Christmas Tree (Punjabi Story) : Fyodor Dostoyevsky

ਕ੍ਰਿਸਮਸ ਟ੍ਰੀ (ਕਹਾਣੀ) : ਫ਼ਿਓਦਰ ਦਾਸਤੋਵਸਕੀ

ਮੈਂ ਕਹਾਣੀਆਂ ਲਿਖਦਾ ਹਾਂ ਤੇ ਸੋਚਦਾ ਹਾਂ, ਇਹ ਕਹਾਣੀ ਮੈਂ ਆਪ ਰਚੀ ਹੈ ਭਾਵੇਂ ਕਿ ਮੈਂ ਜਾਣਦਾ ਹਾਂ ਕਿ ਇਹ ਕਿੱਸਾ ਮੈਂ ਆਪ ਰਚਿਆ ਹੈ ਪਰ ਫਿਰ ਵੀ ਸੋਚਦਾ ਹਾਂ, ਅਜਿਹੀ ਘਟਨਾ ਕ੍ਰਿਸਮਸ ਦੇ ਮੌਕੇ 'ਤੇ ਧੁੰਦ 'ਚ ਲਿਪਟੇ ਕਿਸੇ ਵੱਡੇ ਨਗਰ 'ਚ ਕਦੇ ਨਾ ਕਦੇ ਜ਼ਰੂਰ ਵਾਪਰੀ ਹੋਈ ਹੋਵੇਗੀ । ਮੇਰੇ ਦਿਮਾਗ 'ਚ ਇਕ ਬੱਚੇ ਦੀ ਤਸਵੀਰ ਹੈ । ਨਿੱਕਾ ਜਿਹਾ ਬੱਚਾ, ਲਗਭਗ ਛੇ ਸਾਲ ਦਾ ਜਾਂ ਫਿਰ ਸ਼ਾਇਦ ਕੁਝ ਹੋਰ ਛੋਟਾ । ਇਹ ਬੱਚਾ ਸਵੇਰ ਦੇ ਸਮੇਂ ਇਕ ਹਨੇਰੇ ਸਲ੍ਹਾਬੇ ਠੰਢੇ ਕਮਰੇ 'ਚੋਂ ਜਾਗਿਆ । ਉਹ ਇਕ ਛੋਟਾ ਜਿਹਾ ਲਬਾਦਾ ਪਹਿਨੀ ਤੇ ਸਰਦੀ ਨਾਲ ਕੰਬ ਰਿਹਾ ਸੀ ।
ਉਹਦਾ ਹਰ ਸਾਹ ਭਾਫ਼ ਦਾ ਇਕ ਬੱਦਲ ਵਿਖਾਈ ਦਿੰਦਾ ਸੀ । ਕਮਰੇ ਦੀ ਇਕ ਨੁੱਕਰ 'ਚ ਸੰਦੂਕ 'ਤੇ ਬੈਠਦੇ ਹੋਏ ਉਹਨੇ ਮੂੰਹ 'ਚੋਂ ਭਾਫ਼ ਕੱਢੀ ਤੇ ਭਾਫ਼ ਦੇ ਬੱਦਲ ਨੂੰ ਆਪਣੇ ਸਾਹਮਣੇ ਤੈਰਦੇ ਹੋਏ ਵੇਖ ਕੇ ਮੁਸਕਰਾ ਉਠਿਆ, ਪਰ ਛੇਤੀ ਹੀ ਉਹ ਖੇਡ ਤੋਂ ਉਕਤਾ ਗਿਆ, ਕਿਉਂ ਜੋ ਉਹ ਕਸ਼ਟਦਾਇਕ ਹੱਦ ਤੱਕ ਭੁੱਖਾ ਸੀ । ਸਵੇਰ ਤੋਂ ਕਈ ਵਾਰ ਉਹ ਉਸ ਪਲੰਘ ਤੱਕ ਜਾ ਚੁੱਕਿਆ ਸੀ, ਜਿਸ 'ਤੇ ਉਹਦੀ ਬਿਮਾਰ ਮਾਂ ਪਈ ਹੋਈ ਸੀ । ਉਹਦੀ ਮਾਂ ਉਥੇ ਕਿਵੇਂ ਆਈ ਸੀ? ਨਿਸਚੇ ਹੀ ਉਹ ਕਿਸੇ ਦੂਜੇ ਕਸਬੇ ਤੋਂ ਆਪਣੇ ਬੱਚੇ ਨਾਲ ਉਥੋਂ ਤੱਕ ਆਈ ਹੋਵੇਗੀ ਤੇ ਚਾਣਚੱਕ ਬਿਮਾਰ ਪੈ ਗਈ ਹੋਵੇਗੀ ।
