Ghar (Punjabi Story) : Simran Dhaliwal

ਘਰ (ਕਹਾਣੀ) : ਸਿਮਰਨ ਧਾਲੀਵਾਲ

ਮੈਨੂੰ ਤੀਜਾ ਦਿਨ ਹੈ, ਘਰ ਪਹੁੰਚੇ ਨੂੰ। ਤਿੰਨਾਂ ਦਿਨਾਂ ‘ਚ ਬਾਪੂ ਕਈ ਵਾਰ ਫਿਸ ਚੁੱਕਿਆ। ਜ਼ਰਾ ਜਿੰਨੀ ਕੋਈ ਗੱਲ ਛਿੜਦੀ, ਉਹ ਗਲ਼ਾ ਭਰ ਆਉਂਦਾ। ਬਾਪੂ ਦੀਆਂ ਅੱਖਾਂ ਵਿਚ ਆਏ ਹੰਝੂ ਮੈਨੂੰ ਬਹੁਤ ਅਜੀਬ ਲੱਗਦੇ ਨੇ। ਮੇਰਾ ਦਿਲ ਕਰਦਾ, ਬਾਪੂ ਨੂੰ ਕਹਾਂ- ਹੁਣ ਬੱਸ ਵੀ ਕਰ। ਐਵੇਂ...।
ਪਰ ‘ਪਖੰਡ’ ਸ਼ਬਦ ਵਰਤਣਾ ਮੈਨੂੰ ਔਖਾ ਲਗਦਾ।
ਹਰ ਵਾਰ ਮੇਰੀਆਂ ਅੱਖਾਂ ਅੱਗੇ ਚਾਰ ਸਾਲ ਪਹਿਲਾਂ ਵਾਲਾ ਬਾਪੂ ਆਣ ਖੜ੍ਹਦਾ।...ਤੇ ਮੇਰੇ ਜ਼ਿਹਨ ਵਿਚ ਵੀਹ ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਝੂ ਕੇਰਦਾ ਬਾਪੂ, ਮੈਨੂੰ ਕੋਈ ਹੋਰ ਜਾਪਣ ਲੱਗਦਾ। ਮੈਂ ਸੋਚਦਾਂ, ਉਹ ਇੰਜ ਕਿਵੇਂ ਬਦਲ ਸਕਦਾ? ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ, ਮੇਰੇ ਘਰੋਂ ਤੁਰਨ ਵੇਲ਼ੇ ਲੱਗਿਆ ਸੀ।
ਬੇਬੇ ਕੋਲੋਂ ਆਪਣੇ ਹੰਝੂ ਨਹੀਂ ਸੀ ਰੁਕ ਰਹੇ।
“ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ?”
ਉਹ ਕਈ ਦਿਨ ਕਲਪਦੀ ਰਹੀ ਸੀ, ਪਰ ਬਾਪੂ ਇੰਨੀ ਗੱਲ ਸੁਣਦਿਆਂ ਭੜਕ ਪੈਂਦਾ।
“ਤੇਰੇ ਵੱਸ ਹੋਵੇ ਨਾ...। ਸੋਹੀਆਂ ਦੀ ਝੰਡੀ ਕਰਨੀ ਏ ਪਿੰਡ ‘ਚ। ਲੰਡੀ ਬੁੱਚੀ ਨਹੀਂ ਮੈਂ ਕੋਈ। ਇਹਨੂੰ ਬੱਸ ਰੋਟੀ ਦਿਸਦੀ।”
ਸੇਠੀ ਏਜੰਟ ਨਾਲ ਕਿਸੇ ਵੀ ਤਰ੍ਹਾਂ ‘ਵਾਧਾ-ਘਾਟਾ’ ਕਰ ਕੇ ਬਾਪੂ ਨੇ ਮੈਨੂੰ ਆਸਟਰੇਲੀਆ ਤੋਰ ਦਿੱਤਾ। ਘਰੋਂ ਤੁਰਨ ਵੇਲੇ ਮੈਂ ਬੇਬੇ ਨੂੰ ਚਿੰਬੜ ਕੇ ਕਿੰਨੀ ਹੀ ਦੇਰ ਤੀਕ ਰੋਂਦਾ ਰਿਹਾ। ਗੱਡੀ ‘ਚ ਬੈਠਣ ਵੇਲੇ ਝੁਕ ਕੇ ਬਾਪੂ ਦੇ ਪੈਰੀਂ ਹੱਥ ਲਾਉਣ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿਚ ਝਾਕਦੇ ਹੋਏ ਕਿਹਾ ਸੀ, “ਬੁੜ੍ਹੀਆਂ ਵਾਂਗੂੰ ਡੁਸਕੇ ਨਾ ਲਾਈ ਜਾਈਂ ਹੁਣ ਉਥੇ ਜਾ ਕੇ। ਰੁੱਗ ਰੁਪਈਆਂ ਦਾ ਲੱਗਿਆ। ਚੇਤਾ ਰੱਖੀਂ।”
ਏਅਰਪੋਰਟ ਤੀਕ ਜਾਂਦਿਆਂ ਮੈਂ ਬਾਪੂ ਦੀ ਏਸੇ ਗੱਲ ਬਾਰੇ ਸੋਚਦਾ ਰਿਹਾ ਸੀ।
ਕਾਸ਼! ਬਾਪੂ ਨੇ ਕਿਹਾ ਹੁੰਦਾ, “ਭੋਲਿਆ ਆਪਣਾ ਖਿਆਲ ਰੱਖੀਂ। ਖਾਣ-ਪੀਣ ਤੋਂ ਘੌਲ ਨਾ ਕਰੀਂ। ਕਮਾਈਆਂ ਨਾਲ ਵੀ ਰੱਜਿਆ ਕਦੀ ਬੰਦਾ!”
