Punjabi Stories/Kahanian
ਐਸ. ਸਾਕੀ
S. Saki

Punjabi Kavita
  

Bewkoof S. Saki

ਬੇਵਕੂਫ਼ ਐਸ ਸਾਕੀ

ਘਰ ਵਿੱਚ ਦਾਖ਼ਲ ਹੁੰਦਿਆਂ ਹੀ ਉਸ ਦੇ ਕੰਨੀਂ ਪਤਨੀ ਦੀ ਆਵਾਜ਼ ਪਈ, ‘‘ਮੈਂ ਕਿਹਾ ਜੀ, ਤੁਸੀਂ ਕੱਪੜੇ ਬਦਲਣ ਤੋਂ ਪਹਿਲਾਂ ਥੋੜ੍ਹੇ ਚਿਰ ਲਈ ਮਾਸਟਰ ਧਰਮ ਦਾਸ ਦੇ ਘਰ ਹੋ ਆਉ।’’
ਸਤੀਸ਼ ਰਾਣਾ ਨੇ ਗੁੱਟ ’ਤੇ ਬੰਨ੍ਹੀ ਘੜੀ ਵੱਲ ਵੇਖਿਆ। ਰਾਤ ਦੇ ਨੌਂ ਵਜੇ ਸਨ। ‘ਇਹ ਔਰਤ ਸਮਝਦੀ ਕਿਉਂ ਨਹੀਂ। ਮੈਂ ਸਵੇਰੇ ਅੱਠ ਵਜੇ ਦਾ ਘਰੋਂ ਨਿਕਲ ਤੇਰ੍ਹਾਂ ਘੰਟਿਆਂ ਬਾਅਦ ਮੁੜਿਆ ਹਾਂ। ਮੁੱਖ ਮੰਤਰੀ ਨਾਲ ਦਸ ਜਲਸੇ ਅਟੈਂਡ ਕੀਤੇ ਹਨ। ਹਰ ਜਲਸੇ ਵਿੱਚ ਮੈਨੂੰ ਬੋਲਣਾ ਪਿਆ ਹੈ। ਪਰ ਇਸ ਔਰਤ ਦੀ ਮੱਤ ’ਤੇ ਕਈ ਵਾਰੀ ਕਿੰਨਾ ਅਫ਼ਸੋਸ ਹੁੰਦਾ ਹੈ।’ ਸਤੀਸ਼ ਰਾਣਾ ਅਜੇ ਸੋਚ ਹੀ ਰਿਹਾ ਸੀ ਕਿ ਰਸੋਈ ਵਿੱਚ ਕੰਮ ਕਰਦੀ ਪਤਨੀ ਸ਼ੀਲਾ ਦੀ ਆਵਾਜ਼ ਉਸ ਨੂੰ ਫੇਰ ਸੁਣਾਈ ਦਿੱਤੀ, ‘‘ਮੈਂ ਕਿਹਾ ਜੀ, ਤੁਸੀਂ ਜਵਾਬ ਨਹੀਂ ਦਿੱਤਾ ਕੋਈ?’’
‘‘ਬਈ ਸ਼ੀਲਾ, ਮੈਂ ਬਹੁਤ ਥੱਕਿਆ ਹੋਇਆ ਹਾਂ। ਸਵੇਰ ਦਾ ਪਾਲਤੂ ਕੁੱਤੇ ਵਾਂਗ ਮੁੱਖ ਮੰਤਰੀ ਦੇ ਨਾਲ ਨਾਲ ਘੁੰਮ ਰਿਹਾ ਹਾਂ। ਵੋਟਾਂ ਪੈਣ ਵਿੱਚ ਪੰਜ ਦਿਨ ਬਾਕੀ ਹਨ। ਜੇ ਪਾਰਟੀ ਨਾ ਜਿੱਤੀ ਤਾਂ ਸਾਡੀਆਂ ਸਾਰੀਆਂ ਮੌਜਾਂ ਖ਼ਤਮ ਹੋ ਜਾਣਗੀਆਂ।’’ ਸਤੀਸ਼ ਰਾਣਾ ਨੇ ਜਿਵੇਂ ਚੱਬ ਕੇ ਸ਼ਬਦ ਮੂੰਹੋਂ ਬਾਹਰ ਕੱਢੇ। ਕੁਝ ਕੁ ਪਲ ਰੁਕ ਕੇ ਉਹ ਗੱਲ ਪੂਰੀ ਕਰਨ ਲਈ ਫੇਰ ਬੋਲਣ ਲੱਗਾ,
‘‘ਫੇਰ ਤੂੰ ਦੱਸਿਆ ਨਹੀਂ ਕਿ ਮੈਂ ਇਸ ਵੇਲੇ ਧਰਮ ਦਾਸ ਦੇ ਘਰ ਕਿਉਂ ਜਾਵਾਂ? ਬਈ ਠੀਕ ਹੈ ਉਸ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਹ ਕਾਲੋਨੀ ਦੇ ਹੱਕ ਅਤੇ ਭਲੇ ਲਈ ਲੜ ਵੀ ਰਿਹਾ ਹੈ, ਪਰ ਤੂੰ ਵੇਖ ਹੀ ਰਹੀ ਹੈਂ ਕਿ ਮੈਂ ਵੀ ਉਸ ਦੀ ਕਿਵੇਂ ਹਮਾਇਤ ਕਰ ਰਿਹਾ ਹਾਂ। ਭਾਵੇਂ ਇਸ ਵਿੱਚ ਸਾਡੀ ਪਾਰਟੀ ਦਾ ਹੀ ਨੁਕਸਾਨ ਹੋ ਰਿਹਾ ਹੈ।’’
ਇਹ ਆਖਦਾ ਹੋਇਆ ਸਤੀਸ਼ ਰਾਣਾ ਲੱਕੜ ਦੀ ਅਲਮਾਰੀ ਖੋਲ੍ਹ ਕੇ ਉਸ ਵਿੱਚੋਂ ਨਾਈਟ ਸੂਟ ਬਾਹਰ ਕੱਢਣ ਲੱਗਿਆ। ਪਤੀ ਦੀ ਲੰਬੀ ਗੱਲ ਸੁਣ ਕੇ ਸ਼ੀਲਾ ਵੀ ਰਸੋਈ ਦਾ ਕੰਮ ਵਿਚਕਾਰ ਛੱਡ ਉੱਥੇ ਆ ਗਈ। ਉਸ ਨੇ ਅਲਮਾਰੀ ਬੰਦ ਕਰ ਰਹੇ ਪਤੀ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਹ ਕਿਸੇ ਗੱਲੋਂ ਅਣਜਾਣ ਹੋਵੇ, ‘‘ਕੀ ਗੱਲ ਜੀ, ਤੁਹਾਨੂੰ ਕੁਝ ਪਤਾ ਨਹੀਂ ਲੱਗਾ!’’
‘‘ਕਿਸ ਗੱਲ ਦਾ ਬਈ?’’
‘‘ਕਮਾਲ ਹੈ, ਸਾਰੀ ਕਾਲੋਨੀ ਵਿੱਚ ਰੌਲਾ ਪਿਆ ਹੋਇਆ ਹੈ ਅਤੇ ਤੁਸੀਂ…?’’
