Punjabi Stories/Kahanian
ਸਤਿੰਦਰਪਾਲ ਸਿੰਘ ਬਾਵਾ
Satinderpal Singh Bawa
 Punjabi Kahani
Punjabi Kavita
  

Bharmai Chalo Ji Satinderpal Singh Bawa

ਭਰਮਾਈ ਚਲੋ ਜੀ (ਵਿਅੰਗ) ਸਤਿੰਦਰਪਾਲ ਸਿੰਘ ਬਾਵਾ

ਜੇਕਰ ਭਰਮਾਈ ਚਲੋ ਜੀ ਦੇ ਤਿੰਨਾਂ ਸ਼ਬਦਾਂ ਨੂੰ ਜੋੜ ਕੇ ਪੜ੍ਹੀਏ ਦੇਈਏ ਤਾਂ ਇਹਨਾਂ ਵਿਚ ਟੈਕਨਾਲੋਜੀ ਦੀ ਪ੍ਰਤਿਧੁਨੀ ਸੁਣਾਈ ਦਿੰਦੀ ਹੈ। ਭਾਵੇਂ ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋ ਕੇ ਇੱਕੀਵੀਂ ਸਦੀ ਤੱਕ ਆਉਂਦਿਆਂ ਆਉਂਦਿਆਂ ਟੈਕਨਾਲੋਜੀ ਦੇ ਖੇਤਰ ਵਿਚ ਅਥਾਹ ਵਿਕਾਸ ਹੋਇਆ ਹੈ ਜਿਸ ਰਾਹੀਂ ਅਨੇਕਾਂ ਭਰਮ ਭੁਲੇਖਿਆਂ ਪ੍ਰਤਿ ਕੋਈ ਭੇਲਖਾ ਨਹੀਂ ਰਹਿ ਗਿਆ ਪਰ ਫਿਰ ਵੀ ਕੁਝ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਹੜੀਆਂ ਅਚੇਤ ਹੀ ਨਵੇਂ ਭਰਮ ਭੁਲੇਖਿਆਂ ਦੀ ਸਿਰਜਣਾ ਕਰ ਦਿੰਦੀਆਂ ਹਨ ਅਤੇ ਭਰਮਾਈਚਲੋਜੀ ਦੇ ਵਿਕਾਸ ਅਤੇ ਵਿਸਤਾਰ ਲਈ ਢੁਕਵੀਂ ਜਮੀਨ ਤਿਆਰ ਕਰ ਦਿੰਦੀਆਂ ਹਨ। ਉਹ ਹਿੰਦੀ ਵਿਚ ਕਹਿੰਦੇ ਨੇ ਕਿ ‘ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ...’ ਬਸ ਉਸੇ ਤਰ੍ਹਾਂ ਅਸੀਂ ਸਾਰੇ ਪਿਛਲੇ ਕੁਝ ਸਮੇਂ ਤੋਂ ਗੱਲਾਂ ਦੀ ਦੂਰੀ ਅਤੇ ਡੁੰਘਾਈ ਹੀ ਮਾਪ ਰਹੇ ਹਾਂ। ਹੁਣ ਤਾਂ ਵੈਸੇ ਵੀ ਚੋਣਾਂ ਦਾ ਮੌਸਮ ਹੈ ਇਸ ਕਰਕੇ ਗੱਲਾਂ ਦੀ ਖੱਟੀ ਖਾਣ ਵਾਲਿਆਂ ਦੀ ਵੈਸੇ ਹੀ ਚਾਂਦੀ ਹੈ।
