Balatkar (Punjabi Story) : Tauqeer Chughtai

ਬਲਾਤਕਾਰ (ਕਹਾਣੀ) : ਤੌਕੀਰ ਚੁਗ਼ਤਾਈ

ਸਰਘੀ ਦੀ ਨਿਮਾਜ਼ ਵੇਲੇ ਸਾਰੇ ਨਮਾਜ਼ੀ ਉਦੋਂ ਹੈਰਾਨ ਹੋ ਗਏ ਜਦੋਂ ਮਸੀਤ ਵਿਚ ਤੀਹ ਕੁ ਵਰ੍ਹਿਆਂ ਦੀ ਔਰਤ ਨੂੰ ਵੇਖਿਆ ਉਹ ਮੌਲਵੀ ਹੋਰਾਂ ਦੇ ਸਾਹਮਣੇ ਇਕ ਮਸਲਾ ਰੱਖਣਾ ਚਾਹੁੰਦੀ ਸੀ । ਪਹਿਲਾਂ ਤਾਂ ਸਾਰਿਆਂ ਜਣਿਆਂ ਨੇ ਉਹਨੂੰ ਆਖਿਆ ਕਿ ਹੁਣ ਘਰ ਲਗੀ ਜਾਵੇ, ਤੇ ਤੜਕੇ ਆ ਕੇ ਆਰਾਮ ਨਾਲ ਆਪਣਾ ਮਸਲਾ ਬਿਆਨ ਕਰੇ । ਪਰ ਉਹ ਨਾ ਮੰਨੀ ਤੇ ਆਖਣ ਲੱਗੀ, "ਮੈਂ ਤਾਂ ਹੁਣੇ ਪੁੱਛ ਕੇ ਜਾਣਾ ਏਂ,"

ਨਿੱਕੇ ਜਿਹੇ ਪਿੰਡ ਦੀ ਇਸ ਪੁਰਾਣੀ ਮਸੀਤ ਵਿਚ ਉਸ ਦਿਨ ਚੋਖੀ ਭੀੜ ਸੀ । ਇਸ ਲਈ ਕਿ ਦੋ ਦਿਨ ਬਾਅਦ ਵੱਡੀ ਈਦ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸਨ, ਤੇ ਸ਼ਹਿਰ 'ਚ ਕੰਮ ਕਰਨ ਵਾਲੇ ਬਾਬੂ, ਫੌਜ਼ੀ, ਮਜ਼ਦੂਰ ਤੇ ਦੂਜੇ ਨਿੱਕੇ ਵੱਡੇ ਕੰਮ ਕਰਨ ਵਾਲੇ ਬੰਦੇ ਛੁੱਟੀ ਆਏ ਹੋਏ ਸਨ ।
ਇਕ ਬੰਦੇ ਨੇ ਜਿਹਦੀ ਉਮਰ ਕੋਈ ਸੱਠ ਕੁ ਵਰ੍ਹੇ ਹੋਣੀ ਏਂ, ਉਸ ਨੂੰ ਝਿੜਕ ਕੇ ਆਖਿਆ, "ਬੀਬੀ ਤੈਨੂੰ ਜੋ ਆਖ ਦਿੱਤਾ ਸਵੇਰ ਨੂੰ ਆ ਜਾਵੀਂ, ਨਾਲੇ ਅੱਧੀ ਰਾਤ ਘਰਾਂ ਤੋਂ ਨਿਕਲ ਕਿ ਮਸੀਤਾਂ 'ਚ ਜਾ ਵੜਨਾਂ ਜਨਾਨੀਆਂ ਵਾਸਤੇ ਚੰਗਾ ਨੀ ਹੋਂਦਾ, ਤੂੰ ਜਾ ਕੇ ਮੱਝਾਂ ਚੋਅ ਤੇ ਲੱਸੀਆਂ ਰਿੜਕ ਇਸ ਵੇਲੇ ਘਰਾਂ 'ਚੋਂ ਮਧਾਣੀਆਂ ਦੀ ਘੂੰ ਘੂੰ ਦੀ ਵਾਜ ਆਉਂਦੀ ਚੰਗੀ ਲਗਦੀ ਏ ।"
"ਮਧਾਣੀਆਂ ਦੀ ਘੂੰ ਘੂੰ ਤੇ ਲੱਸੀਆਂ ਉਦੋਂ ਈ ਚੰਗੀਆਂ ਲਗਦੀਆਂ ਨੇ ਜਦੋ ਬੰਦੇ ਦੇ ਮਨ ਵਿਚ ਖੁਸ਼ੀ ਹੋਵੇ ਚਾਚਾ ਜੀ ! ਜਦੋਂ ਦਿਲ ਈ ਆਪਣੇ ਟਿਕਾਣੇ ਤੇ, ਨਾ ਹੋਵੇ ਤਾਂ ਨਰੋਏ ਦੁੱਧ ਵੀ ਫਿੱਟੇ ਹੋਏ ਲਗਦੇ ਨੇ ਤੇ ਚਾਟੀ ਵਿਚ ਖਿਲਰੀ ਝੱਗ ਈ ਰਹਿ ਜਾਂਦੀ ਏ, ਮੱਖਣ ਨਹੀਂ ਬਣਦੀ" ।
"ਇਹ ਨਹੀਂ ਮੰਨੇਗੀ, ਚਲੋ ਭਾਈਉ ! ਅਸੀ ਨਮਾਜ਼ ਪੜੀਏ, ਵੇਲਾ ਪਿਆਂ ਜਾਂਦਾ ਏ । ਖੌਰੇ ਕੌਣ ਕੋਈ ਏ । ਸਾਡੀਆਂ ਇਬਾਦਤਾਂ ਖਰਾਬ ਕਰਨ ਨੂੰ ਆ ਗਈ ਏ" ।
"ਫ਼ਕੀਰੇ ਦੀ ਰੰਨ ਏ ਜੀ !" ਵਿੱਚੋਂ ਇਕ ਬੋਲਿਆ
"ਕਿਹੜਾ ਫ਼ਕੀਰਾ ?"
