Berian : Principal Sujan Singh

ਬੇਰੀਆਂ (ਲੇਖ) : ਪ੍ਰਿੰਸੀਪਲ ਸੁਜਾਨ ਸਿੰਘ

ਸਮੁੱਚੇ ਪੰਜਾਬ ਦੇ ਚਿੱਤਰ ਵਿਚੋਂ ਜੇ ਬੇਰੀਆਂ ਕੱਢ ਦਿੱਤੀਆਂ ਜਾਣ, ਤਾਂ ਪੰਜਾਬ ਉਕਾ ਹੀ ਪੰਜਾਬ ਨਹੀਂ ਰਹਿੰਦਾ। ਜੇ ਕਿਤੇ ਬੇਰੀਆਂ ਹਿੰਦੂ, ਸਿੱਖ ਅਤੇ ਮੁਸਲਮਾਨ ਬੇਰੀਆਂ ਹੁੰਦੀਆਂ ਤਾਂ 1947 ਵਿਚ ਦੋਹੀਂ ਬੰਨ੍ਹੀਂ ਜੜ੍ਹੋਂ ਪੁੱਟ ਦਿੱਤੀਆਂ ਜਾਂਦੀਆਂ। ਵਿਚਾਰੀਆਂ ਬੰਦਿਆਂ ਵਾਂਗ ਨੱਸ ਜੁ ਨਹੀਂ ਸਨ ਸਕਦੀਆਂ ਤੇ ਸਾਰੇ ਜਾਣਦੇ ਹਨ ਕਿ ਪੁੱਟੇ ਹੋਏ ਦਰਖਤ ਸ਼ਰਨਾਰਥੀਆਂ ਵਾਂਗ ਮੁੜ ਜੜ੍ਹਾਂ ਨਹੀਂ ਫੜ ਸਕਦੇ।
ਬੇਰੀਆਂ ਦੇ ਉੱਗਣ ਲਈ ਕੋਈ ਖਾਸ ਥਾਂ ਨਹੀਂ ਲੋੜੀਂਦੀ। ਪੈਲੀਆਂ ਦਿਆਂ ਬੰਨ੍ਹਿਆਂ, ਪਿੰਡਾਂ ਦੀਆਂ ਜੂਹਾਂ, ਟਿੱਬਿਆਂ, ਵਿਹੜਿਆਂ ਵਿਚਕਾਰ, ਇਥੋਂ ਤੱਕ ਕਿ ਸ਼ਹਿਰੀ ਪੱਕੇ ਮਕਾਨਾਂ ਦੀਆਂ ਕੰਧਾਂ ਵਿਚ ਇਨ੍ਹਾਂ ਦਾ ਵਾਸ ਹੋ ਸਕਦਾ ਹੈ। ਇਹ ਜੰਗਲੀ, ਪੇਂਡੂ, ਸ਼ਹਿਰੀ ਸਭ ਪ੍ਰਕਾਰ ਦੀ ਹੋ ਸਕਦੀ ਹੈ। ਇਨ੍ਹਾਂ ਦੇ ਫਲ, ਬੇਰ ਕਈ ਕਿਸਮ ਦੇ ਹੁੰਦੇ ਹਨ। ਇਨ੍ਹਾਂ ਫਲਾਂ ਤੋਂ ਬੇਰੀਆਂ ਦੀਆਂ ਗੋਤਾਂ ਥਾਪ ਦਿੱਤੀਆਂ ਗਈਆਂ ਹਨ- ਕਾਠੀਆਂ ਬੇਰੀਆਂ, ਸੇਊ ਬੇਰੀਆਂ, ਗਲ-ਘੋਟੂ ਬੇਰੀਆਂ, ਮਲ੍ਹੇ ਤੇ ਲਾਚੀ ਬੇਰੀ।
ਬੇਰੀਆਂ ਨੂੰ ਗੁਰੂਆਂ ਪੀਰਾਂ ਨੇ ਵੀ ਵਰੋਸਾਇਆ ਹੈ ਤੇ ਇਨ੍ਹਾਂ ਦੇ ਨਾਂ ਉਨ੍ਹਾਂ ਦੇ ਨਾਂਵਾਂ ਨਾਲ ਸੰਬੋਧਨ ਹੋ ਗਏ ਹਨ, ਜਿਵੇਂ ਬਾਬੇ ਦੀ ਬੇਰ, ਬਾਬੇ ਬੁੱਢੇ ਦੀ ਬੇਰੀ, ਦੁਖ ਭੰਜਨੀ ਬੇਰੀ ਆਦਿ। ਮੁਸਲਮਾਨੀ ਪਿੰਡਾਂ ਵਿਚ ਫਕੀਰਾਂ ਦੇ ਦਾਇਰਿਆਂ ਤੇ ਤਕੀਆਂ ਦੇ ਵਿਹੜਿਆਂ ਵਿਚ ਜਾਂ ਕਿਸੇ ਪੀਰ ਫਕੀਰ ਦੀ ਗੋਰ ਉਤੇ ਇਹ ਆਮ ਝੁਕੀ ਹੋਈ ਦੇਖੀ ਜਾਂਦੀ ਹੈ। ਦਾਇਰਿਆਂ-ਤਕੀਆਂ ਦੀ ਮਾਨੋ ਇਹ ਨਿਸ਼ਾਨੀ ਬਣ ਗਈ ਹੋਈ ਸੀ। ਸ਼ਾਇਦ ਫਕੀਰੀ ਜੀਵਨ ਨਾਲ ਇਸ ਦੀ ਕੋਈ ਸਮਾਨਤਾ ਹੋਵੇ। ਪੀਰਾਂ ਫਕੀਰਾਂ ਦੀ ਮੰਨਤ ਜਾਂ ਸੁੱਖਣਾ ਭਾਵੇਂ ਕਿੰਨੀਆਂ ਦੇਗਾਂ ਕਰਾਈਏ, ਪੂਰੀ ਨਹੀਂ ਸੀ ਹੁੰਦੀ, ਜਿੰਨਾ ਚਿਰ ਕੋਈ ਰੰਗਦਾਰ ਲੀਰ ਉਸ ਨਾਲ ਸਬੰਧਤ ਬੇਰੀ ਦੀ ਕਿਸੇ ਟਾਹਣੀ ਨਾਲ ਗੁੰਦ ਕੇ ਨਾ ਲਮਕਾਈ ਜਾਵੇ।
ਕਹਿੰਦੇ ਨੇ, ਬੇਰੀ ਥੋੜ੍ਹੀ ਬਾਰਸ਼ ਵਾਲੇ ਇਲਾਕੇ ਦੀ ਜੰਮਪਲ ਹੈ। ਇਸ ਦੇ ਛੋਟੇ-ਛੋਟੇ ਚੀਕਨੇ ਪੱਤੇ ਤੇ ਕੰਢੇ ਖੁਸ਼ਕ ਤੇ ਗਰਮ ਰੁੱਤ ਵਿਚ ਸੂਰਜ ਦੀ ਤਪਸ਼ ਦਾ ਮੁਕਾਬਲਾ ਕਰਦੇ ਹਨ ਤੇ ਵਾਸ਼ਪੀਕਰਨ ਨਾਲ ਇਸ ਅੰਦਰਲੇ ਪਾਣੀ ਨੂੰ ਉਡਣ ਨਹੀਂ ਦਿੰਦੇ। ਬੇਰੀਆਂ ਸੰਤੋਖੀ ਤੇ ਸੰਜਮੀ ਆਦਮੀ ਦਾ ਨਮੂਨਾ ਹਨ। ਕਿਰਨਾਂ ਨੂੰ ਬਹੁਤਾ ਕੁਝ ਨਹੀਂ ਲੁੱਟਣ ਦੇਣਗੀਆਂ ਤੇ ਸੰਜਮ ਨਾਲ ਸਰੀਰ ਵਿਚ ਸਾਂਭੇ ਜਲ-ਜੀਵਨ ਤੋਂ ਮਿੱਠੇ ਫਲ ਬਖਸ਼ਣਗੀਆਂ। ਸ਼ਾਇਦ ਬੇਰੀ ਨੂੰ ਦੇਖ ਕੇ ਹੀ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ:
ਧਰਤੀ ਅੰਦਰਿ ਬਿਰਖੁ ਹੋਇ,
ਪਹਿਲੋਂ ਦੇ ਜੜ ਪੈਰ ਟਿਕਾਈ।
ਉਪਰਿ ਝੂਲੈ ਝਟੁਲਾ,
ਠੰਡੀ ਛਾਉਂ ਸੁ ਥਾਉਂ ਸੁਹਾਈ।
ਪਵਣੁ ਪਾਣੀ ਪਾਲਾ ਸਹੈ,
ਸਿਰ ਤਲਵਾਇਆ ਨਿਹਚਲੁ ਜਾਈ।
ਫਲੁ ਦੇ ਵਟ ਵਗਾਇਆਂ,
ਸਿਰਿ ਕਲਵਤੁ ਲੈ ਲੋਹੁ ਤਰਾਈ।
