Punjabi Stories/Kahanian
ਪ੍ਰੇਮ ਗੋਰਖੀ
Prem Gorkhi

Punjabi Kavita
  

Dheean Prem Gorkhi

ਧੀਆਂ ਪ੍ਰੇਮ ਗੋਰਖੀ

ਸਵੇਰੇ ਸੱਤ ਵਜੇ ਹੀ ਮੰਗੀ ਦੇ ਭਰਾ ਰੁਪਿੰਦਰ ਦਾ ਫ਼ੋਨ ਆ ਗਿਆ ਤਾਂ ਹੈਰਾਨ ਹੋ ਕੇ ਫੋਨ ਦਾ ਬਟਨ ਦੱਬਦੀ ਮੰਗੀ ਬੋਲੀ, "ਭਾ ਜੀ ਮੈਂ ਬੋਲਦੀ ਆਂ...ਸਾਸਰੀ ਕਾਲ਼..ਕੁਲਤਾਰ ਤਾਂ ਬਾਥਰੂਮ ਗਏ ਆ..."
"ਮੰਗੀ, ਮੈਨੂੰ ਕੱਲ੍ਹ ਤਕਾਲੀਂ ਈ ਤਾਰਨ ਦੇ ਹਸਬੈਂਡ ਬਾਰੇ ਇਕ ਖਾਸ ਗੱਲ ਦਾ ਪਤਾ ਲੱਗਾ...ਦੁੱਖ ਵੀ ਬੜਾ ਹੋਇਆ ਤੇ ਗੁੱਸਾ ਵੀ ਬਹੁਤ ਆਇਆ...ਉਹ ਗੱਲ ਕਰਨ ਈ ਮੈਂ ਦੁਪਹਿਰੇ ਆਊਂ...ਕੁਲਤਾਰ ਨੂੰ ਦੱਸ ਦਈਂ-"
ਕੰਮ-ਕਾਰ ਵਿਚ ਰੁੱਝੀ ਮੰਗੀ ਨੂੰ ਭਰਾ ਦਾ ਆਇਆ ਫੋਨ ਭੁੱਲ ਈ ਗਿਆ, ਨਹੀਂ ਤਾਂ ਕੁਲਤਾਰ ਤਾਂ ਉਹਦੇ ਸਾਹਮਣੇ ਹੀ ਘੁੰਮੀ ਜਾਂਦਾ ਸੀ।
ਬਾਥਰੂਮ 'ਚੋਂ ਨਿਕਲ ਕੇ ਕੁਲਤਾਰ ਨਲਕੇ ਕੋਲ ਆਇਆ ਤਾਂ ਫ਼ਰਸ਼ ਦੇ ਪਾਣੀ ਕੋਲ ਬੈਠਾ ਕਬੂਤਰ ਉਡਾਰੀ ਮਾਰ ਕੇ ਕੰਧ ਉੱਪਰ ਜਾ ਬੈਠਾ..."ਉਏ ਹੋਏ...ਆਹ ਤਾਂ ਬੜੀ ਗਲਤੀ ਹੋ ਗਈ...ਓਏ..ਬਹਿਜਾ ਯਾਰ- ਪੀ ਤੂੰ ਪਾਣੀ...ਮੇਰਾ ਕੀ ਆ ਹੋਰ ਘੜੀ ਨੂੰ ਹੱਥ ਪੈਰ ਧੋ ਲਊਂ- ਜਾਹ ਓਏ...ਤੂੰ ਕਬੂਤਰ ਈ ਰਿਹਾ..ਹੱਦ ਕਰਤੀ ਬਈ....ਤੇਰੇ ਨਾਲੋਂ ਤਾਂ ਆਹ ਚਿੜੀਆਂ ਬਹਾਦਰ ਆ...ਦੇਖ ਲਾ ਇਹ ਨਈਂ ਡਰੀਆਂ-," ਦਾਣੇ ਠੂੰਗਦੀਆਂ ਚਿੜੀਆਂ ਵਲ ਦੇਖਦਾ ਕੁਲਤਾਰ ਟੱਬ ਕੋਲ ਜਾ ਖਲੋਤਾ। ਪਹਿਲਾਂ ਉਹਨੇ ਮੂੰਹ ਧੋਤਾ, ਫਿਰ ਬਾਹਾਂ ਧੋਤੀਆਂ ਤੇ ਤਾਰ ਤੋਂ ਤੌਲੀਆ ਲਾਹ ਕੇ ਬਾਹਾਂ ਨੂੰ ਸਾਫ਼ ਕਰਦਾ ਭਾਈਏ ਕੋਲ ਨੂੰ ਆ ਗਿਆ।
"ਓਇ ਮੈਂ ਦੇਖਦਾਂ ਤੇਰੇ ਲਾਗ-ਚਾਗ ਕੋਈ ਹੈ ਤਾਂ ਹੈਨੀ ਫੇ ਤੂੰ ਗੱਲਾਂ ਕਿਹਦੇ ਨਾਲ ਕਰੀ ਜਾਨਾਂ..."
"ਭਾਈਆ ਜੀ ਇਹ ਕੋਈ ਜਰੂਰੀ ਆ ਬਈ ਕੋਈ ਕੋਲ ਹੋਵੇ ਤਾਂ ਈ ਗੱਲਾਂ ਕਰਨੀਆਂ...ਬੰਦਾ ਤਾਂ ਕਦੇ ਵੀ ਕੱਲਾ ਨਈਂ ਹੁੰਦਾ...ਫੇ ਆਪਣੇ ਜਿਹੇ ਕਾਮੇ ਤਾਂ ਕਦੇ ਵੀ ਨਈਂ।" ਗੱਲ ਕਰਦੇ ਕੁਲਤਾਰ ਨੇ ਤੌਲੀਆ ਕੁਰਸੀ 'ਤੇ ਰੱਖ ਦਿੱਤਾ ਤੇ ਮੰਗੀ ਨੂੰ ਹਾਕ ਮਾਰੀ,"ਲਿਆ ਬਈ ਸਿੰਗਨੀਏ ਚਾਹ ਪਾਣੀ..ਪੀ ਕੇ ਨਿੱਕਲੀਏ ਫੇ ਮੰਡੀ ਵੱਲ਼.. ਨਾਲੇ ਦੱਸ ਬਈ ਕਿਹੜਾ ਕਿਹੜਾ ਸੌਦਾ ਲਿਆਉਣਾ...ਭਾਈਆ ਜੀ ਦੀ ਦਵਾਈ ਵਾਲੇ ਪੇਪਰ ਜ਼ਰੂਰ ਫੜਾ ਦੇ..."
"ਬਈ ਬਰਖੁਰਦਾਰਾ....ਮੇਰੀ ਅਸਲੀ ਦੁਆਈ ਵੀ ਯਾਦ ਰੱਖੀਂ...ਐਤਕੀਂ ਜਿਹੜੀ ਲਿਆਇਆ ਸੀ ਉਹ ਬੜੀ ਹਾਲੇ ਦੀ ਨਿਕਲੀ....ਦੇਖਲਾ ਉਹਨੇ ਪੂਰਾ ਮਹੀਨਾ ਖੰਘ ਨਈਂ ਆਉਣ ਦਿੱਤੀ..."
"ਗੱਲ ਤਾਂ ਤੁਹਾਡੀ ਠੀਕ ਆ...ਆਪਾਂ ਦੁਆਈ ਫੇ ਕਾਹਨੂੰ ਲਆਉਣੀ ਆਂ....ਦੋ ਬੋਤਲਾਂ ਰੰਮ ਦੀਆਂ ਈ ਚੱਕੀ ਲਿਆਊਂ...ਠੀਕ ਆ!" ਕਹਿ ਕੇ ਕੁਲਤਾਰ ਉਚੀ ਸਾਰੀ ਠਹਾਕਾ ਮਾਰ ਕੇ ਹੱਸਿਆ ਤੇ ਭਾਈਆ ਵੀ ਹੱਸਣ ਲੱਗਾ।
ਇਸੇ ਸਮੇਂ ਮੰਗੀ ਚਾਹ ਵਾਲੀ ਵੱਡੀ ਥਰਮਸ ਤੇ ਟਰੇਅ ਵਿਚ ਪਿੰਨੀਆਂ ਰੱਖੀ ਆਉਂਦੀ ਹੋਈ ਹੱਸ ਕੇ ਬੋਲੀ,"ਦੇਖਿਓ, ਦੁਆਈ ਦੇ ਚੱਕਰ ਵਿਚ ਕਿਤੇ ਕਿਚਨ ਦਾ ਸਮਾਨ ਨਾ ਭੁੱਲ ਜਾਈਓ-"
"ਦੇਖੋ ਬਈ- ਭਾਈਆ ਜੀ ਦੀ ਦੁਆਈ ਪਹਿਲਾਂ - ਹੋਰ ਕੁਸ਼ ਆਵੇ ਚਾਹੇ ਨਾ- ਦੁਆਈ ਨੀ ਮੈਂ ਭੁੱਲਦਾ...ਰਾਤ ਕਿੱਦਾਂ ਲੰਘੂ..."
