Punjabi Stories/Kahanian
ਦਲੀਪ ਕੌਰ ਟਿਵਾਣਾ
Dalip Kaur Tiwana

Punjabi Kavita
  

Ghafoor Si Usda Naon (Novel) Dalip Kaur Tiwana

ਗ਼ਫੂਰ ਸੀ ਉਸਦਾ ਨਾਓਂ (ਨਾਵਲ) ਦਲੀਪ ਕੌਰ ਟਿਵਾਣਾ

(1)
ਹਰ ਵਾਰੀ ਛੁੱਟੀਆਂ ਵਿੱਚ ਸਾਡਾ ਪਰਿਵਾਰ ਪਿੰਡ ਮਾਂ ਜੀ ਅਤੇ ਬਾਬਾ ਜੀ ਕੋਲ ਜਾਂਦਾ ਤਾਂ ਗਿਆਰਾਂ-ਬਾਰਾਂ ਸਾਲਾਂ ਦੇ ਮਾੜੂਏ ਜਿਹੇ ਗ਼ਫੂਰ ਨੂੰ ਚਾਅ ਚੜ੍ਹ ਜਾਂਦਾ। ਨਿੱਕੇ-ਮੋਟੇ ਕੰਮਾਂ ਲਈ ਬਾਬਾ ਜੀ ਨੇ ਮੰਡੀਆਂ ਪਿੰਡ ਦੇ ਅਰਾਈਆਂ ਦੇ ਮੁੰਡੇ ਨੂੰ ਨੌਕਰ ਰੱਖ ਲਿਆ ਸੀ। ਉਂਜ ਤਾਂ ਸਾਈਂ ਨਾਂ ਦਾ ਇੱਕ ਬੁੱਢਾ ਪਹਿਲਾਂ ਹੀ ਘਰ ਦੇ ਕੰਮਾਂ ਲਈ ਰੱਖਿਆ ਹੋਇਆ ਸੀ। ਜ਼ਮੀਨ ਤਾਂ ਸਾਰੀ ਠੇਕੇ ’ਤੇ ਦਿੱਤੀ ਹੋਈ ਸੀ। ਇਸ ਲਈ ਘਰ ਦੇ ਕੰਮ ਮੱਝਾਂ ਜਾਂ ਘੋੜੀ ਲਈ ਪੱਠੇ ਲਿਆਉਣੇ, ਉਨ੍ਹਾਂ ਨੂੰ ਅੰਦਰ ਬਾਹਰ ਲੈ ਆਉਣਾ, ਉਨ੍ਹਾਂ ਲਈ ਹਰਾ ਚਾਰਾ ਅਤੇ ਤੂੜੀ ਪਾਉਣੀ, ਸੰਨ੍ਹੀ ਰਲਾਉਣੀ, ਉਨ੍ਹਾਂ ਹੇਠਲੇ ਗਿੱਲੇ ਸੁੱਕੇ ਥਾਂ ਦਾ ਖ਼ਿਆਲ ਕਰਨਾ ਸਾਈਂ ਦਾ ਕੰਮ ਸੀ। ਸਾਈਂ ਨੂੰ ਆਮ ਕਰਕੇ ਪਿੰਡ ਵਿੱਚ ਕੋਈ ਸੀਰੀ ਨਹੀਂ ਸੀ ਰਲਾਉਂਦਾ। ਇੱਕ ਤਾਂ ਉਹ ਬੁੱਢਾ ਹੋ ਗਿਆ ਸੀ ਤੇ ਦੂਜਾ ਹਰ ਕੰਮ ਲਈ ਜਿੱਲ੍ਹਾ ਸੀ। ਸਭ ਤੋਂ ਵੱਡੀ ਗੱਲ ਉਹ ਰੋਟੀ ਬਹੁਤ ਖਾਂਦਾ ਸੀ। ਵੀਹ ਰੋਟੀਆਂ, ਬਾਟਾ ਦਾਲ ਦਾ, ਡਲਾ ਗੁੜ ਦਾ ਤੇ ਡੋਲੂ ਲੱਸੀ ਦਾ ਉਹ ਆਰਾਮ ਨਾਲ ਖਾ-ਪੀ ਲੈਂਦਾ ਸੀ। ਮਾਂ ਜੀ ਉਸਨੂੰ ਆਖਦੇ ਕਿ ਸਾਈਂ ਰੋਟੀ ਲੈ ਲੈ ਤਾਂ ਉਹ ਆਖਦਾ ਕਿ ਟੱਬਰ ਟੀਹਰ ਨੂੰ ਖਾ ਲੈਣ ਦਿਓ ਮੈਂ ਕਿਹੜਾ ਭੱਜਿਆ ਜਾਂਦਾ। ਅਸਲ ਵਿੱਚ ਉਹਦਾ ਮਤਲਬ ਹੁੰਦਾ ਸੀ ਕਿ ਵੀਹ ਰੋਟੀਆਂ ਤਾਂ ਮੇਰੇ ਲਈ ਬਣੀਆਂ ਹੋਣਗੀਆਂ। ਜੇ ਇੱਕ ਦੋ ਟੱਬਰ ਦੇ ਖਾ ਜਾਣ ਮਗਰੋਂ ਵੀ ਬਚ ਗਈਆਂ ਤਾਂ ਉਹ ਵੀ ਖਾਣ ਨੂੰ ਮਿਲ ਜਾਣਗੀਆਂ।
ਇੱਕ ਵਾਰ ਮਾਂ ਜੀ ਨੇ ਕਿਹਾ, ‘‘ਵੇ ਸਾਈਂ ਤੇਰਾ ਢਿੱਡ ਐ ਕਿ ਟੋਆ। ਸੁਣਿਐ ਤੂੰ ਪੀਪਾ ਰਸ ਦਾ ਇੱਕੋ ਵਾਰੀ ਪੀ ਜਾਨੈਂ।’’ ਪਲ ਕੁ ਭਰ ਮਾਂ ਜੀ ਦੇ ਮੂੰਹ ਵੱਲ ਦੇਖ ਸਾਈਂ ਬੋਲਿਆ, ‘‘ਮਾਂ ਜੀ, ਮੈਂ ਤਾਂ ਜਿਵੇਂ ਜਨਮਾਂ ਜਨਮਾਂਤਰਾਂ ਦਾ ਭੁੱਖਾ ਹੋਵਾਂ।’’
ਇਹ ਸੁਣ ਕੇ ਮਾਂ ਜੀ ਨੂੰ ਉਸ ਉਪਰ ਤਰਸ ਆ ਗਿਆ। ਉਹ ਕਹਿਣ ਲੱਗੇ, ‘‘ਤੂੰ ਸਾਈਂ ਰੱਜ ਕੇ ਰੋਟੀ ਖਾ ਲਿਆ ਕਰ। ਖਬਰੇ ਰੱਬ ਕੀਹਦੇ ਭਾਗਾਂ ਦਾ ਦਿੰਦੈ।’’ ਨਿੱਕਾ ਜਿਹਾ ਗ਼ਫੂਰ ਕੋਠੇ ’ਤੇ ਰਾਤ ਵੇਲੇ ਉਸਦੀ ਮੰਜੀ ’ਤੇ ਬੈਠ ਕੇ ਪੁੱਛਦਾ, ‘‘ਸਾਈਂ, ਤੇਰਾ ਅੱਬਾ ਵੀ ਸੀਗਾ?’’ ਸਾਈਂ ਆਖਦਾ, ‘‘ਹੋਰ ਮੈਂ ਅਸਮਾਨੋਂ ਡਿੱਗਿਆ ਸੀ?’’ ‘‘ਹੁਣ ਤੇਰਾ ਅੱਬਾ ਕਿੱਥੇ ਐ?’’ ਗ਼ਫੂਰ ਪੁੱਛਦਾ। ਸਾਈਂ ਆਖਦਾ, ‘‘ਹੁਣ ਉਹ ਰੱਬ ਕੋਲ ਐ ਅਸਮਾਨ ’ਤੇ।’’
ਗ਼ਫੂਰ ਨੂੰ ਉਸ ਦੀ ਗੱਲ ਦੀ ਸਮਝ ਨਹੀਂ ਲੱਗੀ। ਉਹ ਪੁੱਛਦਾ, ‘‘ਫੇਰ ਉਹ ਤੈਨੂੰ ਮਿਲਣ ਕਿਉਂ ਨਹੀਂ ਆਉਂਦਾ?’’
ਸਾਈਂ ਨੇ ਕਿਹਾ, ‘‘ਹੁਣ ਤਾਂ ਮੈਂ ਹੀ ਉਹਦੇ ਕੋਲ ਜਾਊਂਗਾ।’’
ਗ਼ਫੂਰ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੂੰ ਅਸਮਾਨ ’ਤੇ ਜਾਏਂਗਾ ਕਿਵੇਂ? ਏਡੀ ਵੱਡੀ ਤਾਂ ਪੌੜੀ ਹੀ ਨਈਂ ਹੁੰਦੀ।’’
ਸਾਈਂ ਉਸਨੂੰ ਸਮਝਾਉਣ ਲੱਗਾ, ‘‘ਜਦੋਂ ਬੰਦਾ ਮਰ ਜਾਂਦਾ ਐ ਤਾਂ ਉਸ ਨੂੰ ਦੱਬ ਦਿੰਦੇ ਨੇ, ਪਰ ਉਸਦੇ ਅੰਦਰ ਜਿਹੜਾ ਹਵਾ ਦਾ ਬਣਿਆ ਬੰਦਾ ਹੁੰਦਾ ਐ ਉਹ ਬੰਦੇ ਦੇ ਮਰਦਿਆਂ ਸਾਰ ਹੀ ਨਿਕਲ ਕੇ ਰੱਬ ਵੱਲ ਅਸਮਾਨ ਵੱਲ ਉੱਡ ਜਾਂਦੈ ਤੇ ਦੂਜੀ ਦੁਨੀਆਂ ਵਿੱਚ ਜਾ ਕੇ ਆਪਣੇ ਘਰਦਿਆਂ ਨੂੰ ਲੱਭ ਲੈਂਦਾ ਐ।’’
ਸਾਈਂ ਦੀ ਇਹ ਗੱਲ ਗ਼ਫੂਰ ਨੂੰ ਸਮਝ ਨਾ ਲੱਗੀ। ਪਰ ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਇੱਥੋਂ ਵਾਲੇ ਸਾਰੇ ਲੋਕ ਮਰਨ ਮਗਰੋਂ ਅਸਮਾਨ ਵਿੱਚ ਜਾ ਕੇ ਰਹਿੰਦੇ ਨੇ। ਉਸਨੂੰ ਖਿਆਲ ਆਇਆ ਕਿ ਮੇਰੀ ਨਿੱਕੀ ਭੈਣ ਆਇਸ਼ਾਂ ਮਰ ਗਈ ਸੀ ਉਹ ਵੀ ਉਪਰ ਅਸਮਾਨ ’ਤੇ ਰਹਿੰਦੀ ਹੋਊ। ਹੁਣ ਤਾਂ ਕਾਫ਼ੀ ਵੱਡੀ ਵੀ ਹੋ ਗਈ ਹੋਵੇਗੀ। ਹੋ ਸਕਦੈ ਉੱਤੇ ਬੈਠੀ ਮੈਨੂੰ ਦੇਖਦੀ ਵੀ ਹੋਵੇ। ਇਹ ਸੋਚਦਿਆਂ ਉਸ ਨੇ ਸਾਈਂ ਨੂੰ ਪੁੱਛਿਆ, ‘‘ਸਾਈਂ, ਜਦ ਤੂੰ ਮਰ ਕੇ ਅਸਮਾਨ ’ਤੇ ਚਲਿਆ ਗਿਆ ਤਾਂ ਸਾਨੂੰ ਮਿਲਣ ਤਾਂ ਆਇਆ ਕਰੇਂਗਾ ਨਾ?’’
ਸਾਈਂ ਨੇ ਕਿਹਾ, ‘‘ਜੇ ਮੈਂ ਆਵਾਂ ਵੀ ਤਾਂ ਵੀ ਤੂੰ ਮੈਨੂੰ ਹਵਾ ਦੇ ਬਣੇ ਨੂੰ ਸਿਆਣ ਹੀ ਨਹੀਂ ਸਕਣਾ।’’
ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ।
ਸਾਡੇ ਪਿੰਡ ਗਿਆਂ ਤੋਂ ਗ਼ਫੂਰ ਬਹੁਤ ਹੀ ਖ਼ੁਸ਼ ਹੋ ਜਾਂਦਾ ਸੀ। ਖ਼ਾਸਕਰ ਬੀਰੇ ਸੁਖਜੀਤ ਨਾਲ ਖੇਡਣਾ ਉਸਨੂੰ ਚੰਗਾ ਲੱਗਦਾ। ਬੇਜੀ ਉਸ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਜਾਂਦੇ। ਕਦੇ ਕੋਈ ਤਸਵੀਰਾਂ ਵਾਲੀ ਕਿਤਾਬ, ਕਦੇ ਰੰਗ-ਬਿਰੰਗੇ ਬੰਟੇ, ਕਦੇ ਸਵੈਟਰ, ਖੰਡ ਖੇਲਣੇ ਹਰ ਵਾਰੀ ਉਹ ਲੈ ਕੇ ਜਾਂਦੇ ਸਨ। ਪਿੰਡ ਦੇ ਜੁਆਕਾਂ ਨੂੰ ਉਹ ਆਪਣੀਆਂ ਚੀਜ਼ਾਂ ਦਿਖਾ ਕੇ ਸ਼ਾਨ ਮਾਰਦਾ। ਦੇਖਣ ਵਾਲੀ ਗੱਲ ਤਾਂ ਉਦੋਂ ਹੁੰਦੀ ਜਦੋਂ ਉਹ ਜੁਆਕਾਂ ਨੂੰ ਘੂਰਦਾ ਤੇ ਉਨ੍ਹਾਂ ਨਾਲ ਲੜਦਾ ਕਿ ਸਾਡੀ ਕਾਰ ਨੂੰ ਹੱਥ ਲਾ ਲਾ ਕੇ ਕਿਉਂ ਵੇਖਦੇ ਓ। ਉਹ ਉਨ੍ਹਾਂ ਨੂੰ ਦੱਸਦਾ ਕਿ ਸਾਡੇ ਪਟਿਆਲੇ ਆਲਿਆਂ ਕੋਲ ਜਿਹੜੀ ਕਾਰ ਐ ਓਸ ਵਰਗੀ ਕਾਰ ਕਿਸੇ ਕੋਲ ਵੀ ਨਹੀਂ।
ਮਾਂ ਜੀ ਨੇ ਦੱਸਿਆ ਕਿ ਗ਼ਫੂਰ ਬੜੇ ਉਲਾਂਭੇ ਲਿਆਉਂਦੈ। ਮਜਾਲ ਐ ਕੋਈ ਬਾਬਾ ਜੀ ਨੂੰ ਬੁੜ੍ਹਾ ਆਖ ਦੇਵੇ ਗ਼ਫੂੁਰ ਦੇ ਸਾਹਮਣੇ। ਉਹ ਆਖਦਾ ਸੀ ਕਿ ਸਾਡਾ ਬਾਬਾ ਜੀ ਤਾਂ ਸਰਦਾਰ ਐ ਸਰਦਾਰ।
ਸਾਡੇ ਚੁਬਾਰਿਆਂ ਵਰਗੇ ਚੁਬਾਰੇ ਪਿੰਡ ਵਿੱਚ ਕਿਸੇ ਦੇ ਨਹੀਂ ਸਨ। ਚੁਬਾਰਿਆਂ ਤੇ ਦਰਵਾਜ਼ਿਆਂ ਉਪਰ ਰੰਗ-ਬਿਰੰਗੇ ਸ਼ੀਸ਼ਿਆਂ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਸਨ। ਚੁਬਾਰਿਆਂ ਵਿੱਚ ਟੋਕਰੇ ਜਿੱਡੇ ਜਿੱਡੇ ਬਲੌਰਾਂ ਦੇ ਛਾਬੇ ਲਟਕ ਰਹੇ ਸਨ। ਉੱਥੇ ਪਤਾ ਨਹੀਂ ਕੀਹਦੀਆਂ ਕੀਹਦੀਆਂ ਤਸਵੀਰਾਂ ਫਰੇਮ ਕਰਕੇ ਰੱਖੀਆਂ ਹੋਈਆਂ ਸਨ। ਉੱਥੇ ਇੱਕ ਚੁਬਾਰੇ ਵਿੱਚ ਧੂ-ਧੂ ਵਾਲੀ ਗਰਾਮੋਫੋਨ ਵੀ ਸੀ ਜਿਸ ਉਪਰ ਜਦੋਂ ਰਿਕਾਰਡ ਵੱਜਦਾ ਤਾਂ ਗ਼ਫੂਰ ਹੈਰਾਨ ਹੋ ਹੋ ਸੋਚਦਾ ਕਿ ਇਹ ਧੂ-ਧੂ ਅੰਦਰ ਕਿਵੇਂ ਚਲੀ ਗਈ ਜਿਹੜੀ ਗਾਉਂਦੀ ਵੀ ਐ। ਉਹ ਤੀਵੀਂ ਖ਼ਬਰੇ ਕਿਸੇ ਜਾਦੂਗਰਨੀ ਨੇ ਨਿੱਕੀ ਜਿਹੀ ਕੁੜੀ ਬਣਾ ਕੇ ਬਿਠਾ ਦਿੱਤੀ ਹੋਵੇ। ਕਦੇ ਕਦੇ ਉਹ ਜਦੋਂ ਚੁਬਾਰੇ ਵਿੱਚ ਇਕੱਲਾ ਹੁੰਦਾ ਤਾਂ ਉਹ ਧੂ-ਧੂ ਵਿੱਚ ਮੂੰਹ ਦੇ ਕੇ ਆਖਦਾ ਕਿ ਤੂੰ ਧੂ-ਧੂ ਵਿੱਚੋਂ ਬਾਹਰ ਨਿਕਲ ਆ, ਬਾਬਾ ਜੀ ਤੈਨੂੰ ਸੰਤਾਂ ਕੋਲ ਲੈ ਜਾਣਗੇ। ਉਹ ਇਹ ਵੀ ਆਖਦਾ ਕਿ ਬਾਬੇ ਦੇ ਡੇਰੇ ਨੂੰ ਜਾਂਦੇ ਰਾਹ ਉੱਤੇ ਇੱਕ ਫਨੀਅਰ ਆ ਬੈਠਾ ਸੀ। ਉਹ ਕਿਸੇ ਤੋਂ ਨਹੀਂ ਸੀ ਡਰਦਾ ਸਗੋਂ ਲੋਕ ਡਰਨ ਲੱਗੇ। ਕਿਸੇ ਨੇ ਬਾਬੇ ਨੂੰ ਦੱਸਿਆ ਤਾਂ ਬਾਬੇ ਨੇ ਪਿੰਡੋਂ ਚੱਪਣ ਵਾਲਾ ਘੜਾ ਮੰਗਵਾਇਆ ਤੇ ਘੜਾ ਲੈ ਕੇ ਕੁਝ ਵਿੱਥ ’ਤੇ ਇਸ ਨੂੰ ਰੱਖ ਕੇ ਸੱਪ ਨੂੰ ਆਖਣ ਲੱਗਿਆ ਕਿ ਏਥੇ ਤੈਨੂੰ ਕੋਈ ਜੱਟ ਮਾਰ ਦੇਊਗਾ। ਰਾਹ ਵਿੱਚ ਕਾਹਦੇ ਲਈ ਬੈਠੈਂ। ਅੰਦਰ ਝਿੜੀ ਵਿੱਚ ਚੱਲ। ਇਹ ਆਖ ਕੇ ਉਹਨੇ ਜਾ ਕੇ ਸੱਪ ਨੂੰ ਗਲੋਂ ਫੜਿਆ ਤੇ ਘੜੇ ਵਿੱਚ ਪਾ ਲਿਆ ਤੇ ਉਪਰੋਂ ਚੱਪਣ ਲਾ ਦਿੱਤਾ ਤੇ ਘੜਾ ਝਿੜੀ ’ਚ ਲੈ ਆਂਦਾ। ਉੱਥੇ ਲਿਆ ਕੇ ਬਾਬੇ ਨੇ ਝਾੜੀਆਂ ਕੋਲ ਲਿਜਾ ਕੇ ਘੜਾ ਰੱਖ ਦਿੱਤਾ। ਘੜੇ ਤੋਂ ਚੱਪਣ ਚੁੱਕ ਦਿੱਤਾ। ਆਰਾਮ ਨਾਲ ਘੜੇ ਵਿੱਚੋਂ ਬਾਹਰ ਨਿਕਲ ਕੇ ਸੱਪ ਝਿੜੀ ਵਿਚਲੇ ਟੋਭੇ ਵਿੱਚ ਚਲਿਆ ਗਿਆ। ਹੁਣ ਵੀ ਲੋਕ ਆਖਦੇ ਨੇ ਡੇਰੇ ਵਿੱਚ ਫਿਰਦਾ ਰਹਿੰਦੈ, ਪਰ ਆਖਦਾ ਕਿਸੇ ਨੂੰ ਕੁਝ ਵੀ ਨਈਂ। ਪਰ ਧੂ-ਧੂ ਵਿਚਲੀ ਕੁੜੀ ਉਸਦੀ ਗੱਲ ਦਾ ਜਵਾਬ ਨਹੀਂ ਸੀ ਦਿੰਦੀ।
ਇਸ ਵਾਰੀ ਜਦੋਂ ਅਸੀਂ ਪਟਿਆਲੇ ਨੂੰ ਆਉਣਾ ਸੀ ਤਾਂ ਉਹ ਕਹਿਣ ਲੱਗਾ ਕਿ ਬੀਬਾ ਜੀ ਐਂਤਕੀ ਜਦੋਂ ਆਓਗੇ ਤਾਂ ਪਟਿਆਲੇ ਤੋਂ ਮੇਰੇ ਲਈ ਖੇਡਣ ਵਾਲੇ ਅਖਰੋਟ ਵੀ ਲਿਆਉਣਾ। ਜਦੋਂ ਕਾਰ ਵਿੱਚ ਬੈਠ ਕੇ ਅਸੀਂ ਸਾਰੇ ਪਟਿਆਲੇ ਨੂੰ ਆਉਂਦੇ ਤਾਂ ਉੁਹ ਮਗਰ ਖੜ੍ਹਾ ਦੂਰ ਤਕ ਕਾਰ ਨੂੰ ਜਾਂਦਿਆਂ ਦੇਖਦਾ ਰਹਿੰਦਾ।
ਸਾਨੂੰ ਪਿੰਡੋਂ ਆਇਆਂ ਨੂੰ ਤਿੰਨ ਚਾਰ ਮਹੀਨੇ ਹੀ ਹੋਏ ਸਨ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਬਿਮਾਰ ਹੋ ਗਏ। ਅਸੀਂ ਅਗਲੇ ਹੀ ਦਿਨ ਪਿੰਡ ਜਾਣ ਦੀ ਤਿਆਰੀ ਕਰ ਲਈ। ਜਾਣ ਤੋਂ ਪਹਿਲਾਂ ਮੈਂ ਬੇਜੀ ਨਾਲ ਬਾਜ਼ਾਰ ਜਾ ਕੇ ਗ਼ਫੂਰ ਲਈ ਕਾਫ਼ੀ ਸਾਰੇ ਬੰਟੇ ਖਰੀਦੇ ਤੇ ਖੇਡਣ ਵਾਲੇ ਅਖਰੋਟ ਵੀ ਤੇ ਬਾਂਹ ’ਤੇ ਬੰਨ੍ਹਣ ਵਾਲੀ ਨਕਲੀ ਘੜੀ ਵੀ ਖਰੀਦੀ। ਹੋਰ ਤਾਂ ਮੈਨੂੰ ਪਤਾ ਨਹੀਂ ਸੀ ਲੱਗਿਆ ਉਸ ਲਈ ਹੋਰ ਕੀ ਲੈ ਕੇ ਜਾਵਾਂ। ਮੈਂ ਵੀ ਤਾਂ ਉਸ ਦੇ ਜਿੱਡੀ ਹੀ ਸੀ ਦਸ ਗਿਆਰਾਂ ਸਾਲ ਦੀ।
ਜਦ ਅਸੀਂ ਪਿੰਡ ਗਏ ਬਾਬਾ ਜੀ ਨੂੰ ਕਾਫ਼ੀ ਆਰਾਮ ਸੀ। ਸੰਤਾ ਨਾਈ ਜੋ ਨਾਈ ਦੇ ਕੰਮ ਦੇ ਨਾਲ ਨਾਲ ਦਵਾ-ਦਾਰੂ ਦਾ ਕੰਮ ਵੀ ਕਰਦਾ ਸੀ, ਮਾਲੇਰਕੋਟਲੇ ਜਾ ਕੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਪੁੱਛ ਕੇ ਦਵਾਈਆਂ ਲੈ ਆਇਆ ਸੀ। ਗ਼ਫੂਰ ਨੂੰ ਜਦੋਂ ਮੈਂ ਬੰਟੇ, ਅਖਰੋਟ ਤੇ ਘੜੀ ਲਿਆ ਕੇ ਦਿੱਤੇ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ। ਆਪਣੀ ਬਾਂਹ ’ਤੇ ਘੜੀ ਬੰਨ੍ਹ ਸਭ ਨੂੰ ਦਿਖਾਉਂਦਾ ਫਿਰਦਾ ਸੀ। ਆਥਣੇ ਉਹ ਅਖਰੋਟ ਤੇ ਬੰਟੇ ਵੀ ਮੁੰਡਿਆਂ ਨੂੰ ਦਿਖਾਉਣ ਚਲਿਆ ਗਿਆ।

ਆਥਣੇ ਮਾਂ ਜੀ ਨੇ ਕਿਹਾ ਕਿ ਚਾਬੀ ਲੈ ਜੋ। ਵੱਡਾ ਚੁਬਾਰਾ ਖੋਲ੍ਹ ਕੇ ਵਿੱਚੋਂ ਬੇਰ ਕੱਢ ਲਿਆਓ। ਬਾਹਰ ਤਾਂ ਚੁਬਾਰੇ ਨੂੰ ਜਿੰਦਰਾ ਲੱਗਾ ਹੋਇਆ ਸੀ, ਪਰ ਅੰਦਰੋਂ ਇੱਕ ਸੀਖਾਂ ਵਾਲੀ ਬਾਰੀ ਗ਼ਫੂਰ ਨੇ ਖੁੱਲ੍ਹੀ ਰੱਖ ਲਈ ਸੀ। ਬਾਹਰੋਂ ਗ਼ਫੂਰ ਜਦੋਂ ਬੇਰ ਲਿਆਉਂਦਾ ਤਾਂ ਮਿੱਠੇ ਮਿੱਠੇ ਬੇਰ ਕੱਢ ਕੇ ਬਾਰੀ ਵਿੱਚ ਦੀ ਅੰਦਰ ਚੁਬਾਰੇ ਵਿੱਚ ਸੁੱਟ ਆਉਂਦਾ। ਆਖਦਾ ਸੀ ਕਿ ਜਦੋਂ ਸਾਡੇ ਪਟਿਆਲੇ ਵਾਲੇ ਆਉਣਗੇ ਉਨ੍ਹਾਂ ਨੂੰ ਦਿਆਂਗਾ। ਰੁੜ੍ਹ ਜਾਣਾ ਉਲਾਂਭੇ ਵੀ ਬੜੇ ਲਿਆਉਂਦਾ। ਨਿਆਈਂ ਵਾਲੇ ਖੇਤ ਵਿੱਚੋਂ ਮਜਾਲ ਐ ਕੋਈ ਸਾਗ ਤੋੜ ਕੇ ਲੈ ਜਾਵੇ ਜਾਂ ਮਜਾਲ ਐ ਕੋਈ ਹਵੇਲੀ ਦੀਆਂ ਪੌੜੀਆਂ ’ਤੇ ਚੜ੍ਹ ਕੇ ਬੈਠ ਹੀ ਜਾਵੇ। ਘੋੜੀ ਨੂੰ ਜਦੋਂ ਪਾਣੀ ਪਿਆਉਣ ਲਈ ਲੈ ਕੇ ਜਾਣਾ ਤਾਂ ਉੱਥੇ ਜੇ ਕੋਈ ਤੀਵੀਂ ਕੱਪੜੇ ਧੋ ਰਹੀ ਹੁੰਦੀ ਤਾਂ ਆਖਦਾ ਕਿ ਬੀਬੀ ਸਾਡੀ ਘੋੜੀ ’ਤੇ ਮੈਲੇ ਛਿੱਟੇ ਨਾ ਪਾ। ਜੇ ਕੋਈ ਉਸਦਾ ਕਹਿਣਾ ਨਾ ਮੰਨਦੀ ਤਾਂ ਅਗਲੀ ਦਾ ਧੋਤਾ ਕੱਪੜਾ ਚੁੱਕ ਕੇ ਉਸੇ ਨਾਲ ਹੀ ਘੋੜੀ ਦਾ ਪਿੰਡਾ ਪੂੰਝਣ ਲੱਗ ਪੈਂਦਾ। ਅਗਲੀ ਬਥੇਰੀਆਂ ਗਾਲ੍ਹਾਂ ਦਿੰਦੀ।
ਸਵੇਰੇ ਸਵੇਰੇ ਜਦੋਂ ਮਾਂ ਜੀ ਦੁੱਧ ਰਿੜਕਦੇ ਤਾਂ ਲਾਗੀਆਂ ਤੱਥੀਆਂ ਦੇ ਜੁਆਕ ਆਪੋ ਆਪਣਾ ਭਾਂਡਾ ਲੈ ਕੇ ਲੱਸੀ ਲੈਣ ਆ ਜਾਂਦੇ। ਮਾਂ ਜੀ ਤੋਂ ਡੋਲੂ ਫੜ ਉਹ ਆਪ ਉਨ੍ਹਾਂ ਦੇ ਭਾਂਡਿਆਂ ਵਿੱਚ ਲੱਸੀ ਪਾਉਂਦਾ ਤੇ ਨਾਲ ਹੀ ਮੱਤਾਂ ਦੇਣ ਲੱਗ ਪੈਂਦਾ। ਕਿਸੇ ਨੂੰ ਆਖਦਾ ਕਿ ਕੱਲ੍ਹ ਜੇ ਸਾਡੇ ਘਰ ਲੱਸੀ ਨੂੰ ਆਉਣਾ ਐ ਤਾਂ ਮੈਲਾ ਝੱਗਾ ਪਾ ਕੇ ਨਾ ਆਈਂ। ਕਿਸੇ ਨੂੰ ਆਖਦਾ ਕਿ ਛੋਟਾ ਭਾਂਡਾ ਲਿਆਇਆ ਕਰ, ਸਾਰੀ ਲੱਸੀ ਤੈਨੂੰ ਤਾਂ ਨਹੀਂ ਦੇ ਦੇਣੀ।
ਇੱਕ ਦਿਨ ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਤੈਨੂੰ ਤੇਰੀ ਅੰਮੀ ਤੇ ਅੱਬਾ ਯਾਦ ਨਹੀਂ ਆਉਂਦੇ।’’ ਇਹ ਸੁਣ ਕੇ ਉਹ ਚੁੱਪ ਕਰ ਜਿਹਾ ਗਿਆ। ਫੇਰ ਆਖਣ ਲੱਗਿਆ, ‘‘ਮੇਰੀ ਇੱਕ ਛੋਟੀ ਭੈਣ ਵੀ ਸੀ। ਉਸਨੂੰ ਤਾਪ ਚੜ੍ਹ ਗਿਆ ਸੀ। ਦੋ ਵਾਰੀ ਅੱਬਾ ਕਿਸੇ ਤੋਂ ਪੈਸੇ ਮੰਗ ਕੇ ਮਲੇਰਕੋਟਲੇ ਤੋਂ ਦਵਾਈ ਲੈ ਆਇਆ। ਫਿਰ ਉਸਦੇ ਕੋਲ ਦਵਾਈ ਲਈ ਪੈਸੇ ਨਹੀਂ ਸਨ। ਫਿਰ ਇੱਕ ਦਿਨ ਉਹ ਮਰ ਗਈ। ਉਸਨੂੰ ਅੱਬਾ ਖੱਦਰ ਦੇ ਕੋਰੇ ਕੱਪੜੇ ’ਚ ਲਪੇਟ ਕੇ ਕਬਰਾਂ ਵਿੱਚ ਦਫ਼ਨਾ ਆਇਆ ਸੀ। ਅੰਮੀ ਬੜੀ ਰੋਂਦੀ ਹੁੰਦੀ ਸੀ। ਸਾਡੇ ਇੱਕ ਮੱਝ ਹੁੰਦੀ ਸੀ ਜੀਹਦਾ ਦੁੱਧ ਵੀ ਪੀਂਦੇ ਹੁੰਦੇ ਸੀ। ਦੁੱਧ ਵੇਚ ਕੇ ਅੰਮੀ ਹੱਟੀ ਤੋਂ ਸੌਦਾ ਲਿਆਉਂਦੀ ਹੁੰਦੀ ਸੀ। ਫਿਰ ਸਾਡੀ ਮੱਝ ਨੂੰ ਕਿਸੇ ਨੇ ਸੂਈ ਖੁਆ ਦਿੱਤੀ ਤਾਂ ਜੋ ਮੱਝ ਮਰ ਜਾਵੇ। ਅੱਬਾ ਲੈ ਕੇ ਵੀ ਗਿਆ ਦੂਰ ਪਿੰਡ ਵਿੱਚ ਜਿੱਥੇ ਦੀ ਇੱਕ ਬੁੜ੍ਹੀ ਪਸ਼ੂਆਂ ਦੇ ਅੰਦਰੋਂ ਸੂਈ ਕੱਢ ਦਿੰਦੀ ਹੁੰਦੀ ਸੀ। ਪਰ ਸਾਡੀ ਮੱਝ ਤਾਂ ਰਾਹ ਵਿੱਚ ਹੀ ਮਰ ਗਈ ਤਾਂ ਹੀ ਤਾਂ ਮੇਰਾ ਅੱਬਾ ਬਾਬਾ ਜੀ ਕੋਲ ਮੈਨੂੰ ਛੱਡ ਗਿਐ। ਆਖਦਾ ਸੀ ਕਿ ਤੂੰ ਰੱਜ ਕੇ ਰੋਟੀ ਤਾਂ ਖਾਏਂਗਾ।’’
ਇੱਕ ਦਿਨ ਗ਼ਫੂਰ ਨੇ ਛਪਾਰ ਦਾ ਮੇਲਾ ਦੇਖਣ ਜਾਣਾ ਸੀ। ਉਸ ਨੂੰ ਚਾਅ ਚੜ੍ਹਿਆ ਹੋਇਆ ਸੀ। ਉਸ ਨੇ ਧੋਤੀ ਹੋਈ ਨਿੱਕਰ ਤੇ ਕੁੜਤਾ ਪਾਇਆ ਹੋਇਆ ਸੀ। ਮੰਗੋ ਕੱਟੀ ਦੇ ਗਲ ’ਚ ਬਾਂਹ ਪਾ ਕੇ ਪੁੱਛਣ ਲੱਗਾ ਕਿ ਮੰਗੋ ਤੇਰੇ ਲਈ ਮੈਂ ਕੀ ਲਿਆਵਾਂ। ਮੰਗੋ ਉਸੇ ਤਰ੍ਹਾਂ ਬਿਟ ਬਿਟ ਝਾਕਦੀ ਰਹੀ। ਜਦੋਂ ਉਸ ਨੇ ਬਾਬਾ ਜੀ ਤੋਂ ਪੈਸੇ ਮੰਗੇ ਬਾਬਾ ਜੀ ਨੇ ਉਸਨੂੰ ਚਾਂਦੀ ਦਾ ਇੱਕ ਰੁਪਈਆ ਦਿੱਤਾ। ਫੇਰ ਪਤਾ ਨਹੀਂ ਕੀ ਸੋਚ ਕੇ ਅਠਿਆਨੀ ਹੋਰ ਦੇ ਦਿੱਤੀ। ਉਹ ਟਪੂਸੀਆਂ ਮਾਰਦਾ ਬਾਹਰ ਨਿਕਲ ਆਇਆ। ਮੁੱਠੀ ਵਿੱਚ ਪੈਸੇ ਦਿਖਾ ਕੇ ਆਖਣ ਲੱਗਿਆ ਕਿ ਮਾਂ ਜੀ ਮੈਨੂੰ ਇੱਕ ਵੱਡਾ ਸਾਰਾ ਝੋਲਾ ਦੇ ਦਿਓ, ਮੈਂ ਮੇਲੇ ਤੋਂ ਚੀਜ਼ਾਂ ਪਾ ਕੇ ਲਿਆਊਂਗਾ।
‘‘ਮੇਲੇ ਤੋਂ ਤੂੰ ਕੀ ਹਵਾਈ ਜਹਾਜ਼ ਲੈ ਕੇ ਆਏਂਗਾ। ਸੰਦੂਕ ਦੇ ਕੋਲ ਟੰਗੇ ਝੋਲਿਆਂ ਵਿੱਚ ਛੋਟਾ ਝੋਲਾ ਲੈ ਜਾ।’’ ਮਾਂ ਜੀ ਨੇ ਕਿਹਾ।
ਝੋਲਿਆਂ ਵਿੱਚੋਂ ਜਿਹੜਾ ਮੋਰਨੀਆਂ ਵਾਲਾ ਕੱਢਿਆ ਝੋਲਾ ਨਾਈਆਂ ਦੀ ਕੁੜੀ ਨੇ ਮਾਂ ਜੀ ਨੂੰ ਦਿੱਤਾ ਸੀ ਗ਼ਫੂਰ ਨੇ ਉਹੀ ਲੈ ਲਿਆ। ਡਿਓਢੀ ਵਿੱਚ ਆ ਕੇ ਆਪਣੇ ਮੌਜਿਆਂ ਨੂੰ ਤੇਲ ਦਾ ਫੰਬਾ ਲਾ ਕੇ ਚੋਪੜਣ ਲੱਗਾ।
ਮਾਂ ਜੀ ਉਸ ਵੱਲ ਝਾਕ ਕੇ ਬੋਲੀ, ‘‘ਰੁੜ੍ਹ ਜਾਣਿਆ, ਤੇਲ ਉੱਤੇ ਤਾਂ ਸਗੋਂ ਹੋਰ ਮਿੱਟੀ ਜੰਮ ਜਾਣੀ ਐਂ।’’ ਗ਼ਫੂਰ ਨੇ ਮੌਜੇ ਦਾ ਇੱਕ ਪੈਰ ਆਪਣੇ ਹੱਥ ਵਿੱਚ ਚੁੱਕ ਆਪਣੇ ਝੱਗੇ ਨਾਲ ਰਗੜ ਰਗੜ ਕੇ ਪੂੰਝਦਿਆਂ ਦੱਸਿਆ, ‘‘ਮਾਂ ਜੀ, ਤੇਲ ਨਾਲ ਤਾਂ ਮੈਂ ਆਪਣੇ ਮੌਜੇ ਲਿਸ਼ਕਾ ਰਿਹਾ ਆਂ।’’
ਬਾਬਾ ਜੀ ਦੇ ਦਿੱਤੇ ਪੈਸੇ ਉਸ ਨੇ ਲੀਰ ਵਿੱਚ ਬੰਨ੍ਹ ਕੇ ਗੀਝੇ ਵਿੱਚ ਪਾ ਲਏ। ਉਪਰ ਬਸਕੂਆ ਲਾ ਦਿੱੱਤਾ ਤੇ ਗੀਝਾ ਨਿੱਕਰ ਦੇ ਅੰਦਰ ਕਰ ਲਿਆ। ਨੱਚਦਾ ਟੱਪਦਾ ਉਹ ਮੇਲੇ ਜਾਣ ਵਾਲਿਆਂ ਵਿੱਚ ਜਾ ਰਲਿਆ। ਉਸ ਦੇ ਜਾਣ ਤੋਂ ਪਹਿਲਾਂ ਮਾਂ ਜੀ ਨੇ ਉਸ ਨੂੰ ਹਾਕ ਮਾਰ ਕੇ ਕਿਹਾ ਸੀ ਕਿ ਨ੍ਹੇਰਾ ਹੋਣ ਤੋਂ ਪਹਿਲਾਂ ਮੁੜ ਆਈਂ। ਕਿਧਰੇ ਰੁਲ ਨਾ ਜਾਈਂ। ਫਿਰ ਰੁਕ ਕੇ ਕਹਿਣ ਲੱਗੇ ਕਿ ਜੇ ਇਹ ਬਾਬਾ ਜੀ ਨੂੰ ਆਖਦਾ ਤਾਂ ਉਹ ਇਸ ਨੂੰ ਕਿਸੇ ਸਾਈਕਲ ਵਾਲੇ ਨਾਲ ਤੋਰ ਦਿੰਦੇ ਥੱਕ ਜੂਗਾ ਨਿਆਣਾ ਏਨੀ ਵਾਟ ਤੁਰਦਾ।
ਉਹ ਮੇਲੇ ਦੇ ਚਾਅ ਵਿੱਚ ਉੱਡਿਆ ਫਿਰਦਾ ਸੀ। ਮਾਂ ਜੀ ਨੇ ਆਪਣੇ ਹੱਥੀਂ ਗ਼ਫੂਰ ਲਈ ਮੱਕੀ ਦੀਆਂ ਰੋਟੀਆਂ ਲਾਹੀਆਂ, ਸਾਗ ਘੋਟਿਆ, ਥਾਲੀ ਵਿੱਚ ਰੋਟੀ ਪਾ ਕੇ ਰੋਟੀ ਉਪਰ ਸਾਗ ਪਾ ਕੇ ਉਨ੍ਹਾਂ ਨੇ ਕਿੰਨਾ ਸਾਰਾ ਮੱਖਣ ਸਾਗ ’ਤੇ ਧਰ ਕੇ ਚਮਚੇ ਨਾਲ ਮੱਖਣ ਸਾਗ ਵਿੱਚ ਰਲਾ ਦਿੱਤਾ। ਨਾਲ ਹੀ ਲੱਸੀ ਦਾ ਗਿਲਾਸ ਦਿੱਤਾ। ਬਾਕੀ ਟੱਬਰ ਦੇ ਜੀਆਂ ਨੂੰ ਵੀ ਉਨ੍ਹਾਂ ਨੇ ਆਪਣੇ ਕੋਲ ਬਿਠਾ ਰੋਟੀ ਖੁਆਈ। ਬਾਪੂ ਜੀ ਰੋਟੀ ਖਾਂਦੇ ਮੇਰੇ ਵੱਲ ਝਾਕ ਕੇ ਮਾਂ ਜੀ ਨੂੰ ਆਖਣ ਲੱਗੇ ਕਿ ਜੇ ਏਨਾ ਏਨਾ ਮੱਖਣ ਪਾ ਕੇ ਇਸਨੂੰ ਦਿਓਗੇ ਤਾਂ ਚਹੁੰ ਸਾਲਾਂ ਨੂੰ ਇਸ ਨੇ ਮੇਰੇ ਜਿੱਡੀ ਹੋ ਜਾਣੈ, ਫਿਰ ਤੁਸੀਂ ਕਹਿਣਾ ਵਿਆਹ ਦਿਓ ਇਸਨੂੰ ਵਿਆਹ ਜੋਗੀ ਹੋ ਗਈ ਐ। ਇਹ ਸੁਣ ਕੇ ਮੈਂ ਕਿਹਾ, ‘‘ਨਾ ਮਾਂ ਜੀ, ਮੈਂ ਨਹੀਂ ਆਖਦੀ ਵਿਆਹ ਕਰੋ ਮੇਰਾ। ਬਾਪੂ ਜੀ ਤਾਂ ਮੈਨੂੰ ਉਈ ਖਿਝਾਉਂਦੇ ਰਹਿੰਦੇ ਐ।’’
‘‘ਸਾਈਂ ਵੇ ਆ ਜਾ ਤੂੰ ਵੀ ਲੈ ਲੈ ਰੋਟੀ।’’ ਸਾਈਂ ਨੂੰ ’ਵਾਜਾਂ ਮਾਰੀਆਂ ਮਾਂ ਜੀ ਨੇ। ‘‘ਕੋਈ ਨੀ ਖਾਣ ਲੈਣ ਦਿਓ ਟੱਬਰ ਨੂੰ।’’ ਸਾਈਂ ਨੇ ਭੁੰਜੇ ਬੋਰੀ ’ਤੇ ਬੈਠਦਿਆਂ ਆਖਿਆ। ‘‘ਤੇਰੀ ਜੋਗੀਆਂ ਮੈਂ ਬਥੇਰੀਆਂ ਰੋਟੀਆਂ ਪਕਾ ਦਿੱਤੀਆਂ ਨੇ। ਹੋਰ ਜਿਹੜੀਆਂ ਬਚਣਗੀਆਂ ਉਹ ਵੀ ਲੈ ਲਈਂ ਫ਼ਿਕਰ ਨਾ ਕਰੀਂ।’’ ਮਾਂ ਜੀ ਨੇ ਕਿਹਾ।
ਫਿਰ ਬਾਪੂ ਜੀ ਵੱਲ ਝਾਕ ਕੇ ਮਾਂ ਜੀ ਕਹਿਣ ਲੱਗੇ, ‘‘ਮਾੜਕੂ ਜਿਹੇ ਦਾ ਢਿੱਡ ਐ ਕਿ ਟੋਆ। ਵੀਹ ਵੀਹ ਰੋਟੀਆਂ ਖਾ ਲੈਂਦਾ ਐ। ਖਬਰੇ ਤਾਹੀਂ ਇਸਦਾ ਵਿਆਹ ਨਹੀਂ ਹੋਇਆ। ਤੇਲੀ ਸੀ ਇਸ ਦੇ ਮਾਂ-ਪਿਓ। ਮਾਂ ਇਸ ਦੀ ਆਪਣੇ ਸਾਕ ਸਕੀਰੀਆਂ ਦੇ ਅੱਗੇ ਬਥੇਰੇ ਹਾੜੇ ਕੱਢਦੀ ਰਹੀ ਬਈ ਮੇਰੇ ਮੁੰਡੇ ਨੂੰ ਵੀ ਸਾਕ ਲਿਆ ਦਿਓ। ਅੱਗੇ ਤੇਲੀ ਰੂੰ ਪਿੰਜ ਕੇ ਰਜਾਈਆਂ ਗਦੈਲੇ ਭਰ ਕੇ ਗੁਜ਼ਾਰਾ ਕਰਦੇ ਸਨ ਤੇ ਬੁੜ੍ਹੀਆਂ ਕੁੜੀਆਂ ਰੂੰ ਪਿੰਜਾ ਕੇ ਕੱਤਣ ਲਈ ਪੂਣੀਆਂ ਵੱਟ ਕੇ ਲੈ ਜਾਂਦੀਆਂ ਤੇ ਨਾਲੇ ਤੇਲੀ ਕੋਲਹੂ ਜੋੜ ਕੇ ਸਰ੍ਹੋਂ ਵਿੱਚੋਂ ਤੇਲ ਕੱਢਦੇ ਹੁੰਦੇ। ਸਾਈਂ ਦਾ ਅੱਬਾ ਕਈ ਸਾਲ ਹੋਏ ਮਰ ਚੁੱਕਿਆ ਸੀ। ਸਾਈਂ ਤੇ ਉਹਦੀ ਮਾਂ ਪਿੰਡ ਵਿੱਚ ਨਿੱਕੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ, ਪਰ ਕੁਝ ਸਾਲਾਂ ਮਗਰੋਂ ਉਹਦੀ ਮਾਂ ਵੀ ਮਰ ਗਈ। ਮਾਂ ਦੇ ਮਰਨ ਤੋਂ ਬਾਅਦ ਰੋਟੀ ਲਈ ਸਾਈਂ ਕਦੇ ਗੁਰਦੁਆਰੇ ਜਾ ਬੈਠਦਾ, ਕਦੇ ਕਿਸੇ ਬੁੜ੍ਹੀ ਨਾਲ ਪੀਹਣ ਕਰ ਦਿੰਦਾ, ਕਦੇ ਮੰਜਾ ਬੁਣਨ, ਕਦੇ ਖੇਤ ਰੋਟੀ ਫੜਾਉਣ ਵਰਗੇ ਕੰਮ ਕਰਵਾ ਦਿੰਦਾ ਤੇ ਉੱਥੇ ਹੀ ਰੋਟੀ ਖਾ ਲੈਂਦਾ।
ਇੱਕ ਦਿਨ ਸਾਈਂ ਨੇ ਕਿਸੇ ਦੇ ਖੇਤ ਵਿੱਚੋਂ ਛੱਲੀਆਂ ਤੋੜ ਕੇ ਖੇਤ ਵਿੱਚ ਹੀ ਭੁੰਨ ਕੇ ਖਾ ਲਈਆਂ। ਖੂਹ ਉਪਰ ਬੈਠੇ ਜਿਸ ਬੁੜ੍ਹੇ ਦੇ ਹੁੱਕੇ ਵਿੱਚੋਂ ਅੱਗ ਲੈ ਕੇ ਉਸਨੇ ’ਕੱਠੇ ਕੀਤੇ ਡੱਕਿਆਂ ਨੂੰ ਅੱਗ ਲਾ ਕੇ ਛੱਲੀਆਂ ਭੁੰਨੀਆਂ ਸੀ ਉਸੇ ਬੁੜ੍ਹੇ ਨੇ ਖੇਤ ਦੇ ਮਾਲਕ ਨੂੰ ਦੱਸ ਦਿੱਤਾ। ਉਸ ਨੇ ਇਸ ਨੂੰ ਬੜਾ ਕੁੱਟਿਆ। ਬਾਬਾ ਜੀ ਕਿਤੇ ਉਧਰੋਂ ਲੰਘ ਰਹੇ ਸੀ। ਉਹ ਉਸ ਨੂੰ ਆਪਣੇ ਨਾਲ ਆਪਣੇ ਘਰ ਲਿਆਏ ਤੇ ਕਹਿਣ ਲੱਗੇ ਕਿ ਇਸ ਮਛੋਹਰ ਦਾ ਦੁਨੀਆਂ ਵਿੱਚ ਕੌਣ ਐ। ਮਾਂ ਪਿਓ ਮਰ ਗਏ ਨੇ। ਖਾਲੀ ਇੱਕ ਕੋਠੜੀ ਐ ਜਿੱਥੇ ਸੌਂ ਜਾਂਦੈ। ਗੁਰਦੁਆਰੇ ਵਾਲਾ ਭਾਈ ਵੀ ਹਰ ਰੋਜ਼ ਰੋਟੀ ਨਹੀਂ ਦਿੰਦਾ। ਬਾਬਾ ਜੀ ਆਖਣ ਲੱਗੇ ਕਿ ਸਾਡੇ ਇੱਥੇ ਰਹਿ ਕੇ ਥੋੜ੍ਹਾ ਬਹੁਤਾ ਕੰਮ ਕਰ ਲਿਆ ਕਰੇਗਾ ਤੇ ਰੋਟੀ ਖਾ ਲਿਆ ਕਰੇਗਾ।
‘‘ਕਿੰਨੇ ਵਰ੍ਹੇ ਹੋ ਗਏ ਸਨ ਸਾਈਂ ਨੂੰ ਸਾਡੇ ਘਰੇ ਰਹਿੰਦੇ। ਹੁਣ ਕੋਈ ਵੀ ਕੰਮ ਦੱਸਣਾ ਨਹੀਂ ਪੈਂਦਾ। ਘੋੜੀ ਨੂੰ ਪਾਣੀ ਪਿਲਾਉਣਾ ਜਾਂ ਮੱਝਾਂ ਨੂੰ ਸੰਨ੍ਹੀ ਰਲਾਉਣੀ ਹੋਵੇ ਜਾਂ ਮੀਂਹ-ਕਣੀ ਵੇਲੇ ਕੋਠੇ ’ਤੋਂ ਮੰਜੇ ਲਾਹੁਣੇ ਹੋਣ ਜਾਂ ਕਣਕ ਪਿਹਾ ਕੇ ਲਿਆਉਣੀ ਹੋਵੇ ਨਿੱਕੇ-ਮੋਟੇ ਸਾਰੇ ਕੰਮ ਕਰ ਦਿੰਦਾ। ਹੁਣ ਤਾਂ ਵਿਚਾਰਾ ਬੁੱਢਾ ਹੋ ਚੱਲਿਐ।’’ ਬੇਜੀ ਦੱਸ ਰਹੇ ਸਨ।
ਸਾਈਂ ਨੂੰ ਲੱਗਿਆ ਜਿਵੇਂ ਮਾਂ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਨੇ। ਉਸ ਦੇ ਨਾ ਕੋਈ ਅੱਬਾ ਸੀ ਨਾ ਅੰਮਾ ਸੀ, ਉਹ ਤਾਂ ਹਮੇਸ਼ਾ ਤੋਂ ਇੱਥੇ ਹੀ ਰਹਿ ਰਿਹਾ ਸੀ। ਇਉਂ ਹੀ ਰਹਿ ਰਿਹਾ ਸੀ। ਰੋਟੀ ਮਾਂ ਜੀ ਦੇ ਦਿੰਦੇ ਸਨ। ਹੋਰ ਉਸ ਦੀ ਕੋਈ ਲੋੜ ਹੀ ਨਹੀਂ ਸੀ।
ਰਾਤ ਹੋਣ ਤੋਂ ਪਹਿਲਾਂ ਗ਼ਫੂਰ ਮੇਲੇ ਤੋਂ ਮੁੜ ਆਇਆ। ਉਹ ਖ਼ੁਸ਼ ਸੀ। ਉਸ ਨੇ ਮਾਂ ਜੀ ਨੂੰ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਮੰਗੂ ਕੱਟੀ ਲਈ ਮਣਕਿਆਂ ਦੀ ਗਾਨੀ ਲੈ ਕੇ ਆਇਆ ਸੀ ਇੱਕ ਆਨੇ ਦੀ। ਚਾਰ ਆਨਿਆਂ ਦੇ ਪੰਜਾਹ ਬੰਟੇ। ਇੱਕ ਮਾਂ ਜੀ ਲਈ ਜੂੰਆਂ ਵਾਲੀ ਲੱਕੜ ਦੀ ਕੰਘੀ ਜਦੋਂ ਮਾਂ ਜੀ ਨੂੰ ਦੇਣ ਲੱਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਦੁਰ ਫਿੱਟੇ ਮੂੰਹ। ਮੇਰੇ ਜੂੰਆਂ ਕਦੋਂ ਪੈਂਦੀਆਂ ਨੇ।’’
‘‘ਪੈਂਦੀਆਂ ਤਾਂ ਨਹੀਂ। ਜੇ ਕਦੇ ਪੈ ਗਈਆਂ ਤਾਂ ਤੁਸੀਂ ਜੂੰਆਂ ਕਢਾਉਣ ਪਟਿਆਲੇ ਥੋੜ੍ਹਾ ਜਾਓਗੇ।’’ ਗ਼ਫੂਰ ਦੇ ਇਹ ਕਹਿਣ ’ਤੇ ਸਾਰੇ ਹੱਸ ਪਏ।
ਮਾਂ ਜੀ ਨੇ ਕੰਘੀ ਰੱਖ ਲਈ। ਫਿਰ ਉਸ ਨੇ ਰੰਗ-ਬਿਰੰਗਾ ਲੱਕੜ ਦਾ ਲਾਟੂ ਤੇ ਉਸ ਦੀ ਡੋਰ ਦਿਖਾਏ। ਮੇਰੇ ਲਈ ਉਹ ਨਿੱਕੀ ਜਿਹੀ ਗੁੱਡੀ ਲਿਆਇਆ ਸੀ ਜਿਸ ਨੇ ਕਾਲਾ ਘੱਗਰਾ ਤੇ ਲਾਲ ਕੁੜਤੀ ਪਾਈ ਹੋਈ ਸੀ। ਲੀਰਾਂ ਦੀ ਬਣੀ ਉਹ ਗੁੱਡੀ ਸੀ ਜਿਸ ਨੇ ਉਪਰ ਸਿਤਾਰਿਆਂ ਵਾਲੀ ਚੁੰਨੀ ਲਈ ਹੋਈ ਸੀ। ਮੋਤੀਆਂ ਦੇ ਗਹਿਣੇ ਪਾਏ ਹੋਏ ਸਨ। ਮੈਨੂੰ ਗੁੱਡੀ ਬੜੀ ਚੰਗੀ ਲੱਗੀ।
ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਇਹ ਕਿੰਨੇ ਦੀ ਆਈ ਐ?’’ ‘‘ਉਹ ਤਾਂ ਛੇ ਆਨੇ ਮੰਗਦਾ ਸੀ ਮਸਾਂ ਕਿਤੇ ਪੰਜ ਆਨਿਆਂ ’ਤੇ ਮੰਨਿਆ। ਉਹ ਆਪਣੇ ਛੀਂਬਿਆ ਦਾ ਬੁੜ੍ਹਾ ਸੀ। ਲੋਕਾਂ ਦੇ ਕੱਪੜਿਆਂ ਵਿੱਚੋਂ ਲੀਰਾਂ ਬਚਾ ਕੇ ਉਸਨੇ ਗੁੱਡੀਆਂ ਬਣਾ ਲਈਆਂ। ਮੈਨੂੰ ਆਖਦਾ ਸੀ ਕਿ ਚੌਧਰੀ ਨੂੰ ਨਾ ਦੱਸੀ ਨਹੀਂ ਤਾਂ ਕੱਲ੍ਹ ਹੀ ਸੱਦ ਕੇ ਆਖ ਦਊਗਾ ਬਈ ਮੇਰੀ ਪੋਤੀ ਲਈ ਦੋ ਗੁੱਡੀਆਂ ਬਣਾ ਦੇ। ਪੈਸੇ ਦੇਣ ਵੇਲੇ ਆਖੂਗਾ ਜਾਹ ਅੰਦਰੋਂ ਆਪਣੀ ਅੰਮਾ ਤੋਂ ਦੋ ਧੜੀਆਂ ਦਾਣੇ ਪਵਾ ਲੈ। ਗੁੱਡੀਆਂ ਕੋਈ ਦੋ ਧੜੀਆਂ ’ਚ ਬਣਦੀਆਂ ਨੇ ਭਲਾ। ਅੱਧਾ ਦਿਨ ਲੱਗ ਜਾਂਦੈ ਇੱਕ ਗੁੱਡੀ ਬਣਾਉਣ ਨੂੰ।’’
‘‘ਗ਼ਫੂਰ ਤੂੰ ਕੁਝ ਖਾਧਾ ਪੀਤਾ ਵੀ ਸੀ ਜਾਂ ਚੀਜ਼ਾਂ ਹੀ ਖਰੀਦਦਾ ਰਿਹਾ?’’ ਮਾਂ ਜੀ ਨੇ ਪੁੱਛਿਆ।
‘‘ਲੈ ਇੱਕ ਆਨੇ ਦੀਆਂ ਜਲੇਬੀਆਂ ਖਾਧੀਆਂ। ਇੱਕ ਆਨੇ ਵਿੱਚ ਮੈਂ ਝੂਲੇ ’ਚ ਝੂਟੇ ਲਏ। ਪੀੜ੍ਹੀ ਜਿਹੀ ’ਤੇ ਬਿਠਾ ਕੇ ਝੂਲਾ ਕਦੇ ਅਸਮਾਨ ਵੱਲ ਲੈ ਜਾਂਦਾ ਸੀ, ਕਦੇ ਹੇਠਾਂ ਆ ਜਾਂਦਾ ਸੀ। ਇੱਕ ਵਾਰੀ ਤਾਂ ਮੈਨੂੰ ਡਰ ਵੀ ਲੱਗਿਆ ਕਿ ਜੇ ਝੂਲਾ ਟੁੱਟ ਜਾਵੇ ਤਾਂ ਅਸੀਂ ਸਾਰੇ ਧੜਾਮ ਡਿੱਗ ਜਾਵਾਂਗੇ। ਇੱਕ ਆਨੇ ਦੀ ਮਲਾਈ ਵਾਲੀ ਬਰਫ਼ ਖਾਧੀ। ਦੋ ਪੈਸੇ ਰਿੱਛ ਦੇ ਤਮਾਸ਼ੇ ਦਿਖਾਉਣ ਵਾਲੇ ਨੂੰ ਦਿੱਤੇ। ਦੋ ਆਨੇ ਦੇ ਖੰਡ ਖੇਲਣੇ ਘਰ ਲਈ ਖਰੀਦੇ। ਇੱਕ ਆਨੇ ਦਾ ਛੋਟਾ ਜਿਹਾ ਸ਼ੀਸ਼ਾ। ਬਾਕੀ ਪੈਸੇ ਬਚ ਗਏ।’’
ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਰੱਖ ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ।’’
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ ਵਾਪਸ ਕਦੋਂ ਜਾਣਗੇ?’’
‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ। ਤੈਨੂੰ ਅੱਜ ਜੇ ਮੱਖਣੀ ਭੋਰਾ ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ ਜਾਣਗੇ।’’ ਮਾਂ ਜੀ ਨੇ ਕਿਹਾ।
ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ।
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ ਰੋਟੀਆਂ ਖਾਣ।’’
‘‘ਚੁੱਪ ਕਰ ਜਾ ਹਰਾਮੀ। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ ਨਾ ਭਰੇ।’’ ਸਾਈਂ ਨੇ ਕਿਹਾ।
‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ ’ਤੇ ਚਲਿਆ ਗਿਆ। ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ ਲਵੋ। ਤੈਨੂੰ ਕੀ ਦੱਸਾਂ ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ ਗਿਆ ਹੋਣੈ। ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ ਪਿਆ ਰਸ ਪੀਣ। ਬਾਟੇ ’ਚ ਪਾ ਪਾ ਅੱਧਾ ਪੀਪਾ ਰਸ ਦਾ ਪੀ ਗਿਆ। ਮੈਨੂੰ ਸੰਗ ਲੱਗੀ ਜਾਵੇ ਬਈ ਭਗਤੂ ਚਾਚਾ ਆਖੂਗਾ ਬਈ ਇਨ੍ਹਾਂ ਨੇ ਕਦੇ ਗੁੜ ਨੀ ਦੇਖਿਆ, ਰਸ ਨੀ ਦੇਖਿਆ।’’ ਗ਼ਫੂਰ ਨੇ ਕਿਹਾ।
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ ਉਹ ਕੱਟੀ ਦੇ ਗਲ ਪਾ ਦਿੱਤੀ ਤੇ ਗ਼ਫੂਰ ਮੰਗੋ ਕੱਟੀ ਦੇ ਗਲ ਨਾਲ ਚੰਬੜ ਕੇ ਆਖਣ ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ ਵਰਗੀ ਝੋਟੀ ਬਣਜੂਗੀ। ਅਸੀਂ ਇਹ ਬੇਚਣੀ ਨੀ ਅਸੀਂ ਤਾਂ ਘਰ ਹੀ ਰੱਖਾਂਗੇ।’’
ਅੱਜ ਮੈਂ ਸੋਚਦੀ ਆਂ ਕਿ ਉਹ ਵੀ ਇੱਕ ਜ਼ਿੰਦਗੀ ਸੀ।
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ ਆਖਿਆ।
ਬੁੱਢਾ ਸਾਈਂ ਅਤੇ ਗ਼ਫੂਰ ਪਿੰਡ ਸਾਡੇ ਘਰ ਰਹਿੰਦੇ ਸਨ। ਜਦੋਂ ਅਸੀਂ ਪਿੰਡ ਜਾਂਦੇ ਗ਼ਫੂਰ ਲਈ ਕੁਝ ਨਾ ਕੁਝ ਜ਼ਰੂਰ ਲਿਜਾਂਦੇ। ਫਿਰ ਇੱਕ ਦਿਨ ਉਹ ਮੇਲੇ ਗਿਆ ਅਤੇ ਦੇਰ ਨਾਲ ਘਰ ਪਰਤਿਆ। ਹੁਣ ਅੱਗੋਂ:

ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਗ਼ਫੂਰ ਨੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਰੱਖ ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ।’’
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ ਵਾਪਸ ਕਦੋਂ ਜਾਣਗੇ?’’ ‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ। ਤੈਨੂੰ ਅੱਜ ਜੇ ਮੱਖਣੀ ਭੋਰਾ ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ ਜਾਣਗੇ।’’ ਮਾਂ ਜੀ ਨੇ ਕਿਹਾ। ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ।
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ ਰੋਟੀਆਂ ਖਾਣ।’’
‘‘ਚੁੱਪ ਕਰ ਜਾ…। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ ਨਾ ਭਰੇ।’’ ਸਾਈਂ ਨੇ ਕਿਹਾ। ‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ ’ਤੇ ਚਲਿਆ ਗਿਆ। ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ ਲਵੋ। ਤੈਨੂੰ ਕੀ ਦੱਸਾਂ ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ ਗਿਆ ਹੋਣੈ। ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ ਪਿਆ ਰਸ ਪੀਣ। ਬਾਟੇ ’ਚ ਪਾ ਪਾ ਅੱਧਾ ਪੀਪਾ ਰਸ ਦਾ ਪੀ ਗਿਆ। ਮੈਨੂੰ ਸੰਗ ਲੱਗੀ ਜਾਵੇ ਬਈ ਭਗਤੂ ਚਾਚਾ ਆਖੂਗਾ ਬਈ ਇਨ੍ਹਾਂ ਨੇ ਕਦੇ ਗੁੜ ਨੀ ਦੇਖਿਆ, ਰਸ ਨੀ ਦੇਖਿਆ।’’ ਗ਼ਫੂਰ ਨੇ ਕਿਹਾ।
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ ਉਹ ਕੱਟੀ ਦੇ ਗਲ ਪਾ ਦਿੱਤੀ ਤੇ ਗ਼ਫੂਰ ਮੰਗੋ ਕੱਟੀ ਦੇ ਗਲ ਨਾਲ ਚੰਬੜ ਕੇ ਆਖਣ ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ ਵਰਗੀ ਝੋਟੀ ਬਣਜੂਗੀ। ਅਸੀਂ ਇਹ ਬੇਚਣੀ ਨੀ ਅਸੀਂ ਤਾਂ ਘਰ ਹੀ ਰੱਖਾਂਗੇ।’’
ਅੱਜ ਮੈਂ ਸੋਚਦੀ ਆਂ ਕਿ ਉਹ ਵੀ ਇੱਕ ਜ਼ਿੰਦਗੀ ਸੀ।
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ ਆਖਿਆ।