ਜਜ਼ਬਾਤੀ ਲੋਕ ਥੋੜ੍ਹੀ ਗੱਲ ਨੂੰ ਬਹੁਤੀ ਬਣਾ ਦਿੰਦੇ ਹਨ। ਇਨ੍ਹਾਂ ਲਈ ਬੇਰੀਆਂ ਦਾ ਇਕੋ ਔਗੁਣ ਮਾਣ ਨਹੀਂ। ਕੰਡੇ, ਸੱਪ ਦੇ ਜ਼ਹਿਰੀਲੇ ਦੰਦਾਂ ਵਰਗੇ ਵਿੰਗੇ ਕੰਡੇ! ਤੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਹਨ ਕਿ ਵਿਹੜੇ ਵਿਚ ਬੇਰੀ ਨਹੀਂ ਲਾਉਣੀ ਚਾਹੀਦੀ, ਇਹ ਨਹਿਸ਼ ਹੁੰਦੀ ਹੈ; ਫੇਰ ਵੀ ਪੇਂਡੂ ਵਿਹੜਿਆਂ ਵਿਚ ਬੇਰੀ ਹੀ ਪ੍ਰਧਾਨ ਹੈ, ਭਾਵੇਂ ਪਿਆ ਆਮ ਲੋਕਾਂ ਦੇ ਪ੍ਰਤਿਨਿਧ ਵਿਚਾਰਾਂ ਦਾ ਪ੍ਰਗਟਾਇਕ ਕਵੀ ਕਹਿੰਦਾ ਰਿਹਾ:
ਗੰਦ ਵਾਲੀ ਢੇਰੀ ਬੁਰੀ।
ਵਿਹੜੇ ਵਿਚ ਬੇਰੀ ਬੁਰੀ।
ਦਾਨ ਦਿੰਦੇ ਦੇਰੀ ਬੁਰੀ।
ਸੱਚ ਥੋਨੂੰ ਦੱਸਦਾ।
ਇਹ ਕੀ ਗੱਲ ਹੋਈ ਕਿ ਗੁਲਾਬ ਨਾਲ ਬੇਰੀ ਵਰਗੇ ਕੰਡੇ ਹੋਣ ਦੇ ਬਾਵਜੂਦ ਉਸ ਵੀ ਵਡਿਆਈ ਹੋਵੇ ਤੇ ਵਿਚਾਰੀ ਬੇਰੀ ਦੀ ਗੁਲਾਬ ਵਰਗੇ ਕੰਡੇ ਹੋਣ ਕਰ ਕੇ ਨਿੰਦਿਆ! ਗੁਲਾਬ ਵਿਚ ਖੁਸ਼ਬੋ ਹੈ, ਬੇਰ ਵਿਚ ਮਿਠਾਸ ਹੈ; ਗੁਲਾਬ ਨੱਕ ਦਾ ਭੋਗ ਹੈ ਤੇ ਬੇਰ ਮੂੰਹ ਦਾ। ਗੁਲਾਬ ਦਿਮਾਗ ਦੀ ਤ੍ਰਿਪਤੀ ਕਰਦਾ ਹੋਵੇ ਜਾਂ ਨਾ; ਬੇਰ, ਇਹ ਮੇਰਾ ਪਰਤਾਇਆ ਹੋਇਆ ਵਿਚਾਰ ਹੈ, ਪੇਟ ਨੂੰ ਜ਼ਰੂਰ ਰਜਾਉਂਦਾ ਹੈ। ਕਿਸ ਲਈ ਗੁਲਾਬ ਦਾ ਕਸੀਦਾ ਤੇ ਬੇਰੀ ਦੀ ਹਿਜੋ? ਕੰਡਾ ਤਾਂ ਕੰਡਾ ਹੀ ਹੰਦਾ ਹੈ, ਗੁਲਾਬ ਦਾ ਹੋਵੇ ਤੇ ਭਾਵੇਂ ਬੇਰੀ ਦਾ। ਫੇਰ ਦੋਹਾਂ ਕੰਡਿਆਂ ਦੇ ਕੱਦ-ਕਾਠ, ਰੂਪ-ਰੰਗ ਦਾ ਵੀ ਕੋਈ ਫਰਕ ਨਹੀਂ ਤੇ ਦੋਵੇਂ ਹੀ ਵਿੰਗੇ। ਸਾਂਝੇ ਤੱਤ ਕੰਡੇ ਬਰਾਬਰ ਕੱਢ ਕੇ ਦੇਖ ਲਓ, ਬੇਰ ਗੁਲਾਬ ਤੋਂ ਮਾਰ ਨਹੀਂ ਖਾਵੇਗਾ। ਤੁਸੀਂ ਸੁੰਦਰਤਾ ਤੇ ਰੰਗ ਦਾ ਮੁਕਾਬਲਾ ਕਰਨ ਬਹਿ ਜਾਵੋਗੇ, ਮੇਰਾ ਬੇਰ ਬਹਾਦਰ ਉਥੇ ਵੀ ਹਾਰ ਨਹੀਂ ਖਾਵੇਗਾ। ਝੁੰਜਲਾ ਕੇ ਕੋਈ ਗਲਘੋਟੂ ਬੇਰਾਂ ਦੀ ਯਾਦ ਕਰਾਏਗਾ, ਮੈਂ ਉਨ੍ਹਾਂ ਦਾ ਮੁਕਾਬਲਾ ਸੁਗੰਧ ਰਹਿਤ ਪਹਾੜੀ ਗੁਲਾਬ ਨਾਲ ਕਰਨ ਦੀ ਬੇਨਤੀ ਕਰਾਂਗਾ। ਗਲ-ਘੋਟੂ ਬੇਰ ਸੁੰਦਰਤਾ ਵਿਚ ਉਨ੍ਹਾਂ ਕੋਲੋਂ ਘੱਟ ਨਹੀਂ ਤੇ ਜ਼ਰਾ ਤੁਰਸ਼ ਹੋਣ ਕਰ ਕੇ ਲੂਣ ਲਾ ਕੇ ਖਾਧਿਆਂ ਹੋਰ ਵੀ ਸੁਆਦੀ ਬਣ ਜਾਂਦਾ ਹੈ ਤੇ ਹਾਜ਼ਮਾ ਦਰੁਸਤ ਕਰਦਾ ਹੈ। ਜ਼ਰਾ ਦੇਖੋ ਮੁਕਾਬਲਾ! ਬੇਰਾਂ ਪਿਛੇ ਗੋਰੀਆਂ ਗੱਲਾਂ 'ਤੇ ਝਰੀਟਾਂ ਪਵਾਉਣੀਆਂ, ਬੇਰਾਂ ਤੇ ਬੇਰੀਆਂ ਦੀ ਵਡਿਆਈ ਨਹੀਂ ਤਾਂ ਹੋਰ ਕੀ ਹੈ? ਐਵੇਂ ਤਾਂ ਨਹੀਂ ਨਾ ਲੋਕ ਬੋਲੀ ਬਣੀ:
ਗੋਰੀ ਗੱਲ੍ਹ 'ਤੇ ਝਰੀਟਾਂ ਆਈਆਂ,
ਬੇਰੀਆਂ ਦੇ ਬੇਰ ਖਾਣੀਏਂ।
ਬੇਰੀ ਹੀ ਐਸਾ ਦਰੱਖਤ ਹੈ ਜਿਸ ਦਾ ਉਪਮਾਨ ਗੋਰੀ ਦੀ ਲਾਲ ਗੱਲ੍ਹ ਬਣ ਸਕਦੀ ਹੈ। ਬਾਲਕ ਦਿਓਰ ਆਪਣੀ ਭਰਜਾਈ ਨੂੰ ਕਿਸ ਸਾਦਗੀ ਤੇ ਨਿਰਛਲਤਾ ਨਾਲ ਕਹਿੰਦਾ ਹੈ:
ਆ ਤੈਨੂੰ ਬੇਰੀਆਂ ਤੇ ਬੇਰ ਦਿਖਾਵਾਂ,
ਭਾਬੀ ਤੇਰੀ ਗੱਲ੍ਹ ਵਰਗਾ।
ਅੱਜ ਕੱਲ੍ਹ ਦੇ ਰੂਪ ਸ਼ਿੰਗਾਰ ਵਿਚ ਗੱਲ੍ਹਾਂ 'ਤੇ ਲਾਲੀ ਲਾਉਣੀ ਵੀ ਸ਼ਾਇਦ ਸੁੰਦਰੀਆਂ ਨੇ ਬੇਰਾਂ ਤੋਂ ਸਿੱਖੀ ਹੋਵੇ, ਪਰ ਕਿਥੇ ਬੇਰਾਂ ਦੀ ਕੁਦਰਤੀ ਲਾਲੀ ਤੇ ਕਿਥੇ ਲਹੂ-ਰਹਿਤ ਸ਼ਹਿਰਨਾਂ ਦੀ ਬਣਾਉਟੀ ਸੁਰਖੀ! ਐਵੇਂ ਤਾਂ ਬਾਵਾ ਬਲਵੰਤ ਨੇ ਨਹੀਂ ਕਿਹਾ:
(ਹੇ ਸ਼ਾਮ ਦੀ ਲਾਲੀ!)
