Bole So Nihal (Punjabi Novel) : Hansraj Rahbar

ਬੋਲੇ ਸੋ ਨਿਹਾਲ (ਨਾਵਲ) : ਹੰਸਰਾਜ ਰਹਿਬਰ

ਬੋਲੇ ਸੋ ਨਿਹਾਲ (ਭਾਗ-4) ਹੰਸਰਾਜ ਰਹਿਬਰ

ਅਹਿਮਦ ਸ਼ਾਹ ਅਬਦਾਲੀ ਨੇ ਪਾਨੀਪਤ ਦੀ ਜਿੱਤ ਪਿੱਛੋਂ ਆਲਮਗੀਰ ਦੂਜੇ ਨੂੰ ਦਿੱਲੀ ਦਾ ਬਾਦਸ਼ਾਹ ਬਣਾਇਆ ਤੇ 20 ਮਾਰਚ 1761 ਨੂੰ ਉੱਥੋਂ ਤੁਰ ਪਿਆ। 29 ਮਾਰਚ ਨੂੰ ਉਹ ਸਰਹਿੰਦ ਪਹੁੰਚਿਆ। ਜੈਨ ਖਾਂ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ ਤੇ ਰਸਤੇ ਵਿਚ ਲੁੱਟ-ਮਾਰ ਕਰਦਾ ਹੋਇਆ ਪੰਜਾਬ ਵਲ ਤੁਰ ਪਿਆ। ਉਸਦੀ ਫੌਜ ਲੁੱਟ ਦੇ ਮਾਲ ਨਾਲ ਲੱਦੀ ਹੋਈ ਸੀ। ਕਿਸੇ ਵੀ ਘਰ ਵਿਚ ਛਕੜਾ, ਖੱਚਰ, ਘੋੜਾ ਜਾਂ ਊਠ ਨਹੀਂ ਸੀ ਛੱਡਿਆ ਗਿਆ। ਸਾਰਿਆਂ ਉੱਤੇ ਲੁੱਟ ਦਾ ਮਾਲ ਲੱਦਿਆ ਹੋਇਆ ਸੀ ਤੇ ਕੈਦੀ ਸਨ, ਜਿਹਨਾਂ ਦੀ ਗਿਣਤੀ ਵਧਦੀ ਜਾ ਰਹੀ ਸੀ।
ਬਰਸਾਤ ਦੇ ਦਿਨ ਨਹੀਂ ਸਨ ਫੇਰ ਵੀ ਮੀਂਹ ਖ਼ੂਬ ਵਰ੍ਹਿਆ ਸੀ ਤੇ ਸਤਿਲੁਜ ਵਿਚ ਹੜ੍ਹ ਆਇਆ ਹੋਇਆ ਸੀ। ਇਸ ਲਈ ਅਬਦਾਲੀ ਨੂੰ ਉੱਥੇ ਇਕ ਹਫ਼ਤਾ ਰੁਕਣਾ ਪਿਆ। ਫੇਰ ਸਤਿਲੁਜ ਨੂੰ ਪਾਰ ਕਰਨ ਵਿਚ ਚਾਰ ਦਿਨ ਲੱਗੇ। ਕੁਝ ਬੇੜੀਆਂ ਇਧਰੋਂ ਉਧਰੋਂ ਲਿਆਂਦੀਆਂ ਗਈਆਂ ਤੇ ਕੁਝ ਉਸਦੇ ਆਪਣੇ ਕੈਂਪ ਵਿਚ ਤਿਆਰ ਕੀਤੀਆਂ ਗਈਆਂ। ਹੁਣ ਉਹ ਗੋਇੰਦਵਾਲ ਵੱਲ ਵਧ ਰਿਹਾ ਸੀ ਜਿੱਥੋਂ ਉਸਨੇ ਬਿਆਸ ਨੂੰ ਪਾਰ ਕਰਨਾ ਸੀ। ਸਾਫ ਅਸਮਾਨ ਵਿਚ ਬੱਦਲ ਤੈਰ ਰਹੇ ਸਨ। ਇਸ ਲਈ ਇਹ ਸ਼ੰਕਾ ਸੀ ਕਿਤੇ ਮੀਂਹ ਫੇਰ ਨਾ ਸ਼ੁਰੂ ਹੋ ਜਾਏ। ਗਰਮੀ ਵਧ ਰਹੀ ਸੀ ਤੇ ਉਸਨੂੰ ਆਪਣੇ ਮੁਲਕ ਪਹੁੰਚ ਜਾਣ ਦੀ ਕਾਹਲ ਸੀ। ਉਸ ਕਾਹਲ ਵਿਚ ਇਕ ਭੈ ਵੀ ਛੁਪਿਆ ਹੋਇਆ ਸੀ। ਉਹ ਸੀ ਸਿੱਖਾਂ ਦਾ ਭੈ ਕਿ ਪਤਾ ਨਹੀਂ ਕਿੱਧਰੋਂ ਤੇ ਕਦੋਂ ਧਾਵਾ ਬੋਲ ਦੇਣ ਤੇ ਪਾਨੀਪਤ ਦੀ ਜਿੱਤ ਦੀ ਸ਼ਾਨ ਧੂੜ ਵਿਚ ਮਿਲਾਅ ਦੇਣ।
ਇਹ ਭੈ ਕਲਪਿਤ ਨਹੀਂ ਇਕ ਯਥਾਰਥ ਸੀ। ਪਹਿਲਾਂ ਨਾਦਰ ਸ਼ਾਹ ਨੂੰ ਤੇ ਫੇਰ ਖ਼ੁਦ ਅਹਿਮਦ ਸ਼ਾਹ ਨੂੰ ਵੀ ਹਰ ਹਮਲੇ ਵਿਚ ਸਿੱਖਾਂ ਨੇ ਆਪਦੇ ਕੌਤਕ ਦਿਖਾਏ ਸਨ। ਇਸ ਵਾਰੀ ਤਾਂ ਉਹਨਾਂ ਨੇ ਚੋਖੀ ਤਿਆਰੀ ਵੀ ਕੀਤੀ ਹੋਈ ਸੀ। ਉਹਨਾਂ ਨੇ ਅਬਦਾਲੀ ਦੀ ਫੌਜ ਉੱਤੇ ਹਮਲੇ ਕਰਕੇ ਸਿਰਫ ਉਸਨੂੰ ਲੁੱਟਣਾ ਹੀ ਨਹੀਂ ਸੀ, ਬਲਕਿ ਉਹਨਾਂ ਔਰਤਾਂ ਤੇ ਮਰਦਾਂ ਨੂੰ ਰਿਹਾਅ ਵੀ ਕਰਵਾਉਣਾ ਸੀ ਜਿਹਨਾਂ ਨੂੰ ਉਹ ਕੈਦੀ ਬਣਾ ਕੇ ਲੈ ਜਾ ਰਿਹਾ ਸੀ। ਇਸ ਮੁਹਿੰਮ ਵਿਚ ਸਾਰੀਆਂ ਮਿਸਲਾਂ ਦੇ ਮਿਸਲਦਾਰ ਸ਼ਾਮਲ ਸਨ ਤੇ ਉਹ ਗੋਇੰਦਵਾਲ ਤੋਂ ਦਸ ਕੋਹ ਦੇ ਫਾਸਲੇ ਉਪਰ ਜੰਗਲ ਵਿਚ ਘਾਤ ਲਾਈ ਬੈਠੇ ਸਨ। ਦਲ ਸੈਨਾ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ ਗਿਆ ਸੀ। ਇਕ ਭਾਗ ਉਹ ਜਿਹੜਾ ਦੁਰਾਨੀਆਂ ਨਾਲ ਲੜੇਗਾ, ਦੂਜਾ ਭਾਗ ਕੈਦੀਆਂ ਨੂੰ ਮੁਕਤ ਕਰਵਾ ਕੇ ਭਜਾ ਲਿਆਏਗਾ ਤੇ ਤੀਜਾ ਭਾਗ ਮੁਕਤ ਕੈਦੀਆਂ ਨੂੰ ਸੁਰੱਖਿਅਤ ਸਥਾਨ ਉਪਰ ਪਹੁੰਚਾਉਣ ਦਾ ਕੰਮ ਕਰੇਗਾ। ਪਹਿਲੇ ਭਾਗ ਦੀ ਕਮਾਨ ਚੜ੍ਹਤ ਸਿੰਘ ਸ਼ੁਕਰਚਕੀਆ ਨੂੰ ਸੌਂਪੀ ਗਈ, ਦੂਜੇ ਭਾਗ ਦੀ ਕਮਾਨ ਜੈ ਸਿੰਘ ਦੇ ਹੱਥ ਸੀ ਤੇ ਤੀਜੇ ਭਾਗ ਦੀ ਕਮਾਨ ਖ਼ੁਦ ਜੱਸਾ ਸਿੰਘ ਨੇ ਆਪਣੇ ਹੱਥ ਰੱਖੀ ਸੀ। ਜਿਹੜੇ ਭੱਜ ਨਹੀਂ ਸਕਦੇ ਸਨ—ਖਾਸ ਕਰਕੇ ਔਰਤਾਂ,ਬੱਚੇ ਤੇ ਬੁੱਢੇ, ਉਹਨਾਂ ਲਈ ਛਕੜਿਆਂ, ਘੋੜਿਆਂ ਆਦਿ ਖਾ ਖਾਸ ਪ੍ਰਬੰਧ ਕੀਤਾ ਗਿਆ ਸੀ।
ਚੜ੍ਹਤ ਸਿੰਘ ਤੇ ਜੈ ਸਿੰਘ ਆਪੋ-ਆਪਣੀ ਮਿਸਲ ਦੇ ਜੱਥੇਦਾਰ ਸਨ ਤੇ ਜੱਸਾ ਸਿੰਘ ਆਪਣੀ ਮਿਸਲ ਦਾ ਜੱਥੇਦਾਰ ਹੋਣ ਦੇ ਨਾਲ ਨਾਲ ਦਲ-ਖਾਲਸਾ ਦਾ ਜੱਥੇਦਾਰ ਵੀ ਸੀ। ਮੁਹਿੰਮ ਦੀ ਸਫਲਤਾ ਅਸਫਲਤਾ ਦੀ ਪੂਰੀ ਜ਼ਿਮੇਂਵਾਰੀ ਉਸ ਉਪਰ ਸੀ। 1748 ਵਿਚ ਜਦੋਂ ਦਲ-ਖਾਲਸਾ ਦੀ ਸਥਾਪਨਾ ਹੋਈ ਸੀ ਤਾਂ ਨਵਾਬ ਕਪੂਰ ਸਿੰਘ ਨੇ ਉਸਨੂੰ ਆਪਣਾ ਉਤਰ ਅਧਿਕਾਰੀ ਬਣਾਉਦਿਆਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸੌਂਪਦਿਆਂ ਹੋਇਆਂ ਕਿਹਾ ਸੀ—
“ਜੱਸਾ ਸਿੰਘਾ, ਹੁਣ ਤੂੰ ਪੰਥ ਦਾ ਸਰਦਾਰ ਏਂ। ਪੰਥ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝੀਂ। ਗੁਰੂ ਦੇ ਇਸ ਵਾਕ ਨੂੰ ਹਮੇਸ਼ਾ ਚੇਤੇ ਰੱਖੀਂ 'ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ'। ਜੋ ਕੁਝ ਹੈ ਸਭ ਪੰਥ ਦਾ ਹੈ।”
21 ਅਪਰੈਲ ਦੀ ਸਵੇਰ—ਚਿੜੀਆਂ ਚਹਿਚਿਹਾਅ ਰਹੀਆਂ ਸਨ ਪਰ ਸੂਰਜ ਅਜੇ ਨਿਕਲਿਆ ਨਹੀਂ ਸੀ। ਤੇਜ਼ ਹਵਾ ਚੱਲ ਰਹੀ ਸੀ। ਰੁੱਖਾਂ ਦੇ ਪੁਰਾਣੇ ਪੱਤੇ ਝੜ ਰਹੇ ਸਨ ਤੇ ਨਵੀਂਆ ਕਰੂੰਬਲਾਂ ਫੁੱਟ ਆਈਆਂ ਸਨ। ਜੱਸਾ ਸਿੰਘ ਆਪਣੇ ਕੈਂਪ ਵਿਚ ਇਕੱਲਾ ਬੈਠਾ, ਅਤੀਤ ਦੇ ਲੇਖੇ-ਜੋਖੇ ਵਿਚ ਗਵਾਚਿਆ ਹੋਇਆ ਸੀ। ਨਵਾਬ ਕਪੂਰ ਸਿੰਘ ਨੇ ਜਿਹੜੀ ਜ਼ਿਮੇਂਵਾਰੀ ਉਸਨੂੰ ਸੌਂਪੀ ਸੀ, ਇਸ ਵਿਚ ਸ਼ੱਕ ਨਹੀਂ ਸੀ ਕਿ ਬੜੀ ਵੱਡੀ ਜ਼ਿਮੇਂਵਾਰੀ ਸੀ। ਨਵਾਬ ਕਪੂਰ ਸਿੰਘ ਨੂੰ ਇਹ ਵਿਸ਼ਵਾਸ ਸੀ ਕਿ ਵਿਧਵਾ ਮਾਂ ਦਾ ਇਹ ਇਕਲੌਤਾ ਪੁੱਤਰ ਇਸ ਜ਼ਿਮੇਂਵਾਰੀ ਨੂੰ ਨਿਭਾਏਗਾ ਤਦੇ ਤਾਂ ਉਹਨਾਂ ਉਸਨੂੰ ਆਪਣਾ ਦੱਤਕ (ਮੁਤਬੰਨਾ) ਪੁੱਤਰ ਬਣਾਇਆ ਤੇ ਆਪਣੇ ਹੱਥੀਂ ਪੰਥ ਦਾ ਸਰਦਾਰ ਬਣਾਇਆ ਸੀ। ਜੱਸਾ ਸਿੰਘ ਵੀ ਨਵਾਬ ਦੇ ਇਸ ਵਿਸ਼ਵਾਸ ਉੱਤੇ ਪੂਰਾ ਉਤਰਿਆ ਸੀ। ਉਸਨੇ ਇਸ ਜ਼ਿਮੇਂਵਾਰੀ ਨੂੰ ਜੀਅ-ਜਾਨ, ਆਣ-ਬਾਣ ਨਾ ਨਿਭਾਇਆ ਸੀ ਤੇ ਪੰਥ ਨੂੰ ਹਰ ਕਦਮ ਅੱਗੇ ਵਧਾਇਆ ਸੀ। ਉਸਦੀ ਸ਼ਾਨ ਵੱਲ ਕਦੀ ਉਂਗਲ ਨਹੀਂ ਸੀ ਉਠਣ ਦਿੱਤੀ। ਹੁਣ ਉਸਦੇ ਸਾਹਮਣੇ ਇਕ ਬੜੀ ਵੱਡੀ ਮੁਹਿੰਮ ਸੀ ਜਿਸ ਵਿਚ ਪੰਥ ਦੀ ਮਾਣ-ਮਰਿਆਦਾ ਦਾਅ ਉੱਤੇ ਲੱਗੀ ਹੋਈ ਸੀ। ਹੁਣ ਤਕ ਖਾਲਸਾ ਨੇ ਵਾਪਸ ਪਰਤ ਰਹੇ ਦੁਰਾਨੀ ਨੂੰ ਸਿਰਫ ਲੁੱਟਿਆ ਹੀ ਸੀ। ਇਸ ਵਿਚ ਸ਼ੱਕ ਨਹੀਂ ਕਿ ਉਸਨੂੰ ਲੁੱਟ ਲੈਣਾ ਕੋਈ ਖੇਡ ਨਹੀਂ ਸੀ ਪਰ ਕੈਦੀਆਂ ਨੂੰ ਮੁਕਤ ਕਰਵਾਉਣਾ ਤਾਂ ਲੁੱਟ ਲੈਣ ਨਾਲੋਂ ਵੱਧ ਔਖਾ ਕੰਮ ਸੀ। ਜੱਸਾ ਸਿੰਘ ਨੂੰ ਹਮਲੇ ਦੀ ਅਜਿਹੀ ਯੋਜਨਾ ਬਣਾਉਣੀ ਪੈਣੀ ਸੀ ਕਿ ਸੱਪ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ। ਭਾਵ ਇਹ ਕਿ ਘੱਟ ਤੋਂ ਘਟ ਖਤਰਾ ਮੁੱਲ ਲੈ ਕੇ ਕੈਦੀਆਂ ਨੂੰ ਮੁਕਤ ਕਰਵਾਇਆ ਜਾ ਸਕੇ ਤੇ ਉਹਨਾਂ ਦੀ ਪ੍ਰਾਣ-ਰੱਖਿਆ ਵੀ ਹੋ ਸਕੇ। ਇਹ ਯੋਜਨਾ ਤਾਂ ਹੀ ਬਣ ਸਕਦੀ ਸੀ ਜੇ ਦੁਰਾਨੀ ਸੈਨਾ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਤੇ ਇਹ ਵੀ ਪਤਾ ਲੱਗ ਜਾਂਦਾ ਕਿ ਦਰਿਆ ਪਾਰ ਕਰਨ ਸਮੇਂ ਕੈਦੀ ਦੁਰਾਨੀ ਦੀ ਸੈਨਾ ਦੇ ਕਿਸ ਹਿੱਸੇ ਵਿਚ ਹੁੰਦੇ ਹਨ ਤੇ ਉਹਨਾਂ ਦੀ ਰੱਖਿਆ ਦਾ ਕੀ ਪ੍ਰਬੰਧ ਹੈ। ਸੂਹੀਏ ਭੇਜ ਦਿੱਤੇ ਗਏ ਸਨ। ਜੱਸਾ ਸਿੰਘ ਨੂੰ ਉਹਨਾਂ ਦੀ ਉਡੀਕ ਵੀ ਸੀ।
“ਸਰਦਾਰਜੀ।” ਤੰਬੂ ਦੇ ਬਾਹਰ ਖੜ੍ਹੇ ਸੰਤਰੀ ਨੇ ਅੰਦਰ ਆ ਕੇ ਖ਼ਬਰ ਦਿੱਤੀ, “ਇਕ ਆਦਮੀ ਬਾਹਰ ਖੜ੍ਹਾ ਏ ਜੀ, ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਉਸਨੇ ਆਪਣਾ ਨਾਂ ਨੂਰਾ ਮਲਾਹ ਦੱਸਿਆ ਏ ਤੇ ਅਹਿ ਪਿੱਪਲ ਦਾ ਪੱਤਾ ਵੀ ਦਿੱਤਾ ਏ।”
“ਠੀਕ ਏ। ਉਸਨੂੰ ਅੰਦਰ ਭੇਜ ਦਿਓ।” ਜੱਸਾ ਸਿੰਘ ਨੇ ਪੱਤਾ ਸੰਤਰੀ ਦੇ ਹੱਥੋਂ ਲੈ ਲਿਆ ਸੀ। ਇਹ ਪਤਾ ਆਉਣ ਵਾਲੇ ਦੇ ਸੂਹੀਆ ਹੋਣ ਦੀ ਨਿਸ਼ਾਨੀ ਸੀ।
ਇਕ ਦਰਮਿਆਨੇ ਕੱਦ ਤੇ ਨਰੋਈ ਸਿਹਤ ਦਾ ਆਦਮੀ ਅੰਦਰ ਆਇਆ। ਉਸਨੇ ਛੋਟੀ ਜਿਹੀ ਅੱਧੀਆਂ ਬਾਹਾਂ ਵਾਲੀ ਬੰਡੀ ਪਾਈ ਹੋਈ ਸੀ ਤੇ ਗੋਡਿਆਂ ਤਕ ਉਚੀ ਧੋਤੀ ਬੰਨ੍ਹੀ ਹੋਈ ਸੀ ਜਿਸਦਾ ਲੜ ਪਿੱਛੇ ਟੁੰਗਿਆ ਹੋਇਆ ਸੀ। ਉਸਦੇ ਸਿਰ ਉਪਰ ਇਕ ਮੈਲਾ ਜਿਹਾ ਪਰਨਾ ਲਪੇਟਿਆ ਹੋਇਆ ਸੀ।
“ਨੂਰਾ ਮਲਾਹ?” ਜੱਸਾ ਸਿੰਘ ਨੇ ਉਸਨੂੰ ਸਿਰ ਤੋਂ ਪੈਰਾਂ ਤੀਕ ਦੇਖ ਕੇ ਪੁੱਛਿਆ।
“ਹਾਂ ਜੀ, ਮੈਂ ਈ ਨੂਰਾ ਮਲਾਹ ਆਂ।” ਆਉਣ ਵਾਲੇ ਨੇ ਉਤਰ ਦਿੱਤਾ।
“ਕੀ ਸਮਾਚਾਰ ਏ?”
“ਸਰਦਾਰਜੀ ਦੁੱਰਾਨੀ ਜਦੋਂ ਸਤਿਲੁਜ ਪਾਰ ਕਰ ਰਿਹਾ ਸੀ ਮੈਂ ਉੱਥੇ ਈ ਸਾਂ। ਇਸ ਲਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਏ ਜੀ।”
“ਕੀ ਦੇਖਿਆ ਏ ਬਈ?”
“ਦੁੱਰਾਨੀ ਸੈਨਾ ਨੂੰ ਦਰਿਆ ਪਾਰ ਕਰਨ ਵਿਚ ਚਾਰ ਦਿਨ ਲੱਗੇ ਜੀ। ਪਹਿਲੇ ਦੋ ਦਿਨਾਂ ਵਿਚ ਅੱਧੀਓਂ ਵੱਧ ਸੈਨਾ ਦੂਜੇ ਕਿਨਾਰੇ ਜਾਂਦੀ ਰਹੀ। ਤੀਜੇ ਦਿਨ ਲੁੱਟ ਦੇ ਮਾਲ ਨਾਲ ਲੱਦੇ ਛਕੜੇ, ਉਠ ਤੇ ਘੋੜੇ ਆਦਿ ਤੇ ਉਹਨਾਂ ਦੇ ਨਿਗਰਾਨ ਸੈਨਕ ਉਸ ਪਾਰ ਭੇਜ ਦਿੱਤੇ ਗਏ—ਅਜੇ ਅਬਦਾਲੀ ਇਸ ਪਾਰ ਹੀ ਸੀ, ਸ਼ਾਮ ਨੂੰ ਉਹ ਵੀ ਉਸ ਪਾਰ ਚਲਾ ਗਿਆ। ਹੁਣ ਇਸ ਪਾਰ ਕੈਦੀ ਔਰਤਾਂ-ਮਰਦ ਤੇ ਨੁਰੂਦੀਨ ਦੀ ਕਮਾਨ ਵਿਚ ਪੰਜ ਸੌ ਸਿਪਾਹੀ ਹੀ ਸਨ, ਜਿਹਨਾਂ ਚੌਥੇ ਦਿਨ ਦਰਿਆ ਪਾਰ ਕੀਤਾ ਜੀ।”
“ਕੀ ਉਹ ਬਿਆਸ ਦਰਿਆ ਵੀ ਇੰਜ ਈ ਪਾਰ ਕਰਨਗੇ?”
“ਖ਼ਿਆਲ ਤਾਂ ਇਹੀ ਏ ਜੀ। ਜੇ ਹੋਰ ਕੋਈ ਬਦਲ ਫੇਰ ਹੋਇਆ ਤਾਂ ਉਸਦੀ ਸੂਚਨਾ ਤੁਹਾਨੂੰ ਭੇਜ ਦਿੱਤੀ ਜਾਏਗੀ।”
ਨੂਰਾ ਮਲਾਹ ਜਿੰਨ੍ਹੀ ਪੈਰੀਂ ਆਇਆ ਓਹਨੀਂ ਪੈਰੀਂ ਮੁੜ ਗਿਆ। ਜੱਸਾ ਸਿੰਘ ਨੇ ਚੜ੍ਹਤ ਸਿੰਘ, ਜੈ ਸਿੰਘ ਤੇ ਹੋਰ ਮਿਸਲਦਾਰਾਂ ਨੂੰ ਆਪਣੇ ਤੰਬੂ ਵਿਚ ਬੁਲਾਅ ਕੇ ਇਹ ਜਾਣਕਾਰੀ ਦਿੱਤੀ। ਫੇਰ ਕਿਹਾ—
“ਅਬਦਾਲੀ ਨੂੰ ਵਧੇਰੇ ਫ਼ਿਕਰ ਲੁੱਟ ਦੇ ਮਾਲ ਦੀ ਜਾਪਦੀ ਏ ਇਸੇ ਲਈ ਉਸਨੇ ਆਪਣਾ ਵਧੇਰੇ ਧਿਆਨ ਤੇ ਤਾਕਤ ਉਸ ਵੱਲ ਲਾਈ ਹੋਈ ਏ। ਕੈਦੀਆਂ ਦੀ ਉਸਨੂੰ ਪ੍ਰਵਾਹ ਹੀ ਨਹੀਂ ਜਾਪਦੀ। ਸ਼ਾਇਦ ਉਹ ਸੋਚਦਾ ਹੋਏ ਕਿ ਅਸੀਂ ਲੋਕ ਉਸਨੂੰ ਲੁੱਟਣ ਲਈ ਹੀ ਹਮਲਾ ਕਰਾਂਗੇ, ਕੈਦੀਆਂ ਨੂੰ ਛੁਡਾਉਣ ਵਾਸਤੇ ਨਹੀਂ। ਜਦੋਂ ਉਸਦੀ ਵਧੇਰੇ ਸੈਨਾ ਤੇ ਲੁੱਟ ਦਾ ਮਾਲ ਉਸ ਪਾਰ ਚਲਾ ਜਾਂਦਾ ਹੈ ਤਾਂ ਅਬਦਾਲੀ ਖ਼ੁਦ ਵੀ ਉਸ ਪਾਰ ਚਲਾ ਜਾਂਦਾ ਹੈ। ਕੈਦੀ ਪਿੱਛੇ ਰਹਿ ਜਾਂਦੇ ਨੇ ਤੇ ਨੁਰੂਦੀਨ ਵਾਮੇਜਈ ਚਾਰ ਪੰਜ ਸੌ ਸੈਨਕਾਂ ਨਾਲ ਉਹਨਾਂ ਦੀ ਨਿਗਰਾਨੀ ਲਈ ਇਸ ਪਾਰ ਰਹਿ ਜਾਂਦਾ ਹੈ। ਖਾਲਸੇ ਲਈ ਚਾਰਪੰਜ ਸੌ ਦੁਰਾਨੀਆਂ ਨਾਲ ਜੂਝਣਾ ਕੋਈ ਔਖਾ ਨਹੀਂ। ਉਹ ਲੋਕ ਕੱਲ੍ਹ ਗੋਇੰਦਵਾਲ ਪਹੁੰਚ ਰਹੇ ਨੇ। ਜਦੋਂ ਸਿਰਫ਼ ਕੈਦੀ ਇਸ ਪਾਰ ਰਹਿ ਜਾਣਗੇ, ਉਦੋਂ ਅਸੀਂ ਧਾਵਾ ਬੋਲਣਾ ਏਂ...ਤੇ ਧਾਵੇ ਲਈ ਪਹਿਲਾਂ ਹੀ ਤਿਆਰ ਰਹਿਣਾ ਏਂ।”
ਖਾਲਸੇ ਨੇ ਇਸ ਯੋਜਨਾ ਅਨੁਸਾਰ ਸਾਰੀ ਤਿਆਰੀ ਮੁਕੰਮਲ ਕਰ ਲਈ। ਜਦੋਂ ਤੀਜੇ ਦਿਨ ਅਬਦਾਲੀ ਵੀ ਉਸ ਪਾਰ ਚਲਾ ਗਿਆ ਤਾਂ ਚੜ੍ਹਤ ਸਿੰਘ ਤੇ ਜੈ ਸਿੰਘ ਨੇ ਅਚਾਨਕ ਹੱਲਾ ਬੋਲ ਦਿੱਤਾ। 'ਠਾਹ-ਠਾਹ, ਖਚਾ-ਖੱਚ'। ਦੁਸ਼ਮਣ ਸੈਨਾ ਵਿਚ ਭਗਦੜ ਮੱਚ ਗਈ। ਜਿਹੜਾ ਜੱਥਾ ਜੱਸਾ ਸਿੰਘ ਦੀ ਕਮਾਨ ਵਿਚ ਸੀ, ਉਹਨਾਂ ਕੈਦੀਆਂ ਨੂੰ ਮੁਕਤ ਕਰਵਾਇਆ ਤੇ ਸਹਿਜੇ ਹੀ ਭਜਾਅ ਲਿਆਏ।
ਜੱਸਾ ਸਿੰਘ ਨੇ ਮੁਕਤ ਕਰਵਾਏ ਕੈਦੀਆਂ ਨੂੰ ਘਰੋ ਘਰ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਗੁਇੰਦਵਾਲ ਤੋਂ ਦਸ ਕੋਹ ਦੇ ਫਾਸਲੇ ਉਪਰ ਜੰਗਲ ਵਿਚ ਉਹਨਾਂ ਦੇ ਫਰਿਆਦੀ ਰਿਸ਼ਤੇਦਾਰ ਵੀ ਮੌਜੂਦ ਸਨ। ਉਹ ਆਪਣੇ ਪੁੱਤਰਾਂ ਧੀਆਂ ਦੇ ਗਲ਼ੇ ਲੱਗ ਲੱਗ ਮਿਲੇ ਤਾਂ ਉਹਨਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਬਾਈ ਸੌ ਦੇ ਲਗਭਗ ਔਰਤਾਂ ਮੁਕਤ ਕਰਵਾਈਆਂ ਗਈਆਂ ਸਨ, ਉਹਨਾਂ ਵਿਚ ਢਾਈ ਸੌ ਦੇ ਕਰੀਬ ਹਿੰਦੁਸਤਾਨੀ ਮੁਸਲਮਾਨ ਔਰਤਾਂ ਵੀ ਸਨ। ਉਹਨਾਂ ਦੇ ਸਾਕ ਸਬੰਧੀ ਵੀ ਉੱਥੇ ਮੌਜੂਦ ਸਨ। ਉਹਨਾਂ ਅੱਲਾ ਦਾ ਸ਼ੁਕਰ ਅਦਾ ਕੀਤਾ ਤੇ ਖਾਲਸਾ ਜੀ ਦਾ ਲੱਖ ਲੱਖ ਧੰਨਵਾਦ। ਜਿਹਨਾਂ ਮੁਕਤ ਹੋਏ ਕੈਦੀਆਂ ਦੇ ਰਿਸ਼ਤੇਦਾਰ ਉੱਥੇ ਮੌਜੂਦ ਨਹੀਂ ਸਨ, ਉਹ ਉਹਨਾਂ ਨੂੰ ਆਪਣੇ ਘਰ ਲੈ ਗਏ। ਜਿਹੜੇ ਲੋਕ ਖ਼ੁਦਾ ਆਪਣੇ ਘਰੀਂ ਜਾ ਸਕਦੇ ਸਨ, ਉਹ ਆਪ ਚਲੇ ਗਏ ਤੇ ਬਾਕੀਆਂ ਨੂੰ ਪੂਰੀ ਹਿਫ਼ਾਜਤ ਨਾਲ ਉਹਨਾਂ ਦੇ ਘਰੀਂ ਪਹੁਚਾਉਣ ਦਾ ਪ੍ਰਬੰਧ ਕੀਤਾ ਗਿਆ।
ਇਸ ਮੁਹਿੰਮ ਵਿਚ ਭੂਪ ਸਿੰਘ ਵੀ ਖਾਲਸਾ ਸੈਨਕ ਦੀ ਵਰਦੀ ਵਿਚ ਜੱਥੇਦਾਰ ਜੈ ਸਿੰਘ ਦੇ ਜੱਥੇ ਵਿਚ ਸ਼ਾਮਲ ਸੀ। ਉਹ ਦੁਰਾਨੀਆਂ ਤੇ ਕੈਦੀਆਂ ਬਾਰੇ ਬੜਾ ਕੁਝ ਜਾਣਦਾ ਸੀ। ਇਸ ਲਈ ਉਹਨਾਂ ਨੂੰ ਮੁਕਤ ਕਰਵਾਉਣ ਲਈ ਜੈ ਸਿੰਘ ਦੀ ਮਦਦ ਕਰ ਰਿਹਾ ਸੀ। ਜਿਹਨਾਂ ਕੈਦੀਆਂ ਨੂੰ ਉਹ ਆਪਣੀ ਨਿਗਰਾਨੀ ਵਿਚ ਘਰੋ-ਘਰ ਪਹੁੰਚਾ ਰਹੇ ਸਨ, ਉਹਨਾਂ ਵਿਚ ਸਤਾਰਾਂ ਅਠਾਰ੍ਹਾਂ ਸਾਲ ਦੀ ਇਕ ਹੁਸੀਨ ਕੁੜੀ ਸੀ। ਉਸਦਾ ਨਾਂ ਸਾਵਿਤਰੀ ਸੀ ਪਰ ਘਰਵਾਲੇ ਤੇ ਆਂਢ-ਗੁਆਂਢ ਵਾਲੇ ਉਸਨੂੰ 'ਸਾਬੋ' ਆਖ ਕੇ ਬੁਲਾਂਦੇ ਹੁੰਦੇ ਸਨ। ਉਹ ਕਰਨਾਲ ਦੇ ਇਕ ਪੰਡਿਤ ਘਣਸ਼ਾਮ ਦਾਸ ਦੀ ਧੀ ਸੀ। ਜੱਸਾ ਸਿੰਘ ਨੇ ਉਸ ਨੂੰ ਇਕ ਨਜ਼ਰੇ ਦੇਖਿਆ, ਫੇਰ ਭੂਪ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਧੀਮੀ ਆਵਾਜ਼ ਵਿਚ ਪੁੱਛਿਆ—
“ਜਾਣਦੇ ਓ, ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਲੰਗੋਟ ਦਾ ਪੱਕਾ ਰਹਿਣ ਦੀ ਸਿੱਖਿਆ ਦਿੱਤੀ ਏ?”
“ਹਾਂ ਜੀ। ਜਾਣਦਾ ਹਾਂ।”
“ਇਸ ਕੁੜੀ ਨੂੰ ਇਸਦੇ ਘਰ ਤੁਸਾਂ ਪਹੁੰਚਾਉਣਾ ਏਂ।”
“ਸਤ ਬਚਨ ਮਹਾਰਾਜ।” ਭੂਪ ਸਿੰਘ ਨੇ ਦਰਿੜ੍ਹ ਆਵਾਜ਼ ਵਿਚ ਉਤਰ ਦਿੱਤਾ।
ਇਕ ਘੋੜੇ ਉਪਰ ਭੂਪ ਸਿੰਘ ਤੇ ਇਕ ਘੋੜੇ ਉੱਤੇ ਸਾਬੋ ਸਵਾਰ ਹੋ ਗਈ। ਭੂਪ ਸਿੰਘ ਦੇ ਮੋਢੇ ਉਪਰ ਬੰਦੂਕ ਸੀ ਤੇ ਸਹਾਇਕ ਦੇ ਰੂਪ ਵਿਚ ਦੋ ਹੋਰ ਸਵਾਰ ਨਾਲ ਹੋ ਲਏ। ਉਹ ਕਰਨਾਲ ਵਿਚ ਸਾਵਿਤਰੀ ਕੇ ਘਰ ਪਹੁੰਚੇ ਤਾਂ ਉਸਦੇ ਪਿਤਾ ਘਣਸ਼ਾਮ ਨਾਲ ਮੁਲਾਕਾਤ ਹੋਈ। ਉਹਨਾਂ ਦੇ ਮੱਥੇ ਉਪਰ ਚੰਦਨ ਦਾ ਤਿਲਕ ਲੱਗਾ ਹੋਇਆ ਸੀ ਤੇ ਸੱਜੇ ਗੁੱਟ ਉਪਰ ਲਾਲ ਧਾਗਾ ਵੱਝਿਆ ਹੋਇਆ ਸੀ। ਉਹਨਾਂ ਭੂਪ ਸਿੰਘ ਨਾਲ ਸਾਵਿਤਰੀ ਨੂੰ ਖਲੋਤਾ ਦੇਖਿਆ ਤਾਂ ਮੂੰਹ ਦੂਜੇ ਪਾਸੇ ਭੂੰਆਂ ਲਿਆ।
“ਪੰਡਿਤ ਜੀ, ਅਸੀਂ ਤੁਹਾਡੀ ਬੇਟੀ ਨੂੰ ਲੈ ਆਏ ਹਾਂ ਤੇ ਤੁਸੀਂ ਇਧਰ ਦੇਖ ਹੀ ਨਹੀਂ ਰਹੇ!” ਭੂਪ ਸਿੰਘ ਨੇ ਕਿਹਾ।
“ਮੇਰੀ ਕੋਈ ਬੇਟੀ ਨਹੀਂ।” ਘਣਸ਼ਾਮ ਨੇ ਠੰਡੀ ਤੇ ਕਠੋਰ ਆਵਾਜ਼ ਵਿਚ ਉਤਰ ਦਿੱਤਾ।
“ਕੀ ਕਿਹਾ? ਮੈਂ ਤੁਹਾਡੀ ਬੇਟੀ ਨਹੀਂ?” ਸਾਵਿਤਰੀ ਬੋਲੀ।
“ਨਹੀ, ਹੁਣ ਤੂੰ ਮੇਰੀ ਬੇਟੀ ਨਹੀਂ। ਜਿੱਥੋਂ ਆਈ ਏਂ, ਉੱਥੇ ਚਲੀ ਜਾ ਵਾਪਸ।” ਘਣਸ਼ਾਮ ਨੇ ਉਤਰ ਦਿੱਤਾ ਤੇ ਪਿੱਛੇ ਹਟ ਕੇ ਦਰਵਾਜ਼ਾ ਭੀੜਣ ਲੱਗਾ।
“ਜ਼ਰਾ ਰੁਕਣਾ ਪੰਡਿਤ ਜੀ ਤੇ ਮੇਰੀ ਗੱਲ ਸੁਣਨਾ।” ਭੂਪ ਸਿੰਘ ਨੇ ਅਤਿ ਗੰਭੀਰ ਤੇ ਹੈਰਾਨੀ ਭਰੀ ਆਵਾਜ਼ ਵਿਚ ਕਿਹਾ। ਘਣਸ਼ਾਮ ਰੁਕ ਗਿਆ ਤੇ ਇਕ ਕਦਮ ਬਾਹਰ ਵੱਲ ਵੀ ਆ ਗਿਆ। ਭੂਪ ਸਿੰਘ ਫੇਰ ਬੋਲਿਆ, “ਅਹਿ ਸਾਵਿਤਰੀ ਤਾਂ ਆਪਣੇ ਆਪ ਨੂੰ ਤੁਹਾਡੀ ਬੇਟੀ ਕਹਿ ਰਹੀ ਏ ਤੇ ਇਹ ਸਾਨੂੰ ਆਪਣੇ ਘਰ ਤਕ ਲੈ ਆਈ ਏ—ਤੁਸੀਂ ਓ ਕਿ ਇਸਨੂੰ ਆਪਣੀ ਬੇਟੀ ਮੰਨਣ ਤੋਂ ਇਨਕਾਰ ਕਰ ਰਹੇ ਓ?”
“ਸਰਦਾਰਜੀ ਤੁਸੀਂ ਲੋਕ ਸਾਡੇ ਲਈ ਲੜਦੇ ਓ। ਸਾਡੀ ਰਾਖੀ ਕਰਦੇ ਓ, ਇਸ ਲਈ ਮੈਂ ਤੁਹਾਨੂੰ ਧੰਨਵਾਦ ਕਹਿੰਦਾ ਹਾਂ ਤੇ ਤੁਹਾਡਾ ਆਦਰ-ਮਾਣ ਕਰਦਾ ਹਾਂ। ਪਰ ਜਿਹੜੀ ਕੁੜੀ ਏਨੇ ਦਿਨ ਯਵਨਾ (ਤੁਰਕਾਂ) ਕੋਲ ਰਹੀ, ਉਸਨੂੰ ਅਸੀਂ ਆਪਣੇ ਘਰ ਕਿੰਜ ਵਾੜ ਲਈਏ? ਇਹ ਸਾਡੇ ਧਰਮ ਦਾ, ਕੁਲ-ਮਰਿਆਦਾ ਦਾ ਸਵਾਲ ਏ?”
“ਮਤਲਬ ਇਹ ਕਿ ਹੁਣ ਮੈਂ ਤੁਹਾਡੀ ਬੇਟੀ ਨਹੀਂ ਰਹੀ?”
“ਹਾਂ, ਨਹੀਂ ਰਹੀ। ਤੂੰ ਜਿੱਥੇ ਚਾਹੇਂ ਜਾ ਸਕਦੀ ਏਂ।” “ਮੈਂ ਤੁਹਾਡੇ ਧਰਮ ਤੇ ਤੁਹਾਡੀ ਕੁਲ-ਮਰਿਆਦਾ ਉਪਰ ਥੁੱਕਦੀ ਹਾਂ। ਥੂ-ਥੂ-ਥੂ।”
ਸਾਵਿਤਰੀ ਨੇ ਤਿੰਨ ਵਾਰੀ ਧਰਤੀ ਉਪਰ ਥੁੱਕਿਆ ਤੇ ਫੇਰ ਪਲਟ ਕੇ ਭੂਪ ਸਿੰਘ ਨੂੰ ਕਿਹਾ, “ਚੱਲੋ ਭਾ-ਜੀ, ਮੈਂ ਏਸ ਚੰਡਾਲ ਦਾ ਮੂੰਹ ਵੀ ਦੇਖਣਾ ਨਹੀਂ ਚਾਹੁੰਦੀ।”
ਭੂਪ ਸਿੰਘ ਸਾਵਿਤਰੀ ਨੂੰ ਆਪਣੇ ਘਰ ਜੰਡਿਆਲ ਸ਼ੇਰਖ਼ਾਂ ਲੈ ਆਇਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ—
“ਲੈ ਮਾਂ, ਤੂੰ ਆਪਣੇ ਇਕੱਲੇਪਣ ਤੋਂ ਦੁਖੀ ਸੈਂ ਨਾ—ਬਹੂ ਤਾਂ ਜਦ ਆਏਗੀ ਤਦ ਆਏਗੀ, ਮੈਂ ਤੇਰੇ ਲਈ ਧੀ ਤੇ ਆਪਣੇ ਲਈ ਇਕ ਭੈਣ ਲੈ ਆਂਦੀ ਏ। ਅਸੀਂ ਇਸ ਲਈ ਕੋਈ ਚੰਗਾ ਜਿਹਾ ਮੁੰਡਾ ਲੱਭਾਂਗੇ ਤੇ ਇਸ ਦਾ ਵਿਆਹ ਰਚਾਅ ਦਿਆਂਗੇ। ਮੇਰੀ ਇਸ ਭੈਣ ਦਾ ਨਾਂ ਸਾਬੋ ਏ , ਇਹ ਮੇਰੇ ਗੁੱਟ ਉੱਤੇ ਰੱਖੜੀ ਬੰਨ੍ਹਿਆਂ ਕਰੇਗੀ। ਕਿਉਂ?”
ਸਤਵੰਤ ਕੌਰ ਨੇ ਸਾਵਿਤਰੀ ਨੂੰ ਛਾਤੀ ਨਾਲ ਘੁੱਟ ਲਿਆ ਤੇ ਬੋਲੀ, “ਆ ਮੇਰੀ ਧੀ ਰਾਣੀ, ਸਾਬੋ।” ਤੇ ਉਸਦਾ ਮੱਥਾ ਚੁੰਮ ਲਿਆ।

ਜੱਸਾ ਸਿੰਘ ਨੇ ਪਹਿਲਾਂ ਬੰਧਕਾਂ ਨੂੰ ਨਾਦਿਰ ਸ਼ਾਹ ਤੋਂ ਮੁਕਤ ਕਰਵਾ ਕੇ ਘਰੋ-ਘਰੀ ਪਹੁੰਚਾਇਆ ਸੀ ਤੇ ਹੁਣ ਅਹਿਮਦ ਸ਼ਾਹ ਅਬਦਾਲੀ ਤੋਂ ਮੁਕਤ ਕਰਵਾਇਆ। ਗਲੀਆਂ, ਬਾਜ਼ਾਰਾਂ ਤੇ ਸੱਥਾਂ ਵਿਚ ਏਨੀ ਚਰਚੇ ਹੋਈ ਕਿ ਉਹ ਲੋਕਾਂ ਵਿਚ 'ਬੰਦੀ ਛੋੜ' ਸਰਦਾਰ ਵਜੋਂ ਮਸ਼ਹੂਰ ਹੋ ਗਿਆ।
ਅਹਿਮਦ ਸ਼ਾਹ ਅਬਦਾਲੀ 26 ਅਪਰੈਲ ਨੂੰ ਲਾਹੌਰ ਪਹੁੰਚਿਆ ਤਾਂ ਉਹ ਬੜਾ ਉਖੜਿਆ ਉਖੜਿਆ ਸੀ। ਖਾਲਸਾ ਸਾਰੇ ਕੈਦੀਆਂ ਨੂੰ ਛੁਡਾਅ ਕੇ ਲੈ ਗਿਆ ਸੀ ਤੇ ਉਸਦੀ ਸੈਨਾ ਕੁਝ ਵੀ ਨਹੀਂ ਸੀ ਕਰ ਸਕੀ। ਅਬਦਾਲੀ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ।
“ਇਹ ਸਭ ਕਿੰਜ ਹੋ ਗਿਆ?” ਉਸਨੇ ਨੁਰੂਦੀਨ ਵਾਮੇਜਈ ਨੂੰ ਬੁਲਾਅ ਕੇ ਪੱਛਿਆ।
“ਜਹਾਂਪਨਾਹ! ਜਦੋਂ ਸਵੇਰੇ ਅਸੀਂ ਅਜੇ ਸੁੱਤੇ ਈ ਹੋਏ ਸਾਂ, ਇਹਨਾਂ ਲੰਮੇ ਲੰਮੇ ਵਾਲਾਂ ਵਾਲੇ ਵਹਿਸ਼ੀਆਂ ਨੇ ਹਮਲਾ ਕਰ ਦਿੱਤਾ। ਸਾਡੇ ਸਿਪਾਹੀ ਅੱਖਾਂ ਮਲਦੇ ਰਹਿ ਗਏ ਤੇ ਉਹ ਆਪਣਾ ਕੰਮ ਕਰਕੇ ਨੱਠ ਗਏ।”
“ਬੜੀ ਸ਼ਰਮ ਦੀ ਗੱਲ ਏ। ਤੁਹਾਨੂੰ ਤੇ ਸਾਡੇ ਇਹਨਾਂ ਸਿਪਾਹੀਆਂ ਨੂੰ ਚੂਲੀ ਭਰ ਪਾਣੀ ਵਿਚ ਡੁੱਬ ਮਰਨਾ ਚਾਹੀਦਾ ਏ।” ਅਬਦਾਲੀ ਨੇ ਹਿਰਖ ਪਰੁੱਚੀ ਆਵਾਜ਼ ਵਿਚ ਕਿਹਾ। ਵਾਮੇਜਈ ਕੁਝ ਨਾ ਬੋਲਿਆ। ਉਸਦੀ ਗਰਦਨ ਝੁਕ ਗਈ।
“ਨਤੀਜਾ ਕੀ ਰਿਹਾ?”
"ਸਾਡੇ ਡੇਢ ਕੁ ਸੌ ਸਿਪਾਹੀ ਮਾਰੇ ਗਏ। ਦਸ ਬਾਰਾਂ ਸਿੱਖ ਵੀ ਮਾਰੇ ਗਏ ਨੇ ਤੇ ਦਸ ਬਾਰਾਂ ਫੜ੍ਹੇ ਗਏ ਨੇ।”
“ਜਿਹੜੇ ਫੜ੍ਹੇ ਗਏ ਨੇ ਉਹ ਕਿੱਥੇ ਨੇ?”
“ਉਹ ਸਾਡੀ ਕੈਦ ਵਿਚ ਨੇ। ਇਹਨਾਂ ਨੂੰ ਨਖ਼ਾਸ ਚੌਂਕ ਵਿਚ ਚਰਖੀ 'ਤੇ ਚੜ੍ਹਾ ਕੇ ਮੌਤ ਦੇ ਘਾਟ ਉਤਾਰਿਆ ਜਾਏਗਾ।” ਵਾਮੇਜਈ ਨੇ ਗਰਦਨ ਉੱਚੀ ਕਰਕੇ ਕਿਹਾ।
“ਉਹਨਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਏ।” ਅਬਦਾਲੀ ਨੇ ਹੁਕਮ ਦਿੱਤਾ।
ਸਿੱਖ ਨੌਜਵਾਨਾ ਨੂੰ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਦੇ ਮਨ ਵਿਚ ਕਿਸੇ ਕਿਸਮ ਦਾ ਭੈ ਨਹੀਂ ਸੀ ਤੇ ਚਿਹਰਿਆਂ ਉੱਤੇ ਉਦਾਸੀ ਦਾ ਨਾਂ ਨਿਸ਼ਾਨ ਤਕ ਨਹੀਂ ਸੀ। ਉਹਨਾਂ ਦੇ ਸਿਰ ਉੱਚੇ ਸਨ ਤੇ ਬੁੱਲ੍ਹਾਂ ਉਪਰ ਬਹਾਦਰਾਂ ਵਾਲੀ ਮੁਸਕਾਨ ਸੀ। ਉਹਨਾਂ ਦਾ ਨੇਤਾ ਬਘੇਲ ਸਿੰਘ ਸਭ ਨਾਲੋਂ ਅੱਗੇ ਖਲੋਤਾ ਸੀ।
“ਗਿਰਫ਼ਤਾਰ ਕਿੰਜ ਹੋਏ ਓ?” ਅਬਦਾਲੀ ਨੇ ਉਹਨਾਂ ਵੱਲ ਦੇਖ ਦੇ ਪੁੱਛਿਆ।
“ਸਾਡੇ ਹਥਿਆਰ ਛੁੱਟ ਗਏ ਸਨ।” ਬਘੇਲ ਸਿੰਘ ਨੇ ਉਤਰ ਦਿੱਤਾ।
“ਹੁਣ ਮੈਂ ਤੁਹਾਡੇ ਨਾਲ ਕੀ ਸਲੂਕ ਕਰਾਂ?”
“ਸਲੂਕ ਦਾ ਤਾਲੁੱਕ ਇਖ਼ਲਾਕ ਨਾਲ ਹੁੰਦਾ ਏ। ਤੁਹਾਡੇ ਇਖ਼ਲਾਕ ਦੀ ਜੋ ਮੰਗ ਏ, ਉਹੀ ਕਰੋ।”
“ਤੁਹਾਡਾ ਲੋਕਾਂ ਦਾ ਆਪਣਾ ਇਖ਼ਲਾਕ ਕੀ ਏ?”
“ਖਾਲਸਾ ਗਿਰਫ਼ਤਾਰ ਕੀਤੇ ਹੋਏ ਸਿਪਾਹੀਆਂ ਨੂੰ ਕਤਲ ਨਹੀਂ ਕਰਦਾ। ਜੇ ਉਹ ਜਖ਼ਮੀ ਹੋਣ ਤਾਂ ਉਹਨਾਂ ਦੇ ਜਖ਼ਮਾਂ ਉਪਰ ਮਲ੍ਹਮ ਲਾਉਂਦਾ ਹੈ।”
“ਜੇ ਮੈਂ ਤੁਹਾਨੂੰ ਕਤਲ ਨਾ ਕਰਾਂ ਤਾਂ ਤੁਸੀਂ ਮੇਰੀ ਗ਼ੁਲਾਮੀ ਕਬੂਲ ਕਰ ਲਓਗੇ?”
“ਨਹੀਂ, ਹਰਗਿਜ਼ ਨਹੀਂ। ਗ਼ੁਲਾਮ ਬਣ ਕੇ ਰਹਿਣਾ ਹੁੰਦਾ ਤਾਂ ਅਸੀਂ ਲੜਦੇ ਈ ਕਿਉਂ?”
“ਲੜਦੇ ਤਾਂ ਤੁਸੀਂ ਲੁੱਟਾਂ ਖੋਹਾਂ ਕਰਨ ਲਈ ਓ।”
“ਗਲਤ। ਕਾਬੁਲ ਦੇ ਬਾਦਸ਼ਾਹ ਗੁਸਤਾਖ਼ੀ ਮੁਆਫ਼। ਲੁੱਟ ਮਾਰ ਕਰਨ ਲਈ ਤਾਂ ਤੁਸੀਂ ਸਾਡੇ ਮੁਲਕ ਉਪਰ ਹਮਲੇ ਕਰਦੇ ਓ। ਅਸੀਂ ਲੋਕ ਤਾਂ ਆਪਣੀ ਆਜ਼ਾਦੀ ਲਈ ਪਹਿਲਾਂ ਮੁਗਲਾਂ ਦੇ ਖ਼ਿਲਾਫ਼ ਲੜਦੇ ਸਾਂ ਤੇ ਹੁਣ ਤੁਹਾਡੇ ਖ਼ਿਲਾਫ਼ ਲੜ ਰਹੇ ਹਾਂ। ...ਤੇ ਉਦੋਂ ਤੀਕ ਲੜਦੇ ਰਹਾਂਗੇ ਜਦੋਂ ਤੀਕ ਸਾਡਾ ਮੁਲਕ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਨਹੀਂ ਹੋ ਜਾਵੇਗਾ।”
“ਜੇ ਤੁਹਾਨੂੰ ਕਤਲ ਕਰ ਦਿੱਤਾ ਜਾਏ, ਫੇਰ ਕਿੰਜ ਲੜੋਗੇ? ਜਿਉਂਦੇ ਰਹਿਣਾ ਏਂ ਤਾਂ ਕਹੋ, 'ਅਹਿਮਦ ਸ਼ਾਹ ਕਾ ਖਾਲਸਾ, ਅਹਿਮਦ ਸ਼ਾਹ ਕੀ ਫਤਹਿ'।”
ਬਘੇਲ ਸਿੰਘ ਕੁਝ ਚਿਰ ਵਿਅੰਗਮਈ ਮੁਸਕਾਨ ਨਾਲ ਅਹਿਮਦ ਸਾਹ ਵੱਲ ਦੇਖਦਾ ਰਿਹਾ, ਫੇਰ ਬੋਲਿਆ¸“ਸਾਥੋਂ ਪਹਿਲਾਂ ਜਿਹੜੇ ਲੋਕ ਸ਼ਹੀਦ ਹੋਏ ਨੇ ਉਹ ਸਾਡੇ ਲਈ ਮਿਸਾਲ ਨੇ ਤੇ ਅਸੀਂ ਸ਼ਹੀਦ ਹੋ ਕੇ ਆਪਣੇ ਪਿੱਛੇ ਆਉਣ ਵਾਲਿਆਂ ਲਈ ਮਿਸਾਲ ਬਣ ਜਾਵਾਂਗੇ। ਇਹ ਲੜਾਈ ਜਾਰੀ ਰਹੇਗੀ।” ਬਘੇਲ ਸਿੰਘ ਨੇ ਦਰਿੜ੍ਹ ਤੇ ਸਥਿਰ ਆਵਾਜ਼ ਵਿਚ ਉਤਰ ਦਿੱਤਾ ਤੇ ਫੇਰ ਸੱਜੀ ਬਾਂਹ ਉਗਾਸ ਕੇ ਜੈਕਾਰਾ ਛੱਡਿਆ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...”
ਉਸਦੇ ਕੈਦੀ ਸਾਥੀਆਂ ਨੇ ਵੀ ਬਾਹਾਂ ਉਲਾਰ ਕੇ ਇਕ ਸੁਰ ਵਿਚ ਦੂਹਰਾਇਆ, “ਵਹਿਗੁਰੂ ਕੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।”
“ਇਹ ਲੋਕ ਵਾਕਈ ਬਹਾਦੁਰ ਨੇ।” ਅਬਦਾਲੀ ਨੇ ਵਾਮੇਜਈ ਵੱਲ ਭੌਂ ਕੇ ਕਿਹਾ। ਫੇਰ ਹੁਕਮ ਦਿੱਤਾ, “ਇਹਨਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਏ। ਇਹਨਾਂ ਦੇ ਹਥਿਆਰ ਤੇ ਘੋੜੇ ਵੀ ਇਹਨਾਂ ਨੂੰ ਦੇ ਦਿੱਤੇ ਜਾਣ। ਹੁਣ ਸਾਡੀ ਲੜਾਈ ਇਹਨਾਂ ਲੋਕਾਂ ਨਾਲ ਹੋਏਗੀ ਤੇ ਹਾਰ ਜਿੱਤ ਦਾ ਫੈਸਲਾ ਮੈਦਾਨੇ-ਜੰਗ ਵਿਚ ਹੋਏਗਾ। ਬਹਾਦੁਰਾਂ ਨਾਲ ਲੜਨ ਵਿਚ ਹੀ ਮਜ਼ਾ ਆਉਂਦਾ ਏ।”
ਵਾਮੇਜਈ ਜਿਵੇਂ ਸਿਲ-ਪੱਥਰ ਹੋ ਗਿਆ ਤੇ ਜਿਹੜੇ ਹੋਰ ਲੋਕ ਖੜ੍ਹੇ ਸੁਣ ਰਹੇ ਸਨ, ਉਹ ਵੀ ਦੰਗ ਰਹਿ ਗਏ। ਪਰ ਬਾਦਸ਼ਾਹ ਦਾ ਹੁਕਮ ਸੀ, ਉਸਦੀ ਤੁਰੰਤ ਤਾਮੀਲ ਹੋਈ।
ਅਬਦਾਲੀ ਨੇ ਉਬੇਦ ਖ਼ਾਂ ਨੂੰ ਲਾਹੌਰ ਦਾ ਹਾਕਮ ਨਿਯੁਕਤ ਕੀਤਾ ਤੇ ਘੁਮੰਡ ਚੰਦ ਕਟੋਚੀਏ ਨੂੰ ਦੁਆਬਾ ਬਿਸਤ-ਜਲੰਧਰ ਦਾ ਫੌਜਦਾਰ ਤੇ ਮੁਗਲਾਨੀ ਬੇਗਮ ਦੇ ਮਾਮੇ ਖਵਾਜ਼ਾ ਮਿਰਜ਼ਾ ਖ਼ਾਂ ਨੂੰ ਚਾਹਾਰ ਮਹਾਲ ਦਾ ਫੌਜਦਾਰ ਥਾਪ ਦਿੱਤਾ। ਫੇਰ ਤੁਰੰਤ ਅਫਗਾਨਿਸਤਾਨ ਵੱਲ ਪਰਤ ਗਿਆ ਕਿਉਂਕਿ ਉੱਥੇ ਬਗਾਵਤ ਹੋਣ ਦਾ ਖ਼ਤਰਾ ਸੀ।
ooo
ਅਹਿਮਦ ਸ਼ਾਹ ਅਬਦਾਲੀ ਜਦੋਂ ਵਾਪਸ ਅਫਗਾਨਿਸਤਾਨ ਵੱਲ ਜਾ ਰਿਹਾ ਸੀ, ਸਿੱਖਾਂ ਨੇ ਹਮੇਸ਼ਾ ਵਾਂਗ ਉਸਦਾ ਪਿੱਛਾ ਕੀਤਾ ਤੇ ਜਦੋਂ ਉਹ ਸਿੰਧ ਨਦੀ ਪਾਰ ਕਰ ਰਿਹਾ ਸੀ ਤਾਂ ਉਸਦਾ ਬਹੁਤ ਸਾਰਾ ਸਮਾਨ ਲੁੱਟ ਲਿਆ। ਅਬਦਾਲੀ ਇਸ ਸਥਿਤੀ ਵਿਚ ਨਹੀਂ ਸੀ ਕਿ ਪਲਟ ਕੇ ਸਿੱਖਾਂ ਉਪਰ ਹਮਲਾ ਕਰੇ, ਪਰ ਜਦੋਂ ਸਿੱਖ ਸਿੰਧ ਤੋਂ ਪਰਤ ਰਹੇ ਸਨ ਤਾਂ ਚਾਹਾਰ ਮਹਾਲ ਦੇ ਫੌਜਦਾਰ ਖਵਾਜ਼ਾ ਮਿਰਜ਼ਾ ਖ਼ਾਂ ਨਾਲ ਉਹਨਾਂ ਦੀ ਟੱਕਰ ਹੋ ਗਈ। ਇਸ ਲੜਾਈ ਵਿਚ ਖਵਾਜ਼ਾ ਮਿਰਜ਼ਾ ਖ਼ਾਂ ਦੀ ਹਾਰ ਹੋਈ ਤੇ ਉਹ ਮਾਰਿਆ ਗਿਆ। ਇਸ ਜਿੱਤ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਸਿਰ ਸੀ।
ਚੜ੍ਹਤ ਸਿੰਘ ਨੇ ਲਾਹੌਰ ਦੇ ਉਤਰ ਵਿਚ ਸਿੰਧ ਸਾਗਰ ਦੁਆਬੇ ਦੇ ਕਾਫੀ ਵੱਡੇ ਹਿੱਸੇ ਉਪਰ ਕਬਜਾ ਕਰ ਲਿਆ ਸੀ ਤੇ ਗੁਜਰਾਂਵਾਲਾ ਵਿਚ ਕਾਫੀ ਮਜ਼ਬੂਤ ਕਿਲਾ ਬਣਾ ਲਿਆ ਸੀ। ਇੰਜ ਉਹ ਦੁਰਾਨੀਆਂ ਦੇ ਰਸਤੇ ਵਿਚ ਰੁਕਾਵਟ ਬਣ ਗਿਆ। ਉਹ ਆਉਂਦੀ-ਜਾਂਦੀ ਅਬਦਾਲੀ ਦੀ ਸੈਨਾ ਉਪਰ ਛਾਪੇ ਮਾਰਦਾ ਸੀ ਤੇ ਜੋ ਕੁਝ ਵੀ ਹੱਥ ਲੱਗਦਾ ਸੀ, ਖੋਹ ਖਾਹ ਕੇ ਗੁਜਰਾਂਵਾਲਾ, ਆਪਣੇ ਕਿਲੇ ਵਿਚ ਚਲਾ ਜਾਂਦਾ ਸੀ।
ਦੁਰਾਨੀ ਨੇ ਕੰਧਾਰ ਪਹੁੰਚ ਕੇ ਉਠ ਰਹੇ ਵਿਰੋਧੀ ਸੁਰ ਨੂੰ ਦਬਾਇਆ ਤੇ ਆਪਣੇ ਪੈਰ ਮਜ਼ਬੂਤ ਕੀਤੇ। ਹਿੰਦੁਸਤਾਨ ਵਿਚੋਂ ਪਰਤਦਿਆਂ ਹੋਇਆਂ ਉਸ ਨੇ ਸਿੱਖਾਂ ਹੱਥੋਂ ਜਿਹੜੀਆਂ ਸੱਟਾ ਖਾਧੀਆਂ ਸਨ, ਉਹਨਾਂ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਸਨ ਕਿ ਖਵਾਜ਼ਾ ਮਿਰਜ਼ਾ ਖ਼ਾਂ ਦੀ ਮੌਤ ਦੀ ਖ਼ਬਰ ਨੇ ਉਹਨਾਂ ਉਪਰ ਲੂਣ ਛਿੜਕ ਦਿੱਤਾ। ਉਸਨੇ ਨੁਰੂਦੀਨ ਵਾਮੇਜਈ ਨੂੰ ਬਾਰਾਂ ਹਜ਼ਾਰ ਫੌਜ ਦੇ ਕੇ ਸਿੱਖਾਂ ਦੇ ਵਿਰੁੱਧ ਲੜਨ ਲਈ ਭੇਜਿਆ। ਇੱਧਰ ਚੜ੍ਹਤ ਸਿੰਘ ਵੀ ਤਿਆਰ ਸੀ। ਚਨਾਬ ਕੰਢੇ ਵਜ਼ੀਰਾਬਾਦ ਦੇ ਨੇੜੇ ਜ਼ੋਰਦਾਰ ਲੜਾਈ ਹੋਈ, ਵਾਮੇਜਈ ਸਿੰਘਾਂ ਦੇ ਮੁਕਾਬਲੇ ਅੜ ਨਾ ਸਕਿਆ। ਉਹ ਭੱਜ ਕੇ ਸਿਆਲਕੋਟ ਦੇ ਕਿਲੇ ਵਿਚ ਚਲਾ ਗਿਆ। ਚੜ੍ਹਤ ਸਿੰਘ ਨੇ ਉਸਦਾ ਪਿੱਛਾ ਕੀਤਾ ਤੇ ਕਿਲੇ ਨੂੰ ਜਾ ਘੇਰਿਆ। ਆਸੇ ਪਾਸੇ ਪੂਰੇ ਇਲਾਕੇ ਉਪਰ ਸਿੱਖਾਂ ਦਾ ਕਬਜਾ ਸੀ ਤੇ ਲੋਕਾਂ ਦੀ ਹਮਦਰਦੀ ਵੀ ਉਹਨਾਂ ਦੇ ਨਾਲ ਸੀ। ਚੜ੍ਹਤ ਸਿੰਘ ਨੇ ਘੇਰਾ ਹੌਲੀ ਹੋਲੀ ਤੰਗ ਤੇ ਸਖ਼ਤ ਕਰ ਦਿੱਤਾ। ਕਿਸੇ ਵੀ ਹੀਲੇ ਰਸਦ ਅੰਦਰ ਜਾਣ ਦੀ ਗੁੰਜਾਇਸ਼ ਨਹੀਂ ਛੱਡੀ। ਕਿਲੇ ਅੰਦਰ ਭੁੱਖਮਰੀ ਫੈਲਦਿਆਂ ਦੇਖ ਕੇ ਵਾਮੇਜਈ ਘਬਰਾ ਗਿਆ ਤੇ ਇਕ ਰਾਤ ਹਨੇਰੇ ਦਾ ਲਾਹਾ ਲੈਂਦਿਆਂ ਆਪਣੀ ਜਾਨ ਬਚਾਅ ਕੇ ਉੱਥੋਂ ਭੱਜ ਗਿਆ। ਜਦੋਂ ਸੈਨਾਪਤੀ ਹੀ ਨਹੀਂ ਰਿਹਾ, ਸੈਨਾ ਨੇ ਹਥਿਆਰ ਸੁੱਟ ਦਿੱਤੇ।
ਗੁਰੂ ਘਰ ਦੀ ਰੀਤ ਅਨੁਸਾਰ ਚੜ੍ਹਤ ਸਿੰਘ ਨੇ ਹਾਰੇ ਹੋਏ ਸੈਨਕਾਂ ਨਾਲ ਨਰਮੀ ਦਾ ਵਿਹਾਰ ਕੀਤਾ। ਉਸਨੇ ਐਲਾਨ ਕਰ ਦਿੱਤਾ, “ਸਿਪਾਹੀ ਆਪਣੇ ਆਪਣੇ ਹਥਿਆਰ ਰੱਖ ਦੇਣ ਤੇ ਬਿਨਾਂ ਰੋਕ ਟੋਕ ਚਲੇ ਜਾਣ। ਖਾਲਸਾ ਨਾ ਉਹਨਾਂ ਨੂੰ ਗਿਰਫ਼ਤਾਰ ਕਰੇਗਾ ਤੇ ਨਾ ਹੀ ਉਹਨਾਂ ਦਾ ਪਿੱਛਾ ਕਰੇਗਾ।”
ਜਿਹਨਾਂ ਅਫ਼ਸਰਾਂ ਤੇ ਸਿਪਾਹੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਨੁਰੂਦੀਨ ਵਾਮੇਜਈ ਕੋਲ ਪਹੁੰਚਾ ਦਿੱਤਾ ਗਿਆ। ਉਸ ਪਿੱਛੋਂ ਚੜ੍ਹਤ ਸਿੰਘ ਵਾਪਸ ਗੁਜਰਾਂਵਾਲਾ ਆ ਗਿਆ।
ਲਾਹੌਰ ਦੇ ਹਾਕਮ ਖਵਾਜ਼ਾ ਉਬੇਦ ਖ਼ਾਂ ਨੂੰ ਜਦੋਂ ਵਾਮੇਜਈ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਹ ਖਿਝ-ਕਰਿਝ ਗਿਆ। ਉਸਨੇ ਸੋਚਿਆ ਕਿ ਇਹ ਹਾਰ ਲਾਹੌਰ ਹਕੂਮਤ ਦੀ ਹਾਰ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਇਸ ਦਾ ਪਤਾ ਲੱਗੇਗਾ, ਉਹ ਬੜਾ ਨਾਰਾਜ਼ ਹੋਏਗਾ। ਗੁੱਸੇ ਤੇ ਭੈ ਸਦਕਾ ਬੋਖ਼ਲਾ ਕੇ ਉਸਨੇ ਸਿੱਖਾਂ ਉਤੇ ਚੜ੍ਹਾਈ ਕਰ ਦਿੱਤੀ ਤੇ ਗੁਜਰਾਂਵਾਲਾ ਨੂੰ ਜਾ ਘੇਰਿਆ। ਅੱਗੋਂ ਚੜ੍ਹਤ ਸਿੰਘ ਵੀ ਤਿਆਰ ਸੀ। ਮੋਰਚੇ ਲੱਗ ਗਏ। ਉਬੇਦ ਖ਼ਾਂ ਨੇ ਆਪਣੀ ਪੂਰੀ ਸ਼ਕਤੀ ਲੜਾਈ ਵਿਚ ਝੋਂਕ ਦਿੱਤੀ ਸੀ।
ਜੱਸਾ ਸਿੰਘ ਆਹਲੂਵਾਲੀਆ ਨੂੰ ਖ਼ਬਰ ਮਿਲੀ ਉਬੇਦ ਖ਼ਾਂ ਨੇ ਗੁਜਰਾਂਵਾਲਾ ਉੱਤੇ ਚੜ੍ਹਾਈ ਕਰ ਦਿੱਤੀ ਹੈ। ਗੁਜਰਾਂਵਾਲਾ ਸ਼ੁਕਰਚੱਕੀਆ ਮਿਸਲ ਦੀਆਂ ਸਰਗਰਮੀਆਂ ਦਾ ਧੁਰਾ ਸੀ। ਉਸਦਾ ਆਪਣਾ ਇਕ ਭੂਗੋਲਿਕ ਮਹਤੱਵ ਵੀ ਸੀ ਕਿਉਂਕਿ ਉਹ ਲਾਹੌਰ ਤੋਂ ਰਾਵਲਪਿੰਡੀ, ਪੇਸ਼ਾਵਰ, ਜਲਾਲਾਬਾਦ ਤੇ ਕਾਬੁਲ ਜਾਣ ਵਾਲੀ ਸ਼ਾਹ ਰਾਹ ( ਮੁੱਖ ਸੜਕ ) ਉੱਤੇ ਸਥਿਤ ਸੀ। ਕਾਬੁਲ ਤੋਂ ਲਾਹੌਰ ਤੇ ਲਾਹੌਰ ਤੋਂ ਕਾਬੁਲ ਆਉਂਦਿਆਂ-ਜਾਂਦਿਆਂ ਕਿਸੇ ਵੀ ਆਦਮੀ, ਕਬੀਲੇ ਜਾਂ ਹਮਲਾਵਰ ਨੂੰ ਗੁਜਰਾਂਵਾਲਾ ਵਿਚੋਂ ਲੰਘਣਾ ਪੈਂਦਾ ਸੀ। ਇਸ ਤੋਂ ਕੰਨੀਂ ਕੱਟ ਕੇ ਨਿਕਲ ਜਾਣਾ ਸੰਭਵ ਨਹੀਂ ਸੀ। ਅਬਦਾਲੀ ਜਦੋਂ ਹਮਲਾ ਕਰਦਾ ਸੀ ਤਾਂ ਬਿਨਾਂ ਕਿਸੇ ਅੱੜਿਕੇ ਦੇ ਸਿੱਧਾ ਲਾਹੌਰ ਜਾ ਪਹੁੰਚਦਾ ਹੁੰਦਾ ਸੀ। ਪਰ ਹੁਣ ਗੁਜਰਾਂਵਾਲਾ ਉਸਦੇ ਰਾਹ ਦੀ ਰੁਕਾਵਟ ਬਣ ਗਿਆ ਸੀ। ਗੁਜਰਾਂਵਾਲਾ ਖਾਲਸੇ ਦੀ ਨਵੀਂ ਵਧ ਰਹੀ ਸ਼ਕਤੀ ਦਾ ਪ੍ਰਤੀਕ ਸੀ। ਜਿਸ ਤਰ੍ਹਾਂ ਅੰਮ੍ਰਿਤਸਰ ਵਿਚ ਰਾਮ ਰੌਣੀ ਕਿਲੇ ਦਾ ਨਿਰਮਾਣ ਇਕ ਇਤਿਹਾਸਕ ਘਟਨਾ ਮੰਨੀ ਜਾਂਦੀ ਸੀ, ਗੁਜਰਾਂਵਾਲਾ ਕਿਲਾ ਵੀ ਇਕ ਇਤਿਹਾਸਕ ਘਟਨਾ ਹੀ ਮੰਨੀ ਗਈ। ਹੁਣ ਉਸਦੀ ਰੱਖਿਆ ਉਪਰ ਹੀ ਖਾਲਸੇ ਦਾ ਭਵਿੱਖ ਨਿਰਭਰ ਕਰਦਾ ਸੀ।
ਇਸ ਲਈ ਜੱਸਾ ਸਿੰਘ ਨੇ ਚੜ੍ਹਤ ਸਿੰਘ ਦੀ ਮਦਦ ਲਈ ਜਾਣ ਦਾ ਫੈਸਲਾ ਕਰ ਲਿਆ। ਜਿਸ ਤਰ੍ਹਾਂ ਉਬੇਦ ਖ਼ਾਂ ਨੇ ਆਪਣੀ ਪੂਰੀ ਸ਼ਕਤੀ ਲਾ ਦਿੱਤੀ ਸੀ, ਉਸੇ ਤਰ੍ਹਾਂ ਜੱਸਾ ਸਿੰਘ ਨੇ ਦਲ-ਖਾਲਸਾ ਦੀ ਪੂਰੀ ਸ਼ਕਤੀ ਇਕੱਤਰ ਕਰ ਲਈ। ਜੈ ਸਿੰਘ ਕਨ੍ਹਈਆ, ਹੀਰਾ ਸਿੰਘ ਭੰਗੀ, ਲਹਿਣਾ ਸਿੰਘ, ਸੋਭਾ ਸਿੰਘ, ਗੁਜਰ ਸਿੰਘ ਆਦਿ ਸਰਦਾਰਾਂ ਨੂੰ ਨਾਲ ਲੈ ਕੇ ਜੱਸਾ ਸਿੰਘ ਆ ਪਹੁੰਚਿਆ। ਖਾਲਸੇ ਨੇ ਗੁਜਰਾਂਵਾਲਾ ਤੋਂ ਚਾਰ ਕੋਹ ਦੇ ਫਾਸਲੇ ਉੱਤੇ ਡੇਰੇ ਲਾ ਲਏ। ਹੁਣ ਤਕ ਚੜ੍ਹਤ ਸਿੰਘ ਇਕੱਲਾ ਉਬੇਦ ਖ਼ਾਂ ਦਾ ਮੁਕਾਬਲਾ ਕਰ ਰਿਹਾ ਸੀ। ਕਿਲੇ ਵਿਚ ਰਸਦ ਤੇ ਚਾਰਾ ਪਹਿਲਾਂ ਹੀ ਇਕੱਠਾ ਕਰ ਲਿਆ ਗਿਆ ਸੀ। ਨੁਰੂਦੀਨ ਵਾਮੇਜਈ ਤੋਂ ਖੋਹੇ ਹੋਏ ਹਥਿਆਰ ਵੀ ਕਾਫੀ ਗਿਣਤੀ ਵਿਚ ਸਨ। ਸਿੱਖ ਘੋੜਸਵਾਰ ਸੁਭਾ ਸ਼ਾਮ ਜਾਂ ਫੇਰ ਅੱਧੀ ਰਾਤ ਤੋਂ ਮਗਰੋਂ ਪਤਾ ਨਹੀਂ ਕਦੋਂ ਅਚਾਨਕ ਕਿਲੇ ਵਿਚੋਂ ਨਿਕਲ ਕੇ ਹਮਲਾ ਕਰ ਦਿੰਦੇ ਸਨ—ਚੁਸਤ ਘੋੜਸਵਾਰ, ਤੇਜ਼ ਘੋੜੇ ਤੇ ਤਿੱਖਾ ਹਮਲਾ। ਸਿੱਖ ਉਬੇਦ ਖ਼ਾਂ ਦਾ ਖਾਸਾ ਨੁਕਸਾਨ ਕਰਕੇ ਝੱਟ ਕਿਲੇ ਵਿਚ ਚਲੇ ਜਾਂਦੇ ਸਨ। ਚੜ੍ਹਤ ਸਿੰਘ ਨੇ ਕਿਲੇ ਦੀ ਕੰਧ ਉਪਰ ਜਗ੍ਹਾ ਜਗ੍ਹਾ ਤੋਪਾਂ ਫਿੱਟ ਕਰਵਾਈਆਂ ਹੋਈਆਂ ਸਨ, ਜਿਹਨਾਂ ਵਿਚੋਂ ਧੜਾਧੜ ਗੋਲੇ ਨਿਕਲਦੇ ਸਨ ਤੇ ਦੁਸ਼ਮਣ ਦੀ ਸੈਨਾ ਉਹਨਾਂ ਦੀ ਮਾਰ ਤੋਂ ਦੂਰ ਰਹਿ ਕੇ ਬਚਣ ਦਾ ਯਤਨ ਕਰਦੀ ਰਹਿੰਦੀ ਸੀ। ਉਬੇਦ ਖ਼ਾਂ ਇਸ ਉਡੀਕ ਵਿਚ ਸੀ ਕਿ ਅੰਦਰਲਾ ਗੋਲਾ ਬਾਰੂਦ ਖ਼ਤਮ ਹੋਵੇ ਜਾਂ ਰਸਦ ਦੀ ਕਮੀ ਪਵੇ ਤਾਂ ਉਹ ਜ਼ੋਰਦਾਰ ਹਮਲਾ ਕਰੇ।
ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਜੱਸਾ ਸਿੰਘ ਦੀ ਆਹਲੂਵਾਲੀਆ ਦੀ ਅਗਵਾਈ ਵਿਚ ਦੂਸਰੇ ਸਿੱਖ ਸਰਦਾਰ ਵੀ ਚੜ੍ਹਤ ਸਿੰਘ ਦੀ ਮਦਦ ਲਈ ਆ ਪਹੁੰਚੇ ਹਨ ਤਾਂ ਉਸਨੇ ਖ਼ੁਦ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕੀਤਾ ਤੇ ਉਸਨੂੰ ਹੱਥਾਂ ਪੈਰਾਂ ਦੀ ਬਣ ਗਈ। ਇਧਰ ਦੀਆਂ ਖ਼ਬਰਾਂ ਉਧਰ ਤੇ ਉਧਰ ਦੀਆਂ ਖ਼ਬਰਾਂ ਇਧਰ ਪਹੁੰਚ ਰਹੀਆਂ ਸਨ। ਸੂਹੀਏ ਨੇ ਆ ਕੇ ਦੱਸਿਆ ਕਿ ਸਿੱਖ ਸਰਦਾਰ ਰਾਤ ਸਮੇਂ ਇਕੱਠੇ ਹਮਲਾ ਕਰਨਗੇ। ਉਬੇਦ ਖ਼ਾਂ ਪਹਿਲਾਂ ਹੀ ਬੌਂਦਲਿਆ ਹੋਇਆ ਸੀ, ਹੋਰ ਘਬਰਾ ਗਿਆ ਤੇ ਸੂਰਜ ਡੁੱਬਣ ਤੋਂ ਕੁਝ ਚਿਰ ਬਾਅਦ ਹੀ ਬਿਨਾਂ ਮੁਕਾਬਲਾ ਕੀਤਿਆਂ ਭੱਜ ਖੜ੍ਹਾ ਹੋਇਆ। ਸਿੱਖਾਂ ਨੂੰ ਉਸਦੇ ਭੱਜ ਜਾਣ ਦੀ ਖ਼ਬਰ ਮਿਲੀ ਤਾਂ ਉਹ ਬਾਕੀ ਸੈਨਾ ਉੱਤੇ ਟੁੱਟ ਪਏ। ਉਹ ਸਭ ਕੁਝ ਮੈਦਾਨ ਵਿਚ ਛੱਡ ਕੇ ਇਧਰ ਉਧਰ ਭੱਜ ਗਏ। ਜਿੱਤ ਖਾਲਸੇ ਦੀ ਹੋਈ ਤੇ ਮੁਫ਼ਤ ਦਾ ਜਿਹੜਾ ਮਾਲ ਹੱਥ ਲੱਗਿਆ, ਉਸ ਵਿਚ ਘੋੜੇ, ਊਠ, ਰਸਦ ਦੇ ਸਟੋਰ, ਕੈਂਪ ਦਾ ਸਮਾਨ ਤੇ ਉਹ ਤੋਪਾਂ ਵੀ ਸਨ, ਜਿਹੜੀਆਂ ਪਾਨੀਪਤ ਦੀ ਲੜਾਈ ਸਮੇਂ ਲਾਹੌਰ ਵਿਚ ਢਾਲੀਆਂ ਗਈਆਂ ਸਨ। ਉਹ ਤਾਂਬੇ ਅਤੇ ਪਿੱਤਲ ਦੀਆਂ ਬਣੀਆਂ ਹੋਈਆਂ ਸਨ ਅਤੇ ਦੂਰ ਤੀਕ ਮਾਰ ਕਰਦੀਆਂ ਸਨ। ਅਜਿਹੀਆਂ ਤੋਪਾਂ ਕਾਬੁਲ ਵਿਚ ਨਹੀਂ ਬਣਦੀਆਂ ਸਨ। ਇਸ ਲਈ ਅਬਦਾਲੀ ਲਾਹੌਰ ਤੋਂ ਦਿੱਲੀ ਵੱਲ ਜਾਂਦਾ ਹੋਇਆ ਹੁਕਮ ਦੇ ਗਿਆ ਸੀ ਕਿ ਦੂਜੇ ਹਥਿਆਰਾਂ ਦੇ ਨਾਲ ਤੋਪਾਂ ਵੀ ਭੇਜੀਆਂ ਜਾਣ। ਉਹ ਲੋਕਾਂ ਦੇ ਘਰਾਂ ਦੇ ਭਾਂਡੇ ਇਕੱਠੇ ਕਰਕੇ ਢਾਲੀਆਂ ਗਈਆਂ ਸਨ।
ਇਹ ਤੋਪਾਂ ਜਦੋਂ ਕਿਲੇ ਅੰਦਰ ਲਿਆਂਦੀਆਂ ਗਈਆਂ, ਸਿੱਖ ਸੈਨਕ ਹੈਰਾਨੀ ਤੇ ਉਤਸੁਕਤਾ ਨਾਲ ਉਹਨਾਂ ਵੱਲ ਤੱਕਦੇ ਰਹਿ ਗਏ। ਉਹ ਉਹਨਾਂ ਨੂੰ ਛੂੰਹਦੇ, ਟੋਂਹਦੇ-ਟਟੋਲਦੇ ਉਹਨਾਂ ਦੇ ਗਿਰਦ ਚੱਕਰ ਕੱਟ ਰਹੇ ਸਨ ਤੇ ਆਪਸ ਵਿਚ ਗੱਲਾਂ ਕਰ ਰਹੇ ਸਨ—
“ਬਾਰਾਂ ਨੇ।” ਕਿਸੇ ਨੇ ਗਿਣਤੀ ਦੱਸੀ।
“ਹਾਂ, ਪੂਰੀਆਂ ਬਾਰਾਂ।” ਕਿਸੇ ਹੋਰ ਨੇ ਪੁਸ਼ਟੀ ਕੀਤੀ।
“ਸਾਰੀਆਂ ਛੱਡ ਕੇ ਭੱਜ ਗਏ?”
“ਇਹਨਾਂ ਵਿਚ ਉਹਨਾਂ ਦਾ ਕੀ ਏ? ਸਾਡੀਆਂ ਤੋਪਾਂ ਸਨ, ਸਾਡੇ ਹੱਥ ਲੱਗ ਗਈਆਂ ਨੇ।” ਇਸ ਉੱਤੇ ਹਾਸੇ ਦਾ ਫੁਆਰਾ ਛੁੱਟਿਆ।
“ਇਹਨਾਂ ਤੋਪਾਂ ਨਾਲ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ ਸੀ। ਅਸੀਂ ਹੁਣ ਅਬਦਾਲੀ ਨੂੰ ਹਰਾਵਾਂਗੇ।”
“ਹੋਰ ਕੀ।” ਇਕ ਵਾਰੀ ਫੇਰ ਸਾਂਝਾ ਹਾਸਾ ਸੁਣਾਈ ਦਿੱਤਾ। ਜਿੱਤ ਉੱਤੇ ਜਿੱਤ ਹੋ ਰਹੀ ਸੀ। ਦਲ-ਖਾਲਸਾ ਦੀ ਧਾਕ ਬੈਠ ਗਈ।
22 ਅਕਤੂਬਰ 1761 ਦੀ ਦੀਵਾਲੀ ਸੀ। ਸਾਰੀਆਂ ਮਿਸਲਾਂ ਦੇ ਸਰਦਾਰ ਅੰਮ੍ਰਿਤਸਰ ਵਿਚ ਇਕੱਠੇ ਹੋਏ ਤੇ ਸਰਬੱਤ ਖਾਲਸਾ ਨੇ ਅਗਲੇਰੀ ਕਾਰਵਾਈ ਉੱਤੇ ਵਿਚਾਰ ਕੀਤਾ।
“ਹੁਣ ਆਪਾਂ ਲਾਹੌਰ ਫਤਹਿ ਕਰਨਾ ਏਂ। ਜਦੋਂ ਤਕ ਲਾਹੌਰ ਉੱਤੇ ਵਿਦੇਸ਼ੀਆਂ ਦਾ ਕਬਜਾ ਏ, ਪੰਜਾਬ ਨੂੰ ਆਜ਼ਾਦ ਨਹੀਂ ਕਿਹਾ ਜਾ ਸਕਦਾ ਤੇ ਨਾ ਖਾਲਸਾ ਰਾਜ ਕਿਹਾ ਜਾ ਸਕਦਾ ਹੈ।” ਚੜ੍ਹਤ ਸਿੰਘ ਨੇ ਕਿਹਾ।
“ਬਿਲਕੁਲ ਠੀਕ।” ਕਈ ਆਵਾਜ਼ਾਂ ਨੇ ਇਕਸੁਰ-ਸਮਰਥਨ ਕੀਤਾ।
“ਦੂਜਾ ਆਪਾਂ ਨੂੰ ਜੰਡਿਆਲੇ ਵਾਲੇ ਗੁਰੂ ਆਕਿਲ ਦਾਸ ਬਾਰੇ ਵੀ ਸੋਚਣਾ ਪੈਣਾ ਏਂ। ਘਰ ਵਿਚ ਦੁਸ਼ਮਣ ਕਿਉਂ ਬੈਠਾ ਰਹੇ।”
“ਇਹ ਵੀ ਠੀਕ ਏ।” ਫੇਰ ਸਮਰਥਨ ਦਿੱਤਾ ਗਿਆ।
ਪਹਿਲਾਂ ਲਾਹੌਰ ਤੇ ਫੇਰ ਜੰਡਿਆਲੇ ਉਪਰ ਚੜ੍ਹਾਈ ਕਰਨ ਦਾ ਗੁਰਮਤਾ ਪਾਸ ਹੋਇਆ।
ਦਲ ਖਾਲਸਾ ਨੇ ਆਪਣੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਨੂੰ ਜਾ ਘੇਰਿਆ। ਆਵਾਜਾਈ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ—ਨਾ ਕੋਈ ਅੰਦਰ ਜਾ ਸਕਦਾ ਸੀ, ਨਾ ਬਾਹਰ ਆ ਸਕਦਾ ਸੀ। ਜਿਵੇਂ ਮੀਰ ਮੁਹੰਮਦ ਦੇ ਸਮੇਂ ਹੋਇਆ ਸੀ ਓਵੇਂ ਹੀ ਹੁਣ ਹੋਇਆ। ਉਬੇਦ ਖ਼ਾਂ ਆਪਣਾ ਤੋਪ-ਖਾਨਾ ਤੇ ਯੁੱਧ ਦਾ ਸਮਾਨ ਗੁਜਰਾਂਵਾਲਾ ਵਿਚ ਛੱਡ ਆਇਆ ਸੀ। ਉਸਦਾ ਦਬਦਬਾ ਵੀ ਖ਼ਤਮ ਹੋ ਚੁੱਕਿਆ ਸੀ। ਸਿੱਖਾਂ ਨਾਲ ਲੜਨ ਜੋਗੀ ਹਿੰਮਤ ਵੀ ਨਹੀਂ ਸੀ ਰਹੀ। ਉਹ ਕਿਲੇ ਵਿਚ ਬੰਦ ਹੋ ਗਿਆ। ਕਿਲੇ ਵਿਚ ਦਾਣਾ ਪਾਣੀ ਇਕੱਠਾ ਕੀਤਾ ਹੋਇਆ ਸੀ। ਉਹ ਵਪਾਰੀਆਂ ਨੂੰ ਲੁੱਟ ਖੋਹ ਵੀ ਲੈਂਦੇ ਸਨ। ਮੁਸੀਬਤ ਸ਼ਹਿਰ ਦੀ ਉਸ ਜਨਤਾ ਦੀ ਆਈ ਜਿਹਨਾਂ ਦੇ ਕਾਰੋਬਾਰ ਸ਼ਹਿਰ ਤੋਂ ਬਾਹਰ ਸਨ ਤੇ ਉਸ ਕਮਾਈ ਦੇ ਆਸਰੇ ਗੁਜ਼ਾਰਾ ਚੱਲਦਾ ਸੀ। ਕਈ ਲੋਕਾਂ ਨੂੰ ਟੱਟੀ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਬਾਹਰ ਜਾਣਾ ਪੈਂਦਾ ਸੀ। ਉਹ ਲੋਕ ਬੇਹੱਦ ਪ੍ਰੇਸ਼ਾਨ ਸਨ ਤੇ ਉਬੇਦ ਖ਼ਾਂ ਦੇ ਖ਼ਿਲਾਫ਼ ਬਗ਼ਾਵਤ ਉਪਰ ਉਤਰ ਆਏ ਸਨ—ਇਹ ਜਾਣਕਾਰੀ ਸਿੰਘਾਂ ਕੋਲ ਪਹੁੰਚ ਰਹੀ ਸੀ।
ਸ਼ਹਿਰ ਦੇ ਮੁਖੀ ਲੋਕ ਜਾਣਦੇ ਸਨ ਕਿ ਮੀਰ ਮੁਹੰਮਦ ਦੇ ਸਮੇਂ ਸਿੱਖ ਨਜ਼ਰਾਨਾ ਲੈ ਕੇ ਵਾਪਸ ਪਰਤ ਗਏ ਸਨ, ਕਿਉਂਕਿ ਉਹਨਾਂ ਦਾ ਇਰਾਦਾ ਸ਼ਹਿਰ ਉੱਤੇ ਕਬਜ਼ਾ ਕਰਨ ਦਾ ਨਹੀਂ ਸੀ ਸਿਰਫ ਦੁਰਾਨੀਆਂ ਨੂੰ ਪ੍ਰੇਸ਼ਾਨ ਕਰਨ ਦਾ ਸੀ। ਪਰ ਇਸ ਵਾਰੀ ਹਾਲਾਤ ਵੱਖਰੇ ਹਨ, ਉਹ ਸ਼ਹਿਰ ਉੱਤੇ ਕਬਜ਼ਾ ਕਰਨ ਆਏ ਹਨ। ਉਬੇਦ ਖ਼ਾਂ ਵਿਚ, ਜਿਹੜਾ ਸਿੱਖਾਂ ਹੱਥੋਂ ਪਹਿਲਾਂ ਹੀ ਮਾਤ ਖਾ ਚੁੱਕਿਆ ਹੈ, ਸ਼ਹਿਰ ਦਾ ਪ੍ਰਬੰਧ ਸੁਧਾਰਨ ਤੇ ਸਿੱਖਾਂ ਸਾਹਵੇਂ ਡਟ ਜਾਣ ਦੀ ਹਿੰਮਤ ਨਹੀਂ ਸੀ—ਇਸ ਲਈ ਉਸ ਉਪਰ ਜ਼ਰਾ ਵੀ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ। ਨਾਲੇ ਉਹ ਉਸਦੀ ਹਕੂਮਤ ਤੋਂ ਤੰਗ ਆ ਚੁੱਕੇ ਸਨ। ਉਹਨਾਂ ਜੱਸਾ ਸਿੰਘ ਨਾਲ ਗੱਲ ਚਲਾਈ ਤੇ ਸ਼ਹਿਰ ਦੇ ਦਰਵਾਜ਼ੇ ਖਾਲਸੇ ਲਈ ਖੋਹਲ ਦਿੱਤੇ। ਜੈਤੂ ਸਿੱਖ ਸੈਨਾ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲਾ' ਦੇ ਜੈਕਾਰੇ ਗਜਾਉਂਦੀ ਹੋਈ ਸ਼ਹਿਰ ਵਿਚ ਦਾਖਲ ਹੋਈ।...ਤੇ ਇਹਨਾਂ ਜੈਕਾਰਿਆਂ ਦੇ ਮੋੜ '...ਸਤਿ ਸ੍ਰੀ ਆਕਾਲ' ਦੀ ਗੂੰਜ ਨਾਲ ਉਹਨਾਂ ਦਾ ਭਰਪੂਰ ਸਵਾਗਤ ਹੋਇਆ।
ਹੁਣ ਲਾਹੌਰ ਉੱਤੇ ਦੋ ਧਿਰਾਂ ਦਾ ਰਾਜ ਸੀ—ਸ਼ਹਿਰ ਵਿਚ ਦਲ-ਖਾਲਸਾ ਦਾ ਤੇ ਕਿਲੇ ਵਿਚ ਉਬੇਦ ਖ਼ਾਂ ਦਾ। ਸਿੱਖਾਂ ਨੇ ਕਿਲੇ ਉੱਤੇ ਹਮਲਾ ਕਰ ਦਿੱਤਾ। ਉਹਨਾਂ ਨਾਲ ਜਨਤਾ ਦਾ ਸਹਿਯੋਗ ਵੀ ਸੀ। ਲੜਾਈ ਹੋਈ ਤੇ ਉਬੇਦ ਖ਼ਾਂ ਮਾਰਿਆ ਗਿਆ। ਕਿਲੇ ਉੱਤੇ ਵੀ ਸਿੱਖਾਂ ਦਾ ਕਬਜਾ ਹੋ ਗਿਆ। ਖ਼ੁਸ਼ੀਆਂ-ਖੇੜਿਆਂ ਤੇ ਉਤਸਾਹ ਵੱਸ ਸਾਰਾ ਵਾਤਾਵਰਣ ਝੂੰਮ ਉਠਿਆ। ਇੰਜ ਜੱਸਾ ਸਿੰਘ ਆਹਲੂਵਾਲੀਆ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਫਤਹਿ ਕਰਕੇ ਪੰਥ ਦਾ ਨਾਂਅ ਉੱਚਾ ਕੀਤਾ ਸੀ, ਉਸਦੀ ਸ਼ਾਨ ਨੂੰ ਚਾਰ ਚੰਨ ਲਾਏ ਸਨ। ਜੱਸਾ ਸਿੰਘ ਨੂੰ ਮਾਤਾ ਸੁੰਦਰੀ ਤੇ ਆਪਣੇ ਪ੍ਰਸਿੱਧ ਨੇਤਾ ਨਵਾਬ ਕਪੂਰ ਸਿੰਘ ਦੇ ਉਹ ਸ਼ਬਦ ਯਾਦ ਆ ਗਏ, ਜਿਹੜੇ ਉਹਨਾਂ ਦੇ ਮੂੰਹੋਂ ਸਹਿਜ ਸੁਭਾਅ ਹੀ ਨਿਕਲੇ ਸਨ। ਮਾਤਾ ਸੁੰਦਰੀ ਨੇ ਜੱਸਾ ਸਿੰਘ ਤੇ ਉਸਦੀ ਮਾਂ ਨੂੰ ਦਿੱਲੀ ਤੋਂ ਵਿਦਾਅ ਕਰਨ ਸਮੇਂ ਕਹੇ ਸਨ—“ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਚੋਬਦਾਰ ਹੋਇਆ ਕਰਨਗੇ।” ਜਦੋਂ ਜੱਸਾ ਸਿੰਘ ਘੋੜਿਆਂ ਦੀ ਰਾਤਬ ਵੰਡਨ ਵੇਲੇ ਸਿੱਖ ਘੋੜਸਵਾਰਾਂ ਦੇ ਮਜ਼ਾਕ ਤੋਂ ਚਿੜ ਗਿਆ ਸੀ ਤਾਂ ਨਵਾਬ ਕਪੂਰ ਸਿੰਘ ਨੇ ਉਸਨੂੰ ਤਸੱਲੀ ਦਿੰਦਿਆਂ ਕਿਹਾ ਸੀ, “ਮੈਨੂੰ ਇਸ ਗਰੀਬ ਨਿਵਾਜ਼ ਪੰਥ ਨੇ ਨਵਾਬ ਬਣਾ ਦਿੱਤਾ ਹੈ, ਤੈਨੂੰ ਕੀ ਪਤਾ, ਬਾਦਸ਼ਾਹੀ ਹੀ ਬਣਾ ਦੇਣ।” ਦਲ ਖਾਲਸਾ ਨੇ ਖ਼ੁਸ਼ੀ ਦੀ ਇਸ ਘੜੀ ਵਿਚ ਜੱਸਾ ਸਿੰਘ ਨੂੰ 'ਸੁਲਤਾਨੇ ਕੌਮ' (ਪੰਥ ਦੇ ਬਾਦਸ਼ਾਹ) ਦੀ ਪਦਵੀ ਦੇ ਕੇ ਭਵਿੱਖਬਾਣੀ ਨੂੰ ਯਥਾਰਥ ਰੂਪ ਵਿਚ ਬਦਲ ਦਿੱਤਾ।
ਟਕਸਾਲ ਉਪਰ ਵੀ ਖਾਲਸੇ ਦਾ ਕਬਜਾ ਹੋ ਗਿਆ ਸੀ। ਜਿੱਤ ਦਾ ਜਸ਼ਨ ਮਨਾਉਣ ਤੇ ਸ਼ੁਕਰਾਨਾ ਅਦਾ ਕਰਨ ਲਈ ਦੂਜੀ ਵਾਰੀ ਸਿੱਖ ਰੁਪਿਆ ਜਾਰੀ ਕੀਤਾ ਗਿਆ। ਉਸ ਉਪਰ ਫਾਰਸੀ ਦਾ ਉਹੀ ਬੰਦ ਉਕੇਰਿਆ ਗਿਆ, ਜਿਹੜਾ ਬੰਦਾ ਬਹਾਦਰ ਨੇ 1710 ਵਿਚ ਸਰਹਿੰਦ ਦੀ ਜਿੱਤ ਤੋਂ ਬਾਅਦ ਆਪਣੀ ਮੋਹਰ ਉੱਤੇ ਉਕੇਰਿਆ ਸੀ।
ਦੇਗ, ਤੇਗ ਫਤਹਿ, ਨੁਸਰਤ ਬੇਦਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਭਾਵ
ਦੇਗ, ਤੇਗ ਤੇ ਅਟਲ ਫਤਹਿ
ਬਖ਼ਸ਼ਿਸ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ।
ਦੀਵਾਨ ਸਜਿਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਇਆ। ਉਸ ਪਿੱਛੋਂ ਅਰਦਾਸ ਹੋਈ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਤੇ ਸ਼ਹਿਰ ਦੇ ਨਾਗਰਿਕਾਂ ਨੂੰ ਸੰਬੋਧਤ ਕਰਕੇ ਕਿਹਾ—“ਲਾਹੌਰ 750 ਸਾਲ ਬਾਅਦ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਹੋਇਆ ਹੈ। ਇਸਦਾ ਮਤਲਬ ਹੈ ਕਿ ਪੰਜਾਬ ਆਜ਼ਾਦ ਹੋਇਆ ਹੈ। ਆਜ਼ਾਦੀ ਮੁਫ਼ਤ ਵਿਚ ਹੱਥ ਨਹੀਂ ਲੱਗੀ। ਇਸ ਲਈ ਖਾਲਸਾ ਤੇ ਜਨਤਾ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਨੇ ਤੇ ਅਜੇ ਵੀ ਇਸ ਆਜ਼ਾਦੀ ਦੇ ਸਿਰ ਉੱਤੇ ਖ਼ਤਰਾ ਮੰਡਲਾ ਰਿਹਾ ਹੈ। ਅਹਿਮਦ ਸ਼ਾਹ ਅਬਦਾਲੀ ਚੁੱਪ ਬੈਠਣ ਵਾਲਾ ਨਹੀਂ। ਉਸਨੇ ਦਿੱਲੀ ਤਕ ਪੈਰ ਪਸਾਰ ਲਏ ਨੇ। ਆਪਣੇ ਇਹਨਾਂ ਪੈਰਾਂ ਦੀ ਮਜ਼ਬੂਤੀ ਲਈ ਉਹ ਫੇਰ ਹਮਲਾ ਕਰੇਗਾ ਤੇ ਬੜੇ ਜ਼ੋਰ-ਸ਼ੋਰ ਨਾਲ ਕਰੇਗਾ। ਇਸ ਵਾਰ ਟੱਕਰ ਦੁਰਾਨੀਆਂ ਤੇ ਦਲ-ਖਾਲਸਾ ਵਿਚਕਾਰ ਹੋਏਗੀ। ਇਸ ਟੱਕਰ ਵਿਚ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਂਣ, ਮੈਨੂੰ ਵਿਸ਼ਵਾਸ ਹੈ ਕਿ ਜਿੱਤ ਖਾਲਸੇ ਦੀ ਹੋਏਗੀ।”
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!” ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਉਠਿਆ।

ਜਨਵਰੀ 1762 ਦੀ ਗੱਲ ਹੈ ਕਿ ਸਿੱਖਾਂ ਨੇ ਲਾਹੌਰ ਦੀ ਜਿੱਤ ਤੋਂ ਬਾਅਦ ਜੰਡਿਆਲੇ ਉਪਰ ਚੜਾਈ ਕਰ ਦਿੱਤੀ, ਜਿਹੜਾ ਲਾਹੌਰ ਤੋਂ ਕੋਈ ਬਾਰਾਂ ਮੀਲ ਦੇ ਫਾਸਲੇ ਉਪਰ ਸੀ। ਬੀਤੀ ਦੀਵਾਲੀ ਨੂੰ ਉਹਨਾਂ ਦੋ ਗੁਰਮਤੇ ਪਾਸ ਕੀਤੇ ਸਨ, ਉਹਨਾਂ ਵਿਚ ਪਹਿਲਾ ਗੁਰਮਤਾ ਲਾਹੌਰ ਦੀ ਜਿੱਤ ਦਾ ਤੇ ਦੂਜਾ ਲਾਹੌਰ ਦੇ ਮਹੰਤ ਆਕਿਲ ਦਾਸ ਨੂੰ ਸਜ਼ਾ ਦੇਣ ਦਾ ਸੀ। ਆਕਿਲ ਦਾਸ ਸਿੱਖਾਂ ਦੇ ਖ਼ਿਲਾਫ਼ ਲਾਹੌਰ ਦੇ ਮੁਗਲ ਨਵਾਬਾਂ ਦਾ ਸਾਥ ਦਿੰਦਾ ਰਿਹਾ ਸੀ ਤੇ ਹੁਣ ਉਹ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇ ਰਿਹਾ ਸੀ। ਸਿੱਖਾਂ ਦੀ ਚੜ੍ਹਾਈ ਦੀ ਖਬਰ ਜਦੋਂ ਆਕਿਲ ਦਾਸ ਨੂੰ ਮਿਲੀ ਤਾਂ ਉਸਨੇ ਤੇਜ਼ ਸਾਂਢਨੀ ਸਵਾਰ ਦੇ ਹੱਥ ਅਬਦਾਲੀ ਨੂੰ ਸੁਨੇਹਾ ਭੇਜਿਆ ਕਿ ਉਹ ਸਿੱਖਾਂ ਦੇ ਵਿਰੁੱਧ ਉਸਦੀ ਮਦਦ ਕਰੇ।
