Punjabi Stories/Kahanian
ਐਸ. ਸਾਕੀ
S. Saki

Punjabi Kavita
  

Gali De Mor 'Te S. Saki

ਗਲੀ ਦੇ ਮੋੜ 'ਤੇ ਐਸ ਸਾਕੀ

ਪਾਰਵਤੀ ਨੇ ਲੋਹੇ ਦਾ ਟਰੰਕ ਖੋਲ੍ਹਿਆ। ਉਹਦੇ ਸਾਹਮਣੇ ਉਹਦਾ ਉਹ ਵੈਡਿੰਗ ਗਾਊਨ ਸੀ ਜਿਹੜਾ ਸੱਸ ਜੂਲੀਆ ਨੇ ਪੰਜਾਹ ਵਰ੍ਹੇ ਪਹਿਲਾਂ ਉਸਨੂੰ ਦਿੱਤਾ ਸੀ। ਇਹੋ ਗਾਊਨ ਫੇਰ ਅੰਜਲੀ ਨੇ ਆਪਣੀ ਸੱਸ ਜੂਲੀਆ ਕੋਲੋਂ ਲਿਆ ਸੀ। ਪਰ ਪਾਰਵਤੀ ਫੇਰ ਇਹ ਨਾ ਪੁੱਛ ਸਕੀ ਕਿ ਜੂਲੀਆ ਨੂੰ ਇਹ ਗਾਊਨ ਕਿਸ ਨੇ ਦਿੱਤਾ ਸੀ। ਵੈਡਿੰਗ ਗਾਊਨ 'ਤੇ ਹੱਥ ਫੇਰਨ ਲੱਗੀ ਉਹ ਇਓਂ ਜਿਵੇਂ ਉਸਨੂੰ ਪਿਆਰ ਕਰ ਰਹੀ ਹੋਵੇ ਜਾਂ ਸਲਾਹੁਣ ਲੱਗੀ ਹੋਵੇ। ਟੁੱਟੇ ਟੁੱਟੇ ਤੇ ਬਿਖਰੇ ਬਿਖਰੇ ਸ਼ਬਦ ਉਹਦੇ ਮਨ ਵਿਚ ਆਉਣ ਲੱਗੇ ਜਿਹੜੇ ਫੇਰ ਗੱਲ ਬਣ ਗਏ। ਏਸ ਦੇ ਨਾਲ ਹੀ ਫੇਰ ਸ਼ਬਦਾਂ ਦੀ ਇੱਕ ਕੜੀ ਜਿਹੀ ਉਸ ਦੇ ਸਾਹਮਣੇ ਆ ਗਈ ਜਿਹੜੀ ਫੇਰ ਹੌਲੇ ਹੌਲੇ ਜੁੜਦੀ ਹੋਈ ਜਿਵੇਂ ਇੱਕ ਲੰਬੀ ਕਹਾਣੀ ਬਣ ਗਈ।
ਜਦੋਂ ਦੀ ਇਹ ਗੱਲ ਹੈ ਤਦ ਬਹੁਤ ਘੱਟ ਬੱਚੇ ਬਾਹਰ ਦੇ ਮੁਲਕਾਂ 'ਚ ਪੜ੍ਹਨ ਜਾਇਆ ਕਦੇ ਸੀ। ਫੇਰ ਕੁੜੀ ਤਾਂ ਕੋਈ ਵੀ ਨਹੀਂ। ਭਾਵੇਂ ਪਾਰਵਤੀ ਦੇ ਘਰ ਵਾਲੇ ਬਾਹਰ ਭੇਜਣ ਦੇ ਹੱਕ ਵਿਚ ਨਹੀਂ ਸਨ ਪਰ ਤਾਂ ਵੀ ਕਿਵੇਂ ਨਾ ਕਿਵੇਂ ਕਰ ਕਰਾਅ ਕੇ ਪਾਰਵਤੀ ਨੇ ਏਸ ਲਈ ਆਪਣੇ ਘਰਵਾਲਿਆਂ ਨੂੰ ਰਾਜ਼ੀ ਕਰ ਲਿਆ ਸੀ। ਉਨ੍ਹਾਂ ਨੂੰ ਮਨਾਅ ਲਿਆ ਸੀ। ਬ੍ਰਾਹਮਣ ਪਰਿਵਾਰ ਦੀ ਕੁੜੀ ਸੀ, ਘਰਦਿਆਂ ਉਸ ਅੱਗੇ ਕਈ ਸ਼ਰਤਾਂ ਰੱਖ ਦਿੱਤੀਆਂ, "ਬਾਹਰ ਦੇ ਮੁਲਕ ਜਾ ਮਾਸ ਨਹੀਂ ਖਾਣਾ, ਆਪਣਾ ਧਰਮ ਨਹੀਂ ਛੱਡਣਾ, ਪਰਾਏ ਮਰਦ ਵੱਲ ਅੱਖ ਚੁੱਕ ਕੇ ਨਹੀਂ ਵੇਖਣਾ।
"ਜੇ ਤੂੰ ਇਨ੍ਹਾਂ ਵਿਚੋਂ ਕੁਝ ਵੀ ਕੀਤਾ ਤਾਂ ਸਾਡੇ ਘਰ ਦੇ ਬੂਹੇ ਤੇਰੀ ਖਾਤਰ ਹਮੇਸ਼ਾ ਲਈ ਬੰਦ ਹੋ ਜਾਣਗੇ।ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ। ਕੋਈ ਸੰਬੰਧ ਨਹੀਂ ਰਹੇਗਾ।"
