Punjabi Stories/Kahanian
ਐਸ. ਸਾਕੀ
S. Saki

Punjabi Kavita
  

Do Kataran Wale Ghar S. Saki

ਦੋ ਕਤਾਰਾਂ ਵਾਲੇ ਘਰ ਐਸ ਸਾਕੀ

ਜਿਸ ਨੂੰ ਵੀ ਪਤਾ ਲੱਗਦਾ ਉਹ ਐੱਸ. ਅਰੋੜਾ ਦੇ ਅਠਾਰਾਂ ਨੰਬਰ ਘਰ ਵੱਲ ਟੁਰ ਪੈਂਦਾ। ਇਹ ਤਾਂ ਚੰਗਾ ਹੋਇਆ ਐੱਸ. ਅਰੋੜਾ ਐਤਵਾਰ ਨੂੰ ਪੂਰਾ ਹੋਇਆ ਸੀ। ਸ਼ਨਿੱਚਰਵਾਰ ਅਤੇ ਐਤਵਾਰ ਦੀ ਤਾਂ ਇੰਗਲੈਂਡ ’ਚ ਸਾਰੇ ਨੌਕਰੀ ਪੇਸ਼ਾ ਲੋਕਾਂ ਨੂੰ ਛੁੱਟੀ ਹੁੰਦੀ ਹੈ।
ਗੋਰੇ ਇਨ੍ਹਾਂ ਦੋ ਦਿਨਾਂ ਵਿੱਚ ਮਸਤੀ ਕਰਨ ਲਈ ਕੋਈ ਨਾ ਕੋਈ ਪ੍ਰੋਗਰਾਮ ਬਣਾ ਹੀ ਲੈਂਦੇ ਹਨ। ਪਰ ਸਾਡੇ ਮੁਲਕ ਦੇ ਬੰਦੇ? ਉਨ੍ਹਾਂ ਤੋਂ ਤਾਂ ਇਨ੍ਹਾਂ ਦੋ ਦਿਨਾਂ ਵਿੱਚ ਆਪਣੇ ਹਫ਼ਤੇ ਭਰ ਦੇ ਘਰ ਦੇ ਕਰਨ ਵਾਲੇ ਕੰਮ ਹੀ ਨਹੀਂ ਮੁੱਕਦੇ। ਇੰਗਲੈਂਡ ਜਿਹੇ ਮੁਲਕ ’ਚ ਵਿਆਹ-ਸ਼ਾਦੀ, ਬੱਚੇ ਦਾ ਜਨਮ ਦਿਨ ਜਾਂ ਆਪਣੀ ਮੈਰਿਜ ਐਨਵਰਸਰੀ ਆਦਿ ਵਧੀਆ ਕਾਰਜ ਕਰਨਾ ਹੋਵੇ ਤਾਂ ਲੋਕੀਂ ਸ਼ਨਿੱਚਰਵਾਰ ਜਾਂ ਐਤਵਾਰ ਦਾ ਦਿਨ ਹੀ ਚੁਣਨਗੇ। ਉਹ ਇਹ ਵੀ ਕਹਿੰਦੇ ਹਨ ਕਿ ਕਿਸੇ ਨੇ ਮਰਨਾ ਹੋਵੇ ਤਾਂ ਉਸ ਲਈ ਵੀ ਐਤਵਾਰ ਦਾ ਦਿਨ ਹੀ ਠੀਕ ਰਹੇਗਾ। ਜੇ ਕੋਈ ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਦਿਨ ਪਰਲੋਕ ਸਿਧਾਰ ਜਾਵੇ ਤਾਂ ਮਜਲਿਸ ਲਈ ਬੰਦੇ ਇਕੱਠੇ ਕਰਨੇ ਮੁਸ਼ਕਿਲ ਹੋ ਜਾਂਦੇ ਹਨ।
ਐੱਸ. ਅਰੋੜਾ ਸਿਆਣਾ ਬੰਦਾ ਸੀ ਜਿਸ ਨੇ ਮਰਨ ਲਈ ਐਤਵਾਰ ਦਾ ਦਿਨ ਚੁਣਿਆ। ਫਿਰ ਆਂਢ-ਗੁਆਂਢ ਦੇ ਲੋਕ ਆਪ ਹੀ ਉਹਦੇ ਘਰ ਆਉਣ ਲੱਗੇ। ਮਨ ਤੋਂ ਨਹੀਂ ਤਾਂ ਦਿਖਾਵੇ ਲਈ ਹੀ ਸਹੀ, ਮਜਲਿਸ ਵਿੱਚ ਸ਼ਾਮਲ ਹੋਣਾ ਹੀ ਪੈਂਦਾ ਹੈ।
ਐੱਸ. ਅਰੋੜਾ ਮੇਰਾ ਗੁਆਂਢੀ ਸੀ। ਮੈਂ ਸਤਾਰਾਂ ਵਿੱਚ ਰਹਿੰਦਾ ਸਾਂ ਅਤੇ ਉਹਦੇ ਘਰ ਦਾ ਨੰਬਰ ਅਠਾਰਾਂ ਸੀ। ਮੇਰਾ ਉਸ ਨਾਲ ਬਹੁਤ ਨੇੜੇ ਦਾ ਸਬੰਧ ਸੀ। ਮੈਂ ਤਾਂ ਪਿਛਲੇ ਚਾਰ ਦਿਨਾਂ ਤੋਂ ਉਸ ਨਾਲ ਹਸਪਤਾਲ ’ਚ ਵੀ ਰਿਹਾ। ਉਸ ਨੂੰ ਹੌਸਲਾ ਦਿੰਦਾ ਰਿਹਾ ਕਿ ਸਭ ਠੀਕ ਹੋ ਜਾਵੇਗਾ, ਪਰ ਕੁਝ ਵੀ ਠੀਕ ਨਹੀਂ ਹੋਇਆ ਤੇ ਐੱਸ. ਅਰੋੜਾ ਦਾ ਇੰਤਕਾਲ ਹੋ ਗਿਆ। ਉਸ ਦੀ ਨੂੰਹ ਤਾਂ ਇੱਕ ਵਾਰੀ ਦਿਨੇ ਵੀ ਹਸਪਤਾਲ ਨਹੀਂ ਆਈ। ਬੱਚਿਆਂ ਦੇ ਇਕੱਲੇ ਹੋਣ ਦਾ ਬਹਾਨਾ ਬਣਾ ਕੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਅਰੋੜਾ ਦਾ ਪੁੱਤਰ ਤਾਂ ਬੌਂਦਲਿਆ ਫਿਰਦਾ ਸੀ। ਉਸ ਨੂੰ ਸਮਝ ਹੀ ਨਾ ਆਵੇ ਕਿ ਕੀ ਕਰੇ।
