Fakakash Kalakar : Franz Kafka

ਫ਼ਾਕਾਕਸ਼ ਕਲਾਕਾਰ : ਫ਼ਰਾਂਜ਼ ਕਾਫ਼ਕਾ

ਬੀਤੇ ਦਹਾਕਿਆਂ ਵਿੱਚ ਪੇਸ਼ਾਵਾਰਾਨਾ ਫ਼ਾਕਾਕਸ਼ੀ ਵਿੱਚ ਲੋਕਾਂ ਦੀ ਦਿਲਚਸਪੀ ਅਸਾਧਾਰਨ ਤੇਜ਼ੀ ਨਾਲ ਘਟੀ ਹੈ। ਕਦੇ ਅਜਿਹੇ ਫ਼ਾਕਾਕਸ਼ ਕਲਾਕਾਰ ਨੂੰ ਆਪਣੀ ਕਲਾ ਦੇ ਆਪਣੇ ਤੌਰ ਉੱਤੇ ਕੀਤੇ ਗਏ ਵੱਡੇ ਪ੍ਰਦਰਸ਼ਨਾਂ ਤੋਂ ਚੰਗੀ ਖ਼ਾਸੀ ਕਮਾਈ ਹੋ ਜਾਂਦੀ ਸੀ। ਪਰ ਅੱਜ ਕੱਲ੍ਹ ਇਹ ਬਿਲਕੁਲ ਅਸੰਭਵ ਹੈ। ਅਸੀਂ ਇੱਕ ਵੱਖਰੀ ਦੁਨੀਆ ਵਿੱਚ ਰਹਿ ਰਹੇ ਹਾਂ। ਇੱਕ ਵਕਤ ਸੀ ਜਦੋਂ ਫ਼ਾਕਾਕਸ਼ ਕਲਾਕਾਰ ਸਾਰੇ ਨਗਰ ਦੀਆਂ ਨਿਗਾਹਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਸੀ। ਇਸ ਦੀ ਫ਼ਾਕਾਕਸ਼ੀ ਦੇ ਹਰ ਅਗਲੇ ਦਿਨ ਦਰਸ਼ਕਾਂ ਦੀ ਗਿਣਤੀ ਵਧਦੀ ਜਾਂਦੀ। ਹਰ ਕਿਸੇ ਦੀ ਉਸਨੂੰ ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਦੇਖਣ ਦੀ ਖਾਹਿਸ਼ ਹੁੰਦੀ ਸੀ। ਅਜਿਹੇ ਸ਼ੌਕੀਨ ਸੁਭਾ ਲੋਕ ਵੀ ਹੁੰਦੇ ਸਨ ਜੋ ਪ੍ਰਦਰਸ਼ਨ ਦੇ ਆਖ਼ਰੀ ਦਿਨਾਂ ਲਈ ਟਿਕਟ ਖ਼ਰੀਦ ਲੈਂਦੇ ਸਨ ਅਤੇ ਸਵੇਰ ਤੋਂ ਸ਼ਾਮ ਤੱਕ ਉਸ ਦੇ ਸਰੀਆਂ ਦੇ ਛੋਟੇ ਪਿੰਜਰੇ ਦੇ ਅੱਗੇ ਬੈਠੇ ਰਹਿੰਦੇ। ਅਤੇ ਰਾਤ ਨੂੰ ਵੀ ਦੇਖਣ ਦੇ ਘੰਟੇ ਰੱਖੇ ਹੁੰਦੇ ਸੀ, ਟਾਰਚਲਾਈਟ ਤਮਾਸ਼ੇ ਦੇ ਪ੍ਰਭਾਵ ਨੂੰ ਵਧਾ ਦਿੰਦੀ ਸੀ। ਸੁਹਾਵਣੇ ਦਿਨਾਂ ਵਿੱਚ ਪਿੰਜਰੇ ਨੂੰ ਬਾਹਰ ਖੁੱਲੀ ਜਗ੍ਹਾ ਵਿੱਚ ਖਿਚ ਲਿਆਂਦਾ ਜਾਂਦਾ ਅਤੇ ਬੱਚਿਆਂ ਲਈ ਫ਼ਾਕਾਕਸ਼ ਕਲਾਕਾਰ ਨੂੰ ਵੇਖਣਾ ਖ਼ਾਸ ਗੱਲ ਹੁੰਦੀ ਸੀ। ਵੱਡਿਆਂ ਲਈ ਇਹ ਸਭ ਫੈਸ਼ਨ ਦੇ ਮੁਤਾਬਕ ਹੋਣ ਵਾਲੇ ਇੱਕ ਭੌਂਡੇ ਮਜ਼ਾਕ ਤੋਂ ਵਧਕੇ ਕੁੱਝ ਨਹੀਂ ਸੀ ਪਰ ਬੱਚੇ ਹੈਰਾਨੀ ਨਾਲ ਮੂੰਹ ਟੱਡੀ, ਸਲਾਮਤੀ ਲਈ ਇੱਕ ਦੂਜੇ ਦੇ ਹੱਥਾਂ ਨੂੰ ਘੁੱਟ ਕੇ ਫੜ੍ਹੀ ਉਤਸੁਕਤਾ ਨਾਲ ਉਸਨੂੰ ਵੇਖਦੇ ਜੋ ਕਾਲੇ ਕੱਪੜੇ ਪਾਈ, ਬਾਹਰ ਨੂੰ ਨਿਕਲੀਆਂ ਹੋਈਆਂ ਨਿਵੇਕਲੀਆਂ ਪਸਲੀਆਂ ਦੇ ਨਾਲ ਕਿਸੇ ਕੁਰਸੀ ਉੱਤੇ ਨਹੀਂ ਸਗੋਂ ਜ਼ਮੀਨ ਉੱਤੇ ਖਿੱਲਰੇ ਤਿਨਕਿਆਂ ਉੱਤੇ ਬੈਠਾ ਹੁੰਦਾ। ਕਦੇ ਹਲੀਮੀ ਨਾਲ ਸਿਰ ਹਿਲਾਂਦਾ, ਜਬਰੀ ਮੁਸਕੁਰਾਹਟ ਨਾਲ ਤਮਾਸ਼ਾਈਆਂ ਦੇ ਸਵਾਲਾਂ ਦੇ ਜਵਾਬ ਦਿੰਦਾ। ਸਲਾਖਾਂ ਵਿੱਚੋਂ ਬਾਹਾਂ ਵੀ ਬਾਹਰ ਲਟਕਾ ਦਿੰਦਾ ਕਿ ਲੋਕ ਵੇਖ ਸਕਣ ਕਿ ਉਹ ਕਿੰਨਾ ਲਿੱਸਾ ਹੋ ਗਿਆ ਸੀ ਪਰ ਫਿਰ ਗਹਿਰੀਆਂ ਸੋਚਾਂ ਵਿੱਚ ਗਰਕ ਹੋ ਜਾਂਦਾ, ਕਿਸੇ ਗੱਲ ਜਾਂ ਤਮਾਸ਼ਾਈ ਵੱਲ ਧਿਆਨ ਨਾ ਦਿੰਦਾ, ਇਥੋਂ ਤੱਕ ਕਿ ਉਸ ਦੇ ਪਿੰਜਰੇ ਦੇ ਇੱਕੋ-ਇੱਕ ਫਰਨੀਚਰ, ਕਲਾਕ ਦੇ ਘੰਟੇ ਦੀ ਉਸ ਲਈ ਏਨੀ ਅਹਿਮ ਆਵਾਜ਼ ਉੱਤੇ ਵੀ ਨਹੀਂ। ਬਸ ਆਪਣੀਆਂ ਲਗਪਗ ਬੰਦ ਅੱਖਾਂ ਨਾਲ ਬਾਹਰ ਖੁੱਲ੍ਹੇ ਪੁਲਾੜ ਨੂੰ ਘੂਰਦਾ ਅਤੇ ਫਿਰ ਬੁੱਲ੍ਹਾਂ ਨੂੰ ਤਰ ਕਰਨ ਲਈ ਇੱਕ ਛੋਟੇ ਗਲਾਸ ਵਿੱਚੋਂ ਪਾਣੀ ਦੀ ਘੁੱਟ ਭਰ ਲੈਂਦਾ।

ਆਮ ਤਮਾਸ਼ਾਈਆਂ ਦੀਆਂ ਅੱਡ-ਅੱਡ ਸ਼੍ਰੇਣੀਆਂ ਦੇ ਨਾਲ-ਨਾਲ ਉੱਥੇ ਲੋਕਾਂ ਦੇ ਚੁਣੇ ਪੱਕੇ ਨਿਗਰਾਨ ਵੀ ਹੁੰਦੇ - ਹੈਰਾਨੀ ਦੀ ਗੱਲ ਕਿ ਉਹ ਆਮ ਤੌਰ ਉੱਤੇ ਕਸਾਈਆਂ ਵਿੱਚੋਂ ਹੁੰਦੇ - ਅਤੇ ਹਰ ਵਕਤ ਉਨ੍ਹਾਂ ਵਿੱਚੋਂ ਤਿੰਨ ਓਥੇ, ਰਾਤ-ਦਿਨ ਲਗਾਤਾਰ ਕਲਾਕਾਰ ਦੀ ਨਿਗਰਾਨੀ ਕਰਦੇ ਕਿ ਕਿਤੇ ਉਹ ਖੂਫ਼ੀਆ ਤੌਰ ਉੱਤੇ ਕੁੱਝ ਖਾ ਪੀ ਨਾ ਲਵੇ। ਇਹ ਮਹਿਜ਼ ਇੱਕ ਤਕੱਲੁਫ ਹੀ ਹੁੰਦਾ ਜਿਸ ਨੂੰ ਲਾਗੂ ਕਰਾਉਣ ਦਾ ਮਕਸਦ ਅਵਾਮ ਨੂੰ ਭਰੋਸਾ ਦਵਾਉਣ ਦੇ ਇਲਾਵਾ ਹੋਰ ਕੁੱਝ ਨਹੀਂ ਹੁੰਦਾ। ਕਿਉਂਕਿ ਇਹ ਏਹਤੀਮਾਮ ਕਰਨ ਵਾਲੇ ਜਾਣਦੇ ਸਨ ਕਿ ਕਲਾਕਾਰ ਫ਼ਾਕਾਕਸ਼ੀ ਦੇ ਦੌਰਾਨ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਮਜਬੂਰੀ ਦੇ ਤਹਿਤ ਖ਼ੁਰਾਕ ਦੀ ਇੱਕ ਛੋਟੀ ਬੁਰਕੀ ਵੀ ਨਹੀਂ ਲਵੇਗਾ। ਇਹ ਗੱਲ ਉਸ ਦੇ ਪੇਸ਼ੇ ਦੇ ਦਸਤੂਰ ਦੇ ਖਿਲਾਫ ਸੀ। ਪਰ ਨਿਗਰਾਨਾਂ ਵਿੱਚੋਂ ਹਰ ਕੋਈ ਇਸ ਗੱਲ ਨੂੰ ਸਮਝਣ ਦੇ ਯੋਗ ਨਹੀਂ ਹੁੰਦਾ ਸੀ। ਅਕਸਰ ਰਾਤ ਲਈ ਨਿਗਰਾਨਾਂ ਦਾ ਇੱਕ ਟੋਲਾ ਅਜਿਹਾ ਹੁੰਦਾ ਜੋ ਆਪਣੇ ਫ਼ਰਜ਼ਾਂ ਤੋਂ ਆਮ ਤੌਰ ਤੇ ਕੁਤਾਹੀ ਵਰਤਦਾ। ਉਹ ਜਾਣ-ਬੁੱਝ ਕੇ ਦੂਰ ਕਿਸੇ ਗੋਸ਼ੇ ਵਿੱਚ ਬੈਠ ਕੇ ਦਿਲਜਮਈ ਨਾਲ ਤਾਸ਼ ਖੇਡਦੇ ਅਤੇ ਕਲਾਕਾਰ ਨੂੰ ਮੌਕਾ ਦਿੰਦੇ ਕਿ ਉਹ ਕੁੱਝ ਖਾ ਪੀ ਲਵੇ, ਜੋ ਉਨ੍ਹਾਂ ਦੇ ਖ਼ਿਆਲ ਵਿੱਚ ਉਸਨੇ ਕਿਸੇ ਖੂਫ਼ੀਆ ਕੋਨੇ ਵਿੱਚ ਲੁਕਾ ਕੇ ਰੱਖੀ ਹੋਵੇਗੀ। ਅਜਿਹੇ ਨਿਗਰਾਨਾਂ ਤੋਂ ਵਧਕੇ ਕਲਾਕਾਰ ਲਈ ਸ਼ਾਇਦ ਹੀ ਕੋਈ ਦੂਜੀ ਗੱਲ ਏਡੀ ਵਧੀਕੀ ਹੋਵੇ। ਉਹ ਉਸਨੂੰ ਨਿਰਾਸ਼ਾ ਦਾ ਸ਼ਿਕਾਰ ਕਰਦੇ। ਇਸ ਲਈ ਫ਼ਾਕਾਕਸ਼ੀ ਨੂੰ ਅਸਹਿ ਬਣਾ ਦਿੰਦੇ।

ਕਈ ਵਾਰ ਉਹ ਉਨ੍ਹਾਂ ਦੀ ਨਿਗਰਾਨੀ ਦੇ ਦੌਰਾਨ ਗੀਤ ਗਾ ਕੇ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ, ਯਾਨੀ ਜਦੋਂ ਤੱਕ ਉਸ ਲਈ ਸੰਭਵ ਹੁੰਦਾ, ਤਾਂਕਿ ਉਨ੍ਹਾਂ ਨੂੰ ਇਹ ਅਹਿਸਾਸ ਦਿਵਾ ਸਕੇ ਕਿ ਉਸ ਦੇ ਬਾਰੇ ਵਿੱਚ ਉਨ੍ਹਾਂ ਦੇ ਸ਼ੱਕ ਕਿੰਨੇ ਬੇ-ਬੁਨਿਆਦ ਸਨ। ਪਰ ਇਸ ਨਾਲ ਜ਼ਿਆਦਾ ਫਾਇਦਾ ਨਾ ਹੁੰਦਾ। ਉਹ ਉਸ ਦੀ ਇਸ ਯੋਗਤਾ ਉੱਤੇ ਹੈਰਾਨ ਹੁੰਦੇ ਕਿ ਕਿਵੇਂ ਹੁਸ਼ਿਆਰੀ ਨਾਲ ਉਹ ਗੁਣਗੁਣਾਉਂਦੇ ਹੋਏ ਕੁੱਝ ਨਾ ਕੁੱਝ ਖਾ ਲੈਂਦਾ ਸੀ।

ਐਸੇ ਤਮਾਸ਼ਾਈ ਉਸ ਦੀ ਪਸੰਦ ਦੇ ਹੁੰਦੇ ਜੋ ਪਿੰਜਰੇ ਦੀਆਂ ਸਲਾਖਾਂ ਨਾਲ ਲੱਗ ਕੇ ਬੈਠਦੇ। ਉਹ ਕਮਰੇ ਵਿੱਚ ਮੱਧਮ ਰੋਸ਼ਨੀ ਉੱਤੇ ਸਤੁੰਸ਼ਟ ਨਾ ਹੁੰਦੇ ਹੋਏ ਸਗੋਂ ਜੀਬੀ ਟਾਰਚਾਂ ਨਾਲ, ਜੋ ਨੁਮਾਇਸ਼ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮਿਲਦੀਆਂ ਸਨ, ਉਸ ਉੱਤੇ ਰੋਸ਼ਨੀ ਪਾ-ਪਾ ਕੇ ਵੇਖਦੇ। ਇਹ ਤੇਜ਼ ਰੋਸ਼ਨੀ ਉਸ ਨੂੰ ਬਿਲਕੁਲ ਪਰੇਸ਼ਾਨ ਨਹੀਂ ਕਰਦੀ ਸੀ। ਆਮ ਤੌਰ ਉੱਤੇ ਉਹ ਲੋੜੀਂਦੀ ਨੀਂਦ ਨਹੀਂ ਲੈ ਸਕਦਾ ਸੀ। ਉਹ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਵਿੱਚ, ਕਿਸੇ ਵੀ ਵਕਤ, ਇੱਥੋਂ ਤੱਕ ਕਿ ਹਾਲ ਵਿੱਚ ਸ਼ੋਰ ਮਚਾਉਂਦੇ ਤਮਾਸ਼ਾਈਆਂ ਦੀ ਭਰਵੀਂ ਹਾਜ਼ਰੀ ਵਿੱਚ ਵੀ ਊਂਘ ਲੈਂਦਾ ਸੀ। ਉਹ ਉਨ੍ਹਾਂ ਨੂੰ ਹਾਸਾ ਮਜ਼ਾਕ ਕਰਨ, ਆਪਣੀ ਅਵਾਰਾ ਜ਼ਿੰਦਗੀ ਦੇ ਕਿੱਸੇ ਸੁਣਾਉਂਦਾ ਅਤੇ ਸੁਣਦਾ ਰਹਿੰਦਾ ਜੋ ਉਨ੍ਹਾਂ ਨੂੰ ਜਾਗਦੇ ਰਹਿਣ ਵਿੱਚ ਮਦਦਗਾਰ ਹੁੰਦੇ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਸਾਬਤ ਕਰਦਾ ਕਿ ਉਸ ਦੇ ਪਿੰਜਰੇ ਵਿੱਚ ਖਾਣ ਵਾਲੀ ਕੋਈ ਚੀਜ਼ ਨਹੀਂ ਹੈ ਅਤੇ ਇਹ ਕਿ ਜਿਹੋ ਜਿਹੀ ਫ਼ਾਕਾਕਸ਼ੀ ਉਹ ਕਰ ਰਿਹਾ ਹੈ, ਅਜਿਹੀ ਉਨ੍ਹਾਂ ਵਿੱਚੋਂ ਕਿਸੇ ਹੋਰ ਲਈ ਸੰਭਵ ਨਹੀਂ।

ਫਿਰ ਵੀ ਉਸਦੇ ਲਈ ਸਭ ਤੋਂ ਖ਼ੁਸ਼ਗਵਾਰ ਪਲ ਉਹ ਹੁੰਦਾ ਜਦੋਂ ਸਵੇਰ ਹੋਣ ਤੇ ਉਹ ਆਪਣੇ ਪੈਸਿਆਂ ਨਾਲ ਉਨ੍ਹਾਂ ਨੂੰ ਨਾਸ਼ਤਾ ਮੰਗਵਾ ਕੇ ਦਿੰਦਾ ਜਿਸ ਨੂੰ ਉਹ ਥੱਕਾ ਦੇਣ ਵਾਲੇ ਰਾਤ ਦੇ ਜਗਰਾਤੇ ਦੇ ਬਾਅਦ ਸਿਹਤਮੰਦ ਇਨਸਾਨਾਂ ਦੀ ਭੁੱਖ ਦੇ ਨਾਲ ਟੁੱਟ ਪੈਂਦੇ। ਇਹ ਸੱਚ ਹੈ ਕਿ ਕੁਝ ਵਹਿਮੀ ਲੋਕ ਇਵੇਂ ਸੋਚਦੇ ਕਿ ਇਹ ਨਾਸ਼ਤਾ ਦਰਅਸਲ ਕਲਾਕਾਰ ਦੇ ਨਿਗਰਾਨਾਂ ਨੂੰ ਰਿਸ਼ਵਤ ਦੇਣ ਦੀ ਇੱਕ ਭੱਦੀ ਕੋਸ਼ਿਸ਼ ਸੀ। ਪਰ ਇਹ ਗੱਲ ਹਕੀਕਤ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਸੀ। ਜਦੋਂ ਉਨ੍ਹਾਂ ਨੂੰ ਨਾਸ਼ਤੇ ਦੇ ਬਿਨਾਂ ਮਹਿਜ਼ ਇਸ ਮਕਸਦ ਲਈ ਜਾਗਦੇ ਰਾਤ ਕੱਟਣ ਲਈ ਕਿਹਾ ਜਾਂਦਾ ਤਾਂ ਉਹ ਫ਼ੌਰਨ ਆਪਣੇ ਰੁਝੇਵਿਆਂ ਦਾ ਦੁਖੜ੍ਹਾ ਰੋਣ ਲੱਗਦੇ, ਪਰ ਆਪਣੇ ਸ਼ੰਕਿਆਂ ਤੇ ਡਟੇ ਰਹਿੰਦੇ।

ਵੈਸੇ, ਇਹ ਆਮ ਤੌਰ ’ਤੇ ਵਰਤ ਰੱਖਣ ਦਾ ਇੱਕ ਹਿੱਸਾ ਸੀ, ਕਿ ਇਹ ਸ਼ੰਕੇ ਇਸ ਦੇ ਨਾਲ ਅਨਿੱਖੜ ਤੌਰ ਤੇ ਜੁੜੇ ਹੁੰਦੇ ਸਨ। ਅਸਲ ਵਿੱਚ, ਕੋਈ ਵੀ ਹਰ ਦਿਨ ਅਤੇ ਰਾਤ ਨੂੰ ਫ਼ਾਕਾਕਸ਼ ਕਲਾਕਾਰ ਨੂੰ ਦੇਖਣ ਲਈ ਸਮਾਂ ਨਹੀਂ ਕੱਢ ਸਕਦਾ ਸੀ, ਇਸ ਲਈ ਕੋਈ ਵੀ ਇਸ ਬਾਰੇ ਨਹੀਂ ਜਾਣਦਾ ਸੀ ਕਿ ਕੀ ਇਹ ਸੱਚਮੁੱਚ ਨਿਰਵਿਘਨ, ਬਿਨਾਂ ਕਾਣ ਵਰਤ ਦਾ ਮਾਮਲਾ ਸੀ। ਸਿਰਫ ਕਲਾਕਾਰ ਹੀ ਇਸ ਹਕੀਕਤ ਤੋਂ ਜਾਣੂੰ ਹੁੰਦਾ ਸੀ ਅਤੇ ਉਹੀ ਇੱਕੋ-ਇੱਕ ਦਰਸ਼ਕ, ਜੋ ਆਪਣੀ ਭੁੱਖਮਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਦੇ ਸਮਰੱਥ ਸੀ। ਪਰ ਉਹ ਕਦੀ ਵੀ ਸੰਤੁਸ਼ਟ ਨਹੀਂ ਸੀ ਹੁੰਦਾ ਇਸ ਦਾ ਕਾਰਨ ਕੁਝ ਵੱਖਰਾ ਸੀ। ਸ਼ਾਇਦ ਇਹ ਭੁੱਖਾ ਰਹਿਣ ਕਰਕੇ ਨਹੀਂ ਸੀ ਜਿਸ ਨੇ ਉਸਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ, ਕਿ ਬਹੁਤ ਸਾਰੇ ਲੋਕ ਉਸ ਨੂੰ ਦੇਖਣ ਤੋਂ ਕਤਰਾਉਂਦੇ ਸਨ ਕਿਉਂਕਿ ਉਹ ਉਸਨੂੰ ਇਸ ਹਾਲਤ ਵਿੱਚ ਵੇਖਣਾ ਬਰਦਾਸ਼ਤ ਨਹੀਂ ਕਰ ਸਕਦੇ ਸੀ। ਸ਼ਾਇਦ ਇਹ ਉਸ ਦਾ ਆਪਣੇ ਆਪ ਉੱਤੇ ਅਸੰਤੋਸ਼ ਵੀ ਸੀ ਜਿਸ ਨੇ ਉਸਨੂੰ ਪਿੰਜਰ ਬਣਾ ਦਿੱਤਾ ਸੀ। ਕਿਉਂਜੋ ਸਿਰਫ ਉਹੀ ਇਹ ਗੱਲ ਜਾਣਦਾ ਸੀ ਜਿਸ ਨੂੰ ਕੋਈ ਦੂਜਾ ਨਵੀਂ ਪਹਿਲ ਕਰਨ ਵਾਲਾ ਵੀ ਨਹੀਂ ਸੀ ਜਾਣਦਾ ਕਿ ਫ਼ਾਕਾਕਸ਼ੀ ਕਿਸ ਕਦਰ ਆਸਾਨ ਕੰਮ ਸੀ। ਇਹ ਦੁਨੀਆ ਦਾ ਸਭ ਤੋਂ ਆਸਾਨ ਕੰਮ ਸੀ। ਇਸ ਬਾਰੇ ਉਹ ਚੁੱਪ ਨਹੀਂ ਰਿਹਾ, ਪਰ ਲੋਕਾਂ ਨੇ ਉਸ ਤੇ ਵਿਸ਼ਵਾਸ ਨਹੀਂ ਕੀਤਾ। ਵੱਧ ਤੋਂ ਵੱਧ ਉਹ ਇਹ ਸੋਚਦੇ ਕਿ ਉਹ ਨਿਮਰ ਹੋਣ ਦਾ ਯਤਨ ਕਰ ਰਿਹਾ ਸੀ। ਬਹੁਤਿਆਂ ਦਾ ਇਹ ਖ਼ਿਆਲ ਸੀ ਕਿ ਉਹ ਸ਼ੌਹਰਤ ਦਾ ਭੁੱਖਾ ਸੀ ਜਾਂ ਸਿਰੇ ਦਾ ਠੱਗ ਜਿਸ ਨੂੰ ਫ਼ਾਕਾਕਸ਼ੀ ਆਸਾਨ ਲੱਗਣ ਲੱਗ ਪਈ ਕਿ ਉਸਨੇ ਫ਼ਾਕਾਕਸ਼ੀ ਨੂੰ ਆਸਾਨ ਬਣਾਉਣ ਦਾ ਗੁਰ ਸਿੱਖ ਲਿਆ ਸੀ, ਤੇ ਫਿਰ ਇਸ ਨੂੰ ਪੂਰਨ ਤੌਰ ਤੇ ਸਵੀਕਾਰ ਕਰਨ ਦੀ ਹਿੰਮਤ ਵੀ ਨਹੀਂ ਸੀ। ਉਸ ਨੂੰ ਇਹ ਗੱਲਾਂ ਚੁੱਪਚਾਪ ਸੁਣਨੀਆਂ ਪੈਂਦੀਆਂ ਅਤੇ ਇੰਨੇ ਸਾਲਾਂ ਵਿੱਚ ਉਹ ਇਸ ਸਭ ਦਾ ਆਦੀ ਹੋ ਚੁੱਕਾ ਸੀ। ਪਰ ਇਹ ਬੇਚੈਨੀ ਉਸਨੂੰ ਹਰ ਸਮੇਂ ਉਸਦੇ ਅੰਦਰ ਹੀ ਅੰਦਰ ਕੁਤਰਦੀ ਰਹੀ, ਅਤੇ ਫਿਰ ਵੀ - ਫ਼ਾਕਾਕਸ਼ੀ ਦੇ ਕਿਸੇ ਦੌਰ ਦੇ ਬਾਅਦ ਅਜਿਹਾ ਨਹੀਂ ਹੋਇਆ ਸੀ ਕਿ ਉਹ ਕਦੇ ਆਪਣੀ ਮਰਜ਼ੀ ਨਾਲ ਪਿੰਜਰੇ ਤੋਂ ਬਾਹਰ ਆਇਆ ਹੋਵੇ।

