Dr. Samuel Johnson's Penance (Story in Punjabi) : Nathaniel Hawthorne

ਡਾਕਟਰ ਸੈਮੁਲ ਜਾਨਸਨ ਦਾ ਪਸ਼ਚਾਤਾਪ (ਕਹਾਣੀ) : ਨੇਥੇਨੀਅਲ ਹਾਥੌਰਨ

੧.
"ਪੁੱਤ੍ਰ ਸੈਮ ਮੇਰਾ ਸਰੀਰ ਅੱਜ ਕੁਝ ਢਿੱਲਾ ਜਿਹਾ ਹੈ, ਅੱਜ ਜ਼ਰਾ ਕੁ ਦੁਕਾਨ ਤੇ ਤੂੰ ਹੀ ਚਲਾ ਜਾਹ ਨਾ; ਗਾਹਕ ਮੁੜ ਨਾ ਜਾਣ ਤੇ ਹੱਟੀ ਦਾ ਭੰਝ ਨਾ ਮਾਰਿਆ ਜਾਵੇ।"
"ਨਾ ਬਾਪੂ ਜੀ, ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਮੈਂ ਪੁਸਤਕਾਂ ਵੇਚਣ ਲਈ ਦੁਕਾਨ ਤੇ ਨਹੀਂ ਜਾਣਾ !" 
‘‘ਚੰਗਾ ਪੁੱਤ੍ਰ, ਜੇ ਤੂੰ ਨਹੀਂ ਜਾਂਦਾ ਤਾਂ ਮੈਂ ਤੇ ਜਾਣਾ ਹੀ ਹੋਇਆ। ਆਪਣੀ ਹੈਂਕੜ ਕਰਕੇ ਬੀਮਾਰ ਪਿਉ ਨੂੰ ਹੀ ਤੂੰ ਸਾਰਾ ਦਿਨ ਦੁਕਾਨ ਤੇ ਭੀੜ ਭੜੱਕੇ ਵਿਚ ਖਲ੍ਹਾਈ ਰੱਖਣਾ ਹੈ ਤਾਂ ਮੈਂ ਤੈਨੂੰ ਹੋਰ ਕੁਝ ਨਹੀਂ ਆਖਣਾਂ ਚਾਹੁੰਦਾ, ਪਰ ਸੈਮ ! ਇਸ ਗੱਲਦਾ ਪਤਾ ਤੈਨੂੰ ਤਦ ਲੱਗੇਗਾ ਜਦੋਂ ਮੈਂ ਨਹੀਂ ਹੋਵਾਂਗਾ, ਮੇਰੇ ਮੋਇਆਂ ਮੇਰੀ ਕਦਰ ਆਵੇਗੀ।"
ਪਿਤਾ ਪੁੱਤ੍ਰ ਵਿਚ ਇਸ ਗੱਲ ਨੂੰ ਹੋਇਆਂ ਦੋ ਕੁ ਸੌ ਵਰ੍ਹਿਆਂ ਤੋਂ ਵੀ ਵਧੀਕ ਹੋ ਗਿਆ ਹੈ। ਉਹ ਇਕ ਪਿੰਡ ਵਿਚ ਰਹਿੰਦੇ ਸਨ, ਪਰ ਕੁਝ ਕੁ ਵਿੱਥ ਤੇ ਸ਼ਹਿਰ ਵਿਚ ਪਿਤਾ ਜਾਨਸਨ ਨੇ ਪੁਸਤਕਾਂ ਦੀ ਹੱਟੀ ਪਾਈ ਹੋਈ ਸੀ, ਜਿਥੇ ਹਰ ਰੋਜ਼ ਸਵੇਰੇ ਉਹ ਜਾਂਦਾ ਸੀ ਤੇ ਸੰਧਿਆ ਪੈਂਦੇ ਘਰ ਨੂੰ ਮੁੜ ਆਉਂਦਾ ਸੀ।
ਪੁੱਤਰ ਸੈਮ ਚੰਗਾ ਹੁਸ਼ਿਆਰ ਗੱਭਰੂ ਸੀ, ਪਰ ਹੈਸੀ ਕਰੂਪ। ਉਸ ਦੀਆਂ ਅੱਖਾਂ ਖ਼ਰਾਬ ਸਨ, ਜਿਸ ਕਰ ਕੇ ਉਸ ਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ। ਇਹ ਇਕ ਗ਼ਰੀਬ ਟੱਬਰ ਸੀ ਤੇ ਜਿਉਂ ਜਿਉਂ ਪਿਤਾ ਬੁੱਢਾ ਹੁੰਦਾ ਜਾਂਦਾ ਸੀ, ਆਮਦਨ ਘੱਟ ਹੁੰਦੀ ਜਾਂਦੀ ਸੀ। ਸੈਮ ਦੇ ਕੱਪੜੇ ਫਟੇ ਪੁਰਾਣੇ ਸਨ, ਜੁੱਤੀ ਟੁੱਟੀ ਹੋਈ ਸੀ, ਜਿਸ ਵਿਚੋਂ ਉੱਗਲਾਂ ਬਾਹਰ ਪਈਆਂ ਨਿਕਲਦੀਆਂ ਸਨ, ਪਰ ਤਾਂ ਵੀ ਸਕੂਲ ਦੇ ਮੁੰਡੇ ਉਸ ਦਾ ਵੱਡਾ ਸਤਿਕਾਰ ਕਰਦੇ ਸਨ ਤੇ ਉਸ ਨੂੰ ਆਪਣਾ ਆਗੂ ਮੰਨਦੇ ਸਨ, ਕਿਉਂ ਜੋ ਉਹ ਪੜ੍ਹਾਈ ਵਿਚ ਵੱਡਾ ਲਾਇਕ ਸੀ। ਤਿੰਨ ਮੁੰਡੇ ਹਰ ਰੋਜ਼ ਸਵੇਰੇ ਉਸ ਦੇ ਘਰ ਆਉਂਦੇ ਤੇ ਚੁਕ ਕੇ ਉਸ ਨੂੰ ਸਕੂਲ ਲੈ ਜਾਂਦੇ। ਭਲਾ ਇਹੋ ਜਿਹਾ ਮੁੰਡਾ ਜਿਸ ਦੀ ਸਕੂਲ ਵਿਚ ਇਤਨੀ ਕਦਰ ਹੋਵੇ ਕਦੋਂ ਸਾਰਾ ਦਿਨ ਦੁਕਾਨ ਤੇ ਖਲੋ ਕੇ ਪੁਸਤਕਾਂ ਵੇਚ ਸਕਦਾ ਸੀ ? ਅਨਪੜ ਪੇਂਡੂਆਂ ਕੋਲ ਪੁਸਤਕਾਂ ਵੇਚਣ ਵਿਚ ਖਬਰੇ ਉਹ ਆਪਣੀ ਹੱਤਕ ਸਮਝਦਾ ਸੀ ਜਾਂ ਆਪਣੇ ਫੱਟੇ ਹੋਏ ਕਪੜੇ ਤੇ ਕੋਝੀ ਸੂਰਤ ਸ਼ਹਿਰੀਆਂ ਨੂੰ ਵਿਖਾਉਣ ਤੋਂ ਝਿਜਕਦਾ ਸੀ। ਮੁੱਕਦੀ ਗੱਲ ਇਹ ਜੋ ਸੈਮ ਨੇ ਪਿਤਾ ਦੀ ਗੱਲ ਨਾ ਮੰਨੀ ਤੇ ਬੁੱਢਾ ਜਾਨਸਨ ਬੀਮਾਰੀ ਦੀ ਹਾਲਤ ਵਿਚ ਹੀ ਸ਼ਹਿਰ ਵਲ ਟੁਰ ਪਿਆ। ਵਿਚਾਰਾ ਕਰਦਾ ਵੀ ਕੀ ! ਜੇ ਹਟੀ ਤੇ ਨਾ ਜਾਂਦਾ ਤਾਂ ਸਾਰਾ ਟੱਬਰ ਭੁੱਖਾ ਮਰਦਾ। ਅਕ੍ਰਿਤਘਨ ਪੁੱਤਰ ਏਡਾ ਆਕੜਿਆ ਹੋਇਆ ਸੀ, ਜੋ ਉਸ ਨੂੰ ਮਾਤਾ ਪਿਤਾ ਦੀ ਰਤੀ ਭਰ ਦੀ ਸਹਾਇਤਾ ਕਰਨ ਤੋਂ ਸ਼ਰਮ ਆਉਂਦੀ ਸੀ।
ਸੈਮ ਪਿਤਾ ਨੂੰ ਹੌਲੀ ਹੌਲੀ ਸੜਕ ਤੇ ਟੁਰਦਿਆਂ ਕੁਝ ਚਿਰ ਵੇਖਦਾ ਰਿਹਾ, ਉਪ੍ਰੰਤ ਉਹ ਅੱਖੋਂ ਉਹਲੇ ਹੋ ਗਿਆ। ਹੁਣ ਪੁੱਤਰ ਨੂੰ ਸੋਚ ਆਈ ਜੋ ਉਸ ਨੇ ਪਿਤਾ ਨੂੰ ਇੰਨਾ ਕਿਉਂ ਦੁਖੀ ਕੀਤਾ। ਉਸ ਦੇ ਮਨ ਅਗੇ ਪਿਤਾ ਦੀ ਮੂਰਤ ਬੱਝ ਗਈ ਜੋ ਉਹ ਕਿਵੇਂ ਦੁਕਾਨ ਤੇ ਖਲੋਤਾ ਹੋਇਆ ਹੈ ਤੇ ਕਿਵੇਂ ਉਸ ਦੇ ਦੁਆਲੇ ਲੋਕਾਂ ਦੀ ਭੀੜ ਹੈ। ਹੁਣ ਤਾਂ ਪੁਸਤਕਾਂ ਵੀ ਦਿੱਸਣ ਲੱਗ ਪਈਆਂ, ਕੁਝ ਕਿੱਸੇ ਕਹਾਣੀਆਂ ਦੀਆਂ ਕਿਤਾਬਾਂ ਸਨ, ਕੁਝ ਧਾਰਮਕ ਪੋਥੀਆਂ ਤੇ ਕੁਝ ਮੂਰਤਾਂ ਵਾਲੀਆਂ ਦਿਲ ਪ੍ਰਚਾਵੇ ਦੀਆਂ ਪੁਸਤਕਾਂ ਸਨ। ਇਕ ਪਾਸੇ ਅਖ਼ਬਾਰਾਂ ਦਾ ਢੇਰ ਪਿਆ ਸੀ ਤੇ ਦੂਜੇ ਪਾਸੇ ਕਾਗਜ਼, ਕਲਮਾਂ, ਪੇਨਸਲਾਂ ਆਦਿ ਲਿਖਣ ਪੜ੍ਹਨ ਦਾ ਸਾਮਾਨ ਸੱਜਿਆ ਪਿਆ ਸੀ। ਹੁਣ ਤਾਂ ਗਾਹਕਾਂ ਦੀਆਂ ਮੂਰਤਾਂ ਵੀ ਅੱਖਾਂ ਅਗੇ ਆ ਗਈਆਂ। ਔਹ ਇਕ ਜ਼ਿਮੀਂਦਾਰ ਆਇਆ ਹੈ, ਜਿਹੜਾ ਪੜ੍ਹ ਲਿਖ ਤਾਂ ਕੁਝ ਨਹੀਂ ਸਕਦਾ, ਪਰ ਮੂਰਤਾਂ ਵੇਖਣ ਲਈ ਹੱਟੀ ਤੇ ਆ ਖਲੋਤਾ ਹੈ। ਉਸ ਦੇ ਮਗਰੋਂ ਇਕ ਬਿਉਪਾਰੀ ਆਇਆ ਹੈ, ਜਿਸ ਨੇ ਅਖ਼ਬਾਰ ਖ਼ਰੀਦ ਲਈ ਹੈ। ਫਿਰ ਤਿੰਨ ਚਾਰ ਮੁੰਡਿਆਂ ਦੀ ਟੋਲੀ ਹੱਟੀ ਦੇ ਲਾਗੇ ਆ ਢੁਕੀ ਹੈ। ਉਨ੍ਹਾਂ ਨੂੰ ਘਰੋਂ ਕੁਝ ਪੈਸੇ ਮਿਲੇ ਹਨ ਤੇ ਇਕ ਹੱਟੀ ਤੋਂ ਦੂਜੀ ਹੱਟੀ ਫਿਰ ਰਹੇ ਹਨ। ਬਜ਼ਾਰ ਵਿਚ ਇਤਨੀਆਂ ਚੀਜ਼ਾਂ ਪਈਆਂ ਸਨ ਜੋ ਉਹ ਫ਼ੈਸਲਾ ਨਹੀਂ ਕਰ ਸਕਦੇ ਜੋ ਕਿਹੜੀ ਚੀਜ਼ ਖ਼ਰੀਦਣ।
