Barf Da Aadmi (Punjabi Story) : Krishan Betab

ਬਰਫ਼ ਦਾ ਆਦਮੀ (ਕਹਾਣੀ) : ਕ੍ਰਿਸ਼ਨ ਬੇਤਾਬ

ਇਹ ਗੱਲ ਓਦੋਂ ਦੀ ਹੈ ਜਦ ਇਸ ਸ਼ਹਿਰ ਦੀ ਸਥਾਪਨਾ ਹੋਈ ਸੀ।
ਇਸ ਸ਼ਹਿਰ ਵਿਚਦੀ ਇੱਕ ਲੰਮੀ ਸੜਕ ਲੰਘਦੀ ਸੀ।ਜੋ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ। ਸੜਕ ਦੇ ਦੋਹੇਂ ਪਾਸੇ ਅਗਲੀਆਂ ਦੁਕਾਨਾਂ ਦੀ ਕਤਾਰ ਨੂੰ ਛੱਡ ਕੇ ਪਿਛਲੇ ਪਾਸੇ ਘਰ ਹਨ। ਜਿਸ ਵਿੱਚ ਅਮੀਰ, ਗ਼ਰੀਬ, ਤਾਜਰ, ਕਾਰੀਗਰ, ਕਲਾਕਾਰ, ਉਸਤਾਦ ਅਤੇ ਖਿਲਾੜੀ ਆਦਿ ਨਿਵਾਸ ਕਰਦੇ ਹਨ। ਘਰ ਹਨ ਉੱਚੇ, ਨੀਵੇਂ, ਨਵੇਂ, ਪੁਰਾਣੇ, ਢਹਿੰਦੇ ਹੋਏ ਤੇ ਉਸਰਦੇ ਹੋਏ।ਅਗਲੇ ਪਾਸੇ ਜੋ ਦੁਕਾਨਾਂ ਹਨ, ਉੱਥੋਂ ਹਰ ਪ੍ਰਕਾਰ ਦੀਆਂ ਵਸਤੂਆਂ ਉਸ ਨਗਰ ਦੇ ਵਾਸੀ ਖ਼ਰੀਦਦੇ ਹਨ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ।
ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ ਬੜੀ ਰੌਣਕ ਰਹਿੰਦੀ ਹੈ। ਲੋਕੀਂ ਤੁਰਦੇ ਹਨ, ਫਿਰਦੇ ਹਨ, ਗੱਲਾਂ ਕਰਦੇ ਹਨ, ਹੱਸਦੇ ਹਨ, ਇੱਕ ਦੂਜੇ ਦਾ ਹਾਲ ਪੁੱਛਦੇ ਹਨ। ਜਿਵੇਂ ਕਿ ਨਦੀ ਤੇਜ਼ ਧਾਰਾ ਨਾਲ ਵੱਗ ਰਹੀ ਹੋਵੇ।
ਉਸ ਬਾਜ਼ਾਰ ਵਿੱਚ ਇੱਕ ਪਾਗ਼ਲ ਵੀ ਹੈ। ਲੋਕੀਂ ਉਸ ਨੂੰ ਬਿਨਾਂ ਮੰਗੇ ਹੀ ਖਾਣ-ਪੀਣ ਨੂੰ ਦੇ ਦਿੰਦੇ ਹਨ।ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ। ਕਦੇ-ਕਦੇ ਹੱਸਦਾ ਜ਼ਰੂਰ ਹੈ ਤੇ ਅਚਾਨਕ ਖੜੋ ਕੇ ਬਾਜ਼ਾਰ, ਦੁਕਾਨਾਂ ਅਤੇ ਘਰਾਂ ਨੂੰ ਤੱਕਦਾ ਹੈ। ਰਾਤ ਨੂੰ ਬਾਜ਼ਾਰ ਵਿੱਚ ਹੀ ਕਦੀ ਕਿਸੇ ਦੁਕਾਨ ਦੇ ਥੜ੍ਹੇ 'ਤੇ ਜਾਂ ਪੌੜੀਆਂ 'ਤੇ ਸਉਂ ਰਹਿੰਦਾ ਹੈ। ਹਰ ਵੇਲੇ ਬੋਰੀ ਦੀ ਪੱਲੀ ਜਿਹੀ ਜਾਂ ਫਟੇ ਹੋਏ ਕੰਬਲ ਦੀ ਬੁੱਕਲ ਮਾਰੀ ਰੱਖਦਾ ਹੈ ਤੇ ਕੰਨ ਵਿੱਚ ਇੱਕ ਕਾਨਾ ਟੰਗੀ ਰੱਖਦਾ ਹੈ। ਉਸ ਦੇ ਚਿਹਰੇ 'ਤੇ ਜਿਵੇਂ ਇੱਕ ਫੱਕਰਪੁਣੇ ਦਾ ਜ਼ਲਾਲ ਹੋਵੇ ਤੇ ਅੱਖਾਂ ਵਿੱਚ ਚਮਕ ਤੇ ਰੱਬੀ ਨੂਰ ਹੋਵੇ।
ਇਤਫ਼ਾਕ ਦੀ ਗੱਲ ਹੈ ਕਿ ਉਸ ਬਾਜ਼ਾਰ ਵਿੱਚ ਇੱਕ ਸਥਾਨ ਅਜਿਹਾ ਵੀ ਆਉਂਦਾ ਹੈ ਜਿੱਥੇ ਸੜਕ ਦੇ ਇੱਕ ਪਾਸੇ ਮੰਦਰ ਹੈ ਤੇ ਸੜਕ ਦੇ ਪਾਰ ਮੰਦਰ ਦੇ ਠੀਕ ਸਾਹਮਣੇ ਤਾਂ ਨਹੀਂ ਦੋ ਕੁ ਘਰ ਛੱਡ ਕੇ ਇੱਕ ਕੰਜਰੀ ਦਾ ਕੋਠਾ ਹੈ।
ਮੰਦਰ ਲਕਸ਼ਮੀ ਨਰਾਇਣ ਜੀ ਦਾ ਹੈ। ਸ਼ਹਿਰ ਦਾ ਪ੍ਰਸਿੱਧ ਮੰਦਰ ਹੈ। ਜਿੱਥੇ ਸ਼ਰਧਾਲੂ ਆਪਣੇ ਮਨ ਦੀ ਸ਼ਾਂਤੀ, ਦਰਸ਼ਨ ਕਰ, ਕੀਰਤਨ ਕਰ, ਦਾਨ-ਪੁੰਨ ਕਰ ਪ੍ਰਾਪਤ ਕਰਦੇ ਹਨ। ਦਿਨ ਰਾਤ ਉੱਥੇ ਇੱਕ ਅਜੀਬ ਸੁਗੰਧ ਭਰੀ ਗਹਿਮਾ ਗਹਿਮੀ ਰਹਿੰਦੀ ਹੈ। ਮੰਦਰ ਨੂੰ ਬਹੁਤ ਸਿੱਧੀ ਪ੍ਰਾਪਤ ਹੈ। ਕਹਿੰਦੇ ਹਨ ਜੋ ਕੋਈ ਵੀ ਇੱਥੇ ਜਾ ਕੇ ਮੰਗਦਾ ਹੈ ਉਹੀ ਉਸ ਨੂੰ ਮਿਲਦਾ ਹੈ। ਇਸ ਕਰਕੇ ਹੀ ਲੋਕੀਂ ਉੱਥੇ ਸੁੱਖਾਂ ਸੁੱਖਦੇ ਹਨ। ਖ਼ਾਸ ਕਰ ਉੱਥੇ ਜੋ ਲੋਕ ਦਰਸ਼ਨਾਂ ਲਈ ਜਾਂ ਸ਼ਾਂਤੀ ਪ੍ਰਾਪਤ ਕਰਨ ਲਈ ਆਉਂਦੇ ਹਨ ਉਹਨਾਂ ਵਿੱਚ ਜ਼ਿਆਦਾ ਗਿਣਤੀ ਅਮੀਰ ਵਪਾਰੀ ਵਰਗ ਦੀ ਹੁੰਦੀ ਹੈ, ਜੋ ਪਾਪ ਦੀ ਕਮਾਈ ਵਿੱਚੋਂ ਕੁਝ ਹਿੱਸਾ ਭਗਵਾਨ ਦੇ ਚਰਨਾਂ ਵਿੱਚ ਚੜ੍ਹਾ ਕੇ ਇੱਕ ਤਸੱਲੀ ਕਰ ਲੈਂਦੇ ਹਨ ਕਿ ਹੁਣ ਇਹ ਨੇਕ ਕਮਾਈ ਬਣ ਗਈ ਹੈ। ਜਾਂ ਉਹ ਮੁਟਿਆਰਾਂ ਦਰਸ਼ਨਾਂ ਨੂੰ ਆਉਂਦੀਆਂ ਹਨ, ਜਿਨ੍ਹਾਂ ਦੇ ਵਿਆਹ ਅਜੇ ਤੀਕ ਨਹੀਂ ਹੋਏ। ਜਾਂ ਫਿਰ ਉਹ ਸੁਆਣੀਆਂ ਵੀ ਇੱਥੇ ਆਉਂਦੀਆਂ ਹਨ, ਜਿਨ੍ਹਾਂ ਦੀ ਕੁੱਖ ਅਜੇ ਤੀਕ ਸੁੰਨੀ ਹੈ।