‘‘ਬਈ, ਮੈਨੂੰ ਰੌਲਾ ਕਿਵੇਂ ਸੁਣਾਈ ਦਿੰਦਾ? ਮੈਂ ਤਾਂ ਕਾਲੋਨੀ ਵਿੱਚ ਸੀ ਹੀ ਨਹੀਂ ਸਗੋਂ ਪੰਜਾਹ ਮੀਲ ਦੂਰ ਦੇ ਪਿੰਡ ਵਿੱਚ ਮੈਨੂੰ ਮੁੱਖ ਮੰਤਰੀ ਨੇ ਖ਼ਾਸ ਤੌਰ ’ਤੇ ਸੱਦਿਆ ਸੀ। ਭਾਵੇਂ ਉਸ ਨਾਲ ਬੰਦੇ ਤਾਂ ਹੋਰ ਵੀ ਕਿੰਨੇ ਸਨ। ਪਰ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਕਿ ਪਾਰਟੀ ਵਿੱਚ ਸਭ ਤੋਂ ਵੱਧ ਚੰਗਾ ਵਕਤਾ ਤਾਂ ਮੈਂ ਹੀ ਹਾਂ।’’
ਜਿਵੇਂ ਇਹ ਗੱਲ ਆਖਦਿਆਂ ਪਤਨੀ ਸਾਹਮਣੇ ਸਤੀਸ਼ ਰਾਣਾ ਦੀ ਧੌਣ ਆਕੜ ਕੇ ਬਾਂਸ ਦਾ ਡੰਡਾ ਬਣ ਚੁੱਕੀ ਸੀ। ਇਹੋ ਗੱਲ ਉਹ ਪਤਨੀ ਨੂੰ ਇਸ ਤੋਂ ਪਹਿਲਾਂ ਪੰਜਾਹ ਵਾਰੀ ਕਹਿ ਚੁੱਕਿਆ ਸੀ ਅਤੇ ਹਰ ਵਾਰੀ ਸ਼ੀਲਾ ਨੂੰ ਪਤੀ ਦੇ ਇਸ ਗੁਣ ’ਤੇ ਮਾਣ ਵੀ ਹੋਇਆ ਸੀ।
‘‘ਲਓ ਜੀ, ਮੈਂ ਤੁਹਾਡੇ ਭਾਸ਼ਨ ਬਾਰੇ, ਸਟੇਜਾਂ ’ਤੇ ਬੋਲਣ ਬਾਰੇ ਕਦੋਂ ਕੁਝ ਕਹਿ ਰਹੀ ਹਾਂ। ਇਹ ਤਾਂ ਰੱਬ ਦੀ ਕਿਰਪਾ ਨਾਲ ਮੈਨੂੰ ਵੀ ਪਤਾ ਹੈ ਕਿ ਪਾਰਟੀ ਵਿੱਚ ਤੁਹਾਡੇ ਵਰਗਾ ਕੋਈ ਬੁਲਾਰਾ ਹੈ ਹੀ ਨਹੀਂ ਜਿਹੜਾ ਤੁਹਾਡੇ ਮੁਕਾਬਲੇ ’ਚ ਖੜ੍ਹਾ ਹੋ ਸਕੇ, ਪਰ …ਮੈਂ ਤਾਂ ਧਰਮ ਦਾਸ ਦੀ ਗੱਲ ਕਰ ਰਹੀ ਸੀ ਜਿਸ ਨੇ ਡੀ.ਡੀ.ਏ. ਰਾਹੀਂ ਬੱਚਿਆਂ ਦੇ ਖੇਡਣ ਵਾਲੀ ਥਾਂ ਨੂੰ ਕਿਸੇ ਵੱਡੇ ਹੋਟਲ ਨੂੰ ਅਲਾਟ ਕਰਨ ’ਤੇ ਪਿਛਲੇ ਸੱਤ ਦਿਨਾਂ ਤੋਂ ਮਰਨ ਵਰਤ ਰੱਖਿਆ ਹੋਇਆ।’’
‘‘ਫੇਰ ਮੈਂ ਕੀ ਕਰਾਂ?’’
ਇਸ ਵਾਰੀ ਥੱਕਿਆ ਹੋਇਆ ਸਤੀਸ਼ ਰਾਣਾ ਪਤਨੀ ਨੂੰ ਬੱਸ ਇੰਨਾ ਹੀ ਆਖ ਸਕਿਆ ਕਿਉਂਕਿ ਪਿਛਲੇ ਪੰਦਰਾਂ ਦਿਨਾਂ ਤੋਂ ਉਹ ਪਤਨੀ ਦੇ ਮੂੰਹੋਂ ਮਾਸਟਰ ਧਰਮ ਦਾਸ ਦੀਆਂ ਗੱਲਾਂ ਹੀ ਤਾਂ ਸੁਣਦਾ ਰਿਹਾ ਸੀ। ਉਹ ਧਰਮ ਦਾਸ ਜਿਸ ਨੇ ਡੀ.ਡੀ.ਏ. ਵਿਰੁੱਧ ਮਰਨ ਵਰਤ ਰੱਖਿਆ ਹੋਇਆ ਸੀ। ਜਿਸ ਖ਼ਾਤਰ ਸਤੀਸ਼ ਰਾਣਾ ਨੂੰ ਆਪਣੀ ਪਤਨੀ ਨੂੰ ਖ਼ੁਸ਼ ਕਰਨ ਲਈ ਧਰਮ ਦਾਸ ਦਾ ਸਾਥ ਦਿੰਦਿਆਂ ਆਪਣੀ ਸਰਕਾਰ ਵਿਰੁੱਧ ਬੋਲਣਾ ਵੀ ਪਿਆ ਸੀ। ਜਦੋਂਕਿ ਉਸ ਨੂੰ ਪਤਾ ਸੀ ਕਿ ਅਗਲੀ ਚੋਣ ਵਿੱਚ ਪਾਰਟੀ ਦੇ ਜਿੱਤਿਆਂ ਉਹ ਇਕੱਲਾ ਵਿਧਾਇਕ ਹੀ ਬਣ ਕੇ ਨਹੀਂ ਰਹਿ ਜਾਵੇਗਾ ਸਗੋਂ ਉਸ ਨੂੰ ਮੰਤਰੀ ਦੀ ਕੁਰਸੀ ਵੀ ਜ਼ਰੂਰ ਮਿਲੇਗੀ। ਇਸੇ ਲਈ ਉਹ ਪਿਛਲੇ ਪੰਜ ਸਾਲਾਂ ਤੋਂ ਮੁੱਖ ਮੰਤਰੀ ਦੀ ਹਰ ਥਾਂ ਝੋਲੀ ਚੁੱਕਦਾ ਆ ਰਿਹਾ ਸੀ।
‘‘ਤੁਹਾਨੂੰ ਨਹੀਂ ਪਤਾ। ਧਰਮ ਦਾਸ ਦਾ ਅੱਜ ਸ਼ਾਮੀਂ ਪੰਜ ਵਜੇ ਦੇਹਾਂਤ ਹੋ ਗਿਆ। ਬੰਦਾ ਐਵੇਂ ਹੀ ਅਣਿਆਈ ਮੌਤ ਮਰ ਗਿਆ। ਪਰ ਦੇਖ ਲਵੋ ਜੀ ਮਰਿਆ ਤਾਂ ਕਾਲੋਨੀ ਦੇ ਬੱਚਿਆਂ ਲਈ ਹੀ ਹੈ। ਨਹੀਂ ਤਾਂ ਕੀ ਲੋੜ ਪਈ ਸੀ ਉਸ ਨੂੰ? ਤੁਸੀਂ ਤਾਂ ਸਰਕਾਰ ਦੇ ਬੰਦੇ ਹੋ। ਮੈਂ ਤਾਂ ਇਹੋ ਕਹਾਂਗੀ ਕਿ ਉਸ ਦੀ ਮੌਤ ਨੂੰ ਬੇਕਾਰ ’ਚ ਨਹੀਂ ਭੁੱਲ ਜਾਣਾ ਚਾਹੀਦਾ।’’
ਪਤਨੀ ਦੀ ਗੱਲ ’ਤੇ ਸਤੀਸ਼ ਰਾਣਾ ਇੱਕ ਵਾਰੀ ਤਾਂ ਚੁੱਪ ਕਰਕੇ ਰਹਿ ਗਿਆ। ਉਸ ਨੇ ਇਹ ਤਾਂ ਸੋਚਿਆ ਹੀ ਨਹੀਂ ਸੀ ਕਿ ਮਾਸਟਰ ਧਰਮ ਦਾਸ ਸੱਚਮੁੱਚ ਹੀ ਆਪਣੀ ਜਾਨ ਦੇ ਦੇਵੇਗਾ।
