Band Khalaas (Punjabi Story) : Principal Sujan Singh

ਬੰਦ ਖ਼ਲਾਸ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

(ਇਹ ਉਹ ਕਹਾਣੀ ਹੈ ਜਿਸ ਨੂੰ ਔਰਤਪਨ ਦੀ ਬਾਗ਼ੀ ਹੋਈ ਹੋਈ ਰੂਹ ਵੀ ਆਪਣੇ ਮੂੰਹੋਂ ਬਿਆਨ ਨਹੀਂ ਕਰ ਸਕਦੀ। ਖ਼ੁਦਾ ਕਹਿ ਦੇਵੇ ਤੇਰੇ ਇਕ ਬਿਆਨ ਮਾਤਰ 'ਤੇ ਹੀ ਮੈਂ ਮਰਦਾਂ ਦੇ ਖ਼ਿਲਾਫ਼ ਫ਼ੈਸਲਾ ਦੇ ਕੇ ਉਨ੍ਹਾਂ ਨੂੰ ਅਨੰਤ ਸਮੇਂ ਤਕ ਅਕਹਿ ਤੇ ਅਸਹਿ ਤਸੀਹੇ ਦਿੰਦੇ ਰਹਾਂ ਤਾਂ ਵੀ ਉਹ ਸ਼ਰਮ ਨਾਲ ਮੂੰਹ ਨਾ ਖੋਲ੍ਹੇ। ਸ਼ਰਮ ਨਾ ਸਹੀ ਮਰਦ ਲਈ ਰਹਿਮ — ਕੀ ਰਹਿਮ ਤੇ ਜ਼ਬਤ ਹੀ ਔਰਤਪਨ ਨਹੀਂ? — ਉਸਦੀ ਜ਼ਬਾਨ ਰੋਕਦਾ ਹੋਵੇ। ਕੌਣ ਜਾਣਦਾ ਹੈ ਇਸ ਗੱਲ ਨੂੰ? ਕੌਣ ਦਾਅਵਾ ਕਰ ਸਕਦਾ ਹੈ ਇਸ ਗੱਲ ਦੇ ਜਾਣਨ ਦਾ?
ਰਸ਼ੀਦਾ ਨੇ ਇਹ ਕਹਾਣੀ ਕਦੇ ਕਿਸੇ ਨੂੰ ਨਹੀਂ ਸੁਣਾਈ। ਉਹ ਪੰਜਾਬ ਦੇ ਕਿਸੇ ਤਿਜਾਰਤੀ ਮਰਕਜ਼ ਵਿਚ ਹਾਲੀ ਤੱਕ ਜ਼ਿੰਦਾ ਹੈ। ਪਰ ਇਸ ਕਹਾਣੀ ਦੇ ਜ਼ਾਲਮ, ਬੇਦਿਲ, ਬੇਸ਼ਰਮ ਮਰਦ ਪਾਤਰਾਂ ਨੇ ਇਸ ਕਹਾਣੀ ਦਾ ਆਪਣੇ ਨਾਲ ਤਅੱਲਕ ਰੱਖਦਾ ਹਿੱਸਾ ਸੈਂਕੜੇ ਵਾਰ ਸ਼ੇਖੀ ਵਿਚ ਲੂਣ-ਮਿਰਚਾਂ ਲਾ ਕੇ ਸੁਣਾਇਆ ਹੋਵੇਗਾ। ਮਰਦ ਦਾ ਸੁਭਾਅ ਹੈ ਕਿ ਉਹ ਆਪਣੇ ਬੁਰੇ ਕੰਮਾਂ 'ਤੇ ਵੀ ਮਾਣ ਕਰਦਾ ਹੈ। ਇਹ ਕਿਸ ਹੱਦ ਤਕ ਵਿਗੜ ਚੁੱਕਿਆ ਹੈ!)

ਰਸ਼ੀਦਾ ਦਾ ਅੱਬਾ ਉਨ੍ਹਾਂ ਕਸ਼ਮੀਰੀਆਂ ਵਿਚੋਂ ਸੀ ਜੋ ਦੋ ਤਿੰਨ ਪੀੜ੍ਹੀਆਂ ਪਹਿਲੋਂ ਪੰਜਾਬ ਦੇ ਸ਼ਹਿਰਾਂ ਵਿਚ ਆ ਅਬਾਦ ਹੋਏ ਸਨ। ਉਹਦਾ ਬਾਬਾ ਰਫ਼ੂਗਰ ਤੇ ਉਹਦਾ ਬਾਪ ਖੱਲਾਂ ਦਾ ਵਪਾਰੀ ਸੀ। ਇਸ ਨੇ ਵੀ ਇਸੇ ਕੰਮ ਨੂੰ ਜਾਰੀ ਰੱਖਿਆ ਸੀ। ਔਰਤਾਂ ਦੀ ਤਾਲੀਮ ਬਾਰੇ ਉਸ ਦੀ ਕੋਈ ਅੱਛੀ ਰਾਏ ਨਹੀਂ ਸੀ। ਤਾ-ਹਮ ਉਸ ਨੇ ਰਸ਼ੀਦਾ ਨੂੰ ਦਸਵੀਂ ਤਕ ਪਹੁੰਚਾਅ ਛੱਡਿਆ ਸੀ, ਭਾਵੇਂ ਆਪ ਉਹ ਮਾੜਾ-ਮੋਟਾ ਉਰਦੂ ਤੇ ਰੋਜ਼-ਮੱਰਾ ਦਾ ਹਿਸਾਬ ਹੀ ਜਾਣਦਾ ਸੀ। ਲੜਕੀਆਂ ਦੇ ਵਿਆਹ ਦੀ ਮਜਬੂਰੀ ਵਿਚਕਾਰਲੇ ਤੋਂ ਨੀਵੇਂ ਤੇ ਗ਼ਰੀਬ ਤਬਕੇ ਤੋਂ ਕੁਝ ਉੱਚੇ ਲੋਕਾਂ ਨੂੰ ਔਰਤਾਂ ਨੂੰ ਤਾਲੀਮ ਨਾ ਦੇਣ ਦੇ ਮਸਲੇ ਤੇ ਕੁਝ ਢਿੱਲਾ ਕਰ ਦਿੰਦੀ ਹੈ। ਰਸ਼ੀਦਾ ਨੇਕ ਕੁੜੀ ਸੀ, ਜੈਸੀ ਕਿ ਇਸਲਾਮੀ ਰਵਾਯਾਤ ਦੇ ਮੁਤਾਬਿਕ ਉਸ ਨੂੰ ਹੋਣਾ ਚਾਹੀਦਾ ਸੀ। ਪਰ ਦਸਵੀਂ ਤਕ ਦੀ ਕਚ-ਘਰੜ ਪੜ੍ਹਾਈ ਨੇ ਉਸ ਵਿਚ ਮਜ਼ਬੂਤੀ ਨਹੀਂ ਸੀ ਆਂਦੀ। ਦਸਵੀਂ ਤੋਂ ਅੱਗੇ ਰਸ਼ੀਦਾ ਦੇ ਅੱਬਾ ਨੇ ਲੀਕ ਵਾਹ ਦਿਤੀ ਸੀ। ਉਸ ਤੋਂ ਅੱਗੇ ਉਹ ਸਮਝਦਾ ਸੀ ਖ਼ਤਰਨਾਕ ਧਰਤੀ ਸ਼ੁਰੂ ਹੋ ਪੈਂਦੀ ਹੈ। ਕਸ਼ਮੀਰੀਆਂ ਦੇ ਘਰੀਂ ਰੰਗ-ਰੂਪ ਤੇ ਸੁੰਦਰਤਾ ਦੀ ਥੋੜ ਨਹੀਂ ਹੁੰਦੀ। ਕਸ਼ਮੀਰੀ ਸੁੰਦਰਤਾ ਸ਼ਹਿਰਾਂ ਦੇ ਲਿਬਾਸ ਵਿਚ ਤਾਂ ਕਮਾਲ ਹੀ ਕਰ ਦਿੰਦੀ ਹੈ। ਫੇਰ ਰਸ਼ੀਦਾ ਹੁਣ ਭਰ ਜੁਆਨ ਸੀ। ਰਸ਼ੀਦਾ ਦਾ ਅੱਬਾ ਉਸ ਦੀ ਸ਼ਾਦੀ ਕਦ ਦੀ ਕਰ ਦਿੰਦਾ ਜੇ ਉਸ ਦੇ ਘਰ ਇਕ ਹੋਰ ਬਿਪਤਾ ਨਾ ਪੈ ਗਈ ਹੁੰਦੀ। ਰਸ਼ੀਦਾ ਦੀ ਅੰਮਾ, ਜੋ ਹਾਲੀ ਜੁਆਨ ਹੀ ਕਹੀ ਜਾ ਸਕਦੀ ਸੀ, ਇਕ ਦਿਨ ਪੌੜੀਆਂ ਵਿਚੋਂ ਰਿੜ੍ਹ ਕੇ ਧੌਣ ਦਾ ਮਣਕਾ ਤੁੜਾਅ ਚੁੱਕੀ ਸੀ। ਉਹ ਆਪ ਕਿਸੇ ਪਾਸੇ ਸਿਰ ਨੂੰ ਹਿਲਾਅ-ਜੁਲਾਅ ਨਹੀਂ ਸੀ ਸਕਦੀ, ਆਪ ਉਠ ਬੈਠ ਨਹੀਂ ਸੀ ਸਕਦੀ, ਹਾਜਤ ਰਫ਼ਾ ਦੀ ਤਾਂ ਗੱਲ ਹੀ ਛੱਡੋ। ਰਸ਼ੀਦਾ ਤੇ ਰਸ਼ੀਦਾ ਦਾ ਅੱਬਾ ਉਸ ਦੀ ਹੱਦੋਂ ਵੱਧ ਸੇਵਾ ਕਰਦੇ ਸਨ। ਉਹ ਨਿੱਤ ਮੌਤ ਨੂੰ ਸੁਨੇਹੇ ਦਿੰਦੀ ਸੀ ਪਰ ਮੌਤ ਉਸ ਨੂੰ ਆਉਂਦੀ ਹੀ ਨਹੀਂ ਸੀ। ਰਸ਼ੀਦਾ ਦਾ ਵਿਆਹ ਇਸੇ ਕਰਕੇ ਪਿੱਛੇ ਪੈਂਦਾ ਜਾਂਦਾ ਸੀ।
ਰਸ਼ੀਦਾ ਦੇ ਪਿਛਵਾੜੇ ਦੀ ਗਲੀ ਹਿੰਦੂਆਂ ਦੀ ਸੀ ਤੇ ਪਿੱਠ ਵੱਲ ਦਾ ਘਰ ਵੀ ਹਿੰਦੂਆਂ ਦਾ। ਰਸ਼ੀਦਾ ਹੋਰਾਂ ਦੇ ਘਰ ਪਰਦਾ ਕਰਦੀ ਸੀ। ਉਹ ਆਪਣੀਆਂ ਸਹੇਲੀਆਂ ਰਿਸ਼ਤੇਦਾਰਾਂ ਦੇ ਘਰ ਨਵੇਂ ਢੰਗ ਦਾ ਕਾਲ਼ਾ ਬੁਰਕਾ ਪਾ ਕੇ ਜਾਇਆ ਕਰਦੀ ਸੀ, ਪਰ ਗੁਆਂਢੀਆਂ ਤੋਂ ਕਿਹਾ ਬੁਰਕਾ?
ਰਸ਼ੀਦਾ ਦੇ ਪਹਿਲੇ ਗੁਆਂਢੀਆਂ ਨੇ ਪਿਛਲਾ ਮਕਾਨ ਵੇਚ ਦਿੱਤਾ ਸੀ। ਹੁਣ ਕੁਝ ਦਿਨਾਂ ਤੋਂ ਨਵੇਂ ਮਾਲਕ-ਮਕਾਨ ਵਸਦੇ ਸਨ। ਰਸ਼ੀਦਾ ਜੁ ਆਪਣੇ ਕੋਠੇ ਆਈ, ਦੇਖਿਆ, ਇਕ ਜੁਆਨ ਕੁੜੀ ਆਪਣੇ ਕੋਠੇ 'ਤੇ ਫਿਰ ਰਹੀ ਹੈ।
ਰਸ਼ੀਦਾ ਨੇ ਸੁਰੀਲੀ ਆਵਾਜ਼ ਵਿਚ ਪੁਛਿਆ, "ਭੈਣ, ਤੁਸੀਂ ਹੀ ਸਾਡੇ ਨਵੇਂ ਗੁਆਂਢੀ ਹੋ?"
"ਹਾਂ ਭੈਣ! ਤੇ ਤੁਹਾਡੀ 'ਵਾਜ ਪਛਾਣੀ ਹੋਈ ਹੈ। ਸੱਚ, ਤੁਸੀਂ ਕਲ੍ਹ ਆਪਣੇ ਪਰਲੇ ਗੁਆਂਢੀਆਂ ਦੇ ਘਰ ਗਾਉਂਦੇ ਨਹੀਂ ਸਾਓ?"
ਰਸ਼ੀਦਾ ਸ਼ਰਮਾ ਗਈ ਆਪਣੇ ਜਿਡੀ ਕੁੜੀ ਕੋਲੋਂ, ਤੇ ਸਿਰ ਨੀਵਾਂ ਪਾ ਲਿਆ।
"ਤਾਂ ਮੇਰਾ ਖ਼ਿਆਲ ਠੀਕ ਹੈ। ਹੈ ਨਾ, ਭੈਣ?"
"ਜੀ।"
"ਮੈਂ ਕਹਿਨੀ ਆਂ ਮੈਨੂੰ ਤਾਂ ਤੁਹਾਡੀ ਸ਼ਕਲ ਤੇ ਸੁਰ ਦੋਹਾਂ 'ਚੋਂ ਇਕ ਚੀਜ਼ ਮਿਲ ਗਈ ਹੁੰਦੀ ਤਾਂ ਕਾਫ਼ੀ ਸੀ।"
ਰਸ਼ੀਦਾ ਇਸ ਤਾਰੀਫ਼ ਦੇ ਭਾਰ ਹੇਠ ਮਾਨੋ ਦੱਬੀ ਗਈ। ਇੰਨੇ ਨੂੰ ਇਕ ਨੌਜੁਆਨ ਹਿੰਦੂ ਕੁੜੀ ਦੇ ਲਾਗੇ ਆ ਖਲੋਤਾ। ਰਸ਼ੀਦਾ ਨੇ ਮੂੰਹ ਫੇਰ ਲਿਆ ਤੇ ਪੌੜੀਆਂ ਵਿਚ ਉਤਰਨ ਲਈ ਪੈਰ ਰੱਖਿਆ।
"ਤੁਹਾਡੇ ਘਰ ਪਰਦਾ ਹੈ ਨਾ?"
