Punjabi Stories/Kahanian
ਮਜ਼ਹਰ ਉਲ ਇਸਲਾਮ
Mazhar ul Islam

Punjabi Kavita
  

Chiri Phull Kiun Liaundi Hai Mazhar ul Islam

ਚਿੜੀ ਫੁੱਲ ਕਿਉਂ ਲਿਆਉਂਦੀ ਹੈ ਮਜ਼ਹਰ ਉਲ ਇਸਲਾਮ

ਜਦੋਂ ਮੈਂ ਉਸ ਦੇ ਪਿੰਡ ਜਾਣ ਲਈ ਬੱਸ ਅੱਡੇ ‘ਤੇ ਪੁੱਜਾ ਤਾਂ ਆਸਮਾਨ ‘ਚ ਬੱਦਲ ਹੋਣੇ ਸ਼ੁਰੂ ਹੋ ਗਏ। ਮਰੀ-ਮਰੀ ਜਿਹੀ ਧੁੱਪ ਵਿੱਚ ਕੁਝ ਢੰਗ ਨਾਲ ਅਤੇ ਕੁਝ ਬੇਢੰਗੀਆਂ ਖੜੀਆਂ ਬੱਸਾਂ ਦੇ ਕੰਡਕਟਰ ਬੱਸਾਂ ਨੂੰ ਖੜਕਾ-ਖੜਕਾ ਕੇ ਸਵਾਰੀਆਂ ਨੂੰ ਆਪਣੇ ਵੱਲ ਸੱਦ ਰਹੇ ਸਨ। ਇੱਕਾ ਦੁੱਕਾ ਡਰਾਈਵਰ ਆਪਣੀਆਂ ਸੀਟਾਂ ‘ਤੇ ਬੈਠੇ ਸਟੇਅਰਿੰਗ ‘ਤੇ ਸਿਰ ਰੱਖੀ ਸੁਸਤਾ ਰਹੇ ਸਨ। ਚੰਗੀ ਕਿਸਮਤ ਨੂੰ ਮੈਨੂੰ ਛੇਤੀ ਹੀ ਉਸ ਦੇ ਪਿੰਡ ਨੂੰ ਜਾਣ ਵਾਲੀ ਬੱਸ ਮਿਲ ਗਈ।
ਬੱਸ ਅੱਡੇ ‘ਚੋਂ ਨਿਕਲੀ ਤਾਂ ਉਸ ਸਮੇਂ ਮੁਸਾਫਿਰ ਚੁੱਪ ਸਨ। ਜਿਵੇਂ ਉਨ੍ਹਾਂ ਸਾਰਿਆਂ ਨੂੰ ਸੱਪ ਸੰਘ ਗਿਆ ਹੋਵੇ, ਪਰ ਥੋੜ੍ਹੀ ਦੂਰ ਜਾ ਕੇ ਜਦ ਬੱਸ ਨੇ ਚਾਲ ਫੜੀ ਤਾਂ ਹੌਲੀ-ਗੌਲੀ ਗੱਲਾਂ ਸ਼ੁਰੂ ਹੋ ਗਈਆਂ। ਫਿਰ ਪੰਜ ਮਿੰਟ ਵਿੱਚ ਹੀ ਸਾਰੀ ਬੱਸ ਗੱਲਾਂ ਨਾਲ ਭਰ ਗਈ। ਫਸਲਾਂ ਅਤੇ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਦੀਆਂ ਗੱਲਾਂ। ਮੌਸਮ ਦੀਆਂ ਗੱਲਾਂ। ਖਾਦ, ਕਰਜ਼ਿਆਂ ਅਤੇ ਖੇਤੀਬਾੜੀ ਬੈਂਕ ਦੀਆਂ ਗੱਲਾਂ। ਐਮ ਐਲ ਏ, ਐਮ ਪੀ ਦੀਆਂ ਗੱਲਾਂ। ਜਲਸੇ ਜਲੂਸਾਂ ਅਤੇ ਮੁਕੱਦਮੇ ਦੀਆਂ ਗੱਲਾਂ। ਫਿਰ ਡਰਾਈਵਰ ਨੇ ਟੇਪ ਰਿਕਾਰਡਰ ਚਾਲੂ ਕਰ ਦਿੱਤਾ ਤਾਂ ਪੰਜਾਬੀ ਗੀਤ ਦੇ ਬੋਲ ਵੀ ਉਨ੍ਹਾਂ ਦੀਆਂ ਗੱਲਾਂ ਵਿੱਚ ਸ਼ਾਮਲ ਹੋ ਗਏ, ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ..।’
