Arzi (Punjabi Story) : Nanak Singh

ਅਰਜ਼ੀ (ਕਹਾਣੀ) : ਨਾਨਕ ਸਿੰਘ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''
''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''
''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ ਜਾਣਾ ਈਂ?''
''ਆਹੋ ਸਾਮੀ ਦਾ ਸਿਆਪਾ ਕਰਨ'' ਉਸ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ-''ਕਚਹਿਰੀ ਜਾਣਾ ਏਂ।''
''ਕਚਹਿਰੀ?'' ਪਾਰੋ ਦੀ ਮਾਂ ਘੱਟੇ ਵਾਲੇ ਹੱਥ ਝਾੜਦੀ ਹੋਈ, ਉਸ ਦੇ ਮੰਜੇ ਦੀ ਹੀ ਤੇ ਬੈਠ ਕੇ ਬੋਲੀ-''ਅੱਜ ਤਰੀਕ ਏ ਫੱਜੇ ਘੁਮਿਆਰ ਦੀ?''
''ਓਏ ਫੱਜੇ ਦਾ ਪੁਆੜਾ ਤੇ ਅਜੇ ਦੂਰ ਏ'', ਰਾਮੇ ਸ਼ਾਹ ਨੇ ਖਿਝ ਕੇ ਕਿਹਾ, "ਉਸ ਵਿਗੜੇ ਹੋਏ ਜੱਟ ਦੀ ਧੌਣ 'ਚੋਂ ਕਿੱਲਾ ਕਢਣਾ ਏਂ ਜਰਾ। ਇਹ ਜੂਠਾਂ ਰਾਸ ਆਉਂਦੀਆਂ ਨੇ ਲਿਹਾਜ਼ ਨਾਲ? ਵਿੰਗਾ ਤਕਲਾ ਜੁਤੀ ਨਾਲ ਈ ਸਿਧਾ ਹੁੰਦਾ ਏ। ਲੈਣ ਵੇਲੇ ਤੇ ਜੀਕਰ ਮੂੰਹ ਵਿਚ ਜ਼ਬਾਨ ਨਹੀਂ ਹੁੰਦੀ ਤੇ ਜਦੋਂ ਦੇਣ ਦਾ ਵੇਲਾ ਆਵੇ, ਸ਼ੀਂਹ ਖਖਰ ਹੋ ਹੋ ਪੈਂਦੇ ਨੇ। ਕਲ ਲੇਖਾ ਕਰਨ ਗਿਆ ਤੇ ਗਿਠ ਗਿਠ ਭੁਇੰ ਤੋਂ ਉਛਲ ਕੇ ਪਵੇ, ਜੀਕਣ ਬੜੇ ਕਿਸੇ ਨਵਾਬ ਦਾ ਪੁੱਤਰ ਹੁੰਦਾ ਹੈ। ਗਿਝਾ ਹੋਇਆ ਏ ਦੁੰਨੀਏ ਹਟਵਾਣੀਏ ਦਾ। ਖਾ ਪੀ ਕੇ ਮਾਰਿਆ ਮੁਛਾਂ 'ਤੇ ਹੱਥ ਤੇ ਚਲ ਤੂੰ ਕੌਣ ਤੇ ਮੈਂ ਕੌਣ। ਨਾਨੀ ਨਾ ਚੇਤੇ ਕਰਾ ਦਿਤੀ ਤੇ ਆਖੀਂ! ਸਮਝਿਆ ਕੀ ਹੋਇਆ ਏ ਇਸ ਮੈਨੂੰ? ਅਖੇ ਜਾਤ ਦੀ ਕੋਹੜ ਕਿਰਲੀ ਤੇ ਛਤੀਰਾਂ ਨਾ ਜੱਫੇ।''
ਬੋਲਦਿਆਂ ਬੋਲਦਿਆਂ ਰਾਮੇਸ਼ਾਹ ਦੇ ਝੁਰੜੀਆਂ ਭਰੇ ਖਮੀਰੇ ਚਿਹਰੇ ਉਤੇ ਲਾਲੀ ਦੌੜ ਪਈ ਕਿ ਚੋਖਾ ਚਿਰ ਉਸ ਦਾ ਸਾਹ ਨਾਲ ਸਾਹ ਨਾ ਰਲਿਆ। ਏਸੇ ਹਾਲਤ ਵਿਚ ਉਸਨੇ ਕੋਲ ਪਈ ਲੰਮੀ ਨੜੀ ਵਾਲੇ ਹੁੱਕੇ ਨੂੰ ਆਪਣੇ ਵੱਲ ਮੋੜ ਕੇ ਪੂਰੇ ਜ਼ੋਰ ਨਾਲ ਇਕ ਸੂਟਾ ਖਿੱਚਿਆ। ਸ਼ਾਇਦ ਚਿਲਮ ਵਿਚ ਅੱਗ ਸੌਂ ਚੁਕੀ ਸੀ ਜਿਸ ਕਰਕੇ ਧੂੰਏਂ ਦੀ ਥਾਂ ਪਾਣੀ ਦਾ ਘੁੱਟ ਉਸਦੇ ਅੰਦਰ ਲੰਘ ਗਿਆ। ਜਿਸ ਨੇ ਖੰਘ ਹੋਰ ਵੀ ਤੇਜ਼ ਕਰ ਦਿੱਤੀ। ਨਾਲ ਹੀ ਉਥੂ ਆ ਜਾਣ ਕਰਕੇ ਅੱਖਾਂ ਵੀ ਡਲਕ ਪਈਆਂ।
''ਅਗੇ ਈ ਪਿਆ ਦਿਸਦਾ ਸੀ ਕਿ!'' ਪਾਰੋ ਦੀ ਮਾਂ ਨੇ ਹਮਦਰਦੀ ਤੇ ਦਾਈਏ ਭਰੇ ਰੋਹ ਵਿਚ ਕਿਹਾ-''ਨਾ ਜੁ ਕਿਸੇ ਦੇ ਆਖੇ ਲੱਗਦਾ ਹੋਇਓਂ ਤੂੰ। ਥੋੜ੍ਹਾ ਬੋਲੀ ਸਾਂ ਓਸ ਵੇਲੇ, ਭਈ ਨਾ ਦੇਹ ਸੂ ਬੁੱਕ ਰੁਪਈਆਂ ਦਾ ਕੱਢ ਕੇ, ਕੋਈ ਨਹੀਓਂ ਹਾਲ ਅਜ ਕੱਲ ਹੁਦਾਰ ਦੇਣ ਦਾ। ਪਰ ਤੂੰ ਤੇ ਮੈਨੂੰ ਸਮਝਿਆ ਹੋਇਆ ਵੇ ਕੁੱਤੀ। ਪਈ ਆਪੇ ਭੌਂਕ ਭੌਂਕ ਕੇ ਚੁੱਪ ਕਰ ਜਾਏਗੀ। ਛੇਕੜੇ ਓਹੀ ਗੱਲ ਹੋਈ ਕਿ ਨਾ? ਨਾ ਦੇਂਦਿਓਂ ਤੇ ਕਾਹਨੂੰ ਅਜ ਪੁਆੜਾ ਪੈਣਾ ਸੀ! ਅਖੇ ਘਰੋਂ ਘਰ ਗੁਆਣਾ ਤੇ ਬਾਹਰੋਂ ਭੜੂਆ ਅਖਵਾਣਾ। ਉਤੋਂ ਬੰਦਾ ਮਾਰਿਆ ਅਜਕਲ ਪੈਸਾ ਨਹੀਂ ਲਭਦਾ। ਅਰਜ਼ੀਆਂ ਪਾ ਪਾ ਕੇ ਅਗੇ ਥੋੜ੍ਹੀਆਂ ਖੱਟੀਆਂ ਖੱਟ ਲਈਆਂ ਈ? ਮੁਖਤ ਦਾ ਸਗੋਂ ਜੱਟਾਂ ਨਾਲ ਵੈਰ ਵਿਹਾਝਣਾ।''
ਹੁੱਕੇ ਤੋਂ ਚਿਲਮ ਲਾਹ ਕੇ ਸੰਗਲੀ ਬੰਨੀ ਚਿਮਟੀ ਨਾਲ ਉਸ ਵਿਚੋਂ ਅੱਗ ਦੀ ਕੋਈ ਅੰਗਾਰੀ ਟੋਲਦਾ ਹੋਇਆ ਰਾਮੇ ਸ਼ਾਹ, ਔਖੇ ਔਖੇ ਸਾਹ ਨਾਲ ਬੋਲਿਆ, ''ਓ ਕਲੈਹਣੀਏਂ, ਤੂੰ ਹਰ ਕੰਮ ਵਿਚ ਨਨਾ ਨਾ ਪਾਇਆ ਕਰ। ਜਿਸ ਕੰਮ ਵਿਚ, ਕਲਜੀਭੀਏ, ਨਾਂਹ ਪਾ ਦੇਨੀ ਏਂ, ਉਹ ਕਦੇ ਸਿਰੇ ਨਹੀਂ ਚੜ੍ਹਿਆ। ਆਢਾ ਨਾ ਲਾ ਵਡੇ ਵੇਲੇ ਸਵੇਲੇ। ਲਿਆ ਲੱਸੀ ਦਾ ਛੰਨਾਂ ਤੇ ਰਾਤ ਦੀ ਕੋਈ ਬਚੀ ਖੁਚੀ ਰੋਟੀ ਹੈਗੀ ਆ ਤੇ। ਮੈਨੂੰ ਕਚਹਿਰੀ ਨੂੰ ਅਵੇਰਾ ਹੋ ਜਾਏਗਾ। ਪੰਜ ਕੋਹ ਪੈਂਡਾ ਏ, ਮਸੀਂ ਕਿਤੇ ਵੇਲੇ ਸਿਰ ਅਪੜਾਂਗਾ।
