Bhaundu Munda (Bangla Story in Punjabi) : Rabindranath Tagore

ਭੌਂਦੂ ਮੁੰਡਾ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

੧.
ਸੰਧਿਆ ਪੈਂਦਿਆਂ ਹੀ ਹਨੇਰੀ ਜ਼ੋਰ ਦੀ ਵਗਣ ਲਗ ਪਈ। ਹਵਾ ਦੀ ਸ਼ਾਂ ਸ਼ਾਂ, ਬਰਖਾ ਦੀ ਟਿਪ ਟਿਪ, ਬਦਲਾਂ ਦੀ ਕੜਕ ਤੇ ਬਿਜਲੀ ਦੀ ਚਮਕ ਤੋਂ ਤਾਂ ਇਹੋ ਜਾਪਦਾ ਸੀ ਜੋ ਕਿਧਰੇ ਅਸਮਾਨ ਵਿਚ ਦੇਵਤਿਆਂ ਤੇ ਦੈਤਾਂ ਦਾ ਭਿਆਨਕ ਜੁਧ ਛਿੜ ਪਿਆ ਹੈ। ਕਾਲੇ ਕਾਲੇ ਬਦਲ ਮੌਤ ਦੇ ਝੰਡੇ ਵਾਂਗ ਅਸਮਾਨ ਵਿਚ ਉਧਰੋਂ ਇਧਰ ਤੇ ਇਸਰੋਂ ਉਧਰ ਉਡ ਰਹੇ ਸਨ ਤੇ ਗੰਗਾ ਮਾਤਾ ਵਿਚ ਹੜ ਇਕ ਵਾਰੀ ਤਾਂ ਰਾਹੀਆਂ ਦੀ ਸੁਧ ਬੁਧ ਭੁਲਾ ਦੇਂਦਾ ਸੀ ਤੇ ਇਸ ਦਰਿਆ ਕੰਢੇ ਦੇ ਬਾਗਾਂ ਵਿਚ ਜਿਹੜੇ ਬ੍ਰਿਛ ਬੂਟੇ ਸਨ, ਉਹ ਹਾਹੁਕੇ ਭਰਦੇ ਆਪਣੀਆਂ ਟਾਹਣੀਆਂ ਨੂੰ ਸੁਦਾਈਆਂ ਵਾਂਗ ਇਧਰ ਉਧਰ ਮਾਰ ਰਹੇ ਸਨ।
ਇਹੋ ਜਿਹੇ ਸਮੇਂ ਚੰਦਰ ਨਗਰ ਦੇ ਲਾਗੇ ਦਰਿਆ ਦੇ ਕੰਢੇ ਦੀ ਇਕ ਸੁੰਦਰ ਕੋਠੀ ਦੇ ਇਕ ਬੰਦ ਕਮਰੇ ਵਿਚ ਇਕ ਪਤੀ ਤੇ ਪਤਨੀ ਬੈਠੇ ਕਿਸੇ ਜ਼ਰੂਰੀ ਮਾਮਲੇ ਤੇ ਵਿਚਾਰ ਕਰ ਰਹੇ ਹਨ। ਸ਼ਰਤ ਨੇ ਆਖਿਆ, "ਪਿਆਰੀ ਜਾਨ, ਮੈਂ ਚਾਹੁੰਦਾ ਹਾਂ ਜੋ ਤੂੰ ਕੁਝ ਦਿਨ ਹੋਰ ਇਥੇ ਹੀ ਠਹਿਰੇਂ ਤਾਂ ਜੁ ਪੂਰੀ ਤਕੜੀ ਹੋ ਘਰ ਮੁੜੇਂ।"
ਕੀਰਾਂ ਆਖ ਰਹੀ ਸੀ, "ਮੈਂ ਬਿਲਕੁਲ ਰਾਜ਼ੀ ਹਾਂ, ਹੁਣ ਮੁੜ ਜਾਣ ਵਿਚ ਕੋਈ ਹਰਜ ਨਹੀਂ, ਤੇ ਨਾ ਹੀ ਹੋ ਸਕਦਾ ਹੈ।"
ਹਰ ਇਕ ਗ੍ਰਹਸਤੀ ਇਹ ਅਨੁਮਾਨ ਲਾ ਸਕਦਾ ਹੈ ਜਿਹੜੀ ਗਲ ਅਸਾਂ ਦੋ ਸਤਰਾਂ ਵਿਚ ਮੁਕਾ ਦਿਤੀ ਹੈ, ਉਹ ਇਨੇ ਥੋੜੇ ਸ਼ਬਦਾਂ ਵਿਚ ਤਾਂ ਨਹੀਂ ਹੋਈ ਹੋਣੀ। ਅਸਾਂ ਨੇ ਤਾਂ ਕੇਵਲ ਤਾਤਪਰਜ ਹੀ ਦੇਣ ਦੀ ਕੀਤੀ ਹੈ, ਨਹੀਂ ਤਾਂ ਉਥੇ ਤਾਂ ਢੇਰ ਚਿਰ ਇਹ ਚਰਚਾ ਛਿੜੀ ਰਹੀ ਸੀ। ਦੋਵੱਲੀ ਇਤਨੀਆਂ ਦਲੀਲਾਂ ਆਪਣੇ ਪੱਖ ਦੇ ਸਿਧ ਕਰਨ ਲਈ ਦਿਤੀਆਂ ਗਈਆਂ ਜੋ ਸਿਟੇ ਤੇ ਪੁਜਣਾ ਅਸੰਭਵ ਹੋ ਗਿਆ ਸੀ। ਅੰਤ ਇਹੋ ਜਾਪਦਾ ਸੀ ਕੇ ਪਤਨੀ ਦੇ ਅਥਰੂ ਵਗਾਣ ਤੋਂ ਬਿਨਾਂ ਇਸ ਗਲ ਦਾ ਭੋਗ ਹੀ ਨਹੀਂ ਪੈਣਾ। ਸ਼ਰਤ ਨੇ ਇਕ ਵਾਰੀ ਫਿਰ ਪੂਰੇ ਜ਼ੋਰ ਨਾ ਆਖਿਆ, "ਡਾਕਟਰ ਹੋਰਾਂ ਦੀ ਵੀ ਇਹੋ ਹੀ ਰਾਏ ਹੈ, ਜੁ ਕੁਝ ਦਿਨ ਹੋਰ ਤੂੰ ਇਥੇ ਹੀ ਠਹਿਰੇਂ।"
ਉਤਨੇ ਹੀ ਜੋਸ਼ ਵਿਚ ਅਗੋਂ ਕੀਰਾਂ ਨੇ ਉਤਰ ਦਿਤਾ, "ਤੁਹਾਡੇ ਡਾਕਟਰ ਨੂੰ ਸਭ ਕੁਝ ਪਤਾ ਹੁੰਦਾ ਹੈ?"
ਸ਼ਰਤ- "ਤੈਨੂੰ ਪਤਾ ਨਹੀਂ ਜੋ ਇਸ ਮੌਸਮ ਵਿਚ ਕਿਤਨੇ ਪਰਕਾਰ ਦੀਆਂ ਬੀਮਾਰੀਆਂ ਸ਼ਹਿਰਾਂ ਵਿਚ ਪਈਆਂ ਹੋਈਆਂ ਹਨ। ਜੇ ਤੂੰ ਇਕ ਦੋ ਮਹੀਨੇ ਹੋਰ ਇਥੇ ਹੀ ਠਹਿਰੇਂ ਤਾਂ ਕੇਹੀ ਚੰਗੀ ਗਲ ਹੋਵੇ?"
ਕੀਰਾਂ- "ਕੀ ਇਥੇ ਕਦੀ ਕੋਈ ਬੀਮਾਰ ਨਹੀਂ ਹੋਇਆ? ਇਥੇ ਤਾਂ ਸਾਰੇ ਸਦਾ ਰਾਜ਼ੀ ਹੀ ਰਹਿੰਦੇ ਹੋਣਗੇ?"
ਸਚੀ ਗਲ ਇਹ ਹੈ ਜੋ ਕੀਰਾਂ ਦੇ ਨਾਲ ਸਾਰੇ ਟਬਰ ਦਾ ਕੀ, ਆਂਢੀਆਂ ਗਵਾਂਢੀਆਂ ਦਾ ਵੀ ਵੱਡਾ ਹਿਤ ਸੀ, ਤੇ ਇਹੋ ਹੀ ਕਾਰਨ ਹੈ ਜੋ ਜਦੋਂ ਉਹ ਰਤੀ ਕੁ ਬੀਮਾਰ ਪਈ ਤਾਂ ਸਾਰਿਆਂ ਦੀ ਚਿੰਤਾ ਨਾਲ ਖਾਨਿਓਂ ਗਈ। ਜਦੋਂ ਪਿੰਡ ਦੇ ਹੋਰ ਬੁੱਢੇ ਬੁੱਢੀਆਂ ਨੇ ਸੁਣਿਆ ਜੋ ਸ਼ਰਤ ਦਾ ਇਰਾਦਾ ਕੀਰਾਂ ਦੇ ਪਾਣੀ ਬਦਲਣ ਦਾ ਹੈ ਤਾਂ ਵਡੀ ਹੈਰਾਨੀ ਨਾਲ ਉਨ੍ਹਾਂ ਨੇ ਆਖਿਆ, "ਕਲਜੁਗ ਆ ਗਿਆ ਹੈ, ਬੇਸ਼ਰਮੀ ਇੰਨੀ ਵਧ ਚੁੱਕੀ ਹੈ। ਕੇਵਲ ਇਕ ਵਹੁਟੀ ਦੀ ਖਾਤਰ ਇਸ ਨੂੰ ਹਫੜਾ ਦਫੜੀ ਪਈ ਹੋਈ ਹੈ।" ਕਈਆਂ ਨੇ ਤਾਂ ਸ਼ਰਤ ਨੂੰ ਜਾ ਪੁਛਿਆ ਵੀ, "ਕਿਉਂ ਭਈ, ਅਗੇ ਕਿਸੇ ਦੀ ਵਹੁਟੀ ਕਦੇ ਬੀਮਾਰ ਨਹੀਂ ਪਈ? ਕੀ ਤੈਨੂੰ ਪਤਾ ਲਗ ਗਿਆ ਹੈ, ਜੋ ਜਿਥੇ ਤੂੰ ਇਸ ਨੂੰ ਲੈ ਜਾਣਾ ਚਾਹੁੰਦਾ ਹੈਂ, ਉਥੇ ਦੇ ਬੰਦੇ ਸਦਾ ਜੀਂਵਦੇ ਰਹਿੰਦੇ ਹਨ? ਕੀ ਤੂੰ ਸਮਝਦਾ ਹੈਂ ਜੋ ਕਿਸਮਤ ਦੇ ਲੇਖ ਉਥੇ ਜਾ ਕੇ ਮਿਟ ਸਕਦੇ ਹਨ?"