ਜਦੋਂ ਗੱਲਾਂ, ਮੁਸਾਫਿਰਾਂ ਅਤੇ ਗੀਤ ਦੇ ਬੋਲਾਂ ਨਾਲ ਭਰੀ ਹੋਈ ਬੱਸ ਪਿੰਡ ਨੂੰ ਜਾਣ ਵਾਲੀ ਕੱਚੀ ਸੜਕ ‘ਤੇ ਲੱਥੀ ਤਾਂ ਕੰਬਖਤ ਧੂੜ ਬੱਸ ਦੀ ਤਾਕੀਆਂ ਦੇ ਰਾਹੀਂ ਅੱਖ ਝਮਕੇ ‘ਚ ਹੀ ਅੰਦਰ ਆ ਗਈ ਅਤੇ ਸਾਰੀਆਂ ਗੱਲਾਂ ਅਤੇ ਗੀਤ ਦੇ ਬੋਲ ਮਿੱਟੀ-ਮਿੱਟੀ ਹੋ ਗਈ। ਤਾਕੀਆਂ ਕੋਲ ਬੈਠੇ ਮੁਸਾਫਿਰਾਂ ਨੇ ਜਲਦੀ ਨਾਲ ਸ਼ੀਸ਼ੇ ਬੰਦ ਕਰ ਦਿੱਤੇ। ਸਵਾਰੀਆਂ ਨੇ ਝੋਲੀਆਂ ਵਿੱਚ ਰੱਖੇ ਤੇ ਮੋਢਿਆਂ ‘ਤੇ ਪਏ ਰੁਮਾਲਾਂ ਨਾਲ ਚਿਹਰਿਆਂ ਨੂੰ ਪੂੰਝਿਆ, ਪਰ ਕਿਸੇ ਨੇ ਥੋੜ੍ਹੀ ਜਿਹੀ ਨਾਰਾਜ਼ਗੀ ਵੀ ਪ੍ਰਗਟ ਨਹੀਂ ਕੀਤੀ, ਕਿਉਂਕਿ ਉਹ ਮਿੱਟੀ ਘੱਟੇ ਦੇ ਉਸ ਤੂਫਾਨ ਦੇ ਆਦੀ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਧੂੜ ਭਰੀਆਂ ਗੱਲਾਂ ਸਾਂਭ-ਸਾਂਭ ਕੇ ਰੱਖਣ ਦੀ ਆਦਤ ਪੈ ਗਈ ਸੀ।
ਸੜਕ ‘ਤੇ ਕਿਤੇ-ਕਿਤੇ ਟੋਏ ਪਏ ਸਨ। ਇਸ ਲਈ ਹੁਣ ਬੱਸ ਨੂੰ ਵੱਧ ਜ਼ੋਰ ਲਗਾਉਣਾ ਪੈ ਰਿਹਾ ਸੀ। ਇੰਜਣ ਦੀ ਆਵਾਜ਼ ‘ਚੋਂ ਬੇਵਸੀ ਜਿਹਾ ਪ੍ਰਭਾਵ ਉਭਰ ਰਿਹਾ ਸੀ ਅਤੇ ਬੱਸ ਦੀ ਬਾਡੀ ਦੇ ਨਟ ਬੋਲਟ ਬੁਰੀ ਤਰ੍ਹਾਂ ਚੀਕ ਰਹੇ ਸਨ। ਇਕ ਵਿਅਕਤੀ ਨੇ ਸੜਕ ਨੂੰ ਮੋਟੀਆਂ ਜਿਹੀਆਂ ਗਾਲ੍ਹਾਂ ਕੱਢੀਆਂ ਅਤੇ ਫਿਰ ਆਪਣੀ ਕਿਸਮਤ ਦਾ ਰੋਣਾ ਰੋਣ ਲੱਗਾ। ਮਿੱਟੀ ਸੀ ਕਿ ਬੰਦ ਤਾਕੀਆਂ ਦੇ ਬਾਵਜੂਦ ਇਧਰ ਉਧਰ ਦੇ ਨਿੱਕੇ-ਨਿੱਕੇ ਸੁਰਾਖਾਂ ਰਾਹੀਂ ਅੰਦਰ ਆ ਰਹੀ ਸੀ। ਬੱਸ ਵਿੱਚ ਬੈਠੇ ਲੋਕ ਇਨਸਾਨ ਘੱਟ ਅਤੇ ਮਿੱਟੀ ਦੇ ਪੁਤਲੇ ਜ਼ਿਆਦਾ ਲੱਗ ਰਹੇ ਸਨ ਅਤੇ ਅਜੀਬ ਸੰਯੋਗ ਇਹ ਸੀ ਕਿ ਪੰਜਾਬੀ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਗੂੰਜ ਰਹੇ ਸਨ, ‘‘ਇਨ੍ਹਾਂ ਨਾਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ..।”
ਫਿਰ ਇਕਦਮ ਮੀਂਹ ਸ਼ੁਰੂ ਹੋ ਗਿਆ ਤਾਂ ਸਵਾਰੀਆਂ ਨੇ ਸੁਖ ਦਾ ਸਾਹ ਲਿਆ, ਕਿਉਂਕਿ ਧੂੜ ਬਹਿਣੀ ਸ਼ੁਰੂ ਹੋ ਗਈ ਸੀ, ਪਰ ਕੁਝ ਦੇਰ ਤਾਂ ਹਲਕਾ-ਹਲਕਾ ਪੈਂਦਾ ਰਿਹਾ। ਫਿਰ ਇਕਦਮ ਬੜੇ ਜ਼ੋਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਡਰਾਈਵਰ ਲਈ ਰਾਹ ਦੇਖਣਾ ਵੀ ਮੁਸ਼ਕਿਲ ਹੋ ਗਿਆ ਤਾਂ ਸਾਰੀਆਂ ਦੇ ਜ਼ੋਰ ਪਾਉਣ ‘ਤੇ ਉਸ ਨੇ ਬੱਸ ਇਕ ਪਾਸੇ ਖੜੀ ਕਰ ਦਿੱਤੀ।
ਉਸ ਦਿਨ ਵੀ ਬਿਲਕੁਲ ਇਉਂ ਹੀ ਹੋਇਆ ਸੀ, ਜਦੋਂ ਮੈਂ ਉਸ ਦੀ ਲਾਸ਼ ਦੇ ਨਾਲ ਉਸ ਦੇ ਪਿੰਡ ਜਾ ਰਿਹਾ ਸੀ। ਟਰੱਕ ਡਰਾਈਵਰ ਨੇ ਤੇਜ਼ ਮੀਂਹ ਅੱਗੇ ਬੇਵਸ ਹੋ ਕੇ ਟਰੱਕ ਇਕ ਪਾਸੇ ਖੜਾ ਕਰ ਦਿੱਤਾ ਸੀ। ਮੈਂ ਇਸ ਤੋਂ ਪਹਿਲਾਂ ਦੋ ਵਾਰ ਉਸ ਦੇ ਪਿੰਡ ਜਾ ਆਇਆ ਸੀ। ਇਕ ਵਾਰ ਉਦੋਂ ਜਦੋਂ ਉਹ ਮੈਨੂੰ ਆਪਣਾ ਪਿੰਡ ਦਿਖਾਉਣ ਆਪਣੇ ਨਾਲ ਲੈ ਗਿਆ ਸੀ ਅਤੇ ਉਸ ਦੇ ਛੋਟੇ ਜਿਹੇ ਘਰ ਵਿੱਚ ਮੈਂ ਤਿੰਨ ਦਿਨ ਰਿਹਾ ਸੀ। ਪਹਿਲਾਂ ਡਿਉੜੀ, ਫਿਰ ਖੁੱਲ੍ਹਾ ਜਿਹਾ ਵਿਹੜਾ, ਫਿਰ ਇਕ ਵੱਡਾ ਸਾਰਾ ਕਮਰਾ ਜਿਹਨੂੰ ਦਲਾਨ ਕਹਿੰਦੇ ਹਨ ਅਤੇ ਉਸ ਦੇ ਪਿੱਛੇ ਦੋ ਕੋਠੜੀਆਂ।
