Dharti Hethla Bauld (Punjabi Story) : Kulwant Singh Virk

ਧਰਤੀ ਹੇਠਲਾ ਬੌਲਦ (ਕਹਾਣੀ) : ਕੁਲਵੰਤ ਸਿੰਘ ਵਿਰਕ

ਠਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ ਵਿਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ਸੀ, ਉਸ ਨੂੰ ਕੋਈ ਚਿੰਤਾ ਨਹੀਂ ਸੀ।
ਮਾਨ ਸਿੰਘ ਛੁਟੀ ਤੇ ਆਇਆ ਹੋਇਆ ਇਕ ਫ਼ੌਜੀ ਸੀ। ਠੱਠੀ ਖਾਰਾ ਉਸ ਦੇ ਯਾਰ ਕਰਮ ਸਿੰਘ ਦਾ ਪਿੰਡ ਸੀ। ਜਿੰਨੀਆਂ ਗੂੜ੍ਹੀਆਂ ਯਾਰੀਆਂ ਫ਼ੌਜ ਵਿਚ ਲਗਦੀਆਂ ਨੇ ਹੋਰ ਕਿਤੇ ਨਹੀਂ ਲਗਦੀਆਂ। ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿਚ ਇਕੱਠੇ ਰਹੇ ਤੇ ਹੁਣ ਇਕ ਬਟਾਲੀਅਨ ਵਿਚ ਬਰਮਾ ਫਰੰਟ ਤੇ ਲੜ ਰਹੇ ਸਨ। ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਅਜੇ ਮਸਾਂ ਨਾਇਕੀ ਤਕ ਹੀ ਅਪੜਿਆ ਸੀ।
ਕਰਮ ਸਿੰਘ ਬਾਰੇ ਇਕ ਖ਼ਾਸ ਗੱਲ ਇਹ ਸੀ ਕਿ ਉਸ ਦੀ ਜੀਭ ਵਿਚ ਬੜਾ ਰਸ ਸੀ। ਪਿੰਡ ਦੇ ਕਈ ਹੋਰ ਮੁੰਡੇ ਵੀ ਫ਼ੌਜ ਵਿਚ ਸਨ। ਜਦੋਂ ਉਹ ਛੁਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਨ੍ਹਾਂ ਦੀ ਗੱਲ ਵਾਹਿਗੁਰੂ ਜੀ ਕੀ ਫ਼ਤਹਿ ਤੋਂ ਅਗੇ ਨਾ ਟੁਰਦੀ, ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ ਤੇ ਨ੍ਹਾਉਣ ਵਾਲਿਆਂ ਦੀਆਂ ਭੀੜਾਂ ਵਧ ਜਾਂਦੀਆਂ। ਸਿਆਲ ਦੀ ਅੱਧੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਭੱਠੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ। ਪਿਛੇ ਰਜਮੈਂਟ ਵਿਚ ਉਸ ਦੀ ਰਾਈਫਲ ਦਾ ਨਸ਼ਾਨਾ ਬੜਾ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿਚ ਉਸ ਦੀ ਗੋਲੀ ਨਿਸ਼ਾਨੇ ਇਸ ਤਰ੍ਹਾਂ ਠੀਕ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜਕੇ ਲੰਘਾਈ ਗਈ ਹੋਵੇ।
ਹੁਣ ਲੜਾਈ ਵਿਚ ਉਸ ਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਤੇ ਦਰਖ਼ਤਾਂ ਦੇ ਟਾਹਣ ਜਿਹੇ ਦਿਸਦੇ ਜਾਪਾਨੀ ਡੇਗੇ ਸਨ। ਇਸ ਤਰ੍ਹਾਂ ਉਹ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮੇਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਂਦਾ ਤੇ ਆਪਣੀ ਪਲਟਨ ਦਾ ਦਿਲ ਠੰਢਾ ਕਰਦਾ। ਜਿਥੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸਫਲ ਜਾਂਦੀਆਂ ਉਥੇ ਕਰਮ ਸਿੰਘ ਦੀ ਇਕ ਗੋਲੀ ਕੰਮ ਸੁਆਰ ਦਿੰਦੀ ਸੀ। ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ, ਪਰ ਜਦੋਂ ਜਿਮਨਾਸਟਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ।
ਇਥੇ ਲੜਾਈ ਵਿਚ ਤੇ ਖ਼ੈਰ ਇਹ ਸਭ ਕੁਝ ਬੰਦ ਸੀ। ਹੋਰ ਵੀ ਬਹੁਤ ਕੁਝ ਬੰਦ ਸੀ, ਕਦੀ ਕੱਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਕੀਤੀ ਸੀ, ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿਥੇ ਮੁਫ਼ਤੀ ਪਾ ਕੇ ਕੋਈ ਜਾ ਸਕੇ। ਕਦੇ ਕੋਈ ਪਿੰਡ ਦਾ, ਇਲਾਕੇ ਦਾ ਬੰਦਾ ਨਹੀਂ ਮਿਲਿਆ ਸੀ। ਇਸ ਕਰ ਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ। ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਹੀ ਮੁੜ ਆਉਂਦੇ। ਅੰਮ੍ਰਿਤਸਰੋਂ ਚੂਹੜਕਾਣਾ ਕਿਹੜਾ ਦੂਰ ਸੀ, ਪੰਜਾਹ ਕੋਹਾਂ ਦੀ ਵਿਥ ਨਹੀਂ ਸੀ, ਭਾਵੇਂ ਪਹਿਲੇ ਨੂੰ ਮਾਝਾ ਤੇ ਦੂਸਰੇ ਨੂੰ ਬਾਰ ਆਖਦੇ ਸਨ। ਭਾਵੇਂ ਪਹਿਲਾ ਮੁਢ ਕਦੀਮਾਂ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆਂ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਪਰ ਛੁੱਟੀ ਇਹਨਾਂ ਦਿਨਾਂ ਵਿਚ ਬੜੀ ਔਖੀ ਮਿਲਦੀ ਸੀ। ਕਦੀ ਕਦੀ ਕਿਸੇ ਨੂੰ। ਜਿਸ ਤਰ੍ਹਾਂ ਲੜਾਈ ਵਿਚ ਬਹਾਦਰੀ ਦੇ ਤਸਮੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ।