ਮੈਨੂੰ ਇੰਗਲੈਂਡ ਆਇਆਂ ਕੋਈ ਤੀਹ ਸਾਲ ਹੋ ਗਏ ਹਨ। ਇੱਥੇ ਆਉਣ ਤੋਂ ਪਹਿਲਾਂ ਮੈਂ ਪਤਨੀ ਅਤੇ ਇੱਕ ਦੋ ਸਾਲਾਂ ਦੇ ਪੁੱਤ ਤੇ ਧੀ ਨੂੰ ਆਪਣੇ ਮਾਤਾ-ਪਿਤਾ ਕੋਲ ਛੱਡ ਦਿੱਤਾ ਤੇ ਥੋੜ੍ਹੇ ਜਿਹੇ ਪੌਂਡ ਲੈ ਕੇ ਇੰਗਲੈਂਡ ਆ ਗਿਆ ਸੀ। ਮੈਂ ਐੱਮ.ਏ., ਬੀ.ਐੱਡ. ਕੀਤੀ ਹੋਈ ਸੀ। ਇੰਗਲੈਂਡ ਆਉਣ ਤੋਂ ਪਹਿਲਾਂ ਮੈਂ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਸੀ। ਮਨ ਵਿੱਚ ਇੱਕੋ ਗੱਲ ਸੀ ਕਿ ਇਨ੍ਹਾਂ ’ਚੋਂ ਇੱਕ ਡਾਕਟਰ ਬਣੇ ਤੇ ਇੱਕ ਇੰਜੀਨੀਅਰ ਬਣੇ। ਉਹ ਵੀ ਬਾਹਰ ਦੇ ਮੁਲਕ ਤੋਂ। ਇੰਗਲੈਂਡ ਬਹੁਤ ਠੰਢਾ ਮੁਲਕ ਸੀ। ਮੈਂ ਇੰਡੀਆ ਤੋਂ ਰਜਾਈ ਤੇ ਕੰਬਲ ਲੈ ਕੇ ਆਇਆ ਸੀ, ਪਰ ਇੱਥੇ ਦੀ ਠੰਢ ਲਈ ਇਹ ਦੋ ਚੀਜ਼ਾਂ ਕਾ਼ਫ਼ੀ ਨਹੀਂ ਸਨ। ਇਹ ਤਾਂ ਚੰਗਾ ਹੋਇਆ ਠਹਿਰਨ ਲਈ ਥਾਂ ਮਿਲ ਗਈ। ਆਪਣੇ ਮੁਲਕ ਦੇ ਬੰਦੇ ਨੇ ਆਪਣੇ ਨਾਲ ਕਮਰੇ ਵਿੱਚ ਠਹਿਰਾ ਮੈਨੂੰ ਕਿਰਾਏ ’ਚ ਹਿੱਸੇਦਾਰ ਬਣਾ ਲਿਆ ਸੀ।
ਮੇਰੇ ਪਹਿਲੇ ਦੋ ਸਾਲ ਬਹੁਤ ਅੌਖੇ ਬੀਤੇ। ਮੈਂ ਇੱਕ ਫੈਕਟਰੀ ਵਿੱਚ ਅਜਿਹਾ ਕੰਮ ਕਰਦਾ ਰਿਹਾ ਜਿਹੜਾ ਮੇਰੇ ਰੁਤਬੇ ਦਾ ਨਹੀਂ ਸੀ। ਫਿਰ ਦੋ ਸਾਲਾਂ ਬਾਅਦ ਮੈਨੂੰ ਏਅਰਪੋਰਟ ’ਤੇ ਕਲਰਕ ਦੀ ਨੌਕਰੀ ਮਿਲ ਗਈ। ਦੋ ਸਾਲਾਂ ਤੀਕ ਮੈਂ ਟੱਬਰ ਨੂੰ ਆਪਣੇ ਕੋਲ ਨਹੀਂ ਸੀ ਸੱਦ ਸਕਿਆ।
ਦੋ ਸਾਲਾਂ ਵਿੱਚ ਮੈਂ ਥੋੜ੍ਹੇ ਪੈਸੇ ਇਕੱਠੇ ਕਰ ਲਏ ਸਨ। ਫਿਰ ਮੈਂ ਆਪਣਾ ਘਰ ਖ਼ਰੀਦਣ ਦਾ ਸੋਚਿਆ ਤਾਂ ਕਿ ਪਰਿਵਾਰ ਨੂੰ ਆਪਣੇ ਕੋਲ ਸੱਦ ਸਕਾਂ। ਪਤਨੀ ਤੇ ਬੱਚਿਆਂ ਬਿਨਾਂ ਮੈਨੂੰ ਇਕੱਲਾ ਰਹਿਣਾ ਚੰਗਾ ਨਹੀਂ ਸੀ ਲੱਗਦਾ। ਬੱਚਿਆਂ ਦਾ ਬਹੁਤ ਫ਼ਿਕਰ ਰਹਿੰਦਾ ਸੀ।
ਇਸ ਮੁਲਕ ਵਿੱਚ ਘਰ ਖ਼ਰੀਦਣਾ ਇੰਨਾ ਅੌਖਾ ਨਹੀਂ ਸੀ। ਮੈਂ ਇੱਕ ਬੈਂਕ ਨਾਲ ਗੱਲ ਕੀਤੀ ਅਤੇ ਮੇਰਾ ਕੰਮ ਬਣ ਗਿਆ। ਬੈਂਕ ਦਾ ਲੋਨ ਅਤੇ ਆਪਣੇ ਇਕੱਠੇ ਕੀਤੇ ਪੈਸੇ ਮਿਲਾ ਕੇ ਮੈਂ ਘਰ ਖ਼ਰੀਦ ਲਿਆ। ਜਿੱਥੇ ਮੈਂ ਘਰ ਲਿਆ, ਉਹ ਸਾਰਾ ਇਲਾਕਾ ਹੀ ਗੋਰਿਆਂ ਦਾ ਸੀ। ਇੱਕ ਗੋਰਾ ਘਰ ਵੇਚ ਕੇ ਅਮਰੀਕਾ ਜਾ ਰਿਹਾ ਸੀ। ਉਹ ਮੈਨੂੰ ਫਰਨਿਸ਼ਡ ਘਰ ਦੇ ਗਿਆ। ਘਰ ਖ਼ਰੀਦਣ ਤੋਂ ਬਾਅਦ ਪਰਿਵਾਰ ਮੇਰੇ ਕੋਲ ਇੰਗਲੈਂਡ ਆ ਗਿਆ। ਮੈਂ ਮਹੀਨੇ ਦਾ ਕਿਰਾਇਆ ਦੇਣ ਦੀ ਥਾਂ ਘਰ ਦੀ ਕਿਸ਼ਤ ਭਰਦਾ ਰਿਹਾ ਤੇ ਫਿਰ ਇਸ ਸਤਾਰਾਂ ਨੰਬਰ ਨੂੰ ਆਪਣਾ ਘਰ ਬਣਾਉਂਦਿਆਂ ਪੰਦਰਾਂ ਸਾਲ ਲੱਗ ਗਏ। ਜਦੋਂ ਬੱਚੇ ਛੋਟੇ ਸਨ ਤੇ ਪੜ੍ਹਾਈ ਦੇ ਖ਼ਰਚੇ ਵੱਧ ਸਨ ਤਾਂ ਹੱਥ ਖੁੱਲ੍ਹਾ ਕਰਨ ਲਈ ਪਤਨੀ ਵੀ ਪਾਰਟ-ਟਾਈਮ ਜੌਬ ਕਰਦੀ ਰਹੀ ਸੀ। ਫਿਰ ਬੱਚੇ ਵੱਡੇ ਹੋ ਗਏ। ਪੁੱਤ ਡਾਕਟਰ ਬਣ ਗਿਆ ਤੇ ਧੀ ਬੈਂਕ ਅਫ਼ਸਰ।
ਕਿਸੇ ਬਿਲਡਰ ਦੇ ਬਣਾਏ ਉਨ੍ਹਾਂ ਮਕਾਨਾਂ ਦੀਆਂ ਆਹਮਣੇ-ਸਾਹਮਣੇ ਦੋ ਲੰਬੀਆਂ ਕਤਾਰਾਂ ਵਿੱਚ ਸ਼ੁਰੂ ’ਚ ਮੈਂ ਪਹਿਲਾ ਹਿੰਦੋਸਤਾਨੀ ਸੀ। ਕਿਸੇ ਨਾਲ ਵੀ ਗੱਲਬਾਤ ਨਾ ਹੁੰਦੀ। ਸਾਰੇ ਹੀ ਚੁੱਪ-ਚੁੱਪ ਜਿਹੇ ਲੱਗਦੇ ਉਹ ਗੋਰੇ।
ਪਰ ਫਿਰ ਪਤਾ ਨਹੀਂ ਕੀ ਹੋਇਆ। ਵਕਤ ਲੰਘਦਿਆਂ ਉੱਥੇ ਰਹਿੰਦੇ ਗੋਰੇ ਆਪਣੇ ਘਰ ਵੇਚ-ਵੇਚ ਕੇ ਲੰਡਨ ਤੋਂ ਬਾਹਰ ਜਾਣ ਲੱਗੇ। ਇਨ੍ਹਾਂ ਤੀਹ ਸਾਲਾਂ ਵਿੱਚ ਘਰਾਂ ਦੀਆਂ ਆਹਮਣੇ-ਸਾਹਮਣੇ ਦੋ ਕਤਾਰਾਂ ਵਿੱਚ ਮੇਰੇ ਨਾਲ ਦੇ ਅਠਾਰਾਂ ਨੰਬਰ ਘਰ ਨੂੰ ਛੱਡ ਬਾਕੀ ਸਾਰਿਆਂ ਵਿੱਚ ਹਿੰਦੋਸਤਾਨੀ ਤੇ ਪਾਕਿਸਤਾਨੀ ਪਰਿਵਾਰ ਆ ਕੇ ਵੱਸ ਗਏ।
ਹੌਲੇ-ਹੌਲੇ ਏਰੀਏ ਦਾ ਮਾਹੌਲ ਹੀ ਬਦਲ ਗਿਆ। ਕਈ ਵਾਰੀ ਤਾਂ ਇੰਜ ਹੀ ਲੱਗਣ ਲੱਗਦਾ ਜਿਵੇਂ ਉਨ੍ਹਾਂ ਆਹਮੋ-ਸਾਹਮਣੇ ਬਣਾਏ ਘਰਾਂ ’ਚ ਅੱਧਾ ਪੰਜਾਬ ਉੱਠ ਕੇ ਆ ਗਿਆ ਹੋਵੇ।
…ਪਰ ਇਸ ਅੱਧੇ ਪੰਜਾਬ ਵਿੱਚ ਮੇਰੇ ਸੁਭਾਅ ਮੁਤਾਬਕ ਮੈਨੂੰ ਕੋਈ ਵੀ ਬੰਦਾ ਨਹੀਂ ਮਿਲਿਆ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਮੈਨੂੰ ਸ਼ਾਸਤਰੀ ਸੰਗੀਤ ਚੰਗਾ ਲੱਗਦਾ ਸੀ। ਮੈਨੂੰ ਸਹਿਗਲ ਸਾਹਿਬ ਦੇ ਗਾਣਿਆਂ ਵਿੱਚੋਂ ਆਨੰਦ ਆਉਂਦਾ ਸੀ।
ਪਰ ਉਨ੍ਹਾਂ ਘਰਾਂ ਵਿੱਚ ਬਹੁਤੇ ਵਪਾਰੀ ਸਨ। ਉਹ ਤਾਂ ਵਪਾਰ ਦੀਆਂ ਹੀ ਗੱਲਾਂ ਕਰਦੇ। ਉਨ੍ਹਾਂ ਵਿੱਚੋਂ ਕਈਆਂ ਨੇ ਇੰਗਲੈਂਡ ਆ ਕੇ ਹੋਟਲ ਖੋਲ੍ਹੇ ਸਨ। ਕਈਆਂ ਨੇ ਟੈਕਸੀਆਂ ਪਾ ਲਈਆਂ ਸਨ। ਕਈ ਸਬਜ਼ੀ ਦੇ ਕਾਰੋਬਾਰ ਵਿੱਚ ਪੈ ਗਏ। ਉਨ੍ਹਾਂ ਕੋਲ ਪੌਂਡਾਂ ਦੀ ਕੋਈ ਘਾਟ ਨਾ ਰਹੀ। ਬੱਸ ਕੁਝ ਹੀ ਨੌਕਰੀ- ਪੇਸ਼ਾ ਬੰਦੇ ਸਨ ਜਿਹੜੇ ਢਿੱਲੇ ਸਨ।
ਜਦੋਂ ਕਿਸੇ ਵੀ ਘਰ ਵਿੱਚ ਕੋਈ ਸਮਾਗਮ ਹੁੰਦਾ ਤਾਂ ਅੌਰਤਾਂ ਭੜਕਵੇਂ ਚਮਕੀਲੇ ਸੂਟ ਪਹਿਨ ਕੇ ਸ਼ਿਰਕਤ ਕਰਦੀਆਂ। ਗਲ ਤੇ ਬਾਹਾਂ ਸੋਨੇ ਦੇ ਭਾਰੇ ਗਹਿਣਿਆਂ ਨਾਲ ਭਰੀਆਂ ਦਿੱਸਦੀਆਂ। ਉੱਚਾ ਸੰਗੀਤ ਵਜਾ ਕੇ ਉਹ ਨੱਚਦੇ, ਦਾਰੂ ਪੀਂਦੇ, ਸ਼ੋਰ ਮਚਾਉਂਦੇ ਅਤੇ ਆਪਣੇ ਆਪ ਨੂੰ ਇੱਕ-ਦੂਜੇ ਨਾਲੋਂ ਵੱਡਾ ਦਰਸਾਉਣ ਲਈ ਸਭ ਕੁਝ ਕਰਦੇ। ਪਰ ਮੈਂ…? ਮੇਰਾ ਤਾਂ ਉਨ੍ਹਾਂ ਨਾਲ ਕੁਝ ਵੀ ਮੇਲ ਨਹੀਂ ਸੀ ਖਾਂਦਾ! ਨਾ ਮੇਰੀ ਪਤਨੀ, ਨਾ ਮੇਰੀ ਬੈਂਕ ਅਫ਼ਸਰ ਧੀ, ਨਾ ਮੇਰਾ ਡਾਕਟਰ ਪੁੱਤ। ਸਭ ਵੱਖ ਸੁਭਾਅ ਵਾਲੇ, ਵੱਖ ਰੁਚੀ ਵਾਲੇ। ਉਹ ਵੀ ਮੇਰੇ ਵਾਂਗ ਅੱਧੇ ਪੰਜਾਬ ਨਾਲ ਕਿਵੇਂ ਮਿਲਦੇ, ਕਿਵੇਂ ਜੁੜਦੇ?
ਫਿਰ ਇੱਕ ਦਿਨ ਮੇਰੇ ਨਾਲ ਵਾਲੇ ਘਰ ਵਿੱਚ ਰਹਿੰਦਾ ਅਾਖ਼ਰੀ ਗੋਰਾ ਵੀ ਇਸ ਅੱਧੇ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਥਾਂ ਜਾਣ ਲੱਗਾ। ਮੈਨੂੰ ਪਤਾ ਲੱਗਿਆ ਕਿ ਇਸ ਘਰ ਵਿੱਚ ਕੋਈ ਅਰੋੜਾ ਪਰਿਵਾਰ ਆ ਰਿਹਾ ਹੈ। ਮੈਂ ਸੋਚਿਆ ਕਿ ਇਸ ਅੱਧੇ ਪੰਜਾਬ ਵਿੱਚ ਇੱਕ ਹੋਰ ਪਰਿਵਾਰ ਦਾ ਵਾਧਾ ਹੋ ਰਿਹਾ ਹੈ। ਇਹ ਕੋਈ ਨਵੀਂ ਗੱਲ ਨਹੀਂ! ਪਰ ਇਸ ਤਰ੍ਹਾਂ ਨਹੀਂ ਹੋਇਆ।
ਮੈਂ ਨੌਕਰੀ ਤੋਂ ਸੇਵਾਮੁਕਤ ਹੋ ਗਿਆ ਸੀ। ਫਿਰ ਮੈਂ ਉੱਕਾ ਹੀ ਵਿਹਲਾ ਵੀ ਹੋ ਗਿਆ ਸੀ। ਵਕਤ ਕੱਟਣ ਲਈ ਮੈਂ ਪੁੱਤ ਦੇ ਕਲੀਨਿਕ ਚਲਿਆ ਜਾਂਦਾ। ਲਾਇਬਰੇਰੀ ਚਲਿਆ ਜਾਂਦਾ। ਉੱਥੇ ਕਿਤਾਬਾਂ ਪੜ੍ਹਦਾ ਰਹਿੰਦਾ। ਗੁਰਦੁਆਰਾ ਸਾਹਿਬ ਚਲਿਆ ਜਾਂਦਾ।
ਇੱਕ ਹਫ਼ਤਾ ਲੰਘ ਜਾਣ ’ਤੇ ਵੀ ਪਤਾ ਨਾ ਲੱਗਾ ਕਿ ਨਾਲ ਦੇ ਘਰ ਵਿੱਚ ਕੌਣ ਆਇਆ ਸੀ। ਅਸਲ ਵਿੱਚ ਮੈਂ ਸਵੇਰੇ ਰੋਟੀ ਨਾਲ ਲੈ ਕੇ ਅੱਠ ਵਜੇ ਤੋਂ ਪਹਿਲਾਂ ਘਰੋਂ ਨਿਕਲ ਜਾਂਦਾ ਸੀ ਅਤੇ ਮੇਰੇ ਘਰ ਮੁੜਨ ਦਾ ਕੋਈ ਵੀ ਪੱਕਾ ਵਕਤ ਨਹੀਂ ਸੀ ਹੁੰਦਾ।
