Chandarkanta : Japani Lok Kahani

ਚੰਦਰਕਾਂਤਾ : ਜਪਾਨੀ ਲੋਕ ਕਹਾਣੀ

ਪੁਰਾਣੇ ਸਮੇਂ ਦੀ ਗੱਲ ਹੈ ਕਿ ਜਪਾਨ ਦੇ ਇਕ ਪਿੰਡ ਵਿਚ ਇਕ ਪਤੀ-ਪਤਨੀ ਰਹਿ ਰਹੇ ਸਨ। ਉਹ ਬੜੇ ਦੁਖੀ ਸਨ, ਕਿਉਂਕਿ ਵਿਆਹ ਨੂੰ ਪੰਦਰਾਂ ਸਾਲ ਬੀਤ ਜਾਣ ਦੇ ਬਾਅਦ ਵੀ, ਉਨ੍ਹਾਂ ਨੂੰ ਔਲਾਦ ਦੀ ਖੁਸ਼ੀ ਪ੍ਰਾਪਤ ਨਹੀਂ ਸੀ ਹੋਈ। ਉਨ੍ਹਾਂ ਦੇ ਵੱਡ-ਵਡੇਰਿਆਂ ਦਾ ਘੋੜਿਆਂ ਦਾ ਵਪਾਰ ਸੀ, ਪਰ ਹੁਣ ਇਸ ਵਪਾਰ ਵਿਚ ਵੀ ਘਾਟਾ ਪੈ ਜਾਣ ਕਾਰਨ, ਉਨ੍ਹਾਂ ਦੇ ਦੁੱਖ ਵਿਚ ਹੋਰ ਵਾਧਾ ਹੋ ਗਿਆ ਸੀ। ਹੁਣ ਉਨ੍ਹਾਂ ਕੋਲ ਇਕ ਵੀ ਘੋੜਾ ਨਹੀਂ ਸੀ। ਉਨ੍ਹਾਂ ਦੋਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ। ਪਿੰਡ ਵਾਲਿਆਂ ਵੀ ਉਨ੍ਹਾਂ ਨੂੰ ਹੁਣ ਹੱਥ-ਉਧਾਰ ਦੇਣਾ ਬੰਦ ਕਰ ਦਿੱਤਾ ਸੀ।
ਇਕ ਲੋਕ-ਵਿਸ਼ਵਾਸ ਅਨੁਸਾਰ ਉਹ ਹੋਰ ਵੀ ਜ਼ਿਆਦਾ ਝੂਰਦੇ ਰਹਿੰਦੇ ਸਨ। ਲੋਕ-ਵਿਸ਼ਵਾਸ ਅਨੁਸਾਰ ਉਸ ਪਿੰਡ ਵਿਚ ਜਿਸ ਜੋੜੇ ਦੇ ਘਰ ਕੋਈ ਔਲਾਦ ਨਹੀਂ ਸੀ ਹੁੰਦੀ, ਉਨ੍ਹਾਂ ਦੇ ਵੱਡੇ-ਵਡੇਰਿਆਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਸਨ ਤੇ ਉਨ੍ਹਾਂ ਨੂੰ ਕਦੀ ਸ਼ਾਂਤੀ ਨਹੀਂ ਸੀ ਮਿਲਦੀ। ਸੋ ਬੇ-ਔਲਾਦ ਜੋੜੇ ਨੂੰ ਪਿੰਡ ਦੇ ਮੁਖੀਏ ਕੋਲੋਂ ਕਿਸੇ ਯਤੀਮ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਲੈਣੀ ਪੈਂਦੀ ਸੀ ਤਾਂ ਕਿ ਵੱਡਿਆਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਤੇ ਉਨ੍ਹਾਂ ਦੇ ਖਾਨਦਾਨ ਦਾ ਨਾਂ ਅੱਗੇ ਵੱਧਦਾ ਰਹੇ। ਇਹ ਜੋੜਾ ਵੀ ਪਿੰਡ ਦੇ ਮੁਖੀਏ ਕੋਲ ਬੱਚਾ ਗੋਦ ਲੈਣ ਦੀ ਇਜਾਜ਼ਤ ਲੈਣ ਗਿਆ ਸੀ ਤੇ ਨਾਲ ਹੀ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਇਕ ਘੋੜਾ ਵੀ ਦਿੱਤਾ ਜਾਏ, ਜਿਸ ਦੇ ਪੈਸੇ ਉਹ ਹੌਲੀ-ਹੌਲੀ ਮੋੜ ਦੇਣਗੇ, ਪਰ ਮੁਖੀਏ ਨੇ ਇਨ੍ਹਾਂ ਦੋਹਾਂ ਗੱਲਾਂ ਦੀ ਉਨ੍ਹਾਂ ਨੂੰ ਨਾਂਹ ਕਰ ਦਿੱਤੀ ਸੀ, ਕਿਉਂਕਿ ਉਸ ਨੇ ਪਹਿਲਾਂ ਹੀ ਆਰਥਕ ਤੌਰ ’ਤੇ ਉਨ੍ਹਾਂ ਦੀ ਕਾਫੀ ਮਦਦ ਕਰ ਦਿੱਤੀ ਸੀ, ਪਰ ਉਨ੍ਹਾਂ ਦੀ ਹਾਲਤ ਨਹੀਂ ਸੀ ਸੁਧਰੀ ਤੇ ਮੁਖੀਆ ਨਹੀਂ ਸੀ ਚਾਹੁੰਦਾ ਕਿ ਜਿਹੜਾ ਬੱਚਾ ਇਹ ਗੋਦ ਲੈਣ, ਉਹ ਭੁੱਖ ਨਾਲ ਹੀ ਮਰ ਜਾਵੇ।
