Punjabi Stories/Kahanian
ਨੀਲਮ ਸੈਣੀ
Neelam Saini

Punjabi Kavita
  

Deportation Neelam Saini

ਡਿਪੋਰਟੇਸ਼ਨ ਨੀਲਮ ਸੈਣੀ

ਸਟੈਨਫ਼ੋਰਡ ਹਸਪਤਾਲ ਦੇ ਇਕ ਕਮਰੇ ਵਿਚ ਪਈ ਨੇ ਅੱਖਾਂ ਖੋਲ੍ਹੀਆਂ ਹਨ ਤਾਂ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਹਾਇਤਾ ਲਈ ਬੈਡ ਦੇ ਇਕ ਪਾਸੇ ਲੱਗਿਆ ਬਟਨ ਦਬਾਇਆ ਹੈ ਤਾਂ ਬੱਤਖ਼ ਵਾਂਗ ਸਿਰ ਹਿਲਾਉਂਦੀ ਨਰਸ ਅਗਲੇ ਹੀ ਪਲ ਆ ਕੇ ਮੈਨੂੰ ਪੁੱਛਦੀ ਹੈ, “ਡੂ ਯੂ ਨੀਡ ਸਮਥਿੰਗ ਕੀਰਤੀ?”
“ਵਾਟਰ!”
“ਸ਼ੋਅਰ ਯੂ ਕੈਨ ਹੈਵ ਹਾਫ਼ ਏ ਕੱਪ।”
ਉਹ ਮੈਨੂੰ ਉਠਾ ਕੇ ਪਾਣੀ ਪਿਲਾ ਕੇ ਚਲੀ ਗਈ ਹੈ ਅਤੇ ਮੈਂ ਬੈਡ ਉਤੇ ਪਈ ਸੋਚ ਰਹੀ ਹਾਂ, “ਕੀ ਹੋਇਆ ਮੇਰਾ ਜਿਗਰ ਬਦਲ ਦਿੱਤਾ ਗਿਆ, ਮੇਰੀ ਜਾਨ ਤਾਂ ਬਚ ਗਈ। ਘੱਟੋ-ਘੱਟ ਗੁਰਵੀਰ ਵਾਸਤੇ ਇੱਕ ਹੋਰ ਅਰਜ਼ੀ ਤਾਂ ਭੇਜ ਸਕਾਂਗੀ।” ਸਾਹਮਣੇ ਦੀਵਾਰ ਉਤੇ ਲੱਗਿਆ ਕਲਾਕ ਮੇਰੀ ਸੁਰਤੀ ਉਖਾੜਦਾ ਹੈ।
“ਅਜੇ ਹੋਰ ਕਿੰਨੇ ਦਿਨ ਏਥੇ ਰਹਾਂਗੀ?” ਮੈਂ ਆਪਣੇ-ਆਪ ਨੂੰ ਪੁੱਛਦੀ ਹਾਂ।
ਯਕੀਨ ਹੀ ਨਹੀਂ ਆ ਰਿਹਾ ਕਿ ਮੈਨੂੰ ਬੇਹੋਸ਼ੀ ਦੀ ਹਾਲਤ ਵਿਚ ਏਅਰ ਰਾਈਡ ਰਾਹੀਂ ਇਥੇ ਲਿਆ ਕੇ ਮੇਰਾ ਜਿਗਰ ਬਦਲਿਆ ਦਿੱਤਾ ਗਿਆ ਹੈ। ਜਿਗਰ ਬਾਰੇ ਸੋਚਦੇ ਹੀ ਮੈਂ ਫਿਰ ਡਰ ਗਈ ਹਾਂ, “ਖ਼ਬਰੇ ਕਿਸ ਦਾ ਹੋਵੇਗਾ? ਮੈਂ ਤਾਂ ਆਪਣਾ ਅੰਗ ਹੀ ਗਵਾ ਬੈਠੀ। ਕਿਸ ਜ਼ੁਰਮ ਦੀ ਸਜ਼ਾ ਮਿਲੀ?”
ਸੋਚਦੇ-ਸੋਚਦੇ ਹੀ ਮੇਰੀ ਨਿਗਾਹ ਸਾਹਮਣੇ ਟੇਬਲ ਉਤੇ ਪਏ ‘ਗੈਟ ਵੈਲ ਸੂਨ’ ਦੇ ਕਾਰਡ ਅਤੇ ਫ਼ੁੱਲਾਂ ਦੇ ਗ਼ੁਲਦਸਤੇ ਉਤੇ ਜਾ ਪਈ ਹੈ। ਕਾਰਡ ਉਪਰ ‘ਗੁਰਵੀਰ’ ਮੋਟੇ ਸ਼ਬਦਾਂ ਵਿਚ ਲਿਖਿਆ ਹੋਇਐ। ਗੁਰਵੀਰ ਸ਼ਬਦ ਦੂਰੋਂ ਪੜ੍ਹਦੇ ਹੀ ਮੈਂ ਛੇ ਸਾਲ ਪਿੱਛੇ ਪਹੁੰਚ ਗਈ ਆਂ ਅਤੇ ਕਈ ਮਿੱਠੀਆਂ-ਕੌੜੀਆਂ ਯਾਦਾਂ ਇਕ ਛਿਣ ਭਰ ਵਿਚ ਮੇਰੀਆਂ ਅੱਖਾਂ ਵਿਚ ਦੀ ਗੁਜ਼ਰ ਗਈਆਂ ਹਨ। ਇਹ ਯਾਦਾਂ ਹੀ ਤਾਂ ਹੁਣ ਤੱਕ ਮੇਰੇ ਜੀਊਣ ਦਾ ਬਹਾਨਾ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਦੇ ਸਹਾਰੇ ਹੀ ਮੈਂ ਏਨਾਂ ਸਮਾਂ ਕੱਢ ਗਈ ਆਂ।
ਅੱਖਾਂ ਵਿਚ ਇੱਕ ਨਹੀਂ ਅਨੇਕਾਂ ਸੁਪਨੇ ਸਜਾ ਕੇ ਮੈਂ ਪਰੀਆਂ ਵਾਂਗ ਅਮਰੀਕਾ ਦੀ ਧਰਤੀ ‘ਤੇ ਉਤਰੀ ਸਾਂ। ਵੀਰ ਅਤੇ ਭਾਬੀ ਫ਼ੁੱਲਾਂ ਦੇ ਗ਼ੁਲਦਸਤੇ ਅਤੇ ਕੈਮਰਿਆਂ ਸੰਗ ਸਾਨੂੰ ਏਅਰ-ਪੋਰਟ ਤੋਂ ਲੈਣ ਆਏ ਸਨ। ਮੈਂ ਮੰਮੀ-ਡੈਡੀ ਸੰਗ ਵੀਰ ਦੀ ਪਟੀਸ਼ਨ ਉਤੇ ਪੱਕੇ ਤੌਰ ‘ਤੇ ਅਮਰੀਕਾ ਪਹੁੰਚੀ ਸਾਂ। ਵੀਰ ਅਤੇ ਭਾਬੀ ਦਾ ਆਪਣਾ ਕੋਈ ਬੱਚਾ ਨਾ ਹੋਣ ਕਰਕੇ ਉਨ੍ਹਾਂ ਦੀ ਚਹੇਤੀ ਤਾਂ ਮੈਂ ਪਹਿਲਾਂ ਹੀ ਸੀ ਪਰ ਹੁਣ ਵੱਡੀ ਹੋਣ ਕਰਕੇ ਭਾਬੀ ਦਾ ਵਿਹਾਰ ਸਖ਼ੀਆਂ ਵਰਗਾ ਹੋ ਗਿਆ ਸੀ। ਵੀਰ ਦਾ ਆਪਣਾ ਰੀਅਲ ਐਸਟੇਟ ਦਾ ਬਿਜ਼ਨੈਸ ਸੀ ਪਰ ਸਾਡੇ ਆਉਣ ਦੀ ਖ਼ੁਸ਼ੀ ਵਿਚ ਬਹੁਤ ਸਮਾਂ ਸਾਡੇ ਨਾਲ ਹੀ ਰਹਿਣ ਦੀ ਕੋਸ਼ਿਸ਼ ਕਰਦੇ। ਮਹੀਨੇ ਦੇ ਅੰਦਰ-ਅੰਦਰ ਹੀ ਸਾਡੇ ਗਰੀਨ ਕਾਰਡ ਆ ਗਏ। ਦੋ ਮਹੀਨਿਆਂ ਵਿਚ ਹੀ ਮੈਂ ਕਾਰ ਦਾ ਲਾਇਸੈਂਸ ਲੈ ਲਿਆ ਅਤੇ ਨਾਲ ਹੀ ਕਾਲਜ ਵਿਚ ਇੰਗਲਿਸ਼ ਅਤੇ ਕੰਪਿਊਟਰ ਦੀਆਂ ਕਲਾਸਾਂ। ਹਰ ਹਫ਼ਤੇ ਭਾਬੀ ਨਾਲ ਸਟੋਰਾਂ ਦੀ ਸ਼ਾਪਿੰਗ, ਜ਼ਿੰਦਗ਼ੀ ਮੌਜ-ਮਸਤੀ ਜਿਹੀ ਬਣ ਗਈ।
ਪੜ੍ਹਾਈ ਖ਼ਤਮ ਕੀਤੀ ਤਾਂ ਰਿਸ਼ਤੇ ਦੀ ਗੱਲ ਤੁਰੀ। ਮੰਮੀ-ਡੈਡੀ ਤਾਂ ਇੰਡੀਆ ਹੀ ਕਰਨਾ ਚਾਹੁੰਦੇ ਸਨ ਪਰ ਵੀਰ-ਭਾਬੀ ਲੰਮੇ ਚੱਕਰਾਂ ‘ਚ ਪੈਣ ਨਾਲੋਂ ਇਥੇ ਹੀ ਮੁੰਡਾ ਲੱਭਣ ਲਈ ਕਾਹਲੇ ਸਨ ਅਤੇ ਮੈਨੂੰ ਵੀ ਉਨ੍ਹਾਂ ਦੀ ਤਜਵੀਜ਼ ਵਧੀਆ ਲੱਗੀ।
