Punjabi Stories/Kahanian
ਪ੍ਰੇਮ ਗੋਰਖੀ
Prem Gorkhi

Punjabi Kavita
  

Aukhe Vele Prem Gorkhi

ਔਖੇ ਵੇਲੇ ਪ੍ਰੇਮ ਗੋਰਖੀ

ਗਿਆਨ ਚੰਦ ਤੇ ਯੋਗ ਰਾਜ ਦੋਵੇਂ ਭਰਾ ਬੱਸਾਂ ਦੀਆਂ ਸੀਟਾਂ ਬਣਾਉਣ ਦਾ ਕੰਮ ਕਰਦੇ ਸਨ। ਪੂਰੀ ਬੱਸ ਦੀਆਂ ਸੀਟਾਂ ਦਾ ਕੰਮ ਉਹ ਤਿੰਨ ਦਿਨਾਂ ਵਿਚ ਸਿਰੇ ਲਾ ਦਿੰਦੇ। ਦੇਖਣ ਵਾਲੇ ਦੇਖਦੇ ਤਾਂ ਰਹਿ ਜਾਂਦੇ ਸਗੋਂ ਉਹ ਹੈਰਾਨ ਵੀ ਹੁੰਦੇ। ਉਂਜ ਕਿਹਾ ਇਹ ਜਾਂਦਾ ਹੈ ਕਿ ਸ਼ਰਾਬੀ ਬੰਦੇ ਕੰਮ ਕਰਨ ਵਿਚ ਛੋਹਲੇ ਨਹੀਂ ਹੁੰਦੇ, ਪਰ ਇਹ ਦੋਵੇਂ ਭਰਾ ਤਾਂ ਸ਼ਰਾਬ ਨੂੰ ਝੂਠਾ ਸਿੱਧ ਕਰ ਦਿੰਦੇ। ਗਿਆਨ ਚੰਦ ਵੱਡੇ ਰੈਕਸੀਨ ਦੇ ਥਾਨ ਨੂੰ ਵਿਛਾਉਂਦਾ, ਮਿੰਟਾਂ ਵਿਚ ਨਿਸ਼ਾਨ ਲਾ ਦਿੰਦਾ, ਕੈਂਚੀ ਫੜਦਾ ਤੇ ਦੂਹੋ-ਦੂ ਕਟਦਾ ਚਲਾ ਜਾਂਦਾ। ਦੌਲਤੀ ਮਗਰ ਹੀ ਕੱਪੜਾ ਚੁੱਕੀ ਤੁਰੀ ਜਾਂਦਾ ਤੇ ਤਹਿ ਲਾਈ ਜਾਂਦਾ। ਫਿਰ ਉਹ ਦੋਵੇਂ ਬਹਿ ਕੇ ਗਜ਼ ਨਾਲ ਨਾਪ ਕੇ ਨਿਸ਼ਾਨ ਲਾਉਂਦੇ ਜਾਂਦੇ। ਇਕ ਪਾਸੇ ਕੰਧ ਨਾਲ ਮਸ਼ੀਨ ਡਾਹੀ ਬੈਠਾ ਯੋਗ ਰਾਜ ਨਿਸ਼ਾਨ ਲੱਗੇ ਕੱਪੜੇ ਨੂੰ ਚੁੱਕੀ ਜਾਂਦਾ ਤੇ ਇਕੋ ਸਾਹੇ ਮਸ਼ੀਨ ’ਤੇ ਪੈਰ ਰੱਖੀ ਰੱਖਦਾ ਤੇ ਮਸ਼ੀਨ ਉਦੋਂ ਹੀ ਬੰਦ ਹੁੰਦੀ ਜਦੋਂ ਘਰੋਂ ਦੁਪਹਿਰ ਦੀ ਰੋਟੀ ਆ ਜਾਂਦੀ।
ਯੋਗ ਰਾਜ ਦਾ ਟੱਬਰ ਚੁਬਾਰੇ ਦੇ ਹੇਠਲੇ ਹਿੱਸੇ ਵਿਚ ਰਹਿੰਦਾ ਸੀ ਤੇ ਗਿਆਨ ਚੰਦ ਦਾ ਟੱਬਰ ਉਪਰ ਚੁਬਾਰੇ ਵਿਚ। ਦੋਹਾਂ ਦੀਆਂ ਘਰ ਵਾਲੀਆਂ ਸ਼ਾਂਤੀ ਤੇ ਛੀਂਬੋ ਸਕੀਆਂ ਭੈਣਾਂ ਸਨ। ਦੋਵੇਂ ਸੋਹਣੀਆਂ ਸੁਨੱਖੀਆਂ। ਸ਼ਾਂਤੀ ਦੇ ਨਿਆਣੇ ਸ਼ਾਂਤੀ ਵਰਗੇ ਸਨ… ਸ਼ਾਂਤ, ਚੁੱਪ, ਪੜ੍ਹਨ ਲਿਖਣ ਵਿਚ ਰੁੱਝੇ ਰਹਿਣ ਵਾਲੇ। ਸ਼ਾਂਤੀ ਵਰਗੇ ਹੀ ਸੋਹਣੇ ਸੁਨੱਖੇ। ਛੀਂਬੋ ਦੇ ਨਿਆਣੇ ਚਾਰ ਪੁੱਤ ਤੇ ਧੀ ਯੋਗ ਰਾਜ ’ਤੇ ਗਏ ਸੀ। ਧੀ ਦਾ ਨਾਂ ਅੱਛਰੀ ਤੇ ਵੱਡੇ ਪੁੱਤਰ ਦਾ ਨਾਂ ਅੱਛਰ। ਅੱਛਰੀ ਪਿਓ ਯੋਗ ਰਾਜ ਵਾਂਗ ਹੀ ਕਾਹਲੀ ਕਾਹਲੀ ਬੋਲਦੀ। ਪਰ ਉਹ ਪੜ੍ਹੀ ਬੜਾ ਘੱਟ, ਪਲੱਸ ਟੂ ਤਕ ਹੀ। ਪਰ ਗਿਆਨ ਚੰਦ ਦੇ ਨਿਆਣੇ ਤਾਂ ਜਿਵੇਂ ਜੰਮੇ ਹੀ ਪੜ੍ਹਾਈਆਂ ਕਰਨ ਸੀ। ਵੱਡੀ ਧੀ ਜਿਉਂ ਪੜ੍ਹਨ ਲੱਗੀ ਉਹ ਬੀ.ਏ. ਪਾਸ ਕਰਕੇ ਬੀ.ਐੱਡ. ਕਰਨ ਲੱਗ ਪਈ। ਗਿਆਨ ਚੰਦ ਦਾ ਵੱਡਾ ਪੁੱਤਰ ਬੱਬੀ ਬੀ.ਏ. ਕਰਕੇ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਨ ਜਾ ਲੱਗਾ। ਗਿਆਨ ਚੰਦ ਦੇ ਨਿਆਣੇ ਕਈ ਸਨ। ਪੰਜ ਧੀਆਂ ਤੇ ਚਾਰ ਪੁੱਤਰ। ਵੱਡੀ ਧੀ ਦੀ ਇਕ ਲੱਤ ਖਰਾਬ ਸੀ ਜਿਸ ਕਰਕੇ ਉਹ ਲੰਗੜਾ ਕੇ ਚਲਦੀ। ਉਂਜ ਉਹ ਬਥੇਰੀ ਸੋਹਣੀ ਸੀ ਤੇ ਬੜੀ ਗੱਲਕਾਰ ਵੀ। ਉਹਦੀ ਸਿੱਖਿਆ ਉਪਰ ਚਲਦਿਆਂ ਤਾਂ ਪਿਓ ਨੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ।
ਘਰ ਵਿਚ ਇਕ ਜੀਅ ਚੰਗੀ ਤੇ ਸਿਰੇ ਦੀ ਪੜ੍ਹਾਈ ਕਰ ਜਾਏ ਫਿਰ ਅੱਗੇ ਲੀਹ ਤੁਰ ਪੈਂਦੀ ਹੈ। ਵੱਡੀ ਨੇ ਬੀ.ਐੱਡ. ਕੀਤੀ ਤਾਂ ਫਿਰ ਇਕ ਹੋਰ ਨੇ ਬੀ.