ਉਸ ਨੇ ਮੈਨੂੰ ਉਹ ਥਾਂ ਦਿਖਾਈ ਜਿਥੇ ਬੈਠ ਕੇ ਉਹ ਪੜ੍ਹਿਆ ਕਰਦਾ ਸੀ। ਫਿਰ ਉਹ ਥਾਂ ਦਿਖਾਈ ਜਿਥੇ ਉਸ ਦੇ ਪਿਤਾ ਨੇ ਦਮ ਤੋੜਿਆ। ਉਹ ਮੈਨੂੰ ਕਬਰਿਸਤਾਨ ਲੈ ਗਿਆ ਅਤੇ ਆਪਣੇ ਪਿਤਾ ਦੀ ਕਬਰ ਵੀ ਦਿਖਾਈ।
ਦੂਜੀ ਵਾਰ ਉਸ ਦੇ ਪਿੰਡ ਉਦੋਂ ਗਿਆ, ਜਦੋਂ ਟਰੱਕ ਵਿੱਚ ਉਸ ਦੀ ਲਾਸ਼ ਰੱਖੀ ਸੀ ਅਤੇ ਡਰਾਈਵਰ ਨਾਲ ਮੈਂ ਬੈਠਾ ਸੀ। ਉਸ ਦਿਨ ਵੀ ਜ਼ੋਰ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਮੇਰੇ ਕਹਿਣ ‘ਤੇ ਡਰਾਇਵਰ ਨੇ ਹੇਠਾਂ ਉਤਰ ਕੇ ਉਸ ਦੀ ਲਾਸ਼ ‘ਤੇ ਤਰਪਾਲ ਦੂਹਰੀ ਕਰ ਕੇ ਪਾਈ ਸੀ। ਉਸ ਦਿਨ ਵੀ ਉਹ ਸਦਾ ਦੀ ਤਰ੍ਹਾਂ ਤਨਹਾ ਅਤੇ ਉਦਾਸ ਸੀ ਅਤੇ ਤੇਜ਼ ਮੀਂਹ ਵੀ..ਜਿਸ ਬਾਰੇ ਉਹ ਅਕਸਰ ਕਿਹਾ ਕਰਦਾ ਸੀ ਕਿ ਮੀਂਹ ਦੇ ਦਿਨਾਂ ਵਿੱਚ ਮਿਲੇ ਹੋਏ ਲੋਕ ਅਕਸਰ ਬੜੀ ਜਲਦੀ ਵਿਛੜ ਜਾਂਦੇ ਹਨ। ਮੇਰਾ ਮਨ ਕਰ ਰਿਹਾ ਸੀ ਕਿ ਉਸ ਨੂੰ ਝੰਜੋੜ ਕੇ ਕਹਾਂ, ‘ਤੂੰ ਠੀਕ ਕਹਿੰਦਾ ਸੀ, ਤੂੰ ਖੁਦ ਵੀ ਤਾਂ ਅੱਜ ਮੀਂਹ ਦੇ ਮੌਸਮ ਵਿੱਚ ਵਿਛੜ ਰਿਹਾ ਹੈਂ।’
ਜਦੋਂ ਮੀਂਹ ਮੱਠਾ ਹੋਇਆ ਤਾਂ ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਅੱਗੇ ਡਰਾਈਵਰ ਸੀਟ ਦੇ ਨਾਲ ਬੈਠਣ ਦੀ ਬਜਾਏ ਪਿੱਛੇ ਲਾਸ਼ ਕੋਲ ਬੈਠਾਂਗਾ। ਡਰਾਈਵਰ ਨੇ ਮੈਨੂੰ ਬੜਾ ਵਰਜਿਆ ਪਰ ਮੇਰਾ ਦਿਲ ਨਾ ਮੰਨਿਆ ਅਤੇ ਮੈਂ ਪਿੱਛੇ ਉਸ ਦੀ ਲਾਸ਼ ਦੇ ਸਿਰਹਾਣੇ ਬਹਿ ਗਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ, ਜਿਨ੍ਹਾਂ ਦਾ ਉਸ ਨੇ ਕੋਈ ਜਵਾਬ ਨਾ ਦਿੱਤਾ ਅਤੇ ਬੱਸ ਸਿਰਫ ਮੇਰੀਆਂ ਗੱਲਾਂ ਸੁਣਦਾ ਰਿਹਾ।