"ਫ਼ਕੀਰਾ ਸੁਲਤਾਨੇ ਟਾਂਗੇ ਆਲੇ ਦਾ ਪੁੱਤਰ"
"ਉਹ ਤਾਂ ਸ਼ਹਿਰ ਚ ਨਹੀਂ ਹੋਂਦਾ ?"
"ਹਾਂ ਜੀ ਸ਼ਹਿਰ ਚ ਈ ਹੋਂਦਾ ਏ । ਪਰ ਈਦ ਦੀ ਛੁੱਟੀ ਆਇਆ ਹੋਇਆ ਮੈਂ ਕੱਲ੍ਹ ਈ ਗਲੀ ਵਿੱਚੋਂ ਜਾਂਦਾ ਵੇਖਿਆ ਸੀ ।"
"ਕੀ ਕੰਮ ਕਰਦਾ ਏ ਸ਼ਹਿਰ ਵਿਚ ?"
"ਕਿਸੇ ਦਫ਼ਤਰ ਵਿਚ ਮੁਲਾਜ਼ਮ ਏ ਜੀ ! ਪੂਰੀਆਂ ਬਾਰਾਂ ਜਮਾਤਾਂ ਪੜ੍ਹਿਆ ਹੋਇਆ ਏ, ਉਹਦੇ ਪਿਉ ਨੇ ਟਾਂਗਾ ਵਾਹ ਵਾਹ ਕਿ ਉਹਨੂੰ ਪੜਾਇਆ ਸੀ, ਤੇ ਇਹ ਕਾਕੀ, ਮੇਰਾ ਮਤਲਬ ਏ ਉਸਦੀ ਰੰਨ ਕੌਣ ਏਂ ? ਆਪਣੇ ਪਿੰਡ ਦੀ ਤਾਂ ਨਹੀ ਲਗਦੀ !!"
"ਹਾਂ ਜੀ ਲਾਹੌਰ ਦੀ ਏ, ਤੇ ਉਹਦੀ ਮਾਸੀ ਦੀ ਧੀ ਏ । ਉਥੇ ਲਾਹੌਰ ਈ ਵੱਡੀ ਹੋਈ ਏ । ਪੜ੍ਹੀ ਲਿਖੀ ਏ ।"
"ਹਾਂ ਉਹ ਤਾ ਲਗਦੀ ਪਈ ਏ, ਤਾਂ ਈ ਤੇ ਸਿਰੋਂ ਨੰਗੀ ਮਸੀਤੇ ਆਣ ਵੜੀ ਏ ।"
"ਪਰ ਫ਼ਕੀਰਾ ਤਾਂ ਕਦੇ ਨਹੀ ਵੇਖਿਆ ਮਸੀਤੇ !"
"ਨਹੀਂ ਜੀ ਉਹ ਤਾਂ ਨਿਮਾਜ਼ ਈ ਨਹੀਂ ਪੜ੍ਹਦਾ ਕਦੀ ਕਦਾਈਂ ਸਾਲ ਪਿਛੋਂ ਈਦ ਦੀ ਨਿਮਾਜ਼ ਪੜ੍ਹ ਲੈਂਦਾ ਏ...."