(2)
ਫੇਰ ਇੱਕ ਦਿਨ ਸੁਣਿਆ ਕਿ ਦੇਸ ਆਜ਼ਾਦ ਹੋ ਗਿਆ। ਅੰਗਰੇਜ਼ ਆਪਣੇ ਦੇਸ ਨੂੰ ਮੁੜ ਰਹੇ ਨੇ, ਪਰ ਜਾਣ ਤੋਂ ਪਹਿਲਾਂ ਦੇਸ ਨੂੰ ਦੋ ਹਿੱਸਿਆਂ ਵਿੱਚ ਵੰਡ ਗਏ। ਇੱਕ ਹਿੱਸੇ ਦਾ ਨਾਂ ਪਾਕਿਸਤਾਨ ਜਿੱਥੇ ਮੁਸਲਮਾਨ ਬਹੁਤੇ ਸਨ। ਦੂਜੇ ਪਾਸੇ ਦਾ ਨਾਂ ਹਿੰਦੁਸਤਾਨ ਸੀ ਜਿੱਥੇ ਵਧੇਰੇ ਕਰਕੇ ਹਿੰਦੂ ਸਨ।
ਪਟਿਆਲੇ ਸਾਡੀ ਕੋਠੀ ਸ਼ਹਿਰ ਦੇ ਬਾਹਰ ਸੀ। ਉਸਦੇ ਆਲੇ-ਦੁਆਲੇ ਪਹਿਰੇ ਸਨ। ਹੁਣ ਵੀ ਕੋਠੀ ਵੱਡੇ ਸਾਰੇ ਬਾਗ਼ ਵਿੱਚ ਸੀ। ਸਾਡੇ ਤਕ ਇਹ ਖ਼ਬਰਾਂ ਪਹੁੰਚਦੀਆਂ ਸਨ ਕਿ ਪਾਕਿਸਤਾਨ ਵੱਲੋਂ ਹਿੰਦੂ ਸਿੱਖ ਕੱਢੇ ਮਾਰੇ ਤੇ ਭਜਾਏ ਜਾ ਰਹੇ ਸਨ ਕਿ ਜਾਓ ਆਪਣੇ ਹਿੰਦੁਸਤਾਨ ਵਿੱਚ। ਘਰਾਂ ਅਤੇ ਦੁਕਾਨਾਂ ਦੀ ਲੁੱਟ-ਖਸੁੱਟ ਤੋਂ ਬਿਨਾਂ ਧੀਆਂ-ਭੈਣਾਂ ਦੀ ਇੱਜ਼ਤ ਵੀ ਲੁੱਟੀ ਜਾ ਰਹੀ ਸੀ। ਬਥੇਰੀਆਂ ਨੇ ਨਹਿਰਾਂ, ਨਦੀਆਂ, ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਕਈ ਮਾਪਿਆਂ ਭਰਾਵਾਂ ਨੇ ਆਪ ਹੀ ਮਾਰ ਦਿੱਤੀਆਂ ਸਨ। ਉਸੇ ਤਰ੍ਹਾਂ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਨਾਲ ਉਹੋ ਜਿਹਾ ਵਰਤਾਰਾ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਸੀ।
ਇਨ੍ਹਾਂ ਦਿਨਾਂ ਵਿੱਚ ਹੀ ਸਾਡਾ ਡਰਾਈਵਰ ਰਣਜੀਤ ਬਾਹਰੋਂ ਗਿਆਰਾਂ-ਬਾਰਾਂ ਸਾਲਾਂ ਦੀ ਇੱਕ ਮਲੂਕ ਜਿਹੀ ਕੁੜੀ ਨੂੰ ਬਾਂਹ ਤੋਂ ਫੜ ਕੇ ਅੰਦਰ ਲਿਆਇਆ। ਅੰਦਰ ਆ ਕੇ ਬੇਜੀ ਕੋਲ ਆ ਕੇ ਉਹ ਬੋਲਿਆ, ‘‘ਬੇਜੀ, ਰਾਤ ਆਪਣੀ ਕੋਠੀ ਦੇ ਮਗਰ ਹੀ ਸਰਕੜੇ ਵਿੱਚੋਂ ਦੀ ਮੁਸਲਮਾਨਾਂ ਦਾ ਕਾਫ਼ਲਾ ਲੰਘਿਆ ਸੀ। ਸ਼ਾਇਦ ਮਲੇਰਕੋਟਲੇ ਵੱਲ ਭੱਜੇ ਜਾ ਰਹੇ ਸਨ। ਉੱਥੇ ਮੁਸਲਮਾਨ ਰਾਜਾ ਹੋਣ ਕਰਕੇ ਵੱਢ ਟੁੱਕ ਨਹੀਂ ਸੀ ਹੋਈ। ਰੌਲਾ ਸੁਣ ਕੇ ਮੈਨੂੰ ਉਦੋਂ ਜਾਗ ਆ ਗਈ ਜਦੋਂ ਸ਼ਹਿਰ ਕਾਫ਼ਲੇ ’ਤੇ ਧਾੜਵੀ ਟੁੱਟ ਪਏ। ਚੀਕ ਚਿਹਾੜਾ ਪੈ ਗਿਆ। ਹਵਾ ਵਿੱਚ ਫਾਇਰ ਹੋਏ। ਸ਼ਾਇਦ ਪੁਲੀਸ ਆ ਗਈ। ਉਹ ਪਿਛਾਂਹ ਪਰਤ ਗਏ। ਹਨੇਰੇ ਵਿੱਚ ਹੀ ਕੁੜੀਆਂ ਬੁੜ੍ਹੀਆਂ ਸਾਰੀਆਂ ਅਗਾਂਹ ਲੰਘ ਗਈਆਂ। ਫੇਰ ਚੁੱਪ-ਚਾਂਅ ਹੋ ਗਈ। ਸਵੇਰੇ ਜਦੋਂ ਮੈਂ ਉਧਰ ਗੇੜਾ ਮਾਰਨ ਗਿਆ ਤਾਂ ਕਈ ਲੋਕ ਵਿੱਚੋਂ ਵੱਢੇ ਟੁੱਕੇ ਹੋਏ ਸਨ। ਬੜਾ ਜੀਅ ਖ਼ਰਾਬ ਹੋਇਆ ਦੇਖ ਕੇ। ਉਨ੍ਹਾਂ ਵਿੱਚ ਹੀ ਇਹ ਕੁੜੀ ਡਿੱਗੀ ਪਈ ਦੇਖੀ। ਇਸ ਦੇ ਫੱਟ ਤਾਂ ਕੋਈ ਨਹੀਂ ਸੀ ਸ਼ਾਇਦ ਡਰ ਕੇ ਬੇਹੋਸ਼ ਹੋ ਕੇ ਡਿੱਗ ਪਈ ਸੀ। ਮੈਂ ਬਾਂਹ ਫੜ ਕੇ ਉਠਾਇਆ। ਮੈਨੂੰ ਦੇਖ ਕੇ ਚੀਕਾਂ ਮਾਰਨ ਲੱਗ ਪਈ। ਮੈਂ ਆਖਿਆ ਕਮਲੀਏ ਚੱਲ ਤੈਨੂੰ ਬੇਜੀ ਕੋਲ ਲੈ ਕੇ ਚੱਲਾਂ।’’
ਗੋਰੀ ਚਿੱਟੀ ਮਾੜਕੂ ਜਿਹੀ ਕੁੜੀ ਡਰੀ ਘਬਰਾਈ ਬਿਟਰ ਬਿਟਰ ਝਾਕਦੀ ਰਹੀ। ‘‘ਬੈਠ ਜਾ ਪੁੱਤ ਕੁਰਸੀ ’ਤੇ। ਰਣਜੀਤ ਮਾਇਆ ਨੂੰ ਕਹਿ ਕੁਛ ਇਸ ਨੂੰ ਖਾਣ ਨੂੰ ਦੇਵੇ,’’ ਬੇਜੀ ਨੇ ਕਿਹਾ। ਬੇਜੀ ਨੇ ਉਸ ਨੂੰ ਪੁੱਛਿਆ, ‘‘ਕੀ ਨਾਂ ਐ ਤੇਰਾ?’’ ਉਸ ਨੂੰ ਜਿਵੇਂ ਆਪਣਾ ਨਾਂ ਹੀ ਭੁੱਲ ਗਿਆ ਸੀ। ‘‘ਡਰ ਨਾ। ਮਜਾਲ ਐ ਇੱਥੇ ਤੈਨੂੰ ਕੋਈ ਹੱਥ ਲਾ ਜੇ। ਕੀ ਨਾਂ ਐ ਤੇਰਾ?’’ ਬੇਜੀ ਨੇ ਉਸ ਦੇ ਸਿਰ ’ਤੇ ਹੱਥ ਫੇਰਦਿਆਂ ਪੁੱਛਿਆ। ‘‘ਜ਼ੀਨਤ,’’ ਉਸ ਨੇ ਸਾਹ ਸਤਹੀਣ ਆਵਾਜ਼ ’ਚ ਦੱਸਿਆ।
‘‘ਤੇਰੇ ਅੱਬਾ ਦਾ ਕੀ ਨਾਂ ਐ?’’ ਉਹ ਸਿਰਫ਼ ਬੌਂਦਲਿਆਂ ਵਾਂਗ ਇਧਰ ਉਧਰ ਝਾਕ ਰਹੀ ਸੀ। ਇੰਨੇ ਨੂੰ ਮਾਇਆ ਦੁੱਧ ਦੇ ਗਿਲਾਸ ਨਾਲ ਪਲੇਟ ’ਚ ਬਿਸਕੁਟ ਰੱਖ ਕੇ ਲੈ ਕੇ ਆ ਗਈ। ਬੇਜੀ ਨੇ ਜ਼ੀਨਤ ਨੂੰ ਕਿਹਾ, ‘‘ਦੁੱਧ ਪੀ ਲੈ ਤੇ ਬਿਸਕੁਟ ਖਾ ਲੈ।’’ ਉਸ ਨੇ ਨਾ ਗਿਲਾਸ ਫੜਿਆ ਤੇ ਨਾ ਹੀ ਬਿਸਕੁਟ ਛੂਹੇ।
ਬੇਜੀ ਨੇ ਪੁੱਛਿਆ, ‘‘ਤੁਸੀਂ ਕਿੱਥੇ ਰਹਿੰਦੇ ਸੀ?’’
‘‘ਸ਼ਾਹੀ ਸਮਾਧਾਂ ਕੋਲ,’’ ਉਸ ਨੇ ਮਰੀਅਲ ਆਵਾਜ਼ ’ਚ ਕਿਹਾ। ‘‘ਤੂੰ ਡਰ ਨਾ ਕੁਝ ਖਾ ਲੈ। ਤੇਰੇ ਅੱਬਾ ਤੇ ਅੰਮੀ ਦਾ ਪਤਾ ਕਰਕੇ ਤੈਨੂੰ ਮਲੇਰਕੋਟਲੇ ਪਹੁੰਚ ਦੇਵਾਂਗੇ,’’ ਬੇਜੀ ਨੇ ਕਿਹਾ। ‘‘ਅੱਬਾ ਤੇ ਅੰਮੀ ਤਾਂ ਵੱਢ ਦਿੱਤੇ ਸੀ,’’ ਉਸ ਨੇ ਰੋ ਕੇ ਬੌਂਦਲਿਆਂ ਵਾਂਗ ਦੱਸਿਆ।
ਰਣਜੀਤ ਨੇ ਕਿਹਾ, ‘‘ਬੇਜੀ, ਮਲੇਰਕੋਟਲੇ ਵੀ ਇਹਦਾ ਕੌਣ ਹੋਣਾ? ਮੈਂ ਇਹਨੂੰ ਆਪਣੀ ਮਾਂ ਕੋਲ ਪਿੰਡ ਛੱਡ ਆਊਂਗਾ।’’
ਦੋ ਤਿੰਨ ਦਿਨ ਸਾਡੇ ਘਰ ਰਹੀ। ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ ਜ਼ੀਨਤ ਘਰ ਨਹੀਂ ਸੀ। ਪੁੱਛਣ ’ਤੇ ਬੇਜੀ ਨੇ ਮੈਨੂੰ ਦੱਸਿਆ ਕਿ ਤੇਰੇ ਬਾਪੂ ਜੀ ਨੇ ਮਲੇਰਕੋਟਲੇ ਕੋਈ ਰਿਸ਼ਤੇਦਾਰ ਪਤਾ ਕਰਕੇ ਉਸ ਕੋਲ ਭੇਜ ਦਿੱਤੀ ਐ।
ਮੈਂ ਪੁੱਛਿਆ, ‘‘ਕਿਉਂ ਭੇਜੀ?’’ ‘‘ਮੁਸਲਮਾਨਾਂ ਦੀ ਕੁੜੀ ਨੂੰ ਲੁਕੋ ਕੇ ਨਹੀਂ ਰੱਖ ਸਕਦੇ,’’ ਬੇਜੀ ਨੇ ਦੱਸਿਆ।
ਜ਼ੀਨਤ ਦੇ ਜਾਣ ਮਗਰੋਂ ਬੇਜੀ ਔਖਾ ਔਖਾ ਮਹਿਸੂਸ ਕਰ ਰਹੇ ਸਨ। ਉਹ ਅੰਗਰੇਜ਼ਾਂ ਨੂੰ ਗਾਲ੍ਹਾਂ ਦੇਣ ਲੱਗਦੇ ਬਈ ਸਾਡੇ ਮੁਲਕ ’ਚ ਤਬਾਹੀ ਮਚਾ ਕੇ ਉਨ੍ਹਾਂ ਨੂੰ ਕੀ ਥਿਆ ਗਿਆ। ਕਦੇ ਜਿਨਾਹ ਤੇ ਕਦੇ ਨਹਿਰੂ ਨੂੰ ਆਖਦੇ ਕਿ ਬਈ ਇਨ੍ਹਾਂ ਦੀਆਂ ਅੱਖਾਂ ਫੁੱਟੀਆਂ ਸਨ! ਕਦੇ ਕਦੇ ਆਖਦੇ ਕਿ ਰੁੜ ਜਾਣੇ ਗਾਂਧੀ ਨੇ ਕਿਉਂ ਨਾ ਇਹ ਸਭ ਕੁਝ ਰੋਕਿਆ। ਕਦੇ ਕਦੇ ਕਿੰਨਾ ਕਿੰਨਾ ਚਿਰ ਪਾਠ ਕਰਦੇ ਰਹਿੰਦੇ। ਜ਼ੀਨਤ ਦਾ ਕੁਮਲਾਇਆ ਜਿਹਾ ਮੂੰਹ ਕਈ ਵਾਰੀ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦਾ। ਉਹ ਬੜੀ ਵਾਰੀ ਯਾਦ ਆਉਂਦੀ।
ਫੇਰ ਮਹੀਨੇ ਮਗਰੋਂ ਸਾਡਾ ਅਹਿਮਦ ਟਾਂਗੇ ਵਾਲਾ ਜਿਹੜਾ ਮੈਨੂੰ ਪਰਦੇ ਵਾਲੇ ਟਾਂਗੇ ਵਿੱਚ ਸਕੂਲ ਛੱਡਣ ਜਾਂਦਾ ਸੀ, ਇੱਕ ਦਿਨ ਸਾਡੇ ਘਰ ਆਇਆ ਤੇ ਬੇਜੀ ਦੇ ਪੈਰੀਂ ਹੱਥ ਲਾ ਕੇ ਭੁੱਬਾਂ ਮਾਰ ਕੇ ਰੋ ਪਿਆ।