''ਮੈਂ ਆਹਨੀ ਆ,'' ਮੰਜੇ ਤੋਂ ਉਠਦੀ ਹੋਈ ਪਾਰੋ ਦੀ ਮਾਂ ਘੁਰਕੀ-''ਤੈਨੂੰ ਹੋ ਕੀ ਗਿਆ ਵੇ, ਪਾਰੋ ਦੇ ਭਾਈਆ? ਸਿਧੀ ਗਲ ਕਰੋ ਤਾਂ ਵੀ ਪੁਠਾ ਪੈਨਾ ਏ। ਨਹੀਂ ਤੈਨੂੰ ਮੇਰੀ ਗੱਲ ਸੁਖਾਂਦੀ ਤੇ ਨਾ ਆਖਿਆ ਕਰਾਂਗੀ। ਮੇਰੇ ਵੱਲੋਂ ਲੁਟਾਈ ਜਾਹ ਬੇਸ਼ਕ ਦੋਹੀਂ ਹੱਥੀਂ, ਮੈਨੂੰ ਕੀ ਏ! ਭਲੇ ਦੀ ਗਲ ਆਖੋ ਤਾਂ ਵੀ ਡਹਿ ਪੈਨਾ ਏਂ ਲਾਲੀਆਂ ਤਾੜਨ।''
''ਓ ਰੱਬ ਦੀਏ ਮਾਰੀਏ,'' ਓਸੇ ਤਰ੍ਹਾਂ ਠੰਢੀ ਚਿਲਮ ਵਿਚ ਚਿਮਟੀ ਫੇਰਦਾ ਹੋਇਆ ਰਾਮੇ ਸ਼ਾਹ ਬੋਲਿਆ-''ਜਾਏਂਗੀ, ਇਥੋਂ ਕਿ ਸੁਣੇਗੀ ਮੇਰੇ ਮੂੰਹੋਂ ਕੁਝ ਹੋਰ? ਕੁਪੱਤੀ ਨਾ ਹੋਵੇ ਤੇ।''
''ਮੇਰੀ ਜੁੱਤੀ ਤੋਂ....ਮੈਨੂੰ ਕੀ ਪਈ ਏ....ਤੇਰੇ ਨਾਲ ਜਿੰਨੀ ਹੋਵੇ ਥੋੜੀ ਏ....ਹੋਰ ਦੇ ਕੱਢ ਕੱਢ ਕੇ ਥੈਲੀਆਂ......'' ਬੁੜਬੜਾਂਦੀ ਹੋਈ ਪਾਰੋ ਦੀ ਮਾਂ ਬਾਹਰ ਚਲੀ ਗਈ।
ਏਧਰ ਰਾਮੇ ਸ਼ਾਹ ਦੂਹਰੇ ਨਹੀਂ, ਤੀਹਰੇ ਗੁੱਸੇ ਨਾਲ ਤਪ ਰਿਹਾ ਸੀ। ਇਕ ਸਾਮੀ ਦੀ ਕਲ ਵਾਲੀ ਬਦਸਲੂਕੀ, ਦੂਜਾ ਉਠਦਿਆਂ ਹੀ ਪਾਰੋ ਦੀ ਮਾਂ ਦਾ ਕਲੇਸ਼ ਤੇ ਤੀਜਾ ਚਿਲਮ ਦੀ ਬੇਵਫ਼ਾਈ, ਜਿਸ ਵਿਚ ਅਜੇ ਪੌਣਾ ਘੰਟਾ ਨਹੀਂ ਹੋਇਆ ਉਸਨੇ ਤਮਾਕੂ ਪਾਇਆ ਸੀ, ਤੇ ਹੁਣ ਉਸ ਵਿਚ ਨਾ ਤਮਾਕੂ ਸੀ ਨਾ ਅੱਗ। ਉਸ ਦੇ ਦਿਲ ਵਾਂਗ ਇਹ ਧੁਖਦੀ ਧੁਖਦੀ ਪਤਾ ਨਹੀਂ ਕਿਹੜੇ ਵੇਲੇ ਸੁਆਹ ਹੋ ਗਈ ਸੀ।
ਏਨੇ ਨੂੰ ਬਾਰ੍ਹਾਂ ਤੇਰ੍ਹਾਂ ਵਰ੍ਹਿਆਂ ਦੀ ਮੈਲੇ ਜਿਹੇ ਕੱਪੜੇ ਪਾਈ ਇਕ ਕੁੜੀ ਲੱਸੀ ਦਾ ਛੰਨਾ ਅਤੇ ਦੋ ਬਹੀਆਂ ਰੋਟੀਆਂ ਲੈ ਕੇ ਆਈ।
''ਲੈ ਜਾ ਪਰੇ, ਜਾ ਕੇ ਮਾਰ ਸੂ ਮੱਥੇ ਨਾਲ,'' ਕਹਿੰਦਿਆਂ ਹੋਇਆਂ ਰਾਮੇ ਸ਼ਾਹ ਨੇ ਚਿਲਮ ਉਸ ਵੱਲ ਕਰਕੇ ਕਿਹਾ-''ਜਾਹ ਔਂਥੋਂ ਰਤਾ ਤਮਾਕੂੰ ਪਾ ਕੇ ਅੱਗ ਦੇ ਦੋ ਕੋਲੇ ਧਰ ਲਿਆ।''
ਪਿਉ ਦੀ ਭਬਕ ਸੁਣ ਕੇ ਪਾਰੋ, ਬਿਨਾਂ ਹੋਰ ਕੁਝ ਕਿਹਾਂ, ਇਕ ਹਥ ਵਿਚ ਚਿਲਮ ਤੇ ਦੂਜੇ ਵਿਚ ਰੋਟੀਆਂ ਤੇ ਛੰਨਾਂ ਲਈ ਵਾਪਸ ਮੁੜੀ। ਉਹ ਅਜੇ ਦਲ੍ਹੀਜਾਂ ਤਕ ਹੀ ਪਹੁੰਚੀ ਸੀ ਕਿ ਮਗਰੋਂ ਰਾਮੇ ਸ਼ਾਹ ਨੇ ਅਵਾਜ਼ ਦਿਤੀ, ''ਲਿਆ ਫੂਕ ਫੇਰ ਉਰੇ, ਫੇਰ ਪਈ ਸੜੂੰ ਸੜੂੰ ਕਰੇਗੀ ਮਾਂ ਤੇਰੀ।''
ਅਸਲ ਵਿਚ ਇਹ ਪਾਰੋ ਦੀ ਮਾਂ ਉਤੇ ਮਿਹਰਬਾਨੀ ਨਹੀਂ ਸੀ, ਸਗੋਂ ਰਾਮੇ ਸ਼ਾਹ ਨੂੰ ਝੱਟ ਖ਼ਿਆਲ ਆ ਗਿਆ ਕਿ ਸ਼ਹਿਰ ਜਾ ਕੇ ਚਾਰ ਆਨੇ ਖ਼ਰਚਿਆਂ ਵੀ ਢਿੱਡ ਨਹੀਂ ਭਰਨਾ।
ਉਹ ਘੁੱਟ ਗਰਾਹੀ ਕਰਦਾ ਹੋਇਆ ਰੋਟੀ ਖਾ ਰਿਹਾ ਸੀ ਤੇ ਉਸ ਦੀਆਂ ਅੱਖਾਂ ਅੱਗੇ ਉਹੀ ਕੱਲ ਵਾਲਾ ਬਿਸ਼ਨਾ ਜੱਟ ਫਿਰ ਰਿਹਾ ਸੀ। ਉਸ ਦੇ ਕੰਨਾਂ ਵਿਚ ਜੱਟ ਦੀ ਉਹ ਕੜਕਵੀਂ ਆਵਾਜ਼ ਅਜੇ ਤੱਕ ਗੂੰਜ ਰਹੀ ਸੀ, ਭੱਜ ਜਾ ਏਥੋਂ ਨਹੀਂ ਤੇ ਵਹੀ ਪਾੜ ਕੇ ਛੱਪੜ ਵਿਚ ਸੁੱਟ ਦਊਂਗਾ ਈ। ਗਰਾਹੀ ਉਸ ਦੇ ਸੰਘ ਵਿਚ ਫਸ ਗਈ, ਜਿਸ ਨੂੰ ਲੱਸੀ ਦਾ ਵੱਡਾ ਸਾਰਾ ਘੁੱਟ ਭਰ ਕੇ ਲੰਘਾਦਾ ਹੋਇਆ ਉਹ ਸੋਚਣ ਲੱਗਾ, 'ਜੇ ਭੜੂਆ ਸੱਚ ਮੁੱਚ ਹੀ ਵਹੀ ਮੇਰੇ ਕੋਲੋਂ ਖੋਹ ਕੇ ਨਾਲ ਦੇ ਛੱਪੜ ਵਿਚ ਸੁੱਟ ਛੱਡਦਾ ਤਾਂ ਕੀ ਬਣਦਾ? ਸਾਰੀ ਉਮਰ ਦੀ ਖੱਟੀ ਉਸ ਬਦਮਾਸ਼ ਦੇ ਇਕੋ ਝਟਕੇ ਨਾਲ ਬਰਬਾਦ ਹੋ ਜਾਂਦੀ। ਕਿੰਨਾ ਨੁਕਸਾਨ ਹੁੰਦਾ।....ਦਿਆਲਾ ਲੰਬਰਦਾਰ ਸਾਢੇ ਪੰਜ ਸੌ....ਕਰਮ ਸਿੰਘ ਮਾਦੋਕਿਆਂ ਦਾ-ਚਾਰ ਸੌ...ਬਾਵਾ ਸੁੰਹ ਸੇਂਦੇ ਦਾ...ਢਾਈ ਸੌ......ਰਣ ਸਿੰਘ....ਕਰਮਾ ਲੁਹਾਰ.....ਦਾਦੂ ਤੇਲੀ....ਬਿੱਲਾ ਰੁਲੀਏ ਦਾ, ਜੈਲਾ ਉਮਰੇ ਦਾ ਤੇ ਬਾਕੀ ਨਿਕ ਪਰਚੂਨ.....ਸਾਰਾ ਰਲਾ ਮਿਲਾ ਕੇ ਤਿੰਨ ਸਾਢੇ ਤਿੰਨ ਹਜ਼ਾਰ।'
''ਲੈ ਭਾਈਆ,'' ਪਾਰੋ ਨੇ ਚਿਲਮ ਹੁੱਕੇ ਤੇ ਰੱਖ ਕੇ ਕਿਹਾ।
