Diggda Hoia Graph : K.L. Garg

ਡਿੱਗਦਾ ਹੋਇਆ ਗ੍ਰਾਫ਼ (ਵਿਅੰਗ) : ਕੇ.ਐਲ. ਗਰਗ

ਸਾਡੇ ਨੇਤਾ ਮੁੰਗੇਰੀ ਲਾਲ ਜੀ ਜਿਰਾਫ਼ ਦੀ ਪਿੱਠ ਤੋਂ ਡਿੱਗਣੋਂ ਇੰਨਾ ਨਹੀਂ ਘਬਰਾਉਂਦੇ, ਜਿੰਨਾ ਆਪਣੀ ਮਸ਼ਹੂਰੀ ਦਾ ਗ੍ਰਾਫ਼ ਡਿੱਗਣੋਂ ਘਬਰਾਉਂਦੇ ਹਨ। ਉਨ੍ਹਾਂ ਦੀ ਘੰਡੀ ਦਾ ਮਣਕਾ ਟੁੱਟਦਾ ਹੈ ਤਾਂ ਟੁੱਟ ਜਾਵੇ, ਚੁੱਲ੍ਹੇ ਗਰਮ ਕਰਨ ਲਈ ਧਰਿਆ ਦੁੱਧ ਫਿੱਟਦਾ ਹੈ ਤਾਂ ਫਿੱਟ ਜਾਵੇ, ਕਿਸੇ ਗੱਲ ਦੀ ਨੇਤਾ ਜੀ ਨੂੰ ਕੋਈ ਪਰਵਾਹ ਨਹੀਂ ਹੁੰਦੀ। ਦੂਜੇ ਪਾਸੇ ਉਨ੍ਹਾਂ ਦਾ ਗ੍ਰਾਫ਼ ਭੋਰਾ ਕੁ ਹੇਠਾਂ ਵੱਲ ਸਰਕ ਜਾਵੇ ਤਾਂ ਉਨ੍ਹਾਂ ਦੀ ਆਪਣੀ ਫੂਕ ਨਿਕਲ ਜਾਂਦੀ ਹੈ। ਉਨ੍ਹਾਂ ਦੇ ਪਾਪੀ ਪੇਟ ’ਚੋਂ ਨਿਕਲੀ ਹੂਕ ਫੜਕ ਜਾਂਦੀ ਹੈ।
ਨੇਤਾ ਮੁੰਗੇਰੀ ਲਾਲ ਨੇ ਭਾਵੇਂ ਸਾਰਾ ਮੁਲਕ ਜਿੱਤ ਲਿਆ ਹੋਵੇ, ਸੱਤਾ ਦੇ ਪਾਵਿਆਂ ’ਤੇ ਪੂਰਨ ਕਬਜ਼ਾ ਕਰ ਲਿਆ ਹੋਵੇ ਤਾਂ ਵੀ ਜੇ ਕਦੇ ਟੁੱਟੀ-ਫੁੱਟੀ ਜ਼ਿਮਨੀ ਚੋਣ ’ਚ ਇੱਕ-ਅੱਧ ਜ਼ੰਗਾਲੀ ਸੀਟ ਵੀ ਹਾਰ ਜਾਣ ਤਾਂ ਉਨ੍ਹਾਂ ਦੇ ਸਰੀਰ ’ਚ ਕੜਵੱਲ ਪੈਣ ਲੱਗਦੇ ਹਨ। ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਸੱਤਾ ਦਾ ਸੁੱਖ ਭੋਗਣ ਦੇ ਸੁਫ਼ਨੇ ਖੱਖੜੀ-ਕਰੇਲੇ ਹੋਣ ਲੱਗਦੇ ਹਨ। ਝੱਟ ਪਾਰਟੀ ਦੇ ਜੁਮੈਟਰੀ ਬਕਸ ਨੁਮਾ ਮੈਂਬਰਾਂ ਦੀ ਹੰਗਾਮੀ ਮੀਟਿੰਗ ਸੱਦ ਕੇ ਆਪਣੀ ਚਿੰਤਾ ਜ਼ਾਹਰ ਕਰਨ ਲੱਗਦੇ ਹਨ: ‘‘ਭਰਾਵੋ, ਇੰਨੀ ਛੇਤੀ ਇਹ ਕੀ ਹੋ ਗਿਆ ਹੈ? ਪਾਰਟੀ ਦੀ ਸਾਖ਼ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਕੁਝ ਕਰੋ, ਨਹੀਂ ਤਾਂ ਸ਼ਰਮ ਨਾਲ ਡੁੱਬ ਮਰੋ।’’