ਇੱਕ ਦਿਨ ਸਵੇਰੇ ਘਰੋਂ ਜਾਣ ਵਿੱਚ ਮੈਨੂੰ ਦੇਰ ਹੋ ਗਈ। ਸਵੇਰੇ ਦਸ ਵਜੇ ਬਾਹਰ ਨਿਕਲਿਆ ਤਾਂ ਮੈਨੂੰ ਨਾਲ ਦੇ ਅਠਾਰਾਂ ਨੰਬਰ ’ਚ ਇੱਕ ਬੰਦਾ ਦਿਸਿਆ ਜਿਹੜਾ ਛੋਟੇ ਜਿਹੇ ਬਗੀਚੇ ਵਿੱਚ ਫੁੱਲਾਂ ਦੀ ਕਿਆਰੀ ’ਚ ਬੈਠਾ ਖੁਰਪੇ ਨਾਲ ਗੁਡਾਈ ਕਰ ਰਿਹਾ ਸੀ।
ਕੁਦਰਤੀ ਇੱਕ-ਦੂਜੇ ਨਾਲ ਸਾਡੀ ਨਜ਼ਰ ਮਿਲ ਗਈ।
‘‘ਮੈਂ ਐੱਸ. ਅਰੋੜਾ ਹਾਂ ਤੁਹਾਡਾ ਗੁਆਂਢੀ।’’ ਉਸ ਨੇ ਕਿਆਰੀ ’ਚੋਂ ਉੱਠ ਕੇ ਮੈਨੂੰ ਵਿਸ਼ ਕੀਤਾ। ‘‘ਅਸੀਂ ਆਹ ਕੋਈ ਪੰਜ ਛੇ ਦਿਨ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਹਾਂ। ਮੇਰੇ ਪਰਿਵਾਰ ਵਿੱਚ ਮੇਰਾ ਇੰਜੀਨੀਅਰ ਪੁੱਤ, ਮੇਰੀ ਨੂੰਹ, ਮੇਰਾ ਪੋਤਰਾ ਅਤੇ ਮੇਰੀ ਪੋਤਰੀ ਹੈ। ਪੁੱਤ ਤੇ ਨੂੰਹ ਤਾਂ ਦੋਵੇਂ ਜੌਬ ਕਰਦੇ ਹਨ। ਪੋਤਾ-ਪੋਤਰੀ ਸਕੂਲ ਪੜ੍ਹਦੇ ਹਨ। ਮੈਂ ਆਪਣੀ ਉਮਰ ਖਾ ਚੁੱਕਿਆ ਵਿਹਲਾ ਬੰਦਾ ਉਨ੍ਹਾਂ ਦਾ ਘਰ ਸਾਂਭਦਾ ਹਾਂ।’’
ਇੰਨਾ ਆਖ ਐੱਸ. ਅਰੋੜਾ ਠਹਾਕਾ ਮਾਰ ਕੇ ਹੱਸ ਪਿਆ ਜਿਸ ਤੋਂ ਮੈਨੂੰ ਛੇਤੀ ਹੀ ਅੰਦਾਜ਼ਾ ਹੋ ਗਿਆ ਕਿ ਗੁਆਂਢੀ ਖੁੱਲ੍ਹੇ ਦਿਲ ਦਾ ਬੰਦਾ ਹੈ। ਫਿਰ ਦਿਨਾਂ ਵਿੱਚ ਹੀ ਮੇਰੀ ਅਰੋੜਾ ਨਾਲ ਨੇੜਤਾ ਵਧਦੀ ਗਈ। ਗੱਲਾਂ-ਗੱਲਾਂ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਦੋ ਸ਼ੌਕ ਹਨ। ਇੱਕ ਤਾਂ ਕਿਤਾਬਾਂ ਪੜ੍ਹਨਾ, ਦੂਜਾ ਫੁੱਲ ਬੂਟਿਆਂ ਨੂੰ ਪਿਆਰ ਕਰਨਾ। ਉਸ ਨੇ ਮੈਨੂੰ ਆਪਣੀ ਲਾਇਬਰੇਰੀ ਵੀ ਦਿਖਾਈ।
ਉਸ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਸ਼ੇ ’ਚ ਹਾਈ ਸੈਕਿੰਡ ਡਿਵੀਜ਼ਨ ਨਾਲ ਐੱਮ.ਏ. ਪਾਸ ਹੈ। ਕੋਈ ਸਿਫ਼ਾਰਿਸ਼ ਨਾ ਹੋਣ ਕਰਕੇ ਸਰਕਾਰੀ ਕਾਲਜ ’ਚ ਨੌਕਰੀ ਨਹੀਂ ਮਿਲੀ ਤੇ ਉਹ ਸਾਰੀ ਉਮਰ ਪ੍ਰਾਈਵੇਟ ਕਾਲਜ ’ਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਂਦਾ ਰਿਹਾ।
ਉਮਰ ਹੋਈ ਤਾਂ ਰਿਟਾਇਰਮੈਂਟ ਮਿਲ ਗਈ, ਪਰ ਪੰਜ ਸਾਲ ਪਹਿਲਾਂ ਇੰਡੀਆ ਛੱਡ ਕੇ ਆਪਣੇ ਪਰਿਵਾਰ ਕੋਲ ਇੰਗਲੈਂਡ ਆ ਗਿਆ।
‘‘ਮੈਂ ਪੰਜਾਬ ’ਚ ਇਕੱਲਾ ਰਹਿੰਦਾ ਸੀ। ਪਤਨੀ ਦਾ ਦੇਹਾਂਤ ਹੋ ਗਿਆ ਹੈ। ਪੁੱਤ ਮੈਨੂੰ ਇਕੱਲਾ ਨਹੀਂ ਸੀ ਛੱਡਣਾ ਚਾਹੁੰਦਾ। ਮੈਂ ਵੀ ਘਰ ਵੇਚ ਕੇ ਇਨ੍ਹਾਂ ਕੋਲ ਆ ਗਿਆ ਹਾਂ। ਪਹਿਲਾਂ ਅਸੀਂ ਕਿਰਾਏ ਦੇ ਘਰ ’ਚ ਰਹਿੰਦੇ ਸੀ। ਹੁਣ ਇਹ ਆਪਣਾ ਘਰ ਮੁੱਲ ਲੈ ਲਿਆ ਹੈ। ਪੁੱਤ ਮੈਨੂੰ ਬਹੁਤ ਪਿਆਰ ਕਰਦਾ ਹੈ, ਪਰ ਉਸ ਦੀ ਪਤਨੀ ਤੇ ਬੱਚਿਆਂ ਨੂੰ ਰੱਬ ਨੇ ਪਿਆਰ ਕਰਨ ਵਾਲਾ ਖੁੱਲ੍ਹਾ ਦਿਲ ਦੇ ਕੇ ਨਹੀਂ ਭੇਜਿਆ। ਪਿਆਰ ਦੇ ਮਾਮਲੇ ’ਚ ਉਹ ਕੰਜੂਸ ਬਿਰਤੀ ਵਾਲੇ ਹਨ।’’ ਇੰਨੀ ਵੱਡੀ ਗੱਲ ਦੱਸ ਕੇ ਉਹ ਫਿਰ ਜ਼ੋਰ ਦੀ ਹੱਸ ਪਿਆ।