‘ਬੀਬਾ ਦੇ ਬਾਪੂ ਜੀ ਨੇ ਤੇਰਾ ਬਥੇਰਾ ਪਤਾ ਕਰਵਾਇਆ ਸੀ। ਇਹੀ ਪਤਾ ਲੱਗਿਆ ਕਿ ਬਈ ਗੁੱਜਰਾਂ ਦੇ ਵਿਹੜੇ ਦੇ ਸਾਰੇ ਲੋਕ ਮਾਰ ਦਿੱਤੇ ਗਏ ਨੇ,’’ ਬੇਜੀ ਕਹਿ ਰਹੇ ਸਨ। ‘‘ਹਾਂ ਬੇਜੀ ਹਾਂ, ਮੇਰੀ ਅੰਮੀ, ਮੇਰੇ ਬੱਚੇ, ਤੁਹਾਡੀ ਨੂੰਹ ਸਾਰੇ ਮਾਰ ਦਿੱਤੇ ਗਏ ਹਨ। ਮੈਂ ਤਾਂ ਉੱਥੋਂ ਭੱਜ ਨਿਕਲਿਆ ਸੀ। ਖੇਤਾਂ ਵਿੱਚੋਂ ਦੀ ਲੰਘਦਾ ਹੋਇਆ ਰਾਤੋ ਰਾਤ ਮਲੇਰਕੋਟਲਾ ਪਹੁੰਚ ਗਿਆ। ਸ਼ੁਕਰ ਐ ਗੁਰੂ ਜੀ ਨੇ ਮਲੇਰਕੋਟਲੇ ਨੂੰ ਵਸਦਾ ਰਹਿਣ ਦਾ ਵਰ ਦਿੱਤਾ ਹੋਇਆ ਹੈ ਤਾਂ ਹੀ ਤਾਂ ਇਧਰੇ ਕੁਝ ਨਹੀਂ ਹੋਇਆ।’’
‘‘ਹਾਂ ਅਹਿਮਦ, ਜਦੋਂ ਸਰਹੰਦ ਵਿੱਚ ਗੁਰੂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਨ ਲੱਗੇ ਸੀ ਤਾਂ ਸਿਰਫ਼ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ। ਭਾਵੇਂ ਉਹ ਮਾਸੂਮਾਂ ਦੇ ਕਤਲ ਨੂੰ ਟਾਲ ਨਾ ਸਕਿਆ, ਪਰ ਮੁਸਲਮਾਨ ਹੁੰਦਿਆਂ ਵੀ ਉਸਨੇ ਇਸ ਕਾਰੇ ਦਾ ਵਿਰੋਧ ਤਾਂ ਕੀਤਾ ਸੀ। ਗੁਰੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਿਰਫ਼ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਲੇਰਕੋਟਲਾ ਹਮੇਸ਼ਾ ਵਸਦਾ ਰਹੇਗਾ,’’ ਬੇਜੀ ਨੇ ਦੱਸਿਆ।
‘‘ਹਾਂ ਬੇਜੀ, ਤੁਸੀਂ ਠੀਕ ਕਹਿ ਰਹੇ ਓ। ਇਨ੍ਹਾਂ ਬੁਰੇ ਦਿਨਾਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ਅਤੇ ਮਲੇਰਕੋਟਲੇ ਵਿੱਚ ਵੱਸਦੇ ਸਿੱਖਾਂ ਨੇ ਮਲੇਰਕੋਟਲੇ ਦੇ ਆਲੇ-ਦੁਆਲੇ ਠੀਕਰੀ ਪਹਿਰਾ ਲਾਈ ਰੱਖਿਆ ਸੀ ਤਾਂ ਜੋ ਜਨੂੰਨੀ ਤੇ ਲੁਟੇਰੇ ਇਧਰ ਨੂੰ ਮੂੰਹ ਨਾ ਕਰਨ,’’ ਅਹਿਮਦ ਨੇ ਕਿਹਾ।
‘‘ਫੇਰ ਅਹਿਮਦ ਤੇਰਾ ਕੀ ਹਾਲ ਐ? ਨਾਲੇ ਮਾਇਆ ਰੋਟੀ ਪਾ ਕੇ ਦੇ ਦੇ ਅਹਿਮਦ ਨੂੰ,’’ ਬੇਜੀ ਨੇ ਕਿਹਾ।
‘‘ਹਾਲ ਕੀ ਹੋਣਾ ਬੇਜੀ, ਦਿਨੇ ਬੱਸਾਂ ਦੇ ਅੱਡੇ ’ਤੇ ਮਜ਼ਦੂਰੀ ਕਰਦਾ ਰਹਿਨਾ ਤੇ ਫੇਰ ਰਾਤ ਨੂੰ ਰਿਸ਼ਤੇਦਾਰਾਂ ਦੀ ਇੱਕ ਕੋਠੜੀ ਵਿੱਚ ਸੌਂ ਜਾਂਨਾ,’’ ਅਹਿਮਦ ਨੇ ਕਿਹਾ।
‘‘ਤੂੰ ਫੇਰ ਪਾਕਿਸਤਾਨ ਨਹੀਂ ਗਿਆ?’’ ਬੇਜੀ ਨੇ ਪੁੱਛਿਆ। ‘‘ਪਾਕਿਸਤਾਨ ਸਾਡਾ ਕੌਣ ਸੀ। ਨਿਰੇ ਪਾਕਿਸਤਾਨ ਨੂੰ ਕੀ ਰੋਟੀ ਦੀ ਥਾਂ ਖਾ ਲਵਾਂਗੇ ਜਾਂ ਕੱਪੜਿਆਂ ਦੀ ਥਾਂ ਪਾ ਲਵਾਂਗੇ!’’ ਅਹਿਮਦ ਨੇ ਦੱਸਿਆ।
ਇੰਨੇ ਨੂੰ ਮਾਇਆ ਰੋਟੀ ਲੈ ਕੇ ਆ ਗਈ। ਰੋਟੀ ਫੜਦਿਆਂ ਅਹਿਮਦ ਬੋਲਿਆ, ‘‘ਬੇਜੀ ਜਰਨੈਲ ਸਾਬ ਦੇ ਦੋ ਪੁਰਾਣੇ ਪਜਾਮੇ ਕੁੜਤੇ ਵੀ ਦੇ ਦਿਓ।’’
ਇਹ ਸੁਣ ਕੇ ਬੇਜੀ ਨੇ ਕਿਹਾ, ‘‘ਪੁਰਾਣੇ ਕਿਉਂ, ਪੈਸੇ ਲੈ ਜਾਈਂ ਨਵੇਂ ਬਣਵਾ ਲਵੀਂ। ਤੂੰ ਸਾਡੇ ਕੋਲ ਕਿਉਂ ਨਹੀਂ ਆ ਜਾਂਦਾ।’’
‘‘ਇੱਥੇ ਤਾਂ ਹੁਣ ਬੇਜੀ ਪੁਰਾਣਾ ਸਭ ਕੁਝ ਹਰ ਵੇਲੇ ਯਾਦ ਆਉਂਦਾ ਰਹੂਗਾ। ਨਾਲੇ ਉੱਥੇ ਰਹਿੰਦੇ ਦਾ ਹੋ ਸਕਦੈ ਕਿਸੇ ਗ਼ਰੀਬ ਗ਼ਰੂਬ ਗੁੱਜਰਾਂ ਦੀ ਕੁੜੀ ਨਾਲ ਨਿਕਾਹ ਵੀ ਹੋ ਜਾਵੇ,’’ ਅਹਿਮਦ ਨੇ ਕਿਹਾ।

ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ। ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਪਤਾ ਨਹੀਂ ਚੱਲਿਆ। ਗ਼ਫੂਰ ਨੂੰ ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ। ਉੱਥੇ ਉਨ੍ਹਾਂ ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ ਚਿੰਘਾੜਾਂ ਮਾਰਦਾ ਸੀ, ਆਖਦਾ ਸੀ ਕਿ ਮੈਂ ਨਹੀਂ ਇੱਥੇ ਰਹਿਣਾ।
ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਕੇ ਆਏ ਕਿ ਟਿਕਟਿਕਾ ਹੋਏ ’ਤੇ ਜਿੱਥੇ ਵੀ ਤੂੰ ਹੋਇਆ ਮੈਂ ਲੈ ਆਊਂਗਾ। ਜਿਸ ਦਿਨ ਉਹ ਗਿਆ ਸੀ ਉਸ ਦਿਨ ਮਾਂ ਜੀ ਨੇ ਵੀ ਰੋਟੀ ਨਹੀਂ ਸੀ ਖਾਧੀ।
ਦੋ ਚਾਰ ਦਿਨਾਂ ਮਗਰੋਂ ਮਾਂ ਜੀ ਪਿੰਡੋਂ ਸਾਨੂੰ ਮਿਲਣ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਬਾਬਾ ਜੀ ਆਖਦੇ ਹੁੰਦੇ ਸਨ ਕਿ ਜੇ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਸ ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ ਵੀ ਕੁੱਤਿਆਂ ਦਾ ਚੂੰਢਿਆ ਹੋਇਆ। ਬਾਬਾ ਜੀ ਨੇ ਕੋਰੀ ਚਾਦਰ ’ਚ ਲਪੇਟ ਕੇ ਚਹੁੰ ਬੰਦਿਆਂ ਤੋਂ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਲੋਕੀ ਆਖਦੇ ਸਨ ਕਿ ਉਨ੍ਹਾਂ ਨੇ ਪਹਿਲੀ ਵਾਰੀ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ।
ਬਾਬਾ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਦੂਜੇ ਪਿੰਡਾਂ ਦੀ ਚਾਂਭਲੀ ਹੋਈ ਭੀੜ ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ। ਇਸ ਲਈ ਉਨ੍ਹਾਂ ਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ ਤੋਂ ਪੁਲੀਸ ਦੇ ਕੁਝ ਬੰਦੇ ਬੁਲਾ ਲਏ ਸਨ ਤੇ ਫਿਰ ਪਿੰਡ ਦੇ ਮੁਸਲਮਾਨ ਪਰਿਵਾਰਾਂ, ਜਿਸ ਵਿੱਚ ਸਭ ਤੋਂ ਪਹਿਲਾਂ ਬਦਰੇ ਗੁੱਜਰ ਦਾ ਪਰਿਵਾਰ, ਸਦੀਕ ਦਾ ਪਰਿਵਾਰ ਅਤੇ ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ ਸਨ ਕਿ ਜਦੋਂ ਅਮਨ ਚੈਨ ਹੋਇਆ ਤਾਂ ਆ ਕੇ ਲੈ ਜਾਣਗੇ, ਪਰ ਮਾਂ ਜੀ ਨਹੀਂ ਮੰਨੇ। ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ ਅੱਖਾਂ ਮੀਚ ਗਈ ਕੀਹਨੇ ਸੰਭਾਲਣੀਆਂ ਨੇ। ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਜਾਓ।’’
ਜਿਸ ਦਿਨ ਉਹ ਗਏ ਸਨ ਤਾਂ ਮਾਂ ਜੀ ਨੇ ਉਸ ਦਿਨ ਕਿਹੜਾ ਰੋਟੀ ਖਾਧੀ ਸੀ। ਉਨ੍ਹਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਘੀ ਦਾ ਬਣਾਏ ਬਿਸਕੁਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਰਾਹ ਵਿੱਚ ਕੰਮ ਆ ਜਾਣਗੇ। ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਕਿ ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ ਦਿੱਤੇ ਨੇ।

ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ। ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਪਤਾ ਨਹੀਂ ਚੱਲਿਆ। ਗ਼ਫੂਰ ਨੂੰ ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ। ਉੱਥੇ ਉਨ੍ਹਾਂ ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ ਚਿੰਘਾੜਾਂ ਮਾਰਦਾ ਸੀ, ਆਖਦਾ ਸੀ ਕਿ ਮੈਂ ਨਹੀਂ ਇੱਥੇ ਰਹਿਣਾ।
ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਕੇ ਆਏ ਕਿ ਟਿਕਟਿਕਾ ਹੋਏ ’ਤੇ ਜਿੱਥੇ ਵੀ ਤੂੰ ਹੋਇਆ ਮੈਂ ਲੈ ਆਊਂਗਾ। ਜਿਸ ਦਿਨ ਉਹ ਗਿਆ ਸੀ ਉਸ ਦਿਨ ਮਾਂ ਜੀ ਨੇ ਵੀ ਰੋਟੀ ਨਹੀਂ ਸੀ ਖਾਧੀ।
ਦੋ ਚਾਰ ਦਿਨਾਂ ਮਗਰੋਂ ਮਾਂ ਜੀ ਪਿੰਡੋਂ ਸਾਨੂੰ ਮਿਲਣ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਬਾਬਾ ਜੀ ਆਖਦੇ ਹੁੰਦੇ ਸਨ ਕਿ ਜੇ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਸ ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ ਵੀ ਕੁੱਤਿਆਂ ਦਾ ਚੂੰਢਿਆ ਹੋਇਆ। ਬਾਬਾ ਜੀ ਨੇ ਕੋਰੀ ਚਾਦਰ ’ਚ ਲਪੇਟ ਕੇ ਚਹੁੰ ਬੰਦਿਆਂ ਤੋਂ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਲੋਕੀ ਆਖਦੇ ਸਨ ਕਿ ਉਨ੍ਹਾਂ ਨੇ ਪਹਿਲੀ ਵਾਰੀ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ।
ਬਾਬਾ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਦੂਜੇ ਪਿੰਡਾਂ ਦੀ ਚਾਂਭਲੀ ਹੋਈ ਭੀੜ ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ। ਇਸ ਲਈ ਉਨ੍ਹਾਂ ਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ ਤੋਂ ਪੁਲੀਸ ਦੇ ਕੁਝ ਬੰਦੇ ਬੁਲਾ ਲਏ ਸਨ ਤੇ ਫਿਰ ਪਿੰਡ ਦੇ ਮੁਸਲਮਾਨ ਪਰਿਵਾਰਾਂ, ਜਿਸ ਵਿੱਚ ਸਭ ਤੋਂ ਪਹਿਲਾਂ ਬਦਰੇ ਗੁੱਜਰ ਦਾ ਪਰਿਵਾਰ, ਸਦੀਕ ਦਾ ਪਰਿਵਾਰ ਅਤੇ ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ ਸਨ ਕਿ ਜਦੋਂ ਅਮਨ ਚੈਨ ਹੋਇਆ ਤਾਂ ਆ ਕੇ ਲੈ ਜਾਣਗੇ, ਪਰ ਮਾਂ ਜੀ ਨਹੀਂ ਮੰਨੇ। ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ ਅੱਖਾਂ ਮੀਚ ਗਈ ਕੀਹਨੇ ਸੰਭਾਲਣੀਆਂ ਨੇ। ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਜਾਓ।’’
ਜਿਸ ਦਿਨ ਉਹ ਗਏ ਸਨ ਤਾਂ ਮਾਂ ਜੀ ਨੇ ਉਸ ਦਿਨ ਕਿਹੜਾ ਰੋਟੀ ਖਾਧੀ ਸੀ। ਉਨ੍ਹਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਘੀ ਦਾ ਬਣਾਏ ਬਿਸਕੁਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਰਾਹ ਵਿੱਚ ਕੰਮ ਆ ਜਾਣਗੇ। ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਕਿ ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ ਦਿੱਤੇ ਨੇ।

(3)
ਕਈ ਵਰ੍ਹੇ ਲੰਘ ਗਏ ਸਨ ਜਦੋਂ ਪਿੰਡੋਂ ਠੇਕਾ ਦੇਣ ਆਏ ਭਗਤੂ ਨੇ ਇੱਕ ਪੋਸਟਕਾਰਡ ਲਿਆ ਫੜਾਇਆ। ਇਹ ਪਾਕਿਸਤਾਨ ਤੋਂ ਆਇਆ ਸੀ। ਗ਼ਫੂਰ ਨੇ ਪਤਾ ਲਿਖਿਆ ਸੀ ਕਿ ਪਟਿਆਲੇ ਵਾਲਿਆਂ ਦੇ ਘਰ ਪਿੰਡ ਰੱਬੋਂ ਜ਼ਿਲ੍ਹਾ ਲੁਧਿਆਣਾ। ਪਤਾ ਨਹੀਂ ਕਿਵੇਂ ਘੁੰਮਦਿਆਂ ਘੁੰਮਦਿਆਂ ਸਾਡੇ ਘਰ ਆ ਗਿਆ ਸੀ। ਕਾਰਡ ਵਿੱਚ ਉਸ ਨੇ ਲਿਖਿਆ ਸੀ ਕਿ ਬਾਬਾ ਜੀ ਮੈਨੂੰ ਆ ਕੇ ਲੈ ਜਾਓ। ਪਿੰਡ ਸਾਡਾ ਲਾਹੌਰ ਦੇ ਨੇੜੇ ਹੀ ਹੈ।
ਕਾਰਡ ਪੜ੍ਹਦਿਆਂ ਤਿਪ ਤਿਪ ਹੰਝੂ ਮੇਰੀਆਂ ਅੱਖਾਂ ਵਿੱਚੋਂ ਡਿੱਗਣ ਲੱਗੇ। ਇਸ ਦਾ ਮਤਲਬ ਗ਼ਫੂਰ ਠੀਕ-ਠਾਕ ਪਹੁੰਚ ਗਿਆ ਸੀ ਪਾਕਿਸਤਾਨ। ਕਈ ਵਾਰੀ ਮੈਂ ਮਨ ਹੀ ਮਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ ਲੱਭਦੀ ਰਹੀ ਸੀ। ਮੈਨੂੰ ਲੱਗਦਾ ਕਿ ਉਹ ਵੀ ਵੱਡਾ ਹੋ ਗਿਆ ਹੋਣਾ। ਏਧਰ ਇਸ ਘਰ ਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗ਼ਫੂਰ ਨੂੰ ਦੱਸਣਾ ਚਾਹੁੰਦੀ ਸੀ। ਮੈਨੂੰ ਅਜੇ ਵੀ ਗਿਆਰਾਂ ਬਾਰਾਂ ਸਾਲਾਂ ਦਾ ਮਾੜਕੂ ਜਿਹਾ ਅਰਾਈਆਂ ਦਾ ਮੁੰਡਾ ਜਿਹੜਾ ਮੰਗੂ ਕੱਟੀ ਦੇ ਗਲ ਗਾਨੀ ਪਾ ਰਿਹਾ ਤੇ ਫੇਰ ਉਸ ਦੇ ਗਲ ਵਿੱਚ ਬਾਹਾਂ ਪਿਆਰ ਨਾਲ ਪਾ ਕੇ ‘ਮੇਰੀ ਮੰਗੂ’ ਆਖਦਾ ਯਾਦ ਆ ਰਿਹਾ ਸੀ। ਮੈਂ ਸੋਚਦੀ ਕਿ ਉਹ ਸਾਡਾ ਘਰ, ਮਾਂ ਜੀ, ਬਾਬਾ ਜੀ ਕਿੱਥੇ ਚਲੇ ਗਏ ਨੇ। ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ। ਕੀ ਵਕਤ ਨੂੰ ਪੁੱਠਾ ਨਹੀਂ ਗੇੜਿਆ ਜਾ ਸਕਦਾ। ਕੀ ਰੂਹਾਂ ਹੁੰਦੀਆਂ ਨੇ। ਕੀ ਕਿਸੇ ਹੋਰ ਜਨਮ ਵਿੱਚ ਅਸੀਂ ਸਾਰੇ ਫੇਰ ਮਿਲਾਂਗੇ। ਗ਼ਫੂਰ ਕੌਣ ਸੀ। ਪੰਜਾਬ ਨੂੰ ਚੀਰ ਕੇ ਵੰਡ ਕਿਉਂ ਦਿੱਤਾ ਗਿਆ।
ਬੇਜੀ ਨੇ ਪੁੱਛਿਆ ਕਿ ਗ਼ਫੂਰ ਦਾ ਖ਼ਤ ਆਇਆ ਸੀ ਕੀ ਲਿਖਦਾ ਹੈ। ਮੈਨੂੰ ਵੀ ਚੰਦਰਾ ਬੜੀ ਵਾਰੀ ਯਾਦ ਆਉਂਦੈ। ਉਸ ਦਾ ਵੀ ਪਿਛਲੇ ਜਨਮਾਂ ਦਾ ਸਾਡੇ ਪਰਿਵਾਰ ਨਾਲ ਕੋਈ ਸਬੰਧ ਹੋਣਾ ਐ।
ਮੈਨੂੰ ਯਾਦ ਆਉਣ ਵਾਲਿਆਂ ਵਿੱਚ ਮਾਂ ਜੀ ਤੇ ਬਾਬਾ ਜੀ ਦੇ ਨਾਲ ਗ਼ਫੂਰ ਵੀ ਰਲ ਗਿਆ ਸੀ ਤੇ ਜ਼ੀਨਤ ਵੀ। ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਲੱਗਦੀ ਕਿ ਲੋਕਾਂ ਦੇ ਪੂਰਾਂ ਦੇ ਪੂਰ ਜੱਗ ’ਤੇ ਆਉਂਦੇ ਨੇ ਤੇ ਲੰਘ ਜਾਂਦੇ ਨੇ। ਜਾਣ ਤੋਂ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਉਪਰ ਕੋਈ ਹੋਰ ਹੀ ਲੋਕ ਰਹਿੰਦੇ ਹੋਣਗੇ। ਮੈਨੂੰ ਤਾਂ ਲੱਗਦਾ ਜਿਵੇਂ ਬਾਜ਼ੀਗਰਨੀ ਮਿੱਟੀ ਦੇ ਖਿਡੌਣੇ ਬਣਾ ਬਣਾ ਰੱਖੀ ਜਾਂਦੀ ਹੈ ਤੇ ਮੁੜ ਅੱਗ ਵਿੱਚ ਪੱਕੇ ਕਰਦੀ ਹੈ। ਖਾਰੇ ਵਿੱਚ ਰੱਖ ਕੇ ਗਲੀ ਗਲੀ ਹੋਕਾ ਦਿੰਦੀ ਹੈ: ਲੈ ਲੋ ਕੋਈ ਘੁੱਗੂ ਘੋੜੇ। ਜੁਆਕ ਭੱਜ ਕੇ ਉਸ ਦੇ ਦੁਆਲੇ ਹੋ ਜਾਂਦੇ ਨੇ। ਬਾਜ਼ੀਗਰਨੀ ਮਨ ਵਿੱਚ ਹੱਸਦੀ ਹੈ ਕਿ ਬੱਚੇ ਇਨ੍ਹਾਂ ਨੂੰ ਜਿਊਂਦੇ ਜਾਗਦੇ ਸਮਝਦੇ ਨੇ। ਅਸਲ ਵਿੱਚ ਮਿੱਟੀ ਦੇ ਖਿਡੌਣੇ ਹੀ ਤਾਂ ਹਨ। ਕਦੇ ਕਦੇ ਮੈਨੂੰ ਲੱਗਦਾ ਕਿ ਰੱਬ ਵੀ ਸਾਡੇ ਨਾਲ ਇਉਂ ਹੀ ਕਰ ਰਿਹਾ ਹੈ।
ਕਈ ਵਰ੍ਹੇ ਲੰਘਣ ਮਗਰੋਂ ਪਾਕਿਸਤਾਨ ਤੋਂ ਪੋਸਟਕਾਰਡ ਭੇਜ ਕੇ ਗ਼ਫੂਰ ਨੇ ਬਾਬਾ ਨੂੰ ਉਸ ਨੂੰ ਵਾਪਸ ਲਿਜਾਣ ਲਈ ਆਖਿਆ।