‘‘ਬਈ ਮਰਨ ਵਰਤ ਤਾਂ ਮੈਂ ਵੀ ਕਈ ਵਾਰੀ ਰੱਖਿਆ, ਪਰ ਇਸ ਦਾ ਇਹ ਮਤਲਬ ਤਾਂ ਨਹੀਂ ਹੁੰਦਾ ਕਿ ਬੰਦਾ ਆਪਣੀ ਜਾਨ ਹੀ ਦੇ ਦੇਵੇ। ਸੱਚਮੁੱਚ ਹੀ ਭੁੱਖਾ ਮਰ ਜਾਵੇ। ਇਸ ਸਾਰਾ ਕੁਝ ਤਾਂ ਲੋਕਾਂ ਨੂੰ ਦਿਖਾਉਣ ਲਈ ਹੁੰਦਾ ਹੈ। ਮੈਨੂੰ ਯਾਦ ਹੈ ਕਿ ਹੁਣ ਵਾਲੀ ਵਿਰੋਧੀ ਧਿਰ ਵਾਲਿਆਂ ਦੀ ਸਰਕਾਰ ਸੀ। ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਮੈਂ ਆਪਣੇ ਕਿਸੇ ਖ਼ਾਸ ਸਾਥੀ ਨੂੰ ਤਿਆਰ ਰੱਖਦਾ ਸੀ ਜਿਹੜਾ ਦੋ ਤਿੰਨ ਦਿਨਾਂ ਬਾਅਦ ਕੋਈ ਨਾ ਕੋਈ ਅਜਿਹਾ ਝੂਠਾ ਬਿਆਨ ਦੇ ਦਿੰਦਾ ਸੀ ਜਿਸ ਕਰਕੇ ਮੈਂ ਆਪਣਾ ਵਰਤ ਤੋੜ ਦਿੰਦਾ ਸੀ। ਇਸ ਤਰ੍ਹਾਂ ਕਰਨ ’ਤੇ ਠੀਕ ਹੈ ਦੋ-ਤਿੰਨ ਦਿਨ ਭੁੱਖੇ ਰਹਿਣਾ ਪੈਂਦਾ ਸੀ, ਪਰ ਅਖ਼ਬਾਰਾਂ ਵਿੱਚ ਤਸਵੀਰਾਂ ਵੀ ਤਾਂ ਛਪਦੀਆਂ ਸਨ। ਵਾਹ-ਵਾਹ ਅੱਡ ਹੁੰਦੀ ਸੀ। ਵਰਤ ਤੋੜਨ ’ਤੇ ਜੂਸ ਦੇ ਗਲਾਸ ਫੜੀ ਲੋਕੀਂ ਖੜ੍ਹੇ ਦਿਸਦੇ ਸਨ।’’ ਪਤਨੀ ਇਹ ਸੁਣ ਕੇ ਕੁਝ ਨਹੀਂ ਬੋਲੀ।
ਦਰਅਸਲ, ਜਿਸ ਬਲਾਕ ਵਿੱਚ ਸਤੀਸ਼ ਰਾਣਾ ਦਾ ਘਰ ਸੀ ਉਸੇ ਵਿੱਚ ਤਿੰਨ ਵਰ੍ਹੇ ਪਹਿਲਾਂ ਮਾਸਟਰ ਧਰਮ ਦਾਸ ਨੇ ਇੱਕ ਖਾਲੀ ਪਲਾਟ ਲੈ ਕੇ ਮਕਾਨ ਬਣਵਾਇਆ ਸੀ। ਧਰਮ ਦਾਸ ਸਕੂਲ ਅਧਿਆਪਕ ਸੀ। ਪੈਨਸ਼ਨ ਲੈਣ ਵੇਲੇ ਸਰਕਾਰ ਕੋਲੋਂ ਪੀ.ਐਫ. ਅਤੇ ਹੋਰ ਫੰਡ ਮਿਲਾ ਕੇ ਖਾਸੇ ਪੈਸੇ ਇਕੱਠੇ ਹੋ ਗਏ ਸਨ। ਵੱਡੇ ਪੁੱਤਰ ਦੀ ਪਤਨੀ ਸਰਕਾਰੀ ਸਕੂਲ ਵਿੱਚ ਸਾਇੰਸ ਦੀ ਅਧਿਆਪਕਾ ਸੀ। ਦੋਵੇਂ ਪੁੱਤ ਇੰਜੀਨੀਅਰ ਸਨ। ਪੈਸੇ ਦੀ ਘਰ ਵਿੱਚ ਕੋਈ ਕਮੀ ਨਹੀਂ ਸੀ। ਘਰ ਸਾਹਮਣੇ ਪਾਰਕ ਸੀ। ਸ਼ਾਇਦ ਇਸ ਤੋਂ ਵਧੀਆ ਥਾਂ ਉਸ ਨੂੰ ਹੋਰ ਨਹੀਂ ਮਿਲ ਸਕਦੀ ਸੀ।
ਉਧਰ ਸਤੀਸ਼ ਰਾਣਾ ਨੇ ਆਪ ਵੱਡੀ ਮੁਸ਼ਕਿਲ ਨਾਲ ਨਕਲਾਂ ਮਾਰ ਕੇ ਬੀ.ਏ. ਪਾਸ ਕੀਤੀ। ਉਸ ਵਿੱਚ ਸ਼ੁਰੂ ਤੋਂ ਹੀ ਨੇਤਾ ਬਣਨ ਦੇ ਸਾਰੇ ਗੁਣ ਸਨ। ਪਹਿਲਾਂ ਸਕੂਲ ਅਤੇ ਫੇਰ ਕਾਲਜ ਵਿੱਚ ਉਹ ਮੋਢੀ ਬਣ ਕੇ ਰਿਹਾ ਸੀ। ਪਿਉ ਦਾ ਐਵੇਂ ਮਾਮੂਲੀ ਜਿਹਾ ਕੰਮ ਸੀ ਜਿਸ ਨਾਲ ਮਸਾਂ ਹੀ ਘਰ ਦੀ ਰੋਟੀ ਟੁਰਦੀ ਸੀ।
ਪਤਾ ਨਹੀਂ ਕਿਵੇਂ ਸਤੀਸ਼ ਰਾਣਾ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਸੀ। ਫੇਰ ਕੀ ਉਸ ਨੇ ਇੱਕ ਨੇਤਾ ਦਾ ਅਜਿਹਾ ਪੱਲਾ ਫੜਿਆ ਕਿ ਮੁੜ ਛੱਡਿਆ ਹੀ ਨਹੀਂ। ਨੇਤਾ ਸਰਕਾਰ ਵਿੱਚ ਮੰਤਰੀ ਸੀ। ਇੱਕ ਦੋ ਸਾਲਾਂ ਵਿੱਚ ਹੀ ਸਤੀਸ਼ ਰਾਣਾ ਨੇ ਨੇਤਾ ਜੀ ਪਾਸੋਂ ਰਾਜਨੀਤੀ ਅਤੇ ਨੇਤਾਗਿਰੀ ਦੇ ਸਾਰੇ ਗੁਰ ਸਿੱਖ ਲਏ ਸਨ। ਫੇਰ ਸਭ ਤੋਂ ਵੱਧ ਲਾਭ ਉਸ ਨੂੰ ਉਹਦੇ ਬੋਲਣ ਦਾ ਮਿਲਿਆ। ਸਕੂਲ ਅਤੇ ਕਾਲਜ ਵੇਲੇ ਤਾਂ ਉਹ ਸਟੇਜਾਂ ’ਤੇ ਬੋਲਦਾ ਆਇਆ ਸੀ। ਜਦੋਂ ਉਹ ਮੰਤਰੀ ਨਾਲ ਮੰਚ ’ਤੇ ਭਾਸ਼ਣ ਦਿੰਦਾ ਤਾਂ ਪੰਡਾਲ ਵਿੱਚ ਤਾਲੀਆਂ ਦੀ ਗੂੰਜਾਰ ਸੁਣਾਈ ਦਿੰਦੀ ਰਹਿੰਦੀ। ਉਹ ਹਮੇਸ਼ਾਂ ਜੋਸ਼ ਭਰੇ ਵਾਕ ਬੋਲਦਾ ਅਤੇ ਵਿਰੋਧੀਆਂ ਦੀਆਂ ਧੱਜੀਆਂ ਉਡਾ ਦਿੰਦਾ। ਸਰੋਤਿਆਂ ਨੂੰ ਆਪਣੇ ਭਾਸ਼ਨ ਨਾਲ ਕੀਲ ਕੇ ਰੱਖ ਦਿੰਦਾ।