ਇਸ ਸਾਰੇ ਸਮੇਂ ਵਿਚ ਵਿਚਾਰਾ ਮਿਸਟਰ ਜਾਨਸਨ ਕਿਤਾਬਾਂ ਤੇ ਅਖ਼ਬਾਰਾਂ ਵੇਚਣ ਵਿਚ ਵੱਡਾ ਜਤਨ ਕਰ ਰਿਹਾ ਸੀ। ਸ਼ੈਤ ਦੋ ਚਾਰ ਪੈਸਿਆਂ ਦੇ ਲਾਭ ਲਈ ਇਕ ਗਾਹਕ ਨਾਲ ਉਸ ਨੂੰ ਪੂਰਾ ਘੰਟਾ ਮਗਜ਼ ਮਾਰਨਾ ਪੈਂਦਾ ਸੀ।
ਸੈਮ ਦੇ ਦਿਲ ਵਿਚ ਆਇਆ, ਵਿਚਾਰੇ ਬਾਪੂ ਦਾ ਮੱਥਾ ਡਾਢਾ ਦੁਖਦਾ ਹੋਵੇਗਾ। ਅਫ਼ਸੋਸ ਜੋ ਉਸ ਦਾ ਹੁਕਮ ਮੰਨ ਕੇ ਮੈਂ ਚਲਾ ਨਾ ਗਿਆ। ਇਹ ਖ਼ਿਆਲ ਆਉਂਦਿਆਂ ਹੀ ਉਹ ਆਪਣੀ ਮਾਤਾ ਕੋਲ ਗਿਆ, ਜਿਹੜੀ ਘਰ ਦੇ ਕੰਮ ਕਾਜ ਵਿਚ ਰੁੱਝੀ ਹੋਈ ਸੀ ਤੇ ਜਿਸ ਨੂੰ ਪਿਤਾ ਪੁੱਤਰ ਦੀ ਇਸ ਗੱਲ ਦਾ ਪਤਾ ਹੀ ਨਹੀਂ ਸੀ, ਆਖਣ ਲੱਗਾ:-
"ਭਾਬੀ ! ਕੀ ਤੁਸੀਂ ਸਮਝਦੇ ਹੋ ਜੋ ਬਾਪੂ ਹੋਰੀ ਅੱਜ ਬਹੁਤ ਢਿੱਲੇ ਸਨ ?” ਮਾਤਾ ਨੇ ਜਿਹੜੀ ਰੋਟੀਆਂ ਪਈ ਪਕਾਉਂਦੀ ਸੀ, ਉਸ ਵਲ ਮੁੜ ਕੇ ਆਖਿਆ, “ਠੀਕ ਹੈ ਬੱਚਾ ਸੈਮ, ਤੇਰਾ ਬਾਪੂ ਅੱਜ ਬਹੁਤ ਬੀਮਾਰ ਲੱਗਦਾ ਸੀ। ਮੈਨੂੰ ਅਫ਼ਸੋਸ ਹੈ ਜੋ ਆਪਣੀ ਥਾਂ ਅੱਜ ਤੈਨੂੰ ਉਸ ਨੇ ਕਿਉਂ ਹੱਟੀ ਤੇ ਨਹੀਂ ਭੇਜ ਦਿਤਾ। ਸੁਖ ਨਾਲ ਤੂੰ ਹੁਣ ਜਵਾਨ ਹੈਂ ਤੇ ਮੈਨੂੰ ਨਿਸ਼ਚਾ ਹੈ ਜੋ ਬੁੱਢੇ ਬਾਪੂ ਦੇ ਹਥ ਵਟਾਉਣ ਵਿਚ ਤੈਨੂੰ ਖੁਸ਼ੀ ਹੋਵੇਗੀ।"
ਸੈਮ ਨੇ ਮਾਤਾ ਨੂੰ ਤਾਂ ਇਸ ਗੱਲ ਦਾ ਕੋਈ ਉੱਤਰ ਨਾ ਦਿਤਾ, ਪਰ ਇਕ ਵਾਰੀ ਮੁੜ ਉਹੋ ਪਿਤਾ ਦੀ ਮੂਰਤ ਅੱਖਾਂ ਅੱਗੇ ਆ ਗਈ। ਵੇਖੋ ! ਕੜਕਵੀਂ ਧੁੱਪ ਵਿਚ ਬੀਮਾਰ ਬਾਪੂ ਥੱਕਿਆ ਟੁੱਟਿਆ ਹੋਇਆ ਖਲੋਤਾ ਹੈ। ਉਸ ਭੀੜ ਵਿਚੋਂ ਕੁਝਕੁ ਪੁਰਸ਼ ਖਲੋ ਕੇ ਉਸ ਵਲ ਤਕ ਰਹੇ ਹਨ। ਇਕ ਭਲਾਮਾਣਸ ਆਖਦਾ ਹੈ- "ਕੀ ਇਸ ਦਾ ਕੋਈ ਪੁੱਤਰ ਨਹੀਂ ਜਿਹੜਾ ਦੁਕਾਨ ਤੇ ਆ ਕੇ ਇਸ ਦੀ ਥਾਂ ਕੰਮ ਕਰੇ ਤੇ ਇਹ ਘਰ ਜਾ ਕੇ ਝੱਟ ਆਰਾਮ ਕਰੇ।"
ਸ਼ਾਇਦ ਸੈਮ ਦਿਲ ਵਿਚ ਆਖਣ ਲੱਗਾ, “ਕੀ ਮੇਰਾ ਬਾਪੂ ਘਬਰਾ ਕੇ ਇਸ ਥਾਂ ਤੇ ਡਿੱਗ ਪਵੇਗਾ ਤੇ ਲਾਗੇ ਦੇ ਲੋਕੀਂ ਉਸ ਨੂੰ ਚੁਕ ਕੇ ਆਪੋ ਵਿਚ ਆਖਣਗੇ, “ਕੀ ਇਹ ਮਰਨ ਲੱਗਾ ਹੈ, ਮੂੰਹ ਤੇ ਮੁਰਦਿਆਣੀ ਛਾਈ ਹੋਈ ਸੁ।" ਇਨ੍ਹਾਂ ਖ਼ਿਆਲਾਂ ਦੇ ਆਉਂਦਿਆ ਹੀ ਸੈਮ ਕੰਬਣ ਲਗ ਪਿਆ ਤੇ ਆਪ ਮੁਹਾਰੇ ਹੀ ਮੂੰਹੋਂ ਨਿਕਲ ਗਿਆ, "ਹਾਏ ਮੈਂ ਡਾਢਾ ਪੱਥਰ ਦਿਲ ਪੁੱਤਰ ਹਾਂ, ਹੇ ਵਾਹਿਗੁਰੂ ਮੈਨੂੰ ਬਖ਼ਸ਼ ! ਮੈਨੂੰ ਬਖ਼ਸ਼ !!"
