Chhutkara (Punjabi Story) : S. Saki

ਛੁਟਕਾਰਾ (ਕਹਾਣੀ) : ਐਸ ਸਾਕੀ

ਦਫ਼ਤਰ ਵਿੱਚ ਉਹ ਮੇਰੇ ਸਾਹਮਣੇ ਜ਼ਮੀਨ ’ਤੇ ਬੈਠ ਗਿਆ। ਕਾਗਜ਼ ’ਤੇ ਕੁਝ ਲਿਖਦਿਆਂ ਮੇਰੀ ਨਜ਼ਰ ਉਸ ਵੱਲ ਚਲੀ ਗਈ। ਮੈਂ ਉਸ ਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ।
‘‘ਨਹੀਂ ਸਾਹਿਬ, ਇੱਥੇ ਹੀ ਠੀਕ ਹੈ। ਅਸੀਂ ਇੱਥੇ ਜੋਗੇ ਹੀ ਹਾਂ।’’ ਉਹ ਬੋਲਿਆ, ਪਰ ਉਸ ਨੇ ਜੋ ਕਿਹਾ ਮੇਰੀ ਸਮਝ ਵਿੱਚ ਨਹੀਂ ਆਇਆ।
ਚਾਰ ਦਿਨ ਪਹਿਲਾਂ ਹੀ ਮੇਰੀ ਕਾਰਪੋਰੇਸ਼ਨ ਦੇ ਇਸ ਸਬ-ਆਫਿਸ ਵਿੱਚ ਬਦਲੀ ਹੋਈ ਸੀ। ਇਹ ਦਿੱਲੀ ਵਿੱਚ ਯਮਨਾ ਪਾਰ ਸ਼ਾਹਦਰਾ ਵਿੱਚ ਬਣਿਆ ਹੋਇਆ ਹੈ। ਆਫਿਸ ਵੀ ਕਾਹਦਾ, ਪੁਰਾਣਾ ਘਰ ਹੈ ਕਿਸੇ ਦਾ। ਚਾਰ ਕਮਰੇ ਨੇ ਉਸ ਵਿੱਚ। ਅੱਗੇ ਖੁੱਲ੍ਹੀ ਥਾਂ ਹੈ। ਉਸ ਵਿੱਚ ਨਿੰਮ ਦੇ ਦੋ ਵੱਡੇ ਰੁੱਖ ਉੱਗੇ ਹੋਏ ਹਨ ਜਿਨ੍ਹਾਂ ਦੇ ਪੱਤੇ ਅਕਸਰ ਹਰ ਮੌਸਮ ਵਿੱਚ ਖੁੱਲ੍ਹੀ ਥਾਂ ’ਤੇ ਡਿੱਗਦੇ ਰਹਿੰਦੇ ਹਨ। ਜਦੋਂ ਸ਼ਾਮੀਂ ਆਫਿਸ ਦੀ ਛੁੱਟੀ ਮਗਰੋਂ ਮੈਂ ਘਰ ਨੂੰ ਜਾਂਦਾ ਹਾਂ ਤਾਂ ਰੁੱਖਾਂ ’ਤੇ ਰਾਤ ਕੱਟਣ ਆਈਆਂ ਬਹੁਤ ਸਾਰੀਆਂ ਚਿੜੀਆਂ ਦੀ ਆਵਾਜ਼ ਸੁਣਾਈ ਪੈਂਦੀ ਹੈ। ਉਨ੍ਹਾਂ ਨੂੰ ਸੁਣ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਡੁੱਬਦੇ ਸੂਰਜ ਦਾ ਕੋਈ ਗੀਤ ਗਾ ਰਹੀਆਂ ਹੋਣ।
ਇਸ ਆਫਿਸ ਦੀ ਜ਼ਿੰਮੇਵਾਰੀ ਸ਼ਾਹਦਰਾ ਦੀਆਂ ਸੜਕਾਂ ਦੀ ਸਫ਼ਾਈ ਕਰਵਾਉਣਾ ਹੈ। ਨਾਲੀਆਂ, ਵੱਡੇ ਨਾਲੇ ਅਤੇ ਅੰਡਰ-ਗਰਾਊਂਡ ਸੀਵਰੇਜ ਨੂੰ ਸਾਫ਼ ਤੇ ਠੀਕ-ਠਾਕ ਰੱਖਣਾ ਹੈ। ਮੇਰੇ ਨਾਲ ਚਾਰ ਬਾਬੂ ਕੰਮ ਕਰਦੇ ਹਨ। ਸਾਡੇ ਆਫਿਸ ਅਧੀਨ ਕਈ ਦਰੋਗਾ ਆਉਂਦੇ ਹਨ। ਉਨ੍ਹਾਂ ਨੂੰ ਅਸੀਂ ਸ਼ਾਹਦਰਾ ਦੇ ਅੱਡ-ਅੱਡ ਖੇਤਰ ਵੰਡ ਕੇ ਦਿੱਤੇ ਹੋਏ ਹਨ। ਉਹ ਇਸ ਕੰਮ ਨੂੰ ਕਰਵਾਉਣ ਲਈ ਉਸ ਥਾਂ ’ਤੇ ਭੰਗੀਆਂ ਦੀ ਡਿਊਟੀ ਲਾਉਂਦੇ ਹਨ। ਉਨ੍ਹਾਂ ਦੀ ਹਾਜ਼ਰੀ ਲਾਉਂਦੇ ਹਨ। ਹਾਜ਼ਰੀ ਵਾਲੀਆਂ ਲਿਸਟਾਂ ਸਾਡੇ ਆਫਿਸ ਭੇਜਦੇ ਹਨ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀ ਤਨਖ਼ਾਹ ਬਣਦੀ ਹੈ। ‘‘ਸਾਹਿਬ, ਮੈਂ ਇਹ ਕਮਰਾ ਸਾਫ਼ ਕਰਨਾ ਹੈ। ਕੀ ਤੁਸੀਂ ਥੋੜ੍ਹੇ ਚਿਰ ਲਈ ਬਾਹਰ ਚਲੇ ਜਾਓਗੇ?’’ ਆਪਣੀ ਥਾਂ ਤੋਂ ਉੱਠ ਉਸ ਬੰਦੇ ਨੇ ਕਿਹਾ। ‘‘ਤੂੰ…?’’ ਮੈਂ ਉਸ ਕੋਲੋਂ ਪੁੱਛਿਆ।
‘‘ਮੈਂ ਮੰਗਲ ਹਾਂ ਸਾਹਿਬ, ਸਾਵਿਤਰੀ ਦਾ ਘਰ ਵਾਲਾ… ਜਿਹੜੀ…।’’