ਮੰਦਰ ਸੰਗਮਰਮਰ ਦਾ ਬਣਿਆ ਹੋਇਆ ਹੈ। ਜਿਸ ਦਾ ਕਲਸ਼ ਸੋਨੇ ਦਾ ਹੈ ਅਤੇ ਹੁਣ ਸ਼ਰਧਾਲੂਆਂ ਦੀ ਇਹ ਬੜੀ ਇੱਛਾ ਹੈ ਕਿ ਇਸ ਦੀ ਛੱਤ 'ਤੇ ਵੀ ਸੋਨੇ ਦੇ ਵੇਲ-ਬੂਟੇ ਬਣਾ ਦਿੱਤੇ ਜਾਣ। ਉਸ ਮੰਦਰ ਦਾ ਸਾਰਾ ਸਮਾਨ ਚਾਂਦੀ ਦਾ ਹੈ ਤੇ ਬੜਾ ਕੀਮਤੀ ਹੈ। ਲਕਸ਼ਮੀ ਨਰਾਇਣ ਜੀ ਦੇ ਵਸਤਰ ਸੋਨੇ ਦੀਆਂ ਤਾਰਾਂ ਵਾਲੇ ਕੱਪੜੇ ਦੇ ਬਣੇ ਹਨ। ਉਹਨਾਂ ਦਾ ਸਾਰਾ ਜੇਵਰ ਸ਼ਰਧਾਲੂਆਂ ਨੇ ਸੋਨੇ ਦੇ ਤੇ ਸੁੱਚੇ ਜਵਾਹਰਾਤ ਦਾ ਕੁੰਦਨ ਕਰਵਾ ਕੇ ਬਣਵਾਇਆ ਹੋਇਆ ਹੈ। ਖ਼ਾਸ ਕਰਕੇ ਲਕਸ਼ਮੀ ਜੀ ਦੇ ਨੱਕ ਵਿੱਚ ਪਈ ਹੀਰੇ ਦੀ ਬਣੀ ਨੱਥ ਤਾਂ ਵੇਖਦੇ ਹੀ ਬਣਦੀ ਹੈ। ਚਮਕਦੇ ਬਲਬਾਂ ਦੀ ਰੋਸ਼ਨੀ ਵਿੱਚ ਉਸ ਵਿੱਚੋਂ ਨਿਕਲਦੀਆਂ ਕਿਰਨਾਂ ਤੇ ਉਸ ਦੀ ਲਿਸ਼ਕ ਦੇਖਣ ਵਾਲੇ ਦੀਆਂ ਅੱਖਾਂ ਵਿੱਚ ਜਿਵੇਂ ਬਿਜਲੀ ਦੀਆਂ ਤਾਰਾਂ ਚੁਭੋ ਦਿੰਦੀ ਹੈ। ਲਕਸ਼ਮੀ ਨਰਾਇਣ ਦੀ ਜੋੜੀ ਪੱਥਰ ਦੀ ਨਹੀਂ ਲੱਗਦੀ, ਜਿਵੇਂ ਸਾਵਂੇ ਹੀ ਖੜੇ ਹੋਣ ਬਸ ਬੋਲਣ ਦੀ ਹੀ ਲੋੜ ਹੈ।ਭਰਮ ਪੈਂਦਾ ਹੈ ਜੇ ਬੁਲਾਈਏ ਤਾਂ ਬੋਲ ਹੀ ਨਾ ਪੈਣਗੇ। ਬੁੱਤ ਤਰਾਸ਼ ਨੇ ਜਿਵੇਂ ਸਾਰੀ ਸੁੰਦਰਤਾ ਇਨ੍ਹਾਂ ਮੂਰਤੀਆਂ ਵਿੱਚ ਸਮੋ ਦਿੱਤੀ ਹੋਵੇ।
ਕੀਰਤਨ ਲਈ ਇੱਕ ਵੱਡਾ ਹਾਲ ਹੈ। ਜਿਸ ਵਿੱਚ ਦਰੀਆਂ ਵਿਛੀਆਂ ਹਨ। ਹਾਲ ਦੇ ਸੱਜੇ ਪਾਸੇ ਮੰਦਰ ਦੇ ਪੁਜਾਰੀ ਦੇ ਰਹਿਣ ਲਈ ਇੱਕ ਮਕਾਨ ਹੈ, ਜਿਸ ਵਿੱਚ ਹਰ ਪ੍ਰਕਾਰ ਦਾ ਸੁੱਖ ਸਾਧਨ ਪੁਜਾਰੀ ਜੀ ਨੂੰ ਪ੍ਰਾਪਤ ਹੈ।
ਸਵੇਰ ਵੇਲੇ ਤੇ ਸੰਧਿਆ ਵੇਲੇ ਆਰਤੀਆਂ ਹੁੰਦੀਆਂ ਹਨ। ਸੰਖ, ਘੜਿਆਲ ਤੇ ਮੰਜੀਰੇ ਵੱਜਦੇ ਹਨ। ਲੋਕਾਂ ਲਈ ਜਿਵੇਂ ਆਰਤੀ ਦਾ ਸਮਾਂ ਇੱਕ ਘੜੀ ਦਾ ਘੰਟਾ ਹੋਵੇ। ਸਵੇਰ ਵੇਲੇ ਦੀ ਆਰਤੀ ਨਾਲ ਲੋਕੀਂ ਉੱਠਦੇ ਹਨ ਅਤੇ ਆਪਣੇ ਕੰਮ ਕਾਰ ਅਰੰਭਦੇ ਹਨ ਤੇ ਸੰਧਿਆ ਵੇਲੇ ਦੀ ਆਰਤੀ ਨਾਲ ਤੀਵੀਆਂ ਆਪਣੇ ਘਰਾਂ ਦਾ ਚੌਂਕੇ ਚੁੱਲ੍ਹੇ ਦਾ ਕੰਮ ਸ਼ੁਰੂ ਕਰਦੀਆਂ ਹਨ। ਕੋਠੇ 'ਤੇ ਰਹਿਣ ਵਾਲੀ ਕੰਜਰੀ ਤਾਰਾ ਵੀ ਉਸ ਵੇਲੇ ਹੱਥ ਜੋੜ ਮੰਦਰ ਵੱਲ ਮਨ ਹੀ ਮਨ ਵਿੱਚ ਪ੍ਰਭੂ ਨੂੰ ਨਮਸ਼ਕਾਰ ਕਰਦੀ ਹੈ। ਇੱਕ ਚੱਕਰ ਹੈ ਜੋ ਰੋਜ਼ ਹੀ ਚਲਦਾ ਹੈ।
ਮੰਦਰ ਦਾ ਇੱਕ ਪੁਜਾਰੀ ਵੀ ਹੈ ਜੋ ਉਮਰ ਵਿੱਚ ਅੱਧਖੜ ਹੈ। ਉਸ ਦਾ ਰੰਗ ਗੇਰੂ ਵਰਗਾ ਲਾਲ ਹੈ। ਅੱਖਾਂ ਵੱਡੀਆਂ-ਵੱਡੀਆਂ ਹਨ, ਜਿਨ੍ਹਾਂ ਵਿੱਚ ਨਾਮ ਖੁਮਾਰੀ ਦੀ ਮਸਤੀ ਦੇ ਲਾਲ ਡੋਰੇ ਹਰ ਵੇਲੇ ਹੀ ਰਹਿੰਦੇ ਹਨ। ਕੱਜਲ ਪਾ ਕੇ ਰੱਖਦਾ ਹੈ, ਜਿਸ ਕਾਰਨ ਉਹ ਅੱਖਾਂ ਹੋਰ ਵੱਡੀਆਂ ਲੱਗਦੀਆਂ ਹਨ। ਸਿਰ ਦੇ ਵਾਲ ਘਣੇ ਹਨ ਤੇ ਘੁੰਗਰਿਆਲੇ ਹਨ ਤੇ ਕੱਦ ਲੰਮਾ ਹੈ। ਡੌਲਿਆਂ ਵਿੱਚ ਬੜੀ ਜਾਨ ਹੈ। ਕੁਰਤਾ ਤੇ ਧੋਤੀ ਧਾਰਨ ਕਰਦਾ ਹੈ, ਜੋ ਆਮ ਤੌਰ 'ਤੇ ਸਿਲਕ ਦੇ ਹੁੰਦੇ ਹਨ ਤੇ ਰੰਗ ਹਲਕਾ ਕੇਸਰੀ ਹੁੰਦਾ ਹੈ। ਸੁਭਾਅ ਬੜਾ ਅਜੀਬ ਹੈ, ਕੋਈ ਨਹੀਂ ਦੱਸ ਸਕਦਾ ਕਿ ਉਹ ਨਰਮ ਸੁਭਾਅ ਦਾ ਹੈ ਜਾਂ ਕਰੜੇ ਸੁਭਾਅ ਦਾ ਹੈ। ਬੋਲਦਾ ਬਹੁਤ ਘੱਟ ਹੈ। ਪਰ ਵੇਖਣ ਵਿੱਚ ਬੜਾ ਸੰਤੁਸ਼ਟ ਲੱਗਦਾ ਹੈ। ਉਸ ਦੇ ਚਾਲ ਚਲਣ 'ਤੇ ਕਦੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਮੁਟਿਆਰਾਂ ਜੁਆਨ ਇਸਤਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਉਸ ਦੇ ਕਿਸੇ ਵਿਹਾਰ ਤੋਂ ਇਹੋ ਅੰਦਾਜ਼ਾ ਹੁੰਦਾ ਹੈ ਕਿ ਉਹ ਇਸ ਦੇਖਾ ਦੇਖੀ ਤੋਂ ਉੱਪਰ ਹੈ।