ਪਰੰਤੂ ਸ਼ਰਤ ਤੇ ਉਸ ਦੀ ਮਾਤਾ ਨੇ ਇਨ੍ਹਾਂ ਭਲੇ ਲੋਕਾਂ ਦੀ ਇਕ ਵੀ ਨਾ ਸੁਣੀ। ਉਹ ਸਮਝਦੇ ਸਨ ਜੋ ਉਨ੍ਹਾਂ ਦੀ ਪਿਆਰੀ ਕੀਰਾਂ ਦੀ ਜਾਨ ਸਾਰੇ ਪਿੰਡ ਦੀ ਮਿਲਵੀਂ, ਸੋਚ ਤੇ ਅਕਲ ਤੋਂ ਵਧੀਕ ਕੀਮਤੀ ਹੈ। ਸਚ ਹੈ, ਜਦੋਂ ਆਪਣੇ ਘਰ ਆ ਬਣਦੀ ਹੈ, ਤਦ ਲੋਕੀ ਇਵੇਂ ਹੀ ਦੂਜਿਆਂ ਦੀ ਅਕਲ ਦੀ ਪਰਵਾਹ ਕੀਤਾ ਕਰਦੇ ਹਨ।
ਮੁਕਦੀ ਗਲ ਇਹ ਜੋ ਸ਼ਰਤ ਹੋਰੀਂ ਕੀਰਾਂ ਨੂੰ ਚੰਦਰ ਨਗਰ ਲੈ ਹੀ ਗਏ ਤੇ ਰੱਬ ਦੀ ਕੁਦਰਤ ਉਹ ਉਥੇ ਛੇਤੀ ਹੀ ਰਾਜ਼ੀ ਵੀ ਹੋ ਗਈ, ਭਾਵੇਂ ਹਾਲਾਂ ਕਮਜ਼ੋਰੀ ਬਹੁਤ ਸੀ।
ਅਜੇ ਤਾਂ ਉਸ ਦਾ ਮੂੰਹ ਭੂਕ ਵਰਗਾ ਪੀਲਾ ਸੀ, ਅੱਖਾਂ ਵਿਚ ਵੜੀਆਂ ਹੋਈਆਂ ਸਨ ਤੇ ਕੇਵਲ ਹੱਡੀਆਂ ਦੀ ਮੁੱਠ ਹੀ ਰਹਿ ਗਈ ਸੀ, ਜਿਸ ਨੂੰ ਵੇਖਕੇ ਤਰਸ ਆਉਂਦਾ ਸੀ। ਸ਼ਰਤ ਦਾ ਹਿਰਦਾ ਕੰਬ ਉਠਦਾ ਸੀ ਜਦੋਂ ਖਿਆਲ ਆਉਂਦਾ ਸੀ ਜੋ ਕਿਵੇਂ ਉਸ ਦੀ ਪਿਆਰੀ ਮੌਤ ਦੇ ਮੂੰਹੋਂ ਬਾਹਰ ਨਿਕਲੀ ਹੈ।
ਕੀਰਾਂ ਸਹੇਲੀਆਂ ਵਿਚ ਸਦਾ ਹੱਸਦੀ ਖੇਡਦੀ ਰਹਿਣ ਵਾਲੀ ਮੁਟਿਆਰ ਸੀ। ਇਸ ਇਕਾਂਤ ਥਾਂ ਤੇ ਉਸ ਦਾ ਜੀ ਕਿਵੇਂ ਲਗਦਾ? ਨਾ ਤਾਂ ਇਥੇ ਕੋਈ ਕੰਮ ਕਾਜ ਸੀ ਤੇ ਨਾ ਆਂਢ ਗੁਆਂਢ ਸਹੇਲੀਆਂ ਹੀ ਸਨ, ਜਿਨ੍ਹਾਂ ਨਾਲ ਗੱਲ ਬਾਤ ਕਰਕੇ ਜੀ ਪਰਚਾਂਦੀ। ਇਥੇ ਤਾਂ ਸਾਰਾ ਦਿਨ ਦਵਾਈਆਂ ਪੀਣ ਜਾਂ ਡਾਕਟਰ ਦੀਆਂ ਦਸੀਆਂ ਹੋਈਆਂ ਚੀਜ਼ਾਂ ਖਾਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸੀ ਤੇ ਦਵਾਈਆਂ ਦੀਆਂ ਖੁਰਾਕਾਂ ਹਰ ਘੰਟੇ ਮਗਰੋਂ ਪੀਣ ਜਾਂ ਟਕੋਰਾਂ ਮਾਲਸ਼ਾਂ ਕਰਾਣ ਵਿਚ ਉਸ ਨੂੰ ਕੋਈ ਖੁਸ਼ੀ ਹੋ ਹੀ ਨਹੀਂ ਸਕਦੀ ਸੀ। ਇਸੇ ਲਈ ਜਦ ਰਤੀ ਕੁ ਉਠਣ ਬੈਠਣ ਜੋਗੀ ਹੋਈ ਤਾਂ ਘਰ ਮੁੜਨ ਦੀ ਅੜੀ ਬੰਨ੍ਹ ਦਿਤੀ ਤੇ ਅਜ ਸੰਧਿਆ ਨੂੰ ਵੀ ਉਹ ਇਸੇ ਗੱਲ ਤੇ ਜ਼ਿਦ ਕਰ ਰਹੀ ਸੀ। ਜਦ ਤੋੜੀ ਤਾਂ ਕੀਰਾਂ ਦਲੀਲਾਂ ਦੇ ਕੇ ਗੱਲ ਬਾਤ ਕਰਦੀ ਰਹੀ, ਸ਼ਰਤ ਵੀ ਉਸੇ ਤਰ੍ਹਾਂ ਹੀ ਉਤਰ ਦੇਂਦਾ ਰਿਹਾ, ਪਰ ਜਦ ਉਹ ਉਦਾਸ ਤੇ ਨਿਰਾਸ ਹੋ ਮੂੰਹ ਦੂਜੇ ਪਾਸੇ ਮੋੜ ਬੈਠੀ, ਸ਼ਰਤ ਹੋਰੀਂ ਵੀ ਘਬਰਾ ਗਏ। ਬਿਨਾਂ ਕਿਸੇ ਦਲੀਲ ਹੁਜਤ ਦੇ ਉਹਦੀ ਗੱਲ ਮੰਨਣ ਨੂੰ ਤਿਆਰ ਹੀ ਸਨ, ਜਦੋਂ ਨੌਕਰ ਨੇ ਆ ਕੇ ਬੰਦ ਤਾਕਾਂ ਵਿਚੋਂ ਅਵਾਜ਼ ਦਿਤੀ।
ਸ਼ਰਤ ਨੇ ਜਦ ਉਠਕੇ ਬੂਹਾ ਖੋਲ੍ਹਿਆ ਤਾਂ ਨੌਕਰ ਨੇ ਦੱਸਿਆ ਜੋ ਹੜ੍ਹ ਦੇ ਕਾਰਨ ਦਰਿਆ ਵਿਚ ਇਕ ਬੇੜੀ ਉਲਟ ਗਈ ਹੈ। ਮੁਸਾਫ਼ਰਾਂ ਵਿਚੋਂ ਇਕ ਬ੍ਰਾਹਮਣ ਮੁੰਡਾ ਤਰ ਕੇ ਉਨ੍ਹਾਂ ਦੇ ਬਾਗ਼ ਦੇ ਕੰਢੇ ਆ ਲੱਗਾ ਹੈ। ਇਹ ਸੁਣ ਕੇ ਕੀਰਾਂ ਮੁੜ ਪਿਆਰ ਦੀ ਮੂਰਤੀ ਹੋ ਗਈ ਤੇ ਆਪਣੇ ਕਮਰੇ ਵਿਚ ਹੀ ਉਸ ਨੂੰ ਬੁਲਵਾ ਭੇਜਿਆ। ਬਕਸ ਵਿਚੋਂ ਸੁੱਕੇ ਕੱਪੜੇ ਕੱਢ ਕੇ ਪਵਾਏ ਤੇ ਗਰਮ ਦੁੱਧ ਦਾ ਗਲਾਸ ਪਿਲਾ ਕੇ ਉਸ ਨੂੰ ਧੀਰਜ ਦਿੱਤੀ।
ਵੇਖਣ ਭਾਲਣ ਨੂੰ ਮੁੰਡਾ ਚੰਗਾ ਦਿੱਸਦਾ ਸੀ, ਅਜੇ ਦਾੜ੍ਹੀ ਮੁੱਛ ਫੁਟੀ ਨਹੀਂ ਸੀ ਤੇ ਲੰਮੀਆਂ ਲੰਮੀਆਂ ਕੁੰਡਲਦਾਰ ਜੁਲਫ਼ਾਂ ਤੇ ਮੋਟੀਆਂ ਮੋਟੀਆਂ ਅੱਖਾਂ ਉਸ ਦੀ ਸੁੰਦਰਤਾ ਨੂੰ ਵਧਾ ਰਹੀਆਂ ਹਨ।
ਦੁੱਧ ਦਾ ਗਲਾਸ ਪਿਲਾ ਕੇ ਕੀਰਾਂ ਨੇ ਉਸ ਤੋਂ ਉਸ ਦਾ ਸਮਾਚਾਰ ਪੁਛਿਆ ਤੇ ਉਸ ਨੇ ਦੱਸਿਆ ਜੋ ਉਸ ਦਾ ਨਾਉਂ ਨੀਲਕੰਤਾ ਹੈ ਤੇ ਉਹ ਰਾਸਧਾਰੀਆਂ ਦੀ ਟੋਲੀ ਵਿਚੋਂ ਹੈ। ਉਹ ਨਾਲ ਦੇ ਪਿੰਡ ਰਾਸ ਪਾਉਣ ਲਈ ਆ ਰਹੇ ਸਨ, ਜਦੋਂ ਉਨ੍ਹਾਂ ਦੀ ਬੇੜੀ ਉਲਟ ਗਈ ਸੀ। ਉਸ ਨੂੰ ਕੁਝ ਪਤਾ ਨਹੀਂ ਸੀ ਜੋ ਉਸ ਦੇ ਸਾਥੀਆਂ ਨਾਲ ਕੀ ਬੀਤੀ, ਪਰ ਚੰਗਾ ਤਾਰੂ ਹੋਣ ਕਰ ਕੇ ਉਹ ਆਪ ਕੰਢੇ ਲੱਗ ਗਿਆ ਸੀ।

ਕੀਰਾਂ ਨੇ ਉਸ ਨੂੰ ਪਿਆਰ ਕੀਤਾ ਤੇ ਉਹ ਉਥੇ ਉਨ੍ਹਾਂ ਦੇ ਕੋਲੀ ਹੀ ਟਿਕ ਪਿਆ। ਸ਼ਰਤ ਨੇ ਵੀ ਇਸ ਖ਼ਆਲ ਨਾਲ ਉਸ ਦੇ ਇਸ ਸਮੇਂ ਆਉਣ ਨੂੰ ਚੰਗਾ ਸਮਝਿਆ ਜੋ ਉਸ ਦੀ ਵਹੁਟੀ ਦਾ ਜੀ ਪਰਚ ਜਾਵੇਗਾ ਤੇ ਕੁਝ ਸਮਾਂ ਹੋਰ ਉਹ ਇਥੇ ਰਹਿਣ ਤੇ ਰਾਜ਼ੀ ਹੋ ਜਾਵੇਗੀ। ਸੱਸ ਇਸ ਲਈ ਮੁੰਡੇ ਨੂੰ ਚਾਹੁਣ ਲੱਗ ਪਈ ਜੋ ਇਕ ਬ੍ਰਹਮਣ ਦੀ ਸੇਵਾ ਕਰ ਕੇ ਉਸ ਦੀ ਪ੍ਰਸੰਨਤਾ ਲੈਣ ਦਾ ਅਵਸਰ ਹੱਥ ਆ ਗਿਆ ਹੈ। ਨੀਲਕੰਤਾ ਖ਼ੁਸ਼ ਸੀ ਜੋ ਨਾ ਕੇਵਲ ਮੌਤ ਦੇ ਮੂੰਹੋਂ ਉਹ ਬੱਚ ਨਿਕਲਿਆ ਸੀ ਜਾਂ ਰਾਸਧਾਰੀ ਗੁਰੂ ਦੀ ਮਾਰ ਕੁੱਟ ਤੋਂ ਖਲਾਸੀ ਮਿਲੀ ਸੀ, ਸਗੋਂ ਸਾਰਿਆਂ ਕੋਲੋਂ ਵਧੀਕ ਉਸ ਨੂੰ ਖ਼ੁਸ਼ੀ ਇਸ ਗੱਲ ਦੀ ਸੀ ਜੋ ਇਕ ਅਮੀਰ ਘਰ ਵਿਚ ਥਾਂ ਮਿਲ ਗਈ ਸੀ। ਪਰੰਤੂ ਥੋੜ੍ਹੇ ਦਿਨਾਂ ਦੇ ਮਗਰੋਂ ਹੀ ਸ਼ਰਤ ਤੇ ਉਸ ਦੀ ਮਾਤਾ ਦੋਵੇਂ ਚਾਹੁਣ ਲੱਗ ਪਏ ਜੋ ਉਹ ਉਥੋਂ ਟੁਰ ਜਾਵੇ। ਕਾਰਨ ਇਹ ਸੀ ਜੋ ਨੀਲਕੰਤਾ ਦੀਆਂ ਆਦਤਾਂ ਉਨਾਂ ਨੂੰ ਚੰਗੀਆਂ ਨਾ ਲੱਗੀਆਂ। ਉਹ ਚੋਰੀ ਚੋਰੀ ਸ਼ਰਤ ਦੇ ਹੁਕੇ ਦੇ ਸੂਟੇ ਲਾਉਣ ਲੱਗ ਪਿਆ। ਮਾਲਕ ਦਾ ਰੇਸ਼ਮੀ ਛਾਤਾ ਵੱਸਦੀ ਬਾਰਸ਼ ਵਿਚ ਲਿਜਾ ਕੇ ਖ਼ਰਾਬ ਕਰ ਲੈ ਆਉਂਦਾ ਤੇ ਹਰ ਕਿਸੇ ਨਾਲ ਦੋਸਤੀ ਗੰਢਣ ਲੱਗ ਪਿਆ। ਇਨ੍ਹਾਂ ਤੋਂ ਛੁਟ ਉਸ ਨੇ ਇਕ ਕੁੱਤਾ ਵੀ ਰੱਖ ਲਿਆ ਸੀ ਜਿਹੜਾ ਚਿੱਕੜ ਭਰੇ ਪੈਰਾਂ ਨਾਲ ਸ਼ਰਤ ਦੇ ਕਮਰੇ ਵਿਚ ਵੜ ਕੇ ਉਸ ਦੇ ਬਿਸਤਰੇ ਨੂੰ ਖ਼ਰਾਬ ਕਰ ਜਾਂਦਾ ਸੀ। ਇਥੇ ਹੀ ਬਸ ਨਹੀਂ, ਹਰ ਉਮਰ ਤੇ ਕਦ ਦੇ ਕਿੰਨੇ ਹੀ ਮੁੰਡੇ ਉਸ ਨੇ ਆਪਣੇ ਨਾਲ ਰਲਾ ਲਏ, ਜਿਸ ਦਾ ਸਿੱਟਾ ਇਹ ਨਿਕਲਿਆ ਜੋ ਉਸ ਵਰ੍ਹੇ ਇਨ੍ਹਾਂ ਹੱਥੋਂ ਕਿਸੇ ਬਾਗ਼ ਵਿਚ ਵੀ ਫਲ ਪੱਕਣ ਦੀ ਆਸ ਨਾ ਰਹੀ।

ਇਹ ਮੰਨਣਾ ਪਵੇਗਾ ਜੋ ਇਸ ਤਰ੍ਹਾਂ ਉਸ ਨੂੰ ਵਿਗੜਨ ਵਿਚ ਕੀਰਾਂ ਦਾ ਵੀ ਚੋਖਾ ਹੱਥ ਸੀ ਤੇ ਉਸ ਦੇ ਲਾਡ ਨੇ ਮੁੰਡੇ ਨੂੰ ਸਿਰੇ ਚਾੜ੍ਹ ਰੱਖਿਆ ਸੀ। ਸ਼ਰਤ ਨੇ ਕਿਤਨੀ ਵਾਰੀ ਕੀਰਾਂ ਨੂੰ ਇਸ ਗੱਲ ਦੇ ਸਮਝਾਉਣ ਦਾ ਜਤਨ ਕੀਤਾ, ਪਰ ਕੋਈ ਸਫ਼ਲਤਾ ਨਾ ਹੋਈ। ਸ਼ਰਤ ਦੇ ਪੁਰਾਣੇ ਤੇ ਕਈ ਵਾਰ ਨਵੇਂ ਕੱਪੜੇ ਪਵਾ ਕੇ ਉਸ ਨੇ ਮੁੰਡੇ ਨੂੰ ਆਕੜਖ਼ਾਨ ਬਣਾ ਦਿੱਤਾ ਸੀ ਤੇ ਸਦਾ ਉਸ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਪਿਆਰ ਕਰਦੀ ਰਹਿੰਦੀ ਸੀ, ਕਿਉਂ ਜੁ ਉਹ ਉਸ ਦੀ ਬਾਬਤ ਪੂਰੇ ਪੂਰੇ ਹਾਲ ਸੁਣਨਾ ਚਾਹੁੰਦੀ ਸੀ ਤੇ ਉਸ ਦੇ ਦਿਲ ਵਿਚ ਮੁੰਡੇ ਲਈ ਕੁਝ ਕੁ ਖਿੱਚ ਹੋ ਗਈ ਸੀ। ਇਸ਼ਨਾਨ ਤੇ ਦੁਪਹਿਰ ਦੇ ਮਗਰੋਂ ਜਦੋਂ ਉਹ ਆਪ ਪਲੰਘ ਤੇ ਪਾਨਾਂ ਦੀ ਡੱਬੀ ਲੈ ਕੇ ਬੈਠਦੀ ਤੇ ਉਸ ਦੀ ਦਾਸੀ ਉਸ ਦੇ ਕੇਸਾਂ ਨੂੰ ਤੇਲ ਲਾ, ਕੰਘੀ ਕਰ ਸੰਵਾਰਦੀ ਤੇ ਗੁਤ ਕਰਦੀ ਸੀ, ਤਦੋਂ ਨੀਲਕੰਤਾ ਉਸ ਦੇ ਸਾਹਮਣੇ ਖਲੋ ਕੇ ਸੁਰ ਤੇ ਤਾਲ ਨਾਲ ਉਹ ਭਜਨ ਗਾ ਗਾ ਕੇ ਉਸ ਨੂੰ ਪ੍ਰਸੰਨ ਕਰਦਾ ਸੀ, ਜਿਹੜੇ ਰਾਸਧਾਰੀਆਂ ਦੀ ਟੋਲੀ ਵਿਚ ਉਸ ਨੇ ਸਿਖੇ ਸਨ। ਇਸ ਪ੍ਰਕਾਰ ਪਰਛਾਵੇਂ ਢਲ ਜਾਂਦੇ ਤੇ ਦਿਨ ਬਤੀਤ ਹੋ ਜਾਂਦਾ, ਬਸ ਨਿੱਤ ਦੀ ਇਹੋ ਹੀ ਕਾਰ ਬਣ ਗਈ।
ਕਦੇ ਕਦੇ ਸ਼ਰਤ ਨੂੰ ਵੀ ਉਥੇ ਬੈਠਣ ਤੇ ਰਾਗ ਸੁਣਨ ਨੂੰ ਆਖਦੀ ਸੀ, ਪਰ ਉਸ ਦੇ ਦਿਲ ਵਿਚ ਨੀਲ ਲਈ ਹੁਣ ਇਤਨੀ ਘ੍ਰਿਣਾ ਸੀ ਜੋ ਉਸ ਨੇ ਕਦੇ ਵੀ ਵਹੁਟੀ ਦੀ ਇਸ ਬੇਨਤੀ ਨੂੰ ਪਰਵਾਨ ਨ ਕੀਤਾ ਇਹ ਹੈ ਵੀ ਸੀ ਚੰਗਾ, ਕਿਉਂ ਜੋ ਸ਼ਰਤ ਦੇ ਸਾਹਮਣੇ ਨੀਲਕੰਤਾ ਨੇ ਘਬਰਾ ਜਾਣਾ ਸੀ ਤੇ ਕੁਝ ਵੀ ਗਾ ਨਹੀਂ ਸਕਣਾ ਸੀ।
ਉਸ ਦੀ ਮਾਤਾ ਕਦੇ ਕਦੇ ਭਜਨਾਂ ਵਿਚ ਪਰਮੇਸ਼ਰ ਦੇ ਨਾਉਂ ਦੇ ਸੁਣਨ ਦੇ ਖ਼ਿਆਲ ਨਾਲ ਆ ਤਾਂ ਬੈਠਦੀ ਸੀ, ਪਰੰਤੂ ਦੁਪਹਿਰ ਵੇਲੇ ਸੌਣ ਦੀ ਉਸ ਨੂੰ ਵਾਦੀ ਸੀ, ਇਸ ਲਈ ਉਥੇ ਹੀ ਬੈਠਿਆਂ ਬੈਠਿਆਂ ਘੂਕ ਸੌਂ ਜਾਂਦੀ। ਸ਼ਰਤ ਕਿਤਨੀ ਵਾਰੀ ਮੁੰਡੇ ਨੂੰ ਝਿੜਕਦਾ, ਚਪੇੜਾਂ ਮਾਰਦਾ, ਕੰਨ ਖਿੱਚਦਾ, ਪਰ ਰਾਸਧਾਰੀਆਂ ਦੀ ਟੋਲੀ ਵਿਚ ਉਹ ਇਤਨੀ ਮਾਰ ਕੁਟਾਈ ਦਾ ਹਿਲਿਆ ਹੋਇਆ ਸੀ, ਜੋ ਇਹ ਮਾਰ ਉਸ ਨੂੰ ਰਤੀ ਵੀ ਨ ਪੋਂਹਦੀ। ਥੋੜ੍ਹੀ ਜਿਹੀ ਉਮਰ ਦੇ ਤਜਰਬੇ ਨੇ ਉਸ ਨੂੰ ਸਿਖਾ ਦਿੱਤਾ ਸੀ, ਜੋ ਜਿਵੇਂ ਸੰਸਾਰ ਖ਼ੁਸ਼ਕੀ ਤੇ ਪਾਣੀ ਦਾ ਬਣਿਆ ਹੋਇਆ ਹੈ, ਤਿਵੇਂ ਹੀ ਇਕ ਪੁਰਸ਼ ਦੀ ਜ਼ਿੰਦਗੀ ਖਾਣ ਪੀਣ ਤੇ ਮਾਰ ਕੁਟਾਈ ਦੀ ਬਣੀ ਹੋਈ ਹੈ, ਸਗੋਂ ਮਾਰ ਕੁਟਾਈ ਵਧੀਕ ਹੈ।
ਨੀਲਕੰਤਾ ਦੀ ਉਮਰ ਕੀ ਸੀ? ਇਹ ਸਵਾਲ ਕੋਈ ਸੌਖਾ ਨਹੀਂ। ਜੇ ਚੌਦਾਂ ਜਾਂ ਪੰਦਰਾਂ ਦੇ ਲਗ ਪਗ ਆਖੀਏ ਤਾਂ ਵੇਖਣ ਵਿਚ ਉਹ ਵੱਡਾ ਪਰਤੀਤ ਹੁੰਦਾ ਸੀ, ਜੇ ਸਤਾਰਾਂ ਅਠਾਰਾਂ ਆਖੀਏ ਤਾਂ ਇਸ ਤੋਂ ਨਿੱਕਾ ਜਾਪਦਾ ਸੀ। ਸ਼ਕਲ ਸੂਰਤ ਵੇਖ ਕੇ ਇਹ ਅਨੁਮਾਨ ਲੱਗਦਾ ਸੀ ਜੋ ਜਾਂ ਤੇ ਬਹੁਤ ਛੇਤੀ ਉਹ ਗਭਰੂ ਬਣ ਗਿਆ ਹੈ ਜਾਂ ਬਹੁਤ ਚਿਰ ਮੁੰਡਾ ਹੀ ਰਿਹਾ ਹੈ। ਅਸਲ ਗੱਲ ਇਹ ਹੈ ਜੋ ਅਜੇ ਮੁੰਡਾ ਹੀ ਸੀ, ਜਦੋਂ ਉਹ ਰਾਸਧਾਰੀਆਂ ਵਿਚ ਰਲ ਗਿਆ ਸੀ ਤੇ ਇਥੇ ਇਸ ਨੂੰ ਰਾਧਕਾਂ, ਦਮਯੰਤੀ ਤੇ ਸੀਤਾ ਦੇ ਸਾਂਗ ਉਤਾਰਨੇ ਪੈਂਦੇ ਸਨ। ਇਸ ਲਈ ਕਾਰ-ਸਾਜ਼ ਰੱਬ ਨੇ ਉਸ ਦਾ ਕੱਦ ਇਤਨਾ ਹੀ ਰਹਿਣ ਦਿੱਤਾ ਜਿਤਨੇ ਕੁ ਦੀ ਉਸ ਦੇ ਮਾਲਕ ਨੂੰ ਲੋੜ ਸੀ ਤੇ ਬਸ ਇਸ ਤੋਂ ਅਗੇ ਉਸ ਦਾ ਵਾਧਾ ਰੁਕ ਗਿਆ।
ਨੀਲਕੰਤਾ ਨੂੰ ਸਾਰੇ ਨਿੱਕਾ ਸਮਝਦੇ ਸਨ ਤੇ ਉਹ ਆਪ ਵੀ ਨਿੱਕਾ ਹੀ ਬਣਿਆ ਹੋਇਆ ਸੀ, ਇਸ ਲਈ ਉਸ ਦਾ ਉਹ ਆਦਰ ਨਹੀਂ ਕੀਤਾ ਜਾਂਦਾ ਸੀ, ਜਿਹੜਾ ਉਸ ਦੀ ਉਮਰ ਦੇ ਪੁਰਸ਼ਾਂ ਦਾ ਕੀਤਾ ਜਾਂਦਾ ਹੈ।
