Punjabi Stories/Kahanian
ਸਤਿੰਦਰਪਾਲ ਸਿੰਘ ਬਾਵਾ
Satinderpal Singh Bawa
 Punjabi Kahani
Punjabi Kavita
  

Gadhe Di Chon Rally Satinderpal Singh Bawa

ਗਧੇ ਦੀ ਚੋਣ ਰੈਲੀ (ਵਿਅੰਗ) ਸਤਿੰਦਰਪਾਲ ਸਿੰਘ ਬਾਵਾ

ਦੋਸਤੋ! ਤੁਹਾਡੇ ਪਿੰਡ ਦਾ ਨਾਂ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਪ੍ਰਧਾਨ ਗਧਾ ਸਾਹਿਬ ਤੁਹਾਡੇ ਪਿੰਡ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਨ। ਇਸ ਚੋਣ ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚਣ ‘ਤੇ ਅਸੀਂ ‘ਨਾ ਤਿੰਨਾਂ ਚੋਂ ਨਾ ਤੇਰਾਂ ‘ਚੋਂ ਗਧਾ ਪਾਰਟੀ’ ਵੱਲੋਂ ਤੁਹਾਡਾ ਸਭ ਦਾ ਸੁਆਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ  ਪਤਾ ਹੀ ਹੈ ਕਿ ਚੋਣਾਂ ਨੇੜੇ ਆ ਰਹੀਆਂ ਹਨ ਇਸ ਕਰਕੇ ਅਸੀਂ ਗਧਿਆਂ ਨੇ ਵੀ ਇਕ ਸੈਕੂਲਰ ਰਾਜਨੀਤਿਕ ਪਾਰਟੀ ਦਾ ਨਿਰਮਾਣ ਕੀਤਾ ਹੈ। ਦੂਜਾ ਤੁਹਾਨੂੰ ਸਾਡੀ ਪਾਰਟੀ ਦੇ ਨਾਮ ਤੋਂ ਸਾਡੀ ਨਿਰਪੱਖਤਾ ਅਤੇ ਸੈਕੂਲਰ ਪਾਰਟੀ ਹੋਣ ਦਾ ਪਤਾ ਤਾਂ ਚਲ ਹੀ ਗਿਆ ਹੋਣਾ ਐ! ...ਸਾਡੀ ਗਧਾ ਪਰਜਾਤੀ ਨੂੰ ਭਾਰ ਖਿੱਚਣ ਦਾ ਤੇ ਭਾਰ ਢੋਹਣ ਦਾ ਪੁਸ਼ਤ ਦਰ ਪੁਸ਼ਤ ਤਜ਼ਰਬਾ ਹੈ। ਸਾਡਾ ਵਿਸ਼ਵਾਸ ਹੈ ਪ੍ਰਧਾਨ ਗਧਾ ਸਾਹਿਬ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਬੁਧੀਮਾਨ, ਸਿਆਣੇ ਅਤੇ ਚਲਾਕ ਮੁੱਖ ਮੰਤਰੀ ਸਾਬਤ ਹੋਣਗੇ। ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਪ੍ਰਧਾਨ ਗਧਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੰਚ ‘ਤੇ ਆਉਣ ਤੇ ਚੰਦ ਸ਼ਬਦ ਆਪਣੇ ਮੂਰਖ ਬੰਦ ਤੋਂ ਕਹਿਣ। ਪ੍ਰਧਾਨ ਗਧਾ ਸਾਹਿਬ... ਆਉ ਜੀ...। 