ਗੱਲਾਂ ਦੀ ਕੜੀ ਜੋੜਦੇ ਜੋੜਦੇ ਪਾਰਵਤੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ, ਜਿਵੇਂ ਉਸ ਨੂੰ ਆਪਣਾ ਘਰ ਛੱਡਦੇ ਵੇਲੇ ਦੁੱਖ ਹੋਇਆ ਸੀ, ਤਕਲੀਫ਼ ਹੋਈ ਸੀ।
ਆਸਟ੍ਰੇਲੀਆ ਆਹ ਹੁਣ ਤੋਂ ਨਹੀਂ ਸਗੋਂ ਬਹੁਤ ਪਹਿਲਾਂ ਤੋਂ ਜਿਹੜੇ ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ ਨੇ ਉਨ੍ਹਾਂ ਨੂੰ ਆਪਣੇ ਰਹਿਣ ਲਈ, ਆਪਣੇ ਖਾਣ ਪੀਣ ਲਈ, ਆਪਣੀ ਯੂਨੀਵਰਸਿਟੀ ਫ਼ੀਸ ਦਾ ਆਪ ਪ੍ਰਬੰਧ ਕਰਨਾ ਪੈਂਦੈ। ਪਾਰਵਤੀ ਨੂੰ ਏਸ ਲਈ ਫੇਰ ਨੌਕਰੀ ਕਰਨੀ ਪਈ। ਉਸ ਨੇ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਕੰਪਨੀ ਬਨਿੰਗ ਦੇ ਇੱਕ ਵੇਅਰਹਾਊਸ ਵਿਚ ਨੌਖਰੀ ਕਰ ਲਈ। ਕੰਮ ਏਨਾ ਸੌਖਾ ਨਹੀਂ ਸੀ। ਭਾਰੀ ਸਾਮਾਨ ਟਰਾਲੀ 'ਤੇ ਰੱਖ ਧੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਪੈਂਦਾ ਸੀ। ਫੇਰ ਲਾਹ ਕੇ ਰੈਕ ਵਿਚ ਸੈੱਟ ਕਰਨਾ ਹੁੰਦਾ ਸੀ।ਪਾਰਵਤੀ ਭਾਵੇਂ ਜੁੱਸੇ ਦੀ ਤਕੜੀ ਸੀ ਪਰ ਤਾਂ ਵੀ ਇਹ ਕੰਮ ਏਨਾ ਸੌਖਾ ਨਹੀਂ ਸੀ। ਉਸ ਲਈ ਤਾਂ ਬਹੁਤ ਔਖਾ ਸੀ।
ਉਸੇ ਬਨਿੰਗ ਵੇਅਰਹਾਊਸ ਵਿਚ ਵਿਲੀਅਮ ਨਾਂ ਦਾ ਇੱਕ ਮੁੰਡਾ ਵੀ ਜਾੱਬ ਕਰਦਾ ਸੀ ਜਿਹੜਾ ਨਿਊ ਜ਼ੀਲੈਂਡ ਤੋਂ ਆਸਟ੍ਰੇਲੀਆ ਇੰਜਿਨੀਅਰਿੰਗ ਕਰਨ ਆਇਆ ਸੀ। ਉਹ ਆਪਣੀ ਮਾਂ ਨਾਲ ਆਪਣੇ ਛੋਟੇ ਜਿਹੇ ਘਰ ਵਿਚ ਰਹਿੰਦਾ ਸੀ। ਸ਼ੁਰੂ ਵਿਚ ਔਖਾ ਕੰਮ ਦੇਖ ਉਹ ਪਾਰਵਤੀ ਦੀ ਕਈ ਵਾਰੀ ਮਦਦ ਕਰ ਦਿੰਦਾ ਸੀ।
