Dudh Dian Dharan (Punjabi Novel) : Kulbir Singh Suri

ਦੁੱਧ ਦੀਆਂ ਧਾਰਾਂ (ਨਾਵਲ) : ਕੁਲਬੀਰ ਸਿੰਘ ਸੂਰੀ

ਗੁੱਡ ਮਾਰਨਿੰਗ ਸਰ', ਕਲਾਸ ਵਿਚ ਵੜਦਿਆਂ ਹੀ ਸਾਰੇ ਬੱਚਿਆਂ ਨੇ ਖੜ੍ਹੇ ਹੋ ਕੇ ਨੌਜਵਾਨ ਪੰਜਾਬੀ ਦੇ ਮਾਸਟਰ ਜੀ ਨੂੰ ਸਤਿਕਾਰ ਦਿੱਤਾ ।
'ਗੁੱਡ ਮਾਰਨਿੰਗ ਬਈ ਪਿਆਰੇ ਬੱਚਿਓ', ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕਰਦੇ ਹੋਏ ਮਾਸਟਰ ਜੀ ਬੋਲੇ, 'ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਹੈ ਕਿ ਤੁਸੀਂ ਮੈਨੂੰ ਸਰ ਨਾ ਕਿਹਾ ਕਰੋ ।'
'ਬਾਕੀ ਸਾਰੇ ਟੀਚਰ ਤਾਂ ਸਾਨੂੰ ਸਰ ਜਾਂ ਮੈਡਮ ਬੁਲਾਉਣ ਵਾਸਤੇ ਕਹਿੰਦੇ ਹਨ', ਅਮਿਤ ਨੇ ਖੜ੍ਹੇ ਹੋ ਕੇ ਕਿਹਾ ।
'ਬਾਕੀਆਂ ਨੂੰ ਤੁਸੀਂ ਜੋ ਮਰਜ਼ੀ ਬੁਲਾਓ ਪਰ ਮੈਨੂੰ 'ਸਰ' ਕਹਾਉਣਾ ਚੰਗਾ ਨਹੀਂ ਲਗਦਾ', ਪੰਜਾਬੀ ਮਾਸਟਰ ਨੇ ਆਪਣੇ ਦਿਲ ਦੀ ਗੱਲ ਦੱਸੀ ।
'ਫੇਰ ਤੁਹਾਨੂੰ ਕੀ ਕਹਿ ਕੇ ਬੁਲਾਇਆ ਕਰੀਏ, ਸਰ!' ਸਿਮਰ ਨੇ ਸ਼ਰਾਰਤ ਨਾਲ ਫੇਰ 'ਸਰ' ਕਹਿੰਦਿਆਂ ਪੁੱਛਿਆ ।'
'ਤੂੰ ਬਹੁਤ ਸ਼ੈਤਾਨ ਹੈਂ ਸਿਮਰ । ਅੱਛਾ, ਤੁਸੀਂ ਸਾਰੇ ਮੈਨੂੰ 'ਵੀਰ ਜੀ' ਕਹਿ ਕੇ ਬੁਲਾਇਆ ਕਰੋ ।'
'ਠੀਕ ਹੈ ਸਰ, ਨਾ ਸੱਚ ਵੀਰ ਜੀ, ਅੱਗੇ ਤੋਂ ਅਸੀਂ ਸਾਰੇ ਤੁਹਾਨੂੰ 'ਵੀਰ ਜੀ' ਕਹਿ ਕੇ ਬੁਲਾਇਆ ਕਰਾਂਗੇ', ਸਿਮਰ ਦੇ ਦੁਬਾਰਾ 'ਸਰ' ਕਹਿਣ 'ਤੇ ਸਾਰੀ ਕਲਾਸ ਹੱਸਣ ਲੱਗ ਪਈ ।
'ਚਲੋ ਹੁਣ ਕਿਤਾਬਾਂ ਕੱਢੋ ਅਤੇ ਪੜ੍ਹਾਈ ਸ਼ੁਰੂ ਕਰੋ, ਗੱਪਾਂ-ਸ਼ੱਪਾਂ ਬਹੁਤ ਹੋ ਗਈਆਂ ਹਨ ।'
'ਗੱਪ ਤੇ ਅਸੀਂ ਕੋਈ ਮਾਰੀ ਹੀ ਨਹੀਂ, ਵੀਰ ਜੀ । ਜੇ ਤੁਸੀਂ ਕਿਤੇ ਸਿਧਾਰਥ ਦੀਆਂ ਗੱਪਾਂ ਸੁਣੋ ਤਾਂ ਤੁਹਾਨੂੰ ਪਤਾ ਲੱਗੇ ਕਿ ਗੱਪ ਕੀ ਹੁੰਦੀ ਏ', ਵਿਨੋਦ ਪੋਲੇ ਜਿਹੇ ਸਿਧਾਰਥ ਨੂੰ ਚੂੰਢੀ ਵੱਢਦਿਆਂ ਸ਼ਰਾਰਤ ਕਰ ਗਿਆ, ਜਿਹੜਾ ਉਸ ਦੇ ਨਾਲ ਬੈਠਾ ਹੋਇਆ ਸੀ ।
'ਕਿਸੇ ਦਿਨ ਛੁੱਟੀ ਤੋਂ ਬਾਅਦ ਸਿਧਾਰਥ ਦੀਆਂ ਵੀ ਗੱਪਾਂ ਸੁਣ ਲਵਾਂਗੇ ਪਰ ਹੁਣ ਪੜ੍ਹਾਈ ਸ਼ੁਰੂ ਕਰੋ ।'
'ਛੁੱਟੀ ਤੋਂ ਬਾਅਦ ਤਾਂ ਗੱਪਾਂ ਦਾ ਸਵਾਦ ਅੱਧਾ ਹੋ ਜਾਂਦਾ ਹੈ । ਅਸਲ ਮਜ਼ਾ ਤਾਂ ਗੱਪ ਸੁਣਨ ਦਾ ਪੀਰੀਅਡ ਵਿਚ ਹੀ ਆਉਂਦਾ ਹੈ', ਸਿੰਪੀ ਦੀ ਗੱਲ ਸੁਣ ਕੇ ਸਾਰੇ ਫੇਰ ਹੱਸ ਪਏ ।
ਵੀਰ ਜੀ ਵੀ ਨਿੰਮਾ-ਨਿੰਮਾ ਮੁਸਕਰਾਉਂਦੇ ਬੋਲੇ, 'ਅੱਜ ਤੁਹਾਡਾ ਪੜ੍ਹਾਈ ਕਰਨ ਦਾ ਮੂਡ ਨਹੀਂ ਲਗਦਾ ।'
'ਤੁਸੀਂ ਠੀਕ ਬੁੱਝਿਐ, ਵੀਰ ਜੀ', ਸਾਰੀ ਕਲਾਸ ਹੀ ਬੋਲ ਪਈ ।
'ਪਰ ਬੱਚਿਓ, ਪੜ੍ਹੋਗੇ ਨਹੀਂ ਤਾਂ ਸਿਆਣੇ ਕਿਸ ਤਰ੍ਹਾਂ ਬਣੋਗੇ ਅਤੇ ਜੇ ਸਿਆਣੇ ਨਹੀਂ ਬਣੋਗੇ ਤਾਂ ਵੱਡੇ ਆਦਮੀ ਕਿਵੇਂ ਬਣੋਗੇ?'
'ਅਸੀਂ ਰੋਜ਼ ਤਾਂ ਪੜ੍ਹਾਈ ਕਰਦੇ ਹਾਂ, ਜੇ ਇਕ ਦਿਨ ਨਹੀਂ ਕਰਾਂਗੇ ਤਾਂ ਕੀ ਫਰਕ ਪਵੇਗਾ?' ਰਿਤੇਸ਼ ਨੇ ਖੜ੍ਹੇ ਹੋ ਕੇ ਸਾਰਿਆਂ ਦੇ ਮਨ ਦੀ ਗੱਲ ਕਰ ਦਿੱਤੀ ।
'ਫਰਕ ਤਾਂ ਜ਼ਰੂਰ ਪੈਂਦਾ ਹੈ । ਜੇ ਤੁਸੀਂ ਇਕ ਦਿਨ ਕੋਈ ਕੰਮ ਨਾ ਕਰੋ ਤਾਂ ਅਗਲੇ ਦਿਨ ਦੁੱਗਣਾ ਕਰਨਾ ਪੈਂਦਾ ਹੈ ਤੇ ਜੇ ਕਿਸੇ ਕਾਰਨ ਅਗਲੇ ਦਿਨ ਤੁਹਾਨੂੰ ਕੋਈ ਹੋਰ ਜ਼ਰੂਰੀ ਕੰਮ ਪੈ ਜਾਂਦਾ ਹੈ ਤਾਂ ਤੁਹਾਡਾ ਪਿਛਲਾ ਕੰਮ ਜਮ੍ਹਾਂ ਹੀ ਰਹਿੰਦਾ ਹੈ । ਉਸ ਨਾਲ ਤੁਹਾਡੇ ਮਨ 'ਤੇ ਵਾਧੂ ਬੋਝ ਪਿਆ ਰਹਿੰਦਾ ਹੈ । ਇਸੇ ਕਰਕੇ ਕਹਿੰਦੇ ਹਨ ਕਿ ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ ਜਾਂ ਜਿਹੜਾ ਕੰਮ ਕੱਲ੍ਹ ਕਰਨਾ ਹੈ, ਉਹ ਅੱਜ ਕਰੋ ਅਤੇ ਜਿਹੜਾ ਅੱਜ ਕਰਨਾ ਹੈ, ਉਹ ਹੁਣੇ ਕਰੋ । ਸੋ ਬੱਚਿਓ! ਪੜ੍ਹਾਈ ਹੁਣੇ ਹੀ ਸ਼ੁਰੂ ਕਰੋ ।'
'ਤੁਸੀਂ ਤੇ ਵੀਰ ਜੀ ਸਾਡਾ ਮੂਡ ਹੀ ਖਰਾਬ ਕਰ ਦਿੱਤਾ ਏ', ਮੇਘਾ ਬੋਲੀ ।
'ਪਲੀਜ਼ ਵੀਰ ਜੀ, ਤੁਹਾਡੀ ਇਹ ਗੱਲ ਅਸੀਂ ਪੱਲੇ ਬੰਨ੍ਹ ਲਵਾਂਗੇ ਕਿ 'ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ' ਪਰ ਅਸੀਂ ਇਸ ਨੂੰ ਕੱਲ੍ਹ ਤੋਂ ਪੱਲੇ ਬੰਨ੍ਹਾਂਗੇ, ਅੱਜ ਤੋਂ ਨਹੀਂ', ਸਿਧਾਰਥ ਆਪਣੀ ਥਾਂ 'ਤੇ ਸਿੱਧਾ ਤਣ ਕੇ ਖਲੋ ਗਿਆ ।
'ਬਿਲਕੁਲ ਠੀਕ, ਬਿਲਕੁਲ ਠੀਕ', ਸਾਰੀ ਕਲਾਸ ਇਕੱਠੀ ਬੋਲ ਪਈ ।
'ਫੇਰ ਹੁਣ ਕੀ ਕਰਨਾ ਏ?'
'ਸਾਡੀਆਂ ਗਰਮੀਆਂ ਦੀਆਂ ਛੁੱਟੀਆਂ ਹੋਣ ਵਿਚ ਸਿਰਫ ਪੰਜ ਦਿਨ ਬਾਕੀ ਰਹਿ ਗਏ ਨੇ । ਸਾਡੇ ਦੂਜੇ ਸਾਰੇ ਸਰ ਅਤੇ ਮੈਡਮਾਂ ਆਪੋ-ਆਪਣੇ ਸਬਜੈਕਟ ਦਾ ਬਹੁਤ ਜ਼ਿਆਦਾ ਹੋਮਵਰਕ ਦੇਈ ਜਾ ਰਹੇ ਹਨ । ਸਾਨੂੰ ਡਰ ਹੈ ਕਿ ਤੁਸੀਂ ਵੀ ਕਿਤੇ ਬਹੁਤ ਸਾਰਾ ਹੋਮਵਰਕ ਨਾ ਲਿਖਾਉਣਾ ਸ਼ੁਰੂ ਕਰ ਦਿਓ', ਸਿਮਰ ਨੇ ਸਾਰਿਆਂ ਦੇ ਮਤਲਬ ਦੀ ਗੱਲ ਕੀਤੀ ।
'ਸਾਡੇ ਕੋਲ ਪਹਿਲਾਂ ਹੀ ਐਨਾ ਜ਼ਿਆਦਾ ਹੋਮਵਰਕ ਹੋ ਗਿਆ ਹੈ ਕਿ ਜੇ ਅਸੀਂ ਇਕ ਦਿਨ ਵੀ ਛੁੱਟੀ ਨਾ ਮਨਾਈਏ ਅਤੇ ਤੁਹਾਡੇ ਕਹਿਣ ਮੁਤਾਬਿਕ ਰੋਜ਼ ਦਾ ਕੰਮ ਰੋਜ਼ ਕਰੀਏ ਤਾਂ ਕਿਤੇ ਜਾ ਕੇ ਹੋਮਵਰਕ ਮਸਾਂ ਖਤਮ ਹੋਵੇਗਾ', ਸ਼ਹਿਰ ਨੇ ਸਾਰੀ ਕਲਾਸ ਵੱਲੋਂ ਦੁਖੜਾ ਸੁਣਾਇਆ ।
'ਠੀਕ ਹੈ, ਠੀਕ ਹੈ, ਤੁਸੀਂ ਫਿਕਰ ਨਾ ਕਰੋ । ਮੈਂ ਤੁਹਾਨੂੰ ਹੋਮਵਰਕ ਬਾਰੇ ਕੱਲ੍ਹ ਦੱਸਾਂਗਾ ।'
'ਵੀਰ ਜੀ, ਹੋਮਵਰਕ ਥੋੜ੍ਹਾ ਦੇਣਾ', ਜੱਸੂ ਨੇ ਤਰਲਾ ਮਾਰਿਆ ।
'ਇਹ ਤਾਂ ਤੁਹਾਨੂੰ ਕੱਲ੍ਹ ਹੀ ਪਤਾ ਲੱਗੇਗਾ', ਹੁਣ ਵੀਰ ਜੀ ਵੀ ਮੂਡ ਵਿਚ ਆ ਗਏ ਲਗਦੇ ਸਨ ।
'ਚਲੋ ਅੱਜ ਫੇਰ ਕੋਈ ਕਹਾਣੀ ਸੁਣਾ ਦਿਓ', ਸਿਧਾਰਥ ਨੇ ਨਵੀਂ ਮੰਗ ਰੱਖ ਦਿੱਤੀ ।
ਵੀਰ ਜੀ ਨੇ ਘੜੀ ਦੇਖਦਿਆਂ ਕਿਹਾ, 'ਅੱਧੇ ਤੋਂ ਜ਼ਿਆਦਾ ਪੀਰੀਅਡ ਤਾਂ ਤੁਸੀਂ ਗੱਲਾਂ ਵਿਚ ਗਵਾ ਦਿੱਤਾ ਹੈ ।'
'ਗਵਾਇਆ ਨਹੀਂ ਵੀਰ ਜੀ, ਕੁਝ ਸਿੱਖਿਆ ਹੈ', ਮੇਘਾ ਬੋਲੀ ।
'ਅੱਜ ਦੀਆਂ ਗੱਲਾਂ ਵਿਚੋਂ ਤੂੰ ਕੀ ਸਿੱਖਿਆ ਹੈ?' ਵੀਰ ਜੀ ਨੇ ਪੁੱਛਿਆ ।
'ਮੈਂ ਹੀ ਨਹੀਂ, ਸਗੋਂ ਸਾਰੀ ਕਲਾਸ ਨੇ ਸਿੱਖਿਆ ਹੈ ਕਿ 'ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ', ਸਾਰੀ ਕਲਾਸ ਵੱਲ ਤੱਕਦਿਆਂ ਮੇਘਾ ਨੇ ਜਵਾਬ ਦਿੱਤਾ ।
'ਚਲੋ ਕੁਝ ਤੇ ਸਿੱਖਿਆ ਹੈ... ।'
'ਬਸ ਅਸੀਂ ਹੋਰ ਲੈਕਚਰ ਨਹੀਂ ਸੁਣਨਾ', ਸਿਧਾਰਥ ਨੇ ਵੀਰ ਜੀ ਦੀ ਗੱਲ ਵਿਚੋਂ ਹੀ ਕੱਟਦਿਆਂ ਕਿਹਾ, 'ਹੁਣ ਸਿਰਫ ਕਹਾਣੀ ਸੁਣਨੀ ਹੈ ।'
'ਕਹਾਣੀ... ਕਹਾਣੀ... ਕਹਾਣੀ...', ਸਾਰੇ ਬੱਚਿਆਂ ਨੇ ਇਕੱਠਾ ਰੌਲਾ ਪਾ ਦਿੱਤਾ ।

+++
'ਤੁਸੀਂ ਤੇ ਯਾਰ ਭੂੰਡਾਂ ਵਾਂਗ ਮਗਰ ਹੀ ਪੈ ਗਏ ਹੋ, ਥੋੜ੍ਹਾ ਸਬਰ ਕਰੋ। ਕਹਾਣੀ ਸੋਚਣ ਨੂੰ ਵੀ ਵਕਤ ਲਗਦੈ।'
'ਸਾਨੂੰ ਪਤੈ, ਤੁਹਾਡੇ ਕੋਲ ਕਹਾਣੀਆਂ ਦਾ ਬੜਾ ਖਜ਼ਾਨਾ ਹੈ', ਸਿਮਰ ਬੜਾ ਚਾਂਬਲਦੀ ਹੋਈ ਬੋਲੀ।
ਵੀਰ ਜੀ ਆਪਣੇ ਮੱਥੇ ਨੂੰ ਉਂਗਲ ਦੇ ਪਿਛਲੇ ਪਾਸੇ ਨਾਲ ਠਕੋਰਦੇ ਹੋਏ ਬੋਲੇ, 'ਅੱਛਾ ਬੱਚਿਓ! ਜੋ ਮੈਂ ਤੁਹਾਨੂੰ ਦੱਸਣ ਲੱਗਾ ਹਾਂ, ਉਹ ਕੋਈ ਕਹਾਣੀ ਨਹੀਂ...।'
'ਅਸੀਂ ਹੋਰ ਭਾਸ਼ਣ ਨਹੀਂ ਸੁਣਨਾ, ਸਿਰਫ ਕਹਾਣੀ ਸੁਣਨੀ ਹੈ', ਮਧੁਰ ਨੇ ਵੀਰ ਜੀ ਦੀ ਗੱਲ ਕੱਟ ਦਿੱਤੀ।
'ਮੇਰੀ ਗੱਲ ਤੇ ਪੂਰੀ ਹੋ ਲੈਣ ਦਿਓ, ਜੇ ਇਸੇ ਤਰ੍ਹਾਂ ਵਿਚੋਂ ਬੋਲ ਪਵੋਗੇ ਤਾਂ ਕਹਾਣੀ ਕਿਸ ਤਰ੍ਹਾਂ ਸੁਣੋਗੇ', ਵੀਰ ਜੀ ਨੇ ਬੱਚਿਆਂ ਨੂੰ ਸਮਝਾਉਂਦਿਆਂ ਕਿਹਾ।
'ਤੁਸੀਂ ਕਹਾਣੀ ਸੁਣਾਓ, ਅਸੀਂ ਨਹੀਂ ਬੋਲਾਂਗੇ', ਸਿੰਪੀ, ਕੋਮਲ, ਸਿਮਰ, ਸਹਿਰ, ਮਧੁਰ, ਮੇਘਾ, ਸਿਧਾਰਥ, ਵਿਨੋਦ ਅਤੇ ਹੋਰ ਵਿਦਿਆਰਥੀ ਸਾਰੇ ਇਕੱਠੇ ਬੋਲ ਪਏ।
'ਮੈਂ ਕਹਿ ਰਿਹਾ ਸਾਂ ਕਿ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ, ਇਹ ਕਿਸੇ ਰਾਜੇ-ਰਾਣੀ, ਜਿੰਨ-ਭੂਤ, ਪਰੀ ਜਾਂ ਬੁੱਢੀ ਜਾਦੂਗਰਨੀ ਦੀ ਨਹੀਂ ਹੈ ਅਤੇ ਨਾ ਹੀ ਅਲੀ ਬਾਬਾ ਚਾਲੀ ਚੋਰ ਜਾਂ ਅਲਾਦੀਨ ਦੇ ਚਿਰਾਗ ਵਰਗੀ ਹੈ।'
'ਫੇਰ ਉਹ ਕਿਹੋ ਜਿਹੀ ਕਹਾਣੀ ਹੈ?' ਐਤਕੀਂ ਰਿਤੇਸ਼ ਬੋਲਿਆ।
'ਉਹ ਕਹਾਣੀ ਹੈ ਉਸ ਧਰਤੀ ਦੀ, ਉਸ ਜ਼ਮੀਨ ਦੀ, ਜਿਸ ਉੱਪਰ ਐਸ ਵਕਤ ਤੁਸੀਂ ਬੈਠੇ ਹੋਏ ਹੋ, ਜਿਸ ਉੱਪਰ ਤੁਹਾਡੇ ਸਕੂਲ ਦੀ ਆਲੀਸ਼ਾਨ ਇਮਾਰਤ ਉਸਰੀ ਹੋਈ ਹੈ। ਤੁਹਾਡੇ ਸਕੂਲ ਦੇ ਆਲੇ-ਦੁਆਲੇ ਬਹੁਮੰਜ਼ਲੀਆਂ ਇਮਾਰਤਾਂ ਬਣੀਆਂ ਹੋਈਆਂ ਹਨ। ਥੋੜ੍ਹਾ ਹੋਰ ਅੱਗੇ ਚਲੇ ਜਾਓ ਤਾਂ ਵੱਡੀਆਂ-ਵੱਡੀਆਂ ਰਿਹਾਇਸ਼ੀ ਕੋਠੀਆਂ ਬਣੀਆਂ ਹੋਈਆਂ ਹਨ। ਕਦੀ ਸਕੂਲ ਦੀ ਧੁਰ ਉੱਪਰਲੇ ਮੰਜ਼ਲ 'ਤੇ ਖੜ੍ਹੇ ਹੋ ਕੇ ਚਾਰੇ ਪਾਸੇ ਵੇਖੋ ਤਾਂ ਜਿਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ, ਇਮਾਰਤਾਂ ਹੀ ਇਮਾਰਤਾਂ ਨਜ਼ਰ ਆਉਂਦੀਆਂ ਹਨ। ਮਾਨੋ ਸੀਮੈਂਟ ਅਤੇ ਲੋਹੇ ਦਾ ਜੰਗਲ ਹੋਵੇ। ਜੇ ਤੁਸੀਂ ਸਕੂਲ ਦੇ ਪਿਛਲੇ ਪਾਸੇ ਨਜ਼ਰ ਮਾਰੋ ਤਾਂ ਰਿਹਾਇਸ਼ੀ ਕੋਠੀਆਂ ਤੋਂ ਅੱਗੇ ਵੱਡੀਆਂ-ਵੱਡੀਆਂ ਚਿਮਨੀਆਂ ਦਿਸਦੀਆਂ ਹਨ, ਜਿਨ੍ਹਾਂ ਵਿਚੋਂ ਹਰ ਵਕਤ ਕਾਲਾ ਅਤੇ ਕਈ ਵਾਰੀ ਕਾਲਾ-ਪੀਲਾ ਧੂੰਆਂ ਨਿਕਲ ਰਿਹਾ ਹੁੰਦਾ ਹੈ।'
'ਹਾਂ ਜੀ, ਅਸੀਂ ਤਾਂ ਰੋਜ਼ ਉਹ ਕਾਲਾ ਧੂੰਆਂ ਨਿਕਲਦਾ ਦੇਖਦੇ ਹਾਂ', ਜੱਸੂ, ਅਮਿਤ, ਕੋਮਲ, ਸਹਿਰ ਇਕੱਠੇ ਬੋਲੇ।
'ਉਨ੍ਹਾਂ ਧੂੰਏਂ ਵਾਲੀਆਂ ਚਿਮਨੀਆਂ ਕੋਲੋਂ ਸਵੇਰੇ ਅਤੇ ਸ਼ਾਮੀਂ ਘੁੱਗੂ ਵੱਜਣ ਦੀ ਆਵਾਜ਼ ਵੀ ਆਉਂਦੀ ਹੈ', ਕੁਲਵਿੰਦਰ ਨੇ 'ਘੁੱਗੂ' ਲਫਜ਼ ਉੱਪਰ ਐਨਾ ਜ਼ੋਰ ਦਿੱਤਾ ਕਿ ਕਈ ਬੱਚੇ ਉੱਚੀ-ਉੱਚੀ ਹੱਸਣ ਲੱਗ ਪਏ।
'ਹਾਂ, ਬਿਲਕੁਲ ਠੀਕ ਕਿਹਾ ਏ ਤੂੰ। ਉਹ ਘੁੱਗੂ ਨਹੀਂ, ਸਗੋਂ ਸਾਇਰਨ ਦੀ ਆਵਾਜ਼ ਹੁੰਦੀ ਹੈ। ਜਦੋਂ ਸਵੇਰੇ-ਸ਼ਾਮੀਂ ਕਾਰਖਾਨੇ ਵਿਚ ਕੰਮ ਕਰਨ ਵਾਲਿਆਂ ਦੀ ਸ਼ਿਫਟ ਬਦਲਦੀ ਹੈ, ਉਸ ਵਕਤ ਸਾਇਰਨ ਵੱਜਦਾ ਹੈ।'
'ਜਿਸ ਤਰ੍ਹਾਂ ਸਾਡਾ ਪੀਰੀਅਡ ਖਤਮ ਹੁੰਦਾ ਹੈ ਤਾਂ ਘੰਟੀ ਵੱਜਦੀ ਹੈ ਅਤੇ ਛੁੱਟੀ ਵੇਲੇ ਜ਼ਿਆਦਾ ਘੰਟੀਆਂ ਵੱਜਦੀਆਂ ਹਨ, ਉਸੇ ਤਰ੍ਹਾਂ ਵੀਰ ਜੀ?' ਸਿਧਾਰਥ ਇਸ ਤਰ੍ਹਾਂ ਉਤਸ਼ਾਹਿਤ ਹੋ ਕੇ ਬੋਲ ਰਿਹਾ ਸੀ, ਜਿਸ ਤਰ੍ਹਾਂ ਉਸ ਨੇ ਕੋਈ ਬੜੀ ਵੱਡੀ ਖੋਜ ਕੀਤੀ ਹੋਵੇ।
'ਤੂੰ ਤੇ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਏਂ ਸਿਧਾਰਥ', ਵੀਰ ਜੀ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ। 'ਉਹ ਚਿਮਨੀਆਂ ਕਾਲਾ ਧੂੰਆਂ ਨਹੀਂ, ਸਗੋਂ ਬੜਾ ਭਿਆਨਕ ਜ਼ਹਿਰ ਉਗਲ ਰਹੀਆਂ ਹਨ, ਸਾਰੀ ਹਵਾ ਵਿਚ ਜ਼ਹਿਰ ਮਿਲਾ ਰਹੀਆਂ ਹਨ, ਸਾਰਾ ਵਾਤਾਵਰਨ ਪ੍ਰਦੂਸ਼ਿਤ ਕਰ ਰਹੀਆਂ ਹਨ।'
'ਉਹ ਕਿਸ ਤਰ੍ਹਾਂ ਵੀਰ ਜੀ?' ਸੋਚੀਂ ਪਏ ਜਗਮੀਤ ਨੇ ਸਵਾਲ ਕੀਤਾ।

+++
'ਉਸ ਧੂੰਏਂ ਵਿਚ ਕਈ ਪ੍ਰਕਾਰ ਦੀਆਂ ਖਤਰਨਾਕ ਗੈਸਾਂ ਹੁੰਦੀਆਂ ਹਨ, ਜੋ ਹਵਾ ਵਿਚ ਮਿਲ ਜਾਂਦੀਆਂ ਹਨ । ਉਸੇ ਹਵਾ ਵਿਚ ਅਸੀਂ ਸਾਹ ਲੈਂਦੇ ਹਾਂ । ਸਾਹ ਰਾਹੀਂ ਸਾਰੀ ਪ੍ਰਦੂਸ਼ਿਤ ਹਵਾ ਸਾਡੇ ਅੰਦਰ ਚਲੀ ਜਾਂਦੀ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਨਸਾਨ ਨੂੰ ਲੱਗ ਜਾਂਦੀਆਂ ਹਨ ।'
'ਮੈਨੂੰ ਵੀ ਬੜੀਆਂ ਨਿੱਛਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਫਿਰ ਨੱਕ ਵਿਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ । ਇਹ ਵੀ ਕਿਤੇ ਇਸ ਧੂੰਏਂ ਕਰਕੇ ਤੇ ਨਹੀਂ ਹੁੰਦਾ?' ਸਿਮਰ ਰੁਮਾਲ ਨਾਲ ਆਪਣਾ ਨੱਕ ਪੂੰਝਦੀ ਹੋਈ ਬੋਲੀ ।
'ਇਹ ਜਿਹੜੀਆਂ ਨਿੱਛਾਂ ਆਉਂਦੀਆਂ ਹਨ, ਨੱਕ ਵਗਦਾ ਹੈ ਅਤੇ ਗਲਾ ਖਰਾਬ ਹੁੰਦਾ ਹੈ, ਉਸ ਦਾ ਕਾਰਨ ਧੂੰਆਂ ਅਤੇ ਘੱਟਾ ਹੈ । ਤੁਸੀਂ ਕਦੀ ਧਿਆਨ ਕੀਤਾ ਹੈ ਕਿ ਸੜਕ ਤੋਂ ਜਦੋਂ ਵੀ ਕੋਈ ਕਾਰ, ਥ੍ਰੀ-ਵ੍ਹੀਲਰ ਲੰਘਦਾ ਹੈ ਤਾਂ ਕਿੰਨਾ ਘੱਟਾ-ਮਿੱਟੀ ਉਡਦਾ ਹੈ । ਉਸ ਘੱਟੇ ਵਿਚ ਪੈਟਰੋਲ ਅਤੇ ਡੀਜ਼ਲ ਦਾ ਧੂੰਆਂ ਵੀ ਰਲਿਆ ਹੁੰਦਾ ਹੈ । ਉਹੋ ਹੀ ਸਾਡੇ ਗਲੇ ਅਤੇ ਨੱਕ ਉੱਤੇ ਅਸਰ ਕਰਦਾ ਹੈ । ਜਿਨ੍ਹਾਂ ਲੋਕਾਂ ਨੂੰ 'ਡਸਟ ਐਲਰਜੀ' ਹੁੰਦੀ ਹੈ, ਉਨ੍ਹਾਂ ਉੱਤੇ ਤਾਂ ਇਸ ਘੱਟੇ-ਮਿੱਟੀ ਦਾ ਬਹੁਤ ਜਲਦੀ ਅਸਰ ਹੋ ਜਾਂਦਾ ਹੈ ।'
'ਇਹ ਡਸਟ ਐਲਰਜੀ ਕੀ ਹੁੰਦੀ ਹੈ ਵੀਰ ਜੀ? ਕੁਲਵਿੰਦਰ ਬੋਲਿਆ ।
'ਐਲਰਜੀ ਇਕ ਬਿਮਾਰੀ ਹੁੰਦੀ ਹੈ । ਉਹ ਕਿਸੇ ਨੂੰ ਇਕ ਚੀਜ਼ ਤੋਂ ਹੁੰਦੀ ਹੈ ਅਤੇ ਕਿਸੇ ਹੋਰ ਨੂੰ ਦੂਜੀ ਚੀਜ਼ ਤੋਂ । ਡਸਟ ਘੱਟੇ-ਮਿੱਟੀ ਨੂੰ ਕਹਿੰਦੇ ਹਨ । ਸਾਡੇ ਪੰਜਾਬ ਵਿਚ ਤਾਂ ਘੱਟੇ-ਮਿੱਟੀ ਤੋਂ ਐਲਰਜੀ ਬੜੀ ਆਮ ਹੈ ।'
'ਇਸ ਦਾ ਮਤਲਬ ਮੈਨੂੰ ਡਸਟ ਐਲਰਜੀ ਹੈ?' ਸਿਮਰ ਨੇ ਪੁੱਛਿਆ ।
'ਲਗਦਾ ਤਾਂ ਇਸੇ ਤਰ੍ਹਾਂ ਹੀ ਹੈ', ਵੀਰ ਜੀ ਨੇ ਕਿਹਾ ।
'ਫੇਰ ਮੈਨੂੰ ਬਚਾ ਲਈ ਕੀ ਕਰਨਾ ਚਾਹੀਦੈ?' ਸਿਮਰ ਨੇ ਹੋਰ ਸਵਾਲ ਕਰ ਦਿੱਤਾ ।
'ਦੇਖੋ ਸਿਮਰ! ਦੇਸੀ ਟੋਟਕੇ ਤਾਂ ਇਹੋ ਹਨ ਕਿ ਘੱਟੇ-ਮਿੱਟੀ ਦਾ ਬਚਾਅ ਕਰੋ । ਸਵੇਰੇ ਬਾਗ ਵਿਚ ਜਾ ਕੇ ਸੈਰ ਕਰੋ ਅਤੇ ਲੰਮੇ-ਲੰਮੇ ਸਾਹ ਲਵੋ । ਸੜਕ 'ਤੇ ਜਾਣ ਲੱਗਿਆਂ ਨੱਕ-ਮੂੰਹ ਉੱਪਰ ਰੁਮਾਲ ਰੱਖੋ । ਬਾਕੀ ਦੀ ਸਲਾਹ ਕਿਸੇ ਸਿਆਣੇ ਜਿਹੇ ਡਾਕਟਰ ਕੋਲੋਂ ਲਵੋ', ਵੀਰ ਜੀ ਨੇ ਥੋੜ੍ਹਾ ਮੁਸਕਰਾਉਂਦਿਆਂ ਜਵਾਬ ਦਿੱਤਾ ।
ਸਿਧਾਰਥ ਖੜ੍ਹੇ ਹੋ ਕੇ ਕੋਈ ਸਵਾਲ ਪੁੱਛਣ ਹੀ ਲੱਗਾ ਸੀ ਕਿ ਪੀਰੀਅਡ ਖਤਮ ਹੋਣ ਦੀ ਘੰਟੀ ਵੱਜ ਗਈ ।
'ਚੰਗਾ ਬਈ ਬੱਚਿਓ, ਕੱਲ੍ਹ ਮਿਲਾਂਗੇ', ਵੀਰ ਜੀ ਨੇ ਮੇਜ਼ ਤੋਂ ਆਪਣੀਆਂ ਕਿਤਾਬਾਂ ਚੁੱਕੀਆਂ ਅਤੇ ਕਲਾਸ ਰੂਮ 'ਚੋਂ ਬਾਹਰ ਚਲੇ ਗਏ ।
'ਗੁੱਡ ਮਾਰਨਿੰਗ ਵੀਰ ਜੀ', ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੇ ਬੱਚੇ ਖੜ੍ਹੇ ਹੋ ਕੇ ਬੋਲੇ ।
'ਗੁੱਡ ਮਾਰਨਿੰਗ ਬੱਚਿਓ, ਅੱਜ ਤੁਸੀਂ ਸਿਆਣੀ ਗੱਲ ਕੀਤੀ ਹੈ ।'
'ਜੇ ਤੁਸੀਂ ਸਾਨੂੰ ਚੰਗੀਆਂ-ਚੰਗੀਆਂ ਕਹਾਣੀਆਂ ਸੁਣਾਉਂਦੇ ਰਹੋਗੇ ਤਾਂ ਅਸੀਂ ਹੋਰ ਵੀ ਸਿਆਣੇ ਬਣਾਂਗੇ', ਮਧੁਰ ਨੇ ਵੀਰ ਜੀ ਨੂੰ ਫੂਕ ਦਿੰਦਿਆਂ ਕਿਹਾ ।
'ਤੇ ਜੇ ਮੈਂ ਕਹਾਣੀਆਂ ਨਾ ਸੁਣਾਈਆਂ ਫੇਰ?'
'ਅਸੀਂ ਫੇਰ ਤੁਹਾਨੂੰ ਹੋਰਨਾਂ ਟੀਚਰਾਂ ਵਾਂਗ ਸਰ ਜੀ, ਸਰ ਜੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿਆਂਗੇ', ਐਤਕੀਂ ਸਿਧਾਰਥ ਨੇ ਮੋੜਵਾਂ ਜਵਾਬ ਦਿੱਤਾ ।
'ਕੱਲ੍ਹ ਵਾਲੀ ਕਹਾਣੀ ਸ਼ੁਰੂ ਕਰੋ ਵੀਰ ਜੀ', ਮਧੁਰ ਬੋਲੀ ।
'ਕੱਲ੍ਹ ਵਾਲੀ ਗੱਲ ਤਾਂ ਮੈਂ ਪੂਰੀ ਕਰਾਂਗਾ ਹੀ, ਉਸ ਤੋਂ ਬਾਅਦ ਜ਼ੋਰ ਲਗਾ ਕੇ ਪੜ੍ਹਾਈ ਅਤੇ ਕਦੀ-ਕਦੀ ਸਵਾਦ ਬਦਲਣ ਲਈ ਕਹਾਣੀ । ਕਿਉਂ ਠੀਕ ਹੈ?'
'ਬਿਲਕੁਲ ਠੀਕ ਹੈ', ਬਹੁਤੇ ਬੱਚੇ ਇਕੱਠੇ ਬੋਲ ਪਏ ।
'ਸਵਾਦ ਬਦਲਣਾ ਬੜੀ ਜ਼ਰੂਰੀ ਗੱਲ ਹੈ, ਰੋਜ਼ ਦਿਹਾੜੀ ਸਾਡੇ ਕੋਲੋਂ ਦਾਲ ਨਹੀਂ ਖਾਧੀ ਜਾਂਦੀ', ਸਿਧਾਰਥ ਬੜਾ ਪੀਡਾ ਜਿਹਾ ਮੂੰਹ ਬਣਾ ਕੇ ਬੋਲਿਆ ।

+++
'ਇਹ ਤੇ ਬੜੀ ਮਾੜੀ ਗੱਲ ਹੋਈ ਹੈ, ਹੁਣ ਅਸੀਂ ਸਾਹ ਕਿਵੇਂ ਲਿਆ ਕਰਾਂਗੇ?' ਮਧੁਰ ਨੇ ਬੜੀ ਫ਼ਿਕਰਮੰਦੀ ਹੁੰਦਿਆਂ ਕਿਹਾ ।
'ਜੇ ਅਸੀਂ ਸਾਫ਼ ਹਵਾ ਵਿਚ ਸਾਹ ਲੈਣਾ ਹੈ ਤਾਂ ਸਾਨੂੰ ਕਾਰਖਾਨਿਆਂ ਦੇ ਧੂੰਏਾ, ਕਾਰਾਂ, ਬੱਸਾਂ, ਆਟੋ ਰਿਕਸ਼ਿਆਂ ਦੀਆਂ ਮਾਰੂ ਗੈਸਾਂ ਤੋਂ ਬਚਣਾ ਹੈ, ਤਾਂ ਸਾਡੀ ਸਾਰੀ ਜਨਤਾ ਨੂੰ ਘੱਟੋ-ਘੱਟ ਇਕ-ਇਕ ਦਰੱਖਤ ਜ਼ਰੂਰ ਲਗਾਉਣਾ ਚਾਹੀਦਾ ਹੈ ।'
'ਮੈਂ ਤੇ ਘੱਟੋ-ਘੱਟ ਪੰਜ ਦਰੱਖਤ ਲਗਾਵਾਂਗੀ', ਮਧੁਰ ਨੇ ਥੋੜ੍ਹਾ ਸੁਖ ਦਾ ਸਾਹ ਲੈਂਦਿਆਂ ਕਿਹਾ ।
'ਅਸੀਂ ਸਾਰੇ ਅੱਜ ਪ੍ਰਣ ਕਰੀਏ ਕਿ ਇਸ ਬਰਸਾਤ ਦੇ ਮੌਸਮ ਵਿਚ ਆਪੋ-ਆਪਣੇ ਘਰ ਦੇ ਵਿਹੜੇ ਵਿਚ ਜਾਂ ਬਾਹਰ ਘੱਟੋ-ਘੱਟ ਇਕ ਨਿੰਮ ਦਾ ਦਰੱਖਤ ਜ਼ਰੂਰ ਲਾਈਏ ।'
'ਨਿੰਮ ਦਾ ਦਰੱਖਤ ਹੀ ਕਿਉਂ? ਕੋਈ ਹੋਰ ਕਿਉਂ ਨਹੀਂ?' ਸਿੰਪੀ ਨੇ ਪੁੱਛਿਆ ।
'ਨਿੰਮ ਦਾ ਦਰੱਖਤ ਹਵਾ ਨੂੰ ਜ਼ਿਆਦਾ ਸਾਫ ਕਰਦਾ ਹੈ । ਗਰਮੀਆਂ ਵਿਚ ਇਸ ਦੀ ਛਾਂ ਵਿਚ ਠੰਢੀਰ ਵੀ ਜ਼ਿਆਦਾ ਹੁੰਦੀ ਹੈ । ਇਸ ਤੋਂ ਇਲਾਵਾ ਨਿੰਮ ਦੀ ਦਾਤਣ ਤੁਹਾਡੇ ਦੰਦ ਮਜ਼ਬੂਤ ਕਰਦੀ ਹੈ ਤੇ ਕੀੜਾ ਵੀ ਨਹੀਂ ਲੱਗਣ ਦਿੰਦੀ । ਇਸ ਦੀਆਂ ਨਮੋਲੀਆਂ ਖਾਣ ਨਾਲ ਫੋੜੇ-ਫਿਨਸੀਆਂ ਨਹੀਂ ਹੁੰਦੇ ।'
'ਤੁਹਾਨੂੰ ਤੇ ਵੀਰ ਜੀ ਨਿੰਮ ਦੇ ਬੜੇ ਗੁਣਾਂ ਦਾ ਪਤਾ ਹੈ । ਅਸੀਂ ਹੁਣ ਆਪਣੇ ਵਿਹੜੇ ਵਿਚ ਨਿੰਮ ਦਾ ਦਰੱਖਤ ਹੀ ਲਗਾਵਾਂਗੇ', ਸਿਧਾਰਥ ਨਿੰਮ ਦਾ ਬੂਟਾ ਲਗਾਉਣ ਲਈ ਤਿਆਰ-ਬਰ-ਤਿਆਰ ਬੈਠਾ ਸੀ ।
'ਇਕ ਹੋਰ ਜ਼ਰੂਰੀ ਗੱਲ, ਸਿਰਫ ਲੀਡਰਾਂ ਵਾਂਗ ਬੂਟਾ ਲਗਾ ਕੇ ਭੁੱਲ ਨਹੀਂ ਜਾਣਾ, ਸਗੋਂ ਉਸ ਦੀ ਬੱਚਿਆਂ ਵਾਂਗ ਪੂਰੀ ਪਰਵਰਿਸ਼ ਵੀ ਕਰਨੀ ਹੈ ।'
'ਕੀ ਲੀਡਰ ਬੂਟਾ ਲਗਾ ਕੇ ਭੁੱਲ ਜਾਂਦੇ ਹਨ?' ਸਿਮਰ ਨੇ ਸਵਾਲ ਕੀਤਾ ।
'ਸਾਵਣ ਦੇ ਮਹੀਨੇ ਤੁਸੀਂ ਕਿਸੇ ਅਖ਼ਬਾਰ ਵਿਚ ਦੇਖੋ, ਲੀਡਰ ਲੋਕਾਂ ਦੀਆਂ ਬੂਟੇ ਲਾਉਂਦਿਆਂ ਦੀਆਂ ਫੋਟੋਆਂ ਛਪੀਆਂ ਹੁੰਦੀਆਂ ਹਨ ਕਿ ਅੱਜ ਫਲਾਣੇ ਥਾਂ 'ਵਣ ਮਹਾਂਉਤਸਵ' ਮਨਾਇਆ ਗਿਆ । ਹਫਤੇ ਪਿੱਛੋਂ ਤੁਸੀਂ ਉਸ ਥਾਂ 'ਤੇ ਜਾਓ ਜਿਥੇ ਫੋਟੋ ਵਾਲਾ ਬੂਟਾ ਲਗਾਇਆ ਸੀ, ਉਥੇ ਉਹ ਬੂਟਾ ਪਾਣੀ ਨੂੰ ਤਰਸਦਾ ਸੁੱਕ ਰਿਹਾ ਹੋਵੇਗਾ ਜਾਂ ਉਸੇ ਲੀਡਰ ਦੀ ਕਾਰ ਦੇ ਟਾਇਰ ਥੱਲੇ ਆਇਆ ਬੂਟਾ ਜ਼ਖਮੀ ਹਾਲਤ ਵਿਚ ਆਪਣਾ ਦੁਖੜਾ ਰੋ ਰਿਹਾ ਹੋਵੇਗਾ । ਸੋ ਬੱਚਿਓ, ਤੁਸੀਂ ਜਿਹੜਾ ਵੀ ਬੂਟਾ ਲਗਾਉਣਾ ਹੈ, ਉਸ ਦੀ ਠੀਕ ਤਰ੍ਹਾਂ ਦੇਖ-ਭਾਲ ਵੀ ਕਰਨੀ ਹੈ ।'
'ਠੀਕ ਹੈ ਜੀ, ਅਸੀਂ ਸਾਰੇ ਘੱਟੋ-ਘੱਟ ਦੋ-ਦੋ ਦਰੱਖਤ ਜ਼ਰੂਰ ਲਗਾਵਾਂਗੇ, ਉਨ੍ਹਾਂ ਨੂੰ ਰੋਜ਼ ਪਾਣੀ ਪਾਵਾਂਗੇ ਅਤੇ ਪੂਰੀ ਦੇਖ-ਭਾਲ ਕਰਾਂਗੇ', ਸਾਰੇ ਬੱਚਿਆਂ ਨੇ ਆਪਣੇ ਦੋ-ਦੋ ਹੱਥ ਖੜ੍ਹੇ ਕਰਦਿਆਂ ਕਿਹਾ ।
ਐਨੀ ਦੇਰ ਵਿਚ ਕਲਾਸ ਦੇ ਦਰਵਾਜ਼ੇ ਨੂੰ ਕਿਸੇ ਨੇ ਠਕੋਰਿਆ । ਜਦੋਂ ਵੀਰ ਜੀ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਸਾਇੰਸ ਵਾਲੇ ਮਾਸਟਰ ਜੀ ਖੜ੍ਹੇ ਸਨ, 'ਆਓ ਕਿਧਰ ਆਏ?' ਵੀਰ ਜੀ ਨੇ ਪੁੱਛਿਆ ।
'ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣਾ ਪੀਰੀਅਡ ਪੜ੍ਹਾ ਲਵਾਂ?' ਸਾਇੰਸ ਮਾਸਟਰ ਨੇ ਕਿਹਾ ।
'ਘੰਟੀ ਵੱਜ ਗਈ?' ਵੀਰ ਜੀ ਨੇ ਹੈਰਾਨੀ ਨਾਲ ਪੁੱਛਿਆ ।
'ਘੰਟੀ ਵੱਜੀ ਨੂੰ ਤਾਂ ਪੰਜ ਮਿੰਟ ਹੋ ਚੁੱਕੇ ਨੇ', ਇਹ ਕਹਿੰਦਿਆਂ ਸਾਇੰਸ ਮਾਸਟਰ ਕਲਾਸ ਅੰਦਰ ਆ ਗਿਆ ਅਤੇ ਵੀਰ ਜੀ ਆਪਣੀਆਂ ਕਿਤਾਬਾਂ ਮੇਜ਼ ਤੋਂ ਚੁੱਕਦੇ ਹੋਏ ਬੋਲੇ, 'ਅੱਜ ਤਾਂ ਘੰਟੀ ਦੀ ਆਵਾਜ਼ ਦਾ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ । ਚੰਗਾ ਬੱਚਿਓ, ਕੱਲ੍ਹ ਮਿਲਾਂਗੇ ।'

+++
ਰਣਬੀਰ ਇਕ ਗਰੀਬ ਕਿਸਾਨ ਦਾ ਬੇਟਾ ਸੀ । ਉਹ ਬਚਪਨ ਤੋਂ ਹੀ ਬੜਾ ਜ਼ਹੀਨ ਅਤੇ ਚੇਤੰਨ ਸੀ । ਜਦੋਂ ਉਹ ਦੋ ਸਾਲ ਦਾ ਸੀ ਤਾਂ ਉਸ ਦੇ ਚਿਹਰੇ ਦੀ ਖੂਬਸੂਰਤੀ ਅਤੇ ਮੱਥੇ ਦੀ ਚਮਕ ਹਰ ਕਿਸੇ ਨੂੰ ਖਿੱਚ ਪਾਉਂਦੀ । ਸਿਹਤ ਉਸ ਦੀ ਚੰਗੀ ਸੀ, ਜਿਸ ਕਰਕੇ ਘਰ ਦੇ ਅਤੇ ਆਂਢੀ-ਗੁਆਂਢੀ ਪਿਆਰ ਨਾਲ ਉਸ ਨੂੰ 'ਗੋਲੂ-ਮੋਲੂ' ਬੁਲਾਉਣ ਲੱਗ ਪਏ । ਜਦੋਂ ਉਹ ਵੱਡਾ ਹੋਇਆ ਤਾਂ ਉਸ ਨੂੰ ਸਕੂਲ ਦਾਖਲ ਕਰਵਾ ਦਿੱਤਾ । ਸਕੂਲ ਵਿਚ ਉਹ ਆਪਣੇ ਅਧਿਆਪਕਾਂ ਦਾ ਚਹੇਤਾ ਬਣ ਗਿਆ । ਉਹ ਹਰ ਕਲਾਸ ਵਿਚੋਂ ਪਹਿਲੇ ਨੰਬਰ 'ਤੇ ਆਉਂਦਾ ਰਿਹਾ । ਸਮਾਂ ਬੀਤਦਾ ਗਿਆ । ਛੋਟਾ ਗੋਲੂ-ਮੋਲੂ ਪ੍ਰਾਇਮਰੀ ਪਾਸ ਕਰਕੇ ਮਿਡਲ ਸਕੂਲ ਵਿਚ ਚਲਾ ਗਿਆ ਅਤੇ ਮਿਡਲ ਤੋਂ ਹਾਈ ਸਕੂਲ ਵਿਚ ਪਰ ਉਸ ਨੇ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਆਪਣੀ ਪਹਿਲੀ ਪੁਜ਼ੀਸ਼ਨ ਕਾਇਮ ਰੱਖੀ । ਹੁਣ ਉਹ ਆਪਣੇ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦਾ ਵੀ ਚਹੇਤਾ ਬਣਦਾ ਜਾ ਰਿਹਾ ਸੀ । ਰਣਬੀਰ ਦੇ ਪਿਤਾ ਜੀ ਸ: ਤੇਜਾ ਸਿੰਘ ਇਕ ਬਹੁਤ ਮਿਹਨਤੀ ਕਿਸਾਨ ਸਨ । ਉਨ੍ਹਾਂ ਦੀ ਆਪਣੀ ਜ਼ਮੀਨ ਬਹੁਤ ਥੋੜ੍ਹੀ ਸੀ, ਜਿਸ ਵਿਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਹੋ ਸਕਦਾ । ਇਸ ਲਈ ਉਹ ਕਿਸੇ ਹੋਰ ਜ਼ਿਮੀਂਦਾਰ ਦੀ ਕੁਝ ਜ਼ਮੀਨ ਅੱਧ ਉੱਤੇ ਲੈ ਕੇ ਵੀ ਖੇਤੀ ਕਰਦੇ । ਉਨ੍ਹਾਂ ਦਾ ਪਿੰਡ ਸ਼ਹਿਰ ਤੋਂ ਥੋੜ੍ਹੀ ਹੀ ਦੂਰ ਸੀ, ਜਿਸ ਕਰਕੇ ਉਹ ਆਪਣੀ ਅਤੇ ਅੱਧ ਉੱਤੇ ਲਈ ਜ਼ਮੀਨ 'ਤੇ ਕਣਕ-ਝੋਨੇ ਦੀ ਥਾਂ 'ਤੇ ਕੁਝ ਜ਼ਮੀਨ ਵਿਚ ਸਬਜ਼ੀਆਂ ਬੀਜਦੇ ਅਤੇ ਬਹੁਤੀ ਜ਼ਮੀਨ ਵਿਚ ਆਲੂ ਲਗਾਉਂਦੇ । ਇਸ ਤੋਂ ਇਲਾਵਾ ਸ਼ਟਾਲਾ ਲਗਾਉਂਦੇ ਅਤੇ ਇਕ ਫਸਲ ਉਹ ਕਰਨੌਲੀ ਦੀ ਵੀ ਲਗਾ ਦਿੰਦੇ । ਸ਼ਹਿਰ ਦੇ ਨੇੜੇ ਹੋਣ ਕਰਕੇ ਉਹ ਮੌਸਮ ਦੀ ਸਬਜ਼ੀ ਮੰਡੀ ਭੇਜ ਦਿੰਦੇ । ਸ਼ਟਾਲਾ ਉਨ੍ਹਾਂ ਦਾ ਹੱਥੋ-ਹੱਥ ਵਿਕ ਜਾਂਦਾ ਅਤੇ ਕਰਨੌਲੀ (ਦੇਸੀ ਜਵੈਣ) ਉਨ੍ਹਾਂ ਨੂੰ ਚੰਗੇ ਪੈਸੇ ਦੇ ਜਾਂਦੀ । ਇਸ ਤਰ੍ਹਾਂ ਉਨ੍ਹਾਂ ਦਾ ਗੁਜ਼ਾਰਾ ਸੋਹਣੀ ਤਰ੍ਹਾਂ ਹੋਈ ਜਾਂਦਾ ।
ਰਣਬੀਰ ਦੇ ਪਰਿਵਾਰ ਵਿਚ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਇਕ ਛੋਟੀ ਭੈਣ ਅਸੀਸ ਸੀ, ਜਿਹੜੀ ਉਸ ਤੋਂ ਦੋ ਸਾਲ ਛੋਟੀ ਸੀ । ਉਹ ਵੀ ਪੜ੍ਹਾਈ ਵਿਚ ਬਹੁਤ ਲਾਇਕ ਸੀ । ਦੋਵੇਂ ਬੱਚਿਆਂ ਦੇ ਲਾਇਕ ਹੋਣ ਦਾ ਸਿਹਰਾ ਉਨ੍ਹਾਂ ਦੇ ਮਾਤਾ ਜੀ ਨੂੰ ਜਾਂਦਾ ਸੀ, ਜਿਹੜੇ ਆਪ ਭਲੇ ਸਮਿਆਂ ਵਿਚ ਪਲੱਸ ਟੂ (ਬਾਰ੍ਹਵੀਂ ਕਲਾਸ) ਤੱਕ ਪੜ੍ਹੇ ਹੋਏ ਸੀ । ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਦਾ ਸਕੂਲ ਤੋਂ ਹੀ ਬੜਾ ਸ਼ੌਕ ਸੀ । ਉਨ੍ਹਾਂ ਨੇ ਬਾਰ੍ਹਵੀਂ ਪਾਸ ਕਰਨ ਤੱਕ ਨਾਨਕ ਸਿੰਘ, ਗੁਰਬਖਸ਼ ਸਿੰਘ, ਅੰਮਿ੍ਤਾ ਪ੍ਰੀਤਮ ਅਤੇ ਪ੍ਰੋ: ਮੋਹਨ ਸਿੰਘ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ । ਹੁਣ ਵੀ ਉਨ੍ਹਾਂ ਦੇ ਘਰ ਵਿਚ ਇਕ-ਦੋ ਪੰਜਾਬੀ ਦੇ ਮਿਆਰੀ ਰਸਾਲੇ ਆਉਂਦੇ ਸਨ । ਉਨ੍ਹਾਂ ਨੇ ਰਣਬੀਰ ਨੂੰ ਦੱਸਿਆ ਕਿ ਇਸ ਦਾ ਸਿਹਰਾ ਉਨ੍ਹਾਂ ਦੀ ਇਕ ਅਧਿਆਪਕਾ ਨੂੰ ਜਾਂਦਾ ਹੈ, ਜਿਸ ਨੇ ਉਨ੍ਹਾਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਗਾਈ ।
ਰਣਬੀਰ ਦੇ ਮਾਤਾ ਜੀ ਨੂੰ ਪਤਾ ਸੀ ਕਿ ਬੱਚਿਆਂ ਦਾ ਹੋਮ-ਵਰਕ ਰੋਜ਼ ਦਾ ਰੋਜ਼ ਹੋਣਾ ਚਾਹੀਦਾ ਹੈ, ਸਕੂਲ ਵਿਚ ਕਦੇ ਨਾਗਾ ਨਹੀਂ ਪੈਣਾ ਚਾਹੀਦਾ, ਸਕੂਲ ਵਾਸਤੇ ਵੇਲੇ ਸਿਰ ਤਿਆਰ ਹੋਣਾ ਹੈ ਅਤੇ ਬੱਚਿਆਂ ਦੀ ਡਰੈੱਸ ਆਦਿ ਰਾਤੀਂ ਹੀ ਪ੍ਰੈੱਸ ਕਰਕੇ ਰੱਖਣੀ ਚਾਹੀਦੀ ਹੈ । ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਦੋਵੇਂ ਬੱਚੇ ਪੜ੍ਹਾਈ ਵਿਚ ਬਹੁਤ ਲਾਇਕ ਸਨ । ਲਾਇਕ ਹੋਣ ਤੋਂ ਇਲਾਵਾ ਦੋਵੇਂ ਬੱਚੇ ਆਪਣੇ ਮਾਤਾ ਜੀ ਕੋਲੋਂ ਕੁਦਰਤ ਦੀ ਅਪਾਰ ਸ਼ਕਤੀ ਅਤੇ ਨੈਤਿਕਤਾ 'ਤੇ ਆਧਾਰਿਤ ਕਹਾਣੀਆਂ-ਕਿੱਸੇ ਸੁਣਦੇ ਰਹਿੰਦੇ । ਦੋਵੇਂ ਬੱਚੇ ਕੁਦਰਤ ਦੀਆਂ ਬਖਸ਼ਿਸ਼ਾਂ ਨੂੰ ਗਹੁ ਨਾਲ ਦੇਖਦੇ ਤਾਂ ਉਨ੍ਹਾਂ ਦੇ ਮੂੰਹੋਂ ਅਚਾਨਕ ਨਿਕਲ ਜਾਂਦਾ 'ਸੁਭਾਨ ਤੇਰੀ ਕੁਦਰਤ...', ਇਸ ਤੋਂ ਇਲਾਵਾ ਉਸ ਦੇ ਮਾਤਾ ਜੀ ਦੋਵਾਂ ਬੱਚਿਆਂ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਸਾਹਿਤ ਬਾਰੇ ਜਾਣੂ ਕਰਵਾਉਂਦੇ ਰਹਿੰਦੇ । ਇਹੋ ਕਾਰਨ ਸੀ ਕਿ ਰਣਬੀਰ ਅਤੇ ਉਸ ਦੀ ਛੋਟੀ ਭੈਣ ਅਸੀਸ ਆਪਣੇ ਪੁਰਾਤਨ ਵਿਰਸੇ ਅਤੇ ਸਾਹਿਤ ਬਾਰੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਬਹੁਤ ਕੁਝ ਜਾਣਦੇ ਸਨ ।

+++
ਦਸਵੀਂ ਪਾਸ ਕਰਨ ਤੋਂ ਬਾਅਦ ਰਣਬੀਰ ਨੇ ਸ਼ਹਿਰ ਦੇ ਇਕ ਚੰਗੇ ਕਾਲਜ ਵਿਚ ਵਿਚ ਦਾਖਲਾ ਲੈ ਲਿਆ । ਉਸ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਹੁਤ ਪਿਆਰ ਸੀ, ਜਿਸ ਕਰਕੇ ਉਸ ਨੇ ਬੀ. ਏ. ਵਿਚ ਪੰਜਾਬੀ (ਇਲੈਕਟਿਵ) ਅਤੇ ਇਕਨਾਮਿਕਸ ਸਬਜੈਕਟ ਰੱਖ ਲਏ । ਉਸ ਦੀ ਦਿਲੀ ਖਾਹਿਸ਼ ਸੀ ਕਿ ਬੀ. ਏ. ਤੋਂ ਬਾਅਦ ਐਮ. ਏ. ਪੰਜਾਬੀ ਕਰੇ ।
ਰਣਬੀਰ ਦੀ ਖਾਹਿਸ਼ ਉਸ ਵੇਲੇ ਪੂਰੀ ਹੋ ਗਈ ਜਦੋਂ ਉਹ ਬੀ. ਏ. ਵਿਚ ਮੈਰਿਟ ਲਿਸਟ ਉੱਪਰ ਆ ਗਿਆ । ਉਸ ਦੇ ਸਾਰੇ ਹੀ ਸਬਜੈਕਟਸ ਵਿਚੋਂ ਨੰਬਰ ਬੜੇ ਚੰਗੇ ਆਏ ਸਨ ਪਰ ਪੰਜਾਬੀ ਵਿਚ ਉਸ ਦੇ ਨੰਬਰ ਸਭ ਤੋਂ ਜ਼ਿਆਦਾ ਆਏ । ਸਾਰੇ ਘਰ ਵਿਚ ਹੀ ਨਹੀਂ, ਸਗੋਂ ਸਾਰੇ ਪਿੰਡ ਵਿਚ ਹੀ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਅਖ਼ਬਾਰ ਵਿਚ ਉਸ ਦੀ ਫੋਟੋ ਛਪੀ ।
ਹੁਣ ਉਸ ਨੇ ਸ਼ਹਿਰ ਯੂਨੀਵਰਸਿਟੀ ਵਿਚ ਐਮ. ਏ. ਪੰਜਾਬੀ ਵਿਚ ਦਾਖਲਾ ਲੈ ਲਿਆ । ਕਾਲਜ ਅਤੇ ਯੂਨੀਵਰਸਿਟੀ ਦੇ ਮਾਹੌਲ ਵਿਚ ਦਿਨ-ਰਾਤ ਦਾ ਫਰਕ ਸੀ । ਸ਼ੁਰੂ-ਸ਼ੁਰੂ ਵਿਚ ਉਹ ਬੜਾ ਸੰਗਾਊ ਜਿਹਾ ਸੀ । ਉਹ ਚੁੱਪ-ਚਾਪ ਕਲਾਸ ਰੂਮ ਵਿਚ ਆ ਕੇ ਆਪਣੀ ਸੀਟ 'ਤੇ ਬੈਠ ਜਾਂਦਾ ਅਤੇ ਬੜੀ ਇਕਾਗਰਤਾ ਨਾਲ ਲੈਕਚਰ ਸੁਣਦਾ । ਇਸ ਤਰ੍ਹਾਂ ਲਗਦਾ ਸੀ ਜਿਵੇਂ ਪ੍ਰੋਫੈਸਰ ਦੇ ਮੂੰਹ ਵਿਚੋਂ ਨਿਕਲਿਆ ਇਕ-ਇਕ ਸ਼ਬਦ ਉਸ ਦੇ ਜ਼ਿਹਨ ਵਿਚ ਉਕਰਦਾ ਜਾਂਦਾ ਹੋਵੇ । ਉਸ ਦੇ ਚਿਹਰੇ ਦੇ ਹਾਵ-ਭਾਵ ਦੱਸਦੇ ਕਿ ਉਹ ਲੈਕਚਰ ਨੂੰ ਕੇਵਲ ਸੁਣ ਹੀ ਨਾ ਰਿਹਾ ਹੋਵੇ, ਸਗੋਂ ਮਾਣ ਰਿਹਾ ਹੋਵੇ ।
ਆਪਣੀ ਲਿਆਕਤ ਕਾਰਨ ਉਹ ਆਪਣੀ ਕਲਾਸ ਵਿਚ ਹਰਮਨ ਪਿਆਰਾ ਹੋਣ ਲੱਗਾ । ਉਹ ਜਦੋਂ ਵੀ ਕਲਾਸ ਵਿਚ ਆਉਂਦਾ, ਉਸ ਦੇ ਹੱਥ ਵਿਚ ਨਵੀਆਂ ਤੋਂ ਨਵੀਆਂ ਕਿਤਾਬਾਂ ਅਤੇ ਰਸਾਲੇ ਹੁੰਦੇ । ਕਿਸੇ ਖਾਲੀ ਪੀਰੀਅਡ ਜਦੋਂ ਉਸ ਦੇ ਜਮਾਤੀ ਆਪਣੀਆਂ ਜਮਾਤਣਾਂ ਨਾਲ ਚਾਹ, ਕੌਫੀ ਪੀਣ ਕੰਟੀਨ ਵੱਲ ਜਾ ਰਹੇ ਹੁੰਦੇ ਤਾਂ ਰਣਬੀਰ ਦੇ ਕਦਮ ਲਾਇਬ੍ਰੇਰੀ ਵੱਲ ਤੁਰ ਪੈਂਦੇ ।
ਰਣਬੀਰ ਭਾਵੇਂ ਹੋਸਟਲ ਵਿਚ ਰਹਿੰਦਾ ਸੀ ਪਰ ਉਹ ਉਥੇ ਵੀ ਆਪਣੇ-ਆਪ ਵਿਚ ਮਸਤ ਰਹਿੰਦਾ । ਉਹ ਆਪਣੇ ਹੋਸਟਲ ਦੇ ਸਾਥੀਆਂ ਨਾਲ ਵੀ ਘੁਲਦਾ-ਮਿਲਦਾ ਨਹੀਂ ਸੀ ਪਰ ਸਮੇਂ ਦੇ ਨਾਲ-ਨਾਲ ਉਸ ਵਿਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ । ਉਹ ਆਪਣੀ ਜਮਾਤ ਵਿਚ ਥੋੜ੍ਹਾ ਖੁੱਲ੍ਹਣ ਲੱਗ ਪਿਆ । ਉਸ ਦੀਆਂ ਦਿਲਚਸਪੀਆਂ ਵਧਣ ਲੱਗੀਆਂ ।
ਉਸ ਉੱਤੇ ਇਕ ਹੋਰ ਬੜੀ ਕੁਦਰਤ ਦੀ ਬਖਸ਼ਿਸ਼ ਸੀ ਕਿ ਉਸ ਦਾ ਗਲਾ ਬੜਾ ਸੁਰੀਲਾ ਸੀ ਪਰ ਅਜੇ ਤੱਕ ਉਹ ਕੇਵਲ ਬਾਥਰੂਮ ਸਿੰਗਰ ਹੀ ਸੀ । ਹੁਣ ਉਹ ਕਦੀ-ਕਦੀ ਆਪਣੀ ਕਲਾਸ ਦੇ ਕੁਝ ਖਾਸ ਦੋਸਤਾਂ ਵਿਚ ਇਕ-ਅੱਧ ਗੀਤ ਸੁਣਾ ਦਿੰਦਾ । ਹੌਲੀ-ਹੌਲੀ ਉਸ ਦੀ ਗਾਇਕੀ ਦੀ ਚਰਚਾ ਪੂਰੀ ਕਲਾਸ ਵਿਚ ਹੋਣ ਲੱਗੀ ਅਤੇ ਫਿਰ ਦੂਜੇ ਡਿਪਾਰਟਮੈਂਟ ਵਿਚ । ਕੁਝ ਹੀ ਸਮੇਂ ਵਿਚ ਉਹ ਪੂਰੀ ਯੂਨੀਵਰਸਿਟੀ ਦੇ ਉੱਘੇ ਗਾਇਕਾਂ ਵਿਚ ਸ਼ੁਮਾਰ ਹੋ ਗਿਆ ।