ਛੰਨੇ ਦਾ ਛੇਕੜਲਾ ਘੁੱਟ ਖਤਮ ਕਰ ਕੇ ਰਾਮੇ ਸ਼ਾਹ ਨੇ ਹੁਕੇ ਵਲ ਮੂੰਹ ਮੋੜਿਆ। ਥੋੜੇ ਚਿਰ ਵਿਚ ਕੋਠੜੀ ਧੂੰਏ ਨਾਲ ਭਰ ਗਈ। ਏਸ ਧੁੰਦਲੇ ਜਿਹੇ ਬਦਲ ਵਿਚ ਉਸ ਨੂੰ ਪੌਣੇ ਤਿੰਨ ਸੌ ਦੀ ਰਕਮ, ਕੁਝ ਨੋਟਾਂ ਦੇ ਰੂਪ ਵਿਚ ਤੇ ਕੁਝ ਚਾਂਦੀ ਦੇ ਸਿੱਕਿਆਂ ਦੇ ਰੂਪ ਵਿਚ ਭੌਂਦੀ ਦਿਸਦੀ ਸੀ। ਕਦੀ ਉਹ ਉਸਦੇ ਨੇੜੇ ਆ ਜਾਂਦੀ ਅਤੇ ਕਦੀ ਦੂਰ ਹੁੰਦੀ ਹੁੰਦੀ ਧੂੰਏਂ ਵਿਚ ਅਲੋਪ ਹੋ ਜਾਂਦੀ।
ਵਹੀ ਨੂੰ ਚਾਦਰ ਦੀ ਕੰਨੀਂ ਬੰਨ ਕੇ ਜਦ ਉਹ ਆਪਣੀ ਪੱਕੀ ਹਵੇਲੀ ਦੀ ਡਿਉਢੀ ਕੋਲ ਪੁਜਾ ਤਾਂ ਮਹੀਂ ਦੀ ਖੁਰਲੀ ਉਤੇ ਸੱਜੀ ਲੱਤ ਟਿਕਾ ਕੇ ਉਸ ਨੇ ਇਕ ਵਾਰੀ ਫੇਰ ਵਹੀ ਖੋਲ੍ਹੀ ਤੇ ਬਿਸ਼ਨੇ ਜੱਟ ਵਾਲਾ ਪੰਨਾ ਕੱਢ ਕੇ ਚੰਗੀ ਤਰ੍ਹਾਂ ਵੇਖਣ ਲੱਗਾ। ਡੇਢ ਸੌ ਦੀ ਰਕਮ ਉਤੇ ਅੰਗੂਠੇ ਦਾ ਨਿਸ਼ਾਨ ਬਿਲਕੁਲ ਠੀਕ ਸੀ। ਹੇਠਾਂ ਕਿਰਪਾ ਸਿੰਘ ਤੇ ਜੁਆਲਾ ਸਿੰਘ ਦੀਆਂ ਗਵਾਹੀਆਂ ਵੀ ਜਿਉਂ ਦੀਆਂ ਤਿਉਂ ਸਨ। ਕੁਝ ਵੀ ਗੁਆਚਾ ਨਹੀਂ ਸੀ। ਵਿਆਜ ਦਾ ਵੀ ਪੂਰਾ ਇਕ ਸੌ ਪੈਂਤੀ ਬਣਦਾ ਸੀ, ਪਰ ਰਾਮੇ ਸ਼ਾਹ ਨੂੰ ਰਹਿ ਰਹਿ ਕੇ ਭਰਮ ਪੈਂਦਾ ਕਿ ਇਹ ਗੂੜ੍ਹੀ ਸ਼ਾਹੀ ਦੇ ਮੋਟੇ ਅੱਖਰ ਮਿੱਟ ਨਾ ਗਏ ਹੋਣ ਜਾਂ ਹਾਕਮ ਕੋਲੋਂ ਪੜ੍ਹੇ ਈ ਨਾ ਜਾਣ। ਜਾਂ ਹੋਰ ਕੋਈ ਕਾਨੂੰਨੀ ਗਲਤੀ ਨਾ ਰਹਿ ਗਈ ਹੋਵੇ ਜਿਸ ਕਰਕੇ ਇੱਜਰਾ ਡਿਗਰੀ ਮਿਲਣ ਵਿਚ ਢਿੱਲ ਮੱਠ ਪੈ ਜਾਵੇ।
ਪਿੰਡੋਂ ਬਾਹਰ ਨਿੱਕਲ ਕੇ ਜਦ ਉਹ ਸੜਕ ਤੇ ਪੁਜਾ ਤਾਂ ਮਗਰੋਂ ਧੜ ਧੜ ਕਰਦਾ ਇਕ ਟਾਂਗਾ ਉਸ ਦੇ ਕੋਲ ਆ ਕੇ ਰੁਕਿਆ। ਕੋਚਵਾਨ ਨੇ ਆਵਾਜ਼ ਦਿਤੀ,''ਛਾਹ ਜੀ ਬਹਿ ਜਾਉ ਜਿਲੇ ਚਲਣਾ ਜੇ ਤਾਂ!''
ਰਾਮੇ ਸ਼ਾਹ ਨੇ ਪਿਛਾਂਹ ਪਰਤ ਕੇ ਟਾਂਗੇ ਵੱਲ ਤੱਕਿਆ। ਟਾਂਗੇ ਦੀਆਂ ਪਾਟੀਆਂ ਹੋਈਆਂ ਟਾਟ ਦੀਆਂ ਗੱਦੀਆਂ ਵਿਚੋਂ ਪਰਾਲੀ ਬਾਹਰ ਨਿਕਲੀ ਹੋਈ ਸੀ ਅਤੇ ਢੋ ਦਾ ਇਕ ਸਿਰਾ ਆਪਣੀ ਥਾਂ ਤੋਂ ਉੱਖੜ ਕੇ ਇਕ ਬੰਨੇ ਉਲਰਿਆ ਹੋਇਆ ਸੀ। ਘੋੜੇ ਦਾ ਕਦ ਟਾਂਗੇ ਨਾਲੋਂ ਦੋ ਢਾਈ ਫੁਟ ਉੱਚਾ ਸੀ, ਜਿਸ ਦੀ ਖਲੜੀ ਦਾ ਚੋਖਾ ਹਿਸਾ ਛਿਲਿਆ ਹੋਇਆ ਹੋਣ ਕਰਕੇ ਹਜ਼ਾਰਾਂ ਮੱਖੀਆਂ ਉਥੇ ਭਿਣਕ ਰਹੀਆਂ ਸਨ। ਮਖੀਆਂ ਉਡਾਣ ਲਈ ਘੋੜਾ ਜਿੰਨੀ ਵਾਰੀ ਪੂਛਲ ਚੁਕ ਕੇ ਫੇਰਦਾ, ਉਨੀ ਵਾਰੀ ਹੀ ਅਗਲੀ ਸੀਟ 'ਤੇ ਬੈਠੀ ਹੋਈ ਇਕ ਬੁਰਕੇ ਵਾਲੀ ਸਵਾਰੀ ਤ੍ਰਭਕ ਕੇ ਪਿਛਾਂਹ ਹੋ ਜਾਂਦੀ ਕਿ ਗੰਦੀ ਪੂਛਲ ਉਸਦਾ ਬੁਰਕਾ ਨਾ ਲਬੇੜ ਸੁੱਟੇ। ਘੋੜੇ ਦਾ ਢਾਂਚਾ ਵੇਖ ਕੇ ਏਹੋ ਲਗਦਾ ਸੀ ਕਿ ਉਸ ਦੀ ਖਾਧੀ ਹੋਈ ਖੁਰਾਕ ਉਸਦੇ ਮਾਸ ਦੀ ਥਾਂ ਉਸ ਦੀਆਂ ਹੱਡੀਆਂ ਨੂੰ ਹੀ ਵਧਾ ਫੁਲਾ ਰਹੀ ਸੀ। ਪਿਛਲੀਆਂ ਸੀਟਾਂ 'ਤੇ ਬੈਠੇ ਦੋ ਜੱਟ ਹੱਥਾਂ ਨਾਲ ਭੰਨ ਭੰਨ ਕੇ ਖਰਬੂਜੇ ਖਾ ਰਹੇ ਸਨ, ਜਿਨ੍ਹਾਂ ਦੀਆਂ ਸੁੱਟੀਆਂ ਹੋਈਆਂ ਛਿੱਲਾਂ ਨੂੰ ਇਕ ਲੁੰਡੀ ਪੂਛਲ ਵਾਲੀ ਬੱਕਰੀ ਨਾਲੋਂ ਨਾਲ ਸਮੇਟੀ ਜਾ ਰਹੀ ਸੀ।
''ਕੀ ਲੈਣਾ ਈ ਬਈ ਗੱਲ ਕਰ?'' ਪੁਛਦਿਆਂ ਹੋਇਆਂ ਰਾਮੇ ਸ਼ਾਹ ਨੇ ਪਹਿਲਾਂ ਆਪਣੀ ਜੁਤੀ ਦੇ ਸੱਜੇ ਛਿੱਤਰ ਵੱਲ ਤੱਕਿਆ ਜਿਹੜਾ ਪਬ ਤੋਂ ਪਾਟਿਆ ਹੋਇਆ ਸੀ ਤੇ ਫੇਰ ਕੱਛੇ ਮਾਰੀ ਵਹੀ ਵੱਲ, ਜਿਹੜੀ ਲੱਠੇ ਦੀ ਚਾਦਰ ਦੀਆਂ ਕਈ ਤੈਹਾਂ ਵਿਚ ਲਪੇਟੀ ਹੋਈ ਸੀ।
''ਤਿੰਨ ਆਨੇ ਸ਼ਾਹ ਜੀ,'' ਟਾਂਗੇ ਵਾਲੇ ਨੇ ਗਲ ਵਿਚ ਪਈ ਪਗੜੀ ਨੂੰ ਠੀਕ ਕਰਦਿਆਂ ਹੋਇਆਂ ਕਿਹਾ-''ਪੁੱਛ ਲੈ ਨਾਲ ਦੀਆਂ ਸਵਾਰੀਆਂ ਨੂੰ, ਤੁਹਾਡੇ ਕੋਲੋਂ ਕੋਈ ਵੱਧ ਲੈ ਲੈਣੇ ਨੇ!'' ਉਸ ਨੇ ਆਸ ਭਰੀ ਨਜ਼ਰ ਨਾਲ ਸ਼ਾਹ ਵਲ ਤੱਕਿਆ।
''ਹੇਖਾਂ!'' ਰਾਮੇ ਸ਼ਾਹ ਨੇ ਧੋਤੀ ਦੇ ਵਧਵੇਂ ਲੜ ਤੋਂ ਘੱਟਾ ਝਾੜਦਿਆਂ ਕਿਹਾ,
''ਤਿੰਨ ਆਨੇ ਨਾ ਤਿੰਨ ਆਨੇ। ਬੜੀ ਦੂਰ ਏ ਜਿਕਣ ਕਚਹਿਰੀ।''