ਮੰਦਰ ਦੇ ਰਿਹਾਇਸ਼ੀ ਭਾਗ ਵਿੱਚ ਉਹ ਆਪਣੀ ਧਰਮ ਪਤਨੀ ਨਾਲ ਰਹਿੰਦਾ ਹੈ। ਵਿਆਹ ਹੋਏ ਨੂੰ ੧੦ ਸਾਲ ਤੋਂ ਉੱਪਰ ਹੋ ਚੁੱਕੇ ਹਨ ਪਰ ਅਜੇ ਤੀਕ ਉਸ ਦੇ ਕੋਈ ਬੱਚਾ ਨਹੀਂ ਹੋਇਆ।
ਉਸ ਦੀ ਪਤਨੀ ਸੁੰਦਰ ਹੈ। ਗੋਰੀ, ਚਿੱਟੀ ਤੇ ਕੋਮਲ ਹੈ। ਉਂਝ ਤਾਂ ਉਸ ਦੇ ਸਰੀਰ ਦੇ ਸਾਰੇ ਹੀ ਅੰਗ ਮਨਮੋਹਕ ਹਨ ਪਰ ਜੋ ਚੀਜ਼ ਸਭ ਨੂੰ ਆਪਣੇ ਵੱਲ ਖਿੱਚਦੀ ਹੈ ਉਹ ਹਨ ਉਸ ਦੇ ਗਾਜਰ ਦੇ ਰੰਗ ਵਰਗੇ ਬਹੁਤ ਖ਼ੂਬਸੂਰਤ ਪੈਰ। ਪੈਰਾਂ ਵਿੱਚ ਚਾਂਦੀ ਦੇ ਬਿਛੁਏ ਪਾਈਂ ਜਦ ਉਹ ਮੰਦਰ ਦੇ ਸੰਗਮਰਮਰ ਦੇ ਫ਼ਰਸ਼ 'ਤੇ ਤੁਰਦੀ ਹੈ ਤਾਂ ਫ਼ਰਸ਼ ਦਾ ਦਿਲ ਕਾਫੀ ਦੇਰ ਤੱਕ ਧੜਕਦਾ ਰਹਿੰਦਾ ਹੈ। ਜਿਵੇਂ ਪਾਣੀ ਦੇ ਛੱਪੜ ਵਿੱਚ ਕੋਈ ਚੀਜ਼ ਸੁੱਟਣ 'ਤੇ ਪਾਣੀ ਕਾਫੀ ਦੇਰ ਬਾਅਦ ਠਹਿਰਦਾ ਹੈ। ਠੀਕ ਉਸੇ ਤਰ੍ਹਾਂ ਫਰਸ਼ ਕਾਫੀ ਦੇਰ ਪਿੱਛੋਂ ਹੋਸ਼ ਵਿੱਚ ਆਉਂਦੇ ਹਨ। ਸਰੀਰ ਭਰਿਆ-ਭਰਿਆ, ਅੱਖਾਂ ਹਿਰਨ ਵਰਗੀਆਂ ਕਾਲੀਆਂ ਪਰ ਨਸ਼ੇ ਵਾਲੀਆਂ। ਜਿਨ੍ਹਾਂ ਵਿੱਚ ਮਾਣ ਤੇ ਭਰੋਸੇ ਦੀ ਝਲਕ ਹੈ। ਲੱਕ ਪਤਲਾ ਅਤੇ ਗਰਦਨ ਸੁਰਾਹੀਦਾਰ ਹੈ। ਵਾਲ ਗੋਡਿਆਂ ਤੋਂ ਵੀ ਹੇਠਾਂ ਡਿੱਗਦੇ ਹਨ ਉਸ ਪੁਜਾਰਨ ਦੇ।
ਦੋਵੇਂ ਜਿਵੇਂ ਇੱਕ ਦੂਜੇ ਲਈ ਬਣੇ ਹੋਣ। ਮੇਚੇ ਦੀ ਜੋੜੀ ਉਧਰ ਲਕਸ਼ਮੀ ਨਰਾਇਣ ਦੀ ਇਧਰ ਪੁਜਾਰੀ ਤੇ ਪੁਜਾਰਨ ਦੀ ਜੋੜੀ। ਦੋਹਾਂ ਨੂੰ ਸਮਾਜ ਵੱਲੋਂ ਬੜਾ ਮਾਣ ਇਜ਼ੱਤ ਪ੍ਰਾਪਤ ਹੈ। ਦੋਹਾਂ ਦੇ ਚਿਹਰਿਆਂ ਤੋਂ ਸੰਤੁਸ਼ਟਤਾ ਫੁੱਟ-ਫੁੱਟ ਪੈਂਦੀ ਹੈ।
ਪ੍ਰਭੂ ਸਿਮਰਨ ਵਿੱਚ ਪੁਜਾਰੀ ਤੇ ਪੁਜਾਰਨ ਦਾ ਜੀਵਨ ਬੀਤ ਰਿਹਾ ਹੈ। ਹਾਂ ਕਦੇ ਕਦੇ ਜਦ ਪੁਜਾਰਨ ਆਪਣੇ ਵਾਲ ਖੋਲ੍ਹ ਕੇ ਸੁਕਾਉਂਦੀ ਹੈ ਤਾਂ ਉੱਥੋਂ ਨਜ਼ਰ ਆਉਂਦਾ ਤਾਰਾ ਬਾਈ ਦਾ ਕੋਠਾ ਵੇਖਕੇ ਜਿਵੇਂ ਪੁਜਾਰਨ ਆਪਣੇ ਮੱਥੇ 'ਤੇ ਵੱਟ ਜਿਹਾ ਪਾ ਲੈਂਦੀ ਹੈ ਤੇ ਜਦ ਤਾਰਾ ਕਦੀ ਪੁਜਾਰਨ ਨੂੰ ਵੇਖਦੀ ਹੈ ਤਾਂ ਬਸ ਹੱਸ ਪੈਂਦੀ ਹੈ।
ਸੜਕ ਦੇ ਦੂਜੇ ਪਾਸੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਤਾਰਾ ਦਾ ਕੋਠਾ ਹੈ। ਜਿਸ ਦਾ ਕੰਮ ਵੀ ਲੋਕਾਂ ਦੇ ਦਿਲਾਂ ਨੂੰ ਸ਼ਾਂਤੀ ਹੀ ਦੇਣਾ ਹੈ। ਇਹ ਗੱਲ ਦੂਜੀ ਹੈ ਕਿ ਉਹ ਇਹ ਸਕੂਨ ਕੋਠੇ 'ਤੇ ਦਿੰਦੀ ਹੈ, ਜਿੱਥੇ ਲੋਕੀਂ ਆਉਂਦੇ ਤਾਂ ਹਨ ਪਰ ਚੋਰੀ ਚੋਰੀ। ਦੂਜੇ ਪਾਸੇ ਸਕੂਨ ਮੰਦਰ ਦਿੰਦਾ ਹੈ, ਜਿੱਥੇ ਲੋਕੀਂ ਖੁੱਲ੍ਹੇ ਆਮ ਜਾਂਦੇ ਹਨ, ਸਗੋਂ ਉਸ ਦੀ ਆੜ ਵਿੱਚ ਪਾਪ ਨੂੰ ਨੇਕੀ ਵਿੱਚ ਬਦਲਦੇ ਹਨ।
ਤਾਰਾ ਬਾਈ ਦਾ ਕੋਠਾ ਜਿਵੇਂ ਕਿਸੇ ਹੂਰ ਦਾ ਹੁਜਰਾ ਹੋਵੇ। ਉਸ ਵਿੱਚ ਦਾਖ਼ਲ ਹੋ ਕੇ ਆਉਣ ਵਾਲੇ ਨੂੰ ਮਹਿਸੂਸ ਹੁੰਦਾ ਹੈ ਕਿ ਤਾਰਾ ਬਾਈ ਦੇ ਕੋਠੇ ਵਿੱਚ ਨਹੀਂ ਸਗੋਂ ਅਲਫ਼ ਲੈਲਾ ਦੀ ਸੁਣੀ ਕਿਸੇ ਕਹਾਣੀ ਵਾਲੀ ਰਾਤ ਦੀ ਸ਼ਹਿਜ਼ਾਦੀ ਦੇ ਸੁਪਨਿਆਂ ਦੀ ਦੁਨੀਆਂ ਵਿੱਚ ਆ ਵੜਿਆ ਹੋਵੇ। ਪੌੜੀਆਂ ਚੜ੍ਹ ਕੇ ਜਦ ਉਸਦੀ ਦਹਲੀਜ਼ 'ਤੇ ਬੰਦਾ ਆਉਂਦਾ ਹੈ ਤਾਂ ਪਹਿਲਾਂ ਆਉਂਦਾ ਹੈ ਇੱਕ ਜਾਲੀਦਾਰ ਕਾਮਦਾਨੀ ਰੇਸ਼ਮੀ ਪਰਦਾ। ਜਿਸ ਨੂੰ ਚਿਲਮਨ ਵੀ ਆਖਦੇ ਹਨ। ਉਹ ਆਉਣ ਵਾਲੇ ਅਤੇ ਤਾਰਾ ਬਾਈ ਦੇ ਦਰਮਿਆਨ ਇੱਕ ਦੀਵਾਰ ਦਾ ਕੰਮ ਕਰਦਾ ਹੈ ਜਿਸ ਨੂੰ ਬੜੀ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਪਰ ਦਰਅਸਲ ਚਿਲਮਨ ਨੂੰ ਹਟਾਉਣ ਅਤੇ ਇੱਕ ਪਾਸੇ ਕਰਨਾ ਇੰਨਾ ਆਸਾਨ ਨਹੀਂ ਜਿੰਨਾ ਉਹ ਲੱਗਦਾ ਹੈ। ਉਸ ਨੂੰ ਉਹ ਹੀ ਹਟਾ ਸਕਦਾ ਹੈ ਜੋ ਸਿਰ ਤਲੀ 'ਤੇ ਰੱਖ ਕੇ ਆਉਂਦਾ ਹੈ ਜਾਂ ਜਿਸ ਦੇ ਬਾਜੂਆਂ ਵਿੱਚ ਜਾਨ ਹੈ ਜਾਂ ਜਿਸ ਦੀ ਜੇਬ ਵਿੱਚ ਮਾਲ ਹੈ।