ਤੇ ਜਦੋਂ ਮਾਨ ਸਿੰਘ ਪਿਛਾਂਹ ਨੂੰ ਆਉਂਦੇ ਫ਼ੌਜੀ ਟਰੱਕ ਵਿਚ ਬੈਠਣ ਲਗਾ ਤਾਂ ਕਰਮ ਸਿੰਘ ਨੇ ਕਿਹਾ, ‘‘ਸਾਡੇ ਘਰ ਵੀ ਹੁੰਦਾ ਆਵੀਂ ਤੂੰ। ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ। ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂਬਾਤਾਂ ਸੁਣਾਂਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ।’’
ਫਿਰ ਆਪਣੇ ਇਲਾਕੇ ਵਿਚ ਉਸ ਦੀ ਦਿਲਚਸਪੀ ਵਧਾਣ ਲਈ ਉਸ ਪੁੱਛਿਆ ‘‘ਤੂੰ ਅਗੇ ਕਦੀ ਉਧਰ ਗਿਆ ਏ ਕਿ ਨਹੀਂ!’’
‘‘ਨਹੀਂ ਅੰਬਰਸਰ ਵਿਚੋਂ ਈ ਲੰਘਿਆ ਹਾਂ, ਪਰ੍ਹਾਂ ਤੇ ਕਦੀ ਨਹੀਂ ਗਿਆ!’’
‘‘ਓਧਰ ਬੜੇ ਗੁਰਦਵਾਰੇ ਨੇ – ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ। ਸਾਰੀ ਥਾਈਂ ਮੱਥਾ ਟੇਕ ਆਵੀਂ ਨਾਲੇ ਸਾਡੇ ਘਰੋਂ ਹੋ ਆਵੀਂ। ਮੈਂ ਚਿੱਠੀ ਪਾ ਦਿਊਂ ਉਹਨਾਂ ਨੂੰ।’’
ਤੇ ਇਸੇ ਕਰ ਕੇ ਆਪਣੀਆਂ ਛੁੱਟੀਆਂ ਮੁਕਣ ਦੇ ਨੇੜੇ ਅੱਜ ਉਹ ਟਾਂਗੇ ਤੇ ਚੜ੍ਹਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ।
‘‘ਬਾਪੂ ਜੀ ਮੈਂ ਮਾਨ ਸਿੰਘ ਆਂ ਚੂਹੜਕਾਣਿਓਂ।’’ ਉਸ ਨੇ ਕਰਮ ਸਿੰਘ ਦੇ ਘਰ ਦੀ ਡਿaੜੀ ਵਿਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ।
‘‘ਆਓ ਜੀ, ਜੀਊ ਆਇਆਂ ਨੂੰ। ਆਓ ਬਹਿ ਜਾਓ।’’
ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ। ਉਸ ਦੇ ਆਉਣ ਕਰ ਕੇ ਬਾਬਾ ਕੁਝ ਔਖਾ ਔਖਾ ਲਗਦਾ ਸੀ। ਪਹਿਲਾਂ ਤਾਂ ਉਹ ਇਧਰ ਓਧਰ ਵੇਖ ਰਿਹਾ ਸੀ ਪਰ ਹੁਣ ਉਸ ਨੇ ਚੁੱਪ ਚਾਪ ਨੀਵੀਂ ਪਾ ਲਈ।