ਏ. ਪਾਸ ਕੀਤੀ ਜਿਹੜੀ ਬਿਜਲੀ ਬੋਰਡ ਵਿਚ ਨੌਕਰੀ ਜਾ ਲੱਗੀ। ਸਿਰਫ਼ ਇਕ ਕੁੜੀ ਨੇ ਚੱਜ ਨਾਲ ਪੜ੍ਹਾਈ ਨਹੀਂ ਕੀਤੀ। ਉਹ ਅੱਠਵੀਂ ਵਿਚ ਪੜ੍ਹਦੀ ਹੀ ਇਸ਼ਕ ਮੁਹੱਬਤ ਵਿਚ ਪੈ ਗਈ। ‘ਦਾਦਾ ਮੋਟਰ’ ਵਾਲਿਆਂ ਦੀ ਵਰਕਸ਼ਾਪ ਵਿਚ ਇਕ ਇਲੈਕਟ੍ਰੀਸ਼ਨ ਦੇ ਚੱਕਰ ਵਿਚ ਪੈ ਗਈ ਤੇ ਉਹਦੇ ਨਾਲ ਹੀ ਵਿਆਹ ਕਰਵਾਇਆ। ਉਹ ਮੁੰਡਾ ਅੰਮ੍ਰਿਤਸਰ ਦਾ ਸੀ। ਕੱਦ-ਕਾਠ ਵੱਲੋਂ ਦੋਵੇਂ ਇਕੋ ਜਿਹੇ ਪੰਜ ਫੁੱਟ ਦੇ ਨੇੜੇ-ਤੇੜੇ। ਕੁੜੀ ਸੀ ਤਾਂ ਸੁਨੱਖੀ, ਪਰ ਲੱਤੋਂ ਉਹ ਲੰਗੜਾ ਕੇ ਚਲਦੀ। ਮੁੰਡਾ ਸਰਦਾਰ ਸੀ ਪਰ ਕੰਮ ਵਿਚ ਪੂਰਾ ਮਾਹਿਰ। ਉਹਦੀ ਬੋਲ-ਬਾਣੀ ਚੰਗੀ ਨਹੀਂ ਸੀ।
ਯੋਗ ਰਾਜ ਦੇ ਪਰਿਵਾਰ ਵਿਚ ਅੱਛਰ ਹੀ ਚੰਗੀ ਪੜ੍ਹਾਈ ਕਰ ਸਕਿਆ। ਉਹਨੇ ਪਹਿਲਾਂ ਤਾਂ ਪਲੱਸ ਟੂ ਹੀ ਕੀਤੀ ਤੇ ਘਰਾਂ ’ਚੋਂ ਕਾਬਲ ਸਿੰਘ ਨੇ ਉਹਨੂੰ ਖਾਲਸਾ ਕਾਲਜ ਵਿਚ ਆਪਣੇ ਨਾਲ ਹੀ ਕਲਰਕ ਲੁਆ ਦਿੱਤਾ। ਕਲਰਕੀ ਕਰਦਿਆਂ ਅੱਛਰ ਨੇ ਵਿਚ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਕਾਬਲ ਸਿੰਘ ਤਾਂ ਪਹਿਲਾਂ ਹੀ ਪੜ੍ਹਦਾ ਸੀ। ਭਾਵੇਂ ਕਿਸ਼ਤਾਂ ਵਿਚ ਹੀ ਸਹੀ ਦੋਹਾਂ ਨੇ ਬੀ.ਏ. ਪਾਸ ਕਰ ਲਈ। ਅੱਛਰ ਨੇ ਐਮ.ਏ. ਪਾਸ ਕੀਤੀ ਤੇ ਕਾਲਜ ਦੀ ਨੌਕਰੀ ਛੱਡ ਕੇ ਅੱਗੇ ਪੜ੍ਹਨ ਜਾ ਲੱਗਾ।
ਗਿਆਨ ਚੰਦ ਦੇ ਪਰਿਵਾਰ ਵਿਚ ਉਹਦੀ ਵੱਡੀ ਧੀ ਨੇ ਬੜੀ ਤਬਦੀਲੀ ਲਿਆਂਦੀ। ਗਿਆਨ ਚੰਦ ਹੁਣ ਬਹੁਤ ਸ਼ਰਾਬ ਪੀਣ ਲੱਗ ਪਿਆ ਸੀ। ਉਹਦੀ ਸ਼ਰਾਬ ਕਰਕੇ ਘਰ ਵਿਚ ਹਰ ਵੇਲੇ ਲੜਾਈ-ਝਗੜਾ ਹੋਣ ਲੱਗ ਪਿਆ। ਬੱਚਿਆਂ ਉਪਰ ਬੜਾ ਮਾੜਾ ਅਸਰ ਪੈ ਰਿਹਾ ਸੀ। ਇਸੇ ਕਰਕੇ ਲੰਗੜਾ ਕੇ ਚੱਲਣ ਵਾਲੀ ਕੁੜੀ ਨੇ ਨਿਕੰਮੇ ਜਿਹੇ ਮੁੰਡੇ ਮਗਰ ਲੱਗ ਕੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਤੇ ਇਕ ਮੁੰਡਾ ਪੜ੍ਹਾਈ ਛੱਡ ਕੇ ਨਸ਼ੇ-ਪੱਤੇ ਵਿਚ ਜਾ ਵੜਿਆ ਸੀ। ਇਕ ਮੁੰਡੇ ਨੂੰ ਗਿਆਰ੍ਹਵੀਂ ਤੋਂ ਬਾਅਦ ਸਰਕਾਰੀ ਨੌਕਰੀ ਮਿਲ ਗਈ ਸੀ।
ਗਿਆਨ ਚੰਦ ਦੀ ਵੱਡੀ ਧੀ ਨੇ ਇਕ ਬੜੀ ਹਿੰਮਤ ਕੀਤੀ, ਰੱਬ ਜਾਣੇ ਉਹਨੇ ਕਿਹਦੇ ਕਹਿਣ ’ਤੇ, ਕਿਹਦੀ ਸਿਆਣਪ ਵਰਤੀ, ਉਹ ਆਪਣੇ ਪਿਤਾ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਤਕ ਬੜੀ ਔਖੀ ਹੋ ਕੇ ਲੈ ਗਈ। ਇਕ ਤਾਂ ਸ਼ਰਾਬੀ, ਦੂਜਾ ਪੈਰ ਨਾ ਪੁੱਟੇ ਕਹੇ: ਮੈਂ ਤਾਂ ਸ਼ਰਾਬ ਪੀਊਂ, ਨਹੀਂ ਜਾਣਾ ਕਿਤੇ ਵੀ। ਉਹਨੂੰ ਇਹ ਪਤਾ ਸੀ ਕਿ ਮੇਰੀ ਧੀ ਮੇਰੀ ਸ਼ਰਾਬ ਛੁਡਾਉਣ ਲਈ ਕਿਸੇ ਥਾਂ ਲਿਜਾਣਾ ਚਾਹੁੰਦੀ ਹੈ। ਬੱਸ ਸ਼ਰਾਬੀ ਦੀ ਜ਼ਿੱਦ! ਧੀ ਨੇ ਦੋ ਭਰਾ ਨਾਲ ਲਏ ਤੇ ਮਾਂ ਨੂੰ ਨਾਲ ਤੋਰ ਲਿਆ। ਅਖੀਰ ਰੇਲਵੇ ਸਟੇਸ਼ਨ ਪਹੁੰਚੇ ਤੇ ਟਿਕਟਾਂ ਲੈ ਕੇ ਗੱਡੀ ਜਾ ਬੈਠੇ। ਘੰਟੇ ਕੁ ਬਾਅਦ ਸਾਰੇ ਜਣੇ ਬਿਆਸ ਦੇ ਰੇਲਵੇ ਸਟੇਸ਼ਨ ’ਤੇ ਜਾ ਉਤਰੇ। ਹੁਣ ਤਕ ਗਿਆਨ ਚੰਦ ਦੀ ਸ਼ਰਾਬ ਵੀ ਉਤਰ ਗਈ ਸੀ ਤੇ ਸ਼ਾਂਤ ਹੋ ਕੇ ਬੱਚਿਆਂ ਦੇ ਨਾਲ ਤੁਰ ਪਿਆ। ਪੂਰਾ ਦਿਨ ਉੱਥੇ ਰਹੇ। ਸਤਿਸੰਗ ਸੁਣਿਆ, ਪਰ ਸ਼ਾਂਤ ਰਿਹਾ ਗਿਆਨ ਚੰਦ।
