Chalak Nai Te Birbal : Baal Kahani

ਚਲਾਕ ਨਾਈ ਤੇ ਬੀਰਬਲ : ਬਾਲ ਕਹਾਣੀ

ਬੀਰਬਲ ਆਪਣੀ ਸੂਝ ਬੂਝ ਦੇ ਕਾਰਨ ਮਹਾਰਾਜਾ ਅਕਬਰ ਦਾ ਚਹੇਤਾ ਸੀ। ਅਕਸਰ ਲੋਕ ਨਿੱਜੀ ਸਲਾਹ ਲਈ ਬੀਰਬਲ ਦੇ ਕੋਲ ਆਉਂਦੇ ਸਨ। ਮੰਤਰੀਆਂ ਦਾ ਇੱਕ ਟੋਲਾ ਬੀਰਬਲ ਤੋਂ ਬੜਾ ਸੜਦਾ ਸੀ। ਉਹ ਮੰਤਰੀ ਬੀਰਬਲ ਦੇ ਮੂੰਹ ‘ਤੇ ਉਸ ਦੀ ਪ੍ਰਸ਼ੰਸਾ ਕਰਦੇ ਸਨ, ਪਰ ਉਸ ਦੀ ਪਿੱਠ ਪਿੱਛੇ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਮਤੇ ਪਕਾਉਂਦੇ ਰਹਿੰਦੇ ਸਨ। ਬੀਰਬਲ ਦੀ ਅਕਲਮੰਦੀ ਦੇ ਕਾਰਨ ਹਰ ਵਾਰ ਉਨ੍ਹਾਂ ਦੀ ਕੋਸ਼ਿਸ਼ ਕਾਮਯਾਬ ਨਾ ਹੁੰਦੀ। ਇੱਕ ਵਾਰ ਉਨ੍ਹਾਂ ਨੇ ਮਿਲ ਕੇ ਬੀਰਬਲ ਨੂੰ ਮਾਰਨ ਦੀ ਯੋਜਨਾ ਬਣਾਈ। ਉਹ ਬਾਦਸ਼ਾਹ ਅਕਬਰ ਦੇ ਨਾਈ ਕੋਲ ਗਏ ਅਤੇ ਉਸ ਨੂੰ ਆਪਣੀ ਯੋਜਨਾ ਦੇ ਬਾਰੇ ਦੱਸਿਆ। ਉਨ੍ਹਾਂ ਨੇ ਨਾਈ ਤੋਂ ਮਦਦ ਮੰਗੀ ਅਤੇ ਉਸ ਦੇ ਬਦਲੇ ਵਿੱਚ ਬਹੁਤ ਸਾਰਾ ਧਨ ਦੇਣ ਦਾ ਵਾਅਦਾ ਕੀਤਾ। ਨਾਈ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਿਆ।
ਕੁਝ ਦਿਨ ਬਾਅਦ ਨਾਈ ਅਕਬਰ ਦੇ ਕੋਲ ਆਇਆ ਅਤੇ ਅਕਬਰ ਨਾਲ ਉਸ ਦੇ ਪਿਤਾ ਦੇ ਬਾਰੇ ਵਿੱਚ ਗੱਲ ਕਰਨ ਲੱਗਿਆ।
ਨਾਈ ਬੋਲਿਆ, ”ਮਹਾਰਾਜ, ਤੁਹਾਡੇ ਪਿਤਾ ਜੀ ਦੇ ਵਾਲ ਬਹੁਤ ਸੁੰਦਰ, ਰੇਸ਼ਮੀ ਅਤੇ ਮੁਲਾਇਮ ਸਨ। ਫਿਰ ਥੋੜ੍ਹੀ ਦੇਰ ਬਾਅਦ ਉਹ ਸੋਚ ਕੇ ਬੋਲਿਆ, ”ਮਹਾਰਾਜ, ਤੁਸੀਂ ਆਪਣੀ ਪਰਜਾ ਦੇ ਲਈ ਐਨਾ ਕੁਝ ਕਰਦੇ ਹੋ, ਕੀ ਤੁਸੀਂ ਆਪਣੇ ਵਡੇਰਿਆਂ ਦੇ ਲਈ ਕੁਝ ਕਰ ਰਹੇ ਹੋ?”
ਰਾਜਾ ਉਸ ਦੀ ਮੂਰਖਤਾ ਭਰੀ ਗੱਲ ਸੁਣ ਕੇ ਕਹਿਣ ਲੱਗਿਆ, ”ਉਹ ਤਾਂ ਇਸ ਦੁਨੀਆਂ ਵਿੱਚ ਹੀ ਨਹੀਂ ਹਨ, ਉਨ੍ਹਾਂ ਦੇ ਲਈ ਕੀ ਕੀਤਾ ਜਾ ਸਕਦਾ ਹੈ?”
ਨਾਈ ਨੇ ਰਾਜੇ ਨੂੰ ਕਿਹਾ, ”ਮੈਂ ਇੱਕ ਇਹੋ ਜਿਹੇ ਜਾਦੂਗਰ ਨੂੰ ਜਾਣਦਾ ਹਾਂ, ਜੋ ਉਨ੍ਹਾਂ ਨੂੰ ਵਾਪਸ ਧਰਤੀ ‘ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ, ਪਰ ਜਾਦੂਗਰ ਨੂੰ ਇੱਕ ਐਹੋ ਜਿਹੇ ਆਦਮੀ ਦੀ ਜ਼ਰੂਰਤ ਹੋਵੇਗੀ, ਜੋ ਬਹੁਤ ਸਮਝਦਾਰ ਅਤੇ ਜ਼ਿੰਮੇਵਾਰ ਹੋਵੇ ਅਤੇ ਜੋ ਉਨ੍ਹਾਂ ਨੂੰ ਸਵਰਗ ਜਾ ਕੇ ਵਾਪਸ ਲਿਆ ਸਕੇ। ਇਸ ਲਈ ਇਹੋ ਜਿਹੇ ਆਦਮੀ ਨੂੰ ਬਹੁਤ ਸਾਵਧਾਨੀ ਨਾਲ ਸੋਚ-ਸਮਝ ਕੇ ਚੁਣਨਾ ਹੋਵੇਗਾ।”
ਰਾਜਾ ਇਸ ਬਾਰੇ ਵਿਚਾਰ ਕਰਨ ਲੱਗਿਆ। ਤਦੇ ਨਾਈ ਨੇ ਕਿਹਾ, ”ਤੁਹਾਡੇ ਸਾਰੇ ਮੰਤਰੀਆਂ ‘ਚੋਂ ਬੀਰਬਲ ਸਭ ਨਾਲੋਂ ਵੱਧ ਬੁੱਧੀਮਾਨ ਹੈ।”
ਰਾਜਾ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਤੁਰੰਤ ਬੀਰਬਲ ਨੂੰ ਇਸ ਬਾਰੇ ਦੱਸਿਆ। ਫਿਰ ਉਸ ਨੇ ਨਾਈ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਹੋਵੇਗਾ?
ਨਾਈ ਨੇ ਦੱਸਿਆ, ਤੁਹਾਡੇ ਪਿਤਾ ਦੀ ਫਿਰ ਤੋਂ ਨਕਲੀ ਚਿਤਾ ਬਣਾ ਕੇ ਉਸ ਨੂੰ ਬੀਰਬਲ ਨੂੰ ਫਿਰ ਤੋਂ ਅੱਗ ਦੇਣੀ ਹੋਵੇਗੀ ਅਤੇ ਤਦੇ ਜਾਦੂਗਰ ਕੁਝ ਮੰਤਰ ਪੜ੍ਹਨਗੇ ਅਤੇ ਅੱਗ ‘ਚੋਂ ਨਿਕਲੇ ਧੂੰਏਂ ਦੀ ਮਦਦ ਨਾਲ ਬੀਰਬਲ ਨੂੰ ਸਵਰਗ ਵਿੱਚ ਭੇਜਿਆ ਜਾਏਗਾ। ਜਾਦੂਗਰ ਦੀ ਮਦਦ ਨਾਲ ਬੀਰਬਲ ਅੱਗ ਨਾਲ ਸੜਨਗੇ ਨਹੀਂ, ਸੁਰੱਖਿਅਤ ਰਹਿਣਗੇ।
ਰਾਜੇ ਨੇ ਖ਼ੁਸ਼ ਹੋ ਕੇ ਬੀਰਬਲ ਨੂੰ ਸਾਰੀ ਗੱਲ ਦੱਸੀ। ਬੀਰਬਲ ਨੇ ਪੁੱਛਿਆ, ”ਮਹਾਰਾਜ, ਇਹ ਐਨਾ ਮਹਾਨ ਵਿਚਾਰ ਕਿਸ ਦਾ ਹੈ?”
