Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Kavita
  

Danko Da Balda Hoia Dil Maxim Gorky

ਦਾਨਕੋ ਦਾ ਬਲ਼ਦਾ ਹੋਇਆ ਦਿਲ ਮੈਕਸਿਮ ਗੋਰਕੀ

"ਬਹੁਤ, ਬਹੁਤ ਪਹਿਲਾਂ ਇੱਕ ਕਬੀਲਾ ਸੀ। ਉਹ ਜਿਸ ਜਗ੍ਹਾ ਰਹਿੰਦਾ ਸੀ ਉਹਦੇ ਤਿੰਨ ਪਾਸੇ ਸੰਘਣੇ ਜੰਗਲ ਪਸਰੇ ਹੋਏ ਸਨ ਅਤੇ ਚੌਥੇ ਪਾਸੇ ਘਾਹ ਦੇ ਮੈਦਾਨ ਫੈਲੇ ਹੋਏ ਸਨ। ਇਸ ਕਬੀਲੇ ਦੇ ਲੋਕ ਤਗੜੇ, ਬਹਾਦਰ ਅਤੇ ਖੁਸ਼ਮਿਜਾਜ਼ ਸਨ। ਪਰ ਬੁਰੇ ਦਿਨਾਂ ਨੇ ਉਨ੍ਹਾਂ ਨੂੰ ਆ ਘੇਰਿਆ। ਹੋਰਨਾਂ ਕਬੀਲਿਆਂ ਨੇ ਉਹਨਾਂ ‘ਤੇ ਧਾਵਾ ਬੋਲਿਆ ਅਤੇ ਉਹਨਾਂ ਨੇ ਉਹਨਾਂ ਨੂੰ ਜੰਗਲ ਦੀਆਂ ਡੂੰਘਾਈਆਂ ਵਿੱਚ ਖਦੇੜ ਦਿੱਤਾ। ਜੰਗਲ ਹਨ੍ਹੇਰੇ ਵਿੱਚ ਡੁੱਬਿਆ ਹੋਇਆ ਅਤੇ ਦਲਦਲੀ ਸੀ। ਕਾਰਣ ਕਿ ਉਹ ਬਹੁਤ ਪੁਰਾਣਾ ਸੀ ਅਤੇ ਦਰਖ਼ਤਾਂ ਦੀਆਂ ਟਹਿਣੀਆਂ ਇਸ ਤਰ੍ਹਾਂ ਕਸਕੇ ਇੱਕ ਦੂਜੀ ਨਾਲ਼ ਗੁੰਦੀਆਂ ਸਨ ਕਿ ਅਸਮਾਨ ਦੀ ਸ਼ਕਲ ਤੱਕ ਨਜ਼ਰ ਨਹੀਂ ਆਉਂਦੀ ਸੀ ਅਤੇ ਘਣੀ ਹਰਿਆਲੀ ਨੂੰ ਚੀਰ ਕੇ ਦਲਦਲ ਤੱਕ ਪਹੁੰਚਣ ਵਿੱਚ ਸੂਰਜ ਦੀਆਂ ਕਿਰਣਾਂ ਦੀ ਸਾਰੀ ਸ਼ਕਤੀ ਖਪ ਜਾਂਦੀ ਸੀ। ਪਰ ਜਦ ਉਹ ਉਸ ਪਾਣੀ ਤੱਕ ਪਹੁੰਚਦੀ ਸੀ, ਤਾਂ ਜ਼ਹਿਰੀਲੀ ਹਵਾੜ ਉੱਠਣ ਲਗਦੀ ਸੀ, ਜਿਸ ਨਾਲ਼ ਲੋਕ ਮਰਨ ਲੱਗਦੇ ਸਨ।
"ਤਦ ਉਸ ਕਬੀਲੇ ਦੀਆਂ ਔਰਤਾਂ ਅਤੇ ਬੱਚੇ ਰੋਣ-ਪਿੱਟਣ ਲੱਗੇ ਅਤੇ ਮਰਦ ਚਿੰਤਾ ਵਿੱਚ ਘੁਲਣ ਲੱਗੇ। ਜੰਗਲ ਵਿੱਚੋਂ ਨਿਕਲ ਕੇ ਜਾਣ ਤੋਂ ਸਿਵਾ ਕੋਈ ਚਾਰਾ ਨਾ ਰਿਹਾ, ਪਰ ਬਾਹਰ ਨਿਕਲਣ ਦੇ ਦੋ ਹੀ ਰਸਤੇ ਸਨ—ਇੱਕ ਪਿੱਛੇ ਵੱਲ, ਜਿੱਥੇ ਤਾਕਤਵਰ ਅਤੇ ਜਾਨੀ ਦੁਸ਼ਮਣ ਸਨ, ਦੂਸਰਾ ਅੱਗੇ ਵੱਲ, ਜਿੱਥੇ ਦਿਓਕੱਦ ਦਰਖ਼ਤ ਉਹਨਾਂ ਦਾ ਰਸਤਾ ਰੋਕੇ ਖੜੇ ਸਨ, ਜਿਹਨਾਂ ਦੀਆਂ ਮਜ਼ਬੂਤ ਟਹਿਣੀਆਂ ਸਨ ਇੱਕ-ਦੂਜੀ ਨਾਲ਼ ਮਜ਼ਬੂਤੀ ਨਾਲ਼ ਗੁੰਦੀਆਂ ਹੋਈਆਂ ਅਤੇ ਜਿਹਨਾਂ ਦੀਆਂ ਵਿੰਗੀਆਂ-ਟੇਡੀਆਂ ਜੜ੍ਹਾਂ ਦਲਦਲੀ ਚਿੱਕੜ ਵਿੱਚ ਬਹੁਤ ਡੂੰਘੀਆਂ ਚਲੀਆਂ ਗਈਆਂ ਸਨ। ਇਹ ਪੱਥਰਨੁਮਾ ਦਰਖ਼ਤ ਦਿਨ ਦੇ ਮਟਮੈਲੇ ਹਨੇਰੇ ਵਿੱਚ ਨਿਰਵਾਕ ਅਤੇ ਅਡੋਲ ਖੜੇ ਰਹਿੰਦੇ ਅਤੇ ਰਾਤ ਨੂੰ ਜਦ ਚੁੱਲ੍ਹੇ ਬਲ਼ਦੇ, ਤਾਂ ਲੋਕਾਂ ਦੇ ਦੁਆਲ਼ੇ ਆਪਣਾ ਘੇਰਾ ਹੋਰ ਵੀ ਕਸ ਲੈਂਦੇ ਅਤੇ ਸਤੇਪੀ ਦੀ ਖੁੱਲੀ ਗੋਦ ਦੇ ਆਦੀ ਲੋਕ ਦਿਨ-ਰਾਤ ਹਨੇਰੇ ਦੀਆਂ ਕੰਧਾਂ ਵਿੱਚ ਬੰਦ ਰਹਿੰਦੇ ਜੋ ਕਿ ਜਿਵੇਂ ਉਹਨਾਂ ਨੂੰ ਕੁਚਲਣ ਦੀ ਸੌਂਹ ਖਾਈ ਬੈਠੀਆਂ ਸਨ। ਇਸ ਸਭ ਤੋਂ ਭਿਆਨਕ ਸੀ ਹਵਾ, ਜੋ ਦਰਖਤਾਂ ਦੀਆਂ ਚੋਟੀਆਂ ਤੋਂ ਸਨਸਨਾਉਂਦੀ ਅਤੇ ਫੁੰਕਾਰਦੀ ਹੋਈ ਗੁਜ਼ਰਦੀ ਅਤੇ ਇਸ ਤਰ੍ਹਾਂ ਲਗਦਾ ਮੰਨੋ ਕਿ ਸਮੁੱਚਾ ਜੰਗਲ ਉਹਨਾਂ ਲੋਕਾਂ ਲਈ ਕਿਸੇ ਭਿਅੰਕਰ ਸੋਗੀ ਗੀਤ ਨਾਲ਼ ਗੂੰਜ ਉਠਿਆ ਹੋਵੇ। ਉਹ ਇੱਕ ਬਹਾਦਰ ਕਬੀਲੇ ਦੇ ਲੋਕ ਸਨ ਅਤੇ ਅੰਤ ਤੱਕ ਉਹਨਾਂ ਲੋਕਾਂ ਨਾਲ਼ ਲੜਦੇ, ਜਿਹਨਾਂ ਨੇ ਉਹਨਾਂ ਨੂੰ ਇੱਕ ਵਾਰ ਹਰਾ ਦਿੱਤਾ ਸੀ। ਪਰ ਉਹ ਲੜਾਈਆਂ ਵਿੱਚ ਆਪਣੇ ਆਪ ਨੂੰ ਮਰਨ ਨਹੀਂ ਦੇ ਸਕਦੇ ਸਨ ਕਿਉਂਕਿ ਉਹਨਾਂ ਦੇ ਆਪਣੇ ਜੀਵਨ-ਆਦਰਸ਼ ਸਨ ਅਤੇ ਜੇ ਉਹ ਮਰ ਜਾਂਦੇ ਤਾਂ ਉਹਨਾਂ ਦੇ ਜੀਵਨ-ਆਦਰਸ਼ ਵੀ ਉਹਨਾਂ ਦੇ ਨਾਲ਼ ਹੀ ਖ਼ਤਮ ਹੋ ਜਾਂਦੇ। ਇਸੇ ਲਈ ਉਹ ਦਲਦਲ ਦੀ ਜ਼ਹਿਰੀਲੀ ਹਵਾੜ ਅਤੇ ਜੰਗਲ ਦੇ ਘੁਟੇ-ਘੁਟੇ ਸ਼ੋਰ ਵਾਲ਼ੀਆਂ ਲੰਮੀਆਂ ਰਾਤਾਂ ਵਿੱਚ ਬੈਠੇ ਹੋਏ ਆਪਣੀ ਕਿਸਮਤ ਬਾਰੇ ਸੋਚਦੇ ਰਹਿੰਦੇ ਸਨ। ਉਹ ਸੋਚ ਵਿੱਚ ਡੁੱਬੇ ਬੈਠੇ ਹੁੰਦੇ, ਅੱਗ ਦੀਆਂ ਲਾਟਾਂ ਦੇ ਪਰਛਾਵੇਂ ਉਹਨਾਂ ਦੇ ਆਲ਼ੇ-ਦੁਆਲ਼ੇ ਮੂਕ ਨਾਚ ਵਿੱਚ ਟੱਪਦੇ ਅਤੇ ਉਹਨਾਂ ਸਭ ਨੂੰ ਇਸ ਤਰ੍ਹਾਂ ਲਗਦਾ ਕਿ ਇਹ ਨਿਰੇ ਪਰਛਾਵੇਂ ਹੀ ਨਾਚ ਨਹੀਂ ਕਰ ਰਹੇ ਸਗੋਂ ਜੰਗਲ ਅਤੇ ਦਲਦਲ ਦੀਆਂ ਪ੍ਰੇਤਆਤਮਾਵਾਂ ਆਪਣੀ ਜਿੱਤ ਦਾ ਜਸ਼ਨ ਮਨਾ ਰਹੀਆਂ ਹਨ… ਲੋਕ ਇਸਤਰ੍ਹਾਂ ਬੈਠੇ-ਬੈਠੇ ਸੋਚਦੇ ਰਹਿੰਦੇ। ਪਰ ਪਰੇਸ਼ਾਨ ਕਰਨ ਵਾਲ਼ੇ ਵਿਚਾਰ ਆਦਮੀ ਨੂੰ ਜਿਨਾਂ ਨਿਚੋੜਦੇ ਹਨ, ਓਨਾ ਹੋਰ ਕੋਈ ਚੀਜ਼ ਨਹੀਂ, ਨਾ ਮਿਹਨਤ, ਨਾ ਔਰਤਾਂ। ਲੋਕ ਚਿੰਤਾ ਵਿੱਚ ਸੁੱਕਣ ਲੱਗੇ… ਉਹਨਾਂ ਦਿਲਾਂ ਵਿੱਚ ਭੈਅ ਪੈਦਾ ਹੋਇਆ ਅਤੇ ਉਸਨੇ ਉਹਨਾਂ ਦੀਆਂ ਮਜ਼ਬੂਤ ਬਾਹਾਂ ਨੂੰ ਜਕੜ ਲਿਆ। ਜ਼ਹਿਰੀਲੀ ਹਵਾੜ ਕਾਰਣ ਮਰੇ ਲੋਕਾਂ ਦੀਆਂ ਲਾਸ਼ਾ ‘ਤੇ ਔਰਤਾਂ ਦਾ ਰੋਣਾ ਅਤੇ ਭੈਅ ਨਾਲ਼ ਸ਼ਕਤੀਹੀਣ ਹੋਏ ਜ਼ਿੰਦਾ ਜੀਵਾਂ ‘ਤੇ ਉਹਨਾਂ ਦਾ ਰੋਣਾ-ਕਲਪਣਾ ਦਹਿਸ਼ਤ ਪੈਦਾ ਕਰਦਾ। ਅਤੇ ਇਸਤਰ੍ਹਾਂ ਜੰਗਲ ਵਿੱਚ ਬੁਜ਼ਦਿਲੀ ਭਰੇ ਸ਼ਬਦ ਭਿਣਭਿਣਾਉਣ ਲੱਗੇ—ਪਹਿਲਾਂ ਹੋਲ਼ੀ ਅਤੇ ਦੱਬੇ-ਦੱਬੇ ਅਤੇ ਫਿਰ ਲਗਾਤਾਰ ਹੋਰ ਜ਼ਿਆਦਾ ਖੁੱਲ੍ਹਕੇ.. ਆਖਰ ‘ਚ ਉਹ ਦੁਸ਼ਮਣ ਕੋਲ਼ ਜਾਕੇ ਉਹਨੂੰ ਆਪਣੀ ਅਜ਼ਾਦੀ ਭੇਂਟ ਕਰਨ ਦੀ ਸੋਚਣ ਲੱਗੇ। ਮੌਤ ਦੇ ਭੈਅ ਨੇ ਉਹਨਾਂ ਨੂੰ ਇੰਨਾ ਡਰਾ ਦਿੱਤਾ ਸੀ ਕਿ ਹਰ ਕੋਈ ਗੁਲਾਮ ਵਾਂਗ ਜੀਵਨ ਬਿਤਾਉਣ ਨੂੰ ਤਿਆਰ ਹੋ ਗਿਆ ਸੀ… ਪਰ ਉਦੋਂ ਦਾਨਕੋ ਆਇਆ ਅਤੇ ਉਸਨੇ ਹੀ ਉਹਨਾਂ ਸਭ ਦੀ ਰੱਖਿਆ ਕੀਤੀ।
"ਦਾਨਕੋ ਉਹਨਾਂ ਵਿੱਚੋਂ ਹੀ ਇੱਕ ਸੋਹਣਾ ਜਵਾਨ ਸੀ। ਸੋਹਣੇ ਲੋਕ ਹਮੇਸ਼ਾ ਹਿੰਮਤੀ ਹੁੰਦੇ ਹਨ। ਅਤੇ ਉਸਨੇ ਆਪਣੇ ਸਾਥੀਆਂ ਨੂੰ ਕਿਹਾ—
"'ਸਿਰਫ਼ ਸੋਚਣ ਨਾਲ਼ ਹੀ ਰਸਤੇ ਦੀਆਂ ਚੱਟਾਨਾਂ ਨਹੀਂ ਹਟਦੀਆਂ। ਜੋ ਕੁੱਝ ਕਰਦੇ ਨਹੀਂ, ਉਹ ਕੁੱਝ ਪਾਉਂਦੇ ਨਹੀਂ। ਸੋਚ ਅਤੇ ਪ੍ਰੇਸ਼ਾਨੀ ਵਿੱਚ ਅਸੀਂ ਆਪਣੀਆਂ ਸ਼ਕਤੀਆਂ ਕਿਉਂ ਬਰਬਾਦ ਕਰ ਰਹੇ ਹਾਂ? ਉਠੋ, ਜੰਗਲ ਨੂੰ ਚੀਰਦੇ ਹੋਏ ਅਸੀਂ ਅੱਗੇ ਵਧ ਚਲੀਏ—ਕਿਤੇ ਨਾ ਕਿਤੇ ਤਾਂ ਇਸਦਾ ਅੰਤ ਹੋਵੇਗਾ ਹੀ—ਹਰ ਚੀਜ਼ ਦਾ ਅੰਤ ਹੁੰਦਾ ਹੈ! ਚਲੋ, ਅੱਗੇ ਵਧੋ!’