ਮੁੰਡਾ ਲੱਭਣ ਵਿਚ ਵੀ ਕਿਹੜਾ ਦੇਰ ਲੱਗੀ? ਵੀਰ ਨੇ ਆਪਣੇ ਦਫ਼ਤਰ ਵਿਚ ਗੱਲ ਕੀਤੀ ਤਾਂ ਉਸ ਦੀ ਸੈਕਟਰੀ ਰਮਨ ਨੇ ਨਿਊ ਯਾਰਕ ਰਹਿੰਦੇ ਗੁਰਵੀਰ ਦੀ ਦੱਸ ਪਾਈ। ਪੁੱਛ-ਪੜਤਾਲ ਕੀਤੀ ਤਾਂ ਉਹ ਨਿਕਲਿਆ ਵੀ ਬਿਲਕੁਲ ਸਾਡੇ ਪਿੰਡਾਂ ਲਾਗਲਾ, ਸਾਡਾ ਪਿੰਡ ਕੁਰਾਲਾ ਅਤੇ ਉਸ ਦਾ ਰਸੂਲਪੁਰ-ਮਸਾਂ ਦਸ ਕੁ ਮੀਲ ਦਾ ਫ਼ਾਸਲਾ। ਗੁਰਵੀਰ ਦੋ ਭੈਣਾਂ ਦਾ ਇਕ ਭਰਾ, ਚੰਗੀ ਜ਼ਮੀਨ ਅਤੇ ਪੋਸਟ ਗਰੈਜੂਏਟ! ਹੋਰ ਭਲਾ ਕੀ ਚਾਹੀਦਾ ਸੀ? ਉਹ ਨਿਊ ਯਾਰਕ ਵਿਚ ਟੈਕਸੀ ਚਲਾਉਂਦਾ ਸੀ ਅਤੇ ਸਿਆਸੀ ਪਨਾਹ ਲਈ ਅਪਲਾਈ ਕੀਤਾ ਹੋਇਆ ਸੀ ਪਰੰਤੂ ਉਸ ਦੀ ਸ਼ਖਸੀਅਤ ਸਾਹਮਣੇ ਉਸ ਦਾ ‘ਪੱਕਾ ਨਾ ਹੋਣਾ’ ਕੋਈ ਰੁਕਾਵਟ ਨਾ ਬਣ ਸਕਿਆ। ਮੈਂ ਤਾਂ ਉਸ ਨੂੰ ਦੇਖਦੀ ਹੀ ਰਹਿ ਗਈ। ਗੁਲਾਨਾਰੀ ਪੱਗ ਕਿੰਨੀ ਜਚ ਰਹੀ ਸੀ! ਤਿੱਖੇ ਨਕਸ਼ ਅਤੇ ਸਰੂ ਵਰਗਾ ਕੱਦ, ਉਹ ਮੇਰੇ ਦਿਲ ਦਿਮਾਗ ਤੇ ਛਾ ਗਿਆ। ਇਕ ਵਾਰੀ ਵੀ ਓਪਰਾ ਨਹੀਂ ਸੀ ਲੱਗਿਆ।
ਮੈਂ ਪਾਸਾ ਪਰਤਦੀ ਹਾਂ ਤਾਂ ਸੱਜੀ ਬਾਂਹ ‘ਚ ਦਰਦ ਮਹਿਸੂਸ ਹੋ ਰਿਹੈ। ‘ਹਾਏ!’ ਆਖ ਮੈਂ ਫਿਰ ਅੱਖਾਂ ਬੰਦ ਕਰ ਲਈਆਂ ਨੇ ਅਤੇ ਆਪਣੀਆਂ ਯਾਦਾਂ ਦੀ ਪਟਾਰੀ ਨੂੰ ਮੁੜ ਖੋਲ੍ਹ ਲਿਆ ਹੈ।
ਸਾਡਾ ਵਿਆਹ ਇੱਕ ਮਹੀਨੇ ਦੇ ਅੰਦਰ ਹੀ ਹੋ ਗਿਆ। ਪਹਿਲਾਂ ਗੁਰਦੁਆਰੇ ਅਨੰਦ-ਕਾਰਜ, ਫਿਰ ਰਿਸੈਪਸ਼ਨ ਅਤੇ ਘਰ ਆਉਂਦੇ ਹੀ ਭਾਬੀ ਨੇ ‘ਸਰਪਰਾਈਜ਼’ ਆਖ ਰੀਨੋ ਦੇ ਇਕ ਮੋਟਲ ਦੀ ਬੁਕਿੰਗ ਦੀਆਂ ਟਿਕਟਾਂ ਸਾਡੇ ਹੱਥ ਫੜਾ ਦਿੱਤੀਆਂ।
ਰੀਨੋ ਪਹੁੰਚੇ ਤਾਂ ਰਾਤਾਂ ਨੂੰ ਜ਼ਿੰਦਗੀ ਸ਼ੁਰੂ ਹੁੰਦੀ ਦੇਖੀ। ਦੁਲਹਨ ਦੀ ਤਰ੍ਹਾਂ ਸ਼ਿੰਗਾਰੇ ਅਤੇ ਦੀਵਾਲੀ ਦੀ ਰਾਤ ਦੀ ਤਰ੍ਹਾਂ ਜਗਮਗਾਉਂਦੇ ਰੀਨੋ ਦੇ ਬਜ਼ਾਰ ਅੱਖਾਂ ਨੂੰ ਚੁੰਧਿਆ ਗਏ। ਕਾਨੂੰਨੀ ਜੂਏ ਦੀਆਂ ਮਸ਼ੀਨਾਂ ਦੇਖੀਆਂ ਅਤੇ ਗੁਰਵੀਰ ਨੇ ਜੂਆ ਖੇਡਣਾ ਸ਼ੁਰੂ ਕੀਤਾ ਤਾਂ ਇਕ ਅੱਧ-ਕੱਜੇ ਬਦਨ ਵਾਲੀ ਸੁੰਦਰੀ ਗੁਰਵੀਰ ਨੂੰ ਡਰਿੰਕ ਪਕੜਾ ਮੇਰੇ ਵਲ ਝਾਕਦੀ ਮੈਨੂੰ ਸਾਫਟ ਡਰਿੰਕ ਪਕੜਾਉਂਦੇ ਕਹਿੰਦੀ ਆ, “ਯੂਅਰ ਡਰੈਸ ਇਜ਼ ਵੈਰੀ ਪਰੈਟੀ।
“ਥੈਂਕਯੂ” ਮੈਂ ਮੁਸਕਰਾ ਕੇ ਕਿਹਾ ਅਤੇ ਸੋਚਿਆ ਕਿ ਤੂੰ ਤਾਂ ਸਿਰ ਤੋਂ ਪੈਰਾਂ ਤੱਕ ਕੱਜੀ ਹੋਈ ਹੈਂ।
ਅਸੀਂ ਤਿੰਨ ਦਿਨ ਰੀਨੋ ਦੀਆਂ ਰੰਗੀਨੀਆਂ ਮਾਣ ਲੇਕ ਟਾਹੋ ਚਲੇ ਗਏ। ਇਹ ਕੁਦਰਤੀ ਨਜ਼ਾਰਾ ਮੇਰੀਆਂ ਅੱਖਾਂ ਨੂੰ ਭਰਮਾਉਂਦਾ। ਮੈਂ ਹਰ ਰੋਜ਼ ਗੁਰਵੀਰ ਦੀ ਪੱਗ ਨਾਲ ਮੈਚ ਕਰਦਾ ਸੂਟ ਪਾਉਂਦੀ। ਅਸੀਂ ਇਕ ਦੂਜੇ ਦਾ ਹੱਥ ਫੜੀ ਝੀਲ ਦੇ ਕਿਨਾਰੇ ਨੀਲੇ ਰੰਗ ਦੇ ਸਾਫ਼ ਪਾਣੀ ਵਿਚੋਂ ਇਕ ਦੂਜੇ ਨੂੰ ਨਿਹਾਰਦੇ, ਬੋਟਿੰਗ ਕਰਦੇ ਅਤੇ ਕਦੀ ਕਿਨਾਰਿਆਂ ‘ਤੇ ਘੁੰਮਦੇ। ਇਕ ਹਫ਼ਤੇ ਬਾਅਦ ਵਾਪਸ ਆ ਗਏ ਤਾਂ ਵੀਰ-ਭਾਬੀ ਨੇ ਕੁਝ ਦਿਨ ਰਹਿਣ ਲਈ ਮਜਬੂਰ ਕੀਤਾ।
ਨਿਊ ਯਾਰਕ ਜਾਣ ਤੋਂ ਦੋ ਦਿਨ ਪਹਿਲਾਂ ਪਟੀਸ਼ਨ ਕਰਕੇ ਘਰ ਆਏ ਤਾਂ ਗੁਰਵੀਰ ਨੇ ਕਿਹਾ, “ਝੀਲ ਦੇ ਨਜ਼ਾਰੇ ਮਾਣਨ ਤੋਂ ਬਾਅਦ ਸਮੁੰਦਰ ਦੇ ਕਿਨਾਰੇ ਜਾਣ ਨੂੰ ਦਿਲ ਕਰਦਾ ਹੈ” ਤਾਂ ਅਸੀਂ ਉਸੇ ਸ਼ਾਮ ਸੈਂਟਾ ਕਰੂਜ਼ ਪਹੁੰਚ ਗਏ।
“ਗੁਰਵੀਰ...” ਮੇਰੇ ਬੁੱਲ੍ਹ ਫ਼ਰਕੇ।
ਮੈਂ ਤ੍ਰਬਕ ਕੇ ਅੱਖਾਂ ਖੋਲ੍ਹੀਆਂ ਤਾਂ ਆਸੇ-ਪਾਸੇ ਕੋਈ ਨਹੀਂ। ਸਾਹਮਣੇ ਦੀਵਾਰ ‘ਤੇ ਬਿਨ੍ਹਾਂ ਆਵਾਜ਼ ਤੋਂ ਟੀ.ਵੀ. ਚੱਲ ਰਿਹਾ ਹੈ। ਮੇਰੀ ਰੂਹ ਤਾਂ ਗੁਰਵੀਰ ਦੇ ਰੰਗ ਵਿਚ ਹੀ ਰੰਗਣਾ ਚਾਹੁੰਦੀ ਏ। ਮੈਂ ਅੱਖਾਂ ਬੰਦ ਕਰਦੀ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ; ਕਿਵੇਂ ਚਾਂਦਨੀ ਰਾਤ ਵਿਚ ਮੈਂ ਚਿੱਟੇ ਰੰਗ ਦਾ ਸੂਟ ਪਾ ਚਾਂਦਨੀ ਬਣੀ, ਚਾਂਦੀ ਦੀਆਂ ਪੰਜੇਬਾਂ ਪਾ ਸਮੁੰਦਰ ਦੇ ਕੰਢੇ ਛਣਕਾ ਰਹੀ ਸੀ ਤਾਂ ਗੁਰਵੀਰ ਨੇ ਇਸ ਛਣਕਾਟੇ ਨੂੰ ਸੁਣਨ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ। ਸਵੇਰੇ ਸਮੁੰਦਰ ਦੇ ਕਿਨਾਰੇ ਘੁੰਮਦੇ-ਘੁੰਮਦੇ ਕਿਸ਼ਤੀ ਵਿਚ ਬੈਠ ਸਮੁੰਦਰ ਦੀ ਵਿਸ਼ਾਲਤਾ ਨੂੰ ਮਾਪਣ ਦਾ ਯਤਨ ਕਰਦੇ ਰਹੇ। ਅਚਾਨਕ ਮੈਂ ਗੁਰਵੀਰ ਨੂੰ ਪੁੱਛਿਆ, “ਸਮੁੰਦਰ ਇੰਨਾ ਵਿਸ਼ਾਲ ਕਿਉਂ ਹੈ?”