ਫ਼ਾਕਾਕਸ਼ੀ ਦੀ ਵੱਧ ਤੋਂ ਵੱਧ ਮੁੱਦਤ ਪ੍ਰਬੰਧਕ ਨੇ ਚਾਲੀ ਦਿਨ ਤੈਅ ਕਰ ਰੱਖੀ ਸੀ। ਇਸ ਹੱਦ ਤੋਂ ਜ਼ਿਆਦਾ ਫ਼ਾਕਾਕਸ਼ੀ ਦੀ ਉਸਨੂੰ ਇਜਾਜ਼ਤ ਨਹੀਂ ਸੀ। ਵੱਡੇ ਸ਼ਹਿਰਾਂ ਵਿੱਚ ਵੀ ਨਹੀਂ ਅਤੇ ਇਸ ਦੇ ਵਿਸ਼ੇਸ਼ ਕਾਰਨ ਸਨ। ਤਜਰਬੇ ਤੋਂ ਸਾਬਤ ਹੋਇਆ ਸੀ ਕਿ ਲਗਾਤਾਰ ਇਸ਼ਤਿਹਾਰ ਬਾਜ਼ੀ ਦੇ ਵੱਧਦੇ ਹੋਏ ਦਬਾਓ ਦੇ ਨਤੀਜੇ ਵਜੋਂ ਚਾਲੀ ਦਿਨ ਤੱਕ ਸ਼ਹਿਰੀਆਂ ਦੀ ਦਿਲਚਸਪੀ ਪ੍ਰਦਰਸ਼ਨ ਵਿੱਚ ਬਰਕਰਾਰ ਰੱਖੀ ਜਾ ਸਕਦੀ ਸੀ। ਪਰ ਇਸ ਦੇ ਬਾਅਦ ਉਨ੍ਹਾਂ ਦੀ ਦਿਲਚਸਪੀ ਘੱਟ ਹੋਣ ਲੱਗ ਜਾਂਦੀ। ਕਲਾਕਾਰ ਨਾਲ ਉਨ੍ਹਾਂ ਦੀ ਹਮਦਰਦੀ ਵਿੱਚ ਵੀ ਫ਼ਰਕ ਆ ਜਾਂਦਾ। ਇਸ ਪੱਖੋਂ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਮੂਲੀ ਮੁਕਾਮੀ ਫ਼ਰਕ ਵੀ ਸੀ ਪਰ ਆਮ ਮਿਆਰ ਦੇ ਤੌਰ ਉੱਤੇ ਚਾਲੀ ਦਿਨ ਦੀ ਮੁੱਦਤ ਨੂੰ ਹੀ ਆਖ਼ਰੀ ਹੱਦ ਮੰਨ ਲਿਆ ਗਿਆ ਸੀ।

ਚਾਲੀਵੇਂ ਦਿਨ ਜਦੋਂ ਫੁੱਲਾਂ ਨਾਲ ਲੱਦੇ ਹੋਏ ਪਿੰਜਰੇ ਦਾ ਬੂਹਾ ਖੋਲ੍ਹਿਆ ਗਿਆ ਤਾਂ ਐਂਫੀਥੀਏਟਰ ਜੋਸ਼ੀਲੇ ਤਮਾਸ਼ਾਈਆਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਫ਼ੌਜੀ ਬੈਂਡ ਵੱਜਦਾ ਸੀ। ਕਲਾਕਾਰ ਉੱਤੇ ਫ਼ਾਕਾਕਸ਼ੀ ਦੇ ਅਸਰਾਂ ਦਾ ਜਾਇਜ਼ਾ ਲੈਣ ਲਈ ਦੋ ਡਾਕਟਰ ਪਿੰਜਰੇ ਵਿੱਚ ਗਏ। ਡਾਕਟਰੀ ਮੁਆਇਨੇ ਦੇ ਨਤੀਜਿਆਂ ਦਾ ਐਲਾਨ ਮੈਗਾ ਫੋਨ ਦੇ ਜ਼ਰੀਏ ਕੀਤਾ ਗਇਆ। ਆਖ਼ਰ ਦੋ ਜੁਆਨ ਕੁੜੀਆਂ ਆਈਆਂ, ਉਨ੍ਹਾਂ ਨੂੰ ਇਸ ਤੱਥ ਤੋਂ ਖੁਸ਼ੀ ਸੀ ਕਿ ਉਨ੍ਹਾਂ ਨੂੰ ਪਰਚੀਆਂ ਕੱਢ ਕੇ ਚੁਣਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੇ ਕਲਾਕਾਰ ਨੂੰ ਸਹਾਰਾ ਦੇਕੇ ਪਿੰਜਰੇ ਵਿੱਚੋਂ ਕੱਢ ਚਾਰ ਕੁ ਪੌੜੀਆਂ ਉਤਾਰ ਥੱਲੇ ਤੱਕ ਲਿਆਉਣਾ ਸੀ ਜਿੱਥੇ ਇੱਕ ਛੋਟੀ ਜਿਹੀ ਮੇਜ਼ ਤੇ ਬੜੇ ਧਿਆਨ ਨਾਲ ਛਾਂਟਿਆ ਬੀਮਾਰਾਂ ਵਾਲਾ ਖਾਣਾ ਰੱਖਿਆ ਗਿਆ ਸੀ। ਇਸ ਮੌਕੇ ’ਤੇ ਕਲਾਕਾਰ ਹਮੇਸ਼ਾ ਅਜੀਬ ਅੱਖੜਪਨ ਦਾ ਮੁਜ਼ਾਹਰਾ ਕਰਦਾ। ਇਹ ਸੱਚ ਹੈ ਕਿ ਆਪਣੇ ਉੱਤੇ ਝੁਕੀਆਂ ਹੋਈਆਂ ਔਰਤਾਂ ਦੇ ਫੈਲੇ ਹੋਏ ਮਦਦਗਾਰ ਹੱਥਾਂ ਵਿੱਚ ਆਪਣੀਆਂ ਢਾਂਚਾ ਨੁਮਾ ਬਾਹਾਂ ਥਮਾ ਦਿੰਦਾ ਸੀ। ਪਰ ਖੜ੍ਹੇ ਹੋਣ ਲਈ ਤਿਆਰ ਨਾ ਹੁੰਦਾ। ਉਹ ਚਾਲ੍ਹੀ ਦਿਨ ਬੀਤ ਜਾਣ ਦੇ ਬਾਅਦ ਕਿਉਂ ਫ਼ਾਕਾਕਸ਼ੀ ਖ਼ਤਮ ਕਰ ਦੇਵੇ? ਹੁਣ ਜਦੋਂ ਕਿ ਉਹ ਜ਼ਿਆਦਾ ਮੁੱਦਤ ਦੇ ਲਈ, ਇਥੋਂ ਤੱਕ ਕਿ ਅਸੀਮਤ ਵਕਤ ਲਈ ਫ਼ਾਕਾਕਸ਼ੀ ਦੇ ਯੋਗ ਹੋਇਆ ਸੀ ਤਾਂ ਕਿਉਂ ਉਹ ਉਸਨੂੰ ਰੋਕਦੇ ਜਦੋਂ ਕਿ ਉਹ ਫ਼ਾਕਾਕਸ਼ੀ ਲਈ ਬਿਹਤਰ ਸੂਰਤ ਵਿੱਚ ਸੀ ਜਾਂ ਫਿਰ ਅਜੇ ਤਾਂ ਫ਼ਾਕਾਕਸ਼ੀ ਦੀ ਬਿਹਤਰ ਸੂਰਤ ਵਿੱਚ ਆਇਆ ਵੀ ਨਹੀਂ ਸੀ, ਤਾਂ ਉਸਨੂੰ ਕਿਉਂ ਅਜਿਹੀ ਸ਼ੌਹਰਤ ਤੋਂ ਮਹਿਰੂਮ ਕੀਤਾ ਜਾ ਰਿਹਾ ਸੀ ਜੋ ਉਸਨੂੰ ਸਭ ਤੋਂ ਲੰਬੀ ਫ਼ਾਕਾਕਸ਼ੀ ਤੋਂ ਹਾਸਲ ਹੋ ਸਕਦੀ ਸੀ, ਨਾ ਸਿਰਫ ਦੁਨੀਆਂ ਦਾ ਸਭ ਤੋਂ ਵੱਡਾ ਫ਼ਾਕਾਕਸ਼ ਬਨਣ ਦੀ ਸ਼ੌਹਰਤ, ਜੋ ਸ਼ਾਇਦ ਉਹ ਪਹਿਲਾਂ ਹੀ ਬਣ ਚੁੱਕਿਆ ਸੀ ਸਗੋਂ ਇਨਸਾਨੀ ਕਲਪਨਾ ਤੋਂ ਵੀ ਪਰ੍ਹੇ ਦਾ ਪ੍ਰਦਰਸ਼ਨ ਕਰਕੇ ਫ਼ਾਕਾਕਸ਼ੀ ਦੇ ਆਪਣਾ ਹੀ ਰਿਕਾਰਡ ਤੋੜਨ ਦੀ ਸ਼ੌਹਰਤ ਵੀ, ਕਿਉਂਕਿ ਉਸਨੂੰ ਮਹਿਸੂਸ ਹੁੰਦਾ ਸੀ ਕਿ ਫ਼ਾਕਾਕਸ਼ੀ ਦੀ ਉਸ ਦੀ ਯੋਗਤਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਇਹ ਭੀੜ ਜਿਸਨੇ ਉਸ ਦਾ ਬਹੁਤ ਪ੍ਰਸੰਸ਼ਕ ਹੋਣ ਦਾ ਢੌਂਗ ਰਚਾਇਆ ਹੋਇਆ ਸੀ, ਉਸ ਲਈ ਇੰਨੇ ਵੀ ਧੀਰਜ ਦਾ ਮੁਜ਼ਾਹਰਾ ਨਹੀਂ ਕਰ ਸਕਦੀ ਸੀ? ਜੇਕਰ ਉਹ ਜ਼ਿਆਦਾ ਦੇਰ ਲਈ ਫ਼ਾਕਾਕਸ਼ੀ ਕਰ ਸਕਦਾ ਸੀ, ਤਾਂ ਉਹ ਉਸਨੂੰ ਕਿਉਂ ਬਰਦਾਸ਼ਤ ਨਹੀਂ ਕਰ ਸਕਦੇ ਸਨ? ਤੇ ਫਿਰ ਉਹ ਬਹੁਤ ਥੱਕ ਚੁੱਕਿਆ ਸੀ, ਤਿਣਕਿਆਂ ਉੱਤੇ ਬੈਠਣ ਵਿੱਚ ਉਸਨੂੰ ਸੁਖ ਮਿਲਦਾ ਸੀ। ਪਰ ਇਸ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਸਿੱਧਾ ਖੜ੍ਹਾ ਹੋਵੇ ਅਤੇ ਅੱਗੇ ਜਾ ਕੇ ਕੁੱਝ ਖਾਵੇ ਜਿਸਦੇ ਖ਼ਿਆਲ ਨਾਲ ਹੀ ਉਸਦਾ ਜੀ ਕੱਚਾ ਹੋਣ ਲੱਗਦਾ ਸੀ। ਸਿਰਫ ਔਰਤਾਂ ਦੀ ਹਾਜ਼ਰੀ ਸੀ ਜਿਸ ਕਰਕੇ ਉਸਨੇ ਆਪਣੇ ਇਨ੍ਹਾਂ ਅਹਿਸਾਸਾਂ ਦੇ ਪ੍ਰਗਟਾ ਨੂੰ ਬੜੀ ਕਠਿਨਾਈ ਨਾਲ ਰੋਕਿਆ। ਔਰਤਾਂ ਦੀਆਂ ਅੱਖਾਂ ਵਿੱਚ ਉੱਪਰ ਝਾਕਿਆ ਜੋ ਜ਼ਾਹਿਰਾ ਤੌਰ ’ਤੇ ਬਹੁਤ ਦੋਸਤਾਨਾ ਦਰਅਸਲ ਨਿਹਾਇਤ ਜ਼ਾਲਮਾਨਾ ਤੱਕਣੀ ਸੀ ਅਤੇ ਆਪਣੀ ਕਮਜ਼ੋਰ ਗਰਦਨ ਤੇ ਆਪਣੇ ਬਹੁਤ ਜ਼ਿਆਦਾ ਭਾਰੀ ਸਿਰ ਨੂੰ ਝਟਕਾ ਦਿੱਤਾ।