ਚਿਹਰੇ ਦਾ ਰੰਗ ਬਣਾਵਣ ਇੰਜਣਾਂ ਦੀ ਰਾਖ ਬਦਲ ਕੇ।
ਤੂੰ ਨਿਤ ਦੇਖੇ ਹੋਵਣਗੇ ਬਣ ਬਣ ਕੇ ਸਾਂਗ ਨਿਕਲਦੇ।
ਹੇ ਅਰਸ਼ ਦੀ ਲਾਲੀ! ਆ ਜਾ;
ਜੀਵਨ ਮੇਰਾ ਪਲਟਾ ਜਾ।
ਆ ਚੜ੍ਹ ਜਾ ਦਿਲਾਂ 'ਤੇ ਆ ਕੇ,
ਮੁੜ ਜਾਵੀਂ ਜੋਤ ਜਗਾ ਕੇ।
ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅਰਸ਼ ਦੀ ਲਾਲੀ ਦਿਲਾਂ 'ਤੇ ਚੜ੍ਹਨ ਤੋਂ ਪਹਿਲਾਂ ਬੇਰਾਂ ਦੇ ਰੂਪ 'ਤੇ ਆ ਚੜ੍ਹੀ ਹੋਵੇ ਤੇ ਬੇਰ ਦੱਸ ਰਹੇ ਹੋਣ ਕਿ ਅਰਸ਼ੀ ਦਾਤ ਨੂੰ ਕਿਵੇਂ ਗ੍ਰਹਿਣ ਕਰੀਦਾ ਹੈ। ਪਰ ਬੇਰੀਆਂ ਤੋਂ ਅੱਜ ਮੇਰਾ ਭਾਵ ਆਮ ਬੇਰੀਆਂ ਤੋਂ ਨਹੀਂ ਸੀ। ਇਹ ਤਿੰਨ ਖਾਸ ਬੇਰੀਆਂ ਸਨ ਜੋ ਅੰਮ੍ਰਿਤਸਰ ਵਿਚ ਲਛਮਣਸਰ ਜਾਂ ਸੁੱਕੇ ਤਲਾ ਦੀ ਦੱਖਣੀ ਬਾਹੀ ਦੇ ਅੱਧ ਵਿਚ ਕਾਇਮ, ਪੁਰਾਣੇ ਖੰਡਰ, ਪੋਣੇ ਦੇ ਸੱਜੇ ਬੰਨੇ ਉੱਗੀਆਂ ਹੋਈਆਂ ਸਨ। ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸਾਂ, ਮਸੀਂ ਪੰਜਵੀਂ ਕੁ ਜਮਾਤ ਦੇ ਵਿਦਿਆਰਥੀ, ਤੇ ਸੁੱਕਾ ਤਲਾ ਵੀ ਅੱਧ-ਪੂਰਿਆ ਤੇ ਅੱਧ-ਸੁੱਕਾ ਹੁੰਦਾ ਸੀ, ਉਦੋਂ ਉਨ੍ਹਾਂ ਬੇਰੀਆਂ ਵੱਲ ਕੋਈ ਦਿਨ ਵੇਲੇ ਵੀ ਮੂੰਹ ਨਹੀਂ ਸੀ ਕਰਦਾ ਹੁੰਦਾ। ਕਹਿੰਦੇ ਹੁੰਦੇ ਸਨ ਕਿ ਇਹ ਬੇਰੀਆਂ ਭਾਰੀਆਂ ਨੇ ਤੇ ਇਨ੍ਹਾਂ ਵਿਚ ਜਿੰਨਾਂ, ਭੂਤਾਂ ਤੇ ਚੁੜੇਲਾਂ ਦਾ ਵਾਸਾ ਹੈ। ਇਸ ਗੱਲ ਬਾਰੇ ਕਈ ਕਹਾਣੀਆਂ ਵੀ ਪ੍ਰਸਿੱਧ ਸਨ। ਇਕ ਵਾਰੀ ਇਕ ਸੁਆਣੀ ਦੁਪਹਿਰਾਂ ਵੇਲੇ ਵਿਆਹ ਵਾਲੇ ਘਰੋਂ ਮਠਿਆਈਆਂ ਲੈ ਕੇ ਇਧਰੋਂ ਲੰਘੀ ਤਾਂ ਉਸ ਦੀਆਂ ਮਠਿਆਈਆਂ, ਸਮੇਤ ਥਾਲੀ ਦੇ, ਉਸ ਦੇ ਹੱਥੋਂ ਗਾਇਬ ਹੋ ਗਈਆਂ ਤੇ ਘਰ ਜਾ ਕੇ ਐਸੀ ਮੂਧੜੇ ਮੂੰਹ ਪਈ ਕਿ ਮੁੜ ਨਾ ਉਠੀ। ਇਕ ਵਾਰੀ ਇਕ ਬੁੱਢੜੀ ਬ੍ਰਾਹਮਣੀ ਨੂੰ ਸ਼ਾਮੀਂ ਉਧਰੋਂ ਲੰਘਦਿਆਂ ਐਸੀ ਚਪੇੜ ਪਈ ਕਿ ਉਹ ਉਸੇ ਰਾਤ ਹੀ ਚਲਦੀ ਬਣੀ ਤੇ ਉਸ ਦੀ ਗੱਲ੍ਹ 'ਤੇ ਨੀਲਾ ਨਿਸ਼ਾਨ ਮਰਨ ਤੋਂ ਮਗਰੋਂ ਵੀ ਕਾਇਮ ਰਿਹਾ। ਮਹਾਂ ਪੁਰਖ ਦੁਨੀਆਂ 'ਤੇ ਬੜੇ ਬੜੇ ਕੰਮ ਕਰਨ ਲਈ ਜਨਮ ਲੈਂਦੇ ਹਨ, ਪਰ ਸੰਤਾ ਤੇ ਮੈਂ ਦੋਵੇਂ ਨਿਗੂਣੇ ਆਦਮੀ ਸ਼ਾਇਦ ਇਨ੍ਹਾਂ ਬੇਰੀਆਂ ਦਾ ਡਰ ਤੇ ਵਹਿਮ ਕੱਢਣ ਲਈ ਹੀ ਜੰਮੇ ਸਾਂ। ਇਹ ਕੰਮ ਕਰਦਿਆਂ ਸਾਨੂੰ ਕਈ ਵਰ੍ਹੇ ਲੱਗੇ। ਸਾਡਾ ਆਪਣਾ ਭੈ ਤਾਂ ਇਕ ਸੁਲੱਖਣੀ ਰਾਤੇ ਝਟਪਟ ਹੀ ਉੱਡ ਗਿਆ ਸੀ।
'ਗਣੇਸ਼-ਮੱਠ' ਦੇ ਪਿਛਲੇ ਬੰਨੇ 'ਬਾਣੀਆਂ ਵਾਲੀ ਗਲੀ' ਦੇ ਬਾਹਰਵਾਰ ਖੁੱਲ੍ਹੀ ਥਾਂ ਵਿਚ ਵਾਜੇ, ਜੋੜੀ ਤੇ ਖੜਤਾਲਾਂ ਨਾਲ ਰਾਮਾਇਣ ਦੀ ਕਥਾ ਹੁੰਦੀ ਸੀ। ਸੰਤਾ ਤੇ ਮੈਂ ਅੱਠ ਕੁ ਵਜੇ ਸ਼ਾਮੀਂ ਲਛਮਣਸਰ ਦੀ ਉਤਰੀ ਬਾਹੀ ਤੋਂ ਲੰਘ ਕੇ ਕਥਾ ਸੁਣਨ ਜਾਂਦੇ ਹੁੰਦੇ ਸਾਂ। ਇਕ ਵਾਰੀ ਕਥਾ ਦੇ ਅੱਧ ਵਿਚ ਕੋਈ ਸਾਢੇ ਕੁ ਨੌਂ ਵਜੇ ਸੰਤੇ ਨੇ ਢਿੱਡ ਘੁਟਣਾ ਸ਼ੁਰੂ ਕਰ ਦਿੱਤਾ। ਮੈਂ ਪੁੱਛਿਆ, "ਕੀ ਗੱਲ ਐ?" ਕਹਿਣ ਲੱਗਾ, "ਕੁਥਾਂ ਫਸੇ! ਕਥਾ ਦਾ ਸੁਆਦ ਆਉਣ ਡਿਹਾ ਹੋਇਆ ਸੀ ਤੇ ਮੈਨੂੰ ਢਿੱਡ ਪੀੜ ਹੋਣ ਲੱਗ ਪਈ ਐ।" ਕਥਾ ਉਸ ਵੇਲੇ ਕਿਸੇ ਸੰਕਟ 'ਤੇ ਖੜ੍ਹੀ ਸੀ। ਸੰਤੇ ਨੂੰ ਹਾਜਤ ਜਾਣ ਨਾਲ ਅਰਾਮ ਹੋ ਸਕਦਾ ਸੀ। ਜੀਅ ਮੇਰਾ ਵੀ ਉਸ ਦੇ ਨਾਲ ਉਠ ਕੇ ਜਾਣ ਨੂੰ ਨਹੀਂ ਸੀ ਕਰਦਾ। ਘਰ ਜਾਂਦੇ ਤਾਂ ਕਥਾ ਮੁੱਕ ਜਾਣੀ ਸੀ। ਉਸੇ ਵੇਲੇ ਕਿਸੇ ਸ਼ਰਾਰਤੀ ਬਾਣੀਏ ਨੇ ਰਬੜ ਦਾ ਸੱਪ ਕਥਾ ਦੇ ਇਕੱਠ ਵਿਚ ਛੱਡ ਦਿੱਤਾ। ਕਥਾ ਵਿਚ ਖਲਬਲੀ ਪੈ ਗਈ। ਹਫੜਾ-ਦਫੜੀ ਕਾਰਨ ਕਥਾ ਕੁਝ ਚਿਰ ਲਈ ਰੁਕ ਗਈ। ਮੈਂ ਕਿਹਾ, "ਸੰਤਿਆ, ਬੱਚੂ, ਦਾਅ ਲੱਗ ਗਿਆ ਈ। ਜਾਹ ਲਾਗੇ ਈ ਕਿਤੇ ਹੋ ਆ।" ਸੰਤਾ ਕਹਿਣ ਲੱਗਾ, "ਹਨੇਰਾ ਐ ਬਾਹਰ ਤਲਾ 'ਤੇ। ਤੂੰ ਮੇਰੇ ਨਾਲ ਚੱਲ।" ਮੈਨੂੰ ਉਸ ਦੇ ਨਾਲ ਜਾਣਾ ਪਿਆ। ਮੈਂ ਕਿਹਾ, "ਪਰੇ ਕਿਸੇ ਨੁੱਕਰੇ ਬਹਿ ਜਾ।" ਕਹਿਣ ਲੱਗਾ, "ਲੋਕੀਂ ਆਉਂਦੇ ਜਾਂਦੇ ਨੇ।" ਇਹ ਦੇਖ ਕੇ ਅਸੀਂ ਦੋਵੇਂ ਬੇਰੀਆਂ ਵੱਲ ਹੋ ਤੁਰੇ। ਮੇਰੇ ਮਨ ਵਿਚ ਡਹਿਲ ਤਾਂ ਹੈ ਸੀ, ਪਰ ਮੈਂ ਸੰਤੇ ਦੇ ਆਸਰੇ ਤੁਰਿਆ ਗਿਆ ਤੇ ਸੰਤਾ ਮੇਰੇ ਆਸਰੇ। ਇਹੋ ਜਿਹੇ ਵੇਲੇ ਹੁੰਦੇ ਜੇ 'ਇਕ ਕੱਲਾ ਤੇ ਦੋ ਯਾਰਾਂ'। ਸੰਤਾ ਬੇਰੀਆਂ ਦੇ ਗੂੜ੍ਹੇ ਹਨ੍ਹੇਰੇ ਵਿਚ ਜਾ ਵੜਿਆ ਤੇ ਮੈਂ ਬਾਹਰਲੇ ਹਨ੍ਹੇਰੇ ਵਿਚ ਖੜ੍ਹਾ ਰਿਹਾ, ਪਰ ਸੰਤਾ ਵਿਚ-ਵਿਚ ਮੈਨੂੰ ਬੁਲਾ ਕੇ ਆਪਣਾ ਹੌਸਲਾ ਵਧਾ ਲੈਂਦਾ। ਜਦੋਂ ਉਹ ਵਿਹਲਾ ਹੋਇਆ ਤਾਂ ਮੈਂ ਵੀ ਹੌਸਲਾ ਕਰ ਕੇ ਹਨ੍ਹੇਰਘੁਪ-ਘੇਰ ਬੇਰੀਆਂ ਹੇਠਾਂ ਜਾ ਵੜਿਆ ਤੇ ਅੱਖਾਂ ਦੇ ਹਨ੍ਹੇਰੇ ਦੇ ਅਨੁਸਾਰੀ ਬਣਨ ਮਗਰੋਂ ਦੇਖਿਆ ਕਿ ਉਥੇ ਕੁਝ ਵੀ ਨਹੀਂ ਸੀ, ਸਿਵਾਏ ਬੇਰੀਆਂ ਦੇ ਤਿੰਨ ਮੁੱਢਾਂ ਦੇ। ਹੱਥ ਮਾਂਜ ਕੇ ਅਸੀਂ ਕਥਾ ਵਿਚ ਜਾ ਬੈਠੇ ਜੋ ਮੁੜ ਕੇ ਮਸੀਂ ਸ਼ੁਰੂ ਹੀ ਹੋਈ ਸੀ। ਕਥਾ ਮਗਰੋਂ ਅਸੀਂ ਫੇਰ ਬੇਰੀਆਂ ਹੇਠ ਜਾ ਕੇ ਬਾਣੀਆਂ ਦੇ ਮੁੰਡਿਆਂ ਨੂੰ ਆਪਣੀ ਬਹਾਦਰੀ ਦਿਖਾਈ ਜੋ ਉਤਰ ਬਾਹੀ 'ਤੇ ਖੜ੍ਹੇ ਸਾਡੇ ਮੁੜਨ ਦੀ ਆਸ ਲਾਹੀ ਬੈਠੇ ਸਨ, ਪਰ ਅਸੀਂ ਸਹੀਸਲਾਮਤ ਮੁੜ ਆਏ। ਕਈਆਂ ਸੋਚਿਆ, ਇਹ ਅੱਜ ਦੀ ਰਾਤ ਨਹੀਂ ਕੱਢਣ ਲੱਗੇ ਤੇ ਜਦ ਉਨ੍ਹਾਂ ਦੂਜੀ ਭਲਕ ਸਾਨੂੰ ਨੌਂ-ਬਰ-ਨੌਂ ਗੁੱਲੀ-ਡੰਡਾ ਖੇਡਣ ਲਈ ਤਿਆਰ-ਬਰ-ਤਿਆਰ ਹੋ ਕੇ ਆਉਂਦਿਆਂ ਦੇਖਿਆ ਤਾਂ ਉਹ ਹੈਰਾਨ ਦੇ ਹੈਰਾਨ ਹੀ ਰਹਿ ਗਏ ਅਤੇ ਅਸੀਂ ਉਸ ਦਿਨ ਤੋਂ ਇਲਾਕੇ ਦੇ ਨਿਰਭੈ ਨਾਇਕ ਬਣ ਗਏ।
ਬਸ ਫੇਰ ਕੀ ਸੀ, ਸਕੂਲੋਂ ਵਿਹਲੇ ਹੋ ਕੇ ਬੇਰਾਂ ਦੀ ਰੁੱਤੇ ਉਨ੍ਹਾਂ 'ਭਾਰੀਆਂ' ਬੇਰੀਆਂ 'ਤੇ ਜਾ ਚੜ੍ਹਨਾ। ਦਰੱਖਤਾਂ 'ਤੇ ਚੜ੍ਹਨਾ ਸਾਨੂੰ ਇਨ੍ਹਾਂ ਬੇਰੀਆਂ ਨੇ ਹੀ ਸਿਖਾਇਆ। ਝਰੀਟਾਂ ਖਾਣੀਆਂ ਤੇ ਬੇਰ ਝਾੜਨੇ, ਹਲੂਣਨੇ ਤੇ ਤੋੜਨੇ। ਜਦੋਂ ਮਗਰੋਂ 'ਟਾਕੀਆਂ' ਦੇ ਜ਼ਮਾਨੇ ਵਿਚ ਦੇਵਿਕਾ ਰਾਣੀ ਦਾ ਗੀਤ 'ਤੇਰੇ ਸੰਗ ਪੀਆ ਬਨ ਬਨ ਡੋਲੂੰ ਰੇ' ਸੁਣਦੇ ਅਤੇ ਜਦ 'ਤੂੰ ਡਾਲ ਡਾਲ ਮੈਂ ਪਾਤ ਪਾਤ' ਨਾਲ ਅੰਤਰਾ ਸ਼ੁਰੂ ਹੁੰਦਾ ਤਾਂ ਸਾਨੂੰ ਪਤਲੀਆਂ ਤੋਂ ਪਤਲੀਆਂ ਲਚਕਦਾਰ ਟਾਹਣੀਆਂ ਯਾਦ ਆ ਜਾਂਦੀਆਂ ਜਿਨ੍ਹਾਂ 'ਤੇ ਅਸੀਂ ਗਾਲ੍ਹੜਾਂ ਵਾਂਗ ਫਿਰ ਜਾਂਦੇ ਹੁੰਦੇ ਸਾਂ ਤੇ ਹੌਲਾ ਫੁੱਲ ਚੂਨੀ ਪੰਡਤ ਤਾਂ, ਜਿਹੜਾ ਮਗਰੋਂ ਨਿਰਭੈ-ਨਾਇਕਾਂ ਦੇ ਜਥੇ ਵਿਚ ਸ਼ਾਮਲ ਹੋਇਆ, ਸੱਚੀ-ਮੁੱਚੀ 'ਪਾਤ-ਪਾਤ' 'ਤੇ ਫਿਰ ਆਉਂਦਾ। ਦਿਨ ਵੇਲੇ ਵੀ ਲੋਕੀਂ ਸਾਨੂੰ ਬੇਰੀਆਂ 'ਤੇ ਚੜ੍ਹਿਆਂ ਨੂੰ ਪੱਛਮ ਵੱਲ ਬਾਜ਼ਾਰ ਵਿਚੋਂ ਜਾਂ ਉਤਰੀ ਬਾਹੀ ਤੋਂ ਦੂਰ ਖੜ੍ਹੇ ਹੀ ਦੇਖਦੇ। ਕਈਆਂ ਦਾ ਤਾਂ ਪੱਕਾ ਵਿਸ਼ਵਾਸ ਸੀ ਕਿ ਕਿਸੇ ਨਾ ਕਿਸੇ ਦਿਨ ਇਨ੍ਹਾਂ ਵਿਚੋਂ ਕਿਸੇ ਨਾ ਕਿਸੇ ਨੂੰ ਕੋਈ ਜਿੰਨ ਜ਼ਰੂਰ ਧੌਣ ਪਰਨੇ ਪਟਕਾ ਕੇ ਮਾਰੇਗਾ, ਪਰ ਖੁਸ਼ਕਿਸਮਤੀ ਸਾਡੀ ਕਿ ਉਹ ਦਿਨ ਕਦੇ ਨਾ ਆਇਆ। ਸੱਚ ਪੁੱਛੋ ਤਾਂ ਇਨ੍ਹਾਂ ਬੇਰੀਆਂ ਨੇ ਸਾਡੇ ਹੌਸਲੇ ਬੁਲੰਦ ਕਰਨ ਤੇ ਸਾਡੇ ਸਰੀਰ ਦੇ ਪੱਠਿਆਂ ਨੂੰ ਮਜ਼ਬੂਤ ਬਣਾਉਣ ਵਿਚ ਬਹੁਤ ਹੀ ਯੋਗਦਾਨ ਦਿੱਤਾ।
ਅਕਸਰ ਜਦੋਂ ਅਸੀਂ ਬੇਰਾਂ ਦੀਆਂ ਝੋਲੀਆਂ ਭਰ ਕੇ ਉਤਰੀ ਬਾਹੀ 'ਤੇ ਢੇਰ ਲਾ ਕੇ ਗੁਣੇ ਮਾਰਨ ਨੂੰ ਤਿਆਰ ਹੁੰਦੇ ਤਾਂ ਇਕ ਬਣਿਆਣੀ, ਬੁੱਢੀ ਦਾਦੀ ਜ਼ਰੂਰ ਕਿਵੇਂ ਨਾ ਕਿਵੇਂ ਉਥੇ ਪ੍ਰਗਟ ਹੋ ਜਾਂਦੀ ਤੇ ਬੜੇ ਤਰਲੇ ਨਾਲ ਕਹਿੰਦੀ, "ਬੇਰ ਤੇ ਕਾਕਾ, ਖਾਣ ਵਾਲੇ ਨੇ!" ਤੇ ਇਹ ਕਹਿ ਕੇ ਉਹ ਸਾਰੀਆਂ ਢੇਰੀਆਂ ਤੋਂ ਵਧੀਆ-ਵਧੀਆ ਬੇਰ ਚੁਣ ਕੇ ਤੁਰਦੀ ਹੁੰਦੀ। ਅਸੀਂ ਇਕ ਦੂਜੇ ਦਾ ਮੂੰਹ ਦੇਖਦੇ ਰਹਿ ਜਾਂਦੇ। ਨਿਰਭੈ-ਨਾਇਕਾਂ ਦਾ ਉਸ ਨੂੰ ਕੁਝ ਕਹਿਣ ਦਾ ਹੌਸਲਾ ਹੀ ਨਾ ਪੈਂਦਾ। ਅਸੀਂ ਭਲੇਮਾਣਸ ਨਿਰਭੈ-ਨਾਇਕ ਸਾਂ, ਤੇ ਭਲੇਮਾਣਸਾਂ ਨੂੰ ਹਰ ਥਾਂ ਨੁਕਸਾਨ ਹੀ ਉਠਾਉਣਾ ਪੈਂਦਾ ਹੈ! ਇਸ ਗੱਲ ਤੋਂ ਤੰਗ ਆ ਕੇ ਸਾਨੂੰ ਆਪਣੇ ਸਕੂਲ ਦੇ ਯਾਰ ਰਾਮ ਚੰਦ ਉਰਫ ਰਾਮੂ ਨੂੰ ਜਥੇ ਵਿਚ ਸ਼ਾਮਲ ਕਰਨਾ ਪਿਆ। ਦੂਜੇ ਦਿਨ ਜਦ ਅਸੀਂ ਬੇਰਾਂ ਦੀਆਂ ਝੋਲੀਆਂ ਭਰ ਕੇ ਉਸੇ ਬਾਹੀ 'ਤੇ ਅੱਪੜੇ ਤਾਂ ਬਣਿਆਣੀ ਦਾਦੀ ਫੇਰ ਆ ਪਹੁੰਚੀ, ਪਰ ਅਸੀਂ ਰਾਮੂ ਦੀ ਸਿੱਖਿਆ ਅਨੁਸਾਰ ਭੁੰਜੇ ਢੇਰੀਆਂ ਹੀ ਨਾ ਲਾਈਆਂ। ਮਾਈ ਨੇ ਕਿਹਾ, "ਵੇ, ਵੰਡਦੇ ਨਹੀਂ?" ਰਾਮੂ ਨੇ ਕਿਹਾ, "ਮਾਈ ਅੱਜ ਅਸੀਂ ਝੋਲੀਆਂ ਵਿਚ ਹੀ ਗੁਣੇ ਮਾਰ ਲੈਣੇ ਨੇ।" "ਵੇ, ਦਿਖਾਓ ਤੇ ਸਹੀ, ਬੇਰ ਕਿਹੋ ਜਿਹੇ ਨੇ", ਮਾਈ ਨੇ ਤਰਲੇ ਜਿਹੇ ਨਾਲ ਕਿਹਾ। ਮੈਂ ਝੋਲੀ ਖੋਲ੍ਹਣ ਹੀ ਵਾਲਾ ਸਾਂ ਕਿ ਰਾਮੂ ਨੇ ਮੈਨੂੰ ਘੂਰਿਆ ਤੇ ਕਹਿਣ ਲੱਗਾ, "ਕਿਉਂ ਮਾਂ, ਤੂੰ ਮੁੱਲ ਲੈਣੇ ਨੇ?" "ਹਾਏ ਹਾਏ! ਲੋਹੜਾ ਵੇ, ਬੇਰ ਵੀ ਮੁੱਲ ਵਿਕਦੇ ਨੇ?" ਰਾਮੂ ਨੇ ਗੁੱਸੇ ਵਿਚ ਕਿਹਾ, "ਜਾਹ ਮਾਈ ਜਾਹ, ਲੋਹੜਾ ਘਰ ਦਿਆਂ ਨੂੰ ਜਾ ਕੇ ਪਾ। ਜਿਵੇਂ ਛਾਬੜੀਆਂ ਵਾਲੇ ਬੇਰ ਮੁਫਤ ਵੰਡਦੇ ਫਿਰਦੇ ਨੇ। ਮਿਹਨਤ ਅਸੀਂ ਕਰੀਏ ਤੇ ਚੁਣ-ਚੁਣ ਵਧੀਆ ਖਾਵੇਂ ਤੂੰ। ਚੱਲੋ ਓਏ ਮੁੰਡਿਓ! ਝੋਨੇ ਵਾਲੇ ਕੋਠੇ ਚੱਲ ਕੇ ਗੁਣੇ ਮਾਰੀਏ।" ਮਾਈ ਨੂੰ ਹੱਕੀ-ਬੱਕੀ ਛੱਡ ਕੇ ਅਸੀਂ ਝੋਨੇ ਵਾਲੇ ਕੋਠੇ ਜਾ ਚੜ੍ਹੇ। ਸਾਨੂੰ ਇਹ ਗੱਲਾਂ ਪਹਿਲਾਂ ਕਦੇ ਨਾ ਸੁੱਝੀਆਂ ਤੇ ਰੋਜ਼ ਲੋਟੀ ਖਾਂਦੇ ਰਹੇ। ਰਾਮੂ ਦੀ ਗੱਲ 'ਮਿਹਨਤ ਅਸੀਂ ਕਰੀਏ ਤੇ ਚੁਣ-ਚੁਣ ਵਧੀਆ ਖਾਵੇਂ ਤੂੰ' ਮੇਰੇ ਕੰਨਾਂ ਵਿਚ ਅੱਜ ਤੱਕ ਗੂੰਜਦੀ ਹੈ।