ਉਸ ਦੀ ਗੱਲ ਸੁਣ ਕੇ ਮੇਰੀ ਨਜ਼ਰ ਉਸ ਸ਼ਖ਼ਸ ਵੱਲ ਚਲੀ ਗਈ ਜਿਹੜਾ ਮਸਾਂ ਪੰਜ ਫੁੱਟ ਉੱਚਾ ਤੇ ਇਕਹਿਰੇ ਸਰੀਰ ਦਾ ਸੁਕੜੂ ਜਿਹਾ ਦਿਸਦਾ ਹੈ। ਜਿਸ ਨੇ ਮੈਲਾ ਕੁੜਤਾ ਪਜਾਮਾ ਪਹਿਨ ਰੱਖਿਆ ਹੈ। ਪੈਰਾਂ ਵਿੱਚ ਰਬੜ ਦੀ ਵੀ-ਸ਼ੇਪ ਚੱਪਲ ਹੈ।
ਇਸ ਦੇ ਨਾਲ ਹੀ ਮੈਨੂੰ ਉਹਦੀ ਪਤਨੀ ਸਾਵਿਤਰੀ ਦਾ ਖ਼ਿਆਲ ਆ ਗਿਆ। ਜਦੋਂ ਤੋਂ ਮੈਂ ਇੱਥੇ ਆਇਆ ਹਾਂ ਭਾਵ ਪਿਛਲੇ ਤਿੰਨ ਦਿਨਾਂ ਤੋਂ, ਆਫਿਸ ਦੇ ਚਾਰਾਂ ਕਮਰਿਆਂ ਅਤੇ ਬਾਹਰ ਖੁੱਲ੍ਹੀ ਥਾਂ ਦੀ ਸਫ਼ਾਈ ਕਰਨ ਉਹੀ ਆ ਰਹੀ ਹੈ। ਮੈਂ ਪਲਾਂ ਵਿੱਚ ਸਾਹਮਣੇ ਖੜ੍ਹੇ ਉਸ ਪੰਜ ਫੁੱਟ ਤੋਂ ਵੀ ਘੱਟ ਕੱਦ ਵਾਲੇ ਬੰਦੇ ਦੀ ਤੁਲਨਾ ਉਹਦੀ ਸੁਡੌਲ ਪਤਨੀ ਨਾਲ ਕਰਨ ਲੱਗਿਆ ਜਿਹੜੀ ਉਸ ਮਰਦ ਨਾਲੋਂ ਡੇਢ ਹੱਥ ਉੱਚੀ ਹੈ। ਸਰੀਰ ਤੋਂ ਇਉਂ ਜਿਵੇਂ ਪਹਾੜ ਦਾ ਟੁੱਟਿਆ ਇੱਕ ਵੱਡਾ ਟੁਕੜਾ ਹੋਵੇ ਜਿਸ ਹੇਠਾਂ ਪਹੀਏ ਲਾ ਦਿੱਤੇ ਹੋਣ ਤੇ ਉਹ ਪੱਥਰ ਹੱਥ ਵਿੱਚ ਝਾੜੂ ਫੜੀ ਆਪਣਾ ਕੰਮ ਕਰ ਰਿਹਾ ਹੋਵੇ।
ਮੈਂ ਵੇਖਿਆ ਮੰਗਲ ਅਜੇ ਵੀ ਮੇਰੇ ਸਾਹਮਣੇ ਖੜ੍ਹਾ ਸੀ।
‘‘ਹਾਂ… ਹਾਂ ਤੂੰ ਸਫ਼ਾਈ ਕਰ ਲੈ। ਪਰ ਅੱਜ ਤੇਰੀ ਘਰਵਾਲੀ ਕਿਉਂ ਨਹੀਂ ਆਈ?’’ ਇਸ ਤੋਂ ਪਹਿਲਾਂ ਕਿ ਉਹ ਆਪਣਾ ਕੰਮ ਸ਼ੁਰੂ ਕਰਦਾ, ਮੈਂ ਪੁੱਛਿਆ।
‘‘ਸਾਹਿਬ, ਉਸ ਨੂੰ ਤਿੰਨ ਦਿਨਾਂ ਤੋਂ ਬੁਖ਼ਾਰ ਚੜ੍ਹ ਰਿਹਾ ਹੈ। ਦੋ ਦਿਨ ਤਾਂ ਉਹ ਬੁਖ਼ਾਰ ਵਿੱਚ ਵੀ ਕੰਮ ਕਰਨ ਆਉਂਦੀ ਰਹੀ, ਪਰ ਅੱਜ ਮੈਂ…!’’ ਮੰਗਲ ਨੇ ਗੱਲ ਪੂਰੀ ਨਹੀਂ ਕੀਤੀ।
ਦੋ ਦਿਨਾਂ ਲਈ ਫਿਰ ਉਹੀ ਕੰਮ ਕਰਨ ਆਇਆ। ਉਹਦੀ ਪਤਨੀ ਨੇ ਛੁੱਟੀ ਰੱਖੀ।
‘‘ਬਈ ਤੂੰ ਕੋਈ ਕੰਮ ਵੀ ਕਰਦਾ ਹੈਂ?’’ ਇੱਕ ਦਿਨ ਮੈਂ ਉਸ ਨੂੰ ਪੁੱਛਿਆ।
‘‘ਕਰਦਾ ਹਾਂ ਸਾਹਿਬ। ਮੈਂ ਵੀ ਆਪ ਦੇ ਅਧੀਨ ਹਾਂ।’’
‘‘ਅੱਛਾ! ਪਰ ਤੇਰੀ ਡਿਊਟੀ ਕਿੱਥੇ ਲੱਗੀ ਹੋਈ ਹੈ?’’ ਮੈਂ ਉਸ ਨੂੰ ਪੁੱਛਿਆ।
‘‘ਅੰਡਰਗਰਾਊਂਡ ਸੀਵਰੇਜ ਦੀ ਸਫ਼ਾਈ ’ਤੇ ਲੱਗਿਆ ਹੋਇਆ ਹਾਂ।’’ ਉਹਦੀ ਗੱਲ ਸੁਣ ਕੇ ਮੈਂ ਸੋਚਣ ਲੱਗਿਆ ਕਿ ਇਹ ਤਾਂ ਬਹੁਤ ਔਖਾ ਕੰਮ ਕਰਦਾ ਹੈ। ਹੇਠਾਂ ਸੀਵਰੇਜ ਵਿੱਚ ਉਤਰਨਾ ਜਿਸ ਵਿੱਚ ਕਈ ਵਾਰੀ ਖ਼ਤਰਨਾਕ ਗੈਸ ਵੀ ਹੁੰਦੀ ਹੈ। ਤੇ ਫਿਰ ਹੇਠਾਂ ਗੰਦੇ ਪਾਣੀ ਵਿੱਚ ਖੜ੍ਹ ਕੇ ਬਾਲਟੀਆਂ ਭਰ ਕੂੜਾ ਬਾਹਰ ਖੜ੍ਹੇ ਬੰਦੇ ਨੂੰ ਫੜਾਉਣਾ। ਪਰ ਇਹ ਬੰਦਾ…!
‘‘ਬਈ ਮੰਗਲ, ਤੂੰ ਰਹਿੰਦਾ ਕਿੱਥੇ ਹੈਂ?’’ ਇਹ ਮੇਰਾ ਅਗਲਾ ਸਵਾਲ ਸੀ।
‘‘ਆਹ ਸਾਹਿਬ, ਦਫ਼ਤਰ ਤੋਂ ਅੱਗੇ ਜਿਹੜਾ ਤਿਕੋਣਾ ਪਾਰਕ ਹੈ, ਉੱਥੇ ਸਾਡੀ ਬਸਤੀ ਹੈ।’’
‘‘ਕਦੋਂ ਤੋਂ ਰਹਿ ਰਿਹਾ ਹੈਂ ਤੂੰ ਉੱਥੇ?’’
