Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Kavita
  

Baaz Da Geet Maxim Gorky

ਬਾਜ਼ ਦਾ ਗੀਤ ਮੈਕਸਿਮ ਗੋਰਕੀ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਮੈਕਸਿਮ ਗੋਰਕੀ ਦੀ ਕਹਾਣੀ
'ਬਾਜ਼ ਦਾ ਗੀਤ' ਦੇ ਗੁਰੂਬਖ਼ਸ਼ ਸਿੰਘ ਦੇ
ਕੀਤੇ ਅਨੁਵਾਦ ਦਾ ਕਾਵਿ ਰੂਪ ਹੈ)

੧.
ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।
ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।
ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।
ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।
ਗਰਮ ਸਾਹ ਪਹਾੜ ਦੀ ਮਾਰੇ ਉੱਚ ਉਡਾਰੀ ।
ਲਹਿਰਾਂ ਚਟਾਨੀਂ ਵਜਦੀਆਂ ਕਰ ਸੱਟ ਕਰਾਰੀ ।
ਹਨੇਰੀ ਗੁਫਾ ਦੀ ਧੁੰਦ 'ਚੋਂ ਇਕ ਝਰਨਾ ਤਿੱਖਾ ।
ਸਾਗਰ ਵੱਲ ਨੂੰ ਉਮਲਿਆ ਰੱਖ ਤੀਬਰ ਇੱਛਾ ।
ਰਾਹ ਦੇ ਪੱਥਰ ਉਲਟਾ ਕੇ ਚੀਰ ਪਰਬਤ ਦਿੱਤਾ ।
ਰੋਹ ਭਰੀ ਕਰਦਾ ਗਰਜ ਜਾ ਸਾਗਰ ਵਿਚ ਡਿੱਗਾ ।

ਅਚਣਚੇਤ ਢੱਠਾ ਇਕ ਬਾਜ਼ ਆ ਉਸ ਥਾਂ ਦੇ ਨੇੜੇ।
ਸੀਨੇ ਉਸਦੇ ਡੂੰਘਾ ਜ਼ਖ਼ਮ ਸੀ ਖੰਭ ਲਹੂ ਲਬੇੜੇ ।
ਧਰਤੀ ਉੱਤੇ ਡਿਗਦਿਆਂ ਉਸ ਚੀਕ ਸੀ ਮਾਰੀ ।
ਖੰਭ ਫੜਫੜਾਏ ਓਸ ਨੇ ਪਰ ਜ਼ਖ਼ਮ ਸੀ ਕਾਰੀ ।
ਸੱਪ ਡਰਿਆ ਤੇ ਨੱਠਿਆ ਫਿਰ ਉਸਨੇ ਤੱਕਿਆ ।
ਇਸ ਪੰਛੀ ਦਾ ਜਾਪਦੈ ਜਿਉਂ ਜੀਵਨ ਮੁੱਕਿਆ ।
ਡਰਦਾ ਡਰਦਾ ਰੀਂਗਦਾ ਉਸ ਕੋਲ ਉਹ ਆਇਆ ।
ਜ਼ਖ਼ਮੀ ਤੱਕ ਉਹ ਸ਼ੂਕਰਿਆ ਤੇ ਤਨਜ ਚਲਾਇਆ ।
"ਕਿਉਂ, ਮਰਨ ਲੱਗਿਐਂ ?" ਉਸ ਨੇ ਪੁਛਾਇਆ ।
"ਹਾਂ, ਮਰ ਰਿਹਾਂ !" ਬਾਜ਼ ਹਉਕਾ ਭਰ ਆਇਆ ।
"ਪਰ ਮੈਂ ਰੱਜ ਕੇ ਜੀਵਿਆ ਤੇ ਖ਼ੁਸ਼ੀ ਹੈ ਮਾਣੀ ।
ਨਾਲ ਬਹਾਦਰੀ ਉਡਦਿਆਂ ਸਭ ਖਲਾਅ ਹੈ ਛਾਣੀ ।
ਮੈਂ ਗਾਹਿਆ ਆਕਾਸ਼ ਏ ਤੇ ਨੇੜਿਓਂ ਤੱਕਿਆ ।
ਤੂੰ ਕੀ ਵਿਚਾਰੀ ਚੀਜ਼ ਏਂ ਜੋ ਉਡ ਨਾ ਸਕਿਆ ।"
"ਆਕਾਸ਼ ਇਕ ਖਲਾਅ ਹੈ ਮੈਂ ਰੀਂਗ ਨਹੀਂ ਸਕਦਾ ।
ਏਥੇ ਬਹੁਤ ਆਨੰਦ ਹੈ ਸਿਲ੍ਹ ਅਤੇ ਨਿੱਘ ਦਾ ।"
ਆਜ਼ਾਦ ਪੰਛੀ ਨੂੰ ਸੱਪ ਨੇ ਇਉਂ ਜਵਾਬ ਸੀ ਦਿੱਤਾ ।
ਮਨ ਆਪਣੇ ਹੱਸਿਆ ਗੱਲ ਨੂੰ ਸਮਝ ਬੇਤੁਕਾ ।
ਸੱਪ ਫਿਰ ਬੈਠਾ ਸੋਚਦਾ, 'ਕੀ ਫਰਕ ਏ ਪੈਂਦਾ,
ਜੇ ਕੋਈ ਧਰਤੀ ਰੀਂਗਦਾ ਜਾਂ ਉਡਦਾ ਰਹਿੰਦਾ ।
ਅੰਤ ਸਭਨਾਂ ਦਾ ਇਕ ਹੈ ਧਰਤੀ ਤੇ ਆਣਾ ।
ਮਿੱਟੀ ਵਿਚ ਸਮਾ ਕੇ ਮਿੱਟੀ ਹੋ ਜਾਣਾ ।'