ਫਿਰ ਉਹੀ ਕੁੱਝ ਹੋਇਆ ਜੋ ਅਜਿਹੇ ਮੌਕਿਆਂ ਉੱਤੇ ਹਮੇਸ਼ਾ ਹੁੰਦਾ ਸੀ। ਪ੍ਰਬੰਧਕ ਅੱਗੇ ਆਇਆ - ਸੰਗੀਤ ਦੇ ਸ਼ੋਰ ਨੇ ਕਿਸੇ ਕਿਸਮ ਦੀ ਗੱਲਬਾਤ ਕਰਨਾ ਅਸੰਭਵ ਬਣਾ ਦਿੱਤਾ ਸੀ - ਚੁੱਪਚਾਪ ਆਪਣੀਆਂ ਬਾਹਵਾਂ ਨੂੰ ਫ਼ਾਕਾਕਸ਼ ਕਲਾਕਾਰ ਦੇ ਉੱਪਰ ਉਠਾਇਆ ਜਿਵੇਂ ਹੇਠਾਂ ਤਿਨਕਿਆਂ ਉੱਤੇ ਬੈਠੀ ਇਸ ਕਮਜ਼ੋਰ ਜ਼ਿੰਦੜੀ, ਉਸ ਬਦਕ਼ਿਸਮਤ ਸ਼ਹੀਦ ਵੱਲ - ਉਹ ਕਲਾਕਾਰ ਇੱਕ ਤਰ੍ਹਾਂ ਨਾਲ, ਭਾਵੇਂ ਪੂਰੀ ਤਰ੍ਹਾਂ ਵੱਖਰੇ ਅਰਥਾਂ ਵਿੱਚ ਸ਼ਹੀਦ ਹੀ ਤਾਂ ਸੀ - ਖ਼ੁਦਾ ਨੂੰ ਨਜ਼ਰ ਕਰਨ ਦਾ ਸੱਦਾ ਦੇ ਰਿਹਾ ਹੋਵੇ। ਫਿਰ ਉਸ ਦੀ ਮਰੀਅਲ ਕਮਰ ਤੋਂ ਉਸ ਨੂੰ ਫੜਿਆ, ਤੇ ਫਿਰ ਵਧੇਰੇ ਹੀ ਸਾਵਧਾਨੀ ਨਾਲ ਉਸਨੂੰ ਇਵੇਂ ਉੱਪਰ ਉਠਾਇਆ ਕਿ ਲੋਕਾਂ ਨੂੰ ਲੱਗੇ ਕਿ ਉਸਦਾ ਵਾਸਤਾ ਕਲਾਕਾਰ ਦੇ ਟੁੱਟੂੰ-ਟੁੱਟੂੰ ਕਰਦੇ ਬਦਨ ਨਾਲ ਪਿਆ ਹੈ। ਫਿਰ ਉਹ ਉਸਨੂੰ ਡਰ ਨਾਲ ਪੀਲੀਆਂ ਭੂਕ ਹੋਈਆਂ ਕੁੜੀਆਂ ਨੂੰ ਸੌਂਪਦੇ ਹੋਏ ਚੋਰੀ ਛਿਪੇ ਉਸਨੂੰ ਮਾਮੂਲੀ ਜਿਹਾ ਝਟਕਾ ਵੀ ਦੇ ਦਿੱਤਾ ਸੀ ਜਿਸਦੇ ਨਾਲ ਕਲਾਕਾਰ ਦੀਆਂ ਲੱਤਾਂ ਅਤੇ ਉੱਪਰ ਦਾ ਹਿੱਸਾ ਮੁਕੰਮਲ ਤੌਰ ਉੱਤੇ ਆਪਮੁਹਾਰੇ ਅੱਗੇ ਪਿੱਛੇ ਝੂਲ ਗਿਆ ਸੀ। ਉਸ ਦਾ ਸਿਰ ਛਾਤੀ ਉੱਤੇ ਟਿਕਿਆ ਹੋਇਆ ਸੀ ਜਿਵੇਂ ਗੇੜਾ ਜਿਹਾ ਖਾ ਕੇ ਉੱਥੇ ਆ ਟਿਕਿਆ ਹੋਵੇ। ਸਰੀਰ ਦਾ ਪਿੱਛੇ ਨੂੰ ਕੁੱਬ ਨਿਕਲਿਆ ਹੋਇਆ। ਅਤੇ ਲੱਤਾਂ ਜਿਵੇਂ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੋਡਿਆਂ ਕੋਲੋਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਸਨ ਅਤੇ ਜ਼ਮੀਨ ਟਟੋਲਦੀਆਂ ਹੋਈਆਂ ਜਿਵੇਂ ਕਿਸੇ ਫ਼ਰਸ਼ ਉੱਤੇ ਨਾ ਹੋਣ ਸਗੋਂ ਠੋਸ ਜ਼ਮੀਨ ਦੀ ਤਲਾਸ਼ ਵਿੱਚ ਹੋਣ, ਜਦੋਂ ਕਿ ਉਸ ਦੇ ਜਿਸਮ ਦਾ ਬੋਝ, ਹਾਲਾਂਕਿ ਇਹ ਬੋਝ ਬਹੁਤ ਹੀ ਥੋੜ੍ਹਾ ਰਹਿ ਗਿਆ ਹੋਇਆ ਸੀ, ਦੋਨਾਂ ਵਿੱਚੋਂ ਇੱਕ ਕੁੜੀ ਦੀਆਂ ਬਾਹਾਂ ਉੱਤੇ ਤੁਲਿਆ ਹੋਇਆ ਸੀ। ਕੁੜੀ ਦਾ ਸਾਹ ਉਖੜਿਆ ਹੋਇਆ ਸੀ ਅਤੇ ਉਹ ਮਦਦ ਮੰਗ ਰਹੀ ਸੀ। ਆਪਣੇ ਇਨਾਮੀ ਕਾਰਜ ਦੇ ਇਸ ਤਰ੍ਹਾਂ ਦਾ ਹੋਣ ਦੀ ਉਸਨੇ ਕਲਪਨਾ ਨਹੀਂ ਕੀਤੀ ਸੀ। ਫਿਰ ਉਸਨੇ ਆਪਣੀ ਗਰਦਨ ਨੂੰ ਸੰਭਵ ਹੱਦ ਤੱਕ ਪਰੇ ਹਟਾਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸਨੂੰ ਕਲਾਕਾਰ ਨਾਲ ਛੂਹ ਜਾਣ ਤੋਂ ਬਚਾ ਸਕੇ। ਫਿਰ ਇਹ ਮਹਿਸੂਸ ਕਰਦੇ ਹੋਏ ਕਿ ਅਜਿਹਾ ਸੰਭਵ ਨਹੀਂ ਸੀ ਅਤੇ ਉਸ ਦੀ ਵਧੇਰੇ ਖ਼ੁਸ਼-ਕ਼ਿਸਮਤ ਸਾਥਣ ਉਸ ਦੀ ਮਦਦ ਲਈ ਅੱਗੇ ਨਹੀਂ ਸੀ ਆਈ, ਕੰਬਣ ਲੱਗ ਪਈ ਅਤੇ ਅੱਗੇ ਖੜ੍ਹੀ ਕਲਾਕਾਰ ਦਾ ਇੱਕ ਹੱਥ ਯਾਨੀ ਹੱਡੀਆਂ ਦੀ ਪੋਟਲੀ ਨੂੰ ਫੜ੍ਹ ਰੱਖਣ ਉੱਤੇ ਹੀ ਸੰਤੁਸ਼ਟ ਸੀ, ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਜਿਸ ਤੇ ਦਰਸ਼ਕਾਂ ਵਿੱਚ ਹਾਸੜ ਮਚ ਗਈ ਅਤੇ ਫਿਰ ਇੱਕ ਨੌਕਰ ਨੂੰ ਉਸ ਕੋਲੋਂ ਬੋਝ ਫੜਨਾ ਪਿਆ ਜੋ ਦੇਰ ਤੋਂ ਉਥੇ ਇਸੇ ਕੰਮ ਲਈ ਹੀ ਤਿਆਰ ਖੜ੍ਹਾ ਸੀ। ਫਿਰ ਖਾਣਾ ਆ ਗਿਆ ਜਿਸ ਵਿੱਚੋਂ ਥੋੜ੍ਹਾ ਜਿਹਾ ਪ੍ਰਬੰਧਕ ਨੇ ਕਲਾਕਾਰ ਦੇ ਮੂੰਹ ਵਿੱਚ ਪਾਇਆ ਜੋ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਉਸਨੂੰ ਗਸ਼ ਪੈ ਰਿਹਾ ਸੀ। ਨਾਲ ਹੀ ਪ੍ਰਬੰਧਕ ਨੇ ਮਜ਼ਾਕੀਆ ਗਿਟ-ਮਿਟ ਜਾਰੀ ਰੱਖੀ ਜਿਸਦਾ ਮਕਸਦ ਲੋਕਾਂ ਦਾ ਧਿਆਨ ਕਲਾਕਾਰ ਦੇ ਬਿਗੜੇ ਹਾਲ ਤੋਂ ਲਾਂਭੇ ਰੱਖਣਾ ਸੀ। ਇਸ ਦੇ ਬਾਅਦ ਪ੍ਰਬੰਧਕ ਦੇ ਕੰਨ ਵਿੱਚ ਕਲਾਕਾਰ ਦੀ ਸਰਗੋਸ਼ੀ ਦੇ ਬਾਅਦ ਲੋਕਾਂ ਲਈ ਸਿਹਤ, ਕਾਮਯਾਬੀ ਅਤੇ ਖੁਸ਼ੀ ਦੀ ਕਾਮਨਾ ਦੇ ਜਾਮ ਦੀ ਪੇਸ਼ਕਸ਼ ਕੀਤੀ ਗਈ। ਆਰਕੈਸਟਰਾ ਨੇ ਆਪਣੇ ਖਰੂਦੀ ਸੰਗੀਤ ਨਾਲ ਇਸ ਦੀ ਤਸਦੀਕ ਕੀਤੀ। ਫਿਰ ਮੇਲਾ ਵਿੱਛੜ ਗਿਆ ਅਤੇ ਕਿਸੇ ਨੂੰ ਵੀ ਇਸ ਘਟਨਾ ਤੋਂ ਅਸੰਤੁਸ਼ਟ ਹੋਣ ਦਾ ਅਧਿਕਾਰ ਨਹੀਂ ਸੀ, ਸਿਵਾਏ ਭੁੱਖੇ ਕਲਾਕਾਰ ਦੇ - ਉਹੀ ਹਮੇਸ਼ਾ ਇੱਕੱਲਾ ਅਸੰਤੁਸ਼ਟ ਹੁੰਦਾ ਸੀ।

ਉਹ ਬਹੁਤ ਸਾਲਾਂ ਤੱਕ ਇਸੇ ਤਰ੍ਹਾਂ ਜ਼ਿੰਦਾ ਰਿਹਾ, ਬੱਸ ਛੋਟੇ-ਛੋਟੇ ਵਕਫ਼ਿਆਂ ਲਈ ਕਦੇ ਕਦੇ ਛੁੱਟੀ ਕਰਦਾ ਸੀ। ਸਾਫ਼ ਹੈ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਸੀ, ਦੁਨੀਆਂ ਵਿੱਚ ਸ਼ੌਹਰਤ ਸੀ ਪਰ ਇਸ ਸਭ ਦੇ ਬਾਵਜੂਦ ਉਸ ਦਾ ਮਨ ਉਦਾਸ ਸੀ ਅਤੇ ਹੋਰ ਜ਼ਿਆਦਾ ਉਦਾਸ ਹੁੰਦਾ ਜਾ ਰਿਹਾ ਸੀ ਜਿਸ ਦਾ ਕਾਰਨ ਸੀ ਕਿ ਕੋਈ ਸਮਝਣ ਵਾਲਾ ਨਹੀਂ ਸੀ ਕਿ ਉਸ ਦੀ ਉਦਾਸੀ ਨੂੰ ਗੰਭੀਰਤਾ ਨਾਲ ਕਿਵੇਂ ਲਿਆ ਜਾਵੇ। ਆਖ਼ਰ ਉਸਨੂੰ ਕਿਸ ਚੀਜ਼ ਦੀ ਜ਼ਰੂਰਤ ਸੀ? ਇਸ ਤੋਂ ਵਧਕੇ ਉਹ ਹੋਰ ਕੀ ਚਾਹੁੰਦਾ ਸੀ? ਅਤੇ ਜੇਕਰ ਕੋਈ ਨੇਕ-ਦਿਲ ਵਿਅਕਤੀ ਉਸ ਦੇ ਨਾਲ ਹਮਦਰਦੀ ਮਹਿਸੂਸ ਕਰਦੇ ਹੋਏ ਉਸਨੂੰ ਸਮਝਾਉਣ ਦਾ ਯਤਨ ਕਰਦੇ ਹੋਏ ਕਹਿੰਦਾ ਕਿ ਉਸ ਦੀ ਉਦਾਸੀ ਦਾ ਕਾਰਨ ਫ਼ਾਕਾਕਸ਼ੀ ਸੀ ਤਾਂ ਸੰਭਵ ਸੀ ਕਿ ਉਹ ਗੁੱਸੇ ਨਾਲ ਭੜਕ ਪੈਂਦਾ ਅਤੇ ਆਪਣੇ ਪਿੰਜਰੇ ਦੀਆਂ ਸਲਾਖ਼ਾਂ ਨੂੰ ਜੰਗਲੀ ਜਾਨਵਰ ਦੀ ਤਰ੍ਹਾਂ ਝੰਜੋੜਨਾ ਸ਼ੁਰੂ ਕਰ ਦਿੰਦਾ ਅਤੇ ਸਾਰਿਆਂ ਨੂੰ ਡਰਾ ਦਿੰਦਾ। ਪਰ ਪ੍ਰਬੰਧਕ ਦੇ ਕੋਲ ਅਜਿਹੇ ਪਲਾਂ ਦੀ ਸਜ਼ਾ ਦੇਣ ਦਾ ਇੱਕ ਤਰੀਕਾ ਸੀ ਜਿਸ ਨੂੰ ਉਹ ਖੁਸ਼ੀ-ਖੁਸ਼ੀ ਵਰਤਦਾ। ਉਹ ਤਮਾਸ਼ਾਈਆਂ ਕੋਲੋਂ ਕਲਾਕਾਰ ਦੇ ਰਵਈਏ ਦੀ ਮੁਆਫ਼ੀ ਇਸ ਅਧਾਰ ਉੱਤੇ ਮੰਗਦਾ ਕਿ ਇਹ ਖਿੱਝ ਫ਼ਾਕਾਕਸ਼ੀ ਦੇ ਕਾਰਨ ਸੀ, ਜਿਸ ਨੂੰ ਰੱਜੇ-ਪੁੱਜੇ ਲੋਕ ਸੌਖ ਨਾਲ ਨਹੀਂ ਸਮਝ ਸਕਦੇ ਅਤੇ ਕਲਾਕਾਰ ਦੇ ਵਿਵਹਾਰ ਨੂੰ ਹੋਰ ਸਪੱਸ਼ਟੀਕਰਨ ਦੇ ਬਿਨਾਂ ਖ਼ਿਮਾ ਕਰ ਦੇਣ ਦੇ ਸਮਰੱਥ ਸਨ। ਫਿਰ ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਲਾਕਾਰ ਦੀ ਇਸ ਨਾਸਮਝਣਯੋਗ ਸ਼ੇਖ਼ੀ ਦਾ ਜ਼ਿਕਰ ਕਰਦਾ ਕਿ ਉਹ ਚਾਲੀ ਦਿਨ ਤੋਂ ਕਿਤੇ ਜ਼ਿਆਦਾ ਸਮੇਂ ਤੱਕ ਭੁੱਖਾ ਰਹਿ ਸਕਦਾ ਸੀ। ਉਹ ਕਲਾਕਾਰ ਦੇ ਉੱਚੇ ਜਜ਼ਬੇ, ਨੇਕ ਇਰਾਦੇ ਅਤੇ ਇਸ ਦਾਅਵੇ ਵਿੱਚ ਬਿਨਾਂ ਸ਼ੱਕ ਮੌਜੂਦ ਮਹਾਨ ਸਵੈ-ਠੁਕਰਾ ਦੀ ਸ਼ਲਾਘਾ ਕਰਦਾ ਪਰ ਫਿਰ ਕਲਾਕਾਰ ਦੀਆਂ ਅਜਿਹੀਆਂ ਤਸਵੀਰਾਂ, ਜੋ ਆਮ ਵਿਕਣ ਲਈ ਵੀ ਮੌਜੂਦ ਹੁੰਦੀਆਂ ਸਨ, ਲੋਕਾਂ ਨੂੰ ਵਿਖਾ ਕੇ ਕਲਾਕਾਰ ਦੇ ਦਾਅਵੇ ਨੂੰ ਝੁਠਲਾਉਂਦਾ, ਜਿਸ ਵਿੱਚ ਆਪਣੀ ਫ਼ਾਕਾਕਸ਼ੀ ਦੇ ਚਾਲੀਵੇਂ ਦਿਨ ਥਕੇਵੇਂ ਨਾਲ ਮੁਰਦਾ ਹਾਲ ਕਲਾਕਾਰ ਆਪਣੇ ਬਿਸਤਰ ਲਿਟਿਆ ਦਿਖਾਈ ਦਿੰਦਾ ਸੀ। ਹਾਲਾਂਕਿ ਭੁੱਖਾ ਕਲਾਕਾਰ ਸੱਚਾਈ ਦੇ ਇਸ ਅਵੈੜਪੁਣੇ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹ ਇਸ ਦੇ ਪੱਖ ਵਿੱਚ ਪੂਰਾ ਤਾਣ ਲਾ ਦਿੰਦਾ ਅਤੇ ਇਹ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ, ਜੋ ਕੁਝ ਫ਼ਾਕਾਕਸ਼ੀ ਦੇ ਗ਼ੈਰ-ਪ੍ਰਪੱਕ ਖ਼ਾਤਮੇ ਦੇ ਕਾਰਨ ਹੁੰਦਾ ਸੀ, ਲੋਕ ਉਸਨੂੰ ਉਸਦਾ ਕਾਰਨ ਦੱਸਣ ਲੱਗਦੇ ਸਨ। ਇਸ ਬੇਸਮਝੀ ਦੇ ਖਿਲਾਫ, ਇਸ ਬੇਸਮਝੀ ਦੀ ਭਰੀ ਇਸ ਦੁਨੀਆ ਦੇ ਖਿਲਾਫ ਜੰਗ ਕਰਨਾ ਸੰਭਵ ਨਹੀਂ ਸੀ। ਉਹ ਹਮੇਸ਼ਾ ਗੁੱਡ ਫੇਥ ਦੇ ਨਾਲ ਪ੍ਰਬੰਧਕ ਨੂੰ ਸੁਣਨ ਲਈ ਪਿੰਜਰੇ ਦੀਆਂ ਸਲਾਖਾਂ ਨਾਲ ਲੱਗ ਕੇ ਖੜ੍ਹਾ ਹੋ ਜਾਂਦਾ। ਪਰ ਜਿਵੇਂ ਹੀ ਤਸਵੀਰਾਂ ਸਾਹਮਣੇ ਲਿਆਈਆਂ ਜਾਂਦੀਆਂ, ਤਾਂ ਉਹ ਇਹ ਸਭ ਕੁੱਝ ਹੋਣ ਦਿੰਦਾ ਅਤੇ ਠੰਡੀ ਆਹ ਭਰ ਕੇ ਆਪਣੇ ਤੀਲਿਆਂ ਦੇ ਬਿਸਤਰ ਵਿੱਚ ਪੈ ਜਾਂਦਾ, ਕਿ ਸ਼ੰਕਾ-ਨਵਿਰਤ ਲੋਕ ਇੱਕ ਵਾਰ ਫਿਰ ਉਸ ਦੇ ਨੇੜੇ ਆਉਣ ਅਤੇ ਉਸਨੂੰ ਵੇਖ ਸਕਣ।