ਕੁਦਰਤੀ ਤੇ ਬਣਾਵਟੀ ਕਾਰਨਾਂ ਕਰਕੇ ਉਸ ਦੀ ਉਮਰ ਦਾ ਬਹੁਤਿਆਂ ਨੂੰ ਭੁਲੇਖਾ ਲੱਗਦਾ ਸੀ। ਹੁੱਕਾ ਪੀਣ ਤੇ ਵਡਿਆਂ ਵਾਂਗ ਗੱਲਾਂ ਕਰਨ ਕਰਕੇ ਤਾਂ ਉਹ ਵੱਡਾ ਜਾਪਦਾ ਸੀ, ਪਰੰਤੂ ਉਸ ਦੀਆਂ ਅੱਖਾਂ ਵਿਚੋਂ ਅਜੇ ਬਚਪਨ ਦੀ ਝਲਕ ਪੈਂਦੀ ਸੀ। ਮੇਰਾ ਆਪਣਾ ਖ਼ਿਆਲ ਤਾਂ ਇਹ ਹੈ ਜੋ ਦਿਲ ਉਸ ਦਾ ਤਾਂ ਅਜੇ ਜਵਾਨ ਹੀ ਸੀ, ਪਰੰਤੂ ਲੋਕਾਂ ਦੇ ਸਾਹਮਣੇ ਸਾਂਗ ਬਣਨ ਕਰ ਕੇ ਉਸ ਦੀ ਬਾਹਰਲੀ ਸ਼ਕਲ ਸੂਰਤ ਸਮੇਂ ਤੋਂ ਪਹਿਲਾਂ ਹੀ ਵਡਿਆਂ ਵਾਲੀ ਹੋ ਗਈ ਸੀ।
ਹੁਣ ਸ਼ਰਤ ਦੇ ਘਰ ਤੇ ਬਾਗ਼ ਦੀ ਇਕਾਂਤ ਥਾਂ ਵਿੱਚ ਕੁਦਰਤ ਨੂੰ ਵੀ ਆਪਣੇ ਕੰਮ ਕਰਨ ਦਾ ਚੰਗਾ ਸਮਾਂ ਮਿਲ ਗਆ। ਉਹ ਝਟ ਪਟ ਹੀ ਵਧਣ ਲੱਗ ਪਿਆ ਤੇ ਹੁਣ ਸ਼ਕਲ ਸੂਰਤ ਤੋਂ ਸਤਾਰਾਂ, ਅਠਾਰਾਂ ਵਰ੍ਹਿਆਂ ਦੀ ਉਮਰ ਦਾ ਕੋਈ ਸ਼ੱਕ ਸ਼ੁਬਾ ਹੀ ਨਾ ਰਿਹਾ। ਇਸ ਗੱਲ ਦੀ ਪਹਿਲੀ ਨਿਸ਼ਾਨੀ ਇਹ ਪਰਗਟ ਹੋਈ ਜੋ ਹੁਣ ਜਦ ਕੀਰਾਂ ਅੱਗੇ ਵਾਂਗ ਮੁੰਡੇ ਵਾਲਾ ਸਲੂਕ ਉਸਦੇ ਨਾਲ ਕਰਦੀ ਤਾਂ ਉਹ ਸ਼ਰਮਾ ਜਾਂਦਾ। ਇਕ ਦਿਨ ਜਦ ਹਾਸੇ ਖ਼ੁਸ਼ੀ ਵਿਚ ਕੀਰਾਂ ਨੇ ਉਸ ਨੂੰ ਤੀਵੀਂ ਦਾ ਸਾਂਗ ਉਤਾਰਨ ਲਈ ਆਖਿਆ ਤਾਂ ਇਸਤ੍ਰੀ ਦੇ ਕੱਪੜੇ ਪਾਣ ਦੇ ਖ਼ਿਆਲ ਨੇ ਹੀ ਉਸ ਦੇ ਹਿਰਦੇ ਨੂੰ ਦੁਖੀ ਕੀਤਾ। ਭਾਵੇਂ ਉਸ ਨੂੰ ਇਸ ਦਾ ਕਾਰਨ ਕੋਈ ਪਤਾ ਨਹੀਂ ਸੀ। ਇਸ ਲਈ ਜਦ ਹੁਣ ਕੀਰਾਂ ਉਸ ਨੂੰ ਪੁਰਾਣੇ ਸਾਂਗ ਉਤਾਰਨ ਲਈ ਆਖਦੀ ਤਾਂ ਅੱਖ ਬਚਾ ਕੇ ਉਹ ਖਿਸਕਣ ਦੀ ਹੀ ਕਰਦਾ।
ਨੀਲਕੰਤਾ ਦੇ ਦਿਲ ਵਿਚ ਕਦੇ ਵੀ ਇਹ ਖ਼ਿਆਲ ਹੁਣ ਨਹੀਂ ਆਉਂਦਾ ਸੀ ਜੋ ਅਜੇ ਵੀ ਉਹ ਉਹੋ ਹੀ ਰਾਸਧਾਰੀ ਮੁੰਡਾ ਹੀ ਹੈ। ਹੁਣ ਤਾਂ ਸ਼ਰਤ ਦੇ ਮੁਨਸ਼ੀ ਕੋਲੋਂ ਉਸ ਨੇ ਕੁਝ ਪੜ੍ਹਨਾ-ਲਿਖਣਾ ਸਿਖਣਾ ਵੀ ਆਰੰਭ ਦਿੱਤਾ, ਪਰੰਤੂ ਮੁਨਸ਼ੀ ਨੂੰ ਉਹ ਦਿਲੋਂ ਇਸ ਕਰ ਕੇ ਚੰਗਾ ਨਹੀਂ ਲੱਗਦਾ ਸੀ, ਜੋ ਉਸ ਦੇ ਮਾਲਕ ਦੀ ਵਹੁਟੀ ਉਸ ਨੂੰ ਬਹੁਤ ਚਾਹੁੰਦੀ ਸੀ, ਇਸ ਕਰ ਕੇ ਉਸ ਨੇ ਪੜ੍ਹਨ ਲਿਖਣ ਵਿਚ ਕੋਈ ਉਨਤੀ ਨਾ ਕੀਤੀ। ਇਕ ਹੋਰ ਕਾਰਨ ਇਹ ਵੀ ਸੀ ਜੋ ਮੁੱਢ ਤੋਂ ਹੀ ਉਸ ਨੂੰ ਨੱਚਣ ਕੁੱਦਣ ਦੀ ਵਾਦੀ ਪਈ ਹੋਈ ਸੀ ਤੇ ਇਹੋ ਹੀ ਕੰਮ ਉਸ ਨੂੰ ਸਿਖਾਇਆ ਗਿਆ ਸੀ, ਇਸ ਕਰਕੇ ਉਹ ਆਪਣੇ ਮਨ ਨੂੰ ਬਹੁਤ ਦੇਰ ਸੰਥਾ ਵਲ ਟਿਕਾ ਕੇ ਨਹੀਂ ਰੱਖ ਸਕਦਾ ਸੀ। ਹਾਂ ਕਿਤਨੇ ਹੀ ਘੰਟੇ ਦਰਿਆ ਦੇ ਕੰਢੇ ਕਿਸੇ ਬ੍ਰਿਛ ਦੇ ਤਲੇ ਪੋਥੀ ਹੱਥ ਵਿਚ ਲੈ ਬੈਠਾ ਜ਼ਰੂਰ ਰਹਿੰਦਾ। ਲਹਿਰਾਂ ਕੰਢੇ ਨਾਲ ਟਕਰਾਂਦੀਆਂ, ਪੰਖੇਰੂ ਚੀਂ ਚੀਂ ਕਰਦੇ ਉਡਦੇ, ਪਰ ਉਸ ਦਾ ਧਿਆਨ ਰਬ ਜਾਣੇ ਕਿਥੇ ਸੀ? ਉਹ ਉਨ੍ਹਾਂ ਵਲ ਇਕ ਅੱਖ ਵੀ ਨਾ ਕਰਦਾ। ਭਾਵੇਂ ਉਹ ਇਕ ਅੱਖਰ ਵੀ ਨਾ ਪੜ੍ਹੇ, ਉਸ ਨੂੰ ਇਸ ਗਲ ਵਿਚ ਵੱਡੀ ਖ਼ੁਸ਼ੀ ਸੀ ਜੋ ਲੋਕੀ ਵੇਖਦੇ ਹਨ, ਜੋ ਉਹ ਪੜ੍ਹ ਰਿਹਾ ਹੈ ਤੇ ਇਸ ਕਰਕੇ ਜਦ ਕਦੇ ਕੋਈ ਬੇੜੀ ਉਸ ਦੇ ਕੋਲ ਦੀ ਲੰਘਦੀ, ਉਹ ਉਚੀ ਉਚੀ ਰੌਲਾ ਪਾ ਕੇ ਪੜ੍ਹਨ ਲਗ ਪੈਂਦਾ, ਪਰ ਜਦ ਸੁਣਨ ਵਾਲੇ ਅੱਖੋਂ ਉਹਲੇ ਹੁੰਦੇ, ਫਿਰ ਉਨ੍ਹਾਂ ਹੀ ਖਿਆਲਾਂ ਦੇ ਸਾਗਰ ਵਿਚ ਡੁਬਕੀਆਂ ਲਾਉਂਦਾ ਰਹਿੰਦਾ।
ਅਗੇ ਤਾਂ ਬਿਨਾਂ ਸੋਚੇ ਸਮਝੇ ਤੋਤੇ ਵਾਂਗ ਭਜਨ ਗਾਉਂਦਾ ਰਹਿੰਦਾ ਸੀ, ਪਰ ਹੁਣ ਉਸ ਨੂੰ ਉਨ੍ਹਾਂ ਦੇ ਅਰਥਾਂ ਦੀ ਵੀ ਸੋਝੀ ਪੈਣ ਲਗ ਪਈ। ਉਸ ਦਾ ਮਨ ਹੁਣ ਉਡਾਰੀਆਂ ਮਾਰ ਕੇ ਉਥੇ ਪੁਜਦਾ, ਜਿਥੇ ਸਦਾ ਸੁਖ ਤੇ ਆਨੰਦ ਹੈ ਤੇ ਇਸ ਸੰਸਾਰ ਤੇ ਉਸ ਦੀ ਆਪਣੀ ਜਾਨ ਇਕ ਅਰਸ਼ੀ ਰਾਗ ਵਿਚ ਬਦਲ ਜਾਂਦੀ ਤੇ ਉਹ ਉੱਕਾ ਹੀ ਭੁਲ ਜਾਂਦਾ ਜੋ ਉਹ ਇਕ ਰਾਸਧਾਰੀ ਮੁੰਡਾ ਹੈ। ਇਹੋ ਜਿਹੇ ਸਮੇਂ ਦਰਿਆ ਦਾ ਵਗਦਾ ਜਲ, ਪੱਤਰਾਂ ਦੀ ਖੜਖੜ, ਪੰਖੇਰੂਆਂ ਦੀਆਂ ਦਿਲ ਖਿੱਚਵੀਆਂ ਬੋਲੀਆਂ, ਉਸ ਯਤੀਮ ਤੇ ਮਹਿੱਟਰ ਨੂੰ ਬਚਾਣ ਵਾਲੀ ਦੇਵੀ ਦਾ ਨੂਰਾਨੀ ਤੇ ਪਿਆਰਾ ਮੁਖੜਾ, ਸੁੰਦਰ ਚੂੜੀਆਂ ਵਾਲੀਆਂ ਉਸ ਦੀਆਂ ਸੋਹਣੀਆਂ ਬਾਹਵਾਂ ਤੇ ਫੁੱਲਾਂ ਦੀਆਂ ਪੰਖੜੀਆਂ ਵਾਂਗ ਉਸ ਦੇ ਕੋਮਲ ਪੈਰ, ਕਿਸੇ ਜਾਦੂ ਨਾਲ ਉਸ ਲਈ ਇਕ ਰਾਗ ਹੀ ਬਣ ਜਾਂਦੇ ਤੇ ਉਸ ਨੂੰ ਆਪਣੀ ਅਸਲੀ ਦਸ਼ਾ ਦੀ ਸੁਧ ਬੁਧ ਹੀ ਨਾ ਰਹਿੰਦੀ। ਪ੍ਰੰਤੂ ਜਦੋਂ ਫਿਰ ਆਪਣੇ ਆਪ ਵਿਚ ਆਉਂਦਾ ਤਾਂ ਫਿਰ ਉਹੋ ਹੀ ਖੁਲ੍ਹੀਆਂ ਜ਼ੁਲਫ਼ਾਂ ਵਾਲਾ ਰਾਸਧਾਰੀ ਮੁੰਡਾ ਹੀ ਵਿਖਾਈ ਦੇਂਦਾ।
ਹਰ ਰੋਜ਼ ਬਾਗ਼ਾਂ ਦੇ ਮਾਲਕਾਂ ਦੀਆਂ ਨਵੀਆਂ ਸ਼ਕਾਇਤਾਂ ਉਸ ਦੇ ਵਿਰੁਧ ਸ਼ਰਤ ਦੇ ਕੋਲ ਆਉਂਦੀਆਂ ਤੇ ਨਿੱਤ ਨਵੇਂ ਸੂਰਜ ਉਸ ਨੂੰ ਚਪੇੜਾਂ ਪੈਂਦੀਆਂ, ਪ੍ਰੰਤੂ ਸ਼ਰਾਰਤੀ ਮੁੰਡਿਆਂ ਦਾ ਇਹ ਸਰਦਾਰ ਮਾਰ ਕੁਟਾਈ ਸਹਿ ਫਿਰ ਬਾਹਰ ਨਿਕਲ ਜਾਂਦਾ ਤੇ ਧਰਤੀ, ਦਰਿਆ ਤੇ ਬ੍ਰਿਛਾਂ ਵਿਚ ਸ਼ਰਾਰਤਾਂ ਕਰਦਾ ਫਿਰਦਾ।

੨.