+++
ਰਣਬੀਰ ਕਾਲਜ ਦਾ ਬਹੁਤ ਹੀ ਲਾਇਕ ਵਿਦਿਆਰਥੀ ਹੈ । ਉਹ ਬੜੇ ਸੰਗਾਊ ਸੁਭਾਅ ਦਾ ਮਾਲਕ ਹੈ । ਉਸ ਦੀ ਆਵਾਜ਼ ਬੜੀ ਸੁਰੀਲੀ ਸੀ । ਉਸ ਨੂੰ ਗਾਉਣ ਦਾ ਸ਼ੌਕ ਸੀ, ਜੋ ਹੁਣ ਕਾਫ਼ੀ ਵਧ ਚੁੱਕਾ ਸੀ । ਅੱਗੋਂ ਕੀ ਹੋਇਆ ਅੱਜ ਪੜ੍ਹੋ :
ਇਕ ਵਾਰੀ ਉਨ੍ਹਾਂ ਦੀ ਕਲਾਸ ਦਾ ਹਰੀਕੇ ਪੱਤਣ ਜਾ ਕੇ ਪਿਕਨਿਕ ਮਨਾਉਣ ਦਾ ਪ੍ਰੋਗਰਾਮ ਬਣ ਗਿਆ । ਪਿਕਨਿਕ 'ਤੇ ਜਾ ਕੇ ਵਿਦਿਆਰਥੀਆਂ ਦੀਆਂ ਸਾਂਝਾਂ ਵਧ ਜਾਂਦੀਆਂ ਹਨ ਅਤੇ ਦੋਸਤੀਆਂ ਹੋਰ ਗੂੜ੍ਹੀਆਂ ਹੋ ਜਾਂਦੀਆਂ ਹਨ । ਹਰੀਕੇ ਪੱਤਣ ਦੇ ਰਸਤੇ ਵਿਚ ਹੀ ਪ੍ਰੋਫੈਸਰਾਂ ਸਮੇਤ ਸਾਰੇ ਵਿਦਿਆਰਥੀਆਂ ਦੇ ਮੂਡ ਬਦਲ ਗਏ ਅਤੇ ਉਥੇ ਪਹੁੰਚਦਿਆਂ ਹੀ ਗੀਤ-ਸੰਗੀਤ ਅਤੇ ਗਿੱਧਾ-ਭੰਗੜਾ ਸ਼ੁਰੂ ਹੋ ਗਿਆ । ਰਣਬੀਰ ਪਹਿਲਾਂ ਤਾਂ ਇਸ ਸਾਰੇ ਕੁਝ ਨੂੰ ਮਾਣਦਾ ਰਿਹਾ ਪਰ ਜਦੋਂ ਸਾਰੇ ਸਾਥੀਆਂ ਦੇ ਜ਼ੋਰ ਦੇਣ 'ਤੇ ਉਸ ਨੇ ਸ਼ਿਵ ਕੁਮਾਰ, ਅੰਮਿ੍ਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ ਅਤੇ ਧਨੀ ਰਾਮ ਚਾਤਿ੍ਕ ਦੇ ਗੀਤ ਗਾ ਕੇ ਸੁਣਾਏ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਮਾਨੋ ਉਸ ਨੇ ਅੱਜ ਦੀ ਸਾਰੀ ਮਹਿਫਲ ਹੀ ਲੁੱਟ ਲਈ ਹੋਵੇ ।
ਇਕ ਹੋਰ ਗੁਣ ਜੋ ਹੁਣ ਤੱਕ ਉਸ ਨੇ ਸਾਰਿਆਂ ਕੋਲੋਂ ਲੁਕਾ ਕੇ ਰੱਖਿਆ ਸੀ, ਦਾ ਰਾਜ਼ ਵੀ ਉਸ ਨੇ ਅੱਜ ਆਪ ਹੀ ਖੋਲਿ੍ਹਆ । ਜਦੋਂ ਸਾਰੇ ਵਿਦਿਆਰਥੀ ਆਪੋ-ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਤਾਂ ਰਣਬੀਰ ਬੋਲਿਆ, 'ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੇ ਪੰਜ ਕੁ ਮਿੰਟ ਹੋਰ ਲੈਣੇ ਹਨ ।' ਸਾਰੇ ਕੁੜੀਆਂ-ਮੁੰਡੇ ਖੁਸ਼ੀ ਵਿਚ ਕਹਿਣ ਲੱਗੇ, 'ਤੂੰ ਭਾਵੇਂ ਘੰਟਾ ਹੋਰ ਬਿਠਾ ਲੈ, ਤੇਰੇ ਗੀਤਾਂ ਨੂੰ ਤਾਂ ਅਸੀਂ ਉਡੀਕਦੇ ਰਹਿੰਦੇ ਹਾਂ... ।'
ਰਣਬੀਰ ਨੇ ਆਪਣੇ ਕੋਟ ਦੇ ਅੰਦਰਲੇ ਪਾਸਿਓਂ ਅਖਬਾਰ ਦੇ ਕਾਗਜ਼ ਵਿਚ ਲਪੇਟੀ ਤਕਰੀਬਨ ਡੇਢ ਫੁੱਟ ਲੰਮੀ ਸੋਟੀ ਨੁਮਾ ਚੀਜ਼ ਕੱਢੀ । ਪਹਿਲਾਂ ਉਸ ਨੇ ਉੱਪਰੋਂ ਰਬੜ ਬੈਂਡ ਉਤਾਰਿਆ ਅਤੇ ਫਿਰ ਬੜੇ ਪਿਆਰ ਨਾਲ ਹੌਲੀ-ਹੌਲੀ ਅਖਬਾਰ ਉਤਾਰਨਾ ਸ਼ੁਰੂ ਕੀਤਾ । ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਜ਼ਰ ਉਸ ਅਖਬਾਰ ਵਿਚ ਲਪੇਟੀ ਚੀਜ਼ ਉੱਤੇ ਟਿਕ ਗਈ ਕਿ ਪਤਾ ਨਹੀਂ ਉਸ ਵਿਚੋਂ ਕਿਹੜੀ ਜਾਦੂ ਦੀ ਪਟਾਰੀ ਨਿਕਲਦੀ ਹੈ ।
ਅਖੀਰ ਜਦੋਂ ਅਖ਼ਬਾਰ ਉਤਰ ਗਿਆ ਤਾਂ ਉਸ ਵਿਚੋਂ ਛੇ ਛੇਕਾਂ ਵਾਲਾ ਬਾਂਸ ਨਿਕਲਿਆ । ਸਾਰੇ ਇਕੋ ਸੁਰ ਵਿਚ ਬੋਲ ਪਏ-'ਬੰਸਰੀ' । ਰਣਬੀਰ ਨੇ ਬੰਸਰੀ ਦੀ ਸੁਰ ਛੇੜੀ ਤਾਂ ਸਾਰੇ ਹੱਕੇ-ਬੱਕੇ ਰਹਿ ਗਏ । ਪਹਿਲਾਂ ਉਸ ਨੇ ਹੀਰ ਦੀ ਧੁਨ ਸੁਣਾਈ ਅਤੇ ਫਿਰ ਸਾਰਿਆਂ ਦੀ ਫਰਮਾਇਸ਼ ਦੇ ਨਵੇਂ-ਪੁਰਾਣੇ ਗਾਣਿਆਂ ਦੀਆਂ ਧੁਨਾਂ । ਰਣਬੀਰ ਬਸ ਕਰਦਾ ਤਾਂ ਕੋਈ ਹੋਰ ਫਰਮਾਇਸ਼ ਆ ਜਾਂਦੀ । ਬੰਸਰੀ ਸੁਣਦਿਆਂ ਕਿਸੇ ਨੂੰ ਵੀ ਵਕਤ ਦਾ ਖਿਆਲ ਨਾ ਰਿਹਾ ।
ਅਖੀਰ ਇਕ ਦਿਨ ਅਧਿਆਪਕ ਨੇ ਕਿਹਾ, 'ਵਕਤ ਬਹੁਤ ਹੋ ਗਿਐ ਅਤੇ ਭੁੱਖ ਵੀ ਪੂਰੀ ਚਮਕ ਪਈ ਹੈ । ਹੁਣ ਨਾਲ ਲਿਆਂਦਾ ਖਾਣ-ਪੀਣ ਦਾ ਸਮਾਨ ਕੱਢੋ ।'
ਅਧਿਆਪਕ ਦੀ ਗੱਲ ਸੁਣ ਕੇ ਸਾਰਿਆਂ ਨੂੰ ਭੁੱਖ ਮਹਿਸੂਸ ਹੋਣ ਲੱਗੀ ।
ਸਾਰਿਆਂ ਨੇ ਹੱਸਦਿਆਂ-ਖੇਡਦਿਆਂ ਅਤੇ ਰਣਬੀਰ ਦੀ ਬੰਸਰੀ ਦੀਆਂ ਤਾਰੀਫਾਂ ਕਰਦਿਆਂ ਖੂਬ ਰੱਜ ਕੇ ਖਾਣਾ ਖਾਧਾ । ਖਾਣਾ ਖਾਣ ਤੋਂ ਬਾਅਦ ਸਾਰੇ ਟੋਲੀਆਂ ਬਣਾ ਕੇ ਦਰਿਆ ਦੇ ਕੰਢੇ-ਕੰਢੇ ਸੈਰ ਨੂੰ ਨਿਕਲ ਪਏ ।
ਸ਼ਾਮ ਨੂੰ ਬੱਸ ਵਿਚ ਸਾਰੇ ਗਾਣੇ ਗਾਉਂਦੇ, ਰੌਲਾ ਪਾਉਂਦੇ ਅਤੇ ਹੱਸਦੇ-ਖੇਡਦੇ ਯੂਨੀਵਰਸਿਟੀ ਵਾਪਸ ਪਹੁੰਚੇ । ਅੱਜ ਦਾ ਦਿਨ ਸਾਰੇ ਵਿਦਿਆਰਥੀਆਂ ਲਈ ਇਕ ਅਭੁੱਲ ਯਾਦ ਬਣ ਕੇ ਰਹਿ ਗਿਆ ।
ਰਣਬੀਰ, ਬੰਸਰੀ ਨੂੰ ਪਿੰਡ ਵਿਚ ਆਪਣੇ ਕਮਰੇ ਦੇ ਅੰਦਰ ਹੀ ਵਜਾਉਂਦਾ ਸੀ । ਕਦੀ-ਕਦੀ ਚਾਂਦਨੀ ਰਾਤ ਜਦੋਂ ਉਸ ਨੂੰ ਬਹੁਤ ਖਿੱਚ ਪਾਉਂਦੀ ਤਾਂ ਉਹ ਆਪਣੇ ਵਿਹੜੇ ਵਿਚ ਆ ਕੇ ਹੌਲੀ-ਹੌਲੀ ਕੋਈ ਧੁਨ ਵਜਾਉਂਦਾ । ਉਸ ਦਿਨ ਪਿਕਨਿਕ 'ਤੇ ਵੀ ਉਸ ਨੇ ਝਕਦਿਆਂ-ਝਕਦਿਆਂ ਅਤੇ ਕਈ ਵਾਰੀ ਸੋਚਣ ਤੋਂ ਬਾਅਦ ਹੀ ਬੰਸਰੀ ਕੱਢੀ ਸੀ । ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦੀ ਬੰਸਰੀ ਦੀ ਐਨੀ ਤਾਰੀਫ ਹੋਵੇਗੀ ਅਤੇ ਉਸ ਦੇ ਸਾਰੇ ਸਹਿਪਾਠੀ ਫਰਮਾਇਸ਼ ਉੱਪਰ ਫਰਮਾਇਸ਼ ਕਰਨਗੇ ।
ਉਸ ਦਿਨ ਤੋਂ ਬਾਅਦ ਰਣਬੀਰ ਦਾ ਝਾਕਾ ਹੌਲੀ-ਹੌਲੀ ਖੁੱਲ੍ਹ ਗਿਆ । ਪਹਿਲਾਂ ਉਸ ਨੇ ਆਪਣੇ ਪੰਜਾਬੀ ਵਿਭਾਗ ਦੇ ਇਕ ਪ੍ਰੋਗਰਾਮ ਵਿਚ ਇਕ ਧੁਨ ਸੁਣਾਈ ਅਤੇ ਫਿਰ ਪੂਰੀ ਯੂਨੀਵਰਸਿਟੀ ਦੇ ਸਾਲਾਨਾ ਪ੍ਰੋਗਰਾਮ ਵਿਚ । ਹੁਣ ਉਹ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਚਹੇਤਾ 'ਕਾਹਨ' ਬਣ ਗਿਆ ਸੀ ।

+++
ਪੜ੍ਹਾਈ ਤਾਂ ਉਹ ਸ਼ੁਰੂ ਤੋਂ ਹੀ ਦਿਲ ਲਗਾ ਕੇ ਕਰਦਾ ਸੀ ਪਰ ਹੁਣ ਉਹ ਹੋਰ ਵੀ ਵਧੇਰੇ ਦਿਲਚਸਪੀ ਨਾਲ ਪੜ੍ਹਦਾ ਤਾਂ ਜੋ ਉਹ ਉਸ ਕਿਤਾਬ ਦੀਆਂ ਹੋਰ ਡੰੂਘੇਰੀਆਂ ਪਰਤਾਂ ਤੱਕ ਪਹੁੰਚ ਸਕੇ । ਉਹ ਜਿਸ ਕਿਤਾਬ ਨੂੰ ਵੀ ਦੁਬਾਰਾ ਪੜ੍ਹਦਾ, ਉਸ ਨੂੰ ਉਸ ਦੇ ਨਵੇਂ ਤੋਂ ਨਵੇਂ ਅਰਥਾਂ ਦਾ ਪਤਾ ਲਗਦਾ ।
ਯੂਨੀਵਰਸਿਟੀ ਦੇ ਕੁਝ ਵਿਦਵਾਨ ਅਧਿਆਪਕਾਂ ਦੇ ਲੈਕਚਰ ਅਤੇ ਉਸ ਦੀ ਆਪਣੀ ਮਿਹਨਤ ਅਤੇ ਲਗਨ ਨਾਲ ਰਣਬੀਰ ਦਾ ਦਿਨ-ਬ-ਦਿਨ ਬੌਧਿਕ ਵਿਕਾਸ ਹੋ ਰਿਹਾ ਸੀ । ਉਹ ਹੁਣ ਹਰ ਸੈਮੀਨਾਰ ਵਿਚ ਵਿਦਵਾਨਾਂ ਦੇ ਲੈਕਚਰ/ਪਰਚੇ ਧਿਆਨ ਨਾਲ ਸੁਣਦਾ ਅਤੇ ਬਾਅਦ ਵਿਚ ਉਸ ਪਰਚੇ ਦੀ ਬਹਿਸ ਵਿਚ ਹਿੱਸਾ ਲੈਂਦਾ । ਉਸ ਦੇ ਪ੍ਰੋਫੈਸਰ ਵੀ ਉਸ ਦੀਆਂ ਦਿੱਤੀਆਂ ਦਲੀਲਾਂ ਦੀ ਪ੍ਰਸੰਸਾ ਕਰਦੇ । ਉਸ ਦੇ ਇਕ ਪ੍ਰੋਫੈਸਰ ਨੇ ਸਾਰੀ ਕਲਾਸ ਦੇ ਸਾਹਮਣੇ ਕਿਹਾ, 'ਇਸ ਲੜਕੇ ਵਿਚ ਕੁਝ ਬਣਨ ਦੀਆਂ, ਕੁਝ ਬਹੁਤ ਵੱਡਾ ਕਰ ਗੁਜ਼ਰਨ ਦੀਆਂ ਅਤੇ ਨਵੇਂ ਪੂਰਨੇ ਪਾਉਣ ਦੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ ।'
ਚੰਗਾ ਅਤੇ ਖੁਸ਼ੀ ਭਰਿਆ ਸਮਾਂ ਬੜੀ ਜਲਦੀ ਬੀਤਦਾ ਹੈ । ਰਣਬੀਰ ਨੂੰ ਪਤਾ ਹੀ ਨਾ ਲੱਗਾ ਕਿ ਯੂਨੀਵਰਸਿਟੀ ਵਿਚ ਦੋ ਸਾਲ ਦਾ ਸਮਾਂ ਕਿਵੇਂ ਬੀਤ ਗਿਆ । ਸਾਲਾਨਾ ਪੇਪਰ ਨਜ਼ਦੀਕ ਹੋਣ ਕਰਕੇ ਪੇਪਰਾਂ ਦੀ ਤਿਆਰੀ ਦੀਆਂ ਛੁੱਟੀਆਂ (ਪਰੈਪਰੇਟਰੀ ਹਾਲੀਡੇਜ਼) ਹੋ ਗਈਆਂ ਪਰ ਰਣਬੀਰ ਰੋਜ਼ਾਨਾ ਉਸੇ ਤਰ੍ਹਾਂ ਹੀ ਯੂਨੀਵਰਸਿਟੀ ਲਾਇਬ੍ਰੇਰੀ ਆਉਂਦਾ ਰਿਹਾ । ਉਹ ਸਵੇਰੇ ਹੀ ਆ ਕੇ ਲਾਇਬ੍ਰੇਰੀ ਵਿਚ ਬੈਠ ਜਾਂਦਾ ਅਤੇ ਸ਼ਾਮ ਤੱਕ ਉਥੇ ਹੀ ਬੈਠ ਕੇ ਪੜ੍ਹਦਾ । ਉਥੇ ਉਹ ਕਈ ਰੈਫਰੈਂਸ ਬੁਕਸ ਲੈ ਕੇ ਨੋਟ ਬਣਾਉਂਦਾ ਰਹਿੰਦਾ ।
ਪੇਪਰ ਸ਼ੁਰੂ ਹੋ ਗਏ । ਰਣਬੀਰ ਦੀ ਪੜ੍ਹਾਈ ਉਸੇ ਤਰ੍ਹਾਂ ਚਲਦੀ ਰਹੀ । ਪੇਪਰ ਖਤਮ ਹੋਏ । ਰਣਬੀਰ ਦੇ ਸਾਰੇ ਪੇਪਰ ਚੰਗੇ ਹੋ ਗਏ ਸਨ । ਪੇਪਰ ਖਤਮ ਹੋਣ ਤੋਂ ਬਾਅਦ ਵੀ ਰਣਬੀਰ ਹਫਤੇ ਵਿਚ ਦੋ-ਤਿੰਨ ਦਿਨ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਆ ਕੇ ਪੜ੍ਹਦਾ ।
ਅਖੀਰ ਨਤੀਜਾ ਆ ਗਿਆ, ਜਿਸ ਦੀ ਸਾਰਿਆਂ ਨੂੰ ਉਡੀਕ ਸੀ । ਰਣਬੀਰ ਸਾਰੀ ਯੂਨੀਵਰਸਿਟੀ 'ਚੋਂ ਪਹਿਲੇ ਨੰਬਰ 'ਤੇ ਆਇਆ ।
ਰਣਬੀਰ ਦੇ ਪ੍ਰੋਫੈਸਰਾਂ ਨੇ ਉਸ ਨੂੰ ਪੀ-ਐਚ. ਡੀ. ਕਰਨ ਦੀ ਸਲਾਹ ਦਿੱਤੀ । ਰਣਬੀਰ ਦੇ ਆਪਣੇ ਮਨ ਦਾ ਵੀ ਸੁਪਨਾ ਸੀ ਕਿ ਉਹ ਪੀ-ਐੱਚ. ਡੀ. ਕਰੇ ਪਰ ਉਸ ਦੇ ਘਰ ਦੇ ਹਾਲਾਤ ਉਸ ਨੂੰ ਇਜਾਜ਼ਤ ਨਹੀਂ ਸੀ ਦਿੰਦੇ ਕਿ ਉਹ ਚਾਰ ਸਾਲ ਹੋਰ ਯੂਨੀਵਰਸਿਟੀ ਵਿਚ ਲਗਾਏ । ਉਹ ਜਲਦੀ ਤੋਂ ਜਲਦੀ ਕੋਈ ਨੌਕਰੀ ਕਰਕੇ ਆਪਣੇ ਪਾਪਾ ਦਾ ਹੱਥ ਵੰਡਾਉਣਾ ਚਾਹੁੰਦਾ ਸੀ । ਉਸ ਨੇ ਆਪਣੀ ਸਮੱਸਿਆ ਪ੍ਰੋਫੈਸਰਾਂ ਅਤੇ ਸਾਥੀਆਂ ਨਾਲ ਸਾਂਝੀ ਕੀਤੀ । ਸਾਰਿਆਂ ਨੇ ਸਲਾਹ ਦਿੱਤੀ ਕਿ ਉਹ ਬੀ. ਐੱਡ. ਵਿਚ ਦਾਖਲਾ ਲੈ ਲਵੇ ।
ਰਣਬੀਰ ਦੇ ਮਨ ਵਿਚ ਇਕ ਗੱਲ ਹੋਰ ਵੀ ਘਰ ਕਰੀ ਬੈਠੀ ਸੀ ਕਿ ਜੋ ਪ੍ਰਭਾਵ ਬੱਚਿਆਂ ਉੱਪਰ ਇਕ ਚੰਗੇ ਸਕੂਲ ਟੀਚਰ ਦਾ ਪੈਂਦਾ ਹੈ, ਉਹ ਵੱਡੀਆਂ ਕਲਾਸਾਂ ਵਿਚ ਆ ਕੇ ਨਹੀਂ ਪੈਂਦਾ । ਉਹ ਇਹ ਗੱਲ ਮੰਨਦਾ ਹੈ ਕਿ ਬੱਚਾ ਮਾਂ-ਪਿਓ ਤੋਂ ਬਾਅਦ ਆਪਣੇ ਸਕੂਲ ਟੀਚਰ ਦਾ ਪ੍ਰਭਾਵ ਹੀ ਕਬੂਲਦਾ ਹੈ ।
ਉਸ ਦੇ ਆਪਣੇ ਉੱਤੇ ਆਪਣੀ ਮਾਤਾ ਜੀ ਤੋਂ ਇਲਾਵਾ ਕੁਝ ਕੁ ਸਕੂਲ ਟੀਚਰਾਂ ਦਾ ਵੀ ਕਾਫੀ ਪ੍ਰਭਾਵ ਹੈ । ਉਹ ਇਹ ਗੱਲ ਮੰਨਦਾ ਹੈ ਕਿ ਅੱਜ ਜੇ ਉਹ ਯੂਨੀਵਰਸਿਟੀ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ ਤਾਂ ਇਸ ਦੇ ਪਿੱਛੇ ਯੂਨੀਵਰਸਿਟੀ ਪ੍ਰੋਫੈਸਰਾਂ ਤੋਂ ਇਲਾਵਾ ਸਕੂਲ ਟੀਚਰਾਂ ਦਾ ਵੀ ਵੱਡਾ ਰੋਲ ਹੈ । ਉਸ ਨੇ ਬੜਾ ਸੋਚ-ਸਮਝ ਕੇ ਬੀ. ਐੱਡ. ਵਿਚ ਦਾਖਲਾ ਲੈ ਲਿਆ । ਉਹ ਇਕ ਆਦਰਸ਼ ਅਧਿਆਪਕ ਬਣਨਾ ਚਾਹੁੰਦਾ ਸੀ । ਉਹ ਚਾਹੁੰਦਾ ਸੀ ਕਿ ਉਸ ਦੇ ਪੜ੍ਹਾਏ ਵਿਦਿਆਰਥੀਆਂ ਦੀ ਸਮਾਜ ਵਿਚ ਇਕ ਅਲੱਗ ਪਛਾਣ ਹੋਵੇ ।
ਇਸੇ ਜੋਸ਼, ਉਤਸ਼ਾਹ ਅਤੇ ਲਗਨ ਵਿਚ ਖੂਬ ਮਿਹਨਤ ਕਰਕੇ ਫਿਰ ਪਹਿਲੀ ਪੁਜ਼ੀਸ਼ਨ ਵਿਚ ਰਣਬੀਰ ਨੇ ਬੀ. ਐੱਡ. ਪਾਸ ਕਰ ਲਈ ।

+++
ਹੁਣ ਉਹ ਨੌਕਰੀ ਦੀ ਤਲਾਸ਼ ਵਿਚ ਸੀ । ਉਸ ਨੇ ਆਪਣਾ ਜੀਵਨ-ਬਿਓਰਾ (ਬਾਇਓਡਾਟਾ) ਸ਼ਹਿਰ ਦੇ ਕਈ ਸਕੂਲਾਂ ਵਿਚ ਭੇਜਿਆ । ਉਸ ਨੂੰ ਸ਼ਹਿਰ ਦੇ ਇਕ ਬੜੇ ਚੰਗੇ ਸਕੂਲ ਤੋਂ ਇੰਟਰਵਿਊ ਕਾਲ ਆ ਗਈ ।
ਇੰਟਰਵਿਊ ਵਾਲੇ ਦਿਨ ਉਹ ਪੂਰਾ ਤਿਆਰ-ਬਰ-ਤਿਆਰ ਹੋ ਕੇ ਗਿਆ । ਉਥੇ ਹੋਰ ਵੀ ਬਹੁਤ ਸਾਰੇ ਲੜਕੇ-ਲੜਕੀਆਂ ਇੰਟਰਵਿਊ ਦੇਣ ਆਏ ਹੋਏ ਸਨ । ਤਿੰਨ-ਚਾਰ ਤਾਂ ਉਸ ਦੇ ਬੀ. ਐੱਡ. ਦੇ ਜਮਾਤੀ ਹੀ ਮਿਲ ਪਏ ।
ਰਣਬੀਰ ਦੀ ਜਦੋਂ ਇੰਟਰਵਿਊ ਦੀ ਵਾਰੀ ਆਈ ਤਾਂ ਇੰਟਰਵਿਊ ਕਮੇਟੀ ਦੇ ਸਾਰੇ ਮੈਂਬਰਾਂ ਨੇ ਉਸ ਨੂੰ ਹਰ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦਾ ਉਹ ਪੂਰੇ ਸਵੈ-ਵਿਸ਼ਵਾਸ ਨਾਲ ਜਵਾਬ ਦਿੰਦਾ ਗਿਆ । ਅਖੀਰ 'ਤੇ ਉਸ ਨੇ ਆਪਣੇ ਆਦਰਸ਼ ਅਧਿਆਪਕ ਬਣਨ ਦੇ ਸੁਪਨੇ ਬਾਰੇ ਵੀ ਸੰਖੇਪ ਵਿਚ ਦੱਸਿਆ । ਇੰਟਰਵਿਊ ਕਮੇਟੀ ਦੇ ਸਾਰੇ ਮੈਂਬਰ ਰਣਬੀਰ ਦੇ ਹਰ ਜਵਾਬ ਤੋਂ ਪੂਰੇ ਸੰਤੁਸ਼ਟ ਲਗਦੇ ਸਨ ਪਰ ਉਸ ਦੀ ਆਦਰਸ਼ ਅਧਿਆਪਕ ਬਣਨ ਵਾਲੀ ਗੱਲ ਤੋਂ ਉਹ ਕਾਫੀ ਪ੍ਰਭਾਵਿਤ ਹੋਏ ।
ਸਾਰੇ ਉਮੀਦਵਾਰਾਂ ਦਾ ਇੰਟਰਵਿਊ ਖਤਮ ਹੋਇਆ । ਇੰਟਰਵਿਊ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਰਣਬੀਰ ਦੀ ਚੋਣ ਕੀਤੀ, ਕਿਉਂਕਿ ਇੰਟਰਵਿਊ ਦੇ ਨਾਲ ਉਸ ਦਾ ਪੜ੍ਹਾਈ ਦਾ ਰਿਕਾਰਡ ਵੀ ਸ਼ੁਰੂ ਤੋਂ ਹੀ ਬਹੁਤ ਵਧੀਆ ਸੀ ।
ਅੱਜ ਰਣਬੀਰ ਦਾ ਇਸ ਸਕੂਲ ਵਿਚ ਪਹਿਲਾ ਦਿਨ ਸੀ । ਉਹ ਬੇਹੱਦ ਖੁਸ਼ ਸੀ ਪਰ ਇਸ ਖੁਸ਼ੀ ਦੇ ਨਾਲ-ਨਾਲ ਉਸ ਦੇ ਅਚੇਤ ਮਨ ਵਿਚ ਇਸ ਨਵੇਂ ਮਾਹੌਲ ਦਾ ਕੁਝ ਸਹਿਮ ਜਿਹਾ, ਕੁਝ ਝਾਕਾ ਜਿਹਾ ਵੀ ਲੁਕਿਆ ਹੋਇਆ ਸੀ ਪਰ ਉਸ ਦਾ ਉਹ ਸਹਿਮ ਅਤੇ ਝਾਕਾ ਜਲਦੀ ਦੂਰ ਹੋ ਗਿਆ, ਜਦੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਾਰੇ ਸਟਾਫ ਮੈਂਬਰਾਂ ਨੇ ਉਸ ਨੂੰ ਬੜੇ ਹੀ ਪਿਆਰ ਨਾਲ 'ਜੀ ਆਇਆਂ' ਆਖਿਆ ।
ਉਸ ਨੂੰ ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਦੀਆਂ ਕਲਾਸਾਂ ਪੜ੍ਹਾਉਣ ਲਈ ਦਿੱਤੀਆਂ ਗਈਆਂ । ਉਹ ਕੁਝ ਦਿਨਾਂ ਵਿਚ ਹੀ ਆਪਣੀਆਂ ਸਾਰੀਆਂ ਕਲਾਸਾਂ ਦੇ ਬੱਚਿਆਂ ਨਾਲ ਘੁਲ-ਮਿਲ ਗਿਆ ਪਰ ਨੌਵੀਂ ਕਲਾਸ ਦੇ ਬੱਚਿਆਂ ਨਾਲ ਉਸ ਦਾ ਕੁਝ ਖਾਸ ਹੀ ਮੋਹ ਪੈ ਗਿਆ ਲਗਦਾ ਸੀ ।
ਮਹੀਨੇ ਬਾਅਦ ਹੀ ਉਹ ਸੋਚਣ ਲੱਗਾ ਕਿ ਸਭ ਤੋਂ ਪਹਿਲਾਂ ਨੌਵੀਂ ਕਲਾਸ ਦੇ ਬੱਚਿਆਂ ਨੂੰ ਪਿੰਡ ਲੈ ਕੇ ਜਾਣਾ ਚਾਹੀਦਾ ਹੈ ।

+++
'ਸਤਿ ਸ੍ਰੀ ਅਕਾਲ ਵੀਰ ਜੀ', ਰਣਬੀਰ ਸਰ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੇ ਬੱਚਿਆਂ ਨੇ ਫਤਹਿ ਗਜਾਈ ।
'ਸਤਿ ਸ੍ਰੀ ਅਕਾਲ ਬੱਚਿਓ, ਅੱਜ ਤੁਸੀਂ ਕੰਮ ਦੀ ਗੱਲ ਕੀਤੀ ਹੈ ।'
'ਅਸੀਂ ਕਿਹੜੀ ਅੱਜ ਕੰਮ ਦੀ ਗੱਲ ਕਰ ਦਿੱਤੀ ਹੈ?' ਕੁਝ ਬੱਚੇ ਇਕੱਠੇ ਬੋਲੇ ।
'ਕੰਮ ਦੀ ਗੱਲ ਇਹ ਕੀਤੀ ਹੈ ਕਿ ਅੱਜ ਤੁਸੀਂ ਅੰਗਰੇਜ਼ਾਂ ਵਾਲੀ 'ਗੁੱਡ ਮਾਰਨਿੰਗ' ਛੱਡ ਕੇ 'ਸਤਿ ਸ੍ਰੀ ਅਕਾਲ' ਬੁਲਾਈ ਹੈ ।'
'ਤੁਹਾਨੂੰ ਦੇਖ ਕੇ ਸਾਡੇ ਮੂੰਹ ਵਿਚੋਂ ਆਪਣੇ-ਆਪ 'ਸਤਿ ਸ੍ਰੀ ਅਕਾਲ' ਨਿਕਲ ਗਿਆ, ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੁਲਾਈਦੀ ਹੈ', ਸਿਧਾਰਥ ਨੇ ਖੁਸ਼ ਹੁੰਦਿਆਂ ਕਿਹਾ ।
'ਪਤਾ ਨਹੀਂ ਕੀ ਗੱਲ ਹੈ, ਜਦੋਂ ਕੋਈ ਹੋਰ ਟੀਚਰ ਕਲਾਸ ਵਿਚ ਆਉਂਦਾ ਹੈ ਤਾਂ ਸਾਡੇ ਦਿਲ ਵਿਚ ਥੋੜ੍ਹਾ ਡਰ ਹੁੰਦਾ ਹੈ ਅਤੇ ਸਾਡੇ ਮੂੰਹੋਂ ਆਪਣੇ-ਆਪ 'ਗੁੱਡ ਮਾਰਨਿੰਗ' ਨਿਕਲਦਾ ਹੈ ਪਰ ਜਦੋਂ ਤੁਸੀਂ ਸਾਡੇ ਕਲਾਸ ਰੂਮ ਵਿਚ ਆਉਂਦੇ ਹੋ ਤਾਂ ਲਗਦਾ ਹੈ ਕਿ ਸਾਡੇ ਪਰਿਵਾਰ ਦਾ ਹੀ ਕੋਈ ਮੈਂਬਰ ਆਇਆ ਹੈ । ਇਸ ਲਈ ਸਾਡੇ ਸਾਰਿਆਂ ਦੇ ਮੂੰਹੋਂ ਆਪਣੇ-ਆਪ 'ਸਤਿ ਸ੍ਰੀ ਅਕਾਲ' ਨਿਕਲ ਗਈ ।' ਮੇਘਾ ਨੇ ਥੋੜ੍ਹਾ ਝਕਦਿਆਂ ਕਿਹਾ ।
'ਮੈਂ ਤੁਹਾਡੇ ਸਾਰਿਆਂ ਦੇ ਪਰਿਵਾਰ ਦਾ ਹੀ ਮੈਂਬਰ ਹਾਂ । ਕਿਸੇ ਬੱਚੇ ਨੂੰ ਕੋਈ ਮੁਸ਼ਕਿਲ ਆਵੇ, ਉਹ ਪੜ੍ਹਾਈ ਦੀ ਹੋਵੇ ਜਾਂ ਘਰੇਲੂ, ਉਹ ਬੇਝਿਜਕ ਕਲਾਸ ਵਿਚ ਜਾਂ ਵੱਖਰਿਆਂ ਛੁੱਟੀ ਤੋਂ ਬਾਅਦ ਮੈਨੂੰ ਦੱਸ ਸਕਦਾ ਹੈ । ਅੱਛਾ ਹੁਣ ਪੜ੍ਹਾਈ ਦੀ ਗੱਲ ਕਰੀਏ ।'
'ਸਰ, ਨਾ ਸੱਚ ਵੀਰ ਜੀ, ਕੱਲ੍ਹ ਤੁਸੀਂ ਬੂਟਿਆਂ ਦੀ ਗੱਲ ਕਰ ਰਹੇ ਸੀ । ਤੁਹਾਡੀ ਹਰ ਗੱਲ ਵਿਚ ਭਾਵੇਂ ਉਹ ਕੋਈ ਕਹਾਣੀ ਹੋਵੇ ਜਾਂ ਕੋਈ ਬਾਤ, ਉਸ ਵਿਚ ਅਸਲੀ ਪੜ੍ਹਾਈ ਦੀ ਗੱਲ ਹੁੰਦੀ ਹੈ । ਦੂਜੇ ਟੀਚਰ ਤਾਂ ਸਿਰਫ ਕਿਤਾਬੀ ਗੱਲਾਂ ਕਰਦੇ ਹਨ ਪਰ ਤੁਸੀਂ ਜ਼ਿੰਦਗੀ ਦੇ ਅਸਲ ਅਰਥ ਸਮਝਾਉਂਦੇ ਹੋ', ਚੁੱਪ-ਚੁਪੀਤੀ ਮਧੁਰ ਨੇ ਆਪਣੇ ਰਣਬੀਰ ਸਰ ਦੀ ਸਹੀ ਨਬਜ਼ ਪਛਾਣਦੇ ਕਿਹਾ ।
'ਬਿਲਕੁਲ ਠੀਕ, ਬਿਲਕੁਲ ਠੀਕ, ਮਧੁਰ ਨੇ ਸੌ ਪਰਸੈਂਟ ਠੀਕ ਗੱਲ ਕੀਤੀ ਹੈ', ਸਾਰੀ ਕਲਾਸ ਬੋਲ ਪਈ ।

+++
'ਅੱਛਾ, ਹੁਣ ਗੱਪਾਂ ਛੱਡੋ ਅਤੇ ਪੜ੍ਹਾਈ ਵਾਲੇ ਪਾਸੇ ਆਓ', ਰਣਬੀਰ ਸਰ ਨੇ ਸਾਰਿਆਂ ਨੂੰ ਚੁੱਪ ਕਰਾਉਂਦਿਆਂ ਕਿਹਾ ।
'ਵੀਰ ਜੀ, ਅਸੀਂ ਗੱਪਾਂ ਨਹੀਂ ਮਾਰ ਰਹੇ, ਸਗੋਂ ਕੰਮ ਦੀਆਂ ਗੱਲਾਂ ਕਰ ਰਹੇ ਹਾਂ', ਅਮਿਤ ਖੜ੍ਹਾ ਹੋ ਕੇ ਬੋਲਿਆ ।
'ਠੀਕ ਹੈ, ਠੀਕ ਹੈ, ਤੁਸੀਂ ਸਾਰੇ ਬੱਚੇ ਹੀ ਬੜੇ ਸਿਆਣੇ ਹੋ ਪਰ ਮੈਂ ਤੁਹਾਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਸਿਆਣਾ ਬਣਿਆ ਦੇਖਣਾ ਚਾਹੁੰਦਾ ਹਾਂ । ਮੈਂ ਚਾਹੁੰਦਾ ਹਾਂ ਕਿ ਤੁਸੀਂ ਵੱਡੇ ਹੋ ਕੇ ਇਕ-ਇਕ ਅੱਗੋਂ ਕਈ-ਕਈ ਸੌ ਬੱਚਿਆਂ ਨੂੰ ਸਿਆਣਾ ਅਤੇ ਚੰਗਾ ਨਾਗਰਿਕ ਬਣਾਓ, ਤਾਂ ਜੋ ਸਾਡਾ ਸਾਰਾ ਸਮਾਜ ਹੀ ਸਿਆਣਾ ਅਤੇ ਅਗਾਂਹਵਧੂ ਬਣੇ ।'
'ਜਿਵੇਂ ਤੁਸੀਂ ਕਹੋਗੇ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਉਸੇ ਤਰ੍ਹਾਂ ਹੀ ਪੜ੍ਹਾਂਗੇ ਪਰ ਅੱਜ ਤੁਸੀਂ ਉਹ ਗੱਲ ਪੂਰੀ ਕਰੋ, ਜਿਹੜੀ ਕੱਲ੍ਹ ਅਧੂਰੀ ਛੱਡੀ ਸੀ', ਸਿਮਰ ਆਪਣੇ ਵੀਰ ਜੀ ਦੀ ਗੱਲ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਲਗਦੀ ਸੀ ।
'ਅੱਛਾ ਬੱਚਿਓ, ਅਸੀਂ ਹੁਣ ਸਿਰਫ ਗੱਲਾਂ ਹੀ ਨਹੀਂ ਕਰਿਆ ਕਰਨੀਆਂ, ਸਗੋਂ ਕੀਤੀਆਂ ਗੱਲਾਂ ਨੂੰ ਪ੍ਰੈਕਟੀਕਲ ਸ਼ਕਲ ਦਿਆ ਕਰਨੀ ਹੈ । ਹੁਣ ਤੁਹਾਡੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਕੇਵਲ ਦੋ ਦਿਨ ਰਹਿ ਗਏ ਹਨ ਅਤੇ ਮੈਂ ਅਜੇ ਤੱਕ ਤੁਹਾਨੂੰ ਛੁੱਟੀਆਂ ਦਾ ਹੋਮ-ਵਰਕ ਨਹੀਂ ਲਿਖਾਇਆ ।'
'ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਸਾਨੂੰ ਬਹੁਤ ਥੋੜ੍ਹਾ ਹੋਮ ਵਰਕ ਦੇਣਾ, ਕਿਉਂਕਿ ਬਾਕੀ ਸਾਰੇ ਟੀਚਰਾਂ ਨੇ ਸਾਨੂੰ ਬਹੁਤ ਜ਼ਿਆਦਾ ਹੋਮ ਵਰਕ ਦਿੱਤਾ ਹੈ', ਜੱਸੂ ਜਿਹੜਾ ਕਾਫੀ ਘੱਟ ਬੋਲਦਾ ਹੈ, ਨੇ ਬੜੀ ਦਲੇਰੀ ਨਾਲ ਵੀਰ ਜੀ ਨੂੰ ਕਿਹਾ ।
'ਮੈਂ ਤੇ ਤੁਹਾਨੂੰ ਬਹੁਤ ਜ਼ਿਆਦਾ ਹੋਮ ਵਰਕ ਦੇਣੈ ।'
'ਨਹੀਂ ਵੀਰ ਜੀ, ਇਹ ਜ਼ੁਲਮ ਸਾਡੇ 'ਤੇ ਨਾ ਕਰਨਾ', ਮਧੁਰ ਦੀ ਗੱਲ ਸੁਣ ਕੇ ਵੀਰ ਜੀ ਅਤੇ ਸਾਰੀ ਕਲਾਸ ਹੱਸਣ ਲੱਗ ਪਈ ।
'ਚਲੋ, ਮੈਂ ਮਧੁਰ ਦੇ ਆਖੇ ਲੱਗ ਕੇ ਤੁਹਾਡੇ ਉੱਤੇ ਇਹ ਜ਼ੁਲਮ ਨਹੀਂ ਕਰਦਾ ਪਰ ਇਸ ਦੇ ਬਦਲੇ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪਵੇਗੀ ।'
'ਉਹ ਕਿਹੜੀ ਗੱਲ?' ਸਾਰੀ ਕਲਾਸ ਇਕੱਠੀ ਬੋਲ ਪਈ ।
'ਉਹ ਇਹ ਕਿ ਤੁਸੀਂ ਸਾਰਿਆਂ ਨੇ ਛੁੱਟੀਆਂ ਵਿਚ ਮੇਰੇ ਪਿੰਡ ਆ ਕੇ ਮੇਰੇ ਕੋਲ ਘੱਟੋ-ਘੱਟ ਤਿੰਨ-ਚਾਰ ਦਿਨ ਰਹਿਣਾ ਹੈ ।'
'ਤੁਸੀਂ ਤਾਂ ਕਹਿੰਦੇ ਸੀ ਕਿ ਤੁਹਾਡਾ ਪਿੰਡ ਸ਼ਹਿਰ ਤੋਂ ਕਾਫੀ ਨੇੜੇ ਹੈ, ਫਿਰ ਅਸੀਂ ਤੁਹਾਡੇ ਕੋਲ ਸਵੇਰੇ-ਸਵੇਰੇ ਆ ਕੇ ਸ਼ਾਮੀ ਸ਼ਹਿਰ ਆਪਣੇ ਘਰ ਆ ਜਾਇਆ ਕਰਾਂਗੇ । ਇਸ ਤਰ੍ਹਾਂ ਤੁਹਾਨੂੰ ਬਹੁਤੀ ਖੇਚਲ ਨਹੀਂ ਹੋਵੇਗੀ', ਸਿਧਾਰਥ ਨੇ ਵੱਡਿਆਂ ਵਾਂਗ ਬੜੀ ਸਿਆਣੀ ਗੱਲ ਕੀਤੀ ।
'ਇਹ ਗੱਲ ਬਿਲਕੁਲ ਠੀਕ ਹੈ', ਸਾਰੇ ਬੱਚੇ ਇਕੱਠੇ ਬੋਲ ਪਏ ।
'ਤੁਸੀਂ ਮੇਰੀ ਖੇਚਲ ਦਾ ਫਿਕਰ ਨਾ ਕਰੋ । ਮੈਂ ਚਾਹੁੰਦਾ ਹਾਂ ਕਿ ਤੁਸੀਂ ਪਿੰਡ ਦੀ ਸ਼ਾਮ, ਪਿੰਡ ਦੀ ਰਾਤ ਅਤੇ ਪਿੰਡ ਦੀ ਸਵੇਰ ਵੇਖੋ । ਬਾਹਰ ਵਿਹੜੇ ਵਿਚ ਬੈਠ ਕੇ ਤਾਰਿਆਂ ਦੀ ਰੌਸ਼ਨੀ ਵਿਚ ਬਾਤਾਂ ਪਾਓ । ਤਾਰਿਆਂ ਨੂੰ ਨਿਹਾਰੋ । ਤਾਰਿਆਂ ਦਾ ਬਣਿਆ ਸਾਤਾ ਵੇਖੋ, ਮਿਲਕੀ ਵੇਅ ਨੂੰ ਜਾਣੋ । ਚੰਦਰਮਾ ਦੀ ਚਾਨਣੀ ਅਤੇ ਮੱਸਿਆ ਦੀ ਰਾਤ ਦਾ ਹਨੇਰਾ ਮਾਣੋ । ਸ਼ਹਿਰ ਵਿਚ ਤਾਂ ਤੁਹਾਨੂੰ ਅਸਮਾਨ ਵੱਲ ਦੇਖਣ ਦਾ ਮੌਕਾ ਹੀ ਨਹੀਂ ਮਿਲਦਾ । ਅਸੀਂ ਤਾਂ ਚੰਦਰਮਾ ਨੂੰ ਦੇਖ ਕੇ ਦੱਸ ਦਿੰਦੇ ਹਾਂ ਮੱਸਿਆ ਲੰਘੀ ਨੂੰ ਕਿੰਨੇ ਕੁ ਦਿਨ ਹੋ ਗਏ ਹਨ ਅਤੇ ਚੌਦ੍ਹਵੀਂ ਦਾ ਚੰਨ ਚੜ੍ਹਨ ਵਿਚ ਕਿੰਨੇ ਦਿਨ ਬਾਕੀ ਹਨ । ਚਾਂਦਨੀ ਰਾਤ ਨੂੰ ਬਾਹਰ ਵਿਹੜੇ ਵਿਚ ਮੰਜੀਆਂ ਡਾਹ ਕੇ ਜੋ ਬਾਤਾਂ ਪਾਉਣ ਦਾ ਮਜ਼ਾ ਆਉਂਦਾ ਹੈ, ਉਹ ਹਜ਼ਾਰਾਂ ਰੁਪਏ ਖਰਚ ਕੇ ਵੀ ਨਹੀਂ ਆ ਸਕਦਾ । ਇਸ ਤਰ੍ਹਾਂ ਪਿੰਡ ਦਾ ਅੰਮਿ੍ਤ ਵੇਲਾ ਦੇਖਣ ਵਾਲਾ ਹੁੰਦੈ । ਸਵੇਰੇ-ਸਵੇਰੇ ਜਦੋਂ ਚਿੜੀਆਂ ਚੂਕਦੀਆਂ ਹਨ, ਹਾਲੀ ਬਲਦਾਂ ਨੂੰ ਜਦੋਂ ਖੇਤਾਂ ਵੱਲ ਖੜਦੇ ਹਨ ਤਾਂ ਉਨ੍ਹਾਂ ਦੇ ਗਲ ਵਿਚ ਪਈਆਂ ਟੱਲੀਆਂ ਦਾ ਸੰਗੀਤ, ਚਾਟੀਆਂ ਦੀਆਂ ਮਧਾਣੀਆਂ ਨਾਲ ਦਹੀਂ ਰਿੜਕਣ ਦੀਆਂ ਆਵਾਜ਼ਾਂ, ਪ੍ਰਦੂਸ਼ਣ ਰਹਿਤ ਤਾਜ਼ੀ ਹਵਾ, ਖੇਤਾਂ ਵਿਚੋਂ ਆਉਂਦੀ ਫਸਲਾਂ ਦੀ ਮਹਿਕ, ਚੜ੍ਹਦੇ ਸੂਰਜ ਦੀ ਲਾਲੀ । ਬਸ! ਚਾਰੇ ਪਾਸੇ ਕੁਦਰਤ ਹੀ ਕੁਦਰਤ । ਮੂੰਹੋਂ ਇਕੋ ਗੱਲ ਹੀ ਨਿਕਲਦੀ ਹੈ ਕਿ ਖੇਤਾਂ ਵਿਚ ਰੱਬ ਵਸਦਾ ।'
'ਇਹ ਗੱਲ ਤਾਂ ਠੀਕ ਹੈ । ਸਾਨੂੰ ਤਾਂ ਪਤਾ ਹੀ ਨਹੀਂ ਲਗਦਾ ਕਿ ਪੂਰਨਮਾਸ਼ੀ ਕਦੋਂ ਲੰਘ ਜਾਂਦੀ ਹੈ ਅਤੇ ਮੱਸਿਆ ਕਦੋਂ ਆ ਜਾਂਦੀ ਹੈ । ਅਸੀਂ ਤੁਹਾਡੇ ਕੋਲ ਰਾਤ ਜ਼ਰੂਰ ਰਵ੍ਹਾਂਗੇ ਪਰ ਇਹ ਤੁਹਾਨੂੰ ਅਸੀਂ ਘਰੋਂ ਆਪਣੇ ਮੰਮੀ-ਪਾਪਾ ਨੂੰ ਪੁੱਛ ਕੇ ਦੱਸਾਂਗੇ', ਜਗਮੀਤ ਨੇ ਖੜ੍ਹੇ ਹੋ ਕੇ ਸਾਰੀ ਕਲਾਸ ਵੱਲੋਂ ਜਵਾਬ ਦਿੱਤਾ ।

+++
'ਮੇਰੇ ਕੋਲ ਪਿੰਡ ਆਉਣ ਲਈ ਕਿਸੇ ਦੇ ਵੀ ਮੰਮੀ-ਪਾਪਾ ਮਨ੍ਹਾ ਨਹੀਂ ਕਰਨਗੇ ਪਰ ਜੇ ਕਿਸੇ ਦੇ ਵੀ ਮੰਮੀ-ਪਾਪਾ ਨੂੰ ਕੋਈ ਇਤਰਾਜ਼ ਹੋਵੇ ਤਾਂ ਮੈਨੂੰ ਉਨ੍ਹਾਂ ਨਾਲ ਮਿਲਾ ਦੇਣਾ, ਮੈਂ ਆਪੇ ਉਨ੍ਹਾਂ ਨੂੰ ਸਮਝਾ ਦਿਆਂਗਾ ।'
'ਹੋਰ ਤੇ ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੇਰੇ ਮੰਮੀ ਨੇ ਮੈਨੂੰ ਨਹੀਂ ਜਾਣ ਦੇਣਾ', ਸਿਮਰ ਨੇ ਝਕਦਿਆਂ-ਝਕਦਿਆਂ ਹੌਲੀ ਜਿਹੀ ਕਿਹਾ ।
'ਕਿਉਂ ਬਈ ਸਿਮਰ, ਤੇਰੀ ਮੰਮੀ ਨੇ ਕਿਉਂ ਨਹੀਂ ਆਉਣ ਦੇਣਾ?'
'ਮੇਰੀ ਮੰਮੀ ਪੁਰਾਣੇ ਖਿਆਲਾਂ ਦੇ ਹਨ, ਉਹ ਕਹਿੰਦੇ ਹਨ ਕਿ ਕੁੜੀਆਂ ਨੂੰ ਇਕੱਲੇ ਬਾਹਰ ਨਹੀਂ ਭੇਜਣਾ ਚਾਹੀਦਾ ।'
'ਤੂੰ ਇਕੱਲੀ ਥੋੜ੍ਹੀ ਹੋਏਂਗੀ, ਤੇਰੇ ਨਾਲ ਤਾਂ ਤੇਰੀ ਸਾਰੀ ਕਲਾਸ ਹੋਵੇਗੀ ।'
'ਉਹ ਤੇ ਠੀਕ ਹੈ ਪਰ ਮੰਮੀ ਮੁਤਾਬਿਕ ਮੈਂ ਇਕੱਲੀ ਹੋਵਾਂਗੀ, ਕਿਉਂਕਿ ਮੇਰੇ ਨਾਲ ਘਰ ਦਾ ਕੋਈ ਮੈਂਬਰ ਨਹੀਂ ਹੋਵੇਗਾ', ਸਿਮਰ ਆਪਣੇ ਕਿਸੇ ਪੁਰਾਣੇ ਤਜਰਬੇ ਤੋਂ ਮੰਮੀ ਦੀ ਗੱਲ ਦੱਸ ਰਹੀ ਸੀ ।
'ਬੇਟਾ, ਸਮਾਂ ਬੜਾ ਬਦਲ ਗਿਆ ਹੈ । ਅੱਜਕਲ੍ਹ ਤਾਂ ਇਕੱਲੀਆਂ ਕੁੜੀਆਂ ਸਾਰੀ ਦੁਨੀਆ ਘੰੁਮ ਆਉਂਦੀਆਂ ਹਨ । ਅੰਤਰਿਕਸ਼ ਵਿਚ ਚੰਦਰਮਾ 'ਤੇ ਜਾਣ ਨੂੰ ਤਿਆਰ ਹਨ । ਤੂੰ ਕਲਪਨਾ ਚਾਵਲਾ ਦੀ ਮਿਸਾਲ ਲੈ ਲੈ । ਮੈਂ ਚਾਹੁੰਦਾ ਹਾਂ ਕਿ ਸਾਡੀ ਹਰ ਕੁੜੀ ਕਲਪਨਾ ਚਾਵਲਾ ਵਾਂਗ ਸਿਆਣੀ ਅਤੇ ਬਹਾਦਰ ਹੋਣੀ ਚਾਹੀਦੀ ਹੈ । ਤੂੰ ਆਪਣੇ ਮੰਮੀ-ਪਾਪਾ ਨੂੰ ਆਖ ਕਿ ਮੈਂ ਬਹਾਦਰ ਕੁੜੀ ਬਣਨਾ ਚਾਹੁੰਦੀ ਹਾਂ, ਨਾ ਕਿ ਪੁਰਾਣੇ ਸਮਿਆਂ ਦੀਆਂ ਕੁੜੀਆਂ ਵਾਂਗ ਛੂਈ-ਮੂਈ ਲਾਜਵੰਤੀ', ਰਣਬੀਰ ਸਰ ਨੇ ਸਿਮਰ ਨੂੰ ਹੀ ਨਹੀਂ, ਸਗੋਂ ਕਲਾਸ ਦੀਆਂ ਸਾਰੀਆਂ ਕੁੜੀਆਂ ਨੂੰ ਸਮਝਾਇਆ ।
'ਵੀਰ ਜੀ, ਇਹ ਲਾਜਵੰਤੀ ਕਿਸ ਨੂੰ ਕਹਿੰਦੇ ਹਨ?' ਸਿੰਪੀ ਨੇ ਖੜ੍ਹੇ ਹੋ ਕੇ ਸਵਾਲ ਕਰ ਦਿੱਤਾ ।
'ਪਿਆਰੇ ਬੱਚਿਓ, ਲਾਜਵੰਤੀ ਦੇ ਲਫ਼ਜ਼ੀ ਮਾਅਨੇ ਹਨ ਕਿਸੇ ਲੜਕੀ ਜਾਂ ਔਰਤ ਦਾ ਸ਼ਰਮਾਕਲ ਹੋਣਾ । ਵੈਸੇ ਇਕ ਬੂਟੇ ਦਾ ਨਾਂਅ ਵੀ ਲਾਜਵੰਤੀ ਹੈ । ਉਸ ਦੇ ਪੱਤਿਆਂ ਨੂੰ ਹੱਥ ਲਾਓ ਤਾਂ ਹੱਥ ਲਾਉਂਦਿਆਂ ਹੀ ਉਹ ਮੁਰਝਾ ਜਾਂਦੇ ਹਨ, ਜਿਵੇਂ ਸ਼ਰਮ ਨਾਲ ਉਨ੍ਹਾਂ ਨੇ ਅੱਖਾਂ ਨੀਵੀਆਂ ਕਰ ਲਈਆਂ ਹੋਣ । ਥੋੜ੍ਹੀ ਦੇਰ ਬਾਅਦ ਉਹ ਫਿਰ ਪਹਿਲਾਂ ਵਾਂਗ ਹੋ ਜਾਂਦੇ ਹਨ ।'
'ਅਸੀਂ ਤਾਂ ਕਦੀ ਨਹੀਂ ਲਾਜਵੰਤੀ ਦਾ ਬੂਟਾ ਵੇਖਿਆ', ਕਈ ਬੱਚੇ ਬੋਲ ਪਏ ।
'ਤੁਸੀਂ ਜਦੋਂ ਮੇਰੇ ਕੋਲ ਪਿੰਡ ਆਓਗੇ ਤਾਂ ਮੈਂ ਆਪਣੀ ਫੁਲਵਾੜੀ ਵਿਚ ਤੁਹਾਨੂੰ ਲਾਜਵੰਤੀ ਦਾ ਬੂਟਾ ਵੀ ਵਿਖਾਵਾਂਗਾ । ਤੁਸੀਂ ਆਪ ਉਸ ਨੂੰ ਛੂਹ ਕੇ ਵੇਖਣਾ', ਰਣਬੀਰ ਸਰ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਆਪਣਾ ਸਾਰਾ ਗਿਆਨ ਬੱਚਿਆਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੁੰਦੇ ਹਨ ।
'ਹੁਣ ਤਾਂ ਅਸੀਂ ਲਾਜਵੰਤੀ ਦਾ ਬੂਟਾ ਵੇਖਣ ਜਲਦੀ ਤੋਂ ਜਲਦੀ ਤੁਹਾਡੇ ਪਿੰਡ ਆਵਾਂਗੇ । ਪਰ ਸਭ ਤੋਂਪਹਿਲਾਂ ਮੈਂ ਉਸ ਬੂਟੇ ਨੂੰ ਛੂਹ ਕੇ ਵੇਖਾਂਗੀ', ਮੇਘਾ ਨੇ ਬੜੀ ਉਤਸੁਕਤਾ ਨਾਲ ਕਿਹਾ ।
'ਬਿਲਕੁਲ ਠੀਕ, ਸਭ ਤੋਂ ਪਹਿਲਾਂ ਮੇਘਾ ਹੀ ਲਾਜਵੰਤੀ ਦੇ ਬੂਟੇ ਨੂੰ ਛੂਹੇਗੀ । ਬਾਕੀ ਸਾਰੇ ਬਾਅਦ ਵਿਚ ਉਸ ਨੂੰ ਹੱਥ ਲਗਾਉਣਗੇ', ਰਣਬੀਰ ਸਰ ਨੇ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ।
ਮਧੁਰ ਕੁਝ ਕਹਿਣ ਹੀ ਲੱਗੀ ਸੀ ਕਿ ਪੀਰੀਅਡ ਖਤਮ ਹੋਣ ਦੀ ਘੰਟੀ ਵੱਜ ਗਈ ।
'ਚਲੋ ਬੱਚਿਓ, ਕੱਲ੍ਹ ਮਿਲਾਂਗੇ ਪਰ ਮੇਰੇ ਪਿੰਡ ਆਉਣ ਦੀ ਗੱਲ ਯਾਦ ਰੱਖਣੀ, ਨਹੀਂ ਤੇ ਮੈਂ ਬਹੁਤ ਜ਼ਿਆਦਾ ਹੋਮ-ਵਰਕ ਦਿਆਂਗਾ', ਇਹ ਕਹਿੰਦਿਆਂ ਮੇਜ਼ ਤੋਂ ਕਿਤਾਬਾਂ ਚੁੱਕ ਕੇ ਰਣਬੀਰ ਕਲਾਸ ਰੂਮ 'ਚੋਂ ਬਾਹਰ ਨਿਕਲ ਗਿਆ ।

+++
ਅੱਜ ਸਕੂਲ ਵਿਚ ਬੱਚਿਆਂ ਦਾ ਆਖਰੀ ਦਿਨ ਹੈ । ਕੱਲ੍ਹ ਤੋਂ ਤਕਰੀਬਨ ਦੋ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ । ਹਰ ਇਕ, ਭਾਵੇਂ ਉਹ ਬੱਚਾ ਹੈ ਅਤੇ ਭਾਵੇਂ ਉਹ ਅਧਿਆਪਕ, ਦੇ ਚਿਹਰੇ ਉੱਪਰ ਇਕ ਖੁਸ਼ੀ ਦੀ ਝਲਕ, ਇਕ ਖੇੜਾ ਨਜ਼ਰ ਆ ਰਿਹਾ ਹੈ । ਹਰ ਪਾਸੇ ਚਹਿਲ-ਪਹਿਲ ਹੈ । ਅੱਜ ਕਿਸੇ ਵੀ ਵਿਦਿਆਰਥੀ ਦਾ ਪੜ੍ਹਨ ਦਾ ਮੂਡ ਨਹੀਂ ਲੱਗ ਰਿਹਾ ਅਤੇ ਨਾ ਹੀ ਕਿਸੇ ਅਧਿਆਪਕ ਦਾ ਪੜ੍ਹਾਉਣ ਦਾ ਮੂਡ ਲਗਦਾ ਹੈ ।
ਹਰ ਕਲਾਸ ਵਿਚ ਹਰ ਅਧਿਆਪਕ ਆਪਣਾ ਹੋਮਵਰਕ ਦੇ ਚੁੱਕਾ ਹੈ । ਕੇਵਲ ਰਣਬੀਰ ਨੇ ਆਪਣੇ ਕਿਸੇ ਵੀ ਵਿਦਿਆਰਥੀ ਨੂੰ ਹੋਮਵਰਕ ਨਹੀਂ ਦਿੱਤਾ । ਉਹ ਆਪਣੇ ਵਿਦਿਆਰਥੀਆਂ ਨੂੰ ਕੁਝ ਵੱਖਰੀ ਤਰ੍ਹਾਂ ਦੀ ਪੜ੍ਹਾਈ ਕਰਾਉਣੀ ਚਾਹੁੰਦਾ ਹੈ । ਉਹ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੀ ਥਾਂ 'ਤੇ ਅਸਲੀ ਜ਼ਿੰਦਗੀ ਦੀ ਪੜ੍ਹਾਈ ਕਰਾਉਣੀ ਚਾਹੁੰਦਾ ਹੈ । ਉਹ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੋੜਨਾ ਚਾਹੁੰਦਾ ਹੈ । ਉਸ ਦੇ ਦਿਲੋ-ਦਿਮਾਗ ਵਿਚ ਇਹ ਗੱਲ ਛਾਈ ਹੋਈ ਹੈ ਕਿ ਮਨੁੱਖ ਕੁਦਰਤ ਤੋਂ ਜਿੰਨਾ ਦੂਰ ਹੋ ਰਿਹਾ ਹੈ, ਓਨੇ ਹੀ ਉਹ ਦੁੱਖ ਉਠਾ ਰਿਹਾ ਹੈ, ਮਨੁੱਖ ਜਿੰਨਾ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰ ਰਿਹਾ ਹੈ, ਓਨਾ ਹੀ ਉਹ ਆਪਣੇ ਆਉਣ ਵਾਲੇ ਬੱਚਿਆਂ ਯਾਨੀ ਅਗਲੀ ਪੀੜ੍ਹੀ ਲਈ ਕੰਡੇ ਬੀਜ ਰਿਹਾ ਹੈ ।
ਉਹ ਸੋਚਦਾ ਹੈ ਕਿ ਬੱਚਿਆਂ ਨੂੰ 'ਹੋਮ ਵਰਕ' ਦੇਣ ਦੀ ਬਜਾਏ ਪ੍ਰੈਕਟੀਕਲ ਗਿਆਨ ਦੇਣਾ ਚਾਹੀਦਾ ਹੈ । ਉਹ ਬੱਚਿਆਂ ਨੂੰ ਕਿਤਾਬੀ ਕੀੜਾ ਜਾਂ ਘੋਟਾ ਮਾਸਟਰ ਬਣਾਉਣ ਦੀ ਥਾਂ ਜ਼ਿੰਦਗੀ ਦੀ ਅਸਲੀਅਤ ਅਤੇ ਕੁਦਰਤ ਦੀ ਪਵਿੱਤਰਤਾ ਵਿਖਾਉਣੀ ਚਾਹੁੰਦਾ ਹੈ, ਤਾਂ ਜੋ ਬੱਚੇ ਵੱਡੇ ਹੋ ਕੇ ਜ਼ਿੰਦਗੀ ਦੀ ਸਚਾਈ ਦਾ ਸਾਹਮਣਾ ਕਰ ਸਕਣ । ਇਸੇ ਕਰਕੇ ਉਹ ਆਪਣੀ ਨੌਵੀਂ ਕਲਾਸ ਦੇ ਬੱਚਿਆਂ ਨੂੰ ਪਿੰਡ ਬੁਲਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਿਆਣੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੋੜ ਸਕੇ ।
ਘੰਟੀ ਵੱਜੀ ਤਾਂ ਰਣਬੀਰ ਸਟਾਫ ਰੂਮ 'ਚੋਂ ਨਿਕਲ ਕੇ ਆਪਣੀ ਕਲਾਸ ਵੱਲ ਤੁਰ ਪਿਆ । ਉਸ ਦੇ ਦਿਮਾਗ ਨੂੰ ਕਿੰਨੀਆਂ ਹੀ ਸੋਚਾਂ ਨੇ ਘੇਰਿਆ ਹੋਇਆ ਸੀ । ਸਕੂਲ ਵਿਚ ਉਸ ਦਾ ਪਹਿਲਾ ਸਾਲ ਸੀ ਅਤੇ ਪਹਿਲੀਆਂ ਹੀ ਗਰਮੀਆਂ ਦੀਆਂ ਛੁੱਟੀਆਂ । ਉਹ ਸੋਚ ਰਿਹਾ ਸੀ ਕਿ ਕੀ ਛੁੱਟੀਆਂ ਵਿਚ ਬੱਚਿਆਂ ਨੂੰ ਪਿੰਡ ਬੁਲਾਉਣ ਦਾ ਤਜਰਬਾ ਠੀਕ ਰਹੇਗਾ? ਕੀ ਸਾਰੇ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪਿੰਡ ਭੇਜਣ ਲਈ ਮੰਨ ਜਾਣਗੇ? ਇਹ ਸਾਰਾ ਕੁਝ ਸੋਚਦਿਆਂ ਉਹ ਕਲਾਸ ਰੂਮ ਵਿਚ ਪਹੁੰਚ ਗਿਆ ।
'ਸਤਿ ਸ੍ਰੀ ਅਕਾਲ ਵੀਰ ਜੀ', ਸਾਰੀ ਕਲਾਸ ਨੇ ਖੜ੍ਹੇ ਹੁੰਦਿਆਂ ਆਪਣੇ ਵੀਰ ਜੀ ਨੂੰ ਸਤਿਕਾਰ ਦਿੱਤਾ ।
'ਬੈਠੋ ਬੱਚਿਓ, ਬੈਠੋ', ਰਣਬੀਰ ਸਰ ਨੇ ਬੜੇ ਪਿਆਰ ਨਾਲ ਬੱਚਿਆਂ ਨੂੰ ਬੈਠਣ ਲਈ ਕਿਹਾ ।
'ਵੀਰ ਜੀ, ਅੱਜ ਤੁਸੀਂ ਥੋੜ੍ਹੇ ਉਦਾਸ ਲੱਗ ਰਹੇ ਹੋ', ਸਿਧਾਰਥ ਨੇ ਵੀਰ ਜੀ ਦੇ ਮੂੰਹ ਵੱਲ ਦੇਖਦਿਆਂ ਕਿਹਾ ।
'ਸਕੂਲ ਵਿਚ ਛੁੱਟੀਆਂ ਹੋ ਰਹੀਆਂ ਹਨ, ਤੁਸੀਂ ਸਾਰੇ ਆਪੋ-ਆਪਣੇ ਘਰਾਂ ਵਿਚ ਜਾਂ ਕਿਤੇ ਬਾਹਰ ਘੰੁਮਣ-ਫਿਰਨ ਚਲੇ ਜਾਣਾ ਹੈ । ਤੁਹਾਡੇ ਤੋਂ ਬਗੈਰ ਮੈਂ ਉਦਾਸ ਤਾਂ ਆਪੇ ਹੀ ਹੋਣਾ ਹੋਇਆ ।'
'ਅਸੀਂ ਤੁਹਾਡੇ ਪਿੰਡ ਆ ਜਾਣਾ ਹੈ, ਇਸ ਲਈ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ', ਮਧੁਰ ਨੇ ਹੌਲੀ ਜਿਹੀ ਬੋਲਦਿਆਂ ਕਿਹਾ ।
'ਤੁਸੀਂ ਸਾਰੇ ਆ ਰਹੇ ਹੋ ਨਾ ਮੇਰੇ ਪਿੰਡ?'
'ਜੀ ਵੀਰ ਜੀ, ਅਸੀਂ ਜ਼ਰੂਰ ਆਵਾਂਗੇ ਤੁਹਾਡੇ ਪਿੰਡ', ਸਹਿਰ, ਸਿੰਪੀ, ਕੋਮਲ, ਭੋਲੀ, ਜੱਸੂ ਅਤੇ ਕਈ ਹੋਰ ਬੱਚੇ ਇਕੱਠੇ ਬੋਲ ਪਏ ।
'ਅੱਛਾ ਬੱਚਿਓ, ਅੱਜ ਤੁਹਾਡਾ ਸਕੂਲ ਵਿਚ ਅਖੀਰਲਾ ਦਿਨ ਹੈ । ਕੱਲ੍ਹ ਤੋਂ ਤੁਹਾਨੂੰ ਛੁੱਟੀਆਂ ਹੋ ਰਹੀਆਂ ਹਨ । ਸੋ, ਸਾਨੂੰ ਅੱਜ ਹੀ ਪ੍ਰੋਗਰਾਮ ਬਣਾਉਣਾ ਪਵੇਗਾ । ਬੱਚਿਓ, ਤੁਸੀਂ ਦੱਸੋ ਕਿ ਤੁਸੀਂ ਕਦੋਂ ਆਉਣ ਦਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਹੋ?'
'ਅਗਲੇ ਹਫਤੇ ਬਣ ਜਾਵੇ ਤਾਂ ਜ਼ਿਆਦਾ ਚੰਗਾ ਹੈ, ਕਿਉਂਕਿ ਅਸੀਂ ਕੁਝ ਦਿਨ ਖੇਡ-ਕੁੱਦ ਵੀ ਲਵਾਂਗੇ ਅਤੇ ਆਪਣਾ ਹੋਮਵਰਕ ਕਰਨਾ ਵੀ ਸ਼ੁਰੂ ਕਰ ਦਿਆਂਗੇ', ਕੁਲਵਿੰਦਰ ਨੇ ਸੁਝਾਅ ਦਿੱਤਾ ।
'ਬਿਲਕੁਲ ਠੀਕ ਹੈ, ਮੈਂ ਆਪ ਇਹੋ ਚਾਹੁੰਦਾ ਸਾਂ ਕਿ ਅਗਲੇ ਹਫਤੇ ਤੁਹਾਡੇ ਪਿੰਡ ਆਉਣ ਦਾ ਪ੍ਰੋਗਰਾਮ ਬਣ ਜਾਏ ਤਾਂ ਚੰਗਾ ਹੈ, ਨਹੀਂ ਤਾਂ ਕਈ ਬੱਚਿਆਂ ਨੇ ਬਾਹਰ-ਅੰਦਰ ਜਾਣਾ ਹੁੰਦਾ ਹੈ, ਯਾਨੀ ਕਿਸੇ ਨੇ ਨਾਨਕੇ, ਕਿਸੇ ਨੇ ਦਾਦਕੇ ਅਤੇ ਕਿਸੇ ਨੇ ਆਪਣੇ ਮੰਮੀ-ਪਾਪਾ ਨਾਲ ਪਹਾੜਾਂ ਵੱਲ ਤੁਰ ਪੈਣਾ ਹੈ', ਰਣਬੀਰ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਬੱਚਿਆਂ ਨੂੰ ਕਿਹਾ ।