ਇਧਰ ਲਾਡੋਵਾਲੀ ਦੇ ਬਾਸ਼ਿੰਦੇ ਕਿੱਥੇ ਯਕੀਨ ਕਰਨ। ਜਿਨ੍ਹਾਂ ਨੇ ਗਿਆਨ ਚੰਦ ਸ਼ਰਾਬੀ ਦੇ ਕਈ ‘ਤਮਾਸ਼ੇ’ ਦੇਖੇ ਹੋਏ ਸਨ ਉਹ ਤਾਂ ਅੱਗੇ ਪਿੱਛੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਟੋਟਕੇ ਸੁਣਾਉਣ, ਘੜਨ ਤੇ ਹਾਸਾ-ਠੱਠਾ ਮਚਾਉਣ, ‘‘ਓਏ ਰਹਿਣ ਦਿਓ ਯਾਰ… ਬਿਆਸ ਵਾਲਾ ਕੀ ਜਾਦੂ ਫੂਕ ਦਊ… ਉਹ ਕੀ ਕਰੂ ਵਿਚਾਰੀ… ਜੇ ਗਿਆਨ ਐਨੀ ਮੰਨਣ ਵਾਲਾ ਹੁੰਦਾ ਘਰੇ ਨਾ ਹਟ ਜਾਂਦਾ… ਐਨਾ ਭਾਰਾ ਟੱਬਰ ਉਹ ’ਕੱਲਾ… ਏਥੇ ਤਾਂ ਕਿਸੇ ਦੀ ਉਹਨੇ ਸੁਣੀ ਨਾ…।’’
ਗਿਆਨ ਚੰਦ ਨੂੰ ਉਹਦਾ ਪਰਿਵਾਰ ਤੀਏ ਦਿਨ ਲੈ ਕੇ ਮੁੜਿਆ। ਉਹਦੇ ਛੋਟੇ ਮੁੰਡੇ ਨੂੰ ਪੁੱਛਿਆ, ‘‘ਕਿੱਦਾਂ ਬਈ ਬੰਟੀ… ਪਿਆ ਕੋਈ ਫ਼ਰਕ ਬਾਊ ਜੀ ਨੂੰ?’’
‘‘ਫਰਕ ਦੀ ਗੱਲ ਕਰਦਾਂ ਤੂੰ… ਇਹ ਤਾਂ ਉੱਥੋਂ ਆਉਣ ਈ ਨਾ… ਕਹਿੰਦੇ ਜਾਓ ਤੁਸੀਂ ਮੈਂ ਤਾਂ ਇੱਥੇ ਈ ਰਹੂੰ… ਪਹਿਲੇ ਦਿਨ ਸਤਿਸੰਗ ਸੁਣਿਆ। ਓਦਣ ਭੰਡਾਰਾ ਸੀ। ਅਸੀਂ ਤਾਂ ਕਿਸੇ ਨੂੰ ਕਹਿ ਕੇ ਕਮਰਾ ਬੁੱਕ ਕਰਾ ਲਿਆ ਸੀ। ਨਾ ਭਾਪਾ ਜੀ ਨੇ ਸ਼ਰਾਬ ਦਾ ਨਾਂ ਲਿਆ, ਨਾ ਕੋਈ ਗੱਲ ਕੀਤੀ। ਬੱਸ ਚੁੱਪ ਈ ਹੋਏ ਰਹੇ। ਫੇਰ ਕਹਿਣ ਲੱਗੇ ਮੈਨੂੰ ਹੁਣ ਇੱਥੇ ਈ ਛੱਡ ਜਾਓ। ਮੈਨੂੰ ਮਾਫ਼ ਕਰੋ… ਦੇਖ ਤੂੰ ਭਾ ਜਾਦੂ… ਏਥੇ ਕਈ ਕਈ ਦਿਨ ਨਹਾਉਂਦੇ ਨਈਂ ਸੀ… ਉੱਥੇ ਕੱਲ੍ਹ ਸਵੇਰੇ ਈ ਨਹਾਉਣ ਲਈ ਤਿਆਰ। ਅਸੀਂ ਲੈ ਗਏ ਬਿਆਸ ਦੇ ਕੰਢੇ…’’ ਬੰਟੀ ਸਮੇਤ ਸਾਰਾ ਪਰਿਵਾਰ ਹੀ ਬਿਆਸ ਵਾਲਿਆਂ ਦੇ ਸੋਹਲੇ ਗਾਈ ਜਾਣ।
ਮੈਂ ਚੁਬਾਰੇ ’ਤੇ ਜਾ ਕੇ ਗਿਆਨ ਚੰਦ ਨੂੰ ਮਿਲ ਕੇ ਆਇਆ। ਉਹ ਅੰਦਰ ਪੱਖਾ ਛੱਡ ਕੇ ਮੰਜੇ ’ਤੇ ਕੰਧ ਨਾਲ ਢਾਸਣਾ ਲਾਈ ਇਕ ਕਿਤਾਬ ਪੜ੍ਹੀ ਜਾਂਦਾ ਸੀ।
‘‘ਬਾਊ ਜੀ ਨਮਸਤੇ… ਕੀ ਹਾਲ ਆ?’’