ਅਬਦਾਲੀ ਪਹਿਲਾਂ ਹੀ ਸਿੱਖਾਂ ਉਪਰ ਦੰਦ ਪੀਹ ਰਿਹਾ ਸੀ। ਉਹ ਲਾਮ-ਲਸ਼ਕਰ ਨਾਲ ਲੈ ਕੇ ਪੰਜਾਬ ਵੱਲ ਤੁਰ ਪਿਆ। ਆਕਿਲ ਦਾਸ ਦਾ ਸੁਨੇਹਾਂ ਤੇ ਚਿੱਠੀ ਉਸਨੂੰ ਰੋਹਤਾਸ ਵਿਚ ਮਿਲੀ, ਜਿਸ ਦੁਆਰਾ ਉਸਨੂੰ ਸਿੱਖਾਂ ਦੇ ਜੰਡਿਆਲੇ ਦੀ ਘੇਰਾਬੰਦੀ ਕਰਨ ਦਾ ਪਤਾ ਲੱਗਿਆ। ਉਹ ਕੁਝ ਚੁਣੇ ਹੋਏ ਸਿਪਾਹੀ ਨਾਲ ਲੈ ਕੇ ਤੇਜ਼ੀ ਨਾਲ ਜੰਡਿਆਲੇ ਵੱਲ ਵਧਿਆ, ਪਿੱਛੋਂ ਫੌਜ ਵੀ ਆ ਗਈ।
ਜੱਸਾ ਸਿੰਘ ਆਹਲੂਵਾਲੀਆ ਨੂੰ ਜਦੋਂ ਅਬਦਾਲੀ ਦੇ ਆਉਣ ਦੀ ਖਬਰ ਮਿਲੀ ਤਾਂ ਉਸਨੇ ਦਲ ਦੇ ਸਰਦਾਰਾਂ ਨਾਲ ਰਾਏ-ਮਸ਼ਵਰਾ ਕੀਤਾ। ਰਾਏ ਇਹ ਬਣੀ ਕਿ ਸਾਨੂੰ ਆਪਣੇ ਪਰਿਵਾਰਾਂ ਨੂੰ ਮਾਲਵੇ ਵਿਚ ਸੁਰੱਖਿਅਤ ਸਥਾਨਾਂ ਉਪਰ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਦੁਰਾਨੀਆਂ ਦਾ ਬੇਫਿਕਰ ਹੋ ਕੇ ਮੁਕਾਬਲਾ ਕਰ ਸਕੀਏ। ਇਸ ਰਾਏ ਅਨੁਸਾਰ ਉਹਨਾਂ ਨੇ ਜੰਡਿਆਲੇ ਦੀ ਘੇਰਾਬੰਦੀ ਹਟਾਅ ਲਈ ਤੇ ਸਤਿਲੁਜ ਪਾਰ ਚਲੇ ਗਏ।
ਅਬਦਾਲੀ ਜਦੋਂ ਜੰਡਿਆਲੇ ਪਹੁੰਚਿਆ ਤਾਂ ਇਹ ਦੇਖ ਕੇ ਕਿ ਸਿੱਖ ਉੱਥੋਂ ਚਲੇ ਗਏ ਹਨ, ਬੜਾ ਪ੍ਰੇਸ਼ਾਨ ਹੋਇਆ। ਉਸਨੇ ਆਪਣੇ ਆਦਮੀ ਇਹ ਪਤਾ ਕਰਨ ਲਈ ਇਧਰ ਉਧਰ ਦੌੜਾਏ ਕਿ ਉਹ ਕਿੱਥੇ ਹਨ।
ਇਧਰ ਮਲੇਰਕੋਟਲੇ ਦੇ ਪਠਾਨ ਹਾਕਮ ਭੀਖਨ ਖਾਂ ਨੂੰ ਜਸੂਸਾਂ ਨੇ ਆ ਕੇ ਦੱਸਿਆ ਕਿ ਸਿੱਖ ਰਾਏਪੁਰ ਗੁਜਰਾਂਵਾਲਾ ਵਿਚ ਮਲੇਰਕੋਟਲੇ ਤੋਂ ਅੱਠ ਦਸ ਮੀਲ ਦੀ ਦੂਰੀ ਉਪਰ ਹਨ। ਭੀਖਨ ਖਾਂ ਦਾ ਮੱਥਾ ਠਣਕਿਆ ਤੇ ਉਸਨੇ ਸੋਚਿਆ ਕਿ ਸਿੱਖ ਮਲੇਰਕੋਟਲੇ ਉਪਰ ਧਾਵਾ ਬੋਲਣਗੇ। ਸਬੱਬ ਨਾਲ ਸਰਹਿੰਦ ਦਾ ਫੌਜਦਾਰ ਜੈਨ ਖਾਂ ਨੇੜੇ ਹੀ ਦੌਰੇ ਉਪਰ ਆਇਆ ਹੋਇਆ ਸੀ। ਭੀਖਨ ਖਾਂ ਨੇ ਉਸਨੂੰ ਆਪਣੀ ਮਦਦ ਲਈ ਬੁਲਾਅ ਭਜਿਆ ਤੇ ਨਾਲ ਹੀ ਅਹਿਮਦ ਸ਼ਾਹ ਨੂੰ ਖਬਰ ਕਰ ਦਿੱਤੀ ਕਿ ਸਿੱਖ ਇਸ ਪਾਸੇ ਇਕੱਠੇ ਹੋ ਗਏ ਹਨ। ਜੇ ਤੁਸੀਂ ਜਲਦੀ ਪਹੁੰਚ ਜਾਓ ਤਾਂ ਘੇਰਾ ਪਾ ਕੇ ਖਤਮ ਕਰ ਦੇਣਾ ਆਸਾਨ ਹੋਏਗਾ।
ਅਹਿਮਦ ਸ਼ਾਹ ਅਬਦਾਲੀ ਲਈ ਇਸ ਤੋਂ ਚੰਗੀ ਖਬਰ ਹੋਰ ਕੀ ਹੋ ਸਕਦੀ ਸੀ। ਉਸਨੇ 3 ਫਰਬਰੀ ਨੂੰ ਸਵੇਰੇ ਸਵੇਰੇ ਲਾਹੌਰ ਵੱਲ ਕੂਚ ਕਰ ਦਿੱਤਾ। ਦੋ ਦਿਨਾਂ ਤੋਂ ਘੱਟ ਸਮੇਂ ਵਿਚ ਬਿਆਸ ਤੇ ਸਤਿਲੁਜ ਦੋਹੇਂ ਪਾਰ ਕੀਤੇ ਤੇ ਬਿਨਾਂ ਕਿਤੇ ਰੁਕਿਆਂ 150 ਕੋਹ ਦਾ ਪੰਧ ਮੁਕਾਇਆ। ਰਸਤੇ ਵਿਚ 4 ਫਰਬਰੀ ਨੂੰ ਅਬਦਾਲੀ ਨੇ ਆਪਣੇ ਘੋੜਸਵਾਰ ਜੈਨ ਖਾਂ ਵੱਲ ਦੌੜਾਏ ਕਿ ਮੈਂ ਪੰਜ ਫਰਬਰੀ ਦੀ ਸਵੇਰ ਨੂੰ ਸਿੱਖਾਂ ਉਪਰ ਹਮਲਾ ਕਰਾਂਗਾ ਤੇ ਉਸਨੂੰ ਹੁਕਮ ਦਿੱਤਾ ਕਿ ਉਹ ਵੀ ਆਪਣੀ ਸਾਰੀ ਫੌਜ ਲੈ ਕੇ 5 ਫਰਬਰੀ ਨੂੰ ਉੱਥੇ ਪਹੁੰਚ ਜਾਏ ਤੇ ਸਿੱਖਾਂ ਉਪਰ ਅਗਲੇ ਪਾਸਿਓਂ ਧਾਵਾ ਬੋਲੇ। ਇਹ ਹੁਕਮ ਸੁਣਦਿਆਂ ਹੀ ਜੈਨ ਖਾਂ, ਭੀਖਨ ਖਾਂ, ਲਕਸ਼ਮੀ ਨਾਰਾਇਣ ਤੇ ਹੋਰ ਅਫਸਰ ਸਿੱਖਾਂ ਦੇ ਕਤਲੇਆਮ ਦੀ ਤਿਆਰੀ ਕਰਨ ਲੱਗ ਪਏ।
11 ਰਜਬ 1175 ਭਾਵ 5 ਫਰਬਰੀ 1762 ਦੀ ਸਵੇਰ ਜੈਨ ਖਾਂ ਨੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ ਤੇ ਕਾਸਿਮ ਖਾਂ ਬੜਾਈਚ ਨੂੰ ਸਿੱਖਾਂ ਉਪਰ ਹਮਲਾ ਕਰਨ ਦਾ ਹੁਕਮ ਦਿੱਤਾ। ਉਧਰੋਂ ਅਬਦਾਲੀ ਵੀ ਆ ਪਹੁੰਚਿਆ ਤੇ ਉਸਨੇ ਜੈਨ ਖਾਂ ਨੂੰ ਸੰਦੇਸ਼ ਭੇਜਿਆ ਕਿ ਮੈਂ ਆਪਣੇ ਉਜਬੁਕ ਦਸਤਿਆਂ ਨੂੰ ਹੁਕਮ ਦੇ ਦਿੱਤਾ ਹੈ ਕਿ ਉਹਨਾਂ ਨੂੰ ਜਿੱਥੇ ਕਿਤੇ ਵੀ ਪੰਜਾਬੀ ਭੇਸ ਵਿਚ ਕੋਈ ਆਦਮੀ ਨਜ਼ਰ ਆਏ, ਉਸਨੂੰ ਕਤਲ ਕਰ ਦਿਓ। ਇਸ ਲਈ ਤੂੰ ਆਪਣੇ ਆਦਮੀਆਂ ਨੂੰ ਕਹਿ ਦੇ ਕਿ ਉਹ ਦਰਖਤਾਂ ਦੇ ਹਰੇ ਪੱਤੇ ਜਾਂ ਹਰੀ ਘਾਹ ਸਿਰਾਂ ਉਪਰ ਟੰਗ ਲੈਣ ਤਾਂ ਕਿ ਉਹਨਾਂ ਨੂੰ ਵੱਖ ਪਛਾਣਿਆਂ ਜਾ ਸਕੇ।
ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਤਹਿਮਸ ਖਾਂ ਮਸਕੀਨ ਦੇ ਨਾਲ ਲਾਹੌਰ ਵਿਚ ਸੀ। ਉਹ ਦੁਸ਼ਮਣ ਦੀਆਂ ਗਤੀਵਿਧੀਆਂ ਦੀ ਸੂਚਨਾ ਲਗਾਤਾਰ ਪਹੁੰਚਾ ਰਿਹਾ ਸੀ। ਪਰ ਅਹਿਮਦ ਸ਼ਾਹ ਅਬਦਾਲੀ ਨੇ ਇਹ ਹਮਲਾ ਅਚਾਨਕ ਕੀਤਾ ਸੀ ਤੇ ਉਹ ਏਨੀ ਤੇਜ਼ ਗਤੀ ਨਾਲ ਆਇਆ ਸੀ ਕਿ ਸੂਚਨਾ ਪਹੁੰਚਾਉਣ ਦਾ ਮੌਕਾ ਵੀ ਨਹੀਂ ਸੀ ਮਿਲਿਆ। ਇਸ ਕਰਕੇ ਸਿੱਖ ਅਚਾਨਕ ਘਿਰ ਗਏ।
ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਸੈਨਾ ਨੂੰ ਤਿੰਨ ਭਾਗਾਂ ਵਿਚ ਵੰਡਿਆ। ਇਕ ਭਾਗ ਉਸਦੀ ਆਪਣੀ ਕਮਾਨ ਵਿਚ, ਦੂਜਾ ਵਜੀਰ ਸ਼ਾਹ ਵਲੀ ਖਾਂ ਦੀ ਕਮਾਨ ਵਿਚ ਤੇ ਤੀਜਾ ਭਾਗ ਜਹਾਨ ਖਾਂ ਦੀ ਕਮਾਨ ਵਿਚ ਸੀ। ਜਿਹੜਾ ਭਾਗ ਵਲੀ ਖਾਂ ਦੀ ਕਮਾਨ ਵਿਚ ਸੀ ਉਸਨੇ ਜੈਨ ਖਾਂ ਨਾਲ ਮਿਲ ਕੇ ਸਿੱਖ ਸੈਨਾ ਉੱਤੇ ਦੋ ਪਾਸਿਆਂ ਤੋਂ ਹਮਲਾ ਕਰਨਾ ਸੀ ਜਦੋਂ ਕਿ ਅਬਦਾਲੀ ਖ਼ੁਦ ਤੇ ਜਹਾਨ ਖਾਂ ਨੇ ਦੂਜੇ ਦੋ ਪਾਸਿਆਂ ਤੋਂ। ਇੰਜ ਸਿੱਖ ਚਹੁੰ-ਤਰਫਾ ਹਮਲੇ ਦੀ ਲਪੇਟ ਵਿਚ ਸਨ।
ਸਿੱਖਾਂ ਦੀ ਆਪਣੀ ਸਥਿਤੀ ਇਹ ਸੀ ਕਿ ਉਹਨਾਂ ਦੇ 50,000 ਆਦਮੀ, ਜਿਹਨਾਂ ਵਿਚ ਸੈਨਕ ਵੀ ਸਨ, ਕੁਪ ਪਿੰਡ ਵਿਚ ਡੇਰਾ ਲਾਈ ਬੈਠੇ ਸਨ। ਜਦੋਂ ਕਿ ਉਹਨਾਂ ਦੀ ਵਹੀਰ ਭਾਵ 5 ਹਜ਼ਾਰ ਔਰਤਾਂ, ਬੱਚੇ, ਬੁੱਢੇ, ਸੇਵਾਦਾਰ, ਘਰ ਦਾ ਸਮਾਨ, ਰਸਦ, ਹਥਿਆਰ ਤੇ ਲੰਗਰ ਦਾ ਸਮਾਨ ਚਾਰ ਕੋਹ ਦੀ ਦੂਰੀ ਉਪਰ 'ਪਿੰਡਗਾਰਮ' ਨਾਂ ਦੇ ਪਿੰਡ ਵਿਚ ਸੀ। ਚੁਣਵੇਂ ਤਜਰਬਾਕਾਰ ਸੈਨਕ ਤੇ ਅਫ਼ਸਰ ਇਸ ਵਹੀਰ ਦੀ ਰਖਵਾਲੀ ਕਰ ਰਹੇ ਸਨ। ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਮਲੇਰਕੋਟਲੇ ਪਹੁੰਚ ਚੁੱਕਿਆ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਅ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸ਼ਾਮ ਸਿੰਘ ਕਰੋੜਸਿੰਘੀਆ ਤੇ ਹਰੀ ਸਿੰਘ ਭੰਗੀ ਮੀਟਿੰਗ ਕਰਨ ਬੈਠ ਗਏ।
“ਬੁਰੇ ਫਸੇ।” ਹਰੀ ਸਿੰਘ ਭੰਗੀ ਨੇ ਕਿਹਾ।
“ਫਸ ਤਾਂ ਗਏ, ਹੁਣ ਨਿਕਲਣ ਦੀ ਸੋਚੋ।” ਚੜ੍ਹਤ ਸਿੰਘ ਨੇ ਪਹਿਲਾਂ ਜੱਸਾ ਸਿੰਘ ਤੇ ਫੇਰ ਦੂਜੇ ਸਾਥੀਆਂ ਵੱਲ ਦੇਖ ਕੇ ਕਿਹਾ।
“ਜੇ ਭੱਜੀਏ ਤਾਂ ਵੀ ਬਚਣਾ ਮੁਸ਼ਕਿਲ ਏ। ਲੜਾਂਗੇ ਤਾਂ ਵੀ ਮੁਕਾਬਲਾ ਅਸਾਨ ਨਹੀਂ।” ਹਰੀ ਸਿੰਘ ਫੇਰ ਬੋਲੇ।
“ਜਿਹੜੀ ਸਿਰ 'ਤੇ ਆ ਪਈ ਏ, ਉਸ ਨੂੰ ਝੱਲਣਾ ਪਏਗਾ। ਮੇਰਾ ਖ਼ਿਆਲ ਏ ਕਿ ਅਸੀਂ ਡਟ ਕੇ ਲੜੀਏ। ਜੋ ਹੋਏਗਾ ਦੇਖਿਆ ਜਾਏਗਾ, ਗੁਰੂ ਭਲੀ ਕਰੇਗਾ।” ਸ਼ਾਮ ਸਿੰਘ ਕਰੋੜਸਿੰਘੀਆ ਦੀ ਰਾਏ ਸੀ।
“ਦੋਸਤੋ, ਲੜਨਾ ਹਰ ਹਾਲਤ ਵਿਚ ਹੈ। ਲੜੇ ਬਗ਼ੈਰ ਚਾਰਾ ਨਹੀਂ ਪਰ ਲੜਿਆ ਕਿਵੇਂ ਜਾਏ, ਸੋਚਣ ਵਾਲੀ ਵੱਲ ਇਹ ਹੈ। ਅਸੀਂ ਆਪਣੀ ਰੱਛਿਆ ਵੀ ਕਰਨੀ ਏਂ ਤੇ ਦੁਸ਼ਮਣ ਨਾਲ ਲੜਨਾ ਵੀ ਏ। ਇਸ ਲਈ ਸਾਨੂੰ ਕੋਈ ਨਵਾਂ ਦਾਅ ਵਰਤਣਾ ਪਏਗਾ। ਮੇਰੀ ਰਾਏ ਇਹ ਹੈ ਕਿ ਸਰਦਾਰ ਹਰੀ ਸਿੰਘ ਔਰਤਾਂ ਤੇ ਬੱਚਿਆਂ-ਬਜ਼ੁਰਗਾਂ ਨੂੰ ਦਲ ਦੇ ਵਿਚਕਾਰ ਰੱਖ ਕੇ ਉਹਨਾਂ ਦੀ ਹਿਫਾਜ਼ਤ ਕਰਨ। ਅਸੀਂ ਤਿੰਨੇ ਦੁਸ਼ਮਣ ਨਾਲ ਲੜਦੇ ਵੀ ਰਹਾਂਗੇ ਤੇ ਹੌਲੀ ਹੌਲੀ ਪਿੱਛੇ ਵੀ ਹਟਦੇ ਰਹਾਂਗੇ। ਕੋਸ਼ਿਸ਼ ਇਹ ਹੋਏਗੀ ਕਿ ਦੁਸ਼ਮਣ ਵਹੀਰ ਤਕ ਨਾ ਪਹੁੰਚ ਸਕੇ।”
ਇਧਰ ਇਹ ਵਿਊਂਤ ਬੰਦੀ ਹੋ ਰਹੀ ਸੀ, ਉਧਰ ਕਾਸਿਮ ਖ਼ਾਂ ਨੇ ਵਹੀਰ ਉਪਰ ਹਮਲਾ ਕਰ ਦਿੱਤਾ। ਸਿੱਖ ਸਰਦਾਰਾਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਘੋੜਿਆਂ ਉਪਰ ਸਵਾਰ ਹੋ ਕੇ ਵਹੀਰ ਵਲ ਭੱਜੇ। ਕਾਸਿਮ ਖ਼ਾਂ ਉਹਨਾਂ ਦਾ ਮੁਕਬਲਾ ਨਹੀਂ ਕਰ ਸਕਿਆ। ਉਹ ਬੁਰੀ ਤਰ੍ਹਾਂ ਹਾਰਿਆ ਤੇ ਆਪਣੇ ਬਹੁਤ ਸਾਰੇ ਸੈਨਕ ਮਰਵਾ ਕੇ ਮਲੇਰਕੋਟਲੇ ਪਰਤ ਗਿਆ।
ਸਿੱਖ ਆਪਣੀ ਵਹੀਰ ਨੂੰ ਸੈਨਾ ਦੇ ਐਨ ਵਿਚਕਾਰ ਲੈ ਕੇ ਮਾਲਵੇ ਵਲ ਤੁਰ ਪਏ ਤਾਂ ਕਿ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾ ਦਿੱਤਾ ਜਾਏ। ਅਜੇ ਉਹ ਤਿੰਨ, ਸਵਾ ਤਿੰਨ ਮੀਲ ਗਏ ਹੋਣਗੇ ਕਿ ਵਲੀ ਖ਼ਾਂ ਤੇ ਭੀਖਨ ਖ਼ਾਂ ਉਹਨਾਂ ਉਪਰ ਟੁੱਟ ਪਏ। ਪਰ ਉਹਨਾਂ ਦੀ ਫੌਜ ਸਿੱਖਾਂ ਨੂੰ ਰੋਕਣ ਜਾਂ ਉਹਨਾਂ ਨੂੰ ਤਿੱਤਰ-ਬਿੱਤਰ ਕਰਨ ਵਿਚ ਅਸਫ਼ਲ ਰਹੀ। ਖਾਲਸੇ ਨੇ ਵਹੀਰ ਦੇ ਗਿਰਦ ਗੋਲਾਕਾਰ ਕਿਲੇ ਵਾਂਗ ਕੁੰਡਲ ਮਾਰਿਆ ਹੋਇਆ ਸੀ। ਉਹ ਲੜ ਰਹੇ ਸਨ ਤੇ ਲੜਦੇ-ਲੜਦੇ ਅੱਗੇ ਵਧ ਰਹੇ ਸਨ। ਉਹ ਪਲਟ ਕੇ ਦੁਸ਼ਮਣ ਉਪਰ ਹਮਲਾ ਕਰਦੇ ਤੇ ਉਸਨੂੰ ਪਿਛਾਂਹ ਧਰੀਕ ਕੇ ਫੇਰ ਵਹੀਰ ਨਾਲ ਜਾ ਰਲਦੇ।
ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦੇਖਿਆ ਕਿ ਉਸਦਾ ਵਜੀਰ ਸ਼ਾਹ ਵਲੀ ਖ਼ਾਂ ਸਿੱਖਾਂ ਦਾ ਕੁੰਡਲ ਨਹੀਂ ਤੋੜ ਸਕਿਆ ਤਾਂ ਉਸ ਨੇ ਜਹਾਨ ਖ਼ਾਂ ਨੂੰ ਹੋਰ ਫੌਜ ਦੇ ਕੇ ਭੇਜਿਆ। ਪਰ ਉਹ ਵੀ ਕੁਝ ਨਾ ਕਰ ਸਕਿਆ। ਇਸ ਲਈ ਖਾਲਸੇ ਦੀ ਕਤਾਰ ਨੂੰ ਤੋੜਨ ਲਈ ਹੋਰ ਫੌਜ ਭੇਜੀ ਗਈ, ਪਰ ਸਿੰਘਾਂ ਨੇ ਦੁਰਾਨੀਆਂ ਨੂੰ ਵਹੀਰ ਤਕ ਨਹੀਂ ਪਹੁੰਚਣ ਦਿੱਤਾ। ਉਹਨਾਂ ਦਾ 'ਧਾਏ ਫਟ' ਵਾਲਾ ਤਰੀਕਾ ਏਨਾ ਸਫ਼ਲ ਸੀ ਕਿ ਦੁਸ਼ਮਣ ਉਹਨਾਂ ਦੇ ਪਲਟ-ਪਲਟ ਕੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਸਮਝ ਹੀ ਨਹੀਂ ਸੀ ਸਕਦਾ ਤੇ ਨਾ ਉਸ ਸਾਹਵੇਂ ਟਿਕ ਹੀ ਸਕਦਾ ਸੀ। ਜੱਸਾ ਸਿੰਘ ਤੇ ਚੜ੍ਹਤ ਸਿੰਘ ਜਿੱਥੇ ਜਿੱਥੇ ਲੋੜ ਹੁੰਦੀ ਸੀ, ਆਪਣੇ ਘੋੜਿਆਂ ਨੂੰ ਅੱਡੀ ਲਾ ਕੇ ਪਹੁੰਚ ਜਾਂਦੇ ਸਨ। ਸਿੱਖਾਂ ਦੀ ਦਲੇਰੀ ਤੇ ਹੌਸਲੇ ਦੇਖਣ ਵਾਲੇ ਸਨ। ਦੁਸ਼ਮਣ ਦੀਆਂ ਜਿਜ਼ਾਇਰੋਂਆਂ (ਛੋਟੀਆਂ ਤੋਪਾਂ) ਦਾ ਮੁਕਾਬਲਾ ਆਪਣੀਆਂ ਤਲਵਾਰਾਂ, ਖੰਡਿਆਂ ਤੇ ਬਰਛਿਆਂ ਨਾਲ ਕਰ ਰਹੇ ਸਨ। ਉਹ ਦੁਸ਼ਮਣ ਉਪਰ ਬਾਜ ਵਾਂਗ ਝਪਟਦੇ ਤੇ ਝਪਟ ਕੇ ਝੱਟ ਪਰਤ ਆਉਂਦੇ। ਉਹਨਾਂ ਦੇ ਘੋੜੇ ਵੀ ਉਹਨਾਂ ਦਾ ਇੰਜ ਸਾਥ ਦੇ ਰਹੇ ਸਨ, ਜਿਵੇਂ ਬਹਾਦੁਰੀ ਤੇ ਜਿੱਤ ਦਾ ਸਿਹਰਾ ਉਹਨਾਂ ਵੀ ਪ੍ਰਾਪਤ ਕਰਨਾ ਹੋਵੇ ਤੇ ਜਿਵੇਂ ਉਹ ਪਸ਼ੂ ਨਹੀਂ ਰਣ-ਖੇਤਰ ਵਿਚ ਜੂਝ ਰਹੇ ਯੋਧੇ ਹੋਣ। ਉਹ ਮਾੜੇ ਜਿਹੇ ਇਸ਼ਾਰੇ ਨਾਲ ਜਿਸ ਤੇਜ਼ੀ ਨਾਲ ਅੱਗੇ ਵਧਦੇ, ਉਸੇ ਨਾਲ ਪਰਤ ਆਉਂਦੇ। ਉਹਨਾਂ ਦੀ ਹਿਣਹਿਣਾਹਟ ਨਾਲ ਦੁਸ਼ਮਣ ਦਾ ਦਿਲ ਦਹਿਲ ਜਾਂਦਾ।
ਸਿੱਖ ਲੜਦੇ ਰਹੇ ਤੇ ਵਹੀਰ ਨੂੰ ਕੁੰਡਲ ਵਿਚ ਲਈ ਅੱਗੇ ਵਧਦੇ ਰਹੇ। ਅਫ਼ਗਾਨ ਉਹਨਾਂ ਦੀ ਕਤਾਰ ਤੋੜਨ ਵਿਚ ਅਸਫ਼ਲ ਰਹੇ।
ਅਹਿਮਦ ਸ਼ਾਹ ਅਬਦਾਲੀ ਯੁੱਧ ਦੇ 'ਧਾਏ ਫਟ' ਪੈਂਤੜੇ ਤੋਂ ਵਾਕਿਫ਼ ਨਹੀਂ ਸੀ, ਜਦੋਂ ਉਸਨੇ ਦੇਖਿਆ ਕਿ ਇੰਜ ਤੁਰੇ ਜਾ ਰਹੇ ਸਿੱਖਾਂ ਉਪਰ ਕੋਈ ਕਰਾਰੀ ਚੋਟ ਹੋ ਸਕਣੀ ਸੰਭਵ ਨਹੀਂ ਤਾਂ ਉਸਨੇ ਹਿਰਖ ਕੇ ਜੈਨ ਖ਼ਾਂ ਤੇ ਲਕਸ਼ਮੀ ਨਾਰਾਇਣ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਸਿੱਖਾਂ ਦੀ ਵਹੀਰ ਨੂੰ ਅੱਗੇ ਹੋ ਕੇ ਰੋਕਦੇ ਕਿਉਂ ਨਹੀਂ, “ਜੇ ਤੁਸੀਂ ਰੋਕੋ ਤੇ ਉਹਨਾਂ ਨੂੰ ਅੱਗੇ ਨਾ ਵਧਣ ਦਿਓਂ ਤਾਂ ਕੁਝ ਚਿਰ ਵਿਚ ਹੀ ਇਹਨਾਂ ਦਾ ਸਫਾਇਆ ਕੀਤਾ ਜਾ ਸਕਦਾ ਏ।”
“ਜਹਾਂਪਨਾਹ, ਇਹਨਾਂ ਨੂੰ ਅੱਗੇ ਹੋ ਕੇ ਰੋਕਣਾ ਸੰਭਵ ਨਹੀਂ। ਇਹ ਤਾਂ ਹਨੇਰੀ ਤੇ ਤੂਫ਼ਾਨ ਨੇ।” ਜੈਨ ਖ਼ਾਂ ਨੇ ਉਤਰ ਦਿੱਤਾ। ਹੋਰ ਕੋਈ ਉਪਾਅ ਨਾ ਦੇਖ ਦੇ ਅਬਦਾਲੀ ਨੇ ਚਾਰ ਚੁਣੇ ਹੋਏ ਦਸਤੇ ਲੈ ਕੇ ਖ਼ੁਦਾ ਧਾਵਾ ਬੋਲ ਦਿੱਤਾ। ਉਸਨੂੰ ਆਪਣੀ ਵੀਰਤਾ ਤੇ ਰਣਨੀਤੀ ਉਪਰ ਮਾਣ ਸੀ ਤੇ ਉਸਨੇ ਮਰਾਠਿਆਂ ਵਾਂਗ ਸਿੱਖਾਂ ਨੂੰ ਵੀ ਨੀਚਾ ਦਿਖਾਉਣ ਦਾ ਫੈਸਲਾ ਕੀਤਾ ਹੋਇਆ ਸੀ। ਪਰ ਸਿੱਖ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ। ਉਹਨਾਂ ਨੂੰ ਨੀਵਾਂ ਦਿਖਾਉਣਾ ਅਸਾਨ ਨਹੀਂ ਸੀ। ਘਮਸਾਨ ਦੀ ਲੜਾਈ ਹੋਈ। ਜੱਸਾ ਸਿੰਘ ਤੇ ਚੜ੍ਹਤ ਸਿੰਘ ਆਪਣੇ ਘੋੜਿਆਂ ਨੂੰ ਅੱਡੀ ਲਾ ਕੇ ਆਪਣੇ ਉਹਨਾਂ ਭਰਾਵਾਂ ਦੀ ਮਦਦ ਲਈ ਆ ਜਾਂਦੇ ਜਿਹੜੇ ਦੁਰਾਨੀਆਂ ਦੇ ਦਬਾਅ ਵਿਚ ਹੁੰਦੇ ਸਨ। ਉਹਨਾਂ ਦੇ ਘੋੜੇ ਸਿਪਾਹੀਆਂ ਤੇ ਘੋੜਿਆਂ ਦੀਆਂ ਲੋਥਾਂ ਟੱਪਦੇ ਹੋਏ ਜਿਸ ਪਾਸੇ ਇਸ਼ਾਰਾ ਕੀਤਾ ਜਾਂਦਾ ਸੀ, ਉਸੇ ਪਾਸੇ ਅਹੁਲਦੇ ਸਨ। ਉਹਨਾਂ ਦੀਆਂ ਤਲਵਾਰਾਂ 'ਸ਼ਾਂ-ਸ਼ਾਂ' ਇਧਰ-ਉਧਰ ਵਾਰ ਕਰਦੀਆਂ, ਕੱਟਦੀਆਂ-ਵੱਢਦੀਆਂ ਤੇ ਕਹਿਰ ਢਾਉਂਦੀਆਂ ਹੋਈਆਂ ਅੱਗੇ ਵਧ ਰਹੇ ਦੁਸ਼ਮਣ ਨੂੰ ਪਿੱਛੇ ਧਰੀਕ ਦਿੰਦੀਆਂ ਸਨ। ਉਹ ਫੇਰ ਘੋੜਿਆਂ ਨੂੰ ਅੱਡੀ ਲਾ ਉਸ ਜਗ੍ਹਾ ਜਾ ਪਹੁੰਚਦੇ ਜਿੱਥੇ ਆਪਣੀ ਜ਼ਰੂਰਤ ਸਮਝਦੇ। ਇੰਜ ਉਹ ਹਰ ਜਗ੍ਹਾ ਅਗਲੀ ਸਫ ਵਿਚ ਜੂਝਦੇ ਹੋਏ ਦਿਖਾਈ ਦਿੰਦੇ ਤੇ ਨਫ਼ਰਤ ਨਾਲ ਭਰੇ ਪੀਤੇ ਕਹਿੰਦੇ, “ਤੁਸੀਂ ਵਿਦੇਸ਼ੀ ਲੁਟੇਰੇ ਗੁਰੂ ਦੇ ਖਾਲਸੇ ਦਾ ਕੀ ਮੁਕਾਬਲਾ ਕਰੋਗੇ, ਓਇ।”
ਇਸ ਤਰ੍ਹਾਂ ਲੜਦੇ ਹੋਏ ਦੁਸ਼ਮਣ ਦੇ ਹੱਥੋਂ ਆਪਣਾ ਬਚਾਅ ਕਰਦੇ ਤੇ ਮਰਦੇ-ਮਾਰਦੇ ਹੋਏ ਸਿੰਘ ਲਗਾਤਾਰ ਅੱਗੇ ਵਧਦੇ ਰਹੇ। ਵਹੀਰ ਦਾ ਸੁਰੱਖਿਆ ਕੁੰਡਲ ਮੀਲਾਂ ਤਕ ਫੈਲਿਆ ਹੋਇਆ ਸੀ। ਉਹ ਸਭ ਪਾਸਿਓਂ ਮਜ਼ਬੂਤ ਨਹੀਂ ਸੀ ਰਹਿ ਸਕਦਾ। ਜਿੱਥੋਂ ਕਿਤੋਂ ਕੁੰਡਲ ਟੁੱਟ ਜਾਂਦਾ, ਦੁਰਾਨੀ ਵਹੀਰ ਨੂੰ ਨੁਕਸਾਨ ਪਹੁੰਚਾਉਣ ਤੋਂ ਨਹੀਂ ਸੀ ਖੁੰਝਦੇ।
ਇੰਜ ਲੜਦੇ-ਭਿੜਦੇ ਉਹ ਗਹਿਲ ਪਿੰਡ ਵਿਚ ਪਹੁੰਚ ਗਏ, ਜਿੱਥੇ ਦੁਰਾਨੀਆਂ ਨੇ ਕੁੰਡਲ ਤੋੜ ਦਿੱਤਾ। ਸਿੱਖ ਸਵਾਰ ਤੇ ਵਹੀਰ ਇਕ ਦੂਜੇ ਨਾਲੋਂ ਵੱਖ ਹੋ ਗਏ। ਵਹੀਰ ਦੇ ਬਜ਼ੁਰਗ, ਬੱਚੇ ਤੇ ਔਰਤਾਂ ਪਿੰਡ ਵਿਚ ਸ਼ਰਨ ਲੈਣੀ ਚਾਹੁੰਦੇ ਸਨ। ਲੋਕਾਂ ਦੀ ਹਮਦਰਦੀ ਭਾਵੇਂ ਸਿੱਖਾਂ ਦੇ ਨਾਲ ਸੀ, ਪਰ ਉਹਨਾਂ ਨੇ ਦੁਰਾਨੀ ਦੇ ਡਰ ਕਾਰਨ ਸ਼ਰਨ ਨਹੀਂ ਦਿੱਤੀ ਤੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਸਿੱਟਾ ਇਹ ਕਿ ਕੁਝ ਪਾਥੀਆਂ ਦੇ ਗ੍ਹੀਰਿਆਂ, ਕੁਝ ਛਟੀਆਂ ਤੇ ਫੂਸ ਦੇ ਢੇਰਾਂ ਤੇ ਕੁਝ ਫਟੜਾਂ ਤੇ ਲਾਸ਼ਾਂ ਵਿਚਕਾਰ ਲੁਕ ਗਏ। ਸਿੱਖ ਸੈਨਿਕਾਂ ਨੇ ਅੱਗੇ ਵਧਣਾ ਜਾਰੀ ਰੱਖਿਆ। ਹੁਣ ਉਹਨਾਂ ਦੀ ਰਫ਼ਤਾਰ ਵੀ ਤੇਜ਼ ਹੋ ਗਈ ਸੀ ਕਿਉਂਕਿ ਉਹਨਾਂ ਵਹੀਰ ਦੇ ਸਮਾਨ ਦੀ ਹਿਫ਼ਾਜਤ ਨਹੀਂ ਕਰਨੀ ਸੀ। ਸ਼ਾਮ ਹੁੰਦਿਆਂ ਹੁੰਦਿਆਂ ਉਹ ਪਿੰਡ ਕੁਤਬ ਵਿਚ ਪਹੁੰਚ ਗਏ। ਉੱਥੇ ਪਾਣੀ ਦੀ ਇਕ ਢਾਬ ਸੀ। ਦੁਰਾਨੀ ਪਿਆਸ ਬੁਝਉਣ ਖਾਤਰ ਢਾਬ ਵਲ ਅਹੁਲੇ। ਸਿੱਖ ਵੀ ਸਵੇਰ ਦੇ ਭੁੱਖੇ ਤੇ ਪਿਆਸੇ ਸਨ। ਉਹਨਾਂ ਨੇ ਵੀ ਢਾਬ ਤੋਂ ਪਾਣੀ ਪੀਤਾ। ਇੰਜ ਲੜਾਈ ਰੁਕ ਗਈ ਤੇ ਦੁਬਾਰਾ ਜਾਰੀ ਨਾ ਹੋ ਸਕੀ। ਕਾਰਨ ਇਹ ਕਿ ਹਨੇਰਾ ਲੱਥ ਆਇਆ ਸੀ। ਸਿੱਖ ਮੌਕਾ ਵਿਚਾਰ ਕੇ ਕਾਹਲ ਨਾਲ ਮਾਲਵੇ ਵਲ ਵਧੇ। ਦੁਰਾਨੀਆਂ ਨੇ ਉਹਨਾਂ ਦਾ ਪਿੱਛਾ ਨਹੀਂ ਕੀਤਾ, ਕਿਉਂਕਿ ਉਹ ਥੱਕ ਕੇ ਚੂਰ ਹੋ ਚੁੱਕੇ ਸਨ। ਪਹਿਲਾਂ 36 ਘੰਟਿਆਂ ਵਿਚ 150 ਕੋਹ ਦਾ ਸਫ਼ਰ ਕੀਤਾ ਸੀ ਤੇ ਫੇਰ 10 ਘੰਟੇ ਲਗਾਤਾਰ ਲੜਦੇ ਰਹੇ ਸਨ। ਪਿੱਛਾ ਕਰਨ ਦੀ ਹਿੰਮਤ ਹੀ ਨਹੀਂ ਸੀ ਰਹੀ।
ਰਾਤ ਗੂੜ੍ਹੀ ਹੋ ਗਈ ਸੀ। ਥੱਕੇ ਹੋਏ ਦੁਰਾਨੀ ਘੂਕ ਸੁੱਤੇ ਪਏ ਸਨ। ਖ਼ੁਦ ਅਹਿਮਦ ਸ਼ਾਹ ਅਬਦਾਲੀ ਵੀ ਸੁੱਤਾ ਹੋਇਆ ਸੀ। ਗਹਿਲ ਪਿੰਡ ਵਿਚ ਕੁਝ ਲੋਕ ਮਸ਼ਾਲਾਂ ਤੇ ਪਾਣੀ ਦੇ ਘੜੇ ਚੁੱਕੀ ਲਾਸ਼ਾ ਵਿਚਕਾਰ ਘੁੰਮ ਰਹੇ ਸਨ। ਜਿੱਥੇ ਕਿਧਰੇ ਕਰਾਹੁਣ ਦੀ ਆਵਾਜ਼ ਸੁਣਾਈ ਦਿੰਦੀ, ਉਹ ਉਧਰ ਜਾਂਦੇ ਤੇ ਜਖ਼ਮੀ ਸੈਨਿਕ ਨੂੰ ਪਾਣੀ ਪਿਆਉਂਦੇ ਸਨ—ਚਾਹੇ ਉਹ ਸਿੱਖ ਹੁੰਦਾ ਚਾਹੇ ਦੁਰਾਨੀ। ਰਹਿ ਰਹਿ ਕੇ ਇਹ ਸ਼ਬਦ ਕੰਨਾਂ ਵਿਚ ਪੈਂਦੇ—
'ਕਬੀਰ ਥਾ ਇਕ ਇਨਸਾਨ
ਨ ਹਿੰਦੂ ਔਰ ਨ ਮੁਸਲਮਾਨ'
ਜਿਹੜੇ ਬੱਚੇ, ਔਰਤਾਂ ਤੇ ਬੁੱਢੇ ਏਧਰ ਉਧਰ ਛੁਪੇ ਹੋਏ ਸਨ, ਉਹਨਾਂ ਨੂੰ ਘਰਾਂ ਵਿਚ ਪਹੁੰਚਾਇਆ ਜਾ ਰਿਹਾ ਸੀ। ਲੜਾਈ ਬੰਦ ਸੀ। ਅਬਦਾਲੀ ਤੇ ਉਸਦੇ ਸੈਨਿਕ ਸੁੱਤੇ ਹੋਏ ਸਨ। ਉਹ ਜਖ਼ਮੀਆਂ ਦੀ ਸੇਵਾ ਕਰ ਰਹੇ ਸਨ ਤੇ ਵਹੀਰ ਦੇ ਨਿਆਸਰੇ ਬੱਚਿਆਂ, ਬੁੱਢਿਆਂ ਤੇ ਔਰਤਾਂ ਨੂੰ ਆਪਣੇ ਘਰਾਂ ਵਿਚ ਸ਼ਰਨ ਦੇ ਰਹੇ ਸਨ। ਬੇਨਾਮ ਸੂਫੀ ਫ਼ਕੀਰ ਉਹਨਾਂ ਦਾ ਨੇਤਾ ਸੀ ਤੇ ਉਹਨਾਂ ਸਾਰਿਆਂ ਦੀ ਇਕੋ ਜਾਤ ਸੀ—ਕਬੀਰ ਦੀ ਜਾਤ; ਇਨਸਾਨ ਦੀ ਜਾਤ।
ਇਸ ਇਕ ਦਿਨ ਦੀ ਲੜਾਈ ਵਿਚ 20 ਹਜ਼ਾਰ ਸਿੱਖ ਖੇਤ ਰਹੇ, ਜਿਹਨਾਂ ਵਿਚ ਬੁੱਢੇ, ਬੱਚੇ ਤੇ ਔਰਤਾਂ ਵੀ ਸਨ। ਕਿਸੇ ਇਕ ਲੜਾਈ ਵਿਚ ਸਿੱਖਾਂ ਦਾ ਪਹਿਲਾਂ ਕਦੀ ਏਨਾ ਨੁਕਸਾਨ ਨਹੀਂ ਸੀ ਹੋਇਆ। ਇਸ ਲਈ ਇਸ ਦਾ ਨਾਂ 'ਵੱਡਾ ਘਲੂਘਾਰਾ' ਪੈ ਗਿਆ।
ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਜਦੋਂ ਥੱਕ ਕੇ ਚੂਰ ਹੋ ਗਿਆ ਤਾਂ ਉਹ ਇਕ ਜਗ੍ਹਾ ਅੜ ਗਿਆ। ਸਰਦਾਰ ਨੇ ਬੜੀਆਂ ਅੱਡੀਆਂ ਲਾਈਆਂ ਪਰ ਉਹ ਤੁਰਿਆ ਹੀ ਨਹੀਂ। ਇਸ ਲਈ ਉਹਨਾਂ ਦੇ ਨਾਲ ਵਾਲੇ ਗੁਰਮੁਖ ਸਿੰਘ ਨੇ ਘੋੜੇ ਨੂੰ ਮਾਰਨ ਲਈ ਚਾਬੁਕ ਉਗਾਸਿਆ ਪਰ ਜੱਸਾ ਸਿੰਘ ਨੇ ਉਸਨੂੰ ਇਸ਼ਾਰੇ ਨਾਲ ਰੋਕ ਦਿੱਤਾ, “ਚਾਬੁਕ ਨਾ ਮਾਰੀਓ ਸਿੰਘ ਜੀ। ਕਿਤੇ ਕੋਈ ਇੰਜ ਈ ਨਾ ਸਮਝ ਲਏ ਕਿ ਸਰਦਾਰ ਜਾਣ ਕੇ ਘੋੜੇ ਦੇ ਚਾਬੁਕ ਮਰਵਾ ਕੇ ਭੱਜ ਖੜਾ ਹੋਇਆ ਏ।” ਇਸ ਲੜਾਈ ਵਿਚ ਜੱਸਾ ਸਿੰਘ ਨੂੰ ਬਾਈ ਫੱਟ ਲੱਗੇ। ਫੇਰ ਵੀ ਉਹ ਅਗਲੀਆਂ ਸਫਾਂ ਵਿਚ ਰਿਹਾ ਤੇ ਜਿੱਥੇ ਜ਼ਰੂਰਤ ਪਈ, ਦੁਸ਼ਮਣ ਨਾਲ ਜਾ ਭਿੜਿਆ—
'ਜੱਸਾ ਸਿੰਘ ਖਾਈ ਬਾਈ ਘਾਵ
ਤੋ ਭੀ ਸਿੰਘ ਜੀ ਲੜਤੇ ਜਾਈ।'

ਅਹਿਮਦ ਸ਼ਾਹ ਅਬਦਾਲੀ ਸਰਹਿੰਦ ਹੁੰਦਾ ਹੋਇਆ 3 ਮਾਰਚ ਨੂੰ ਲਾਹੌਰ ਪਹੁੰਚਿਆ। ਇਹ ਪਹਿਲਾ ਮੌਕਾ ਸੀ ਜਦੋਂ ਉਸਨੇ ਸਤਿਲੁਜ ਤੇ ਬਿਆਸ ਆਰਾਮ ਨਾਲ ਪਾਰ ਕੀਤੇ। ਸਿੱਖਾਂ ਨੇ ਉਸਨੂੰ ਕਿਤੇ ਵੀ ਪ੍ਰੇਸ਼ਾਨ ਨਹੀਂ ਕੀਤਾ ਤੇ ਉਸਦਾ ਪਿੱਛਾ ਨਹੀਂ ਲੁੱਟਿਆ। ਉਹ ਖ਼ੁਸ਼ ਸੀ ਤੇ ਉਸਨੇ ਆਪਣੇ ਵਜ਼ੀਰ ਵਲੀ ਖ਼ਾਂ ਨੂੰ ਕਿਹਾ, “ਪਤਾ ਨਹੀਂ ਕਿਹੜੀਆਂ ਖੁੱਡਾਂ ਵਿਚ ਜਾ ਲੁਕੇ ਨੇ। ਕਿਤੇ ਇਕ ਵੀ ਸਿੱਖ ਨਜ਼ਰ ਨਹੀਂ ਆਇਆ।” ਉਹ ਇਕ ਛਿਣ ਰੁਕਿਆ ਤੇ ਫੇਰ ਸੁਰ ਬਦਲ ਕੇ ਅੱਗੇ ਕਹਿਣ ਲੱਗਾ, “ਫੇਰ ਵੀ, ਇਹ ਫਤਹਿ ਉਹ ਫਤਹਿ ਨਹੀਂ ਜਿਸਦੀ ਮੈਨੂੰ ਤਮੰਨਾ ਸੀ। ਮੈਂ ਚਾਹੁੰਦਾ ਸਾਂ ਕਿ ਇਹਨਾਂ ਸਿੱਖ ਸਰਦਾਰਾਂ ਦੀਆਂ ਲਾਸ਼ਾਂ ਮੈਦਾਨ ਵਿਚ ਤੜਫਦੀਆਂ ਦਿਖਾਈ ਦੇਂਦੀਆਂ ਜਾਂ ਫੇਰ ਜੰਜੀਰਾਂ ਵਿਚ ਜਕੜੇ ਹੋਏ ਉਹ ਮੇਰੇ ਸਾਹਮਣੇ ਖੜ੍ਹੇ ਹੁੰਦੇ। ਅਗਿਓਂ ਘੇਰਿਆ ਨਹੀਂ ਜਾ ਸਕਿਆ ਤੇ ਨਿਕਲ ਗਏ।”
“ਜਹਾਂਪਨਾਹ! ਉਹਨਾਂ ਦੀ ਬਹਾਦੁਰੀ ਤੇ ਹੌਸਲੇ ਦੀ ਦਾਦ ਦੇਣੀ ਪਏਗੀ। ਲੜਦੇ-ਲੜਦੇ ਭੱਜਣਾ ਤੇ ਭੱਜਦੇ-ਭੱਜਦੇ ਪਲਟ-ਪਲਟ ਕੇ ਲੜਨਾ, ਇਸਦਾ ਵੀ ਜਵਾਬ ਨਹੀਂ।” ਵਜ਼ੀਰ ਨੇ ਜਿਹੜਾ ਖ਼ੁਦ ਇਕ ਬਹਾਦੁਰ ਜਰਨੈਲ ਸੀ, ਗੱਲ ਨਾਲ ਗੱਲ ਮੇਲੀ।
“ਬੇਸ਼ੱਕ, ਬੇਸ਼ੱਕ।” ਅਬਦਾਲੀ ਨੇ ਉਦਾਰ ਭਾਵ ਨਾਲ ਮੁਸਕਰਾ ਕੇ ਸਮਰਥਨ ਕੀਤਾ ਤੇ ਸਿਰ ਹਿਲਾਇਆ। “ਪਰ ਹੁਣ ਅਸੀਂ ਜਵਾਬ ਪੈਦਾ ਕਰਨਾ ਏਂ ਤੇ ਸਿੱਖਾਂ ਨੂੰ ਦੱਸ ਦੇਣਾ ਏਂ ਕਿ ਹੁਣ ਉਹਨਾਂ ਦਾ ਵਾਸਤਾ ਮੁਗਲਾਂ ਨਾਲ ਨਹੀਂ, ਦੁਰਾਨੀ ਨਾਲ ਏ। ਮੈਂ ਜਦ ਤਕ ਜਵਾਬ ਪੈਦਾ ਨਹੀਂ ਕਰ ਲੈਂਦਾ ਤੇ ਇਹਨਾਂ ਜ਼ਹਿਰੀਲੇ ਸੱਪਾਂ ਦਾ ਸਿਰ ਨਹੀ ਫੇਹ ਦੇਂਦਾ, ਇੱਥੋਂ ਵਾਪਸ ਨਹੀਂ ਜਾਵਾਂਗਾ।” ਉਸਨੇ ਤਲਵਾਰ ਦੀ ਮੁੱਠ ਉੱਤੇ ਹੱਥ ਰੱਖਿਆ ਜਿਵੇਂ ਇਰਾਦੇ ਨੂੰ ਅਮਲ ਵਿਚ ਲਿਆਉਣ ਦੀ ਸੌਂ ਖਾ ਰਿਹਾ ਹੋਏ।
ਵਜ਼ੀਰ ਵਲੀ ਖ਼ਾਂ ਕੁਝ ਚਿਰ ਚੁੱਪ ਬੈਠਾ ਆਪਣੇ ਬਾਦਸ਼ਾਹ ਦੇ ਮੂੰਹ ਵੱਲ ਦੇਖਦਾ ਰਿਹਾ ਤੇ ਫੇਰ ਹੌਲੀ ਜਿਹੀ ਬੋਲਿਆ, “ਪਰ ਉਧਰ ਬਾਲਾ ਹਿਸਾਰ ਵਿਚ ਵੀ ਤੁਹਾਡਾ ਮੌਜੂਦ ਰਹਿਣਾ ਲਾਜ਼ਮੀਂ ਹੈ। ਤੁਹਾਡੀ ਗੈਰ ਮੌਜੂਦਗੀ ਵਿਚ ਕੌਣ ਜਾਣੇ ਉੱਥੇ ਕੀ ਹੋ ਜਾਏ।”
“ਕੋਈ ਫ਼ਿਕਰ ਨਹੀਂ। ਤੁਸੀਂ ਖ਼ਬਰਾਂ ਦਾ ਸਿਲਸਿਲਾ ਮਜ਼ਬੂਤ ਤੇ ਦਰੁਸਤ ਬਣਾਈ ਰੱਖੋ। ਉਧਰ ਜੋ ਹੋਏਗਾ ਦੇਖ ਲਵਾਂਗੇ। ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਡੇ ਹੱਥ ਵਿਚ ਹੈ। ਇੱਥੋਂ ਦਿੱਲੀ ਤਕ ਇਕ ਬਹੁਤ ਵੱਡੀ ਬਿਸਾਤ ਸਾਡੇ ਸਾਹਮਣੇ ਵਿਛੀ ਹੋਈ ਏ ਤੇ ਸਾਨੂੰ ਇਸ ਉਪਰ ਆਪਣੇ ਮੋਹਰੇ ਇੰਜ ਫਿੱਟ ਕਰਨੇ ਪੈਣੇ ਨੇ ਕਿ ਸੋਨੇ ਦੇ ਆਂਡੇ ਦੇਣ ਵਾਲੀ ਇਸ ਮੁਰਗੀ ਉੱਤੇ ਸਾਡੀ ਪਕੜ ਮਜ਼ਬੂਤ ਬਣੀ ਰਹੇ...ਤੇ ਆਂਡੇ ਕਾਬੁਲ ਪਹੁੰਚਦੇ ਰਹਿਣ। ਬਾਲਾ ਹਿਸਾਰ ਦੀ ਸ਼ਾਨ ਨੂੰ ਚਾਰ ਚੰਦ ਤਦ ਈ ਲੱਗਣਗੇ, ਜਦ ਸਾਡੀ ਜਨਤਾ ਨੂੰ ਐਸ਼ੋ-ਆਰਾਮ ਦਾ ਜੀਵਨ ਮਿਲੇਗਾ, ਤੇ ਫੇਰ ਹੀ ਅਸੀਂ ਬਾਦਸ਼ਾਹ ਅਖਵਾਉਣ ਦੇ ਹੱਕਦਾਰ ਹੋਵਾਂਗੇ।”
ਵਜ਼ੀਰ ਚੁੱਪ ਰਿਹਾ ਤੇ ਅਬਦਾਲੀ ਨੇ ਬਿਸਾਤ ਉਪਰ ਮੋਹਰੇ ਬਿਠਾਉਣ ਦਾ ਕੰਮ ਵਿੱਢ ਦਿੱਤਾ। ਹਿੰਦੁਸਤਾਨ ਵਿਚ ਉਸਦੇ ਜਿੰਨੇ ਬਗਲੀ-ਬੱਚੇ ਸਨ, ਉਹਨਾਂ ਸਾਰਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਆਪਣੇ ਪ੍ਰਤੀਨਿੱਧ ਲਾਹੌਰ ਭੇਜਣ ਤਾਂ ਕਿ ਪ੍ਰਸ਼ਾਸਨੀ ਪ੍ਰਬੰਧ ਨੂੰ ਇਕ ਨਿਯਮਬੱਧ ਰੂਪ ਦਿੱਤਾ ਜਾਏ ਤੇ ਆਰਥਿਕ ਸਾਧਨਾ ਨੂੰ ਮੁੜ ਕੜੀ-ਬੱਧ ਕੀਤਾ ਜਾਏ। ਜੈਨ ਖ਼ਾਂ ਨੂੰ ਪਹਿਲਾਂ ਹੀ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ। ਦਿੱਲੀ ਦੇ ਨੁਮਾਇੰਦੇ ਨਜੀਬੂਦੌਲਾ ਤੇ ਯਾਕੂਬ ਅਲੀ ਖ਼ਾਂ ਨੂੰ ਜਿਹੜੇ ਉਸਦੇ ਨਾਲ ਆਏ ਸਨ, ਉਹਨਾਂ ਨਾਲ ਗੱਲਬਾਤ ਕਰਕੇ ਆਲਮਗੀਰ ਦੂਜੇ ਨੂੰ ਬਾਦਸ਼ਾਹ ਦੀ ਸਨਦ ਦੇ ਦਿੱਤੀ ਗਈ ਤੇ ਸ਼ੁਜਾਊਦੌਲਾ ਨੂੰ ਵਜ਼ੀਰ ਨਿਯੁਕਤ ਕਰ ਦਿੱਤਾ ਗਿਆ। ਤੈਅ ਹੋਇਆ ਕਿ ਦਿੱਲੀ ਕਾਬੁਲ ਨੂੰ ਚਾਲ੍ਹੀ ਲੱਖ ਰੁਪਏ ਸਾਲਾਨਾ ਰਾਜਸਵ ਦਿਆ ਕਰੇਗੀ। ਫੇਰ ਪੰਜਾਬ ਦੇ ਸਾਰੇ ਰਾਜਿਆਂ, ਨਵਾਬਾਂ ਤੇ ਜਾਗੀਰਦਾਰਾਂ ਨੂੰ ਲਾਹੌਰ ਬੁਲਾਇਆ ਗਿਆ ਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਸਿੱਖਾਂ ਨੂੰ ਕੁਚਲ ਦੇਣ ਦੀ ਯੋਜਨਾ ਤਿਆਰ ਕੀਤੀ ਗਈ।
“ਹਜ਼ੂਰ ਮੇਰੀ ਇਕ ਰਾਏ ਹੈ।” ਯੋਜਨਾ ਬਣ ਜਾਣ ਪਿੱਛੋਂ ਵਜ਼ੀਰ ਵਲੀ ਖ਼ਾਂ ਨੇ ਕਿਹਾ।
“ਕੀ ?”
“ਕਿ ਮਰਾਠਿਆਂ ਵੱਲ ਦੀ ਦੋਸਤੀ ਦਾ ਹੱਥ ਵਧਾਇਆ ਜਾਏ, ਵਰਨਾ ਉਹ ਸਿੱਖਾਂ ਦੀ ਮਦਦ ਕਰ ਸਕਦੇ ਨੇ।”
“ਦਰੁਸਤ ਫਰਮਾਇਆ।” ਦੁਰਾਨੀ ਨੇ, ਜਿਹੜਾ ਇਕ ਕੁਸ਼ਲ ਕੁਟਨੀਤਕ ਸੀ ਤੇ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਜਾਣਦਾ ਸੀ, ਵਜ਼ੀਰ ਦਾ ਸਮਰਥਨ ਕੀਤਾ।
ਬਾਦਸ਼ਾਹ ਨੇ ਆਪਣੇ ਵਜ਼ੀਰ ਦੀ ਸਲਾਹ ਨਾਲ ਖਿਲਅਤ, ਹੀਰੇ-ਜਵਾਹਰ, ਕੁਝ ਘੋੜੇ ਤੇ ਇਕ ਹਾਥੀ ਦੇ ਕੇ ਪੇਸ਼ਵਾ ਕੋਲ ਆਪਣਾ ਦੂਤ ਭੇਜ ਦਿੱਤਾ ਤੇ ਉਸਦੇ ਹੱਥ ਵਿਚ ਪਰਵਾਨਾ ਵੀ ਭੇਜਿਆ, ਜਿਸ ਉਪਰ ਕੇਸਰ ਨਾਲ ਪੰਜੇ ਦਾ ਨਿਸ਼ਾਨ ਲਾ ਕੇ ਮਰਾਠਿਆਂ ਦੀ ਰਾਜਸੱਤਾ ਨੂੰ ਪ੍ਰਵਾਨ ਕੀਤਾ ਗਿਆ ਸੀ। ਸਿੱਟਾ ਇਹ ਕਿ ਦੋਸਤਾਨਾਂ ਸੰਬੰਧ ਕਾਇਮ ਹੋ ਗਏ ਤੇ ਮਰਾਠਿਆਂ ਦਾ ਰਾਜਦੂਤ ਲਾਹੌਰ ਵਿਚ ਰਹਿਣ ਲੱਗ ਪਿਆ।
ਅਬਦਾਲੀ ਦੇ ਲਾਹੌਰ ਪਹੁੰਚਣ ਤੋਂ ਸਵਾ ਮਹੀਨਾ ਬਾਅਦ 10 ਅਪਰੈਲ 1761 ਦੀ ਵਿਸਾਖੀ ਆਈ। ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਜੋੜ ਮੇਲਾ ਭਰਦਾ ਹੁੰਦਾ ਸੀ। ਅਹਿਮਦ ਸ਼ਾਹ ਮੇਲੇ ਤੋਂ ਇਕ ਦਿਨ ਪਹਿਲਾਂ ਹੀ ਬਹੁਤ ਵੱਡੀ ਫੌਜ ਲੈ ਕੇ ਉੱਥੇ ਜਾ ਪਹੁੰਚਿਆ। ਉਸਨੇ ਹਰਿਮੰਦਰ ਤੇ ਉਸ ਦੇ ਆਸੇ ਪਾਸੇ ਬਣੇ ਮਕਾਨਾ ਨੂੰ ਬਾਰੂਦ ਨਾਲ ਉਡਾ ਦਿੱਤਾ। ਹਰਿਮੰਦਰ ਤੇ ਮਕਾਨਾ ਦੇ ਮਲਬੇ ਨਾਲ ਸਰੋਵਰ ਪੁਰ ਕਰਵਾ ਕੇ ਉਸ ਉਪਰ ਹਲ ਚਲਵਾ ਦਿੱਤਾ।
ਆਪਣਾ ਇਹ ਕਰਿਸ਼ਮਾਂ ਦੇਖ ਕੇ ਅਬਦਾਲੀ ਨੇ ਸੁਖ ਦਾ ਸਾਹ ਲਿਆ ਤੇ ਵਲੀ ਖ਼ਾਂ ਵੱਲ ਦੇਖਦਿਆਂ ਹੋਇਆਂ ਸਥਿਰ ਆਵਾਜ਼ ਵਿਚ ਕਿਹਾ, “ਮੈਂ ਸਿੱਖਾਂ ਦੇ ਈਮਾਨ ਨੂੰ ਮਿੱਟੀ ਵਿਚ ਮਿਲਾ ਦਿੱਤਾ ਏ—ਹੁਣ ਇਹ ਮੰਦਰ ਤੇ ਇਹ ਤਲਾਅ ਮੇਰੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਬਣ ਸਕਣਗੇ।”
ਕੁਪ ਦੀ ਲੜਾਈ ਵਿਚੋਂ ਜਿਹੜੇ ਸਿੱਖ ਬਚ ਨਿਕਲੇ ਸਨ, ਉਹ ਮਾਲਵੇ ਵਿਚ ਬਠਿੰਡਾ, ਕੋਟਕਪੂਰਾ ਤੇ ਫਰੀਦਕੋਟ ਵੱਲ ਚਲੇ ਗਏ ਸਨ। ਉਹਨਾਂ ਵਿਚ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਜਖ਼ਮੀ ਨਾ ਹੋਏ। ਉਹ ਟੋਲਿਆਂ ਵਿਚ ਵੰਡ ਕੇ ਆਪੋ ਆਪਣੇ ਫੱਟਾਂ ਦੀ ਦੁਆ-ਦਾਰੂ ਕਰ ਰਹੇ ਸਨ। ਜਦੋਂ ਉਹਨਾਂ ਨੂੰ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਬੇਅਦਬੀ ਦਾ ਸਮਾਚਾਰ ਮਿਲਿਆਂ ਤਾਂ ਉਹਨਾਂ ਦਾ ਖ਼ੂਨ ਉਬਾਲੇ ਖਾਣ ਲੱਗ ਪਿਆ। ਉਹ ਤਲਵਾਰਾਂ ਦੀ ਛਾਂ ਵਿਚ ਪਲੇ ਲੋਕ ਸਨ ਤੇ ਪਿੱਛਲੇ ਪੰਜਾਹ ਵਰ੍ਹਿਆਂ ਵਿਚ ਅਜਿਹੇ ਕਈ ਕਤਲੇਆਮ ਦੇਖ ਚੁੱਕੇ ਸਨ। ਉਹਨਾਂ ਨੂੰ ਆਪਣੇ ਪ੍ਰਾਣਾ ਦੀ ਪ੍ਰਵਾਹ ਨਹੀਂ ਸੀ; ਉਹ ਆਪਣੇ ਧਰਮ ਸਥਾਨ ਦੀ ਬੇ-ਇੱਜਤੀ ਬਰਦਾਸ਼ਤ ਨਹੀਂ ਕਰ ਸਕੇ। ਇਹ ਸਮਾਚਾਰ ਸੁਣਦਿਆਂ ਹੀ ਮੁਕਤਸਰ ਵਿਚ ਇੱਕਠੇ ਹੋਏ। ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਦੀਵਾਨ ਸਜਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਨੂੰ ਸੰਬੋਧਤ ਕਰਦਿਆਂ ਹੋਇਆਂ ਕਿਹਾ, “ਹਰਿਮੰਦਰ ਤੇ ਸਰੋਵਰ ਦੀ ਬੇਅਦਬੀ ਕਰਨ ਵਾਲੇ ਅਹਿਮਦ ਸ਼ਾਹ ਦੁਰਾਨੀ ਨੂੰ ਅਸੀਂ ਦੱਸ ਦੇਣਾ ਏਂ ਕਿ ਜਿਸ ਨੂੰ ਉਹ ਆਪਣੀ ਜਿੱਤ ਸਮਝਦਾ ਏ, ਉਹ ਖਾਲਸੇ ਦੀ ਹਾਰ ਨਹੀਂ। ਖੂੰਖਾਰ ਦੁਸ਼ਮਣ ਦੇ ਅਚਾਨਕ ਹਮਲੇ ਤੇ ਤੋਪਾਂ ਦੇ ਮੂੰਹੋਂ ਬਚ ਕੇ ਨਿਕਲ ਜਾਣਾ ਖਾਲਸੇ ਦੀ ਹਾਰ ਨਹੀਂ, ਜਿੱਤ ਹੈ। ਦੁਸ਼ਮਣ ਤਾਦਾਦ ਵਿਚ ਵੀ ਜ਼ਿਆਦਾ ਸਨ ਤੇ ਉਹਨਾਂ ਕੋਲ ਹਥਿਆਰ ਵੀ ਸਾਥੋਂ ਕਿਤੇ ਵਧੀਆ ਸਨ। ਇਸ ਦੇ ਬਾਵਜੂਦ ਅਸੀਂ ਲੜੇ, ਜੀ ਤੋੜ ਕੇ ਲੜੇ ਤੇ ਦੁਸ਼ਮਣ ਦੇ ਛੱਕੇ ਛੁਡਾਅ ਦਿੱਤੇ। ਅਸੀਂ ਸਿਰਫ ਲੜਨਾ ਹੀ ਨਹੀਂ ਸੀ ਆਪਣੀ ਵਹੀਰ ਦੀ ਹਿਫ਼ਾਜਤ ਵੀ ਕਰਨੀ ਸੀ। ਜੇ ਵਹੀਰ ਨਾਲ ਨਾ ਹੁੰਦੀ ਤਾਂ ਖਾਲਸਾ ਉਹ ਹੱਥ ਦਿਖਾਉਂਦਾ ਕਿ ਦੁਰਾਨੀ ਮੈਦਾਨ ਛੱਡ ਕੇ ਭੱਜ ਖੜ੍ਹਾ ਹੁੰਦਾ। ਖਾਲਸੇ ਦੇ ਹੱਥ ਉਹ ਹੁਣ ਵੀ ਦੇਖੇਗਾ। ਅਸੀਂ ਉਸ ਤੋਂ ਕੁਪ ਦੇ ਕਤਲੇਆਮ ਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲਵਾਂਗੇ...ਤੇ ਅਜਿਹਾ ਬਦਲਾ ਲਵਾਂਗੇ ਕਿ ਉਹ ਕਾਬੁਲ ਵੱਲ ਦੌੜਿਆ ਜਾਂਦਾ ਨਜ਼ਰ ਆਏਗਾ।”
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!” ਦੇ ਜਿਹੜੇ ਜੈਕਾਰੇ ਲੱਗੇ ਉਹਨਾਂ ਵਿਚ ਰੋਸਾ, ਗੁੱਸਾ ਤੇ ਨਫ਼ਰਤ ਏਨੀ ਸੀ, ਜਿੰਨਾਂ ਹੌਂਸਲਾ ਤੇ ਮਾਣ। ਕੁਪ ਦਾ ਘੱਲੂਘਾਰਾ ਅਜਿਹੀ ਕੁਠਾਲੀ ਸੀ, ਜਿਸ ਵਿਚੋਂ ਖਾਲਸਾ ਕੁੰਦਨ ਬਣ ਕੇ ਨਿਕਲਿਆ ਸੀ। ਇਹੀ ਗੱਲ ਇਕ ਨਿਹੰਗ ਸਿੰਘ ਆਪਣੀ ਭਾਸ਼ਾ ਤੇ ਉੱਚੇ ਸੁਰਾਂ ਵਿਚ ਇੰਜ ਕਹਿ ਰਿਹਾ ਸੀ—
'ਤੱਤ ਖਾਲਸੇ ਸੋ ਰਹਯੋ ਗਯੋ ਜੋ ਖੋਟ ਗੰਵਾਈ।'
(ਖਾਲਸ ਖਾਲਸਾ ਜਿਵੇਂ ਦੀ ਤਿਵੇਂ ਮੌਜੂਦ ਹੈ, ਮੋਹ ਮਾਇਆ ਦੀ ਜਿਹੜੀ ਨਸ਼ਵਰ ਮੂਰਤੀ ਸੀ, ਉਹ ਅਲੋਪ ਹੋ ਗਈ।)
ਘੱਲੂਘਾਰੇ ਦੇ ਤਿੰਨ ਮਹੀਨੇ ਬਾਅਦ ਹੀ ਖਾਲਸੇ ਦੀਆਂ ਗਤੀ ਵਿਧੀਆਂ ਮੁੜ ਚਾਲੂ ਹੋ ਗਈਆਂ। ਗੁਰਮਤਾ ਪਾਸ ਕੀਤਾ ਗਿਆ ਕਿ ਪਹਿਲਾਂ ਸਰਹਿੰਦ ਦੇ ਫੌਜਦਾਰ ਜੈਨ ਖ਼ਾਂ ਨਾਲ ਨਿਬੜਿਆ ਜਾਏ, ਕਿਉਂਕਿ ਘੱਲੂਘਾਰੇ ਵਿਚ ਉਸਨੇ ਸਿੱਖਾਂ ਨੂੰ ਬੜਾ ਨੁਕਸਾਨ ਪਹੁੰਚਾਇਆ ਸੀ ਤੇ ਉਹ ਨੇੜੇ ਵੀ ਸੀ। ਜਖ਼ਮ ਅਜੇ ਭਰੇ ਨਹੀਂ ਸਨ ਤੇ ਹੋਰ ਅਹਿਮਦ ਸ਼ਾਹ ਲਾਹੌਰ ਵਿਚ ਮੌਜ਼ੂਦ ਸੀ। ਇਸ ਦੇ ਬਾਵਜੂਦ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਮਈ 1762 ਨੂੰ ਸਰਹਿੰਦ ਉੱਤੇ ਅਚਾਨਕ ਹੱਲਾ ਬੋਲ ਦਿੱਤਾ। ਜੈਨ ਖ਼ਾਂ ਨੂੰ ਅਜਿਹੀ ਕਰਾਰੀ ਹਾਰ ਹੋਈ ਕਿ ਉਸਨੇ ਜਾਨ ਬਚਾਉਣ ਲਈ ਪੰਜਾਹ ਹਜ਼ਾਰ ਰੁਪਏ ਦਾ ਨਜ਼ਰਾਨਾ ਦਿੱਤਾ।
ਸਖ਼ਤ ਗਰਮੀ ਤੇ ਲੂ ਕਰਕੇ ਅਬਦਾਲੀ ਲਾਹੌਰ ਤੋਂ ਕਲਾਨੂਰ ਚਲਾ ਗਿਆ ਸੀ। ਉਹ ਜੈਨ ਖ਼ਾਂ ਦੀ ਮਦਦ ਲਈ ਨਹੀਂ ਆ ਸਕਿਆ। ਜੁਲਾਈ ਤੇ ਅਗਸਤ ਵਿਚ ਬਰਸਾਤਾਂ ਕਰਕੇ ਨਦੀਆਂ ਵਿਚ ਹੜ੍ਹ ਆ ਗਿਆ। ਸਿੱਖਾਂ ਨੇ ਇਸਦਾ ਲਾਭ ਉਠਾਇਆ, ਹਰ ਜਗ੍ਹਾ ਉਥਲ-ਪੁਥਲ ਮਚਾ ਦਿੱਤੀ। ਅਬਦਾਲੀ ਦੀ ਫੌਜ ਉਹਨਾਂ ਦਾ ਪਿੱਛਾ ਕਰਨ ਵਿਚ ਅਸਮਰਥ ਸੀ। ਪੰਜਾਬ ਵਿਚ ਜਿਹੜੇ ਜ਼ਿਮੀਂਦਾਰ ਸਨ...ਅਵੱਲ ਤਾਂ ਸਿੱਖਾਂ ਨਾਲ ਮੁਕਾਬਲਾ ਕਰਨ ਦਾ ਹੌਸਲਾ ਨਹੀਂ ਸਨ ਕਰਦੇ ਤੇ ਜੇ ਕਿਤੇ ਕਰਦੇ ਵੀ ਸਨ ਤਾਂ ਆਸਾਨੀ ਨਾਲ ਹਰਾ ਦਿੱਤੇ ਜਾਂਦੇ ਸਨ। ਇਧਰ ਸਿੱਖਾਂ ਦੀਆਂ ਸਰਗਰਮੀਆਂ ਵਧ ਰਹੀਆਂ ਸਨ ਉਧਰ ਅਫ਼ਗਾਨ ਸਿਪਾਹੀਆਂ ਨੇ ਲੁੱਟ ਮਚਾਈ ਹੋਈ ਸੀ। ਅਨਾਜ ਦੇ ਭਾਅ ਕਾਫੀ ਵਧ ਗਏ ਸਨ ਤੇ ਲੋਕਾਂ ਦਾ ਜਿਊਣਾ ਬੜਾ ਦੁਭਰ ਹੋ ਗਿਆ ਸੀ।
ਦੁਰਾਨੀ ਬੜਾ ਪ੍ਰੇਸ਼ਾਨ ਹੋਇਆ। ਉਸਨੇ ਆਪਣੇ ਅਫ਼ਗਾਨ ਸਰਦਾਰਾਂ ਨੂੰ ਸਿੱਖਾਂ ਪਿੱਛੇ ਦੌੜਾਇਆ। ਉਸਦੇ ਸਰਦਾਰ ਸਿੱਖਾਂ ਨੂੰ ਹਮਲੇ ਕਰਨ ਤੋਂ ਰੋਕ ਨਹੀਂ ਸਕੇ। ਜੇ ਕਦੀ ਕੋਈ ਸਿੱਖ ਇਕੱਲਾ ਦੁਕੱਲਾ ਇਹਨਾਂ ਦੇ ਹੱਥ ਲੱਗ ਜਾਂਦਾ ਤਾਂ ਉਹ ਉਸਨੂੰ ਹਥਿਆਰ ਸੁੱਟ ਦੇਣ ਲਈ ਕਹਿੰਦੇ ਤੇ ਉਹ ਨਿੱਡਰ ਭਾਵ ਨਾਲ ਉਤਰ ਦੇਂਦਾ, “ਨਹੀਂ ਮੈਂ ਆਪਣੇ ਸ਼ਸਤਰ ਨਹੀਂ ਸੁੱਟਾਂਗਾ। ਸ਼ਸਤਰਾਂ ਸਜਿਆ ਹੋਣਾ ਹੀ ਖਾਲਸੇ ਦੀ ਪਛਾਣ ਹੈ।”
ਲਗਾਤਾਰ ਮਿਲੀਆਂ ਸਫਲਤਾਵਾਂ ਨੇ ਸਿੱਖਾਂ ਦੇ ਹੌਸਲੇ ਵਧਾ ਦਿੱਤੇ ਸਨ। ਜੱਸਾ ਸਿੰਘ ਆਹਲੂਵਾਲੀਆ ਨੇ ਸਾਰੇ ਮਿਸਲਦਾਰਾਂ ਨੂੰ ਇਕੱਠਾ ਕੀਤਾ ਤੇ ਦਲ ਖਾਲਸਾ ਦੁਬਾਰਾ ਜਲੰਧਰ ਉੱਤੇ ਟੁੱਟ ਪਿਆ। ਜਿੰਨਾਂ ਪਿੰਡਾਂ ਨੇ ਦੁਸਮਣ ਦਾ ਸਾਥ ਦਿੱਤਾ ਸੀ, ਸਿੱਖਾਂ ਨੇ ਸਿਰਫ ਉਹਨਾਂ ਨੂੰ ਲੁੱਟਿਆ। ਇਸ ਲੁੱਟ ਵਿਚ ਧਨ, ਘੋੜੇ, ਅਨਾਜ ਤੇ ਬਹੁਤ ਸਾਰਾ ਹੋਰ ਸਾਮਾਨ ਹੱਥ ਲੱਗਿਆ। ਉਹ ਫੇਰ ਮਾਲਵੇ ਦੇ ਟਿੱਬਿਆਂ ਵੱਲ ਨਿਕਲ ਗਏ।
ਦੀਵਾਲੀ ਨੇੜੇ ਆ ਰਹੀ ਸੀ। ਖਾਲਸੇ ਨੇ ਅੰਮ੍ਰਿਤਸਰ ਜਾ ਕੇ ਮਨਾਉਣ ਦਾ ਫੈਸਲਾ ਕੀਤਾ ਤੇ ਤਿਆਰੀਆਂ ਸ਼ੁਰੂ ਕਰ ਦਿੱਤੀ। ਉਹ ਸਤਲੁਜ ਪਾਰ ਕਰਕੇ ਕਰਨਾਲ ਤੇ ਪਾਨੀਪਤ ਦੇ ਨੇੜੇ ਜਾ ਪਹੁੰਚੇ। 25 ਅਗਸਤ ਤੋਂ 24 ਸਤੰਬਰ ਤਕ ਉੱਥੇ ਹੀ ਰਹੇ। 17 ਅਕਤੂਬਰ ਦੀ ਦੀਵਾਲੀ ਸੀ। ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ ਕਿ ਉਸ ਦਿਨ ਸਿੱਖ ਵੱਧ ਤੋਂ ਵੱਧ ਤਾਦਾਦ ਵਿਚ ਅੰਮ੍ਰਿਤਸਰ ਪਹੁੰਚਣ ਤੇ ਸਿਰਾਂ ਉੱਤੇ ਕਫ਼ਨ ਬੰਨ੍ਹ ਕੇ ਆਉਣ, ਕਿਉਂਕਿ ਦੁਰਾਨੀ ਨਾਲ ਦੋ ਦੋ ਹੱਥ ਹੋਣਗੇ।
24 ਸਤੰਬਰ ਨੂੰ 60 ਹਜ਼ਾਰ ਸਿੱਖ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ। ਉਹਨਾਂ ਵਿਚੋਂ ਵਧੇਰਿਆਂ ਦੇ ਸਰੀਰ ਉੱਤੇ ਕਈ ਕਈ ਜਖਮਾਂ ਦੇ ਨਿਸ਼ਾਨ ਸਨ। ਉਹ ਦੀਵਾਲੀ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਜਾ ਪਹੁੰਚੇ। ਹਰਿਮੰਦਰ ਦਾ ਮਲਵਾ ਤੇ ਸਰੋਵਰ ਦੀ ਬੇਅਦਬੀ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ। ਮਨੁੱਖ ਸਥੂਲਤਾ ਤੇ ਸੂਖਮਤਾ ਦਾ, ਨੀਚਤਾ ਤੇ ਸ਼ਰੇਸਟਾ, ਬੁਜ਼ਦਿਲੀ ਤੇ ਸਾਹਸ ਦਾ ਮਿਸ਼ਰਣ ਹੈ। ਸਿੱਖਾਂ ਨੇ ਕੂਪ ਦੀ ਹਾਰ ਦਾ ਬਦਲਾ ਲੈਣਾ ਸੀ ਤੇ ਪੰਥ ਦੀ ਆਣ ਤੇ ਸ਼ਾਨ ਦੀ ਖਾਤਰ ਜਾਨ ਉਪਰ ਖੇਡ ਜਾਣਾ ਸੀ। ਦੀਵਾਲੀ ਵਾਲੇ ਦਿਨ ਪੂਰਨ ਸੂਰਜ ਗ੍ਰਹਿਣ ਵੀ ਲੱਗਣਾ ਸੀ। ਦੁਸ਼ਮਣ ਤੋਂ ਬਦਲਾ ਲੈਣ ਤੇ ਪੰਥ ਦੇ ਸਨਮਾਣ ਲਈ ਜਾਨ 'ਤੇ ਖੇਡ ਜਾਣ ਲਈ ਇਹ ਇਕ ਸ਼ੁਭ ਮੌਕਾ ਸੀ। ਖਾਲਸੇ ਨੇ ਸਹੂੰ ਚੁੱਕੀ¸“'ਹੁਣ ਅਬਦਾਲੀ ਨੇ ਹਮਲਾ ਕੀਤਾ ਤਾਂ ਅਸੀਂ ਉਸਦੀ ਫੌਜ ਨੂੰ ਵੱਢ ਦਿਆਂਗੇ। ਇਕ ਅਫ਼ਗਾਨ ਨੂੰ ਜਿਉਂਦਾ ਨਹੀਂ ਰਹਿਣ ਦੇਣਾ।”
ਅਹਿਮਦ ਸ਼ਾਹ ਅਬਦਾਲੀ ਇਸ ਸਮੇਂ ਲਾਹੌਰ ਵਿਚ ਸੀ। ਉਹ ਇਹ ਸਮਾਚਾਰ ਸੁਣ ਕੇ ਹੈਰਾਨ ਰਹਿ ਗਿਆ। ਉਸਨੂੰ ਉੱਕਾ ਹੀ ਉਮੀਦ ਨਹੀਂ ਸੀ ਕਿ ਕੂਪ ਦੀ ਲੜਾਈ ਵਿਚ ਸਿੱਖਾਂ ਨੂੰ ਜਿਹੜੀ ਮਾਰ ਪਈ ਹੈ, ਉਸ ਪਿੱਛੋਂ ਉਹ ਏਨੀ ਛੇਤੀ ਸੰਭਲ ਜਾਣਗੇ ਤੇ ਏਡੀ ਵੱਡੀ ਗਿਣਤੀ ਵਿਚ ਮੁਕਾਬਲੇ ਲਈ ਆ ਡਟਣਗੇ। ਉਸ ਕੋਲ ਇਸ ਸਮੇਂ ਜਿੰਨੀ ਫੌਜ ਸੀ, ਉਹ ਬੜੀ ਥੋੜ੍ਹੀ ਸੀ। ਕਾਰਨ ਇਹ ਕਿ ਕੂਪ ਦੀ ਲੜਾਈ ਵਿਚ ਉਸਦੇ ਵੀ ਬਹੁਤ ਸਾਰੇ ਸਿਪਾਹੀ ਮਾਰੇ ਗਏ ਸਨ। ਜਿਹੜੇ ਬਚੇ ਸਨ, ਉਹਨਾਂ ਵਿਚੋਂ ਕੁਝ ਤਾਂ ਪਿੰਡਾਂ ਵਿਚ ਘੁੰਮ ਰਹੇ ਸਨ ਤੇ ਫੌਜ ਦਾ ਵੱਡਾ ਹਿੱਸਾ ਕਸ਼ਮੀਰ ਦੀ ਮੁਹਿੰਮ ਤੇ ਚਲਾ ਗਿਆ ਸੀ। ਸਮਾਂ ਏਨਾ ਘੱਟ ਸੀ ਕਿ ਮੁਲਤਾਨ, ਜਲੰਧਰ ਤੇ ਸਰਹਿੰਦ ਦੇ ਫੌਜਦਾਰਾਂ ਨੂੰ ਵੀ ਮਦਦ ਲਈ ਨਹੀਂ ਸੀ ਬੁਲਾਇਆ ਜਾ ਸਕਦਾ। ਅਬਦਾਲੀ ਨੇ ਵਜ਼ੀਰ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ।
“ਇਹ ਸਿੱਖ ਤਾਂ ਬੜੇ ਸਖ਼ਤ ਜਾਨ ਨੇ ਬਈ...ਏਨੀ ਛੇਤੀ ਫੇਰ ਆ ਧਮਕੇ!” ਅਬਦਾਲੀ ਨੇ ਗੱਲ ਸ਼ੁਰੂ ਕੀਤੀ।
“ਜੀ ਇਸ ਵਿਚ ਕੋਈ ਸ਼ੱਕ ਨਹੀਂ...ਉਹ ਬੜੇ ਸਖ਼ਤ ਜਾਨ ਨੇ।” ਵਜ਼ੀਰ ਨੇ ਉਤਰ ਦਿੱਤਾ।
“ਫੇਰ ਹੁਣ ਕੀ ਕੀਤਾ ਜਾਏ? ਆਪਣੀ ਜੋ ਹਾਲਤ ਏ, ਉਹ ਤਾਂ ਤੁਸੀਂ ਦੇਖ ਈ ਰਹੇ ਓ।”
“ਕੁਝ ਵੀ ਹੋਏ, ਲੜੇ ਬਗ਼ੈਰ ਕੋਈ ਚਾਰਾ ਨਹੀਂ। ਜੇ ਅਸੀਂ ਨਹੀਂ ਲੜਾਂਗੇ ਤਾਂ ਉਹਨਾਂ ਦਾ ਹੌਸਲਾ ਹੋਰ ਵੀ ਵਧੇਗਾ ਤੇ ਉਹ ਲਾਹੌਰ ਉੱਤੇ ਚੜ੍ਹ ਆਉਣਗੇ।”
“ਮੈਂ ਸੋਚ ਰਿਹਾਂ ਕਿ ਮੌਕਾ ਸੰਭਾਲਨ ਲਈ ਆਰਜੀ ਤੌਰ 'ਤੇ ਸਮਝੌਤਾ ਕਰ ਲਿਆ ਜਾਏ।”
“ਸਮਝੌਤਾ ਵੀ ਤਾਂ ਹੀ ਹੋਏਗਾ, ਜੇ ਉਹ ਰਜ਼ਾਮੰਦ ਹੋਣਗੇ। ਇਕ ਹੱਥ ਨਾਲ ਤਾਂ ਤਾੜੀ ਨਹੀਂ ਵੱਜਣੀ।”
“ਯਕੀਨਨ ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜੇਗੀ ਤੇ ਵੱਜੇਗੀ ਵੀ ਜ਼ਰੂਰ। ਅਸੀਂ ਉਹਨਾਂ ਸਾਹਵੇਂ ਇਹ ਤਜ਼ਵੀਜ ਰੱਖਾਂਗੇ ਕਿ ਜੇ ਉਹ ਸਾਡੀ ਰਿਆਇਆ ਬਨਣਾ ਮੰਜ਼ੂਰ ਕਰ ਲੈਣ ਤੇ ਸਾਨੂੰ ਖ਼ਿਰਾਜਤ ਭੇਜਦੇ ਰਹਿਣ ਤਾਂ ਅਸੀਂ ਪੰਜਾਬ ਉਹਨਾਂ ਦੇ ਹਵਾਲੇ ਕਰ ਦੇਣ ਲਈ ਤਿਆਰ ਹਾਂ। ਇਸ ਤਰ੍ਹਾਂ ਉਹਨਾਂ ਦੀ ਗੱਲ ਵੀ ਰਹਿ ਜਾਏਗੀ ਤੇ ਸਾਡੀ ਵੀ। ਇਹ ਸੁਲਾਹ ਆਰਜੀ ਨਹੀਂ, ਹਮੇਸ਼ਾ ਲਈ ਪੱਕੀ ਵੀ ਹੋ ਸਕਦੀ ਹੈ।” ਅਬਦਾਲੀ ਨੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੱਤਾ ਤੇ ਵਜ਼ੀਰ ਦੀ ਰਾਏ ਜਾਨਣ ਲਈ ਨਜ਼ਰਾਂ ਉਸਦੇ ਚਿਹਰੇ ਉੱਤੇ ਗੱਡ ਦਿੱਤੀਆਂ।
ਕੁਝ ਪਲ ਮੌਨ ਵਿਚ ਬੀਤੇ। ਵਲੀ ਖ਼ਾਂ ਗੰਭੀਰ ਭਾਵ ਬੈਠਾ ਕੁਝ ਸੋਚਦਾ ਰਿਹਾ। ਅਖ਼ੀਰ ਉਸਨੇ ਹੌਲੀ ਜਿਹੀ ਸਿਰ ਹਿਲਾ ਕੇ ਕਿਹਾ—
“ਕੋਸ਼ਿਸ਼ ਕਰ ਲਓ...ਪਰ ਉਮੀਦ ਘੱਟ ਹੀ ਹੈ।” ਅਨੁਭਵੀ ਵਜ਼ੀਰ ਸਾਫ ਸਾਫ ਗੱਲ ਕਹਿ ਦੇਣ ਦਾ ਆਦੀ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਸੁਲਾਹ ਦੀ ਗੱਲ ਕਰਨ ਲਈ ਆਪਣਾ ਏਲਚੀ ਅੰਮ੍ਰਿਤਸਰ ਭੇਜਿਆ। ਪਰ ਸਿੱਖ ਕਿਸੇ ਵੀ ਕੀਮਤ 'ਤੇ ਸੁਲਾਹ ਕਰਨ ਲਈ ਤਿਆਰ ਨਹੀਂ ਸਨ। ਹਰਿਮੰਦਰ ਤੇ ਸਰੋਵਰ ਦੀ ਬੇਅਦਬੀ ਨੇ ਉਹਨਾਂ ਦੇ ਕਰੋਧ ਦੀ ਅੱਗ ਨੂੰ ਪ੍ਰਚੰਡ ਕਰ ਦਿੱਤਾ ਸੀ ਤੇ ਉਹ ਅਬਦਾਲੀ ਤੋਂ ਬਦਲਾ ਲੈਣ ਦੀ ਧਾਰੀ ਬੈਠੇ ਸਨ। ਕੁਝ ਸਿੱਖਾਂ ਨੇ ਏਲਚੀ ਤੇ ਉਸਦੇ ਸਾਥੀਆਂ ਦਾ ਮਾਲ ਸਾਮਾਨ ਖੋਹ ਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ।
ਅਬਦਾਲੀ ਲਈ ਹੁਣ ਚੁੱਪ ਬਹਿਣਾ ਮੁਸ਼ਕਲ ਸੀ। ਉਸਨੇ ਤੁਰੰਮ ਅੰਮ੍ਰਿਤਸਰ ਉੱਤੇ ਚੜ੍ਹਾਈ ਕਰ ਦਿੱਤੀ ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ 16 ਅਕਤੂਬਰ ਦੀ ਸ਼ਾਮ ਨੂੰ ਸ਼ਹਿਰ ਦੇ ਨੇੜੇ ਡੇਰੇ ਆ ਲਾਏ। ਅਗਲੇ ਦਿਨ ਪਹੁ-ਫੁਟਾਲੇ ਦੇ ਨਾਲ ਹੀ ਸਿੱਖਾਂ ਨੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ। ਅਗੋਂ ਦੁਰਾਨੀ ਵੀ ਲੜਨ ਆਏ ਸਨ, ਘਮਾਸਾਨ ਮੱਚ ਗਿਆ। ਸਿੱਖਾਂ ਨੂੰ ਦੁਹਰਾ ਗੁੱਸਾ ਸੀ। ਇਕ ਘਲੂਘਾਰੇ ਦਾ ਤੇ ਦੂਜਾ ਹਰਿਮੰਦਰ ਦੀ ਬੇਅਦਬੀ ਦਾ। ਲੜਾਈ ਉਹਨਾਂ ਖ਼ੁਦ ਸਹੇੜੀ ਸੀ ਤੇ ਉਹ ਸ਼ਹੀਦੀਆਂ ਦੇਣ ਲਈ ਸਿਰ ਹੱਥੇਲੀਆਂ ਉੱਤੇ ਰੱਖ ਕੇ ਆਏ ਸਨ। ਅਜਿਹੇ ਜਾਨ 'ਤੇ ਖੇਡ ਜਾਣ ਵਾਲੇ ਸੂਰਿਆਂ ਨਾਲ ਦੁਰਾਨੀਆਂ ਦਾ ਪਹਿਲੀ ਵੇਰ ਟਾਕਰਾ ਹੋਇਆ ਸੀ। ਉਹਨਾਂ ਦੀ ਭੂਤਨੀ ਭੁੱਲ ਗਈ। ਲੜਾਈ ਚੱਲ ਹੀ ਰਹੀ ਸੀ ਕਿ ਪੂਰਣ ਸੂਰਜ ਗ੍ਰਹਿਣ ਲੱਗ ਗਿਆ ਤੇ ਏਨਾ ਹਨੇਰਾ ਹੋ ਗਿਆ ਕਿ ਦਿਨੇ ਤਾਰੇ ਨਿੱਕਲ ਆਏ। ਅੱਗੇ ਰਾਤ ਵੀ ਮੱਸਿਆ ਦੀ ਸੀ। ਹਨੇਰਾ ਹੋਰ ਗੂੜ੍ਹਾ ਹੋ ਗਿਆ ਤੇ ਲੜਾਈ ਬੰਦ ਹੋ ਗਈ। ਦੋਹੇਂ ਸੈਨਾਵਾਂ ਆਪੋ ਆਪਣੇ ਖ਼ੇਮਿਆਂ ਵਿਚ ਚਲੀਆਂ ਗਈਆਂ।
ਸਵੇਰ ਹੋਈ ਤਾਂ ਪਤਾ ਲੱਗਿਆ ਕਿ ਦੁਰਾਨੀ ਰਾਤ ਦੇ ਹਨੇਰੇ ਵਿਚ ਲਾਹੌਰ ਪਰਤ ਗਏ ਹਨ। ਸਿੱਖਾਂ ਨਾਲ ਦੁਬਾਰਾ ਖੁੱਲ੍ਹੀ ਟੱਕਰ ਨਹੀਂ ਹੋ ਸਕੀ।
ਇਸ ਪਿੱਛੋਂ ਅਬਦਾਲੀ ਦੋ ਮਹੀਨੇ ਲਾਹੌਰ ਵਿਚ ਰੁਕਿਆ ਤੇ ਪੰਜਾਬ ਵਿਚ ਆਪਣੀ ਸਥਿਤੀ ਠੀਕ ਕੀਤੀ। ਕਾਂਗੜੇ ਦੇ ਰਾਜੇ ਘੁਮੰਡ ਚੰਦ ਨੂੰ ਰਾਜੇ ਦਾ ਖ਼ਿਤਾਬ ਦਿੱਤਾ ਤੇ ਬਿਆਸ ਤੋਂ ਸਤਲੁਜ ਤਕ ਦੇ ਪਹਾੜੀ ਇਲਾਕੇ ਦਾ ਪ੍ਰਬੰਧ ਉਸਦੇ ਅਧੀਨ ਕਰ ਦਿੱਤਾ। ਸਆਦਤ ਯਾਰ ਖ਼ਾਂ ਨੂੰ ਜਲੰਧਰ ਦੁਆਬੇ ਦਾ ਤੇ ਮੁਰਾਦ ਖ਼ਾਂ ਨੂੰ ਬਾਰੀ ਦੁਆਬੇ ਦਾ ਹਾਕਮ ਥਾਪ ਦਿੱਤਾ। ਜਹਾਨ ਖ਼ਾਂ, ਜਿਹੜਾ ਪੇਸ਼ਾਵਰ ਦਾ ਹਾਕਮ ਸੀ, ਉਸਦੇ ਅਧਿਕਾਰ ਦੀ ਸੀਮਾ ਰਚਨਾ ਦੁਆਬੇ ਤੇ ਸਿੱਧ ਦੁਆਬੇ ਤਕ ਵਧਾ ਦਿੱਤੀ ਗਈ। ਲਾਹੌਰ ਦਾ ਹਾਕਮ ਕਾਬੁਲੀ ਮੱਲ ਨੂੰ ਤੇ ਕਸ਼ਮੀਰ ਦਾ ਨੁਰੂਦੀਨ ਵਾਮੇਜਈ ਨੂੰ ਬਣਾ ਦਿੱਤਾ ਗਿਆ।
ਉਧਰ ਅਫ਼ਗਾਨਿਸਤਾਨ ਵਿਚ ਗੜਬੜੀ ਦੀਆਂ ਖ਼ਬਰਾਂ ਆ ਰਹੀਆਂ ਸਨ। ਬਾਲਾ ਹਿਸਾਰ ਦੀ ਸੁਰੱਖਿਆ ਖ਼ਤਰੇ ਵਿਚ ਸੀ, ਇਸ ਲਈ ਉਸਦਾ ਉੱਥੇ ਪਹੁੰਚਣਾ ਜ਼ਰੂਰੀ ਹੋ ਗਿਆ ਸੀ। ਸੋ 12 ਦਸੰਬਰ 1762 ਨੂੰ ਉਹ ਲਾਹੌਰ ਤੋਂ ਕਾਬੁਲ ਵੱਲ ਹੋ ਗਿਆ।
ਜਦੋਂ ਉਹ ਰਾਵੀ ਪਾਰ ਕਰ ਰਿਹਾ ਸੀ ਤਾਂ ਸਿੱਖਾਂ ਨੇ ਉਸ ਉੱਤੇ ਏਨੇ ਨੇੜੇ ਹੋ ਹੋ ਕੇ ਹਮਲੇ ਕੀਤੇ ਕਿ ਉਸਨੂੰ ਆਪਣੀ ਮਜ਼ਬੂਰੀ ਉੱਤੇ ਗੁੱਸਾ ਚੜ੍ਹਨ ਲੱਗ ਪਿਆ। ਪਿਸ਼ਾਵਰ ਤੋਂ ਦਿੱਲੀ ਤਕ ਪੱਕੇ ਇੰਤਜ਼ਾਮ ਕਰਨ ਦੀ ਜਿਹੜੀ ਯੋਜਨਾ ਉਸਨੇ ਬਣਾਈ ਸੀ, ਬੋਦੀ ਪੁਰਾਣੀ ਰੱਸੀ ਵਾਂਗ ਟੁੱਟਦੀ ਹੋਈ ਨਜ਼ਰ ਆਈ।

ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਾਪਸ ਚਲਾ ਗਿਆ ਸੀ, ਸਿੱਖਾਂ ਨੇ ਦੋ ਕੰਮ ਕਰਨੇ ਸਨ—ਇਕ ਸੀ ਅਬਦਾਲੀ ਨੇ ਪੇਸ਼ਾਵਰ ਤੋਂ ਦਿੱਲੀ ਤਕ ਆਪਣੀ ਬਿਸਾਤ ਉੱਤੇ ਜਿਹੜੇ ਮੋਹਰੇ ਬਿਠਾਏ ਸਨ ਉਹਨਾਂ ਨੂੰ ਕੁੱਟਣਾ, ਮਾਰਨਾ ਤੇ ਖਿਲਾਰਣਾ। ਦੂਜਾ ਕੰਮ ਸੀ ਹਰਿਮੰਦਰ ਸਾਹਬ ਦਾ ਨਿਰਮਾਣ ਤੇ ਸਰੋਵਰ ਦੀ ਖ਼ੁਦਾਈ। ਸਰਦਾਰ ਆਹਲੂਵਾਲੀਆ ਨੇ ਦਲ ਖਾਲਸਾ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਤੇ ਸਰਬਤ ਖਾਲਸਾ ਨੇ ਫੈਸਲਾ ਲਿਆ ਕਿ ਦੁਆਬੇ ਤੇ ਮਾਲਵੇ ਦੀਆਂ ਮਿਸਲਾਂ—ਆਹਲੂਵਾਲੀਆ, ਸਿੰਘ ਪੁਰੀਆ, ਡੱਲੇ ਵਾਲੀਆ, ਕਰੋੜ ਸਿੰਘੀਆ, ਨਿਸ਼ਾਨ ਵਾਲੇ ਤੇ ਸ਼ਹੀਦ, ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਅਬਦਾਲੀ ਦੇ ਮੋਹਰਿਆਂ ਨੂੰ ਉਜਾੜਨ-ਉਖਾੜਨਗੇ ਤੇ ਜਿਸ ਕਿਸੇ ਨੇ ਵੀ ਖਾਲਸੇ ਉਪਰ ਵਾਧਾ ਕੀਤਾ ਸੀ, ਉਸਦੀ ਭਾਜੀ ਮੋੜਨਗੇ ਤਾਂਕਿ ਪੰਜਾਬ ਦੀ ਧਰਤੀ ਤੋਂ ਬਾਹਰੀ ਤੇ ਅੰਦਰੂਨੀ ਦੁਸ਼ਮਣਾ ਦਾ ਸਫਾਇਆ ਕੀਤਾ ਜਾ ਸਕੇ। ਦੂਜੇ ਪਾਸੇ ਮਾਝੇ ਤੇ ਰਿਆੜ ਦੀਆਂ ਮਿਸਲਾਂ—ਰਾਮਗੜ੍ਹੀਆ, ਕਨ੍ਹਈਆ, ਸ਼ੁਕਰ ਚੱਕੀਆ, ਭੰਗੀ ਅਤੇ ਨਕਈ ਹਰੀ ਸਿੰਘ ਭੰਗੀ ਦੀ ਅਗਵਾਈ ਵਿਚ ਹਰਿਮੰਦਰ ਤੇ ਸਰੋਵਰ ਦੇ ਨਿਰਮਾਣ ਦਾ ਕੰਮ ਕਰਨਗੀਆਂ।
10 ਅਪਰੈਲ 1763 ਦੀ ਵਿਸਾਖੀ ਸੀ। ਇਸ ਸਮੇਂ ਖਾਲਸੇ ਦਾ ਬੋਲਬਾਲਾ ਸੀ। ਰਾਜਨੀਤਕ, ਸਮਾਜਿਕ ਤੇ ਧਾਰਮਿਕ ਮਾਮਲਿਆਂ ਵਿਚ ਉਹ ਸਭ ਦੀ ਫ਼ਰਿਆਦ ਸੁਣਦਾ ਸੀ ਤੇ ਦੀਨ ਦੁਖੀਆਂ ਦੇ ਕੰਮ ਆਉਂਦਾ ਸੀ। ਇਸ ਦਿਨ ਦੀਵਾਨ ਸਜਿਆ ਹੋਇÎਆ ਸੀ ਤੇ ਹਰੀ ਸਿੰਘ ਭੰਗੀ ਉੱਥੇ ਬੈਠਾ ਸੀ। ਇਕ ਬ੍ਰਾਹਮਣ ਨੇ ਆ ਕੇ ਫ਼ਰਿਆਦ ਕੀਤੀ ਕਿ ਉਸਮਾਨ ਖ਼ਾਂ ਕਸੂਰੀਆ ਉਸਦੀ ਪਤਨੀ ਨੂੰ ਚੁੱਕ ਕੇ ਲੈ ਗਿਆ ਹੈ। ਹਰੀ ਸਿੰਘ ਬ੍ਰਾਹਮਣ ਦੀ ਮਦਦ ਲਈ ਤਿਆਰ ਹੋ ਗਿਆ, ਪਰ ਕੁਝ ਸਿੱਖਾਂ ਨੇ ਵਿਰੋਧ ਕੀਤਾ...ਤਰਕ ਇਹ ਸੀ ਕਿ ਕਸੂਰ ਦੇ ਪਠਾਨ ਬੜੇ ਤਾਕਤਵਰ ਨੇ; ਉੱਥੇ ਅਨੇਕਾਂ ਗੜ੍ਹੀਆਂ ਬਣੀਆਂ ਹੋਈਆਂ ਨੇ, ਜਿਹਨਾਂ ਵਿਚ ਗੋਲਾ ਬਾਰੂਦ ਤੇ ਹਥਿਆਰ ਭਰੇ ਪਏ ਨੇ, ਦੂਜੇ ਪਠਾਨ ਉਸਦੀ ਮਦਦ ਲਈ ਆ ਜਾਣਗੇ ਜਦਕਿ ਖਾਲਸੇ ਦੀ ਨਫਰੀ ਬੜੀ ਘੱਟ ਹੈ।