+++
ਮਧੁਰ ਨੇ ਬੜਾ ਮਟਕਦਿਆਂ ਕਿਹਾ, 'ਅਸੀਂ ਤੇ ਆਪ ਨਾਨਕੇ ਜਾਣਾ ਹੈ, ਨਾਨਕੇ ਘਰ ਜਾਵਾਂਗੇ, ਮੋਟੇ ਹੋ ਕੇ ਆਵਾਂਗੇ । ਪਰ ਤੁਹਾਡੇ ਪਿੰਡ ਜਾਣ ਤੋਂ ਬਾਅਦ ਪ੍ਰੋਗਰਾਮ ਬਣਾਵਾਂਗੇ ।
ਸਿਮਰ ਨੇ ਮਧੁਰ ਵੱਖ ਦੇਖਦਿਆਂ ਕਿਹਾ, 'ਅੱਗੇ ਤੂੰ ਘੱਟ ਮੋਟੀ ਹੈਂ, ਜਿਹੜਾ ਤੂੰ ਨਾਨਕੇ ਘਰ ਹੋਰ ਮੋਟੀ ਹੋਣ ਜਾਣਾ ਹੈ?'
ਸਿਮਰ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸਣ ਲੱਗ ਪਏ ।
'ਬੱਚਿਓ, ਮੇਰੇ ਵੱਲ ਧਿਆਨ ਕਰੋ । ਅੱਜ ਸ਼ੁੱਕਰਵਾਰ ਹੈ । ਕੱਲ੍ਹ ਸਨਿਚਰਵਾਰ, ਤੁਹਾਡੀ ਪਹਿਲੀ ਛੁੱਟੀ ਹੈ । ਤੁਸੀਂ ਉਸ ਤੋਂ ਅਗਲੇ ਸਨਿਚਰਵਾਰ ਦਾ ਪ੍ਰੋਗਰਾਮ ਬਣਾ ਲਓ । ਸਵੇਰੇ ਨੌਂ ਵਜੇ ਤੱਕ ਤੁਸੀਂ ਸਾਰੇ ਸਕੂਲ ਦੇ ਗੇਟ ਕੋਲ ਇਕੱਠੇ ਹੋ ਜਾਓ । ਮੈਂ ਇਕ-ਦੋ ਕਾਰਾਂ ਜਾਂ ਕੋਈ ਹੋਰ ਬੰਦੋਬਸਤ ਕਰਕੇ ਤੁਹਾਨੂੰ ਪਿੰਡ ਲੈ ਜਾਵਾਂਗਾ ।'
ਵੀਰ ਜੀ, ਇਕ ਕਾਰ ਤਾਂ ਸਿਧਾਰਥ ਹੁਰਾਂ ਕੋਲ ਹੈਗੀ ਏ, ਇਸ ਨੂੰ ਕਹੋ ਕਿ ਆਪਣੀ ਕਾਰ ਲੈ ਕੇ ਆਏ', ਮੇਘਾ ਨੇ ਇਕ ਚੰਗਾ ਸੁਝਾਅ ਦਿੱਤਾ ।
'ਕਿਉਂ ਬਈ ਸਿਧਾਰਥ, ਕੀ ਮੇਘਾ ਠੀਕ ਕਹਿ ਰਹੀ ਏ?'
'ਹਾਂ ਜੀ ਵੀਰ, ਉਹ ਠੀਕ ਕਹਿ ਰਹੀ ਏ, ਮੈਂ ਪਾਪਾ ਨੂੰ ਕਹਾਂਗਾ ਉਹ ਸਾਨੂੰ ਪਿੰਡ ਛੱਡ ਆਉਣਗੇ । ਵੀਰ ਜੀ, ਸਾਰੀ ਕਲਾਸ ਕੋਲੋਂ ਪੁੱਛੋ, ਹੋਰ ਵੀ ਕਈਆਂ ਕੋਲ ਕਾਰਾਂ ਹੋਣਗੀਆਂ', ਸਿਧਾਰਥ ਨੇ ਖੜ੍ਹੇ ਹੋ ਕੇ ਆਪਣੀ ਕਾਰ ਦੀ ਹਾਮੀ ਭਰੀ ।
'ਵੇਖੋ, ਮੈਂ ਕਿਸੇ ਬੱਚੇ ਨੂੰ ਕਾਰ ਲਿਆਉਣ ਲਈ ਨਹੀਂ ਕਹਿਣਾ, ਜੇ ਕੋਈ ਬੱਚਾ ਆਪਣੀ ਖੁਸ਼ੀ ਨਾਲ ਕਾਰ ਲਿਆਉਣੀ ਚਾਹੇ ਤਾਂ ਮੈਨੂੰ ਖੁਸ਼ੀ ਹੋਵੇਗੀ ।'
ਆਪਣੇ ਵੀਰ ਜੀ ਦੀ ਗੱਲ ਸੁਣ ਕੇ ਜਗਮੀਤ ਇਕਦਮ ਖੜ੍ਹਾ ਹੋ ਗਿਆ, 'ਵੀਰ ਜੀ, ਮੈਂ ਆਪਣੇ ਪਾਪਾ ਨੂੰ ਕਾਰ ਲਿਆਉਣ ਲਈ ਕਹਾਂਗਾ, ਉਹ ਮੇਰੀ ਗੱਲ ਕਦੀ ਨਹੀਂ ਮੋੜਨਗੇ ।'
'ਇਹ ਤਾਂ ਬਹੁਤ ਚੰਗੀ ਗੱਲ ਹੋ ਗਈ । ਤੁਸੀਂ ਮੇਰੀ ਕਿੰਨੀ ਸਾਰੀ ਖੇਚਲ ਬਚਾ ਦਿੱਤੀ । ਅੱਛਾ, ਹੁਣ ਇਕ ਕੰਮ ਹੋਰ ਕਰੀਏ । ਤੁਸੀਂ ਸਾਰੇ ਆਪੋ-ਆਪਣੇ ਘਰ ਦੇ ਟੈਲੀਫੋਨ ਨੰਬਰ ਜਾਂ ਮੋਬਾਈਲ ਨੰਬਰ ਇਕ ਕਾਗਜ਼ 'ਤੇ ਲਿਖ ਕੇ ਦੇ ਦਿਓ ਅਤੇ ਤੁਸੀਂ ਸਾਰੇ ਮੇਰਾ ਮੋਬਾਈਲ ਨੰਬਰ ਵੀ ਨੋਟ ਕਰ ਲਵੋ ।'
'ਇਹ ਬਹੁਤ ਚੰਗੀ ਗੱਲ ਹੈ, ਸਾਡਾ ਸਾਰਿਆਂ ਦਾ ਫੋਨ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਅਤੇ ਤੁਹਾਡਾ ਨੰਬਰ ਸਾਡੇ ਕੋਲ', ਸਾਰੀ ਕਲਾਸ ਬੋਲ ਪਈ ।
'ਘੰਟੀ ਵੱਜਣ ਵਾਲੀ ਹੈ, ਤੁਸੀਂ ਜਲਦੀ-ਜਲਦੀ ਆਪੋ-ਆਪਣਾ ਨਾਂਅ ਅਤੇ ਨੰਬਰ ਲਿਖ ਕੇ ਮੈਨੂੰ ਦੇ ਦਿਓ ।'
ਬੱਚੇ ਅਜੇ ਆਪੋ-ਆਪਣੀ ਪਰਚੀ ਵੀਰ ਜੀ ਨੂੰ ਫੜਾ ਹੀ ਰਹੇ ਸਨ ਕਿ ਘੰਟੀ ਵੱਜ ਗਈ । ਰਣਬੀਰ ਸਰ ਨੇ ਸਾਰਿਆਂ ਕੋਲੋਂ ਫੋਨ ਨੰਬਰਾਂ ਵਾਲੀਆਂ ਪਰਚੀਆਂ ਫੜ ਲਈਆਂ ਅਤੇ ਆਪਣਾ ਨੰਬਰ ਸਾਰਿਆਂ ਨੂੰ ਲਿਖਾ ਕੇ ਮੇਜ਼ ਤੋਂ ਕਿਤਾਬਾਂ ਚੁੱਕਦੇ ਹੋਏ ਕਲਾਸ ਰੂਮ 'ਚੋਂ ਬਾਹਰ ਨਿਕਲ ਗਏ ।
ਸਕੂਲ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਅੱਜ ਸਕੂਲ ਦੇ ਗੇਟ ਅੱਗੇ ਬੜੀ ਚਹਿਲ-ਪਹਿਲ ਨਜ਼ਰ ਆ ਰਹੀ ਹੈ । ਬੱਚੇ ਸੋਹਣੇ-ਸੋਹਣੇ ਅਤੇ ਰੰਗ-ਬਿਰੰਗੇ ਕੱਪੜੇ ਪਾ ਕੇ ਆਪਣੇ ਮੰਮੀ-ਪਾਪਾ ਜਾਂ ਵੱਡੇ ਭੈਣ-ਭਰਾਵਾਂ ਨਾਲ ਸਕੂਟਰਾਂ-ਕਾਰਾਂ 'ਤੇ ਆ ਰਹੇ ਹਨ । ਹਰ ਬੱਚੇ ਦਾ ਚਿਹਰਾ ਖੁਸ਼ੀ ਨਾਲ ਖਿੜਿਆ ਹੋਇਆ ਹੈ । ਇਕ-ਅੱਧ ਬੱਚੇ ਦੇ ਮੰਮੀ-ਪਾਪਾ ਜਾਂ ਭੈਣ-ਭਰਾ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਅਤੇ ਬਾਕੀਆਂ ਦੇ ਉਥੇ ਖੜ੍ਹੇ ਬੱਚਿਆਂ ਨਾਲ ਗੱਲਾਂ ਕਰ ਰਹੇ ਹਨ । ਸ਼ਾਇਦ ਉਨ੍ਹਾਂ ਨੂੰ ਕੁਝ ਸਮਝਾ ਰਹੇ ਹਨ ।
ਬੱਚਿਆਂ ਦੇ ਕੋਲ ਕਿਸੇ ਸਕੂਲ ਦੀ ਮਿੰਨੀ ਬੱਸ ਵਰਗੀ ਵੈਨ ਆ ਕੇ ਖਲੋਂਦੀ ਹੈ । ਉਸ ਵਿਚੋਂ ਸਾਰੇ ਬੱਚਿਆਂ ਦੇ ਚਹੇਤਾ ਰਣਬੀਰ ਸਰ ਨਿਕਲਦੇ ਹਨ । ਉਹ ਵੀ ਅੱਜ ਪਹਿਲਾਂ ਨਾਲੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ । ਵੈਨ 'ਚੋਂ ਨਿਕਲਦਿਆਂ ਹੀ ਸਾਰੇ ਬੱਚਿਆਂ ਨੇ 'ਸਤਿ ਸ੍ਰੀ ਅਕਾਲ ਵੀਰ ਜੀ' ਕਹਿਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਬੱਚਿਆਂ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਉਨ੍ਹਾਂ ਦੇ ਮੰਮੀ-ਪਾਪਾ ਅਤੇ ਭੈਣਾਂ-ਭਰਾਵਾਂ ਨੂੰ ਬੜੇ ਸਤਿਕਾਰ ਨਾਲ ਹੱਥ ਜੋੜੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਹ ਉਸ 'ਤੇ ਭਰੋਸਾ ਕਰਕੇ ਆਪਣੇ ਬੱਚਿਆਂ ਨੂੰ ਉਸ ਨਾਲ ਭੇਜ ਰਹੇ ਹਨ । ਰਣਬੀਰ ਨੇ ਸਾਰਿਆਂ ਨੂੰ ਯਕੀਨ ਦਿਵਾਇਆ ਕਿ 'ਮੈਂ ਬੱਚਿਆਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿਆਂਗਾ । ਮੈਨੂੰ ਭਰੋਸਾ ਹੈ ਕੇ ਬੱਚੇ ਬੜਾ ਕੁਝ ਨਵਾਂ ਸਿੱਖ ਕੇ ਵਾਪਸ ਆਉਣਗੇ । ਜੇ ਤੁਹਾਡੇ ਵਿਚੋਂ ਕੋਈ ਬੱਚਿਆਂ ਨੂੰ ਮਿਲਣ ਜਾਂ ਦੇਖਣ ਲਈ ਮੇਰੇ ਪਿੰਡ ਆਉਣਾ ਚਾਹੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਵੇਗੀ ।'
'ਮੇਰਾ ਬੇਟਾ ਬਹੁਤ ਸ਼ਰਾਰਤੀ ਹੈ, ਇਸ ਦਾ ਜ਼ਰਾ ਖਾਸ ਧਿਆਨ ਰੱਖਣਾ', ਸਿਧਾਰਥ ਦੇ ਮੰਮੀ ਨੇ ਰਣਬੀਰ ਸਰ ਨੂੰ ਕਿਹਾ । ਉਹ ਬਾਕੀਆਂ ਨਾਲੋਂ ਖੁਸ਼ੀ ਦੇ ਨਾਲ-ਨਾਲ ਥੋੜ੍ਹੀ ਉਦਾਸ ਵੀ ਲੱਗ ਰਹੀ ਸੀ ।

+++
'ਸਿਧਾਰਥ ਤਾਂ ਬੜਾ ਸਿਆਣਾ ਲੜਕਾ ਹੈ । ਇਸ ਨੇ ਆਪ ਸ਼ਰਾਰਤ ਕੀ ਕਰਨੀ ਹੈ, ਇਸ ਨੇ ਤਾਂ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇਣੀ', ਰਣਬੀਰ ਸਰ ਦੀ ਗੱਲ ਸੁਣ ਕੇ ਸਿਧਾਰਥ ਦੇ ਮੰਮੀ ਨੇ ਉਸ ਨੂੰ ਘੁੱਟ ਕੇ ਜੱਫੀ ਪਾ ਲਈ ।
'ਚਲੋ ਬੱਚਿਓ, ਵੈਨ ਵਿਚ ਬੈਠੋ । ਕੋਈ ਬੱਚਾ ਰਹਿ ਤਾਂ ਨਹੀਂ ਗਿਆ?'
'ਹੋਰ ਤੇ ਸਾਰੇ ਬੱਚੇ ਆ ਗਏ ਹਨ ਪਰ ਅਜੇ ਤੱਕ ਮੇਘਾ ਨਹੀਂ ਆਈ', ਸਿਧਾਰਥ ਨੇ ਸੱਜੇ-ਖੱਬੇ ਦੇਖਦਿਆਂ ਵੀਰ ਜੀ ਨੂੰ ਕਿਹਾ ।
'ਤੁਸੀਂ ਸਾਰੇ ਬੈਠੋ, ਓਨੀ ਦੇਰ ਤੱਕ ਆ ਜਾਏਗੀ । ਜੇ ਨਾ ਆਈ ਤਾਂ ਮੈਂ ਉਸ ਨੂੰ ਫੋਨ ਕਰਦਾ ਹਾਂ ।'
ਸਾਰੇ ਬੱਚੇ ਲਾਈਨ ਬਣਾ ਕੇ ਵੈਨ ਵਿਚ ਬੈਠਣ ਲੱਗੇ । ਅਜੇ ਅੱਧੇ ਕੁ ਬੱਚੇ ਹੀ ਵੈਨ ਵਿਚ ਬੈਠੇ ਸਨ ਤਾਂ ਇਕ ਸਕੂਟਰ ਆ ਕੇ ਰੁਕਿਆ । ਮੇਘਾ ਛਾਲ ਮਾਰ ਕੇ ਸਕੂਟਰ ਮਗਰੋਂ ਉਤਰੀ ਅਤੇ ਰਣਬੀਰ ਵੀਰ ਜੀ ਨੂੰ ਸੌਰੀ ਕਰਨ ਲੱਗੀ ਕਿ ਉਹ ਥੋੜ੍ਹੀ ਲੇਟ ਹੋ ਗਈ ਹੈ । ਉਸ ਨੇ ਆਪਣੇ ਪਾਪਾ ਨੂੰ ਰਣਬੀਰ ਸਰ ਨਾਲ ਮਿਲਾਇਆ । ਉਸ ਦੇ ਪਾਪਾ ਨੇ ਦੱਸਿਆ ਕਿ ਅੱਜ ਉਸ ਦੇ ਸਕੂਟਰ ਨੇ ਬੜਾ ਤੰਗ ਕੀਤਾ, ਸਟਾਰਟ ਹੀ ਨਹੀਂ ਸੀ ਹੋ ਰਿਹਾ, ਇਸ ਕਰਕੇ ਉਹ ਲੇਟ ਹੋ ਗਏ ।
ਹੁਣ ਸਾਰੇ ਬੱਚੇ ਵੈਨ ਵਿਚ ਬੈਠ ਗਏ । ਟੋਟਲ ਬਾਈ ਬੱਚਿਆਂ ਦੀ ਕਲਾਸ ਵਿਚੋਂ ਅਠਾਰਾਂ ਬੱਚੇ ਆਏ ਸਨ । ਰਹਿ ਗਏ ਚਾਰ ਬੱਚਿਆਂ ਵਿਚੋਂ ਤਿੰਨ ਤਾਂ ਕਿਤੇ ਬਾਹਰ ਗਏ ਸਨ ਅਤੇ ਇਕ ਨੂੰ ਕੋਈ ਘਰੇਲੂ ਮਜਬੂਰੀ ਸੀ । ਰਣਬੀਰ ਦੀ ਉਮੀਦ ਨਾਲੋਂ ਜ਼ਿਆਦਾ ਬੱਚੇ ਆਏ ਸਨ । ਵੈਨ ਸਟਾਰਟ ਹੋ ਗਈ । ਸਾਰੇ ਬੱਚੇ ਬਾਹਰ ਖੜ੍ਹੇ ਘਰਦਿਆਂ ਨੂੰ ਬਾਏ-ਬਾਏ ਕਰ ਰਹੇ ਸਨ । ਬਾਹਰ ਵਾਲੇ ਲੋਕ ਵੀ ਆਪਣੇ ਹੱਥ ਹਿਲਾ ਰਹੇ ਸਨ ।
ਬੱਸ ਤੁਰ ਪਈ । ਜਗਮੀਤ ਨੇ ਖੜ੍ਹੇ ਹੋ ਕੇ ਆਪਣੀ ਬਾਂਹ ਉਲਾਰੀ ਅਤੇ ਉੱਚੀ ਆਵਾਜ਼ ਵਿਚ ਬੋਲਿਆ, 'ਰਣਬੀਰ ਵੀਰ ਜੀ!' ਅੱਗੋਂ ਸਾਰੇ ਬੱਚਿਆਂ ਨੇ ਕਿਹਾ, 'ਜ਼ਿੰਦਾਬਾਦ!' ਰਣਬੀਰ ਬੱਚਿਆਂ ਦਾ ਉਤਸ਼ਾਹ ਦੇਖ ਕੇ ਫੁੱਲਿਆ ਨਹੀਂ ਸੀ ਸਮਾ ਰਿਹਾ ।
ਥੋੜ੍ਹੀ ਦੇਰ ਵਿਚ ਹੀ ਬੱਸ ਸ਼ਹਿਰੋਂ ਬਾਹਰ ਨਿਕਲ ਗਈ । ਸੜਕ ਦੇ ਦੋਵੇਂ ਪਾਸੇ ਦੁਕਾਨਾਂ ਅਤੇ ਘਰਾਂ ਦੀ ਥਾਂ ਖੇਤ ਦੇਖ ਕੇ ਸਾਰੇ ਬੱਚੇ ਹੋਰ ਮੂਡ ਵਿਚ ਆ ਗਏ ਅਤੇ ਉਨ੍ਹਾਂ ਨੇ ਉੱਚੀ-ਉੱਚੀ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ । ਰਣਬੀਰ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਸੀ ।
'ਸਰ ਜੀ, ਨਾ ਸੱਚ ਵੀਰ ਜੀ, ਇਹ ਤੁਸੀਂ ਵੈਨ ਕਰਕੇ ਬੜਾ ਹੀ ਚੰਗਾ ਕੰਮ ਕੀਤਾ ਹੈ । ਇਸ ਤਰ੍ਹਾਂ ਅਸੀਂ ਸਾਰੇ ਇਕੱਠੇ ਰੌਲਾ ਪਾਉਂਦੇ ਜਾ ਰਹੇ ਹਾਂ । ਜੇ ਅਸੀਂ ਵੱਖੋ-ਵੱਖਰੀਆਂ ਕਾਰਾਂ ਵਿਚ ਹੁੰਦੇ ਤਾਂ ਸਾਰੇ ਚੁੱਪ-ਚਾਪ ਬੈਠੇ ਰਹਿੰਦੇ । ਜੇ ਕਿਸੇ ਦੀ ਕਾਰ ਪਿੱਛੇ ਰਹਿ ਜਾਂਦੀ ਤਾਂ ਵੀ ਤੁਹਾਨੂੰ ਫਿਕਰ ਲੱਗ ਜਾਣਾ ਸੀ', ਮਧੁਰ ਨੇ ਆਪਣੇ ਰਣਬੀਰ ਵੀਰ ਜੀ ਦੀ ਵੈਨ ਵਾਲੀ ਸਕੀਮ ਦੀ ਤਾਰੀਫ ਕੀਤੀ ।
'ਹਾਂ ਬੱਚਿਓ! ਇਹ ਬੜਾ ਚੰਗਾ ਹੋ ਗਿਆ । ਮੈਂ ਵੀ ਇਹੋ ਗੱਲ ਸੋਚ ਕੇ ਤੁਹਾਨੂੰ ਫੋਨ ਕੀਤੇ ਸਨ ਕਿ ਤੁਸੀਂ ਕਾਰਾਂ ਦਾ ਇੰਤਜ਼ਾਮ ਨਾ ਕਰਿਓ । ਮੇਰੇ ਇਕ ਦੋਸਤ ਨੇ ਆਪਣੇ ਸਕੂਲ ਦੀ ਵੈਨ ਇਸ ਚੰਗੇ ਕੰਮ ਲਈ ਦੇ ਦਿੱਤੀ । ਇਸੇ ਤਰ੍ਹਾਂ ਜਿਸ ਦਿਨ ਤੁਸੀਂ ਵਾਪਸ ਆਉਣਾ ਹੋਵੇਗਾ, ਉਸ ਦਿਨ ਵੀ ਇਹੋ ਵੈਨ ਆ ਜਾਵੇਗੀ ।
ਜਗਮੀਤ ਨੇ ਫਿਰ ਜੋਸ਼ ਵਿਚ ਆ ਕੇ ਜੈਕਾਰਾ ਛੱਡ ਦਿੱਤਾ, 'ਸਾਡੇ ਵੀਰ ਜੀ, ਜ਼ਿੰਦਾਬਾਦ ।'
ਬੱਚਿਆਂ ਨੂੰ ਪਤਾ ਵੀ ਨਾ ਲੱਗਿਆ ਕਿ ਅੱਧਾ ਘੰਟਾ ਕਿਵੇਂ ਬੀਤਿਆ । ਵੈਨ ਹੁਣ ਰਣਬੀਰ ਵੀਰ ਜੀ ਦੇ ਪਿੰਡ ਅੰਦਰ ਦਾਖਲ ਹੋ ਰਹੀ ਸੀ । ਪਿੰਡ ਦੇ ਅੰਦਰ ਵੜਦਿਆਂ ਹੀ ਇਕ ਬਹੁਤ ਵੱਡਾ ਸਾਰਾ ਬੋਹੜ ਦਾ ਦਰੱਖਤ ਸੀ, ਜਿਸ ਦੇ ਥੱਲੇ ਇਕ ਪੱਕਾ ਚਬੂਤਰਾ ਬਣਿਆ ਹੋਇਆ ਸੀ । ਉਸ ਚਬੂਤਰੇ ਉੱਪਰ ਕਈ ਬਜ਼ੁਰਗ ਅਤੇ ਅੱਧਖੜ੍ਹ ਉਮਰ ਦੇ ਲੋਕੀਂ ਬੈਠੇ ਗੱਪਾਂ ਮਾਰ ਰਹੇ ਸਨ । ਪਿੰਡ ਵਿਚ ਬੱਚਿਆਂ ਦੀ ਵੈਨ ਦੇਖ ਕੇ ਸਾਰਿਆਂ ਦਾ ਧਿਆਨ ਉਧਰ ਹੋ ਗਿਆ । ਬੱਚੇ ਬਾਰੀ ਵਿਚੋਂ ਹੱਥ ਕੱਢ ਕੇ ਹਿਲਾ ਰਹੇ ਸਨ । ਬੋਹੜ ਦੇ ਥੱਲੇ ਬੈਠੇ ਲੋਕ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਗਏ ।
ਰਣਬੀਰ ਵੀਰ ਜੀ ਦੇ ਘਰ ਤੋਂ ਅੱਧਾ ਕੁ ਫਰਲਾਂਗ ਪਹਿਲਾਂ ਵੈਨ ਰੁਕ ਗਈ । ਇਸ ਤੋਂ ਅੱਗੇ ਵੈਨ ਨਹੀਂ ਸੀ ਜਾ ਸਕਦੀ । 'ਚਲੋ ਬਈ ਬੱਚਿਓ, ਐਥੇ ਹੌਲੀ-ਹੌਲੀ ਕਰਕੇ ਉਤਰ ਜਾਓ, ਆਪਣਾ ਟਿਕਾਣਾ ਆ ਗਿਐ ।'

+++
ਬੱਚੇ ਚਾਈਂ-ਚਾਈਂ ਆਪਣੇ ਛੋਟੇ-ਛੋਟੇ ਬੈਗ ਸੰਭਾਲਦੇ ਵੈਨ ਵਿਚੋਂ ਉਤਰਨ ਲੱਗੇ । ਜਦੋਂ ਸਾਰੇ ਬੱਚੇ ਉਤਰ ਗਏ ਤਾਂ ਵੈਨ ਦਾ ਡਰਾਈਵਰ ਛੁੱਟੀ ਮੰਗਣ ਲੱਗਾ ਤਾਂ ਰਣਬੀਰ ਨੇ ਉਸ ਨੂੰ ਕਿਹਾ, 'ਇਸ ਤਰ੍ਹਾਂ ਤਾਂ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ । ਪਹਿਲਾਂ ਸਾਡੇ ਨਾਲ ਘਰ ਚੱਲੋ, ਉਥੇ ਚਾਹ-ਪਾਣੀ ਪੀਓ, ਫਿਰ ਤੁਹਾਨੂੰ ਛੁੱਟੀ ਮਿਲੇਗੀ ।'
'ਡਰਾਈਵਰ ਵੀ ਨੌਜਵਾਨ ਲੜਕਾ ਸੀ । ਉਹ ਵੀ ਬੱਚਿਆਂ ਦੇ ਗਾਣੇ ਅਤੇ ਗੱਲਾਂ ਸੁਣ-ਸੁਣ ਕੇ ਖੁਸ਼ ਹੋ ਰਿਹਾ ਸੀ । ਉਸ ਨੇ ਵੈਨ ਨੂੰ ਇਕ ਪਾਸੇ ਕਰਕੇ ਖੜ੍ਹਾ ਕਰ ਦਿੱਤਾ ਅਤੇ ਉਹ ਵੀ ਬੱਚਿਆਂ ਨਾਲ ਤੁਰ ਪਿਆ । ਬੱਚੇ ਰੌਲਾ ਪਾਉਂਦੇ, ਸੱਜੇ-ਖੱਬੇ ਦੇਖਦੇ ਆਪਣੇ ਵੀਰ ਜੀ ਦੇ ਪਿੱਛੇ-ਪਿੱਛੇ ਤੁਰੀ ਜਾ ਰਹੇ ਸਨ । ਬੱਚਿਆਂ ਦਾ ਰੌਲਾ ਸੁਣ ਕੇ ਲੋਕੀਂ ਆਪਣੇ ਘਰਾਂ ਵਿਚੋਂ ਬਾਹਰ ਆ ਗਏ । ਉਹ ਪਿਆਰੇ-ਪਿਆਰੇ ਬੱਚਿਆਂ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸਨ । ਬੱਚੇ ਵੀ ਉਨ੍ਹਾਂ ਸਾਰਿਆਂ ਵੱਲ ਮੁਸਕਰਾ ਕੇ ਹੱਥ ਹਿਲਾ ਕੇ ਅੱਗੇ ਜਾ ਰਹੇ ਸਨ ।
ਹੁਣ ਬੱਚਿਆਂ ਦੇ ਵੀਰ ਜੀ ਦਾ ਘਰ ਆ ਗਿਆ ਸੀ । ਰਣਬੀਰ ਦੇ ਘਰ ਦੇ, ਦੋਸਤ-ਮਿੱਤਰ ਅਤੇ ਕੁਝ ਗੁਆਂਢੀ ਬੱਚਿਆਂ ਦੇ ਸਵਾਗਤ ਲਈ ਘਰ ਦੇ ਵਿਹੜੇ ਵਿਚ ਖੜ੍ਹੇ ਸਨ । ਉਨ੍ਹਾਂ ਦੇ ਘਰ ਦਾ ਵਿਹੜਾ ਬਹੁਤ ਵੱਡਾ ਸੀ । ਵਿਹੜੇ ਦੇ ਕਿਨਾਰੇ-ਕਿਨਾਰੇ ਕਈ ਤਰ੍ਹਾਂ ਦੇ ਰੁੱਖ ਲੱਗੇ ਸਨ ਅਤੇ ਉਸ ਤੋਂ ਅੱਗੇ ਕਿਆਰੀਆਂ ਵਿਚ ਫੁੱਲਾਂ ਦੇ ਬੂਟੇ । ਇਕ ਨੁੱਕਰ ਵਿਚ ਬੜੀ ਸੋਹਣੀ ਬਗੀਚੀ ਬਣਾਈ ਹੋਈ ਸੀ, ਜਿਸ ਵਿਚ ਵਲੈਤੀ ਮਖਮਲ ਵਰਗਾ ਮੁਲਾਇਮ ਘਾਹ ਲੱਗਾ ਹੋਇਆ ਸੀ । ਉਸ ਦੇ ਆਲੇ-ਦੁਆਲੇ ਫੁੱਲ ਹੀ ਫੁੱਲ ਸਨ । ਵਿਹੜੇ ਦੇ ਇਕ ਪਾਸੇ ਛਾਂ ਸੀ, ਜਿਥੇ ਬੈਠਣ ਲਈ ਤਿੰਨ-ਚਾਰ ਮੰਜੀਆਂ ਡੱਠੀਆਂ ਸਨ ਅਤੇ ਕੁਝ ਕੁਰਸੀਆਂ ਪਈਆਂ ਸਨ ।
ਬੱਚੇ ਖੁੱਲ੍ਹਾ ਵਾਤਾਵਰਨ ਦੇਖ ਕੇ ਨਿਹਾਲ ਹੋ ਰਹੇ ਸਨ । ਰਣਬੀਰ ਵੀਰ ਜੀ ਨੇ ਬੱਚਿਆਂ ਨੂੰ ਆਪਣੇ ਮਾਤਾ ਜੀ, ਭੈਣ ਅਤੇ ਸਾਰੇ ਦੋਸਤਾਂ-ਮਿੱਤਰਾਂ ਅਤੇ ਆਂਢ-ਗੁਆਂਢ ਨਾਲ ਮਿਲਾਇਆ । ਰਣਬੀਰ ਦੇ ਘਰ ਦੇ ਅਤੇ ਆਂਢੀ-ਗੁਆਂਢੀ ਬੱਚਿਆਂ ਨੂੰ ਬਹੁਤ ਪਿਆਰ ਨਾਲ ਮਿਲੇ । ਕਈ ਬਜ਼ੁਰਗ ਆਂਢੀ-ਗੁਆਂਢੀ ਬੱਚਿਆਂ ਦੇ ਸਿਰਾਂ 'ਤੇ ਹੱਥ ਫੇਰ ਕੇ ਪਿਆਰ ਰਹੇ ਸਨ ।
ਘਰਦਿਆਂ ਨੇ ਨਲਕੇ (ਹੈਂਡ ਪੰਪ) ਦਾ ਪਹਿਲਾ ਪਾਣੀ ਕੱਢ ਕੇ ਡੋਲ੍ਹ ਦਿੱਤਾ । ਥੋੜ੍ਹਾ ਨਲਕਾ ਗੇੜਨ ਤੋਂ ਬਾਅਦ ਪਾਣੀ ਬਹੁਤ ਠੰਢਾ ਨਿਕਲ ਆਇਆ, ਜਿਵੇਂ ਫਰਿੱਜ ਦਾ ਹੋਵੇ । ਠੰਢੇ ਪਾਣੀ ਦੀ ਬਾਲਟੀ ਵਿਚ ਖੰਡ ਘੋਲ ਕੇ ਅਤੇ ਨਿੰਬੂ ਨਿਚੋੜ ਕੇ ਸ਼ਿਕੰਜਵੀ ਬਣਾਈ ਗਈ, ਜਿਹੜੀ ਸਾਰੇ ਬੱਚਿਆਂ ਨੇ ਰੱਜ ਕੇ ਪੀਤੀ । ਸ਼ਿਕੰਜਵੀ ਦੇ ਨਾਲ ਸਾਰਿਆਂ ਨੂੰ ਬਰਫ਼ੀ ਖੁਆਈ, ਜਿਹੜੀ ਰਣਬੀਰ ਨੇ ਆਪ ਖੋਆ ਮਰਵਾ ਕੇ ਬਣਵਾਈ ਸੀ । ਸਾਰਿਆਂ ਨੂੰ ਬਰਫ਼ੀ ਖਾ ਕੇ ਅਤੇ ਸ਼ਿਕੰਜਵੀ ਪੀ ਕੇ ਅਨੰਦ ਆ ਗਿਆ ।
ਡਰਾਈਵਰ ਨੇ ਬਰਫ਼ੀ ਖਾ ਕੇ ਅਤੇ ਸ਼ਿਕੰਜਵੀ ਪੀ ਕੇ ਛੁੱਟੀ ਲਈ । ਰਣਬੀਰ ਸਰ ਅਤੇ ਕੁਝ ਬੱਚੇ ਉਸ ਨੂੰ ਵੈਨ ਤੱਕ ਛੱਡਣ ਗਏ ।
ਵੀਰ ਜੀ ਦੀ ਫੁਲਵਾੜੀ ਦੇਖ ਕੇ ਮੇਘਾ ਨੂੰ ਕੋਈ ਗੱਲ ਯਾਦ ਆ ਗਈ ਅਤੇ ਉਹ ਵੀਰ ਨੂੰ ਕਹਿਣ ਲੱਗੀ, 'ਵੀਰ ਜੀ, ਤੁਸੀਂ ਸਾਨੂੰ ਲਾਜਵੰਤੀ ਦਾ ਬੂਟਾ ਵਿਖਾਉਣਾ ਸੀ ਪਰ ਸਭ ਤੋਂ ਪਹਿਲਾਂ ਉਸ ਨੂੰ ਮੈਂ ਹੱਥ ਲਗਾਉਣਾ ਹੈ । ਮੈਂ ਦੇਖਣਾ ਹੈ ਕਿ ਉਹ ਬੂਟਾ ਕਿਸ ਤਰ੍ਹਾਂ ਸ਼ਰਮਾਉਂਦਾ ਹੈ ।'
'ਹਾਂ ਹਾਂ, ਤੂੰ ਹੀ ਪਹਿਲਾਂ ਹੱਥ ਲਗਾਈਂ', ਵੀਰ ਜੀ ਨੇ ਫੁਲਵਾੜੀ ਵਿਚ ਮੇਘਾ ਦੇ ਨੇੜੇ ਆਉਂਦਿਆਂ ਕਿਹਾ । ਸਿਮਰ, ਮਧੁਰ, ਸਹਿਰ, ਕੋਮਲ, ਜੱਸੂ ਅਤੇ ਹੋਰ ਕਈ ਬੱਚੇ ਵੀਰ ਜੀ ਦੇ ਪਿੱਛੇ-ਪਿੱਛੇ ਆ ਗਏ ।
'ਐਹ ਵੇਖੋ, ਇਹ ਹੈ ਲਾਜਵੰਤੀ ਦਾ ਬੂਟਾ । ਮੇਘਾ ਤੂੰ ਇਸ ਦੇ ਪੱਤਿਆਂ ਨੂੰ ਹੱਥ ਲਗਾ ।'
ਮੇਘਾ ਨੇ ਛੋਟੇ ਜਿਹੇ ਬੂਟੇ ਦੀ ਇਕ ਟਾਹਣੀ ਦੇ ਛੋਟੇ-ਛੋਟੇ ਤੇ ਬਰੀਕ-ਬਰੀਕ ਪੱਤਿਆਂ ਨੂੰ ਹੱਥ ਲਗਾਇਆ । ਹੱਥ ਲਗਾਉਂਦਿਆਂ ਹੀ ਉਹ ਪੱਤੇ ਮੁਰਝਾ ਗਏ । ਫੇਰ ਸਿਮਰ ਨੇ ਦੂਜੀ ਟਾਹਣੀ ਦੇ ਪੱਤਿਆਂ ਨੂੰ ਹੱਥ ਲਾਇਆ ਤਾਂ ਉਹ ਵੀ ਮੁਰਝਾ ਗਏ । ਇਸ ਤਰ੍ਹਾਂ ਵਾਰੀ-ਵਾਰੀ ਬੱਚੇ ਲਾਜਵੰਤੀ ਦੇ ਪੱਤਿਆਂ ਨੂੰ ਹੱਥ ਲਗਾਉਂਦੇ ਗਏ ਅਤੇ ਉਨ੍ਹਾਂ ਨੂੰ ਸ਼ਰਮਾਉਂਦਿਆਂ ਦੇਖਦੇ ਰਹੇ ।
'ਹੁਣ ਲਾਜਵੰਤੀ ਦਾ ਖਹਿੜਾ ਛੱਡੋ ਅਤੇ ਥੋੜ੍ਹੀ ਦੇਰ ਸਾਰਾ ਆਲਾ-ਦੁਆਲਾ ਵੇਖੋ, ਖੇਤਾਂ ਦੇ ਨਜ਼ਾਰੇ ਲਵੋ । ਇਕ ਖਿਆਲ ਰੱਖਣਾ, ਧੁੱਪ ਵਿਚ ਦੂਰ ਨਹੀਂ ਜਾਣਾ । ਥੋੜ੍ਹੀ ਦੇਰ ਬਾਅਦ ਐਥੇ ਮੰਜਿਆਂ 'ਤੇ ਬੈਠ ਕੇ ਗੱਲਾਂ ਕਰਾਂਗੇ ਅਤੇ ਫੇਰ ਖਾਣਾ ਖਾਵਾਂਗੇ । ਕਿਉਂ ਠੀਕ ਹੈ ਇਹ ਪ੍ਰੋਗਰਾਮ?' ਰਣਵੀਰ ਵੀਰ ਜੀ ਨੇ ਬੱਚਿਆਂ ਨੂੰ ਕਿਹਾ ।

+++
'ਬਹੁਤ ਹੀ ਵਧੀਆ ਵੀਰ ਜੀ, ਐਨੀ ਖੁੱਲ੍ਹੀ ਥਾਂ ਤਾਂ ਅਸੀਂ ਕਦੀ ਵੇਖੀ ਹੀ ਨਹੀਂ ਸੀ । ਚਾਰੇ ਪਾਸੇ ਨਜ਼ਾਰੇ ਹੀ ਨਜ਼ਾਰੇ ਹਨ ।' ਮੇਘਾ ਨੇ ਕਿਹਾ ਉਸ ਦੇ ਨਾਲ ਸਿਧਾਰਥ, ਰਿਤੇਸ਼, ਵਿਨੋਦ, ਮਧੁਰ, ਜੱਸੂ, ਕੋਮਲ, ਕੁਲਵਿੰਦਰ ਸਾਰਿਆਂ ਨੇ ਗੱਲ ਦੀ ਪੁਸ਼ਟੀ ਕੀਤੀ ।
'ਤੁਹਾਨੂੰ ਮੇਰਾ ਛੋਟਾ ਜਿਹਾ ਪਿੰਡ ਅਤੇ ਖੁੱਲ੍ਹਾ ਵਾਤਾਵਰਨ ਪਸੰਦ ਆਇਆ, ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ । ਮੈਂ ਤਾਂ ਡਰਦਾ ਸਾਂ ਕਿ ਪਤਾ ਨਹੀਂ ਤੁਹਾਨੂੰ ਇਹ ਮਾਹੌਲ ਪਸੰਦ ਆਉਂਦਾ ਹੈ ਜਾਂ ਨਹੀਂ', ਰਣਬੀਰ ਦਾ ਚਾਅ ਅੱਜ ਮਿਊਾਦਾ ਨਹੀਂ ਸੀ ਪਿਆ ।
'ਨਾ ਪਸੰਦ ਆਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ', ਸਹਿਰ ਬੋਲੀ ।
'ਜਿਥੇ ਵੀਰ ਜੀ ਤੁਸੀਂ ਹੋਵੋਗੇ, ਭਾਵੇਂ ਉਹ ਜੰਗਲ ਹੋਵੇ, ਤੁਸੀਂ ਉਥੇ ਹੀ ਮੰਗਲ ਕਰ ਦੇਣੈ', ਸਿਧਾਰਥ ਖੁਸ਼ੀ ਵਿਚ ਨੱਚਦਾ ਬੋਲਿਆ ।
ਸਿਧਾਰਥ ਦੀ ਗੱਲ ਸੁਣ ਕੇ ਅਤੇ ਉਸ ਨੂੰ ਨੱਚਦਾ ਦੇਖ ਕੇ ਵੀਰ ਜੀ ਅਤੇ ਸਾਰੇ ਬੱਚੇ ਹੱਸਣ ਲੱਗ ਪਏ ।
'ਚੰਗਾ ਬੱਚਿਓ! ਹੁਣ ਤੁਸੀਂ ਮੇਰੇ ਨਾਲ ਗੱਪਾਂ ਬੰਦ ਕਰੋ ਅਤੇ ਆਲੇ-ਦੁਆਲੇ ਦਾ ਚੱਕਰ ਲਗਾ ਕੇ ਆਓ । ਖਾਣੇ ਤੋਂ ਬਾਅਦ ਅਸੀਂ ਫੇਰ ਗੱਲਾਂ ਕਰਾਂਗੇ । ਸ਼ਾਮੀਂ ਜਦੋਂ ਗਰਮੀ ਥੋੜ੍ਹੀ ਘਟ ਜਾਵੇਗੀ, ਉਦੋਂ ਪਿੰਡ ਦੇ ਬਾਹਰਵਾਰ ਤੁਹਾਨੂੰ ਗੇੜਾ ਲਗਵਾ ਕੇ ਲਿਆਵਾਂਗਾ ।'
'ਠੀਕ ਹੈ ਵੀਰ ਜੀ', ਸਾਰੇ ਬੱਚੇ ਇਕੱਠੇ ਬੋਲ ਪਏ ।
ਹੁਣ ਉਹ ਤਿੰਨ-ਤਿੰਨ, ਚਾਰ-ਚਾਰ ਦੀਆਂ ਟੋਲੀਆਂ ਬਣਾ ਕੇ ਸੱਜੇ-ਖੱਬੇ ਜਾਣ ਲੱਗੇ ।
ਸਾਰੇ ਬੱਚਿਆਂ ਨੇ ਘਰ ਦੇ ਨੇੜੇ-ਤੇੜੇ ਦੇ ਖੇਤਾਂ ਕੋਲ ਚੱਕਰ ਲਗਾਇਆ ਅਤੇ ਫਿਰ ਥੋੜ੍ਹੀ ਅੱਗੇ ਇਕ ਦਰੱਖਤਾਂ ਦੇ ਝੁੰਡ ਵੱਲ ਚਲੇ ਗਏ । ਜਦੋਂ ਉਹ ਦਰੱਖਤਾਂ ਦੇ ਝੁੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ । ਉਹ ਅੰਬਾਂ ਦਾ ਛੋਟਾ ਜਿਹਾ ਬਾਗ ਸੀ, ਜਿਸ ਵਿਚ 20-25 ਵੱਡੇ-ਵੱਡੇ ਅੰਬਾਂ ਦੇ ਦਰੱਖਤ ਸਨ, ਜਿਨ੍ਹਾਂ ਉੱਪਰ ਅੰਬ ਲੱਗੇ ਹੋਏ ਸਨ ਪਰ ਅੰਬ ਅਜੇ ਕੱਚੇ ਸਨ । ਇਹ ਸਾਰੇ ਦਰੱਖਤ ਟਪਕਾ ਅੰਬ ਦੇ ਯਾਨੀ ਕਿ ਚੂਸਣ ਵਾਲੇ ਅੰਬਾਂ ਦੇ ਵੱਡੇ ਅਤੇ ਪੁਰਾਣੇ ਦਰੱਖਤ ਸਨ । ਉਸ ਦੇ ਨਾਲ ਹੀ ਬੜੇ ਤਰੀਕੇ ਨਾਲ ਲਾਈਨਾਂ ਵਿਚ ਅੰਬਾਂ ਦੇ ਛੋਟੇ ਸਾਈਜ਼ ਦੇ ਬੂਟੇ ਸਨ । ਇਹ ਸਾਰੇ ਬੂਟੇ ਕਲਮੀ ਅੰਬਾਂ ਦੇ ਸਨ । ਇਨ੍ਹਾਂ ਬੂਟਿਆਂ ਵਿਚ ਕੁਝ ਲੰਗੜਾ ਅੰਬ ਅਤੇ ਕੁਝ ਦੁਸਹਿਰੀ ਅੰਬਾਂ ਦੇ ਬੂਟੇ ਸਨ । ਛੋਟੇ-ਛੋਟੇ ਬੂਟੇ ਵੱਡੇ-ਵੱਡੇ ਅੰਬਾਂ ਨਾਲ ਲੱਦੇ ਹੋਏ ਸਨ ।
ਬੱਚੇ ਅੰਬਾਂ ਦੇ ਬਾਗ ਨੂੰ ਦੇਖ ਕੇ ਨਿਹਾਲ ਹੋ ਰਹੇ ਸਨ । ਇਨ੍ਹਾਂ ਵਿਚੋਂ ਬਹੁਤੇ ਬੱਚਿਆਂ ਨੇ ਦਰੱਖਤ ਨੂੰ ਲੱਗੇ ਅੰਬ ਪਹਿਲੀ ਵਾਰ ਦੇਖੇ ਸਨ । ਇਕ-ਦੋ ਬੱਚਿਆਂ ਨੇ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਦੀਆਂ ਕੋਠੀਆਂ ਦੇ ਪਿਛਲੇ ਪਾਸੇ ਕਲਮੀ ਅੰਬਾਂ ਦੇ ਛੋਟੇ ਬੂਟੇ ਲੱਗੇ ਦੇਖੇ ਸਨ ਪਰ ਟਪਕਾ ਅੰਬਾਂ ਦੇ ਐਡੇ ਵੱਡੇ ਦਰੱਖਤ ਉਨ੍ਹਾਂ ਨੇ ਵੀ ਕਦੀ ਨਹੀਂ ਸੀ ਦੇਖੇ ।
ਕੁਝ ਬੱਚੇ ਦਰੱਖਤਾਂ 'ਤੇ ਲੱਗੇ ਅੰਬਾਂ ਨੂੰ ਹੀ ਦੇਖੀ ਜਾ ਰਹੇ ਸਨ । ਉਨ੍ਹਾਂ ਦੇ ਚਿਹਰਿਆਂ ਤੋਂ ਲੱਗ ਰਿਹਾ ਸੀ ਕਿ ਜਿਵੇਂ ਉਹ ਹੁਣੇ ਉਨ੍ਹਾਂ ਨੂੰ ਤੋੜ ਕੇ ਖਾ ਜਾਣਾ ਚਾਹੁੰਦੇ ਹੋਣ । ਕੁਝ ਬੱਚਿਆਂ ਨੇ ਭੁੰਜੇ ਡਿਗੀਆਂ ਅੰਬੀਆਂ ਨੂੰ ਚੁੱਕ ਕੇ ਨੇੜੇ ਵਗਦੀ ਖਾਲ ਵਿਚ ਧੋਤਾ ਅਤੇ ਚੱਕ ਵੱਢਿਆ ਪਰ ਉਹ ਐਨੀਆਂ ਖੱਟੀਆਂ ਸਨ ਕਿ ਖਾਧੀਆਂ ਨਹੀਂ ਸਨ ਜਾ ਸਕਦੀਆਂ ।
ਬੱਚਿਆਂ ਨੂੰ ਦੇਖ ਕੇ ਬਾਗ ਦੇ ਦੋ ਰਾਖੇ ਸ਼ਾਇਦ ਉਹ ਆਪ ਹੀ ਬਾਗ ਦੇ ਮਾਲਕ ਸਨ, ਬੱਚਿਆਂ ਕੋਲ ਆ ਗਏ । ਉਨ੍ਹਾਂ ਵਿਚੋਂ ਇਕ ਵੱਡੀ ਉਮਰ ਦਾ ਸੀ ਅਤੇ ਦੂਜਾ ਅੱਧਖੜ੍ਹ । ਵੱਡੀ ਉਮਰ ਵਾਲਾ ਬੱਚਿਆਂ ਨੂੰ ਹੈਰਾਨੀ ਭਰੀਆਂ ਅਤੇ ਲਲਚਾਈਆਂ ਨਜ਼ਰਾਂ ਨਾਲ ਅੰਬਾਂ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗਾ, 'ਆਓ ਬਈ ਸ਼ਹਿਰੀਓ, ਅੱਜ ਕਿਧਰ ਆਏ ਹੋ?'
'ਤੁਹਾਡੇ ਪਿੰਡ ਸਾਡੇ ਵੀਰ ਜੀ ਰਣਬੀਰ ਸਰ ਰਹਿੰਦੇ ਹਨ, ਉਹ ਸਾਨੂੰ ਸਕੂਲ ਵਿਚ ਪੜ੍ਹਾਉਂਦੇ ਹਨ, ਅਸੀਂ ਉਨ੍ਹਾਂ ਦੇ ਘਰ ਆਏ ਹਾਂ', ਕੁਝ ਬੱਚੇ ਇਕੱਠੇ ਬੋਲ ਪਏ ।
'ਹੱਛਾ, ਹੱਛਾ! ਆਪਣੇ ਬੀਰੇ ਪੁੱਤ ਵੱਲ ਆਏ ਹੋ । ਬੜਾ ਨੇਕ ਅਤੇ ਲੈਕ ਬੱਚਾ ਹੈ । ਜਵਾਕੋ, ਥੋੜ੍ਹੇ ਦਿਨ ਬਾਅਦ ਆਉਂਦੇ, ਮੇਰਾ ਮਤਲਬ ਕਿ ਸੌਣ ਮਹੀਨਾ ਚੜ੍ਹ ਪੈਂਦਾ ਤਾਂ ਐਹ ਅੰਬ ਪੱਕ ਜਾਣੇ ਸਨ । ਤੁਹਾਡੇ ਐਥੇ ਖਲੋਤਿਆਂ-ਖਲੋਤਿਆਂ ਕਿੰਨੇ ਹੀ ਅੰਬ ਟਪਕ ਪੈਣੇ ਸਨ । ਤੁਸੀਂ ਆਰਾਮ ਨਾਲ ਉਸ ਖਾਲ ਦੇ ਕੰਢੇ ਬੈਠ ਕੇ, ਖਾਲ ਦੇ ਪਾਣੀ ਨਾਲ ਧੋਈ ਜਾਂਦੇ ਅਤੇ ਚੂਪੀ ਜਾਂਦੇ । ਸਾਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ । ਸਾਡੇ ਬਾਗ ਦੇ ਅੰਬ ਐਨੇ ਮਿੱਠੇ ਅਤੇ ਰਸ ਵਾਲੇ ਹਨ ਕਿ ਸਾਰੇ ਅੰਬ ਐਥੋਂ ਆਲੇ-ਦੁਆਲੇ ਦੇ ਲੋਕ ਹੀ ਖਰੀਦ ਕੇ ਲੈ ਜਾਂਦੇ ਹਨ ।'

+++
'ਅਸੀਂ ਤਾਂ ਕਦੀ ਅੰਬ ਚੂਪੇ ਹੀ ਨਹੀਂ ਜੀ, ਸਾਡੀ ਮੰਮੀ ਤਾਂ ਹਮੇਸ਼ਾ ਅੰਬ ਕੱਟ ਕੇ ਦਿੰਦੀ ਹੈ ਅਤੇ ਅਸੀਂ ਉਸ ਨੂੰ ਚਮਚੇ ਨਾਲ ਖਾਂਦੇ ਹਾਂ । ਗਿਟਕ ਅਸੀਂ ਕਦੀ ਖਾਧੀ ਨਹੀਂ', ਸਿਮਰ ਨੇ ਵੱਡੀ ਉਮਰ ਵਾਲੇ ਸਰਦਾਰ ਜੀ ਨੂੰ ਕਿਹਾ । ਬਾਕੀ ਵੀ ਸਾਰੇ ਸਿਮਰ ਦੀ ਗੱਲ ਦੀ ਪ੍ਰੋੜ੍ਹਤਾ ਕਰਨ ਲੱਗੇ । ਉਹ ਸਾਰੇ ਬੱਚੇ ਚਮਚੇ ਨਾਲ ਹੀ ਅੰਬ ਖਾਂਦੇ ਸਨ ।
'ਗਿਟਕਾਂ ਨੂੰ ਕੀ ਕਰਦੇ ਹੋ? ਗਿਟਕ ਚੂਪਣ ਦਾ ਤਾਂ ਆਪਣਾ ਹੀ ਸਵਾਦ ਹੁੰਦਾ ਹੈ । ਸਾਡੇ ਟਪਕਾ ਅੰਬ ਦੀਆਂ ਗਿਟਕਾਂ ਦੇ ਲੰਬੇ-ਲੰਬੇ ਵਾਲ ਹੁੰਦੇ ਹਨ । ਉਨ੍ਹਾਂ ਨੂੰ ਜਿੰਨੀ ਦੇਰ ਮਰਜ਼ੀ ਚੂਪੀ ਜਾਵੋ, ਉਨ੍ਹਾਂ ਵਿਚੋਂ ਸਵਾਦ ਆਈ ਜਾਂਦਾ ਹੈ । ਸਾਡੇ ਬੱਚੇ ਤਾਂ ਗਿਟਕਾਂ ਛੱਡਦੇ ਹੀ ਨਹੀਂ', ਐਤਕੀਂ ਅੱਧਖੜ੍ਹ ਉਮਰ ਵਾਲਾ ਆਦਮੀ ਬੋਲਿਆ ।
'ਗਿਟਕਾਂ ਕਈ ਵਾਰੀ ਮੰਮੀ ਜਾਂ ਪਾਪਾ ਆਪ ਚੂਪ ਲੈਂਦੇ ਹਨ ਅਤੇ ਕਈ ਵਾਰ ਕੰਮ ਕਰਨ ਵਾਲੀਆਂ ਨੂੰ ਦੇ ਦਿੰਦੇ ਹਨ । ਹੁਣ ਅਸੀਂ ਆਪ ਗਿਟਕਾਂ ਚੂਪਾਂਗੇ', ਮੇਘਾ ਬੋਲੀ । ਬਾਕੀ ਬੱਚਿਆਂ ਨੇ ਵੀ ਉਸ ਦੀ ਗੱਲ ਵਿਚ ਹਾਂ ਮਿਲਾਈ ।
'ਆਓ ਬੱਚਿਓ, ਤੁਹਾਨੂੰ ਅੰਬ ਦਾ ਇਕ ਖਾਸ ਦਰੱਖਤ ਦਿਖਾਵਾਂ', ਇਹ ਕਹਿ ਕੇ ਬਜ਼ੁਰਗ ਆਦਮੀ ਬੱਚਿਆਂ ਨੂੰ ਬਾਗ ਦੇ ਖੱਬੇ ਪਾਸੇ ਲੈ ਗਿਆ । ਉਥੇ ਇਕ ਦਰੱਖਤ ਬਾਕੀ ਦਰੱਖਤਾਂ ਤੋਂ ਕੁਝ ਹਟਵਾਂ ਸੀ । ਉਹ ਦੂਜੇ ਦਰੱਖਤਾਂ ਨਾਲੋਂ ਜ਼ਿਆਦਾ ਫੈਲਿਆ ਹੋਇਆ ਸੀ ਅਤੇ ਉਸ ਦਾ ਤਣਾ ਵੀ ਬਹੁਤ ਮੋਟਾ ਸੀ । ਉਸ ਤਣੇ ਦੇ ਆਲੇ-ਦੁਆਲੇ ਬੜੇ ਸੁਚੱਜੇ ਢੰਗ ਨਾਲ ਦੌਰਾ ਬਣਿਆ ਹੋਇਆ ਸੀ । ਉਸ ਦਰੱਖਤ ਕੋਲ ਖਲੋ ਕੇ ਬਜ਼ੁਰਗ ਆਦਮੀ ਕਹਿਣ ਲੱਗਾ, 'ਬੱਚਿਓ! ਇਸ ਦਰੱਖਤ ਦੇ ਅੰਬਾਂ ਦਾ ਇਕ ਵੱਖਰਾ ਹੀ ਸਵਾਦ ਹੈ । ਇਹ ਅੰਬ ਚੂਪੋ ਤਾਂ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਜਿਵੇਂ ਤੁਹਾਡੇ ਮੂੰਹ ਵਿਚ ਮਿੱਠਾ-ਤਾਜ਼ਾ ਦੁੱਧ ਆ ਰਿਹਾ ਹੋਵੇ, ਜਿਵੇਂ ਤੁਹਾਡੇ ਅੰਦਰ ਅੰਮਿ੍ਤ ਦੇ ਘੁੱਟ ਜਾ ਰਹੇ ਹੋਣ । ਇਸੇ ਕਰਕੇ ਇਸ ਅੰਬ ਨੂੰ ਸਾਰੇ 'ਦੋਧੀਆ ਅੰਬ' ਕਹਿੰਦੇ ਹਨ । ਇਸ ਅੰਬ ਦੀ ਇਕ ਹੋਰ ਖੂਬੀ ਹੈ ਕਿ ਇਸ ਦੇ ਸਾਰੇ ਅੰਬ ਇਕੋ ਸਾਈਜ਼ ਦੇ ਹੁੰਦੇ ਹਨ ਅਤੇ ਹਰ ਅੰਬ ਉੱਪਰ ਇਕ ਹਰੀ ਧਾਰੀ ਹੁੰਦੀ ਹੈ । ਇਸ ਅੰਬ ਦੀ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿਚ ਮਸ਼ਹੂਰੀ ਹੈ । ਲੋਕੀਂ ਦੂਰੋਂ-ਦੂਰੋਂ ਇਸ ਬੂਟੇ ਦੇ ਅੰਬ ਲੈਣ ਆਉਂਦੇ ਹਨ । ਇਸ ਦਰੱਖਤ ਨੂੰ ਹਰ ਸਾਲ ਐਨਾ ਫਲ ਲਗਦਾ ਹੈ ਕਿ ਬਸ ਇਹ ਇਕ ਦਰੱਖਤ ਹੀ ਸਾਨੂੰ ਨਿਹਾਲ ਕਰ ਦਿੰਦਾ ਹੈ । ਕੁਝ ਸਾਲ ਪਹਿਲਾਂ ਮੇਰੇ ਮੁੰਡੇ ਅਤੇ ਪੋਤੇ ਮੇਰੇ ਬੜੇ ਮਗਰ ਪਏ ਕਿ ਐਹ ਟਪਕਾ ਅੰਬਾਂ ਦਾ ਸਾਰਾ ਬਾਗ ਕਟਵਾ ਦੇਣਾ ਹੈ । ਇਸ ਬਾਗ ਨੇ ਥਾਂ ਜ਼ਿਆਦਾ ਘੇਰੀ ਹੋਈ ਹੈ ਅਤੇ ਆਮਦਨ ਬਹੁਤ ਘੱਟ ਹੈ । ਐਹ ਸਾਰਾ ਬਾਗ ਕਟਵਾ ਕੇ ਐਥੇ ਸਾਰੇ ਕਲਮੀ ਅੰਬਾਂ ਦੇ ਬੂਟੇ ਲਾ ਦੇਣੇ ਨੇ, ਸਾਨੂੰ ਇਸ ਤੋਂ ਕਈ ਗੁਣਾ ਜ਼ਿਆਦਾ ਆਮਦਨ ਹੋਵੇਗੀ ਪਰ ਮੈਂ ਉਨ੍ਹਾਂ ਨੂੰ ਇਕੋ ਗੱਲ ਸੁਣਾ ਦਿੱਤੀ ਕਿ 'ਮੈਂ ਆਪਣੇ ਜੀਂਦੇ ਜੀਅ ਇਹ ਬਾਗ ਨਹੀਂ ਕੱਟਣ ਦੇਣਾ । ਸਾਨੂੰ ਭਾਵੇਂ ਇਸ ਵਿਚੋਂ ਇਕ ਪੈਸੇ ਦੀ ਵੀ ਆਮਦਨ ਨਾ ਹੋਵੇ । ਤੁਸੀਂ ਕਲਮੀ ਅੰਬਾਂ ਦੇ ਬੂਟੇ ਲਾਉਣੇ ਹਨ ਤਾਂ ਜੀਅ ਸਦਕੇ ਹੋਰ ਜ਼ਮੀਨ ਵਿਚ ਲਾਓ ਪਰ ਮੈਂ ਐਸ ਬਾਗ ਨੂੰ ਕੁਹਾੜੀ ਨਹੀਂ ਲੱਗਣ ਦੇਣੀ ।' ਮੇਰਾ ਜ਼ੋਰਦਾਰ ਵਿਰੋਧ ਕਰਨ 'ਤੇ ਉਹ ਜਾ ਕੇ ਹਟੇ ਅਤੇ ਓਹ ਵੇਖੋ ਨਾਲ ਵਾਲੀ ਜ਼ਮੀਨ 'ਤੇ ਉਨ੍ਹਾਂ ਨੇ ਕਲਮੀ ਅੰਬਾਂ ਦੇ ਬੂਟੇ ਲਗਾਏ ਹਨ ।' ਬਜ਼ੁਰਗ ਆਦਮੀ ਭਾਵੁਕ ਹੋਇਆ ਆਪਣੇ ਦਿਲ ਦੀ ਗੱਲ ਕਰ ਰਿਹਾ ਸੀ ।
ਬੱਚਿਆਂ ਨੇ ਜਦੋਂ ਘੜੀ ਵੇਖੀ ਤਾਂ ਵਕਤ ਬਹੁਤ ਹੋ ਗਿਆ ਸੀ । ਉਹ ਸਾਰੇ ਭੁੱਲ ਗਏ ਸਨ ਕਿ ਉਨ੍ਹਾਂ ਦੇ ਵੀਰ ਜੀ ਉਨ੍ਹਾਂ ਸਾਰਿਆਂ ਨੂੰ ਉਡੀਕ ਰਹੇ ਹੋਣੇ ਹਨ । ਉਹ ਇਕਦਮ ਕਹਿਣ ਲੱਗੇ, 'ਚੰਗਾ ਅੰਕਲ ਜੀ, ਅਸੀਂ ਚਲਦੇ ਹਾਂ । ਸਾਨੂੰ ਸਾਡੇ ਵੀਰ ਜੀ ਉਡੀਕ ਰਹੇ ਹੋਣੇ ਨੇ ।'
'ਬੱਚਿਓ! ਮੈਂ ਤੁਹਾਡਾ ਅੰਕਲ ਨਹੀਂ ਲਗਦਾ, ਮੈਨੂੰ ਦਾਦਾ ਜਾਂ ਨਾਨਾ ਕਹਿ ਕੇ ਬੁਲਾਓ । ਅੱਛਾ ਤੁਸੀਂ ਹੁਣ ਜਾਓ ਅਤੇ ਸੌਣ ਮਹੀਨੇ ਅੰਬਾਂ ਦੇ ਪੱਕਣ ਦੇ ਮੌਸਮ ਵਿਚ ਦੁਬਾਰਾ ਜ਼ਰੂਰ ਆਇਓ, ਮੈਂ ਤੁਹਾਨੂੰ ਰੱਜ ਕੇ ਅੰਬ ਚੂਪਾਵਾਂਗਾ', ਬਜ਼ੁਰਗ ਨੂੰ ਸਾਰੇ ਬੱਚੇ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਲੱਗ ਰਹੇ ਸਨ ।
'ਅੰਕਲ, ਨਾ ਸੱਚ ਦਾਦਾ ਜੀ, ਇਹ ਸੌਣ ਦਾ ਮਹੀਨਾ ਕਿਹੜਾ ਹੁੰਦੈ?' ਸਿਧਾਰਥ ਨੂੰ ਸੌਣ ਮਹੀਨੇ ਦੀ ਸਮਝ ਨਹੀਂ ਸੀ ਲੱਗ ਰਹੀ ।
'ਬੱਚਿਓ, ਅਸੀਂ ਬੋਲਣ ਵਿਚ ਸੌਣ ਮਹੀਨਾ ਕਹਿ ਦੇਂਦੇ ਹਾਂ, ਇਹ ਸਾਵਣ ਦਾ ਮਹੀਨਾ ਹੁੰਦਾ ਹੈ, ਜਦੋਂ ਖੂਬ ਬਾਰਿਸ਼ ਹੁੰਦੀ ਹੈ, ਕਈ-ਕਈ ਦਿਨ ਝੜੀ ਲੱਗੀ ਰਹਿੰਦੀ ਹੈ । ਸਾਨੂੰ ਸਾਰਿਆਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲਦੀ ਹੈ । ਕਾਲੀ ਘਟਾ ਦੇਖ ਕੇ ਮੋਰ ਪੈਲਾਂ ਪਾਉਂਦਾ ਹੈ । ਕੁੜੀਆਂ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਹਨ । ਮੰੁਡੇ ਛਿੰਝਾਂ ਪਾਉਂਦੇ ਹਨ । ਘਰ-ਘਰ ਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਹਨ । ਤੁਸੀਂ ਆਇਓ, ਤੁਹਾਨੂੰ ਇਹ ਸਾਰਾ ਕੁਝ ਵਿਖਾਵਾਂਗੇ ਵੀ ਅਤੇ ਖੀਰ-ਪੂੜੇ ਵੀ ਖਵਾਵਾਂਗੇ । ਬਜ਼ੁਰਗ ਆਦਮੀ ਥੋੜ੍ਹੇ ਸ਼ਬਦਾਂ ਵਿਚ ਹੀ ਸਾਵਣ ਮਹੀਨੇ ਦਾ ਪੂਰਾ ਸੀਨ ਖਿੱਚ ਗਿਆ ।