ਫੇਰ ਹੋਲੇ ਹੋਲੇ ਉਹਦੀ ਉਹ ਮਦਦ ਜਾਣ ਪਛਾਣ ਵਿਚ ਬਦਲ ਗਈ। ਭਾਵੇਂ ਪਾਰਵਤੀ ਨੂੰ ਇੱਕ ਵਾਰੀ ਆਪਣੇ ਘਰ ਦੇ ਵੱਡਿਆਂ ਦੀਆਂ ਸ਼ਰਤਾਂ ਚੇਤੇ ਆਈਆਂ, ਪਰ ਤਾਂ ਵੀ ਉਹ ਆਪਣੇ ਆਪ ਨੂੰ ਨਹੀਂ ਰੋਕ ਸਕੀ। ਆਪਣੇ ਆਪ ਨੂੰ ਨਹੀਂ ਸਮਝਾਅ ਸਕੀ। ਅਖੀਰ ਪਾਰਵਤੀ ਦਾ ਵਿਲੀਅਮ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਘਰ ਵਿਚ ਵਿਲੀਅਮ ਦੀ ਮਾਂ ਨੂੰ ਪੁੱਤ ਦੀ ਚੁਣੀ ਕੁੜੀ ਪਸੰਦ ਆ ਗਈ। ਉਸ ਨੇ ਪਾਰਵਤੀ ਨੂੰ ਵਿਆਹ ਲਈ ਉਹ ਗਾਊਨ ਦੇ ਦਿੱਤਾ ਜੋ ਪੰਜਾਹ ਵਰ੍ਹੇ ਪਹਿਲਾਂ ਉਸ ਦੀ ਸੱਸ ਨੇ ਉਸ ਨੂੰ ਦਿੱਤਾ ਸੀ। ਪਾਰਵਤੀ ਉਹ ਵੈਡਿੰਗ ਗਾਊਨ ਪਹਿਨ ਚਰਚ ਵਿਚ ਵਿਆਹ ਕਰਵਾਅ ਸਹੁਰੇ ਘਰ ਆ ਗਈ। ਮਾਪਿਆਂ ਨਾਲੋਂ ਉਹ ਹਮੇਸ਼ਾ ਲਈ ਟੁੱਟ ਗਈ। ਉਨ੍ਹਾਂ ਤੋਂ ਦੂਰ ਹੋ ਗਈ।ਉਹ ਉਨ੍ਹਾਂ ਦੀਆਂ ਸ਼ਰਤਾਂ ਤੋਂ ਪੂਰੀ ਜੋ ਨਾ ਉੱਤਰ ਸਕੀ।
ੜਕਤ ਲੰਘ ਗਿਆ। ਫੇਰ ਨਾ ਉਨ੍ਹਾਂ ਕਦੇ ਪਾਰਵਤੀ ਨਾਲ ਰਿਸ਼ਤਾ ਰੱਖਿਆ ਨਾ ਪਾਰਵਤੀ ਉਨ੍ਹਾਂ ਨੂੰ ਮਿਲਣ ਲਈ ਗਈ।ਉਹ ਤਾਂ ਹਮੇਸ਼ਾ ਲਈ ਉਨ੍ਹਾਂ ਤੋਂ ਅਲੱਗ ਹੋ ਗਈ!
ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿਚ ਇਹ ਪ੍ਰਥਾ ਬਣੀ ਹੋਈ ਹੈ, ਇਹ ਸੋਚ ਹੈ ਕਿ ਬਾਹਰ ਦੇ ਮੁਲਕਾਂ ਦੇ ਮਰਦ ਜਦੋਂ ਠੀਕ ਲੱਗੇ ਪਹਿਲੀ ਪਤਨੀ ਬਦਲ ਲੈਂਦੇ ਨੇ, ਪਰ ਆਸਟ੍ਰੇਲੀਆ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਹ ਤਾਂ ਬੱਸ ਸਾਡਾ ਖ਼ਿਆਲ ਹੈ। ਪਾਰਵਤੀ ਰੋਜ਼ ਵੇਖਦੀ ਕਿਤਨੇ ਹੀ ਉਮਰ ਦਰਾਜ਼ ਮਰਦ ਆਪਣੀ ਬਿਮਾਰ ਪਤਨੀ ਨੂੰ ਵ੍ਹੀਲ ਚੇਅਰ ਵਿਚ ਲੈ ਜਾਂਦੇ ਦਿਸਦੇ। ਫੇਰ ਜੇ ਕੋਈ ਉਮਰ ਦਰਾਜ਼ ਮਰਦ ਵ੍ਹੀਲ ਚੇਅਰ ਵਿਚ ਹੁੰਦਾ ਤਾਂ ਉਸਦੀ ਪਤਨੀ ਉਸ ਨੂੰ ਧੱਕਾ ਲਾਉਂਦੀ ਦਿਖਾਈ ਦਿੰਦੀ। ਇਸੇ ਤਰ੍ਹਾਂ ਜੇ ਉਮਰ ਦਰਾਜ਼ ਪਤਨੀ ਕੋਲੋਂ ਟੁਰਿਆ ਨਾ ਜਾਂਦਾ ਹੁੰਦਾ ਤਾਂ ਮਰਦ ਨੇ ਉਸਨੂੰ ਸਹਾਰਾ ਦਿੱਤਾ ਹੁੰਦਾ।