“ਕੀਰਤੀ ਤੇਰਾ ਦਿਲ ਏਨਾ ਵਿਸ਼ਾਲ ਕਿਉਂ ਹੈ?” ਉਸ ਮੈਨੂੰ ਉਲਟਾ ਸਵਾਲ ਕੀਤਾ।
“ਕੀ ਮਤਲਬ? ਗੁਰਵੀਰ!”
“ਮਤਲਬ ਇਹ ਬਈ ਤੂੰ ਮੇਰੇ ਵਰਗੇ ਟੈਕਸੀ ਡਰਾਈਵਰ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਆਇਆ ਸੀ, ਨਾਲ ਹੀ ਵਿਆਹ ਕਿਉਂ ਕਰਵਾਇਆ? ਤੈਨੂੰ ਤਾਂ ਮੇਰੇ ਤੋਂ ਵਧੀਆ ਹੋਰ ਕਈ ਮਿਲ ਸਕਦੇ ਸਨ।”
“ਸੰਗ ਨਹੀਂ ਆਉਂਦੀ! ਜੀਵਨ ਸਾਥੀ ਤਾਂ ਜ਼ਿੰਦਗੀ ‘ਚ ਇਕ ਹੀ ਚਾਹੀਦਾ ਹੁੰਦਾ ਹੈ, ਨਾਲੇ ਹੁਣ ਤੁਸੀਂ ਕਾਹਦੇ ਗ਼ੈਰ-ਕਾਨੂੰਨੀ? ਇਕ ਚੰਗੇ ਜੀਵਨ ਸਾਥੀ ਵਾਲੇ ਸਾਰੇ ਗੁਣ ਤੁਹਾਡੇ ਵਿਚ ਹਨ। ਹੋਰ ਭਲਾ ਮੈਨੂੰ ਕੀ ਚਾਹੀਦਾ? ਮੁੜ ਕੇ ਅਜਿਹੀ ਘਟੀਆ ਗੱਲ ਨਾ ਕਰਿਓ ਮੇਰੇ ਨਾਲ।” ਮੈਂ ਪੂਰੇ ਗੁੱਸੇ ‘ਚ ਕਿਹਾ।
“ਸੌਰੀ,” ਗੁਰਵੀਰ ਨੇ ਆਪਣੇ ਕੰਨਾਂ ਨੂੰ ਹੱਥ ਲਾਏ।
ਮੈਂ ਆਪਣਾ ਹਾਸਾ ਨਾ ਰੋਕ ਸਕੀ। ਗੁਰਵੀਰ ਨੇ ਮੁੜ ਮੋਹ ਭਰੀਆਂ ਨਜ਼ਰਾਂ ਨਾਲ ਤੱਕਿਆ। ਮੈਂ ਉਸ ਦੀਆਂ ਅੱਖਾਂ ਵਿਚ ਪਿਆਰ ਦੀ ਇਬਾਰਤ ਪੜ੍ਹ ਆਪਣੀਆਂ ਅੱਖਾਂ ਨੀਵੀਆਂ ਪਾ ਲਈਆਂ।
ਮੈਨੂੰ ਲੱਗਦੈ ਗੁਰਵੀਰ ਦੀਆਂ ਉਂਗਲਾਂ ਮੇਰੇ ਵਾਲਾਂ ਵਿਚ ਕੰਘੀ ਕਰ ਰਹੀਆਂ ਨੇ, ਮੈਂ ਆਪਣੇ ਸੱਜੇ ਹੱਥ ਨਾਲ ਉਸ ਦਾ ਹੱਥ ਫੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ‘ਉਫ਼!’ ਮੇਰੀ ਬਾਂਹ ਵਿਚ ਅਜੇ ਤੱਕ ਮੱਠਾ-ਮੱਠਾ ਦਰਦ ਹੋ ਰਿਹੈ। ਮੈਂ ਇਸ ਦਰਦ ਨੂੰ ਭੁਲਾ ਕੇ ਨਿਊ ਯਾਰਕ ਪਹੁੰਚ ਗਈ ਹਾਂ।
ਕੈਲੀਫੋਰਨੀਆ ਵਿਚ ਵਿਆਹ ਤੋਂ ਬਾਅਦ ਹੱਸਦੇ-ਖੇਡਦੇ ਕੁਝ ਦਿਨ ਗੁਜ਼ਾਰ ਮੈਂ ਗੁਰਵੀਰ ਨਾਲ ਨਿਊ ਯਾਰਕ ਚਲੀ ਗਈ। ਗੁਰਵੀਰ ਮੈਨੂੰ ਬਾਹਰ ਖੜ੍ਹਾ ਕਰ ਅੰਦਰ ਚਲਾ ਗਿਆ ਅਤੇ ਅਗਲੇ ਹੀ ਪਲ ਇਕ ਹੱਥ ਵਿਚ ਸਰੋਂ ਦੇ ਤੇਲ ਦੀ ਬੋਤਲ ਲੈ ਬਾਹਰ ਆਇਆ। ਬੂਹੇ ਦੀ ਸਰਦਲ ‘ਤੇ ਤੇਲ ਚੁਆ ਬੋਲਿਆ, “ਕੀਰਤੀ! ਤੁਹਾਡਾ, ਤੁਹਾਡੇ ਘਰ ਅਤੇ ਆਪਣੇ ਦਿਲ ਵਿਚ ਸਵਾਗਤ ਕਰ ਰਿਹਾਂ।”
ਸਾਡੀ ਜ਼ਿੰਦਗ਼ੀ ਸ਼ੁਰੂ ਹੋ ਗਈ। ਨਵੇਂ ਘਰ ਵਿਚ ਸੂਰਜ ਦੀ ਪਹਿਲੀ ਕਿਰਨ ਪਰਵੇਸ਼ ਕੀਤੀ ਤਾਂ ਗੁਰਵੀਰ ਨੇ ਗੀਤ ਲਾ ਦਿੱਤਾ, “ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ।”
ਮੈਂ ਉਠਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਬਾਂਹ ਫੜ੍ਹ ਬੋਲਿਆ, “ਕਿੱਥੇ ਜਾ ਰਹੇ ਹੋ?”
“ਚਾਹ ਬਣਾਉਣ?” ਮੈਂ ਮੁਸਕਰਾ ਕੇ ਕਿਹਾ।
“ਸਾਡੀ ਚਾਹ ਤਾਂ ਇਸ ਵੇਲ਼ੇ ਤੁਹਾਡੀਆਂ ਪਲਕਾਂ ਦੀ ਛਾਂਵੇਂ ਬਹਿਣ ਦੀ ਏ!” ਖਿੱਚ ਕੇ ਕੋਲ ਬਿਠਾ ਲਿਆ।
ਅਗਲੇ ਦਿਨ ਮੈਂ ਰੈਜ਼ਮੇ ਬਣਾਉਣ ਦੀ ਗੱਲ ਕੀਤੀ ਤਾਂ ਨਰਾਜ਼ ਹੋ ਗਿਆ, “ਸਾਰੀ ਉਮਰ ਕੰਮ ਹੀ ਕਰਨਾ, ਮੈਂ ਚਾਹੁੰਦਾ ਹਾਂ ਘੱਟੋ-ਘੱਟ ਛੇ ਮਹੀਨੇ ਤੂੰ ਘਰ ਹੀ ਰਹਿ ਕੀਰਤੀ!”
“ਮੈਂ ਸਾਰਾ ਦਿਨ ਘਰ ਰਹਿ ਕੇ ਕੀ ਕਰਾਂਗੀ?”
“ਮੇਰਾ ਇੰਤਜ਼ਾਰ!”
