Gopal Babu (Punjabi Story) : S. Saki

ਗੋਪਾਲ ਬਾਬੂ (ਕਹਾਣੀ) : ਐਸ ਸਾਕੀ

ਜਿਸ ਬਲਾਕ ਵਿੱਚ ਅਸੀਂ ਘਰ ਲਿਆ, ਗੋਪਾਲ ਬਾਬੂ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਦੋਂ ਦਾ ਸਾਡੇ ਐਨ ਸਾਹਮਣੇ ਇੱਕ ਮੰਜ਼ਿਲੇ ਘਰ ਵਿੱਚ ਰਹਿੰਦਾ ਆ ਰਿਹਾ ਸੀ।
ਬਹੁਤ ਚਿਰ ਮੇਰੀ ਉਸ ਨਾਲ ਗੱਲ ਨਹੀਂ ਹੋਈ ਪਰ ਕਦੇ-ਕਦਾਈਂ ਆਪਣੇ ਘਰ ਦੇ ਬਾਹਰਲੇ ਗੇਟ ਕੋਲ ਖਲੋਤਾ ਉਹ ਜ਼ਰੂਰ ਦਿੱਸਦਾ ਸੀ।
ਇੱਕ ਐਤਵਾਰ ਨੂੰ ਮੈਂ ਘਰੋਂ ਬਾਹਰ ਬਣੀ ਕਿਆਰੀ ਵਿੱਚ ਗੁਲਾਬ ਦੇ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ ਜਿਹੜੇ ਮੈਂ ਹੁਣੇ ਲਗਵਾਏ ਸਨ।
‘‘ਕੀ ਗੱਲ ਬਈ ਜੁਆਨ ਤੈਨੂੰ ਵੀ ਫੁੱਲ-ਬੂਟਿਆਂ ਦਾ ਸ਼ੌਕ ਹੈ? ਮੈਂ ਆਹ ਤੇਰੇ ਸਾਹਮਣੇ ਵਾਲੇ ਘਰ ਵਿੱਚ ਰਹਿੰਦਾ ਹਾਂ।’’
ਮੈਂ ਮੂੰਹ ਭੁਆ ਕੇ ਵੇਖਿਆ ਤਾਂ ਮੇਰੇ ਸਾਹਮਣੇ ਪੰਝੱਤਰ-ਅੱਸੀ ਸਾਲ ਦਾ ਇਕਹਿਰੇ ਸਰੀਰ ਵਾਲਾ ਬੰਦਾ ਹੱਥ ਵਿੱਚ ਸੋਟੀ ਫੜੀ ਖੜੋਤਾ ਸੀ। ਉਸ ਦਾ ਚਿਹਰਾ ਮੈਨੂੰ ਪਹਿਲੀ ਨਜ਼ਰ ਵਿੱਚ ਕਈ ਦਿਨਾਂ ਦੇ ਮਰੇ ਸੁੱਕੇ ਚੂਹੇ ਜਿਹਾ ਲੱਗਾ। ਇਹ ਗੋਪਾਲ ਬਾਬੂ ਸੀ ਜਿਸ ਨੇ ਮੇਰੇ ਨਾਲ ਆਪਣੀ ਜਾਣ-ਪਛਾਣ ਕਰਵਾਈ ਸੀ।
ਮੈਂ ਪਾਣੀ ਵਾਲੀ ਪਾਈਪ ਨੂੰ ਸਾਂਭ ਦੋਵੇਂ ਹੱਥ ਜੋੜ ਕੇ ਉਸ ਨੂੰ ਵਿਸ਼ ਕੀਤਾ ਅਤੇ ਉਸ ਦੇ ਸਵਾਲ ਦਾ ‘ਹਾਂ’ ਵਿੱਚ ਜੁਆਬ ਦਿੱਤਾ।
‘‘ਲੱਗਦੈ ਸਾਡੇ ਬਲਾਕ ਵਿੱਚ ਅਜਿਹਾ ਸ਼ੌਕ ਮੈਨੂੰ ਅਤੇ ਤੈਨੂੰ ਹੀ ਹੈ। ਬਾਕੀ ਭਾਵੇਂ ਕੋਈ ਘਰ ਵੇਖ ਲਵੋ ਸਾਰੇ ਇਸ ਨੂੰ ਪਾਣੀ ਦੀ ਬਰਬਾਦੀ ਅਤੇ ਫ਼ਜ਼ੂਲਖ਼ਰਚੀ ਸਮਝਦੇ ਨੇ।’’
ਮੈਂ ਕਾਫ਼ੀ ਚਿਰ ਕਿਆਰੀ ’ਚ ਪਾਣੀ ਦਿੰਦਾ ਰਿਹਾ ਅਤੇ ਗੋਪਾਲ ਬਾਬੂ ਮੇਰੇ ਨਾਲ ਬਲਾਕ ਦੇ ਘਰਾਂ ’ਚ ਰਹਿਣ ਵਾਲਿਆਂ ਅਤੇ ਕੁਝ ਆਪਣੇ ਘਰ ਦੀਆਂ ਗੱਲਾਂ ਕਰਦਾ ਰਿਹਾ।
‘‘ਆਓ ਮੇਰੇ ਨਾਲ ਚਾਹ ਦਾ ਇੱਕ ਕੱਪ ਪੀਵੋ।’’ ਮੈਂ ਕਿਆਰੀ ਵਿੱਚ ਪਾਣੀ ਦੇਣ ਦਾ ਕੰਮ ਮੁਕਾ ਕੇ ਪੁੱਛਿਆ।
‘‘ਨਹੀਂ, ਬਈ ਜੁਆਨਾ ਕਦੇ ਫੇਰ ਸਹੀ। ਹੁਣ ਤਾਂ ਮੈਂ ਡਾਕਟਰ ਦੇ ਜਾ ਰਿਹਾਂ।’’
ਗੋਪਾਲ ਬਾਬੂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ।
ਇਸ ਤੋਂ ਬਾਅਦ ਤਾਂ ਉਹ ਕਈ ਵਾਰੀ ਘਰ ਆਇਆ ਅਤੇ ਉਸ ਦੀਆਂ ਨਿੱਜੀ ਗੱਲਾਂ ਦੀਆਂ ਪਰਤਾਂ ਇੱਕ-ਇੱਕ ਕਰਕੇ ਖੁੱਲ੍ਹਦੀਆਂ ਗਈਆਂ। ਉਸ ਦੇ ਮਨ ’ਚ ਜੋ ਲੁਕਿਆ ਸੀ, ਉਹ ਮੇਰੇ ਸਾਹਮਣੇ ਉਘਾੜਦਾ ਰਿਹਾ, ਬੇਪਰਦ ਕਰਦਾ ਰਿਹਾ। ਮੈਨੂੰ ਕਈ ਵਾਰ ਇਉਂ ਵੀ ਜਾਪਦਾ ਜਿਵੇਂ ਉਸ ਨੂੰ ਮੇਰੇ ਕੋਲ ਆਉਣਾ, ਬੈਠਣਾ ਅਤੇ ਮੇਰੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸਨ।