"ਨਹੀਂ ਭੈਣ ਗੁਆਂਢੀਆਂ ਤੋਂ ਕਿਹਾ ਪਰਦਾ," ਉਸ ਨੇ ਉਦਾਂ ਖੜੋਤਿਆਂ ਹੀ ਕਿਹਾ।
"ਇਹ ਮੇਰੇ ਵੱਡੇ ਭਰਾ ਹਨ। ਮੇਰੀ ਭਰਜਾਈ ਜੀ ਤੇ ਇਹ ਇਥੇ ਰਿਹਾ ਕਰਨਗੇ। ਸਾਡਾ ਮਕਾਨ ਸ਼ਹਿਰ ਦੇ ਵਿਚਾਕਰ ਹੈ। ਕਦੇ ਕਦੇ ਦਰਸ਼ਨ ਕਰਨ ਆਇਆ ਕਰਾਂਗੀ।"
"ਇਨਸ਼ਾ ਅੱਲਾ! ਜੰਮ ਜੰਮ ਆਓ।" ਕਹਿ ਕੇ ਉਹ ਥੱਲੇ ਉਤਰ ਗਈ। ਨੌਜੁਆਨ, ਜਿਥੇ ਉਹ ਖੜੀ ਸੀ ਉਸੇ ਪਾਸੇ ਦੇਖਦਾ ਰਿਹਾ।
ਫੇਰ ਭੈਣ ਵੱਲ ਅਚਾਨਕ ਦੇਖ ਕੇ ਕਹਿਣ ਲੱਗਾ, "ਖ਼ੂਬਸੂਰਤੀ ਤੇ ਬਸ ਮੁਸਲਮਾਨੀਆਂ 'ਤੇ ਖ਼ਤਮ ਹੈ।"
"ਤੇ ਪੜ੍ਹੀ ਲਿਖੀ ਕੁੜੀ ਮਲੂਮ ਹੁੰਦੀ ਹੈ।"
"ਉਹ ਤਾਂ ਉਸ ਦੇ ਲਹਿਜੇ ਤੋਂ ਹੀ ਸਾਫ਼ ਜ਼ਾਹਿਰ ਹੈ।"
ਨੌਜੁਆਨ ਦੀ ਭੈਣ ਆਈ ਤੇ ਚਲੀ ਗਈ, ਪਰ ਕਸ਼ਮੀਰਨ ਰਸ਼ੀਦਾ ਦੀ ਤਸਵੀਰ ਉਸ ਨੌਜੁਆਨ ਦੇ ਦਿਲ ਵਿਚ ਸਦਾ ਲਈ ਖਿੱਚੀ ਗਈ। ਨੌਜੁਆਨ ਦੀ ਵਹੁਟੀ ਵੀ ਰਸ਼ੀਦਾ ਦੀ ਗੂਹੜੀ ਵਾਕਫ਼ ਬਣ ਗਈ। ਨੌਜੁਆਨ ਕਾਫ਼ੀ ਦੇਰ ਘਰ ਹੀ ਰਹਿੰਦਾ ਸੀ। ਦੇਰ ਨਾਲ ਦਫ਼ਤਰ ਜਾਂਦਾ ਸੀ।
ਦਫ਼ਤਰ ਜੁ ਆਪਣਾ ਸੀ। ਨੌਜੁਆਨ ਦੀ ਵਹੁਟੀ ਆਪਣੇ ਸੱਸ-ਸਹੁਰੇ ਦੇ ਘਰ ਅਕਸਰ ਜਾਇਆ ਕਰਦੀ ਸੀ। ਉਸ ਦੀ ਨਨਾਣ ਤੇ ਸੱਸ ਕਦੇ ਕਦੇ ਇਧਰ ਆਇਆ ਕਰਦੀਆਂ ਸਨ। ਨੌਜੁਆਨ ਦੀ ਭਣੈ ਅਜੇ ਕੁਆਰੀ ਸੀ ਤੇ ਕੁੜੀਆਂ ਦੇ ਕਾਲਜ ਪੜ੍ਹਦੀ ਸੀ। ਰਸ਼ੀਦਾ ਨਾਲ ਉਸ ਦੀ ਗੂੜ੍ਹ ਹੋ ਗਈ। ਉਹ ਰਸ਼ੀਦਾ ਦੀ ਮਾਂ ਦੀ ਹਾਲਤ ਸੁਣ ਕੇ ਰਸ਼ੀਦਾ ਨਾਲ ਬਨੀ ਹਮਦਰਦੀ ਕਰਦੀ। ਉਸ ਦੇ ਨਿੱਕੇ ਭਰਾ ਨੂੰ ਆਪਣੇ ਪਾਸੇ ਸੱਦ ਕੇ ਬੜਾ ਪਿਆਰ ਕਰਦੀ ਰਹਿੰਦੀ।
ਇਕ ਚੀਜ਼ ਰਸ਼ੀਦਾ ਨੇ ਨੋਟ ਕੀਤੀ ਕਿ ਜਦ ਉਸ ਦੀ ਵਹੁਟੀ, ਭੈਣ, ਜਾਂ ਮਾਂ ਵਿਚੋਂ ਕੋਈ ਕੋਠੇ ਹੁੰਦਾ ਤਾਂ ਉਸ ਨੌਜੁਆਨ ਦੀ ਤਕਣੀ ਹੋਰ ਹੁੰਦੀ ਤੇ ਜਦ ਕਦੇ ਰਸ਼ੀਦਾ ਇਕੱਲੀ ਕੋਠੇ 'ਤੇ ਹੁੰਦੀ ਤੇ ਉਹ ਵੀ ਇਕੱਲਾ ਹੁੰਦਾ ਤਾਂ ਉਸ ਦੀ ਤਕਣੀ ਵਿਚ ਸ਼ਰਾਰਤ ਹੁੰਦੀ। ਪਹਿਲੋਂ ਨੌਜੁਆਨ ਤੋਂ ਉਹ ਆਪ ਹੀ ਉਸ ਦੀ ਭੈਣ ਜਾਂ ਵਹੁਟੀ ਬਾਰੇ ਪੁਛ ਲੈਂਦੀ ਸੀ ਪਰ ਇਹ ਦੇਖ ਕੇ ਓਸ ਨੂੰ ਬੁਲਾਉਣਾ ਬੰਦ ਕਰ ਦਿੱਤਾ। ਮੌਕਾ ਤਾੜ ਕੇ ਉਹ ਕਈ ਵਾਰ ਆਪ ਹੀ ਕੋਈ ਰਸ਼ੀਦਾ ਦੇ ਘਰ ਮੁਤੱਲਕ ਗੱਲ ਸ਼ੁਰੂ ਕਰ ਦਿੰਦਾ। ਉਸ ਦੀ ਅੰਮਾਂ ਦੀ ਹਾਲਤ 'ਤੇ ਤਰਸ ਕਰਦਾ। ਉਸ ਦੇ ਭਰਾ ਨੂੰ ਦੂਰੋਂ ਪਿਆਰ ਕਰਦਾ। ਉਹ ਆਪਣੀ ਅਵਾਜ਼ ਤੇ ਲਹਿਜੇ ਨੂੰ ਬੜਾ ਮਿੱਠਾ ਬਣਾਉਣ ਦਾ ਜਤਨ ਕਰਦਾ, ਪਰ ਉਹ ਰਸ਼ੀਦਾ ਨੂੰ ਕਦੇ ਚੰਗਾ ਨਾ ਲੱਗਦਾ। ਉਸ ਨੇ ਇਕ ਵਾਰੀ ਮਹਿਸੂਸ ਕੀਤਾ ਕਿ ਓਸ ਨੇ ਉਸ ਨੂੰ ਕੋਈ ਅੱਖ ਦਾ ਇਸ਼ਾਰਾ ਵੀ ਕੀਤਾ ਹੈ ਪਰ ਆਪਣੀ ਅੱਖ ਦਾ ਭਰਮ ਸਮਝ ਕੇ ਉਹ ਚੁੱਪ ਰਹੀ। ਉਸ ਦੇ ਸ਼ਰਮਾਕਲ ਸੁਭਾਅ ਨੇ ਉਸ ਦੀ ਜ਼ਬਾਨ ਨੂੰ ਬੰਨ੍ਹੀ ਰੱਖਿਆ। ਨੌਜੁਆਨ ਨੇ ਬਰਦਾਸ਼ਤ ਨੂੰ ਰਜ਼ਾ ਸਮਝ ਕੇ ਸਾਹਮਣੇ ਮੁਸਕਰਾਉਣਾ, ਸੀਟੀ ਵਿਚ ਉਨ੍ਹਾਂ ਤਰਜ਼ਾਂ ਨੂੰ ਵਜਾਉਣਾ ਜਿਸ ਤੋਂ ਸੁਣਨ ਵਾਲੇ ਨੂੰ ਪਿਆਰ ਵਾਲੇ ਗੀਤ ਜਾਂ ਗ਼ਜ਼ਲਾਂ ਯਾਦ ਆ ਜਾਣ ਤੇ ਅੰਗੜਾਈਆਂ ਲੈਣਾ ਸ਼ੁਰੂ ਕਰ ਦਿੱਤਾ। ਇਕ ਦਿਨ ਤਾਂ ਹੱਦ ਹੋਈ। ਰਸ਼ੀਦਾ ਦਾ ਭਰਾ ਕੋਠੇ 'ਤੋਂ ਕੁਝ ਭਾਨ ਚੁੱਕ ਲਿਆਇਆ। ਰਸ਼ੀਦਾ ਉਸ ਨੂੰ ਗੁੱਸੇ ਹੋਈ। ਜਦ ਮੁੰਡਾ ਲੱਭਣ ਵਾਲੀ ਥਾਂ ਦੱਸਣ ਗਿਆ ਤਾਂ ਉਸ ਦੇਖਿਆ ਉਥੇ ਇਕ ਨੋਟ ਪਿਆ ਹੈ। ਉਸ ਨੋਟ ਚੁਕਿਆ। ਇਕ ਕੋਨੇ ਤੇ ਅੰਗਰੇਜ਼ੀ ਵਿਚ ਲਿਖਿਆ ਸੀ "ਫ਼ੌਰਗੈੱਟ ਮੀ ਨੌਟ।" ਇਹ ਗੱਲ ਉਸ ਨੂੰ ਉਸੇ ਬੇਵਕੂਫ਼ ਦੀ ਹਮਾਕਤ ਜਾਪੀ। ਉਸ ਨੇ ਉਸ ਦੀ ਵਹੁਟੀ ਨੂੰ ਸੱਦ ਕੇ ਪੈਸੇ ਤੇ ਨੋਟ ਵਾਪਸ ਕੀਤੇ ਤੇ ਇਸ਼ਾਰਤਨ ਕਿਹਾ ਕਿ ਗਵਾਂਢੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹ ਕਹਿਣ ਲੱਗੀ, 'ਹੁਣੇ ਬਾਊ ਹੋਰੀਂ ਕੋਠੇ ਆਏ ਸਨ। ਕਮੀਜ਼ ਲਾਹ ਕੇ ਰੱਖਣ ਲੱਗਿਆਂ ਕਿਤੇ ਦੂਸਰੇ ਪਾਸੇ ਡਿਗ ਪਏ ਹੋਣਗੇ।'
ਰਸ਼ੀਦਾ ਉਸ ਮਨੁੱਖ ਨੂੰ ਦਿਨੋ-ਦਿਨ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਪਈ। ਉਹ ਆਪਣੇ ਅੱਬਾ ਦੇ ਗਰਮ ਸੁਭਾਅ ਨੂੰ ਜਾਣਦੀ ਸੀ। ਉਹ ਕਿਸੇ ਗੱਲ ਨੂੰ ਵਧਾਉਣਾ ਨਹੀਂ ਸੀ ਚਾਹੁੰਦੀ। ਉਹ ਆਪ ਵੀ ਅੱਬਾ ਤੋਂ ਡਰਦੀ ਸੀ। ਉਸ ਦਾ ਅੱਬਾ ਉਸ ਮਾਸਟਰ ਵਾਂਗ ਸੀ ਜਿਸ ਤੋਂ ਸ਼ਗਿਰਦ ਕੁਝ ਪੁੱਛਣ ਦੀ ਥਾਂ ਦੂਰ ਨੱਸਦੇ ਹਨ। ਇਹੋ ਜਿਹੇ ਮਾਂ ਪਿਓ ਬੱਚਿਆਂ ਦੇ ਸਲਾਹਕਾਰ ਹੋਣ ਦੀ ਥਾਂ ਉਨ੍ਹਾਂ ਲਈ ਹਊਏ ਬਣ ਜਾਂਦੇ ਹਨ, ਕਈ ਵਾਰੀ ਬੱਚਿਆਂ ਦੇ ਚਲਨ ਵਿਗੜਨ ਦੀ ਵਜ੍ਹਾ ਬਣਦੇ ਹਨ।
ਨੌਜੁਆਨ ਉਨ੍ਹਾਂ ਭਲੇਮਾਣਸ ਬਦਮਾਸ਼ਾਂ ਵਿਚੋਂ ਸੀ ਜੋ ਕਿਸੇ ਵੀ ਕੀਮਤ 'ਤੇ ਆਪਣੇ ਮਕਸਦ ਵਿਚ ਕਾਮਯਾਬੀ ਖ਼ਰੀਦ ਲੈਣੀ ਬੁਰੀ ਨਹੀਂ ਸਮਝਦੇ। ਚੰਗੇ ਜਾਂ ਬੁਰੇ ਜ਼ਰੀਏ ਵਿਚ ਉਹ ਤਮੀਜ਼ ਨਹੀਂ ਕਰਦੇ। ਇਹੋ ਜਿਹੇ ਲੋਕ ਪਿਆਰ ਤੇ ਵਿਸ਼ੇ-ਕਾਮਨਾ ਵਿਚ ਕੋਈ ਫ਼ਰਕ ਨਹੀਂ ਸਮਝਦੇ। ਆਪਣੀ ਇਕ-ਤਰਫ਼ੀ ਵਿਸ਼ੇ -ਕਾਮਨਾ 'ਤੇ ਉਨ੍ਹਾਂ ਨੂੰ ਨਫ਼ਰਤ ਨਹੀਂ ਹੁੰਦੀ। ਉਸ ਨੇ ਰਸ਼ੀਦਾ ਦੇ ਮਾਮੂਲੀ ਉਲਾਂਭੇ ਨੂੰ ਆਪਣੀ ਹੱਤਕ ਸਮਝਿਆ। ਉਸ ਗਹਿਰੀਆਂ ਚਾਲਾਂ ਚਲਣੀਆਂ ਸ਼ੁਰੂ ਕੀਤੀਆਂ। ਇਕ ਦਿਨ ਜਦ ਰਸ਼ੀਦਾ ਉਪਰ ਆਈ ਤਾਂ ਉਸ ਨੂੰ ਕੋਠੇ 'ਤੇ ਇਕ ਚਿੱਟਾ ਕਾਗਜ਼ ਜਿਹਾ ਪਿਆ ਦਿਸਿਆ। ਸੋਚਿਆ ਉਸੇ ਕਾਫ਼ਰ ਦਾ ਕੋਈ ਫਿਤਨਾ ਹੋਵੇਗਾ। ਐਤਕੀ ਅੱਬਾ ਨੂੰ ਦਸ ਦੇਣ ਦਾ ਪੂਰਾ ਫੈਸਲਾ ਕਰ ਕੇ ਉਸ ਨੇ ਕਾਗਜ਼ ਚੁੱਕਿਆ। ਸਿਧਾ ਕਰ ਕੇ ਦੇਖਿਆ ਫ਼ੋਟੋ ਸੀ। ਪਹਿਲੀ ਝਲਕੇ ਉਸ ਨੂੰ ਕੋਈ ਨੰਗੀ ਖੜੀ ਕੁੜੀ ਦਿਸੀ, ਉਸ ਨੇ ਗਹੁ ਨਾਲ ਦੇਖਿਆ ਉਸ ਦੀ ਆਪਣੀ ਹੀ ਫ਼ੋਟੋ ਸੀ। ਉਸ ਨੇ ਫ਼ੋਟੋ ਕਪੜੇ ਹੇਠਾਂ ਲੁਕਾਅ ਲਈ। ਉਹ ਪੌੜੀਆਂ ਵਿਚ ਉਤਰ ਆਈ। ਅੱਖਾਂ ਨੂੰ ਮਲ ਕੇ ਦੇਖਿਆ ਉਸ ਦੀ ਆਪਣੀ ਹੀ ਤਾਂ ਫ਼ੋਟੋ ਸੀ। ਪਰ ਉਸ ਨੂੰ ਚੇਤੇ ਸੀ ਕਿ ਉਸ ਨੇ ਕਦੇ ਕੋਈ ਫ਼ੋਟੋ ਨਹੀਂ ਸੀ ਲੁਹਾਈ। ਫਿਰ ਨੰਗੀ! ਤੌਬਾ! ਤੌਬਾ!! ਉਸ ਨੂੰ ਚੇਤੇ ਸੀ ਦਸਵੀਂ ਦੇ ਇਮਤਿਹਾਨ ਤੋਂ ਪਹਿਲਾਂ ਵੀ ਉਸ ਦੇ ਅੱਬਾ ਨੇ ਸਕੂਲ ਵਿਚ ਉਸ ਨੂੰ ਉਸਤਾਨੀਆਂ ਦੇ ਨਾਲ ਫ਼ੋਟੋ ਨਹੀਂ ਲੁਹਾਉਣ ਦਿੱਤੀ ਸੀ। ਉਹ ਪੌੜੀਆਂ ਦੀ ਕੰਧ ਨਾਲ ਲੱਗ ਗਈ। ਅੱਖਾਂ ਮੀਟ ਲਈਆਂ। ਝਟ ਮਗਰੋਂ ਫੇਰ ਤਸਵੀਰ ਕੱਢ ਕੇ ਉਸ ਚੰਗੀ ਤਰ੍ਹਾਂ ਦੇਖੀ। ਫਿਰ ਅੱਖਾਂ ਦੇ ਲਾਗੇ ਲਿਆ ਕੇ ਦੇਖੀ। ਉਸ ਅਪਣੇ ਪਿੰਡੇ 'ਤੇ ਚੂੰਢੀ ਵੱਢ ਕੇ ਪੀੜ ਮਹਿਸੂਸ ਕੀਤੀ। ਜਾਗਦੀ ਹੀ ਤਾਂ ਸੀ ਉਹ। ਕਿਤੇ ਉਹ ਬੇਹੋਸ਼ ਨਾ ਹੋ ਜਾਏ। ਉਹ ਕਾਹਲੀ ਕਾਹਲੀ ਥੱਲੇ ਉੱਤਰੀ, ਮਾਂ ਦੇ ਲਾਗੋਂ ਲੰਘ ਕੇ ਉਹ ਅੰਦਰਲੀ ਕੋਠੜੀ ਲੰਘ ਗਈ। ਉਸ ਨੂੰ ਪਸੀਨਾ ਆ ਗਿਆ ਸੀ। ਅੰਮਾ ਨੇ ਪਈ ਪਈ ਨੇ ਆਵਾਜ਼ ਦਿੱਤੀ। ਸ਼ਾਇਦ ਬੀਮਾਰੀ ਦੇ ਦੌਰਾਨ ਵਿਚ ਪਹਿਲੀ ਵਾਰ ਸੀ ਕਿ ਉਸ ਨੇ ਮਾਂ ਦੀ 'ਵਾਜ ਸੁਣ ਕੇ ਜਵਾਬ ਨਾ ਦਿੱਤਾ। ਉਹ ਕੰਧ ਲਾਗੇ ਖੜੋ ਕੇ ਸ਼ੀਸ਼ੇ ਵਿਚ ਮੂੰਹ ਦੇਖਣ ਲਗ ਪਈ। ਫਿਰ ਉਸ ਬੁੱਕਲ ਵਿਚੋਂ ਤਸਵੀਰ ਕੱਢ ਕੇ ਸ਼ੀਸ਼ੇ ਵਿਚ ਆਪਣੇ ਅਕਸ ਨਾਲ ਮੇਲੀ। ਉਸ ਗੁੱਸੇ ਵਿਚ ਤਸਵੀਰ ਨੂੰ ਪਾੜ ਕੇ ਕਈ ਨਿੱਕੇ ਨਿੱਕੇ ਟੋਟੇ ਕਰ ਦਿੱਤੇ। ਬਾਹਰ ਅੱਗ ਬਲ ਰਹੀ ਸੀ। ਟੁਕੜਿਆਂ ਨੂੰ ਉਸ ਵਿਚ ਸਾੜ ਕੇ ਵੀ ਉਸ ਨੂੰ ਸ਼ਾਂਤੀ ਨਾ ਹੋਈ। ਅੰਮਾ ਨੇ ਰਸ਼ੀਦਾ ਨੂੰ ਫੇਰ ਮਧਮ ਜਿਹੀ ਅਵਾਜ਼ ਦਿਤੀ। ਬਿਨਾ ਕੋਈ ਉੱਤਰ ਦਿੱਤਿਆਂ ਉਹ ਅੰਮਾ ਕੋਲ ਪਹੁੰਚ ਕੇ ਮੂੰਹ ਲਾਗੇ ਪਾਣੀ ਦਾ ਚਮਚਾ ਭਰ ਕੇ ਲੈ ਗਈ।