ਬਾਜ਼ ਨੇ ਰੋਹ ਵਿਚ ਆ ਕੇ ਫਿਰ ਗਰਦਨ ਚੁੱਕੀ ।
ਡੂੰਘੀ ਨਜ਼ਰ ਇਕ ਓਸਨੇ ਵੱਲ ਖੱਡ ਦੇ ਸੁੱਟੀ ।
ਚਟਾਨ ਤਰੇੜਾਂ ਵਿਚੋਂ ਸਿੰਮ ਪਾਣੀ ਰਹੀ ਸੀ ।
ਖੱਡ ਵਾਲੀ ਹਵਾ ਮੌਤ ਤੇ ਸੜ੍ਹਾਂਦ ਭਰੀ ਸੀ ।
ਬਾਜ਼ ਉਦਾਸੀ ਸਿੱਕ ਨਾਲ ਇਕ ਕੂਕ ਸੀ ਮਾਰੀ ।
'ਕਾਸ਼ ਮੈਂ ਵੱਲ ਆਕਾਸ਼ ਦੇ ਫਿਰ ਭਰਾਂ ਉਡਾਰੀ ।
ਦੁਸ਼ਮਣ ਆਪਣੇ ਤਾਈਂ ਮੈਂ ਨਾਲ ਜ਼ਖ਼ਮੀ ਸੀਨੇ ।
ਰਗੜਾਂ ਖ਼ੂਨ 'ਚ ਡੋਬ ਕੇ ਸੁਟ ਦਿਆਂ ਜ਼ਮੀਨੇ ।
ਲੜਾਈ ਵਿਚ ਕੀ ਮਜ਼ਾ ਹੈ ਬੁਜ਼ਦਿਲ ਕੀ ਜਾਣੇ ।
ਮਰਨਾਂ ਹੈ ਨਵੀਂ ਜ਼ਿੰਦਗੀ ਮਰਦਾਂ ਦੇ ਭਾਣੇ ।'
ਸੱਪ ਸੋਚੇ ਉੱਚਾ ਉਡਣ ਦਾ ਹੋਣਾ ਬੜਾ ਨਜ਼ਾਰਾ ।
ਤਾਹੀਂ ਆਹਾਂ ਭਰ ਰਿਹਾ ਇਹ ਬਾਜ਼ ਵਿਚਾਰਾ ।
ਸੱਪ ਬਾਜ਼ ਨੂੰ ਆਖਦਾ, 'ਤੂੰ ਜੇ ਭਰਨੀ ਉਡਾਰੀ।
ਗੁਫਾ ਦੇ ਸਿਰੇ ਤੇ ਪਹੁੰਚ ਜਾ ਤਾਕਤ ਲਾ ਸਾਰੀ ।
ਦੰਦੀ ਤੋਂ ਹੇਠਾਂ ਕੁੱਦ ਪਓ ਕਰ ਵੱਡਾ ਜੇਰਾ ।
ਹੋ ਸਕਦੈ ਖੰਭ ਚੁੱਕ ਲੈਣ ਸਭ ਭਾਰ ਜੋ ਤੇਰਾ ।
ਤੈਨੂੰ ਵਿੱਚ ਖਲਾਅ ਦੇ ਓਹ ਫੇਰ ਉਡਾਵਣ ।
ਬੁਝ ਚੁੱਕੀ ਤੇਰੀ ਆਸ ਨੂੰ ਉਹ ਫੇਰ ਜਗਾਵਣ ।'
ਬਾਜ਼ ਦਾ ਲੂੰ ਲੂੰ ਥਿਰਕਿਆ ਫਿਰ ਰੋਹ ਚੜ੍ਹਾਇਆ ।
ਜਿਲ੍ਹਣ ਵਿਚ ਪੰਜੇ ਖੋਭਦਾ ਦੰਦੀ ਤੱਕ ਆਇਆ ।
ਦੰਦੀ ਉਤੋਂ ਉਡਣ ਦੀ ਉਸ ਕਰੀ ਤਿਆਰੀ ।
ਡੂੰਘਾ ਭਰ ਕੇ ਸਾਹ ਓਸ ਫਿਰ ਚੁੱਭੀ ਮਾਰੀ ।
ਪੱਥਰ ਵਾਂਗੂੰ ਡਿੱਗਿਆ ਤੇ ਖੰਭ ਖਿਲਾਰੇ ।
ਨਾਲ ਚਟਾਨਾਂ ਰਗੜ ਕੇ ਲੱਥੇ ਉਹ ਸਾਰੇ ।
ਇਕ ਲਹਿਰ ਨੇ ਆਕੇ ਉਸ ਤਾਈਂ ਉਠਾਇਆ ।
ਖ਼ੂਨ ਓਸ ਦਾ ਧੋ ਕੇ ਸਭ ਸਾਫ ਕਰਾਇਆ ।
ਝੱਗ ਦੇ ਵਿਚ ਲਪੇਟ ਕੇ ਵੱਲ ਸਾਗਰ ਚੱਲੀ ।
ਲਹਿਰਾਂ ਚੀਕਾਂ ਮਾਰੀਆਂ ਮਚ ਗਈ ਤਰਥੱਲੀ ।