ਗੋਪਾਲ ਬਾਬੂ ਨੇ ਦੱਸਿਆ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਉਸ ਦੀ ਅਸਿਸਟੈਂਟ ਦੀ ਨੌਕਰੀ ਸੀ। ਸੱਤਰ ਸਾਲ ਦੀ ਉਮਰ ਤੀਕ ਕੰਪਨੀ ਨੇ ਉਸ ਨੂੰ ਆਪਣੇ ਨਾਲ ਰੱਖਿਆ। ਉਸ ਤੋਂ ਖ਼ੂਬ ਕੰਮ ਲਿਆ। ਫਿਰ ਇੱਕ ਦਿਨ ਪੀਐਫ ਦੇ ਕੇ ਸੇਵਾਮੁਕਤ ਕਰ ਦਿੱਤਾ। ਉਸ ਨੂੰ ਭਾਵੇਂ ਪੈਨਸ਼ਨ ਤਾਂ ਕੋਈ ਨਹੀਂ ਸੀ ਮਿਲੀ ਪਰ ਪੀਐਫ ਦੇ ਕਾਫ਼ੀ ਪੈਸੇ ਜ਼ਰੂਰ ਇਕੱਠੇ ਮਿਲ ਗਏ ਸਨ ਜੋ ਉਸ ਨੇ ਬੈਂਕ ਵਿੱਚ ਫਿਕਸ ਕਰਵਾ ਦਿੱਤੇ ਸਨ।
ਇੱਕ ਮਕਾਨ, ਜਿਸ ਵਿੱਚ ਉਹ ਰਹਿੰਦਾ ਸੀ, ਉਸ ਨੇ ਨੌਕਰੀ ਕਰਦੇ ਸਮੇਂ ਬਣਾ ਲਿਆ ਸੀ। ਇੱਕ ਪੁੱਤ ਹੈ, ਉਸ ਦੀ ਪਤਨੀ ਹੈ। ਬੱਚਾ ਕੋਈ ਨਹੀਂ। ਦੋਵੇਂ ਸਰਕਾਰੀ ਨੌਕਰੀ ਕਰਦੇ ਹਨ। ਗੋਪਾਲ ਬਾਬੂ ਦੀ ਪਤਨੀ ਦਾ ਸੱਤ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।
ਪੁੱਤਰ ਮਨੀਸ਼ ਅਜੇ ਛੋਟਾ ਸੀ। ਹੁਣ ਬੈਂਕ ਵਿੱਚ ਫਿਕਸ ਰੱਖੇ ਰੁਪਿਆਂ ਨਾਲ ਉਹਦਾ ਨਿੱਜੀ ਖ਼ਰਚ ਟੁਰਦਾ। ਨੂੰਹ-ਪੁੱਤ ਕੋਲੋਂ ਕੁਝ ਨਹੀਂ ਸੀ ਮੰਗਣਾ ਪੈਂਦਾ।
ਇੱਕ ਦਿਨ ਗੋਪਾਲ ਬਾਬੂ ਮੇਰੇ ਕੋਲ ਆਇਆ ਅਤੇ ਸੋਫ਼ੇ ’ਤੇ ਬਹਿ ਗਿਆ।
‘‘ਬਈ ਜੁਆਨਾ, ਤੇਰੇ ਨਾਲ ਮੈਂ ਇੱਕ ਨਿੱਜੀ ਮਸ਼ਵਰਾ ਕਰਨੈ।’’
ਗੋਪਾਲ ਬਾਬੂ ਨੇ ਗੱਲ ਸ਼ੁਰੂ ਕੀਤੀ। ਉਹ ਮੇਰੀ ਹਾਂ-ਨਾਂਹ ਸੁਣੇ ਬਿਨਾਂ ਗੱਲ ਪੂਰੀ ਕਰਨ ਲੱਗਾ, ‘‘ਬਈ, ਹੁਣ ਮੈਂ ਅੱਸੀ ਪਾਰ ਕਰ ਗਿਆ ਹਾਂ। ਸੋਚਦਾਂ ਇਹ ਘਰ ਆਪਣੇ ਜਿਉਂਦੇ-ਜੀਅ ਪੁੱਤ-ਨੂੰਹ ਦੇ ਨਾਂ ਲਗਵਾ ਦਿੰਦਾ ਹਾਂ। ਬੈਂਕ ’ਚ ਪਏ ਫਿਕਸ ਸੱਤ ਲੱਖ ਰੁਪਏ ਵੀ ਉਨ੍ਹਾਂ ਦੇ ਨਾਂ ਕਰ ਦਿੰਦਾ ਹਾਂ। ਆਖ਼ਰ ਮੇਰੇ ਮਗਰੋਂ ਸਭ ਕੁਝ ਉਨ੍ਹਾਂ ਦਾ ਹੀ ਹੈ। ਮੇਰਾ ਹੁਣ ਕੀ ਪਤਾ! ਸਾਹਾਂ ਦਾ ਹਿਸਾਬ ਤਾਂ ਕਦੋਂ ਦਾ ਮੁੱਕ ਗਿਆ ਹੈ। ਆਪਣੀ ਉਮਰ ਤਾਂ ਕਦੋਂ ਦੀ ਖਾ ਹੰਢਾ ਲਈ। ਹੁਣ ਜਿਹੜੇ ਦਿਨ ਭੋਗ ਰਿਹਾ ਹਾਂ ਸਭ ਬੋਨਸ ਦੇ ਨੇ। ਜਿਸ ਦੇ ਸਹਾਰੇ ਨਾਲ ਵੱਧ ਜਿਉਣ ਦਾ ਤਰਲਾ ਜਿਹਾ ਹੀ ਮਾਰੀਦਾ ਹੈ। ਮੇਰੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਔਖ ਨਾ ਹੋਵੇ। ਬੈਂਕ ਤੇ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ। ਉਂਜ ਤਾਂ ਨੰੂਹ-ਪੁੱਤਰ ਬਹੁਤ ਚੰਗੇ ਨੇ। ਸੇਵਾ ਕਰਦੇ ਨੇ। ਫਿਰ ਮੈਂ ਉਨ੍ਹਾਂ ਕੋਲੋਂ ਸੇਵਾ ਕਰਵਾਉਣੀ ਵੀ ਨਹੀਂ। ਤੂੰ ਦੱਸ ਕੀ ਮੈਂ ਠੀਕ ਕਰ ਰਿਹਾ ਹਾਂ?’’