ਮਾਨ ਸਿੰਘ ਕਾਹਲੇ ਸੁਭਾ ਦਾ ਨਹੀਂ ਸੀ ਪਰ ਆਪਣੀ ਇਸ ਆਓ-ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ। ਹੋ ਸਕਦਾ ਸੀ ਇਹ ਕੋਈ ਓਪਰਾ ਆਦਮੀ ਹੋਵੇ।
‘‘ਤੁਸੀਂ ਕਰਮ ਸਿੰਘ ਦੇ ਬਾਪ ਓ’’ ਉਸ ਨੇ ਚੰਗੇਰੀ ਮਿਲਣੀ ਦੀ ਮੰਗ ਕਰਦੇ ਹੋਏ ਕਿਹਾ।
‘‘ਆਹੋ ਜੀ ਇਹ ਉਹਦਾ ਈ ਘਰ ਏ।’’
‘‘ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ?’’
‘‘ਹਾਂ ਉਸ ਲਿਖਿਆ ਸੀ ਪਈ ਤੁਸੀਂ ਆਉਗੇ ਸਾਡੇ ਕੋਲ।’’ ਤੇ ਬੁੱਢਾ ਉਠ ਕੇ ਵਿਹੜੇ ਵਲ ਨੂੰ ਟੁਰ ਪਿਆ। ਇਕ ਕੱਟੀ ਨੂੰ ਉਸ ਖੋਲ੍ਹ ਕੇ ਕਿੱਲੇ ਤੋਂ ਦੂਸਰੇ ਕਿੱਲੇ ਤੇ ਬੱਧਾ ਫਿਰ ਉਸ ਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਚਟਣ ਲਈ ਦਿਤਾ। ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿਤਾ ਤੇ ਚਾਹ ਲਿਆਉਣ ਲਈ ਆਖਿਆ। ਤੇ ਜਿਸ ਤਰ੍ਹਾਂ ਮੁੜ ਕੇ ਡਿਓੜੀ ਵਿਚ ਆਉਣ ਤੋਂ ਡਰਦਾ ਹੋਵੇ, ਉਹ ਫਿਰ ਵਿਹੜੇ ਵਿਚ ਬੱਧੀ ਘੋੜੀ ਕੋਲ ਖਲੋ ਗਿਆ। ਉਸ ਦੇ ਅਗੇ ਪਈ ਤੂੜੀ ਨੂੰ ਹਿਲਾਇਆ, ਹੋਰ ਛੋਲੇ ਲਿਆ ਕੇ ਵਿਚ ਪਾਏ ਤੇ ਅਖ਼ੀਰ ਮੁੜ ਕੇ ਡਿਓੜੀ ਵਿਚ ਆ ਗਿਆ। ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿਚ ਸੀ। ਉਹ ਮਾਨ ਸਿੰਘ ਵਲ ਤੇ ਸਜੇ ਖਬੇ ਵੀ ਝਾਕ ਰਿਹਾ ਸੀ।

