Punjabi Stories/Kahanian
ਐਂਤਨ ਚੈਖਵ
Anton Chekhov

Punjabi Kavita
  

Budhepa Anton Chekhov

ਬੁਢੇਪਾ ਐਂਟਨ ਚੈਖ਼ਵ

ਸ਼ਿਲਪਕਾਰ ਉਜ਼ੇਲਕਵ ਆਪਣੇ ਜੱਦੀ ਕਸਬੇ ਵਿੱਚ ਪਹੁੰਚਿਆ, ਜਿਥੇ ਉਸ ਨੂੰ ਕਬਰਸਤਾਨ ਵਿੱਚ ਗਿਰਜਾਘਰ ਦਾ ਪੁਨਰ ਨਿਰਮਾਣ ਕਰਨ ਲਈ ਬੁਲਾਇਆ ਗਿਆ ਸੀ। ਉਹ ਇਸੇ ਕਸਬੇ ਵਿੱਚ ਪੈਦਾ ਹੋਇਆ ਸੀ, ਇਥੇ ਪੜ੍ਹਿਆ, ਇਥੇ ਹੀ ਵੱਡਾ ਹੋਇਆ ਅਤੇ ਇਥੇ ਹੀ ਉਸ ਦਾ ਵਿਆਹ ਹੋਇਆ। ਜਦੋਂ ਉਹ ਰੇਲ ਗੱਡੀ ਵਿੱਚੋਂ ਉਤਰਿਆ ਤਾਂ ਉਹ ਇਸ ਨੂੰ ਮੁਸ਼ਕਿਲ ਨਾਲ ਹੀ ਪਛਾਣ ਸਕਿਆ। ਸਭ ਕੁਝ ਬਦਲ ਗਿਆ ਸੀ। ਅਠਾਰਾਂ ਸਾਲ ਪਹਿਲਾਂ ਜਦੋਂ ਉਹ ਪੀਟਰਜ਼ਬਰਗ ਗਿਆ ਸੀ, ਗਲੀ ਦੇ ਲੜਕੇ ਸਟੇਸ਼ਨ ਵਾਲੀ ਥਾਂ 'ਤੇ ਗਲਹਿਰੀਆਂ ਫੜਦੇ ਹੁੰਦੇ ਸਨ ਅਤੇ ਵੱਡੀ ਗਲੀ ਵਿੱਚ ਗੰਦੀ ਕਾਲੀ ਭੂਰੀ ਵਾੜ ਵਾਲੀ ਥਾਂ 'ਤੇ ਹੁਣ ਚਾਰ ਮੰਜ਼ਿਲਾ ਹੋਟਲ ਬਣਿਆ ਹੋਇਆ ਸੀ। ਉਸ ਨੂੰ ਹੋਟਲ ਦੇ ਪੁਰਾਣੇ ਨੌਕਰ ਤੋਂ ਪਤਾ ਲੱਗਿਆ ਕਿ ਉਸ ਦੇ ਜਾਣਕਾਰਾਂ ਵਿੱਚੋਂ ਅੱਧੇ ਕੁ ਤਾਂ ਮਰ ਚੁੱਕੇ ਹਨ।
‘ਤੂੰ ਉਜ਼ੇਲਕੋਵ ਨੂੰ ਜਾਣਦੈ?’ ਉਸ ਨੇ ਨੌਕਰ ਤੋਂ ਆਪਣੇ ਬਾਰੇ ਪੁੱਛਿਆ, ‘ਸ਼ਿਲਪਕਾਰ ਉਜ਼ੇਲਕਵ, ਜਿਸ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ? ਉਸ ਦਾ ਘਰ ਇਥੇ ਨੇੜੇ ਈ ਸੀ। ਤੈਨੂੰ ਜ਼ਰੂਰ ਯਾਦ ਹੋਏਗਾ।’
‘ਸਰ, ਮੈਨੂੰ ਯਾਦ ਨ੍ਹੀ?’