ਪਰ ਰੱਬ ਨੇ ਅਜੇ ਉਸ ਨੂੰ ਬਖ਼ਸ਼ਿਆ ਨਹੀ ਸੀ, ਕਿਉਂ ਜੋ ਅਜੇ ਵੀ ਉਹ ਪਿਤਾ ਦਾ ਹੁਕਮ ਮੰਨਣ ਲਈ ਤਿਆਰ ਨਹੀਂ ਸੀ। ਜੇ ਹੁੰਦਾ ਤਾਂ ਦੌੜ ਕੇ ਸ਼ਹਿਰ ਜਾਂਦਾ ਤੇ ਪਿਤਾ ਦੇ ਚਰਨਾਂ ਤੇ ਡਿੱਗ ਕੇ ਆਪਣਾ ਕਸੂਰ ਬਖ਼ਸ਼ਵਾ ਲੈਂਦਾ। ਆਪ ਉਥੇ ਠਹਿਰਦਾ ਤੇ ਪਿਤਾ ਨੂੰ ਘਰ ਮੋੜ ਦੇਂਦਾ, ਪਰ ਸੈਮ ਇਤਨਾ ਹੰਕਾਰਿਆ ਹੋਇਆ ਸੀ ਜੋ ਇਸ ਕੰਮ ਵਿਚ ਉਹ ਆਪਣੀ ਬੇ-ਇਜ਼ਤੀ ਸਮਝਦਾ ਸੀ, ਇਸ ਲਈ ਉਹ ਘਰੋਂ ਨਾ ਹੀ ਗਿਆ। ਸੂਰਜ ਡੁੱਬਣ ਤੋਂ ਉਪਰੰਤ ਬੁੱਢਾ ਪਿਤਾ ਹੌਲੇ ਹੌਲੇ ਚਲ ਕੇ ਘਰ ਆ ਗਿਆ ਤੇ ਅਗੇ ਵਾਂਗ ਹੀ ਆਰਾਮ ਕੁਰਸੀ ਤੇ ਲੇਟ ਗਿਆ। ਸੈਮ ਨੂੰ ਉਸ ਨੇ ਕੁਝ ਵੀ ਨਾ ਆਖਿਆ ਤੇ ਨਾ ਹੀ ਸਾਨੂੰ ਪਤਾ ਹੈ ਜੋ ਇਸ ਨੂੰ ਨਾ ਮੰਨਣ ਸਬੰਧੀ ਪਿਉ ਪੁੱਤ੍ਰ ਦੀ ਫਿਰ ਕਦੇ ਗੱਲ ਵੀ ਹੋਈ ਜਾਂ ਨਹੀਂ।
ਕੁਝ ਵਰ੍ਹਿਆਂ ਮਗਰੋਂ ਪਿਤਾ ਚਲਾਣਾ ਕਰ ਗਿਆ ਤੇ ਸਾਰਾ ਕੰਮ ਕਾਜ ਸੈਮ ਦੇ ਸਿਰ ਤੇ ਆ ਪਿਆ। ਸਮਾਂ ਪਾ ਕੇ ਆਪਣੀ ਅਕਲ ਤੇ ਲਿਆਕਤ ਕਰਕੇ ਉਹ ਵੱਡਾ ਉੱਘਾ ਹੋ ਗਿਆ। ਉਸ ਦੇ ਜੀਵਣ ਦੇ ਸਮਾਚਾਰਾਂ ਸਬੰਧੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਪਈਆਂ ਹਨ, ਪਰੰਤੂ ਇਥੇ ਕੇਵਲ ਇਕ ਗੱਲ ਦੱਸਣੀ ਮੈਂ ਜ਼ਰੂਰੀ ਸਮਝਦਾ ਹਾਂ, ਉਹ ਇਹ ਜੋ ਬਾਲ ਅਵਸਥਾ ਤੋਂ ਲੈ ਕੇ ਅਖ਼ੀਰ ਦਿਹਾੜੇ ਤੋੜੀ ਉਸ ਨੂੰ ਇਸ ਦਿਨ ਦੀ ਗੱਲ ਨਾ ਭੁੱਲੀ। ਜਿਉਂ ਜਿਉਂ ਵੱਡਾ ਹੋਇਆ, ਉੱਘਾ ਵਿਦਿਆਰਥੀ, ਲਾਇਕ ਉਸਤਾਦ ਤੇ ਮੰਨਿਆ ਪਰਮੰਨਿਆ ਲਿਖਾਰੀ ਨਿਕਲਿਆ, ਪਰੰਤੂ ਸਦਾ ਉਸ ਦੇ ਮਨ ਵਿਚ ਇਹ ਖ਼ਿਆਲ ਚੱਕਰ ਲਾਉਂਦਾ ਰਹਿੰਦਾ ਸੀ ਜੋ ਇਕ ਵਾਰੀ ਬੀਮਾਰ ਪਿਤਾ ਨਾਲ ਮੈਂ ਵੱਡਾ ਧੱਕਾ ਕੀਤਾ।
ਮੁੜ ਮੁੜ ਸੁਪਨਿਆਂ ਵਿਚ ਵੀ ਉਹ ਇਹੋ ਹੀ ਵੇਖਦਾ ਜੋ ਬੁੱਢਾ ਬਾਪੂ ਬਾਜ਼ਾਰ ਦੇ ਰੌਲੇ ਰੱਪੇ ਵਿਚ ਖੜਾ ਹੈ ਤੇ ਮੱਥੇ ਤੇ ਘੜੀ ਮੁੜੀ ਪਿਆ ਹੱਥ ਰੱਖਦਾ ਹੈ, ਜਿਵੇਂ ਇਹ ਦਰਦ ਕਰਦਾ ਹੈ।

੨.

