Punjabi Stories/Kahanian
ਸਆਦਤ ਹਸਨ ਮੰਟੋ
Saadat Hasan Manto
 Punjabi Kahani
Punjabi Kavita
  

Diwali De Deeve Saadat Hasan Manto

ਦੀਵਾਲੀ ਦੇ ਦੀਵੇ ਸਆਦਤ ਹਸਨ ਮੰਟੋ

ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ 'ਚ ਮੋਰੀ ਦੇ ਕੋਲ ਖਲੋ ਗਈ । ਉਹਦੀਆਂ ਰੋਂਦੀਆਂ ਅੱਖਾਂ 'ਚ ਬਨੇਰੇ 'ਤੇ ਫੈਲੇ ਹੋਏ ਦੀਵਿਆਂ ਨੇ ਕਈ ਚਮਕੀਲੇ ਨਗੀਨੇ ਜੜ੍ਹ ਦਿੱਤੇ ਸਨ, ਉਹਦਾ ਨਿੱਕਾ ਜਿਹਾ ਸੀਨਾ ਦੀਵੇ ਦੀ ਲੋਅ ਵਾਂਗ ਕੰਬਿਆ । ਮੁਸਕਰਾ ਕੇ ਉਹਨੇ ਆਪਣੀ ਮੁੱਠੀ ਖੋਲ੍ਹੀ । ਪਸੀਨੇ ਨਾਲ ਭਿੱਜੇ ਪੈਸੇ ਵੇਖੇ ਤੇ ਬਾਜ਼ਾਰ 'ਚੋਂ ਦੀਵੇ ਲੈਣ ਲਈ ਦੌੜ ਗਈ ।
ਛੱਤ ਦੇ ਬਨੇਰੇ 'ਤੇ ਸ਼ਾਮ ਦੀ ਸੁੱਕੀ ਹਵਾ 'ਚ ਦੀਵਾਲੀ ਦੇ ਦੀਵੇ ਫੜਫੜਾਂਦੇ ਰਹੇ ।
ਸੁਰਿੰਦਰ ਧੜਕਦੇ ਦਿਲ ਨੂੰ ਪਹਿਲੂ 'ਚ ਲੁਕੋਈ ਚੋਰਾਂ ਵਾਂਗ ਗਲੀ 'ਚ ਦਾਖਲ ਹੋਇਆ ਤੇ ਮੁੰਡੇਰ ਦੇ ਹੇਠਾਂ ਬੇਕਰਾਰੀ ਨਾਲ ਟਹਿਲਣ ਲੱਗਾ । ਉਹਨੇ ਦੀਵਿਆਂ ਦੀਆਂ ਕਤਾਰਾਂ ਵੱਲ ਵੇਖਿਆ । ਉਹਨੂੰ ਹਵਾ 'ਚ ਉਛਲਦੇ ਹੋਏ ਸ਼ੋਅਲੇ ਆਪਣੀਆਂ ਰਗਾਂ 'ਚ ਦੌੜਦੇ ਹੋਏ ਲਹੂ 'ਚ ਨੱਚਦੇ ਹੋਏ ਕਤਰੇ ਜਾਪੇ । ਚਾਣਚੱਕ ਸਾਹਮਣੇ ਵਾਲੀ ਬਾਰੀ ਖੁੱਲ੍ਹੀ, ਸੁਰਿੰਦਰ ਸਿਰ ਤੋਂ ਪੈਰਾਂ ਤੱਕ ਦ੍ਰਿਸ਼ਟੀ ਬਣ ਗਿਆ । ਬਾਰੀ ਦੇ ਡੰਡੇ ਦਾ ਸਹਾਰਾ ਲੈ ਕੇ ਉਸ ਮੁਟਿਆਰ ਨੇ ਝੁਕ ਕੇ ਗਲੀ 'ਚ ਵੇਖਿਆ ਤੇ ਝਟਪਟ ਉਹਦਾ ਚਿਹਰਾ ਤਮਤਮਾ ਉਠਿਆ ।
ਕੁਝ ਇਸ਼ਾਰੇ ਹੋਏ । ਬਾਰੀ ਚੂੜੀਆਂ ਦੀ ਖੜਖੜਾਹਟ ਨਾਲ ਬੰਦ ਹੋਈ ਤੇ ਸੁਰਿੰਦਰ ਉਥੋਂ ਨਸ਼ੀਲੀ ਹਾਲਤ 'ਚ ਚਲ ਪਿਆ ।
ਛੱਤ ਦੀ ਬਨੇਰੇ 'ਤੇ ਦੀਵਾਲੀ ਦੇ ਦੀਵੇ ਨਵ-ਵਿਆਹੁਤਾ ਦੀ ਸਾੜ੍ਹੀ 'ਚ ਟੰਗੇ ਹੋਏ ਤਾਰੇ ਵਾਂਗ ਚਮਕਦੇ ਰਹੇ । ਉਸੇ ਵੇਲੇ ਸਰਜੂ ਘੁਮਿਆਰ ਸੋਟੀ ਟੇਕਦਾ ਹੋਇਆ ਆਇਆ ਤੇ ਸਾਹ ਲੈਣ ਲਈ ਰੁਕ ਗਿਆ । ਲਗਭਗ ਉਹਦੀ ਛਾਤੀ ਸੜਕ ਕੁੱਟਣ ਵਾਲੇ ਇੰਜਣ ਵਾਂਗ ਫੜਕ ਰਹੀ ਸੀ । ਗਲੇ ਦੀਆਂ ਰਗਾਂ ਸਾਹ ਦੇ ਦੌਰੇ ਕਾਰਨ ਧਾਕਣੀ ਵਾਂਗ ਫੁੱਲ ਰਹੀਆਂ ਸਨ । ਕਦੇ ਸੁੰਗੜ ਜਾਂਦੀਆਂ ਸਨ । ਉਹਨੇ ਧੌਣ ਚੁੱਕ ਕੇ ਜਗਮਗ-ਜਗਮਗ ਕਰਦੇ ਦੀਵਿਆਂ ਵੱਲ ਧੁੰਦਲੀਆਂ ਅੱਖਾਂ ਨਾਲ ਵੇਖਿਆ ਤੇ ਉਹਨੂੰ ਜਾਪਿਆ ਕਿ ਦੂਰ[ ਬਹੁਤ ਦੂਰ ਬਹੁਤ ਸਾਰੇ ਬੱਚੇ ਕਤਾਰ ਬੰਨ੍ਹੀ ਖੇਡ-ਕੁੱਦ 'ਚ ਮਗਨ ਹਨ । ਸਰਜੂ ਘੁਮਿਆਰ ਦੀ ਸੋਟੀ ਜਾਣੋਂ ਭਾਰੀ ਹੋ ਗਈ । ਬਲਗਮ ਥੁੱਕ ਕੇ ਉਹ ਫਿਰ ਕੀੜੀ ਦੀ ਚਾਲ ਚੱਲਣ ਲੱਗ ਪਿਆ ।
ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਜਗਮਗਾਉਂਦੇ ਰਹੇ ।
ਫਿਰ ਇਕ ਮਜ਼ਦੂਰ ਆਇਆ । ਪਾਟੇ ਹੋਏ ਗਿਰੇਬਾਨ 'ਚੋਂ ਉਹਦੀ ਛਾਤੀ ਦੇ ਵਾਲ ਟੁੱਟੀਆਂ ਫੁੱਟੀਆਂ ਆਲ੍ਹਣੇ ਦੀਆਂ ਤੀਲੀਆਂ ਵਾਂਗ ਵਿਖਰ ਰਹੇ ਸਨ । ਦੀਵਿਆਂ ਦੀ ਕਤਾਰ ਵੱਲ ਉਹਨੇ ਸਿਰ ਚੁੱਕ ਕੇ ਤੱਕਿਆ ਅਤੇ ਉਹਨੂੰ ਅਜਿਹਾ ਅਨੁਭਵ ਹੋਇਆ ਜਿਵੇਂ ਅਕਾਸ਼ ਦੇ ਧੁੰਦਲੇ ਮੱਥੇ 'ਤੇ ਪਸੀਨੇ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਚਮਕ ਰਹੀਆਂ ਹਨ । ਫਿਰ ਉਹਨੂੰ ਆਪਣੇ ਘਰ ਦੇ ਹਨੇਰੇ ਦਾ ਖਿਆਲ ਆਇਆ ਤੇ ਉਹ ਉਨ੍ਹਾਂ ਧੜਕਦੇ ਹੋਏ ਸ਼ੋਅਲਿਆਂ ਦੇ ਚਾਨਣ ਨੂੰ ਕਨੱਖੀਆਂ ਨਾਲ ਵੇਖਦਾ ਹੋਇਆ ਅੱਗੇ ਵੱਲ ਗਿਆ ।
ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਅੱਖਾਂ ਝਪਕਦੇ ਰਹੇ ।
ਨਵੇਂ ਤੇ ਚਮਕੀਲੇ ਬੂਟਾਂ ਦੀ ਚਰਚਰਾਹਟ ਨਾਲ ਇਕ ਆਦਮੀ ਆਇਆ ਤੇ ਕੰਧ ਦੇ ਨੇੜੇ ਸਿਗਰਟ ਸੁਲਗਾਣ ਲਈ ਠਹਿਰ ਗਿਆ । ਉਹਦਾ ਚਿਹਰਾ ਅਸ਼ਰਫੀ 'ਤੇ ਲੱਗੀ ਹੋਈ ਮੋਹਰ ਵਾਂਗ ਭਾਵਨਾਵਾਂ ਤੋਂ ਖਾਲੀ ਸੀ । ਕਾਲਰ ਚੜ੍ਹੀ ਧੌਣ ਚੁੱਕ ਕੇ ਉਹਨੇ ਦੀਵਿਆਂ ਵੱਲ ਵੇਖਿਆ ਤੇ ਉਹਨੂੰ ਜਾਪਿਆ ਕਿ ਜਿਵੇਂ ਬਹੁਤ ਸਾਰੀਆਂ ਕੁਠਾਲੀਆਂ 'ਚ ਸੋਨਾ ਪੰਘਰ ਰਿਹਾ ਹੈ । ਉਹਦੇ ਚਰਚਰਾਂਦੇ ਹੋਏ ਚਮਕੀਲੇ ਜੁੱਤਿਆਂ 'ਤੇ ਨੱਚ ਦੇ ਹੋਏ ਸ਼ੋਅਲਿਆਂ ਦਾ ਪ੍ਰਤੀਬਿੰਬ ਪੈ ਰਿਹਾ ਸੀ । ਉਹ ਉਨ੍ਹਾਂ ਨਾਲ ਖੇਡਦਾ ਅੱਗੇ ਵਧ ਗਿਆ ।
ਜੋ ਕੁਝ ਉਨ੍ਹਾਂ ਵੇਖਿਆ, ਜੋ ਕੁਝ ਉਨ੍ਹਾਂ ਸੁਣਿਆ । ਕਿਸੇ ਨੂੰ ਮਤਲਬ ਨਹੀਂ ਸੀ ਦੱਸਿਆ । ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ ਤੇ ਸਾਰੇ ਦੀਵੇ ਇਕ-ਇਕ ਕਰਕੇ ਬੁਝ ਗਏ ।

(ਅਨੁਵਾਦ: ਸੁਰਜੀਤ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com