"ਓਇ ਕੁਲਤਾਰ ਸਿਆਂ...ਤੂੰ ਤਾਂ ਬਈ ਮਸ਼ਕਰੀਆਂ 'ਤੇ ਉੱਤਰ ਆਇਆ...ਮੈਂ ਠੀਕ ਹੋ ਜਾਵਾਂ ਫੇ ਤੈਨੂੰ ਔਖਾ ਕਰਦਾ..." ਕਹਿੰਦਾ ਹੋਇਆ ਭਾਈਆ ਉੱਪਰ ਲਪੇਟੀ ਲੋਈ ਨੂੰ ਸੁਆਰਦਾ ਬੋਲਿਆ," ਜਾਂਦਾ ਹੋਇਆ ਆਹ ਦੁੱਧ ਲੈ ਜੀਂ...ਸ਼ਹੀਦਾਂ ਦੇ ਪਾ ਕੇ ਜਾਈਂ..." ਕੁਲਤਾਰ ਨੇ ਇਕ ਪਿੰਨੀ ਭਾਈਏ ਨੂੰ ਫੜਾਈ ਤੇ ਇਕ ਨੂੰ ਆਪ ਦੰਦੀ ਵੱਢਦਾ ਬੋਲਿਆ," ਇਹ ਮੰਗਤਾਰ ਕੌਰ ਪਤਾ ਨਈਂ ਚੀਜ ਬਨਾਉਣ ਲੱਗੀ ਵਿਚ ਕੀ ਘੋਲ ਦਿੰਦੀ ਆ- ਜਾਹ ਤਾਂ ਚੀਜ ਮੂੰਹੋਂ ਲਹਿ ਜਾਵੇ।" "ਗੱਲ ਤਾਂ ਤੇਰੀ ਠੀਕ ਆ...ਬਈ ਪਿੰਨੀਆਂ ਬਣੀਆਂ ਈ ਬਹੁਤ ਸੁਆਦ ਆ...ਫੇ ਦੇਖ ਕਿੰਨੀਆਂ ਨਰਮ ਆ-"
ਫੇਰ ਰਸੋਈ ਵਿਚ ਖੜ੍ਹੀ ਹੀ ਮੰਗੀ ਉੱਚੀ ਅਵਾਜ਼ ਵਿਚ ਬੋਲੀ,
"ਕੁਲਤਾਰ ਜੀ, ਰੁਪਿੰਦਰ ਭਾਜੀ ਦਾ ਫੋਨ ਆਇਆ ਸੀ...ਕੋਈ ਖਾਸ ਗੱਲ ਕਰਨੀ ਆ...ਦੁਪਹਿਰੇ ਆਉਣਗੇ ਉਹ..." ਫਿਰ ਪੰਜ ਕੁ ਮਿਨਟਾਂ ਬਾਅਦ ਇਕ ਕਾਗਜ਼ ਕੁਲਤਾਰ ਨੂੰ ਫੜਾਉਂਦੀ ਬੋਲੀ, "ਆਹ ਲਿਆਉਣਾ ਕਿਚਨ ਦਾ ਸਮਾਨ...ਅੱਠ ਨੌਂ ਮੋਟੀਆਂ ਮੋਟੀਆਂ ਆਈਟਮਾਂ ਆ...ਉਹ ਮੈਂ ਨੋਟ ਕਰ ਦਿੱਤੀਆਂ ... ਖਾਸ ਆਈਟਮ ਐ ਭਿੰਦੇ ਦਾ ਬੈਗ਼...ਉਹ ਨਾ ਭੁਲਾਇਓ....ਸਵੇਰੇ ਦੇਖ ਲਓ ਵੈਨ ਵਿਚ ਬਹਿੰਦਾ ਨਹੀਂ ਸੀ...ਕਹਿੰਦਾ ਮੇਰਾ ਬੈਗ ਫਟਿਆ ਪਿਆ..ਮੈਂ ਨਹੀਂ ਜਾਣਾ ..."
"ਠੀਕ ਆ ਬਈ...ਉਹ ਨਹੀਂ ਮੈਂ ਭੁੱਲਦਾ-" ਕਹਿ ਕੇ ਕੁਲਤਾਰ ਨੇ ਟਾਈਮਪੀਸ ਨੂੰ ਦੇਖਿਆ ਤੇ ਫਟਾਫਟ ਪਿੰਨੀ ਖਾ, ਚਾਹ ਦੇ ਚਾਰ ਕੁ ਸੜ੍ਹਾਕੇ ਮਾਰੇ ਤੇ ਵਿਹਲਾ ਹੋ ਕੇ ਟਰੈਕਟਰ ਵੱਲ ਤੁਰ ਪਿਆ।
ਸੀਟ ਵੱਲ ਦੇਖ ਕੇ ਜਿਵੇਂ ਉਹ ਖੜ੍ਹਾ ਈ ਠਰ ਗਿਆ ਹੋਵੇ। "ਓਇ, ਓ ਸਿੰਗਨੀਏ...ਯਾਰ ਲਿਆ ਕੋਈ ਪੁਰਾਣਾ ਕੱਪੜਾ - ਸੀਟ ਤਾਂ ਬਰਫ ਨਾਲ ਭਰੀ ਪਈ ਆ...ਇਹਨੂੰ ਸਾਫ ਕਰਨਾ।"
"ਬਈ ਐਤਕੀ ਕੋਰਾ ਪਿਆ ਈ ਬਹੁਤ ਆ...ਫਸਲਾਂ ਦਾ ਸਤਿਆਨਾਸ ਮਾਰ ਕੇ ਰੱਖ ਤਾ...ਤੂੰ ਤਾਂ ਬਈ ਦਸ ਵਜੇ ਤੱਕ ਰਜਾਈ ਨਈਂ ਛੱਡਦਾ...ਕਿਤੇ ਛੇ ਕੁ ਵਜੇ ਬਾਹਰ ਨਿਕਲ ਕੇ ਦੇਖਿਆ ਕਰ....ਪਤਾ ਲੱਗੇ ਤੈਨੂੰ ਮੌਸਮ ਦਾ...ਬੜੀ ਧੁੰਦ ਪਈ ਹੁੰਦੀ ਆ ਤੇ ਨਾਲੇ ਚਾਰੇ ਪਾਸੇ ਬਰਫ ਈ ਬਰਫ਼..ਕੋਰਾ ਈ ਕੋਰਾ...। ਆਹ ਕੰਮ ਨੀ ਮੈਨੂੰ ਪਸੰਦ ਗੁਸਲਖਾਨੇ ਵਾਲਾ...ਇਹ ਤਾਂ ਬੁੜ੍ਹੀਆਂ ਲਈ ਠੀਕ ਆ...ਸਵੇਰ ਦਾ ਮਿਲਖੀ ਆਇਆ ਅੱਠ ਵਜੇ ਗਿਆ... ਸਾਰਾ ਕੰਮ ਕਰ ਕੇ...ਸਵਖਤੇ ਉਠਿਆ ਕਰ...ਨਿਆਣਿਆਂ ਵਾਂਗ ਨਈਂ ਸੁੱਤੇ ਰਹੀਦਾ...ਆ ਮੰਗੀ ਵੱਲ ਦੇਖਿਆ ਕਰ...ਮੇਰੇ ਤੋਂ ਪਹਿਲਾਂ ਉੱਠ ਜਾਂਦੀ ਆ...ਕਿਹੜਾ ਕਹਿਦੂ ਇਹ ਬੀਏ ਪਾਸ ਕੁੜੀ ਆ...ਡੰਗਰਾਂ ਨੂੰ ਪੱਠੇ ਪਾਊ...ਧਾਰਾਂ ਚੋਊ...ਛੱਡ ਹੁਣ ਆ੍ਹ ਆਲਸਪੁਣਾ...ਹੋਰ ਕੀ! ਉਧਰ ਅੱਜ ਭਲਕੇ ਤਾਰਨ ਵੱਲ ਵੀ ਜਾ ਕੇ ਆਉਣਾ...ਪਤਾ ਨਈਂ ਸਾਲਾ ਕਿੱਦਾਂ ਦਾ ਜੁਆਈ ਮਿਲਿਆ...ਸਾਡੇ Ḕਚ ਤਾਂ ਉਹਦਾ ਮੋਹ ਈ ਹੈ ਨੀ...", ਕਹਿੰਦੇ ਹੋਏ ਭਾਈਏ ਨੇ ਅੰਦਰਲੇ ਕਮਰੇ ਚੋਂ ਟੁੱਟਿਆ ਮੰਜਾ ਬਾਹਰ ਕੱਢਿਆ ਤੇ ਉਹਦੀ ਦੌਣ ਢਿੱਲੀ ਕਰ ਕੇ ਦੋਨੋ ਬਾਹੀਆਂ ਢਿੱਲੀਆਂ ਕਰ ਦਿੱਤੀਆਂ। ਫੇਰ ਸੇਰੂਏ ਨੂੰ ਖਿੱਚ ਕੇ ਠੀਕ ਤਰ੍ਹਾਂ ਪਾਵੇ ਵਿਚ ਪਾਇਆ ਤੇ ਕੱਸਣ ਲੱਗ ਪਿਆ। ਰਾਤੀਂ ਦੋ ਪੈੱਗ ਜਿਆਦਾ ਪੀਣ ਕਰਕੇ ਭਾਈਆ ਕਿ ਬਾਹੀ ਪਾਵੇ ਵਿਚੋਂ ਨਿਕਲ ਗਈ ਤੇ ਭਾਈਆ ਮੰਜੇ ਉਤੇ ਧੜਂੈ ਕਰ ਕੇ ਡਿੱਗ ਪਿਆ ਸੀ। ਕਿੰਨਾ ਹੀ ਚਿਰ ਭਾਈਆ ਇਸੇ ਹਾਲਤ ਵਿਚ ਪਿਆ ਰਿਹਾ ਸੀ। ਉਹ ਤਾਂ ਸ਼ਰਮ ਦਾ ਭੰਨਿਆ ਬੋਲਿਆ ਹੀ ਨਹੀਂ ਸੀ। ਜਦੋਂ ਕਿੰਨੇ ਹੀ ਚਿਰ ਬਾਅਦ ਨਸ਼ਾ ਢਲਿਆ ਤਾਂ ਸਾਹ ਰਤਾ ਸੌਖਾ ਆਇਆ, ਫੇਰ ਉਹਨੇ ਹੌਲੀ ਹੌਲੀ ਉਠ ਕੇ ਕੰਧ ਨਾਲ ਖੜ੍ਹਾ ਮੰਜਾ ਡਾਹਿਆ।