"ਲੋਕਾਂ ਦੀਆਂ ਅੱਖਾਂ ਉਸਦੇ ਵੱਲ ਉਠੀਆਂ ਅਤੇ ਉਹਨਾਂ ਦੇਖਿਆ ਕਿ ਉਹ ਉਹਨਾਂ ਵਿੱਚੋਂ ਸਭ ਤੋਂ ਉੱਤਮ ਹੈ, ਕਿਉਂਕਿ ਉਹਦੀਆਂ ਅੱਖਾਂ ਸ਼ਕਤੀ ਅਤੇ ਜੀਵਨ ਨਾਲ਼ ਲਿਸ਼ਕ ਰਹੀਆਂ ਸਨ।”
"'ਸਾਡੀ ਅਗਵਾਈ ਕਰੋ!’ ਉਹਨਾਂ ਨੇ ਕਿਹਾ।
"ਅਤੇ ਉਸਨੇ ਉਹਨਾਂ ਦੀ ਅਗਵਾਈ ਕੀਤੀ…
"ਸੋ ਦਾਨਕੋ ਉਹਨਾਂ ਨੂੰ ਲੈ ਤੁਰਿਆ। ਉਹ ਉਤਸ਼ਾਹ ਨਾਲ਼ ਉਹਦੇ ਨਾਲ਼ ਚਲੇ ਕਿਉਂਕਿ ਉਸ ਵਿੱਚ ਉਹਨਾਂ ਦਾ ਵਿਸ਼ਵਾਸ ਸੀ। ਪੈਂਡਾ ਬੜਾ ਬਿਖੜਾ ਸੀ! ਹਨੇਰਾ ਸੀ, ਪੈਰ-ਪੈਰ ‘ਤੇ ਦਲਦਲ ਆਪਣਾ ਸੜਿਆ ਹੋਇਆ ਲਾਲਚੀ ਮੂੰਹ ਅੱਡੀ ਹੋਈ ਸੀ। ਉਹ ਲੋਕਾਂ ਨੂੰ ਨਿਗਲ ਜਾਂਦੀ ਸੀ ਅਤੇ ਦਰਖ਼ਤ ਮਜ਼ਬੂਤ ਦੀਵਾਰਾਂ ਦੇ ਵਾਂਗ ਰਾਹ ਰੋਕ ਲੈਂਦੇ ਸਨ। ਉਹਨਾਂ ਦੀਆਂ ਟਹਿਣੀਆਂ ਕਸਕੇ ਇੱਕ-ਦੂਜੀ ਵਿੱਚ ਗੁੰਦੀਆਂ ਹੋਈਆਂ ਸਨ ਅਤੇ ਸੱਪਾਂ ਵਾਂਗ ਹਰ ਪਾਸੇ ਫੈਲੀਆਂ ਹੋਈਆਂ ਸਨ ਉਹਨਾਂ ਦੀਆਂ ਜੜਾਂ। ਹਰ ਕਦਮ ਅੱਗੇ ਵਧਣ ਲਈ ਉਹਨਾਂ ਨੂੰ ਆਪਣੇ ਲਹੂ ਅਤੇ ਪਸੀਨੇ ਨਾਲ਼ ਕੀਮਤ ਚੁਕਾਣੀ ਪੈਂਦੀ। ਦੇਰ ਤੱਕ ਉਹ ਚਲਦੇ ਰਹੇ… ਜੰਗਲ ਹੋਰ ਘਣਾ ਹੁੰਦਾ ਗਿਆ ਅਤੇ ਲੋਕਾਂ ਦੀ ਤਾਕਤ ਘਟਦੀ ਗਈ! ਅਤੇ ਉਦੋਂ ਉਹ ਦਾਨਕੋ ਖਿਲਾਫ਼ ਬੁੜਬੁੜ ਕਰਨ ਲੱਗੇ। ਕਹਿਣ ਲੱਗੇ ਕਿ ਉਹ ਨਿਰਾ ਮੁੰਡਾ ਅਤੇ ਨਾਤਜ਼ਰਬੇਕਾਰ ਹੈ ਅਤੇ ਪਤਾ ਨਹੀਂ ਸਾਨੂੰ ਕਿੱਥੇ ਲੈ ਆਇਆ ਹੈ। ਪਰ ਉਹ ਉਹਨਾਂ ਦੇ ਅੱਗੇ-ਅੱਗੇ ਚਲਦਾ ਰਿਹਾ। ਉਸਦੇ ਮਨ ਵਿੱਚ ਕਿਸੇ ਤਰਾਂ ਦੀ ਸ਼ੰਕਾ ਅਤੇ ਚਿਹਰੇ ‘ਤੇ ਕੋਈ ਸ਼ਿਕਨ ਨਹੀਂ ਸੀ।
"ਪਰ ਇੱਕ ਦਿਨ ਤੁਫਾਨ ਨੇ ਜੰਗਲ ਨੂੰ ਘੇਰ ਲਿਆ ਅਤੇ ਦਰਖ਼ਤਾਂ ਵਿੱਚ ਦਹਿਸ਼ਤਜ਼ਦਾ ਸਨਸਨਾਹਟ ਦੌੜ ਗਈ। ਅਤੇ ਉਦੋਂ ਇੰਨਾ ਘਣਾ ਹਨੇਰਾ ਛਾ ਗਿਆ ਕਿ ਲਗਦਾ ਸੀ ਜਿਵੇਂ ਉਹ ਸਾਰੀਆਂ ਰਾਤਾਂ ਇੱਕੋ ਵਾਰ ਉਥੇ ਹੋ ਗਈਆਂ ਹੋਣ ਜੋ ਜੰਗਲ ਦੇ ਜਨਮ ਤੋਂ ਲੈਕੇ ਹੁਣ ਤੱਕ ਬੀਤੀਆਂ ਸਨ। ਅਤੇ ਉਹ ਛੋਟੇ-ਛੋਟੇ ਲੋਕ ਦਿਓਕੱਦ ਦਰਖ਼ਤਾਂ ਅਤੇ ਤੁਫਾਨੀ ਗਰਜਾਂ ਵਿੱਚ ਚਲਦੇ ਰਹੇ। ਉਹ ਚਲਦੇ ਜਾਂਦੇ, ਦਿਓਕੱਦ ਦਰਖ਼ਤ ਚਰਚਰਾਉਂਦੇ, ਭਿਅੰਕਰ ਗੀਤ ਜਿਹੇ ਗਾਉਂਦੇ ਅਤੇ ਦਰਖ਼ਤਾਂ ਦੀਆਂ ਕਰੂੰਬਲਾਂ ਦੇ ਉਪਰ ਬਿਜਲੀ ਚਮਕਦੀ, ਪਲ ਭਰ ਲਈ ਇੱਕ ਠੰਡੀ ਨੀਲੀ ਰੋਸ਼ਨੀ ਜੰਗਲ ਨੂੰ ਜਗਮਗਾ ਦਿੰਦੀ ਅਤੇ ਫਿਰ ਓਨੀ ਹੀ ਤੇਜ਼ੀ ਨਾਲ਼ ਗਾਇਬ ਹੋ ਜਾਂਦੀ। ਲੋਕਾਂ ਦੇ ਦਿਲ ਡਰ ਨਾਲ਼ ਕੰਬ ਉਠਦੇ। ਬਿਜਲੀ ਦੀ ਠੰਡੀ ਰੋਸ਼ਨੀ ਵਿੱਚ ਦਰਖ਼ਤ ਜਿਉਂਦੇ-ਜਾਗਦੇ ਮਲੂਮ ਹੁੰਦੇ—ਆਪਣੀਆਂ ਗਠੀਲੀਆਂ ਲੰਬੀਆਂ ਬਾਹਵਾਂ ਨੂੰ ਫੈਲਾਉਂਦੇ ਅਤੇ ਉਹਨਾਂ ਨੂੰ ਗੁੰਦਕੇ ਘਣਾ ਜਾਲ਼ ਜਿਹਾ ਵਿਛਾਉਂਦੇ-, ਤਾਂਕਿ ਇਹ ਲੋਕ, ਜੋ ਹਨੇਰੇ ਦੀ ਕੈਦ ਤੋਂ ਛੁੱਟਣ ਦੀ ਕੋਸ਼ਿਸ਼ ਕਰ ਰਹੇ ਸਨ, ਉਹਨਾਂ ਵਿੱਚ ਫਸਕੇ ਰਹਿ ਜਾਣ। ਟਹਿਣੀਆਂ ਦੀਆਂ ਘਟਾਵਾਂ ਵਿੱਚੋਂ ਹੀ ਕੋਈ ਠੰਡੀ, ਕਾਲ਼ੀ ਅਤੇ ਭਿਅੰਕਰ ਚੀਜ਼ ਉਹਨਾਂ ਵੱਲ ਘੂਰ ਰਹੀ ਸੀ। ਬਹੁਤ ਹੀ ਬਿੱਖੜਾ ਪੈਂਡਾ ਸੀ ਉਹ। ਅਤੇ ਲੋਕ, ਜੋ ਥੱਕ ਕੇ ਚੂਰ ਹੋ ਗਏ ਸਨ, ਹਿੰਮਤ ਹਾਰ ਬੈਠੇ। ਪਰ ਸ਼ਰਮ ਦੇ ਮਾਰੇ ਉਹ ਆਪਣੀ ਕਮਜ਼ੋਰੀ ਨਾ ਪ੍ਰਵਾਨ ਕਰਦੇ ਅਤੇ ਆਪਣਾ ਗੁੱਸਾ ਅਤੇ ਖਿੱਝ ਦਾਨਕੋ ‘ਤੇ ਲਾਹੁੰਦੇ ਜੋ ਉਹਨਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਉਹ ਉਸਤੇ ਇਲਜ਼ਾਮ ਲਗਾਉਂਦੇ ਕਿ ਉਹ ਉਹਨਾਂ ਦੀ ਅਗਵਾਈ ਕਰਨ ਦੀ ਯੋਗਤਾ ਨਹੀਂ ਰੱਖਦਾ—ਤਾਂ ਇਸ ਤਰ੍ਹਾਂ ਦੀ ਹਾਲਤ ਸੀ!
"ਉਹ ਰੁਕ ਗਏ ਅਤੇ ਉਸ ਕੰਬਦੇ ਹੋਏ ਹਨੇਰੇ ਅਤੇ ਜੰਗਲ ਦੀ ਜੇਤੂ ਗਰਜ ਦੇ ਵਿੱਚ ਥਕਾਵਟ ਅਤੇ ਗੁੱਸੇ ਨਾਲ਼ ਬੇਹਾਲ ਉਹਨਾਂ ਲੋਕਾਂ ਨੇ ਦਾਨਕੋ ਨੂੰ ਭਲਾ-ਬੁਰਾ ਕਹਿਣਾ ਸ਼ੁਰੂ ਕੀਤਾ।
"'ਤੂੰ ਕਮੀਨਾ ਅਤੇ ਦੁਸ਼ਟ ਹੈਂ! ਤੂੰ ਹੀ ਸਾਨੂੰ ਇਸ ਮੁਸੀਬਤ ਵਿੱਚ ਫਸਾਇਆ ਹੈ,’ ਉਹ ਕਹਿ ਉਠੇ, ‘ਇਸ ਲਈ ਤੈਨੂੰ ਹੁਣ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ!’
