Punjabi Stories/Kahanian
ਵੀਨਾ ਵਰਮਾ
Veena Verma
 Punjabi Kahani
Punjabi Kavita
  

Gulbano Veena Verma

ਗੁਲਬਾਨੋ ਵੀਨਾ ਵਰਮਾ

ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ 'ਸਰਾਏ ਆਲਮਗੀਰ'। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ। ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ, ਚ' ਕਿਸੇ ਨਹੀ ਸੀ ਦੇਖਿਆ ਸੀ ਜਾਂ ਫੇਰ ਦਰਿਆ ਜੇਹਲਮ ਉਸਦਾ ਹਮਰਾਜ਼ ਸੀ।
ਇਸ ਛੱਤ ਤੇ ਉਸਦੀ ਜਿੰਦਗੀ ਦਾ ਬਹੁਤਾ ਹਿਸਾ ਇਸੇ ਤਰ੍ਹਾ ਘੁੰਮਦਿਆ ਗੁਜ਼ਰਿਆ ਸੀ। ਕਦੇ ਉਦਾਸ ਤੇ ਕਦੇ ਪੁਰਸਕੂਨ । ਜੇਹਲਮ ਅਤੇ ਉਹ ਦੋਵੇਂ ਆਪਣੇ ਅੰਦਰ ਉਠਦੇ ਤੂਫਾਨਾਂ ਨੂੰ ਸਾਂਝਿਆਂ ਕਰਦੇ। ਕਦੇ ਸ਼ਾਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇ ਮਿਲ ਕੇ ਦੁੱਗਣੇ ਭੜਕਦੇ । ਪਿਛਲੇ ਚਾਲ੍ਹੀ ਸਾਲਾਂ ਤੋਂ ਇਹੀ ਹੋ ਰਿਹਾ ਸੀ। ਪਿਛਲੀ ਜ਼ੁੰਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਡ ਤੋਂ ਖੱਤ ਆਇਆ ਸੀ ਕਿ 'ਅੰਮੀ ਤੁਸੀ ਸਾਡੇ ਕੋਲ ਆ ਜਾਉ। ਬੱਚੇ ਤੁਸਾਂ ਨੂੰ ਯਾਦ ਕਰਦੇ ਨੇ । ਫਿਰਦੋਸ਼ ਸਲਾਮ ਭੇਜਦੀ ਹੈ, ਤੇ ਹੋਰ ਪਤਾ ਨਹੀ ਕੀ ਕੁਛ ਲਿਖਿਆ ਸੀ। ਖੱਤ ਪੜ੍ਹਕੇ ਬਨੇਰੇ ਤੇ ਰੱਖ ਦਿਤਾ ਤੇ ਤੇਜ਼ ਹਵਾ ਆਈ ਤੇ ਖੱਤ ਉਡਦਾ ਹੋਇਆ ਜੇਹਲਮ ਦੇ ਪਾਣੀ, 'ਚ ਜਾ ਸਮਾਇਆ ਸੀ।
ਅੱਜ ਫਿਰ ਸੁਬਹਾ ਜਦੋ ਸਮੀਰ ਦਾ ਫੋਨ ਆਇਆ, ਤਾਂ ਉਹ ਅੱਧ-ਸੁੱਤੀ ਸੀ। ਨੌਕਰ ਨੇ ਦਰਵਾਜ਼ੇ ਤੇ ਦਸਤਕ ਦਿਤੀ ਤਾਂ ਉਸਨੇ ਬਹਾਨਾਂ ਬਣਾ ਦਿਤਾ ਸੀ ਕਿ ਆਖ ਦੇਵੇ 'ਅੰਮੀ ਸੌਂ ਰਹੀ ਏ.ਤਬੀਅਤ ਠੀਕ ਨਹੀਂ ਏਂ । ਬਜ਼ੁਰਗ ਨੌਕਰ ਫਾਰੂਕ ਪਿਛਲੇ ਪੰਜਾਹ ਸਾਲਾਂ ਤੋਂ ਇਸ ਹਵੇਲੀ ਵਿੱਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਹਿਬਾ ਦੀ ਰਗ ਰਗ ਦਾ ਵਾਕਿਫ਼ ਸੀ। ਉਹ ਮੁੜ ਸੌਂ ਨਾ ਸਕੀ ਸੀ। ਸੁੱਕੇ ਜ਼ਖਮ ਹਰੇ ਹੋ ਗਏ ਸੀ। ਉਸਦੇ ਜ਼ਖਮੀ ਦਿਲ ਦੀਆ ਤਾਰਾਂ ਫੜ੍ਹਕੇ ਕਿਸੇ ਨੇ ਝੰਜੋੜ ਦਿਤੀਆ ਸਨ । ਫੇਰ ਕੋਈ ਪੁਰਾਣਾ ਅਫ਼ਸਾਨਾ ਯਾਦ ਆ ਗਿਆ ਸੀ । ਅਫ਼ਸਾਨਾ, ਜੋ ਹਰ ਵਕਤ ਉਸ ਦੇ ਦਿਲੋ-ਦਿਮਾਗ ਵਿੱਚ ਘੁੰਮਦਾ ਸੀ। ਅਫ਼ਸਾਨਾ, ਜੋ ਉਸਦੇ ਨਾਲ ਗੁਜ਼ਰਿਆ ਸੀ। ਅਫ਼ਸਾਨਾ, ਜੋ ਉਸਦੀ ਹਕੀਕਤ ਸੀ, ਤੇ ਅਫ਼ਸਾਨਾ ਜੋ ਉਹ ਖੁਦ ਬਣ ਗਈ ਸੀ।
ਵੈਸੇ ਤੇ ਮਰਦ ਸਮਾਜ, ਚ' ਔਰਤਾ ਦੇ ਅਫ਼ਸਾਨੇ ਬਣਨੇ ਬੜੇ ਆਸਾਨ ਹੁੰਦੇ ਨੇ। ਔਰਤ ਤਾਂ ਦੋ ਵਾਰੀ ਖਿੜ੍ਹਕੀ ਵਿੱਚ ਖੜ੍ਹੀ ਹੋ ਜਾਵੇ ਤਾਂ ਅਫ਼ਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿੱਸੇ ਘੜੇ ਜਾਂਦੇ ਹਨ। ਥਾਂ ਥਾਂ ਅਫ਼ਸਾਨਾ-ਨਿਗਾਰ ਬੈਠੇ ਹਨ ਉਸ ਦੇ ਲਈ।......ਪਰ ਉਸਨੇ ਤਾਂ ਅਸਲੋਂ ਜੱਗੋ ਤੇਰ੍ਹਵੀ ਕੀਤੀ ਸੀ। ਅਫ਼ਸਾਨਾ ਵੀ ਉਹ ਬਣਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ਤੇ ਹੱਸਿਆ ਜਾਵੇ ਜਾਂ ਆਂਸੂ ਬਹਾਏ ਜਾਣ।
ਪਰ ਬੇਗਮ ਸਾਹਿਬਾ ਹੁਣ ਖੁੱਦਾਰ, ਮਗਰੂਰ ਤੇ ਬੁਲੰਦ, ਉਹ ਕਿਸੇ ਚਟਾਨ ਵਾਂਗ ਸੀ। ਜਿਸ ਦੇ ਆਸੇ ਪਾਸਿਉ ਤੂਫਾਨ ਲੰਘ ਜਾਂਦੇ ਸੀ ਤੇ ਉਸਦਾ ਸਿਰ ਨਹੀਂ ਸੀ ਝੁਕਦਾ। ਪਿਛਲੇ ਚਾਲ੍ਹੀ ਸਾਲ ਤੋਂ ਉਹ ਕਿਸੇ ਕੈਦੀ ਵਾਂਗ ਇਸ ਹਵੇਲੀ ਵਿੱਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦਾ ਮਾਲਿਕ ਹੋਵੇ। ਇਹ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿਤੀ ਸੀ।
ਚਾਲ੍ਹੀ ਸਾਲ ਪਹਿਲਾ ਉਹ ਕਿਸੇ ਤੂਫਾਨ ਵਾਂਗ ਆਈ ਸੀ ਅਤੇ ਹਵੇਲੀ ਦੀਆ ਕਿਲ੍ਹੇ ਵਰਗੀਆ ਕੰਧਾਂ ਵਿੱਚ ਸਮਾਅ ਗਈ ਸੀ। ਉਸ ਤੂਫਾਨ ਨਾਲ ਜੋ ਗਰਦੋ-ਗੁਬਾਰ ਉਡੀ ਸੀ, ਉਹ ਵਕਤ ਨਾਲ ਉਤਰ ਗਈ।
ਬੱਸ ਕੋਈ ਕੋਈ ਸਖਸ਼ ਸੀ, ਉਸਦੇ ਜ਼ਮਾਨੇ ਦਾ ਜੋ ਉਸਦੇ ਅਫ਼ਸਾਨੇ ਨੂੰ ਛੇੜ ਬਹਿੰਦਾ ਸੀ। ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ। ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸੀ । ਬੁੱਢੇ ਮਰ ਚੁੱਕੇ ਸਨ । ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ । ੳਹਦਾ ਰਾਜ਼ ਹੁਣ ਇਸ ਹਵੇਲੀ ਦੀਆ ਕੰਧਾਂ ਵਿੱਚ ਮਹਿਫੂਜ਼ ਸੀ । ਪੂਰੀ ਆਦਮਜ਼ਾਤ ਨਾਲ ਜਿਵੇਂ ਉਸਨੂੰ ਨਫ਼ਰਤ ਸੀ । ਦੋ ਸ਼ਬਦਾ ਤੋਂ ਵੱਧ ਗੱਲ ਨਾ ਕਰਦੀ। ਮਾਇਕੇ ਉਹ, ਇਸ਼ਕ ਵਿੱਚ ਛੱਡ ਕੇ ਆ ਗਈ ਸੀ ਤੇ ਸਸੁਰਾਲ ਉਸਨੇ ਨਫ਼ਰਤ ਵਿੱਚ ਛੱਡ ਦਿਤਾ ਸੀ।
ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋ ਬੇਖ਼ਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ...? ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪ੍ਰਵਾਹ ਨਾ ਕਰਦਿਆਂ ਵਿਕ ਗਿਆ ਸੀ। ਉਨ੍ਹਾਂ ਲੋਕਾਂ ਕੋਲ, ਜਿੰਨ੍ਹਾਂ ਦਾ ਨਾਮ ਲੈਣਾ ਵੀ ਉਹ ਆਪਣੀ ਤੌਹੀਨ ਸਮਝਦੀ ਸੀ। ਉਹ ਲੋਕ ਜਿੰਨ੍ਹਾਂ ਨੇ ਫੁੱਲ ਵਰਗੀ "ਗੁਲਬਾਨੋ"ਨੂੰ ਕੰਡਿਆਂ ਦੀ ਝਾੜ ਉਪਰ ਸੁੱਟ ਦਿਤਾ ਸੀ ।
ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ.....ਤਾਜ਼ਾ ਖਿੜ੍ਹੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆ ਸ਼ੁੱਰਖ ਗਲ੍ਹਾਂ । ਸ਼ਰਬਤੀ ਅੱਖਾਂ 'ਚ ਧਾਰੀਦਾਰ ਸ਼ੁਰਮਾ। ਨਾਜ਼ਿਕ ਪੱਤੀਆ ਵਰਗੇ ਹੋਂਠ । ਬੋਲਦੀ ਸੀ ਤਾਂ ਲਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ । ਪੌਣੇ ਛੇ ਫੁੱਟ ਦੀ ਲੰਮ-ਸਲੰਮੀ ਕੱਦ ਵਾਲੀ ਕਿ ਸਧਾਰਣ ਮਰਦ ਉੁਸਦੇ ਸਾਹਮਣੇ ਬੌਣਾ ਲੱਗਦਾ ਸੀ। ਸੁਰਾਹੀ ਵਰਗੀ ਗਰਦਨ, ਗੋਰੀਆ ਗੋਲ ਬਾਹਾਂ ਤੇ ਬਾਹਾਂ ਵਿੱਚ ਸੱਤ-ਰੰਗੀਆਂ ਬੰਗਾਂ।
ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ, ਚ' ਘਿਰਿਆ ਰੋਸ਼ਨ ਚਿਹਰਾ। ਗਿੱਠ ਉਚੀਆ ਸਖਤ ਛਾਤੀਆ ਤੇ ਸੰਗਮਰਮਰੀ ਬਦਨ । ਹੁਸਨ ਦਾ ਕੋਈ ਮੁਜ਼ੱਸਮਾ ਸੀ ਉਹ ਗੁਲਬਾਨੋ...ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ ਜਿਵੇਂ ਅਟਕ ਦਰਿਆ ਵਿੱਚ ਹੜ੍ਹ ਆਇਆ ਹੋਵੇ। ਠਾਰਾ ਸਾਲਾਂ, ਚ' ਛੱਬੀਆ ਦੀ ਲੱਗਦੀ ਸੀ ਉਹ।
ਉਸਦੀ ਅੰਮੀ ਉਸਨੂੰ ਛੁਪਾ-ਛੁਪਾ ਰੱਖਦੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾ ਨਾਲੋ ਵੱਧ ਪਿਆਰ ਦਿੰਦੇ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ। ਜਿੰਨੀ ਹਸੀਨ ਸੀ ਉਨ੍ਹੀ ਹੀ ਜ਼ਹੀਨ ਸੀ। ਜ਼ਮੀਨਦਾਰ ਨਾਸਿਰ ਹੁਸੈਨ ਦੀ ਚਾਰਾ ਪੁੱਤਰਾ ਤੋ ਬਾਅਦ ਇੱਕਲੀ ਛੋਟੀ ਧੀ ਸੀ ਉਹ। ਹਾਲੇ ਦਸ ਸਾਲਾਂ ਦੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ। ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। "ਤੇਰੇ ਬਗੈਰ ਸਾਡਾ ਦਿਲ ਕਿੱਦਾ ਲੱਗੇਗਾ ਬੱਚੀਏ"ਅੰਮੀ ਉਸਦੇ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਦੀ।
ਗੁਲਬਾਨੋ, ਸਾਰੀਆ ਦੁਨੀਆਦਾਰੀ ਤੋਂ ਦੂਰ ਮਸਤ ਆਪਣੀਆ ਸਹੇਲੀਆਂ ਵਿੱਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ ਤੇ ਸੁਹਾਗਾ। ਅਲੜ੍ਹ ਉਮਰ, ਬੇਗਮ, ਬੇਪ੍ਰਵਾਹ ਅਤੇ ਬੇਖੌਫ।
ਉਮਰ, ਜੋ ਜਾਗਦਿਆ ਖਾਬ ਦੇਖੇ..ਉਮਰ, ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ, ਚ' ਹੀ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿੱਖਰ ਦੁਪਿਹਰ ਕਸੀਦਾ ਕੱਢਣ ਗਈ ਡੰਗੀ ਗਈ ਸੀ। ਮਿੱਠਾ-ਮਿਠਾ ਜ਼ਹਿਰ ਚੜ੍ਹਿਆ ਸੀ ਉਸ ਤੇ ਹਲਕਾ-ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟਾਂ ਬਦਲਦੀ ਰਹੀ। ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉੜਾ ਕੇ ਲੈ ਗਿਆ ਸੀ। ਚਿਹਰਾ ਜੋ ਆਫ਼ਤਾਬੀ ਸੀ। ਨਜ਼ਰ, ਜੋ ਜਾਦੂ ਸੀ ਤੇ ਹੁਸਨ, ਜਿਵੇ ਟੂਣਾ ਸੀ।
"ਫਿਰੋਜ਼"...ਉਸਦੇ ਬੰਦ ਹੋਠਾਂ ਨੇ ਕਈ ਵਾਰ ਉਸ ਯਾਦੂਗਰ ਦਾ ਨਾਂ ਲਿਆ ਸੀ, ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ ਸੀ। ਫਿਰੋਜ਼ ਦਾਮਾਦ ਸੀ ਉਸਦੇ ਪੜੌਸੀਆਂ ਦਾ। ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆ ਦੀ। ਸ਼ਕੀਲਾ ਦੀ ਸ਼ਾਦੀ ਸਮੇਂ ਗੁਲਬਾਨੋ ਆਪਣੀ ਖਾਲਾਂ ਦੀ ਬੇਟੀ ਦੀ ਸ਼ਾਦੀ ਤੇ ਗਈ ਹੋਈ ਸੀ, ਫਿਰੋਜ਼ ਨੂੰ ਨਹੀ ਮਿਲੀ ਸੀ। ਨਹੀ ਸੀ ਪਤਾ ਉਸਨੂੰ ਕਿ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇੰਨ੍ਹਾ ਨਾਯਾਬ ਤੋਹਫਾ ਬਖਸ਼ਿਆ ਸੀ। ਸ਼ਕੀਲਾ ਨੇ ਜਦੋ ਗੁਲਬਾਨੋ ਦਾ ਫਿਰੋਜ਼ ਨਾਲ ਤੁਆਰਫ ਕਰਵਾਇਆ, ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ, ਚੋਂ ਆਵਾਜ਼ ਨਾ ਨਿੱਕਲੀ, ਅੱਖਾਂ ਵਿੱਚ ਅੱਖਾਂ ਫਸ ਗਈਆ ਦੋਹਾਂ ਦੀਆ। ਹੋਂਠ ਕੰਬੇਂ ਤੇ "ਇਸਲਾਮਾ ਲੇਕਮ"ਜੀਭ ਤੇ ਆ ਕੇ ਰੁਕ ਗਿਆ ਦੋਨਾਂ ਦੀਆ ਬੋਲਾ ਵਿਚੋ । ਫਿਰੋਜ਼ ਦੇ ਹੋਸ਼ ਤਾਂ ਉਡਣੇ ਹੀ ਸੀ ਗੁਲਬਾਨੋ ਤੇ ਵੀ ਤੀਰ ਚੱਲ ਗਿਆ ਸੀ।