ਜੁਮੈਟਰੀ ਬਕਸ ਦਾ ਇੱਕ ਪਰਕਾਰਨੁਮਾ ਛੋਟਾ ਨੇਤਾ ਆਖਦਾ ਹੈ:
‘‘ਨੇਤਾ ਜੀ, ਜਨਤਾ ਦਾ ਮਿਜਾਜ਼ ਪਾਰੇ ਦੀ ਨਿਆਈਂ ਹੁੰਦਾ ਹੈ, ਖ਼ਾਰੇ ਸੋਢੇ ਦੀ ਨਿਆਈਂ ਹੁੰਦਾ ਹੈ। ਥੋੜ੍ਹੀ ਜਿਹੀ ਗਰਮੀ-ਸਰਦੀ ਨਾਲ ਹੀ ਹੇਠਾਂ ਉਪਰ ਹੋਣ ਲੱਗਦਾ ਹੈ। ਇਸ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਇਹ ਸਭ ਕੁਝ ਤਾਂ ਇਉਂ ਹੀ ਚੱਲਦਾ ਰਹਿੰਦਾ ਹੈ।’’
‘‘ਭਾਈ ਸਾਹਿਬ, ਤੁਸੀਂ ਸਾਡੀ ਚਿੰਤਾ ਨਹੀਂ ਸਮਝੋਗੇ। ਅੱਖਾਂ ਤੋਂ ਜਿੱਤ ਦਾ ਪਰਦਾ ਉਤਾਰ ਕੇ ਵੇਖੋ। ਅੱਜ ਇੱਕ ਸੀਟ ਗਈ ਹੈ, ਕੱਲ੍ਹ ਦੋ ਜਾਣਗੀਆਂ ਅਤੇ ਪਰਸੋਂ ਤਕ ਤਾਂ ਸੰਦੂਕੜੀ ਖ਼ਾਲੀ ਹੋ ਜਾਵੇਗੀ…।’’ ਇਹ ਸਾਰੀ ਗੱਲ ਆਖਦਿਆਂ ਨੇਤਾ ਜੀ ਦੀਆਂ ਪੁਤਲੀਆਂ ਨਮ ਹੋ ਗਈਆਂ ਸਨ।
ਇੱਕ ਹੋਰ ਡੀ-ਨੁਮਾ ਨੇਤਾ ਨੇ ਰੁਮਾਲ ਨਾਲ ਖਾਖਾਂ ਸਾਫ਼ ਕਰਦਿਆਂ ਆਖਿਆ: ‘‘ਨੇਤਾ ਜੀ, ਜਨਤਾ ਥਰਮਾਮੀਟਰ ਦੇ ਪਾਰੇ ਦੀ ਨਿਆਈਂ ਹੁੰਦੀ ਹੈ, ਜਨਤਾ ਚੰਚਲ ਔਰਤ ਦੀ ਤਰ੍ਹਾਂ ਹੁੰਦੀ ਹੈ। ਛੋਟੀ-ਛੋਟੀ ਗੱਲ ਤੋਂ ਹੀ ਘਾਬਰ ਜਾਂਦੀ ਹੈ। ਆਲੂ ਦੋ ਰੁਪਏ ਮਹਿੰਗੇ ਹੋ ਜਾਣ ਜਾਂ ਟਮਾਟਰ ਦਾ ਭਾਅ ਮਹਿਜ਼ ਇੱਕ ਰੁਪਿਆ ਵਧਣ ’ਤੇ ਹੀ ਜਨਤਾ ਦੇ ਦਿਲ ਦੀ ਧੜਕਣ ਰੁਕਣ ਲੱਗਦੀ ਹੈ, ਸਾਹ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਆਲੂ, ਟਮਾਟਰਾਂ ਦੇ ਭਾਅ ਸਾਡੇ ਹੱਥ ਵਿੱਚ ਤਾਂ ਫੜੇ ਹੋਏ ਨਹੀਂ। ਦੱਸੋ ਕੀ ਕਰੀਏ?’’