‘‘ਜਸਵੰਤ ਸਿੰਘ ਕਿਥੇ ਵੇ?’’ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਨਾਂ ਜਸਵੰਤ ਸਿੰਘ ਏ।
‘‘ਹੁਣੇ ਆ ਜਾਂਦਾ ਏ, ਚਰ੍ਹੀ ਦੀ ਗਡ ਲੈ ਕੇ।’’ ਏਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ। ‘‘ਬੇਬੇ ਜੀ ਸਤਿ ਸ੍ਰੀ ਅਕਾਲ’’ ਮਾਨ ਸਿੰਘ ਨੇ ਹਸਦੀਆਂ ਅੱਖਾਂ ਨਾਲ ਬੁੱਢੀ ਵਲ ਵੇਖਿਆ।

ਬੁੱਢੀ ਦੇ ਹੋਂਠ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ। ਮਾਨ ਸਿੰਘ ਨੇ ਚਾਹ ਵਾਲੀ ਗੜਵੀ ਤੇ ਕੌਲੀ ਉਸ ਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ।
‘‘ਇਹ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ।’’ ਮਾਨ ਸਿੰਘ ਹੈਰਾਨ ਹੋ ਰਿਹਾ ਸੀ। ਆਪਣੇ ਵਿਚ ਉਹ ਬੜਾ ਤੰਗ ਸੀ। ਪਰ ਹੁਣ ਇਹ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ, ‘‘ਚਲੋ ਇਕ ਰਾਤ ਰਹਿ ਕੇ ਮੁੜ ਚਲਾਂਗੇ।’’ ਉਸ ਫ਼ੈਸਲਾ ਕੀਤਾ।

ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿਚ ਗੱਲਾਂਬਾਤਾਂ ਕੁਝ ਖੁਲ੍ਹੀਆਂ ਹੋਣ ਲਗੀਆਂ।
‘‘ਬੜੀ ਮਸ਼ਹੂਰ ਹੋਈ ਹੋਈ ਏ ਗੋਲੀ ਕਰਮ ਸਿੰਘ ਦੀ ਉਥੇ ਬ੍ਰਹਮਾ ਦੀ ਲੜਾਈ ਵਿਚ। ਬਸ ਉਹਦੇ ਘੋੜਾ ਦਬਣ ਦੀ ਡੇਰ ਹੁੰਦੀ ਏ, ਅੱਖ ਦੇ ਫੋਰ ਵਿਚ ਇਕ ਜਾਪਾਨੀ ਹੇਠਾਂ ਲੇਟ ਜਾਂਦਾ ਏ। ਸਾਨੂੰ ਨਾਲ ਟੁਰਦਿਆਂ ਪਤਾ ਵੀ ਨਹੀਂ ਲਗਦਾ ਉਸ ਸਭ ਕਿਥੋਂ ਲਿਆ।’’

ਮਾਨ ਸਿੰਘ ਇਥੇ ਰੁਕ ਗਿਆ, ਇਸ ਉਮੀਦ ਤੋਂ ਕਿ ਉਹ ਸਾਰੇ ਬ੍ਰਹਮਾ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਇਆ ਸੀ, ਪਰ ਇਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ। ਕੁਝ ਚਿਰ ਇਸ ਤਰ੍ਹਾਂ ਹੀ ਸੁੰਨ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ।
‘‘ਆਪਣੀ ਵਾਰੀ ਕਦੋਂ ਏ ਪਾਣੀ ਦੀ।’’
‘‘ਪਰਸੋਂ ਤਿੰਨ ਵਜੇ ਸਵੇਰੇ ਲਗਣੀ ਏਂ।’’