+++
ਬੱਚਿਆਂ ਨੂੰ ਸਾਵਣ ਬਾਰੇ ਕੁਝ ਵੀ ਨਹੀਂ ਸੀ ਪਤਾ । ਉਨ੍ਹਾਂ ਦੀ ਉਤਸੁਕਤਾ ਵਧ ਗਈ ਸੀ । ਖੀਰ-ਪੂੜਿਆਂ ਦੇ ਨਾਂਅ 'ਤੇ ਉਨ੍ਹਾਂ ਦੇ ਮੂੰਹ ਵਿਚ ਪਾਣੀ ਆ ਗਿਆ ਅਤੇ ਉਨ੍ਹਾਂ ਦੀ ਭੁੱਖ ਵੀ ਚਮਕ ਪਈ । ਉਹ ਬਾਏ ਦਾਦੂ, ਬਾਏ ਨਾਨੂੰ ਕਰਦੇ ਆਪਣੇ ਵੀਰ ਜੀ ਦੇ ਘਰ ਵੱਲ ਤੇਜ਼-ਤੇਜ਼ ਕਦਮੀਂ ਤੁਰ ਪਏ ।
ਰਣਬੀਰ ਪਿਛਲੇ ਵਿਹੜੇ ਵਿਚ ਘੜੀ-ਮੁੜੀ ਗੁੱਟ 'ਤੇ ਬੱਝੀ ਘੜੀ ਦੇਖਦਾ ਹੋਇਆ ਟਹਿਲ ਰਿਹਾ ਸੀ । ਉਹ ਸੋਚ ਰਿਹਾ ਸੀ, 'ਬੱਚਿਆਂ ਨੇ ਬੜੀ ਦੇਰ ਕਰ ਦਿੱਤੀ ਹੈ, ਪਤਾ ਨਹੀਂ ਕਿਹੜੇ ਪਾਸੇ ਨਿਕਲ ਗਏ ਨੇ?' ਉਸ ਨੇ ਚਾਰੇ ਪਾਸੇ ਨਜ਼ਰ ਦੁੜ੍ਹਾਈ, ਉਸ ਨੇ ਦੇਖਿਆ ਕਿ ਅੰਬਾਂ ਦੇ ਬਾਗ ਵਾਲੇ ਪਾਸਿਓਾ ਸਾਰੇ ਬੱਚੇ ਆਪਸ ਵਿਚ ਖੂਬ ਹੱਸਦੇ-ਖੇਡਦੇ ਆ ਰਹੇ ਹਨ । ਬੱਚਿਆਂ ਨੂੰ ਖੁਸ਼ ਦੇਖ ਕੇ ਉਸ ਦੀ ਤਸੱਲੀ ਹੋ ਗਈ ।
ਬੱਚਿਆਂ ਨੇ ਪਹੁੰਚਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, 'ਵੀਰ ਜੀ! ਅੱਜ ਤੇ ਮਜ਼ਾ ਈ ਆ ਗਿਆ । ਅੰਬਾਂ ਦੇ ਬਾਗ ਵਾਲੇ ਦਾਦੂ ਬੜੇ ਹੀ ਚੰਗੇ ਹਨ । ਉਹ ਤੁਹਾਡੀ ਬੜੀ ਤਾਰੀਫ ਕਰ ਰਹੇ ਸਨ ।' ਸਿਧਾਰਥ ਅਤੇ ਮੇਘਾ ਇਕੱਠੇ ਬੋਲ ਪਏ ।
'ਬਾਗ ਵਾਲੇ ਸਰਦਾਰ ਦਲੀਪ ਸਿੰਘ ਆਪ ਬੜੇ ਚੰਗੇ ਇਨਸਾਨ ਹਨ । ਉਨ੍ਹਾਂ ਦੀ ਹਿੰਮਤ ਕਰਕੇ ਹੀ ਇਹ ਬਾਗ ਬਚਿਆ ਹੋਇਐ, ਨਹੀਂ ਤੇ ਹੁਣ ਤੱਕ ਕਦੋਂ ਦਾ ਇਹ ਵੱਢਿਆ ਜਾਣਾ ਸੀ ਪਰ ਇਹ ਦੱਸੋ ਕਿ ਉਹ ਤੁਹਾਡੇ ਦਾਦੂ ਕਦੋਂ ਦੇ ਬਣ ਗਏ?' ਰਣਬੀਰ ਨੇ ਬਾਗ ਦੇ ਮਾਲਕ ਬਜ਼ੁਰਗ ਦੀ ਤਾਰੀਫ ਕਰਦਿਆਂ ਕਿਹਾ ।
'ਦਾਦੂ ਨੇ ਸਾਨੂੰ ਵੀ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਤੇ ਅੱਗੋਂ ਉਨ੍ਹਾਂ ਦੇ ਬੱਚੇ ਬਾਗ ਕੱਟਣ ਨੂੰ ਫਿਰਦੇ ਸੀ । ਅਸੀਂ ਉਨ੍ਹਾਂ ਨੂੰ ਅੰਕਲ ਕਹਿ ਕੇ ਬੁਲਾਇਆ ਸੀ ਪਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਦਾਦਾ ਜਾਂ ਨਾਨਾ ਕਹਿ ਕੇ ਬੁਲਾਓ । ਉਹ ਕਹਿੰਦੇ ਸਨ ਕਿ ਸਾਵਣ ਦੇ ਮਹੀਨੇ ਜਦੋਂ ਅੰਬ ਪੱਕ ਜਾਣਗੇ, ਉਦੋਂ ਤੁਸੀਂ ਜ਼ਰੂਰ ਆਉਣਾ, ਮੈਂ ਤੁਹਾਨੂੰ ਸਾਰਿਆਂ ਨੂੰ ਰੱਜ ਕੇ ਅੰਬ ਚੂਪਾਵਾਂਗਾ ।' ਸਾਰੇ ਬੱਚੇ ਵਾਰੋ-ਵਾਰੀ ਦੱਸ ਰਹੇ ਸਨ ।
'ਠੀਕ ਹੈ, ਤੁਸੀਂ ਮਹੀਨੇ-ਡੇਢ ਮਹੀਨੇ ਤੱਕ ਸਾਰੇ ਫੇਰ ਆਉਣਾ, ਉਦੋਂ ਤੱਕ ਅੰਬ ਪੱਕ ਜਾਣਗੇ ਪਰ ਹੁਣ ਗੱਪਾਂ ਖਤਮ । ਖਾਣਾ ਤੁਹਾਡੀ ਕਦੋਂ ਦੀ ਉਡੀਕ ਕਰ ਰਿਹਾ ਹੈ, ਤੁਹਾਨੂੰ ਭੁੱਖ ਵੀ ਲੱਗ ਗਈ ਹੋਵੇਗੀ ।'
'ਅਸੀਂ ਥੋੜ੍ਹੀਆਂ-ਥੋੜ੍ਹੀਆਂ ਕੱਚੀਆਂ ਅੰਬੀਆਂ ਖਾਧੀਆਂ ਹਨ ਪਰ ਉਨ੍ਹਾਂ ਨੇ ਤਾਂ ਸਾਡੀ ਭੁੱਖ ਹੋਰ ਵੀ ਚਮਕਾ ਦਿੱਤੀ ਹੈ', ਸਿਮਰ, ਮਧੁਰ ਤੇ ਮਗਰ ਸਾਰੇ ਬੱਚੇ ਬੋਲ ਪਏ ।
'ਚਲੋ ਹੁਣ ਜਲਦੀ ਹੱਥ ਧੋਵੋ ਅਤੇ ਖਾਣਾ ਖਾਓ', ਰਣਬੀਰ ਨੇ ਸਾਰੇ ਬੱਚਿਆਂ ਨੂੰ ਕਿਹਾ ।
'ਵੀਰ ਜੀ, ਤੁਸੀਂ ਫਿਕਰ ਨਾ ਕਰੋ, ਅਸੀਂ ਹੱਥ ਧੋ ਕੇ ਹੀ ਖਾਣੇ ਦੇ ਮਗਰ ਪਵਾਂਗੇ', ਜੱਸੂ ਦੀ ਗੱਲ 'ਤੇ ਵੀਰ ਜੀ ਅਤੇ ਸਾਰੇ ਬੱਚੇ ਹੱਸ ਪਏ ।
ਰਣਬੀਰ ਦੀ ਭੈਣ ਅਸੀਸ ਨੇ ਕਮਰੇ ਵਿਚ ਭੁੰਜੇ ਚਾਦਰ ਵਿਛਾ ਕੇ ਉਸ ਉੱਪਰ ਥਾਲੀਆਂ ਅਤੇ ਕੌਲੀਆਂ ਰੱਖੀਆਂ ਹੋਈਆਂ ਸਨ । ਤਿੰਨ-ਚਾਰ ਆਂਢ-ਗੁਆਂਢ ਦੀਆਂ ਕੁੜੀਆਂ-ਮੰੁਡੇ ਸੇਵਾ ਕਰਨ ਲਈ ਤਿਆਰ-ਬਰ-ਤਿਆਰ ਖੜ੍ਹੇ ਸਨ । ਇਕ ਲੜਕੀ ਹੱਥ ਵਿਚ ਪਾਣੀ ਦਾ ਜੱਗ ਅਤੇ ਗਲਾਸ ਫੜ ਕੇ ਖੜ੍ਹੀ ਸੀ । ਵੱਡੇ-ਵੱਡੇ ਡੋਂਗਿਆਂ ਵਿਚ ਰਾਜਮਾਂਹ, ਚਾਵਲ, ਦਹੀਂ, ਸਬਜ਼ੀ, ਸਲਾਦ ਲਿਆ ਕੇ ਭੁੰਜੇ ਵਿਛੀ ਚਾਦਰ ਉੱਤੇ ਰੱਖੇ ਜਾ ਰਹੇ ਸਨ । ਇਕ ਥਾਲੀ ਵਿਚ ਤੰਦੂਰ ਦੀਆਂ ਗਰਮ-ਗਰਮ ਰੋਟੀਆਂ ਲਿਆ ਕੇ ਰੱਖੀਆਂ ਗਈਆਂ ।
ਬੱਚੇ ਹੱਥ ਧੋ ਕੇ ਚਾਦਰ ਉੱਪਰ ਲਾਈਨ ਬਣਾ ਕੇ ਬੈਠ ਗਏ । ਉਨ੍ਹਾਂ ਦੀ ਨਜ਼ਰ ਜਦੋਂ ਰਾਜਮਾਂਹ-ਚਾਵਲਾਂ 'ਤੇ ਪਈ ਤਾਂ ਸਿਧਾਰਥ, ਮੇਘਾ, ਸਿੰਪੀ, ਸਹਿਰ, ਜਗਮੀਤ ਇਕੱਠੇ ਬੋਲ ਪਏ, 'ਵਾਹ ਬਈ ਵਾਹ! ਅੱਜ ਤੇ ਮਜ਼ਾ ਹੀ ਆ ਗਿਆ-ਰਾਜਮਾਂਹ ਚਾਵਲ ਦੇਖ ਕੇ ।'
'ਖਾਣਾ ਠੰਢਾ ਹੋ ਰਿਹਾ ਹੈ, ਹੁਣ ਗੱਲਾਂ ਘੱਟ ਕਰੋ ਅਤੇ ਖਾਣਾ ਸ਼ੁਰੂ ਕਰੋ', ਰਣਬੀਰ ਨੇ ਸਾਰਿਆਂ ਨੂੰ ਕਿਹਾ ।
ਬੱਚਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ । 'ਵਾਹ! ਐਨੇ ਸਵਾਦ ਰਾਜਮਾਂਹ', ਮਧੁਰ ਉੱਚੀ ਸਾਰੀ ਬੋਲੀ ।
'ਹਾਏ! ਹਾਏ!! ਮੈਂ ਤੇ ਐਨਾ ਮਿੱਠਾ ਅਤੇ ਸਵਾਦ ਦਹੀਂ ਅੱਜ ਤੱਕ ਨਹੀਂ ਖਾਧਾ', ਸਿਧਾਰਥ ਨੇ ਦਹੀਂ ਮੂੰਹ ਵਿਚ ਪਾਉਂਦਿਆਂ ਹੀ ਕਿਹਾ ।

+++
'ਵਾਰੋ-ਵਾਰੀ ਸਾਰੇ ਬੱਚੇ ਮਜ਼ੇ ਨਾਲ ਖਾਣਾ ਖਾਂਦੇ ਰਹੇ ਅਤੇ ਖਾਣੇ ਦੀ ਤਾਰੀਫ਼ ਕਰਦੇ ਰਹੇ । ਘਰ ਦੇ ਸਾਰੇ ਮੈਂਬਰ ਅਤੇ ਆਂਢ-ਗੁਆਂਢ ਬੜੇ ਪਿਆਰ ਨਾਲ ਗਰਮ-ਗਰਮ ਰੋਟੀਆਂ ਅਤੇ ਰਾਜਮਾਂਹ ਚਾਵਲ ਨਾਲੋ-ਨਾਲ ਲਿਆਂਦੇ ਗਏ । ਸਾਰੇ ਬੱਚਿਆਂ ਨੇ ਰੱਜ ਕੇ ਰੋਟੀ ਖਾਧੀ । ਉਸ ਤੋਂ ਬਾਅਦ ਮੱਠੀ-ਮੱਠੀ ਅੱਗ 'ਤੇ ਰਿੰਨ੍ਹੀ ਹੋਈ ਖੀਰ ਆ ਗਈ ।
'ਵੀਰ ਜੀ, ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਖੀਰ ਵੀ ਖਾਣੀ ਹੈ, ਮੈਂ ਦੋ-ਤਿੰਨ ਰੋਟੀਆਂ ਘੱਟ ਖਾਂਦਾ', ਸਿਧਾਰਥ ਦੀ ਗੱਲ ਸੁਣ ਕੇ ਵੀਰ ਜੀ ਸਮੇਤ ਸਾਰੇ ਬੱਚੇ ਹੱਸ ਪਏ ।
'ਚੱਲ ਕੋਈ ਗੱਲ ਨਹੀਂ, ਹੁਣ ਤੂੰ ਦੋ-ਤਿੰਨ ਚਮਚੇ ਖੀਰ ਘੱਟ ਖਾ ਲਈਂ', ਵੀਰ ਜੀ ਨੇ ਉਸ ਤਰ੍ਹਾਂ ਹੀ ਸਿਧਾਰਥ ਨੂੰ ਜਵਾਬ ਦਿੱਤਾ ।
ਜਦੋਂ ਸਾਰੇ ਬੱਚੇ ਰੋਟੀ ਖਾ ਚੁੱਕੇ ਤਾਂ ਉਸੇ ਕਮਰੇ ਵਿਚ ਵਿਛੀ ਚਾਦਰ ਚੁੱਕ ਕੇ ਸਫਾਈ ਕਰਕੇ ਬਿਸਤਰੇ ਵਿਛਾ ਦਿੱਤੇ । 'ਚੰਗਾ ਬੱਚਿਓ, ਹੁਣ ਘੰਟਾ ਕੁ ਆਰਾਮ ਕਰ ਲਓ । ਉਸ ਤੋਂ ਬਾਅਦ ਮੈਂ ਤੁਹਾਨੂੰ ਪਿੰਡ ਦੀ ਸੈਰ ਕਰਵਾ ਕੇ ਲਿਆਵਾਂਗਾ ।'
'ਵਾਹ ਬਈ ਵਾਹ! ਵੀਰ ਜੀ ਜੇ ਤੁਸੀਂ ਨਾਲ ਚੱਲੋਗੇ, ਫੇਰ ਤਾਂ ਮਜ਼ਾ ਹੀ ਆ ਜਾਵੇਗਾ ।' ਗੁੱਡੀ ਅਤੇ ਭੋਲੀ ਜਿਹੜੀਆਂ ਹੁਣ ਤੱਕ ਚੁੱਪ ਬੈਠੀਆਂ ਸਨ, ਹੌਲੀ ਜਿਹੀਆਂ ਬੋਲੀਆਂ ।
ਤੁਹਾਨੂੰ ਬਹੁਤ ਸਾਰੇ ਮਜ਼ੇ ਲਿਆਉਣ ਲਈ ਹੀ ਤਾਂ ਪਿੰਡ ਲਿਆਉਂਦਾ ਹਾਂ । ਇਸ ਵਾਰੀ ਜੇ ਤੁਹਾਨੂੰ ਮਜ਼ਾ ਆਏਗਾ ਤਾਂ ਅੱਗੋਂ ਤੁਸੀਂ ਆਪ ਹੀ ਪਿੰਡ ਆਉਣ ਦੀ ਜ਼ਿੱਦ ਕਰਿਆ ਕਰਨੀ ਹੈ ।
'ਸਾਡਾ ਤੇ ਜੀਅ ਕਰਦਾ ਹੈ ਅਸੀਂ ਤੁਹਾਡੇ ਕੋਲ ਪਿੰਡ ਹੀ ਰਹਿ ਪਈਏ', ਸਿਧਾਰਥ ਕੁਝ ਜ਼ਿਆਦਾ ਹੀ ਚਾਂਭਲਿਆ ਹੋਇਆ ਲੱਗ ਰਿਹਾ ਸੀ ।
'ਚਲੋ, ਹੁਣ ਗੱਪਾਂ ਛੱਡੋ ਅਤੇ ਥੋੜ੍ਹਾ ਆਰਾਮ ਕਰੋ । ਸ਼ਾਮੀਂ ਅਸੀਂ ਸੈਰ ਲਈ ਇਕੱਠੇ ਚੱਲਾਂਗੇ ।'
'ਖਾਣਾ ਖਾਣ ਤੋਂ ਬਾਅਦ ਬੱਚੇ ਉਸੇ ਕਮਰੇ ਵਿਚ ਜ਼ਮੀਨ 'ਤੇ ਵਿਛੇ ਬਿਸਤਰਿਆਂ ਉੱਪਰ ਲੇਟ ਗਏ । ਕੁਝ ਦੇਰ ਉਹ ਆਪਸ ਵਿਚ ਗੱਲਾਂਬਾਤਾਂ ਕਰਦੇ ਰਹੇ ਅਤੇ ਫਿਰ ਗੱਲਾਂ ਕਰਦੇ-ਕਰਦੇ ਹੀ ਸਾਰੇ ਘੂਕ ਸੌਂ ਗਏ । ਬੱਚਿਆਂ ਨੂੰ ਸੁੱਤੇ ਦੇਖ ਕੇ ਰਣਬੀਰ ਵੀ ਦੂਜੇ ਕਮਰੇ ਵਿਚ ਥੋੜ੍ਹੀ ਦੇਰ ਆਰਾਮ ਕਰਨ ਲਈ ਚਲਾ ਗਿਆ ।
ਪੰਜ ਵਜੇ ਦੇ ਕਰੀਬ ਰਣਬੀਰ ਨੇ ਗੂੜ੍ਹੀ ਨੀਂਦ ਸੁੱਤੇ ਬੱਚਿਆਂ ਨੂੰ ਜਗਾਇਆ । ਉੱਠਣ ਤੋਂ ਬਾਅਦ ਸਾਰੇ ਬੱਚਿਆਂ ਨੇ ਵਾਰੋ-ਵਾਰੀ ਮੂੰਹ-ਹੱਥ ਧੋਤਾ । ਫਿਰ ਸਾਰੇ ਬੱਚਿਆਂ ਲਈ ਚਾਹ ਅਤੇ ਬਿਸਕੁਟ ਆ ਗਏ । ਸਾਰੇ ਬੱਚਿਆਂ ਨੇ ਚਾਹ ਪੀਤੀ ਅਤੇ ਬਿਸਕੁਟ ਖਾਧੇ । ਸਿਧਾਰਥ, ਜਗਮੀਤ, ਅਮਿਤ ਤਾਂ ਚਾਹ ਵਿਚ ਡੋਬ-ਡੋਬ ਕੇ ਬਿਸਕੁਟ ਖਾਈ ਜਾਣ ਅਤੇ ਬੋਲੀ ਜਾਣ, 'ਵਾਹ ਬਈ ਵਾਹ! ਬਿਸਕੁਟ ਖਾਣ ਦਾ ਮਜ਼ਾ ਤਾਂ ਚਾਹ ਵਿਚ ਡੋਬ ਕੇ ਹੀ ਆਉਂਦਾ ਹੈ ।'
'ਤੁਹਾਡੀ ਗੱਲ ਵੀ ਠੀਕ ਹੈ ਪਰ ਅੱਜ ਚਾਹ ਹੀ ਐਨੀ ਸਵਾਦ ਹੈ ਕਿ ਮਜ਼ਾ ਈ ਆ ਗਿਆ । ਐਨੀ ਸਵਾਦ ਚਾਹ ਅਸੀਂ ਕਦੀ ਨਹੀਂ ਪੀਤੀ', ਮਧੁਰ ਤੇ ਸਿਮਰ ਦੋਵੇਂ ਹੀ ਮਜ਼ੇ ਲੈ-ਲੈ ਕੇ ਚਾਹ ਪੀਂਦਿਆਂ ਕਹਿ ਰਹੀਆਂ ਸਨ ।
'ਚਾਹ ਤੇ ਸਵਾਦ ਹੈ ਈ ਐ ਪਰ ਇਸ ਵਿਚ ਬਿਸਕੁਟ ਡੋਬ ਕੇ ਖਾਣ ਨਾਲ ਤਾਂ ਸੋਨੇ 'ਤੇ ਸੁਹਾਗਾ ਹੋ ਗਿਆ ਹੈ', ਸਿਧਾਰਥ ਨੇ ਸਿਰ ਹਿਲਾ-ਹਿਲਾ ਕੇ ਇਸ ਤਰ੍ਹਾਂ ਗੱਲ ਕੀਤੀ ਕਿ ਸਾਰੇ ਬੱਚਿਆਂ ਦਾ ਹਾਸਾ ਨਿਕਲ ਗਿਆ ।
ਰਣਬੀਰ ਜਿਹੜਾ ਕਮਰੇ ਵਿਚ ਦਾਖਲ ਹੋ ਰਿਹਾ ਸੀ, ਨੇ ਵੀ ਸਿਧਾਰਥ ਦੀ ਗੱਲ ਸੁਣ ਲਈ । ਉਹ ਕਹਿਣ ਲੱਗਾ, 'ਬੱਲੇ ਬਈ ਸਿਧਾਰਥ, ਤੂੰ ਤੇ ਬੜੇ ਮੁਹਾਵਰੇ ਬੋਲਣ ਲੱਗ ਪਿਆ ਹੈਂ ।'
'ਹਾਂ ਜੀ, ਵੀਰ ਜੀ, ਤੁਹਾਡੇ ਨਾਲ ਰਹਿ ਕੇ ਹੀ ਤਾਂ ਅਸੀਂ ਫਰਨ-ਫਰਨ ਮੁਹਾਵਰੇ ਬੋਲਦੇ ਹਾਂ', ਸਿਧਾਰਥ ਨੇ 'ਫ਼ਰਨ ਫ਼ਰਨ' ਐਨਾ ਜ਼ੋਰ ਲਾ ਕੇ ਬੋਲਿਆ ਕਿ ਰਣਬੀਰ ਸਰ ਵੀ ਹੱਸਣੋ ਨਾ ਰਹਿ ਸਕੇ ।
'ਅੱਛਾ ਬਈ, ਹੁਣ ਤੁਸੀਂ ਆਰਾਮ ਵੀ ਕਰ ਲਿਆ ਹੈ ਅਤੇ ਚਾਹ ਵੀ ਪੀ ਲਈ ਹੈ । ਮੇਰੇ ਖਿਆਲ ਵਿਚ ਹੁਣ ਤੁਸੀਂ ਸਾਰੇ ਬਿਲਕੁਲ ਫਰੈਸ਼ ਯਾਨੀ ਤਰੋਤਾਜ਼ਾ ਹੋ ਗਏ ਹੋਵੋਗੇ', ਰਣਬੀਰ ਨੇ ਬੱਚਿਆਂ ਨੂੰ ਪੁੱਛਿਆ । '
ਬਿਲਕੁਲ ਫਰੈਸ਼ ਹੋ ਗਏ ਹਾਂ ਜੀ', ਸਾਰੇ ਬੱਚੇ ਇਕੱਠੇ ਬੋਲ ਪਏ ।
'ਹੁਣ ਫੇਰ ਸੈਰ ਕਰਨ ਚਲੀਏ', ਰਣਬੀਰ ਨੇ ਸਾਰਿਆਂ ਨੂੰ ਪੁੱਛਿਆ ।
'ਨੇਕੀ ਔਰ ਪੂਛ-ਪੂਛ, ਜਲਦੀ ਚਲੋ ਜੀ ਜਲਦੀ', ਸਿਧਾਰਥ ਫੇਰ ਮੁਹਾਵਰਾ ਬੋਲ ਗਿਆ ।
'ਚਲੋ ਬਈ ਬੱਚਿਓ, ਤੁਹਾਨੂੰ ਪਿੰਡ ਦੀ ਸੈਰ ਕਰਵਾ ਕੇ ਲਿਆਵਾਂ', ਰਣਬੀਰ ਸਰ ਕਮਰੇ 'ਚੋਂ ਬਾਹਰ ਨਿਕਲਦੇ ਹੋਏ ਬੋਲੇ ।
ਸਾਰੇ ਬੱਚੇ 'ਚਲੋ ਬਈ ਚਲੋ' ਕਹਿੰਦੇ ਹੋਏ ਰਣਬੀਰ ਵੀਰ ਜੀ ਦੇ ਪਿੱਛੇ-ਪਿੱਛੇ ਤੁਰ ਪਏ ।

+++
ਪੈਲੀਆਂ ਵਿਚੋਂ ਡੰਡੀਓ-ਡੰਡੀ ਤੁਰਦੇ ਹੋਏ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਰਣਬੀਰ ਸਰ ਇਕ ਥਾਂ 'ਤੇ ਰੁਕ ਗਏ । ਉਨ੍ਹਾਂ ਨੇ ਬੱਚਿਆਂ ਵੱਲ ਮੂੰਹ ਕਰਕੇ ਕਿਹਾ, 'ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਪਿੰਡ ਵਿਚ ਕੁਝ ਐਸੀਆਂ ਚੀਜ਼ਾਂ ਵਿਖਾਵਾਂਗਾ, ਜੋ ਕਦੀ ਹਰ ਪਿੰਡ ਵਿਚ ਹੁੰਦੀਆਂ ਸਨ । ਕੁਝ ਚੀਜ਼ਾਂ ਪਿੰਡ ਦੀ ਜਿੰਦ-ਜਾਨ ਹੁੰਦੀਆਂ ਸਨ । ਇਨ੍ਹਾਂ ਚੀਜ਼ਾਂ ਸਦਕਾ ਹੀ ਲੋਕ ਕਹਿੰਦੇ ਸਨ ਕਿ ਪਿੰਡਾਂ ਵਿਚ ਪੰਜਾਬ ਦੀ ਆਤਮਾ ਵਸਦੀ ਹੈ ਪਰ ਸਮੇਂ ਦੀ ਤਬਦੀਲੀ ਕਾਰਨ, ਪਿੰਡਾਂ ਦੀ ਤਰੱਕੀ ਕਾਰਨ ਅਤੇ ਮਸ਼ੀਨੀਕਰਨ ਹੋਣ ਕਰਕੇ ਉਹ ਚੀਜ਼ਾਂ, ਸਾਡਾ ਉਹ ਪੁਰਾਣਾ ਵਿਰਸਾ ਬੜੀ ਤੇਜ਼ੀ ਨਾਲ ਅਲੋਪ ਹੋਣਾ ਸ਼ੁਰੂ ਹੋ ਗਿਆ । ਅੱਜ ਪੁਰਾਣੇ ਵਿਰਸੇ ਵਿਚੋਂ ਬਹੁਤੀਆਂ ਚੀਜ਼ਾਂ ਬਹੁਤੇ ਪਿੰਡਾਂ ਵਿਚ ਨਹੀਂ ਮਿਲਦੀਆਂ । ਅਸੀਂ ਪਿੰਡ ਦੇ ਕੁਝ ਪੜ੍ਹੇ-ਲਿਖੇ ਨੌਜਵਾਨਾਂ ਨੇ ਮਿਲ ਕੇ ਕੁਝ ਕੁ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਪੈਸੇ ਦੀ ਅੰਨ੍ਹੀ ਦੌੜ ਕਾਰਨ ਅਸੀਂ ਬਹੁਤੀਆਂ ਚੀਜ਼ਾਂ ਬਚਾਉਣ ਵਿਚ ਕਾਮਯਾਬ ਨਹੀਂ ਹੋਏ ।'
'ਉਹ ਕਿਹੜੀਆਂ ਚੀਜ਼ਾਂ ਨੇ ਵੀਰ ਜੀ?' ਸਾਰੇ ਬੱਚੇ ਇਕੱਠੇ ਬੋਲ ਪਏ ।
'ਉਹ ਹੀ ਤੁਹਾਨੂੰ ਵਿਖਾਉਣੀਆਂ ਨੇ । ਉਹ ਵੇਖੋ ਮੇਰੇ ਸੱਜੇ ਪਾਸੇ ਜ਼ਮੀਨ ਤੋਂ ਥੋੜ੍ਹੀ ਉੱਪਰ ਇਕ ਗੋਲ ਜਿਹੀ ਬੰਨ੍ਹੀ ਬਣੀ ਹੋਈ ਹੈ, ਉਹ ਖੂਹ ਹੈ । ਕਿਸੇ ਸਮੇਂ ਵਿਚ ਇਕ-ਇਕ ਪਿੰਡ ਵਿਚ ਕਈ-ਕਈ ਖੂਹ ਹੁੰਦੇ ਸਨ । ਪਿੰਡਾਂ ਨੂੰ ਛੱਡੋ, ਹਰ ਸ਼ਹਿਰ ਵਿਚ ਵੀ ਆਪੋ-ਆਪਣੇ ਇਲਾਕਿਆਂ ਵਿਚ ਖੂਹ ਹੁੰਦੇ ਸਨ ।'
'ਹਾਂ ਜੀ, ਹਾਂ ਜੀ, ਮੇਰੇ ਪਾਪਾ ਕਹਿੰਦੇ ਸਨ ਕਿ ਕੰਪਨੀ ਬਾਗ ਦੇ ਸਾਹਮਣੇ ਇਕ 'ਠੰਢੀ-ਖੂਹੀ' ਹੁੰਦੀ ਸੀ, ਜਿਸ ਦਾ ਪਾਣੀ ਗਰਮੀਆਂ ਵਿਚ ਵੀ ਐਨਾ ਠੰਢਾ ਹੁੰਦਾ ਸੀ ਜਿਵੇਂ ਬਰਫ ਪਾਈ ਹੋਈ ਹੋਵੇ ਪਰ ਹੁਣ ਉਥੇ ਕੁਝ ਵੀ ਨਹੀਂ ।' ਸਿਧਾਰਥ ਇਕਦਮ ਬੋਲ ਪਿਆ ।
'ਅਸੀਂ ਵੀਰ ਜੀ ਖੂਹ ਦਾ ਨਾਂਅ ਤਾਂ ਸੁਣਿਆ ਹੈ ਪਰ ਖੂਹ ਦੇਖਿਆ ਕਦੀ ਨਹੀਂ', ਸਿਮਰ, ਸਹਿਰ, ਮਧੁਰ, ਮੇਘਾ, ਜਗਮੀਤ ਸਾਰੇ ਇਕੱਠੇ ਬੋਲ ਪਏ ।
'ਚਲੋ ਖੂਹ ਦੇ ਕੋਲ ਚਲਦੇ ਹਾਂ', ਰਣਬੀਰ ਨੇ ਕਿਹਾ । ਖੂਹ ਦੇ ਕੋਲ ਜਾ ਕੇ ਬੱਚਿਆਂ ਨੇ ਖੂਹ ਵਿਚ ਝਾਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ।
'ਵੀਰ ਜੀ, ਖੂਹ ਵਿਚ ਪਾਣੀ ਥੋੜ੍ਹਾ ਜਿਹਾ ਹੀ ਲਗਦਾ ਹੈ ਅਤੇ ਬਹੁਤਾ ਸਾਫ ਵੀ ਨਹੀਂ ਲਗਦਾ', ਕੁਝ ਬੱਚਿਆਂ ਨੇ ਪੁੱਛਿਆ ।
'ਹਾਂ ਬੱਚਿਓ, ਹੁਣ ਇਹ ਖੂਹ ਵਰਤੋਂ ਵਿਚ ਨਹੀਂ ਆਉਂਦਾ । ਇਸ ਕਰਕੇ ਇਹ ਸੁੱਕਦਾ ਜਾ ਰਿਹਾ ਹੈ । ਅੱਜ ਹਰ ਕਿਸਾਨ ਨੇ ਆਪੋ-ਆਪਣੀਆਂ ਬੰਬੀਆਂ ਜਿਸ ਨੂੰ ਤੁਸੀਂ ਟਿਊਬਵੈੱਲ ਕਹਿੰਦੇ ਹੋ, ਲਵਾ ਲਈਆਂ ਹਨ ਅਤੇ ਖੂਹਾਂ ਨੂੰ ਪੂਰ ਦਿੱਤਾ ਹੈ । ਅਸੀਂ ਇਸ ਖੂਹ ਨੂੰ ਸੰਭਾਲ ਲਿਆ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਖਾਇਆ ਜਾ ਸਕੇ ।'
'ਵੀਰ ਜੀ, ਆਹ ਖੂਹ ਦੇ ਉੱਤੇ ਗੋਲ ਜਿਹੀ ਚੀਜ਼ ਕੀ ਲੱਗੀ ਹੋਈ ਹੈ?' ਸਿੰਪੀ ਨੇ ਪੁੱਛਿਆ ।
'ਇਹ ਬੱਚਿਓ, ਭੌਣੀ ਹੈ । ਇਸ ਦੇ ਨਾਲ ਇਕ ਰੱਸੀ ਦਾ ਸਿਰਾ ਬੰਨਿ੍ਹਆ ਹੁੰਦਾ ਸੀ ਅਤੇ ਦੂਜੇ ਸਿਰੇ 'ਤੇ ਇਕ ਡੋਲ ਬੰਨਿ੍ਹਆ ਹੁੰਦਾ ਸੀ । ਇਸ ਭੌਣੀ ਦੇ ਉੱਤੋਂ ਹੀ ਡੋਲ ਨੂੰ ਖੂਹ ਵਿਚ ਲਟਕਾ ਭੌਣੀ ਨੂੰ ਹੌਲੀ-ਹੌਲੀ ਛੱਡੀ ਜਾਈਦਾ ਸੀ । ਡੋਲ ਖੂਹ ਵਿਚ ਪਹੁੰਚ ਕੇ ਜਦੋਂ ਭਰ ਜਾਂਦਾ ਸੀ ਤਾਂ ਭੌਣੀ ਨੂੰ ਘੁੰਮਾਈਦਾ ਸੀ । ਉਹ ਰੱਸੀ ਭੌਣੀ ਨਾਲ ਲਪੇਟੀ ਜਾਂਦੀ ਸੀ ਅਤੇ ਪਾਣੀ ਦਾ ਭਰਿਆ ਡੋਲ ਉੱਪਰ ਆਈ ਜਾਂਦਾ ਸੀ । ਜਦੋਂ ਖੂਹ ਦੇ ਲੈਵਲ 'ਤੇ ਡੋਲ ਆ ਜਾਂਦਾ ਸੀ ਤਾਂ ਉਸ ਨੂੰ ਫੜ ਕੇ ਅਸੀਂ ਉਹ ਪਾਣੀ ਵਰਤ ਲੈਂਦੇ ਸਾਂ । ਜੇ ਪਾਣੀ ਘੜੇ ਵਿਚ ਭਰਨਾ ਹੋਵੇ ਤਾਂ ਦੋ-ਚਾਰ ਵਾਰੀ ਡੋਲ ਭਰ ਕੇ ਕੋਲ ਪਏ ਘੜੇ ਵਿਚ ਪਾਈ ਜਾਈਦਾ ਸੀ । ਦੋ-ਤਿੰਨ ਡੋਲਾਂ ਨਾਲ ਘੜਾ ਭਰ ਜਾਂਦਾ ਸੀ । ਕਿਸੇ ਸਮੇਂ ਵਿਚ ਪੀਣ ਵਾਲਾ ਸਾਰਾ ਪਾਣੀ ਖੂਹਾਂ ਤੋਂ ਹੀ ਭਰਿਆ ਜਾਂਦਾ ਸੀ ।
ਖੂਹ ਦੇ ਉੱਤੇ ਪੂਰੀਆਂ ਰੌਣਕਾਂ ਹੁੰਦੀਆਂ ਸਨ । ਪਿੰਡ ਦੀਆਂ ਤੀਵੀਆਂ ਖੂਹਾਂ ਉੱਪਰ ਆ ਕੇ ਹੀ ਕੱਪੜੇ ਧੋਂਦੀਆਂ ਸਨ । ਖੂਹਾਂ ਉੱਤੋਂ ਹੀ ਆਪਣੇ ਘੜੇ ਭਰ ਕੇ ਖੜਦੀਆਂ ਸਨ । ਇਸੇ ਕਰਕੇ ਹੀ ਖੂਹਾਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਦੀਵਾਲੀ ਵਾਲੀ ਰਾਤ ਲੋਕ ਖੂਹਾਂ ਉੱਤੇ ਵੀ ਦੀਵੇ ਬਾਲ ਕੇ ਆਉਂਦੇ ਸਨ ।
'ਸਾਡੀ ਪੰਜਾਬੀ ਦੀ ਕਿਤਾਬ ਵਿਚ ਇਕ ਕਵਿਤਾ ਹੁੰਦੀ ਸੀ-'ਸਾਡੇ ਖੂਹ 'ਤੇ ਵੱਸਦਾ ਰੱਬ ਨੀ', ਜਗਮੀਤ ਨੇ ਵੀਰ ਜੀ ਨੂੰ ਕਿਹਾ ।
'ਸ਼ਾਬਾਸ਼, ਬਿਲਕੁਲ ਠੀਕ ਕਿਹਾ ਹੈ ਤੂੰ । ਉਹ ਸਾਡੇ ਪੰਜਾਬੀ ਦੇ ਇਕ ਬਹੁਤ ਮਸ਼ਹੂਰ ਕਵੀ ਦੀ ਲਿਖੀ ਹੋਈ ਹੈ । ਕੋਈ ਬੱਚਾ ਉਸ ਕਵੀ ਦਾ ਨਾਂਅ ਦੱਸ ਸਕਦਾ ਹੈ ਜਾਂ ਉਸ ਕਵਿਤਾ ਵਿਚੋਂ ਕੁਝ ਲਾਈਨਾਂ ਸੁਣਾ ਸਕਦੈ?' ਰਣਬੀਰ ਨੇ ਬੱਚਿਆਂ ਨੂੰ ਪੁੱਛਿਆ ।
'ਕਵੀ ਦਾ ਨਾਂਅ ਮੂੰਹ ਵਿਚ ਫਿਰਦਾ ਪਿਆ ਏ ਵੀਰ ਜੀ ਪਰ ਯਾਦ ਨਹੀਂ ਆ ਰਿਹਾ', ਸਿਧਾਰਥ ਨੇ ਆਪਣੇ ਸਿਰ ਵਿਚ ਉਂਗਲਾਂ ਫੇਰਦਿਆਂ ਹੋਇਆਂ ਕਿਹਾ ।

+++
'ਪਰ ਮੈਨੂੰ ਯਾਦ ਆ ਗਿਆ ਹੈ', ਸਿਮਰ ਇਕਦਮ ਬੋਲੀ, 'ਇਹ ਕਵਿਤਾ ਪ੍ਰੋ: ਮੋਹਨ ਸਿੰਘ ਦੀ ਲਿਖੀ ਹੋਈ ਹੈ ।'
'ਬਿਲਕੁਲ ਠੀਕ, ਸ਼ਾਬਾਸ਼ ਸਿਮਰ', ਰਣਬੀਰ ਨੇ ਖੁਸ਼ ਹੁੰਦਿਆਂ ਕਿਹਾ ।
'ਬਸ ਮੈਂ ਕਹਿਣ ਹੀ ਲੱਗਾ ਸੀ, ਮੇਰੇ ਦਿਮਾਗ ਵਿਚ ਨਾਂਅ ਆ ਗਿਆ ਸੀ', ਸਿਧਾਰਥ ਨੇ ਕਿਹਾ ।
'ਉਹ ਤੇਰੇ ਦਿਮਾਗ ਵਿਚ ਕਿਸ ਤਰ੍ਹਾਂ ਆ ਗਿਆ? ਉਹ ਤਾਂ ਤੇਰੇ ਮੂੰਹ ਵਿਚ ਫਿਰਦਾ ਪਿਆ ਸੀ', ਵਿਨੋਦ ਨੇ ਸਿਧਾਰਥ ਨੂੰ ਛੇੜਿਆ ।
'ਹੁਣ ਤੁਸੀਂ ਸ਼ਰਾਰਤਾਂ ਛੱਡੋ ਅਤੇ ਜੇ ਕਿਸੇ ਨੂੰ ਕਵਿਤਾ ਜਾਂ ਕਵਿਤਾ ਦੀ ਕੋਈ ਲਾਈਨ ਯਾਦ ਆਉਂਦੀ ਹੈ ਤਾਂ ਸੁਣਾਓ ।'
'ਵੀਰ ਜੀ, ਮੈਨੂੰ ਇਕ ਲਾਈਨ ਯਾਦ ਆ ਰਹੀ ਏ ਪਰ ਲਾਈਨ ਦੀ ਸਮਝ ਨਹੀਂ ਲੱਗ ਰਹੀ ਕਿ ਖੂਹ ਉੱਤੇ ਗਾਂਧੀ ਜੀ ਕਿਥੋਂ ਆ ਗਏ? ਗਾਂਧੀ ਬਣੀ ਨਵਾਰੀ, ਬਲਦ ਹਜ਼ਾਰੀ', ਮਧੁਰ ਨੇ ਰੁਕ-ਰੁਕ ਕੇ ਕਿਹਾ ।
ਮਧੁਰ ਦੀ ਗੱਲ ਸੁਣ ਕੇ ਵੀਰ ਜੀ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ । ਵੀਰ ਜੀ ਨੂੰ ਹੱਸਦਿਆਂ ਦੇਖ ਕੇ ਹੋਰ ਬੱਚੇ ਵੀ ਹੱਸਣ ਲੱਗ ਪਏ ਪਰ ਮਧੁਰ ਘਬਰਾ ਗਈ । ਵੀਰ ਜੀ ਨੇ ਮਧੁਰ ਦੀ ਪਿੱਠ ਥਾਪੜਦਿਆਂ ਕਿਹਾ, 'ਸ਼ਾਬਾਸ਼ ਮਧੁਰ, ਤੂੰ ਕਵਿਤਾ ਯਾਦ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ । ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਉਹ ਗਾਂਧੀ ਨਹੀਂ, ਸਗੋਂ ਗਾਧੀ ਹੈ । ਇਹ ਤੁਹਾਡੇ ਸਾਹਮਣੇ ਖੂਹ ਹੈ । ਹੁਣ ਮੈਂ ਤੁਹਾਨੂੰ ਹਲਟ ਵਿਖਾਵਾਂਗਾ ਪਰ ਪਹਿਲਾਂ ਮੈਂ ਤੁਹਾਨੂੰ ਕਵਿਤਾ ਦੀਆਂ ਮਧੁਰ ਵਾਲੀਆਂ ਕੁਝ ਲਾਈਨਾਂ ਸੁਣਾਉਂਦਾ ਹਾਂ-
ਇਹ ਗਾਧੀ ਬਣੀ ਨਵਾਰੀ
ਉੱਤੇ ਵਗਦਾ ਬਲਦ ਹਜ਼ਾਰੀ ।
ਕਰ ਇਸ ਉੱਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜਗ ਨੀ
ਸਾਡੇ ਖੂਹ 'ਤੇ ਵਸਦਾ ਰੱਬ ਨੀ ।
ਮਧੁਰ ਫੇਰ ਬੋਲੀ, 'ਇਹ ਤੇ ਤੁਸੀਂ ਦੱਸਿਆ ਨਹੀਂ ਕਿ ਗਾਧੀ ਕੀ ਹੁੰਦਾ ਹੈ ਜਾਂ ਹੁੰਦੀ ਹੈ?'
'ਹੁਣ ਮੈਂ ਤੁਹਾਨੂੰ ਹਲਟ ਕੋਲ ਲੈ ਕੇ ਚਲਦਾ ਹਾਂ, ਉਥੇ ਚੱਲ ਕੇ ਤੁਹਾਨੂੰ ਗਾਧੀ ਵੀ ਵਿਖਾ ਦਿੰਦਾ ਹਾਂ ਅਤੇ ਕਵਿਤਾ ਦੀਆਂ ਲਾਈਨਾਂ ਦਾ ਮਤਲਬ ਵੀ ਸਮਝਾ ਦਿੰਦਾ ਹਾਂ ।' ਇਹ ਕਹਿੰਦੇ ਹੋਏ ਵੀਰ ਜੀ ਖੂਹ ਦੇ ਖੱਬੇ ਪਾਸੇ ਜਾਂਦੀ ਡੰਡੀ ਵੱਲ ਤੁਰ ਪਏ । ਸਾਰੇ ਬੱਚੇ ਆਪਣੇ ਵੀਰ ਜੀ ਦੇ ਪਿੱਛੇ-ਪਿੱਛੇ ਤੁਰਨ ਲੱਗੇ । ਸਿਧਾਰਥ ਇਕੱਲਾ ਹੀ ਉੱਚੀ-ਉੱਚੀ ਗਾ ਰਿਹਾ ਸੀ, 'ਸਾਡੇ ਖੂਹ 'ਤੇ ਵਸਦਾ ਰੱਬ ਨੀ, ਸਾਡੇ ਖੂਹ 'ਤੇ ਵੱਸਦਾ ਰੱਬ ਨੀ ।'
'ਇਹ ਵੇਖੋ, ਇਹ ਵੀ ਖੂਹ ਹੈ ਪਰ ਇਸ ਉੱਪਰ ਭੌਣੀ ਦੀ ਥਾਂ 'ਤੇ ਟਿੰਡਾਂ ਦਾ ਇਕ ਚੱਕਰ ਬਣਿਆ ਹੋਇਆ ਹੈ ।'
'ਇਹ ਤਾਂ ਲੋਹੇ ਦੇ ਡੱਬਿਆਂ ਦਾ ਚੱਕਰ ਬਣਿਆ ਹੈ', ਗੁੱਡੀ ਬੋਲੀ ।
'ਇਹ ਲੋਹੇ ਦੇ ਡੱਬਿਆਂ ਨੂੰ ਹੀ ਟਿੰਡਾਂ ਕਹਿੰਦੇ ਹਨ ਅਤੇ ਟਿੰਡਾਂ ਨੂੰ ਜੋੜ-ਜੋੜ ਕੇ ਜਿਹੜਾ ਚੱਕਰ ਬਣਿਆ ਹੈ, ਇਸ ਨੂੰ ਮਾਲ੍ਹ ਕਹਿੰਦੇ ਹਨ । ਇਸ ਹਲਟ ਨੂੰ ਚਲਾਉਣ ਲਈ ਬਲਦਾਂ ਦੀ ਜੋੜੀ ਨੂੰ ਜੋੜਿਆ ਜਾਂਦਾ ਹੈ । ਜਿਸ ਲੱਕੜ ਦੀ ਸ਼ਤੀਰੀ ਨਾਲ ਬਲਦਾਂ ਨੂੰ ਜੋੜਿਆ ਜਾਂਦਾ ਹੈ, ਉਸ ਨੂੰ ਗਰਦਲ ਵੀ ਕਹਿੰਦੇ ਹਨ । ਬਲਦਾਂ ਦੇ ਪਿੱਛੇ ਗਰਦਲ ਉੱਤੇ ਇਕ ਬੈਠਣ ਦੀ ਥਾਂ ਬਣਾਈ ਹੁੰਦੀ ਹੈ, ਜਿਥੇ ਬੈਠ ਕੇ ਤੁਸੀਂ ਬਲਦਾਂ ਨੂੰ ਹੱਕ ਸਕਦੇ ਹੋ । ਉਸ ਬੈਠਣ ਵਾਲੀ ਥਾਂ ਨੂੰ ਗਾਧੀ ਕਹਿੰਦੇ ਹਨ । ਬਲਦਾਂ ਦੇ ਚੱਲਣ ਨਾਲ ਟਿੰਡਾਂ ਦੀ ਮਾਲ੍ਹ ਚੱਲ ਪੈਂਦੀ ਹੈ । ਪਾਣੀ ਦੀਆਂ ਭਰੀਆਂ ਹੋਈਆਂ ਟਿੰਡਾਂ ਔਲੂ ਵਿਚ ਡਿਗਦੀਆਂ ਹਨ ਅਤੇ ਔਲੂ ਵਿਚੋਂ ਪਾਣੀ ਖਾਲ ਵਿਚ ਚਲਾ ਜਾਂਦਾ ਹੈ ਅਤੇ ਫੇਰ ਤੁਸੀਂ ਖਾਲ ਦਾ ਪਾਣੀ ਖੇਤਾਂ ਵਿਚ ਲਗਾ ਸਕਦੇ ਹੋ ।'
'ਵੀਰ ਜੀ, ਅਸੀਂ ਤੇ ਕਦੇ ਬਲਦ ਵੀ ਨਹੀਂ ਦੇਖੇ । ਸਾਨੂੰ ਬਲਦ ਵੀ ਵਿਖਾਓ', ਰਿਤੇਸ਼ ਹੌਲੀ ਜਿਹੀ ਬੋਲਿਆ ।
'ਤੁਹਾਨੂੰ ਕੱਲ੍ਹ ਸਵੇਰੇ-ਸਵੇਰੇ ਬਲਦ ਵੀ ਵਿਖਾਵਾਂਗਾ ਅਤੇ ਬਲਦਾਂ ਦੀ ਜੋੜੀ ਨਾਲ ਚਲਦਾ ਹਲ ਵੀ । ਹੁਣ ਤੁਹਾਨੂੰ ਹਲਟ ਵਾਲਾ ਖੂਹ ਵੇਖਣ ਤੋਂ ਬਾਅਦ ਕਵਿਤਾ ਦੀਆਂ ਲਾਈਨਾਂ ਦਾ ਆਪਣੇ-ਆਪਣੇ ਹੀ ਪਤਾ ਲੱਗ ਗਿਆ ਹੋਵੇਗਾ ਕਿ ਕਿਸਾਨ ਇਸ ਗਾਧੀ ਉੱਤੇ ਬੈਠ ਕੇ ਅਤੇ ਖੂਹ ਦੇ ਆਲੇ-ਦੁਆਲੇ ਦੀ ਹਰਿਆਵਲ ਅਤੇ ਕੁਦਰਤੀ ਨਜ਼ਾਰੇ ਦੇਖ ਕੇ ਅਨੰਦ ਦੀ ਅਵਸਥਾ ਵਿਚ ਚਲਾ ਜਾਂਦਾ ਹੈ ।'
'ਅਜੇ ਹਲਟ ਚਲਦਾ ਨਹੀਂ ਪਿਆ ਤਾਂ ਵੀ ਸਾਨੂੰ ਮਜ਼ਾ ਆ ਰਿਹਾ ਹੈ, ਜੇ ਕਿਤੇ ਟਿੰਡਾਂ ਵਿਚੋਂ ਪਾਣੀ ਡਿਗਦਾ ਹੁੰਦਾ, ਫੇਰ ਤਾਂ ਸਾਨੂੰ ਵੀ ਨਜ਼ਾਰੇ ਆ ਜਾਣੇ ਸਨ', ਸਿਧਾਰਥ ਦੀ ਗੱਲ ਸੁਣ ਕੇ ਅਤੇ ਉਸ ਦੇ ਚਿਹਰੇ ਦੇ ਹਾਵ-ਭਾਵ ਨੇ ਇਕ ਵਾਰੀ ਫਿਰ ਸਾਰਿਆਂ ਨੂੰ ਹਸਾ ਦਿੱਤਾ ।

+++
'ਚਲੋ ਬੱਚਿਓ, ਅੱਗੇ ਚੱਲੀਏ, ਅਜੇ ਤੁਹਾਨੂੰ ਹੋਰ ਵੀ ਕਈ ਚੀਜ਼ਾਂ ਵਿਖਾਉਣੀਆਂ ਨੇ ।'
'ਚਲੋ ਜੀ ਚਲੋ, ਅਸੀਂ ਤਾਂ ਪਹਿਲਾਂ ਹੀ ਤਿਆਰ ਬੈਠੇ ਹਾਂ', ਸਹਿਰ ਦੀ ਗੱਲ ਸੁਣ ਕੇ ਫੇਰ ਸਾਰੇ ਹੱਸਣ ਲੱਗ ਪਏ ।
ਰਣਬੀਰ ਬੱਚਿਆਂ ਨੂੰ ਰਸਤੇ ਵਿਚ ਜਿਹੜਾ ਵੀ ਦਰੱਖਤ ਆਉਂਦਾ, ਉਸ ਬਾਰੇ ਦੱਸੀ ਜਾ ਰਿਹਾ ਸੀ, ਉਹ ਬੋਹੜ ਹੈ, ਇਸ ਦੀ ਛਾਂ ਬੜੀ ਸੰਘਣੀ ਹੁੰਦੀ ਹੈ । ਇਸ ਦੇ ਥੱਲੇ ਗਰਮੀਆਂ ਵਿਚ ਬਜ਼ੁਰਗਾਂ ਦੀ ਮਹਿਫ਼ਲ ਲਗਦੀ ਹੈ । ਇਹ ਪਿੱਪਲ ਦਾ ਦਰੱਖਤ ਹੈ । ਪਿੱਪਲ ਦੀ ਇਕ ਖਾਸ ਖੂਬੀ ਹੁੰਦੀ ਹੈ, ਇਹ ਰਾਤੀਂ ਵੀ ਆਕਸੀਜਨ ਛੱਡਦਾ ਹੈ । ਸ਼ਾਇਦ ਇਸ ਦੀ ਇਹ ਖਾਸੀਅਤ ਕਰਕੇ ਹੀ ਲੋਕੀਂ ਇਸ ਦੀ ਪੂਜਾ ਕਰਦੇ ਹਨ । ਇਹ ਟਾਹਲੀ ਹੈ, ਇਸ ਦੀ ਲੱਕੜ ਬੜੀ ਮਜ਼ਬੂਤ ਹੁੰਦੀ ਹੈ । ਲੋਕੀਂ ਟਾਹਲੀ ਦੀ ਲੱਕੜ ਦਾ ਫਰਨੀਚਰ ਬਣਾਉਂਦੇ ਹਨ । ਇਹ ਕਿੱਕਰ ਹੈ, ਇਸ ਦੀਆਂ ਟਾਹਣੀਆਂ ਦੀ ਲੋਕ ਦਾਤਣ ਕਰਦੇ ਹਨ । ਇਸ ਦੀਆਂ ਟਾਹਣੀਆਂ ਬੜੇ ਧਿਆਨ ਨਾਲ ਤੋੜਨੀਆਂ ਪੈਂਦੀਆਂ ਹਨ, ਕਿਉਂਕਿ ਔਹ ਵੇਖੋ ਇਸ ਦੇ ਕੰਡੇ ਕਿੰਨੇ ਤਿੱਖੇ ਹਨ । ਇਹ ਨਿੰਮ ਦਾ ਦਰੱਖਤ ਹੈ । ਨਿੰਮ ਬੜੀ ਹੀ ਗੁਣਕਾਰੀ ਚੀਜ਼ ਹੈ । ਚਮੜੀ ਦੇ ਰੋਗਾਂ ਨੂੰ ਨਿੰਮ ਦੇ ਪੱਤੇ ਉਬਾਲ ਕੇ ਉਸ ਦੇ ਪਾਣੀ ਨਾਲ ਧੋਵੋ ਤਾਂ ਰੋਗ ਠੀਕ ਹੋ ਜਾਂਦਾ ਹੈ । ਨਿੰਮ ਦੀ ਲੋਕ ਦਾਤਣ ਵੀ ਕਰਦੇ ਹਨ । ਦੰਦਾਂ ਲਈ ਉਸ ਦੀ ਦਾਤਣ ਬਹੁਤ ਹੀ ਗੁਣਕਾਰੀ ਹੁੰਦੀ ਹੈ । ਨਿੰਮ ਦੇ ਚਾਰ-ਪੰਜ ਪੱਤੇ ਰੋਜ਼ ਖਾਣ ਨਾਲ ਫੋੜੇ-ਫਿਨਸੀ ਨਹੀਂ ਹੁੰਦੇ । ਨਿੰਮ ਦੇ ਪੱਤੇ ਸੁਕਾ ਕੇ ਗਰਮ ਕੱਪੜਿਆਂ ਵਾਲੇ ਟਰੰਕ ਵਿਚ ਰੱਖਣ ਨਾਲ ਕੱਪੜਿਆਂ ਨੂੰ ਕੀੜਾ ਨਹੀਂ ਲਗਦਾ ਆਦਿ-ਆਦਿ ।
ਬੱਚੇ ਤੁਰੀ ਵੀ ਜਾ ਰਹੇ ਸਨ ਅਤੇ ਆਪਣੇ ਵੀਰ ਜੀ ਕੋਲੋਂ ਗਿਆਨ ਵੀ ਹਾਸਲ ਕਰੀ ਜਾ ਰਹੇ ਸਨ । ਥੋੜ੍ਹਾ ਹੋਰ ਅੱਗੇ ਗਏ ਤਾਂ ਰਿਤੇਸ਼ ਬੋਲਿਆ, 'ਵੀਰ ਜੀ, ਉਹ ਉੱਚਾ ਸਾਰਾ ਕੀ ਬਣਿਆ ਹੋਇਆ ਹੈ?'
'ਆਓ, ਤੁਹਾਨੂੰ ਕੋਲ ਜਾ ਕੇ ਦਿਖਾਂਦਾ ਹਾਂ । ਇਸ ਨੂੰ ਮੂਸਲ ਕਹਿੰਦੇ ਹਨ । ਇਸ ਵਿਚ ਕਿਸਾਨ ਆਪਣੀ ਸਾਰੀ ਤੂੜੀ ਸੰਭਾਲ ਕੇ ਰੱਖਦਾ ਹੈ । ਘਰਾਂ ਵਿਚ ਬਹੁਤੀ ਥਾਂ ਨਾ ਹੋਣ ਕਰਕੇ ਇਹ ਮੂਸਲ ਘਰਾਂ ਦੇ ਵਿਹੜਿਆਂ ਵਿਚ ਜਾਂ ਖੇਤਾਂ ਵਿਚ ਬਣਾ ਲਏ ਜਾਂਦੇ ਹਨ । ਇਹ ਇਸ ਢੰਗ ਨਾਲ ਬਣਾਏ ਜਾਂਦੇ ਹਨ ਕਿ ਬਾਰਸ਼ ਦਾ ਪਾਣੀ ਇਸ ਵਿਚ ਨਹੀਂ ਜਾਂਦਾ । ਜਦੋਂ ਤੂੜੀ ਦੀ ਲੋੜ ਹੋਵੇ, ਉਦੋਂ ਉਸ ਵਿਚੋਂ ਲੋੜ ਮੁਤਾਬਿਕ ਤੂੜੀ ਕੱਢ ਲਈ ਜਾਂਦੀ ਹੈ । ਕਈ ਲੋਕ ਇਸ ਨੂੰ ਤੂੜੀ ਵਾਲਾ ਕੁੱਪ ਵੀ ਕਹਿੰਦੇ ਹਨ । ਅੱਜਕਲ੍ਹ ਖੇਤੀਬਾੜੀ ਦਾ ਬਹੁਤਾ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ । ਲੋਕੀਂ ਆਪਣੀ ਕਣਕ ਕੰਬਾਇਨਾਂ ਨਾਲ ਕਟਵਾ ਲੈਂਦੇ ਹਨ । ਕੰਬਾਇਨ ਨਾਲ ਕਣਕ ਕੱਟੋ ਤਾਂ ਤੂੜੀ ਨਹੀਂ ਬਣਦੀ, ਕਿਉਂਕਿ ਕੰਬਾਇਨ ਨਾੜ ਨੂੰ ਜ਼ਮੀਨ ਨਾਲੋਂ ਫੁੱਟ-ਡੇਢ ਫੁੱਟ ਉੱਪਰੋਂ ਕੱਟਦੀ ਹੈ । ਉਸੇ ਨਾੜ ਦੀ ਤੂੜੀ ਬਣਨੀ ਹੁੰਦੀ ਹੈ । ਹੁਣ ਕਿਸਾਨ ਬਚੇ ਹੋਏ ਨਾੜ ਨੂੰ ਅੱਗ ਲਾ ਕੇ ਸਾੜ ਦਿੰਦਾ ਹੈ । ਇਸ ਨਾਲ ਉਹ ਤੂੜੀ ਤੋਂ ਵਾਂਝਾ ਰਹਿ ਜਾਂਦਾ ਹੈ, ਅੱਗ ਨਾਲ ਜ਼ਮੀਨ ਵਿਚੋਂ ਬਹੁਤ ਸਾਰੇ ਜ਼ਰੂਰੀ ਤੱਤ, ਜਿਹੜੇ ਸਾਨੂੰ ਫ਼ਸਲ ਰਾਹੀਂ ਮਿਲਦੇ ਹਨ, ਸੜ ਜਾਂਦੇ ਹਨ । ਇਸ ਤੋਂ ਵੀ ਭਿਆਨਕ ਨੁਕਸਾਨ ਜਿਹੜਾ ਸਾਰੀ ਲੁਕਾਈ ਦਾ ਹੁੰਦਾ ਹੈ, ਉਹ ਇਹ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਐਨਾ ਧੂੰਆਂ ਹੁੰਦਾ ਹੈ, ਜਿਸ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਹੁੰਦਾ ਹੈ । ਆਸ-ਪਾਸ ਦੇ ਕਈ ਦਰੱਖਤ ਝੁਲਸ ਜਾਂਦੇ ਹਨ । ਕਈ ਵਾਰੀ ਅੱਗ ਫੈਲ ਕੇ ਸੜਕ ਤੱਕ ਆ ਜਾਂਦੀ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੀ ਡਰ ਰਹਿੰਦਾ ਹੈ ।'
ਸਾਰੇ ਬੱਚੇ ਸਾਹ ਰੋਕ ਕੇ ਗੱਲ ਸੁਣ ਰਹੇ ਸਨ । 'ਕੰਬਾਇਨ ਨਾਲ ਤਾਂ ਕਿਸੇ ਨੂੰ ਵੀ ਕਣਕ ਨਹੀਂ ਕਟਵਾਉਣੀ ਚਾਹੀਦੀ', ਕੁਝ ਬੱਚੇ ਬੋਲੇ ।
'ਨਹੀਂ, ਇਹ ਗੱਲ ਨਹੀਂ । ਤੂੜੀ ਵਾਸਤੇ ਥੋੜ੍ਹੀ ਜਿਹੀ ਕਣਕ ਰੱਖ ਕੇ ਬਾਕੀ ਕੰਬਾਇਨ ਨਾਲ ਕਟਵਾਉਣ ਵਿਚ ਕੋਈ ਹਰਜ਼ ਨਹੀਂ ਪਰ ਬਚੇ ਹੋਏ ਨਾੜ ਨੂੰ ਅੱਗ ਕਦੇ ਵੀ ਨਹੀਂ ਲਾਉਣੀ ਚਾਹੀਦੀ ।' ਰਣਵੀਰ ਨੇ ਬੱਚਿਆਂ ਨੂੰ ਸਮਝਾਉਂਦਿਆਂ ਕਿਹਾ ।
ਵੀਰ ਜੀ ਦੀ ਗੱਲ ਸਾਰਿਆਂ ਨੂੰ ਪਸੰਦ ਆਈ । ਉਹ ਕਹਿਣ ਲੱਗੇ, 'ਸਾਨੂੰ ਵੀ ਐਵੇਂ ਚੀਜ਼ਾਂ ਨੂੰ ਅੱਗ ਲਗਾ ਕੇ ਧੂੰਆਂ ਨਹੀਂ ਕਰਨਾ ਚਾਹੀਦਾ । ਅਸੀਂ ਸਾਰਿਆਂ ਨੂੰ ਇਹ ਗੱਲ ਦੱਸਾਂਗੇ ।'

+++
ਹੁਣ ਬੱਚੇ ਪਿੰਡ ਵਿਚ ਹੋਰ ਚੀਜ਼ਾਂ ਦੇਖ ਰਹੇ ਹਨ । ਉਨ੍ਹਾਂ ਦੇ ਅਧਿਆਪਕ ਨੇ ਪਿੱਪਲ, ਟਾਹਲੀ, ਕਿੱਕਰ ਅਤੇ ਨਿੰਮ ਦੇ ਰੁੱਖਾਂ ਸਬੰਧੀ ਵਿਸਥਾਰ ਵਿਚ ਦੱਸਿਆ । ਉਨ੍ਹਾਂ ਨੂੰ ਤੂੜੀ ਦੀ ਸਾਂਭ-ਸੰਭਾਲ ਕਰਨ ਬਾਰੇ ਵੀ ਦੱਸਿਆ ਗਿਆ । ਹੁਣ ਇਸ ਤੋਂ ਅੱਗੇ ਪੜ੍ਹੋ :ਘੰੁਮਦੇ-ਘੰੁਮਾਉਂਦੇ ਵੀਰ ਜੀ ਬੱਚਿਆਂ ਨੂੰ ਪਿੰਡ ਦੇ ਬਾਹਰਵਾਰ ਲੈ ਆਏ । ਉਥੇ ਬੜੀ ਗੰਦਗੀ ਦਿਖਾਈ ਦੇ ਰਹੀ ਸੀ ਅਤੇ ਬਦਬੂ ਵੀ ਆ ਰਹੀ ਸੀ । ਕੁਝ ਕਦਮ ਹੋਰ ਅੱਗੇ ਗਏ ਤਾਂ ਬਦਬੂ ਬਹੁਤ ਜ਼ਿਆਦਾ ਆਉਣੀ ਸ਼ੁਰੂ ਹੋ ਗਈ । ਸਿੰਪੀ, ਸਿਮਰ, ਮਧੁਰ, ਸਹਿਰ ਤੇ ਹੋਰ ਕਈ ਬੱਚਿਆਂ ਨੇ ਆਪਣੇ-ਆਪਣੇ ਰੁਮਾਲ ਨਾਲ ਨੱਕ-ਮੂੰਹ ਢਕਦਿਆਂ ਕਿਹਾ, 'ਐਨੀਆਂ ਵਧੀਆ-ਵਧੀਆ ਚੀਜ਼ਾਂ ਦਿਖਾਉਣ ਤੋਂ ਬਾਅਦ ਐਨੀ ਗੰਦੀ ਥਾਂ 'ਤੇ ਕਿਉਂ ਲੈ ਆਏ ਹੋ ਵੀਰ ਜੀ?'
'ਚੰਗੀਆਂ-ਮਾੜੀਆਂ ਸਾਰੀਆਂ ਥਾਵਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦੈ । ਇਸ ਥਾਂ ਨੂੰ ਪਿੰਡ ਦੀ ਹੱਡਾਰੋੜੀ ਕਹਿੰਦੇ ਹਨ... ।'
ਸਿਧਾਰਥ ਅਤੇ ਮੇਘਾ ਨੇ ਵੀਰ ਜੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੁੱਛ ਲਿਆ, 'ਵੀਰ ਜੀ ਹੱਡਾਰੋੜੀ ਕੀ ਹੁੰਦੀ ਐ?'
'ਇਹੋ ਤੇ ਦੱਸ ਰਿਹਾ ਸਾਂ', ਐਨੀ ਦੇਰ ਵਿਚ ਸਾਰੇ ਜਣੇ ਥੋੜ੍ਹਾ ਹੋਰ ਅੱਗੇ ਆ ਗਏ, ਐਥੇ ਦੋ-ਤਿੰਨ ਡੰਗਰ ਮਰੇ ਪਏ ਸਨ । 'ਐਹ ਦੇਖੋ ਡੰਗਰ ਮਰੇ ਪਏ ਹਨ । ਪਿੰਡ ਵਿਚ ਜਦੋਂ ਕੋਈ ਡੰਗਰ ਯਾਨੀ ਮੱਝ, ਗਊ, ਬਲਦ ਆਦਿ ਮਰ ਜਾਂਦਾ ਹੈ ਤਾਂ ਉਸ ਦੀ ਖੱਲ ਵਗੈਰਾ ਉਤਾਰ ਕੇ ਉਸ ਨੂੰ ਪਿੰਡ ਦੇ ਬਾਹਰਵਾਰ ਜਿਸ ਥਾਂ ਉੱਤੇ ਸੁੱਟਦੇ ਹਨ, ਉਸ ਨੂੰ ਹੱਡਾਰੋੜੀ ਆਖਦੇ ਹਨ ।'
'ਐਹ ਵੇਖੋ ਵੀਰ ਜੀ ਕੀ', ਕੁਲਵਿੰਦਰ ਜਿਹੜਾ ਥੋੜ੍ਹਾ ਜਿਹਾ ਪਾਸੇ ਇਕ ਝਾੜੀ ਕੋਲ ਖਲੋਤਾ ਸੀ, ਨੇ ਉੱਚੀ ਸਾਰੀ ਕਿਹਾ । ਸਾਰੇ ਬੱਚੇ ਅਤੇ ਵੀਰ ਜੀ ਝਾੜੀ ਵਾਲੇ ਪਾਸੇ ਤੁਰ ਪਏ । ਉਥੇ ਇਕ ਗਿਰਝ ਭੁੰਜੇ ਡਿੱਗੀ ਆਪਣੇ ਖੰਭ ਫੜਫੜਾ ਰਹੀ ਸੀ । ਉਹ ਸ਼ਾਇਦ ਉਡਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਕੋਲੋਂ ਉਡਿਆ ਨਹੀਂ ਸੀ ਜਾ ਰਿਹਾ ।
'ਇਹ ਗਿਰਝ ਹੈ, ਵਿਚਾਰੀ ਬਿਮਾਰ ਹੋ ਕੇ ਡਿੱਗ ਪਈ ਹੈ ਅਤੇ ਤੜਫ ਰਹੀ ਹੈ ।'
ਸਿਧਾਰਥ ਦੇ ਹੱਥ ਵਿਚ ਪਾਣੀ ਵਾਲੀ ਬੋਤਲ ਸੀ, ਉਸ ਨੇ ਬੋਤਲ ਦਾ ਢੱਕਣ ਖੋਲ੍ਹਦਿਆਂ ਹੋਇਆਂ ਕਿਹਾ, 'ਵੀਰ ਜੀ ਮੈਂ ਇਸ ਦੇ ਮੂੰਹ ਵਿਚ ਥੋੜ੍ਹਾ ਪਾਣੀ ਪਾ ਦਿਆਂ, ਪਾਣੀ ਪੀਣ ਤੋਂ ਬਾਅਦ ਇਹ ਸ਼ਾਇਦ ਠੀਕ ਹੋ ਜਾਵੇ ।'
'ਪਾਣੀ ਤੇ ਤੂੰ ਜ਼ਰੂਰ ਇਸ ਦੇ ਮੂੰਹ ਵਿਚ ਪਾ ਦੇ ਪਰ ਮੈਨੂੰ ਨਹੀਂ ਲਗਦਾ ਕਿ ਇਹ ਠੀਕ ਹੋਵੇਗੀ', ਵੀਰ ਜੀ ਨੇ ਠੰਢਾ ਸਾਹ ਭਰਦਿਆਂ ਕਿਹਾ ।
'ਵੀਰ ਜੀ, ਇਹ ਠੀਕ ਕਿਉਂ ਨਹੀਂ ਹੋਵੇਗੀ? ਨਾਲੇ ਤੁਸੀਂ ਉਦਾਸ ਕਿਉਂ ਹੋ ਗਏ ਹੋ?' ਕਈ ਬੱਚੇ ਇਕੱਠੇ ਬੋਲ ਪਏ ।
'ਬੱਚਿਓ! ਐਹ ਗਿਰਝ ਇਕ-ਦੋ ਦਿਨਾਂ ਦੀ ਪ੍ਰਾਹੁਣੀ ਹੈ । ਇਹ ਐਥੇ ਹੀ ਤੜਫ-ਤੜਫ ਕੇ ਮਰ ਜਾਵੇਗੀ । ਇਹ ਨਹੀਂ, ਐਹੋ ਜਿਹੀਆਂ ਬੇਅੰਤ ਗਿਰਝਾਂ ਇਸੇ ਤਰ੍ਹਾਂ ਹੀ ਮਰ ਚੁੱਕੀਆਂ ਹਨ ।'
'ਉਹ ਕਿਸ ਤਰ੍ਹਾਂ ਵੀਰ ਜੀ?' ਬੱਚੇ ਹੈਰਾਨ-ਪ੍ਰੇਸ਼ਾਨ ਗਿਰਝ ਵੱਲ ਦੇਖਦੇ ਹੋਏ ਬੋਲੇ ।
'ਤੁਹਾਨੂੰ ਸਾਰਾ ਕੁਝ ਦੱਸਦਾ ਹਾਂ । ਇਸੇ ਕਰਕੇ ਹੀ ਤੁਹਾਨੂੰ ਐਥੇ ਲੈ ਕੇ ਆਇਆ ਹਾਂ । ਔਹ ਵੇਖੋ, ਮਰੇ ਹੋਏ ਡੰਗਰਾਂ ਉੱਪਰ ਕੇਵਲ ਦੋ-ਚਾਰ ਗਿਰਝਾਂ ਹੀ ਉਨ੍ਹਾਂ ਦਾ ਮਾਸ ਖਾ ਰਹੀਆਂ ਹਨ । ਅੱਜ ਤੋਂ ਕੁਝ ਸਾਲ ਪਿੱਛੇ ਚਲੇ ਜਾਓ ਤਾਂ ਉਦੋਂ ਕੋਈ ਡੰਗਰ ਮਰਦਾ ਸੀ ਤਾਂ ਹੱਡਾਰੋੜੀ ਉੱਪਰ ਸੁੱਟਣ ਦੀ ਦੇਰ ਹੁੰਦੀ ਸੀ, ਝੁੰਡਾਂ ਦੇ ਝੁੰਡ ਗਿਰਝਾਂ ਦੇ ਆ ਜਾਂਦੇ ਸਨ ਅਤੇ ਕੁਝ ਸਮੇਂ ਵਿਚ ਹੀ ਡੰਗਰਾਂ ਦਾ ਮਾਸ ਚਟਮ ਕਰ ਜਾਂਦੇ ਸਨ । ਉਸ ਨਾਲ ਹੱਡਾਰੋੜੀ ਦੀ ਨਾਲੋ-ਨਾਲ ਸਫਾਈ ਹੋਈ ਜਾਂਦੀ ਸੀ ਅਤੇ ਜਿਸ ਤਰ੍ਹਾਂ ਦੀ ਭਿਆਨਕ ਬਦਬੂ ਹੁਣ ਤੁਹਾਨੂੰ ਆ ਰਹੀ ਹੈ, ਉਦੋਂ ਨਹੀਂ ਸੀ ਆਉਂਦੀ । ਇਸੇ ਕਰਕੇ ਗਿਰਝਾਂ ਨੂੰ 'ਸਫਾਈ ਸੇਵਕ' ਵੀ ਕਿਹਾ ਜਾਂਦਾ ਹੈ ।