ਆਪਣੀ ਲੰਮੀ ਬਾਤ ਕਹਿ ਕੇ ਉਹ ਮੇਰੇ ਮੂੰਹ ਵੱਲ ਵੇਖਣ ਲੱਗਾ।
ਗੋਪਾਲ ਬਾਬੂ ਦੀ ਗੱਲ ਦਾ ਮੈਂ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਮੈਂ ਉਸ ਨੂੰ ਕੋਈ ਸਲਾਹ ਵੀ ਨਹੀਂ ਦੇ ਸਕਿਆ ਜਦੋਂਕਿ ਮੇਰਾ ਮਨ ਕਹਿੰਦਾ ਸੀ ਕਿ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕੱਲ੍ਹ ਕਿਸ ਨੇ ਵੇਖਿਆ ਹੈ? ਬੰਦੇ ਦੇ ਮਨ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ, ਕਿਹੜੇ ਰਾਹ ਪੈ ਜਾਵੇ, ਕਿਧਰ ਨੂੰ ਟੁਰ ਪਵੇ? ਬਹੁਤ ਵਾਰੀ ਬੰਦੇ ਕੋਲੋਂ ਆਪਣਾ ਮਨ ਕਾਬੂ ’ਚ ਨਹੀਂ ਰੱਖਿਆ ਜਾਂਦਾ।
ਜਾਪਦਾ ਹੈ ਨੂੰਹ-ਪੁੱਤ ਇਸ ਲਈ ਸੇਵਾ ਕਰਦੇ ਹਨ ਕਿ ਘਰ ਅਤੇ ਬੈਂਕ ’ਚ ਫਿਕਸ ਪਏ ਸੱਤ ਲੱਖ ਰੁਪਏ ਗੋਪਾਲ ਬਾਬੂ ਦੇ ਨਾਂ ਹਨ। ਪਰ ਮੈਂ ਆਪਣੀ ਇਹ ਨੇਕ ਸਲਾਹ ਉਸ ਨੂੰ ਨਹੀਂ ਦੇ ਸਕਿਆ।
ਮੈਂ ਕਿਹਾ, ‘‘ਦੇਖ ਲਵੋ ਗੋਪਾਲ ਜੀ ਜਿਵੇਂ ਆਪ ਨੂੰ ਠੀਕ ਲੱਗਦੈ…’’
ਇੱਕ ਦਿਨ ਉਹ ਸਵੇਰੇ ਹੀ ਮੇਰੇ ਘਰ ਆਇਆ। ਉਸ ਦਿਨ ਉਹ ਬਹੁਤ ਖ਼ੁਸ਼ ਸੀ। ਕਹਿਣ ਲੱਗਿਆ, ‘‘ਲੈ ਬਈ ਜੁਆਨਾ, ਆਪਣੇ ਜਿਉਂਦੇ-ਜਿਉਂਦੇ ਇਹ ਬੋਝ ਮੈਂ ਆਪਣੇ ਸਿਰੋਂ ਲਾਹ ਦਿੱਤਾ। ਕੱਲ੍ਹ ਨੂੰ ਬੇਟੇ-ਬਹੂ ਨੂੰ ਕਚਹਿਰੀਆਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਮੈਂ ਘਰ ਅਤੇ ਫਿਕਸ ਰਕਮ ਉਨ੍ਹਾਂ ਦੇ ਨਾਂ ਕਰਵਾ ਦਿੱਤੀ।’’
ਉਸ ਦੀ ਗੱਲ ਸੁਣਦਿਆਂ ਹੀ ਮੈਨੂੰ ਜਿਵੇਂ ਧੱਕਾ ਜਿਹਾ ਲੱਗਾ। ਇਹ ਗੋਪਾਲ ਬਾਬੂ ਨੇ ਕੀ ਕੀਤਾ? ਆਪਣੇ ਹੱਥੀਂ ਆਪਣੇ ਦੋਵੇਂ ਪੈਰ ਕੱਟ ਲਏ। ਕੱਲ੍ਹ ਨੂੰ ਜੇ ਇਹ ਮੇਰੇ ਕੋਲੋਂ ਪੁੱਛੇਗਾ ਕਿ ਟੁਰਿਆ ਨਹੀਂ ਜਾਂਦਾ ਤਾਂ ਕੀ ਜਵਾਬ ਦੇਵਾਂਗਾ ਮੈਂ?
ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ। ਗੋਪਾਲ ਬਾਬੂ ਖਿੜਿਆ-ਖਿੜਿਆ ਮੇਰੇ ਕੋਲ ਆਵੇ। ਜਦੋਂ ਵੀ ਉਹ ਕੋਈ ਗੱਲ ਕਹੇ ਤਾਂ ਸ਼ਾਂਤ ਦਿਸੇ। ਉਸ ਨੂੰ ਵੇਖ ਮੈਂ ਵੀ ਸੋਚ ਜਿਹੀ ਵਿੱਚ ਪੈ ਜਾਂਦਾ ਕਿ ਅੱਜ ਦੇ ਵਕਤ ਵਿੱਚ ਵੀ ਪੁੱਤ-ਨੂੰਹ ਚੰਗੇ ਹੁੰਦੇ ਹਨ। ਲੋਕ ਤਾਂ ਐਵੇਂ ਗੱਲਾਂ ਕਰਦੇ ਹਨ। ਆਪਣੀ ਜਾਈ ਔਲਾਦ ਮਾਪਿਆਂ ਦਾ ਅਹਿਸਾਨ ਕਿਵੇਂ ਭੁੱਲ ਸਕਦੀ ਹੈ? ਉਨ੍ਹਾਂ ਦਾ ਦੇਣ ਕਿਵੇਂ ਵਿਸਾਰ ਸਕਦੀ ਹੈ? ਉਨ੍ਹਾਂ ਨੂੰ ਦੁੱਖ ਕਿਵੇਂ ਦੇ ਸਕਦੀ ਹੈ?