ਕੁਝ ਸਾਲਾਂ ਦੇ ਬਾਅਦ ਅਜਿਹੇ ਦ੍ਰਿਸ਼ ਦੇਖ ਚੁੱਕੇ ਲੋਕ ਜਦੋਂ ਉਨ੍ਹਾਂ ਨੂੰ ਯਾਦ ਕਰਦੇ ਤਾਂ ਉਹ ਅਕਸਰ ਆਪਣੇ ਆਪ ਨੂੰ ਸਮਝਣ ਵਿੱਚ ਨਾਕਾਮ ਰਹਿੰਦੇ, ਕਿਉਂਕਿ ਇਸ ਦੌਰਾਨ ਉੱਪਰ ਬਿਆਨ ਕੀਤੀ ਗਈ ਤਬਦੀਲੀ ਵਾਪਰ ਚੁੱਕੀ ਸੀ। ਇਹ ਸਭ ਕੁੱਝ ਬਸ ਤੁਰਤ ਹੀ ਹੋ ਗਿਆ। ਇਸ ਦੇ ਹੋਰ ਵਧੇਰੇ ਡੂੰਘੇ ਕਾਰਨ ਹੋ ਸਕਦੇ ਹਨ ਪਰ ਕਿਸੇ ਨੂੰ ਕੀ ਪਈ ਸੀ ਕਿ ਇਸ ਸੰਬੰਧੀ ਮਗ਼ਜ਼ ਖਪਾਈ ਕਰੇ। ਅਚਾਨਕ ਇੱਕ ਦਿਨ ਲੋਕਪ੍ਰਿਯ ਫ਼ਾਕਾਕਸ਼ ਕਲਾਕਾਰ ਨੇ ਖ਼ੁਦ ਨੂੰ ਅਨੰਦ ਦੇ ਮੁਤਲਾਸ਼ੀ ਲੋਕਾਂ ਦੀਆਂ ਭੀੜਾਂ ਤੋਂ ਮਹਿਰੂਮ ਪਾਇਆ ਜਿਨ੍ਹਾਂ ਦੀ ਦਿਲਚਸਪੀ ਹੁਣ ਦੂਜੀਆਂ ਜ਼ਿਆਦਾ ਆਕਰਸ਼ਕ ਚੀਜ਼ਾਂ ਵੱਲ ਹੋ ਚੁੱਕੀ ਸੀ। ਇੱਕ ਵਾਰ ਫੇਰ ਪ੍ਰਬੰਧਕ ਨੇ ਉਸ ਦੇ ਨਾਲ ਅੱਧੇ ਤੋਂ ਵੱਧ ਯੂਰਪ ਘੁੰਮ ਮਾਰਿਆ, ਇਹ ਦੇਖਣ ਲਈ ਕਿ ਸ਼ਾਇਦ ਕਿਤੇ ਨਾ ਕਿਤੇ ਇਸ ਕਲਾ ਵਿੱਚ ਪੁਰਾਣੀ ਦਿਲਚਸਪੀ ਬਾਕੀ ਬਚੀ ਲੱਭ ਪਵੇ। ਪਰ ਉਸਨੂੰ ਘੋਰ ਨਿਰਾਸ਼ਾ ਪੱਲੇ ਪਈ। ਲੱਗਦਾ ਸੀ ਜਿਵੇਂ ਹਰ ਜਗ੍ਹਾ ਲੋਕਾਂ ਨੇ ਪੇਸ਼ਾਵਰਾਨਾ ਫ਼ਾਕਾਕਸ਼ੀ ਦੇ ਤਮਾਸ਼ਿਆਂ ਦੇ ਖਿਲਾਫ਼ ਕੋਈ ਖੁਫ਼ੀਆ ਸਮਝੌਤਾ ਕੀਤਾ ਹੋਵੇ। ਸੁਭਾਵਿਕ ਹੈ ਇਹ ਤਬਦੀਲੀ ਇੱਕੋ ਲਖਤ ਨਹੀਂ ਹੋਈ ਹੋਣੀ ਅਤੇ ਬਾਅਦ ਵਿੱਚ ਲੋਕਾਂ ਨੂੰ ਕੁਝ ਅਜਿਹੀਆਂ ਗੱਲਾਂ ਯਾਦ ਆਈਆਂ, ਜਿਨ੍ਹਾਂ ਨੂੰ ਨਸ਼ਿਆਈਆਂ ਕਾਮਯਾਬੀਆਂ ਦੇ ਦਿਨਾਂ ਵਿੱਚ ਅਣਗੌਲਿਆ ਕਰ ਦਿੱਤਾ ਗਿਆ ਸੀ, ਕੁਝ ਨਾਕਾਫ਼ੀ ਤੌਰ ’ਤੇ ਦੱਬੀਆਂ ਹੋਈਆਂ ਨਿਸ਼ਾਨੀਆਂ ਸਨ, ਪਰ ਹੁਣ ਉਨ੍ਹਾਂ ਦੇ ਤੋੜ ਲਈ ਕੁਝ ਵੀ ਕਰਨ ਵਿੱਚ ਬਹੁਤ ਦੇਰ ਹੋ ਚੁੱਕੀ ਸੀ। ਬੇਸ਼ਕ, ਇਹ ਗੱਲ ਪੱਕੀ ਸੀ ਕਿ ਵਰਤ ਰੱਖਣ ਦੀ ਲੋਕਪ੍ਰਿਯਤਾ ਇੱਕ ਵਾਰ ਫਿਰ ਇੱਕ ਦਿਨ ਪਰਤ ਆਵੇਗੀ, ਪਰ ਜਿਹੜੇ ਹੁਣ ਜ਼ਿੰਦਾ ਹਨ ਉਨ੍ਹਾਂ ਲਈ ਕੋਈ ਢਾਰਸ ਨਹੀਂ ਬੰਨ੍ਹਾਉਂਦੀ ਸੀ। ਤਾਂ ਫਿਰ ਫ਼ਾਕਾਕਸ਼ ਕਲਾਕਾਰ ਹੁਣ ਕੀ ਕਰ ਸਕਦਾ ਸੀ? ਚੜ੍ਹਤ ਦੇ ਦੌਰ ਵਿੱਚ ਲੱਖਾਂ ਲੋਕਾਂ ਦੀਆਂ ਭੀੜਾਂ ਜਿਸ ਨੂੰ ਦੇਖਣ ਆਉਂਦੀਆਂ ਸੀ, ਉਸਦੀ ਵਾਹ-ਵਾਹ ਕਰਦੀਆਂ ਸੀ, ਉਹ ਛੋਟੇ ਮੋਟੇ ਮੇਲਿਆਂ ਠੇਲਿਆਂ ਵਿੱਚ, ਗਲੀਆਂ ਨੁੱਕਰਾਂ ਵਿੱਚ ਆ ਕੇ ਪ੍ਰਦਰਸ਼ਨ ਨਹੀਂ ਕਰ ਸਕਦਾ ਸੀ ਜਾਂ ਫਿਰ ਕੋਈ ਦੂਜਾ ਪੇਸ਼ਾ ਆਪਣਾ ਲੈਣਾ ਉਸ ਦੇ ਲਈ ਦੁਸ਼ਵਾਰ ਸੀ ਕਿਉਂਕਿ ਉਹ ਨਾ ਸਿਰਫ ਬੁੱਢਾ ਸੀ ਸਗੋਂ ਫ਼ਾਕਾਕਸ਼ੀ ਲਈ ਜਨੂੰਨੀ ਤੌਰ ਤੇ ਸਮਰਪਿਤ ਵੀ ਸੀ। ਇਸ ਲਈ ਉਸਨੇ ਆਪਣੇ ਚੜ੍ਹਤ ਦੇ ਜ਼ਮਾਨੇ ਦੇ ਲਾਸਾਨੀ ਬੇਲੀ ਪ੍ਰਬੰਧਕ ਨੂੰ ਅਲਵਿਦਾ ਕਿਹਾ ਅਤੇ ਉਹ ਖ਼ੁਦ ਇੱਕ ਵੱਡੀ ਸਰਕਸ ਵਿੱਚ ਮੁਲਾਜ਼ਿਮ ਹੋ ਗਿਆ। ਆਪਣੇ ਜਜ਼ਬਿਆਂ ਤੋਂ ਛੁਟਕਾਰਾ ਪਾਉਣ ਲਈ, ਉਸਨੇ ਆਪਣੇ ਇੱਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੜ੍ਹਨ ਦੀ ਵੀ ਖੇਚਲ ਨਹੀਂ ਕੀਤੀ।

