗੋਤੇ ਲਾਉਣ ਲੱਗਾ। ਪ੍ਰਧਾਨ ਜੱਜ ਨੇ ਹੌਲੀ-ਜਿਹੀ ਖੰਘੂਰਾ ਮਾਰ ਕੇ ਗਲ਼ਾ ਸਾਫ਼ ਕੀਤਾ ਤੇ ਬੜੀ ਬੁਝੀ-ਜਿਹੀ ਆਵਾਜ਼ ਵਿਚ ਮੈਥੋਂ ਪੁੱਛਿਆ ਕਿ ਇਸ ਬਾਰੇ ਮੈਂ ਤਾਂ ਕੁਝ ਨਹੀਂ ਕਹਿਣਾ? ਮੈਂ ਉੱਠਿਆ। ਕਿਉਂਕਿ ਬੋਲਣ ਦੀ ਲਲਕ ਮਨ ਵਿਚ ਆ ਗਈ ਸੀ, ਇਸ ਲਈ ਜੋ ਵੀ ਮੂੰਹ ਵਿਚ ਆਇਆ ਬੋਲਣ ਲੱਗਾ ਕਿ ਅਰਬ ਨੂੰ ਮਾਰਨ ਦੀ ਮੇਰੀ ਕਤਈ ਨੀਅਤ ਨਹੀਂ ਸੀ। ਇਸ 'ਤੇ ਜੱਜ ਨੇ ਕਿਹਾ ਕਿ 'ਅਦਾਲਤ ਮੇਰੇ ਇਸ ਸਮੇਂ ਦੇ ਬਿਆਨ ਦਾ ਧਿਆਨ ਰੱਖੇਗੀ। ਫੇਰ ਵੀ ਕਿ ਤੁਹਾਡੇ ਵਕੀਲ ਸਾਹਬ ਅਦਾਲਤ ਸਾਹਵੇਂ ਆਪਣੀ ਗੱਲ ਕਹਿਣ, ਇਸ ਤੋਂ ਪਹਿਲਾਂ ਅਸੀਂ ਤੁਹਾਡੇ ਮੂੰਹੋਂ ਈ ਇਹ ਜਾਣਨਾ ਚਾਹਾਂਗੇ ਕਿ ਇਸ ਜੁਰਮ ਦੇ ਪਿੱਛੇ ਆਖ਼ਰ ਤੁਹਾਡੀ ਮੰਸ਼ਾ ਕੀ ਸੀ? ਅਜੇ ਤਕ ਤਾਂ ਤੁਹਾਡੇ ਬਚਾਅ ਦਾ ਕੋਈ ਸਿਰ ਪੈਰ ਈ ਨਜ਼ਰ ਨਈਂ ਆ ਰਿਹਾ।'
ਮੈਂ ਦੱਸਣਾ ਚਾਹਿਆ ਕਿ ਇਹ ਸਭ ਧੁੱਪ ਤੇ ਗਰਮੀ ਕਰਕੇ ਹੋਇਆ, ਪਰ ਮੈਂ ਕੁਝ ਅਜਿਹੀ ਤੇਜ਼ੀ ਨਾਲ ਬੋਲ ਗਿਆ ਕਿ ਸ਼ਬਦ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਪੈ ਗਏ। ਹਾਂ, ਇਹ ਹੋਸ਼ ਮੈਨੂੰ ਜ਼ਰੂਰ ਸੀ ਕਿ ਜੋ ਕੁਝ ਮੈਂ ਕਹਿ ਰਿਹਾ ਹਾਂ, ਸੁਣਨ ਵਾਲਿਆਂ ਨੂੰ ਨਿਰੀ ਬਕਵਾਸ ਲੱਗ ਰਿਹਾ ਏ। ਮੈਂ ਲੋਕਾਂ ਨੂੰ ਮਖੌਲ ਉਡਾਉਂਦਿਆਂ ਹੋਇਆ ਤੇ ਹੀ-ਹੀ ਹੱਸਦਿਆਂ ਹੋਇਆਂ ਵੀ ਸੁਣਿਆਂ।
ਬੜੇ ਨਿਰਾਸ਼ ਭਾਵ ਨਾਲ ਮੇਰੇ ਵਕੀਲ ਸਾਹਬ ਨੇ ਮੋਢੇ ਛੰਡੇ। ਹੁਕਮ ਮਿਲਿਆ ਕਿ ਇਸ ਵਾਰੀ ਉਹ ਅਦਾਲਤ ਸਾਹਵੇਂ ਆਪਣੀ ਗੱਲ ਕਹਿਣ। ਪਰ ਉਹਨਾਂ ਨੇ ਆ ਕੇ ਸਿਰਫ਼ ਏਨਾ ਈ ਕਿਹਾ ਕਿ ਬੜਾ ਵਕਤ ਹੋ ਗਿਆ ਏ, ਇਸ ਲਈ ਸੁਣਵਾਈ ਕਲ੍ਹ ਸ਼ਾਮ ਲਈ ਮੁਲਤਵੀ ਕਰ ਦਿੱਤੀ ਜਾਵੇ। ਜੱਜ ਨੇ ਉਹਨਾਂ ਦੀ ਗੱਲ ਮੰਨ ਲਈ।
ਅਗਲੇ ਦਿਨ ਮੈਨੂੰ ਫੇਰ ਅਦਾਲਤ ਲਿਆਂਦਾ ਗਿਆ। ਰੁਕੀ-ਘੁਟੀ ਹਵਾ ਨੂੰ ਬਿਜਲੀ ਦੇ ਪੱਖੇ ਮਥੀ ਜਾ ਰਹੇ ਸਨ ਤੇ ਜੂਰੀ ਦੇ ਲੋਕ ਹੱਥ ਵਿਚ ਫੜੇ ਛੋਟੇ-ਛੋਟੇ ਰੰਗ-ਬਿਰੰਗੇ ਪੱਖਿਆਂ ਨੂੰ ਹੌਲੀ-ਹੌਲੀ, ਇਕੋ ਚਾਲ ਨਾਲ, ਘੁਮਾਈ ਜਾ ਰਹੇ ਸਨ। ਬਚਾਅ ਦਾ ਭਾਸ਼ਣ ਏਨਾ ਲੰਮਾ ਸੀ ਕਿ ਲੱਗਿਆ ਇਸਦਾ ਕਦੀ ਅੰਤ ਨਹੀਂ ਹੋਵੇਗਾ। ਫੇਰ ਵੀ ਇਕ ਜਗ੍ਹਾ ਮੈਂ ਕੰਨਾ 'ਤੇ ਜ਼ੋਰ ਦੇ ਸੁਣਿਆਂ। ਇਸ ਸਮੇਂ ਵਕੀਲ ਸਾਹਬ ਕਹਿ ਰਹੇ ਸਨ, “ਇਹ ਸਹੀ ਏ ਕਿ ਮੈਂ ਇਕ ਆਦਮੀ ਦੀ ਹੱਤਿਆ ਕੀਤੀ।” ਇਸ ਤਰ੍ਹਾਂ ਜਿੱਥੇ ਮੇਰਾ ਜ਼ਿਕਰ ਆਉਂਦਾ ਉਹ 'ਮੈਂ' ਦਾ ਪ੍ਰਯੋਗ ਕਰਕੇ ਆਪਣੀ ਉਸੇ ਲੈਅ ਵਿਚ ਬੋਲਦੇ ਰਹੇ। ਮੈਨੂੰ ਇਹ ਸਭ ਏਨਾ ਅਜੀਬ ਲੱਗਿਆ ਕਿ ਸੱਜੇ ਪਾਸੇ ਵਾਲੇ ਸਿਪਾਹੀ ਵੱਲ ਝੁਕ ਕੇ ਪੁੱਛਿਆ, “ਇਹ ਕੀ ਮਾਮਲਾ ਏ ਭਰਾ?” ਪਹਿਲਾਂ ਤਾਂ ਉਸਨੇ ਝਿੜਕ ਦਿੱਤਾ, “ਚੁੱਪ ਰਹਿ।” ਪਰ ਫੇਰ ਸਮਝਾਇਆ, “ਇਹੋ ਕਾਇਦਾ ਏ।” ਇਸ ਪਿੱਛੇ ਵੀ ਮੈਨੂੰ ਇਹੋ ਇਕ ਉਦੇਸ਼ ਲੱਗਿਆ ਕਿ ਆਪਣੇ ਮੁਕੱਦਮੇ ਤੋਂ ਜਿੱਥੋਂ ਤੀਕ ਹੋ ਸਕੇ ਮੈਨੂੰ ਦੂਰ ਈ ਰੱਖਿਆ ਜਾਵੇ। ਜਾਂ ਇੰਜ ਕਹਿ ਲਈਏ ਕਿ ਮੇਰੀ ਜਗ੍ਹਾ ਵਕੀਲ ਨੂੰ ਰੱਖ ਕੇ ਖ਼ੁਦ ਮੈਨੂੰ ਤਸਵੀਰ 'ਚੋਂ ਕੱਢ ਕੇ ਬਾਹਰ ਕਰ ਦਿੱਤਾ ਜਾਵੇ। ਪਰ ਖ਼ੈਰ, ਇਸ ਸਭ ਬਾਰੇ ਕੀ ਸੋਚਣਾ? ਮੈਨੂੰ ਤਾਂ ਖ਼ੁਦ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਸ ਸਾਰੀ ਦੁੱਖਦੇਣੀ ਕਾਰਵਾਈ ਤੋਂ, ਇਸ ਅਦਾਲਤੀ ਦੁਨੀਆਂ ਤੋਂ ਹਜ਼ਾਰਾਂ-ਲੱਖਾਂ ਮੀਲ ਦੂਰ ਹਾਂ।
ਚਲੋ ਖ਼ੈਰ, ਮੈਨੂੰ ਆਪਣੇ ਵਕੀਲ ਸਾਹਬ ਏਨੇ ਵੱਧ ਕੱਚੇ ਤੇ ਅਨਾੜੀ ਲੱਗ ਰਹੇ ਸਨ ਕਿ ਹਾਸੀ ਆਉਂਦੀ ਸੀ। ਜਲਦੀ-ਜਲਦੀ ਵਕਤੀ ਜੋਸ਼ ਤੇ ਉਤਰੇਜਨਾ ਭਰੀਆਂ ਦਲੀਲਾਂ ਦੇ ਕੇ ਉਹ ਵੀ ਮੇਰੀ 'ਅੰਤਰ-ਆਤਮਾ' 'ਤੇ ਪਹੁੰਚ ਗਏ ਸਨ। ਪਰ ਮੈਨੂੰ ਸਾਫ਼ ਲੱਗ ਰਿਹਾ ਸੀ ਕਿ ਉਹਨਾਂ ਵਿਚ ਸਰਕਾਰੀ ਵਕੀਲ ਜਿੰਨੀ ਸਿਆਣਪ ਤੇ ਤਿੱਖਪੁਣਾ ਨਹੀਂ ਏਂ।
“ਯੋਰ ਆਨਰ,” ਉਹ ਬੋਲੇ, “ਮੈਂ ਵੀ ਇਸ ਆਦਮੀ ਦੀ ਅੰਤਰ-ਆਤਮਾ ਦਾ ਡੂੰਘਿਆਈ ਨਾਲ ਅਧਿਅਨ ਕੀਤਾ ਏ। ਪਰ ਆਪਣੇ ਵਿਦਵਾਨ ਮਿੱਤਰ, ਸਰਕਾਰੀ ਵਕੀਲ ਵਾਂਗੂੰ ਉੱਥੇ ਕੁਛ ਨਾ ਮਿਲਿਆ ਹੋਵੇ, ਅਜਿਹਾ ਨਈਂ...। ਮੈਨੂੰ ਉੱਥੇ ਬਹੁਤ ਕੁਛ ਮਿਲਿਆ। ਮੈਂ ਝੂਠ ਨਈਂ ਕਹਿੰਦਾ, ਮੈਂ ਮੁਜਰਿਮ ਦੇ ਦਿਮਾਗ਼ ਨੂੰ ਖੁੱਲ੍ਹੀ ਕਿਤਾਬ ਵਾਂਗੂੰ ਪੜ੍ਹਿਆ ਏ।” ਤੇ ਵਕੀਲ ਸਾਹਬ ਨੇ ਜੋ ਕੁਝ ਪੜ੍ਹਿਆ ਸੀ, ਉਹ ਇਹ ਸੀ ਕਿ 'ਮੈਂ ਬੜਾ ਈ ਚੰਗਾ ਨੌਜਵਾਨ ਹਾਂ। ਦ੍ਰਿੜ੍ਹ-ਚਰਿਤਰ, ਮਾਲਕ ਲਈ ਜਾਨ ਦੇਣ ਵਾਲਾ, ਖ਼ੁਦ ਭਲ਼ਾ-ਬੁਰਾ ਸਮਝਣ ਵਾਲਾ ਨੌਕਰ ਹਾਂ। ਸਭ ਜਗ੍ਹਾ ਲੋਕਾਂ ਨੂੰ ਬੜਾ ਪਿਆਰਾ ਹਾਂ ਤੇ ਦੂਜਿਆਂ ਦੀ ਮੁਸੀਬਤ ਵਿਚ ਕੰਮ ਆਉਂਣ ਵਾਲਾ ਆਦਮੀ ਹਾਂ।' ਇਸ ਤਰ੍ਹਾਂ ਆਪਣੇ ਵਕੀਲ ਸਾਹਬ ਅਨੁਸਾਰ ਮੈਂ ਨਿਹਾਇਤ ਈ ਕਰਤੱਵ ਪਾਲਕ ਪੁੱਤਰ ਸੀ ਤੇ ਜਦੋਂ ਤੀਕ ਮੈਥੋਂ ਸਰਿਆ ਮੈਂ ਆਪਣੀ ਮਾਂ ਦੀ ਸੇਵਾ-ਸੰਭਾਲ ਕੀਤੀ। ਪਰ ਫੇਰ ਕਾਫੀ ਸੋਚ-ਵਿਚਾਰ ਪਿੱਛੋਂ ਇਸ ਨਤੀਜੇ 'ਤੇ ਪਹੁੰਚਿਆ ਕਿ ਆਸ਼ਰਮ ਵਿਚ ਭਰਤੀ ਹੋ ਕੇ ਬੁੱਢੀ ਵਧੇਰੇ ਸੁਖ-ਸ਼ਾਂਤੀ ਨਾਲ ਰਹਿ ਸਕੇਗੀ। ਮੇਰੇ ਕੋਲ ਏਨੇ ਸਾਧਨ ਨਹੀਂ ਸਨ ਕਿ ਮੈਂ ਖ਼ੁਦ ਮਾਂ ਦੀ ਇਸ ਤਰ੍ਹਾਂ ਨਾਲ ਸਾਰ-ਸੰਭਾਲ ਕਰ ਸਕਦਾ। ਇਸ ਜਗ੍ਹਾ ਵਕੀਲ ਸਾਹਬ ਨੇ ਇਹ ਵੀ ਕਿਹਾ ਕਿ 'ਮਾਨਯੋਗ ਸ਼੍ਰੀਮਾਨ ਜੂਰੀ, ਮੇਰੇ ਵਿਦਵਾਨ ਮਿੱਤਰ ਨੇ ਜਿਸ ਢੰਗ ਨਾਲ ਇਸ ਆਸ਼ਰਮ ਦਾ ਜ਼ਿਕਰ ਕੀਤਾ ਏ, ਉਸ ਤੋਂ ਮੈਂ ਹੈਰਾਨ-ਪ੍ਰੇਸ਼ਾਨ ਰਹਿ ਗਿਆ। ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਮਹਾਨਤਾ ਦਾ ਸਬੂਤ ਈ ਤੁਹਾਨੂੰ ਚਾਹੀਦਾ ਹੋਵੇ ਤਾਂ ਏਨਾ ਵਿਚਾਰ ਕਰ ਲੈਣਾ ਕਾਫੀ ਹੋਵੇਗਾ ਕਿ ਸਰਕਾਰ ਦੁਆਰਾ ਈ ਇਹਨਾਂ ਸੰਸਥਾਵਾਂ ਨੂੰ ਨੈਤਿਕ ਤੇ ਆਰਥਕ ਉਤਸਾਹ ਤੇ ਸਹਾਇਤਾ ਮਿਲਦੀ ਏ।' ਮੈਂ ਦੇਖਿਆ ਕਿ ਵਕੀਲ ਸਾਹਬ ਨੇ ਅੰਤੇਸ਼ਟੀ ਦਾ ਤਾਂ ਕਿਧਰੇ ਜ਼ਿਕਰ ਈ ਨਹੀਂ ਕੀਤਾ। ਲੱਗਿਆ ਕਿ ਇਹ ਕਾਫੀ ਮਹੱਤਵਪੂਰਨ ਗੱਲ ਤਾਂ ਰਹਿ ਗਈ ਏ। ਪਰ ਉਹਨਾਂ ਦੀ ਲੰਮੀ-ਚੌੜੀ ਪੈਂਤਰੇਬਾਜ਼ੀ, ਅਗਿਣਤ ਦਿਨਾਂ ਤੇ ਘੰਟਿਆਂ ਵਿਚ ਮੇਰੀ ਅੰਤਰ-ਆਤਮਾ ਨੂੰ ਲੈ ਕੇ ਕੀਤੀ ਗਈ ਮੱਥਾ-ਪੱਚੀ ਤੇ ਬਾਕੀ ਦੀਆਂ ਗੱਲਾਂ ਨਾਲ ਮੇਰੀ ਇਹ ਹਾਲਤ ਹੋ ਗਈ ਸੀ ਕਿ ਦਿਮਾਗ਼ ਨੇ ਕੰਮ ਕਰਨਾ ਛੱਡ ਦਿੱਤਾ ਸੀ ਤੇ ਹਰੇਕ ਚੀਜ਼ ਭੂਰੇ-ਭੂਸਲੇ ਤਰਲ ਕੋਹਰੇ ਵਿਚ ਖੁਰਦੀ ਹੋਈ ਨਜ਼ਰ ਆ ਰਹੀ ਸੀ।
ਬਸ, ਆਖ਼ਰੀ ਇਕੋ ਗੱਲ ਈ ਯਾਦ ਏ। ਵਕੀਲ ਸਾਹਬ ਆਪਣੀ ਬਕਵਾਸ ਕਰੀ ਜਾ ਰਹੇ ਸਨ। ਉਦੋਂ ਈ ਅਚਾਨਕ ਸੜਕ ਉੱਤੇ ਆਈਸਕਰੀਮ ਵਾਲੇ ਕਨਸਤਰ ਦਾ ਖੜਕਦਾ ਸੁਣਾਈ ਦਿੱਤਾ। ਸ਼ਬਦਾਂ ਦੇ ਇਸ ਜਾਲ-ਪ੍ਰਵਾਹ ਨੂੰ ਕੱਟਦੀ ਹੋਈ ਤਿੱਖੀ ਆਵਾਜ਼ ਛਿਣ ਭਰ ਲਈ ਆਈ ਤੇ ਮਨ ਅੰਦਰਲੀਆਂ ਯਾਦਾਂ ਦਾ ਬੰਨ੍ਹ ਟੁੱਟ ਗਿਆ...ਇਹ ਯਾਦਾਂ ਉਸ ਜ਼ਿੰਦਗੀ ਦੀਆਂ ਸਨ, ਜਿਹੜੀ ਹੁਣ ਮੇਰੀ ਨਹੀਂ ਸੀ ਰਹੀ। ਉਹਨਾਂ ਦਿਨਾਂ ਦੀਆਂ ਸਨ, ਜਿਹਨਾਂ ਨੇ ਕਦੀ ਨਿਸ਼ਚਿਤ ਤੇ ਛੋਟੇ-ਛੋਟੇ ਸੁਖਾਂ ਵਿਚ ਮੈਨੂੰ ਸੁਖੀ ਰੱਖਿਆ ਸੀ। ਉਹ ਗਰਮੀਆਂ ਦੇ ਦਿਨਾਂ ਦੀ ਅਪਣੱਤ ਤੇ ਉਤਸਾਹ ਭਰੀ ਗੰਧ ਦੀਆਂ ਲਹਿਰਾਂ...ਉਹ ਮੇਰੀਆਂ ਪਿਆਰੀਆਂ ਸੜਕਾਂ ਤੇ ਉਹ ਸ਼ਾਮ ਵਿਚ ਬਦਲਦਾ ਆਸਮਾਨ। ਮੇਰੀ ਦੇ ਤਨ ਦੇ ਕੱਪੜੇ ਤੇ ਉਹ ਅਗਿਣਤ ਝੱਲ-ਵਲਲੇ ਠਹਾਕੇ...ਉਹਨਾਂ ਪਲਾਂ ਦਾ ਸਭ ਕੁਝ ਮੇਰੀਆਂ ਅੱਖਾਂ ਸਾਹਵੇਂ ਭੌਂ ਰਿਹਾ ਸੀ।...ਤੇ ਇੱਥੇ ਇਸ ਸਮੇਂ ਜੋ ਕੁਝ ਵੀ ਸਾਹਮਣੇ ਚੱਲ ਰਿਹਾ ਸੀ ਉਹ ਏਨਾ ਨਿਰਅਰਥ ਤੇ ਬੇਕਾਰ-ਜਿਹਾ ਲੱਗਿਆ, ਜਿਵੇਂ ਮੱਲੋਜੋਰੀ ਮੇਰੇ ਉੱਤੇ ਮੜ੍ਹਿਆ ਜਾ ਰਿਹਾ ਹੋਵੇ। ਮੇਰਾ ਚਿੱਤ ਘਬਰਾਉਣ ਲੱਗਾ। ਮਨ ਵਿਚ ਬਸ ਇਹੀ ਆ ਰਿਹਾ ਸੀ ਕਿ ਜੋ ਵੀ ਹੋਵੇ ਇਸ ਜੰਜਾਲ ਤੋਂ ਜਾਨ ਛੁੱਟੇ, ਤੇ ਮੈਂ ਆਪਣੀ ਕੋਠੜੀ ਵਿਚ ਜਾ ਕੇ ਪੈ ਜਾਵਾਂ...ਲੰਮੀ ਤਾਣ ਕੇ ਖ਼ੂਬ ਸੰਵਾਂ...ਸੁੱਤਾ ਰਹਾਂ...।
ਬੜਾ ਧੀਮਾਂ-ਮੱਧਮ ਜਿਹਾ ਸੁਣਿਆਂ, ਵਕੀਲ ਸਾਹਬ ਆਖ਼ਰੀ ਵਾਰ ਅਪੀਲ ਕਰ ਰਹੇ ਸਨ...:
“ਮਾਣਯੋਗ ਜੂਰੀ ਸ਼੍ਰੀਮਾਨ, ਮੈਨੂੰ ਯਕੀਨ ਏਂ ਕਿ ਤੁਸੀਂ ਚੰਗੇ ਭਲ਼ੇ, ਗੁਣੀ ਤੇ ਮਿਹਨਤੀ ਨੌਜਵਾਨ ਨੂੰ ਸਿਰਫ਼ ਇਸ ਆਧਾਰ 'ਤੇ ਫਾਂਸੀ ਨਈਂ ਦਿਓਗੇ ਕਿ ਇਕ ਮਨਹੂਸ ਘੜੀ, ਉਸਦਾ ਆਪਣੇ-ਆਪ 'ਤੇ ਕਾਬੂ ਨਈਂ ਸੀ ਰਿਹਾ। ਹੁਣ ਜ਼ਿੰਦਗੀ ਭਰ ਲਈ ਜਿਸ ਪਛਤਾਵੇ ਤੇ ਆਤਮ-ਗਲਾਨੀ ਦੀ ਭੱਠੀ ਵਿਚ ਭੁੱਜਣਾ, ਇਸਦੀ ਕਿਸਮਤ ਵਿਚ ਲਿਖ ਦਿੱਤਾ ਗਿਆ ਏ—ਕੀ ਉਹੀ ਸਜ਼ਾ ਇਸ ਦੇ ਲਈ ਕਾਫੀ ਨਈਂ? ਮੈਂ ਬੜੇ ਆਤਮ ਵਿਸ਼ਵਾਸ ਨਾਲ ਤੁਹਾਡੇ ਫ਼ੈਸਲੇ ਦੀ ਉਡੀਕ ਕਰ ਰਿਹਾਂ ਆਂ, ਕਿਉਂਕਿ ਜਾਣਦਾ ਆਂ ਕਿ ਫ਼ੈਸਲਾ ਇਕ ਈ ਏ ਤੇ ਉਹ ਏ ਲਾਚਾਰੀ ਦੀ ਹਾਲਤ ਵਿਚ ਕੀਤੀ ਗਈ ਹੱਤਿਆ...ਇਕ ਅਜਿਹੀ ਪ੍ਰਸਥਿਤੀ ਵਿਚ ਕੀਤਾ ਗਿਆ ਅਪਰਾਧ, ਜਿਸ ਵਿਚ ਅਪਰਾਧ ਦੀ ਗੁਰੂਤਾ ਘੱਟ ਹੋ ਜਾਂਦੀ ਏ।”
ਅਦਾਲਤ ਉੱਠ ਗਈ। ਵਕੀਲ ਸਾਹਬ ਆਪਣੀ ਜਗ੍ਹਾ ਆ ਬੈਠੇ। ਸ਼ਕਲ ਤੋਂ ਥੱਕ ਕੇ ਚੂਰ-ਚੂਰ ਹੋਏ ਲੱਗਦੇ ਸਨ। ਉਹਨਾਂ ਦੇ ਕੁਝ ਸਾਥੀਆਂ ਨੇ ਜਾ-ਜਾ ਕੇ ਉਹਨਾਂ ਨਾਲ ਹੱਥ ਮਿਲਾਏ। ਇਕ ਨੂੰ ਕਹਿੰਦੇ ਸੁਣਿਆਂ, “ਯਾਰ, ਅੱਜ ਤਾਂ ਤੂੰ ਝੰਡੇ ਗੱਡ 'ਤੇ!” ਇਕ ਹੋਰ ਵਕੀਲ ਨੇ ਮੈਥੋਂ ਵੀ ਸਮਰਥਣ ਚਾਹਿਆ, “ਬਈ, ਵਾਹ, ਕਮਾਲ ਕਰ ਦਿੱਤਾ ਨਾ!” ਮੈਂ ਝੂਠ-ਮੂਠ ਈ ਮੰਨ ਲਿਆ। ਵਰਨਾ ਸੱਚਾਈ ਤਾਂ ਇਹ ਸੀ ਕਿ ਮੈਂ ਖ਼ੁਦ ਏਨਾ ਥੱਕ ਗਿਆ ਸੀ ਕਿ ਵਕੀਲ ਸਾਹਬ ਨੇ 'ਕਮਾਲ' ਕੀਤਾ ਜਾਂ ਨਹੀਂ—ਇਹ ਦੱਸਣ ਲਾਇਕ ਈ ਨਹੀਂ ਸੀ ਰਿਹਾ।
ਇਸ ਦੌਰਾਨ ਦਿਨ ਢਲਣ ਲੱਗਾ ਸੀ ਤੇ ਗਰਮੀ ਓਨੀਂ ਨਹੀਂ ਸੀ ਰਹੀ। ਸੜਕ ਵੱਲੋਂ ਸੁਣਾਈ ਦਿੰਦੀਆਂ ਕੁਝ ਆਵਾਜ਼ਾਂ ਤੋਂ ਪਤਾ ਲੱਗਿਆ ਕਿ ਬਾਹਰ ਚਾਰੇ-ਪਾਸੇ ਸ਼ਾਮ ਦੀ ਠੰਢਕ ਫ਼ੈਲ ਗਈ ਏ। ਅਸੀਂ ਸਾਰੇ ਬੈਠੇ-ਬੈਠੇ ਉਡੀਕ ਕਰ ਰਹੇ ਸੀ ਤੇ ਜਿਸ ਗੱਲ ਦੀ ਉਡੀਕ ਕਰ ਰਹੇ ਸੀ, ਅਸਲ ਵਿਚ ਉਸਦਾ ਸੰਬੰਧ ਕਿਸੇ ਹੋਰ ਨਾਲ ਨਹੀਂ, ਮੇਰੇ ਤੇ ਸਿਰਫ਼ ਮੇਰੇ ਨਾਲ ਸੀ। ਮੇਰੇ ਭਵਿੱਖ ਨਾਲ ਸੀ। ਮੈਂ ਕਚਹਿਰੀ ਦੇ ਕਮਰੇ ਵਿਚ ਚਾਰੇ-ਪਾਸੇ ਨਜ਼ਰਾਂ ਘੁਮਾ ਕੇ ਦੇਖਿਆ। ਹੂ-ਬ-ਹੂ ਪਹਿਲੇ ਦਿਨ ਵਰਗਾ ਦ੍ਰਿਸ਼ ਸੀ—ਹਲਕੇ ਕਾਲੇ ਸਲੇਟੀ ਸੂਟ ਵਾਲੇ ਪੱਤਰਕਾਰ ਤੇ 'ਚਾਬੀ-ਭਰੀ ਕਠਪੁਤਲੀ' ਔਰਤ ਨਾਲ ਅੱਖਾਂ ਮਿਲੀਆਂ ਤਾਂ ਯਾਦ ਆਇਆ ਕਿ ਇਸ ਸਾਰੀ ਸੁਣਵਾਈ ਦੇ ਦੌਰਾਨ, ਮੈਂ ਇਕ ਵਾਰੀ ਵੀ ਮੇਰੀ ਨਾਲ ਨਜ਼ਰਾਂ ਮਿਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੂੰ ਭੁੱਲ ਗਿਆ ਹੋਵਾਂ, ਇੰਜ ਵੀ ਨਹੀਂ ਸੀ। ਬਲਕਿ ਮਨ ਹੋਰ ਗੱਲਾਂ ਵਿਚ ਈ ਏਨਾ ਉਲਝਿਆ ਰਿਹਾ ਸੀ ਕਿ ਉਸਦਾ ਖ਼ਿਆਲ ਈ ਨਹੀਂ ਸੀ ਰਿਹਾ। ਹੁਣ ਦੇਖਿਆ ਕਿ ਉਹ ਸੇਲੇਸਤੇ ਤੇ ਰੇਮੰਡ ਦੇ ਵਿਚਕਾਰ ਬੈਠੀ ਸੀ। ਉਸਨੇ ਮੈਨੂੰ ਦੇਖ ਕੇ ਹੌਲੀ-ਜਿਹੀ ਹੱਥ ਹਿਲਾਇਆ, ਜਿਵੇਂ ਕਹਿਣਾ ਚਾਹੁੰਦੀ ਹੋਵੇ ਕਿ 'ਤਾਂ ਆਖ਼ਰਕਾਰ ਉਹ ਛਿਣ ਆ ਈ ਗਿਆ।' ਉਹ ਮੁਸਕਰਾ ਰਹੀ ਸੀ, ਪਰ ਮੈਨੂੰ ਪਤਾ ਸੀ ਮਨ ਬੜਾ ਦੁਖੀ ਤੇ ਚਿੰਤਤ ਏ। ਪਰ ਮੇਰਾ ਦਿਲ ਤਾਂ ਜਿਵੇਂ ਪੱਥਰ ਦਾ ਹੋ ਗਿਆ ਸੀ। ਜਵਾਬ ਵਿਚ ਮੈਥੋਂ ਮੁਸਕਰਾਇਆ ਵੀ ਨਾ ਗਿਆ।
ਜੱਜ ਵਾਪਸ ਆਪੋ-ਆਪਣੀਆਂ ਕੁਰਸੀਆਂ ਉੱਤੇ ਆ ਬੈਠੇ। ਕਿਸੇ ਨੇ ਜੂਰੀਆਂ ਦੇ ਸਾਹਮਣੇ ਇਕ ਲੰਮੀ ਪ੍ਰਸ਼ਨ-ਮਾਲਾ ਪੜ੍ਹ ਕੇ ਸੁਣਾਈ। ਵਿੱਚੋਂ-ਵਿੱਚੋਂ ਮੈਂ ਇਕ ਅੱਧਾ ਸ਼ਬਦ ਸੁਣਿਆਂ—'ਪਹਿਲੋਂ ਤੋਂ ਸੋਚ-ਵਿਚਾਰ ਕੇ ਦਵੈਸ਼ਭਾਵ ਨਾਲ ਕੀਤੀ ਹੱਤਿਆ...ਜੋਸ਼ ਤੇ ਉਤੇਜਨਾ...ਅਪਰਾਧ ਦੀ ਗੁਰੂਤਾ ਘੱਟ ਕਰਨ ਵਾਲੀ ਲਾਚਾਰੀ ਦੀ ਹਾਲਤ...।' ਇਸ ਵਾਰੀ ਜੂਰੀ ਦੇ ਲੋਕ ਉੱਠ ਕੇ ਬਾਹਰ ਚਲੇ ਗਏ। ਮੈਨੂੰ ਫੇਰ ਉਸੇ, ਨਾਲ ਵਾਲੇ, ਕਮਰੇ ਵਿਚ ਲੈ ਆਂਦਾ ਗਿਆ...ਜਿੱਥੇ ਪਹਿਲੋਂ-ਪਹਿਲ ਬੈਠਾਇਆ ਗਿਆ ਸੀ। ਵਕੀਲ ਸਾਹਬ ਮਿਲਣ ਆਏ। ਬੜੀਆਂ ਗੱਲਾਂ ਕਰ ਰਹੇ ਸਨ ਤੇ ਏਨੀ ਨੇੜਤਾ ਤੇ ਅਪਣੱਤ ਦਿਖਾ ਰਹੇ ਸਨ, ਜਿੰਨੀ ਪਹਿਲਾਂ ਕਦੀ ਨਹੀਂ ਸੀ ਦਿਖਾਈ। ਭਰੋਸਾ ਦਿਵਾਇਆ ਕਿ ਸਭ ਠੀਕ-ਠਾਕ ਹੋ ਜਾਵੇਗਾ ਤੇ ਸਿਰਫ਼ ਕੁਝ ਸਾਲ ਦੀ ਸਜ਼ਾ ਜਾਂ ਕਾਲੇ ਪਾਣੀ 'ਤੇ ਈ ਸ਼ਨੀ ਟਲ਼ ਜਾਵੇਗਾ। ਮੈਂ ਪੁੱਛਿਆ, “ਬਿਲਕੁਲ ਬਰੀ ਹੋਣ ਦੀ ਕੋਈ ਸੰਭਾਵਨਾ ਐ ਜਾਂ ਨਈਂ?” ਬੋਲੇ, “ਅਜਿਹੀ ਉਮੀਦ ਤਾਂ ਨਈਂ। ਜਦ ਤਕ ਕੋਈ ਕਾਨੂੰਨੀ ਆਧਾਰ ਨਾ ਹੋਵੇ ਯਕਦਮ ਬਰੀ ਹੋਣ ਦਾ ਕੋਈ ਸਵਾਲ ਨਈਂ ਉਠਦਾ ਤੇ ਕਾਨੂੰਨ ਦਾ ਕੋਈ ਨੁਕਤਾ ਉਹਨਾਂ ਨੇ ਜਾਣ-ਬੁੱਝ ਕੇ ਨਈਂ ਉਠਾਇਆ। ਇਸ ਨਾਲ ਬੇਕਾਰ ਈ ਜੂਰੀ ਦੇ ਦਿਮਾਗ਼ ਵਿਚ ਪਹਿਲਾਂ ਈ ਗ਼ਲਤ-ਫ਼ਹਿਮੀ ਬੈਠ ਜਾਂਦੀ।” ਮੈਂ ਉਹਨਾਂ ਦਾ ਦ੍ਰਿਸ਼ਟੀਕੋਨ ਸਮਝ ਕੇ ਗੱਲ ਮੰਨ ਲਈ। ਮੋਟੇ ਤੌਰ 'ਤੇ ਦੇਖਣ ਨਾਲ ਮੈਨੂੰ ਉਹਨਾਂ ਦੀ ਗੱਲ ਸਹੀ ਲੱਗੀ, ਵਰਨਾ ਮੁਕੱਦਮੇਬਾਜ਼ੀ ਤੇ ਕਾਨੂੰਨੀ ਉਖਾੜ-ਪਛਾੜ ਦਾ ਤਾਂ ਕੋਈ ਅੰਤ ਈ ਨਹੀਂ ਏ। ਵਕੀਲ ਸਾਹਬ ਦੱਸਣ ਲੱਗੇ, “ਖ਼ੈਰ ਜੀ, ਸਾਧਾਰਨ ਢੰਗ ਨਾਲ ਜਿਵੇਂ ਅਪੀਲ ਕੀਤੀ ਜਾਂਦੀ ਏ, ਤੁਸੀਂ ਵੀ ਇਕ ਅਪੀਲ ਕਰ ਦੇਣਾ। ਵਰਨਾ ਮੈਨੂੰ ਤਾਂ ਸੋਲਾਂ ਆਨੇ ਵਿਸ਼ਵਾਸ ਏ ਕਿ ਫ਼ੈਸਲਾ ਤੁਹਾਡੇ ਹਿਤ ਵਿਚ ਈ ਹੋਵੇਗਾ।”
ਅਸੀਂ ਲੋਕ ਕਾਫੀ ਦੇਰ ਤੀਕ—ਕਹਿਣਾ ਚਾਹੀਦਾ ਏ—ਪੌਣੇ ਘੰਟੇ ਨਾਲੋਂ ਵੱਧ ਸਮਾਂ ਉਡੀਕਦੇ ਰਹੇ। ਤਦ ਕਿਤੇ ਜਾ ਕੇ ਇਕ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਵਕੀਲ ਸਾਹਬ ਇਹ ਕਹਿੰਦੇ ਹੋਏ ਚਲੇ ਗਏ, “ਹੁਣ ਜੂਰੀਆਂ ਦਾ ਮੁਖੀ ਜਵਾਬ ਪੜ੍ਹ ਕੇ ਸੁਣਾਵੇਗਾ। ਇਸ ਪਿੱਛੋਂ ਫ਼ੈਸਲਾ ਸੁਣਨ ਲਈ ਤੁਹਾਨੂੰ ਬੁਲਾਇਆ ਜਾਵੇਗਾ।”
ਧੜਾਧੜ ਕੁਝ ਬੂਹੇ ਖੁੱਲ੍ਹੇ। ਕੁਝ ਲੋਕਾਂ ਦੇ ਠਪਠਪ ਪੌੜੀਆਂ ਉਤਰਣ ਦੀ ਆਵਾਜ਼ ਆਈ। ਉਹ ਲੋਕ ਨੇੜੇ ਈ ਸਨ ਜਾਂ ਦੂਰ, ਇਹ ਨਹੀਂ ਪਤਾ। ਇਸ ਪਿੱਛੋਂ ਅਦਾਲਤ ਦੇ ਕਮਰੇ ਵਿਚ ਕਿਸੇ ਦੀ ਇਕ ਲੈਅ ਵਿਚ ਭਿਣਕ-ਭਿਣਕ ਕਰਦੀ ਆਵਾਜ਼ ਸੁਣਾਈ ਦਿੱਤੀ।
ਦੁਬਾਰਾ ਘੰਟੀ ਵੱਜੀ ਤਾਂ ਮੈਂ ਫੇਰ ਬਾਹਰਲੇ ਕਟਹਿਰੇ ਵਿਚ ਆ ਗਿਆ। ਅਦਾਲਤ ਦੇ ਕਮਰੇ ਦੇ ਸੰਨਾਟੇ ਨੇ ਮੈਨੂੰ ਚਾਰੇ ਪਾਸਿਓਂ ਆਪਣੇ ਸ਼ਿਕੰਜੇ ਵਿਚ ਕਸਿਆ ਹੋਇਆ ਸੀ...ਤੇ ਇਸ ਦਮਘੋਟੂ ਸੰਨਾਟੇ ਵਿਚ ਜਦੋਂ ਮੈਂ ਦੇਖਿਆ ਕਿ ਉਹ ਨੌਜਵਾਨ ਪੱਤਰਕਾਰ ਪਹਿਲੀ ਵਾਰ ਮੈਥੋਂ ਨਜ਼ਰਾਂ ਚੁਰਾ ਰਿਹਾ ਏ ਤਾਂ ਇਕ ਅਜੀਬ ਸਨਸਨੀ-ਜਿਹੀ ਮੇਰੇ ਤਨ-ਮਨ ਵਿਚ ਦੌੜ ਗਈ। ਜਿਸ ਪਾਸੇ ਮੇਰੀ ਬੈਠੀ ਸੀ, ਮੈਂ ਉੱਧਰ ਨਹੀਂ ਦੇਖ ਸਕਿਆ। ਵਕਤ ਈ ਨਹੀਂ ਸੀ ਮਿਲਿਆ, ਕਿਉਂਕਿ ਉਦੋਂ ਈ ਪ੍ਰਧਾਨ ਜੱਜ ਨੇ ਇਸ ਕਿਸਮ ਦੀ ਆਪਣੀ ਲੰਮੀ-ਚੌੜੀ ਬਕਵਾਸ ਸੁਣਾਉਣੀ ਸ਼ੁਰੂ ਕਰ ਦਿੱਤੀ ਕਿ 'ਫਰਾਂਸੀਸੀ ਜਨਤਾ ਦੇ ਨਾਂ 'ਤੇ' ਮੈਨੂੰ ਕਿਸੇ 'ਚੌਰਾਹੇ ਵਿਚ ਖੜ੍ਹਾ ਕਰਕੇ' ਮੇਰੀ 'ਗਰਦਨ ਉਡਾਅ ਦਿੱਤੀ ਜਾਵੇ।'
ਉਸ ਸਮੇਂ ਮੈਨੂੰ ਲੱਗਿਆ ਕਿ ਹਾਜ਼ਰ ਲੋਕਾਂ ਦੇ ਚਿਹਰਿਆਂ ਦਾ ਭਾਵ-ਅਰਥ ਮੈਂ ਸਮਝ ਰਿਹਾ ਹਾਂ, ਤੇ ਇਹ ਭਾਵ ਸੀ ਲਗਭਗ ਸਨਮਾਨਭਰੀ ਹਮਦਰਦੀ ਦਾ। ਸਿਪਾਹੀ ਵੀ ਮੇਰੇ ਨਾਲ ਬੜੀ ਨਰਮੀ ਨਾਲ ਵਿਹਾਰ ਕਰ ਰਹੇ ਸਨ। ਵਕੀਲ ਸਾਹਬ ਦਾ ਤਸੱਲੀਆਂ ਦਿੰਦਾ ਹੱਥ ਮੇਰੀ ਬਾਂਹ 'ਤੇ ਟਿਕਿਆ ਹੋਇਆ ਸੀ। ਮੇਰਾ ਦਿਮਾਗ਼ ਉਸ ਸਮੇਂ ਬਿਲਕੁਲ ਸ਼ੁੰਨ ਸੀ। ਮੈਂ ਯਕਦਮ ਸੋਚਣਾ ਬੰਦ ਕਰ ਦਿੱਤਾ ਸੀ। ਜੱਜ ਦੀ ਆਵਾਜ਼ ਪੁੱਛਦੀ ਸੁਣਾਈ ਦਿੱਤੀ, “ਤੁਸੀਂ ਕੁਝ ਹੋਰ ਕਹਿਣਾ ਏਂ?” ਬਿੰਦ ਦਾ ਬਿੰਦ ਸੋਚ ਕੇ ਮੈਂ ਬੋਲਿਆ, “ਜੀ ਨਈਂ।” ਤੇ ਤਦ ਸਿਪਾਹੀ ਮੈਨੂੰ ਬਾਹਰ ਲੈ ਆਏ।

ਪੰਜ :
ਮੈਂ ਹੁਣੇ-ਹੁਣੇ ਜੇਲ੍ਹ ਵਿਚ ਪਾਦਰੀ ਨੂੰ ਤੀਜੀ ਵਾਰੀ ਮਿਲਣ ਤੋਂ ਇਨਕਾਰ ਕੀਤਾ ਏ। ਨਾ ਤਾਂ ਮੇਰੇ ਕੋਲ ਉਸ ਨਾਲ ਕਰਨ ਵਾਲੀ ਕੋਈ ਗੱਲ ਏ ਤੇ ਨਾ ਗੱਲ ਕਰਨ ਨੂੰ ਜੀਅ ਈ ਕਰਦਾ ਏ। ਖ਼ੈਰ ਜੀ, ਬੜੀ ਛੇਤੀ ਮੁਲਾਕਾਤ ਤਾਂ ਹੋਵੇਗੀ ਈ। ਇਹਨੀਂ ਦਿਨੀਂ ਤਾਂ ਮੇਰੀ ਸਾਰੀ ਦਿਲਚਸਪੀ ਇੱਕੋ ਚੀਜ਼ ਵਿਚ ਏ ਕਿ ਕਿੰਜ ਇਸ ਸਾਰੀ ਮਸ਼ੀਨਰੀ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾਵੇ? ਜਾਣਨਾ ਇਹੋ ਚਾਹੁੰਦਾ ਆਂ ਕਿ ਕੀ ਇਸ ਮਾਣਯੋਗ ਹੋਣੀ ਵਿਚ ਕਿਤੇ ਕੋਈ ਗੁੰਜਾਇਸ਼, ਕੋਈ ਦਰਾੜ ਵੀ ਹੈ ਜਾਂ ਨਹੀਂ?