ਇਕ ਦਿਨ ਸ਼ਾਮ ਵੇਲੇ, ਦੋਵੇਂ ਪਤੀ-ਪਤਨੀ ਆਪਣੇ ਘਰ ਦੇ ਇਕ ਕਮਰੇ ਵਿਚ ਬਾਰੀ ਨੇੜੇ ਬੈਠੇ ਇਨ੍ਹਾਂ ਸੋਚਾਂ ਵਿਚ ਹੀ ਗੁੰਮ-ਸੁੰਮ ਬੈਠੇ ਹੋਏ ਸਨ। ਉਨ੍ਹਾਂ ਨੂੰ ਹੁਣ ਯਕੀਨ ਸੀ ਕਿ ਬੱਚੇ ਵਾਲੀ ਖਾਹਿਸ਼ ਤਾਂ ਹੁਣ ਕਦੀ ਪੂਰੀ ਨਹੀਂ ਹੋ ਸਕਦੀ। ਉਹ ਠੰਢੀਆਂ ਆਹਾਂ ਭਰ ਰਹੇ ਸਨ। ਬਾਰੀ ਦੇ ਬਾਹਰ ਚੰਨ ਪੂਰੀ ਤਰ੍ਹਾਂ ਆਪਣੀ ਚਾਨਣੀ ਖਿਲਾਰ ਰਿਹਾ ਸੀ। ਅਚਾਨਕ ਹੀ ਚੰਦਰਮਾ ਬਹੁਤ ਹੀ ਜ਼ਿਆਦਾ ਚਮਕਿਆ ਤੇ ਇਸ ਦੀ ਇਕ ਰਿਸ਼ਮ ਉਸੇ ਬਾਰੀ ਰਾਹੀਂ ਉਨ੍ਹਾਂ ਦੇ ਕਮਰੇ ਵਿਚ ਦਾਖਲ ਹੋਈ। ਇਹ ਰਿਸ਼ਮ ਕਮਰੇ ਵਿਚ ਇਧਰ-ਉਧਰ ਘੁੰਮਣ ਲੱਗੀ ਤੇ ਅਖੀਰ ਇਕ ਮੇਜ਼ ’ਤੇ ਆ ਕੇ ਟਿਕ ਗਈ। ਉਸ ਰਿਸ਼ਮ ਦੇ ਥੱਲਿਉਂ ਇਕ ਛੋਟਾ ਜਿਹਾ ਬਿੰਦੂ ਉੱਭਰਿਆ ਤੇ ਉਹ ਵੱਡਾ ਹੁੰਦਾ ਗਿਆ ਤੇ ਫਿਰ ਉਸ ਤੋਂ ਇਕ ਚੂਹੇ ਦੇ ਕੱਦ ਕਾਠ ਜਿੱਡਾ ਇਕ ਚਾਂਦੀ ਰੰਗਾ ਘੋੜਾ ਬਣ ਗਿਆ। ਉਸ ਦੀ ਪਿੱਠ ’ਤੇ ਚੈਰੀ ਦੇ ਫੁੱਲਾਂ ਵਾਲੀ ਟਾਹਣੀ ਸੀ। ਫੁੱਲ ਹਾਲੀ ਖਿੜੇ ਨਹੀਂ ਸਨ ਬਲਕਿ ਬੰਦ ਕਲੀਆਂ ਦੇ ਰੂਪ ਵਿਚ ਸਨ। ਪਤੀ-ਪਤਨੀ ਹੈਰਾਨ ਹੋ ਕੇ ਇਹ ਸਭ ਕੁਝ ਦੇਖ ਰਹੇ ਸਨ ਕਿ ਇਕ ਬੜੀ ਹੀ ਮਿੱਠੀ ਤੇ ਹਮਦਰਦੀ ਭਰੀ ਆਵਾਜ਼ ਆਈ, ‘‘ਬਈ, ਉਦਾਸ ਨਾ ਹੋਵੋ। ਮੈਂ ਚੰਦਰਮਾ ਹਾਂ ਤੇ ਆਪਣਾ ਇਕ ਬੱਚਾ ਤੁਹਾਨੂੰ ਦੇਣ ਲਈ ਆਇਆ ਹਾਂ। ਲਉ, ਇਧਰ ਚੈਰੀ ਦੇ ਫੁੱਲਾਂ ਵਾਲੀ ਟਾਹਣੀ ਵੱਲ ਦੇਖੋ।’’ ਅਚਾਨਕ ਹੀ ਇਕ ਕਲੀ ਨੇ ਹੌਲੀ-ਹੌਲੀ ਆਪਣੀਆਂ ਬੰਦ ਪੱਤੀਆਂ ਖੋਲ੍ਹੀਆਂ ਤੇ ਪਤੀ-ਪਤਨੀ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਉਨ੍ਹਾਂ ਪੱਤੀਆਂ ਦੇ ਵਿਚਕਾਰ, ਇਕ ਉਂਗਲ ਦੇ ਨਹੁੰ ਦੇ ਆਕਾਰ ਜਿੱਡਾ ਬੱਚਾ ਬੈਠਾ ਦੇਖਿਆ।
ਚੰਦਰਮਾ ਨੇ ਕਿਹਾ, ‘‘ਇਹ ਮੇਰੀ ਬੇਟੀ ਹੈ, ਚੰਦਰਕਾਂਤਾ। ਇਹਦੇ ਨਾਲ ਤੁਹਾਡੇ ਘਰ ਵਿਚ ਖੁਸ਼ੀ ਆਏਗੀ ਤੇ ਇਹ ਤੁਹਾਡੇ ਲਈ ਬੜੀ ਕਿਸਮਤ ਵਾਲੀ ਹੋਏਗੀ, ਪਰ ਇਕ ਗੱਲ ਹੈ ਕਿ ਇਸ ਦਾ ਵਿਆਹ, ਇਸ ਧਰਤੀ ’ਤੇ ਪੈਦਾ ਹੋਏ ਲੜਕੇ ਨਾਲ ਨਹੀਂ ਹੋ ਸਕੇਗਾ ਅਤੇ ਅਠਾਰਾਂ ਸਾਲ ਦੀ ਉਮਰ ਵਿਚ ਇਹ ਫੇਰ ਮੇਰੇ ਕੋਲ ਪਰਤ ਆਏਗੀ। ਇਸ ਸਾਰੇ ਸਮੇਂ ਦੌਰਾਨ ਤੁਸੀਂ ਸਾਰੇ ਕੰਮ ਬੜੀ ਸਿਆਣਪ ਨਾਲ ਕਰਨੇ ਤੇ ਸਭ ਕੁਝ ਹੀ ਚੰਗਾ ਹੋਏਗਾ। ਹੁਣ ਏਸ ਬੱਚੀ ਨੂੰ ਫੁੱਲ ਤੋਂ ਚੁੱਕ ਕੇ ਬਿਸਤਰੇ ’ਤੇ ਪਾ ਦਿਉ।’’