(4)
ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ ਯੂਨੀਵਰਸਿਟੀ ਸਾਡੇ ਘਰ ਆ ਗਈ।
‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਕੀਹਨੇ ਰੋਕਣਾ ਸੀ।’’ ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ।
‘‘ਲਾਹੌਰ ਦੇ ਆਲੇ ਦੁਆਲੇ ਕਿੰਨੇ ਕੁ ਪਿੰਡ ਨੇ?’’ ਮੈਂ ਤੌਸੀਫ਼ ਨੂੰ ਪੁੱਛਿਆ। ਮੇਰੇ ਮਨ ਵਿੱਚ ਗ਼ਫੂਰ ਦਾ ਪਿੰਡ ਸੀ। ‘‘ਕਈ ਨੇ।’’ ‘‘ਉਨ੍ਹਾਂ ਪਿੰਡਾਂ ਵਿੱਚੋਂ ਜੇ ਕਿਸੇ ਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ?’’ ਮੈਂ ਪੁੱਛਿਆ। ‘‘ਤੂੰ ਕੀਹਨੂੰ ਲੱਭਣੈ?’’ ‘‘ਪਾਰਟੀਸ਼ਨ ਤੋਂ ਪਹਿਲਾਂ ਸਾਡੇ ਘਰ ਗਿਆਰਾਂ-ਬਾਰਾਂ ਸਾਲਾਂ ਦਾ ਕੰਮ ਕਰਨ ਵਾਲਾ ਲੜਕਾ ਗ਼ਫੂਰ ਰਹਿੰਦਾ ਸੀ। ਚੰਦਰਾ ਬੜੀ ਵਾਰੀ ਯਾਦ ਆ ਜਾਂਦਾ ਐ। ਕਈ ਵਰ੍ਹਿਆਂ ਮਗਰੋਂ ਉਸ ਨੇ ਬਾਬਾ ਜੀ ਦੇ ਨਾਂ ’ਤੇ ਪੋਸਟਕਾਰਡ ਪਾਇਆ ਸੀ ਜਿਸ ਵਿੱਚ ਲਿਖਿਆ ਸੀ ਸਾਡਾ ਪਿੰਡ ਲਾਹੌਰ ਦੇ ਨੇੜੇ ਹੀ ਹੈ। ਪਰ ਉਸ ਨੇ ਪਿੰਡ ਦਾ ਨਾਂ ਨਹੀਂ ਸੀ ਲਿਖਿਆ। ਬੜਾ ਮਨ ਕਰਦਾ ਐ ਕਿ ਗ਼ਫੂਰ ਦਾ ਕਿਸੇ ਤਰ੍ਹਾਂ ਪਤਾ ਲੱਗ ਜਾਵੇ।’’
‘‘ਉਸ ਦੇ ਅੱਬਾ ਦਾ ਕੀ ਨਾਂ ਸੀ?’’ ‘‘ਪਤਾ ਨਹੀਂ। ਏਨਾ ਕੁ ਪਤਾ ਐ ਕਿ ਉਸ ਦਾ ਪਿੰਡ ਮੰਡੀਆਂ ਸੀ। ਉਸ ਦਾ ਅੱਬਾ ਬੜਾ ਗ਼ਰੀਬ ਅਰਾਈਂ ਸੀ। ਆਖਦਾ ਸੀ ਕਿ ਗ਼ਫੂਰ ਤੁਹਾਡੇ ਇੱਥੇ ਰਹਿ ਕੇ ਰੱਜ ਕੇ ਰੋਟੀ ਤਾਂ ਖਾਊਗਾ। ਹੌਲੀ ਹੌਲੀ ਉਹ ਸਭ ਕੁਝ ਭੁੱਲ ਕੇ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ।’’ ‘‘ਤੂੰ ਕਿੱਡੀ ਸੀ ਉਦੋਂ?’’ ‘‘ਗ਼ਫੂਰ ਜਿੱਡੀ ਹੀ ਸੀ ਦਸ-ਗਿਆਰਾਂ ਸਾਲਾਂ ਦੀ।’’ ‘‘ਬਿਨਾਂ ਕਿਸੇ ਅਤੇ ਪਤੇ ਤੋਂ ਇਉਂ ਕਿਵੇਂ ਲੱਭਿਆ ਜਾਊਗਾ।’’ ਤੌਸੀਫ਼ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ ਨੂੰ ਬੜੀ ਬੇਚੈਨੀ ਲੱਗੀ।
ਤੌਸੀਫ਼ ਆਖਣ ਲੱਗੀ, ‘‘ਇੱਥੇ ਜਲੰਧਰ ਕੋਲ ਸਾਡਾ ਵੀ ਇੱਕ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਆਪਣੇ ਪੇਕਿਆਂ ਦੀ ਧਰਤੀ ਦੇਖਣ ਦਾ। ਤੂੰ ਸੁਣਾ ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂਅ ਲਿਆ ਸੀ।’’ ‘‘ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ।’’ ਮੈਂ ਕਿਹਾ। ‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋਸੀ?’’ ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੇਰੇ ਨਾਲ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’ ‘‘ਹਾਂ। ਬਹੁਤ ਸਾਊ ਹੈ।’’ ਮੈਂ ਕਿਹਾ। ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ ਇੱਕ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ ਦਾ ਖ਼ਿਆਲ ਹੀ ਨਹੀਂ।
ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ!’’
‘‘ਤੁਹਾਡੀਆਂ ਮੈਂ ਕਹਾਣੀਆਂ ਪੜ੍ਹੀਆਂ ਨੇ।’’ ਮੈਂ ਕਿਹਾ। ‘‘ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ ਪਰ ਫੇਰ ਵੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਭਉਂ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਬਰੇ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ।’’ ਤੌਸੀਫ਼ ਨੇ ਕਿਹਾ। ‘‘ਤੌਸੀਫ਼ ਸੋਚ ਕੇ ਇਹ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ।’’ ਮੈਂ ਕਿਹਾ। ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰੇ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’ ਮੇਰੇ ਕੋਲ ਤੌਸੀਫ਼ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ਉਪਰ ਹੀ ਨਿਕਲਦੈ ਇਹ ਇਸ ਤਰ੍ਹਾਂ ਕਿਉਂ?’’
‘‘ਇਸ ਲਈ ਕਿ ਔਰਤਾਂ ਆਦਮੀਆਂ ਦੇ ਮੁਕਾਬਲੇ ’ਚ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ’ਚ ਬਹੁਤ ਹੀ ਡਰ ਜਾਂਦੀਆਂ ਨੇ।’’ ਮੈਂ ਉੱਤਰ ਦਿੱਤਾ।
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਉਧਰ ਦੀਆਂ ਗੱਲਾਂ ਕਰਦੀ ਰਹੀ।
ਤੌਸੀਫ਼ ਨੇ ਕਿਹਾ, ‘‘ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।’’ ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, ‘‘ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ।’’ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ। ‘‘ਮੇਰੇ ਵੱਸ ਹੋਵੇ ਤਾਂ ਮੈਂ ਵੰਡ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ।’’ ਮੈਂ ਕਿਹਾ। ‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ।’’ ਮੈਂ ਕਿਹਾ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ। ‘‘ਇਹ ਕੀ ਐ?’’ ਉਸ ਨੇ ਪੁੱਛਿਆ। ‘‘ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ।’’ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ‘‘ਤੂੰ ਵੀ ਕਦੇ ਉਧਰ ਮੇਰੇ ਘਰ ਆਈਂ।’’ ‘‘ਠੀਕ ਹੈ, ਮੈਂ ਆਵਾਂਗੀ।’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।

(5)
ਕਈ ਸਾਲ ਲੰਘ ਗਏ ਕਿ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਹੌਰ ਵਿੱਚ ਇੱਕ ਕਾਨਫਰੰਸ ਹੋ ਰਹੀ ਹੈ। ਉਸ ਵਿੱਚ ਮੈਨੂੰ ਵੀ ਸੱਦਿਆ ਗਿਆ ਸੀ। ਗ਼ਫੂਰ ਬਾਰੇ ਸੋਚ ਕੇ ਮੈਂ ਪਾਕਿਸਤਾਨ ਜਾਣ ਲਈ ਹਾਂ ਕਰ ਦਿੱਤੀ। ਪਾਸਪੋਰਟ ਵੀ ਬਣਵਾ ਲਿਆ। ਗ਼ਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਕਿ ਉਸ ਦੀ ਵਹੁਟੀ ਬੱਚੇ ਹੋਣਗੇ ਮੈਂ ਕੁਝ ਚੀਜ਼ਾਂ ਖਰੀਦ ਕੇ ਅਟੈਚੀਕੇਸ ਵਿੱਚ ਰੱਖ ਲਈਆਂ। ਕਾਨਫਰੰਸ ਵਿੱਚ ਪਹੁੰਚਣ ਤਕ ਮੈਨੂੰ ਵਾਰ ਵਾਰ ਗ਼ਫੂਰ ਦਾ ਖ਼ਿਆਲ ਆਉਂਦਾ ਰਿਹਾ। ਇੱਕ ਅੰਗਰੇਜ਼ਾਂ ਵੇਲੇ ਦੇ ਆਲੀਸ਼ਾਨ ਮਹਿੰਗੇ ਹੋਟਲ ’ਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ਼ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚੋਂ ਇੱਕ ਨੂੰ ਗ਼ਫੂਰ ਬਾਰੇ ਦੱਸ ਕੇ ਪੁੱਛਿਆ ਕਿ ਕੀ ਗ਼ਫੂਰ ਨੂੰ ਕਿਸੇ ਤਰ੍ਹਾਂ ਇੱਥੇ ਲੱਭਿਆ ਜਾ ਸਕਦਾ ਹੈ। ਉਹ ਲਾਹੌਰ ਦੇ ਨੇੜੇ ਕਿਸੇ ਪਿੰਡ ਵਿੱਚ ਰਹਿ ਰਿਹਾ ਹੈ। ਮੇਰੀ ਆਵਾਜ਼ ਵਿੱਚ ਸ਼ਾਇਦ ਕੋਈ ਤਰਲਾ ਸੀ। ਉਸ ਨੇ ਆਖਿਆ ਕਿ ਮੈਂ ਦੋ ਚਾਰ ਬੰਦਿਆਂ ਨੂੰ ਮੋਟਰਸਾਈਕਲ ’ਤੇ ਭੇਜ ਦਿਆਂਗਾ ਉਹ ਗ਼ਫੂਰ ਨੂੰ ਲੱਭ ਲੈਣਗੇ। ਮੈਂ ਦੱਸਿਆ ਕਿ ਉਸ ਪਿੰਡ ਵਿੱਚ ਜਾ ਕੇ ਇਹ ਪੁੱਛਣਾ ਕਿ ਮੰਡੀਆਂ ਪਿੰਡ ਦਾ ਰੱਬੋਂ ਤੋਂ ਆਇਆ ਗ਼ਫੂਰ ਕਿਹੜਾ ਐ।
ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ’ਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬੈਰਾ ਦੋ ਕੱਪ ਚਾਹ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ’ਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਿਆ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ ਕੀ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਇੱਥੇ ਇੱਕ ਚਾਹ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਸੌ ਰੁਪਏ ਦਾ ਨੋਟ ਲੈ ਕੇ ਸਲਾਮ ਕਰਕੇ ਚਲਿਆ ਗਿਆ।
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ, ਪਰ ਨਾ ਬਾਬਾ ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਏ।’’ ਹਰਜਿੰਦਰ ਕੌਰ ਨੇ ਦਲੀਲ ਦਿੱਤੀ।
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ ਪਾਣੀ ’ਤੇ ਕਿੰਨਾ ਖਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈਂਡ ਟੀ ਨਾ ਪੀਏ, ਇਹ ਚੰਗਾ ਨਹੀਂ ਲੱਗਣਾ।’’ ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
‘‘ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਐ ਕਿ ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।’’ ਦਾਨੇ ਸਿਆਣੇ ਤੇ ਕਈ ਨੌਜੁਆਨ ਇੱਕ ਵੱਡਾ ਸਾਰਾ ਗੁਲਾਬ ਦੇ ਫੁੱਲਾਂ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇੱਕ ਨੇ ਕਿਹਾ, ‘‘ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ ਉਧਰ ਆਉਂਦੇ ਜਾਂਦੇ ਤੇ ਮਿਲਦੇ ਰਹੀਏ।’’
ਮੈਂ ਕਾਨਫਰੰਸ ਲਈ ਲਾਹੌਰ ਗਈ। ਉੱਥੋਂ ਦੇ ਟਿਵਾਣੇ ਮਿਲਣ ਆਏ ਤਾਂ ਗੱਲਬਾਤ ਦਾ ਸਿਲਸਿਲਾ ਤੁਰਿਆ।

ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ ਫੇਰ ਆਉਣਾ ਜਾਣਾ ਸੌਖਾ ਹੋ ਜਾਵੇਗਾ।’’ ‘‘ਠੀਕ ਹੈ ਫਾਰਮ ਸਾਨੂੰ ਭਿਜਵਾ ਦਿਓ।’’ ਇੱਕ ਬੋਲਿਆ। ਫੇਰ ਕਾਫੀ ਚਿਰ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਨਾਲ ਲੈ ਕੇ ਨਹੀਂ ਜਾ ਸਕਣਾ।’’ ‘‘ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ।’’ ਇੱਕ ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।’’ ‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਐ।’’ ਮੈਂ ਦੱਸਿਆ। ‘‘ਜਦ ਇਹ ਤੁਹਾਡੇ ਨਾਲ ਹੋਣਗੇ ਤਾਂ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ ਤੁਹਾਨੂੰ ਆਪ ਐਸਕੌਰਟ ਕਰਕੇ ਲੈ ਕੇ ਜਾਣਗੇ।’’ ਉਸ ਨੇ ਕਿਹਾ। ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’ ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ। ਗ਼ਫੂਰ ਨੂੰ ਲੱਭਣ ਦੇ ਕੰਮ ਵਿੱਚ ਅੱਜ ਕੋਈ ਸਫ਼ਲਤਾ ਨਹੀਂ ਮਿਲੀ।
ਅਗਲੇ ਦਿਨ ਦੇ ਸ਼ੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਂਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’ ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਮਗਰੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ ਗਾਰਡ, ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ’ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ- ‘‘ਵੂਈ ਆਰ ਪਰਾਊਡ ਆਫ ਆਪਾ।’’ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਉਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ, ‘‘ਆਪਾ, ਬੇਗ਼ਮ ਨੂੰ ਜ਼ਨਾਨਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ।’’ ਚਾਹ ਪੀਣ ਮਗਰੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗ਼ਮ ਨੇ ਸਲਾਮ ਅਰਜ਼ ਕੀਤੀ। ਬੇਗ਼ਮ ਨੇ ਛੋਟੇ ਛੋਟੇ ਦੋ ਬੱਚਿਆਂ ਨੂੰ ਆਖਿਆ, ‘‘ਆਪਕੀ ਬੂਆ ਇੰਡੀਆ ਸੇ ਆਈ ਹੈ।’’ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
‘‘ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ।’’ ਉਸ ਨੇ ਮੇਰਾ ਹੱਥ ਫੜਦਿਆਂ ਆਖਿਆ। ‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ।’’ ਮੈਂ ਕਿਹਾ। ‘‘ਤੁਸੀਂ ਵੀ ਕਦੇ ਆਓ।’’ ਮੈਂ ਫੇਰ ਕਿਹਾ। ‘‘ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ।’’ ਬੇਗ਼ਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ ਕਿ ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ। ਖਾਨਸਾਮਾ ਇੱਕ ਪਲੇਟ ’ਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫ਼ੀ ਲੈ ਆਇਆ। ਫਿਰ ਬੇਗ਼ਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, ‘‘ਯੇ ਹਮਾਰੀ ਤਰਫ਼ ਸੇ। ਆਪ ਕਾ ਸ਼ੁਕਰੀਆ ਆਪ ਹਮਾਰੇ ਘਰ ਮੇਂ ਆਈਂ।’’ ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਜਦੋਂ ਮੈਂ ਹੋਟਲ ਪਹੁੰਚੀ ਤਾਂ ਗ਼ਫੂਰ ਦਾ ਪਤਾ ਲੱਭਣ ਵਾਲਿਆਂ ਨੇ ਦੱਸਿਆ ਕਿ ਅਜੇ ਉਸ ਬਾਰੇ ਕੋਈ ਪਤਾ ਨਹੀਂ ਲੱਗਿਆ। ਕੱਲ੍ਹ ਨੂੰ ਦੂਜੇ ਪਿੰਡਾਂ ਵਿੱਚ ਜਾ ਕੇ ਲੱਭਣ ਦੀ ਕੋਸ਼ਿਸ਼ ਕਰਾਂਗੇ।
ਅਗਲੇ ਦਿਨ ਸ਼ੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿੱਥੇ ਚਲਨਾ ਜੇ?’’ ਹਰਜਿੰਦਰ ਨੇ ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚੱਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ।’’ ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ। ਉਸ ਨੇ ਕਿਹਾ, ‘‘ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਉਡੀਕ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।’’
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ। ਹਰਜਿੰਦਰ ਨੇ ਕਿਹਾ, ‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਦੇਖ ਕਾਰ ਵਾਲੇ ਭਾਈ ਨੇ ਕਿਹਾ, ‘‘ਤੁਸੀਂ ਪੰਜ ਮਿੰਟ ਬੈਠੋ। ਮੈਂ ਹੁਣੇ ਆਇਆ।’’ ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ। ‘‘ਵੈਸੇ ਕਿੰਨਾ ਚੰਗਾ ਹੈ ਇਹ ਭਾਈ।’’ ਮੈਂ ਕਿਹਾ। ‘‘ਇੱਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀਅ ਕਰ ਰਿਹਾ ਹੈ।’’ ਹਰਜਿੰਦਰ ਨੇ ਕਿਹਾ। ‘‘ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ।’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ। ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ ਸਨ। ਉਸ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਉਹ ਲਿਫ਼ਾਫ਼ੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਹਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ। ਹਰਜਿੰਦਰ ਨੇ ਦੋਵੇਂ ਲਿਫ਼ਾਫ਼ੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ।
ਉਦੋਂ ਹੀ ਤੌਸੀਫ਼ ਦਾ ਫ਼ੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।’’ ‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ।’’ ਮੈਂ ਕਿਹਾ। ਇਸ ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ।’’ ਉਸ ਨੇ ਕਿਹਾ। ‘‘ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ।’’ ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚਮੁੱਚ ਦੇ ਦਿਸਦੇ ਫਰੂਟਾਂ ਦੀ ਟੋਕਰੀ ਦਿੱਤੀ। ਗੋਲਡਨ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, ‘‘ਮੇਰਾ ਜੀਅ ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ।’’
‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਬਰੇ ਰੱਬ ਕਦੇ ਸੁਣ ਹੀ ਲਵੇ।’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀ। ਇਸ ਮਗਰੋਂ ਉਹ ਸਾਨੂੰ ਫੂਡ ਸਟਰੀਟ ਲੈ ਗਈ। ਉੱਥੇ ਸੜਕ ਦੇ ਦੋਵੇਂ ਪਾਸੇ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖ ਰਹੇ ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਜੋ ਆਏ ਹੋ।’’ ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤਾਂ ਵਾਂਗ ਆਖਦੇ ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਕਿ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਹੋਈਏ। ਮੈਂ ਤੌਸੀਫ਼ ਨੂੰ ਕਿਹਾ, ‘‘ਇਧਰ ਦੇ ਲੋਕ ਸਾਡਾ ਕੁਝ ਜ਼ਿਆਦਾ ਹੀ ਕਰ ਰਹੇ ਨੇ।’’ ਉਹ ਬੋਲੀ, ‘‘ਤੁਹਾਡਾ ਹੀ ਨਹੀਂ ਓਧਰੋਂ ਜਿਹੜਾ ਵੀ ਕੋਈ ਆਉਂਦੈ ਇਧਰਲੇ ਲੋਕ ਸਭ ਦਾ ਹੀ ਐਨਾ ਕਰਦੇ ਨੇ ਜਿਵੇਂ ਉਨ੍ਹਾਂ ਦੇ ਆਪਣੇ ਹੀ ਭੈਣ ਭਾਈ ਚਿਰਾਂ ਦੇ ਵਿਛੜੇ ਮਿਲੇ ਹੋਣ।’’
ਅਗਲੇ ਦਿਨ ਜਦੋਂ ਕਾਨਫਰੰਸ ਦਾ ਪਹਿਲਾਂ ਸੈਸ਼ਨ ਮੁੱਕਿਆ ਤੇ ਲੰਚ ਟਾਈਮ ਹੋਇਆ ਤਾਂ ਮੈਨੂੰ ਉਸੇ ਕੱਲ੍ਹ ਵਾਲੇ ਬੰਦੇ ਨੇ ਦੱਸਿਆ ਕਿ ਤੁਹਾਡਾ ਗ਼ਫੂਰ ਲੱਭ ਗਿਆ ਹੈ। ਨਾਲ ਵਾਲੇ ਕਮਰੇ ਵਿੱਚ ਬੈਠਾ ਹੈ। ਮੈਂ ਦੂਜੇ ਕਮਰੇ ਵਿੱਚ ਗਈ ਤਾਂ ਮੜੂਆ ਜਿਹਾ ਬੰਦਾ, ਜਿਸ ਨੇ ਮੁਸਲਮਾਨਾਂ ਵਾਲੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਿਰ ਉੱਤੇ ਸਾਫੀ ਵਲ੍ਹੇਟੀ ਹੋਈ ਸੀ ਮੇਰੇ ਸਾਹਮਣੇ ਖੜ੍ਹਾ ਸੀ।

‘‘ਗ਼ਫੂਰ!’’ ਮੈਂ ਆਖਿਆ ਤਾਂ ਉਹ ਤ੍ਰਭਕ ਕੇ ਮੇਰੇ ਵੱਲ ਝਾਕਿਆ। ‘‘ਪਟਿਆਲੇ ਵਾਲੇ ਬੀਬਾ’’ ਆਖਦਾ ਉਹ ਮੇਰੇ ਪੈਰਾਂ ਵੱਲ ਝੁਕਿਆ। ‘‘ਤੂੰ ਕੁਰਸੀ ’ਤੇ ਬੈਠ,’’ ਮੈਂ ਸਾਹਮਣੇ ਕੁਰਸੀ ’ਤੇ ਬੈਠਦਿਆਂ ਆਖਿਆ। ਉਹ ਹੁਬਕੀਂ ਹੁਬਕੀਂ ਰੋ ਰਿਹਾ ਸੀ। ਫੇਰ ਜ਼ਰਾ ਸੰਭਲ ਕੇ ਸਾਫੀ ਨਾਲ ਅੱਖਾਂ ਪੂੰਝਦਾ ਪੁੱਛਣ ਲੱਗਿਆ, ‘‘ਮੈਂ ਖ਼ਤ ਪਾਇਆ ਸੀ ਬਾਬਾ ਜੀ ਮੈਨੂੰ ਲੈਣ ਕਿਉਂ ਨਾ ਆਏ?’’ ‘‘ਤੂੰ ਆਪਣੇ ਖ਼ਤ ਉੱਤੇ ਸਿਰਫ਼ ਐਨਾ ਹੀ ਲਿਖਿਆ ਸੀ ਕਿ ਲੁਧਿਆਣੇ ਜਿਲ੍ਹੇ ਦੇ ਰੱਬੋਂ ਪਿੰਡ ਵਿੱਚ ਪਟਿਆਲੇ ਵਾਲਿਆਂ ਦੇ ਘਰ ਬਾਬਾ ਜੀ ਨੂੰ ਮਿਲੇ। ਨਾਲ ਹੀ ਤੂੰ ਲਿਖਿਆ ਸੀ ਕਿ ਮੇਰਾ ਪਿੰਡ ਲਾਹੌਰ ਦੇ ਨੇੜੇ ਐ। ਤੂੰ ਪਿੰਡ ਦਾ ਨਾਂ ਹੀ ਨਹੀਂ ਲਿਖਿਆ ਸੀ। ਖ਼ਤ ਭਗਤੂ ਦੇ ਘਰ ਕਈ ਦਿਨ ਪਿਆ ਰਿਹਾ। ਜਦੋਂ ਉਹ ਪਟਿਆਲੇ ਠੇਕਾ ਦੇਣ ਆਇਆ ਤਾਂ ਉਹ ਖ਼ਤ ਦੇ ਕੇ ਗਿਆ।’’ ਮੈਂ ਦੱਸਿਆ।
ਉਹ ਬੋਲਿਆ, ‘‘ਉੱਥੇ ਪਿੰਡ ਹੋਰ ਆਪਣੇ ਕੌਣ ਕੌਣ ਐ? ਮਾਂ ਜੀ ਤਾਂ ਬੜੀ ਬੁੱਢੀ ਹੋ ਗਈ ਹੋਣੀ ਐ। ਕੀ ਬਾਪੂ ਜੀ ਓਨੀਓਂ ਹੀ ਸ਼ਰਾਬ ਪੀਂਦੇ ਨੇ? ਤੇ ਮੰਗੋ ਕੱਟੀ? ਨਾਲੇ ਜਦੋਂ ਆਪਣੀ ਵੀਹੀ ਵਿੱਚ ਦਿਆਲ ਦੇ ਘਰ ਚੋਰ ਆ ਵੜੇ ਸਨ ਤਾਂ ਉਨ੍ਹਾਂ ਦੇ ਭਾਂਡੇ ਟੀਂਡੇ ਸਭ ਲੈ ਗਏ ਸਨ। ਮੈਂ ਉਸੇ ਦਿਨ ਆਪਣੇ ਬੰਟੇ ਤੇ ਅਖਰੋਟ ਕੁੱਜੇ ਵਿੱਚ ਪਾ ਕੇ ਤੂੜੀ ਵਾਲੇ ਕੋਠੇ ’ਚ ਦੱਬ ਦਿੱਤੇ ਸਨ।’’ ਦੱਸਦਾ ਦੱਸਦਾ ਗ਼ਫੂਰ ਜਿਵੇਂ ਆਪਣੇ ਬਚਪਨ ’ਚ ਪਹੁੰਚ ਗਿਆ।
ਜ਼ਰਾ ਰੁਕ ਕੇ ਫੇਰ ਪੁੱਛਣ ਲੱਗਿਆ, ‘‘ਹੁਣ ਉੱਥੇ ਪਿੰਡ ਕੌਣ ਕੌਣ ਐ?’’
‘‘ਉੱਥੇ ਆਪਣਾ ਕੋਈ ਨਹੀਂ। ਮਾਂ ਜੀ, ਬਾਬਾ ਜੀ ਰੱਬ ਨੂੰ ਪਿਆਰੇ ਹੋ ਗਏ ਨੇ।’’
‘‘ਹੈਂ! ਮਰ ਗਏ?’’ ਉਹ ਹੈਰਾਨ ਹੋਇਆ।
‘‘ਹਾਂ’’ ਜਦੋਂ ਮੈਂ ਆਖਿਆ ਤਾਂ ਉਹ ਫੇਰ ਹੁਬਕੀਂ ਹੁਬਕੀਂ ਰੋ ਪਿਆ। ਕੁਝ ਚਿਰ ਉਹ ਰੋਂਦਾ ਰਿਹਾ। ਮੇਰੀਆਂ ਵੀ ਅੱਖਾਂ ਭਰ ਆਈਆਂ। ਜਦੋਂ ਉਹ ਕੁਝ ਸੰਭਲਿਆ ਤਾਂ ਮੈਂ ਆਖਿਆ, ‘‘ਤੂੰ ਆਪਣਾ ਹਾਲ ਦੱਸ? ਤੇਰਾ ਸਭ ਟੱਬਰ ਟ੍ਹੀਰ ਠੀਕ ਐ?’’
ਉਹ ਹੈਰਾਨ ਹੋ ਮੇਰੇ ਵੱਲ ਝਾਕਿਆ ਕਿ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ।
ਫਿਰ ਉਹ ਦੱਸਣ ਲੱਗਿਆ, ‘‘ਅੰਮੀ ਤਾਂ ਮੇਰੀ ਰਾਹ ’ਚ ਕਿਧਰੇ ਖੋ ਗਈ ਜਾਂ ਖਬਰੇ ਮਾਰ ਦਿੱਤੀ ਗਈ ਸੀ। ਸਾਡੇ ਕਾਫਲੇ ’ਤੇ ਦੋ ਵਾਰ ਹਮਲਾ ਹੋਇਆ ਸੀ। ਮੈਂ ਤੇ ਅੱਬਾ ਇੱਥੋਂ ਦੇ ਲਾਗਲੇ ਪਿੰਡ ਆ ਗਏ। ਸਾਨੂੰ ਕੜੀਆਂ ਦੀ ਛੱਤ ਵਾਲਾ ਛੋਟਾ ਜਿਹਾ ਘਰ ਮਿਲਿਆ ਸੀ। ਵੱਡੇ ਵੱਡੇ ਘਰ ਤਾਂ ਵੱਡੇ ਵੱਡੇ ਲੋਕਾਂ ਨੇ ਸਾਂਭ ਲਏ ਸਨ। ਸਾਡੀ ਜਿਹੜੀ ਡੇਢ ਬਿੱਘਾ ਜ਼ਮੀਨ ਸੀ ਉਸ ਦਾ ਪਤਾ ਨਹੀਂ ਸੀ ਲੱਗ ਰਿਹਾ। ਅੱਬਾ ਕਈ ਵਾਰੀ ਤਹਿਸੀਲਦਾਰ ਦੇ ਪਤਾ ਕਰਨ ਗਿਆ ਸੀ। ਉਹ ਆਖਦਾ ਸੀ ਕਿ ਉਧਰੋਂ ਕਾਗਜ਼ ਆਉਣਗੇ ਤਾਂ ਪਤਾ ਲੱਗੂ। ਫੇਰ ਅੱਬਾ ਨੇ ਜਾਣਾ ਹੀ ਛੱਡ ਦਿੱਤਾ ਬਈ ਇੱਕ ਤਾਂ ਦਿਹਾੜੀ ਛੱਡੋ ਦੂਜਾ ਕਿਰਾਇਆ ਭਾੜਾ ਲਾ ਕੇ ਸ਼ਹਿਰ ਜਾ ਕੇ ਤਹਿਸੀਲਦਾਰ ਦੇ ਪੁੱਛਦੇ ਫਿਰੋ। ਹੁਣ ਉਸ ਦਾ ਮੁਨਸ਼ੀ ਆਖਦਾ ਸੀ ਕਿ ਕੁਝ ਖੁਆ ਪਿਆ ਫੇਰ ਪਤਾ ਕਰ ਦਿਆਂਗੇ। ਖੁਆਉਣ ਪਿਆਉਣ ਨੂੰ ਸਾਡੇ ਕੋਲ ਸੀ ਹੀ ਕੀ।’’ ਆਖ ਕੇ ਗ਼ਫੂਰ ਚੁੱਪ ਹੋ ਗਿਆ। ਮੈਂ ਪੁੱਛਿਆ, ‘‘ਹੁਣ ਅੱਬਾ ਦਾ ਕੀ ਹਾਲ ਐ?’’ ਉਹ ਹੈਰਾਨ ਹੋ ਮੇਰੇ ਵੱਲ ਝਾਕਿਆ ਕਿ ਇਹ ਵੀ ਨਹੀਂ ਪਤਾ। ‘‘ਅੱਬਾ ਤਾਂ ਕਈ ਵਰ੍ਹੇ ਹੋ ਗਏ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ। ਉਸ ਦੀ ਕਬਰ ’ਤੇ ਕਦੇ ਕਦੇ ਮੈਂ ਜਾਂਦਾ ਹੁੰਨਾ।’’ ਉਸ ਨੇ ਉਦਾਸ ਲਹਿਜੇ ਵਿੱਚ ਦੱਸਿਆ। ਫੇਰ ਹੁੱਬ ਕੇ ਕਿਹਾ, ‘‘ਉੱਥੇ ਇੱਕ ਠਮਰੂ ਕੁੱਤਾ ਹੁੰਦਾ ਸੀ ਬਾਪੂ ਜੀ ਓਡਾਂ ਤੋਂ ਲੈ ਕੇ ਆਇਆ ਸੀ। ਉਹ ਦੇਖ ਕੇ ਪਛਾਣ ਜਾਂਦਾ ਸੀ ਬਈ ਇਹ ਓਪਰਾ ਬੰਦਾ ਐ ਤੇ ਬਸ ਓਸੇ ਨੂੰ ਹੀ ਭੌਂਕਦਾ ਸੀ। ਇੱਕ ਚੁਬਾਰੇ ਵਿੱਚ ਮੈਂ ਮਿੱਠੇ ਮਿੱਠੇ ਬੇਰ ਸੁੱਕਣੇ ਪਾਏ ਹੋਏ ਸੀ। ਆਪਣੇ ਵਿਹੜੇ ਵਿੱਚ ਜਿਹੜਾ ਅੰਬ ਦਾ ਦਰੱਖਤ ਲੱਗਿਆ ਹੋਇਆ ਸੀ ਉਸ ਤੋਂ ਅੰਬੀਆਂ ਤੋੜ ਕੇ ਉਹ ਚੋਰੀਓਂ ਤਾਈ ਧਨ ਕੁਰ ਨੂੰ ਦੇ ਆਉਂਦਾ ਸੀ। ਉਹ ਉਨ੍ਹਾਂ ਦੀ ਮਿੱਠੀ ਚਟਨੀ ਬਣਾਉਂਦੀ ਹੁੰਦੀ ਸੀ।’’ ਗ਼ਫੂਰ ਮਨ ਹੀ ਮਨ ਸਾਡੇ ਪਿੰਡ ਪਹੁੰਚ ਗਿਆ ਸੀ।
ਮੈਂ ਉਸ ਨੂੰ ਪੁੱਛਿਆ, ‘‘ਤੇਰਾ ਟੱਬਰ ਟ੍ਹੀਰ?’’ ਉਹ ਮੇਰੇ ਇਸ ਸਵਾਲ ’ਤੇ ਫੇਰ ਹੈਰਾਨ ਹੋਇਆ। ਉਹ ਦੱਸਣ ਲੱਗਿਆ, ‘‘ਲਾਗਲੇ ਪਿੰਡ ਦੇ ਰਾਈਆਂ ਦੀ ਕੁੜੀ ਜ਼ੀਨਾ ਨਾਲ ਮੇਰਾ ਨਿਕਾਹ ਹੋ ਗਿਆ ਸੀ। ਸਾਡੇ ਘਰ ਇੱਕ ਕੁੜੀ ਹੋਈ, ਉਹ ਜੰਮਦੀ ਮਰ ਗਈ। ਕੰਮਕਾਰ ਪਿੰਡ ’ਚ ਘੱਟ ਹੀ ਮਿਲਦਾ ਸੀ। ਕਦੇ ਦਿਹਾੜੀ ਦੱਪਾ ਮਿਲ ਗਿਆ। ਕਦੇ ਨਾ ਮਿਲਿਆ। ਫੇਰ ਪਤਾ ਨਹੀਂ ਕਿਉਂ ਜ਼ੀਨਾ ਹਰੇਕ ਗੱਲ ’ਤੇ ਮੇਰੇ ਨਾਲ ਲੜਨ ਲੱਗ ਪਈ। ਇੱਕ ਦਿਨ ਲੜ ਕੇ ਪੇਕੇ ਚਲੀ ਗਈ। ਫੇਰ ਨਹੀਂ ਆਈ ਮੁੜ ਕੇ। ਮੈਂ ਦੋ ਤਿੰਨ ਵਾਰੀ ਲੈਣ ਗਿਆ। ਉਹ ਆਪਣੀ ਭੈਣ ਕੋਲ ਸ਼ਹਿਰ ਚਲੀ ਗਈ। ਮੈਂ ਉੱਥੇ ਵੀ ਗਿਆ। ਉਸ ਦੀ ਭੈਣ ਨੇ ਕਿਹਾ ਕਿ ਸਾਡੇ ਕੋਲ ਤਾਂ ਆਈ ਨਹੀਂ ਸਾਨੂੰ ਪਤਾ ਨਹੀਂ ਉਹ ਕਿੱਥੇ ਚਲੀ ਗਈ ਐ। ਮੈਨੂੰ ਪਤਾ ਸੀ ਕਿ ਉਹ ਝੂਠ ਬੋਲਦੀ ਹੈ। ਫਿਰ ਮੁੜ ਕੇ ਕਦੇ ਨਹੀਂ ਗਿਆ। ਕਈ ਵਰ੍ਹੇ ਹੋ ਗਏ ਨੇ। ਪਤਾ ਨਹੀਂ ਹੈਗੀ ਵੀ ਕਿ ਮਰ ਮੁੱਕ ਗਈ।’’ ਇਹ ਕਹਿ ਕੇ ਉਹ ਚੁੱਪ ਹੋ ਗਿਆ ਜਿਵੇਂ ਉਸ ਨੂੰ ਲੱਗਿਆ ਕਿ ਉਹ ਕਿਹੜੀਆਂ ਗੱਲਾਂ ਕਰਨ ਲੱਗ ਪਿਆ। ਗੱਲ ਬਦਲ ਕੇ ਕਹਿਣ ਲੱਗਿਆ, ‘‘ਹੁਣ ਮੈਂ ਵੱਡੇ ਮੀਆਂ ਜੀ ਦੇ ਘਰ ਰਹਿੰਦਾ। ਉਨ੍ਹਾਂ ਦਾ ਬੜਾ ਵੱਡਾ ਪਰਿਵਾਰ ਐ। ਬੜੇ ਵੱਡੇ ਜ਼ਿਮੀਂਦਾਰ ਨੇ। ਇੱਕ ਦਿਨ ਮੈਂ ਅੱਬਾ ਦੀ ਕਬਰ ’ਤੇ ਜਾ ਕੇ ਬੈਠਾ ਰਿਹਾ। ਫੇਰ ਪਤਾ ਨਹੀਂ ਬੜੇ ਮੀਆਂ ਜੀ ਉਧਰ ਕਿਵੇਂ ਆ ਗਏ। ਫੇਰ ਮੈਨੂੰ ਉਠਾਲ ਕੇ ਆਪਣੇ ਘਰ ਲੈ ਗਏ ਤੇ ਜਾ ਕੇ ਵੱਡੀ ਅੰਮੀ ਨੂੰ ਆਖ ਦਿੱਤਾ ਕਿ ਇਹ ਮੁੰਡਾ ਹੁਣ ਇੱਥੇ ਰਹੂਗਾ। ਬੜੀ ਚੰਗੀ ਐ ਵੱਡੀ ਅੰਮੀ ਆਪਣੇ ਮਾਂ ਜੀ ਵਰਗੀ। ਨਿੱਕੇ ਮੋਟੇ ਘਰ ਦੇ ਕੰਮ ਕਰ ਛੱਡਦਾਂ ਤੇ ਰੋਟੀ ਖਾ ਛੱਡਦਾਂ।’’ ਗ਼ਫੂਰ ਨੇ ਜਿਵੇਂ ਆਪਣੀ ਸਾਰੀ ਹਿਸਟਰੀ ਦੱਸ ਦਿੱਤੀ।
‘‘ਉਹ ਤੈਨੂੰ ਤਨਖਾਹ ਵੀ ਦਿੰਦੇ ਨੇ?’’ ‘‘ਪੈਸੇ ਲੈ ਕੇ ਮੈਂ ਕੀ ਕਰਨੇ ਸੀ? ਚੀਜ਼ ਜਿਹੜੀ ਚਾਹੀਦੀ ਐ ਵੱਡੀ ਅੰਮੀ ਲੈ ਦਿੰਦੀ ਐ। ਮੈਂ ਵੱਡੀ ਅੰਮੀ ਨੂੰ ਦੱਸਿਆ ਸੀ ਕਿ ਓਧਰਲੇ ਪੰਜਾਬ ਵਿੱਚ ਸਾਡਾ ਘਰ ਹੁੰਦਾ ਸੀ। ਮੇਰੇ ਬਾਬਾ ਜੀ, ਮਾਂ ਜੀ ਤੇ ਸਾਡੇ ਪਟਿਆਲੇ ਵਾਲੇ ਹੁੰਦੇ ਸਨ ਤੇ ਸਾਡੀ ਬੀਬਾ ਵੀ। ਮੈਂ ਉਨ੍ਹਾਂ ਨੂੰ ਕਦੇ ਮਿਲਣ ਜਾਊਂਗਾ। ਉਹ ਕਹਿੰਦੀ ਸੀ ਕਿ ਉਨ੍ਹਾਂ ਨਾਲ ਤਾਂ ਕਸ਼ਮੀਰ ਵਿੱਚ ਸਾਡੀ ਲੜਾਈ ਚੱਲ ਰਹੀ ਐ। ਤੈਨੂੰ ਕਿਸੇ ਨੇ ਸਰਹੱਦ ’ਤੇ ਲੰਘਣ ਨਹੀਂ ਦੇਣਾ। ਮੈਂ ਆਖਿਆ ਕਿ ਮੈਂ ਰਾਤ ਨੂੰ ਚੋਰੀਓਂ ਲੰਘ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਤੈਨੂੰ ਅਤਿਵਾਦੀ ਸਮਝ ਕੇ ਮਾਰ ਦੇਣਗੇ। ਤੂੰ ਬੀਬਾ ਕਿਵੇਂ ਲੰਘ ਆਈ? ਕੀ ਜਹਾਜ਼ ਸਾਣੀ ਉਪਰ ਉੱਡ ਕੇ?’’ ਗ਼ਫੂਰ ਨੇ ਕਿਹਾ।
ਮੈਂ ਕਿਹਾ, ‘‘ਨਹੀਂ, ਰੇਲ ਥਾਈਂ। ਇਧਰੋਂ ਉਧਰੋਂ ਜਾਣ ਲਈ ਪਾਸਪੋਰਟ ਬਣ ਜਾਂਦਾ ਹੈ। ਅਸੀਂ ਸਾਰੇ ਰੇਲ ’ਤੇ ਆਏ ਹਾਂ। ਕੱਲ੍ਹ ਨੂੰ ਆਥਣੇ ਚਾਰ ਵਜੇ ਦੀ ਗੱਡੀ ਰਾਹੀਂ ਮੁੜ ਜਾਵਾਂਗੇ।’’ ਗ਼ਫੂਰ ਜਿਵੇਂ ਤ੍ਰਭਕ ਕੇ ਜਾਗਿਆ, ‘‘ਬਸ ਕੱਲ੍ਹ ਹੀ ਮੁੜ ਜਾਓਗੇ। ਮੈਂ ਤਾਂ ਸੋਚਦਾ ਸੀ ਕਿ ਬੜੇ ਮੀਆਂ ਜੀ ਨੂੰ ਆਖਾਂਗਾ ਕਿ ਬੀਬਾ ਨੂੰ ਇੱਕ ਅੱਧੇ ਦਿਨ ਲਈ ਪਿੰਡ ਲੈ ਆਓ। ਮੇਰਾ ਤਾਂ ਹੋਰ ਕਦੇ ਕੋਈ ਰਿਸ਼ਤੇਦਾਰ ਆਇਆ ਹੀ ਨਹੀਂ।’’
ਮੈਂ ਗ਼ਫੂਰ ਨੂੰ ਪੁੱਛਿਆ, ‘‘ਕੀ ਖਾਏਂਗਾ?’’ ‘‘ਕੁਛ ਨਹੀਂ, ਰੋਟੀ ਮੈਂ ਪਿੰਡੋਂ ਖਾ ਕੇ ਆਇਆਂ।’’ ‘‘ਚੰਗਾ ਐਂ ਕਰਦੇ ਆਂ ਆਪਾਂ ਚਾਹ ਪੀਂਦੇ ਹਾਂ। ਪਤਾ ਨਹੀਂ ਕਦੋਂ ਫੇਰ ਇੱਥੇ ਆਉਣ ਦਾ ਸਬੱਬ ਬਣੇ। ਇਉਂ ਕਰੀਂ ਤੂੰ ਆਜੀਂ ਸਾਨੂੰ ਮਿਲਣ।’’ ਉਹ ਨਿੰਮੋਝੂਣਾ ਹੋ ਗਿਆ। ਉਸ ਨੂੰ ਲੱਗਦਾ ਸੀ ਮੈਂ ਕਿਵੇਂ ਆ ਜਾਊਂਗਾ। ਸਰਹੱਦ ਤੋਂ ਕਿਸੇ ਨੂੰ ਲੰਘਣ ਨਹੀਂ ਦਿੰਦੇ।
ਮੈਂ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, ‘‘ਦੋ ਗਿਲਾਸ ਜੂਸ ਦੇ ਲੈ ਆ।’’ ‘‘ਬੀਬਾ ਤੂੰ ਹੀ ਪੀ ਲੈ। ਮੈਂ ਤਾਂ ਕਦੇ ਜੂਸ ਪੀਤਾ ਹੀ ਨਹੀਂ।’’ ‘‘ਪੀ ਕੇ ਤਾਂ ਦੇਖ ਸੁਆਦ ਹੁੰਦੈ।’’ ਇੱਕ ਗਿਲਾਸ ਜੂਸ ਦਾ ਝਕਦੇ ਝਕਦੇ ਨੇ ਗ਼ਫੂਰ ਨੇ ਫੜਿਆ। ਇੱਕ ਮੈਂ ਚੁੱਕਿਆ।
‘‘ਛੇਤੀ ਗੇੜਾ ਮਾਰੀਂ ਬੀਬਾ।’’ ਮੈਂ ਕੋਈ ਉੱਤਰ ਨਾ ਦਿੱਤਾ। ਸੋਚਦੀ ਸੀ ਕਿ ਹੁਣ ਤਾਂ ਕਾਨਫਰੰਸ ਦੇ ਬਹਾਨੇ ਆ ਗਈ। ਛੇਤੀ ਕੀਤਿਆਂ ਪਾਕਿਸਤਾਨ ਦਾ ਵੀਜ਼ਾ ਕਿਸ ਨੂੰ ਮਿਲਦਾ ਹੈ। ‘‘ਕੱਲ੍ਹ ਨੂੰ ਚਾਰ ਵਜੇ ਆਥਣੇ ਗੱਡੀ ਜਾਣੀ ਐ ਨਾ। ਚੰਗਾ ਫਿਰ ਮੈਂ ਤਿੰਨ ਵਜੇ ਟੇਸ਼ਨ ’ਤੇ ਪਹੁੰਚ ਜੂੰਗਾ।’’
ਬੈਰਾ ਖਾਲੀ ਗਿਲਾਸ ਲੈ ਕੇ ਚਲਿਆ ਗਿਆ। ਮੈਂ ਹਜ਼ਾਰ ਰੁਪਏ ਦੇ ਨੋਟ ਮਲੋਮਲੀ ਫੜਾਏ। ਪਰ ਗ਼ਫੂਰ ਨੇ ਖਡਾ ਹੋ ਕੇ ਇਹ ਕਹਿ ਕੇ ਮੋੜ ਦਿੱਤੇ ਕਿ ਕੁੜੀਆਂ ਤੋਂ ਵੀ ਕੋਈ ਕੁਛ ਲੈਂਦਾ ਹੁੰਦਾ ਐ ਕਮਲੀ। ਮੈਂ ਫੇਰ ਦੇਣੇ ਚਾਹੇ ਪਰ ਉਸ ਨੇ ਫੇਰ ਕਿਹਾ, ‘‘ਮੈਂ ਪੈਸੇ ਕਰਨੇ ਕੀ ਨੇ। ਇਧਰ ਆ ਕੇ ਮੇਰਾ ਜੀਅ ਨਹੀਂ ਲੱਗਿਆ। ਨਾਲੇ ਇਧਰਲੇ ਲੋਕ ਓਧਰਲੇ ਆਏ ਲੋਕਾਂ ਨੂੰ ਚੰਗਾ ਨਹੀਂ ਸਮਝਦੇ। ਚੰਗਾ ਬੀਬਾ, ਮੈਂ ਚੱਲਦਾ ਹਾਂ। ਪੰਜ ਵਜੇ ਸਾਡੀ ਪਿੰਡ ਨੂੰ ਅਖੀਰੀ ਬੱਸ ਜਾਂਦੀ ਐ। ਨਾਲੇ ਬੱਸਾਂ ਦਾ ਅੱਡਾ ਖਾਸੀ ਦੂਰ ਐ। ਘੰਟਾ ਜਾਣ ਨੂੰ ਲੱਗਜੂ।’’
‘‘ਠੀਕ ਐ ਫੇਰ ਤੂੰ ਚੱਲ। ਸ਼ੁਕਰ ਐ ਤੂੰ ਮਿਲ ਤਾਂ ਗਿਆ। ਪਾਕਿਸਤਾਨ ਆਈ ਹੀ ਤੇਰੇ ਕਰਕੇ ਸੀ।’’
‘‘ਮੈਂ ਵੀ ਇਧਰ ਆਪਣੇ ਟੱਬਰ ਨੂੰ ਯਾਦ ਕੀਤਾ। ਸੁਪਨੇ ਵਿੱਚ ਮੈਂ ਕਈ ਵਾਰੀ ਟੱਬਰ ਨੂੰ ਮਿਲਿਆ।’’ ਫੇਰ ਇਉਂ ਜਕੋ ਤਕੋ ਕਰਦਾ ਗ਼ਫੂਰ ਚਲਿਆ ਗਿਆ।
ਕਿੰਨਾ ਹੀ ਚਿਰ ਮੈਂ ਉੱਥੇ ਬੈਠੀ ਰਹੀ। ਗ਼ਫੂਰ ਸਾਹਮਣੇ ਤਾਂ ਮੈਂ ਰੋਈ ਨਹੀਂ ਸੀ ਹੁਣ ਮੈਨੂੰ ਅੰਤਾਂ ਦਾ ਰੋਣਾ ਆ ਰਿਹਾ ਸੀ।
ਮਗਰੋਂ ਕੁਝ ਸਮੇਂ ਬਾਅਦ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋਮੱਲੀ ਤੋਹਫ਼ੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਵੀ ਜਦੋਂ ਕਦੇ ਇੱਥੇ ਆਏ ਤਾਂ ਅਸੀਂ ਇਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।