ਜਦੋਂ ਫੇਰ ਉਹ ਕਿਸੇ ਮੰਤਰੀ ਦਾ ਖ਼ਾਸ ਬਣ ਗਿਆ ਤਾਂ ਪੈਸੇ ਦੀ ਕੀ ਘਾਟ ਰਹਿਣੀ ਸੀ। ਉਹ ਮੰਤਰੀ ਰਾਹੀਂ ਸਿਫ਼ਾਰਿਸ਼ ਲਗਾ ਕੇ ਕਈ ਔਖੇ ਕੰਮ ਵੀ ਸੁਖਾਲੇ ਕਰ ਦਿੰਦਾ। ਉਹ ਜਦੋਂ ਵੀ ਕਿਸੇ ਦਾ ਗ਼ਲਤ ਕੰਮ ਠੀਕ ਕਰਵਾਉਂਦਾ ਤਾਂ ਮੂੰਹ ਮੰਗੇ ਪੈਸੇ ਮਿਲ ਜਾਂਦੇ। ਦੋ ਸਾਲਾਂ ਵਿੱਚ ਹੀ ਕਾਲੋਨੀ ਦੇ ਇਸ ਬਲਾਕ ਵਿੱਚ ਉਸ ਨੇ ਦੋ ਮੰਜ਼ਿਲਾ ਖ਼ੂਬਸੂਰਤ ਘਰ ਬਣਾ ਲਿਆ।
ਪਾਰਟੀ ਵੱਲੋਂ ਟਿਕਟ ਮਿਲੀ ਤਾਂ ਚੋਣ ਲੜ ਕੇ ਉਹ ਵਿਧਾਇਕ ਬਣ ਗਿਆ। ਬੱਸ ਫੇਰ ਕੀ, ਸਾਰੀ ਕਾਲੋਨੀ ਵਿੱਚ ਛੇਤੀ ਹੀ ਉਸ ਦੀ ਧਾਂਕ ਜੰਮ ਗਈ। ਲੋਕ ਆਪਣਾ ਕੰਮ ਕਰਵਾਉਣ ਲਈ ਉਸ ਕੋਲ ਆਉਣ ਲੱਗੇ, ਪਰ ਉਸ ਨੇ ਕਦੇ ਵੀ ਕਿਸੇ ਦਾ ਕੰਮ ਮੁਫ਼ਤ ਵਿੱਚ ਨਹੀਂ ਕੀਤਾ। ਕੰਮ ਸਿਰੇ ਚੜ੍ਹਨ ’ਤੇ ਉਸ ਦੀ ਕੀਮਤ ਵਸੂਲੀ।
ਮਾਸਟਰ ਧਰਮ ਦਾਸ ਦੇ ਕਾਲੋਨੀ ਵਿੱਚ ਮਕਾਨ ਬਣਾਉਂਦਿਆਂ ਸਤੀਸ਼ ਰਾਣਾ ਨੇ ਕੰਮ ਵਿੱਚ ਥੋੜ੍ਹਾ ਵਿਘਨ ਜ਼ਰੂਰ ਪੈਣਾ ਸ਼ੁਰੂ ਹੋ ਗਿਆ। ਉਸ ਨੇ ਬਲਾਕ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਬਿਜਲੀ ਦੇ ਖੰਭੇ ’ਤੇ ਲੱਗੀ ਵੱਡੀ ਲਾਈਟ ਬਾਰੇ ਇਤਰਾਜ਼ ਉਠਾਇਆ ਜਿਹੜੀ ਸਤੀਸ਼ ਰਾਣਾ ਦੇ ਘਰ ਦੇ ਐਨ ਸਾਹਮਣੇ ਸੀ। ਉਸ ਨੇ ਕਿਹਾ, ‘‘ਬਈ ਇਹ ਕੀ ਗੱਲ ਹੋਈ? ਠੀਕ ਹੈ ਸਤੀਸ਼ ਰਾਣਾ ਚੋਣ ਲੜ ਕੇ ਵਿਧਾਇਕ ਬਣਿਆ ਹੈ, ਪਰ ਉਸ ਨੂੰ ਵੋਟਾਂ ਤਾਂ ਸਾਡੀਆਂ ਨੇ ਹੀ ਜਿਤਾਇਆ ਹੈ। ਕੀ ਉਸ ਦਾ ਫ਼ਰਜ਼ ਨਹੀਂ ਬਣਦਾ ਕਿ ਉਹ ਬਲਾਕ ਵਿੱਚ ਰੌਸ਼ਨੀ ਦਾ ਅਜਿਹਾ ਪ੍ਰਬੰਧ ਕਰੇ ਕਿ ਰੌਸ਼ਨੀ ਸਾਰਿਆਂ ਦੇ ਘਰ ’ਤੇ ਪਵੇ?’’
ਪਹਿਲੀ ਵਾਰੀ ਜਦੋਂ ਕਿਸੇ ਨੇ ਸਤੀਸ਼ ਰਾਣਾ ਸਾਹਮਣੇ ਆਵਾਜ਼ ਕੱਢੀ ਤਾਂ ਉਹ ਮਾਸਟਰ ਧਰਮ ਦਾਸ ਹੀ ਸੀ। ਬੱਸ ਫੇਰ ਕੀ ਸੀ, ਸਤੀਸ਼ ਰਾਣਾ ਨੂੰ ਆਪਣੇ ਬਲਾਕ ਵਿੱਚ ਤਿੰਨ ਲਾਈਟਾਂ ਹੋਰ ਲਗਵਾਉਣੀਆਂ ਪਈਆਂ ਸਨ। ਧਰਮ ਦਾਸ ਦੀ ਪਹਿਲੀ ਜਿੱਤ ਵੇਖ ਕੇ ਕਾਲੋਨੀ ਵਾਲੇ ਬਹੁਤ ਖ਼ੁਸ਼ ਹੋਏ। ਹੁਣ ਛੋਟੇ ਕੰਮਾਂ ਲਈ ਉਨ੍ਹਾਂ ਨੂੰ ਸਤੀਸ਼ ਰਾਣਾ ਕੋਲ ਨਹੀਂ ਸੀ ਜਾਣਾ ਪੈਂਦਾ ਸਗੋਂ ਉਹ ਮਾਸਟਰ ਧਰਮ ਦਾਸ ਦੀ ਮਦਦ ਲੈਣ ਲੱਗੇ ਸਨ। ਕਿੰਨੇ ਹੀ ਛੋਟੇ-ਛੋਟੇ ਮਸਲੇ ਜਿਵੇਂ ਕਾਲੋਨੀ ’ਚ ਸਫ਼ਾਈ, ਇਕੱਠੇ ਹੋਏ ਪਾਣੀ ਦੀ ਸਮੱਸਿਆ, ਟੁੱਟੀਆਂ ਭੱਜੀਆਂ ਸੜਕਾਂ, ਬਿਜਲੀ ਦੇ ਲਾਟੂ ਆਦਿ ਸਾਰੀਆਂ ਮੁਸ਼ਕਿਲਾਂ ਧਰਮ ਦਾਸ ਰਾਹੀਂ ਹੱਲ ਹੋਣ ਲੱਗੀਆਂ।
ਇੱਕ ਦਿਨ ਕਾਲੋਨੀ ’ਚ ਜਦੋਂ ਇਹ ਖ਼ਬਰ ਆਈ ਕਿ ਬੱਚਿਆਂ ਦੇ ਖੇਡਣ ਵਾਲੇ ਵੱਡੇ ਪਾਰਕ ਨੂੰ ਡੀ.ਡੀ.ਏ. ਨੇ ਕਿਸੇ ਹੋਟਲ ਨੂੰ ਅਲਾਟ ਕਰ ਦਿੱਤਾ, ਫੇਰ ਤਾਂ ਉਸ ਸ਼ਾਮ ਧਰਮ ਦਾਸ ਦੀ ਬੈਠਕ ਵਿੱਚ ਇੱਕ ਮੀਟਿੰਗ ਜੁੜੀ ਹੋਈ ਸੀ। ਉੱਥੇ ਲੋਕਾਂ ਦਾ ਜੋਸ਼ ਵੇਖਿਆਂ ਬਣਦਾ ਸੀ। ਕਿੰਨੇ ਹੀ ਸਿਆਣੇ ਬੰਦੇ ਬੋਲੇ। ਕਿੰਨੇ ਹੀ ਮਤੇ ਪਾਸ ਕੀਤੇ ਗਏ। ਇਹ ਪਾਰਕ ਕਾਲੋਨੀ ਤੋਂ ਬਾਹਰ ਕਰਕੇ ਸੀ ਜਿੱਥੇ ਵੱਡੇ ਵੱਡੇ ਮੁੰਡੇ ਵੀ ਕ੍ਰਿਕਟ ਖੇਡਦੇ ਸਨ।