ਤਿੰਨ ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ। ਉਹ ਆਪਣੇ ਯਾਰ ਦੀਆਂ ਰਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ।
‘‘ਹੋਰ ਗੱਲ ਤੇ ਗੱਲ, ਕਰਮ ਸਿੰਘ ਪਹਿਰ ਰਾਤ ਉਠਣ ਤੋਂ ਤਾਂ ਬਚ ਗਿਆ। ਫ਼ੌਜ ਵਿਚ ਸਵੇਰੇ ਉਠਣ ਦਾ ਬੜਾ ਆਲਸ ਏ ਉਹਨੂੰ, ਸਾਰਿਆਂ ਤੋਂ ਪਿਛੋਂ ਉਠਦਾ ਏ ਓਥੇ’’
ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ।
ਫਿਰ ਰੋਟੀ ਆਈ। ਉਹਨਾਂ ਕਾਫ਼ੀ ਉਚੇਚ ਕੀਤਾ ਹੋਇਆ ਸੀ। ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਝਲ ਰਿਹਾ ਸੀ। ਉਸ ਦਾ ਇਹ ਖ਼ਿਆਲ ਕਿ ਉਹ ਉਸ ਵਲ ਧਿਆਨ ਨਹੀਂ ਦੇ ਰਹੇ ਸਨ, ਦਿਲੋਂ ਨਿਕਲ ਗਿਆ।
ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ। ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ। ਮਾਨ ਸਿੰਘ ਨੇ ਉਸ ਨੂੰ ਕੁਛੜ ਚੁਕ ਲਿਆ।

‘‘ਓਏ ਆਪਣੇ ਬਾਪੂ ਕੋਲ ਚਲਣਾ ਈਂ? ਜਾਣਾ ਈ ਤਾਂ ਚਲ ਮੇਰੇ ਨਾਲ। ਬੜਾ ਮੀਂਹ ਪੈਂਦਾ ਏ ਉਥੇ, ਪਾਣੀ ਵਿਚ ਤੁਰਿਆ ਫਿਰੀਂ।’’ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਭੀ, ‘‘ਆਹ ਫੜ ਲੈ ਮੁੰਡੇ ਨੂੰ ਓਧਰ ਰਖ, ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ’’ ਬਾਪੂ ਨੇ ਜ਼ਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁਕ ਕੇ ਲੈ ਗਈ।

ਹੁਣ ਤੇ ਘਰ ਦੀ ਹਵਾ ਵਿਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ। ਇਧਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁਛ ਗਿਛ ਅਰੰਭੀ। ‘‘ਇਥੋਂ ਤਰਨ ਤਾਰਨ ਕਿੰਨਾ ਏਂ?’’
‘‘ਚਾਰ ਕੋਹ ਪੈਂਡਾ ਏ।’’

‘‘ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ।’’
‘‘ਟਾਂਗਿਆਂ ਟੂੰਗਿਆਂ ਦਾ ਕੋਈ ਫ਼ਿਕਰ ਨਾ ਕਰ ਤੂੰ, ਜਸਵੰਤ ਨੂੰ ਤੇਰੇ ਨਾਲ ਘਲਾਂਗੇ। ਦੋਵੇਂ ਭਰਾ ਕੱਠੇ ਹੀ ਮੱਥਾ ਟੇਕ ਆਇਓ ਸਾਰੇ।’’ ਇਸ ਗੱਲ ਤੇ ਮਾਨ ਸਿੰਘ ਰਾਜ਼ੀ ਸੀ। ਜਸਵੰਤ ਏਡਾ ਘੁਟਿਆ ਹੋਇਆ ਬੰਦਾ ਨਹੀਂ ਸੀ।

ਪਰ ਮਾਨ ਸਿੰਘ ਦੇ ਨਾਲ ਟੁਰਦਿਆਂ ਤੇ ਉਹ ਵੀ ਕੁਝ ਘੁਟਿਆ ਹੀ ਗਿਆ। ਜਿਹੜੇ ਜਾਣੂੰ ਬੰਦੇ ਉਹਨੂੰ ਰਾਹ ਵਿਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫ਼ਤਹਿ ਬੁਲਾ ਕੇ ਅਗਾਂਹ ਟੁਰ ਪੈਂਦਾ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂਬਾਤਾਂ ਕਰੇ। ਉਸ ਨੇ ਕਿਹੜਾ ਰੋਜ਼ ਰੋਜ਼ ਇਸ ਪਾਸੇ ਆਉਣਾ ਸੀ?
‘‘ਕਰਮ ਸਿੰਘ ਨੇ ਤਾਂ ਬੜਾ ਜਸ ਖਟਿਆ ਏ ਫ਼ੌਜ ਵਿਚ। ਤੂੰ ਕਿਉਂ ਨਾ ਫ਼ੌਜ ਵਿਚ ਗਿਆ’’ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅਗੇ ਲੈ ਆਂਦਾ।