+++
'ਹੁਣ ਗਿਰਝਾਂ ਕਿਉਂ ਨਹੀਂ ਆਉਂਦੀਆਂ?' ਬੱਚੇ ਅਜੇ ਵੀ ਪੂਰੀ ਉਤਸੁਕਤਾ ਨਾਲ ਪੁੱਛ ਰਹੇ ਸਨ ।
'ਤੁਹਾਨੂੰ ਪਹਿਲਾਂ ਦੱਸਿਆ ਹੈ ਨਾ ਕਿ ਬੇਅੰਤ ਗਿਰਝਾਂ ਬਿਮਾਰ ਹੋ-ਹੋ ਕੇ ਮਰ ਗਈਆਂ ਹਨ... ।'
ਬੱਚਿਆਂ ਨੇ ਵਿਚੋਂ ਹੀ ਗੱਲ ਟੋਕਦਿਆਂ ਪੁੱਛਿਆ, 'ਬਿਮਾਰ ਕਿਸ ਤਰ੍ਹਾਂ ਹੋ ਗਈਆਂ ਸਾਰੀਆਂ ਗਿਰਝਾਂ?'
'ਇਨ੍ਹਾਂ ਗਿਰਝਾਂ ਨੂੰ ਅਸੀਂ ਹੀ ਬਿਮਾਰ ਕੀਤਾ ਹੈ ਅਤੇ ਅਸੀਂ ਹੀ ਮਾਰਿਆ ਹੈ', ਵੀਰ ਜੀ ਨੇ ਭਾਵੁਕ ਹੁੰਦਿਆਂ ਕਿਹਾ ।
'ਅਸੀਂ ਕਿਸ ਤਰ੍ਹਾਂ ਬਿਮਾਰ ਕੀਤੈ, ਵੀਰ ਜੀ?' ਬੱਚਿਆਂ ਨੇ ਫੇਰ ਸਵਾਲ ਕੀਤਾ ।
'ਬੱਚਿਓ! 'ਅਸੀਂ' ਤੋਂ ਮਤਲਬ ਪੂਰੀ ਮਨੁੱਖ ਜਾਤੀ ਇਸ ਦੀ ਜ਼ਿੰਮੇਵਾਰ ਹੈ । ਮਨੁੱਖ ਵਿਚ ਲਾਲਚ ਐਨਾ ਜ਼ਿਆਦਾ ਵਧ ਗਿਆ ਹੈ ਕਿ ਪਸ਼ੂ-ਪੰਛੀ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ।'
'ਉਹ ਕਿਸ ਤਰ੍ਹਾਂ ਵੀਰ ਜੀ?' ਸਾਰੇ ਬੱਚੇ ਬੜੇ ਧਿਆਨ ਨਾਲ ਆਪਣੇ ਵੀਰ ਜੀ ਦੀਆਂ ਗੱਲਾਂ ਸੁਣ ਰਹੇ ਸਨ ।
'ਉਹ ਇਸ ਤਰ੍ਹਾਂ ਬੱਚਿਓ ਕਿ ਮਨੁੱਖ ਘੱਟ ਤੋਂ ਘੱਟ ਸਮਾਂ ਲਗਾ ਕੇ ਆਪਣੀਆਂ ਗਊਆਂ-ਮੱਝਾਂ ਕੋਲੋਂ ਵੱਧ ਤੋਂ ਵੱਧ ਦੁੱਧ ਲੈਣਾ ਚਾਹੁੰਦਾ ਹੈ । ਇਸ ਕੰਮ ਲਈ ਦੁੱਧ ਚੋਣ ਤੋਂ ਦੋ-ਤਿੰਨ ਮਿੰਟ ਪਹਿਲਾਂ ਮੱਝ ਜਾਂ ਗਊ ਨੂੰ ਉਹ ਇਕ ਟੀਕਾ, ਜਿਸ ਵਿਚ ਸਿਟੋਸਿਨ ਸਾਲਟ (9nj. Oxytocin) ਹੁੰਦਾ ਹੈ, ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ, ਲਗਾਉਂਦਾ ਹੈ, ਜਿਸ ਨਾਲ ਮੱਝ ਜਾਂ ਗਊ ਉਸੇ ਵਕਤ ਪਸਮ ਜਾਂਦੀ ਹੈ, ਯਾਨੀ ਤੁਸੀਂ ਟੀਕਾ ਲਗਾਉਂਦਿਆਂ ਹੀ ਦੁੱਧ ਚੋਣ ਲੱਗ ਜਾਂਦੇ ਹੋ ਅਤੇ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚ ਤੁਸੀਂ ਵੱਧ ਤੋਂ ਵੱਧ ਦੁੱਧ ਚੋਅ ਲੈਂਦੇ ਹੋ । 'ਕੀ ਇਹ ਟੀਕਾ ਖ਼ਤਰਨਾਕ ਹੁੰਦੈ?' ਜਗਮੀਤ ਨੇ ਪੁੱਛਿਆ । ਨਾਲ ਹੀ ਸਿਧਾਰਥ ਬੋਲ ਪਿਆ, 'ਜੇ ਟੀਕਾ ਨਾ ਲਗਾਓ ਤਾਂ ਮੱਝ ਜਾਂ ਗਊ ਦੁੱਧ ਨਹੀਂ ਦੇਂਦੀ?'
'ਪੁਰਾਣੇ ਸਮੇਂ ਵਿਚ ਕੋਈ ਵੀ ਟੀਕਾ ਲਗਾ ਕੇ ਦੁੱਧ ਨਹੀਂ ਸੀ ਚੋਂਦਾ । ਉਦੋਂ ਦੁੱਧ ਚੋਣ ਤੋਂ ਪਹਿਲਾਂ ਕਿੰਨੀ-ਕਿੰਨੀ ਦੇਰ ਤੱਕ ਮੱਝ ਜਾਂ ਗਊ ਨੂੰ ਪਸਮਾਉਂਦੇ ਰਹਿੰਦੇ ਸੀ । ਅੱਜ ਮਨੁੱਖ ਹਰ ਕੰਮ ਵਿਚ ਸਮਾਂ ਬਚਾਉਣਾ ਚਾਹੁੰਦੈ । ਇਸ ਲਈ ਜਲਦੀ ਤੋਂ ਜਲਦੀ ਦੁੱਧ ਚੋਣ ਲਈ ਉਹ ਟੀਕੇ ਦੀ ਵਰਤੋਂ ਕਰਦੈ । ਇਹ ਟੀਕਾ ਜਾਨਵਰਾਂ ਲਈ ਬੜਾ ਹਾਨੀਕਾਰਕ ਹੈ । ਰੋਜ਼ ਦੋਵੇਂ ਵੇਲੇ ਟੀਕਾ ਲਗਾਉਣ ਕਰਕੇ ਉਸ ਦਵਾਈ ਜਾਂ ਕਹਿ ਲਓ ਜ਼ਹਿਰ ਦਾ ਅਸਰ ਹੌਲੀ-ਹੌਲੀ ਜਾਨਵਰਾਂ ਦੇ ਪੂਰੇ ਸਰੀਰ ਵਿਚ ਹੋਣਾ ਸ਼ੁਰੂ ਹੋ ਜਾਂਦੈ । ਫੇਰ ਕੁਝ ਸਮਾਂ ਪਾ ਕੇ ਡੰਗਰ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੈ ਅਤੇ ਅਖੀਰ ਆਪਣੇ ਸਮੇਂ ਤੋਂ ਕਾਫੀ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ।'

+++
'ਕੀ ਉਸ ਟੀਕੇ ਦਾ ਅਸਰ ਦੁੱਧ ਵਿਚ ਵੀ ਆ ਜਾਂਦੈ', ਅਮਿਤ ਨੇ ਬੜਾ ਵਧੀਆ ਸਵਾਲ ਕੀਤਾ ।
'ਟੀਕੇ ਦਾ ਅਸਰ ਦੁੱਧ ਵਿਚ ਜ਼ਰੂਰ ਆਉਂਦਾ ਹੈ । ਇਹ ਦੁੱਧ ਪੀਣ ਨਾਲ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੁੰਦੈ । ਇਸ ਦਾ ਅਸਰ ਮਨੁੱਖੀ ਸਰੀਰ 'ਤੇ ਇਕਦਮ ਨਹੀਂ ਹੁੰਦਾ । ਸਮਾਂ ਪਾ ਕੇ ਹੌਲੀ-ਹੌਲੀ ਇਹ ਚੀਜ਼ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ।'
'ਮੈਂ ਤੇ ਹੁਣ ਦੁੱਧ ਨਹੀਂ ਪੀਆ ਕਰਨਾ, ਮੰਮੀ ਜਿਹੜੀ ਰੋਜ਼ ਜ਼ਬਰਦਸਤੀ ਦੁੱਧ ਪਿਆਉਂਦੀ ਹੈ, ਨੂੰ ਮੈਂ ਸਾਰੀ ਗੱਲ ਦੱਸਾਂਗੀ', ਮਧੁਰ ਅਚਾਨਕ ਬੋਲ ਪਈ ।
ਰਣਬੀਰ ਸਰ ਨੇ ਆਪਣੀ ਗੱਲ ਜਾਰੀ ਰੱਖੀ, 'ਮੈਂ ਪਹਿਲਾਂ ਤੁਹਾਨੂੰ ਦੱਸ ਰਿਹਾ ਸਾਂ ਕਿ ਡੰਗਰ ਯਾਨੀ ਮੱਝਾਂ, ਗਊਆਂ ਆਪਣੇ ਅੰਦਰ ਫੈਲ ਰਹੀ ਜ਼ਹਿਰ ਕਾਰਨ ਆਪਣੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ ਤਾਂ ਇਨ੍ਹਾਂ ਦਾ ਮਾਸ ਗਿਰਝਾਂ ਖਾਂਦੀਆਂ ਹਨ । ਡੰਗਰਾਂ ਦਾ ਟੀਕੇ ਵਾਲਾ ਜ਼ਹਿਰੀਲਾ ਮਾਸ ਖਾਂਦਿਆਂ-ਖਾਂਦਿਆਂ ਇਹ ਗਿਰਝਾਂ ਆਪ ਬਿਮਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਬਾਅਦ ਵਿਚ ਹੌਲੀ-ਹੌਲੀ ਮਰਨੀਆਂ ਸ਼ੁਰੂ ਹੋ ਗਈਆਂ । ਹੁਣ ਤਕਰੀਬਨ ਇਨ੍ਹਾਂ ਗਿਰਝਾਂ ਦੀ ਨਸਲ ਖਤਮ ਹੋਣ 'ਤੇ ਆ ਗਈ ਹੈ । ਗਿਰਝਾਂ ਦੇ ਖਤਮ ਹੋਣ ਨਾਲ ਮਨੁੱਖ ਜਾਤੀ ਨੂੰ ਹੱਥਾਂ ਨਾਲ ਪਾਈਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਣੀਆਂ ਹਨ ਪਰ ਮੇਰੀ ਸੋਚ ਇਹ ਕਹਿੰਦੀ ਹੈ ਕਿ ਇਹ ਗੰਢਾਂ ਐਨੀਆਂ ਪੀਡੀਆਂ ਪੈ ਗਈਆਂ ਹਨ ਕਿ ਇਹ ਦੰਦਾਂ ਨਾਲ ਵੀ ਨਹੀਂ ਖੁੱਲ੍ਹਣੀਆਂ । ਇਹ ਸਾਡੇ ਸਫਾਈ ਸੇਵਕ ਯਾਨੀ ਕਿ ਗਿਰਝਾਂ ਜੋ ਇਨ੍ਹਾਂ ਮਰੇ ਹੋਏ ਡੰਗਰਾਂ ਦਾ ਮਾਸ ਝੱਟ ਚਟਮ ਕਰ ਜਾਂਦੀਆਂ ਸਨ, ਹੁਣ ਇਨ੍ਹਾਂ ਦੀ ਅਣਹੋਂਦ ਕਰਕੇ ਮਰੇ ਡੰਗਰਾਂ ਦਾ ਮਾਸ ਗਲ-ਸੜ ਕੇ ਸਾਰੇ ਇਲਾਕੇ ਵਿਚ ਬਦਬੂ ਫੈਲਾਅ ਰਿਹਾ ਹੈ ਅਤੇ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ ।'
ਰਣਬੀਰ ਸਰ ਦੀਆਂ ਗੱਲਾਂ ਸੁਣ ਕੇ ਬੱਚਿਆਂ ਦੇ ਮੂੰਹ ਟੱਡੇ ਦੇ ਟੱਡੇ ਰਹਿ ਗਏ । ਕਿਸੇ ਨੂੰ ਕੁਝ ਨਹੀਂ ਸੀ ਸੁੱਝ ਰਿਹਾ । ਉਹ ਆ ਚੁੱਕੇ ਅਤੇ ਆਉਣ ਵਾਲੇ ਭਿਆਨਕ ਸਮੇਂ ਬਾਰੇ ਸੋਚ ਰਹੇ ਸਨ । ਹੋ ਸਕਦਾ ਹੈ ਕਿ ਇਹ ਨਵੀਂ ਪੀੜ੍ਹੀ ਦੇ ਬੱਚੇ ਆਪਣੇ ਭਵਿੱਖ ਨੂੰ ਉਜਲਾ ਬਣਾਉਣ ਲਈ ਇਨ੍ਹਾਂ ਗੱਲਾਂ ਦੇ ਕੋਈ ਸਾਰਥਿਕ ਹੱਲ ਲੱਭਣ ।
'ਚਲੋ ਬੱਚਿਓ! ਘਰ ਨੂੰ ਚਲੀਏ, ਹਨੇਰਾ ਹੋ ਰਿਹਾ ਹੈ । ਘਰ ਵਿਚ ਤੁਹਾਡੀ ਉਡੀਕ ਹੋ ਰਹੀ ਹੋਵੇਗੀ', ਰਣਬੀਰ ਨੇ ਜਦੋਂ ਬੱਚਿਆਂ ਨੂੰ ਕਿਹਾ ਤਾਂ ਉਨ੍ਹਾਂ ਨੂੰ ਲੱਗਾ ਜਿਵੇਂ ਉਹ ਕਿਸੇ ਹੋਰ ਦੁਨੀਆ ਵਿਚ ਪਹੁੰਚੇ ਹੋਏ ਸਨ ਜਾਂ ਕਿਸੇ ਫਿਲਮ ਦਾ ਭਿਆਨਕ ਦਿ੍ਸ਼ ਦੇਖ ਰਹੇ ਸਨ । ਹੁਣ ਸਾਰੇ ਬੱਚੇ ਆਪਣੇ ਵੀਰ ਜੀ ਨਾਲ ਚੁੱਪ-ਚਾਪ ਘਰ ਵੱਲ ਤੁਰ ਪਏ ।
ਸਾਰੇ ਬੱਚੇ ਕੁਝ ਉਦਾਸੀ ਦੀ ਹਾਲਤ ਵਿਚ ਘਰ ਪਹੁੰਚੇ । ਪਰ ਘਰ ਪਹੁੰਚਦਿਆਂ ਹੀ ਉਨ੍ਹਾਂ ਦਾ ਮੂਡ ਬਦਲ ਗਿਆ । ਘਰ ਵਿਚ ਰੌਣਕਾਂ ਲੱਗੀਆਂ ਹੋਈਆਂ ਸਨ । ਘਰ ਦੀਆਂ ਅਤੇ ਆਂਢ-ਗੁਆਂਢ ਦੀਆਂ ਕੁਝ ਔਰਤਾਂ ਰਸੋਈ ਵਿਚ ਖਾਣਾ ਬਣਾਉਣ ਵਿਚ ਰੁੱਝੀਆਂ ਸਨ । ਪਿੰਡ ਦੇ ਕੁਝ ਲੋਕ ਜਿਨ੍ਹਾਂ ਵਿਚ ਵੱਡੇ, ਛੋਟੇ, ਜਵਾਨ, ਬੱਚੇ, ਕੁੜੀਆਂ, ਮੁੰਡੇ ਸਾਰੇ ਸ਼ਾਮਿਲ ਸਨ, ਆਪਣੇ ਛੋਟੇ-ਛੋਟੇ ਮਹਿਮਾਨਾਂ ਨੂੰ ਮਿਲਣ ਲਈ ਆਏ ਸਨ ।
ਬੱਚੇ ਜਦੋਂ ਘਰ ਪਹੁੰਚੇ ਤਾਂ ਸਾਰਿਆਂ ਨੇ ਬੱਚਿਆਂ ਨੂੰ ਬੜੇ ਪਿਆਰ ਨਾਲ 'ਜੀ ਆਇਆਂ' ਆਖਿਆ । ਉਨ੍ਹਾਂ ਨੇ ਬੱਚਿਆਂ ਕੋਲੋਂ ਅੱਜ ਜੋ ਕੁਝ ਦੇਖਿਆ, ਉਸ ਬਾਰੇ ਪੁੱਛਿਆ ਅਤੇ ਹੋਰ ਗੱਲਾਂਬਾਤਾਂ ਕੀਤੀਆਂ ।
ਰਣਬੀਰ ਨੂੰ ਅਚਾਨਕ ਇਕ ਖਿਆਲ ਆਇਆ । ਉਸ ਨੇ ਸਾਰਿਆਂ ਨੂੰ ਕਿਹਾ, 'ਆਓ ਬਈ, ਸਾਰੇ ਅੰਦਰ ਭੁੰਜੇ ਵਿਛੇ ਬਿਸਤਰਿਆਂ 'ਤੇ ਬੈਠਦੇ ਹਾਂ ।'
ਸਾਰੇ ਜਣੇ ਜੁੱਤੀਆਂ ਉਤਾਰ ਕੇ ਅੰਦਰ ਚਲੇ ਗਏ । ਸਾਰਿਆਂ ਨੂੰ ਬਿਠਾ ਕੇ ਰਣਬੀਰ ਨੇ ਕਿਹਾ, 'ਰੋਟੀ ਅਸੀਂ ਥੋੜ੍ਹੀ ਠਹਿਰ ਕੇ ਖਾਵਾਂਗੇ । ਓਨੀ ਦੇਰ ਅਸੀਂ ਸੰਗੀਤ ਦੀ ਮਹਿਫਲ ਲਗਾਵਾਂਗੇ ।' ਉਨ੍ਹਾਂ ਨੇ ਪਿੰਡ ਦੇ ਲੜਕੇ ਸੁਰਿੰਦਰ ਨੂੰ ਕਿਹਾ, 'ਸੁਰਿੰਦਰ ਯਾਰ ਹੀਰ ਹੋ ਜਾਏ ।'
ਸੁਰਿੰਦਰ ਨੇ ਬਿਨਾਂ ਨਾਂਹ-ਨੁੱਕਰ ਕੀਤਿਆਂ ਬੜੀ ਉੱਚੀ ਸੁਰ ਵਿਚ ਹੀਰ ਗਾਉਣੀ ਸ਼ੁਰੂ ਕਰ ਦਿੱਤੀ-
'ਹੀਰ ਆਖਦੀ ਜੋਗੀਆ ਝੂਠ ਬੋਲੇਂ
ਕੌਣ ਰੁੱਠੜੇ ਯਾਰ ਮਨਾਂਵਦਾ ਈ... ।'
ਹੀਰ ਸੁਣ ਕੇ ਸਾਰੇ ਬੱਚੇ ਅਸ਼-ਅਸ਼ ਕਰ ਉਠੇ । ਮਧੁਰ ਕਹਿਣ ਲੱਗੀ, 'ਵੀਰ ਜੀ, ਸਿਮਰ ਵੀ ਬੜਾ ਵਧੀਆ ਗਾਉਂਦੀ ਜੇ ।'
'ਇਹ ਤੇ ਬੜੀ ਚੰਗੀ ਗੱਲ ਏ, ਚੱਲ ਸਿਮਰ ਹੁਣ ਤੂੰ ਸੁਣਾ', ਵੀਰ ਜੀ ਨੇ ਕਿਹਾ ।
ਸਿਮਰ ਨੇ ਮਧੁਰ ਵੱਲ ਘੂਰੀ ਵੱਟੀ ਅਤੇ ਥੋੜ੍ਹੀ ਨਾਂਹ ਕਰਨ ਲੱਗੀ ਪਰ ਸਾਰਿਆਂ ਦੇ ਕਹਿਣ 'ਤੇ ਉਸ ਨੇ ਸੁਰਿੰਦਰ ਕੌਰ ਦਾ ਗਾਇਆ ਮਸ਼ਹੂਰ ਲੋਕ-ਗੀਤ ਸੁਣਾਇਆ-
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ,
ਆ ਬਹੁ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ...
ਸਿਮਰ ਦੇ ਗਾਣੇ ਉੱਪਰ ਵੀ ਸਾਰਿਆਂ ਨੇ ਬਹੁਤ ਤਾੜੀਆਂ ਮਾਰੀਆਂ । ਸਿੰਪੀ, ਅਮਿਤ, ਗੁੱਡੀ, ਭੋਲੀ, ਰਿਤੇਸ਼, ਵਿਨੋਦ ਸਾਰੇ ਕਹਿਣ ਲੱਗੇ, 'ਸਾਨੂੰ ਤੇ ਪਤਾ ਈ ਨਹੀਂ ਸੀ ਕਿ ਸਿਮਰ ਵੀ ਗਾਉਂਦੀ ਹੈ ।'

+++
'ਚਲੋ ਹੁਣ ਤੇ ਪਤਾ ਲੱਗ ਗਿਆ ਨਾ, ਦੇਰ ਆਏ ਦਰੁਸਤ ਆਏ', ਰਣਬੀਰ ਨੇ ਕਿਹਾ ।
ਪਿੰਡ ਦੇ ਲੋਕ ਰਣਬੀਰ ਵੱਲ ਦੇਖ ਕੇ ਕਹਿਣ ਲੱਗੇ, 'ਹੁਣ ਤੁਹਾਡੇ ਕੋਲੋਂ ਗਾਣਾ ਵੀ ਸੁਣਨਾ ਹੈ ਅਤੇ ਬੰਸਰੀ ਵੀ ਸੁਣਨੀ ਹੈ ।'
'ਮੈਂ ਜ਼ਰੂਰ ਸੁਣਾਵਾਂਗਾ ਪਰ ਅਖੀਰ 'ਤੇ । ਪਹਿਲਾਂ ਇਕ-ਦੋ ਗਾਣੇ ਹੋਰ ਸੁਣ ਲਈਏ', ਰਣਬੀਰ ਸਰ ਨੇ ਜਵਾਬ ਦਿੱਤਾ ਅਤੇ ਫਿਰ ਪਿੰਡ ਦੀ ਇਕ ਲੜਕੀ ਗੁਣਵੰਤ ਨੂੰ ਕੋਈ ਗੀਤ ਸੁਣਾਉਣ ਲਈ ਕਿਹਾ । ਗੁਣਵੰਤ ਨੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਅਤੇ ਸੁਰਿੰਦਰ ਕੌਰ ਦਾ ਗਾਇਆ ਗੀਤ ਸੁਣਾਇਆ-
ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੰੁਡਾ ਲੰਬੜਾਂ ਦਾ,
ਮੈਨੂੰ ਵਾਂਗ ਸ਼ੁਦਾਈਆਂ ਝਾਕੇ, ਹਾਏ ਨੀ ਮੰੁਡਾ ਲੰਬੜਾਂ ਦਾ ।
ਗਾਣਾ ਖਤਮ ਹੋਣ 'ਤੇ ਖੂਬ ਜ਼ੋਰ-ਜ਼ੋਰ ਦੀਆਂ ਤਾੜੀਆਂ ਵੱਜੀਆਂ । ਗੁਣਵੰਤ ਨੇ ਪੂਰੇ ਸੁਰ ਅਤੇ ਤਾਲ ਵਿਚ ਗਾਣਾ ਸੁਣਾਇਆ । ਸਾਰੇ ਬੱਚੇ ਗਾਣੇ ਦੀ ਪ੍ਰਸੰਸਾ ਕਰ ਹੀ ਰਹੇ ਸਨ ਕਿ ਰਸੋਈ ਵਿਚੋਂ ਰਣਬੀਰ ਸਰ ਦੇ ਮਾਤਾ ਜੀ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, 'ਹੁਣ ਬਸ ਕਰੋ ਗਾਣਾ-ਵਜਾਣਾ, ਰੋਟੀਆਂ ਠੰਢੀਆਂ ਹੋ ਜਾਣੀਆਂ ਨੇ ।'
ਇਸ ਦਾ ਜਵਾਬ ਬੱਚਿਆਂ ਨੇ ਦਿੰਦਿਆਂ ਕਿਹਾ, 'ਰੋਟੀ ਦੀ ਕੋਈ ਗੱਲ ਨਹੀਂ, ਅਸੀਂ ਵੀਰ ਜੀ ਦਾ ਗਾਣਾ ਅਤੇ ਬੰਸਰੀ ਜ਼ਰੂਰ ਸੁਣਨੀ ਹੈ । ਚਲੋ ਵੀਰ ਜੀ, ਹੋ ਜਾਓ ਸ਼ੁਰੂ ।'
ਰਣਬੀਰ ਸਰ ਨੇ ਅੰਮਿ੍ਤਾ ਪ੍ਰੀਤਮ ਦੀ ਇਕ ਬਹੁਤ ਹੀ ਮਸ਼ਹੂਰ ਕਵਿਤਾ ਗਾ ਕੇ ਸੁਣਾਈ-
ਅੱਜ ਆਖਾਂ ਵਾਰਸ ਸ਼ਾਹ ਨੂੰ ,
ਕਿਤੇ ਕਬਰਾਂ ਵਿਚੋਂ ਬੋਲ ।
ਤੇ ਅੱਜ ਕਿਤਾਬੇ ਇਸ਼ਕ ਦਾ,
ਕੋਈ ਅਗਲਾ ਵਰਕਾ ਫੋਲ...
ਰਣਬੀਰ ਸਰ ਦੀ ਆਵਾਜ਼ ਵਿਚ ਬੜਾ ਦਰਦ ਅਤੇ ਸੋਜ਼ ਸੀ । ਸਾਰਿਆਂ ਨੇ ਕਵਿਤਾ ਅਤੇ ਆਪਣੇ ਵੀਰ ਜੀ ਦੀ ਆਵਾਜ਼ ਦੇ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ । ਹੁਣ ਬੱਚੇ ਅਤੇ ਪਿੰਡ ਵਾਲੇ ਸਾਰੇ ਉਨ੍ਹਾਂ ਨੂੰ ਬੰਸਰੀ ਵਜਾਉਣ ਲਈ ਕਹਿ ਰਹੇ ਸਨ ।
ਰਣਬੀਰ ਨੇ ਕਮਰੇ ਦੀ ਇਕ ਅਲਮਾਰੀ 'ਚੋਂ ਅਖਬਾਰ ਵਿਚ ਲਪੇਟੀ ਬੰਸਰੀ ਕੱਢੀ ਅਤੇ ਕਹਿਣ ਲੱਗੇ, 'ਬੱਚਿਓ, ਤੁਹਾਨੂੰ ਨਵੇਂ-ਨਵੇਂ ਗਾਣੇ ਆਉਂਦੇ ਹੋਣਗੇ ਪਰ ਮੈਨੂੰ ਪੁਰਾਣੇ ਗਾਣੇ ਚੰਗੇ ਲਗਦੇ ਨੇ । ਹੁਣ ਮੈਂ ਤੁਹਾਨੂੰ ਇਕ ਗਾਣੇ ਦੀ ਧੁਨ ਸੁਣਾਉਂਦਾ ਹਾਂ, ਜਿਹੜੀ ਬਹੁਤੀ ਪੁਰਾਣੀ ਨਹੀਂ । ਇਹ ਪਾਕਿਸਤਾਨੀ ਗਾਇਕਾ ਰੇਸ਼ਮਾ ਦਾ ਗਾਇਆ ਹੋਇਆ ਇਕ ਗੀਤ ਹੈ, ਜਿਹੜਾ ਉਸ ਨੇ ਸਾਡੀ ਹਿੰਦੀ ਫਿਲਮ 'ਹੀਰੋ' ਵਿਚ ਗਾਇਆ ਸੀ-
ਚਾਰ ਦਿਨਾਂ ਦਾ ਪਿਆਰ ਓਏ ਰੱਬਾ
ਬੜੀ ਲੰਬੀ ਜੁਦਾਈ.... ।
ਉਨ੍ਹਾਂ ਨੇ ਬੰਸਰੀ 'ਤੇ ਧੁਨ ਕੱਢੀ ਕਿ ਸਾਰੇ ਹੀ ਜਿਵੇਂ ਕੀਲੇ ਗਏ । ਰਣਬੀਰ ਸਰ ਦੀਆਂ ਬੰਸਰੀ ਉੱਪਰ ਕਿਆ ਉਂਗਲਾਂ ਚੱਲ ਰਹੀਆਂ ਸਨ । ਧੁਨ ਕਦੀ ਬੜੀ ਉੱਚੀ ਸੁਰ ਵਿਚ ਚਲੀ ਜਾਂਦੀ ਅਤੇ ਕਦੀ ਬਿਲਕੁਲ ਹੇਠਲੀ ਪੰਚਮ ਸੁਰ 'ਤੇ ਆ ਜਾਂਦੀ । ਇਹੋ ਹੀ ਇਸ ਗਾਣੇ ਅਤੇ ਗਾਣੇ ਦੀ ਗਾਇਕਾ ਰੇਸ਼ਮਾ ਦਾ ਕਮਾਲ ਸੀ, ਜਿਸ ਨੂੰ ਰਣਬੀਰ ਨੇ ਹੂਬਹੂ ਉਸੇ ਤਰ੍ਹਾਂ ਹੀ ਬੰਸਰੀ 'ਤੇ ਕੱਢ ਕੇ ਹੋਰ ਵੀ ਕਮਾਲ ਕਰ ਦਿੱਤੀ ।
ਬੰਸਰੀ ਦੀ ਧੁਨ ਸਾਰੇ ਮਗਨ ਹੋ ਕੇ ਸੁਣ ਰਹੇ ਸਨ । ਬਹੁਤੇ ਬੱਚਿਆਂ ਨੇ ਇਹ ਗੀਤ ਸੁਣਿਆ ਹੋਇਆ ਸੀ, ਜਿਸ ਕਰਕੇ ਉਹ ਇਸ ਨੂੰ ਵਧੇਰੇ ਮਾਣ ਰਹੇ ਸਨ । ਸਿਧਾਰਥ ਤਾਂ ਅੱਖਾਂ ਬੰਦ ਕਰਕੇ ਝੂਮ ਰਿਹਾ ਸੀ ਅਤੇ ਆਪਣੇ ਗੋਡਿਆਂ ਉੱਪਰ ਹੱਥਾਂ ਨਾਲ ਤਾਲ ਦੇ ਰਿਹਾ ਸੀ, ਜਿਵੇਂ ਤਬਲਾ ਵਜਾ ਰਿਹਾ ਹੋਵੇ ।
ਬੰਸਰੀ ਦੀ ਧੁਨ ਖਤਮ ਹੋਈ ਤਾਂ ਸਾਰੇ ਤਾੜੀਆਂ ਮਾਰਦੇ ਹੋਏ ਰੌਲਾ ਪਾਉਣ ਲੱਗੇ, 'ਵਨ ਮੋਰ, ਵਨ ਮੋਰ ।' ਪਰ ਰਣਬੀਰ ਨੇ ਬੰਸਰੀ ਨੂੰ ਅਖ਼ਬਾਰ ਵਿਚ ਲਪੇਟਦਿਆਂ ਕਿਹਾ, 'ਬਸ ਅੱਜ ਦਾ ਸੰਗੀਤ ਦਾ ਪ੍ਰੋਗਰਾਮ ਖਤਮ, ਬਾਕੀ ਕੱਲ੍ਹ । ਹੁਣ ਰੋਟੀ ਵੱਲ ਧਿਆਨ ਕਰੀਏ, ਨਹੀਂ ਤਾਂ ਬੀਜੀ ਕੋਲੋਂ ਮੈਨੂੰ ਝਾੜਾਂ ਪੈ ਜਾਣੀਆਂ ਨੇ ।' ਇਹ ਕਹਿੰਦਿਆਂ ਉਸ ਨੇ ਬੰਸਰੀ ਅਲਮਾਰੀ ਵਿਚ ਰੱਖੀ ਅਤੇ ਰਸੋਈ ਵੱਲ ਚਲਾ ਗਿਆ ।

+++
ਰਸੋਈ ਵਿਚ ਸਾਰੇ ਉਡੀਕ ਰਹੇ ਸਨ ਕਿ ਗੀਤ-ਸੰਗੀਤ ਖਤਮ ਹੋਏ ਤਾਂ ਜੋ ਰੋਟੀ-ਪਾਣੀ ਸ਼ੁਰੂ ਕਰੀਏ, ਕਿਉਂਕਿ ਖਾਣੇ ਤੋਂ ਬਾਅਦ ਬਰਤਨ ਵਗੈਰਾ ਸਾਫ਼ ਕਰਕੇ ਉਨ੍ਹਾਂ ਨੂੰ ਸੰਭਾਲਣ ਦਾ ਵੀ ਕਾਫੀ ਕੰਮ ਹੋ ਜਾਂਦੈ । ਰਣਬੀਰ ਨੇ ਰਸੋਈ ਵਿਚ ਜਾ ਕੇ ਰੋਟੀ ਕਮਰੇ ਵਿਚ ਲੈ ਆਉਣ ਬਾਰੇ ਕਹਿ ਦਿੱਤਾ ।
ਬੱਚਿਆਂ ਨੇ ਹੱਥ ਧੋਤੇ ਅਤੇ ਰਸੋਈ ਵਿਚੋਂ ਆਪੇ ਰੋਟੀ ਲਿਜਾਣ ਬਾਰੇ ਕਹਿਣ ਲੱਗੇ ਪਰ ਪਿੰਡ ਵਾਲਿਆਂ ਨੇ ਕਿਹਾ, 'ਤੁਸੀਂ ਕਮਰੇ ਵਿਚ ਜਾ ਕੇ ਬੈਠੋ, ਅਸੀਂ ਰੋਟੀ ਲੈ ਕੇ ਆਉਂਦੇ ਹਾਂ । ਬੱਚੇ ਕਮਰੇ ਵਿਚ ਆ ਕੇ ਬੈਠ ਗਏ । ਮਿੰਟਾਂ ਵਿਚ ਹੀ ਦਾਲ ਅਤੇ ਸਬਜ਼ੀ ਦੇ ਡੋਂਘੇ ਆ ਗਏ । ਥਾਲੀਆਂ, ਕੌਲੀਆਂ, ਚਮਚੇ ਅਤੇ ਪਾਣੀ ਦੇ ਗਲਾਸ ਆ ਗਏ । ਗਰਮਾ-ਗਰਮ ਰੋਟੀਆਂ ਆਉਣੀਆਂ ਸ਼ੁਰੂ ਹੋ ਗਈਆਂ । ਸ਼ਾਮ ਨੂੰ ਖੇਤਾਂ ਦੀ ਸੈਰ ਨੇ ਬੱਚਿਆਂ ਨੂੰ ਭੁੱਖ ਵੀ ਪੂਰੀ ਲਾ ਦਿੱਤੀ ਸੀ ।
'ਵਾਹ ਜੀ ਵਾਹ! ਕਾਲੀ ਦਾਲ ਲੰਗਰ ਵਾਲੀ', ਦਾਲ ਨੂੰ ਦੇਖਦਿਆਂ ਹੀ ਸਿਧਾਰਥ ਉਛਲ ਪਿਆ । ਉਸ ਨੂੰ ਦੇਖ ਕੇ ਸਾਰੇ ਬੱਚੇ ਹੱਸਣ ਲੱਗ ਪਏ ।
'ਤੁਸੀਂ ਮੇਰੀ ਹਰ ਇਕ ਗੱਲ 'ਤੇ ਹੱਸਣ ਕਿਉਂ ਲੱਗ ਪੈਂਦੇ ਹੋ?' ਸਿਧਾਰਥ ਸਾਰਿਆਂ ਦੇ ਮੂੰਹ ਵੱਲ ਦੇਖਦਾ ਹੋਇਆ ਬੋਲਿਆ ।
'ਗੱਲ ਕਰਨ ਲੱਗਿਆਂ ਤੇਰੀ ਸ਼ਕਲ ਹੀ ਐਨੀ ਪਿਆਰੀ ਹੋ ਜਾਂਦੀ ਹੈ ਕਿ ਸਾਡਾ ਹਾਸਾ ਨਿਕਲ ਜਾਂਦੈ', ਰਿਤੇਸ਼ ਨੇ ਸਾਰਿਆਂ ਵੱਲੋਂ ਉਸ ਦੀ ਗੱਲ ਦਾ ਜਵਾਬ ਦੇ ਦਿੱਤਾ ।
'ਚਲੋ ਖਾਣਾ ਸ਼ੁਰੂ ਕਰੋ, ਠੰਢਾ ਹੋ ਰਿਹੈ', ਰਣਬੀਰ ਨੇ ਬੱਚਿਆਂ ਨੂੰ ਗੱਪਾਂ ਵੱਲੋਂ ਮੋੜ ਕੇ ਖਾਣੇ ਵੱਲ ਲਗਾਇਆ ।
'ਦਾਲ ਤੇ ਬਹੁਤੀ ਸਵਾਦ ਏ, ਐਨੀ ਸਵਾਦ ਦਾਲ ਤੇ 'ਭਰਾਵਾਂ ਦੇ ਢਾਬੇ' ਉੱਤੇ ਵੀ ਨਹੀਂ ਮਿਲਦੀ', ਸਿਧਾਰਥ ਫੇਰ ਬੋਲ ਪਿਆ ।
'ਤੂੰ 'ਭਰਾਵਾਂ ਦੇ ਢਾਬੇ' ਦੀ ਗੱਲ ਕਰਦੈਂ, ਮੈਂ ਕਹਿੰਨਾ ਕਿ 'ਕੇਸਰ ਦੇ ਢਾਬੇ' ਵਾਲਾ ਵੀ ਐਨੀ ਸਵਾਦ ਦਾਲ ਨਹੀਂ ਬਣਾ ਸਕਦਾ', ਐਤਕੀਂ ਵਿਨੋਦ ਨੇ ਉਸ ਨੂੰ ਜਵਾਬ ਦਿੱਤਾ ।
'ਮੈਂ ਕਹਿੰਦੀ ਹਾਂ ਕਿ ਆਲੂ-ਪਨੀਰ ਦਾ ਕੋਈ ਮੁਕਾਬਲਾ ਨਹੀਂ, ਐਨਾ ਸਵਾਦ ਪਨੀਰ ਤਾਂ ਮੈਂ ਜ਼ਿੰਦਗੀ ਵਿਚ ਕਦੀ ਨਹੀਂ ਖਾਧਾ', ਮਧੁਰ ਪਚਾਕੇ ਮਾਰਦੀ ਹੋਈ ਬੋਲੀ ।
'ਇਹ ਗੱਲ ਤੇ ਠੀਕ ਏ, ਤੇਰੀ ਤੇ ਪੂਰੀ ਜ਼ਿੰਦਗੀ ਲੰਘ ਗਈ ਪਨੀਰ ਖਾਂਦਿਆਂ', ਰਣਬੀਰ ਦੀ ਗੱਲ ਸੁਣ ਕੇ ਇਕ ਵਾਰੀ ਫੇਰ ਕਮਰੇ ਵਿਚ ਹਾਸਾ ਗੰੂਜ ਪਿਆ ।
ਇਸ ਤਰ੍ਹਾਂ ਹੀ ਹੱਸਦਿਆਂ-ਖੇਡਦਿਆਂ ਸਾਰਿਆਂ ਨੇ ਮਜ਼ੇ ਲੈ-ਲੈ ਕੇ ਰੋਟੀ ਖਾਧੀ । ਰੋਟੀ ਤੋਂ ਬਾਅਦ ਘਿਓ ਅਤੇ ਸ਼ੱਕਰ ਪਾ ਕੇ ਸੇਵੀਆਂ ਆ ਗਈਆਂ । ਸੇਵੀਆਂ ਦੇਖ ਕੇ ਰਿਤੇਸ਼ ਨੇ ਸਿਧਾਰਥ ਨੂੰ ਕਿਹਾ, 'ਤੂੰ 3-4 ਰੋਟੀਆਂ ਘੱਟ ਖਾਈਂ, ਸ਼ੱਕਰ ਵਾਲੀਆਂ ਸੇਵੀਆਂ ਵੀ ਖਾਣੀਆਂ ਨੇ ।'
'ਤੂੰ ਮੇਰਾ ਫਿਕਰ ਨਾ ਕਰ, ਮੈਂ ਤਾਂ ਤਿੰਨ-ਚਾਰ ਵੱਧ ਰੋਟੀਆਂ ਖਾ ਕੇ ਤੇਰੇ ਹਿੱਸੇ ਦੀਆਂ ਸੇਵੀਆਂ ਵੀ ਖਾ ਜਾਣੀਆਂ ਨੇ', ਸਿਧਾਰਥ ਪੋਲਾ ਜਿਹਾ ਮੂੰਹ ਬਣਾਉਂਦਿਆਂ ਬੋਲਿਆ ।
ਤੁਸੀਂ ਸੇਵੀਆਂ ਦਾ ਫਿਕਰ ਨਾ ਕਰੋ, ਸੇਵੀਆਂ ਵਾਧੂ ਬਣੀਆਂ ਹਨ । ਤੁਸੀਂ ਰੋਟੀ ਵੀ ਰੱਜ ਕੇ ਖਾਓ ਅਤੇ ਸੇਵੀਆਂ ਵੀ । ਹਾਂ, ਇਕ ਗੱਲ ਹੋਰ, ਇਹ ਸੇਵੀਆਂ ਬਾਜ਼ਾਰੀ ਨਹੀਂ ਹਨ । ਇਹ ਸਾਡੇ ਬੀਜੀ ਨੇ ਹੱਥ ਨਾਲ ਵੱਟੀਆਂ ਹਨ । ਪਿੰਡਾਂ ਵਿਚ ਵਿਹਲੇ ਵਕਤ ਇਹੋ ਜਿਹੇ ਕੰਮ ਹੀ ਘਰ ਦੀਆਂ ਔਰਤਾਂ ਕਰਦੀਆਂ ਹਨ । ਸ਼ਹਿਰਾਂ ਵਾਂਗ ਕਿੱਟੀਆਂ 'ਤੇ ਨਹੀਂ ਤੁਰ ਪੈਂਦੀਆਂ ।
'ਸਾਡੇ ਮੰਮੀ ਤੇ ਸਟੋਰ ਤੋਂ ਹੀ ਸੇਵੀਆਂ ਦਾ ਪੈਕਟ ਲਿਆਉਂਦੇ ਹਨ । ਉਹ ਬਹੁਤ ਬਰੀਕ ਹੁੰਦੀਆਂ ਹਨ । ਨਾਲੇ ਘਿਓ ਅਤੇ ਸ਼ੱਕਰ ਵਾਲੀਆਂ ਸੇਵੀਆਂ ਤਾਂ ਅਸੀਂ ਕਦੇ ਨਹੀਂ ਖਾਧੀਆਂ । ਮੰਮੀ ਤਾਂ ਦੁੱਧ ਵਿਚ ਹੀ ਸੇਵੀਆਂ ਪਾ ਦਿੰਦੇ ਹਨ', ਮਧੁਰ ਨੇ ਵੀਰ ਜੀ ਵੱਲ ਦੇਖਦਿਆਂ ਕਿਹਾ ।
'ਇਸ ਦਾ ਮਤਲਬ ਇਹ ਹੋਇਆ ਕਿ ਤੂੰ ਆਪਣੀ ਪੂਰੀ ਜ਼ਿੰਦਗੀ ਵਿਚ ਪਹਿਲੀ ਵਾਰ ਘਿਓ ਅਤੇ ਸ਼ੱਕਰ ਵਾਲੀਆਂ ਸੇਵੀਆਂ ਖਾ ਰਹੀ ਏਾ', ਸਿਮਰ ਦੀ ਗੱਲ ਸੁਣ ਕੇ ਇਕ ਵਾਰੀ ਫਿਰ ਸਾਰੇ ਹੱਸ ਪਏ ।
ਵੀਰ ਜੀ ਵੀ ਹੱਸਦੇ-ਹੱਸਦੇ ਬੋਲੇ, 'ਚਲੋ ਬਈ ਬੱਚਿਓ, ਥੋੜ੍ਹੀਆਂ-ਥੋੜ੍ਹੀਆਂ ਸੇਵੀਆਂ ਹੋਰ ਲਵੋ ਅਤੇ ਹੱਥ ਧੋਵੋ । ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਚੀਜ਼ਾਂ ਹੋਰ ਵਿਖਾਉਣੀਆਂ ਨੇ ।'
'ਵੀਰ ਜੀ, ਥੋੜ੍ਹੀਆਂ-ਥੋੜ੍ਹੀਆਂ ਕਿਉਂ? ਮੈਂ ਤੇ ਜ਼ਿਆਦਾ-ਜ਼ਿਆਦਾ ਹੋਰ ਸੇਵੀਆਂ ਲੈਣੀਆਂ ਨੇ', ਸਿਧਾਰਥ ਦੀ ਗੱਲ ਨੇ ਫਿਰ ਹਾਸਾ ਪਾ ਦਿੱਤਾ ।
ਜਗਮੀਤ, ਵੀਰ ਵੱਲ ਦੇਖਦਾ ਹੋਇਆ ਹੌਲੀ ਜਿਹੀ ਬੋਲਿਆ, 'ਹੁਣ ਤੇ ਬਾਹਰ ਪੂਰਾ ਹਨੇਰਾ ਹੋ ਗਿਆ, ਹੁਣ ਤੇ ਕੁਝ ਦਿਸਣਾ ਹੀ ਨਹੀਂ ।'

+++
'ਤੂੰ ਫਿਕਰ ਨਾ ਕਰ, ਤੈਨੂੰ ਚਾਨਣ ਵਿਚ ਹੀ ਸਭ ਕੁਝ ਵਿਖਾਵਾਂਗੇ', ਰਣਬੀਰ ਵੀ ਹੁਣ ਬੱਚਿਆਂ ਨੂੰ ਉਨ੍ਹਾਂ ਵਾਂਗ ਹੀ ਹਾਸੇ-ਮਜ਼ਾਕ ਵਿਚ ਜਵਾਬ ਦੇ ਰਿਹਾ ਸੀ ।
ਸਾਰੇ ਬੱਚੇ ਖਾਣੇ ਤੋਂ ਵਿਹਲੇ ਹੋ ਗਏ । ਸਾਰਿਆਂ ਨੇ ਆਪੋ-ਆਪਣੇ ਭਾਂਡੇ ਰਸੋਈ ਵਿਚ ਰੱਖੇ ਅਤੇ ਵਾਰੋ-ਵਾਰੀ ਨਲਕੇ ਤੋਂ ਹੱਥ ਧੋਤੇ ।
'ਆਓ ਬਈ ਬੱਚਿਓ, ਹੁਣ ਮੇਰੇ ਪਿੱਛੇ-ਪਿੱਛੇ ਆ ਜਾਓ', ਰਣਬੀਰ ਨੇ ਕਿਹਾ ।
'ਪਿੱਛੇ-ਪਿੱਛੇ ਆਂਦਾ, ਮੇਰੀ ਚਾਲ ਵੇਂਹਦਾ ਆਈਂ ਵੇ...', ਸਹਿਰ ਜਿਹੜੀ ਬੜੀ ਦੇਰ ਦੀ ਚੁੱਪ ਬੈਠੀ ਸੀ, ਨੇ ਗਾਣੇ ਦੀ ਲਾਈਨ ਬੋਲ ਦਿੱਤੀ । ਇਕ ਵਾਰ ਫਿਰ ਹਾਸਾ ਪੈ ਗਿਆ ।
ਰਣਬੀਰ ਬਾਹਰ ਵਿਹੜੇ ਵਿਚ ਬਣੀਆਂ ਪੌੜੀਆਂ ਚੜ੍ਹਨ ਲੱਗਾ । ਸਾਰੇ ਬੱਚੇ ਉਨ੍ਹਾਂ ਦੇ ਪਿੱਛੇ ਦਗੜ-ਦਗੜ ਕਰਕੇ ਪੌੜੀਆਂ ਚੜ੍ਹ ਗਏ । ਕੋਠੇ ਦੇ ਉੱਪਰ ਇਕ ਕਮਰਾ ਸੀ । ਰਣਬੀਰ ਨੇ ਕਮਰੇ ਦਾ ਬੂਹਾ ਖੋਲਿ੍ਹਆ ਅਤੇ ਬੱਤੀਆਂ ਜਗਾਈਆਂ । ਕਮਰਾ ਬਹੁਤ ਵੱਡਾ ਸੀ । ਕਮਰੇ ਦੇ ਤਿੰਨੇ ਪਾਸੇ ਬਾਰੀਆਂ ਅਤੇ ਚੌਥੇ ਪਾਸੇ ਬੂਹਾ ਸੀ ।
ਕਮਰੇ ਅੰਦਰ ਦਾਖਲ ਹੁੰਦੇ ਹੀ ਸਾਰੇ ਬੱਚੇ ਹੈਰਾਨ ਹੋ ਕੇ ਇਕ-ਦੂਜੇ ਦੇ ਮੂੰਹ ਤੱਕ ਤੱਕਣ ਲੱਗ ਪਏ । ਉਸ ਕਮਰੇ ਵਿਚ ਅਜਾਇਬਘਰ ਵਾਂਗ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਪਈਆਂ ਸਨ । ਇਕ ਕੰਧ ਨਾਲ ਵੱਡਾ ਸਾਰਾ ਰੈਕ ਕਿਤਾਬਾਂ ਨਾਲ ਭਰਿਆ ਪਿਆ ਸੀ ।
ਰਣਬੀਰ ਨੇ ਬੱਚਿਆਂ ਵੱਲ ਦੇਖਦੇ ਹੋਏ ਕਿਹਾ, 'ਬੱਚਿਓ, ਇਸ ਕਮਰੇ ਵਿਚ ਮੈਂ ਖਤਮ ਹੋ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਦਾ ਯਤਨ ਕਰ ਰਿਹਾ ਹਾਂ । ਇਸ ਵਿਚੋਂ ਕੁਝ ਚੀਜ਼ਾਂ ਤੁਸੀਂ ਸ਼ਾਇਦ ਦੇਖੀਆਂ ਹੋਣ, ਪਰ ਬਹੁਤੀਆਂ ਚੀਜ਼ਾਂ ਤੁਸੀਂ ਨਹੀਂ ਦੇਖੀਆਂ ਹੋਣਗੀਆਂ । ਹੁਣ ਮੈਂ ਤੁਹਾਨੂੰ ਹਰ ਇਕ ਚੀਜ਼ ਬਾਰੇ ਥੋੜ੍ਹਾ-ਥੋੜ੍ਹਾ ਹੀ ਦੱਸਾਂਗਾ, ਕਿਉਂਕਿ ਜੇ ਮੈਂ ਵਿਸਥਾਰ ਨਾਲ ਦੱਸਣ ਲੱਗ ਪਿਆ ਤਾਂ ਏਦਾਂ ਕਮਰੇ ਵਿਚ ਹੀ ਦਿਨ ਚੜ੍ਹ ਜਾਵੇਗਾ । ਦਰਅਸਲ, ਤੁਸੀਂ ਸਮਾਂ ਬੜਾ ਘੱਟ ਲੈ ਕੇ ਆਏ ਹੋ । ਕੱਲ੍ਹ ਦੁਪਹਿਰ ਬਾਅਦ ਤੁਸੀਂ ਚਲੇ ਜਾਣਾ ਹੈ । ਮੈਂ ਚਾਹੁੰਦਾ ਸਾਂ ਕਿ ਤੁਸੀਂ ਘੱਟੋ-ਘੱਟ ਚਾਰ-ਪੰਜ ਦਿਨ ਮੇਰੇ ਕੋਲ ਜ਼ਰੂਰ ਰਹਿੰਦੇ ।'
'ਵੀਰ ਜੀ, ਸਾਡਾ ਵੀ ਜਾਣ 'ਤੇ ਜੀਅ ਨਹੀਂ ਕਰਦਾ । ਹੁਣ ਤੇ ਸਾਨੂੰ ਤੁਹਾਡੇ ਪਿੰਡ ਦਾ ਰਸਤਾ ਪਤਾ ਲੱਗ ਗਿਆ ਹੈ, ਅਸੀਂ ਆਉਂਦੇ ਹੀ ਰਹਾਂਗੇ ।' ਰਿਤੇਸ਼ ਅਤੇ ਵਿਨੋਦ ਇਕੱਠੇ ਬੋਲ ਪਏ ।
'ਮੈਂ ਵੀ ਦੇਖਾਂਗਾ ਕਿ ਤੁਸੀਂ ਕਿੰਨਾ ਕੁ ਆਉਂਦੇ ਹੋ । ਚਲੋ ਹੁਣ ਤੁਹਾਨੂੰ ਇਕ-ਇਕ ਕਰਕੇ ਚੀਜ਼ਾਂ ਵਿਖਾਵਾਂ । ਇਹ ਤਕਰੀਬਨ ਉਹ ਚੀਜ਼ਾਂ ਹਨ, ਜੋ ਕਿਸੇ ਸਮੇਂ ਹਰ ਘਰ ਵਿਚ ਹੁੰਦੀਆਂ ਸਨ ਅਤੇ ਉਨ੍ਹਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਹੁੰਦਾ । ਆਓ, ਐਧਰ ਆਓ, ਐਥੋਂ ਸ਼ੁਰੂ ਕਰਦਾ ਹਾਂ', ਰਣਬੀਰ ਨੇ ਕਹਿਣਾ ਸ਼ੁਰੂ ਕੀਤਾ-
'ਇਹ ਚਰਖਾ ਹੈ । ਪੁਰਾਣੇ ਸਮੇਂ ਵਿਚ ਕੁੜੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਤੱਕ ਹਰ ਕੋਈ ਚਰਖਾ ਕੱਤਦਾ ਸੀ । ਕੁੜੀਆਂ ਇਕੱਠੀਆਂ ਹੋ ਕੇ ਸਾਰੀ ਦੁਪਹਿਰ ਅਤੇ ਕਈ ਵਾਰੀ ਸਾਰੀ-ਸਾਰੀ ਰਾਤ ਚਰਖਾ ਕੱਤਦੀਆਂ ਰਹਿੰਦੀਆਂ ਸਨ । ਰੰੂ ਦੀਆਂ ਪਹਿਲਾਂ ਪੂਣੀਆਂ ਬਣਾਉਂਦੀਆਂ ਅਤੇ ਫਿਰ ਚਰਖੇ ਨਾਲ ਤਕਲੇ ਉੱਤੇ ਸੂਤ ਕੱਤ ਕੇ ਗਲੋਟਾ ਯਾਨੀ ਸੂਤ ਦਾ ਪਿੰਨਾ ਬਣਾ ਲਿਆ ਜਾਂਦਾ ਸੀ । ਕਈਆਂ ਨੇ ਆਪਣੇ ਚਰਖੇ ਬੜੇ ਸੋਹਣੇ ਰੰਗ ਕੀਤੇ ਹੁੰਦੇ ਸੀ ਅਤੇ ਕਈਆਂ ਨੇ ਚਰਖੇ ਵਿਚ ਛੋਟੇ-ਛੋਟੇ ਸ਼ੀਸ਼ੇ ਵੀ ਲਾਏ ਹੁੰਦੇ ਸੀ । ਤੁਸੀਂ ਇਕ ਲੋਕ-ਗੀਤ ਸੁਣਿਆ ਹੋਵੇਗਾ-
ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਦਨ ਦਾ ।
'ਹਾਂ ਜੀ, ਸੁਣਿਆ ਹੈ, ਮੇਰੇ ਮੰਮੀ ਨੇ ਸਾਡੇ ਗੁਆਂਢ ਵਿਆਹ ਦੇ 'ਲੇਡੀਜ਼ ਸੰਗੀਤ' ਵਿਚ ਗਾਇਆ ਸੀ', ਸਿਧਾਰਥ ਬੋਲਿਆ ।
'ਤੂੰ ਲੇਡੀਜ਼ ਸੰਗੀਤ ਵਿਚ ਕੀ ਕਰਦਾ ਸੈ?' ਜਗਮੀਤ ਨੇ ਸਿਧਾਰਥ 'ਤੇ ਵਿਅੰਗ ਕੱਸਿਆ ।
'ਬਸ ਬਈ ਬਸ, ਹੋਰ ਗੱਲਾਂ ਨਹੀਂ । ਹੁਣ ਐਹ ਵੇਖੋ, ਐਹ ਚਾਟੀ ਅਤੇ ਮਧਾਣੀ ਹਨ । ਇਸ ਬਾਰੇ ਤੁਹਾਨੂੰ ਸਵੇਰੇ ਦੱਸਾਂਗਾ ।'
'ਐਹ ਵੇਖੋ ਕੜੇ ਵਾਲਾ ਗਲਾਸ । ਇਹ ਪਿੱਤਲ ਦਾ ਬਣਿਆ ਹੈ ।'
'ਹੈਂ, ਐਡਾ ਵੱਡਾ, ਹੇਠੋਂ ਪਤਲਾ ਤੇ ਉੱਪਰੋਂ ਚੌੜਾ । ਐਸ ਵਿਚ ਤਾਂ ਮਿੱਠੀ ਲੱਸੀ ਪੀ ਕੇ ਸਵਾਦ ਆ ਜਾਂਦਾ ਹੋਏਗਾ । ਕੱਚ ਦੇ ਗਲਾਸ ਵਿਚ ਤਾਂ ਇਸ ਤੋਂ ਚੌਥਾ ਹਿੱਸਾ ਲੱਸੀ ਵੀ ਨਹੀਂ ਆਉਂਦੀ', ਸਿਧਾਰਥ ਬੁੱਲ੍ਹਾਂ 'ਤੇ ਜੀਭ ਫੇਰਦਾ ਕਹਿ ਰਿਹਾ ਸੀ । ਉਸ ਵੱਲ ਦੇਖ ਕੇ ਫੇਰ ਸਾਰਿਆਂ ਦਾ ਹਾਸਾ ਨਿਕਲ ਆਇਆ ।
'ਸਿਰਫ ਲੱਸੀ ਹੀ ਨਹੀਂ, ਦੁੱਧ ਵੀ ਸਾਰੇ ਇਸੇ ਗਲਾਸ ਵਿਚ ਹੀ ਪੀਂਦੇ ਸਨ', ਰਣਬੀਰ ਨੇ ਕਿਹਾ ।
'ਦੁੱਧ ਤਾਂ ਸਾਡੇ ਕੋਲੋਂ ਕੱਚ ਦੇ ਗਲਾਸ ਵਿਚ ਵੀ ਨਹੀਂ ਪੀਤਾ ਜਾਂਦਾ', ਕੋਮਲ ਨੱਕ ਚੜ੍ਹਾਉਂਦਿਆਂ ਬੋਲੀ ।

+++
'ਐਹ ਵੇਖੋ, ਇਹ ਚੱਕੀ ਹੈ । ਅੱਜ ਸ਼ਹਿਰਾਂ ਵਿਚ ਥਾਂ-ਥਾਂ 'ਤੇ ਆਟਾ ਪੀਹਣ ਵਾਲੀਆਂ ਬਿਜਲੀ ਨਾਲ ਚੱਲਣ ਵਾਲੀਆਂ ਵੱਡੀਆਂ-ਵੱਡੀਆਂ ਚੱਕੀਆਂ ਲੱਗੀਆਂ ਹੋਈਆਂ ਹਨ । ਕਈ ਬਹੁਤ ਵੱਡੀਆਂ ਫਲੋਰ ਮਿੱਲਾਂ ਲੱਗੀਆਂ ਹਨ, ਜਿਹੜੀਆਂ ਸਾਰਾ ਦਿਨ ਚਲਦੀਆਂ ਹਨ । ਉਹ ਆਟੇ ਦੇ 10 ਕਿਲੋ, 20 ਕਿਲੋ ਦੇ ਸੋਹਣੇ-ਸੋਹਣੇ ਆਪਣੇ ਨਾਂਅ ਛਪੇ ਪਲਾਸਟਿਕ ਦੇ ਪੈਕਟ ਬਣਾ ਕੇ ਹਰ ਸ਼ਹਿਰ ਵਿਚ ਵੇਚਦੇ ਹਨ, ਜਿਹੜੇ ਤੁਸੀਂ ਦੁਕਾਨਾਂ ਤੋਂ ਜਾਂ ਵੱਡੇ ਸਟੋਰਾਂ ਤੋਂ ਖਰੀਦਦੇ ਹੋ । ਪਹਿਲਾਂ ਇਹੋ ਜਿਹਾ ਕੁਝ ਨਹੀਂ ਸੀ ਹੁੰਦਾ । ਪੰਜਾਬ ਵਿਚ 13 ਅਪ੍ਰੈਲ ਵਿਸਾਖੀ ਵਾਲੇ ਦਿਨ ਕਣਕ ਦੀ ਕਟਾਈ ਸ਼ੁਰੂ ਹੁੰਦੀ ਹੈ । ਉਸ ਤੋਂ ਬਾਅਦ ਜਦੋਂ ਕਣਕ ਦੀ ਗਹਾਈ ਕਰਕੇ ਯਾਨੀ ਦਾਣੇ ਕੱਢ ਕੇ ਵਿਕਦੀ ਹੈ ਤਾਂ ਸਾਰੇ ਲੋਕ ਸਾਲ ਜੋਗੀ ਇਕੱਠੀ ਕਣਕ ਖਰੀਦ ਕੇ ਰੱਖ ਲੈਂਦੇ ਸਨ । ਫਿਰ ਇਕ-ਇਕ ਬੋਰੀ ਜਾਂ ਲੋੜ ਮੁਤਾਬਿਕ ਕਣਕ ਦਾ ਪੀਹਣ ਪਾ ਕੇ ਸਾਫ ਕਰਦੇ ਸਨ । ਫਿਰ ਚੰਗੀ ਤਰ੍ਹਾਂ ਧੋ ਕੇ, ਸੁਕਾ ਕੇ ਆਪਣੀ ਚੱਕੀ, ਐਹ ਤੁਸੀਂ ਜਿਹੜੀ ਦੇਖ ਰਹੇ ਹੋ, ਐਸ ਥਾਂ ਵਿਚ ਇਕ ਹੱਥ ਨਾਲ ਇਕ-ਇਕ ਮੁੱਠ ਕਰਕੇ ਦਾਣੇ ਪਾਈ ਜਾਂਦੇ ਸਨ । ਐਸ ਥਾਂ ਤੋਂ ਪੀਸਿਆ ਹੋਇਆ ਆਟਾ ਨਿਕਲਦਾ ਸੀ । ਐਸ ਥਾਂ 'ਤੇ ਪਰਾਤ ਜਾਂ ਵੱਡਾ ਥਾਲ ਰੱਖ ਦਿੱਤਾ ਜਾਂਦਾ ਸੀ । ਰੋਜ਼ਾਨਾ ਜ਼ਨਾਨੀਆਂ ਦੀ ਆਟਾ ਪੀਹਣ ਦੀ ਰੁਟੀਨ ਹੁੰਦੀ ਸੀ । ਘਰ ਦੇ ਬਾਕੀ ਕੰਮਾਂ ਦੇ ਮੁਕਾਬਲੇ ਚੱਕੀ ਪੀਹਣੀ ਸਭ ਤੋਂ ਔਖਾ ਕੰਮ ਹੁੰਦਾ ਸੀ ।'
'ਮੇਰੇ ਪਾਪਾ ਇਕ ਦਿਨ ਕੋਈ ਗੱਲ ਸੁਣਾ ਰਹੇ ਸਨ । ਉਹ ਕਹਿ ਰਹੇ ਸਨ ਕਿ ਜੇਲ੍ਹ ਵਿਚ ਕੈਦੀਆਂ ਨੂੰ ਸਾਰਾ-ਸਾਰਾ ਦਿਨ ਚੱਕੀ ਪੀਹਣੀ ਪੈਂਦੀ ਹੈ । ਚੱਕੀ ਚਲਾ-ਚਲਾ ਕੇ ਉਨ੍ਹਾਂ ਦੇ ਹੱਥਾਂ 'ਤੇ ਛਾਲੇ ਪੈ ਜਾਂਦੇ ਹਨ । ਉਦੋਂ ਮੈਨੂੰ ਪੂਰੀ ਗੱਲ ਸਮਝ ਨਹੀਂ ਸੀ ਲੱਗੀ । ਹੁਣ ਚੱਕੀ ਦੇਖ ਕੇ ਸਾਰੀ ਸਮਝ ਲੱਗ ਗਈ ਏ', ਰਿਤੇਸ਼ ਵੀਰ ਜੀ ਵੱਲ ਦੇਖਦਾ ਹੋਇਆ ਬੋਲਿਆ ।
ਰਣਬੀਰ ਨੇ ਰਿਤੇਸ਼ ਦੀ ਗੱਲ ਸੁਣਦਿਆਂ ਕਿਹਾ, 'ਰਿਤੇਸ਼, ਤੂੰ ਬਿਲਕੁਲ ਠੀਕ ਕਹਿ ਰਿਹਾ ਏਾ । ਜੇਲ੍ਹ ਵਿਚ ਕੈਦੀਆਂ ਨੂੰ ਚੱਕੀ ਪੀਹਣੀ, ਵਾਟਣ ਵੱਟਣਾ ਆਦਿ ਔਖੇ ਕੰਮ ਕਰਨੇ ਪੈਂਦੇ ਹਨ ।
'ਹੁਣ ਬੱਚਿਓ ਐਧਰ ਕੁਝ ਬਰਤਨ ਵੇਖੋ । ਇਹ ਵੱਡੀ ਸਾਰੀ ਦੇਗ ਹੈ । ਇਹ ਤਾਂਬੇ ਦੀ ਹੈ । ਇਸ ਵਿਚ ਇਕੋ ਵੇਲੇ ਬਹੁਤ ਸਾਰੀ ਦਾਲ, ਖੀਰ ਆਦਿ ਬਣਾਈ ਜਾਂਦੀ ਸੀ । ਜਦੋਂ ਕਿਤੇ ਲੰਗਰ ਲਗਦਾ ਸੀ ਤਾਂ ਦੇਗ ਵਿਚ ਦਾਲ ਬਣਦੀ ਸੀ । ਵਿਆਹ-ਸ਼ਾਦੀਆਂ ਵਿਚ ਵੀ ਦੇਗ ਦੀ ਵਰਤੋਂ ਕੀਤੀ ਜਾਂਦੀ ਸੀ । ਫਿਰ ਇਸ ਦੀ ਥਾਂ 'ਤੇ ਵਲਟੋਹਾ ਆ ਗਿਆ । ਇਹ ਦੇਗ ਨਾਲੋਂ ਛੋਟਾ ਹੁੰਦਾ ਹੈ ਅਤੇ ਪਿੱਤਲ ਦਾ ਹੁੰਦਾ ਹੈ । ਐਹ ਵੇਖੋ, ਇਹ ਵਲਟੋਹਾ ਹੈ । ਇਸ ਵਿਚ ਵੀ ਜ਼ਿਆਦਾ ਮਾਤਰਾ ਵਿਚ ਦਾਲ, ਖੀਰ ਆਦਿ ਬਣਾਈ ਜਾਂਦੀ ਹੈ ।'
'ਐਸ ਦੀ ਵੀ ਵਲਟੋਹੇ ਵਰਗੀ ਸ਼ਕਲ ਹੈ, ਐਹ ਕੀ ਹੈ?' ਵਿਨੋਦ ਨੇ ਪੁੱਛਿਆ ।
'ਬਿਲਕੁਲ ਠੀਕ, ਐਹ ਵਲਟੋਹੀ ਹੈ । ਇਹ ਵੀ ਪਿੱਤਲ ਦੀ ਬਣੀ ਹੋਈ ਹੈ ਪਰ ਵਲਟੋਹੇ ਤੋਂ ਕਾਫੀ ਛੋਟੀ ਹੈ । ਇਸ ਵਿਚ ਵੱਡੇ ਪਰਿਵਾਰ ਵਾਸਤੇ ਦਾਲ ਆਦਿ ਬਣਾਈ ਜਾਂਦੀ ਹੈ ।'
'ਸਾਡੀ ਮੰਮੀ ਤੇ ਕੁੱਕਰ ਵਿਚ ਹੀ ਸਭ ਕੁਝ ਬਣਾਈ ਜਾਂਦੀ ਐ, ਭਾਵੇਂ ਦਾਲ ਹੈ ਅਤੇ ਭਾਵੇਂ ਕੁਝ ਹੋਰ । ਕੁੱਕਰ ਤਾਂ ਹਰ ਵੇਲੇ ਸੀਟੀਆਂ ਹੀ ਮਾਰਦਾ ਰਹਿੰਦਾ ਹੈ । ਕੀ ਇਹ ਵਲਟੋਹਾ ਜਾਂ ਵਲਟੋਹੀ ਵੀ ਸੀਟੀਆਂ ਮਾਰਦੇ ਨੇ?' ਸਿਧਾਰਥ ਨੇ ਸਵਾਲ ਕਰ ਦਿੱਤਾ ।
'ਵਲਟੋਹਾ ਜਾਂ ਵਲਟੋਹੀ ਸੀਟੀਆਂ ਨਹੀਂ ਮਾਰਦੇ । ਇਨ੍ਹਾਂ ਭਾਂਡਿਆਂ ਵਿਚ ਦਾਲ ਗਲਣ ਨੂੰ ਜ਼ਿਆਦਾ ਵਕਤ ਲਗਦਾ ਹੈ । ਇਹ ਚੁੱਲ੍ਹੇ ਦੀ ਮੱਠੀ-ਮੱਠੀ ਅੱਗ ਉੱਤੇ ਸਾਰਾ ਦਿਨ ਬਣਦੀ ਹੈ ਪਰ ਸਵਾਦ ਬਹੁਤ ਬਣਦੀ ਹੈ । ਅੱਜਕਲ੍ਹ ਸ਼ਹਿਰ ਵਿਚ ਹੀ ਨਹੀਂ, ਸਗੋਂ ਪਿੰਡਾਂ ਵਿਚ ਵੀ ਪ੍ਰੈਸ਼ਰ ਕੁੱਕਰ ਦੀ ਜ਼ਿਆਦਾ ਵਰਤੋਂ ਹੋਣ ਲੱਗ ਪਈ ਐ । ਇਸ ਵਿਚ ਭਾਫ ਨਾਲ ਪ੍ਰੈਸ਼ਰ ਬਣਦਾ ਹੈ ਅਤੇ ਦਾਲ, ਸਬਜ਼ੀ ਜਲਦੀ ਗਲ ਜਾਂਦੀ ਹੈ । ਹੁਣ ਐਨਾ ਕਿਸੇ ਕੋਲ ਨਾ ਹੀ ਵਕਤ ਹੈ ਅਤੇ ਨਾ ਹੀ ਸਬਰ ਕਿ ਸਾਰਾ-ਸਾਰਾ ਦਿਨ ਦਾਲ ਬਣਾਉਣ ਵਿਚ ਹੀ ਲੰਘਾ ਦੇਵੇ ।'