ਇੱਕ ਅਜਿਹੀ ਵੱਡੀ ਸਰਕਸ ਜਿਸ ਕੋਲ ਨਵੇਂ ਆਉਣ ਵਾਲੇ ਅਤੇ ਨਿਕਲ ਜਾਣ ਵਾਲੇ ਵਿਅਕਤੀਆਂ, ਜਾਨਵਰਾਂ ਅਤੇ ਯੰਤਰਾਂ ਦੀ ਬਹੁਤਾਤ ਹੁੰਦੀ ਹੈ ਉਸ ਕੋਲ ਹਮੇਸ਼ਾ ਕਿਸੇ ਵੀ ਵਕਤ ਕਿਸੇ ਚੀਜ਼ ਨੂੰ ਇਸਤੇਮਾਲ ਕਰਨ ਦੀ ਯੋਗਤਾ ਹੁੰਦੀ ਹੈ ਚਾਹੇ ਉਹ ਫ਼ਾਕਾਕਸ਼ ਕਲਾਕਾਰ ਹੀ ਹੋਵੇ ਜੇਕਰ ਉਸਦੀਆਂ ਮੰਗਾਂ ਬਹੁਤ ਅੱਕਰੀਆਂ ਨਾ ਹੋਣ। ਇਸ ਤੋਂ ਇਲਾਵਾ, ਇਸ ਖ਼ਾਸ ਮਾਮਲੇ ਵਿੱਚ ਨਾ ਸਿਰਫ ਫ਼ਾਕਾਕਸ਼ ਕਲਾਕਾਰ ਨੂੰ ਸਗੋਂ ਉਸ ਦੀ ਸ਼ੌਹਰਤ ਨੂੰ ਵੀ ਖਰੀਦ ਲਿਆ ਗਿਆ ਸੀ। ਫਿਰ ਵੀ ਉਸ ਦੀ ਕਲਾ ਦੀ ਖ਼ਾਸ ਪ੍ਰਕਿਰਤੀ, ਜੋ ਉਸ ਦੀ ਵੱਧਦੀ ਹੋਈ ਉਮਰ ਦੇ ਨਾਲ ਘਟੀ ਨਹੀਂ ਸੀ, ਨੂੰ ਦੇਖਦੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਘਸਿਆ ਹੋਇਆ ਕਲਾਕਾਰ ਜੋ ਹੁਣ ਢਲ ਚੁੱਕਿਆ ਸੀ, ਇੱਕ ਸਰਕਸ ਦੇ ਖ਼ਾਮੋਸ਼ ਕੋਨੇ ਵਿੱਚ ਟਿਕਾਣਾ ਭਾਲ ਰਿਹਾ ਸੀ। ਇਸ ਦੇ ਉਲਟ ਉਸਨੇ ਦਾਅਵਾ ਵੀ ਕੀਤਾ ਸੀ ਕਿ ਉਹ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਹੁਣ ਵੀ ਲੰਮੀ ਮੁੱਦਤ ਦੀ ਫ਼ਾਕਾਕਸ਼ੀ ਕਰ ਸਕਦਾ ਸੀ ਜੋ ਇੱਕ ਪੂਰੀ ਤਰ੍ਹਾਂ ਮੰਨਣਯੋਗ ਗੱਲ ਸੀ। ਉਸਨੇ ਤਾਂ ਇਹ ਦਾਅਵਾ ਵੀ ਕੀਤਾ ਸੀ ਕਿ ਜੇਕਰ ਉਸਨੂੰ ਉਸਦੀ ਇੱਛਾ ਅਨੁਸਾਰ ਮੁੱਦਤ ਤੱਕ ਫ਼ਾਕਾਕਸ਼ੀ ਦੀ ਇਜਾਜ਼ਤ ਦਿੱਤੀ ਜਾਵੇ - ਇਸ ਦੀ ਉਸਨੂੰ ਤੁਰਤ ਇਜਾਜ਼ਤ ਮਿਲ ਵੀ ਗਈ - ਤਾਂ ਉਹ ਫ਼ਾਕਾਕਸ਼ੀ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਕੇ ਦੁਨੀਆ ਨੂੰ ਹੈਰਾਨ ਕਰ ਸਕਦਾ ਸੀ। ਇਹ ਦਾਹਵਾ ਸੀ ਜਿਸ ਨੇ ਮਾਹਿਰਾਂ ਦੇ ਚੇਹਰਿਆਂ ਤੇ ਮੁਸਕੁਰਾਹਟ ਬਿਖੇਰ ਦਿੱਤੀ, ਕਿਉਂਕਿ ਕਲਾਕਾਰ ਨੇ ਜੋਸ਼ ਵਿੱਚ ਜ਼ਮਾਨੇ ਦੇ ਰੌਂ ਵਿੱਚ ਆਈ ਤਬਦੀਲੀ ਨੂੰ ਨਜ਼ਰ ਅੰਦਾਜ ਕਰ ਦਿੱਤਾ ਸੀ।

ਅਜਿਹਾ ਨਹੀਂ ਸੀ ਕਿ ਕਲਾਕਾਰ ਨੂੰ ਅਸਲ ਸਥਿਤੀ ਦਾ ਅੰਦਾਜ਼ਾ ਨਹੀਂ ਸੀ। ਇਹ ਗੱਲ ਉਸਨੇ ਇੱਕ ਸਵੈ-ਸਪੱਸ਼ਟ ਹਕੀਕਤ ਦੇ ਤੌਰ ਉੱਤੇ ਮੰਨ ਲਈ ਸੀ ਕਿ ਲੋਕ ਉਸਨੂੰ ਅਤੇ ਉਸ ਦੇ ਪਿੰਜਰੇ ਨੂੰ ਅਖਾੜੇ ਦੇ ਕੇਂਦਰ ਵਿੱਚ ਨਹੀਂ, ਸਗੋਂ ਬਾਹਰ ਜਾਨਵਰਾਂ ਦੇ ਪਿੰਜਰਿਆਂ ਦੇ ਨੇੜੇ ਅਜਿਹੀ ਜਗ੍ਹਾ ਰੱਖਣਗੇ ਜਿੱਥੇ ਤੱਕ ਸਾਰਿਆਂ ਦੀ ਪਹੁੰਚ ਹੋਵੇ। ਵੱਡੇ-ਵੱਡੇ ਅਤੇ ਰੰਗਦਾਰ ਇਸ਼ਤਿਹਾਰ ਇਸ ਪਿੰਜਰੇ ਦੇ ਆਲੇ ਦੁਆਲੇ ਚਿਪਕਾ ਦਿੱਤੇ ਗਏ ਸਨ ਅਤੇ ਐਲਾਨ ਕਰ ਦਿੱਤਾ ਸੀ ਕਿ ਪਿੰਜਰੇ ਦੇ ਅੰਦਰ ਦੇਖਣ ਵਾਲਾ ਕੀ ਸੀ। ਜਦੋਂ ਅੰਦਰ ਸਟੇਜ ਉੱਤੇ ਹੋਣ ਵਾਲੇ ਪ੍ਰਦਰਸ਼ਨ ਦੇ ਇੰਟਰਵਲ ਦੇ ਦੌਰਾਨ ਤਮਾਸ਼ਾਈਆਂ ਦੀ ਭੀੜ ਜਾਨਵਰਾਂ ਨੂੰ ਦੇਖਣ ਆਉਂਦੀ ਤਾਂ ਫ਼ਾਕਾਕਸ਼ ਦੇ ਪਿੰਜਰੇ ਦੇ ਕੋਲੋਂ ਲੰਘਦੀ ਅਤੇ ਉਸ ਦੇ ਕੋਲ ਰੁਕਣ ਤੋਂ ਰਹਿ ਨਾ ਸਕਦੇ। ਅਤੇ ਸ਼ਾਇਦ ਉਹ ਕੁੱਝ ਦੇਰ ਹੋਰ ਉੱਥੇ ਰੁਕਦੇ ਜੇਕਰ ਉਸ ਤੰਗ ਰਸਤੇ ਵਿੱਚ ਪਿੱਛੋਂ ਆਉਣ ਵਾਲੇ ਜਿਨ੍ਹਾਂ ਨੂੰ ਸਮਝ ਨਹੀਂ ਪੈਂਦਾ ਸੀ ਕਿ ਜਾਨਵਰਾਂ ਨੂੰ ਦੇਖਣ ਦੇ ਚਾਹਵਾਨ ਰਸਤੇ ਵਿੱਚ ਕਿਉਂ ਦੇਰ ਲਾ ਰਹੇ ਸਨ, ਧੱਕਿਆਂ ਨਾਲ ਉਨ੍ਹਾਂ ਨੂੰ ਅੱਗੇ ਵਧਣ ਉੱਤੇ ਮਜਬੂਰ ਨਾ ਕਰ ਦਿੰਦੇ। ਇਸ ਕਾਰਨ ਹਰ ਕਿਸੇ ਲਈ ਅਸੰਭਵ ਹੋ ਜਾਂਦਾ ਸੀ ਕਿ ਉਹ ਕੁੱਝ ਦੇਰ ਟਿਕ ਕੇ ਉਸ ਨੂੰ ਦੇਖ ਸਕਦੇ। ਸ਼ਾਇਦ ਇਹ ਵੀ ਇੱਕ ਕਾਰਨ ਸੀ ਕਿ ਫ਼ਾਕਾਕਸ਼ ਕਲਾਕਾਰ ਜੋ ਕਦੇ ਬੇਚੈਨੀ ਨਾਲ ਉਨ੍ਹਾਂ ਪਲਾਂ ਦਾ ਆਪਣੀ ਜ਼ਿੰਦਗੀ ਦੀ ਅਹਿਮ ਕਾਮਯਾਬੀ ਦੇ ਤੌਰ ਉੱਤੇ ਇੰਤਜ਼ਾਰ ਕਰਦਾ ਹੁੰਦਾ ਸੀ, ਹੁਣ ਕੰਬਣ ਲੱਗ ਪੈਂਦਾ ਸੀ। ਸ਼ੁਰੂ ਦੇ ਦਿਨਾਂ ਵਿੱਚ ਉਹ ਇਨ੍ਹਾਂ ਇੰਟਰਵਲਾਂ ਦਾ ਇੰਤਜ਼ਾਰ ਨਹੀਂ ਕਰਦਾ ਸੀ। ਉਹ ਆਪਣੇ ਗਿਰਦ ਜੁੜਦੀ ਭੀੜ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ। ਪਰ ਛੇਤੀ ਹੀ ਲੋਕਾਂ ਦੇ ਇਰਾਦਿਆਂ ਨੂੰ ਤਾੜਦੇ ਹੋਏ ਉਸ ਨੂੰ ਸਪਸ਼ਟ ਹੋ ਗਿਆ ਸੀ - ਅਤਿ ਜ਼ਿੱਦੀ, ਲਗਪਗ ਜਾਣ-ਬੁੱਝ ਕੇ ਖ਼ੁਦ-ਫਰੇਬੀ ਵੀ ਉਸ ਨੂੰ ਇਹ ਮਹਿਸੂਸ ਕਰਨ ਤੋਂ ਰੋਕ ਨਹੀਂ ਸਕੀ ਸੀ - ਕਿ ਇਨ੍ਹਾਂ ਲੋਕਾਂ ਦੀ ਬਹੁਗਿਣਤੀ, ਵਾਰ-ਵਾਰ ਕਿਸੇ ਛੋਟ ਦੇ ਬਿਨਾਂ ਸਿਰਫ ਜਾਨਵਰਾਂ ਨੂੰ ਦੇਖਣ ਆਉਂਦੀ ਸੀ। ਫਿਰ ਵੀ ਦੂਰੋਂ ਹੀ ਸਹੀ ਉਨ੍ਹਾਂ ਦਾ ਇੱਕ ਝਾਤ ਮਾਰ ਲੈਣਾ ਹੀ ਉਸਦਾ ਸਭ ਤੋਂ ਵੱਧ ਖੁਸ਼ੀ ਦਾ ਪਲ ਹੁੰਦਾ ਸੀ। ਜਦੋਂ ਉਹ ਉਸ ਦੇ ਪਿੰਜਰੇ ਦੇ ਨੇੜੇ ਪੁੱਜਦੇ, ਉਨ੍ਹਾਂ ਵਧ ਰਹੇ ਦੋ ਗਰੁੱਪਾਂ ਦੇ ਵਿੱਚ ਝੜਪ ਵਿੱਚੋਂ ਉਸਨੂੰ ਤੁਰਤ ਸਮਝ ਪੈ ਜਾਂਦੀ ਸੀ। ਯਾਨੀ ਇੱਕ ਤਾਂ ਅਜਿਹੇ ਲੋਕ ਹੁੰਦੇ ਜੋ ਰੁਕਣਾ ਅਤੇ ਫ਼ਾਕਾਕਸ਼ ਕਲਾਕਾਰ ਨੂੰ ਵੇਖਣਾ ਚਾਹੁੰਦੇ ਹੁੰਦੇ, ਕਿਸੇ ਤਰ੍ਹਾਂ ਦੀ ਹਕੀਕੀ ਦਿਲਚਸਪੀ ਦੇ ਨਾਲ ਨਹੀਂ ਸਗੋਂ, ਐਵੇਂ ਖਬਤ ਦੇ ਤੌਰ ਤੇ ਜਾਂ ਇੱਕ ਤਰ੍ਹਾਂ ਦੀ ਤੜੀ ਪੁਗਾਉਣ ਲਈ। ਇਹ ਜਲਦ ਹੀ ਉਸ ਨੂੰ ਵਧੇਰੇ ਚੁਭਣ ਲੱਗ ਪਏ ਸਨ - ਜਦੋਂ ਕਿ ਦੂਜੀ ਤਰ੍ਹਾਂ ਦੇ ਅਜਿਹੇ ਤਮਾਸ਼ਾਈ ਸਨ ਜੋ ਸਿੱਧੇ ਜਾਨਵਰਾਂ ਤੱਕ ਪੁੱਜਣ ਦੇ ਇੱਛਕ ਹੁੰਦੇ ਸਨ।