ਸਾਡਾ ਵਿਸ਼ਵਾਸ ਹੈ ਕਿ ਭਰਮਾਈਚਲੋਜੀ ਦੀ ਚੋਣਾਂ ਵਿਚ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਭਾਰਤੀ ਲੋਕ ਕਈ ਸਦੀਆਂ ਤੋਂ ਇਸ ਦੀ ਮਾਰ ਝੱਲਦੇ ਆ ਰਹੇ ਹਨ। ਬਹੁਤੀ ਪਿੱਛੇ ਕੀ ਮੁੜਣਾ ਖਿੱਦੋ ਫਰੋਲਾਂਗੇ ਤਾਂ ਲੀਰਾਂ ਹੀ ਨਿਕਲਣਗੀਆਂ ਚਾਹੇ ਉਹ ਗਰੀਬੀ ਹਟਾਉ ਦਾ ਨਾਹਰਾ ਹੋਵੇ ਜਾਂ ਕੋਈ ਹੋਰ ਕੌੜਾ ਸੱਚ। ਇਸ ਲਈ ਗੱਲ ਇਸੇ ਦਹਾਕੇ ਦੀ ਕਰਦੇ ਹਾਂ ਕਿ ਇਕ ਵੱਡੇ ਲੀਡਰ ਨੇ ਇਹ ਇਕਰਾਰ ਕੀਤਾ ਸੀ ਕਿ ਜੇਕਰ ਮੈਂ ਚੋਣਾਂ ਵਿਚ ਜਿਤ ਗਿਆ ਤਾਂ ਮੈਂ ਸੱਤਾ ਵਿਚ ਆਉਦਿਆਂ ਹੀ ਸਾਰੇ ਦੇਸ਼ ਨੂੰ

ਕਰੋੜਪਤੀ ਤਾਂ ਭਾਵੇਂ ਨਾ ਬਣਾ ਪਾਵਾਂ ਪਰ ਲੱਖਪਤੀ ਜ਼ਰੂਰ ਬਣਾ ਦੇਵਾਂਗਾ। ਲਉ ਜੀ ਭਰਮਾਈਚਲੋਜੀ ਕੰਮ ਕਰ ਗਈ ਤੇ ਲੋਕਾਂ ਨੇ ਉਸ ਨੂੰ ਬਹੁਮੱਤ ਨਾਲ ਜਿਤਾ ਵੀ ਦਿੱਤਾ ਅਤੇ ਸੱਤਾ ਵਿਚ ਵੀ ਲੈ ਆਂਦਾ। ਵਰੇ੍ਹ ਹੀ ਬੀਤ ਗਏ ਇਸ ਗੱਲ ਨੂੰ ਪਰ ਲੋਕਾਂ ਦੇ ਖਾਤਿਆਂ ਵਿਚ ਪੈਸੇ ਨਾ ਆਏ। ਲੋਕਾਂ ਨੂੰ ਲੱਗਿਆ ਕਿ ਲੀਡਰ ਆਪਣੇ ਕਾਰਜ ਕਾਲ ਦੇ ਆਖਰੀ ਸਾਲ ਵਿਚ ਜ਼ਰੂਰ ਕੋਈ ਚਮਤਕਾਰ ਦਿਖਾਵੇਗਾ ਅਤੇ ਆਪਣਾ ਵਾਅਦਾ ਵਫਾ ਕਰੇਗਾ। ਪਰ ਕੁਝ ਨਹੀਂ ਹੋਇਆ। ਜਦੋਂ ਇਸ ਸੰਬੰਧੀ ਇਕ ਪ੍ਰਸਿਧ ਪੱਤਰਕਾਰ ਨੇ ਲੀਡਰ ਨੂੰ ਸੁਆਲ ਕੀਤਾ ਤਾਂ ਲੀਡਰ ਨੇ ਪਹਿਲਾਂ ਪਾਣੀ ਪੀਤਾ ਫਿਰ ਬੜੀ ਬੇਬਾਕੀ ਨਾਲ ਕਿਹਾ ‘ਭਰਮ ਬਨਾ ਰਹੇ ਤੋ ਅੱਛਾ ਹੈ’ ਇਹ ਕਹਿ ਕੇ ਟੀ. ਵੀ. `ਤੇ ਚਲਦੀ ਇੰਟਰਵਿਊ ਵਿਚਾਲਿਓਂ ਛੱਡ ਕੇ ਸਟੂਡੀਓ ਤੋਂ ਬਾਹਰ ਚਲਾ ਗਿਆ।