ਪਿਛਲੀ ਸੀਟ ਉਤੇ ਬੈਠੀਆਂ ਦੋਹਾਂ ਸਵਾਰੀਆਂ ਵਿਚੋਂ ਇਕ ਨੇ ਕਿਹਾ, ''ਬਹਿ ਜਾਉ ਸ਼ਾਹ ਜੀ। ਕੜਕਦੀ ਦੁਪਹਿਰੀਂ ਕਿਥੇ ਘੱਟਾ ਫੱਕਦੇ ਜਾਓਗੇ, ਬਹਿ ਜਾਓ।''
''ਸ਼ਾਹ ਜੀ,'' ਕੋਚਵਾਨ ਨੇ ਟਾਂਗੇ ਤੋਂ ਉਤਰ ਕੇ ਘੋੜੇ ਦੇ ਤੰਗ ਨੂੰ, ਜਿਹੜਾ ਇਕ ਨੀਲੇ ਢਿਲਕਵਂੇ ਸਾਫੇ ਨਾਲ ਬੰਨਿਆ ਹੋਇਆ ਸੀ, ਕੱਸਦਿਆਂ ਹੋਇਆਂ ਕਿਹਾ, ਪੰਜ ਕੋਹ ਪੱਕਾ ਪੈਂਡਾ ਏ ਸ਼ਾਹ ਜੀ, ਉਤੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਦੀ ਏ। ਬਹੁਤੇ ਤੇ ਨਹੀਂ ਤਿੰਨ ਆਨੇ।''
''ਪੰਜ ਕੋਹ, ਬਲੇ ਓਏ'', ਸ਼ਾਹ ਨੇ ਚੱਦਰ ਦੀ ਕੰਨੀ ਨਾਲ ਮੂੰਹ ਤੋਂ ਮੁੜਕਾ ਪੂੰਝਦਿਆਂ ਹੋਇਆਂ ਕਿਹਾ-''ਵਾਜ ਮਾਰੀ ਕਚਹਿਰੀ ਅੱਪੜ ਪੈਂਦੀ ਏ, ਪੰਜ ਕੋਹ!'' ਤੇ ਉਹ ਸੜਕੇ ਸੜਕ ਤੁਰ ਪਿਆ।
''ਹਛਾ ਢਾਈ ਆਨੇ ਦੇਹ ਦੇਣੇ,'' ਕੋਚਵਾਨ ਨੇ ਪਿਛੋਂ ਆਵਾਜ਼ ਦਿੱਤੀ।''
''ਛੀ ਪੈਸੇ, ਛੀ ਪੈਸੇ,'' ਬਿਨਾਂ ਟਾਂਗੇ ਵੱਲ ਤਕਿਆਂ ਸ਼ਾਹ ਨੇ ਕਿਹਾ ਤੇ ਮੂੰਹ ਧਿਆਨਾ ਟੁਰਿਆ ਗਿਆ। ਅਧੇ ਕੁ ਫਰਲਾਂਗ 'ਤੇ ਜਾ ਕੇ ਉਸ ਨੇ ਇਕ ਦੋ ਵਾਰੀ ਫਿਰ ਪਿਛਾਂਹ ਵੱਲ ਤੱਕਿਆ ਕਿ ਸ਼ਾਇਦ ਟਾਂਗੇ ਵਾਲਾ ਆਵਾਜ਼ ਮਾਰ ਲਵੇ, ਪਰ ਟਾਂਗੇ ਵਾਲਾ ਸਮਝ ਚੁੱਕਾ ਸੀ ਕਿ ਸ਼ਾਹ ਨੇ ਪੈਸੇ ਨਹੀਂ ਖਰਚਣੇ।
ਟੁਰੇ ਜਾਂਦਿਆਂ ਸ਼ਾਹ ਨੂੰ ਇਕ ਵਾਰੀ ਫਿਰ ਖਿਆਲ ਆਇਆ-''ਦੋ ਆਨੇ ਖ਼ਬਰੇ ਮੰਨ ਲੈਂਦਾ, ਪਰ ਪਿਛੇ ਮੁੜਨਾ ਅਤੇ ਮੁੜ ਟਾਂਗੇ ਵਾਲੇ ਨੂੰ ਕੁਝ ਕਹਿਣਾ ਉਸ ਨੂੰ ਆਪਣੀ ਹਤਕ ਜਾਪੀ। ਫਿਰ ਇਸ ਗੱਲ ਦਾ ਵੀ ਕੀ ਭਰੋਸਾ ਸੀ ਕਿ ਉਹ ਦੋ ਆਨੇ ਮੰਨ ਲਵੇਗਾ? ਦੋਬਾਰਾ ਆਉਂਦਿਆਂ ਵੇਖ ਕੇ ਤਾਂ ਉਸ ਨੇ ਸਗੋਂ ਭੂਏ ਹੋ ਜਾਣਾ ਹੈ। ਚਲੋ ਛਡੋ ਪਰੇ। ਢਾਈ ਆਨੇ ਆਖ਼ਿਰ ਕਿਸ ਗੱਲ ਦੇ ਢਾਈ ਆਨੇ? ਸਹਿਜ ਭਾ ਨਾਲ ਤੁਰਿਆ ਜਾਵਾਂ ਤਾਂ ਵੀ ਡੂਢ ਦੋ ਘੰਟਿਆਂ ਵਿਚ ਪਹੁੰਚ ਜਾਵਾਂਗਾ। ਪਹੁੰਚਣਾ ਤੇ ਕਚਹਿਰੀ ਈ ਏ ਨਾ। ਹੁਣ ਵਜੇ ਹੋਣੇ ਨੇ ਅੱਠ। ਦੱਸ ਵਜੇ ਤੋਂ ਪਹਿਲਾਂ ਜਾ ਅਪੜਾਂਗਾ। ਤੇ ਟਾਂਗਾ ਵੀ ਕਿਹੜਾ ਕਿਤੇ ਮੋਟਰ ਕਾਰ ਏ। ਫੇਰ ਕਚੀ ਸੜਕ ਦਾ ਰਸਤਾ, ਲਕ ਲਕ ਤਕ ਡੂੰਘੀਆਂ ਲੀਹਾਂ। ਰਬ ਨਾ ਕਰਾਏ ਜੇ ਕਿਤੇ ਲੀਹ ਵਿਚ ਫਸ ਕਿ ਡਿਗ ਜਾਵੇ ਤਾਂ ਜਾਨ ਨੂੰ ਖ਼ਤਰਾ। ਟਕੇ ਚਾਲ ਢਿਚਕੂੰ ਢਿਚਕੂੰ ਕਦੇ ਉਲਾਰ ਕੇ ਦੋ ਗਜ਼ ਸੱਜੇ ਤੇ ਕਦੇ ਤਿੰਨ ਗਜ਼ ਖੱਬੇ। ਫਿਰ ਦਸ ਪੈਸੇ! ਨਾaੁਂ ਲੈਣਾ ਸੁਖਾਲਾ ਏ। ਪਾਰੋ ਦੀ ਮਾਂ ਝੂਠ ਥੋੜਾ ਆਂਹਦੀ ਸੀ, ਅਖੇ ਅੱਜ ਕਲ ਬੰਦਾ ਮਾਰਿਆ ਪੈਸਾ ਨਹੀਂ ਲੱਭਦਾ। ਏਸ ਵਿਚ ਝੂਠ ਕੀ ਏ? ਪਤਾ ਤੇ ਉਸ ਨੂੰ ਲਗਦਾ ਏ ਜਿਨੂੰ ਹਡ ਭੰਨ ਕੇ ਕਮਾਣੇ ਪੈਂਦੇ ਨੇ। ਇਹਨਾਂ ਜੱਟਾਂ ਦਾ ਕੀ ਏ ਇਕ ਦਾਣਾ ਬੀਜਿਆ ਤੇ ਸੌ ਦਾਣੇ ਵਢ ਲਏ। ਅਖੇ ਬੈਠ ਜਾਓ, ਸ਼ਾਹ ਜੀ ਬੈਠ ਜਾਓ। ਅਕਲ ਨਾ ਮੌਤ।''
ਇਹਨਾਂ ਹੀ ਖ਼ਿਆਲਾਂ ਵਿਚ ਮੂੰਹ ਧਿਆਨ ਟੁਰੇ ਜਾਂਦਿਆਂ ਅਚਾਨਕ ਸ਼ਾਹ ਨੂੰ ਪੱਥਰ ਦਾ ਠੇਡਾ ਲੱਗਾ ਤੇ ਜੁਤੀ ਦਾ ਪੱਬ ਹੋਰ ਥੋੜਾ ਜਿਹਾ ਪਾਟ ਗਿਆ। ਪੈਰ ਦਾ ਅੰਗੂਠਾ ਤੇ ਦੋ ਉਂਗਲਾਂ ਜੁਤੀ ਚੋਂ ਬਾਹਰ ਨਿਕਲ ਆਈਆਂ। ਨਾਲ ਹੀ ਠੋਕਰ ਨਾਲ ਲਹੂ ਵੀ ਸਿੰਮ ਪਿਆ।
''ਕੋਈ ਹਰਜ਼ ਨਹੀਂ ਐਹ ਬੂਹੇ 'ਤੇ ਕਚਹਿਰੀ ਏ'' ਏਸੇ ਤਰ੍ਹਾਂ ਦਿਲ ਨੂੰ ਢਾਰਸ ਦੇਂਦਾ ਹੋਇਆ ਰਾਮੇ ਸ਼ਾਹ ਟੁਰਿਆ ਜਾ ਰਿਹਾ ਸੀ। ਕੱਛੇ ਮਾਰੀ ਹੋਈ ਚਾਦਰ ਮੁੜਕੇ ਨਾਲ ਭਿੱਜਣ ਲੱਗੀ। ਵਹੀ ਭਾਵੇਂ ਕਈਆਂ ਤੈਆਂ ਵਿਚ ਲਪੇਟੀ ਹੋਈ ਸੀ, ਪਰ ਸ਼ਾਹ ਨੂੰ ਡਰ ਸੀ ਕਿ ਮੁੜ੍ਹਕਾ ਉਸ ਦੇ ਵਰਕਿਆਂ ਤਕ ਨਾ ਜਾ ਪੁਜੇ। ਉਸ ਨੇ ਚੱਦਰ ਦੀ ਗੰਢ ਕਛ ਹੇਠੋਂ ਕੱਢ ਕੇ ਮੋਢੇ ਤੇ ਰੱਖ ਲਈ।