ਸਟੇਜ਼ ਸੈਕਟਰੀ ਨੇ ਸਾਡੀ ਸ਼ਾਨ ਵਿਚ ਕੁਝ ਜ਼ਿਆਦਾ ਹੀ ਪੱਠੇ ਪਾ ਦਿੱਤੇ ਨੇ ਭਾਵੇਂ ਅਸੀਂ ਐਨੇ ਜੋਗੇ ਨਹੀਂ ਹਾਂ...ਪਰ ਅਸੀਂ ਆਪਣੇ ਛੋਟੇ ਭਰਾ ਦੇ ਪਿਆਰ ਨੂੰ ਆਫਰੇ ਪੇਟ ਤੱਕ ਮਹਿਸੂਸ ਕਰਦੇ ਹਾਂ...!
ਅਸੀਂ ਤਾਂ ਭਰਾਵੋ! ਤੁਹਾਡੇ ਵਿਚੋਂ ਹੀ ਹਾਂ, ਤੁਹਾਡੇ ਆਪਣੇ..! ਅਸੀਂ ਸਿਆਸਤ ਵਿਚ ਨਹੀਂ ਸੀ ਆਉਣਾ ਪਰ ਸਾਨੂੰ ਦੁੱਖ ਹੋਇਆ ਕਿ ਸਾਡੇ ਭਾਈਚਾਰੇ ਦੇ ਅੱਠ ਗਧਿਆਂ ਨੂੰ ਚਾਰ ਦਿਨ ਜੇਲ੍ਹ ਵਿਚ ਇਸ ਕਰਕੇ ਰੱਖਿਆ ਗਿਆ ਕਿ ਉਹਨਾਂ ਨੇ ਕਿਸੇ ਸਰਕਾਰੀ ਪਦਵੀਧਾਰੀ ਵਿਅਕਤੀ ਵਿਸ਼ੇਸ਼ ਦੇ ਕੀਮਤੀ ਬੂਟਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਘਟਨਾ ਨੇ ਸਾਨੂੰ ਅੰਦਰ ਤੱਕ ਲੂਹ ਸੁਟਿਆ! ਯਕੀਨ ਜਾਣਿਉ ਸਾਡਾ ਵਿਸ਼ਵਾਸ ਮਨੁੱਖ ਜਾਤੀ ਤੋਂ ਟੁੱਟ ਗਿਆ ਹੈ! ਅਸੀਂ ਆਪਣੀ ਗਧਾ ਬਿਰਤੀ ਨਾਲ ਮਨੁੱਖ ਜਾਤੀ ਦਾ ਕਿੰਨਾ ਭਾਰ ਹਲਕਾ ਕਰਦੇ ਰਹੇ ਹਾਂ ਪਰ ਇਹ ਅਹਿਸਾਨ ਫਰਮੋਸ਼ ਸਾਡੇ ਗਧਿਆਂ ਦੇ ਵੀ ਨਹੀਂ ਹੋਏ! ਖ਼ੈਰ...ਅਸੀਂ ਅਜਿਹੇ ਮਸਲਿਆਂ ਨਾਲ ਨਜਿਠਣ ਲਈ ਸਿਆਸਤ ਦਾ ਰਾਹ ਚੁਣ ਲਿਆ ਹੈ ਤਾਂ ਜੋ ਸਾਡੇ ਦੇਸ਼ ਵਿਚ ਗਧਾ ਭਾਈਚਾਰਾ ਸੁਰੱਖਿਤ ਰਹਿ ਸਕੇ। ਸਾਨੂੰ ਇਹ ਦਸਦਿਆਂ ਬੜੀ ਖ਼ੁਸ਼ੀ ਦਾ ਅਹਿਸਾਸ ਹੋ ਰਿਹਾ ਹੈ ਕਿ ਅਮਰੀਕਾ ਦੀ ‘ਇੰਟਰਨੈਸ਼ਨਲ ਡੌਂਕੀ ਐਸੋਸਿਏਸ਼ਨ’ ਦੇ ਪ੍ਰਧਾਨ ਮਿਸਟਰ ਡੌਂਕੀ ਨੇ ਵੀ ਇਸ ਗ਼ੈਰ—ਗਧਾਨਵੀ ਘਟਨਾ ਦੀ ਘੋਰ ਨਿੰਦਿਆ ਕੀਤੀ ਹੈ। ਉਹਨਾਂ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਸਰਕਾਰਾਂ ਨੂੰ ਆਪਣੇ ਕਾਨੂੰਨ ਮਨੁੱਖਾਂ ‘ਤੇ ਹੀ ਲਾਗੂ ਕਰਨੇ ਚਾਹੀਦੇ ਹਨ, ਸਾਡੇ ਗਧਿਆਂ ‘ਤੇ ਨਹੀਂ। ਉਹਨਾਂ ਦੇ ਪਿਆਰ ਅਤੇ ਪ੍ਰੇਰਨਾ ਸਦਕਾ ਹੀ ਅਸੀਂ ਇਸ ਵਾਰ ਚੋਣ ਲੜਣ ਦਾ ਮਨ ਬਣਾਇਆ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਤੁਹਾਡੇ ਸਹਿਯੋਗ ਤੇ ਅਸ਼ੀਰਵਾਦ ਨਾਲ ਆਪਣੇ ਮਨਸੂਬੇ ਵਿਚ ਜ਼ਰੂਰ ਸਫਲ ਹੋਵਾਂਗੇ।