ਨੀਲਕੰਤਾ ਦੇ ਉਥੇ ਆਉਣ ਤੋਂ ਕੁਝ ਚਿਰ ਮਗਰੋਂ ਸ਼ਰਤ ਦਾ ਨਿੱਕਾ ਭਰਾ ਸਤੀਸ਼ ਜਿਹੜਾ ਕਲਕੱਤੇ ਕਾਲਜ ਵਿਚ ਪੜ੍ਹਦਾ ਸੀ, ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਉਥੇ ਹੀ ਆ ਪੁੱਜਾ। ਕੀਰਾਂ ਤੇ ਸਤੀਸ਼ ਦੋਵੇਂ ਲਗ ਪਗ ਇਕੋ ਉਮਰ ਦੇ ਸਨ, ਇਸ ਲਈ ਹੁਣ ਤਾਂ ਸਮਾਂ ਹਾਸੇ ਖੇਡੇ, ਰੁੱਸਣ ਮੰਨਣ, ਲੜਾਈ ਝਗੜੇ ਆਦਿ ਵਿਚ ਖ਼ੁਸ਼ੀ ਖ਼ੁਸ਼ੀ ਬਤੀਤ ਹੋਣ ਲੱਗ ਪਿਆ। ਦੇਵਰ ਭਾਬੀ ਦਾ ਆਪੋ ਵਿਚ ਚੰਗਾ ਪ੍ਰੇਮ ਤੇ ਹਾਸਾ ਮਖ਼ੌਲ ਸੀ। ਕਦੇ ਤਾਂ ਚੁਪ ਚੁਪੀਤੇ ਕੀਰਾਂ ਪਿਛੋਂ ਦੀ ਆ ਕੇ ਮਹਿੰਦੀ ਵਾਲੇ ਹੱਥਾਂ ਨਾਲ ਉਸ ਦੀਆਂ ਅੱਖਾਂ ਆ ਮੀਟਦੀ, ਕਦੀ ਉਸ ਦੀ ਪਿੱਠ ਤੇ ਹੌਲੀ ਜਿਹੀ 'ਬਾਂਦਰ' ਲਿਖ ਛੱਡਦੀ ਤੇ ਕਦੇ ਅੰਦਰ ਡਕ ਕੇ ਬਾਹਰੋਂ ਕੋਠੀ ਦਾ ਦਰਵਾਜ਼ਾ ਬੰਦ ਕਰ ਛੱਡਦੀ ਤੇ ਹੱਸ ਹੱਸ ਕੇ ਦੋਹਰੀ ਹੁੰਦੀ। ਸਤੀਸ਼ ਵੀ ਆਪਣੇ ਵਲੋਂ ਕਿਹੜਾ ਘਟ ਕਰਦਾ ਸੀ। ਕਦੇ ਉਸ ਦੀਆਂ ਚਾਬੀਆਂ ਤੇ ਛੱਲਿਆਂ ਨੂੰ ਛੁਪਾ ਕੇ ਉਸ ਨੂੰ ਪਿਟਾਂਦਾ, ਕਦੇ ਉਸ ਦੇ ਪਾਨ ਵਿਚ ਮਿਰਚਾਂ ਮਿਲਾ ਛੱਡਦਾ ਤੇ ਕਦੇ ਸੁੱਤੀ ਪਈ ਨੂੰ ਮੰਜੇ ਵਿੱਚ ਬੰਨ੍ਹ ਜਾਂਦਾ। ਮੁਕਦੀ ਗੱਲ ਇਹ ਜੋ ਇਸ ਹਾਸੇ ਖੇਡੇ ਵਿਚ ਕੀਰਾਂ ਨੂੰ ਹੁਣ ਪਤਾ ਵੀ ਨ ਲੱਗਦਾ, ਜੋ ਸੂਰਜ ਕਦ ਚੜ੍ਹਦਾ ਤੇ ਕਦ ਡੁਬਦਾ ਹੈ।
ਪਰ ਰੱਬ ਜਾਣੇ ਨੀਲਕੰਤਾ ਦੇ ਦਿਲ ਵਿਚ ਇਸ ਸਮੇਂ ਕੀ ਗੁਜ਼ਰ ਰਿਹਾ ਸੀ? ਅੰਦਰੋ-ਅੰਦਰ ਕੁੜ੍ਹ ਕੁੜ੍ਹ ਕੇ ਉਹ ਕੋਇਲੇ ਹੋਇਆ ਪਿਆ ਸੀ ਤੇ ਦਿਲ ਦਾ ਗੁਬਾਰ ਕੱਢਣ ਲਈ ਕਿਸੇ ਪੁਰਸ਼ ਜਾਂ ਚੀਜ਼ ਦੀ ਭਾਲ ਵਿਚ ਹੀ ਰਹਿੰਦਾ ਸੀ। ਹੋਰ ਤਾਂ ਕਿਧਰੇ ਉਸ ਦੀ ਪੇਸ਼ ਨਹੀਂ ਚਲਦੀ ਸੀ, ਬਸ ਵੱਸ ਪਿਆ ਤਾਂ ਸਾਥੀ ਮੁੰਡਿਆਂ ਨੂੰ ਕੁਟ ਕਢਿਆ, ਕੁੱਤੇ ਦੀ ਭੁਗਤ ਸਵਾਰ ਦਿੱਤੀ; ਸੈਰ ਕਰਨ ਜਾਂਦਿਆਂ ਬੈਂਤ ਨਾਲ ਅੱਗੇ ਪਿਛੇ ਦੇ ਰੁੱਖਾਂ ਦੇ ਪੱਤਰ ਝਾੜ ਸੁਟੇ, ਇਸ ਪ੍ਰਕਾਰ ਉਹ ਆਪਣੇ ਦਿਲ ਦਾ ਗੁਬਾਰ ਕੱਢਦਾ।
ਕੀਰਾਂ ਉਨ੍ਹਾਂ ਇਸਤੀਆਂ ਵਿਚੋਂ ਸੀ ਜਿਹੜੀਆਂ ਦੂਜਿਆਂ ਨੂੰ ਖੁਵਾ ਕੇ ਪ੍ਰਸੰਨ ਹੁੰਦੀਆਂ ਹਨ। ਨੀਲਕੰਤਾ ਚੰਗਾ ਪੇਟੂ ਸੀ ਤੇ ਭਾਵੇਂ ਕਿਤਨਾ ਹੀ ਰੱਜਿਆ ਹੋਇਆ ਹੋਵੇ ਚੰਗੀ ਚੀਜ਼ ਖਾਣ ਤੋਂ ਕਦੇ ਨਾਂਹ ਨਹੀਂ ਕਰਦਾ। ਇਸੇ ਕਰ ਕੇ ਕੀਰਾਂ ਉਸ ਨੂੰ ਆਪਣੇ ਕੋਲ ਬੁਲਾ ਕੇ ਰੋਟੀ ਖੁਆਉਂਦੀ ਹੁੰਦੀ ਸੀ ਤੇ ਆਪਣੇ ਆਪ ਨੂੰ ਭਾਗੇਭਰੀ ਸਮਝਦੀ ਸੀ ਜੋ ਇਕ ਬ੍ਰਾਹਮਣ ਮੁੰਡੇ ਨੂੰ ਪ੍ਰਸੰਨ ਕਰਨ ਦਾ ਅਵਸਰ ਮਿਲਿਆ ਹੈ।
ਪਰ ਹੁਣ ਜਦ ਸਤੀਸ਼ ਆ ਗਿਆ, ਕੀਰਾਂ ਨੂੰ ਘਟ ਹੀ ਵਿਹਲ ਮਿਲਦੀ ਸੀ ਜੋ ਉਸ ਨੂੰ ਕੋਲ ਸਦ ਕੇ ਰੋਟੀ ਖੁਆਵੇ। ਅਗੇ ਤਾਂ ਭਾਵੇਂ ਕੀਰਾਂ ਮੌਜੂਦ ਹੋਵੇ ਜਾਂ ਨਾ, ਮੁੰਡੇ ਦੀ ਭੁਖ ਵਿਚ ਕੋਈ ਫ਼ਰਕ ਨਹੀਂ ਸੀ ਪੈਂਦਾ ਤੇ ਜਦ ਤੋੜੀ ਪੇਟ ਵਿਚ ਰਤੀ ਵੀ ਥਾਂ ਹੁੰਦੀ, ਉਹ ਖਾਈ ਹੀ ਜਾਂਦਾ ਸੀ, ਪਰ ਹੁਣ ਜਦੋਂ ਆਪਣੇ ਕੋਲ ਬੁਲਾ ਕੇ ਨਾ ਖੁਆਉਂਦੀ, ਉਸ ਨੂੰ ਰੋਟੀ ਦਾ ਸੁਆਦ ਹੀ ਨਾ ਆਉਂਦਾ ਤੇ ਥੋੜ੍ਹਾ ਜਿਹਾ ਹੀ ਖਾ ਕੇ ਆਖ ਦੇਂਦਾ ਜੋ ਭੁਖ ਨਹੀਂ ਤੇ ਥਾਲ ਦਾਸੀ ਦੇ ਹੱਥ ਮੋੜ ਭੇਜਦਾ। ਉਸ ਦਾ ਖ਼ਿਆਲ ਸੀ ਜੋ ਹਰ ਰੋਜ਼ ਦੀ "ਭੁਖ ਨਹੀਂ" ਦੀ ਖ਼ਬਰ ਕੀਰਾਂ ਨੂੰ ਪੁੱਜ ਜਾਵੇਗੀ ਤੇ ਉਹ ਦਿਲ ਵਿਚ ਸਮਝ ਬੈਠਾ ਸੀ ਜੋ ਇਹ ਸੁਣ ਕੇ ਉਹ ਫ਼ਿਕਰ ਕਰਨ ਲੱਗ ਪਵੇਗੀ ਤੇ ਆਪਣੇ ਕੋਲ ਸੱਦ ਕੇ ਖਾਣ ਤੇ ਜ਼ੋਰ ਦੇਵੇਗੀ, ਪਰ ਉਸ ਦੀ ਇਹ ਆਸ ਪੂਰੀ ਨਾ ਹੋਈ। ਦਿਨ ਬੀਤਦੇ ਗਏ, ਹਰ ਰੋਜ਼ ਇਉਂ ਹੀ ਹੁੰਦਾ, ਪਰ ਕੀਰਾਂ ਨੂੰ ਕੋਈ ਖ਼ਬਰ ਨਾ ਲੱਗੀ ਤੇ ਨੀਲਕੰਤਾ ਨੂੰ ਕਿਸੇ ਨੇ ਪੁੱਛਿਆ ਵੀ ਨਾ। ਜੋ ਕੁਝ ਬੱਚਦਾ ਦਾਸੀ ਆਪ ਹੀ ਚਟਮ ਕਰ ਜਾਂਦੀ, ਇਸ ਲਈ "ਭੁਖ ਨਹੀਂ" ਦੀ ਰਪੋਟ ਕੀਰਾਂ ਕੋਲ ਕਿਵੇਂ ਪੁੱਜਦੀ?