‘ਤੈਨੂੰ ਯਾਦ ਕਿਵੇਂ ਨ੍ਹੀ? ਤਲਾਕ ਦਾ ਤਾਂ ਬਹੁਤ ਰੌਲਾ ਪਿਆ ਸੀ। ਜ਼ਰਾ ਸੋਚ। ਸ਼ਾਪਕਿਨ ਨੇ ਮੇਰੇ ਲਈ ਤਲਾਕ ਦਾ ਪ੍ਰਬੰਧ ਕੀਤਾ ਸੀ। ਓਹੀ ਬਦਮਾਸ਼, ਜਿਸ ਦਾ ਕਲੱਬ ਵਿੱਚ ਚੰਗਾ ਕੁਟਾਪਾ ਹੋਇਆ ਸੀ।’
‘ਸਰ, ਸ਼ਾਪਕਿਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ। ਉਹ ਹੁਣ ਮਜ਼ੇ ਵਿੱਚ ਐ। ਉਹ ਨੋਟਰੀ ਐ ਤੇ ਉਸ ਦਾ ਆਪਣਾ ਦਫਤਰ ਐ। ਉਸ ਕੋਲ ਕਿਰਪੀਚਨੀ ਗਲੀ ਵਿੱਚ ਦੋ ਮਕਾਨ ਨੇ। ਪਿੱਛੇ ਜਿਹੇ ਉਸ ਨੇ ਆਪਣੀ ਧੀ ਦਾ ਵਿਆਹ ਕੀਤੈ।’
ਉਜ਼ੇਲਕੋਵ ਨੇ ਥੋੜ੍ਹਾ ਜਿਹਾ ਸੋਚਿਆ ਅਤੇ ਫਿਰ ਸ਼ੈਪਕਿਨ ਦੇ ਦਫਤਰ ਵਿੱਚ ਜਾ ਕੇ ਉਸ ਨੂੰ ਮਿਲਣ ਦਾ ਮਨ ਬਣਾ ਲਿਆ। ਉਹ ਹੌਲੀ-ਹੌਲੀ ਤੁਰਦਾ ਕਿਰਪੀਚਨੀ ਗਲੀ ਵਿੱਚ ਪਹੁੰਚ ਗਿਆ। ਸ਼ੈਪਕਿਨ ਦਫਤਰ ਵਿੱਚ ਹੀ ਸੀ। ਉਜ਼ੇਲਕਵ ਨੇ ਉਸ ਨੂੰ ਮੁਸ਼ਕਿਲ ਨਾਲ ਹੀ ਪਛਾਣਿਆ। ਸ਼ਰਾਬੀ ਸ਼ੈਪਕਿਨ ਹੁਣ ਕਾਲੇ ਭੁਰੇ ਸਿਰ ਵਾਲਾ ਕਮਜ਼ੋਰ ਬੁੱਢਾ ਆਦਮੀ ਬਣ ਗਿਆ ਸੀ।
‘ਤੂੰ ਮੈਨੂੰ ਪਛਾਣਿਆ ਨ੍ਹੀਂ?’ ਉਜ਼ੇਲਕੋਵ ਨੇ ਆਖਿਆ, ‘ਮੈਂ ਤੇਰਾ ਪੁਰਾਣਾ ਕਲਾਈਂਟ ਉਜ਼ੇਲਕੋਵ ਆਂ।’
‘ਵਾਹ, ਵਾਹ!’ ਸ਼ੈਪਕਿਨ ਨੇ ਉਸ ਨੂੰ ਗਲਵੱਕੜੀ ਪਾ ਲਈ ਅਤੇ ਬੋਲਿਆ, ‘ਕੀ ਲਏਂਗਾ? ਸ਼ਰਾਬ ਲਏਂਗਾ? ਸ਼ਾਇਦ ਤੈਨੂੰ ਕਸਤੂਰਾ ਮੱਛੀ ਚੰਗੀ ਲੱਗੇ।’
‘ਨਹੀਂ, ਨਹੀਂ। ਮੈਂ ਕੁਝ ਨ੍ਹੀ ਲੈਣਾ।’ ਉਜ਼ੇਲਕੋਵ ਨੇ ਆਖਿਆ, ‘ਮੇਰੇ ਕੋਲ ਸਮਾਂ ਨ੍ਹੀ। ਮੈਂ ਜਲਦੀ ਕਬਰਸਤਾਨ ਜਾ ਕੇ ਗਿਰਜਾਘਰ ਦਾ ਨਿਰੀਖਣ ਕਰਨੈ। ਮੈਂ ਇਸ ਦੇ ਪੁਨਰ ਨਿਰਮਾਣ ਦੀ ਜ਼ਿੰਮੇਵਾਰੀ ਲਈ ਐ।’
‘ਬਹੁਤ ਵਧੀਆ। ਆਪਾਂ ਖਾਣਾ ਖਾ ਕੇ ਕੱਠੇ ਚੱਲਾਂਗੇ। ਮੇਰੇ ਕੋਲ ਘੋੜਾ ਗੱਡੀ ਐ ਤੇ ਵਧੀਆ ਨਸਲ ਦੇ ਘੋੜੇ ਨੇ। ਮੈਂ ਤੈਨੂੰ ਉਥੇ ਲੈ ਜਾਵਾਂਗਾਂ ਤੇ ਗਿਰਜਾਘਰ ਦੇ ਵਾਰਡਨ ਨਾਲ ਤੇਰੀ ਗੱਲ ਕਰਾ ਦਿਆਂਗਾ। ਤੂੰ ਮੈਥੋਂ ਡਰਦਾ ਕਿਉਂ ਐ? ਕਿਸੇ ਵੇਲੇ ਜ਼ਰੂਰ ਮੈਂ ਤੇਜ਼ ਤਰਾਰ ਤੇ ਕਪਟੀ ਹੁੰਦੀ ਸੀ, ਹੁਣ ਮੈਂ ਬੁੱਢਾ ਹੋ ਗਿਆਂ, ਮੇਰੀ ਪਤਨੀ ਐ ਤੇ ਮੇਰੇ ਬੱਚੇ ਨੇ।’
ਦੋਵੇਂ ਖਾਣਾ ਖਾ ਕੇ ਘੋੜਾ ਗੱਡੀ ‘ਤੇ ਸਵਾਰ ਹੋ ਕੇ ਕਬਰਸਤਾਨ ਵੱਲ ਚੱਲ ਪਏ।
‘ਉਹ ਵੀ ਵਕਤ ਸਨ!’ ਸ਼ੈਪਕਿਨ ਨੇ ਗੱਲ ਸ਼ੁਰੂ ਕੀਤੀ, ‘ਤੈਨੂੰ ਯਾਦ ਐ ਜਦੋਂ ਤੂੰ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ? ਇਸ ਗੱਲ ਨੂੰ ਕੋਈ ਵੀਹ ਸਾਲ ਹੋ ਗਏ ਨੇ। ਮੈਨੂੰ ਲੱਗਦੈ ਤੂੰ ਸਭ ਕੁਝ ਭੁੱਲ ਗਿਐ। ਮੈਨੂੰ ਤਾਂ ਇਉਂ ਯਾਦ ਐ ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ। ਚੁਸਤ ਤਲਾਕ ਹੋਣ ਕਰਕੇ ਮੈਂ ਕਦੇ-ਕਦੇ ਕੋਈ ਗੁੰਝਲਦਾਰ ਕੰਮ ਕਰਨ ਲਈ ਉਤਾਵਲਾ ਹੋ ਜਾਂਦਾ ਜੇ ਉਸ ਦੀ ਚੰਗੀ ਫੀਸ ਮਿਲਦੀ ਹੋਵੇ, ਜਿਵੇਂ ਤੇਰੇ ਕੇਸ ਵਿੱਚ। ਤੂੰ ਮੈਨੂੰ ਉਦੋਂ ਕਿੰਨੇ ਦਿੱਤੇ ਸੀ? ਪੰਜ ਜਾਂ ਛੇ ਹਜ਼ਾਰ। ਤੂੰ ਪੀਟਰਜ਼ਬਰਗ ਚਲਿਆ ਗਿਆ ਤੇ ਆਪਣਾ ਕੇਸ ਮੈਨੂੰ ਸੰਭਾਲ ਗਿਆ। ਤੇਰੀ ਪਤਨੀ ਸੋਫੀਆ ਬਹੁਤ ਘੁਮੰਡੀ ਤੇ ਸ਼ਾਨਮੱਤੀ ਸੀ। ਉਸ ਨੂੰ ਤਲਾਕ ਦਾ ਦੋਸ਼ ਆਪਣੇ ਉਪਰ ਲੈਣ ਲਈ ਮਨਾਉਣਾ ਬਹੁਤ ਕਠਿਨ ਕੰਮ ਸੀ। ਮੈਂ ਉਸ ਨਾਲ ਗੱਲ ਕਰਨ ਜਾਂਦਾ ਤੇ ਉਹ ਮੈਨੂੰ ਵੇਖਣ ਸਾਰ ਆਪਣੀ ਨੌਕਰਾਣੀ ਨੂੰ ਆਵਾਜ਼ ਮਾਰਦੀ, ‘ਮਾਸ਼ਾ, ਮੈਂ ਤੈਨੂੰ ਆਖਿਆ ਸੀ ਕਿ ਇਸ ਬਦਮਾਸ਼ ਨੂੰ ਅੰਦਰ ਨਾ ਵੜਨ ਦਈਂ। ਇਸ ਨੂੰ ਬਾਹਰ ਕੱਢ ਕੇ ਗੇਟ ਬੰਦ ਕਰ ਦੇ।’ ਮੈਂ ਉਸ ਨੂੰ ਕਈ ਖਤ ਲਿਖੇ ਤੇ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਸਭ ਬੇਅਰਥ। ਅਖੀਰ ਮੈਂ ਤੀਜੇ ਆਦਮੀ ਨੂੰ ਵਿੱਚ ਪਾਇਆ ਅਤੇ ਤੇਰੇ ਵੱਲੋਂ ਦਸ ਹਜ਼ਾਰ ਦੇਣ ਦੀ ਪੇਸ਼ਕਸ਼ ਕੀਤੀ। ਉਹ ਚਿੱਲਾਈ। ਫਿਰ ਉਸ ਨੇ ਮੇਰੇ ਮੂੰਹ ‘ਤੇ ਥੁੱਕਿਆ ਅਤੇ ਆਪਣੇ ਉਪਰ ਦੋਸ਼ ਲੈਣਾ ਮੰਨ ਗਈ।’
‘ਮੇਰਾ ਖਿਆਲ ਐ ਕਿ ਉਸ ਨੇ ਮੈਥੋਂ ਦਸ ਨ੍ਹੀ, ਪੰਦਰਾਂ ਹਜ਼ਾਰ ਲਏ ਸੀ।’ ਉਜ਼ੇਲਕੋਵ ਨੇ ਆਖਿਆ।
ਹਾਂ, ਹਾਂ…ਪੰਦਰਾਂ, ਮੈਨੂੰ ਗਲਤੀ ਲੱਗੀ।’ ਸ਼ੈਪਕਿਨ ਨੇ ਘਬਰਾਹਟ ਵਿੱਚ ਆਖਿਆ, ‘ਇਹ ਗੱਲ ਪੁਰਾਣੀ ਹੋਗੀ। ਹੁਣ ਤੈਥੋਂ ਕੀ ਲਕੋਣਾ। ਉਸ ਨੂੰ ਮੈਂ ਦਸ ਈ ਦਿੱਤੇ ਤੇ ਪੰਜ ਆਪਣੀ ਜੇਬ ‘ਚ ਪਾ ਲਏ। ਤੂੰ ਤਾਂ ਬਹੁਤ ਕਮਾਈ ਕਰਦਾ ਸੀ। ਮੈਨੂੰ ਯਾਦ ਐ ਤੂੰ ਇਕ ਠੇਕੇ ‘ਚੋਂ ਵੀਹ ਹਜ਼ਾਰ ਬਣਾਏ ਸੀ। ਜੇ ਮੈਂ ਤੇਰੀ ਛਿੱਲ ਨਾ ਲਾਹੁੰਦਾ, ਤਾਂ ਹੋਰ ਕੀਹਦੀ ਲਾਹੁੰਦਾ? ਹੁਣ ਇਹ ਸਭ ਕੁਝ ਭੁੱਲ ਜਾਣਾ ਚਾਹੀਦੈ।’
‘ਮੈਨੂੰ ਦੱਸ ਕਿ ਮਗਰੋਂ ਸੋਫੀਆ ਦਾ ਕੀ ਬਣਿਆ?’