ਪਰ ਬਹੁਤੇ ਦਿਨ ਨਹੀਂ ਲੰਘੇ ਸਨ। ਮੈਨੂੰ ਜਾਪਿਆ ਜਿਵੇਂ ਗੋਪਾਲ ਬਾਬੂ ਕੁਝ ਖਿੱਝਿਆ-ਖਿੱਝਿਆ ਰਹਿੰਦਾ ਸੀ। ਜਦੋਂ ਵੀ ਉਹ ਮੇਰੇ ਕੋਲ ਆਉਂਦਾ ਆਪਣੇ ਨੂੰਹ-ਪੁੱਤ ਦੀ ਕੋਈ ਗੱਲ ਨਾ ਕਰਦਾ। ਪਰ ਕਿੰਨੇ ਦਿਨ? ਘੜਾ ਜਦੋਂ ਭਰ ਜਾਂਦਾ ਹੈ ਤਾਂ ਅਖ਼ੀਰ ਛਲਕ ਹੀ ਪੈਂਦਾ ਹੈ।
ਹੁਣ ਜਦੋਂ ਕਦੇ ਉਹ ਆਉਂਦਾ ਤਾਂ ਨੂੰਹ ਦੀਆਂ ਅਜੀਬ ਜਿਹੀਆਂ ਛੋਟੀਆਂ-ਛੋਟੀਆਂ ਸ਼ਿਕਾਇਤਾਂ ਲਾਉਂਦਾ: ‘‘ਦੇਖੋ ਜੀ ਬਹੂ ਨੇ ਕੱਪੜੇ ਧੋ ਤਾਂ ਦਿੱਤੇ ਪਰ ਪ੍ਰੈੱਸ ਨਹੀਂ ਕੀਤੇ। ਜੇ ਮੈਂ ਕਿਹਾ ਤਾਂ ਅੱਗੋਂ ਬੋਲੀ, ‘ਤੁਸੀਂ ਬਾਬੂ ਜੀ ਵਿਹਲੇ ਰਹਿੰਦੇ ਹੋ। ਮੈਨੂੰ ਤਾਂ ਨੌਕਰੀ ਤੋਂ ਇਲਾਵਾ ਵੀ ਪੰਜਾਹ ਕੰਮ ਨੇ। ਘਰ ਦੇ ਕੰਮਾਂ ਨੂੰ ਛੱਡ ਬੱਚਿਆਂ ਦੀ ਤੇ ਇਨ੍ਹਾਂ (ਪਤੀ) ਦੀ ਵੀ ਦੇਖ-ਰੇਖ ਕਰਨੀ ਹੁੰਦੀ ਹੈ। ਸਗੋਂ ਬਾਬੂ ਜੀ ਤੁਸੀਂ ਆਪਣੇ ਕੱਪੜਿਆਂ ਨਾਲ ਇਨ੍ਹਾਂ ਦੇ ਕੱਪੜੇ ਵੀ ਪ੍ਰੈੱਸ ਕਰ ਕੇ ਮੇਰੀ ਮਦਦ ਕਰ ਦਿਆ ਕਰੋ।’ ਯਾਰ, ਮੈਨੂੰ ਗਰਮ ਫੁਲਕਾ ਖਾਣ ਦੀ ਆਦਤ ਹੈ ਪਰ ਬਹੂ ਮੇਰੇ ਖਾਣ ਦੇ ਵਕਤ ਤੋਂ ਪਹਿਲਾਂ ਹੀ ਫੁਲਕੇ ਲਾਹ ਕੇ ਡੱਬੇ ਵਿੱਚ ਬੰਦ ਕਰ ਕੇ ਰੱਖ ਦਿੰਦੀ ਹੈ। ਫਿਰ ਉਹ ਤਾਂ ਸਬਜ਼ੀ ਵੀ ਗਰਮ ਨਹੀਂ ਕਰਦੀ।’’
ਇੱਕ ਦਿਨ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ। ਕਹਿਣ ਲੱਗਾ, ‘‘ਬਈ ਅੱਜ ਤਾਂ ਹੱਦ ਹੀ ਹੋ ਗਈ। ਹੈ ਤਾਂ ਉਹ ਧੀ ਵਰਗੀ ਪਰ ਇਸ … ਨੇ ਮੈਨੂੰ ਤਾਂ ਝੂਠਾ ਸਾਬਤ ਕਰ ਦਿੱਤਾ।’’
ਇਹ ਕਹਿੰਦਿਆਂ ਗੁੱਸੇ ਵਿੱਚ ਉਸ ਦੇ ਮੂੰਹੋਂ ਜਿਵੇਂ ਝੱਗ ਡਿੱਗਣ ਲੱਗੀ। ਉਸ ਦੇ ਮੂੰਹੋਂ ਨੂੰਹ ਲਈ ਗਾਲ੍ਹ ਸੁਣ ਕੇ ਮੈਂ ਵੀ ਕੁਝ ਨਹੀਂ ਬੋਲਿਆ। ਆਪਣੀ ਗੱਲ ਉਹ ਦੰਦ ਪੀਚਦਾ ਹੋਇਆ ਪੂਰੀ ਕਰਨ ਲੱਗਾ, ‘‘ਅੱਜ ਸੰਡੇ ਦਾ ਦਿਨ ਸੀ। ਬਹੂ ਨੇ ਸਵੇਰੇ ਜਦੋਂ ਚਾਹ ਦਾ ਕੱਪ ਬਣਾ ਕੇ ਦਿੱਤਾ ਤਾਂ ਉਸ ਵਿੱਚ ਚੀਨੀ ਨਹੀਂ ਸੀ ਪਾਈ। ਮੈਂ ਸੋਚਿਆ ਭੁੱਲ ਗਈ ਹੋਵੇਗੀ। ਜਦੋਂ ਉਸ ਕੋਲੋਂ ਚੀਨੀ ਮੰਗੀ ਤਾਂ ਉਹ ਅੱਗੋਂ ਬੋਲੀ, ‘ਬਾਬੂ ਜੀ ਚੀਨੀ ਤਾਂ ਮੁੱਕ ਗਈ ਹੈ। ਲਿਆਉਣ ਵਾਲੀ ਹੈ। ਅਸੀਂ ਤਾਂ ਆਪ ਅੱਜ ਫਿੱਕੀ ਚਾਹ ਪੀ ਰਹੇ ਹਾਂ।’ ਪਰ ਮੈਨੂੰ ਯਾਦ ਆਇਆ ਕਿ ਕੱਲ੍ਹ ਸ਼ਾਮੀਂ ਜਦੋਂ ਉਹ ਆਪਣੇ ਲਈ ਚਾਹ ਬਣਾ ਰਹੀ ਸੀ ਤਾਂ ਅਚਾਨਕ ਮੈਂ ਰਸੋਈ ਵਿੱਚ ਪਾਣੀ ਦਾ ਗਿਲਾਸ ਲੈਣ ਚਲਾ ਗਿਆ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਚੀਨੀ ਵਾਲਾ ਡੱਬਾ ਤਾਂ ਮੂੰਹ ਤੀਕ ਭਰਿਆ ਹੋਇਆ ਸੀ। ਮੈਂ ਕਿਹਾ, ‘ਬਹੂ ਮੈਂ ਤਾਂ ਕੱਲ੍ਹ ਚੀਨੀ ਵਾਲਾ ਡੱਬਾ ਭਰਿਆ ਵੇਖਿਆ।’ ਜੇ ਮੈਂ ਕਿਹਾ ਤਾਂ ਉਹ ਅੱਗੋਂ ਬੋਲੀ, ‘ਬਾਬੂ ਜੀ ਤੁਹਾਡੀ ਵੀ ਤਾਂ ਉਮਰ ਹੋ ਗਈ ਹੈ। ਲੱਗਦੈ ਤੁਹਾਡੀ ਯਾਦਦਾਸ਼ਤ ਵੀ ਘਟ ਗਈ ਹੈ। ਤੁਹਾਨੂੰ ਜ਼ਰੂਰ ਭੁਲੇਖਾ ਲੱਗਿਆ ਹੋਣੈ ਜਾਂ ਤੁਸੀਂ ਜਾਣ ਕੇ ਮੇਰੇ ਪਤੀ ਸਾਹਮਣੇ ਮੇਰੀ ਹੇਠੀ ਕਰਵਾਉਣ ਲਈ ਝੂਠ ਬੋਲ ਰਹੇ ਹੋ।’ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ। ਇੱਕ ਵਾਰੀ ਤਾਂ ਮਨ ’ਚ ਆਇਆ … ਕਿ ਗੁੱਤ ਫੜ ਕੇ ਧੱਕੇ ਮਾਰ ਘਰੋਂ ਬਾਹਰ ਕੱਢ ਦੇਵਾਂ ਪਰ ਮੈਂ ਤਾਂ ਆਪ ਆਪਣੇ ਹੱਥ ਕਟਵਾ ਲਏ ਨੇ। ਮੈਂ ਨਕਾਰਾ ਜਿਹਾ ਬੰਦਾ ਕੁਝ ਵੀ ਤਾਂ ਨਹੀਂ ਸੀ ਕਰਨ ਜੋਗਾ ਰਿਹਾ। ਜੇ ਮੈਂ ਇਹ ਗੱਲ ਪੁੱਤ ਨੂੰ ਆਖੀ ਤਾਂ ਉਹ ਜੋਰੂ ਦਾ ਗੁਲਾਮ ਸਿੱਧ ਹੋਇਆ। ਆਪਣੀ ਪਤਨੀ ਦੀ ਸਾਈਡ ਲੈਂਦਾ ਹੋਇਆ ਕਹਿੰਦਾ, ‘ਬਾਬੂ ਜੀ, ਤੁਹਾਨੂੰ ਜ਼ਰੂਰ ਭੁਲੇਖਾ ਲੱਗਿਆ ਹੋਣਾ। ਜਾਨਕੀ ਤਾਂ ਕਦੇ ਝੂਠ ਬੋਲਦੀ ਹੀ ਨਹੀਂ’।’’
‘‘ਕੋਈ ਨਾ ਗੋਪਾਲ ਜੀ, ਗੁੱਸਾ ਨਾ ਕਰੋ। ਆਪਣੀ ਔਲਾਦ ਹੈ।’’ ਮੈਂ ਕਿਹਾ।
‘‘ਕਾਹਦੀ ਔਲਾਦ ਹੈ, ਇਸ ਤੋਂ ਤਾਂ ਨਾ ਹੀ ਹੁੰਦੀ।’’ ਮੇਰੀ ਗੱਲ ਕੱਟ ਕੇ ਉਹ ਉਸੇ ਤਰ੍ਹਾਂ ਗੁੱਸੇ ਵਿੱਚ ਬੋਲਿਆ।
ਇੱਕ ਦਿਨ ਉਹ ਸਵੇਰੇ ਹੀ ਚੁੱਪ-ਚਾਪ ਆ ਕੇ ਸੋਫ਼ੇ ’ਤੇ ਬਹਿ ਗਿਆ। ‘‘ਹੋਰ ਬਾਬੂ ਜੀ ਕਿਵੇਂ ਹੋ?’’ ਮੈਂ ਚੁੱਪ ਤੋੜਦਿਆਂ ਕਿਹਾ।
‘‘ਕੀ ਦੱਸਾਂ ਯਾਰ ਕਿਵੇਂ ਹਾਂ! ਮੈਂ ਤਾਂ ਘਰ ਦਾ ਪਾਲਤੂ ਕੁੱਤਾ ਬਣ ਕੇ ਰਹਿ ਗਿਆ। ਮਾਲਕਾਂ ਦਾ ਜਦੋਂ ਮਨ ਕਰਦਾ ਹੈ ਟੁੱਕ ਸੁੱਟ ਦਿੰਦੇ ਨੇ। ਨਹੀਂ ਤਾਂ ਉਨ੍ਹਾਂ ਦੇ ਰਹਿਮ ’ਤੇ…। ਜੀਅ ਕਰਦੈ ਫਾਹਾ ਲੈ ਕੇ ਮਰ ਜਾਵਾਂ।’’