ਪੰਜਾਹ ਵਰ੍ਹੇ ਇਸ ਗੱਲ ਨੂੰ ਬੀਤ ਗਏ ਹਨ, ਅੱਜ ਫਿਰ ਉਹੋ ਹੀ ਬਾਜ਼ਾਰ ਹੈ ਤੇ ਉਹੋ ਹੀ ਜਿਹਾ ਮੇਲਾ ਗੇਲਾ ਜ਼ਿਮੀਂਦਾਰ ਮਾਲ ਡੰਗਰ, ਭੇਡਾਂ ਬੱਕਰੀਆਂ ਵੇਚ ਰਹੇ ਹਨ। ਗੋਭੀ ਪਿਆਜ਼ ਤੇ ਹੋਰ ਭਾਜੀਆਂ ਦੇ ਛਕੜੇ ਵਿਕਣ ਲਈ ਬਾਜ਼ਾਰ ਵਿਚ ਖਲੋਤੇ ਹਨ। ਕਦੇ ਕੋਈ ਜੱਟੀ ਘੋੜੇ ਉਤੇ ਮੱਖਣ ਤੇ ਪਨੀਰ ਦੇ ਟੋਕਰੇ ਲੱਦੀ ਲੰਘਦੀ ਹੈ। ਸ਼ਹਿਰੀਏ ਤੇ ਪਿੰਡਾਂ ਤੋਂ ਆਏ ਹੋਏ ਉਨ੍ਹਾਂ ਦੇ ਮਿੱਤਰ ਆਪੇ ਵਿਚ ਗੱਲਾਂ ਕਰਦੇ ਇਧਰ ਉਧਰ ਪਏ ਫਿਰਦੇ ਹਨ। ਕੋਈ ਪਏ ਮਖੌਲਾਂ ਟਿਚਰਾਂ ਕਰਦੇ ਹਨ, ਕੋਈ ਹੱਸਦੇ ਹਨ ਤੇ ਕੋਈ ਪਏ ਝਗੜਦੇ ਹਨ। ਕੁਝ ਕੁ ਬੈਠੇ ਹੋਏ ਹਨ ਤੇ ਕੁਝਕੁ ਚੀਜਾਂ ਵਸਤਾਂ ਪਏ ਖ਼ਰੀਦਦੇ ਹਨ। ਠੀਕ ਅੱਜ ਵੀ ਉਹੋ ਜਿਹਾ ਹੀ ਰੌਲਾ ਰੱਪਾ ਹੈ ਜਿਵੇਂ ਪੰਜਾਹ ਸਾਲ ਹੋਏ ਹੈਸੀ। ਗਲੀ ਦੀ ਇਕ ਨੁਕਰ ਵਿਚ ਅੱਗੇ ਵਾਂਗ ਹੀ ਇਕ ਆਦਮੀ ਕੁੱਤਿਆਂ ਦੇ ਤਮਾਸ਼ੇ ਪਿਆ ਵਖਾਂਦਾ ਸੀ, ਜਿਸ ਨੂੰ ਵੇਖ ਕੇ ਤਮਾਸ਼ਬੀਨ ਹੱਸ ਹੱਸ ਕੇ ਦੋਹਰੇ ਹੁੰਦੇ ਸਨ। ਗਲੀ ਦੇ ਦੂਜੇ ਪਾਸੇ ਪੱਥਰਾਂ ਦਾ ਬਣਿਆ ਹੋਇਆ ਇਕ ਪੁਰਾਣਾ ਗਿਰਜਾ ਸੀ, ਜਿਸ ਦੀਆਂ ਕੰਧਾਂ ਇਸ਼ਕ ਪੇਚੇ ਦੀਆਂ ਸੁੰਦਰ ਵੇਲਾਂਂ ਨਾਲ ਢਕੀਆਂ ਪਈਆਂ ਸਨ। ਉਸੇ ਗਿਰਜੇ ਦੇ ਇਕ ਬੁਰਜ ਤੇ ਇਕ ਵੱਡੀ ਸਾਰੀ ਘੜੀ ਲਟਕ ਰਹੀ ਸੀ, ਜਿਹੜੀ ਘੰਟੇ ਵਜਾਂਦੀ ਸੀ। ਘੜੀ ਦੀਆਂ ਸੂਈਆਂ ਬਾਰਾਂ ਵਜਾਣ ਵਾਲੀਆਂ ਹੀ ਸਨ, ਜਦੋਂ ਇਕ ਬੁੱਢਾ ਪੁਰਸ਼ ਭੀੜ ਭਾੜ ਵਿਚੋਂ ਦੀ ਲੰਘਦਾ ਵਿਖਾਈ ਦਿੱਤਾ। ਉਸਦਾ ਕੱਦ ਲੰਮਾ ਤੇ ਸਰੀਰ ਭਾਰਾ ਸੀ। ਉਸ ਨੇ ਬਦਾਮੀ ਰੰਗ ਦਾ ਕੋਟ ਤੇ ਬ੍ਰਿਜਸ ਪਾਈ ਹੋਈ ਸੀ। ਉਸ ਦੇ ਪੈਰ ਵਿਚ ਉੱਨ ਦੀਆਂ ਮੋਟੀਆਂ ਜੁਰਾਬਾਂ ਸਨ, ਜਿਨ੍ਹਾਂ ਉਤੇ ਸੁੰਦਰ ਬੂਟ ਸਨ। ਸਿਰ ਤੇ ਇਕ ਤਕੋਨੀ ਟੋਪੀ ਸੀ, ਜਿਸ ਦੇ ਤਲੇ ਇਕ ਹੋਰ ਵਾਲਾਂ ਦੀ ਟੋਪੀ ਸੀ। ਇਸ ਬੁੱਢੇ ਦੇ ਟੁਰਨ ਦਾ ਢੰਗ ਵੀ ਉਪਰਾ ਹੀ ਸੀ। ਉਹ ਸਿੱਧਾ ਇਕ ਸੇਧ ਵਿੱਚ ਨਹੀਂ ਸੀ ਟੁਰਦਾ, ਸਗੋਂ ਵਲ ਖਾ ਖਾ ਕੇ ਜਾਂਦਾ ਸੀ। ਇਸ ਲਈ ਟੁਰਨ ਵਿੱਚ ਹੋਰਨਾਂ ਪੁਰਸ਼ਾਂ ਕੋਲੋਂ ਉਸ ਨੂੰ ਵਧੀਕ ਥਾਂ ਦੀ ਲੋੜ ਪੈਂਦੀ ਸੀ। ਜਦ ਕਦੇ ਕੋਈ ਆਦਮੀ ਉਸਦੇ ਅੱਗੇ ਆ ਜਾਂਦਾ ਤਾਂ ਚੀਕ ਕੇ ਉਹ ਆਖਦਾ- "ਰਾਹ ਛੱਡੋ ! ਰਾਹ ਵਿੱਚ ਨਾ ਖਲੋਵੋ।"