ਹਰੀ ਸਿੰਘ ਨੇ ਉਤਰ ਦਿੱਤਾ, “ਇਸ ਬ੍ਰਾਹਮਣ ਨੇ ਗੁਰੂ ਦੇ ਦਰਬਾਰ ਵਿਚ ਪੁਕਾਰ ਕੀਤੀ ਏ। ਇਸ ਲਈ ਇਸਦੀ ਸਹਾਇਤਾ ਕਰਨਾ ਸਾਡਾ ਫ਼ਰਜ਼ ਬਣਦਾ ਹੈ।”
ਚੜ੍ਹਤ ਸਿੰਘ ਨੇ ਤਲਵਾਰ ਮਿਆਨ ਵਿਚੋਂ ਕੱਢ ਕੇ ਕਿਹਾ, “ਸ਼੍ਰੀ ਦਰਬਾਰ ਸਾਹਬ ਵਿਚ ਗ੍ਰੰਥ ਸਾਹਬ ਦੀ ਹਜ਼ੂਰੀ ਵਿਚ ਅਰਦਾਸ ਕਰ ਕੇ ਵਾਕ ਲਿਆ ਜਾਵੇ ਤੇ ਜੋ ਹੁਕਮ ਹੋਵੇ, ਉਸਦੀ ਪਾਲਨਾ ਕੀਤੀ ਜਾਵੇ।”
ਇਹ ਗੱਲ ਸਾਰਿਆਂ ਨੇ ਮੰਨ ਲਈ। ਗ੍ਰੰਥ ਸਾਹਬ ਦੇ ਪੰਨੇ ਉਲਦੇ ਗਏ, ਜਿਹੜਾ ਪੰਨਾ ਖੁੱਲ੍ਹਿਆ ਉਸ ਉੱਤੇ ਪਹਿਲਾ ਵਾਕ ਇਹ ਸੀ—
ਪੰਜੇ ਬੰਧੇ ਮਹਾਬਲੀ ਕਰਿ ਸਚਾ ਢੋਆ
ਆਪਣੇ ਚਰਨ ਜਮਾਈ ਨੂ ਵਿਚ ਦਾਯੁ ਖਾਲੋਆ।
ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ।
ਦਿਨ ਰੈਣੀ ਨਾਮੁ ਧਿਆਈਆ ਫਿਰਿ ਪਾਈ ਨ ਮੋਆ।
ਜਿਸਤੋਂ ਤੇ ਉਪਜਿਆ ਨਾਨਕ ਸੋਈ ਫਿਰਿ ਹੋਆ।
( ਜਿਸਨੇ ਲੋਭ, ਮੋਹ, ਕਰੋਧ, ਹੰਕਾਰ ਤੇ ਕਾਮ ਵਰਗੇ ਮਹਾਬਲੀਆਂ ਨੂੰ ਜਿੱਤ ਲਿਆ ਉਸ ਦੇ ਸਭ ਰੋਗ ਮਿਟ ਜਾਂਦੇ ਨੇ ਤੇ ਉਹ ਹਮੇਸ਼ਾ ਸਵਸਥ ਤੇ ਸੁਕੁਸ਼ਲ ਰਹਿੰਦਾ ਹੈ। ਨਾਨਕ ਜਿਹੜਾ ਦਿਨ-ਰਾਤ ਰਾਮ ਨਾਮ ਜਪਦਾ ਹੈ, ਉਹ ਕਦੀ ਮਰਦਾ ਨਹੀਂ, ਜਿਸ ਤੋਂ ਉਪਜਿਆ ਹੈ ਉਸੇ ਵਿਚ ਵਿਲੀਨ ਹੋ ਜਾਂਦਾ ਹੈ।)
ਇਸ ਮਹਾਵਾਕ ਨਾਲ ਖਾਲਸੇ ਦੇ ਸਾਰੇ ਸ਼ੰਕੇ ਮਿਟ ਗਏ। ਉਹਨਾਂ ਤੁਰੰਤ ਕਸੂਰ ਉੱਤੇ ਚੜ੍ਹਾਈ ਕਰ ਦਿੱਤੀ। ਰਸਤੇ ਵਿਚ ਨਾ ਝੰਡੇ ਲਹਿਰਾਏ ਨਾ ਨਗਾਰੇ ਵਜਾਏ ਤੇ ਨਾ ਹੀ ਕਿਸੇ ਨੂੰ ਛੇੜਿਆ। ਦੁਕਾਨਦਾਰਾਂ ਤੇ ਸੁਦਾਗਰਾਂ ਦੇ ਭੇਸ ਵਿਚ ਆਪਣੇ ਕੁਝ ਜਾਸੂਸ ਅੱਗੇ ਭੇਜ ਦਿੱਤੇ ਸਨ। ਰਮਜਾਨ ਦਾ ਮਹੀਨਾ ਸੀ ਤੇ ਅੰਤਾਂ ਦੀ ਗਰਮੀ ਪੈ ਰਹੀ ਸੀ। ਉਹ ਖ਼ਬਰ ਲਿਆਏ ਕਿ ਪਠਾਨ ਭੋਰਿਆਂ ਵਿਚ ਦਿਨ ਗੁਜ਼ਾਰ ਰਹੇ ਨੇ। ਸਿੱਖ ਚੁੱਪਚਾਪ ਤੇ ਅਚਾਨਕ ਸਿਖਰ ਦੁਪਹਿਰੇ ਸ਼ਹਿਰ ਵਿਚ ਜਾ ਦਾਖਲ ਹੋਏ।
ਸ਼ਹਿਰ ਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਉੱਤੇ ਆਪਣਾ ਪਹਿਰਾ ਬਿਠਾ ਦਿੱਤਾ। ਆਵਾਜਾਈ ਦਾ ਸਿਲਸਿਲਾ ਬੰਦ ਹੋ ਗਿਆ। ਮਾਮੂਲੀ ਜਿਹੀ ਲੜਾਈ ਹੋਈ। ਉਸਮਾਨ ਖ਼ਾਂ ਆਪਣੇ ਪੰਜ ਸੌ ਆਦਮੀਆਂ ਨਾਲ ਮਾਰਿਆ ਗਿਆ। ਬ੍ਰਾਹਮਣ ਦੀ ਪਤਨੀ ਉਸਦੇ ਹਵਾਲੇ ਕਰ ਦਿੱਤੀ ਗਈ। ਉਸਮਾਨ ਖ਼ਾਂ ਦੇ ਭਤੀਜੇ ਹਮੀਦ ਖ਼ਾਂ ਨੇ ਸਰਦਾਰ ਝੰਡਾ ਸਿੰਘ ਦੇ ਪੈਰਾਂ ਉੱਤੇ ਡਿੱਗ ਕੇ ਜਾਨ ਬਖ਼ਸ਼ ਦੇਣ ਦੀ ਅਰਜੋਈ ਕੀਤੀ ਤੇ ਇਸ ਲਈ ਚਾਰ ਲੱਖ ਰੁਪਏ ਨਜ਼ਰਾਨਾ ਦਿੱਤਾ। ਉਸ ਤੋਂ ਬਾਅਦ ਲੁੱਟ ਮੱਚੀ। ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ। ਲੁੱਟ ਵਿਚ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹੋ ਗਏ। ਇਸ ਲੁੱਟ ਵਿਚ ਏਨਾ ਧਨ ਹੱਥ ਲੱਗਿਆ ਕਿ ਬਹੁਤਿਆਂ ਦੇ ਦਲਿੱਦਰ ਦੂਰ ਹੋ ਗਏ ਤੇ ਕਸੂਰ ਸ਼ਹਿਰ ਬਰਬਾਦ ਹੋ ਗਿਆ।
ਜੱਸਾ ਸਿੰਘ ਆਹਲੂਵਾਲੀਆ ਆਪਣੀ ਡੱਲੇਵਾਲੀਆ ਤੇ ਸਿੰਘ ਪੁਰੀਆ ਮਿਸਲ ਨਾਲ ਜਲੰਧਰ ਦੁਆਬੇ ਵਿਚ ਪਹੁੰਚਿਆ, ਇੱਥੇ ਅਹਿਮਦ ਸ਼ਾਹ ਅਬਦਾਲੀ, ਸਆਦਤ ਖ਼ਾਂ ਨੂੰ ਫੌਜਦਾਰ ਥਾਪ ਕੇ ਗਿਆ ਸੀ। ਸਆਦਤ ਖ਼ਾਂ ਦੀ ਹਿੰਮਤ ਹੀ ਨਹੀਂ ਪਈ ਕਿਸ ਸਿੰਘਾਂ ਨਾਲ ਟੱਕਰ ਲੈ ਸਕੇ। ਉਹ ਚੁੱਪਚਾਪ ਜਲੰਧਰ ਵਿਚ ਬੈਠਾ ਰਿਹਾ। ਜਿਹੜੇ ਇਲਾਕੇ ਪਹਿਲਾਂ ਸਿੱਖਾਂ ਦੀ ਰਾਖੀ ਪ੍ਰਣਾਲੀ ਦੇ ਅਧੀਨ ਸਨ, ਉਹਨਾਂ ਉਪਰ ਮੁੜ ਕਬਜਾ ਕਰ ਲਿਆ ਗਿਆ।
1763 ਦੀ ਵਿਸਾਖੀ ਨੂੰ ਜੱਸਾ ਸਿੰਘ ਆਨੰਦਪੁਰ ਵਿਚ ਸੀ। ਉੱਥੇ ਗੁਰੂਦਵਾਰਿਆਂ ਦੇ ਦਰਸ਼ਨਾ ਲਈ ਆਏ ਸਿੰਘਾਂ ਨੇ ਦੱਸਿਆ ਕਿ ਕਾਠਗੜ੍ਹ ਦਾ ਗੋਲੇ ਖ਼ਾਂ ਤੇ ਗੜ੍ਹ ਸ਼ੰਕਰ ਦੇ ਰੰਘੜ ਰਸਤੇ ਵਿਚ ਸੰਗਤਾਂ ਨੂੰ ਲੁੱਟ ਲੈਂਦੇ ਹਨ। “ਰੰਘੜਾਂ ਦੀ ਇਹ ਹਿੰਮਤ ਕਿ ਉਸ ਸਾਡੇ ਹੁੰਦਿਆਂ ਸੰਗਤਾਂ ਨੂੰ ਲੁੱਟ ਲੈਣ...” ਜੱਸਾ ਸਿੰਘ ਨੂੰ ਗੁੱਸਾ ਆ ਗਿਆ ਤੇ ਉਸਨੇ ਤੁਰੰਤ ਦੋਹੇਂ ਇਲਾਕੇ ਆਪਣੇ ਕਬਜੇ ਵਿਚ ਲੈ ਲਏ।
ਆਨੰਦਪੁਰ ਤੋਂ ਖਾਲਸਾ ਦਲ ਮਾਲਵੇ ਵਿਚ ਆ ਗਿਆ। ਮਲੇਰਕੋਟਲੀਏ ਭੀਖਨ ਖ਼ਾਂ ਨੇ ਘੱਲੂਘਾਰੇ ਵਿਚ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇ ਕੇ ਸਿੱਖਾਂ ਨੂੰ ਖਾਸਾ ਨੁਕਸਾਨ ਪੁਚਾਇਆ ਸੀ। ਹੁਣ ਦਲ ਖਾਲਸ ਨੇ ਮਲੇਰਕੋਟਲੇ ਦਾ ਪੂਰਾ ਇਲਾਕਾ ਮਿੱਧ ਸੁੱਟਿਆ ਤੇ ਨਵਾਬ ਭੀਖਨ ਖ਼ਾਂ ਇਕ ਲੜਾਈ ਵਿਚ ਮਾਰਿਆ ਗਿਆ। ਇਸ ਪਿੱਛੋਂ ਦਲ ਖਾਲਸਾ ਨੇ ਸਰਹਿੰਦ ਵਲ ਕੂਚ ਕੀਤਾ ਤੇ ਆਸਪਾਸ ਦਾ ਇਲਾਕਾ ਉਗਰਾ ਲਿਆ।
ਬਰਸਾਤ ਸ਼ੁਰੂ ਹੋਈ ਤਾਂ ਖਾਲਸਾ ਦੁਆਬੇ ਵਿਚ ਪਰਤ ਆਇਆ ਤੇ ਦੋ ਢਾਈ ਮਹੀਨੇ ਆਰਾਮ ਕੀਤਾ।
5 ਮਾਰਚ, 1763 ਦੀ ਦੀਵਾਲੀ ਸੀ। ਸਰਬਤ ਖਾਲਸਾ ਛੇਤੀ ਤੋਂ ਛੇਤੀ ਸਰਹਿੰਦ ਉੱਤੇ ਚੜ੍ਹਾਈ ਕਰਨ ਦੀ ਵਿਉਂਤ ਬੰਦੀ ਕਰ ਰਿਹਾ ਸੀ। ਉਦੋਂ ਹੀ ਗੁਜਰਾਂਵਾਲਾ ਤੋਂ ਚੜ੍ਹਤ ਸਿੰਘ ਦਾ ਸੁਨੇਹਾ ਆਇਆ ਕਿ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖ਼ਾਂ ਨੇ ਅਟਕ ਪਾਰ ਕਰ ਲਿਆ ਹੈ ਤੇ ਉਹ ਜੰਮੂ ਦੇ ਰਾਜੇ ਰਣਜੀਤ ਦੇਵ ਦੀ ਸਹਾਇਤਾ ਨਾਲ ਸਿੱਖਾਂ ਉੱਤੇ ਹਮਲਾ ਕਰੇਗਾ। ਇਹ ਪਤਾ ਲੱਗਦਿਆਂ ਹੀ ਜੱਸਾ ਸਿੰਘ ਆਹਲੂਵਾਲੀਆ, ਝੰਡਾ ਸਿੰਘ ਤੇ ਗੁਜਰ ਸਿੰਘ ਚੜ੍ਹਤ ਸਿੰਘ ਨਾਲ ਆ ਮਿਲੇ ਤੇ ਜਹਾਨ ਖ਼ਾਂ ਨੂੰ ਜਾ ਲਲਕਾਰਿਆ। ਲੜਾਈ ਵਿਚ ਜਹਾਨ ਖ਼ਾਂ ਦਾ ਘੋੜਾ ਮਰ ਗਿਆ। ਜਹਾਨ ਖ਼ਾਂ ਭੋਇਂ ਤੇ ਆ ਡਿੱਗਿਆ। ਇਹ ਦੇਖਦਿਆਂ ਹੀ ਸਿੰਘ 'ਮਾਰ ਲਿਆ, ਮਾਰ ਲਿਆ...ਜਹਾਨ ਖ਼ਾਂ ਮਾਰ ਲਿਆ। ਬੋਲੇ ਸੋ ਨਿਹਾਲ, ਸਤ ਸ਼੍ਰੀ ਆਕਾਲ; ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ...” ਦੇ ਜੈਕਾਰੇ ਛੱਡਦੇ ਹੋਏ ਅਫ਼ਗਾਨਾ 'ਤੇ ਟੁੱਟ ਪਏ ਤੇ ਉਹਨਾਂ ਵਿਚ ਭਗਦੜ ਮੱਚ ਗਈ। ਜਹਾਨ ਖ਼ਾਂ ਜਾਨ ਬਚਾਅ ਕੇ ਰੋਹਤਾਸ ਗੜ੍ਹ ਵੱਲ ਭੱਜ ਲਿਆ। ਉਸਦਾ ਇਕ ਹਾਥੀ, ਜੰਗੀ ਸਾਮਾਨ ਤੇ ਪੂਰੇ ਦਾ ਪੂਰਾ ਪਰਵਾਰ ਸਿੱਖਾਂ ਦੇ ਹੱਥ ਲੱਗਿਆ।
ਜਹਾਨ ਖ਼ਾਂ ਦੀ ਬੇਗ਼ਮ ਨੇ ਸਰਦਾਰ ਜੱਸਾ ਸਿੰਘ ਨੂੰ ਅਰਜ ਕੀਤੀ ਕਿ 'ਇਸ ਵੇਲੇ ਸਾਡਾ ਪਰਦਾ ਤੇ ਸਾਡੀ ਇੱਜ਼ਤ ਤੁਹਾਡੇ ਹੱਥ ਵਿਚ ਹੈ।' ਇਹ ਵੀ ਪਤਾ ਲੱਗਿਆ ਕਿ ਜੇਵਰ ਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਵੀ ਔਰਤਾਂ ਕੋਲ ਹੈ। ਸਰਦਾਰ ਜੱਸਾ ਸਿੰਘ ਨੇ ਬੇਗ਼ਮ ਨੂੰ ਕਹਿ ਭੇਜਿਆ ਕਿ 'ਤੁਸੀਂ ਜ਼ਰਾ ਵੀ ਫਿਕਰ ਨਾ ਕਰੋ। ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਲੜਾਈ, ਲੜਨ ਵਾਲੇ ਨਾਲ ਸੀ। ਤੁਹਾਡੀ ਤੇ ਤੁਹਾਡੇ ਮਾਲ ਦੀ ਹਰ ਤਰ੍ਹਾਂ ਹਿਫਾਜ਼ਤ ਕੀਤੀ ਜਾਏਗੀ। ਜਿੱਥੇ ਤੁਸੀਂ ਜਾਣਾ ਚਾਹੋਂ, ਅਸੀਂ ਤੁਹਾਨੂੰ ਉੱਥੇ ਪਹੁੰਚਾ ਦਿਆਂਗੇ।'
ਬੇਗ਼ਮ ਨੇ ਜੰਮੂ ਜਾਣ ਦੀ ਇੱਛਾ ਪਰਗਟ ਕੀਤੀ ਤੇ ਜੱਸਾ ਸਿੰਘ ਨੇ ਆਪਣੇ ਡੋਲੀ ਬਰਦਾਰਾਂ ਦੇ ਨਾਲ ਉਸਨੂੰ ਉੱਥੇ ਪਹੁੰਚਾ ਦਿੱਤਾ।
ਹੁਣ ਸਰਹਿੰਦ ਦੀ ਵਾਰੀ ਸੀ। ਸਰਹਿੰਦ ਦੀ ਜਿੱਤ ਦਾ ਅਰਥ ਸੀ, ਮਾਲਵੇ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਹਕੂਮਤ ਦਾ ਸਫਾਇਆ। ਜੱਸਾ ਸਿੰਘ ਆਹਲੂਵਾਲੀਆ ਨੂੰ ਇਹ ਸੂਚਨਾ ਮਿਲ ਚੁੱਕੀ ਸੀ ਕਿ ਸਰਹਿੰਦ ਦਾ ਫੌਜਦਾਰ ਜੈਨ ਖ਼ਾਂ ਧਨ ਇਕੱਠਾ ਕਰਨ ਵਿਚ ਰੁੱਝਿਆ ਹੋਇਆ ਹੈ ਤੇ ਉਸਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ। ਇਸ ਅੰਨ੍ਹੀ ਲੁੱਟ ਹੱਥੋਂ ਲੋਕ ਦੁਖੀ ਹਨ। ਕਾਰਨ ਇਹ ਕਿ ਉਸਨੇ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਉਗਰਾਈ ਵਿਚ ਜਿਹੜਾ ਅਨਾਜ ਆਉਂਦਾ, ਉਸਦਾ ਕੁਝ ਹਿੱਸਾ ਅਫ਼ਸਰਾਂ ਤੇ ਸਿਪਾਹੀਆਂ ਨੂੰ ਦੇ ਦਿੱਤਾ ਜਾਂਦਾ ਸੀ ਜਿਹੜਾ ਉਹਨਾਂ ਦੀ ਇਕ ਚੌਥਾਈ ਤਨਖ਼ਾਹ ਦੇ ਬਰਾਬਰ ਵੀ ਨਹੀਂ ਸੀ ਹੁੰਦਾ। ਸਿੱਟਾ ਇਹ ਕਿ ਉਸਦੇ ਕਈ ਅਫ਼ਸਰ ਉਸਦੀ ਨੌਕਰੀ ਛੱਡ ਕੇ ਗੰਗ ਦੁਆਬੇ ਵਿਚ ਨਜੀਬੂਦੌਲਾ ਕੋਲ ਚਲੇ ਗਏ ਸਨ। ਜੈਨ ਖ਼ਾਂ ਨੂੰ ਛੱਡ ਕੇ ਚਲੇ ਜਾਣ ਵਾਲੇ ਅਫ਼ਸਰਾਂ ਵਿਚ ਕਾਸਿਮ ਖ਼ਾਂ, ਮੁਰਤਜਾ ਖ਼ਾਂ ਤੇ ਤਹਿਮਸ ਖ਼ਾਂ ਮਿਸਕੀਨ ਵੀ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਜੈਨ ਖ਼ਾਂ ਨੂੰ ਸਰਹਿੰਦ ਦਾ ਫੌਜਦਾਰ ਥਾਪਿਆ ਸੀ ਤਾਂ ਤਹਿਮਸ ਖ਼ਾਂ ਉਸਦੀ ਮੁਲਾਜਮਤ ਵਿਚ ਚਲਾ ਗਿਆ ਸੀ। ਜਦੋਂ ਤਕ ਤਹਿਮਸ ਖ਼ਾਂ ਸਰਹਿੰਦ ਵਿਚ ਰਿਹਾ ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਵੀ ਉਸਦੇ ਨਾਲ ਸਰਹਿੰਦ ਵਿਚ ਰਿਹਾ। ਪਰ ਜਦੋਂ ਤਹਿਮਸ ਖ਼ਾਂ ਨਵੀਂ ਨੌਕਰੀ ਦੀ ਭਾਲ ਵਿਚ ਗੰਗ ਦੁਆਬੇ ਚਲਾ ਗਿਆ ਤਾਂ ਮੇਹਰ ਚੰਦ ਉਰਫ ਮੇਹਰ ਅਲੀ ਪੰਜਾਬ ਪਰਤ ਆਇਆ ਤੇ ਸਰਦਾਰ ਆਹਲੂਵਾਲੀਆ ਨੂੰ ਇਹ ਜਾਣਕਾਰੀ ਉਸੇ ਤੋਂ ਮਿਲੀ।

ਸਰਬਤ ਖਾਲਸਾ ਨੇ ਅੰਮ੍ਰਿਤਸਰ ਅਕਾਲ ਤਖ਼ਤ ਦੇ ਹਜ਼ੂਰ ਵਿਚ ਅਰਦਾਸ ਕੀਤੀ ਤੇ 13 ਜਨਵਰੀ 1764 ਨੂੰ ਸ਼ੁਕਰਵਾਰ ਵਾਲੇ ਦਿਨ ਸਰਹਿੰਦ ਉੱਤੇ ਚੜ੍ਹਾਈ ਕਰ ਦਿੱਤੀ। ਜੈਨ ਖ਼ਾਂ ਆਪਣੀ ਫੌਜ ਨਾਲ ਪਿੰਡਾਂ ਵਿਚ ਉਗਰਾਈ ਕਰਦਾ ਘੁੰਮ ਰਿਹਾ ਸੀ। ਦਲ ਖਾਲਸੇ ਦੀ ਗਿਣਤੀ ਪੰਜਾ ਹਜ਼ਾਰ ਸੀ। ਜੱਸਾ ਸਿੰਘ ਨੇ ਉਹਨਾਂ ਨੂੰ ਕਿਹਾ, “ਸਾਡੇ ਲਈ ਚੰਗਾ ਮੌਕਾ ਏ ਕਿ ਅਸੀਂ ਜੈਨ ਖ਼ਾਂ ਨੂੰ ਪਿੰਡਾਂ ਵੱਲ ਹੀ ਘੇਰ ਲਈਏ, ਜੇ ਉਹ ਸ਼ਹਿਰ ਪਹੁੰਚ ਕੇ ਕਿਲੇ ਵਿਚ ਵੜ ਗਿਆ ਤਾਂ ਲੜਾਈ ਲੰਮੀ ਹੋ ਜਾਏਗੀ।” ਇਹ ਸਲਾਹ ਸਾਰਿਆਂ ਨੂੰ ਪਸੰਦ ਆਈ। ਬੁੱਢਾ ਦਲ ਨੇ ਜੱਸਾ ਸਿੰਘ ਦੀ ਕਮਾਂਡ ਵਿਚ ਜੈਨ ਖ਼ਾਂ ਨੂੰ ਅੱਗਿਓਂ ਰੋਕਣ ਲਈ ਬਸੀ ਦੇ ਪੂਰਬ ਵਿਚ ਭਾਗਲਪੁਰ ਜਾ ਮੋਰਚਾ ਲਇਆ ਤੇ ਤਰੁਣਾ ਦਾਲ ਚੜ੍ਹਤ ਸਿੰਘ ਦੀ ਕਮਾਨ ਵਿਚ ਦੱਖਣ ਪੂਰਬ ਵਿਚ ਮਨਹੇੜੀ ਜਾ ਪਹੁੰਚਿਆ। ਜਿਸ ਤਰ੍ਹਾਂ ਸਿੱਖ ਕੁਪ ਵਿਚ ਘਿਰ ਗਏ ਸਨ, ਐਨ ਉਸੇ ਤਰ੍ਹਾਂ ਜੈਨ ਖ਼ਾਂ ਦੋਹੇਂ ਪਾਸਿਓਂ ਘਿਰ ਗਿਆ। ਸਿੰਘਾਂ ਨੇ ਸਾਰੀ ਰਾਤ ਤਿਆਰ ਬਰ ਤਿਆਰ ਘੋੜਿਆਂ ਉੱਤੇ ਬਿਤਾਈ। ਉਧਰ ਜੈਨ ਖ਼ਾਂ ਨੂੰ ਪਤਾ ਲੱਗਿਆ ਤਾਂ ਉਸਨੇ ਵੀ ਰਾਤ ਖੜ੍ਹੇ ਖੜ੍ਹੇ ਹੀ ਲੰਘਾਈ।
24 ਜਨਵਰੀ ਦੀ ਸਵੇਰ ਦੇ ਘੁਸਮੁਸੇ ਵਿਚ ਜੈਨ ਖ਼ਾਂ ਕੁਝ ਸਵਾਰਾਂ ਨੂੰ ਨਾਲ ਲੈ ਕੇ ਮਨਹੇੜੇ ਵੱਲ ਤੁਰ ਪਿਆ ਤਾਂ ਕਿ ਅੱਖ ਬਚਾ ਕੇ ਚੁੱਪਚਾਪ ਨਿਕਲ ਜਾਏ ਤੇ ਸ਼ਹਿਰ ਵਿਚ ਪਹੁੰਚ ਜਾਏ। ਤੋਪਾਂ, ਜੰਬੂਰੇ ਤੇ ਘੋੜੇ ਆਦੀ ਉਸਨੇ ਬਹੀਰ ਕੋਲ ਛੱਡ ਦਿੱਤੇ ਤੇ ਉਹਨਾਂ ਨੂੰ ਧੌਂਸੇ ਤੇ ਨਗਾੜੇ ਵਜਾਉਂਦੇ ਰਹਿਣ ਦਾ ਹੁਕਮ ਦਿੱਤਾ। ਉਸਨੇ ਸੋਚਿਆ ਸੀ ਕਿ ਨਗਾੜਿਆਂ ਦੀ ਆਵਾਜ਼ ਸੁਣ ਕੇ ਖਾਲਸੇ ਦਾ ਧਿਆਨ ਉਧਰ ਹੋ ਜਾਏਗਾ ਤੇ ਉਹ ਸਾਮਾਨ ਲੁੱਟਣ ਲਈ ਟੁੱਟ ਪੈਣਗੇ ਤੇ ਉਸਨੂੰ ਸਰਹਿੰਦ ਪਹੁੰਚ ਕੇ ਕਿਲੇ ਵਿਚ ਮੋਰਚਾ ਲੈਣ ਦਾ ਮੌਕਾ ਮਿਲ ਜਾਏਗਾ।
ਪਰ ਇੰਜ ਨਾ ਹੋ ਸਕਿਆ। ਸਰਦਾਰ ਆਹਲੂਵਾਲੀਆ ਹਰ ਪੱਖ ਤੋਂ ਚੁਕੰਨਾ ਸੀ। ਉਸਨੇ ਸੂਹੀਏ ਛੱਡੇ ਹੋਏ ਸਨ। ਧੌਂਸ ਦੀ ਆਵਾਜ਼ ਸੁਣ ਕੇ ਤਰੁਣਾ ਦਲ ਦੇ ਮਝੈਲ ਬਹੀਰ ਵੱਲ ਦੌੜੇ। ਸੂਹੀਆਂ ਨੇ ਜੱਸਾ ਸਿੰਘ ਨੂੰ ਖ਼ਬਰ ਦਿੱਤੀ ਤਾਂ ਬੁੱਢਾ ਦਾਲ ਨੇ ਜੈਨ ਖ਼ਾਂ ਨੂੰ ਜਾ ਘੇਰਿਆ। ਜੈਨ ਖ਼ਾਂ ਨੇ ਕੁਝ ਫੌਜ ਸਿੱਖ ਦਸਤਿਆਂ ਦੇ ਮੁਕਾਬਲੇ ਲਈ ਭੇਜ ਦਿੱਤੀ ਤੇ ਆਪ ਸ਼ਹਿਰ ਵੱਲ ਵਧਣਾ ਜ਼ਾਰੀ ਰੱਖਿਆ। ਪਰ ਅੱਗੇ ਵੀ ਸਿੱਖ ਮੌਜ਼ੂਦ ਸਨ। ਉਹਨਾਂ ਦੀਆਂ ਗੋਲੀਆਂ ਦੀ ਵਾਛੜ ਨਾਲ ਜਖ਼ਮੀ ਹੋ ਕੇ ਜੈਨ ਖ਼ਾਂ ਭੁੰਜੇ ਡਿੱਗ ਪਿਆ। ਉਸਦੇ ਸਾਥੀਆਂ ਵਿਚ ਸ਼ੋਰ ਮੱਚ ਗਿਆ, 'ਬਰਕੁਨ, ਬਰਕੁਨ' ਦੀਆਂ ਆਵਾਜ਼ਾਂ ਸੁਣ ਕੇ ਸਿੱਖ ਸਮਝ ਗਏ ਕਿ ਜੈਨ ਖ਼ਾਂ ਡਿੱਗ ਪਿਆ ਹੈ ਤੇ ਬਹੁਤ ਸਾਰੇ ਸਿੱਖ ਉੱਥੇ ਜਾ ਪਹੁੰਚੇ। ਮਾੜੀ ਦੇ ਤਾਰਾ ਸਿੰਘ ਨੇ ਅੱਗੇ ਵਧ ਕੇ ਜੈਨ ਖ਼ਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਜੈਨ ਖ਼ਾਂ ਦੇ ਮਾਰੇ ਜਾਣ ਦੀ ਦੇਰ ਸੀ ਕਿ ਅਫ਼ਗਾਨ ਫੌਜ ਭੱਜ ਖੜ੍ਹੀ ਹੋਈ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ।
ਜੱਥੇ ਬਾਣ ਲਾਗੀ।
ਤੱਥੇ ਰੋਸ ਜਾਗੀ।।
ਘੱਲੂਕਾਰਾ ਕਾਂਢ ਨੇ ਸਿੱਖਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਸੀ। ਉਸ ਤੋਂ ਠੀਕ ਦੋ ਸਾਲ ਪਿੱਛੋਂ ਸਰਹਿੰਦ ਫਤਿਹ ਕਰਕੇ ਉਹਨਾਂ ਉਸਦਾ ਬਦਲਾ ਲੈ ਲਿਆ। 14 ਜਨਵਰੀ, 1761 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਪਾਨੀਪਤ ਵਿਚ ਮਰਾਠਿਆਂ ਨੂੰ ਹਰਾਇਆ ਸੀ। ਉਸ ਤੋਂ ਤਿੰਨ ਸਾਲ ਬਾਅਦ 14 ਜਨਵਰੀ, 1764 ਨੂੰ ਦੁਰਾਨੀਆਂ ਨੂੰ ਸਰਹਿੰਦ ਵਿਚ ਹਰਾ ਕੇ ਖਾਲਸੇ ਨੇ ਸਤਿਲੁਜ ਪਾਰ ਦੇ ਦੱਖਣੀ ਇਲਾਕੇ ਵਿਚੋਂ ਉਹਨਾਂ ਦੀ ਹਕੂਮਤ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰ ਦਿੱਤੀ।
ਸਿੱਖਾਂ ਨੇ ਸ਼ਹਿਰ ਵਿਚ ਪ੍ਰਵੇਸ਼ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਤਾਂਕਿ ਕਿ ਕੋਈ ਵੀ ਆਦਮੀ ਬਾਹਰ ਨਾ ਜਾ ਸਕੇ। ਕਈ ਕਈ ਸਿੱਖ ਸਿਪਾਹੀ ਹਰ ਘਰ ਵਿਚ ਜਾ ਘੁਸੇ। ਸੋਨਾ, ਚਾਂਦੀ, ਜੇਵਰ ਤੇ ਨਕਦੀ ਸਭ ਖੋਹ ਲਿਆ ਗਿਆ। ਨੱਪਿਆ-ਲੁਕਾਇਆ ਹੋਇਆ ਧਨ ਲੱਭਣ ਲਈ ਮਕਾਨਾ ਦੇ ਫ਼ਰਸ਼ ਤੇ ਛੱਤਾਂ ਉਖਾੜ ਦਿੱਤੀਆਂ ਗਈਆਂ। ਕੁਝ ਮਕਾਨਾ ਨੂੰ ਅੱਗ ਲਾ ਕੇ ਤੇ ਕੁਝ ਦੀ ਇੱਟ ਨਾਲ ਇੱਟ ਵਜਾ ਕੇ ਪੂਰਾ ਸ਼ਹਿਰ ਬਰਬਾਦ ਕਰ ਦਿੱਤਾ ਗਿਆ।
ਇਸ ਪਿੱਛੋਂ ਸਿੰਘਾਂ ਨੇ ਕਿਲੇ ਵਿਚ ਪਰਵੇਸ਼ ਕੀਤਾ। ਉਸਦੀਆਂ ਕੰਧਾਂ ਢਾਅ ਦਿੱਤੀਆਂ ਗਈਆਂ, ਜਿਹਨਾਂ ਵਿਚ ਫੌਜਦਾਰ ਵਜ਼ੀਰ ਖ਼ਾਂ ਨੇ ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜਾਦੇ—ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਚਿਣਵਾਇਆ ਸੀ। ਉੱਥੇ ਇਕ ਗੁਰੂਦੁਆਰਾ ਬਣਾਇਆ ਗਿਆ, ਜਿਸਦਾ ਨਾਂ ਫਤਿਹ ਗੜ੍ਹ ਰੱਖਿਆ ਗਿਆ।
ooo
ਸਿੰਘ ਅਜੇ ਸਰਹਿੰਦ ਨੂੰ ਮਿਸਲਾਂ ਵਿਚ ਵੰਡਣ ਤੇ ਉਸਦਾ ਪ੍ਰਬੰਧ ਕਰਨ ਵਿਚ ਰੁੱਝੇ ਸਨ ਕਿ ਭਰਤ ਪੁਰ ਦੇ ਰਾਜੇ ਜਵਾਹਰ ਸਿੰਘ ਦੇ ਵਕੀਲ ਗੁਰੂ ਦੇ ਦਰਬਾਰ ਵਿਚ ਫ਼ਰਿਆਦ ਲੈ ਕੇ ਆਏ ਕਿ ਨਜੀਬੂਦੌਲਾ ਰੋਹੇਲਾ ਨੇ ਭਰਤਪੁਰ ਰਾਜ ਵਿਚ ਤਰਥੱਲੀ ਮਚਾਈ ਹੋਈ ਹੈ। ਜਵਾਹਰ ਸਿੰਘ ਸੰਕਟ ਵਿਚ ਹੈ ਤੇ ਉਸਨੇ ਖਾਲਸੇ ਤੋਂ ਮਦਦ ਮੰਗੀ ਹੈ।
ਨਜੀਬੂਦੌਲਾ ਅਹਿਮਦ ਸ਼ਾਹ ਅਬਦਾਲੀ ਦਾ ਖਾਸ ਹਿਮਾਇਤੀ ਤੇ ਮੁੱਖ ਪਿੱਠੂ ਸੀ। ਦਲ ਖਾਲਸਾ ਨੇ ਪਹਿਲਾਂ ਹੀ ਦੇਸ਼ ਦੁਸ਼ਮਣਾ ਤੇ ਪਿੱਠੂਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਛੇੜੀ ਹੋਈ ਸੀ। ਹੁਣ ਇਹ ਚੰਗਾ ਮੌਕਾ ਹੱਥ ਲੱਗਾ ਸੀ, ਸੋ ਉਹਨਾਂ ਜਵਾਹਰ ਸਿੰਘ ਦੀ ਮਦਦ ਕਰਨਾ ਮੰਨ ਲਿਆ।
ਇਸ ਸਮੇਂ ਸਾਰੀਆਂ ਮਿਸਲਾਂ ਦੇ ਸਰਦਾਰ ਸਰਹਿੰਦ ਵਿਚ ਸਨ ਤੇ ਜਵਾਹਰ ਸਿੰਘ ਦੀ ਮਦਦ ਲਈ ਉਹਨਾਂ ਨੂੰ ਜਮਾਨਾ ਪਾਰ ਕਰਕੇ ਗੰਗ ਦੁਆਬੇ ਜਾਣਾ ਪੈਣਾ ਸੀ, ਪਰ ਪੰਜਾਬ ਪਿੱਛੇ ਰਹਿ ਗਿਆ ਸੀ ਤੇ ਉੱਥੇ ਹਾਲੇ ਅਬਦਾਲੀ ਦੇ ਹਮਾਇਤੀ ਮੌਜ਼ੂਦ ਸਨ। ਉਹਨਾਂ ਦਾ ਖਾਤਮਾਂ ਕਰਨਾ ਵੀ ਜ਼ਰੂਰੀ ਸੀ। ਇਸ ਲਈ ਆਹਲੂਵਾਲੀਆ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਖਾਲਸਾ ਜੀ, ਅਸੀਂ ਜਵਾਹਰ ਸਿੰਘ ਦੀ ਮਦਦ ਇਸ ਲਈ ਕਰਨੀ ਹੈ ਕਿ ਉਸਦੀ ਮਦਦ ਅਸਲ ਵਿਚ ਸਾਡੀ ਆਪਣੀ ਮਦਦ ਹੋਏਗੀ।...ਤੇ ਮਦਦ ਦਾ ਸਭ ਤੋਂ ਚੰਗਾ, ਵੱਡਾ ਤੇ ਬਿਹਤਰ ਢੰਗ ਇਹ ਹੈ ਕਿ ਅਸੀਂ ਨਜੀਬੂਦੌਲਾ ਦੇ ਇਲਾਕੇ ਉੱਤੇ ਹਮਲਾ ਬੋਲ ਦੇਈਏ। ਇਸ ਨਾਲ ਰੋਹੇਲੇ ਘਬਰਾ ਜਾਣਗੇ। ਉਹ ਜਵਾਹਰ ਸਿੰਘ ਦੇ ਖ਼ਿਲਾਫ਼ ਮੁਹਿੰਮ ਨੂੰ ਛੱਡ ਕੇ ਆਪਣੇ ਘਰ ਦੀ ਸੁਰੱਖਿਆ ਲਈ ਭੱਜਿਆ ਆਏਗਾ।”
ਮਿਸਲ ਦੇ ਸਾਰੇ ਸਰਦਾਰਾਂ ਨੇ 'ਸਤ ਬਚਨ' ਕਹਿ ਕੇ ਇਕ ਸੁਰ ਵਿਚ ਇਸ ਸੁਝਾਅ ਦਾ ਸਮਰਥਣ ਕੀਤਾ। ਜੱਸਾ ਸਿੰਘ ਇਕ ਪਲ ਲਈ ਚੁੱਪ ਰਿਹਾ, ਫੇਰ ਬੋਲਿਆ, “ਦੂਜੀ ਗੱਲ ਇਹ ਹੈ ਕਿ ਪੰਜਾਬ ਵਿਚ ਅਬਦਾਲੀ ਦੇ ਜਿਹੜੇ ਹਿਮਾਇਤੀ ਅਜੇ ਮੌਜ਼ੂਦ ਨੇ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਖ਼ਤਮ ਕਰਨਾ ਹੈ...ਤਾਂਕਿ ਅਬਦਾਲੀ ਜਦੋਂ ਹਮਲਾ ਕਰੇ, ਉਸਨੂੰ ਅੰਦਰੋਂ ਕੋਈ ਮਦਦ ਨਾ ਮਿਲ ਸਕੇ। ਇਸ ਲਈ ਮੇਰੀ ਰਾਏ ਇਹ ਹੈ ਕਿ ਬੁੱਢਾ ਦਲ, ਜਵਾਹਰ ਸਿੰਘ ਦੀ ਮਦਦ ਲਈ ਗੰਗ ਦੁਆਬੇ ਜਾਏ ਤੇ ਤਰੁਣਾ ਦਾਲ ਪੰਜਾਬ ਪਰਤ ਕੇ ਉੱਥੇ ਕੋਨੇ ਕੋਨੇ ਵਿਚ ਹੂੰਝਾ ਫੇਰ ਕੇ ਦੁਸ਼ਮਣਾ ਦਾ ਸਫਾਇਆ ਕਰ ਦਏ।”
ਨਵਾਬ ਕਪੂਰ ਸਿੰਘ ਵਾਂਗ ਹੀ ਜੱਸਾ ਸਿੰਘ ਇਕ ਸੂਝਵਾਲ ਤੇ ਦੁਰਦਰਸ਼ੀ ਨੇਤਾ ਸੀ ਤੇ ਦਲ ਨੂੰ ਦਿਸ਼ਾ ਤੇ ਦ੍ਰਿਸ਼ਟੀ ਦੋਹੇਂ ਪ੍ਰਦਾਨ ਕਰਦਾ ਸੀ। ਉਸਦਾ ਇਕ ਇਕ ਸ਼ਬਦ ਦਿਲ ਲੱਗ ਜਾਂਦਾ ਸੀ।
ਅਗਲੇ ਦਿਨ 19 ਜਨਵਰੀ, 1764 ਨੂੰ ਬੁੱਢਾ ਦਲ ਨੇ ਜਮਨਾ ਪਾਰ ਕਰਕੇ ਗੰਗ ਦੁਆਬੇ ਵਿਚ ਪ੍ਰਵੇਸ਼ ਕੀਤਾ ਤੇ ਤਰੁਣਾ ਦਲ ਚੜ੍ਹਤ ਸਿੰਘ ਸ਼ੁਕਰਚਕੀਆ ਦੀ ਅਗਵਾਈ ਵਿਚ ਪੰਜਾਬ ਵੱਲ ਰਵਾਨਾ ਹੋ ਗਿਆ।...ਆਓ ਅਸੀਂ ਵੀ ਤਰੁਣਾ ਦਲ ਨਾਲ ਪੰਜਾਬ ਚੱਲੀਏ ਤੇ ਇਹ ਦੇਖੀਏ ਕਿ ਉਹਨਾਂ ਹੂੰਝਾ ਫੇਰਨ ਦਾ ਕੰਮ ਕਿਸ ਖ਼ੂਬੀ ਨਾਲ ਨੇਫਰੇ ਚਾੜ੍ਹਿਆ। ਉਸ ਪਿੱਛੋਂ ਅਸੀਂ ਬੁੱਢਾ ਦਲ ਦੇ ਕਾਰਨਾਮੇਂ ਦੇਖਣ ਲਈ ਗੰਗ ਦੁਆਬੇ ਚੱਲਾਂਗੇ।
ਜਲੰਧਰ ਦੁਆਬੇ ਦਾ ਫੌਜਦਾਰ ਸਆਦਤ ਖ਼ਾਂ ਸਰਹਿੰਦ ਵਿਚ ਜੈਨ ਖ਼ਾਂ ਦੀ ਹਾਰ ਤੇ ਮੌਤ ਦੀ ਖ਼ਬਰ ਸੁਣ ਕੇ ਏਨਾ ਡਰਿਆ ਹੋਇਆ ਸੀ ਕਿ ਜਦੋਂ ਉਸਨੂੰ ਤਰੂਣਾ ਦਲ ਦੇ ਇਧਰ ਆਉਣ ਦਾ ਪਤਾ ਲੱਗਿਆ ਤਾਂ ਉਹ ਚੁੱਪਚਾਪ ਭੱਜ ਖੜ੍ਹਾ ਹੋਇਆ। ਇੰਜ ਜਲੰਧਰ ਦੁਆਬੇ ਉੱਤੇ ਸਹਿਜੇ ਹੀ ਖਾਲਸੇ ਦਾ ਕਬਜਾ ਹੋ ਗਿਆ।