ਮੀਟਿੰਗ ਖ਼ਤਮ ਹੋਣ ’ਤੇ ਸਤੀਸ਼ ਰਾਣਾ ਨੇ ਸਿੱਧੇ ਤੌਰ ’ਤੇ ਮਦਦ ਕਰਨ ਦੀ ਹਾਮੀ ਤਾਂ ਨਹੀਂ ਭਰੀ, ਪਰ ਇੰਨਾ ਜ਼ਰੂਰ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰੇਗਾ। ਵਕਤ ਲੰਘਦਾ ਗਿਆ ਤੇ ਉਸ ਨੇ ਕੋਈ ਮਦਦ ਨਹੀਂ ਕੀਤੀ।
ਕਾਲੋਨੀ ਵਾਲੇ ਮਾਸਟਰ ਧਰਮ ਦਾਸ ਨਾਲ ਲੱਗ ਕੇ ਵੱਡੇ ਅਫ਼ਸਰਾਂ ਨੂੰ ਮਿਲੇ, ਪਰ ਜਦੋਂ ਕੰਮ ਬਣਦਾ ਨਹੀਂ ਦਿਸਿਆ ਤਾਂ ਧਰਮ ਦਾਸ ਨੇ ਅਗਲੇ ਦਿਨ ਤੋਂ ਮਰਨ ਵਰਤ ਦਾ ਐਲਾਨ ਕਰ ਦਿੱਤਾ। ਧਰਮ ਦਾਸ ਦੇ ਦੋਵੇਂ ਇੰਜੀਨੀਅਰ ਪੁੱਤਰਾਂ ਨੇ ਪਿਉ ਨੂੰ ਬਹੁਤ ਸਮਝਾਇਆ, ਪਰ ਉਸ ਦਾ ਅੱਗੋਂ ਇੱਕੋ ਜਵਾਬ ਸੀ, ‘‘ਉਏ, ਮੈਂ ਕੀ ਡਰਦਾ ਹਾਂ ਡੀ.ਡੀ.ਏ. ਵਾਲਿਆਂ ਕੋਲੋਂ। ਕਾਲੋਨੀ ਦੇ ਸਾਰੇ ਬੰਦੇ ਮੇਰੇ ਮੂੰਹ ਵੱਲ ਵੇਖ ਰਹੇ ਨੇ। ਜੇ ਮੈਂ ਹੀ ਚੁੱਪ ਕਰ ਗਿਆ ਤਾਂ ਸਾਰੇ ਕੀ ਕਹਿਣਗੇ?’’
ਬਸ ਫੇਰ ਕੀ ਸੀ। ਅਗਲੇ ਦਿਨ ਕਾਲੋਨੀ ਦੇ ਬੰਦਿਆਂ ਰਾਹੀਂ ਬੈਂਡ ਵਾਜੇ ਅਤੇ ਫੁੱਲਾਂ ਦੇ ਹਾਰਾਂ ਨਾਲ ਭਰਿਆ ਗਲ ਲੈ ਕੇ ਮਾਸਟਰ ਧਰਮ ਦਾਸ ਨੇ ਉਸ ਪਾਰਕ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਨੂੰ ਡੀ.ਡੀ.ਏ. ਨੇ ਹੋਟਲ ਵਾਲਿਆਂ ਨੂੰ ਅਲਾਟ ਕਰ ਦਿੱਤਾ ਸੀ।
ਦਿਨ ਗਰਮੀ ਦੇ ਸਨ। ਪਾਰਕ ਦੇ ਬਾਹਰ ਇੱਕ ਟੈਂਟ ਲਗਾ ਦਿੱਤਾ ਗਿਆ। ਪਾਣੀ ਦਾ ਇੱਕ ਘੜਾ ਭਰ ਕੇ ਰੱਖ ਦਿੱਤਾ ਗਿਆ। ਜ਼ਮੀਨ ’ਤੇ ਦਰੀ ਵਿਛਾ ਦਿੱਤੀ ਗਈ। ਮਾਸਟਰ ਧਰਮ ਦਾਸ ਨੇ ਸਵੇਰੇ ਸੱਤ ਵਜੇ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ। ਖਾਸੀਆਂ ਤਾੜੀਆਂ ਵੱਜੀਆਂ। ਖ਼ਾਸੀ ਵਾਹ-ਵਾਹ ਹੋਈ। ਭਾਸ਼ਨ ਦਿੱਤੇ ਗਏ। ਕਾਲੋਨੀ ਵਾਲੇ ਦੁਪਹਿਰ ਹੋਣ ਤੋਂ ਪਹਿਲਾਂ ਮਾਸਟਰ ਧਰਮ ਨੂੰ ਉੱਥੇ ਛੱਡ ਆਪਣੇ ਘਰਾਂ ਨੂੰ ਚਲੇ ਗਏ। ਬਸ ਉੱਥੇ ਉਹੀ ਰਹਿ ਗਏ ਜਿਹੜੇ ਖ਼ਾਸ ਆਪਣੇ ਸਨ। ਦੋਵੇਂ ਨੂੰਹਾਂ ਤੇ ਦੋਵੇਂ ਪੁੱਤ, ਪਤਨੀ ਅਤੇ ਆਂਢ-ਗੁਆਂਢ ਦੇ ਕੁਝ ਬੰਦੇ।
ਇੱਕ ਦਿਨ, ਦੋ ਦਿਨ ਤੇ ਫੇਰ ਚਾਰ ਦਿਨ ਲੰਘ ਗਏ। ਇੱਕ ਗਰਮੀ, ਦੂਜੇ ਢਿੱਡ ਵਿੱਚ ਅੰਨ ਦਾ ਦਾਣਾ ਨਹੀਂ ਗਿਆ। ਇਕੱਲੇ ਪਾਣੀ ਨਾਲ ਕੀ ਬਣਨਾ ਸੀ। ਭਾਰ ਘਟਣ ਲੱਗਿਆ। ਕਮਜ਼ੋਰੀ ਵਧਦੀ ਗਈ। ਡੀ.ਡੀ.ਏ. ਵਾਲਿਆਂ ਨੂੰ ਖ਼ਬਰ ਤੀਕ ਨਹੀਂ ਲੱਗੀ। ਦੋਵੇਂ ਪੁੱਤਰ ਸਾਰਾ ਦਿਨ ਕੰਮ-ਕਾਰ ਛੱਡ ਪਿਉ ਕੋਲ ਬੈਠੇ ਰਹਿਣ। ਦੋਵੇਂ ਨੂੰਹਾਂ ਘਰ ਸਾਂਭ ਉੱਥੇ ਆ ਜਾਣ। ਪਤਨੀ ਤਾਂ ਜਿਵੇਂ ਉਸ ਨਾਲ ਬੰਨ੍ਹੀ ਹੀ ਗਈ।