ਫੇਰ ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿਚ ਇਹ ਸੋਚ ਵੀ ਬਣੀ ਹੋਈ ਹੈ, ਇਹ ਵਿਚਾਰ ਹੈ ਕਿ, ਉਨ੍ਹਾਂ ਦੇ ਆਪਣੇ ਸੁੱਖ ਲਈ ਉਨ੍ਹਾਂ ਦੇ ਬੱਚੇ ਰੁਲ ਜਾਂਦੇ ਨੇ। ਮਾਪੇ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਪਾਰਵਤੀ ਕਈ ਵਾਰ ਵੇਖਦੀ ਕਿ ਕਿਵੇਂ ਮਰਦ ਆਪਣੇ ਬੱਚਿਆਂ ਨੂੰ ਆਪਣੇ ਮੋਢੇ 'ਤੇ ਬਿਠਾਅ ਇਵੇਂ ਦਿਖਦੇ ਜਿਵੇਂ ਸਾਡੇ ਇੱਥੇ ਕਈ ਮਾਪੇ ਆਪਣੇ ਬੱਚੇ ਨੂੰ ਮੋਢੇ 'ਤੇ ਬਿਠਾਅ ਮੇਲਾ ਵੇਖਣ ਜਾਂਦੇ।
ਇੱਕ ਵਰ੍ਹੇ ਤੱਕ ਪਾਰਵਤੀ ਵਿਲੀਅਮ ਨਾਲ ਵੱਡੀ ਕੰਪਨੀ ਬਨਿੰਗ ਵੇਅਰ ਹਾਊਸ ਵਿਚ ਕੰਮ ਕਰਦੀ ਰਹੀ, ਫੇਰ ਉਹ ਬੱਚੇ ਦੀ ਆਸ ਨਾਲ ਹੋ ਗਈ। ਇਸੇ ਵਕਤ ਵਿਚ ਉਸਦੀ ਸੱਸ ਦਾ ਸੁਰਗਵਾਸ ਹੋ ਗਿਆ। ਉਹ ਆਉਣ ਵਾਲੇ ਬੱਚੇ ਦੀ ਸ਼ਕਲ ਤੀਕ ਨਾ ਵੇਖ ਸਕੀ।ਪਾਰਵਤੀ ਨੇ ਪੁੱਤ ਨੂੰ ਜਨਮ ਦਿੱਤਾ। ਵਿਲੀਅਮ ਨੇ ਉਸਦੀ ਨੌਕਰੀ ਛੁਡਾਅ ਦਿੱਤੀ। ਅਤੇ ਉਹ ਬੱਚੇ ਨੂੰ ਪਾਲਣ ਲੱਗੀ। ਉਸ ਵਿਚ ਉਹ ਸਾਰੇ ਸੰਸਕਾਰ ਭਰ ਦੇਣਾ ਚਾਹੁੰਦੀ ਸੀ ਜਿਹੜੇ ਮਾਪਿਆਂ ਉਸ ਵਿਚ ਭਰੇ ਸਨ, ਉਸ ਨੂੰ ਦਿੱਤੇ ਸਨ। ਫਰ ਏਸ ਤਰ੍ਹਾਂ ਨਹੀਂ ਹੋਇਆ। ਪੁੱਤ ਸਟੀਵ ਉਹ ਨਾ ਬਣਿਆ ਜਿਹਾ ਪਾਰਵਤੀ ਚਾਹੁੰਦੀ ਸੀ। ਸਕੂਲ ਪਾਸ ਕਰ ਕੇ ਉਹ ਆਸਟ੍ਰੇਲੀਆ ਦੇ ਦੂਜੇ ਬੱਚਿਆਂ ਵਾਂਗ ਵਿਲੀਅਮ ਤੇ ਪਾਰਵਤੀ ਨਾਲੋਂ ਅੱਡ ਹੋ ਗਿਆ। ਫੇਰ ਇੱਕ ਦਿਨ ਉਹ ਕਿਸੇ ਕੁੜੀ ਨੂੰ ਨਾਲ ਲੈ ਆਇਆ।
"ਮੱਮ ਇਹ ਮੇਰੀ ਗਰਲ ਫ਼ਰੈਂਡ ਹੈ, ਮੈਂ ਇਸ ਨਾਲ ਚਰਚ ਵਿਚ ਵਿਆਹ ਕਰਵਾਅ ਰਿਹਾਂ।"
ਪਾਰਵਤੀ ਦਾ ਮਨ ਸੀ ਕਿ ਉਹ ਚਰਚ ਵਿਚ ਉਹੀ ਵੈਡਿੰਗ ਗਾਊਨ ਪਹਿਨੇ ਜਿਹੜਾ ਪੰਜਾਹ ਵਰ੍ਹੇ ਪਹਿਲਾਂ ਉਸ ਨੂੰ ਜੂਲੀਆ ਨੇ ਦਿੱਤਾ ਸੀ। ਟਰੰਕ 'ਚੋਂ ਗਾਊਨ ਕੱਢ ਉਹ ਜਿਵੇਂ ਉਸ ਨੂੰ ਪਿਆਰ ਕਰਨ ਲੱਗੀ। ਪਰ ਇੱਕ ਸਟੀਵ, ਉਸਨੇ ਤਾਂ ਚਰਚ ਵਿਚ ਵਿਆਹ ਵੇਲੇ ਨਾ ਮਾਂ ਨੂੰ ਸੱਦਿਆ ਤੇ ਨਾ ਪਿਓ ਨੂੰ। ਫੇਰ ਉਸਦੀ ਪਤਨੀ ਨੇ ਉਹ ਪੰਜਾਹ ਵਰ੍ਹੇ ਪਹਿਲਾਂ ਦਾ ਪਾਰਵਤੀ ਦਾ ਸਾਂਭਿਆ ਗਾਊਨ ਕੀ ਪਹਿਨਣਾ ਸੀ। ਉਹ ਤਾਂ ਬੱਸ ਵਿਆਹ ਕਰਵਾਅ ਕੇ ਸਿੱਧਾ ਘਰ ਆ ਗਈ। ਇਹ ਸਭ ਹੋਣਾ ਫੇਰ ਪਾਰਵਤੀ ਤੇ ਵਿਲੀਅਮ ਨੂੰ ਚੰਗਾ ਨਹੀਂ ਲੱਗਿਆ। ਇਸ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।
ਫੇਰ ਕਦੇ ਕਦੇ ਸਟੀਵ ਉਸ ਕੁੜੀ ਨੂੰ ਨਾਲ ਲੈ ਉਨ੍ਹਾਂ ਨੂੰ ਮਿਲਣ ਆ ਜਾਂਦਾ। ਸਟੀਵ ਦੇ ਜਾਣ ਬਾਅਦ ਪਾਰਵਤੀ ਤੇ ਵਿਲੀਅਮ ਇਕੱਲੇ ਇਕੱਲੇ ਰਹਿ ਗਏ।
ਪਾਰਵਤੀ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਗਈ।
ਆਸਟ੍ਰੇਲੀਆ ਵਿਚ ਬਹੁਤ ਸਾਰੇ ਕਈ ਅਜਿਹੇ ਉਮਰ ਦਰਾਜ਼ ਬੰਦੇ ਹੁੰਦੇ ਨੇ ਜਿਹੜੇ ਆਪਣੀ ਅਖੀਰੀ ਉਮਰ ਵਿਚ ਇਕੱਲੇ ਰਹਿ ਜਾਂਦੇ ਨੇ। ਸਭ ਉਨ੍ਹਾਂ ਦਾ ਸਾਥ ਛੱਡ ਜਾਂਦੇ ਨੇ। ਉਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ। ਫੇਰ ਮਰਨ ਤੋਂ ਪਹਿਲਾਂ ਉਹ ਕਿਸੇ ਫ਼ਯੂਨਰਲ ਕੰਪਨੀ ਦੇ ਸੰਪਰਕ ਵਿਚ ਆ ਉਨ੍ਹਾਂ ਨੂੰ ਆਪਣੇ ਕਫ਼ਨ ਦਫ਼ਨ ਦੇ ਪੈਸੇ ਜਮ੍ਹਾਂ ਕਰਵਾਅ ਦਿੰਦੇ ਨੇ ਤਾਂਕਿ ਉਨ੍ਹਾਂ ਦੇ ਮਰਨ ਦੇ ਬਾਅਦ ਕਬਰਾਂ ਵਿਚ ਉਹ ਠੀਕ ਥਾਂ ਲੱਭ ਸਕਣ। ਉਨ੍ਹਾਂ ਨੂੰ ਕਫ਼ਨ ਨੂੰ ਕੋਈ ਸਾਂਭਣ ਵਾਲਾ ਤਾਂ ਹੋਵੇ। ਉਹ ਕਿਤੇ ਰੁਲਣ ਨਾ।
ਵਿਲੀਅਮ ਨੇ ਇੱਕ ਫ਼ਯੂਨਰਲ ਕੰਪਨੀ ਦੇ ਸੰਪਰਕ ਵਿਚ ਆ ਆਪਣੇ ਅੰਤਿਮ ਸੰਸਕਾਰ ਦੇ ਪੈਸਿਆਂ ਬਾਰੇ ਪੁੱਛਿਆ ਤਾਂ ਕਿ ਪਾਰਵਤੀ ਤੇ ਵਿਲੀਅਮ ਦੇ ਮਰਨ ਬਾਅਦ ਕੋਈ ਉਨ੍ਹਾਂ ਦੇ ਕਫ਼ਨ ਨੂੰ ਸਾਂਭਣ ਵਾਲਾ ਤਾਂ ਹੋਵੇ। ਪੁੱਤ ਕੋਲੋਂ ਤਾਂ ਉਨ੍ਹਾਂ ਨੂੰ ਕੋਈ ਆਸ ਨਹੀਂ ਸੀ। ਵਿਲੀਅਮ ਉਨ੍ਹਾਂ ਨੂੰ ਪੁੱਛ ਆਇਆ ਸੀ ਕਿ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਣਗੇ। ਫ਼ਯੂਨਰਲ ਕੰਪਨੀ ਵਾਲਿਆਂ ਇੱਕ ਜਣੇ ਦੇ ਪੰਦਰਾਂ ਸੌ ਡਾੱਲਰ ਦੱਸੇ। ਫੇਰ ਵਿਲੀਅਮ ਦੇ ਮਨ ਵਿਚ ਆਇਆ ਕਿ ਉਹ ਵੀ ਤਦੋਂ ਤੀਕ ਨੌਕਰੀ ਕਰੇਗਾ ਜਦੋਂ ਤੀਕ ਤਿੰਨ ਹਜ਼ਾਰ ਡਾੱਲਰ ਨਹੀਂ ਜੁੜ ਜਾਂਦੇ। ਇਹ ਕੰਮ ਪੂਰਾ ਹੋਣ 'ਤੇ ਉਹ ਵੀ ਨੌਕਰੀ ਛੱਡ ਦੇਵੇਗਾ। ਪਾਰਵਤੀ ਤੇ ਉਸਨੂੰ ਜਿਹੜੀ ਪੈਨਸ਼ਨ ਮਿਲੇਗੀ ਉਸ ਨਾਲ ਉਹ ਸੁਖਾਲੀ ਰੋਟੀ ਖਾਂਦੇ ਰਹਿਣਗੇ।
ਫੇਰ ਸਵੇਰੇ ਹੀ ਵਿਲੀਅਮ ਲੰਚ ਬਾੱਕਸ ਲੈ ਕੰਮ 'ਤੇ ਨਿਕਲ ਜਾਂਦਾ। ਉਸਦੇ ਘਰੋਂ ਬਾਹਰ ਆਉਣ ਤੋਂ ਪਹਿਲਾਂ ਪਾਰਵਤੀ ਬਗੀਚੇ ਦੇ ਬਾਂਸ ਦੇ ਬਣੇ ਕਿਵਾੜ ਦੇ ਕਿਸੇ ਵੀ ਬਾਂਸ ਨੂੰ ਫੜ ਖੜ੍ਹੀ ਹੋ ਜਾਂਦੀ ਅਤੇ ਪਤੀ ਦੀ ਉਡੀਕ ਕਰਨ ਲੱਗਦੀ। ਪਤੀ ਘਰੋਂ ਬਾਹਰ ਨਿਕਲਦਾ ਅਤੇ ਹੋਲੇ ਹੋਲੇ ਟੁਰਿਆ ਜਾਂਦਾ ਦਿਸਦਾ। ਪਾਰਵਤੀ ਓਦੋਂ ਤੀਕ ਉਹਦੀ ਪਿੱਠ ਵੱਲ ਤੱਕਦੀ ਜਦੋਂ ਤੀਕ ਕਿ ਉਹ ਛੇ ਸੱਤ ਘਰ ਗਲੀ ਦੇ ਟੱਪ ਸੱਜੇ ਪਾਸੇ ਮੁੜਨ ਵਾਲੀ ਥਾਂ ਤੀਕ ਨਾ ਪਹੁੰਚ ਜਾਂਦਾ। ਸੱਜੇ ਪਾਸੇ ਮੁੜਨ ਤੋਂ ਪਹਿਲਾਂ ਉਹ ਇੱਕ ਖਾਸ ਥਾਂ 'ਤੇ ਖੜ੍ਹਾ ਹੋ ਪਾਰਵਤੀ ਵੱਲ ਵੇਖਦਾ। ਭਾਵੇਂ ਇਸ ਤਰ੍ਹਾਂ ਹੋਣ 'ਤੇ ਪਾਰਵਤੀ ਪਤੀ ਦੇ ਚਿਹਰੇ ਦੇ ਹਾਵਭਾਵ ਤਾਂ ਨਾ ਪੜ੍ਹ ਪਾਉਂਦੀ, ਉਸਦੇ ਜਜ਼ਬਾਤ ਦਾ ਵੀ ਉਸਨੂੰ ਕੁਝ ਪਤਾ ਨਾ ਚੱਲਦਾ। ਪਰ ਪਾਰਵਤੀ ਨੂੰ ਇਹ ਸਭ ਹੋਣਾ ਚੰਗਾ ਜ਼ਰੂਰ ਲੱਗਦਾ। ਪਾਰਵਤੀ ਕੁਝ ਚਿਰ ਉਸ ਥਾਂ ਖੜ੍ਹੀ ਰਹਿੰਦੀ। ਫੇਰ ਉਹ ਕਿਵਾੜ ਦੇ ਬਾਂਸ ਨੂੰ ਛੱਡ ਦਿੰਦੀ ਅਤੇ ਘਰ ਅੰਦਰ ਆ ਸੰਝ ਹੋਣ ਤੀਕ ਪਤੀ ਦੀ ਉਡੀਕ ਕਰਨ ਲੱਗਦੀ।
ਹੋਲੇ ਹੋਲੇ ਕਰ ਕੇ ਅੱਜ ਵਿਲੀਅਮ ਅਤੇ ਪਾਰਵਤੀ ਨੇ ਫ਼ਯੂਨਰਲ ਕੰਪਨੀ ਨੂੰ ਦੇਣ ਲਈ ਤਿੰਨ ਹਜ਼ਾਰ ਡਾੱਲਰ ਇਕੱਠੇ ਕਰ ਲਏ ਸਨ। ਉਹ ਦੋਵ੍ਹੇਂ ਬਹੁਤ ਖੁਸ਼ ਸਨ। ਚਾਅ ਜਿਹੇ ਨਾਲ ਭਰੇ ਹੋਏ ਸਨ। ਅੱਜ ਉਨ੍ਹਾਂ ਦੀ ਮੈਰਿਜ ਐਨੀਵਰਸਰੀ ਵੀ ਸੀ। ਵਿਲੀਅਮ ਨੇ ਜਾਣ ਤੋਂ ਪਹਿਲਾਂ ਪਾਰਵਤੀ ਨੂੰ ਅੱਜ ਉਹੀ ਗਾਊਂ ਪਹਿਨਣ ਤੇ ਸ਼ਾਮੀਂ ਤਿਆਰ ਹੋਣ ਲਈ ਆਖਿਆ ਜਿਹੜਾ ਉਨ੍ਹਾਂ ਪੰਜਾਹ ਵਰ੍ਹੈ ਪਹਿਲਾਂ ਪਹਿਨ ਚਰਚ ਵਿਚ ਵਿਆਹ ਕਰਵਾਇਆ ਸੀ ਤਾਂ ਕਿ ਅੱਜ ਉਹ ਕੰਪਨੀ ਨੂੰ ਤਿੰਨ ਹਜ਼ਾਰ ਡਾੱਲਰ ਦੇ ਕੇ ਕਫ਼ਨ ਲਈ ਆਪਣੀ ਥਾਂ ਪੱਕੀ ਕਰਵਾਅ ਸਕੇ ਅਤੇ ਹਮੇਸ਼ਾ ਲਈ ਨੌਕਰੀ ਛੱਡ ਦੇਵੇ।
ਫੇਰ ਪਤੀ ਦੇ ਸ਼ਾਮੀਂ ਮੁੜ ਆਉਣ ਤੋਂ ਪਹਿਲਾਂ ਪਾਰਵਤੀ ਨੇ ਉਹ ਵੈਡਿੰਗ ਗਾਊਨ ਪਹਿਨ ਲਿਆ। ਉਹ ਤਾਂ ਮਾਰਕਿਟ ਤੋਂ ਇੱਕ ਛੋਟਾ ਜਿਹਾ ਕੇਕ ਵੀ ਖਰੀਦ ਲੈ ਆਈ। ਉਸਨੇ ਇੱਕਵਾਰੀ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਿਆ। ਉਮਰ ਦਰਾਜ਼ ਹੋਣ 'ਤੇ ਵੀ ਉਹ ਗਾਊਨ ਵਿਚ ਬਹੁਤ ਸੁਹਣੀ ਦਿਸ ਰਹੀ ਸੀ, ਬਹੁਤ ਪਿਆਰੀ ਲੱਗਦੀ ਸੀ। ਉਹ ਬਹੁਤ ਖੁਸ਼ ਵੀ ਸੀ।
ਪਰ ਆਹ ਕੀ? ਵਿਲੀਅਮ ਬਾਹਰੋਂ ਘਰ ਆਇਆ। ਉਸ ਨਾਲ ਕੋਈ ਗੱਲ ਨਹੀਂ ਕੀਤੀ। ਉਸ ਨਾਲ ਬੋਲਿਆ ਤੀਕ ਨਹੀਂ। ਉਹ ਤਾਂ ਸਿੱਧਾ ਬੈੱਡਰੂਮ 'ਚ ਜਾ ਬਿਸਤਰ 'ਤੇ ਲੰਮਾ ਪੈ ਗਿਆ। ਪਾਰਵਤੀ ਨੂੰ ਕੁਝ ਸਮਝ ਨਾ ਆਈ। ਉਹ ਤਾਂ ਉਵੇਂ ਹੀ ਸਜੀ ਹੋਈ ਵਿਲੀਅਮ ਕੋਲ ਆ ਉਸ ਵੱਲ ਵੇਖਣ ਲੱਗੀ।
ਬਹੁਤ ਕੁਝ ਕਹਿਣਾ ਚਾਹੁੰਦੇ ਹੋਏ ਵੀ ਉਹ ਕੁਝ ਨਾ ਕਹਿ ਸਕੀ। ਪਰ ਜਦੋਂ ਵਿਲੀਅਮ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਵੀ ਕੁਝ ਨਹੀਂ ਬੋਲੀ ਉਹ। ਜਦੋਂ ਵਿਲੀਅਮ ਤਿੰਨ ਹਜ਼ਾਰ ਡਾੱਲਰ ਕੰਪਨੀ ਅੱਗੇ ਜਮ੍ਹਾਂ ਕਰਵਾਉਣ ਗਿਆ ਤਾਂ ਉਸ ਨੇ ਕੰਪਨੀ ਅੱਗੇ ਇੱਕ ਸ਼ਰਤ, ਇੱਕ ਗੱਲ ਰੱਖ ਦਿੱਤੀ ਕਿ ਉਨ੍ਹਾਂ ਦੋਹਾਂ ਦੇ ਕਫ਼ਨ ਨਾਲ ਨਾਲ ਜੋੜ ਕੇ ਦਫ਼ਨ ਕੀਤੇ ਜਾਣ ਤਾਕਿ ਜਦੋਂ ਵੀ ਉਨ੍ਹਾਂ ਦਾ ਮਨ ਕਰੇ ਉਹ ਇੱਕ ਦੂਜੇ ਨਾਲ ਮਿਲ ਲੈਣ, ਜਦੋਂ ਉਨ੍ਹਾਂ ਦਾ ਮਨ ਕਰੇ ਇੱਕ ਦੂਜੇ ਨਾਲ ਗੱਲਾਂ ਕਰ ਲੈਣ, ਜਦੋਂ ਮਨ ਕਰੇ ਇੱਲਕ ਦੂਜੇ ਨੂੰ ਛੂਹ ਕੇ ਵੇਖ ਲੈਣ।
ਪਰ ਏਸ ਲਈ ਵਿਲੀਅਮ ਅੱਗੇ ਕੰਪਨੀ ਨੇ ਤਿੰਨ ਸੌ ਡਾੱਲਰ ਵੱਧ ਦੇਣ ਲਈ ਆਖਿਆ।ਉਹ ਫੇਰ ਆਪਣੀ ਮੈਰਿਜ ਐਨਿਵਰਸਰੀ ਨਹੀਂ ਮਨਾਅ ਸਕੇ। ਉਨ੍ਹਾਂ ਦੇ ਮਨ ਦੀਆਂ ਗੱਲਾਂ, ਉਨ੍ਹਾਂ ਦੇ ਸਾਰੇ ਚਾਅ ਧਰੇ ਹੀ ਰਹਿ ਗਏ ਕਿਓਂਕਿ ਵਿਲੀਅਮ ਨੂੰ ਹੁਣ ਤਿੰਨ ਸੌ ਡਾੱਲਰ ਹੋਰ ਕਮਾਉਣ ਲਈ ਮੁੜ ਪੰਦਰਾਂ ਦਿਨ ਕੰਮ 'ਤੇ ਹੋਰ ਜਾਣਾ ਪਏਗਾ।
ਫਿਰ ਅਗਲੀ ਸਵੇਰ ਆਈ। ਵਿਲੀਅਮ ਫੇਰ ਕੰਮ 'ਤੇ ਜਾਣ ਨੂੰ ਹੋਇਆ ਤਾਂ ਪਾਰਵਤੀ ਪਹਿਲਾਂ ਵਾਂਗ ਬਾਹਰ ਆ ਬਗੀਚੇ ਦੇ ਬਾਂਸ ਵਾਲੇ ਗੇਟ ਨੂੰ ਫੜ ਖੜ੍ਹੀ ਹੋ ਗਈ। ਉਸਨੇ ਵੇਖਿਆ ਵਿਲੀਅਮ ਰੋਜ਼ ਵਾਂਗ ਆਪਣਾ ਲੰਚ ਬਾੱਕਸ ਫੜੀ ਟੁਰਿਆ ਜਾ ਰਿਹਾ ਸੀ। ਹੋਲੇ ਹੋਲੇ ਟੁਰਦਾ ਉਹ ਛੇ ਸੱਤ ਘਰ ਪਾਰ ਕਰ ਗਿਆ। ਪਾਰਵਤੀ ਦੀ ਨਜ਼ਰ ਉਸਦੇ ਟੁਰੇ ਜਾਂਦੇ ਦਾ ਪਿੱਛਾ ਕਰ ਰਹੀ ਸੀ। ਵਿਲੀਅਮ ਉਹ ਸਾਰੇ ਘਰ ਪਾਰ ਕਰਦਾ ਹੋਇਆ ਓਸ ਥਾਂ 'ਤੇ ਪਹੁੰਚ ਗਿਆ ਜਿੱਥੇ ਗਲੀ ਦਾ ਮੋੜ ਮੁੜਨ ਤੋਂ ਪਹਿਲਾਂਉਹ ਕੁਝ ਚਿਰ ਰੁਕਦਾ ਸੀ। ਤੇ ਪਾਰਵਤੀ ਵੱਲ ਵੇਖਦਾ ਸੀ। ਤਦ ਉਹਦੇ ਚਿਹਰੇ ਦੇ ਭਾਵ ਨਹੀਂ ਦਿਸਦੇ ਸਨ। ਪਰ ਅੱਜ ਇਸ ਤਰ੍ਹਾਂ ਨਹੀਂ ਹੋਇਆ। ਮੋੜ 'ਤੇ ਪਹੁੰਚ ਵਿਲੀਅਮ ਨੇ ਪਾਰਵਤੀ ਵੱਲ ਵੇਖਿਆ ਤੀਕ ਨਹੀਂ ਸਗੋਂ ਉਹ ਤਾਂ ਸੱਜੇ ਪਾਸੇ ਮੁੜ ਅੱਖਾਂ ਤੋਂ ਓਝਲ ਹੋ ਗਿਆ। ਪਾਰਵਤੀ ਵੱਲ ਬਿਨਾ ਵੇਖਿਆਂ ਅੱਖਾਂ ਤੋਂ ਪਰੇ ਹੋ ਗਿਆ।
ਪਾਰਵਤੀ ਖਾਸਾ ਚਿਰ ਬਗੀਚੇ ਦੇ ਬਾਂਸ ਵਾਲੇ ਗੇਟ ਨੂੰ ਫੜੀ ਖੜ੍ਹੀ ਰਹੀ ਅਤੇ ਫੇਰ ਚੁੱਪਚਾਪ ਘਰ ਅੰਦਰ ਆ ਸੰਝ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਉਸਦੇ ਪਤੀ ਨੇ ਕੰਮ ਤੋਂ ਮੁੜਨਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)