ਇਸ ਪਿੱਛੋਂ ਤਰੂਣਾ ਦਲ ਨੇ ਲਾਹੌਰ ਉੱਤੇ ਚੜਾਈ ਕੀਤੀ ਤੇ ਸ਼ਹਿਰ ਦੀ ਘੇਰਾਬੰਦੀ ਕਰਕੇ ਉੱਥੋਂ ਦੇ ਹਾਕਮ ਕਾਬੁਲੀ ਮੱਲ ਨੂੰ ਕਿਹਾ ਕਿ 'ਉਹਨਾਂ ਕਸਾਈਆਂ ਨੂੰ ਸਜ਼ਾ ਦੇਵੇ, ਜਿਹਨਾਂ ਪਿੱਛਲੇ ਦਿਨੀਂ ਹਿੰਦੂਆਂ ਦਾ ਦਿਲ ਦੁਖਾਉਣ ਲਈ ਤੀਹ ਗਊਆਂ ਦੀ ਸ਼ਰੇਆਮ ਹੱਤਿਆ ਕੀਤੀ ਸੀ।' ਕਾਬੁਲੀ ਮੱਲ ਨੇ ਜਵਾਬ ਦਿੱਤਾ, “ਖਾਲਸਾ ਜੀ, ਮੈਂ ਮੁਸਲਮਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਨੌਕਰ ਹਾਂ। ਮੈਂ ਗਊ ਹੱਤਿਆ ਬੰਦ ਕਰਾਂਗਾ ਤਾਂ ਉਹ ਮੇਰੇ ਉੱਤੇ ਨਰਾਜ਼ ਹੋ ਜਾਏਗਾ।” ਪਰ ਸ਼ਹਿਰ ਨੂੰ ਘੇਰਾ ਪਿਆ ਹੋਇਆ ਸੀ। ਆਵਾਜਾਵੀ ਬੰਦ ਹੋ ਜਾਣ ਕਾਰਨ ਲੋਕੀਂ ਪ੍ਰੇਸ਼ਾਨ ਸਨ। ਇਸ ਲਈ ਕਾਬੁਲੀ ਮੱਲ ਨੇ ਸ਼ਹਿਰ ਦੇ ਪਤਵੰਤੇ ਸੱਜਨਾ ਤੋਂ ਮੰਜ਼ੂਰੀ ਲੈ ਕੇ ਦੋ-ਤਿੰਨ ਕਸਾਈਆਂ ਦੇ ਨੱਕ-ਕੰਨ ਕੱਟ ਕੇ ਉਹਨਾਂ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਿਨਾਂ ਕਾਫੀ ਵੱਡਾ ਨਜ਼ਰਾਨਾ ਦੇ ਕੇ ਖਾਲਸੇ ਨਾਲ ਸੁਲਾਹ ਕਰ ਲਈ। ਹਰੀ ਸਿੰਘ ਭੰਗੀ ਦੇ ਵਕੀਲ ਟੇਕ ਚੰਦ ਨੂੰ ਦਸ ਰੁਪਏ ਰੋਜ਼ ਦੀ ਤਨਖ਼ਾਹ ਉੱਤੇ ਆਪਣੇ ਕੋਲ ਰੱਖ ਲਿਆ ਤੇ ਸਾਰੇ ਕੰਮ ਉਸਦੀ ਇੱਛਾ ਅਨੁਸਾਰ ਹੋਣ ਲੱਗੇ। ਇੰਜ ਲਾਹੌਰ ਖਾਲਸੇ ਦੀ ਅਧੀਨਤਾ ਵਿਚ ਆ ਗਿਆ।
ਇਸ ਪਿੱਛੋਂ ਤਰੁਣਾ ਦਲ ਨੂੰ ਦੋ ਟੋਲਿਆਂ ਵਿਚ ਵੰਡਿਆ ਗਿਆ—ਇਕ ਹਿੱਸਾ ਚੜ੍ਹਤ ਸਿੰਘ ਸ਼ੁਕਰਚਕੀਆ ਦੀ ਕਮਾਂਡ ਵਿਚ ਉਤਰ ਪੱਛਮ ਵੱਲ ਚਲਾ ਗਿਆ ਤੇ ਦੂਜਾ ਟੋਲਾ ਹਰੀ ਸਿੰਘ ਦੀ ਕਮਾਨ ਵਿਚ ਮੁਲਤਾਨ ਵੱਲ ਰਵਾਨਾ ਹੋ ਗਿਆ। ਚੜ੍ਹਤ ਸਿੰਘ ਰਚਨਾ ਦੁਆਬੇ ਤੇ ਚਜ ਦੁਆਬੇ ਨੂੰ ਦੜਦਾ ਹੋਇਆ ਅੱਗੇ ਵਧਿਆ ਤੇ ਰੋਹਤਾਸ ਦੇ ਪ੍ਰਸਿੱਧ ਕਿਲੇ ਨੂੰ ਜਾ ਘੇਰਾ ਪਾਇਆ। ਕਿਲੇ ਦੇ ਫੌਜਦਾਰ ਨੇ ਦਰਵਾਜ਼ੇ ਬੰਦ ਕਰਕੇ ਕੰਧਾਂ ਉੱਤੇ ਤੋਪਾਂ ਚੜ੍ਹਾ ਲਈਆਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਬਿਨਾਂ ਘਬਰਾਏ ਘੇਰਾ ਜਾਰੀ ਰੱਖਿਆ।
ਪਰ ਜਦੋਂ ਚਾਰ ਮਹੀਨਿਆਂ ਦੀ ਘੇਰਾਬੰਦੀ ਪਿੱਛੋਂ ਵੀ ਕਿਲਾ ਸਰ ਹੁੰਦਾ ਨਹੀਂ ਦਿਸਿਆ ਤਾਂ ਸਿੱਖਾਂ ਨੇ ਇਕ ਚਾਲ ਚੱਲੀ। ਉਹਨਾਂ ਅਚਾਨਕ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਅਫ਼ਗਾਨ ਉਹਨਾਂ ਦਾ ਪਿੱਛਾ ਕਰਨ ਲਈ ਤੁਰੰਤ ਕਿਲੇ 'ਚੋਂ ਬਾਹਰ ਨਿਕਲ ਆਏ। ਪਿੱਛੇ ਹਟਣ ਦਾ ਮੰਤਵ ਵੀ ਇਹੋ ਸੀ। ਚੜ੍ਹਤ ਸਿੰਘ ਨੇ ਪਲਟ ਕੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਕਿਲੇ ਦੇ ਇਕ ਹਿੱਸੇ ਉੱਤੇ ਜਾ ਕਬਜਾ ਕੀਤਾ। ਏਨੇ ਵਿਚ ਗੁਜਰ ਸਿੰਘ ਭੰਗੀ ਵੀ ਆਪਣੇ ਜੱਥੇ ਸਮੇਤ ਉਹਨਾਂ ਨਾਲ ਆ ਰਲਿਆ। ਅਫ਼ਗਾਨ ਫੌਜ ਅੱਗੋਂ ਪਿੱਛੋਂ ਘਿਰ ਗਈ। ਬਚ ਨਿਕਲਣ ਦਾ ਕੋਈ ਚਾਰਾ ਨਜ਼ਰ ਨਾ ਆਇਆ ਤਾਂ ਉਹਨਾਂ ਹਥਿਆਰ ਸੁੱਟ ਦਿੱਤੇ। ਸਰਫਰਾਜ਼ ਨੂੰ ਆਪਣੇ ਕੁਝ ਹਮਰਾਹੀਆਂ ਸਮੇਤ ਕਿਲੇ ਵਿਚੋਂ ਨਿਕਲ ਜਾਣ ਦੀ ਛੂਟ ਦੇ ਦਿੱਤੀ ਗਈ।
ਸਰਫਰਾਜ਼ ਖਾਂ ਨੇ ਕਸ਼ਮੀਰ ਦੇ ਫੌਜਦਾਰ ਸਰਬੁਲੰਦ ਖ਼ਾਂ ਨੂੰ ਆਪਣੀ ਮਦਦ ਲਈ ਬੁਲਾਇਆ ਸੀ, ਪਰ ਉਹ ਉਦੋਂ ਪਹੁੰਚਿਆ ਸੀ ਜਦੋਂ ਕਿਲਾ ਸਰ ਹੋ ਚੁੱਕਿਆ ਸੀ। ਸ਼ਾਇਦ ਉਸਨੂੰ ਪਹਾੜੀ ਰਸਤਿਆਂ ਕਾਰਨ ਦੇਰ ਹੋ ਗਈ ਸੀ। ਉਸ ਨਾਲ 12000 ਘੋੜ ਸਵਾਰ ਤੇ ਪੈਦਲ ਫੌਜ ਸੀ। ਚੜ੍ਹਤ ਸਿੰਘ ਕਿਲੇ ਦਾ ਪ੍ਰਬੰਧ ਕਰਨ ਵਿਚ ਰੁੱਝਿਆ ਹੋਇਆ ਸੀ, ਪਰ ਜਦੋਂ ਉਸਨੂੰ ਸਰਬੁਲੰਦ ਖ਼ਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਉਸਦਾ ਮੁਕਾਬਲਾ ਕਰਨ ਲਈ ਨਿਕਲ ਪਿਆ।
ਖੋਦੀ ਦਾੜ੍ਹੀ ਤੇ ਚੌੜੇ ਮੱਥੇ ਵਾਲਾ ਚੜ੍ਹਤ ਸਿੰਘ ਇਕ ਅਜਿਹਾ ਯੋਧਾ ਸੀ ਜਿਹੜਾ ਰਣਖੇਤਰ ਵਿਚ ਸ਼ੇਰ ਵਾਂਗ ਝਟਕਦਾ ਤੇ ਦੁਸ਼ਮਣ ਦੇ ਛੱਕੇ ਛੁਡਾਅ ਦੇਂਦਾ ਸੀ। ਅਟਕ ਲਾਗੇ ਲੜਾਈ ਹੋਈ। ਚੜ੍ਹਤ ਸਿੰਘ ਨੇ ਬੜੀ ਦਲੇਰੀ ਨਾਲ ਹਮਲਾ ਕਰਕੇ ਬਹੁਤ ਸਾਰੇ ਅਫ਼ਗਾਨਾ ਨੂੰ ਮਾਰ ਮੁਕਾਇਆ ਤੇ ਉਹਨਾਂ ਦਾ ਸਾਜ-ਸਮਾਨ ਲੁੱਟ ਲਿਆ। ਜਿਹੜੇ ਬਚੇ ਉਹ ਛੇਤੀ ਹੀ ਭੱਜ ਖੜ੍ਹੇ ਹੋਏ ਤੇ ਉਹਨਾਂ ਦਾ ਕਮਾਂਡਰ ਸਰਬੁਲੰਦ ਖ਼ਾਂ ਗਿਰਫਤਾਰ ਕਰ ਲਿਆ ਗਿਆ। ਚੜ੍ਹਤ ਸਿੰਘ ਨੇ ਉਸਨੂੰ ਕਿਲੇ ਵਿਚ ਲਿਆ ਕੇ ਸਨਮਾਨ ਸਹਿਤ ਕੈਦ ਕਰ ਦਿੱਤਾ ਤੇ ਸਾਰੀਆਂ ਸਹੂਲਤਾਂ ਦਿੱਤੀਆਂ।
ਇਸ 'ਤੇ ਖ਼ੁਸ਼ ਹੋ ਕੇ ਸਰਬੁਲੰਦ ਖ਼ਾਂ ਨੇ ਚੜ੍ਹਤ ਸਿੰਘ ਨੂੰ ਕਿਹਾ, “ਜੇ ਕਦੀ ਤੁਸੀਂ ਬਾਦਸ਼ਾਹ ਬਣ ਜਾਓਂ ਤਾਂ ਮੈਂ ਤੁਹਾਡਾ ਫੌਜਦਾਰ ਬਣ ਕੇ ਤੁਹਾਡੀ ਖ਼ਿਦਮਤ ਕਰਨ ਵਿਚ ਹਮੇਸ਼ਾ ਆਪਣੀ ਖ਼ੁਸ਼ ਨਸੀਬੀ ਸਮਝਾਂਗਾ।”
ਚੜ੍ਹਤ ਸਿੰਘ ਨੇ ਮੁਸਕਰਾਂਦਿਆਂ ਹੋਇਆਂ ਉਤਰ ਦਿੱਤਾ, “ਸਤਿਗੁਰ ਨੇ ਬਾਦਸ਼ਾਹੀ ਤਾਂ ਖਾਲਸੇ ਨੂੰ ਪਹਿਲਾਂ ਹੀ ਬਖ਼ਸ਼ੀ ਹੋਈ ਏ। ਤੁਹਾਨੂੰ ਗਿਰਫ਼ਤਾਰ ਕਰਕੇ ਰੱਖਣ ਦਾ ਮੰਤਕ ਸਿਰਫ ਇਹ ਹੈ ਕਿ ਦੁਨੀਆਂ ਜਹਾਨ ਨੂੰ ਇਹ ਪਤਾ ਲੱਗ ਜਾਏ ਕਿ ਚੜ੍ਹਤ ਸਿੰਘ ਨੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਨੂੰ ਕੈਦੀ ਬਣਾ ਕੇ ਰੱਖਿਆ ਹੋਇਆ ਹੈ।”
“ਜੇ ਤੁਸੀਂ ਮੈਨੂੰ ਰਿਹਾਅ ਕਰ ਦਿਓਂ ਤਾਂ ਤੁਹਾਡੀ ਸ਼ੋਹਰਤ ਹੋਰ ਵੀ ਵਧ ਹੋਏਗੀ।”
“ਮੈਂ ਰਿਹਾ ਕਰ ਸਕਦਾ ਹਾਂ, ਪਰ ਤੁਸੀਂ ਇਹ ਦੱਸੋ ਕਿ ਨਜ਼ਰਾਨਾ ਕੀ ਦਿਓਗੇ?”
“ਦੋ ਲੱਖ।”
ਚੜ੍ਹਤ ਸਿੰਘ ਨੇ ਦੋ ਲੱਖ ਰੁਪਏ ਲੈ ਕੇ ਉਸਨੂੰ ਰਿਹਾਅ ਕਰ ਦਿੱਤਾ।
ਜਦੋਂ ਚੜ੍ਹਤ ਸਿੰਘ ਤੇ ਗੁਜਰ ਸਿੰਘ ਰੋਹਤਾਸ ਫਤਿਹ ਕਰਨ ਵਿਚ ਰੁੱਝੇ ਹੋਏ ਸਨ, ਹਰੀ ਸਿੰਘ ਭੰਗੀ ਤੇ ਹੀਰਾ ਸਿੰਘ ਨਕਈ ਦੀ ਕਮਾਂਡ ਵਿਚ ਤਰੁਣਾ ਦਲ ਦਾ ਦੂਜਾ ਟੋਲਾ ਦੱਖਣ ਪੱਛਮ ਵੱਲ ਕੂਚ ਕਰ ਗਿਆ। ਮੁਲਤਾਨ ਫਤਿਹ ਕਰਨ ਪਿੱਛੋਂ ਉਹਨਾਂ ਸਿੰਧ ਨਦੀ ਪਾਰ ਕੀਤੀ ਤੇ ਬਿਨਾਂ ਕਿਸੇ ਵਿਰੋਧ ਦੇ ਡੇਰਾ ਇਸਮਾਈਲ ਖ਼ਾਂ ਤੇ ਡੇਰਾ ਗਾਜ਼ੀ ਖ਼ਾਂ ਤਕ ਜਾ ਪਹੁੰਚੇ।
ਇਸ ਪਿੱਛੋਂ ਹਰੀ ਸਿੰਘ ਤੇ ਹੀਰਾ ਸਿੰਘ ਨੇ ਸਿਆਲ ਤੇ ਝੰਗ ਖੇਤਰ ਉੱਤੇ ਧਾਵਾ ਬੋਲਿਆ। ਸਿਆਲਾਂ ਨੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰ ਉਹ ਹਾਰ ਗਏ। ਝੰਗ, ਖ਼ੁਸ਼ਾਬ, ਚਿਕੋਟ ਉੱਤੇ ਭੰਗੀ ਮਿਸਲ ਦਾ ਕਬਜਾ ਹੋ ਗਿਆ।
ਤਰੁਣਾ ਦਲ ਨੇ ਖ਼ੂਬ ਹੂੰਝਾ ਫੇਰਿਆ।...ਆਓ ਹੁਣ ਗੰਗ ਦੁਆਬੇ ਵੱਲ ਚੱਲੀਏ ਤੇ ਬੁੱਢਾ ਦਲ ਦੇ ਕਾਰਨਾਮੇ ਦੇਖੀਏ—
ਸਰਦਾਰ ਜੱਸਾ ਸਿੰਘ ਦੀ ਕਮਾਨ ਵਿਚ ਸਰਦਾਰ ਖ਼ੁਸ਼ਹਾਲ ਸਿੰਘ, ਕੌੜਾ ਸਿੰਘ, ਬਘੇਲਾ ਸਿੰਘ, ਤਾਰਾ ਸਿੰਘ ਗੋਬਾ, ਗੁਰਬਖ਼ਸ਼ ਸਿੰਘ, ਕਰਮ ਸਿੰਘ, ਰਾਮ ਸਿੰਘ ਆਦੀ ਨੇ ਚਾਲੀ ਹਜ਼ਾਰ ਘੋੜਸਵਾਰਾਂ ਨਾਲ ਥੁੜੀਘਾਟ ਤੋਂ ਜਮਨਾ ਪਾਰ ਕੀਤੀ ਤੇ 21 ਫਰਬਰੀ ਨੂੰ ਸਹਾਰਨਪੁਰ ਉੱਤੇ ਜਾ ਕਬਜਾ ਕੀਤਾ। ਉੱਥੋਂ ਮਿਸਲ ਸਰਦਾਰ ਵੱਖ ਵੱਖ ਦਿਸ਼ਾਵਾਂ ਵੱਲ ਨਿਕਲ ਪਏ। ਇਹ ਖ਼ਬਰ ਸੁਣਦਿਆਂ ਹੀ ਨਜੀਬ ਖ਼ਾਂ ਦੇ ਹੱਥ ਪੈਰ ਫੁੱਲ ਗਏ। ਕਿੱÎਥੇ ਤਾਂ ਉਹ ਭਰਤਪੁਰ ਨੂੰ ਜਿੱਤਣ ਗਿਆ ਹੋਇਆ ਸੀ ਤੇ ਕਿੱਥੇ ਆਪਣੇ ਹੀ ਇਲਾਕੇ ਦੀ ਫ਼ਿਕਰ ਪੈ ਗਈ ਸੀ। ਉਹ ਕਾਹਲ ਨਾਲ ਵਾਪਸ ਪਰਤਿਆ, ਪਰ ਉਸ ਤੋਂ ਕੁਝ ਵੀ ਨਹੀਂ ਹੋ ਸਕਿਆ। ਜੇ ਉਹ ਇਕ ਸ਼ਹਿਰ ਵੱਲ ਜਾਂਦਾ ਤਾਂ ਸਿੱਖ ਦੂਜੇ ਉੱਤੇ ਹਮਲਾ ਕਰ ਦਿੰਦੇ। ਜੇ ਉਹ ਉਧਰ ਪਲਟਦਾ ਤਾਂ ਸਿੱਖ ਕਿਸੇ ਤੀਜੇ ਸ਼ਹਿਰ ਉੱਤੇ ਧਾਵਾ ਬੋਲ ਦਿੰਦੇ ਇੰਜ ਖਾਲਸੇ ਨੇ ਥੋੜ੍ਹੇ ਦਿਨਾਂ ਵਿਚ ਹੀ ਸ਼ਾਮਲੀ, ਕਾਂਧਲਾ, ਮੀਰ ਪੁਰ, ਦੇਵਬੰਦ, ਮੁਜਫ਼ਰਗੜ੍ਹ, ਜਵਾਲਾ ਪੁਰ, ਕਨਖ਼ਲ, ਲੰਡੋਰਾ, ਨਜੀਬਾ ਬਾਦ ਆਦੀ ਉੱਤੇ ਝਪਟੇ ਮਾਰ-ਮਾਰ ਕੇ ਨਜੀਬ ਖ਼ਾਂ ਨੂੰ ਹੈਰਾਨ-ਪ੍ਰੇਸ਼ਾਨ ਤੇ ਸ਼ਹਿਰਾਂ ਨੂੰ ਉਜਾੜ-ਵੀਰਾਨ ਕਰ ਦਿੱਤਾ। ਜਦੋਂ ਬਚਾਅ ਦੀ ਕੋਈ ਸੂਰਤ ਨਜ਼ਰ ਨਹੀਂ ਆਈ ਤਾਂ ਉਸਨੇ ਖਾਲਸੇ ਵੱਲ ਆਪਣੇ ਵਜ਼ੀਰ ਘੱਲੇ ਤੇ ਗਿਆਰਾਂ ਲੱਖ ਰੁਪਏ ਨਜ਼ਰਾਨਾ ਦੇ ਕੇ ਸਮਝੌਤਾ ਕਰ ਲਿਆ।
ਖਾਲਸੇ ਦਾ ਮਕਸਦ ਪੂਰਾ ਹੋ ਗਿਆ। ਉਹਨਾਂ ਨੂੰ ਪੈਸਾ ਵੀ ਮਿਲ ਗਿਆ ਤੇ ਜਵਾਹਰ ਸਿੰਘ ਦੀ ਮਦਦ ਵੀ ਹੋ ਗਈ।
ਇਸ ਨਾਲ ਜਵਾਹਰ ਸਿੰਘ ਦਾ ਹੌਸਲਾ ਵਧ ਗਿਆ। ਉਹ ਨਜੀਬ ਖ਼ਾਂ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਮਲਹਾਰ ਰਾਵ ਹੁਲਕਰ ਨਾਲ ਗੰਢ-ਸੰਢ ਕੀਤੀ ਤੇ ਖਾਲਸੇ ਨੂੰ ਵੀ ਮਦਦ ਕਰਨ ਲਈ ਲਿਖਿਆ। ਨਜੀਬ ਇਸ ਸਮੇਂ ਦਿੱਲੀ ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਥਾਪੇ ਬਾਦਸ਼ਾਹ ਆਲਮ ਸ਼ਾਹ ਦੂਜੇ ਦਾ ਵਕੀਲੇ-ਮੁਤਲਿਕਾ ਭਾਵ ਕੁਲ ਕਾਰ ਮੁਖਤਿਆਰ ਸੀ। ਇਸ ਲਈ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰ ਦਿੱਤਾ। 15-16 ਨਵੰਬਰ ਨੂੰ ਨਜੀਬ ਖ਼ਾਂ ਨਾਲ ਮੁੱਢਲੀ ਟੱਕਰ ਹੋਈ। ਇਸ ਦੌਰਾਨ ਮਲਹਾਰ ਰਾਵ ਹੁਲਕਰ ਤਮਾਸ਼ਾ ਦੇਖਦਾ ਰਿਹਾ ਤੇ ਉਸਨੇ ਜਵਾਹਰ ਸਿੰਘ ਦੀ ਕੋਈ ਖਾਸ ਮਦਦ ਨਹੀਂ ਕੀਤੀ। ਇਸ ਲਈ ਜਵਾਹਰ ਸਿੰਘ ਦਾ ਮਰਾਠਿਆਂ ਉੱਤੇ ਭਰੋਸਾ ਨਹੀਂ ਰਿਹਾ।
ਜਨਵਰੀ 1765 ਦੇ ਪਹਿਲੇ ਹਫ਼ਤੇ ਜੱਸਾ ਸਿੰਘ ਆਹਲੂਵਾਲੀਆ ਵੀ ਪੰਦਰਾਂ ਹਜ਼ਾਰ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਜਾ ਪਹੁੰਚਿਆ। ਜਦੋਂ ਖਾਲਸਾ ਬਰਾੜੀ ਘਟ 'ਤੇ ਪਹੁੰਚਿਆ ਤਾਂ ਜਵਾਹਰ ਸਿੰਘ ਜਮਨਾ ਪਾਰ ਕਰਕੇ ਉਹਨਾਂ ਨੂੰ ਮਿਲਣ ਆਇਆ। ਯੋਜਨਾ ਇਹ ਬਣੀ ਕਿ ਸਿੱਖ ਸਬਜੀ ਮੰਡੀ ਵਾਲੇ ਪਾਸਿਓਂ ਸ਼ਹਿਰ ਉੱਤੇ ਹੱਲੇ ਕਰਨ ਤੇ ਨਜੀਬ ਖ਼ਾਂ ਦੇ ਇਲਾਕੇ ਨੂੰ ਉਜਾੜਨ ਤਾਂਕਿ ਉਸਨੂੰ ਉਧਰ ਦੀ ਫ਼ਿਕਰ ਹੀ ਪਈ ਰਹੇ। ਖਾਲਸੇ ਦੇ ਇਹਨਾਂ ਹਮਲਿਆਂ ਨੇ ਨਜੀਬ ਖ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ, ਪਰ ਖਾਲਸੇ ਕੋਲ ਤੋਪਾਂ ਨਹੀਂ ਸਨ, ਉਸ ਉਪਰ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪੈ ਸਕਿਆ। ਫੇਰ 4 ਫਰਬਰੀ, 1765 ਨੂੰ ਖਾਲਸੇ ਤੇ ਨਜੀਬੂਦੌਲਾ ਵਿਚਕਾਰ ਘਮਾਸਾਨ ਦੀ ਲੜਾਈ ਹੋਈ, ਜਿਸ ਵਿਚ ਰੋਹੇਲਿਆਂ ਨੂੰ ਹਾਰ ਕੇ ਪਿੱਛੇ ਹਟਣਾ ਪਿਆ।
ਇਸ ਦੌਰਾਨ ਖ਼ਬਰਾਂ ਆਉਣ ਲੱਗ ਪਈਆਂ ਕਿ ਅਹਿਮਦ ਸ਼ਾਹ ਨਜੀਬੂਦੌਲਾ ਦੇ ਸੱਦੇ ਉੱਤੇ ਪੰਜਾਬ ਪਹੁੰਚ ਗਿਆ ਹੈ। ਇਸ ਨਾਲ ਮਰਾਠਿਆਂ ਨੂੰ ਫ਼ਿਕਰ ਪੈ ਗਈ। ਹੁਲਕਰ ਪਹਿਲਾਂ ਹੀ ਨਜੀਬ ਖ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪੱਖ ਵਿਚ ਨਹੀਂ ਸੀ। ਇਮਾਦੁਲ-ਮੁਲਕ ਗਾਜ਼ੀਉਲਦੀਨ ਵੀ ਸੂਰਜ ਮੱਲ ਦੇ ਸਮੇਂ ਤੋਂ ਭਰਤ ਪੁਰ ਵਿਚ ਸ਼ਰਨਾਰਥੀ ਸੀ। ਉਸਨੇ ਤੇ ਹੁਲਕਰ ਨੇ ਨਜੀਬ ਖ਼ਾਂ ਨਾਲ ਸੁਲਾਹ ਦੀ ਗੱਲ ਤੋਰੀ। ਪਰ ਜਵਾਹਰ ਸਿੰਘ ਸੁਲਾਹ ਦੇ ਪੱਖ ਵਿਚ ਨਹੀਂ ਸੀ, ਪਰ ਜਦੋਂ ਉਹ ਦੋਹੇਂ ਦੁਸ਼ਮਣ ਨਾਲ ਜਾ ਰਲੇ ਤਾਂ ਮਜ਼ਬੂਰਨ ਉਸਨੂੰ ਵੀ ਸੁਲਾਹ ਕਰਨੀ ਪਈ।
ਹੁਣ ਜੱਸਾ ਸਿੰਘ ਆਹਲੂਵਾਲੀਆ ਦੇ ਉੱਥੇ ਰੁਕਣ ਦੇ ਕੋਈ ਅਰਥ ਨਹੀਂ ਸਨ। ਅਹਿਮਦ ਸ਼ਾਹ ਪੰਜਾਬ ਪਹੁੰਚ ਚੁੱਕਿਆ ਸੀ ਤੇ ਖਾਲਸੇ ਦਾ ਉੱਥੇ ਹੋਣਾ ਜ਼ਰੂਰੀ ਸੀ। ਇਸ ਲਈ ਉਹ ਜਲਦੀ ਤੋਂ ਜਲਦੀ ਪੰਜਾਬ ਵੱਲ ਪਰਤ ਗਏ।

ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਦੀਆਂ ਖ਼ਬਰਾਂ ਮਿਲੀਆਂ ਤਾਂ ਉਸਨੇ ਹਿੰਦੁਸਤਾਨ ਉੱਤੇ ਸਤਵੇਂ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸਨੇ ਕਲਾਤ ਦੇ ਮੀਰ ਨਸੀਰ ਖ਼ਾਂ ਨੂੰ ਲਿਖਿਆ ਕਿ ਉਹ ਮੱਕੇ ਹੱਜ ਲਈ ਜਾਣ ਦੀ ਬਜਾਏ ਉਸਦੇ ਨਾਲ ਸਿੱਖਾਂ ਵਿਰੁੱਧ ਜਿਹਾਦ ਵਿਚ ਸ਼ਾਮਲ ਹੋਵੇ।
ਡੇਰਾ ਇਸਮਾਈਲ ਖ਼ਾਂ ਤੇ ਡੇਰਾ ਗਾਜੀ ਖ਼ਾਂ ਉੱਤੇ ਸਿੱਖਾਂ ਦਾ ਕਬਜਾ ਹੋ ਜਾਣ ਕਾਰਨ ਮੀਰ ਨਸੀਰ ਨੂੰ ਆਪਣੇ ਇਲਾਕੇ ਦੀ ਫ਼ਿਕਰ ਲੱਗੀ ਹੋਈ ਸੀ। ਅਬਦਾਲੀ ਆਪਣੀ ਅਠਾਰਾਂ ਹਜ਼ਾਰ ਅਫ਼ਗਾਨ ਫੌਜ ਲੈ ਕੇ ਈਮਾਨਾਬਾਦ ਪਹੁੰਚ ਗਿਆ ਸੀ। ਮੀਰ ਨਸੀਰ ਖ਼ਾਂ ਵੀ ਆਪਣੀ 12000 ਬਲੋਚ ਸੈਨਾ ਲੈ ਕੇ ਉਸ ਨਾਲ ਆ ਰਲਿਆ।
ਗੰਜਾਬੇ ਦਾ ਕਾਜੀ ਨੂਰ ਮੁਹੰਮਦ ਵੀ ਬਲੇਚ ਸੈਨਾ ਨਾਲ ਆ ਮਿਲਿਆ ਤੇ ਉਸਨੇ ਨਸੀਰ ਖ਼ਾਂ ਨੂੰ ਕਿਹਾ, “ਮੈਂ ਵੀ ਇਸ ਜਿਹਾਦ ਵਿਚ ਤੁਹਾਡੇ ਨਾਲ ਚੱਲਾਂਗਾ। ਉੱਥੋਂ ਵਾਪਸ ਆਉਣ ਪਿੱਛੋਂ ਜੇ ਅਬਦਾਲੀ ਤੁਹਾਨੂੰ ਡੇਰਿਆਂ ਤੇ ਸ਼ਿਕਾਰ ਪੁਰ ਦਾ ਇਲਾਕਾ ਬਖ਼ਸ਼ ਦਏ ਤਾਂ ਮੈਨੂੰ ਇਹਨਾਂ 'ਚੋਂ ਕਿਸੇ ਇਕ ਦਾ ਕਾਜੀ ਬਣਾ ਦੇਣਾ। ਮੈਂ ਇਸ ਜੰਗ ਦਾ ਪੂਰਾ ਹਾਲ ਲਿਖ ਕੇ ਤੁਹਾਡੀ ਖ਼ਿਦਮਤ ਵਿਚ ਪੇਸ਼ ਕਰਾਂਗਾ।”
ਨਸੀਰ ਖ਼ਾਂ ਨੇ ਇਹ ਗੱਲ ਮੰਨ ਲਈ। ਕਾਜੀ ਨੂਰ ਮੁਹੰਮਦ ਨੇ ਜੋ ਕੁਝ ਆਪਣੀ ਅੱਖੀਂ ਦੇਖਿਆ, ਉਸਨੂੰ ਫਾਰਸੀ ਕਵਿਤਾ ਵਿਚ ਲਿਖਿਆ ਤੇ ਆਪਣੀ ਕਿਤਾਬ ਦਾ ਨਾਂ 'ਜੰਗਨਾਮਾ' ਰੱਖਿਆ।
ਅਫ਼ਗਾਨ ਅਤੇ ਬਲੋਚ ਸੈਨਾ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਪਹੁੰਚ ਗਈ। ਅਬਦਾਲੀ ਨੇ ਰਾਏ ਮਸ਼ਵਰੇ ਲਈ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ। ਜਦੋਂ ਸਾਰੇ ਸਰਦਾਰ ਇਕੱਠੇ ਹੋ ਗਏ ਤਾਂ ਉਸਨੇ ਕਿਹਾ, “ਸਿੱਖ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੇ, ਕੀ ਕਰੀਏ; ਕਿਸ ਨਾਲ ਲੜੀਏ?”
ਉਦੋਂ ਹੀ ਹਰਾਵਲ ਦਸਤੇ ਦਾ ਇਕ ਤੇਜ਼ ਰਿਫ਼ਤਾਰ ਘੋੜ ਸਵਾਰ ਹੌਂਕਦਾ ਹੋਇਆ ਆਇਆ। ਉਸਨੇ ਖ਼ਬਰ ਦਿੱਤੀ ਕਿ ਸਿੱਖਾਂ ਦੇ ਇਕ ਲਸ਼ਕਰ ਨੇ ਦੁਰਾਨੀ ਫੌਜ ਉੱਤੇ ਹਮਲਾ ਕਰ ਦਿੱਤਾ ਹੈ। ਹਰਾਵਲ ਦਸਤੇ ਦਾ ਬੁਰਾ ਹਾਲ ਹੈ। ਜੇ ਜਲਦੀ ਮਦਦ ਨਾ ਭੇਜੀ ਗਈ ਤਾਂ ਪੂਰਾ ਦਸਤੇ ਦਾ ਸਫਾਇਆ ਹੋ ਜਾਏਗਾ।
ਜਦੋਂ ਅਬਦਾਲੀ ਦੇ ਪਹੁੰਚਣ ਦਾ ਸਮਾਚਾਰ ਮਿਲਿਆ, ਚੜ੍ਹਤ ਸਿੰਘ ਸ਼ੁਕਰਚਕੀਆ ਸਿਆਲਕੋਟ ਵਿਚ ਸੀ। ਉੱਥੇ ਰੁਕਣ ਦੇ ਬਜਾਏ ਉਹ ਝਟਪਟ ਲਾਹੌਰ ਵੱਲ ਤੁਰ ਪਿਆ। ਜਿਸ ਸਿੱਖ ਦਸਤੇ ਨੇ ਬਲੋਚਾਂ ਤੇ ਅਫ਼ਗਾਨਾ ਦੇ ਹਰਾਵਲ ਦਸਤੇ ਉੱਤੇ ਅਚਾਨਕ ਧਾਵਾ ਬੋਲਿਆ ਸੀ ਉਸਦਾ ਨੇਤਾ ਚੜ੍ਹਤ ਸਿੰਘ ਹੀ ਸੀ। ਦੁਸ਼ਮਣ ਹਰਾਵਲ ਦਸਤੇ ਦੀ ਕਮਾਂਡ ਗਹਿਰਾਮ ਖ਼ਾਂ ਮਗਸੀ ਤੇ ਅਹਿਮਦ ਖ਼ਾਂ ਬਲੀਦ ਦੇ ਹੱਥ ਸੀ। ਚੜ੍ਹਤ ਸਿੰਘ ਦਾ ਹਮਲਾ ਏਨਾ ਤੇਜ਼ ਤੇ ਧਾਕੜ ਸੀ ਕਿ ਅਹਿਮਦ ਖ਼ਾਂ ਤੇ ਉਸਦਾ ਬੇਟਾ ਪਹਿਲੀ ਝੜਪ ਵਿਚ ਹੀ ਮਾਰਿਆ ਗਿਆ। ਮੀਰ ਅਬਦੁਲ ਨਬੀ ਤੇ ਮੀਰ ਨਸੀਰ ਖਾਂ ਹਰਾਵਲ ਦਸਤੇ ਦੀ ਮਦਦ ਲਈ ਪਹੁੰਚੇ ਘਮਸਾਨ ਦੀ ਲੜਾਈ ਹੋਈ, ਨਸੀਰ ਖ਼ਾਂ ਦਾ ਘੋੜਾ ਮਰ ਗਿਆ। ਜੇ ਉਸਦਾ ਬੰਦੂਕਚੀ ਨੌਕਰ ਹਮਲਾ ਕਰਨ ਵਾਲੇ ਉੱਤੇ ਗੋਲੀ ਨਾ ਦਾਗ ਦੇਂਦਾ ਤਾਂ ਮੀਰ ਦਾ ਕੰਮ ਵੀ ਤਮਾਮ ਹੋ ਜਾਣਾ ਸੀ। ਰਾਤ ਹੋਣ ਤਕ ਘਮਾਸਾਨ ਦੀ ਲੜਾਈ ਹੁੰਦੀ ਰਹੀ, ਜਿਹੜੀ ਗੂੜ੍ਹਾ ਹਨੇਰਾ ਉਤਰ ਆਉਣ ਪਿੱਛੋਂ ਬੰਦ ਹੋਈ।
ਆਪਣੇ ਲੰਮੇ ਅਨੁਭਵ ਵਿਚੋਂ ਖਾਲਸੇ ਨੇ ਲੜਨ ਦੇ ਨਵੇਂ-ਨਵੇਂ ਢੰਗ-ਤਰੀਕੇ ਕੱਢ ਲਏ ਸਨ। ਇਹਨਾਂ ਤਰੀਕਿਆਂ ਤੇ ਆਪਣੇ ਪਰਬਲ ਹੌਸਲੇ ਸਦਕਾ ਉਹ ਜਬਰਦਸਤ ਦੁਸ਼ਮਣ ਉੱਤੇ ਵੀ ਭਾਰੂ ਹੋ ਨਿਬੜਦੇ ਸਨ। ਇਸ ਲੜਾਈ ਵਿਚ ਉਹਨਾਂ ਦਾ ਢੰਗ ਇਹ ਸੀ ਕਿ ਪਹਿਲਾਂ ਇਕ ਜੱਥਾ, ਕੁਝ ਦੂਰੀ ਤੋਂ, ਨਿਸ਼ਾਨੇ ਉੱਤੇ ਗੋਲੀਆਂ ਦੀ ਵਾਛੜ ਕਰ ਦਿੰਦਾ ਸੀ ਤੇ ਫੇਰ ਦੁਬਾਰਾ ਬੰਦੂਕਾਂ ਭਰਨ ਲਈ ਪਿੱਛੇ ਹਟ ਜਾਂਦਾ ਸੀ। ਉਸ ਪਿੱਛੋਂ ਦੂਜਾ ਜੱਥਾ ਦੂਜੇ ਪਾਸਿਓਂ ਗੋਲੀਆਂ ਦਾ ਮੀਂਹ ਵਰ੍ਹਾ ਦਿੰਦਾ ਸੀ। ਇੰਜ ਤਿੰਨ ਚਾਰ ਜੱਥੇ ਚਾਰੇ ਪਸਿਓਂ ਗੋਲੀਆਂ ਦੀ ਵਰਖਾ ਕਰਦੇ ਰਹਿੰਦੇ ਤੇ ਦੁਸ਼ਮਣ ਦੇ ਨੱਕ ਵਿਚ ਦਮ ਕਰੀ ਰੱਖਦੇ। ਉਹ ਕਿਸੇ ਪਾਸੇ ਮੂੰਹ ਨਹੀਂ ਮੋੜ ਸਕਦਾ ਸੀ। ਇੰਜ ਸਿੱਖ ਜੱਥੇ ਆਪ ਤਾਂ ਆਰਾਮ ਕਰ ਲੈਂਦੇ ਪਰ ਦੁਸ਼ਮਣ ਨੂੰ ਚੈਨ ਨਹੀਂ ਸਨ ਲੈਣ ਦਿੰਦੇ।
ਨਸੀਰ ਖ਼ਾਂ ਜਦੋਂ ਵਾਪਸ ਆਇਆ ਤਾਂ ਅਬਦਾਲੀ ਨੇ ਉਸਨੂੰ ਬਹਾਦਰੀ ਲਈ ਵਧਾਈ ਦਿੱਤੀ ਤੇ ਕਿਹਾ, “ਸਿੱਖਾਂ ਵਿਰੁੱਧ ਏਨੀ ਤੇਜ਼ੀ ਵਿਖਾ ਕੇ ਫੇਰ ਕਦੀ ਆਪਣੀ ਜਾਨ ਨੂੰ ਖ਼ਤਰੇ ਵਿਚ ਨਾ ਪਾਉਣਾ।”
ਚੜ੍ਹਤ ਸਿੰਘ ਦੁਸ਼ਮਣਾ ਨੂੰ ਆਪਣੇ ਹੱਥ ਵਿਖਾ ਕੇ ਪਿੱਛੇ ਹਟਿਆ ਤੇ ਘਾਤ ਲਾ ਕੇ ਕਿਸੇ ਹੋਰ ਮੌਕੇ ਦੀ ਤਾੜ ਵਿਚ ਬੈਠ ਗਿਆ।
ਅਹਿਮਦ ਸ਼ਾਹ ਨੂੰ ਕਿਸੇ ਨੇ ਖ਼ਬਰ ਦਿੱਤੀ ਕਿ ਸਿੱਖ ਅੰਮ੍ਰਿਤਸਰ ਵੱਲ ਚਲੇ ਗਏ ਹਨ। ਉਹ ਉਧਰ ਤੁਰ ਪਿਆ। ਕਦੀ ਉਹ 150 ਕੋਹ ਦਾ ਇਹ ਸਫ਼ਰ ਕਰਕੇ 36 ਘੰਟਿਆਂ ਵਿਚ ਕੁਪ ਜਾ ਪਹੁੰਚਿਆ ਸੀ ਤੇ ਕਿੱਥੇ ਹੁਣ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਣ ਵਿਚ ਤਿੰਨ ਦਿਨ ਤੇ ਤਿੰਨ ਰਾਤਾਂ ਲੱਗ ਗਈਆਂ ਸਨ। ਕਾਰਨ ਇਹ ਸੀ ਕਿ ਰਸਤੇ ਵਿਚ ਸਿੱਖ ਗੁਰੀਲਿਆਂ ਨਾਲ ਝੜਪਾਂ ਹੁੰਦੀਆਂ ਰਹੀਆਂ ਸਨ। ਪਹਿਲੀ ਦਸੰਬਰ ਨੂੰ ਜਦੋਂ ਅਹਿਮਦ ਸ਼ਾਹ ਦਰਬਾਰ ਸਾਹਬ ਪਹੁੰਚਿਆ ਤਾਂ ਉਸਨੂੰ ਉੱਥੇ ਕੋਈ ਸਿੱਖ ਦਿਖਾਈ ਨਹੀਂ ਦਿੱਤਾ। ਪਰ ਜਦੋਂ ਅਹਿਮਦ ਸ਼ਾਹ ਵਿਸ਼ਾਲ ਪਰਿਕਰਮਾ ਵਿਚ ਗਿਆ ਤਾਂ ਤੀਹ ਸਿੱਖ ਬੁਰਜਾਂ ਵਿਚੋਂ ਨਿਕਲੇ ਤੇ ਉਸ ਅਫ਼ਗਾਨੀ ਬਲੋਚੀ ਸੈਨਾ ਉੱਤੇ ਟੁੱਟ ਪਏ, ਜਿਹਨਾਂ ਦੀ ਗਿਣਤੀ ਤੀਹ ਹਜ਼ਾਰ ਸੀ। ਉਹ ਉੱਥੇ ਸ਼ਹੀਦ ਹੋ ਜਾਣ ਦੇ ਨਿਹਚੇ ਨਾਲ ਹੀ ਰੁਕੇ ਹੋਏ ਸਨ। ਉਹਨਾਂ ਨੂੰ ਨਾ ਕਤਲ ਹੋ ਜਾਣ ਦਾ ਡਰ ਸੀ ਤੇ ਨਾ ਹੀ ਮੌਤ ਦਾ ਕੋਈ ਭੈ। ਉਹ 'ਜੋ ਲੜੇ ਦੀਨ ਕੇ ਹੇਤੁ, ਸੂਰਾ ਸੋਈ ' ਅਲਾਪਦੇ ਹੋਏ ਦੁਸ਼ਮਣਾ ਨਾਲ ਟਕਰਾ ਗਏ ਤੇ ਤੀਹ ਦੇ ਤੀਹ ਲੜਦੇ ਹੋਏ ਸ਼ਹੀਦ ਹੋ ਗਏ।
ਸਿੱਖਾਂ ਦੇ ਧਰਮ ਯੁੱਧ ਦੇ ਸਾਹਮਣੇ ਗਾਜ਼ੀਆਂ ਦਾ ਧਰਮ ਯੁੱਧ ਫਿੱਕਾ ਪੈ ਗਿਆ।
ਅਬਦਾਲੀ ਨੇ ਏਧਰ ਉਧਰ ਹੋਰ ਸਿੱਖਾਂ ਦੀ ਭਾਲ ਕੀਤੀ ਪਰ ਉਹ ਕਿਧਰੇ ਨਜ਼ਰ ਨਹੀਂ ਆਏ, ਇਸ ਲਈ ਉਹ ਲਾਹੌਰ ਪਰਤ ਆਇਆ। ਇਕ ਵਾਰੀ ਫੇਰ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ ਗਈ ਤੇ ਉਸਨੇ ਆਪਣੇ ਸਰਦਾਰਾਂ ਨੂੰ ਪੁੱਛਿਆ, “ਸਿੱਖ ਖੁੱਲ੍ਹੀ ਲੜਾਈ ਵਿਚ ਤਾਂ ਸਾਹਮਣੇ ਆਉਂਦੇ ਨਹੀਂ, ਸਿਰਫ ਝਪਟਾਂ ਮਾਰਦੇ ਨੇ। ਇਹਨਾਂ ਦਾ ਕੀ ਕੀਤਾ ਜਾਏ?”