, ਪਹਿਲਾਂ ਮੰਜੇ ਤੋਂ ਬਿਸਤਰਾ ਚੁੱਕਿਆ ਤੇ ਦੂਜੇ ਉਤੇ ਵਿਛਾਇਆ, ਰਜਾਈ ਚੁੱਕ ਕੇ ਰੱਖੀ ਤੇ ਫੇਰ ਡਾਹੇ ਮੰਜੇ ਉੱਪਰ ਤਾਂ ਜਿਵੇਂ ਡਿਗ ਹੀ ਪਿਆ ਸੀ।
"ਡੈਡ! ਮੈਂ ਰੋਟੀ ਲਾਹ ਕੇ ਰੱਖ ਦਿੰਦੀ ਆਂ- ਜਦੋਂ ਤੁਹਾਡਾ ਦਿਲ ਕਰੇਂ ਖਾ ਲੈਣੀ- ਲੰਬੜਾਂ ਦੇ ਘਰ ਹੁਣ ਕੀਰਤਨ ਆਂ...ਦਸ ਵਜੇ..ਮੈਂ ਓਧਰ ਜਾਣਾਂ।...ਤੁਸੀਂ ਕਪੜੇ ਬਦਲ ਲਓ...ਜਿਹੜੇ ਪਾਏ ਹੋਏ ਆ ਉਹ ਲਾਹ ਦਿਓ...ਇਹ ਧੋ ਦਿਆਂ..." ਕਹਿੰਦੀ ਹੋਈ ਮੰਗੀ ਨੇ ਭੜੋਲੈ ਵੱਲ ਦੇਖਿਆ, ਤਿੰਨ ਕੁ ਪਾਥੀਆਂ ਤੋੜ ਕੇ ਵਿਚ ਪਾਈਆਂ ਤੇ ਦੁੱਧ ਵਾਲਾ ਕਾੜ੍ਹਨਾ ਅੱਗ 'ਤੇ ਰੱਖ ਕੇ ਚੱਜ ਨਾਲ ਢਕ ਦਿੱਤਾ। ਫੇਰ ਉਹ ਕਾਹਲੀ ਨਾਲ ਉਠੀ ਤੇ ਬੈਠਕ ਵਿਚਲੇ ਪਲੰਘ ਉਪਰੋਂ ਕੱਪੜੇ ਚੁੱਕਕੇ ਮਸ਼ੀਨ ਕੋਲ ਲਿਆ ਰੱਖੇ। ਇਕ ਇਕ ਕਰ ਕੇ ਕੱਪੜੇ ਚੁੱਕ ਕੇ ਮਸ਼ੀਨ ਵਿਚ ਪਾ ਕੇ ਸਵਿੱਚ ਦੱਬ ਦਿੱਤਾ। ਰੁਪਿੰਦਰ ਸਿੰਘ ਜਦੋਂ ਅਧਿਆਪਕਾਂ ਦੀ ਰੈਲੀ ਤੋਂ ਵਿਹਲਾ ਹੋਇਆ ਤਾਂ ਦੁਪਹਿਰ ਦਾ ਇਕ ਵੱਜਣ ਆਲਾ ਸੀ। ਉਹਨੇ ਕੁਲਤਾਰ ਨੂੰ ਫ਼ੋਨ ਕੀਤਾ,
"ਕੁਲਤਾਰ ਭਾ ਜੀ, ਪਹੁੰਚ ਗਏ ਘਰ?"
"ਕਾਹਨੂੰ ਭਾ ਜੀ- ਮਾਲਾ ਆਹੜਤੀ ਝਗੜ ਪਿਆ...ਐਵੇਂ ਅਠਾਰਾਂ ਸੌ ਰੁਪਈਆ ਵਾਧੂ ਲਾਈ ਜਾਵੇ...ਮੇਰੇ ਕੋਲ ਕਾਪੀ ਉੱਤੇ ਨੋਟ ਕੀਤੇ ਹੋਏ ਸੀ...ਮੈਂ ਚਾਰ ਬੰਦਿਆਂ 'ਚ ਕਾਪੀ ਖੋਲ੍ਹ ਦਿੱਤੀ...ਦਿਖਾਈ ਤਾਂ ਹਰਾਮੀ ਗੱਲ ਨੂੰ ਏਧਰ ਉਧਰ ਕਰੀ ਜਾਵੇ...ਮੈਂ ਟਰਾਲੀ ਤੋਰ ਲਈ ਤਾਂ ਫਿਰ ਕੰਜਰ ਮਿੰਨਤਾਂ 'ਤੇ ਉਤਰ ਆਇਆ...। ਚਲੋ ਛੱਡੋ ਗੱਲ ਨੂੰ...ਮੈਂ ਘੰਟੇ ਤੋਂ ਪਹਿਲਾਂ ਪਹੁੰਚ ਰਿਹਾਂ...ਮੈਨੂੰ ਤਾਂ ਮੰਗੀ ਨੇ ਸਵੇਰੇ ਗੱਲ ਦੱਸ ਕੇ ਚਿੰਤਾ ਵਿਚ ਪਾ ਦਿੱਤਾ....ਗੱਲ ਵੀ ਪੂਰੀ ਨਹੀਂ ਦੱਸੀ..." ਮੰਡੀ ਵਿਚ ਖੜ੍ਹਾ ਕੁਲਤਾਰ ਉਚੀ ਉਚੀ ਬੋਲ ਰਿਹਾ ਸੀ ਜਿਸ ਕਰਕੇ ਆਲੇ ਦੁਆਲੇ ਖੜ੍ਹੇ ਲੋਕ ਉੱਲਰ ਉੱਲਰ ਉਹਦੇ ਵੱਲ ਦੇਖ ਰਹੇ ਸਨ।
"ਜਦੋਂ ਮੈਂ ਪੂਰੀ ਗੱਲ ਦੱਸੂੰ - ਫੇ ਸੋਚਿਓ ਤੁਸੀਂ- ਚਲੋ ਮਿਲ ਕੇ ਗੱਲ ਕਰਦੇ ਆਂ।"
"ਚਲੋ ਜੋ ਸਤਿਗੁਰ ਨੂੰ ਮਨਜ਼ੂਰ ..."
ਗੱਲ ਮੁਕਾਉਣ ਬਾਅਦ ਕੁਲਤਾਰ ਨੇ ਬਜ਼ਾਰ ਚੋਂ ਲਿਸਟ 'ਤੇ ਲਿਖਿਆ ਇਕ ਇਕ ਕਰ ਕੇ ਸਾਰਾ ਸਮਾਨ ਖਰੀਦਿਆ ਤੇ ਇਕ ਹੋਰ ਦੁਕਾਨ ਤੋਂ ਭਿੰਦੇ ਲਈ ਵਧੀਆ ਜਿਹਾ ਬੈਗ ਵੀ। ਸਮਾਨ ਰਿਕਸ਼ੇ ਵਿਚ ਰਖਾਇਆ ਤੇ ਟਰੈਕਟਰ ਕੋਲ ਆ ਪਹੁੰਚਾ। ਮਿਲਖੀ ਨੂੰ ਸਮਾਨ ਟਰਾਲੀ ਵਿਚ ਰੱਖਣ ਲਈ ਕਹਿ ਕੇ ਕੁਲਤਾਰ ਹਲਵਾਈ ਦੀ ਦੁਕਾਨ 'ਤੇ ਗਿਆ। ਉਹਨੇ ਕਿੱਲੋ ਕਿੱਲੋ ਦੇ ਦੋ ਲਿਫ਼ਾਫ਼ੇ ਜਲੇਬੀਆਂ ਦੇ ਲਏ ਤੇ ਆ ਗਿਆ। ਇਕ ਲਿਫ਼ਾਫ਼ਾ ਉਹਨੇ ਟੂਲ ਬਕਸ 'ਚ ਰੱਖਿਆ ਤੇ ਦੂਜਾ ਮਿਲਖੀ ਨੂੰ ਫੜਾਉਂਦਾ ਕਹਿੰਦਾ, "ਚੱਕ ਬਈ ਸ਼ੇਰਾ...ਮੈਂ ਤਾਂ ਦੋ ਕੁ ਖਾਊਂ, ਬਾਕੀ ਤੂੰ ਮੁਕਾਅ ਦੇ।"
"ਐਨੀਆਂ!! ਮੈਂ ਕੱਲਾ ਈ ਮੁਕਾਵਾਂ...ਭਾ ਅੱਧੀਆਂ ਤੂੰ ਚੁੱਕ..."