ਇਸ ਘਟਨਾ ਨੂੰ ਅਸੀਂ ਹਾਲੇ ਭੁੱਲੇ ਹੀ ਨਹੀਂ ਸੀ ਕਿ ਭਰਮਾਈਚਲੋਜੀ ਦਾ ਨਵਾਂ ਵਰਜ਼ਨ ਡਰਾਈਚਲੋਜੀ ਵੀ ਇਹਨਾਂ ਚੋਣਾਂ ਸਮੇਂ ਮਾਰਕਿਟ ਵਿਚ ਨਵਾਂ ਨਵਾਂ ਲਾਂਚ ਹੋ ਗਿਆ। ਜੇਕਰ ਭਾਰਤੀ ਸੰਸਕ੍ਰਿਤੀ ਤੇ ਸਾਧ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਸ਼ਾਕਸ਼ਾਤ ਮਾਹਰਾਜ ਜੀ ਨੇ ਸ਼ਕਤੀ ਨਾਲ ਹੀ ਇਸ ਦਾ ਅਵਿਸ਼ਕਾਰ ਕੀਤਾ ਕੀਤਾ ਹੈ। ਉਹ ਮਹਾਰਾਜ ਜੀ ਜਿਹੜੇ ਆਪਣੀ ਕਿਰਪਾ ਲੋਕਾਂ `ਤੇ ਬਣਾਈ ਰੱਖਣ ਦੀ ਭਾਵਨਾ ਨਾਲ ਇਸ ਵਾਰ ਵੀ ਚੋਣ ਦੰਗਲ ਵਿਚ ਧੂਣੀ ਧੁਖਾਈ ਬੈਠੇ ਹਨ ਤਾਂ ਜੋ ਸੰਗਤ ਦਾ ਕਲਿਆਣ ਹੋ ਜਾਵੇ, ਨੇ ਹਾਲ ਹੀ ਵਿਚ ਵਚਨ ਕਰ ਦਿੱਤੇ ਕਿ ‘ਜੇਕਰ ਤੁਸੀਂ ਮੈਨੂੰ ਵੋਟ ਨਹੀਂ ਪਾਉਗੇ ਤਾਂ ਤੁਸੀਂ ਪਾਪਾਂ ਦੇ ਭਾਗੀ ਬਣੋਗੇ, ਤੁਹਾਨੂੰ ਸ਼ਰਾਪ ਲੱਗੇਗਾ।’ ਗੱਲ ਬਾਦਲੀਲ ਬਣਾਉਣ ਲਈ ਉਹਨਾਂ ਨੇ ਇਕ ਪੁਰਾਨ ਕਥਾ ਨੂੰ ਛੂਹ ਲਿਆ ਅਤੇ ਇਸ ਦੇ ਪ੍ਰਸੰਗ ਰਾਹੀਂ ਸਮਝਾਇਆ ਕਿ ਭਾਈ ਜੇਕਰ ਕੋਈ ਭੁੱਖਾ ਪਿਆਸਾ ਸਾਧੂ ਤੁਹਾਡੇ ਦਰ `ਤੇ ਮੰਗਣ ਆਵੇ ਤੇ ਤੁਸੀਂ ਉਸ ਨੂੰ ਖਾਲੀ ਮੋੜ ਦੇਵੋਂ ਤਾਂ ਉਹ ਤੁਹਾਨੂੰ ਦਿਲੋਂ ਸ਼ਰਾਪ ਹੀ ਦੇਵੇਗਾ। ਠੀਕ ਇਹੀ ਉਹ ਸਮਾਂ ਸੀ ਜਦੋਂ ਡਰਾਈਚਲੋਜੀ ਦੇ ਨਵੇਂ ਵਰਜ਼ਨ ਨੇ ਅਵਤਾਰ ਧਾਰਿਆ ਕਿਉਂਕਿ ਮਹਾਰਾਜ ਨੇ ਵਰ ਅਤੇ ਸ਼ਰਾਪ ਦਾ ਪ੍ਰਸੰਗ ਛੇੜ ਕੇ ਲੋਕਾਂ ਦੇ ਬੇਸ਼ਕੀਮਤੀ ਵੋਟ ਨੂੰ ਆਪਣੇ ਕਾਸੇ ਵਿਚ ਪਾਉਣ ਦਾ ਡਰਾਵਾ ਦਿੱਤਾ ਸੀ।
ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਨਵਾਂ ਵਰਜ਼ਨ ਮਾਰਕਿਟ ਵਿਚ ਆਉਂਦਾ ਹੈ ਤਾਂ ਉਸ ਦੇ ਨਾਲ ਮਿਲਦੇ ਜੁਲਦੇ ਕਈ ਮਾਡਲ ਵੀ ਥੋੜ੍ਹੀ ਬਹੁਤੀ ਤਪਦੀਲੀ ਕਰਕੇ ਮਾਰਕਿਟ ਵਿਚ ਉਤਾਰਨੇ ਪੈਂਦੇ ਹਨ ਤਾਂ ਜੋ ਨਵੇਂਪਣ ਦਾ ਭਰਮ ਬਰਕਰਾਰ ਰਹਿ ਸਕੇ। ਇਸੇ ਤਰ੍ਹਾਂ ਇਕ ਬੀਬੀ ਨੇ ਇਹਨਾਂ ਚੋਣਾਂ ਵਿਚ ਇਹ ਕਹਿ ਦਿੱਤਾ ਕਿ ‘ਜੇਕਰ ਤੁਸੀਂ ਮੈਨੂੰ ਆਪਣੀ ਵੋਟ ਵਾਲਾ ਬਲੈਂਕ ਚੈੱਕ ਨਹੀਂ ਦਿਉਗੇ ਤਾਂ ਮੈਂ ਜਿੱਤਣ ਉਪਰੰਤ ਤੁਹਾਡੀ ਕੋਈ ਮਦਦ ਨੀਂ ਕਰ ਸਕਾਂਗੀ। ਕਿਉਂਕਿ ਮੈਂ ਜਿੱਤ ਤਾਂ ਜਾਵਾਂਗੀ ਹੀ ਅਤੇ ਫਿਰ ਤੁਹਾਡੇ ਬੂਥ ਦੀਆਂ ਪੇਟੀਆਂ ਖੁਲਵਾ ਕੇ ਇਹ ਜ਼ਰੂਰ ਦੇਖਾਂਗੀ ਕਿ ਤੁਸੀਂ ਵੋਟਾਂ ਕਿਸ ਨੂੰ ਪਾਈਆਂ ਹਨ ਜੇਕਰ ਤੁਸੀਂ ਮੈਨੂੰ ਵੋਟਾਂ ਨਾ ਪਾਈਆਂ ਤਾਂ ਭਵਿੱਖ ਵਿਚ ਮੈਥੋਂ ਵੀ ਮਦਦ ਦੀ ਕੋਈ ਆਸ ਨਾ ਕਰਿਉ। ਤੁਸੀਂ ਮੈਨੂੰ ਬਰੰਗ ਚਿੱਠੀ ਵਾਂਗ ਮੋੜੋਗੇ ਤਾਂ ਮੈਂ ਵੀ ਤੁਹਾਡੇ ਨਾਲ ਇਹੀ ਵਰਤਾਓ ਕਰਾਂਗੀ ਜਿਹੜਾ ਤੁਸੀਂ ਮੇਰੇ ਨਾਲ ਕਰੋਗੇ। ਦੇਖੋ ਜੀ ਇਹ ਤਾਂ ਹੱਥ ਨੂੰ ਹੱਥ ਹੈ।’ ਲੋਕ ਡਰੇ ਸਹਿਮੇ ਡਰੇ ਹੱਥ ਮਲਦੇ ਘਰਾਂ ਨੂੰ ਚਲ ਪਏ।