ਅੰਮਾ ਨੇ ਕਿਹਾ, "ਨੀ ਸ਼ੀਦੋ, ਅੱਜ ਕਿਹੜੇ ਵਹਿਮਾਂ ਵਿਚ ਪਈ ਹੋਈ ਏਂ? ਮੈਂ ਤੇ ਪਾਣੀ ਕੋਈ ਨਹੀਂ ਮੰਗਿਆ।"
ਰਸ਼ੀਦਾ ਲਾਗੇ ਹੀ ਚਮਚਾ ਰੱਖ ਕੇ ਗੁੰਮੀ ਗੁੰਮੀ ਬਹਿ ਗਈ। ਅੰਮਾ ਕਹਿਣ ਲੱਗੀ, "ਅੱਬਾ ਤੇਰਾ ਰਸ਼ੀਦ ਨੂੰ ਨਾਲ ਹੀ ਲੈ ਗਿਐ। ਹਾਲੀ ਤਕ ਮੁੜੇ ਨਹੀਂ। ਮੁੰਡਾ ਭੁੱਖਾ ਹੋਵੇਗਾ।"
ਰਸ਼ੀਦਾ ਨੇ ਕੁਝ ਨਾ ਸੁਣਿਆ। ਚੁੱਲ੍ਹੇ ਤੋਂ ਲੌਣ ਲਾਹੁਣ ਲਗਿਆਂ ਉਸ ਦੇ ਹੱਥੋਂ ਹਾਂਡੀ ਹੀ ਛੁੱਟ ਗਈ ਤੇ ਲੌਣ ਡੁੱਲ੍ਹ ਗਿਆ। ਰਸ਼ੀਦਾ ਡੁਸਕਣ ਲੱਗ ਪਈ।
"ਕੀ ਹੋਇਆ, ਨੀ ਸ਼ੀਦੀ?" ਮਾਂ ਨੇ ਕਿਹਾ। ਗਰਦਨ ਤਾਂ ਉਸ ਦੀ ਮੁੜ ਹੀ ਨਹੀਂ ਸਕਦੀ ਸੀ।
"ਲੌਣ ਡੁਲ੍ਹ ਗਿਆ ਤੇ… ਹਾਂਡੀ … ਹਾਂਡੀ ਭੱਜ ਗਈ ਏ," ਉਸ ਨੇ ਬੁਸਕਦੀ ਨੇ ਕਿਹਾ।
"ਤੇ ਏਨੀ ਗਲ ਪਿੱਛੇ ਰੋਣ ਲੱਗ ਪਈ ਏਂ? ਚੱਲ, ਫੇਰ ਕੀ ਹੋਇਆ। ਲੌਣ ਪੱਕਿਆ-ਪਕਾਇਆ ਮੰਗਾਅ ਲਵਾਂਗੇ।"
ਵਿਚਾਰੀ ਅੰਮਾ ਨੂੰ ਕੀ ਪਤਾ ਰਸ਼ੀਦਾ ਕਿਉਂ ਰੋ ਰਹੀ ਹੈ। ਅੱਬਾ ਦੇ ਆਉਣ 'ਤੇ ਵੀ ਰਸ਼ੀਦਾ ਗੁਆਚੀ ਗੁਆਚੀ ਰਹੀ। ਉਸ ਦੇ ਜਾਣ 'ਤੇ ਵੀ ਉਹ ਗੁੰਮ-ਸੁੰਮ ਸੀ। ਰਸ਼ੀਦ ਨੂੰ ਵੀ ਉਹ ਪਹਿਲੇ ਵਾਲਾ ਧਿਆਨ ਤੇ ਪਿਆਰ ਨਾ ਦੇ ਸਕੀ। ਉਹ ਅੰਮਾ ਦੀ ਸੇਵਾ ਵਿਚ ਵੀ ਚਿੱਤ ਨਾ ਲਾ ਸਕੀ।
ਮਾਂ ਇਸ ਤਬਦੀਲੀ ਨੂੰ ਮਹਿਸੂਸਦੀ ਸੀ, ਸਵਾਲ ਕਰਦੀ ਸੀ ਪਰ ਉੱਤਰ, 'ਕੁਝ ਵੀ ਨਹੀਂ' ਮਿਲਦਾ ਸੀ।
ਰਸ਼ੀਦਾ ਨੇ ਤਸਵੀਰ ਪਾੜ ਦਿੱਤੀ ਸੀ ਪਰ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਤਾਂ ਸੀ। ਉਹ ਅੱਖਾਂ ਮੀਟ ਲੈਂਦੀ ਸੀ, ਤਸਵੀਰ ਉਸ ਨੂੰ ਫਿਰ ਵੀ ਦਿਸਦੀ ਸੀ। ਸ਼ਾਮੀਂ ਉਸ ਨੂੰ ਫਿਰ ਕੋਠੇ 'ਤੇ ਜਾਣਾ ਪਿਆ; ਦੇਖਿਆ, ਤਕਰੀਬਨ ਓਸੇ ਥਾਂ 'ਤੇ ਫਿਰ ਉਹੋ ਜਿਹਾ ਕਾਗ਼ਜ਼! ਸਮਝਿਆ, ਸਵੇਰ ਦਾ ਵਹਿਮ ਹਾਲਾਂ ਤਕ ਕਾਇਮ ਹੋਣੈ। ਹਵਾ ਨਾਲ ਕਾਗ਼ਜ਼ ਸਿੱਧਾ ਹੋ ਗਿਆ। ਓਹੋ ਸਵੇਰ ਵਾਲੀ ਤਸਵੀਰ ਸੀ। ਰਸ਼ੀਦਾ ਬੜੀ ਘਬਰਾਈ। ਤਸਵੀਰ ਚੁੱਕ ਕੇ ਬੁਕਲ ਹੇਠ ਲੁਕਾਅ ਲਈ। ਜਿਸ ਕੰਮ ਆਈ ਸੀ ਬਿਨਾਂ ਕੀਤਿਆਂ ਥੱਲੇ ਉੱਤਰ ਗਈ। ਜਦ ਦੂਸਰੇ ਦਿਨ ਗੁਸਲਖ਼ਾਨੇ ਵਿਚ ਨਹਾਉਣ ਗਈ ਤਸਵੀਰ ਉਸ ਦੇ ਕੋਲ ਸੀ। ਤਸਵੀਰ ਹਰ ਤਰ੍ਹਾਂ ਉਸ ਦੇ ਸਰੀਰ ਨਾਲ ਰਲਦੀ ਸੀ। ਉਥੇ ਹੀ ਤਸਵੀਰ ਪਾੜ ਦਿੱਤੀ, ਟੋਟੇ ਅੱਗੇ ਵਾਂਗ ਸਾੜ ਦਿੱਤੇ। ਦੁਪਿਹਰਾਂ ਵੇਲੇ ਫਿਰ ਕੋਠੇ 'ਤੇ ਗਈ ਸੀ ਕਿ ਤਸਵੀਰ ਫਿਰ ਉਥੇ ਹੀ ਪਈ ਸੀ। ਰਸ਼ੀਦਾ ਨੂੰ ਇਕ ਚੱਕਰ ਆਇਆ ਤੇ ਤਸਵੀਰ ਉੱਤੇ ਢਹਿ ਪਈ। 'ਕੋਈ ਭੂਤ-ਵਿਦਿਆ ਹੈ' ਉਸ ਦੇ ਇਸਲਾਮੀ ਸੰਸਕਾਰ ਜਾਗੇ। ਉਸ ਨੇ ਸੁਣਿਆ ਸੀ ਜਿੰਨ ਭੂਤ, ਸਾਏ ਸੁਹਣੀਆਂ ਤੀਵੀਆਂ ਨੂੰ ਚੰਬੜ ਜਾਂਦੇ ਹਨ। ਉਸੇ ਵੇਲੇ ਪਛਵਾੜੇ ਵਾਲੇ ਮਕਾਨ ਉਤੋਂ ਉਸ ਦੀ ਹਿੰਦਣੀ ਸਹੇਲੀ ਦੇ ਭਰਾ ਦੀ ਅਵਾਜ਼ ਆਈ, "ਕੋਈ ਤਕਲੀਫ਼ ਹੈ ਰਸ਼ੀਦਾ?"
ਰਸ਼ੀਦਾ ਨੇ ਤਸਵੀਰ ਕਪੜੇ ਹੇਠਾਂ ਲੁਕਾਅ ਕੇ ਸੰਭਾਲਦਿਆਂ ਉਸ ਵੱਲ ਤਕਿਆ। ਉਹ ਗੋਰਾ ਹਿੰਦੂ ਉਸ ਨੂੰ ਕੋਈ ਬਦਸੂਰਤ ਤੇ ਡਰਾਉਣਾ ਭੂਤਨਾ ਜਾਪਿਆ। ਉਹ ਥਲੇ ਉਤਰ ਆਈ। ਤਸਵੀਰ ਝਟ ਜ਼ਾਇਆ ਕਰ ਦਿੱਤੀ। 'ਜੇ ਕਿਤੇ ਇਹੋ ਜਹੀ ਤਸਵੀਰ ਮੇਰੇ ਅੱਬਾ ਦੇ ਹੱਥ ਆ ਜਾਏ ਤਾਂ… ਜੇ ਕਿਤੇ ਇਹ ਤਸਵੀਰ ਨਨ੍ਹਾ ਰਸ਼ੀਦ ਚੁੱਕ ਕੇ ਅੱਬਾ ਜਾਂ ਅੰਮਾ ਜਾਨ ਨੂੰ ਜਾ ਦਿਖਾਏ ਤਾਂ…!! ਉਫ਼!' ਉਹ ਕੁਝ ਪਲਾਂ ਲਈ ਪਾਗ਼ਲ ਹੋ ਗਈ। ਉਹ ਕੂਕ ਉਠੀ, 'ਇਹ ਤਸਵੀਰ ਮੇਰੀ ਨਹੀਂ ਅੱਬਾ! ਰਸੂਲ ਪਾਕ ਦੀ ਕਸਮ ਖਾ ਕੇ ਕਹਿਨੀ ਆਂ, ਮੇਰੀ ਨਹੀਂ।' ਉਸ ਦਾ ਦਿਮਾਗ਼ੀ ਤਵਾਜ਼ਨ ਫਿਰ ਕਾਇਮ ਹੋ ਗਿਆ। ਕੋਲ ਕੋਈ ਨਹੀਂ ਸੀ। ਉਹ ਇਕੱਲੀ ਹੀ ਗੁਸਲਖ਼ਾਨੇ ਵਿਚ ਸੀ। 'ਜੇ ਕੋਈ ਸੁਣਦਾ ਹੁੰਦਾ,' ਉਸ ਸੋਚਿਆ। ਉਹ ਆਪਣਾ ਦੁਖ ਕਿਸ ਨੂੰ ਦਸ ਸਕਦੀ ਸੀ। ਸਹੇਲੀ ਦੀ ਭਰਜਾਈ ਨਾਲ ਗੱਲ ਕੀਤੀ। ਉਹ ਬੜੀ ਹੈਰਾਨ ਹੋਈ, ਉਸ ਅੱਗੇ ਆਪਣੇ ਪਤੀ ਨਾਲ ਗੱਲ ਕੀਤੀ। ਪਤੀ ਨੇ ਲਾ-ਪਰਵਾਹੀ ਨਾਲ ਕਿਹਾ, "ਤੈਨੂੰ ਕੀ ਇਸ ਨਾਲ? ਸਾਏ ਹੁੰਦੇ ਨੇ, ਸੁਹਣੀਆਂ ਤੀਵੀਆਂ ਦੇ ਮਗਰ ਪੈ ਜਾਂਦੇ ਹਨ। ਘਰ ਭਾਰਾ ਹੋਏਗਾ। ਤੂੰ ਨਾ ਐਸ ਹਾਲੇ ਕਈ ਬਿਪਤਾ ਸਹੇੜ ਲਈਂ। ਛੋਟੇ ਹੁੰਦੇ ਦੋ ਚਾਰ ਮੰਤਰ ਤੇ ਫੂਕਾਂ ਸਾਈਂ ਹੋਰਾਂ ਕੋਲੋਂ ਸਿੱਖੀਆਂ ਸਨ, ਜਿੰਨਾਂ ਪਰੀਆਂ ਨੂੰ ਕਾਬੂ ਕਰਨ ਦੀਆਂ। ਖ਼ਬਰੇ ਹੁਣ ਫੁਰਨ ਕਿ ਨਾ, ਪਰ ਸਾਨੂੰ ਕੀ? ਤੂੰ ਆਪਣਾ ਬਚਾਅ ਕਰ।" ਆਪਣੇ ਪਤੀ ਦੀ ਗੱਲ-ਬਾਤ ਕੁਝ ਅਦਲ ਬਦਲ ਕਰ ਕੇ ਉਸ ਦੀ ਵਹੁਟੀ ਨੇ ਰਸ਼ੀਦਾ ਨਾਲ ਕੀਤੀ। ਦੂਸਰੇ ਦਿਨ ਉਹ ਆਪਣੀ ਸੱਸ ਕੋਲ ਰਹਿਣ ਨੂੰ ਚਲੀ ਗਈ। ਸੂਤਕ ਵਿਚ ਸਾਇਆਂ-ਭੂਤਾਂ ਦਾ ਬਹੁਤਾ ਜ਼ੋਰ ਪੈ ਸਕਦਾ ਹੈ, ਉਸ ਨੂੰ ਸਮਝਾਇਆ ਗਿਆ ਸੀ।
ਦੂਸਰੇ ਦਿਨ ਹੀ ਜਦ ਰਸ਼ੀਦਾ ਇਕੱਲੀ ਕੋਠੇ ਤੇ ਚੜ੍ਹੀ ਤਾਂ ਤਸਵੀਰ ਇਕ ਹੋਰ ਕੋਠੇ 'ਤੇ ਪਈ ਸੀ। ਡਰਦੀ ਨੇ ਉਸ ਨੂੰ ਚੁੱਕ ਕੇ ਉਥੇ ਹੀ ਪਾੜ ਦਿੱਤਾ। ਉਸ ਨੂੰ ਚੇਤੇ ਆਇਆ, ਸ਼ਹਿਰ ਦੇ ਦੂਸਰੇ ਪਾਸੇ ਕਿਸੇ ਮਹੱਲੇ ਵਿਚ ਗੰਦ ਦੀ ਬਾਰਸ਼ ਹੁੰਦੀ ਰਹਿੰਦੀ ਸੀ ਤੇ ਕਿਸੇ ਮੁਲਾਣੇ ਨੇ ਕਲਾਮ ਨਾਲ ਹਟਾਈ ਸੀ ਤੇ ਅਜ ਮਹੀਨਾ ਨਹੀਂ ਹੋਇਆ ਇਕ ਹਿੰਦੂਆਂ ਦੇ ਘਰ ਵਿਚ ਰੋਜ਼ ਕਪੜਿਆਂ ਨੂੰ ਅਗ ਲਗ ਜਾਂਦੀ ਸੀ।
"ਕੀ ਪਾੜਿਆ ਜੇ?" ਨਾਲ ਦੇ ਕੋਠੇ ਤੋਂ ਅਵਾਜ਼ ਆਈ।
ਰਸ਼ੀਦਾ ਨੇ ਮੁੜ ਕੇ ਦੇਖਿਆ। ਉਸ ਹਿੰਦੂ ਸਹੇਲੀ ਦਾ ਗੋਰਾ ਭਰਾ ਸੀ ਜੋ ਉਸ ਨੂੰ ਵੱਢੀ ਰੂਹ ਨਹੀਂ ਸੀ ਭਾਉਂਦਾ। ਸਵਾਲ ਵੀ ਇਕ ਚੋਟ ਸੀ ਜੋ ਉਹ ਸਹਾਰ ਗਈ।
"ਭਰਜਾਈ ਆਖਦੀ ਸੀ, ਤੁਹਾਨੂੰ ਕੁਝ ਪੁਰਾਣੀਆਂ ਕਲਾਮਾਂ ਯਾਦ ਹਨ।"
"ਯਾਦ ਤਾਂ ਸਨ, ਹੁਣ ਬੱਚਿਆਂ ਦੀ ਵਜ੍ਹਾ ਨਾਲ ਕੁਝ ਨਹੀਂ ਕਰੀਦਾ, ਉਨ੍ਹਾਂ ਤੇ ਭਾਰ ਹੁੰਦਾ ਹੈ ਨਾ। ਕਿਉਂ ਕੋਈ ਤਕਲੀਫ਼ ਜੇ?"