ਮਕਾਨ ਦੀ ਮਾਲਕਣ, ਜਿਹੜੀ ਬਾਹਰੋਂ ਆਉਣ ਵਾਲਿਆਂ ਨੂੰ ਮਕਾਨ ਦੀ ਨੁੱਕਰ ਕਿਰਾਏ 'ਤੇ ਦੇ ਦਿਆ ਕਰਦੀ ਸੀ, ਦੋ ਦਿਨ ਹੋਏ ਕਿਸੇ ਸਿਲਸਿਲੇ 'ਚ ਥਾਣੇ ਜਾ ਚੁੱਕੀ ਸੀ । ਮਕਾਨ ਦੇ ਬਾਕੀ ਸਾਰੇ ਵਸਨੀਕ ਛੁੱਟੀਆਂ ਕਾਰਨ ਨਗਰ ਤੋਂ ਬਾਹਰ ਸਨ, ਉਸ ਆਦਮੀ ਤੋਂ ਇਲਾਵਾ ਜਿਹੜਾ ਚੌਵੀ ਘੰਟਿਆਂ ਤੋਂ ਸ਼ਰਾਬ ਦੇ ਨਸ਼ੇ 'ਚ ਮਸਤ ਆਪਣੇ ਕਮਰੇ 'ਚ ਪਿਆ ਹੋਇਆ ਸੀ ਅਤੇ ਜਿਹਨੂੰ ਕ੍ਰਿਸਮਸ ਦੇ ਆਉਣ ਨਾਲ ਕੋਈ ਵਾਸਤਾ ਨਹੀਂ ਸੀ । ਕਮਰੇ ਦੀ ਦੂਜੀ ਨੁੱਕਰ 'ਚ ਅੱਸੀ ਸਾਲ ਦੀ ਇਕ ਬੁੱਢੀ, ਜਿਹੜੀ ਕਦੇ ਬੱਚਿਆਂ ਦੀ ਨਰਸ ਰਹਿ ਚੁੱਕੀ ਸੀ, ਹੁਣ ਬੇਵਸ ਜਿਹੀ ਮਰਨ ਲਈ ਇਕੱਲੀ ਛੱਡ ਦਿੱਤੀ ਗਈ ਸੀ । ਬੁੱਢੀ ਜੋੜਾਂ ਦੇ ਦਰਦ ਦੀ ਤੀਬਰਤਾ ਨਾਲ ਤੜਪਦੀ ਹੋਈ ਰੋ ਰਹੀ ਸੀ ਤੇ ਨਾਲ ਹੀ ਬੁੜਬੁੜਾਉਂਦੀ ਹੋਈ ਬੱਚੇ ਨੂੰ ਗਾਲ੍ਹਾਂ ਦਿੰਦੀ ਜਾ ਰਹੀ ਸੀ । ਬੱਚਾ ਇਕ ਪਾਸੇ ਬੁੱਢੀ ਤੋਂ ਡਰਿਆ ਹੋਇਆ ਸੀ ਤੇ ਦੂਜੇ ਪਾਸੇ ਕਮਰੇ 'ਚ ਵਧਦੀ ਹੋਈ ਸ਼ਾਮ ਦੇ ਹਨੇਰੇ ਨੇ ਉਹਨੂੰ ਭੈਭੀਤ ਕਰ ਰੱਖਿਆ ਸੀ । ਬੱਚੇ ਨੇ ਦੂਜੇ ਕਮਰੇ 'ਚ ਜਾ ਕੇ ਪਾਣੀ ਪੀਤਾ, ਪਰ ਉਹ ਨੂੰ ਖਾਣ ਵਾਲੀ ਕੋਈ ਵਸਤੂ ਢੂੰਡਣ ਦੇ ਬਾਵਜੂਦ ਨਾ ਮਿਲ ਸਕੀ । ਆਖ਼ਰ ਤੰਗ ਆ ਕੇ ਉਹ ਆਪਣੀ ਮਾਂ ਨੂੰ ਜਗਾਉਣ ਲਈ ਪੁੱਜਿਆ ਪਰ ਮਾਂ ਦੇ ਚਿਹਰੇ ਨੂੰ ਛੂੰਹਦੇ ਹੀ ਉਹ ਹੈਰਾਨ ਰਹਿ ਗਿਆ ਕਿ ਉਹ ਬਿਲਕੁਲ ਨਿਸਚਲ ਤੇ ਇਕ ਠੰਢੀ ਕੰਧ ਵਾਂਗ ਠੰਢੀ-ਠਾਰ ਸੀ ।
ਇਥੇ ਬਹੁਤ ਠੰਢ ਹੈ । ਉਹਨੇ ਸੋਚਿਆ । ਉਹ ਖਲੋ ਗਿਆ ਤੇ ਸੰਯੋਗ ਨਾਲ ਉਹਦੇ ਹੱਥ ਮਰੀ ਹੋਈ ਔਰਤ ਦੇ ਠੰਢੇ ਮੋਢਿਆਂ ਨੂੰ ਛੂਹ ਗਏ । ਝਟਪਟ ਹੀ ਉਹਨੇ ਆਪਣੇ ਹੱਥਾਂ ਨੂੰ ਮੂੰਹ ਦੀ ਭਾਫ਼ ਨਾਲ ਗਰਮ ਕੀਤਾ ਤੇ ਆਪਣੀ ਟੋਪੀ ਸਿਰ 'ਤੇ ਲੈਂਦੇ ਹੋਏ ਕਮਰੇ ਤੋਂ ਬਾਹਰ ਨਿਕਲ ਗਿਆ । ਬੱਚਾ ਕਦੋਂ ਦਾ ਬਾਹਰ ਜਾ ਚੁੱਕਿਆ ਹੁੰਦਾ, ਪਰ ਉਹ ਉਸ ਕੱਦਾਵਰ ਕੁੱਤੇ ਤੋਂ ਭੈਭੀਤ ਸੀ, ਜਿਹੜਾ ਗੁਆਂ ਢੀ ਦੇ ਮਕਾਨ ਦੇ ਬੂਹੇ 'ਤੇ ਸਾਰਾ-ਸਾਰਾ ਦਿਨ ਭੌਂਕਦਾ ਰਹਿੰਦਾ ਸੀ । ਸੰਯੋਗ ਨਾਲ ਉਸ ਸਮੇਂ ਉਹ ਕੁੱਤਾ ਉਥੇ ਨਹੀਂ ਸੀ ਅਤੇ ਇੰਜ ਬੱਚਾ ਘਰ ਤੋਂ ਬਾਹਰ ਨਿਕਲ ਕੇ ਗਲੀ 'ਚੋਂ ਹੁੰਦਾ ਹੋਇਆ ਬਾਹਰ ਪਹੁੰਚ ਗਿਆ ।