ਇਸ ਉਦਾਸ ਦਸ਼ਾ ਵਿਚ ਦੀਵੇ ਨੂੰ ਬੁਝਾ ਕੇ ਆਪਣੀ ਕੋਠੀ ਦੇ ਅੰਦਰ ਮੰਜੇ ਤੇ ਲੰਮਾ ਪੈ, ਸਿਰਹਾਣੇ ਵਿਚ ਸਿਰ ਦੇ ਕੇ ਢੇਰ ਚਿਰ ਰੋਂਦਾ ਰਹਿੰਦਾ, ਪਰ ਉਥੇ ਸੁਣਨ ਵਾਲਾ ਕੌਣ ਬੈਠਾ ਸੀ? ਲਚਾਰ ਨੀਂਦਰ ਹੀ ਤਰਸ ਖਾ ਕੇ ਮਹਿੱਟਰ ਬੱਚੇ ਨੂੰ ਆਪਣੀ ਗੋਦੀ ਵਿਚ ਸੁਵਾ ਲੈਂਦੀ।
ਨੀਲਕੰਤਾ ਨੂੰ ਹੁਣ ਪੱਕਾ ਨਿਸ਼ਚਾ ਹੋ ਚੁਕਿਆ ਸੀ ਜੋ ਸਤੀਸ਼ ਨੇ ਹੀ ਉਸ ਦੇ ਵਿਰੁਧ ਜ਼ਹਿਰ ਉਗਲ ਕੇ ਕੀਰਾਂ ਦੇ ਮਨ ਨੂੰ ਉਸ ਵਲੋਂ ਮੋੜ ਦਿੱਤਾ ਹੈ। ਜਦ ਕਿਸੇ ਹੋਰ ਧਿਆਨ ਵਿਚ ਬੈਠੀ ਕੀਰਾਂ ਉਸ ਵੱਲ ਨਾ ਵੇਖਦੀ ਜਾਂ ਹੱਸ ਕੇ ਨਾ ਬੁਲਾਉਂਦੀ ਤਦ ਬਸ ਉਸ ਨੂੰ ਇਹੋ ਸ਼ੁਭਾ ਹੁੰਦਾ ਜੋ ਸਤੀਸ਼ ਨੇ ਹੀ ਉਸ ਨੂੰ ਨਰਾਜ਼ ਕਰ ਦਿੱਤਾ ਹੈ। ਦਿਲੋਂ ਮਨੋਂ ਸਾਰਿਆਂ ਦੇਵਤਿਆਂ ਅੱਗੇ ਰੋ ਰੋ ਕੇ ਅਰਜ਼ੋਈਆਂ ਕਰਦਾ, ਜੋ ਅਗਲੇ ਜਨਮ ਵਿਚ ਉਸਨੂੰ ਸਤੀਸ਼ ਬਨਾਉਣ ਤੇ ਸਤੀਸ਼ ਨੂੰ ਬ੍ਰਾਹਮਣ ਮੁੰਡਾ ਤਾਂ ਜੁ ਉਹ ਬਦਲਾ ਲੈ ਸਕੇ।
ਉਸ ਦਾ ਖ਼ਿਆਲ ਸੀ ਜੋ ਇਕ ਬ੍ਰਾਹਮਣ ਦਾ ਕ੍ਰੋਧ ਕਦੇ ਬ੍ਰਿਥਾ ਨਹੀਂ ਜਾਂਦਾ, ਪਰੰਤੂ ਸਰਾਪਾਂ ਦੀ ਅਗਨੀ ਨਾਲ ਜਿਤਨਾ ਵਧੀਕ ਉਹ ਸਤੀਸ਼ ਨੂੰ ਸਾੜਨਾ ਚਾਹੁੰਦਾ, ਉਤਨਾ ਹੀ ਵਧੀਕ ਉਸ ਦਾ ਆਪਣਾ ਹਿਰਦਾ ਧੁਖਦਾ ਤੇ ਦੇਵਰ ਭਾਬੀ ਦਾ ਕੁਝ ਵੀ ਨਾ ਵਿਗੜਦਾ, ਸਗੋਂ ਉਨ੍ਹਾਂ ਦੇ ਹਾਸੇ ਮਖ਼ੌਲ ਦੀ ਅਵਾਜ਼ ਹੀ ਸਦਾ ਕੰਨੀ ਪੈਂਦੀ।
ਨੀਲਕੰਤਾ ਖੁਲਮਖੁਲ੍ਹਾ ਤਾਂ ਸਤੀਸ਼ ਨਾਲ ਆਪਣੀ ਦੁਸ਼ਮਨੀ ਪਰਗਟ ਕਰ ਨਹੀਂ ਸਕਦਾ ਸੀ, ਪਰੰਤੂ ਉਸ ਨੂੰ ਦੁਖ ਦੇਣ ਦੇ ਹਜ਼ਾਰਾਂ ਰਾਹ ਟੋਲਦਾ ਰਹਿੰਦਾ। ਜਦੋਂ ਸਤੀਸ਼ ਦਰਿਆ ਵਿਚ ਅਸ਼ਨਾਨ ਲਈ ਵੜਦਾ ਤੇ ਘਾਟ ਉਤੇ ਸਾਬਣ ਦੀ ਚਾਕੀ ਰੱਖ ਜਾਂਦਾ ਤਾਂ ਵਾਪਸੀ ਤੇ ਉਹ ਨ ਲੱਭਦੀ। ਇਕ ਵਾਰੀ ਉਸ ਨੇ ਆਪਣੀ ਕਮੀਜ਼ ਦਰਿਆ ਵਿਚ ਆਪਣੇ ਲਾਗੇ ਰੁੜ੍ਹਦੀ ਵੇਖੀ, ਉਸ ਨੇ ਤਾਂ ਇਹੋ ਹੀ ਸਮਝਿਆ ਜੋ ਹਵਾ ਦੇ ਝੋਲੇ ਨੇ ਉਡਾ ਕੇ ਦਰਿਆ ਵਿਚ ਸੁਟ ਪਾਈ ਹੈ, ਪਰੰਤੂ ਅਸਲ ਵਿਚ ਇਨ੍ਹਾਂ ਘਟਨਾਵਾਂ ਦਾ ਕਾਰਨ ਨੀਲਕੰਤਾ ਹੀ ਸੀ।
ਇਕ ਰੋਜ਼ ਕੀਰਾਂ ਸਤੀਸ਼ ਨੂੰ ਵੀ ਨੀਲਕੰਤਾ ਦੇ ਰਾਗ ਨਾਲ ਪ੍ਰਸੰਨ ਕਰਨਾ ਚਾਹੁੰਦੀ ਸੀ, ਸੋ ਮੁੰਡੇ ਨੂੰ ਬੁਲਾਇਆ ਗਿਆ, ਪਰ ਉਹ ਉਦਾਸ ਮੂੰਹ ਚੁਪ ਚੁਪੀਤਾ ਹੀ ਖਲੋਤਾ ਰਿਹਾ। ਹੈਰਾਨ ਹੋ ਕੇ ਕੀਰਾਂ ਨੇ ਉਸ ਨੂੰ ਪੁਛਿਆ ਜੋ ਕੀ ਗੱਲ ਹੈ, ਪਰ ਉਸ ਨੇ ਕੋਈ ਉੱਤਰ ਨ ਦਿਤਾ। ਜਦੋਂ ਉਸ ਭਜਨ ਦੇ ਗਾਉਣ ਲਈ ਆਖਿਆ, ਜਿਸ ਨੂੰ ਸੁਣ ਕੇ ਉਹ ਡਾਢੀ ਪ੍ਰਸੰਨ ਹੋਇਆ ਕਰਦੀ ਸੀ, ਤਾਂ ਉਹ ਇਹ ਆਖ ਕੇ ਕਿ "ਮੈਨੂੰ ਚੇਤੇ ਨਹੀਂ" ਟੁਰਦਾ ਹੋਇਆ।

੩.
ਅੰਤ ਉਹ ਸਮਾਂ ਆ ਗਿਆ ਜਦੋਂ ਇਸ ਟੱਬਰ ਨੇ ਘਰ ਨੂੰ ਮੁੜਨਾ ਸੀ, ਸਾਰੇ ਆਪੋ ਆਪਣਾ ਅਸਬਾਬ ਬੰਦ ਕਰਨ ਵਿਚ ਰੁਝੇ ਹੋਏ ਸਨ। ਸਤੀਸ਼ ਨੇ ਵੀ ਨਾਲ ਹੀ ਜਾਣਾ ਸੀ, ਪ੍ਰੰਤੂ ਨੀਲਕੰਤਾ ਨੂੰ ਕਿਸੇ ਨਾ ਪੁਛਿਆ। ਇਉਂ ਜਾਪਦਾ ਸੀ ਜੋ ਕਿਸੇ ਨੂੰ ਇਸ ਗੱਲ ਦੀ ਲੋੜ ਹੀ ਪਰਤੀਤ ਨਹੀਂ ਸੀ ਹੋਈ ਜੋ ਉਸ ਦੀ ਬਾਬਤ ਕੁਝ ਸੋਚੇ ਜਾਂ ਆਖੇ, ਪਰ ਅਸਲ ਵਿਚ ਕੀਰਾਂ ਨੇ ਇਹ ਗੱਲ ਛੇੜੀ ਤਾਂ ਜ਼ਰੂਰ ਸੀ, ਪ੍ਰੰਤੂ ਦੇਵਰ, ਸੱਸ ਤੇ ਪਤੀ ਨੇ ਇਤਨੀ ਵਿਰੋਧਤਾ ਕੀਤੀ ਸੀ ਜੋ ਸਿਵਾਏ ਚੁਪ ਹੋ ਰਹਿਣ ਦੇ ਹੋਰ ਕੋਈ ਚਾਰਾ ਨਹੀਂ ਸੀ ਸੁਝਦਾ।
ਟੁਰਨ ਤੋਂ ਦੋ ਚਾਰ ਦਿਨ ਪਹਿਲਾਂ ਉਸ ਨੇ ਮੁੰਡੇ ਨੂੰ ਬੁਲਾਇਆ ਤੇ ਪਿਆਰ ਨਾਲ ਉਸ ਨੂੰ ਆਪਣੇ ਘਰ ਜਾਣ ਦੀ ਮੱਤ ਦਿਤੀ। ਇਤਨੀ ਮੁਦਤ ਜੋ ਉਸ ਦੀ ਕਿਸੇ ਨੇ ਸਾਰ ਨਹੀਂ ਲੀਤੀ ਸੀ, ਅੱਜ ਇਨ੍ਹਾਂ ਪਿਆਰ ਭਰੇ ਬਚਨਾਂ ਨੂੰ ਸੁਣ ਕੇ ਉਸ ਦੀਆਂ ਅਥਰੂੰ ਫੁਟ ਆਈਆਂ ਤੇ ਉਹ ਢਾਂਹ ਮਾਰ ਕੇ ਰੋਣ ਲਗ ਪਿਆ। ਕੀਰਾਂ ਦੇ ਨੇਤਰ ਵੀ ਭਰ ਆਏ, ਦਿਲ ਵਿਚ ਉਹ ਉਸ ਦੇ ਨਾਲ ਇਤਨਾ ਮੋਹ ਪਾਉਣ ਲਈ ਪਛਤਾਂਦੀ ਸੀ। ਨਾ ਮੋਹ ਹੁੰਦਾ ਤੇ ਨਾ ਵਿਛੜਨ ਵੇਲੇ ਇਤਨਾ ਕਲੇਸ਼ ਹੁੰਦਾ।
ਨੀਲਕੰਤਾ ਦੇ ਇਸਤਰ੍ਹਾਂ ਅੱਥਰੂ ਡੇਗਣ ਅਤੇ ਚੀਕਣ ਤੇ ਸਤੀਸ਼ ਨੂੰ ਡਾਢਾ ਕ੍ਰੋਧ ਚੜ੍ਹਿਆ ਤੇ ਉੱਚੀ ਜੇਹੀ ਆਖਿਆ, "ਇਸ ਮੂਰਖ ਨੇ ਗੱਲ ਕਰਨ ਦੀ ਥਾਂ ਟੌਂ ਟੌਂ ਕਾਹਦੇ ਲਈ ਲਾਈ ਹੋਈ ਹੈ?" ਕੀਰਾਂ ਨੇ ਇਹ ਸੁਣ ਕੇ ਦੇਵਰ ਨੂੰ ਝਿੜਕਿਆ ਤਾਂ ਉਸ ਨੇ ਉੱਤਰ ਦਿਤਾ,"ਮੇਰੀ ਪਿਆਰੀ ਭਾਬੀ, ਤੁਸੀਂ ਇਤਨੇ ਨੇਕ ਤੇ ਛੇਤੀ ਇਤਬਾਰ ਕਰਨ ਵਾਲੇ ਹੋ ਜੋ ਤੁਸੀਂ ਇਨ੍ਹਾਂ ਫ਼ਰੇਬੀਆਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ। ਰੱਬ ਜਾਣੇ, ਇਹ ਮੁੰਡਾ ਕਿਥੋਂ ਆਇਆ ਹੈ, ਇਥੇ ਰਾਜਿਆਂ ਵਾਂਗ ਇਸ ਦੀ ਖ਼ਾਤਰ ਹੁੰਦੀ ਰਹੀ ਹੈ, ਕੁਦਰਤੀ ਗੱਲ ਹੈ ਕਿ ਸ਼ੇਰ ਮੁੜ ਚੂਹਾ ਬਣਨਾ ਨਹੀਂ ਚਾਹੁੰਦਾ ਤੇ ਇਸ ਨੂੰ ਪਤਾ ਲੱਗ ਗਿਆ ਹੈ ਜੋ ਇਸ ਦੇ ਇਕ ਦੋ ਅੱਥਰੂ ਕੇਰਨ ਨਾਲ ਤੁਹਾਡਾ ਦਿਲ ਪਿਘਲ ਜਾਏਗਾ, ਬਸ ਇਹ ਪਾਣੀ ਵਗਾਣਾ ਇਸ ਲਈ ਹੈ!"