੨.
ਕਿੰਨਾ ਚਿਰ ਸੱਪ ਬੈਠਾ ਰਿਹਾ ਖੱਡ ਕੁੰਡਲ ਮਾਰੀ ।
ਬਾਜ਼ ਬਾਰੇ ਉਹ ਸੋਚਦਾ ਜਿਹਨੂੰ ਖਲਾਅ ਪਿਆਰੀ ।
ਫਿਰ ਵਲ ਉਸ ਅਸਮਾਨ ਦੇ ਇਕ ਨਜ਼ਰ ਸੀ ਮਾਰੀ ।
ਜਿੱਥੇ ਨੇ ਸੁਪਨੇ ਖ਼ੁਸ਼ੀ ਦੇ ਰਹਿੰਦੇ ਲਾਉਂਦੇ ਤਾਰੀ ।
ਸੱਪ ਸੋਚੇ, 'ਬਾਜ਼ ਵਰਗੇ ਕੀ ਭਾਲਦੇ ਵਿਚ ਖਲਾਅ ਦੇ ?
ਨਾ ਹੀ ਜਿਸਦਾ ਕੋਈ ਤਲ ਹੈ ਨਾ ਕਿਨਾਰਾ ਦਿੱਸੇ ।
ਉੱਡਣ ਦੀ ਤਾਂਘ ਵਿਚ ਹੀ ਕਿਉਂ ਰੂਹ ਕਲਪਾਉਂਦੇ ?
ਕੀ ਉੱਥੇ ਉਨ੍ਹਾਂ ਨੂੰ ਦਿਸਦਾ ਕੀ ਖ਼ੁਸ਼ੀ ਨੇ ਪਾਉਂਦੇ ?
ਇਕ ਛੋਟੀ ਭਰ ਉਡਾਣ ਮੈਂ ਜਾਣ ਇਹ ਸਕਦਾ ।
ਜੇ ਕੋਈ ਖ਼ੁਸ਼ੀ ਹੋਵੇਗੀ ਉਹਨੂੰ ਮਾਣ ਮੈਂ ਸਕਦਾ ।
ਸੱਪ ਨੇ ਜ਼ੋਰ ਪੂਰਾ ਲਾ ਕੇ ਕੁੰਡਲ ਇਕ ਮਾਰੀ ।
ਪੱਥਰ ਉੱਤੋਂ ਉਛਲਿਆ ਭਰਨ ਲਈ ਉਡਾਰੀ ।
ਉਸ ਨੇ ਆਪਣੇ ਮਨ ਵਿੱਚੋਂ ਇਹ ਗੱਲ ਵਿਸਾਰੀ ।
ਜੋ ਰੀਂਗਣ ਲਈ ਜੰਮਦੇ ਨਾ ਲਾਣ ਉਡਾਰੀ ।
ਸੱਪ ਉਤਾਂਹ ਭੁੜਕ ਕੇ ਆ ਚਟਾਨ ਤੇ ਡਿੱਗਿਆ ।
ਮਰਨੋ ਜਦ ਉਹ ਬਚ ਗਿਆ ਫਿਰ ਉੱਚਾ ਹੱਸਿਆ ।