"ਸੂਰ ਦਾ ਪੁੱਤਰ !" ਬਜ਼ੁਰਗ ਦੇ ਮੂੰਹ ਵਿਚੋਂ ਨਿਕਲਿਆ,
"ਨਹੀਂ ਚਾਚਾ ਇੰਜ ਨਾ ਆਖੋ ਮੁਸਲਮਾਨ ਸੂਰ ਦਾ ਨਾਂ ਨਹੀਂ ਲੈਂਦੇ ਸੂਰ ਦਾ ਨਾਂ ਲਵੋ, ਤਾ ਜੀਭ ਪਲੀਤ ਹੋ ਜਾਂਦੀ ਏ"
"ਜਿਹਾ ਫ਼ਕੀਰੇ ਦਾ ਨਾਂ ਲੈਣਾ ਜਿਹਾ ਸੂਰ ਦਾ ਨਾਂ ਲੈਣਾ ਜੋ ਨਮਾਜ਼ ਹੀ ਨਾ ਪੜ੍ਹੇ ਉਹ ਕੋਈ ਸੂਰ ਤੋਂ ਘੱਟ ਹੋਂਦਾ ਏ !"
"ਪਤਾ ਨਹੀ ਜੀ ਮੈਂ ਕੀ ਆਖ ਸਕਦਾਂ ਕਦੀ ਕਦੀ ਮੇਰੇ ਕੋਲੋਂ ਵੀ ਰਹਿ ਜਾਂਦੀ ਏ ਨਮਾਜ਼,"
ਨਮਾਜ਼ ਖ਼ਤਮ ਹੋਣ ਮਗਰੋਂ ਸਾਰੇ ਬੰਦੇ ਪਰਵੀਨ ਦੇ ਚੁਫ਼ੇਰੇ ਹੋ ਗਏ ਹਰ ਪਾਸਿਉਂ ਵੰਨ ਸੁਵੰਨੇ ਸਵਾਲਾਂ ਦਾ ਮੀਂਹ ਹੋਣ ਲੱਗ ਪਿਆ
"ਮੈਂ ਮੌਲਵੀ ਸਾਹਿਬ ਹੁਰਾਂ ਨਾਲ ਗੱਲ ਕਰਨੀ ਏਂ ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਉ, ਕਿਉਂ ਮੇਰੇ ਮਾਮੇ ਬਣਨ ਡਹੇ ਓ !! ਮੈਂ ਉਹਨਾਂ ਕੋਲੋਂ ਇਕ ਮਸਲਾ ਪੁੱਛਣਾ ਏ, ਪੜ੍ਹੇ ਲਿਖੇ ਆਦਮੀ ਨੇ ਕੁਸ਼ ਨਾ ਕੁਸ਼ ਜਰੂਰ ਦੱਸਣਗੇ ।" ਸਾਰੇ ਬੰਦੇ ਇਕ ਇਕ ਕਰਕੇ ਖਿਸਕ ਗਏ ਤੇ ਰਾਹ ਵਿਚ ਇਕ ਦੂਜੇ ਨਾਲ ਗੋਸ਼ੇ ਕਰਨ ਲਗ ਪਏ ।
ਥੋੜ੍ਹੇ ਚਿਰ ਮਗਰੋਂ ਮੌਲਵੀਂ ਸਾਹਿਬ ਵੀ ਬਾਹਰ ਆ ਕੇ ਕਹਿਣ ਲੱਗੇ, "ਹਾਂ ਕਾਕੀ ਤੂੰ ਕੋਈ ਮਸਲਾ ਪੁੱਛਣਾ ਚਾਹੁੰਦੀ ਏਂ, ਕੀ ਮਸਲਾ ਏ ਤੇਰਾ ?"
"ਗੱਲ ਇਸ ਤਰਾਂ ਏ ਮੌਲਵੀਂ ਸਾਹਿਬ...."
"ਨਾਂਹ ਨਾਂਹ !! ਇੰਜ ਨਹੀਂ, ਖਲੋ ਜਾ ਮੈਂ ਹੁਣੇ ਹੁਜਰੇ ਦਾ ਬੂਹਾ ਖੋਲ੍ਹਦਾਂ, ਬਹਿ ਕਿ ਆਰਾਮ ਨਾਲ ਗੱਲ ਕਰਦੇ ਆਂ"... ਮੌਲਵੀਂ ਹੁਰਾਂ ਆਖਿਆ ।
"ਨਹੀਂ ਜੀ ਮੈਨੂੰ ਹੁਜਰੇ ਕੋਲੋ ਡਰ ਲਗਦਾ ਏ ?" "ਦੱਸੋ ਜ਼ਰਾ ਝੱਲੀ ਨਾ ਹੋਵੇ ਤਾਂ ਡਰ ਕਾਹਦੈ ਉਥੇ ਕੋਈ ਜਿੰਨ ਭੂਤ ਤਾਂ ਨੀ ਗੇ, ਚੱਲ ਆ...."