‘‘ਪਤਾ ਨਹੀਂ ਸਾਹਿਬ ਸਾਡੇ ਵਡੇਰਿਆਂ ਨੇ ਕਦੋਂ ਘਰ ਬਣਾਇਆ ਸੀ। ਸੁਣਨ ਵਿੱਚ ਆਉਂਦਾ ਹੈ ਕਿ ਸ਼ੁਰੂ ਵਿੱਚ ਦੋ ਭਰਾਵਾਂ ਨੇ ਇੱਥੇ ਪੰਜਾਹ-ਪੰਜਾਹ ਗਜ਼ ਥਾਂ ਲੈ ਕੇ ਘਰ ਬਣਾਏ ਸਨ। ਫਿਰ ਹੌਲੀ-ਹੌਲੀ ਸਾਡੀ ਬਿਰਾਦਰੀ ਦੇ ਹੋਰ ਬੰਦੇ ਇੱਥੇ ਆਉਂਦੇ ਰਹੇ। ਹੁਣ ਤਾਂ ਉੱਥੇ ਸਾਡੀ ਬਿਰਾਦਰੀ ਦੇ ਪੰਜ ਸੌ ਤੋਂ ਵੱਧ ਪਰਿਵਾਰ ਰਹਿੰਦੇ ਹਨ।’’
‘‘ਉਹ ਸਾਰੇ ਕੀ ਕੰਮ ਕਰਦੇ ਹਨ?’’ ਮੈਂ ਉਸ ਨੂੰ ਪੁੱਛਿਆ।
‘‘ਕੰਮ ਕੀ ਸਾਹਿਬ, ਉਹੀ ਜਿਹੜਾ ਪੀੜ੍ਹੀਆਂ ਤੋਂ ਸਾਡੇ ਜ਼ਿੰਮੇ ਲੱਗਿਆ ਹੋਇਆ ਹੈ। ਸਾਡੇ ਸਾਫ਼ ਕਰਨ ਲਈ ਸੜਕਾਂ ਹਨ, ਨਾਲੀਆਂ ਹਨ। ਸਾਡੇ ਸਾਫ਼ ਕਰਨ ਲਈ ਅੰਡਰਗਰਾਊਂਡ ਸੀਵਰੇਜ ਹਨ। ਇਨ੍ਹਾਂ ਦੀ ਸਫ਼ਾਈ ਕਰਦਿਆਂ ਸਾਡੇ ਵੱਡਿਆਂ ਦੀ ਉਮਰ ਲੰਘੀ ਹੋਣੀ, ਸਾਡੀ ਵੀ ਲੰਘ ਜਾਣੀ ਹੈ। ਹੁਣ ਸਾਨੂੰ ਆਉਣ ਵਾਲੀ ਪੀੜ੍ਹੀ ਦਾ ਫ਼ਿਕਰ ਰਹਿੰਦਾ ਹੈ, ਕਿਤੇ ਉਹ ਵੀ…!’’
‘‘ਲੈ ਮੰਗਲ ਹੁਣ ਕਾਹਦਾ ਫ਼ਿਕਰ। ਹੁਣ ਤਾਂ ਸਰਕਾਰ ਨੇ ਤੁਹਾਡੇ ਲਈ ਬਹੁਤ ਕੁਝ ਕਰ ਦਿੱਤਾ। ਤੁਹਾਡਾ ਨਾਂ ਤਕ ਬਦਲ ਦਿੱਤਾ। ਪਹਿਲੇ ਨਾਂ ਨਾਲ ਤਾਂ ਤੁਹਾਨੂੰ ਕੋਈ ਬੁਲਾ ਵੀ ਨਹੀਂ ਸਕਦਾ। ਜੇ ਕਿਤੇ ਗ਼ਲਤੀ ਨਾਲ ਕੋਈ ਬੁਲਾ ਵੀ ਲਵੇ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ।’’ ਮੈਂ ਉਹਦੀ ਗੱਲ ਕੱਟਦਿਆਂ ਕਿਹਾ।
‘‘ਸਾਹਿਬ, ਨਾਂ ਬਦਲਣ ਨਾਲ ਬੰਦੇ ਦੇ ਕਰਮ ਥੋੜ੍ਹਾ ਬਦਲ ਜਾਂਦੇ ਹਨ…?’’
ਮੈਨੂੰ ਉਸ ਦੀ ਗੱਲ ਤੋਂ ਜਾਪਿਆ ਜਿਵੇਂ ਉਹ ਆਪਣੇ ਅੰਦਰ ਇੱਕ ਅੱਗ ਸਾਂਭੀ ਬੈਠਾ ਹੈ। ਗੱਲ ਕਰਕੇ ਉਹ ਕੰਮ ਕਰਨ ਲਈ ਚਲਾ ਗਿਆ। ਉਸ ਕੋਲੋਂ ਅਜਿਹੀਆਂ ਬਾਤਾਂ ਸੁਣਨੀਆਂ ਮੈਨੂੰ ਚੰਗੀਆਂ ਲੱਗੀਆਂ।
ਹੁਣ ਮੁੜ ਉਹਦੀ ਪਤਨੀ ਕੰਮ ’ਤੇ ਆਉਣ ਲੱਗੀ ਸੀ। ਫਿਰ ਵੀ ਮਹੀਨੇ ਵਿੱਚ ਸਾਵਿਤਰੀ ਕਦੇ ਨਾ ਕਦੇ ਛੁੱਟੀ ਮਾਰ ਹੀ ਲੈਂਦੀ।
ਇੱਕ ਦਿਨ ਮੈਂ ਵੇਖਿਆ ਕਿ ਸਾਵਿਤਰੀ ਦੇ ਨਾ ਆਉਣ ਕਰਕੇ ਵਕਤ ਤੋਂ ਪਹਿਲਾਂ ਮੰਗਲ ਨੇ ਸਾਰੇ ਕਮਰੇ ਸਾਫ਼ ਕਰ ਦਿੱਤੇ ਸਨ। ਹੁਣ ਉਹ ਬਾਹਰ ਖੁੱਲ੍ਹੇ ਵਿੱਚ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ। ਕੰਮ ਮੁਕਾ ਕੇ ਉਹ ਮੇਰੇ ਆਫਿਸ ਵਿੱਚ ਆ ਮੈਨੂੰ ਹੱਥ ਜੋੜ ਜ਼ਮੀਨ ’ਤੇ ਬੈਠ ਗਿਆ।
‘‘ਹੋਰ ਬਈ ਮੰਗਲ, ਹੋ ਗਿਆ ਕੰਮ?’’