‘ਜਦੋਂ ਉਸ ਨੂੰ ਦਸ ਹਜ਼ਾਰ ਮਿਲ ਗਿਆ ਤਾਂ ਅਫਸਰਾਂ ਨਾਲ ਘੁੰਮਣ ਲੱਗੀ। ਜਦੋਂ ਉਹ ਕਿਸੇ ਨਾਲ ਰੈਸਟੋਰੈਂਟ ਵਿੱਚ ਜਾਂਦੀ ਤਾਂ ਉਹ ਬੇਹੋਸ਼ ਹੋਣ ਲਈ ਤੇਜ਼ ਬਰਾਂਡੀ ਦੀ ਬੋਤਲ ਪੀ ਜਾਂਦੀ।'
‘ਫਿਰ ਕੀ ਹੋਇਆ?'
‘ਇਕ ਹਫਤਾ ਲੰਘਿਆ ਤੇ ਫਿਰ ਇਕ ਹੋਰ। ਮੈਂ ਆਪਣੇ ਘਰ ਬੈਠਾ ਕੁਝ ਲਿਖ ਰਿਹਾ ਸੀ। ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਉਹ ਅੰਦਰ ਆ ਗਈ। ਉਸ ਦੀ ਪੀਤੀ ਹੋਈ ਸੀ। ‘ਆਪਣਾ ਸਰਾਂਪਿਆ ਧਨ ਵਾਪਸ ਲੈ, ਲੈ।' ਉਸ ਨੇ ਆਖਿਆ ਅਤੇ ਨੋਟ ਮੇਰੇ ਮੂੰਹ 'ਤੇ ਮਾਰੇ। ਮੈਂ ਨੋਟ ਚੁੱਕ ਕੇ ਗਿਣੇ। ਦਸ ਹਜ਼ਾਰ ਤੋਂ ਪੰਜ ਸੌ ਘੱਟ ਸਨ।'
‘ਉਹ ਨੋਟ ਤੂੰ ਕਿੱਥੇ ਰੱਖੇ?'
‘ਹੁਣ ਤੈਥੋਂ ਲਕੋਣ ਦਾ ਕੀ ਫਾਇਦਾ? ਉਹ ਮੈਂ ਆਪਣੀ ਜੇਬ 'ਚ ਪਾ ਲਏ। ਤੂੰ ਮੇਰੇ ਵੱਲ ਇਸ ਤਰ੍ਹਾਂ ਕਿਉਂ ਵੇਖਦੈਂ? ਅਗਲੀ ਗੱਲ ਤਾਂ ਸੁਣ। ਮਹੀਨੇ ਕੁ ਮਗਰੋਂ, ਇਕ ਰਾਤ ਮੈਂ ਸ਼ਰਾਬੀ ਹਾਲਤ ਵਿੱਚ ਘਰ ਪਹੁੰਚ ਕੇ ਮੋਮਬੱਤੀ ਜਗਾਈ। ਸੋਫੀਆ ਮੇਰੇ ਸੋਫੇ 'ਤੇ ਬੈਠੀ ਸੀ। ਉਸ ਦੀ ਬਹੁਤ ਪੀਤੀ ਹੋਈ ਸੀ। ‘ਮੈਨੂੰ ਮੇਰੇ ਨੋਟ ਵਾਪਸ ਕਰ ਦੇ।' ਉਹ ਬੋਲੀ, ‘ਮੇਰਾ ਮਨ ਬਦਲ ਗਿਐ।'
‘ਤੇ ਤੂੰ ਉਸ ਨੂੰ ਵਾਪਸ ਕਰ ਦਿੱਤੇ?'