ਮੌਲਵੀਂ ਸਾਹਿਬ ਹੋਰਾਂ ਨੇ ਹੁਜਰੇ ਦਾ ਦਰਵਾਜਾ ਖੋਲ੍ਹਿਆ ਤੇ ਉਹ ਅੰਦਰ ਆ ਗਈ ਹੁਜਰੇ ਵਿਚ ਇਕ ਵਾਣ ਦੀ ਮੰਜੀ ਡੱਠੀ ਹੋਈ ਸੀ । ਆਲੇ ਵਿਚ ਕੌੜੇ ਤੇਲ ਦਾ ਦੀਵਾ ਬਲ ਰਿਹਾ ਸੀ । ਸਾਹਮਣੇ ਆਲੇ ਵਾਲੀ ਕੰਧ ਵਿਚ ਲੱਕੜ ਦੀਆਂ ਚਾਰ ਕਿੱਲੀਆਂ ਠੋਕੀਆਂ ਹੋਈਆਂ ਸਨ, ਜਿੰਨ੍ਹਾਂ ਤੇ ਮੌਲਵੀ ਸਾਹਿਬ ਹੋਰਾਂ ਦੇ ਮੈਲੇ ਕੱਪੜੇ ਟੰਗੇ ਹੋਏ ਸਨ । ਦੂਜੇ ਆਲੇ ਵਿਚ ਸੁਰਮਾ, ਸ਼ੀਸ਼ਾ ਤੇ ਕੰਘੀ ਪਈ ਹੋਈ ਸੀ । ਮੌਲਵੀਂ ਸਾਹਿਬ ਹੋਰਾਂ ਨੇ ਸਿਰ ਤੋਂ ਪੱਗ ਲਾਹੀ, ਤੇ ਜਾ ਕਿ ਇਕ ਕਿੱਲੀ ਨਾਲ ਟੰਗ ਦਿੱਤੀ ਤੇ ਦੋਹਾਂ ਹੱਥਾਂ ਨਾਲ ਸਿਰ ਨੂੰ ਜੋਰ ਨਾਲ ਖੁਰਕਦਿਆਂ ਮੰਜੀ ਤੇ ਬਹਿ ਗਏ । ਫਿਰ ਆਖਣ ਲੱਗੇ, "ਹਾਂ ਹੁਣ ਦੱਸ ?"
ਬੂਹੇ ਦੇ ਨਾਲ ਡੱਠੀ ਚੌਂਕੀ ਤੇ ਬਹਿ ਕਿ ਉਹਨੇਂ ਆਖਿਆ, "ਜਾਣਾ ਤਾਂ ਮੈਨੂੰ ਥਾਣੇ ਵਿਚ ਚਾਹੀਦਾ ਸੀ, ਪਰ ਥਾਣਾ ਇੱਥੋਂ ਬਹੁਤ ਦੂਰ ਏ, ਨਾਲੇ ਮੈਂ ਜੇ ਕੇਸ ਥਾਣੇ ਵਿਚ ਲੈ ਜਾਣਾ ਸੀ । ਉਹ ਖ਼ਤਮ ਨਾ ਹੋਂਦਾ, ਸਗੋਂ ਦੂਣਾ ਹੋ ਜਾਂਦਾ ਮੈਨੂੰ ਕਾਨੂੰਨ ਤੇ ਇਤਬਾਰ ਨਹੀਂ ਰਿਹਾ ।ਥਾਣੇ ਵੱਢੀਆਂ ਖਾ-ਖਾ ਕੇ ਕਾਨੂੰਨ ਨੂੰ ਖ਼ਰਾਬ ਕਰੀ ਜਾ ਰਹੇ ਨੇ.."
"ਮਸਲਾ ਕੀ ਏ ਤੂੰ ਦੱਸ ਤਾਂ ਸਹੀ ਮੈਂ ਤੈਨੂੰ ਠੀਕ ਠਾਕ ਹੱਲ ਦੱਸਾਂਗਾ ਤੇਰੇ ਮਸਲੇ ਦਾ"
"- ਮੇਰੇ ਨਾਲ ਬਲਾਤਕਾਰ ਹੋ ਗਿਆ...."
"- ਹੈਂ....."
ਮੌਲਵੀਂ ਸਾਹਿਬ ਹੋਰੀਂ ਇਕ ਦਮ ਮੰਜੀ ਤੋਂ ਉੱਠ ਕੇ ਖਲੋ ਗਏ ਤੇ ਸੰਘ ਵਿਚੋਂ ਥੁੱਕ ਲੰਘਾਦਿਆਂ ਪੁੱਛਿਆ, "ਕਿਹਨੇ ਕੀਤਾ ਏ ?"
"ਫ਼ਕੀਰੇ ਨੇ ਮੌਲਵੀਂ ਸਾਹਿਬ ।"
"ਪਰ, ਉਹ ਤਾਂ ਤੇਰਾ ਖਸਮ ਏਂ !!"