'ਰੱਬ ਦੀ ਸਹੁੰ, ਕਿਹੋ ਜਿਹਾ ਸ਼ਹਿਰ ਏ ਇਹ?', ਉਹਨੇ ਇਸ ਤੋਂ ਪਹਿਲਾਂ ਅੱਜ ਤੱਕ ਅਜਿਹਾ ਰੌਣਕ ਭਰਿਆ ਸ਼ਹਿਰ ਨਹੀਂ ਸੀ ਵੇਖਿਆ ।
ਜਿਹੜੇ ਕਸਬੇ ਤੋਂ ਉਹ ਆਇਆ ਸੀ, ਉਥੇ ਤਾਂ ਰਾਤ ਪੈਂਦੇ ਹੀ ਘੁੱਪ ਹਨੇਰਾ ਛਾ ਜਾਂਦਾ ਸੀ ਤੇ ਸਾਰੇ ਮੁਹੱਲੇ ਲਈ ਗਲੀ ਦੇ ਇਕ ਸਿਰੇ 'ਤੇ ਛੋਟੀ ਜਿਹੀ ਲਾਲਟੈਨ ਬਲਿਆ ਕਰਦੀ ਸੀ । ਛੋਟੇ-ਛੋਟੇ ਲੱਕੜ ਦੇ ਬਣੇ ਹੋਏ ਮਕਾਨ ਸ਼ਾਮ ਤੋਂ ਬੰਦ ਹੋ ਜਾਇਆ ਕਰਦੇ ਸਨ ਤੇ ਗਲੀਆਂ 'ਚ ਸੂਰਜ ਡੁੱਬਣ ਤੋਂ ਬਾਅਦ ਹਨੇਰਾ ਫੈਲਣ 'ਤੇ ਕੋਈ ਵਿਖਾਈ ਨਾ ਦਿੰਦਾ ਸਿਵਾਏ ਕੁੱਤਿਆਂ ਦੀ ਟੋਲੀ ਦੇ, ਜਿਹੜੇ ਸਾਰੀ ਰਾਤ ਇਕ-ਦੂਜੇ ਨਾਲ ਲੜਦੇ-ਝਗੜਦੇ ਤੇ ਭੌਂਕਦੇ ਰਹਿੰਦੇ ਸਨ ।
ਪਰ ਉਸ ਵਾਤਾਵਰਨ 'ਚ ਕਿੰਨੀ ਗਰਮੀ ਸੀ । ਕਿਹੋ ਜਿਹੀ ਨੇੜਤਾ ਸੀ । ਉਥੇ ਉਹਨੂੰ ਖਾਣ ਨੂੰ ਮਿਲਦਾ ਸੀ, ਜਦੋਂ ਕਿ ਇਥੇ... ਉਹ ਜੇਕਰ ਉਸ ਕੋਲ ਕੁਝ ਖਾਣ ਨੂੰ ਹੁੰਦਾ ਪਰ ਇਥੇ ਇਹ ਕਿਹੋ ਜਿਹਾ ਰੌਲਾ ਏ? ਕਿਹੋ ਜਿਹੀ ਗਹਿਮਾ-ਗਹਿਮੀ ਏ? ਇਹ ਸਭ ਇਕੋ ਜਿਹੇ ਲੋਕ ਨੇ? ਇਹ ਕਿਹੋ ਜਿਹੀਆਂ ਚਮਕਦਾਰ ਰੌਸ਼ਨੀਆਂ ਨੇ? ਕਿਹੋ ਜਿਹੀ ਅਜੀਬੋ-ਗਰੀਬ ਸ਼ਾਨਦਾਰ ਘੋੜਾ-ਗੱਡੀਆਂ ਨੇ ਤੇ ਕਿਹੋ ਜਿਹੀ ਰਹੱਸਪੂਰਨ ਧੁੰਦ ਏ? ਘੋੜਿਆਂ ਦੇ ਸਿਰਾਂ 'ਤੇ ਜੰਮੀ ਹੋਈ ਭਾਫ਼ ਦੇ ਬੱਦਲ ਛਾਏ ਹੋਏ ਨੇ? ਅਤੇ ਉਨ੍ਹਾਂ ਦੇ ਸੁਮ ਬਰਫ਼ ਦੀ ਧੂੜ 'ਚ ਲੁਕੇ ਹੋਏ ਪੱਥਰਾਂ ਨਾਲ ਟਕਰਾ ਕੇ ਵੱਜ ਰਹੇ ਹਨ । ਸਾਰੇ ਲੋਕ ਇਕ-ਦੂਜੇ ਨੂੰ ਧੱਕ ਰਹੇ ਨੇ, ਪਰ ਉਹ ਭੁੱਖ ਨਾਲ ਕਿੰਨਾ ਬੇਹਾਲ ਏ । ਪੁਲਿਸ ਦਾ ਇਕ ਸਿਪਾਹੀ ਬੱਚੇ ਤੋਂ ਨਜ਼ਰਾਂ ਬਚਾਉਂਦਾ ਹੋਇਆ ਦੂਜੇ ਪਾਸੇ ਵੱਲ ਚਲਾ ਗਿਆ ਹੈ ।
ਹੁਣ ਉਹ ਇਕ ਸੜਕ 'ਤੇ ਜਾ ਚੁੱਕਿਆ ਹੈ । ਕਿੰਨੀ ਚੌੜੀ ਸੜਕ ਏ ਉਹ?