ਜਸਵੰਤ ਇਕ-ਦਮ ਕਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ। ਕੁਝ ਠਹਿਰ ਕੇ ਉਸ ਨੇ ਕਿਹਾ, ‘‘ਇਕ ਥੋੜਾ ਏ ਫ਼ੌਜ ਵਿਚ!’’
‘‘ਚਰ੍ਹੀਆਂ, ਕਮਾਦ ਕਿਡੇ ਕਿਡੇ ਹੋ ਗਏ ਨੇ ਆਪਣੇ ਵਲ?’’ ਇਕ ਚਰ੍ਹੀ ਦੀ ਪੈਲੀ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ।
‘‘ਬੰਦੇ ਬੰਦੇ ਜਿਡੇ ਖੜੇ ਨੇ’’ ਪਰ ਉਸ ਦਾ ਦਿਲ ਇਸ ਗੱਲ ਵਿਚ ਨਹੀਂ ਸੀ। ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂਹ ਜਾਣ ਦੀਆਂ ਸਲਾਹਾਂ ਵਿਚ ਸੀ। ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਅਪੜ ਸਕਦਾ ਸੀ। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਲਈ ਕਾਫ਼ੀ ਉਚੇਚ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੇਦ ਤੋਂ ਬਹੁਤ ਘਟ ਸੁਆਦ ਆਇਆ ਸੀ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਓੜੀ ਵਿਚ ਉਹ ਇਕੱਲਾ ਹੀ ਸੀ।

ਸਾਹਮਣੇ ਗਲੀ ਵਿਚ ਝੋਲਾ ਗਲ ਵਿਚ ਲਮਕਾਈ ਡਾਕੀਆ ਟੁਰਿਆ ਆਉਂਦਾ ਸੀ। ਪਹਿਲੋਂ ਤਾਂ ਇਸ ਤਰ੍ਹਾਂ ਲਗਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅਗੇ ਲੰਘ ਜਾਵੇਗਾ, ਪਰ ਫਿਰ ਉਹ ਡਿਓੜੀ ਵਿਚ ਆ ਕੇ ਮੰਜੀ ਤੇ ਬੈਠ ਗਿਆ।
‘‘ਕੀ ਲਿਆਏ ਓ?’’
‘‘ਲਿਆਉਣਾ ਕੀ ਏ, ਆਹ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ।’’
‘‘ਕਰਮ ਸਿੰਘ ਦੀ ਪੈਨਸ਼ਨ…? ਕਰਮ ਸਿੰਘ ਮਾਰਿਆ ਗਿਆ?’’
‘‘ਬਾਦਸ਼ਾਹੋ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਏ। ਤੇ ਤੁਸੀਂ ਉਹਦੇ ਘਰ ਬੈਠੇ ਪੁੱਛਦੇ ਓ ਕਰਮ ਸਿੰਘ ਮਾਰਿਆ ਗਿਆ ਏ। ਚਿੱਠੀ ਆਇਆਂ ਤੇ ਅੱਜ ਪੰਦਰਾਂ ਦਿਨ ਹੋ ਗਏ ਨੇ।’’
ਦੋ ਕੁ ਵਾਰ ਮਾਨ ਸਿੰਘ ਦਾ ਸਾਹ ਕਾਹਲਾ ਜਿਹਾ ਆਇਆ। ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇਕ ਮੁਠ ਜਿਹੀ ਮੀਟੀ ਗਈ ਤੇ ਫਿਰ ਅੱਖਾਂ ਰਾਹੀਂ ਪਾਣੀ ਨੁਚੜਨ ਨਾਲ ਢਿੱਲੀ ਹੋਣ ਲਗੀ। ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ, ਉਹਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿਚ ਮਦਦ ਦੇ ਰਹੇ ਸਨ।
ਬਾਪੂ ਨੇ ਬਾਹਰੋਂ ਹੀ ਡਾਕੀਆ ਬੈਠਾ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ। ਹੁਣ ਭਾਰ ਚੁਕੀ ਫਿਰਨ ਦੀ ਕੋਈ ਲੋੜ ਨਹੀਂ ਸੀ। ਅੱਠਾਂ ਪਹਿਰਾਂ ਦਾ ਦਬਾਅ ਢਿਲਾ ਹੋਇਆ ਤੇ ਅੱਥਰੂ ਵਗ ਤੁਰੇ। ਦੋਵੇਂ ਢੇਰ ਚਿਰ ਕੋਲ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ।