+++
'ਮੰਮੀ ਨੇ ਬਾਅਦ ਵਿਚ ਟੀ. ਵੀ. ਉੱਪਰ ਨੂੰ ਹ-ਸੱਸ ਵਾਲਾ ਡਰਾਮਾ ਵੀ ਦੇਖਣਾ ਹੁੰਦਾ ਹੈ ਨਾ', ਸਿਧਾਰਥ ਦੀ ਗੱਲ ਸੁਣ ਕੇ ਫਿਰ ਸਾਰੇ ਹੱਸ ਪਏ ।
'ਅੱਛਾ ਹੁਣ ਜਲਦੀ-ਜਲਦੀ ਹੋਰ ਕੁਝ ਚੀਜ਼ਾਂ ਵੇਖੋ । ਐਹ ਡੋਹਣੀ ਹੈ । ਇਹ ਵੀ ਪਿੱਤਲ ਦੀ ਬਣੀ ਹੋਈ ਹੈ । ਪਿੰਡਾਂ ਵਿਚ ਇਸ ਦੀ ਵਰਤੋਂ ਬਹੁਤ ਹੁੰਦੀ ਸੀ । ਅਜੇ ਵੀ ਕਾਫੀ ਲੋਕ ਇਸ ਦੀ ਵਰਤੋਂ ਕਰਦੇ ਹਨ । ਡੋਹਣੀ ਵਿਚ ਦੁੱਧ ਚੋਇਆ ਜਾਂਦਾ ਸੀ, ਲੱਸੀ ਪਾ ਕੇ ਰੱਖੀ ਜਾਂਦੀ ਸੀ । ਮੱਸਿਆ, ਸੰਗਰਾਂਦ ਨੂੰ ਇਸ ਵਿਚ ਦੁੱਧ ਪਾ ਕੇ ਗੁਰਦੁਆਰੇ ਚੜ੍ਹਾਇਆ ਜਾਂਦਾ ਸੀ । ਹੁਣ ਇਸ ਦੀ ਥਾਂ ਪਲਾਸਟਿਕ ਦੀਆਂ ਬਾਲਟੀਆਂ ਨੇ ਲੈ ਲਈ ਹੈ । ਐਹ ਗੜਵਾ ਹੈ ਅਤੇ ਇਸ ਦੇ ਨਾਲ ਹੀ ਇਹੋ ਜਿਹੀ ਛੋਟੀ ਬਣਤਰ ਵਾਲੀ ਨੂੰ ਗੜਵੀ ਕਹਿੰਦੇ ਹਨ । ਇਸ ਵਿਚ ਲੋਕ ਦੁੱਧ, ਲੱਸੀ ਪਾ ਕੇ ਕੋਲ ਰੱਖ ਲੈਂਦੇ ਸਨ ਅਤੇ ਫਿਰ ਥੋੜ੍ਹੀ-ਥੋੜ੍ਹੀ ਕਰਕੇ ਕੌਲੀ ਵਿਚ ਪਾ ਕੇ ਪੀ ਵੀ ਜਾਂਦੇ ਸਨ । ਅੱਜ ਗੜਵੇ ਦਾ ਕੰਮ ਜੱਗ ਕਰਦੇ ਹਨ ਅਤੇ ਗੜਵੀ ਦਾ ਮੱਘ । ਗੁਸਲਖਾਨੇ ਵਿਚ ਨਹਾਉਣ ਲਈ ਵੀ ਗੜਵੀ ਦੀ ਵਰਤੋਂ ਕੀਤੀ ਜਾਂਦੀ ਸੀ ।'
'ਐਹ ਭਾਂਡੇ ਕਿੰਨੇ ਸੋਹਣੇ ਹਨ । ਐਹ ਗੜਵੀ ਤਾਂ ਬੜੀ ਹੀ ਪਿਆਰੀ ਲਗਦੀ ਪਈ ਐ । ਮੈਂ ਵੀ ਮੰਮੀ ਨੂੰ ਕਹਾਂਗੀ ਕਿ ਮੈਨੂੰ ਇਕ ਗੜਵੀ ਲਿਆ ਕੇ ਦਿਓ', ਮਧੁਰ ਗੜਵੀ ਉੱਪਰ ਪੂਰੀ ਤਰ੍ਹਾਂ ਰੀਝ ਗਈ ਲਗਦੀ ਸੀ ।
'ਬੱਚਿਓ! ਚੀਜ਼ਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਦਿਖਾਉਣ ਵਾਲੀਆਂ ਨੇ ਪਰ ਦੇਰ ਬੜੀ ਹੋ ਗਈ ਐ । ਸਵੇਰੇ ਜਲਦੀ ਉੱਠ ਕੇ ਤੁਹਾਨੂੰ ਬਾਹਰ ਪੈਲੀਆਂ ਵੱਲ ਵੀ ਖੜਨਾ ਹੈ । ਇਸ ਲਈ ਹੁਣ ਬਸ ਕਰਦੇ ਹਾਂ', ਵੀਰ ਜੀ ਨੇ ਬੱਚਿਆਂ ਨੂੰ ਕਿਹਾ ।
'ਨਹੀਂ ਵੀਰ ਜੀ, ਸਾਨੂੰ ਤਾਂ ਸਵਾਦ ਹੀ ਬੜਾ ਆ ਰਿਹੈ । ਅਸੀਂ ਤਾਂ ਸਾਰੀ ਰਾਤ ਜਾਗ ਸਕਦੇ ਹਾਂ', ਸਿਮਰ, ਮਧੁਰ, ਜਗਮੀਤ, ਸਿਧਾਰਥ, ਮੇਘਾ, ਸਿੰਪੀ, ਸਹਿਰ ਸਾਰੇ ਇਕੱਠੇ ਬੋਲ ਪਏ ।
'ਚਲੋ ਫੇਰ ਕੁਝ ਚੀਜ਼ਾਂ ਤੁਹਾਨੂੰ ਹੋਰ ਦਿਖਾ ਦਿੰਦਾ ਹਾਂ । ਐਹ ਦੇਖੋ, ਇਹ ਘੜਾ ਹੈ ਮਿੱਟੀ ਦਾ ਅਤੇ ਇਸ ਦੇ ਥੱਲੇ ਲੱਕੜ ਦੀ ਘੜਵੰਜੀ ਹੈ । ਘੜਵੰਜੀ ਘੜੇ ਨੂੰ ਰੱਖਣ ਦੇ ਕੰਮ ਆਉਂਦੀ ਹੈ ।'
'ਇਹ ਘੜਵੰਜੀ ਤਾਂ ਘੜੇ ਦਾ ਸਟੈਂਡ ਹੋ ਗਿਆ ਨਾ', ਸਿਧਾਰਥ ਬੋਲਿਆ, 'ਇਕ ਵਾਰੀ ਮੇਰੇ ਪਾਪਾ ਵੀ ਘੜਾ ਲੈ ਕੇ ਆਏ ਸਨ ਪਰ ਮੰਮੀ ਕਹਿੰਦੀ ਐਹ ਕੀ ਚੁੱਕ ਲਿਆਏ ਹੋ, ਘਰ ਵਿਚ ਫਰਿੱਜ ਦਾ ਠੰਢਾ ਪਾਣੀ ਜੁ ਹੈਗਾ ਏ ।'
'ਬਸ ਇਹੋ ਹੀ ਸਾਡੀ ਤ੍ਰਾਸਦੀ ਹੈ । ਸਾਡੀਆਂ ਪੁਰਾਣੀਆਂ ਅਤੇ ਕੁਦਰਤੀ ਚੀਜ਼ਾਂ ਦੀ ਥਾਂ ਨਵੀਆਂ ਆਧੁਨਿਕ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੇ ਲੈ ਲਈ ਹੈ । ਗਰਮੀਆਂ ਵਿਚ ਘੜੇ ਦੇ ਠੰਢੇ ਪਾਣੀ ਦਾ ਸਵਾਦ ਹੀ ਆਪਣਾ ਹੁੰਦਾ ਹੈ । ਐਹ ਵੇਖੋ ਐਹ ਮਿੱਟੀ ਦੀ ਸੁਰਾਹੀ ਹੈ । ਇਸ ਵਿਚ ਵੀ ਪਾਣੀ ਬੜਾ ਠੰਢਾ ਰਹਿੰਦਾ ਹੈ । ਐਹ ਮਿੱਟੀ ਦਾ ਚੁੱਲ੍ਹਾ ਬਣਿਆ ਹੋਇਆ ਹੈ । ਇਹ ਪਿੱਤਲ ਦੀ ਕਾੜ੍ਹਨੀ ਹੈ । ਇਹ ਚੁੱਲ੍ਹੇ ਉੱਤੇ ਰੱਖ ਕੇ ਜੋ ਮਰਜ਼ੀ ਬਣਾਓ । ਇਸ ਵਿਚ ਕੜ੍ਹ-ਕੜ੍ਹ ਕੇ ਬਣੀ ਚੀਜ਼ ਬਹੁਤ ਹੀ ਸਵਾਦ ਬਣਦੀ ਹੈ । ਐਹ ਕਾੜ੍ਹਨੀ ਦੇ ਕੋਲ ਲੱਕੜ ਦਾ ਘੋਟਣਾ ਪਿਆ ਹੈ । ਇਹ ਸਾਗ ਜਾਂ ਕੁਝ ਹੋਰ ਘੋਟਣ ਦੇ ਕੰਮ ਆਉਂਦੀ ਹੈ । ਐਹ ਵੇਖੋ ਪਿੱਤਲ ਦੀ ਵੱਡੀ ਸਾਰੀ ਗਾਗਰ । ਇਸ ਵਿਚ ਆਮ ਤੌਰ 'ਤੇ ਪਾਣੀ ਪਾ ਕੇ ਰੱਖਿਆ ਜਾਂਦੈ ਪਰ ਵਿਆਹਾਂ-ਸ਼ਾਦੀਆਂ ਵਿਚ ਇਸ ਵਿਚ ਦੁੱਧ ਜਾਂ ਕੋਈ ਹੋਰ ਪੀਣ ਵਾਲੀ ਚੀਜ਼ ਪਾ ਕੇ ਰੱਖੀ ਜਾਂਦੀ ਹੈ । ਵਿਆਹਾਂ ਵਿਚ ਗੌਣ ਵਾਲੇ ਦਿਨ ਕੁੜੀਆਂ ਗਾਗਰ ਵਜਾ ਕੇ ਗੀਤ ਗਾਉਂਦੀਆਂ ਹਨ ।'
'ਮੈਂ ਵਜਾ ਕੇ ਵੇਖਾਂ ਜੀ', ਸਿਧਾਰਥ ਬੋਲਿਆ ।
'ਐਹ ਜੇ ਵਜਾਉਣੀ ਹੈ ਤਾਂ ਨਾਲ ਗਾਣਾ ਵੀ ਸੁਣਾਉਣਾ ਪੈਣਾ ਈ', ਅਮਿਤ ਨੇ ਵੀਰ ਜੀ ਦੀ ਥਾਂ 'ਤੇ ਜਵਾਬ ਦੇ ਦਿੱਤਾ ।
'ਹੁਣ ਗੱਪਾਂ ਨਹੀਂ, ਵਕਤ ਬਹੁਤ ਜ਼ਿਆਦਾ ਹੋ ਗਿਆ ਹੈ', ਵੀਰ ਜੀ ਨੇ ਕਹਿਣਾ ਸ਼ੁਰੂ ਕੀਤਾ, 'ਹੁਣ ਐਸ ਨੁੱਕਰ ਵਿਚ ਆਓ, ਐਹ ਦੇਖੋ ਫੁਲਕਾਰੀ । ਇਹ ਸਾਡੇ ਪੰਜਾਬ ਦੀ ਸ਼ਾਨ ਅਤੇ ਮਾਣ ਹੈ ।'
'ਹਾਏ, ਹਾਏ ਐਹ ਕਿੱਡੀ ਸੋਹਣੀ ਏ', ਸਿਮਰ ਅਚਾਨਕ ਬੋਲ ਪਈ ।

+++
'ਹਾਂ, ਵਾਕਿਆ ਹੀ ਐਹ ਬਹੁਤ ਸੋਹਣੀ ਚੀਜ਼ ਹੈ, ਵੀਰ ਜੀ ਨੇ ਕਹਿਣਾ ਸ਼ੁਰੂ ਕੀਤਾ, 'ਅੱਗੇ ਪਿੰਡ ਵਿਚ ਕੁੜੀਆਂ ਚਿੱਟਾ ਖੱਦਰ ਲੈ ਕੇ ਉਸ ਨੂੰ ਧੋ ਕੇ ਉਸ ਦੀ ਕੋਰ ਯਾਨੀ ਉਸ ਦਾ ਕੋਰਾਪਨ ਕੱਢਦੀਆਂ ਸਨ । ਫਿਰ ਉਸ ਨੂੰ ਆਪ ਹੀ ਲਾਲ ਰੰਗ ਨਾਲ ਰੰਗਦੀਆਂ ਸਨ । ਫਿਰ ਉਸ ਨੂੰ ਸੁਕਾ ਕੇ ਹਰੇ ਰੰਗ ਦੇ ਰੇਸ਼ਮੀ ਧਾਗੇ ਨਾਲ ਬੂਟਾ ਪਾ ਕੇ ਸ਼ੁਰੂਆਤ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਪੀਲੇ, ਚਿੱਟੇ ਅਤੇ ਹੋਰ ਆਪਣੀ ਪਸੰਦ ਦੇ ਰੰਗਾਂ ਦੇ ਰੇਸ਼ਮੀ ਧਾਗਿਆਂ ਨਾਲ ਬੂਟੇ ਅਤੇ ਫੁੱਲਾਂ ਦੀ ਕਢਾਈ ਕੀਤੀ ਜਾਂਦੀ । ਕੁੜੀਆਂ ਅਤੇ ਵੱਡੀ ਉਮਰ ਦੀਆਂ ਔਰਤਾਂ ਵਿਹਲੇ ਸਮੇਂ ਕਢਾਈ ਹੀ ਕਰਦੀਆਂ ਸਨ । ਇਸੇ ਤਰ੍ਹਾਂ ਫੁਲਕਾਰੀ ਤੋਂ ਵੀ ਸੁੰਦਰ ਚੀਜ਼ ਬਾਗ਼ ਦਿਖਾਉਂਦਾ ਹਾਂ । ਐ ਵੇਖੋ, ਇਹ ਵੀ ਫੁਲਕਾਰੀ ਵਾਂਗ ਲਾਲ ਰੰਗ ਦੇ ਖੱਦਰ ਉੱਤੇ ਡੱਬੇ ਬਣਾ ਕੇ ਬੂਟੇ ਬਣਾਏ ਜਾਂਦੇ ਸਨ । ਸਾਰੀ ਚਾਦਰ ਉੱਪਰ ਖੱਦਰ ਦਾ ਕੱਪੜਾ ਕਿਤੇ ਨਜ਼ਰ ਨਹੀਂ ਸੀ ਆਉਂਦਾ, ਰੇਸ਼ਮੀ ਧਾਗਿਆਂ ਨਾਲ ਫੁੱਲ-ਬੂਟੇ ਹੀ ਹੁੰਦੇ ਸਨ । ਬਾਗ ਦੀ ਕਢਾਈ ਨੂੰ ਬਹੁਤ ਜ਼ਿਆਦਾ ਸਮਾਂ ਲਗਦਾ ਸੀ । ਕੁੜੀਆਂ ਜਿਹੜੇ ਬਾਗ ਕੱਢਦੀਆਂ ਸਨ, ਉਨ੍ਹਾਂ ਦੇ ਨਾਂਅ ਰੱਖੇ ਜਾਂਦੇ ਸਨ ਜਿਵੇਂ ਮਿਰਚ ਦਾ ਬਾਗ, ਲਹਿਰੀਏ ਦਾ ਬਾਗ, ਰਾਮਕਲੀ ਦਾ ਬਾਗ ਆਦਿ ।' ਰਣਬੀਰ ਨੇ ਫੁਲਕਾਰੀ ਅਤੇ ਬਾਗ ਬਾਰੇ ਸੰਖੇਪ ਜਾਣਕਾਰੀ ਦਿੱਤੀ ।
'ਵਾਓ! ਐਨੀ ਸੋਹਣੀ ਫੁਲਕਾਰੀ ਅਤੇ ਉਸ ਤੋਂ ਵੀ ਸੋਹਣਾ ਬਾਗ । ਅਸੀਂ ਇਹ ਚੀਜ਼ਾਂ ਕਦੀ ਨਹੀਂ ਦੇਖੀਆਂ', ਗੁੱਡੀ, ਸਿਮਰ, ਮਧੁਰ, ਮੇਘਾ, ਸਹਿਰ, ਸਿੰਪੀ ਸਾਰੀਆਂ ਕੁੜੀਆਂ ਇਕੱਠੀਆਂ ਬੋਲ ਪਈਆਂ ।
'ਇਸੇ ਕਰਕੇ ਤੇ ਤੁਹਾਨੂੰ ਦਿਖਾਈਆਂ ਨੇ । ਚਲੋ ਹੁਣ ਬਸ । ਥੱਲੇ ਚੱਲ ਕੇ ਹੁਣ ਸੌਂ ਜਾਓ', ਰਣਬੀਰ ਸਰ ਨੇ ਸਾਰੇ ਬੱਚਿਆਂ ਵੱਲ ਵਿਖਾਉਂਦਿਆਂ ਕਿਹਾ ।
'ਨਹੀਂ ਵੀਰ ਜੀ, ਅਸੀਂ ਅਜੇ ਨਹੀਂ ਸੌਣਾ । ਅਜੇ ਕਈ ਚੀਜ਼ਾਂ ਰਹਿ ਗਈਆਂ ਹਨ । ਐਹ ਫੋਟੋਆਂ ਬਾਰੇ ਦੱਸੋ, ਉਸ ਤੋਂ ਬਾਅਦ ਆਪਣੀ ਕਿਤਾਬਾਂ ਦੀ ਅਲਮਾਰੀ ਵਿਚ ਜਿਹੜਾ ਖਜ਼ਾਨਾ ਸਾਂਭਿਆ ਹੋਇਆ ਹੈ, ਉਸ ਬਾਰੇ ਦੱਸੋ ।' ਰਿਤੇਸ਼, ਜਗਮੀਤ, ਜੱਸੂ, ਵਿਨੋਦ, ਅਮਿਤ, ਸਿਧਾਰਥ ਸਾਰੇ ਅੜ ਕੇ ਖਲੋ ਗਏ ।
'ਜੇ ਤੁਸੀਂ ਜ਼ਿੱਦ ਹੀ ਫੜ ਲਈ ਹੈ ਤਾਂ ਥੋੜ੍ਹਾ ਜਿਹਾ ਹੋਰ ਦੱਸ ਦੇਂਦਾ ਹਾਂ । ਇਹ ਫਰੇਮ ਵਿਚ ਜਿਹੜੀਆਂ ਫੋਟੋਆਂ ਲੱਗੀਆਂ ਹਨ, ਇਹ ਪੁਰਾਣੇ ਗਹਿਣਿਆਂ ਦੀਆਂ ਹਨ । ਇਹ ਸਾਰੇ ਗਹਿਣੇ ਸੋਨੇ ਦੇ ਹੁੰਦੇ ਸਨ । ਅੱਜ ਸੋਨਾ ਹੀ ਐਨਾ ਮਹਿੰਗਾ ਹੋ ਗਿਆ ਹੈ ਕਿ ਆਮ ਆਦਮੀ ਦੀ ਤਾਂ ਗੱਲ ਹੀ ਛੱਡ ਦਿਓ, ਇਕ ਚੰਗਾ ਭਲਾ ਸਰਦਾ-ਪੁੱਜਦਾ ਵੀ ਇਹ ਗਹਿਣੇ ਨਹੀਂ ਬਣਵਾ ਸਕਦਾ । ਸੋ, ਮੈਂ ਕਈ ਘਰਾਂ ਅਤੇ ਪਿੰਡਾਂ ਵਿਚ ਸੁਨਿਆਰਿਆਂ ਦੀਆਂ ਦੁਕਾਨਾਂ ਵਿਚ ਘੰੁਮ ਕੇ ਇਨ੍ਹਾਂ ਗਹਿਣਿਆਂ ਦੀਆਂ ਫੋਟੋਆਂ ਖਿੱਚੀਆਂ ਸਨ । ਐਹ ਫੋਟੋ ਕੈਂਠੇ ਦੀ ਹੈ । ਕੈਂਠਾ ਗਲੇ ਵਿਚ ਪਾਇਆ ਜਾਂਦਾ ਹੈ । ਕੰਠ ਤੋਂ ਕੈਂਠਾ ਨਾਂਅ ਪਿਆ ਹੈ । ਕੰਠ ਦਾ ਅਰਥ ਹੁੰਦਾ ਹੈ ਗਲਾ । ਕੈਂਠਾ ਆਮ ਤੌਰ 'ਤੇ ਮਰਦ ਪਾਉਂਦੇ ਸਨ । ਕਦੇ-ਕਦਾਈਂ ਕਈ ਔਰਤਾਂ ਵੀ ਪਾ ਲੈਂਦੀਆਂ ਸਨ ।'
'ਮੈਂ ਇਕ ਪੁਰਾਣਾ ਗਾਣਾ ਵੀ ਸੁਣਿਆ ਹੋਇਆ ਹੈ-'ਇਕ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰੇ ਕੰਮ ਨਾ ਮੁੱਕੇ', ਸਿਮਰ ਗੀਤ ਦੀ ਇਕ ਲਾਈਨ ਸੁਣਾਉਂਦਿਆਂ ਬੋਲੀ ।
'ਸਿਮਰ, ਤੈਨੂੰ ਤਾਂ ਬੜੇ ਵਧੀਆ-ਵਧੀਆ ਗਾਣੇ ਆਉਂਦੇ ਹਨ', ਰਣਬੀਰ ਨੇ ਸਿਮਰ ਦੀ ਤਾਰੀਫ ਕੀਤੀ । ਫਿਰ ਉਹ ਅਗਲੀ ਫੋਟੋ ਬਾਰੇ ਦੱਸਣ ਲੱਗਾ, 'ਇਹ ਗੁਲੂਬੰਦ ਦੀ ਫੋਟੋ ਹੈ । ਗੁਲੂਬੰਦ ਵੀ ਗਲੇ ਵਿਚ ਪਾਇਆ ਜਾਂਦਾ ਹੈ । ਇਹ ਕੇਵਲ ਇਸਤਰੀਆਂ ਹੀ ਗਲੇ ਵਿਚ ਪਾਇਆ ਕਰਦੀਆਂ ਸਨ ।'
'ਇਹ ਫੋਟੋ ਬੰਦ ਦੀ ਹੈ । ਇਸ ਨੂੰ ਬਾਜੂਬੰਦ ਵੀ ਕਿਹਾ ਜਾਂਦਾ ਹੈ । ਇਹ ਬਾਂਹ ਵਿਚ ਕੜੇ ਵਾਂਗ ਪਾਇਆ ਜਾਂਦਾ ਹੈ । ਤੁਸੀਂ ਸ਼ਾਇਦ ਇਹ ਟੱਪਾ ਸੁਣਿਆ ਹੋਵੇ-
ਮੁੰਡੇ ਮਰ ਗਏ ਕਮਾਈਆਂ ਕਰਦੇ,
ਬੰਤੋ ਤੇਰੇ ਬੰਦ ਨਾ ਬਣੇ ।'

+++
'ਅਸੀਂ ਇਹ ਟੱਪਾ ਨਹੀਂ ਸੁਣਿਆ', ਸਿਮਰ, ਮਧੁਰ ਬੋਲੀਆਂ ।
'ਇਹ ਫੋਟੋ ਟਿੱਕੇ ਦੀ ਹੈ । ਟਿੱਕਾ ਮੱਥੇ 'ਤੇ ਲਗਾਇਆ ਜਾਂਦਾ ਹੈ । ਇਸ ਦੀ ਜ਼ੰਜੀਰੀ ਸਿਰ ਦੇ ਵਾਲਾਂ ਵਿਚ ਅੜਾ ਲਈ ਜਾਂਦੀ ਹੈ । ਇਹ ਸੱਗੀ ਫੁੱਲ ਦੀ ਫੋਟੋ ਹੈ । ਸਿਰ ਦੇ ਵਿਚਕਾਰ ਤਾਲੂ ਦੇ ਉੱਪਰ ਸੱਗੀ ਫੁੱਲ ਪਾਇਆ ਜਾਂਦਾ ਹੈ । ਇਹ ਬੁਗਤੀਆਂ ਹਨ । ਇਸ ਨੂੰ ਗਲੇ ਵਿਚ ਪਾਇਆ ਜਾਂਦਾ ਹੈ । ਇਹ ਨੱਥ ਹੈ । ਇਸ ਨੂੰ ਨੱਕ ਵਿਚ ਪਾਇਆ ਜਾਂਦਾ ਹੈ । ਇਸ ਉੱਪਰ ਇਕ ਅਖਾਣ ਵੀ ਹੈ-ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ।'
'ਚਲੋ, ਅੱਜ ਐਨੇ ਗਹਿਣੇ ਹੀ ਬਹੁਤ ਹਨ । ਬਾਕੀ ਚੀਜ਼ਾਂ ਫੇਰ ਕਦੀ ਵਿਖਾਵਾਂਗਾ । ਹੁਣ ਤੁਸੀਂ ਸੌਣ ਦੀ ਤਿਆਰੀ ਕਰੋ ।'
'ਨਹੀਂ ਵੀਰ ਜੀ, ਥੋੜ੍ਹੀ ਦੇਰ ਹੋਰ । ਹੁਣ ਤੁਸੀਂ ਸਾਨੂੰ ਕਿਤਾਬਾਂ, ਜਿਹੜੀਆਂ ਤੁਸੀਂ ਉਹ ਸਾਹਮਣੀ ਅਲਮਾਰੀ ਵਿਚ ਰੱਖੀਆਂ ਹੋਈਆਂ ਹਨ, ਬਾਰੇ ਮੋਟੀ-ਮੋਟੀ ਜਾਣਕਾਰੀ ਦੇ ਦਿਓ', ਜਗਮੀਤ ਨੇ ਤਰਲਾ ਮਾਰਿਆ ।
ਜਗਮੀਤ ਦੀ ਗੱਲ ਨਾਲ ਸਾਰੇ ਬੱਚੇ ਸਹਿਮਤ ਸਨ । ਸਾਰਿਆਂ ਨੇ ਰੌਲਾ ਪਾ ਦਿੱਤਾ, 'ਕਿਤਾਬਾਂ, ਕਿਤਾਬਾਂ, ਕਿਤਾਬਾਂ... ।'
'ਬੱਚਿਓ, ਕਿਤਾਬਾਂ ਇਕ ਅਣਮੁੱਲਾ ਖਜ਼ਾਨਾ ਹਨ । ਸਿਆਣੇ ਕਹਿੰਦੇ ਹਨ ਕਿ ਕਿਤਾਬਾਂ ਹੀ ਤੁਹਾਡੀਆਂ ਅਸਲੀ ਮਿੱਤਰ ਹਨ । ਕਿਤਾਬਾਂ ਦੇ ਹੁੰਦਿਆਂ ਤੁਸੀਂ ਆਪਣੇ-ਆਪ ਨੂੰ ਇਕੱਲੇ ਮਹਿਸੂਸ ਨਹੀਂ ਕਰਦੇ । ਵਿਹਲੇ ਵਕਤ ਦਾ ਵਧੀਆ ਸਾਥ ਕਿਤਾਬ ਹੈ । ਜੇ ਮੈਂ ਕਿਤਾਬਾਂ ਬਾਰੇ ਦੱਸਣ ਲੱਗਾਂ ਤਾਂ ਇਕ-ਇਕ ਕਿਤਾਬ ਉੱਤੇ ਕਈ-ਕਈ ਘੰਟੇ ਲੱਗ ਜਾਣਗੇ । ਹੁਣ ਸਾਡੇ ਕੋਲ ਵਕਤ ਦੀ ਕਮੀ ਹੈ । ਹੁਣ ਮੈਂ ਸਿਰਫ ਪੰਜ-ਸੱਤ ਮਿੰਟ ਵਿਚ ਅਲਮਾਰੀ ਵਿਚ ਪਈਆਂ ਕਿਤਾਬਾਂ ਦੀ ਝਲਕ ਤੁਹਾਨੂੰ ਵਿਖਾਵਾਂਗਾ, 'ਐਹ ਉਪਰਲੇ ਖਾਨੇ ਵਿਚ ਭਾਈ ਵੀਰ ਸਿੰਘ, ਧਨੀ ਰਾਮ ਚਾਤਿ੍ਕ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਹਨ । ਇਸ ਦੇ ਨਾਲ ਨਾਨਕ ਸਿੰਘ ਨਾਵਲਿਸਟ ਦੇ ਸਾਰੇ ਨਾਵਲ, ਕਹਾਣੀਆਂ, ਨਾਟਕ ਅਤੇ ਉਨ੍ਹਾਂ ਦੀ ਮਸ਼ਹੂਰ ਸਵੈ-ਜੀਵਨੀ 'ਮੇਰੀ ਦੁਨੀਆ' ਪਈ ਹੈ । ਉਨ੍ਹਾਂ ਦੀ ਇਸ ਸਵੈ-ਜੀਵਨੀ ਅਤੇ ਨਾਵਲਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ । ਮੇਰੇ ਵਿਚ ਜੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਾਉਣ ਦੀ, ਪ੍ਰੈਕਟੀਕਲ ਗੱਲਾਂ ਦੱਸਣ ਦੀ, ਚੰਗੇਰੀ ਜੀਵਨ-ਜਾਚ ਸਿਖਾਉਣ ਦੀ ਜੋ ਲਗਨ ਹੈ, ਜੋ ਉਤਸ਼ਾਹ ਹੈ, ਉਹ ਸਾਰਾ ਮੈਂ ਇਨ੍ਹਾਂ ਨਾਵਲਾਂ ਵਿਚੋਂ ਜਾਂ 'ਮੇਰੀ ਦੁਨੀਆ' ਵਿਚੋਂ ਹੀ ਸਿੱਖਿਆ ਹੈ । ਇਸ ਤੋਂ ਥੱਲੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਹਨ ।
ਉਨ੍ਹਾਂ ਦੇ ਨਾਲ ਕਰਤਾਰ ਸਿੰਘ ਦੁੱਗਲ, ਅੰਮਿ੍ਤਾ ਪ੍ਰੀਤਮ, ਗੁਰਦਿਆਲ ਸਿੰਘ, ਬਲਵੰਤ ਗਾਰਗੀ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਕੁਲਵੰਤ ਸਿੰਘ ਵਿਰਕ, ਸੁਜਾਨ ਸਿੰਘ ਦੀਆਂ ਚੋਣਵੀਆਂ ਕਿਤਾਬਾਂ ਹਨ । ਇਸ ਖਾਨੇ ਵਿਚ ਸ਼ਿਵ ਕੁਮਾਰ ਬਟਾਲਵੀ ਦੀਆਂ ਸਾਰੀਆਂ ਕਿਤਾਬਾਂ ਪਈਆਂ ਹਨ । ਉਸ ਦੇ ਨਾਲ ਸੁਰਜੀਤ ਪਾਤਰ, ਵਰਿਆਮ ਸੰਧੂ ਦੀਆਂ ਕੁਝ ਕਿਤਾਬਾਂ ਹਨ । ਹੇਠਾਂ ਨਵੇਂ ਲੇਖਕਾਂ ਦੀਆਂ ਇਕ-ਇਕ, ਦੋ-ਦੋ ਚੋਣਵੀਆਂ ਕਿਤਾਬਾਂ ਹਨ । ਐਸੇ ਪਾਸੇ ਮਸ਼ਹੂਰ ਕਿਤਾਬਾਂ ਦੇ ਅਨੁਵਾਦ ਪਏ ਹਨ, ਜਿਵੇਂ ਖਲੀਲ ਜਿਬਰਾਨ, ਗੋਰਕੀ, ਚੈਖੋਵ, ਡਿਕਨਜ਼, ਤਾਲਸਤਾਏ ਆਦਿ । ਹੇਠਾਂ ਪੰਜਾਬੀ ਦੇ ਰਸਾਲੇ ਪਏ ਹਨ ।
'ਸਕੂਲ ਖੁੱਲ੍ਹਣ 'ਤੇ ਤੁਹਾਨੂੰ ਇਨ੍ਹਾਂ ਵਿਚੋਂ ਚੋਣਵੀਆਂ ਕਿਤਾਬਾਂ ਬਾਰੇ ਦੱਸਾਂਗਾ ਅਤੇ ਤੁਹਾਨੂੰ ਪੜ੍ਹਨ ਲਈ ਵੀ ਦਿਆਂਗਾ । ਹੁਣ ਤੁਸੀਂ ਸਾਰੇ ਮਿਹਰਬਾਨੀ ਕਰਕੇ ਥੱਲੇ ਚੱਲੋ ।'
'ਠੀਕ ਹੈ ਜੀ, ਹੁਣ ਸਾਡੀ ਕੁਝ ਨਾ ਕੁਝ ਤਸੱਲੀ ਹੋ ਗਈ ਹੈ', ਸਿਧਾਰਥ ਨੇ ਥੋੜ੍ਹੀ ਹੇਕ ਲਾ ਕੇ ਕਿਹਾ ਤਾਂ ਸਾਰੇ ਬੱਚਿਆਂ ਵਿਚ ਇਕ ਵਾਰੀ ਫਿਰ ਹਾਸਾ ਪੈ ਗਿਆ ।
ਸਾਰੇ ਬੱਚੇ ਥੱਲੇ ਆ ਗਏ । ਦੋ ਕਮਰਿਆਂ ਵਿਚ ਭੁੰਜੇ ਬਿਸਤਰੇ ਵਿਛੇ ਹੋਏ ਸਨ । ਇਕ ਕਮਰੇ ਵਿਚ ਕੁੜੀਆਂ ਅਤੇ ਦੂਜੇ ਕਮਰੇ ਵਿਚ ਮੁੰਡਿਆਂ ਦੇ ਸੌਣ ਦਾ ਪ੍ਰਬੰਧ ਸੀ । ਬੱਚੇ ਥੱਲੇ ਆ ਕੇ ਪਾਣੀ ਵਗੈਰਾ ਪੀ ਕੇ ਸੌਣ ਦੀ ਤਿਆਰੀ ਕਰਨ ਲੱਗੇ ।
'ਬੱਚਿਓ, ਥੋੜ੍ਹਾ-ਥੋੜ੍ਹਾ ਦੁੱਧ ਪੀਓਗੇ?'
'ਨਾ ਜੀ ਨਾ, ਅਸੀਂ ਤਾਂ ਐਨਾ ਰੱਜੇ ਪਏ ਹਾਂ ਕਿ ਦੁੱਧ ਦੀ ਥਾਂ ਹੀ ਨਹੀਂ', ਬੱਚਿਆਂ ਨੇ ਆਪਣੇ ਢਿੱਡ 'ਤੇ ਹੱਥ ਫੇਰਦਿਆਂ ਆਖਿਆ ।

+++
'ਚੰਗਾ ਬਈ ਬੱਚਿਓ, ਜੇ ਦੁੱਧ ਨਹੀਂ ਪੀਣਾ ਤਾਂ ਸ਼ੁਭ ਰਾਤਰੀ ।'
'ਗੁੱਡ ਨਾਈਟ ਜੀ', ਸਾਰੇ ਬੱਚੇ ਇਕੱਠੇ ਬੋਲਦੇ ਹੋਏ ਆਪੋ-ਆਪਣੇ ਬਿਸਤਰਿਆਂ 'ਤੇ ਲੇਟ ਗਏ ।
ਸਵੇਰੇ ਠੀਕ ਪੰਜ ਵਜੇ ਰਣਬੀਰ ਨੇ ਬੱਚਿਆਂ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ । ਜੱਸੂ, ਅਮਿਤ, ਵਿਨੋਦ, ਜਗਮੀਤ ਅਤੇ ਰਿਤੇਸ਼ ਆਵਾਜ਼ ਸੁਣਦਿਆਂ ਹੀ ਉੱਠ ਕੇ ਬੈਠ ਗਏ । ਸਿਧਾਰਥ ਨੇ ਊਾ ਊਾ ਕਰਕੇ ਪਾਸਾ ਪਰਤ ਲਿਆ । ਰਣਬੀਰ ਨੇ ਕੁੜੀਆਂ ਨੂੰ ਆਵਾਜ਼ਾਂ ਦਿੱਤੀਆਂ ਤਾਂ ਮਧੁਰ, ਮੇਘਾ, ਭੋਲੀ, ਗੁੱਡੀ, ਸਹਿਰ, ਕੋਮਲ ਉਠ ਪਈਆਂ ਪਰ ਸਿਮਰ ਨੇ ਚਾਦਰ ਮੂੰਹ-ਸਿਰ 'ਤੇ ਚੰਗੀ ਤਰ੍ਹਾਂ ਲਪੇਟ ਲਈ । ਸਾਰੇ ਬੱਚਿਆਂ ਨੂੰ ਉਠਣ ਲਈ ਪੰਦਰਾਂ ਮਿੰਟ ਲੱਗ ਗਏ ।
ਚਲੋ ਬਈ ਬੱਚਿਓ, ਜਿਸ ਨੇ ਬਾਥਰੂਮ ਜਾਣਾ ਹੈ, ਜਲਦੀ-ਜਲਦੀ ਹੋ ਆਏ । ਜਿਸ ਨੇ ਚੂਲ੍ਹੀ ਕਰਨੀ ਹੈ ਜਾਂ ਮੂੰਹ ਧੋਣਾ ਹੈ, ਉਹ ਬਾਹਰ ਚਲਦੀ ਛੋਟੀ ਬੰਬੀ 'ਤੇ ਧੋ ਲਵੇ । ਫੇਰ ਤੁਸੀਂ ਇਕ-ਇਕ ਕੱਪ ਦੁੱਧ, ਚਾਹ ਜੋ ਪੀਣਾ ਹੈ, ਪੀ ਲਵੋ । ਅਸੀਂ ਜਲਦੀ ਬਾਹਰ ਖੇਤਾਂ ਵਿਚ ਜਾਣਾ ਹੈ । ਉਥੋਂ ਆ ਕੇ ਫੇਰ ਤੁਸੀਂ ਨਹਾ-ਧੋ ਕੇ ਤਿਆਰ ਹੋਣਾ ਹੈ ।
ਕੁਝ ਮਿੰਟਾਂ ਵਿਚ ਹੀ ਬੱਚੇ ਮੂੰਹ-ਹੱਥ ਧੋ ਕੇ ਅਤੇ ਦੁੱਧ-ਚਾਹ ਪੀ ਕੇ ਬਾਹਰ ਜਾਣ ਲਈ ਤਿਆਰ ਸਨ ।
'ਆਓ ਬੱਚਿਓ ਚੱਲੀਏ ।'
'ਚਲੋ ਜੀ, ਅਸੀਂ ਤੇ ਜਾਣ ਲਈ ਤਿਆਰ-ਬਰ-ਤਿਆਰ ਬੈਠੇ ਹਾਂ', ਸਿਧਾਰਥ ਅੱਗੇ ਹੋ ਕੇ ਬੋਲਿਆ । ਹੁਣ ਉਸ ਦੀ ਸੁਸਤੀ ਲੱਥ ਗਈ ਲਗਦੀ ਸੀ ।
'ਤੁਹਾਡੇ 'ਚੋਂ ਕਿਸੇ ਨੇ ਮੱਝ ਜਾਂ ਗਊ ਦਾ ਦੁੱਧ ਚੋਂਦਿਆਂ ਦੇਖਿਆ ਹੈ?' ਰਣਬੀਰ ਨੇ ਬੱਚਿਆਂ ਨੂੰ ਪੁੱਛਿਆ ।
'ਨਹੀਂ ਜੀ, ਅਸੀਂ ਨਹੀਂ ਦੇਖਿਆ', ਸਾਰੇ ਬੱਚੇ ਸਿਰ ਹਿਲਾਉਂਦੇ ਹੋਏ ਇਕੋ ਸੁਰ ਵਿਚ ਬੋਲੇ ।
'ਫਿਰ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਮੱਝ ਦਾ ਦੁੱਧ ਚੋਂਦਿਆਂ ਦਿਖਾਉਂਦੇ ਹਾਂ, ਆਓ ਐਧਰ, ਘਰ ਦੇ ਪਿਛਲੇ ਪਾਸੇ ਸਾਡਾ ਆਦਮੀ ਤੁਹਾਡੀ ਉਡੀਕ ਕਰ ਰਿਹਾ ਹੈ । ਉਸ ਨੂੰ ਮੈਂ ਕਿਹਾ ਸੀ ਕਿ ਸਾਨੂੰ ਉਡੀਕ ਕੇ ਮੱਝ ਚੋਈਂ ।'
ਸਾਰੇ ਬੱਚੇ ਰਣਬੀਰ ਸਰ ਦੇ ਪਿੱਛੇ-ਪਿੱਛੇ ਤੁਰ ਪਏ । ਘਰ ਦੇ ਪਿਛਲੇ ਪਾਸੇ ਦੋ ਮੱਝਾਂ ਬੱਝੀਆਂ ਸਨ । ਇਕ ਆਦਮੀ ਪਿੱਤਲ ਦੀ ਬਾਲਟੀ ਵਿਚ ਥੋੜ੍ਹਾ ਪਾਣੀ ਪਾ ਕੇ ਬੱਚਿਆਂ ਨੂੰ ਉਡੀਕ ਰਿਹਾ ਸੀ । ਬੱਚਿਆਂ ਦੇ ਆਉਣ ਬਾਅਦ ਉਹ ਆਦਮੀ ਮੱਝ ਦੇ ਕੋਲ ਪੈਰਾਂ ਭਾਰ ਬੈਠ ਗਿਆ ਅਤੇ ਬਾਲਟੀ ਵਿਚ ਪਏ ਪਾਣੀ ਨਾਲ ਮੱਝ ਦੇ ਥਣ ਚੰਗੀ ਤਰ੍ਹਾਂ ਧੋਣ ਲੱਗਾ । ਧੋਣ ਤੋਂ ਬਾਅਦ ਉਹ ਵਾਰੋ-ਵਾਰੀ ਚਾਰੇ ਥਣਾਂ ਨੂੰ ਪਸਮਾਣ ਲੱਗਾ । ਥੋੜ੍ਹੀ ਦੇਰ ਪਸਮਾਣ ਤੋਂ ਬਾਅਦ ਮੱਝ ਦੇ ਚਾਰੇ ਥਣ ਭਾਰੇ ਹੋ ਗਏ ਅਤੇ ਫਿਰ ਉਹ ਦੁੱਧ ਚੋਣ ਲੱਗਾ ।
'ਵੀਰ ਜੀ, ਤੁਹਾਡੇ ਆਦਮੀ ਨੇ ਮੱਝ ਨੂੰ ਟੀਕਾ ਤੇ ਨਹੀਂ ਲਗਾਇਆ?' ਮਧੁਰ ਨੇ ਸਵਾਲ ਕੀਤਾ ।
'ਨਹੀਂ ਮਧੁਰ, ਮੈਂ ਆਪਣੇ ਘਰ ਹੀ ਨਹੀਂ, ਸਗੋਂ ਆਂਢ-ਗੁਆਂਢ ਵਿਚ ਵੀ ਕਿਸੇ ਨੂੰ ਟੀਕਾ ਨਹੀਂ ਲਗਾਉਣ ਦਿੰਦਾ । ਇਕ ਗੱਲ ਹੋਰ, ਜੇ ਮੱਝ ਨੂੰ ਟੀਕਾ ਲੱਗਾ ਹੁੰਦਾ ਤਾਂ ਐਨੀ ਦੇਰ ਮੱਝ ਨੂੰ ਪਸਮਾਉਣ ਨੂੰ ਨਹੀਂ ਸੀ ਲੱਗਣੀ ।
ਬੱਚੇ ਉਸ ਆਦਮੀ ਨੂੰ ਦੁੱਧ ਚੋਂਦਿਆਂ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਦੇਖ-ਦੇਖ ਹੈਰਾਨ ਹੋ ਰਹੇ ਸਨ ।
'ਕਿਸੇ ਬੱਚੇ ਨੇ ਦੁੱਧ ਦੀਆਂ ਧਾਰਾਂ ਲੈਣੀਆਂ ਹਨ ਤਾਂ ਲੈ ਲਵੇ', ਰਣਬੀਰ ਨੇ ਬੱਚਿਆਂ ਵੱਲ ਦੇਖਦਿਆਂ ਕਿਹਾ ।
'ਸਾਨੂੰ ਤੇ ਦੁੱਧ ਚੰਗਾ ਈ ਨਹੀਂ ਲਗਦਾ', ਕੁੜੀਆਂ ਬੋਲੀਆਂ ।
'ਵੀਰ ਜੀ, ਧਾਰਾਂ ਲਈਦੀਆਂ ਕਿਸ ਤਰ੍ਹਾਂ ਹਨ?' ਸਿਧਾਰਥ ਬੋਲਿਆ ।
'ਮੈਂ ਧਾਰਾਂ ਲੈਂਦਾ ਹਾਂ, ਤੂੰ ਦੇਖੀਂ ਅਤੇ ਬਾਅਦ ਵਿਚ ਤੂੰ ਉਸੇ ਤਰ੍ਹਾਂ ਜ਼ਰੂਰ ਲਈਂ', ਇਹ ਕਹਿੰਦਿਆਂ ਰਣਬੀਰ ਦੁੱਧ ਚੋਣ ਵਾਲੇ ਕੋਲ ਬੈਠ ਗਿਆ ਤੇ ਉਸ ਨੇ ਥਣ ਰਣਬੀਰ ਦੇ ਮੂੰਹ ਵੱਲ ਕਰਕੇ ਦੁੱਧ ਚੋਇਆ ਤਾਂ ਦੁੱਧ ਦੀ ਧਾਰ ਸਿੱਧੀ ਉਸ ਦੇ ਮੂੰਹ ਵਿਚ ਪਈ । ਦੋ ਕੁ ਧਾਰਾਂ ਲੈਣ ਤੋਂ ਬਾਅਦ ਉਸ ਨੇ ਹੱਥ ਦੇ ਇਸ਼ਾਰੇ ਨਾਲ ਬੰਦ ਕਰਨ ਲਈ ਕਿਹਾ ਤਾਂ ਦੁੱਧ ਚੋਣ ਵਾਲਾ ਫਿਰ ਬਾਲਟੀ ਵਿਚ ਦੁੱਧ ਚੋਣ ਲੱਗਾ ।
'ਚੱਲ ਆ ਜਾ ਬਈ ਸਿਧਾਰਥ, ਲੈ-ਲੈ ਤੂੰ ਵੀ ਦੋ-ਚਾਰ ਧਾਰਾਂ', ਰਣਬੀਰ ਨੇ ਸਿਧਾਰਥ ਨੂੰ ਇਸ਼ਾਰੇ ਨਾਲ ਬੁਲਾਉਂਦਿਆਂ ਕਿਹਾ ।

+++
ਸਿਧਾਰਥ ਝਕਦਾ-ਝਕਦਾ ਦੁੱਧ ਚੋਣ ਵਾਲੇ ਕੋਲ ਆ ਕੇ ਬੈਠ ਗਿਆ । ਦੁੱਧ ਚੋਣ ਵਾਲੇ ਨੇ ਸਿਧਾਰਥ ਦਾ ਮੂੰਹ ਥਣ ਦੇ ਨੇੜੇ ਕਰਕੇ ਕਿਹਾ, 'ਮੂੰਹ ਪੂਰਾ ਖੋਲ੍ਹ ਦੇ ।' ਸਿਧਾਰਥ ਨੇ ਪੂਰਾ ਮੂੰਹ ਖੋਲਿ੍ਹਆ ਤਾਂ ਧਾਰ ਸਿੱਧੀ ਉਸ ਦੇ ਮੂੰਹ ਵਿਚ ਗਈ । ਮੂੰਹ ਵਿਚ ਤੇਜ਼ ਧਾਰ ਜਾਣ ਨਾਲ ਉਸ ਨੇ ਆਪਣਾ ਮੂੰਹ ਥੋੜ੍ਹਾ ਪਰੇ ਕੀਤਾ ਤਾਂ ਦੁੱਧ ਦੀ ਧਾਰ ਉਸ ਦੀਆਂ ਗੱਲ੍ਹਾਂ ਉੱਤੇ ਪੈ ਗਈ ਅਤੇ ਉਸ ਦਾ ਸਾਰਾ ਮੂੰਹ ਦੁੱਧ ਨਾਲ ਭਰ ਗਿਆ । ਸਾਰੇ ਬੱਚੇ ਹੱਸਦੇ ਹੋਏ ਤਾੜੀਆਂ ਮਾਰਨ ਲੱਗੇ ।
ਸਿਧਾਰਥ ਨੇ ਕਿਸੇ ਦੀ ਵੀ ਪ੍ਰਵਾਹ ਨਾ ਕਰਦਿਆਂ ਫੇਰ ਮੂੰਹ ਖੋਲ੍ਹ ਦਿੱਤਾ । ਹੁਣ ਉਸ ਨੂੰ ਧਾਰਾਂ ਲੈਣ ਵਿਚ ਸਵਾਦ ਆ ਰਿਹਾ ਸੀ । ਦੁੱਧ ਦਾ ਘੁੱਟ ਅੰਦਰ ਲੰਘਾਉਂਦਾ ਅਤੇ ਮੂੰਹ ਪੂੰਝਦਾ ਹੋਇਆ ਬੋਲਿਆ, 'ਵਾਹ ਬਈ ਵਾਹ, ਆਨੰਦ ਹੀ ਆਨੰਦ । ਐਨਾ ਮਿੱਠਾ ਅਤੇ ਕੋਸਾ-ਕੋਸਾ ਦੁੱਧ । ਮੈਨੂੰ ਨਹੀਂ ਸੀ ਪਤਾ ਕਿ ਧਾਰਾਂ ਵਾਲਾ ਦੁੱਧ ਐਨਾ ਸਵਾਦ ਹੁੰਦੈ ।'
'ਮਿੱਠੀਆਂ ਅਤੇ ਨਿੱਘੀਆਂ ਦੁੱਧ ਦੀਆਂ ਧਾਰਾਂ ਹੋਰ ਕੋਈ ਬੱਚਾ ਲੈਣਾ ਚਾਹੁੰਦੈ?' ਰਣਬੀਰ ਨੇ ਬੱਚਿਆਂ ਨੂੰ ਪੁੱਛਿਆ ।
'ਨਹੀਂ ਜੀ', ਸਾਰੇ ਬੱਚੇ ਇਕੋ ਸੁਰ ਵਿਚ ਹੇਕ ਲਾ ਕੇ ਬੋਲੇ ।
'ਵੀਰ ਜੀ, ਇਨ੍ਹਾਂ ਦੀ ਕਿਸਮਤ ਵਿਚ ਐਨੀ ਸਵਾਦ ਚੀਜ਼ ਕਿਥੇ?' ਸਿਧਾਰਥ ਆਪਣੇ ਵੀਰ ਜੀ ਵੱਲ ਦੇਖਦਾ ਹੋਇਆ ਬੋਲਿਆ ।
'ਗੱਲ ਤੇ ਤੇਰੀ ਠੀਕ ਐ', ਰਣਬੀਰ ਨੇ ਸਿਧਾਰਥ ਨੂੰ ਕਿਹਾ । ਫਿਰ ਉਹ ਸਾਰੇ ਬੱਚਿਆਂ ਵੱਲ ਦੇਖਦਾ ਹੋਇਆ ਬੋਲਿਆ, 'ਹੁਣ ਦੁੱਧ ਚੋਣ ਬਾਰੇ ਪੂਰਾ ਪਤਾ ਲੱਗ ਗਿਐ?'
'ਹਾਂ ਜੀ, ਪੂਰਾ ਪਤਾ ਲੱਗ ਗਿਆ ਜੀ', ਬੱਚੇ ਫਿਰ ਇਕੱਠੇ ਬੋਲ ਪਏ ।
'ਬੀਜੀ ਸਾਰਿਆਂ ਨੂੰ ਉਡੀਕਦੇ ਪਏ ਨੇ, ਚਲੋ ਫੇਰ ਹੁਣ ਜ਼ਰਾ ਰਸੋਈ ਵੱਲ ਚਲੀਏ', ਰਣਬੀਰ ਨੇ ਕਿਹਾ ।
'ਰਸੋਈ ਵੱਲ ਕੀ ਕਰਨ ਜਾਣਾ ਏ, ਅਜੇ ਤਾਂ ਭੁੱਖ ਈ ਨਹੀਂ ਲੱਗੀ', ਸਿਧਾਰਥ ਇਕਦਮ ਬੋਲ ਪਿਆ ।
'ਓਏ, ਤੂੰ ਚੱਲ ਤੇ ਸਈ । ਰਸੋਈ ਵਿਚ ਪਹੁੰਚ ਕੇ ਸਭ ਤੋਂ ਪਹਿਲਾਂ ਤੂੰ ਈ ਕਹਿਣਾ ਏਾ ਕਿ ਮੈਨੂੰ ਦਿਓ', ਰਣਬੀਰ ਵੀ ਬੱਚਿਆਂ ਦੀ ਸੁਰ ਵਿਚ ਗੱਲ ਕਰ ਰਿਹਾ ਸੀ ।
'ਐਹ ਤੇ ਤੁਸੀਂ ਦੱਸਿਆ ਨਹੀਂ ਕਿ ਸਿਧਾਰਥ ਨੇ ਕੀ ਕਹਿਣਾ ਹੈ ਕਿ ਮੈਨੂੰ ਦਿਓ', ਜਗਮੀਤ ਨੇ ਆਪਣੇ ਵੀਰ ਜੀ ਉੱਪਰ ਸਵਾਲ ਕਰ ਦਿੱਤਾ ।
'ਐਹ ਤੇ ਹੁਣ ਤੁਹਾਨੂੰ ਸਾਰਾ ਕੁਝ ਰਸੋਈ ਵਿਚ ਜਾ ਕੇ ਹੀ ਪਤਾ ਲੱਗੇਗਾ ।'
ਐਨੀ ਦੇਰ ਵਿਚ ਸਾਰੇ ਬੱਚੇ ਰਸੋਈ ਵਿਚ ਪਹੁੰਚ ਗਏ । ਰਸੋਈ ਵਿਚ ਰਣਬੀਰ ਦੇ ਬੀਜੀ ਬੱਚਿਆਂ ਨੂੰ ਹੀ ਉਡੀਕ ਰਹੇ ਸਨ ।
'ਬੜੀ ਦੇਰ ਕਰਤੀ, ਮੈਂ ਤਾਂ ਕਦੋਂ ਦੀ ਉਡੀਕਦੀ ਪਈ ਆਂ । ਹੁਣ ਤੱਕ ਤਾਂ ਮੈਂ ਦਹੀਂ ਰਿੜਕ ਕੇ ਵਿਹਲੀ ਵੀ ਹੋ ਜਾਣਾ ਸੀ', ਬੀਜੀ ਨੇ ਰਣਬੀਰ ਅਤੇ ਬੱਚਿਆਂ ਨੂੰ ਰਲਵਾਂ-ਮਿਲਵਾਂ ਕਿਹਾ ।
'ਦੁੱਧ ਦੀਆਂ ਧਾਰਾਂ ਦੇਖਦਿਆਂ ਥੋੜ੍ਹਾ ਲੇਟ ਹੋ ਗਏ । ਚਲੋ ਹੁਣ ਤੁਸੀਂ ਰਿੜਕਣਾ ਪਾਓ ।' ਰਣਬੀਰ ਨੇ ਬੀਜੀ ਨੂੰ ਰਾਤੀਂ ਹੀ ਕਹਿ ਦਿੱਤਾ ਸੀ ਕਿ ਜਦੋਂ ਅਸੀਂ ਸਾਰੇ ਆਵਾਂਗੇ, ਤਾਂ ਹੀ ਦਹੀਂ ਰਿੜਕਣਾ, ਮੈਂ ਬੱਚਿਆਂ ਨੂੰ ਚਾਟੀ ਵਿਚ ਦਹੀਂ ਰਿੜਕਦਾ ਅਤੇ ਮੱਖਣ ਕੱਢਦਿਆਂ ਵਿਖਾਉਣਾ ਹੈ ।
ਬੀਜੀ ਬੱਚਿਆਂ ਨੂੰ ਕਹਿਣ ਲੱਗੇ, 'ਐਹ ਵੇਖੋ, ਐਹ ਚਾਟੀ ਅਤੇ ਮਧਾਣੀ ਹਨ । ਇਨ੍ਹਾਂ ਨੂੰ ਮੈਂ ਹੁਣੇ ਚੰਗੀ ਤਰ੍ਹਾਂ ਧੋ ਕੇ ਰੱਖਿਆ ਹੈ । ਐਹ ਮੈਂ ਰਾਤੀਂ ਬਹੁਤ ਸਾਰਾ ਦਹੀਂ ਜਮਾਇਆ ਸੀ । ਹੁਣ ਇਸ ਵਿਚੋਂ ਤੁਹਾਡੇ ਖਾਣ ਲਈ ਵੱਖਰਾ ਰੱਖ ਕੇ ਬਾਕੀ ਮੈਂ ਸਾਰਾ ਰਿੜਕ ਲੈਣਾ ਹੈ ।' ਇਹ ਕਹਿ ਕੇ ਬੀਜੀ ਨੇ ਕੁਝ ਦਹੀਂ ਵੱਖਰਾ ਕੱਢ ਕੇ ਅਤੇ ਕੱਜ ਕੇ ਰੱਖ ਦਿੱਤਾ ਅਤੇ ਬਾਕੀ ਸਾਰਾ ਚਾਟੀ ਵਿਚ ਪਾ ਦਿੱਤਾ । ਦਹੀਂ ਚਾਟੀ ਵਿਚ ਪਾ ਕੇ ਬੀਜੀ ਫਿਰ ਦੱਸਣ ਲੱਗੇ, 'ਐਹ ਵੇਖੋ ਮਧਾਣੀ ਦੁਆਲੇ ਪਤਲੀ ਰੱਸੀ ਵਲੀ ਹੋਈ ਹੈ ਅਤੇ ਰੱਸੀ ਦੇ ਸਿਰਿਆਂ ਉੱਪਰ ਦੋ ਗੁੱਲੀਆਂ ਬੱਝੀਆਂ ਹੋਈਆਂ ਹਨ ।' ਬੀਜੀ ਨੇ ਆਪਣੇ ਹੱਥਾਂ ਵਿਚ ਇਕ-ਇਕ ਗੁੱਲੀ ਫੜ ਕੇ ਖਿੱਚਣੀ ਸ਼ੁਰੂ ਕੀਤੀ ਤਾਂ ਮਧਾਣੀ ਘੰੁਮਣ ਲੱਗ ਪਈ । ਬੀਜੀ ਇਕ ਵਾਰੀ ਸੱਜਾ ਹੱਥ ਅੱਗੇ ਕਰਦੇ ਅਤੇ ਖੱਬੇ ਨਾਲ ਖਿੱਚਦੇ ਅਤੇ ਫਿਰ ਖੱਬਾ ਹੱਥ ਅੱਗੇ ਕਰਦੇ ਅਤੇ ਸੱਜੇ ਨਾਲ ਖਿੱਚਦੇ । ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਹ ਚਾਟੀ ਵਿਚ ਥੋੜ੍ਹਾ-ਥੋੜ੍ਹਾ ਠੰਢਾ ਪਾਣੀ ਪਾਈ ਜਾਂਦੇ । ਬੀਜੀ ਦੀ ਕਾਫੀ ਵਰਜਿਸ਼ ਹੋ ਰਹੀ ਲਗਦੀ ਸੀ ।

+++
ਕੁਝ ਦੇਰ ਰਿੜਕਣ ਤੋਂ ਬਾਅਦ ਬੀਜੀ ਨੇ ਚਾਟੀ ਵਿਚੋਂ ਹੱਥ ਪਾ ਕੇ ਮੱਖਣ ਦਾ ਵੱਡਾ ਸਾਰਾ ਪੇੜਾ ਬਣਾ ਕੇ ਬਾਹਰ ਕੱਢਿਆ ਅਤੇ ਕੋਲ ਪਏ ਵੱਡੇ ਡੋਂਗੇ ਵਿਚ ਰੱਖ ਦਿੱਤਾ । ਉਹ ਦੁਬਾਰਾ ਚਾਟੀ ਵਿਚ ਹੱਥ ਪਾ ਕੇ ਬਾਕੀ ਬਚਿਆ ਹੋਇਆ ਮੱਖਣ ਕੱਢਣ ਲੱਗੇ ।
ਮੱਖਣ ਕੱਢ ਕੇ ਉਨ੍ਹਾਂ ਨੇ ਚਾਟੀ ਵਿਚ ਹੋਰ ਪਾਣੀ ਪਾਇਆ ਅਤੇ ਇਕ ਵਾਰੀ ਮਧਾਣੀ ਨਾਲ ਉਸ ਨੂੰ ਚੰਗੀ ਤਰ੍ਹਾਂ ਰਿੜਕ ਦਿੱਤਾ । 'ਬੱਚਿਓ! ਹੁਣ ਲੱਸੀ ਤਿਆਰ ਹੈ । ਤੁਸੀਂ ਸਾਰੇ ਉਹ ਸਾਹਮਣੇ ਪਏ ਗਲਾਸ ਫੜੋ ਅਤੇ ਮੈਂ ਚਾਟੀ ਵਿਚੋਂ ਲੱਸੀ ਕੱਢ ਕੇ ਤੁਹਾਨੂੰ ਦੇਈ ਜਾਂਦੀ ਹਾਂ । ਉਹ ਮੈਨੂੰ ਇਕ ਵੱਡਾ ਚਮਚਾ ਵੀ ਫੜਾਇਓ, ਤਾਂ ਜੋ ਤੁਹਾਨੂੰ ਲੱਸੀ ਉੱਪਰ ਮੱਖਣ ਵੀ ਚਮਚੇ ਨਾਲ ਪਾਈ ਜਾਵਾਂ ।'
ਰਣਬੀਰ ਨੇ ਸਾਹਮਣੇ ਪਏ ਗਲਾਸਾਂ ਵਿਚੋਂ ਕੜੇ ਵਾਲਾ ਗਲਾਸ ਚੁੱਕਦਿਆਂ ਕਿਹਾ, 'ਬੀਜੀ, ਸਿਧਾਰਥ ਵਾਸਤੇ ਐਸ ਕੜੇ ਵਾਲੇ ਗਲਾਸ ਵਿਚ ਲੱਸੀ ਪਾਉਣੀ, ਨਾਲੇ ਐਸ ਵਿਚ ਚਮਚੇ ਨਾਲ ਮੱਖਣ ਨਾ ਪਾਉਣਾ, ਸਗੋਂ ਹੱਥ ਨਾਲ ਵੱਡਾ ਸਾਰਾ ਪੇੜਾ ਬਣਾ ਕੇ ਪਾਉਣਾ ।'
'ਨਾ ਬੀਜੀ ਨਾ, ਮੇਰੇ ਵਾਸਤੇ ਲੱਸੀ ਨਾ ਪਾਉਣੀ । ਮੈਂ ਹੁਣ ਦੁੱਧ ਦੀਆਂ ਧਾਰਾਂ ਲੈ ਕੇ ਆਇਆ ਹਾਂ । ਅਜੇ ਤੱਕ ਮੇਰੇ ਮੂੰਹ ਵਿਚ ਮਿੱਠੇ-ਮਿੱਠੇ ਦੁੱਧ ਦਾ ਸਵਾਦ ਹੈਗਾ', ਸਿਧਾਰਥ ਨੇ ਦੋਵੇਂ ਹੱਥ ਹਿਲਾਉਂਦਿਆਂ ਕਿਹਾ ।
'ਮੈਂ ਤਾਂ ਲੱਸੀ ਜ਼ਰੂਰ ਪੀਵਾਂਗਾ ਪਰ ਛੋਟੇ ਗਲਾਸ ਵਿਚ', ਜਗਮੀਤ ਨੇ ਛੋਟਾ ਗਲਾਸ ਚੁੱਕਦਿਆਂ ਕਿਹਾ ।
ਬੀਜੀ ਜਗਮੀਤ ਨੂੰ ਲੱਸੀ ਪਾਉਂਦਿਆਂ ਕਹਿਣ ਲੱਗੇ, 'ਬੱਚਿਓ! ਐਹ ਚਾਟੀ ਦੀ ਲੱਸੀ ਸਿਹਤ ਲਈ ਬੜੀ ਹੀ ਗੁਣਕਾਰੀ ਚੀਜ਼ ਹੈ । ਤੁਸੀਂ ਸਾਰੇ ਲੱਸੀ ਜ਼ਰੂਰ ਪੀਓ, ਭਾਵੇਂ ਥੋੜ੍ਹੀ-ਥੋੜ੍ਹੀ ਹੀ ਪੀਵੋ', ਬੀਜੀ ਨੇ ਚਮਚੇ ਨਾਲ ਥੋੜ੍ਹਾ ਮੱਖਣ ਜਗਮੀਤ ਦੇ ਗਲਾਸ ਵਿਚ ਪਾਉਂਦਿਆਂ ਕਿਹਾ ।
'ਓ ਹੋ! ਮੱਖਣ ਨਹੀਂ ਸੀ ਪਾਉਣਾ', ਜਗਮੀਤ ਇਕਦਮ ਬੋਲਿਆ ।
'ਖਾ ਲੈ, ਖਾ ਲੈ, ਕੁਝ ਨਹੀਂ ਹੁੰਦਾ । ਲੱਸੀ ਵਿਚ ਬੜਾ ਸਵਾਦ ਲਗਦੈ', ਰਣਬੀਰ ਸਰ ਨੇ ਜਗਮੀਤ ਨੂੰ ਕਿਹਾ ।
ਸਿਧਾਰਥ ਨੂੰ ਛੱਡ ਕੇ ਬਾਕੀ ਸਾਰੇ ਬੱਚਿਆਂ ਨੇ ਮੱਖਣ ਤੋਂ ਬਿਨਾਂ ਲੂਣ ਪਾ ਕੇ ਥੋੜ੍ਹੀ-ਥੋੜ੍ਹੀ ਲੱਸੀ ਪੀਤੀ ।
'ਤੂੰ ਵੀ ਥੋੜ੍ਹੀ ਪੀ ਲੈ, ਵਿਚੋਂ ਜੀਅ ਤੇ ਤੇਰਾ ਕਰਦਾ ਪਿਐ', ਰਣਬੀਰ ਨੇ ਸਿਧਾਰਥ ਵੱਲ ਤੱਕਦਿਆਂ ਕਿਹਾ ।
'ਚਲੋ ਥੋੜ੍ਹੀ ਜਿਹੀ ਪੀ ਹੀ ਲੈਂਦਾ ਹਾਂ', ਸਿਧਾਰਥ ਬੜੇ ਨਖਰੇ ਜਿਹੇ ਨਾਲ ਮੂੰਹ ਬਣਾਉਂਦਾ ਬੋਲਿਆ ।
ਬੀਜੀ ਛੋਟੇ ਗਲਾਸ ਵਿਚ ਲੱਸੀ ਪਾ ਕੇ ਸਿਧਾਰਥ ਨੂੰ ਫੜਾਉਣ ਲੱਗੇ ਤਾਂ ਰਣਬੀਰ ਨੇ ਕਿਹਾ, 'ਇਸ ਨੂੰ ਥੋੜ੍ਹਾ ਮੱਖਣ ਵੀ ਪਾ ਦਿਓ ।'
ਸਿਧਾਰਥ ਦੇ ਨਾ-ਨਾ ਕਰਦਿਆਂ ਵੀ ਰਣਬੀਰ ਨੇ ਥੋੜ੍ਹਾ ਮੱਖਣ ਪਵਾ ਦਿੱਤਾ ।
ਸਿਧਾਰਥ ਲੱਸੀ ਦਾ ਪਹਿਲਾ ਘੁੱਟ ਪੀਂਦਿਆਂ ਹੀ ਬੋਲਿਆ, 'ਹੈਂ! ਐਨੀ ਸਵਾਦ ਲੱਸੀ?' ਇਹ ਕਹਿੰਦਿਆਂ ਹੀ ਉਸ ਨੇ ਦੁਬਾਰਾ ਗਲਾਸ ਨੂੰ ਮੂੰਹ ਲਾ ਲਿਆ । ਖਾਲੀ ਗਲਾਸ ਰੱਖਦਿਆਂ ਅਤੇ ਮੂੰਹ ਵਿਚ ਰਹਿ ਗਏ ਮੱਖਣ ਨੂੰ ਪਚਾਕੇ ਮਾਰ-ਮਾਰ ਖਾਂਦਿਆਂ ਉਹ ਬੋਲਿਆ, 'ਮੇਰੇ ਕੋਲੋਂ ਕਿੱਡੀ ਵੱਡੀ ਗ਼ਲਤੀ ਹੋ ਚੱਲੀ ਸੀ ।' ਉਸ ਦੀ ਗੱਲ ਸੁਣ ਕੇ ਰਣਬੀਰ ਅਤੇ ਬੀਜੀ ਸਮੇਤ ਸਾਰੇ ਹੱਸਣ ਲੱਗ ਪਏ ।
'ਚਲੋ ਬਈ ਬੱਚਿਓ, ਹੁਣ ਜਲਦੀ ਨਿਕਲੋ ਰਸੋਈ 'ਚੋਂ, ਅਜੇ ਤੇ ਹੋਰ ਬੜਾ ਕੁਝ ਵੇਖਣਾ ਹੈ ।' ਰਣਬੀਰ ਰਸੋਈ ਵਿਚੋਂ ਨਿਕਲਦਾ ਹੋਇਆ ਬੋਲਿਆ ।
ਰਣਬੀਰ ਦੀ ਗੱਲ ਸੁਣ ਕੇ ਸਾਰੇ ਬੱਚੇ ਉਨ੍ਹਾਂ ਦੇ ਮਗਰ ਤੁਰ ਪਏ ।
'ਹੁਣ ਐਥੋਂ ਖੇਤਾਂ ਵੱਲ ਚਲੀਏ?'
'ਚਲੋ ਜੀ ।'
ਸਾਰੇ ਜਣੇ ਹੱਸਦੇ, ਰੌਲਾ ਪਾਉਂਦੇ ਖੇਤਾਂ ਦੀ ਛੋਟੀ ਜਿਹੀ ਵੱਟ ਉੱਪਰ ਤੁਰ ਰਹੇ ਸਨ । ਤੁਰਦਿਆਂ-ਤੁਰਦਿਆਂ ਵੱਟ ਤੋਂ ਕਦੀ ਕਿਸੇ ਬੱਚੇ ਦਾ ਪੈਰ ਭੁੰਜੇ ਪੈ ਜਾਵੇ ਅਤੇ ਉਹ ਡਿਗਣ ਲੱਗੇ ਅਤੇ ਕਦੀ ਕਿਸੇ ਬੱਚੇ ਦਾ । ਜਦੋਂ ਵੀ ਕੋਈ ਬੱਚਾ ਡਿਗਣ ਲਗਦਾ ਤਾਂ ਬਾਕੀ ਸਾਰੇ ਹੱਸਣ ਲੱਗ ਪੈਂਦੇ ।
ਰਣਬੀਰ ਵੱਟ ਤੋਂ ਉਤਰ ਕੇ ਖੇਤ ਵਿਚ ਖਲੋ ਗਿਆ । ਉਹ ਬੱਚਿਆਂ ਨੂੰ ਕਹਿਣ ਲੱਗੇ, 'ਐਹ ਖੇਤਾਂ ਵਿਚ ਜਿਹੜੀ ਛੋਟੀ ਜਿਹੀ ਬੰਨੀ ਬਣੀ ਹੋਈ ਹੈ, ਜਿਸ ਉੱਪਰ ਤੁਸੀਂ ਤੁਰ ਰਹੇ ਹੋ, ਇਸ ਨੂੰ ਵੱਟ ਕਹਿੰਦੇ ਹਨ । ਜੇ ਖੇਤਾਂ ਦੇ ਵਿਚੋਂ ਦੀ ਕੋਈ ਤੁਰਨ ਦਾ ਰਸਤਾ ਬਣਿਆ ਹੋਵੇ ਤਾਂ ਉਸ ਨੂੰ ਡੰਡੀ ਕਹਿੰਦੇ ਨੇ ।'

+++
'ਵੀਰ ਜੀ, ਕੱਪੜਿਆਂ ਨੂੰ ਵੀ ਵੱਟ ਪੈ ਜਾਂਦੇ ਹਨ ਅਤੇ ਖੇਤਾਂ ਵਿਚ ਵੀ ਵੱਟ', ਸਿਮਰ ਨੇ ਸਵਾਲ ਕਰ ਦਿੱਤਾ ।
'ਹਾਂ ਬੱਚਿਓ, ਕਈ ਵਾਰੀ ਇਕੋ ਸ਼ਬਦ ਦੇ ਕਿੰਨੇ ਅਰਥ ਹੁੰਦੇ ਹਨ ।'
'ਮੈਂ ਤੇਰੇ ਵੱਟ ਕੱਢ ਦਿਆਂਗਾ', ਸਿਧਾਰਥ ਦੀ ਉੱਚੀ ਆਵਾਜ਼ ਸੁਣ ਕੇ ਸਾਰੇ ਹੈਰਾਨੀ ਨਾਲ ਉਸ ਵੱਲ ਦੇਖਣ ਲੱਗ ਪਏ ।
'ਕੀ ਹੋਇਆ?' ਰਣਬੀਰ ਨੇ ਪੁੱਛਿਆ ।
'ਕੁਝ ਨਹੀਂ ਵੀਰ ਜੀ, ਮੈਂ ਤੇ ਦੱਸਣ ਲੱਗਾ ਸੀ ਇਕ 'ਵੱਟ ਕੱਢਣਾ' ਵੀ ਹੁੰਦਾ ਹੈ', ਸਿਧਾਰਥ ਦੀ ਗੱਲ 'ਤੇ ਫੇਰ ਹਾਸਾ ਪੈ ਗਿਆ ।
'ਤੂੰ ਜਿਹੜੀਆਂ ਸ਼ਰਾਰਤਾਂ ਕਰਦਾ ਹੈਂ ਨਾ, ਤੇਰੇ ਵੱਟ ਵੀ ਕੱਢਣੇ ਹੀ ਪੈਣੇ ਨੇ', ਰਣਬੀਰ ਦੀ ਗੱਲ ਸੁਣ ਕੇ ਫੇਰ ਸਾਰੇ ਬੱਚੇ ਹੱਸ ਪਏ ।
'ਹੁਣ ਤੁਸੀਂ ਥੋੜ੍ਹਾ ਜਲਦੀ-ਜਲਦੀ ਤੁਰੋ, ਅਜੇ ਦੋ ਪੈਲੀਆਂ ਹੋਰ ਅੱਗੇ ਜਾਣੈ', ਰਣਬੀਰ ਨੇ ਘੜੀ ਦੇਖਦਿਆਂ ਕਿਹਾ ।
ਸਾਰੇ ਬੱਚੇ ਸਵੇਰ ਦੀ ਠੰਢੀ-ਠੰਢੀ, ਤਾਜ਼ੀ ਹਵਾ ਨੂੰ ਮਾਣਦੇ ਹੋਏ ਤੇਜ਼-ਤੇਜ਼ ਤੁਰਨ ਲੱਗੇ । ਕੁਝ ਮਿੰਟਾਂ ਵਿਚ ਹੀ ਉਨ੍ਹਾਂ ਨੇ ਦੋ ਪੈਲੀਆਂ ਦਾ ਪੈਂਡਾ ਕਰ ਲਿਆ ।
'ਔਹ ਦੇਖੋ, ਤੁਹਾਨੂੰ ਬਲਦਾਂ ਦੀ ਜੋੜੀ ਦਿਸ ਰਹੀ ਹੈ?' ਰਣਬੀਰ ਨੇ ਬੱਚਿਆਂ ਨੂੰ ਪੁੱਛਿਆ ।
'ਹਾਂ ਜੀ ਦਿਸ ਤੇ ਰਹੇ ਹਨ ਪਰ ਇਹ ਨਹੀਂ ਪਤਾ ਕਿ ਉਹ ਬਲਦ ਹਨ ਜਾਂ ਗਊਆਂ', ਜਗਮੀਤ ਨੇ ਆਪਣੀਆਂ ਅੱਖਾਂ ਉੱਤੇ ਹੱਥ ਰੱਖ ਕੇ ਦੇਖਦਿਆਂ ਕਿਹਾ ।
'ਉਹ ਗਊਆਂ ਨਹੀਂ, ਬਲਦ ਹਨ । ਬਲਦਾਂ ਦੀ ਜੋੜੀ ਨਾਲ ਉਹ ਲੜਕਾ ਹਲ ਚਲਾ ਰਿਹਾ ਹੈ । ਉਹ ਲੜਕਾ ਜਸਬੀਰ ਮੇਰਾ ਦੋਸਤ ਅਤੇ ਜਮਾਤੀ ਹੈ । ਜਸਬੀਰ ਦਸਵੀਂ ਤੱਕ ਮੇਰੇ ਨਾਲ ਹੀ ਪੜਿ੍ਹਆ ਹੈ । ਉਹ ਅੱਗੋਂ ਪੜ੍ਹ ਨਹੀਂ ਸਕਿਆ, ਜਿਸ ਕਰਕੇ ਉਸ ਨੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ । ਉਸ ਨੂੰ ਮੈਂ ਹੀ ਕਿਹਾ ਸੀ ਕਿ ਅੱਜ ਪੈਲੀ ਵਿਚ ਹਲ ਅਤੇ ਬਲਦਾਂ ਦੀ ਜੋੜੀ ਲੈ ਕੇ ਆਵੇ । ਉਹ ਉਚੇਚਾ ਤੁਹਾਡੇ ਕਰਕੇ ਹੀ ਹਲ ਵਗੈਰਾ ਲੈ ਕੇ ਆਇਆ ਹੈ, ਤਾਂ ਜੋ ਤੁਸੀਂ ਬਲਦਾਂ ਦੀ ਜੋੜੀ ਨਾਲ ਹਲ ਚਲਦਾ ਦੇਖ ਸਕੋ ।' ਰਣਬੀਰ ਬੱਚਿਆਂ ਨੂੰ ਆਪਣੇ ਦੋਸਤ ਬਾਰੇ ਦੱਸ ਹੀ ਰਿਹਾ ਸੀ ਕਿ ਜਸਬੀਰ ਸਿੰਘ ਬੱਚਿਆਂ ਅਤੇ ਰਣਬੀਰ ਨੂੰ ਦੇਖ ਕੇ ਅਗਲਵਾਂਢੇ ਲੈਣ ਆ ਗਿਆ ।
ਜਸਬੀਰ ਸਿੰਘ ਨੇ ਬੱਚਿਆਂ ਨੂੰ ਅਤੇ ਆਪਣੇ ਦੋਸਤਾਂ ਨੂੰ 'ਜੀ ਆਇਆਂ' ਆਖਿਆ ਅਤੇ ਸਾਰਿਆਂ ਨੂੰ ਆਪਣੀ ਪੈਲੀ ਵਿਚ ਬਲਦਾਂ ਦੇ ਕੋਲ ਲੈ ਗਿਆ । ਉਸ ਦੇ ਬਲਦਾਂ ਦੀ ਜੋੜੀ ਬੜੀ ਹੀ ਸੋਹਣੀ ਸੀ । ਬਲਦਾਂ ਨੇ ਗਲਾਂ ਵਿਚ ਘੁੰਗਰਾਲਾਂ (ਛੋਟੇ ਘੁੰਗਰੂਆਂ ਵਾਲਾ ਪਟਾ) ਪਾਈਆਂ ਹੋਈਆਂ ਸਨ । ਉਹ ਜਦੋਂ ਥੋੜ੍ਹਾ ਹਿਲਦੇ ਤਾਂ ਘੁੰਗਰੂਆਂ ਦੇ ਛਣਕਣ ਦੀ ਬੜੀ ਮਿੱਠੀ-ਮਿੱਠੀ ਆਵਾਜ਼ ਆਉਂਦੀ ।
ਜਸਬੀਰ ਸਿੰਘ ਨੇ ਬੱਚਿਆਂ ਨੂੰ ਕਿਹਾ, 'ਤੁਸੀਂ ਸਾਰੇ ਬੱਚੇ ਪੜ੍ਹੇ-ਲਿਖੇ ਹੋ, ਮੈਂ ਤਾਂ ਤੁਹਾਨੂੰ ਕੁਝ ਸਮਝਾ ਨਹੀਂ ਸਕਦਾ । ਮੈਂ ਤਾਂ ਸਾਰਾ ਦਿਨ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹਾਂ ਪਰ ਮੇਰਾ ਦੋਸਤ, ਮੇਰਾ ਭਰਾ ਅਤੇ ਤੁਹਾਡਾ ਰਣਬੀਰ ਵੀਰ ਜੀ ਜੋ ਬਹੁਤ ਪੜਿ੍ਹਆ-ਲਿਖਿਆ ਅਤੇ ਸਿਆਣਾ ਹੈ, ਉਸ ਉੱਪਰ ਮੈਨੂੰ ਮਾਣ ਹੈ ਅਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਵੀ ਇਸ ਗੱਲ ਉੱਪਰ ਮਾਣ ਹੋਵੇਗਾ ਕਿ ਉਹ ਤੁਹਾਡਾ ਸਾਰਿਆਂ ਦਾ ਟੀਚਰ ਹੈ । ਹੁਣ ਉਹ ਤੁਹਾਨੂੰ ਤੁਹਾਡੀ ਪੜ੍ਹਾਈ-ਲਿਖਾਈ ਨਾਲ ਕਿਸਾਨੀ ਜੀਵਨ ਨੂੰ ਜੋੜ ਕੇ ਗੱਲਾਂ ਸਮਝਾਵੇਗਾ । ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਸਾਰੇ ਸਾਡੇ ਪਿੰਡ ਆਏ ਹੋ ਅਤੇ ਇਸ ਤੋਂ ਵੀ ਵੱਡੀ ਗੱਲ ਕਿ ਤੁਸੀਂ ਸਾਰੇ ਮੇਰੇ ਖੇਤਾਂ ਵਿਚ ਆਏ ਹੋ । ਇਹ ਮੇਰੀ ਜ਼ਿੰਦਗੀ ਦੀ ਇਕ ਅਭੁੱਲ ਯਾਦ ਬਣ ਜਾਵੇਗੀ ।' ਇਹ ਕਹਿੰਦਿਆਂ ਉਹ ਆਪਣੇ ਦੋਸਤ ਰਣਬੀਰ ਵੱਲ ਦੇਖਦਿਆਂ ਕਹਿਣ ਲੱਗਾ, 'ਹੁਣ ਤੂੰ ਆਪੇ ਇਨ੍ਹਾਂ ਨੂੰ ਜੋ ਸਮਝਾਉਣਾ ਹੈ, ਸਮਝਾ ਦੇ ।'
ਰਣਬੀਰ ਆਪਣੇ ਦੋਸਤ ਨੂੰ ਕਹਿਣ ਲੱਗਾ, 'ਮੈਂ ਇਨ੍ਹਾਂ ਸਿਆਣੇ ਬੱਚਿਆਂ ਨੂੰ ਕੀ ਸਮਝਾਉਣਾ ਹੈ? ਮੈਂ ਤਾਂ ਬਸ ਇਨ੍ਹਾਂ ਨੂੰ ਤੇਰੇ ਨਾਲ ਮਿਲਾਉਣਾ ਸੀ ਅਤੇ ਹਲ ਚਲਦਾ ਵਿਖਾਉਣਾ ਸੀ । ਸੋ, ਤੂੰ ਚਾਰ-ਪੰਜ ਮਿੰਟਾਂ ਤੱਕ ਇਨ੍ਹਾਂ ਨੂੰ ਹਲ ਚਲਾ ਕੇ ਦਿਖਾ ਦੇਈਂ ।' ਰਣਬੀਰ ਹੁਣ ਬੱਚਿਆਂ ਵੱਲ ਦੇਖਦਾ ਹੋਇਆ ਬੋਲਿਆ, 'ਬੱਚਿਓ, ਕੋਈ ਸਮਾਂ ਸੀ, ਜਦੋਂ ਖੇਤੀਬਾੜੀ ਸਭ ਤੋਂ ਚੰਗੀ ਗਿਣੀ ਜਾਂਦੀ ਸੀ । ਉਦੋਂ ਸਾਰੇ ਇਹ ਕਹਿੰਦੇ ਸਨ-'ਉੱਤਮ ਖੇਤੀ, ਮੱਧ ਵਪਾਰ, ਨਖਿੱਧ ਚਾਕਰੀ ।'

+++
'ਇਸ ਦਾ ਮਤਲਬ ਕੀ ਹੋਇਆ ਵੀਰ ਜੀ', ਸਿੰਪੀ ਹੌਲੀ ਜਿਹੀ ਬੋਲੀ ।
'ਇਸ ਦਾ ਮਤਲਬ ਇਹ ਹੈ ਕਿ ਸਭ ਤੋਂ ਉੱਤਮ ਯਾਨੀ ਸਭ ਤੋਂ ਵਧੀਆ ਖੇਤੀ ਦਾ ਕੰਮ ਹੈ, ਉਸ ਤੋਂ ਬਾਅਦ 'ਮੱਧ ਵਪਾਰ' ਜਿਸ ਨੂੰ ਤੁਸੀਂ ਸਾਰੇ ਬਿਜ਼ਨਸ ਕਹਿੰਦੇ ਹੋ, ਉਹ ਦਰਮਿਆਨਾ ਹੁੰਦਾ ਹੈ ਅਤੇ ਨੌਕਰੀ ਜਿਸ ਨੂੰ ਅੱਜ ਲੋਕੀਂ ਸਭ ਤੋਂ ਚੰਗੀ ਕਹਿੰਦੇ ਹਨ, ਉਸ ਨੂੰ ਪੁਰਾਣੇ ਸਮਿਆਂ ਵਿਚ ਸਭ ਤੋਂ ਮਾੜੀ ਸਮਝਿਆ ਜਾਂਦਾ ਸੀ । ਹੁਣ ਸਮਝ ਲੱਗੀ ਮੇਰੀ ਗੱਲ ਦੀ?'
'ਹਾਂ ਜੀ ਲੱਗ ਗਈ ਹੈ ਜੀ', ਮਧੁਰ ਦੇ ਨਾਲ ਸਿਮਰ, ਸਹਿਰ, ਸਿੰਪੀ, ਕੋਮਲ, ਗੁੱਡੀ ਵੀ ਬੋਲ ਪਈਆਂ ।
'ਹੱਛਾ ਗੱਲ ਚੱਲ ਰਹੀ ਸੀ ਖੇਤੀਬਾੜੀ ਦੀ । ਉਸ ਸਮੇਂ ਕਿਸਾਨਾਂ ਦੀ ਜ਼ਮੀਨ ਤੋਂ ਬਾਅਦ ਸਭ ਤੋਂ ਵੱਡੀ ਜਾਇਦਾਦ ਬਲਦਾਂ ਦੀ ਜੋੜੀ ਅਤੇ ਹਲ-ਪੰਜਾਲੀ ਹੁੰਦੇ ਸਨ । ਬਲਦਾਂ ਅਤੇ ਹਲ-ਪੰਜਾਲੀ ਤੋਂ ਬਿਨਾਂ ਕੋਈ ਵੀ ਕਿਸਾਨ ਜ਼ਮੀਨ ਨੂੰ ਵਾਹੁਣ ਬਾਰੇ ਸੋਚ ਵੀ ਨਹੀਂ ਸੀ ਸਕਦਾ । ਸਾਰੀ ਖੇਤੀ ਬਲਦਾਂ ਦੇ ਦੁਆਲੇ ਘੰੁਮਦੀ ਸੀ । ਬਲਦਾਂ ਦੀ ਜੋੜੀ ਹਰ ਕਿਸਾਨ ਦੀ ਸ਼ਾਨ ਹੁੰਦੀ ਸੀ । ਕਿਸਾਨ ਦੇ ਘਰ ਜਦੋਂ ਕੋਈ ਗਊ ਸੰੂਦੀ ਸੀ ਤਾਂ ਜੇ ਉਹ ਵੱਛਾ ਜੰਮਦੀ ਸੀ ਤਾਂ ਕਿਸਾਨ ਓਨੀ ਹੀ ਖੁਸ਼ੀ ਮਨਾਉਂਦਾ ਸੀ, ਜਿੰਨੀ ਉਹ ਆਪਣੇ ਘਰ ਪੁੱਤਰ ਜੰਮਣ 'ਤੇ ਮਨਾਉਂਦਾ ਸੀ । ਇਸ ਲਈ ਉਹ ਜੰਮਦੇ ਵੱਛੇ ਨੂੰ ਜਿੰਨੀ ਦੇਰ ਉਹ ਘਾਹ-ਪੱਠਾ ਖਾਣ ਦੇ ਯੋਗ ਨਹੀਂ ਸੀ ਹੁੰਦਾ, ਉਸ ਨੂੰ ਗਊ ਦਾ ਅੱਧਾ ਦੁੱਧ ਚੁੰਘਾਅ ਦਿੰਦਾ ਸੀ, ਤਾਂ ਜੋ ਵੱਛਾ ਜਲਦੀ ਤੋਂ ਜਲਦੀ ਵੱਡਾ ਅਤੇ ਜਵਾਨ ਹੋਵੇ ।'
'ਜਦੋਂ ਛੋਟਾ ਵੱਛਾ ਵੱਡਾ ਹੋ ਜਾਂਦਾ ਸੀ, ਫਿਰ ਉਸ ਕੋਲੋਂ ਬਹੁਤ ਕੰਮ ਕਰਵਾਉਂਦੇ ਸੀ?' ਕੁਲਵਿੰਦਰ ਨੇ ਸਵਾਲ ਕਰ ਦਿੱਤਾ ।
'ਹਾਂ ਬੱਚਿਓ, ਕਿਸਾਨ ਤਾਂ ਵੱਛੇ ਨੂੰ ਪੁੱਤਰਾਂ ਵਾਂਗ ਲਾਡ-ਪਿਆਰ ਨਾਲ ਅਤੇ ਚੰਗੀ ਤੋਂ ਚੰਗੀ ਖੁਰਾਕ ਦੇ ਕੇ ਪਾਲਦੇ ਸਨ । ਜਦੋਂ ਉਹ ਜਵਾਨ ਹੋ ਜਾਂਦਾ ਸੀ, ਫਿਰ ਕੰਮ ਤਾਂ ਉਸ ਕੋਲੋਂ ਕਰਵਾਉਣਾ ਹੀ ਹੁੰਦਾ ਸੀ ।'
'ਬਲਦਾਂ ਕੋਲੋਂ ਕਿਹੜਾ-ਕਿਹੜਾ ਕੰਮ ਕਰਵਾਉਂਦੇ ਸਨ?' ਐਤਕੀਂ ਜਗਮੀਤ ਨੇ ਪੁੱਛਿਆ ।
'ਸਵੇਰੇ ਤੜਕੇ ਉਠ ਕੇ ਬਲਦਾਂ ਨੂੰ ਹਲਾਂ ਨਾਲ ਜੋੜਿਆ ਜਾਂਦਾ ਸੀ । ਬਲਦਾਂ ਨਾਲ ਹੀ ਸਾਰੀ ਜ਼ਮੀਨ ਵਿਚ ਹਲ ਵਾਹ ਕੇ, ਬੀਜ ਪਾ ਕੇ, ਫੇਰ ਸੁਹਾਗਾ ਫੇਰਿਆ ਜਾਂਦਾ ਸੀ ।'
'ਸੁਹਾਗਾ ਕੀ ਹੁੰਦਾ ਹੈ?' ਸਿਮਰ, ਸਹਿਰ, ਕੋਮਲ, ਸਿੰਪੀ ਅਤੇ ਮੇਘਾ ਇਕੱਠੀਆਂ ਬੋਲ ਪਈਆਂ ।
'ਬੱਚਿਓ, ਸੁਹਾਗਾ ਉਸ ਨੂੰ ਕਹਿੰਦੇ ਹਨ, ਜੋ ਵਾਹੀ ਹੋਈ ਜ਼ਮੀਨ ਵਿਚ ਮਿੱਟੀ ਦੇ ਬਣੇ ਢੇਲਿਆਂ ਉੱਤੇ ਅਤੇ ਸਿਆੜਾਂ ਉੱਤੇ ਫੇਰ ਕੇ ਖੇਤ ਨੂੰ ਪੱਧਰਾ ਕਰਦਾ ਹੈ । ਸੁਹਾਗੇ ਦੀ ਵਰਤੋਂ ਕਿਸਾਨ ਸੁਹਾਗੇ ਉੱਪਰ ਖਲੋ ਕੇ ਕਰਦਾ ਹੈ । ਹਲ ਦੀ ਥਾਂ 'ਤੇ ਕਿਸਾਨ ਬਲਦਾਂ ਦੇ ਮਗਰ ਚਪਟੇ ਮੋਟੇ ਫੱਟਿਆਂ ਨੂੰ ਜੋੜ ਕੇ ਆਪ ਮੋਟੇ ਫੱਟਿਆਂ ਉੱਪਰ ਖਲੋ ਜਾਂਦਾ ਹੈ । ਬਲਦ ਕਿਸਾਨ ਸਮੇਤ ਫੱਟਿਆਂ ਨੂੰ ਖਿੱਚਦੇ ਹਨ । ਕਿਸਾਨ ਬਲਦਾਂ ਨੂੰ ਹੱਕੀ ਜਾਂਦਾ ਹੈ । ਇਸ ਤਰ੍ਹਾਂ ਚੱਪਟੇ ਫੱਟਿਆਂ ਅਤੇ ਫੱਟਿਆਂ ਉੱਪਰ ਕਿਸਾਨ ਦੇ ਭਾਰ ਨਾਲ ਖੇਤ ਸਾਰਾ ਪੱਧਰਾ ਹੋ ਜਾਂਦਾ ਹੈ ਅਤੇ ਬੀਜ ਚੰਗੀ ਤਰ੍ਹਾਂ ਬੀਜਿਆ ਜਾਂਦਾ ਹੈ । ਇਸ ਸਬੰਧੀ ਇਕ ਪੰਜਾਬੀ ਦਾ ਅਖਾਣ ਵੀ ਬੜਾ ਮਸ਼ਹੂਰ ਹੈ ਕਿ-'ਜੱਟ ਤਾਂ ਸੁਹਾਗੇ 'ਤੇ ਚੜਿ੍ਹਆ ਮਾਣ ਨਹੀਂ ।'
'ਇਸ ਦਾ ਕੀ ਮਤਲਬ ਹੋਇਆ ਵੀਰ ਜੀ', ਸਿਧਾਰਥ ਨੇ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਆਪ ਸੁਹਾਗੇ 'ਤੇ ਚੜਿ੍ਹਆ ਹੋਵੇ ।
'ਬੱਚਿਓ, ਆਮ ਆਦਮੀ ਸਕੂਟਰ ਉੱਤੇ ਬੈਠ ਕੇ ਅਤੇ ਵੱਡੇ ਜ਼ਿਮੀਂਦਾਰ ਟਰੈਕਟਰ ਉੱਤੇ ਜਾਂ ਕਾਰ ਵਿਚ ਬੈਠ ਕੇ ਬੜਾ ਮਾਣ ਮਹਿਸੂਸ ਕਰਦੇ ਹਨ ਪਰ ਇਕ ਸਾਧਾਰਨ ਕਿਸਾਨ ਸੁਹਾਗੇ ਉੱਤੇ ਚੜ੍ਹ ਕੇ ਹੀ ਐਨਾ ਨਸ਼ਿਆ ਜਾਂਦਾ ਹੈ ਜਿਵੇਂ ਉਸ ਨੂੰ ਕਾਰ ਅਤੇ ਟਰੈਕਟਰ ਤੋਂ ਵੀ ਵੱਧ ਹੁਲਾਰੇ ਆ ਰਹੇ ਹੋਣ ।'
'ਵਾਹ ਜੀ ਵਾਹ, ਫੇਰ ਤਾਂ ਕਿਸਾਨ ਨੂੰ ਬੜੇ ਝੂਟੇ ਆਉਂਦੇ ਹੋਣਗੇ', ਕੁਲਵਿੰਦਰ ਝੂਲਦਾ ਹੋਇਆ ਬੋਲਿਆ ।
'ਝੂਟੇ ਤਾਂ ਜ਼ਰੂਰ ਆਉਂਦੇ ਹਨ ਪਰ ਸੁਹਾਗੇ ਉੱਪਰ ਖਲੋ ਕੇ ਬਲਦਾਂ ਨੂੰ ਹੱਕਣਾ ਯਾਨੀ ਚਲਾਉਣਾ ਕੋਈ ਮਜ਼ਾਕ ਨਹੀਂ । ਇਸ ਲਈ ਕਿਸਾਨ ਦੀ ਪੂਰੀ ਮਿਹਨਤ ਲਗਦੀ ਹੈ', ਰਣਬੀਰ ਬੱਚਿਆਂ ਨੂੰ ਸਮਝਾਉਂਦਿਆਂ ਹੋਇਆਂ ਬੋਲਿਆ, 'ਹਲ ਅਤੇ ਸੁਹਾਗੇ ਤੋਂ ਇਲਾਵਾ ਬਲਦਾਂ ਨੂੰ ਖੂਹ 'ਤੇ ਜੋੜਿਆ ਜਾਂਦਾ ਹੈ । ਇਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ । ਕਈ ਲੋਕ ਕੋਹਲੂ ਅੱਗੇ ਵੀ ਬਲਦਾਂ ਨੂੰ ਜੋੜਦੇ ਹਨ ।'

+++
'ਕੋਹਲੂ ਕੀ ਹੁੰਦਾ ਹੈ?' ਮਧੁਰ ਦੇ ਨਾਲ ਗੁੱਡੀ ਅਤੇ ਭੋਲੀ ਵੀ ਬੋਲ ਪਈ ।
ਰਣਬੀਰ ਦੇ ਦੱਸਣ ਤੋਂ ਪਹਿਲਾਂ ਸਿਮਰ ਬੋਲੀ, 'ਕੋਹਲੂ ਦਾ ਬੈਲ' ਮੈਂ ਕਿਤੇ ਪੜਿ੍ਹਆ ਹੋਇਆ ਹੈ ।'
'ਬਿਲਕੁਲ ਠੀਕ, 'ਕੋਹਲੂ ਦਾ ਬੈਲ' ਇਕ ਮਸ਼ਹੂਰ ਮੁਹਾਵਰਾ ਹੈ । ਅੱਜਕਲ੍ਹ ਤਾਂ ਵੱਡੇ-ਵੱਡੇ ਕਾਰਖਾਨਿਆਂ ਵਿਚ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਬੀਜਾਂ ਵਿਚੋਂ ਤੇਲ ਕੱਢਿਆ ਜਾਂਦਾ ਹੈ । ਪਹਿਲਾਂ ਲੱਕੜ ਦਾ ਬਣਿਆ ਕੋਹਲੂ ਹੁੰਦਾ ਸੀ, ਉਸ ਵਿਚ ਸਰ੍ਹੋਂ ਵਗੈਰਾ ਦੇ ਬੀਜ ਪਾਏ ਜਾਂਦੇ ਸਨ । ਖੂਹ ਵਾਂਗ ਉਸ ਅੱਗੇ ਵੀ ਬਲਦ ਜੋਤ ਲਏ ਜਾਂਦੇ ਸਨ । ਜਦ ਸਾਰਾ ਦਿਨ ਇਕ ਛੋਟੀ ਜਿਹੀ ਥਾਂ 'ਤੇ ਚੱਕਰ ਕੱਢਦਾ ਰਹਿੰਦਾ ਸੀ ਅਤੇ ਕੋਹਲੂ ਵਿਚੋਂ ਬੀਜਾਂ ਦਾ ਤੇਲ ਨਿਕਲੀ ਆਉਂਦਾ ਸੀ । ਇਸੇ ਕਰਕੇ ਇਹ ਮੁਹਾਵਰਾ ਮਸ਼ਹੂਰ ਹੋਇਆ ਹੈ ਕਿ ਇਹ ਤਾਂ ਕੋਹਲੂ ਦਾ ਬੈਲ ਹੈ । ਮਤਲਬ ਕਿ ਇਸ ਨੂੰ ਦੁਨੀਆ ਦਾ ਕੁਝ ਨਹੀਂ ਪਤਾ । ਇਹ ਤਾਂ ਛੋਟੀ ਜਿਹੀ ਥਾਂ 'ਤੇ ਹੀ ਸਾਰਾ ਦਿਨ ਚੱਕਰ ਕੱਢੀ ਜਾਂਦਾ ਹੈ । ਜਿਵੇਂ ਅਸੀਂ ਇਕ ਹੋਰ ਮੁਹਾਵਰਾ ਬੋਲਦੇ ਹਾਂ ਕਿ ਇਹ ਤਾਂ 'ਖੂਹ ਦਾ ਡੱਡੂ' ਹੈ । ਇਸ ਦਾ ਮਤਲਬ ਵੀ ਉਹੋ ਹੀ ਹੈ ਕਿ ਖੂਹ ਦੇ ਡੱਡੂ ਦੀ ਦੁਨੀਆ ਵੀ ਖੂਹ ਤੱਕ ਹੀ ਸੀਮਤ ਹੈ । ਉਸ ਨੂੰ ਵੀ ਦੀਨ-ਦੁਨੀਆ ਦਾ ਕੋਈ ਪਤਾ ਨਹੀਂ ।' ਇਹ ਕਹਿੰਦਿਆਂ ਰਣਬੀਰ ਨੇ ਆਪਣੀ ਬਾਂਹ 'ਤੇ ਬੱਝੀ ਘੜੀ ਦੇਖੀ, 'ਉਹ ਹੋ! ਐਨਾ ਵਕਤ ਹੋ ਗਿਐ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ । ਤੁਹਾਨੂੰ ਭੁੱਖ ਲੱਗੀ ਹੋਣੀ ਐ । ਚਲੋ-ਚਲੋ ਜਲਦੀ-ਜਲਦੀ ਘਰ ਚਲੀਏ । ਸਾਰੇ ਤੁਹਾਡੇ ਨਾਸ਼ਤੇ ਲਈ ਉਡੀਕਦੇ ਹੋਣਗੇ ।'
'ਸਾਨੂੰ ਤਾਂ ਨਾ ਭੁੱਖ ਦਾ ਪਤਾ ਲੱਗਾ ਅਤੇ ਨਾ ਹੀ ਵਕਤ ਦਾ । ਸਾਨੂੰ ਤਾਂ ਨਵੀਆਂ-ਨਵੀਆਂ ਚੀਜ਼ਾਂ ਦੇਖ ਕੇ ਅਤੇ ਤੁਹਾਡੇ ਕੋਲੋਂ ਸੁਣ ਕੇ ਮਜ਼ਾ ਹੀ ਬੜਾ ਆ ਰਿਹਾ ਹੈ ।' ਸਿਧਾਰਥ ਅਤੇ ਮੇਘਾ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ, ਜਿਸ ਦੀ ਸਾਰੇ ਬੱਚਿਆਂ ਨੇ ਪ੍ਰੋੜ੍ਹਤਾ ਕੀਤੀ ।
'ਹੁਣ ਸਾਨੂੰ ਜਲਦੀ ਚੱਲਣਾ ਚਾਹੀਦਾ ਹੈ । ਅੱਜ ਤੁਸੀਂ ਵਾਪਸ ਸ਼ਹਿਰ ਵੀ ਜਾਣਾ ਹੈ । ਸਕੂਲ ਦੀ ਵੈਨ ਵਾਲੇ ਨੂੰ ਮੈਂ ਦੁਪਹਿਰ ਦਾ ਵਕਤ ਦਿੱਤਾ ਹੈ । ਤੁਸੀਂ ਸਾਰਿਆਂ ਨੇ ਅਜੇ ਨਹਾਉਣਾ-ਧੋਣਾ ਵੀ ਹੈ ।' ਰਣਬੀਰ ਨੇ ਫਿਰ ਘੜੀ ਵੱਲ ਦੇਖਦਿਆਂ ਕਿਹਾ ।
'ਪਹਿਲਾਂ ਤਾਂ ਭੁੱਖ ਦਾ ਚਿੱਤ-ਚੇਤਾ ਵੀ ਨਹੀਂ ਸੀ ਪਰ ਤੁਹਾਨੂੰ ਗੱਲ ਸੁਣ ਕੇ ਮੇਰੀ ਤਾਂ ਭੁੱਖ ਚਮਕਣੀ ਸ਼ੁਰੂ ਹੋ ਗਈ ਐ', ਜਗਮੀਤ ਨੇ ਵੀਰ ਜੀ ਵੱਲ ਦੇਖਦੇ ਹੋਏ ਕਿਹਾ ।
'ਗੱਲ ਤਾਂ ਤੇਰੀ ਠੀਕ ਹੈ, ਭੁੱਖ ਤਾਂ ਹੁਣ ਸਾਨੂੰ ਵੀ ਲੱਗਣੀ ਸ਼ੁਰੂ ਹੋ ਗਈ ਐ', ਸਹਿਰ, ਸਿਮਰ, ਮਧੁਰ, ਭੋਲੀ, ਗੁੱਡੀ, ਰਿਤੇਸ਼, ਇਕੱਠੇ ਬੋਲ ਪਏ ।
'ਚਲੋ ਬਈ ਆ ਜਾਓ ਹੁਣ ਫਟਾਫਟ । ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਰਹਿ ਗਈਆਂ ਹਨ, ਉਹ ਹੁਣ ਤੁਹਾਡੀ ਅਗਲੀ ਫੇਰੀ 'ਤੇ ਦਿਖਾਵਾਂਗੇ', ਇਹ ਕਹਿੰਦੇ ਹੋਏ ਰਣਬੀਰ ਘਰ ਵੱਲ ਤੁਰ ਪਿਆ ਅਤੇ ਉਸ ਦੇ ਪਿੱਛੇ-ਪਿੱਛੇ ਰੌਲਾ ਪਾਉਂਦੇ ਸਾਰੇ ਬੱਚੇ ।
'ਵੀਰ ਜੀ, ਸਾਡੀ ਅਗਲੀ ਫੇਰੀ ਕਦੋਂ ਲੱਗੇਗੀ', ਸਿਧਾਰਥ ਦੌੜ ਕੇ ਵੀਰ ਜੀ ਦੇ ਨੇੜੇ ਹੁੰਦਿਆਂ ਬੋਲਿਆ ।
'ਆਉਣ ਨੂੰ ਤਾਂ ਤੁਸੀਂ ਭਾਵੇਂ ਹਰ ਮਹੀਨੇ ਆ ਜਾਇਆ ਕਰੋ ਪਰ ਇਸ ਤਰ੍ਹਾਂ ਦਾ ਪ੍ਰੋਗਰਾਮ ਹੁਣ ਸਰਦੀਆਂ ਵਿਚ ਬਣਾਵਾਂਗੇ । ਸਰਦੀਆਂ ਦੇ ਤੋਹਫੇ ਜਿਵੇਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਗੋਭੀ ਅਤੇ ਮੂਲੀਆਂ ਵਾਲੇ ਪਰੌਂ ਠੇ, ਗੁੜ, ਸ਼ੱਕਰ-ਘਿਓ... ।'
'ਬਸ ਵੀਰ ਜੀ ਬਸ, ਭੁੱਖ ਤਾਂ ਪਹਿਲਾਂ ਹੀ ਚਮਕੀ ਪਈ ਹੈ, ਉੱਤੋਂ ਤੁਸੀਂ ਐਨੀਆਂ ਵਧੀਆ-ਵਧੀਆ ਚੀਜ਼ਾਂ ਦੇ ਨਾਂਅ ਲੈ ਰਹੇ ਹੋ, ਮੂੰਹ ਸਾਰਾ ਪਾਣੀ ਨਾਲ ਭਰ ਗਿਆ ਹੈ', ਸਿਧਾਰਥ ਆਪਣੇ ਵੀਰ ਜੀ ਦੀ ਗੱਲ ਵਿਚੋਂ ਹੀ ਕੱਟਦਿਆਂ ਹੋਇਆ ਬੋਲਿਆ ।
'ਫਿਕਰ ਨਾ ਕਰ ਤੂੰ, ਸਭ ਤੋਂ ਪਹਿਲਾਂ ਤੈਨੂੰ ਹੀ ਨਾਸ਼ਤਾ ਖਵਾਉਂਦੇ ਹਾਂ ਚੱਲ ਕੇ । ਹਾਂ, ਮੈਂ ਕਹਿ ਰਿਹਾ ਸਾਂ, ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਗੰਨੇ ਚੂਪਾਵਾਂਗੇ, ਗੰਨੇ ਦੀ ਰੋਅ (ਰਸ) ਪੀਆਵਾਂਗੇ ਅਤੇ ਰੋਅ ਤੋਂ ਬਣਦਾ ਗੁੜ ਦਿਖਾਵਾਂਗੇ ਅਤੇ ਬਣਦਾ-ਬਣਦਾ ਗਰਮ-ਗਰਮ ਗੁੜ ਵੀ ਖਵਾਵਾਂਗੇ । ਰੋਅ ਦੀ ਖੀਰ ਅਤੇ ਗੁੜ ਵਾਲੇ ਚੌਲ... ਅਤੇ ਹੋਰ ਬੜਾ ਕੁਝ ।'
'ਹੋਰ ਬੜਾ ਕੁਝ ਕੀ? ਉਹ ਵੀ ਦੱਸੋ', ਕੋਮਲ ਹੌਲੀ ਜਿਹੀ ਬੋਲੀ ।
'ਹੋਰ... ਹੋਰ ਤੁਹਾਨੂੰ ਧੁੱਪ ਸੇਕਾਵਾਂਗੇ', ਰਣਬੀਰ ਬੋਲਿਆ ।

+++
'ਧੁੱਪ? ਧੁੱਪ ਤਾਂ ਅਸੀਂ ਆਪਣੇ ਘਰ ਦੇ ਧੁਰ ਕੋਠੇ 'ਤੇ ਜਾ ਕੇ ਵੀ ਸੇਕ ਸਕਦੇ ਹਾਂ', 'ਰਿਤੇਸ਼ ਹੈਰਾਨ ਹੁੰਦਿਆਂ ਬੋਲਿਆ । ਉਹ ਸ਼ਾਇਦ ਸੋਚ ਰਿਹਾ ਸੀ ਕਿ ਧੁੱਪ ਦਾ ਕੀ ਸੇਕਣਾ ਹੋਇਆ ।
'ਤੁਸੀਂ ਧੁੱਪ ਕੋਠੇ 'ਤੇ ਜਾ ਕੇ ਸੇਕਣੀ ਹੈ ਅਤੇ ਬਾਹਰ ਵਿਹੜੇ ਵਿਚ ਬੈਠ ਕੇ । ਨਾਲੇ ਅਸੀਂ ਘਰ ਦੇ ਸਾਹਮਣੇ ਬਣੀ ਸਬਜ਼ੀ ਵਾਲੀ ਕਿਆਰੀ ਵਿਚੋਂ ਮੂਲੀਆਂ ਅਤੇ ਗਾਜਰਾਂ ਪੁੱਟ-ਪੁੱਟ ਕੇ ਅਤੇ ਬੰਬੀ ਦੇ ਪਾਣੀ ਨਾਲ ਧੋ-ਧੋ ਕੇ ਖਾਵਾਂਗੇ ਅਤੇ ਤੁਹਾਡੀ ਸਿਹਤ ਬਣਾਵਾਂਗੇ', ਰਣਬੀਰ ਸਰ ਵੀ ਬੱਚਿਆਂ ਨਾਲ ਬੱਚੇ ਹੋਏ ਗੱਲਾਂ ਕਰੀ ਜਾ ਰਹੇ ਸਨ ਅਤੇ ਅੱਗੇ-ਅੱਗੇ ਤੁਰੀ ਜਾ ਰਹੇ ਸਨ ।
'ਵੀਰ ਜੀ, ਸਾਰੀਆਂ ਚੀਜ਼ਾਂ ਖਾ ਕੇ ਬਹੁਤਾ ਹੀ ਮਜ਼ਾ ਆ ਜਾਵੇਗਾ', ਸਿਧਾਰਥ ਨੇ ਬੁੱਲ੍ਹਾਂ 'ਤੇ ਜੀਭ ਫੇਰਦਿਆਂ ਕਿਹਾ, 'ਵੀਰ ਜੀ ਐਹ ਸਿਆਲ ਆਏਗਾ ਕਦੋਂ?'
ਸਿਧਾਰਥ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸ ਪਏ ।
'ਤੂੰ ਫਿਕਰ ਨਾ ਲਾਇਆ ਕਰ, ਬਸ ਸਿਆਲ ਆਇਆ ਹੀ ਸਮਝ, ਸਾਰੀ ਪੰਜ-ਛੇ ਮਹੀਨਿਆਂ ਦੀ ਗੱਲ ਹੈ', ਰਣਬੀਰ ਸਰ ਦੀ ਗੱਲ ਨੇ ਇਕ ਵਾਰੀ ਫਿਰ ਹਾਸਾ ਪਾ ਦਿੱਤਾ ।
ਗੱਲਾਂਬਾਤਾਂ ਕਰਦਿਆਂ-ਕਰਦਿਆਂ ਉਹ ਸਾਰੇ ਘਰ ਪਹੁੰਚ ਗਏ ।
ਘਰ ਪਹੁੰਚਦਿਆਂ-ਪਹੁੰਚਦਿਆਂ ਬੱਚਿਆਂ ਨੂੰ ਨੌਂ ਵੱਜ ਗਏ । ਗਰਮੀ, ਥਕਾਵਟ ਅਤੇ ਭੁੱਖ ਨਾਲ ਬੱਚਿਆਂ ਦੀ ਭਾਵੇਂ ਬੁਰੀ ਹਾਲਤ ਸੀ ਪਰ ਵੀਰ ਜੀ ਦੇ ਸਾਥ ਅਤੇ ਨਵੀਆਂ ਚੀਜ਼ਾਂ ਦੇਖਣ ਦੀ ਖੁਸ਼ੀ, ਚਾਅ ਅਤੇ ਉਤਸ਼ਾਹ ਕਰਕੇ ਉਨ੍ਹਾਂ ਨੂੰ ਕੁਝ ਵੀ ਮਹਿਸੂਸ ਨਹੀਂ ਸੀ ਹੋ ਰਿਹਾ । ਘਰ ਸਾਰੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ । ਰਸੋਈ ਵਿਚ ਬਣਦੇ ਪਰੌਂ ਠਿਆਂ ਦੀ ਖੁਸ਼ਬੋ ਦੂਰ ਤੱਕ ਆ ਰਹੀ ਸੀ ।
'ਹਾਂ ਬਈ ਬੱਚਿਓ, ਪਹਿਲਾਂ ਨਾਸ਼ਤਾ ਕਰਨਾ ਹੈ ਜਾਂ ਪਹਿਲਾਂ ਨਹਾਉਣਾ-ਧੋਣਾ ਹੈ?' ਰਣਬੀਰ ਨੇ ਘਰ ਪਹੁੰਚਦਿਆਂ ਹੀ ਬੱਚਿਆਂ ਨੂੰ ਪੁੱਛਿਆ ।
'ਪਹਿਲਾਂ ਨਾਸ਼ਤਾ ਜੀ', ਬਹੁਤੇ ਬੱਚਿਆਂ ਦੀ ਆਵਾਜ਼ ਆਈ ।
'ਚਲੋ ਠੀਕ ਹੈ, ਪਹਿਲਾਂ ਨਾਸ਼ਤਾ ਕਰੋ ਅਤੇ ਫਿਰ ਵਾਰੋ-ਵਾਰੀ ਨਹਾ ਕੇ ਤਿਆਰ ਹੋ ਜਾਣਾ', ਰਣਬੀਰ ਬੱਚਿਆਂ ਦੀ ਗੱਲ ਨਾਲ ਸਹਿਮਤ ਹੋ ਗਿਆ । ਉਸ ਨੂੰ ਆਪ ਵੀ ਪੂਰੀ ਭੁੱਖ ਲੱਗ ਚੁੱਕੀ ਸੀ ।
ਰਣਬੀਰ ਦੀ ਭੈਣ ਅਸੀਸ ਪਹਿਲਾਂ ਹੀ ਸੇਵਾ ਕਰਨ ਲਈ ਤਿਆਰ-ਬਰ-ਤਿਆਰ ਖੜ੍ਹੀ ਸੀ । ਬੱਚਿਆਂ ਦੀ ਅਤੇ ਆਪਣੇ ਭਰਾ ਦੀ ਗੱਲ ਸੁਣ ਕੇ ਉਹ ਰਸੋਈ ਵਿਚ ਨਾਸ਼ਤਾ ਲਿਆਉਣ ਲਈ ਚਲੀ ਗਈ ।
ਰਣਬੀਰ ਦੇ ਮਾਤਾ ਜੀ ਨੇ ਸਵੇਰ ਤੋਂ ਹੀ ਨਾਸ਼ਤੇ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ । ਸਵੇਰੇ ਪਹਿਲਾਂ ਉਨ੍ਹਾਂ ਨੇ ਬੱਚਿਆਂ ਦੇ ਸਾਹਮਣੇ ਚਾਟੀ ਵਿਚ ਦਹੀਂ ਰਿੜਕ ਕੇ ਤਾਜ਼ਾ ਮੱਖਣ ਕੱਢਿਆ । ਬੱਚਿਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਟੇ ਵਿਚ ਵੇਸਣ ਪਾ ਕੇ ਗੁੰਨਿ੍ਹਆ ਅਤੇ ਉਸ ਵਿਚ ਬਹੁਤ ਸਾਰੇ ਬਰੀਕ-ਬਰੀਕ ਗੰਢੇ ਅਤੇ ਇਕ-ਦੋ ਹਰੀਆਂ ਮਿਰਚਾਂ ਚੀਰ ਕੇ ਮਿਲਾਈਆਂ । ਉਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਦੇ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮਿੱਸੇ ਪਰਾਉਂਠੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ।
ਰਣਬੀਰ ਦੀ ਭੈਣ ਅਸੀਸ ਜਦੋਂ ਰਸੋਈ ਵਿਚ ਬੱਚਿਆਂ ਵਾਸਤੇ ਨਾਸ਼ਤਾ ਲੈਣ ਆਈ ਤਾਂ ਕਾਫੀ ਪਰਾਉਂਠੇ ਬਣ ਚੁੱਕੇ ਸਨ । ਉਸ ਨੇ ਡੰੂਘਿਆਂ ਵਿਚ ਦਹੀਂ ਪਾਇਆ ਅਤੇ ਪਲੇਟਾਂ, ਕੌਲੀਆਂ, ਚਮਚੇ, ਦਹੀਂ, ਮੱਖਣ ਆਦਿ ਲੈ ਕੇ ਅੰਦਰ ਕਮਰੇ ਵਿਚ ਚਲੀ ਗਈ । ਉਨ੍ਹਾਂ ਦੇ ਗੁਆਂਢ ਤੋਂ ਇਕ ਲੜਕੀ, ਜੋ ਰਸੋਈ ਵਿਚ ਮਦਦ ਕਰਾਉਣ ਆਈ ਸੀ, ਬਣੇ ਹੋਏ ਪਰਾਉਂਠੇ ਅੰਦਰ ਲੈ ਗਈ ।
ਮਿੱਸੇ ਪਰਾਉਂਠਿਆਂ ਦੀ ਖੁਸ਼ਬੋ ਨਾਲ ਸਾਰਾ ਘਰ ਮਹਿਕਿਆ ਹੋਇਆ ਸੀ । ਹੁਣ ਮਿੱਸੇ ਪਰਾਉਂਠੇ ਦੇਖ ਕੇ ਸਾਰੇ ਬੱਚੇ ਚਹਿਕ ਉਠੇ । ਉਨ੍ਹਾਂ ਨੇ ਕੜਛੀ ਨਾਲ ਵਾਰੋ-ਵਾਰੀ ਕੌਲੀਆਂ ਵਿਚ ਦਹੀਂ ਪਾਇਆ, ਪਲੇਟ ਵਿਚ ਪਰਾਉਂਠਾ ਰੱਖ ਕੇ ਉੱਪਰ ਮੱਖਣ ਰੱਖਿਆ ਅਤੇ ਮਜ਼ੇ ਨਾਲ ਖਾਣ ਲੱਗੇ ।
ਇਕ ਪਰਾਉਂਠਾ ਖਾ ਕੇ ਡੱਬੇ ਵਿਚੋਂ ਦੂਜਾ ਪਰਾਉਂਠਾ ਚੁੱਕਦਾ ਹੋਇਆ ਸਿਧਾਰਥ ਬੋਲਿਆ, ਮਿੱਸੇ ਪਰਾਉਂਠੇ ਦਾ ਤਾਂ ਸਵਾਦ ਹੀ ਆ ਗਿਆ । ਐਨਾ ਸਵਾਦ ਤਾਂ ਮੈਂ ਕਦੀ ਕੋਈ ਪਰਾਉਂਠਾ ਨਹੀਂ ਖਾਧਾ ।'
'ਉਸ ਦਿਨ ਤੂੰ ਕਹਿੰਦਾ ਸੈਂ ਕਿ ਆਲੂ ਦੇ ਪਰਾਉਂਠੇ ਵਰਗਾ ਸਵਾਦ ਕਦੀ ਨਹੀਂ ਖਾਧਾ', ਮੇਘਾ ਨੇ ਸਿਧਾਰਥ ਨੂੰ ਛੇੜਿਆ ।

+++
'ਉਸ ਦਿਨ ਦੇ ਸਵਾਦ ਦੀ ਹੋਰ ਗੱਲ ਸੀ ਪਰ ਅੱਜ ਤਾਂ ਕਮਾਲ ਹੀ ਹੋ ਗਈ ਐ', ਸਿਧਾਰਥ ਨੇ ਦਹੀਂ ਦਾ ਚਮਚਾ ਮੂੰਹ ਵਿਚ ਪਾਉਂਦਿਆਂ ਕਿਹਾ, 'ਉੱਪਰੋਂ ਦਹੀਂ ਐਨਾ ਮਿੱਠਾ ਅਤੇ ਘਰ ਦਾ ਕੱਢਿਆ ਤਾਜ਼ਾ ਮੱਖਣ ਬਸ ਪੁੱਛੋ ਈ ਕੁਝ ਨਾ।'
ਸਿਮਰ ਮੂੰਹ ਵਿਚ ਗਰਾਈ ਪਾਉਂਦੀ ਹੋਈ ਬੋਲੀ, 'ਸਿਧਾਰਥ ਬਿਲਕੁਲ ਠੀਕ ਕਹਿ ਰਿਹਾ ਹੈ, ਮੱਖਣ, ਦਹੀਂ ਅਤੇ ਮਿੱਸਾ ਪਰਾਉਂਠਾ, ਵਾਹ ਜੀ ਵਾਹ, ਤਿੰਨਾਂ ਚੀਜ਼ਾਂ ਦਾ ਕਿਆ ਕੰਬੀਨੇਸ਼ਨ ਹੈ।'
ਸਿਮਰ ਦੀ ਗੱਲ ਨਾਲ ਸਾਰਿਆਂ ਨੇ ਹਾਂ ਵਿਚ ਹਾਂ ਮਿਲਾਈ ਪਰ ਮਿੱਸੇ ਪਰਾਉਂਠੇ ਖਾਣ ਵਿਚ ਮਸਤ ਕਿਸੇ ਬੱਚੇ ਨੇ ਵੀ ਬਹੁਤੀ ਗੱਲ ਨਾ ਕੀਤੀ। 'ਹੱਛਾ ਬੱਚਿਓ, ਹੁਣ ਤੁਸੀਂ ਚਾਟੀ ਦੀ ਲੱਸੀ ਪੀਓਗੇ, ਦੁੱਧ ਪੀਓਗੇ ਜਾਂ ਚਾਹ?' ਰਣਬੀਰ ਨੇ ਬੱਚਿਆਂ ਨੂੰ ਆਪੋ-ਆਪਣੀ ਪਸੰਦ ਪੁੱਛੀ।
'ਮੈਂ ਤੇ ਲੱਸੀ ਪੀਵਾਂਗਾ ਜੀ', ਸਿਧਾਰਥ ਨੇ ਪਰਾਉਂਠਾ ਖਾਂਦਿਆਂ-ਖਾਂਦਿਆਂ ਕਿਹਾ। ਜਗਮੀਤ ਨੇ ਵੀ ਲੱਸੀ ਦੀ ਫਰਮਾਇਸ਼ ਰੱਖੀ ਪਰ ਬਾਕੀ ਸਾਰਿਆਂ ਨੇ ਚਾਹ ਹੀ ਮੰਗੀ। ਦੁੱਧ ਪੀਣ ਲਈ ਕੋਈ ਵੀ ਰਾਜ਼ੀ ਨਾ ਹੋਇਆ।
ਲੱਸੀ ਦਾ ਗਿਲਾਸ ਪੀ ਕੇ ਸਿਧਾਰਥ ਆਪਣੇ ਪੇਟ 'ਤੇ ਹੱਥ ਫੇਰਦਾ ਹੋਇਆ ਬੋਲਿਆ, 'ਹੁਣ ਤੇ ਇਕ ਮੰਜੀ ਮਿਲ ਜਾਵੇ ਤਾਂ ਸੌਣ ਦਾ ਮਜ਼ਾ ਆ ਜਾਏ। ਮੇਰੇ ਸਿਰ ਨੂੰ ਪਰਾਉਂਠਿਆਂ ਦਾ ਅਤੇ ਲੱਸੀ ਦਾ ਨਸ਼ਾ ਚੜ੍ਹਨਾ ਸ਼ੁਰੂ ਹੋ ਗਿਐ।'
'ਪਰਾਉਂਠੇ ਥੋੜ੍ਹੇ ਘੱਟ ਖਾਣੇ ਸਨ', ਮੇਘਾ ਹੱਸਦੀ-ਹੋਸਦੀ ਬੋਲੀ।
'ਨਾ, ਇਹ ਕੰਮ ਨਹੀਂ ਹੋ ਸਕਦਾ। ਐਨਾ ਸਵਾਦ ਮੱਖਣ ਅਤੇ ਪਰਾਉਂਠਾ, ਮੈਂ ਘੱਟ ਨਹੀਂ ਖਾ ਸਕਦਾ।' ਸਿਧਾਰਥ ਨੇ ਪੋਲਾ ਜਿਹਾ ਮੂੰਹ ਬਣਾਉਂਦਿਆਂ ਕਿਹਾ।
'ਚਲੋ ਬਈ ਬੱਚਿਓ, ਹੁਣ ਨਹਾਉਣ-ਧੋਣ ਦੀ ਤਿਆਰੀ ਸ਼ੁਰੂ ਕਰੋ। ਰਣਬੀਰ ਨੇ ਘੜੀ ਵੱਲ ਦੇਖਦਿਆਂ ਬੱਚਿਆਂ ਨੂੰ ਕਿਹਾ।
'ਐਨੀ ਸੋਹਣੀ ਸੁਸਤੀ ਪਈ ਹੋਈ ਹੈ ਤੇ ਤੁਸੀਂ ਵੀਰ ਜੀ ਨਹਾਉਣ ਬਾਰੇ ਕਹਿ ਰਹੇ ਹੋ।' ਸਿਧਾਰਥ ਨੇ ਇਕ ਵਾਰੀ ਫਿਰ ਸਾਰਿਆਂ ਨੂੰ ਹਸਾ ਦਿੱਤਾ।
'ਤੂੰ ਇਸ ਤਰ੍ਹਾਂ ਕਰ, ਉਹ ਮੰਜਾ ਬਾਹਰ ਵਿਹੜੇ ਵਿਚ ਨਿੰਮ ਥੱਲੇ ਡਾਹ ਲੈ, ਉਥੇ ਤੂੰ ਜਿੰਨੇ ਦਿਨ ਮਰਜ਼ੀ ਸੁਸਤੀ ਪਾਈ ਰੱਖ।' ਰਣਬੀਰ ਸਰ ਨੇ ਵੀ ਉਸੇ ਸੁਰ ਵਿਚ ਜਵਾਬ ਦਿੱਤਾ। ਫਿਰ ਉਹ ਦੂਜੇ ਬੱਚਿਆਂ ਨੂੰ ਕਹਿਣ ਲੱਗੇ, 'ਤੁਸੀਂ ਬੱਚਿਓ ਨਹਾ-ਧੋ ਕੇ ਤਿਆਰ ਹੋ ਜਾਓ। ਸਿਧਾਰਥ ਨੂੰ ਮਜ਼ੇ ਕਰਨ ਦਿਓ। ਉਹ ਦੋ-ਚਾਰ ਦਿਨ ਬਾਅਦ ਸ਼ਹਿਰ ਆ ਜਾਵੇਗਾ।'
'ਐਹ ਤੇ ਵੀਰ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਏ, ਮੇਰਾ ਤਾਂ ਸ਼ਹਿਰ ਜਾਣ ਨੂੰ ਉੱਕਾ ਹੀ ਦਿਲ ਨਹੀਂ ਕਰ ਰਿਹਾ। ਮੇਰਾ ਵੱਸ ਚੱਲੇ ਤਾਂ ਮੈਂ ਐਥੇ ਪਿੰਡ ਹੀ ਰਹਿ ਜਾਵਾਂ। ਐਥੇ ਸਾਫ਼-ਸੁਥਰੀ ਖੁਸ਼ਬੋਆਂ ਵਾਲੀ ਹਵਾ, ਚੰਗੇ ਲੋਕ, ਚੰਗਾ ਖਾਣਾ, ਬਸ ਮੌਜਾਂ ਹੀ ਮੌਜਾਂ ਨੇ ਐਥੇ', ਸਿਧਾਰਥ ਹੁਣ ਗੰਭੀਰ ਮੂਡ ਵਿਚ ਗੱਲਾਂ ਕਰ ਰਿਹਾ ਸੀ।
'ਮੈਂ ਤੇ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਦਿਨ ਰੱਖਣਾ ਚਾਹੁੰਦਾ ਸਾਂ ਪਰ ਤੁਹਾਨੂੰ ਘਰੋਂ ਛੁੱਟੀ ਹੀ ਘੱਟ ਮਿਲੀ ਹੈ', ਰਣਬੀਰ ਵੀ ਵਿਚੋਂ ਉਦਾਸ ਹੋਇਆ ਲਗਦਾ ਸੀ। 'ਐਹੋ ਹੀ ਤੇ ਗੱਲ ਹੈ। ਮੈਂ ਤਾਂ ਰਹਿ ਪਵਾਂ ਪਰ ਮੰਮੀ-ਪਾਪਾ ਨੇ ਨਹੀਂ ਨਾ ਰਹਿਣ ਦੇਣਾ। ਹੁਣ ਸੁਸਤੀ ਛੱਡ ਕੇ ਉਠਣਾ ਹੀ ਪੈਣਾ ਹੈ', ਸਿਧਾਰਥ ਨੇ ਬਾਹਵਾਂ ਉੱਚੀਆਂ ਕਰਕੇ ਆਕੜ ਭੰਨੀ ਅਤੇ ਫੁਰਤੀ ਨਾਲ ਮੰਜੇ ਤੋਂ ਉਠ ਕੇ ਗੁਸਲਖਾਨੇ ਵੱਲ ਚਲਾ ਗਿਆ।
ਸਾਰੇ ਬੱਚੇ ਵਾਰੋ-ਵਾਰੀ ਨਹਾ-ਧੋ ਕੇ ਤਿਆਰ ਹੋਣ ਲੱਗੇ। ਜਿਹੜੇ ਬੱਚੇ ਤਿਆਰ ਹੋ ਗਏ, ਉਹ ਆਪੋ-ਆਪਣਾ ਸਮਾਨ ਸਾਂਭਣ ਲੱਗੇ। 11 ਵਜੇ ਤੱਕ ਸਾਰੇ ਬੱਚੇ ਆਪੋ-ਆਪਣਾ ਸਮਾਨ ਸਾਂਭ ਕੇ ਤਿਆਰ-ਬਰ-ਤਿਆਰ ਹੋ ਗਏ। ਸਿਧਾਰਥ ਸਾਰਿਆਂ ਨਾਲੋਂ ਲੇਟ ਸ਼ੁਰੂ ਹੋ ਕੇ ਸਾਰਿਆਂ ਤੋਂ ਪਹਿਲਾਂ ਤਿਆਰ ਸੀ। ਥੋੜ੍ਹੀ ਦੇਰ ਬਾਅਦ ਰਣਬੀਰ ਵੀ ਤਿਆਰ ਹੋ ਕੇ ਆ ਗਿਆ। ਉਨ੍ਹਾਂ ਨੇ ਘੜੀ ਦੇਖਦਿਆਂ ਕਿਹਾ, 'ਘੰਟੇ ਕੁ ਤੱਕ ਸਾਡੀ ਵੈਨ ਆ ਜਾਵੇਗੀ।'
ਰਣਬੀਰ ਸਰ ਦੀ ਗੱਲ ਦਾ ਕਿਸੇ ਵੀ ਬੱਚੇ ਨੇ ਹੁੰਗਾਰਾ ਨਾ ਭਰਿਆ। ਸਿਮਰ ਅਤੇ ਮਧੁਰ ਦੇ ਠੰਢਾ ਸਾਹ ਭਰਨ ਦੀ ਆਵਾਜ਼ ਨਾਲ ਰਣਬੀਰ ਸਰ ਨੇ ਜਦੋਂ ਸਾਰੇ ਬੱਚਿਆਂ ਵੱਲ ਦੇਖਿਆ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਬੱਚੇ ਤਿਆਰ ਹੋਣ ਤੋਂ ਬਾਅਦ ਬੜੇ ਉਦਾਸ ਹੋ ਗਏ ਹਨ ਜਦਕਿ ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਘਰ ਜਾਣ ਦੀ ਖੁਸ਼ੀ ਵਿਚ ਚਹਿਕਦੇ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਬੱਚਿਆਂ ਦਾ ਮੂਡ ਬਦਲਣ ਲਈ ਕਿਹਾ, 'ਬੱਚਿਓ! ਤੁਸੀਂ ਕਿਥੇ ਪਹੁੰਚੇ ਹੋਏ ਹੋ? ਤੁਸੀਂ ਤਾਂ ਇਸ ਤਰ੍ਹਾਂ ਚੁੱਪ-ਚਾਪ ਬੈਠੇ ਹੋ ਜਿਸ ਤਰ੍ਹਾਂ ਮੁਹਾਣਾ ਦਰਿਆ ਵਿਚ ਆਪਣੀ ਬੇੜੀ ਰੁੜ੍ਹਨ ਤੋਂ ਬਾਅਦ ਬੈਠਦਾ ਹੈ। ਚਲੋ ਕੋਈ ਗੱਪ-ਸ਼ੱਪ, ਕੋਈ ਚੁਟਕਲਾ, ਕੋਈ ਗਾਣਾ ਹੋ ਜਾਏ।'