"ਦਾਨਕੋ ਉਹਨਾਂ ਸਾਹਮਣੇ ਛਾਤੀ ਤਾਣ ਖੜਾ ਹੋ ਗਿਆ ਅਤੇ ਚੀਖਕੇ ਬੋਲਿਆ—
"'ਤੁਸੀਂ ਕਿਹਾ—”ਸਾਡੀ ਅਗਵਾਈ ਕਰੋ।” ਅਤੇ ਮੈਂ ਤੁਹਾਡੀ ਅਗਵਾਈ ਕੀਤੀ। ਮੇਰੇ ਵਿੱਚ ਤੁਹਾਡੀ ਅਗਵਾਈ ਕਰਨ ਦੀ ਹਿੰਮਤ ਹੈ ਅਤੇ ਇਸੇ ਲਈ ਮੈਂ ਇਸਦਾ ਬੀੜਾ ਚੁੱਕਿਆ। ਪਰ ਤੁਸੀਂ? ਤੁਸੀਂ ਆਪਣੀ ਮਦਦ ਲਈ ਕੀ ਕੀਤਾ? ਚਲਦੇ ਹੀ ਰਹੇ ਅਤੇ ਹੋਰ ਲੰਮੇਰੇ ਰਾਹ ਲਈ ਆਪਣੀ ਸ਼ਕਤੀ ਸੁਰੱਖਿਅਤ ਨਹੀਂ ਰੱਖ ਸਕੇ। ਭੇਡਾਂ ਦੇ ਇੱਜੜ ਵਾਂਗ ਤੁਸੀਂ ਸਿਰਫ਼ ਚਲਦੇ ਹੀ ਰਹੇ।’
”ਉਹਦੇ ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਭੜਕਾ ਦਿੱਤਾ।
" ‘ਅਸੀਂ ਤੇਰੀ ਜਾਨ ਲੈ ਲਵਾਂਗੇ! ਤੇਰੀ ਜਾਨ ਲੈ ਲਵਾਂਗੇ।’ ਉਹ ਚੀਕ ਉਠੇ।
"ਜੰਗਲ ਗੂੰਜ ਰਿਹਾ ਸੀ, ਗੂੰਜ ਰਿਹਾ ਸੀ, ਉਹਨਾਂ ਦੀਆਂ ਚੀਕਾਂ ਨੂੰ ਗੂੰਜਾਅ ਰਿਹਾ ਸੀ। ਬਿਜਲੀ ਹਨੇਰੇ ਦੀਆਂ ਕਾਤਰਾਂ ਖਿਲਾਰ ਰਹੀ ਸੀ। ਦਾਨਕੋ ਦੀ ਨਜ਼ਰ ਉਹਨਾਂ ‘ਤੇ ਟਿਕੀ ਸੀ, ਜਿਹਨਾਂ ਲਈ ਉਸਨੇ ਇਨੇ ਕਸ਼ਟ ਸਹੇ ਸਨ ਅਤੇ ਉਸਨੇ ਦੇਖਿਆ ਕਿ ਉਹ ਦਰਿੰਦੇ ਬਣੇ ਹੋਏ ਹਨ। ਇੱਕ ਚੰਗੀ-ਤਗੜੀ ਭੀੜ ਨੇ ਉਹਨੂੰ ਘੇਰਿਆ ਹੋਇਆ ਸੀ, ਪਰ ਉਨ੍ਹਾਂ ਦੇ ਚਿਹਰਿਆਂ ‘ਤੇ ਸਦਭਾਵਨਾ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ ਅਤੇ ਉਹਨਾਂ ਤੋਂ ਕਿਸੇ ਤਰਾਂ ਦੀ ਰਹਿਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਉਦੋਂ ਉਸਦੇ ਦਿਲ ਵਿੱਚ ਗੁੱਸੇ ਦੀ ਇੱਕ ਅੱਗ ਜਿਹੀ ਭੜਕੀ, ਪਰ ਲੋਕਾਂ ਪ੍ਰਤੀ ਤਰਸ ਨੇ ਉਸਨੂੰ ਸ਼ਾਂਤ ਕਰ ਦਿੱਤਾ। ਉਹ ਲੋਕਾਂ ਨੂੰ ਚਾਹੁੰਦਾ ਸੀ ਅਤੇ ਉਹਨੂੰ ਡਰ ਸੀ ਕਿ ਉਹਦੇ ਬਿਨਾ ਉਹ ਖ਼ਤਮ ਹੋ ਜਾਣਗੇ। ਉਹਨਾਂ ਨੂੰ ਬਚਾਉਣ ਅਤੇ ਸੁਖਾਲ਼ੇ ਰਾਹ ‘ਤੇ ਲੈ ਜਾਣ ਦੀ ਇੱਕ ਵਡੇਰੀ ਇੱਛਾ ਦੀ ਜੋਤ ਉਹਦੇ ਦਿਲ ਵਿੱਚ ਬਲ਼ ਉਠੀ ਅਤੇ ਇਸ ਮਹਾਨ ਜੋਤ ਦੀਆਂ ਤੇਜ਼ ਲਾਟਾਂ ਉਸਦੀਆਂ ਅੱਖਾਂ ਵਿੱਚ ਨੱਚਣ ਲੱਗੀਆਂ… ਅਤੇ ਇਹ ਦੇਖਕੇ ਲੋਕਾਂ ਨੇ ਸੋਚਿਆ ਕਿ ਉਹ ਆਪੇ ਤੋਂ ਬਾਹਰ ਹੋ ਗਿਆ ਹੈ ਅਤੇ ਇਸੇ ਕਾਰਣ ਉਸਦੀਆਂ ਅੱਖਾਂ ਵਿੱਚ ਅੱਗ ਦੀ ਪ੍ਰਚੰਡ ਲੋਅ ਥਿਰਕ ਰਹੀ ਹੈ। ਉਹ ਬਘਿਆੜਾਂ ਵਾਂਗ ਚੌਕੰਨੇ ਹੋ ਗਏ—ਇਸੇ ਸ਼ੱਕ ਨਾਲ਼ ਕਿ ਉਹ ਹੁਣ ਉਹਨਾਂ ‘ਤੇ ਟੁੱਟ ਪਵੇਗਾ ਅਤੇ ਉਸਦੇ ਆਲ਼ੇ-ਦੁਆਲ਼ੇ ਹੋਰ ਵੀ ਨੇੜ ਆ ਗਏ ਤਾਂਕਿ ਉਸਨੂੰ ਦਬੋਚ ਸਕਣ ਅਤੇ ਮਾਰ ਸੁੱਟਣ। ਉਹਨੇ ਉਹਨਾਂ ਦਾ ਇਹ ਇਰਾਦਾ ਭਾਂਪ ਲਿਆ, ਜਿਸ ਨਾਲ਼ ਉਸਦੇ ਦਿਲ ਦੀ ਜੋਤ ਹੋਰ ਵੀ ਪ੍ਰਚੰਡ ਹੋ ਉਠੀ, ਕਿਉਂਕਿ ਉਨ੍ਹਾਂ ਦੇ ਇਸ ਵਿਚਾਰ ਨਾਲ਼ ਉਸਦਾ ਦਿਲ ਤੜਪ ਉਠਿਆ ਸੀ।