ਭਰਾਵੋ! ‘ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫ਼ਾਰਸੀ ਕੀ’ ਤੁਸੀਂ ਆਪ ਸਿਆਣੇ ਹੋ ਅਤੇ ਦੇਸ਼ ਦੀ ਸਿਆਸਤ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ ਕਿ ਇਥੇ ਤਾਂ ਸਾਡੀ ਜੰਗਲੀ ਜੀਵਾਂ ਦੀਆਂ ਕੁਝ ਪ੍ਰਜਾਤੀਆਂ ਸਰਕਾਰਾਂ ਦਾ ਨਿਰਮਾਣ ਕਰਨ ਤੱਕ ਵੀ ਆਪਣਾ ਯੋਗਦਾਨ ਦੇ ਚੁੱਕੀਆਂ ਹਨ। ਉਹਨਾਂ ਦੀ ਇਸ ਇਤਿਹਾਸਕ ਦੇਣ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਖ਼ੈਰ...ਅਸੀਂ ਆਪਣੀਆਂ ਜਾਨਵਰ ਪ੍ਰਜਾਤੀਆਂ ਤੇ ਮਾਣ ਕਰਦੇ ਹਾਂ ਕਿ ਚਲੋ ਕੋਈ ਤਾਂ ਹੈ, ਜਿਸ ਨੇ ਐਨੀ ਤਰੱਕੀ ਕੀਤੀ! ਪਰ ਹਾਂ!! ਸਾਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਹੈ। ਅਸੀਂ ਤਾਂ ਆਪਣੇ ਕੰਮ ਵਿਚ ਵਿਸ਼ਵਾਸ ਰੱਖਦੇ ਹਾਂ, ਚੰਮ ਵਿਚ ਨਹੀਂ!

ਭਰਾਵੋ! ਇਹ ਵੀ ਸਾਡੇ ਅਨੁਭਵ ਵਿਚ ਸ਼ਾਮਲ ਹੋ ਚੁੱਕਿਆ ਰਾਸ਼ਟਰੀ ਗਿਆਨ ਹੈ ਕਿ ਵਰਤਮਾਨ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇl ਉਸ ਵੇਲੇ ਉਹ ਕੋਈ ਕੰਮ ਨਹੀਂ ਕਰਦੀ, ਸਗੋਂ ਭਵਿੱਖਮੁਖੀ ਯੋਜਨਾਵਾਂ ਉਲੀਕਦੀ ਹੈ। ਵਰ੍ਹਿਆਂ ਦੇ ਵਰ੍ਹੇ ਉਹ ਖਿਆਲੀ ਪਲਾਉ ਬਣਾਉਂਦੀ ਹੈ ਅਤੇ ਜਦੋਂ ਉਹੀ ਪਾਰਟੀ ਵਿਰੋਧੀ ਦਲ ਵਿਚ ਹੋਵੇ ਤਾਂ ਵਰਤਮਾਨ ਸਰਕਾਰ ਨੂੰ ਨਿੰਦਣ ਭੰਡਣ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਅਤੇ ਇਹ ਵੀ ਸਥਿਤੀ ਦੀ ਵਿਡੰਬਣਾ ਹੈ ਕਿ ਮਾਨਵ ਜਾਤੀ ਨੂੰ ਇਕ ਦੂਜੇ ਨੂੰ ਵਡਿਆਉਣ ਜਾਂ ਭੰਡਣ ਲਈ ਸਾਡੀਆਂ ਹੀ ਜੰਗਲੀ ਪ੍ਰਜਾਤੀਆਂ ਜਿਵੇਂ ਸ਼ੇਰ ਜਾਂ ਚੂਹਾ ਆਦਿ ਦੀ ਉਦਾਹਰਨ ਦੇਣੀ ਪੈਂਦੀ ਹੈ। ਪਰ ਭਰਾਵੋ! ਸਾਡੀ ਸਰਕਾਰ ਨਾ ਭਵਿੱਖਕਾਲੀ ਹੋਵੇਗੀ, ਨਾ ਵਰਤਮਾਨ—ਕਾਲੀ, ਸਗੋਂ ਭੂਤਕਾਲੀ ਹੋਵੇਗੀ। ਜਿਹੜੀ ਚਾਰਲਸ ਡਾਰਵਿਨ ਦੇ ‘ਉਤਪੱਤੀ ਦੇ ਸਿਧਾਂਤ’ ਤੋਂ ਵੀ ਬਹੁਤ ਪਹਿਲਾਂ ਦੀ ਗਧਾ ਪ੍ਰਜਾਤੀ ਦੇ ਪੂਰਵਜਾਂ ਦੇ ਅਣਗੌਲੇ ਪਰ ਅਮੁੱਲੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਵੇਗੀ। ਅਸੀਂ ਯੂਨੀਵਰਸਿਟੀਆਂ ਵਿਚ ਗਧਾ ਖੋਜ ਕੇਂਦਰਾਂ ਦੀ ਸਥਾਪਨਾਂ ਕਰਾਂਗੇ। ਗਧਿਆਂ ਦੇ ਇਤਿਹਾਸਕ ਯੋਗਦਾਨ ਤੇ ਵਿਸ਼ਵ ਕਾਨਫਰੰਸਾਂ ਦਾ ਉਯੋਜਿਤ ਕਰਾਂਗੇ। ਕਿਉਂਕਿ ਸਾਨੂੰ ਇਸ ਗੱਲ ਤੇ ਵੀ ਫਖਰ ਹੈ ਕਿ ਅਸੀਂ ਨਿਰੋਲ ਦੇਸੀ ਨਸਲ ਦੇ ਹਾਂ ਹੋਰਾਂ ਪ੍ਰਜਾਤੀਆਂ ਦੀ ਤਰ੍ਹਾਂ ਅਮਰੀਕਾ, ਸਾਹੀਵਾਲ ਜਾਂ ਕਿਸੇ ਹੋਰ ਨਸਲ ਦੇ ਹੋਣ ਦਾ ਸਾਡੇ ਤੇ ਕੋਈ ਦੋਸ਼ ਨਹੀਂ ਹੈ। ਸਾਨੂੰ ਸ਼ੱਕ ਹੈ ਕਿ ਡਾਰਵਿਨ ਨੇ ਆਪਣੀ ਖੋਜ ਸਮੇਂ ਜਾਣ ਬੁਝ ਕੇ ਸਾਡੀ ਪ੍ਰਜਾਤੀ ਦੇ ਇਤਿਹਾਸ ਨੂੰ ਅੱਖੋਂ ਉਹਲੇ ਰੱਖਿਆ ਹੈ।

ਅਸੀਂ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਅਸਲੋਂ ਨਵੀਂ ਰਾਜਨੀਤਿਕ ਪਾਰਟੀ ਹੈ ਇਸ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਸਰਕਾਰ ਆਉਂਣ ਤੇ ਤੁਹਾਡੇ ਬੈਂਕ—ਖਾਤਿਆਂ ਵਿਚ ਪੰਦਰਾਂ ਪੰਦਰਾਂ ਲੱਖ ਰੁਪਏ ਆ ਜਾਣਗੇ। ਕਿਉਂਕਿ ਇਕ ਤਾਂ ਅਸੀਂ ਜੁਮਲਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ ਦੂਜਾ ਅਸੀਂ ਲਾਲਚ ਰੂਪੀ ਰਿਸ਼ਵਤ ਦੇ ਕੇ ਤੁਹਾਡੀਆਂ ਕੀਮਤੀ ਵੋਟਾਂ ਨਹੀਂ ਖਰੀਦਣਾ ਚਾਹੁੰਦੇ, ਸਗੋਂ ਤਰਕ ਨਾਲ, ਦਲੀਲ ਨਾਲ ਤੁਹਾਡਾ ਵਿਸ਼ਵਾਸ ਜਿਤਣਾ ਚਾਹੁੰਦੇ ਹਾਂ...। ਇਕ ਗੱਲ ਹੋਰ ਭਰਾਵੋ! ਅਸੀਂ ਕੇਵਲ ਉਹੀ ਵਾਅਦੇ ਕਰਾਂਗੇ ਜਿਹੜੀ ਸਾਡੀ ਸਮਰੱਥਾ ਵਿਚ ਹੋਣ ਮਸਲਨ ਅਸੀਂ ਲੋਕਾਂ ਨੂੰ ਆਪਣੇ ਦੁਲੱਤੇ ਮਾਰਨ ਦਾ ਕੰਮ ਡਬਲ ਕਰ ਦਿਆਂਗੇ। ਸਵੇਰੇ ਸ਼ਾਮ ਦੁਲੱਤਾ ਸਰਵਿਸ ਨਿਰਵਿਘਨ ਚਲਾਉਣ ਲਈ ਸਾਡੀ ਸਰਕਾਰ ਵਚਨਬਧ ਰਹੇਗੀ। ਦੂਜਾ ਭਾਵੇਂ ਅਸੀਂ ਆਪ ਫੋਟੂਆਂ ਅਤੇ ਸੈਲਫੀਆਂ ਦੇ ਸ਼ੋਕੀਨ ਹਾਂ ਪਰ ਅਸੀਂ ਸਾਡੀ ਸਰਕਾਰ ਆਉਣ ਤੇ ਇਸ ‘ਤੇ ਮੁਕੰਮਲ ਰੋਕ ਲਗਾ ਦੇਵਾਂਗੇ ‘ਡੀਸੈਲਫਾਈਜ਼ੇਸ਼ਨ’ ਕਰ ਦਿਆਂਗੇ ਕਿਉਂਕਿ ਸੈਲਫੀਆਂ ਲੈਣ ਨਾਲ ਜਿਥੇ ਦੇਸ਼ ਦੀ ਯੁਵਾ ਪੀੜ੍ਹੀ ਦਾ ਸਮਾਂ ਖਰਾਬ ਹੁੰਦਾ ਹੈ, ਉਥੇ ਸੈਲਫੀਆਂ ਦੀ ਆਡਿਟਿੰਗ ਕਾਰਨ ਦੇਸ਼ ਵਿਚ ਭਰਿਸ਼ਟਾਚਾਰ ਵੀ ਫੈਲਦਾ ਹੈ। 