ਪਰ ਮੈਂ ਜਾਣਦਾ ਸੀ, ਬਾਪੂ ਤਾਂ ਇੰਜ ਦਾ ਕਦੀ ਵੀ ਨਹੀਂ ਸੀ। ਫਿਰ ਉਹ ਜਿਸ ਨੂੰ ਮੈਂ ਤਿੰਨ ਦਿਨਾਂ ਤੋਂ ਦੇਖ ਰਿਹਾਂ...।
ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ।
ਇਨ੍ਹਾਂ ਤਿੰਨਾਂ ਦਿਨਾਂ ‘ਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉਭਰੇ। ਹਰ ਰੂਪ ਵਿਚ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਅਜੀਬ ਲੱਗਿਆ। ਮੈਂ ਇੰਨੇ ਸਾਲਾਂ ਤੋਂ ਉਸ ਦੇ ਇਨ੍ਹਾਂ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਦਾ ਕੋਈ ਵੀ ਰੂਪ ਮੇਰੇ ਕਦੀ ਸਮਝ ਨਹੀਂ ਸੀ ਆਇਆ।
ਤੇ ਉਸ ਨੂੰ ਇੰਜ ਹੰਝੂ ਕੇਰਦਿਆਂ ਦੇਖ ਕੇ।
ਇਕ ਪਲ ਲਈ ਮੇਰਾ ਮਨ ਬਾਪੂ ਲਈ ਤਰਸ ਨਾਲ ਭਰ ਜਾਂਦਾ, ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ ਵਿਚ ਮੇਰੀਆਂ ਅੱੱਖਾਂ ਅੱਗੇ ਆਣ ਖੜ੍ਹਦਾ।
“ਤੂੰ ਤਾਂ ਮੇਰੇ ਜੋਗੀ ਹੀ ਰੱਖੀ ਸੀ। ਘਾਟੇ ਦਾ ਘਰ। ਕਦੀ ਕਿਹਾ ਵੀ ਏ ਤੂੰ ਕਿ ਠੀਕ ਆਂ ਮੈਂ। ਚੱਤੋ-ਪਹਿਰ ਕੁਝ ਨਾ ਕੁਝ ਦੁਖਦਾ ਹੀ ਰਹਿੰਦਾ ਤੇਰਾ। ਮੱਲ੍ਹੇ ਕੋਲੋਂ ਦਾਰੂ ਲਿਆ ਕੇ ਪਾ ਲੈ।”
ਮੈਂ ਪਹਿਲੀ ਤਨਖਾਹ ‘ਚੋਂ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ।
ਪਰ ਬਾਪੂ ਬੇਬੇ ਦੀਆਂ ਅੱਖਾਂ ਦਾ ਓਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ।
“ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ। ਚੜ੍ਹੇ ਮਹੀਨੇ ਮੈਂ ਇੰਨੇ ਹੀ ਹੋਰ ਪਾ ਦਊਂ।”
ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ, ਜੇ ਕਿਤੇ ਮੈਂ ਫੋਨ ਦੀ ਥਾਂ ਸਾਹਮਣੇ ਹੁੰਦਾ, ਬਾਪੂ ਮੇਰੇ ਮੂੰਹ ‘ਤੇ ਤਾੜ ਕਰਦਾ ਥੱਪੜ ਮਾਰਦਾ।
“ਸਾਲਿਆ ਜੰਮ ਮੁਕਿਆ ਨਹੀਂ, ਪਿਉ ਨੂੰ ਮੱਤਾਂ ਦਿਨਾਂ। ਅੰਨ੍ਹੀ ਤਾਂ ਨਈਂ ਹੋ ਗਈ ਉਹ। ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ।”
ਬਾਪੂ ਨੇ ਫੋਨ ਕੱਟ ਦਿੱਤਾ ਸੀ।
ਮੇਰੇ ਸਾਹਮਣੇ ਬੇਬੇ ਖੜ੍ਹੀ ਸੀ। ਲਾਚਾਰ ਜਿਹੀ ਹਰ ਚੀਜ਼ ਨੂੰ ਤਰਸਦੀ।
ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਦੇ ਸੀ। ਬੇਬੇ ਜਦ ਵੀ ਕੁਝ ਖਰੀਦਦੀ, ਬਾਪੂ ਤੋਂ ਪਰਦਾ ਰੱਖਦੀ।
“ਵੇ ਨਿੱਕਿਆ...ਤੇਰੀ ਜ਼ੁਬਾਨ ਨਹੀਂ ਖਲੋਂਦੀ ਹੁੰਦੀ। ਐਂਵੇਂ ਨਾ ਆਪਣੇ ਬਾਪੂ ਕੋਲੇ...।”