‘ਮੈਂ ਉਸ ਨੂੰ, ਮੈਨੂੰ ਯਾਦ ਐ, ਦਸ ਰੂਬਲ ਦਿੱਤੇ ਸਨ। ਮੈਂ ਉਸ ਨੂੰ ਹਜ਼ਾਰ ਵੀ ਦੇ ਦਿੰਦਾ, ਪਰ ਮੇਰੇ ਉਦੋਂ ਦਿਨ ਈ ਬੁਰੇ ਸਨ। ਮੈਂ ਉਸ ਨੂੰ ਦਸਾਂ ਦਾ ਨੋਟ ਵੀ ਮੁਸ਼ਕਿਲ ਨਾਲ ਈ ਦਿੱਤਾ।'
ਘੋੜਾ ਗੱਡੀ ਕਬਰਸਤਾਨ ਦੇ ਗੇਟ 'ਤੇ ਜਾ ਕੇ ਰੁਕ ਗਈ। ਦੋਵੇਂ ਇਸ ਵਿੱਚੋਂ ਉਤਰ ਕੇ ਗੇਟ ਵਿੱਚੋਂ ਅੱਗੇ ਲੰਘ ਗਏ। ਕਬਰਸਤਾਨ ਵਿੱਚ ਸਾਰੇ ਪਾਸੇ ਖੁਸ਼ਬੂ ਫੈਲੀ ਹੋਈ ਸੀ, ਧੂਪ ਤੇ ਤਾਜ਼ੀ ਪੁੱਟੀ ਜ਼ਮੀਨ ਦੀ ਖੁਸ਼ਬੂ।
‘ਆਪਣਾ ਕਬਰਸਤਾਨ ਵਧੀਐ।' ਉਜ਼ੇਲਕੋਵ ਨੇ ਆਖਿਆ, ‘ਬਾਗ ਵਰਗਾ।'
‘ਹਾਂ, ਪਰ ਅਫਸੋਸ ਇਹ ਐ ਕਿ ਚੋਰ ਯਾਦਗਾਰੀ ਪੱਥਰ ਚੁਰਾ ਲੈਂਦੇ ਨੇ। ਉਧਰ ਸੱਜੇ ਪਾਸੇ ਲੋਹੇ ਦੇ ਸਮਾਰਕ ਦੇ ਨਾਲ ਸੋਫੀਆ ਦਫਨ ਐ। ਤੂੰ ਵੇਖਣਾ ਚਾਹੇਂਗਾ?'
ਦੋਵੇਂ ਸੱਜੇ ਪਾਸੇ ਮੁੜੇ ਅਤੇ ਬਰਫ ਵਿੱਚ ਦੀ ਚਲਦੇ ਹੋਏ ਲੋਹੇ ਦੇ ਸਮਾਰਕ ਕੋਲ ਪਹੁੰਚ ਗਏ।
‘ਆਹ ਵੇਖੋ।' ਸ਼ਾਪਕਿਨ ਨੇ ਸਫੈਦ ਸੰਗਮਰਮਰ ਦੀ ਛੋਟੇ ਸਮਾਧੀ ਪੱਥਰ ਵੱਲ ਇਸ਼ਾਰਾ ਕਰਦਿਆਂ ਆਖਿਆ, ‘ਇਕ ਅਫਸਰ ਨੇ ਇਸ ਦੀ ਕਬਰ 'ਤੇ ਪੱਥਰ ਲਵਾ ਦਿੱਤਾ ਸੀ।'
ਉਜ਼ੇਲਕੋਵ ਨੇ ਹੌਲੀ-ਹੌਲੀ ਆਪਣੀ ਟੋਪੀ ਉਤਾਰੀ ਅਤੇ ਉਸਦੇ ਗੰਜੇ ਸਿਰ ਨੂੰ ਧੁੱਪ ਲੱਗਣ ਲੱਗੀ। ਉਸ ਵੱਲ ਵੇਖਦਿਆਂ ਸ਼ੈਪਕਿਨ ਨੇ ਵੀ ਆਪਣੀ ਟੋਪੀ ਉਤਾਰੀ ਤੇ ਇਕ ਹੋਰ ਗੰਜ ਧੁੱਪ ਵਿੱਚ ਚਮਕਣ ਲੱਗਿਆ। ਕਬਰ ਦੇ ਆਲੇ ਦੁਆਲੇ ਸੰਨਾਟਾ ਛਾਇਆ ਹੋਇਆ ਸੀ, ਜਿਵੇਂ ਹਵਾ ਵੀ ਮਰ ਗਈ ਹੋਵੇ। ਦੋਵਾਂ ਨੇ ਕਬਰ ਵੱਲ ਵੇਖਿਆ। ਫਿਰ ਉਹ ਕੁਝ ਸੋਚਣ ਲੱਗੇ, ਪਰ ਬੋਲੇ ਕੁਝ ਨਾ।