‘‘ਹਾਂ ਸਾਹਿਬ। ਅੱਜ ਪਤਨੀ ਨਹੀਂ ਆਈ। ਅਸਲ ਵਿੱਚ ਜਿਸ ਦਿਨ ਮੇਰੀ ਛੁੱਟੀ ਹੁੰਦੀ ਹੈ ਉਹਦਾ ਮਨ ਕਰਦਾ ਉਹਦੇ ਕੰਮ ਲਈ ਮੈਂ ਹੀ ਚਲਿਆ ਜਾਵਾਂ। ਉਸ ਨੂੰ ਇਹ ਸਭ ਕਰਨਾ ਚੰਗਾ ਨਹੀਂ ਲੱਗਦਾ। ਪਰ ਉਸ ਨੂੰ ਕਿਵੇਂ ਸਮਝਾਵਾਂ ਕਿ ਸਾਡੇ ਦੋਵਾਂ ਦੇ ਨੌਕਰੀ ਕਰਨ ’ਤੇ ਹੀ ਘਰ ਸੁਖਾਲਾ ਟੁਰੇਗਾ।’’
‘‘ਤੁਹਾਡਾ ਕੋਈ ਬੱਚਾ ਵੀ ਹੈ?’’ ਮੈਂ ਪੁੱਛਿਆ।
‘‘ਸਾਡੇ ਚਾਰ ਬੱਚੇ ਨੇ।’’
‘‘ਅੱਛਾ… ਕਿੰਨੇ ਵੱਡੇ ਨੇ? ਤੂੰ ਉਨ੍ਹਾਂ ਨੂੰ ਪੜ੍ਹਾਉਂਦਾ ਵੀ ਹੈਂ ਜਾਂ…?’’ ਇਹ ਕਹਿ ਮੈਂ ਉਸ ਵੱਲ ਵੇਖਣ ਲੱਗਾ।
‘‘ਸਾਹਿਬ, ਪੜ੍ਹਨ ਦਾ ਤਾਂ ਮੈਨੂੰ ਵੀ ਬਹੁਤ ਸ਼ੌਕ ਸੀ। ਜਦੋਂ ਮੈਂ ਦਸਵੀਂ ਪਾਸ ਕਰ ਲਈ ਤਾਂ ਪਿਤਾ ਜੀ ਨੇ ਸਕੂਲੋਂ ਹਟਾ ਲਿਆ।’’
‘‘ਸਕੂਲੋਂ ਹਟਾ ਲਿਆ…? ਪਰ ਕਿਉਂ…?’’ ਮੈਂ ਪੁੱਛਿਆ।
‘‘ਸਾਹਿਬ, ਪਿਤਾ ਜੀ ਦੀ ਸੋਚ ਹੋਰ ਸੀ, ਪਰ ਸੀ ਠੀਕ। ਉਹ ਕਹਿੰਦੇ ਤੂੰ ਤਾਂ ਪੜ੍ਹ ਕੇ ਵੀ ਸੜਕਾਂ ’ਤੇ ਝਾੜੂ ਹੀ ਮਾਰੇਂਗਾ, ਨਾਲੀਆਂ ਸਾਫ਼ ਕਰੇਂਗਾ। ਫਿਰ ਪੜ੍ਹਨ ਦੀ ਕੀ ਲੋੜ ਹੈ? ਇਹ ਕੰਮ ਤਾਂ ਅਨਪੜ੍ਹ ਬੰਦਾ ਵੀ ਕਰ ਸਕਦਾ ਹੈ।’’
‘‘ਪਰ ਤੇਰੀ ਸੋਚ…?’’ ਇਹ ਮੇਰਾ ਅਗਲਾ ਸਵਾਲ ਸੀ।
‘‘ਸਾਹਿਬ, ਮੇਰੀ ਸੋਚ ਵੱਖਰੀ ਹੈ। ਉਹ ਵਕਤ ਤਾਂ ਕਦੋਂ ਦਾ ਬੀਤ ਗਿਆ ਜਿਸ ਦੀ ਪਿਤਾ ਜੀ ਗੱਲ ਕਰਿਆ ਕਰਦੇ ਸਨ। ਜ਼ਰੂਰੀ ਨਹੀਂ ਕਿ ਬੰਦਾ ਪੜ੍ਹ ਕੇ ਝਾੜੂ ਹੀ ਫੜੇ। ਉਹ ਕਲਮ ਫੜ ਸਕਦਾ ਹੈ। ਉਹ ਫ਼ੌਜੀ ਬਣ ਕੇ ਬੰਦੂਕ ਫੜ ਸਕਦਾ ਹੈ।’’
‘‘ਕੀ ਤੂੰ ਆਪਣੇ ਬੱਚਿਆਂ ਨੂੰ ਪੜ੍ਹਾਏਂਗਾ?’’ ਮੈਂ ਪੁੱਛਿਆ।
‘‘ਹਾਂ ਸਾਹਿਬ, ਮੇਰੀਆਂ ਦੋ ਵੱਡੀਆਂ ਧੀਆਂ ਤੇ ਉਨ੍ਹਾਂ ਤੋਂ ਛੋਟੇ ਦੋ ਪੁੱਤ ਹਨ। ਮੇਰੀ ਵੱਡੀ ਧੀ ਸੀ.ਏ. ਫਾਈਨਲ ਯੀਅਰ ’ਚ ਹੈ। ਉਸ ਤੋਂ ਛੋਟੀ ਬੀ.ਐੱਸਸੀ. ਕਰ ਰਹੀ ਹੈ। ਮੇਰਾ ਵੱਡਾ ਪੁੱਤ ਸਕੂਲ ਦੇ ਆਖ਼ਰੀ ਵਰ੍ਹੇ ਵਿੱਚ ਪ੍ਰੀ-ਮੈਡੀਕਲ ’ਚ ਪੜ੍ਹ ਰਿਹਾ। ਉਹ ਸਕੂਲ ਦਾ ਟਾਪਰ ਹੈ। ਕਹਿੰਦਾ ਡਾਕਟਰ ਬਣਾਂਗਾ। ਛੋਟਾ ਵੀ ਪੜ੍ਹਾਈ ਵਿੱਚ ਬਹੁਤ ਚੰਗਾ ਹੈ।’’
ਮੰਗਲ ਦੀ ਇਹ ਗੱਲ ਸੁਣ ਕੇ ਆਫਿਸ ਦੀ ਖੁੱਲ੍ਹੀ ਥਾਂ ’ਤੇ ਝਾੜੂ ਮਾਰਨ ਵਾਲਾ ਉਹ ਬੰਦਾ ਪਲਾਂ ਵਿੱਚ ਮੇਰੇ ਸਾਹਮਣੇ ਇੱਕ ਇੱਜ਼ਤਦਾਰ ਬੰਦਾ ਬਣ ਗਿਆ। ਉਸ ਬਾਰੇ ਮੇਰੇ ਮਨ ਵਿੱਚ ਬਣੀ ਸੋਚ ਆਪੇ ਸ਼ਰਮਿੰਦਾ ਹੋ ਗਈ।
ਇਸ ਤੋਂ ਬਾਅਦ ਮੇਰੇ ਵਿੱਚ ਇੱਕ ਬਦਲਾਅ ਆ ਗਿਆ। ਹੁਣ ਜਦੋਂ ਕਦੇ ਮੰਗਲ ਕੰਮ ’ਤੇ ਆਉਂਦਾ ਤਾਂ ਮੈਂ ਉਸ ਨੂੰ ਜ਼ਬਰਦਸਤੀ ਕੁਰਸੀ ’ਤੇ ਬੈਠਣ ਲਈ ਕਹਿੰਦਾ ਸੀ। ਸਾਵਿਤਰੀ ਲਈ ਵੀ ਮੇਰੇ ਮਨ ਵਿੱਚ ਇੱਜ਼ਤ ਵਧ ਗਈ ਸੀ।
ਇੱਕ ਦਿਨ ਉਹ ਆਪਣੀ ਪਤਨੀ ਨਾਲ ਆਫਿਸ ਆਇਆ। ਮੈਂ ਦੋਵਾਂ ਨੂੰ ਇਕੱਠੇ ਵੇਖ ਥੋੜ੍ਹਾ ਹੈਰਾਨ ਜ਼ਰੂਰ ਹੋਇਆ। ਮੰਗਲ ਨੇ ਹੱਥ ਵਿੱਚ ਇੱਕ ਕਾਰਡ ਫੜਿਆ ਹੋਇਆ ਸੀ।
