Buddhian Di Teerath Yatra (Russian Story in Punjabi) : Leo Tolstoy

ਬੁੱਢਿਆਂ ਦੀ ਤੀਰਥ ਯਾਤਰਾ (ਰੂਸੀ ਕਹਾਣੀ) : ਲਿਉ ਤਾਲਸਤਾਏ

(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)

(੧)
ਰਿਆਸਤ ਜਮੂੰ ਦੇ ਇਕ ਛੋਟੇ ਜਿਹੇ ਪਿੰਡ ਵਿਚ ਦੋ ਬੁੱਢੇ ਰਹਿੰਦੇ ਸਨ। ਇਕ ਦਾ ਨਾਮ ਰਾਮਦਾਸ ਤੇ ਦੂਜੇ ਦਾ ਸ਼ਾਮਦਾਸ ਸੀ। ਇਹਨਾਂ ਦੋਹਾਂ ਨੇ ਕਿਸੇ ਆਪੱਤ ਕਾਲ ਵਿਚ ਸੁਖਿਆ ਸੀ ਕਿ ਹਰਿਦਵਾਰ ਵਿਸਾਖੀ ਦਾ ਇਸ਼ਨਾਨ ਕਰਾਂਗੇ, ਪਰ ਕਈ ਵਿਸਾਖੀਆਂ ਗੁਜ਼ਰ ਗਈਆਂ ਤੇ ਦੋਹਾਂ ਨੇ ਆਪਣਾ ਪ੍ਰਣ ਪੂਰਾ ਨਾ ਕੀਤਾ।
ਸ਼ਾਮਦਾਸ ਭਲਾ ਲੋਕ ਸੀ। ਉਸ ਵਿਚ ਹੁੱਕੇ ਤਮਾਕੂ, ਨਸਵਾਰ ਜਾਂ ਸ਼ਰਾਬ ਵਰਗੀ ਕੋਈ ਇੱਲਤ ਨਹੀਂ ਸੀ। ਸਾਰੀ ਉਮਰ ਉਸ ਨੇ ਕਿਸੇ ਨੂੰ ਮੰਦਾ ਨਹੀਂ ਸੀ ਆਖਿਆ। ਉਸ ਦਾ ਟੱਬਰ ਚੰਗਾ ਵਡਾ ਸੀ। ਦੋ ਪੁਤਰ ਸਨ ਅਤੇ ਇਕ ਪੋਤਰੇ ਦਾ ਵਿਆਹ ਭੀ ਹੋ ਚੁੱਕਾ ਸੀ। ਸ਼ਾਮਦਾਸ ਸਰੀਰ ਦਾ ਚੰਗਾ ਅਤੇ ਹਡ ਕਾਠ ਦਾ ਤਕੜਾ ਸੀ। ਭਾਵੇਂ ਬੁਢਾ ਹੋ ਚੁਕਾ ਸੀ, ਤਾਂ ਭੀ ਪੁਰਾਣੇ ਸਮਿਆਂ ਦੀ ਸਤਿਆ ਉਸ ਵਿਚ ਸੀ।
ਰਾਮਦਾਸ ਨਾ ਗ਼ਰੀਬ ਅਤੇ ਨਾ ਅਮੀਰ ਸੀ। ਜਵਾਨੀ ਦੇ ਵੇਲੇ ਉਸ ਨੇ ਮੇਹਨਤ ਮਜ਼ੂਰੀ ਕਰਕੇ ਕੁਝ ਕਮਾਈ ਕੀਤੀ ਸੀ, ਪਰ ਹੁਣ ਬੁਢਾ ਹੋਕੇ ਉਸ ਨੇ ਬਕਰੀਆਂ ਰਖਣ ਦਾ ਕੰਮ ਸ਼ੁਰੂ ਕੀਤਾ। ਉਸਦਾ ਇੱਕ ਪੁਤਰ ਨੌਕਰੀ ਕਰਨ ਲਈ ਪੰਜਾਬ ਵਿਚ ਆਇਆ ਹੋਇਆ ਸੀ ਤੇ ਦੂਜਾ ਘਰ ਵਿਚ ਪਿਤਾ ਜੀ ਦੀ ਮਦਦ ਕਰਦਾ ਸੀ। ਰਾਮਦਾਸ ਨੇਕ ਬੰਦਾ ਸੀ ਅਤੇ ਸਦਾ ਸੰਤੁਸ਼ਟ ਰਹਿਣ ਵਾਲਾ ਸੀ। ਕਿਸੇ ਕਿਸੇ ਵੇਲੇ ਉਹ ਸ਼ਰਾਬ ਭੀ ਪੀ ਲੈਂਦਾ ਸੀ, ਨਸਵਾਰ ਦੀ ਆਦਤ ਉਸ ਨੂੰ ਸੀ ਅਤੇ ਰਾਗ ਦਾ ਸ਼ੌਕੀਨ ਸੀ, ਪਰ ਘਰ ਬਾਰ, ਸਾਕ ਅੰਗਾਂ ਨਾਲ ਉਸ ਦਾ ਸਲੂਕ ਚੰਗਾ ਸੀ। ਉਹ ਸਿਰੋਂ ਗੰਜਾ ਸੀ।
ਦੋਹਾਂ ਬੁੱਢਿਆਂ ਨੂੰ ਭਾਵੇਂ ਸੁਖਣਾ ਸੁੱਖਿਆਂ ਕਈ ਸਾਲ ਬੀਤ ਗਏ ਸਨ, ਪਰ ਇਹ ਵਾਰਤਾ ਉਸ ਸਮੇਂ ਦੀ ਹੈ ਜਦ ਪੰਜਾਬ ਵਿਚ ਰੇਲ ਨਹੀਂ ਸੀ ਹੁੰਦੀ ਅਤੇ ਲੋਕ ਤੀਰਥਾਂ ਤੇ ਜਾਣ ਲਗਿਆਂ ਪੈਦਲ ਸਫ਼ਰ ਕਰਦੇ ਸਨ।
ਰਾਮਦਾਸ ਤੇ ਸ਼ਾਮਦਾਸ ਦੋਹਾਂ ਦਾ ਖਿਆਲ ਸੀ ਕਿ ਹਰਿਦਵਾਰ ਦੀ ਯਾਤਰਾ ਤੇ ਛੇ ਮਹੀਨੇ ਜ਼ਰੂਰ ਲਗ ਜਾਣਗੇ ਅਤੇ ਸ਼ਾਮਦਾਸ ਦਾ ਜੀ ਨਹੀਂ ਸੀ ਕਰਦਾ ਕਿ ਇਤਨੇ ਚਿਰ ਵਾਸਤੇ ਘਰੋਂ ਵਿਛੜ ਜਾਵੇ। ਉਸ ਨੂੰ ਹਮੇਸ਼ਾ ਕੋਈ ਨਾ ਕੋਈ ਜ਼ਰੂਰੀ ਕੰਮ ਪਿਆ ਰਹਿੰਦਾ ਸੀ। ਇਕ ਕੰਮ ਮੁਕ ਜਾਏ ਤਾਂ ਦੂਜਾ ਸ਼ੁਰੂ ਹੋ ਪੈਂਦਾ ਸੀ। ਪਹਿਲਾਂ ਉਸ ਨੇ ਪੋਤਰੇ ਦਾ ਵਿਆਹ ਕੀਤਾ, ਫੇਰ ਆਖਣ ਲੱਗਾ ਮੇਰਾ ਛੋਟਾ ਪੁਤ੍ਰ ਫੌਜ ਵਿਚੋਂ ਛੁੱਟੀ ਲੈ ਆਵੇ ਤਦ ਤੀਰਥਾਂ ਤੇ ਜਾ ਸਕਾਂਗਾ, ਜਦ ਪੁਤਰ ਭੀ ਆ ਗਿਆ ਤਾਂ ਉਸ ਨੇ ਇਕ ਮਕਾਨ ਉਸਾਰਨਾ ਸ਼ੁਰੂ ਕੀਤਾ।
ਇਕ ਦਿਨ ਸ਼ਾਮਦਾਸ ਦੇ ਘਰ ਰਾਮਦਾਸ ਆਇਆ ਤੇ ਆਖਣ ਲਗਾ:- "ਦਸੋ, ਭਰਾ ਜੀ ਹੁਣ ਤੀਰਥਾਂ ਤੇ ਕਦੋਂ ਚਲਣਾ ਹੈ?" ਸ਼ਾਮਦਾਸ ਨੇ ਕਈ ਢੁੱਚਰ ਡਾਹੇ,ਆਖਿਓਸੁ: "ਇਕ ਸਾਲ ਠਹਿਰ ਜਾ, ਇਤ ਵਾਰੀ ਮੇਰੀ ਫ਼ਸਲ ਚੰਗੀ ਨਹੀਂ ਹੋਈ, ਨਾਲੇ ਮਕਾਨ ਦੀ ਉਸਾਰੀ ਸ਼ੁਰੂ ਕਰ ਦਿਤੀ ਹੈ। ਖ਼ਿਆਲ ਸੀ, ਮਸਾਂ ੧੦੦)ਕੁ ਰੁਪਿਆ ਲਗੇਗਾ, ਪਰ ਇਸਤੇ ੩੦੦) ਖਰਚ ਕਰ ਬੈਠਾ ਹਾਂ ਅਤੇ ਅਜੇ ਕੰਮ ਅਧੂਰਾ ਹੈ, ਜੇ ਪੁਤਰਾਂ ਦੇ ਹਵਾਲੇ ਕਰ ਜਾਵਾਂ, ਤਾਂ ਉਹ ਵਿਗਾੜ ਦੇਣਗੇ। ਤੈਨੂੰ ਪਤਾ ਹੈ, ਮੇਰੇ ਵਡੇ ਪੁਤਰ ਨੂੰ ਘੁਟ ਕੁ ਪੀ ਲੈਣ ਦੀ ਵਾਦੀ ਪੈ ਗਈ ਹੈ। ਮਕਾਨ ਮੈਂ ਆਪਣੇ ਹਥੀਂ ਸ਼ੁਰੂ ਕੀਤਾ ਹੈ ਅਤੇ ਆਪ ਹੀ ਮੁਕਾਣਾ ਚਾਹੁੰਦਾ ਹਾਂ।"
ਇਸ ਸਾਰੀ ਦਲੀਲ ਦਾ ਰਾਮਦਾਸ ਨੇ ਇਹ ਉਤਰ ਦਿਤਾ:-"ਮਿਤਰਾ ! ਅਸੀਂ ਬਹੁਤ ਬੁਢੇ ਹੋ ਚਲੇ ਹਾਂ, ਮਨੌਤ ਪੂਰੀ ਕਰ ਆਉਣੀ ਚਾਹੀਦੀ ਹੈ। ਹੁਣ ਨੈਣ ਪ੍ਰਾਣ ਚਲਦੇ ਹਨ, ਫੇਰ ਪਤਾ ਨਹੀਂ ਕੀ ਬਣੇ? ਮਕਾਨ ਨੂੰ ਤੂੰ ਮੁੰਡਿਆਂ ਦੇ ਹਵਾਲੇ ਕਰ, ਆਪੇ ਉਸਾਰ ਲੈਣਗੇ। ਜਦ ਅਸੀਂ ਅਖੀਆਂ ਮੀਟ ਲਈਆਂ ਤਦ ਭੀ ਤਾਂ ਇਹਨਾਂ ਨੇ ਹੀ ਕੰਮ ਸੰਭਾਲਣਾ ਹੈ। ਤੂੰ ਆਪਣੇ ਪੁਤਰ ਨੂੰ ਸਗੋਂ ਆਪਣੇ ਜੀਉਂਦਿਆਂ ਸਿਖਾਕੇ ਸਭ ਕੁਝ ਹਵਾਲੇ ਕਰ ਦੇਹ। ਦੁਨੀਆਂ ਦੇ ਧੰਦੇ ਤਾਂ ਇਉਂ ਮੁਕਦੇ ਹੀ ਨਹੀਂ। ਪਰਸੋਂ ਦੀਵਾਲੀ ਹੈ। ਸਾਡੇ ਘਰ ਵਾਰ ਜ਼ਨਾਨੀਆਂ ਸਫ਼ਾਈ ਪਈਆਂ ਕਰਦੀਆਂ ਹਨ ਅਤੇ ਕੰਮ ਮੁਕਣ ਵਿਚ ਨਹੀਂ ਆਉਂਦਾ। ਮੇਰੀ ਵਡੀ ਨੂੰਹ ਕੁਝ ਸਿਆਣੀ ਹੈ । ਉਹ ਕਹਿੰਦੀ ਸੀ:" ਦੀਵਾਲੀ ਬੜੀ ਭਲੀ ਲੋਕ ਹੈ, ਜੇਹੜੀ ਆਪਣੇ ਆਪ ਆ ਜਾਂਦੀ ਹੈ, ਜੇ ਸਾਡੇ ਮਕਾਨ ਸਾਫ਼ ਕਰਨ ਦੀ ਉਡੀਕ ਹੀ ਕਰਦੀ ਰਹੇ, ਤਾਂ ਕਦੀ ਨਾ ਆ ਸਕੇ।"- ਸੋ ਹੇ ਸਜਣਾਂ ! ਜੇ ਚਲਣਾ ਹਈ ਤਾਂ ਦੀਵਾਲੀ ਤੋਂ ਦੂਜੇ ਦਿਨ ਟੁਰ ਪਈਏ।"
ਸ਼ਾਮਦਾਸ:-"ਮੇਰਾ ਬਥੇਰਾ ਰੁਪਿਆ ਇਸ ਮਕਾਨ ਉਤੇ ਖ਼ਰਚ ਹੋ ਚੁਕਾ ਹੈ। ਤੀਰਥ ਯਾਤਰਾ ਵਾਸਤੇ ਭੀ ਘਟੋ ਘਟ ਸੌ ਦਮੜਾ ਚਾਹੀਦਾ ਹੈ।"
ਰਾਮਦਾਸ ਹੱਸਿਆ:-"ਗਲਾਂ ਨਾ ਪਿਆ ਬਣਾ, ਤੈਨੂੰ ਸੌ ਰੁਪੈ ਦੀ ਕੀ ਪ੍ਰਵਾਹ ਹੈ, ਤੇਰੇ ਕੋਲ ਮੇਰੇ ਨਾਲੋਂ ਦਸ ਹਿਸੇ ਵਧ ਹੈ। ਮੇਰੇ ਪਾਸ ਰੁਪਏ ਨਹੀਂ ਹਨ, ਪਰ ਤੁਰਨ ਲਗੇ ਤਾਂ ਆਪੇ ਇੰਤਜ਼ਾਮ ਕਰ ਲਵਾਂਗਾ, ਕੁਝ ਘਰੋਂ ਕਢਾਂਗਾ ਤੇ ਕੁਝ ਬਕਰੀਆਂ ਵੇਚ ਛਡਾਂਗਾ।"
ਸ਼ਾਮਦਾਸ:-"ਬਕਰੀਆਂ ਵੇਚਕੇ ਪਛਤਾਵੇਂਗਾ ਤਾਂ ਨਹੀਂ?"