ਚੰਦਰਕਾਂਤਾ ਕੁਝ ਮਿੰਟਾਂ ਵਿਚ ਹੀ ਇਕ ਨਵੇਂ ਜਨਮੇ ਬੱਚੇ ਦੇ ਕੱਦ ਦੀ ਹੋ ਗਈ। ਉਹਦੇ ਵਾਲ ਸ਼ਾਹ ਕਾਲੇ ਸਨ, ਉਸ ਦੀਆਂ ਅੱਖਾਂ ਸਿਤਾਰਿਆਂ ਵਾਂਗ ਚਮਕਦੀਆਂ ਸਨ ਤੇ ਉਸ ਦਾ ਰੰਗ ਸੁਨਹਿਰੀ ਸੀ। ਉਸ ਨੇ ਗੁਲਾਬੀ ਰੰਗ ਦਾ ਕਿਮੋਨੋ (ਜਪਾਨੀ ਪਹਿਰਾਵਾ) ਪਹਿਨਿਆ ਹੋਇਆ ਸੀ, ਜਿਸ ਉਪਰ ਬਹੁਤ ਹੀ ਪਿਆਰੀ ਕਢਾਈ ਕੀਤੀ ਹੋਈ ਸੀ ਤੇ ਪਹਿਰਾਵੇ ਦੇ ਨਾਲ ਹੀ ਇਕ ਬਹੁਤ ਕੀਮਤੀ ਹੀਰਾ ਜੋੜਿਆ ਹੋਇਆ ਸੀ। ਛੋਟੇ ਜਿਹੇ ਘੋੜੇ ਨੇ ਬੱਚੀ ਦੇ ਨਰਮ ਜਿਹੇ ਵਾਲਾਂ ’ਤੇ ਆਪਣਾ ਨੱਕ ਰਗੜਿਆ, ਖੁਸ਼ੀ ਨਾਲ ਹੌਲੀ ਜਿਹੀ ਆਪਣੀ ਪੂਛ ਹਿਲਾਈ ਤੇ ਚੰਦ ਦੀ ਰਿਸ਼ਮ ’ਤੇ ਬੈਠ ਗਿਆ। ਹੌਲੀ ਜਿਹੀ ਚੰਦਰਮਾ ਦੀ ਆਵਾਜ਼ ਆਈ, ‘‘ਇਕ ਗੱਲ ਯਾਦ ਰੱਖਣੀ ਕਿ ਇਨ੍ਹਾਂ ਸਾਰੇ ਸਾਲਾਂ ਦੇ ਦੌਰਾਨ, ਹਰ ਕੰਮ ਬੜੀ ਸਿਆਣਪ ਨਾਲ ਕਰਨਾ।’’ ਹੌਲੀ-ਹੌਲੀ ਚੰਦ ਦੀ ਰਿਸ਼ਮ ਅਲੋਪ ਹੋ ਗਈ।
ਅਗਲੇ ਹੀ ਦਿਨ, ਘੋੜਿਆਂ ਦੇ ਵਪਾਰੀ ਨੇ ਉਸ ਕੀਮਤੀ ਹੀਰੇ ਨੂੰ ਵੇਚ ਦਿੱਤਾ, ਜਿਸ ਦੇ ਬਦਲੇ ਉਸ ਨੂੰ ਚੋਖੀ ਰਕਮ ਮਿਲ ਗਈ। ਉਸ ਰਕਮ ਵਿਚੋਂ ਕੁਝ ਪੈਸੇ ਨਾਲ, ਉਨ੍ਹਾਂ ਆਪਣੇ ਖੇਤਾਂ ਵਿਚ ਫੇਰ ਕੁਝ ਸੁਧਾਰ ਕੀਤਾ, ਘੋੜਿਆਂ ਦਾ ਵਪਾਰ ਸ਼ੁਰੂ ਕੀਤਾ ਤੇ ਕੁਝ ਪੈਸੇ ਭਵਿੱਖ ਵਿਚ ਵਰਤਣ ਲਈ ਰੱਖ ਲਏ। ਸਾਲਾਂ ਦੇ ਸਾਲ ਬੀਤ ਰਹੇ ਸਨ। ਦੋਨੋਂ ਪਤੀ-ਪਤਨੀ, ਆਪਣੀ ਧੀ ਚੰਦਰਕਾਂਤਾ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਸਨ ਤੇ ਹਮੇਸ਼ਾਂ ਰੱਬ ਦਾ ਸ਼ੁਕਰ ਕਰਦੇ ਸਨ। ਉਹ ਦੋਨੋਂ ਚੰਗੇ ਕੰਮਾਂ ਵਿਚ ਵਿਸ਼ਵਾਸ ਕਰਦੇ ਸਨ, ਹਰ ਕੰਮ ਸਿਆਣਪ ਨਾਲ ਕਰਦੇ ਸਨ। ਉਨ੍ਹਾਂ ਦਾ ਘੋੜਿਆਂ ਦਾ ਵਪਾਰ ਵਧੀਆ ਚੱਲ ਪਿਆ ਸੀ। ਦੇਸ਼ ਦੇ ਹਰ ਹਿੱਸੇ ਤੋਂ ਯੋਧੇ ਉਨ੍ਹਾਂ ਕੋਲੋਂ ਘੋੜੇ ਖਰੀਦਣ ਆਉਂਦੇ ਸਨ, ਕਿਉਂਕਿ ਉਨ੍ਹਾਂ ਦੇ ਘੋੜੇ ਸਭ ਤੋਂ ਚੰਗੀ ਕਿਸਮ ਦੇ ਸਨ। ਪਰ ਉਨ੍ਹਾਂ ਨੂੰ ਪੈਸੇ ਨਾਲ ਬਹੁਤਾ ਸਰੋਕਾਰ ਨਹੀਂ ਸੀ। ਉਨ੍ਹਾਂ ਨੂੰ ਜੋ ਖੁਸ਼ੀ ਆਪਣੀ ਬੇਟੀ ਦੀ ਹਰ ਖਾਹਿਸ਼ ਪੂਰੀ ਕਰਨ ਤੋਂ ਬਾਅਦ ਮਿਲਦੀ ਸੀ, ਉਹੋ ਜਿਹੀ ਖੁਸ਼ੀ ਹੋਰ ਕੋਈ ਨਹੀਂ ਸੀ। ਉਹ ਬੱਸ ਬੇਟੀ ਦੇ ਪਾਲਣ-ਪੋਸ਼ਣ ਵੱਲ ਜ਼ਿਆਦਾ ਧਿਆਨ ਦਿੰਦੇ ਸਨ। ਇਸ ਲਈ ਉਨ੍ਹਾਂ ਦਾ ਕਿਸੇ ਵੀ ਮਾੜੇ ਕੰਮ ਵੱਲ ਧਿਆਨ ਨਹੀਂ ਸੀ। ਉਹ ਲੋਕਾਂ ਦਾ ਭਲਾ ਕਰਦੇ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ।
