Punjabi Stories/Kahanian
ਜਸਵੰਤ ਸਿੰਘ ਕੰਵਲ
Jaswant Singh Kanwal

Punjabi Kavita
  

Garibi Da Course Jaswant Singh Kanwal

ਗਰੀਬੀ ਦਾ ਕੋਰਸ ਜਸਵੰਤ ਸਿੰਘ ਕੰਵਲ

ਸਵਾਰੀ ਜਾਣ ਉਸ ਮੈਨੂੰ ਆਵਾਜ਼ ਮਾਰ ਲਈ।
''ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ।''
ਉਹ ਪਹਿਲਾਂ ਹੀ ਰਿਕਸ਼ੇ ਵਿਚ ਬੈਠਾ ਸੀ। ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ। ਸੂਰਜ ਛਿਪਣ ਵਾਲਾ ਸੀ। ਮੈਂ ਉਸਨੂੰ ਜਾਣਦਾ ਨਹੀਂ ਸਾਂ, ਪਰ ਉਹਦੇ ਨਾਲ ਬਹਿ ਗਿਆ। ਮੈਨੂੰ ਘਰ ਪਹੁੰਚਣ ਦੀ ਕਾਹਲ ਸੀ। ਰਿਕਸ਼ੇ ਵਾਲੇ ਨੇ ਜੀ.ਟੀ. ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ। ਸੜਕ ਟੁੱਟੀ, ਫੁੱਟੀ, ਰਿਕਸ਼ਾ ਪੁਰਾਣਾ ਤੇ ਖਿੱਚਣ ਵਾਲਾ ਮਾੜਾ, ਸਮਝੋ ਹਿੰਦੋਸਤਾਨ ਧੌਣ ਦਾ ਸਾਰਾ ਜ਼ੋਰ ਲਾ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਸੀ। ਪਰ ਸਾਹਮਣੀ 'ਵਾ ਚਾਲਕ ਦੀ ਪੇਸ਼ ਨਹੀਂ ਜਾਣ ਦਿੰਦੀ ਸੀ।
''ਦਿਹਾੜੀ ਕੀ ਪਾ ਲੈਨਾ ਏਂ?'' ਆਰਥਿਕ ਪੱਖ ਜਾਣਨ ਦੀ ਮੇਰੀ ਖੋਟੀ ਆਦਤ ਬਣ ਚੁੱਕੀ ਸੀ। ਚਾਲਕ ਦੇ ਸਿਰ ਉਤੋਂ ਦੀ ਮੇਰੀਆਂ ਨਜ਼ਰਾਂ ਨੀਲੀ ਭਾਅ ਵਿਚ ਡੁੱਬਦੀ ਉਭਰਦੀ ਕੰਨਿਆ ਕੁਮਾਰੀ ਤੱਕ ਪਹੁੰਚ ਰਹੀਆਂ ਸਨ।
''ਜੀ ਪੰਜ ਮਾਲਕ ਨੂੰ ਦੇ ਕੇ ਪੰਦਰ੍ਹਾਂ ਅਠਾਰ੍ਹਾਂ, ਕਦੇ ਵੀਹ ਵੀ ਬਚ ਜਾਂਦੇ ਐ।'' ਉਸ ਸਾਹਮਣੀ 'ਵਾ ਦੇ ਮੁਕਾਬਲੇ ਪੈਡਲਾਂ ਉਤੇ ਖਲੋ ਕੇ ਭਾਰ ਪਾਉਣਾ ਸ਼ੁਰੂ ਕਰ ਦਿੱਤਾ।
''ਹੁਣ ਖੇਤਾਂ ਵਿਚ ਤਾਂ ਦਿਹਾੜੀ ਨਹੀਂ ਜਾਂਦਾ ਹੋਵੇਂਗਾ?''
''ਝੋਨਾ ਝਾੜਨ ਵੇਲੇ ਮਹੀਨਾ ਲਾ ਲਈਦਾ ਏ।''
''ਵਾਹਵਾ ਹੱਥ ਰੰਗ ਲੈਂਦਾ ਏਂ?''
''ਹੱਥ ਤਾਂ ਕੀ ਰੰਗਣੇ ਐ ਜੀ, ਕਹਿਰਾਂ ਦੀ ਮਹਿੰਗਾਈ ਵਿਚ ਪਲ ਪੂਰਾ ਹੋ ਜਾਵੇ ਤਾਂ ਬੜਾ ਏ।'' 'ਵਾ ਦੇ ਧੱਕੇ ਰਿਕਸ਼ੇ ਨੂੰ ਜਾਮ ਕਰ-ਕਰ ਲੰਘ ਰਹੇ ਸਨ। ''ਪਹਿਲਾਂ ਸਾਰ ਲੈਂਦਾ ਹੁੰਦਾ ਸੀ?''
''ਓ! ਜੀ ਸਾਰੇ ਪਾਪੜ ਵੇਲ ਵੇਖੇ, ਕਿਵੇਂ ਵੀ ਪੂਰੀ ਨਹੀਂ ਪਈ। ਹਾਰ ਕੇ ਈ ਅੱਕ ਚੱਬਿਆ ਏ।''
''ਮਾਫ ਕਰਨਾ, ਤੁਹਾਡੀ ਗੱਲ 'ਚੋਂ ਗੱਲ ਐ।'' ਮੈਨੂੰ ਆਵਾਜ਼ ਮਾਰਨ ਵਾਲਾ ਭਾਈ ਬੋਲ ਪਿਆ। ''ਤੁਸੀਂ ਵਾਹਵਾ ਗਿਣਤੀ-ਮਿਣਤੀ ਕਰਨ ਵਾਲੇ ਲੱਗਦੇ ਓ।'' ਉਸ ਗੱਲ ਕਰਨ ਲਈ ਮੇਰਾ ਧਿਆਨ ਖਿੱਚਿਆ। ਮੇਰੀ ਤੱਕਣੀ ਨੂੰ ਹੁੰਗਾਰਾ ਸਮਝ ਕੇ ਉਸ ਗੱਲ ਅੱਗੇ ਵਧਾਈ। ''ਸੀਰੀ ਤੇ ਖੇਤ ਮਜ਼ਦੂਰ ਪੀਹੜੀਆਂ ਤੋਂ ਟੁੱਟੇ ਐ। ਪਰ ਇਹਨਾਂ ਦੀ ਹਾਲਤ ਅੱਜ ਛੋਟੇ ਕਿਸਾਨ ਤੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ। ਸਾਰੇ ਵਾਹੜੇ-ਦਾਹੜੇ ਪੂਰੇ ਕਰ ਕੇ ਕਿਸਾਨ ਨੂੰ ਕੁੱਝ ਨਹੀਂ ਬਚਦਾ। ਖੇਤੀ ਛੋਟੇ ਕਿਸਾਨ ਲਈ ਘਾਟੇ ਵਾਲਾ ਧੰਦਾ ਬਣ ਗਿਆ। ਹੋਰ ਇਹ ਕੁੱਝ ਕਰ ਨਹੀਂ ਸਕਦਾ। ਮੈਂ ਤੁਹਾਨੂੰ ਪੁੱਛਦਾ ਆਂ, ਪੰਜ-ਸੱਤ ਕਿੱਲੇ ਵਾਲੇ ਕਿਸਾਨ ਦਾ ਕੋਈ ਬਚਾਅ ਹੈ?''