+++
ਸਿਧਾਰਥ ਨੇ ਇਕ ਚੁਟਕਲਾ ਸੁਣਾਇਆ-
ਅਧਿਆਪਕ ਨੇ ਕਲਾਸ ਵਿਚ ਇਕ ਬੱਚੇ ਨੂੰ ਪੁੱਛਿਆ, 'ਚਾਰ ਵਿਚੋਂ ਚਾਰ ਘਟਾਓ ਤਾਂ ਬਾਕੀ ਕੀ ਬਚਿਆ?'
ਬੱਚਾ ਚੁੱਪ-ਚਾਪ ਖੜ੍ਹਾ ਰਿਹਾ । ਅਧਿਆਪਕ ਨੇ ਆਪਣੀ ਗੱਲ ਨੂੰ ਦੁਬਾਰਾ ਹੋਰ ਚੰਗੇ ਤਰੀਕੇ ਨਾਲ ਪੁੱਛਿਆ, 'ਬੇਟਾ, ਤੇਰੇ ਕੋਲ ਜੇ ਚਾਰ ਭਟੂਰੇ ਹੋਣ ਤੇ ਮੈਂ ਤੇਰੇ ਕੋਲੋਂ ਚਾਰੇ ਭਟੂਰੇ ਲੈ ਲਵਾਂ ਤਾਂ ਤੇਰੇ ਕੋਲ ਕੀ ਬਚਿਆ?'
ਬੱਚਾ ਥੋੜ੍ਹਾ ਸੋਚਣ ਤੋਂ ਬਾਅਦ ਬੋਲਿਆ, 'ਜੀ ਮੇਰੇ ਕੋਲ ਛੋਲੇ ਬਚ ਗਏ ।'
ਚੁਟਕਲੇ ਤੋਂ ਬਾਅਦ ਮਾਹੌਲ ਥੋੜ੍ਹਾ ਸੁਖਾਵਾਂ ਹੋਇਆ ਤਾਂ ਸਿਮਰ ਬੋਲੀ, 'ਮੈਂ ਇਕ ਪੰਜਾਬੀ ਗੀਤ ਦੀਆਂ ਕੁਝ ਲਾਈਨਾਂ ਸੁਣਾਉਂਦੀ ਹਾਂ । ਇਹ ਗੀਤ ਮੇਰੇ ਪਾਪਾ ਕਦੀ-ਕਦੀ ਗਾਉਂਦੇ ਹੁੰਦੇ ਹਨ । ਇਹ ਗੀਤ ਸ੍ਰੀ ਪ੍ਰਕਾਸ਼ ਸਾਥੀ ਜੀ ਦਾ ਲਿਖਿਆ ਹੋਇਆ ਹੈ-
ਕਿੰਨੀ ਖੁਸ਼ੀ ਸੀ ਤੇਰੇ ਮਿਲਣ ਦੀ,
ਕਿੰਨੀ ਉਦਾਸੀ ਹੈ ਜਾਣ ਲੱਗਿਆਂ ।
ਮੇਰਾ ਤਾਂ ਦਿਲ ਸੀ ਕੱਖਾਂ ਤੋਂ ਹੌਲਾ,
ਤੁਸੀਂ ਵੀ ਰੋਅ ਪਏ ਹਸਾਣ ਲੱਗਿਆਂ... ।
'ਵਾਹ ਬਈ ਵਾਹ ਸਿਮਰ, ਕਿਆ ਮੌਕੇ ਦਾ ਗੀਤ ਗਾਇਆ ਹੈ ਅਤੇ ਇਹ ਗਾਇਆ ਵੀ ਤੂੰ ਬਹੁਤ ਵਧੀਆ ਹੈ', ਰਣਬੀਰ ਨੇ ਸਿਮਰ ਦੀ ਤਾਰੀਫ਼ ਕੀਤੀ ।
ਬਾਕੀ ਬੱਚਿਆਂ ਨੇ ਵੀ ਖੂਬ ਤਾੜੀਆਂ ਮਾਰੀਆਂ । ਜਗਮੀਤ ਕੋਈ ਚੀਜ਼ ਬੋਲਣ ਲਈ ਖੜ੍ਹਾ ਹੋਣ ਲੱਗਾ ਸੀ ਕਿ ਦੂਰੋਂ ਵੈਨ ਦੇ ਹਾਰਨ ਵਜਾਉਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ । ਸਾਰੇ ਬੱਚੇ ਇਕਦਮ ਰੌਲਾ ਪਾਉਣ ਲੱਗੇ, 'ਵੈਨ ਆ ਗਈ, ਵੈਨ ਆ ਗਈ ।' ਤੇ ਉਹ ਸਾਰੇ ਬਾਹਰ ਵੱਲ ਦੌੜ ਪਏ ।
ਵੈਨ ਦੇ ਹਾਰਨ ਦੀ ਆਵਾਜ਼ ਸੁਣ ਕੇ ਬੱਚੇ ਜਦੋਂ ਬਾਹਰ ਵੱਲ ਦੌੜੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦਿਨ ਵਾਲੀ ਹੀ ਵੈਨ ਅਤੇ ਡਰਾਈਵਰ ਸੀ । ਡਰਾਈਵਰ ਨੇ ਬੱਸ ਉਥੇ ਹੀ ਖੜ੍ਹੀ ਕੀਤੀ ਸੀ, ਜਿਥੇ ਉਸ ਦਿਨ ਸਾਰਿਆਂ ਨੂੰ ਉਤਾਰਿਆ ਸੀ । ਬੱਚਿਆਂ ਨੂੰ ਦੇਖ ਕੇ ਡਰਾਈਵਰ ਵੈਨ ਤੋਂ ਥੱਲੇ ਉਤਰਿਆ ਅਤੇ ਤੇਜ਼-ਤੇਜ਼ ਤੁਰਦਾ ਹੋਇਆ ਬੱਚਿਆਂ ਕੋਲ ਪਹੁੰਚਿਆ । ਉਹ ਸਾਰੇ ਬੱਚਿਆਂ ਨੂੰ ਬੜੇ ਪਿਆਰ ਨਾਲ ਮਿਲਦਾ ਹੋਇਆ ਪੁੱਛਣ ਲੱਗਾ, 'ਸੁਣਾਓ ਬਈ ਬੱਚਿਓ, ਕਿਹੋ ਜਿਹੀ ਰਹੀ ਤੁਹਾਡੀ ਪਿੰਡ ਦੀ ਸੈਰ?'
'ਮਜ਼ਾ ਆ ਗਿਆ ਜੀ, ਵੀਰ ਜੀ ਦੇ ਪਿੰਡ ਆ ਕੇ', ਸਿਧਾਰਥ ਜਗਮੀਤ, ਵਿਨੋਦ, ਸਹਿਰ, ਮਧੁਰ, ਭੋਲੀ, ਗੁੱਡੀ, ਕੋਮਲ ਆਦਿ ਸਾਰੇ ਬੱਚੇ ਇਕੱਠੇ ਬੋਲ ਪਏ ।
'ਮਜ਼ਾ ਤਾਂ ਆਇਆ ਹੀ ਹੈ ਪਰ ਇਥੇ ਆ ਕੇ ਅਸੀਂ ਦੋ ਦਿਨਾਂ ਵਿਚ ਜੋ ਕੁਝ ਨਵਾਂ ਦੇਖਿਆ ਜਾਂ ਸਿੱਖਿਆ ਹੈ, ਓਨਾ ਅਸੀਂ ਕਈ ਵਾਰ ਪੂਰੇ ਸਾਲ ਵਿਚ ਵੀ ਸਕੂਲੋਂ ਨਹੀਂ ਸਿੱਖਦੇ', ਸਿੰਪੀ, ਸਿਮਰ, ਮਧੁਰ, ਮੇਘਾ, ਭੋਲੀ, ਜੱਸੂ ਅਤੇ ਹੋਰ ਕਈ ਬੱਚਿਆਂ ਨੇ ਡਰਾਈਵਰ ਅੰਕਲ ਨੂੰ ਦੱਸਿਆ ।
'ਇਹ ਤਾਂ ਫੇਰ ਤੁਹਾਡੇ ਵੀਰ ਜੀ ਦਾ ਕਮਾਲ ਹੈ, ਉਹ ਖੇਡਾਂ-ਖੇਡਾਂ ਵਿਚ ਹੀ ਕਿੰਨਾ ਕੁਝ ਨਵਾਂ ਸਿਖਾ ਜਾਂਦੇ ਹਨ, ਕਿੰਨਾ ਗਿਆਨ ਦਾ ਖਜ਼ਾਨਾ ਵੰਡ ਦਿੰਦੇ ਹਨ', ਡਰਾਈਵਰ ਅੰਕਲ ਨੇ ਬੱਚਿਆਂ ਦੇ ਸਿਰਾਂ 'ਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ।
ਐਨੇ ਨੂੰ ਰਣਬੀਰ ਵੀ ਬਾਹਰ ਆ ਗਿਆ, 'ਕੀ ਗੱਪਾਂ ਮਾਰ ਰਹੇ ਹੋ ਡਰਾਈਵਰ ਅੰਕਲ ਨਾਲ?'
'ਤੁਹਾਡੀਆਂ ਚੁਗਲੀਆਂ ਕਰ ਰਹੇ ਸਾਂ', ਸਿਧਾਰਥ ਨੇ ਜਦੋਂ ਵੀਰ ਜੀ ਨੂੰ ਕਿਹਾ ਤਾਂ ਉਸ ਦੇ ਚਿਹਰੇ ਤੋਂ ਸ਼ਰਾਰਤ ਟਪਕ ਰਹੀ ਸੀ ਅਤੇ ਅੱਖਾਂ ਵਿਚ ਅਨੋਖੀ ਚਮਕ । ਬਾਕੀ ਸਾਰੇ ਬੱਚੇ ਸਿਧਾਰਥ ਦੀ ਗੱਲ ਸੁਣ ਕੇ ਹੈਰਾਨ ਹੋ ਗਏ । ਉਨ੍ਹਾਂ ਦੇ ਮੂੰਹੋਂ ਅਚਾਨਕ ਨਿਕਲਿਆ, 'ਚੁਗਲੀਆਂ?'
'ਇਹ ਬੜਾ ਸ਼ਰਾਰਤੀ ਬੱਚਾ ਏ, ਹੁਣੇ ਤੁਹਾਡੀਆਂ ਤਾਰੀਫਾਂ ਕਰ ਰਿਹਾ ਸੀ', ਡਰਾਈਵਰ ਨੇ ਰਣਬੀਰ ਨੂੰ ਕਿਹਾ ।
'ਮੈਨੂੰ ਸਭ ਪਤੈ, ਤੂੰ ਫਿਕਰ ਨਾ ਕਰ । ਮੈਂ ਇਸ ਦੀ ਰਗ-ਰਗ ਤੋਂ ਵਾਕਿਫ ਹਾਂ', ਰਣਬੀਰ ਨੇ ਪਹਿਲਾਂ ਡਰਾਈਵਰ ਵੱਲ ਅਤੇ ਫਿਰ ਸਿਧਾਰਥ ਵੱਲ ਦੇਖਦਿਆਂ ਕਿਹਾ ।

+++
'ਕਿੰਨੀ ਕੁ ਦੇਰ ਤੱਕ ਚਲਣੈ?' ਡਰਾਈਵਰ ਨੇ ਰਣਬੀਰ ਨੂੰ ਪੁੱਛਿਆ ।
'ਬੱਚੇ ਤਿਆਰ-ਬਰ-ਤਿਆਰ ਖੜ੍ਹੇ ਹਨ । ਤੂੰ ਅੰਦਰ ਚੱਲ ਕੇ ਚਾਹ-ਪਾਣੀ ਪੀ । ਓਨੀ ਦੇਰ ਵਿਚ ਬੱਚੇ ਆਪੋ-ਆਪਣਾ ਸਮਾਨ ਰੱਖਦੇ ਹਨ ।' ਰਣਬੀਰ ਨੇ ਡਰਾਈਵਰ ਨੂੰ ਕਿਹਾ ਅਤੇ ਫਿਰ ਬੱਚਿਆਂ ਵੱਲ ਦੇਖਦਿਆਂ ਕਹਿਣ ਲੱਗਾ, 'ਕਿਉਂ ਬਈ ਬੱਚਿਓ, ਕੀ ਪ੍ਰੋਗਰਾਮ ਹੈ? ਵਾਪਸ ਸ਼ਹਿਰ ਜਾਣਾ ਹੈ ਕਿ ਐਥੇ ਰਹਿਣੈ?'
'ਜਾਣ ਨੂੰ ਤਾਂ ਕਿਸੇ ਦਾ ਵੀ ਦਿਲ ਨਹੀਂ ਕਰਦਾ ਪਰ ਹੁਣ ਜਾਣਾ ਹੀ ਪੈਣਾ ਹੈ', ਕਈ ਬੱਚੇ ਇਕੱਠੇ ਬੋਲ ਪਏ ।
'ਚਲੋ ਫੇਰ, ਆਪੋ-ਆਪਣਾ ਸਮਾਨ ਰੱਖੋ ਸਕੂਲ ਵੈਨ ਵਿਚ ।'
ਸਾਰੇ ਬੱਚੇ ਅੰਦਰ ਸਮਾਨ ਲੈਣ ਚਲੇ ਗਏ । ਰਣਬੀਰ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਿਆ ।
ਅੰਦਰ ਜਾ ਕੇ ਸਾਰੇ ਬੱਚੇ ਆਪਣੇ ਵੀਰ ਜੀ ਦੇ ਮਾਤਾ ਜੀ ਅਤੇ ਭੈਣ ਅਸੀਸ ਨੂੰ ਮਿਲੇ । ਫਿਰ ਆਪੋ-ਆਪਣੇ ਬੈਗ ਚੁੱਕ ਕੇ ਬਾਹਰ ਆ ਗਏ ।
ਐਨੀ ਦੇਰ ਵਿਚ ਵੈਨ ਦੇਖ ਕੇ ਆਂਢੀ-ਗੁਆਂਢੀ ਵੀ ਬੱਚਿਆਂ ਨੂੰ ਮਿਲਣ ਲਈ ਆਉਣੇ ਸ਼ੁਰੂ ਹੋ ਗਏ । ਇਕ-ਇਕ ਬੱਚਾ ਸਾਰਿਆਂ ਨੂੰ ਮਿਲਣ ਤੋਂ ਬਾਅਦ ਵੈਨ ਵਿਚ ਬੈਠਣ ਲੱਗਾ । ਪਿੰਡ ਵਾਲੇ ਅਤੇ ਬੱਚੇ ਆਪਸ ਵਿਚ ਇਸ ਤਰ੍ਹਾਂ ਮਿਲ ਰਹੇ ਸਨ, ਜਿਵੇਂ ਪਤਾ ਨਹੀਂ ਕਿੰਨੀ ਦੇਰ ਤੋਂ ਉਹ ਇਕ-ਦੂਜੇ ਨੂੰ ਜਾਣਦੇ ਹੋਣ । ਪਿੰਡ ਵਾਲੇ ਉਨ੍ਹਾਂ ਨੂੰ ਮੁੜ ਜਲਦੀ ਆਉਣ ਦਾ ਸੱਦਾ ਦੇ ਰਹੇ ਸਨ ਅਤੇ ਬੱਚੇ ਜਲਦੀ ਹੀ ਮੁੜ ਪਿੰਡ ਆਉਣ ਦਾ ਵਾਅਦਾ ਕਰ ਰਹੇ ਸਨ । ਸਾਰੇ ਵੱਡੇ-ਛੋਟੇ ਪਿਆਰ ਦੇ ਰੰਗ ਵਿਚ ਰੰਗੇ ਹੋਏ ਸਨ । ਸਾਰਿਆਂ ਦੇ ਚਿਹਰੇ 'ਤੇ ਇਕ ਅਨੋਖਾ ਨੂਰ ਚਮਕ ਰਿਹਾ ਸੀ ।
ਸਾਰੇ ਬੱਚੇ ਵੈਨ ਵਿਚ ਬੈਠ ਗਏ । ਰਣਬੀਰ ਸਾਰੇ ਬੱਚਿਆਂ ਨੂੰ ਬਿਠਾ ਕੇ ਆਪ ਵੀ ਵੈਨ ਵਿਚ ਬੈਠ ਗਿਆ । ਡਰਾਈਵਰ, ਜੋ ਪਹਿਲਾਂ ਹੀ ਆਪਣੀ ਸੀਟ 'ਤੇ ਬੈਠ ਗਿਆ ਸੀ, ਨੇ ਵੈਨ ਸਟਾਰਟ ਕਰ ਦਿੱਤੀ । ਵੈਨ ਦੇ ਅੰਦਰੋਂ ਅਤੇ ਬਾਹਰੋਂ ਹੱਥ ਹਿਲਣੇ ਸ਼ੁਰੂ ਹੋ ਗਏ । ਵੈਨ ਤੁਰ ਪਈ । ਬੱਚੇ ਪਿੱਛੇ ਮੁੜ ਕੇ ਸਾਰਿਆਂ ਨੂੰ ਦੇਖਦੇ ਰਹੇ । ਰਣਬੀਰ ਦੇ ਮਾਤਾ ਜੀ ਅਤੇ ਭੈਣ ਅਸੀਸ ਸਮੇਤ ਸਾਰੇ ਪਿੰਡ ਵਾਲੇ ਓਨੀ ਦੇਰ ਉਥੇ ਖੜ੍ਹੇ ਹੱਥ ਹਿਲਾਉਂਦੇ ਰਹੇ, ਜਿੰਨੀ ਦੇਰ ਤੱਕ ਵੈਨ ਅੱਖਾਂ ਤੋਂ ਉਹਲੇ ਨਹੀਂ ਹੋਈ । ਐਨਾ ਸੱਚਾ-ਸੁੱਚਾ ਪਿਆਰ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਬਾਅਦ ਪਹਿਲੀ ਵਾਰੀ ਮਿਲਿਆ ਸੀ ।
ਪਿੰਡ ਆਉਂਦੀ ਵਾਰੀ ਬੱਚੇ ਬੜੇ ਟਹਿਕੇ ਹੋਏ ਸਨ । ਹਰ ਚੀਜ਼ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਗੱਪਾਂ ਮਾਰ ਰਹੇ ਸਨ । ਇਸ ਦੇ ਉਲਟ ਹੁਣ ਜਾਂਦੀ ਵਾਰੀ ਬੱਚੇ ਬਿਲਕੁਲ ਸ਼ਾਂਤ ਕਿਸੇ ਸੋਚ ਵਿਚ ਡੁੱਬੇ ਲੱਗ ਰਹੇ ਸਨ ।
ਰਣਬੀਰ ਨੇ ਬੱਚਿਆਂ ਨੂੰ ਚੁੱਪ ਦੇਖ ਕੇ ਆਪ ਗੱਲ ਸ਼ੁਰੂ ਕੀਤੀ, 'ਸੁਣਾਓ ਬਈ ਬੱਚਿਓ, ਫਿਰ ਕਿਹੋ ਜਿਹੀ ਰਹੀ ਤੁਹਾਡੀ ਪਿੰਡ ਦੀ ਸੈਰ?'
'ਬਹੁਤ ਵਧੀਆ ਵੀਰ ਜੀ', ਕਈ ਬੱਚੇ ਇਕੱਠੇ ਬੋਲੇ ।
'ਮੈਂ ਬੈਠਾ ਵੈਨ ਵਿਚ ਹੋਇਆ ਹਾਂ ਪਰ ਘੰੁਮਦਾ ਅਜੇ ਵੀ ਪਿੰਡ ਵਿਚ ਹੀ ਪਿਆ ਹਾਂ', ਜਗਮੀਤ ਬੋਲਿਆ ।
'ਮੈਂ ਤਾਂ ਅੰਬਾਂ ਵਾਲੇ ਬਾਗ ਦੀ ਸੈਰ ਕਰਦੀ ਪਈ ਸੀ', ਸਿਮਰ ਬੋਲੀ ।
'ਮੈਨੂੰ ਤਾਂ ਬੱਸ ਵਿਚ ਹੀ ਮਿੱਠੇ ਪਰਾਉਂਠਿਆਂ ਦੀ ਖੁਸ਼ਬੋ ਅਤੇ ਤਾਜ਼ੇ ਮੱਖਣ ਦਾ ਸਵਾਦ ਮੂੰਹ ਵਿਚ ਆ ਰਿਹੈ', ਸਿਧਾਰਥ ਨੇ ਪਚਾਕਾ ਮਾਰਦਿਆਂ ਕਿਹਾ ।
'ਦੁੱਧ ਦੀਆਂ ਧਾਰਾਂ ਦਾ ਸਵਾਦ ਨਹੀਂ ਆਇਆ?' ਮੇਘਾ ਨੇ ਸਿਧਾਰਥ ਨੂੰ ਮਜ਼ਾਕ ਕੀਤਾ ।
'ਪਹਿਲਾਂ ਦੁੱਧ ਦੀਆਂ ਧਾਰਾਂ ਦਾ ਸਵਾਦ, ਫਿਰ ਉਸ ਦਾ ਦਹੀਂ ਜੰਮਿਆ, ਉਸ ਦਾ ਸਵਾਦ ਅਤੇ ਫਿਰ ਦਹੀਂ ਨੂੰ ਰਿੜਕ ਕੇ ਮੱਖਣ ਬਣਿਆ ਉਸ ਦਾ ਸਵਾਦ । ਮੱਖਣ ਸਭ ਤੋਂ ਬਾਅਦ ਬਣਿਆ, ਇਸ ਕਰਕੇ ਜੋ ਸਭ ਤੋਂ ਬਾਅਦ ਖਾਧਾ ਹੋਵੇ, ਉਸੇ ਦਾ ਹੀ ਸਵਾਦ ਮੂੰਹ ਵਿਚ ਰਹੇਗਾ ਨਾ?' ਸਿਧਾਰਥ ਨੇ ਮੇਘਾ ਨੂੰ ਮੋੜਵਾਂ ਜਵਾਬ ਦਿੱਤਾ, ਜਿਸ ਨਾਲ ਮੇਘਾ ਤਾਂ ਚੁੱਪ ਕਰ ਗਈ ਪਰ ਬਾਕੀ ਬੱਚੇ ਸਿਧਾਰਥ ਦੀ ਹਾਜ਼ਰ ਜਵਾਬੀ ਅਤੇ ਉਸ ਦੇ ਗੱਲ ਕਰਨ ਦੇ ਅੰਦਾਜ਼ ਤੋਂ ਖ਼ੁਸ਼ ਹੋ ਗਏ ।

+++
ਹੁਣ ਵੈਨ ਵਿਚਲਾ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਸੀ । ਬੱਚੇ ਖ਼ੁਸ਼ ਹੋ ਕੇ ਆਪਸ ਵਿਚ ਗੱਪਾਂ ਮਾਰ ਰਹੇ ਸਨ, ਜਿਸ ਕਰਕੇ ਰਣਬੀਰ ਦੇ ਚਿਹਰੇ ਉੱਪਰ ਵੀ ਰੌਣਕ ਆ ਗਈ ਸੀ ।
ਗੱਪਾਂ ਅਤੇ ਸ਼ਰਾਰਤਾਂ ਵਿਚ ਕਿਸੇ ਨੂੰ ਵੀ ਵਕਤ ਦਾ ਪਤਾ ਨਹੀਂ ਲੱਗਾ ਕਿ ਕਦੋਂ ਬੱਸ ਸਕੂਲ ਦੇ ਅੱਗੇ ਜਾ ਕੇ ਖਲੋ ਗਈ ।
ਸਕੂਲ ਅੱਗੇ ਕੁਝ ਬੱਚਿਆਂ ਦੇ ਮਾਤਾ-ਪਿਤਾ ਜਾਂ ਭੈਣ-ਭਰਾ ਪਹਿਲਾਂ ਹੀ ਖੜ੍ਹੇ ਸਨ ਅਤੇ ਕੁਝ ਕੁ ਬੱਚਿਆਂ ਦੇ ਘਰ ਦੇ ਅਜੇ ਆ ਰਹੇ ਸਨ । ਬੱਚੇ ਪੂਰੀ ਤਰ੍ਹਾਂ ਉਤਸ਼ਾਹਿਤ ਆਪੋ-ਆਪਣਾ ਬੈਗ ਫੜ ਕੇ ਬੱਸ ਵਿਚੋਂ ਉਤਰਨ ਲੱਗੇ । ਜਿਹੜੇ ਬੱਚਿਆਂ ਦੇ ਘਰ ਦੇ ਮੈਂਬਰ ਉਥੇ ਖੜ੍ਹੇ ਸਨ, ਉਹ ਦੌੜ ਕੇ ਉਨ੍ਹਾਂ ਨੂੰ ਘੁੱਟ ਕੇ ਮਿਲੇ ਅਤੇ ਜਿਹੜੇ ਬੱਚਿਆਂ ਦਾ ਅਜੇ ਕੋਈ ਵੀ ਆਪਣਾ ਨਹੀਂ ਸੀ ਆਇਆ, ਉਹ ਸੱਜੇ-ਖੱਬੇ ਦੇਖਣ ਲੱਗੇ ।
ਹੌਲੀ-ਹੌਲੀ ਸਾਰੇ ਬੱਚਿਆਂ ਦੇ ਘਰੋਂ ਕੋਈ ਨਾ ਕੋਈ ਉਨ੍ਹਾਂ ਨੂੰ ਲੈਣ ਆ ਗਿਆ । ਬੱਚੇ ਪੂਰੇ ਜੋਸ਼ ਵਿਚ ਪਿੰਡ ਦੀਆਂ ਗੱਲਾਂ ਅਤੇ ਨਵੀਆਂ ਦੇਖੀਆਂ ਚੀਜ਼ਾਂ ਬਾਰੇ ਦੱਸ ਰਹੇ ਸਨ ਅਤੇ ਆਪਣੇ ਵੀਰ ਜੀ ਦੇ ਗੁਣ ਗਾ ਰਹੇ ਸਨ ।
'ਚਲੋ ਬੱਚਿਓ, ਹੁਣ ਬਾਕੀ ਗੱਲਾਂ ਘਰ ਜਾ ਕੇ ਆਰਾਮ ਨਾਲ ਦੱਸਣੀਆਂ', ਰਣਬੀਰ ਨੇ ਬੱਚਿਆਂ ਨੂੰ ਕਿਹਾ ।
'ਘਰ ਜਾਣ ਤੱਕ ਦੀ ਅਸੀਂ ਉਡੀਕ ਨਹੀਂ ਕਰ ਸਕਦੇ', ਸਿਧਾਰਥ ਨੇ ਆਪਣੇ ਮੋਢੇ ਉੱਚੇ ਕਰਦਿਆਂ ਅਤੇ ਅੱਖਾਂ ਮਟਕਾਉਂਦਿਆਂ ਕਿਹਾ । ਸਾਰੇ ਬੱਚੇ ਉਸ ਵੱਲ ਦੇਖ ਕੇ ਇਕ ਵਾਰੀ ਫਿਰ ਹੱਸ ਪਏ ।
ਹੁਣ ਸਾਰੇ ਬੱਚੇ ਅਤੇ ਉਨ੍ਹਾਂ ਦੇ ਘਰ ਦੇ ਵਾਰੋ-ਵਾਰੀ ਵੀਰ ਜੀ ਨੂੰ ਬੜੇ ਪਿਆਰ ਨਾਲ ਮਿਲ ਕੇ, ਉਨ੍ਹਾਂ ਦਾ ਧੰਨਵਾਦ ਕਰਕੇ ਅਤੇ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਆਪੋ-ਆਪਣੇ ਘਰਾਂ ਵੱਲ ਜਾਣ ਲੱਗੇ ।
ਸਿਧਾਰਥ ਅਤੇ ਉਸ ਦੇ ਮੰਮੀ-ਪਾਪਾ ਰਣਬੀਰ ਕੋਲ ਅਖੀਰ ਤੱਕ ਖਲੋਤੇ ਰਹੇ, ਜਿੰਨੀ ਦੇਰ ਤੱਕ ਸਾਰੇ ਬੱਚੇ ਚਲੇ ਨਹੀਂ ਗਏ । ਰਣਬੀਰ, ਸਿਧਾਰਥ ਦੇ ਮਾਤਾ-ਪਿਤਾ ਨੂੰ ਕਹਿਣ ਲੱਗਾ, 'ਐਹ ਬੜਾ ਪਿਆਰਾ ਅਤੇ ਸ਼ਰਾਰਤੀ ਬੱਚਾ ਹੈ । ਇਸ ਨੇ ਸਾਰੇ ਬੱਚਿਆਂ ਦਾ ਅਤੇ ਮੇਰਾ ਵੀ ਦਿਲ ਲਗਾਈ ਰੱਖਿਐ ।'
'ਤੁਹਾਨੂੰ ਤੰਗ ਤਾਂ ਜ਼ਰੂਰ ਕੀਤਾ ਹੋਣੈ ਇਸ ਨੇ', ਸਿਧਾਰਥ ਦੇ ਮੰਮੀ ਬੋਲੇ ।
'ਤੰਗ ਤਾਂ ਕੀਤਾ ਹੈ ਪਰ ਬਹੁਤਾ ਨਹੀਂ', ਇਹ ਕਹਿ ਕੇ ਉਨ੍ਹਾਂ ਨੇ ਸਿਧਾਰਥ ਨੂੰ ਘੁੱਟ ਕੇ ਜੱਫੀ ਪਾ ਲਈ ।
ਹੁਣ ਰਣਬੀਰ ਨੇ ਸਿਧਾਰਥ ਦੇ ਮੰਮੀ-ਪਾਪਾ ਕੋਲੋਂ ਇਜਾਜ਼ਤ ਲਈ ਅਤੇ ਬੱਸ ਸਟੈਂਡ ਵੱਲ ਤੁਰ ਪਿਆ, ਜਿਹੜਾ ਸਕੂਲ ਤੋਂ ਬਹੁਤੀ ਦੂਰ ਨਹੀਂ ਸੀ । ਸਕੂਲ ਵੈਨ ਨੂੰ ਉਹ ਪਹਿਲਾਂ ਹੀ ਵਾਪਸ ਭੇਜ ਚੁੱਕੇ ਸਨ ।
ਬੱਸ ਵਿਚ ਬੈਠਿਆਂ ਰਣਬੀਰ ਸੋਚ ਰਿਹਾ ਸੀ ਕਿ 'ਦੋ ਦਿਨਾਂ ਵਿਚ ਹੀ ਬੱਚਿਆਂ ਨੇ ਕਿੰਨਾ ਪਿਆਰ ਪਾ ਲਿਆ ਹੈ । ਜਾਣ ਲੱਗਿਆਂ ਜਿਵੇਂ ਉਹ ਉਦਾਸੀ ਨਾਲ ਮੂੰਹ ਲਟਕਾ ਕੇ ਬੈਠੇ ਸਨ, ਇਸ ਤਰ੍ਹਾਂ ਤਾਂ ਆਪਣੇ ਨਜ਼ਦੀਕੀ ਵੀ ਨਹੀਂ ਕਰਦੇ । ਇਸੇ ਕਰਕੇ ਕਹਿੰਦੇ ਹਨ ਕਿ 'ਬੱਚੇ ਰੱਬ ਦਾ ਰੂਪ ਹੁੰਦੇ ਹਨ, ਉਨ੍ਹਾਂ ਨੂੰ ਜਿਸ ਰੰਗ ਵਿਚ ਰੰਗੋ, ਉਸੇ ਵਿਚ ਰੰਗੇ ਜਾਂਦੇ ਹਨ ।' ਇਹ ਉਹੋ ਹੀ ਬੱਚੇ ਹਨ, ਜਿਹੜੇ ਘਰ ਟੀ. ਵੀ. ਦੇਖਣ ਤੋਂ ਬਾਜ਼ ਨਹੀਂ ਆਉਂਦੇ, ਮੋਬਾਈਲ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ । ਹੋਰ ਕੁਝ ਨਹੀਂ ਤਾਂ ਮੋਬਾਈਲ ਉੱਪਰ ਸਾਰਾ ਦਿਨ ਖੇਡਾਂ ਹੀ ਖੇਡੀ ਜਾਂਦੀ ਹੈ । ਪਿੰਡ ਆ ਕੇ ਇਨ੍ਹਾਂ ਨੂੰ ਨਾ ਤਾਂ ਟੀ. ਵੀ. ਦੀ ਯਾਦ ਆਈ ਅਤੇ ਨਾ ਹੀ ਮੋਬਾਈਲ ਦਾ ਖਿਆਲ ਆਇਆ ।
ਇਹੋ ਜਿਹੀਆਂ ਸੋਚਾਂ ਸੋਚਦਿਆਂ ਰਣਬੀਰ ਪਿੰਡ ਪਹੁੰਚ ਗਿਆ । ਬੱਸ ਤੋਂ ਉੱਤਰ ਕੇ ਉਹ ਘਰ ਗਿਆ । ਘਰ ਜਾ ਕੇ ਥੋੜ੍ਹਾ ਆਰਾਮ ਕੀਤਾ । ਸ਼ਾਮੀ ਉਹ ਖੇਤਾਂ ਵੱਲ ਸੈਰ ਕਰਨ ਚਲਾ ਗਿਆ । ਉਹ ਅਜੇ ਵੀ ਬੱਚਿਆਂ ਬਾਰੇ ਸੋਚੀ ਜਾ ਰਿਹਾ ਸੀ, 'ਦੋ ਦਿਨਾਂ ਵਿਚ ਹੀ ਬੱਚਿਆਂ ਨੇ ਕਿੰਨਾ ਕੁਝ ਨਵਾਂ ਦੇਖਿਆ, ਕਿੰਨਾ ਕੁਝ ਸਮਝਿਆ । ਜੇ ਇਹ ਸਾਰਾ ਕੁਝ ਕਿਸੇ ਕਿਤਾਬ ਵਿਚ ਹੁੰਦਾ ਤਾਂ ਉਨ੍ਹਾਂ ਨੂੰ ਪੂਰੀ ਸਮਝ ਨਹੀਂ ਸੀ ਲੱਗ ਸਕਦੀ, ਜੋ ਉਨ੍ਹਾਂ ਨੇ ਅੱਖੀਂ ਦੇਖ ਕੇ ਸਮਝਿਆ ਹੈ । ਦੁੱਧ ਦੀਆਂ ਧਾਰਾਂ ਬਾਰੇ ਸੋਚ ਕੇ ਉਸ ਨੂੰ ਸਿਧਾਰਥ ਦਾ ਧਾਰਾਂ ਲੈਂਦੇ ਦਾ ਮੂੰਹ ਯਾਦ ਆ ਗਿਆ ਅਤੇ ਉਹ ਨਿੰਮਾ-ਨਿੰਮਾ ਮੁਸਕਰਾਉਣ ਲੱਗਾ ।

+++
ਸੈਰ ਕਰਕੇ ਜਦੋਂ ਉਹ ਘਰ ਮੁੜਿਆ ਤਾਂ ਸਿੱਧਾ ਕੋਠੇ ਉੱਪਰ ਆਪਣੇ ਕਮਰੇ ਵਿਚ ਚਲਾ ਗਿਆ । ਕਿਤਾਬਾਂ ਵਾਲੀ ਅਲਮਾਰੀ ਵਿਚੋਂ ਇਕ ਕਿਤਾਬ ਕੱਢ ਕੇ ਉਥੇ ਬੈਠ ਕੇ ਹੀ ਪੜ੍ਹਨ ਲੱਗਾ ਪਰ ਅੱਜ ਉਸ ਦਾ ਕਿਤਾਬ ਵਿਚ ਮਨ ਨਹੀਂ ਸੀ ਖੁੱਭ ਰਿਹਾ । ਉਸ ਦੇ ਦਿਮਾਗ ਵਿਚ ਕਈ ਕੁਝ ਘੁੰਮ ਰਿਹਾ ਸੀ । ਹੁਣ ਉਹ ਬੱਚਿਆਂ ਪ੍ਰਤੀ ਅਧਿਆਪਕ ਦੀ ਜ਼ਿੰਮੇਵਾਰੀ ਬਾਰੇ ਸੋਚ ਰਿਹਾ ਸੀ । 'ਮਾਂ-ਬਾਪ ਤੋਂ ਬਾਅਦ ਸਕੂਲ ਟੀਚਰ ਹੀ ਹੈ, ਜਿਸ ਦਾ ਪ੍ਰਭਾਵ ਬੱਚੇ ਸਭ ਤੋਂ ਜ਼ਿਆਦਾ ਕਬੂਲਦੇ ਹਨ । ਜੇ ਅਧਿਆਪਕ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਾਹਿਤ ਦੀ ਅਤੇ ਹੋਰ ਕੋਮਲ ਕਲਾਵਾਂ ਦੀ ਚੇਟਕ ਲਗਾ ਦੇਵੇ ਤਾਂ ਬੱਚਾ ਵੱਡਾ ਹੋ ਕੇ ਕਦੇ ਵੀ ਗ਼ਲਤ ਪਾਸੇ ਨਹੀਂ ਜਾ ਸਕਦਾ ਪਰ ਅੱਜ ਪੈਸੇ ਦੀ ਦੌੜ ਵਿਚ ਅਤੇ ਅਜੋਕੇ ਵਾਤਾਵਰਨ ਵਿਚ ਬਹੁਤੇ ਅਧਿਆਪਕ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਆਪ ਕੋਈ ਇਹੋ ਜਿਹਾ ਸ਼ੌਕ ਹੈ... ।'
'ਵੀਰ ਜੀ ਥੱਲੇ ਆ ਕੇ ਰੋਟੀ ਖਾ ਲਵੋ, ਬੀਜੀ ਨੇ ਤੁਹਾਨੂੰ ਕਈ ਆਵਾਜ਼ਾਂ ਦਿੱਤੀਆਂ ਨੇ ਪਰ ਤੁਸੀਂ ਸੁਣੀ ਕੋਈ ਨਹੀਂ', ਅਸੀਸ ਨੇ ਅਚਾਨਕ ਉੱਪਰ ਆ ਕੇ ਆਪਣੇ ਵੀਰ ਜੀ ਦੀ ਸੋਚਾਂ ਦੀ ਲੜੀ ਤੋੜ ਦਿੱਤੀ ।
'ਤੂੰ ਚੱਲ, ਮੈਂ ਆ ਰਿਹਾਂ', ਵੀਰ ਜੀ ਨੇ ਅਸੀਸ ਨੂੰ ਕਿਹਾ ਅਤੇ ਆਪ ਫਿਰ ਕਿਤਾਬ ਦੇ ਵਰਕੇ ਫਰੋਲਣ ਲੱਗ ਪਏ । 10 ਕੁ ਮਿੰਟ ਬਾਅਦ ਬੀਜੀ ਨੇ ਫੇਰ ਆਵਾਜ਼ ਦਿੱਤੀ ਤਾਂ ਰਣਬੀਰ ਜਲਦੀ ਨਾਲ ਉਠ ਕੇ ਥੱਲੇ ਚਲਾ ਗਿਆ ।
ਰਸੋਈ ਵਿਚ ਜਾ ਕੇ ਉਸ ਨੇ ਖਾਣਾ ਖਾਧਾ । ਖਾਣਾ ਖਾਂਦਿਆਂ ਬੀਜੀ ਨੇ ਬੱਚਿਆਂ ਦੇ ਸ਼ਹਿਰ ਪਹੁੰਚਣ ਬਾਰੇ ਪੁੱਛਿਆ ਤਾਂ ਉਸ ਨੇ ਸੰਖੇਪ ਵਿਚ ਉੱਤਰ ਦਿੱਤਾ, 'ਹਾਂ, ਠੀਕ-ਠਾਕ ਸਾਰੇ ਪਹੁੰਚ ਗਏ ਸਨ ।'
ਖਾਣਾ ਖਾ ਕੇ ਰਣਬੀਰ ਬਾਹਰ ਵਿਹੜੇ ਵਿਚ ਟਹਿਲਣ ਲੱਗਾ । ਟਹਿਲਦਿਆਂ-ਟਹਿਲਦਿਆਂ ਉਸ ਦੀ ਸੋਚਾਂ ਦੀ ਲੜੀ ਫਿਰ ਬੱਚਿਆਂ ਉੱਪਰ ਆ ਕੇ ਟਿਕ ਗਈ । 'ਜੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਐਜੂਕੇਸ਼ਨਲ ਟੂਰ ਲਵਾਏ ਜਾਣ, ਸ਼ਹਿਰਾਂ ਦੇ ਬੱਚਿਆਂ ਨੂੰ ਪਿੰਡਾਂ ਵਿਚ ਭੇਜਿਆ ਜਾਵੇ ਅਤੇ ਪਿੰਡਾਂ ਦੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿਚ ਲਿਜਾਇਆ ਜਾਵੇ ਤਾਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ । ਬੱਚਿਆਂ ਨੂੰ ਇਤਿਹਾਸਕ ਥਾਵਾਂ 'ਤੇ ਵੀ ਜ਼ਰੂਰ ਖੜਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਗੌਰਵਮਈ ਇਤਿਹਾਸ ਬਾਰੇ ਵੀ ਗਿਆਨ ਹੋਵੇ । ...ਸਕੂਲ ਖੁੱਲ੍ਹਣ 'ਤੇ ਮੈਂ ਆਪਣੇ ਪਿੰ੍ਰਸੀਪਲ ਸਾਹਿਬ ਨਾਲ ਇਸ ਬਾਰੇ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਕਹਾਂਗਾ ਕਿ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪਹਿਲਾਂ ਪੂਰੇ ਪੰਜਾਬ ਵਿਚ ਅਤੇ ਫਿਰ ਹੌਲੀ-ਹੌਲੀ ਪੂਰੇ ਭਾਰਤ ਵਿਚ ਇਹ ਸਕੀਮ ਸ਼ੁਰੂ ਕਰਵਾਓ । ਮੈਂ ਤੇ ਇਹ ਵੀ ਸੁਝਾਅ ਦਿਆਂਗਾ ਕਿ ਵੱਖ-ਵੱਖ ਰਾਜਾਂ ਦੇ ਕੁਝ ਚੋਣਵੇਂ ਬੱਚਿਆਂ ਨੂੰ ਇਕੱਠਿਆਂ ਪੂਰੇ 'ਭਾਰਤ ਦਰਸ਼ਨ' ਦਾ ਟੂਰ ਲਗਵਾਉਣਾ ਚਾਹੀਦਾ ਹੈ...', ਰਣਬੀਰ ਦੇ ਖਿਆਲਾਂ ਦੀ ਲੜੀ ਪਤਾ ਨਹੀਂ ਕਿਥੇ ਜਾ ਕੇ ਖਤਮ ਹੋਣੀ ਸੀ, ਜੇ ਉਸ ਦੇ ਮਾਤਾ ਜੀ ਆਵਾਜ਼ ਨਾ ਦਿੰਦੇ, 'ਬੇਟਾ ਅੱਜ ਸੌਣਾ ਨਹੀਂ? ਕਦੋਂ ਦਾ ਤੂੰ ਚੱਕਰ ਕੱਟੀ ਜਾ ਰਿਹਾ ਹੈਂ?'
'ਬਸ ਜਾ ਰਿਹਾ ਹਾਂ ਬੀਜੀ', ਇਹ ਕਹਿੰਦਿਆਂ ਉਸ ਨੇ ਘੜੀ ਦੇਖੀ ਤਾਂ ਉਹ ਆਪ ਹੈਰਾਨ ਹੋ ਗਿਆ, 'ਹੈਂ! ਗਿਆਰਾਂ ਵੱਜ ਗਏ ਨੇ', ਇਹ ਕਹਿੰਦਿਆਂ ਹੀ ਉਹ ਆਪਣੇ ਸੌਣ ਵਾਲੇ ਕਮਰੇ ਵੱਲ ਚਲਾ ਗਿਆ ।
ਮੰਜੇ 'ਤੇ ਲੇਟਣ ਤੋਂ ਬਾਅਦ ਵੀ ਉਸ ਨੂੰ ਨੀਂਦ ਨਹੀਂ ਸੀ ਆ ਰਹੀ । ਉਸ ਦੀ ਸੋਚਾਂ ਦੀ ਲੜੀ ਪਤਾ ਨਹੀਂ ਕਿਥੇ-ਕਿਥੇ ਉਡਾਰੀਆਂ ਲਾ ਰਹੀ ਸੀ । ਸੋਚਾਂ ਸੋਚਦਿਆਂ ਦੀ ਅੱਧੀ ਰਾਤ ਤੋਂ ਬਾਅਦ ਕਿਸ ਵੇਲੇ ਅੱਖ ਲੱਗੀ, ਇਹ ਉਸ ਨੂੰ ਵੀ ਪਤਾ ਨਾ ਲੱਗਾ ।
ਸਵੇਰੇ ਸਵੱਖਤੇ ਫੇਰ ਰਣਬੀਰ ਦੀ ਨੀਂਦ ਖੁੱਲ੍ਹ ਗਈ । ਉਸ ਨੇ ਉਠ ਕੇ ਪਾਣੀ ਦਾ ਗਲਾਸ ਪੀਤਾ ਅਤੇ ਖੇਤਾਂ ਵੱਲ ਸੈਰ ਕਰਨ ਚਲਾ ਗਿਆ । ਸਵੇਰ ਦੀ ਠੰਢੀ ਸੀਤਲ ਹਵਾ ਅਤੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦੇ ਉਹ ਆਪਣੇ ਦੋਸਤ ਜਸਬੀਰ ਦੇ ਖੇਤਾਂ ਵਾਲੇ ਪਾਸੇ ਨਿਕਲ ਗਿਆ ।
ਜਸਬੀਰ ਦੀ ਪੈਲੀ ਵਿਚ ਪਹੁੰਚ ਕੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਰੇ ਬੱਚੇ ਉਸ ਦੇ ਨਾਲ ਹੀ ਹਨ । ਉਸ ਨੂੰ ਸਾਰੇ ਬੱਚਿਆਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ । ਅਚਾਨਕ ਉਸ ਨੂੰ ਸਿਧਾਰਥ ਦੀ ਕੋਈ ਗੱਲ ਜਾਂ ਸ਼ਰਾਰਤ ਯਾਦ ਆਈ ਅਤੇ ਉਹ ਮੁਸਕਰਾਉਣ ਲੱਗਾ ।

+++
ਉਹ ਜਦੋਂ ਸੈਰ ਕਰਕੇ ਘਰ ਪਹੁੰਚਿਆ ਤਾਂ ਉਸ ਦੇ ਕਮਰੇ ਵਿਚ ਮੋਬਾਈਲ ਦੀ ਘੰਟੀ ਵੱਜ ਰਹੀ ਸੀ । ਉਹ ਫਟਾਫਟ ਆਪਣੇ ਕਮਰੇ ਵਿਚ ਪਹੁੰਚਿਆ ਪਰ ਮੋਬਾਈਲ ਚੁੱਕਦਿਆਂ-ਚੁੱਕਦਿਆਂ ਘੰਟੀ ਬੰਦ ਹੋ ਗਈ । ਉਸ ਨੇ ਜਦੋਂ ਮੋਬਾਈਲ ਦੇਖਿਆ ਤਾਂ ਕਈ ਮਿਸ ਕਾਲਾਂ ਆਈਆਂ ਹੋਈਆਂ ਸਨ ।
'ਹੈਂ! ਸਵੇਰੇ-ਸਵੇਰੇ ਐਨੇ ਫੋਨ ਕਿਸ ਦੇ ਆ ਗਏ?' ਰਣਬੀਰ ਨੇ ਮੋਬਾਈਲ ਚੈੱਕ ਕਰਦਿਆਂ-ਕਰਦਿਆਂ ਆਪਣੇ-ਆਪ 'ਤੇ ਹੀ ਸਵਾਲ ਕੀਤਾ ।
'ਓਹੋ! ਤਿੰਨ ਮਿਸ ਕਾਲਾਂ ਤਾਂ ਸਿਧਾਰਥ ਦੇ ਘਰੋਂ ਆਈਆਂ ਨੇ, ਇਕ ਸਿਮਰ, ਇਕ ਮਧੁਰ, ਇਸ ਸਹਿਰ, ਇਕ ਮੇਘਾ... । ਐਨੀ ਜਲਦੀ ਬੱਚਿਆਂ ਨੇ ਕਿਵੇਂ ਫੋਨ ਕਰ ਦਿੱਤੇ? ਉਹ ਤੇ ਛੁੱਟੀਆਂ ਵਿਚ ਉਠਦੇ ਹੀ ਬੜੀ ਲੇਟ ਨੇ । ਮੈਨੂੰ ਪਤਾ ਹੁੰਦਾ ਕਿ ਐਨੇ ਫੋਨ ਆਉਣੇ ਨੇ ਤਾਂ ਮੈਂ ਮੋਬਾਈਲ ਨਾਲ ਹੀ ਲੈ ਜਾਂਦਾ... ।' ਰਣਬੀਰ ਆਪਣੇ-ਆਪ ਨਾਲ ਗੱਲਾਂ ਕਰਦਾ-ਕਰਦਾ ਕਿਸੇ ਦਾ ਨੰਬਰ ਮੋਬਾਈਲ 'ਚੋਂ ਕੱਢਣ ਲੱਗਾ । ਉਹ ਨੰਬਰ ਕੱਢ ਹੀ ਰਿਹਾ ਸੀ ਕਿ ਫੇਰ ਘੰਟੀ ਵੱਜ ਪਈ ।
'ਹੈਲੋ ।'
'ਹੈਲੋ, ਰਣਬੀਰ ਸਰ ਬੋਲ ਰਹੇ ਨੇ? ਮੈਂ ਸਿਧਾਰਥ ਦੀ ਮੰਮੀ ਬੋਲ ਰਹੀ ਹਾਂ ।'
'ਸਤਿ ਸ੍ਰੀ ਅਕਾਲ, ਸਿਧਾਰਥ ਦਾ ਕੀ ਹਾਲ ਹੈ?'
'ਸਿਧਾਰਥ ਉੱਪਰ ਤਾਂ ਤੁਸੀਂ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਹੈ? ਜਦੋਂ ਦਾ ਆਇਆ ਹੈ, ਤੁਹਾਡੀਆਂ ਹੀ ਗੱਲਾਂ ਕਰੀ ਜਾ ਰਿਹਾ ਹੈ । ਅੱਜ ਸਵੇਰੇ ਪੰਜ ਵਜੇ ਦਾ ਉਠ ਕੇ ਬੈਠਾ ਹੋਇਆ ਹੈ ਕਿ 'ਵੀਰ ਜੀ' ਨੂੰ ਫੋਨ ਕਰੋ । ਮੈਂ ਕਿਹਾ ਕਿ ਥੋੜ੍ਹਾ ਠਹਿਰ ਕੇ ਕਰਦੇ ਹਾਂ, ਵੀਰ ਜੀ ਤੇਰੇ ਅਜੇ ਸੁੱਤੇ ਹੋਣੇ ਨੇ ਪਰ ਉਹ ਕਹੀ ਜਾਵੇ ਕਿ ਮੇਰੇ ਵੀਰ ਜੀ ਤਾਂ ਬੜੀ ਸਵੱਖਤੇ ਉਠਦੇ ਨੇ । ਮੈਂ ਤਿੰਨ ਵਾਰੀ ਥੋੜ੍ਹੀ-ਥੋੜ੍ਹੀ ਦੇਰ ਪਿੱਛੋਂ ਤੁਹਾਨੂੰ ਫੋਨ ਕੀਤਾ ਪਰ ਉਹੋ ਗੱਲ ਹੋਈ, ਤੁਸੀਂ ਅਜੇ ਸੁੱਤੇ ਹੋਏ ਹੋਵੋਗੇ, ਜਿਸ ਕਰਕੇ ਤੁਸੀਂ ਫੋਨ ਚੁੱਕਿਆ ਨਹੀਂ... ।'
ਸਿਧਾਰਥ ਦੇ ਮੰਮੀ ਇਕੋ ਸਾਹੇ ਬੋਲੀ ਜਾ ਰਹੇ ਸਨ । ਰਣਬੀਰ ਨੇ ਉਨ੍ਹਾਂ ਦੀ ਗੱਲ ਵਿਚੋਂ ਹੀ ਟੋਕਦੇ ਹੋਏ ਕਿਹਾ, 'ਸਿਧਾਰਥ ਠੀਕ ਕਹਿੰਦਾ ਹੈ, ਮੈਂ ਸਵੇਰੇ ਸਵੱਖਤੇ ਹੀ ਉਠਦਾ ਹਾਂ । ਦਰਅਸਲ ਮੈਂ ਸੈਰ ਕਰਨ ਗਿਆ ਹੋਇਆ ਸਾਂ ਅਤੇ ਮੋਬਾਈਲ ਘਰ ਪਿਆ ਸੀ । ਰਸਤੇ ਵਿਚ ਮੈਂ ਵੀ ਸਿਧਾਰਥ ਨੂੰ ਯਾਦ ਕਰਦਾ ਪਿਆ ਸਾਂ । ਹੁਣ ਸਿਧਾਰਥ ਕਿਥੇ ਹੈ? ਉਸ ਨੂੰ ਦਿਓ ਜ਼ਰਾ ।'
'ਉਹ ਤੇ ਤੁਹਾਡੇ ਨਾਲ ਗੱਲ ਕਰਨ ਲਈ ਕਾਹਲਾ ਪਿਆ ਹੋਇਆ ਏ । ਐਹ ਲਓ, ਕਰੋ ਉਸ ਨਾਲ ਗੱਲ ।'
'ਸਤਿ ਸ੍ਰੀ ਅਕਾਲ ਵੀਰ ਜੀ ।'
'ਸਤਿ ਸ੍ਰੀ ਅਕਾਲ, ਸਿਧਾਰਥ । ਕੀ ਹਾਲ ਹੈ ਤੇਰਾ?'
'ਮੇਰਾ ਹਾਲ ਠੀਕ ਨਹੀਂ, ਵੀਰ ਜੀ ।'
'ਕਿਉਂ ਕੀ ਗੱਲ ਹੈ? ਤਬੀਅਤ ਠੀਕ ਹੈ?'
'ਤਬੀਅਤ ਤਾਂ ਠੀਕ ਹੈ ਪਰ ਦਿਲ ਨਹੀਂ ਲੱਗ ਰਿਹਾ ਮੇਰਾ । ਰਾਤੀਂ ਵੀ ਮੈਨੂੰ ਪਿੰਡ ਦੇ ਹੀ ਸੁਪਨੇ ਆਉਂਦੇ ਰਹੇ ਨੇ । ਸਾਰੀ ਰਾਤ ਮੈਂ ਕਦੀ ਅੰਬਾਂ ਦੇ ਬਾਗ ਵਿਚ, ਕਦੀ ਖੇਤਾਂ ਵਿਚ, ਕਦੀ ਤੁਹਾਡੇ ਉੱਪਰ ਵਾਲੇ ਕਮਰੇ ਵਿਚ ਘੰੁਮਦਾ ਰਿਹਾ ਪਰ ਅਜੇ ਦਿਨ ਨਹੀਂ ਸੀ ਚੜਿ੍ਹਆ, ਜਦੋਂ ਬਿਮਾਰ ਗਿਰਝਾਂ ਦਾ ਸੁਪਨਾ ਆਇਆ ਤਾਂ ਮੈਂ ਡਰ ਕੇ ਉਠ ਪਿਆ । ਮੁੜ ਕੇ ਮੈਨੂੰ ਨੀਂਦ ਹੀ ਨਹੀਂ ਆਈ । ਬਸ ਤੁਹਾਨੂੰ ਹੀ ਯਾਦ ਕਰਦਾ ਰਿਹਾ ਕਿ ਕਦੋਂ ਦਿਨ ਚੜ੍ਹੇ ਅਤੇ ਮੈਂ ਤੁਹਾਨੂੰ ਫੋਨ ਕਰਾਂ ।'
'ਮੈਂ ਵੀ ਤੁਹਾਡੇ ਸਾਰਿਆਂ ਨੂੰ ਬਹੁਤ ਯਾਦ ਕਰਦਾ ਰਿਹਾਂ । ਸਵੇਰੇ ਉਠ ਕੇ ਮੈਂ ਆਪਣੇ ਦੋਸਤ ਦੇ ਖੇਤਾਂ ਵੱਲ ਚਲਾ ਗਿਆ, ਜਿਥੇ ਤੁਹਾਨੂੰ ਸਾਰਿਆਂ ਨੂੰ ਖੜਿਆ ਸੀ । ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਤੁਸੀਂ ਸਾਰੇ ਮੇਰੇ ਨਾਲ ਹੀ ਹੋ । ਰਸਤੇ ਵਿਚ ਮੈਨੂੰ ਤੇਰਾ ਦੁੱਧ ਦੀਆਂ ਧਾਰਾਂ ਲੈਂਦੇ ਦਾ ਚਿਹਰਾ ਯਾਦ ਆਇਆ ਤਾਂ ਮੇਰਾ ਹਾਸਾ ਹੀ ਨਿਕਲ ਗਿਆ ।'
ਵੀਰ ਜੀ ਦੀ ਗੱਲ ਸੁਣ ਕੇ ਖੁਸ਼ ਹੁੰਦਾ ਹੋਇਆ ਸਿਧਾਰਥ ਬੋਲਿਆ, 'ਮੇਰਾ ਤਾਂ ਫੇਰ ਪਿੰਡ ਆ ਕੇ ਸਵੇਰੇ-ਸਵੇਰੇ ਖੁੱਲ੍ਹੇ ਖੇਤਾਂ ਅਤੇ ਬਾਗਾਂ ਵਿਚ ਸੈਰ ਕਰਨ ਨੂੰ ਅਤੇ ਸੈਰ ਕਰਨ ਤੋਂ ਬਾਅਦ ਮਿੱਠੀਆਂ-ਮਿੱਠੀਆਂ ਅਤੇ ਕੋਸੀਆਂ-ਕੋਸੀਆਂ ਦੁੱਧ ਦੀਆਂ ਧਾਰਾਂ ਲੈਣ ਨੂੰ ਜੀਅ ਕਰ ਰਿਹੈ ।'
'ਫੇਰ ਵੇਖਦਾ ਕੀ ਹੈਂ, ਆ ਜਾ ਜਿਸ ਦਿਨ ਮਰਜ਼ੀ ।'
'ਕਿਸੇ ਐਤਵਾਰ ਵਾਲੇ ਦਿਨ ਮੰਮੀ-ਪਾਪਾ ਨੂੰ ਨਾਲ ਲੈ ਕੇ ਆਵਾਂਗਾ ।'

+++
'ਚਲੋ ਠੀਕ ਐ, ਬਾਕੀ ਗੱਲਾਂ ਫੇਰ ਕਰਾਂਗੇ । ਹੁਣ ਹੋਰ ਬੱਚਿਆਂ ਦੀਆਂ ਮਿਸ ਕਾਲਾਂ ਆ ਰਹੀਆਂ ਨੇ ।'
'ਠੀਕ ਹੈ ਵੀਰ ਜੀ, ਬਾਏ ਬਾਏ ।'
'ਬਾਏ ਬਾਏ, ਸਿਧਾਰਥ ।'
ਰਣਬੀਰ ਨੇ ਮੋਬਾਈਲ ਬੰਦ ਕੀਤਾ ਹੀ ਤਾਂ ਦੁਬਾਰਾ ਘੰਟੀ ਵੱਜ ਪਈ । ਇਹ ਸਿਮਰ ਦਾ ਫੋਨ ਸੀ । ਸਿਮਰ ਵੀ ਕਿੰਨੀ ਦੇਰ ਪਿੰਡ ਬਾਰੇ ਵੀਰ ਜੀ ਦੀਆਂ ਵਿਖਾਈਆਂ ਅਤੇ ਸਮਝਾਈਆਂ ਚੀਜ਼ਾਂ ਬਾਰੇ, ਵੀਰ ਜੀ ਦੀ ਬੰਸਰੀ ਅਤੇ ਬਾਕੀਆਂ ਦੇ ਗਾਏ ਗੀਤਾਂ ਬਾਰੇ ਗੱਲਾਂ ਕਰਦੀ ਰਹੀ ।
ਸਿਮਰ ਦਾ ਫੋਨ ਬੰਦ ਕਰਦਿਆਂ ਹੀ ਮਧੁਰ ਦਾ ਫੋਨ ਆ ਗਿਆ । ਉਹ ਵੀ ਪਿੰਡ ਬਾਰੇ, ਪਿੰਡ ਦੇ ਲੋਕਾਂ ਬਾਰੇ, ਵੀਰ ਜੀ ਦੇ ਬੀਜੀ ਅਤੇ ਭੈਣ ਅਸੀਸ ਬਾਰੇ ਗੱਲਾਂ ਕਰਦੀ ਰਹੀ ।
ਉਸ ਤੋਂ ਬਾਅਦ ਮੇਘਾ ਦਾ, ਜਗਮੀਤ ਦਾ, ਜੱਸੂ ਦਾ, ਕੋਮਲ ਦਾ, ਸਹਿਰ ਦਾ ਅਤੇ ਹੋਰ ਬੱਚਿਆਂ ਦੇ ਫੋਨ ਆਉਂਦੇ ਰਹੇ । ਸਾਰੇ ਹੀ ਵੀਰ ਜੀ ਨੂੰ , ਵੀਰ ਜੀ ਦੇ ਪਿੰਡ ਨੂੰ , ਪਿੰਡ ਵਿਚ ਵੇਖੀਆਂ ਚੀਜ਼ਾਂ ਨੂੰ -ਕੋਈ ਖੂਹ ਨੂੰ , ਕੋਈ ਬਲਦਾਂ ਦੀ ਜੋੜੀ ਨੂੰ , ਕੋਈ ਹਲ-ਪੰਜਾਲੀ ਨੂੰ , ਕੋਈ ਚਰਖੇ ਨੂੰ , ਕੋਈ ਕੜੇ ਵਾਲੇ ਗਲਾਸ ਨੂੰ ਅਤੇ ਕੋਈ ਮਿੱਟੇ ਪਰਾਉਂਠਿਆਂ ਨੂੰ -ਯਾਦ ਕਰ ਰਹੇ ਸਨ ।
ਰਣਬੀਰ ਦਾ ਅੱਧੇ ਤੋਂ ਜ਼ਿਆਦਾ ਦਿਨ ਫੋਨ ਸੁਣਦਿਆਂ ਹੀ ਨਿਕਲ ਗਿਆ । ਭੋਲੀ ਅਤੇ ਗੁੱਡੀ ਦੇ ਫੋਨ ਤੋਂ ਇਲਾਵਾ ਬਾਕੀ ਸਾਰੇ ਬੱਚਿਆਂ ਦੇ ਫੋਨ ਆ ਗਏ ਸਨ । ਕਈ ਬੱਚਿਆਂ ਦੇ ਮੰਮੀ ਜਾਂ ਪਾਪਾ ਨੇ ਵੀ ਗੱਲ ਕੀਤੀ । ਉਹ ਸਾਰੇ ਰਣਬੀਰ ਦਾ ਧੰਨਵਾਦ ਕਰ ਰਹੇ ਸਨ ਕਿ ਬੱਚੇ ਬੜਾ ਕੁਝ ਨਵਾਂ ਸਿੱਖ ਕੇ ਆਏ ਹਨ ਅਤੇ ਬੜੇ ਖੁਸ਼ ਆਏ ਹਨ ।
ਸ਼ਾਮ ਨੂੰ ਗੁੱਡੀ ਅਤੇ ਭੋਲੀ ਦੇ ਵੀ ਫੋਨ ਆ ਗਏ । ਉਹ ਪਿੰਡ ਦੀਆਂ ਸਾਰੀਆਂ ਚੀਜ਼ਾਂ ਉਥੋਂ ਦੇ ਲੋਕਾਂ ਦਾ ਪਿਆਰ ਅਤੇ ਵੀਰ ਜੀ ਦੇ ਬੀਜੀ ਅਤੇ ਭੈਣ ਅਸੀਸ ਦੀ ਸੇਵਾ ਭਾਵਨਾ ਦੀ ਤਾਰੀਫ ਕਰ ਰਹੀਆਂ ਸਨ ।
ਹੁਣ ਰਣਬੀਰ ਬਹੁਤ ਖੁਸ਼ ਸੀ । ਸਾਰੇ ਬੱਚਿਆਂ ਦੇ ਅਤੇ ਕਈ ਬੱਚਿਆਂ ਦੇ ਮੰਮੀ-ਪਾਪਾ ਦੇ ਫੋਨਾਂ ਤੋਂ ਰਣਬੀਰ ਦੀ ਪੂਰੀ ਤਸੱਲੀ ਹੋ ਗਈ ਕਿ ਉਸ ਦਾ ਪ੍ਰਾਜੈਕਟ ਸਫਲ ਰਿਹਾ ਹੈ । ਦਿਨ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਚੀਜ਼ਾਂ ਵਿਖਾਉਣ ਦੀ ਕੋਸ਼ਿਸ਼ ਕੀਤੀ । ਰਣਬੀਰ ਨੂੰ ਜਿਸ ਗੱਲ ਦੀ ਤਸੱਲੀ ਹੋਈ, ਉਹ ਇਹ ਕਿ ਉਹ ਜੋ ਕੁਝ ਬੱਚਿਆਂ ਨੂੰ ਵਿਖਾਉਣਾ-ਸਮਝਾਉਣਾ ਚਾਹੁੰਦਾ ਸੀ, ਉਹ ਬੱਚਿਆਂ ਨੇ ਪੂਰੀ ਤਰ੍ਹਾਂ ਵੇਖਿਆ ਅਤੇ ਸਮਝਿਆ । ਉਹ ਆਪਣੇ-ਆਪ ਨੂੰ ਬੜਾ ਹਲਕਾ-ਫੁਲਕਾ ਮਹਿਸੂਸ ਕਰ ਰਿਹਾ ਸੀ, ਜਿਵੇਂ ਉਸ ਦੇ ਮਨ ਤੋਂ ਮਣਾਂਮੂੰਹੀਂ ਭਾਰ ਲੱਥ ਗਿਆ ਹੋਵੇ । ਉਸ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਉਣ ਲੱਗੇ ।
ਹੁਣ ਉਹ ਸੋਚ ਰਿਹਾ ਸੀ ਕਿ ਹਰ ਸਾਲ ਵੱਡੀ ਕਲਾਸ ਦੇ ਬੱਚਿਆਂ ਨੂੰ ਦੋ ਵਾਰੀ ਘੱਟੋ-ਘੱਟ ਦੋ ਰਾਤਾਂ ਲਈ ਪਿੰਡ ਲੈ ਕੇ ਆਇਆ ਕਰਨਾ ਹੈ-ਇਕ ਗਰਮੀਆਂ ਦੀਆਂ ਛੁੱਟੀਆਂ ਵਿਚ ਅਤੇ ਇਕ ਸਰਦੀਆਂ ਵਿਚ ਵੱਡੇ ਦਿਨਾਂ ਦੀਆਂ ਛੁੱਟੀਆਂ ਵਿਚ । ਛੋਟੀ ਕਲਾਸ ਦੇ ਬੱਚਿਆਂ ਨੂੰ ਸਾਲ ਵਿਚ ਇਕ ਵਾਰੀ ਹੀ ਠੀਕ ਹੈ ।
ਰਾਤੀਂ ਰਣਬੀਰ ਜਦੋਂ ਆਪਣੇ ਮੰਜੇ 'ਤੇ ਲੇਟਿਆ ਤਾਂ ਉਸ ਦੇ ਦਿਲ ਵਿਚ ਖ਼ੁਸ਼ੀ ਅਤੇ ਮਨ ਵਿਚ ਸ਼ਾਂਤੀ ਸੀ । ਅੱਜ ਉਹ ਲੇਟਦਿਆਂ ਹੀ ਇਸ ਤਰ੍ਹਾਂ ਘੂਕ ਸੌਂ ਗਿਆ ਜਿਵੇਂ ਉਹ ਘੋੜੇ ਵੇਚ ਕੇ ਆਇਆ ਹੋਵੇ ।

(ਸਮਾਪਤ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕੁਲਬੀਰ ਸਿੰਘ ਸੂਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