ਵੇਖਣ ਵਾਲੇ ਇਕ ਦੂਜੇ ਨੂੰ ਆਖਣ ਲਗੇ, “ਇਹ ਕਿਹਾ ਹੀ ਨਿਰਾਲਾ ਪੁਰਸ਼ ਹੈ, ਸਮਝ ਨਹੀਂ ਆਂਵਦੀ, ਇਸ ਨੂੰ ਵੇਖ ਕੇ ਹੱਸੀਏ ਜਾਂ ਗੁੱਸੇ ਹੋਈਏ।" ਪਰ ਜਦੋਂ ਉਨ੍ਹਾਂ ਨੇ ਮੁੜ ਉਹਦੇ ਵੱਲ ਤੱਕਿਆ ਤਾਂ ਆਪੇ ਹੀ ਚੁੱਪ ਹੋ ਗਏ, ਕਿਉਂ ਜੋ ਭਾਵੇਂ ਉਸ ਦੀਆਂ ਅੱਖਾਂ ਵਿਚ ਜੋਤ ਘੱਟ ਸੀ ਤੇ ਮੂੰਹ ਤੇ ਫਿਨਸੀਆਂ ਦੇ ਦਾਗ਼ ਸਨ, ਫਿਰ ਵੀ ਉਸ ਦੇ ਚਿਹਰੇ ਤੋਂ ਇਹ ਜਾਪਦਾ ਸੀ ਜੋ ਉਹ ਵੱਡਾ ਪੁਰਸ਼ ਹੈ, ਜਿਸ ਦੇ ਹੁਕਮਾਂ ਨੂੰ ਲੋਕੀ ਮੰਨਦੇ ਹਨ, ਤੇ ਜਿਸ ਦੇ ਬਚਨਾਂ ਨੂੰ ਲੋਕੀ ਧਿਆਨ ਨਾਲ ਸੁਣਦੇ ਹਨ। ਇਸੇ ਕਰਕੇ ਇਹ ਲੋਕੀ ਇਕ ਪਾਸੇ ਹੋ ਗਏ ਤੇ ਉਹ ਬੁੱਢਾ ਸੌਖੇ ਹੀ ਲੰਘ ਗਿਆ। ਮੰਡੀ ਗੁਜ਼ਰ ਕੇ ਗਿਰਜੇ ਦੀ ਇਕ ਨੁਕਰ ਕੋਲ ਜਾ ਕੇ ਉਹ ਠੀਕ ਉਸ ਵੇਲੇ ਖੜਾ ਹੋ ਗਿਆ, ਜਦੋਂ ਘੜੀ ਨੇ ਬਾਰਾਂ ਵਜਾਏ। ਠੀਕ ਇਸ ਥਾਂ ਤੇ, ਜਿਥੇ ਇਹ ਉਪਰਾ ਆਦਮੀ ਖੜਾ ਸੀ, ਕਿਸੇ ਸਮੇਂ ਬੁੱਢੇ ਜਾਨਸਨ ਦੀ ਪੁਸਤਕਾਂ ਦੀ ਹੱਟੀ ਹੁੰਦੀ ਸੀ ਤੇ ਮੰਡੀ ਵਿਚ ਖੜੇ ਹੋਏ ਕਈਆਂ ਪੁਰਸ਼ਾਂ ਨੂੰ ਅਜੇ ਵੀ ਇਹ ਗੱਲ ਚੇਤੇ ਸੀ। ਨਿੱਕੇ ਨਿੱਕੇ ਬਾਲ ਜਿਹੜੇ ਕਦੇ ਮਿਸਟਰ ਜਾਨਸਨ ਪਾਸੋਂ ਕਿਤਾਬਾਂ, ਪੈਨਸਲਾਂ, ਮੂਰਤਾਂ ਖ਼ਰੀਦਦੇ ਸਨ, ਹੁਣ ਆਪ ਦਾਦੇ ਬਣੇ ਹੋਏ ਸਨ।
ਬੁੱਢੇ ਦੇ ਹੋਠ ਫੁਰਕੇ ਤੇ ਉਸ ਨੇ ਹੌਲੀ ਜਿਹੀ ਆਖਿਆ- "ਹੈਂ !ਠੀਕ ਉਹੋ ਹੀ ਥਾਂ ਹੈ।" ਇਹ ਆਖਦਾ ਆਪਣੇ ਸਿਰ ਤੋਂ ਟੋਪੀ ਉਤਾਰ ਕੇ ਉਹ ਖਲੋ ਗਿਆ।
ਦੁਪਹਿਰ ਵੇਲੇ ਮੰਡੀ ਵਿਚ ਬਹੁਤੇਰੀ ਭੀੜ ਸੀ ਤੇ ਗੜਬੜ ਪਈ ਹੋਈ ਸੀ, ਪਰ ਇਸ ਓਪਰੇ ਪੁਰਸ਼ ਨੇ ਲੋਕਾਂ ਦੇ ਰੌਲੇ ਰੱਪੇ, ਬੋਲਣ ਹੱਸਣ ਜਾਂ ਮਾਲ ਡੰਗਰਾਂ ਦੇ ਆਵਣ ਜਾਵਣ ਵੱਲ ਰਤੀ ਵੀ ਧਿਆਨ ਨਾ ਦਿੱਤਾ, ਸਗੋਂ ਆਪਣੇ ਖ਼ਿਆਲਾਂ ਵਿੱਚ ਡੁੱਬਿਆ ਹੋਇਆ ਉਥੇ ਹੀ ਖਲੋਤਾ ਰਿਹਾ। ਕਦੇ ਉਸ ਦੀਆਂ ਅੱਖਾਂ ਉੱਚੇ ਅਸਮਾਨ ਵੱਲ ਹੁੰਦੀਆਂ, ਜਿਵੇਂ ਅਰਦਾਸ ਕਰ ਰਿਹਾ ਸੀ, ਤੇ ਕਦੇ ਤਲੇ ਧਰਤੀ ਵੱਲ ਜਿਵੇਂ ਡੂੰਘੇ ਸ਼ੋਕ ਵਿਚ ਹੈ।