ਮੀਲ ਸਵਾ ਮੀਲ ਤੱਕ ਰਾਮੇ ਸ਼ਾਹ ਬਰਾਬਰ ਪਿਛੇ ਮੁੜ ਮੁੜ ਕੇ ਵੇਖਦਾ ਗਿਆ ਅਤੇ ਉਸਦੇ ਕੰਨ ਬਰਾਬਰ ਟਾਂਗੇ ਦੀ ਖੜ ਖੜ ਨੂੰ ਉਡੀਕਦੇ ਰਹੇ। ਹੋ ਸਕਦਾ ਹੈ ਉਸ ਨੂੰ ਸਵਾਰ ਹੋਣ ਦਾ ਵੀ ਖ਼ਿਆਲ ਹੋਵੇ, ਪਰ ਏਦੂੰ ਬਹੁਤਾ ਖ਼ਿਆਲ ਉਸ ਨੂੰ ਏਸ ਗਲ ਦੀ ਸੀ ਕਿ ਟਾਂਗਾ ਜੇ ਪਹਿਲਾਂ ਕਚਹਿਰੀ ਪਹੁੰਚ ਗਿਆ ਤਾਂ ਇਹ ਉਸਦੀ ਹੇਠੀ ਦਾ ਕਾਰਨ ਹੋਵੇਗਾ।
ਉਹ ਤੇਜ਼ ਤੇਜ਼ ਕਦਮ ਸੁਟਦਾ ਟੁਰਿਆ ਜਾ ਰਿਹਾ ਸੀ ਤੇ ਟਾਂਗੇ ਦੀ ਥਾਂ ਉਸ ਦੇ ਦਿਮਾਗ ਵਿਚ ਬਿਸ਼ਨਾ ਜੱਟ ਫਿਰ ਰਿਹਾ ਸੀ, ਅਥਵਾ ਬਿਸ਼ਨੇ ਜੱਟ ਬਾਬਤ ਕੁਝ ਢਹਿੰਦੇ ਜੇਹੇ ਵਿਚਾਰ-''ਅਰਜ਼ੀ ਪਾਣੀ ਵੀ ਕਿਹੜੀ ਸੁਖਾਲੀ ਏ। ਦਾੜ੍ਹੀ ਨਾਲੋਂ ਮੁੱਛਾਂ ਵਧ ਜਾਂਦੀਆਂ ਨੇ। ਪੌਣੇ ਤਿੰਨ ਸੌ ਦੀ ਡਿਗਰੀ ਲੈਂਦਿਆਂ ਤੀਕ ਸੌ ਸਵਾ ਸੌ ਤੇ ਖ਼ਰਚ ਹੋ ਜਾਣਾ ਏ ਤੇ ਖ਼ਬਰੇ ਕਿੰਨੀਆਂ ਕੁ ਪੇਸ਼ੀਆਂ ਭੁਗਤਣੀਆਂ ਪੈਣ। ਅਗੋਂ ਮੁਕੱਦਮਾ ਹੋਇਆ ਦੀਵਾਨੀ। ਦੀਵਾਨੀ ਤਾਂ ਸੱਚਮੁੱਚ ਲਹਿਣੇਦਾਰਾਂ ਨੂੰ ਦੀਵਾਨਾ ਕਰ ਛੱਡਦੀ ਏ। ਉਤੋਂ ਅੱਜ ਕੱਲ੍ਹ ਦਾ ਕਾਨੂੰਨ ਹੋਇਆ ਜੱਟਾਂ ਦੇ ਹਕ ਵਿਚ। ਨਾ ਕੈਦ ਕਰ ਸਕਣਾ ਹੋਇਆ, ਨਾ ਜ਼ਮੀਨ ਕੁਰਕ ਹੋ ਸਕਦੀ ਹੋਈ। ਤੇ ਵਸੂਲ ਕੀ ਹੋਣਾ ਹੋਇਆ, ਮਿੱਟੀ ਤੇ ਸੁਆਹ! ਘਰ ਦੇ ਚਾਰ ਭਾਂਡੇ, ਉਹ ਵੀ ਕਿਸਮਤ ਨਾਲ! ਤੇ ਉਮਰਾਂ ਦਾ ਵੈਰ ਵਿਹਾਜ ਲੈਣਾ ਵੱਖਰਾ। ਸੋ ਬੰਦਾ ਕਰੇ ਤਾਂ ਕੀ ਕਰੇ। ਕੇਡੀ ਖੁੰਝ ਹੋ ਗਈ। ਕਰਮਾਂ ਦੀ ਮਾਰ। ਜੇਕਰ ਉਸ ਵੇਲੇ ਪਾਰੋ ਦੀ ਮਾਂ ਦੇ ਆਖੇ ਲੱਗ ਪੈਂਦਾ ਤਾਂ ਅੱਜ ਕਾਹਨੂੰ ਖੱਜਲ ਹੋਣਾ ਸੀ। ਹਾਲ ਦੀ ਘੜੀ 'ਤੇ ਵਿਆਜ ਲੈਂਦੇ ਲੈਂਦੇ ਮੂਲ ਵੀ ਗੁਆ ਬੈਠੇ। ਪਰ ਕੋਈ ਗੱਲ ਨਹੀਂ। ਇਕ ਵਾਰੀ ਤਾਂ ਬਿਸ਼ਨੇ ਦੇ ਬੂਹੇ 'ਤੇ ਮੈਂ ਵੀ ਡੁੱਗੀ ਵਜਾ ਕੇ ਛੱਡਣੀ ਏ। ਵਸੂਲ ਕੁਝ ਹੋਵੇ, ਭਾਵੇਂ ਨਾ ਹੋਵੇ, ਇਜ਼ਤ ਅਬਰੋ ਤੇ ਉਸ ਦੀ ਮਿੱਟੀ ਵਿਚ ਰੋਲ ਕੇ ਛਡਾਂਗਾ।''
ਖੜ ਖੜ ਦੀ ਆਵਾਜ਼ ਅਤੇ ਘੱਟੇ ਦੇ ਇਕ ਗੁਬਾਰ ਨੇ ਰਾਮੇ ਸ਼ਾਹ ਦੀ ਵਿਚਾਰਧਾਰਾ ਤੋੜ ਦਿੱਤੀ। ਉਹੀ ਟਾਂਗਾ ਆ ਰਿਹਾ ਸੀ। ਸ਼ਾਹ ਦੋ ਦਲੀਲੀਆਂ ਵਿਚ ਪੈ ਗਿਆ-''ਬਹਿ ਜਾਵਾਂ ਕਿ ਨਾ? ਪੈਂਡਾ ਤਾਂ ਕੋਈ ਡੇਢ ਕੋਹ ਮੁਕ ਗਿਆ ਹੈ। ਕੁਲ ਢਾਈ ਤਿੰਨ ਕੋਹ ਮਸਾਂ ਬਾਕੀ ਏ। ਭਲਾ ਜੇ ਅੱਧੋ ਅੱਧ ਲੈ ਲਵੇ-ਚਾਰ ਪੰਜ ਪੈਸੇ, ਹਾਂ ਫਿਰ ਤਾਂ ਕੋਈ ਮਹਿੰਗਾ ਨਹੀਂ। ਪਰ ਇਹ ਟਾਂਗਿਆਂ ਵਾਲੇ ਬੜੇ ਕੱਬੇ ਨੇ, ਕਿੱਥੋਂ ਮੰਨਣ ਲੱਗਾ ਏ...ਪਰ ਚਲੋ ਨਹੀਂ ਮੰਨੇਗਾ ਨਾ ਸਹੀ...ਪਰ...ਪਰ ਇਹ ਜੁਤੀ ਖਸਮਾਂ ਖਾਣੀ ਨੇ ਬੜਾ ਤੰਗ ਕੀਤਾ ਏ। ਖੈਰ ਕੋਈ ਗਲ ਨਹੀਂ। ਬਹੁਤਾ ਔਖਿਆਂ ਕਰੇਗੀ, ਤੇ ਹੱਥ ਵਿਚ ਫੜ ਲਵਾਂਗਾ। ਈਹੋ ਪੰਜ ਛੀ ਪੈਸੇ ਮੋਚੀ ਨੂੰ ਦਿਆਂਗਾ, ਜੁਤੀ ਨਵੀਂ ਨਕੋਰ ਹੋ ਜਾਏਗੀ। ਹੁਨਾਲ ਹੁਨਾਲ ਤੇ ਜਾਂਦੀ ਨਹੀਂ, ਸਿਆਲ ਨੂੰ ਸੁੱਖ ਰਹੀ ਤੇ ਫਿਰ ਵੇਖੀ ਜਾਏਗੀ।''
ਏਨੇ ਨੂੰ ਪਿੱਛੋਂ ਆਵਾਜ਼ ਆਈ-'ਬਹਿ ਜਾਓ ਸ਼ਾਹ ਜੀ, ਬਹਿ ਜਾਓ। ਕਿਉਂ ਔਖੇ ਹੁੰਦੇ ਜੇ ਕਿਨਾਰੇ ਢਾਈਆਂ ਆਨਿਆਂ ਬਦਲੇ।''
''ਢਾਈ ਆਨੇ? ਅਜੇ ਵੀ ਢਾਈ ਆਨੇ? ਅੱਧਾ ਪੈਂਡਾ ਮੁਕਾ ਲਿਆ ਏ'' ਸ਼ਾਹ ਸੋਚ ਰਿਹਾ ਸੀ-''ਦਫਾ ਕਰੋ ਸੂ।''
ਪਰ ਟਾਂਗੇ ਵਾਲਾ ਵੀ ਢੀਠ ਨਿਕਲਿਆ। ਉਸ ਨੇ ਟਾਂਗਾ ਲਾਗੇ ਲਿਆ ਖਲ੍ਹਾਰਿਆ। ਸਵਾਰੀਆਂ ਉਸ ਵਿਚ ਓਨੀਆਂ ਹੀ ਸਨ-ਤਿੰਨ ਦੀਆਂ ਤਿੰਨ। ਉਹ ਇਕ ਵਾਰੀ ਫੇਰ ਪੁਕਾਰਿਆ-''ਏ ਗੱਲ 'ਤੇ ਸੁਣੋ ਸ਼ਾਹ ਜੀ!''
ਰਾਮੇ ਸ਼ਾਹ ਬੜੀ ਲਾਪਰਵਾਹੀ ਨਾਲ, ਜਿਵੇਂ ਉਸ ਨੂੰ ਟਾਂਗੇ 'ਤੇ ਬੈਠਣ ਦੀ ਉੱਕਾ ਚਾਹ ਨਹੀਂ, ਰੁਕਿਆ-''ਹਾਂ, ਕੀ ਗੱਲ ਏ?''
''ਏ ਮੈਂ ਕਿਹਾ ਬੈਠ ਜਾਓ, ਚਲੋ ਦੋ ਆਨੇ ਦੇ ਦੇਣੇ, ਹੁਣ ਤੇ ਰਾਜੀ ਓ?''
ਸ਼ਾਹ ਨੂੰ ਇਸ ਮੂਰਖ ਦੀ ਅਕਲ ਤੇ ਗੁੱਸਾ ਆ ਰਿਹਾ ਸੀ-''ਛੀ ਪੈਸੇ ਮੈਂ ਇਸ ਨੂੰ ਅੱਡੇ 'ਤੇ ਕਹੇ ਸਨ, ਤੇ ਹੁਣ ਅੱਧ ਵਿਚ ਆ ਕੇ ਦੁਆਨੀ।'' ''ਤੁਰਿਆ ਜਾ-ਤਰਿਆ ਜਾ!'' ਸ਼ਾਹ ਨੇ ਗੁੱਸੇ ਨਾਲ ਕਿਹਾ, ਤੇ ਆਪ ਉਸ ਤੋਂ ਅਗਲਵਾਂਢੀ ਟੁਰ ਪਿਆ।
''ਹੱਛਾ ਤੁਸਾਂ ਕੀ ਦੇਣਾ ਏ ਭਲਾ?'' ਟਾਂਗੇ ਵਾਲੇ ਨੇ ਘੋੜੇ ਨੂੰ ਛਾਂਟਾ ਮਾਰਦਿਆਂ ਹੋਇਆਂ ਖਿੱਝ ਕੇ ਕਿਹਾ।
ਧੁੱਪ ਕੜਾਕੇਦਾਰ ਹੋ ਗਈ। ਰਾਮੇ ਸ਼ਾਹ ਦੀ ਜੁੱਤੀ ਨੇ ਅਜ ਵਰਗਾ ਧੋਖਾ ਕਦੇ ਨਹੀਂ ਸੀ ਦਿੱਤਾ। ਸੱਚ ਕਹਿੰਦੇ ਨੇ, ''ਠੋਹਕਰੀ ਹੋਈ ਥਾਂ ਨੂੰ ਹੀ ਠੋਹਕਰਾਂ ਲਗਦੀਆਂ ਨੇ।'' ਇਕ ਠੋਹਕਰ ਲੱਗੀ ਤੇ ਛਿੱਤਰ ਦਾ ਅਗਲਾ ਅੱਧ ਦੁਫਾੜ ਹੋ ਗਿਆ-ਤਲਾ ਵੱਖਰਾ ਅਤੇ ਉਪਰਲਾ ਹਿੱਸਾ ਵੱਖਰਾ। ਹੁਣ ਇਸ ਵਿਚ ਪੈਰ ਦਾ ਅੜਨਾ ਮੁਸ਼ਕਿਲ ਸੀ। ਇਕ ਅੱਧ ਵਾਰੀ ਲੀਰ ਬੰਨ੍ਹ ਕੇ ਸ਼ਾਹ ਨੇ ਕੰਮ ਸਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਕੋਈ ਲਾਭ ਨਾ ਹੋਇਆ। ਅਖ਼ੀਰ ਇਕ ਛਿੱਤਰ ਹੱਥ ਵਿਚ ਤੇ ਇਕ ਪੈਰ ਵਿਚ ਲੈ ਕੇ ਪੰਧ ਮੁਕਾਣਾ ਸ਼ੁਰੂ ਕੀਤਾ, ਪਰ ਇਹ ਵਿਉਂਤ ਵੀ ਸਿਰੇ ਨਾ ਚੜ੍ਹ ਸਕੀ। ਹਾੜ ਮਹੀਨੇ ਦੀ ਧੁਪ ਤੇ ਰੇਤਲਾ ਪੰਧ। ਨੰਗਾ ਪੈਰ ਭਠੂਰੇ ਵਰਗਾ ਹੋ ਗਿਆ।
ਬੜੀ ਮੁਸੀਬਤ ਬਣੀ। ਟੁੱਟਾ ਹੋਇਆ ਛਿੱਤਰ ਕਦੀ ਰਾਮੇ ਸ਼ਾਹ ਦੇ ਹੱਥ ਵਿਚ ਤੇ ਕਦੀ ਪੈਰ ਵਿਚ ਹੁੰਦਾ। ਧੁੱਪ ਪੈਰੋ ਪੈਰ ਤੇਜ਼ ਹੁੰਦੀ ਜਾ ਰਹੀ ਸੀ, ਪੈਂਡਾ ਅਜੇ ਤਕ ਢਾਈ ਕੋਹ ਬਾਕੀ ਸੀ। ਸ਼ਾਹ ਨੂੰ ਰਹਿ ਰਹਿ ਕੇ ਅਰਮਾਨ ਲਗਦਾ-''ਕਾਹਨੂੰ ਝੇੜਾ ਪਾ ਬਹਿਣਾ ਸੀ ਦੁੰਹ ਚਹੁੰ ਪੈਸਿਆਂ ਬਦਲੇ? ਸਹੁਰੇ ਹੁੰਦੇ ਪੈਸੇ । ਜਾਨ ਨਾਲ ਜਹਾਨ ਹੈ।'' ਤੇ ਉਹ ਘੜੀ ਮੁੜੀ ਕਿਸੇ ਹੋਰ ਟਾਂਗੇ ਦੀ ਉਡੀਕ ਵਿਚ ਪਿਛਾਂਹ ਤੱਕਦਾ ਜਾ ਰਿਹਾ ਸੀ। ਗਰਮੀ ਤੇ ਪੈਰ ਦੀ ਤਕਲੀਫ਼ ਤੋਂ ਛੁਟ ਰਾਮੇ ਸ਼ਾਹ ਨੂੰ ਇਕ ਹੋਰ ਖ਼ਿਆਲ ਸਤਾ ਰਿਹਾ ਸੀ । ਇਸ ਉਜਾੜ ਬੀਆਬਾਨ ਵਿਚ ਜੇ ਕਿਤੇ ਬਿਸ਼ਨਾ ਟੱਕਰ ਪਵੇ, ਜਾਂ ਨਾ ਜਾਣੀਏ ਉਸ ਨੇ ਮਗਰੇ ਮਗਰ ਕੋਈ ਬੰਦਾ ਛੱਡ ਦਿੱਤਾ ਹੋਵੇ, ਉਹ ਆ ਕੇ ਮੈਨੂੰ ਮੇਰੀ ਵਹੀ....ਸੋਚਦਿਆਂ ਸੋਚਦਿਆਂ ਰਾਮੇ ਸ਼ਾਹ ਦਾ ਮੁੜ੍ਹਕਾ ਕਚੀਆਂ ਤ੍ਰੇਲੀਆਂ ਵਿਚ ਵੱਟ ਗਿਆ। ਡਰ ਨਾਲ ਉਸ ਦਾ ਸਾਹ ਖਲ ਵਿਚ ਨਹੀਂ ਸੀ ਸਮਾਂਦਾ। ਦੂਰ ਤੋੜੀ ਨਜ਼ਰ ਦੁੜਾ ਕੇ ਉਹ ਕਿਸੇ ਸਾਥੀ ਰਾਹੀ ਦੀ ਉਡੀਕ ਕਰਨ ਲਗਾ।
ਇਸ ਤੋਂ ਬਾਅਦ ਉਹ ਜਿੰਨੇ ਕਦਮ ਅਗਾਂਹ ਟੁਰਦਾ ਜਾਂਦਾ ਸੀ, ਓਨੇ ਵੱਖੋ ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਉਸ ਦੀ ਘਬਰਾਹਟ ਨੂੰ ਵਧਾਈ ਚਲੇ ਜਾ ਰਹੇ ਸਨ।
ਹੋਰ ਕੁਝ ਅਗਾਂਹ ਜਾ ਕੇ ਉਸ ਨੂੰ ਏਸ ਤਰ੍ਹਾਂ ਅਨੁਭਵ ਹੋਣ ਲੱਗਾ ਜਿਸ ਤਰ੍ਹਾਂ ਸੱਚ ਮੁੱਚ ਬਿਸ਼ਨਾ ਜੱਟ ਉਸ ਦਾ ਖੁਰਾ ਚੁਕੀ ਮਗਰੇ ਮਗਰ ਨੱਠਾ ਆ ਰਿਹਾ ਹੈ।
ਕੁਝ ਦੁਰਾਡੇ ਸੜਕ ਦੇ ਕੰਢੇ ਉਸ ਨੂੰ ਇਕ ਸੰਘਣਾ ਬੋਹੜ ਦਿਖਾਈ ਦਿੱਤਾ, ਜਿੱਥੋਂ ਖੂਹ ਵਗਣ ਦੀ ਨਿੰਮੀ ਨਿੰਮੀ ਆਵਾਜ਼ ਆ ਰਹੀ ਸੀ, ਪਰ ਇਹ ਥਾਂ ਉਸ ਨੂੰ ਜਿੰਨੀ ਨੇੜੇ ਦਿਖਾਈ ਦਿੱਤੀ ਅਸਲ ਵਿਚ ਇੰਨੀ ਨੇੜੇ ਨਹੀਂ ਸੀ।
ਅਖ਼ੀਰ ਕਿਸੇ ਤਰ੍ਹਾਂ ਖਿੱਚ ਘਸੀਟ ਕੇ ਉਹ ਬੋਹੜ ਤੱਕ ਜਾ ਹੀ ਪੁੱਜਾ। ਪਰ ਹੁਣ ਉਸ ਵਿਚ ਸਾਹ ਸੱਤ ਬਾਕੀ ਨਹੀਂ ਸੀ। ਕਪੜੇ ਮੁੜ੍ਹਕੇ ਨਾਲ ਭਿੱਜੇ। ਤ੍ਰੇਹ ਨਾਲ ਗਲੇ ਦੀਆਂ ਰਗਾਂ ਮਿਲੀਆਂ ਹੋਈਆਂ, ਡਰ ਤੇ ਗਰਮੀ ਨਾਲ ਅੱਖਾਂ ਅਗੇ ਭੰਬਲ ਤਾਰੇ ਫਿਰ ਰਹੇ ਸਨ। ਤੇ ਸਿਰ ਉਸ ਦਾ ਘਰਾਟ ਵਾਂਗ ਭਉਂ ਰਿਹਾ ਸੀ।
ਉਸ ਨੇ ਏਨਾ ਹੀ ਸ਼ੁਕਰ ਕੀਤਾ ਕਿ ਬੋਹੜ ਤੀਕ ਪਹੁੰਚਣ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪਿਆ।