ਉਹ ਨਿਸਚੇ ਹੀ ਇਥੇ ਕਿਸੇ ਘੋੜਾ-ਗੱਡੀ ਦੇ ਹੇਠਾਂ ਮਿੱਧਿਆ ਜਾਵੇਗਾ । ਲੋਕ ਖੁਸ਼ੀ ਨਾਲ ਕਿਵੇਂ ਪਾਗਲ ਹੋ ਰਹੇ ਹਨ । ਉਹ ਚੀਕ ਰਹੇ ਨੇ, ਰੌਲਾ ਪਾ ਰਹੇ ਨੇ, ਦੌੜ ਰਹੇ ਨੇ ਤੇ ਚਾਰੇ ਪਾਸੇ ਰੌਸ਼ਨੀਆਂ ਹੀ ਰੌਸ਼ਨੀਆਂ ਨੇ । ਉਏ! ਇਹ ਕੀ ਏ?
ਇਕ ਬਹੁਤ ਵੱਡੇ ਸ਼ੀਸ਼ੇ ਦੀ ਖਿੜਕੀ ਤੇ ਸ਼ੀਸ਼ੇ 'ਚੋਂ ਨਜ਼ਰ ਆਉਂਦਾ ਹੋਇਆ ਇਕ ਟ੍ਰੀ (ਦਰੱਖਤ) ਜਿਹੜਾ ਛੱਤ ਨੂੰ ਛੂਹ ਰਿਹਾ ਹੈ, ਇਹ ਸਨੋਬਰ ਦਾ ਟ੍ਰੀ ਹੈ, ਜਿਹੜਾ ਰੌਸ਼ਨੀਆਂ 'ਚ ਝਿਲਮਿਲਾ ਰਿਹਾ ਹੈ ਤੇ ਸੁਨਹਿਰੀਆਂ ਪੱਤੀਆਂ, ਰੰਗਦਾਰ ਸ਼ੀਸ਼ੇ ਦੇ ਟੋਟੇ, ਸੇਬਾਂ ਤੇ ਸੁੰਦਰ ਗੁੱਡੀਆਂ ਨਾਲ ਢਕਿਆ ਹੋਇਆ ਹੈ । ਖਿੜਕੀ ਦੇ ਸ਼ੀਸ਼ੇ 'ਚੋਂ ਕਮਰੇ ਦੇ ਅੰਦਰ ਮੌਜੂਦ ਬੱਚੇ ਵੀ ਨਜ਼ਰ ਆ ਰਹੇ ਹਨ, ਜਿਹੜੇ ਬੇਹੱਦ ਸਾਫ਼-ਸੁਥਰੇ, ਭੜਕੀਲੇ ਰੰਗਾਂ ਦੇ ਸੁੰਦਰ ਲਿਬਾਸ ਪਾਈ ਕਮਰੇ 'ਚ ਇਧਰ-ਉਧਰ ਭੱਜ ਰਹੇ ਹਨ ਤੇ ਇਕ ਸੁੰਦਰ ਜਿਹੀ ਕੁੜੀ ਇਕ ਮੰੁਡੇ ਨਾਲ ਨੱਚ ਰਹੀ ਹੈ । ਇਹ ਕੁੜੀ ਕਿੰਨੀ ਸੁੰਦਰ ਹੈ? ਉਹ ਖਿੜਕੀ ਦੇ ਸ਼ੀਸ਼ੇ 'ਚੋਂ ਸੰਗੀਤ ਦੀਆਂ ਮਧੁਰ ਧੁਨਾਂ ਨੂੰ ਵੀ ਸੁਣ ਸਕਦਾ ਸੀ । ਬੱਚੇ ਨੇ ਹੈਰਾਨੀ ਨਾਲ ਇਹ ਸਭ ਵੇਖਿਆ ਤੇ ਹੱਸ ਪਿਆ, ਭਾਵੇਂ ਕਿ ਉਹਦੇ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਕੜਾਕੇ ਦੀ ਸਰਦੀ ਨਾਲ ਨੀਲੀਆਂ ਹੋ ਕੇ ਆਕੜ ਗਈਆਂ ਸਨ ਤੇ ਦੁਖ ਰਹੀਆਂ ਸਨ । ਉਸ ਵੇਲੇ ਅਚਾਨਕ ਬੱਚੇ ਨੂੰ ਆਪਣੀਆਂ ਉਂਗਲਾਂ ਬਾਰੇ ਖਿਆਲ ਆਇਆ ਕਿ ਉਹ ਉਹਨੂੰ ਕਿੰਨਾ ਕਸ਼ਟ ਦੇ ਰਹੀਆਂ ਸਨ । ਉਹ ਚੀਕਣ ਲੱਗਾ ਤੇ ਦੌੜ ਪਿਆ ।