ਮੈਂ ਕੰਮ ਕਰਨ ਦੀ ਜ਼ਿਦ ਨਾ ਕੀਤੀ। ਗੁਰਵੀਰ ਹਰ ਰੋਜ਼ ਟੈਕਸੀ ਲੈ ਕੇ ਚਲਾ ਜਾਂਦਾ। ਲੰਚ ਕਰਨ ਘਰ ਜ਼ਰੂਰ ਆਉਂਦਾ। ਮੈਂ ਕਦੀ ਘਰ ਨੂੰ ਸਜਾਉਂਦੀ, ਕਦੀ ਆਪਣਾ-ਆਪ ਸ਼ਿੰਗਾਰਦੀ, ਕਦੀ ਟੀ.ਵੀ. ਦੇਖ ਲੈਂਦੀ ਅਤੇ ਗੁਰਵੀਰ ਦੇ ਆਉਂਦੇ ਹੀ ਸਾਰਾ ਘਰ ਮਹਿਕ ਉਠਦਾ।
“ਕੀਰਤੀ! ਹਾਓ ਆਰ ਯੂ ਫੀਲਿੰਗ? ਆਈ ਨੀਡ ਟੂ ਚੇਂਜ ਯੂਅਰ ਆਈ.ਵੀ.।” ਨਰਸ ਮੈਨੂੰ ਸਹਿਲਾਉਂਦੀ ਆ। ‘ਆਈ ਵੀ’ ਬਦਲਦੇ ਹੀ ਮੈਨੂੰ ਸੱਜੇ ਹੱਥ ਵਿਚ ਪੀੜ ਮਹਿਸੂਸ ਹੁੰਦੀ ਆ ਪਰ ਇਹ ਪੀੜ ਉਸ ਪੀੜ ਦੇ ਸਾਹਮਣੇ ਕੁਝ ਵੀ ਨਹੀਂ ਜੋ ਗਿਆਰਾਂ ਸਤੰਬਰ 2001 ਨੂੰ ਮੈਂ ਪਹਿਲੀ ਵਾਰੀ ਆਪਣੇ ਦਿਲ ‘ਤੇ ਮਹਿਸੂਸ ਕੀਤੀ ਸੀ।
“ਕੇਹੀ ਮਨਹੂਸ ਘੜੀ ਸੀ ਉਹ!”
ਮੈਂ ਸਾਫ਼-ਸਫ਼ਾਈ ਕਰਕੇ ਵਿਹਲੀ ਹੋ, ਟੀ.ਵੀ. ਲਾਇਆ ਹੀ ਸੀ ਕਿ ਮੇਰਾ ਦਿਲ ਬਹਿ ਗਿਆ; ਅਸਮਾਨ ‘ਚ ਕਾਲਾ ਧੂੰਆਂ ਅਤੇ ਵਰਲਡ ਟਰੇਡ ਸੈਂਟਰ ਢਹਿ-ਢੇਰੀ ਹੋ ਰਿਹਾ ਸੀ। ਸਭ ਪਾਸੇ ਰੈਡ-ਅਲਰਟ ਦੀ ਖ਼ਬਰ ਨੇ ਮੈਨੂੰ ਪਤਾ ਨਹੀਂ ਕੀ ਕਰ ਦਿੱਤਾ, ਮੇਰਾ ਦਿਲ ਉਛਲ ਕੇ ਬਾਹਰ ਆ ਗਿਆ ਤੇ ਮੈਂ ਉਲਟੀ ਕਰਨ ਲਈ ਬਾਥਰੂਮ ਵੱਲ ਦੌੜੀ। ਉਲਟੀਆਂ ਕਰਕੇ ਮੇਰੀਆਂ ਅੱਖਾਂ ਵਿਚ ਪਾਣੀ ਝਰਨਾ ਬਣ ਕੇ ਫੁੱਟ ਪਿਆ। ਮੈਂ ਵਾਪਸ ਡਰਾਇੰਗ ਰੂਮ ਵਿਚ ਆ ਕੇ ਗੁਰਵੀਰ ਨੂੰ ਫੋਨ ਕੀਤਾ, ਉਸ ਦਾ ਫੋਨ ਬੰਦ ਸੀ। ਮੈਂ ਹੋਰ ਘਬਰਾ ਕੇ ਉਸ ਨੂੰ ਵਾਰ-ਵਾਰ ਫੋਨ ਮਿਲਾਉਂਦੀ ਸੋਫ਼ੇ ‘ਤੇ ਹੀ ਢੇਰੀ ਹੋ ਗਈ। ਘੰਟੇ ਬਾਅਦ ਗੁਰਵੀਰ ਘਰ ਆਇਆ। ਮੈਂ ਉਸ ਦੀ ਹਾਲਤ ਅਤੇ ਉਹ ਮੇਰੀ ਹਾਲਤ ਦੇਖ ਕੇ ਘਬਰਾ ਗਿਆ।
“ਕੀਰਤੀ!” ਉਹ ਮੇਰਾ ਹੱਥ ਫੜ ਕੇ ਬੈਠ ਗਿਆ, “ਪਤਾ ਨਹੀਂ ਫੋਨ ਵੀ ਕਿੱਥੇ ਡਿਗ ਪਿਆ? ਮੈਨੂੰ ਪਤਾ ਸੀ ਤੂੰ ਕਿੰਨੀ ਪ੍ਰੇਸ਼ਾਨ ਹੋਵੇਂਗੀ! ਮੈਂ ਜ਼ਹਾਜ ਟਾਵਰਾਂ ‘ਚ ਵੱਜਦੇ ਦੇਖੇ, ਉਸੇ ਪਲ ਫੋਨ ਲੱਭਣਾ ਸ਼ੁਰੂ ਕੀਤਾ, ਯੂ ਟਰਨ ਮਾਰ ਕੇ ਮਸਾਂ ਜਾਨ ਬਚਾ ਕੇ ਆਇਆ ਹਾਂ। ਮੈਂ ਉਸ ਦੇ ਗਲ ਲੱਗ ਰੋਣਾ ਸ਼ੁਰੂ ਕਰ ਦਿੱਤਾ। ਮੇਰਾ ਦਿਲ ਬਾਹਰ ਨੂੰ ਆਉਣ ਲੱਗਾ। ਮੈਂ ਮੂੰਹ ‘ਤੇ ਹੱਥ ਰੱਖ ਬਾਥਰੂਮ ਵੱਲ ਇਸ਼ਾਰਾ ਕੀਤਾ ਤਾਂ ਗੁਰਵੀਰ ਨੇ ਟਰੈਸ਼ ਕੈਨ ਜਲਦੀ ਨਾਲ ਮੇਰੇ ਲਾਗੇ ਕਰ ਦਿੱਤਾ। ਇਸ ਉਲਟੀ ਨਾਲ ਤਾਂ ਜਿਵੇਂ ਮੇਰਾ ਅੰਦਰ ਹੀ ਧੋ ਹੋ ਗਿਆ। ਮੇਰੇ ਹੰਝੂ ਆਪ ਮੁਹਾਰੇ ਵਗਣ ਲੱਗੇ।
“ਕੀਰਤੀ ਰੋਣਾ ਤੇਰੀ ਸਿਹਤ ਲਈ ਠੀਕ ਨਹੀਂ। ਇਸ ਦਾ ਸਾਡੇ ਬੱਚੇ ‘ਤੇ ਬੁਰਾ ਪ੍ਰਭਾਵ ਪਵੇਗਾ। ਆਪਣਾ ਧਿਆਨ ਰੱਖ, ਹਾਂ ਸੱਚ ਭਾਬੀ ਨੂੰ ਖ਼ੁਸ਼ਖਬਰੀ ਸੁਣਾਈ?”
ਮੈਂ ਨਾਂਹ ਵਿਚ ਸਿਰ ਹਿਲਾਇਆ। ਉਹ ਭਾਬੀ ਨੂੰ ਫੋਨ ਮਿਲਾਉਣ ਲੱਗਾ ਤਾਂ ਫੋਨ ਸਿਸਟਮ ਹੀ ਡਿਸਕੁਨੈਕਟ ਸੀ। ਪੂਰੇ ਹਫ਼ਤੇ ਬਾਅਦ ਫੋਨ ਮਿਲਿਆ ਤਾਂ ਭਾਬੀ ਖ਼ੁਸੀ ਵਿਚ ‘ਮੁਬਾਰਕ!’ ਕਹਿੰਦੇ ਫ਼ਿਕਰਮੰਦ ਹੋ ਕੇ ਬੋਲੀ, “ਗੁਰਵੀਰ ਤੂੰ ਕੀਰਤੀ ਨੂੰ ਲੈ ਕੇ ਏਥੇ ਹੀ ਆ ਜਾ।”
ਗੁਰਵੀਰ ਨੇ ਪਤਾ ਨਹੀ ਕੀ ਸੋਚ ਕੇ ਹਾਂ ਕਹਿ ਦਿੱਤੀ।
ਫਿਰ ਮੈਨੂੰ ਵੀ ਮੁਬਾਰਕ ਦਿੰਦੇ ਹੋਏ ਇਹੋ ਤਾਕੀਦ ਕੀਤੀ। ਅਸੀਂ ਉਸੇ ਦਿਨ ਹੀ ਮੈਨੇਜਰ ਨੂੰ ਅਪਾਰਟਮੈਂਟ ਛੱਡਣ ਦਾ ਨੋਟਿਸ ਦੇ ਆਏ ਅਤੇ ਅਕਤੂਬਰ ਚੜ੍ਹਦੇ ਹੀ ਕੈਲੀਫੋਰਨੀਆ ਦੇ ਸ਼ਹਿਰ ਯੂਨੀਅਨ ਸਿਟੀ ਵਿਚ ਆਪਣਾ ਅਪਾਰਟਮੈਂਟ ਲੈ ਲਿਆ।
ਅਚਾਨਕ ਮੇਰੇ ਸਰੀਰ ਨੂੰ ਕੰਬਣੀ ਛਿੜ ਪਈ ਆ। ਮੈਂ ਹੌਲੀ-ਹੌਲੀ ਕੰਬਲ ਨੂੰ ਆਪਣੇ ਉਪਰ ਖਿੱਚਦੀ ਹਾਂ ਤਾਂ ਕੰਬਲ ਚੁੱਕ ਨਹੀਂ ਹੁੰਦਾ। ਮੈਂ ਹੈਲਪ ਲਈ ਬਟਨ ਦਬਾਉਂਦੀ ਆਂ। ਆਪਣੀ ਇਸ ਲਾਚਾਰੀ ਦਾ ਬੋਝ ਮੈਥੋਂ ਉਠਾਇਆ ਨਹੀਂ ਜਾਂਦਾ। ਮੇਰੀਆਂ ਨਮ ਹੋਈਆਂ ਅੱਖਾਂ ਸਾਹਮਣੇ ਕੋਰਟ ਦਾ ਦ੍ਰਿਸ਼ ਘੁੰਮਦਾ ਹੈ,