“ਹਜ਼ੂਰ,” ਨਸੀਰ ਖ਼ਾਂ ਨੇ ਕਿਹਾ, “ਅਸੀਂ ਨਜੀਬ ਖ਼ਾਂ ਦੀ ਮਦਦ ਕਰਨੀ ਏਂ। ਉਹ ਦਿੱਲੀ ਵਿਚ ਘਿਰਿਆ ਹੋਇਆ ਏ। ਸਰਹਿੰਦ ਚੱਲ ਕੇ ਉੱਥੋਂ ਦੇ ਹਾਲਾਤਾਂ ਦਾ ਪਤਾ ਲਈਏ...ਜਿਹੋ ਜਿਹੀ ਖ਼ਬਰ ਮਿਲੇਗੀ, ਉਸੇ ਅਨੁਸਾਰ ਅੱਗੋਂ ਦਾ ਫੈਸਲਾ ਲਿਆ ਜਾਏ।”
ਇਹ ਗੱਲ ਅਬਦਾਲੀ ਦੇ ਮਨ ਵੀ ਲੱਗੀ। ਪਰ ਸਿੱਧਾ ਸਰਹਿੰਦ ਜਾਣ ਦੀ ਬਜਾਏ ਉਹ ਬਟਾਲੇ ਪਹੁੰਚਿਆ ਤੇ ਪੂਰੇ ਇਲਾਕੇ ਵਿਚ ਲੁੱਟ ਮਚਾ ਦਿੱਤੀ। ਗੰਨਾ, ਗੁੜ, ਗਊਮਾਸ ਤੇ ਤਿਲ...ਸਰਦਾਰਾਂ, ਸਿਪਾਹੀਆਂ ਤੇ ਨੌਕਰਾਂ ਚਾਕਰਾਂ ਨੇ ਏਨੇ ਖਾਧੇ ਕਿ ਸਭ ਦੇ ਨੱਕ ਮੁੜ ਗਏ। ਬਲੋਚਾਂ ਤੇ ਦੁਰਾਨੀਆਂ ਨੇ ਇਸ ਇਲਾਕੇ ਨੂੰ ਏਦਾਂ ਲੁੱਟਿਆ ਕਿ ਇਸ ਕਹਾਵਤ ਦਾ ਜਨਮ ਹੋਇਆ—
'ਖਾਧਾ ਪੀਤਾ ਲਾਹੇ ਦਾ,
ਰਹਿੰਦਾ ਅਹਿਮਦ ਸ਼ਾਹੇ ਦਾ।'
ਉੱਥੋਂ ਅਬਦਾਲੀ ਬਿਆਸ ਪਾਰ ਕਰਕੇ ਹੁਸ਼ਿਆਰਪੁਰ ਜ਼ਿਲੇ ਵਿਚ ਦਾਖਲ ਹੋਇਆ। ਇੱਥੇ ਸਿੱਖਾਂ ਨੇ ਇਕ ਝਪਟਾ ਮਾਰਿਆ ਤੇ ਜਹਾਨ ਖ਼ਾਂ ਦਾ ਪਿੱਤਾ ਪਾਣੀ ਕਰਕੇ ਫੇਰ ਜਾ ਛਿਪਣ ਹੋਏ। ਸਤਿਲੁਜ ਪਾਰ ਕਰ ਲੈਣ ਪਿੱਛੋਂ ਖਾਲਸੇ ਨੇ ਦੁਰਾਨੀ ਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਉਸਦੀ ਸਰਹਿੰਦ ਜਾਣ ਦੀ ਹਿੰਮਤ ਨਹੀਂ ਹੋਈ। ਉਹ ਸਿੱਧਾ ਕੁੰਜਪੁਰ ਵੱਲ ਹੋ ਲਿਆ ਤਾਂ ਕਿ ਉੱਥੇ ਪਹੁੰਚ ਕੇ ਨਜੀਬ ਖ਼ਾਂ ਦੀ ਮਦਦ ਕਰਨ ਦਾ ਕੋਈ ਉਪਾਅ ਸੋਚ ਸਕੇ।
ਅਬਦਾਲੀ ਫਰਬਰੀ 1765 ਦੇ ਅੰਤ ਵਿਚ ਕੁੰਜਪੁਰ ਪਹੁੰਚਿਆ। ਪਤਾ ਲੱਗਿਆ ਕਿ ਜਵਾਹਰ ਸਿੰਘ ਤੇ ਨਜੀਬ ਖਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਤੇ ਦਿੱਲੀ ਦੀ ਘੇਰਾਬੰਦੀ ਹਟ ਗਈ ਹੈ। ਇਸ ਲਈ ਨਜੀਬ ਖਾਂ ਨੂੰ ਮਦਦ ਦੀ ਹੁਣ ਲੋੜ ਨਹੀਂ ਰਹੀ ਸੀ। ਉਹ ਤਿੰਨ ਚਾਰ ਦਿਨ ਕੁੰਜਪੁਰ ਵਿਚ ਰੁਕੇ ਤੇ ਇਸ ਗੱਲ ਉੱਤੇ ਵਿਚਾਰ ਚਰਚਾ ਹੁੰਦੀ ਰਹੀ ਕਿ ਅਗਾਂਹ ਵਧਿਆ ਜਾਏ ਕਿ ਵਾਪਸ ਚੱਲਿਆ ਜਾਏ।
ਨਸੀਰ ਖ਼ਾਂ ਨੇ ਸੁਝਾਅ ਰੱਖਿਆ, “ਹਜ਼ੂਰ, ਤੁਸੀਂ ਦਿੱਲੀ ਚਲੋ। ਗਰਮੀ ਤੇ ਬਰਸਾਤ ਉੱਥੇ ਲੰਘਾਓ। ਉਸ ਪਿੱਛੋਂ ਨਜੀਬ ਖ਼ਾਂ, ਮੁਗਲ ਬਾਦਸ਼ਾਹ, ਸ਼ਾਹ ਸ਼ੁਜਾਅ, ਫਰੂਖ਼ਾਬਾਦ ਦੇ ਰੁਹੇਲੇ, ਜਾਟਾਂ ਤੇ ਮਰਾਠਿਆਂ ਦੀ ਫੌਜ ਨਾਲ ਲੈ ਕੇ ਸਿੱਖਾਂ ਉਪਰ ਚੜ੍ਹਾਈ ਕਰ ਦੇਣਾ ਤੇ ਉਹਨਾਂ ਨੂੰ ਕੁਚਲ ਸੁੱਟਣਾ।” ਨਸੀਰ ਖ਼ਾਂ ਨੇ ਦੰਦ ਪੀਹ ਕੇ ਸਿੱਖਾਂ ਵਿਰੁੱਧ ਆਪਣੀ ਕੁਸੈਲ ਦਰਸਾਈ।
ਪਰ ਅਫ਼ਗਾਨ ਸਰਦਾਰ ਨਸੀਰ ਖ਼ਾਂ ਦੇ ਇਸ ਮਤ ਨਾਲ ਸਹਿਮਤ ਨਹੀਂ ਸਨ। ਉਹਨਾਂ ਨੂੰ ਹਿੰਦੁਸਤਾਨ ਦੀ ਗਰਮੀ ਤੇ ਬਰਸਾਤ ਦਾ ਕੌੜਾ ਤਜ਼ਰਬਾ ਸੀ। ਇਸ ਦੇ ਇਲਾਵਾ ਸਿੱਖਾਂ ਨਾਲ ਟੱਕਰ ਲੈਂਦਿਆਂ ਦੇ ਨਾਸੀਂ ਧੂੰਆਂ ਆ ਚੁੱਕਿਆ ਸੀ। ਉਹਨਾਂ ਦੇ ਬੁਲਾਰੇ ਜਹਾਨ ਖ਼ਾਂ ਨੇ ਕਿਹਾ, “ਬਾਦਸ਼ਾਹ ਸਲਾਮਤ, ਗਰਮੀ ਸਿਰ 'ਤੇ ਆ ਗਈ ਏ, ਇਸ ਲਈ ਪਰਤ ਜਾਣਾ ਹੀ ਬਿਹਤਰ ਏ। ਤਿਆਰੀ ਕਰਕੇ ਅਗਲੇ ਸਾਲ ਫੇਰ ਆਵਾਂਗੇ।”
ਅਹਿਮਦ ਸ਼ਾਹ ਇਕ ਸੁਲਝਿਆ ਹੋਇਆ, ਸ਼ਾਂਤ ਸੁਭਾਅ ਵਿਅਕਤੀ ਸੀ। ਉਹ ਦੂਰ ਤਕ ਸੋਚਦਾ ਸੀ, ਭਾਵੁਕਤਾ ਤੇ ਜਲਦਬਾਜੀ ਨੂੰ ਨੇੜੇ ਨਹੀਂ ਸੀ ਫੜਕਣ ਦਿੰਦਾ। ਸਿੱਖਾਂ ਨੂੰ ਉਹ ਉਦੋਂ ਦਾ ਜਾਣਦਾ ਸੀ, ਜਦੋਂ ਉਹ ਨਾਦਿਰ ਸ਼ਾਹ ਨਾਲ ਹਿੰਦੁਸਤਾਨ ਆਇਆ ਸੀ। ਉਸਨੂੰ ਜ਼ਕਰੀਆ ਖ਼ਾਂ ਨੂੰ ਆਖੀ, ਨਾਦਿਰ ਸ਼ਾਹ ਦੀ ਉਹ ਗੱਲ ਚੇਤੇ ਸੀ ਕਿ ਹਕੂਮਤ ਇਹ ਲੰਮੇ ਲੰਮੇ ਵਾਲਾਂ ਵਾਲੇ ਬਾਗ਼ੀ ਕਰਨਗੇ, ਜਿਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਨੇ। ਪੰਜਾਬ ਵਿਚ ਹੁਣ ਸੱਚਮੁੱਚ ਹੀ ਇਹਨਾਂ ਬਾਗ਼ੀਆਂ ਦੀ ਹਕੂਮਤ ਸੀ। ਉਹਨਾਂ ਨੇ ਅਬਦਾਲੀ ਦੀ ਬਿਸਾਤ ਪਲਟ ਕੇ ਰੱਖ ਦਿੱਤੀ ਸੀ ਤੇ ਏਸ ਬਿਸਾਤ ਉੱਤੇ ਬਿਠਾਏ ਹਰੇਕ ਮੋਹਰੇ ਨੂੰ ਇਕ ਇਕ ਕਰਕੇ ਕੁੱਟਿਆ ਤੇ ਪੁੱਟ ਸੁੱਟਿਆ ਸੀ। ਇਸ ਪਲਟੀ ਹੋਈ ਬਿਸਾਤ ਨੂੰ ਮੁੜ ਸਿੱਧਾ ਕਰਨਾ ਏਨੀ ਆਸਾਨ ਗੱਲ ਨਹੀਂ ਸੀ ਜਿੰਨੀ ਨਸੀਰ ਖ਼ਾਂ ਸਮਝ ਰਿਹਾ ਸੀ।
ਉਸਨੇ ਜਹਾਨ ਖ਼ਾਂ ਨਾਲ ਸਹਿਮਤੀ ਰਲਾਈ ਤੇ ਘਰ ਜਾਣ ਲਈ ਵਾਪਸ ਪਰਤ ਪਿਆ। ਚੁੱਪਚਾਪ ਰੋਪੜ ਨੇੜਿਓਂ ਸਤਿਲੁਜ ਪਾਰ ਕੀਤਾ ਤੇ ਖਾਲਸੇ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਬਹੀਰ ਵੀ ਪਾਰ ਲੰਘਾ ਲਈ। ਹੁਣ ਉਹ ਦੁਆਬੇ ਵਿਚ ਸੀ। ਰਾਤ ਨਦੀ ਦੇ ਇਸ ਪਾਰ ਬਿਤਾਈ। ਅਗਲੀ ਸਵੇਰ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਖਾਲਸੇ ਨੇ ਅੱਗਾ ਵਲ ਲਿਆ ਤੇ ਲੜਨ ਲਈ ਆ ਲਲਕਾਰਿਆ।
ਅਹਿਮਦ ਸ਼ਾਹ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਾਖਾ ਹੋ ਗਿਆ, “ਹੈਂ, ਇਹਨਾਂ ਸਿੱਖਾਂ ਦੀ ਇਹ ਮਜ਼ਾਲ। ਦੁਨੀਆਂ ਕੀ ਕਹੇਗੀ ਕਿ ਮੇਰੇ ਹੁੰਦਿਆਂ ਮੇਰੇ ਲਸ਼ਕਰ ਉੱਤੇ ਜਗ੍ਹਾ ਜਗ੍ਹਾ ਹਮਲੇ ਹੁੰਦੇ ਰਹੇ!” ਫੌਜ ਨੂੰ ਹੁਕਮ ਦਿੱਤਾ, “ਗਾਜੀਓ! ਕਰ ਦਿਓ ਚੜ੍ਹਾਈ, ਇਹਨਾਂ ਲਾਹਨਤੀ ਕਾਫ਼ਿਰਾਂ ਉਪਰ। ਇਹ ਦੀਨ ਦੀ ਲੜਾਈ ਏ।” ਉਸਨੇ ਆਪਣੇ ਵੱਡੇ ਵਜ਼ੀਰ ਸ਼ਾਹ ਵਲੀ ਖ਼ਾਂ, ਜਹਾਨ ਖ਼ਾਂ, ਅਜ਼ਲ ਖ਼ਾਂ, ਸ਼ਾਹ ਪਸੰਦ ਖ਼ਾਂ ਤੇ ਹੋਰ ਪ੍ਰਮੁੱਖ ਸਰਦਾਰਾਂ ਨੂੰ ਸੱਜੇ ਹੱਥ ਦੀ ਕਮਾਨ ਸੌਂਪੀ ਤੇ ਮੀਰ ਨਸੀਰ ਖ਼ਾਂ ਬਲੋਚੀ ਨੂੰ ਆਪਣੇ ਖੱਬੇ ਹੱਥ ਰੱਖਿਆ।
ਉਧਰ ਖਾਲਸਾ ਫੌਜ ਦਾ ਆਗੂ, ਪੰਥ ਦਾ 'ਪਾਦਸ਼ਾ' ਜੱਸਾ ਸਿੰਘ ਆਹਲੂਵਾਲੀਆ ਸੀ। ਉਹ ਵਿਚਕਾਰ ਸੀ ਤੇ ਉਸਦੇ ਨਾਲ ਜੱਸਾ ਸਿੰਘ ਰਾਮਗੜ੍ਹੀਆ ਜਚਿਆ ਹੋਇਆ ਸੀ। ਸੱਜੇ ਹੱਥ ਚੜ੍ਹਤ ਸਿੰਘ ਸੀ ਤੇ ਉਸਦੇ ਨਾਲ ਝੰਡਾ ਸਿੰਘ, ਲਹਿਣਾ ਸਿੰਘ ਤੇ ਜੈ ਸਿੰਘ ਸਨ। ਇਹਨਾਂ ਦੇ ਮੁਕਾਬਲੇ ਉਧਰ ਨਸੀਰ ਖ਼ਾਂ ਸੀ। ਖੱਬੇ ਪਾਸੇ ਹਰੀ ਸਿੰਘ, ਰਾਮਦਾਸ, ਗੁਲਾਬ ਸਿੰਘ ਤੇ ਗੁਜਰ ਸਿੰਘ ਸਨ। ਇਹਨਾਂ ਦੇ ਸਾਹਮਣੇ ਵਲੀ ਖ਼ਾਂ, ਜਹਾਨ ਖ਼ਾਂ ਆਦੀ ਸਨ।
ਲੜਾਈ ਸ਼ੁਰੂ ਹੋਈ ਤਾਂ ਹਰੀ ਸਿੰਘ ਨੇ ਅਫ਼ਗਾਨਾ ਦੀ ਸੱਜੀ ਬਾਹੀ ਉਪਰ ਹਮਲਾ ਕਰਕੇ ਉਹਨਾਂ ਨੂੰ ਪਿੱਛੇ ਧਰੀਕ ਦਿੱਤਾ। ਜਦੋਂ ਦੇਖਿਆ ਕਿ ਸ਼ਾਹ ਵਲੀ ਖ਼ਾਂ ਤੇ ਜਹਾਨ ਖ਼ਾਂ ਤੋਂ ਸਿੱਖ ਰੋਕੇ ਨਹੀਂ ਜਾ ਰਹੇ ਤਾਂ ਅਬਦਾਲੀ ਨੇ ਨਸੀਰ ਖ਼ਾਂ ਨੂੰ ਕੋਲ ਬੁਲਾਅ ਕੇ ਕਿਹਾ, “ਸਿੱਖਾਂ ਨੇ ਸਾਡੇ ਸੱਜੇ ਪਾਸੇ ਜ਼ੋਰ ਫੜ੍ਹ ਲਿਆ ਹੈ। ਇਸ ਪਾਸੇ ਦੇ ਗਾਜੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅੱਗੇ ਨਿਕਲ ਗਏ ਨੇ। ਇਹ ਬਾਹੀ ਖ਼ਾਲੀ ਦੇਖ ਕੇ ਸਿੱਖ ਇਧਰ ਘੁਸ ਆਏ ਨੇ...ਤੁਸੀਂ ਦੇਖ ਰਹੇ ਓ; ਕਿੰਜ ਤਾਤਾਰੀ ਕਾਫ਼ਿਰਾਂ ਵਾਂਗ ਤੀਰਾਂ ਤੇ ਗੋਲੀਆਂ ਦਾ ਮੀਂਹ ਵਰ੍ਹਾਅ ਰਹੇ ਨੇ? ਕਦੀ ਸੱਜੇ ਥਾਵਾ ਬੋਲਦੇ ਨੇ ਕਦੀ ਖੱਬੇ। ਮੈਂ ਤਾਂ ਇਹਨਾਂ ਦੀ ਦਲੇਰੀ ਦੇਖ ਕੇ ਦੰਗ ਰਹਿ ਗਿਆਂ। ਤੁਸੀਂ ਇਸ ਪਾਸੇ ਜਾ ਦੇ ਇਹਨਾਂ ਨੂੰ ਰੋਕੋ। ਪਰ ਸਿੱਖਾਂ ਨਾਲ ਜੰਗ ਵਿਚ ਜਲਦਬਾਜੀ ਤੋਂ ਕਤਈ ਕੰਮ ਨਾ ਲੈਣਾ। ਤੁਹਾਨੂੰ ਸੌਂਹ ਏਂ ਕਿ ਆਪਣਾ ਪੈਂਤਰਾ ਛੱਡ ਕੇ ਕਤਈ ਅੱਗੇ ਨਾ ਵਧਣਾ। ਦੁਸ਼ਮਣ ਦੇ ਪਿੱਛੇ ਨਹੀਂ ਜਾਣਾ, ਦੁਸ਼ਮਣ ਖ਼ੁਦ ਤੁਹਾਡੇ ਕੋਲ ਆਏਗਾ। ਇਹ ਦੁਸ਼ਮਣ ਬੜੇ ਨਿਡਰ ਨੇ ਤੇ ਜੰਗ ਦੇ ਮੈਦਾਨ ਵਿਚ ਅੱਗ ਵਾਂਗ ਭੜਕ ਉਠਦੇ ਨੇ। ਇਹਨਾਂ ਦੀ ਹੀ ਗੱਲ ਨਹੀਂ, ਇਹਨਾਂ ਦੇ ਪਿਓ-ਦਾਦੇ ਵੀ ਇਵੇਂ ਹੀ ਕਰਦੇ ਸਨ...ਛਾਲਾਂ ਮਾਰਦੇ ਹੋਏ ਯਕਦਮ ਮੈਦਾਨ ਵਿਚ ਕੁੱਦ ਪੈਂਦੇ ਤੇ ਦੁਸ਼ਮਣ ਦੀ ਫੌਜ ਉੱਤੇ ਟੁੱਟ ਪੈਂਦੇ...”
ਇਸ ਨਸੀਹਤ ਦੇ ਬਾਵਜ਼ੂਦ ਜਦੋਂ ਸਿੱਖਾਂ ਨੇ ਜ਼ਰਾ ਪਿੱਛੇ ਹਟਣ ਦਾ ਬਹਾਨਾ ਕੀਤਾ, ਨਸੀਰ ਖ਼ਾਂ ਆਪਣੀ ਜਗ੍ਹਾ ਛੱਡ ਕੇ ਅੱਗੇ ਵਧ ਗਿਆ। ਸਿੱਖ ਪਲਟ ਕੇ ਖਾਲੀ ਜਗ੍ਹਾ ਉੱਤੇ ਆਣ ਕਾਬਜ ਹੋਏ। ਨਸੀਰ ਖ਼ਾਂ ਘੇਰੇ ਵਿਚ ਫਸ ਗਿਆ। ਉਹ ਅਹਿਮਦ ਸ਼ਾਹ ਨਾਲੋਂ ਬਿਲਕੁਲ ਕੱਟਿਆ ਗਿਆ। ਪਰ ਜਲਦੀ ਹੀ ਰਾਤ ਉਤਰ ਆਈ ਤੇ ਨਸੀਰ ਖ਼ਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਦੂਜੇ ਦਿਨ ਸੂਰਜ ਚੜ੍ਹਦਿਆਂ ਹੀ ਅਬਦਾਲੀ ਨੇ ਆਪਣੀ ਫੌਜ ਨੂੰ ਕੂਚ ਕਰਨ ਦਾ ਹੁਕਮ ਸੁਣਾ ਦਿੱਤਾ। ਪਰ ਉਹ ਅਜੇ ਦੋ ਤਿੰਨ ਕੋਹ ਹੀ ਗਏ ਸਨ ਕਿ ਖਾਲਸੇ ਨੇ ਅੱਗੇ ਆ ਕੇ ਖੱਬੇ ਪਾਸਿਓਂ ਹੱਲਾ ਬੋਲ ਦਿੱਤਾ। ਇਸ ਦਿਨ ਅਬਦਾਲੀ ਨੇ ਆਪਣੀ ਫੌਜ ਦੀ ਤਰਤੀਬ ਬਦਲੀ ਹੋਈ ਸੀ। ਖੱਬੇ ਵਾਲੇ ਸੱਜੇ ਤੇ ਸੱਜੇ ਵਾਲੇ ਖੱਬੇ ਚਲੇ ਗਏ ਸਨ। ਇੰਜ ਹੀ ਅੱਗੇ ਵਾਲੇ ਪਿੱਛੇ ਤੇ ਪਿੱਛੇ ਵਾਲੇ ਅੱਗੇ ਕਰ ਦਿੱਤੇ ਗਏ ਸਨ।
ਖਾਲਸੇ ਦੇ ਹਮਲਾ ਕਰਨ ਵਾਲੇ ਦਸਤੇ ਛਾਲਾਂ ਮਾਰਦੇ ਹੋਏ ਅੱਗੇ ਆਏ ਲੜਨਾ ਸ਼ੁਰੂ ਕਰ ਦਿੱਤਾ। ਅਬਦਾਲੀ ਦਾ ਅੱਗੇ ਵਧਣਾ ਰੁਕ ਗਿਆ। ਉਸਨੇ ਉੱਥੇ ਹੀ ਝੰਡੇ ਗੱਡ ਦਿੱਤੇ। ਅਹਿਮਦ ਸ਼ਾਹ ਨੇ ਫੌਜ ਦੇ ਚਾਰੇ ਪਾਸੇ ਘੁੰਮ ਘੁੰਮ ਕੇ ਹਰੇਕ ਨੂੰ ਹਦਾਇਤ ਕੀਤੀ ਕਿ 'ਜਿੱਥੇ ਹੋ,ਬਸ, ਉੱਥੇ ਹੀ ਡਟੇ ਰਹੋ; ਅੱਗੇ ਵਧ ਕੇ ਨਵੀਂ ਜਗ੍ਹਾ ਜਾਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਨੀ।' ਉਸਨੇ ਨਸੀਰ ਕੋਲ ਜਾ ਕੇ ਕਿਹਾ ਕਿ 'ਬਲੋਚ ਫੌਜ ਮੇਰੀ ਸੱਜੀ ਬਾਂਹ ਹੈ। ਬਸ, ਇੰਜ ਹੀ ਕੋਹਕਾਫ਼ ਵਾਂਗ ਅਟੱਲ ਖੜ੍ਹੇ ਰਹੋ, ਮੇਰੇ ਹੁਕਮ ਦੇ ਬਗੈਰ ਇਕ ਕਦਮ ਵੀ ਅੱਗੇ ਨਹੀਂਓਂ ਵਧਣਾ।'
ਠੀਕ ਮੌਕਾ ਦੇਖ ਕੇ ਸ਼ਾਹ ਨੇ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਉਸਦੀ ਫੌਜ ਬੜੇ ਜੋਸ਼ ਨਾਲ ਅੱਗੇ ਵਧੀ। ਜਦੋਂ ਉਹ ਦੋ ਤਿੰਨ ਕੋਹ ਅੱਗੇ ਵਧੇ ਤਾਂ ਇਕ ਵੀ ਸਿੱਖ ਮੈਦਾਨ ਵਿਚ ਨਜ਼ਰ ਨਹੀਂ ਸੀ ਆਇਆ। ਇਸ ਲਈ ਗਾਜੀ ਵਾਪਸ ਪਰਤ ਪਏ। ਉਹਨਾਂ ਦੇ ਪਿੱਠ ਮੋੜਨ ਦੀ ਦੇਰ ਸੀ ਕਿ ਸਿੰਘ ਪਲਟ ਆਏ ਤੇ ਗਾਜੀਆਂ ਉੱਤੇ ਚਾਰੇ ਪਾਸਿਓਂ ਟੁੱਟ ਪਏ। ਅਹਿਮਦ ਸ਼ਾਹ ਇਕ ਵਾਰੀ ਫੇਰ ਆਪਣੀ ਫੌਜ ਦੇ ਇਰਦ ਗਿਰਦ ਘੁੰਮ ਘੁੰਮ ਕੇ ਥਾਵੇਂ ਡਟ ਜਾਣ ਦੀਆਂ ਹਦਾਇਤਾਂ ਕਰਦਾ ਨਜ਼ਰ ਆਇਆ—'ਆਪਣੀ ਜਗ੍ਹਾ ਖੜ੍ਹੇ ਰਹੋ; ਦੁਸ਼ਮਣ ਨੂੰ ਪਿੱਛੇ ਹਟਦਾ ਦੇਖ ਕੇ ਅੱਗੇ ਨਾ ਵਧੋ; ਅੱਗੇ ਵਧਣ ਵਿਚ ਖ਼ਤਰਾ ਹੈ।'
ਸ਼ਾਹ ਦਾ ਕਿਉਂਕਿ ਆਪਣੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਨਹੀਂ ਸੀ, ਇਸ ਲਈ ਹਮਲੇ ਸਿਰਫ ਸਿੱਖਾਂ ਨੇ ਕੀਤੇ। ਅਫ਼ਗਾਨ ਤੇ ਬਲੋਚ ਸਿਰਫ ਆਪਣਾ ਬਚਾ ਹੀ ਕਰਦੇ ਰਹੇ। ਲੜਾਈ ਸਾਰਾ ਦਿਨ ਇਸੇ ਤਰ੍ਹਾਂ ਚਲਦੀ ਰਹੀ। ਰਾਤ ਹੋਈ ਤਾਂ ਦੋਹੇਂ ਧਿਰਾਂ ਆਪੋ ਆਪਣੇ ਠਿਕਾਣਿਆਂ ਉੱਤੇ ਚਲੀਆਂ ਗਈਆਂ। ਤੀਜੇ ਦਿਨ ਦੀ ਲੜਾਈ ਵੀ ਪਹਿਲੇ ਦੋ ਦਿਨਾਂ ਵਰਗੀ ਹੀ ਸੀ। ਅਫ਼ਗਾਨ ਤੇ ਬਲੋਚ ਸੂਰਜ ਨਿਕਦਿਆਂ ਹੀ ਘੋੜਿਆਂ ਉਪਰ ਸਵਾਰ ਹੋਏ ਤੇ ਅੱਗੇ ਵੱਲ ਕੂਚ ਕੀਤਾ। ਉਹ ਅਜੇ ਪੰਜ ਕੋਹ ਹੀ ਜਾ ਸਕੇ ਸਨ ਕਿ ਸਿੱਖਾਂ ਨੇ ਰਸਤਾ ਆਣ ਰੋਕਿਆ। ਨੂਰ ਮੁਹੰਮਦ ਦੇ ਸ਼ਬਦਾਂ ਵਿਚ—'ਉਹ ਪਹਿਲੇ ਦੋ ਦਿਨਾਂ ਵਾਂਗ ਹੀ ਲੜੇ ਤੇ ਉਹੀ ਦਾਅ-ਪੇਚ ਵਰਤਦੇ ਰਹੇ। ਉਹ ਸ਼ੇਰਾਂ ਵਾਂਗ ਝਪਟਦੇ ਸਨ ਤੇ ਲੂੰਬੜਾਂ ਵਾਂਗ ਝੱਟ ਪਰਤ ਜਾਂਦੇ ਸਨ। ਉਹਨਾਂ ਨੂੰ ਭੱਜਦਿਆਂ ਨੂੰ ਵੀ ਸ਼ਰਮ ਨਹੀਂ ਸੀ ਆਉਂਦੀ! ਮੈਦਾਨ ਵਿਚ ਜੰਮ ਕੇ ਲੜਦੇ ਹੀ ਨਹੀਂ ਸਨ। ਜਰਾ ਫ਼ਾਸਲੇ ਤੋਂ ਗੋਲੀਆਂ ਦੀ ਵਾਛੜ ਕਰਦੇ, ਫੇਰ ਮੈਦਾਨ ਛੱਡ ਕੇ ਭੱਜ ਜਾਂਦੇ। ਉਹਨਾਂ ਕੰਬਖ਼ਤ ਕੁੱਤਿਆਂ ਨੇ ਈਮਾਨ ਦੇ ਰਾਖੇ ਸ਼ਾਹ ਦੀ ਫੌਜ ਦਾ ਪਿੱਛਾ ਕੀਤਾ, ਜਿਵੇਂ ਹੀ ਸ਼ਾਹ ਰੁਕਦਾ ਸੀ ਇਹ ਕਲਮੂੰਹੇ ਕੁੱਤੇ ਉਸ ਉੱਤੇ ਟੁੱਟ ਪੈਂਦੇ ਸਨ।'
ਚੌਥੇ ਦਿਨ ਦੀ ਲੜਾਈ ਕਪੂਰਥਲੇ ਦੇ ਨੇੜੇ ਹੋਈ। ਜਿਸ ਵਿਚ ਦੁਰਾਨੀ ਦੇ ਆਦਮੀਆਂ ਤੇ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ।
ਨੂਰ ਮੁਹੰਮਦ ਨੇ ਪੰਜਵੇਂ ਤੇ ਛੇਵੇਂ ਦਿਨ ਦੀ ਲੜਾਈ ਬਾਰੇ ਕੁਝ ਵੀ ਨਹੀਂ ਲਿਖਿਆ। ਪਰ ਸੱਤਵੇਂ ਦਿਨ ਦੀ ਲੜਾਈ ਦਾ ਵੇਰਵਾ ਇੰਜ ਹੈ, ਜਿਹੜੀ ਬਿਆਸ ਦੇ ਦੱਖਣ ਵਿਚ ਹੋਈ ਤੇ ਜਿਸ ਵਿਚ ਸਿੱਖਾਂ ਦੀ ਗਿਣਤੀ 30 ਹਜ਼ਾਰ ਸੀ। ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਲਈ—'ਕੰਬਖ਼ਤ ਕਾਫ਼ਿਰ', 'ਸੂਰ ਖਾਣੇ', 'ਕਲਮੂੰਹੇਂ ਕੁੱਤੇ' ਆਦੀ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਪਰ ਉਸਦੀ ਕਿਤਾਬ 'ਜੰਗਨਾਮਾ' ਵਿਚ ਹੀ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਉਹ ਆਪਣੇ ਇਹਨਾਂ ਸ਼ਬਦਾਂ ਦੀ ਵਰਤੋਂ ਉੱਤੇ ਆਪ ਵੀ ਸ਼ਰਮਿੰਦਾ ਹੈ ਤੇ ਖਾਲਸੇ ਦੀ ਬਹਾਦਰੀ ਦਾ ਕਇਲ ਵੀ।
'ਸਿੰਘ ਨੂੰ ਸੰਗ ਨਾ ਕਹੋ ਕਿਉਂਕਿ ਉਹ ਸ਼ੇਰ ਨੇ ਤੇ ਮਰਦਾਨਗੀ ਦੇ ਮੈਦਾਨ ਵਿਚ ਮਰਦਾਂ ਵਾਂਗ ਦਲੇਰ ਨੇ।'
'ਰਣ ਦਾ ਜਿਹੜਾ ਸੂਰਮਾ ਮੈਦਾਨ ਵਿਚ ਸ਼ੇਰ ਵਾਂਗ ਗਰਜਦਾ ਹੈ ਭਲਾ 'ਸੰਗ' ਕਿੰਜ ਹੋ ਸਕਦਾ ਹੈ? ਜੇ ਤੁਹਾਨੂੰ ਲੜਾਈ ਦੇ ਪੈਂਤਰੇ ਸਿੱਖਣ ਦੀ ਇੱਛਾ ਹੈ ਤਾਂ ਆਓ ਰਣਭੂਮੀ ਵਿਚ ਇਹਨਾਂ ਦੇ ਸਾਹਮਣੇ ਖਲੋਵੋ।'
'ਉਹ ਜੰਗ ਦੇ ਤੁਹਾਨੂੰ ਉਹ ਪੈਂਤਰੇ ਦਿਖਾਉਣਗੇ ਕਿ ਸਾਰੇ ਵਾਹ ਵਾਹ ਕਰ ਉਠਣਗੇ।'
ਬਿਆਸ ਪਾਰ ਕਰ ਜਾਣ ਪਿੱਛੋਂ ਖਾਲਸੇ ਨੇ ਅਬਦਾਲੀ ਦਾ ਪਿੱਛਾ ਨਹੀਂ ਕੀਤਾ ਤੇ ਉਹ ਵੀ ਬਿਆਸ ਪਾਰ ਕਰਨ ਪਿੱਛੋਂ ਕਿਤੇ ਨਹੀਂ ਰੁਕਿਆ, ਛੇਤੀ ਤੋਂ ਛੇਤੀ ਅਫ਼ਗਾਨਿਸਤਾਨ ਪਹੁੰਚ ਗਿਆ।
ਪਾਨੀਪਤ ਦੇ ਵਿਜੇਤਾ ਅਹਿਮਦ ਸ਼ਾਹ ਨੂੰ ਖਾਲਸੇ ਨੇ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਸਦੀ ਦਸਾ 'ਘਰ ਕੇ ਬੁੱਧੂ ਲੌਟ ਕੇ ਆਏ' ਵਾਲੀ ਕਰ ਦਿੱਤੀ ਸੀ।

ਅਹਿਮਦ ਸ਼ਾਹ 1765 ਦੇ ਅੱਧ ਤਕ ਅਫ਼ਗਾਨਿਸਤਾਨ ਪਰਤ ਗਿਆ। ਖਾਲਸੇ ਨੇ 10 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਵਿਸਾਖੀ ਮਨਾਈ। ਵਿਸਾਖੀ ਦਾ ਇਹ ਜੋੜ ਮੇਲਾ ਅਸਲ ਵਿਚ ਫਤਿਹ ਦਿਵਸ ਸੀ ਤੇ ਇਸਦੀ ਸ਼ਾਨ ਹੀ ਨਿਰਾਲੀ ਸੀ। ਦੁਰਾਨੀ ਨੇ ਹਰਿਮੰਦਰ ਢਾਹ ਦਿੱਤਾ ਸੀ ਸਰੋਵਰ ਨੂੰ ਮਲਵੇ ਨਾਲ ਭਰਵਾ ਦਿੱਤਾ। ਇਸ ਦੇ ਬਾਵਜ਼ੂਦ ਸ਼ਰਧਾ, ਆਜ਼ਾਦੀ ਤੇ ਖ਼ੁਸ਼ੀਆਂ ਦਾ ਵਾਤਾਵਰਣ ਸੀ। ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚਕੀਆ, ਹਰੀ ਸਿੰਘ, ਝੰਡਾ ਸਿੰਘ, ਗੁਜਰ ਸਿੰਘ ਭੰਗੀ, ਜੈ ਸਿੰਘ ਤੇ ਸੋਭਾ ਸਿੰਘ ਕਨ੍ਹਈਆ ਆਦੀ ਸਾਰੇ ਸਰਦਾਰ ਹਾਜ਼ਰ ਸਨ। ਇਕ ਪਾਸੇ ਨੇਜਾ, ਖੰਡਾ, ਧਨੁਸ਼ ਤੇ ਤੀਰ ਤਲਵਾਰ ਆਦੀ ਯੁੱਧ-ਸ਼ਸ਼ਤਰਾਂ ਦੀ ਪ੍ਰਦਰਸ਼ਨੀ ਲਾਈ ਗਈ ਸੀ ਤੇ ਦੂਜੇ ਪਾਸੇ ਮਨਮੋਹਨ ਦੇ ਹੱਥ-ਚਿੱਤਰਾਂ ਦੀ। ਇਹਨਾਂ ਚਿੱਤਰਾਂ ਵਿਚ ਵੀ ਹਥਿਆਰ ਸਨ, ਘੋੜੇ ਸਨ ਤੇ ਮੌਤ ਨੂੰ ਮਸ਼ਕਰੀਆਂ ਕਰਦੇ ਦੁਸ਼ਮਣ ਨਾਲ ਜੂਝਨ ਵਾਲੇ ਬਹਾਦੁਰ ਯੋਧੇ ਸਨ। ਜੱਸਾ ਸਿੰਘ ਆਹਲੂਵਾਲੀਆ ਦੇ ਚਿੱਤਰ ਨਾਲ ਹੀ ਚੜ੍ਹਤ ਸਿੰਘ ਸ਼ੁਕਰਚਕੀਆ ਦਾ ਚਿੱਤਰ ਲੱਗਿਆ ਹੋਇਆ ਸੀ। ਉਸਦੇ ਇਕ ਹੱਥ ਵਿਚ ਧਨੁਸ਼, ਪਿੱਛੇ ਕਮਰਕਸੇ ਵਿਚ ਨੇਜਾ ਤੇ ਤਲਵਾਰ ਤੇ ਘੋੜਾ ਦੁਸ਼ਮਣ ਉੱਤੇ ਝਪਟ ਪੈਣ ਲਈ ਤਿਆਰ ਬਰ ਤਿਆਰ ਨਜ਼ਰ ਆ ਰਿਹਾ ਸੀ। ਤੀਜਾ ਕਲਪਣਾ ਚਿੱਤਰ ਬਾਬਾ ਦੀਪ ਸਿੰਘ ਦਾ ਸੀ—ਇਕ ਹੱਥ ਵਿਚ ਖੰਡਾ ਚੁੱਕੀ ਤੇ ਦੂਜੇ ਉਪਰ ਆਪਣਾ ਕੱਟਿਆ ਹੋਇਆ ਸਿਰ ਰੱਖੀ, ਉਹ ਆਪਣੀ ਸੁੱਖਣਾ ਪੂਰੀ ਕਰਨ ਖਾਤਰ, ਦੁਸ਼ਮਣ ਨਾਲ ਲੜਦਾ ਹੋਇਆ ਦਰਬਾਰ ਸਾਹਿਬ ਵਲ ਵਧ ਰਿਹਾ ਸੀ। ਇਹ ਚਿੱਤਰ ਇਕ ਕਤਾਰ ਵਿਚ ਸਨ ਤੇ ਦੂਜੀ ਕਤਾਰ ਵਿਚ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਦਸਾਂ ਗੁਰੂਆਂ ਦੇ ਚਿੱਤਰ ਰੱਖੇ ਹੋਏ ਸਨ। ਇਹਨਾਂ ਦੋਹਾਂ ਕਤਾਰਾਂ ਦੇ ਵਿਚਕਾਰ ਬੰਦਾ ਬਹਾਦੁਰ ਦਾ ਚਿੱਤਰ ਸੀ। ਹਰੇਕ ਚਿੱਤਰ ਦੀ ਆਪਣੀ ਵਿਸ਼ੇਸ਼ਤਾ ਸੀ।
ਪ੍ਰਦਰਸ਼ਨੀ ਦੇਖਣ ਲਈ ਲੋਕਾਂ ਦੀ ਖਾਸੀ ਭੀੜ ਜੁੜੀ ਹੋਈ ਸੀ, ਜਿਹਨਾਂ ਵਿਚ ਚਿੱਤਰਕਾਰ ਮਨਮੋਹਨ ਆਪ ਵੀ ਸੀ। ਆਏ ਲੋਕ ਚਿੱਤਰ ਦੇਖ ਰਹੇ ਸਨ ਤੇ ਉਹਨਾਂ ਬਾਰੇ ਮਨਮੋਹਨ ਨਾਲ ਗੱਲਬਾਤ ਵੀ ਕਰ ਰਹੇ ਸਨ। ਉਹਨਾਂ ਵਿਚ ਮਨਮੋਹਨ ਦਾ ਪੁਰਾਣਾ ਜਾਣੂ ਭੂਪ ਸਿੰਘ ਵੀ ਸੀ। ਭੂਪ ਸਿੰਘ ਦੇ ਨਾਲ ਇਕ ਹੋਰ ਆਦਮੀ ਵੀ ਨਜ਼ਰ ਆ ਰਿਹਾ ਸੀ, ਜਿਸਨੂੰ ਅਸੀਂ ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਦੇ ਨਾਂ ਨਾਲ ਜਾਣਦੇ ਹਾਂ। ਪਰ ਹੁਣ ਉਹ ਨਾ ਸ਼ਾਦ ਅਲੀ ਸੀ ਤੇ ਨਾ ਹੀ ਮੇਹਰ ਅਲੀ, ਸਿਰਫ ਮੇਹਰ ਚੰਦ ਸੀ।
“ਕੀ ਇਹ ਗੁਰੂਆਂ ਦੇ ਚਿੱਤਰ ਵੀ ਤੁਸਾਂ ਆਪ ਈ ਬਣਾਏ ਨੇ?” ਮੇਹਰ ਚੰਦ ਨੇ ਚਿੱਤਰਕਾਰ ਨੂੰ ਪੁੱਛਿਆ।
“ਨਹੀਂ ਜੀ,” ਮਨਮੋਹਨ ਨੇ ਜਵਾਬ ਦਿੱਤਾ, “ਇਹ ਹੋਰ ਕਲਾਕਾਰਾਂ ਦੀਆਂ ਕਿਰਤਾਂ ਨੇ। ਮੈਂ ਤਾਂ ਬਸ ਸੰਗ੍ਰਿਹ ਹੀ ਕੀਤਾ ਏ।”
“ਖ਼ੁਦ ਚਿੱਤਰ ਹੀ ਦੱਸ ਰਹੇ ਨੇ ਬਈ ਇਹ ਇਹਨਾਂ ਦੀ ਕਲਾ-ਕਿਰਤ ਨਹੀਂ,” ਭੂਪ ਸਿੰਘ ਨੇ ਇਕ ਨਜ਼ਰ ਗੁਰੂ-ਚਿੱਤਰਾਂ ਵੱਲ ਦੇਖਿਆ। ਫੇਰ ਦੂਜੀ ਕਤਾਰ ਵੱਲ ਨਜ਼ਰ ਭੂਆਂ ਦੇ ਕਿਹਾ, “ਇਹਨਾਂ ਦੀ ਕਲਮ ਦੀ ਤੋਰ ਈ ਵੱਖਰੀ ਏ ਤੇ ਭਾਵਨਾਵਾਂ ਦਾ ਪ੍ਰਗਟਾਅ ਵੀ।” ਭੂਪ ਸਿੰਘ ਨੇ 'ਭਾਵਨਾਵਾਂ' ਉੱਤੇ ਖਾਸਾ ਜ਼ੋਰ ਦਿੱਤਾ ਸੀ।
“ਇੰਜ ਕਹੀਏ ਕਿ ਗੁਰੂਆਂ ਦੇ ਚਿੱਤਰ ਬਨਾਉਣ ਵਾਲੇ ਅਤੀਤ ਦੇ ਚਿਤੇਰੇ ਨੇ ਤੇ ਤੁਸੀਂ ਸਾਡੇ ਇਸ ਯੁੱਗ ਦੇ...ਜਿਸ ਵਿਚ ਯੁੱਧ ਦੀ ਭਾਵਨਾ ਸਰਵਉੱਚ ਤੇ ਪ੍ਰਬਲ ਹੈ?” ਮੇਹਰ ਚੰਦ ਨੇ ਗੱਲ ਨਾਲ ਗੱਲ ਮੇਲੀ।
ਚਿੱਤਰਕਾਰ ਨੇ ਮੁਸਕਰਾਉਂਦਿਆਂ ਹੋਇਆਂ ਆਪਣਾ ਹੱਥ ਮੇਹਰ ਚੰਦ ਵਲ ਵਧਾਅ ਦਿੱਤਾ ਤੇ ਮੇਹਰ ਚੰਦ ਨੇ ਵੀ ਪੂਰੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ।
“ਮੈਂ ਈਹਦੇ ਨਾਲ ਤੁਹਾਡੀ ਜਾਣ ਪਛਾਣ ਕਰਾ ਦਿਆਂ।” ਭੂਪ ਸਿੰਘ ਨੇ ਮਨਮੋਹਨ ਨੂੰ ਕਿਹਾ।
“ਜ਼ਰੂਰ, ਜ਼ਰੂਰ...”