ਚੰਦਰਕਾਂਤਾ ਨੂੰ ਪਿੰਡ ਦੇ ਸਾਰੇ ਲੋਕ ਬਹੁਤ ਪਿਆਰ ਕਰਦੇ ਸਨ। ਉਹ ਬੜੀ ਹੁਸ਼ਿਆਰ, ਸੁਹਣੀ ਤੇ ਦਿਆਲੂ ਸੀ। ਪਿੰਡ ਦਾ ਮੁਖੀਆ, ਜਿਸ ਨੇ ਇਕ ਵਾਰੀ ਚੰਦਰਕਾਂਤਾ ਦੇ ਮਾਂ-ਬਾਪ ਨੂੰ ਬੱਚਾ ਗੋਦ ਲੈਣ ਤੋਂ ਨਾਂਹ ਕਰ ਦਿੱਤੀ ਸੀ, ਉਹ ਤਾਂ ਚੰਦਰਕਾਂਤਾ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਸ਼ਾਇਦ ਉਹ ਇਹ ਸੋਚਦਾ ਸੀ ਕਿ ਕਿਉਂਕਿ ਉਸ ਨੇ ਉਸ ਦੇ ਮਾਤਾ-ਪਿਤਾ ਨੂੰ ਬੱਚਾ ਗੋਦ ਲੈਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਤੇ ਇਸੇ ਕਾਰਨ ਹੀ ਚੰਦਰਮਾ ਉਨ੍ਹਾਂ ਨੂੰ ਆਪਣੀ ਬੇਟੀ ਦੇ ਗਿਆ ਸੀ। ਚੰਦਰਕਾਂਤਾ ਦੇ ਮਾਤਾ-ਪਿਤਾ ਕਈ ਵਾਰੀ ਇਹ ਸੋਚ ਕੇ ਉਦਾਸ ਵੀ ਹੋ ਜਾਂਦੇ ਕਿ ਇਕ ਦਿਨ ਚੰਦਰਕਾਂਤਾ ਨੇ ਉਨ੍ਹਾਂ ਕੋਲੋਂ ਵਿਛੜ ਜਾਣਾ ਹੈ। ਚੰਦਰਕਾਂਤਾ ਨੂੰ ਵੀ ਇਸ ਗੱਲ ਦਾ ਪਤਾ ਸੀ। ਉਸ ਨੂੰ ਵੀ ਇਸ ਗੱਲ ਦੀ ਚਿੰਤਾ ਸੀ, ਕਿਉਂਕਿ ਉਹ ਆਪਣੇ ਮਾਂ-ਬਾਪ ਨਾਲ ਬਹੁਤ ਪਿਆਰ ਕਰਦੀ ਸੀ। ਏਸ ਧਰਤੀ ’ਤੇ ਉਸ ਦੇ ਕਿੰਨੇ ਚੰਗੇ ਦੋਸਤ ਸਨ, ਜਿਨ੍ਹਾਂ ਨਾਲ ਉਹ ਖੇਡਦੀ ਸੀ, ਹੱਸਦੀ-ਟੱਪਦੀ ਸੀ। ਉਹ ਆਪਣੇ ਮਾਂ-ਪਿਉ ਦੀ ਵੀ ਘੋੜਿਆਂ ਦੇ ਪਾਲਣ-ਪੋਸ਼ਣ ਵਿਚ ਮਦਦ ਕਰਦੀ ਸੀ।
ਜਦੋਂ ਚੰਦਰਕਾਂਤਾ ਦਸ ਸਾਲ ਦੀ ਹੋ ਗਈ ਤਾਂ ਇਕ ਦਿਨ ਉਸ ਨੇ ਆਪਣੇ ਮਾਂ-ਬਾਪ ਨੂੰ ਗੱਲਾਂ ਕਰਦਿਆਂ ਸੁਣਿਆ, ਉਸ ਦੀ ਮਾਂ ਕਹਿ ਰਹੀ ਸੀ, ‘‘ਜਦੋਂ ਚੰਦਰਕਾਂਤਾ ਸਾਨੂੰ ਛੱਡ ਕੇ ਚਲੀ ਜਾਏਗੀ, ਸਿਰਫ ਸਾਡਾ ਹੀ ਦਿਲ ਨਹੀਂ ਟੁੱਟੇਗਾ, ਬਲਕਿ ਸਾਡੇ ਬਜ਼ੁਰਗਾਂ ਦੀਆਂ ਰੂਹਾਂ ਵੀ ਨਾਖੁਸ਼ ਹੋਣਗੀਆਂ ਕਿਉਂਕਿ ਇਸ ਧਰਤੀ ’ਤੇ ਉਨ੍ਹਾਂ ਦਾ ਖਾਨਦਾਨ ਅੱਗੇ ਵਧਾਉਣ ਲਈ ਸਾਡੇ ਦੋਹਤੇ-ਦੋਹਤਰੀਆਂ ਜਾਂ ਪੋਤੇ-ਪੋਤਰੀਆਂ ਨਹੀਂ ਹੋਣਗੇ। ਉਹ ਚੰਦਰਮਾ ਦੇ ਉਪਰ ਸਾਡੇ ਦੋਹਤੇ-ਦੋਹਤਰੀਆਂ ਦੇ ਹੋਣ ਨਾਲ ਖੁਸ਼ ਨਹੀਂ ਹੋ ਸਕਣਗੇ।’’
ਇਹ ਗੱਲ ਸੁਣ ਕੇ ਚੰਦਰਕਾਂਤਾ ਉਦਾਸ ਹੋ ਗਈ। ਉਹ ਸੋਚਣ ਲੱਗ ਪਈ ਤੇ ਉਸ ਨੂੰ ਇਕਦਮ ਇਕ ਵਿਚਾਰ ਆਇਆ। ਉਹ ਆਪਣੇ ਮਾਤਾ-ਪਿਤਾ ਕੋਲ ਜਾ ਕੇ ਕਹਿਣ ਲੱਗੀ, ‘‘ਮੈਂ ਚਾਹੁੰਦੀ ਹਾਂ ਕਿ ਮੇਰੇ ਹਰੋ ਭੈਣ-ਭਰਾ ਵੀ ਹੋਣ।’’ ਮਾਂ ਨੇ ਹੈਰਾਨ ਹੋਈ ਨੇ ਜੁਆਬ ਦਿੱਤਾ, ‘‘ਬੇਟੇ, ਨਹੀਂ, ਚੰਦਰਮਾ ਨੇ ਸਾਨੂੰ ਹੁਣ ਹੋਰ ਬੱਚੇ ਨਹੀਂ ਭੇਜਣੇ। ਉਸ ਨੇ ਅੱਗੇ ਹੀ ਤੈਨੂੰ ਭੇਜ ਕੇ ਸਾਡੇ ਲਈ ਬਹੁਤ ਕੁਝ ਕੀਤਾ ਹੈ।’’