ਬੱਸ ਫਿਰ ਕੀ ਮੈਨੂੰ ਮੇਰੇ ਸੁਭਾਅ ਤੇ ਮੇਰੀ ਰੁਚੀ ਵਾਲਾ ਬੰਦਾ ਮਿਲ ਗਿਆ। ਹੁਣ ਸਾਡਾ ਇਕੱਠਿਆਂ ਦਾ ਵਕਤ ਬਹੁਤ ਆਸਾਨੀ ਨਾਲ ਬੀਤ ਜਾਂਦਾ ਸੀ। ਹੁਣ ਮੈਂ ਕਈ ਵਾਰੀ ਕਲੀਨਿਕ ਅਤੇ ਲਾਇਬਰੇਰੀ ਜਾਣ ਦੀ ਛੁੱਟੀ ਕਰ ਲੈਂਦਾ। ਅਸੀਂ ਘਰ ’ਚ ਬੈਠੇ-ਬੈਠੇ ਬੀਤੇ ਦੀਆਂ ਗੱਲਾਂ ਛੇੜ ਲੈਂਦੇ। ਉਸ ਕੋਲ ਤਾਂ ਕਾਲਜ ਵੇਲੇ ਦੀਆਂ ਕਿੰਨੀਆਂ ਹੀ ਗੱਲਾਂ ਸਨ।
ਇੰਗਲੈਂਡ ਆ ਕੇ ਉਸ ਨੂੰ ਇੱਕੋ ਗਿਲਾ ਸੀ ਕਿ ਉਸ ਦੀ ਨੂੰਹ ਉਹਦਾ ਇੰਨਾ ਖ਼ਿਆਲ ਨਹੀਂ ਸੀ ਰੱਖਦੀ। ਉਹਦੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਵੀ ਉਹਦੀ ਬਹੁਤੀ ਇੱਜ਼ਤ ਨਹੀਂ ਸੀ। ਇਕੱਲਾ ਪੁੱਤ ਸੀ ਜਿਹੜਾ ਉਸ ਨਾਲ ਜੁੜਿਆ ਹੋਇਆ ਸੀ। ਉਸ ਨੂੰ ਇਸ ਘਰ ’ਚ ਆਇਆਂ ਅਜੇ ਛੇ ਮਹੀਨੇ ਹੀ ਹੋਏ ਸਨ ਕਿ ਉਸ ਨੇ ਬਾਹਰ ਦੇ ਬਗੀਚੇ ਦੀ ਨੁਹਾਰ ਹੀ ਬਦਲ ਦਿੱਤੀ ਸੀ। ਹਰੀ ਘਾਹ ਦਾ ਉੱਥੇ ਇੱਕ ਛੋਟਾ ਜਿਹਾ ਲਾਅਨ ਸੀ। ਗੁਲਾਬ ਦੇ ਫੁੱਲ ਸਨ। ਜ਼ੀਨੀਆ ਦੇ ਫੁੱਲ ਸਨ। ਸਨਫਲਾਵਰ ਤੇ ਸਵੀਟ ਪੀ ਦੇ ਫੁੱਲ ਸਨ ਅਤੇ ਹੋਰ ਵੀ ਕਿੰਨੀਆਂ ਹੀ ਕਿਸਮਾਂ ਦੇ ਫੁੱਲ। ਇਸ ਨਾਲ ਕਈ ਹੈਂਗਿੰਗ ਗਮਲੇ ਵੀ। ਉਸ ਨੂੰ ਇੱਕ-ਇੱਕ ਬੂਟੇ ਦੇ ਸੁਭਾਅ ਦਾ ਪੂਰਾ ਗਿਆਨ ਸੀ।
ਹੁਣ ਸਵੇਰ ਵੇਲੇ ਅਸੀਂ ਸੈਰ ਕਰਨ ਵੀ ਜਾਣ ਲੱਗੇ ਸੀ। ਥੋੜ੍ਹੀ ਦੂਰੀ ’ਤੇ ਸਰਕਾਰੀ ਪਾਰਕ ਸੀ ਜਿਸ ਵਿੱਚ ਅਸੀਂ ਗੱਲਾਂ ਕਰਦੇ ਹੋਏ ਘੁੰਮਦੇ ਰਹਿੰਦੇ। ਅਸੀਂ ਬਹੁਤ ਖ਼ੂਬਸੂਰਤ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀ।
ਇੱਕ ਦਿਨ ਸਵੇਰੇ ਅਸੀਂ ਜਦੋਂ ਸੈਰ ਕਰਨ ਜਾ ਰਹੇ ਸੀ ਤਾਂ ਮੈਂ ਵੇਖਿਆ ਐੱਸ. ਅਰੋੜਾ ਕੁਝ ਚੁੱਪ-ਚੁੱਪ ਜਿਹਾ ਸੀ। ‘‘ਕੀ ਹੋ ਗਿਆ ਬਈ ਅਰੋੜਾ ਸਾਹਿਬ! ਇੰਨੇ ਚੁੱਪ-ਚੁੱਪ ਕਿਉਂ ਹੋ? ਸਭ ਸੁੱਖ ਤਾਂ ਹੈ?’’ ਮੈਂ ਪੁੱਛਿਆ।
‘‘ਨਹੀਂ ਭਾਈ ਸਾਹਿਬ, ਕੋਈ ਖ਼ਾਸ ਗੱਲ ਨਹੀਂ।’’ ਉਸ ਨੇ ਬੁਝੇ ਜਿਹੇ ਮਨ ਨਾਲ ਜਵਾਬ ਦਿੱਤਾ। ਜਦੋਂ ਮੈਂ ਇਹੋ ਸਵਾਲ ਦੂਜੀ ਵਾਰੀ ਪੁੱਛਿਆ ਤਾਂ ਉਸ ਨੇ ਬੋਲਣਾ ਸ਼ੁਰੂ ਕੀਤਾ, ‘‘ਬਈ ਗੱਲ ਤਾਂ ਕੋਈ ਖ਼ਾਸ ਨਹੀਂ ਲੱਗੇਗੀ ਕਿਸੇ ਨੂੰ। ਅਸਲ ਵਿੱਚ ਮੈਂ ਗੁਲਾਬ ਦਾ ਇੱਕ ਬੂਟਾ ਤਿਆਰ ਕੀਤਾ ਸੀ। ਮੈਂ ਉਸ ’ਤੇ ਕਲਮਾਂ ਚੜ੍ਹਾ ਕੇ ਪਿਛਲੇ ਕਾਫ਼ੀ ਅਰਸੇ ਤੋਂ ਚਾਰ ਰੰਗ ਦੇ ਲਾਲ, ਪੀਲੇ, ਸਫ਼ੈਦ ਤੇ ਗੁਲਾਬੀ ਫੁੱਲ ਇੱਕੋ ਬੂਟੇ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿੱਚ ਮੈਂ ਸਫ਼ਲ ਵੀ ਹੋ ਗਿਆ ਸੀ। ਤਿੰਨ ਚਾਰ ਦਿਨ ਪਹਿਲਾਂ ਉਸ ’ਤੇ ਇੱਕ ਵੱਡਾ ਲਾਲ ਰੰਗ ਦਾ ਫੁੱਲ ਖਿੜਿਆ ਸੀ। ਜਦੋਂ ਮੈਂ ਦੂਜੇ ਦਿਨ ਵੇਖਿਆ ਤਾਂ ਉਹ ਲਾਲ ਫੁੱਲ ਉੱਥੇ ਨਹੀਂ ਸੀ। ਜੇ ਮੈਂ ਘਰ ’ਚ ਪੁੱਛਿਆ ਤਾਂ ਪੋਤੀ ਪਿੰਕੀ ਨੇ ਦੱਸਿਆ ਕਿ ਉਹ ਫੁੱਲ ਤਾਂ ਤੋੜ ਕੇ ਆਪਣੀ ਮੈਡਮ ਲਈ ਲੈ ਗਈ। ਜੇ ਮੈਂ ਉਸ ਨੂੰ ਕੁਝ ਕਿਹਾ ਤਾਂ ਅੱਗੋਂ ਬਹੂ ਬੋਲੀ: ਕੀ ਹੋ ਗਿਆ ਡੈਡੀ! ਇੰਨਾ ਕਿਉਂ ਬੋਲ ਰਹੇ ਹੋ। ਇੱਕ ਫੁੱਲ ਹੀ ਤਾਂ ਤੋੜਿਆ ਹੈ ਇਸ ਬੱਚੀ ਨੇ। ਬਸ ਭਾਈ ਸਾਹਿਬ ਨੂੰਹ ਦੇ ਮੂੰਹੋਂ ਉਹਦੀ ਭਾਸ਼ਾ ਵਿੱਚ ਇਹ ਸੁਣ ਕੇ ਮਨ ਬਹੁਤ ਖ਼ਰਾਬ ਹੋ ਗਿਆ। ਉਹ ਇੱਕ ਸਾਧਾਰਨ ਖ਼ਿਆਲਾਂ ਵਾਲੀ ਅੌਰਤ ਹੈ ਜਿਸ ਨੂੰ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ, ਇਨ੍ਹਾਂ ਚੀਜ਼ਾਂ ਦਾ ਗਿਆਨ ਨਹੀਂ। ਉਸ ਲਈ ਇਹ ਸਾਧਾਰਨ ਗੁਲਾਬ ਦਾ ਫੁੱਲ ਹੀ ਸੀ, ਪਰ ਮੇਰੀ ਤਾਂ ਇਹ ਕੁਝ ਵੱਖਰਾ ਕਰਨ ਦੀ ਕਈ ਮਹੀਨਿਆਂ ਦੀ ਮਿਹਨਤ ਸੀ। ਉਸ ਨੂੰ ਇਹਦੀ ਪਤਾ ਨਹੀਂ ਕਿਉਂ ਸਮਝ ਨਹੀਂ ਸੀ। ਉਸ ਨੂੰ ਇਹ ਪਤਾ ਨਹੀਂ ਕਿ ਜਦੋਂ ਬਗੀਚੇ ਦਾ ਇੱਕ ਵੀ ਫੁੱਲ ਟੁੱਟਦਾ ਹੈ, ਉਸ ਨਾਲ ਮੇਰੇ ਦਿਲ ਦੇ ਕਈ ਟੁਕੜੇ ਹੋ ਜਾਂਦੇ ਹਨ।’’ ਇੰਨੀ ਗੱਲ ਆਖ ਕੇ ਐੱਸ. ਅਰੋੜਾ ਜਿਵੇਂ ਹੋਰ ਉਦਾਸ ਹੋ ਗਿਆ ਸੀ।
ਇਸ ਮਗਰੋਂ ਉਸ ਦੀਆਂ ਅਜਿਹੀਆਂ ਸ਼ਿਕਾਇਤਾਂ ਅਕਸਰ ਮੈਨੂੰ ਕਦੇ ਨਾ ਕਦੇ ਸੁਣਨੀਆਂ ਹੀ ਪੈਂਦੀਆਂ। ਫਿਰ ਇੱਕ ਦਿਨ ਉਹ ਬਹੁਤ ਦੁਖੀ ਸੀ। ਉਸ ਨੇ ਦੱਸਿਆ ਕਿ ਕੱਲ੍ਹ ਦੋਵੇਂ ਭੈਣ-ਭਰਾ ਨੇ ਬਾਹਰ ਬਗੀਚੇ ’ਚ ਗੇਂਦ ਨਾਲ ਖੇਡਦਿਆਂ ਫੁੱਲਾਂ ਵਾਲੇ ਚਾਰ ਬੂਟੇ ਤੋੜ ਦਿੱਤੇ।
ਐੱਸ. ਅਰੋੜਾ ਦਾ ਮੇਰੇ ਨਾਲ ਉਸ ਘਰ ਵਿੱਚ ਕਾਫ਼ੀ ਲੰਬਾ ਸਾਥ ਰਿਹਾ। ਇਸ ਅਰਸੇ ਵਿੱਚ ਉਹਦੇ ਪੋਤਾ-ਪੋਤੀ ਨੇ ਪਤਾ ਨਹੀਂ ਕਿੰਨੀ ਵਾਰ ਉਹਦੇ ਬਗੀਚੇ ਦੇ ਫੁੱਲ ਤੋੜੇ। ਪਤਾ ਨਹੀਂ ਉਸ ਦੇ ਦਿਲ ਦੇ ਕਿੰਨੀ ਵਾਰੀ ਟੁਕੜੇ ਹੋਏ! ਪਰ ਤਾਂ ਵੀ ਉਹਦਾ ਬਗੀਚਾ ਬਿਲਡਰ ਦੇ ਬਣਾਏ ਘਰ ਦੀਆਂ ਕਤਾਰਾਂ ਵਿੱਚ ਸਭ ਦੇ ਬਗੀਚਿਆਂ ਨਾਲੋਂ ਸੋਹਣਾ ਸੀ। ਜੇ ਨਿੱਤ ਨਹੀਂ, ਤਾਂ ਕਦੇ ਨਾ ਕਦੇ ਅਰੋੜਾ ਮੈਨੂੰ ਸੁਣਾ ਹੀ ਦਿੰਦਾ, ‘‘ਭਾਈ ਸਾਹਿਬ, ਅੱਜ ਫਿਰ ਗੁਲਾਬ ਦੇ ਬੂਟੇ ਦੇ ਦੋ ਫੁੱਲ ਗਾਇਬ ਹੋ ਗਏ ਹਨ। ਅੱਜ ਡੇਲੀਆ ਦਾ ਸਭ ਤੋਂ ਵੱਡਾ ਫੁੱਲ ਤੋੜ ਲਿਆ ਗਿਆ। ਅਜਿਹਾ ਹੋਣ ’ਤੇ ਸੱਚ ਮੰਨੋ ਭਾਈ ਸਾਹਿਬ! ਮੈਨੂੰ ਬਹੁਤ ਤਕਲੀਫ਼ ਹੁੰਦੀ ਹੈ, ਪਰ ਇਹ ਸਭ…।’’ ਉਹ ਗੱਲ ਵਿਚਕਾਰੇ ਛੱਡ ਦਿੰਦਾ।
…ਕੱਲ੍ਹ ਰਾਤ ਹਸਪਤਾਲ ’ਚ ਐੱਸ. ਅਰੋੜਾ ਦਾ ਦੇਹਾਂਤ ਹੋ ਗਿਆ। ਉਹ ਦਿਲ ਦਾ ਦੌਰਾ ਪੈਣ ਕਰਕੇ ਤਿੰਨ ਚਾਰ ਦਿਨ ਹਸਪਤਾਲ ’ਚ ਭਰਤੀ ਵੀ ਰਿਹਾ, ਪਰ ਡਾਕਟਰ ਉਸ ਨੂੰ ਨਹੀਂ ਬਚਾ ਸਕੇ। ਪੁੱਤ ਉਹਦੀ ਦੇਹ ਘਰ ਲੈ ਆਇਆ। ਐਤਵਾਰ ਦੀ ਛੁੱਟੀ ਹੈ। ਬਿਲਡਰ ਰਾਹੀਂ ਬਣਾਏ ਘਰਾਂ ਦੀਆਂ ਦੋ ਕਤਾਰਾਂ ’ਚੋਂ ਲੋਕ ਹੌਲੀ ਹੌਲੀ ਉਹਦੇ ਘਰ ਜੁੜਦੇ ਜਾ ਰਹੇ ਹਨ। ਉਨ੍ਹਾਂ ਵਿੱਚੋਂ ਕਈ ਤਾਂ ਅਫ਼ਸੋਸ ਪ੍ਰਗਟ ਕਰ ਰਹੇ ਹਨ ਅਤੇ ਕਈ ਗੁਆਂਢੀ ਦਿਖਾਵਾ ਕਰਨ ਦੀ ਮਜਬੂਰੀ ਨਾਲ ਆਏ ਹਨ।
ਉਨ੍ਹਾਂ ਸਾਰਿਆਂ ਵਿੱਚੋਂ ਮੈਂ ਸਭ ਤੋਂ ਵੱਧ ਦੁਖੀ ਹਾਂ। ਕਿੰਨਾ ਵਧੀਆ ਸਾਥ ਸੀ ਸਾਡਾ, ਜਿਹੜਾ ਹਮੇਸ਼ਾਂ ਲਈ ਟੁੱਟ ਗਿਆ। ਕਿੰਨਾ ਵਧੀਆ ਬੰਦਾ ਸੀ ਉਹ। ਇਸ ਅੱਧੇ ਪੰਜਾਬ ਵਿੱਚ ਉਸ ਵਰਗਾ ਹੋਰ ਕੋਈ ਵੀ ਨਹੀਂ ਸੀ। ਉਹਦੇ ਬਿਨਾਂ ਮੈਂ ਫਿਰ ਇਕੱਲਾ ਰਹਿ ਗਿਆ ਹਾਂ।