(6)
ਅਗਲੇ ਦਿਨ ਕਾਨਫਰੰਸ ਮਗਰੋ ਮੈਂ ਪ੍ਰਬੰਧਕਾਂ ਨੂੰ ਆਖਿਆ, ‘‘ਮੈਂ ਸਟੇਸ਼ਨ ’ਤੇ ਜਲਦੀ ਜਾਣਾ ਹੈ।’’ ਉਨ੍ਹਾਂ ਨੇ ਕਾਰ ਦਾ ਪ੍ਰਬੰਧ ਕੀਤਾ। ਮੈਂ ਤਾਂ ਸਵਾ ਤਿੰਨ ਵਜੇ ਸਟੇਸ਼ਨ ’ਤੇ ਪਹੁੰਚ ਗਈ। ਹਰਜਿੰਦਰ ਕੌਰ ਬਾਕੀ ਡੈਲੀਗੇਟਾਂ ਨਾਲ ਆ ਰਹੀ ਸੀ।
ਜਦੋਂ ਮੈਂ ਸਟੇਸ਼ਨ ’ਤੇ ਪਹੁੰਚੀ ਤਾਂ ਗ਼ਫੂਰ ਪਹਿਲਾਂ ਹੀ ਉੱਥੇ ਖੜਾ ਸੀ। ਕਾਰ ’ਚੋਂ ਉਤਰਨ ’ਤੇ ਗ਼ਫੂਰ ਨੇ ਮੇਰਾ ਅਟੈਚੀਕੇਸ ਫੜ ਲਿਆ। ਗੱਡੀ ਨੇ ਅਜੇ ਪਲੇਟਫਾਰਮ ’ਤੇ ਲੱਗਣਾ ਸੀ। ਮੈਂ ਬੈਂਚ ’ਤੇ ਬੈਠ ਗਈ। ਉਸ ਨੇ ਮੇਰਾ ਅਟੈਚੀਕੇਸ ਕੋਲ ਰੱਖ ਦਿੱਤਾ। ਗ਼ਫੂਰ ਥੋੜ੍ਹਾ ਪਰ੍ਹਾਂ ਬੈਂਚ ’ਤੇ ਬੈਠ ਗਿਆ। ਉਸ ਦੇ ਹੱਥ ਵਿੱਚ ਝੋਲਾ ਸੀ। ਉਸ ਨੇ ਕਿਹਾ, ‘‘ਮੈਂ ਬੜੀ ਅੰਮਾ ਨੂੰ ਕਿਹਾ ਸੀ ਕਿ ਓਧਰਲੇ ਪੰਜਾਬ ਤੋਂ ਮੇਰੀ ਆਪਾ ਆਈ ਐ ਮੈਂ ਉਹਨੂੰ ਕੀ ਦਿਆਂ। ਬੜੀ ਅੰਮੀ ਆਖਦੀ ਸੀ ਕਿ ਓਧਰਲੇ ਲੋਕ ਜਾਂ ਤਾਂ ਸੁੱਕੇ ਮੇਵੇ ਜਾਂ ਗੁਰੂ ਨਾਨਕ ਦੀ ਜ਼ਰੀ ਨਾਲ ਕੱਢੀ ਤਸਵੀਰ ਖਰੀਦਦੇ ਨੇ। ਮੈਂ ਦੋਵੇਂ ਚੀਜ਼ਾਂ ਲੈ ਆਇਆ। ਉਸ ਨੇ ਸੁੱਕੇ ਮੇਵਿਆਂ ਦਾ ਲਿਫਾਫਾ ਮੈਨੂੰ ਫੜਾਇਆ। ਫੇਰ ਸੁੱਚੀ ਜ਼ਰੀ ਨਾਲ ਮਖਮਲ ਉੱਤੇ ਕੱਢੀ ਫਰੇਮ ’ਚ ਜੜੀ ਬਾਬਾ ਨਾਨਕ ਦੀ ਤਸਵੀਰ ਦਿੰਦਾ ਕਹਿਣ ਲੱਗਿਆ, ‘‘ਇਹ ਗੁਰੂ ਤੁਹਾਡਾ ਹੀ ਨਹੀਂ ਸਾਡਾ ਵੀ ਐ। ਓਧਰਲੇ ਪੰਜਾਬ ਤੋਂ ਆਏ ਲੋਕ ਮੱਥਾ ਟੇਕਣ ਇੱਥੇ ਆਉਂਦੇ ਨੇ। ਮੈਂ ਵੀ ਉੱਥੇ ਮੱਥਾ ਟੇਕਣ ਜਾਂਦਾ ਇਹ ਸੋਚ ਕੇ ਕਿ ਸਾਡੇ ਘਰ ਦਾ ਕੋਈ ਇੱਥੇ ਆਵੇਗਾ ਕਦੇ ਨਾ ਕਦੇ। ਨਾਨਕ ਸਭ ਦਾ ਸਾਂਝਾ ਈ ਐ।’’ ਐਨੇ ਨੂੰ ਗੱਡੀ ਪਲੇਟਫਾਰਮ ’ਤੇ ਲੱਗ ਗਈ ਸੀ। ਹੁਣ ਤਾਂ ਇਸ ਗੱਡੀ ਵਿੱਚ ਆਉਣ ਵਾਲੇ ਹੋਰ ਲੋਕ ਆ ਰਹੇ ਸਨ। ਗ਼ਫੂਰ ਨੇ ਮੈਨੂੰ ਮੇਰੀ ਸੀਟ ’ਤੇ ਬਿਠਾ ਦਿੱਤਾ ਤੇ ਅਟੈਚੀਕੇਸ ਸੀਟ ’ਤੇ ਓਪਰਲੇ ਫੱਟੇ ’ਤੇ ਰੱਖ ਦਿੱਤਾ।
ਗੱਡੀ ਨੇ ਤੁਰਨ ਦੀ ਸੀਟੀ ਮਾਰ ਦਿੱਤੀ। ਉਹ ਕਾਹਲੀ ਨਾਲ ਹੇਠਾਂ ਉਤਰਿਆ ਤੇ ਮੇਰੇ ਵਾਲੀ ਬਾਰੀ ਨੂੰ ਹੱਥ ਫੜ ਕੇ ਖਲੋ ਗਿਆ ਜਿਵੇਂ ਉਸ ਨੇ ਇਸ ਹੱਥ ਨਾਲ ਹੀ ਗੱਡੀ ਨੂੰ ਰੋਕ ਲੈਣਾ ਹੋਵੇ। ਗੱਡੀ ਹੌਲੀ ਹੌਲੀ ਤੁਰ ਪਈ, ਉਹ ਵੀ ਗੱਡੀ ਦੇ ਨਾਲ ਤੁਰ ਪਿਆ। ਜਦੋਂ ਗੱਡੀ ਤੇਜ਼ ਹੋਈ ਤਾਂ ਬਾਰੀ ਨਾਲੋਂ ਹੱਥ ਛੁੱਟਣ ਤੋਂ ਪਹਿਲਾਂ ਉਸ ਨੇ ਜਿਵੇਂ ਹਾਕ ਮਾਰ ਕੇ ਕਿਹਾ, ‘‘ਆਪਾ, ਮੈਨੂੰ ਵੀ ਆਪਣੇ ਨਾਲ ਲੈ ਚੱਲ।’’ ਗੱਡੀ ਹੋਰ ਤੇਜ਼ ਹੋ ਗਈ। ਬੜੀ ਦੂਰੋਂ ਮੈਂ ਦੇਖਿਆ ਕਿ ਗ਼ਫੂਰ ਅਜੇ ਵੀ ਉੱਥੇ ਖੜਾ ਗੱਡੀ ਵੱਲ ਝਾਕਦਾ ਹੋਇਆ ਆਪਣੀ ਸਾਫੀ ਨਾਲ ਅੱਖਾਂ ਪੂੰਝ ਰਿਹਾ ਸੀ।
ਗੱਡੀ ਤੇਜ਼, ਹੋਰ ਤੇਜ਼ ਹੋ ਗਈ। ਉਸ ਵੇਲੇ ਮੇਰੀ ਸਾਹਮਣੀ ਸੀਟ ’ਤੇ ਬੈਠੀ ਹਰਜਿੰਦਰ ਕੌਰ ਮੇਰਾ ਹੱਥ ਹਲੂਣ ਕੇ ਮੇਰੇ ਵੱਲ ਹੈਰਾਨ ਹੋ ਕੇ ਝਾਕੀ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੀਆਂ ਅੱਖਾਂ ਕਿਉਂ ਭਰ ਆਈਆਂ ਨੇ।
(ਇਤੀ)
('ਪੰਜਾਬੀ ਟ੍ਰਿਬਿਊਨ' ਤੋਂ ਧੰਨਵਾਦ ਸਹਿਤ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com