ਤੇ ਬਾਪੂ ਅੱਗੇ ਚੁਪ ਰਹਿੰਦਾ-ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ।
ਅਸੀਂ ਆਪਸ ਵਿਚ ਮੁੱਲ ਦਾ ਹੀ ਬੋਲਦੇ।
“ਬੱਚਿਆਂ ‘ਤੇ ਅਸਰ ਤਾਂ ਫਿਰ ਪੈਣਾ ਈ ਆ। ਜਦ ਹਰ ਵੇਲੇ...।” ਮੇਰੀ ਮਾਸੀ ਬਾਪੂ ਦੇ ਕਲੇਸ਼ ਦੀਆਂ ਗੱਲਾਂ ਕਰਿਆ ਕਰਦੀ ਸੀ, ਪਰ ਬਾਪੂ ‘ਤੇ ਔਲਾਦ ਦੇ ਵੱਡੀ ਹੋਣ ਦਾ ਵੀ ਕੋਈ ਅਸਰ ਨਹੀਂ ਸੀ।
“ਹੁਣ ਤਾਂ ਧੀ ਵੀ ਵਿਆਹੀ ਗਈ। ਖਬਰੈ ਹੁਣ ਈ...।”
ਬੇਬੇ ਨੂੰ ਬਾਪੂ ਦੇ ਸੁਭਾਅ ਦੇ ਬਦਲ ਜਾਣ ਦੀ ਉਮੀਦ ਸੀ, ਪਰ ਬਾਪੂ ਤਾਂ...।
ਸ਼ਾਮ ਨੂੰ ਦੋ-ਤਿੰਨ ਜਣੇ ਦਰਵਾਜ਼ੇ ਨਾਲ ਦੀ ਬੈਠਕ ਵਿਚ ਬੈਠੇ ਹੁੰਦੇ। ਬੇਬੇ ਸਾਨੂੰ ਰੋਟੀ ਖਵਾ ਕੇ, ਚੁਲ੍ਹੇ ਅੱਗੇ ਬੈਠੀ ਬਾਪੂ ਦੇ ਰੋਟੀ ਖਾਣ ਦੀ ਉਡੀਕ ਕਰਦੀ ਰਹਿੰਦੀ। ਸਿਆਲ ਦੀ ਰੁੱਤੇ ਲੋਕ ਅੱਧੀ ਨੀਂਦ ਪੂਰੀ ਕਰ ਲੈਂਦੇ ਜਦ ਬੇਬੇ, ਬਾਪੂ ਤੇ ਉਹਦੇ ਬੇਲੀਆਂ ਲਈ ਰੋਟੀ ਪਕਾਉਂਦੀ। ਜਦ ਬਾਪੂ ਘਰ ਹੁੰਦਾ, ਅਸੀਂ ਦੋਨੋਂ ਭੈਣ-ਭਰਾ ਉਚੀ ਸਾਹ ਨਾ ਲੈਂਦੇ। ਜਦ ਕਦੀ ਬਾਪੂ ਬੇਬੇ ਨਾਲ ਝਗੜਨ ਲਗਦਾ, ਅਸੀਂ ਦੋਨੋਂ ਜਣੇ ਅੰਦਰ ਵੜ ਕੇ ਰੋਣ ਲੱਗਦੇ। ਬਾਪੂ ਰੋਟੀ ਵਾਲੀ ਥਾਲੀ ਦੂਰ ਵਗ੍ਹਾ ਮਾਰਦਾ ਤੇ ਬੇਬੇ ਨੂੰ ਵਾਲਾਂ ਤੋਂ ਫੜ ਲੈਂਦਾ।
“ਸਾਲੀ ਗੰਦੇ ਖਾਨਦਾਨ ਦੀ। ਬੰਦੇ ਨੇ ਇਕ ਰੋਟੀ ਖਾਣੀ ਹੁੰਦੀ ਸਾਰੀ ਦਿਹਾੜੀ ਖਪ ਕੇ। ਉਹ ਵੀ ਨਹੀਂ ਜੁੜਦੀ ਚੱਜ ਨਾਲ।”
ਤਵੇ ‘ਤੇ ਪਈ ਰੋਟੀ ਮੱਚ ਕੇ ਕੋਲਾ ਬਣ ਜਾਂਦੀ।
“ਵੀਹ ਵਾਰ ਕਿਹਾ ਰੋਟੀ ਤੱਤੀ ਲਿਆਇਆ ਕਰ।”
ਬੁੜ-ਬੁੜ ਕਰਦਾ ਬਾਪੂ ਅੰਦਰ ਵੜ ਜਾਂਦਾ। ਮੱਚੀ ਹੋਈ ਰੋਟੀ ਵੱਲ ਦੇਖਦੀ ਬੇਬੇ ਆਪਣੀ ਹਰ ਵੇਲੇ ਧੁਖਦੀ ਰਹਿੰਦੀ ਜ਼ਿੰਦਗੀ ਬਾਰੇ ਸੋਚ-ਸੋਚ ਹੰਝੂ ਕੇਰਦੀ। ਸਾਨੂੰ ਦੋਹਾਂ ਭੈਣ-ਭਰਾਵਾਂ ਨੂੰ ਨਾਲ ਘੁੱਟ ਕੇ ਸੌਣ ਦੀ ਕੋਸ਼ਿਸ਼ ਕਰਦੀ, ਪਰ ਮੈਂ ਸਾਰੀ ਉਮਰ ਉਹਦੀਆਂ ਅੱਖਾਂ ਵਿਚ ਚੈਨ ਦੀ ਨੀਂਦ ਨਹੀਂ ਸੀ ਦੇਖੀ।
ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਭੇਜ ਕੇ ਬੇਬੇ ਦਾ ਓਪਰੇਸ਼ਨ ਕਰਵਾਉਣ ਲਈ ਆਖਿਆ ਸੀ। ਉਹ ਜਦੋਂ ਬੇਬੇ ਨੂੰ ਲੈਣ ਆਇਆ, ਉਹਨੇ ਓਪਰੇਸ਼ਨ ਵਾਲੀ ਗੱਲ ਬਾਪੂ ਨੂੰ ਨਹੀਂ ਸੀ ਦੱਸੀ।
“ਲੈ ਜਾ ਭਾਈ! ਪੇਕੇ ਲੈਣ ਆਏ, ਮੈਂ ਕੌਣ ਹੁੰਦਾਂ ਰੋਕਣ ਵਾਲਾ।”
ਬੇਬੇ ਗੁਆਂਢਣ ਤਾਈ ਨੂੰ ਰੋਟੀ ਦਾ ਪੱਕਾ ਕਰ ਕੇ ਗਈ ਸੀ।
