Punjabi Stories/Kahanian
ਪਰਗਟ ਸਿੰਘ ਸਤੌਜ
Pargat Singh Satauj
 Punjabi Kahani
Punjabi Kavita
  

Do Yatri Maaian Pargat Singh Satauj

ਦੋ ਯਾਤਰੀ ਮਾਈਆਂ ਪਰਗਟ ਸਿੰਘ ਸਤੌਜ

ਮੈਂ ਪਹਿਲਾਂ ਆਪਣੇ ਮੋਟਰ ਸਾਈਕਲ ਨੂੰ ‘ਹਰ ਕਿਸੇ ਦੇ ਮਾਮੇ ਦਾ ਠੇਲਾ’ ਬਣਾਈ ਰੱਖਿਆ। ਵੇਲੇ ਕੁਵੇਲੇ ਜਿਹੜਾ ਵੀ ਰਾਹ ਜਾਂਦਾ ਹੱਥ ਦੇ ਦਿੰਦਾ, ਮੈਂ ਹਰ ਇਕ ਨੂੰ ਬਿਠਾ ਲੈਂਦਾ। ਘਰ ਦੇ ਵੀ ਮੈਨੂੰ ਅਜਿਹਾ ਕਰਨ ਤੋਂ ਰੋਕਦੇ, ਪਰ ਮੇਰਾ ਮਨ ਅਜਿਹੀ ਗਲਤੀ ਫਿਰ ਕਰ ਜਾਂਦਾ। ਹੁਣ ਗੱਡੀ ਲੈ ਲਈ ਹੈ ਤਾਂ ਵੀ ਮੇਰੀ ਆਦਤ ਉਹੀ ਹੈ। ਦੂਜਾ ਇਸ ਮਾਮਲੇ ਵਿੱਚ ‘ਸੌ ਕੋਹ ਤੋਂ ਵਲ ਪਾ ਕੇ ਲੰਡੇ ਨੂੰ ਖੁੰਡਾ ਟੱਕਰਨ’ ਵਾਲੀ ਗੱਲ ਵਾਂਗ ਮੇਰੇ ਘਰ ਵਾਲੀ ਵੀ ਅਜਿਹੀ ਟੱਕਰੀ ਹੋਈ ਹੈ। ਕੁਝ ਦਿਨ ਹੋਏ ਮੈਂ ਤੇ ਮੇਰੀ ਪਤਨੀ ਦਵਾਈ ਲੈਣ ਬਰਨਾਲੇ ਇਕ ਡਾਕਟਰ ਕੋਲ ਚਲੇ ਗਏ। ਸ਼ਾਮ ਦਾ ਸਮਾਂ ਹੋਣ ਤੇ ਦੂਜਾ ਮੀਂਹ ਦਾ ਮੌਸਮ ਹੋਣ ਕਰਕੇ ਅਸੀਂ ਗੱਡੀ ਲੈ ਗਏ। ਗੱਡੀ ਡਾਕਟਰ ਦੀ ਕੋਠੀ ਅੱਗੇ ਜਾ ਰੋਕੀ। ਸਾਹਮਣੇ ਦਰੱਖਤ ਥੱਲੇ ਬੈਠਣ ਲਈ ਰੱਖੇ ਖੰਭੇ ‘ਤੇ ਇਕ ਬਜ਼ੁਰਗ ਮਾਈ ਬੈਠੀ ਆਪਣੇ ਝੋਲੇ ਵਿੱਚੋਂ ਕੱਢ-ਕੱਢ ਗੰਢਾਂ ਤੇ ਲਿਫਾਫੇ ਫਰੋਲ ਰਹੀ ਸੀ। ਅਸੀਂ ਗੱਡੀ ਬੈਕ ਲਾਉਣ ਲੱਗੇ ਤਾਂ ਉਹ ਕੁਝ ਬੋਲਣ ਲੱਗ ਪਈ। ਪਹਿਲਾਂ ਮੈਂ ਸੋਚਿਆ; ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਗਈ ਹੋਵੇ, ਇਸ ਕਰਕੇ ਮੈਨੂੰ ਸਲੋਕ ਸੁਣਾ ਰਹੀ ਹੋਵੇ। ਜਦੋਂ ਅਸੀਂ ਗੱਡੀ ਤੋਂ ਉਤਰ ਕੇ ਉਸ ਕੋਲੋਂ ਲੰਘਣ ਲੱਗੇ ਤਾਂ ਉਹ ਫਿਰ ਬੋਲਣ ਲੱਗ ਪਈ, ‘ਪੁੱਤ ਗਰਮੀ ਬਹੁਤ ਐ। ਮੁੰਡੇ ਨੂੰ ਸੰਭਾਲ ਕੇ ਰੱਖਿਓ! ਸੁੱਖ ਨਾਲ ਹੁਣ ਹੋਜੂ ਤੇਰਾ ਭਾਰ ਵੰਡਾਉਣ ਆਲਾ। ਕੋਈ ਨਾ ਪੁੱਤ। ਕੋਈ ਨਾ ਜਿਉਂਦਾ ਰਹਿ!' ਮੈਂ ਮਾਈ ਦੀ ਆਵਾਜ਼ ਸੁਣ ਕੇ ਰੁਕ ਗਿਆ, ‘ਬੇਬੇ ਕਿਹੜਾ ਪਿੰਡ ਐ?' ਮੈਂ ਸੋਚਿਆ ਸੀ ਕਿ ਜੇ ਮੇਰੇ ਰਸਤੇ ਵੱਲ ਦਾ ਕੋਈ ਪਿੰਡ ਹੋਇਆ ਤਾਂ ਜਾਂਦਾ ਹੋਇਆ ਉਸ ਨੂੰ ਲਾਹ ਜਾਵਾਂਗਾ, ਬੇਬੇ ਕਿੱਥੇ ਬੱਸਾਂ 'ਚ ਧੱਕੇ ਖਾਂਦੀ ਫਿਰੇਗੀ। ‘ਭਾਈ ਆਹੀ ਐ ਬਰਨਾਲਾ।' ਮੈਂ ਹੋਰ ਸਵਾਲ ਕੀਤਾ, ‘ਦਵਾਈ ਲੈਣ ਆਏ ਸੀ?' ਉਸ ਨੇ ਮੇਰੀ ਪਤਨੀ ਦੀ ਗੋਦੀ ਚੁੱਕੀ ਸਾਡੀ ਕੁੜੀ ਵੱਲ ਮੋਹ ਭਿੱਜਿਆ ਇਸ਼ਾਰਾ ਕਰਦਿਆਂ ਕਿਹਾ, ‘ਨਾ ਪੁੱਤ, ਮੈਂ ਤਾਂ ਸਹਿਣੇ ਜਾਣੈ। ਗਰਮੀ ਬਹੁਤ ਐ। ਦਮ ਲੈਣ ਰੁਕ ਗਈ ਸੀ। ਮੁੰਡੇ ਨੂੰ ਵੀ ਗਰਮੀ ਤੋਂ ਬਚਾ ਕੇ ਰੱਖਿਓ।’ ਮੈਂ ਕਿਹਾ, ‘ਬੇਬੇ ਇਹ ਤਾਂ ਸਾਡੀ ਕੁੜੀ ਹੈ, ਮੁੰਡਾ ਨਹੀਂ।’ ਉਸ ਨੇ ਕਿਹਾ, ‘ਚਲੋ ਕੋਈ ਨਾ। ਜਿਉਂਦੀ ਰਹੇ ਪੁੱਤ। ਜਿਉਂਦੀ ਰਹੇ!’
ਅਸੀਂ ਬੇਬੇ ਨਾਲ ਗੱਲਾਂ ਕਰ ਕੇ ਅੰਦਰ ਚਲੇ ਗਏ। ਡਾਕਟਰ ਮੇਰੀ ਹਾਜ਼ਰੀ ਚਾਹ ਨਾਲ ਕੁਝ ਖਵਾਏ ਬਿਨਾਂ ਮੰਨਦਾ ਨਹੀਂ ਸੀ। ਅਸੀਂ ਚਾਹ ਪੀਣ ਤੋਂ ਬਾਅਦ ਦਵਾਈ ਲੈ ਲਈ। ਇਸ ਸਾਰੇ ਸਮੇਂ ਦੌਰਾਨ ਮੇਰੇ ਦਿਮਾਗ ਵਿੱਚ ਉਹ ਮਾਤਾ ਘੁੰਮਦੀ ਰਹੀ। ਮੈਂ ਉਸ ਸਬੰਧੀ ਕਿੰਨੀਆਂ ਹੀ ਕਹਾਣੀਆਂ ਮਨ ਵਿੱਚ ਘੜ ਲਈਆਂ। ਜਦੋਂ ਅਸੀਂ ਦਵਾਈ ਲੈ ਕੇ ਬਾਹਰ ਆਏ ਤਾਂ ਵੇਖਿਆ, ਉਹ ਚੌਂਕੜੀ ਖਾਲੀ ਸੀ, ਜਿਥੇ ਪਹਿਲਾਂ ਮਾਈ ਨੇ ਡੇਰਾ ਲਾਇਆ ਹੋਇਆ ਸੀ। ਮੈਂ ਥੋੜ੍ਹਾ ਉਦਾਸ ਹੋ ਗਿਆ। ਇੰਜ ਲੱਗਿਆ ਜਿਵੇਂ ਕਿਸੇ ਚੀਜ਼ ਤੋਂ ਵਾਂਝਾ ਰਹਿ ਗਿਆ ਹੋਵਾਂ।
ਵਾਪਸੀ 'ਤੇ ਢੈਪਈ ਤੋਂ ਬੀਰ ਵੱਲ ਆਉਂਦਿਆਂ ਸਾਨੂੰ ਅਜਿਹੀ ਇਕ ਮਾਈ ਹੋਰ ਟੱਕਰ ਗਈ। ਪੁਰਾਣੇ ਕੱਪੜੇ, ਹੱਥ ਵਿੱਚ ਮੈਲਾ ਜਿਹਾ ਝੋਲਾ, ਧੂੜ ਨਾਲ ਅੱਟੇ ਪੈਰਾਂ ਵਿੱਚ ਘਸੀਆਂ ਹੋਈਆਂ ਚੱਪਲਾਂ। ‘ਵਿਚਾਰੀ ਬੇਬੇ ਕਿੱਥੇ ਤੁਰ ਕੇ ਜਾਊ! ਆਪਾਂ ਬਿਠਾ ਲੈਨੇ ਆਂ।', ਮੇਰੀ ਪਤਨੀ ਤੁਰੀ ਜਾਂਦੀ ਬੇਬੇ ਨੂੰ ਵੇਖ ਕੇ ਪਸੀਜ ਗਈ।
ਮੈਂ ਬੇਬੇ ਦੇ ਬਰਾਬਰ ਜਾ ਕੇ ਗੱਡੀ ਰੋਕ ਲਈ ਤੇ ਮੇਰੀ ਪਤਨੀ ਨੇ ਕਿਹਾ, ‘ਆ ਜਾ ਬੇਬੇ ਬੈਠ ਜਾ।' ਉਸ ਨੇ ਰੁਕ ਕੇ ਸਾਡੇ ਵੱਲ ਪਿਆਰ ਨਾਲ ਵੇਖਿਆ ਤੇ ਕਹਿਣ ਲੱਗੀ, ‘ਭਾਈ ਮੈਂ ਤਾਂ ਸਿਆਣਿਆ ਨੀ, ਤੂੰ ਕੀਹਦਾ ਮੁੰਡੈ?' ‘ਮੈਂ ਬੇਬੇ ਤੇਰਾ ਗੁਆਂਢੀ ਆਂ ਸਤੌਜ ਤੋਂ।' ਮੈਂ ਬੜੇ ਮਾਣ ਨਾਲ ਕਿਹਾ, ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਮੇਰੇ ਪਾਠਕ ਤੇ ਦੋਸਤ ਬਹੁਤ ਹਨ, ਜਿਨ੍ਹਾਂ ਦੇ ਮੈਂ ਘਰਾਂ ਵਿੱਚ ਜਾ ਕੇ ਚਾਹਾਂ ਪੀਤੀਆਂ ਅਤੇ ਰੋਟੀਆਂ ਖਾਧੀਆਂ ਹਨ। ਇਸ ਤਰ੍ਹਾਂ ਇਹ ਪਿੰਡ ਮੈਨੂੰ ਆਪਣੇ ਹੀ ਲੱਗਦੇ ਹਨ। ਉਸ ਮਾਈ ਦੇ ਹਾਵ ਭਾਵ ਇਕਦਮ ਬਦਲ ਗਏ। ਉਹ ਗੱਡੀ ਤੋਂ ਇਸ ਤਰ੍ਹਾਂ ਪਿੱਛੇ ਹਟ ਗਈ ਜਿਵੇਂ ਕਰੰਟ ਲੱਗ ਗਿਆ ਹੋਵੇ। ਫਿਰ ਉਹ ਇਕ ਕਦਮ ਆਪਣੀ ਮੰਜ਼ਲ ਵੱਲ ਪੁੱਟਦੀ ਬੋਲੀ, ‘ਨਾ ਵੇ ਭਾਈ, ਮੈਂ ਨ੍ਹੀਂ ਬਹਿੰਦੀ।' ਉਸ ਨੇ ਇਨਕਾਰ ਕਰਦਾ ਖਾਲੀ ਹੱਥ ਹਵਾ ਵਿੱਚ ਛੰਡਿਆ। ਉਸ ਦੀ ਇਹ ਅਦਾ ਮੈਨੂੰ ਇੰਜ ਲੱਗੀ ਜਿਵੇਂ ਤਕੜਾ ਭਲਵਾਨ ਮਾੜੇ ਨੂੰ ਪਹਿਲੇ ਦਾਅ ਨਾਲ ਹੀ ਚਿੱਤ ਕਰ ਗਿਆ ਹੋਵੇ।
ਅਸੀਂ ਮੀਆਂ ਬੀਵੀ ਇਕ ਦੂਜੇ ਦੇ ਮੂੰਹ ਵੱਲ ਵੇਖਦੇ ਬੇਸ਼ਰਮ ਜਿਹੇ ਹੋ ਗਏ। ਇਸ ਗੱਲ ‘ਤੇ ਮੇਰੀ ਪਤਨੀ ਕਹਿੰਦੀ, ‘ਲੈ ਬੇਬੇ ਤੇਰੀਆਂ ਕਿਹੜਾ ਅਸੀਂ ਬਾਲੀਆਂ ਲਾਹ ਲੈਂਦੇ।' ਪਤਨੀ ਦੀ ਗੱਲ ‘ਤੇ ਅਸੀਂ ਦੋਵੇਂ ਹੱਸ ਪਏ। ਤਾਜ਼ੀ-ਤਾਜ਼ੀ ਸਾਡੇ ਨਾਲ ਹੋਈ ਇਹ ‘ਆਪਬੀਤੀ’ ਅਸੀਂ ਹਾਸੇ ਵਿੱਚ ਹੀ ਉਡਾ ਦਿੱਤਾ ਤਾਂ ਕਿ ਕਿਸੇ ਹੋਰ ਨੂੰ ਬਿਠਾਉਣ ਲਈ ਦਿਮਾਗ ਦੀ ਜਗ੍ਹਾ ਫਿਰ ਖਾਲੀ ਹੋ ਜਾਵੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com