"ਏਨਾਂ ਖੂਬਸੂਰਤ ਨੌਜਵਾਨ..!ਜਿਵੇ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ ਦੋ ਗਿੱਠ ਉਚਾ, ਗੋਰਾ ਨਿਛੋਹ ਰੰਗ, ਤੇ ਫ਼ੋਲਾਦੀ ਜਿਸਮ । ਕਾਲੀ ਸਿਆਹ ਜ਼ੁਲਫਾ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿੱਚ ਝੁਕ ਝੁਕ ਜਾਂਦੇ । ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਵਿੱਚ ਫਿਰੋਜ਼ ਦੀ ਤਸਵੀਰ ਵਸ ਗਈ ਸੀ । ਗੁਲਬਾਨੋ ਦੇ ਨੱਕ ਵਿੱਚ ਪਾਏ ਹੀਰੇ ਦੇ ਲੌਂਗ ਦੇ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਿਰੋਜ਼ ਦੀਆ ਅੱਖਾਂ ਵਿੱਚ ਪੈ ਰਹੇ ਸੀ। ਦੂਜੇ ਦਿਨ ਫਿਰੋਜ਼ ਵੀ ਦਿਲ ਨੂੰ ਸੰਭਾਲਦਾ ਆਪਣੇ ਸ਼ਹਿਰ ਵਾਪਸ ਚਲਾ ਗਿਆ।
ਥੋੜ੍ਹਾ ਅਰਸਾ ਬੀਤ ਗਿਆ, ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣੇ ਖਾਵੰਦ ਦੀਆਂ ਗੱਲਾਂ ਕਰਦੀ। ਜਦੋ ਵੀ ਫਿਰੋਜ਼ ਦਾ ਜ਼ਿਕਰ ਛਿੜਦਾ ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸ ਦੇ ਅਰਮਾਨ ਜਗਾਅ ਦਿਤੇ ਸੀ। ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਭੁੱਲ ਸਕਦੀ ਸੀ। ਨਾ ਖੱਤ ਨਾ ਸੁਨੇਹਾ। ਨਾ ਹਾਂ, ਨਾ ਨਾਂਹ। ਕਾਸ਼ ! ਇਕ ਵਾਰ ਫਿਰ ਮਿਲੇ, ਉਹ ਨੂਰਾਨੀ ਚਿਹਰਾ ਦੂਹਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ।
ਤੇ ਖੁਦਾ ਨੇ ਉਹਦੀ ਛੇਤੀ ਸੁਣ ਲਈ।ਫਿਰੋਜ਼ ਇਕ ਦਿਨ ਅਚਾਨਕ ਘੋੜੇ ਤੇ ਚੜ੍ਹ ਕੇ ਆ ਗਿਆ। ਬਹਾਨਾ ਕੀਤਾ ਕਿ ਉਹ ਆਪਣੇ ਦੋਸਤ ਨਾਲ ਸ਼ਿਕਾਰ ਖੇਡਣ ਗਿਆ ਸੀ। ਵਾਪਸੀ ਤੇ ਸੋਚਿਆ ਕਿ ਸੁਸਰਾਲ ਵਾਲਿਆ ਨੂੰ ਵੀ ਮਿਲਦਾ ਜਾਵੇ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ, ਉਹ ਬੁਲਬੁਲਟੀਨ ਦਾ ਨਵਾਂ ਗਰਾਰਾ ਸੂਟ ਪਾ ਕੇ ਸ਼ਕੀਲਾ ਦਾ ਘਰ ਪਹੁੰਚ ਗਈ। ਗੁਲਬਾਨੋ ਉਨ੍ਹਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੂੰ ਸ਼ੱਕ ਨਹੀ ਪਈ । ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ, ਕੋਈ ਗੱਲ ਨਹੀ ਹੋਈ । ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ।
ਮੈਂ ਬੜੇ ਬਹਾਨੇ ਬਣਾਕੇ ਆਇਆ ਹਾਂ । ਬਹੁਤ ਉਦਾਸ ਹੋ ਗਿਆ ਸਾਂ, ਉਸਨੇ ਆਉਣ ਦਾ ਮਕਸਦ ਦੱਸਿਆ।
"ਮੈਨੂੰ ਇਲਮ ਏ....ਤੂੰ ਝੂਠ ਬੋਲ ਕੇ ਆਇਆ ਏ...ਤੇ ਮੈਂ ਵੀ...ਗੁਲਬਾਨੋ ਤੋਂ ਗੱਲ ਨਹੀ ਸੀ ਹੋ ਰਹੀ ਸੀ।
ਦੇਰ ਤੱਕ ਉਹ ਜ਼ਮੀਨ ਤੇ ਬੈਠੇ ਗੱਲਾਂ ਕਰਦੇ ਰਹੇ। ਇਕ-ਦੂਜੇ ਦਾ ਹੱਥ ਫੜੀ ਕਸ਼ਮਾਂ-ਵਾਅਦੇ ਹੁੰਦੇ ਰਹੇ। ਦੋਨਾਂ ਦਾ ਘਰ ਜਾਣ ਨੂੰ ਦਿਲ ਨਾ ਕਰੇ । ਆਖ਼ਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਉਨ੍ਹਾਂ ਦਾ ਸਾਥ ਦੇਵੇਗੀ।
ਫੂਫੋ 'ਨਜ਼ੀਰਾਂ ਬੇਗ' ਨੂੰ ਜਦੋ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪਾ ਹੋ ਗਈ। ਉਹ ਫਿਰੋਜ਼ ਦੇ ਸੁਸਰਾਲ ਨੂੰ ਪਸੰਦ ਨਹੀ ਸੀ ਕਰਦੀ ਤੇ ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵੇਂ ਹੱਥਾਂ ਨਾਲ ਪੱਖੀਆ ਝੱਲਕੇ ਹਵਾ ਦਿਤੀ।
ਗੁਲਬਾਨੋ ਤੇ ਫਿਰੋਜ਼ ਚੋਰੀਉ ਫੂਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ-ਮੁਸ਼ਕ ਛੁਪਾਇਆ ਨਾ ਛੁੱਪੇ। ਹੌਲੀ ਹੌਲੀ ਲੋਕਾਂ, ਚ' ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪੁੱਜੀ । ਅੰਮੀ ਨੇ ਅੰਦਰ ਵੜਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੱਕ ਗੱਲ ਚਲੀ ਗਈ ਤੈਨੂੰ ਤੇ ਫਿਰੋਜ਼ ਨੂੰ ਜਾਨੋ ਮਾਰ ਦੇਣਗੇ। ਸ਼ਾਦੀਸ਼ੁਦਾ ਨਾਲ ਤੇਰੇ ਤਅਲੁਕਾਤ ਨੂੰ ਬਰਦਾਸ਼ਤ ਨਹੀ ਕਰਨਗੇ, ਫਿਰੋਜ਼ ਕੁਆਰਾ ਹੁੰਦਾ ਗੱਲ ਹੋਰ ਸੀ।
ਗੁਲਬਾਨੋ, ਫਿਰੋਜ਼ ਦੀ ਫੂਫੀ ਨਜ਼ੀਰਾਂ ਕੋਲ ਜਾ ਕੇ ਰੋਈ । ਉਸ ਨੂੰ ਹੁਣ ਕੁੜੀ ਨਾਲ ਹਮਦਰਦੀ ਹੋਣ ਲੱਗੀ।
"ਕੁੜੀ ਨਾਲ ਵਫ਼ਾ ਕਰੀ ਵੇ ਮੁੰਡਿਆ, ਜੇ ਹੱਥ ਫੜਿਆ ਈ ਤਾਂ ਪਾਰ ਲੰਘਾ ਨਹੀ ਤਾਂ ਅਗਲੀ ਦਰਗਾਹ, ਚ' ਮੂੰਹ ਕਾਲਾ ਹੋਸੀ"..ਫੂਫੋ ਨੇ ਫਿਰੋਜ਼ ਨੂੰ ਬੁਲਾ ਕੇ ਸਮਝਾਇਆ।
ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਗੁਫਤਗੂ ਹੋਈ ਤਾਂ.... ਜ਼ਮਾਨੇ ਦਾ ਮੁਕਾਬਲਾ ਕਰਨ ਲਈ ਘਰੋ ਭੱਜਣ ਦਾ ਹੱਲ ਹੀ ਨਜ਼ਰ ਆਇਆ।
"ਬਦਨਾਮ ਹੋ ਜਾਵਾਂਗੇ"... ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀ ਛੱਡਦੀ, ਅੱਬੂ ਜਾਨ, ਅੰਮੀ ਤੇ ਭਰਾਵਾਂ ਦੀ ਇੱਜਤ ਬੂ"....ਤੋਬਾ ਮੇਰੀ ਥਾਂ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਰਹੀ ਸੀ....ਗੁਲਬਾਨੋ ਨੇ ਡਰ ਕੇ ਕਿਹਾ..
"ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨੀ ਕੀਤਾ ਤੇ ਉਹ ਇਸ਼ਕ ਹੀ ਕੀ..ਜਿਸ ਦਾ ਚਰਚਾ ਨਾ ਹੋਇਆ..ਫਿਰੋਜ਼ ਜੁਵਾਬ ਦਿੰਦਾ।
ਇਸ ਦਾ ਮਤਲਬ ਈ, ਤੂੰ ਮੈਨੂੰ ਕੱਢ ਕੇ ਲੈ ਜਾਣ ਦਾ ਇਰਾਦਾ ਕਰ ਲਿਆ ਏ..!ਗੁਲਬਾਨੋ ਉਸਦੇ ਮੱਥੇ ਤੇ ਪੈਂਦੀਆਂ ਜ਼ੁਲਫ਼ਾ ਨਾਲ ਖੇਡਦੀ ਬੋਲੀ...
"ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨੀ ਗੁਲਬਾਨੋ".....ਇੱਕ ਵਾਰ ਤੂੰ ਆਪਣਾ ਘਰ ਛੱਡਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਦਾਇਨ ਨੂੰ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ..ਫਿਰੋਜ਼ ਨੇ ਸਮਝਾਇਆ ।
"ਕਿਉ ਨਹੀ ਮੰਨਣਗੇ..! ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆ ਕੀਤੀਆ ਸੂ । ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜ਼ਾਜਤ ਏ । ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈਨ..ਫਿਰੋਜ਼ ਨੇ ਤਸੱਲੀ ਦਿਤੀ।
ਤੇ ਦੂਸਰੇ ਦਿਨ ਸਿਖਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀ ਆਈ । ਬੁਰਕੇ ਵਿੱਚ ਖ਼ੁਦ ਨੂੰ ਛੁਪਾਕੇ ਉਹ ਫਿਰੋਜ਼ ਦੇ ਘੋੜੇ ਤੇ ਬੈਠ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ । ਇਹ ਸੋਚ ਕੇ, ਛੇਤੀ ਹੀ ਉਹ ਫਿਰੋਜ਼ ਨਾਲ ਸ਼ਾਦੀ ਕਰਕੇ.. ਸ਼ਾਨੋ-ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ, ਜੋ ਉਸਦੀ ਕੰਵਾਰੀ ਮੁਹੱਬਤ ਨੂੰ ਨਜ਼ਾਇਜ ਦੱਸ ਰਿਹਾ ਏ, ਨਿਕਾਹ ਦੀ ਮੋਹਰ ਲੱਗ ਜਾਣ ਬਾਅਦ ਉਸ ਦਾ ਸੁਆਗਤ ਕਰੇਗਾ।
ਦੁਪਹਿਰ ਢਲ ਗਈ ਸੀ, ਫਿਰੋਜ਼ ਨਾਲ ਬੈਠੀ ਗੁਲਬਾਨੋ ਧੁੱਪ ਵਿੱਚ ਕੁਮਲਾ ਗਈ ਸੀ। ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚੰਬੜੀ, ਜਿਵੇ ਹਵਾ, ਚ' ਉਡ ਰਹੀ ਸੀ।ਜਿਵੇ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਸੀ, ਹੋਰ ਕੀ ਚਾਹੀਦਾ ਸੀ। ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦਾ। ਭੁੱਖ-ਪਿਆਸ ਤਾਂ ਕੀ ਚੀਜ਼ ਸੀ, ਉਹ ਤਾਂ ਆਪਣੇ ਬਾਪ ਦੀ ਧਨ-ਦੌਲਤ, ਇੱਜਤ ਤੇ ਪ੍ਰਵਾਰ ਦੇ ਪਿਆਰ ਤੱਕ ਨੂੰ ਭੁਲਾ ਬੈਠੀ ਸੀ।
ਇੱਕ ਵਾਰ ਵੀ ਨਹੀ ਸੋਚਿਆਕਿ ਜਵਾਨ ਭੈਣ ਦੇ ਘਰੋ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਵਿੱਚ ਕੀ ਮੂੰਹ ਦਿਖਾਉਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ, ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸ਼ਲ ਕਰਨਾ ਚਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ-ਹਯਾ ਲਾਹ ਕੇ ਉਹ ਫਿਰੋਜ਼ ਨਾਲ ਆਪਣੀ ਨਵੀ ਮੰਜ਼ਿਲ ਵੱਲ ਵੱਧ ਰਹੀ ਸੀ, ਜੋ ਬਸ ਥੋੜ੍ਹੀ ਹੀ ਦੂਰ ਸੀ।
ਜੇਹਲਮ ਦਰਿਆ ਦੇ ਨਾਲ ਨਾਲ ਕਈ ਘੰਟੇ ਘੋੜਾ ਭਜਾਉਣ ਤੋਂ ਬਾਅਦ ਦਰੱਖਤ ਹੇਠਾਂ ਫਿਰੋਜ਼ ਰੁਕਿਆ। ਦੋਹਾਂ ਨੇ ਪਾਣੀ ਪੀਤਾ, ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ। ਸ਼ਾਮ ਤੈਰ ਰਹੀ ਸੀ, ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ।
ਬਾਨੋ...ਜੇ ਇਸ ਵੇਲੇ ਤੇ ਭਰਾ ਆਪਣਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫ਼ਲ ਦਰੱਖਤ ਤੇ ਤਾਂ ਨਹੀ ਟੰਗ ਦੇਵੇਗੀ...! ਫਿਰੋਜ਼ ਨੇ ਮਜ਼ਾਕ ਵਿੱਚ ਪੁੱਛਿਆ।
"ਤੂੰ ਕਿੱਧਰ ਦਾ ਵੇ ਮਿਰਜ਼ਾ ਆ ਗਿਆ..! ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿਤਾ ।
ਹੋਰ ਤੂੰ ਐਵੇਂ ਨੀ ਟੁਰ ਪਈ ਏਂ ਮੇਰੇ ਨਾਲ..! ਜੇ ਦਸ ਆਦਮੀ ਵੀ ਆ ਜਾਣ, ਤਾਂ ਮੇਰੀ ਰਫ਼ਲ ਕਿਸੇ ਨੂੰ ਬੱਚ ਕੇ ਨਹੀ ਜਾਣ ਦਿੰਦੀ...ਪਠਾਣ ਹਾਂ ਪਠਾਣ...ਫਿਰੋਜ਼ ਨੇ ਆਪਣਾ ਫੌਲਾਦੀ ਸੀਨਾ ਉਸ ਦੇ ਸਾਹਮਣੇ ਨੰਗਾ ਕੀਤਾ।
"ਸੱਚ ਕਹਾਂ ਪਤਾ ਨਹੀਂ ਤੂੰ ਕੀ ਏਂ ! ਪਰ ਮੈਂ ਉਹ ਸਹਿਬਾਂ ਨਹੀ, ਜਿਹਨੇ ਭਰਾਵਾਂ ਲਈ ਯਾਰ ਨਾਲ ਦਗਾ ਕੀਤਾ ਸੀ। ਪਹਿਲਾ ਖੁੱਦ ਜਾਨ ਦਿਆਂਗੀ, ਫੇਰ ਕੋਈ ਤੇਰੇ ਵੱਲ ਆਵੇਗਾ....ਗੁਲਬਾਨੋ ਵੀ ਸਿਰ ਤੇ ਕਫਨ ਬੰਨ੍ਹ ਕੇ ਘਰੋ ਤੁਰੀ ਸੀ।
ਝੱਲੀਏ...ਮੇਰੇ ਹੁੰਦੇ ਤੂੰ ਜਾਨ ਦੇਵੇ...! ਫਿਰੋਜ਼ ਇੰਨ੍ਹਾਂ ਕੱਚਾ ਨਹੀ..ਵਕਤ ਆਏ ਤੇ ਜਾਣ ਜਾਵੇਗੀ..ਫਿਰੋਜ਼ ਉਠ ਬੈਠਾ।
"ਇਸੇ ਯਕੀਨ ਤੇ ਤਾਂ ਸਭ ਕੁਛ ਛੱਡ-ਛਡਾ ਕੇ ਆ ਗਈ ਤੇਰੇ ਨਾਲ। ਵਰਨਾ ਕੱਚਿਆ ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇੰਨ੍ਹਾਂ ਦਰਿਆਵਾਂ ਵਿੱਚ...ਬਾਨੋ ਨੇ ਜੇਹਲਮ ਦੇ ਪਾਣੀ ਵੱਲ ਲੰਮੀ ਝਾਤ ਮਾਰੀ।
ਦੋਵੇ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖ਼ਾਬ ਦੇਖਦੇ ਰਹੇ। ਰਾਤ ਉਤਰ ਆਈ, ਦੂਰ 'ਸਰਾਏ ਆਲਮਗੀਰ' ਵਿੱਚ ਰੋਸ਼ਨੀਆਂ ਜਗਮਗਾ ਉਠੀਆ ਸੀ। ਫਿਰੋਜ਼ ਤੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ।
"ਹਾਕਮ ਖ਼ਾਨ ਦੀ ਹਵੇਲੀ ਵਿੱਚ ਭੁਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉਤੇ ਗੁਲਬਾਨੋ ਨੂੰ ਨਹੀ ਬਲਕਿ ਕੋਈ ਅੱਗ ਬਿਠਾ ਲਿਆਇਆਂ ਸੀ। ਹਾਕਮ ਖ਼ਾਨ 'ਹਾਜੀ-ਨਮਾਜ਼ੀ' ਇਨਸਾਨ ਸਨ। ਭਾਈਚਾਰੇ ਵਿੱਚ ਲੋਕ ਉਨ੍ਹਾਂ ਦਾ ਨਾਮ ਇਜ਼ਤ ਨਾਲ ਲੈਦੇਂ ਸੀ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ। ਡਿਉਢੀ, ਚ' ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾਜਾਨ ਨਾਲ ਹੀ ਹੋ ਗਿਆ। ਗੁਲਬਾਨੋ ਨਕਾਬ ਵਿੱਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ ਸੀ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜਕੇ ਦੀਵਾਨ ਉਤੇ ਬਿਠਾ ਦਿਤਾ।
"ਅੱਬਾ ਹਜ਼ੂਰ...ਇਹ ਗੁਲਬਾਨੋ ਹੈ, ਮੇਰੇ ਸਹੁਰਿਆਂ ਦੇ ਪਿੰਡ ਦੀ ਏਂ, ਉਨ੍ਹਾਂ ਦੇ ਪੜੋਸੀ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਹੈ"...ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਵਿੱਚ ਅਰਜ਼ੀ ਦਿਤੀ।
"ਇਥੇ ਕੀ ਕਰਨ ਆਈ ਊ....! ਹਾਕਮ ਖਾਨ ਦੀ ਹੈਰਾਨੀ ਹੋਰ ਵੱਧ ਗਈ...