ਇਹ ਆਖ ਕੇ ਉਹ ਕੁਝ ਚਿਰ ਚੁੱਪ ਬੈਠਾ ਖਿੱਝਦਾ ਰਿਹਾ ਅਤੇ ਆਖ਼ਰ ਉੱਠ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਨੂੰ ਆਪਣੇ-ਆਪ ’ਤੇ ਬਹੁਤ ਅਫ਼ਸੋਸ ਹੋਇਆ ਕਿ ਮੈਂ ਉਸ ਨੂੰ ਘਰ ਅਤੇ ਬੈਂਕ ’ਚ ਫਿਕਸ ਸੱਤ ਲੱਖ ਰੁਪਏ ਪੁੱਤ ਅਤੇ ਬਹੂ ਦੇ ਨਾਂ ਨਾ ਕਰਵਾਉਣ ਦੀ ਸਲਾਹ ਕਿਉਂ ਨਾ ਦਿੱਤੀ।
ਹਫ਼ਤੇ ਲਈ ਮੈਨੂੰ ਪਰਿਵਾਰ ਨਾਲ ਵਿਆਹ ’ਤੇ ਪੰਜਾਬ ਜਾਣਾ ਪੈ ਗਿਆ।
ਜਦੋਂ ਸ਼ੁੱਕਰਵਾਰ ਸ਼ਾਮੀਂ ਮੈਂ ਦਿੱਲੀ ਮੁੜਿਆ ਤਾਂ ਘਰ ’ਚ ਕੰਮ ਕਰਦੀ ਮਾਈ ਕੋਲੋਂ ਪਤਾ ਲੱਗਾ ਕਿ ਗੋਪਾਲ ਬਾਬੂ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਗਈ। ਉਹ ਸ਼ਾਮੀਂ ਰੋਜ਼ ਮੰਦਰ ਜਾਂਦਾ ਸੀ। ਸ਼ਾਰਟਕੱਟ ਰਾਹੀਂ ਜਾਂਦਿਆਂ ਲਾਈਨ ਕਰਾਸ ਕਰਦਿਆਂ ਰੇਲਗੱਡੀ ਹੇਠ ਆ ਕੇ ਉਸ ਦੇ ਟੁਕੜੇ-ਟੁਕੜੇ ਹੋ ਗਏ। ਪਰਸੋਂ ਐਤਵਾਰ ਨੂੰ ਮੰਦਰ ਵਿੱਚ ਸ਼ਾਮੀਂ ਚਾਰ ਵਜੇ ਉਸ ਦਾ ਉਠਾਲਾ ਹੈ।
ਸ਼ਨਿੱਚਰਵਾਰ ਮੈਨੂੰ ਦਫ਼ਤਰ ਜਾਣਾ ਪੈ ਗਿਆ। ਐਤਵਾਰ ਨੂੰ ਮੰਦਰ ਜਾਣ ਦਾ ਮੇਰਾ ਬਿਲਕੁਲ ਮਨ ਨਹੀਂ ਸੀ। ਹਫ਼ਤੇ ਵਿੱਚ ਮਸਾਂ ਐਤਵਾਰ ਦੀ ਇੱਕ ਛੁੱਟੀ ਆਉਂਦੀ ਹੈ। ਉਸ ਦਿਨ ਬੰਦੇ ਦਾ ਆਪਣਾ ਮਨ ਵੀ ਹੁੰਦਾ ਹੈ ਕਿ ਛੇ ਦਿਨਾਂ ਬਾਅਦ ਥੋੜ੍ਹਾ ਆਰਾਮ ਕਰੇ। ਦੂਜਾ ਮੈਂ ਪੰਜਾਬ ਤੋਂ ਥੱਕਿਆ ਵੀ ਮੁੜਿਆ ਸੀ।
ਪਰ ਗੋਪਾਲ ਬਾਬੂ ਬਲਾਕ ਦਾ ਬੰਦਾ ਸੀ। ਕਈ ਵਾਰੀ ਕਈ ਥਾਂ ’ਤੇ ਸਾਨੂੰ ਦਿਖਾਵਾ ਵੀ ਕਰਨਾ ਪੈਂਦਾ ਹੈ। ਆਪਣੇ ਲਈ ਨਹੀਂ ਤਾਂ ਲੋਕਾਚਾਰੀ ਹੀ ਸਹੀ। ਫਿਰ ਗੋਪਾਲ ਬਾਬੂ ਨਾਲ ਤਾਂ ਮੇਰੀ ਉਂਜ ਵੀ ਕਾਫ਼ੀ ਨੇੜਤਾ ਸੀ। ਮੈਂ ਉਸ ਦੇ ਦੁੱਖ ਨੂੰ ਕਈ ਵਾਰ ਵੰਡਿਆ ਸੀ, ਮਹਿਸੂਸ ਕੀਤਾ ਸੀ।
ਉਹਦੇ ਮਰਨ ਤੇ ਉਠਾਲੇ ਵੇਲੇ ਬਲਾਕ ਦੇ ਸਭ ਜੀਅ ਤਾਂ ਜਾਣ ਪਰ ਮੈਂ ਨਾ ਜਾਵਾਂ ਚੰਗਾ ਥੋੜ੍ਹਾ ਲੱਗਦਾ ਹੈ। ਦੂਜੇ ਮੇਰਾ ਇਹ ਵੀ ਵੇਖਣ ਦਾ ਮਨ ਸੀ ਕਿ ਗੋਪਾਲ ਬਾਬੂ ਦੇ ਪੁੱਤ ਮਨੀਸ਼ ਵਿੱਚ ਬਦਲਾਅ ਕਿਵੇਂ ਆ ਗਿਆ? ਇਸ ਪਰਿਵਰਤਨ ਦਾ ਸਬੱਬ ਕੀ ਸੀ? ਫਿਰ ਉਸ ਦੇ ਪੁੱਤ ਨਾਲ ਗੋਪਾਲ ਬਾਬੂ ਦੀ ਨੂੰਹ ਵੀ ਕਿਵੇਂ ਬਦਲ ਗਈ ਸੀ ਜੋ ਉਹ ਐਡਾ ਵੱਡਾ ਭੰਡਾਰਾ ਕਰਵਾ ਰਹੇ ਸਨ।