ਮੈਨੂੰ ਦੂਜੀ ਕੋਠੜੀ ਵਿਚੋਂ ਹਟਾਅ ਦਿੱਤਾ ਗਿਆ ਏ। ਇੱਥੇ ਚਿਤ ਲੇਟ ਕੇ ਆਸਮਾਨ ਦਿਖਾਈ ਦਿੰਦਾ ਏ, ਕੁਝ ਹੋਰ ਦੇਖਣ ਵਾਲ ਹੈ ਵੀ ਨਹੀਂ। ਦਿਨ ਦਾ ਮੁਸਾਫ਼ਿਰ ਰਾਤ ਦੀ ਦਿਸ਼ਾ ਵਿਚ ਵਧਦਾ ਜਾ ਰਿਹਾ ਏ। ਤੇ ਆਸਮਾਨ ਦੇ ਇਹਨਾਂ ਬਦਲਦੇ ਰੰਗਾਂ ਨੂੰ ਦੇਖਦਿਆਂ-ਦੇਖਦਿਆਂ ਸਾਰਾ ਸਮਾਂ ਲੰਘ ਜਾਂਦਾ ਏ। ਮੈਂ ਸਿਰ ਦੇ ਹੇਠਾਂ ਹੱਥ ਰੱਖ ਕੇ ਉਤਾਂਹ ਤੱਕਦਾ ਰਹਿੰਦਾ ਹਾਂ...ਤੱਕਦਾ ਰਹਿੰਦਾ ਹਾਂ, ਤੇ ਉਡੀਕਦਾ ਰਹਿੰਦਾ ਹਾਂ...।
ਗੁੰਜਾਇਸ਼ ਜਾਂ ਦਰਾੜ ਲੱਭ ਲੈਣ ਦੀ ਇਹ ਸਮੱਸਿਆ ਭੂਤ ਵਾਂਗ ਸਿਰ 'ਤੇ ਸਵਾਰ ਏ। ਅੱਜ ਕਲ੍ਹ ਤਾਂ ਹਰ ਵੇਲੇ ਇਕੋ ਗੱਲ ਈ ਸੋਚਦਾ ਰਹਿੰਦਾ ਹਾਂ ਕਿ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਈ ਨਹੀਂ ਕਿ ਮੌਤ ਦੀ ਸਜ਼ਾ ਦੇ ਕੈਦੀ ਨਿਆਂ ਦੀ ਨਿਰਦਈ, ਅਮੋਘ (ਖਾਲੀ ਨਾ ਜਾਣ ਵਾਲਾ) ਮਸ਼ੀਨ ਦੇ ਪੰਜੇ 'ਚੋਂ ਛੁੱਟ ਕੇ, ਪੁਲਿਸ ਦੇ ਘੇਰੇ ਨੂੰ ਤੋੜ ਕੇ, ਗਰਦਨ 'ਤੇ 'ਗਿਲੋਟਿਨ' (ਟੋਕਾ) ਵੱਜਣ ਤੋਂ ਪਹਿਲਾਂ ਐਨ ਸਮੇਂ 'ਤੇ ਨੌਂ ਦੋ ਗਿਆਰਾਂ ਹੋ ਗਏ ਹੋਣ? ਮੈਂ ਈ ਜਾਣਦਾ ਹਾਂ ਕਿ ਕਿੰਨਾ ਫਿਟਕਾਰਿਆ ਏ ਮੈਂ ਆਪਣੇ-ਆਪ ਨੂੰ ਕਿ ਸਰੇ-ਬਾਜ਼ਾਰ ਫਾਂਸੀ ਲੱਗਣ ਦੇ ਵੇਰਵਿਆਂ ਵੱਲ ਮੈਂ ਪਹਿਲਾਂ ਕਦੀ ਧਿਆਨ ਕਿਉਂ ਨਹੀਂ ਦਿੱਤਾ। ਹਮੇਸ਼ਾ ਆਦਮੀ ਨੂੰ ਅਜਿਹੀਆਂ ਗੱਲਾਂ ਵਿਚ ਦਿਲਚਸਪੀ ਲੈਂਦੇ ਰਹਿਣਾ ਚਾਹੀਦਾ ਏ—ਕੌਣ ਜਾਣੇ ਕਿਸ ਵੇਲੇ ਕੈਸਾ ਮੌਕਾ ਆ ਜਾਵੇ! ਫਾਂਸੀ ਦੇ ਵਰਨਣ ਮੈਂ ਵੀ ਹੋਰਾਂ ਵਾਂਗ ਅਖ਼ਬਾਰਾਂ ਵਿਚ ਪੜ੍ਹੇ ਨੇ, ਪਰ ਇਸ ਵਿਸ਼ੇ ਦਾ ਤਕਨੀਕੀ ਵਰਨਣ ਕਰਨ ਵਾਲੀਆਂ ਪੁਸਤਕਾਂ ਵੀ ਤਾਂ ਆਖ਼ਰ ਹੋਣਗੀਆਂ ਈ। ਉਹਨਾਂ ਨੂੰ ਲੱਭਣ ਵੱਲ ਮੈਂ ਕਦੀ ਧਿਆਨ ਈ ਨਹੀਂ ਦਿੱਤਾ। ਕੌਣ ਜਾਣੇ ਇਹਨਾਂ ਕਿਤਾਬਾਂ ਵਿਚ ਮੈਨੂੰ ਭੱਜ ਨਿਕਲਣ ਵਾਲਿਆਂ ਦੀਆਂ ਕੁਝ ਕਹਾਣੀਆਂ ਮਿਲ ਜਾਂਦੀਆਂ! ਤੇ ਜਦੋਂ ਉਹ ਕਹਾਣੀਆਂ ਬਚ ਨਿਕਲਣ ਵਾਲਿਆਂ ਦੀਆਂ ਹੁੰਦੀਆਂ ਤਾਂ ਜ਼ਰੂਰ ਈ ਉਹਨਾਂ ਵਿਚ ਦੱਸਿਆ ਗਿਆ ਹੁੰਦਾ ਕਿ ਕਿੰਜ ਇਸ ਮਸ਼ੀਨ ਦੇ ਪਹੀਏ ਇਕ ਵਾਰ ਰੁਕ ਗਏ ਸਨ, ਕਿੰਜ ਘਟਨਾਵਾਂ ਦੀ ਮਾਰੂ ਦੌੜ ਵਿਚ ਸਿਰਫ਼ ਇਕ ਵਾਰੀ—ਕਾਸ਼, ਸਿਰਫ਼ ਇਕ ਵਾਰੀ—ਸੰਯੋਗ ਜਾਂ ਚੰਗੀ ਕਿਸਮਤ ਨੇ ਅਜਿਹਾ ਗੁਲ ਖਿਲਾ ਦਿੱਤਾ ਸੀ ਕਿ ਸਾਰਾ ਨਕਸ਼ਾ ਈ ਬਦਲ ਗਿਆ ਸੀ। ਬਸ, ਮੈਨੂੰ ਤਾਂ ਸਿਰਫ਼ ਇਕ ਉਦਾਹਰਨ ਚਾਹੀਦੀ ਏ। ਇਸ ਤਰ੍ਹਾਂ ਦੀ ਇਕੱਲੀ ਘਟਨਾ ਮੈਨੂੰ ਕਿੰਨੀ ਵੱਡੀ ਤਸੱਲੀ, ਕਿੰਨੀ ਮਾਨਸਿਕ ਸ਼ਾਂਤੀ ਦੇ ਜਾਂਦੀ! ਬਾਕੀ ਰੰਗ ਤਾਂ ਮੇਰੇ ਅਹਿਸਾਸ ਖ਼ੁਦ ਈ ਭਰ ਲੈਂਦੇ। ਅਖ਼ਬਾਰਾਂ ਵਿਚ ਅਕਸਰ ਲੋਕ 'ਸਮਾਜ ਦੇ ਕਰਜ਼ੇ' ਦੀ ਚਰਚਾ ਕਰਦੇ ਨੇ। ਕਹਿੰਦੇ ਨੇ ਕਿ ਅਪਰਾਧੀ ਨੂੰ ਤਾਂ ਹਰ ਹਾਲਤ ਵਿਚ ਕਰਜ਼ਾ ਲਾਹੁਣਾ ਈ ਚਾਹੀਦਾ ਏ। ਪਰ ਇਸ ਤਰ੍ਹਾਂ ਦੀਆਂ ਇਹ ਚਰਚਾਵਾਂ ਕਦੀ ਵੀ ਤਾਂ ਕਲਪਨਾ ਨੂੰ ਨਹੀਂ ਛੂੰਹਦੀਆਂ। ਨਹੀਂ, ਇਹ ਸਭ ਨਹੀਂ। ਮੇਰੇ ਲਈ ਤਾਂ ਬਸ ਇਕੋ ਚੀਜ਼ ਜ਼ਿੰਦਗੀ-ਮੌਤ ਦਾ ਸਵਾਲ ਬਣ ਗਈ ਸੀ ਕਿ ਕਿੰਜ ਇਕੋ ਝਟਕੇ, ਇਕੋ ਹੱਲੇ ਨਾਲ ਅਜਿਹਾ ਕੁਝ ਕਰ ਦਿਆਂ ਕਿ ਇਹਨਾਂ ਲੋਕਾਂ ਦਾ ਇਹ ਖ਼ੂਨੀ ਮਨਸੂਬਾ ਧਰਿਆ ਰਹਿ ਜਾਵੇ। ਛੁੱਟ ਭੱਜਣ ਦੀ ਇਕ ਜਨੂੰਨੀ ਮਹਾ-ਭਗਦੜ ਦੀ ਕਲਪਨਾ ਵਿਚ ਈ ਮੈਨੂੰ ਉਮੀਦ ਦੀ ਇਕ ਕਿਰਨ ਦਿਖਾਈ ਦਿੰਦੀ ਸੀ, ਕੌਣ ਜਾਣੇ ਪਾਸਾ ਈ ਪਲਟ ਜਾਵੇ! ਇਸ (ਆਸ)! ਦਾ ਜੋ ਅੰਤ ਹੋਣਾ ਸੀ ਉਹ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਸੀ—ਭੱਜੇ ਜਾਂਦੇ ਨੂੰ ਕਿਸੇ ਸੜਕ ਦੇ ਮੋੜ 'ਤੇ ਡੇਗ ਲਿਆ ਜਾਂਦਾ ਤੇ ਪਿੱਠ ਵਿਚ ਗੋਲੀ ਮਾਰ ਕੇ ਭੋਗ ਪਾ ਦਿੱਤਾ ਜਾਂਦਾ। ਪਰ ਸਭ ਕੁਝ ਮੰਨਦੇ ਹੋਏ ਵੀ ਇਹ 'ਦੌੜ' ਮੇਰੀ ਕਿਸਮਤ ਵਿਚ ਨਹੀਂ ਸੀ ਲਿਖੀ ਹੋਈ। ਮੈਂ ਤਾਂ ਅਜਿਹੀ ਚੂਹੇਦਾਨੀ ਵਿਚ ਜਾ ਫਸਿਆ ਸੀ ਕਿ ਕੋਈ ਰਸਤਾ ਈ ਨਜ਼ਰ ਨਹੀਂ ਸੀ ਆਉਂਦਾ ਪਿਆ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਹੋਣੀ ਮੇਰੇ ਗਲ਼ੋਂ ਨਹੀਂ ਸੀ ਲੱਥ ਰਹੀ। ਇਸਦਾ ਕਾਰਨ ਸੀ। ਵਿਚਾਰ ਕਰਨ 'ਤੇ ਲੱਗਦਾ ਕਿ ਜਿਸ ਫ਼ੈਸਲੇ ਦੇ ਆਧਾਰ 'ਤੇ ਇਹ ਟਿਕੀ ਹੋਈ ਏ, ਉਸ ਵਿਚ ਤੇ ਫ਼ੈਸਲਾ ਸੁਣਾ ਚੁੱਕਣ ਦੇ ਬਾਅਦ ਸ਼ੁਰੂ ਹੋਣ ਵਾਲੇ ਅਟਲ ਘਟਨਾ ਚੱਕਰ ਵਿਚਾਲੇ ਕੋਈ ਅਨੁਪਾਤ, ਕੋਈ ਸੰਤੁਲਨ, ਈ ਨਹੀਂ ਸੀ ਦਿਖਾਈ ਦਿੰਦਾ। ਉਦਾਹਰਨ ਵਜੋਂ ਪਹਿਲੀ ਗੱਲ ਤਾਂ ਇਹ ਕਿ ਫ਼ੈਸਲਾ ਪੰਜ ਦੀ ਬਜਾਏ ਅੱਠ ਵਜੇ ਪੜ੍ਹ ਕੇ ਸੁਣਾਇਆ ਗਿਆ। ਦੂਜੀ ਗੱਲ ਇਹ ਕਿ ਫ਼ੈਸਲਾ ਇਹ ਨਾ ਹੋ ਕੇ ਕੁਝ ਹੋਰ ਵੀ ਹੋ ਸਕਦਾ ਸੀ। ਤੀਜੀ ਗੱਲ ਇਹ ਕਿ ਇਹ ਫ਼ੈਸਲਾ ਉਹਨਾਂ ਲੋਕਾਂ ਨੇ ਦਿੱਤਾ ਸੀ ਜਿਹੜੇ ਬਾਹਰੀ ਕੱਪੜੇ ਤਾਂ ਹਮੇਸ਼ਾ ਇਕੋ-ਜਿਹੇ ਈ ਪਾਉਂਦੇ ਨੇ, ਪਰ ਅੰਦਰੂਨੀ ਭੇਸ ਬਦਲਦੇ ਰਹਿੰਦੇ ਨੇ। ਚੌਥੀ ਗੱਲ ਇਹ ਕਿ ਫ਼ੈਸਲਾ 'ਫਰਾਂਸੀਸੀ ਜਨਤਾ' ਜਿਹੀ ਨਿਰਾਕਾਰ ਤੇ ਅਸਪਸ਼ਟ-ਜਿਹੀ ਚੀਜ਼ ਦੇ ਨਾਂ 'ਤੇ ਲੱਦਿਆ ਗਿਆ ਸੀ। ਇਹੀ ਜੇ ਮੈਂ ਇਹ ਪੁੱਛਾਂ ਕਿ ਇਹ ਕੰਮ 'ਚੀਨੀ' ਜਾਂ 'ਜਰਮਨ ਜਨਤਾ' ਦੇ ਨਾਂ 'ਤੇ ਕਿਉਂ ਨਹੀਂ ਕੀਤਾ ਗਿਆ ਫੇਰ? ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਸਨ, ਜਿਹਨਾਂ ਨੇ ਮੇਰੀ ਸਮਝ ਅਨੁਸਾਰ ਅਦਾਲਤ ਦੇ ਫ਼ੈਸਲੇ ਦੀ ਗੰਭੀਰਤਾ ਨੂੰ ਧੋ ਦਿੱਤਾ ਸੀ। ਚਲੋ ਖ਼ੈਰ, ਏਨਾ ਜ਼ਰੂਰ ਏ ਕਿ ਫ਼ੈਸਲਾ ਦਿੱਤੇ ਜਾਣ ਦੇ ਛਿਣ ਤੋਂ ਈ ਉਸਦੇ ਸਿੱਟੇ ਤੇ ਪ੍ਰਤੀਕ੍ਰਿਆ ਏਨੀ ਠੋਸ, ਸਪਸ਼ਟ ਤੇ ਤਿੱਖੇ ਰੂਪ ਵਿਚ ਸਾਹਮਣੇ ਆਏ ਕਿ ਮੈਂ ਉਹਨਾਂ ਨੂੰ ਪਛਾਣੇ ਬਿਨਾਂ ਨਹੀਂ ਰਿਹਾ ਤੇ ਸਾਕਾਰ ਇਸ ਰੂਪ ਵਿਚ ਦੇਖਣ ਲੱਗਾ ਜਿਵੇਂ ਇਸ ਕੰਧ ਨੂੰ ਦੇਖਦਾ ਹਾਂ, ਜਿਸ ਨਾਲ ਢੋਅ ਲਾਈ ਬੈਠਾ ਹਾਂ।
ਜਦੋਂ ਇਸ ਤਰ੍ਹਾਂ ਦੇ ਵਿਚਾਰ ਦਿਮਾਗ਼ ਵਿਚ ਆ ਰਹੇ ਸਨ ਤਾਂ ਪਿਤਾ ਜੀ ਦੀ ਇਕ ਕਹਾਣੀ ਯਾਦ ਆ ਗਈ। ਮੈਂ ਤਾਂ ਕਦੀ ਉਹਨਾਂ ਨੂੰ ਅੱਖਾਂ ਨਾਲ ਦੇਖਿਆ ਨਹੀਂ, ਮਾਂ ਈ ਸੁਣਾਉਂਦੀ ਹੁੰਦੀ ਸੀ। ਵੈਸੇ ਵੀ ਮਾਂ ਦੇ ਮੂੰਹੋਂ ਜੋ ਕੁਝ ਸੁਣਿਆਂ ਏ, ਉਹਨਾਂ ਬਾਰੇ ਓਨਾਂ ਈ ਜਾਣਦਾ ਹਾਂ। ਉਸੇ ਸੁਣੇ ਹੋਏ ਵਿਚ ਏ—ਇਕ ਵਾਰੀ ਉਹ ਕਿਸੇ ਹੱਤਿਆਰੇ ਨੂੰ ਫਾਂਸੀ ਲੱਗਦੀ ਦੇਖਣ ਗਏ। ਬਾਅਦ ਵਿਚ ਤਾਂ ਉਸ ਬਾਰੇ ਸੋਚ ਕੇ ਈ ਉਹਨਾਂ ਨੂੰ ਉਲਟੀ ਆ ਜਾਂਦੀ ਸੀ, ਪਰ ਉੱਥੇ ਉਹਨਾਂ ਸ਼ੁਰੂ ਤੋਂ ਅਖ਼ੀਰ ਤੀਕ ਦੇਖਿਆ ਸੀ ਤੇ ਆਉਂਦੇ ਈ ਬੁਰੀ ਤਰ੍ਹਾਂ ਬਿਮਾਰ ਹੋ ਗਏ ਸਨ। ਓਹਨੀਂ ਦਿਨੀਂ ਮੈਨੂੰ ਪਿਤਾ ਜੀ ਦੀ ਇਹ ਗੱਲ ਬੜੀ ਬੇਹੂਦੀ ਲੱਗਦੀ ਸੀ। ਪਰ ਹੁਣ ਸਮਝ ਵਿਚ ਆਇਆ ਕਿ ਉਹ ਗੱਲ ਕਿੰਨੀ ਸੁਭਾਵਕ ਸੀ। ਕਿੰਜ ਉਸ ਸਮੇਂ ਇਹ ਗੱਲ ਮੇਰੇ ਦਿਮਾਗ਼ ਵਿਚ ਨਹੀਂ ਸੀ ਵੜੀ ਕਿ ਸਰੇ-ਆਮ ਫਾਂਸੀ ਲੱਗਣ ਨਾਲੋਂ ਵੱਧ ਮਹੱਤਵਪੂਰਨ ਗੱਲ ਦੁਨੀਆਂ ਵਿਚ ਹੋਰ ਕਿਹੜੀ ਹੋਵੇਗੀ? ਤੇ ਇਹ ਕਿ ਜੇ ਇਕ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹੀ ਇਕ ਚੀਜ਼ ਏ, ਜਿਸ ਵਿਚ ਆਦਮੀ ਦੀ ਸੱਚੀ ਦਿਲਚਸਪੀ ਹੋ ਸਕਦੀ ਏ। ਤੇ ਤੁਰੰਤ ਮੈਂ ਇਹ ਤੈਅ ਕਰ ਲਿਆ ਕਿ ਜੇ ਕਦੀ ਜੇਲ੍ਹ 'ਚੋਂ ਛੁੱਟਿਆ ਤਾਂ ਜਿੱਥੇ-ਜਿੱਥੇ ਵੀ ਫਾਂਸੀ ਲੱਗੇਗੀ ਜ਼ਰੂਰ ਦੇਖਣ ਜਾਵਾਂਗਾ। ਪਰ ਛੁੱਟਣ ਦੀ ਇਸ ਸੰਭਾਵਨਾ ਬਾਰੇ ਸੋਚਣਾ ਈ ਸਭ ਤੋਂ ਵੱਡੀ ਬੇਵਕੂਫ਼ੀ ਸੀ। ਮੈਂ ਕਲਪਨਾ ਕਰਨ ਲੱਗਾ ਜਿਵੇਂ ਮੈ ਸੁਤੰਤਰ ਆਦਮੀ ਹਾਂ ਤੇ ਪੁਲਿਸ ਦੀ ਦੋਹਰੀ ਲਾਈਨ ਦੇ ਪਿੱਛੇ ਯਾਨੀ ਖ਼ਤਰੇ ਤੋਂ ਬਾਹਰ ਸੁਰੱਖਿਅਤ ਜਗ੍ਹਾ 'ਤੇ ਖੜ੍ਹਾ ਫਾਂਸੀ ਦੇ ਦ੍ਰਿਸ਼ ਨੂੰ ਦੇਖ ਰਿਹਾ ਹਾਂ। ਇਸ ਵਿਚਾਰ ਨਾਲ ਈ ਮੇਰਾ ਮਨ ਆਨੰਦ ਤੇ ਖ਼ੁਸ਼ੀ ਨਾਲ ਭਰ ਗਿਆ ਕਿ ਮੈਂ ਵੀ ਤਮਾਸ਼ਾ ਦੇਖਣ ਆਏ ਸੈਂਕੜੇ ਦਰਸ਼ਕਾਂ ਵਿਚੋਂ ਇਕ ਹਾਂ ਤੇ ਨਿੱਡਰ ਭਾਵ ਨਾਲ ਘਰ ਜਾ ਕੇ ਜ਼ਰੂਰ ਉਲਟੀਆਂ ਕਰ ਸਕਦਾ ਹਾਂ। ਪਰ ਇੰਜ ਕਲਪਨਾ ਦੇ ਘੋੜੇ ਦੀਆਂ ਲਗਾਮਾਂ ਢਿੱਲ੍ਹੀਆਂ ਛੱਡਣ ਨਾਲ ਕੀ ਹੱਥ ਆਉਣ ਵਾਲਾ ਸੀ? ਸ਼ੁੱਧ ਸ਼ੇਖ ਚਿੱਲੀਪੁਣਾ ਸੀ। ਸੋ ਕੁਝ ਚਿਰ ਬਾਅਦ ਈ ਮੈਨੂੰ ਕਾਂਬਾ ਛਿੜ ਪਿਆ। ਕੱਸ ਕੇ ਚਾਰੇ ਪਾਸੇ ਕੰਬਲ ਲਪੇਟ ਲਿਆ। ਪਰ ਦੰਦ ਇਸ ਤਰ੍ਹਾਂ ਵੱਜ ਰਹੇ ਸਨ ਕਿ ਰੁਕਣ ਦਾ ਨਾਂ ਈ ਨਹੀਂ ਸੀ ਲੈਂਦੇ ਪਏ।