ਵੱਡੇ ਨੇਤਾ ਜੀ ਦੀ ਸਿਰਫ਼ ਇਨ੍ਹਾਂ ਗੱਲਾਂ ਨਾਲ ਸੰਤੁਸ਼ਟੀ ਨਹੀਂ ਹੋਈ। ਉਨ੍ਹਾਂ ਰੋਣ ਹਾਕੀ ਆਵਾਜ਼ ਵਿੱਚ ਕਿਹਾ:
‘‘ਵੀਰ, ਅਸੀਂ ਦੇਸ਼ ਨੂੰ ਵੱਡਾ ਸਮੁੰਦਰੀ ਜਹਾਜ਼ ਲਿਆ ਕੇ ਦਿੱਤਾ। ਅਸੀਂ ਵੱਡੀਆਂ-ਵੱਡੀਆਂ ਰੇਲਵੇ ਲਾਈਨਾਂ ਬਣਵਾਈਆਂ, ਬੁਲੇਟ ਟਰੇਨ ਵਾਸਤੇ ਕੋਸ਼ਿਸ਼ ਕਰ ਰਹੇ ਹਾਂ, ਜਨਤਾ ਦੇ ਬੈਂਕ ਖਾਤੇ ਖੁੱਲ੍ਹਵਾਏ, ਅਸੀਂ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਏ ਅਤੇ ਅੱਗੋਂ ਵੀ ਇਸ ਲਈ ਯਤਨਸ਼ੀਲ ਹਾਂ ਪਰ ਸਾਡੀ ਪ੍ਰਸਿੱਧੀ ਦਾ ਗ੍ਰਾਫ਼ ਫਿਰ ਵੀ ਡਿੱਗ ਗਿਆ। ਕੁਝ ਸੋਚੋ ਭਾਈ ਨਹੀਂ ਤਾਂ… ਨਹੀਂ ਤਾਂ…।’’
ਇਉਂ ਆਖ ਨੇਤਾ ਜੀ ਖਾਲੀ ਹੱਥ ਹੀ ਹਵਾ ਵਿੱਚ ਮਾਰਨ ਲੱਗ ਪਏ ਸਨ, ਜਿਵੇਂ ਆਲੇ-ਦੁਆਲੇ ਇਕੱਠੀਆਂ ਹੋਈਆਂ ਮੱਖੀਆਂ ਭਜਾ ਰਹੇ ਹੋਣ। ਨੇਤਾ ਜੀ ਦੀਆਂ ਗੱਲਾਂ ਤੋਂ ਸਾਨੂੰ ਬਾਬੂ ਮੱਖਣ ਲਾਲ ਚੇਤੇ ਆ ਗਏ ਹਨ। ਗੰਢੇ, ਟਮਾਟਰਾਂ ਤੇ ਹੋਰ ਸਬਜ਼ੀਆਂ ਦੀ ਮਹਿੰਗਾਈ ਦੇ ਦਿਨਾਂ ’ਚ ਉਹ ਇੱਕ ਦਿਨ ਪੂਰੀ ਹਿੰਮਤ ਨਾਲ ਇੱਕ ਕਿਲੋ ਸੇਬ ਲੈ ਕੇ ਘਰ ਆਏ ਤਾਂ ਪਤਨੀ ਨੇ ਲਿਫ਼ਾਫ਼ਾ ਫੋਲਦਿਆਂ ਪੁੱਛਿਆ:
‘‘ਪਿਆਜ਼ ਕਿੱਥੇ ਨੇ? ਟਮਾਟਰ ਨ੍ਹੀਂ ਲਿਆਏ?’’