ਚਾਣਚੱਕ ਇਕ ਹੋਰ ਖਿੜਕੀ ਦੇ ਸ਼ੀਸ਼ੇ 'ਚੋਂ ਉਹਨੂੰ ਇਕ ਹੋਰ ਕ੍ਰਿਸਮਸ ਟ੍ਰੀ ਨਜ਼ਰ ਆਇਆ । ਉਹੋ ਜਿਹਾ ਹੀ, ਸ਼ਾਨਦਾਰ, ਰੌਸ਼ਨੀਆਂ 'ਚ ਝਿਲਮਿਲ ਕਰਦਾ ਹੋਇਆ ਟ੍ਰੀ । ਉਥੇ ਉਹ ਖਿੜਕੀ ਦੇ ਸ਼ੀਸ਼ੇ 'ਚੋਂ ਮੇਜ਼ 'ਤੇ ਸਜੇ ਹੋਏ ਵੱਖੋ-ਵੱਖਰੀ ਤਰ੍ਹਾਂ ਦੇ ਕੇਕ ਵੀ ਵੇਖ ਸਕਦਾ ਸੀ । ਬਾਦਾਮ ਦੇ ਕੇਕ, ਅਖਰੋਟ ਦੇ ਕੇਕ, ਸੁਰਖ ਕੇਕ, ਪੀਲੇ ਕੇਕ । ਮੇਜ਼ ਕੋਲ ਤਿੰਨ ਸੁੰਦਰ ਔਰਤਾਂ ਵੀ ਬੈਠੀਆਂ ਹੋਈਆਂ ਸਨ, ਜਿਹੜੀਆਂ ਉਨ੍ਹਾਂ ਤੱਕ ਪਹੁੰਚਣ ਵਾਲੇ ਹਰ ਬੰਦੇ ਨੂੰ ਕੇਕ ਵੰਡ ਰਹੀਆਂ ਸਨ । ਕਮਰੇ ਦਾ ਬੂਹਾ ਵਾਰ-ਵਾਰ ਖੁੱਲ੍ਹ ਰਿਹਾ ਸੀ ਤੇ ਸਨਮਾਨਿਤ ਔਰਤਾਂ-ਮਰਦ ਬੱਚਿਆਂ ਨਾਲ ਕਮਰੇ 'ਚ ਆ-ਜਾ ਰਹੇ ਸਨ । ਬੱਚਾ ਵੀ ਉਸ ਵੱਲ ਵਧਿਆ ਤੇ ਇਕਦਮ ਬੂਹਾ ਖੋਲ੍ਹ ਕੇ ਅੰਦਰ ਚਲਾ ਗਿਆ । ਇਕ ਔਰਤ ਬੁੜਬੁੜਾ ਕੇ ਉਸ ਤੱਕ ਪਹੁੰਚੀ ਤੇ ਉਹਦੇ ਹੱਥ 'ਚ ਕੇਕ ਦਾ ਇਕ ਟੁਕੜਾ ਸਰਕਾਉਂਦੇ ਹੋਏ ਦੂਜੇ ਹੱਥ ਨਾਲ ਉਹਦੇ ਲਈ ਸੜਕ 'ਤੇ ਖੁੱਲ੍ਹਣ ਵਾਲਾ ਬੂਹਾ ਖੋਲ੍ਹ ਦਿੱਤਾ ।
ਬੱਚਾ ਸਹਿਮਿਆ ਹੋਇਆ ਸੀ ਤੇ ਕੇਕ ਦਾ ਇਕ ਟੁਕੜਾ ਉਹਦੇ ਹੱਥ 'ਚੋਂ ਤਿਲਕ ਕੇ ਹੇਠਾਂ ਡਿਗ ਚੁੱਕਿਆ ਸੀ, ਪਰ ਉਹ ਆਪਣੀਆਂ ਆਕੜੀਆਂ ਹੋਈਆਂ ਨੀਲੀਆਂ ਉਂਗਲਾਂ ਨੂੰ ਮੋੜ ਕੇ ਉਹਨੂੰ ਚੁੱਕਣ ਦੇ ਕਾਬਲ ਨਹੀਂ ਸੀ । ਬੱਚਾ ਉਥੋਂ ਭੱਜ ਉਠਿਆ ਤੇ ਭੱਜਦਾ ਰਿਹਾ । ਕਿੱਥੇ? ਕਿਹੜੇ ਪਾਸੇ? ਇਹ ਉਹਨੂੰ ਖ਼ਬਰ ਨਹੀਂ ਸੀ ।
ਉਹ ਚੀਕਣਾ ਚਾਹੁੰਦਾ ਸੀ ਪਰ ਉਹ ਸਹਿਮਿਆ ਹੋਇਆ ਸੀ । ਉਹ ਭੱਜਦਾ ਰਿਹਾ । ਭੱਜਦਾ ਰਿਹਾ । ਨਾਲ ਹੀ ਆਪਣੀਆਂ ਆਕੜੀਆਂ ਹੋਈਆਂ ਉਂਗਲਾਂ ਨੂੰ ਮੂੰਹ ਦੀ ਭਾਫ਼ ਨਾਲ ਗਰਮਾਉਂਦਾ ਰਿਹਾ ।
ਓਏ! ਇਹ ਕੀ ਏ? ਭੀੜ 'ਚ ਖਲੋਤੇ ਆਖ਼ਰ ਕਿਹਦੀ ਤਾਰੀਫ਼ ਕਰ ਰਹੇ ਨੇ?