‘‘ਸਾਹਿਬ ਇਹ…।’’ ਕਾਰਡ ਮੈਨੂੰ ਫੜਾਉਂਦਿਆਂ ਉਸ ਨੇ ਕਿਹਾ।
‘‘ਸਾਹਿਬ, ਮੇਰਾ ਇੱਕ ਦੋਸਤ ਸੀ ਅਮਰ। ਉਸ ਦੀ ਧੀ ਦਾ ਵਿਆਹ ਹੈ। ਉਹ ਤਾਂ ਨਹੀਂ ਰਿਹਾ। ਤੁਸੀਂ ਜੇ ਵਿਆਹ ਵਿੱਚ ਆਵੋਗੇ ਤਾਂ ਬਹੁਤ ਚੰਗਾ ਲੱਗੇਗਾ। ਬਿਨਾਂ ਬਾਪ ਦੀ ਬੱਚੀ ਹੈ। ਵੱਡਿਆਂ ਦਾ ਆਸ਼ੀਰਵਾਦ ਮਿਲੇਗਾ, ਉਸ ਨੂੰ ਤੁਹਾਡੇ ਆਉਣ ’ਤੇ। ਤੁਸੀਂ ਸ਼ਾਇਦ ਸਾਡੇ ਲੋਕਾਂ ਦੇ ਵਿਆਹ ਵਿੱਚ ਆਉਣਾ ਪਸੰਦ ਨਾ ਕਰੋ। ਸਾਡੇ ਅਜਿਹੇ ਕਾਰਜਾਂ ਵਿੱਚ ਸਾਡੀ ਬਿਰਾਦਰੀ ਦੇ ਬੰਦੇ ਹੀ ਸੱਦੇ ਜਾਂਦੇ ਹਨ, ਪਰ…।’’
‘‘ਨਹੀਂ ਮੰਗਲ, ਤੁਸੀਂ ਵੱਖਰੇ ਲੋਕ ਕਿਵੇਂ ਹੋ? ਇਹ ਗੱਲ ਨਹੀਂ। ਮੈਂ ਵਕਤ ’ਤੇ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਤੁਸੀਂ ਕਿੰਨੇ ਪਿਆਰ ਨਾਲ ਬੁਲਾਉਣ ਆਏ ਹੋ।’’
ਮੰਗਲ ਤੇ ਸਾਵਿਤਰੀ ਕਾਰਡ ਦੇ ਕੇ ਚਲੇ ਗਏ। ਕਾਰਡ ਹੱਥ ਵਿੱਚ ਫੜੀ ਮੈਂ ਸੋਚ ਜਿਹੀ ਵਿੱਚ ਪੈ ਗਿਆ। ਵਿਆਹ ਵਿੱਚ ਜਾਣ ਜਾਂ ਨਾ ਜਾਣ ਦਾ ਫ਼ੈਸਲਾ ਕਰਨਾ ਔਖਾ ਲੱਗ ਰਿਹਾ ਸੀ।
ਪਰ ਫਿਰ ਮੰਗਲ ਕਰਕੇ ਮੈਂ ਜਾਣ ਦਾ ਮਨ ਬਣਾ ਲਿਆ। ਵਿਆਹ ਵਿੱਚ ਬਹੁਤ ਰੌਣਕ ਸੀ। ਖਾਣ-ਪੀਣ ਦਾ ਵਧੀਆ ਇੰਤਜ਼ਾਮ ਸੀ। ਮੰਗਲ ਤੇ ਸਾਵਿਤਰੀ ਮੈਨੂੰ ਬਹੁਤ ਪਿਆਰ ਤੇ ਇੱਜ਼ਤ ਨਾਲ ਮਿਲੇ। ਮੈਂ ਸ਼ਗਨ ਵਾਲਾ ਲਿਫ਼ਾਫ਼ਾ ਮੰਗਲ ਨੂੰ ਫੜਾ ਤੇ ਕੁਝ ਥੋੜ੍ਹਾ ਖਾ-ਪੀ ਕੇ ਘਰ ਮੁੜ ਆਇਆ। ਵਿਆਹ ਵਿੱਚ ਸ਼ਾਮਿਲ ਹੋਣਾ ਮੈਨੂੰ ਬਹੁਤ ਚੰਗਾ ਲੱਗਾ।
ਇੱਕ ਵਾਰੀ ਫਿਰ ਦੋ ਮਹੀਨੇ ਤੋਂ ਵੱਧ ਵਕਤ ਲੰਘ ਜਾਣ ’ਤੇ ਵੀ ਮੰਗਲ ਨਹੀਂ ਦਿਸਿਆ। ਸਾਵਿਤਰੀ ਆਉਂਦੀ ਤੇ ਕੰਮ ਕਰਕੇ ਚਲੀ ਜਾਂਦੀ। ਮੈਂ ਵੀ ਬਹੁਤਾ ਨਹੀਂ ਗੌਲਿਆ।
ਫਿਰ ਇੱਕ ਦਿਨ ਮੈਂ ਆਫਿਸ ਦੀ ਬਾਰੀ ਰਾਹੀਂ ਵੇਖਿਆ, ਉਹ ਬਾਹਰ ਖੁੱਲ੍ਹੇ ਵਿੱਚ ਝਾੜੂ ਨਾਲ ਸਫ਼ਾਈ ਕਰ ਰਿਹਾ ਸੀ।
ਕੰਮ ਮੁਕਾ ਕੇ ਉਹ ਮੇਰੇ ਸਾਹਮਣੇ ਆ ਜ਼ਮੀਨ ’ਤੇ ਬੈਠ ਗਿਆ। ਜਦੋਂ ਮੈਂ ਉਸ ਨੂੰ ਕੁਰਸੀ ’ਤੇ ਬੈਠਣ ਲਈ ਆਖਿਆ ਤਾਂ ਉਹ ਪਹਿਲਾਂ ਵਾਂਗ ਹੀ ਬੋਲਿਆ, ‘‘ਨਹੀਂ ਸਾਹਿਬ, ਇੱਥੇ ਹੀ ਠੀਕ ਹੈ। ਅਸੀਂ ਇੱਥੇ ਜੋਗੇ ਹੀ ਹਾਂ।’’ ਪਰ ਇਸ ਵਾਰੀ ਉਸ ਨੇ ਜੋ ਕਿਹਾ ਉਹ ਮੇਰੀ ਸਮਝ ਵਿੱਚ ਆ ਗਿਆ ਸੀ। ਜਦੋਂ ਉਸ ਨੇ ਇਹ ਆਖਿਆ ਤਾਂ ਮੇਰੀ ਨਜ਼ਰ ਅਚਾਨਕ ਉਹਦੇ ਚਿਹਰੇ ’ਤੇ ਚਲੀ ਗਈ। ਉਹ ਬਹੁਤ ਥੱਕਿਆ-ਥੱਕਿਆ ਲੱਗ ਰਿਹਾ ਸੀ ਜਿਵੇਂ ਕਿਤੇ ਮੁਸ਼ੱਕਤ ਦਾ ਕੰਮ ਕਰਕੇ ਆਇਆ ਹੋਵੇ।
‘‘ਕੀ ਗੱਲ ਬਈ ਮੰਗਲ ਸਭ ਠੀਕ ਤਾਂ ਹੈ? ਤੂੰ ਇਸ ਤਰ੍ਹਾਂ ਥੱਕਿਆ-
ਥੱਕਿਆ ਜਿਹਾ ਕਿਉਂ ਦਿਸ ਰਿਹਾ ਹੈਂ? ਤੂੰ ਇੰਨੇ ਦਿਨ ਆਇਆ ਕਿਉਂ ਨਹੀਂ?’’
‘‘ਸਾਹਿਬ ਇੱਕ ਬਹੁਤ ਮੁਸ਼ਕਿਲ ਹੈ। ਬਹੁਤ ਵੱਡੀ ਉਲਝਣ ਹੈ ਜਿਹੜੀ ਮੇਰੇ ਕੋਲੋਂ ਸੁਲਝਾਈ ਨਹੀਂ ਜਾਂਦੀ। ਬਹੁਤ ਸੋਚਦਾ ਹਾਂ। ਇਸ ਤਰ੍ਹਾਂ ਕਿਉਂ ਹੁੰਦਾ ਹੈ?’’