ਇਨ੍ਹਾਂ ਤਿੰਨਾਂ ਬੇਰੀਆਂ ਵਿਚੋਂ ਇਕ ਬੇਰੀ ਨੂੰ ਇਕ ਕੋਠੇ ਤੋਂ ਇਲਾਵਾ ਹੋਰ ਕੋਈ ਪਹੁੰਚ ਨਹੀਂ ਸੀ। ਜਿਧਰੋਂ ਪਹੁੰਚ ਸੀ, ਉਧਰਲੀ ਹਵੇਲੀ ਵਾਲੇ ਸਾਨੂੰ ਉਧਰੋਂ ਲੰਘਣ ਨਹੀਂ ਸਨ ਦਿੰਦੇ, ਤੇ ਆਪ ਜਿੰਨਾਂ, ਭੂਤਾਂ ਤੋਂ ਡਰਦੇ ਬੇਰ ਵੀ ਨਹੀਂ ਸਨ ਲਾਹੁੰਦੇ। ਅਸਾਂ 'ਕੁਕੜਾਂ ਦੀ ਕਲਾ' ਵਿਚੋਂ ਹੋ ਕੇ ਨਾਲ ਦੇ ਝੋਨੇ ਵਾਲੇ ਕੋਠੇ 'ਤੇ ਦੌੜ ਲਾ ਕੇ 'ਚੋਰ ਗਲੀ' ਦੇ ਉਤੋਂ ਦੀ ਬੇਰੀ ਵਾਲੇ ਕੋਠੇ 'ਤੇ ਟੱਪ ਜਾਣਾ। ਮਗਰੋਂ ਜਦੋਂ ਵੱਡਾ ਹੋ ਕੇ ਮੈਂ ਉਸ ਗਲੀ ਦਾ ਪਾੜ ਮਿਣਿਆ ਤਾਂ ਅਠਾਰਾਂ ਫੁੱਟ ਨਿਕਲਿਆ ਅਤੇ ਉਦੋਂ ਅਸੀਂ ਮਸੀਂ ਚੌਦਾਂ-ਚੌਦਾਂ ਪੰਦਰਾਂਪੰਦਰਾਂ ਵਰ੍ਹਿਆਂ ਦੇ ਹੁੰਦੇ ਸਾਂ। ਜੇ ਉਦੋਂ ਸਾਨੂੰ ਪਤਾ ਹੁੰਦਾ ਕਿ ਅਸੀਂ ਉਪਰਲੀ ਛੱਤ 'ਤੇ ਅਠਾਰਾਂ ਫੁੱਟ ਟੱਪਦੇ ਹਾਂ ਤਾਂ ਨੌਵੀਂ ਦਸਵੀਂ ਵਿਚ ਤਾਂ ਅਸੀਂ ਜ਼ਿਲ੍ਹੇ ਦੇ ਹਾਈ ਸਕੂਲਾਂ ਦੀਆਂ ਛਾਲਾਂ ਵਿਚ ਜ਼ਰੂਰ ਅੱਵਲ-ਦੋਮ ਰਹਿ ਜਾਂਦੇ, ਪਰ ਇਹ ਵੀ ਹੋ ਸਕਦਾ ਸੀ ਕਿ ਅਸੀਂ 'ਰਹਿ ਹੀ ਜਾਂਦੇ' ਕਿਉਂਕਿ ਸਾਹਮਣੇ ਬੇਰਾਂ ਦੀ ਪ੍ਰਾਪਤੀ ਵਰਗਾ ਨਿਸ਼ਾਨਾ ਜੁ ਕੋਈ ਨਹੀਂ ਸੀ ਹੋਣਾ।
ਲਾਲ ਚੰਦ ਸਹਿਗਲ ਉਦੋਂ ਸਾਡੇ ਵਾਂਗ ਜੁਆਨੀ ਵਿਚ ਪੈਰ ਰੱਖਦਾ ਸੀ। ਇਸ ਨਵੀਂ ਜੁਆਨੀ ਦੇ ਪਿਆਰ ਅਫ਼ਲਾਤੂਨੀ ਹੁੰਦੇ ਹਨ ਤੇ ਉਸ ਦੀ ਪ੍ਰਾਪਤੀ ਦੇ ਸਾਧਨ ਵੀ ਅਫ਼ਲਾਤੂਨੀ। ਲਾਲ ਚੰਦ ਨੇ ਆਪਣੀ ਪ੍ਰੇਮਿਕਾ ਨੂੰ ਵੱਸ ਕਰਨ ਲਈ ਬਨਾਰਸੋਂ 'ਬ੍ਰਿਹਤ ਸਾਵਰ ਤੰਤ੍ਰ' ਨਾਂ ਦੀ ਪੁਸਤਕ ਮੰਗਵਾਈ। ਲਾਲ ਚੰਦ ਦੀ ਪ੍ਰੇਮਿਕਾ ਤਾਂ ਉਸ ਵਿਚਲੇ ਕਿਸੇ ਤੰਤਰ-ਮੰਤਰ ਨਾਲ ਵੱਸ ਨਾ ਹੋਈ, ਪਰ ਅਸੀਂ ਉਸ ਦੇ ਇਕ ਟੋਟਕੇ ਨਾਲ ਬੇਰੀਆਂ 'ਤੇ ਇਕ ਕ੍ਰਿਸ਼ਮਾ ਕਰ ਦਿਖਾਇਆ।
ਪੁਸਤਕ ਵਿਚ ਲਿਖਿਆ ਸੀ: "ਪਿੱਪਲ ਦੇ ਸੁੱਕੇ ਸੱਕ ਲੈ ਕੇ ਬਾਲੋ ਤੇ ਕੋਲਿਆਂ ਨੂੰ ਦਮ ਕਰੋ। ਫੇਰ ਕੋਲਿਆਂ ਨੂੰ ਕੁੱਟ ਕੇ ਧੂੜਾ ਬਣਾਓ ਤੇ ਇਸ ਧੂੜੇ ਨੂੰ ਸਿਲ੍ਹਾਬ ਦੇ ਕੇ ਵਾਸਲੀ ਵਰਗੀ ਥੈਲੀ ਬਣਾ ਕੇ ਸੋਟੀ ਨਾਲ ਕੁੱਟ-ਕੁੱਟ ਕੇ ਭਰੋ ਅਤੇ ਉਸ ਨੂੰ ਸੁਕਾ ਲਵੋ। ਦਿਨ ਵੇਲੇ ਕਿਸੇ ਨਿਵੇਕਲੇ ਦਰੱਖਤ ਉਤੋਂ ਡੋਰ ਸੁੱਟ ਕੇ ਇਸ ਨੂੰ ਲਮਕਾ ਦਿਓ। ਡੋਰ ਦੇ ਦੂਜੇ ਸਿਰੇ ਨੂੰ ਖਿੱਚ ਕੇ ਥੈਲੀ ਨੂੰ ਉਪਰਲੀਆਂ ਟਾਹਣੀਆਂ ਨਾਲ ਲਾ ਕੇ ਦੂਜਾ ਸਿਰਾ ਕਿਸੇ ਹੱਥ ਪਹੁੰਚਣ ਵਾਲੀ ਟਾਹਣੀ ਨਾਲ ਬੰਨ੍ਹ ਦਿਓ। ਰਾਤ ਡੋਰ ਦਾ ਉਹ ਸਿਰਾ ਖੋਲ੍ਹ ਕੇ ਥੈਲੀ ਥੱਲੇ ਲਮਕਾ ਕੇ ਉਸ ਦੇ ਥੱਲੇ ਦੇ ਸਿਰੇ 'ਤੇ ਅੱਗ ਲਾ ਦਿਓ। ਫੇਰ ਧਾਗੇ ਨੂੰ ਖਿੱਚ ਕੇ ਥੈਲੀ ਨੂੰ ਉਪਰਲੀਆਂ ਟਾਹਣੀਆਂ ਨਾਲ ਲਾ ਕੇ ਡੋਰ ਨੂੰ ਉਸੇ ਟਾਹਣੀ ਨਾਲ ਬੰਨ੍ਹ ਦਿਓ। ਆਪ ਦੂਰ ਚਲੇ ਜਾਓ। ਮਿੰਟ-ਮਿੰਟ ਮਗਰੋਂ ਦਰੱਖਤ ਵਿਚੋਂ ਅੰਗਿਆਰ ਝੜਨ ਲੱਗ ਪੈਣਗੇ।"
ਨਿਰਭੈ-ਨਾਇਕਾਂ ਦੇ ਝਾਕਾ ਖੋਲ੍ਹਣ ਮਗਰੋਂ ਹੰਸਾ ਸ਼ਾਹ ਤਮਾਕੂ ਵਾਲਾ ਵੀ ਆਪਣੇ ਹੌਸਲੇ ਦੀਆਂ ਡੀਂਗਾਂ ਮਾਰਨ ਲੱਗ ਪਿਆ ਸੀ। ਅਸੀਂ ਉਸ ਨੂੰ ਨੀਚਾ ਦਿਖਾਉਣਾ ਚਾਹੁੰਦੇ ਸਾਂ। ਅਸੀਂ ਇਕ ਦਿਨ ਉਪਰਲੀ ਤਰਕੀਬ ਕੀਤੀ। ਦਸ ਕੁ ਵਜੇ ਅਸੀਂ ਇਹ ਕੰਮ ਕਰ ਕੇ ਆਪਣੀ ਗਲੀ ਦੇ ਬੂਹੇ ਅੱਗੇ ਆ ਖਲੋਤੇ ਅਤੇ ਹਨ੍ਹੇਰੀਆਂ ਘੁੱਪ ਬੇਰੀਆਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਉਧਰੋਂ ਅੰਗਿਆਰ ਵੀ ਵਰ੍ਹਨੇ ਸ਼ੁਰੂ ਹੋ ਗਏ। ਹੰਸਾ ਦੁਕਾਨ ਬੰਦ ਕਰ ਕੇ ਚੌਧਰੀਆਂ ਵਾਂਗ ਸਾਡੇ ਵੱਲ ਆਇਆ। ਉਹ ਸਾਨੂੰ 'ਸ਼ਰਾਰਤੀ ਟੋਲਾ' ਜਾਂ 'ਚੰਡਾਲ ਚੌਕੜੀ' ਕਹਿੰਦਾ ਹੁੰਦਾ ਸੀ। ਉਸ ਦੇ ਪੁੱਛਣ 'ਤੇ ਅਸੀਂ ਦੱਸਿਆ ਕਿ ਬੇਰੀਆਂ ਤੋਂ ਅੰਗਿਆਰ ਝੜਦੇ ਨੇ। ਇੰਨੇ ਨੂੰ ਇਕ ਅੰਗਿਆਰ ਝੜ ਕੇ ਇਕ ਬੇਰੀ ਦੇ ਪੱਤੇ-ਪੱਤੇ 'ਤੇ ਫੈਲ ਗਿਆ। ਹੰਸਾ ਕਹਿਣ ਲੱਗਾ, "ਕੋਈ ਸ਼ਰਾਰਤੀ ਉਤੇ ਬਹਿ ਕੇ ਅੱਗ ਸੁੱਟਦਾ ਹੈ।" ਇੰਨੇ ਨੂੰ ਲੋਕੀਂ ਇਕੱਠੇ ਹੋ ਗਏ ਤੇ ਭਾਂਤੋਭਾਂਤ ਬੋਲ ਬੋਲਣ ਲੱਗੇ। ਅੰਗਿਆਰਾਂ ਦਾ ਡਿੱਗ ਕੇ ਸਾਰੀ ਬੇਰੀ 'ਤੇ ਖਿੱਲਰ ਜਾਣਾ ਸਾਡੇ ਲਈ ਵੀ ਹੈਰਾਨੀ ਦਾ ਕਾਰਨ ਬਣਿਆ ਹੋਇਆ ਸੀ, ਤਾਂ ਵਿਚਾਰੇ ਵਹਿਮਾਂ ਤੇ ਭਰਮਾਂ ਦੇ ਮਾਰੇ ਆਮ ਲੋਕਾਂ ਨੇ ਤਾਂ ਭੈ-ਭੀਤ ਹੋਣਾ ਹੀ ਸੀ।
ਹੰਸਾ ਆਪਣੇ ਹੌਸਲੇ ਦੀਆਂ ਬੜੀਆਂ ਫੜਾਂ ਹੱਕਦਾ ਹੁੰਦਾ ਸੀ। ਅਸੀਂ ਉਸ ਨੂੰ ਕਿਹਾ, "ਸ਼ਾਹ ਜੀ, ਇਹ ਜ਼ਰੂਰ ਕੋਈ ਸ਼ਰਾਰਤੀ ਉਤੇ ਬੈਠਾ ਹੋਇਆ ਹੈ। ਆਓ, ਜ਼ਰਾ ਚੱਲ ਕੇ ਦੇਖੀਏ।" ਕਹਿਣ ਲੱਗਾ, "ਚੱਲੋ ਬਈ, ਸਾਰੇ ਚੱਲੀਏ।" ਅਸੀਂ ਪੰਜ ਸੱਤ ਹੀ ਕਦਮ ਅੱਗੇ ਹੋਏ ਸਾਂ ਕਿ ਅੰਗਿਆਰ ਡਿੱਗਾ। ਅਸੀਂ ਮਿੱਥੀ ਹੋਈ ਤਜਵੀਜ਼ ਅਨੁਸਾਰ ਪਿਛਾਂਹ ਭੱਜ ਉਠੇ। ਦੇਖਿਆ, ਹੰਸਾ ਵੀ ਸਾਡੇ ਨਾਲ ਭੱਜਾ ਆ ਰਿਹਾ ਸੀ। ਅਸੀਂ ਹੌਸਲਾ ਕਰ ਕੇ ਫੇਰ ਅਗਾਂਹ ਵਧਣ ਲਈ ਉਸ ਨੂੰ ਵੰਗਾਰਿਆ। ਉਹ ਇਕ ਵਾਰ ਫੇਰ ਸਾਡੇ ਨਾਲ ਵਧਿਆ। ਐਤਕੀਂ ਅੰਗਿਆਰ ਦੇ ਡਿੱਗਣ 'ਤੇ ਸਾਡੇ ਵਿਚੋਂ ਸਾਰੇ ਜੰਮੇ ਰਹੇ, ਕੇਵਲ ਇਕੋ ਹੀ ਸਕੀਮ ਅਨੁਸਾਰ ਪਿਛਾਂਹ ਭੱਜਾ ਤੇ ਨਾਲ ਹੀ ਹੰਸਾ ਸ਼ਾਹ ਵੀ। ਤੀਜੀ ਵਾਰੀ ਅਸੀਂ ਵੀ ਅਗਾਂਹ ਜਾਣ ਦਾ ਹੌਸਲਾ ਨਾ ਦਿਖਾਉਣ ਦਾ ਨਾਟ ਕੀਤਾ। ਸਾਡੀ ਹੰਸੇ 'ਤੇ ਇਕ ਤਰ੍ਹਾਂ ਨਾਲ ਜਿੱਤ ਹੋ ਗਈ। ਉਸ ਦਿਨ ਤੋਂ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਵਹਿਮ, ਭਰਮ, ਜਿੰਨਾਂ, ਭੂਤਾਂ ਦੇ ਡਰ ਖਾਸ ਹਿੱਤਾਂ ਨੂੰ ਮੁੱਖ ਰੱਖ ਕੇ ਪਾਏ ਜਾਂਦੇ ਹਨ; ਦੁਸ਼ਮਣੀਆਂ ਇਨ੍ਹਾਂ ਨਾਲ ਲਈਆਂ ਜਾਂਦੀਆਂ ਹਨ, ਲੋਟੀਆਂ ਇਨ੍ਹਾਂ ਨਾਲ ਮਚਾਈਆਂ ਜਾਂਦੀਆਂ ਹਨ।
ਇਨ੍ਹਾਂ ਵਹਿਮਾਂ ਤੇ ਭਰਮਾਂ ਨੂੰ ਦੂਰ ਕਰਨ ਲਈ ਮਗਰੋਂ ਅਸੀਂ ਇਨ੍ਹਾਂ ਬੇਰੀਆਂ ਵਿਚੋਂ ਇਕ ਦੇ ਤਿ-ਸ਼ਾਖੇ 'ਤੇ ਲੋਹੇ ਦੀ ਮੋਟੀ ਚਾਦਰ ਚੜ੍ਹਾ ਕੇ, ਤੇ ਉਸ ਉਤੇ ਮਿੱਟੀ ਲਿੰਬ ਕੇ ਚਹੁੰ ਬੰਦਿਆਂ ਦੇ ਬਹਿਣ ਦੀ ਥਾਂ ਬਣਾ ਲਈ, ਜਿਥੇ ਬੈਠ ਕੇ ਅਸੀਂ ਪੜ੍ਹਦੇ ਤੇ ਥੱਕਣ ਮਗਰੋਂ ਤਾਸ਼ ਦੀ ਕਿਸੇ ਸਰਲ ਖੇਡ ਦੀ ਬਾਜ਼ੀ ਲਾਉਂਦੇ। ਇਕ ਵਾਰੀ ਇਨ੍ਹਾਂ ਬੇਰੀਆਂ ਵਿਚੋਂ ਇਕ ਦੀ ਸਾਡੇ ਹੱਥੋਂ ਵੱਢੀ ਗਈ ਟਾਹਣੀ ਦੇ ਪੁਰਾਣੇ ਖੁੰਘ ਵਿਚੋਂ, ਅਸੀਂ ਲਹੂ ਵਰਗਾ ਤਰਲ ਪਦਾਰਥ ਵਗਦਾ ਵੇਖਿਆ। ਸੰਤਾ ਕਹਿਣ ਲੱਗਾ, "ਦੇਖੋ ਓਏ ਲਹੂ!" ਸੰਤਾ ਅਨਪੜ੍ਹ ਸੀ, ਪਰ ਰਾਮੂ ਕਹਿਣ ਲੱਗਾ, "ਓਏ ਦੇਖਿਆ ਨਹੀਂ, ਬੇਰੀ ਦੀ ਲੱਕੜ ਵਿਚੋਂ ਲਾਲ ਹੁੰਦੀ ਐ ਤੇ ਲਾਖ ਵੀ ਬਹੁਤੀਆਂ ਬੇਰੀਆਂ ਤੋਂ ਲੱਥਦੀ ਐ, ਤੇ ਉਹ ਵੀ ਲਾਲ ਹੁੰਦੀ ਐ।" ਮਗਰੋਂ ਜਦ ਅਖਬਾਰਾਂ ਵਿਚ ਕਿਸੇ ਧਰਮ ਅਸਥਾਨ ਦੀ ਬੇਰੀ ਵਿਚੋਂ ਅਨਰਥ ਕਾਰਨ ਲਹੂ ਸਿੰਮਣ ਦੀ ਖਬਰ ਅਸਾਂ ਪੜ੍ਹੀ ਤਾਂ ਆਮ ਆਦਮੀਆਂ ਵਾਂਗ ਸਾਨੂੰ ਕੋਈ ਅਸਚਰਜ ਨਾ ਹੋਇਆ। ਜਦੋਂ ਅਸਾਂ ਇਹ ਗੱਲ ਇਕ ਦੋ ਬੰਦਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਹ ਲੜਾਈ ਕਰਨ ਤੱਕ ਉਤਰ ਪਏ। ਉਨ੍ਹਾਂ ਨੂੰ ਬਨਸਪਤੀ ਵਿਗਿਆਨ ਦੀ ਇਸ ਬਾਰੇ ਸਾਰੀ ਗੱਲ ਸਮਝਾਈ ਗਈ, ਪਰ ਉਹ ਫੇਰ ਵੀ ਨਾ ਸਮਝੇ। ਸਮਝਣ-ਯੋਗ ਹੋਣ ਲਈ ਵੀ ਵਿਗਿਆਨਕ ਵਿਦਿਆ ਦੀ ਲੋੜ ਹੁੰਦੀ ਹੈ, ਤੇ ਇਹੋ ਕਾਰਨ ਸੀ ਕਿ ਅਸੀਂ ਵਿਦਿਆ ਦੇਣ ਦੇ ਕਿੱਤੇ ਵੱਲ ਮੂੰਹ ਮੋੜਿਆ। ਬੇਰੀਆਂ ਦੇ ਲਾਲ ਰਸ ਤੋਂ ਇਕ ਹੋਰ ਗੱਲ ਯਾਦ ਆ ਗਈ। ਬੇਰੀ ਨੂੰ ਜੰਡੀ ਵੀ ਆਖਦੇ ਹਨ। ਹਿੰਦੂਆਂ ਦੇ ਵਿਆਹਾਂ ਵਿਚ ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਜੰਡੀ ਵੱਢਦਾ ਹੈ। ਹੁਣ ਤਾਂ ਜਵਾਨ ਦਾਤਣ ਜਿੱਡੀ ਮੋਟੀ ਟਾਹਣੀ ਨੂੰ ਵੀ ਕਈ-ਕਈ ਵਾਰ ਕਰ ਕੇ ਵੱਢਦੇ ਹਨ, ਭਾਵੇਂ ਇਸ ਰਸਮ ਦੀ ਅੱਜ ਕੱਲ੍ਹ ਕੋਈ ਲੋੜ ਨਹੀਂ, ਪਰ ਪੁਰਾਣਿਆਂ ਸਮਿਆਂ ਵਿਚ ਜੰਞਾਂ ਦੂਰ-ਦੂਰ ਜਾਂਦੀਆਂ ਹੁੰਦੀਆਂ ਸਨ ਤੇ ਆਉਣ-ਜਾਣ ਦੇ ਵਸੀਲੇ ਸੌਖੇ ਨਹੀਂ ਸਨ। ਲਾੜਾ ਜੰਞ ਦਾ ਨਾਇਕ ਤੇ ਆਗੂ ਹੁੰਦਾ ਸੀ ਤੇ ਉਹ ਜੰਞ ਚੜ੍ਹਨ ਤੋਂ ਪਹਿਲਾਂ ਬੱਕਰਾ ਝਟਕਾ ਕੇ ਆਪਣਾ ਬਲ ਤੇ ਤਲਵਾਰ ਦੀ ਤੇਜ਼ੀ ਪਰਖਦਾ ਸੀ। ਸ਼ਾਇਦ ਬੁੱਧ ਮਤ, ਜੈਨ ਮਤ ਜਾਂ ਵੈਸ਼ਨਵ ਮਤ ਦੇ ਜ਼ੋਰ ਵਧਣ 'ਤੇ ਜੰਞ ਨੇ ਨਾਇਕ ਦਾ ਵਾਰ ਬੱਕਰੇ ਦੀ ਥਾਂ ਜੰਡੀ ਜਾਂ ਬੇਰੀ 'ਤੇ ਪਰਖਿਆ ਜਾਣ ਲੱਗਾ ਹੋਵੇ। ਸਮਾਨਤਾ ਇਹ ਸੀ ਕਿ ਜੰਡੀ ਦੀ ਹਰੀ ਟਹਿਣੀ ਵਿਚੋਂ ਵੀ ਲਹੂ ਵਾਂਗ ਲਾਲ ਰਸ ਚੋਂਦਾ ਸੀ, ਤੇ ਮੇਲਣਾਂ ਗਾਉਂਦੀਆਂ ਸਨ:
ਜੇ ਤੂੰ ਵੱਢੀ ਜੰਡੀ ਵੇ!
ਤੇਰੀ ਮਾਂ ਨੇ ਸ਼ੱਕਰ ਵੰਡੀ ਵੇ!
ਭੰਗੀਆਂ ਵਾਲੇ ਕਿਲ੍ਹੇ ਵਿਚ ਕੁੱਬੀ ਬੇਰੀ ਕਾਇਮ ਹੈ ਤੇ ਮਹੱਲੇ ਦਾ ਨਾਂ ਵੀ ਇਸ ਦੇ ਸਿਰ 'ਤੇ ਕਾਇਮ ਹੈ। ਸਾਡੀ ਗਲੀ ਵਿਚ ਭਾਵੇਂ ਉਹ ਬੇਰੀ ਨਹੀਂ ਰਹੀ, ਪਰ ਬੇਰੀ ਵਾਲੇ ਵਿਹੜੇ ਕਰ ਕੇ ਉਸ ਬੇਰੀ ਦਾ ਨਾਂ ਕਾਇਮ ਹੈ ਜਿਹੜੀ ਉਸ ਵਿਹੜੇ ਦੇ ਵਿਚਕਾਰ ਕਦੇ ਉਗੀ ਹੋਈ ਹੁੰਦੀ ਸੀ, ਪਰ ਅਫਸੋਸ ਕਿ ਸਾਡੇ ਜੀਵਨ ਦੇ ਕਈ ਪੱਖਾਂ ਨੂੰ ਉਸਾਰਨ ਵਾਲੀਆਂ ਬੇਰੀਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ। ਇਨ੍ਹਾਂ ਬੇਰੀਆਂ ਨੇ ਸਾਨੂੰ ਸਰੀਰਕ ਬਲ ਤੇ ਚੁਸਤੀ ਦਿੱਤੀ, ਮਾਨਸਿਕ ਚੁੜਿਤਣ ਦਿੱਤੀ ਤੇ ਸਵਸਥ ਵਿਚਾਰ ਦਿੱਤੇ। ਮਾਤਾਪਿਤਾ-ਅਧਿਆਪਕ ਸਮਾਨ ਇਨ੍ਹਾਂ ਬੇਰੀਆਂ ਵਾਲੇ ਥਾਂ 'ਤੇ ਕਦੇ-ਕਦੇ ਮੈਂ ਪਹੁੰਚਦਾ ਹਾਂ, ਤਾਂ ਮੇਰੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਹਨ, ਪਰ ਇਹ ਅੱਥਰੂ ਕੋਈ ਸਥਾਈ ਯਾਦਗਾਰ ਤਾਂ ਨਹੀਂ। ਮੇਰੇ ਅੱਥਰੂ ਸ਼ਾਹ ਜਹਾਨ ਦੇ 'ਤਾਜ ਮਹੱਲ' ਵਾਂਗ ਸੰਗਮਰਮਰ ਦੇ ਅੱਥਰੂ ਨਹੀਂ। ਇਕ ਕਲਮ ਦਾ ਕਰਿੰਦਾ ਆਪਣੇ ਅੱਥਰੂ ਪੀ ਕੇ, ਉਨ੍ਹਾਂ ਹੁਣ ਨਾ ਰਹੀਆਂ ਬੇਰੀਆਂ ਦੀ ਯਾਦਗਾਰ ਆਪਣੇ ਸ਼ਬਦਾਂ ਵਿਚ ਹੀ ਉਸਾਰ ਕਰਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