"ਮੇਰੇ ਨਾਲ ਆਈ ਏ ਅੱਬਾ ਜਾਨ, ਅਸੀ ਸ਼ਾਦੀ ਕਰਨਾ ਚਹੁੰਦੇ ਹਾਂ। ਮੈਂ ਸਹਿਮਤੀ ਨਾਲ ਇਸ ਨੂੰ ਘਰੋ ਭਜਾ ਕੇ ਲਿਆਇਆ ਹਾਂ...ਫਿਰੋਜ਼ ਨੂੰ ਡਰਦਿਆ ਆਖਿਰ ਸੱਚ ਦੱਸਣਾ ਪਿਆ....
"ਸ਼ਾਦੀ"...! ਘਰੋ ਉਧਾਲ ਕੇ ਲਿਆਇਆ ਆਪਣੇ ਨਾਲ ਊ...! ਯਾਹ ਅੱਲਾਹ ਹਾਕਮ ਖਾਨ ਨੇ ਮੂੰਹ ਵਿੱਚ ਉਗਲਾਂ ਪਾ ਲਈਆ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀ ਪਈ ਸੀ। ਸਭ ਕੁਝ ਸਮਝ ਗਏ ਉਹ। ਬੁਰਕੇ, ਚ' ਲਿਪਟੀ ਲੜਕੀ, ਫਿਰੋਜ਼ ਦਾ ਉਡਿਆ ਚਿਹਰਾ, ਗਲ ਪਾਈ ਰਫਲ ਅਤੇ ਬਾਹਰ ਖੜ੍ਹਾ ਘੋੜਾ । ਥੋੜ੍ਹਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਵਿੱਚ ਫੈਸਲਾ ਸੁਨਣ ਵੇਲੇ ਵਰਗੀ ਖਾਮੋਸ਼ੀ।
"ਅੱਬਾ ਹਜ਼ੂਰ"ਅਸੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਚਾਚਾ ਜਾਨ ਨਦੀਮ ਖ਼ਾਨ ਨੇ ਵੀ ਚਾਰ ਸ਼ਾਦੀਆ ਕੀਤੀਆ ਸੂ ।
ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਉ ਖ਼ੁਦਾ ਦੇ ਵਾਸਤੇ..!ਇਸਲਾਮ ਵਿੱਚ ਇਜਾਜ਼ਤ ਏ । ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ, ਉਸਦੀਆ ਬਾਕੀ ਜ਼ਿੱਦਾਂ ਵਾਂਗ ਇਹ ਵੀ ਮੰਨ ਜਾਣਗੇ...!
"ਖਾਮੌਸ਼... ਬੇਗੈਰਤ ਅਤੇ ਗੁਸਤਾਖ ਲੜਕੇ...ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ । ਅੱਜ ਨਵੀ ਲੜਕੀ ਲੈ ਆਇਆ। ਉਹ ਪੁਰਾਣੀ ਹੋ ਗਈ ਸੂ...! ਤੂੰ ਕਿਧਰ ਦਾ ਆਲਮ ਬਣ ਗਿਆ ਏ...! ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀ ਲਿਆਦੀਆਂ ਸੂ । ਉਸ ਦੀ ਹੈਸੀਅਤ ਨੂੰ ਰਿਸ਼ਤੇ ਹੋਏ ਸੂ । ਬੇਸਹਾਰਾ ਔਰਤਾਂ ਨੂੰ ਸਹਾਰਾ ਅਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜਾਜ਼ਤ ਏ । ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣ ਲਈ ਹਰਗਿਜ਼ ਨਹੀ । ਤੇਰੀ ਪਹਿਲੀ ਬੀਵੀ ਵਿਚ ਕੀ ਕਮੀ ਊ.. ! ਉਸਦੇ ਹੱਕਾਂ ਤੇ ਡਾਕਾ ਨਹੀ ਪੈਣ ਦਿਆਗਾਂ ਮੈ ।ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀ ਸੀ ਮੋੜਿਆ ਸੀ, ਪਰ ਇੰਨੇ ਖਤਰਨਾਕ ਅਤੇ ਬੇਗੈਰਤੇ ਹਾਲਤ ਦੀ ਫਿਰੋਜ਼ ਤੋਂ ਉਮੀਦ ਨਹੀ ਸੀ।
"ਮੈਂ ਪਿਆਰ ਦੇ ਹੱਥੋ ਮਜਬੂਰ ਹਾਂ ਅੱਬਾ ਜਾਨ । ਫਿਰੋਜ਼ ਨੇ ਪਿਆਰ ਦੀ ਭੀਖ ਮੰਗੀ ।
"ਆਪਣੇ ਹੱਥੀ ਗੋਲੀ ਮਾਰਦੇ ਇਹੋ ਜਿਹੇ ਅਵਾਰਾ ਦਿਲ ਨੂੰ ਜੋ ਖਾਨਦਾਨ ਦੀ ਇੱਜ਼ਤ ਤੇ ਧੱਬਾ ਏਂ, ਅਤੇ ਵਾਪਸ ਛੱਡ ਕੇ ਆ ਇਸ ਅਵਾਰਾ ਲੜਕੀ ਨੂੰ ਇੰਨ੍ਹਾਂ ਦੇ ਮਾਪਿਆ ਕੋਲ, ਜਿਥੋਂ ਲੈ ਕੇ ਆਂਦੀ ਏਂ....ਹਾਕਮ ਖਾਨ ਨੇ ਫੈਸਲਾ ਸੁਣਾਇਆ। ਗੁਲਬਾਨੋ ਇਹ ਸੱਭ ਸੁਣਦਿਆਂ ਡਰ ਅਤੇ ਸਹਿਮ ਨਾਲ ਖੜ੍ਹੀ ਹੋ ਗਈ ।
ਅੱਬਾ ਹਜ਼ੂਰ...ਇਹ ਲੜਕੀ ਅਵਾਰਾ ਨਹੀ, ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਏਂ ਜੋ ਪੰਜ ਪਿੰਡਾਂ ਦਾ ਮਾਲਕ ਏਂ, ਬਹੁਤ ਸ਼ਰੀਫ ਖ਼ਾਨਦਾਨ ਏਂ..ਫਿਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਅਵਾਰਾ ਅਲਫ਼ਾਜ਼ ਤੇ ਦੁੱਖ ਲੱਗਿਆ ਸੀ।
"ਸ਼ਰੀਫ਼ ਖਾਨਦਾਨਾਂ ਦੀਆਂ ਕੁੜੀਆ ਇਸ ਤਰ੍ਹਾਂ ਮਾਪਿਆਂ ਦੀ ਇਜ਼ਤ ਦਾਅ ਤੇ ਲਾ ਕੇ ਘਰੋਂ ਨਹੀ ਭਜਦੀਆਂ । ਮੇਰੇ ਘਰ ਵਿੱਚ ਇਸ ਲਈ ਕੋਈ ਥਾਂ ਨਹੀ। ਬੇਗੈਰਤ, ਬੇਹਯਾ....ਤੇਰੀਆਂ ਭੈਣਾਂ ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ..! ਕੱਲ੍ਹ ਨੂੰ ਉਹ ਵੀ ਇਹਦੇ ਵਾਂਗ ਮੇਰੀ ਪੱਗ ਨੂੰ ਮਿਟੀ, ਚ' ਰੋਲ ਕੇ ਗੈਰ ਮਰਦਾਂ ਨਾਲ ਨੱਠ ਜਾਣਗੀਆਂ..! ਛੋੜ ਕੇ ਆ ਇਸ ਨੂੰ ਇਹਦੇ ਘਰ। ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪੁਆਉਣ ਲੱਗਿਆ ਏਂ ਤੂੰ, ਆਪਣੇ ਇਸ਼ਕ ਦੀ ਖ਼ਾਤਿਰ। ਹਾਕਮ ਖ਼ਾਨ ਨੂੰ ਆਪਣੇ ਖ਼ਾਨਦਾਨ ਦੀ ਇੱਜ਼ਤ ਜਾਨ ਨਾਲੋ ਵੀ ਵੱਧ ਪਿਆਰੀ ਸੀ।
"ਇਹ ਵਾਪਸ ਨਹੀਂ ਜਾ ਸਕਦੀ ਅੱਬਾ ਜਾਨ..ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ਤੇ ਅੱਬਾ ਜਾਨ...ਫਿਰੋਜ਼ ਅੱਬੂ ਦੇ ਪੈਰਾਂ ਨੂੰ ਛੂੰਹਦਾਂ ਹੋਇਆ ਗਿੜਗੜਾਇਆ ।
"ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਗਾਂ...ਹਾਕਮ ਖਾਨ ਨੇ ਗੁੱਸੇ, ਚ' ਆੳਦਿਆਂ ਸਾਹਮਣੇ ਦੀਵਾਰ ਤੇ ਟੰਗੀ ਦੋਨਾਲੀ ਰਫਲ ਉਤਾਰੀ।
ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜ੍ਹੀ ਸਭ ਸੁਣ ਰਹੀ ਸੀ, ਪਰ ਸ਼ੋਹਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਰਹੀ। ਪਰ ਜਦੋਂ ਹਾਕਮ ਖਾਨ ਦੇ ਹੱਥ, ਚ' ਰਫਲ ਦੇਖਕੇ ਉਹ ਚੀਕ ਮਾਰਕੇ ਪੁੱਤਰ ਸਾਹਮਣੇ ਆ ਗਈ।
"ਰਹਿਮ ਕਰੋ ਮੇਰੇ ਬੱਚੇ ਉਤੇ"..ਜਵਾਨੀ, ਚ' ਗਲਤੀ ਹੋ ਈ ਜਾਂਦੀ ਊਂ । ਘਰ ਵਿੱਚ ਸਿਆਣੇ ਬੈਠੇ ਸੂ, ਉਨ੍ਹਾਂ ਦੀ ਸਲਾਹ ਲੈ ਲਵੋ, ਆਪਣੇ ਭਰਾਵਾਂ ਨੂੰ ਸੱਦ ਲਉ ਪੁੱਤਰ ਨੂੰ ਜਾਨੋ ਕਿਉ ਮਾਰਦੇ ਓਂ..ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜਿੰਦਗੀ ਮੰਗੀ।
ਹਾਕਮ ਖਾਨ ਦਾ ਦਾ ਗੁੱਸਾ ਕੁਝ ਢਲਿਆ। ਮਾਂ ਫਿਰੋਜ਼ ਨੂੰ ਲੈ ਕੇ ਅੰਦਰ ਚਲੀ ਗਈ। ਗੁਲਬਾਨੋ ਡਿਉਢੀ ਦੇ ਵਿਚਕਾਰ ਖੜ੍ਹੀ ਡਰ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਤ ਦੀ ਉਮੀਦ ਨਹੀ ਸੀ। ਕੀ ਕਰ ਬੈਠੀ ਸੀ ਉਹ...!!! ਜਵਾਨੀ ਤੇ ਇਸ਼ਕ ਦੇ ਨਸ਼ੇ ਵਿੱਚ ਫ਼ਿਰੋਜ਼ ਦੇ ਪਿੱਛੇ ਲੱਗ ਤੁਰੀ ਸੀ ਅਤੇ ਆਪਣਾ ਅੰਜ਼ਾਮ ਨਹੀ ਸੀ ਸੋਚਿਆ ।ਹਾਕਮ ਖ਼ਾਨ ਨੇ ਨੌਕਰ ਭੇਜਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ।
"ਮੇਰਾ ਪੁੱਤਰ ਫ਼ਿਰੋਜ਼ ਖ਼ਾਨ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਲਿਆਇਆਂ ਸੂ । ਬੇਗੈਰਤ ਨੇ ਖ਼ਾਨਦਾਨ ਦੀ ਇਜ਼ਤ ਆਬਰੂ ਮਿੱਟੀ ਵਿੱਚ ਰੋਲ ਕੇ ਰੱਖ ਦਿਤੀ ਸੂ । ਮੈਂ ਚਹੁੰਦਾਂ ਹਾਂ, ਇਸ ਲੜਕੀ ਨੂੰ ਵਾਪਸ ਇਸਦੇ ਪਿਉ ਦੇ ਘਰ ਭੇਜਿਆ ਜਾਵੇ।
"ਪਰ ਫਿਰੋਜ਼ ਕਹਿੰਦਾਂ..ਇਸ ਦੇ ਭਰਾ ਇਸ ਨੂੰ ਮਾਰ ਦੇਣਗੇ । ਤੁਸੀ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇ ਭੇਜਿਆ ਜਾਵੇ"....ਹਾਕਮ ਖ਼ਾਨ, ਜੋ ਲੋਕਾਂ ਦੇ ਫ਼ੈਸਲੇ ਆਪ ਕਰਦਾ ਹੁੰਦਾਂ ਸੀ, ਅੱਜ ਖੁੱਦ ਮੁਜਰਮ ਬਣਕੇ ਕਟਹਿਰੇ, ਚ' ਖੜ੍ਹਾ ਸੀ।
ਕਾਫੀ ਦੇਰ ਸੋਚ ਵਿਚਾਰ ਹੁੰਦੀ ਰਹੀ। ਫਿਰੋਜ਼ ਖਾਨ ਠੀਕ ਆਖਦਾ ਏਂ । ਲੜਕੀ ਦੇ ਭਰਾ ਇਸ ਨੂੰ ਮਾਰ ਦੇਣਗੇ । ਘਰੋ ਭੱਜੀ ਨੂੰ ਮਰਦ ਸਮਾਜ ਮਾਫ਼ ਨਹੀ ਕਰਦਾ। ਕਿਹੜਾ ਮਰਦ ਇਸ ਦਾ ਹੱਥ ਫੜੇਗਾ..! ਕਿਸ ਨਾਲ ਇਹ ਸ਼ਾਦੀ ਕਰੇਗੀ..! ਉਧਲ ਗਈਆ ਬੇਮੌਤ ਮਾਰੀਆਂ ਜਾਂਦੀਆ ਹਨ । ਫਿਰੋਜ਼ ਨਾਲ ਘਰੋਂ ਨੱਠ ਕੇ ਜੇ ਇਹ ਸਾਡੇ ਕਬੀਲੇ ਆ ਗਈ ਏਂ, ਤਾਂ ਇਸ ਨੂੰ ਪਨਾਹ ਦੇਣਾ ਸਾਡਾ ਇਖ਼ਲਾਕੀ ਫਰਜ਼ ਏਂ, ਪੰਚਾਂ ਨੇ ਸਲਾਹ ਕੀਤੀ।
ਲੰਮੀ ਗੁਫਤਗੂ ਤੋਂ ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆਂ ਗਿਆ। ਅਮੀਰ ਖਾਨ ਦੀ ਬੀਵੀ ਪਿੱਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਵਿੱਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ । ਉਸ ਸਾਹਮਣੇ, ਗੁਲਬਾਨੋ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਰੱਖੀ ਗਈ ।
ਅਮੀਰ ਖਾਨ ਜੋ ਸੰਜੀਦਾਂ ਕਿਸਮ ਅਤੇ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀ ਸੀ। ਪਰ ਜਿੰਦਗੀ ਇੱਕਲਿਆਂ ਵੀ ਪਹਾੜ ਵਾਂਗ ਲੱਗਦੀ ਸੀ।
"ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਵਿੱਚ ਆਪਣੇ ਮਾਪਿਆਂ ਭੈਣ-ਭਰਾਵਾਂ ਨੂੰ ਛੱਡ ਕੇ ਆਈ ਏਂ । ਪਿਆਰ ਇਹ ਫਿਰੋਜ਼ ਨੂੰ ਕਰਦੀ ਏਂ ਤੇ ਉਮਰ ਭਰ ਕਰਦੀ ਰਹੇਗੀ । ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇੰਨ੍ਹਾਂ ਦੀ ਆਸ਼ਨਾਈ ਜਾਰੀ ਰਹੇਗੀ, ਇਸ ਲਈ ਮੈਂ ਇਹ ਖਤਰਾ ਨਹੀ ਸਹੇੜ ਸਕਦਾ, ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀ ਹੋਵੇਗਾ"..!
ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਕਹੀ ।
"ਇਹ ਤੂੰ ਸਾਡੇ ਤੇ ਛੱਡਦੇ ਅਮੀਰ ਖਾਨ"..ਤੇਰੀ ਬੀਵੀ ਤੇਰੀ ਹੋਵੇਗੀ। ਕਿਸੇ ਗ਼ੈਰ ਦੀ ਮਜ਼ਾਲ ਨਹੀ, ਜੋ ਤੇਰੀ ਬੀਵੀ ਤੇ ਅੱਖ ਚੁੱਕ ਵੀ ਦੇਖ ਲਵੇ । ਅਸੀ ਲੱਤਾਂ ਵੱਢ ਦਿਆਂਗੇ ਫਿਰੋਜ਼ ਦੀਆਂ, ਜੇ ਤੇਰੀ ਹਵੇਲੀ ਵੱਲ ਕਦੇ ਉਸਨੇ ਕਦਮ ਪਾਇਆ। ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏਂ, ਫਿਰੋਜ਼ ਨਾਦਾਨ, ਅਵਾਰਾਗਰਦ ਛੋਕਰੇ ਨੇ ਜਿਹੜੀ ਮੇਰੀ ਪੱਗ ਉਛਾਲੀ ਏਂ ਤੂੰ ਉਸਨੂੰ ਮੇਰੇ ਸਿਰ ਤੇ ਵਾਪਸ ਰੱਖ ਸਕਦਾ ਏਂ ਪੁੱਤਰ । ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਇਸ ਵਿੱਚ ਹੀ ਆਪਣਾ ਸੱਭ ਦਾ ਭਲਾ ਏਂ"...ਹਾਕਮ ਖਾਨ ਨੇ ਅਮੀਰ ਖ਼ਾਨ ਅੱਗੇ ਹੱਥ ਜੋੜ ਦਿਤੇ ।
ਅਖੀਰ, ਚ' ਫੈਸਲਾ ਹੋ ਗਿਆ, ਗੁਲਬਾਨੋ ਅਤੇ ਅਮੀਰ ਖਾਨ ਦੀ ਸ਼ਾਦੀ ਦਾ। ਦੂਜੇ ਦਿਨ ਦਰਜ਼ੀ ਬੁਲਾ ਲਿਆ ਗਿਆ, ਗੁਲਬਾਨੋ ਦੇ ਨਿਕਾਹ ਦਾ ਸੂਟ ਬਨਾਉਣ ਲਈ।
ਗੁਲਬਾਨੋ ਨੂੰ ਡਿਉਢੀ ਵਿਚੋਂ ਉਠਾਕੇ ਇੱਕ ਅਲੱਗ ਕਮਰੇ, ਚ' ਬਿਠਾ ਦਿਤਾ। ਜਿਵੇਂ ਉਹ ਇਸ ਘਰ ਦੀ ਇਕ ਵਸਤੂ ਹੋਵੇ। ਘਰ ਦੀ ਕੋਈ ਔਰਤ ਉਸ ਕੋਲ ਨਹੀ ਆਈ ਸੀ। ਬੱਚੇ ਆਉਦੇ ਤੇ ਉਸ ਵੱਲ ਦੇਖਕੇ ਹੱਸ ਕੇ ਚਲੇ ਜਾਂਦੇ ਜਿਵੇਂ ਉਹ ਕੋਈ ਤਮਾਸ਼ਾਂ ਹੋਵੇ। ਨੌਕਰ ਆ ਕੇ ਖਾਣਾਂ ਦੇ ਗਿਆ ਸੀ, ਪਰ ਉਸਨੇ ਖਾਣੇ ਤੱਕ ਨੂੰ ਹੱਥ ਵੀ ਨਾ ਲਾਇਆ। ਕਿਸੇ ਬੁੱਤ ਵਾਂਗ ਸੁੰਨ ਬੈਠੀ ਸੀ ਉਹ। ਅਡੋਲ, ਬੇਹਰਕਤ ਤੇ ਬੇਜ਼ੁਬਾਨ। ਕਿਸੇ ਨੇ ਆ ਕੇ ਉਸ ਦਾ ਹਾਲ ਨਹੀ ਪੁੱਛਿਆ ਸੀ। ਇਕ ਫਤਵੇ ਵਾਂਗ ਉਸਦੇ ਨਿਕਾਹ ਦਾ ਐਲਾਨ ਸੁਣਾ ਦਿੱਤਾ ਗਿਆ ਤੇ ਉਹ ਸਜ਼ਾਏ-ਮੌਤ ਵਾਂਗ ਚੁੱਪ-ਚਾਪ ਸੁਣਦੀ ਰਹੀ।
ਡਿਉਢੀ ਦੇ ਨਾਲ ਲੱਗਦੇ ਕਮਰੇ ਵਿੱਚ ਪਰਦੇ ਪਿੱਛੇ ਬੈਠੀ ਉਹ ਪੰਚਾਇਤ ਦੀ ਸਾਰੀ ਕਾਰਵਾਈ ਸੁਣਦੀ ਰਹੀ ਸੀ। ਕਿਸੇ ਦਾ ਚਿਹਰਾ ਨਹੀਂ ਸੀ ਦੇਖਿਆ ਉਸਨੇ । ਮਹਿਸੂਸ ਕਰ ਰਹੀ ਸੀ ਜਿਵੇਂ ਸੱਭ ਦੇ ਚਿਹਰੇ ਅਤੇ ਇਕੋ ਜਿਹੇ ਹੀ ਸਨ । ਕਿਸੇ ਇਕ ਨੇ ਵੀ ਫਿਰੋਜ਼ ਨਾਲ ਉਸਦੇ ਨਿਕਾਹ ਦੀ ਗੱਲ ਨਹੀ ਸੀ ਕੀਤੀ। ਤੇ ਫਿਰੋਜ਼ ਜੋ ਖ਼ੁਦ ਨੂੰ ਵੱ'ਡਾ ਸੁੱਚਾ ਸੂਰਮਾਂ' ਦੱਸਦਾ ਹੁੰਦਾਂ ਸੀ, ਕਿਸੇ ਛਾਏ ਵਾਂਗ ਅਲੋਪ ਹੋ ਗਿਆ ਸੀ। ਮੁੜਕੇ ਨਾ ਉਸਨੇ ਫ਼ਿਰੋਜ਼ ਦੀ ਅਵਾਜ਼ ਸੁਣੀ ਤੇ ਨਾ ਸ਼ਕਲ ਦੇਖੀ। ਉਸਨੂੰ ਇਸ ਕੈਦਖਾਨੇ, ਚ'ਸੁੱਟਕੇ ਉਹ ਖ਼ੁਦ ਪਤਾ ਨਹੀ ਕਿਥੇ ਚਲੇ ਗਿਆ ਸੀ। ਬੁਲਬੁਲ ਨੂੰ ਪਿੰਜਰੇ ਵਿੱਚ ਪਾ ਕੇ ਸ਼ਿਕਾਰੀ ਖੁਦ ਗਾਇਬ ਹੋ ਗਿਆ ਸੀ....!
ਗੁਲਬਾਨੋ ਦਾ ਹੁਣ ਅਮੀਰ ਖਾਨ ਨਾਲ ਨਿਕਾਹ ਕਰ ਦਿਤਾ । ਫਿਰੋਜ ਦੀ ਹਵੇਲੀ ਵਿਚੋਂ, ਉਹ ਕਿਸੇ ਸਮਾਨ ਵਾਂਗ ਅਮੀਰ ਖਾਨ ਦੀ ਹਵੇਲੀ ਆ ਗਈ । ਜਿਵੇਂ ਕਿਸੇ ਦੀ ਮਈਅਤ ਉਠੀ ਹੋਵੇ । ਨਾ ਸ਼ਗਨ ਨਾ ਸ਼ਹਿਨਾਈ । ਜ਼ਮੀਨਦਾਰ ਨਾਸਿਰ ਹੁਸੈਨ ਦੀ ਇਕਲੌਤੀ ਲਾਡਲੀ ਧੀ ਦਾ ਨਿਕਾਹ ਇੱਦਾ ਹੋਵੇਗਾ, ਕਿਸੇ ਨੇ ਤਸੱਵਰ ਵੀ ਨਹੀ ਕੀਤਾ ਸੀ। ਗੁਲਬਾਨੋ ਨੇ, ਨਾ ਤਾਂ ਫਿਰੋਜ਼ ਦੀ ਹਵੇਲੀ ਦੇਖੀ ਸੀ ਤੇ ਨਾ ਅੱਖ ਚੁੱਕ ਕੇ ਅਮੀਰ ਦੇ ਘਰ ਨੂੰ ਦੇਖਿਆ । ਘਰ ਵਿੱਚ ਨੌਕਰ ਸਨ, ਜੋ ਵਾਰ ਵਾਰ ਆਉਦੇਂ ਤੇ ਉਸਨੂੰ ਆਦਾਬ ਵਜਾਂਉਦੇ ਅਤੇ ਖਿਦਮਤ ਲਈ ਪੁੱਛਦੇ । ਪਰ ਉਹ ਕਿਸੇ ਮੁਰਦੇ ਵਾਂਗ ਬੇਜ਼ਾਨ ਬਿਸਤਰ ਤੇ ਪਈ ਸੀ। ਪਿੱਛਲੀਆਂ ਤਿੰਨ ਰਾਤਾਂ ਤੋਂ ਸੁੱਤੀ ਨਹੀ ਸੀ ਉਹ । ਅੱਖਾਂ ਪਥਰਾ ਗਈਆ ਸੀ ਉਸ ਦੀਆਂ। ਆਪਣੇ ਨਾਲ ਬੀਤੇ ਹਾਦਸੇ ਨੇ ਉਸ ਦਾ ਜਿਹਨ ਸੁੰਨ ਕਰ ਦਿਤਾ ਸੀ ।