ਓਪਰੇਸ਼ਨ ਮਗਰੋਂ ਜਦੋਂ ਬੇਬੇ ਪਿੰਡ ਆਈ, ਤਾਈ ਬਾਪੂ ਦੀ ਕਥਾ ਛੇੜ ਕੇ ਬੈਠ ਗਈ।
“ਭਾਈ ਰੋਟੀ ਤਾਂ ਦਿੰਦੀ ਜੇ ਤੇਰਾ ਸਾਊ ਵੇਲੇ ਸਿਰ ਘਰ ਮੁੜਦਾ। ਦਸ-ਦਸ ਬੰਦੇ ਬਿਠਾ ਛੱਡਦਾ ਸੀ। ਮੈਂ ਤਾਂ ਪਹਿਲੇ ਦਿਨ ਹੀ ਡਿਉੜੀ ‘ਚੋਂ ਮੁੜ ਗਈ ਸੀ। ਸ਼ਰਾਬੀ ਬੰਦੇ ਨਾਲ ਕਾਹਦਾ ਚੱਜ।”
ਤੇ ਬਾਪੂ ਆਪਣੇ ਸਾਰੇ ਚੱਜ ਭੁੱਲ ਗਿਆ ਸੀ। ਉਹ ਬੇਬੇ ਨਾਲ ਓਪਰੇਸ਼ਨ ਪਿੱਛੇ ਉਖੜਿਆ ਫਿਰਦਾ ਸੀ।
“ਜਗਤਾਰ ਸਿਹੁੰ ਸੋਹੀ ਨਾਂ ਏ ਮੇਰਾ। ਸਿਰ ਸੁਆਹ ਪਾ ਦਿੱਤੀ ਮੇਰੇ। ਮੈਥੋਂ ‘ਲਾਜ ਨਾ ਹੁੰਦਾ ਤੇਰਾ। ਪੁੱਤ ਮੇਰਾ ਦੋਹੀਂ ਹੱਥੀਂ ਨੋਟ ‘ਕੱਠੇ ਕਰਦਾ।”
ਪਰ ਬਾਪੂ ਨੇ ਕਦੀ ਨਹੀਂ ਸੀ ਸੋਚਿਆ ਕਿ ਦੋਹਾਂ ਹੱਥਾਂ ਨਾਲ ਨੋਟ ਕਿੱਦਾਂ ‘ਕੱਠੇ ਹੁੰਦੇ ਨੇ। ਉਹਨੇ ਕਦੀ ਮੈਨੂੰ ਮੇਰਾ ਹਾਲ ਨਹੀਂ ਸੀ ਪੁੱਛਿਆ। ਹਮੇਸ਼ਾ ਕੰਮ-ਕਾਰ ਦਾ ਪੁਛਦਾ।
ਪਰ ਹੁਣ ਉਹੀ ਬਾਪੂ ਮੈਨੂੰ ਤਿੰਨ ਦਿਨਾਂ ਵਿਚ ਤੀਹ ਵਾਰ ਆਖ ਚੁੱਕਿਆ, “ਭੋਲਿਆ ਹੁਣ ਨਹੀਂ ਜਾਣ ਦੇਣਾ ਮੈਂ ਤੈਨੂੰ। ਵਿਆਹ ਦੀ ਤੇਰੀ ਉਮਰ ਟੱਪਦੀ ਜਾਂਦੀ। ਤੇਰੇ ਹਾਣੀ ਦੋ-ਦੋ ਜਵਾਕ ਚੁੱਕੀ ਫਿਰਦੇ।”
ਬੇਬੇ ਨੇ ਵੀ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਕਹੀ ਸੀ ਇਹ ਗੱਲ ਮੈਨੂੰ। ਉਹ ਫੋਨ ਉਤੇ ਹੀ ਮਨ ਭਰ ਆਉਂਦੀ।
“ਮੈਂ ਤਾਂ ਜਿਵੇਂ ਸੁੱਖ ਲਿਖਾ ਕੇ ਹੀ ਨਹੀਂ ਆਈ। ਧੀ ਵਿਆਹ ਕੇ ਆਪਣੇ ਘਰ ਤੋਰ ‘ਤੀ। ਪੁੱਤ ਪਰਦੇਸੀਂ ਰੁਲਦਾ ਫਿਰਦਾ।”
ਪਰਦੇਸੀਂ ਰੁਲਣ ਨੂੰ ਕਿਸ ਦਾ ਦਿਲ ਕਰਦਾ ਸੀ, ਪਰ ਮੇਰੀ ਤੇ ਬਾਪੂ ਦੀ ਬਣ ਨਾ ਆਉਂਦੀ।
ਉਹਨੂੰ ਕਿਸੇ ਗੱਲ ਦੀ ਲੱਥੀ ਚੜ੍ਹੀ ਨਹੀਂ ਸੀ। ਨਿਤ ਦਾਰੂ ਪੀਂਦਾ ਤੇ ਪੀ ਕੇ ਗਾਲ੍ਹ ਬਿਨਾਂ ਗੱਲ ਨਾ ਕਰਦਾ। ਬੁੜ੍ਹੇ ਵਾਰੇ ਵੀ ਬੇਬੇ ਨਾਲ ਧੌਲ਼-ਧੱਫਾ ਕਰਨ ਲੱਗਦਾ। ਇਨ੍ਹਾਂ ਗੱਲਾਂ ਪਿੱਛੇ ਸਾਡੇ ਵਿਚ ਝਗੜਾ ਹੋ ਜਾਂਦਾ।
ਇਕ ਵਾਰ ਬਾਪੂ ਘਰ ਛੱਡ ਕੇ ਮੋਟਰ ‘ਤੇ ਜਾ ਬੈਠਾ।
ਵਿਹੜੇ ‘ਚੋਂ ਕਿਸੇ ਕੁੜੀ ਨੂੰ ਰੋਟੀ ਪਕਾਉਣ ਲਈ ਲਾ ਲਿਆ।
ਉਹਦੀ ਸ਼ਰਮ ਹੋਰ ਚੁੱਕੀ ਗਈ।
“ਭਾਈਆ ਇਉਂ ਠੀਕ ਨਹੀਂ ਲੱਗਦਾ। ਕੁੜਮਾਂ ਵਾਲਾਂ ਤੂੰ ਸੁੱਖ ਨਾਲ। ਹੋਰ ਸਾਲ ਨੂੰ ਨੂੰਹ ਆ ਜੂ ਘਰੇ। ਟੱਬਰ ਤੋਂ ਪਾਸੇ...।” ਮਾਮਾ ਬਾਪੂ ਨੂੰ ਸਮਝਾਉਣ ਲਈ ਆਇਆ ਸੀ।
“ਮੈਂ ਕਿਹੜਾ ਲੱਲੀ-ਛੱਲੀ ਆਂ ਫੌਜੀਆ! ਜਦ ਟੱਬਰ ਕਦਰ ਹੀ ਨਾ ਕਰੇ...ਦੁਨੀਆਂ ਪੀਂਦੀ-ਖਾਂਦੀ ਨਹੀਂ?”
ਮਾਮੇ ਦੇ ਸਮਝਾਇਆਂ ਵੀ ਬਾਪੂ ਘਰ ਨਹੀਂ ਸੀ ਆਇਆ।
ਲੋਕ ਘਰ ਆ ਕੇ ਦੱਸਦੇ। ਕਹਿੰਦੇ, “ਜਗਤਾਰ ਸਿਹੁੰ ਕਹਿੰਦਾ, ਮੈਂ ਜ਼ਮੀਨ ਦਾਨ ਕਰ ਦੇਣੀ ਗੁਰਦੁਆਰੇ ਨੂੰ।”
ਐਸੀਆਂ ਗੱਲਾਂ ਸੁਣ ਕੇ ਬੇਬੇ ਹੋਰ ਕਲਪਣ ਲੱਗਦੀ।
ਫਿਰ ਇਕ ਦਿਨ ਬਿਸਤਰਾ ਚੁੱਕ ਕੇ ਬਾਪੂ ਖ਼ੁਦ ਹੀ ਘਰ ਆ ਗਿਆ।
“ਤੂੰ ਨਾ ਖਹਿਬੜਿਆ ਕਰ। ਕਰੀ ਜਾਣ ਦੇ ਜੋ ਕਰਦਾ।”
ਬੇਬੇ ਨੇ ਬਾਪੂ ਦੇ ਘਰ ਮੁੜੇ ਤੋਂ ਜਿਵੇਂ ਸੁੱਖ ਦਾ ਸਾਹ ਲਿਆ ਸੀ।
ਬਾਪੂ ਮੇਰੇ ਨਾਲ ਘੁੱਟਿਆ ਰਹਿੰਦਾ। ਮੈਂ ਬਾਪੂ ਕੋਲੋਂ ਦੂਰ ਰਹਿੰਦਾ।
“ਜਦ ਜਵਾਕ ਨਾਲ ਬੋਲਣਾ ਨਹੀਂ ਸਿੱਧੇ ਮੂੰਹ।”
ਪਰ ਉਸ ਦਿਨ ਹਰਖੀ ਬੇਬੇ ਅੱਗਿਓਂ ਬੋਲ ਪਈ ਸੀ।
“ਤੂੰ ਤਾਂ ਕਰਾ’ਤਾ ਸੀ ‘ਲਾਜ। ਵਾਗੀਆਂ ਤਾਹ ‘ਤੀ ਖਸਮਾਂ ਤਾਂ ਨਹੀਂ...। ਤੇਰੇ ਈ ਪੁੱਤ ਨੇ ਭੇਜੇ ਸੀ ਡਾਲਰ। ਤੇਰੀ ਸ਼ਾਨ ਨੂੰ ਨਹੀਂ ਫਰਕ ਪਾ ਕੇ ਆਈ ਪੇਕੀਂ।”
ਬਾਪੂ ਦੂਣਾ ਉਖੜ ਗਿਆ ਸੀ।
“ਸਾਲੇ ਚੋਰੀਆਂ ਕਮਾਉਂਦੇ ਮੈਥੋਂ।”
ਉਹ ਦਿਨ ਰਾਤ ਦਾਰੂ ਪੀ ਕੇ ਮੈਨੂੰ ਤੇ ਬੇਬੇ ਨੂੰ ਗਾਲ੍ਹਾਂ ਕੱਢਦਾ ਰਿਹਾ, ਪਰ ਉਹੀ ਬਾਪੂ ਹੁਣ ਕਈ ਦਿਨਾਂ ਤੋਂ ਦਾਰੂ ਛੱਡੀ ਬੈਠਾ ਸੀ। ਰਾਤ ਨੂੰ ਉਹਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ। ਮੈਂ ਨੀਂਦ ਦੀ ਗੋਲੀ ਦੇਣੀ ਚਾਹੀ, ਪਰ ਬਾਪੂ ਨੇ ਇਨਕਾਰ ਕਰ ਦਿੱਤਾ।
“ਘੁੱਟ ਲੈ ਲਾ ਬਾਪੂ। ਨੀਂਦ ਆ ਜੂ। ਸਾਰੀ ਰਾਤ ਪਾਸੇ ਮਾਰਦਾ ਰਹਿੰਦੈਂ।”
“ਨਾ ਭੋਲਿਆ ਰੂਹ ਨਹੀਂ ਮੰਨਦੀ।” ਬਾਪੂ ਦਾਰੂ ਲਈ ਵੀ ਨਹੀਂ ਸੀ ਮੰਨਿਆ।
ਨੀਂਦ ਤਾਂ ਮੇਰੀ ਵੀ ਉਖੜੀ ਹੋਈ ਹੈ। ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ। ਥਾਲੀ ਫੜਾ ਕੇ ਮੈਂ ਵੀ ਬਾਪੂ ਕੋਲ ਹੀ ਬੈਠਕ ਵਿਚ ਬੈਠ ਗਿਆ। ਬਾਪੂ ਵਿਚਾਰਾ ਜਿਹਾ ਬਣਿਆ ਰੋਟੀ ਖਾਂਦਾ ਰਿਹਾ। ਮੈਨੂੰ ਲੱਗਿਆ ਬਾਪੂ ਹੁਣੇ ਹੀ ਕੁਝ ਬੋਲੇਗਾ।
“ਹੱਥ ਟੁੱਟਦੇ ਸੇਕ ਲਾਉਂਦਿਆਂ! ਕੱਚੀਆਂ ਮੰਨੀਆਂ ਮਾਰ ਦਿੱਤੀਆਂ ਮੱਥੇ।”
ਥਾਲੀ ਘੁੰਮਦੀ ਹੋਈ ਵਿਹੜੇ ਵਿਚ ਜਾ ਡਿੱਗਦੀ। ਬੇਬੇ ਰੋਟੀਆਂ ਇਕੱਠੀਆਂ ਕਰ ਕੇ ਖੁਰਲੀ ਵਿਚ ਸੁੱਟ ਦਿੰਦੀ ਤੇ ਨਵੀਆਂ ਪਕਾਉਣ ਲਈ ਫੇਰ ਬੈਠ ਜਾਂਦੀ। ਕਈ ਵਾਰ ਬਾਪੂ ਦੂਜੇ ਪਾਸਿਓਂ ਕਲੇਸ਼ ਪਾ ਲੈਂਦਾ।