"ਤਕਲੀਫ਼ ਤਾਂ ਹੈ, ਪਰ ਕੀ ਦਸਾਂ?"
"ਦਸਣ ਵਿਚ ਕੋਈ ਡਰ ਏ?" ਜੇ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ।"
"ਗੱਲ ਲੰਮੀ ਹੈ। ਕੋਈ ਦੇਖੇਗਾ ਕੀ ਆਖੇਗਾ। ਸਾਡ ਸਾਰਾ ਮਹੱਲਾ ਮੁਸਲਮਾਨਾਂ ਦਾ ਹੈ, ਤੁਹਾਡਾ ਹਿੰਦੂਆਂ ਦਾ।"
"ਗੱਲ ਤਾਂ ਠੀਕ ਹੈ। ਇਸ ਗੱਲ ਦਾ ਹਿੰਦੂਆਂ ਨੂੰ ਬੜਾ ਫ਼ਿਕਰ ਹੁੰਦਾ ਹੈ। ਹਿੰਦੂਆਂ ਨੂੰ ਆਪਣੀ ਇੱਜ਼ਤ ਤੋਂ ਵਧ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਕਿਸੇ ਨਵੇਕਲੀ ਥਾਂ ਦੱਸ ਦੇਣਾ। ਤੁਹਾਡੇ ਕੋਠੇ 'ਤੇ ਖੜੋਣ ਦਾ ਪਰਦਾ ਵੀ ਨਹੀਂ। ਸਾਡਾ ਕੋਠਾ ਜ਼ਰਾ ਉੱਚਾ ਹੈ, ਪਰਦਾ ਵੀ ਹੈ। ਵੈਸੇ ਤੁਸੀਂ ਐਥੇ ਹੀ ਖੜੋ ਕੇ ਗੱਲ ਕਰ ਲਵੋ। ਕੀ ਹਰਜ਼ ਹੈ?"
"ਤੁਸੀਂ ਖੜੋਵੋ, ਮੈਂ ਹੁਣੇ ਥੱਲਿਓਂ ਹੋ ਕੇ ਆਉਨੀ ਹਾਂ।"
ਰਸ਼ੀਦਾ ਥੱਲੇ ਚਲੀ ਗਈ। ਮਾਂ ਨੇ ਅੱਜ ਉਸ ਵਿਚ ਬੜੇ ਪਿਆਰ ਦਾ ਅਹਿਸਾਸ ਕੀਤਾ। ਉਹ ਇਨ੍ਹਾਂ ਦਿਨਾਂ ਵਿਚ ਆਪਣੇ ਖ਼ਾਵੰਦ ਨੂੰ ਰਸ਼ੀਦਾ ਦੀ ਸ਼ਾਦੀ ਬਾਰੇ ਕਹਿ ਚੁਕੀ ਸੀ। ਉਹ ਸਮਝਦੀ ਸੀ ਕਿ ਰਸ਼ੀਦਾ ਮੰਗੀ ਹੋਈ ਹੈ। ਉਸ ਦਾ ਮਾਲਕ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚੋਂ ਹੀ ਸੀ ਤੇ ਕਿਸੇ ਅੰਗਰੇਜ਼ੀ ਬੈਂਕ ਵਿਚ ਸੱਠ ਸੱਤਰ ਰੁਪਏ 'ਤੇ ਕਲਰਕ ਸੀ। ਰਸ਼ੀਦਾ ਨੇ ਉਸ ਨੂੰ ਕਈ ਵਾਰ ਦੇਖਿਆ ਹੋਇਆ ਸੀ। ਰਸ਼ੀਦਾ ਜਾਣਦੀ ਸੀ ਕਿ ਉਹ ਉਸ ਨੂੰ ਦਿਲੋਂ ਪਿਆਰ ਕਰਦਾ ਹੈ। ਉਹ ਵੀ ਉਸ ਨੂੰ ਬੜਾ ਚਾਹੁੰਦੀ ਸੀ। ਇਹ ਰਿਸ਼ਤਾ ਵੀ ਉਸ ਦੀ ਰਜ਼ਾਮੰਦੀ ਨਾਲ ਹੋਇਆ ਸੀ। ਕੁੜੀ ਨੂੰ ਆਪਣੀ ਵਲੋਂ ਕੁਝ ਬੇਪਰਵਾਹ ਦੇਖ ਕੇ ਅੰਮਾ ਨੇ ਸਮਝਿਆ ਸੀ ਕਿ ਹੁਣ ਇਸ ਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ। ਉਸ ਦੇ ਅੱਬਾ ਨੇ ਉਸ ਦੀ ਸ਼ਾਦੀ ਆਪਣੀ ਬੀਵੀ ਦੀ ਸੇਵਾ ਲਈ ਪਿੱਛੇ ਪਾ ਛੱਡੀ ਹੋਈ ਸੀ। ਹੁਣ ਅੰਮਾ ਨੇ ਸੋਚਿਆ, 'ਮੇਰੀ ਜ਼ਿੰਦਗੀ ਦੇ ਗੇਣਵੇਂ ਦਿਨ ਹੀ ਬਾਕੀ ਹਨ। ਕੁੜੀ ਨੂੰ ਮੇਰੀ ਮੌਤ ਤਕ ਜੋ ਹੁਣ ਦੂਰ ਨਹੀਂ, ਵਿਆਹ ਕੇ ਵੀ ਘਰ ਰਖਿਆ ਜਾ ਸਕੇਗਾ। ਮੁੰਡਾ ਘਰ ਆਉਂਦਾ ਜਾਂਦਾ ਰਹੇਗਾ। ਨਾਲੇ ਕੁੜੀ ਦੇ ਹੱਥ ਪੀਲੇ ਵੀ ਮੇਰੇ ਮਰਨ ਤੋਂ ਪਹਿਲੋਂ ਹੋ ਜਾਣਗੇ। ਚੰਦ ਚਕੋਰ ਦੀ ਜੋੜੀ ਮੈਂ ਵੀ ਮਿਲੀ ਦੇਖ ਜਾਵਾਂਗੀ।'
ਰਸ਼ੀਦਾ ਨੇ ਬੜੀ ਤਵੱਜੋ ਮਾਂ ਵੱਲ ਦਿੱਤੀ। ਚਮਚੇ ਨਾਲ ਦੁੱਧ ਪਿਲਾਇਆ। ਅੰਦਾਜ਼ਾ ਲਾਇਆ ਕਿ ਅੱਬਾ ਘੰਟੇ ਡੇਢ ਘੰਟੇ ਕੋਲੋਂ ਪਹਿਲੋਂ ਨਹੀਂ ਆ ਸਕਦੇ। ਅੰਮਾ ਦੇ ਸਾਹਮਣੇ ਮੂੰਹ ਵੱਟ ਕੇ ਜ਼ਰਾ ਕੁ ਇਕੱਠੀ ਹੋਈ। ਅੰਮਾ ਨੇ ਪੁਛਿਆ, "ਕੀ ਗੱਲ ਹੈ, ਸ਼ੀਦੀ?" "ਕੁਝ ਨਹੀਂ, ਢਿੱਡ ਵਿਚ ਮਰੋੜ ਜਿਹਾ ਆਇਆ ਹੈ।" ਕੁੱਜੇ ਵਿਚ ਪਾਣੀ ਪਾ ਕੇ ਉਹ ਉਪਰ ਚਲੀ ਆਈ। ਜਾ ਕੇ ਦੇਖਿਆ ਗਵਾਂਢੀ ਆਪਣੇ ਕੋਠੇ 'ਤੇ ਨਹੀਂ। ਨਾਲ ਦੀ ਕੰਧ ਨੂੰ ਉਸ ਥਾਪੜਿਆ। ਕੋਈ ਉੱਤਰ ਨਹੀਂ ਸੀ। ਉਸ ਫਿਰ ਕੰਧ ਨੂੰ ਜ਼ੋਰ ਦੀ ਥਾਪੜਿਆ। ਆਖ਼ਰ ਉਸ ਨੇ ਉਪਰੋਂ ਅਵਾਜ਼ ਸੁਣੀ, "ਉਹੋ! ਮੈਂ ਭੁੱਲ ਹੀ ਗਿਆ ਸਾਂ। ਦੱਸੋ ਕੀ ਗੱਲ ਹੈ?"
"ਗੱਲ ਲੰਮੀ ਹੈ ਤੇ…।"
"ਮੈਂ ਕੀ ਦੱਸ ਸਕਦਾ ਹਾਂ?"
"ਮੇਰਾ ਮਤਲਬ ਸੀ…।"
"ਤੁਸੀਂ ਫੇਰ ਉਪਰ ਆ ਜਾਓ।"
ਰਸ਼ੀਦਾ ਦੇ ਕੋਠੇ 'ਤੇ ਉਸ ਛੱਤ ਦਾ ਕੋਈ ਪੰਜ ਕੁ ਫ਼ੁਟ ਦਾ ਫ਼ਰਕ ਸੀ। ਤਿੰਨ ਕੁ ਫ਼ੁਟ 'ਤੇ ਇਕ ਕਿੱਲ ਵੀ ਠੁਕਿਆ ਹੋਇਆ ਸੀ। ਕਹਿਣ ਲੱਗੀ, 'ਨਵੇਕਲੀ ਥਾਂ 'ਤੇ ਗੱਲ ਕਰ ਸਕਾਂਗੀ। ਖ਼ਬਰੇ ਬਿਪਤਾ ਟਲਣ ਦਾ ਕੋਈ ਹੀਲਾ ਬਣ ਜਾਵੇ।' ਉਸ ਚੋਰਾਂ ਵਾਂਗ ਆਲੇ-ਦੁਆਲੇ ਦੇਖਿਆ। ਕੋਈ ਆਲੇ-ਦੁਆਲੇ ਨਹੀਂ ਸੀ।
"ਮੈਂ ਉਪਰ ਆ ਜਾਵਾਂ?"
"ਸੋਚ ਲਵੋ।"
ਰਸ਼ੀਦਾ ਨੇ ਕਿੱਲ 'ਤੇ ਪੈਰ ਰਖਿਆ। ਫੇਰ ਤਿਨ ਤਰਫ਼ ਦੇਖਿਆ। ਵਧਾਅ ਕੇ ਹੱਥ ਬੰਨੇ ਨੂੰ ਪਾਇਆ। ਕਿੱਲ 'ਤੇ ਖੜੋਂਦੀ ਹੀ ਬੰਨੇ 'ਤੇ, ਤੇ ਉਤੋਂ ਛਾਲ ਮਾਰ ਕੇ ਦੂਸਰੇ ਪਾਸੇ ਜਾ ਰਹੀ।
ਨੌਜਵਾਨ ਨੇ ਉਸ ਦੀ ਉਪਰ ਆਉਣ ਵਿਚ ਕੋਈ ਮਦਦ ਨਾ ਕੀਤੀ। ਰਸ਼ੀਦਾ ਬੈਠੀ ਰਹੀ। ਉਸ ਦਾ ਦਿਲ ਬਹੁਤ ਜ਼ਿਆਦਾ ਧੜਕ ਰਿਹਾ ਸੀ। ਕਿੰਨਾ ਕਿੰਨਾ ਚਿਰ ਜ਼ੋਰ ਤੇ ਮਿਹਨਤ ਦਾ ਕੰਮ ਕਰ ਕੇ ਉਸ ਨੂੰ ਕਦੇ ਸਾਹ ਨਹੀਂ ਚੜ੍ਹਿਆ ਸੀ। ਥੱਕਣ ਦੀ ਤਾਂ ਉਹ ਆਦੀ ਹੀ ਨਹੀਂ ਸੀ। ਪਰ ਹੁਣ ਇਉਂ ਜਾਪਦਾ ਸੀ ਜਿਵੇਂ ਉਸ ਵਿਚ ਸਾਹ-ਸਤ ਹੀ ਨਹੀਂ ਰਿਹਾ।
ਨੌਜਵਾਨ ਨੇ ਕਿਹਾ, "ਸਾਹਮਣੇ ਵਕੀਲਾਂ ਦੇ ਉੱਚੇ ਕੋਠੇ ਤੋਂ ਕੋਈ ਸਾਨੂੰ ਦੇਖ ਲਵੇਗਾ। ਮੈਂ ਤੇ ਇਥੇ ਨਹੀਂ ਖੜੋ ਸਕਦਾ।
ਉਹ ਪੌੜੀਆਂ ਵਿਚ ਚਲਾ ਗਿਆ, ਰਸ਼ੀਦਾ ਬੈਠੀ ਬੈਠੀ ਪੌੜੀਆਂ ਤਕ ਪਹੁੰਚੀ। ਉਥੇ ਜਾ ਕੇ ਉਹ ਖੜੋ ਕੇ ਦੋ ਤਿੰਨ ਪੌੜੀਆਂ ਉਤਰੀ। ਨੌਵਜਾਨ ਪੌੜੀਆਂ ਦੇ ਅੱਧ ਵਿਚ ਸੀ। ਉਸ ਨੇ ਰਸ਼ੀਦਾ ਨੂੰ ਇਸ਼ਾਰੇ ਨਾਲ ਕੋਲ ਆਉਣ ਨੂੰ ਕਿਹਾ। ਰਸ਼ੀਦਾ ਦੇ ਦਿਲ ਵਿਚ ਮਾਨੋ ਢੋਲ ਵੱਜ ਰਹੇ ਸਨ। ਉਹ ਨੌਜਵਾਨ ਤੋਂ ਦੋ ਕੁ ਪੌੜੀਆਂ ਦੀ ਵਿੱਥ 'ਤੇ ਜਾ ਕੇ ਖੜੋ ਗਈ।
"ਹਾਂ ਜੀ," ਨੌਜਵਾਨ ਨੇ ਆਖਿਆ, "ਕੀ ਗੱਲ ਹੈ?"
ਰਸ਼ੀਦਾ ਨੂੰ ਕੋਈ ਗੱਲ ਨਹੀਂ ਅਹੁੜਦੀ ਸੀ। ਗੱਲ ਸੁਝਦੀ ਸੀ ਤਾਂ ਬੋਲਣ ਲਈ ਲਫ਼ਜ਼ ਨਹੀਂ ਲੱਭਦੇ ਸਨ ਤੇ ਜੇ ਲਫ਼ਜ਼ ਲੱਭਦੇ ਸਨ ਤਾਂ ਜੀਭ ਨਹੀਂ ਸੀ ਸਾਥ ਦਿੰਦੀ।
"ਕੀ ਗੱਲ ਹੈ ਜੀ?" ਨੌਜਵਾਨ ਨੇ ਫਿਰ ਪੁੱਛਿਆ।
"ਗੱਲ ਤੇ ਕੋਈ ਨਹੀਂ। ਚਾਰ ਪੰਜ ਦਿਨਾਂ ਤੋਂ…।"
"ਤੁਸੀਂ ਬਿਨਾਂ ਕਿਸੇ ਝਿਜਕ ਤੋਂ ਦੱਸੋ, ਆਪਣਿਆਂ ਤੋਂ ਕਾਹਦਾ ਪਰਦਾ ਤੇ ਸ਼ਰਮ?"
ਰਸ਼ੀਦਾ ਨੂੰ ਅਸਲ ਵਿਚ ਬੜੀ ਸ਼ਰਮ ਪ੍ਰਤੀਤ ਹੋ ਰਹੀ ਸੀ। ਉਸ ਨੂੰ ਬੇ-ਵਜ੍ਹਾ ਪਸੀਨਾ ਆ ਰਿਹਾ ਸੀ।
"ਪੰਜਾਂ ਚੌਹਾਂ ਦਿਨਾਂ ਤੋਂ ਸਾਡੇ ਕੋਠੇ 'ਤੇ ਇਕ ਤਸਵੀਰ ਹੁੰਦੀ ਹੈ…।"
"ਕਿਸ ਦੀ?"
"ਮੇਰੀ ਹੀ ਮਲੂਮ ਹੁੰਦੀ ਹੈ। ਪਰ ਮੈਂ ਜ਼ਿੰਦਗੀ ਵਿਚ ਕਦੇ ਕੋਈ ਤਸਵੀਰ ਨਹੀਂ ਲੁਹਾਈ।"
ਨੌਜਵਾਨ ਦੇ ਮੂੰਹ 'ਤੇ ਹੈਰਾਨੀ ਦੇ ਨਿਸ਼ਾਨ ਸਨ।
"ਤਸਵੀਰ ਕਿਹੋ ਜਹੀ ਹੈ?"