ਰਾਮਦਾਸ:-"ਪਛਤਾਵਾ ਕੇਹੜੀ ਗਲ ਦਾ? ਮੈਂ ਕਦੀ ਨਹੀਂ ਪਛਤਾਵਣ ਲੱਗਾ। ਸਾਰੀ ਉਮਰ ਵਿਚ ਮੈਂ ਕਦੀ ਪਛਤਾਵਾ ਕੀਤਾ ਹੈ ਤਾਂ ਕੇਵਲ ਆਪਣੇ ਪਾਪਾਂ ਉਤੇ। ਆਤਮਾਂ ਤੋਂ ਵਧਕੇ ਭੀ ਬਹੁਮੁਲੀ ਵਸਤ ਹੋਰ ਕੋਈ ਹੋ ਸਕਦੀ ਹੈ?"
ਸ਼ਾਮਦਾਸ:-"ਇਹ ਤਾਂ ਠੀਕ ਹੈ, ਪਰ ਘਰ ਘਾਟ ਐਵੇਂ ਸੁਟ ਨਹੀਂ ਦੇਣਾ ਚਾਹੀਦਾ।"
ਰਾਮਦਾਸ:-"ਅਤੇ ਆਤਮਾ ਨੂੰ ਬੇਸ਼ਕ, ਸੁਟ ਚਲ ਦੇਈਏ ? ਤੂੰ ਅਤੇ ਮੈਂ ਇਕੱਠੇ ਸੁਖਿਆ ਸੀ। ਹੁਣ ਤਿਆਰ ਹੋ ਅਤੇ ਭਾਰ ਸਿਰੋਂ ਲਾਹ ਆਈਏ ?

(੨)
ਅਖੀਰ ਫੈਸਲਾ ਹੋ ਗਿਆ ਅਤੇ ਦੋਵੇਂ ਬੁਢੇ ਦੀਵਾਲੀ ਤੋਂ ਦੂਜੇ ਦਿਨ ਪਿੰਡੋਂ ਤੁਰ ਪਏ । ਰਾਮਦਾਸ ਨੇ ਸੱਤ ਬਕਰੀਆਂ ਆਪਣੇ ਗੁਆਂਢੀ ਨੂੰ ਵੇਚਕੇ ੭੦) ਰੁਪੈ ਲਏ ਅਤੇ ਬਾਕੀ ੩੦) ਰੁਪੈ ਘਰ ਦੇ ਸਾਰੇ ਆਦਮੀਆਂ ਪਾਸੋਂ ਹੂੰਝ ਹਾਂਝ ਕੇ ਕੱਠੇ ਕੀਤੇ । ਉਸ ਦੀ ਨੂੰਹ ਅਤੇ ਵਹੁਟੀ ਨੇ ਸਾਰੀ ਪੂੰਜੀ ਉਸ ਦੇ ਹਵਾਲੇ ਕਰ ਦਿੱਤੀ ।
ਸ਼ਾਮਦਾਸ ਨੇ ਤੁਰਨ ਲਗਿਆਂ ਆਪਣੇ ਸਾਰੇ ਟੱਬਰ ਨੂੰ ਬਹੁਤ ਸਮਝਾਇਆ, ਮੁੰਡੇ ਨੂੰ ਦਸਿਆ ਫਲਾਣੀ ਪੈਲੀ ਵਿਚ ਬਾਜਰਾ ਬੀਜਣਾ ਹੈ, ਫ਼ਲਾਣੀ ਖਾਲੀ ਰਹੇ, ਰੂੜੀ ਦਾ ਢੇਰ ਇਥੇ ਲਾਉਣਾ, ਚਾਵਲ ਫਲਾਣੀ ਭੜੋਲੀ ਵਿਚ ਰਖਣੇ..........ਆਦਿਕ ।
ਰਾਮਦਾਸ ਨੇ ਆਪਣੇ ਟਬਰ ਨੂੰ ਅਜਿਹੀ ਕੋਈ ਸਿਖਿਆ ਨਾ ਦਿਤੀ । ਉਸ ਨੇ ਆਪਣੀ ਵਹੁਟੀ ਨੂੰ ਕੇਵਲ ਇਤਨਾ ਆਖਿਆ ਕਿ ਗੁਆਂਢੀ ਨੂੰ ਜੇਹੜੀਆਂ ਸਤ ਬਕਰੀਆਂ ਦੇਣੀਆਂ ਹਨ, ਉਹ ਚੰਗੀਆਂ ਚੁਣ ਕੇ ਦਿਤੀਆਂ ਜਾਣ । ਬਾਕੀ ਗਲਾਂ ਵਾਸਤੇ ਉਸ ਨੇ ਪੁਤਰਾਂ ਨੂੰ ਆਖਿਆ: "ਘਰ ਬਾਰ ਦੇ ਤੁਸੀਂ ਮਾਲਕ ਹੈ, ਜਿਵੇਂ ਮਰਜ਼ੀ ਆਵੇ ਕਰੋ ।"
ਪਿੰਡੋਂ ਬਾਹਰ ਲੋਗ ਇਹਨਾਂ ਨੂੰ ਛਡਣ ਆਏ ਅਤੇ ਸਾਰਿਆਂ ਤੋਂ ਵਿਦਾ ਹੋਕੇ ਦੋਵੇਂ ਬੁਢੇ ਤੁਰੇ ਪਏ । ਰਾਮਦਾਸ ਤਾਂ ਪਿੰਡੋਂ ਬਾਹਰ ਨਿਕਲਦੇ ਸਾਰ ਧੰਧੇ ਭੁਲ ਗਿਆ ਅਤੇ ਰਾਹ ਵਿਚ ਕਿਸੇ ਵੇਲੇ ਗਾਇਤ੍ਰੀ ਪੜ੍ਹਦਾ ਸੀ, ਕਿਸੇ ਵੇਲੇ ਗੀਤਾ ਦਾ ਕੋਈ ਧਿਆਇ ਜ਼ਬਾਨੀ ਬੋਲਦਾ ਸੀ ਤੇ ਰਾਹ ਜਾਂਦੇ ਲੋਕਾਂ ਨਾਲ ਬਹੁਤ ਪਰੇਮ ਕਰਦਾ ਸੀ । ਇਸ ਪਰਕਾਰ ਉਹ ਨੇਕ ਆਦਮੀ ਬਣਨ ਦੇ ਯਤਨ ਵਿਚ ਸੀ । ਬਾਕੀ ਇਲਤਾਂ ਤਾਂ ਉਸ ਨੇ ਛਡ ਦਿਤੀਆਂ, ਪਰ ਨਸਵਾਰ ਨ ਛਡੀ ਗਈ, ਇਸ ਦੀ ਚੂੰਢੀ ਉਹ ਚੋਰੀ ਛਪੀ ਲੈ ਲੈਂਦਾ ਸੀ ।
ਸ਼ਾਮਦਾਸ ਭੀ ਤੁਰਿਆ ਤਾਂ ਜਾਂਦਾ ਸੀ, ਪਰ ਮਨ ਉਤੇ ਚਿੰਤਾ ਦੇ ਬੱਦਲ ਸਨ, ਉਸ ਨੂੰ ਕਈ ਗਲਾਂ ਚੇਤੇ ਆਈਆਂ ਜਿਹੜੀਆਂ ਆਪਣੇ ਪੁਤਰਾਂ ਨੂੰ ਆਖਣੀਆਂ ਭੁਲ ਗਿਆ ਸੀ, ਉਸ ਨੂੰ ਯਾਦ ਆਇਆ ਕਿ ਮੁੰਡੇ ਆਲੂਆਂ ਦਾ ਬੀਜ ਐਵੇਂ ਖ਼ਰਾਬ ਕਰ ਦੇਣਗੇ । ਉਸ ਦਾ ਜੀ ਤਾਂ ਕਰਦਾ ਸੀ ਕਿ ਇਕ ਵਾਰੀ ਮੁੜ ਜਾਵਾਂ ਅਤੇ ਸਾਰੀਆਂ ਗਲਾਂ ਸਮਝਾ ਆਵਾਂ, ਪਰ ਸ਼ਰਮੋਂ ਕੁਸ਼ਰਮੀ ਤੁਰਿਆ ਜਾਂਦਾ ਸੀ ।

(੩)
ਦੋਹਾਂ ਨੂੰ ਘਰੋਂ ਟੁਰਿਆਂ ਹੋਇਆਂ ਇਕ ਮਹੀਨਾ ਬੀਤ ਗਿਆ। ਰਸਤੇ ਵਿਚ ਜਦ ਪੰਜਾਬ ਵਿਚੋਂ ਲੰਘੇ ਤਾਂ ਕਈ ਘਰਾਂ ਵਿਚ ਧਰਮੀ ਹਿੰਦੂਆਂ ਨੇ ਇਹਨਾਂ ਨੂੰ ਤੀਰਥ ਯਾਤਰੀ ਸਮਝਕੇ ਆਦਰ ਭਾ ਤੇ ਸੇਵਾ ਕੀਤੀ । ਜਦ ਤੁਰਦੇ ੨ ਦੁਆਬੇ ਵਿਚ ਪਹੁੰਚੇ ਤਾਂ ਭਾਣਾ ਕਰਤਾਰ ਦਾ ਉਸ ਸਾਲ ਇਲਾਕੇ ਵਿਚ ਕਾਲ ਪਿਆ ਹੋਇਆ ਸੀ ਅਤੇ ਇਹਨਾਂ ਬੁਢਿਆਂ ਨੂੰ ਕਈ ਪਿੰਡਾਂ ਵਿਚ ਭੁੱਖਾ ਰਹਿਣਾ ਪਿਆ। ਇਕ ਦਿਨ ਦਰਿਆ ਸਤਲੁਜ ਤੋਂ ਪੰਜ ਕੁ ਮੀਲ ਉਰੇ ਇਕ ਪਿੰਡ ਵਿਚੋਂ ਲੰਘੇ। ਸ਼ਾਮ ਦਾਸ ਤੁਰਨ ਨੂੰ ਤਕੜਾ ਸੀ ਅਤੇ ਲੰਮੇ ੨ ਕਦਮ ਰਖਦਾ ਮੌਜ ਵਿਚ ਜਾ ਰਿਹਾ ਸੀ, ਪਰ ਰਾਮਦਾਸ ਕੁਝ ਥਕ ਗਿਆ ਸੀ। ਉਸ ਦਾ ਜੀ ਕਰਦਾ ਸੀ ਕਿ ਪਿੰਡ ਵਿਚੋਂ ਪਾਣੀ ਦਾ ਘੁਟ ਪੀ ਲਵਾਂ। ਸ਼ਾਮ ਦਾਸ ਨੂੰ ਤਿਹਾ ਨਹੀਂ ਸੀ, ਇਸ ਵਾਸਤੇ ਉਹ ਤੁਰਿਆ ਗਿਆ ਅਰ ਰਾਮਦਾਸ ਛੇਤੀ ਰਲ ਪੈਣ ਦਾ ਇਕਰਾਰ ਕਰਕੇ ਉਥੇ ਠਹਿਰ ਗਿਆ।
ਜੇਹੜੇ ਘਰ ਅਗੇ ਉਹ ਠਹਿਰਿਆ, ਚੰਗੀ ਵਡੀ ਹਵੇਲੀ ਸੀ, ਪਰ ਕੰਧਾਂ ਅਤੇ ਛਤ ਦਾ ਖਸਤਾ ਹਾਲ ਸੀ। ਧੁਪ ਵਿਚ ਭੁੰਜੇ ਇਕ ਗਭਰਾਟ ਲੇਟਿਆ ਪਿਆ ਸੀ। ਰਾਮਦਾਸ ਨੇ ਇਸ ਪਾਸੋਂ ਪਾਣੀ ਦਾ ਘੁਟ ਮੰਗਿਆ, ਪਰ ਜਵਾਨ ਵਿਚਾਰਾ ਬੇਸੁਧ ਪਿਆ ਜਾਪਦਾ ਸੀ ਅਤੇ ਉਸ ਨੇ ਜਵਾਬ ਕੁਝ ਨਾ ਦਿਤਾ। ਰਾਮਦਾਸ ਨੇ ਸੋਚਿਆ ਇਹ ਜਵਾਨ ਜਾਂ ਤਾਂ ਮਾਂਦਾ ਹੈ, ਜਾਂ ਇਹ ਨਰਾਜ਼ ਹੈ। ਉਸ ਨੇ ਅੰਦਰ ਹੋਕੇ ਫੇਰ ਆਵਾਜ਼ ਮਾਰੀ:
"ਹੋ ਭਲੇ ਲੋਕੋ, ਰਾਹੀਂ ਨੂੰ ਇਕ ਘੁਟ ਪਾਣੀ ਦਾ ਦਿਓ।" ਇਸ ਦਾ ਕੁਝ ਉਤਰ ਨਾ ਆਇਆ। ਉਸ ਨੇ ਫੇਰ ਆਖਿਆ "ਹੇ ਨਿਰੰਕਾਰ ਦੇ ਪਿਆਰਿਓ, ਪਾਣੀ ਦਾ ਘੁਟ ਪਿਆਓ" ਇਸਦਾ ਭੀ ਕੁਝ ਜਵਾਬ ਨਾ ਆਇਆ। ਰਾਮਦਾਸ ਨੇ ਸੋਚਿਆ ਇਸ ਘਰ ਉਤੇ ਜ਼ਰੂਰ ਕੋਈ ਨਾ ਕੋਈ ਆਪਤ ਆਈ ਹੈ, ਇਹ ਸੋਚਕੇ ਉਹ ਅੰਦਰ ਵੜ ਗਿਆ।
ਅੰਦਰ ਜਾਕੇ ਵੇਖਿਓ ਸੁ ਇਕ ਬੁਢੀ ਜ਼ਨਾਨੀ ਬੈਠੀ ਹੈ ਜਿਸ ਦੇ ਸਾਰੇ ਸਰੀਰ ਪਰ ਇਕੋ ਕਪੜਾ ਹੈ, ਉਸਦੇ ਪਾਸ ਇਕ ਮਾੜਾ ਤੇ ਪੀਲੇ ਮੂੰਹ ਵਾਲਾ ਛੋਟਾ ਜਿਹਾ ਮੁੰਡਾ ਬੈਠਾ ਹੈ। ਇਕ ਖੂੰਜੇ ਵਿਚੋਂ ਬਦਬੋ ਆ ਰਹੀ ਹੈ ਤੇ ਬਦਬੋ ਨਾਲ ਸਾਰਾ ਕੋਠਾ ਭਰਿਆ ਪਿਆ ਹੈ। ਨਿਝਾ ਕੇ ਵੇਖਿਓ ਸੁ, ਉਸ ਪਾਸੇ ਇਕ ਜਵਾਨ ਜ਼ਨਾਨੀ ਬੇਸੁਧ ਪਈ ਸੀ ਤੇ ਮੁੜ ੨ ਅੱਡੀਆਂ ਜ਼ਮੀਨ ਨਾਲ ਰਗੜਦੀ ਸੀ, ਬੀਮਾਰੀ ਦੀ ਤੜਫ਼ਾਟ ਵਿਚ ਕਦੀ ਸਜੀ ਲਤ ਉੱਪਰ ਕਰੇ ਕਦੀ ਖਬੀ, ਉਸ ਬਿਚਾਰੀ ਬੇਸੁਧ ਦਾ ਮਲ ਮੂਤ੍ਰ ਭੀ ਵਿਚੇ ਪਿਆ ਸੀ ਅਤੇ ਬੁਢੀ ਮਾਈ ਪਾਸ ਆਸੰਗ ਨਹੀਂ ਸੀ ਕਿ ਉਸ ਨੂੰ ਸਾਫ਼ ਕਰੇ । ਰਾਮਦਾਸ ਨੂੰ ਅੰਦਰ ਔਂਦੇ ਵੇਖਕੇ ਬੁਢੀ ਡਰ ਗਈ ਤੇ ਆਖਣ ਲਗੀ- "ਕੀ ਲੈਣ ਆਇਆ ਹੈਂ ? ਹਾਇ ਰਬਾ ! ਇਹ ਕੌਣ ਆ ਗਿਆ? ਸਾਡੇ ਪਾਸ ਤਾਂ ਕੁਝ ਨਹੀਂ।"
ਰਾਮਦਾਸ-"ਮੈਂ ਯਾਤਰੂ ਹਾਂ ਅਤੇ ਕੇਵਲ ਪਾਣੀ ਦੀ ਘੁਟ ਮੰਗਣ ਲਈ ਅੰਦਰ ਆਇਆ ਸਾਂ।"
ਮਾਈ-"ਸਾਡੇ ਘਰ ਪਾਣੀ ਨਹੀਂ ਅਤੇ ਲਿਔਣ ਵਾਲਾ ਮਨੁੱਖ ਭੀ ਕੋਈ ਨਹੀਂ, ਨਾ ਕੋਈ ਭਾਂਡਾ ਟਿੰਡਰ ਹੈ, ਜਾਹ ਆਪਣਾ ਰਾਹ ਫੜ।"
ਰਾਮਦਾਸ-"ਤੁਸਾਡੇ ਵਿਚੋਂ ਕੋਈ ਭੀ ਉਸ ਬੀਮਾਰ ਪਈ ਬੀਬੀ ਦੀ ਸੇਵਾ ਕਰਨ ਜੋਗਾ ਨਹੀਂ?"