ਇਹੋ ਜਿਹੇ ਹੀ ਮੀਂਹ ਦੇ ਮੌਸਮ ਵਿੱਚ ਉਸ ਨੇ ਉਸ ਲੜਕੀ ਨੂੰ ਲੱਭ ਲਿਆ ਸੀ, ਜੋ ਕਈਆਂ ਸਾਲਾਂ ਤੋਂ ਉਸ ਦੇ ਦਿਲ ਵਿੱਚ ਰਹਿੰਦੀ ਸੀ, ਪਰ ਉਸ ਲੜਕੀ ਨੇ ਉਸ ਨੂੰ ਬਿਲਕੁਲ ਨਹੀਂ ਪਛਾਣਿਆ। ਅਲਬੱਤਾ ਜਦ ਉਸ ਨੇ ਲੜਕੀ ਨੂੰ ਯਾਦ ਦਿਵਾਇਆ ਤਾਂ ਲੜਕੀ ਦੀਆਂ ਗਹਿਰੀਆਂ ਖੂਬਸੂਰਤ ਅੱਖਾਂ ਵਿੱਚ ਇਨਸਾਨੀਅਤ ਜਾਗ ਪਈ। ਸੁੱਤੀ ਹੋਈ ਮੁਹੱਬਤ ਨੇ ਅੰਗੜਾਈ ਲਈ ਪਰ ਉਸ ਦੀ ਕੈਫੀਅਤ ਬਿਲਕੁਲ ਵੱਖਰੀ ਸੀ।
ਉਹ ਪਿਆਰ ਦਾ ਭੁੱਖਾ ਸੀ, ਪਰ ਲੜਕੀ ਨੂੰ ਪਹਿਲਾਂ ਤੋਂ ਹੀ ਬਹੁਤ ਪਿਆਰ ਮਿਲਿਆ ਹੋਇਆ ਸੀ। ਉਹ ਬੈਚੈਨ ਸੀ ਪਰ ਉਹ ਪੁਰ-ਸਕੂਨ ਸੀ। ਇਹੀ ਕਾਰਨ ਸੀ ਕਿ ਉਸ ਨੇ ਉਸ ਦੀਆਂ ਗੱਲਾਂ ਸੁਣ ਕੇ ਕਿਹਾ, ‘ਅਸੀਂ ਜੰਗਲ ਵਿੱਚ ਨਹੀਂ ਰਹਿੰਦੇ।’ ਉਸ ਦਿਨ ਉਹ ਡਾਹਢਾ ਉਦਾਸ ਸੀ। ਉਸ ਨੇ ਮੈਨੂੰ ਦੱਸਿਆ ਸੀ, ‘ਉਸ ਲੜਕੀ ਨੇ ਮੇਰੀ ਮੁਹੱਬਤ ਨੂੰ ਨਾ ਸਮਝਿਆ ਤਾਂ ਮੇਰੇ ਲਈ ਜ਼ਿੰਦਗੀ ਵਿਅਰਥ ਹੋ ਜਾਵੇਗੀ। ਇੰਨੇ ਚਿਰ ਤੋਂ ਉਸ ਦੀ ਤਲਬ ਵਿੱਚ ਜੀਅ ਰਿਹਾ ਸਾਂ। ਹੁਣ ਉਸ ਨਾਲ ਮਿਲਣ ਤੋਂ ਬਾਅਦ ਮੈਂ ਉਸ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਉਸ ਦੀਆਂ ਗੱਲਾਂ ਵਿੱਚੋਂ ਜੁਦਾਈ ਦੀ ਮਹਿਕ ਆਉਂਦੀ ਹੈ। ਉਸ ਦੀ ਇਕ ਅੱਖ ਵਿੱਚ ਮੇਰੇ ਲਈ ਬੇਹੱਦ ਪਿਆਰ ਅਤੇ ਦੂਜੀ ਵਿੱਚ ਇਹੋ ਜਿਹਾ ਅਜਨਬੀਪਣ ਹੈ, ਜਿਵੇਂ ਉਹ ਮੈਨੂੰ ਜਾਣਦੀ ਹੀ ਨਾ ਹੋਵੇ।’ ਫਿਰ ਉਹ ਕਹਿਣ ਲੱਗਾ, ‘ਉਸ ਨਾਲ ਮੇਰੀ ਮੁਲਾਕਾਤ ਬਾਰਸ਼ ਦੇ ਦਿਨਾਂ ਵਿੱਚ ਹੋਈ ਸੀ। ਇਸ ਲਈ ਮੈਨੂੰ ਜਰ ਹੈ ਕਿ ਉਹ ਮੀਂਹ ਦੇ ਮੌਸਮ ਵਿੱਚ ਹੀ ਮੈਨੂੰ ਛੱਡ ਕੇ ਚਲੀ ਜਾਵੇਗੀ।’ ਅਤੇ ਫਿਰ ਉਹੀ ਹੋਇਆ..
