Dulla Bhatti : Folk Tale

ਦੁੱਲਾ ਭੱਟੀ : ਲੋਕ ਕਹਾਣੀ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪ੍ਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੈਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ। ਰਾਹ ਵਿੱਚ ਜੰਗਲ ਪੈਂਦਾ ਸੀ, ਜਿੱਥੇ ਦੁੱਲਾ ਭੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ। ਇਸ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਭੱਟੀ ਦਾ ਖਿਆਲ ਆਇਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ। ਦੁੱਲੇ ਨੇ ਆਖਿਆ ‘‘ਤੂੰ ਕੋਈ ਫਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ- ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।’’
ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ-ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ:
ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ੱਕਰ ਪਾਈ- ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲੀ ਦੇਸੇ- ਹੋ
ਚਾਚਾ ਚੂਰੀ ਕੁੱਟੀ- ਹੋ
ਜ਼ੀਮੀਂਦਾਰ ਲੁੱਟੀ- ਹੋ
ਜ਼ੀਮੀਂਦਾਰ ਸਦਾਓ- ਹੋ
ਗਿਣ-ਗਿਣ ਪੌਲੇ ਲਾਓ- ਹੋ
ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ, ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਲੱਗਾ।
ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਅਤੇ ਅੜ੍ਹਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ- ਮਾਰ-ਧਾੜ ਕਰਨੀ ਉਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਨ੍ਹਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ-ਮਾਰ ਕਰਕੇ ਭਜਾ ਦਿੰਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਨ੍ਹਾਂ ਦੀਆਂ ਮਾਰਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਨ੍ਹਾਂ ਦੋਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ ’ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ… ਫਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ-ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ’ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਵੰਡ ਰਹੀ ਸੀ। ਖੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਨ੍ਹਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਜੂਮੀਆਂ ਨੂੰ ਆਖਿਆ, ‘‘ਕੋਈ ਐਸਾ ਉਪਾਅ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫਪਸੰਦ ਵਿਅਕਤੀ ਬਣੇ।’’
ਇਕ ਨਜੂਮੀ ਨੇ ਆਖਿਆ, ‘‘ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ।’’
ਅਜਿਹੀ ਸੂਰਬੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।
ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ… ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਕੱਠੇ ਪਲਣ ਲੱਗੇ- ਦੋਨੋ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ…। ਸ਼ੇਖੂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ। ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ…। ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ ’ਚ ਵਿਤਕਰਾ ਨਾ ਕੀਤਾ ਹੋਵੇ।
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਆਖਿਆ, ‘‘ਹਜ਼ੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੁੰਘਾਇਐ… ।’’
ਅਕਬਰ ਸ਼ੁੱਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸਰੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ,‘‘ਮੈਂ ਤੇਰਾ ਦੇਣਾ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ ’ਤੇ ਮੈਂ ਇਹਨੂੰ ਆਪਣੇ ਦਰਬਾਰ ’ਚ ਵੱਡਾ ਰੁਤਬਾ ਦਿਆਂਗਾ।’’
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ।
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ… ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ।
ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ… ਉਹ ਅਲਬੇਲੇ ਸੁਭਾਅ ਦਾ ਮਾਲਕ ਸੀ… ਖੁਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਨ੍ਹਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜੁਆਨੀ… ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ… ਦਗ ਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ ’ਚ ਪਾ ਦੇਂਦਾ। ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ ’ਚ ਦੌੜ ਰਿਹਾ ਹੈ…। ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਾ ਸੀ…। ਨਿੱਤ ਉਲਾਂਭੇ ਮਿਲਦੇ…। ਲੱਧੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪ੍ਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਿਰਾਸਣ ਨੇ ਇਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:-
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲਹਾਂਵਦਾ ਏ।
ਖਲ, ਭੋਹ ਦੇ ਨਾਲ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ।
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।
(ਕਿਸ਼ਨ ਸਿੰਘ ਆਰਫ)
ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ ਵਿੱਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ ਜਾ ਕੇ ਗਰਜਿਆ, ‘‘ਮਾਂ ਮੇਰੀਏ ਸੱਚੋ-ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ…?’’
ਲੱਧੀ ਨੇ ਸਾਰੀ ਹੋਣੀ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਦੁੱਲ੍ਹੇ ਨੂੰ ਕਿਹਾ, ‘‘ਸੂਰਮਿਆਂ ਪੁੱਤਾ, ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ। ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ… ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਂ ਦੀ ਟੈਂ ਨਹੀਂ ਸੀ ਮੰਨੀ। ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।’’
ਲਿਸ਼ ਲਿਸ਼ ਕਰਦੇ ਹਥਿਆਰ-ਛਬੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਨ ਅਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ… ਅਨੋਖੀਆਂ ਤਰਬਾਂ ਨੇ ਉਹਦੇ ਸਰੀਰ ’ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫਾਂ ਛੱਡਣ ਲੱਗਾ… ਦੁੱਲੇ ਨਗਾਰੇ ’ਤੇ ਡੱਗਾ ਮਾਰਿਆ… ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ, ਤੇ ਸਾਰੇ ਹਥਿਆਰ ਉਨ੍ਹਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ ਜੁੜ ਗਏ। ਸਾਂਦਲ ਬਾਰ ਦੇ ਇਲਾਕੇ ਵਿੱਚ ਉਨ੍ਹਾਂ ਤਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ-ਪਰਵਰੀ ਦੀ ਖੁਸ਼ਬੂ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ…। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ…। ਸਾਰਾ ਇਲਾਕਾ ਉਸ ’ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ ’ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ’ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾਂ ’ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ ’ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖਰੀਦ ਕੇ ਲਈ ਜਾ ਰਿਹਾ ਸੀ…। ਉਹਨੂੰ ਰਾਤ ਪਿੰਡ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਵੀ ਦਿੱਤਾ…। ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ ਭਰੀਆਂ ਖੱਚਰਾਂ ਖੋਹ ਲਈਆਂ।
ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ ’ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ ਕਿ ਉਨ੍ਹਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹੀਏ ਪੁਚਾਉਂਦੇ ਰਹੇ। ਅਕਬਰ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ’ਤੇ ਸਾਂਦਲ ਬਾਰ ਭੇਜਿਆ, ਪ੍ਰੰਤੂ ਦੁੱਲੇ ਨੂੰ ਪਤਾ ਲੱਗਣ ’ਤੇ ਉਸ ਨੇ ਜਾਸੂਸ ਦੀਆਂ ਦਾੜ੍ਹੀ ਮੁੱਛਾਂ ਹੀ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗਲ ਫੌਜਾਂ ਨੇ ਸਾਂਦਲ ਬਾਰ ਵਲ ਕੂਚ ਕਰ ਦਿੱਤਾ।
ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ।
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ।
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ।
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।
ਸਾਰੇ ਬੈਠਕਾਂ ਦੀਵਾਨਖਾਨੇ ਢਾਹ ਸੁੱਟੇ
ਇੱਟਾਂ ਬਣਾ ਕੇ ਵਿੱਚ ਖਿੰਡਾਈਆਂ।
ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ।
(ਪਾਲੀ ਸਿੰਘ)
ਮੁਗ਼ਲ ਫੌਜਾਂ ਨੇ ਪਿੰਡੀ ਨੂੰ ਜਾ ਘੇਰਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ ਜਾ ਲੜਾਈ ਕੀਤੀ ਤੇ ਉਨ੍ਹਾਂ ’ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗ਼ਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗ਼ਲ ਫੌਜ ਨੇ ਦੁੱਲੇ ਨੂੰ ਜਿਊਂਦੇ ਜੀ ਗ੍ਰਿਫ਼ਤਾਰ ਕਰਨ ਦਾ ਬੜਾ ਯਤਨ ਕੀਤਾ, ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ? ਆਖਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ, ਪ੍ਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਜ਼ਾਮਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ, ਪ੍ਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰ ਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ’ਤੇ ਦੁੱਲੇ ਨੇ ਕੈਦਖਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।
ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ, ਪ੍ਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦਾ ਹੈ…। ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ। ਕਿਸ਼ਨ ਸਿੰਘ ਆਰਫ ਰਚਿਤ ‘ਕਿੱਸਾ ਦੁੱਲਾ ਭੱਟੀ’ ਅਤੇ ਪਾਲੀ ਸਿੰਘ ਕਵੀਸ਼ਰ ਰਚਿਤ ‘ਆਵਾਜ਼ਾਂ ਦੁੱਲਾ ਭੱਟੀ’ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ-ਬਾਰ ਸਿਜਦਾ ਕਰਦੇ ਹਨ।

ਸੁਖਦੇਵ ਮਾਦਪੁਰੀ

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