"ਅਤੇ ਜੰਗਲ ਆਪਣਾ ਸੋਗੀ ਗੀਤ ਗਾਂਉਂਦਾ ਜਾ ਰਿਹਾ ਸੀ, ਬੱਦਲ ਗਰਜਦੇ ਜਾ ਰਹੇ ਸਨ ਅਤੇ ਮੀਂਹ ਜ਼ੋਰ ਨਾਲ਼ ਵਰਦਾ ਜਾ ਰਿਹਾ ਸੀ…
"'ਲੋਕਾਂ ਲਈ ਮੈਂ ਕੀ ਕਰਾਂ?’ ਦਾਨਕੋ ਦੀ ਅਵਾਜ਼ ਬੱਦਲਾਂ ਦੀ ਗਰਜ ਨੂੰ ਵਿੰਨ੍ਹਦੀ ਹੋਈ ਗੂੰਜ ਉਠੀ।
"ਅਤੇ ਯਕਦਮ ਉਹਨੇ ਆਪਣੀ ਛਾਤੀ ਚੀਰ ਦਿੱਤੀ, ਆਪਣੇ ਦਿਲ ਨੂੰ ਮਰੁੰਡ ਕੇ ਬਾਹਰ ਕੱਢਿਆ ਅਤੇ ਉਸਨੂੰ ਆਪਣੇ ਸਿਰ ਤੋਂ ਉੱਚਾ ਚੁੱਕ ਦਿੱਤਾ।
"ਉਹ ਸੂਰਜ ਵਾਂਗ ਦਹਿਕ ਰਿਹਾ ਸੀ, ਉਸਦਾ ਪ੍ਰਕਾਸ਼ ਸੂਰਜ ਤੋਂ ਵੀ ਜ਼ਿਆਦਾ ਤੇਜ਼ ਸੀ। ਜੰਗਲ ਦੀ ਗਰਜ ਸ਼ਾਂਤ ਹੋ ਗਈ ਅਤੇ ਇਸ ਮਸ਼ਾਲ ਦਾ—ਮਨੁੱਖ ਜਾਤੀ ਦੇ ਪ੍ਰਤੀ ਮਹਾਨ ਪ੍ਰੇਮ ਦੀ ਇਸ ਮਸ਼ਾਲ ਦਾ—ਪ੍ਰਕਾਸ਼ ਫੈਲ ਤੁਰਿਆ। ਪ੍ਰਕਾਸ਼ ਨਾਲ਼ ਹਨੇਰੇ ਦੇ ਪੈਰ ਪੁੱਟੇ ਗਏ ਅਤੇ ਉਹ ਕੰਬਦਾ-ਥਰਥਰਾਉਂਦਾ ਹੋਇਆ ਦਲਦਲ ਦੇ ਸੜੀ-ਗਲ਼ੀ ਗਰਕੀ ਵਿੱਚ ਛਾਲ਼ ਮਾਰ ਜੰਗਲ ਦੀਆਂ ਪਤਾਲ਼ੀ ਗਹਿਰਾਈਆਂ ਵਿੱਚ ਸਮਾ ਗਿਆ। ਅਤੇ ਲੋਕ ਹੈਰਾਨੀ ਦੇ ਮਾਰੇ ਬੁਤ ਬਣੇ ਉਥੇ ਖ਼ੜੇ ਰਹਿ ਗਏ।
"'ਵਧੇ ਚਲੋ!’ ਦਾਨਕੋ ਨੇ ਚੀਖਕੇ ਕਿਹਾ ਅਤੇ ਆਪਣੇ ਬਲ਼ਦੇ ਹੋਏ ਦਿਲ ਨੂੰ ਪੂਰਾ ਉੱਚਾ ਚੁੱਕ ਕੇ ਲੋਕਾਂ ਦਾ ਰਾਹ ਜਗਮਗਾਉਂਦਾ ਹੋਇਆ ਤੇਜ਼ੀ ਨਾਲ਼ ਅੱਗੇ ਵਧ ਤੁਰਿਆ।
"ਮੰਤਰਮੁਗਧ ਜਿਹੇ ਲੋਕ ਉਹਦੇ ਪਿੱਛੇ ਹੋ ਲਏ। ਤਦ ਜੰਗਲ ਇੱਕ ਵਾਰ ਫਿਰ ਗੂੰਜਣ ਅਤੇ ਆਪਣੀਆਂ ਕਰੂੰਬਲਾਂ ਨੂੰ ਹੈਰਾਨੀ ਨਾਲ਼ ਹਿਲਾਉਣ ਲੱਗਾ। ਪਰ ਉਹਦਾ ਇਹ ਗੂੰਜਣਾ ਦੌੜਦੇ ਹੋਏ ਲੋਕਾਂ ਦੇ ਪੈਰਾਂ ਦੀ ਅਵਾਜ਼ ਵਿੱਚ ਗੁੰਮ ਗਿਆ। ਲੋਕ ਹੁਣ ਹਿੰਮਤ ਅਤੇ ਤੇਜ਼ੀ ਦੇ ਨਾਲ਼ ਭੱਜਦੇ ਹੋਏ ਅੱਗੇ ਵਧ ਰਹੇ ਸਨ—ਬਲ਼ਦੇ ਹੋਏ ਦਿਲ ਦਾ ਅਨੋਖਾ ਪ੍ਰਕਾਸ਼ ਉਹਨਾਂ ਨੂੰ ਤਾਕਤ ਦੇ ਰਿਹਾ ਸੀ। ਲੋਕ ਮਰਦੇ ਤਾਂ ਉਦੋਂ ਵੀ ਸਨ, ਪਰ ਹੰਝੂਆਂ ਅਤੇ ਸ਼ਿਕਵੇ-ਸ਼ਿਕਾਇਤਾਂ ਤੋਂ ਬਿਨ੍ਹਾਂ। ਦਾਨਕੋ ਸਭ ਤੋਂ ਅੱਗੇ ਵਧਿਆ ਜਾ ਰਿਹਾ ਸੀ ਅਤੇ ਉਸਦਾ ਦਿਲ ਦਹਿਕਦਾ ਹੀ ਜਾ ਰਿਹਾ ਸੀ, ਦਹਿਕਦਾ ਹੀ ਜਾ ਰਿਹਾ ਸੀ!