ਜੋ ਵੀ ਇੱਕ ਵਾਰ ਉਸ ਦੇ ਨੈਣਾਂ ਦਾ ਸ਼ਿਕਾਰ ਹੋਇਆ ਉਹ ਮੁੜ ਨਾ ਸੰਭਲ ਸਕਿਆ। ਬਹੁਤ ਸਾਰੇ ਧੜਕਦੇ ਦਿਲ ਉਸਦੀ ਚੌਖਟ 'ਤੇ ਤੜਪਦੇ ਤੇ ਮਿੱਧੇ ਵੇਖੇ ਗਏ।
ਚਿਲਮਨ ਪਾਰ ਕਰਦੇ ਹੀ ਇੱਕ ਪੂਰੇ ਕੱਦ ਦਾ ੬ ਫੁੱਟ ਤੇ ੩ ਫੁੱਟ ਆਈਨਾ ਆਉਣ ਵਾਲੇ ਦਾ ਜਿਵੇਂ ਸਵਾਗਤ ਕਰਦਾ ਹੈ। ਆਪਣੀ ਨਜ਼ਰ ਆਪ ਹੀ ਆਪ ਸ਼ੀਸ਼ੇ ਵਿੱਚ ਟਕਰਾਉਂਦੀ ਹੈ, ਜਿਵੇਂ ਆਤਮਾ ਸਰੀਰ ਨੂੰ ਸਲਾਮ ਅਰਜ਼ ਕਰਦੀ ਹੋਵੇ। ਇੱਕ ਵਾਰ ਤਾਂ ਅੰਦਰੋ ਇਸ਼ਾਰਾ ਹੁੰਦਾ ਹੈ ਕਿ ਆਉਣ ਵਾਲੇ ਕੀ ਤੂੰ ਠੀਕ ਰਸਤੇ 'ਤੇ ਹੈਂ ਪਰ ਤਾਰਾ ਦੀ ਖਿੱਚ ਇੰਨੀ ਤਕੜੀ ਹੈ ਕਿ ਆਉਣ ਵਾਲਾ ਅੰਤਰ ਆਤਮਾ ਦੀ ਆਵਾਜ਼ ਠੁਕਰਾ ਕੇ ਅੱਗੇ ਵੱਧਦਾ ਹੈ। ਸ਼ੀਸ਼ੇ ਵਿੱਚ ਆਪਣੇ ਨੈਣ ਨਕਸ਼ 'ਤੇ ਇੱਕ ਸਰਸਰੀ ਨਜ਼ਰ ਫੇਰਦਾ ਹੈ।
ਹਸਤ ਪਹਿਲੂ ਕਮਰਾ ਹੈ ਜਿਸ ਦੀ ਹਰ ਕੰਧ 'ਤੇ ਵੱਡੇ ਸਾਈਜ਼ ਦੀ ਇੱਕ ਇੱਕ ਤਸਵੀਰ ਸੁਨਹਿਰੀ ਫਰੇਮ ਵਿੱਚ ਜੜੀ ਟੰਗੀ ਹੋਈ ਹੈ। ਤਸਵੀਰਾਂ ਹਨ, ਵਸਤਰਹੀਣ ਅਤਿ ਸੁੰਦਰ ਰੂਪ ਰੇਖਾਵਾਂ ਵਾਲੀਆਂ ਈਰਾਨੀ, ਅਰਬੀ ਕਿਸਮ ਦੀਆਂ ਔਰਤਾਂ ਦੀਆਂ। ਜਿਨ੍ਹਾਂ ਨੂੰ ਵੇਖ ਕੇ ਗ਼ੁਮਾਨ ਹੁੰਦਾ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਹੀ ਕੋਈ ਪਦਮਨੀ, ਇਸਤਰੀ ਹੈ ਕੋਈ ਚਿਤਰਨੀ ਹੈ ਤੇ ਕੋਈ ਸੰਖਣੀ ਅਤੇ ਹਸਤਨੀ ਹੈ। ਛੱਤਾਂ 'ਤੇ ਵੀ ਸਾਰੇ ਸ਼ੀਸ਼ੇ ਹੀ ਲੱਗੇ ਹਨ, ਜਿਸ ਵਿੱਚ ਬੈਠ ਕੇ ਬੈਠਣ ਵਾਲੇ ਨੂੰ ਜਿਵੇਂ ਆਪਣੀ ਹਰ ਅਦਾ ਵੇਖ ਕੇ ਮਹਾਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਛੱਤ ਵਿੱਚ ਹਾਂਡੀਆਂ ਵੀ ਟੰਗੀਆਂ ਹਨ ਜਿਨ੍ਹਾਂ ਵਿੱਚ ਹਲਕੇ ਨੀਲੇ ਰੰਗ ਦੇ ਦੂਧੀਆ ਬਲਬ ਜਗਦੇ ਹਨ। ਉਨ੍ਹਾਂ ਨੂੰ ਵੇਖਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਤਾਰਾ ਬਾਈ ਨੇ ਕਿੰਨੇ ਹੀ ਚੰਨ ਉੱਥੇ ਟੰਗ ਦਿੱਤੇ ਹਨ। ਇੱਕ ਸਿਰੇ ਤੋਂ ਲੈਕੇ ਆਖ਼ਰੀ ਸਿਰੇ ਤੱਕ ਲਾਲ ਰੰਗ ਦੇ ਈਰਾਨੀ ਕਾਲੀਨ ਵਿਛੇ ਹੋਏ ਹਨ ਜੋ ਵੇਖਣ ਵਿੱਚ ਇੰਝ ਲੱਗਦੇ ਹਨ ਕਿ ਜਿਵੇਂ ਇਹ ਫ਼ਰਸ਼ ਜਬਾ ਕੁਸਮ ਦੇ ਫੁੱਲਾਂ ਦਾ ਹੀ ਹੋਵੇ। ਮਖ਼ਮਲੀ ਤਕੀਏ ਬੈਠਣ ਵਾਲਿਆਂ ਦੇ ਸਹਾਰੇ ਲਈ ਉੱਥੇ ਰੱਖੇ ਹੋਏ ਹਨ। ਪਾਸ ਹੀ ਚਾਂਦੀ ਦੇ ਪੀਕ ਦਾਨ ਅਤੇ ਸਾਰੇ ਨਾਜ਼ ਅੰਦਾਜ਼ ਅਦਬ ਅਦਾਬ ਹੁਸਨ ਅਤੇ ਸ਼ਬਾਬ ਸਾਂਭੀ ਬੈਠੀਆਂ ਕਨੀਜ਼ਾਂ ਬਾਂਦੀਆਂ ਤੇ ਕੱਚੀ ਉਮਰ ਦੀਆਂ ਖ਼ਾਸ ਲੌਂਡੀਆਂ ਜਿਨ੍ਹਾਂ ਦੀ ਬਗਲ ਵਿੱਚ ਸਜੇ ਪਏ ਹਨ ਚਾਂਦੀ ਦੇ ਤੇ ਚਾਂਦੀ ਦੀਆਂ ਹੀ ਤਸ਼ਤਰੀਆਂ ਜਿਨ੍ਹਾਂ ਵਿੱਚ ਚਾਂਦੀ ਦੇ ਵਰਕਾਂ ਨਾਲ ਲਿਪਟੇ ਪਾਨ ਬੜੇ ਸਲੀਕੇ ਨਾਲ ਰੱਖੇ ਹੋਏ ਹਨ। ਜਿਨ੍ਹਾਂ ਦੀ ਉੱਠਦੀ ਖ਼ੂਸ਼ਬੋ ਬੈਠਣ ਵਾਲਿਆਂ ਨੂੰ ਮਸਤ ਬਣਾ ਦਿੰਦੀ ਹੈ। ਸਾਰੀਆਂ ਬਾਰੀਆਂ 'ਤੇ ਜਾਲੀਦਾਰ ਪਰਦੇ ਲੱਗੇ ਹਨ। ਰੰਗਦਾਰ ਸ਼ੀਸ਼ਿਆਂ ਵਿੱਚੋਂ ਤਾਰਾ ਬਾਈ ਦੇ ਕਮਰੇ ਦੀ ਰੋਸ਼ਨੀ ਛਣ ਛਣ ਕੇ ਬਾਹਰ ਝਾਕਦੀ ਹੈ। ਇਸ ਰੋਸ਼ਨੀ ਦੀ ਝਲਕ ਨੂੰ ਪੁਜਾਰੀ ਜਦ ਵੀ ਵੇਖਦਾ ਹੈ ਤਾਂ ਬੜੀ ਨਫ਼ਰਤ ਨਾਲ ਉਸ ਵੱਲ ਤੱਕਦਾ ਹੈ।