''ਮੁਸ਼ਕਲ ਈ ਲੱਗਦਾ ਏ। ਸਰਕਾਰ ਦਾ ਦੁਰਾਂਝਾ, ਖਾਦ ਤੇ ਦਵਾਈ ਏਜੈਂਸੀਆਂ ਦੀ ਰਲੇਦਾਰ ਲੁੱਟ, ਮੰਡੀ ਦੀ ਮੋਨੀ ਅਤੇ ਬਲੈਕ ਵਿਚ ਖਰੀਦ, ਇਕ ਵਾਰ ਇਸ ਨੂੰ ਘਸਿਆਰਾ ਜ਼ਰੂਰ ਬਣਾ ਦੇਵੇਗੀ।'' ਮੈਂ ਸੋਚ ਕੇ ਉੱਤਰ ਦਿੱਤਾ, ''ਹਾਂ, ਇਕ ਉਪਾਅ ਹੈ, ਜੇ ਕਿਸਾਨ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਅਤੇ ਆਪਣੀ ਖਾਦ ਬਣਾਉਣ, ਹਰੀ, ਭਾਵੇਂ ਪਸ਼ੂਆਂ ਦੇ ਗੋਹੇ ਦੀ।''
''ਸਰਦਾਰ ਜੀ, ਸਰਦਾਰ ਜੀ, ਰਲ ਕੇ ਕੰਮ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ। ਹੁਣ ਤਾਂ ਭਰਾ, ਭਰਾ ਨੂੰ ਪੱਠਿਆਂ ਦੀ ਭਰੀ ਨਹੀਂ ਚੁਕਾਉਂਦਾ, ਸ਼ਰੀਕਾਂ ਨਾਲ ਮਿਲਕੇ ਕਦੋਂ ਕੰਮ ਕੀਤਾ।''
''ਫੇਰ ਜੱਟ ਨੂੰ ਗਰੀਬੀ ਦੇ ਹਨੇਰੀ ਤੋਂ ਕੋਈ ਨਹੀਂ ਬਚਾ ਸਕਦਾ। ਸ਼ਰੀਕਾਬਾਜ਼ੀ ਦੀ ਲਾਹਨਤ, ਸਰਕਾਰ ਦਾ ਡੇਗੂ ਰਵੱਈਆ ਇਹਨੂੰ ਪੁੱਠੇ ਰਾਹ ਲੈ ਤੁਰੇਗਾ, ਡਕੈਤੀਆਂ ਤੇ ਚੋਰੀਆਂ ਦੇ ਰਾਹ।''
''ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਹਾਂ, ਮੈਂ ਇਸ ਗਰੀਬੀ ਦਾ ਕੋਰਸ ਕੀਤਾ ਹੈ।'' ਉਸ ਪੋਚਵੀਂ ਪੱਗ ਵਾਲੇ ਨੇ ਸਿਰ ਹਿਲਾ ਕੇ ਆਪਣੀ ਗੱਲ ਦਾ ਯਕੀਨ ਕਰਵਾਇਆ।
ਮੇਰੇ ਅਨੁਮਾਨ ਹੈਰਾਨੀ ਨਾਲ ਉਹਦੀ ਹੱਡ-ਬੀਤੀ ਦਾ ਮੂੰਹ ਤੱਕਣ ਲੱਗੇ। ਇਹ ਬੰਦਾ ਪੜ੍ਹਿਆ ਹੋਣ ਨਾਲ ਗੁੜ੍ਹਿਆ ਵੀ ਲੱਗਦਾ ਹੈ। ਮੇਰੀ ਦਿਲਚਸਪੀ ਵੱਧ ਗਈ। ਉਸ ਆਪ ਬੀਤੀ ਤੋਰ ਲਈ।
''ਦਸ ਜਮਾਤਾਂ ਪਾਸ ਆਂ। ਕਲਰਕੀ ਮਿਲਦੀ ਸੀ, ਜੱਟਕੀ ਟੌਅਰ ਕਾਰਨ ਲਈ ਨਾ। ਪੰਦਰ੍ਹਾਂ ਘੁਮਾਂ ਜ਼ਮੀਨ ਦਾ ਰੰਘੜਊ ਧੌਣ ਨਹੀਂ ਮੁੜਨ ਦਿੰਦਾ ਸੀ। ਸੂਬੇਦਾਰ ਬਾਪ ਦਾ ਇਕੱਲਾ ਪੁੱਤਰ ਸਾਂ। ਚੰਗੇ ਘਰ ਵਿਆਹ ਹੋ ਗਿਆ। ਬਸ ਇਕ ਸਾਲ ਜਵਾਨੀ ਦਾ ਰੰਗ ਮਾਣਿਆ। ਫੇਰ ਚੁਫੇਰਿਓਂ ਆਫ਼ਤਾਂ ਨੇ ਘੇਰਾ ਪਾ ਲਿਆ। ਅਗਲੇ ਸਾਲ ਕੁੱਝ ਮਹੀਨਿਆਂ ਦੇ ਅਗੇਤ-ਪਛੇਤ ਨਾਲ ਮਾਂ-ਬਾਪ ਪੂਰੇ ਹੋ ਗਏ। ਘਬਰਾਉਣਾ ਕੁਦਰਤੀ ਸੀ। ਪਰ ਮੇਰੀ ਘਰ ਵਾਲੀ ਦਲੇਰ ਨਿਕਲੀ। ਉਸ ਮੇਰਾ ਮੋਢਾ ਥੰਮ ਲਿਆ। ਘਰ ਦੀ ਪੂੰਜੀ ਹੰਗਾਮੇ ਉਤੇ ਲੱਗ ਗਈ।''
''ਵਾਹ!'' ਸੁਭਾਵਕ ਹੀ ਮੇਰੇ ਮੂੰਹੋਂ ਸ਼ਾਬਾਸ਼ ਦੇ ਹੋ ਗਈ। ''ਘਰ ਵਾਲੀ ਜੇ ਸਾਥਣ ਹੋਵੇ, ਬੰਦਾ ਕੁੋਈ ਵੀ ਦਸੌਂਟਾ ਕੱਟ ਸਕਦਾ ਹੈ।''
''ਸਮਝੋ ਉਸ ਦੀ ਹਿੰਮਤ ਆਸਰੇ ਹੀ ਖਲੋਤਾ ਰਹਿ ਗਿਆ ਹਾਂ।''