"ਆ ਜਾ ਸੀਟ 'ਤੇ...ਇਹ ਕੋਈ ਮਣ ਨਹੀਂ..." ਤੇ ਕੁਲਤਾਰ ਨੇ ਸੀਟ 'ਤੇ ਬੈਠਦਿਆਂ ਟਰੈਕਟਰ ਤੋਰ ਲਿਆ।
ਰੁਪਿੰਦਰ ਜਦੋਂ ਮੰਗੀ ਦੇ ਘਰ ਪਹੁੰਚਿਆ ਉਹ ਕੋਠੇ ਉੱਤੇ ਖੜ੍ਹੀ ਕਪੜਿਆਂ ਨੂੰ ਉਲਟ-ਪੁਲਟ ਕਰ ਕੇ ਸੁੱਕਣੇ ਪਾ ਰਹੀ ਸੀ। ਭਰਾ ਨੂੰ ਦੇਖਿਆ ਤੇ ਉਹਨੇ ਕੰਮ ਵਿਚੇ ਛੱਡਿਆ ਤੇ ਕਾਹਲੀ ਕਾਹਲੀ ਹੇਠਾਂ ਉਤਰ ਆਈ। ਰੁਪਿੰਦਰ ਭਾਈਆ ਜੀ ਕੋਲ ਹੀ ਬਹਿ ਗਿਆ। ਮੰਗੀ ਆ ਕੇ ਭਰਾ ਨੂੰ ਮਿਲੀ ਤੇ ਮੰਮੀ, ਡੈਡੀ, ਭਰਜਾਈ ਤੇ ਬੱਚੀਆਂ ਦੀ ਰਾਜ਼ੀ ਖੁਸ਼ੀ ਪੁੱਛੀ।
"ਮੈਂ ਤੁਹਾਨੂੰ ਲੱਸੀ ਪਿਆਉਂਦੀ ਆਂ...ਕੁਲਤਾਰ ਹੁਣੀਂ ਵੀ ਪਹੁੰਚਣ ਵਾਲੇ ਆ...ਫੇ ਆਪਾਂ ਚਾਹ ਪੀਆਂਗੇ..." ਕਹਿ ਕੇ ਮੰਗੀ ਬੈਠਕ ਵੱਲ ਚੱਲੀ ਤਾਂ ਰੁਕ ਗਈ, "ਭਾ ਜੀ- ਕੁਲਤਾਰ ਹੋਰਾਂ ਦਾ ਫੋਨ ਆ ਗਿਆ ਸੀ ਨਾ? ਮੈਂ ਤੁਹਾਡੇ ਫੋਨ ਬਾਰੇ ਦੱਸ ਦਿੱਤਾ ਸੀ...ਤੁਸੀਂ ਵਿਚਦੀ ਗੱਲ ਤਾਂ ਦੱਸੋ...ਪ੍ਰਾਬਲਮ ਕੀ ਆ?"
"ਮੰਗੀ ਪ੍ਰਾਬਲਮ ਬੜੀ ਖਾਸ ਆ...ਮਾਸੜ ਜੀ ਸੁਣੋ ਤੁਸੀਂ ਵੀ...ਮੈਨੂੰ ਤਾਂ ਕੱਲ੍ਹ ਈ ਇਕ ਖਾਸ ਬੰਦੇ ਕੋਲੋਂ ਖਬਰ ਮਿਲੀ ਆ...ਬੰਦਾ ਹੈ ਵੀ ਕਬੂਲਪੁਰ ਦਾ ਈ..ਮਾਸੜ ਜੀ ਕਸੂਰ ਤਾਂ ਸਾਰਾ ਤੁਹਾਡਾ ਈ ਆ ਜਿਹੜਾ ਹੌਲ-ਧਲਾਈ ਵਿਚ ਫਟਾ ਫਟ ਕੁੜੀ ਦਾ ਵਿਆਹ ਕਰ ਦਿੱਤਾ..ਉਹਨੂੰ ਪੜ੍ਹਨ ਵੀ ਨਈਂ ਦਿੱਤਾ...ਫੇ ਬੰਦੇ ਵੀ ਸਿਰੇ ਦੇ ਮਾੜੇ ਲੱਭੇ..." ਕਹਿਕੇ ਰੁਪਿੰਦਰ ਨਰਮ ਜਿਹਾ ਪੈ ਕੇ ਭਾਈਏ ਵੱਲ ਦੇਖਣ ਲੱਗਾ।
ਮੰਗੀ ਇਸੇ ਸਮੇਂ ਓਥੋਂ ਤੁਰ ਪਈ।
"ਜੁਆਨਾ ਬੰਦੇ ਦੇ ਅੰਦਰ ਥੋੜੋ ਬੜ ਕੇ ਦੇਖਿਆ ਹੁੰਦਾ...ਮੂੰਹ-ਮੱਥਾ ਈ ਦੇਖਣਾ-ਪਰਖਣਾ ਹੁੰਦਾ ਜਾਂ ਗਲਬਾਤ ਕਰਨੀ ਹੁੰਦੀ ਆ...ਜਿਹਨੇ ਦੱਸ ਪਾਈ ਸੀ ਉਹ ਤਾਂ ਬੜੀਆਂ ਸਿਫਤਾਂ ਕਰਦਾ ਸੀ...ਹੁਣ ਕੀ ਗੱਲ ਹੋਈ ਆ?" ਕਹਿ ਕੇ ਭਾਈਏ ਨੇ ਸਿਰ ਦੇ ਸਾਫ਼ੇ ਨੂੰ ਸੁਆਰਿਆ।
ਰੁਪਿੰਦਰ ਥੋੜਾ ਤੈਸ਼ ਵਿਚ ਆ ਗਿਆ- "ਮਾਸੜ ਜੀ ਜਿੱਦਣ ਕੋਈ ਭਾਣਾ ਵਾਪਰ ਗਿਆ ਫੇਰ ਈ ਅੱਖਾਂ ਖੁੱਲ੍ਹਣਗੀਆਂ...ਮੈਂ ਤਾਂ ਪਹਿਲਾਂ ਵੀ ਭਾ ਜੀ ਕੁਲਤਾਰ ਹੁਣਾਂ ਦੇ ਕੰਨ' ਚੋਂ ਗੱਲ ਕੱਢੀ ਸੀ- ਉਹਨਾਂ ਮੇਰੀ ਗੱਲ ਈ ਖੂਹ-ਖਾਤੇ ਪਾ 'ਤੀ..." ਗੱਲ ਕਰਦੇ ਰੁਪਿੰਦਰ ਦੇ ਮੂੰਹ 'ਚ ਮੱਛਰ ਪੈ ਗਿਆ ਤਾਂ ਥੁੱਕਣ ਲਈ ਉਹ ਬਾਹਰ ਨੂੰ ਉੱਠਿਆ।
ਇਸੇ ਸਮੇਂ ਮੰਗੀ ਨੇ ਲੱਸੀ ਵਾਲਾ ਜੱਗ ਲਿਆ ਰੱਖਿਆ।
"ਕਾਕਾ ਰੁਪਿੰਦਰ ਸਿੰਘਾ ਤੂੰ ਬਈ ਗੱਲ ਦੱਸ ਵਿਚਲੀ ਮੈਨੂੰ ਤੇਰੀਆਂ ਬੁਝਾਰਤਾਂ ਸਮਝ ਨਈਂ ਪੈਂਦੀਆਂ...ਮੈਂ ਤਾਂ ਸੱਚੀਂ ਮੁਚੀਂ ਦਾ ਜੱਟ ਆਂ..." ਗੱਲ ਕਰਦੇ ਭਾਈਏ ਦਾ ਮੂੰਹ ਲਾਲ ਸੁਰਖ ਹੋ ਗਿਆ ਤੇ ਉਹਨੇ ਦਾਹੜੀ ਨੂੰ ਸੁਆਰਿਆ।

ਸੜਕ ਉੱਪਰੋਂ ਟਰੈਕਟਰ ਦੇ ਹੌਰਨ ਦੀ ਅਵਾਜ਼ ਆਈ ਤਾਂ ਮੰਗੀ ਨੇ ਦੌੜ ਕੇ ਰਾਹ 'ਚ ਖੜ੍ਹਾ ਮੋਟਰ ਸਾਈਕਲ ਇਕ ਪਾਸੇ ਨੂੰ ਕੀਤਾ। ਮਿਲਖੀ ਛਾਲ ਮਾਰ ਕੇ ਉਤਰਿਆ ਤੇ ਸਮਾਨ ਮੰਗੀ ਨੂੰ ਫੜਾਉਣ ਲੱਗਾ। ਕੁਲਤਾਰ ਰੁਪਿੰਦਰ ਨੂੰ ਜੱਫੀ ਪਾ ਕੇ ਮਿਲਿਆ। ਉਹ ਭਾਈਏ ਦੇ ਬਰਾਬਰ ਹੀ ਬਹਿ ਗਏ। ਰੁਪਿੰਦਰ ਨੇ ਜਿੱਥੇ ਗੱਲ ਛੱਡੀ ਸੀ, ਅੱਗੇ ਬੋਲਿਆ,
"ਮੈਂ, ਕੁਲਤਾਰ, ਕਬੂਲਪੁਰੀਆਂ ਦੀ ਗੱਲ ਕਰਦਾ ਸੀ...ਕੱਲ੍ਹ ਓਸੇ ਪਿੰਡ ਦਾ ਬੰਦਾ ਮਿਲ ਗਿਆ...ਹੈ ਵੀ ਉਨ੍ਹਾਂ ਦੀ ਸਾਂਝ ਵਾਲਾ..ਬਈ ਤਾਰਨਵੀਰ ਓਸ ਘਰ ਵਿਚ ਬੜੀ ਤੰਗ ਆ...ਤੁਹਾਨੂੰ ਆ ਕੇ ਕੀ ਦੱਸੇ...ਵਿਚਾਰੀ ਤੁਹਾਨੂੰ ਪਰੇਸ਼ਾਨੀ 'ਚ ਪਾਉਣ ਤੋਂ ਡਰਦੀ ਗੱਲ ਨਈਂ ਕਰਦੀ...ਕਈ ਹੋਰ ਗੱਲਾਂ ਉਹਨੇ ਦੱਸੀਆਂ...ਕਹਿੰਦਾ ਪੰਜ ਸਾਲ ਹੋ ਗਏ ਤਾਰਨ ਦੇ ਪ੍ਰਾਹੁਣੇ ਨੂੰ ਹਕੀਮਾਂ ਕੋਲੋਂ ਦੁਆਈਆਂ ਖਾਂਦੇ ਨੂੰ...ਕਾਹੜੇ ਪੀਂਦੇ ਨੂੰ...ਬੱਸ ਖਾਈ ਜਾਂਦਾ..."