'ਬੱਸ ਏਨੀ ਹੀ ਗੱਲ ਹੈ, ਇਸ ਵਿਚ ਖ਼ੁਸ਼ੀ ਕੀ ?
ਉਤਾਂਹ ਚੜ੍ਹ ਕੇ ਉੱਡਣਾ ਫਿਰ ਡਿੱਗਣਾ ਧਰਤੀ ।
ਧਰਤੀ ਨੂੰ ਨਹੀਂ ਜਾਣਦੇ ਤੇ ਦੁਖੀ ਨੇ ਰਹਿੰਦੇ ।
ਭਾਲਣ ਖਲਾਅ ਵਿਚ ਜ਼ਿੰਦਗੀ ਤੇ ਧੁੱਪਾਂ ਸਹਿੰਦੇ ।
ਉਪਰ ਚਾਨਣ ਬਹੁਤ ਹੈ ਜੀਵਨ ਨਹੀਂ ਟਿਕਦਾ ।
ਤਾਂ ਫੇਰ ਮਾਣ ਕਾਹਦੇ ਲਈ ਹੰਕਾਰ ਏ ਕਿਸਦਾ ।
ਪਾਗਲ ਇੱਛਾਵਾਂ ਧਰਤ ਤੇ ਨਾ ਪੂਰੀਆਂ ਹੋਵਣ ।
ਹਾਰ ਤੇ ਪਰਦਾ ਪਾਉਣ ਲਈ ਇਹ ਉਡ ਖਲੋਵਣ ।
ਧਰਤੀ ਨੂੰ ਜੋ ਨਹੀਂ ਪਿਆਰਦੇ ਉਨ੍ਹਾਂ ਉਡਦੇ ਰਹਿਣਾ ।
ਤਾਹੀਉਂ ਪੈਂਦਾ ਇਹਨਾਂ ਨੂੰ ਸਭ ਦੁਖੜਾ ਸਹਿਣਾ ।
ਇਨ੍ਹਾਂ ਦੀ ਫੋਕੀ ਵੰਗਾਰ ਵਿਚ ਮੈਂ ਨਹੀਂ ਆਉਣਾ ।
ਧਰਤੀ ਤੇ ਮੈਂ ਜੰਮਿਆ ਏਥੇ ਵਕਤ ਲੰਘਾਉਣਾ ।'

ਤੇਜ਼ ਰੌਸ਼ਨੀ ਸੀ ਪੈ ਰਹੀ ਸਾਗਰ ਦਏ ਚਮਕਾਰੇ ।
ਲਹਿਰਾਂ ਜ਼ੋਰੋ ਜ਼ੋਰੀ ਵਜਦੀਆਂ ਆ ਆ ਕਿਨਾਰੇ ।
ਉਸੇ ਗਰਜ ਵਿਚ ਸੀ ਗੂੰਜਦਾ ਉਹ ਬਾਜ਼ ਤਰਾਨਾ।
ਜਿਹਦੀ ਧੁਨ ਆਕਾਸ਼ ਡਰਾਉਂਦੀ ਕੰਬਣ ਚੱਟਾਨਾਂ ।
ਲਹਿਰਾਂ ਸੀ ਗੀਤ ਗਾ ਰਹੀਆਂ ਦੱਸ ਬਾਜ਼ ਦਲੇਰੀ ।
'ਤੂੰ ਭਾਵੇਂ ਹੈਂ ਮਰ ਗਿਆ ਪਰ ਕੁਰਬਾਨੀ ਤੇਰੀ,
ਆਜ਼ਾਦੀ ਲਈ ਮਰਜੀਵੜੇ ਨੇ ਪੈਦਾ ਕਰਨੇ ।
ਸਦਾ ਦੂਜਿਆਂ ਲਈ ਜੋ ਤਾਰੇ ਬਣ ਚੜ੍ਹਨੇ ।'

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com