"ਆਹੋਂ ਮੌਲਵੀਂ ਸਾਹਿਬ ਇਸੇ ਗੱਲ ਦਾ ਤਾਂ ਦੁੱਖ ਏ ਉਹਨੇ ਅੱਜ ਰਾਤੀਂ ਮੇਰੇ ਨਾਲ ਬਲਾਤਕਾਰ ਕੀਤਾ ਏ, ਤੇ ਪਿਛਲੇ ਕਈ ਵਰ੍ਹਿਆਂ ਤੋਂ ਕਰ ਰਿਹਾ ਏ ।"
ਮੌਲਵੀਂ ਸਾਹਿਬ ਹੋਰਾਂ ਇੱਧਰ ਉੱਧਰ ਵੇਖਿਆ, ਤੇ ਕੰਬਦੀ ਵਾਜ ਨਾਲ ਆਖਿਆ, "ਲਗਦਾ ਏ ਤੇਰਾ ਦਿਮਾਗ ਕੰਮ ਨੀ ਕਰ ਰਿਹਾ ਜਾਂ !! ਤੂੰ ਬਿਮਾਰ ਏਂ ।"
"ਮੇਰਾ ਦਿਮਾਗ ਵੀ ਠੀਕ ਏ, ਤੇਂ ਮੈਂ ਆਪ ਵੀ ਠੀਕ ਆਂ ਪਰ ਮੇਰੇ ਨਾਲ ਠੀਕ ਨਹੀਂ ਪਿਆ ਹੋਂਦਾ ।"
"ਬੀਬੀ ! ਜਦੋਂ ਕਾਨੂੰਨ ਤੇ ਮਜ਼ਹਬ ਰਲ ਕੇ ਦੂਜਿਆਂ ਦੀ ਕਿਸਮਤ ਦਾ ਫ਼ੈਸਲਾ ਕਰਦੇ ਨੇ ਤਾਂ ਉਹਨਾਂ ਨੂੰ ਇਕਮਿਕ ਹੋ ਕੇ ਰਹਿਣਾ ਪੈਂਦਾ ਏ । ਉਹ ਜਿਹੜਾ ਵੀ ਕੰਮ ਕਰਦੇ ਨੇ ਰੱਬ ਤੇ ਕਾਨੂੰਨ ਦੀ ਮਰਜ਼ੀ ਤੇ ਰਜ਼ਾ ਨਾਲ ਕਰਦੇ ਨੇ, ਤੇ ਜਿਹਨੂੰ ਤੂੰ ਬਲਾਤਕਾਰ ਪਈ ਆਖਦੀ eਂੇ- ਉਹ ਬਲਾਤਕਾਰ ਨੀ ਔਰਤ ਤਾਂ ਮਰਦ ਦੀ ਖੇਤੀ ਹੋਂਦੀ ਏ... ਤੇ ਖੇਤੀ 'ਚ ਵੱਤਰ ਹੋਵੇ ਭਾਵੇਂ ਨਾ ਹੋਵੇ, ਉਹਨੂੰ ਵਾਹੰਦੇ ਈ ਜਾਉ...
ਆਹੋ ! ਇਸ ਲਈ ਕਿ ਉਹ ਮਰਦ ਦੀ ਮਲਕੀਅਤ ਹੋਂਦੀ ਏ ਕਿਸੇ ਗ਼ੈਰ ਦੀ ਜਾਇਦਾਦ ਨਹੀ ਹੋਂਦੀ ਤੇ ਬੰਦਾ ਜਦੋ ਆਪਣੀ ਜਾਇਦਾਦ ਤੇ ਹਲ ਵਾਹੁੰਦਾ ਏ ਤਾਂ ਉਹ ਕੋਈ ਮਾੜਾ ਨੀ ਕਰਦਾ...
ਫ਼ਕੀਰੇ ਨੇ ਵੀ ਕੋਈ ਮੰਦਾ ਨਹੀਂ ਕੀਤਾ ਨਾਲੇ ਜਦੋਂ ਤੁਹਾਡੀ ਸ਼ਾਦੀ ਹੋਈ ਸੀ, ਤਾਂ ਉਸ ਵਿਚ ਤੁਹਾਡੇ ਮਾਂ ਪਿਉ ਦੀ ਮਰਜ਼ੀ ਦੇ ਨਾਲ ਨਾਲ ਤੁਹਾਡੀ ਦੋਹਾਂ ਦੀ ਮਰਜ਼ੀ ਸ਼ਾਮਿਲ ਸੀ...."
"ਇਹੋ ਤਾਂ ਸਿਆਪਾ ਏ ਮੌਲਵੀ ਸਾਹਿਬ ਮੇਰੀ ਮਰਜ਼ੀ ਨਹੀ ਸੀ..."