"ਦੇਖ ਲਓ ਡੈਡ ਓਸ ਬੰਦੇ ਦੀਆਂ ਕਰਤੂਤਾਂ..ਲਗਦਾ ਓਹਨੂੰ ਤਾਂ ਕੋਈ ਵੱਡੀ ਬਿਮਾਰੀ ਆ...ਖੁੱਲ੍ਹ ਕੇ ਦੱਸ ਨਈਂ ਸਕਦਾ...ਓਸ ਕੁੱਤੇ ਨੇ ਪਿਓ ਨੂੰ ਘਰੋਂ ਕੱਢ ਕੇ ਓਦਾਂ ਘਰੋਂ ਕੱਢ ਦਿੱਤਾ...ਉਹ ਵੱਡਾ ਕਾਮਰੇਡ ਪਾਰਟੀ ਦਫਤਰ ਰਹਿੰਦਾ.." ਮੰਗੀ ਆ ਕੇ ਬੋਲਣ ਲੱਗੀ।
"ਚਲੋ ਕਾਮਰੇਡ ਤਾਂ ਏਸ ਪੁੱਤ ਤੋਂ ਦੁਖੀ ਹੋ ਕੇ ਘਰ ਈ ਛੱਡ ਗਿਆ...ਅੰਨ੍ਹੀ ਮਾਂ ਦੀ ਇਹ ਕੀ ਪ੍ਰਵਾਹ ਕਰਦਾ...ਮਾਸੜ ਜੀ ਬੰਦਾ ਇਹ ਠੀਕ ਨਈਂ...ਮਾੜੀ ਗੱਲ ਤਾਂ ਇਹ ਆ ਕਿ ਸਾਡੀ ਕੁੜੀ ਨੂੰ ਸਾਨੂੰ ਈ ਗੱਲ ਦੱਸਣੋਂ ਵੀ ਰੋਕਦਾ..." ਮੰਗੀ ਬੋਲੀ ਗਈ। ਫਿਰ ਉਹ ਨਾਲ ਹੀ ਬੋਲੀ, "ਚਲੋ ਆ ਜੋ ਅੰਦਰ...ਇੱਥੇ ਲੰਘਦਾ ਵੜਦਾ ਕੋਈ ਐਵੇਂ ਆ ਖੜ੍ਹਦਾ।"
ਪਹਿਲਾਂ ਰੁਪਿੰਦਰ ਉਠਿਆ, ਫਿਰ ਭਾਈਆ ਤੇ ਨਾਲ ਹੀ ਕੁਲਤਾਰ ਉੱਠ ਪਿਆ।
" ਬਈ ਮੇਰਾ ਤਾਂ ਮਨ ਏਸ ਬੰਦੇ ਤੋਂ ਉਚਾਟ ਹੋ ਗਿਆ...ਕਦੀ ਕਿਸੇ ਨੇ ਕੋਈ ਗੱਲ ਈ ਨਈਂ ਦੱਸੀ...ਤਾਰਨ ਨੇ ਦੱਸਣੀ ਆਂ..ਉਹਨੂੰ ਕੱਲੀ ਨੂੰ ਛੱਡਦਾ ਈ ਨਈਂ....ਇਕ ਦੋ ਗੱਲਾਂ ਦਾ ਪਤਾ ਲੱਗਾ, ਮਨ ਬਹੁਤ ਦੁਖੀ ਹੋਇਆ....ਪਤਾ ਨਈਂ ਰੱਬ ਨੇ ਕਾਹਦਾ ਬਦਲਾ ਲਿਆ ਸਾਡੇ ਤੋਂ..." ਕਹਿੰਦਾ ਕਹਿੰਦਾ ਕੁਲਤਾਰ ਡੁਸਕਣ ਹੀ ਲੱਗ ਪਿਆ ਤੇ ਸਿਰ ਸੋਫ਼ੇ ਉੱਤੇ ਰੱਖ ਲਿਆ।
"ਆਹ ਦੇਖ ਲਓ ਮੇਰਾ ਪੁੱਤ! ਓਏ ਅਹਿਮਕਾ...ਐਦਾਂ ਦਿਲ ਛੱਡ ਕੇ ਨਈਂ ਸਰਨਾ... ਮੈਨੂੰ ਤਾਂ ਅੱਜ ਵਿਚਲੀ ਗੱਲ ਦੀ ਖਬਰ ਮਿਲੀ ਆ... ਓਦੋਂ ਮੈਂ ਮੋਟਰ ਸਾਈਕਲ ਦਿੰਦਾ ਸੀ, ਇਹਨੇ ਲੈਣੋਂ ਨਾਂਹ ਕਰਤੀ...ਕਹਿੰਦਾ ਵੈਨ ਲੈਣੀ ਆਂ...ਮੈਂ ਕਿਹਾ ਮਾਰੋ ਸਾਲੇ ਦੇ ਮੱਥੇ...ਓਦੋਂ ਮੈਂ ਕਰਜਾ ਚੁਕ ਕੇ ਵੈਨ ਲੈ ਦਿੱਤੀ..." ਗੱਲ ਕਰਦੇ ਕਰਦੇ ਭਾਈਏ ਨੂੰ ਖੰਘ ਛਿੜ ਗਈ ਤੇ ਉਹ ਉੱਠ ਕੇ ਬਾਹਰ ਚਲਾ ਗਿਆ।
ਵਾਪਸ ਆਉਂਦਾ ਹੀ ਭਾਈਆ ਬੋਲਿਆ," ਫੇ ਦੇਖੋ ਅਸੀਂ ਧੀ ਨੂੰ ਨੌਕਰੀ ਲੁਆ ਦਿੱਤਾ...ਸਾਡੇ ਪੁੱਤ ਦੀ ਮਿਹਰਬਾਨੀ ਨਾਲ਼.. ਵੀਹ ਹਜਾਰ ਤਨਖਾਹ ਲੈਂਦੀ ਆ...ਇਹਨੂੰ ਹਰਾਮੀ ਨੂੰ ਹਜਮ ਨਈਂ ਹੁੰਦੇ..."। "ੁਂਪਿੰਦਰ ਭਾ ਜੀ ਆਪਾਂ ਕੱਲ੍ਹ ਸ਼ਹਿਰ ਜਾ ਕੇ ਤਾਰਨ ਨੂੰ ਮਿਲੀਏ- ਇਕ ਦੋ ਗੱਲਾਂ ਉਹਨੂੰ ਪੁੱਛਣੀਆਂ..ਉਹ ਸਾਨੂੰ ਦਿਲ ਦੀ, ਆਪਣੇ ਹਿਰਦੇ ਦੀ ਗੱਲ ਕਿਓਂ ਨਈਂ ਦਸਦੀ...ਪਤਾ ਨਈਂ ਮੈਨੂੰ ਤਾਂ ਉਹ ਆਪਣਾ ਸਕਾ ਭਰਾ ਈ ਨਈਂ ਸਮਝਦੀ..ਜਾਂ ਕੋਈ ਹੋਰ ਗੱਲ ਆ..." "ਹੋਰ ਕਾਹਦੀ ਗੱਲ ਆ..ਕੋਈ ਵੀ ਧੀ ਆਪਣੇ ਮਾਪਿਆਂ ਨੂੰ ਦੁਖੀ ਨੀ ਕਰਦੀ ਹੁੰਦੀ... ਵਾਹ ਲਗਦੀ ਨੂੰ ਉਹ ਆਪਣੇ ਦੁਖ ਆਪ ਈ ਆਪਣੇ ਅੰਦਰ ਹਜ਼ਮ ਕਰੀ ਜਾਂਦੀ ਆ..." ਮੰਗੀ ਰਸੋਈ 'ਚ ਸਬਜੀ ਗਰਮ ਕਰਦੀ ਬੋਲੀ।