ਚੰਦਰਕਾਂਤਾ ਬੋਲੀ, ‘‘ਮੇਰਾ ਮਤਲਬ ਇਹ ਨਹੀਂ ਸੀ ਕਿ ਚੰਦਰਮਾ ਹੀ ਸਾਨੂੰ ਹੋਰ ਬੱਚੇ ਭੇਜੇ। ਮੈਂ ਸੋਚਦੀ ਹਾਂ ਕਿ ਹੁਣ ਤੁਹਾਡੇ ਕੋਲ ਕਾਫੀ ਪੈਸਾ ਹੈ। ਇਹ ਪੱਕੀ ਗੱਲ ਹੈ ਕਿ ਹੁਣ ਮੁਖੀਆ ਪਿੰਡ ਦੇ ਯਤੀਮ ਬੱਚੇ ਤੁਹਾਨੂੰ ਗੋਦ ਲੈਣ ਤੋਂ ਇਨਕਾਰ ਨਹੀਂ ਕਰਨਗੇ। ਉਨ੍ਹਾਂ ਯਤੀਮਾਂ ਨੂੰ ਇਕ ਚੰਗਾ ਘਰ ਤੇ ਚੰਗੇ ਮਾਂ-ਬਾਪ ਮਿਲ ਜਾਣਗੇ ਤੇ ਇਸ ਧਰਤੀ ਦੇ ਰੀਤੀ-ਰਿਵਾਜਾਂ ਅਨੁਸਾਰ, ਤੁਹਾਡੇ ਘਰ ਪੋਤਰੇ-ਪੋਤਰੀਆਂ ਤੇ ਦੋਹਤੇ-ਦੋਹਤਰੀਆਂ ਵੀ ਖੇਡਣਗੇ। ਫੇਰ ਇਸ ਨਾਲ ਸਾਡੇ ਬਜ਼ੁਰਗਾਂ ਨੂੰ ਕੋਈ ਫਰਕ ਨਹੀਂ ਪਏਗਾ, ਭਾਵੇਂ ਮੇਰੇ ਵਿਆਹ ਤੋਂ ਬਾਅਦ ਮੇਰੇ ਬੱਚੇ, ਚੰਦਰਮਾ ’ਤੇ ਹੀ ਜਨਮ ਲੈਣ। ਬਜ਼ੁਰਗਾਂ ਦੀਆਂ ਰੂਹਾਂ ਤ੍ਰਿਪਤ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਬੱਚਿਆਂ ਨਾਲ ਤੁਹਾਡਾ ਘਰ ਹਮੇਸ਼ਾ ਹੱਸਦਾ-ਵੱਸਦਾ ਰਹੇਗਾ। ਮੇਰੇ ਜਾਣ ਤੋਂ ਬਾਅਦ ਵੀ ਤੁਸੀਂ ਇਕੱਲਤਾ ਮਹਿਸੂਸ ਨਹੀਂ ਕਰੋਗੇ।’’
ਚੰਦਰਕਾਂਤਾ ਦੇ ਮਾਤਾ-ਪਿਤਾ ਬੱਚੀ ਦੇ ਸਿਆਣਪ ਭਰੇ ਸੁਝਾਅ ਤੋਂ ਦੰਗ ਹੋ ਗਏ ਤੇ ਉਸ ਵੱਲ ਦੇਖਣ ਲੱਗੇ। ਉਨ੍ਹਾਂ ਨੂੰ ਇਹ ਖਿਆਲ ਕਦੀ ਸੁੱਝਿਆ ਹੀ ਨਹੀਂ ਸੀ। ਚੰਦਰਕਾਂਤਾ ਦਾ ਪਿਤਾ ਕਹਿਣ ਲੱਗਾ, ‘‘ਜਦੋਂ ਚੰਦਰਮਾ ਨੇ ਸਾਨੂੰ ਇਹ ਕਿਹਾ ਸੀ ਕਿ ਇਨ੍ਹਾਂ ਸਾਲਾਂ ਦੌਰਾਨ, ਹਰ ਕੰਮ ਸਿਆਣਪ ਨਾਲ ਕਰਨਾ, ਸ਼ਾਇਦ ਉਸ ਦਾ ਮਤਲਬ ਵੀ ਇਹੋ ਹੀ ਸੀ।’’ ਚੰਦਰਕਾਂਤਾ ਦੀ ਮਾਂ-ਬੋਲੀ, ‘‘ਹਾਂ, ਇਹੀ ਮਤਲਬ ਹੋਏਗਾ। ਸਾਡੇ ਕੋਲ ਏਨੀਆਂ ਖੁਸ਼ੀਆਂ ਆ ਗਈਆਂ, ਏਨਾ ਪੈਸਾ ਆ ਗਿਆ ਪਰ ਅਸੀਂ ਇਸ ਦੇ ਬਦਲੇ ਕੋਈ ਖਾਸ ਕੰਮ ਨਹੀਂ ਕੀਤਾ। ਮੈਂ ਕੱਲ੍ਹ ਹੀ ਮੁਖੀਆ ਕੋਲ ਜਾਵਾਂਗੀ।’’