ਸੂਰਜ ਉਸ ਦੇ ਸਿਰ ਤੇ ਪੂਰੇ ਜ਼ੋਰ ਨਾਲ ਚਮਕ ਰਿਹਾ ਸੀ, ਪ੍ਰੰਤੂ ਉਸ ਨੂੰ ਕੋਈ ਪਰਵਾਹ ਨਹੀਂ ਸੀ। ਫਿਰ ਕੁਝ ਚਿਰ ਮਗਰੋਂ ਅਸਮਾਨ ਤੇ ਇਕ ਕਾਲਾ ਬੱਦਲ ਵਖਾਈ ਦੇਣ ਲੱਗਾ ਤੇ ਮੀਂਹ ਵੱਸਣ ਲੱਗ ਪਿਆ ਪਰ ਉਹ ਉਥੇ ਹੀ ਅਡੋਲ ਖਲੋਤਾ ਰਿਹਾ।
ਹੁਣ ਤਾਂ ਲੋਕੀਂ ਹੈਰਾਨੀ ਨਾਲ ਉਸ ਵੱਲ ਵੇਖਣ ਲੱਗੇ, ਹੈਂ ਇਹ ਕੌਣ ਹੈ, ਕਿਥੋਂ ਆਇਆ ਹੈ, ਨੰਗੇ ਸਿਰ ਬਾਜ਼ਾਰ ਵਿਚ ਕਿਉਂ ਖਲੋਤਾ ਹੋਇਆ ਹੈ ? ਇਥੋਂ ਤੋੜੀ ਕਿ ਨਿੱਕੇ ਨਿੱਕੇ ਬਾਲ ਵੀ ਖੇਡ ਛੱਡ ਕੇ ਉਸੇ ਵੱਲ ਵੇਖਣ ਲੱਗ ਪਏ।
ਮੰਡੀ ਵਿੱਚ ਇਕ ਉਹ ਜੱਟ ਸੌਦਾ ਖ਼ਰੀਦ ਰਿਹਾ ਸੀ, ਜਿਹੜਾ ਕੁਝ ਦਿਨ ਪਹਿਲਾਂ ਲੰਡਨ ਦੀ ਮੰਡੀ ਤੋਂ ਹੋ ਕੇ ਆਇਆ ਸੀ। ਉਸ ਨੂੰ ਕੁਝ ਸ਼ਕ ਜੋ ਪਿਆ ਲੋਕਾਂ ਦੀ ਭੀੜ ਚੀਰ ਕੇ ਤੇ ਕੋਲ ਆ ਕੇ ਉਸ ਬੁੱਢੇ ਵੱਲ ਗਹੁ ਨਾਲ ਤੱਕਿਆ ਤੇ ਫਿਰ ਕੋਲ ਖਲੋਤੇ ਮਿੱਤਰ ਦੇ ਕੰਨ ਵਿਚ ਆਖਣ ਲਗਾ:-
"ਮਿੱਤਰ ਜੀ ! ਕੀ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਜੋ ਇਹ ਅਜੀਬ ਆਦਮੀ ਕੌਣ ਹੈ ?" ਮਿੱਤਰ ਨੇ ਉੱਤਰ ਦਿੱਤਾ, "ਜ਼ਰੂਰ ! ਮੈਂ ਇਹੋ ਜਿਹਾ ਆਦਮੀ ਆਪਣੀ ਸਾਰੀ ਉਮਰ ਵਿਚ ਨਹੀਂ ਵੇਖਿਆ, ਇਹ ਤਾਂ ਮਾਮੂਲੀ ਆਦਮੀ ਨਹੀਂ ਜਾਪਦਾ।”
ਜੱਟ- "ਤੁਸੀਂ ਸੱਚ ਆਖਦੇ ਹੋ, ਸੱਚ ਮੁਚ ਇਹ ਮਾਮੂਲੀ ਆਦਮੀ ਨਹੀਂ, ਇਹ ਤਾਂ ਉਘਾ ਡਾਕਟਰ ਸੈਮੁਲ ਜਾਨਸਨ ਹੈ, ਤੇ ਆਖਦੇ ਹਨ, ਅਜ ਇੰਗਲੈਂਡ ਵਿਚ ਇਸ ਕੋਲੋਂ ਵਧੀਕ ਕੋਈ ਵਿਦਵਾਨ ਨਹੀਂ, ਮੈਂ ਇਸ ਨੂੰ ਆਪਣੇ ਮਿੱਤਰ ਬਾਸਵਲ ਨਾਲ ਲੰਡਨ ਦੀਆਂ ਗਲੀਆਂ ਵਿੱਚ ਫਿਰਦੇ ਵੇਖਿਆ ਸੀ।"