+++
ਦੂਜੇ ਦਿਨ ਕੁਲਤਾਰ ਨੇ ਸਵੇਰੇ ਹੀ ਮੰਗੀ ਨੂੰ ਕਹਿ ਦਿੱਤਾ ਕਿ ਆਪਾ ਬਾਰਾਂ ਤੋਂ ਬਾਅਦ ਸ਼ਹਿਰ ਨੂੰ ਚੱਲਣਾ, ਤਾਰਨ ਨੂੰ ਮਿਲਣ, ਤਿਆਰ ਰਹੇ।
ਉਹ ਦੋਨੋ ਟਾਈਮ ਨਾਲ ਤਾਰਨ ਦੇ ਦਫ਼ਤਰ ਦੇ ਬਾਹਰ ਪਹੁੰਚ ਗਏ। ਰੁਪਿੰਦਰ ਸਿੰਘ ਪਹਿਲਾਂ ਹੀ ਆਇਆ ਖੜ੍ਹਾ ਸੀ।
ਜਦੋਂ ਉਹ ਤਾਰਨ ਨੂੰ ਮਿਲੇ ਤਾਂ ਉਹਨੂੰ ਕੋਈ ਹੈਰਾਨੀ ਨਹੀਂ ਸੀ ਹੋਈ। ਮੰਗੀ ਨੇ ਉਹਨੂੰ ਗਿਆਰਾਂ ਕੁ ਵਜੇ ਫੋ.ਨ ਕਰ ਕੇ ਆਉਣ ਬਾਰੇ ਦੱਸ ਦਿੱਤਾ ਸੀ।
ਤਾਰਨ ਵੀ ਉਨ੍ਹਾਂ ਨੂੰ ਇਕ ਖਾਲੀ ਪਏ ਕਮਰੇ ਵਿਚ ਲੈ ਗਈ। ਉਨ੍ਹਾਂ ਨੂੰ ਗੱਲਾਂ ਕਰਦਿਆਂ ਦਸ ਕੁ ਮਿੰਟ ਹੀ ਹੋਏ ਸਨ ਕਿ ਚਾਹ ਆ ਗਈ।
ਚਾਹ ਵਾਲਾ ਟਰੇਅ 'ਚੋਂ ਕੱਪ ਰੱਖ ਹੀ ਰਿਹਾ ਸੀ ਕਿ ਤਾਰਨ ਭਰਜਾਈ ਮੰਗੀ ਨੂੰ ਦੂਜੇ ਕਮਰੇ ਵਿਚ ਬਾਥਰੂਮ ਲੈ ਕੇ ਚਲੀ ਗਈ। ਉਹ ਦਸ ਮਿੰਟ ਲਾ ਕੇ ਮੁੜੀਆਂ ਤਾਂ ਮੰਗੀ ਤਾਂ ਪੂਰੀ ਤਰ੍ਹਾਂ ਤਣੀ ਹੋਈ ਸੀ। ਉਹ ਤੈਸ਼ ਵਿਚ ਹੀ ਬੋਲੀ, "ਪੀ ਲਈ ਜੀ ਚਾਹ...? ਚਲੋ ਉੱਠੋ.. ਤਾਰਨ ਦਿਲ ਨਾ ਛੱਡੀਂ..ਮੈਂ ਅੱਜ ਈ ਸੋਚਦੀ ਆਂ ਤੇਰੇ ਬਾਰੇ...ਮੈਨੂੰ ਲਗਦਾ ਸਾਡੀ ਇਹ ਕੁੜੀ ਬਚਦੀ ਨਈਂ..ਜੁਲਮ ਦੀ ਤਾਂ ਹੱਦ ਈ ਮੁੱਕ ਗਈ...ਉਹ ਆਦਮੀ ਤਾਂ ਪਾਗਲ ਹੋ ਗਿਆ ਲਗਦਾ..."
"ਭਾ ਜੀ ਆਪਾਂ ਕੱਲ੍ਹ ਸ਼ਹਿਰ ਜਾ ਕੇ ਤਾਰਨ ਨੂੰ ਮਿਲੀਏ- ਇਕ ਦੋ ਗੱਲਾਂ ਉਹਨੂੰ ਪੁੱਛਣੀਆਂ..ਉਹ ਸਾਨੂੰ ਦਿਲ ਦੀ, ਆਪਣੇ ਹਿਰਦੇ ਦੀ ਗੱਲ ਕਿਓਂ ਨਈਂ ਦਸਦੀ...ਪਤਾ ਨਈਂ ਮੈਨੂੰ ਤਾਂ ਉਹ ਆਪਣਾ ਸਕਾ ਭਰਾ ਈ ਨਈਂ ਸਮਝਦੀ..ਜਾਂ ਕੋਈ ਹੋਰ ਗੱਲ ਆ..."
"ਭਾਬੀ ਜੀ ਬੈਠੋ ਤੁਸੀਂ ਚਾਹ ਤਾਂ ਲਓ ਆਪਣੀ..."
ਤਾਰਨ ਨੇ ਮੰਗੀ ਦਾ ਹੱਥ ਫੜਿਆ।
ਤਾਰਨ ਮੈਂ ਤੇਰੀਆਂ ਤਕਲੀਫਾਂ, ਪਰੇਸ਼ਾਨੀਆਂ ਤੇ ਤੇਰੇ ਦੁੱਖਾਂ ਵਲ ਦੇਖ ਕੇ ਹੁਣ ਤਾਂ ਪਾਣੀ ਦਾ ਘੁੱਟ ਨਈਂ ਇਥੇ ਪੀ ਸਕਦੀ...ਤੋਬਾ ਤੋਬਾ ! ਚਲੋ ਰੁਪਿੰਦਰ ਭਾ ਜੀ ਉੱਠੋ...ਘਰ ਪਹੁੰਚ ਕੇ ਅੱਗੇ ਸੋਚਦੇ ਆਂ..." ਤੇ ਮੰਗੀ ਤਾਂ ਬੈਠੀ ਹੀ ਨਹੀਂ, ਪੰਜ ਮਿੰਟ ਖੜ੍ਹੀ ਹੀ ਰਹੀ। ਤੇ ਫਿਰ ਉਹ ਤੁਰ ਹੀ ਪਏ।
ਜੋਤੀ ਚੌਂਕ 'ਚੋਂ ਰੁਪਿੰਦਰ ਆਪਣੇ ਪਿੰਡ ਵਲ ਮੁੜਨ ਲਈ ਰੁਕ ਗਿਆ, "ਮੈਂ ਪੰਜ ਛੇ ਵਜੇ ਆਊਂ ਤੇ ਤੈਨੂੰ ਬੰਦੇ ਨਾਲ ਮਿਲਾਊਂ...ਉਹਦਾ ਕੰਮ ਈ ਸਾਫ਼ ਕਰ ਦਊ ਏਸ ਸਾਲੇ ਕੁੱਤੇ ਦਾ...ਘਬਰਾਓ ਨਾ ਤੁਸੀਂ...ਉਹਨੂੰ ਸਿੱਧੇ ਰਾਹ ਪਾ ਦਿਆਂਗੇ....ਮਾਸੜ ਜੀ ਨੂੰ ਹੌਸਲਾ ਦਿਓ...ਉਨ੍ਹਾਂ ਨੂੰ ਨਾ ਉਦਰਨ ਦਿਓ..."