ਉਸ ਦਿਨ ਵੀ ਬੜਾ ਮੀਂਹ ਪੈ ਰਿਹਾ ਸੀ ਅਤੇ ਉਹ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ‘ਅੱਜ ਉਹ ਮੈਨੂੰ ਮਿਲਣ ਆਈ ਸੀ। ਉਸ ਦਆਂ ਅੱਖਾਂ ਵਿੱਚ ਬੇਪਨਾਹ ਪਿਆਰ ਸੀ। ਉਹ ਥੋੜ੍ਹੀ ਦੇਰ ਲਈ ਮੇਰੀ ਹੋ ਗਈ ਸੀ, ਪਰ ਫਿਰ ਇਕਦਮ ਪਤਾ ਨਹੀਂ ਉਸ ਨੂੰ ਕੀ ਹੋਇਆ ਅਤੇ ਉਹ ਇਹ ਕਹਿ ਕੇ ਚਲੀ ਗਈ ਕਿ ਕੱਲ੍ਹ ਆਵਾਂਗੀ।’ ਫਿਰ ਉਹ ਕਈ ਦਿਨਾਂ ਤੱਕ ਉਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਉਹ ਨਾ ਆਈ। ਮੈਂ ਉਸ ਨੂੰ ਬਹੁਤ ਸਮਝਾਇਆ, ‘ਦੇਖ, ਉਹ ਮਸ਼ਰੂਫ ਹੋ ਗਈ ਹੋਵੇਗੀ। ਉਸ ਨੂੰ ਕਈ ਕੰਮ ਹਨ। ਉਸ ਨੂੰ ਤੇਰੇ ਨਾਲ ਹਮਦਰਦੀ ਤਾਂ ਹੈ, ਪਰ ਮੁਹੱਬਤ ਨਹੀਂ। ਹਮਦਰਦੀ ਅਤੇ ਮਹੁੱਬਤ ਵਿੱਚ ਬਹੁਤ ਫਰਕ ਹੁੰਦਾ ਅਤੇ ਤੂੰ ਇਸ ਕਦਰ ਪਾਗਲ ਏਂ ਕਿ ਉਸ ਦੀ ਹਮਦਰਦੀ ਨੂੰ ਮੁਹੱਬਤ ਸਮਝ ਲਿਆ ਹੈ।’
ਮੇਰੀ ਗੱਲ ਸੁਣ ਕੇ ਉਸ ਦੀਆਂ ਉਜਾੜ ਅਤੇ ਬੀਆਬਾਨ ਅੱਖਾਂ ਪੀਲੀਆਂ ਹੋ ਗਈ ਤੇ ਉਹ ਬੋਲਿਆ, ‘ਤੂੰ ਠੀਕ ਕਹਿੰਦਾ ਏਂ, ਸ਼ਾਇਦ ਉਸ ਨੂੰ ਮੇਰੇ ਨਾਲ ਹਮਦਰਦੀ ਹੈ, ਮੁਹੱਬਤ ਨਹੀਂ..ਨਹੀਂ ਤਾਂ ਉਹ ਮੈਨੂੰ ਮਿਲਣ ਲਈ ਬੇਚੈਨ ਨਾ ਹੋ ਜਾਵੇ। ਉਹ ਮੇਰੀ ਦਰਖਾਸਤ ‘ਤੇ ਮੈਨੂੰ ਮਿਲਣ ਆ ਜਾਂਦੀ ਹੈ, ਨਹੀਂ ਤਾਂ ਕਿਸੇ ਦਿਨ ਆਪਣੇ ਆਪ ਨਾ ਆ ਜਾਵੇ, ਪਰ ਅੱਜ ਤੱਕ ਅਜਿਹਾ ਨਹੀਂ ਹੋਇਆ।’
ਇਸ ਗੱਲ ਨੂੰ ਕਈ ਦਿਨ ਲੰਘ ਗਏ। ਉਹ ਉਸ ਨੂੰ ਮਿਲਣ ਨਹੀਂ ਆਈ ਅਤੇ ਫਿਰ ਇਕ ਦਿਨ ਮੈਨੂੰ ਸੂਚਨਾ ਮਿਲੀ ਕਿ ਉਹ ਆਪਣੇ ਕਮਰੇ ਵਿੱਚ ਮੁਰਦਾ ਪਾਇਆ ਗਿਆ ਹੈ ਤਾਂ ਮੇਰਾ ਖਿਆਲ ਸੀ ਕਿ ਉਹ ਲੜਕੀ ਹੁਣ ਤਾਂ ਜ਼ਰੂਰ ਆਵੇਗੀ, ਪਰ ਜਦ ਤੱਕ ਉਸ ਲਈ ਤਾਬੂਤ ਤਿਆਰ ਹੋਇਆ ਅਤੇ ਉਸ ਨੂੰ ਪਿੰਡ ਲਿਜਾਣ ਲਈ ਤਿਆਰੀਆਂ ਸ਼ੁਰੂ ਹੋਈਆਂ, ਮੈਂ ਉਸ ਲੜਕੀ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਨਹੀਂ ਆਈ..। ਫਿਰ ਮੈਂ ਸੋਚਿਆ ਹੋ ਸਕਦਾ ਹੈ ਕਿ ਉਹ ਉਸ ਦੇ ਪਿੰਡ ਆਵੇ ਤਾਂ ਮੈਂ ਉਸ ਦੀ ਲਾਸ਼ ਉਸ ਦੇ ਪਿੰਡ ਲੈ ਗਿਆ ਅਤੇ ਉਥੇ ਉਸ ਦੇ ਵਾਲਿਦ ਦੀ ਕਬਰ ਨਾਲ ਉਸ ਨੂੰ ਦਫਨ ਕਰ ਦਿੱਤਾ, ਪਰ ਉਹ ਫਿਰ ਵੀ ਨਹੀਂ ਆਈ।
ਤਦ ਮੈਂ ਸੋਚਿਆ ਕਿ ਉਹ ਕਿੰਨਾ ਬਦਕਿਸਮਤ ਇਨਸਾਨ ਸੀ, ਜੋ ਸਾਰੀ ਜ਼ਿੰਦਗੀ ਮੁਹੱਬਤ ਨੂੰ ਤਰਸਦਾ ਰਿਹਾ ਅਤੇ ਹੁਣ ਮੌਤ ਤੋਂ ਬਾਅਦ ਉਹ ਲੜਕੀ ਉਸ ਦੀ ਕਬਰ ‘ਤੇ ਫੁੱਲ ਰੱਖਣ ਵੀ ਨਹੀਂ ਆਈ। ਚਾਲ੍ਹੀਵਾਂ ਹੋਣ ਤੱਕ ਉਸ ਦੇ ਪਿੰਡ ਵਿੱਚ ਹੀ ਰਿਹਾ ਅਤੇ ਸ਼ਹਿਰ ਵਾਪਸ ਆਉਣ ਤੋਂ ਪਹਿਲਾਂ ਆਖਰੀ ਵਾਰ ਉਸ ਦੀ ਕਬਰ ‘ਤੇ ਗਿਆ ਅਤੇ ਕਿਹਾ, ‘ਦੇਖ ਹੁਣ ਉਸ ਦਾ ਇੰਤਜ਼ਾਰ ਨਾ ਕਰੀਂ ਕਿਉਂਕਿ ਹੁਣ ਉਹ ਤੇਰੇ ਨਾਲ ਹਮਦਰਦੀ ਕਰਨ ਵੀ ਨਹੀਂ ਆਵੇਗੀ ਕਿਉਂਕਿ ਹਮਦਰਦੀ ਤਾਂ ਜਿਉਂਦੇ ਲੋਕਾਂ ਨਾਲ ਕੀਤੀ ਜਾਂਦੀ ਹੈ, ਮਰੇ ਹੋਏ ਲੋਕਾਂ ਨਾਲ ਕੌਣ ਹਮਦਰਦੀ ਕਰਦਾ ਹੈ? ਮੈਂ ਤੇਰੇ ਨਾਲ ਵਾਆਦਾ ਕਰਦਾ ਹਾਂ ਕਿ ਹਰ ਸਾਲ ਉਸ ਲੜਕੀ ਦੀ ਯਾਦ ਦੇ ਫੁੱਲ ਲੈ ਕੇ ਤੇਰੀ ਕਬਰ ‘ਤੇ ਆਇਆ ਕਰਾਂਗਾ।’ ਅੱਜ ਮੈਂ ਆਪਣਾ ਵਾਅਦਾ ਨਿਭਾਉਣ ਉਸ ਦੀ ਕਬਰ ‘ਤੇ ਜਾ ਰਿਹਾ ਸੀ।
ਅੱਜ ਫਿਰ ਬੜਾ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਜਦ ਬੱਸ ਉਸ ਦੇ ਪਿੰਡ ਪੁੱਜ ਕੇ ਰੁਕੀ ਤਾਂ ਮੈਂ ਸਿੱਧਾ ਕਬਰਿਸਤਾਨ ਵੱਲ ਹੋ ਤੁਰਿਆ। ਮੇਰੇ ਹੱਥ ਵਿੱਚ ਇਕ ਟੋਕਰੀ ਸੀ ਜਿਸ ਵਿੱਚ ਫੁੱਲ ਸਨ। ਉਸ ਦੀ ਕਬਰ ਨੇੜੇ ਪੁੱਜ ਕੇ ਮੈਂ ਥਾਏਂ ਰੁਕ ਗਿਆ। ਮੈਂ ਦੇਖਿਆ ਕਿ ਇਕ ਲੰਮੀ ਖੂਬਸੂਰਤ ਖੰਭਾਂ ਅਤੇ ਅੱਖਾਂ ਵਾਲੀ ਚਿੜੀ ਉਸ ਦੀ ਕਬਰ ‘ਤੇ ਬੈਠੀ ਸੀ। ਉਸ ਦੀਆਂ ਅੱਖਾਂ ਬਿਲਕੁਲ ਉਸ ਲੜਕੀ ਜਿਹੀਆਂ ਸਨ ਜਿਸ ਦਾ ਜ਼ਿਕਰ ਉਹ ਕਰਦਾ ਹੁੰਦਾ ਸੀ। ਚਿੜੀ ਨੇ ਆਪਣੀ ਚੰੁਝ ਵਿੱਚ ਫੜਿਆ ਹੋਇਆ ਫੁੱਲ ਉਸ ਦੀ ਕਬਰ ‘ਤੇ ਰੱਖ ਦਿੱਤਾ ਅਤੇ ਫੁਰਰ ਕਰਕੇ ਉਡ ਗਈ। ਇੰਨੇ ਨੂੰ ਗੋਰਕਨ (ਕੱਬਰ ਪੁੱਟਣ ਵਾਲਾ) ਮੇਰੇ ਕੋਲ ਆਇਆ ਅਤੇ ਮੇਰੇ ਮੋਢੇ ‘ਤੇ ਹੱਥ ਧਰਦਿਆਂ ਬੋਲਿਆ, ‘ਮੈਨੂੰ ਇਸ ਕਬਰਿਸਤਾਨ ਵਿੱਚ ਰਹਿੰਦਿਆਂ ਤੀਹ ਸਾਲ ਹੋ ਗਏ ਹਨ, ਪਰ ਮੈਂ ਇਹੋ ਜਿਹੀ ਘਟਨਾ ਕਦੇ ਨਹੀਂ ਦੇਖੀ।’
ਮੈਂ ਹੈਰਾਨੀ ਨਾਲ ਪੁੱਛਿਆ, ‘ਉਹ ਕਿਹੜੀ?’