ਰਿਕਸ਼ੇ ਵਾਲੇ ਨੂੰ ਸਾਹਮਣੀ 'ਵਾ ਨਾਲ ਸੇਮ ਦੇ ਪੁਲ ਦੀ ਪਹਿਲੀ ਚੜ੍ਹਾਈ ਵੀ ਆ ਪਈ। ਸਾਰਾ ਜ਼ੋਰ ਲਾਉਂਦਿਆਂ ਉਹਦੇ ਗ਼ਲਦੀਆਂ ਨਾੜਾਂ ਖਲੋ-ਖਲੋ ਜਾਂਦੀਆਂ ਸਨ।
''ਫੇਰ ਜੀ!'' ਮੈਂ ਖਲੋਤੀ ਗੱਲ ਨੂੰ ਹੁੰਗਾਰੇ ਦਾ ਧੱਕਾ ਮਾਰਿਆ।
''ਫੇਰ ਜੀ ਮੁਰੱਬੇਬੰਦੀ ਆ ਗਈ, ਪੁਆੜਿਆਂ ਦੀ ਜੜ੍ਹ। ਹਰ ਤਰ੍ਹਾਂ ਦੀ ਕਾਟ ਲੱਗ ਕੇ ਦਸ ਏਕੜ ਨਿਆਈਂ ਵਿਚ ਮਿਲ ਗਏ, ਜਿਸ ਵਿਚ ਦੋ ਕਿਲੇ ਛੱਪੜ ਪੈਂਦਾ ਸੀ। ਉਹ ਦੋ ਕਿੱਲੇ ਨੀਵੀਂ ਥਾਂ ਸਨ, ਉਂ ਵਗਦੇ ਸਨ। ਮੈਂ ਖੁਸ਼ ਸਾਂ, ਕੁਰਾ ਨਿਆਈਂ ਵਿਚ ਮਿਲ ਗਿਆ ਹੈ। ਇਕਹਿਰਾ ਆਦਮੀ ਸਾਂ। ਦੂਰ ਦੀ ਵਾਹੀ ਮਾਰ ਲੈਂਦੀ। ਹੁਣ ਸਵਾਲ ਸੀ ਵੱਟਾਂ ਭੰਨ ਕੇ ਉਚੇ ਨੀਵੇਂ ਖੇਤਾਂ ਨੂੰ ਪੱਧਰ ਕਰਨ ਦਾ। ਘਰ ਵਿਚ ਧੇਲਾ ਨਹੀਂ ਸੀ। ਮੇਰਾ ਮੁੰਹ ਲੱਥਾ ਵੇਖ ਘਰ ਵਾਲੀ ਨੇ ਨੱਕ ਕੰਨ ਖਾਲੀ ਕਰ ਦਿੱਤੇ। ਮੈਂ ਲੈਣਾ ਨਹੀਂ ਸੀ ਚਾਹੁੰਦਾ, ਹੱਸ ਕੇ ਆਖਣ ਲੱਗੀ ਕਿ ਤੂੰ ਤਕੜਾ ਹੋ ਕੇ ਖੇਤ ਬਣਾ, ਇਹ ਗਹਿਣੇ ਫੇਰ ਨਾ ਬਣਨਗੇ?''
''ਸਰਦਾਰ ਜੀ ਮੈਂ ਹੌਂਸਲਾ ਫੜ ਕੇ ਟਰੈਕਟਰ ਤੋਂ ਪਧਰਾਏ, ਵਹਾਏ, ਸੁਆਰੇ ਤੇ ਰੂੜ੍ਹੀ ਪਾਈ। ਕਾਲੀ ਸ਼ਾਹ ਮੱਕੀ ਲਹਿਲੁਹਾਉਂਦੀ ਵੇਖ ਲੋਕ ਗੱਲਾਂ ਕਰਨ, ਸਾਉਣੀ ਤਾਂ ਜਿਉਣੇ ਨੂੰ ਲੈਣ ਆਈ ਐ। ਮੈਂ ਕਾਲੀ ਤੌੜੀ ਗੱਡ ਦਿੱਤੀ। ਸਾਉਣ ਲੋੜ ਗੋਚਰਾ ਵਰ੍ਹ ਕੇ ਲੰਘ ਗਿਆ। ਫੇਰ ਭਾਦੋਂ ਦੀ ਸਾਅੜ-ਸਤੀ ਅਜਿਹੀ ਆਈ ਕਿ ਤਿੰਨ ਦਿਨ ਬਾਰਸ਼ ਨੇ ਹਟਣ ਦਾ ਨਾਂਅ ਹੀ ਨਾ ਲਿਆ। ਬਾਹਰਲੇ ਖੇਤਾਂ ਤੇ ਪਿੰਡਾਂ ਦਾ ਪਾਣੀ ਮੱਕੀ ਵਿਚ। ਮਸਾਂ ਉਤਲੇ ਆਗ ਹੀ ਦਿਸਦੇ ਸਨ। ਪਾਣੀ ਦੇ ਨਿਕਾਸ ਦਾ ਕੋਈ ਸਾਧਨ ਨਹੀਂ ਸੀ। ਮੇਰੇ ਨਾਲੋਂ ਕਿਸੇ ਦੀ ਪੈਲੀ ਨੀਵੀਂ ਹੁੰਦੀ ਤਾਂ ਪਾਣੀ ਨਿਕਲਦਾ। ਕਾਲੀ ਤੌੜੀ ਦਾ ਗਲ ਡੁੱਬਾ ਹੋਇਆ ਸੀ ਅਤੇ ਪਿੱਠ ਨੰਗੀ ਸੀ। ਮੈਂ ਮੰਜੇ ਢਹਿ ਪਿਆ। ਮੇਰੇ ਹਰਾਸ ਟੁੱਟ ਲੱਥੇ। ਘਰ ਵਾਲੀ ਨੇ ਬਾਹੋਂ ਫੜ ਕੇ ਹਲੂਣਿਆ।''
''ਮਰਦ ਕਦੇ ਢੇਰੀ ਨਹੀਂ ਢਾਹੁੰਦੇ, ਤੂੰ ਉਠ। ਜਿਸ ਮੁਸੀਬਤ ਪਾਈ ਹੈ, ਉਹ ਟਲਦੀ ਵੀ ਕਰੇਗਾ।'' ਉਸ ਮੁੰਡਾ ਮੇਰੀ ਹਿੱਕ 'ਤੇ ਪਾ ਦਿੱਤਾ।