ਨੀਲਕੰਤਾ ਛੇਤੀ ਛੇਤੀ ਕਮਰੇ ਤੋਂ ਬਾਹਰ ਚਲਾ ਗਿਆ। ਜੇ ਕਦੀ ਉਹ ਛੁਰੀ ਹੁੰਦਾ ਤਾਂ ਸਤੀਸ਼ ਦੇ ਟੋਟੇ ਟੋਟੇ ਕਰ ਦੇਂਦਾ, ਜੇ ਸੂਈ ਹੁੰਦਾ ਤਾਂ ਉਸ ਦੇ ਸਾਰੇ ਸਰੀਰ ਵਿਚ ਚੁਭ ਚੁਭ ਕੇ ਮੋਰੀਆਂ ਕਰ ਦੇਂਦਾ, ਜੇ ਅਗਨੀ ਹੁੰਦਾ ਤਾਂ ਉਸ ਨੂੰ ਸਾੜ ਕੇ ਸੁਵਾਹ ਕਰ ਦੇਂਦਾ। ਪ੍ਰੰਤੂ ਸਤੀਸ਼ ਦਾ ਤਾਂ ਵਾਲ ਵੀ ਵਿੰਗਾ ਨਾ ਹੋਇਆ ਤੇ ਉਸ ਦਾ ਆਪਣਾ ਦਿਲ ਹੀ ਸੜ ਸੜ ਕੇ ਤੇ ਧੁਖ ਧੁਖ ਕੇ ਕੋਇਲਾ ਹੁੰਦਾ ਰਿਹਾ।
ਕਲਕੱਤੇ ਤੋਂ ਸਤੀਸ਼ ਨੇ ਆਪਣੇ ਨਾਲ ਇਕ ਸੋਹਣੀ ਦਵਾਤ ਲਿਆਂਦੀ ਸੀ। ਇਹ ਸਿੱਪ ਦੀ ਬੇੜੀ ਵਿਚ ਜੜ੍ਹੀ ਹੋਈ ਸੀ, ਜਿਸ ਨੂੰ ਚਾਂਦੀ ਦੀ ਬਤਖ਼, ਜਿਸ ਨੇ ਕਲਮ ਚੁਕੀ ਹੋਈ ਸੀ, ਖਿੱਚਦੀ ਸੀ। ਸਤੀਸ਼ ਨੂੰ ਇਹ ਦਵਾਤ ਵੱਡੀ ਪਿਆਰੀ ਲੱਗਦੀ ਸੀ ਤੇ ਇਸੇ ਕਰਕੇ ਹਰ ਰੋਜ਼ ਆਪਣੇ ਪੁਰਾਣੇ ਰੇਸ਼ਮੀ ਰੁਮਾਲ ਨਾਲ ਇਸ ਨੂੰ ਸਾਫ਼ ਕਰਦਾ ਸੀ। ਕੀਰਾਂ ਇਹ ਦੇਖ ਕੇ ਹੱਸ ਪੈਂਦੀ ਤੇ ਚਾਂਦੀ ਦੀ ਬਤਖ਼ ਦੀ ਚੁੰਝ ਉਤੇ ਹੱਥ ਫੇਰ ਕੇ ਨਲ ਦਮਯੰਤੀ ਦੀ ਕਹਾਣੀ-ਜਿਸ ਵਿਚ ਬਤਖ਼ ਦਾ ਕੰਮ ਇਕ ਦੂਜੇ ਦੇ ਸੁਨੇਹੇ ਪੁਚਾਉਣਾ ਸੀ-ਚੇਤੇ ਕਰਵਾ ਕੇ ਉਸ ਨਾਲ ਮਖੌਲ ਕਰਦੀ ਰਹਿੰਦੀ।
ਟੁਰਨ ਤੋਂ ਇਕ ਦਿਨ ਪਹਿਲਾਂ ਦਵਾਤ ਗੁੰਮ ਸੀ ਤੇ ਬਹੁਤੇਰੀ ਟੋਲ ਭਾਲ ਮਗਰੋਂ ਵੀ ਨਾ ਲੱਭੀ। ਕੀਰਾਂ ਨੇ ਹੱਸਦੇ ਹੱਸਦੇ ਆਖਿਆ, "ਬੀਬਾ! ਤੇਰੀ ਬਤਖ਼ ਤੇਰੀ ਦਮਯੰਤੀ ਦੀ ਖ਼ਬਰ ਲੈਣ ਨੂੰ ਉਡ ਗਈ ਹੈ!" ਪੰਤੂ ਸਤੀਸ਼ ਡਾਢੇ ਕਰੋਧ ਵਿਚ ਸੀ, ਉਸ ਨੂੰ ਪੱਕਾ ਨਿਸ਼ਚਾ ਸੀ ਜੋ ਇਹ ਕਾਰਾ ਨੀਲਕੰਤਾ ਦਾ ਹੀ ਹੈ। ਕਈਆਂ ਨੇ ਇਹ ਗਵਾਹੀ ਵੀ ਦਿਤੀ, ਜੋ ਪਿਛਲੀ ਰਾਤ ਉਨ੍ਹਾਂ ਨੇ ਇਸੇ ਨੂੰ ਹੀ ਸਤੀਸ਼ ਦੇ ਕਮਰੇ ਦੇ ਆਲੇ ਦੁਆਲੇ ਘੁੰਮਦੇ ਵੇਖਿਆ ਹੈ। ਇਹ ਸੁਣ ਕੇ ਸਤੀਸ਼ ਅਪਰਾਧੀ ਨੂੰ ਕੀਰਾਂ ਦੇ ਰੋਬਰੂ ਘਸੀਟ ਕੇ ਲੈ ਆਇਆ ਤੇ ਕੜਕ ਕੇ ਆਖਣ ਲੱਗਾ, "ਉਏ ਚੋਰਾ! ਤੂੰ ਹੀ ਮੇਰੀ ਛੁਪਾਈ ਹੈ, ਜੇ ਜਾਨ ਲੋੜੀਦੀ ਹੈ ਤਾਂ ਇਸੇ ਵੇਲੇ ਦਵਾਤ ਲਿਆ ਦੇਹ!"
ਜਦੋਂ ਸ਼ਰਤ ਉਸ ਨੂੰ ਮਾਰਦਾ ਹੁੰਦਾ ਸੀ ਤਾਂ ਭਾਵੇਂ ਉਸ ਦਾ ਅਪਰਾਧ ਹੋਵੇ ਜਾਂ ਨਾ, ਚੁਪ ਚੁਪੀਤੇ ਉਹ ਮਾਰ ਖਾ ਲੈਂਦਾ ਸੀ, ਪ੍ਰੰਤੂ ਅੱਜ ਜਦੋਂ ਕੀਰਾਂ ਦੇ ਸਾਹਮਣੇ ਉਸ ਨੂੰ ਚੋਰ ਆਖ ਕੇ ਸਦਿਆ ਗਿਆ, ਉਸ ਦੀਆਂ ਅੱਖਾਂ ਲਾਲ ਅੰਗਿਆਰਿਆਂ ਵਾਂਗ ਭਖ ਗਈਆਂ, ਮੂੰਹ ਕ੍ਰੋਧ ਦੇ ਨਾਲ ਲਾਲ ਸੁਰਖ ਹੋ ਗਿਆ, ਛਾਤੀ ਧੜਕਨ ਲਗ ਪਈ, ਪਰ ਗਲਾ ਰੁਕ ਗਿਆ ਤੇ ਕੁਝ ਬੋਲ ਨਾ ਸਕਿਆ। ਜੇ ਸਤੀਸ਼ ਇਕ ਅੱਖਰ ਵੀ ਹੋਰ ਮੂੰਹੋਂ ਕੱਢਦਾ ਤਾਂ ਖਬਰੇ ਜੰਗਲੀ ਬਿੱਲੀ ਵਾਂਗ ਉਸ ਉਤੇ ਟੁੱਟ ਹੀ ਪੈਂਦਾ ਤੇ ਪੰਜੇ ਦੀ ਥਾਂ ਨਹੁੰ ਹੀ ਵਰਤ ਲੈਂਦਾ।
ਕੀਰਾਂ ਨੂੰ ਇਹ ਵੇਖ ਕੇ ਵੱਡਾ ਦੁਖ ਹੋਇਆ ਤੇ ਮੁੰਡੇ ਨੂੰ ਵੱਖਰੇ ਕਮਰੇ ਵਿਚ ਲਿਜਾ ਕੇ ਪਿਆਰ ਨਾਲ ਆਖਿਆ, "ਨੀਲ! ਜੇ ਕਦੇ ਸੱਚ ਮੁੱਚ ਤੂੰ ਹੀ ਉਹ ਦਵਾਤ ਲੀਤੀ ਹੈ ਤਾਂ ਮੈਨੂੰ ਝਟ ਪਟ ਦੇ ਦੇਹ, ਮੈਂ ਜ਼ਿਮੇਂਵਾਰ ਹਾਂ, ਜੋ ਕਿਸੇ ਨੂੰ ਇਸ ਗਲ ਦਾ ਪਤਾ ਵੀ ਨਹੀਂ ਲੱਗੇਗਾ। ਮੋਟੇ ੨ ਅੱਥਰੂ ਨੇਤਰਾਂ ਵਿਚੋਂ ਨਿਕਲਕੇ ਮੁੰਡੇ ਦੀਆਂ ਗੱਲ੍ਹਾਂ ਉਤੇ ਵਗ ਟੁਰੇ ਤੇ ਦੋਵੇਂ ਹੱਥਾਂ ਨਾਲ ਆਪਣੇ ਮੁਖ ਨੂੰ ਢੱਕ ਕੇ ਉਹ ਢਾਂਹ ਮਾਰ ਕੇ ਰੋਣ ਲਗ ਪਿਆ। ਬਸ ਕੀਰਾਂ ਨੂੰ ਪੱਕਾ ਨਿਸਚਾ ਹੋ ਗਿਆ ਤੇ ਕਮਰੇ ਵਿਚੋਂ ਬਾਹਰ ਆ ਕੇ ਆਖਣ ਲੱਗੀ- "ਮੈਨੂੰ ਪੂਰਾ ਨਿਸਚਾ ਹੈ ਜੋ ਇਹ ਦਵਾਤ ਨੀਲਕੰਤਾ ਨੇ ਨਹੀਂ ਲਈ"। ਦੂਜੇ ਪਾਸੇ ਸ਼ਰਤ ਤੇ ਸਤੀਸ਼ ਆਪਣੀ ਗੱਲ ਉਤੇ ਅੜੇ ਹੋਏ ਸਨ ਤੇ ਕਹਿੰਦੇ ਸਨ ਜੋ ਉਸ ਦੇ ਬਿਨਾਂ ਇਹ ਹੋਰ ਕਿਸੇ ਦਾ ਕੰਮ ਹੀ ਨਹੀਂ। ਸ਼ਰਤ ਵਕੀਲਾਂ ਵਾਂਗ ਮੁੰਡੇ ਤੇ ਜਿਰਹਾ ਕਰ ਕੇ ਫਿਰ ਪੁਛ ਗਿਛ ਕਰਨਾ ਚਾਹੁੰਦਾ ਸੀ, ਪਰ ਕੀਰਾਂ ਨੇ ਇਸ ਕੰਮ ਤੋਂ ਰੋਕ ਦਿਤਾ। ਫਿਰ ਉਨ੍ਹਾਂ ਨੇ ਸਲਾਹ ਕੀਤੀ, ਜੋ ਉਸ ਦੀ ਕੋਠੜੀ ਤੇ ਬਕਸ ਦੀ ਤਲਾਸ਼ੀ ਲੀਤੀ ਜਾਵੇ, ਪਰ ਕੀਰਾਂ ਨੇ ਸਾਫ਼ ਸਾਫ਼ ਸੁਣਾ ਦਿਤਾ, "ਜੇ ਕਦੇ ਤੁਸਾਂ ਨੇ ਇਹ ਕੰਮ ਕੀਤਾ, ਤਾਂ ਜੀਂਦੇ ਜੀ ਮੈਂ ਤੁਹਾਨੂੰ ਖ਼ਿਮਾਂ ਨਹੀਂ ਕਰਾਂਗੀ। ਗ਼ਰੀਬ ਬੇਦੋਸ਼ੇ ਮੁੰਡੇ ਦੀ ਇਸਤਰ੍ਹਾਂ ਮੈਂ ਤਲਾਸ਼ੀ ਨਹੀਂ ਲੈਣ ਦੇਵਾਂਗੀ"। ਇਹ ਗਲ ਆਖਦੇ ਹੀ ਉਸ ਦੇ ਨੇਤਰਾਂ ਨਾਲ ਜਲ ਆ ਗਿਆ, ਬਸ ਇਹ ਵੇਖ ਕੇ ਫਿਰ ਕਿਸੇ ਨੂੰ ਹੀਆ ਨਾ ਪਿਆ ਜੋ ਮੁੰਡੇ ਨੂੰ ਹੋਰ ਤੰਗ ਕਰੇ।

੪.