ਖੂਹ ਵਗ ਰਿਹਾ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਬੋਹੜ ਦੀ ਛਾਵੇਂ ਬੰਨ੍ਹੇ ਹੋਏ ਦੋ ਢੱਗੇ ਮਸਤੀ ਨਾਲ ਅੱਖਾਂ ਮੀਟੀ ਜੁਗਾਲੀ ਕਰ ਰਹੇ ਸਨ।
ਇਕ ਲਾਖਾ ਵਹਿੜਕਾ ਏਧਰ ਉਧਰ ਫਿਰਦਾ ਹੋਇਆ ਘਾਹ ਦੀਆਂ ਤਿੜ੍ਹਾਂ ਨੂੰ ਇਸ ਤਰ੍ਹਾਂ ਸੁਆਦ ਲਾ ਲਾ ਕੇ ਚਰ ਰਿਹਾ ਸੀ, ਜਿਵੇਂ ਜੱਟ ਮੇਲੇ ਵਿਚ ਜਲੇਬੀਆਂ ਖਾਂਦਾ ਹੈ। ਲਾਗੇ ਇਕ ਵਾਣ ਦੇ ਭਾਰੇ ਮੰਜੇ ਉਤੇ ਕੋਈ ਸੁੱਤਾ ਹੋਇਆ ਘੁਰਾੜੇ ਮਾਰ ਰਿਹਾ ਸੀ।
ਨਿਸਾਰ ਤੋਂ ਮੂੰਹ ਹੱਥ ਧੋ ਕੇ ਰਾਮੇ ਸ਼ਾਹ ਨੇ ਮੁੜ੍ਹਕੇ ਭਰੀ ਕਮੀਜ਼ ਲਾਹ ਕੇ ਔਲ੍ਹ ਵਿਚ ਸੁੱਟ ਦਿੱਤੀ ਤੇ ਫਿਰ ਲਾਗਲੀ ਸਿੱਲ ਤੇ ਖਲੋ ਕੇ ਧੁੱਪੇ ਸੁੱਕਣੇ ਪਾ ਦਿੱਤੀ। ਇਸ ਵੇਲੇ ਬੋਹੜ ਵਿਚੋਂ ਛਣ ਕੇ ਆਈਆਂ ਸਿਖਰੀ ਸੂਰਜ ਦੀਆਂ ਕਿਰਨਾਂ ਉਸ ਦੇ ਸਿਰ 'ਤੇ ਫਿਰਦੀਆਂ ਹੋਈਆਂ ਉਸ ਨੂੰ ਬਾਕੀ ਰਹਿੰਦੇ ਪੰਧ ਦਾ ਚੇਤਾ ਕਰਾ ਰਹੀਆਂ ਸਨ। ਪਰ ਰਾਮੇ ਸ਼ਾਹ ਨੂੰ ਥਕੇਵੇਂ ਅਤੇ ਪੈਰ ਦੀ ਪੀੜ ਨੇ ਬੇਹਾਲ ਕੀਤਾ ਹੋਇਆ ਸੀ। ਪੈਰ ਦੇ ਉਤਲੇ ਹਿੱਸੇ ਉਤੇ ਛਾਲੇ ਉਭਰ ਆਏ ਸਨ ਤੇ ਹੇਠਲਾ ਹਿੱਸਾ ਬਰਸਾਤ ਦੇ ਕੱਲਰ ਵਾਂਗ ਫਫੂਸਿਆ ਪਿਆ ਸੀ। ਜੁੱਤੀ ਦਾ ਇਸ ਵਿਚ ਅੜਨਾ ਤਾਂ ਦੂਰ ਦੀ ਗਲ, ਛੋਹਣਾ ਵੀ ਔਖਾ ਸੀ।
ਲੱਤਾਂ ਬਾਹਾਂ ਧੌਣ ਤੇ ਠੰਢੀ ਹਵਾ ਨਾਲ ਮੁੜਕਾ ਸੁੱਕਣ ਨਾਲ ਜਦ ਉਸ ਦੀ ਕੁਝ ਹੋਸ਼ ਫਿਰੀ ਤਾਂ ਉਸ ਨੂੰ ਉਸੇ ਪੈਂਡੇ ਦਾ ਖ਼ਿਆਲ ਆਇਆ, ਜਿਹੜਾ ਅਜੇ ਤੀਜੇ ਹਿਸੇ ਦੇ ਲਗਪਗ ਬਾਕੀ ਸੀ।
ਕਮੀਜ਼ ਸੁੱਕਣ ਦੀ ਉਡੀਕ ਵਿਚ ਉਹ ਬੋਹੜ ਦੇ ਮੁੱਢ ਨਾਲ ਪਿੱਠ ਜੋੜ ਕੇ ਬੈਠ ਗਿਆ-ਉਸ ਨੂੰ ਝਪਕੀ ਜੇਹੀ ਆਉਣ ਲਗੀ-
.... ..... ...... ਟਾਂਗੇ ਦੀ ਖੜ ਖੜ ਫੇਰ ਸੁਣਾਈ ਦਿੱਤੀ ਤੇ ਉਸ ਨੇ ਜਾਂ ਪਿਛਾਂਹ ਪਰਤ ਕੇ ਵੇਖਿਆ ਤਾਂ ਡਰ ਨਾਲ ਉਹ ਬੜ ਬੜਾ ਉੱਠਿਆ। ਓਹੀ ਤਿੰਨ ਸਵਾਰੀਆਂ ਟਾਂਗੇ ਤੋਂ ਉਤਰੀਆਂ-ਇਕ ਬੁਰਕੇ ਵਾਲੀ ਤੇ ਦੋ ਪੱਗਾਂ ਵਾਲੀਆਂ, ਤੇ ਪਾਏਦਾਨ ਤੋਂ ਛਾਲ ਮਾਰਦਿਆਂ ਹੀ ਉਸ ਬੁਰਕੇ ਵਾਲੀ ਸਵਾਰੀ ਨੇ ਬੁਰਕਾ ਲਾਹ ਕੇ ਸੁੱਟ ਦਿਤਾ, ''ਓ ਮੇਰੀਏ ਮਾਂ। ਬਿਸ਼ਨਾ ਜੱਟ!''
ਤੇ ਬਿਸ਼ਨਾ ਆਪਣੇ ਦੋਹਾਂ ਸਾਥੀਆਂ ਨੂੰ ਅੱਖ ਨਾਲ ਕੋਈ ਇਸ਼ਾਰਾ ਕਰਕੇ ਦਗੜ ਦਗੜ ਕਰਦਾ ਰਾਮੇ ਸ਼ਾਹ ਦੇ ਸਿਰ 'ਤੇ ਆ ਕੜਕਿਆ-'ਕਿੱਥੇ ਚਲਿਆ ਸੈਂ, ਅਰਜ਼ੀ ਪਾਣ? ਠੈਹਰ ਜਾ, ਤੈਨੂੰ ਅਰਜ਼ੀ ਤੇ ਪੁਆ ਲਵਾਂ।'' ਤੇ ਉਸ ਨੇ ਆਪਣੇ ਦੋਹਾਂ ਸਾਥੀਆਂ ਵਿਚੋਂ ਇਕ ਨੂੰ ਪੁਕਾਰਿਆ-''ਫੜ ਉਏ ਕਿਰਪਾ ਸਿਆਂ, ਜਾਣ ਨਾ ਦਈਂ ਸੂ।'' ਅਤੇ ਇਸ ਤੋਂ ਬਾਅਦ ਕਿਰਪਾ ਸੂੰ ਉਹਨੂੰ ਘਸੀਟ ਕੇ ਮੰਜੇ ਕੋਲ ਲੈ ਗਿਆ। ਮੰਜੇ ਦਾ ਸਰਾਂਦੀ ਵਾਲਾ ਪਾਵਾ ਚੁੱਕ ਕੇ ਉਸ ਨੇ ਰਾਮੇ ਸ਼ਾਹ ਦਾ ਪੈਰ ਉਸ ਦੇ ਹੇਠ ਦੇ ਦਿੱਤਾ ਤੇ ਉਹ ਆਪ ਅਤੇ ਉਸਦਾ ਦੂਸਰਾ ਸਾਥੀ ਛਾਲ ਮਾਰ ਕੇ ਮੰਜੇ ਤੇ ਚੜ੍ਹ ਬੈਠੇ।
ਪੀੜ ਨਾਲ ਰਾਮੇ ਸ਼ਾਹ ਦੀਆਂ ਚਾਂਗਰਾਂ ਨਿਕਲ ਗਈਆਂ ਤੇ ਓਧਰੋਂ ਬਿਸ਼ਨਾ ਜੱਟ ਇਹ ਕਹਿੰਦਾ ਹੋਇਆ ਉਸ ਤੋਂ ਵਹੀ ਖੋਹਣ ਦੀ ਕੋਸ਼ਿਸ਼ ਕਰਨ ਲੱਗਾ-''ਉਰੇ ਕਰ ਖਾਂ ਤੇਰੇ ਇਸ ਧਰਮ ਰਾਜ ਦੇ ਪੋਥੇ ਨੂੰ ਬਿਲੇ ਲਾਵਾਂ।''
ਜਿਉਂ ਜਿਉਂ ਬਿਸ਼ਨਾ ਵਹੀ ਨੂੰ ਖਿੱਚਦਾ ਤਿਉਂ ਤਿਉਂ ਰਾਮੇ ਸ਼ਾਹ ਉਸ ਨੂੰ ਬਾਹਾਂ ਵਿਚ ਕੱਸਣ ਦੀ ਕੋਸ਼ਿਸ਼ ਕਰਦਾ। ਅਖੀਰ ਸ਼ਾਹ ਦੀ ਕੋਸ਼ਿਸ਼ ਬੇਕਾਰ ਸਾਬਤ ਹੋਈ ਤੇ ਬਿਸ਼ਨੇ ਦੀ ਸਕਾਰਥੀ। ਵਹੀ ਖੁਸਣ ਦੀ ਢਿੱਲ ਸੀ ਕਿ ਰਾਮੇ ਸ਼ਾਹ ਨੇ ਉਸ ਦੇ ਮਗਰ ਨਠਣਾ ਚਾਹਿਆ, ਪਰ ਪੈਰ ਮੰਜੇ ਹੇਠ ਦਬਿਆ ਹੋਣ ਕਰਕੇ ਉਸ ਦੀ ਕੁਝ ਵੀ ਪੇਸ਼ ਨਾ ਜਾ ਸਕੀ ਤੇ ਉਹ ਪਾਗਲ ਵਾਂਗ ਮੂੰਹ ਆਈਆਂ ਬੋਲਣ ਲੱਗਾ। ਏਨੇ ਨੂੰ ਟਾਂਗੇ ਵਾਲਾ ਉਸ ਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ-''ਸ਼ਾਹ ਜੀ ਬਹਿ ਜਾਓ ਹੁਣ ਰਮਾਨ ਕਰ ਕੇ.....''