''ਘਰ ਵਾਲੀ ਦੇ ਦਿਲਾਸੇ ਨਾਲ ਮੁੜ ਉਠ ਪਿਆ। ਬਾਹਰ ਨਿਕਲਾਂ, ਲੋਕ ਹਮਦਰਦੀ ਨਾਲ ਆਖਣ : ਯਾਰ ਬੜਾ ਮਾੜਾ ਕੰਮ ਹੋਇਆ। ਸਾਉਣੀ ਤਾਂ ਮਾਰੀ ਗਈ, ਹਾੜੀ ਬੀਜਣ ਦੇ ਆਸਾਰ ਵੀ ਨਹੀਂ ਦਿਸਦੇ ਸਨ। ਗੱਲ ਕੀ ਹਾੜ੍ਹੀ ਪਛੇਤੀ ਵੱਤਰ 'ਤੇ ਵੀ ਨਾ ਬੀਜੀ ਜਾ ਸਕੀ। ਲੈ ਦੇ ਕੇ ਇਕ ਉਚੇ ਕਿੱਲੇ ਵਿਚ ਇਕ ਗੱਡਾ ਲਾਣ ਦਾ ਹੋਇਆ। ਸੱਤ ਮਣ ਕਣਕ, ਸਾਲ ਭਰ ਦੀ ਖਰਚੀ ਦਾ ਮੂੰਹ ਕਿੱਥੋਂ ਤੱਕ ਬੰਦ ਕਰਦੀ। ਸਾਲ ਵਿਹਲਾ ਨਿਕਲ ਗਿਆ। ਕਬੀਲਦਾਰੀ ਨੇ ਵੱਖ ਸੰਘੀ ਘੁੱਟੀ ਹੋਈ ਸੀ। ਘਰ ਵਾਲੀ ਦੇ ਭਰਾ ਫਸਲ ਮਾਰੀ ਜਾਣ 'ਤੇ ਖਬਰਸਾਰ ਲੈਣ ਆਏ। ਮੈਂ ਉਹਨਾਂ ਤੋਂ ਮਦਦ ਲੈਣ ਲਈ ਪਤਨੀ ਨਾਲ ਸਲਾਹ ਕੀਤੀ। ਹੋਰ ਰਿਸ਼ਤੇਦਾਰ ਕਾਹਦੇ ਵਾਸਤੇ ਹੁੰਦੇ ਐ। ਸਾਡੇ ਉਤੇ ਲੋਹੜੇ ਦੀ ਭੀੜ ਆ ਪਈ ਸੀ। ਉਸ ਅੱਖਾਂ ਭਰ ਕੇ ਮੇਰੇ ਅੱਗੇ ਹੱਥ ਜੋੜੇ।''
''ਵੇਖ ਬੰਦਿਆ ਰੱਬ ਦਿਆ! ਮੈਂ ਤੇਰੇ ਨਾਲ ਦੁੱਖ ਕੱਟੂੰ, ਭੁੱਖ ਸਹੂੰ, ਵੱਟਾਂ ਤੋਂ ਘਾਹ ਖੋਤੂੰ, ਪਰ ਤੂੰ ਮੇਰੇ ਮਾਪਿਆਂ ਅੱਗੇ ਹੱਥ ਨਾ ਅੱਡੀਂ। ਤੂੰ ਉਹਨਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਨੀਵਾਂ ਹੋ ਜਾਵੇਂਗਾ। ਮੈਂ ਤੈਨੂੰ ਕਿਸੇ ਅੱਗੇ ਵੀ ਲੰਮਿਆਂ ਪਿਆ ਨਹੀਂ ਵੇਖ ਸਕਦੀ।''
''ਝੱਟ ਹੀ ਝੱਟ ਮੇਰੇ ਵਿਚ ਲੋਹੜੇ ਦਾ ਬਲ ਆ ਗਿਆ। ਮੈਂ ਕਿਸੇ ਵੀ ਰਿਸ਼ਤੇਦਾਰ ਦੀ ਸਹਾਇਤਾ ਨਾ ਲਈ। ਅਗਲੇ ਸਾਲ ਮੁੜ ਬਾਰਸ਼ਾਂ ਨੇ ਰੜੇ ਰੱਖ ਦਿੱਤਾ। ਇਹਨਾਂ ਦੋ ਸਾਲਾਂ ਦੀ ਮਾਰ ਨੇ ਚੰਗੇ ਚੰਗੇ ਖੇਤ ਗਹਿਣੇ ਕਰਵਾ ਦਿੱਤੇ। ਬਲਦ ਵਿਕ ਗਏ, ਖੇਤੀ ਛੁੱਟ ਗਈ।''
''ਕੜਾ ਕਲਰਕ ਲੱਗਣ ਦੀ ਵੱਤ ਗੁਆ ਚੁੱਕਾ ਸਾਂ। ਘਰ ਵਾਲੀ ਜ਼ੋਰ ਦੇ ਰਹੀ ਸੀ :
'ਵਾਹੀ ਨਾ ਸਹੀ, ਕੋਈ ਹੋਰ ਕੰਮ ਕਰੋ, ਪਰ ਕਰੋ ਜ਼ਰੂਰ। ਦੁਕਾਨ ਪਾ ਲਵੋ, ਕੰਮ ਵਿਚ ਸ਼ਰਮ ਕਾਹਦੀ।'
''ਦੁਕਾਨ ਪਾ ਕੇ ਕਰਾੜ ਨਹੀ ਬਣਾਂਗਾ। ਸ਼ਰੀਕਾਂ ਦੀਆਂ ਬੋਲੀਆਂ ਅਗਾਊਂ ਸੇਲੇ ਚੋਭ੍ਹ ਦੇ ਰਹੀਆਂ ਸਨ। ਦੋ ਚਾਰ ਸਾਲ ਦੋਚਿੱਤੀਆਂ ਤੇ ਖੇਹ ਮਿੱਟੀ ਛਾਣਦਿਆਂ ਹੋਰ ਲੰਘ ਗਏ। ਕਰਜ਼ੇ ਨੇ ਵਾਲ ਵਾਲ ਵਿੰਨ੍ਹ ਦਿੱਤਾ। ਓਰਾ-ਓਰਾ ਗਹਿਣੇ ਪੈ ਗਿਆ। ਸਾਡੇ ਦੋਂਹ ਨਾਲ ਖਾਣ ਵਾਲੇ ਚਾਰ ਜੀ ਹੋਰ ਆ ਚੁੱਕੇ ਸਨ, ਦੋ ਪੁੱਤਰ ਤੇ ਦੋ ਧੀਆਂ। ਲੈ ਦੇ ਕੇ ਸਾਡੇ ਕੋਲ ਇਕ ਲਵੇਰੀ ਮੱਝ ਰਹਿ ਗਈ। ਮੈਂ ਉਹ ਵੀ ਵੇਚ ਦੇਣਾ ਚਾਹੁੰਦਾ ਸਾਂ।''
''ਨਾ ਜੀ ਮੱਝ ਨਾਂ ਵੇਚੋ।'' ਘਰ ਵਾਲੀ ਇਕ ਤਰ੍ਹਾਂ ਅੜ ਗਈ। ''ਬੱਚਿਆਂ ਦੇ ਮੂੰਹੋਂ ਦੁੱਧ ਨਾ ਖੋਹੋ।''
''ਪੱਠੇ ਕਿੱਥੋਂ ਆਉਣਗੇ ਇਹਦੇ ਲਈ?''