ਹਰ ਆਉਣ ਵਾਲੇ ਨੂੰ ਤਾਰਾ ਬਾਈ ਦੀਆਂ ਬਾਂਦੀਆਂ ਪਾਨ ਪੇਸ਼ ਕਰਦੀਆਂ ਹਨ ਤੇ ਇਤਰਦਾਨੀ ਵਿੱਚੋਂ ਗੁਲਾਬ ਦੀ ਇਤਰ ਦੀ ਫੁਰੇਰੀ ਲਾਉਂਦੀਆਂ ਹਨ ਤਾਂ ਮਸਤੀ ਦਾ ਉਹ ਆਲਮ ਪਸਰਦਾ ਹੈ ਕਿ ਆਉਣ ਵਾਲੇ ਆਪਣਾ ਆਪ ਭੁੱਲ ਜਾਂਦੇ ਹਨ। ਉਸ ਨੂੰ ਲੱਗਦਾ ਹੈ ਕਿ ਮੈਂ ਤਾਰਾ ਬਾਈ ਦੇ ਕੋਠੇ 'ਤੇ ਨਹੀਂ ਆਇਆ ਸਗੋਂ ਕਾਮਦੇਵ ਦੀ ਇਸਤਰੀ ਰੱਤੀ ਦੇ ਵਿਲਾਸ ਭਵਨ ਵਿੱਚ ਆ ਵੜਿਆ ਹਾਂ।
ਆਪਣੀ ਪਤਲੀ ਤੇ ਨੰਗੀ ਕਮਰ ਨੂੰ ਜਦ ਤਾਰਾ ਵਲ ਦੁਆ ਕੇ ਨੱਚਦੀ ਹੈ... ਨੱਚਦੀ ਨੱਚਦੀ ਜਦ ਉਹ ਖ਼ਾਸ ਵਿਅਕਤੀ ਸਾਹਮਣੇ ਰੁਕ ਕੇ ਸਾਹ ਲੈਂਦੀ ਹੈ ਤਾਂ ਉਸ ਦੀਆਂ ਛਾਤੀਆਂ ਦੇ ਉਭਾਰ ਉਸ ਵੇਲੇ ਜਦ ਉੱਪਰ ਨੀਚੇ ਹੁੰਦੇ ਹਨ ਤਾਂ ਲੋਕ ਅਸ਼ ਅਸ਼ ਕਰ ਉੱਠਦੇ ਹਨ। ਜੋਸ਼ ਵਿੱਚ ਤਾਰਾ ਬਾਈ 'ਤੇ ਨੋਟਾਂ ਦਾ ਜਿਵੇਂ ਮੀਂਹ ਬਰਸ ਪੈਂਦਾ ਹੈ। ਲਕਸ਼ਮੀ ਉਸਦੇ ਪੈਰਾਂ ਵਿੱਚ ਮਿੱਧੀ ਜਾਂਦੀ ਹੈ। ਉਦੋਂ ਤਾਂ ਕਮਾਲ ਹੀ ਹੋ ਜਾਂਦੀ ਹੈ ਜਦ ਉਹ ਕੋਇਲ ਵਰਗੀ ਆਵਾਜ਼ ਵਿੱਚ ਇਹ ਗੀਤ ਗਾਉਂਦੀ ਹੈ:
"ਦੁਪੱਟਾ ਮੇਰਾ ਅਸ਼ਰਫੀ ਗਜ਼ ਲੀਨਾ।" ਆਸ਼ਕ ਤੜਫ ਉੱਠਦੇ ਹਨ ਅਤੇ ਤਾਰਾ ਦਿਲ ਹੀ ਦਿਲ ਵਿੱਚ ਮੁਸਕੁਰਾਉਂਦੀ ਹੈ ਤੇ ਆਪਣੇ ਫ਼ਨ 'ਤੇ ਨਾਜ਼ ਕਰਦੀ ਹੈ। ਉਹ ਸੋਚਦੀ ਹੈ ਤੇ ਇਸ ਫੈਸਲੇ 'ਤੇ ਸੰਤੋਸ਼ ਕਰਦੀ ਹੈ ਕਿ ਮੈਂ ਵੀ ਲੋਕਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੀ ਹੈ।
ਸੜਕ ਤੋਂ ਜੋ ਕੋਈ ਵੀ ਲੰਘਦਾ ਹੈ ਤੇ ਉਸ ਲੰਘਣ ਵਾਲੇ ਦਾ ਧਿਆਨ ਸੜਕ ਦੇ ਇਸ ਪਾਰ ਤਾਰਾ ਦੇ ਕੋਠੇ 'ਤੇ ਅਤੇ ਉਸ ਪਾਰ ਮੰਦਰ 'ਤੇ ਜਾਂਦਾ ਹੈ ਤਾਂ ਲੰਘਣ ਵਾਲੇ ਨੂੰ ਮੰਦਰ ਵੇਖ ਕੇ ਇਹ ਅਨੁਭਵ ਹੁੰਦਾ ਹੈ ਕਿ ਮੰਦਰ ਦੀ ਹਰ ਇੱਟ ਵਿੱਚੋਂ ਰਾਮ ਬੋਲ ਰਿਹਾ ਹੈ। ਦੂਜੇ ਪਾਸੇ ਤਾਰਾ ਬਾਈ ਦੇ ਕੋਠੇ ਦੀ ਹਰ ਬਾਰੀ ਵਿੱਚੋਂ ਐਸ਼ ਰਾਗ ਰੰਗ ਦੀ ਫੁਆਰ ਫੁੱਟ-ਫੁੱਟ ਬਾਹਰ ਵਗ ਰਹੀ ਹੈ। ਤਾਰਾ ਬਾਈ ਦੇ ਕੋਠੇ ਦੇ ਝਰੋਖਿਆਂ ਤੇ ਕੰਧਾਂ ਵਿੱਚੋਂ ਸਾਰੰਗੀ ਦੇ ਗਜ਼ਾਂ ਵਿੱਚੋਂ ਨਿਕਲਦੇ ਸੁਰ ਅਤੇ ਮੁਰਕੀਆਂ ਅਤੇ ਤਬਲੇ ਦੀਆਂ ਥਾਪਾਂ, ਘੁੰਗਰੂਆਂ ਦੀ ਛਮ ਛਮਾ ਛਮ, ਉਸ ਦੇ ਕੋਇਲ ਵਰਗੇ ਬੋਲ, ਉਸ ਦੇ ਹਾਸੇ ਤੇ ਵਾਹ ਵਾਹ ਦੀਆਂ ਆਵਾਜ਼ਾਂ ਆਉਂਦੀਆਂ ਹਨ। ਕਸਤੂਰੀ ਅੰਬਰ ਤੇ ਗੁਲਾਬ ਦੀ ਮਹਿਕ ਜਿਵੇਂ ਵੇਖਣ ਵਾਲੇ ਨੂੰ ਐਸ਼ ਦਾ ਸੱਦਾ ਦਿੰਦੇ ਹੋਣ।
ਦੋਵੇਂ ਹੀ ਥਾਵਾਂ ਖਿੱਚ ਦਾ ਕੇਂਦਰ ਹਨ। ਮਨ ਨੂੰ ਸ਼ਾਂਤੀ ਦੋਵੇਂ ਹੀ ਦਿੰਦੀਆਂ ਹਨ। ਫਰਕ ਕੇਵਲ ਇੰਨਾ ਹੀ ਹੈ ਕਿ ਮੰਦਰ ਦੇ ਭਗਵਾਨ ਪੱਥਰ ਦੇ ਹਨ ਤੇ ਕੋਠੇ ਦਾ ਭਗਵਾਨ ਹੱਡ ਤੇ ਮਾਸ ਦਾ ਚੰਮ ਹੈ। ਦੋਵੇਂ ਹੀ ਆਪਣੀ ਅੜ ਦੇ ਪੱਕੇ ਹਨ ਆਪਣੀ ਧੁਨ ਦੇ ਧਨੀ ਹਨ।
ਬਾਜ਼ਾਰ ਚੱਲ ਰਿਹਾ ਹੈ; ਦਿਨ ਉਗਦਾ ਰਾਤ ਪਸਰਦੀ ਹੈ। ਇੱਕ ਟਕਰਾਓ ਜਾਰੀ ਹੈ। ਦਿਨ ਅਤੇ ਰਾਤ ਦਾ, ਗ਼ਰੀਬੀ ਤੇ ਅਮੀਰੀ ਦਾ, ਅਨਪੜ੍ਹ ਤੇ ਪੜ੍ਹੇ ਦਾ। ਟਕਰਾਓ ਆਪਸ ਵਿੱਚ ਵੀ ਹੈ।ਆਦਮੀ ਆਦਮੀ ਦਾ। ਈਰਖਾ ਹੈ ਕਿਸੀ ਨਾ ਕਿਸੀ ਦੀ ਕਿਸੇ ਨਾ ਕਿਸੇ ਰੂਪ ਵਿੱਚ। ਜਿਵੇਂ ਪੁਜਾਰੀ ਤੇ ਤਾਰਾ ਦੀ। ਦੋ ਸਮਾਨ ਅੰਤਰ ਰੇਖਾਵਾਂ ਬਰਾਬਰ ਬਰਾਬਰ ਚੱਲ ਰਹੀਆਂ ਹਨ। ਨਦੀ ਦੇ ਕਿਨਾਰਿਆਂ ਵਾਂਗ। ਇਹ ਕਿਵੇਂ ਮਿਲਦੇ ਹਨ? ਬਸ ਇਹ ਹੀ ਗੱਲ ਵੇਖਣ ਵਾਲੀ ਹੈ।