ਫੇਰ ਵੀ ਇਹ ਜੱਗ-ਜਾਹਰ ਗੱਲ ਏ ਕਿ ਆਦਮੀ ਹਮੇਸ਼ਾ ਅਕਲਮੰਦ ਬਣਿਆਂ ਨਹੀਂ ਰਹਿੰਦਾ। ਸ਼ੇਖ ਚਿੱਲੀ ਵਾਲੀਆਂ ਜੋ-ਜੋ ਗੱਲਾਂ ਮੈਂ ਸੋਚਦਾ ਹੁੰਦਾ ਸੀ, ਉਹਨਾਂ ਵਿਚ ਇਕ ਇਹ ਵੀ ਸੀ ਕਿ ਮੈਂ ਨਵੇਂ-ਨਵੇਂ ਕਾਨੂੰਨ ਬਣਾ ਕੇ ਸਾਰੀਆਂ ਸਜ਼ਾਵਾਂ ਬਦਲ਼ ਦਿਆਂਗਾ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜ਼ਰੂਰਤ ਇਕ ਗੱਲ ਦੀ ਸੀ ਤੇ ਉਹ ਇਹ ਕਿ ਅਪਰਾਧੀ ਨੂੰ ਘੱਟੋਘੱਟ ਇਕ ਮੌਕਾ ਤਾਂ ਜ਼ਰੂਰ ਈ ਦਿੱਤਾ ਜਾਣਾ ਚਾਹੀਦਾ ਏ। ਉਹ ਮੌਕਾ ਭਾਵੇਂ ਕਿੰਨਾ ਵੀ ਮੋਇਆ-ਮੁੱਕਿਆ ਹੋਵੇ। ਪਰ ਹਜ਼ਾਰਾਂ ਵਿਚੋਂ ਇਕ ਮੌਕਾ ਤਾਂ ਬਚਣ ਦਾ ਉਸਨੂੰ ਮਿਲਣਾ ਈ ਚਾਹੀਦਾ ਏ। ਮੰਨ ਲਓ ਕਿਸੇ ਦਵਾ ਜਾਂ ਦਵਾਈ ਦਾ ਮਿਸ਼ਰਨ ਏ, ਨੌਂ ਸੌ ਨੜ੍ਹਿਨਵੇਂ ਵਾਰ 'ਮਰੀਜ਼' ਦੀ (ਮੈਂ ਅਪਰਾਧੀ ਨੂੰ ਮਰੀਜ਼ ਮੰਨ ਕੇ ਈ ਚੱਲਦਾ ਹਾਂ) ਦੀ ਜਾਨ ਲੈ ਸਕਦਾ ਏ—ਤੇ ਇਸ ਗੱਲ ਨੂੰ 'ਮਰੀਜ਼' ਵੀ ਚੰਗੀ ਤਰ੍ਹਾਂ ਜਾਣਦਾ ਏ ਕਿ ਦਵਾਈ ਖਾ ਕੇ ਉਹ ਜਿਊਂਦਾ ਨਹੀਂ ਬਚੇਗਾ। ਹੁਣ ਇਸ ਵਿਚ ਵੀ ਕਿਤੇ ਨਾ ਕਿਤੇ, ਜ਼ਰਾ ਜਿੰਨੀ ਉਮੀਦ ਜਾਂ ਬਚ ਨਿਕਲਣ ਦੇ ਮੌਕੀ ਦੀ ਸੰਭਾਵਨਾ ਤਾਂ ਹੈ ਈ। ਪਰ ਇਸ 'ਗਿਲੋਟਿਨਬਾਜ਼ੀ' ਬਾਰੇ ਮੈਂ ਨਿੱਠ ਕੇ ਕਾਫੀ ਸੋਚ ਵਿਚਾਰ ਕੀਤੀ ਤਾਂ ਦੇਖਿਆ ਕਿ ਇਸ ਵਿਚ ਤਾਂ ਮੌਤ ਦੀ ਸਜ਼ਾ ਵਾਲੇ ਆਦਮੀ ਨੂੰ ਕਿਤੇ ਰੱਤੀ ਭਰ ਵੀ ਕੋਈ ਮੌਕਾ ਨਜ਼ਰ ਨਹੀਂ ਆਉਂਦਾ। ਇਹੀ ਇਸਦੀ ਸਭ ਤੋਂ ਵੱਡੀ ਖ਼ਰਾਬੀ ਏ। ਇੱਥੇ ਤਾਂ ਸਭ ਕੁਝ ਪਹਿਲਾਂ ਈ ਤੈਅ ਕੀਤਾ ਹੁੰਦਾ ਏ ਤੇ ਇਹ ਮੰਨ ਕੇ ਚੱਲਿਆ ਜਾਂਦਾ ਏ ਕਿ ਭਾਵੇਂ ਚੰਦ-ਸੂਰਜ ਟਲ਼ ਜਾਣ ਪਰ 'ਮਰੀਜ਼' ਦੀ ਮੌਤ ਨਹੀਂ ਟਲ਼ ਸਕਦੀ। ਮੰਨ ਲਓ ਕਿਸੇ ਵਾਰੀ ਸੰਯੋਗ ਨਾਲ ਟੋਕਾ ਕੰਮ ਨਾ ਕਰੇ ਤਾਂ ਜੱਲਾਦ ਦੁਬਾਰਾ ਚਲਾਉਣਗੇ। ਇਸ ਤਰ੍ਹਾਂ ਨਤੀਜਾ ਇਹ ਨਿਕਲਿਆ ਕਿ ਕੁਦਰਤ ਦੇ ਭਾਵੇਂ ਕਿੰਨਾ ਈ ਖ਼ਿਲਾਫ਼ ਜਾਂਦਾ ਹੋਵੇ, ਪਰ ਮਰਨ ਵਾਲੇ ਨੂੰ ਇਹ ਮੰਨ ਕੇ ਈ ਚੱਲਣਾ ਚਾਹੀਦਾ ਏ ਕਿ ਮਸ਼ੀਨ ਠੀਕ-ਠਾਕ ਕੰਮ ਕਰ ਰਹੀ ਏ ਤੇ ਉਸ ਵਿਚ ਕਿਤੇ ਕੋਈ ਗੜਬੜ ਨਹੀਂ। ਮੇਰੇ ਖ਼ਿਆਲ ਵਿਚ ਇਹ ਇਸ ਤਰੀਕੇ ਦੀ ਖ਼ਾਮੀ ਏ। ਉਂਜ ਦੇਖਣ ਵਿਚ ਮੇਰੀ ਗੱਲ ਖਾਸੀ ਵਜ਼ਨਦਾਰ ਵੀ ਏ। ਪਰ ਦੂਜੇ ਪੱਖ ਤੋਂ ਦੇਖੀਏ ਤਾਂ ਇਸ ਨਾਲ ਇਸ ਤਰੀਕੇ ਦੀ ਨਿਰਦੋਸ਼ ਕੁਸ਼ਲਤਾ ਈ ਜ਼ਾਹਰ ਹੁੰਦੀ ਏ। ਤਾਂ ਸਭ ਮਿਲਾ ਕੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਫਾਂਸੀ ਲੱਗਣ ਵਾਲੇ ਆਦਮੀ ਨੂੰ ਆਪਣੇ ਮਰਨ ਵਿਚ ਮਾਨਸਿਕ ਰੂਪ ਵਿਚ ਸਹਿਯੋਗ ਦੇਣਾ ਈ ਚਾਹੀਦਾ ਏ ਤੇ ਉਸਦਾ 'ਹਿਤ' ਇਸੇ ਗੱਲ ਵਿਚ ਏ ਕਿ ਫਾਂਸੀ ਦੀ ਇਹ ਸਾਰੀ ਕਿਰਿਆ ਬਿਨਾਂ ਕਿਸੇ ਰੋਕ-ਰੁਕਾਵਟ ਤੋਂ ਪੂਰੀ ਹੋ ਜਾਵੇ। ਦੂਜੀ ਗੱਲ ਮੈਨੂੰ ਇਹ ਸਵੀਕਾਰ ਕਰਨੀ ਪਈ ਕਿ ਅਜੇ ਤੀਕ ਇਸ ਬਾਰੇ ਵਿਚ ਮੇਰੀ ਜਾਣਕਾਰੀ ਬੜੀਆਂ ਗਲਤ-ਮਲਤ ਗੱਲਾਂ ਨਾਲ ਭਰੀ ਹੋਈ ਸੀ। ਕਾਰਨ ਨਹੀਂ ਜਾਣਦਾ ਪਰ ਮੈਂ ਤਾਂ ਹਮੇਸ਼ਾ ਇਹੀ ਸੋਚਦਾ ਹੁੰਦਾ ਸੀ ਕਿ ਪਹਿਲਾਂ ਪੌੜੀ ਰਾਹੀਂ ਮਚਾਨ 'ਤੇ ਚੜ੍ਹਾ ਦਿੰਦੇ ਨੇ, ਫੇਰ ਉੱਥੇ 'ਗਲੋਟਿਟ' ਨਾਲ ਗਲ਼ਾ ਕੱਟ ਦਿੱਤਾ ਜਾਂਦਾ ਏ। 1789 ਦੀ ਰਾਜ-ਕਰਾਂਤੀ ਬਾਰੇ ਮੈਂ ਸਕੂਲ ਵਿਚ ਜੋ ਕੁਝ ਪੜ੍ਹਿਆ ਸੀ ਤੇ ਜਿਹੜੇ ਚਿੱਤਰ ਦੇਖੇ ਸੀ, ਸ਼ਾਇਦ ਉਸੇ ਆਧਾਰ 'ਤੇ ਇਹ ਖ਼ਿਆਲ ਮਨ ਨੂੰ ਜਚ ਗਿਆ ਸੀ। ਫੇਰ ਇਕ ਦਿਨ ਸਵੇਰੇ-ਸਵੇਰੇ ਮੈਨੂੰ ਇਕ ਤਸਵੀਰ ਦਾ ਚੇਤਾ ਆਇਆ। ਇਕ ਅਖ਼ਬਾਰ ਨੇ ਕਿਸੇ ਪ੍ਰਸਿੱਧ ਅਪਰਾਧੀ ਨੂੰ ਫਾਂਸੀ ਲੱਗਣ ਮੌਕੇ ਦਾ ਤਸਵੀਰਾਂ ਸਮੇਤ ਲੇਖ ਛਾਪਿਆ ਸੀ, ਉਸ ਵਿਚ ਇਹ ਤਸਵੀਰ ਵੀ ਛਾਪੀ ਸੀ। ਇੱਥੇ ਤਾਂ ਟੋਕੇ ਵਾਲੀ ਮਸ਼ੀਨ ਜ਼ਮੀਨ 'ਤੇ ਈ ਖੜ੍ਹੀ ਸੀ ਤੇ ਜਿੰਨੀ ਚੌੜੀ ਮੈਂ ਸੋਚੀ ਸੀ, ਉਸ ਨਾਲੋਂ ਕਾਫੀ ਘੱਟ ਚੌੜੀ ਸੀ। ਮੈਨੂੰ ਤਾਂ ਮਸ਼ੀਨ ਵਿਚ ਵੀ ਅਜਿਹੀ ਕੋਈ ਖਾਸ ਗੱਲ ਨਹੀਂ ਸੀ ਲੱਗੀ। ਇਹ ਦੇਖ ਕੇ ਵੀ ਮੈਨੂੰ ਬੜਾ ਅਜੀਬ-ਜਿਹਾ ਲੱਗਿਆ ਕਿ ਅੱਜ ਤੀਕ ਇਸ ਮਸ਼ੀਨ ਦਾ ਮੈਨੂੰ ਖ਼ਿਆਲ ਕਿਉਂ ਨਹੀਂ ਸੀ ਆਇਆ। ਉਸ ਤਸਵੀਰ ਵਿਚ ਜਿਸ ਚੀਜ਼ ਨੇ ਸਭ ਤੋਂ ਵੱਧ ਮੇਰਾ ਧਿਆਨ ਖਿੱਚਿਆ, ਉਹ ਸੀ ਟੋਕੇ ਵਾਲੀ ਮਸ਼ੀਨ ਦੀ ਸਾਫ਼-ਸੁਥਰੀ ਸ਼ਕਲ। ਉਸਦੀ ਚਮਕ ਤੇ ਬਣਾਵਟ ਦੀ ਸਫ਼ਾਈ ਦੇਖ ਕੇ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਦੀ ਯਾਦ ਆਉਂਦੀ ਸੀ। ਆਦਮੀ ਜਿਸ ਬਾਰੇ ਕੁਝ ਨਹੀਂ ਜਾਣਦਾ, ਉਸਨੂੰ ਖ਼ੂਬ ਵਧਾਅ-ਚੜਾਅ ਕੇ ਸੋਚਦਾ ਏ। ਪਰ ਇਸ ਸਮੇਂ ਮੈਨੂੰ ਮੰਨਣਾ ਪਿਆ ਕਿ ਗਿਲੋਟਿਨ ਨਾਲ ਗਰਦਨ ਵੱਢਣਾ ਤਾਂ ਬੜਾ ਈ ਆਸਾਨ ਤੇ ਸਿੱਧਾ ਏ। ਜਿਸ ਤਲ ਤੇ ਆਦਮੀ ਖੜ੍ਹਾ ਹੁੰਦਾ ਏ, ਉਸੇ 'ਤੇ ਮਸ਼ੀਨ ਹੁੰਦੀ ਏ ਤੇ ਉਹ ਮਸ਼ੀਨ ਵੱਲ ਇੰਜ ਕਦਮ ਵਧਾਉਂਦਾ ਏ ਜਿਵੇਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ ਜਾ ਰਿਹਾ ਹੋਵੇ। ਪਰ ਇਕ ਤਰ੍ਹਾਂ ਨਾਲ ਇਹ ਗੁਨਾਹ-ਬੇਲੱਜ਼ਤ ਈ ਏ। ਮਚਾਨ 'ਤੇ ਚੜ੍ਹਨਾ, ਭਾਵ ਦੁਨੀਆਂ ਨੂੰ ਹੇਠਾਂ ਛੱਡ ਕੇ ਉੱਚਾ ਉੱਠਣਾ—ਕਲਪਨਾ ਨੂੰ ਕੁਝ ਤਾਂ ਸਹਾਰਾ ਦਿੰਦਾ ਈ ਏ। ਤੇ ਇੱਥੇ? ਇੱਥੇ ਤਾਂ ਲੈ ਦੇ ਕੇ ਮਸ਼ੀਨ ਈ ਸਭ ਉੱਤੇ ਛਾਈ ਰਹਿੰਦੀ ਏ। ਹਲਕੀ-ਜਿਹੀ ਸ਼ਰਮ, ਪਰ ਬੇਹੱਦ ਹੁਸ਼ਿਆਰੀ ਨਾਲ ਅਪਰਾਧੀ ਨੂੰ ਫੜ੍ਹਿਆ ਤੇ ਬੜੀ ਸਫ਼ਾਈ ਨਾਲ ਉਸਦੀ ਗਰਦਨ ਲਾਹ ਦਿੱਤੀ।
ਅਗਲੀ ਸਵੇਰ ਦਾ ਚੜ੍ਹਨਾ ਤੇ ਮੇਰੀ ਅਪੀਲ, ਇਹ ਦੋ ਗੱਲਾਂ ਹੋਰ ਸੀ ਜਿਹਨਾਂ ਦਾ ਖ਼ਿਆਲ ਹਮੇਸ਼ਾ ਮੇਰੇ ਦਿਮਾਗ਼ 'ਤੇ ਛਾਇਆ ਰਹਿੰਦਾ ਸੀ। ਉਂਜ ਕੋਸ਼ਿਸ਼ ਮੈਂ ਬੜੀ ਕਰਦਾ ਸੀ ਕਿ ਆਪਣੇ ਮਨ ਨੂੰ ਇਹਨਾਂ ਵਿਚਾਰਾਂ ਤੋਂ ਲਾਂਭੇ ਰੱਖਾਂ। ਚਿੱਤ ਲੇਟ ਜਾਂਦਾ ਤੇ ਮਨ ਨੂੰ ਘੇਰ-ਘੂਰ ਕੇ ਆਕਾਸ਼ ਦਾ ਅਧਿਅਨ ਕਰਨ ਵਿਚ ਉਲਝਾਈ ਰੱਖਦਾ। ਚਾਨਣ ਹਰਾ ਹੋਣ ਲੱਗਦਾ ਤਾਂ ਸਮਝ ਲੈਂਦਾ ਹੁਣ ਰਾਤ ਹੋਵੇਗੀ। ਵਿਚਾਰਾਂ ਦੇ ਪ੍ਰਵਾਹ ਨੂੰ ਠੱਲੀ ਰੱਖਣ ਲਈ ਦੂਜਾ ਕੰਮ ਮੈਂ ਆਪਣੇ ਦਿਲ ਦੀ ਧੜਕਣ ਸੁਣਨ ਦਾ ਕਰਦਾ। ਸੋਚਿਆ ਈ ਨਹੀਂ ਸੀ ਕਿ ਏਨੇ ਦਿਨ-ਰਾਤ ਮੇਰੀ ਛਾਤੀ ਵਿਚ ਚੱਲਦੀ ਰਹਿਣ ਵਾਲੀ ਇਹ ਨਾਜ਼ੁਕ-ਮਲੂਕ ਧੜਕਣ ਅਚਾਨਕ ਕਿਸੇ ਦਿਨ ਬੰਦ ਵੀ ਹੋ ਜਾਵੇਗੀ। ਕਲਪਨਾ ਕਦੀ ਮੇਰੇ ਸੁਭਾ ਦਾ ਮੁੱਖ ਗੁਣ ਨਹੀਂ ਰਹੀ, ਫੇਰ ਵੀ ਮੈਂ ਦੇਖ ਲੈਣ ਦੀ ਕੋਸ਼ਿਸ਼ ਕਰਦਾ ਕਿ ਇਕ ਦਿਨ ਜਦੋਂ ਮੇਰੇ ਦਿਲ ਦੀ ਇਹ ਧੜਕਣ ਦਿਮਾਗ਼ ਨੂੰ ਲਹਿਰਾਂ-ਤਰੰਗਾਂ ਭੇਜਣੀਆਂ ਬੰਦ ਕਰ ਦਵੇਗੀ, ਉਦੋਂ ਮੈਨੂੰ ਕਿੰਜ ਲੱਗੇਗਾ! ਦਿਮਾਗ਼ ਕੰਮ ਈ ਨਹੀਂ ਸੀ ਕਰਦਾ। ਉੱਥੇ ਤਾਂ ਅਗਲੇ ਪਹੁ-ਫੁਟਾਲਾ ਤੇ ਆਪਣੀ ਅਪੀਲ ਛਾਈ ਹੁੰਦੀ ਤੇ ਉਦੋਂ ਇਹ ਮੰਨ ਕੇ ਮੈਂ ਹਥਿਆਰ ਸੁੱਟ ਦਿੰਦਾ ਕਿ ਵਿਚਾਰ-ਪ੍ਰਵਾਹ ਨੂੰ ਕੁਦਰਤੀ ਮਾਰਗ ਤੋਂ ਜਬਰਦਸਤੀ ਹਟਾਉਣ ਦੀ ਕੋਸ਼ਿਸ਼ ਕਰਨਾ ਸਰਾਸਰ ਬੇਵਕੂਫ਼ੀ ਏ।
ਏਨਾ ਮੈਨੂੰ ਪਤਾ ਸੀ ਕਿ ਬੁਲਾਵਾ ਹਮੇਸ਼ਾ ਸਵੇਰੇ-ਸਵਖਤੇ ਈ ਆਉਂਦਾ ਏ, ਇਸ ਲਈ ਸਾਰੀ ਰਾਤ ਸੱਚਮੁੱਚ ਪਹੁ-ਫੁਟਾਲੇ ਦੀ ਉਡੀਕ ਵਿਚ ਜਾਗਦਿਆਂ ਈ ਬੀਤਦੀ। ਮੈਨੂੰ ਇਹ ਕਤਈ ਚੰਗਾ ਨਹੀਂ ਸੀ ਲੱਗਦਾ ਕਿ ਅਚਾਨਕ ਕੋਈ ਗੱਲ ਹੋਵੇ ਤੇ ਮੈਂ ਬੌਂਦਲ-ਭੰਵਤਰ ਜਾਵਾਂ। ਚਾਹੁੰਦਾ ਹਾਂ ਮੇਰੇ ਨਾਲ ਕੁਝ ਵੀ ਕਿਉਂ ਨਾ ਹੋਵੇ, ਮੈਂ ਹਮੇਸ਼ਾ ਕਮਰ-ਕਸੀ ਤਿਆਰ ਖੜ੍ਹਾ ਮਿਲਾਂ। ਇਸ ਲਈ ਦਿਨੇ ਮਾੜੀ-ਮੋਟੀ ਝਪਕੀ ਲੈਣ ਤੇ ਸਾਰੀ ਰਾਤ ਜਾਗ ਕੇ ਕਾਲੇ ਆਸਮਾਨੀ ਗੁੰਬਦ ਵਿਚ ਪਹੁ-ਫੁਟਾਲੇ ਤੋਂ ਪਹਿਲਾਂ ਦੇ ਆਸਾਰ ਲੱਭਣ ਦੀ ਆਦਤ ਪਾ ਲਈ ਸੀ। ਸਭ ਨਾਲੋਂ ਵੱਧ ਦੁੱਖਦਾਈ ਸਮਾਂ ਮੇਰੇ ਲਈ ਰਾਤ ਦਾ ਉਹ ਧੁੰਦਲਾ, ਅਨਿਸ਼ਚਿਤ ਪਹਿਰ ਹੁੰਦਾ ਸੀ, ਜਦੋਂ ਕਿਹਾ ਜਾਂਦਾ ਏ, ਬੁਲਾਉਣ ਲਈ ਆਉਂਦੇ ਨੇ। ਇਕ ਵਾਰੀ ਤਾਂ ਮੈਂ ਅੱਧੀ ਰਾਤ ਨੂੰ ਈ ਕੰਨ ਖੜ੍ਹੇ ਕਰਕੇ ਬਾਹਰਲੀ ਬਿੜਕ ਲੈਣ ਲੱਗ ਪਿਆ ਸੀ। ਮੇਰੇ ਕੰਨਾਂ ਨੇ ਐਨੇ ਤਰ੍ਹਾਂ ਦੀਆਂ ਆਵਾਜ਼ਾਂ, ਏਨੀਆਂ ਮੱਧਮ ਆਹਟਾਂ ਸ਼ਾਇਦ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਸੁਣੀਆਂ, ਜਿੰਨੀਆਂ ਹੁਣ ਸੁਣਨ ਲੱਗ ਪਏ ਨੇ। ਪਰ ਏਨਾਂ ਕਹਾਂਗਾ ਕਿ ਇਸ ਮਾਮਲੇ ਵਿਚ ਗਨੀਮਤ ਇਹੋ ਰਹੀ ਕਿ ਇਸ ਦੌਰਾਨ ਮੈਂ ਕਦੀ ਕਿਸੇ ਦੇ ਕਦਮਾਂ ਦੀ ਪੈੜਚਾਲ ਨਹੀਂ ਸੁਣੀ। ਮਾਂ ਕਹਿੰਦੀ ਹੁੰਦੀ ਸੀ ਕਿ ਆਦਮੀ ਕਿਸੇ ਵੀ ਵੱਡੀ ਤੋਂ ਵੱਡੀ ਮੁਸੀਬਤ ਵਿਚ ਕਿਉਂ ਨਾ ਹੋਵੇ, ਉਸਦਾ ਮਨ ਸਹਾਰੇ ਦੇ ਲਈ ਸੁਖ ਦੀ ਕੋਈ ਨਾ ਕੋਈ ਢੋਈ ਲੱਭ ਈ ਲੈਂਦਾ ਏ। ਰੋਜ਼ ਸਵੇਰੇ-ਸਵਖਤੇ ਈ ਜਦੋਂ ਆਸਮਾਨ ਰੋਸ਼ਨੀ ਨਾਲ ਜਗਮਗਾਉਣ ਲੱਗਦਾ ਤੇ ਮੇਰੇ ਕਮਰੇ ਵਿਚ ਚਾਨਣ ਦਾ ਹੜ੍ਹ ਆ ਜਾਂਦਾ, ਉਸ ਛਿਣ ਮੈਨੂੰ ਉਸਦੀ ਗੱਲ ਸਹੀ ਲੱਗਣ ਲੱਗਦੀ, ਕਿਉਂਕਿ ਉਸ ਸਮੇਂ ਕਿਸੇ ਦੇ ਵੀ ਕਦਮਾਂ ਦਾ ਖੜਾਕ ਸੁਣਾਈ ਦੇ ਸਕਦਾ ਸੀ ਤੇ ਹਰ ਪਲ ਮੈਨੂੰ ਲੱਗਦਾ ਸੀ ਕਿ ਹੁਣੇ ਮੇਰਾ ਦਿਲ ਚੂਰ-ਚੂਰ ਹੋ ਜਾਵੇਗਾ। ਪੱਤਾ ਵੀ ਖੜਕਦਾ ਤਾਂ ਮੈਂ ਦੌੜ ਕੇ ਦਰਵਾਜ਼ੇ ਦੇ ਠੰਢੇ-ਠੰਢੇ ਖੁਰਦਰੇ ਕਾਠ ਨਾਲ ਕੰਨ ਲਾ ਕੇ ਸੁਣਨ ਲੱਗਦਾ ਕਿ ਕੋਈ ਆ ਰਿਹਾ ਏ ਕਿ? ਤੇ ਇਸ ਆਹਟ ਏਨੇ ਧਿਆਨ ਨਾਲ ਸੁਣਦਾ ਕਿ ਕੁੱਤੇ ਵਾਂਗ ਕਾਹਲੀ-ਕਾਹਲੀ ਵਗਦੇ, ਖਰਰ-ਖਰਰ ਕਰਦੇ ਆਪਣੇ ਈ ਸਾਹ ਸੁਣਾਈ ਦੇਣ ਲੱਗਦੇ। ਪਰ ਜਿਵੇਂ-ਤਿਵੇਂ ਆਖ਼ਰ ਉਹ ਸਮਾਂ ਵੀ ਬੀਤ ਜਾਂਦਾ, ਮੇਰੀ ਛਾਤੀ ਪਾਟਨੋਂ ਬਚ ਜਾਂਦੀ ਤੇ ਮੈਨੂੰ ਸਾਹ ਲੈਣ ਲਈ ਫੇਰ ਚੌਵੀ ਘੰਟੇ ਦਾ ਸਮਾਂ ਮਿਲ ਜਾਂਦਾ।
ਹੁਣ ਬਾਕੀ ਸਾਰਾ ਦਿਨ ਦਿਮਾਗ਼ ਵਿਚ ਅਪੀਲ ਦੀ ਗੱਲ ਘੁੰਮਦੀ ਰਹਿੰਦੀ। ਜੋ ਕੁਝ ਹੱਥ ਵਿਚ ਸੀ, ਉਸਨੂੰ ਦੇਖਦਿਆਂ ਹੋਇਆਂ, ਉਸੇ ਵਿਚੋਂ, ਵੱਧ ਤੋਂ ਵੱਧ ਉਮੀਦ ਦਿਲਾਸਾ ਨਿਚੋੜ ਲੈਣ ਦੀ ਨੀਅਤ ਨਾਲ ਮੈਂ ਇਕ ਤਰਕੀਬ ਹੋਰ ਸੋਚ ਲਈ। ਮੈਂ ਪਹਿਲਾਂ ਮਾੜੇ ਤੋਂ ਮਾੜੇ ਸਿੱਟੇ ਬਾਰੇ ਸੋਚ ਲੈਂਦਾ ਫੇਰ ਅੱਗੇ ਵਧਦਾ, ਜਿਵੇਂ—ਮੰਨ ਲਓ, ਮੇਰੀ ਅਪੀਲ ਖਾਰਜ ਹੋ ਗਈ ਏ, ਯਾਨੀ ਹੁਣ ਤਾਂ ਮਰਨ ਦੇ ਸਿਵਾਏ ਕੋਈ ਹੋਰ ਚਾਰਾ ਈ ਨਹੀਂ। ਭਾਵ ਹੋਰਨਾਂ ਤੋਂ ਪਹਿਲਾਂ ਬੋਰੀਆ-ਬਿਸਤਰਾ ਸਮੇਟਨਾ ਪਵੇਗਾ। ਇਹੀ ਮੈਂ ਮਨ ਈ ਮਨ ਆਪਣੇ-ਆਪ ਨੂੰ ਚਿਤਾਵਨੀ ਦਿੰਦਾ, 'ਪਰ ਇਹ ਤਾਂ ਬੱਚਾ-ਬੱਚਾ ਜਾਣਦਾ ਏ ਕਿ ਜ਼ਿੰਦਗੀ ਜਿਊਣ ਦੇ ਕਾਬਿਲ ਨਈਂ।' ਤੇ ਉਦੋਂ ਮੈਂ ਜ਼ਰਾ ਉਤਾਂਹ ਉੱਠ ਕੇ ਦੇਖਦਾ ਤਾਂ ਲੱਗਦਾ ਕਿ ਆਦਮੀ ਤੀਹ ਦਾ ਮਰੇ ਜਾਂ ਸੱਤਰਾਂ ਦਾ ਹੋ ਕੇ ਮਰੇ, ਇਸ ਨਾਲ ਕੀ ਫਰਕ ਪੈਂਦਾ ਏ? ਹੋਰ ਔਰਤਾਂ-ਮਰਦ ਤਾਂ ਰਹਿਣਗੇ ਈ—ਦੁਨੀਆਂ ਜਿਵੇਂ ਚੱਲਦੀ ਏ, ਚੱਲਦੀ ਰਹੇਗੀ। ਦੂਜਾ, ਮਰਾਂ ਅੱਜ ਜਾਂ ਅੱਜ ਤੋਂ ਚਾਰ ਸਾਲ ਬਾਅਦ—ਮਰਨਾ ਤਾਂ ਇਕ ਦਿਨ ਹੈ ਈ। ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਚਿੰਤਨ ਨਾਲ ਜਿੰਨੀ ਸ਼ਾਂਤੀ ਮਿਲਣੀ ਚਾਹੀਦੀ ਸੀ, ਓਨੀਂ ਨਹੀਂ ਸੀ ਮਿਲਦੀ। ਜ਼ਿੰਦਗੀ ਦੇ ਜਿੰਨੇ ਸਾਲ ਜਿਊਂ ਤੇ ਭੋਗ ਕੇ ਕੱਟਣੇ ਨੇ, ਉਹਨਾਂ ਦਾ ਖ਼ਿਆਲ ਈ ਦਿਲ ਵਿਚ ਹੂਕ ਪੈਦਾ ਕਰ ਦਿੰਦਾ ਸੀ। ਖ਼ੈਰ, ਇਸ 'ਤੇ ਤਾਂ ਮੈਂ ਮਨ ਨੂੰ ਤਰਕ-ਵਿਤਰਕ ਕਰਕੇ ਸਮਝਾ ਲੈਂਦਾ—ਸੋਚਦਾ, ਮੰਨ ਲਓ ਇਕ ਦਿਨ ਮੇਰੀ ਉਮਰ ਪੂਰੀ ਹੋ ਗਈ ਤੇ ਮੌਤ ਨੇ ਮੈਨੂੰ ਚਾਰੇ ਪਾਸਿਓਂ ਘੇਰ ਲਿਆ...ਉਦੋਂ ਕੀ ਹੋਵੇਗਾ? ਅੱਛਾ, ਜਦੋਂ ਇਹੀ ਤੈਅ ਏ ਕਿ ਮੌਤ ਤੋਂ ਕੋਈ ਛੁਟਕਾਰਾ ਨਹੀਂ ਤਾਂ ਫੇਰ ਮੌਤ ਦਾ ਰੂਪ ਭਾਵੇਂ ਕੋਈ ਵੀ ਹੋਵੇ—ਸਿੱਟਾ ਤਾਂ ਉਹੀ ਹੁੰਦਾ ਏ। ਜੋ ਹੋਵੇ, ਮੈਨੂੰ ਆਪਣੀ ਅਪੀਲ ਦੇ ਖਾਰਜ ਹੋ ਜਾਣ ਬਾਰੇ ਸੁਣਨ ਲਈ ਹਰ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਏ। ਪਰ ਇਸ 'ਜੋ ਹੋਵੇ' ਤੀਕ ਪਹੁੰਚਣ ਦੀ ਤਰਕ-ਪ੍ਰਣਾਲੀ ਨੂੰ ਰਸਤੇ ਵਿਚ ਈ ਭੰਗ ਨਾ ਹੋਣ ਦੇਣਾ, ਕੋਈ ਆਸਾਨ ਕੰਮ ਨਹੀਂ ਸੀ।
ਇਸ ਤਰ੍ਹਾਂ ਜਦੋਂ ਇਹਨਾਂ ਸਾਰੀਆਂ ਸਥਿਤੀਆਂ ਲਈ ਮਨ ਨੂੰ ਤਿਆਰ ਕਰਦਾ ਹੋਇਆ ਮੈਂ ਇਸ ਜਗ੍ਹਾ ਆ ਪਹੁੰਚਦਾ ਉਦੋਂ ਕਿਤੇ ਜਾ ਕੇ ਆਪਣਾ ਇਹ 'ਅਧਿਕਾਰ' ਮੰਨਦਾ, ਯਾਨੀ ਮਨ ਨੂੰ ਏਨੀ ਛੋਟ ਦਿੰਦਾ ਕਿ ਹੁਣ ਦੂਜੀ ਗੱਲ 'ਤੇ ਵਿਚਾਰ ਕਰ ਲਿਆ ਜਾਵੇ ਕਿ ਅੱਛਾ ਮੰਨ ਲਓ ਮੇਰੀ ਅਪੀਲ ਮੰਨ ਲਈ ਗਈ। ਉਸ ਸਮੇਂ ਤਨ ਮਨ ਵਿਚ ਜਿਹੜਾ ਆਨੰਦ ਤੇ ਸੁਖ ਦਾ ਫੁਆਰਾ ਫੁੱਟ ਪਵੇਗਾ, ਅੱਖਾਂ 'ਚੋਂ ਅੱਥਰੂ ਵਹਿਣ ਲੱਗਣਗੇ—ਉਸ ਸਭ ਨੂੰ ਸੰਭਾਲ ਸਕਣਾ ਵੀ ਤਾਂ ਇਕ ਮੁਸੀਬਤ ਹੋਵੇਗੀ। ਪਰ ਭਾਵੇਂ ਜੋ ਵੀ ਹੋਏ, ਪਸਲੀਆਂ ਨੂੰ ਤੋੜ ਕੇ ਬਾਹਰ ਆਉਂਦੇ ਦਿਲ ਉੱਤੇ ਕਾਬੂ ਰੱਖਣ, ਬੇਕਾਬੂ ਹੁੰਦੇ ਮਨ ਨੂੰ ਸੰਭਾਲਨ ਦਾ ਕੰਮ ਤਾਂ ਕਰਨਾ ਈ ਪਵੇਗਾ। ਕਿਉਂਕਿ ਅਪੀਲ ਮੰਨ ਲਓ ਮੰਜੂਰ ਵੀ ਹੋ ਜਾਵੇ—ਫੇਰ ਵੀ ਇਸ ਤਰ੍ਹਾਂ ਦੀ ਸੰਭਾਵਨਾ ਤੀਕ ਆਉਣ ਲਈ ਵਿਚਾਰਾਂ ਨੂੰ ਤਰਤੀਬ-ਬੱਧ ਤਾਂ ਕਰਨਾ ਈ ਚਾਹੀਦਾ ਏ—ਵਰਨਾ ਅਪੀਲ ਖਾਰਜ ਹੋ ਜਾਣ ਵਾਲੀ ਪਹਿਲੀ ਤਰਕ-ਪ੍ਰਣਾਲੀ ਦੇ ਸਾਹਵੇਂ ਇਸ ਉਮੀਦ ਦਾ ਆਧਾਰ ਬੜਾ ਈ ਲੁੱਟਰ ਲੱਗੇਗਾ। ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਮਨ ਨੂੰ ਸਮਝਾ ਲੈਂਦਾ ਉਦੋਂ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ। ਸ਼ਾਂਤੀ ਮਿਲਦੀ—ਇਹੀ ਗਨੀਮਤ ਸੀ।
ਇਕ ਵਾਰੀ ਫੇਰ ਜਦੋਂ ਮੈਂ ਪਾਦਰੀ ਨੂੰ ਮਿਲਣ ਤੋਂ ਇਨਕਾਰ ਕੀਤਾ ਸੀ—ਉਹ ਇਸੇ ਸਭ ਉਧੇੜ-ਬੁਣ ਦਾ ਸਮਾਂ ਸੀ। ਮੈਂ ਪਿਆ-ਪਿਆ ਦੇਖ ਰਿਹਾ ਸੀ ਕਿ ਸਾਰੇ ਆਸਮਾਨ ਵਿਚ ਨਰਮ-ਨਰਮ ਸੁਨਹਿਰੀ ਪੈਰਾਂ ਦੇ ਪੰਜੇ ਫ਼ੈਲਾ ਕੇ ਗਰਮੀਆਂ ਦੀ ਠੰਢੀ ਸ਼ਾਮ ਉਤਰਦੀ ਆ ਰਹੀ ਏ। ਮੇਰੀ ਅਪੀਲ ਖਾਰਜ ਹੋ ਚੁੱਕੀ ਸੀ ਤੇ ਮੈਨੂੰ ਇੰਜ ਲੱਗ ਰਿਹਾ ਸੀ ਮੰਨ ਲਓ ਮੇਰੀਆਂ ਨਸਾਂ ਵਿਚ ਦੌੜਦੇ ਖ਼ੂਨ ਦੀ ਗਤੀ ਬੜੀ ਧੀਮੀ ਹੋ ਗਈ ਏ। ਨਹੀਂ, ਮੈਂ ਕਿਸੇ ਪਾਦਰੀ-ਵਾਦਰੀ ਨੂੰ ਨਹੀਂ ਮਿਲਣਾ।...ਪਤਾ ਨਹੀਂ ਕਿੰਨੇ ਦਿਨ ਹੋ ਗਏ, ਮੈਂ ਕਦੀ ਮੇਰੀ ਬਾਰੇ ਕੁਝ ਨਹੀਂ ਸੋਚਿਆ, ਸੋ ਹੁਣ ਪਤਾ ਨਹੀਂ ਕਿਉਂ ਮੇਰੀ ਦੀਆਂ ਗੱਲਾਂ ਚੇਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯੁੱਗ ਬਤੀ ਗਏ—ਉਸਦੀ ਕੋਈ ਚਿੱਠੀ ਨਹੀਂ ਆਈ। ਕੌਣ ਜਾਣੇ ਮੌਤ ਦੀ ਸਜ਼ਾ ਵਾਲੇ ਆਦਮੀ ਦੀ ਪ੍ਰੇਮਿਕਾ ਬਣੀ ਰਹਿਣਾ ਉਸ ਲਈ ਵੀ ਅਸਹਿ ਹੋ ਗਿਆ ਹੋਵੇ...ਜਾਂ ਹੋ ਸਕਦਾ ਏ ਬਿਮਾਰ ਈ ਪੈ ਗਈ ਹੋਵੇ। ਦੁਨੀਆਂ ਵਿਚ ਆਖ਼ਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਨੇ। ਪਰ ਮੈਨੂੰ ਪਤਾ ਲੱਗੇ ਤਾਂ ਕਿੰਜ ਲੱਗੇ? ਸਾਡੇ ਦੋਵਾਂ ਦੇ ਸਰੀਰਾਂ ਨੂੰ ਛੱਡ ਕੇ ਵਿਚਕਾਰ ਕੋਈ ਅਜਿਹਾ ਸੂਤਰ ਵੀ ਤਾਂ ਨਹੀਂ ਏਂ ਜਿਹੜਾ ਦੋਵਾਂ ਨੂੰ ਇਕ ਦੂਜੇ ਦੀ ਯਾਦ ਦਿਵਾਉਂਦਾ ਰਹੇ—ਸੋ ਦੋਵੇਂ ਸਰੀਰ ਹੁਣ ਅਲੱਗ-ਅਲੱਗ ਹੋ ਗਏ ਨੇ। ਹੁਣ ਮੰਨ ਲਓ, ਉਹ ਮਰ ਈ ਗਈ ਹੋਵੇ ਤਾਂ ਉਸਦੀ ਯਾਦ ਨੂੰ ਉੱਤੇ ਲਵਾਂ ਜਾਂ ਹੇਠ ਵਿਛਾਵਾਂ? ਮਰੀ ਕੁੜੀ ਵਿਚ ਮੈਨੂੰ ਕੀ ਦਿਲਚਸਪੀ ਹੋਵੇਗੀ? ਆਪਣਾ ਇਸ ਤਰ੍ਹਾ ਸੋਚਣਾ, ਮੈਨੂੰ ਬਹੁਤਾ ਅਸੁਭਾਵਿਕ ਵੀ ਨਹੀਂ ਸੀ ਲੱਗਦਾ। ਆਖ਼ਰ ਮੈਂ ਆਪਣੇ ਬਾਰੇ ਵੀ ਤਾਂ ਸੋਚਦਾ ਈ ਸੀ ਕਿ ਮਰਦਿਆਂ ਈ ਲੋਕ ਮੈਨੂੰ ਭੁੱਲ-ਭੱਲ ਜਾਣਗੇ। ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਇਸ ਗੱਲ ਨੂੰ ਹਜ਼ਮ ਕਰ ਸਕਣਾ ਮੁਸ਼ਕਿਲ ਹੋ ਜਾਵੇਗਾ। ਦੁਨੀਆਂ ਵਿਚ ਅਜਿਹੀ ਕਿਹੜੀ ਚੀਜ਼ ਏ, ਜਿਸਦਾ ਆਦਮੀ ਕਦੀ ਨਾ ਕਦੀ ਆਦੀ ਨਹੀਂ ਹੋ ਜਾਂਦਾ?