"ਇਕਦਮ ਜੰਗਲ ਨੇ ਉਹਨਾਂ ਲਈ ਰਾਹ ਬਣਾ ਦਿੱਤਾ, ਰਾਹ ਬਣਾ ਦਿੱਤਾ ਅਤੇ ਖੁਦ ਪਿੱਛੇ ਰਹਿ ਗਿਆ—ਚੁੱਪ ਅਤੇ ਘਣਾ। ਅਤੇ ਦਾਨਕੋ ਅਤੇ ਉਹ ਸਾਰੇ ਲੋਕ ਸੂਰਜ ਦੀ ਧੁੱਪ ਅਤੇ ਬਾਰਿਸ਼ ਨਾਲ਼ ਧੋਤੀ ਹਵਾ ਦੇ ਸਾਗਰ ਵਿੱਚ ਹਿਲੋਰੇ ਲੈਣ ਲੱਗੇ। ਤੁਫ਼ਾਨ ਉਹਨਾਂ ਦੇ ਪਿੱਛੇ, ਜੰਗਲ ਦੇ ਉੱਪਰ ਸੀ, ਜਦਕਿ ਇਥੇ ਸੂਰਜ ਸੋਨਾ ਖਿਲਾਰ ਰਿਹਾ ਸੀ, ਸਤੇਪੀ ਰਾਹਤ ਦਾ ਸਾਹ ਲੈ ਰਹੀ ਸੀ, ਮੀਂਹ ਦੇ ਮੋਤੀਆਂ ਵਿੱਚ ਘਾਹ ਚਮਕ ਰਿਹਾ ਸੀ ਅਤੇ ਦਰਿਆ ਸੋਨੇ ਦੀ ਤਰ੍ਹਾਂ ਚਮਚਮਾ ਰਿਹਾ ਸੀ… ਸ਼ਾਮ ਦਾ ਸਮਾਂ ਸੀ ਅਤੇ ਛਿਪਦੇ ਹੋਏ ਸੂਰਜ ਦੀਆਂ ਕਿਰਨਾਂ ਵਿੱਚ ਨਦੀ ਉਸੇ ਤਰ੍ਹਾਂ ਦੀ ਲਾਲ ਲੱਗ ਰਹੀ ਸੀ ਜਿਸ ਤਰ੍ਹਾਂ ਲਾਲ ਸੀ ਗਰਮ ਖੂਨ ਦੀ ਉਹ ਧਾਰਾ ਜੋ ਦਾਨਕੋ ਦੀ ਫਟੀ ਛਾਤੀ ‘ਚੋਂ ਵਹਿ ਰਹੀ ਸੀ।
"ਬਹਾਦਰ ਦਾਨਕੋ ਨੇ ਅੰਤਹੀਣ ਸਤੇਪੀ ਦੇ ਵਿਸਤਾਰ ‘ਤੇ ਨਜ਼ਰ ਸੁੱਟੀ, ਅਜ਼ਾਦ ਧਰਤੀ ‘ਤੇ ਅਨੰਦ ਨਾਲ਼ ਛਲਕਦੀ ਨਜ਼ਰ, ਅਤੇ ਮਾਣ ਨਾਲ਼ ਹੱਸਿਆ। ਫਿਰ ਜ਼ਮੀਨ ‘ਤੇ ਡਿੱਗਿਆ ਅਤੇ ਮਰ ਗਿਆ।
"ਲੋਕ ਤਾਂ ਖੁਸ਼ੀ ਵਿੱਚ ਮਸਤ ਅਤੇ ਉਮੀਦ ਨਾਲ਼ ਗੜੁੱਚ ਸਨ। ਉਹ ਉਸਨੂੰ ਮਰਦੇ ਹੋਏ ਨਹੀਂ ਦੇਖ ਸਕੇ ਅਤੇ ਨਾ ਇਹ ਕਿ ਉਸਦਾ ਬਹਾਦਰ ਦਿਲ ਉਸਦੇ ਮ੍ਰਿਤਕ ਸ਼ਰੀਰ ਕੋਲ਼ ਪਿਆ ਹਾਲੇ ਬਲ਼ ਰਿਹਾ ਸੀ। ਸਿਰਫ਼ ਇੱਕ ਚੌਕੰਨੇ ਆਦਮੀ ਦੀ ਨਜ਼ਰ ਉਸਦੇ ਵੱਲ ਗਈ ਅਤੇ ਉਸਨੇ ਡਰਕੇ ਉਸ ਗਰਵੀਲੇ ਦਿਲ ਨੂੰ ਰੋਂਦ ਦਿੱਤਾ… ਚਿੰਗਿਆੜੀਆਂ ਦਾ ਇੱਕ ਫੁਹਾਰਾ ਜਿਹਾ ਉਸ ਵਿੱਚੋਂ ਨਿੱਕਲਿਆ ਅਤੇ ਉਹ ਬੁਝ ਗਿਆ…”
"ਇਹੀ ਕਾਰਨ ਹੈ ਕਿ ਸਤੇਪੀ ਵਿੱਚ ਤੁਫਾਨ ਤੋਂ ਪਹਿਲਾਂ ਨੀਲੀਆਂ ਚਿੰਗਿਆੜੀਆਂ ਦਿਖਦੀਆਂ ਹਨ!”
(1894)
(ਅਨੁਵਾਦ: ਅਜੇ ਪਾਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com