ਪੰਜਵੇਂ ਦਿਨ ਕਿਸੇ ਨੇ ਅਖ਼ਬਾਰ ਵਾਲਿਆਂ ਨੂੰ ਖ਼ਬਰ ਕਰ ਦਿੱਤੀ। ਉਹ ਆਏ ਅਤੇ ਮਾਸਟਰ ਧਰਮ ਦਾਸ ਦੀਆਂ ਫੋਟੋਆਂ ਖਿੱਚ ਅਗਲੇ ਦਿਨ ਅਖ਼ਬਾਰ ਵਿੱਚ ਛਪਵਾ ਦਿੱਤੀਆਂ। ਫੋਟੋਆਂ ਵੇਖ ਕੇ ਧਰਮ ਦਾਸ ਕੋਲ ਕਈ ਸਿਆਸੀ ਬੰਦੇ ਪਹੁੰਚੇ। ਪੁਲੀਸ ਦੇ ਅਫ਼ਸਰ ਆਏ। ਡੀ.ਡੀ.ਏ. ਵਾਲੇ ਵੀ ਪਹੁੰਚੇ। ਘਰਦਿਆਂ ਤੇ ਕਾਲੋਨੀ ਵਾਲਿਆਂ ਕਿੰਨਾ ਕਿਹਾ, ਪਰ ਧਰਮ ਦਾਸ ਨੇ ਵਰਤ ਨਹੀਂ ਤੋੜਿਆ। ਦਿਖਾਵੇ ਲਈ ਸਤੀਸ਼ ਰਾਣਾ ਵੀ ਦੋਵੇਂ ਵੇਲੇ ਆਉਂਦਾ। ਕਿੰਨਾ-ਕਿੰਨਾ ਚਿਰ ਉੱਥੇ ਬੈਠਾ ਰਹਿੰਦਾ। ਘਰਦਿਆਂ ਨੂੰ, ਲੋਕਾਂ ਨੂੰ ਭਰੋਸਾ ਦਿਵਾਉਂਦਾ ਕਿ ਉਹ ਸਭ ਠੀਕ ਕਰ ਦੇਵੇਗਾ। ਪਰ… ਨਾ ਤਾਂ ਉਸ ਨੇ ਕੋਸ਼ਿਸ਼ ਕੀਤੀ ਤੇ ਨਾ ਹੀ ਕੁਝ ਠੀਕ ਹੋਇਆ।
ਭੁੱਖੇ ਰਹਿਣ ਕਰਕੇ ਧਰਮ ਦਾਸ ਦੇ ਸਰੀਰ ਵਿੱਚ ਸਾਹ-ਸੱਤ ਮੁੱਕ ਗਿਆ। ਆਵਾਜ਼ ਮੱਧਮ ਹੋ ਗਈ। ਬਿਨਾਂ ਸਹਾਰੇ ਉੱਠਣਾ ਮੁਸ਼ਕਿਲ ਹੋ ਗਿਆ। ਅੱਠ ਦਿਨ ਲੰਘ ਜਾਣ ’ਤੇ ਵੀ ਜਦੋਂ ਕੁਝ ਨਾ ਬਣਿਆ ਤਾਂ ਮਾਸਟਰ ਧਰਮ ਦਾਸ ਨੇ ਕਹਿਣਾ ਸ਼ੁਰੂ ਕਰ ਦਿੱਤਾ, ‘‘ਮੈਂ ਸ਼ਾਇਦ ਨਹੀਂ ਰਹਾਂਗਾ… ਪਰ ਇਹ ਸਭ ਕੁਝ ਬੰਦ ਨਹੀਂ ਹੋਣਾ ਚਾਹੀਦਾ। ਮੇਰੇ ਬਾਅਦ ਨੰਬਰ ਲਾ ਕੇ ਇੱਕ-ਇੱਕ ਜਣਾ ਆਵੇਗਾ ਅਤੇ ਇਸ ਥਾਂ ਨੂੰ ਖ਼ਾਲੀ ਨਹੀਂ ਹੋਣ ਦੇਵੇਗਾ। ਇਹ ਸਿਲਸਿਲਾ ਇਸੇ ਤਰ੍ਹਾਂ ਟੁਰਦਾ ਰਹੇਗਾ। ਜਦ ਤੀਕ ਹੋਟਲ ਦੀ ਅਲਾਟਮੈਂਟ ਰੱਦ ਨਹੀਂ ਹੋ ਜਾਂਦੀ।’’
ਨੌਵੇਂ ਦਿਨ, ਸ਼ਾਮੀਂ ਮਾਸਟਰ ਧਰਮ ਦਾਸ ਨੇ ਪ੍ਰਾਣ ਤਿਆਗ ਦਿੱਤੇ। ਘਰ ਦੇ ਰੋਣ ਲੱਗੇ ਤੇ ਨੇੜੇ ਦੇ ਰੋਣ ਲੱਗੇ। ਉਸ ਥਾਂ ਖੜੋਤੇ ਦੂਜੇ ਬੰਦਿਆਂ ਵਿੱਚ ਵੀ ਦੁੱਖ ਦਾ ਮਾਹੌਲ ਬਣ ਗਿਆ। ਪੋਸਟਮਾਰਟਮ ਤੋਂ ਬਾਅਦ ਮਾਸਟਰ ਧਰਮ ਦਾਸ ਦੀ ਮ੍ਰਿਤਕ ਦੇਹ ਫੁੱਲਾਂ ਦੇ ਹਾਰਾਂ ਨਾਲ ਸਜਾ ਕੇ ਘਰ ਲਿਆਂਦੀ ਗਈ। ਕਾਲੋਨੀ ਦੇ ਲੋਕਾਂ ਦਾ ਤਾਂਤਾ ਲੱਗ ਗਿਆ। ਮਰੇ ਪਏ ਧਰਮ ਦਾਸ ਦੀ ਕਾਲੋਨੀ ਲਈ ਦਿੱਤੀ ਕੁਰਬਾਨੀ ’ਤੇ ਸਾਰੇ ਵਾਹ-ਵਾਹ ਕਰ ਰਹੇ ਸਨ। ਲੋਕਾਂ ਦੇ ਮੂੰਹਾਂ ’ਚ ਧਰਮ ਦਾਸ ਦੀਆਂ ਹੀ ਗੱਲਾਂ ਸਨ ਜਿਹੜੀਆਂ ਮੁੱਕਣ ’ਚ ਨਹੀਂ ਸਨ ਆ ਰਹੀਆਂ।
ਪਰ ਜਦੋਂ ਸਤੀਸ਼ ਰਾਣਾ ਨੂੰ ਪਤਨੀ ਨੇ ਉਹਦੇ ਘਰ ਜਾਣ ਲਈ ਆਖਿਆ ਤਾਂ ਉਸ ਨੂੰ ਜਿਵੇਂ ਬਹੁਤ ਤਕਲੀਫ਼ ਹੋਈ। ਅਗਲੇ ਦਿਨ ਜਾਣ ਦਾ ਕਹਿ ਕੇ ਉਸ ਨੇ ਸੌਂ ਜਾਣਾ ਹੀ ਠੀਕ ਸਮਝਿਆ। ਪੰਜ ਦਿਨ ਲੰਘ ਗਏ। ਅਖ਼ਬਾਰਾਂ ਵਿੱਚ ਮਾਸਟਰ ਧਰਮ ਦਾਸ ਦੇ ਮਰ ਜਾਣ ਦੀਆਂ ਖ਼ਬਰਾਂ ਆਉਣੀਆਂ ਬੰਦ ਹੋ ਗਈਆਂ ਸਨ। ਕਾਲੋਨੀ ਦੀ ਧਰਮਸ਼ਾਲਾ ਵਿੱਚ ਸ਼ਾਮੀਂ ਛੇ ਵਜੇ ਧਰਮ ਦਾਸ ਨੂੰ ਸ਼ਰਧਾਂਜਲੀ ਦੇਣ ਲਈ ਕਾਲੋਨੀ ਵਾਲਿਆਂ ਇੱਕ ਮੀਟਿੰਗ ਰੱਖੀ ਹੋਈ ਸੀ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਪਹਿਲ ਸਤੀਸ਼ ਰਾਣਾ ਨੇ ਹੀ ਕੀਤੀ ਸੀ। ਉਸ ਨੇ ਕਾਲੋਨੀ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ। ਚਾਹ-ਪਾਣੀ ਦਾ ਇੰਤਜ਼ਾਮ ਕੀਤਾ ਸੀ। ਉਹ ਅੱਗੇ ਹੋ ਕੇ ਸਾਰੇ ਕੰਮ ਆਪ ਕਰਵਾ ਰਿਹਾ ਸੀ।