ਇੱਥੋਂ ਤੀਕ ਪਹੁੰਚਿਆ ਸੀ ਕਿ ਪਾਦਰੀ ਨੇ ਬਿਨਾਂ ਕੋਈ ਖੜਾਕ, ਆਹਟ ਜਾਂ ਆਵਾਜ਼ ਕੀਤੇ ਅੰਦਰ ਪ੍ਰਵੇਸ਼ ਕੀਤਾ। ਦੇਖ ਕੇ ਮੈਂ ਤ੍ਰਬਕ ਗਿਆ। ਮੈਨੂੰ ਇੰਜ ਤ੍ਰਬਕ ਕੇ ਉਠਦਿਆਂ ਦੇਖ ਕੇ ਈ ਉਹ ਯਕਦਮ ਬੋਲਿਆ, “ਘਬਰਾਓ ਨਾ, ਮੈਂ ਆਇਆ ਆਂ।” ਮੈਂ ਦੱਸਿਆ ਕਿ ਉਸਦੇ ਆਉਣ ਦਾ ਸਮਾਂ ਸਵੇਰੇ ਹੋਰ ਹੁੰਦਾ ਏ ਤੇ ਉਹ ਮੌਕਾ ਕਾਫੀ ਖ਼ਤਰਨਾਕ ਮੰਨਿਆਂ ਜਾਂਦਾ ਏ। ਪਾਦਰੀ ਇਸ 'ਤੇ ਬੋਲਿਆ ਕਿ ਉਹ ਤਾਂ ਉਂਜ ਈ ਦੋਸਤਾਨਾ ਤੌਰ 'ਤੇ ਆ ਗਿਆ ਏ। ਉਸਦੇ ਆਉਣ ਤੇ ਅਪੀਲ ਖਾਰਜ ਹੋਣ ਵਾਲੀ ਗੱਲ ਦਾ ਆਪੋ ਵਿਚ ਕੋਈ ਸੰਬੰਧ ਨਹੀਂ...ਤੇ ਉਹ ਤਾਂ ਮੇਰੀ ਅਪੀਲ ਬਾਰੇ ਕੁਝ ਜਾਣਦਾ ਵੀ ਨਹੀਂ। ਏਨਾਂ ਦੱਸ ਕੇ ਉਹ ਮੇਰੇ ਸੌਣ ਵਾਲੇ ਤਖ਼ਤ ਉੱਤੇ ਈ ਬੈਠ ਗਿਆ ਤੇ ਮੈਨੂੰ ਵੀ ਆਪਣੇ ਕੋਲ ਈ ਬੈਠ ਜਾਣ ਲਈ ਕਿਹਾ। ਮੈਨੂੰ ਆਦਮੀ ਸ਼ਕਲ ਤੋਂ ਕਾਫੀ ਨਰਮ ਦੇ ਖ਼ੁਸ਼ਮਿਜਾਜ਼ ਲੱਗਾ। ਹਾਲਾਂਕਿ ਮਨ ਵਿਚ ਉਸਦੇ ਖ਼ਿਲਾਫ਼ ਕੁਝ ਵੀ ਨਹੀਂ ਸੀ, ਫੇਰ ਵੀ ਮੈਂ ਮਨ੍ਹਾਂ ਕਰ ਦਿੱਤਾ।
ਪਹਿਲਾਂ ਤਾਂ ਉਹ ਗੋਡਿਆਂ 'ਤੇ ਕੁਹਣੀਆਂ ਰੱਖੀ, ਹੱਥਾਂ ਨੂੰ ਇਕਟੱਕ ਦੇਖਦਾ ਬੁੱਤ ਵਾਂਗ ਬੈਠਾ ਰਿਹਾ। ਹੱਥ ਬੜੇ ਪਤਲੇ ਪਤਲੇ ਤੇ ਸੁਤੇ-ਸੁਤੇ ਜਿਹੇ ਸਨ, ਪਰ ਕਾਫੀ ਮਜ਼ਬੂਤ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਦੋ ਛੋਟੇ-ਛੋਟੇ ਫੁਰਤੀਲੇ ਜਾਨਵਰਾਂ ਦਾ ਖ਼ਿਆਲ ਆਇਆ। ਫੇਰ ਉਹ ਆਪਸ ਵਿਚ ਦੋਵੇਂ ਹੱਥੇਲੀਆਂ ਰਗੜਨ ਲੱਗਾ। ਪਰ ਜਿਵੇਂ ਦਾ ਤਿਵੇਂ ਬੈਠਾ ਰਿਹਾ, ਇੱਥੋਂ ਤੀਕ ਕਿ ਕੁਝ ਚਿਰ ਲਈ ਮੈਂ ਭੁੱਲ ਈ ਗਿਆ ਕਿ ਉਹ ਉੱਥੇ ਬੈਠਾ ਏ।
ਅਖ਼ੀਰ ਝਟਕੇ ਨਾਲ ਸਿਰ ਚੁੱਕ ਕੇ ਉਸਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ। ਪੁੱਛਿਆ, “ਮੈਨੂੰ ਮਿਲਣ ਕਿਉਂ ਨਈਂ ਆਉਣ ਦੇਣਾ ਚਾਹੁੰਦੇ ਸੌਂ?”
ਮੈਂ ਦੱਸ ਦਿੱਤਾ ਕਿ ਮੈਂ ਈਸ਼ਵਰ ਨੂੰ ਨਹੀਂ ਮੰਨਦਾ।
“ਸੱਚਮੁੱਚ, ਤੁਹਾਨੂੰ ਪੱਕਾ ਵਿਸ਼ਵਾਸ ਏ?”
ਮੈਂ ਬੋਲਿਆ, “ਇਸ ਬਾਰੇ ਸਿਰ ਖਪਾਉਣ ਦਾ ਮੈਨੂੰ ਕੋਈ ਸਾਰ ਨਜ਼ਰ ਨਈਂ ਆਉਂਦਾ। ਇਸ ਲਈ ਈਸ਼ਵਰ ਨੂੰ ਮੰਨਾਂ ਜਾਂ ਨਾ ਮੰਨਾਂ, ਇਹ ਸਵਾਲ ਮੇਰੇ ਲਈ ਬੇਕਾਰ ਏ।”
ਇਸ ਪਿੱਛੋਂ ਦੋਵੇਂ ਹੱਥ ਪੱਟਾਂ ਉੱਤੇ ਰੱਖਦੇ ਹੋਏ ਉਸਨੇ ਪਿੱਛੇ ਕੰਧ ਨਾਲ ਢੋਅ ਲਾ ਲਿਆ। ਫੇਰ ਇਸ ਤਰ੍ਹਾਂ ਬੋਲਿਆ ਜਿਵੇਂ ਮੈਨੂੰ ਨਾ ਕਹਿ ਕੇ ਕਿਸੇ ਹੋਰ ਨੂੰ ਕਹਿ ਰਿਹਾ ਹੋਵੇ ਕਿ ਇਕ ਗੱਲ ਉਸਨੇ ਅਕਸਰ ਈ ਦੇਖੀ ਏ। ਅਸਲੀਅਤ ਵਿਚ ਜਦੋਂ ਕਿਸੇ ਆਦਮੀ ਦਾ ਕਿਸੇ ਗੱਲ 'ਚ ਵਿਸ਼ਵਾਸ ਨਹੀਂ ਹੁੰਦਾ, ਉਦੋਂ ਵੀ ਉਸਨੂੰ ਇੰਜ ਲੱਗਦਾ ਏ ਜਿਵੇਂ ਉਸ 'ਚ ਉਸਦਾ ਪੱਕਾ ਵਿਸ਼ਵਾਸ ਏ। ਉਸਦੀ ਇਸ ਗੱਲ 'ਤੇ ਵੀ ਜਦੋਂ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਮੇਰੇ ਵੱਲ ਦੇਖ ਕੇ ਪੁੱਛਿਆ, “ਤੁਸੀਂ ਇਹ ਨਈਂ ਮੰਨਦੇ?”
ਮੈਂ ਕਿਹਾ ਕਿ ਹੋ ਸਕਦਾ ਏ ਇੰਜ ਹੁੰਦਾ ਹੋਵੇ, ਪਰ ਮੈਂ ਤਾਂ ਆਪਣੀ ਬਾਰੇ ਜਾਣਦਾ ਹਾਂ। ਹੋ ਸਕਦਾ ਏ ਮੈਂ ਇਹ ਗੱਲ ਨਾ ਜਾਣਦਾ ਹੋਵਾਂ ਕਿ ਮੇਰੀ ਦਿਲਚਸਪੀ ਕਿਸ ਚੀਜ਼ ਵਿਚ ਏ, ਪਰ ਇਹ ਮੈਂ ਜ਼ਰੂਰ ਜਾਣਦਾ ਹਾਂ ਕਿ ਕਿਸ ਚੀਜ਼ ਵਿੱਚ ਮੇਰੀ ਕਤਈ ਦਿਲਚਸਪੀ ਨਹੀਂ।
ਉਸਨੇ ਨਜ਼ਰਾਂ ਦੂਜੇ ਪਾਸੇ ਫੇਰ ਲਈਆਂ, ਪਰ ਬਿਨਾਂ ਆਸਨ ਬਦਲੇ ਪੁੱਛਿਆ ਕਿ ਕੀ ਮੇਰੇ ਇੰਜ ਕਹਿਣ ਪਿੱਛੇ ਬੇਹੱਦ ਨਿਰਾਸ਼ਾ ਤੇ ਬੇਬਸੀ ਮਹਿਸੂਸ ਕਰਨ ਦੀ ਭਾਵਨਾ ਤਾਂ ਨਹੀਂ ਏਂ? ਮੈਂ ਉਸਨੂੰ ਸਮਝਾਇਆ ਕਿ ਬੇਬਸੀ ਤੇ ਨਿਰਾਸ਼ਾ ਤਾਂ ਮੈਂ ਕਤਈ ਮਹਿਸੂਸ ਨਹੀਂ ਕਰਦਾ, ਹਾਂ ਡਰ ਜ਼ਰੂਰ ਲੱਗਦਾ ਏ, ਸੋ ਇਹ ਬੜਾ ਸੁਭਾਵਿਕ ਏ।
“ਤਦ ਤਾਂ ਉਸ ਹਾਲਤ ਵਿਚ,” ਉਸਨੇ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸਿਰਫ਼ ਈਸ਼ਵਰ ਈ ਤੁਹਾਨੂੰ ਬਚਾਅ ਸਕਦਾ ਏ। ਤੁਹਾਡੀ ਅਵਸਥਾ ਵਾਲੇ ਜਿੰਨੇ ਲੋਕ ਮੈਂ ਦੇਖੇ ਨੇ, ਉਹ ਸਭ ਦੁੱਖ ਸਮੇਂ ਈਸ਼ਵਰ ਦੀ ਸ਼ਰਣ ਵਿਚ ਈ ਆਏ ਨੇ।”
ਮੈਂ ਜਵਾਬ ਦਿੱਤਾ, “ਉਹਨਾਂ ਨੂੰ ਮਨ ਆਈ ਕਰਨ ਦੀ ਛੂਟ ਏ। ਖ਼ੈਰ ਜੀ, ਮੈਂ ਕਿਸੇ ਤੋਂ ਬਲ਼-ਛਲ਼ ਨਈਂ ਲੈਣਾ। ਤੇ ਜਿਸ ਚੀਜ਼ ਵਿਚ ਮੇਰੀ ਦਿਲਚਸਪੀ ਈ ਨਈਂ...ਉਸ ਵਿਚ ਦਿਲਚਸਪੀ ਲੈਣ ਲਈ ਮੇਰੇ ਕੋਲ ਫੁਰਸਤ ਵੀ ਨਈਂ।”
ਹਿਰਖ ਵੱਸ ਉਸਨੇ ਦੋਵੇਂ ਹੱਥ ਛੰਡੇ ਤੇ ਸਿੱਧਾ ਬੈਠ ਕੇ ਆਪਣੇ ਲਿਬਾਦੇ ਦੀਆਂ ਸਿਲਵਟਾਂ ਠੀਕ ਕਰਨ ਲੱਗਾ। ਜਦੋਂ ਠੀਕ ਕਰ ਚੁੱਕਿਆ ਤਾਂ ਮੈਨੂੰ 'ਦੋਸਤ-ਦੋਸਤ' ਕਹਿ ਕੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਦੱਸਣ ਲੱਗਾ ਕਿ ਕਿਤੇ ਮੈਂ ਇਹ ਨਾ ਸਮਝਣ ਲੱਗਾਂ ਕਿ ਮੈਨੂੰ ਸਜ਼ਾਏ ਮੌਤ ਮਿਲੀ ਏ, ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਏ। ਨਹੀਂ, ਬਲਕਿ ਉਸਦਾ ਤਾਂ ਇਹ ਯਕੀਨ ਏ ਕਿ ਧਰਤੀ 'ਤੇ ਰਹਿਣ ਵਾਲੇ ਹਰ ਸਖ਼ਸ਼ ਨੂੰ ਸਜ਼ਾਏ-ਮੌਤ ਮਿਲੀ ਹੋਈ ਏ।
ਇੱਥੇ ਮੈਂ ਉਸਨੂੰ ਟੋਕ ਦਿੱਤਾ, 'ਇਕ ਤਾਂ ਮੇਰੀ ਤੇ 'ਹਰ ਸਖ਼ਸ਼' ਦੀ ਗੱਲ ਇਕੋ ਨਈਂ, ਦੂਜਾ, ਜੇ ਹਰ ਸਖ਼ਸ਼ ਨੂੰ ਸਜ਼ਾਏ-ਮੌਤ ਮਿਲੀ ਹੋਈ ਏ ਤਾਂ ਉਸਦਾ ਮੈਨੂੰ ਕੀ ਭਾਅ?'
ਉਸਨੇ ਸਿਰ ਹਿਲਾ ਕੇ ਮੇਰੀ ਗੱਲ ਮੰਨੀ ਤੇ ਕਿਹਾ, “ਅੱਛਾ, ਹੋ ਸਕਦਾ ਏ, ਤੁਹਾਨੂੰ ਇਸਦਾ ਕੋਈ ਭਾਅ ਨਾ ਹੋਵੇ, ਮੰਨ ਲਓ ਤਸੀਂ ਅੱਜ ਨਾ ਮਰੋਂ ਤਾਂ ਕਿਸੇ ਨਾ ਕਿਸੇ ਦਿਨ ਤਾਂ ਮਰੋਂਗੇ ਈ। ਇਹ ਸਵਾਲ ਉਦੋਂ ਵੀ ਉੱਠੇਗਾ। ਉਸ ਵੇਲੇ ਤੁਸੀਂ ਉਸ ਭਿਆਨਕ ਛਿਣ ਦਾ ਸਾਹਮਣਾ ਕਿੰਜ ਕਰੋਗੇ?”
ਮੈਂ ਬੋਲਿਆ ਕਿ ਜਿਵੇਂ ਇਸ ਸਮੇਂ ਕਰ ਰਿਹਾ ਹਾਂ, ਐਨ ਇਵੇਂ ਈ ਉਸ ਸਮੇਂ ਕਰਾਂਗਾ।
ਇਸ 'ਤੇ ਉਹ ਉੱਠ ਕੇ ਖੜ੍ਹਾ ਹੋ ਗਿਆ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ। ਇਸ ਚਾਲਾਕੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਖ਼ੁਦ ਸੇਲੇਸਤੇ ਤੇ ਇਮਾਨੁਅਲ 'ਤੇ ਇਸਦਾ ਪ੍ਰਯੋਗ ਕਰਕੇ ਇਸਦਾ ਮਜ਼ਾ ਲੈਂਦਾ ਹੁੰਦਾ ਸੀ। ਦਸ ਵਿਚੋਂ ਨੌਂ ਵਾਰੀ ਲੋਕ ਝਿਜਕ ਕੇ ਨਜ਼ਰਾਂ ਚੁਰਾਉਣ ਲੱਗ ਪੈਂਦੇ ਨੇ। ਮੈਂ ਤਾੜ ਗਿਆ ਕਿ ਪਾਦਰੀ ਇਸ ਖੋਜ ਵਿਚ ਮਾਹਰ ਏ, ਉਸਦੀਆਂ ਨਿਗਾਹਾਂ ਵਿਚ ਕਿਤੇ ਕਮੀ ਨਹੀਂ। ਉਸਨੇ ਦ੍ਰਿੜ੍ਹ ਤੇ ਸਪਾਟ ਆਵਾਜ਼ ਵਿਚ ਪੁੱਛਿਆ, “ਤੁਹਾਨੂੰ ਕਿਧਰੇ ਆਸ ਦੀ ਕਿਰਨ ਨਈਂ ਦਿਖਾਈ ਦਿੰਦੀ? ਸੱਚਮੁੱਚ ਤੁਹਾਡਾ ਇਹੀ ਵਿਚਾਰ ਏ ਕਿ ਮਰਨ ਪਿੱਛੋਂ ਆਦਮੀ ਬਸ ਮਰ ਜਾਂਦਾ ਏ—ਬਾਅਦ ਵਿਚ ਕੁਛ ਨਈਂ ਰਹਿੰਦਾ?”
ਮੈਂ ਬੋਲਿਆ , “ਹਾਂ।”
ਉਸਨੇ ਅੱਖਾਂ ਝੁਕਾ ਲਈਆਂ ਤੇ ਫੇਰ ਬੈਠ ਗਿਆ। ਕਹਿਣ ਲੱਗਾ, “ਸੱਚਮੁੱਚ ਮੈਨੂੰ ਤੁਹਾਡੇ 'ਤੇ ਬੜਾ ਤਰਸ ਆਉਂਦਾ ਏ। ਜਿਵੇਂ ਤੁਸੀਂ ਸੋਚਦੇ ਓ, ਉਸ ਤਰ੍ਹਾਂ ਸੋਚ ਕੇ ਤਾਂ ਆਦਮੀ ਦਾ ਜਿਊਣਾ ਮੁਹਾਲ ਏ।”
ਹੁਣ ਮੈਨੂੰ ਪਾਦਰੀ ਦੀਆਂ ਗੱਲਾਂ ਤੋਂ ਅਕੇਵਾਂ ਹੋਣ ਲੱਗਾ ਸੀ। ਛੋਟੇ-ਜਿਹੇ ਝਰੋਖੇ ਦੇ ਹੇਠ ਮੋਢਾ ਟਿਕਾਈ ਮੈਂ ਦੂਜੇ ਪਾਸੇ ਦੇਖਦਾ ਰਿਹਾ—ਸੁਣਿਆਂ ਈ ਨਹੀਂ ਕਿ ਉਹ ਕੀ-ਕੀ ਕਹੀ ਜਾ ਰਿਹਾ ਏ। ਉਦੋਂ ਈ ਲੱਗਿਆ ਕਿ ਉਹ ਮੈਨੂੰ ਫੇਰ ਕੁਝ ਪੁੱਛ ਰਿਹਾ ਏ। ਇਸ ਵਾਰੀ ਉਸਦੀ ਆਵਾਜ਼ ਬੜੀ ਕਮਜ਼ੋਰ ਤੇ ਕੰਬਦੀ-ਜਿਹੀ ਸੀ। ਲੱਗਿਆ, ਉਹ ਸੱਚਮੁੱਚ ਦੁੱਖੀ ਹੋ ਗਿਆ ਏ। ਮੈਂ ਕੁਝ ਵਧੇਰੇ ਧਿਆਨ ਨਾਲ ਉਸਦੀਆਂ ਗੱਲਾਂ ਸੁਣਨ ਲੱਗਾ।
ਉਹ ਕਹਿ ਰਿਹਾ ਸੀ ਕਿ ਉਸਨੂੰ ਪੱਕਾ ਵਿਸ਼ਵਾਸ ਏ ਕਿ ਮੇਰੀ ਅਪੀਲ ਮੰਨ ਲਈ ਜਾਵੇਗੀ, ਪਰ ਅਪਰਾਧ ਦਾ ਜਿਹੜਾ ਬੋਝ ਮੇਰੀ ਛਾਤੀ 'ਤੇ ਲੱਦ ਦਿੱਤਾ ਗਿਆ ਏ, ਉਸ ਤੋਂ ਤਾਂ ਮੁਕਤ ਹੋਣਾ ਈ ਪਵੇਗਾ। ਉਸਦੇ ਵਿਚਾਰ ਵਿਚ ਆਦਮੀ ਦਾ ਨਿਆਂ ਕੋਈ ਨਿਆਂ ਨਹੀਂ ਏਂ, ਅਸਲੀ ਨਿਆਂ ਤਾਂ ਈਸ਼ਵਰ ਈ ਕਰਦਾ ਏ। ਉਸੇ ਦਾ ਮਹੱਤਵ ਏ। ਮੈਂ ਦੱਸਿਆ ਕਿ ਸਜ਼ਾਏ-ਮੌਤ ਤਾਂ ਮੈਨੂੰ ਆਦਮੀ ਨੇ ਈ ਦਿੱਤੀ ਏ। “ਹਾਂ, ਮੈਂ ਮੰਨਿਆਂ, ਤੁਸੀਂ ਠੀਕ ਕਹਿ ਰਹੇ ਓਂ। ਪਰ ਕੀ ਇਸ ਨਾਲ ਤੁਹਾਡੇ ਪਾਪ ਦਾ ਨਿਬਟਾਰਾ ਹੋ ਜਾਵੇਗਾ?” ਉਦੋਂ ਮੈਂ ਦੱਸਿਆ ਕਿ ਮੈਨੂੰ ਤਾਂ ਕਿਸੇ 'ਪਾਪ' ਦਾ ਪਤਾ ਈ ਨਹੀਂ। ਹਾਂ, ਮੈਂ ਤਾਂ ਏਨਾ ਜਾਣਦਾ ਹਾਂ ਕਿ ਮੈਨੂੰ ਫ਼ੌਜਦਾਰੀ ਦੇ ਮਾਮਲੇ 'ਚ ਮੁਜਰਿਮ ਕਰਾਰ ਦਿੱਤਾ ਗਿਆ। ਸੋ ਸਜ਼ਾ ਵੀ ਉਸ ਅਪਰਾਧ ਦੀ ਭੁਗਤ ਰਿਹਾ ਹਾਂ। ਬਸ, ਇਸ ਨਾਲੋਂ ਵੱਧ ਉਮੀਦ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ।
ਉਹ ਯਕਦਮ ਉਠ ਕੇ ਖੜ੍ਹਾ ਹੋ ਗਿਆ। ਹੁਣ ਮੈਂ ਦੇਖਿਆ ਕਿ ਇਸ ਕੋਠੜੀ ਵਿਚ ਹਿਲਣ-ਜੁਲਣ ਲਾਇਕ ਏਨੀ ਈ ਜਗ੍ਹਾ ਏ ਕਿ ਆਦਮੀ ਬਸ ਜਾਂ ਤਾਂ ਬੈਠ ਜਾਵੇ ਜਾਂ ਖੜ੍ਹਾ ਰਹੇ। ਉਹ ਮੇਰੇ ਵੱਲ ਜ਼ਰਾ ਜਿੰਨਾ ਵਧਿਆ ਤੇ ਇਸ ਤਰ੍ਹਾਂ ਰੁਕ ਗਿਆ ਜਿਵੇਂ ਕੋਲ ਆਉਣ ਦੀ ਹਿੰਮਤ ਨਾ ਹੋ ਰਹੀ ਹੋਵੇ। ਮੈਂ ਹੇਠਾਂ ਫਰਸ਼ ਉੱਤੇ ਨਿਗਾਹਾਂ ਟਿਕਾਈਆਂ ਹੋਈਆਂ ਸਨ। ਉਹ ਸਲਾਖ਼ਾਂ ਦੇ ਪਾਰ ਆਸਮਾਨ ਵੱਲ ਦੇਖਣ ਲੱਗਾ।
ਫੇਰ ਬੜੀ ਈ ਗੰਭੀਰ ਆਵਾਜ਼ ਵਿਚ ਬੋਲਿਆ, “ਨਈਂ ਬੇਟਾ, ਇਹ ਤੁਹਾਡੀ ਭੁੱਲ ਏ। ਤੁਹਾਥੋਂ ਇਕ ਉਮੀਦ ਹੋਰ ਵੀ ਕੀਤੀ ਜਾ ਸਕਦੀ ਏ। ਤੇ ਸ਼ਾਇਦ, ਜ਼ਰੂਰ ਈ ਕੀਤੀ ਜਾਵੇਗੀ।”
“ਕੀ ਮਤਲਬ?”