“ਅੱਖਾਂ ਤਾਂ ਮੱਥੇ ‘ਤੇ ਧਰੀਆਂ ਹੁੰਦੀਆਂ। ਸੜੇ ਮੰਡ ਲਿਆ ਧਰੇ ਮੇਰੇ ਅੱਗੇ। ਡੰਗਰ ਆਂ ਨਾ ਮੈਂ।” ਉਹ ਬਿਨ ਰੋਟੀ ਖਾਧੇ ਹੀ ਪੈ ਜਾਂਦਾ। ਮੋਮਬੱਤੀ ਜਿਵੇਂ ਦੋਵੇਂ ਪਾਸੇ ਤੋਂ ਬਲ ਰਹੀ ਹੋਵੇ।
“ਇਹ ਤਾਂ ਮੁੱਢ ਤੋਂ ਈ ਐਸਾ। ਮੈਂ ਤਾਂ ਭੇਤ ਪਾ ਲਿਆ। ਤੂੰ ਐਵੇਂ ਨਾ ਹਰਖੀ ਜਾਇਆ ਕਰ।” ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ।
“ਤੂੰ ਕਿਵੇਂ ਕੱਟੀ ਗਈ ਇਹਦੇ ਨਾਲ।” ਮੈਂ ਬੇਬੇ ਦਾ ਸਿਰੜ ਦੇਖ ਕੇ ਹੈਰਾਨ ਹੁੰਦਾ। ਬਾਪੂ ਜੋ ਮਰਜ਼ੀ ਕਰਦਾ, ਬੇਬੇ ਮੱਥੇ ਵੱਟ ਨਾ ਪਾਉਂਦੀ।
ਬਾਪੂ ਹਰ ਵੇਲੇ ਉਹਨੂੰ ਜ਼ਲੀਲ ਕਰਦਾ, ਪਰ ਉਹ ਹਰ ਗੱਲ ਢਿੱਡ ਵਿਚ ਪਾ ਲੈਂਦੀ।
ਪਰ ਅੱਜ ਤਾਂ ਜਿਵੇਂ ਬਾਪੂ ਸਿਰਫ ਢਿੱਡ ਭਰ ਰਿਹਾ ਸੀ। ਉਹਨੇ ਰੋਟੀਆਂ ਜਿਵੇਂ ਅੰਦਰ ਸੁੱਟਣ ਦੀ ਕੀਤੀ ਤੇ ਉਠ ਕੇ ਬਾਹਰ ਨੂੰ ਤੁਰ ਗਿਆ। ਇਸੇ ਤਰ੍ਹਾਂ ਹੀ ਚੁੱਪ-ਚਾਪ ਉਹ ਇਕ ਵਾਰ ਘਰ ਤੋਂ ਤੁਰ ਗਿਆ ਸੀ। ਭੈਣ ਦੇ ਵਿਆਹ ਤੋਂ ਬਾਅਦ। ਬੇਬੇ ਸਾਰਾ ਦਿਨ ਉਡੀਕਦੀ ਰਹੀ। ਉਡੀਕ ਵਿਚ ਬੈਠੀ ਨੇ ਉਹਨੇ ਖ਼ੁਦ ਵੀ ਰੋਟੀ ਨਾ ਖਾਧੀ।
ਮੈਂ ਸ਼ਾਮੀ ਕਾਲਜ ਤੋਂ ਮੁੜਿਆ। ਬੇਬੇ ਨੇ ਮੈਨੂੰ ਬਾਪੂ ਨੂੰ ਲੱਭਣ ਲਈ ਤੋਰ ਦਿੱਤਾ। ਮੈਂ ਬਾਪੂ ਨੂੰ ਹਰ ਥਾਂ ਲੱਭਿਆ, ਪਰ ਉਹ ਕਿਤੇ ਵੀ ਨਾ ਮਿਲਿਆ।
ਮੈਂ ਥੱਕ ਹਾਰ ਕੇ ਘਰ ਮੁੜ ਆਇਆ। ਬੇਬੇ ਨੇ ਰੋਟੀ ਪਕਾਈ, ਪਰ ਖ਼ੁਦ ਚੱਜ ਨਾਲ ਖਾ ਨਾ ਸਕੀ। ਮੈਂ ਬੇਬੇ ਵੱਲ ਦੇਖ-ਦੇਖ ਹੈਰਾਨ ਹੋਈ ਜਾਂਦਾ।
“ਖਬਰੈ ਕਿਥੇ ਹੋਣਾ ਡੁਬੜਾ। ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ।” ਬੁਰਕੀ ਮੂੰਹ ਵਿਚ ਪਾਉਂਦੀ ਬੇਬੇ ਬੁਸਕੀ ਜਾਂਦੀ।
“ਬੇਬੇ ਰੋਟੀ ਖਾ ਕੇ ਪੈ ਜਾ। ਕਿਉਂ ਕਲਪੀ ਜਾਂਦੀ ਐਂ। ਸਾਰੀ ਉਮਰ ਤੇਰੀ ਕੁੱਟ ਖਾਂਦੀ ਦੀ ਲੰਘ ਗਈ। ਹੁਣ ਤੈਨੂੰ ਫਿਕਰ ਪੈ ਗਿਆ।” ਮੈਂ ਬੇਬੇ ਨੂੰ ਭੱਜ ਕੇ ਪੈ ਗਿਆ। ਬੇਬੇ ਹੋਰ ਫਿਸ ਪਈ।
“ਫਿਕਰ ਨਾ ਕਰਾਂ? ਬੰਨ੍ਹ ਆ ਘਰ ਦਾ। ਨਾ ਗੁੱਸੇ ਨਾ ਰਾਜੀ। ਫਿਰ ਕਾਹਤੋਂ ਤੁਰ ਗਿਆ।”
ਅਗਲੇ ਦਿਨ ਵੱਡੇ ਤਾਏ ਨੇ ਦੱਸਿਆ, ਬਾਪੂ ਬਾਬੇ ਰੰਗੀ ਰਾਮ ਦੇ ਡੇਰੇ ਬੈਠਾ ਸੀ।
“ਕੁੜੀ ਵਿਆਹ ਕੇ ਆਵਦੇ ਘਰ ਭੇਜ ਦਿੱਤੀ। ਕਬੀਲਦਾਰੀ ਨਜਿੱਠ’ਤੀ। ਸੰਸਾਰ ਤਿਆਗ ਦਿੱਤਾ ਮੈਂ ਤਾਂ।” ਸਾਡੇ ਮਨਾਉਣ ਗਿਆਂ ਤੋਂ ਬਾਪੂ, ਅੱਗਿਓਂ ਇਹ ਗੱਲਾਂ ਕਰਨ ਲੱਗਾ।