ਇਤਫ਼ਾਕ ਨਾਲ ਜਾਂ ਕਦੀ ਕਦੀ ਤਾਰਾ ਦੀ ਅੱਖ ਪੁਜਾਰੀ ਦੀ ਅੱਖ ਨਾਲ ਮਿਲਦੀ ਹੈ ਤਾਂ ਜਿਵੇਂ ਉਸ ਵੇਲੇ ਪੁਜਾਰੀ ਦੀਆਂ ਅੱਖਾਂ ਵਿੱਚ ਤਾਰਾ ਦੇ ਵਿਰੁੱਧ ਕਰੋਧ ਹੀ ਕਰੋਧ ਫੁੱਟਦਾ ਹੈ, ਨਫ਼ਰਤ ਹੀ ਨਫ਼ਰਤ ਨਿਕਲਦੀ ਹੈ। ਨਿਰਾ ਤਿਰਸਕਾਰ ਹੀ ਵਿਖਾਈ ਦਿੰਦਾ ਹੈ। ਮੱਥੇ 'ਤੇ ਤਿਉੜੀਆਂ ਪੈ ਜਾਂਦੀਆਂ ਹਨ ਤੇ ਮੂੰਹ ਗ਼ੁੱਸੇ ਵਿੱਚ ਲਾਲ ਹੋ ਜਾਂਦਾ ਹੈ, ਕਿਉਂ ਜੋ ਤਾਰਾ ਦਾ ਕੋਠਾ ਉਸ ਦੀ ਨਿਗ਼ਾਹ ਵਿੱਚ ਇੱਕ ਕਲੰਕ ਹੈ, ਇੱਕ ਭੈੜਾ ਦਾਗ਼ ਹੈ ਇੱਕ ਨਾਸੂਰ ਹੈ। ਪਰ ਤਾਰਾ ਹੱਸਦੀ, ਹੱਸਦੀ ਅੱਖਾਂ ਅੱਖਾਂ ਵਿੱਚ ਪੁਜਾਰੀ ਨੂੰ ਸਲਾਮ ਅਰਜ਼ ਕਰਦੀ ਤੇ ਨੈਣਾਂ ਦੁਆਰਾ ਇਹ ਸੁਨੇਹਾ ਪਹੁੰਚਾਉਂਦੀ ਹੈ। 'ਪੁਜਾਰੀ ਜੀ ਕਿਉਂ ਗ਼ੁੱਸਾ ਕਰਦੇ ਹੋ, ਮੈਂ ਕੀ ਕਰਾਂ? ਮੈਂ ਵੀ ਤਾਂ ਮਜਬੂਰ ਹਾਂ। ਮੇਰੇ ਜ਼ਿੰਮੇ ਵੀ ਇਹ ਕੰਮ ਸਮਾਜ ਨੇ ਹੀ ਸੌਂਪਿਆ ਹੈ। ਮੈਂ ਇਸ ਰਾਹੀਂ ਲੋਕਾਂ ਦੀ ਸੇਵਾ ਕਰਦੀ ਹਾਂ। ਜੇ ਤੁਸੀਂ ਲੋਕਾਂ ਨੂੰ ਠੀਕ ਰਸਤੇ 'ਤੇ ਪਾਉਂਦੇ ਹੋ ਤਾਂ ਮੇਰਾ ਵੀ ਇੱਕ ਅਭਿਨੈ ਹੈ, ਜੋ ਮੈਂ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰ ਰਹੀ ਹਾਂ। ਜੇ ਮੈਂ ਨਾ ਵੀ ਚਾਹਾਂ ਤਾਂ ਵੀ ਮੈਨੂੰ ਹੱਸਣਾ ਪੈਂਦਾ ਹੈ। ਜੇ ਥੱਕੀ ਹੋਵਾਂ ਤਾਂ ਵੀ ਨੱਚਣਾ ਪੈਂਦਾ ਹੈ। ਰਾਜੇ ਤੋਂ ਲੈ ਕੇ ਰੰਕ ਤੱਕ ਨੂੰ ਮੈਂ ਰਿਝਾਉਂਦੀ ਹਾਂ। ਸੁੰਦਰ ਤੋਂ ਲੈ ਕੇ ਕੋਹੜੀ ਤੱਕ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਹਾਂ। ਤੁਹਾਡੀ ਸਾਰੀ ਗੰਦਗੀ ਨੂੰ ਇੱਕ ਥਾਂ 'ਤੇ ਇਕੱਠੀ ਕਰਦੀ ਹਾਂ। ਆਪਣੇ ਪੇਸ਼ੇ ਨੂੰ ਪੀੜ੍ਹੀ ਦਰ ਪੀੜ੍ਹੀ ਈਮਾਨਦਾਰੀ ਨਾਲ ਚਲਾ ਰਹੀ ਹਾਂ। ਨਾ ਇਸ ਵਿੱਚ ਘੱਟ ਤੋਲ ਹੈ, ਨਾ ਮਿਲਾਵਟ ਹੈ, ਨਾ ਝੂਠ ਹੈ, ਨਾ ਧੋਖਾ ਹੈ। ਆਪਣਾ ਹੁਸਨ ਵੇਚਦੀ ਹਾਂ ਜਿਸਦਾ ਜੀਅ ਚਾਹੇ ਲੈ ਲਵੇ। ਇਹ ਵਿਸ਼ਾ ਦੂਜਾ ਹੈ ਕਿ ਇਹ ਮੈਂ ਕਿਸ ਦਿਲ ਨਾਲ ਕਰਦੀ ਹਾਂ। ਹੱਕ ਦੀ ਕਮਾਈ ਹੈ। ਧੋਖਾ ਧੜੀ ਨਹੀਂ। ਜ਼ਰਾ ਸੋਚੋ। ਕੀ ਮੇਰਾ ਦਿਲ ਨਹੀਂ ਕਰਦਾ ਕਿ ਮੇਰੇ ਪੁੱਤਰ ਹੋਵੇ। ਮੈਂ ਕਿਸੇ ਦੀ ਸੁਆਣੀ ਬਣਾਂ। ਕਿਸੇ ਘਰ ਦੀ ਮਾਲਕਣ ਹੋਵਾਂ। ਕਦੀ ਸੋਚਿਆ ਹੈ ਕਿ ਕਦੀ ਮੇਰਾ ਸਿਰ ਨਹੀਂ ਦੁਖਿਆ, ਕੀ ਕਦੀ ਮੈਂ ਬੀਮਾਰ ਨਹੀਂ ਹੁੰਦੀ? ਕੀ ਮੈਂ ਥੱਕਦੀ ਨਹੀਂ? ਕੀ ਮੈਂ ਪੱਥਰ ਦੀ ਹਾਂ, ਹਾਂ... ਪੁਜਾਰੀ ਸੱਚ ਮੁੱਚ ਮੈਂ ਪੱਥਰ ਦੀ ਹਾਂ। ਠੀਕ ਹੈ, ਕਹਾਵਤ ਮਸ਼ਹੂਰ ਹੈ ਕਿ ਸਰਕਾਰੀ ਘੰਟਾ ਤੇ ਰੰਡੀ... ਕਦੀ ਬੰਦ ਨਹੀਂ ਹੁੰਦਾ, ਚਾਹੇ ਕੁਝ ਵੀ ਹੋ ਜਾਵੇ। ਕਦੀ ਤੁਸੀਂ ਵੀ ਤਾਂ ਦਰਸ਼ਨ ਦੇ ਕੇ ਵੇਖੋ।'
ਬਸ ਇਵੇਂ ਹੀ ਦੋਵੇਂ ਆਪਣਾ ਆਪਣਾ ਕਾਰੋਬਾਰ ਕਰ ਰਹੇ ਹਨ।