ਜਦੋਂ ਪਹਿਲੀ ਭਾਰੀ ਭੀੜ ਭੁਗਤ ਜਾਂਦੀ, ਤਾਂ ਦੇਰੀ ਨਾਲ ਆਉਣ ਵਾਲੇ ਲੋਕ ਉੱਥੇ ਪੁੱਜਦੇ ਅਤੇ ਚਾਹੇ ਉਨ੍ਹਾਂ ਦੇ ਲਈ ਉੱਥੇ ਆਪਣੀ ਮਰਜ਼ੀ ਨਾਲ ਦੇਰ ਤੱਕ ਖੜ੍ਹੇ ਰਹਿਣ ਵਿੱਚ ਕੋਈ ਵੀ ਅੜਿੱਕਾ ਨਹੀਂ ਸੀ ਹੁੰਦਾ, ਉਹ ਇੱਕ ਨਜ਼ਰ ਆਪਣੇ ਇਰਦ-ਗਿਰਦ ਝਾਕੇ ਬਿਨਾਂ ਜਾਨਵਰਾਂ ਦੇ ਪਿੰਜਰਿਆਂ ਤੱਕ ਸਮੇਂ ਸਿਰ ਪੁੱਜਣ ਲਈ ਉਤਾਵਲੇ ਲੰਮੀਆਂ-ਲੰਮੀਆਂ ਡਿੰਘਾਂ ਭਰਦੇ ਅੱਗੇ ਲੰਘ ਜਾਂਦੇ। ਇਹ ਤਾਂ ਕਦੇ-ਕਦੇ ਖੁਸ਼ਕਿਸਮਤੀ ਨਾਲ ਹੀ ਹੁੰਦਾ ਜਦੋਂ ਕੋਈ ਬਾਪ ਆਪਣੇ ਬੱਚਿਆਂ ਦੇ ਨਾਲ ਆਉਂਦਾ, ਫ਼ਾਕਾਕਸ਼ ਕਲਾਕਾਰ ਦੀ ਤਰਫ਼ ਉਂਗਲ ਕਰਕੇ ਇਸ਼ਾਰਾ ਕਰਦਾ ਅਤੇ ਬੱਚਿਆਂ ਨੂੰ ਵੇਰਵੇ ਨਾਲ ਦੱਸਦਾ ਕਿ ਇੱਥੇ ਕੀ ਹੋ ਰਿਹਾ ਸੀ ਅਤੇ ਬੀਤੇ ਹੋਏ ਸਾਲਾਂ ਦੇ ਹੋਰ ਵੀ ਕਿਤੇ ਵਧੀਆ ਕ਼ਿੱਸੇ ਸੁਣਾਉਂਦਾ ਜਿਹੜੇ ਖ਼ੁਦ ਉਸਨੇ ਵੇਖੇ ਹੁੰਦੇ। ਜਦੋਂ ਕਿ ਬੱਚੇ ਸ਼ਾਇਦ ਗੱਲ ਨੂੰ ਨਾ ਸਮਝਦੇ ਹੋਏ ਖੜ੍ਹ ਜਾਂਦੇ ਕਿਉਂਕਿ ਨਾ ਸਕੂਲ ਵਿੱਚ ਅਤੇ ਨਾ ਸਕੂਲ ਤੋਂ ਬਾਹਰ ਦੀ ਜ਼ਿੰਦਗੀ ਵਿੱਚ ਹੀ ਉਹ ਇਨ੍ਹਾਂ ਸਬਕਾਂ ਲਈ ਪੂਰੀ ਤਰ੍ਹਾਂ ਤਿਆਰ ਕੀਤੇ ਹੁੰਦੇ ਸਨ, ਤਾਂ ਉਨ੍ਹਾਂ ਨੂੰ ਭਲਾ ਫ਼ਾਕਾਕਸ਼ੀ ਦੀ ਅਹਿਮੀਅਤ ਦਾ ਕਿਵੇਂ ਪਤਾ ਲੱਗਦਾ। ਪਰ ਉਨ੍ਹਾਂ ਦੀਆਂ ਸ਼ੌਕੀਨ ਅੱਖਾਂ ਦੀ ਚਮਕ ਦੱਸਦੀ ਕਿ ਨਵੇਂ ਅਤੇ ਚੰਗੇ ਦਿਨ ਆਉਣ ਵਾਲੇ ਸਨ।

ਸ਼ਾਇਦ ਕਲਾਕਾਰ ਨੇ ਕਿੰਨੀ ਹੀ ਵਾਰ ਇਹ ਗੱਲ ਖ਼ੁਦ ਕਹੀ ਹੋਵੇਗੀ ਕਿ ਹਾਲਤ ਜ਼ਰੂਰ ਕੁਝ ਬਿਹਤਰ ਹੁੰਦੀ ਜੇਕਰ ਉਸ ਦਾ ਪਿੰਜਰਾ ਚਿੜੀਆਘਰ ਦੇ ਏਨਾ ਨੇੜੇ ਨਾ ਹੁੰਦਾ। ਇਸ ਸੂਰਤ ਵਿੱਚ ਲੋਕਾਂ ਨੂੰ ਚੁਣਨ ਵਿੱਚ ਜ਼ਿਆਦਾ ਸਹੂਲਤ ਮਿਲ ਜਾਂਦੀ। ਉਸਨੇ ਲਗਾਤਾਰ ਬੇਚੈਨੀ ਅਤੇ ਨਿਰਾਸ਼ਾ ਦਾ ਜ਼ਿਕਰ ਤਾਂ ਕੀਤਾ ਹੀ ਜੋ ਚਿੜੀਆਘਰ ਵਲੋਂ ਉੱਠਣ ਵਾਲੀ ਸੜ੍ਹਾਂਦ, ਰਾਤ ਨੂੰ ਜਾਨਵਰਾਂ ਦੇ ਖੁੜਦੁੰਮ, ਮਾਸਖੋਰੇ ਦਰਿੰਦਿਆਂ ਲਈ ਉਸ ਦੇ ਪਿੰਜਰੇ ਦੇ ਅੱਗੋਂ ਲੈ ਜਾਏ ਜਾਣ ਵਾਲੇ ਗੋਸ਼ਤ ਦੇ ਕੱਚੇ ਟੁਕੜਿਆਂ ਦੇ ਘਿਨਾਉਣੇ ਦ੍ਰਿਸ਼ ਅਤੇ ਖਾਣ ਦੇ ਵਕਤ ਜਾਨਵਰਾਂ ਦੀਆਂ ਕੰਨ ਫਾੜ ਦੇਣ ਵਾਲੀਆਂ ਚੰਘਿਆੜਾਂ ਨਾਲ ਉਸ ਅੰਦਰ ਪੈਦਾ ਹੁੰਦੀ ਸੀ। ਇਨ੍ਹਾਂ ਹੀ ਗੱਲਾਂ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ ਪਰ ਉਸ ਵਿੱਚ ਪ੍ਰਬੰਧਕਾਂ ਕੋਲ ਦਰਖ਼ਾਸਤ ਕਰਨ ਦੀ ਜੁਰਅਤ ਨਹੀਂ ਸੀ। ਕੁਝ ਵੀ ਹੋਵੇ, ਉਸਨੂੰ ਇਸ ਗੱਲ ਲਈ ਤਾਂ ਜਾਨਵਰਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਦੇ ਸਦਕਾ ਲੋਕਾਂ ਦੇ ਜੱਥੇ ਉਸ ਦੇ ਪਿੰਜਰੇ ਦੇ ਅੱਗੇ ਦੀ ਲੰਘਦੇ ਸਨ ਜਿਨ੍ਹਾਂ ਵਿੱਚ ਹਮੇਸ਼ਾ ਇੱਕ ਨਾ ਇੱਕ ਅਜਿਹਾ ਵੀ ਹੁੰਦਾ ਜੋ ਉਸ ਵਿੱਚ ਦਿਲਚਸਪੀ ਲੈਂਦਾ ਸੀ। ਅਤੇ ਕੌਣ ਜਾਣ ਸਕਦਾ ਸੀ ਕਿ ਪ੍ਰਬੰਧਕ ਉਸਨੂੰ ਕਿਸੇ ਸੁੰਨਮਸੁੰਨੇ ਕੋਨੇ ਵਿੱਚ ਲੈ ਜਾਕੇ ਲੁਕੋ ਦੇਣਗੇ ਜੇਕਰ ਕਲਾਕਾਰ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ, ਅਤੇ ਇਸ ਹਕੀਕਤ ਕਿ ਉਹ ਅਸਲ ਵਿੱਚ ਜਾਨਵਰਾਂ ਦੇ ਪਿੰਜਰਿਆਂ ਤੱਕ ਜਾਣ ਵਾਲੇ ਰਸਤੇ ਵਿੱਚ ਬਸ ਇੱਕ ਰੁਕਾਵਟ ਹੀ ਸੀ, ਦੇ ਵੱਲ ਕਰਾਉਣ ਦੀ ਕੋਸ਼ਿਸ਼ ਕੀਤੀ।

ਬੇਸ਼ੱਕ ਇੱਕ ਛੋਟੀ ਜਿਹੀ ਰੁਕਾਵਟ, ਜੋ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਸੀ। ਲੋਕ ਇਸ ਅਜੀਬ ਖ਼ਿਆਲ ਦੇ ਆਦੀ ਹੋ ਚਲੇ ਸਨ ਕਿ ਇਸ ਦੌਰ ਵਿੱਚ ਉਨ੍ਹਾਂ ਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਉਹ ਇੱਕ ਫ਼ਾਕਾਕਸ਼ ਕਲਾਕਾਰ ਵਿੱਚ ਦਿਲਚਸਪੀ ਲੈਣਗੇ ਅਤੇ ਇਸ ਆਦਤਨ ਖ਼ਿਆਲ ਦੇ ਨਾਲ ਉਸ ਦੇ ਬਾਰੇ ਫੈਸਲੇ ਦਾ ਐਲਾਨ ਕੀਤਾ ਗਿਆ ਸੀ। ਉਹ ਇੱਛਾ ਮੁਤਾਬਕ ਮੁੱਦਤ ਲਈ ਫ਼ਾਕਾਕਸ਼ੀ ਕਰ ਸਕਦਾ ਸੀ - ਅਤੇ ਉਸਨੇ ਅਜਿਹਾ ਹੀ ਕੀਤਾ। ਪਰ ਹੁਣ ਕੁਝ ਵੀ ਉਸਨੂੰ ਬਚਾ ਨਹੀਂ ਸਕਦਾ ਸੀ, ਲੋਕ ਬੇ-ਧਿਆਨੀ ਨਾਲ ਉਸ ਦੇ ਨੇੜਿਓਂ ਲੰਘ ਜਾਂਦੇ। ਕਿਸ ਨੂੰ ਫ਼ਾਕਾਕਸ਼ੀ ਦੀ ਕਲਾ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ? ਜਿਸ ਨੂੰ ਇਸਦਾ ਅਹਿਸਾਸ ਹੀ ਨਹੀਂ, ਉਹ ਇਸਨੂੰ ਕੀ ਖ਼ਾਕ ਸਮਝੇਗਾ। ਸੁਹਣੇ ਇਸ਼ਤਿਹਾਰੀ ਚਿੰਨ੍ਹ ਗੰਦੇ ਹੋ ਗਏ ਅਤੇ ਸਮਝੇ ਨਹੀਂ ਸੀ ਜਾ ਸਕਦੇ। ਲੋਕਾਂ ਨੇ ਉਹ ਪਾੜ ਦਿੱਤੇ। ਅਤੇ ਕਿਸੇ ਨੇ ਉਨ੍ਹਾਂ ਨੂੰ ਬਦਲਣ ਦੀ ਖੇਚਲ ਨਹੀਂ ਕੀਤੀ। ਉਹ ਛੋਟਾ ਜਿਹਾ ਨੋਟਿਸ ਬੋਰਡ ਜਿੱਥੇ ਉਸ ਦੀ ਫ਼ਾਕਾਕਸ਼ੀ ਦੇ ਦਿਨਾਂ ਦੀ ਗਿਣਤੀ ਲਿਖੀ ਜਾਂਦੀ ਸੀ ਅਤੇ ਜਿਸ ਉੱਤੇ ਸ਼ੁਰੂ ਵਿੱਚ ਹਰ ਅਗਲੇ ਰੋਜ ਸਾਵਧਾਨੀ ਨਾਲ ਨਵੀਂ ਗਿਣਤੀ ਲਿਖੀ ਜਾਂਦੀ ਸੀ, ਹੁਣ ਮੁੱਦਤ ਤੋਂ ਇੱਕ ਹੀ ਨੰਬਰ ਦੱਸ ਰਿਹਾ ਸੀ, ਕਿਉਂਕਿ ਪਹਿਲੇ ਕੁਝ ਹਫਤਿਆਂ ਦੇ ਬਾਅਦ ਨੋਟਿਸ ਬੋਰਡ ਦੀ ਨਿਗਰਾਨੀ ਕਰਨ ਵਾਲੇ ਅਮਲੇ ਲਈ ਵੀ ਇਸ ਮਾਮੂਲੀ ਕੰਮ ਵਿੱਚ ਕੋਈ ਦਿਲਚਸਪੀ ਬਾਕ਼ੀ ਨਹੀਂ ਰਹੀ। ਇਵੇਂ ਉਹ ਲਗਾਤਾਰ ਫ਼ਾਕਾਕਸ਼ੀ ਕਰਦਾ ਚਲਾ ਗਿਆ। ਜਿਸਦਾ ਉਸਨੇ ਕਦੇ ਖ਼ਾਬ ਵੇਖਿਆ ਸੀ ਅਤੇ ਕੋਈ ਦੁਸ਼ਵਾਰੀ ਉਸਨੂੰ ਇਸ ਕੰਮ ਵਿੱਚ ਨਹੀਂ ਹੋਈ, ਜਿਵੇਂ ਕਿ ਉਸਨੇ ਹਮੇਸ਼ਾ ਪੇਸ਼ੀਨਗੋਈ ਕੀਤੀ ਸੀ। ਪਰ ਹੁਣ ਦਿਨਾਂ ਨੂੰ ਸ਼ੁਮਾਰ ਕਰਨ ਵਾਲਾ ਕੋਈ ਨਹੀਂ ਸੀ। ਕੋਈ ਵੀ ਨਹੀਂ, ਖ਼ੁਦ ਉਸ ਨੂੰ ਵੀ ਇਲਮ ਨਹੀਂ ਸੀ ਕਿ ਉਹ ਹੁਣ ਤੱਕ ਆਪਣੇ ਕਿਸ-ਕਿਸ ਰਿਕਾਰਡ ਨੂੰ ਤੋੜ ਚੁੱਕਿਆ ਸੀ। ਬਸ ਆਹਿਸਤਾ-ਆਹਿਸਤਾ ਉਸ ਦਾ ਦਿਲ ਭਾਰੀ ਹੋ ਰਿਹਾ ਸੀ ਅਤੇ ਜਦੋਂ ਕੁੱਝ ਦੇਰ ਬਾਅਦ ਕੋਈ ਰਾਹਗੀਰ ਬੇ-ਧਿਆਨੀ ਵਿੱਚ ਉੱਥੇ ਰੁਕਦਾ ਫ਼ਰਸ਼ ਉੱਤੇ ਪਏ ਬੁੱਢੇ ਜਿਸਮ ਨੂੰ ਸਲਾਮ ਕਰਦਾ, ਅਤੇ ਇਸ ਫਰੇਬ ਦੀ ਗੱਲ ਕਰਦਾ ਜੋ ਆਪਣੇ ਤੌਰ ਉੱਤੇ ਸਿਰੇ ਦਾ ਅਹਿਮਕਾਨਾ ਝੂਠ ਸੀ ਅਤੇ ਲੋਕਾਂ ਦੀ ਬੇਰੁਖੀ ਅਤੇ ਪੈਦਾਇਸ਼ੀ ਖੁਣਸ ਦੇ ਤਹਿਤ ਪੈਦਾ ਹੋਇਆ ਸੀ ਕਿਉਂਕਿ ਇਹ ਫ਼ਾਕਾਕਸ਼ ਕਲਾਕਾਰ ਨਹੀਂ ਸੀ ਜੋ ਧੋਖਾ ਦੇ ਰਿਹਾ ਸੀ। ਉਹ ਤਾਂ ਈਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਿਹਾ ਸੀ, ਸਗੋਂ ਦੁਨੀਆ ਨੇ ਉਸਨੂੰ ਠੱਗਿਆ ਸੀ ਅਤੇ ਉਸਦੀ ਕਲਾ ਦਾ ਮੁੱਲ ਨਹੀਂ ਪਾਇਆ ਸੀ।