“ਤੁਹਾਥੋਂ ਕਿਸੇ ਦੇ ਦਰਸ਼ਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਏ...।”
“ਕਿਸ ਦੇ ਦਰਸ਼ਨ ਕਰਨ ਦੀ ਉਮੀਦ?”
ਇਸ 'ਤੇ ਪਾਦਰੀ ਨੇ ਹੌਲੀ-ਹੌਲੀ ਮੇਰੀ ਕੋਠੜੀ ਵਿਚ ਚਾਰੇ-ਪਾਸੇ ਨਿਗਾਹ ਘੁਮਾਈ। ਇਸ ਵਾਰੀ ਜਦੋਂ ਉਹ ਬੋਲਿਆ ਤਾਂ ਉਸ ਦੀ ਆਵਾਜ਼ ਦੀ ਕੰਬਣੀ ਤੋਂ ਮੈਂ ਤ੍ਰਬਕਿਆ। ਉਹ ਕਹਿ ਰਿਹਾ ਸੀ—
“ਇਹ ਪੱਥਰਾਂ ਦੀਆਂ ਕੰਧਾਂ...ਮੈਂ ਇਹਨਾਂ ਦੇ ਕਣ-ਕਣ ਨੂੰ ਜਾਣਦਾ ਆਂ। ਇਹ ਪੱਥਰਾਂ ਦੀਆਂ ਕੰਧਾਂ...ਆਦਮੀ ਦੇ ਹਊਕੇ-ਸਿਸਕੀਆਂ ਦੇ ਪੀੜ-ਪਰੁੱਚੇ ਅਹਿਸਾਸ ਉੱਤੇ ਚਿਣੀਆਂ ਗਈਆਂ ਨੇ। ਜਦੋਂ-ਜਦੋਂ ਇਹਨਾਂ ਨੂੰ ਦੇਖਦਾਂ, ਮੇਰਾ ਤਨ-ਮਨ ਆਪਣੇ-ਆਪ ਕੰਬ ਕੇ ਰੋਮਾਂਚਿਤ ਹੋ ਉਠਦਾ ਏ, ਝਣਝਣਾ ਜਾਂਦਾ ਏ। ਪਰ ਵਿਸ਼ਵਾਸ ਕਰਨਾ, ਮੈਂ ਤੈਨੂੰ ਆਪਣੀ ਅੰਤਰ-ਆਤਮਾ ਦੀ ਗੱਲ ਦੱਸ ਰਿਹਾ ਹਾਂ। ਇਹ ਵੀ ਮੈਥੋਂ ਨਈ ਲੁਕਿਆ ਹੋਇਆ ਕਿ ਇਹਨਾਂ ਕੰਧਾਂ ਦੀ ਮਟਮੈਲੀ ਸਤਹਿ ਉੱਤੇ ਤੇਰੇ ਵਰਗੇ ਅਨੇਕਾਂ ਦੁਖਿਆਰੇ ਤੇ ਪਾਤਕੀ ਪ੍ਰਾਣੀਆਂ ਨੇ ਅਕਸਰ ਈ ਉਸ ਅਲੌਕਿਕ ਮੁਖ-ਮੰਡਲ ਨੂੰ ਉਭਰਦੇ ਤੇ ਰੂਪ ਗ੍ਰਹਿਣ ਕਰਦੇ ਦੇਖਿਆ ਏ। ਮੈਂ ਉਸੇ ਮੁਖ-ਮੰਡਲ ਦੀ ਗੱਲ ਕਰ ਰਿਹਾਂ...ਤੂੰ ਉਸੇ ਦੇ ਦਰਸ਼ਨ ਕਰੇਂਗਾ...।”
ਪਹਿਲਾਂ ਤਾਂ ਉਸਦੀ ਇਸ ਗੱਲ ਨਾਲ ਮੇਰਾ ਆਸਨ ਡੋਲਣ ਲੱਗਾ। ਪਰ ਫੇਰ ਮੈਂ ਉਸਨੂੰ ਦੱਸਿਆ ਕਿ ਮੈਂ ਮਹੀਨਿਆਂ ਦਾ ਇਹਨਾਂ ਕੰਧਾਂ ਨੂੰ ਘੂਰ ਰਿਹਾ ਹਾਂ ਤੇ ਜਿੰਨੀ ਚੰਗੀ ਤਰ੍ਹਾਂ ਇਹਨਾਂ ਦਾ ਸਿਆਣੂ ਹੋ ਗਿਆ ਹਾਂ, ਓਨਾਂ ਸ਼ਾਇਦ ਦੁਨੀਆਂ ਵਿਚ ਕਿਸੇ ਦਾ ਜਾਂ ਇਸ ਵਿਚਲੀ ਕਿਸੇ ਵੀ ਚੀਜ਼ ਦਾ ਸਿਆਣੂ ਨਹੀਂ ਹਾਂ। ਹਾਂ, ਇਕ ਚਿਹਰੇ ਨੂੰ ਸ਼ਾਇਦ ਕਦੀ ਜ਼ਰੂਰ ਇਹਨਾਂ ਕੰਧਾਂ ਵਿਚ ਲੱਭਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ, ਪਰ ਉਹ ਚਿਹਰਾ ਤਾਂ ਇਛਾਵਾਂ-ਕਾਮਨਾਵਾਂ ਦੇ ਵੇਗ ਨਾਲ ਪੈਦਾ ਹੋਈ ਸੁਨਿਹਰੀ ਧੁੱਪ ਵਰਗਾ—ਮੇਰੀ ਦਾ ਚਿਹਰਾ ਸੀ। ਕਿਸਮਤ ਵਿਚ ਨਹੀਂ ਸੀ, ਸੋ ਨਹੀਂ ਦੇਖ ਸਕਿਆ। ਹੁਣ ਕੋਸ਼ਿਸ਼ ਵੀ ਛੱਡ ਦਿੱਤੀ। ਵਾਕੱਈ, ਇਹਨਾਂ ਉੱਤੇ ਮੈਂ ਕਦੀ ਕਿਸੇ ਚੀਜ਼ ਨੂੰ ਉਭਰਦੇ ਜਾਂ ਬਕੌਲ ਉਸਦੇ, 'ਰੂਪ ਗ੍ਰਹਿਣ ਕਰਦੇ' ਨਹੀਂ ਦੇਖਿਆ।
ਪਾਦਰੀ ਬੜੀਆਂ ਡੂੰਘੀਆਂ ਨਜ਼ਰਾਂ ਨਾਲ ਮੇਰੇ ਵੱਲ ਇਕਟੱਕ ਦੇਖਦਾ ਰਿਹਾ। ਮੈਂ ਕੰਧ ਨਾਲ ਢੋਅ ਲਾਈ ਹੋਈ ਸੀ ਤੇ ਰੋਸ਼ਨੀ ਮੱਥੇ 'ਤੇ ਪੈ ਰਹੀ ਸੀ। ਉਹ ਮੂੰਹ ਈ ਮੂੰਹ ਵਿਚ ਪਤਾ ਨਹੀਂ ਕੀ ਬੁੜਬੁੜ ਕਰ ਰਿਹਾ ਸੀ। ਫੇਰ ਅਚਾਨਕ ਉਸਨੇ ਪੁੱਛ ਲਿਆ, “ਤੈਨੂੰ ਚੁੰਮ ਲਵਾਂ ਨਾ?” ਮੈਂ ਜਵਾਬ ਦਿੱਤਾ , “ਜੀ ਨਈਂ...” ਸੁਣ ਕੇ ਉਹ ਘੁੰਮਿਆਂ ਤੇ ਕੰਧ ਕੋਲ ਆ ਗਿਆ। ਫੇਰ ਕੰਧ ਉੱਤੇ ਹੌਲੀ-ਹੌਲੀ ਹੱਥ ਫੇਰਦਾ ਹੋਇਆ ਪੁੱਛਣ ਲੱਗਾ, “ਸੱਚਮੁੱਚ, ਇਹਨਾਂ ਭੌਤਿਕ ਪਦਾਰਥਾਂ ਨਾਲ ਤੈਨੂੰ ਏਨਾ ਮੋਹ ਏ?”
ਮੈਂ ਕੋਈ ਜਵਾਬ ਨਹੀਂ ਦਿੱਤਾ।
ਉਹ ਕਾਫੀ ਦੇਰ ਤੀਕ ਮੇਰੇ ਵੱਲ ਦੇਖਦਾ ਰਿਹਾ। ਮੈਂ ਨਜ਼ਰਾਂ ਬਚਾਉਂਦਾ ਰਿਹਾ। ਉਸਦਾ ਇੱਥੇ ਹੋਣਾ ਹੁਣ ਮੈਨੂੰ ਤਕਲੀਫ਼ ਦੇ ਰਿਹਾ ਸੀ ਤੇ ਬੜਾ ਅਸਹਿ ਹੁੰਦਾ ਜਾ ਰਿਹਾ ਸੀ—ਤੇ ਮੈਂ ਉਸਨੂੰ ਕਹਿਣ ਈ ਲੱਗਾ ਸੀ ਕਿ 'ਤਸੀਂ ਹੁਣ ਤਸ਼ਰੀਫ਼ ਲੈ ਜਾਓ। ਮੈਨੂੰ ਬਖ਼ਸ਼ੋ,' ਕਿ ਅਚਾਨਕ ਉਹ ਝੱਟਕੇ ਨਾਲ ਮੇਰੇ ਵੱਲ ਭੌਂ ਪਿਆ ਤੇ ਤਿੱਖੀ, ਰੋਹੀਲੀ ਆਵਾਜ਼ ਵਿਚ ਬੋਲਿਆ, “ਨਈਂ...ਨਈਂ...ਮੈਨੂੰ ਵਿਸ਼ਵਾਸ ਨਹੀਂ ਆਉਂਦਾ ਪਿਆ। ਮੈਂ ਖ਼ੂਬ ਜਾਣਦਾ ਆਂ ਕਿ ਅਕਸਰ ਤੇਰੇ ਮਨ ਵਿਚ ਪੁਨਰ-ਜਨਮ ਦੀ ਕਾਮਨਾ ਹੋਈ ਏ।”
“ਜ਼ਰੂਰ ਕਾਮਨਾ ਹੋਈ ਏ।” ਮੈਂ ਕਿਹਾ, “ਕਦੀ-ਕਦੀ ਹਰ ਆਦਮੀ ਦੇ ਮਨ ਵਿਚ ਅਜਿਹੀ ਕਾਮਨਾ ਜਾਗਦੀ ਏ। ਪਰ ਇਸ ਤੋਂ ਕੁਝ ਸਿੱਧ ਨਈਂ ਹੁੰਦਾ। ਵੈਸੇ ਆਦਮੀ ਧਨਵਾਨ ਹੋਣ ਦੀ ਕਾਮਨਾ ਕਰਦਾ ਏ, ਸਪੀਡ ਨਾਲ ਤੈਰਨ ਦੀ ਕਾਮਨਾ ਕਰਦਾ ਏ ਜਾਂ ਹੋਰ ਵੀ ਸੁਡੌਲ ਚਿਹਰੇ ਦੀ ਕਾਮਨਾ ਕਰਦਾ ਏ—ਠੀਕ ਉਸੇ ਤਰ੍ਹਾਂ ਦੀ ਕਾਮਨਾ ਇਹ ਵੀ ਏ।” ਮੈਂ ਇਸੇ ਰੌਅ ਵਿਚ ਕੁਝ ਹੋਰ ਬੋਲਦਾ ਕਿ ਉਸਨੇ ਵਿਚਕਾਰ ਈ ਸਵਾਲ ਕੀਤਾ ਕਿ ਮਰਨ ਪਿੱਛੋਂ ਮੈਂ ਕਿਸ ਤਰ੍ਹਾਂ ਦੇ ਜੀਵਨ ਦੀ ਕਾਮਨਾ ਕਰਦਾ ਹਾਂ?
ਮੈਂ ਇਕ ਤਰ੍ਹਾਂ ਨਾਲ ਦਹਾੜ ਕੇ ਈ ਕਿਹਾ, “ਅਜਿਹੇ ਜੀਵਨ ਦੀ, ਜਿੱਥੇ ਇਸ ਧਰਤੀ ਦੇ ਜੀਵਨ ਦੀ ਯਾਦ ਸਲਾਮਤ ਰਹੇ। ਬਸ, ਮੈਨੂੰ ਹੋਰ ਕੁਝ ਨਈਂ ਚਾਹੀਦਾ।” ਤੇ ਇਸ ਗੱਲ ਦੇ ਨਾਲ ਇਕੋ ਸਾਹ ਵਿਚ ਮੈਂ ਇਹ ਵੀ ਕਹਿ ਦਿੱਤਾ, “ਬਸ, ਹੁਣ ਤੁਹਾਡੇ ਸਤਸੰਗ ਨਾਲ ਮੇਰਾ ਢਿੱਡ ਭਰ ਗਿਆ।”
ਪਰ ਲੱਗਿਆ ਕਿ ਉਸਨੇ ਤਾਂ 'ਈਸ਼ਵਰ' ਦੇ ਵਿਸ਼ੇ ਉੱਤੇ ਕੁਝ ਹੋਰ ਪ੍ਰਵਚਨ ਵੀ ਕਰਨੇ ਸਨ। ਮੈਂ ਯਕਦਮ ਉਸਦੇ ਕੋਲ ਜਾ ਪਹੁੰਚਿਆ ਤੇ ਆਖ਼ਰੀ ਵਾਰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿ ਮੇਰੇ ਕੋਲ ਹੁਣ ਸਮਾਂ ਨਹੀਂ ਏ ਤੇ ਜਿਹੜਾ ਥੋੜ੍ਹਾ-ਬਹੁਤ ਸਮਾਂ ਹੈ ਵੀ, ਉਸਨੂੰ ਮੈਂ ਈਸ਼ਵਰ-ਵੀਸ਼ਵਰ ਲਈ ਬਰਬਾਦ ਨਹੀਂ ਕਰਨਾ ਚਾਹੁੰਦਾ।
ਹੁਣ ਉਸਨੇ ਗੱਲ ਬਦਲਨ ਦੀ ਕੋਸ਼ਿਸ਼ ਕੀਤੀ। ਪੁੱਛਿਆ ਕਿ ਇਹ ਦੇਖ ਕੇ ਵੀ ਕਿ ਉਹ ਪਾਦਰੀ ਏ, ਮੈਂ ਉਸਨੂੰ 'ਫਾਦਰ' ਕਹਿ ਕੇ ਕਿਉਂ ਨਹੀਂ ਬੁਲਾਇਆ? ਇਸ 'ਤੇ ਤਾਂ ਮੈਂ ਹੋਰ ਵੀ ਹਿਰਖ ਗਿਆ। ਕਿਹਾ, “ਤੂੰ ਮੇਰਾ 'ਫਾਦਰ' ਕਿੰਜ ਹੋ ਗਿਆ? ਉਲਟਾ ਤੂੰ ਤਾਂ ਦੁਸ਼ਮਣਾਂ ਨਾਲ ਮਿਲਿਆ ਹੋਇਆ ਏਂ।”
ਉਹ ਮੇਰੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, “ਨਈਂ-ਨਈਂ ਬੇਟਾ, ਮੈਂ ਤਾਂ ਤੇਰੇ ਪਾਸੇ ਈ ਆਂ। ਤੂੰ ਸਮਝਦਾ ਈ ਨਈਂ ਤਾਂ ਮੈਂ ਕੀ ਕਰਾਂ? ਤੇਰਾ ਦਿਲ ਪਥਰਾਅ ਗਿਆ ਏ। ਖ਼ੈਰ, ਮੈਂ ਤੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਾਂਗਾ।”
ਤੇ ਉਸਦਾ ਏਨਾ ਕਹਿਣਾ ਸੀ ਕਿ ਯਕਦਮ ਈ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਨੂੰ ਲੱਗਿਆ, ਮੇਰੇ ਅੰਦਰ ਭਿਅੰਕਰ ਧਮਾਕਾ ਹੋਇਆ ਏ। ਮੈਂ ਚੀਕਣਾ-ਕੂਕਣਾ, ਬਕਨਾ ਸ਼ੁਰੂ ਕਰ ਦਿੱਤਾ। ਉਸ ਉੱਤੇ ਅੰਨ੍ਹੇਵਾਹ ਗਾਲ੍ਹਾਂ ਦੀ ਵਾਛੜ ਕਰ ਦਿੱਤੀ ਤੇ ਕਹਿ ਦਿੱਤਾ ਕਿ ਉਸਨੂੰ ਮੇਰੇ ਲਈ ਕੋਈ ਪ੍ਰਾਰਥਨਾ-ਪ੍ਰਰੂਥਨਾ ਕਰਨ ਦੀ ਕਤਈ ਲੋੜ ਨਹੀਂ। “ਜਿੰਨੀ ਛੇਤੀ ਹੋ ਸਕੇ ਇੱਥੋਂ ਦਫ਼ਾ ਹੋ ਜਾ।” ਝਪਟ ਕੇ ਮੈਂ ਉਸਦੇ ਲਿਬਾਦੇ ਦਾ ਗਲਮਾਂ ਜਾ ਫੜਿਆ ਤੇ ਪਤਾ ਨਹੀਂ ਕਿਸ ਹਿਰਖ ਤੇ ਜਨੂੰਨ ਵੱਸ ਅੰਨ੍ਹਾਂ ਹੋ ਕੇ ਮਨ ਵਿਚ ਭੌਂਦੀਆਂ ਕਹੀਆਂ-ਅਣਕਹੀਆਂ ਸਾਰੀਆਂ ਗੱਲਾਂ ਉਸਨੂੰ ਕਹਿ ਦਿੱਤੀਆਂ ਕਿ ਉਸਨੂੰ ਜੇ ਏਨਾ ਈ ਅਟੱਲ-ਅਡੋਲ ਵਿਸ਼ਵਾਸ ਏ ਤਾਂ ਆਪਣੇ ਕੋਲ ਰੱਖੀ ਰੱਖੇ। ਉਸਦੀਆਂ ਸਾਰੀਆਂ ਮਾਨਤਾਵਾਂ ਦਾ ਮੁੱਲ ਮੇਰੇ ਲਈ ਕਾਣੀ ਕੌਡੀ ਨਾਲੋਂ ਵੱਧ ਨਹੀਂ। ਕਹਿਣ ਨੂੰ ਤਾਂ ਉਹ ਭਲ਼ੇ ਈ ਆਪਣੇ-ਆਪ ਨੂੰ ਜਿਊਂਦਾ ਸਮਝਦਾ ਰਹੇ, ਪਰ ਅਸਲ ਵਿਚ ਮਰੇ ਨਾਲੋਂ ਵੀ ਗਿਆ ਬੀਤਿਆ ਏ। ਉਸਨੂੰ ਖ਼ੁਦ ਆਪਣੇ ਜਿਊਣ 'ਤੇ ਵਿਸ਼ਵਾਸ ਨਹੀਂ ਏ। ਉਪਰੋਂ ਦੇਖਣ ਨਾਲ ਮੇਰੇ ਵਿਚ ਕੁਝ ਵੀ ਨਾ ਬਚਿਆ ਹੋਏ, ਇਹ ਗੱਲ ਹੋਰ ਏ। ਪਰ ਮੈਂ ਆਪਣੇ ਬਾਰੇ ਵਿਚ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਜਿਊਂਦਾ ਹਾਂ...