‘ਉਹ ਸ਼ਾਂਤ ਸੁੱਤੀ ਪਈ ਐ।' ਸ਼ੈਪਕਿਨ ਨੇ ਚੁੱਪ ਤੋੜਦਿਆਂ ਆਖਿਆ, ‘ਹੁਣ ਉਸ ਨੂੰ ਕੋਈ ਫਰਕ ਨ੍ਹੀ ਪੈਦਾ ਕਿ ਉਸ ਨੇ ਦੋਸ਼ ਆਪਣੇ ਉਪਰ ਲੈ ਲਿਆ ਸੀ।'
ਉਜ਼ੇਲਕੋਵ ਗੰਭੀਰ ਹੋ ਗਿਆ। ਅਚਾਨਕ ਉਸ ਵਿੱਚ ਰੋਣ ਲਈ ਭਾਵਨਾਤਮਕ ਇੱਛਾ ਪੈਦਾ ਹੋਈ, ਜਿਵੇਂ ਕਦੇ ਇਹ ਉਸ ਵਿੱਚ ਪਿਆਰ ਕਰਨ ਲਈ ਹੋਈ ਸੀ। ਉਸ ਦੀਆਂ ਅੱਖਾਂ ਵਿੱਚ ਨਮੀ ਆ ਗਈ ਅਤੇ ਉਸ ਦਾ ਗਲਾ ਭਰ ਆਇਆ, ਪਰ ਉਸ ਦੇ ਕੋਲ ਸ਼ੈਪਕਿਨ ਖੜਾ ਸੀ ਅਤੇ ਉਸ ਦੇ ਸਾਹਮਣੇ ਉਹ ਕਮਜ਼ੋਰੀ ਨਹੀਂ ਵਿਖਾ ਸਕਦਾ ਸੀ। ਉਹ ਅਚਾਨਕ ਪਿੱਛੇ ਨੂੰ ਮੁੜਿਆ ਅਤੇ ਸ਼ੈਪਕਿਨ ਨਾਲ ਗਿਰਜਾਘਰ ਵਿੱਚ ਚੱਲਿਆ ਗਿਆ।
ਲਗਭਗ ਦੋ ਘੰਟੇ ਉਨ੍ਹਾਂ ਨੇ ਗਿਰਜਾਘਰ ਵੇਖਿਆ ਤੇ ਵਾਰਡਨ ਨਾਲ ਗੱਲਾਂ ਕੀਤੀਆਂ। ਅਜੇ ਸ਼ਾਪਕਿਨ ਵਾਰਡਨ ਕੋਲ ਖੜਾ ਸੀ ਕਿ ਉਜ਼ੇਲਕੋਵ ਉਸ ਤੋਂ ਅੱਖ ਬਚਾ ਕੇ ਸੋਫੀਆ ਦੀ ਕਬਰ ਕੋਲ ਗਿਆ। ਉਸ ਨੂੰ ਲੱਗਿਆ ਜਿਵੇਂ ਛੋਟਾ ਸਫੈਦ ਸਮਾਧੀ ਪੱਥਰ ਉਸ ਵੱਲ ਉਦਾਸੀ ਨਾਲ ਵੇਖ ਰਿਹਾ ਹੋਵੇ। ਉਸ ਦਾ ਦਿਲ ਉਚੀ-ਉਚੀ ਰੋਣ ਨੂੰ ਕੀਤਾ, ਪਰ ਉਸ ਨੇ ਆਪਣੇ ਆਪ 'ਤੇ ਕਾਬੂ ਪਾ ਲਿਆ। ਦਸ ਕੁ ਮਿੰਟ ਉਹ ਨਿਰਾਸ਼ਾ ਦੀ ਸਥਿਤੀ ਵਿੱਚ ਖੜਾ ਰਿਹਾ ਅਤੇ ਫਿਰ ਸ਼ੈਪਕਿਨ ਵੱਲ ਨੂੰ ਚੱਲ ਪਿਆ।

(ਅਨੁਵਾਦ: ਡਾ. ਹਰਨੇਕ ਸਿੰਘ ਕੈਲੇ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com