ਮਹਿੱਟਰ ਮੁੰਡੇ ਨਾਲ ਇਹ ਸਲੂਕ ਹੁੰਦਾ ਵੇਖ ਕੇ ਕੀਰਾਂ ਦਾ ਜੀ ਭਰ ਆਇਆ। ਉਸ ਨੇ ਦੋ ਨਵੇਂ ਜੋੜੇ ਕਪੜਿਆਂ ਦੇ ਤੇ ਇਕ ਜੁਤੀ ਦਾ ਜੋੜਾ ਉਸ ਲਈ ਮੰਗਾਇਆ ਤੇ ਉਨ੍ਹਾਂ ਚੀਜ਼ਾਂ ਤੋਂ ਛੁਟ ਦਸ ਰੁਪਏ ਦਾ ਇਕ ਨੋਟ ਲੈ ਕੇ ਸੰਧਿਆਂ ਦੇ ਵੇਲੇ ਉਹ ਚੁਪ ਚੁਪੀਤੀ ਨੀਲਕੰਤਾ ਦੀ ਕੋਠੜੀ ਵਿਚ ਚਲੀ ਗਈ। ਉਹ ਇਹ ਵਿਛੜਨ ਦੇ ਸਮੇਂ ਦੀਆਂ ਸੁਗ਼ਾਤਾਂ ਉਸ ਬਕਸ ਵਿਚ ਰਖਣੀਆਂ ਚਾਹੁੰਦੀ ਸੀ ਜੋ ਕਿ ਉਸੇ ਨੇ ਹੀ ਮੁੰਡੇ ਨੂੰ ਦਿਤਾ ਸੀ, ਤਾਂ ਜੁ ਜਦੋਂ ਨੀਲਕੰਤਾ ਬਕਸ ਨੂੰ ਖੋਲ੍ਹੇ, ਉਹ ਹੈਰਾਨ ਹੋ ਜਾਵੇ ਜੋ ਇਹ ਚੀਜ਼ਾਂ ਕਿੱਥੋਂ ਆ ਗਈਆਂ ਹਨ । ਕੀਰਾਂ ਨੇ ਆਪਣੀਆਂ ਕੁੰਜੀਆਂ ਦੇ ਗੁਛੇ ਦੀ ਇਕ ਚਾਬੀ ਜੰਦਰੇ ਨੂੰ ਲਾ ਕੇ ਹੋਲੀ ਜਿਹੀ ਬਕਸ ਨੂੰ ਖੋਲ੍ਹਿਆ, ਪ੍ਰੰਤੂ ਇਹ ਇਧਰ ਉਧਰ ਦੀਆਂ ਚੀਜਾਂ ਨਾਲ ਇਉਂ ਭਾਰਿਆ ਹੋਇਆ ਸੀ ਜੋ ਨਵੀਆਂ ਚੀਜ਼ਾਂ ਮਿਟਦੀਆਂ ਨਹੀਂ ਸਨ, ਇਸ ਲਈ ਉਸ ਨੇ ਸਾਰੀਆਂ ਚੀਜ਼ਾਂ ਨੂੰ ਬਾਹਰ ਕਢ ਕੇ ਨਵੇਂ ਸਿਰਿਓਂ ਬਕਸ ਨੂੰ ਬੰਦ ਕਰਨ ਦੀ ਸਲਾਹ ਕੀਤੀ। ਪਹਿਲਾਂ ਤਾਂ ਚਾਕੂ, ਲਾਟੂ, ਪਤੰਗਾਂ ਉਡਾਣ ਦੀਆਂ ਰੀਲਾਂ, ਸ਼ੀਸ਼ੇ ਦੇ ਟੋਟੇ ਤੇ ਜਹੀਆਂ ਹੋਰ ਚੀਜ਼ਾਂ ਜਿਹੜੀਆਂ ਮੁੰਡਿਆਂ ਨੂੰ ਚੰਗੀਆਂ ਲਗਦੀਆਂ ਹਨ, ਨਿਕਲੀਆਂ। ਇਨ੍ਹਾਂ ਵਿੱਚ ਧੋਤੇ ਹੋਏ ਤੇ ਮੈਲੇ ਕੱਪੜੇ ਪਏ ਸਨ ਤੇ ਸਾਰਿਆਂ ਦੇ ਤਲੇ ਉਹੋ ਗੁੰਮੀ ਹੋਈ ਦਵਾਤ ਬਤਖ਼ ਬੇੜੀ ਸਮੇਤ ਪਈ ਸੀ।
ਕੀਰਾਂ ਦਵਾਤ ਨੂੰ ਵੇਖ ਕੇ ਹੈਰਾਨ ਹੋ ਗਈ ਤੇ ਉਸ ਨੂੰ ਹੱਥ ਵਿਚ ਲੈ ਕੇ ਸੋਚਾਂ ਵਿਚ ਪੈ ਗਈ । ਠੀਕ ਉਸੇ ਸਮੇਂ ਪਿਛਲੇ ਪਾਸਿਓਂ ਨੀਲਕੰਤਾ ਕੋਠੜੀ ਦੇ ਅੰਦਰ ਵੜਿਆ, ਪਰ ਕੀਰਾਂ ਉਸ ਨੂੰ ਵੇਖ ਨ ਸਕੀ । ਮੁੰਡੇ ਨੇ ਸਭ ਕੁਝ ਵੇਖ ਲੀਤਾ ਤੇ ਸਮਝਿਆ ਜੋ ਕੀਰਾਂ ਉਸ ਦੀ ਚੋਰੀ ਨੂੰ ਪਕੜਨ ਲਈ ਹੀ ਚੋਰੀ ਚੋਰੀ ਉਸ ਦੀ ਕੋਠੜੀ ਵਿਚ ਆਈ ਹੈ ਤੇ ਇਸਤਰ੍ਹਾਂ ਉਸ ਦਾ ਪਾਜ ਉੱਘੜ ਗਿਆ ਹੈ। ਹੁਣ ਉਹ ਕਿਵੇਂ ਉਸ ਦੇਵੀ ਨੂੰ ਨਿਸਚੇ ਕਰਾ ਸਕਦਾ ਸੀ, ਜੋ ਓਹ ਚੋਰ ਨਹੀਂ, ਕੇਵਲ ਸਤੀਸ਼ ਤੋਂ ਬਦਲਾ ਲੈਣ ਲਈ ਹੀ ਉਸ ਨੇ ਦਵਾਤ ਲੀਤੀ ਹੈ ਤੇ ਮੌਕਾ ਪਾ ਕੇ ਦਰਿਆ ਵਿਚ ਸੁਟਣ ਦਾ ਖ਼ਿਆਲ ਰਖਦਾ ਹੈ? ਉਸ ਦਾ ਦਿਲ ਚੀਕ ਉੱਠਿਆ, 'ਮੈਂ ਚੋਰ ਨਹੀਂ ਹਾਂ। ਚੋਰ ਨਹੀਂ ਹਾਂ!' ਫਿਰ ਉਹ ਕੀ ਸੀ? ਉਹ ਕੀ ਆਖ ਸਕਦਾ ਸੀ ਜੋ ਉਸ ਨੇ ਦਵਾਤ ਛੁਪਾਈ ਤਾਂ ਹੈ ਪਰ ਚੋਰ ਨਹੀਂ ਹੈ? ਉਹ ਕਦੇ ਕੀਰਾਂ ਨੂੰ ਨਿਸਚੇ ਨਹੀਂ ਕਰਾ ਸਕਦਾ ਸੀ ਜੇ ਉਸ ਨੂੰ ਟਪਲਾ ਲੱਗਾ ਹੈ ਜੋ ਉਹ ਚੋਰ ਹੈ। ਇਸ ਤੋਂ ਛੁਟ ਉਹ ਕਿਵੇਂ ਸਹਾਰ ਸਕਦਾ ਸੀ ਜੋ ਕੀਰਾਂ ਨੇ ਚੋਰ ਸਮਝ ਕੇ ਉਸਦੇ ਬਕਸ ਦੀ ਤਲਾਸ਼ੀ ਲੀਤੀ ਹੈ?
ਹੁਣ ਕੀਰਾਂ ਦੀ ਸੁਣੋ:-ਇਕ ਲੰਮਾ ਹਾਹੁਕਾ ਭਰ ਕੇ ਦਵਾਤ ਨੂੰ ਉਸੇ ਤਰ੍ਹਾਂ ਬਕਸ ਵਿਚ ਰਖ ਦਿਤਾ, ਜਿਵੇਂ ਉਹ ਆਪ ਹੀ ਚੋਟੀ ਸੀ। ਫਿਰ ਉਸ ਨੂੰ ਕਪੜਿਆਂ ਤੇ ਖਡੌਣਿਆਂ ਨਾਲ ਅਗੇ ਵਾਂਗ ਹੀ ਢਕ ਦਿਤਾ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਦਸ ਰੁਪਯੇ ਦਾ ਨੋਟ ਤੇ ਨਵੀਆਂ ਸੁਗ਼ਾਤਾਂ ਰਖ ਕੇ ਬਕਸ ਨੂੰ ਬੰਦ ਕਰ ਦਿਤਾ।
ਦੂਜੇ ਭਲਕ ਮੁੰਡਾ ਕਿਧਰੇ ਵੀ ਨ ਲਭੇ। ਪਿੰਡ ਵਾਲਿਆਂ ਨੂੰ ਪੁਛਿਆ, ਉਨ੍ਹਾਂ ਨੇ ਕਿਧਰੇ ਨਹੀਂ ਸੀ ਵੇਖਿਆ। ਪੁਲਸ ਨੂੰ ਖ਼ਬਰ ਦਿੱਤੀ ਪਰ ਕੋਈ ਪਤਾ ਨਾ ਚਲਿਆ। ਸ਼ਰਤ ਨੇ ਆਖਿਆ, "ਲੌ ਹੁਣ ਤਾਂ ਉਹ ਚਲਾ ਗਿਆ ਹੈ, ਆਓ ਜ਼ਰਾ ਕੁ ਉਸ ਦੇ ਬਕਸ ਨੂੰ ਤਾਂ ਵੇਖ ਲਵੀਏ!" ਪ੍ਰੰਤੂ ਕੀਰਾਂ ਅਗੇ ਵਾਂਗ ਹੀ ਆਪਣੀ ਜ਼ਿਦ ਤੇ ਅੜੀ ਰਹੀ ਤੇ ਬਕਸ ਨੂੰ ਹਥ ਵੀ ਨਾ ਲਾਉਣ ਦਿਤਾ। ਹਾਂ, ਸਮਾਂ ਪਾ ਕੇ ਬਕਸ ਨੂੰ ਆਪਣੇ ਕਮਰੇ ਵਿਚ ਮੰਗਾ ਕੇ ਦਵਾਤ ਕਢ ਕੇ ਉਸ ਨੇ ਦਰਿਆ ਵਿਚ ਸੁਟ ਦਿਤੀ।
ਸਾਰਾ ਟੱਬਰ ਘਰ ਚਲਾ ਗਿਆ, ਇਕ ਦਿਨ ਵਿਚ ਹੀ ਬਾਗ਼ ਸੁੰਞਾ ਹੋ ਗਿਆ, ਬਸ ਉਥੇ ਰਹਿ ਗਿਆ ਨੀਲਕੰਤਾ ਦਾ ਕੁੱਤਾ ਜਿਹੜਾ ਦਰਿਆ ਦੇ ਕੰਢੇ ਭੌਂਕਦਾ ਤੇ ਚੀਕਦਾ ਫਿਰਦਾ ਸੀ, ਮਾਨੋ ਵਿਛੋੜੇ ਵਿਚ ਤੜਪ ਤੜਪ ਕੇ ਇਸ ਦੀ ਜਾਨ ਨਿਕਲਣ ਲਗੀ ਹੈ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