‘‘ਬੜਾ ਚੰਗਾ ਪ੍ਰੇਮ…’’
‘‘ਕਿੱਦਾਂ ਲੱਗੀ ਬਿਆਸ ਦੀ ਯਾਤਰਾ…’’
‘‘ਬੜਾ ਚੰਗਾ ਲੱਗਾ ਦਰਸ਼ਨ ਮੇਲਾ… ਇਹ ਜੱਸ ਤਾਂ ਮੇਰੀ ਧੀ ਨੂੰ ਜਾਂਦਾ ਬਈ… ਇਹਨੇ ਮੈਨੂੰ ਨਰਕ ਤੋਂ ਬਚਾਅ ਲਿਆ।’’
ਤੇ ਇਉਂ ਗਿਆਨ ਚੰਦ ਕਿੰਨਾ ਚਿਰ ਹੀ ਗੱਲਾਂਬਾਤਾਂ ਕਰਦਾ ਰਿਹਾ। ਦਿਨਾਂ ਵਿਚ ਹੀ ਗਿਆਨ ਚੰਦ ਵਿਚ ਤਬਦੀਲੀ ਆਉਂਦੀ ਗਈ। ਮੈਂ ਝੂਠ ਨਈਂ ਬੋਲਦਾ, ਇਕ ਦਿਨ ਗਿਆਨ ਚੰਦ ਤੇ ਉਹਦੇ ਮੁੰਡੇ ਮੈਨੂੰ ਵੀ ਨਾਲ ਲੈ ਤੁਰੇ।
ਤਿੰਨਾਂ ਕੁ ਮਹੀਨਿਆਂ ਵਿਚ ਗਿਆਨ ਚੰਦ ਦੇ ਘਰ, ਆਲੇ-ਦੁਆਲੇ ਯਾਨੀ ਸਾਡੇ ਘਰਾਂ ਵਿਚ ਗਿਆਨ ਚੰਦ ਦੀ ਪਤਨੀ ਦੇ ਪ੍ਰਚਾਰ ਦਾ ਐਸਾ ਅਸਰ ਹੋਇਆ ਕਿ ਸ਼ਰਾਬੀ ਹੁਕਮ ਚੰਦ ਦਿਨਾਂ ਵਿਚ ਹੀ ਉਨ੍ਹਾਂ ਦੇ ਨਾਲ ਹੋ ਤੁਰਿਆ। ਤਿੰਨ ਹੋਰ ਘਰ ਵੀ ਬਿਆਸ ਜਾਣ ਲੱਗ ਪਏ।
‘‘ਬੀਬੀ, ਹੁਕਮੀ ਦੀ ਤਾਂ ਤੁਸੀਂ ਜੂਨ ਸੁਧਾਰ ਦਿੱਤੀ। ਕਈ ਦਿਨ ਹੋ ਗਏ ਸੁਣੀ ਆ ਹੁਣ ਹੁਕਮੀ ਦੀ ਉੱਚੀ ’ਵਾਜ… ਉਹ ਹੁਕਮੀ ਰਿਹਾ ਈ ਨਈਂ ਹੁਣ। ਦੇਖ ਲਓ ਯੋਗ ਰਾਜ ਦਾ ਸਾਥ ਛੱਡ ਕੇ ਸਿੱਧਾ ਹੁਣ ਚੁਬਾਰੇ ਵੱਲ ਜਾਊ। ਅੱਗੇ ਨਿੱਤ ਕਦੀ ਪਿਲਕਣ ਹੇਠਾਂ ਖੜ੍ਹ ਕੇ ਬੋਲਣਾ ਜਾਂ ਗਲੀ ਵਿਚ ਬਹਿ ਕੇ ਅਵਾ-ਤਵਾ ਬੋਲੀ ਜਾਣਾ। ਹੁਣ ਤਾਂ ਤੜਕੇ ਉੱਠ ਰੇਡੀਓ ’ਤੇ ਬਾਣੀ ਸੁਣਨਾ…,’’ ਹੁਕਮੀ ਦੀ ਵੱਡੀ ਭੈਣ ਗਿਆਨ ਚੰਦ ਦੀ ਪਤਨੀ ਕੋਲ ਉਨ੍ਹਾਂ ਦੇ ਕਾਰਜ ਦੀ ਪ੍ਰਸੰਸਾ ਕਰ ਰਹੀ ਸੀ।