ਮਾਈ-"ਨਹੀਂ ਕੋਈ ਨਹੀਂ, ਮੇਰਾ ਪੁਤ੍ਰ ਬਾਹਰ ਧੁਪੇ ਪਿਆ ਮਰਦਾ ਹੈ ਅਤੇ ਅਸੀਂ ਅੰਦਰ ਪਏ ਮਰਦੇ ਹਾਂ।"
ਛੋਟੇ ਮੁੰਡੇ ਨੇ ਓਪਰੇ ਆਦਮੀ ਨੂੰ ਘਰ ਵਿਚ ਆਉਂਦਾ ਵੇਖਕੇ ਰੋਣਾ ਬੰਦ ਕਰ ਦਿਤਾ ਸੀ, ਪਰ ਜਦ ਉਸ ਨੇ ਦਾਦੀ ਨੂੰ ਉਸ ਨਾਲ ਗਲਾਂ ਕਰਦੇ ਵੇਖਿਆ ਤਾਂ ਉਸ ਨੇ ਮਾਂ ਦੀ ਬਾਂਹ ਫੜਕੇ ਫੇਰ ਆਖਣਾ ਸ਼ਰੁ ਕੀਤਾ 'ਦਾਦੀ ਰੋਟੀ ਦੇ, ਦਾਦੀ ਰੋਟੀ ਦੇ।" ਇਤਨੇ ਨੂੰ ਬਾਹਰ ਪਿਆ ਹੋਇਆ ਗਭਰਾਟ ਭੀ ਅੰਦਰ ਆ ਗਿਆ, ਉਹ ਕੰਧ ਦੇ ਆਸਰੇ ਹੌਲੇ ਹੌਲੇ ਆਇਆ ਤੇ ਬੂਹੇ ਵਿਚ ਡਿਗ ਪਿਆ। ਉਸ ਨੇ ਫੇਰ ਉਠਣ ਦਾ ਯਤਨ ਨਾ ਕੀਤਾ ਅਤੇ ਅਟਕ ੨ ਕੇ ਕਹਿਣ ਲਗਾ-"ਅਸੀਂ ਸਾਰੇ ਬੀਮਾਰ ਹੋ ਗਏ ਹਾਂ, ਨਾਲੇ ਭੁਖ ਨਾਲੇ ਬੀਮਾਰੀ, ਮੁੰਡਾ ਭੀ ਭੁਖ ਨਾਲ ਮਰ ਚਲਿਆ ਹੈ ਤੇ ਸਾਤੇ ਕੁਝ ਨਹੀਂ ਸਰ ਔਂਦਾ।"
ਇਹ ਸਮਾਚਾਰ ਦੇਖਕੇ ਰਾਮਦਾਸ ਨੇ ਆਪਣੇ ਲਕ ਨਾਲ ਬੰਨ੍ਹੀ ਹੋਈ ਬੁਝਕੀ ਉਤਾਰਕੇ ਖੋਲ੍ਹੀ। ਉਸ ਵਿਚ ਚਾਰ ਰੋਟੀਆਂ ਸਨ; ਇਕ ਕਢਕੇ ਉਸ ਆਦਮੀ ਨੂੰ ਦੇਣ ਲਗਾ, ਪਰ ਆਦਮੀ ਨੇ ਮੁੰਡੇ ਵਲ ਇਸ਼ਾਰਾ ਕੀਤਾ। ਰੋਟੀ ਵੇਖਕੇ ਇਕ ਹੋਰ ਖੂੰਜੇ ਵਿਚੋਂ ਇਕ ਕੁੜੀ ਭੀ ਸਹਿਮੀ ਹੋਈ ਨਿਕਲ ਆਈ ਅਤੇ ਭਾਵੇਂ ਰੋਟੀ ਚੰਗੀ ਵਡੀ ਸੀ, ਪਰ ਉਹ ਦੋਨਾਂ ਭੈਣ ਭਰਾਵਾਂ ਨੇ ਤੁਰਤ ਮੁਕਾ ਛਡੀ।
ਬੁੱਢੀ ਮਾਈ ਪਾਸੋਂ ਖੂਹ ਦਾ ਪਤਾ ਪੁਛਕੇ ਰਾਮ ਦਾਸ ਨੇ ਇਕ ਬਾਲਟੀ ਚੁਕੀ ਅਤੇ ਪਾਣੀ ਦੀ ਭਰਕੇ ਲੈ ਆਇਆ। ਉਸ ਮਾਈ ਅਰ ਆਦਮੀ ਨੇ ਕੁਝ ਰੋਟੀ ਖਾਕੇ ਪਾਣੀ ਪੀਤਾ, ਪਰ ਜਵਾਨ ਜ਼ਨਾਨੀ ਉਸੇ ਤਰਾਂ ਬੇਸੁਰਤ ਪਈ ਸੀ। ਰਾਮਦਾਸ ਬਜ਼ਾਰ ਜਾਕੇ ਕੁਝ ਚਾਵਲ, ਲੂਣ, ਘਿਓ ਲੈ ਆਇਆ, ਕੁਝ ਉਸ ਕੁੜੀ ਨੇ ਮਦਦ ਕੀਤੀ, ਛੇਤੀ ਚਾਵਲ ਤਿਆਰ ਹੋ ਗਏ, ਕੁਝ ਉਸ ਆਦਮੀ ਨੇ ਖਾਧੇ, ਕੁਝ ਬੁਢੀ ਮਾਈ ਨੇ। ਮੁੰਡੇ ਅਰ ਕੁੜੀ ਨੇ ਚੰਗੀ ਤਰਾਂ ਲੱਕ ਕੇ ਤਾਂਬੀਆ ਸਾਫ਼ ਕਰ ਛਡਿਆ ਅਰ ਰਜ ਪੁਜਕੇ ਦੋਨੋਂ ਉਥੇ ਭੁੰਞੇ ਸੌਂ ਗਏ ।
ਹੁਣ ਉਸ ਆਦਮੀ ਅਤੇ ਬੁਢੀ ਮਾਈ ਨੇ ਆਪਣੀ ਵਿਥਿਆ ਵਿਸਥਾਰ ਨਾਲ ਰਾਮਦਾਸ ਨੂੰ ਸੁਨਾਈ, ਜਿਸ ਦਾ ਸਾਰ ਇਹ ਸੀ ਕਿ ਇਹ ਟਬਰ ਵਿਚਾਰਾ ਪਹਿਲਾਂ ਹੀ ਗਰੀਬ ਸੀ, ਪਰ ਜਦ ਕਾਲ ਪੈ ਗਿਆ ਤਾਂ ਇਹਨਾਂ ਦਾ ਹਾਲ ਹੋਰ ਭੈੜਾ ਹੋ ਗਿਆ। ਗੁਆਂਢੀਆਂ ਪਾਸੋਂ ਮੰਗ ਤੰਗ ਕੇ ਇਕ ਮਹੀਨਾ ਗੁਜ਼ਾਰਾ ਕੀਤਾ, ਫੇਰ ਗੁਆਂਢੀਆਂ ਵਿਚੋਂ ਭੀ ਕਈ ਆਪ ਭੁੱਖੇ ਹੋ ਗਏ ਅਤੇ ਕਈਆਂ ਦਾ ਦਿਲ ਭੁਖਾ ਹੋ ਗਿਆ। ਇਹ ਆਦਮੀ ਚਾਰੇ ਪਾਸਿਓਂ ਕਰਜ਼ਾਈ ਹੋ ਗਿਆ ਕਿਸੇ ਗੁਆਂਢੀ ਪਾਸੋਂ ਆਟਾ ਉਧਾਰ ਲਿਆ ਹੋਇਆ ਸੀ, ਕਿਸੇ ਪਾਸੋਂ ਰੁਪੈ ਅਤੇ ਕਿਸੇ ਪਾਸੋਂ ਦਾਲ ਰਾਵਲ। ਇਹ ਆਦਮੀ ਘਰੋਂ ਬਾਹਰ ਮਜੂਰੀ ਕਰਨ ਵਾਸਤੇ ਨਿਕਲਿਆ, ਪਰ ਲੋਕਾਂ ਪਾਸ ਖਾਣ ਜੋਗਾ ਨਹੀਂ ਸੀ, ਉਹ ਮਜ਼ੂਰਾਂ ਨੂੰ ਕਿਥੋਂ ਦੇਣ? ਇਕ ਦਿਨ ਕੰਮ ਲਭ ਪੈਂਦਾ ਤਾਂ ਛੇ ਦਿਨ ਐਵੇਂ ਬੀਤ ਜਾਂਦੇ। ਬੁਢੀ ਮਾਂ ਅਤੇ ਛੋਟੀ ਕੁੜੀ ਨੇ ਭਿਖਿਆ ਮੰਗਣੀ ਸ਼ੁਰੂ ਕੀਤੀ, ਪਰ ਲੋਕਾਂ ਪਾਸ ਦਾਨ ਦੇਣ ਵਾਸਤੇ ਫ਼ਾਲਤੂ ਰੋਟੀ ਕਿਥੋਂ? ਇਸ ਪ੍ਰਕਾਰ ਤੰਗੀ ਨਾਲ ਦੋ ਮਹੀਨੇ ਕੱਟੇ, ਫਿਰ ਬੀਮਾਰੀ ਘਰ ਵਿਚ ਆ ਗਈ। ਬੁਰਾ ਹਾਲ ਅਤੇ ਬੌਂਂਕੇ ਦਿਹਾੜੇ। ਇਕ ਦਿਨ ਕੋਈ ਟੁੱਕ ਮਿਲ ਜਾਵੇ ਤੇ ਤਿੰਨ ਦਿਨ ਕੜਾਕੇ ਵਿਚ ਨਿਭਣ। ਤੰਗ ਆਕੇ ਇਸ ਟਬਰ ਨੇ ਘਾਹ ਅਤੇ ਬਿਰਛਾਂ ਦੇ ਪੱਤੇ ਖਾਣੇ ਸ਼ੁਰੂ ਕੀਤੇ, ਇਸ ਨਾਲ ਬੀਮਾਰੀ ਅਤੇ ਕਮਜ਼ੋਰੀ ਹੋਰ ਵਧ ਗਈ, ਕਿਸੇ ਵਿਚ ਏਨੀ ਤਾਕਤ ਨਾ ਰਹੀ ਕਿ ਆਪਣੇ ਪੈਰਾਂ ਤੇ ਖੜਾ ਭੀ ਹੋ ਸਕੇ।
ਉਹਨਾਂ ਦੀ ਦਰਦਨਾਕ ਵਿਥਿਆ ਸੁਣਕੇ ਰਾਮਦਾਸ ਨੇ ਸ਼ਾਮਦਾਸ ਨੂੰ ਮਿਲ ਪੈਣ ਦਾ ਖਿਆਲ ਛਡ ਦਿਤਾ ਅਤੇ ਸਾਰਾ ਦਿਨ ਇਸੇ ਟਬਰ ਦੀ ਸੇਵਾ ਵਿਚ ਲਗਾ ਰਿਹਾ ! ਦੂਜੇ ਦਿਨ ਭੀ ਉਹਨਾਂ ਦੀ ਮਦਦ ਵਿਚ ਲਗਾ ਰਿਹਾ, ਬਾਜ਼ਾਰੋਂ ਕੁਝ ਆਟਾ ਦਾਲ ਆਦਿਕ ਲੈ ਆਇਆ, ਬੁਢੀ ਮਾਈ ਅਤੇ ਕੁੜੀ ਨੇ ਰਲ ਰਸੋਈ ਤਿਆਰ ਕੀਤੀ। ਰਸੋਈ ਪਕਾਣ ਵਾਸਤੇ ਬਰਤਨ ਕੁਝ ਤਾਂ ਗੁਆਂਢੀਆਂ ਪਾਸੋਂ ਮੰਗੇ ਅਤੇ ਕੁਝ ਨਵੇਂ ਮੁਲ ਲੈ ਆਂਦੇ । ਘਰ ਵਿਚ ਤਾਂ ਭੰਨੀ ਭੁਗੜੀ ਨਹੀਂ ਸੀ। ਇਸ ਤਰਾਂ ਦੂਜਾ ਦਿਨ ਭੀ ਬੀਤ ਗਿਆ ਅਤੇ ਤੀਸਰੇ ਦਿਨ ਇਸ ਘਰ ਦੀ ਕਾਂਇਆਂ ਕੁਝ ਪਲਟੀ ਨਜ਼ਰ ਆਈ। ਆਦਮੀ ਚਲਣ ਫਿਰਨ ਜੋਗਾ ਹੋ ਗਿਆ, ਜ਼ਨਾਨੀ ਨੂੰ ਕੁਝ ਸੁਰਤ ਆਈ ਅਤੇ ਉਸ ਨੇ ਇਕ ਘੁਟ ਪਾਣੀ ਦਾ ਪੀਤਾ। ਛੋਟਾ ਮੁੰਡਾ ਤਾਂ ਰਾਮਦਾਸ ਦੇ ਪਿਛੇ ਬਾਬਾ ਬਾਬਾ ਕਰਕੇ ਕੁਦਦਾ ਫਿਰਦਾ ਸੀ ਅਤੇ ਜਦ ਰਾਮਦਾਸ ਬੈਠਾ ਹੋਵੇ ਤਾਂ ਉਸ ਦੀ ਝੋਲੀ ਵਿਚ ਜਾ ਵੜਦਾ ਸੀ।

(੪)
ਹੁਣ ਤਿੰਨ ਦਿਨ ਬੀਤ ਗਏ ਅਤੇ ਰਾਮਦਾਸ ਨੇ ਸੋਚਿਆ ਮੈਂ ਬਥੇਰਾ ਸਮਾਂ ਇਥੇ ਗੁਆ ਛਡਿਆ ਹੈ, ਹੁਣ ਛੇਤੀ ਤੁਰਨਾ ਚਾਹੀਦਾ ਹੈ, ਕਿਤੇ ਵਿਸਾਖੀ ਤੋਂ ਪਛੜ ਨਾ ਜਾਵੇ, ਉਸ ਨੇ ਹੁਣ ਤੁਰਨ ਦਾ ਖਿਆਲ ਕੀਤਾ, ਪਰ ਅਗਲੇ ਦਿਨ ਬਸੰਤ ਦਾ ਪੁਰਬ ਸੀ ਅਤੇ ਉਸਨੇ ਸੋਚਿਆ "ਚੰਗਾ ਹੈ, ਪੁਰਬ ਦਾ ਦਿਨ ਇਨ੍ਹਾਂ ਸੰਗ ਗੁਜ਼ਾਰਾਂ ਤੇ ਉਸ ਦਿਨ ਦੋ ਪੈਸੇ ਦਾ ਬਸੰਤੀ ਰੰਗ ਲਿਆਕੇ ਸਾਰਿਆਂ ਦੇ ਦੁਪੱਟੇ ਰੰਗੇ ਅਤੇ ਸੂਜੀ ਘਿਓ ਮਿੱਠਾ ਆਦਿਕ ਲਿਆਕੇ ਬਸੰਤੀ ਕੜਾਹ ਬਣਾਇਆ ਅਤੇ ਉਸ ਨਿਰਾਸਤਾ ਭਰੇ ਘਰ ਵਿਚ ਖੁਸ਼ੀ ਦੀ ਰੌ ਚਲ ਗਈ ।