ਮਾਸਟਰ ਧਰਮ ਦਾਸ ਦੀ ਤਸਵੀਰ ਵੱਡੀ ਕਰਵਾ ਕੇ ਸਟੇਜ ’ਤੇ ਧਰੀ ਹੋਈ ਸੀ। ਉਸ ਸਾਹਮਣੇ ਥਾਲੀ ’ਚ ਧੂਫ ਧੁਖ਼ ਰਹੀ ਸੀ। ਤਸਵੀਰ ’ਤੇ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ। ਹਾਲ ਵਿੱਚ ਕਾਲੋਨੀ ਦੇ ਬਹੁਤ ਸਾਰੇ ਬੰਦੇ ਜੁੜੇ ਹੋਏ ਸਨ। ਮੀਟਿੰਗ ਠੀਕ ਵਕਤ ’ਤੇ ਸ਼ੁਰੂ ਹੋਈ ਸੀ। ਪਹਿਲਾਂ ਤਿੰਨ-ਚਾਰ ਭਜਨ ਗਾਏ ਗਏ। ਫੇਰ ਕਾਲੋਨੀ ਦੇ ਇੱਕ-ਦੋ ਸਿਰਕੱਢ ਬੰਦਿਆਂ ਨੇ ਧਰਮ ਦਾਸ ਬਾਰੇ ਬੋਲਣਾ ਸ਼ੁਰੂ ਕੀਤਾ। ਉਹ ਸਾਰੇ ਉਸ ਦੀਆਂ ਚੰਗਿਆਈਆਂ ਦੇ ਗੁਣ ਗਾਉਣ ਲੱਗੇ। ਫੇਰ ਅਖੀਰ ’ਚ ਬੋਲਣ ਦੀ ਸਤੀਸ਼ ਰਾਣਾ ਦੀ ਵਾਰੀ ਆਈ।
ਉਹ ਚੁੱਪ-ਚਪੀਤਾ ਟੁਰਦਾ ਹੋਇਆ ਸਟੇਜ ’ਤੇ ਆ ਮਾਈਕ ਨੇੜੇ ਖੜ੍ਹਾ ਹੋ ਗਿਆ। ਮੂੰਹ ਲਮਕਾ ਕੇ ਉਸ ਨੇ ਇਸ ਤਰ੍ਹਾਂ ਲੰਬਾ ਕਰ ਰੱਖਿਆ ਸੀ ਜਿਵੇਂ ਮਾਸਟਰ ਧਰਮ ਦਾਸ ਦੇ ਮਰ ਜਾਣ ਦਾ ਦੁੱਖ ਸਭ ਤੋਂ ਵੱਧ ਉਸ ਇਕੱਲੇ ਨੂੰ ਹੀ ਸੀ। ਕੁਝ ਚਿਰ ਚੁੱਪ ਖੜ੍ਹ ਕੇ ਉਸ ਨੇ ਇੱਕ ਨਜ਼ਰ ਹਾਲ ’ਚ ਬੈਠੇ ਲੋਕਾਂ ਦੇ ਚਿਹਰਿਆਂ ’ਤੇ ਸੁੱਟੀ ਅਤੇ ਫੇਰ ਬੋਲਣਾ ਸ਼ੁਰੂ ਕੀਤਾ, ‘‘ਪਿਆਰੇ ਸਾਥੀਓ, ਕੀ ਬੋਲਾਂ ਮੈਂ ਮਾਸਟਰ ਧਰਮ ਦਾਸ ਜੀ ਲਈ? ਕੀ ਦੱਸਾਂ ਮੈਂ ਉਨ੍ਹਾਂ ਬਾਰੇ? ਮੈਨੂੰ ਤਾਂ ਕੁਝ ਸੁੱਝ ਹੀ ਨਹੀਂ ਰਿਹਾ। ਕਿਵੇਂ ਦੁੱਖ ਨਾਲ ਮੇਰਾ ਅੰਦਰ ਭਰਿਆ ਹੋਇਆ ਹੈ। ਮਨ ਜ਼ੋਰ-ਜ਼ੋਰ ਨਾਲ ਰੋਣ ਨੂੰ ਕਰ ਰਿਹਾ ਹੈ ਉਸ ਮਹਾਨ ਹਸਤੀ ਲਈ, ਉਸ ਮਹਾਨ ਪੁਰਸ਼ ਲਈ, ਉਸ ਮਹਾਨ ਆਤਮਾ ਲਈ, ਜਿਹੜਾ ਆਕਾਸ਼ ’ਤੇ ਦਿਸਦੇ ਉਸ ਧਰੂ ਤਾਰੇ ਵਾਂਗ ਸੀ ਜੋ ਲੋਕਾਂ ਨੂੰ ਪ੍ਰਕਾਸ਼ ਦਿਖਾ ਕੇ ਹਨੇਰੇ ਭਰੇ ਰਾਹਾਂ ਤੋਂ ਬਾਹਰ ਕੱਢਦਾ ਹੈ। ਧਰਮ ਦਾਸ ਇਨਸਾਨ ਨਹੀਂ ਸਗੋਂ ਦੇਵਤਾ ਸੀ। ਅਜਿਹੇ ਮਹਾਂਪੁਰਸ਼ ਤਾਂ ਕਦੇ ਸਦੀਆਂ ’ਚ ਇੱਕ ਅੱਧੀ ਵਾਰੀ ਹੀ ਜਨਮ ਲੈਂਦੇ ਹਨ। ਧਰਮ ਦਾਸ ਲੋਕਾਂ ਲਈ ਲੜਦਾ ਹੋਇਆ ਆਪਣੀ ਕੁਰਬਾਨੀ ਦੇ ਗਿਆ, ਪਰ ਅਸੀਂ ਇਸ ਕੁਰਬਾਨੀ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ। ਇਹ ਪਾਰਕ, ਜਿਸ ਲਈ ਉਨ੍ਹਾਂ ਆਪਣੇ ਪ੍ਰਾਣ ਤਿਆਗੇ, ਜਿਸ ਲਈ ਉਨ੍ਹਾਂ ਹੱਸਦੇ ਹੋਏ ਮੌਤ ਦਾ ਜਾਮ ਪੀਤਾ, ਇਕੱਲੇ ਉਨ੍ਹਾਂ ਦਾ ਆਪਣਾ ਤਾਂ ਨਹੀਂ ਸੀ। ਇਕੱਲੇ ਉਨ੍ਹਾਂ ਦੇ ਆਪਣੇ ਪੋਤੇ ਤਾਂ ਉਸ ਵਿੱਚ ਨਹੀਂ ਸਨ ਖੇਡਣੇ? ਸਗੋਂ ਉਹ ਤਾਂ ਸਾਰਿਆਂ ਦਾ ਸਾਂਝਾ ਸੀ। ਫੇਰ ਉਨ੍ਹਾਂ ਇਕੱਲਿਆਂ ਮੌਤ ਨੂੰ ਕਿਉਂ ਗਲ ਲਗਾਇਆ? ਹੈ ਕਿਸੇ ਕੋਲ ਇਹਦਾ ਜਵਾਬ? ਨਹੀਂ ਸੀ…। ਪਰ… ਮੇਰੇ ਕੋਲ ਹੈ। ਅਜਿਹੇ ਮਹਾਨ ਬੰਦੇ, ਅਜਿਹੇ ਤੇਜੱਸਵੀ ਬੰਦੇ ਇਸੇ ਤਰ੍ਹਾਂ ਕਰਦੇ ਹਨ ਅਤੇ ਸ਼ੁਰੂ ਤੋਂ ਲੈ ਕੇ ਹੁਣ ਤੀਕ ਸੰਸਾਰ ਵਿੱਚ ਕਰਦੇ ਆਏ ਹਨ। ਇਹੋ ਤਾਂ ਉਨ੍ਹਾਂ ਦਾ ਵਡੱਪਣ ਹੁੰਦਾ ਹੈ, ਇਹੋ ਤਾਂ ਉਨ੍ਹਾਂ ਦਾ ਮਾਣ ਹੁੰਦਾ ਹੈ ਜਿਹੜਾ ਉਨ੍ਹਾਂ ਦੇ ਟੁਰ ਜਾਣ ਤੋਂ ਬਾਅਦ ਵੀ ਇਸ ਸੰਸਾਰ ਵਿੱਚ ਜਿਉਂਦਾ ਰਹਿੰਦਾ ਹੈ। ਉਹ ਆਪਣਾ ਸਰੀਰ ਜ਼ਰੂਰ ਤਿਆਗਦੇ ਹਨ, ਪਰ ਦੁਨੀਆਂ ’ਚ ਅਜਿਹਾ ਪ੍ਰਕਾਸ਼ ਛੱਡ ਜਾਂਦੇ ਹਨ ਜਿਹੜਾ ਸਾਡੇ ਜਿਹੇ ਲੋਕਾਂ ਦਾ ਮਾਰਗ ਦਰਸ਼ਨ ਕਰਦਾ ਰਹਿੰਦਾ ਹੈ। ਅੱਜ ਅਜਿਹੇ ਮਹਾਨ ਪੁਰਸ਼ ਲਈ ਮੇਰਾ ਦਿਲ ਰੋ ਰਿਹਾ ਹੈ। ਮੇਰਾ ਅੰਦਰ ਭਰਿਆ ਹੋਇਆ ਹੈ। ਕਾਸ਼! ਸਰਕਾਰ ਨੂੰ ਅਕਲ ਆਉਂਦੀ ਅਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ। ਮੈਂ ਤਾਂ ਬਹੁਤ ਜ਼ੋਰ ਲਾਇਆ ਅਤੇ ਜਦੋਂ ਕੰਮ ਸਿਰੇ ਚੜ੍ਹਨ ਵਾਲਾ ਹੋਇਆ ਤਾਂ ਮਾਸਟਰ ਧਰਮ ਦਾਸ ਜੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ।’’
ਇਹ ਵਾਕ ਕਹਿੰਦਿਆਂ ਸਤੀਸ਼ ਰਾਣਾ ਨੇ ਆਪਣਾ ਸੰਘ ਇਸ ਤਰ੍ਹਾਂ ਭਰ ਲਿਆ ਜਿਵੇਂ ਸੱਚਮੁੱਚ ਹੀ ਉਹਦਾ ਰੋਣਾ ਨਿਕਲ ਜਾਵੇਗਾ।
‘‘ਦੋਸਤੋ ਇਹ ਲੜਾਈ ਅਜੇ ਮੁੱਕੀ ਨਹੀਂ। ਇਹ ਤਾਂ ਅਜੇ ਸ਼ੁਰੂ ਹੋਈ ਹੈ। ਇਸ ਜੰਗ ਵਿੱਚ ਪਹਿਲੀ ਸ਼ਹਾਦਤ ਮਾਸਟਰ ਧਰਮ ਦਾਸ ਜੀ ਨੇ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਸਰਕਾਰ ਵਿਰੁੱਧ ਸ਼ਹੀਦੀਆਂ ਦੇਣ ਵਾਲਿਆਂ ਦੀ ਕਤਾਰ ਲੱਗ ਜਾਵੇਗੀ। ਅਜਿਹੀ ਮਹਾਨ ਸ਼ਖ਼ਸੀਅਤ ਨੂੰ ਮੈਂ ਦਿਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।’’
ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਲੋਕੀਂ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਵਜਾ ਰਹੇ ਸਨ ਜਿਵੇਂ ਉਨ੍ਹਾਂ ਵਿੱਚ ਲਹੂ ਭਰ ਲੈਣਗੇ।
ਸਤੀਸ਼ ਰਾਣਾ ਦਾ ਇੱਕ ਹੱਥ ਅਜੇ ਵੀ ਮਾਈਕ ’ਤੇ ਸੀ। ਉਹ ਚੁੱਪ ਖੜੋਤਾ ਤਾੜੀਆਂ ਮਾਰਦੇ ਲੋਕਾਂ ਨੂੰ ਵੇਖ ਰਿਹਾ ਸੀ। ਗੂੰਜਦੀਆਂ ਤਾੜੀਆਂ ਵਿੱਚ ਮਾਈਕ ਛੱਡਣ ਤੋਂ ਪਹਿਲਾਂ ਆਪਣੇ ਬੋਲਾਂ ਦਾ ਪ੍ਰਭਾਵ ਵੇਖਣ ਲਈ ਉਸ ਨੇ ਇੱਕ ਵਾਰੀ ਨਜ਼ਰ ਫੇਰ ਹਾਲ ਵਿੱਚ ਬੈਠੇ ਲੋਕਾਂ ’ਤੇ ਸੁੱਟੀ ਅਤੇ ਮਾਈਕ ਛੱਡ ਕੇ ਆਪਣੀ ਸੀਟ ਵੱਲ ਟੁਰਨ ਤੋਂ ਪਹਿਲਾਂ ਹੌਲੀ ਜਿਹੀ ਇਹ ਸ਼ਬਦ ਉਸ ਨੇ ਆਪਣੇ ਮੂੰਹੋਂ ਕੱਢਿਆ, ‘‘…ਬੇਵਕੂਫ਼।’’
ਇਹ ਸ਼ਬਦ ਉਸ ਨੇ ਮਾਸਟਰ ਧਰਮ ਦਾਸ ਲਈ ਬੋਲਿਆ ਸੀ ਜੋ ਕਿਸੇ ਨੂੰ ਵੀ ਸੁਣਾਈ ਨਾ ਦੇ ਕੇ ਤਾੜੀਆਂ ਦੀ ਗੂੰਜ ਵਿੱਚ ਗੁਆਚ ਗਿਆ ਸੀ।
ਤਾਲੀਆਂ ਸਨ ਕਿ ਵੱਜਦੀਆਂ ਹੀ ਜਾ ਰਹੀਆਂ ਸਨ, ਜਦੋਂ ਤਕ ਸਤੀਸ਼ ਰਾਣਾ ਸਟੇਜ ਛੱਡ ਕੇ ਮੁੜ ਆ ਕੇ ਆਪਣੀ ਥਾਂ ’ਤੇ ਨਹੀਂ ਬਹਿ ਗਿਆ। ਲੋਕਾਂ ਨੇ ਵੇਖਿਆ ਕਿ ਉਸ ਤੋਂ ਤਿੰਨ ਚਾਰ ਦਿਨਾਂ ਬਾਅਦ ਹੀ ਇੱਟਾਂ ਦੇ ਭਰੇ ਟਰੱਕ ਉਸ ਪਾਰਕ ਵਿੱਚ ਆਉਣੇ ਸ਼ੁਰੂ ਹੋ ਗਏ ਸਨ ਜਿਸ ਲਈ ਮਾਸਟਰ ਧਰਮ ਦਾਸ ਨੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ ਸਨ। ਉਹ ਮਾਸਟਰ ਧਰਮ ਦਾਸ, ਜਿਨ੍ਹਾਂ ਦੀ ਵਾਰੀ ਤੋਂ ਬਾਅਦ ਮਰਨ ਵਰਤ ਰੱਖ ਕੇ ਕੁਰਬਾਨੀ ਦੇਣ ਵਾਲਾ ਉਸ ਕਾਲੋਨੀ ਵਿੱਚ ਕੋਈ ਦੂਜਾ ਨਹੀਂ ਸੀ।
ਇੱਕ ਸਤੀਸ਼ ਰਾਣਾ ਸੀ ਜਿਹੜਾ ਇੱਟਾਂ ਉਤਾਰਦੇ ਇੱਕ ਟਰੱਕ ਕੋਲ ਪਾਰਕ ਵਿੱਚ ਖੜੋਤਾ ਹੋਟਲ ਮਾਲਕਾਂ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)