ਭਰਾਵੋ! ਹੁਣ ਅਸੀਂ ਕੁਝ ਦਲੀਲਾਂ ਨਾਲ ਆਪਣੀ ਪਾਰਟੀ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਕਿਉਂ ਆਉਂਣੀ ਚਾਹੀਦੀ ਹੈ। ਮਸਲਨ ਤੁਸੀਂ ਇਕ ਹੋਰ ਅਖਾਣ ਸੁਣਿਆ ਹੋਣੈ ਕਿ ‘ਮੱਝ ਦੇ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ’। ਇਸ ਦੇ ਅਰਥ ਕਰਨਾ ਤੁਹਾਡੀ ਬੁੱਧੀ ‘ਤੇ ਸ਼ੱਕ ਕਰਨਾ ਹੋਵੇਗਾ! ਇਸ ਅਖਾਣ ਦੇ ਹਵਾਲੇ ਰਾਹੀਂ ਅਸੀਂ ਸਿਰਫ ਐਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਸਾਡੀਆਂ ਜੰਗਲੀ ਪ੍ਰਜਾਤੀਆਂ ਕਿਥੇ ਕਿਥੇ ਮਾਨਵੀ ਜੀਵਾਂ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ। ਪਰ ਸਥਿਤੀ ਦਾ ਵਿਅੰਗ ਇਹ ਹੈ ਕਿ ਸਾਡੀ ਭੈਣ ਮੱਝ ਵੱਲ ਅੱਜ ਤੱਕ ਕਿਸੇ ਨੇ ਤਵੱਕੋ ਨਹੀਂ ਦਿੱਤੀ। ਭਰਾਵੋ ਸਾਡੀ ਸਰਕਾਰ ਆਉਣ ਤੇ ਇਸ ਅਖਾਣ ਦੀ ਵਰਤੋਂ ‘ਤੇ ਸ਼ਰਾਬੰਬਦੀ ਵਾਂਗ ਪੂਰਨ ਤੌਰ ‘ਤੇ ਰੋਕ ਲਗਾ ਦੇਵਾਂਗੇ ਕਿਉਂਕਿ ਇਸ ਅਖਾਣ ਵਿਚ ਮਰਦ ਮਾਨਸਿਕਤਾ ਝਲਕਤੀ ਹੈ ਤੇ ਇਹ ਸਾਡੀ ਭੈਣ ਨਾਲ ਜ਼ਿਆਦਤੀ ਹੈ! ਸਾਡੀ ਸਰਕਾਰ ਆਉਣ ‘ਤੇ ਸਾਡੀ ਭੈਣ ਭਾਵੇਂ ਡੀ.ਜੇ. ਅੱਗੇ ਨਾਗਨ ਡਾਂਸ ਕਰੇ, ਉਸ ਨੂੰ ਕੋਈ ਨਹੀਂ ਰੋਕ ਸਕੇਗਾ। ਇਹ ਸਾਡਾ ਤੁਹਾਡੇ ਨਾਲ ਵਾਅਦਾ ਰਿਹਾ...! 