ਘਰ ਵਿੱਚ ਉਹਦੀ ਨੂੰਹ, ਉਹਦੇ ਪੋਤੇ ਅਤੇ ਪੋਤੀ ਨੂੰ ਤਾਂ ਐੱਸ. ਅਰੋੜਾ ਦੇ ਮਰਨ ਦਾ ਭੋਰਾ ਵੀ ਦੁੱਖ ਨਹੀਂ। ਉਹ ਤਾਂ ਸਾਰੇ ਸਾਧਾਰਨ ਸਥਿਤੀ ਵਿੱਚ ਹਨ। ਪਰ ਉਸ ਦਾ ਪੁੱਤਰ ਬਹੁਤ ਦੁਖੀ ਹੈ, ਬਹੁਤ ਉਦਾਸ ਹੈ। ਮੈਂ ਵਾਰ ਵਾਰ ਉਸ ਨੂੰ ਹੌਸਲਾ ਦੇ ਰਿਹਾ ਹਾਂ। ਉਸ ਦੀ ਢਾਰਸ ਬੰਨ੍ਹਾ ਰਿਹਾ ਹਾਂ ਜਦੋਂਕਿ ਮੈਨੂੰ ਆਪਣੇ ਆਪ ਨੂੰ ਸਾਂਭਣਾ ਔਖਾ ਲੱਗ ਰਿਹਾ ਹੈ।
ਪੁੱਤ ਨੇ ਕੰਪਨੀ ਵਾਲਿਆਂ ਨੂੰ ਫੋਨ ਕਰ ਦਿੱਤਾ। ਦਾਹ ਸੰਸਕਾਰ ਕਰਵਾਉਣ ਵਾਲੇ ਗੱਡੀ ਲੈ ਕੇ ਆ ਗਏ ਹਨ। ਉਹ ਆਪਣੇ ਨਾਲ ਤਾਬੂਤ ਲੈ ਕੇ ਆਏ ਅਤੇ ਦੇਹ ਨੂੰ ਪਹਿਨਾਉਣ ਲਈ ਨਵੇਂ ਕੱਪੜੇ ਲੈ ਕੇ ਆਏ ਹਨ। ਉਨ੍ਹਾਂ ਨੇ ਐੱਸ. ਅਰੋੜਾ ਨੂੰ ਸਦੀਵੀ ਲੰਬੇ ਸਫ਼ਰ ਲਈ ਟੋਰਨ ਖ਼ਾਤਰ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਹ ਉਸ ਨੂੰ ਘਰ ਵਾਲਿਆਂ ਨਾਲ ਮਿਲ ਕੇ ਇਸ਼ਨਾਨ ਕਰਵਾਉਣ ਲੱਗੇ ਹੀ ਨੇ ਕਿ…।
ਕੁਦਰਤੀ ਮੈਨੂੰ ਖ਼ਿਆਲ ਆਇਆ ਕਿ ਮ੍ਰਿਤਕ ਦੇਹ ਨੂੰ ਲਿਜਾਂਦੇ ਵੇਲੇ ਉਸ ਨੂੰ ਸਜਾਉਣ ਲਈ ਉਸ ’ਤੇ ਫੁੱਲਮਾਲਾਵਾਂ ਤਾਂ ਚੜ੍ਹਾਉਣੀਆਂ ਹੀ ਚਾਹੀਦੀਆਂ ਹਨ। ਨਾਲੇ ਐੱਸ. ਅਰੋੜਾ ਨੂੰ ਤਾਂ ਫੁੱਲਾਂ ਨਾਲ ਮੋਹ ਵੀ ਬਹੁਤ ਸੀ। ਮੈਂ ਉਸ ਦੇ ਪੋਤੇ ਵਿੱਕੀ ਨੂੰ ਆਪਣੇ ਕੋਲ ਸੱਦ ਕੇ ਕਹਿੰਦਾ ਹਾਂ, ‘‘ਵਿੱਕੀ! ਤੇਰੇ ਗਰੈਂਡਪਾ ਆਪਣੇ ਆਖ਼ਰੀ ਸਫ਼ਰ ’ਤੇ ਜਾ ਰਹੇ ਹਨ। ਇਹ ਇੱਕ ਰੀਤ ਵੀ ਹੈ। ਆਖ਼ਰੀ ਵਿਦਾਇਗੀ ਵੇਲੇ ਮ੍ਰਿਤਕ ਦੇਹ ਨੂੰ ਫੁੱਲ ਜ਼ਰੂਰ ਭੇਟ ਕਰੀਦੇ ਹਨ। ਜਾਹ ਪੁੱਤ, ਛੇਤੀ ਨਾਲ ਮੋੜ ਤੋਂ ਫੁੱਲਾਂ ਵਾਲੀ ਦੁਕਾਨ ਤੋਂ ਥੋੜ੍ਹੇ ਫੁੱਲ ਲੈ ਆ। ਤਾਬੂਤ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਮੁੜ ਆਵੀਂ।’’ ਮੈਂ ਉਸ ਨੂੰ ਪੈਸੇ ਫੜਾਉਂਦਿਆਂ ਕਿਹਾ।
ਮੇਰੀ ਗੱਲ ਸੁਣ ਕੇ ਅਰੋੜਾ ਸਾਹਿਬ ਦਾ ਪੋਤਰਾ ਵਿੱਕੀ ਫੁਰਤੀ ਨਾਲ ਘਰੋਂ ਬਾਹਰ ਨਿਕਲ ਗਿਆ। ਕੰਪਨੀ ਵਾਲੇ ਐੱਸ. ਅਰੋੜਾ ਦੇ ਮ੍ਰਿਤਕ ਸਰੀਰ ਨੂੰ ਨੁਹਾ ਕੇ ਨਵੇਂ ਕੱਪੜੇ ਪਹਿਨਾ ਅਜੇ ਤਾਬੂਤ ’ਚ ਰੱਖਣ ਹੀ ਲੱਗੇ ਸਨ ਕਿ ਵਿੱਕੀ ਥੋੜ੍ਹੇ ਜਿਹੇ ਵਕਤ ਵਿੱਚ ਹੀ ਕਾਫ਼ੀ ਫੁੱਲ ਲੈ ਕੇ ਪਹੁੰਚ ਗਿਆ। ਉਸ ਦੇ ਇਸ ਤਰ੍ਹਾਂ ਕਰਨ ’ਤੇ ਮੈਨੂੰ ਖ਼ੁਸ਼ੀ ਹੋਈ।
ਚੰਗਾ ਹੋਇਆ ਪੋਤੇ ਨੇ ਅਜਿਹੇ ਮੌਕੇ ’ਤੇ ਫੁੱਲ ਲਿਆ ਕੇ ਆਪਣੇ ਦਾਦੇ ਦੇ ਉਮਰ ਭਰ ਦੇ ਸਾਰੇ ਉਲਾਂਭੇ ਦੂਰ ਕਰ ਦਿੱਤੇ, ਸਾਰੇ ਸ਼ਿਕਵੇ ਮਿਟਾ ਦਿੱਤੇ।
ਕੰਪਨੀ ਵਾਲਿਆਂ ਨੇ ਅਰੋੜਾ ਦੇ ਮ੍ਰਿਤਕ ਸਰੀਰ ਨੂੰ ਤਾਬੂਤ ਵਿੱਚ ਲਿਟਾ ਦਿੱਤਾ। ਵਿੱਕੀ ਵੱਲੋਂ ਲਿਆਂਦੇ ਕੁਝ ਫੁੱਲ ਤਾਬੂਤ ਵਿੱਚ ਪਾ ਦਿੱਤੇ ਅਤੇ ਕੁਝ ਉਸ ਨੂੰ ਸਜਾਉਣ ਖ਼ਾਤਰ ਬਾਹਰ ਰੱਖ ਲਏ। ਤਾਬੂਤ ਸਜਾ ਕੇ ਬੰਦ ਕਰ ਦਿੱਤਾ ਗਿਆ। ਕਈ ਖ਼ਾਸ ਬੰਦਿਆਂ ਨੇ ਐੱਸ. ਅਰੋੜਾ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਚੁੱਕ ਕੇ ਆਪਣੇ ਮੋਢਿਆਂ ’ਤੇ ਧਰ ਲਿਆ। ਉਨ੍ਹਾਂ ਵਿੱਚ ਅਗਲੇ ਵਾਲੇ ਪਾਸੇ ਮੈਂ ਅਤੇ ਉਸ ਦਾ ਪੁੱਤਰ ਲੱਗੇ ਹੋਏ ਸਾਂ।