ਇਕ ਦਿਨ ਨੇਰ੍ਹੇ ਹੋਏ ਗਿਆਨ ਚੰਦ ਦੀ ਪਤਨੀ ਸਾਡੀ ਬੀਬੀ ਕੋਲ ਆਈ ਤੇ ਪਰਦੇ ਨਾਲ ਬੀਬੀ ਨੂੰ ਕੁਝ ਫੜਾ ਕੇ ਗਈ। ਜਦੋਂ ਉਹ ਚਲੇ ਗਈ ਤਾਂ ਮੈਂ ਬੀਬੀ ਦੁਆਲੇ ਹੋ ਗਿਆ ਕਿ ਚੁਬਾਰੇ ਵਾਲੀ ਤੈਨੂੰ ਪਰਦੇ ਨਾਲ ਕੀ ਫੜਾ ਕੇ ਗਈ ਹੈ। ਬੀਬੀ ਨੇ ਬਥੇਰੀ ਹਊ ਪਰੇ ਕਰਕੇ ਮੈਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਬੀਬੀ ਦਾ ਖਹਿੜਾ ਨਾ ਛੱਡਿਆ। ਅਖੀਰ ਬੀਬੀ ਨੇ ਆਪਣੀ ਕਮੀਜ਼ ਵਿਚ ਹੱਥ ਪਾਇਆ ਤੇ ਨੋਟਾਂ ਦੀ ਦੱਥੀ ਕੱਢ ਕੇ ਮੈਨੂੰ ਦਿਖਾਈ, ‘‘ਲੈ ਤੂੰ ਦੇਖ ਲਾ ਊਥਰਾ.. ਪੈਹੇ ਲੈ ਗਈ ਸੀ ਫੜ ਕੇ ਸਾਲ ਭਰ ਪਹਿਲਾਂ… ਵਿਚਾਰੀ ਬੜੀ ਤੰਗ ਸੀ। ਹੁਣ ਚੰਗੇ ਦਿਨ ਫਿਰੇ ਆ.. ਹੁਣ ਗਿਆਨ ਵੀ ਕੰਮ ਕਰਦਾ ਤੇ ਮੁੰਡਾ ਵੀ ਲੱਗਾ ਰਹਿੰਦਾ। ਹੁਣ ਤਾਂ ਦੌਲਤੀ ਵੀ ਮੁੜ ਕੇ ਇਨ੍ਹਾਂ ਕੋਲ ਈ ਆ ਲੱਗਾ। ਵੱਡੀ ਕੁੜੀ ਇਨ੍ਹਾਂ ਦੀ ਬੜੀ ਸਮਝਦਾਰ ਆ… ਵਿਚਾਰੀ ਦੀ ਲੱਤ ਨਈਂ ਠੀਕ ਹੋਈ,’’ ਗੱਲ ਕਰਦੀ ਬੀਬੀ ਨੇ ਅੰਦਰ ਬੈਠੇ ਭਾਈਏ ਨੂੰ ਹਾਕ ਮਾਰੀ ਤੇ ਕਹਿੰਦੀ, ‘‘ਆਹ ਲੈ ਪੈਸੇ ਤੇ ਫੜਾ ਆ ਨਰੈਣੇ ਨੂੰ। ਹੁਣ ਘੇ ਖੰਡ ਵੀ ਫੜ ਲਿਆ ਤੇ ਪਹਿਲਾ ਹਿਸਾਬ ਵੀ ਮੁਕਾ ਆਈਂ।’’
ਭਾਈਆ ਜਿਹੜਾ ਕਈ ਚਿਰ ਦਾ ਮੁਰਝਾਇਆ ਬੈਠਾ ਸੀ ਬੀਬੀ ਕੋਲੋਂ ਪੈਸੇ ਫੜ ਕੇ ਇਕਦਮ ਜਿਵੇਂ ਖਿੜ ਗਿਆ ਤੇ ਉੱਠ ਕੇ ਨਰੈਣੇ ਦੀ ਹੱਟੀ ਵੱਲ ਤੁਰ ਪਿਆ।

(ਕਹਾਣੀਆਂ ਵਰਗੇ ਲੋਕ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)