ਪਲ ਬੀਤੇ, ਘੜੀਆਂ ਬੀਤੀਆਂ, ਦਿਨ ਬੀਤੇ, ਮਹੀਨੇ ਬੀਤੇ, ਸਾਲ ਬੀਤੇ ਅਤੇ ਸਮੇਂ ਨੇ ਕਰਵਟ ਲਿੱਤੀ।ਕਰਨਾ ਕੀ ਹੋਇਆ। ਪੁਜਾਰੀ ਜੀ ਦੀ ਪਤਨੀ ਦਾ ਅਚਾਨਕ ਦੇਹਾਂਤ ਹੋ ਗਿਆ। ਪੁਜਾਰੀ ਇਕੱਲਾ ਹੀ ਰਹਿ ਗਿਆ। ਨਾ ਕੋਈ ਬੱਚਾ ਨਾ ਕੋਈ ਰਿਸ਼ਤੇਦਾਰ। ਜਿਵੇਂ ਲਾਟੂ ਆਪਣੀ ਰਫ਼ਤਾਰ ਨਾਲ ਆਪ ਹੀ ਘੁੰਮਦਾ ਰਹਿੰਦਾ ਹੈ, ਉਸੇ ਤਰ੍ਹਾਂ ਪੁਜਾਰਨ ਦੇ ਮਰਨ ਪਿੱਛੋਂ ਪੁਜਾਰੀ ਉਸ ਦੇ ਗ਼ਮ ਵਿੱਚ, ਉਸ ਦੀ ਯਾਦ ਵਿੱਚ, ਪ੍ਰਭੂ ਭਗਤੀ ਵਿੱਚ ਸਾਲ ਦੋ ਸਾਲ ਇਸ ਤਰ੍ਹਾਂ ਲੰਘਾ ਦਿੰਦਾ ਹੈ। ਓਹੀ ਰੋਜ਼ ਦਾ ਚੱਕਰ। ਪਰ ਹੌਲੀ ਹੌਲੀ ਪੁਜਾਰਨ ਦੀ ਮੌਤ ਦਾ ਜ਼ਖ਼ਮ ਭਰਦਾ ਗਿਆ। ਜਿਵੇਂ ਭੁੱਖ ਲੱਗਦੀ ਹੈ, ਨੀਂਦ ਆਉਂਦੀ ਹੈ, ਜਿਵੇਂ ਕਰੋਧ ਆਉਂਦਾ ਹੈ, ਇਵੇਂ ਕਾਮ ਨੇ ਵੀ ਪੁਜਾਰੀ ਨੂੰ ਪਰੇਸ਼ਾਨ ਕਰਨਾ ਆਰੰਭ ਕਰ ਦਿੱਤਾ। ਆਖ਼ਿਰ ਇਹ ਸਰੀਰ ਪੰਜ ਤੱਤਾਂ ਦਾ ਪੁਤਲਾ ਹੈ। ਰੱਬ ਨੇ ਸਾਰੀਆਂ ਹੀ ਪ੍ਰਕਿਰਤੀਆਂ ਸਰੀਰ ਵਿੱਚ ਗੁੰਦ ਕੇ ਹੀ ਸਰੀਰ ਦੀ ਸਿਰਜਨਾ ਕੀਤੀ ਹੈ। ਕਦ ਤੱਕ ਕੋਈ ਵਕਤ ਕੱਟ ਸਕਦਾ ਹੈ। ਫਿਰ ਚੰਗਾ ਖਾਣਾ, ਆਲੇ ਦੁਆਲੇ ਜੁਆਨ ਪਿੰਡੇ, ਰੇਸ਼ਮੀ ਵਸਤਰ, ਮਹਿਕ ਭਰੇ ਸਰੀਰਾਂ ਨਾਲ ਸੰਗ ਕਾਮ ਨੂੰ ਹੋਰ ਚਮਕਾ ਦਿੰਦਾ ਹੈ।
ਦਿਨ ਤਾਂ ਪੁਜਾਰੀ ਦਾ ਔਖੇ ਸੌਖੇ ਦੱਬ ਘੁੱਟ ਕੇ ਮੰਦਰ ਦੀ ਸੇਵਾ ਅਰਚਨਾ ਵਿੱਚ ਲੰਘ ਜਾਂਦਾ ਪਰ ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ। ਪਾਸੇ ਲੈ ਲੈ ਉਹ ਮੰਜੀ ਦੀਆਂ ਚੂਲਾਂ ਹਿਲਾ ਛੱਡਦਾ ਹੈ। ਰਾਤ ਲੰਮੀ, ਕਾਲੀ ਉਸ ਨੂੰ ਖਾਣ ਨੂੰ ਆਉਂਦੀ ਹੈ। ਪੁਜਾਰੀ ਆਯੂ ਦੇ ਇਸ ਪੜਾ 'ਤੇ ਹੈ ਜਿਸ ਵਿੱਚ ਤੀਵੀਂ ਦੀ ਮਨੁੱਖ ਨੂੰ ਬੜੀ ਲੋੜ ਹੁੰਦੀ ਹੈ।
ਉਸ ਨੂੰ ਆਪਣੀ ਪਤਨੀ ਦੀ ਯਾਦ ਆਉਂਦੀ ਹੈ। ਉਸ ਦੀਆਂ ਲੰਮੀਆਂ ਕਾਲੀਆਂ ਜ਼ੁਲਫ਼ਾਂ ਦੀ ਮਹਿਕ ਉਸ ਦੇ ਨਥਣਿਆਂ ਵਿੱਚ ਜਿਵੇਂ ਸਮਾਈ ਹੀ ਰਹਿੰਦੀ ਹੈ। ਸਰਦੀ ਦੀ ਰੁੱਤ ਵਿੱਚ ਉਹ ਰਾਤਾਂ ਉਸ ਨੂੰ ਸੱਪ ਦੇ ਡੰਗ ਵਾਂਗ ਡੱਸਦੀਆਂ ਹਨ, ਜਿਨ੍ਹਾਂ ਰਾਤਾਂ ਵਿੱਚ ਉਹ ਪੁਜਾਰਨ ਨਾਲ ਗਲਵਕੜੀ ਪਾ ਕੇ ਸੌਂਦਾ ਸੀ।
ਪਏ ਪਏ ਕਦੀ ਬੱਤੀ ਬੁਝਾਉਂਦਾ ਹੈ, ਕਦੀ ਜਲਾਉਂਦਾ ਹੈ। ਜਦ ਕਦੇ ਉਸ ਦੀ ਨਿਗ਼ਾਹ ਲਕਸ਼ਮੀ ਨਰਾਇਣ ਦੀ ਜੋੜੀ ਦੀ ਮੂਰਤੀ ਵੱਲ ਜਾਂਦੀ ਹੈ ਤਾਂ ਜਿਵੇਂ ਉਸ ਦੇ ਮਨ ਵਿੱਚ ਇੱਕ ਈਰਾ ਜਾਗ ਉੱਠਦੀ ਹੈ। ਪੁਜਾਰੀ ਦੇ ਕਮਰੇ ਦੀ ਤਾਕੀ ਨਾਲ ਬਣੇ ਬਰਾਂਡੇ ਵਿੱਚ ਲੱਗੇ ਕੈਲੰਡਰ ਨੂੰ, ਜੋ ਕਈ ਸਾਲ ਤੋਂ ਉੱਥੇ ਟੰਗਿਆ ਹੋਇਆ ਸੀ, ਜਿਸ ਵੱਲ ਉਸ ਨੇ ਕਦੀ ਧਿਆਨ ਨਹੀਂ ਦਿੱਤਾ ਸੀ, ਇੱਕ ਰਾਤ ਜਦ ਉਸਦੀ ਨੀਂਦ ਟੁੱਟੀ ਤਾਂ ਤਾਕੀ ਵਿੱਚੋਂ ਪੁਜਾਰੀ ਦੀਆਂ ਅੱਖਾਂ ਉਸ ਕੈਲੰਡਰ 'ਤੇ ਜਾ ਟਿਕੀਆਂ ਹਨ। ਕੈਲੰਡਰ ਹਵਾ ਨਾਲ ਘੜੀ ਮੁੜੀ ਉੱਡ ਰਿਹਾ ਹੈ। ਜਿਸ ਵਿੱਚ ਰਿਸ਼ੀ ਵਿਸ਼ਵਾ ਮਿੱਤਰ ਦੇ ਤੱਪ ਨੂੰ ਮੇਨਕਾ ਭ੍ਰਿਸ਼ਟ ਕਰਦੀ ਹੈ, ਉਸ ਦੀਆਂ ਅੱਖਾਂ ਸਾਹਮਣੇ ਫੜ ਫੜਾ ਰਿਹਾ ਨੂੰ। ਜਿਵੇਂ ਕੈਲੰਡਰ ਨੇ ਉਸ ਦੇ ਅੰਦਰ ਨੂੰ ਹਲੂਣਾ ਦੇ ਦਿੱਤਾ ਹੋਵੇ ਤੇ ਇੱਕ ਆਧਾਰ ਉਸ ਦੇ ਚਿੱਤ ਵਿੱਚ ਕਾਇਮ ਕਰ ਦਿੱਤਾ ਹੋਵੇ। ਕੈਲੰਡਰ ਵਾਲੇ ਰਿਸ਼ੀ ਵਿਸ਼ਵਾ ਮਿੱਤਰ ਅਤੇ ਮੇਨਕਾ ਨੇ ਇੱਕ ਬਹਾਨੇ ਦਾ ਸਹਾਰਾ ਪੁਜਾਰੀ ਦੇ ਮਨ ਵਿੱਚ ਪੈਦਾ ਕਰ ਦਿੱਤਾ। ਪੁਜਾਰੀ ਦਾ ਹੌਂਸਲਾ ਵਧਿਆ। ਕਲਾਕ ਦੇ ਪੈਂਡੂਲਮ ਦੀ ਤਰ੍ਹਾਂ ਉਸ ਦੇ ਦਿਲ ਦਾ ਪੈਂਡੂਲਮ ਵੀ ਹਿੱਲ ਰਿਹਾ ਹੈ। ਚਾਰੋਂ ਪਾਸੇ ਚੁੱਪ ਹੈ। ਪਰ ਪੁਜਾਰੀ ਦੇ ਮਨ ਵਿੱਚ ਸੌ ਤੁਫ਼ਾਨਾਂ ਦਾ ਸ਼ੋਰ ਹੈ। ਉਸ ਦੀ ਦੁਨੀਆਂ ਵਿੱਚ ਜਿਵੇਂ ਭੂਚਾਲ ਜਿਹਾ ਆ ਗਿਆ ਹੈ। ਰਿਸ਼ੀ ਵਿਸ਼ਵਾ ਮਿੱਤਰ ਵੀ ਨਹੀਂ ਟਿੱਕ ਸਕੇ ਤਾਂ ਮੇਰੀ ਕੀ ਹਸਤੀ ਹੈ? ਮੰਜੇ 'ਤੇ ਪਏ ਪਏ ਉਸ ਦੇ ਦਿਲ ਵਿੱਚ ਇਹ ਗੱਲ ਸਮਾ ਗਈ; ਤੇ ਉਸ ਦੀ ਨਜ਼ਰ ਮੰਦਰ ਦੇ ਕਲਸ਼ ਦੇ ਬਰਾਬਰ ਵਾਲੇ ਕੋਠੇ 'ਤੇ ਗਈ।