ਰਸ਼ੀਦਾ ਫਿਸ ਪਈ। ਬੁਸਕ ਬੁਸਕ ਕੇ ਰੋਣ ਲੱਗ ਪਈ!
"ਤੁਸੀਂ ਦੱਸੋ ਤੇ ਸਹੀ।"
ਰਸ਼ੀਦਾ ਨੇ ਮੂੰਹ ਦੋਹਾਂ ਹੱਥਾਂ ਨਾਲ ਕੱਜ ਲਿਆ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਨੌਜਵਾਨ ਕੋਲੋਂ ਆਪਣਾ ਨੰਗਾ ਸਰੀਰ ਕੱਜਣ ਦਾ ਜਤਨ ਕਰ ਰਹੀ ਹੈ।
ਉਹ ਹੀ ਜਾਣਦੀ ਸੀ ਉਸ ਕਿਸ ਮੁਸ਼ਕਲ ਨਾਲ ਕਿਹਾ, "ਤਸਵੀਰ ਬਿਨਾਂ ਕਪੜਿਆਂ ਤੋਂ ਹੈ।"
"ਤੇ ਤੁਸਾਂ ਕਦੀ ਤਸਵੀਰ ਨਹੀਂ ਲੁਹਾਈ।"
"ਨਹੀਂ।"
"ਹੁਣ ਪਤਾ ਲੱਗਾ! ਇਕ ਤਸਵੀਰ ਮੈਨੂੰ ਵੀ ਆਪਣੇ ਕੋਠੇ ਤੋਂ ਲੱਭੀ ਸੀ ਪਰਸੋਂ ਚੌਥ। ਤੁਹਾਡੀ ਹੀ ਮਲੂਮ ਹੁੰਦੀ ਸੀ। ਮੈਂ ਤੇ ਮੰਨਦਾ ਨਹੀਂ ਸੀ। ਕਲ੍ਹ ਹੀ ਉਹ ਤਸਵੀਰ ਸ਼ਕੁੰਤਲਾ ਨੂੰ ਦਿਖਾਈ। ਕਹਿਣ ਲੱਗੀ ਇਹ ਤੇ ਰਸ਼ੀਦਾ ਦੀ ਹੈ। ਉਹ ਵੀ ਹੈਰਾਨ ਸੀ। ਅਸੀਂ ਸੋਚਿਆ ਕਿਤੇ ਲੁਹਾਈ ਹੋਵੇਗੀ। ਉੱਡ ਕੇ ਇਧਰ ਆ ਗਈ। ਪਰ ਹੁਣ ਪਤਾ ਲੱਗਾ ਅਸਲੀ ਗੱਲ ਦਾ। ਜ਼ਰੂਰ ਕੋਈ ਜਿੰਨ ਹੈ ਜਾਂ ਕੋਈ ਤੁਹਾਨੂੰ ਕਾਬੂ ਕਰਨ ਲਈ ਕਾਲ਼ਾ ਇਲਮ ਇਸਤਿਮਾਲ ਕਰ ਰਿਹਾ ਹੈ। ਹੋਰ ਤੁਹਾਡੀ ਤਸਵੀਰ ਕਿਥੋਂ ਆਉਣੀ ਸੀ?"
"ਜੋ ਕੁਝ ਮੈਂ ਕਿਹਾ ਹੈ ਸੱਚ ਹੈ।"
"ਪਰ ਜੇ ਇਹੋ ਜਹੀ ਤਸਵੀਰ ਕਿਸੇ ਹੋਰ ਦੇ ਹੱਥ ਆ ਜਾਵੇ ਜਾਂ ਉਫ਼! ਤੁਹਾਡੇ ਅੱਬਾ ਦੇ ਹੱਥ ਆ ਜਾਵੇ ਤਾਂ ਕੀ ਹੋਵੇ?"
ਕੁੜੀ ਦੇ ਮੂੰਹ 'ਤੇ ਭੈਅ ਚਿਤਰਿਆ ਹੋਇਆ ਸੀ। ਉਸ ਬੜੀ ਅਧੀਨਗੀ ਨਾਲ ਕਿਹਾ, "ਜ਼ਰੂਰ ਕੋਈ ਉਪਾਅ ਕਰੋ। ਮੈਂ ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗੀ।"
"ਉਪਾਅ ਮੈਂ ਕਰ ਤਾਂ ਸਕਦਾ ਹਾਂ। ਪਰ ਮੈਂ ਹੁਣ ਛੱਡਿਆ ਹੋਇਆ ਹੈ। ਇਸ ਦੀ ਕੀਮਤ ਮੈਨੂੰ ਬੜੀ ਅਦਾਅ ਕਰਨੀ ਪਵੇਗੀ। ਤੁਹਾਨੂੰ ਸ਼ਾਇਦ ਪਤਾ ਹੈ ਮੇਰੇ ਘਰ ਪਹਿਲਾ ਬੱਚਾ ਹੋਣ ਵਾਲਾ ਹੈ।"
ਰਸ਼ੀਦਾ ਨੇ ਸ਼ਰਮਾਂਦਿਆਂ ਸਿਰ ਨਾਲ ਹਾਂ ਕੀਤੀ। ਨੌਜਵਾਨ ਨੇ ਜਾਰੀ ਰੱਖਿਆ, "ਇਹ ਇਲਮ ਔਲਾਦ 'ਤੇ ਭਾਰੂ ਹੁੰਦਾ ਹੈ।"
"ਖ਼ੁਦਾ ਦੇ ਵਾਸਤੇ! ਇਹ ਮੇਰੀ ਇੱਜ਼ਤ ਦਾ ਸਵਾਲ ਹੈ।"
"ਉਹ ਹੋ! ਗ਼ਜ਼ਬ ਕੀਤਾ ਜੇ! ਖ਼ੁਦਾ ਦਾ ਇਥੇ ਕੀ ਮਤਲਬ ਸੀ? ਮੈਨੂੰ ਬਦੋਬਦੀ ਨੁਕਸਾਨ ਪੁਚਾਉਣ ਵਾਲੇ ਕੰਮ ਵਿਚ ਫਸਾਅ ਰਹੇ ਹੋ, ਖ਼ੁਦਾ ਦਾ ਨਾਂ ਨਹੀਂ ਲੈਣਾ ਚਾਹੀਦਾ, ਸਾਨੂੰ ਹਿੰਦੂਆਂ ਨੂੰ ਪ੍ਰਮਾਤਮਾ ਦੇ ਵਾਸਤੇ ਬੁਰੇ ਤੋਂ ਬੁਰਾ ਕੰਮ ਕਰਨਾ ਪੈ ਜਾਂਦਾ ਹੈ।"
ਰਸ਼ੀਦਾ ਦਿਲੋਂ ਤੇ ਖ਼ੁਸ਼ ਹੋਈ ਪਰ ਉਪਰੋਂ ਕਹਿਣ ਲੱਗੀ, "ਅੱਛਾ ਫੇਰ ਜੇ ਤੁਹਾਨੂੰ ਨੁਕਸਾਨ ਤੇ…।"
"ਨਹੀਂ ਹੁਣ ਮੈਨੂੰ ਇਹ ਕੰਮ ਕਰਨਾ ਹੀ ਪਵੇਗਾ ਭਾਵੇਂ ਉਹ ਜਿੰਨ ਹੋਵੇ ਤੇ ਭਾਵੇਂ ਸ਼ੈਤਾਨ, ਭਾਵੇਂ ਪੰਡਤ ਹੋਵੇ ਭਾਵੇਂ ਮੁਲਾਣਾ।"
ਰਸ਼ੀਦਾ ਆਪਣੀ ਅਨਭੋਲ ਖੇਲ੍ਹੀ ਗਈ ਚਾਲ 'ਤੇ ਬੜੀ ਖ਼ੁਸ਼ ਸੀ, ਜਿਸ ਨੇ ਉਸ ਨੂੰ ਕਾਬੂ ਕਰ ਲਿਆ ਜਾਪਦਾ ਸੀ।
"ਅੱਛਾ ਤੁਸੀਂ ਥੱਲੇ ਆ ਜਾਓ, ਕੋਈ ਉਪਾਅ ਪੜ੍ਹ ਦੇਖਦੇ ਹਾਂ।"
ਉਹ ਉਸ ਦੇ ਮਗਰ ਥੱਲੇ ਚਲੀ ਗਈ। ਨੌਜਵਾਨ ਇਕ ਸਜੇ ਹੋਏ ਕਮਰੇ ਵਿਚ ਦਾਖ਼ਲ ਹੋਇਆ, ਕੁੜੀ ਬਾਹਰ ਖੜੋਤੀ ਰਹੀ।
"ਅੰਦਰ ਆ ਜਾਓ।"
"ਨਹੀਂ ਮੈਂ ਐਥੇ ਚੰਗੀ ਆਂ। ਤੇ ਭਰਜਾਈ ਕਿਥੇ ਹੈ?"
"ਉਹ ਅੰਦਰਲੇ ਘਰ ਗਈ ਹੋਈ ਹੈ। ਮਾਤਾ ਜੀ ਨੇ ਕੋਲ ਸੱਦ ਲਿਆ ਹੈ। ਮੈਂ ਦੋ ਚਾਰ ਦਿਨ ਇਥੇ ਹੀ ਰਿਹਾ ਕਰਾਂਗਾ। ਕੰਮ ਜੋ ਹੁਣ ਕਰਨਾ ਹੋਇਆ, ਏਦਾਂ ਸ਼ਰਮ ਕਰਿਆਂ ਤੇ ਕੰਮ ਨਹੀਂ ਬਣਨਾ", ਇਹ ਕਹਿੰਦਿਆਂ ਉਸ ਆਪਣੀ ਤਾਕੀ ਵਿਚੋਂ ਪੁਰਾਣੀਆਂ ਭੁਰਭੁਰੀਆਂ ਕਿਤਾਬਾਂ ਕੱਢੀਆਂ, ਜਿਨ੍ਹਾ ਹਰਫ਼ਾਂ ਵਿਚ ਉਹ ਲਿਖੀਆਂ ਹੋਈਆਂ ਸਨ ਰਸ਼ੀਦਾ ਉਨ੍ਹਾਂ ਤੋਂ ਅਨਜਾਣ ਸੀ।
"ਅੰਦਰ ਆ ਜਾਓ ਨਾ।"
ਰਸ਼ੀਦਾ ਸੰਗਦੀ ਸੰਗਦੀ ਅੰਦਰ ਜਾ ਕੇ ਓਪਰੀ ਜਹੀ ਬੇਡੌਲ ਹਾਲਤ ਵਿਚ ਖੜੋ ਗਈ।
"ਬਹਿ ਜਾਓ," ਨੌਜਵਾਨ ਨੇ ਕਿਹਾ।
ਉਹ ਨਾ ਬੈਠੀ।
ਪਲੰਘ 'ਤੇ ਦੂਸਰੇ ਹਿੱਸੇ ਵਲ ਇਸ਼ਾਰਾ ਕਰਦਿਆਂ ਉਸ ਕਿਹਾ, "ਓਥੇ ਬੈਠ ਜਾਓ।"
ਰਸ਼ੀਦਾ ਭੁੰਜੇ ਬੈਠ ਗਈ।
ਕਿਤਾਬ ਨੂੰ ਫੋਲ ਕੇ ਤੇ ਫੇਰ ਇਕ ਥਾਂ ਤੋਂ ਥੋੜਾ ਬਹੁਤ ਦੇਖ ਕੇ ਤੇ ਫਿਰ ਇਕ ਥਾਂ ਕੁਝ ਚਿਰ ਲਾ ਕੇ ਉਸ ਕਿਹਾ, "ਉਪਾਅ ਤਾਂ ਲੱਭ ਪਿਆ। ਬੁਰੀਆਂ ਰੂਹਾਂ ਅਕਸਰ ਇਸ ਤਰ੍ਹਾਂ ਕਰ ਸਕਦੀਆਂ ਹਨ ਪਰ ਉਪਾਅ ਅੱਧਾ ਕੁ ਘੰਟਾ ਲਵੇਗਾ, ਤੁਸੀਂ ਫੇਰ ਕਦੇ ਵਿਹਲੇ ਹੋਵੋ ਤੇ ਆਉਣਾ।"
ਰਸ਼ੀਦਾ ਨੂੰ ਪਤਾ ਸੀ ਕਿ ਵੀਹ ਪੰਝੀ ਮਿੰਟ ਨਹੀਂ ਤਾਂ ਘਟ ਤੋਂ ਘਟ ਪੰਦਰਾਂ ਮਿੰਟ ਖ਼ਤਮ ਹੋ ਚੁੱਕੇ ਹਨ ਤੇ ਉਸ ਨੇ ਆਪਣੇ ਲਈ ਅਣਜਾਣਿਆਂ ਹੀ ਐਸੇ ਹਾਲਾਤ ਬਣਾਅ ਲਏ ਸਨ ਕਿ ਉਨ੍ਹਾਂ ਨੂੰ ਲੁਕਾਉਣਾ ਉਸ ਲਈ ਜ਼ਰੂਰੀ ਸੀ। ਉਹ ਉੱਠ ਬੈਠੀ। ਕੋਠੇ 'ਤੇ ਆਈ ਤੇ ਇਧਰ ਉਧਰ ਦੇਖ ਕੇ ਆਪਣੇ ਕੋਠੇ ਉਤਰ ਗਈ। ਥੱਲੇ ਜਾ ਕੇ ਉਸ ਹੱਥ ਪੈਰ ਧੋ ਕੇ ਕੰਮ ਸੰਭਾਲ ਲਿਆ। ਮਾਂ ਦੇ ਸਵਾਲ ਦੇ ਉੱਤਰ ਵਿਚ ਉਸ ਨੇ ਪੀੜ ਦਾ ਬਿਲਕੁਲ ਆਰਾਮ ਦੱਸਿਆ। ਉਸ ਦੇ ਦਿਲ ਦਾ ਭਾਰ ਹੌਲਾ ਹੋ ਚੁੱਕਾ ਸੀ। ਉਸ ਘਰ ਦਾ ਕੰਮ ਬੜੀ ਛੇਤੀ ਮੁਕਾਇਆ। ਰਸ਼ੀਦ ਭਰਾ ਨੂੰ ਆਉਣ 'ਤੇ ਨੁਹਾਇਆ। ਅੱਬਾ ਜਾਨ ਨੂੰ ਵੀ ਅੱਜ ਰੋਟੀ ਦਾ ਚਾਰ ਪੰਜ ਦਿਨਾਂ ਮਗਰੋਂ ਸਵਾਦ ਆਇਆ। ਭਰਾ ਨੂੰ ਅੱਜ ਉਸ ਘਰ ਹੀ ਰੱਖ ਲਿਆ। ਜਦ ਉਹ ਕੋਠੇ ਗਈ ਤਾਂ ਉਸੇ ਤਰ੍ਹਾਂ ਦੀ ਤਸਵੀਰ ਫਿਰ ਓਥੇ ਪਈ ਸੀ। ਪਰ ਐਤਕੀਂ ਉਹ ਬਹੁਤ ਘਬਰਾਈ ਨਹੀਂ। ਆਰਾਮ ਨਾਲ ਤਸਵੀਰ ਪਾੜ ਕੇ ਸਵਾਹ ਕੀਤੀ।