ਇਹ ਉਹ ਹੀ ਮਨਹੂਸ ਦਿਨ ਸੀ, ਜਿਸ ਦਿਨ ਮੈਂ ਚਾਵਾਂ ਲੱਦੀ ਗੁਰਵੀਰ ਨਾਲ ਇੰਟਰਵਿਊ ਦੇਣ ਗਈ ਸੀ। ਵਕੀਲ ਗੁਰਵੀਰ ਨੂੰ ਲੈ ਕੇ ਅੰਦਰ ਚਲਾ ਗਿਆ ਅਤੇ ਮੈਨੰ ਬਾਹਰ ਲਾਬੀ ਵਿਚ ਬੈਠਣ ਲਈ ਕਹਿ ਗਿਆ। ਥੋੜ੍ਹੀ ਦੇਰ ਬਾਅਦ ਬਾਹਰ ਆ ਕੇ ਬੋਲਿਆ, “ਵੈਰੀ ਸੌਰੀ, ਗੁਰਵੀਰ ਨੂੰ ਡਿਪੋਰਟੇਸ਼ਨ ਲਗਾ ਦਿੱਤੀ ਗਈ ਹੈ।”
ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਮੂੰਹ ਸੁੱਕ ਗਿਆ ਅਤੇ ਅੱਖਾਂ ਸਮੁੰਦਰ ਬਣ ਗਈਆਂ।
“ਕਿਓਂ ਵਕੀਲ ਸਾਹਿਬ?” ਮੈਂ ਸਾਰਾ ਹੌਂਸਲਾ ਇੱਕਠਾ ਕਰ ਪੁੱਛਿਆ।
“ਓਹ ਸਿਆਸੀ ਪਨਾਹ ਵਾਲੇ ਕੇਸ ਦੀ ਤਾਰੀਖ਼ ਜੋ ਮਿਸ ਹੋ ਗਈ।”
“ਕਦੋਂ?” ਮੈਂ ਹੋਰ ਪ੍ਰੇਸ਼ਾਨ ਹੋ ਕੇ ਕਿਹਾ।
“ਤੁਹਾਨੂੰ ਯਾਦ ਹੈ ਗੁਰਵੀਰ ਦਾ ਐਡਰੈਸ ਨਿਊ ਯਾਰਕ ਤੋਂ ਕੈਲੀਫੋਰਨੀਆ ਚੇਂਜ ਕਰਦੇ ਵਕਤ, ਪਹਿਲਾ ਐਡਰੈਸ ਗ਼ਲਤ ਲਿਖ ਹੋ ਗਿਆ ਸੀ।”
“ਵਕੀਲ ਸਾਹਿਬ ਉਦੋਂ ਤਾਂ ਤੁਸੀਂ ਕਿਹਾ ਸੀ ਚਿੰਤਾ ਦੀ ਲੋੜ ਨਹੀਂ ਪਟੀਸ਼ਨ ਕੀਤੀ ਹੋਈ ਆ।”
“ਪਹਿਲਾਂ ਤਾਂ ਚਲ ਜਾਂਦਾ ਸੀ, ਕੀਰਤੀ! ਪਰ ਅੱਜ ਜੱਜ ਨਹੀਂ ਮੰਨਿਆਂ, 9/11 ਕਰਕੇ ਇਹ ਲੱਸੀ ਨੂੰ ਵੀ ਫ਼ੂਕਾਂ ਮਾਰ ਕੇ ਪੀ ਰਹੇ ਨੇ, ਤੁਸੀਂ ਘਬਰਾਓ ਨਾ ਅਸੀਂ ਜ਼ਮਾਨਤ ਕਰਵਾ ਸਕਦੇ ਹਾਂ। ਮੇਰੇ ਨਾਲ ਆਓ!”
ਮੈਂ ਬੋਝਲ ਕਦਮਾਂ ਨਾਲ ਉਸ ਦੇ ਪਿੱਛੇ ਤੁਰ ਪਈ। ਦਫ਼ਤਰ ਪਹੁੰਚ ਕੇ ਉਹ ਆਸੇ-ਪਾਸੇ ਫੋਨ ਕਰਦਾ ਰਿਹਾ।
ਆਖਿਰ ਤਿੰਨ ਵਜੇ ਬੋਲਿਆ, “ਚਲੋ, ਹੁਣ ਘਰ ਚੱਲਣਾ ਚਾਹੀਦਾ।”
“ਤੇ ਜ਼ਮਾਨਤ?”
ਅੱਜ ਕੁਝ ਨਹੀਂ ਹੋ ਸਕੇਗਾ। ਅਦਾਲਤ ਦਾ ਸਮਾਂ ਖ਼ਤਮ ਹੋ ਚੱਲਿਆ। ਜੀਅ ਤਾਂ ਕੀਤਾ ਪਈ ਵਕੀਲ ਦੇ ਸਿਰ ‘ਚ ਪੱਥਰ ਮਾਰਾਂ, ਚੀਖ਼ਾਂ, ਕੁਰਲਾਵਾਂ ਪਈ ਸਾਡੇ ਨਾਲ ਧੋਖਾ ਹੋਇਆ ਪਰ ਮੈਂ ਬਿਨਾਂ ਕੁਝ ਕਹੇ ਰੋਂਦਿਆਂ ਘਰ ਨੂੰ ਤੁਰ ਪਈ। ਘਰ ਆ ਕੇ ਮਹਿਸੂਸ ਹੋਇਆ ਕਿ ਘਰ ਦੀ ਚਾਬੀ ਵੀ ਗੁਰਵੀਰ ਦੇ ਨਾਲ ਹੀ ਚਲੀ ਗਈ। ਗੁਆਂਢੀ ਗੋਰੇ ਦਾ ਫੋਨ ਲੈ ਕੇ ਵੀਰ ਨੂੰ ਫੋਨ ਕੀਤਾ ਤਾਂ ਉਹ ਆ ਕੇ ਮੈਨੂੰ ਲੈ ਗਿਆ। ਸਾਰੇ ਘਰ ਵਿਚ ਜਿਵੇਂ ਮਾਤਮ ਛਾ ਗਿਆ ਸੀ।
ਅਗਲੇ ਦਿਨ ਵੀਰ ਨੇ ਇਕ ਗੋਰਾ ਵਕੀਲ ਕੀਤਾ, ਅਸੀਂ ਉਸ ਨੂੰ ਪੰਜ ਹਜ਼ਾਰ ਡਾਲਰ ਡਾਊਨ ਪੇਮੈਂਟ ਦਿੱਤੀ ਅਤੇ ਮੈਰੀਵਿਲ (ਯੂਬਾ ਸਿਟੀ ਕੋਲ) ਪਹੁੰਚੇ। ਸ਼ੀਸ਼ੇ ਦੇ ਅੰਦਰੋਂ-ਬਾਹਰੋਂ ਮੁਲਾਕਾਤ ਕੀਤੀ। ਤੁਰਨ ਲੱਗੇ ਤਾਂ ਗੁਰਵੀਰ ਬੋਲਿਆ, “ਵੀਰ ਜੀ! ਕੁਝ ਨਹੀਂ ਹੋਣਾ। ਇਹ ਪਤਾ ਨਹੀਂ ਮੈਨੂੰ ਕੀ ਸਮਝੀ ਜਾਂਦੇ ਆ, ਸਵਾਲ ਈ ਏਦਾਂ ਪੁੱਛਦੇ ਆ ਜਿੱਦਾਂ ਮੈਂ ਅਤਿਵਾਦੀ ਹੋਵਾਂ...” ਕਹਿੰਦੇ ਹੀ ਗੁਰਵੀਰ ਦਾ ਮਨ ਭਰ ਆਇਆ।
ਵੀਰ ਸਾਨੂੰ ਹੌਂਸਲਾ ਦਿੰਦਾ ਆਪ ਰੋ ਪਿਆ। ਹਫ਼ਤੇ ਬਾਅਦ ਗੁਰਵੀਰ ਨੂੰ ਓਕਲੈਂਡ ਜੇਲ੍ਹ ਤਬਦੀਲ ਕਰ ਦਿੱਤਾ ਅਤੇ ਮਹੀਨੇ ਬਾਅਦ ਅਸੀਂ ਕੇਸ ਹਾਰ ਗਏ। ਗੁਰਵੀਰ ਇੰਡੀਆ ਚਲਾ ਗਿਆ। ਫੋਨ ਆਇਆ ਤਾਂ ਮੇਰੇ ਹੰਝੂ, ਹਾਉਕੇ-ਸਿਸਕੀਆਂ ਵਿਚ ਬਦਲ ਗਏ।
ਮੈਂ ਫੋਨ ‘ਤੇ ਗੁਰਵੀਰ ਨੂੰ ਦਿਲਾਸੇ ਦਿੰਦੀ। ਆਪ ਓਵਰਟਾਈਮ ਲਾਉਣੇ ਸ਼ੁਰੂ ਕਰ ਦਿੱਤੇ। ਮੇਰੀ ਸਿਹਤ ਖ਼ਰਾਬ ਰਹਿਣ ਲੱਗੀ। ਮੈਨੂੰ ਭੁੱਖ਼ ਲਗਣੋਂ ਹਟ ਗਈ। ਮੇਰੀ ਜਿੰਦ ਤਾਂ ਗੁਰਵੀਰ ਦੇ ਨਾਲ ਈ ਇੰਡੀਆ ਚਲੀ ਗਈ ਸੀ, ਪਿੱਛੇ ਤਾਂ ਦੇਖਣ ਨੂੰ ਇਕ ਬੁੱਤ ਹੀ ਤੁਰਿਆ ਫਿਰਦਾ ਸੀ। ਗੁਰਵੀਰ ਦੀ ਮੁੜ ਵਾਪਸੀ ਅਤੇ ਮੁਆਫ਼ੀਨਾਮੇ ਦਾ ਫ਼ਾਰਮ ਭਰਨ ਲਈ ਹੋਰ ਵਕੀਲ ਕੀਤਾ ਜਿਸ ਨੇ ਇਹ ਫ਼ਾਰਮ ਭਰਨ ਦੀ 3500 ਡਾਲਰ ਫ਼ੀਸ ਮੰਗੀ।