"ਤੌਬਾ ਤੌਬਾ ਜੇ, ਨਹੀਂ.. ਵੀ ਸੀ ਤੇ ਹੁਣ ਜਦੋਂ ਇੰਨੇ ਦਿਨ ਲੰਘ ਗਏ ਨੇ ਹੋਰ ਵੀ ਲੰਘ ਜਾਣਗੇ ਮਾਪਿਆਂ ਦੀ ਪੱਤ ਵੀ ਤਾਂ ਕੋਈ ਸ਼ੈਅ ਹੋਂਦੀ ਏ...."
"ਮੌਲਵੀ ਸਾਹਿਬ ! ਮੈਂ ਤੁਹਾਡੀ ਕੋਈ ਤਕਰੀਰ ਤੇ ਮਸ਼ਵਰੇ ਸੁਣਨ ਨੀ ਆਈ । ਉਹ ਤਾਂ ਮੈਂ ਰੋਜ਼ ਈ ਲੌਂਡ ਸਪੀਕਰ ਤੇ ਸੁਣਦੀ ਰਹਿਨੀ ਆਂ ਮੈਨੂੰ ਮਸਲੇ ਦਾ ਹੱਲ ਦੱਸੋਂ ?"
"ਇਸ ਵੇਲੇ ਤਾਂ ਮਸਲੇ ਦਾ ਇਹੋ ਹੱਲ ਏ ਕਿ ਤੂੰ ਇਥੋਂ ਨਿਕਲ ਜਾ ਤੂੰ ਤੇ ਸਾਰੇ ਪਿੰਡ ਨੂੰ ਖ਼ਰਾਬ ਕਰੇਂਗੀ...."

ਪਰਵੀਨ ਚੁੱਪ ਚਪੀਤੀ ਉਠ ਕਿ ਬਾਹਰ ਆ ਗਈ ਪਹੁ ਫੁੱਟ ਰਹੀ ਸੀ, ਤੇ ਚਿੜੀਆਂ ਚੂਕਣ ਲੱਗ ਪਈਆਂ ਸਨ । ਉਹ ਜਦ ਘਰ ਅੱਪੜੀ ਤਾਂ ਫ਼ਕੀਰਾ ਹਾਲੀ ਸੁੱਤਾ ਪਿਆ ਸੀ ।
ਏਨੇ ਚਿਰ ਨੂੰ ਉਹਦੇ ਕੰਨਾਂ ਵਿਚ ਮੌਲਵੀ ਚਰਾਗ਼ ਦੀਨ ਦੀ ਵਾਜ ਆਈ ਇੰਜ ਲਗਦਾ ਸੀ ਬੈਟਰੀ ਤੇ ਚਲਦੇ ਲਾਊਡ ਸਪੀਕਰ ਦੀ ਵਾਜ ਅੱਜ ਪਹਿਲੇ ਨਾਲੋਂ ਚੋਖੀ ਵੱਧ ਗਈ ਹੋਵੇ ।
"ਮੈਂ ਮੌਲਵੀ ਚਰਾਗ਼ ਦੀਨ ਵਲਦ ਮੌਲਵੀ ਬਾਗ਼ ਦੀਨ ਖ਼ੁਦਾ ਦਾ ਨਾਂ ਲੈ ਕੇ ਸਾਰਿਆਂ ਬੰਦਿਆਂ ਅੱਗੇ ਬੇਨਤੀ ਕਰਦਾ ਹਾਂ, ਕਿ ਉਹ ਫ਼ਕੀਰੇ ਸੁਲਤਾਨੇ ਟਾਂਗੇ ਆਲੇ ਦੇ ਘਰ ਕੋਲ ਜਮ੍ਹਾਂ ਹੋ ਜਾਣ ਤੇ ਉਹਦੀ ਰੰਨ ਪੀਨੋ ਲਹੌਰਨ ਨੂੰ ਆਪਣੇ ਪਿੰਡੋਂ ਕੱਢ ਦੇਣ । ਮੇਰੇ ਭਿਰਾਉ ਪਰਵੀਨ ਇਕ ਗੁਨਾਹਗਾਰ ਤੇ ਬਦਕਾਰ ਤੇ ਬਦਕਿਰਦਾਰ ਔਰਤ ਹੈ । ਤੇ ਇਹ ਕੁਝ ਹੋਰ ਦਿਨ ਜੇ ਸਾਡੇ ਪਿੰਡ ਰਹਿ ਗਈ ਤਾਂ ਫਿਰ ਸਾਰਿਆਂ ਦੀਆਂ ਮਾਂਵਾਂ ਭੈਣਾਂ ਨੇ ਵੀ ਨੀ ਰਹਿਣਾ ਜੇ..."