ਮੁਖੀਏ ਨੂੰ ਉਨ੍ਹਾਂ ਦਾ ਇਹ ਕੰਮ ਕਰਨ ਵਿਚ ਖੁਸ਼ੀ ਹੋਈ। ਉਸ ਨੇ ਉਨ੍ਹਾਂ ਨੂੰ ਤਿੰਨ ਲੜਕੇ ਤੇ ਦੋ ਲੜਕੀਆਂ ਗੋਦ ਲੈਣ ਦੀ ਇਜਾਜ਼ਤ ਦੇ ਦਿੱਤੀ, ਜਿਨ੍ਹਾਂ ਨੂੰ ਉਨ੍ਹਾਂ ਓਨੇ ਪਿਆਰ ਨਾਲ ਹੀ ਪਾਲਿਆ ਜਿੰਨੇ ਪਿਆਰ ਨਾਲ ਉਨ੍ਹਾਂ ਚੰਦਰਕਾਂਤਾ ਨੂੰ ਪਾਲਿਆ-ਪੋਸਿਆ ਸੀ। ਜਦੋਂ ਚੰਦਰਕਾਂਤਾ ਅਠਾਰਾਂ ਸਾਲਾਂ ਦੀ ਹੋਈ ਤਾਂ ਉਸ ਦੇ ਮਾਤਾ-ਪਿਤਾ ਨੇ ਸਾਰੇ ਪਿੰਡ ਵਾਸੀਆਂ ਨੂੰ ਚੰਦਰਕਾਂਤਾ ਦੇ ਜਨਮ ਦਿਨ ਦੀ ਪਾਰਟੀ ਦਾ ਸੱਦਾ ਭੇਜਿਆ। ਸਾਰਾ ਘਰ ਬੜਾ ਸਜਾਇਆ ਗਿਆ। ਵੱਡੇ ਸਾਰੇ ਵਿਹੜੇ ਵਿਚ ਸੁਨਹਿਰੀ ਲਾਲਟੈਨਾਂ ਜਗਾਈਆਂ ਗਈਆਂ। ਦਰੱਖਤਾਂ ਨੂੰ ਰੰਗ-ਬਿਰੰਗੇ ਲਿਸ਼ਕਦੇ ਕਾਗਜ਼ਾਂ ਨਾਲ ਲਿਸ਼ਕਾਇਆ ਗਿਆ। ਵਧੀਆ ਸੰਗੀਤਕਾਰ ਬੁਲਾਏ ਗਏ ਤੇ ਉਹ ਸਾਜ਼ਾਂ ’ਤੇ ਪਿਆਰੀਆਂ-ਪਿਆਰੀਆਂ ਧੁਨਾਂ ਵਜਾਉਣ ਲੱਗੇ। ਮੇਜ਼ਾਂ ਉਪਰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸੇ ਗਏ।
ਅੱਧੀ ਰਾਤ ਨੂੰ ਜਦੋਂ ਪਾਰਟੀ ਚੱਲ ਰਹੀ ਸੀ, ਚੰਦਰਮਾ ਬੜੀ ਤੇਜ਼ੀ ਨਾਲ ਚਮਕਿਆ ਤੇ ਉਸ ’ਚੋਂ ਚੰਦ ਦੀ ਇਕ ਰਿਸ਼ਮ ਨਿਕਲ ਕੇ, ਵਿਹੜੇ ’ਚ ਦਾਖਲ ਹੋ ਗਈ। ਉਹ ਏਧਰ-ਉਧਰ ਘੁੰਮਦੀ ਰਹੀ ਤੇ ਅਖੀਰ ਚੈਰੀ ਦੇ ਦਰੱਖਤ ’ਤੇ ਬੈਠ ਗਈ। ਇਸ ਰਿਸ਼ਮ ਵਿਚ ਕੁਝ ਕੂਲੇ-ਕੂਲੇ ਤੇ ਧੁੰਦਲੇ ਜਿਹੇ ਆਕਾਰ ਤੁਰਦੇ ਹੋਏ ਜਾਪੇ। ਪਹਿਲਾਂ ਇਹ ਕੁਝ ਦੂਰ-ਦੂਰ ਸਨ, ਫਿਰ ਨੇੜੇ-ਨੇੜੇ ਹੁੰਦੇ ਗਏ। ਪਿੰਡ ਦੇ ਲੋਕ ਭੈਭੀਤ ਹੋ ਕੇ ਸਭ ਕੁਝ ਦੇਖ ਰਹੇ ਸਨ। ਹੌਲੀ-ਹੌਲੀ ਇਹ ਆਕਾਰ, ਸੱਚੀਂ-ਮੁੱਚੀਂ ਮਨੁੱਖਾਂ ਵਰਗੇ ਜਾਪਣ ਲੱਗ ਪਏ ਤੇ ਹੌਲੀ-ਹੌਲੀ ਚੰਦਰਮਾ ਦੇ ਲੋਕ ਉਸ ਚੰਦ ਦੀ ਰਿਸ਼ਮ ਵਿਚੋਂ ਨਿਕਲ ਕੇ ਬਾਹਰ ਆ ਗਏ। ਹਰ ਕੋਈ ਉਨ੍ਹਾਂ ਵਿਚੋਂ ਚਾਂਦੀ ਰੰਗੇ ਘੋੜੇ ’ਤੇ ਸੁਆਰ ਸੀ। ਉਹ ਬੜੇ ਖੁਸ਼ ਸਨ ਤੇ ਹਰ ਕਿਸੇ ਨੇ ਚੰਦਰਕਾਂਤਾ ਵਰਗੇ ਸੁਹਣੇ ਕੱਪੜੇ ਪਾਏ ਹੋਏ ਸਨ। ਔਰਤਾਂ ਨੇ ਕਢਾਈ ਵਾਲੇ ਰੇਸ਼ਮੀ ਕਿਮੀਨੋ ਪਹਿਨੇ ਹੋਏ ਸਨ ਤੇ ਆਦਮੀਆਂ ਨੇ ਸਿਪਾਹੀਆਂ ਵਰਗੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ। ਉਹ ਪਿੰਡ ਦੇ ਲੋਕਾਂ ਨਾਲ ਮਿਲ-ਜੁਲ ਕੇ, ਨੱਚਣ, ਗਾਉਣ, ਖਾਣ-ਪੀਣ ਤੇ ਹੱਸਣ, ਹਸਾਉਣ ਲੱਗੇ। ਇੰਜ ਜਾਪਦਾ ਸੀ ਕਿ ਜਿਵੇਂ ਸਾਰੇ ਇਕ ਦੂਜੇ ਨੂੰ ਚਿਰਾਂ ਤੋਂ ਜਾਣਦੇ ਹੋਣ। ਪਿੰਡ ਵਾਲੇ, ਜੋ ਕੁਝ ਚਿਰ ਪਹਿਲਾਂ ਡਰ ਗਏ ਸਨ, ਉਹ ਹੁਣ ਪੂਰੀ ਤਰ੍ਹਾਂ ਉਨ੍ਹਾਂ ਨਾਲ ਮਿਲ ਕੇ ਖੁਸ਼ੀ ਮਨਾ ਰਹੇ ਸਨ।