ਗੁਰਵੀਰ ਦੇ ਜਾਣ ਦੇ ਛੇ ਮਹੀਨੇ ਬਾਅਦ ਮੈਂ ਇਕ ਬੇਟੀ ਦੀ ਮਾਂ ਬਣ ਗਈ। ਮੈਂ ਆਪਣੇ ਜਿਗਰ ਦੀ ਟੁਕੜੀ ਦਾ ਨਾਂ ਆਸ਼ੂ ਰੱਖਿਆ। ਆਸ਼ੂ ਦੇ ਜਨਮ ਦੇ ਨਾਲ ਸਾਡਾ ਕੇਸ ਮਜ਼ਬੂਤ ਹੋ ਗਿਆ। ਪਰ ਆਸ਼ੂ ਦੇ ਜਨਮ ਤੋਂ ਹਫ਼ਤੇ ਬਾਅਦ ਹੀ ਇਕ ਹੋਰ ਪਹਾੜ ਮੇਰੇ ਉਪਰ ਡਿੱਗਿਆ। ਜਦੋਂ ਮੈਂ ਆਸ਼ੂ ਦੀ ਚੈਕਅਪ ਕਰਵਾਉਣ ਪਹੁੰਚੀ ਤਾਂ ਡਾਕਟਰ ਮੈਨੂੰ ਕਾਨਫ਼ਰੰਸ ਰੂਮ ਵਿਚ ਲੈ ਗਈ, ਜਿੱਥੇ ਪੰਜ-ਸੱਤ ਡਾਕਟਰਾਂ ਦੀ ਟੀਮ ਬੈਠੀ ਸੀ। ਡਾਕਟਰਾਂ ਦੀ ਇਸ ਟੀਮ ਨੇ ਆਸ਼ੂ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਪਰੈਗਨੈਂਸੀ ਦੌਰਾਨ ਸਟਰੈਸ, ਲੋੜ ਤੋਂ ਵੱਧ ਕੰਮ ਅਤੇ ਬਿਮਾਰ ਰਹਿਣਾ ਦੱਸਿਆ। ਇਹ ਸੁਣਨ ਤੋਂ ਬਾਅਦ ਮੇਰੀ ਸਾਰੀ ਖੁਸ਼ੀ, ਘੋਰ-ਸੰਤਾਪ ਵਿਚ ਬਦਲ ਗਈ ਅਤੇ ਘਰ ਪਰਤਦੇ ਵਕਤ ਮੇਰੇ ਕਦਮ ਲੜਖੜਾਉਣ ਲੱਗੇ, ਸਿਰ ਨੂੰ ਚੱਕਰ ਆਉਣ ਲੱਗੇ।
ਖੈਰ! ਵਕੀਲ ਨੇ ਆਸ਼ੂ ਦੀ ਬਿਮਾਰੀ ਨੂੰ ਆਧਾਰ ਬਣਾ ਕੇ ਇਕ ਹੋਰ ਅਰਜ਼ੀ ਭੇਜੀ। ਗੁਰਵੀਰ ਦੇ ਵਾਪਸ ਆਉਣ ਦਾ ਖ਼ਿਆਲ ਮੇਰੇ ਇਸ ਦੁੱਖ ਨੂੰ ਘੱਟ ਕਰਨ ਦਾ ਕਾਰਨ ਬਣਿਆ ਰਿਹਾ।
ਅੱਜ ਪੂਰੇ ਪੱਚੀ ਦਿਨ ਬਾਅਦ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਆ।
“ਵੀਰ ਜੀ ਤੁਹਾਡਾ ਕੀਤਾ ਕਿੱਥੇ ਦਿਆਂਗੀ?” ਕਹਿੰਦੇ ਹੀ ਮੇਰੀਆਂ ਅੱਖਾਂ ਭਰ ਆਈਆਂ ਨੇ।
“ਕਮਲੀਆਂ ਗੱਲਾਂ ਨਹੀਂ ਕਰੀਦੀਆਂ ਕਮਲੀਏ!” ਕਹਿੰਦੇ ਹੀ ਵੀਰ ਨੇ ਮੇਰੇ ਸਿਰ ਉਪਰ ਹੱਥ ਰੱਖਿਐ।
ਘਰ ਆ ਕੇ ਮੈਂ ਆਸ਼ੂ ਨੂੰ ਜੀਅ ਭਰ ਕੇ ਪਿਆਰ ਕਰਦੀ ਹਾਂ। ਸਟੇਟ ਨੇ ਉਸ ਦੀ ਦੇਖ਼-ਭਾਲ ਲਈ ਮੈਨੂੰ ਨਰਸ ਦਿੱਤੀ ਹੋਈ ਐ ਪਰ ਮੈਂ ਉਸ ਦਾ ਧਿਆਨ ਆਪ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਓਵਰਟਾਈਮ ਦਾ ਸੋਚਣਾ ਤਾਂ ਇਕ ਪਾਸੇ ਹੁਣ ਤਾਂ 40 ਘੰਟੇ ਵੀ ਨਹੀ ਲਾ ਸਕਦੀ। ਕੰਮ ਛੁੱਟ ਗਿਆ ਹੈ। ਮੈਨੂੰ ਡਿਸਏਬਿਲਿਟੀ ਮਿਲਣ ਲੱਗ ਪਈ ਆ। ਤੁਰਦੀ ਹਾਂ ਤਾਂ ਤਕਲੀਫ਼ ਮਹਿਸੂਸ ਹੁੰਦੀ ਆ। ਮੈਂ ਡਰਾਇੰਗ ਰੂਮ ਵਿਚ ਹੀ ਹੌਲੀ-ਹੌਲੀ ਤੁਰ ਕੇ ਦੇਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਅਜੇ ਦੋ ਕਦਮ ਹੀ ਤੁਰੀ ਹਾਂ ਕਿ ਫੋਨ ਖੜਕਦਾ ਏ, “ਹੈਲੋ!”
“ਹੈਲੋ! ਕੀਰਤੀ! ਮੈਂ ਗੁਰਵੀਰ!”
“ਪਹਿਚਾਣ ਲਿਆ, ਕੀ ਹਾਲ ਆ!”
“ਹਾਲ? ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ, ਸਾਡਾ ਨਦੀਓਂ ਵਿਛੜੇ ਨੀਰਾਂ ਦਾ।” ਉਸ ਨੇ ਹਾਉਕਾ ਭਰਿਐ।
“ਕੀਰਤੀ! ਇੰਟਰਵਿਊ ਦੀ ਚਿੱਠੀ ਆਈ ਏ। ਮਨ ਘਬਰਾ ਰਿਹਾ, ਜੇ ਨਾਂਹ ਹੋ ਗਈ ਤਾਂ...।”
“ਗੁਰਵੀਰ ਸਭ ਕੁਝ ਠੀਕ ਹੋਵੇਗਾ। ਹੁਣ ਤਾਂ ਸਾਡਾ ਕੇਸ ਬਹੁਤ ਮਜ਼ਬੂਤ ਹੋ ਚੁੱਕੈ।” ਮੈਂ ਵਿਚੋਂ ਹੀ ਟੋਕਦੀ ਹਾਂ, “ਆਸ਼ੂ ਰੋਣ ਲੱਗ ਪਈ ਹੈ, ਗੁਰਵੀਰ।”
“ਕੀਰਤੀ ਤੂੰ ਆਸ਼ੂ ਨੂੰ ਦੇਖ, ਮੈਂ ਫਿਰ ਫੋਨ ਕਰਾਂਗਾ।” ਆਖ ਗੁਰਵੀਰ ਨੇ ਫੋਨ ਕੱਟ ਦਿੱਤੈ।
“ਅੱਜ ਗੁਰਵੀਰ ਦੀ ਇੰਟਰਵਿਊ ਏ। ਮੇਰੇ ਕੰਨ ਫੋਨ ਵੱਲ ਲੱਗੇ ਹੋਏ ਨੇ। ਘੰਟੀ ਵੱਜਦੇ ਹੀ ਮੈਂ ਬੇਸਬਰੀ ਨਾਲ ਫੋਨ ਚੁੱਕਦੀ ਹਾਂ ਅਤੇ ਕਮਰਸ਼ੀਅਲ ਫੋਨ ਹੋਣ ਕਾਰਨ ਬੁਝੇ ਦਿਲ ਨਾਲ ਰੱਖ ਦਿੰਦੀ ਹਾਂ। ਆਖਿਰ ਮੇਰੀ ਇੰਤਜ਼ਾਰ ਖ਼ਤਮ ਹੋ ਈ ਗਈ ਆ, ਚਾਰ ਵਜੇ ਘੰਟੀ ਵਜ ਹੀ ਪਈ ਐ, ਮੈਂ ਧੜਕਦੇ ਦਿਲ ਨਾਲ ਫੋਨ ਚੁੱਕਿਐ।
“ਹੈਲੋ!”
“ਹੈਲੋ! ਕੀਰਤੀ ਮੁਬਾਰਕ!”
“ਕੀ? ਸੱਚ!”