ਅਸੀਂ ਆਪਣੇ ਛੋਟੇ ਜਿਹੇ ਸਿਆਸੀ ਅਨੁਭਵ ਰਾਹੀਂ ਇਹ ਗਿਆਨ ਵੀ ਪ੍ਰਾਪਤ ਕਰ ਲਿਆ ਹੈ ਕਿ ਸਿਆਸਤ ਚਮਕਾਉਣ ਲਈ ਫਿਲਮਾਂ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਜਾਣਦੇ ਹੋ ਭਰਾਵੋ ਕਿ ਫਿਲਮਾਂ ਵਿਚ ਘੋੜਿਆਂ ਦਾ ਨਾਮ ਬਾਦਲ, ਚੇਤਨ ਅਤੇ ਘੋੜੀਆਂ ਦਾ ਨਾਮ ਘੰਨੋ ਆਦਿ ਰੱਖਿਆ ਹੁੰਦੈ, ਪਰ ਸਾਨੂੰ ਗਧੇ ਦਾ ਗਧੇ ਦਾ ਹੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸੋ ਭਰਾਵੋ! ਸਾਡੀ ਪ੍ਰਜਾਤੀ ਨੂੰ ਫਿਲਮਾਂ ਵਿਚ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕਰਨ ਦਾ ਅਸੀਂ ਸਖਤ ਵਿਰੋਧ ਕਰਾਂਗੇ। ਸਾਡੇ ਜਿਹੇ ਇਕ ਕੋਮਲ ਚਿਤ ਜੀਵ ਦਾ ਜਿਹੜੇ ਜਿਹੜੇ ਫਿਲਮਕਾਰਾਂ ਨੇ ਮਜ਼ਾਕ ਉਡਾਇਆ ਹੈ ਉਹਨਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇਗਾ ਤਾਂ ਜੋ ਭਵਿਖ ਵਿਚ ਅਜਿਹੀ ਗ਼ਲਤੀ ਨੂੰ ਦੁਹਰਾਇਆ ਨਾ ਜਾ ਸਕੇ...। ਭਰਾਵੋ ਇਹ ਨੀਤੀ ਦੂਹਰਾ ਕੰਮ ਕਰੇਗੀ ਜਿਥੇ ਸਾਡੀ ਪ੍ਰਜਾਤੀ ਨੂੰ ਇਨਸਾਫ ਮਿਲੇਗਾ ਉਥੇ ਮਾਨਵ ਜਾਤੀ ਆਪਣੀਆਂ ਮੂਲ ਸਮੱਸਿਆਵਾਂ ਨੂੰ ਸਮਝਣ ਤੋਂ ਵੀ ਵਾਂਝੀ ਰਹਿ ਜਾਵੇਗੀ...! ਇਸ ਨਾਲ ਦੇਸ਼ ਵਿਚ ਗਧਾ ਬਿਰਤੀ ਦਾ ਵਿਕਾਸ ਤੇ ਵਿਸਤਾਰ ਹੋਵੇਗਾ! 

ਸਾਡੀਆਂ ਗੱਲਾਂ ਤੋਂ ਤੁਸੀਂ ਸਾਡੀ ਦੂਰ ਦ੍ਰਿਸ਼ਟੀ ਦਾ ਅੰਦਾਜਾ ਤਾਂ ਲਗਾ ਹੀ ਲਿਆ ਹੋਣੈ ਕਿ ਗਧਾ ਭਾਈਚਾਰਾ ਦੇ ਵਿਕਾਸ ਲਈ ਸਾਡੀ ਸਰਕਾਰ ਕਿੰਨੀ ਵਚਨਬੱਧ ਸਰਕਾਰ ਤੇ ਕਾਮਯਾਬ ਸਰਕਾਰ ਹੋਵੇਗੀ! ਅਸੀਂ ਤੁਹਾਨੂੰ ਸਾਫ ਤੇ ਸਪਸ਼ਟ ਦੱਸ ਦੇਈਏ ਕਿ ਸਾਡੀ ਸਰਕਾਰ ਲੋਕਾਂ ਲਈ ਕੰਮ ਨਹੀਂ ਕਰੇਗੀ ਸਗੋਂ ਗਧਿਆਂ ਲਈ ਕੰਮ ਕਰੇਗੀ। ਕਿਉਂਕਿ ਬਹੁਤ ਸਾਰੇ ਗਧਿਆਂ ਨੇ ਸਾਨੂੰ ਪਾਰਟੀ ਫੰਡ ਦਿੱਤਾ ਹੈ।

ਸਰਕਾਰ ਆਉਣ ਤੇ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਛੋਟਾਂ ਦੇ ਕੇ ਆਪਣੀ ਵਫਾਦਾਰੀ ਦਾ ਸਬੂਤ ਦੇਵਾਂਗੇ ਉਹਨਾਂ ਨੂੰ ਬੈਕਾਂ ਤੋਂ ਕਰਜ਼ਾ ਲੈਣ ਦੀ ਵਿਧੀ ਨੂੰ ਸਰਲ ਤੇ ਆਸਾਨ ਬਣਾਇਆ ਜਾਵੇਗਾ। ਜਿਸ ਨਾਲ ਉਹ ਦੇਸ਼ਾਂ ਵਿਦੇਸ਼ਾਂ ਵਿਚੋਂ ਕਰਜਾਂ ਲੈਣ ਦੇ ਵੀ ਸਮਰੱਥ ਹੋ ਜਾਣਗੇ ਅਤੇ ਅਸੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭਰਾ ਘੋੜੇ ਦੀ ਤਰ੍ਹਾਂ ਅਸੀਂ ਵੀ ਵਫਾਦਾਰ ਜਾਨਵਰ ਹਾਂ ਜਿਹਨਾਂ ਨੂੰ ਜਾਣ ਬੁਝ ਕੇ ਹਾਸ਼ੀਆਕ੍ਰਿਤ ਕੀਤਾ ਗਿਆ ਹੈ...!

