Buri Soch (Punjabi Story) : Kulbir Singh Suri

ਬੁਰੀ ਸੋਚ (ਕਹਾਣੀ) : ਕੁਲਬੀਰ ਸਿੰਘ ਸੂਰੀ

ਸ਼ਹਿਰ ਦੇ ਬਾਹਰਵਾਰ ਇੱਕ ਬੜਾ ਵੱਡਾ ਪਿੱਪਲ ਦਾ ਦਰੱਖਤ ਸੀ। ਉਸ ਉੱਪਰ ਕਈ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਸਨ। ਇੱਕ ਕਾਂ ਵੀ ਆਪਣੇ ਪਰਿਵਾਰ ਨਾਲ ਉਸ ਪਿੱਪਲ ਉਪਰ ਰਹਿੰਦਾ ਸੀ। ਸ਼ਹਿਰ ਨੇੜੇ ਹੋਣ ਕਾਰਨ ਕਾਂ ਕਿਤੋਂ ਨਾ ਕਿਤੋਂ ਠੱਗੀ ਠੋਰੀ ਮਾਰ ਕੇ ਆਪਣਾ ਵਧੀਆ ਗੁਜ਼ਾਰਾ ਚਲਾਈ ਜਾਂਦਾ ਸੀ। ਆਮ ਤੌਰ ’ਤੇ ਉਹ ਇੱਕ ਸਕੂਲ ਦੇ ਬੰਨ੍ਹੇ ਉੱਪਰ ਜਾ ਬਹਿੰਦਾ। ਅੱਧੀ ਛੁੱਟੀ ਵੇਲੇ ਜਦੋਂ ਬੱਚੇ ਆਪੋ-ਆਪਣੇ ਡੱਬਿਆਂ ਵਿੱਚੋਂ ਰੋਟੀ ਖਾ ਰਹੇ ਹੁੰਦੇ ਤਾਂ ਉਹ ਝਪਟਾ ਮਾਰ ਕੇ ਇੱਕ ਅੱਧ ਬੱਚੇ ਦੀ ਰੋਟੀ ਖੋਹ ਕੇ ਉੱਡ ਜਾਂਦਾ। ਬੱਚਾ ਵਿਚਾਰਾ ਕਦੀ ਆਪਣੇ ਖਾਲੀ ਡੱਬੇ ਵਲ ਵੇਖਦਾ ਅਤੇ ਕਦੀ ਉੱਡਦੇ ਕਾਂ ਦੇ ਮੂੰਹ ਵਿੱਚ ਫੜੀ ਰੋਟੀ ਨੂੰ।
ਕੁਝ ਦੇਰ ਪਿੱਛੋਂ ਉਸੇ ਪਿੱਪਲ ਉੱਪਰ ਇੱਕ ਹੋਰ ਕਾਂ ਨੇ ਆ ਕੇ ਡੇਰਾ ਲਾ ਲਿਆ। ਪਹਿਲਾ ਕਾਂ ਉਸ ਨਾਲ ਬੜੀ ਈਰਖਾ ਕਰਨ ਲੱਗ ਪਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਦਰੱਖਤ ਉੱਪਰ ਕੋਈ ਹੋਰ ਕਾਂ ਆ ਕੇ ਰਹੇ। ਪਹਿਲਾ ਕਾਂ ਕਿਸੇ ਨਾ ਕਿਸੇ ਬਹਾਨੇ ਨਵੇਂ ਕਾਂ ਨਾਲ ਪੰਗਾ ਲਈ ਰੱਖਦਾ। ਪਹਿਲੇ ਕੁਝ ਦਿਨ ਤਾਂ ਨਵੇਂ ਕਾਂ ਨੂੰ ਨਵਾਂ ਮਾਹੌਲ ਸਮਝਣ ਵਿੱਚ ਲੱਗ ਗਏ। ਇਸ ਕਰਕੇ ਉਹ ਪਹਿਲੇ ਕਾਂ ਦੀਆਂ ਵਧੀਕੀਆਂ ਸਹਿੰਦਾ ਰਿਹਾ ਪਰ ਹੌਲੀ-ਹੌਲੀ ਉਹ ਪੁਰਾਣੇ ਕਾਂ ਨੂੰ ਅੱਗੋਂ ਪੂਰੇ ਜਵਾਬ ਦੇਣ ਲੱਗਾ।
ਇੱਕ ਦਿਨ ਪੁਰਾਣਾ ਕਾਂ, ਨਵੇਂ ਕਾਂ ਨੂੰ ਕਹਿਣ ਲੱਗਾ, ‘‘ਓਏ! ਤੂੰ ਆਪਣੇ ਆਪ ਨੂੰ ਬੜਾ ਭਲਵਾਨ ਸਮਝਦਾ ਏਂ! ਤੂੰ ਮੇਰੇ ਜਿੰਨਾ ਭਾਰ ਚੁੱਕ ਕੇ ਉੱਚੀ ਉਡਾਰੀ ਲਾ ਕੇ ਦਿਖਾ, ਤਾਂ ਮੈਂ ਤੈਨੂੰ ਮੰਨਾਂ।’’
‘‘ਤੇਰੇ ਨਾਲੋਂ ਮੈਂ ਤਕੜਾਂ। ਨਹੀਂ ਯਕੀਨ ਤਾਂ ਇੱਕੋ ਜਿੰਨਾ ਭਾਰ ਪੰਜਿਆਂ ਵਿੱਚ ਫੜ ਕੇ ਉੱਡਦੇ ਹਾਂ। ਵੇਖਦੇ ਹਾਂ, ਜ਼ਿਆਦਾ ਉੱਚਾਈ ਤਕ ਕੌਣ ਉੱਡ ਸਕਦੈ। ਜਿਹੜਾ ਜ਼ਿਆਦਾ ਉੱਚਾਈ ਤਕ ਉੱਡੇਗਾ, ਉਹ ਜ਼ਿਆਦਾ ਤਾਕਤਵਰ ਹੋਏਗਾ।’’ ਨਵੇਂ ਕਾਂ ਨੂੰ ਆਪਣੀ ਜਵਾਨੀ ’ਤੇ ਮਾਣ ਸੀ। ਪਹਿਲਾ ਕਾਂ, ਨਵੇਂ ਕਾਂ ਨਾਲ ਸਹਿਮਤ ਹੋ ਗਿਆ। ਉਸ ਨੇ ਕਿਹਾ, ‘‘ਤੇਰੀ ਗੱਲ ਬਿਲਕੁਲ ਠੀਕ ਹੈ ਪਰ ਮੇਰੀ ਇੱਕ ਸ਼ਰਤ ਹੈ ਕਿ ਜਿਹੜਾ ਕਾਂ ਹਾਰ ਜਾਵੇ, ਉਹ ਇਸ ਪਿੱਪਲ ਉੱਤੋਂ ਆਪਣਾ ਟੱਬਰ ਟੋਰ ਚੁੱਕ ਕੇ ਕਿਸੇ ਹੋਰ ਪਾਸੇ ਨਿਕਲ ਜਾਵੇ।’’
‘‘ਬਿਲਕੁਲ ਠੀਕ।’’ ਨਵੇਂ ਕਾਂ ਨੇ ਆਪਣੀ ਸਹਿਮਤੀ ਦੇ ਦਿੱਤੀ।
ਪੁਰਾਣਾ ਕਾਂ ਕਹਿਣ ਲੱਗਿਆ, ‘‘ਹੁਣ ਮੈਂ ਜਾ ਕੇ ਇੱਕੋ ਜਿਹੇ ਭਾਰ ਦੀਆਂ ਦੋ ਥੈਲੀਆਂ ਬਣਾਉਂਦਾ ਹਾਂ। ਕੱਲ੍ਹ ਸਵੇਰੇ ਅਸੀਂ ਮੁਕਾਬਲਾ ਸ਼ੁਰੂ ਕਰਾਂਗੇ।’’