ਜੋ ਕੁਝ ਜਟ ਨੇ ਆਖਿਆ, ਸੋਲਾਂ ਆਨੇ ਠੀਕ ਸੀ। ਗ਼ਰੀਬ ਬਦਸੂਰਤ ਮੁੰਡਾ ਸੈਮ ਜਿਸ ਨਾਲ ਇਸ ਕਹਾਣੀ ਦਾ ਆਰੰਭ ਹੋਇਆ ਸੀ, ਹੁਣ ਉੱਘਾ ਡਾਕਟਰ ਸੈਮੂਲ ਜਾਨਸਨ ਬਣਿਆ ਹੋਇਆ ਸੀ। ਉਸ ਸਮੇਂ ਇੰਗਲੈਂਡ ਵਿਚ ਉਹ ਸਾਰਿਆਂ ਕੋਲੋਂ ਵੱਧ ਵਿਦਵਾਨ ਤੇ ਸਾਰਿਆਂ ਕੋਲੋਂ ਉਘਾ ਲਿਖਾਰੀ ਮੰਨਿਆ ਜਾਂਦਾ ਸੀ। ਇਹ ਪਹਿਲਾ ਪੁਰਸ਼ ਸੀ, ਜਿਸ ਨੇ ਅੰਗਰੇਜ਼ੀ ਬੋਲੀ ਦਾ ਮਹਾਂ ਕੋਸ਼ ਲਿਖਿਆ ਸੀ ਤੇ ਦੇਸ਼ ਦੇ ਹਜ਼ਾਰਾਂ ਤੇ ਲਖਾਂ ਆਦਮੀ ਉਸ ਦੀਆਂ ਪੁਸਤਕਾਂ ਨੂੰ ਪੜ੍ਹਦੇ ਸਨ। ਵੱਡੇ ਵੱਡੇ ਧਨਾਢ ਤੇ ਭਲੇ ਲੋਕ ਉਸ ਦੇ ਬਚਨਾਂ ਨੂੰ ਸੁਣਨ ਤੇ ਉਸ ਦੀ ਸੰਗਤ ਕਰਨ ਨੂੰ ਆਪਣੀ ਵਡਿਆਈ ਸਮਝਦੇ ਸਨ। ਵਲਾਇਤ ਦਾ ਬਾਦਸ਼ਾਹ ਉਸ ਨੂੰ ਆਪਣਾ ਮਿੱਤਰ ਸਮਝਦਾ ਸੀ ਤੇ ਆਖਿਆ ਕਰਦਾ ਸੀ ਜੋ ਦੇਸ਼ ਨੂੰ ਡਾਕਟਰ ਸੈਮੁਲ ਜਾਨਸਨ ਦੀ ਹੋਂਦ ਤੇ ਵੱਡਾ ਹੀ ਮਾਣ ਹੈ। ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਜੋ ਉਸ ਸਮੇਂ ਉਸ ਦੇ ਨਾਲ ਦਾ ਕੋਈ ਹੋਰ ਉੱਘਾ ਪੁਰਸ਼ ਨਹੀਂ ਸੀ। ਫਿਰ ਵੀ ਉਸ ਦੇ ਮਨ ਤੋਂ ਬਾਲ ਅਵਸਥਾ ਦੀ ਇਕ ਘੱਟਨਾ ਕਦੇ ਉਹਲੇ ਨਹੀਂ ਸੀ ਹੋਈ, ਤੇ ਉਹ ਗੱਲ ਸਦਾ ਉਸ ਨੂੰ ਦੁੱਖ ਦੇਂਦੀ ਰਹੀ ਸੀ।
ਭਾਵੇਂ ਉਸ ਦੇ ਪਿਤਾ ਨੂੰ ਮੋਇਆਂ ਢੇਰ ਵਰ੍ਹੇ ਬੀਤ ਚੁੱਕੇ ਸਨ, ਪਰੰਤੂ ਉਸ ਦੁੱਖ ਲਈ ਜਿਹੜਾ ਬਾਲ ਅਵਸਥਾ ਵਿੱਚ ਉਸ ਨੇ ਆਪਣੇ ਪਿਤਾ ਨੂੰ ਦਿੱਤਾ ਸੀ, ਉਸ ਨੇ ਆਪਣੇ ਆਪ ਨੂੰ ਕਦੇ ਵੀ ਮਾਫ਼ ਨਾ ਕੀਤਾ, ਇਸੇ ਕਰਕੇ ਹੁਣ ਬੁੱਢੀ ਉਮਰ ਵਿੱਚ ਉਹ ਉਸ ਥਾਂ ਤੇ ਅਫ਼ਸੋਸ ਪ੍ਰਗਟ ਕਰਨ ਲਈ ਹਾਜ਼ਰ ਹੋਇਆ ਸੀ, ਜਿਥੇ ਕਦੇ ਉਸ ਦੇ ਪਿਤਾ ਦੀ ਹਟੀ ਹੁੰਦੀ ਸੀ, ਇਸ ਪ੍ਰਕਾਰ ਬੁੱਢੀ ਉਮਰ ਵਿੱਚ ਜਦੋਂ ਉਹ ਸੰਸਾਰ ਵਿੱਚ ਵੱਡਾ ਮਸ਼ਹੂਰ ਹੋ ਚੁਕਿਆ ਸੀ, ਉਸ ਨੇ ਉਹ ਕੰਮ ਕੀਤਾ, ਜਿਸ ਦੇ ਕਰਨ ਤੋਂ ਬਾਲ ਅਵਸਥਾ ਵਿਚ ਉਸ ਨੇ ਆਪਣੇ ਪਿਤਾ ਅਗੇ ਨਾਂਹ ਕਰ ਦਿਤੀ ਸੀ, ਉਸ ਨੂੰ ਆਸ ਸੀ ਜੋ ਇਸ ਪਰਕਾਰ ਪਸ਼ਚਾਤਾਪ ਪ੍ਰਗਟ ਕਰ ਕੇ ਉਸ ਦੇ ਮਨ ਨੂੰ ਸ਼ਾਂਤੀ ਹੋਵੇਗੀ ਤੇ ਰੱਬ ਉਸ ਦੀ ਭੁਲ ਨੂੰ ਬਖ਼ਸ਼ ਦੇਵੇਗਾ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਨੇਥੇਨੀਅਲ ਹਾਥੌਰਨ ਦੀਆਂ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