ਤਾਏ ਨੇ ਬਹੁਤ ਕਿਹਾ, ਪਰ ਬਾਪੂ ਨਹੀਂ ਸੀ ਮੰਨਿਆ।
ਬੇਬੇ ਦੋ ਦਿਨ ਉਖੜੀ ਰਹੀ। ਆਂਢ-ਗੁਆਂਢ ਤੋਂ ਕੋਈ ਤੀਵੀਂ ਆਉਂਦੀ, ਬੇਬੇ ਬੁਸਕਣ ਲੱਗਦੀ।
“ਖਬਰੈ ਕੀ ਆਈ ਮਨ ‘ਚ । ਸਾਧ ਦੇ ਡੇਰੇ ਜਾ ਬੈਠਾ। ਨਾ ਕੋਈ ਦੁੱਖ ਦੱਸੇ, ਨਾ ਬਾਤ।”
ਤੇ ਦੂਜੇ-ਚੌਥੇ ਦਿਨ ਬਾਪੂ ਦੇ ਮਨ ਵਿਚ ਪਤਾ ਨਹੀਂ ਕੀ ਆਈ। ਪਿਛਲੇ ਪਹਿਰ ਨੂੰ ਘਰ ਮੁੜ ਆਇਆ। ਬੇਬੇ ਨੇ ਚਾਹ ਪਾਣੀ ਦਾ ਪੁੱਛਿਆ, ਪਰ ਉਹ ਕੁਝ ਨਾ ਬੋਲਿਆ। ਬਾਰੀ ‘ਚੋਂ ਬੋਤਲ ਕੱਢ ਕੇ ਮੇਜ਼ ‘ਤੇ ਰੱਖ ਲਈ। ਉਹ ਦਿਨ ਰਾਤ ਸ਼ਰਾਬ ਪੀਂਦਾ ਰਿਹਾ।
ਮੈਂ ਬਾਪੂ ਦੇ ਉਸ ਰੂਪ ਤੋਂ ਹੈਰਾਨ ਹੁੰਦਾ ਰਹਿੰਦਾ। ਜਿਵੇਂ ਹੁਣ ਬਾਪੂ ਦੇ ਇਸ ਰੂਪ ਤੋਂ ਹੈਰਾਨ ਹਾਂ।
“ਹਿਊਮਨ ਸਾਈਕੀ ਨੂੰ ਸਮਝਣਾ ਬਹੁਤ ਔਖਾ। ਬੰਦਾ ਇਕੋ ਵੇਲੇ ਕਈ ਤਰ੍ਹਾਂ ਦਾ ਬੀਹੇਵ ਕਰਦਾ...।” ਮੈਨੂੰ ਮੇਰੇ ਅੰਗਰੇਜ਼ ਦੋਸਤ ਜੌਰਜ ਦੀ ਆਖੀ ਗੱਲ ਯਾਦ ਆਉਂਦੀ।
ਤਿੰਨ ਚਾਰ ਦਿਨਾਂ ਬਾਅਦ ਬਾਪੂ ਫੇਰ ਚੰਗਾ ਭਲਾ ਹੋ ਗਿਆ। ਇਕ ਸ਼ਾਮ ਪੈੱਗ ਲਾਉਂਦਾ ਉਠ ਕੇ ਬਾਹਰ ਨੂੰ ਤੁਰ ਗਿਆ। ਸਿਆਲੀ ਰੁੱਤ ਸੀ। ਮੁੜਦਾ ਹੋਇਆ ਹੱਟੀਓਂ ਮੂੰਗਫਲ਼ੀ-ਰਿਉੜੀਆਂ ਚੁੱਕ ਲਿਆਇਆ। ਰੋਟੀ ਖਾ ਕੇ ਮੇਰੇ ਤੇ ਬੇਬੇ ਕੋਲ ਆਣ ਬੈਠਾ।
“ਖਾ ਲਉ ਭਾਈ ਰੁੱਤ-ਰੁੱਤ ਦਾ ਮੇਵਾ।”
ਮੇਰੀ ਸੰਭਾਲ ਵਿਚ ਬਾਪੂ ਪਹਿਲੀ ਵਾਰ ਇਉਂ ਜੀਆਂ ਵਿਚ ਬੈਠਿਆ ਸੀ।
“ਭੋਲਿਆ ਬਾਹਰ ਨਾ ਭੇਜ ਦੀਏ ਤੈਨੂੰ। ਇਥੇ ਕਿਹੜਾ ਰੱਖਿਆ ਕੁਝ। ਕੀ ਕਹਿੰਦਾ? ਕੀ ਪਤਾ ਮੈਂ ਤੇ ਮਾਂ ਤੇਰੀ ਵੀ ਵੇਖ ਆਈਏ ਕਿਤੇ ਅੰਗਰੇਜ਼-ਅੰਗਰੇਜ਼ਣਾਂ।” ਉਹ ਗੱਲ ਕਰ ਕੇ ਖ਼ੁਦ ਹੀ ਹੱਸਦਾ ਰਿਹਾ।
ਮੈਂ ਸੋਚਿਆ, ਦਾਰੂ ਪੀ ਕੇ ਕੀਤੀਆਂ ਗੱਲਾਂ ਬਾਪੂ ਨੂੰ ਸਵੇਰ ਨੂੰ ਭੁੱਲ-ਭੁਲਾ ਜਾਣੀਆਂ, ਪਰ ਉਹ ਤਾਂ ਏਜੰਟ ਨਾਲ ਪੱਕੀਆਂ ਪਕਾਉਣ ਲੱਗਿਆ ਸੀ। ਮੈਂ ਐਮ.ਏ. ਦੇ ਦੂਜੇ ਸਾਲ ‘ਚ ਸੀ, ਪਰ ਐਮ.ਏ. ਪੂਰੀ ਨਾ ਹੋਈ, ਮੇਰਾ ਵੀਜ਼ਾ ਆ ਗਿਆ। ਨਾ ਮੈਂ ਖੁਸ਼ ਸੀ, ਨਾ ਬੇਬੇ; ਪਰ ਬਾਪੂ ਕੋਲੋਂ ਚਾਅ ਨਹੀਂ ਸੀ ਸਾਂਭਿਆ ਜਾਂਦਾ।
ਮੈਂ ਬਾਹਰੋਂ ਫੋਨ ਕਰਦਾ। ਬੇਬੇ ਜਿਵੇਂ ਬਹੁਤ ਡੂੰਘੀ ਥਾਂ ਤੋਂ ਬੋਲਦੀ।