‘‘ਸੇਬ… ਸੇਬ।’’ ਮੱਖਣ ਲਾਲ ਨੇ ਚੂਹਾਨੁਮਾ ਮੁੱਛਾਂ ਫਰਕਾਉਂਦਿਆਂ ਕਹਿ ਦਿੱਤਾ।
‘‘ਸ੍ਰੀਮਾਨ ਜੀ, ਦਾਲ ਨੂੰ ਤੜਕਾ ਸੇਬਾਂ ਦਾ ਨ੍ਹੀਂ, ਪਿਆਜ਼ ਨਾਲ ਹੀ ਲੱਗਦਾ ਐ। ਸਲਾਦ ਸੇਬਾਂ ਦਾ ਨ੍ਹੀਂ, ਟਮਾਟਰਾਂ ਦਾ ਹੀ ਬਣਦਾ ਹੁੰਦਾ ਐ। ਮੈਨੂੰ ਤਾਂ ਪਿਆਜ਼ ਚਾਹੀਦੇ ਨੇ, ਟਮਾਟਰਾਂ ਦੀ ਲੋੜ ਐ।’’ ਇੰਨਾ ਆਖ ਉਸ ਨੇ ਲਿਫ਼ਾਫ਼ਾ ਵਗਾਹ ਕੇ ਪਰ੍ਹਾਂ ਪਈ ਪੀੜ੍ਹੀ ’ਤੇ ਸੁੱਟ ਦਿੱਤਾ ਸੀ।
ਕਹਿਣ ਤੋਂ ਭਾਵ ਇਹ ਹੈ ਕਿ ਨੇਤਾ ਜੀ ਦੇ ਲਿਆਂਦੇ ਵੱਡੇ ਜਹਾਜ਼, ਤੇਜ਼ ਰਫ਼ਤਾਰ ਗੱਡੀਆਂ, ਗੁਆਂਢੀ ਮੁਲਕਾਂ ਦੀ ਯਾਤਰਾ, ਬੈਂਕਾਂ ’ਚ ਖੋਲ੍ਹੇ ਖ਼ਾਤੇ ਜਨਤਾ ਦੇ ਕਿਸੇ ਕੰਮ ਦੇ ਨਹੀਂ ਹਨ। ਲੋਕਾਂ ਨੂੰ ਤਾਂ ਸਸਤੇ ਪਿਆਜ਼, ਟਮਾਟਰ ਚਾਹੀਦੇ ਹਨ, ਰਸੋਈ ਗੈਸ ਚਾਹੀਦੀ ਹੈ ਤੇ ਸਸਤੇ ਆਲੂਆਂ ਦੀ ਲੋੜ ਹੈ।
ਨੇਤਾ ਜੀ ਜਨਤਾ ਦੀਆਂ ਅਜਿਹੀਆਂ ਛੋਟੀਆਂ-ਛੋਟੀਆਂ ਹਰਕਤਾਂ ਤੋਂ ਔਖੇ ਹੋ ਕੇ ਕਹਿ ਦਿੰਦੇ ਹਨ:
‘‘ਵੀਰੋ, ਅਸੀਂ ਜਨਤਾ ਨੂੰ ਉੱਚਾ ਚੁੱਕਣਾ ਚਾਹੁੰਦੇ ਹਾਂ। ਆਕਾਸ਼ ’ਤੇ ਪਹੁੰਚਾਉਣਾ ਚਾਹੁੰਦੇ ਹਾਂ, ਮੰਗਲ ਗ੍ਰਹਿ ਤਕ ਲਿਜਾਣਾ ਚਾਹੁੰਦੇ ਹਾਂ ਪਰ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ’ਚ ਹੀ ਫਸੀ ਰਹਿਣਾ ਚਾਹੁੰਦੀ ਹੈ। ਇਹ ਆਲੂ-ਪਿਆਜ਼ਾਂ ’ਚੋਂ ਹੀ ਨਹੀਂ ਨਿਕਲ ਰਹੀ। ਵੱਡੇ ਸੁਫ਼ਨੇ ਦੇਖਣ ਵਾਲਾ ਹੀ ਵੱਡੀਆਂ ਛਲਾਂਗਾਂ ਮਾਰ ਸਕਦਾ ਹੈ। ਸਾਡੀ ਜਨਤਾ ਜ਼ਮੀਨ ਨਾਲ ਹੀ ਚਿੰਬੜੀ ਰਹਿਣਾ ਚਾਹੁੰਦੀ ਹੈ, ਇਹ ਮੰਗਲ-ਗ੍ਰਹਿ ਤਕ ਕਦ ਪਹੁੰਚੀ?’’
ਹਾਲ ਦੀ ਘੜੀ ਨੇਤਾ ਜੀ ਨੂੰ ਆਪਣੀ ਪ੍ਰਸਿੱਧੀ ਦੇ ਤੇਜ਼ੀ ਨਾਲ ਡਿੱਗ ਰਹੇ ਗ੍ਰਾਫ਼ ਦੀ ਚਿੰਤਾ ਹੈ। ਇੱਕ ਸਾਲ ’ਚ ਚਾਰ-ਚਾਰ ਸੌ ਰੈਲੀਆਂ ਕਰਨ ਵਾਲੇ ਨੇਤਾ ਜੀ ਅੱਜਕੱਲ੍ਹ ਬਿਲਕੁਲ ਖ਼ਾਮੋਸ਼ ਹੋ ਗਏ ਹਨ।
ਹਰ ਵੇਲੇ ਚਿੰਤਾ ’ਚ ਡੁੱਬੇ ਰਹਿੰਦੇ ਹਨ। ਹਵਾ ਵਿੱਚ ਲਹਿਰਾਉਣ ਵਾਲੀ ਪਹਿਲੀ ਉਂਗਲੀ ਹੁਣ ਪੱਕੇ ਤੌਰ ’ਤੇ ਉਨ੍ਹਾਂ ਦੀ ਸੱਜੀ ਗੱਲ੍ਹ ’ਤੇ ਟਿਕ ਗਈ ਹੈ। ਕਿਸੇ ਮਿੱਤਰ ਨੇ ਪੁੱਛਿਆ:
‘‘ਨੇਤਾ ਜੀ, ਕਿਹੜੀ ਸੋਚ ਵਿੱਚ ਡੁੱਬੇ ਹੋਏ ਹੋ, ਕਿਸ ਗੱਲ ਦੀ ਚਿੰਤਾ ਹੈ?’’