ਤੁਸੀਂ ਸਾਡੀ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ ਭਾਵੇਂ ਮਾਰਕਿਟ ਵਿਚ ਭਰਮਾਈਚਲੋਜੀ ਦਾ ਨਵਾਂ ਵਰਜ਼ਨ ਡਰਾਈ ਚਲੋ ਜੀ ਖੂਬ ਰਿਕਾਡ ਤੋੜ ਸਫਲਤਾ ਹਾਸਲ ਕਰ ਰਿਹਾ ਹੈ ਪਰ ਕਿਧਰੇ ਨਾ ਕਿਧਰੇ ਪੁਰਾਣਾ ਵਰਜ਼ਨ ਵੀ ਹਾਲੇ ਵਿਕ ਰਿਹਾ ਹੈ। ਕਿਉਂਕਿ ਭਰਮਾਈਚਲੋਜੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਨਾਲ ਬੰਦਾ ਨਿਰਾਸ਼ ਨਹੀਂ ਹੁੰਦਾ। ਸਿਆਣੇ ਕਹਿੰਦੇ ਨੇ ਜੀਵੇ ਆਸਾ ਤੇ ਮਰੇ ਨਿਰਾਸ਼ਾ ਸੋ ਭਰਮਾਈਚਲੋਜੀ ਵਿਚ ਆਸ ਵੀ ਬਰਕਰਾਰ ਬਣੀ ਰਹਿੰਦੀ ਹੈ। ਉਦਾਹਰਨ ਵਜੋਂ ਇਕ ਲੀਡਰ ਨੇ ਇਹਨਾਂ ਚੋਣਾਂ ਵਿਚ ਇਹ ਕਹਿ ਦਿੱਤਾ ਕਿ ਪਿਛਲੀ ਵਾਰ ਤਾਂ ਅਸੀਂ ਤੁਹਾਡੇ ਬੈਂਕ ਖਾਤੇ ਆਧਾਰ ਕਾਰਡ ਦੇ ਨੰਬਰ ਨਾਲ ਹੀ ਲਿੰਕ ਕਰ ਸਕੇ ਇਸ ਵਾਰ ਮੌਕਾ ਦਿਉ ਸਣੇ ਵਿਆਜ ਤੁਹਾਡੇ ਖਾਤਿਆਂ ਵਿਚ ਬਣਦੀ ਰਾਸ਼ੀ ਜਮ੍ਹਾਂ ਕਰਵਾ ਦੇਵਾਂਗੇ। ਲਓ ਜੀ ਜੰਤਾ ਫਿਰ ਉੱਠ ਦੇ ਬੁੱੱਲ੍ਹ ਡਿੱਗਣ ਦੀ ਆਸ ਰੱਖਣ ਲੱਗ ਪਈ ਹੈ। ਇਸੇ ਤਰ੍ਹਾਂ ਇਕ ਹੋਰ ਲੀਡਰ ਨੇ ਚੋਣ ਰੈਲੀ ਵਿਚ ਇਹ ਕਹਿ ਦਿੱਤਾ ਕਿ ‘ਮੁੰਡਾ ਜੰਮਣ ਤੇ ਤੜਾਗੀ ਵੀ ਸਾਡੀ ਪਾਰਟੀ ਦੇ ਲੋਕ ਹੀ ਪਾਉਣ ਜਾਇਆ ਕਰਨਗੇ ਉਹ ਵੀ ਸੋਨੇ ਦੀ, ਤੁਸੀਂ ਸਾਨੂੰ ਇਕ ਵਾਰ ਜਿਤਾ ਦਿਉ।’ ਨੇੜੇ ਬੈਠੇ ਕਿਸੇ ਨੇ ਮਸ਼ਕਰੀ ਨਾਲ ਕਿਹਾ ‘ਖੁਸਰੇ ਵੀ ਸੱਦ ਲਿਉ...ਐਵੇਂ ਵੇਲਾਂ ਗਾਉਂਦੇ ਗਾਉਂਦੇ ਮਤੇ ਤੁਹਾਡਾ ਗਲਾ ਹੀ ਨਾ ਬੈਠ ਜਾਵੇ।’