ਦੂਸਰੇ ਦਿਨ ਉਸ ਐਸੇ ਹਾਲਾਤ ਪੈਦਾ ਕੀਤੇ ਕਿ ਰਸ਼ੀਦ ਨੂੰ ਪਿਓ ਨਾਲ ਹੀ ਲੈ ਗਿਆ। ਹੁਣ ਫੇਰ ਰਸ਼ੀਦਾ ਨੂੰ ਮੌਕਾ ਮਿਲਿਆ। ਮਾਂ ਕੋਲ ਕਲ੍ਹ ਵਾਲਾ ਬਹਾਨਾ ਕਰ ਕੇ ਕੋਠੇ ਆਈ। ਤਸਵੀਰ ਪਈ ਸੀ, ਚੁੱਕ ਕੇ ਪਾੜ ਦਿੱਤੀ। ਦੂਸਰੇ ਕੋਠੇ 'ਤੇ ਹਿੰਦੂ ਨੌਜਵਾਨ ਦੀਆਂ ਚੱਪਲਾਂ ਦਾ ਖੜਾਕ ਹੋ ਰਿਹਾ ਸੀ। ਰਸ਼ੀਦਾ ਨੇ ਕੰਧ ਨੂੰ ਥਪਕਿਆ। ਨੌਜਵਾਨ ਨੇ ਉਤੋਂ ਤਕਿਆ। ਰਸ਼ੀਦਾ ਉਪਰ ਚੜ੍ਹ ਗਈ। ਨੌਜਵਾਨ ਨੇ ਮੱਥੇ 'ਤੇ ਸੰਧੂਰ ਦਾ ਤ੍ਰਿਸ਼ੂਲ ਤੇ ਗਲ ਵਿਚ ਰੁਦ੍ਰਾਕਸ਼ ਦੀ ਮਾਲਾ ਪਾਈ ਹੋਈ ਸੀ। ਹਿੰਦੂਈ ਤਸਬੀ ਨਾਲ ਕੁਝ ਜਾਪ ਕਰ ਰਿਹਾ ਸੀ। ਰਸ਼ੀਦਾ ਪੌੜੀਆਂ ਵਿਚ ਚਲੀ ਗਈ। ਨੌਜਵਾਨ ਨੇ ਮੰਤਰ ਦਾ ਜਾਪ ਖ਼ਤਮ ਕੀਤਾ। ਇਸ਼ਾਰੇ ਨਾਲ ਇਕ ਪਾਸੇ ਹਟ ਜਾਣ ਨੂੰ ਕਿਹਾ। ਲਾਗੋਂ ਦੀ ਸਰੀਰ ਨੂੰ ਰਸ਼ੀਦਾ ਦੀ ਛੋਹ ਤੋਂ ਬਚਾਉਂਦਾ ਥੱਲੇ ਜਾ ਕੇ ਕੁਸ਼ਾ ਦੇ ਆਸਣ 'ਤੇ ਬਹਿ ਗਿਆ। ਕੁੜੀ ਨੂੰ ਗੋਲ ਲਕੀਰ ਤੋਂ ਬਾਹਰ ਬਿਠਾਅ ਕੇ ਬੋਲਿਆ, "ਬਹੁਤ ਮੁਸ਼ਕਲ ਕੰਮ ਵਿਚ ਮੈਨੂੰ ਫਸਾਇਆ ਜੇ। ਬੜਾ ਜ਼ੋਰ ਲਾਉਣ ਤੋਂ ਮਗਰੋਂ ਵੀ ਉਹ ਸ਼ੈਤਾਨ ਆਪਣੇ ਕੰਮ ਤੋਂ ਬਾਜ਼ ਨਹੀਂ ਆਇਆ। ਰਾਤੀਂ ਸੁਫ਼ਨੇ ਵਿਚ ਮੈਨੂੰ ਕਿਹਾ ਸੂਕਿ ਉਹ ਕੁੜੀ — ਮੈਂ ਕੀ ਦੱਸਾਂ — ਬਿਨਾਂ ਕਪੜਿਆਂ ਤੋਂ ਖੜੋ ਕੇ ਅੱਧਾ ਘੰਟਾ ਮੇਰੇ ਵਿਚ ਧਿਆਨ ਲਾਵੇ ਤਾਂ ਮੈਂ ਉਸ ਨੂੰ ਛੱਡ ਜਾਵਾਂਗਾ। ਮਗਰੋਂ ਤੂੰ ਏਸੇ ਮੰਤਰ ਦਾ ਜਾਪ ਕਰ ਕੇ ਸਰੀਰ ਨੂੰ ਹੱਥ ਲਾ ਦੇਵੀਂ, ਫਿਰ ਸਾਰੀ ਉਮਰ ਕੋਈ ਸਾਇਆ ਉਸ 'ਤੇ ਅਸਰ ਨਹੀਂ ਕਰ ਸਕੇਗਾ। ਮੈਂ ਹੈਰਾਨ ਹਾਂ। ਮੈਂ ਕੀ ਕਰਾਂ। ਜਿੰਨ ਹੈ ਬਹੁਤ ਤਾਕਤਵਰ।"
ਰਸ਼ੀਦਾ ਬਹੁਤ ਘਬਰਾਈ। ਪਰ ਬਿਪਤਾ ਟਲਣ ਦੀ ਆਸ ਕਰੀਬ ਸੀ। "ਮੈਂ ਇਹ ਕੰਮ ਆਪਣੇ ਗੁਸਲਖ਼ਾਨੇ ਵਿਚ ਕਰ ਲਵਾਂਗੀ", ਉਸ ਆਖਿਆ।
"ਪਰ ਇਹ ਕੰਮ ਸੁੱਚੀ ਥਾਂ ਕਰਨਾ ਹੈ, ਮੇਰੀ ਨਿਗਰਾਨੀ ਵਿਚ। ਕਿਤੇ ਜਾਂਦਾ ਜਾਂਦਾ ਧੱਪਾ ਹੀ ਮਾਰ ਜਾਏ। ਮੈਂ ਇਥੇ ਬਾਹਰ ਰਹਾਂਗਾ ਤੇ ਜਾਪ ਕਰਾਂਗਾ। ਤੇ ਇਹ ਕੰਮ ਜਿੱਡੀ ਛੇਤੀ ਹੋ ਜਾਏ ਚੰਗਾ ਹੈ।"
ਜਿਸ ਕਿਸੇ ਤਰ੍ਹਾਂ ਉਸ ਨੂੰ ਮਨਾਅ ਲਿਆ ਗਿਆ। ਉਸ ਨੇ ਕਲ੍ਹ ਵਾਲੇ ਅੰਦਰ ਜਾ ਕੇ ਬੂਹਾ ਢੋਅ ਲਿਆ। ਸੰਧੂਰ ਤੇ ਆਟੇ ਦੇ ਖਾਸ ਥਾਂ ਤੇ ਬਣਾਏ ਹੋਏ ਦਾਇਰੇ ਵਿਚ ਉਹ ਕਿਸੇ ਚਿੱਤਰਕਾਰ ਦੇ ਮਾਡਲ ਵਾਂਗ ਸਾਹਮਣੇ ਧਿਆਨ ਖੜੋ ਗਈ, ਜਿਸ ਤਰ੍ਹਾਂ ਉਸ ਨੂੰ ਕਿਹਾ ਗਿਆ ਸੀ। ਕਿਸੇ ਦੇ ਹੁਕਮ ਅਨੁਸਾਰ ਬਿਨਾਂ ਹਿੱਲੇ ਪੰਦਰਾਂ ਮਿੰਟ ਖਲੋਤੇ ਰਹਿਣ ਵਿਚ ਉੱਨੀ ਥਕਾਵਟ ਹੁੰਦੀ ਹੈ ਜਿੰਨੀ ਵੀਹ ਮੀਲ ਇੱਕ ਸਾਹੇ ਸਫ਼ਰ ਕਰਨ ਵਿਚ, ਇਨਸਾਨ ਇਕ ਪਾਸੇ ਧਿਆਨ ਜਮਾਉਣ ਦੀ ਕੋਸ਼ਿਸ਼ ਵਿਚ ਚਕਰਾਅ ਜਾਂਦਾ ਹੈ। ਪੰਦਰਾਂ ਮਿੰਟ ਵਿਚ ਹੀ ਰਸ਼ੀਦਾ ਦੋ ਘੰਟੇ ਬੀਤੇ ਮਹਿਸੂਸ ਕਰਨ ਲੱਗੀ। ਜਿਸ ਹਾਲਤ ਵਿਚ ਉਹ ਖੜ੍ਹੀ ਸੀ, ਉਸ ਦਾ ਖੌਫ਼ ਹੋਰ ਵੀ ਮਿੰਟਾਂ ਨੂੰ ਲੰਮੇ ਤੋਂ ਲੰਮੇਰੇ ਬਣਾਈ ਜਾ ਰਿਹਾ ਸੀ। ਆਖ਼ਰ ਬੂਹਾ ਖੁੱਲ੍ਹਿਆ, ਨੌਜਵਾਨ ਲੰਗੋਟ ਧਾਰੀ ਸਾਧ ਬਣਿਆ ਹੋਇਆ ਸੀ। ਰਸ਼ੀਦਾ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਬਿੱਲੇ ਨੂੰ ਦੇਖ ਕੇ ਚੂਹੀ ਨੇ ਅੱਖਾਂ ਮੀਟ ਲਈਆਂ ਹੋਣ। ਬੂਹਾ ਵੀ ਬੰਦ ਹੋ ਗਿਆ। ਨੌਜਵਾਨ ਦੇ ਪਾਸੋਂ ਆ ਰਹੀ ਖ਼ੁਸ਼ਬੋਅ ਨੇ ਉਸ ਨੂੰ ਨੀਮ-ਬੇਹੋਸ਼ ਜਹੀ ਕਰ ਛੱਡਿਆ ਸੀ। ਮੰਤਰ ਪੜ੍ਹਦਿਆਂ ਮਹਾਤਮਾ ਨੇ ਉਸ ਦੇ ਸਰੀਰ 'ਤੇ ਹੱਥ ਫੇਰਿਆ। ਉਸ ਦਾ ਸਰੀਰ ਅਜਿਹਾ ਲਰਜ਼ਿਆ ਕਿ ਉਸ ਦੇ ਸਿਰ ਦੇ ਵਾਲਾਂ ਵਿਚ ਵੀ ਉਸ ਨੇ ਇਕ ਝੁਣਝੁਣੀ ਪ੍ਰਤੀਤ ਕੀਤੀ। ਕੁਝ ਚਿਰ ਉਹ ਚੁੱਪ ਰਹੀ। ਫੇਰ ਉਸ ਦੀ ਅਵਾਜ਼ ਆਈ, "ਹਾਇ ਵੇ ਖਸਮਾ ਖਾਣਿਆ, ਲਾਨ੍ਹਤੀਆ, ਇਹ ਕੀ?"
ਦੂਜੀ 'ਵਾਜ ਆਈ, "ਮੈਂ ਕਿਸੇ ਦੇ ਘਰ ਨਹੀਂ, ਆਪਣੇ ਘਰ ਹਾਂ।"
ਪਹਿਲੀ 'ਵਾਜ ਵਾਲੀ ਨੇ ਬੇਹੋਸ਼ੀ ਦੇ ਮਧਮ ਅਸਰ ਵਿਚ ਵੀ ਸਮਝ ਲਿਆ ਕਿ ਉਹ ਹਾਲਾਤ ਦੇ ਕਿਸ ਫੰਦੇ ਵਿਚ ਕੈਦ ਹੈ। ਮੋਟੇ ਕਪੜਿਆਂ ਦਾ, ਹਮਲਾਵਰ ਸਾਹਮਣੇ ਇਸਤ੍ਰੀ ਕੋਲ ਜੋ ਕਰੜਾ ਬਚਾਅ ਹੁੰਦਾ ਹੈ, ਉਹ ਵੀ ਤਾਂ ਉਸ ਪਾਸ ਨਹੀਂ ਸੀ। ਫਿਰ ਉਸ ਝੰਜੋੜ ਕੇ ਉਸ ਨੂੰ ਵਗਾਹ ਮਾਰਿਆ।
"ਅੱਛਾ, ਰੌਲੇ ਨਾਲ ਮੇਰਾ ਕੁਝ ਨਹੀਂ ਜਾ ਸਕਦਾ। ਤੇ ਰਸ਼ੀਦਾ," ਉਸ ਕਿਹਾ, "ਉਹ ਆਦਮੀ ਜੋ ਕਦੇ ਨਾ ਫ਼ੋਟੋ ਲੁਹਾਣ ਵਾਲੀ ਕੁੜੀ ਦੀਆਂ ਉਸ ਹਾਲਤ ਵਿਚ ਤਸਵੀਰਾਂ ਪੈਦਾ ਕਰ ਸਕਦਾ ਹੈ ਜਿਸ ਵਿਚ ਉਹ ਆਪਣੇ ਲਾਗੇ ਹਵਾ ਵੀ ਨਹੀਂ ਫਟਕਣ ਦਿੰਦੀ, ਉਸ ਦੀ ਤਾਕਤ ਦਾ ਤੂੰ ਗ਼ਲਤ ਅੰਦਾਜ਼ਾ ਲਗਾਅ ਰਹੀਂ ਹੈਂ।"
ਔਰਤ ਨੂੰ ਆਪਣੀ ਇੱਜ਼ਤ ਦਾ ਆਦਮੀ ਤੋਂ ਸੈਂਕੜੇ ਗੁਣਾ ਜ਼ਿਆਦਾ ਡਰ ਹੁੰਦਾ ਹੈ। ਇਹੋ ਕਾਰਨ ਹੈ ਕਿ ਉਹ ਕਈ ਵਾਰੀ ਇੱਜ਼ਤ ਬਚਾਉਂਦੀ ਇੱਜ਼ਤ ਗਵਾਅ ਬੈਠਦੀ ਹੈ। 'ਰੌਲੇ ਨਾਲ ਮੇਰੀ ਇੱਜ਼ਤ ਜਾਂਦੀ ਹੈ ਤੇ ਮੇਰੇ ਮਾਂ ਪਿਓ ਦੀ ਵੀ। ਤੇ ਇਹ ਸ਼ੈਤਾਨ ਹੀ ਸੀ ਜੋ ਅੱਜ ਆਪਣੇ ਕਾਲੇ ਇਲਮ ਨਾਲ ਮੈਨੂੰ ਖ਼ਰਾਬ ਕਰ ਰਿਹਾ ਸੀ। ਕਿਤੇ ਮੇਰੇ ਹਮਸ਼ੀਰ ਇਕੋ ਇਕ ਵੀਰੇ ਨੂੰ…!'
ਉਸ ਨੇ ਫੇਰ ਉਠ ਕੇ ਉਹੋ ਹਰਕਤ ਕੀਤੀ। ਕੁੜੀ ਸੰਗਮਰਮਰ ਦਾ ਬੁੱਤ ਬਣੀ ਖੜੀ ਸੀ। ਉਸ ਦੇ ਸਰੀਰ ਵਿਚ ਕੋਈ ਕਾਂਬਾ ਨਹੀਂ ਸੀ। ਉਹ ਪੂਰੀ ਹੋਸ਼ ਵਿਚ ਹੁੰਦਿਆਂ ਵੀ ਬੇਹੋਸ਼ ਸੀ। ਇਸ ਵੇਲੇ ਜੇ ਕੋਈ ਉਸ ਦੀ ਬਾਂਹ 'ਤੇ ਤਲਵਾਰ ਦਾ ਵਾਰ ਕਰ ਕੇ ਕੱਟ ਦਿੰਦਾ ਤਾਂ ਵੀ ਸ਼ਾਇਦ ਉਹ ਨਾ ਹਿਲਦੀ। ਲਹੂ ਜ਼ਰੂਰ ਵਗਦਾ ਕਿਉਂਕਿ ਪਥਰਾਏ ਇਨਸਾਨ ਤੇ ਪੱਥਰ ਵਿਚ ਇਹੋ ਫ਼ਰਕ ਹੁੰਦਾ ਹੈ। ਮੱਖੀ ਦੁਆਲੇ ਕਹਿਣੇ ਨੇ ਜਾਲਾ ਤਣ ਲਿਆ ਸੀ।
ਦਸ ਪੰਦਰਾਂ ਮਿੰਟਾਂ ਮਗਰੋਂ ਰਸ਼ੀਦਾ ਬਾਹਰ ਨਿਕਲੀ। ਪਹਿਲੇ ਵਾਂਗ ਉਸ ਕਪੜੇ ਪਾਏ ਹੋਏ ਸਨ। ਰਸ਼ੀਦਾ ਵਿਚ ਪਹਿਲੀ ਮਟਕ ਤਾਂ ਛਡੋ, ਜਾਨ ਵੀ ਨਹੀਂ ਜਾਪਦੀ ਸੀ। ਉਹ ਪੌੜੀਆਂ ਹੌਲੀ ਹੌਲੀ ਚੜ੍ਹ ਗਈ। ਉਸ ਨੇ ਇੱਧਰ ਉਧਰ ਆਪਣੀ ਇੱਜ਼ਤ ਦੇ ਰਹਿ ਗਏ ਪਰਛਾਵੇਂ ਨੂੰ ਬਚਾਉਣ ਲਈ ਦੇਖਿਆ। ਮੌਕਾ ਤਾੜ ਕੇ ਉਹ ਥੱਲੇ ਉਤਰ ਗਈ, ਪਰ ਬੜੀ ਮੁਸ਼ਕਲ ਨਾਲ ਕਸੀਸ ਵਟ ਕੇ। ਉਸ ਨੂੰ ਸਮਝ ਆਈ ਕਿ ਉਹ ਐਸੇ ਸ਼ਿਕਾਰੀ ਦੇ ਜਾਲ ਵਿਚ ਹੈ ਜੋ ਜਿੰਨਾਂ-ਭੂਤਾਂ ਤੋਂ ਕਿਤੇ ਖ਼ਤਰਨਾਕ ਹੈ। ਹੁਣ ਉਹ ਪਹਿਲੋਂ ਕੋਲੋਂ ਕਿਤੇ ਸਾਫ਼ ਸੋਚ ਸਕਦੀ ਸੀ। ਉਹ ਥੱਲੇ ਚਲੀ ਗਈ। ਮਾਂ ਨੇ ਪੁੱਛਿਆ, "ਕੁੜੇ ਕੁਝ 'ਰਾਮ ਈ?"
"ਹਾਂ ਆਰਾਮ ਹੈ, ਪਰ ਬੇਚੈਨੀ ਵਧ ਗਈ ਹੈ।"
"ਕੁੜੇ, ਅੱਬਾ ਨੂੰ ਦੱਸ ਕੇ ਦਵਾ ਕੋਈ ਲੈ ਆਉਣੀ ਸੀ?"