ਬਸੰਤ ਵਾਲੀ ਆਥਨ ਨੂੰ ਰਾਮਦਾਸ ਸੋਚਾਂ ਵਿਚ ਸੀ ਕਿ ਮੈਂ ਕਲ੍ਹ ਟੁਰ ਗਿਆ ਤਾਂ ਇਹ ਟਬਰ ਫੇਰ ਉਸ ਹਾਲਤ ਵਿਚ ਹੋ ਜਾਵੇਗਾ ਜਿਸ ਵਿਚ ਮੈਂ ਪਹਿਲਾਂ ਵੇਖਿਆ ਸੀ। ਇਹ ਸੋਚ ਕੇ ਉਸ ਨੇ ਪਿੰਡ ਦੇ ਇਕ ਜ਼ਿਮੀਦਾਰ ਪਾਸੋਂ ਦੋ ਬੈਲ ੫o) ਰੁਪੈ ਨੂੰ ਮੁਲ ਲਏ ਅਤੇ ਉਹ ਬੈਲ ਇਸ ਘਰ ਵਾਲੇ ਦੇ ਹਵਾਲੇ ਕਰਕੇ ਇਕ ਗਊ ਖਰੀਦਣ ਦਾ ਵਿਚਾਰ ਕਰਨ ਲਗਾ, ਪਰ ਉਸ ਨੂੰ ਰਾਤ ਮੰਜੇ ਤੇ ਪਏ ਸੋਚ ਆਈ-ਰਾਮਦਾਸਾ ਇਹ ਕਿਥੇ ਪਸਰਕੇ ਬੈਠ ਗਿਆ ਹੈਂ? ਤੂੰ ਤਾਂ ਪਾਣੀ ਦਾ ਇਕ ਘੁਟ ਮੰਗਣ ਆਇਆ ਸੀ ਤੇ ਹੁਣ ਇਹਨਾਂ ਦੀ ਜ਼ਮੀਨ ਬੀਜਣ ਅਤੇ ਘਰ ਦਾ ਸਾਰਾ ਕੰਮ ਧੰਦਾ ਕਰਨ ਦੀ ਪੰਡ ਖਾਹਮਖਾਹ ਆਪਣੇ ਸਿਰ ਤੇ ਚੁਕਣ ਲਗਾ ਹੈਂ। ਤੂੰ ਚੰਗੀ ਤੀਰਥ ਯਾਤ੍ਰਾ ਕੀਤੀ। ਸ਼ਾਮਦਾਸ ਚਾਰ ਦਿਨਾਂ ਵਿਚ, ਸੱਠ ਕੋਹ ਪੈਂਡਾ ਕਰ ਗਿਆ ਹੋਵੇਗਾ ਅਤੇ ਤੂੰ ਇਥੇ ਹੀ ਪਥੱਲ ਮਾਰਕੇ ਬੈਠਾ ਹੈਂ?
ਰਾਮਦਾਸ ਦੇ ਦਿਲ ਵਿਚ ਇਸ ਪ੍ਰਕਾਰ ਦੇ ਅਡੋ ਅਡ ਖਿਆਲ ਸਨ। ਉਸ ਦੇ ਮਨ ਵਿਚ ਦਇਆ ਆਉਂਦੀ ਸੀ ਤਾਂ ਆਖਦਾ ਸੀ ਇਹਨਾਂ ਦੀ ਮਦਦ ਕਰਨ ਵਾਸਤੇ ਇਥੇ ਠਹਿਰਾਂ, ਦੂਜੇ ਪਾਸੇ ਖਿਆਲ ਔਂਦਾ ਸੀ ਕਿ ਵਿਸਾਖੀ ਤੇ ਹਰਦਵਾਰ ਦਾ ਇਸ਼ਨਾਨ ਕਰਨਾ ਹੈ।
ਅਖੀਰ ਵਿਚ ਉਸ ਨੇ ਫੈਸਲਾ ਕੀਤਾ ਕਿ ਇਹਨਾਂ ਦੀ ਥੋੜੀ ਜਿਹੀ ਮਦਦ ਹੋਰ ਕਰਨੀ ਚਾਹੀਦੀ ਹੈ। ਉਸ ਨੇ ਬਾਜ਼ਾਰ ਵਿਚੋਂ ਇਕ ਟੋਕਾ, ਦਾਤ੍ਰੀ ਅਤੇ ਹੋਰ ਸਾਮਾਨ ਖਰੀਦਕੇ, ਉਸ ਆਦਮੀ ਦੇ ਹਵਾਲੇ ਕੀਤਾ ਅਤੇ ਉਸ ਨੂੰ ਆਖਿਉਸ-ਕਿਸੇ ਦਾ ਮੁਜ਼ੇਰਾ ਬਣ ਜਾ ਅਤੇ ਇਕ ਸਾਲ ਵਿਚ ਕੁਝ ਦਾਣਾ ਫੱਕਾ ਕੱਠਾ ਕਰਕੇ ਫੇਰ ਆਪਣੀ ਜ਼ਮੀਨ ਜੋ ਗਹਿਣੇ ਪਈ ਹੈ। ਛੁੜਾ ਲਵੀਂ।
ਉਸ ਆਦਮੀ ਨੇ ਬਹੁਤ ਸ਼ੁਕਰ ਕਰਕੇ ਬਲਦਾਂ ਦੀ ਜੋੜੀ ਅਤੇ ਹੋਰ ਸਾਮਾਨ ਰਾਮਦਾਸ ਪਾਸੋਂ ਲੈ ਲਿਆ ਅਤੇ ਰਾਮਦਾਸ ਦੂਜੇ ਦਿਨ ਸਵੇਰੇ ਇਹਨਾਂ ਨੂੰ ਸੁਤੇ ਪਿਆਂ ਛੋੜ ਆਪਣੀ ਗਠੜੀ ਮੋਢੇ ਤੇ ਬੰਨ੍ਹਕੇ ਟੁਰ ਪਿਆ।
ਜਦ ਉਹ ਗਲੀ ਵਿਚੋਂ ਲੰਘ ਰਿਹਾ ਸੀ ਤਾਂ ਉਸ ਦੇ ਅਗੇ ਦੋ ਤੀਵੀਆਂ ਤੁਰੀਆਂ ਜਾਂਦੀਆਂ ਸਨ ਤੇ ਇਕ ਪਈ ਆਖਦੀ ਸੀ "ਨੀ ਬੰਤੀਏ, ਪਤਾ ਹਈ, ਉਹ ਮਨੁਖ ਤਾਂ ਨਹੀਂ ਕੋਈ ਦੇਵਤਾ ਅਸਮਾਨੋਂ ਉਤਰਿਆ ਹੈ, ਉਨ੍ਹਾਂ ਨੇ ਪਹਿਲਾਂ ਤਾਂ ਉਸ ਨੂੰ ਪਛਾਣਿਆਂ ਹੀ ਨਹੀਂ, ਉਹ ਪਾਣੀ ਦਾ ਘੁਟ ਮੰਗਣ ਦੇ ਬਹਾਨੇ ਘਰ ਵਿਚ ਆਇਆ ਅਤੇ ਉਥੇ ਹੀ ਠਹਿਰ ਗਿਆ । ਉਸ ਨੇ ਉਨ੍ਹਾਂ ਨੂੰ ਬੌਲਦਾਂ ਦੀ ਜੋੜੀ ਲੈ ਦਿਤੀ ਹੈ, ਆਟੇ ਦੀਆਂ ਦੋ ਬੋਰੀਆਂ ਸੁਟਾ ਦਿਤੀਆਂ ਸੂ ਅਤੇ ਅਜੇ ਉਸ ਨੇ ਹੋਰ ਕਈ ਚੀਜ਼ਾਂ ਖਰੀਦਨੀਆਂ ਹਨ, ਚਲ ਨੀ ਕਿਸੇ ਵੇਲੇ ਉਸ ਦਾ ਦਰਸ਼ਨ ਕਰ ਆਈਏ।"
ਇਹ ਗੱਲਾਂ ਸੁਣਕੇ ਰਾਮਦਾਸ ਦਾ ਕਲੇਜਾ ਜ਼ੋਰ ਨਾਲ ਧੜਕਨ ਲਗਾ ਅਤੇ ਛੇਤੀ ੨ ਕਦਮ ਸੁਟਕੇ ਉਹ ਪਿੰਡੋਂ ਬਾਹਰ ਹੋ ਗਿਆ ਅਤੇ ਇਕ ਕੋਹ ਭਰ ਮੁੜਕੇ ਪਿਛਾਂਹ ਨਾ ਵੇਖਿਆ।

(੫)
ਜਦ ਰਾਮਦਾਸ ਤਿੰਨ ਕੋਹ ਤੁਰ ਗਿਆ ਤਾਂ ਸੂਰਜ ਚੜ੍ਹ ਪਿਆ ਸੀ, ਉਹ ਸੜਕ ਦੇ ਇਕ ਪਾਸੇ ਹੋਕੇ ਬੈਠ ਗਿਆ ਤੇ ਆਪਣਾ ਬੁਚਕਾ ਖੋਲ੍ਹਕੇ ਉਸ ਨੇ ਰੁਪਏ ਗਿਣੇ। ੧00) ਰੁਪਏ ਘਰੋਂ ਲੈਕੇ ਤੁਰਿਆ ਸੀ, ਪਰ ਹੁਣ ਕੇਵਲ ੧੧) ਰੁਪਏ ਬਾਕੀ ਸਨ। ਉਸ ਨੇ ਸੋਚਿਆ ਮੈਂ ੧੧) ਰੁਪਇਆਂ ਨਾਲ ਗੰਗਾ ਜੀ ਪਹੁੰਚ ਹੀ ਨਹੀਂ ਸਕਦਾ, ਮੁੜਕੇ ਔਣਾ ਤਾਂ ਇਕ ਪਾਸੇ ਰਿਹਾ। ਜੇ ਮੈਂ ਮੰਗ ਪਿੰਨਕੇ ਯਾਤ੍ਰਾ ਕਰਾਂ ਤਾਂ ਇਹ ਪਾਪ ਹੈ। ਮੇਰਾ ਮਿਤਰ ਸ਼ਾਮਦਾਸ ਉਥੇ ਪਹੁੰਚ ਜਾਵੇਗਾ ਅਤੇ ਗੰਗਾ ਮਾਈ ਵਿਚ ਇਕ ਟੁਬੀ ਮੇਰੇ ਨਾਮ ਦੀ ਭੀ ਲਾ ਦੇਵੇਗਾ। ਮੇਰੇ ਪਾਸੋਂ ਇਸ ਜਨਮ ਵਿਚ ਤਾਂ ਸੁਖਨਾ ਪੂਰੀ ਹੁੰਦੀ ਦਿਸਦੀ ਨਹੀਂ। ਅੱਛਾ ! ਮੋਰ ਮੁਕਟ ਵਾਲਾ ਬਖਸ਼ੇਗਾ, ਜਿਸ ਦੀ ਬਖਸ਼ਿਸ਼ ਅਤੇ ਮੇਰੇ ਔਗਣ ਅਗਿਣਤ ਹਨ।
ਇਹ ਸੋਚਕੇ ਰਾਮਦਾਸ ਉਠਿਆ ਤੇ ਪਿਛਾਂਹ ਮੁੜ ਪਿਆ, ਪਰ ਉਸ ਪਿੰਡ ਵਿਚੋਂ ਲੰਘਣ ਦੀ ਉਸਦੀ ਮਰਜ਼ੀ ਉੱਕੀ ਨਹੀਂ ਸੀ, ਇਸ ਵਾਸਤੇ ਦੋ ਤਿੰਨ ਕੋਹਾਂ ਦਾ ਵਲਾ ਪਾਕੇ ਉਹ ਫੇਰ ਆਪਣੇ ਰਸਤੇ ਤੇ ਆ ਚੜ੍ਹਿਆ। ਜਾਂਦਿਆਂ ਤਾਂ ਉਸ ਨੂੰ ਪੈਂਡਾ ਬਹੁਤ ਮਾਲੂਮ ਹੁੰਦਾ ਸੀ, ਪਰ ਹੁਣ ਮੁੜਨ ਪਰ ਬੜੀ ਤੇਜ਼ੀ ਨਾਲ ਤੁਰਦਾ ਆਇਆ ਅਤੇ ਦਿਨ ਵਿਚ ਤੀਹ ਪੈਂਤੀ ਕੋਹ ਕਰ ਲੈਂਦਾ ਰਿਹਾ।
ਜਦ ਰਾਮਦਾਸ ਵਾਪਸ ਘਰ ਪਹੁੰਚਿਆ ਤਾਂ ਸਾਰਾ ਟੱਬਰ ਉਸਦੇ ਔਣ ਤੇ ਬਹੁਤ ਪ੍ਰਸੰਨ ਹੋਇਆ। ਹੋਰ ਮਿਲਣ ਗਿਲਣ ਵਾਲੇ ਭੀ ਆਏ ਅਤੇ ਸਾਰਿਆਂ ਨੇ ਅਧਵਾਟੇ ਮੁੜ ਔਣ ਦਾ ਕਾਰਨ ਪੁਛਿਆ, ਪਰ ਰਾਮਦਾਸ ਨੇ ਕਿਸੇ ਨੂੰ ਕਾਰਨ ਨਾ ਦਸਿਆ ਅਤੇ ਇਹੋ ਆਖਦਾ ਸੀ, ਨਿਰੰਕਾਰ ਦੀ ਇਛਿਆ ਨਹੀਂ ਸੀ ਕਿ ਮੈਂ ਗੰਗਾ ਮਾਈ ਦਾ ਇਸ਼ਨਾਨ ਕਰਾਂ, ਮੇਰੇ ਰੁਪਏ ਰਾਹ ਵਿਚ ਗੁਆਚ ਗਏ ਅਤੇ ਮੈਂ ਸਾਥੀ ਨਾਲੋਂ ਪਿਛੇ ਰਹਿ ਗਿਆ। ਮੈਨੂੰ ਕ੍ਰਿਸ਼ਨ ਬਿਹਾਰੀ, ਇਹ ਸੁਖਨਾਂ ਬਖਸ਼ ਦੇਣਗੇ।