ਕੁਝ ਚਿਰ ਬਾਅਦ, ਇਕ ਨੌਜਵਾਨ ਨੇ ਇਕ ਘੋੜੇ ਦੀਆਂ ਵਾਗਾਂ ਫੜੀਆਂ ਤੇ ਉਹ ਕੁਝ ਦੂਰ ਫਾਸਲੇ ’ਤੇ ਖੜ੍ਹਾ ਹੋ ਗਿਆ। ਚੰਦਰਕਾਂਤਾ ਨੇ ਉਸ ਵੱਲ ਦੇਖਿਆ ਤਾਂ ਉਸ ਨੂੰ ਜਾਪਿਆ ਕਿ ਇਹ ਨੌਜੁਆਨ ਸਾਰੇ ਲੋਕਾਂ ਤੋਂ ਸੁਹਣਾ ਹੈ, ਸੋ ਉਹ ਉਸ ਵੱਲ ਦੇਖ ਕੇ ਮੁਸਕਰਾ ਪਈ। ਨੌਜੁਆਨ ਵੀ ਉਸ ਦੀ ਮੁਸਕੁਰਾਹਟ ’ਤੇ ਖੁਸ਼ ਹੋਇਆ ਤੇ ਮੁਸਕੁਰਾਹਟ ਦਾ ਜੁਆਬ ਦਿੱਤਾ। ਫੇਰ ਉਹ ਚੰਦਰਕਾਂਤਾ ਤੇ ਉਸ ਦੇ ਮਾਂ-ਬਾਪ ਵੱਲ ਝੁਕਿਆ ਤੇ ਕਿਹਾ, ‘‘ਚੰਦਰਕਾਂਤਾ, ਇਹ ਘੋੜਾ ਤੇਰਾ ਹੈ, ਉਹੀ ਘੋੜਾ, ਜਿਹੜਾ ਤੈਨੂੰ ਇਥੇ ਲੈ ਕੇ ਆਇਆ ਸੀ। ਇਹ ਮੇਰੇ ਤਬੇਲੇ ਵਿਚ ਰਹਿੰਦਾ ਹੈ ਤੇ ਤੇਰੀ ਵਾਪਸੀ ਦੀ ਉਡੀਕ ਕਰ ਰਿਹਾ ਹੈ ਅਤੇ ਅੱਜ ਮੈਂ ਇਸ ’ਤੇ ਬੈਠ ਕੇ ਤੇਰੇ ਕੋਲ ਆਇਆ ਹਾਂ। ਕੀ ਤੂੰ ਮੇਰੇ ਨਾਲ ਇਸ ਘੋੜੇ ’ਤੇ ਬੈਠ ਕੇ ਚੰਦਰਮਾ ’ਤੇ ਵਾਪਸ ਚੱਲੇਂਗੀ? ਏਸ ਵਿਚ ਮੈਨੂੰ ਮਾਣ ਮਹਿਸੂਸ ਹੋਏਗਾ।’’
ਚੰਦਰਕਾਂਤਾ ਫੇਰ ਮੁਸਕੁਰਾਈ। ਹੁਣ ਉਸ ਨੂੰ ਜਾਪਿਆ ਕਿ ਇਸ ਦੇ ਸਾਥ ਵਿਚ ਚੰਦਰਮਾ ’ਤੇ ਜਾਣਾ ਸ਼ਾਇਦ ਏਨਾ ਦੁਖਦਾਈ ਨਹੀਂ ਸੀ, ਜਿੰਨਾ ਉਹ ਸੋਚਦੀ ਸੀ। ਉਸ ਦੇ ਮਾਤਾ-ਪਿਤਾ ਵੀ ਮੁਸਕਰਾਏ। ਉਹ ਉਦਾਸ ਵੀ ਸਨ ਪਰ ਉਨ੍ਹਾਂ ਨੂੰ ਇਹ ਸੋਚ ਕੇ ਤਸੱਲੀ ਸੀ ਕਿ ਉਨ੍ਹਾਂ ਦੀ ਬੇਟੀ ਚੰਦਰਕਾਂਤਾ ਲਈ ਇਸ ਤੋਂ ਚੰਗਾ ਪਤੀ ਕੋਈ ਹੋ ਹੀ ਨਹੀਂ ਸੀ ਸਕਦਾ। ਚੰਦਰਕਾਂਤਾ ਨੇ ਬਰਫ ਵਰਗੇ ਚਿੱਟੇ ਘੋੜੇ ਦੇ ਸਿਰ ’ਤੇ ਹੱਥ ਰੱਖਿਆ ਤੇ ਉਸ ਨੇ (ਘੋੜੇ ਨੇ) ਆਪਣਾ ਨੱਕ ਪਿਆਰ ਨਾਲ ਚੰਦਰਕਾਂਤਾ ਦੇ ਸਿਰ ਨਾਲ ਰਗੜਿਆ। ਫੇਰ ਚੰਦਰਮਾ ਦੀ ਆਵਾਜ਼ ਵਿਹੜੇ ਵਿਚ ਆਈ, ‘‘ਮੇਰੇ ਦੋਸਤੋ, ਤੁਸੀਂ ਇਨ੍ਹਾਂ ਸਾਰੇ ਸਾਲਾਂ ਦੌਰਾਨ ਸਿਆਣਪ ਤੋਂ ਕੰਮ ਲਿਆ ਹੈ। ਤੁਸੀਂ ਜ਼ਰੂਰਤਮੰਦ ਬੱਚਿਆਂ ਦੀ ਮੱਦਦ ਕੀਤੀ ਹੈ ਤੇ ਕਈਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ। ਤੁਸੀਂ ਉਨ੍ਹਾਂ ਵਿਚ ਆਪਣਾ ਪਿਆਰ ਤੇ ਪੈਸਾ ਵੰਡਿਆ ਹੈ। ਇਸ ਦੇ ਬਦਲੇ ਵਿਚ, ਤੁਸੀਂ ਆਪਣੀ ਪੁੱਤਰੀ ਚੰਦਰਕਾਂਤਾ ਕੋਲੋਂ ਹਮੇਸ਼ਾ ਲਈ ਨਹੀਂ ਵਿਛੜ ਰਹੇ। ਹਰ ਸਾਲ, ਆਪਣੇ ਜਨਮਦਿਨ ਵਾਲੇ ਦਿਨ ਇਹ ਆਪਣੇ ਪਤੀ ਤੇ ਬੱਚਿਆਂ ਨਾਲ ਤੁਹਾਡੇ ਕੋਲ ਕੁਝ ਸਮਾਂ ਰਹਿਣ ਲਈ ਆਇਆ ਕਰੇਗੀ। ਇਸ ਤਰ੍ਹਾਂ ਜਾਪੇਗਾ ਜਿਵੇਂ ਤੁਹਾਡੀ ਬੇਟੀ ਕਿਸੇ ਦੂਸਰੇ ਪਿੰਡ ਵਿਚ, ਇਕ ਚੰਗੇ ਪਰਿਵਾਰ ਵਿਚ ਵਿਆਹੀ ਗਈ ਹੈ।’’