ਇਵੇਂ ਬਹੁਤ ਸਾਰੇ ਦਿਨ ਗੁਜ਼ਰ ਗਏ ਅਤੇ ਆਖ਼ਰ ਮੁਆਮਲਾ ਖ਼ਾਤਮੇ ਨੂੰ ਅੱਪੜਿਆ। ਇੱਕ ਦਿਨ ਅਚਾਨਕ ਸਰਕਸ ਦੇ ਇੱਕ ਨਿਗਰਾਨ ਦੀ ਨਜ਼ਰ ਫ਼ਾਕਾਕਸ਼ ਦੇ ਪਿੰਜਰੇ ਉੱਤੇ ਪਈ ਅਤੇ ਉਸਨੇ ਉੱਥੇ ਨਿਯੁਕਤ ਨੌਕਰ ਕੋਲੋਂ ਪੁੱਛਿਆ ਕਿ ਇੱਕ ਮੁਕੰਮਲ ਤੌਰ ਉੱਤੇ ਸਹੀ ਸਲਾਮਤ ਪਿੰਜਰੇ ਨੂੰ ਅੰਦਰ ਪਏ ਲਿਬੜੇ-ਤਿਬੜੇ ਤੀਲਿਆਂ ਦੇ ਅੰਬਾਰ ਦੇ ਨਾਲ ਬਿਨਾਂ ਕਿਸੇ ਇਸਤੇਮਾਲ ਦੇ ਕਿਉਂ ਰੱਖਿਆ ਹੋਇਆ ਸੀ। ਕੋਈ ਕੁੱਝ ਨਹੀਂ ਜਾਣਦਾ ਸੀ। ਇੱਥੋਂ ਤਕ ਕਿ ਇੱਕ ਸ਼ਖਸ ਨੇ ਨੋਟਿਸ ਬੋਰਡ ਨੂੰ ਵੇਖਦੇ ਹੋਏ ਫ਼ਾਕਾਕਸ਼ ਕਲਾਕਾਰ ਨੂੰ ਯਾਦ ਕੀਤਾ। ਉਨ੍ਹਾਂ ਨੇ ਸੋਟੀਆਂ ਨਾਲ ਕਸੁਸਰੇ ਨੂੰ ਖੰਗਾਲਿਆ। ਅੰਦਰ ਕਲਾਕਾਰ ਪਿਆ ਹੋਇਆ ਸੀ। "ਕੀ ਤੂੰ ਫ਼ਾਕਾਕਸ਼ੀ ਕਰ ਰਿਹਾ ਹੈਂ। ਆਖ਼ਰ ਕਦੋਂ ਤੱਕ ਅਜਿਹਾ ਕਰਨ ਦਾ ਇਰਾਦਾ ਹੈ?" ਨਿਗਰਾਨ ਨੇ ਪੁੱਛਿਆ।

"ਤੁਸੀਂ ਸਭ ਮੈਨੂੰ ਮੁਆਫ਼ ਕਰ ਦਿਓ।" ਫ਼ਾਕਾਕਸ਼ ਕਲਾਕਾਰ ਨੇ ਸਰਗੋਸ਼ੀ ਵਿੱਚ ਕਿਹਾ ਜਿਸ ਨੂੰ ਸਿਰਫ ਨਿਗਰਾਨ ਨੇ ਸੁਣਿਆ ਕਿਉਂਕਿ ਉਹ ਸਲਾਖਾਂ ਨਾਲ ਕੰਨ ਲਾਈ ਖੜ੍ਹਾ ਸੀ।

"ਬੇ-ਸ਼ੱਕ" ਨਿਗਰਾਨ ਨੇ ਜਵਾਬ ਦਿੱਤਾ ਅਤੇ ਮੱਥੇ ਉੱਤੇ ਹੱਥ ਮਾਰਿਆ ਜਿਸਦਾ ਮਤਲਬ ਉੱਥੇ ਮੌਜੂਦ ਅਮਲੇ ਨੂੰ ਇਹ ਵਿਖਾਉਣਾ ਸੀ ਕਿ ਉਹ ਕਿਸ ਹਾਲ ਨਾਲ ਦੋ-ਚਾਰ ਸੀ।

"ਅਸੀਂ ਤੈਨੂੰ ਮੁਆਫ਼ ਕੀਤਾ।"

"ਮੇਰੀ ਹਮੇਸ਼ਾ ਖਾਹਿਸ਼ ਰਹੀ ਹੈ ਕਿ ਤੁਸੀਂ ਮੇਰੀ ਫ਼ਾਕਾਕਸ਼ੀ ਦੀ ਤਾਰੀਫ਼ ਕਰੋ।" ਕਲਾਕਾਰ ਨੇ ਕਿਹਾ।

"ਪਰ ਅਸੀਂ ਤਾਂ ਤੇਰੀ ਤਾਰੀਫ਼ ਕਰਦੇ ਹਾਂ।"

"ਪਰ ਤੁਹਾਨੂੰ ਇਸ ਦੀ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ," ਫ਼ਾਕਾਕਸ਼ ਕਲਾਕਾਰ ਨੇ ਕਿਹਾ।

ਨਿਗਰਾਨ ਨੇ ਕਿਹਾ, "ਫੇਰ, ਅਸੀਂ ਇਸ ਦੀ ਪ੍ਰਸ਼ੰਸਾ ਨਹੀਂ ਕਰਦੇ, ਪਰ ਸਾਨੂੰ ਇਸ ਦੀ ਪ੍ਰਸ਼ੰਸਾ ਕਿਉਂ ਨਹੀਂ ਕਰਨੀ ਚਾਹੀਦੀ?"

"ਕਿਉਂਕਿ ਮੈਨੂੰ ਫ਼ਾਕਾਕਸ਼ੀ ਕਰਨੀ ਹੀ ਪੈਣੀ ਸੀ, ਕਿਉਂ ਜੋ ਮੈਂ ਹੋਰ ਕੁਝ ਕਰ ਹੀ ਨਹੀਂ ਸਕਦਾ ਸੀ," ਫ਼ਾਕਾਕਸ਼ ਕਲਾਕਾਰ ਨੇ ਕਿਹਾ।

"ਜ਼ਰਾ ਆਪਣੇ ਆਪ ਨੂੰ ਵੇਖ। ਕਿਉਂ ਤੂੰ ਕੋਈ ਹੋਰ ਕੰਮ ਨਹੀਂ ਕਰ ਸਕਦਾ?" ਨਿਗਰਾਨ ਨੇ ਤਬਸਰਾ ਕੀਤਾ।

ਕਲਾਕਾਰ ਨੇ ਆਪਣਾ ਸਿਰ ਮਾਮੂਲੀ ਜਿਹਾ ਉੱਪਰ ਚੁੱਕਿਆ ਅਤੇ ਇਸ ਤਰਾਂ ਬੁੱਲ੍ਹ ਮੀਚੇ ਜਿਵੇਂ ਕਿਸੇ ਚੀਜ਼ ਨੂੰ ਚੁੰਮਣਾ ਚਾਹੁੰਦਾ ਹੋਵੇ। ਨਿਗਰਾਨ ਦੇ ਕੰਨ ਦੇ ਕਰੀਬ ਮੂੰਹ ਕਰਕੇ ਕਿਹਾ ਤਾਂ ਜੋ ਕੋਈ ਇੱਕ ਲਫ਼ਜ਼ ਵੀ ਉਸਦੇ ਸਮਝ ਆਉਣੋਂ ਨਾ ਰਹਿ ਜਾਵੇ, "ਕਿਉਂਕਿ ਮੈਨੂੰ ਕਦੇ ਮੇਰੀ ਪਸੰਦ ਦਾ ਖਾਣਾ ਨਹੀਂ ਮਿਲਿਆ। ਜੇਕਰ ਮੈਨੂੰ ਮਿਲ ਜਾਂਦਾ, ਤਾਂ ਯਕੀਨ ਜਾਣੋ ਮੈਂ ਕਦੇ ਵੀ ਆਪਣੇ ਸਰੀਰ ਨਾਲ ਜ਼ਿਆਦਤੀ ਨਾ ਕਰਦਾ ਅਤੇ ਤੁਹਾਡੀ ਜਾਂ ਕਿਸੇ ਵੀ ਦੂਜੇ ਸ਼ਖਸ ਦੀ ਤਰ੍ਹਾਂ ਰੱਜ ਕੇ ਖਾਂਦਾ।" ਇਹ ਉਸ ਦੇ ਆਖ਼ਿਰੀ ਸ਼ਬਦ ਸਨ ਪਰ ਉਸ ਦੀਆਂ ਮਿਚ ਰਹੀਆਂ ਅੱਖਾਂ ਵਿੱਚ ਹੁਣ ਮਾਣ ਤਾਂ ਨਹੀਂ ਸੀ, ਪਰ ਇਹ ਪੱਕਾ ਯਕੀਨ ਸੀ ਕਿ ਉਹ ਵਰਤ ਜਾਰੀ ਰੱਖਣ ਜਾ ਰਿਹਾ ਸੀ।

"ਖੈਰ... ਹੁਣ ਉਸਨੂੰ ਸਾਫ਼ ਕਰੋ," ਨਿਗਰਾਨ ਨੇ ਆਪਣੇ ਸਾਥੀਆਂ ਨੂੰ ਕਿਹਾ। ਉਨ੍ਹਾਂ ਨੇ ਫ਼ਾਕਾਕਸ਼ ਕਲਾਕਾਰ ਨੂੰ ਘਾਹ ਫੂਸ ਸਹਿਤ ਦਫਨ ਕਰ ਦਿੱਤਾ ਅਤੇ ਉਸ ਦੇ ਪਿੰਜਰੇ ਵਿੱਚ ਇੱਕ ਪੈਂਥਰ ਨੂੰ ਰੱਖ ਲਿਆ। ਇੱਕ ਇੰਤੀਹਾਈ ਬੇ-ਹਿਸ ਸ਼ਖਸ ਵੀ ਪਿੰਜਰੇ ਵਿੱਚ, ਜੋ ਇੰਨ੍ਹੇ ਅਰਸੇ ਤੱਕ ਖੌਫ਼ ਦੀ ਤਸਵੀਰ ਬਣਾ ਰਿਹਾ, ਹਰ ਪਾਸੇ ਫਲਾਂਗਤੀ ਉਸ ਜੰਗਲੀ ਮਖ਼ਲੂਕ ਨੂੰ ਵੇਖਕੇ ਲੁਤਫ ਅੰਦੋਜ਼ ਹੋਏ ਬਿਨਾਂ ਨਹੀਂ ਰਹਿੰਦਾ ਸੀ। ਪੈਂਥਰ ਬਹੁਤ ਮੁਤਮਈਨ ਸੀ। ਜੋ ਖ਼ੁਰਾਕ ਉਸਨੂੰ ਪਸੰਦ ਸੀ, ਉਹ ਉਸ ਦੇ ਮੁਤਵੱਲੀ ਬਲਾਤਰ ਦੇਣਹਾਰ ਉਸ ਲਈ ਲਿਆਂਦੇ। ਲੱਗਦਾ ਸੀ ਉਸਨੂੰ ਆਪਣੀ ਅਜ਼ਾਦੀ ਖੋ ਦੇਣ ਦਾ ਜ਼ਰਾ ਰੰਜ ਨਹੀਂ ਸੀ। ਉਸ ਦਾ ਚੰਗੇਰੇ ਜਿਸਮ ਜ਼ਰੂਰਤ ਦੀ ਹਰ ਚੀਜ਼ ਨਾਲ਼ ਆਰਾਸਤਾ ਜਿਵੇਂ ਫਟਣ ਦੇ ਕਰੀਬ ਹੋਵੇ, ਆਪਣੇ ਗਿਰਦ ਅਜ਼ਾਦੀ ਦਾ ਹਾਲਾ ਵੀ ਰੱਖਦਾ ਸੀ। ਜਿਵੇਂ ਇਹ ਅਜ਼ਾਦੀ ਉਸ ਦੇ ਜਬਾੜਿਆਂ ਵਿੱਚ ਕਿਤੇ ਲੁਕੀ ਹੋਈ ਹੋਵੇ, ਅਤੇ ਜ਼ਿੰਦਾ ਹੋਣ ਦੀ ਖ਼ੁਸ਼ੀ ਜੋਸ਼ ਜਜ਼ਬੇ ਦੇ ਨਾਲ ਉਸ ਦੇ ਗਲੇ ਵਿੱਚੋਂ ਬਾਹਰ ਵਹਿੰਦੀ ਕਿ ਉਸਨੂੰ ਵੇਖਣ ਵਾਲੇ ਤਮਾਸ਼ਾਈਆਂ ਲਈ ਇਸ ਝਟਕੇ ਨੂੰ ਸਹਾਰਨਾ ਆਸਾਨ ਨਾ ਹੁੰਦਾ। ਪਰ ਉਹ ਖ਼ੁਦ ਉੱਤੇ ਕਾਬੂ ਪਾਉਂਦੇ ਪਿੰਜਰੇ ਦੇ ਗਿਰਦ ਭੀੜ ਕਰ ਆਉਂਦੇ ਅਤੇ ਜਿਵੇਂ ਉੱਥੋਂ ਕਦੇ ਨਾ ਹਟਣ ਉੱਤੇ ਤੁਲੇ ਹੋਣ।

(ਅਨੁਵਾਦਕ : ਚਰਨ ਗਿੱਲ)

  • ਮੁੱਖ ਪੰਨਾ : ਫ਼ਰਾਂਜ਼ ਕਾਫ਼ਕਾ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