ਰਾਮਦਾਸ ਨੇ ਬਾਕੀ ਬਚੇ ਹੋਏ ਦੋ ਚਾਰ ਰੁਪਏ ਘਰ ਵਿਚ ਮੋੜ ਦਿਤੇ। ਘਰ ਵਿਚੋਂ ਕਿਸੇ ਨੇ ਬੁਰਾ ਨਾ ਮਨਾਇਆ ਕਿ ਰੁਪਏ ਕਿਉਂ ਗੁਆਚੇ। ਫੇਰ ਉਸ ਨੇ ਘਰ ਦਾ ਹਾਲ ਚਾਲ ਪੁਛਿਆ। ਉਸ ਦੇ ਪਿਛੋਂ ਘਰ ਦਾ ਸਭ ਕਾਰਜ ਠੀਕ ਚਲਦਾ ਰਿਹਾ ਸੀ। ਸਾਰਾ ਕੰਮ ਧੰਧਾ ਵੇਲੇ ਸਿਰ ਹੁੰਦਾ ਰਿਹਾ ਸੀ ਅਤੇ ਕੋਈ ਝਗੜਾ ਝਾਂਝਾ ਨਹੀਂ ਸੀ।
ਸ਼ਾਮਦਾਸ ਕਿਆਂ ਨੇ ਭੀ ਆਕੇ ਆਪਣੇ ਬੁਢੇ, ਦੀ ਖਬਰ ਸੁਰਤ ਪੁਛੀ ਤੇ ਰਾਮਦਾਸ ਨੇ ਉਹਨਾਂ ਨੂੰ ਤਸੱਲੀ ਦਿਤੀ। ਲੋਕੀਂ ਕੁਝ ਦਿਨ ਤਾਂ ਗਲਾਂ ਕਰਦੇ ਰਹੇ ਕਿ ਰਾਮਦਾਸ ਤੀਰਥਾਂ ਨੂੰ ਜਾਂਦਾ ਰਾਹ ਵਿਚੋਂ ਮੁੜ ਆਇਆ ਹੈ, ਪਰ ਫੇਰ ਉਹਨਾਂ ਨੂੰ ਇਹ ਗਲ ਭੁਲ ਗਈ ਅਤੇ ਰਾਮਦਾਸ ਨੂੰ ਭੀ ਹੋਰ ਰੁਝੇਵੇਂ ਪੈ ਗਏ। ਘਰ ਦੀ ਛੱਤ ਤੇ ਮਿਟੀ ਪਾਈ, ਕੁਝ ਲਕੜਾਂ ਵੱਢ ਲਿਆਂਦੀਆਂ, ਅਰ ਆਪਣੇ ਪੁਤਰ ਨੂੰ ਨੌਕਰੀ ਵਾਸਤੇ ਪੰਜਾਬ ਵਿਚ ਭੇਜਿਆ ਅਤੇ ਆਪ ਬਕਰੀਆਂ ਪਾਲਣ ਦੇ ਕੰਮ ਵਿਚ ਰੁਝ ਗਿਆ।

(੬)
ਹੁਣ ਸ਼ਾਮਦਾਸ ਨਾਲ ਜੋ ਬੀਤੀ ਉਹ ਸੁਣੋ! ਜਿਸ ਪਿੰਡ ਵਿਚ ਉਹ ਰਾਮਦਾਸ ਨੂੰ ਛਡ ਗਿਆ ਸੀ ਉਸ ਤੋਂ ਪੰਜ ਕੁ ਕੋਹ ਦੂਰ ਜਾਕੇ ਸ਼ਾਮ ਦਾਸ ਬੈਠ ਗਿਆ ਅਤੇ ਆਪਣੇ ਸਾਥੀ ਨੂੰ ਉਡੀਕਣ ਲਗਾ। ਦੁਪਹਿਰ ਹੋ ਗਈ, ਉਸ ਨੇ ਕਮਰ ਕੱਸਾ ਖੋਲ੍ਹਕੇ ਲਕ ਸਿਧਾ ਕੀਤਾ ਅਤੇ ਰਤਾ ਸੌਂ ਲਿਆ। ਜਦ ਉਹ ਜਾਗਿਆ ਤਾਂ ਉਸੇ ਥਾਂ ਤੇ ਬੈਠਕੇ ਫੇਰ ਉਡੀਕਣ ਲਗਾ। ਉਡੀਕਦਿਆਂ ੨ ਉਸ ਦੀਆਂ ਅੱਖਾਂ ਪੀੜ ਕਰਨ ਲਗ ਪਈਆਂ, ਪਰ ਰਾਮਦਾਸ ਨਾਂ ਆਇਆ। ਸੂਰਜ ਭੀ ਰਾਮਦਾਸ ਦੀ ਉਡੀਕ ਕਰਕੇ ਥਕ ਗਿਆ ਅਤੇ ਪੱਛੋਂ ਵਲ ਜਾਕੇ ਲੁਕ ਗਿਆ, ਪਰ ਸ਼ਾਮਦਾਸ ਵਿਚਾਰਾ ਉਥੇ ਹੀ ਬੈਠਾ ਉਡੀਕਦਾ ਰਿਹਾ। ਅਖੀਰ ਉਸ ਨੇ ਸੋਚਿਆ, ਕੀ ਪਤਾ ਮੈਥੋਂ ਅਗੇ ਲੰਘ ਗਿਆ ਹੋਵੇ, ਜਦ ਮੈਂ ਸੁਤਾ ਪਿਆ ਸੀ ਕੀ ਪਤਾ ਉਸ ਨੂੰ ਕਿਸੇ ਨੇ ਬੈਲ ਗੱਡੀ ਵਿਚ ਬਿਠਾਕੇ ਕੁਝ ਪੈਂਡਾ ਟਪਾ ਛਡਿਆ ਹੋਵੇ। ਹੈ ਤਾਂ ਇਹ ਅਨਹੋਣੀ ਗੱਲ ਕਿ ਮੈਂ ਇਥੇ ਸੁਤਾ ਪਿਆ ਹੋਵਾਂ ਅਤੇ ਰਾਹ ਜਾਂਦਾ ਰਾਮਦਾਸ ਮੈਨੂੰ ਨਾ ਵੇਖੇ। ਹੁਣ ਮੈਂ ਕੀ ਕਰਾਂ?
ਜੇ ਮੁੜ ਜਾਕੇ ਪਿੰਡ ਵਿਚੋਂ ਪਤਾ ਕਰਾਂ ਤਾਂ ਖ਼ਬਰੇ ਉਹ ਅਗੇ ਲੰਘ ਗਿਆ ਹੋਵੇ ਅਤੇ ਸਾਡੇ ਵਿਚਾਲੇ ਵਿਥ ਇੰਨੀ ਵਧ ਜਾਵੇ ਜੋ ਅਸੀਂ ਫੇਰ ਕਦੀ ਮਿਲ ਹੀ ਨਾ ਸਕੀਏ । ਚੰਗਾ ਇਹੋ ਹੈ ਜੋ ਮੈਂ ਅਗੇ ਤੁਰ ਪਵਾਂ, ਰਾਹ ਵਿਚ ਪੁਛਦਾ ਜਾਵਾਂਗਾ, ਕਿਸੇ ਨਾ ਕਿਸੇ ਥਾਂ ਤੇ ਜ਼ਰੂਰ ਰਾਮਦਾਸ ਦਾ ਪਤਾ ਲਗ ਜਾਵੇਗਾ।
ਇਹ ਸੋਚਕੇ ਉਹ ਤੁਰ ਪਿਆ ਅਤੇ ਜਿਸ ਪਿੰਡ ਵਿਚ ਜਾ ਠਹਿਰਿਆ ਉਥੋਂ ਦੇ ਚੌਕੀਦਾਰ ਨੂੰ ਰਾਮਦਾਸ ਦਾ ਹੁਲੀਆ ਦਸਕੇ ਕਹਿਓਸ ਜੇ ਇਸ ਹੁਲੀਏ ਦਾ ਬੁਢਾ ਰਾਤ ਨੂੰ ਆਵੇ ਤਾਂ ਮੇਰੇ ਪਾਸ ਲੈ ਆਉਣਾ। ਇਹ ਰਾਤ ਭੀ ਬੀਤ ਗਈ, ਪਰ ਰਾਮਦਾਸ ਨ ਆਇਆ। ਦੂਜੇ ਦਿਨ ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਰਾਮਦਾਸ ਮੈਥੋਂ ਅਗੇ ਲੰਘ ਗਿਆ ਹੈ। ਉਹ ਸਾਰੇ ਰਾਹ ਲੋਕਾਂ ਨੂੰ ਪੁਛਦਾ ਅਗੇ ੨ ਤੁਰਿਆ ਗਿਆ।
ਜਦ ਸਹਾਰਨਪੁਰ ਪਹੁੰਚਿਆ ਤਾਂ ਓਥੇ ਹੋਰ ਕਈ ਯਾਤ੍ਰੀ ਮਿਲੇ, ਸ਼ਾਮਦਾਸ ਨੇ ਕਈ ਪੰਜਾਬੀ ਯਾਤ੍ਰੀਆਂ ਪਾਸੋਂ ਚੰਗੀ ਤਰਾਂ ਪੁਛਿਆ, ਪਰ ਰਾਮਦਾਸ ਦਾ ਕੋਈ ਥਹੁ ਨਾ ਮਿਲਿਆ। ਅਖੀਰ ਇਕ ਟੋਲੇ ਨਾਲ ਰਲਕੇ ਉਸ ਨੇ ਹਰਿਦਵਾਰ ਵਲ ਮੂੰਹ ਕੀਤਾ ਅਤੇ "ਜੈ ਗੰਗੇ" ਕਰਦਾ ਹੋਇਆ ਤੀਰਥਾਂ ਦੇ ਦਰਸ਼ਨਾਂ ਦੇ ਚਾ ਵਿਚ ਤੁਰਿਆ ਗਿਆ।
ਸਹਾਰਨ ਪੁਰ ਤੋਂ ਸ਼ਾਮਦਾਸ ਨਾਲ ਇਕ ਸਾਥੀ ਰਲ ਪਿਆ, ਇਹ ਆਦਮੀ ਸਿੰਧ ਦੇਸ਼ ਦਾ ਸੀ, ਪਰ ਕੁਝ ਕੁਝ ਪੰਜਾਬੀ ਬੋਲ ਸਕਦਾ ਸੀ। ਇਹ ਅਤੇ ਸ਼ਾਮ ਦਾਸ ਯਾਤ੍ਰਾ ਲਈ ਕੱਠੇ ਹੋ ਗਏ। ਸਿੰਧੀ ਚੇਹਰੇ ਮੋਹਰੇ ਤੋਂ ਚੰਗਾ ਪੁਰਸ਼ ਜਾਪਦਾ ਸੀ, ਪਰ ਇਕ ਗਲ ਅਜੀਬ ਸੀ ਕਿ ਜਿਥੇ ਭੀ ਇਕ ਪੈਸਾ ਖਰਚਣ ਦੀ ਲੋੜ ਪਵੇ ਓਥੇ ਉਹ ਸ਼ਾਮਦਾਸ ਨੂੰ ਅਗਾਂਹ ਕਰ ਦੇਂਦਾ ਸੀ।
ਇਹ ਜੱਥਾ ਚਲਦਾ ਚਲਦਾ ਜਵਾਲਾ ਪੁਰ ਪਹੁੰਚਿਆ। ਇਥੇ ਪਾਂਡਿਆਂ ਅਤੇ ਪਰੋਹਤਾਂ ਦਾ ਗੜ੍ਹ ਹੈ। ਸ਼ਾਮ ਦਾਸ ਅਤੇ ਸਿੰਧੀ ਨੂੰ ਭੀ ਕਈ ਪਰੋਹਤਾਂ ਨੇ ਘੇਰਿਆ, ਪਰ ਸਾਰਿਆਂ ਤੋਂ ਜਾਨ ਬਚਾਂਦੇ ਹੋਏ ਇਹ ਤੁਰੇ ਗਏ ਅਤੇ ਤ੍ਰਿਕਾਲਾਂ ਤਕ ਹਰਿਦਵਾਰ ਪਹੁੰਚ ਗਏ। ਗੰਗਾ ਮਾਈ ਦੇ ਦਰਸ਼ਨ ਕਰਕੇ ਜੋ ਖੁਸ਼ੀ ਸ਼ਾਮਦਾਸ ਨੂੰ ਹੋਈ ਉਸ ਦਾ ਕੀ ਠਿਕਾਣਾ। ਜੇਹੜੇ ਦਰਸ਼ਨਾਂ ਵਾਸਤੇ ਛੇ ਮਹੀਨੇ ਪੈਂਡਾ ਕੀਤਾ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਭੋਗੀਆਂ ਉਹ ਦਰਸ਼ਨ ਅਜ ਨਸੀਬ ਹੋਏ। ਰਾਤ ਪੈ ਚੁਕੀ ਸੀ ਅਤੇ ਗੰਗਾ ਦੇ ਕਿਨਾਰੇ ਹੀ ਇਕ ਥਾਂ ਤੇ ਚਾਦਰ ਵਿਛਾਕੇ ਇਹ ਦੋਵੇਂ ਆਦਮੀ ਸੌਂ ਗਏ।
ਦੂਜੇ ਦਿਨ ਇਹਨਾਂ ਨੇ ਤੜਕੇ ਉਠਕੇ ਹਰਿ ਕੀ ਪੌੜੀ ਤੇ ਇਸ਼ਨਾਨ ਕੀਤਾ, ਪਰ ਸ਼ਾਮਦਾਸ ਇਹ ਵੇਖਕੇ ਬੜਾ ਅਚਰਜ ਹੋਇਆ ਕਿ ਉਸ ਤੋਂ ਕੁਝ ਦੂਰ ਇਕ ਬੁਢਾ ਗੰਗਾ ਦਾ ਇਸ਼ਨਾਨ ਕਰ ਰਿਹਾ ਸੀ। ਇਸ ਬੁਢੇ ਦੇ ਸਿਰ ਤੋਂ ਇਹੋ ਜਾਪਦਾ ਸੀ ਕਿ ਇਹ ਰਾਮ ਦਾਸ ਹੈ, ਪਰ ਉਸ ਵੇਲੇ ਲੋਕਾਂ ਦੀ ਬਹੁਤ ਭੀੜ ਸੀ ਅਤੇ ਉਸ ਬੁਢੇ ਤਕ ਪਹੁੰਚਨਾ ਔਖਾ ਸੀ। ਸ਼ਾਮਦਾਸ ਨੇ ਇਸ਼ਨਾਨ ਕਰਕੇ ਕਪੜੇ ਪਾਏ ਅਤੇ ਕਿਨਾਰੇ ਤੇ ਭਾਲ ਕਰਨ ਲਗਾ ਕਿ ਮਤਾਂ ਕਿਤੇ ਰਾਮਦਾਸ ਲਭ ਪਵੇ, ਪਰ ਇਹ ਜਤਨ ਨਿਸਫ਼ਲ ਗਿਆ।
ਜਦ ਇਸ਼ਨਾਨ ਕਰਕੇ ਵੇਹਲੇ ਹੋਏ ਤਾਂ ਇਹਨਾਂ ਨੇ ਇਕ ਧਰਮਸ਼ਾਲਾ ਵਿਚ ਡੇਰਾ ਕੀਤਾ। ਰੋਟੀ ਖਾ ਚੁਕੇ ਤਾਂ ਸਿੰਧੀ ਨੇ ਆਪਣੀ ਜੇਬ ਵਿਚ ਹਥ ਪਾਕੇ ਅੱਚਨਚੇਤ ਰੌਲਾ ਪਾਣਾ ਸ਼ੁਰੂ ਕੀਤਾ:-ਹਾਇ! ਮੈਂ ਲੁਟਿਆ ਗਿਆ, ਮੇਰੀ ਰੁਪਿਆਂ ਵਾਲੀ ਵਾਸਨੀ ਕਿਸੇ ਨੇ ਲੁਟ ਲਈ, ਮੈਂ ਗਰੀਬ ਉੱਕਾ ਕੰਗਲਾ ਹੋ ਗਿਆ, ਮੇਰੇ ਪਾਸ ਇਕ ਪੈਸਾ ਭੀ ਨਹੀਂ ਰਿਹਾ।' ਕੁਝ ਆਦਮੀਂ ਕੱਠੇ ਹੋ ਗਏ, ਪਰ ਵਾਸਨੀ ਕਿਥੋਂ ਲਭਣੀ ਸੀ, ਅਫ਼ਸੋਸ ਕਰਦੇ ਹੋਏ ਲੋਕ ਆਪੋ ਆਪਣੇ ਰਾਹ ਪਏ।
ਸ਼ਾਮ ਦਾਸ ਦੇ ਮਨ ਵਿਚ ਵਿਚਾਰ ਆਈ ਇਹ ਸਿੰਧੀ ਬੜਾ ਚਤਰ ਜਾਪਦਾ ਹੈ, ਇਸ ਦੇ ਪਾਸ ਤਾਂ ਇਕ ਪੈਸਾ ਭੀ ਨਹੀਂ ਸੀ, ਸਗੋਂ ਇਸ ਨੇ ਮੇਰੇ ਪਾਸੋਂ ਦੋ ਰੁਪੈ ਉਧਾਰੇ ਲਏ ਹੋਏ ਹਨ, ਇਸ ਦਾ ਰੋਟੀ ਪਾਣੀ ਦਾ ਖਰਚ ਭੀ ਮੈਂ ਦਾ ਰਿਹਾ ਹਾਂ, ਕੀ ਪਤਾ ਇਹ ਪੁਰਸ਼ ਇਸ ਪ੍ਰਕਾਰ ਦੀ ਚਾਲਾਕੀ ਕੇਵਲ ਮੈਨੂੰ ਧੋਖਾ ਦੇਣ ਲਈ ਪਿਆ ਕਰਦਾ ਹੋਵੇ। ਇਹ ਸੋਚ ਸ਼ਾਮਦਾਸ ਦੇ ਮਨ ਵਿਚ ਆਈ, ਪਰ ਉਸ ਨੇ ਮਨ ਨੂੰ ਬਹੁਤ ਤਾੜਿਆ ਅਤੇ ਸਮਝਾਇਆ "ਕੀ ਪਤਾ, ਸਚੀ ਮੁਚੀ ਇਸ ਦੀ ਵਾਸਨੀ ਗੁਆਚੀ ਹੋਵੇ, ਇਸ ਸ਼ਖਸ ਨੇ ਤੀਰਥਾਂ ਤੇ ਆਕੇ ਕੀ ਝੂਠ ਬੋਲਨਾ ਸੀ? ਮੈਂ ਐਵੇਂ ਇਕ ਯਾਤ੍ਰੀ ਤੇ ਦੋਸ਼ ਲਾਕੇ ਆਪ ਪਾਪਾਂ ਦਾ ਭਾਗੀ ਪਿਆ ਬਣਦਾ ਹਾਂ।"
ਸ਼ਾਮ ਦਾਸ ਨੇ ਬਥੇਰਾ ਯਤਨ ਕੀਤਾ, ਪਰ ਇਹ ਸ਼ੰਕਾ ਉਸ ਦੇ ਦਿਲ ਵਿਚ ਸਗੋਂ ਹੋਰ ਪੱਕੀ ਹੁੰਦੀ ਗਈ ਅਤੇ ਅਖੀਰ ਉਸ ਨੇ ਸਿੰਧੀ ਦਾ ਸੰਗ ਛਡ ਦਿਤਾ।
ਉਸ ਦਿਨ ਸ਼ਾਮ ਨੂੰ ਸ਼ਾਮ ਦਾਸ ਨੇ ਕੱਲੇ ਜਾਕੇ ਕਨਖਲ ਦੀ ਯਾਤਰਾ ਕੀਤੀ। ਦੋ ਪੈਸੇ ਦੇ ਛੋਲੇ ਲੈਕੇ ਬਾਂਦਰਾਂ ਨੂੰ ਪਾਏ ਅਤੇ ਮੁੜ ਆਪਣੇ ਟਿਕਾਣੇ ਤੇ ਸਵੀਂ ਸੰਝ ਆਕੇ ਸੌਂ ਗਿਆ। ਦੂਜੇ ਦਿਨ ਵਿਸਾਖੀ ਦਾ ਇਸ਼ਨਾਨ ਸੀ ਅਤੇ ਸ਼ਾਮਦਾਸ ਬਹੁਤ ਹੀ ਤੜਕੇ ਉਠਕੇ ਹਰਿਕੀ ਪੌੜੀ ਤੇ ਪਹੁੰਚਿਆ। ਇਸ਼ਨਾਨ ਕਰਦਿਆਂ ਇਸ ਨੇ ਫੇਰ ਵੇਖਿਆ ਕਿ ਰਾਮਦਾਸ ਵਰਗਾ ਇਕ ਬੁਢਾ ਕੁਝ ਅਗੇ ਹੋਕੇ ਇਸ਼ਨਾਨ ਕਰ ਰਿਹਾ ਹੈ। ਉਸ ਬੁਢੇ ਨੇ ਸਿਰ ਇਸ ਪਾਸੇ ਕੀਤਾ ਤਾਂ ਸ਼ਾਮ ਦਾਸ ਨੂੰ ਯਕੀਨ ਹੋ ਗਿਆ ਕਿ ਇਹ ਰਾਮਦਾਸ ਹੈ, ਹੋਰ ਕੋਈ ਨਹੀਂ। ਉਸ ਨੇ ਇਕ ਦੋ ਆਵਾਜ਼ਾਂ ਭੀ ਮਾਰੀਆਂ, ਪਰ ਬੁਢੇ ਦਾ ਫਿਰ ਕੁਝ ਪਤਾ ਨਾਂ ਲਗਾ। ਸ਼ਾਮਦਾਸ ਮਨ ਵਿਚ ਬਹੁਤ ਹੈਰਾਨ ਸੀ ਕਿ ਰਾਮਦਾਸ ਨੇ ਹੱਦ ਕੀਤੀ ਹੈ, ਮੈਥੋਂ ਪਹਿਲਾਂ ਪਹੁੰਚਕੇ ਇਹ ਦੋ ਵਾਰ ਇਸ਼ਨਾਨ ਭੀ ਕਰ ਚੁੱਕਾ ਹੈ।
ਹਰਿਦਵਾਰ ਦੇ ਮੰਦਰਾਂ ਦੇ ਦੋ ਦਿਨਾਂ ਵਿਚ ਦਰਸ਼ਨ ਕਰਕੇ ਸ਼ਾਮਦਾਸ ਰਿਖੀ ਕੇਸ਼ ਨੂੰ ਚਲਿਆ। ਰਸਤੇ ਵਿਚ ਭੀਮ ਗੋਡੇ ਦੇ ਦਰਸ਼ਨ ਕਰਦਾ ਉਸੀ ਦਿਨ ਰਿਖੀ ਕੇਸ਼ ਪਹੁੰਚ ਗਿਆ। ਇਥੇ ਸ੍ਵਰਗਾਸ਼ਰਮ ਅਤੇ ਛੇਤਰਾਂ ਦੇ ਦ੍ਰਿਸ਼੍ਯ ਵੇਖ ਚਾਖਕੇ ਲਛਮਨ ਝੂਲੇ ਪਹੁੰਚਿਆ ਅਤੇ ਓਥੋਂ ਇਕ ਪਾਰਟੀ ਦੇ ਨਾਲ ਬਦਰੀ ਨਾਰਾਇਨ ਦੇ ਦਰਸ਼ਨਾਂ ਨੂੰ ਤੁਰ ਪਿਆ। ਇਹ ਇਲਾਕਾ ਰਿਆਸਤ ਟੇਰੀ ਵਿਚ ਹੈ ਅਤੇ ਇਥੇ ਬਹੁਤ ਠੰਢ ਪੈਂਦੀ ਹੈ, ਪਰ ਸ਼ਾਮ ਦਾਸ ਭੀ ਜਮੂੰ ਦੇਸ਼ ਦਾ ਵਾਸੀ ਸੀ। ਉਸ ਨੇ ਠੰਡ ਦੀ ਪਰਵਾਹ ਨਾ ਕੀਤੀ ਅਤੇ ਇਕ ਮਹੀਨੇ ਵਿਚ ਬੱਦਰੀ ਨਾਰਾਇਣ ਪਹੁੰਚ ਗਿਆ, ਪਰ ਇਥੇ ਮੰਦਰ ਵਿਚ ਪਹੁੰਚਕੇ ਉਸ ਨੇ ਇਕ ਅਚੰਭਾ ਵੇਖਿਆ। ਮੰਦਰ ਦੇ ਮਧ ਵਿਚ ਜਿਥੇ ਦੇਵਤਿਆਂ ਦੀਆਂ ਮੂਰਤੀਆਂ ਸਨ, ਓਥੇ ਇਕ ਬੁਢਾ ਮਥਾ ਟੇਕ ਰਿਹਾ ਸੀ। ਜਦ ਬੁਢੇ ਨੇ ਸਿਰ ਉਚਾ ਕੀਤਾ ਤਾਂ ਸ਼ਾਮਦਾਸ ਵੇਖਕੇ ਹੈਰਾਨ ਰਹਿ ਗਿਆ, ਉਹ ਬੁਢਾ ਰਾਮਦਾਸ ਸੀ। ਸ਼ਾਮਦਾਸ ਨੇ ਅਗੇ ਖੜੇ ਆਦਮੀਆਂ ਦੇ ਪਰੇ ਰਾਮਦਾਸ ਨੂੰ ਵੇਖਿਆ ਅਤੇ ਮੰਦਰ ਦੇ ਦਰਵਾਜ਼ੇ ਵਿਚ ਹੀ ਖੜਾ ਹੋ ਗਿਆ ਕਿ ਇਥੋਂ ਦੀ ਲੰਘੇਗਾ ਤਾਂ ਮੈਂ ਮਿਲ ਪਵਾਂਗਾ। ਸਾਰੇ ਆਦਮੀ ਮਥਾ ਟੇਕ ਕੇ ਚਲੇ ਗਏ ਪਰ ਰਾਮਦਾਸ ਅੰਦਰੋਂ ਨਾ ਲਭਿਆ।

(੭)
ਇਸ ਪ੍ਰਕਾਰ ਤੀਰਥ ਯਾਤ੍ਰਾ ਕਰਕੇ ਸ਼ਾਮਦਾਸ ਪਿਛਾਂਹ ਮੁੜਿਆ। ਉਹ ਹੈਰਾਨ ਸੀ ਕਿ ਰਾਮਦਾਸ ਨੂੰ ਮੈਂ ਦੋ ਵਾਰੀ ਹਰਿਦਵਾਰ ਅਤੇ ਇਕ ਵਾਰੀ ਬਦਰੀ ਨਾਰਾਇਣ ਵੇਖਿਆ ਹੈ। ਉਹ ਉਥੇ ਕਿਵੇਂ ਪਹੁੰਚ ਗਿਆ? ਇਹ ਖਿਆਲ ਉਸ ਨੂੰ ਮੁੜ ਮੁੜ ਕੇ ਔਂਦਾ ਸੀ। ਕੁਛ ਦਿਨ ਤਾਂ ਇਸੇ ਖਿਆਲ ਵਿਚ ਬੀਤੇ। ਜਦ ਅਧਾ ਕੁ ਪੈਂਡਾ ਨਿਬੜ ਗਿਆ ਤਾਂ ਫੇਰ ਦੁਨੀਆਂ ਦੇ ਧੰਧੇ ਚੇਤੇ ਆਏ, ਦਿਲ ਵਿਚ ਤੌਖਲਾ ਪਿਆ ਕਿ ਘਰ ਦਾ ਕੰਮ ਧੰਧਾ ਕੀ ਪਤਾ ਕਿਵੇਂ ਚਲਦਾ ਹੋਵੇਗਾ। ਉਸ ਨੇ ਸੋਚਿਆ ਘਰ ਦੀ ਜਾਇਦਾਦ ਬਨਾਣ ਲਗਿਆਂ ਮੇਰੀ ਉਮਰ ਲਗ ਗਈ ਪਰ ਵਿਗੜਨ ਲਗਿਆਂ ਮਿੰਟ ਦੀ ਦੇਰ ਨਹੀਂ ਲਗਣੀ। ਕੀ ਪਤਾ ਪਿੱਛੋਂ ਮੁੰਡਿਆਂ ਨੇ ਕੀ ਪ੍ਰਬੰਧ ਰਖਿਆ ਹੈ, ਫਸਲ ਕਿਹੋ ਜਿਹੇ ਹਨ, ਬਕਰੀਆਂ ਦਾ ਕੀ ਹਾਲ ਹੈ?
ਇਨ੍ਹਾਂ ਸੋਚਾਂ ਵਿਚ ਤੁਰੇ ਜਾਂਦੇ ਸ਼ਾਮ ਦਾਸ਼ ਨੂੰ ਉਸੇ ਦੇਸ਼ ਵਿਚੋਂ ਲੰਘਣਾ ਪਿਆ ਜਿਥੇ ਰਾਮਦਾਸ ਉਸ ਪਾਸੋਂ ਅਡ ਹੋਇਆ ਸੀ। ਇਸ ਦੇਸ ਦੀ ਹੁਣ ਕਾਇਆਂ ਪਲਟੀ ਹੋਈ ਸੀ, ਪਿਛਲੇ ਸਾਲ ਇਥੇ ਕਾਲ ਸੀ, ਹੁਣ ਸੁਕਾਲ ਦਾ ਰਾਜ ਸੀ, ਫਸਲਾਂ ਲੈਹ ਲੈਹ ਕਰ ਰਹੀਆਂ ਸਨ ਅਤੇ ਭੁਖੇ ਮਰਦੇ ਦੇਸ ਵਿਚ ਜਾਨ ਪੈ ਗਈ ਸੀ, ਲੋਕਾਂ ਨੂੰ ਪੁਰਾਣੇ ਦੁਖੜੇ ਭੁਲ ਗਏ ਸਨ। ਇਕ ਦਿਨ ਉਹੋ ਪਿੰਡ ਆ ਗਿਆ, ਜਿਸ ਵਿਚ ਪਾਣੀ ਦਾ ਘੁਟ ਪੀਣ ਗਿਆ ਹੋਇਆ ਰਾਮਦਾਸ ਸ਼ਾਮਦਾਸ ਨਾਲੋਂ ਵਿਛੜ ਗਿਆ ਸੀ। ਇਸ ਪਿੰਡ ਵਿਚੋਂ ਜਦ ਸ਼ਾਮ ਦਾਸ ਲੰਘਣ ਲਗਾ ਤਾਂ ਇਕ ਕੁੜੀ ਨੇ ਇਸ ਦਾ ਕੁੜਤਾ ਫੜਕੇ ਕਿਹਾ:-
"ਬਾਬਾ ਜੀ, ਸਾਡੇ ਘਰ ਆਓ।"
ਸ਼ਾਮ ਦਾਸ ਦੀ ਮਰਜ਼ੀ ਤੁਰੇ ਜਾਣ ਦੀ ਸੀ, ਪਰ ਛੋਟੀ ਕੁੜੀ ਨੇ ਅਗਾਂਹ ਨਾ ਜਾਣ ਦਿਤਾ ਤੇ ਬੁਢੇ ਸ਼ਾਮਦਾਸ ਨੂੰ ਖਿਚਦੀ ਖਿਚਾਂਦੀ ਆਪਣੇ ਘਰ ਲੈ ਗਈ, ਜਿਥੇ ਉਸ ਦੀ ਦਾਦੀ ਅਤੇ ਭਰਾ ਬੈਠੇ ਹੋਏ ਸਨ। ਮੁੰਡੇ ਨੇ ਆਖਿਆ "ਆਉ ਬਾਬਾ ਜੀ, ਰਾਤ ਸਾਡੇ ਪਾਸ ਠਹਿਰੋ ਅਤੇ ਟੁਕ ਇਥੇ ਹੀ ਖਾਓ।"
ਸ਼ਾਮ ਦਾਸ ਕੁਝ ਹੈਰਾਨ ਹੋਕੇ ਅੰਦਰ ਚਲਾ ਗਿਆ। ਉਸ ਦੇ ਮਨ ਵਿਚ ਆਇਆ ਜੁ ਰਾਮਦਾਸ ਦਾ ਇਸ ਘਰੋਂ ਪਤਾ ਲਵਾਂ, ਸ਼ਾਇਦ ਇਹਨਾਂ ਲੋਕਾਂ ਨੂੰ ਕੁਝ ਸੂੰਹ ਖਬਰ ਹੋਵੇ। ਬੁਢੀ ਮਾਈ ਨੇ ਉਸ ਨੂੰ ਗਰਮ ਪਾਣੀ ਮੂੰਹ ਹਥ ਧੋਣ ਲਈ ਲਿਆ ਦਿਤਾ ਤੇ ਫੇਰ ਰਹੁ ਦੀ ਖੀਰ ਦਾ ਛੰਨਾਂ ਭਰਕੇ ਲੈ ਆਈ। ਸ਼ਾਮ ਦਾਸ ਨੇ ਮਾਈ ਦਾ ਧੰਨਵਾਦ ਕੀਤਾ ਤੇ ਪ੍ਰਦੇਸੀ ਯਾਤਰੀਆਂ ਦੀ ਸੇਵਾ ਟਹਿਲ ਦੇ ਕਾਰਨ ਉਸ ਦੀ ਉਪਮਾਂ ਕੀਤੀ। ਮਾਈ ਨੇ ਉਤਰ ਦਿਤਾ-"ਵੀਰਾ ! ਅਸੀਂ ਤਾਂ ਪ੍ਰਦੇਸੀਆਂ ਦੇ ਦਾਸ ਹਾਂ, ਸਾਨੂੰ ਇਕ ਪ੍ਰਦੇਸੀ ਨੇ ਜੀਵਨ ਜੁਗਤੀ ਦਸੀ, ਅਸੀਂ ਆਪਣੇ ਕੁਕਰਮਾਂ ਦੇ ਕਾਰਨ ਰਬ ਨੂੰ ਭੁਲਾ ਬੈਠੇ ਸਾਂ ਤੇ ਰਬ ਨੇ ਸਾਨੂੰ ਅਜਿਹੀ ਸਜ਼ਾ ਦਿੱਤੀ ਜੋ ਅਸੀਂ ਮਰਨ ਮਰਾਂਦ ਹੋ ਗਏ। ਪਿਛਲੇ ਸਿਆਲੇ ਅਸੀਂ ਸਾਰੇ ਬੀਮਾਰ ਪੈ ਗਏ ਤੇ ਖਾਣ ਨੂੰ ਸਾਡੇ ਘਰ ਫੱਕਾ ਵੀ ਨਾ ਰਿਹਾ। ਅਸੀਂ ਐਵੇਂ ਵਿਲੂੰ ੨ ਕਰਦੇ ਮਰ ਜਾਣਾ ਸੀ, ਪਰ ਅਕਾਲ ਪੁਰਖ ਨੇ ਮੇਹਰ ਕਰਕੇ ਸਾਡੀ ਮਦਦ ਲਈ ਇਕ ਬਿਰਧ ਸਰੀਰ ਭੇਜਿਆ। ਉਹ ਤੁਹਾਡੀ ਹੀ ਉਮਰ ਦਾ ਸੀ, ਉਹ ਸਾਡੇ ਘਰ ਪਾਣੀ ਦਾ ਘੁਟ ਮੰਗਣ ਆਇਆ ਤੇ ਅਸਾਡੀ ਤਰਸ ਯੋਗ ਦਸ਼ਾ ਵੇਖਕੇ ਠਹਿਰ ਪਿਆ, ਉਸ ਨੇ ਸਾਡੇ ਅੰਨ ਦਾਣੇ ਦਾ ਪ੍ਰਬੰਧ ਕੀਤਾ, ਸਾਡੀ ਸੇਵਾ ਕੀਤੀ, ਸਾਡੀ ਗਹਿਣੇ ਪਈ ਭੁਏਂ ਮੁੜਾ ਦਿਤੀ ਅਤੇ ਇਕ ਬੌਲਦਾਂ ਦੀ ਜੋੜੀ ਸਾਨੂੰ ਲੈਕੇ ਦੇ ਗਿਆ।"
ਇਸ ਦੀ ਗਲ ਵਿਚੋਂ ਟੁਕਕੇ ਮਾਈ ਦੀ ਨੂੰਹ ਆਖਣ ਲਗੀ:- "ਪਤਾ ਨਹੀਂ ਉਹ ਆਦਮੀ ਸੀ ਕਿ ਰੱਬ ਨੇ ਕੋਈ ਦੇਵਤਾ ਸਾਡੀ ਮਦਦ ਨੂੰ ਭੇਜਿਆ ਸੀ। ਉਸ ਨੇ ਸਾਡੇ ਪਰ ਦਇਆ ਕੀਤੀ ਤੇ ਮੇਹਰ ਕੀਤੀ। ਜਾਂਦਿਆਂ ਆਪਣਾ ਨਾਮ ਭੀ ਦਸਕੇ ਨਹੀਂ ਗਿਆ, ਅਸੀਂ ਉਸ ਨਾਮ ਹੀਣ ਹਸਤੀ ਨੂੰ ਅਸੀਸਾਂ ਪਏ ਦੇਦੇ ਹਾਂ। ਮੈਨੂੰ ਹੁਣ ਵੀ ਚੇਤੇ ਹੈ ਮੈਂ ਇਕ ਖੂੰਜੇ ਵਿਚ ਪਈ ਮੌਤ ਨੂੰ ਉਡੀਕਦੀ ਸਾਂ, ਉਹ ਬੁਢਾ, ਮਨੁਖ ਅੰਦਰ ਆਇਆ ਤੇ ਪਾਣੀ ਦਾ ਘੁਟ ਮੰਗਣ ਲਗਾ। ਮੈਂ ਦਿਲ ਵਿਚ ਕਿਹਾ ਇਹ ਓਪਰਾ ਮਨੁਖ ਸਾਡੇ ਘਰ ਕਿਉਂ ਵੜ ਆਇਆ ਹੈ। ਪਰ ਉਸ ਭਲੇ ਪੁਰਸ਼ ਨੇ ਸਾਡੀ ਭੈੜੀ ਅਵਸਥਾ ਵੇਖਕੇ ਆਪਣਾ ਬੁਚਕਾ ਇਸੇ ਥਾਂ ਤੇ ਖੋਲ੍ਹਕੇ ਰਖ ਦਿਤਾ।"
ਛੋਟੀ ਕੁੜੀ ਬੋਲੀ "ਨਹੀਂ" ਬੇਬੇ, ਪਹਿਲਾਂ ਬੁਚਕਾ ਉਸ ਨੇ ਐਸ ਮੰਜੇ ਉਤੇ ਰਖਿਆ ਸੀ ਅਤੇ ਫੇਰ ਚੁਕਕੇ ਸੰਦੂਕ ਤੇ।'
ਉਸ ਸਾਰੇ ਟਬਰ ਨੇ ਰਾਮਦਾਸ ਦੀ ਕਥਨੀ ਅਰ ਕਰਨੀ ਦੀ ਚਰਚਾ ਸ਼ੁਰੂ ਕਰ ਦਿਤਾ, ਇਥੇ ਸੁੱਤਾ ਸੀ, ਇਥੇ ਖੜੇ ਹੋਕੇ ਉਸ ਨੇ ਪਾਣੀ ਪੀਤਾ, ਇਸ ਦਰਵਾਜ਼ੇ ਵਿਚ ਬੈਠਾ ਸੀ, ਇਹ ਗੱਲ ਕਹਿੰਦਾ ਸੀ। ਇਤਿਆਦਕ ।
ਰਾਤ ਵੇਲੇ ਉਸ ਘਰ ਦਾ ਮਾਲਕ ਭੀ ਖੇਤੀ ਤੋਂ ਵੇਹਲਾ ਹੋਕੇ ਆਇਆ ਅਤੇ ਉਸ ਨੇ ਭੀ ਸ਼ਾਮਦਾਸ ਦੇ ਸਨਮੁਖ ਰਾਮਦਾਸ ਦੀ ਨੇਕੀ ਦੀ ਵਾਰਤਾ ਛੇੜੀ ਅਤੇ ਆਖਿਆ:-'ਜੇ ਕਦੇ ਉਹ ਨੇਕ ਆਦਮੀ ਨਾ ਔਂਦਾ ਤਾਂ ਅਸੀਂ ਪਾਪਾਂ ਦਾ ਫਲ ਭੋਗਦੇ ਹੋਏ ਮਰ ਜਾਣਾ ਸੀ। ਅਸੀਂ ਨਿਰਾਸਤਾ ਵਿਚ ਰੁੜ੍ਹ ਚੱਲੇ ਸਾਂ, ਰਬ ਅਤੇ ਉਸਦੇ ਬੰਦੇ ਸਾਨੂੰ ਭੈੜੇ ਲਗਦੇ ਸਨ, ਪਰ ਉਸ ਰੱਬੀ ਬੰਦੇ ਨੇ ਸਾਨੂੰ ਡਿਗੇ ਪਿਆਂ ਨੂੰ ਚੁਕਿਆ। ਉਸ ਨੇ ਸਾਨੂੰ ਰਬ ਤੇ ਭਰੋਸਾ ਕਰਨਾ ਸਿਖਾਇਆ ਅਤੇ ਆਦਮੀ ਵਿਚ ਨੇਕੀ ਦਾ ਬੀਜ ਪ੍ਰਗਟ ਕਰਕੇ ਵਿਖਾਇਆ। ਰੱਬ ਉਸਦਾ ਭਲਾ ਕਰੇ ਅਸੀਂ ਡੰਗਰਾਂ ਵਾਂਗ ਜੀਵਨ ਬਿਤਾਂਦੇ ਸਾਂ ਉਸ ਨੇ ਸਾਨੂੰ ਆਦਮੀ ਬਣਾਇਆ।"
ਉਸ ਰਾਤ ਓਸੇ ਘਰ ਵਿਚ ਸੁੱਤੇ ਪਏ ਸ਼ਾਮ ਦਾਸ ਨੂੰ ਨੀਂਦਰ ਨਾ ਪਈ। ਉਸ ਨੂੰ ਮੁੜ ਮੁੜ ਕੇ ਇਹੋ ਖਿਆਲ ਆਉਂਦਾ ਸੀ "ਰਾਮ ਦਾਸ ਦੀ ਤੀਰਥ ਯਾਤਰਾ ਰਬ ਨੇ ਪ੍ਰਵਾਨ ਕਰ ਲਈ। ਮੇਰੀ ਤਾਂ ਪਤਾ ਨਹੀਂ ਕੇਹੜੇ ਲੇਖੇ ਗਈ, ਪਰ ਰਾਮ ਜੀ ਨੇ ਆਪ ਉਸ ਨੂੰ ਤੀਰਥਾਂ ਦੇ ਦਰਸ਼ਨ ਕਰਾਏ ਅਤੇ ਇਥੇ ਸੇਵਾ ਕਰਾਈ।"