ਵੇਖਦਿਆਂ ਈ ਵੇਖਦਿਆਂ ਪੂਰਾ ਪਿੰਡ ਫ਼ਕੀਰੇ ਦੇ ਬੂਹੇ ਅੱਗੇ ਕੱਠਾ ਹੋ ਗਿਆ ਕੁੜੀਆਂ, ਮੁੰਡੇ, ਬੁੱਢੇ ਤੇ ਜਵਾਨ । ਫ਼ਕੀਰਾ ਸ਼ੋਰ ਸੁਣ ਕਿ ਇਕਦਮ ਜਾਗ ਪਿਆ ਤੇ ਅੱਖੀਆਂ ਮਲਦਿਆਂ ਮਲਦਿਆਂ ਬਾਹਰ ਆ ਕੇ ਲੋਕਾਂ ਤੋਂ ਪੁੱਛਣ ਲੱਗਾ, "ਕੀ ਹੋਇਆ ?"
ਮੌਲਵੀ ਸਾਹਿਬ ਜਿਹੜੇ ਹੁਣੇ ਹੁਣੇ ਮਸੀਤ 'ਚੋਂ ਭੱਜ ਕੇ ਭੀੜ 'ਚ ਰਲੇ ਸਨ ਆਖਣ ਲੱਗੇ, "ਮੈਂ ਦੱਸਨਾਂ ਕੀ ਹੋਇਆ -
ਤੇਰੀ ਰੰਨ ਕਹਿੰਦੀ ਏ ਕਿ ਤੂੰ ਉਹਦੇ ਨਾਲ ਬਲਾਤਕਾਰ ਕੀਤਾ ਏ ਪਿਛਲੇ ਕਿੰਨੇ ਈ ਵਰ੍ਹਿਆਂ ਤੋਂ ਕਰਦਾ ਚਲਾ ਆ ਰਿਹਾ ਏ!"
"ਉਹਦਾ ਤਾਂ ਦਿਮਾਗ ਖਰਾਬ ਏ ਮੌਲਵੀ ਸਾਹਿਬ ਇਹ ਗੱਲ ਤਾਂ ਉਹ ਮੈਨੂੰ ਵੀ ਕਿੰਨੀ ਵਾਰ ਆਖ ਚੁੱਕੀ ਏ ਇਹਦੇ ਵਿਚ ਤੁਹਾਨੂੰ ਐਡਾ ਔਖਾ ਹੋਣ ਦੀ ਕੀ ਲੋੜ ਏ !"
"ਵਾਹ ਭਾਈ ਫ਼ਕੀਰਿਆ ਅਸੀ ਕਾਨੂੰਨ ਤੇ ਮਜ਼ਹਬ ਨਾਲ ਮਜ਼ਾਕ ਹੋਂਦਾ ਵੇਖਦੇ ਰਹੀਏ, ਤੇ ਕੁਝ ਨਾ ਬੋਲੀਏ ਅਸੀਂ ਪੀਨੋ ਨੂੰ ਪਿੰਡ 'ਚੋਂ ਕੱਢ ਕੇ ਈ ਛੱਡਾਂਗੇ"
ਇਸ ਤੋਂ ਪਹਿਲਾਂ ਕਿ ਫ਼ਕੀਰਾ ਕੋਈ ਜਵਾਬ ਦੇਂਦਾ ਭੀੜ ਨੇ ਅੱਗੇ ਵੱਧ ਕਿ ਪਰਵੀਨ ਨੂੰ ਵੇਹੜੇ ਵਿਚੋਂ ਖਿੱਚ ਲਿਆਂਦਾ ਤੇ ਘਰ ਦਾ ਸਮਾਨ ਚੁੱਕ ਚੁੱਕ ਕਿ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ।
ਇਕ ਬੰਦੇ ਨੇ ਵਿਚੋਂ ਆਖਿਆ, "ਫ਼ਕੀਰੇ ਨੂੰ ਵੀ ਪਿੰਡ ਵਿਚੋਂ ਬਾਹਰ ਕੱਢੋ ਇਹ ਆਪਣੀ ਰੰਨ ਦੀ ਤਰਫ਼ਦਾਰੀ ਕਰਦਾ ਏ," ਤੇ ਭੂਤਰੇ ਹੋਏ ਵੱਗ ਨੇ ਫ਼ਕੀਰੇ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦਿਤੇ । ਪਰਵੀਨ ਰੋ ਰਹੀ ਸੀ, ਤੇ ਆਖੀ ਜਾ ਰਹੀ ਸੀ- "ਹਾਂ ਮੈਂ ਹੁਣ ਵੀ ਇਹ ਆਖਾਂਗੀ ਮੌਲਵੀ ਸਾਹਿਬ ਮੇਰੇ ਨਾਲ ਬਲਾਤਕਾਰ ਹੋਇਆ ਏ, ਤੇ ਹੋਂਦਾ ਰਿਹਾ...