''ਮੈਂ ਆਪ ਖੋਤ ਕੇ ਲਿਆਊਂ।''
''ਤੂੰ ਘਾਹ ਖੋਤਣ ਜਾਵੇਂਗੀ ਸ਼ਰੀਕਾਂ ਦੇ ਖੇਤਾਂ ਵਿਚ।'' ਹੈਰਾਨੀ ਵਿਚ ਮੈਂ ਝਟਕਾ ਜਿਹਾ ਖਾ ਗਿਆ, ''ਹੱਛਾ ਨਾ ਵੇਚ। ਕੱਲ੍ਹ ਤੋਂ ਮੈਂ ਆਪ ਘਾਹ ਨੂੰ ਜਾਵਾਂਗਾ। ਫੇਰ ਸਰਦਾਰ ਜੀ ਮੈਂ ਚਾਦਰ ਰੰਬਾ ਚੁੱਕ ਲਏ। ਸ਼ਰੀਕਾਂ ਮੁਸਕੜੀਆਂ ਦੀ ਵਿਹੁ ਵੀ ਅੱਖਾਂ ਮੀਟ ਕੇ ਪੀ ਲਈ। ਮਲੇਰੀਏ ਨੇ ਘਰ ਵਿਚ ਸਭ ਨੂੰ ਦੋਹਰਾਂ ਲਾਈਆਂ। ਰੱਬ ਦਾ ਸ਼ੁਕਰ, ਊਂ ਸੁਖ ਸਾਂਦ ਰਹੀ। ਦਵਾਈ ਲਈ ਪੈਸੇ ਤਾਂ ਕਿੱਥੇ, ਅਸੀਂ ਕਈ-ਕਈ ਡੰਗ ਭੁੱਖੇ ਸੌਂਦੇ ਰਹੇ, ਪਰ ਸਾਡੇ ਜੁਆਕਾਂ ਮੂੰਹ ਘੁੱਟੀ ਰੱਖੇ। ਮਾੜੇ ਨੂੰ ਛੱਤੀ ਰੋਗ। ਉਹ ਕਿਹੜੀ ਮੁਸੀਬਤ ਸੀ, ਜਿਹੜੀ ਸਾਡੇ, ਤੇ ਨਹੀਂ ਚੜ੍ਹ ਕੇ ਆਈ। ਪੁਰਾਣੇ ਕੱਪੜਿਆਂ ਉਤੇ ਟਾਕੀਆਂ ਹੀ ਟਾਕੀਆਂ ਚੜ੍ਹਦੀਆਂ ਗਈਆਂ। ਪਿੰਡੇ ਦੇ ਸਾਬਣ ਨੂੰ ਸਾਲ ਹੀ ਬੀਤ ਗਏ ਸਨ। ਬੇਹੀ ਲੱਸੀ ਤੇ ਲੂਣ ਵਿਚ ਕੱਪੜੇ ਘਚੋਲ ਲੈਂਦੇ ਸਾਂ। ਜੱਟ ਦੇ ਰੰਘੜਊ ਵਾਲੀ ਚੱਜ ਨਾਲ ਤਹਿ ਲੱਗ ਗਈ। ਮੈਂ ਕਦਮ ਪੁੱਟਾਂ ਅਗਾਂਹ ਨੂੰ, ਜਾਣ ਪਿਛਾਂਹ ਨੂੰ। ਘਰ ਵਾਲੀ ਦਾ ਦਿੱਤਾ ਹੌਸਲਾ ਜ਼ਰੂਰ ਮੇਰੇ ਕੋਲ ਸੀ। ਮੈਂ ਜਾਇਦਾਦ ਕਿਸੇ ਐਬ ਵਿਚ ਨਹੀਂ ਗਵਾਈ ਸੀ। ਕੁਦਰਤ ਦੀ ਕਰੋਪੀ ਤੇ ਕਰਮਾਂ ਦੀ ਹਾਰ ਨੂੰ ਕੀ ਕਰਦਾ।''
ਰਿਕਸ਼ੇ ਵਾਲੇ ਭਾਈ ਨੂੰ ਸੂਏ ਦੇ ਪੁਲ ਦੀ ਦੂਜੀ ਚੜ੍ਹਾਈ ਆ ਗਈ। ਪੈਡਲਾਂ ਉਤੇ ਜ਼ੋਰ ਪਾਉਂਦਿਆਂ ਕੜੱਕ ਦੇ ਕੇ ਚੈਨ ਲਹਿ ਗਈ। ਅਸੀਂ ਵੀ ਚੜ੍ਹਾਈ ਕਾਰਨ ਉਤਰ ਪਏ। ਪੁਲ ਉਤੇ ਆ ਕੇ ਮੁੜ ਬਹਿ ਗਏ। ਹੁਣ ਪੈਰੀਂ ਤੁਰਨ ਕਾਰਨ ਰਿਕਸ਼ੇ ਵਾਲੇ ਨੇ ਦਮ ਮਾਰ ਲਿਆ ਸੀ ਤੇ ਢਲਾਣ ਕਾਰਨ ਉਹਦਾ ਮੂੰਹ ਲਿਸ਼ਕ ਪਿਆ। ਭਾਈ ਨੇ ਆਪ ਬੀਤੀ ਅੱਗੇ ਤੋਰੀ।
''ਜੇ ਸੱਚ ਪੁੱਛੋਂ ਤਾਂ ਘਰ ਵਾਲੀ ਨੇ ਹੀ ਗਰੀਬੀ ਦੀ ਦਲਦਲ ਵਿਚੋਂ ਕੱਢਿਆ ਹੈ।''
''ਉਹ ਕਿਵੇਂ?''