ਉਹਨੇ ਵੇਖਿਆ ਕਿ ਸ਼ੀਸ਼ੇ ਦੀ ਵੱਡੀ ਸਾਰੀ ਖਿੜਕੀ ਦੇ ਪਿੱਛੇ ਤਿੰਨ ਛੋਟੀਆਂ ਜਿਹੀਆਂ ਗੁੱਡੀਆਂ ਹਨ, ਜਿਨ੍ਹਾਂ ਸੁਰਖ ਤੇ ਸੁਨਹਿਰੇ ਲਿਬਾਸ ਪਹਿਨੇ ਹੋਏ ਹਨ । ਅਜਿਹਾ ਮਹਿਸੂਸ ਹੁੰਦਾ ਸੀ ਕਿ ਉਹ ਜ਼ਿੰਦਾ ਹਨ । ਉਨ੍ਹਾਂ 'ਚੋਂ ਇਕ ਵਾਇਲਿਨ ਵਜਾ ਰਹੀ ਹੈ ਤੇ ਦੂਜੀਆਂ ਗੁੱਡੀਆਂ ਨੱਚ ਰਹੀਆਂ ਸਨ । ਗੁੱਡੀਆਂ ਦੇ ਬੁੱਲ੍ਹ ਹਿੱਲ ਰਹੇ ਸਨ । ਉਹ ਬੋਲ ਰਹੀਆਂ ਸਨ । ਬਸ ਉਨ੍ਹਾਂ ਨੂੰ ਕੋਈ ਸੁਣ ਨਹੀਂ ਸਕਦਾ ।
ਪਹਿਲਾਂ ਪਹਿਲ ਤਾਂ ਬੱਚੇ ਨੇ ਸੋਚਿਆ ਕਿ ਉਹ ਜ਼ਿੰਦਾ ਹਨ । ਫਿਰ ਜਦੋਂ ਉਹਨੂੰ ਖਿਆਲ ਆਇਆ ਕਿ ਉਹ ਤਾਂ ਕੇਵਲ ਗੁੱਡੀਆਂ ਹਨ ਤਾਂ ਉਹ ਹੱਸ ਪਿਆ । ਉਹਨੇ ਅਜਿਹੀਆਂ ਗੁੱਡੀਆਂ ਪਹਿਲਾਂ ਕਦੇ ਨਹੀਂ ਸਨ ਵੇਖੀਆਂ । ਉਹਨੇ ਚੀਕਣਾ ਚਾਹਿਆ । ਉਹ ਉਨ੍ਹਾਂ ਨੂੰ ਵੇਖ ਕੇ ਬੇਹੱਦ ਖੁਸ਼ ਸੀ ਕਿ ਅਚਾਨਕ ਉਹਨੂੰ ਮਹਿਸੂਸ ਹੋਇਆ ਕਿ ਕਿਸੇ ਨੇ ਪਿੱਛੇ ਤੋਂ ਉਹਦੀ ਟੋਪੀ ਖਿੱਚੀ ਹੈ ।
ਇਕ ਵੱਡੇ ਬਦਮਾਸ਼ ਮੁੰਡੇ ਨੇ, ਜਿਹੜਾ ਉਹਦੇ ਪਿੱਛੇ ਖਲੋਤਾ ਸੀ, ਉਹਦੇ ਸਿਰ 'ਤੇ ਥੱਪੜ ਜਮਾ ਕੇ ਉਹਦੀ ਟੋਪੀ ਖੋਹੀ ਤੇ ਭੱਜ ਗਿਆ । ਬੱਚਾ ਮੂਧੇ ਮੂੰਹ ਜ਼ਮੀਨ 'ਤੇ ਡਿਗ ਪਿਆ । ਚਾਣਚੱਕ ਇਕ ਰੌਲਾ ਉਠਿਆ ਅਤੇ ਉਹ ਭੈ ਨਾਲ ਸੁੰਨ ਹੋ ਗਿਆ । ਉਹ ਫਿਰ ਭੱਜਣ ਲੱਗਾ ਨਾ ਜਾਣਦੇ ਹੋਏ ਕਿ ਉਹ ਕਿੱਥੇ ਜਾ ਰਿਹਾ ਸੀ । ਅਚਾਨਕ ਉਹ ਇਕ ਮਕਾਨ ਦੇ ਸਾਹਮਣੇ ਦੇ ਹਿੱਸੇ ਤੋਂ ਪ੍ਰਵੇਸ਼ 'ਚ ਕਰ ਗਿਆ ਤੇ ਲੱਕੜਾਂ ਦੇ ਇਕ ਢੇਰ ਦੇ ਪਿੱਛੇ ਬੈਠ ਗਿਆ । ਉਹ ਮੈਨੂੰ ਨਹੀਂ ਢੂੰਡ ਸਕਦੇ ਤੇ ਇਥੇ ਤਾਂ ਹਨੇਰਾ ਵੀ ਤਾਂ ਕਾਫ਼ੀ ਸੀ ।
ਉਹ ਭੈਅ ਦੇ ਕਾਰਨ ਸਹਿਮਿਆ ਹੋਇਆ ਨੁੱਕਰ 'ਚ ਦੁਬਕ ਕੇ ਬੈਠਾ ਹੋਇਆ ਸੀ ਪਰ ਅਚਾਨਕ ਹੀ ਉਹਨੂੰ ਅਹਿਸਾਸ ਹੋਇਆ ਕਿ ਉਹਦੇ ਹੱਥਾਂ ਤੇ ਪੈਰਾਂ ਦੀਆਂ ਆਕੜੀਆਂ ਹੋਈਆਂ ਉਂਗਲਾਂ ਦੀ ਪੀੜ ਅਲੋਪ ਹੋ ਚੁੱਕੀ ਸੀ । ਉਹ ਆਪਣੇ-ਆਪ ਨੂੰ ਗਰਮ ਮਹਿਸੂਸ ਕਰ ਰਿਹਾ ਸੀ । ਏਨਾ ਗਰਮ, ਜਿਵੇਂ ਉਹ ਸਟੋਵ 'ਤੇ ਬੈਠਾ ਹੋਇਆ ਹੋਵੇ । ਉਹਨੂੰ ਇਹ ਮਹਿਸੂਸ ਹੋਇਆ, ਜਿਵੇਂ ਉਹ ਸੌਾ ਚੁੱਕਿਆ ਸੀ । ਇਥੇ ਉਸ ਗਰਮ ਨੁੱਕਰ 'ਚ ਮਾਨੋਂ ਕਿੰਨਾ ਚੰਗਾ ਜਾਪਦਾ ਸੀ ।