- ਜਦੋ ਕੋਈ ਬੰਦਾ ਮਨ ਨੂੰ ਚੰਗਾ ਨਾ ਲੱਗੇ ਤਾਂ ਉਹਦਾ ਹੱਥ ਲਾਣਾ ਵੀ ਬਲਾਤਕਾਰ ਹੁੰਦਾ ਏ ਫ਼ਕੀਰਾ ਪਿਛਲੇ ਕਿੰਨੇ ਈ ਚਿਰ ਤੋਂ ਮੇਰੇ ਨਾਲ ਬਲਾਤਕਾਰ ਕਰ ਰਿਹਾ ਏ ਅੱਖਾਂ ਨਾਲ, ਹੱਥਾਂ ਨਾਲ, ਮੂੰਹ ਨਾਲ, ਸਾਹਵਾਂ ਨਾਲ ਤੇ ਗੱਲਾਂ ਨਾਲ ਬਲਾਤਕਾਰ.."
ਭੀੜ ਫਿਰ ਅੱਗੇ ਵਧੀ ਤੇ ਦੋਹਾਂ ਨੂੰ ਧੱਕੇ ਮਾਰਦਿਆ ਮਾਰਦਿਆ ਪਿੰਡ ਤੋਂ ਬਾਹਰ ਕੱਢ ਆਈ ਪੱਕੀ ਸੜਕ ਤੇ ਆ ਕੇ ਸਾਰੇ ਖਲੋ ਗਏ ਫ਼ਕੀਰਾ ਤੇ ਪਰਵੀਨ ਮੁਜ਼ਰਮਾਂ ਵਾਂਗ ਖਲੋਤੇ ਹੋਏ ਸਨ । ਪਰਲੇ ਪਾਸੇ ਪਿੰਡ ਦੀਆਂ ਜ਼ਨਾਨੀਆਂ ਇੱਕਠੀਆ ਹੋਈਆਂ ਪਈਆਂ ਸਨ । ਮਰਦਾਂ ਵਿੱਚੋਂ ਕਿਸੇ ਨੇ ਆਖਿਆ, "ਹੁਣ ਜਾਂਦੇ ਕਿਉਂ ਨੀ ਓ ਦਫ਼ਾ ਹੋ ਜਾਉ...."
ਪਰਵੀਨ ਨੇ ਮੌਲਵੀ ਵੱਲ ਵੇਖਿਆ ਫਿਰ ਜ਼ਨਾਨੀਆਂ ਵੱਲ ਤੇ ਅਖੀਰ ਫ਼ਕੀਰੇ ਵੱਲ, ਫ਼ਕੀਰੇ ਨੇ ਅੱਖਾਂ ਨੀਵੀਆਂ ਕਰ ਲਈਆਂ ।
ਪਰਵੀਨ ਅੱਗੇ ਵਧੀ, ਤੇ ਸੜਕ ਦੇ ਲਾਗੇ ਜਾ ਕਿ ਉਸ ਪਾਸੇ ਖਲੋ ਗੀ ਜਿੱਧਰ ਲਾਹੌਰ ਨੂੰ ਬੱਸਾਂ ਜਾਦੀਆਂ ਸਨ, ਤੇ ਫ਼ਕੀਰਾ ਉਧਰ ਤੁਰ ਪਿਆ ਜਿਸ ਪਾਸੇ ਸ਼ਹਿਰ ਸੀ ।
ਮੌਲਵੀ ਸਾਹਿਬ ਨੇ ਆਖਿਆ, "ਚਲੋ ਭਾਈ ਸਾਰੇ ਆਪਣੇ ਆਪਣੇ ਘਰਾਂ ਨੂੰ ਚੱਲੀਏ" ਤੇ ਸਾਰੇ ਤੁਰ ਪਏ, ਜ਼ਨਾਨੀਆਂ ਦੇ ਕੱਠ ਵਿਚੋਂ ਇਕ ਪੱਕੀ ਉਮਰ ਦੀ ਜ਼ਨਾਨੀ ਨੇ ਹੌਲੀ ਰੋਂਦਿਆਂ ਹੋਇਆਂ ਆਖਿਆ, "ਮੌਲਵੀ ਵਿਚਾਰਾ ਕੀ ਜਾਣੇ, ਸਾਡੇ ਵਿਚੋ ਹੋਰ ਕਿੰਨੀਆਂ ਇਹੋ ਜੀਆਂ ਨੇ ਜਿੰਨ੍ਹਾਂ ਨਾਲ ਰੋਜ਼ ਬਲਾਤਕਾਰ ਹੋਂਦੇ ਨੇ, ਪਰ ਉਹ ਕਿਸਨੂੰ ਆਖਣ !"

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