‘‘ਬਈ ਅਜਿਹਾ ਕੀ ਹੋ ਗਿਆ?’’ ਮੈਂ ਉਸ ਦੀ ਗੱਲ ਕੱਟ ਕੇ ਪੁੱਛਿਆ। ਕੁਝ ਚਿਰ ਰੁਕ ਉਹ ਦੱਸਣ ਲੱਗਾ, ‘‘ਜਦੋਂ ਸਾਹਿਬ, ਰਾਤੀਂ ਇੱਕ ਵਾਰ ਅੱਖ ਖੁੱਲ੍ਹ ਜਾਂਦੀ ਹੈ ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਅਗਲੇ ਦਿਨ ਫਿਰ ਕੰਮ ’ਤੇ ਤਾਂ ਜਾਣਾ ਹੀ ਹੁੰਦਾ ਹੈ। ਜਦੋਂ ਬੰਦੇ ਨੂੰ ਸਰੀਰਕ ਆਰਾਮ ਨਾ ਮਿਲੇ, ਮਨ ਨੂੰ ਚੈਨ ਨਾ ਮਿਲੇ, ਫਿਰ ਉਹ ਥੱਕਿਆ-ਥੱਕਿਆ…।’’
ਮੰਗਲ ਨੇ ਗੱਲ ਪੂਰੀ ਨਹੀਂ ਕੀਤੀ। ਉਸ ਨੇ ਬੋਲਣਾ ਬੰਦ ਕਰ ਦਿੱਤਾ। ਮੈਂ ਕਾਗਜ਼ ’ਤੇ ਲਿਖਣਾ ਛੱਡ ਕੁਰਸੀ ਦੀ ਢੋਅ ਨਾਲ ਪਿੱਠ ਲਗਾ ਲਈ ਅਤੇ ਲੱਤਾਂ ਪਸਾਰ ਆਰਾਮ ਨਾਲ ਬੈਠ ਕੇ ਪੁੱਛਿਆ, ‘‘ਬਈ ਅਜਿਹੀ ਕੀ ਮੁਸ਼ਕਿਲ ਹੈ ਜਿਹੜੀ ਦੂਰ ਨਹੀਂ ਹੋਈ?’’ ਇਹ ਆਖ ਮੈਂ ਉਹਦੇ ਬੋਲਣ ਦੀ ਉਡੀਕ ਕਰਨ ਲੱਗਾ।
ਕੁਝ ਚਿਰ ਪਤਾ ਨਹੀਂ ਕੀ ਸੋਚ ਉਹ ਆਪਣੀ ਮੁਸ਼ਕਿਲ ਬਾਰੇ ਦੱਸਣ ਲੱਗਾ, ‘‘ਸਾਹਿਬ, ਮੈਂ ਤੁਹਾਨੂੰ ਦੱਸਿਆ ਸੀ ਮੇਰੇ ਨਾਲ ਅਮਰ ਨਾਂ ਦਾ ਬੰਦਾ ਕੰਮ ਕਰਦਾ ਸੀ ਜਿਸ ਦੀ ਧੀ ਦੇ ਵਿਆਹ ਵਿੱਚ ਤੁਸੀਂ ਆਏ ਸੀ। ਸਾਡੀ ਕਾਲੋਨੀ ਵਿੱਚ ਉਹ ਮੇਰਾ ਪੱਕਾ ਦੋਸਤ ਸੀ। ਉਹ ਮੇਰੇ ਸਭ ਤੋਂ ਵੱਧ ਨੇੜੇ ਸੀ। ਸਾਡੇ ਘਰ ਉਹਦਾ ਆਉਣਾ-ਜਾਣਾ ਸੀ। ਉਸ ਦੀਆਂ ਦੋ ਧੀਆਂ ਸਨ ਜਿਹੜੀਆਂ ਵਿਆਹ ਕਾਬਲ ਹੋ ਗਈਆਂ ਸਨ। ਵੱਡੀ ਦੀ ਤਾਂ ਵਿਆਹ ਦੀ ਉਮਰ ਵੀ ਲੰਘ ਗਈ ਸੀ। ਅਮਰ ਨੇ ਬਹੁਤ ਮੁੰਡੇ ਵੇਖੇ, ਪਰ ਕਿਤੇ ਗੱਲ ਨਾ ਬਣੀ। ਮੁੰਡੇ ਵਾਲੇ ਦਾਜ ਦੀ ਮੰਗ ਕਰਦੇ ਜੋ ਉਸ ਦੇ ਵੱਸ ਨਹੀਂ ਸੀ। ਅਸੀਂ ਦੋਵੇਂ ਕਈ ਵਾਰੀ ਸਲਾਹ-ਮਸ਼ਵਰਾ ਕਰਦੇ, ਪਰ ਇਸ ਦਾ ਹੱਲ ਨਾ ਨਿਕਲਦਾ। ਉਹ ਅੱਖਾਂ ਨਮ ਕਰ ਲੈਂਦਾ। ‘ਸਭ ਠੀਕ ਹੋ ਜਾਵੇਗਾ ਅਮਰ, ਤੂੰ ਫ਼ਿਕਰ ਨਾ ਕਰ?’ ਸਾਹਿਬ, ਮੈਂ ਉਸ ਨੂੰ ਝੂਠਾ ਦਿਲਾਸਾ ਦਿੰਦਾ ਕਿਉਂਕਿ ਮੈਨੂੰ ਪਤਾ ਸੀ ਉਹ ਦਹੇਜ ਦਾ ਪ੍ਰਬੰਧ ਨਹੀਂ ਕਰ ਸਕੇਗਾ ਤੇ ਕੁਝ ਵੀ ਠੀਕ ਨਹੀਂ ਹੋਵੇਗਾ। ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਉਹ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸ ਨੂੰ ਛੋਟੀ ਤੋਂ ਛੋਟੀ ਗੱਲ ’ਤੇ ਗੁੱਸਾ ਵੀ ਬਹੁਤ ਆਉਂਦਾ। ਉਹ ਐਵੇਂ ਸੜਕ ’ਤੇ ਟੁਰਿਆ ਜਾਂਦਾ ਕਿਸੇ ਨਾਲ ਵੀ ਪੰਗਾ ਲੈ ਲੈਂਦਾ। ਦੋ ਸਾਲ ਪਹਿਲਾਂ ਦੀ ਗੱਲ ਹੈ। ਸ਼ਾਇਦ ਇਸ ਦਾ ਤੁਹਾਨੂੰ ਵੀ ਪਤਾ ਹੋਵੇ। ਇਹ ਨਵੀਂ ਦਿੱਲੀ ’ਚ ਵਾਪਰੀ ਘਟਨਾ ਹੈ। ਸਾਡੀ ਬਿਰਾਦਰੀ ਦੇ ਦੋ ਬੰਦੇ ਉੱਥੇ ਅੰਡਰ-ਗਰਾਊਂਡ ਸੀਵਰੇਜ ਦੀ ਸਫ਼ਾਈ ਕਰਨ ਲਈ ਹੇਠਾਂ ਉਤਰੇ ਸਨ, ਪਰ ਉਨ੍ਹਾਂ ਕੋਲੋਂ ਇੱਕ ਗ਼ਲਤੀ ਹੋ ਗਈ ਸੀ। ਮੇਨ ਹੋਲ ਦਾ ਢੱਕਣ ਖੋਲ੍ਹ ਉਨ੍ਹਾਂ ਅੰਦਰੋਂ ਜ਼ਹਿਰੀਲੀ ਗੈਸ ਬਾਹਰ ਨਹੀਂ ਕੱਢੀ। ਉਹ ਹੇਠਾਂ ਚਲੇ ਗਏ। ਜਦੋਂ ਕਾਫ਼ੀ ਚਿਰ ਬਾਹਰ ਨਾ ਨਿਕਲੇ ਤਾਂ ਬਾਹਰ ਖੜ੍ਹੇ ਬੰਦੇ ਨੇ ਉਨ੍ਹਾਂ ਦਾ ਨਾਂ ਲੈ ਆਵਾਜ਼ਾਂ ਮਾਰੀਆਂ, ਪਰ ਕੋਈ ਜਵਾਬ ਨਹੀਂ ਆਇਆ। ਫਿਰ ਫਾਇਰ ਬ੍ਰਿਗੇਡ ਵਾਲੇ ਸੱਦੇ ਗਏ। ਉਨ੍ਹਾਂ ਨੇ ਉਹ ਦੋ ਬੰਦੇ ਬਾਹਰ ਕੱਢੇ ਜਿਹੜੇ ਜ਼ਹਿਰੀਲੀ ਗੈਸ ਕਾਰਨ ਮਰ ਗਏ ਸਨ। ਸਾਡੀ ਬਿਰਾਦਰੀ ਨੇ ਖ਼ਾਸਾ ਰੌਲਾ ਪਾਇਆ ਤਾਂ ਸਰਕਾਰ ਨੇ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ ਦੇ ਕੇ ਗੱਲ ਹੀ ਮੁਕਾ ਦਿੱਤੀ। ਹਾਂ, ਮੈਂ ਤਾਂ ਤੁਹਾਨੂੰ ਅਮਰ ਦੀ ਗੱਲ ਦੱਸ ਰਿਹਾ ਸੀ। ਅਸੀਂ ਦੋਵੇਂ ਚੁੱਪ-ਚਾਪ ਰਹਿੰਦੇ। ਹੁਣ ਅਮਰ ਵੀ ਧੀਆਂ ਦੀ ਗੱਲ ਨਾ ਕਰਦਾ। ਕੰਮ ’ਤੇ ਪਹੁੰਚ ਕੇ ਮੈਂ ਹੀ ਸੀਵਰੇਜ ਵਿੱਚ ਉਤਰਦਾ। ਕੂੜੇ ਦੀਆਂ ਬਾਲਟੀਆਂ ਭਰ-ਭਰ ਅਮਰ ਨੂੰ ਫੜਾਉਂਦਾ ਜਾਂਦਾ। ਫਿਰ ਇੱਕ ਦਿਨ ਬਹੁਤ ਅਜੀਬ ਗੱਲ ਹੋਈ। ਸਾਨੂੰ ਆਫਿਸ ਤੋਂ ਪਤਾ ਲੱਗਾ ਕਿ ਅਸੀਂ ਨਵੀਨ ਸ਼ਾਹਦਰਾ ’ਚ ਬੰਦ ਪਏ ਇੱਕ ਸੀਵਰੇਜ ਨੂੰ ਖੋਲ੍ਹਣ ਜਾਣਾ ਹੈ ਜਿਹੜਾ ਇੱਕ ਨੇਤਾ ਦੇ ਏਰੀਏ ਵਿੱਚ ਪੈਂਦਾ ਸੀ। ਅਸੀਂ ਦੋਵੇਂ ਉੱਥੇ ਪਹੁੰਚ ਗਏ। ਕੁਝ ਚਿਰ ਮੇਨ ਹੋਲ ਦੇ ਬੰਦ ਢੱਕਣ ਕੋਲ ਬੈਠੇ ਗੱਲਾਂ ਕਰਦੇ ਰਹੇ। ਉਹਦੀਆਂ ਗੱਲਾਂ ਆਪਣੀਆਂ ਧੀਆਂ ਦੇ ਫ਼ਿਕਰ ਵਾਲੀਆਂ ਨਹੀਂ ਸਨ। ਗੱਲਾਂ ਬੰਦ ਕਰ ਅਸੀਂ ਕੰਮ ਕਰਨ ਬਾਰੇ ਸੋਚਿਆ। ਮੈਂ ਕੁੜਤਾ-ਪਜਾਮਾ ਲਾਹ ਕੇ ਸੀਵਰੇਜ ਵਿੱਚ ਉਤਰਨ ਦੀ ਤਿਆਰੀ ਕਰ ਲਈ। ਅਜੇ ਮੈਂ ਢੱਕਣ ਖੋਲ੍ਹ ਉਸ ਵਿੱਚੋਂ ਜ਼ਹਿਰੀਲੀ ਗੈਸ ਬਾਹਰ ਨਿਕਲਣ ਦਾ ਇੰਤਜ਼ਾਰ ਕਰਨ ਲੱਗਾ ਸੀ ਕਿ ਮੇਰੇ ਵੇਖਦਿਆਂ-ਵੇਖਦਿਆਂ ਅਮਰ ਨੇ ਕੱਪੜਿਆਂ ਸਮੇਤ ਪਲਾਂ ਵਿੱਚ ਉਸ ਵਿੱਚ ਛਾਲ ਮਾਰ ਦਿੱਤੀ। ਤਦੇ ਮੈਨੂੰ ਅਮਰ ਦੀ ਆਵਾਜ਼ ਸੁਣਾਈ ਦਿੱਤੀ ਜਿਹੜੀ ਜਿਵੇਂ ਚੀਕ ਬਣ ਮੇਰੇ ਤੀਕ ਪਹੁੰਚੀ ਸੀ। ਜਿਵੇਂ ਉਹ ਬਹੁਤ ਜ਼ੋਰ ਲਾ ਕੇ ਬੋਲਿਆ ਸੀ: ‘ਮੰਗਲ, ਪੰਜ ਲੱਖ ਰੁਪਏ ਨਾਲ ਤੂੰ ਮੇਰੀਆਂ ਦੋਵੇਂ ਧੀਆਂ ਦੇ ਵਿਆਹ ਕਰ ਦੇਵੀਂ। ਬਾਈ ਇਹ ਕੰਮ ਮੈਂ ਤੇਰੇ ਜ਼ਿੰਮੇ ਛੱਡ ਚੱਲਿਆ ਹਾਂ।’ ਇਸ ਤੋਂ ਬਾਅਦ ਉਹਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਸਾਰੀ ਗੱਲ ਸਮਝਦਿਆਂ ਮੈਨੂੰ ਪਲ ਵੀ ਨਹੀਂ ਲੱਗਾ। ਮੈਂ ਰੌਲਾ ਪਾਇਆ। ਚੀਕਾਂ ਮਾਰ-ਮਾਰ ਲੋਕ ਇਕੱਠੇ ਕਰ ਲਏ। ਫਿਰ ਫਾਇਰ-ਬ੍ਰਿਗੇਡ ਵਾਲੇ ਆਏ। ਉਨ੍ਹਾਂ ਨੇ ਅਮਰ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ। ਉਸ ਦੇ ਕੱਪੜੇ ਹੀ ਨਹੀਂ ਸਗੋਂ ਉਸ ਦਾ ਸਾਰਾ ਸਰੀਰ ਗੰਦ ਨਾਲ ਭਰਿਆ ਹੋਇਆ ਸੀ। ਉਹ ਮਰ ਗਿਆ ਸੀ। ਫਿਰ ਮੈਂ ਉਹਦੀ ਮ੍ਰਿਤਕ ਦੇਹ ਨੇੜੇ ਉਸ ਦੀ ਪਤਨੀ ਤੇ ਉਸ ਦੀਆਂ ਧੀਆਂ ਨੂੰ ਚੀਕਾਂ ਮਾਰਦਿਆਂ ਵੇਖਿਆ ਜਿਹੜੀਆਂ ਇਸ ਘਟਨਾ ਦੀ ਖ਼ਬਰ ਲੱਗਦਿਆਂ ਹੀ ਉੱਥੇ ਪਹੁੰਚ ਗਈਆਂ ਸਨ। ਮੈਂ ਸਮਝ ਨਹੀਂ ਸਕਿਆ ਕਿ ਮਜਬੂਰੀ ਨੇ ਇਸ ਅਣਹੋਣੀ ਦਾ ਰੂਪ ਕਿਉਂ ਧਾਰਨ ਕਰ ਲਿਆ ਸੀ ਤੇ ਪਿਉ ਦਾ ਫ਼ਰਜ਼ ਪੂਰਾ ਕਰਨ ਲਈ ਕਿਸੇ ਨੂੰ ਆਪਣੀ ਜਾਨ ਦੇਣੀ ਪਈ ਸੀ। ਦਿਨ ਲੰਘ ਜਾਣ ’ਤੇ ਸਰਕਾਰ ਵੱਲੋਂ ਉਹਦੇ ਪਰਿਵਾਰ ਨੂੰ ਪੰਜ ਲੱਖ ਰਪਏ ਮਿਲ ਗਏ ਸਨ ਤੇ ਉਨ੍ਹਾਂ ਪੈਸਿਆਂ ਨਾਲ ਮੈਂ…।’’