ਰਾਤ ਦੀ ਖ਼ਾਮੋਸ਼ੀ ਗ਼ਜ਼ਲਾਂ ਦੇ ਧੀਮੇ ਬੋਲ, ਹਾਸੇ, ਤਬਲਿਆਂ ਦੀਆਂ ਥਾਪਾਂ ਤੇ ਘੁੰਗਰੂਆਂ ਦੀ ਆਵਾਜ਼ ਜਿਵੇਂ ਉਸ ਨੂੰ ਤੜਪਾ ਰਹੀਆਂ ਹਨ। ਜਿਸ ਪ੍ਰਕਾਰ ਕੋਈ ਭੁੱਖਾ ਸ਼ਾਨਦਾਰ ਹੋਟਲ ਦੇ ਵਿਅੰਜਨਾਂ ਦੀ ਖ਼ੁਸ਼ਬੂ ਅਤੇ ਪਲੇਟਾਂ ਦੇ ਖੜਕੇ ਤੋਂ ਬੇਹਾਲ ਹੋ ਜਾਂਦਾ ਹੈ ਅਤੇ ਭੁੱਖ ਨੂੰ ਮਿਟਾਉਣ ਲਈ ਖਾਣਾ ਨਹੀਂ ਆਉਂਦਾ, ਉਹੀ ਹਾਲ ਹੁਣ ਪੁਜਾਰੀ ਦਾ ਹੈ।
ਤਾਰਾ ਜੋ ਪੁਜਾਰੀ ਦੇ ਅਚੇਤ ਮਨ ਦੀਆਂ ਪਰਤਾਂ ਤੋਂ ਬਾਹਰ ਆ ਗਈ ਹੈ। ਪੁਜਾਰੀ ਨੇ ਬਹੁਤ ਯਤਨ ਕੀਤੇ ਕਿ ਉਧਰੋਂ ਮੂੰਹ ਮੋੜੇ। ਤਾਕੀਆਂ ਬੰਦ ਕੀਤੀਆਂ, ਕੰਨਾਂ ਵਿੱਚ ਉਂਗਲਾਂ ਦਿੱਤੀਆਂ ਤਾਂ ਜੋ ਤਾਰਾ ਬਾਈ ਦੇ ਕੋਠੇ ਤੋਂ ਆ ਰਹੇ ਬੋਲ ਉਸ ਨੂੰ ਸੁਣਾਈ ਨਾ ਦੇਣ। ਪਰ ਫਿਰ ਵੀ ਉਸ ਦੇ ਬੋਲ ਉਸ ਦੇ ਹਾਸੇ ਉਸ ਦੇ ਕੰਨਾਂ ਵਿੱਚ ਵੱਜ ਰਹੇ ਸਨ। ਅੱਖਾਂ ਬੇਸ਼ੱਕ ਬੰਦ ਸਨ, ਪਰ ਸਾਰੇ ਦ੍ਰਿਸ਼ ਜਿਵੇਂ ਤਾਰਾ ਦਾ ਨੰਗਾ ਬਦਨ, ਉਸ ਦੇ ਸਾਹਮਣੇ ਘੁੰਮ ਗਿਆ। ਰਿਸ਼ੀ ਵਿਸ਼ਵਾ ਮਿੱਤਰ ਵਾਲਾ ਕੈਲੰਡਰ ਉਸ ਦੇ ਸਾਹਮਣੇ ਵਾਰ ਵਾਰ ਹਿੱਲ ਰਿਹਾ ਹੈ ਤੇ ਲਕਸ਼ਮੀ ਨਰਾਇਣ ਦੀ ਜੋੜੀ ਜਿਵੇਂ ਹੱਸ ਰਹੀ ਹੋਵੇ।
ਪੁਜਾਰੀ ਹੈਰਾਨ ਹੈ। ਸਰਦੀ ਦੀ ਕਹਿਰਾਂ ਭਰੀ ਰਾਤ ਵਿੱਚ ਉਹ ਪਸੀਨੇ ਨਾਲ ਭਿੱਜ ਗਿਆ ਹੈ। ਇੰਨੀ ਗਰਮੀ ਕਿੱਥੋਂ ਆਈ? ਉਹ ਸੋਚਦਾ ਹੈ। ਮਿਰਚਾਂ ਤੇ ਗਰਮ ਚੀਜ਼ਾਂ ਤਾਂ ਉਸ ਨੇ ਪੁਜਾਰਨ ਦੇ ਸਾਥ ਛੱਡਣ ਤੋਂ ਫੌਰਨ ਬਾਅਦ ਹੀ ਖਾਣੀਆਂ ਬੰਦ ਕਰ ਦਿੱਤੀਆਂ ਸਨ। ਫਿਰ ਇਹ ਅੱਗ ਦਾ ਭਾਂਬੜ? ਉਹ ਉੱਠਦਾ ਹੈ, ਪੰਪ ਤੋਂ ਪਾਣੀ ਦੀ ਬਾਲਟੀ ਭਰ ਕੇ ਨਹਾਉਂਦਾ ਹੈ। ਪਰ ਅੱਗ ਹੈ ਕਿ ਉਹਦੇ ਅੰਦਰ ਭੜਕਦੀ ਹੀ ਜਾ ਰਹੀ ਹੈ।
ਮੰਦਰ ਦੀ ਛੱਤ 'ਤੇ ਚੜ੍ਹ ਕੇ ਤਾਰਾ ਬਾਈ ਦੇ ਕੋਠੇ 'ਤੇ ਝਾਤ ਮਾਰਦਾ ਹੈ। ਕੋਠੇ ਦੇ ਸ਼ੀਸ਼ਿਆਂ ਵਿੱਚੋਂ ਜਿਵੇਂ ਇੱਕ ਪਰਛਾਵਾਂ ਵਾਲ ਖੋਲ੍ਹੀ ਬਾਹਾਂ ਨੂੰ ਪਸਾਰ ਕੇ ਅੰਗੜਾਈ ਲੈ ਰਿਹਾ ਹੋਵੇ ਤੇ ਇਸ਼ਾਰਾ ਕਰ ਰਿਹਾ ਹੋਵੇ। ਆਪਣੇ ਪਾਸ ਆਉਣ ਦਾ ਤੇ ਕਹਿ ਰਿਹਾ ਹੋਵੇ ਕੇ ਜੇ ਦੇਰ ਹੋ ਗਈ ਤਾਂ ਮੈਂ ਸੌਂ ਜਾਣਾ ਹੈ।
ਸਾਰੇ ਗਾਹਕ, ਸਾਰੇ ਰਈਸ ਇਸ ਵੇਲੇ ਚਲੇ ਗਏ ਹਨ। ਕੇਵਲ ਓਹੀ ਪਾਗ਼ਲ ਤਾਰਾ ਬਾਈ ਦੀਆਂ ਪੌੜੀਆਂ ਥੱਲੇ ਬੈਠਾ ਕਦੀ ਕਦੀ ਭਿਆਨਕ ਹਾਸੀ ਹੱਸਦਾ ਹੈ ਤੇ ਰਾਤ ਦੀ ਚੁੱਪ ਨੂੰ ਤੋੜਦਾ ਹੈ।
ਬੇਸ਼ੱਕ ਰਾਤ ਭਿਆਨਕ ਚੁੱਪ ਸਾਧੀ ਹੋਈ ਸੀ, ਉਧਰ ਪੁਜਾਰੀ ਦੇ ਮਨ ਵਿੱਚ ਖ਼ੌਫ਼ਨਾਕ ਤੂਫ਼ਾਨ ਜਾਗ ਉੱਠਿਆ ਹੈ। ਜੋ ਬੰਦਸ਼ਾਂ ਨਾਲ ਟਕਰਾ ਟਕਰਾ ਕੇ ਸਾਰੇ ਕਿਨਾਰੇ ਤੋੜ ਕੇ ਚਾਰੇ ਪਾਸੇ ਫੈਲ ਜਾਣਾ ਲੋਚਦਾ ਹੈ। ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ। ਮੰਦਰ ਦੀ ਛੱਤ ਤੋਂ ਹੇਠਾ ਉੱਤਰਦਾ ਹੈ। ਮੰਦਰ ਦੇ ਦਰਵਾਜ਼ੇ ਵਿੱਚ ਖੜੋ ਕੇ ਸੱਜੇ ਖੱਬੇ ਝਾਕਦਾ ਹੈ ਅਤੇ ਦੌੜ ਕੇ ਸੜਕ ਪਾਰ ਕਰਦਾ ਹੈ। ਬਿਜਲੀ ਦੀ ਫੁਰਤੀ ਨਾਲ ਨੰਗੇ ਪੈਰੀਂ ਤਾਰਾ ਬਾਈ ਦੇ ਕੋਠੇ ਦੀਆਂ ਪੌੜੀਆਂ ਚੜ੍ਹਦਾ ਹੈ।
ਪੌੜੀਆਂ ਵਿੱਚ ਬੈਠਾ ਪਾਗ਼ਲ ਹਾਸਾ ਹੱਸਦਾ ਹੈ ਅਤੇ ਕਹਿੰਦਾ ਹੈ, "ਬਰਫ਼ ਦਾ ਆਦਮੀ ਪਿਘਲ ਗਿਆ ਹੈ।"

  • ਮੁੱਖ ਪੰਨਾ : ਕਹਾਣੀਆਂ, ਕ੍ਰਿਸ਼ਨ ਬੇਤਾਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