ਜਦ ਬੀਰਬਲ ਨੂੰ ਪਤਾ ਲੱਗਿਆ ਕਿ ਇਹ ਵਿਚਾਰ ਨਾਈ ਦਾ ਹੈ ਤਾਂ ਬੀਰਬਲ ਨੇ ਰਾਜੇ ਨੂੰ ਕਿਹਾ, ”ਮਹਾਰਾਜ, ਮੈਨੂੰ ਇੱਕ ਮਹੀਨੇ ਦਾ ਸਮਾਂ ਚਾਹੀਦਾ ਹੈ ਤਾਂ ਕਿ ਐਨੀ ਲੰਮੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਸਮਾਂ ਦੇ ਸਕਾਂ ਅਤੇ ਉਨ੍ਹਾਂ ਲਈ ਕੁਝ ਪੈਸੇ ਜੋੜ ਸਕਾਂ।” ਰਾਜੇ ਨੇ ਬੀਰਬਲ ਦੀ ਗੱਲ ਮੰਨ ਲਈ।
ਬੀਰਬਲ ਨੇ ਕੁਝ ਭਰੋਸੇਮੰਦ ਕਾਰੀਗਰ ਲੱਭੇ ਅਤੇ ਸ਼ਮਸ਼ਾਨਘਾਟ ਤੋਂ ਆਪਣੇ ਘਰ ਤਕ ਇੱਕ ਸੁਰੰਗ ਬਣਾ ਲਈ। ਠੀਕ ਇੱਕ ਮਹੀਨੇ ਬਾਅਦ ਬੀਰਬਲ ਸ਼ਮਸ਼ਾਨਘਾਟ ਪਹੁੰਚਿਆ ਅਤੇ ਯੋਜਨਾ ਦੇ ਅਨੁਸਾਰ ਧੂੰਏਂ ਵਿੱਚ ਉਹ ਸੁਰੰਗ ਦੇ ਸਹਾਰੇ ਆਪਣੇ ਘਰ ਵੱਲ ਤੁਰ ਗਿਆ। ਕੁਝ ਮਹੀਨਿਆਂ ਤਕ ਬੀਰਬਲ ਆਪਣੇ ਘਰ ਵਿੱਚ ਹੀ ਰਿਹਾ। ਇਸੇ ਦੌਰਾਨ ਉਸ ਦੇ ਵਾਲ ਅਤੇ ਦਾੜ੍ਹੀ ਵੱਡੇ ਹੋ ਗਏ।
ਇਧਰ ਬੀਰਬਲ ਦੇ ਦੁਸ਼ਮਣ ਬੀਰਬਲ ਦੀ ਮੌਤ ਤੋਂ ਖ਼ੁਸ਼ ਸਨ। ਕੁਝ ਮਹੀਨਿਆਂ ਬਾਅਦ ਬੀਰਬਲ ਰਾਜੇ ਦੇ ਮਹੱਲ ਪਹੁੰਚਿਆ ਅਤੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਹ ਰਾਜੇ ਦੇ ਪਿਤਾ ਨੂੰ ਮਿਲਿਆ। ਉਹ ਇੱਕ ਮਹਾਨ ਆਤਮਾ ਹਨ, ਪਰ ਉਨ੍ਹਾਂ ਨੂੰ ਧਰਤੀ ‘ਤੇ ਆਉਣ ਵਿੱਚ ਇੱਕ ਪ੍ਰੇਸ਼ਾਨੀ ਹੈ।
ਰਾਜੇ ਨੇ ਪੁੱਛਿਆ, ”ਉਹ ਕਿਹੜੀ?”
ਬੀਰਬਲ ਨੇ ਕਿਹਾ, ”ਮਹਾਰਾਜ, ਸਵਰਗ ਵਿੱਚ ਕੋਈ ਨਾਈ ਨਹੀਂ ਹੈ ਅਤੇ ਮੇਰੇ ਵਾਂਗ ਉਨ੍ਹਾਂ ਦੀ ਦਾੜ੍ਹੀ ਅਤੇ ਵਾਲ ਵੀ ਵਧ ਗਏ ਹਨ। ਇਸ ਲਈ ਉਨ੍ਹਾਂ ਨੇ ਸਵਰਗ ਵਿੱਚ ਕਿਸੇ ਚੰਗੇ ਨਾਈ ਨੂੰ ਬੁਲਾਇਆ ਹੈ।”
ਮਹਾਰਾਜ ਨੇ ਆਪਣੇ ਨਾਈ ਨੂੰ ਸਵਰਗ ਵਿੱਚ ਭੇਜਣ ਦੀ ਸੋਚੀ। ਉਨ੍ਹਾਂ ਨੇ ਜਾਦੂਗਰ ਅਤੇ ਨਾਈ ਨੂੰ ਸੱਦਿਆ ਅਤੇ ਨਾਈ ਨੂੰ ਸਵਰਗ ਵਿੱਚ ਘੱਲਣ ਦਾ ਹੁਕਮ ਦਿੱਤਾ। ਘਬਰਾ ਕੇ ਨਾਈ ਨੇ ਰਾਜੇ ਨੂੰ ਮੰਤਰੀਆਂ ਦੇ ਚਾਲ ਦੇ ਬਾਰੇ ਸਾਰਾ ਕੁਝ ਦੱਸ ਦਿੱਤਾ। ਰਾਜੇ ਨੇ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿੱਤੀ ਅਤੇ ਬੀਰਬਲ ਦੀ ਸਮਝਦਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ।
(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਪੰਜਾਬੀ ਬਾਲ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