"ਚਲੋ ਠੀਕ ਆ...ਸ਼ਾਮ ਨੂੰ ਕਰਦੇ ਆਂ ਸਲਾਹ-" ਉਹ ਚੌਂਕ 'ਚੋਂ ਆਪਣੇ ਰਾਹ ਹੋ ਤੁਰੇ।
ਨਹਿਰ ਦਾ ਪੁਲ ਲੰਘ ਕੇ ਕੁਲਤਾਰ ਨੇ ਮੋਟਰ ਸਾਈਕਲ ਰੋਕ ਲਿਆ। ਮੰਗੀ ਉਤਰ ਕੇ ਖੜ੍ਹੀ ਹੋ ਗਈ ਤੇ ਕੁਲਤਾਰ ਕੰਧ ਵਲ ਤੁਰ ਪਿਆ।
ਕੰਧ ਵਲੋਂ ਮੁੜ ਕੇ ਕੁਲਤਾਰ ਨੇ ਪੁੱਛਿਆ, " ਕੀ ਦੱਸਿਆ ਤੈਨੂੰ ਤਾਰਨ ਨੇ...ਮੈਨੂੰ ਵੀ ਤਾਂ ਪਤਾ ਲੱਗੇ।"
"ਦੱਸਿਆ ਨਈਂ ਉਹਨੇ ਤਾਂ ਜ਼ਖਮ ਦਿਖਾਏ ਮੈਨੂੰ ਸਲਵਾਰ ਚੁੱਕ ਕੇ...ਹਾਏ ਹਾਏ ...ਜ਼ਾਲਮ ਨੇ ਦੰਦੀਆਂ ਵੱਢ ਵੱਢ ਕੇ ਸਾਰੇ ਪੱਟ ਖਾਧੇ ਹੋਏ...ਐਡੇ ਐਡੇ ਜ਼ਖਮ...ਇਹੋ ਹਾਲ ਛਾਤੀਆਂ ਦਾ ਕੀਤਾ ਹੋਇਆ...ਉਹ ਬੰਦਾ ਥੋੜੋ ਆ...ਉਹ ਤਾਂ ਕੁੱਤਾ ਆ...ਉਹ ਵੀ ਹਲਕਿਆ ਹੋਇਆ- ਇਕ ਹੋਰ ਗੱਲ਼..ਉਹ ਤਾਂ ਸਾਫ ਨਾਮਰਦ ਆ..ਤਾਰਨ ਕਹਿੰਦੀ ਜੇ ਉਹਦੇ ਨਾਲ ਗੱਲ ਕਰਾਂ ਤਾਂ ਦਵਾਈਆਂ ਲੈ ਕੇ ਬਹਿਜੂ...ਕਹੇਗਾ ਆਹੀ ਨਾਮਰਦੀ ਦੂਰ ਕਰਨ ਦੀ ਦੁਆਈ ਖਾ ਰਿਹਾਂ... ਤੂੰ ਦੱਸੀਂ ਨਾ ਕਿਸੇ ਨੂੰ..." "ਹਾਏ ਓਇ ਰੱਬਾ- ਆਹ ਗੱਲ ਆ?..ਇਹ ਗੱਲਾਂ ਉਹਨੇ ਕੁੜੀ ਨੇ ਸਾਨੂੰ ਪਹਿਲਾਂ ਕਿਓਂ ਨਈਂ ਦੱਸੀਆਂ, ਓਹਦਾ ਤਾਂ 'ਲਾਜ ਕਰ ਦਿੰਦਾ ਮੈਂ!" ਕੁਲਤਾਰ ਦੁੱਖ ਨਾਲ ਈ ਨਹਿਰ ਦੇ ਕੰਢੇ 'ਤੇ ਬਹਿ ਗਿਆ।
"ਚਲੋ ਉਠੋ..ਦੁੱਖ ਤਾਂ ਬਹੁਤ ਹੋਇਆ ...ਪਰ ਹੁਣ ਹਿੰਮਤ ਤੋਂ ਕੰਮ ਲੈਣਾ ਪੈਣਾ..." ਕਹਿੰਦੀ ਹੋਈ ਮੰਗੀ ਨੇ ਕੁਲਤਾਰ ਦਾ ਹੱਥ ਫੜਿਆ ਤੇ ਕੁਲਤਾਰ ਨੂੰ ਉੱਠਣ 'ਚ ਆਸਰਾ ਦਿੱਤਾ।
"ਏਸ ਬੰਦੇ ਦਾ ਤਾਂ ਕੋਈ 'ਲਾਜ ਕਰਨਾ ਈ ਪੈਣਾ...ਸਾਲੇ ਖੁਸਰੇ ਦਾ..." ਕੁਲਤਾਰ ਉਠਦਾ ਹੋਇਆ ਬੋਲਿਆ।
" ਤੁਸੀਂ ਜਾਂਦੇ ਜਾਂਦੇ ਐਦਾਂ ਕਰਨਾ, ਮੈਨੂੰ ਟੀ ਵੀ ਟਾਵਰ ਦੇ ਕੋਲ ਲਾਹ ਦੇਣਾ...ਮੈਂ ਡਾਕਟਰ ਰੇਖਾ ਨੂੰ ਮਿਲ ਕੇ ਇਹ ਪ੍ਰਾਬਲਮ ਓਹਦੇ ਧਿਆਨ 'ਚ ਲਿਆਵਾਂ...ਤੁਸੀਂ ਕੋਈ ਸਟੈੱਪ ਚੁੱਕੋ ਚਾਹੇ ਨਾ...ਮੈਂ ਨਹੀਂ ਪਿੱਛੇ ਹਟਣ ਵਾਲੀ... ਬਾਇ ਗੌਡ ਮੈਂ ਉਸ ਬੰਦੇ ਦਾ ਮਰਡਰ ਕਰ ਸਕਦੀ ਆਂ-"
"ਸ਼ਾਂਤ ਹੋ ਯਾਰ...ਜੋ ਵੀ ਕਰਾਂਗੇ ਮਿਲ ਕੇ ਈ ਕਰਾਂਗੇ...ਆ ਬੈਠ" ਕੁਲਤਾਰ ਨੇ ਮੋਟਰ ਸਾਇਕਲ ਸਟਾੱਰਟ ਕਰ ਲਿਆ ਤੇ ਮੰਗੀ ਚੁੱਪ ਕਰ ਕੇ ਪਿੱਛੇ ਬਹਿ ਗਈ।

+++
ਡਾਕਟਰ ਰੇਖਾ ਕੋਲ ਘੰਟਾ ਭਰ ਬੈਠਣ ਬਾਅਦ ਇਹੋ ਫ਼ੈਸਲਾ ਹੋਇਆ ਕਿ ਤਾਰਨ ਦੇ ਪਤੀ ਨਾਲ ਕਿਸੇ ਕਿਸਮ ਦਾ ਲੜਾਈ ਝਗੜਾ ਨਹੀਂ ਕਰਨਾ। ਜੋ ਰਸਤਾ ਆਪਾਂ ਮਿੱਥ ਲਿਆ ਉਸੇ ਅਨੁਸਾਰ ਚੱਲਣਾ ਹੈ। ਡਾਕਟਰ ਰੇਖਾ ਨੇ ਕਿਹਾ ਕਿ ਕੱਲ੍ਹ ਸਵੇਰ ਤਾਰਨਵੀਰ ਨੂੰ ਲੈ ਕੇ ਸਿਵਿਲ ਹਸਪਤਾਲ ਪਹੁੰਚੋ...ਉਹਦਾ ਮੈਡੀਕਲ ਮੈਂ ਕਰਵਾਊਂਗੀ...ਲੇਟ ਨਹੀਂ ਹੋਣਾ। ਡਾਕਟਰ ਰੇਖਾ ਕੋਲੋਂ ਵਿਹਲੀ ਹੋ ਕੇ ਮੰਗੀ ਜਦੋਂ ਸੜਕ ਵੱਲ ਤੁਰੀ ਆਉਂਦੀ ਸੀ ਤਾਂ ਮਨ 'ਚ ਹੀ ਗੱਲਾਂ ਕਰਨ ਲਗੀ- 'ਇਹ ਡਾਕਟਰ ਲੋਕ ਬੜੇ ਪਹੁੰਚੇ ਹੋਏ ਬੰਦੇ ਹੁੰਦੇ ਆ...ਭਾਵੇਂ ਇਹ ਐੱਮ ਬੀ ਬੀ ਐੱਸ ਹੋਣ ਤੇ ਭਾਵੇਂ ਪੀਐੱਚਡੀ ਹੋਣ। ਇਕ ਨੇ ਮਰੀਜ਼ ਦਾ ਦੁਆਈਆਂ ਟੀਕਿਆਂ ਨਾਲ ਇਲਾਜ ਕਰਨਾ ਹੁੰਦਾ ਤੇ ਦੂਜੇ ਨੇ ਦੁਆਈਆਂ ਤੇ ਡਿਕਸ਼ਨਰੀਆਂ ਨਾਲ।Ḕ ਫੇਰ ਇਕ ਫੋਰ ਵ੍ਹੀਲਰ ਆ ਗਿਆ ਤੇ ਮੰਗੀ ਦੌੜ ਕੇ ਵਿਚ ਜਾ ਬੈਠੀ।
+++