ਜਦੋਂ ਤਾਬੂਤ ਮੋਢਿਆਂ ’ਤੇ ਰੱਖ ਕੇ ਘਰੋਂ ਬਾਹਰ ਨਿਕਲ ਅਸੀਂ ਥੋੜ੍ਹੀ ਦੂਰੀ ’ਤੇ ਖੜ੍ਹੀ ਕੰਪਨੀ ਦੀ ਗੱਡੀ ਵੱਲ ਜਾਣ ਲੱਗੇ ਤਾਂ ਅਚਾਨਕ ਮੇਰੀ ਨਜ਼ਰ ਐੱਸ. ਅਰੋੜਾ ਦੇ ਬਗੀਚੇ ਵੱਲ ਚਲੀ ਗਈ ਜਿੱਥੇ ਭਾਂਤ-ਭਾਂਤ ਦੇ ਫੁੱਲ ਬੂਟੇ ਉੱਗੇ ਹੋਏ ਸਨ। ਇਨ੍ਹਾਂ ’ਤੇ ਗੁਲਾਬ, ਡੇਲੀਆ, ਸਨਫਲਾਵਰ, ਸਵੀਟ ਪੀ ਤੇ ਹੋਰ ਕਿੰਨੇ ਹੀ ਫੁੱਲ ਖਿੜੇ ਹੋਏ ਸਨ। ਜਿਹੜਾ ਬਗੀਚਾ ਬਿਲਡਰ ਦੇ ਬਣਾਏ ਘਰਾਂ ਦੇ ਸਾਰੇ ਬਗੀਚਿਆਂ ਨਾਲੋਂ ਖ਼ਬਸੂਰਤ ਸੀ ਪਰ ਹੁਣ… ਉੱਥੇ ਤਾਂ ਕੋਈ ਵੀ ਫੁੱਲ ਨਹੀਂ। ਸਾਰੇ ਬੂਟੇ ਫੁੱਲਾਂ ਤੋਂ ਬਿਨਾਂ ਸੁੰਨੇ ਖੜ੍ਹੇ ਸਨ।
ਸਾਰੀ ਗੱਲ ਸਮਝਦਿਆਂ ਮੈਨੂੰ ਪਲ ਵੀ ਨਹੀਂ ਲੱਗਿਆ। ਅਸਲ ਵਿੱਚ ਜਦੋਂ ਮੈਂ ਐੱਸ. ਅਰੋੜਾ ਦੇ ਪੋਤੇ ਵਿੱਕੀ ਨੂੰ ਮੋੜ ’ਤੇ ਫੁੱਲਾਂ ਵਾਲੀ ਦੁਕਾਨ ਤੋਂ ਫੁੱਲ ਲਿਆਉਣ ਲਈ ਆਖਿਆ ਤਾਂ ਉਹ ਫੁਰਤੀ ਨਾਲ ਘਰੋਂ ਬਾਹਰ ਨਿਕਲ ਤਾਂ ਗਿਆ, ਪਰ ਫੁੱਲਾਂ ਵਾਲੀ ਦੁਕਾਨ ’ਤੇ ਜਾਣ ਦੀ ਥਾਂ ਉਸ ਨੇ ਐੱਸ. ਅਰੋੜਾ ਯਾਨੀ ਆਪਣੇ ਦਾਦਾ ਜੀ ਦੇ ਉਸ ਬਗੀਚੇ ਦੇ ਉਹ ਸਾਰੇ ਫੁੱਲ ਤੋੜ ਲਏ ਜਿਨ੍ਹਾਂ ਨੂੰ ਉਹ ਜਾਨ ਤੋਂ ਵੀ ਵੱਧ ਪਿਆਰ ਕਰਦੇ ਸਨ। ਜਿਸ ਦਾ ਇੱਕ ਫੁੱਲ ਟੁੱਟਣ ਨਾਲ ਉਨ੍ਹਾਂ ਦੇ ਦਿਲ ਦੇ ਟੁਕੜੇ-ਟੁਕੜੇ ਹੋ ਜਾਇਆ ਕਰਦੇ ਸਨ।
ਅਜੇ ਤਾਬੂਤ ਚੁੱਕੀ ਅਸੀਂ ਥੋੜ੍ਹੀ ਦੂਰ ਖੜ੍ਹੀ ਕੰਪਨੀ ਦੀ ਗੱਡੀ ਵੱਲ ਟੁਰਨ ਨੂੰ ਹੋਏ ਹੀ ਸੀ ਕਿ ਜਿਵੇਂ ਮੈਨੂੰ ਐੱਸ. ਅਰੋੜਾ ਦੀ ਆਵਾਜ਼ ਸੁਣਾਈ ਦਿੱਤੀ ਹੋਵੇ। ਜਿਵੇਂ ਉਸ ਨੇ ਉਲਾਂਭਾ ਦਿੱਤਾ ਹੋਵੇ: ‘‘ਦੇਖ ਲਉ ਭਾਈ ਸਾਹਿਬ! ਇਨ੍ਹਾਂ ਤਾਂ ਮੇਰੇ ਬਗੀਚੇ ਦੇ ਸਾਰੇ ਫੁੱਲ ਤੋੜ ਲਏ। ਇੱਕ ਵੀ ਫੁੱਲ ਨਹੀਂ ਛੱਡਿਆਂ ਇਨ੍ਹਾਂ। ਹੁਣ ਤੁਸੀਂ ਅੰਦਾਜ਼ਾ ਲਗਾਓ ਭਾਈ ਸਾਹਿਬ! ਅੱਜ ਮੇਰੇ ਦਿਲ ਦੇ ਕਿੰਨੇ ਟੁਕੜੇ…।’’ ਇੰਨਾ ਆਖਦਿਆਂ ਜਿਵੇਂ ਉਸ ਦਾ ਗੱਚ ਭਰ ਆਇਆ ਹੋਵੇ ਅਤੇ ਉਹਦੀ ਆਵਾਜ਼ ਬੰਦ ਹੋ ਗਈ ਹੋਵੇ।
ਪਰ ਮੈਂ ਵੇਖਿਆ ਐੱਸ. ਅਰੋਡ਼ਾ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਤਾਂ ਬੰਦ ਸੀ ਜਿਸ ਨੂੰ ਅਸੀਂ ਮੋਢਿਆਂ ’ਤੇ ਚੁੱਕਿਆ ਹੋਇਆ ਸੀ।
ਫਿਰ ਇਹ ਆਵਾਜ਼…? ਮੈਂ ਅੱਗੇ ਸੋਚਣਾ ਬੰਦ ਕਰ ਦਿੱਤਾ।
ਬੱਸ ਮੈਂ ਵੀ ਫਿਰ ਉਸੇ ਤਰ੍ਹਾਂ ਚੁੱਪ ਐੱਸ. ਅਰੋੜਾ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਦੂਜੇ ਬੰਦਿਆਂ ਨਾਲ ਮੋਢੇ ’ਤੇ ਚੁੱਕੀ ਕੁਝ ਦੂਰੀ ’ਤੇ ਖੜ੍ਹੀ ਕੰਪਨੀ ਦੀ ਗੱਡੀ ਵੱਲ ਟੁਰ ਪਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com