''ਇਕ ਦਿਨ ਉਹ ਆਖਣ ਲੱਗੀ, ਅੱਧਾ ਦੁੱਧ ਡੇਅਰੀ ਪਾ ਆਓ, ਹੋਰ ਲੋਕ ਪਾਉਂਦੇ ਈ ਐ।''
''ਮੇਰੇ ਲਈ ਇਹ ਨਮੋਸ਼ੀ ਵਾਲੀ ਗੱਲ ਸੀ, ਸੂਬੇਦਾਰੀ ਨੂੰ ਲਾਜ ਲੱਗਦੀ ਸੀ। ਸੂਬੇਦਾਰੀ ਤਾਂ ਘਾਹ ਖੋਤਣ ਵਾਲੇ ਦਿਨ ਹੀ ਦਾਗੀ ਹੋ ਗਈ ਸੀ। ਪਰ ਮੈਂ ਅੱਧ ਮੰਨੇ ਦਿਲ ਨਾਲ ਰਾਜ਼ੀ ਹੋ ਗਿਆ। ਮੈਨੂੰ ਪਹਿਲੀ ਪੰਦਰੀਂ ਆਈ ਵਾਲਾ ਦਿਨ ਕਦੇ ਨਹੀਂ ਭੁੱਲਦਾ। ਮੈਂ ਪੂਰੇ ਅੱਠ ਸਾਲ ਬਾਅਦ ਖੁਸ਼ੀ ਦਾ ਮੁੰਹ ਵੇਖਿਆ ਸੀ। ਸਾਰਾ ਟੱਬਰ ਖੁਸ਼ ਸੀ। ਅਸਾਂ ਖੀਰ ਰਿੰਨ੍ਹ ਕੇ ਖਾਧੀ। ਫੇਰ ਸਾਨੂੰ ਪੰਦਰੀ ਦਾ ਸੁਆਦ ਪੈ ਗਿਆ। ਅਸੀਂ ਦੋ ਕਿਲੋ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਸਾਰਾ ਪਾਉਣ ਲੱਗ ਪਏ। ਮੈਂ ਆਥਣ ਸਵੇਰ ਘਾਹ ਦੀਆਂ ਦੋ ਪੰਡਾਂ ਲਿਆਵਾਂ ਤੇ ਮੱਝ ਦੀ ਖੁਰਲੀ ਖਾਲੀ ਨਾ ਹੋਣ ਦੇਵਾਂ। ਦਿਨ ਫਿਰਨ ਲੱਗੇ ਤਾਂ ਅਚਾਨਕ ਮੱਝ ਬੇ ਹਾਜ਼ਮੇ ਨਾਲ ਬੀਮਾਰ ਪੈ ਗਈ। ਸ਼ਾਇਦ ਉਹ ਮਿੱਟੀ ਵਾਲਾ ਤਰੇਲਿਆ ਘਾਹ ਖਾ ਗਈ ਸੀ। ਸਾਡੇ ਮੂੰਹ ਉਡ ਗਏ। ਦੁੱਧ ਦੀ ਭਰੀ ਬਾਲਟੀ ਮੂਧੀ ਵੱਜਦੀ ਪ੍ਰਤੀਤ ਹੋਈ। ਡੇਅਰੀ ਵਾਲੇ ਨੇ ਚੌਦਾਂ ਰੁਪਏ ਲੈ ਕੇ ਚੂਰਨ ਵਾਲੀ ਡੱਬੀ ਮੈਨੂੰ ਦੇ ਦਿੱਤੀ। ਮੱਝ ਉਪਰੋਥਲੀ ਦਿੱਤੀਆਂ ਤਿੰਨ ਖੁਰਾਕਾਂ ਨਾਲ ਰਾਜ਼ੀ ਹੋ ਗਈ। ਗਵਾਂਢੀ ਨੇ ਦੱਸਿਆ, ਡੇਅਰੀ ਵਾਲੇ ਨੇ ਤੈਨੂੰ ਠੱਗ ਲਿਆ। ਇਹ ਡੱਬੀ ਤਾਂ ਰੁਪਈਏ ਦੋ ਰੁਪਈਏ ਦੀ ਆਉਂਦੀ ਐ। ਮੈਨੂੰ ਬੜਾ ਗੁੱਸਾ ਆਇਆ। ਆਸਿਓਂ ਪਾਸਿਓਂ ਤਸੱਲੀ ਕਰ ਕੇ ਮੋਗੇ ਡੇਅਰੀ ਮੈਨੇਜਰ ਕੋਲ ਪਹੁੰਚ ਗਿਆ। ਚਪੜਾਸੀ ਅੰਦਰ ਜਾਣ ਨਾ ਦੇਵੇ, ਮੈਂ ਉਸ ਨੂੰ ਜਬਹੇ ਨਾਲ ਆਖਿਆ, ਮੈਂ ਮਿਲੇ ਬਿਨਾਂ ਨਹੀਂ ਜਾਣਾ। ਅਖੀਰ ਮੈਂ ਤਿੰਨ ਵਜੇ ਸਾਹਬ ਦੇ ਪੇਸ਼ ਹੋਣ ਵਿਚ ਕਾਮਯਾਬ ਹੋ ਗਿਆ। ਦਵਾਈ ਵਾਲੀ ਖਾਲੀ ਡੱਬੀ ਉਹਦੀ ਮੇਜ਼ ਉਤੇ ਰੱਖਦਿਆਂ ਪੁੱਛਿਆ।
''ਸਾਹਬ ਆਹ ਦਵਾਈ ਤੁਸੀਂ ਕਿੰਨੇ ਦੀ ਦਿੰਦੇ ਓਂ?''
''ਡੇਢ ਰੁਪਏ ਦੀ। ਕਿਉਂ?''