ਗੱਲ ਕਰਦਿਆਂ ਮੰਗਲ ਕੁਝ ਚਿਰ ਲਈ ਰੁਕ ਗਿਆ। ਕੁਰਸੀ ’ਤੇ ਬੈਠਾ ਮੈਂ ਤਾਂ ਜਿਵੇਂ ਸਿੱਲ ਬਣ ਗਿਆ। ਮੇਰੇ ਕੋਲੋਂ ਕੁਝ ਵੀ ਨਹੀਂ ਬੋਲਿਆ ਗਿਆ, ਪਰ ਮੰਗਲ ਨੇ ਫਿਰ ਅੱਗੋਂ ਗੱਲ ਸ਼ੁਰੂ ਕੀਤੀ, ‘‘ਸਾਹਿਬ, ਉਸ ਦੀ ਵੱਡੀ ਧੀ ਦਾ ਵਿਆਹ ਤਾਂ ਹੋ ਗਿਆ। ਅਜੇ ਵੀ ਬੈਂਕ ਵਿੱਚ ਇੰਨੇ ਪੈਸੇ ਹਨ ਕਿ ਦੂਜੀ ਦਾ ਵਿਆਹ ਕਰਕੇ ਵੀ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੈਸੇ ਬਚ ਜਾਣਗੇ। ਪਰ ਸਾਹਿਬ, ਪਿਛਲੇ ਮਹੀਨੇ ਤੋਂ ਮੈਨੂੰ ਸੁੱਤੇ ਪਏ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਜਿਵੇਂ ਚੀਕ ਬਣ ਕੇ ਕੂੜੇ ਤੇ ਗੰਦ ਨਾਲ ਭਰੇ ਸੀਵਰੇਜ ਵਿੱਚੋਂ ਬਾਹਰ ਨਿਕਲਦੀ ਹੈ। ਮੈਂ ਤਦੇ ਇਸ ਨੂੰ ਪਛਾਣ ਲੈਂਦਾ ਹਾਂ। ਇਹ ਆਵਾਜ਼ ਤਾਂ ਅਮਰ ਦੀ ਹੁੰਦੀ ਹੈ ਜਿਹੜਾ ਜਾਣ-ਬੁੱਝ ਕੇ ਸੀਵਰੇਜ ਵਿੱਚ ਡਿੱਗ ਪਿਆ ਸੀ, ਜਿਸ ਨੇ ਆਪਣੀਆਂ ਧੀਆਂ ਦੀ ਖ਼ੁਸ਼ੀ ਲਈ ਜਾਨ ਦੇ ਦਿੱਤੀ ਸੀ। ਉਹ ਚੀਕ ਸੁਣ ਕੇ ਡਰ ਨਾਲ ਮੇਰੀ ਅੱਖ ਖੁੱਲ੍ਹ ਜਾਂਦੀ ਹੈ। ਫਿਰ ਮੈਨੂੰ ਨੀਂਦ ਨਹੀਂ ਆਉਂਦੀ ਸਾਹਿਬ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਉਹ ਗੱਲ ਭੁੱਲ ਜਾਵਾਂ ਤੇ ਸੌਂ ਜਾਵਾਂ ਪਰ…। ਮੈਨੂੰ ਮੁੜ-ਮੁੜ ਅਮਰ ਦਾ ਖ਼ਿਆਲ ਆਉਂਦਾ ਰਹਿੰਦਾ ਹੈ। ਉਸ ਦੀ ਪਤਨੀ, ਉਸ ਦੀਆਂ ਧੀਆਂ ਚੀਕਾਂ ਮਾਰਦੀਆਂ ਦਿਸਦੀਆਂ ਹਨ। ਸਾਰੀ ਰਾਤ ਅੱਖਾਂ ਥਾਣੀ ਲੰਘ ਜਾਂਦੀ ਹੈ। ਜਦੋਂ ਮੈਂ ਸਵੇਰੇ ਮੰਜੇ ਤੋਂ ਉਠਦਾ ਹਾਂ ਤਾਂ ਬਹੁਤ ਥੱਕਿਆਂ ਹੁੰਦਾ ਹਾਂ। ਤੁਸੀਂ ਦੱਸੋਂ ਕਿਵੇਂ ਛੁਟਕਾਰਾ ਪਾਵਾਂ ਇਨ੍ਹਾਂ ਆਵਾਜ਼ਾਂ ਕੋਲੋਂ ਜਿਹੜੀਆਂ ਮੇਰਾ ਪਿੱਛਾ ਨਹੀਂ ਛੱਡਦੀਆਂ? ਮੈਂ ਕੀ ਕਰਾਂ ਸਾਹਿਬ?’’
ਮੰਗਲ ਦੀ ਗੱਲ ਮੁੱਕ ਗਈ।
ਮੈਂ ਅੱਖਾਂ ਬੰਦ ਕਰੀ ਅਜੇ ਵੀ ਕੁਰਸੀ ਦੀ ਢੋਅ ਦਾ ਸਹਾਰਾ ਲਈ ਚੁੱਪ ਬੈਠਾ ਸਾਂ। ਮੈਂ ਸੋਚ ਰਿਹਾ ਸੀ ਕਿ ਮੰਗਲ ਨੂੰ ਕੀ ਕਹਾਂ? ਕਿਵੇਂ ਛੁਟਕਾਰਾ ਦਿਵਾਵਾਂ ਇਨ੍ਹਾਂ ਚੀਕਾਂ ਕੋਲੋਂ ਉਸ ਨੂੰ?
ਇਹ ਸੋਚਦਿਆਂ ਤੇ ਅੱਖਾਂ ਬੰਦ ਕਰੀਂ ਬੈਠਿਆਂ ਪਤਾ ਨਹੀਂ ਮੈਨੂੰ ਕਿੰਨਾ ਹੀ ਚਿਰ ਲੰਘ ਗਿਆ।
ਕੁਝ ਚਿਰ ਬਾਅਦ ਮੈਂ ਅੱਖਾਂ ਖੋਲ੍ਹ ਕੇ ਕਮਰੇ ਵਿੱਚ ਵੇਖਿਆ ਤਾਂ ਉੱਥੇ ਮੈਨੂੰ ਮੰਗਲ ਦਿਖਾਈ ਨਹੀਂ ਦਿੱਤਾ।
ਅਚਾਨਕ ਮੇਰੀ ਨਜ਼ਰ ਖੁੱਲ੍ਹੀ ਬਾਰੀ ਰਾਹੀਂ ਕਮਰੇ ਤੋਂ ਬਾਹਰ ਚਲੀ ਗਈ ਜਿੱਥੇ ਥੱਕਿਆ-ਥੱਕਿਆ, ਚੁੱਪ-ਚੁੱਪ ਜਿਹਾ ਮੰਗਲ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