ਕਾਂ ਬਾਕੀ ਪੰਛੀਆਂ ਨਾਲੋਂ ਬੜਾ ਚਲਾਕ ਹੁੰਦਾ ਹੈ ਪਰ ਪਹਿਲਾ ਕਾਂ ਤਾਂ ਲੋੜ ਤੋਂ ਜ਼ਿਆਦਾ ਚਲਾਕ ਸੀ। ਉਸ ਨੇ ਆਪਣੇ ਆਲ੍ਹਣੇ ਵਿੱਚ ਜਾ ਕੇ ਇੱਕ ਯੋਜਨਾ ਬਣਾਈ। ਉਸ ਨੇ ਦੋ ਇੱਕੋ ਜਿਹੀਆਂ ਥੈਲੀਆਂ ਲੈ ਕੇ ਇੱਕ ਵਿੱਚ ਰੂੰ ਭਰ ਦਿੱਤਾ ਅਤੇ ਦੂਜੀ ਵਿੱਚ ਲੂਣ। ਉੱਪਰੋਂ ਵੇਖਣ ਨੂੰ ਉਹ ਬਿਲਕੁਲ ਇੱਕੋ ਜਿਹੀਆਂ ਲੱਗਦੀਆਂ ਸਨ।
ਅਗਲਾ ਦਿਨ ਚੜ੍ਹਿਆ ਤਾਂ ਪਹਿਲਾ ਕਾਂ ਆਪਣੀ ਚਲਾਕੀ ਕਰਕੇ ਬੜਾ ਖ਼ੁਸ਼ ਸੀ। ਉਹ ਸੋਚ ਰਿਹਾ ਸੀ ਕਿ ਉਹ ਤਾਂ ਜਿੱਤਿਆ ਹੀ ਪਿਆ ਹੈ। ਅੱਜ ਸ਼ਾਮੀਂ ਹੀ ਨਵੇਂ ਕਾਂ ਦਾ ਬਿਸਤਰਾ ਗੋਲ ਕਰ ਦੇਣਾ ਹੈ। ਇਸੇ ਖ਼ੁਸ਼ੀ ਵਿੱਚ ਉਹ ਆਵਾਜ਼ਾਂ ਦੇਣ ਲੱਗਿਆ, ‘‘ਆ ਓਏ ਭਲਵਾਨਾ, ਦਿਨ ਚੜ੍ਹ ਗਿਆ ਏ।’’
‘‘ਆ ਰਿਹਾ ਹਾਂ, ਕਾਹਲਾ ਕਾਹਨੂੰ ਪੈਂਦਾ ਏਂ।’’ ਦੂਜੇ ਕਾਂ ਨੇ ਕਿਹਾ।
ਐਨੇ ਵਿੱਚ ਪਹਿਲੇ ਕਾਂ ਨੇ ਪਿੱਪਲ ਉੱਪਰ ਰਹਿੰਦੇ ਦੂਜੇ ਪੰਛੀਆਂ ਨੂੰ ਵੀ ਮੁਕਾਬਲਾ ਵੇਖਣ ਲਈ ਬੁਲਾ ਲਿਆ ਅਤੇ ਦੋਵਾਂ ਵਿੱਚ ਲੱਗੀ ਸ਼ਰਤ ਬਾਰੇ ਵੀ ਦੱਸ ਦਿੱਤਾ। ਉਸ ਨੂੰ ਪਤਾ ਸੀ ਕਿ ਜਿੱਤਣਾ ਤਾਂ ਉਸ ਨੇ ਹੀ ਹੈ।
ਦੂਜਾ ਕਾਂ ਆਲ੍ਹਣੇ ਵਿੱਚੋਂ ਨਿਕਲਿਆ। ਪਹਿਲੇ ਕਾਂ ਨੇ ਲੂਣ ਵਾਲੀ ਥੈਲੀ ਉਸ ਨੂੰ ਪੰਜੇ ਵਿੱਚ ਫੜਾ ਦਿੱਤੀ ਅਤੇ ਰੂੰ ਵਾਲੀ ਆਪਣੇ ਪੰਜੇ ਵਿਚ ਫੜ ਲਈ। ਦੋਵਾਂ ਨੇ ਜਦੋਂ ਥੈਲੀਆਂ ਚੰਗੀ ਤਰ੍ਹਾਂ ਫੜ ਲਈਆਂ ਤਾਂ ਇੱਕ ਤੋਤੇ ਨੇ ਟਰੀਂ ਟਰੀਂ ਕਰਕੇ ਆਪਣੀ ਸੀਟੀ ਵਜਾ ਦਿੱਤੀ। ਦੋਵੇਂ ਕਾਂ ਉੱਡ ਪਏ। ਪਹਿਲੇ ਕਾਂ ਦੀ ਰੂੰ ਵਾਲੀ ਥੈਲੀ ਹਲਕੀ ਹੋਣ ਕਰਕੇ ਉਹ ਤੇਜ਼ੀ ਨਾਲ ਉੱਪਰ ਨੂੰ ਉੱਡ ਪਿਆ। ਦੂਜੇ ਕਾਂ ਦੀ ਲੂਣ ਵਾਲੀ ਥੈਲੀ ਭਾਰੀ ਹੋਣ ਕਰਕੇ ਉਹ ਹੌਲੀ-ਹੌਲੀ ਉੱਡ ਰਿਹਾ ਸੀ।
ਦੋਵਾਂ ਨੂੰ ਉੱਡਦਿਆਂ ਅਜੇ ਦਸ ਮਿੰਟ ਹੀ ਹੋਏ ਸਨ ਕਿ ਵੇਖਦਿਆਂ ਹੀ ਵੇਖਦਿਆਂ ਕਾਲੀ ਘਟਾ ਚੜ੍ਹ ਆਈ ਅਤੇ ਮੀਂਹ ਵੱਸਣਾ ਸ਼ੁਰੂ ਹੋ ਗਿਆ। ਮੀਂਹ ਨਾਲ ਪਹਿਲੇ ਕਾਂ ਦੀ ਥੈਲੀ ਵਿਚਲਾ ਰੂੰ ਭਾਰਾ ਹੋਣਾ ਸ਼ੁਰੂ ਹੋ ਗਿਆ ਅਤੇ ਦੂਜੇ ਕਾਂ ਦੀ ਥੈਲੀ ਵਿੱਚੋਂ ਲੂਣ ਖੁਰਨ ਲੱਗ ਪਿਆ ਅਤੇ ਉਹ ਹਲਕੀ ਹੋਣੀ ਸ਼ੁਰੂ ਹੋ ਗਈ। ਮੀਂਹ ਵੱਸੀ ਜਾਵੇ, ਪਹਿਲੇ ਕਾਂ ਦੀ ਥੈਲੀ ਭਾਰੀ ਹੋਈ ਜਾਵੇ ਅਤੇ ਦੂਜੇ ਕਾਂ ਦੀ ਥੈਲੀ ਹਲਕੀ।
ਦੂਜੇ ਕਾਂ ਨੇ ਹਲਕੀ ਹੋਈ ਥੈਲੀ ਕਰਕੇ ਉੱਚੀ ਉਡਾਰੀ ਲਾਉਣੀ ਸ਼ੁਰੂ ਕਰ ਦਿੱਤੀ। ਪਹਿਲਾ ਕਾਂ ਭਾਰੀ ਹੋਈ ਥੈਲੀ ਕਰਕੇ ਥੱਲੇ ਆਉਣਾ ਸ਼ੁਰੂ ਹੋ ਗਿਆ। ਅਖੀਰ ਉਸ ਦੀ ਥੈਲੀ ਏਨੀ ਭਾਰੀ ਹੋ ਗਈ ਕਿ ਉਹ ਜ਼ਮੀਨ ’ਤੇ ਪਟਾਕ ਕਰਕੇ ਡਿੱਗ ਪਿਆ। ਦੂਜਾ ਕਾਂ ਮਜ਼ੇ ਨਾਲ ਹੋਰ ਉੱਚੀ ਉਡਾਰੀ ਲਾਉਂਦਾ ਰਿਹਾ। ਇਸ ਲਈ ਕਦੇ ਵੀ ਦੂਜਿਆਂ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕੁਲਬੀਰ ਸਿੰਘ ਸੂਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