''ਅੰਨ੍ਹੇਰ ਸਾਈਂ ਦਾ, ਤੁਹਾਡੇ ਏਜੰਟ ਨੇ ਚੌਦਾਂ ਰੁਪਏ ਲਾਏ ਐ।''
''ਹੈਂ, ਚੌਦਾਂ ਰੁਪਏ।'' ਮੈਨੇਜਰ ਹੱਕਾ-ਬੱਕਾ ਰਹਿ ਗਿਆ। ''ਇਹ ਗੱਲ ਐ। ਮੈਂ ਪਰਸੋਂ ਤੇਰੇ ਪਿੰਡ ਆਵਾਂਗਾ, ਸਭ ਦੁੱਧ ਪਾਉਣ ਵਾਲਿਆਂ ਨੂੰ ਇਤਲਾਹ ਕਰ ਦੇ।'' ਮੈਨੇਜਰ ਬੜਾ ਤਾਮ ਤੜੂਕ ਹੋ ਰਿਹਾ ਸੀ।
''ਮੈਂ ਪਿੰਡ ਆ ਕੇ ਡੌਂਡੀ ਪਿਟਵਾ ਦਿੱਤੀ। ਮੈਂ ਸੋਚ ਰਿਹਾ ਸਾਂ, ਸ਼ਾਇਦ ਡੇਅਰੀ ਦੀ ਏਜੰਟੀ ਮੈਨੂੰ ਹੀ ਮਿਲ ਜਾਵੇ। ਲੋਕ ਮੇਰੇ ਜੇਰੇ ਦੀ ਦਾਦ ਦੇ ਰਹੇ ਸਨ। ਹੁਣ ਪਤਾ ਲੱਗੂ ਏਜੰਟ ਨੂੰ ਜਿਸ ਅੰਨ੍ਹੀ ਪਾਈ ਰੱਖੀ ਏ। ਏਜੰਟ ਨੇ ਆਪਣੀ ਥਾਂ ਗੰਢ-ਤਰੁੱਪ ਸ਼ੁਰੂ ਕਰ ਦਿੱਤੀ। ਮਿੱਥੇ ਦਿਨ ਮੈਨੇਜ਼ਰ ਦੀ ਜੀਪ ਆ ਗਈ। ਏਜੰਟ ਉਸ ਨੂੰ ਆਪਣੀ ਸੱਜੀ ਬੈਠਕ ਵਿਚ ਲੈ ਗਿਆ। ਰੱਬ ਜਾਣੇ ਉਸ ਨੂੰ ਕੀ ਸ਼ੀਸ਼ੀ ਸੁੰਘਾਈ। ਆਉਣ ਵਾਲਾ ਮੈਨੇਜਰ ਹੋਰ ਸੀ ਤੇ ਦਰਿਆਫਤ ਕਰਨ ਵਾਲਾ ਬਿਲਕੁਲ ਹੋਰ। ਲਓ ਜੀ ਹੋਰ ਦੇਖੋ, ਮੈਨੇਜਰ ਦੇ ਪੁੱਛਣ 'ਤੇ ਸਭ ਦੇ ਦੰਦ ਜੁੜ ਗਏ। ਕਿਸੇ ਨੇ ਵੀ ਝੂਠੇ ਨੂੰ ਝੂਠਾ ਨਾ ਆਖਿਆ। ਅਸਲੋਂ ਮਿੱਟੀ ਹੋ ਗਏ। ਮੈਂ ਸੱਚਾ ਹੁੰਦਾ ਪਰ੍ਹੇ ਵਿਚ ਝੂਠਿਆਂ ਨਾਲੋਂ ਵੀ ਭੈੜਾ ਪਿਆ ਖਲੋਤਾ ਸੀ। ਮੈਨੇਜਰ ਦੀ ਜੀਪ ਮੁੜ ਗਈ। ਏਜੰਟ ਨੇ ਜਿੱਤ ਦੀ ਖੁਸ਼ੀ ਵਿਚ ਸਾਰਿਆਂ ਨੂੰ ਚਾਹ ਪਿਲਾਈ। ਮੈਨੂੰ ਗੁੱਸਾ ਉਹਨਾਂ ਲੋਕਾਂ ਉਤੇ ਸੀ, ਜਿਹਨਾਂ ਲਈ ਮੈਂ ਇਕ ਲੁਟੇਰੇ ਵਿਰੁੱਧ ਕਦਮ ਪੁੱਟਿਆ ਸੀ। ਹੁਣ ਉਹ ਦੰਦੀਆਂ ਕੱਢ-ਕੱਢ ਢੀਠਾਂ ਵਾਂਗ ਏਜੰਟ ਦਾ ਸਾਥ ਦੇ ਰਹੇ ਸਨ।''
''ਅਗਲੇ ਦਿਨ ਏਜੰਟ ਨੇ ਮੇਰਾ ਦੁੱਧ ਮੋੜ ਦਿੱਤਾ। ਸਾਡੇ ਘਰ ਸੋਗ ਪੈ ਗਿਆ। ਹੁਣ ਦੋ ਬੱਚੇ ਸਕੂਲ ਜਾਂਦੇ ਸਨ। ਅਸੀਂ ਗਰੀਬੀ ਨਾਲ ਲੰਮਾ ਘੋਲ ਕਰਨ ਲਈ ਤਿਆਰ ਹੋ ਰਹੇ ਸਾਂ, ਬੱਚੇ ਹੀ ਉਠ ਕੇ ਇਕ ਦਿਨ ਸਾਡੀ ਬੋਡ ਕੱਢਣਗੇ। ਪਰ ਆਪਣੇ ਲੋਕਾਂ ਦੇ ਭਲੇ ਲਈ ਚੁਕਿਆ ਕਦਮ ਪੁੱਠਾ ਪੈ ਗਿਆ। ਮੈਂ ਘਰ ਵਾਲੀ ਨਾਲ ਸਲਾਹ ਕੀਤੀ :
''ਮੈਂ ਦੁੱਧ ਮੰਡੀ ਨਾ ਪਾ ਆਇਆ ਕਰਾਂ?'' ਹੁਣ ਮੈਂ ਮਾੜੀਆਂ ਮੋਟੀਆਂ ਬੇਸ਼ਰਮੀਆਂ ਤੋਂ ਘਬਰਾਉਂਦਾ ਛੱਡ ਦਿੱਤਾ ਸੀ।
''ਮਾੜੀ ਗੱਲ ਨਹੀਂ। ਅਸੀਂ ਹੋਰ ਕਰ ਵੀ ਕੁੱਝ ਨਹੀਂ ਸਕਦੇ।''
''ਉਹਦਾ ਮਤਲਬ ਸੀ ਬੇਕਾਰ ਤੇ ਬਲੋਂ ਹੀਣਾ ਮਨੁੱਖ ਡਾਢਿਆਂ ਨਾਲ ਆਹਡਾ ਕਾਹਦੇ ਆਸਰੇ ਲਾ ਸਕਦਾ ਹੈ। ਮੈਂ ਅਗਲੇ ਦਿਨ ਦੁੱਧ ਵਾਲੀ ਢੋਲੀ ਸਿਰ ਤੇ ਰੱਖਕੇ ਨਿਹਾਲ ਸਿੰਘ ਵਾਲੇ ਦੀ ਮੰਡੀ ਨੂੰ ਤੁਰ ਪਿਆ। ਲੋਕਾਂ ਮੁੜ ਬੋਲੀਆਂ ਮਾਰੀਆਂ, ਮੈਂ ਮਨ ਨੂੰ ਆਖਿਆ, ਦੜ ਵੱਟ, ਜਮਾਨਾ ਕੱਟ, ਭਲੇ ਦਿਨ ਆਉਣਗੇ। ਮੰਡੀ ਜਾ ਕੇ ਮੈਨੂੰ ਕਿਸੇ ਨੂੰ ਕਹਿਣਾ ਵੀ ਨਾ ਪਿਆ ਕਿ ਦੁੱਧ ਲੈ ਲਓ। ਸਗੋਂ ਇਕ ਹਲਵਾਈ ਨੇ ਆਵਾਜ਼ ਮਾਰ ਲਈ। ਡੇਅਰੀ ਵਾਲਿਆਂ ਨਾਲੋਂ ਮੈਨੂੰ ਦੋ ਰੁਪਏ ਵੱਧ ਮਿਲ ਗਏ। ਮੈਂ ਤਾਂ ਪਿੰਡ ਨੂੰ ਦੋ ਛਾਲਾਂ ਕੀਤੀਆਂ। ਦੋ ਰੁਪਏ ਦੀ ਬੜੌਤੀ ਨੇ ਸਾਡੇ ਹੌਂਸਲੇ ਦੂਣੇ ਕਰ ਦਿੱਤੇ। ਇਕ ਮਹੀਨੇ ਪਿਛੋਂ ਮੈਂ ਸੌ ਰੁਪਏ ਨੂੰ ਅੱਧੋ ਰਾਣਾ ਸਾਈਕਲ ਲੈ ਲਿਆ। ਡੇਅਰੀ ਵਾਲਿਆਂ ਨਾਲੋਂ ਵੱਧ ਭਾਅ ਦੇ ਕੇ ਦੁੱਧ ਚੁੱਕਣਾ ਸ਼ੁਰੂ ਕਰ ਦਿੱਤਾ। ਕੁਦਰਤ ਜਦੋਂ ਢੋ-ਬੇਲਾ ਲਾਉਂਦੀ ਐ, ਤਿੰਨ ਕਾਣੇ ਵੀ ਪੌਂ ਬਾਰਾਂ ਹੋ ਜਾਂਦੇ ਐ। ਮੇਰੇ ਕੋਲ ਤਿੰਨ ਢੋਲੀਆਂ ਦੁੱਧ ਹੋ ਗਿਆ। ਕਿੱਲੋ-ਕਿਲੋ ਦੁੱਧ ਮੈਂ ਹਰੇਕ ਢੋਲੀ ਵਿਚੋਂ ਕੱਢ ਲਵਾਂ ਤੇ ਦੋ-ਦੋ ਕਿਲੋ ਪਾਣੀ ਠੋਕ ਦੇਵਾਂ। ਮੇਰਾ ਦੁੱਧ ਮੰਡੀ ਫੇਰ ਵੀ ਨਾ ਅਟਕੇ। ਮੰਡੀ ਪਿੰਡੋਂ ਕੁੱਲ ਦੋ ਮੀਲ ਸੀ। ਆਥਣ ਸਵੇਰ ਮੈਂ ਦੋ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋ ਸਾਲਾਂ ਪਿਛੋਂ ਮੈਂ ਅੱਧੀ ਜਮੀਨ ਗਹਿਣੇ ਹੇਠੋਂ ਕੱਢ ਲਈ ਅਤੇ ਦੋ ਮੱਝਾਂ ਹੋਰ ਪਾ ਲਈਆਂ। ਗਹਿਣਾ ਬਹੁਤਾ ਮਹਿੰਗਾ ਨਹੀਂ ਸੀ। ਅਗਲੇ ਸਾਲ ਬਾਕੀ ਵੀ ਛੁਡਵਾ ਲਈ।''
''ਗੱਲ ਕੀ ਸਰਦਾਰ ਜੀ ਮੈਂ ਪੂਰੇ ਸਤਾਰ੍ਹਾਂ ਵਰ੍ਹੇ ਦੁੱਧ ਪਾਇਆ ਤੇ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ। ਫਿਰਨੀ ਉਤੇ ਪਲਾਟ ਲੈ ਕੇ ਪੱਕਾ ਘਰ ਪਾਇਆ। ਡੇਅਰੀ ਏਜੰਟ ਨਾਲੋਂ ਵਧੀਆ ਬੈਠਕ ਸਜਾਈ। ਨਾਨਕੀ ਢੇਰੀ ਵਾਲਿਆਂ ਤੋਂ ਪੰਜ ਕਿੱਲੇ ਲੈ ਲਏ। ਸਾਰੇ ਬੱਚੇ ਪੜ੍ਹਾਏ। ਵੱਡਾ ਬੈਂਕ ਵਿਚ ਐ। ਕੁੜੀ ਜੇ.ਬੀ.ਟੀ. ਕਰ ਕੇ ਪੜ੍ਹਾਉਣ ਲੱਗ ਗਈ ਏ। ਇਕ ਕੁੜੀ ਕਾਲਜ ਪੜ੍ਹਦੀ ਐ ਤੇ ਸਭ ਤੋਂ ਛੋਟਾ ਦੱਸਵੀਂ ਕਰ ਕੇ ਆਈ.ਟੀ.ਆਈ. ਦਾ ਕੋਰਸ ਕਰ ਰਿਹਾ ਏ। ਹੁਣ ਮੈਂ ਥੋੜ੍ਹਾ ਹੌਲਾ ਮਹਿਸੂਸ ਕਰ ਰਿਹਾ ਹਾਂ। ਗਰੀਬੀ ਦਾ ਥਕੇਵਾਂ ਮੇਰ ਹੱਡਾਂ ਵਿਚੋਂ ਹਾਲੇ ਤੱਕ ਨਹੀਂ ਨਿਕਲਿਆ। ਉਹ ਦਿਨ ਯਾਦ ਆਉਣ 'ਤੇ ਲੂੰ ਖੜ੍ਹੇ ਹੋ ਜਾਂਦੇ ਐ। ਪੰਜ ਸੱਤ ਕਿੱਲੇ ਵਾਲੇ ਭਾਈ ਕਿਵੇਂ ਬਚਣਗੇ?''
ਉਸ ਦਾ ਇਹ ਸਵਾਲ ਹੁਣ ਮੈਨੂੰ ਹੀ ਨਹੀਂ ਸਰਕਾਰ ਅਤੇ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਵੀ ਪੁੱਛ ਰਿਹਾ ਸੀ ਕਿ ਛੋਟੇ ਕਿਸਾਨ ਦਾ ਕੀ ਬਣੇਗਾ? ਸਾਡਾ ਅੱਡਾ ਆ ਗਿਆ। ਅਸੀਂ ਰਿਕਸ਼ੇ ਵਿਚੋਂ ਲਹਿ ਪਏ।
''ਭਰਾਵਾ! ਜਿੰਨੇ ਲੰਮੇ ਸਿਦਕ ਤੇ ਹੌਸਲੇ ਨਾਲ ਤੂੰ ਗਰੀਬੀ ਦਾ ਕੋਰਸ ਪਾਸ ਕੀਤਾ ਏ, ਰੰਘੜਊ ਛੱਡ ਕੇ ਕੋਈ ਮਿਹਨਤ ਕਰੇਗਾ, ਸ਼ਾਇਦ ਬਚ ਜਾਵੇ। ਪਰ ਹਾਲਾਤ ਵਫਾ ਕਰਨ ਵਾਲੇ ਨਹੀਂ ਲੱਗਦੇ।''
ਮੈਂ ਉਸ ਨੂੰ ਨਾਂਹ-ਨਾਂਹ ਕਰਦੇ ਨੂੰ ਚਾਹ ਵਾਲੀ ਦੁਕਾਨ ਵੱਲ ਧੂਹ ਤੁਰਿਆ ਤੇ ਰਿਕਸ਼ੇ ਵਾਲੇ ਨੂੰ ਨਾਲ ਆਉਣ ਲਈ ਹੱਥ ਮਾਰਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com