ਭਰਾਵੋ! ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਾਂ ਕਿ ਲੋਕਤੰਤਰੀ ਰਾਜ ਵਿਚ ਸਰਕਾਰਾਂ ਇਹ ਨਿਰਧਾਰਤ ਕਰਨ ਵਾਲੀਆਂ ਕੌਣ ਹੁੰਦੀਆਂ ਹਨ ਕਿ ਅਸੀਂ ਗਧਿਆਂ ਨੇ ਕੀ ਖਾਣਾ ਹੈ ਕੀ ਨਹੀਂ। ਅਜਿਹੀਆਂ ਸਿਆਸੀ ਗੱਲਾਂ ਨਾਲ ਮਨੁੱਖਾਂ ਨੂੰ ਤਾਂ ਉਲਝਾਇਆ ਜਾ ਸਕਦਾ ਹੈ ਪਰ ਸਾਨੂੰ ਗਧਿਆ ਨੂੰ ਨਹੀਂ! ਹੁਣ ਤੁਸੀਂ ਆਪ ਹੀ ਦੱਸੋਂ ਸਾਨੂੰ ਗਧਿਆਂ ਨੂੰ ਕੀ ਪਤੈ ਕਿ ਹੁਣ ਸੱਤਾ ਵਿਚ ਕਿਹੜੀ ਸਰਕਾਰ ਹੈ ਕਿਹੜੀ ਨਹੀਂ...? ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਖਾਣ ‘ਤੇ ਪਾਬੰਦੀ ਲਗਾਈ ਹੋਈ ਐ ਕਿਹੜੀਆਂ ‘ਤੇ ਨਹੀਂ...? ਓ ਭਾਈ! ਸਾਡੇ ਗਧੇ ਭਰਾਵਾਂ ਨੇ ਜੇ ਆਪਣੇ ਪਾਪੀ ਪੇਟ ਦੀ ਭੁੱਖ ਮਿਟਾਉਣ ਖਾਤਰ ਪੌਦੇ ਖਾ ਲਏ ਤਾਂ ਕੀ ਲੋਹੜਾ ਆ ਗਿਆ! ਇਥੇ ਮੰਤਰੀ ਸੰਤਰੀ ਪਤਾ ਨਹੀਂ ਕੀਹਦਾ ਕੀਹਦਾ ਕੀ ਕੀ ਛਕ ਜਾਂਦੇ ਐ!! ਨਾਲੇ ਹੁਣ ਸਾਡੇ ਭਰਵਾਂ ਨੂੰ ਕੀ ਪਤਾ ਇਹ ਮਹਿੰਗੇ ਭਾਅ ਦੇ ਪੌਦੇ ਤਾਂ ‘ਸਵੱਛਤਾ ਅਭਿਆਨ ਮਿਸ਼ਨ’ ਦੀ ਗ੍ਰਾਂਟ ਵਿਚੋਂ ਲਗਾਏ ਗਏ ਸਨ। ਓ ਅਸੀਂ ਕਿਹੜਾ ਮਨੁੱਖਾਂ ਵਾਂਗ ਡਾਇਟ ਚਾਰਟ ਬਣਾਏ ਹੁੰਦੇ ਨੇ, ਗਧੇ ਹਾਂ ਤੇ ਗਧਿਆਂ ਨੇ ਤਾਂ ਭਾਈ ਹੁਣ ਖਾਣਾ ਹੀ ਹੋਇਆ...! 