ਗੋਰਕਨ ਕਹਿਣ ਲੱਗਾ, ‘ਇਕ ਲੰਮੀ ਜਿਹੀ ਖੂਬਸੂਰਤ ਖੰਭਾਂ ਅਤੇ ਪਿਆਰੀਆਂ-ਪਿਆਰੀਆਂ ਅੱਖਾਂ ਵਾਲੀ ਚਿੜੀ ਹੈ ਜੋ ਸਾਰਾ ਦਿਨ ਦੂਰ-ਦੂਰ ਤੋਂ ਖੁਸ਼ਰੰਗ ਫੁੱਲ ਚੁਣ ਕੇ ਲਿਆਉਂਦੀ ਤੇ ਇਸ ਕਬਰ ‘ਤੇ ਚੜ੍ਹਾਉਂਦੀ ਹੈ। ਇਥੋਂ ਤੱਕ ਕਿ ਸਾਰੀ ਕਬਰ ਫੁੱਲਾਂ ਨਾਲ ਭਰ ਜਾਂਦੀ ਹੈ। ਮੈਂ ਉਸ ਚਿੜੀ ਨੂੰ ਸਾਰੀ-ਸਾਰੀ ਰਾਤ ਇਸ ਕਬਰ ‘ਤੇ ਬੈਠੀ ਦੇਖਿਆ ਹੈ।’
ਮੀਂਹ ਦੇ ਦਿਨਾਂ ਵਿੱਚ ਤਾਂ ਉਹ ਸਾਰਾ-ਸਾਰਾ ਦਿਨ ਇਸ ਕਬਰ ‘ਤੇ ਬੈਠੀ ਭਿੱਜਦੀ ਰਹਿੰਦੀ ਹੈ। ਇੰਨੇ ਨੂੰ ਚਿੜੀ ਫਿਰ ਇਸ ਕਬਰ ‘ਤੇ ਚੁੰਝ ਵਿੱਚ ਫੁੱਲ ਲੈ ਕੇ ਆ ਗੀ ਅਤੇ ਕਬਰ ਦੇ ਸਿਰਹਾਣੇ ਬੈਠ ਗਈ। ਮੈਂ ਆਪਣਾ ਸਾਹ ਰੋਕ ਲਿਆ ਅਤੇ ਗਹੁ ਨਾਲ ਚਿੜੀ ਵੱਲ ਦੇਖਿਆ..ਮੈਨੂੰ ਇਉਂ ਜਾਪਿਆ ਜਿਵੇਂ ਉਹ ਚਿੜੀ ਵੀ ਮਰਹੂਮ ਦੇ ਕੋਟ ਦੇ ਕਾਲਰ ਤੋਂ ਡਿੱਗਿਆ ਹੋਇਆ ਫੁੱਲ ਹੈ। ਮੈਂ ਸਿਰ ਫੜ ਕੇ ਉਸ ਦੀ ਕਬਰ ਦੇ ਸਿਰਹਾਣੇ ਬਹਿ ਗਿਆ ਅਤੇ ਕਿਹਾ, ‘ਹੁਣ ਮੇਰੇ ਤੋਂ ਇਹ ਨਾ ਪੁੱਛੀਂ ਕਿ ਚਿੜੀ ਨੂੰ ਤੇਰੇ ਨਾਲ ਮੁਹੱਬਤ ਹੈ ਜਾਂ ਹਮਦਰਦੀ?”
(ਅਨੁਵਾਦ: ਨਿਰਮਲ ਪ੍ਰੇਮੀ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com