“ਈਹਦਾ ਨਾਂ ਮੇਹਰ ਚੰਦ ਏ ਤੇ ਇਹ ਮੇਰਾ ਛੋਟਾ ਭਰਾ ਏ।”
“ਮੁਆਫ਼ ਕਰਨਾ, ਇਹਨਾਂ ਦੀ ਸ਼ਕਲ ਤੁਹਾਡੇ ਨਾਲ ਨਹੀਂ ਮਿਲਦੀ।” ਚਿੱਤਰਕਾਰ ਉਹਨਾਂ ਦੋਹਾਂ ਵੱਲ ਡੂੰਘੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ।
“ਇਹ ਵੀ ਤੁਸੀਂ ਠੀਕ ਆਖਿਆ,” ਭੂਪ ਸਿੰਘ ਨੇ ਉਤਰ ਦਿੱਤਾ, “ਅਸਲ ਵਿਚ ਇਹ ਮੇਰਾ ਗੁਰ ਭਾਈ ਏ। ਅਸੀਂ ਅਲਹੋਲ ਮਕਤਬ ਵਿਚ ਪਲੇ ਹੋਏ ਹਾਂ।”
“ਅਲਹੋਲ ਵਿਚ? ਉੱਥੇ ਤਾਂ ਯਤੀਮ ਬੱਚੇ ਪਲਦੇ ਨੇ?” ਜਿਹੜੇ ਦਰਸ਼ਕ ਉਹਨਾਂ ਦੀਆਂ ਗੱਲਾਂ ਸੁਨਣ ਲਈ ਖਲੋਤੇ ਹੋਏ ਸਨ, ਉਹਨਾਂ ਵਿਚੋਂ ਕਿਸੇ ਨੇ ਕਿਹਾ ਸੀ।
“ਹਾਂ, ਅਸੀਂ ਦੋਹੇਂ ਵੀ ਅਨਾਥ ਸਾਂ...ਪਰ ਹੁਣ ਅਨਾਥ ਨਹੀਂ, ਕਿਉਂਕਿ ਪੰਥ ਸਾਡਾ ਮਾਂ-ਬਾਪ ਏ।” ਭੂਪ ਸਿੰਘ ਖੁੱਲ੍ਹ ਕੇ ਮੁਸਕਰਾਇਆ। ਮੇਹਰ ਚੰਦ, ਮਨਮੋਹਨ ਤੇ ਦਰਸ਼ਕ ਵੀ ਮੁਸਕਰਾਉਣ ਲੱਗੇ।
ਇਸ ਪਿੱਛੋਂ ਗੱਲ ਫੇਰ ਚਿੱਤਰਾਂ ਦੀ ਹੋਣ ਲੱਗੀ। ਭੂਪ ਸਿੰਘ ਤੇ ਮੇਹਰ ਚੰਦ ਇਕ ਗੱਲ ਉੱਤੇ ਇਕ ਮਤ ਸਨ ਕਿ ਮਨਮੋਹਨ ਨੂੰ ਘੋੜਿਆਂ ਦੇ ਹਾਵ ਭਾਵ ਦਰਸ਼ਾਉਣ ਵਿਚ ਪੂਰੀ ਮੁਹਾਰਤ ਹਾਸਿਲ ਹੈ; ਲੱਗਦਾ ਹੈ ਕਿ ਸਵਾਰ ਤੇ ਘੋੜਾ ਇਕ ਮਤ ਹੋ ਕੇ ਬਲਿਦਾਨ ਭਾਵਨਾ ਨਾ ਯੁੱਧ ਖੇਤਰ ਵਿਚ ਉਤਰੇ ਨੇ ਤੇ ਦੋਹੇਂ ਹੌਸਲੇ ਤੇ ਬਹਾਦੁਰੀ ਦੀ ਸਾਕਾਰ ਮੂਰਤ ਨੇ।
ਦੀਵਾਨ ਸਜਿਆ, ਗੁਰਬਾਣੀ ਦਾ ਪਾਠ ਹੋਇਆ, ਅਰਦਾਸ ਹੋਈ ਤੇ ਫੇਰ ਸਰਦਾਰ ਆਹਲੂਵਾਲੀਆ ਨੇ ਸੰਗਤਾਂ ਨੂੰ ਸੰਬੋਧਨ ਕੀਤਾ, “ਖਾਲਸਾ ਜੀ, ਇਹ ਵਿਸਾਖੀ ਦਾ ਦਿਹਾੜਾ ਇਕ ਯਾਦਗਾਰੀ ਦਿਹਾੜਾ ਹੈ। ਵਹਿਗੁਰੂ ਦੀ ਕਿਰਪਾ ਨਾਲ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਹੈ, ਇਸ ਲਈ ਸਾਨੂੰ ਅਕੱਥ ਕੁਰਬਾਨੀਆਂ ਦੇਣੀਆਂ ਪਈਆਂ ਨੇ। ਅਸਾਂ ਬਹੁਤ ਹੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਭਾਂਜ ਦਿੱਤੀ ਏ। ਪਰ ਇਸ ਨਾਲ ਸਾਡੇ ਅੰਦਰ ਹੰਕਾਰ ਦੀ ਭਾਵਨਾ ਨਹੀਂ ਪੈਦਾ ਹੋਣੀ ਚਾਹੀਦੀ। ਗੁਰੂ ਦੇ ਵਾਕ 'ਮਨ ਨੀਵਾਂ ਮੱਤ ਉੱਚੀ' ਨੂੰ ਚੇਤੇ ਰੱਖਦਿਆਂ ਹੋਇਆਂ, ਹੁਣ ਸਾਨੂੰ ਆਪਣੀ ਉਸ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਨੇ ਸਾਡੀ ਖਾਤਰ ਦੁੱਖ ਝੱਲੇ ਨੇ; ਕਸ਼ਟ ਭੋਗੇ ਨੇ। ਇਸ ਵਿਚ ਅਸੀਂ ਜਾਤ-ਪਾਤ ਦਾ ਭੇਦ-ਭਾਵ ਨਹੀਂ ਵਰਤਣਾ। ਪੰਜਾਬ ਦੀ ਸਮੁੱਚੀ ਜਨਤਾ ਸਾਡੀ ਆਪਣੀ ਜਨਤਾ ਹੈ। ਅਸਾਂ ਸਾਰਿਆਂ ਨੂੰ ਰਾਹਤ ਪਹੁਚਾਉਣੀ ਹੈ ਤੇ ਸਰਿਆਂ ਦੇ ਜੀਵਨ ਨੂੰ ਸੁਖੀ ਬਨਾਉਣ ਦੇ ਯਤਨ ਕਰਨੇ ਨੇ। ਦਸਮ ਗੁਰੂ ਨੇ ਪੰਜਾਬ ਨੂੰ ਸੁਤੰਤਰ ਕਰਨ ਦਾ ਜਿਹੜਾ ਸੁਪਨਾ ਦੇਖਿਆ ਸੀ...ਉਸ ਸੁਪਨੇ ਤੇ ਉਸ ਆਜ਼ਾਦੀ ਦੇ ਅਰਥ ਸਿਰਫ ਇਹੀ ਸਨ।”
ਦੀਵਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰਿਆਂ ਨਾਲ ਗੂੰਜ ਉਠਿਆ।
ਜੱਸਾ ਸਿੰਘ ਦੀ ਉਮਰ ਹੁਣ ਪੰਜਾਹ ਦੇ ਲਗਭਗ ਸੀ। ਦਾੜ੍ਹੀ ਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਸਨ। ਚਿਹਰੇ ਉਪਰ ਇਕ ਅਨੂਠੀ ਆਭਾ ਸੀ, ਜਿਹੜੀ ਸੰਘਰਸ਼ ਦੀ ਭੱਠੀ ਵਿਚ ਤਪ ਕੇ ਆਈ ਸੀ। ਉਹਨਾਂ ਧੀਮੀ ਤੇ ਦਰਿੜ੍ਹ ਆਵਾਜ਼ ਵਿਚ ਆਪਣੀ ਗੱਲ ਜਾਰੀ ਰੱਖੀ, “ਇਸ ਸਮੇਂ ਸਾਡੇ ਸਾਹਮਣੇ ਦੋ ਹੀ ਮੁੱਖ ਕਾਰਜ ਨੇ—ਹਰਿਮੰਦਰ ਤੇ ਸਰੋਵਰ ਦਾ ਮੁੜ ਨਿਰਮਾਣ ਤੇ ਦੂਜਾ, ਲਾਹੌਰ ਨੂੰ ਮੁਕਤ ਕਰਵਾ ਕੇ ਉਸਨੂੰ ਸੁਤੰਤਰ ਪੰਜਾਬ ਦੀ ਸੁਤੰਤਰ ਰਾਜਧਾਨੀ ਬਨਾਉਣਾ।”
ਮਨਮੋਹਨ ਦੇ ਆਪਣੀ ਕਲਾ ਰਾਹੀਂ ਪੰਥ ਦੀ ਜਿਹੜੀ ਸੇਵਾ ਕੀਤੀ ਸੀ, ਉਸਦੀ ਸਲਾਘਾ ਕਰਦਿਆਂ ਹੋਇਆਂ, ਉਸਨੂੰ ਸਰੋਪਾ ਭੇਂਟ ਕੀਤਾ ਗਿਆ।
ਖਾਲਸੇ ਕੋਲ ਧਨ ਦੀ ਕਮੀ ਨਹੀਂ ਸੀ। ਹਰਿਮੰਦਰ ਤੇ ਸਰੋਵਰ ਦੇ ਮੁੜ ਨਿਰਮਾਣ ਕੰਮ ਉਸੇ ਦਿਨ ਆਰੰਭ ਕਰ ਦਿੱਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰੋਜ਼ਾਨਾ ਪ੍ਰਕਾਸ਼ ਲਈ ਗ੍ਰੰਥੀ ਨਿਯੁਕਤ ਕਰ ਦਿੱਤੇ ਗਏ।
ooo
ਉਸ ਸਮੇਂ ਲਾਹੌਰ ਦਾ ਸੂਬੇਦਾਰ ਕਾਬੁਲੀ ਮੱਲ ਸੀ। ਉਹ ਸ਼ਹਿਰ ਨੂੰ ਆਪਣੇ ਭਾਣਜੇ ਅਮੀਰ ਸਿੰਘ ਦੇ ਹਵਾਲੇ ਕਰਕੇ ਆਪ ਦੋ ਹਜ਼ਾਰ ਡੋਗਰੇ ਭਰਤੀ ਕਰਨ ਲਈ ਗਿਆ ਹੋਇਆ ਸੀ। ਇਸ ਮੌਕੇ ਦਾ ਲਾਭ ਲੈਂਦਿਆਂ ਜੱਸਾ ਸਿੰਘ, ਜੈ ਸਿੰਘ, ਹਰੀ ਸਿੰਘ ਤੇ ਗੁਜਰ ਸਿੰਘ ਭੰਗੀ, ਦੋ ਹਜ਼ਾਰ ਸਵਾਰਾਂ ਨੂੰ ਨਾਲ ਲੈ ਕੇ, ਰਾਤੋ ਰਾਤ, ਬਾਗਵਾਨ ਪੁਰ ਜਾ ਪਹੁੰਚੇ। ਕਿਲੇ ਵਿਚ ਕੰਮ ਕਰਨ ਵਾਲੇ ਪੂਰਬੀਆਂ ਨਾਲ ਗੱਲਬਾਤ ਕੀਤੀ ਗਈ, ਪਰ ਉਹਨਾਂ ਗਦਾਰਾਂ ਵਾਲੀ ਭੂਮਿਕਾ ਨਿਭਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮੇਹਰ ਚੰਦ ਵੀ, ਜਿਹੜਾ ਕਿਲੇ ਦੇ ਅੰਦਰ ਬਾਹਰ ਦਾ ਸਾਰਾ ਹਾਲ ਜਾਣਦਾ ਸੀ, ਇਸ ਸਮੇਂ ਇਸ ਮੁਹਿੰਮ ਵਿਚ ਸ਼ਾਮਲ ਸੀ। ਉਸਨੇ ਜੱਸਾ ਸਿੰਘ ਨੂੰ ਕਿਹਾ, “ਬਾਗਵਾਨ ਪੁਰ ਵਿਚ ਗ਼ੁਲਾਮ ਰਸੂਲ, ਅਸ਼ਰਫ, ਬਾਕਰ, ਚੁੰਨੂੰ ਤੇ ਮੇਹਰ ਸੁਲਤਾਨ ਨਾਂ ਦੇ ਅਰਾਈਂ ਰਹਿੰਦੇ ਨੇ। ਉਹ ਕਿਲੇ ਵਿਚ ਮਾਲੀਗਿਰੀ ਕਰਨ ਜਾਂਦੇ ਨੇ। ਮੈਂ ਉਹਨਾਂ ਨੂੰ ਜਾਣਦਾ ਹਾਂ, ਉਹ ਪੰਜਾਬੀ ਨੇ ਤੇ ਪੰਜਾਬ ਨੂੰ ਪਿਆਰ ਵੀ ਕਰਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ...”
“ਠੀਕ ਹੈ। ਉਹਨਾਂ ਦਾ ਇਕ ਆਦਮੀ, ਜਿਹੜਾ ਉਹਨਾਂ ਦਾ ਮੁਖੀਆ ਹੋਏ, ਬੁਲਾਅ ਲਿਆਓ।” ਸਰਦਾਰ ਨੇ ਆਗਿਆ ਦਿੱਤੀ।
ਮੇਹਰ ਚੰਦ ਅਰਾਈਆਂ ਦੇ ਮੁਖੀਏ ਗ਼ੁਲਾਮ ਰਸੂਲ ਨੂੰ ਬੁਲਾਅ ਲਿਆਇਆ ਤੇ ਉਸਨੂੰ ਸਰਦਾਰ ਕੋਲ ਛੱਡ ਕੇ ਆਪ ਉੱਥੋਂ ਟਲ ਗਿਆ।
“ਤੁਹਾਡਾ ਨਾਂ ਕੀ ਏ?” ਜੱਸਾ ਸਿੰਘ ਨੇ ਪੁੱਛਿਆ।
“ਗ਼ੁਲਾਮ ਰਾਸੂਲ ਜੀ।” ਉਸਨੇ ਉਤਰ ਦਿੱਤਾ।
“ਕੀ ਕੰਮ ਕਰਦੇ ਓ?”
“ਕਿਲੇ 'ਚ ਮਾਲੀ ਆਂ ਜੀ।”
“ਕੀ ਤੁਸੀਂ ਸਾਡੀ ਕੁਝ ਮਦਦ ਕਰ ਸਕਦੇ ਓ?”
“ਕਿਉਂ ਨਹੀਂ ਜੀ। ਤੁਸੀਂ ਹਮੇਸ਼ਾ ਸਾਡੀ ਮਦਦ ਕਰਦੇ ਰਹੇ ਹੋ ਤੇ ਕਰ ਵੀ ਰਹੇ ਹੋ ਜੀ। ਜੇ ਅਸੀਂ ਵੀ ਤੁਹਾਡੀ ਕੋਈ ਮਦਦ ਕਰੀਏ ਤਾਂ ਸਾਨੂੰ ਬੜੀ ਖ਼ੁਸ਼ੀ ਹੋਏਗੀ ਜੀ।” ਗ਼ੁਲਾਮ ਰਸੂਲ ਚਾਲੀ ਪੰਤਾਲੀ ਸਾਲ ਦੇ ਲਗਭਗ ਸੀ। ਸੰਘਣੀ ਕਾਲੀ ਦਾੜ੍ਹੀ, ਨਰੋਆ ਸਰੀਰ ਤੇ ਚਿਹਰੇ ਉੱਤੇ ਸੰਜੀਦਗੀ ਸੀ।
“ਕਿਲਾ ਇਸ ਸਮੇਂ ਅਬਦਾਲੀ ਦੇ ਕਬਜੇ ਵਿਚ ਹੈ, ਉਸਨੂੰ ਆਜ਼ਾਦ ਕਰਵਾਉਣ ਵਿਚ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।”
“ਸਰਦਾਰ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਜੋ ਕਹੋਗੇ, ਜਦੋਂ ਕਹੋਗੇ, ਕਰਨ ਲਈ ਤਿਆਰ ਹਾਂ।” ਗ਼ੁਲਾਮ ਰਸੂਲ ਦੇ ਬਿਨਾਂ ਕਿਸੇ ਝਿਜਕ ਦੇ, ਦਰਿੜ੍ਹ ਆਵਾਜ਼ ਵਿਚ ਉਤਰ ਦਿੱਤਾ ਤੇ ਫੇਰ ਬੋਲਿਆ, “ਤੁਸੀਂ ਇਹ ਨਾ ਸਮਝਣਾ ਕਿ ਕਿਉਂਕਿ ਅਬਦਾਲੀ ਮੁਸਲਮਾਨ ਏਂ, ਇਸ ਲਈ ਅਸੀਂ ਉਸਦੇ ਨਾਲ ਹਾਂ। ਸਾਡੀ ਨਜ਼ਰ ਵਿਚ ਉਹ ਇਕ ਵਿਲਾਇਤੀ ਲੁਟੇਰ ਏ। ਲੁੱਟਮਾਰ ਕਰਨ ਆਉਂਦਾ ਹੈ ਤਾਂ ਕਿਸੇ ਹਿੰਦੂ-ਮੁਸਲਮਾਨ ਨੂੰ ਨਹੀਂ ਬਖ਼ਸ਼ਦਾ। ਹੁਣ ਖਾਲਸੇ ਨੇ ਉਸਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਲੁੱਟ ਦਾ ਨਾਂ ਜਿਹਾਦ ਰੱਖ ਲਿਆ। ਪੰਜਾਬ ਦੀ ਆਜ਼ਾਦੀ ਤੁਹਾਡੀ ਈ ਨਹੀਂ, ਸਾਡੀ ਵੀ ਆਜ਼ਾਦੀ ਹੈ।”
ਦੇਸ਼ ਭਗਤੀ ਦੀ ਭਾਵਨਾ ਵਿਚ ਡੁੱਬਿਆ ਗ਼ੁਲਾਮ ਰਸੂਲ ਉਬਲ ਪਿਆ ਤੇ ਜੱਸਾ ਸਿੰਘ ਹੈਰਾਨੀ ਨਾਲ ਉਹਦੇ ਮੂੰਹ ਵੱਲ ਵਿੰਹਦੇ ਰਹੇ।
“ਦੱਸੋ ਸਾਡੇ ਲਈ ਕੀ ਹੁਕਮ ਏ?” ਗ਼ੁਲਾਮ ਰਸੂਲ ਨੇ ਸਰਦਾਰ ਨੂੰ ਚੁੱਪ ਦੇਖ ਕੇ ਪੁੱਛਿਆ।
“ਅਸੀਂ ਚਾਹੁੰਦੇ ਹਾਂ ਕਿ ਸਾਡੀ ਫੌਜ ਕਾਬੁਲੀ ਮੱਲ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਕਿਲੇ ਵਿਚ ਦਾਖਲ ਹੋ ਜਾਵੇ।”
“ਇਹ ਕੰਮ ਤਾਂ ਅੱਜ ਹੀ ਹੋ ਸਕਦਾ ਏ ਜੀ। ਅਸੀਂ ਰਾਤ ਨੂੰ ਕਿਲੇ ਦੀ ਕੰਧ ਵਿਚ ਅਜਿਹੇ ਥਾਂ ਪਾੜ ਪਾ ਦਿਆਂਗੇ ਕਿ ਕਿਸੇ ਪਤਾ ਈ ਨਾ ਲੱਗੇ।”
...ਤੇ ਗੁਲਾਮ ਰਸੂਲ ਤੇ ਉਸਦੇ ਸਾਥੀਆਂ ਨੇ ਕਿਲੇ ਦੀ ਕੰਧ ਵਿਚ ਏਡਾ ਪਾੜ ਪਾ ਦਿੱਤਾ ਕਿ ਹਰੀ ਸਿੰਘ ਤੇ ਗੁਜਰ ਸਿੰਘ ਭੰਗੀ ਤੇ ਹੋਰ ਸਰਦਾਰ ਸਹਿਜੇ ਹੀ ਕਿਲੇ ਵਿਚ ਪ੍ਰਵੇਸ਼ ਕਰ ਗਏ। ਇਹ ਵਿਸਾਖੀ ਬਦੀ ੧੧ ਸੰਮਤ ੧੮੨੨ ਅਰਥਾਤ 6 ਅਪਰੈਲ 1765 ਦੀ ਗੱਲ ਹੈ। ਸਵੇਰੇ ਕਾਬੁਲੀ ਮੱਲ ਦੇ ਭਾਣਜੇ ਅਮੀਰ ਸਿੰਘ ਨੇ ਸ਼ਹਿਰ ਦੀਆਂ ਕੰਧਾਂ ਵੱਲੋਂ ਕੁਝ ਤੋਪ-ਗੋਲੇ ਦਾਗੇ ਪਰ ਤਾਰਾ ਸਿੰਘ ਮਜੰਗ ਵਾਲੇ ਕੁਲ ਪੰਜਾ ਘੋੜਸਵਾਰ ਨਾਲ ਲੈ ਕੇ ਉਸਦੀ ਅਣਮਣੀ ਫੌਜ ਨੂੰ ਭਜਾ ਦਿੱਤਾ ਤੇ ਅਮੀਰ ਸਿੰਘ ਤੇ ਕਾਬੁਲੀ ਮੱਲ ਦੇ ਜਵਾਈ ਜਗਨ ਨਾਥ ਨੂੰ ਗਿਰਫ਼ਤਾਰ ਕਰ ਲਿਆ। ਸ਼ਹਿਰ ਤੇ ਕਿਲੇ ਦੋਹਾਂ ਉਪਰ ਖਾਲਸੇ ਦਾ ਕਬਜ਼ਾ ਹੋ ਗਿਆ।
ਕੁਝ ਸਿੱਖ ਸੈਨਕਾਂ ਨੇ ਸ਼ਹਿਰ ਵਿਚ ਲੁੱਟ ਮਚਾ ਦਿੱਤੀ। ਇਹ ਦੇਖ ਕੇ ਸ਼ਹਿਰ ਦੇ ਪਤਵੰਤੇ ਸੱਯਦ ਮੀਰ ਨਾਥੂ, ਹਾਫਿਜ਼ ਕਾਦਿਰ ਬਖ਼ਸ਼, ਮੀਆਂ ਮੁਹੰਮਦ ਆਸ਼ਿਕ, ਚੌਧਰੀ ਰੂਪਾ ਲਾਲ, ਕਿਸ਼ਨ ਸਿੰਘ ਤੇ ਸਹਾਰਾ ਸਿੰਘ ਸਰਦਾਰਾਂ ਕੋਲ ਆਏ ਤੇ ਉਹਨਾਂ ਨੂੰ ਕਿਹਾ, “ਇਸ ਸ਼ਹਿਰ ਨੂੰ 'ਕੋਠਾ ਗੁਰੂ' ਕਿਹਾ ਜਾਂਦਾ ਹੈ। ਇੱਥੇ ਚੌਥੇ ਗੁਰੂ ਰਾਮਦਾਸ ਦਾ ਜਨਮ ਹੋਇਆ ਸੀ, ਇਸ ਲਈ ਇਸਦੀ ਰੱਖਿਆ ਕੀਤੀ ਜਾਏ ਤੇ ਇੱਥੇ ਕਿਸੇ ਕਿਸਮ ਦੀ ਗੜਬੜ ਨਾ ਹੋਏ।”
ਇਹ ਗੱਲ ਮੰਨ ਲਈ ਗਈ। ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤਾਂ ਕਿ ਬਾਹਰੋਂ ਲੁੱਟ ਮਚਾਉਣ ਵਾਲੇ ਅੰਦਰ ਨਾ ਆ ਸਕਣ ਤੇ ਸ਼ਹਿਰ ਵਿਚ ਡੌਂਡੀ ਪਿਟਵਾ ਦਿੱਤੀ ਗਈ ਕਿ ਜਿਹੜਾ ਕੋਈ ਲੁੱਟਮਾਰ ਕਰੇਗਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ। ਹਰੀ ਸਿੰਘ ਤੇ ਝੰਡਾ ਸਿੰਘ ਨੇ ਸ਼ਹਿਰ ਦਾ ਚੱਕਰ ਲਾ ਕੇ ਅਮਨ ਬਹਾਲ ਕਰ ਦਿੱਤਾ।

ਰਾਜਧਾਨੀ ਲਾਹੌਰ ਦੀ ਜਿੱਤ ਤੋਂ ਬਾਅਦ ਪੂਰਾ ਪੰਜਾਬ ਖਾਲਸੇ ਦੇ ਅਧਿਕਾਰ ਵਿਚ ਆ ਗਿਆ। ਜਿਸ ਤਰ੍ਹਾਂ 'ਸੁਲਤਾਨੁਲ ਕੌਮ' ਭਾਵ 'ਪੰਥ ਦੇ ਬਾਦਸ਼ਾਹ' ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਤੰਬਰ 1761 ਵਿਚ ਲਾਹੌਰ ਉਪਰ ਕਬਜਾ ਕਰਕੇ ਸਿੱਕਾ ਜਾਰੀ ਕੀਤਾ ਸੀ, ਹੁਣ ਵੀ ਜਾਰੀ ਕੀਤਾ ਗਿਆ ਜਿਸ ਉਪਰ ਉਹੀ ਸ਼ਬਦ ਉਕਰੇ ਗਏ ਜਿਹੜੇ ਸਿੱਖ ਰਾਜ ਦੇ ਪਹਿਲੇ ਸਥਾਪਕ ਬੰਦਾ ਬਹਾਦੁਰ ਨੇ ਆਪਣੀ ਮੋਹਰ ਉਪਰ ਉਕੇਰੇ ਸਨ। ਸਿੱਧੇ ਪਾਸੇ ਇਹ ਸ਼ਬਦ ਸਨ—
'ਦੇਗ ਤੇਗ ਫਤਹਿ ਓ ਨੁਸਰਤ ਬੇਦਰੰਗ,
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ'।
(ਭਾਵ ਦੇਗ ਅਤੇ ਤੇਗ ਜਿਹੜੇ ਦਾਨ ਦੇ ਪ੍ਰਤੀਕ ਹਨ। ਜਿੱਤ ਸਹਿਜ ਆਸਰਾ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਹੈ। ਦੂਜੇ ਸ਼ਬਦਾਂ ਵਿਚ ਬੰਦਾ ਬਹਾਦੁਰ ਨੇ ਇਹ ਸਪਸ਼ਟ ਕਰ ਦਿੱਤਾ ਕਿ ਮੁਫ਼ਤ ਲੰਗਰ ਤੇ ਤਲਵਾਰ, ਜਿੱਤ ਤੇ ਬਰਕਤ ਮੈਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਹੋਈ ਹੈ।)
ਉਸ ਦੇ ਦੂਜੇ ਪਾਸੇ ਇਹ ਸ਼ਬਦ ਸਨ—
ਜਬਰ ਦਾਰੂਲ ਸਲਤਨਤ ਲਾਹੌਰ ਸੰਵਤ ੧੮੨੨.'
(ਭਾਵ ਇਹ ਸਿੱਕਾ ਲਾਹੌਰ ਤੋਂ ਸੰਵਤ 1822. ਨੂੰ ਜਾਰੀ ਕੀਤਾ ਗਿਆ।)
ਇਹੀ ਸਿੱਕਾ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਆਪਣੀਆਂ ਮਿਸਲਾਂ ਵਿਚ ਜਾਰੀ ਕਰ ਦਿੱਤਾ ਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਨੇ ਜਾਰੀ ਕੀਤਾ। ਸਿਰਫ ਸਿੱਕਾ ਢਾਲਣ ਦਾ ਸਥਾਨ ਤੇ ਸੰਵਤ ਹੀ ਲੋੜ ਅਨੁਸਾਰ ਬਦਲਿਆ ਗਿਆ।
ooo
1765 ਤੋਂ 1766 ਤਕ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਵੱਲ ਮੂੰਹ ਨਹੀਂ ਕੀਤਾ। ਅਫ਼ਗਾਨਿਸਤਾਨ ਵਿਚ ਹੀ ਕਾਫੀ ਸਮੱਸਿਆਵਾਂ ਸਨ। ਉਹ ਉਹਨਾਂ ਨੂੰ ਸੁਲਝਾਉਣ ਵਿਚ ਲੱਗਿਆ ਹੋਇਆ ਸੀ। ਦੂਜਾ, ਸਾਰੇ ਪੰਜਾਬ ਉਪਰ ਸਿੱਖਾਂ ਦਾ ਕਬਜਾ ਹੋ ਚੁੱਕਿਆ ਸੀ। ਜਮਨਾ ਤੋਂ ਸਿੰਧ ਤਕ ਕੋਈ ਅਜਿਹਾ ਇਲਾਕਾ ਨਹੀਂ ਸੀ, ਜਿਸ ਉਪਰ ਉਸਦਾ ਅਧਿਕਾਰ ਹੋਏ ਤੇ ਕਿਤੇ ਵੀ ਉਸਦਾ ਹੁਕਮ ਚੱਲਦਾ ਹੋਏ ਤੇ ਹਮਾਇਤੀ ਹੋਣ। ਫੇਰ ਵੀ ਉਸਨੂੰ ਪੈਸੇ ਦੀ ਭੁੱਖ ਸੀ ਤੇ ਉਹ ਮੁੜ ਹਮਲਾ ਕਰਨ ਦਾ ਬਹਾਨਾ ਲੱਭ ਰਿਹਾ ਸੀ।
ਅਖ਼ੀਰ ਬਹਾਨਾ ਹੱਥ ਲੱਗਿਆ। ਮੀਰ ਕਾਸਿਮ ਨੇ ਅਬਦਾਲੀ ਨੂੰ ਸੱਦਾ ਭੇਜਿਆ ਕਿ ਉਹ ਉਸਨੂੰ ਮੁਰਾਦਾਬਾਦ ਦੇ ਤਖ਼ਤ ਉਪਰ ਬਿਠਾਉਣ ਵਿਚ ਮਦਦ ਕਰੇ, ਜਿਸ ਉਪਰੋਂ ਅੰਗਰੇਜ਼ਾਂ ਨੇ ਉਸਨੂੰ ਲਾਹ ਦਿੱਤਾ ਸੀ। ਨਵੰਬਰ 1766 ਦੇ ਅਖ਼ੀਰਲੇ ਹਫ਼ਤੇ ਅਹਿਮਦ ਸ਼ਾਹ ਸਿੰਧ ਦਰਿਆ ਨੂੰ ਪਾਰ ਕਰਕੇ 4 ਦਸੰਬਰ ਨੂੰ ਗੁਜਰਾਤ ਪਹੁੰਚ ਗਿਆ। ਉਹ ਚਾਹੁੰਦਾ ਸੀ ਪੰਜਾਬ ਵਿਚੋਂ ਨਿਕਲ ਕੇ ਜਲਦੀ ਤੋਂ ਜਲਦੀ ਦਿੱਲੀ ਪਹੁੰਚਿਆ ਜਾਏ ਤੇ ਵਾਪਸੀ ਉਪਰ ਸਿੱਖਾਂ ਨਾਲ ਨਜਿੱਠਿਆ ਜਾਏ। ਪਰ ਸਿੱਖਾਂ ਨੇ ਆਪਦੇ ਗੁਰੀਲਾ ਯੁੱਧ ਨਾਲ ਪੰਜਾਬ ਵਿਚ ਹੀ ਉਸਦਾ ਲੱਕ ਤੋੜ ਛੱਡਿਆ। ਖਾਲਸੇ ਨੇ 11 ਜਨਵਰੀ 1767 ਨੂੰ ਜਹਾਨ ਖ਼ਾਂ ਦੀ ਕਮਾਨ ਵਿਚ ਅੱਗੇ ਵਧ ਰਹੇ ਅਬਦਾਲੀ ਦੇ ਹਰਾਵਲ ਦਸਤੇ ਉਪਰ ਅੰਮ੍ਰਿਤਸਰ ਦੇ ਨੇੜੇ ਇਕ ਜਬਰਦਸਤ ਧਾਵਾ ਬੋਲ ਦਿੱਤਾ। ਘਮਸਾਨ ਦੀ ਲੜਾਈ ਹੋਈ, ਜਿਸ ਵਿਚ ਪੰਜ ਛੇ ਹਜ਼ਾਰ ਦੁਰਾਨੀ ਖੇਤ ਰਹੇ ਤੇ ਹਾਰ ਕੇ ਪਿੱਛੇ ਹਟ ਗਏ।
ਖ਼ੁਦ ਅਬਦਾਲੀ, ਜਹਾਨ ਖ਼ਾਂ ਦੀ ਮਦਦ ਲਈ ਗਿਆ। ਪਰ ਸਿੱਖ ਕਿਧਰੇ ਦਿਖਾਈ ਨਹੀਂ ਦਿੱਤੇ। ਉਹਨਾਂ ਨੂੰ ਸਾਹਮਣੇ ਆਉਣ ਦੀ ਜ਼ਰੂਰਤ ਹੀ ਨਹੀਂ ਸੀ। ਉਹ ਅੱਗੇ ਵਧ ਰਹੀ ਅਫ਼ਗਾਨ ਫੌਜ ਦਾ ਪਿੱਛਾ ਕਰ ਰਹੇ ਸਨ ਤੇ ਜਿੱਥੇ ਕਿਤੇ ਦਾਅ ਲੱਗਦਾ ਸੀ, ਧਾਵਾ ਬੋਲ ਦਿੰਦੇ ਸਨ ਤੇ ਦੁਸ਼ਮਣ ਦਾ ਨੁਕਸਾਨ ਕਰਕੇ ਪਰਤ ਜਾਂਦੇ ਸਨ। ਜਹਾਨ ਖ਼ਾਂ ਪਿੱਛੋਂ ਖਾਲਸੇ ਦੀ ਦੂਜੀ ਵੱਡੀ ਟੱਕਰ ਨਸੀਰ ਖ਼ਾਂ ਬਲੋਚ ਨਾਲ ਹੋਈ। ਇਸ ਟੱਕਰ ਵਿਚ ਨਸੀਰ ਖ਼ਾਂ ਬੁਰੀ ਤਰ੍ਹਾਂ ਹਾਰਿਆ। ਸਿੱਖ ਸ਼ਾਹ ਦਾ ਸਾਰਾ ਸਾਮਾਨ ਖੋਹ ਕੇ ਲੈ ਗਏ। ਉਹ ਜਿਹੜਾ ਕਾਬਲੀ ਮੇਵਿਆਂ ਨਾਲ ਲੱਦਿਆ ਊਠਾਂ ਦਾ ਕਾਫ਼ਲਾ ਨਾਲ ਲੈ ਕੇ ਆਇਆ ਸੀ, ਸਿੱਖਾਂ ਨੇ ਉਹ ਵੀ ਲੁੱਟ ਲਿਆ। ਇਸ ਦੇ ਇਲਾਵਾ ਚੰਬਾ ਦੇ ਰਾਜੇ ਨੇ ਅਫ਼ਗਾਨ ਫੌਜ ਲਈ ਜਿਹੜਾ ਆਟਾ-ਦਾਣਾ ਭੇਜਿਆ ਸੀ, ਉਹ ਵੀ ਖੋਹ ਲਿਆ ਗਿਆ।
ਬਿਆਸ ਤੇ ਸਤਿਲੁਜ ਦੇ ਵਿਚਕਾਰ ਖਾਲਸੇ ਨੇ ਸ਼ਾਹ ਦੀ ਹਾਲਤ ਏਨੀ ਪਤਲੀ ਕਰ ਦਿੱਤੀ ਕਿ ਉਹ ਦਿੱਲੀ ਪਹੁੰਚਣ ਦਾ ਖ਼ਿਆਲ ਛੱਡ ਕੇ ਵਾਪਸ ਕਾਬੁਲ ਪਰਤ ਗਿਆ।
ਇਹ ਅਬਦਾਲੀ ਦਾ ਅੱਠਵਾਂ ਤੇ ਅਖ਼ੀਰਲਾ ਹਮਲਾ ਸੀ ਪਰ ਉਸਨੂੰ ਪੈਸੇ ਦੀ ਸਖ਼ਤ ਲੋੜ ਸੀ, ਇਸ ਲਈ ਉਸਨੇ 1769 ਤੇ 1770 ਦੇ ਦਸੰਬਰ ਜਨਵਰੀ ਵਿਚ ਆਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੇਸ਼ਾਵਰ ਤੋਂ ਅੱਗੇ ਨਹੀਂ ਵਧ ਸਕਿਆ। ਸ਼ਾਹ ਹੁਣ ਬੁੱਢਾ ਹੋ ਗਿਆ ਸੀ ਤੇ ਖਾਲਸੇ ਦੀ ਨਵੀਂ ਸ਼ਕਤੀ ਨਾਲ ਟਕਰਾਉਣ ਤੋਂ ਅਸਮਰਥ ਸੀ। ਹਰਿਮੰਦਰ ਨੂੰ ਬਾਰੂਦ ਨਾਲ ਉਡਾਉਣ ਸਮੇਂ ਫੁੱਟੀਆਂ ਇੱਟਾਂ ਦੀ ਇਕ ਕੈਂਕਰ ਉਸਦੇ ਨੱਕ ਉਪਰ ਵੀ ਵੱਜੀ ਸੀ, ਜਿਸ ਨਾਲ ਜਖ਼ਮ ਹੋ ਗਿਆ ਤੇ ਉਹ ਜਖ਼ਮ ਹੌਲੀ ਹੌਲੀ ਨਾਸੂਰ ਬਣ ਗਿਆ ਸੀ। ਨਾਸੂਰ ਨਾਲ ਸਾਰਾ ਨੱਕ ਗਲ ਗਿਆ ਸੀ ਤੇ ਇਸੇ ਨਾਲ 14 ਅਪਰੈਲ 1772 ਵਿਚ ਸ਼ਾਹ ਦੀ ਮੌਤ ਹੋ ਗਈ। ਠੀਕ ਇਸੇ ਦਿਨ ਖਾਲਸੇ ਨੇ ਸਿੰਧ ਪਾਰ ਕਰਕੇ ਪਿਸ਼ਾਵਰ ਉੱਤੇ ਧਾਵਾ ਬੋਲਿਆ ਤੇ ਉਸਨੂੰ ਲੁੱਟ ਲਿਆ।
1761 ਨੂੰ ਜਦੋਂ ਖਾਲਸੇ ਨੇ ਲਾਹੌਰ ਉਪਰ ਕਬਜਾ ਕੀਤਾ, ਉਦੋਂ ਮੁਗਲਾਨੀ ਬੇਗਮ ਦੀ ਹਾਲਤ ਬੜੀ ਖਰਾਬ ਸੀ। ਉਸਦੇ ਗਰੀਬੀ ਦੇ ਦਿਨ ਚੱਲ ਰਹੇ ਸਨ। ਇਹ ਦੇਖ ਕੇ ਅਹਿਮਦ ਸ਼ਾਹ ਨੇ ਉਸਨੂੰ ਜ਼ਿਲਾ ਸਿਆਲਕੋਟ ਦੀ ਜ਼ਮੀਨ ਦੇ ਦਿੱਤੀ, ਜਿਸਦੀ ਆਮਦਨ 30 ਹਜ਼ਾਰ ਰੁਪਏ ਸਾਲਾਨਾ ਸੀ। ਬੇਗਮ ਨੇ ਤਹਿਮਸ ਖ਼ਾਂ ਮਿਸਕੀਨ ਨੂੰ ਸਿਆਲਕੋਟ ਵਿਚ ਆਪਣਾ ਮੁਲਾਜ਼ਮ ਲਾ ਦਿੱਤਾ ਤੇ ਆਪ ਉਹ ਸ਼ਹਿਬਾਜ਼ ਖਵਾਜ਼ਾ ਸਰਾ ਨਾਲ ਜੰਮੂ ਵਿਚ ਰਹਿਣ ਲੱਗ ਪਈ। ਲਾਹੌਰ ਵਾਂਗ ਜੰਮੂ ਵਿਚ ਵੀ ਬੇਗਮ ਦੀ ਅਯਾਸ਼ੀ ਦੀਆਂ ਕਹਾਣੀਆਂ ਸਾਰਿਆਂ ਦੀ ਜ਼ਬਾਨ ਉਪਰ ਚੜ੍ਹ ਗਈਆਂ। ਏਨੀ ਬਦਨਾਮੀ ਹੋਈ ਕਿ ਬੇਗਮ ਜੰਮੂ ਛੱਡ ਕੇ ਪਰਮੰਡਲ ਚਲੀ ਗਈ। ਉੱਥੇ ਉਹ ਸ਼ਹਿਬਾਜ਼ ਨਾਲ ਸ਼ਾਦੀ ਕਰਕੇ ਬਾਕਾਇਦਾ ਗ੍ਰਹਿਸਤ ਜੀਵਨ ਬਿਤਾਉਣ ਲੱਗੀ। ਤਹਿਮਸ ਖ਼ਾਂ ਮਸਕੀਨ ਨੇ ਬੇਗਮ ਦੀ ਛੋਟੀ ਬੇਟੀ ਨੂੰ ਇਹ ਸੋਚ ਕਿ ਕਿਤੇ ਮਾਂ ਦੀ ਸੋਹਬਤ ਵਿਚ ਉਹ ਵੀ ਖਰਾਬ ਨਾ ਹੋ ਜਾਏ, ਆਪਣੀ ਵੱਡੀ ਭੈਣ ਉਮਰਾ ਕੋਲ ਦਿੱਲੀ ਭੇਜ ਦਿੱਤਾ। ਹੁਣ ਤਹਿਮਸ ਖ਼ਾਂ ਨੇ ਵੀ ਬੇਗਮ ਦਾ ਸਾਥ ਛੱਡ ਦਿੱਤਾ ਸੀ ਤੇ ਉਹ ਜੈਨ ਖ਼ਾਂ ਕੋਲ ਸਰਹਿੰਦ ਚਲਾ ਗਿਆ ਸੀ।
ਵਾਰਿਸ ਸ਼ਾਹ ਜੋਗੀ ਬਣ ਕੇ ਸਾਰੇ ਪੰਜਾਬ ਵਿਚ ਘੰਮਿਆਂ। ਸਾਰੀ ਉਥਲ ਪੁਥਲ ਦੇਖੀ ਤੇ ਇਹ ਵੀ ਦੇਖਿਆ ਕਿ ਜੋਗੀ, ਜੋਗੀ ਨਹੀਂ ਹੁੰਦੇ ਸਿਰਫ ਪਾਖੰਡੀ ਹੁੰਦੇ ਨੇ। ਅਖ਼ੀਰ ਉਹ ਆਪਣੇ ਪਿੰਡ ਜੰਡਿਆਲਾ ਸ਼ੇਰ ਖ਼ਾਂ ਪਰਤ ਆਇਆ ਤੇ ਸ਼ਾਦੀ ਕਰਕੇ ਗ੍ਰਹਿਸਤ ਜੀਵਨ ਬਿਤਾਉਣ ਲੱਗਿਆ ਤੇ 1765 ਵਿਚ ਆਪਣਾ ਮਹਾਕਾਵ 'ਹੀਰ' ਮੁਕੰਮਲ ਕੀਤਾ।
ਲਿਖਿਆ ਹੈ—:
'ਯਾਰਾਂ ਸਾਨੂੰ ਆਣ ਸਵਾਲ ਕੀਤਾ
ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ
ਢੰਗ ਸੋਹਣੇ ਨਾਲ ਸੁਣਾਈਏ ਜੀ
ਯਾਰਾਂ ਨਾਲ ਮਜਲਿਸਾਂ ਵਿਚ ਬਹਿ ਕੇ
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।
ਵਾਰਿਸ ਨੇ ਹੀਰ ਦੇ ਇਸ਼ਕ ਨੂੰ ਇੰਜ ਬਿਆਨ ਕੀਤਾ ਕਿ ਉਸ ਵਿਚ ਪੰਜਾਬ ਦੀ ਆਤਮਾ ਨੂੰ ਸਮੋ ਦਿੱਤਾ। ਹਾਲੀ ਪਾਲੀ ਇਸ ਨੂੰ ਝੂੰਮ ਝੂੰਮ ਕੇ ਗਾਉਂਦੇ ਹਨ ਤੇ ਲੋਕ ਮਜਲਿਸਾਂ ਵਿਚ ਬੈਠ ਕੇ ਆਨੰਦ ਮਾਣਦੇ ਹਨ।
ਭੂਪ ਸਿੰਘ ਨੇ ਵੀ ਆਪਣੇ ਪਿੰਡ ਜੰਡਿਆਲਾ ਸ਼ੇਰ ਖ਼ਾਂ ਵਿਚ ਆ ਕੇ ਖੇਤੀ ਦਾ ਕੰਮ ਸੰਭਾਲ ਲਿਆ। ਉਸ ਨੇ ਆਪਣੀ ਮੂੰਹ ਬੋਲੀ ਭੈਣ ਸਾਬੋ ਦਾ ਵਿਆਹ ਮਨਮੋਹਨ ਨਾਲ ਕਰ ਦਿੱਤਾ। ਮੇਹਰ ਚੰਦ ਵੀ ਉਸਦਾ ਮੂੰਹ ਬੋਲਿਆ ਛੋਟਾ ਭਰਾ ਸੀ। ਭੈਣ ਦਾ ਵਿਆਹ ਕਰਨ ਪਿੱਛੋਂ ਉਸਨੇ ਮਾਂ ਨੂੰ ਕਿਹਾ, “ਮਾਂ ਹੁਣ ਅਸੀਂ ਛੋਟੇ ਵੀਰੇ ਮੇਹਰ ਚੰਦ ਦਾ ਵਿਆਹ ਕਰਾਂਗੇ। ਉਹ ਲਾੜਾ ਬਣੇਗਾ, ਵਿਆਹ ਕੇ ਲਾੜੀ ਘਰ ਲਿਆਏਗਾ ਤੇ ਪਰਿਵਾਰ ਵਧਾਏਗਾ। ਮੇਰੀ ਉਮਰ ਹੁਣ ਚਾਲੀ ਸਾਲ ਤੋਂ ਉਪਰ ਏ। ਮੈਂ ਸ਼ਾਦੀ ਨਹੀਂ ਕਰਾਂਗਾ।”
ਤੇ ਭੂਪ ਸਿੰਘ ਨੇ ਸ਼ਾਦੀ ਨਹੀਂ ਕੀਤੀ। ਉਹ ਇਕ ਅਜਿਹਾ ਸੂਫੀ ਫਕੀਰ ਸੀ, ਜਿਸ ਨੇ ਗ੍ਰਹਿਸਤੀ ਰਹਿੰਦਿਆਂ ਹੋਇਆਂ ਸਨਿਆਸ ਧਾਰਨ ਕੀਤਾ ਹੋਇਆ ਸੀ। ਉਹ ਕਬੀਰ ਵਾਂਗ 'ਇਕ ਇਨਸਾਨ ਸੀ, ਨਾ ਹਿੰਦੂ ਸੀ ਨਾ ਮੁਸਲਮਾਨ ਸੀ।' ਉਹ ਸਾਰਿਆਂ ਦੀ ਸੇਵਾ ਕਰਦਾ ਸੀ ਤੇ ਦੁੱਖ-ਦਰਦ ਵਿਚ ਹਰੇਕ ਦੇ ਕੰਮ ਆਉਂਦਾ ਸੀ। ਆਪਣੇ ਗੁਆਂਢੀ ਵਾਰਿਸ ਸ਼ਾਹ ਨਾਲ ਉਸਦੀ ਖੂਬ ਬਣਦੀ ਸੀ। ਉਹ ਅਕਸਰ ਇਕੱਠੇ ਬੈਠ ਕੇ ਸਾਹਿਤ ਤੇ ਦਰਸ਼ਨ ਦੀਆਂ ਗੱਲਾਂ ਕਰਦੇ ਤੇ ਵਧੇਰੇ ਸਮਾਂ ਚਿੰਤਨ ਵਿਚ ਬਿਤਾਉਂਦੇ। ਕਈ ਵਾਰੀ ਵਾਰਿਸ ਆਪਣੀ 'ਹੀਰ' ਪੜ੍ਹ ਕੇ ਸੁਣਾਉਂਦਾ ਤੇ ਭੂਪ ਸਿੰਘ ਨੁਕਤਿਆਂ ਉਪਰ ਦਾਦ ਦਿੰਦਾ, “ਵਾਹ! ਵਾਹ! ਤੂੰ ਪੰਜਾਬ ਨੂੰ ਸਮਝਿਆ ਏ ਤੇ ਆਪਣੇ ਆਪ ਨੂੰ ਵੀ। ਵਾਕਈ—:
'ਵਾਰਿਸ ਸ਼ਾਹ ਸੁਖਨ ਦਾ ਵਾਰਿਸ
ਕਿਤੇ ਨਾ ਅਟਕਿਆ ਵਲਿਆ'।”
ਭੂਪ ਸਿੰਘ ਨੇ ਵਾਰਿਸ ਸ਼ਾਹ ਦੀਆਂ ਸਤਰਾਂ ਹੀ ਦੁਹਰਾਈਆਂ ਤੇ ਗੱਲ ਜਾਰੀ ਰੱਖੀ, “ਦੇਖ ਵਾਰਿਸਾ, ਜਿਸ ਤਰ੍ਹਾਂ ਤੇਰੇ ਵਿਚ ਕੋਈ ਭੁਲੇਖਾ, ਭਟਕਣ ਜਾਂ ਕੋਈ ਖੋਟ ਨਹੀਂ, ਇਸੇ ਤਰ੍ਹਾਂ ਬੁੱਲ੍ਹੇ ਸ਼ਾਹ 'ਚ ਵੀ ਕੋਈ ਭੁਲੇਖਾ, ਭਟਕਣ ਜਾਂ ਕੋਈ ਖੋਟ ਨਹੀਂ। ਇਹੀ ਕਵਿਤਾ ਹੈ, ਇਹੀ ਲੋਕ ਸਾਹਿਤ ਹੈ। ਕਬੀਰ ਦੀ ਵੀ ਇਹੋ ਵਿਸ਼ੇਸ਼ਤਾ ਏ। ਉਸਦਾ ਇਕ ਪਦ ਏ—:
'ਸਾਧੂ ਐਸਾ ਚਾਹੀਏ ਜੇਸਾ ਸੂਪ ਸੁਭਾਏ
ਸਾਰ ਸਾਰ ਗਹੇ ਥੋਥਾ ਦੇ ਉਡਾਏ'।”
“ਭੂਪ ਸਿਆਂ ਤੂੰ ਵੀ ਤਾਂ ਇਕ ਅਜਿਹਾ ਈ ਸਾਧੂ ਏਂ। ਮੇਰੀ ਖ਼ੁਸ਼ਕਿਸਮਤੀ ਏ ਕਿ ਮੈਨੂੰ ਤੇਰੇ ਵਰਗਾ ਦੋਸਤ ਤੇ ਗੁਆਂਢੀ ਮਿਲਿਆ।” ਵਾਰਿਸ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਭੂਪ ਸਿੰਘ ਵੀ ਮੁਸਕਰਾਉਣ ਲੱਗ ਪਿਆ।
ooo ਸਮਾਪਤ ooo

  • ਬੋਲੇ ਸੋ ਨਿਹਾਲ-ਹੰਸਰਾਜ ਰਹਿਬਰ (ਭਾਗ-3)
  • ਮੁੱਖ ਪੰਨਾ : ਹੰਸਰਾਜ ਰਹਿਬਰ ਦੀਆਂ ਰਚਨਾਵਾਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