'ਮੈਂ ਕੁਝ ਦੇਰ ਇਥੇ ਬੈਠਾਂਗਾ ਤੇ ਇਕ ਵਾਰ ਫਿਰ ਨੱਚਦੀਆਂ ਗੁੱਡੀਆਂ ਨੂੰ ਵੇਖਾਂਗਾ', ਬੱਚੇ ਨੇ ਆਪਣੇ-ਆਪ ਨੂੰ ਕਿਹਾ ਤੇ ਉਨ੍ਹਾਂ ਬਾਰੇ ਸੋਚਦਾ ਹੋਇਆ ਆਪਣੇ-ਆਪ ਹੀ ਮੁਸਕਰਾਉਣ ਲੱਗਾ, ਜਿਵੇਂ ਸੱਚਮੁਚ ਉਹ ਜ਼ਿੰਦਾ ਹੀ ਤਾਂ ਹੋਣ... ਉਸ ਵੇਲੇ ਅਚਾਨਕ ਉਹਨੇ ਆਪਣੀ ਮਾਂ ਨੂੰ ਆਪਣੇ ਉੱਪਰ ਗਾਉਂਦੇ ਹੋਏ ਸੁਣਿਆ ।
'ਮਾਂ... ਮੈਂ ਸੌਂ ਰਿਹਾ ਆਂ... ਇਥੇ ਸੌਣਾ ਕਿੰਨਾ ਚੰਗਾ ਜਾਪਦਾ ਏ ।'
'ਮੇਰੇ ਬੱਚੇ, ਮੇਰੇ ਕ੍ਰਿਸਮਸ ਟ੍ਰੀ ਕੋਲ ਆਓ', ਅਚਾਨਕ ਇਕ ਕੋਮਲ ਆਵਾਜ਼ ਨੇ ਉਹਦੇ ਸਿਰ 'ਤੇ ਖੁਸਰ-ਫੁਸਰ ਕੀਤੀ ।
ਉਹਨੇ ਸੋਚਿਆ ਕਿ ਇਹ ਵੀ ਉਹਦੀ ਮਾਂ ਹੀ ਸੀ, ਪਰ ਨਹੀਂ ਇਹ ਉਹ ਨਹੀਂ ਸੀ, ਫਿਰ ਉਹਨੂੰ ਕੌਣ ਬੁਲਾ ਰਿਹਾ ਹੈ । ਉਹ ਵੇਖ ਨਹੀਂ ਸੀ ਸਕਦਾ । ਪਰ ਉਹਨੇ ਆਪਣੇ ਹੱਥ ਉਹਦੇ ਵੱਲ ਫੈਲਾਅ ਦਿੱਤੇ ਤੇ ਫਿਰ ਇਹ ਅਚਾਨਕ... ਹੀ ਕਿਹੋ ਜਿਹੀ ਚਮਕਦਾਰ ਰੌਸ਼ਨੀ ਏ?
ਅਤੇ ਕਿਹੋ ਜਿਹਾ ਕ੍ਰਿਸਮਸ ਟ੍ਰੀ? ਉਹਨੇ ਅਜਿਹਾ ਟ੍ਰੀ ਕਦੇ ਨਹੀਂ ਸੀ ਵੇਖਿਆ । ਉਹ ਹੁਣ ਕਿੱਥੇ ਸੀ? ਹਰ ਚੀਜ਼ ਚਮਕ ਰਹੀ ਸੀ ਅਤੇ ਉਹਦੇ ਚਾਰੇ ਪਾਸੇ ਗੁੱਡੀਆਂ ਹੀ ਗੁੱਡੀਆਂ ਸਨ । ਪਰ ਨਹੀਂ, ਉਹ ਗੁੱਡੀਆਂ ਨਹੀਂ ਸਨ, ਸਗੋਂ ਬੇਹੱਦ ਸੁੰਦਰ ਲਿਬਾਸ ਪਹਿਨੇ ਹੋਏ ਨਿੱਕੇ-ਨੱਕੇ ਬੱਚੇ ਸਨ ।
ਉਹ ਸਾਰੇ ਉਸ ਵੱਲ ਉਡਦੇ ਹੋਏ ਆਏ । ਸਭ ਨੇ ਉਹਨੂੰ ਪਿਆਰ ਕੀਤਾ ਤੇ ਉਹਨੂੰ ਆਪਣੇ ਨਾਲ ਲੈ ਕੇ ਉੱਡਣ ਲੱਗੇ । ਹੁਣ ਉਹ ਵੀ ਉੱਡ ਰਿਹਾ ਸੀ । ਉਹਨੇ ਵੇਖਿਆ ਕਿ ਉਹਦੀ ਮਾਂ ਉਹਨੂੰ ਵੇਖ ਰਹੀ ਸੀ ਤੇ ਉਹ ਖੁਸ਼ੀ ਨਾਲ ਹੱਸ ਰਹੀ ਸੀ ।
'ਮਾਂ... ਮਾਂ... ਇਹ ਸਭ ਕਿੰਨਾ ਦਿਲਖਿੱਚਵਾਂ ਏ, ਮਾਂ', ਇਕ ਵਾਰ ਫਿਰ ਉਹਨੇ ਬੱਚੇ ਨੂੰ ਪਿਆਰ ਕੀਤਾ ਤੇ ਉਨ੍ਹਾਂ ਨੂੰ ਸ਼ੀਸ਼ੇ ਦੀਆਂ ਖਿੜਕੀਆਂ 'ਚੋਂ ਨਜ਼ਰ ਆਉਣ ਵਾਲੀਆਂ ਗੁੱਡੀਆਂ ਬਾਰੇ ਦੱਸਣਾ ਚਾਹਿਆ ।
ਉਹਨੇ ਹੱਸਦੇ ਹੋਏ ਬੱਚਿਆਂ ਦੀ ਪ੍ਰਸੰਸਾ ਕਰਦੇ ਹੋਏ ਪੁੱਛਿਆ, 'ਉਏ ਬੱਚਿਓ, ਤੁਸੀਂ ਕੌਣ ਹੋ?'