ਦੂਜੇ ਦਿਨ ਸਵੇਰੇ ਸ਼ਾਮ ਦਾਸ ਉਸ ਪਿੰਡ ਤੋਂ ਵਿਦਾ ਹੋਇਆ, ਪਰ ਤੋਰਨ ਤੋਂ ਪਹਿਲਾਂ ਉਸ ਘਰ ਵਾਲਿਆਂ ਨੇ ਚਾਰ ਰੋਟੀਆਂ ਅਤੇ ਇਕ ਢੇਲੀ ਗੁੜ ਦੀ ਉਸ ਦੇ ਪੱਲੇ ਬੰਨ੍ਹ ਦਿੱਤੀਆਂ।

(੮)
ਇਕ ਸਾਲ ਤੋਂ ਕੁਝ ਵੱਧ ਦਿਨ ਲਾਕੇ ਸ਼ਾਮ ਦਾਸ ਪਿੰਡ ਪਹੁੰਚਿਆ। ਜਦ ਆਪਣੇ ਘਰ ਵਿਚ ਵੜਿਆ ਤਾਂ ਉਸ ਦਾ ਪੁੱਤਰ ਨਹੀਂ ਸੀ ਥੋੜੇ ਚਿਰ ਮਗਰੋਂ ਜਦ ਮੁੰਡਾ ਘਰ ਆਇਆ ਤਾਂ ਉਸ ਨੇ ਨਸ਼ਾ ਕੁਝ ਵਧੇਰੇ ਪੀਤਾ ਹੋਇਆ ਸੀ ਤੇ ਪਿਓ ਦੇ ਸਾਰੇ ਪ੍ਰਸ਼ਨਾਂ ਦੇ ਉਲਟੇ ਉਲਟੇ ਉਤ੍ਰ ਦੇਣ ਲੱਗਾ। ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਮੁੰਡਾ ਪਿਛੋਂ ਖਰਾਬੀ ਕਰਦਾ ਰਿਹਾ ਹੈ, ਉਸ ਨੇ ਮੁੰਡੇ ਨੂੰ ਝਾੜ ਪਾਈ। ਅੱਗੋਂ ਮੁੰਡੇ ਹੋਰਾਂ ਦਾ ਪਾਰਾ ਤੇਜ਼ ਹੋ ਗਿਆ, ਉਹ ਬੋਲਿਆ:- "ਜੇ ਮੇਰੇ ਉਤੇ ਇਤਬਾਰ ਨਹੀਂ ਸੀ ਤਾਂ ਆਪ ਰਹਿੰਦੋਂ ਅਤੇ ਕੰਮ ਕਰਦੋਂ, ਘਰ ਦਾ ਸਾਰਾ ਰੁਪਿਆ ਹੂੰਝ ਕੇ ਤੂੰ ਤੀਰਥਾਂ ਨੂੰ ਤੁਰ ਗਿਆ ਅਤੇ ਹੁਣ ਮੇਰੇ ਨਾਲ ਤਕਰਾਰ ਕਰਦਾ ਹੈਂ?"
ਇਸ ਗੱਲ ਤੇ ਸ਼ਾਮਦਾਸ ਨੇ ਨਾਰਾਜ਼ ਹੋਕੇ ਮੁੰਡੇ ਨੂੰ ਚਪੇੜ ਕੱਢ ਮਾਰੀ, ਅੱਗੋਂ ਮੁੰਡੇ ਨੇ ਭੀ ਪਿਉ ਦੀ ਦਾੜ੍ਹੀ ਨੂੰ ਹੱਥ ਪਾਇਆ। ਕੁਝ ਚੀਕ ਚਿਹਾੜਾ ਪਿਆ, ਪਰ ਲੋਕਾਂ ਨੇ ਆਕੇ ਪਿਓ ਪੁਤਰ ਨੂੰ ਛੁੜਾ ਦਿੱਤਾ।
ਦੂਜੇ ਦਿਨ ਸਵੇਰੇ ਸ਼ਾਮ ਦਾਸ ਆਪਣੇ ਮਿੱਤਰ ਰਾਮ ਦਾਸ ਦਾ ਪਤਾ ਕਰਨ ਲਈ ਉਸ ਦੇ ਘਰ ਆਇਆ। ਅਗੋਂ ਰਾਮ ਦਾਸ ਦੀ ਬੁਢੀ ਤੀਵੀਂ ਡਿਓਢੀ ਵਿਚ ਬੈਠੀ ਸੀ, ਉਸ ਨੇ ਸ਼ਾਮਦਾਸ ਨੂੰ ਆਦਰ ਨਾਲ ਬਿਠਾਇਆ ਤੇ ਪੁਛਿਆ:-"ਸੁਨਾਓ ਜੀ ! ਕੀ ਹਾਲ ਜੇ, ਤੀਰਥਾਂ ਤੋਂ ਸੁਖੀ ਸਾਂਦੀ ਤਾਂ ਵਾਪਸ ਆਏ ਹੋ?"
ਸ਼ਾਮ ਦਾਸ:-"ਹਾਂ, ਰੱਬ ਦਾ ਸ਼ੁਕਰ ਹੈ। ਮੈਂ ਯਾਤਰਾ ਕਰ ਆਇਆ ਹਾਂ। ਭਰਾ ਰਾਮਦਾਸ ਤਾਂ ਰਾਹ ਵਿੱਚ ਵਿਛੜ ਗਿਆ ਸੀ, ਮੈਂ ਸੁਣਿਆਂ ਹੈ ਜੋ ਉਹ ਰਾਜ਼ੀ ਬਾਜ਼ੀ ਘਰ ਅਪੜ ਗਿਆ।"
ਬੁਢੀ ਮਾਈ ਨੇ ਲੰਬੀ ਵਾਰਤਾ ਸ਼ੁਰੂ ਕਰ ਦਿਤੀ:- "ਹਾਂ ਮੁੜ ਆਯਾ ਸੀ। ਅਸੀਂ ਉਸ ਤੋਂ ਬਿਨਾਂ ਬਹੁਤ ਉਦਾਸ ਹੋ ਗਏ ਸਾਂ, ਉਸ ਨੇ ਬੜਾ ਚਿਰ ਲਾ ਦਿਤਾ, ਮੇਰੇ ਮੁੰਡੇ ਤਾਂ ਕਹਿਣ ਬਾਪੂ ਤੋਂ ਬਿਨਾਂ ਘਰ ਦੀ ਰੌਣਕ ਹੀ ਹੈ ਨਹੀਂ, ਸ਼ੁਕਰ ਹੈ ਕਰਤਾਰ ਨੇ ਉਸ ਨੂੰ ਵਾਪਸ ਭੇਜ ਦਿਤਾ, ਤੀਰਥ ਯਾਤਰਾ ਤਾਂ ਪੂਰੀ ਨਹੀਂ ਹੋਈ ਪਰ ਰਾਮ ਜੀ ਬਖਸ਼ਨਹਾਰ ਹੈ, ਉਹ ਆਪੇ ਮੇਹਰ ਕਰੇਗਾ। ਭਾਵੇਂ ਅਜ ਕਲ ਮੁੰਡਿਆਂ ਦਾ ਭਾਈਆ ਬੁਢਾ ਹੈ ਅਤੇ ਕੰਮ ਕੁਝ ਨਹੀਂ ਕਰਦਾ ਪਰ ਫੇਰ ਭੀ ਉਸਦਾ ਸਾਨੂੰ ਸੌ ਸੁਖ ਹੈ। ਜਦੋਂ ਦਾ ਘਰ ਆਇਆ ਹੈ ਸਾਰੇ ਘਰ ਨੂੰ ਚੰਨ ਚੜ੍ਹਿਆ ਹੋਇਆ ਹੈ।"
ਸ਼ਾਮ ਦਾਸ ਦੇ ਆਖਨ ਪਰ ਬੁਢੀ ਨੇ ਪਤੀ ਨੂੰ ਅੰਦਰੋਂ ਬੁਲਾਇਆ, ਉਹ ਜਦ ਬਾਹਰ ਆਇਆ ਤਾਂ ਉਸ ਦੀ ਐਨ ਮੈਨ ਉਹੋ ਸ਼ਕਲ ਸੀ ਜੇਹੜੀ ਹਰਦਵਾਰ ਅਤੇ ਬਦਰੀ ਨਾਰਾਇਣ ਸ਼ਾਮਦਾਸ ਨੇ ਵੇਖੀ ਸੀ। ਰਾਮ ਦਾਸ ਆਪਣੇ ਮਿਤ੍ਰ ਨੂੰ ਮਿਲਕੇ ਬਹੁਤ ਪ੍ਰਸੰਨ ਹੋਇਆ ਅਤੇ ਉਸ ਦੀ ਸੁਖ ਸਾਂਦ ਪੁਛੀਓਸ।
ਸ਼ਾਮ ਦਾਸ:-"ਮਿਤ੍ਰ ! ਮੇਰੇ ਪੈਰ ਤਾਂ ਤੀਰਥ ਯਾਤਾ ਕਰ ਆਏ ਅਤੇ ਮੈਂ ਤੇਰੇ ਵਾਸਤੇ ਕੁਝ ਗੰਗਾ ਜਲ ਭੀ ਲੈ ਆਇਆ ਹਾਂ, ਤੂੰ ਮੇਰੇ ਘਰੋਂ ਆਕੇ ਲੈ ਜਾਵੀਂ, ਪਰ ਇਹ ਪਤਾ ਨਹੀਂ ਜੋ ਅਕਾਲ ਪੁਰਖ ਨੇ ਪ੍ਰਵਾਨ ਭੀ....।"
ਰਾਮਦਾਸ-"ਸ਼ੁਕਰ ਹੈ ਨਿਰੰਕਾਰ ਦਾ, ਜੈ ਗੰਗਾ ਮਾਈ ਦੀ।"
ਸ਼ਾਮਦਾਸ:-"ਮੇਰਾ ਸਰੀਰ ਤਾਂ ਤੀਰਥਾਂ ਤੇ ਗਿਆ ਪਰ ਅਸਲੀ ਤੀਰਥ ਯਾਤ੍ਰਾ ਤਾਂ ਆਤਮਾ ਦੀ ਹੈ ਜੇਹੜੀ ਤੂੰ..........।"
ਰਾਮ ਦਾਸ:-"ਰਬ ਦੀਆਂ ਗੱਲਾਂ ਰਬ ਜਾਣੇ, ਮਿਤ੍ਰਾ ! ਤੂੰ ਬੜਾ ਵੱਡ ਭਾਗੀ ਹੈਂ।"
ਸ਼ਾਮ ਦਾਸ:-'ਆਪਣੀ ਵਾਪਸੀ ਤੇ ਮੈਂ ਉਸ ਘਰ ਠਹਿਰਿਆ ਸਾਂ ਜਿਥੇ ਤੂੰ ਪਾਣੀ ਪੀਣ ਗਿਆ ਸੀ.......।"
ਰਾਮ ਦਾਸ:-"(ਤ੍ਰਬ੍ਹੱਕਕੇ) ਮਿਤ੍ਰਾ! ਰੱਬ ਦੀਆਂ ਗੱਲਾਂ ਰਬ ਦੇ ਹਵਾਲੇ ਕਰ, ਆ ਅੰਦਰ ਬੈਹ ਤੈਨੂੰ ਮੁਠੀਆਂ ਭਰਾਂ, ਤੂੰ ਪਵਿਤ੍ਰ ਯਾਤਰਾ ਤੋਂ ਆਇਆ ਹੈਂ?"
ਸ਼ਾਮਦਾਸ ਦਾ ਬੇ ਵਸਾ ਹਾਉਕਾ ਨਿਕਲ ਗਿਆ ਅਤੇ ਉਸ ਨੇ ਰਾਮਦਾਸ ਦੇ ਤੀਰਥਾਂ ਤੇ ਇਸ਼ਨਾਨ ਦਾ ਜਾਂ ਉਸ ਘਰ ਵਾਲਿਆਂ ਦੇ ਸ਼ੁਕਰ ਦਾ ਬ੍ਰਿਤਾਂਤ ਰਾਮਦਾਸ ਨੂੰ ਨਾ ਸੁਣਾਇਆ, ਪਰ ਆਪਣੇ ਮਨ ਵਿਚ ਉਹ ਸਮਝ ਗਿਆ ਕਿ:-
'ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ"।।
ਅਤੇ-"ਤੀਰਥ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥"

(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. 'ਚੰਬੇ ਦੀਆਂ ਕਲੀਆਂ' ਵਿੱਚੋਂ)

  • ਮੁੱਖ ਪੰਨਾ : ਲਿਓ ਤਾਲਸਤਾਏ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