“ਘਰ ਈ ਖਾਲੀ ਹੋ ਗਿਆ। ਕੰਧਾਂ ਵੱਲ ਵੇਖਦੀ ਰਹਿੰਦੀ ਸਾਰਾ ਦਿਨ। ਪਿਉ ਤੇਰੇ ਦਾ ਤਾਂ ਪਤਾ ਈ ਹੈ ਤੈਨੂੰ।” ਬਾਪੂ ਜਿਵੇਂ ਹੋਰ ਆਜ਼ਾਦ ਹੋ ਗਿਆ ਸੀ।
“ਜੀਆਂ ਨਾਲ ਈ ਰੌਣਕਾਂ! ਤੇਰਾ ਵਿਆਹ ਹੋਇਆ ਹੁੰਦਾ ਤਾਂ ਵਿਹੜਾ ਭਰਿਆ ਹੁੰਦਾ। ਕੁੜੀ ਕਿਹੜਾ ਬਹਿ ਰਹਿਣਾ। ਉਹਦਾ ਵੀ ਟੱਬਰ-ਟੀਹਰ ਏ। ਹੱਦ ਭੋਗ ਤੀਕ ਰੁਕ ਜੂ। ਰੌਣਕ ਤਾਂ ਨਾਲ ਈ ਲੈ ਗਈ ਤੇਰੀ ਬੇਬੇ।”
ਬਾਹਰੋਂ ਵਾਪਸ ਆ ਕੇ ਬਾਪੂ ਫੇਰ ਮਨ ਭਰ ਆਇਆ।
ਰੋਟੀ ਵਾਲੇ ਭਾਂਡੇ ਉਥੇ ਹੀ ਪਏ ਸੀ। ਮੇਰੀ ਸੁਰਤੀ ਟੁੱਟੀ।
“ਜਦ ਬੇਬੇ ਢਿੱਲੀ ਸੀ, ਮੈਨੂੰ ਉਦੋਂ ਕਿਉਂ ਨਾ ਦੱਸਿਆ ਬਾਪੂ?”
ਤਿੰਨਾਂ ਦਿਨਾਂ ਤੋਂ ਮੈਂ ਬਾਪੂ ਨਾਲ ਬੇਬੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
“ਪੁੱਤ ਸੋਚਿਆ ਪਰਦੇਸ ਦਾ ਕੰਮ ਏ। ਢਿਲ ਮੱਠ ਤਾਂ ਹੋ ਈ ਜਾਂਦੀ। ਕੀ ਪਤਾ ਸੀ। ਤੂੰ ਮੁੱਕੀ ਤੋਂ ਪਹੁੰਚਣਾ...।”
ਮੇਰੀਆਂ ਅੱਖਾਂ ਅੱਗੇ ਬੇਬੇ ਆ ਗਈ।

ਜਦ ਮੈਂ ਘਰ ਪਹੁੰਚਿਆ, ਸਸਕਾਰ ਦੀ ਤਿਆਰੀ ਹੋ ਰਹੀ ਸੀ।
“ਦੋ ਦਿਨ ਤਾਂ ਹੋ'ਗੇ ਪੁੱਤ ਰਾਹ ਵੇਖਦਿਆਂ।”
ਕੋਈ ਜਣਾ ਮੈਨੂੰ ਵਰਾਉਣ ਲੱਗਿਆ ਸੀ।


ਮੈਂ ਚਿਤਾ ਨੂੰ ਲਾਂਬੂ ਲਾਇਆ।
ਸਭ ਤੋਂ ਉਚੀ ਭੁੱਬ ਬਾਪੂ ਨੇ ਮਾਰੀ। ਉਹ ਨਿਆਣਿਆਂ ਵਾਂਗ ਰੋਂਦਾ ਰਿਹਾ।
“ਤੇਰੇ ਬਿਨਾਂ ਮੇਰਾ ਕੌਣ ਏ ਬਚਨ ਕੁਰੇ।”
ਬਾਪੂ ਨੂੰ ਰੋਂਦਿਆਂ ਦੇਖ ਕੇ ਮੇਰਾ ਮਨ ਵੀ ਬੇਕਾਬੂ ਹੋ ਗਿਆ। ਮੜ੍ਹੀਆਂ ਤੋਂ ਘਰ ਤੀਕ ਆਉਂਦਿਆਂ ਮੇਰੇ ਪੈਰ ਮਣਾਂ-ਮੂੰਹੀਂ ਭਾਰੇ ਹੋ ਗਏ।
ਕਦੇ ਮੇਰੇ ਸਾਹਮਣੇ ਧਾਹਾਂ ਮਾਰਦਾ ਬਾਪੂ ਆ ਜਾਂਦਾ, ਕਦੇ ਬੇਬੇ। ਕਦੇ ਸੁਰਤ ਸੰਭਲੀ ਤੋਂ ਲੈ ਕੇ ਹੁਣ ਤੀਕ ਘਰ ਵਿਚ ਚਲਦੇ ਰਹਿੰਦੇ ਯੁੱਧ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ, ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ।
“ਬੰਦੇ ਦੇ ਕਿੰਨੇ ਹੀ ਰੂਪ ਹੁੰਦੇ ਨੇ...।” ਮੈਂ ਮਨ ਵਿਚ ਸੋਚਦਾ।
“ਕੀ ਸੋਚੀ ਜਾਂਦਾ ਭੋਲਿਆ! ਜਾ ਕੇ ਪੈ ਜਾ। ਹੁਣ ਲਿਖਤਾਂ ਨੂੰ ਕੌਣ ਮੋੜੇ। ਘਰ ਤਾਂ ਜੀਅ-ਜੰਤ ਨਾਲ ਹੀ ਸੋਂਹਦੇ ਨੇ। ਤੀਵੀਂ ਬਿਨਾਂ ਕਾਹਦਾ ਘਰ।”
ਆਖ ਕੇ ਬਾਪੂ ਵਾਹਿਗੁਰੂ-ਵਾਹਿਗਰੂ ਕਰਨ ਲੱਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