ਫਿਰ ਮਾਨ ਸਿੰਘ ਬੋਲਿਆ, ‘‘ਤੁਸਾਂ ਮੈਨੂੰ ਆਉਂਦੇ ਹੀ ਕਿਉਂ ਨਾ ਦਸਿਆ?’’
‘‘ਐਵੇਂ, ਅਸਾਂ ਆਖਿਆ ਮੁੰਡਾ ਛੁੱਟੀ ਆਇਆ ਏ, ਇਹਦੀ ਛੁੱਟੀ ਖ਼ਰਾਬ ਨਾ ਹੋਵੇ। ਆਪੇ ਛੁੱਟੀ ਕਟ ਕੇ ਪਲਟਣ ਵਿਚ ਜਾਏਗਾ, ਸੁਣ ਲਏਗਾ। ਫ਼ੌਜੀ ਨੂੰ ਛੁੱਟੀ ਪਿਆਰੀ ਹੁੰਦੀ ਏ। ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਉਨੀ ਹੀ ਤੈਨੂੰ ਹੋਊ ਨਾ, ਸਗੋਂ ਬਹੁਤੀ ਹੋਊ। ਬਾਰ ਦੇ ਪਿੰਡਾਂ ਦੇ ਲੋਕ ਤਾਂ ਸਾਉਣ ਦੇ ਜੰਮ ਪਲ ਨੇ, ਉਹਨਾਂ ਨੂੰ ਤੇ ਥੋੜਾ ਔਖ ਵੀ ਬਹੁਤਾ ਦਿਸਦਾ ਹੋਊ। ਪਰ ਅਸੀਂ ਗੱਲ ਲੁਕਾਣ ਵਿਚ ਰਤਾ ਕਾਮਯਾਬ ਨਹੀਂ ਹੋਏ। ਐਵੇਂ ਬੇਸੁਆਦੀ ਹੀ ਕੀਤੀ।’’
ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਮ ਪਲ ਸੀ। ਇਹਨਾਂ ਦੁਆਲੇ ਬਚਾਅ ਲਈ ਕਿਲੇ ਕੋਟ ਉਸਰੇ ਹੋਏ ਸਨ, ਥਾਂ ਥਾਂ ਮੜ੍ਹੀਆਂ ਤੇ ਸਮਾਧਾਂ ਸਨ ਜਿਹੜੀਆਂ ਪੀਹੜੀਆਂ ਵਿਚ ਇਹਨਾਂ ਲੋਕਾਂ ਦੀ ਭਾਰਤ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦਸਦੀਆਂ ਸਨ। ਇਸੇ ਕਰ ਕੇ ਬਾਬੇ ਦੀ ਸਹਿਣ-ਸ਼ਕਤੀ ਇੰਨੀ ਵਧੀ ਹੋਈ ਸੀ। ਉਹ ਦੂਜਿਆਂ ਨੂੰ ਹੌਲਾ ਰਖਣ ਲਈ ਆਪ ਹੋਰ ਭਾਰ ਚੁਕਣਾ ਚਾਹੁੰਦਾ ਸੀ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇਕ ਧੌਲ ਹੈ ਜੋ ਆਪਣੇ ਸਿਰਾਂ ਤੇ ਸਾਰੀ ਧਰਤੀ ਦਾ ਭਾਰ ਚੁਕ ਕੇ ਖੜਾ ਰਹਿੰਦਾ ਹੇ। ਉਸ ਨੂੰ ਇਸ ਤਰ੍ਹਾਂ ਲਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ ਜਿਹੜਾ ਭਾਰ ਥੱਲੇ ਦਬਿਆ ਹੋਣ ਪਿਛੋਂ ਵੀ ਲੋਕਾਂ ਦਾ ਭਾਰ ਚੁਕਣਾ ਚਾਹੁੰਦਾ ਸੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