'ਇਹ ਯਿਸੂ ਮਸੀਹ ਦੇ ਕ੍ਰਿਸਮਸ ਟ੍ਰੀ ਏ', ਉਨ੍ਹਾਂ ਜਵਾਬ ਦਿੱਤਾ ।
'ਮਸੀਹ ਸਦਾ ਕ੍ਰਿਸਮਸ ਦੇ ਦਿਨ ਇਹ ਟ੍ਰੀ ਉਨ੍ਹਾਂ ਬੱਚਿਆਂ ਨੂੰ ਦਿੰਦਾ ਹੈ, ਜਿਨ੍ਹਾਂ ਦਾ ਆਪਣਾ ਕੋਈ ਟ੍ਰੀ ਨਹੀਂ... ਅਤੇ ਉਸ ਵੇਲੇ ਉਹਨੂੰ ਮਹਿਸੂਸ ਹੋਇਆ ਕਿ ਉਹ ਸਾਰੇ ਨਿੱਕੇ-ਨਿੱਕੇ ਬੱਚੇ ਉਸ ਵਾਂਗ ਹੀ ਨੇ, ਜਿਨ੍ਹਾਂ 'ਚੋਂ ਕੁਝ ਪੀਟਸਬਰਗ ਦੇ ਅਮੀਰ ਲੋਕਾਂ ਦੇ ਘਰ ਦੇ ਬੂਹਿਆਂ 'ਤੇ ਰੱਖੀਆਂ ਟੋਕਰੀਆਂ 'ਚ ਠੰਢੇ ਹੋ ਚੁੱਕੇ ਨੇ ।
ਕੁਝ ਸਮੇਂ ਦੇ ਅਕਾਲ 'ਚ ਆਪਣੀ ਭੁੱਖ ਤੋਂ ਦੁਖੀ ਮਾਵਾਂ ਦੀਆਂ ਛਾਤੀਆਂ ਨਾਲ ਲੱਗੇ ਹੋਏ ਮਰ ਚੁੱਕੇ ਸਨ । ਫਿਰ ਵੀ ਉਹ ਸਾਰੇ ਦੇ ਸਾਰੇ ਉਥੇ ਇਕੱਠੇ ਸਨ । ਸਾਰੇ ਦੇ ਸਾਰੇ ਇੰਜ ਜਾਪ ਰਹੇ ਸਨ ਜਿਵੇਂ ਯਿਸੂ ਮਸੀਹ ਦੇ ਦੁਆਲੇ ਨਿੱਕੇ-ਨਿੱਕੇ ਫਰਿਸ਼ਤੇ ਹੋਣ ਤੇ ਉਹ ਉਨ੍ਹਾਂ ਵਿਚਕਾਰ ਸੀ ਤੇ ਆਪਣਾ ਹੱਥ ਉਨ੍ਹਾਂ ਨਾਲ ਚੁੱਕੀ, ਉਨ੍ਹਾਂ ਤੇ ਉਨ੍ਹਾਂ ਦੀਆਂ ਗੁਨਾਹਗਾਰ ਮਾਵਾਂ ਤੋਂ ਖ਼ਿਮਾ ਮੰਗ ਰਿਹਾ ਸੀ...
ਅਤੇ ਉਨ੍ਹਾਂ ਬੱਚਿਆਂ ਦੀਆਂ ਮਾਵਾਂ ਇਕ ਪਾਸੇ ਖਲੋਤੀਆਂ ਰੋ ਰਹੀਆਂ ਸਨ । ਹਰ ਇਕ ਆਪਣੇ ਬੱਚੇ ਜਾਂ ਬੱਚੀ ਨੂੰ ਜਾਣਦੀ ਸੀ । ਬੱਚੇ ਉਨ੍ਹਾਂ ਵੱਲ ਉੱਡ ਕੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਉਨ੍ਹਾਂ ਦੇ ਅੱਥਰੂ ਪੂੰਝ ਕੇ ਉਨ੍ਹਾਂ ਤੋਂ ਨਾ ਰੋਣ ਦੀ ਪ੍ਰਾਰਥਨਾ ਕਰ ਰਹੇ ਸਨ, ਕਿਉਂ ਜੋ ਅੱਜ ਕ੍ਰਿਸਮਸ ਦੀ ਰਾਤ ਸੀ ਤੇ ਉਹ ਬੇਹੱਦ ਪ੍ਰਸੰਨ ਸਨ ।
ਸਵੇਰ ਸਮੇਂ ਚੌਕੀਦਾਰ ਨੂੰ ਲੱਕੜਾਂ ਦੇ ਢੇਰ ਦੇ ਪਿੱਛੇ ਨਿੱਕੇ ਬੱਚੇ ਦੀ ਠੰਢੀ ਲਾਸ਼ ਮਿਲੀ । ਉਸ ਬੱਚੇ ਦੀ ਮਾਂ ਵੀ ਮਿਲ ਗਈ ਸੀ, ਜਿਹੜੀ ਉਸ ਤੋਂ ਪਹਿਲਾਂ ਮਰ ਚੁੱਕੀ ਸੀ ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