ਘੱਟੋਘੱਟ, ਉਸ ਨਾਲੋਂ ਵਧੇਰੇ ਵਿਸ਼ਵਾਸ ਨਾਲ ਜਾਣਦਾ ਹਾਂ, ਆਪਣੀ ਵਰਤਮਾਨ ਜ਼ਿੰਦਗੀ ਤੇ ਮੌਤ ਦਾ ਪਤਾ ਮੈਨੂੰ ਉਸ ਨਾਲੋਂ ਲੱਖ ਗੁਣਾ ਵੱਧ ਚੰਗੀ ਤਰ੍ਹਾਂ ਏ। ਉਹ ਕੀ ਜਾਣੇ? ਬੇਸ਼ੱਕ ਮੇਰੀ ਪੂੰਜੀ ਏਨੀ ਕੁ ਏ, ਪਰ ਮੇਰੇ ਲਈ ਇਹ ਸੱਚਾਈ ਘੱਟੋਘੱਟ ਏਨੀ ਸਪਸ਼ਟ ਤੇ ਠੋਸ ਤਾਂ ਐ ਕਿ ਮੈਂ ਇਸਨੂੰ ਛੂਹ ਸਕਦਾਂ, ਦੇਖ ਸਕਦਾਂ ਤੇ ਉਸ ਵਿਚ ਉਸੇ ਤਰ੍ਹਾਂ ਦੰਦ ਗੱਡ ਸਕਦਾਂ, ਜਿਵੇਂ ਇਸ ਸੱਚਾਈ ਨੇ ਮੇਰੀ ਚੇਤਨਾ ਵਿਚ ਦੰਦ ਗੱਡੇ ਹੋਏ ਨੇ। ਮੈਂ ਕਦੀ ਗ਼ਲਤੀ ਨਹੀਂ ਕੀਤੀ, ਅੱਜ ਵੀ ਸਹੀ ਹਾਂ ਤੇ ਹਮੇਸ਼ਾ ਸਹੀ ਰਹਾਂਗਾ। ਮੈਂ ਇਕ ਖਾਸ ਢੰਗ ਦੀ ਜ਼ਿੰਦਗੀ ਬਿਤਾਈ ਏ, ਚਾਹੁੰਦਾ ਤਾਂ ਦੂਜੀ ਤਰ੍ਹਾਂ ਵੀ ਬਿਤਾ ਸਕਦਾ ਸੀ। ਮੇਰਾ ਹੱਥ ਕਿਸਨੇ ਫੜ੍ਹਿਆ ਸੀ? ਜਿੱਥੇ ਜੋ ਠੀਕ ਸਮਝਿਆ ਉਹੀ ਕੀਤਾ, ਉਸਦੇ ਇਲਾਵਾ ਕੁਝ ਨਹੀਂ ਕੀਤਾ, ਯਾਨੀ ਹੁਣ ਇਸਦਾ ਮਤਲਬ ਵੀ ਸਾਫ਼ ਕਰਾਂ? ਮਤਲਬ ਇਹ ਹੋਇਆ ਕਿ ਇਸ ਸਾਰੇ ਸਮੇਂ ਵਿਚ ਇਕ-ਇਕ ਦਿਨ ਅੱਜ ਦੇ ਇਸ ਛਿਣ ਦੀ ਉਡੀਕ ਕਰਦਾ ਰਿਹਾਂ। ਉਹ ਕਲ੍ਹ ਹੋਵੇ ਜਾਂ ਹੋਰ ਕਿਸੇ ਦਿਨ, ਪਰ ਮੈਂ ਹਰ ਤੜਕੇ ਉਸ ਛਿਣ ਦੀ ਉਡੀਕ ਕੀਤੀ ਏ ਜਿਹੜਾ ਮੇਰੀ ਸਾਰੀ ਜ਼ਿੰਦਗੀ ਦੀ ਸਾਰਥਕਤਾ, ਮੇਰੇ ਜੀਵਨ ਦੇ ਰਵੱਈਏ ਦੀ ਸੱਚਾਈ ਸਿੱਧ ਕਰ ਦਵੇਗਾ। ਕਿਸੇ ਹੋਰ ਚੀਜ਼ ਦਾ, ਕਿਸੇ ਹੋਰ ਗੱਲ ਦਾ ਮੇਰੀ ਨਜ਼ਰ ਵਿਚ ਕਦੀ ਭੋਰਾ ਵੀ ਮੁੱਲ ਨਹੀਂ ਰਿਹਾ, ਤੇ ਕਿਉਂ ਨਹੀਂ ਰਿਹਾ, ਇਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਪਾਦਰੀ ਖ਼ੁਦ ਵੀ ਚੰਗੀ ਤਰ੍ਹਾਂ ਜਾਣਦਾ ਏ। ਭਵਿੱਖ ਦੇ ਹਨੇਰੇ-ਦਿਸਹੱਦੇ ਵੱਲੋਂ ਇਕ ਅਜੀਬ ਨਿੰਮ੍ਹੀ-ਨਿੰਮ੍ਹੀ ਹਠੀ ਹਵਾ ਲਗਾਤਾਰ, ਬਿਨਾਂ ਰੁਕੇ, ਮੇਰੇ ਵੱਲ ਵਗਦੀ ਰਹੀ ਏ—ਵਹਿੰਦੀ ਰਹੀ ਏ, ਆਉਣ ਵਾਲੇ ਵਰ੍ਹਿਆਂ ਦੇ ਝੁਰਮੁਟਾਂ 'ਚੋਂ ਛਣ-ਛਣ ਕੇ ਮੇਰੇ ਸਾਰੇ ਜੀਵਨ ਦੇ ਵਿਸਥਾਰ ਉੱਤੇ। ਪਤਾ ਨਹੀਂ ਕਿੰਨੇ-ਕਿੰਨੇ ਖੋਟੇ ਆਦਰਸ਼ਾਂ ਦੇ ਸਿੱਕੇ ਲੋਕਾਂ ਨੇ ਮੈਨੂੰ ਫੜਾਏ, ਮੈਂ ਖ਼ੁਦ ਵੀ ਤਾਂ ਉਹਨੀਂ ਦਿਨੀਂ ਓਹੋ-ਜਿਹੀ ਨਕਲੀ ਤੇ ਝੂਠੀ ਜ਼ਿੰਦਗੀ ਬਿਤਾਈ ਏ, ਪਰ ਸਾਹਮਣੇ ਵੱਲੋਂ ਆਉਣ ਵਾਲੀ ਹਵਾ ਦੇ ਇਸ ਪ੍ਰਵਾਹ ਨੇ, ਝੂਠੇ ਆਦਰਸ਼ਾਂ ਤੇ ਨਕਲੀ ਜ਼ਿੰਦਗੀ ਦਾ ਸਾਰਾ ਕੂੜਾ-ਕਚਰਾ ਬੁਹਾਰ ਦਿੱਤਾ ਏ। ਦੂਜਿਆਂ ਦੀ ਮੌਤ, ਮਾਂ ਦਾ ਪਿਆਰ ਜਾਂ ਪਾਦਰੀ ਦੇ ਈਸ਼ਵਰ ਦੀ ਕਿਰਪਾ ਦੀ ਮੇਰੇ ਲਈ ਕੀ ਗਿਣਤੀ? ਕੋਈ ਕਿਹੋ-ਜਿਹੀ ਵੀ ਜ਼ਿੰਦਗੀ ਚੁਣੇ, ਮੈਨੂੰ ਕੀ? ਇਹ ਸਿਰਫ਼, ਇਕ-ਅਜਿਹਾ ਘੜਿਆ-ਘੜਾਇਆ ਨਜ਼ਾਮ ਏਂ ਜਿਹੜਾ ਇਕ ਮੈਨੂੰ ਈ ਨਹੀਂ, ਪਾਦਰੀ ਵਾਂਗ ਮੇਰਾ ਭਰਾ ਬਣਨ ਵਾਲੇ ਲੱਖਾਂ-ਲੱਖਾਂ 'ਕਿਸਮਤਵਰ' ਲੋਕਾਂ ਨੂੰ 'ਛਾਂਟ' ਲੈਂਦਾ ਏ ਤੇ ਇਸ ਤਰ੍ਹਾਂ ਉਹ ਛਾਂਟੇ ਜਾਣ ਲਈ ਮਜ਼ਬੂਰ ਹੁੰਦੇ ਨੇ। ਪਰ ਦੁਖਾਂਤ ਦੇਖੋ, ਅਸੀਂ ਸਮਝਦੇ ਹਾਂ ਆਪਣੀ ਕਿਸਮਤ ਦੀ ਚੋਣ ਅਸੀਂ ਖ਼ੁਦ ਕਰਦੇ ਹਾਂ, ਜ਼ਿੰਦਗੀ ਜਿਊਣ ਦਾ ਫ਼ੈਸਲਾ ਅਸੀਂ ਕਰ ਰਹੇ ਹਾਂ—ਇਹ ਸਾਰੀਆਂ ਗੱਲਾਂ ਮੇਰੇ ਲਈ ਬਕਵਾਸ ਨੇ। ਹਾਂ-ਹਾਂ, ਉਹ ਖ਼ੁਦ ਈ ਦੇਖ ਲੈਣ ਨਾ! ਹਰ ਜਿਊਂਦਾ ਜਾਗਦਾ ਆਦਮੀ ਇਹਨਾਂ ਅਰਥਾਂ ਵਿਚ ਤਾਂ 'ਕਿਸਮਤ ਵਾਲਾ' ਏ। ਧਰਤੀ 'ਤੇ ਸਿਰਫ਼ ਇਕ ਵਰਗ ਦੇ ਲੋਕ ਰਹਿੰਦੇ ਨੇ, 'ਕਿਸਮਤਵਰ' ਵਰਗ ਦੇ ਲੋਕ...ਤੇ ਇਕ ਦਿਨ ਸਭ ਨੂੰ ਇਕ ਸਿਰੇ ਤੋਂ ਫੜ੍ਹ ਕੇ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ...ਘਬਰਾਉਣ ਵਾਲੀ ਗੱਲ ਨਹੀਂ, ਇਕ ਦਿਨ ਉਸਦਾ ਵੀ ਨੰਬਰ ਆਵੇਗਾ। ਅੱਛਾ, ਜਦੋਂ ਸਾਰਿਆਂ ਦਾ ਇਹੋ ਹਸ਼ਰ ਹੋਣਾ ਏ ਤਾਂ ਇਸ ਨਾਲ ਉਸਨੂੰ ਕੀ ਕਿ ਉਸ ਉੱਤੇ ਮੁਕੱਦਮਾ ਹੱਤਿਆ ਦਾ ਚੱਲੇ ਤੇ ਫਾਂਸੀ ਇਸ ਲਈ ਹੋ ਜਾਵੇ ਕਿ ਇਹ ਮਾਂ ਦੀ ਅੰਤੇਸ਼ਟੀ 'ਤੇ ਰੋਇਆ ਨਹੀਂ? ਸਲਾਮਾਨੋ ਦੀ ਘਰਵਾਰੀ, ਤੇ ਸਲਾਮਾਨੋ ਦੇ ਕੁੱਤੇ ਦਾ ਵੀ ਇਹੋ ਹਸ਼ਰ ਹੋਵੇਗਾ। ਇਸ ਨਜ਼ਰੀਏ ਨਾਲ ਦੇਖੋ ਤਾਂ ਉਹ 'ਚਾਬੀ ਭਰੀ ਕਠਪੁਤਲੀ' ਔਰਤ ਵੀ ਓਨੀਂ ਈ ਅਪਰਾਧੀ ਏ, ਜਿੰਨੀ ਮੈਸਨ ਦੀ ਪੈਰਿਸ ਵਾਲੀ ਪਤਨੀ, ਜਿੰਨੀ ਮੈਨੂੰ ਪਤੀ ਰੂਪ ਵਿਚ ਚਾਹੁਣ ਵਾਲੀ ਮੇਰੀ 'ਅਪਰਾਧੀ' ਏ।...ਸੇਲੇਸਤੇ, ਰੇਮੰਡ ਨਾਲੋਂ ਲੱਖ ਗੁਣਾ ਚੰਗਾ ਆਦਮੀ ਏ ਤਾਂ ਹੋਵੇ, ਮੇਰੇ ਤਾਂ ਦੋਵੇਂ ਈ ਜਿਗਰੀ ਦੋਸਤ ਨੇ। ਮੇਰੀ ਜੇ ਇਸ ਸਮੇਂ ਕਿਸੇ ਨਵੇਂ ਮੁੰਡੇ ਦੇ ਗਲ਼ ਵਿਚ ਬਾਹਾਂ ਪਾ ਕੇ ਉਸਨੂੰ ਚੁੰਮ ਰਹੀ ਹੋਵੇ, ਤਾਂ ਵੀ ਮੈਨੂੰ ਕੀ? ਬਕੌਲ ਉਸ ਪਾਦਰੀ ਦੇ, ਉਸਨੂੰ ਖ਼ੁਦ ਵੀ ਤਾਂ ਸਜ਼ਾਏ-ਮੌਤ ਮਿਲੀ ਹੋਈ ਏ। ਪਰ ਉਸਦੀ ਸਮਝ ਵਿਚ ਕਿਉਂ ਨਹੀਂ ਆਉਂਦਾ ਕਿ ਮੇਰੀ ਭਾਵੀ ਦੀ ਘਾਟੀ ਵਿਚੋਂ ਆਉਣ ਵਾਲੀ ਇਹ ਅੰਨ੍ਹੀ ਹਨੇਰੀ ਕੀ ਏ, ਕੈਸੀ ਏ?...
ਮੈਂ ਐਨੇ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ ਕਿ ਮੇਰਾ ਸਾਹ ਉੱਖੜ ਗਿਆ ਸੀ। ਉਦੋਂ ਈ ਵਾਰਡਰ ਲੋਕ ਦੌੜੇ ਆਏ ਤੇ ਪਾਦਰੀ ਨੂੰ ਮੇਰੀ ਗ੍ਰਿਫਤ 'ਚੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਕ ਨੇ ਮੇਰੇ ਮਾਰਨ ਲਈ ਹੱਥ ਚੁੱਕਿਆ ਈ ਸੀ ਕਿ ਪਾਦਰੀ ਨੇ ਸਭ ਨੂੰ ਸ਼ਾਂਤ ਕਰ ਦਿੱਤਾ ਤੇ ਖ਼ੁਦ ਬਿਨਾਂ ਕੁਝ ਬੋਲੇ ਇਕਟੱਕ ਮੇਰੇ ਵੱਲ ਦੇਖਦਾ ਰਿਹਾ। ਦੇਖਿਆ, ਉਸਦੀਆਂ ਅੱਖਾਂ ਵਿਚ ਅੱਥਰੂ ਨੇ। ਤੇ ਫੇਰ ਉਹ ਪਰਤ ਕੇ ਕੋਠੜੀ 'ਚੋਂ ਬਾਹਰ ਨਿਕਲ ਗਿਆ।
ਉਹ ਚਲਾ ਗਿਆ ਤਾਂ ਮੇਰਾ ਮਨ ਫੇਰ ਸ਼ਾਂਤ ਹੋ ਗਿਆ। ਪਰ ਇਸ ਸਾਰੀ ਉਤੇਜਨਾ ਨੇ ਮੈਨੂੰ ਐਨਾ ਥਕਾ ਦਿੱਤਾ ਸੀ ਕਿ ਮੈਂ ਘੜੰਮ ਕਰਕੇ ਆਪਣੇ ਸੌਣ ਵਾਲੇ ਤਖ਼ਤ 'ਤੇ ਆ ਡਿੱਗਿਆ। ਸ਼ਾਇਦ ਕਾਫੀ ਦੇਰ ਪਿਆ-ਪਿਆ ਸੁੱਤਾ ਰਿਹਾ। ਸੁੱਤਾ ਵੀ ਕਾਫੀ ਦੇਰ ਈ, ਕਿਉਂਕਿ ਜਦੋਂ ਉੱਠਿਆ ਤਾਂ ਐਨ ਸਾਹਮਣੇ ਤਾਰੇ ਚਮਕ ਰਹੇ ਸਨ। ਖੇਤਾਂ-ਖਲਿਆਣਾ 'ਚੋਂ ਆ ਰਹੇ ਧੀਮੇ ਸੁਰ ਤੇ ਰਾਤ ਦੀ ਠੰਢੀ-ਠੰਢੀ, ਖਾਰੀ-ਖਾਰੀ ਸੋਂਹਦੀ ਹਵਾ ਮੇਰੀਆਂ ਪੁੜਪੁੜੀਆ ਪਲੋਸ ਰਹੀ ਸੀ। ਗਰਮੀ ਦੀ ਉਨੀਂਦੀ ਰਾਤ ਦੀ ਅਡੋਲ ਸ਼ਾਂਤੀ ਸਮੁੰਦਰ ਦੇ ਜਵਾਰ ਵਾਂਗ ਮੇਰੇ ਲੂੰ-ਲੂੰ ਵਿਚ ਤੈਰ ਭਰ ਗਈ ਸੀ। ਅਜੇ ਠੀਕ ਤਰ੍ਹਾਂ ਪਹੁ ਵੀ ਨਹੀਂ ਸੀ ਪਾਟੀ ਕਿ ਬਾਹਰ ਜਹਾਜ਼ ਦਾ ਭੌਂਪੂ ਸੁਣਾਈ ਦਿੱਤਾ। ਲੋਕੀ ਉਸ ਦੁਨੀਆਂ ਦੀ ਯਾਤਰਾ 'ਤੇ ਨਿਕਲ ਪਏ ਸਨ, ਜਿਸ ਨਾਲ ਮੇਰਾ ਹੁਣ ਕਦੀ ਕੋਈ ਸਰੋਕਾਰ ਨਹੀਂ ਸੀ ਰਹਿਣਾ। ਪਤਾ ਨਹੀਂ ਕਿੰਨੇ ਮਹੀਨੇ ਬਾਅਦ ਅੱਜ ਮੈਨੂੰ ਸ਼ਾਇਦ ਪਹਿਲੀ ਵਾਰ ਮਾਂ ਦੀ ਯਾਦ ਆਉਣ ਲੱਗੀ। ਲੱਗਿਆ, ਜਿਵੇਂ ਮੈਂ ਅੱਜ ਸਮਝਦਾ ਹਾਂ, ਕਿਉਂ ਉਸਨੇ ਜੀਵਨ ਦੇ ਅੰਤਮ ਪੜਾ ਵਿਚ ਨਵਾਂ 'ਸਾਥੀ' ਚੁਣਿਆਂ, ਕਿਉਂ ਮੁੜ ਜ਼ਿੰਦਗੀ ਦਾ ਨਵਾਂ ਰਾਗ ਛੇੜਿਆ...ਉਹ ਵੀ ਉਸ ਆਸ਼ਰਮ ਵਿਚ ਜਿੱਥੇ ਜ਼ਿੰਦਗੀਆਂ ਦੀ ਲੋਅ ਬੁਝਣ ਵਾਲੀ ਹੁੰਦੀ ਏ।...ਜਿੱਥੇ ਗੋ-ਧੂਲੀ ਦੀ ਉਦਾਸੀ, ਥਕਾਵਟ ਭਰੀ ਸ਼ਾਂਤੀ ਬਣ ਕੇ ਆਉਂਦੀ ਏ। ਮੌਤ ਦੇ ਏਨਾ ਨੇੜੇ ਆ ਕੇ ਮਾਂ ਨੇ ਵੀ ਐਨ ਉਸੇ ਤਰ੍ਹਾਂ ਸੋਚਿਆ ਹੋਵੇਗਾ, ਜਿਵੇਂ ਮੁਕਤੀ ਦੇ ਖੁੱਲ੍ਹੇ ਦੁਆਰ 'ਤੇ ਆਦਮੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਗੱਲ ਸੋਚਦਾ ਏ। ਨਹੀਂ, ਉਸ ਲਈ ਰੋਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਤੇ ਉਸ ਛਿਣ ਮੈਨੂੰ ਵੀ ਲੱਗਿਆ ਕਿ ਕਿਉਂ ਨਾ ਮੈਂ ਵੀ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲਵਾਂ? ਲੱਗਿਆ, ਕਰੋਧ ਤੇ ਜੋਸ਼ ਦੇ ਉਸ ਝੱਖੇੜ ਨੇ ਮੇਰੇ ਮਨ ਦੀ ਸਾਰੀ ਕਾਲਸ ਨੂੰ, ਕਲੇਸ਼ ਨੂੰ ਧੋ ਕੇ ਸਾਫ਼ ਤੇ ਨਿਰਮਲ ਕਰ ਦਿੱਤਾ ਏ। ਸਾਰੀਆਂ ਇੱਛਾਵਾਂ ਤੇ ਉਮੀਦਾਂ ਜਾਲੇ ਮੇਰੇ ਮਨ 'ਤੋਂ ਲਾਹ ਸੁੱਟੇ ਨੇ। ਉਸ ਸਮੇਂ, ਗ੍ਰਹਿ-ਨਛੱਤਰਾਂ ਨਾਲ ਜਗਮਗਾਉਂਦੇ ਹਨੇਰੇ ਆਸਮਾਨ ਨੂੰ ਅਪਲਕ ਦੇਖਦੇ ਹੋਏ ਪਹਿਲੀ ਵਾਰੀ, ਹਾਂ...ਪਹਿਲੀ ਵਾਰੀ ਮਨ ਵਿਚ ਸੰਸਾਰ ਦੇ ਪ੍ਰਤੀ ਸੱਚਾ ਬੈਰਾਗ ਜਾਗਿਆ। ਉਸ ਬੈਰਾਗ ਨੂੰ ਮਨ ਨਾਲ ਮੇਚ ਕੇ, ਉਸਨੂੰ ਆਪਣੀ ਆਤਮਾ ਦਾ ਅੰਸ਼ ਮਹਿਸੂਸ ਕਰਦਿਆਂ ਹੋਇਆਂ ਲੱਗਾ, ਜਿਵੇਂ ਮੈਨੂੰ ਕਦੀ ਕੋਈ ਦੁੱਖ ਨਹੀਂ ਸੀ ਹੋਇਆ ਤੇ ਅੱਜ, ਇਸ ਸਮੇਂ ਵੀ ਮੈਂ ਪਰਮ ਪ੍ਰਸੰਨ ਹਾਂ।
ਹੁਣ ਇਸ ਨਵੀਂ ਯਾਤਰਾ ਦੌਰਾਨ ਬਹੁਤਾ ਇਕੱਲਾ-ਇਕੱਲਾ ਮਹਿਸੂਸ ਨਾ ਹੋਵੇ, ਏਨੀ ਦ੍ਰਿੜ੍ਹਤਾ ਪ੍ਰਾਪਤ ਕਰ ਲੈਣ ਲਈ ਬਸ, ਮੇਰੀ ਇਹੋ ਕਾਮਨਾ ਸੀ ਕਿ ਜਿਸ ਸਮੇਂ ਮੈਨੂੰ ਫਾਂਸੀ ਲੱਗੇ, ਉਸ ਦਿਨ ਦਰਸ਼ਕਾਂ ਕੀ ਅਗਿਣਤ ਭੀੜ ਮੇਰੇ ਚਾਰੇ-ਪਾਸੇ ਇਕੱਠੀ ਹੋਈ ਹੋਵੇ ਤੇ ਜ਼ੋਰ-ਸ਼ੋਰ ਦੇ ਹੱਲੇ-ਗੁੱਲੇ ਨਾਲ ਮੈਨੂੰ ਵਿਦਾਅ ਕਰ ਰਹੀ ਹੋਵੇ...
(‘L'etranger (The Stranger)’ ਦੇ ਰਾਜੇਂਦਰ ਯਾਦਵ ਹੁਰਾਂ ਦੇ ਹਿੰਦੀ ਅਨੁਵਾਦ 'ਅਜਨਬੀ' ਦਾ ਪੰਜਾਬੀ ਉਲੱਥਾ-ਮਹਿੰਦਰ ਬੇਦੀ, ਜੈਤੋ)

ਅਜਨਬੀ (ਪਹਿਲਾ ਭਾਗ) ਐਲਬੇਅਰ ਕਾਮੂ
ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com