"ਨਹੀਂ ਅੰਮਾ, ਕੋਈ ਇਹੋ ਜਹੀ ਗੱਲ ਨਹੀਂ।"
ਉਹ ਥੋੜ੍ਹੇ ਚਿਰ ਮਗਰੋਂ ਗ਼ੁਸਲਖ਼ਾਨੇ ਵਿਚ ਗਈ।
ਘਰ ਦਾ ਕੰਮ-ਕਾਰ ਉਹ ਕਰਦੀ ਰਹੀ। ਮਾਂ ਦੀ ਵੀ ਪੂਰੀ ਤਰ੍ਹਾਂ ਸੇਵਾ ਹੁੰਦੀ ਰਹੀ। ਪਰ ਉਸ ਦੀ ਜ਼ਿੰਦਗੀ ਰਹਿਮ ਦੇ ਕਾਬਿਲ ਹੋ ਗਈ। ਦੋ ਡਰਾਂ ਨੇ ਉਸ ਨੂੰ ਮਾਰ ਮੁਕਾਇਆ। ਇੱਜ਼ਤ ਨੂੰ ਲੁਕਾਉਣ ਪਿੱਛੇ ਉਸ ਨੂੰ ਕਈ ਵਾਰੀ ਇਹੋ ਜਿਹਾ ਕੰਮ ਕਰਨਾ ਪੈਂਦਾ ਸੀ ਜਿਸ ਨੂੰ ਉਹ ਨਫ਼ਰਤ ਕਰਦੀ ਸੀ। ਸ਼ਿਕਾਰੀ ਦੇ ਜਾਲ ਦੂਹਰੇ ਤੀਹਰੇ ਉਸ ਦੇ ਦੁਆਲੇ ਕੱਸੇ ਜਾ ਰਹੇ ਸਨ। ਖ਼ੁਦਾ ਜਾਣਦਾ ਹੈ ਉਸ ਕੰਮ ਵਿਚ ਉਸ ਨੂੰ ਕੋਈ ਲੁਤਫ਼ ਨਹੀਂ ਸੀ, ਪਰ ਉਹ ਲਾਚਾਰ ਸੀ। ਉਹ ਸ਼ੈਤਾਨ ਕੋਈ ਦੋਜ਼ਕੀ ਕੀੜਾ ਸੀ। ਦੋ ਕੁ ਹਫ਼ਤੇ ਮਗਰੋਂ ਉਸ ਆਪਣੀ ਤੇ ਰਸ਼ੀਦਾ ਦੀ ਇਕੱਠੀ ਤਸਵੀਰ ਉਸ ਨੂੰ ਦਿਖਾਈ। ਕਹਿਣ ਲੱਗਾ, "ਨਾਲ ਦੇ ਮੁੰਡੇ ਨੇ ਕਿਤੇ ਸਾਡੀ ਲਾਹ ਲਈ ਹੈ। ਉਹ ਮੈਨੂੰ ਬਦਨਾਮ ਕਰਨ ਦੀ ਧਮਕੀ ਦੇ ਰਿਹਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਮੈਂ ਇਸ ਕੁੜੀ ਦੇ ਪਿਉ ਨੂੰ ਦਸਾਂਗਾ। ਸਿਰਫ਼ ਇੱਕੋ ਤਰੀਕਾ ਹੈ ਬਚਾਅ ਦਾ ਤੇ ਉਹ ਇਹ ਕਿ ਤੁਸੀਂ ਉਸ ਨਾਲ ਗੱਲ-ਬਾਤ ਕਰੋ।"
ਰਸ਼ੀਦਾ 'ਤੇ ਅਜ ਇਕ ਹੋਰ ਹਕੀਕਤ ਰੌਸ਼ਨ ਹੋਈ। ਨਾਲ ਦੇ ਮੁੰਡੇ ਨੇ ਤਸਵੀਰ ਲਾਹੀ ਹੈ, ਪਰ ਕਿਸ ਤਰ੍ਹਾਂ? ਇਹ ਤਦ ਹੀ ਹੋ ਸਕਦਾ ਹੈ ਜੇ ਜਹੱਨਮ ਜਾਣੇ ਨੇ ਆਪ ਲਹਾਈ ਹੋਵੇ। ਪਹਿਲੀਆਂ ਤਸਵੀਰਾਂ ਤੇ ਲਾਹੀਆਂ ਹੋਈਆਂ ਨਹੀਂ ਹੋ ਸਕਦੀਆਂ। ਉਹ ਨੌਜਵਾਨ ਉਸ ਨੂੰ ਅਰਸ਼ ਫ਼ਲਕ ਵਿਚੋਂ ਸਭ ਤੋਂ ਜ਼ਿਆਦਾ ਕਾਬਲਿ-ਨਫ਼ਰਤ ਕਿਰਮ ਮਲੂਮ ਹੁੰਦਾ ਸੀ — ਗੰਦ ਦੇ ਕੀੜੇ ਤੋਂ ਵੀ ਗੰਦਾ। ਜੋ ਆਪਣੀ ਤੀਵੀਂ ਨੂੰ ਜ਼ਰ-ਖਰੀਦ ਜਾਇਦਾਦ ਵਾਂਗ ਸਾਂਭ ਕੇ, ਲੁਕੋਅ ਕੇ ਰੱਖਦਾ ਹੈ, ਪਰ ਪਰਾਈਆਂ ਧੀਆਂ ਭੈਣਾਂ ਨੂੰ ਖ਼ਰਾਬ ਕਰਦਾ ਤੇ ਕਰਾਉਂਦਾ ਹੈ। ਉਸ ਨੂੰ ਹੋਰ ਕਿਹਾ ਵੀ ਕੀ ਜਾ ਸਕਦਾ, ਕੋਈ ਗੰਦੇ ਤੋਂ ਗੰਦਾ ਨਾਂ ਇਤਨਾ ਗੰਦਾ ਨਹੀਂ ਕਿ ਉਸ ਲਈ ਵਰਤਿਆ ਜਾ ਸਕਦਾ! ਇੱਜ਼ਤ ਦੇ ਪਰਛਾਵੇਂ ਨੂੰ ਬਚਾਈ ਰੱਖਣ ਦਾ ਖ਼ਿਆਲ ਰਸ਼ੀਦਾ ਨੂੰ ਦੂਹਰਮ ਪੇਚ ਵਿਚ ਫਸਾਅ ਗਿਆ। ਦੋਹਾਂ ਰਲ ਕੇ ਉਸ ਦਾ ਸੌਣਾ ਤੇ ਜਾਗਣਾ ਹਰਾਮ ਕਰ ਛੱਡਿਆ। ਇਕ ਫ਼ਿਕਰ ਕੀੜਾ ਬਣ ਕੇ ਉਸ ਦੇ ਹੁਸਨ ਨੂੰ ਖਾਣ ਲਗ ਪਿਆ। ਹਕੀਮ ਨੇ ਕਿਹਾ ਇਸ ਦੀ ਸ਼ਾਦੀ ਜਲਦੀ ਕਰ ਦਿੱਤੀ ਜਾਵੇ। ਉਸ ਦੀ ਸ਼ਾਦੀ ਕਰ ਦਿੱਤੀ ਗਈ। ਕਈ ਵਾਰੀ ਉਸ ਨੂੰ ਸਹੁਰੇ ਜਾਣ ਲਈ ਤਿਆਰ ਹੋਈ ਹੋਈ ਨੂੰ ਉਸ ਦੀ ਤਸਵੀਰ ਦਿਖਾਅ ਕੇ ਬੇਇੱਜ਼ਤ ਕਰਨ ਦੇ ਡਰਾਵੇ ਨਾਲ ਮਕਰ ਫ਼ਰੇਬ ਕਰ ਕੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ, ਘਰ ਵਾਲੇ ਨੇ ਸਮਝਿਆ ਸੀ ਕਿ ਅੰਮਾ ਦੀ ਮੌਤ ਬਾਅਦ ਉਹ ਉਸ ਨੂੰ ਲਿਜਾਅ ਸਕੇਗਾ। ਅੰਮਾ ਵੀ ਇਕ ਦਿਨ ਚਲ ਵਸੀ। ਫਿਰ ਉਸ ਸਮਝਿਆ ਕਿ ਅੰਮਾ ਦੀ ਮੌਤ ਦੇ ਦੁੱਖ ਦੀ ਵਜ੍ਹਾ ਨਾਲ ਨਹੀਂ ਜਾਂਦੀ ਹੋਏਗੀ। ਮਹੀਨੇ ਦੋ ਮਹੀਨੇ ਬਾਅਦ ਉਹ ਬਹਾਨਾ ਵੀ ਨਾ ਰਿਹਾ। ਆਖ਼ਰ ਉਸ ਸੋਚਿਆ ਇਹ ਗੱਲ ਕੀ ਹੈ?
ਇੱਕ ਦਿਨ ਉਸ ਲੰਮੀ ਗੱਲ-ਬਾਤ ਦੇ ਦੌਰਾਨ ਕਿਹਾ, "ਰਸ਼ੀਦਾ, ਤੈਨੂੰ ਪਤਾ ਹੈ ਮੈਂ ਤੈਨੂੰ ਪਿਆਰ ਕਰਦਾ ਹਾਂ। ਤੈਨੂੰ ਕੀ ਬੀਮਾਰੀ ਹੈ। ਤੇਰੇ ਮੂੰਹ ਤੇ ਮੁਰਦੇ-ਹਾਣੀ ਛਾਈ ਰਹਿੰਦੀ ਹੈ। ਤਿੰਨ ਮਹੀਨੇ ਪਹਿਲੋਂ ਫ਼ਿਰਦੌਸੀ ਸ਼ਾਨ ਤੇਰੇ ਚਿਹਰੇ 'ਤੇ ਸੀ, ਉਹ ਕਿਧਰ ਗਈ? ਕੀ ਤੇਰੀ ਅੰਮਾ ਦੀ ਮੌਤ ਦੇ ਦੁਖ ਨੂੰ ਭੁਲਾਉਣ ਵਿਚ ਮੈਂ ਕਦੇ ਕਾਮਯਾਬ ਨਾ ਹੋ ਸਕਾਂਗਾ। ਕੀ ਮੈਂ ਰਸ਼ੀਦ ਨੂੰ ਆਪਣੇ ਨਿੱਕੇ ਭਰਾ ਵਾਂਗ ਪਿਆਰ ਨਹੀਂ ਕਰਦਾ? ਕੀ ਮੈਂ ਤੇਰੇ ਅੱਬਾ ਦੀ ਆਪਣੇ ਅੱਬਾ ਜਿੰਨੀ ਇੱਜ਼ਤ ਨਹੀਂ ਕਰਦਾ? ਕੀ ਦੁਖ ਹੈ ਤੈਨੂੰ, ਤੂੰ ਮੈਨੂੰ ਦੱਸ। ਮੈਂ ਆਪਣੀ ਦੌਲਤ, ਜਿਸਮ, ਜਾਨ ਸਭ ਤੇਰੇ ਤੋਂ ਨਿਛਾਵਰ ਕਰ ਦੇਵਾਂਗਾ। ਤੇਰੇ ਦਿਲ ਵਿਚ ਕੋਈ ਭੇਤ ਹੈ ਜੋ ਤੂੰ ਦੱਸਣਾ ਚਾਹੁੰਦੀ ਹੈਂ। ਦੱਸ, ਹੁਣ ਮੈਥੋਂ ਸਿਵਾਅ ਕੋਈ ਹੋਰ ਤੇਰੀ ਸੁਣਨ ਵਾਲਾ ਹੈ? ਦੱਸ, ਤੈਨੂੰ ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਹਾਂ ਰਸ਼ੀਦਾ, ਮੈਂ ਤੇਰੇ ਵੱਡੇ ਤੋਂ ਵੱਡੇ ਗੁਨਾਹ ਨੂੰ ਮੁਆਫ਼ ਕਰ ਦਵਾਂਗਾ। ਮੇਰਾ ਪਿਆਰ ਸ਼ਫ਼ਾਫ਼ ਹੈ, ਇਸ ਨਾਲ ਛੁਹ ਕੇ ਸਭ ਸਾਫ਼ ਹੋ ਜਾਵੇਗਾ। ਤੂੰ ਦਸਦੀ ਕਿਉਂ ਨਹੀਂ?"
ਰਸ਼ੀਦਾ ਨੇ ਕਿਹਾ ਸੀ, "ਖ਼ੁਦਾ ਦੀ ਕਸਮ ਖਾ ਕੇ ਕਹਿੰਦੀ ਹਾਂ ਕਿ ਮੈਂ ਤੁਹਾਥੋਂ ਸਿਵਾਅ ਹੋਰ ਕਿਸੇ ਨੂੰ ਪਿਆਰ ਨਹੀਂ ਕੀਤਾ। ਮੈਂ ਤੁਹਾਥੋਂ ਕਿਸੇ ਗੱਲ ਦਾ ਲੁਕਾਅ ਨਹੀਂ ਰੱਖਣਾ ਚਾਹੁੰਦੀ। ਮੈਂ ਪਾਕ ਨਹੀਂ, ਗੁਨਾਹਗਾਰ ਹਾਂ। ਮੈਂ ਖ਼ੁਦਾ ਤੋਂ ਤੇ ਤੁਹਾਥੋਂ ਆਪਣੀ ਬੇਵਕੂਫ਼ੀ ਦੀ ਮੁਆਫ਼ੀ ਚਾਹੁੰਦੀ ਹਾਂ। ਮੈਨੂੰ ਇਕ ਦੋ ਦਿਨ ਦੀ ਮੁਹਲਤ ਦਿੱਤੀ ਜਾਵੇ।"
ਰਸ਼ੀਦਾ ਦੇ ਮਾਲਕ ਨੂੰ ਉਸ ਦੀ ਨੇਕ ਚਲਨੀ 'ਤੇ ਪੱਕਾ ਭਰੋਸਾ ਸੀ। ਉਹ ਉਸ ਦੇ ਪਿਆਰ ਦੀ ਗਹਿਰਾਈ ਨੂੰ ਉਸ ਦੀਆਂ ਅੱਖਾਂ ਵਿਚੋਂ ਨਾਪ ਸਕਦਾ ਸੀ।
ਉਸ ਕਿਹਾ, "ਰਸ਼ੀਦਾ, ਤੈਨੂੰ ਆਪਣੀ ਅੰਮਾ ਦਾ ਗ਼ਮ ਹੈ ਤੇ ਮੈਨੂੰ ਅਫ਼ਸੋਸ ਹੈ। ਮੈਂ ਉਸ ਗ਼ਮ ਨੂੰ ਦੂਰ ਕਰ ਕੇ ਰਹਾਂਗਾ। ਇਨਸ਼ਾ-ਅੱਲਾ! ਤੂੰ ਪਰਸੋਂ ਮੈਨੂੰ ਆਪ ਬੁਲਾਏਂਗੀ। ਮੈਂ ਜਾਂਦਾ ਹਾਂ। ਖ਼ੁਦਾ ਹਾਫ਼ਿਜ਼!"
ਰਸ਼ੀਦਾ ਨੇ ਘਰ ਵਿਚ ਪਈ ਛੁਰੀ ਆਪਣੇ ਨੇਂਘ ਵਿਚ ਲੁਕੋਅ ਲਈ। ਅੱਜ ਉਸ ਅੱਗੇ ਤੋਂ ਉਲਟ ਆਪ ਕੰਧ ਟੱਪੀ। ਪੌੜੀ ਉਤਰ ਕੇ ਥੱਲੇ ਚਲੀ ਗਈ। ਨੌਜਵਾਨ ਇਕੱਲਾ ਹੀ ਥੱਲੇ ਸੀ। ਰਸ਼ੀਦਾ ਨੂੰ ਇਸ ਤਰ੍ਹਾਂ ਆਈ ਦੇਖ ਕੇ ਉਹ ਹੈਰਾਨ ਸੀ।
"ਹੈਰਾਨ ਹੈਂ ਕਿ ਅੱਜ ਮੈਂ ਆਪ ਆਈ ਹਾਂ? ਮੈਂ ਤੈਥੋਂ ਇਕ ਸਵਾਲ ਪੁਛਣ ਆਈ ਹਾਂ। ਦੱਸ ਮੈਂ ਕੀ ਗੁਨਾਹ ਕੀਤਾ ਹੈ?"
ਨੌਜਵਾਨ ਉਸ ਦੇ ਮੂੰਹ ਵਲ ਦੇਖਦਾ ਰਿਹਾ। "ਦੱਸ, ਸੱਚ ਦੱਸ," ਰਸ਼ੀਦਾ ਨੇ ਕਿਹਾ, "ਬੋਲਦਾ ਕਿਉਂ ਨਹੀਂ?"