ਨੇਤਾ ਜੀ ਨੇ ਹਉਕਾ ਭਰ ਕੇ ਆਖਿਆ:
‘‘ਭਰਾਵਾ, ਮੈਨੂੰ ਚੋਣਾਂ ਤੋਂ ਪਹਿਲਾਂ ਪ੍ਰਸਿੱਧ ਹੋਣ ਦੀ ਫ਼ਿਕਰ ਸੀ। ਸਾਰਾ ਮੁਲਕ ਜਿੱਤ ਕੇ ਹੁਣ ਉਸ ਪ੍ਰਸਿੱਧੀ ਨੂੰ ਬਚਾਈ ਰੱਖਣ ਦਾ ਫ਼ਿਕਰ ਲੱਗਿਆ ਹੋਇਆ ਹੈ। ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਪ੍ਰਸਿੱਧ ਹੋਣਾ ਬਹੁਤ ਮੁਸ਼ਕਿਲ ਹੈ, ਇਸ ਮਗਰੋਂ ਪ੍ਰਸਿੱਧ ਬਣੇ ਰਹਿਣਾ ਉਸ ਤੋਂ ਵੀ ਵਧੇਰੇ ਮੁਸ਼ਕਿਲ ਹੁੰਦਾ ਹੈ। ਸਮਝ ਗਿਆ? ਕੀ ਸਮਝਿਆ?’’
ਨੇਤਾ ਜੀ ਦੀ ਫ਼ਿਕਰਮੰਦੀ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ। ਕੋਈ ਚੀਜ਼ ਨਾ ਮਿਲ ਰਹੀ ਹੋਵੇ ਤਾਂ ਮਨੁੱਖ ਸਬਰ ਕਰ ਲੈਂਦਾ ਹੈ ਪਰ ਕਈ ਵਰ੍ਹਿਆਂ ਬਾਅਦ ਹੱਥ ਵਿੱਚ ਆਈ ਚੀਜ਼ ਖੁੱਸਣ ਲੱਗੇ ਤਾਂ ਬੰਦੇ ਦਾ ਕਾਲਜਾ ਮੂੰਹ ਨੂੰ ਆਉਣ ਲੱਗਦਾ ਹੈ।
ਨੇਤਾ ਜੀ ਵੀ ਮਨ ਹੀ ਮਨ ਰੱਬ ਨੂੰ ਪ੍ਰਾਰਥਨਾ ਕਰਦੇ ਹਨ: ‘‘ਹੇ ਪ੍ਰਭੂ, ਜੋ ਚੜ੍ਹਾਵਾ ਤੁਸੀਂ ਆਖੋ ਅਸੀਂ ਚੜ੍ਹਾਉਣ ਲਈ ਤਿਆਰ ਹਾਂ, ਜੋ ਸੇਵਾ ਕਹੋ, ਅਸੀਂ ਕਰਨ ਲਈ ਤਿਆਰ ਹਾਂ ਪਰ ਸਾਨੂੰ ਜਿਉਂਦੇ ਜੀਅ ਅਜਿਹਾ ਦਿਨ ਨਾ ਦਿਖਾਉਣਾ ਕਿ ਸਾਡੀ ਪ੍ਰਸਿੱਧੀ ਦਾ ਗ੍ਰਾਫ਼ ਡਿੱਗ ਜਾਵੇ। ਗ੍ਰਾਫ਼ ਡਿੱਗਣ ਤੋਂ ਪਹਿਲਾਂ ਸਾਡੀ ਜਾਨ ਕਿਉਂ ਨਾ ਨਿਕਲ ਜਾਵੇ।’’ ਪ੍ਰਾਰਥਨਾ ਕਰਨ ਤੋਂ ਬਾਅਦ ਨੇਤਾ ਜੀ ਆਪਣੇ ਕੰਬਦੇ ਗੋਡਿਆਂ ’ਤੇ ਹੱਥ ਧਰ ਕੇ ਆਪਣੀ ਭਾਰੀ ਤੇ ਹਾਰੀ ਦੇਹ ਨੂੰ ਉੱਪਰ ਉਠਾਉਣ ਲਈ ਪੂਰਾ ਜ਼ੋਰ ਲਗਾਉਣ ਲੱਗੇ ਸਨ। ਗ੍ਰਾਫ਼ ਤੇ ਦੇਹ ਦੋਵਾਂ ਦਾ ਉੱਪਰ ਉੱਠਣਾ ਨੇਤਾ ਜੀ ਲਈ ਜ਼ਰੂਰੀ ਹੁੰਦਾ ਹੈ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