ਭਰਾਵੋ! ਅਸੀਂ ਆਪਣੇ ਦੇਸ਼ ਨੂੰ ਮੁੜ ਸੋਨੇ ਦੀ ਚਿੜੀ ਬਣਾਵਾਂਗੇ। ਸਾਡੀ ਭੈਣ ਚਿੜੀ ਜਿਹੜੀ ਵਿਦੇਸ਼ ਵੱਲ ਉਡਾਰੀ ਮਾਰ ਗਈ ਹੈ ਅਸੀਂ ਉਸਦੀ ਘਰ ਵਾਪਸੀ ਲਈ ਹਰ ਛੋਟੇ ਵੱਡੇ ਦੇਸ਼ ਵਿਚ ਭਰਮਣ ਕਰਾਂਗੇ ਅਤੇ ਉਸ ਨੂੰ ਲੱਭ ਕੇ ਮੁੜ ਦੇਸ਼ ਅੰਦਰ ਲਿਆਵਾਂਗੇ ਤੇ ਉਸ ਨੂੰ ਆਪਣੀ ਸੰਸਕ੍ਰਿਤੀ ਤੇ ਸਭਿਅਤਾ ਦਾ ਪਾਠ ਮੁੜ ਤੋਂ ਯਾਦ ਕਰਵਾਵਾਂਗੇ...! ਇਹ ਸਭ ਤੁਹਾਡੇ ਪਿਆਰ ਅਤੇ ਸਹਿਯੋਗ ਕਾਰਨ ਹੀ ਸੰਭਵ ਹੋ ਸਕਦਾ ਹੈ ਭਰਾਵੋ...!
ਹਾਂ! ਅਖੀਰ ਵਿਚ ਮੈਂ ਇਕ ਬੇਨਤੀ ਹੋਰ ਕਰਨੀ ਹੈ ਕਿ ਸਾਡੇ ਜਿਤਣ ਉਤਰੰਤ ਤੁਸੀਂ ਸਾਨੂੰ ਗਧੇ ਹੀ ਸੱਦਣਾ। ਐਵੇਂ ‘ਸ਼ੇਰ ਆਇਆ, ਸ਼ੇਰ ਆਇਆ’ ਕਹਿ ਕਿ ਸਾਨੂੰ ਵਡਿਆਉਣਾ ਨਾ ਸ਼ੁਰੂ ਕਰ ਦਿਉ... ਕਿਉਂਕਿ ਤੁਹਾਨੂੰ ਤਾਂ ਪਤੈ ਕਿ ਸਾਨੂੰ ਅਸਲੀ ਸ਼ੇਰ ਤੋਂ ਕਿੰਨਾ ਡਰ ਲਗਦਾ ਹੈ...!

ਭਰਾਵੋ! ਸਾਡੀ ਪਾਰਟੀ ਦਾ ਚੋਣ ਨਿਸ਼ਾਨ ਗਧਾ ਹੀ ਹੋਵੇਗਾ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ? ਮਾਨਵ ਜਾਤੀ ਵਿਚ ਇਹ ਕਥਨ ਆਮ ਪ੍ਰਚਿਲਤ ਹੈ ਕਿ ਲੋੜ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿਣਾ ਪੈ ਜਾਂਦੈ! ਭਰਾਵੋ ਤਾਂ ਹੁਣ ਸਮੇਂ ਦੀ ਲੋੜ ਹੈ, ਤੁਸੀਂ ਇਸ ਰੈਲੀ ਨੂੰ ਦੇਸ਼ ਦੀ ਬਦਲਦੀ ਤਕਦੀਰ ਸਮਝੋ ਅਤੇ ਸਾਨੂੰ ਵੋਟਾਂ ਦੇ ਕੇ ਸਾਡੀ ਪਾਰਟੀ ‘ਨਾ ਤਿੰਨਾਂ ਚੋਂ ਨਾ ਤੇਰਾਂ ਚੋਂ ਗਧਾ ਪਾਰਟੀ’ ਨੂੰ ਜਤਾਉ ਅਤੇ ਸਾਨੂੰ ਮੁਖ ਮੰਤਰੀ ਦੀ ਕੁਰਸੀ ਤੱਕ ਢੋਣ ਦਾ ਇਤਿਹਾਸਕ ਕਾਰਜ ਕਰੋ...। ਅੰਤ ਵਿਚ ਅਸੀਂ ਉਹਨਾਂ ਅੱਠ ਗਧਿਆਂ ਦੀ ਬੇਮਿਸਾਲ ਕੁਰਬਾਨੀ ਨੂੰ ਸਜਦਾਂ ਕਰਦੇ ਹਾਂ ਜਿਹਨਾਂ ਨੇ ਸਾਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਤ ਕੀਤਾ। ਹੁਣ ਅਸੀਂ ਅੱਗੇ ਵੀ ਇਕ ਦੋ ਹੋਰ ਪਿੰਡਾਂ ਵਿਚ ਰੈਲੀਆਂ ਨੂੰ ਸੰਬੋਧਨ ਕਰਨਾ ਹੈ, ਸੋ ਆਗਿਆ ਦਿਓ! ਧੰਨਵਾਦ! 

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com