ਫੇਰ ਨੌਜਵਾਨ ਕਿੰਨਾ ਹੀ ਚਿਰ ਉਸ ਦੇ ਮੂੰਹ ਵਲ ਦੇਖ ਰਿਹਾ ਸੀ। ਉਸ ਦੇ ਚਿਹਰੇ ਦੇ ਨਕਸ਼ ਢਕ ਕੇ ਕੋਈ ਹੋਰ ਸ਼ਕਲ ਅਖ਼ਤਿਆਰ ਕਰ ਰਹੇ ਸਨ। ਉਸ ਦੇ ਅੰਦਰ, ਬਾਹਰ ਤੋਂ ਜ਼ਿਆਦਾ ਤਬਦੀਲੀ ਹੋ ਰਹੀ ਸੀ। ਉਸ ਦੇ ਅੰਦਰ ਕਿਸੇ ਨੁੱਕਰੇ ਲੁਕੀ ਨੇਕੀ ਦੀ ਕਿਸੇ ਚਿਣਗ ਨੇ ਯਕਾਯਕ ਮਘ ਕੇ ਉਸ ਦੇ ਪੱਥਰ ਦੇ ਦਿਲ ਨੂੰ ਮੋਮ ਵਾਂਗ ਪਿਘਲਾ ਦਿੱਤਾ ਸੀ।
"ਦਰਿੰਦੇ," ਉਹ ਕਹਿਣਾ ਚਾਹੁੰਦੀ ਸੀ, ਪਰ ਉਸ ਦੀ ਸ਼ਕਲ ਦੀ ਤਬਦੀਲੀ ਦੇਖ ਕੇ ਉਹ ਬੋਲੀ, "ਬੋਲ ਬੋਲ, ਛੇਤੀ ਬੋਲ। ਅੱਜ ਮੈਂ ਇਸ ਗੱਲ ਦਾ ਫ਼ੈਸਲਾ ਕਰ ਕੇ ਜਾਵਾਂਗੀ।"
ਨੌਜਵਾਨ ਦੇ ਸੋਚਿਆ, "ਉਹ ਸੁਹਣੀ ਸੀ। ਸੋਹਣਾ ਹੋਣਾ ਤੇ ਕੋਈ ਗੁਨਾਹ ਨਹੀਂ। ਤੇ ਹੁਣ ਉਸ ਨੂੰ ਕੋਈ ਸੁਹਣੀ ਵੀ ਨਹੀਂ ਕਹਿ ਸਕਦਾ। ਅੱਜ ਉਹ ਪੁਰਾਣੀ ਰਸ਼ੀਦਾ ਨਹੀਂ। ਬਰਥ-ਕੰਟਰੋਲ ਨਾਲ ਉਹ ਬਚ ਰਹੀ ਹੈ, ਨਹੀਂ ਤਾਂ ਅੱਜ ਇਸ ਦਾ ਕੀ ਖ਼ਤਰਨਾਕ ਨਤੀਜਾ ਹੁੰਦਾ।' ਉਹ ਡਰ ਗਿਆ ਸੀ। ਉਸ ਸੋਚਿਆ ਸੀ, 'ਕਿਵੇਂ ਬਦ ਇਨਸਾਨ ਚੰਗੀਆਂ ਚੀਜ਼ਾਂ ਨੂੰ, ਕੁਦਰਤ ਵਿਚੋਂ ਢੂੰਡ ਕੇ ਲੱਭੇ ਭੇਤਾਂ ਨੂੰ, ਬਦੀ ਦੇ ਲਈ ਵਰਤਦਾ ਹੈ। ਫ਼ੋਟੋਗ੍ਰਾਫ਼ੀ, ਕੈਮਿਸਟਰੀ, ਬਰਥ-ਕੰਟਰੋਲ ਸਭ ਚੰਗੀਆਂ ਚੀਜ਼ਾਂ ਹਨ, ਪਰ ਮੈਂ ਇਨ੍ਹਾਂ ਨੂੰ ਕਿਸ ਕੰਮ ਲਈ ਵਰਤਦਾ ਰਿਹਾ ਹਾਂ। ਮੈਂ ਗੁਨਾਹਗਾਹ ਹਾਂ।"
ਆਖ਼ਰੀ ਵਾਕ ਉਸ ਦੇ ਮੂੰਹ 'ਚੋਂ ਉੱਚੀ ਨਿਕਲ ਗਿਆ।
"ਮੈਂ ਪੁੱਛਦੀ ਹਾਂ — ਮੈਂ ਗੁਨਾਹਗਾਰ ਹਾਂ ਕਿ ਨਹੀਂ?" ਰਸ਼ੀਦਾ ਨੇ ਪੁਛਿਆ।
"ਨਹੀਂ," ਨੌਜਵਾਨ ਨੇ ਕਿਹਾ, ਜਿਵੇਂ ਉਸ ਨੇ ਪੂਰਾ ਫ਼ੈਸਲਾ ਕਰ ਲਿਆ ਹੁੰਦਾ ਹੈ।
"ਫਿਰ ਮੇਰੀ ਜ਼ਿੰਦਗੀ ਨੂੰ ਤੂੰ ਕਿਉਂ ਤਬਾਹ ਕਰ ਰਿਹਾ ਹੈਂ? ਮੇਰੇ ਲਈ ਜੀਉਣਾ ਹਰਾਮ ਕਿਉਂ ਬਣਾਅ ਛਡਿਆ ਈ?" ਉਹ ਗੁੱਸੇ ਵਿਚ ਆ ਗਈ, "ਬੇਰਹਿਮ ਦਰਿੰਦੇ! ਇਨਸਾਨ ਦੇ ਜਿਸਮ ਵਾਲੇ ਜਿੰਨ, ਸ਼ੈਤਾਨ ਦੇ ਸਭ ਤੋਂ ਗੰਦੇ ਇਰਾਦੇ ਦੀ ਪੈਦਾਇਸ਼! ਦੱਸ, ਜੇ ਤੇਰੀ ਭੈਣ ਮੇਰੀ ਥਾਂ ਹੁੰਦੀ? ਸ਼ਾਲਾ! ਤੂੰ ਹੀ ਮੇਰੀ ਥਾਂ ਹੁੰਦੋਂ!"
ਨੌਜਵਾਨ ਨੂੰ ਗਾਲ੍ਹਾਂ ਦੀ ਬੁਛਾੜ ਸ਼ਾਂਤੀ ਦੇ ਰਹੀ ਸੀ ਜਿਵੇਂ ਜੇਠ ਹਾੜ੍ਹ ਵਿਚ ਸੜੀ ਧਰਤ 'ਤੇ ਮੀਂਹ ਪੈ ਰਿਹਾ ਹੋਵੇ। ਉਹ ਹੌਲਾ ਹੋ ਰਿਹਾ ਸੀ ਜਿਵੇਂ ਹਨੇਰੀ ਮਗਰੋਂ ਬਾਰਸ਼-ਧੋਤੀ ਕਲੀ। ਉਸ ਦਾ ਮੂੰਹ ਕੁਝ ਕਹਿਣ ਨੂੰ ਖੁੱਲ੍ਹਣਾ ਚਾਹੁੰਦਾ ਸੀ। ਆਖ਼ਰ ਉਹ ਅਵਾਜ਼ ਉਸ ਦੇ ਸੰਘ ਦੇ ਰੋਕਣ ਵਾਲੇ ਪਰਦਿਆਂ ਨੂੰ ਚੀਰ ਕੇ ਨਿਕਲ ਪਈ ਜਿਵੇਂ ਗੰਦੀ ਜ਼ਮੀਨ ਨੂੰ ਪਾੜ ਕੇ ਨਿਰਮਲ ਜਲ ਦਾ ਚਸ਼ਮਾ ਵਹਿ ਤੁਰਿਆ ਹੋਵੇ। "ਭੈਣ!" ਉਸ ਕਿਹਾ, "ਮੈਂ ਗੁਨਾਹਗਾਰ ਹਾਂ। ਤੂੰ ਹਰ ਹੈਵਾਨ, ਇਨਸਾਨ, ਫ਼ਰਿਸ਼ਤੇ ਤੇ ਖ਼ੁਦ ਖ਼ੁਦਾ ਦੀ ਨਜ਼ਰ ਵਿਚ ਪਾਕ ਹੈਂ! ਮੈਨੂੰ ਮੁਆਫ਼ ਕਰ, ਭੈਣ!" ਹੰਝੂਆਂ ਦੇ ਹੜ੍ਹ ਵਹਿ ਤੁਰੇ। ਉਹ ਫਿਰ ਬੋਲਿਆ, "ਮੁਆਫ਼ ਨਹੀਂ ਕਰ ਸਕਦੀ ਤਾਂ ਬਦਲਾ ਲੈ। ਦੋਵੇਂ ਤਰੀਕੇ ਹਨ ਮੇਰੀ ਰੂਹ ਤੋਂ ਗੁਨਾਹ ਹੌਲਾ ਕਰਨ ਦੇ। ਰਹਿਮ ਕਰ, ਦੇਵੀ! ਰਹਿਮ ਕਰ! ਦੁਨੀਆ ਫ਼ਨਾਹ ਹੋ ਜਾਏਗੀ, ਮੇਰੇ ਨਾਲ, ਕੋਈ ਤੇਰੀ ਕਰੋਪੀ ਵਿਚ।" ਉਹ ਉੱਠਿਆ, ਅਲਮਾਰੀ ਵਿਚੋਂ ਇਕ ਤੇਜ਼ ਛੁਰੀ ਕੱਢ ਕੇ ਰਸ਼ੀਦਾ ਅੱਗੇ ਸੁਟ ਦਿੱਤੀ।
"ਬਦਲਾ ਲੈ! ਭੈਣੇ ਬਦਲਾ ਲੈ!! ਸਦਾ ਲਈ ਮੇਰੇ ਗੰਦੇ ਖ਼ੂਨ ਨੂੰ ਮੇਰੀਆਂ ਰਗਾਂ ਚੋਂ ਕੱਢ ਦੇ।" ਰਸ਼ੀਦਾ ਨੂੰ ਉਹ ਨੌਜਵਾਨ ਨਿੱਕਾ ਰਸ਼ੀਦ ਦਿਸਿਆ। ਅੱਜ ਉਸ ਨੂੰ ਉੱਚੀ ਬੋਲਣ ਦਾ ਉੱਕਾ ਡਰ ਨਹੀਂ ਸੀ। ਉਹ ਰਸ਼ੀਦਾ ਦੇ ਪੈਰ ਪਕੜ ਕੇ ਲਿਟ ਗਿਆ। ਰਸ਼ੀਦਾ ਨੇ ਆਪਣੀ ਨੇਂਘ ਵਿਚੋਂ ਤੇਜ਼ ਛੁਰੀ ਕੱਢ ਕੇ ਪਰ੍ਹੇ ਵਗਾਹ ਮਾਰੀ। ਉਸ ਨੌਜਵਾਨ ਦਾ ਸਿਰ ਚੁੱਕ ਕੇ ਆਪਣੀ ਗੋਦ ਵਿਚ ਰਖ ਲਿਆ, "ਖ਼ੁਦਾ ਤੈਨੂੰ ਨੇਕੀ ਬਖ਼ਸ਼ੇ!" ਉਸ ਨੂੰ ਉਸ ਦਾ ਇੱਡਾ ਵੱਡਾ ਗੁਨਾਹ ਰਸ਼ੀਦ ਦੀ ਪਿਆਰ ਵਿਚ ਆ ਕੇ ਮਾਰੀ ਚਪੇੜ ਤੋਂ ਵਧ ਕੁਝ ਨਾ ਜਾਪਿਆ। "ਯਾ ਖ਼ੁਦਾ! ਮੁਆਫ਼ ਕਰ, ਸਾਰੀ ਦੁਨੀਆ ਦੇ ਗੁਨਾਹਗਾਰਾਂ ਨੂੰ!"
ਗੁਨਾਹਗਾਰ ਨੂੰ ਸ਼ਾਂਤੀ ਆ ਗਈ ਸੀ। ਭੈਣ ਦੀ ਗੋਦ ਵਿਚ ਉਸ ਨੂੰ ਸ਼ਾਇਦ ਨੀਂਦ ਆ ਗਈ ਸੀ। ਅੱਜ ਰਸ਼ੀਦਾ ਨੂੰ ਵੀ ਨਵੀਂ ਤਸਵੀਰ ਲਥ ਜਾਣ ਦਾ ਡਰ ਨਹੀਂ ਸੀ।
ਨੌਜਵਾਨ ਆਖ਼ਰ ਉਠਿਆ। ਇਕ ਅਲਮਾਰੀ ਵਿਚੋਂ ਕੈਮਰਾ, ਪਲੇਟਾਂ ਤੇ ਸ਼ੀਸ਼ੇ ਦਾ ਹੋਰ ਸਾਮਾਨ ਜ਼ਮੀਨ 'ਤੇ ਮਾਰ ਮਾਰ ਕੇ ਤੋੜ ਦਿੱਤਾ, ਦੂਸਰੀ ਵਿਚੋਂ ਸ਼ੀਸ਼ੀਆਂ ਸੁੱਟ ਕੇ ਜੁੱਤੀ ਥੱਲੇ ਦਰੜ ਛੱਡੀਆਂ, ਤੇ ਰਬਨ ਦੇ ਸਾਮਾਨ ਦਾ ਇਕ ਡੱਬਾ ਫੂਕ ਸੁੱਟਿਆ।
"ਰਸ਼ੀਦਾ ਭੈਣ, ਜਾ," ਉਸ ਨੇ ਕਿਹਾ, "ਤੂੰ ਮੇਰੀ ਸਦਾ ਲਈ ਭੈਣ ਹੈਂ। ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।"
ਰਸ਼ੀਦਾ ਨੂੰ ਪਤਾ ਲਗਾ ਕਿ ਉਸ ਦੀ ਕੋਠੇ ਤੋਂ ਸਨੈਪ ਲੈ ਕੇ ਸਿਰ ਵਖਰਾ ਕਰ ਲਿਆ ਗਿਆ ਸੀ। ਫ਼੍ਰਾਂਸੀਸੀ ਨੰਗੇ ਕਾਰਡ ਵਿਚੋਂ ਤਕਰੀਬਨ ਓਸੇ ਜਿਮਸ ਦੀ ਕੁੜੀ ਲੈ ਕੇ ਸਿਰ ਉਸ ਨਾਲ ਜੋੜ ਕੇ ਫਿਰ ਫ਼ੋਟੋ ਲੈ ਕੇ ਭੂਤ ਵਿਦਿਆ ਬਣੀ ਸੀ।
ਉਹ ਘਰ ਵਾਪਸ ਆਉਂਦਿਆਂ ਦੋਵੇਂ ਛੁਰੀਆਂ ਚੁੱਕ ਲਿਆਈ। ਆਉਂਦਿਆਂ ਹੀ ਸ਼ੀਸ਼ੇ ਵਿਚ ਦੇਖਿਆ, ਉਸ ਦੀ ਸ਼ਕਲ ਹੋਰ ਦੀ ਹੋਰ ਸੀ।
ਇਕ ਹੋਰ ਦਿਨ ਗੁਜ਼ਾਰਿਆ। ਰਸ਼ੀਦਾ ਵਿਚ ਪਹਿਲਾ ਰਸੀਲਾਪਣ ਤੇ ਖ਼ੂਬਸੂਰਤੀ ਮੁੜ ਕੇ ਅੱਧ-ਪਚੱਧੀ ਆ ਗਈ ਸੀ। ਉਸ ਆਪਣੇ ਅੱਬਾ ਹੱਥ ਆਪਣੇ ਖ਼ਾਵੰਦ ਨੂੰ ਬੈਂਕ ਸੁਨੇਹਾ ਭੇਜਿਆ। ਉਹ ਛੁੱਟੀ 'ਤੇ ਸੀ। ਘਰੋਂ ਪਤਾ ਲੱਗਾ ਉਹ ਦੋ ਦਿਨ ਤੋਂ ਮਸਜਿਦ ਵਿਚ ਹੈ। ਰਸ਼ੀਦਾ ਦੇ ਅੱਬਾ ਨੇ ਦੇਖਿਆ ਉਹ ਤਸਬੀ ਫੜੀ ਵਿਰਦ ਵਿਚ ਮਸ਼ਗ਼ੂਲ ਹੈ।
"ਪੁੱਤਰ, ਤੈਨੂੰ ਘਰ ਸਦੀਦਾ ਹੈ।"
"ਰਸ਼ੀਦਾ ਨੇ ਸੱਦਿਆ ਹੈ?"
ਰਸ਼ੀਦਾ ਦੇ ਅੱਬਾ ਨੇ ਸਿਰ ਨਾਲ ਹਾਂ ਕੀਤੀ। ਰਸ਼ੀਦਾ ਦੇ ਖ਼ਾਵੰਦ ਨੇ "ਅੱਲਾ-ਹੂ ਅੱਕਬਰ" ਦਾ ਨਾਹਰਾ ਲਾਇਆ।
ਜਦ ਸ਼ਾਮੀਂ ਘਰ ਪਹੁੰਚਿਆ ਰਸ਼ੀਦਾ ਨਿੱਕੇ ਸ਼ੀਦੀ ਨੂੰ ਤਿਆਰ ਕਰੀ ਬੈਠੀ ਸੀ। ਉਸ ਦੀ ਪਹਿਲੀ ਸ਼ਾਨ ਦੁਬਾਲਾ ਸੀ।
"ਮੈਂ ਕਿਹਾ ਸੀ, ਸ਼ੀਦਾ, ਤੇਰਾ ਗ਼ਮ ਜ਼ਰੂਰ ਦੂਰ ਹੋਵੇਗਾ। ਮੈਂ ਦੋ ਦਿਨ ਲਗਾਤਾਰ ਅੱਲਾ ਤੁਆਲਾ ਦੀ ਦਰਗਾਹ ਵਿਚ ਇਹੋ ਅਰਜ਼ਦਾਸ਼ਤ ਕਰਦਾ ਰਿਹਾ ਹਾਂ।"
ਅਤੇ ਰਸ਼ੀਦਾ ਤੇ ਉਸ ਦਾ ਖ਼ਾਵੰਦ ਸਜਦੇ ਵਿਚ ਝੁਕ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