ਇਕ ਲੀਡਰ ਨੇ ਤਾਂ ਉਪਰੋਕਤ ਦੋਹਾਂ ਵਰਜ਼ਨਾਂ ਦੇ ਆਧਾਰ ਤੇ ਨਵੇਂ ਮਾਡਲ ਦਾ ਹੀ ਨਿਰਮਾਣ ਕਰ ਦਿੱਤਾ। ਅਖੇ ‘ਹੁਣ ਤੁਹਾਡੇ ਆਧਾਰ ਕਾਰਡਾਂ ਅਤੇ ਵੋਟਰ ਕਾਰਡਾਂ ਤੇ ਫੋਟੋ ਗੱਲੀ ਹੋਈ ਹੈ ਜੇਕਰ ਤੁਸੀਂ ਸਾਡੀ ਪਾਰਟੀ ਨੂੰ ਵੋਟ ਨਹੀਂ ਪਾਉਂਗੇ ਤਾਂ ਤੁਸੀਂ ਸਾਡੀ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਵੋਗੇ। ਦੂਜਾ ਤੁਹਾਡੇ ਬੂਥ `ਤੇ ਕੈਮਰੇ ਲਗਾਏ ਜਾਣਗੇ ਜੇ ਵਿਰੋਧੀ ਪਾਰਟੀ ਨੂੰ ਵੋਟ ਪਾਈ ਤਾਂ ਵੀ ਸਾਨੂੰ ਇਸ ਦਾ ਪਤਾ ਲੱਗ ਜਾਣਾ ਹੈ।...ਜਿਹੜੇ ਸਾਡੀ ਪਾਰਟੀ ਨੂੰ ਵੋਟ ਨਹੀਂ ਕਰਨਗੇ ਉਹਨਾਂ ਨੂੰ ਨਾ ਰੋਜ਼ਗਾਰ ਮਿਲੇਗਾ ਤੇ ਨਾ ਹੀ ਮੁਬਾਇਲ ਫੋਨ...। ਇਸ ਕਰਕੇ ਸਾਡੀ ਪਾਰਟੀ ਨੂੰ ਹੀ ਵੋਟ ਪਾਇਉ...।’ ਭਾਵੇਂ ਮੁਬਾਇਲ ਤੇ ਰੋਜ਼ਗਾਰ ਦੋਵੇਂ ਵਿਰੋਧੀ ਗੱਲਾਂ ਨੇ ਪਰ ਇਸ ਵਿਚ ਸਮੇਂ ਦਾ ਕਰੂਰ ਯਥਾਰਥ ਛੁਪਿਆ ਹੋਇਆ ਹੈ ਜਿਸ ਨੂੰ ਆਧੁਨਿਕ ਮੁਹਾਵਰੇ ਵਿਚ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਸਰਕਾਰ ਨੇ ਰੋਜ਼ਗਾਰ ਨਾ ਦੇ ਕੇ ਮੁਬਾਇਲ ਹੀ ਦੇ ਦਿੱਤਾ ਜਿਹੜਾ ਉਹਨਾਂ ਨੂੰ ਬੇਰੋਜਗਾਰੀ ਦਾ ਰੱਤੀ ਭਰ ਵੀ ਅਹਿਸਾਸ ਨਹੀਂ ਹੋਣ ਦਿੰਦਾ।
ਓ ਭਾਈ ਅਸੀਂ ਕਿਹਾ ਸੀ ਕਿ ਕੁਝ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਹੜੀਆਂ ਅਚੇਤ ਹੀ ਨਵੇਂ ਭਰਮ ਭੁਲੇਖਿਆਂ ਦੀ ਸਿਰਜਣਾ ਕਰ ਦਿੰਦੀਆਂ ਹਨ। ਸੋ ਭਰਮਾਈ ਚਲੋ ਜੀ। ਡਰਾਈ ਚਲੋ ਜੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com