ਮੈਂ ਲਗਾਤਾਰ ਹੱਸ ਰਹੀ ਹਾਂ। ਮੇਰੇ ਪੈਰ ਧਰਤੀ ਤੋਂ ਦੋ ਗਿੱਠ ਉਚੇ ਹੋ ਗਏ ਨੇ।
“ਜਲਦੀ ਆ ਜਾਓ!” ਮੈਂ ਹੁਕਮ ਭਰੇ ਲਹਿਜ਼ੇ ਵਿਚ ਕਿਹੈ।
“ਮੈਨੂੰ ਦੋ ਹਫ਼ਤੇ ਤਾਂ ਦਿਓ, ਤੁਹਾਡੇ ਲਈ ਸ਼ਾਪਿੰਗ ਕਰ ਲਵਾਂ।”
“ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਅਗਲੇ ਹਫ਼ਤੇ ਹੀ ਆ ਜਾਓ!” ਮੈਂ ਪਹਿਲੀ ਵਾਰੀ ਅਜਿਹੀ ਜਿਦ ਦਿਖਾਈ ਹੈ।
“ਚੰਗਾ ਮੈਂ ਟਿਕਟ ਦਾ ਪਤਾ ਕਰਕੇ ਦੱਸਦਾ ਹਾਂ।”
ਅੱਜ ਪੂਰੇ ਤਿੰਨ ਸਾਲ ਬਾਅਦ ਮੈਂ ਵੀਰ ਅਤੇ ਭਾਬੀ ਸੰਗ ਏਅਰ ਪੋਰਟ ‘ਤੇ ਜਾ ਰਹੀ ਹਾਂ। ਠੰਢ ਹੋਣ ਕਾਰਨ ਆਸ਼ੂ ਨੂੰ ਚਾਹੁੰਦੇ ਹੋਏ ਵੀ ਨਾਲ ਨਹੀਂ ਲਿਆਂਦਾ ਕਿਓਂਕਿ ਠੰਢ ਵਿਚ ਛੇਤੀ ਬਿਮਾਰ ਹੋ ਜਾਂਦੀ ਐ। ਪੂਰੇ ਤਿੰਨ ਵਜੇ ਗੁਰਵੀਰ ਬਾਹਰ ਆਇਆ। ਮੈਂ ਸ਼ੀਸ਼ੇ ਵਿਚੋਂ ਹੀ ਉਸ ਨੂੰ ਜੀਅ ਭਰ ਕੇ ਨਿਹਾਰਿਆ ਹੈ। ਉਸ ਦੀਆਂ ਨਜ਼ਰਾਂ ਵੀ ਮੇਰੇ ਉਪਰ ਹੀ ਗੱਡੀਆਂ ਹੋਈਆਂ ਹਨ। ਉਹ ਵੀਰ-ਭਾਬੀ ਨੂੰ ਗਲੇ ਮਿਲ, ਮੈਨੂੰ ਮਿਲਦਾ ਹੈ।
“ਆਸ਼ੂ!” ਉਹ ਮੇਰੇ ਵਲ ਸਵਾਲੀਆ ਨਜ਼ਰਾਂ ਨਾਲ ਦੇਖਦਾ ਪੁੱਛਦੈ।
“ਠੰਢ ਕਰਕੇ ਨਾਲ ਨਹੀਂ ਲਿਆਂਦਾ।” ਵੀਰ ਜੀ ਵਿਚੋਂ ਹੀ ਬੋਲ ਪਏ ਨੇ।
ਸਾਡੀ ਕਾਰ ਏਅਰ ਪੋਰਟ ਤੋਂ ਬਾਹਰ ਆ ਹਾਈਵੇ ‘ਤੇ ਪੈ ਗਈ ਹੈ। ਮੈਂ ਪਿਛਲੀ ਸੀਟ ‘ਤੇ ਗੁਰਵੀਰ ਦੇ ਮੋਢੇ ‘ਤੇ ਆਪਣਾ ਸਿਰ ਰੱਖ ਆਪਣੀ ਤਿੰਨ ਸਾਲਾਂ ਦੀ ਥਕਾਵਟ ਲਾਹੁਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਕ ਅਜੀਬ ਜਿਹਾ ਸਕੂਨ ਮਿਲ ਰਿਹੈ। ਪੌਣੇ ਘੰਟੇ ਬਾਅਦ ਅਸੀਂ ਘਰ ਪਹੁੰਚ ਗਏ ਆਂ। ਘਰ ਆਉਂਦੇ ਹੀ ਉਹ ਸੁੱਤੀ ਪਈ ਆਸ਼ੂ ਨੂੰ ਚੁੱਕ ਕੇ ਬੈਠ ਗਿਐ। ਆਸ਼ੂ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੀ ਸੱਜੀ ਅੱਖ ਵਿਚਲਾ ਨੁਕਸ ਅੱਖੀਂ ਦੇਖ ਉਸ ਦੇ ਚਿਹਰੇ ‘ਤੇ ਆਈ ਉਦਾਸੀ ਅਤੇ ਪ੍ਰੇਸ਼ਾਨੀ ਨੂੰ ਮੈਂ ਪੜ੍ਹ ਲਿਐ ਬੇਸ਼ੱਕ ਉਸ ਨੇ ਮੇਰੇ ਕੋਲੋਂ ਛੁਪਾਉਣ ਦਾ ਯਤਨ ਕੀਤੈ।
ਗੁਰਵੀਰ ਨੇ ਕੰਮ ਲੱਭਣਾ ਸ਼ੁਰੂ ਕਰ ਦਿੱਤਾ। ਅਜੇ ਪਹਿਲੀ ਇੰਟਰਵਿਊ ਈ ਦਿੱਤੀ ਆ ਕਿ ਇਕ ਇਲੈਕਟ੍ਰਾਨਿਕ ਕੰਪਨੀ ਵਿਚ ਕੰਮ ਵੀ ਮਿਲ ਗਿਐ। ਅਸੀਂ ਮੁੜ ਅਪਾਰਟਮੈਂਟ ਵਿਚ ਮੂਵ ਹੋ ਗਏ ਆਂ। ਉਹ ਕੰਮ ਤੋਂ ਬਰੇਕ ਵੇਲ਼ੇ ਫੋਨ ਕਰਦੈ, ਸ਼ਾਮ ਨੂੰ ਘਰ ਮੁੜਦੈ ਤਾਂ ਮੈਨੂੰ ਚੰਗਾ-ਚੰਗਾ ਲੱਗਦੈ। ਸਾਡੀ ਜ਼ਿੰਦਗੀ ਮੁੜ ਸਾਵੀਂ ਹੋ ਰਹੀ ਆ। ਮੈਂ ਹਰ ਵਕਤ ਖ਼ੁਸ਼ ਰਹਿੰਦੀ ਆਪਣੀ ਬਿਮਾਰੀ ਨੂੰ ਭੁਲਾਉਣ ਦਾ ਯਤਨ ਕਰਦੀ ਆਂ।
“ਕੀਰਤੀ ਆਪਣੀ ਸਿਹਤ ਦਾ ਖਿਆਲ ਕਿਉਂ ਨਹੀਂ ਰੱਖਿਆ?” ਅਚਾਨਕ ਗੁਰਵੀਰ ਨੇ ਚਾਹ ਪੀਂਦੇ ਪੁੱਛਿਆ।
“ਤੁਸੀਂ ਆਪਣੀ ਸਿਹਤ ਵੱਲ ਵੀ ਤਾਂ ਦੇਖੋ! ਜਿਵੇਂ ਬਹੁਤ ਪਹਿਲਵਾਨ ਬਣ ਕੇ ਆਏ ਹੋ?”
“ਕੀਰਤੀ ਅਸੀਂ ਦੋਵਾਂ ਨੇ ਹੀ ਦੁੱਖ ਬਹੁਤ ਹੰਢਾਇਆ ਪਰ ਹੁਣ ਮੈਂ ਤੇਰੀ ਜ਼ਿੰਦਗੀ ਵਿਚ ਸੱਤਰੰਗੀ ਪੀਂਘ ਜਿਹੇ ਸੱਤ ਰੰਗ ਭਰਨਾ ਚਾਹੁੰਦਾ ਹਾਂ।” ਗੁਰਵੀਰ ਨੇ ਮੇਰੀ ਉਂਗਲੀ ਵਿਚ ਸੱਤ ਨਗਾਂ ਵਾਲੀ ਰਿੰਗ ਪਾ ਦਿੱਤੀ ਆ।
“ਥੈਂਕ ਯੂ!” ਆਖ ਮੈਂ ਆਪਣੀਆਂ ਦੋਵੇਂ ਬਾਹਵਾਂ ਉਸ ਦੇ ਗਲ ਵਿਚ ਪਾ ਦਿੱਤੀਆਂ ਨੇ।
“ਇਸ ਵੀਕੈਂਡ ‘ਤੇ ਸੈਂਟਾ ਕਰੂਜ਼ ਚਲੀਏ!” ਉਸ ਦੀਆਂ ਅੱਖਾਂ ਵਿਚ ਮਸਤੀ ਆ।
“ਨੇਕੀ ਔਰ ਪੂਛ-ਪੂਛ?” ਮੈਂ ਵੀ ਉਨ੍ਹਾਂ ਪੁਰਾਣੇ ਪਲਾਂ ਦੀ ਯਾਦ ਤਾਜ਼ਾ ਕਰਨਾ ਚਾਹੁੰਦੀ ਆਂ। ਕੋਲ ਪਈ ਆਸ਼ੂ ਵਲ ਤੱਕ ਮੈਂ ਕਹਿੰਦੀ ਆਂ ਕਿ ਆਸ਼ੂ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਇਹ ਕਹਿਣ ਲਈ ਮੇਰੇ ਬੁੱਲ ਫ਼ਰਕੇ ਹੀ ਨੇ ਕਿ ਮੈਨੂੰ ਆਸ਼ੂ ਦਾ ਚਿਹਰਾ ਪਸੀਨੇ ਨਾਲ ਭਿੱਜਾ ਲੱਗਦੈ। ਮੈਂ ਉਸ ਨੂੰ ਚੁੱਕ ਲਿਐ, ਗੁਰਵੀਰ ਥਰਮਾਮੀਟਰ ਲੈ ਕੇ ਬੁਖ਼ਾਰ ਚੈਕ ਕਰਨ ਲੱਗਾ ਤਾਂ ਆਸ਼ੂ ਦਾ ਸਾਹ ਰੁਕਦਾ ਮਹਿਸੂਸ ਹੋਇਆ। ਮੈਂ ਦੌੜ ਕੇ 911 ਘੁਮਾ ਦਿੱਤਾ ਅਤੇ 10 ਮਿੰਟ ‘ਚ ਹੀ ਐਂਬੂਲੈਂਸ ਪਹੁੰਚ ਗਈ ਆ। ਆਸ਼ੂ ਨੂੰ ਓਕਲੈਂਡ ਬੱਚਿਆਂ ਦੇ ਹਸਪਤਾਲ ਲੈ ਗਏ ਆ। ਗੁਰਵੀਰ ਰੋ ਰਿਹੈ ਪਰ ਮੈਂ ਤਾਂ ਇਹ ਸੰਤਾਪ ਹੁਣ ਤੱਕ ਕਈ ਵਾਰੀ ਹੰਢਾ ਚੁੱਕੀ ਆਂ।