ਰਾਮੇ ਸ਼ਾਹ ਨੇ ਗੋਡਿਆਂ ਤੇ ਟਿਕੇ ਹੋਏ ਸਿਰ ਨੂੰ ਚੁੱਕ ਕੇ ਉਤਾਂਹ ਤੱਕਿਆ। ਬੋਹੜ ਦੀ ਮੁੱਢ ਨਾਲ ਚੋਖੇ ਚਿਰ ਤੋਂ ਢਾਸਣਾ ਲਗੀ ਰਹਿਣ ਕਰ ਕੇ ਉਸ ਦੀ ਨੰਗੀ ਪਿਠ ਵਿਚ ਪੀੜ ਹੋ ਰਹੀ ਸੀ। ਪੈਰ ਵਿਚੋਂ ਅਜੇ ਵੀ ਚੀਸਾਂ ਨਿਕਲ ਰਹੀਆਂ ਸਨ, ਪਰ ਪਾਵੇ ਹੇਠ ਹੋਣ ਕਰਕੇ ਨਹੀਂ, ਜੁਤੀ ਲੱਗਣ ਕਰਕੇ, ਤੇ ਉਸ ਦੇ ਪੱਟਾਂ ਵਿਚ ਚਾਦਰ ਵਲੇਟੀ ਪਈ ਵਹੀ ਨੂੰ ਲਾਖਾ ਵਹਿੜਕਾ ਖਿੱਚ ਰਿਹਾ ਸੀ, ਜਿਸ ਨੂੰ ਸ਼ਿਸ਼ਕਾਰ ਕੇ ਪਰੇ ਹਟਾਂਦਾ ਹੋਇਆ ਓਹੀ ਟਾਂਗੇ ਵਾਲਾ ਕਹਿ ਰਿਹਾ ਸੀ, ਸ਼ਾਹ ਜੀ, ਜੇ ਮੈਂ ਨਾ ਆਉਂਦਾ ਤਾਂ ਤੁਹਾਡੇ ਵਹੀ ਇਸ ਵੱਛੇ ਨੇ ਖਿੱਚ ਕੇ ਲੈ ਜਾਣੀ ਸੀ, ਨਾਲੇ ਚਾਦਰ ਚੱਬ ਕੇ ਚੌੜ ਕਰ ਸੁੱਟਣੀ ਸੀ। ਬਹਿ ਜਾਓ ਟਾਂਗੇ ਵਿਚ, ਜੇ ਚਲਣਾ ਜੇ ਤੇ, ਮੈਂ ਜ਼ਰਾ ਘੋੜੇ ਨੂੰ ਪਾਣੀ ਡਾਹ ਲਵਾਂ।''
''ਰਾਮ, ਰਾਮ, ਰਾਮ.....!'' ਸ਼ਾਹ ਨੇ ਉਬਾਸੀ ਲੈ ਕੇ ਅੱਖਾਂ ਮਲਦਿਆਂ ਹੋਇਆਂ ਕਿਹਾ-''ਕਿੱਡ ਭੈੜਾ ਸੁਪਨਾ ਸੀ।'' ਤੇ ਵਹੀ ਨੂੰ ਹੋਰ ਚੰਗੀ ਤਰ੍ਹਾਂ ਘੁਟ ਕੇ ਉਸ ਨੇ ਚਾਦਰ ਵਿਚ ਲਪੇਟ ਲਿਆ।
''ਤਾਹੀਏਂ ਬੜਬੜਾਉਣ ਡਹੇ ਹੋਏ ਸਾਓ?'' ਟਾਂਗੇ ਵਾਲੇ ਨੇ ਟਿਕਚਰ ਭਰੇ ਲਹਿਜੇ ਵਿਚ ਕਿਹਾ-''ਮੈਂ ਆਖਿਆ ਖ਼ਬਰੇ ਕੀ ਹੋ ਗਿਆ ਨੇ।''
''ਤੇ ਤੂੰ ਕਚਹਿਰੀਓ ਹੋ ਮੁੜਿਆ ਏਂ? ਸ਼ਾਹ ਨੇ ਗਲ ਦਾ ਰੁਖ ਬਦਲਣ ਲਈ ਕਿਹਾ-''ਛੇਤੀ ਹੀ ਆ ਗਿਆ ਏਂ!'' ਤੇ ਉਸ ਨੇ ਛੇਤੀ ਨਾਲ ਉਠ ਕੇ ਕਚਹਿਰੀ ਜਾਣ ਲਈ ਕਦਮ ਚੁਕਿਆ, ਪਰ ਪੈਰ ਨੂੰ ਭੋਇੰ ਤੇ ਰਖਣਾ ਮੁਹਾਲ ਹੋ ਗਿਆ। ਮਸੇ ਕਮੀਜ਼ ਵਾਲੇ ਥਾਂ ਤੱਕ ਹੀ ਪਹੁੰਚ ਸਕਿਆ।
''ਕੀ ਦਸਾਂ ਸ਼ਾਹ ਜੀ,'' ਟਾਂਗੇ ਵਾਲੇ ਨੇ ਘੋੜੇ ਦਾ ਲੀਰਾਂ ਦਾ ਤੰਗ ਖੋਲ੍ਹਦਿਆਂ ਕਿਹਾ-''ਅਜ ਤਾਂ ਕੋਈ ਐਸਾ ਨਹਿਸ਼ ਮੱਥੇ ਲੱਗਾ ਵੇ ਜੋ ਫੇਰਾ ਈ ਔਤਰ ਗਿਆ। ਪਿੰਡੋਂ ਤਿੰਨ ਸਵਾਰੀਆਂ ਮਿਲੀਆਂ ਸਨ, ਤੇ ਮੁੜਦੀ ਵੇਰੀ ਇਕ ਵੀ ਨਾ। ਸੰਘ ਪਾੜ ਪਾੜ ਕੇ ਤੁਰ ਆਇਆ ਵਾਂ।''
ਸ਼ਾਹ ਨੇ ਕਮੀਜ਼ ਪਾਂਦਿਆਂ ਹੋਇਆਂ ਉਤਾਂਹ ਸਿਰ ਚੁੱਕ ਕੇ ਸੂਰਜ ਵਲ ਤਕਿਆ। ਪਰਛਾਂਵੇ ਢਲ ਰਹੇ ਸਨ।
''ਪਰ ਸ਼ਾਹ ਜੀ ਟਾਂਗੇ ਵਾਲੇ ਨੇ ਹੈਰਾਨੀ ਨਾਲ ਕਿਹਾ-''ਤੁਸਾਂ ਤੇ ਹੱਦ ਈ ਮੁਕਾ ਦਿੱਤੀ। ਟਾਂਗੇ ਨਾਲੋਂ ਵੀ ਪਹਿਲਾਂ ਆ ਪਹੁੰਚੇ ਜੇ। ਜਾਪਦਾ ਏ ਕੰਮ ਥੋੜਾ ਈ ਹੋਣਾ ਜੇ ਕਚਹਿਰੀ।''
''ਹਾਂ'' ਰਾਮੇ ਸ਼ਾਹ ਨੇ ਏਧਰ ਓਧਰ ਝਾਕਦਿਆਂ ਕਿਹਾ-''ਜਾਂਦਿਆਂ ਹੀ ਤਰੀਕ ਪੈ ਗਈ ਸੀ।''
''ਚਲੋ ਬਹਿ ਜਾਓ ਫਿਰ,'' ਟਾਂਗੇ ਵਾਲੇ ਨੇ ਸ਼ੋਖ਼ ਭਰੀ ਆਵਾਜ਼ ਵਿਚ ਕਿਹਾ,
''ਜੋ ਜੀ ਕਰੇਗਾ ਦੇ ਛਡਣਾ, ਨਾ ਦਿਓਗੇ ਤਾਂ ਵੀ ਖੈਰ ਸੱਲਾ।'' ਪਾਣੀ ਡਾਹੁਣ ਤੋਂ ਬਾਅਦ ਉਸ ਨੇ ਮੁੜ ਘੋੜੇ ਨੂੰ ਟਾਂਗੇ ਨਾਲ ਜੋੜ ਦਿੱਤਾ।
''ਚਲ ਭਈ'' ਕਹਿ ਕੇ ਅੱਖਾਂ ਮੱਲਦਾ ਰਾਮੇ ਸ਼ਾਹ ਟਾਂਗੇ 'ਤੇ ਜਾ ਬੈਠਾ। ਸੁਜੇ ਹੋਏ ਪੈਰ ਨੂੰ ਉਸ ਨੇ ਧੋਤੀ ਦੇ ਲੜ ਨਾਲ ਕੱਜ ਲਿਆ।
''ਭਲਕੇ ਵੀ ਜਾਣਾ ਜੇ ਕਚਹਿਰੀ?'' ਟਾਂਗੇ ਵਾਲੇ ਨੇ ਤਪੇ ਹੋਏ ਪਹੀਆਂ ਵਿਚਾਲੇ ਟਿੰਡ ਨਾਲ ਪਾਣੀ ਛਿੜਕਦਿਆਂ ਕਿਹਾ-''ਜਿਦਣ ਜਾਣਾ ਹੋਵੇ ਮੈਨੂੰ ਦੱਸ ਛੱਡਿਆ ਕਰੋ।''
''ਢਠੇ ਖੂਹ ਵਿਚ ਪਈ ਕਚਹਿਰੀ,'' ਖਿਝ ਕੇ ਸ਼ਾਹ ਬੋਲਿਆ-'ਗੱਲਾਂ ਨਾ ਬਣਾ ਬਹੁਤੀਆਂ ਤੇ ਤੋਰ ਟਾਂਗੇ ਨੂੰ ਅਗੇ ਮੇਰੇ ਸਿਰ ਨੂੰ ਚੱਕਰ ਆਉਣ ਡਹੇ ਹੋਏ ਨੇ।''
''ਚੱਕਰ ਤੇ ਔਣੇ ਹੋਏ ਸ਼ਾਹ ਜੀ,'' ਟਾਂਗੇ ਵਾਲਾ ਫੇਰ ਵੀ ਬੋਲਣੋ ਨਾ ਟਲਿਆ, "ਉਸ ਕਹਿਰਾਂ ਦੀ ਗਰਮੀ ਵਿਚ ਅੱਠ ਕੋਹ ਪੱਕਾ ਪੈਂਡਾ ਮਾਰ ਕੇ ਆਏ ਜੇ।'' ਤੇ ਉਸ ਨੇ ਘੋੜੇ ਨੂੰ ਛਾਂਟਾ ਲਾਇਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