ਮੰਗੀ ਦੀ ਡਾਕਟਰ ਰੇਖਾ ਨਾਲ ਬਚਪਨ ਵੇਲੇ ਦੀ ਸਾਂਝ ਸੀ। ਕਾਲਜ ਤੱਕ ਇਕੱਠੀਆਂ ਨੇ ਪੜ੍ਹਾਈ ਕੀਤੀ, ਦੋਨੋਂ ਇਕੱਠੀਆਂ ਡਿਬੇਟ 'ਤੇ ਜਾਂਦੀਆਂ ਰਹੀਆਂ ਤੇ ਦੋਨਾਂ ਨੇ ਗਿਣ-ਮਿੱਥ ਕੇ ਇਕੋ ਜ਼ਿਲ੍ਹੇ ਵਿਚ ਵਿਆਹ ਕਰਾਏ। ਦੋਹਾਂ ਦੇ ਪਤੀ ਵੀ ਦੋਸਤ ਬਣ ਗਏ ਪਰ ਫ਼ਰਕ ਇਹ ਸੀ ਕਿ ਡਾਕਟਰ ਰੇਖਾ ਦਾ ਪਤੀ ਫੌ.ਜ ਵਿਚ ਸੀ ਤੇ ਮੰਗੀ ਦਾ ਪਤੀ ਐੱਮ ਏ ਕਰ ਕੇ ਵੀ ਜਿਮੀਦਾਰਾ ਕਰਦਾ ਸੀ। ਉਹਨੇ ਤਾਂ ਸਗੋਂ ਕਈ ਨਵੇਂ ਤਜਰਬੇ ਕਰਦਿਆਂ ਖੇਤੀਬਾੜੀ ਵਿਚ ਨਵੇਂ ਰਾਹ ਉਲੀਕ ਦਿੱਤੇ ਸਨ।
ਡਾਕਟਰ ਰੇਖਾ ਨੇ ਪੂਰੀ ਡਾਕਟਰਾਂ ਵਾਲੀ ਕਾਰਵਾਈ ਕੀਤੀ। ਤਾਰਨ ਦੀ ਪੂਰੀ ਡਾਕਟਰੀ ਰਿਪੋਰਟ ਤਿਆਰ ਕੀਤੀ ਤੇ ਨਾਲ ਹੀ ਉਹ ਰਿਪੋਰਟ ਪੁਲਿਸ ਥਾਣੇ ਜਾ ਪਹੁੰਚੀ। ਕਾਰਵਾਈ ਹੋਣ ਲੱਗੀ। ਪੁਲਿਸ ਦੇ ਮਾਰੇ ਦਬਕੇ ਨੇ ਤਾਰਨ ਦੇ ਪਤੀ ਦੇ ਹੋਸ਼ ਉਡਾਅ ਦਿੱਤੇ। ਪੁਲਿਸ ਵੱਲੋਂ ਦਿਖਾਈਆਂ ਰੰਗਦਾਰ ਫੋਟੋ ਦੇਕ ਕੇ ਤੇ ਐਨੇ ਵੱਡੇ ਵੱਡੇ ਜ਼ਖਮ ਦੇਖ ਕੇ ਹਾਇ ਹਾਇ ਕਰਦਾ ਉਹ ਖੁਦ ਵੀ ਜਿਵੇਂ ਹੈਰਾਨ ਹੋ ਗਿਆ। ਸੱਚੀ ਗੱਲ ਹੈ ਉਹ ਡਰ ਗਿਆ ਤੇ ਪੁਲਿਸ ਅਫਸਰ ਨੇ ਜਿੱਥੇ ਜਿੱਥੇ ਕਿਹਾ ਉਹਨੇ ਕਾਗਜ਼ਾਂ ਉਪਰ ਦਸਖਤ ਕਰ ਦਿੱਤੇ। ਫਿਰ ਕੀ ਹੋਣਾ ਸੀ?...ਜੋ ਮੰਗੀ ਨੇ ਚਾਹਿਆ ਉਹੀ ਹੋਇਆ।
ਤਾਰਨਵੀਰ ਨੇ ਪਤੀ ਵੀ ਛੱਡਿਆ ਤੇ ਪਤੀ ਦਾ ਘਰ ਵੀ ਤਿਆਗ ਦਿੱਤਾ। ਉਸਨੇ ਉਸ ਘਰ ਵਿਚੋਂ ਆਪਣੇ ਪਹਿਨਣ ਵਾਲੇ ਕਪੜੇ ਹੀ ਚੁੱਕੇ ਹੋਰ ਕੋਈ ਚੀਜ਼ ਨਹੀਂ...ਨਾ ਗਹਿਣਾ-ਗੱਟਾ ਨਾ ਪੈਸਾ-ਧੇਲਾ।
ਹੁਣ ਉਹ ਦਫਤਰੋਂ ਛੁੱਟੀ ਕਰ ਕੇ ਆਉਂਦੀ ਤੇ ਭਾਈਆ ਜੀ ਕੋਲ ਬਹਿ ਜਾਂਦੀ..ਗੁੰਮ-ਸੁੰਮ, ਨਾ ਹੂੰ ਨਾ ਹਾਂ, ਜਿੱਦਾਂ ਗੁੰਗੀ ਹੋ ਗਈ ਹੋਵੇ, ਚੁੱਪ-ਗੜੁੱਪ। ਲਗਦਾ ਜਿਵੇਂ ਕੋਈ ਮੱਝ-ਗਾਂ ਭਾਈਆ ਜੀ ਕੋਲ ਆ ਬੈਠੀ ਹੋਵੇ।
"ਲਓ ਬਈ ਚਾਹ ਪੀਓ..." ਚਾਹ ਵਾਲਾ ਗੜਵਾ ਤੇ ਸੇਵੀਆਂ ਦੀ ਪਲੇਟ ਮੇਜ਼ 'ਤੇ ਰੱਖਦਾ ਕੁਲਤਾਰ ਬੋਲਿਆ।
ਕੁਲਤਾਰ ਦੇ ਮਗਰ ਹੀ ਕੱਪ ਚੁੱਕੀ ਮੰਗੀ ਵੀ ਆ ਗਈ ਤੇ ਤਾਰਨ ਵੱਲ ਦੇਖਦੀ ਖੁਸ਼ ਰੌਂ 'ਚ ਬੋਲੀ, "ਲੈ ਬਈ ਤਾਰਨ..ਮੇਰਾ ਇਹ ਐਕਟਿਵਾ ਹੁਣ ਤੇਰੇ ਹਵਾਲੇ ਆ...ਮੇਰਾ ਮਤਲਬ ਇਹਨੂੰ ਹੁਣ ਤੂੰ ਹੀ ਚਲਾਉਣਾਂ...ਦਫਤਰ ਨੂੰ ਘੂਕਾਂ ਛੱਡਦੀ ਜਾਹ ਤੇ ਘੂਕਾਂ ਛੱਡਦੀ ਆ...ਤੇਰੀ ਬਈ ਆਹ ਚੁੱਪ ਮੈਨੂੰ ਬੜੀ ਚੁੱਬਦੀ ਆ..ਮੈਨੂੰ ਦੋ ਸਾਲ ਪਹਿਲਾਂ ਵਾਲੀ ਤਾਰਨ ਬਣ ਕੇ ਦਿਖਾ ਦੇ...ਹੱਸ ਹੱਸ ਗੱਲਾਂ ਕਰਨ ਵਾਲੀ..ਗਿੱਧਾ ਪਾਉਣ ਵਾਲੀ..." ਕਹਿੰਦੀ ਹੋਈ ਮੰਗੀ ਕੱਪਾਂ ਵਿਚ ਚਾਹ ਪਾਉਣ ਲੱਗ ਪਈ।
ਪਲ ਕੁ ਭਰ ਪਿੱਛੋਂ ਭਾਈਆ ਖੰਘੂਰਾ ਮਾਰ ਕੇ ਬੋਲਿਆ," ਪੁੱਤ ਹੌਂਸਲਾ ਨਈਂ ਛੱਡੀਦਾ...ਦੁਨੀਆ ਦਾ ਕੋਈ ਅੰਤ ਆ...ਇਹ ਤਾਂ ਹੋਰ ਪਰੇ ਤੇ ਹੋਰ...ਮੇਰਾ ਪੁੱਤ ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਆ...ਮਾਹਰਾਜ ਕੋਈ ਚੰਗਾ ਈ ਢੋ ਢੁਕਾਊ...' ਕਹਿੰਦੇ ਹੋਏ ਭਾਈਏ ਨੇ ਧੀ ਨੂੰ ਵੱਖੀ ਨਾਲ ਘੁੱਟ ਲਿਆ।
ਲੰਮਾ ਸਾਰਾ ਹਉਕਾ ਲੈ ਕੇ ਭਾਈਆ ਬੋਲਿਆ, "ਦੇਖੋ ਏਸ ਧੀ ਦਾ ਜਿਗਰਾ..ਯਾਰੋ ਓਥੇ ਕੱਲੀ ਬੈਠੀ ਝੱਲਦੀ ਰਹੀ ਦੁੱਖ-ਤਕਲੀਫ਼ਾਂ...ਰਤਾ ਧੂਹ ਨਈਂ ਕੱਢੀ..ਮੇਰੀ ਧਰਤੀ ਵਰਗੀ ਧੀ ਨੇ..." ਬੋਲਦੇ ਹੋਏ ਭਾਈਏ ਦੀਆਂ ਅੱਖਾਂ ਛਲਕ ਪਈਆਂ।
"ਡੈਡ! ਹਾਇ ਦੇਖੋ ਇਹ ਤਾਂ ਅੱਥਰੂ ਕੇਰੀ ਜਾਂਦੀ ਆ..." ਮੰਗੀ ਨੇ ਹਥਲਾ ਕੱਪ ਧਰ ਕੇ ਤਾਰਨ ਦਾ ਸਿਰ ਪਲੋਸਿਆ।
"ਹਟ ਜਾ ਪੁੱਤ ਇਹਨੂੰ ਜੀ ਹੌਲਾ ਕਰ ਲੈਣ ਦੇ..." ਕਹਿ ਕੇ ਭਾਈਏ ਨੇ ਤਾਰਨ ਵੱਲ ਦੇਖਿਆ ਤੇ ਫਿਰ ਅਸਮਾਨ ਵੱਲ ..ਤੇ ਨਲਕੇ ਵੱਲ ਜਾਂਦਾ ਬੁੜਬੁੜਾਇਆ," ਵਾਹ ਓਇ ਰੱਬਾ!...ਦੇਖ ਧੀਆਂ ਦੇ ਲੇਖ਼..

ਪੰਜਾਬੀ ਕਹਾਣੀਆਂ (ਮੁੱਖ ਪੰਨਾ)