“ਆਸ਼ੂ ਠੀਕ ਹੋ ਜਾਵੇਗੀ, ਮੈਂ ਤਾਂ ਕਈ ਵਾਰੀ...।” ਗੁਰਵੀਰ ਨੂੰ ਦਿਲਾਸਾ ਦਿੰਦੇ ਮੈਂ ਆਪ ਰੋ ਪਈ ਹਾਂ।
ਸਾਡੇ ਪਹੁੰਚਣ ਤੱਕ ਆਸ਼ੂ ਨੂੰ ਆਕਸੀਜਨ ਲਗਾ ਦਿੱਤੀ ਗਈ।
“ਹਾਏ! ਦਿਸ ਇਜ਼ ਡਾਕਟਰ ਫ਼ਰੈਂਕ” ਡਾਕਟਰ ਸਾਡੇ ਨਾਲ ਵਾਰੀ-ਵਾਰੀ ਹੱਥ ਮਿਲਾਉਂਦੈ।
“ਇਜ਼ ਸ਼ੀ ਓ ਕੇ?” ਮੇਰੇ ਹੰਝੂ ਲਗਾਤਾਰ ਬਹਿ ਰਹੇ ਨੇ।
“ਸ਼ੀ ਹੈਜ਼ ਨਿਮੋਨੀਆ। ਆਈ ਐਮ ਟਰਾਈਂਗ ਮਾਈ ਬੈਸਟ, ਸੀ ਵਿਲ ਬੀ ਓ ਕੇ!” ਆਖ ਡਾਕਟਰ ਚਲਾ ਗਿਐ।
ਅਸੀਂ ਸਾਰੇ ਅਰਦਾਸ ਬਣੇ ਆਸ਼ੂ ਦੇ ਕੋਲ ਬੈਠੇ ਹਾਂ। ਆਸ਼ੂ ਦਾ ਸਾਹ ਕਦੇ ਤੇਜ਼ ਹੋ ਰਿਹੈ ਅਤੇ ਕਦੀ ਬੰਦ, ਹੁਣ ਤਾਂ ਉਸ ਨੇ ਅੱਖਾਂ ਵੀ ਖੋਲ੍ਹੀਆਂ ਹਨ। ਮੇਰੇ ਵਲ ਤੱਕ ਕੇ ਮੁਸਕਰਾ ਵੀ ਪਈ ਐ। ਮੇਰਾ ਹੌਂਸਲਾ ਵਧ ਗਿਐ। ਡਾਕਟਰ ਚੈਕ-ਅਪ ਕਰਨ ਆਇਐ। ਉਸ ਨੇ ਆਈ.ਵੀ. ਵਿਚ ਦਵਾਈ ਬਦਲੀ ਐ। ਸਾਨੂੰ ਆਸ਼ੂ ਦੀ ਹਾਲਤ ਬੇਹਤਰ ਹੋ ਰਹੀ ਲੱਗਦੀ ਆ। ਦੇਰ ਸ਼ਾਮ ਗਏ ਡਾਕਟਰ ਨੇ ਸਾਨੂੰ ਘਰ ਭੇਜ ਦਿੱਤੈ। ਅਸੀਂ ਘਰ ਆ ਗਏ ਆਂ। ਵੀਰ ਅਤੇ ਭਾਬੀ ਵੀ ਸਾਡੇ ਕੋਲ ਹੀ ਆ ਗਏ ਨੇ। ਭਾਬੀ ਨੇ ਜ਼ਬਰਦਸਤੀ ਚਾਹ ਪਿਲਾ ਦਿੱਤੀ। ਸਭ ਦੇ ਚਿਹਰੇ ਉਦਾਸ ਹਨ। ਮੈਂ ਚਾਹ ਵਾਲੇ ਕੱਪ ਸਿੰਕ ਵਿਚ ਰੱਖ ਸੋਫ਼ੇ ‘ਤੇ ਨਿਢਾਲ ਹੋ ਬੈਠ ਗਈ ਆਂ। ਮੇਰੇ ਕੋਲ ਪਿਆ ਫੋਨ ਖ਼ੜਕਦੈ। ਮੈਂ ਫੋਨ ਚੁੱਕ ਲਿਐ।
“ਹੈਲੋ! ਦਿਸ ਇਜ਼ ਚਿਲਡਰਨ’ਜ਼ ਹਾਸਪੀਟਲ ਓਕਲੈਂਡ! ਮੇ ਆਈ ਸਪੀਕ ਟੂ ਮਿਸਟਰ ਔਰ ਮਿਸਿਜ਼ ਕੀਰਤੀ!”
“ਸਪੀਕਿੰਗ! ਹਾਓ ਇਜ਼ ਆਸ਼ੂ ਨਾਓ?” ਮੈਂ ਬੇਸਬਰੀ ਨਾਲ ਪੁੱਛਿਆ ਹੈ।
“ਆਈ ਐਮ ਵੈਰੀ ਸੌਰੀ! ਆਸ਼ੂ ਇਜ਼ ਨੋ ਮੋਰ!”
“ਵਟ? ਨੋ! ਨੋ!” ਫੋਨ ਮੇਰੇ ਹੱਥੋਂ ਡਿਗ ਪਿਐ ਅਤੇ ਮੈਂ ਜ਼ਮੀਨ ‘ਤੇ ਈ ਬੈਠ ਗਈ ਹਾਂ।
“ਆਸ਼ੂ ਤੂੰ ਸਾਨੂੰ ਛੱਡ ਗਈ! ਆਸ਼ੂ! ਭਾਬੀ ਆਸ਼ੂ ਚਲੀ ਗਈ! ਵੀਰ ਜੀ ਆਸ਼ੂ ਚਲੀ ਗਈ!”
ਮੈਂ ਉਚੀ-ਉਚੀ ਚੀਖਦੀ ਆਂ। ਗੁਰਵੀਰ ਦੌੜ ਕੇ ਮੈਨੂੰ ਫੜਦੈ। ਮੇਰੀਆਂ ਧਾਹਾਂ ਨਿਕਲ ਰਹੀਆਂ ਹਨ। ਭਾਬੀ ਮੇਰੇ ਗਲ ਲੱਗ ਕੇ ਰੋ ਰਹੀ ਏ। ਵੀਰ ਮੇਰੇ ਸਿਰ ‘ਤੇ ਹੱਥ ਰੱਖ ਕੇ ਬਿਨ੍ਹਾਂ ਕੁਝ ਕਹੇ ਭੁੱਬਾਂ ਮਾਰ ਰਿਹੈ। ਮੇਰੇ ਦਿਲ ‘ਚ ਹੌਲ ਪੈਂਦਾ ਏ ਤੇ ਮੈਂ ਧਾਹਾਂ ਮਾਰਦੀ ਕਹਿ ਰਹੀ ਆਂ, “ਮੈਂ ਲੁੱਟ ਹੋ ਗਈ ਵੀਰ ਜੀ, ਮੈਂ ਅਮਰੀਕਾ ਆ ਕੇ ਲੁੱਟ ਹੋ ਗਈ ਵੇ ਰੱਬਾ! ਤੂੰ ਤਾਂ ਮੈਨੂੰ ਵਿਆਹ ਕੇ ਗੰਗਾ ਨ੍ਹਾਤਾ ਸੀ ਵੇ ਵੀਰਾ!”
“ਬੱਸ ਕਰ ਕੀਰਤੀ! ਬੱਸ ਮੇਰੀ ਭੈਣ! ਸਬਰ ਕਰ!” ਵੀਰ ਮੇਰਾ ਸਿਰ ਪਲੋਸਦਾ ਆ।
“ਅੱਜ ਮੇਰੇ ਸਬਰ ਦਾ ਬੰਨ ਟੁੱਟ ਗਿਆ, ਵੀਰ ਜੀ! ਮੈਨੂੰ ਰੋਕੋ ਨਾ, ਮੈਨੂੰ ਰੋ ਲੈਣ ਦਿਓ!” ਮੇਰੀ ਰੂਹ ਕੁਰਲਾ ਰਹੀ ਹੈ, “ਆਸ਼ੂ! ਮੇਰੀਏ ਬੱਚੀਏ, ਤੈਨੂੰ ਇਹ ਕਿਸ ਜ਼ੁਰਮ ਦੀ ਸਜ਼ਾ ਮਿਲੀ ਐ!”
ਮੇਰੇ ਵੱਲ ਵੇਖ ਕੇ ਗੁਰਵੀਰ ਵੀ ਕਰਾਹ ਰਿਹੈ, “ਆਸ਼ੂ, ਮੈਂ ਤੇਰਾ ਦੋਸ਼ੀ ਹਾਂ! ਮੈਨੂੰ ਮੁਆਫ਼ ਕਰੀਂ ਧੀਏ! ਤੈਨੂੰ ਮੇਰੀ ਡਿਪੋਰਟੇਸ਼ਨ ਨੇ ਤਿਲ-ਤਿਲ ਕਰ ਕੇ ਮਾਰਿਆ!...ਮੈਂ ਤਾਂ ਤੈਨੂੰ ਰੱਜ ਕੇ ਪਿਆਰ ਵੀ ਨਹੀਂ ਕਰ ਸਕਿਆ! ਤੇ ਤੇਰਾ ਜਿਗਰ ਵੀ ਮੇਰੀ ਡਿਪੋਰਟੇਸ਼ਨ ਹੀ ਖਾ ਗਈ। ਕੀਰਤੀ, ਮੈਂ ਤੇਰਾ ਵੀ ਦੋਸ਼ੀ ਹਾਂ, ਕੀਰਤੀ!”
“ਨਹੀਂ ਗੁਰਵੀਰ ਨਹੀਂ...ਮੇਰਾ ਜਿਗਰ ਤਾਂ ਉਹ ਧੂੰਆਂ ਖਾ ਗਿਆ ਜੋ ਉਸ ਦਿਨ ਟਾਵਰਾਂ ਵਿਚੋਂ ਨਿਕਿਲਆ...ਆਪਣੀ ਆਸ਼ੂ ਨੂੰ ਵੀ ਉਹੀ ਅੱਗ ਝੁਲਸਾਅ ਗਈ, ਜੋ ਉਸ ਦਿਨ ਇਸ ਦੇ ਦਿਲੋ-ਦਿਮਾਗ਼ ਵਿਚ ਆ ਵੜੀ।”
ਮੈਂ ਰੋਂਦੀ ਰੋਂਦੀ ਥੱਲੇ ਬੈਠ ਗਈ ਹਾਂ ਪਰ ਮੈਨੂੰ ਆਪਣੇ ਥੱਲੇ ਜ਼ਮੀਨ ਤਪ-ਬਲ ਰਹੀ ਮਹਿਸੂਸ ਹੋ ਰਹੀ ਹੈ ਅਤੇ ਚਾਰ-ਚੁਫੇਰੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)