ਜਦੋਂ ਮੈਂ ਮੰਦਰ ਦੇ ਹਾਲ ’ਚ ਪਹੁੰਚਿਆ ਤਾਂ ਉੱਥੇ ਕਾਫ਼ੀ ਇਕੱਠ ਸੀ। ਦਰੀਆਂ ’ਤੇ ਬਾਹਰ ਦੇ ਬਲਾਕ ਦੇ ਔਰਤਾਂ ਤੇ ਮਰਦ ਬੈਠੇ ਸਨ। ਇੱਕ ਉੱਚੇ ਮੰਚ ਉੱਤੇ ਸਟੂਲ ’ਤੇ ਸ਼ੀਸ਼ੇ ’ਚ ਮੜ੍ਹਾਈ ਗੋਪਾਲ ਬਾਬੂ ਦੀ ਫੋਟੋ ਪਈ ਸੀ। ਉਸ ਅੱਗੇ ਅਗਰਬੱਤੀਆਂ ਧੁਖ਼ ਰਹੀਆਂ ਸਨ। ਫੋਟੋ ਵਿੱਚ ਗੋਪਾਲ ਬਾਬੂ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਨ੍ਹਾਂ ਦਾ ਐਂਗਲ ਇਸ ਤਰ੍ਹਾਂ ਲੱਗਾ ਜਿਵੇਂ ਉਹ ਹਰ ਇੱਕ ਨੂੰ ਗਹੁ ਨਾਲ ਵੇਖ ਰਿਹਾ ਸੀ। ਆਪਣੇ ਨਾਲ ਜ਼ਿਆਦਤੀਆਂ ਕਰਨ ਵਾਲਿਆਂ ਦੀ ਪਛਾਣ ਕਰ ਰਿਹਾ ਸੀ। ਉਨ੍ਹਾਂ ਦਾ ਹਿਸਾਬ ਜੋੜ ਰਿਹਾ ਸੀ।
ਮੈਂ ਹਾਲ ’ਚ ਜਾ ਕੇ ਸਭ ਤੋਂ ਪਿੱਛੇ ਬਹਿ ਗਿਆ। ਮੰਚ ’ਤੇ ਭਾਰੀ ਜਿਹੀ ਦੇਹ ਵਾਲਾ ਚਿੱਟਾ ਧੋਤੀ-ਕੁੜਤਾ ਪਹਿਨੀ ਬੈਠਾ ਪੰਡਤ ਮਾਈਕ ’ਚ ਬੋਲ ਰਿਹਾ ਸੀ। ਸ਼ਾਇਦ ਉਹ ਗੋਪਾਲ ਬਾਬੂ ਦੇ ਮੁੰਡੇ ਮਨੀਸ਼ ਦੀ ਪ੍ਰਸ਼ੰਸਾ ਕਰ ਰਿਹਾ ਸੀ ਜਿਸ ਨੇ ਪਿਉ ਦੇ ਮੋਇਆਂ ਇੰਨਾ ਵੱਡਾ ਭੰਡਾਰਾ ਕੀਤਾ ਸੀ ਜਿਸ ਵਿੱਚ ਉਠਾਲੇ ਤੋਂ ਬਾਅਦ ਆਉਣ ਵਾਲਿਆਂ ਲਈ ਆਲੂ ਪੂਰੀ ਤੋਂ ਇਲਾਵਾ ਗੁਲਾਬ-ਜਾਮਣ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
ਪੰਡਤ ਇੱਕਠੇ ਹੋਏ ਲੋਕਾਂ ਨੂੰ ਦੱਸ ਰਿਹਾ ਸੀ ਕਿ ਜੇ ਔਲਾਦ ਹੋਵੇ ਤਾਂ ਉਹ ਗੋਪਾਲ ਬਾਬੂ ਦੇ ਪੁੱਤ ਮਨੀਸ਼ ਜਿਹੀ। ਪੰਡਤ ਮੁਤਾਬਕ ਮਨੀਸ਼, ਸਰਵਣ ਦਾ ਦੂਜਾ ਰੂਪ ਹੈ ਜਿਸ ਨੇ ਆਪਣੇ ਅੰਨ੍ਹੇ ਮਾਪਿਆਂ ਨੂੰ ਤੀਰਥਾਂ ’ਤੇ ਘੁਮਾਇਆ ਸੀ।
ਨੂੰਹ ਹੋਵੇ ਤਾਂ ਜਾਨਕੀ ਜਿਹੀ ਜਿਹੜੀ ਮਾਤਾ ਲਕਸ਼ਮੀ ਦਾ ਦੂਜਾ ਰੂਪ ਹੈ। ਮੈਂ ਸਭ ਤੋਂ ਪਿੱਛੇ ਬੈਠਾ ਹੈਰਾਨ ਅਤੇ ਪਰੇਸ਼ਾਨ ਹੋਇਆ ਸੋਚ ਰਿਹਾ ਸੀ ਕਿ ਇਹ ਸਾਰਾ ਕੁਝ ਕਿਵੇਂ ਹੋਇਆ?
ਕੁਦਰਤੀ ਮੇਰੀ ਨਜ਼ਰ ਮੇਰੇ ਨਾਲ ਬੈਠੇ ਬਲਾਕ ਦੇ ਇੱਕ ਵੱਡੀ ਉਮਰ ਦੇ ਬੰਦੇ ’ਤੇ ਪਈ ਜਿਹੜਾ ਪੰਡਤ ਦਾ ਭਾਸ਼ਨ ਸੁਣ ਕੇ ਬਹੁਤ ਵਿਚਲਿਤ ਜਾਪਦਾ ਸੀ। ਮੈਨੂੰ ਸਮਝ ਨਾ ਆਈ ਕਿ ਉਸ ਨੂੰ ਕੀ ਹੋਇਆ ਸੀ। ਉਹ ਬੈਠਾ ਹੋਇਆ ਜਿਵੇਂ ਹਿੱਲੀ ਜਾ ਰਿਹਾ ਸੀ। ਜਦੋਂ ਮੈਂ ਉਸ ਵੱਲ ਗਹੁ ਨਾਲ ਵੇਖਿਆ ਤਾਂ ਉਹ ਆਪਣੇ ਆਪ ਨਾਲ ਬੋਲਣ ਲੱਗਾ। ਜਿਵੇਂ ਮਨ ’ਤੇ ਪਈ ਕਿਸੇ ਗੱਲ ਦਾ ਬੋਝ ਲਾਹ ਦੇਣਾ ਚਾਹੁੰਦਾ ਹੋਵੇ: ‘‘… ਕੌਣ ਸਰਵਣ ਪੁੱਤ ਅਤੇ ਮਾਤਾ ਲਕਸ਼ਮੀ ਦਾ ਦੂਜਾ ਰੂਪ? ਇਨ੍ਹਾਂ ਤਾਂ … ਨੇ ਪਿਉ ਨੂੰ ਭੁੱਖਾ ਹੀ ਮਾਰ ਦਿੱਤਾ। ਪਿਓ ਆਪਣੀ ਗ਼ਲਤੀ ਨਾਲ ਰੇਲ ਹੇਠਾਂ ਆ ਕੇ ਮਰ ਗਿਆ ਪਰ ਪੁੱਤ ਨੇ ਲਾਲਚ ਵੱਸ ਰੇਲਵੇ ਵਾਲਿਆਂ ਨੂੰ ਵੀਹ ਹਜ਼ਾਰ ਰਿਸ਼ਵਤ ਦਿੱਤੀ ਅਤੇ ਪੰਜ ਲੱਖ ਰੁਪਿਆ ਲੈ ਲਿਆ। ਵੀਹ ਹਜ਼ਾਰ ਨੇ ਸਰਕਾਰ ਨੂੰ ਸਿੱਧ ਕਰਵਾ ਦਿੱਤਾ ਕਿ ਗੋਪਾਲ ਬਾਬੂ ਰੇਲਵੇ ਦੀ ਗ਼ਲਤੀ ਨਾਲ ਮਾਰਿਆ ਗਿਆ ਸੀ। ਦੋਵੇਂ ਪਤੀ-ਪਤਨੀ ਸਰਕਾਰ ਤੋਂ ਮਿਲੇ ਪੰਜ ਲੱਖ ਰੁਪਏ ਵਿੱਚੋਂ ਇਹ ਦਸ ਹਜ਼ਾਰ ਦਾ ਭੰਡਾਰਾ ਕਰਵਾ ਕੇ ਮੂੰਹ ਦੀ ਕਾਲਖ ਧੋ ਰਹੇ ਨੇ ਜਿਹੜੀ ਪੀੜ੍ਹੀਆਂ ਤਕ ਨ੍ਹੀਂ ਲੱਥਣੀ।’’
ਬਜ਼ੁਰਗ ਦੀ ਇਹ ਗੱਲ ਸੁਣ ਤੇ ਅਸਲੀਅਤ ਜਾਣ ਮੈਂ ਵੀ ਆਪਣੇ ਆਪ ਨੂੰ ਜਿਵੇਂ ਬੇਅਰਾਮ ਮਹਿਸੂਸ ਕਰਨ ਲੱਗਾ। ਮੈਨੂੰ ਉੱਥੇ ਬੈਠਣਾ ਔਖਾ ਹੋ ਗਿਆ।
ਬਜ਼ੁਰਗ ਦੀ ਗੱਲ ਵਿਚਾਲੇ ਛੱਡ ਮੈਂ ਆਪਣੀ ਥਾਂ ਤੋਂ ਉੱਠ ਖੜੋਤਾ ਅਤੇ ਬਾਹਰ ਵੱਲ ਟੁਰ ਪਿਆ। ਅਜੇ ਮੈਂ ਹਾਲ ਦੇ ਵੱਡੇ ਗੇਟ ਤਕ ਪਹੁੰਚਿਆ ਹੀ ਸੀ ਕਿ ਜਿਵੇਂ ਪਿੱਛੋਂ ਮੈਨੂੰ ਗੋਪਾਲ ਬਾਬੂ ਦੀ ਆਵਾਜ਼ ਸੁਣਾਈ ਦਿੱਤੀ, ‘‘ਬਈ ਜੁਆਨਾ, ਤੂੰ ਤਾਂ ਮੇਰੀ ਗੱਲ ’ਤੇ ਯਕੀਨ ਕਰ। ਮੈਂ ਸੱਚ ਬੋਲ ਰਿਹਾ ਹਾਂ। ਘਰ ਵਿੱਚ ਚੀਨੀ ਦਾ ਤਾਂ ਡੱਬਾ ਭਰਿਆ ਹੋਇਆ ਸੀ ਪਰ ਬਹੂ ਨੇ ਜਾਣ-ਬੁੱਝ ਕੇ ਮੇਰੀ ਚਾਹ ਵਿੱਚ ਚੀਨੀ ਨਹੀਂ ਸੀ ਪਾਈ। ਭਲਾ ਇਸ ਉਮਰੇ ਕੀ ਮੈਂ ਝੂਠ ਬੋਲਾਂਗਾ? ਪਰ ਬਹੂ ਨੇ ਤਾਂ ਮੈਨੂੰ ਪੁੱਤ ਸਾਹਮਣੇ ਝੂਠਾ ਸਾਬਤ ਕਰ ਦਿੱਤਾ।’’
ਬਾਹਰ ਵੱਲ ਟੁਰੇ ਜਾਂਦਿਆਂ ਮੈਂ ਪਿੱਛੇ ਮੁੜ ਵੇਖਿਆ ਪਰ ਉੱਥੇ ਤਾਂ ਕੋਈ ਵੀ ਨਹੀਂ ਸੀ। ਉਸ ਥਾਂ ਤਾਂ ਅਜੇ ਵੀ ਮੰਚ ’ਤੇ ਧਰੇ ਸਟੂਲ ’ਤੇ ਗੋਪਾਲ ਬਾਬੂ ਦੀ ਮਹਿੰਗੇ ਫਰੇਮ ਵਾਲੀ ਫੋੋਟੋ ਪਈ ਸੀ ਜਿਸ ਨੂੰ ਗੁਲਾਬ ਦੇ ਫੁੱਲਾਂ ਵਾਲੇ ਹਾਰਾਂ ਨਾਲ ਸਜਾ ਰੱਖਿਆ ਸੀ। ਫੋਟੋ ਅੱਗੇ ਅਜੇ ਵੀ ਕਈ ਅਗਰਬੱਤੀਆਂ ਧੁਖ਼ ਰਹੀਆਂ ਸਨ।
ਪੰਡਤ ਅਜੇ ਵੀ ਗੋਪਾਲ ਬਾਬੂ ਦੇ ਪੁੱਤ-ਨੂੰਹ ਦੀ ਝੂਠੀ ਪ੍ਰਸ਼ੰਸਾ ਕਰ ਰਿਹਾ ਸੀ। ਇਹ ਸਭ ਛੱਡ ਹਾਲ ’ਚੋਂ ਬਾਹਰ ਨਿਕਲ ਕੇ ਘਰ ਵੱਲ ਟੁਰੇ ਜਾਂਦੇ ਮੇਰੇ ਕਦਮ ਹੋਰ ਤੇਜ਼ ਹੁੰਦੇ ਜਾ ਰਹੇ ਸਨ। ਮੈਂ ਤਾਂ ਜਿਵੇਂ ਨੱਸਿਆ ਹੀ ਜਾ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