ਇਸ ਤਰ੍ਹਾਂ ਜਨਮ ਦਿਨ ਪਾਰਟੀ, ਇਕ ਵਿਆਹ-ਪਾਰਟੀ ਵਿਚ ਬਦਲ ਗਈ। ਇਹ ਅਜਿਹੀ ਵਧੀਆ ਪਾਰਟੀ ਸੀ, ਜਿਸ ਬਾਰੇ ਕਦੀ ਪਿੰਡ ਵਾਲਿਆਂ ਨੇ ਕਲਪਨਾ ਵੀ ਨਹੀਂ ਸੀ ਕੀਤੀ। ਚੰਦ ਦੇ ਲੋਕ ਇਹ ਮੌਕਾ ਹੋਰ ਵੀ ਸ਼ਾਨਦਾਰ ਬਨਾਉਣ ਲਈ, ਹਰ ਕਿਸੇ ਨੂੰ ਕੋਈ ਨਾ ਕੋਈ ਕੀਮਤੀ ਤੋਹਫਾ ਦੇ ਰਹੇ ਸਨ। ਸਾਰੇ ਲੋਕ ਹੈਰਾਨ ਤੇ ਖੁਸ਼ ਸਨ। ਇਹੋ ਜਿਹੇ ਸੁਆਦੀ ਖਾਧ-ਪਦਾਰਥ ਵਰਤ ਰਹੇ ਸਨ, ਜਿਨ੍ਹਾਂ ਬਾਰੇ ਪਿੰਡ ਦੇ ਲੋਕਾਂ ਨੇ ਕਦੀ ਸੁਣਿਆ ਵੀ ਨਹੀਂ ਸੀ। ਚੰਦ ਦੀ ਚਾਨਣੀ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ, ਰੇਸ਼ਮੀ ਕੱਪੜੇ ਤੇ ਗਹਿਣੇ ਚਮਕ ਰਹੇ ਸਨ। ਪਾਰਟੀ ਸਾਰੀ ਰਾਤ ਹੀ ਚੱਲਦੀ ਰਹੀ। ਸਵੇਰ ਹੋਣ ਤੋਂ ਪਹਿਲਾਂ ਚੰਦ ਦੇ ਲੋਕ ਆਪਣੇ ਘੋੜਿਆਂ ’ਤੇ ਬੈਠ ਗਏ ਤੇ ਉਪਰ ਅਸਮਾਨ ਵਿਚ ਉੱਡਣ ਲੱਗ ਪਏ। ਚੰਦਰਕਾਂਤਾ ਵੀ ਆਪਣੇ ਘੋੜੇ ’ਤੇ ਆਪਣੇ ਲਾੜੇ ਦੇ ਨਾਲ ਬੈਠ ਗਈ। ਹੁਣ ਚੰਦਰਕਾਂਤਾ ਤੇ ਉਸ ਦੇ ਮਾਂ-ਬਾਪ ਦੇ ਮਨਾਂ ਵਿਚ ਵਿਛੋੜੇ ਦੀ ਉਦਾਸੀ ਤਾਂ ਜ਼ਰੂਰ ਸੀ ਪਰ ਇਹ ਉਦਾਸੀ ਉਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀ ਹਮੇਸ਼ਾ ਲਈ ਵਿਛੋੜੇ ਵਾਲੀ ਉਦਾਸੀ ਹੁੰਦੀ ਹੈ। ਹੁਣ ਏਸ ਉਦਾਸੀ ਵਿਚ ਇਹ ਵੀ ਉਮੀਦ ਸੀ ਕਿ ਚੰਦਰਕਾਂਤਾ ਹਰ ਸਾਲ ਆਪਣੇ ਮਾਂ-ਬਾਪ ਕੋਲ ਆਪਣੇ ਪਤੀ ਤੇ ਬੱਚਿਆਂ ਨਾਲ ਆਇਆ ਕਰੇਗੀ। ਸੋ ਚੰਦਰਕਾਂਤਾ ਦੇ ਮਾਂ-ਬਾਪ ਆਪਣੀ ਬੇਟੀ ਨੂੰ ਉਸ ਦੇ ਲਾੜੇ ਦੇ ਨਾਲ ਬੈਠੀ ਹੋਈ ਨੂੰ ਤੇ ਹੱਥ ਹਿਲਾਉਂਦੀ ਨੂੰ ਦੇਖ ਰਹੇ ਸਨ ਤੇ ਹੱਥ ਹਿਲਾ ਰਹੇ ਸਨ। ਉਹ ਓਨਾ ਚਿਰ ਇਵੇਂ ਹੀ ਕਰਦੇ ਰਹੇ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੀ ਬੇਟੀ ਦਿਖਾਈ ਦਿੰਦੀ ਰਹੀ। ਜਿਉਂ ਹੀ ਉਹ ਮੁੜੇ ਤੇ ਉਨ੍ਹਾਂ ਧਰਤੀ ਵੱਲ ਨਜ਼ਰ ਮਾਰੀ ਤਾਂ ਉਹ ਚੰਦਰਮਾ ਵੱਲੋਂ ਦਿੱਤੇ ਇਕ ਹੋਰ ਤੋਹਫੇ ਵੱਲ ਹੈਰਾਨੀ ਨਾਲ ਦੇਖਣ ਲੱਗੇ। ਇਕ ਚੈਰੀ ਦੇ ਦਰੱਖਤ ਦੇ ਥੱਲੇ ਚੰਦ ਵੱਲੋਂ ਇਕ ਘੋੜਾ ਤੇ ਇਕ ਘੋੜੀ ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੇ ਗਏ ਸਨ ਤੇ ਉਹ ਚੜ੍ਹਦੇ ਸੂਰਜ ਦੀ ਰੌਸ਼ਨੀ ਵਿਚ ਚਾਂਦੀ ਵਾਂਗ ਚਮਕ ਰਹੇ ਸਨ।
(ਬਲਰਾਜ ਧਾਰੀਵਾਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