ਅਮੀਰ ਖਾਨ ਨੇ ਕਮਰੇ, ਚ' ਕਦਮ ਰੱਖਿਆ ਤਾਂ ਵੀ ਗੁਲਬਾਨੋ ਉਠ ਕੇ ਨਹੀ ਬੈਠੀ। ਪੱਖੀ ਝੱਲ ਰਹੀ ਨੌਕਰਾਣੀ ਨੇ ਰੇਸ਼ਮੀ ਨਕਾਬ ਨਾਲ ਗੁਲਬਾਨੋ ਦਾ ਮੂੰਹ ਢੱਕ ਦਿਤਾ ਤੇ ਖੁੱਦ ਉਠਕੇ ਬਾਹਰ ਚਲੀ ਗਈ । ਅਮੀਰ ਕਦਮ ਰੱਖਦਾ ਪਲੰਘ ਵੱਲ ਵਧਿਆ । ਗੁਲਬਾਨੋ ਦੇ ਚਿਹਰੇ ਤੋਂ ਨਕਾਬ ਚੁੱਕਿਆ ਤੇ ਸਾਹ ਲੈਣਾ ਭੁੱਲ ਗਿਆ ਉਹ ।
"ਸੁਭਾਨ ਅੱਲਾਹ".."ਗੁਲਬਾਨੋ ਤੈਨੂੰ ਦੇਖ ਕੇ ਤਾਂ ਫਰਿਸ਼ਤਿਆਂ ਦਾ ਈਮਾਨ ਡੋਲ ਜਾਵੇ".....! ਅਮੀਰ ਨੂੰ ਉਮੀਦ ਨਹੀ ਸੀਂ ਕਿ ਵਿਆਹਿਆ ਵਰ੍ਹਿਆਂ ਫਿਰੌਜ਼..ਹੁਸਨ ਦੀ ਸਰਕਾਰ ਲੁੱਟਕੇ ਲਿਆਇਆ ਹੋਵੇਗਾ । ਅਮੀਰ ਖਾਨ ਨੇ ਉਸਦਾ ਮੂੰਹ-ਸਿਰ ਨੰਗਾ ਕਰ ਦਿਤਾ ।
ਗੁਲਬਾਨੋ ਨੇ ਅੱਖਾਂ ਚੱਕ ਕੇ ਉਸ ਵੱਲ ਦੇਖਿਆ । ਭੱਦਾ ਚਿਹਰਾ, ਸਾਉਲਾ ਰੰਗ ਤੇ ਮੋਟੇ ਹੋਂਠ, ਕਨਪਟੀਆ ਕੋਲ ਸਫੇਦ ਵਾਲ । ਕਿਥੇ ਫਿਰੋਜ਼ ਤੇ ਕਿਥੇ ਅਮੀਰ । ਕਿਥੇ ਖੂਬਸੂਰਤ ਮਹਿਬੂਬ ਤੇ ਕਿਥੇ ਬਦਸ਼ਕਲ ਸ਼ੋਹਰ..ਯਾ ਮੌਲਾ, !ਕਿਸ ਨੂੰ ਦਿਲ, ਚ' ਵਸਾਇਆ, ਇਬਾਦਤ ਕੀਤੀ ਤੇ ਪੱਲੇ ਕੌਣ ਪੈ ਗਿਆ । ਪਿਆਰ ਕਿਸ ਨੂੰ ਕੀਤਾ ਤੇ ਨਿਕਾਹ ਇੱਕ ਰੰਡਵੇ ਨਾਲ...! ਕਿਸ ਸਦਕਾ ਦੁਨੀਆਂ ਨਾਲ ਬਗਾਵਤ ਕੀਤੀ ਤੇ ਹਾਸ਼ਿਲ ਕੀ ਕੀਤਾ। ਗੁਲਬਾਨੋ ਤੋਂ ਦਿਲ ਅੰਦਰ ਉਠਦੇ ਤੂਫਾਨ ਸੰਭਾਲੇ ਨਹੀ ਜਾ ਰਹੇ ਸਨ ।ਅਮੀਰ ਖਾਨ ਕਾਫੀ ਦੇਰ ਤੱਕ ਗੁਲਬਾਨੋ ਨੂੰ ਸਾਹਮਣੇ ਦੇਖਕੇ ਇੱਕਲਾ ਹੀ ਗੱਲਾਂ ਕਰਦਾ ਰਿਹਾ ਤੇ ਗੁਲਬਾਨੋ ਨੇ ਕੋਈ ਜਵਾਬ ਨਾ ਦਿਤਾ।
"ਗੁਲਬਦਨ", ਅਮੀਰ ਨੇ ਉਸਨੂੰ ਆਪਣੀਆਂ ਬਾਹਾਂ, ਚ' ਲੈ ਘੁੱਟਿਆ । ਹੌਲੀ ਹੌਲੀ ਜੇਵਰ ਉਤਾਰੇ, ਪਰ ਉਹ ਟਿਕਟਿਕੀ ਲਾਈ ਛੱਤ ਵੱਲ ਤੱਕਦੀ ਰਹੀ। ਕੋਈ ਹਰਕਤ ਨਾ ਕੀਤੀ, ਕਿਸੇ ਜਜ਼ਬਾਤ ਦਾ ਪ੍ਰਛਾਵਾਂ ਉਸਦੇ ਚਿਹਰੇ ਤੇ ਨਾ ਆਇਆ । ਉਹ ਹੁਣ ਉਸਦੇ ਖੂਬਸੂਰਤ ਅੰਗਾਂ ਨਾਲ ਖੇਡ ਰਿਹਾਂ ਸੀ, ਤੇ ਉਹ ਸਾਹ ਰੋਕੀ ਬੇਜਾਨ ਪਈ ਰਹੀ । ਅਮੀਰ ਨੇ ਜਦੋਂ ਉਸਦੇ ਰੇਸ਼ਮੀ ਗਰਾਰੇ ਦੇ ਨਾਲੇ ਨੂੰ ਹੱਥ ਪਾਇਆ ਤਾਂ ਜਿਵੇਂ ਅਚਾਨਕ ਗੁਲਬਾਨੋ ਦੇ ਕਰੰਟ ਲੱਗਿਆ ।
"ਮੈਨੂੰ ਬਜ਼ਾਰ ਵਿਚ ਨਿਲਾਮ ਕਰਨ ਵਾਲੇ ਫਿਰੋਜ਼ ਤੇਰਾ ਕੱਖ ਨਾ ਰਹੇ, ਤੇਰਾ ਕੱਖ ਨਾ ਰਹੇ ਓ ਮੇਰੇ ਅੱਲਾ "...ਗੁਲਬਾਨੋ ਦੀ ਕੂਕ ਪੂਰੀ ਹਵੇਲੀ, ਚ' ਗੂੰਜ ਗਈ ।
"ਇਹ ਤੂੰ ਕੀ ਕਹਿ ਰਹੀ ਏਂ ਬੇਗਮ", ! ਅਮੀਰ ਬਿਸਤਰ ਤੋਂ ਉਠਿਆਂ ਤੇ ਕਮਰੇ, ਚ' ਖੜ੍ਹਾ ਹੋ ਗਿਆ, ਜਿਵੇਂ ਉਸਨੂੰ ਆਪਣੇ ਕੰਨਾਂ ਤੇ ਯਕੀਨ ਨਾ ਆ ਰਿਹਾਂ ਹੋਵੇ ।ਗੁਲਬਾਨੋ ਫੁੱਟ-ਫੁੱਟ ਕੇ ਰੋ ਪਈ । ਪਿਛਲੇ ਤਿੰਨ, ਦਿਨ-ਰਾਤਾਂ ਦਾ ਥੰਮਿਆਂ 'ਗਮ-ਦਰਦ', ਸੈਲਾਬ ਵਾਂਗ ਵਹਿ ਤੁਰਿਆ ਸੀ ਤੇ ਉਹ ਹੰਝੂਆਂ, ਚ' ਡੁੱਬ ਗਈ । ਉਠ ਕੇ ਬੈਠ ਗਈ ਤੇ ਗੋਡਿਆ ਵਿੱਚ ਮੂੰਹ ਦੇ ਕੇ ਹੁਬਕੀਆਂ ਲੈਦੀਆਂ ਰੋਣ ਲੱਗੀ । ਅਮੀਰ ਥੋੜ੍ਹੀ ਦੇਰ ਖੜ੍ਹਾ ਹਾਲਤ ਨੂੰ ਸਮਝਣ ਦੀ ਕੋਸ਼ਿਸ ਕਰਦਾ ਰਿਹਾ ।
"ਤੂੰ ਗਲਤ ਸਮਝ ਰਹੀ ਏਂ ਗੁਲਬਾਨੋ ਬੇਗਮ "..ਇਹ ਬਜ਼ਾਰ ਨਹੀਂ ਤੇਰਾ ਘਰ ਏਂ । ਇਸ ਹਵੇਲੀ ਦੀ ਆਬਰੂ ਹੈ ਤੂੰ...ਮੈਂ ਇਸਲਾਮੀ ਨੁੱਕਤਾ-ਏ-ਨਜ਼ਰ ਨਾਲ, ਤੇਰੇ ਨਾਲ ਹੱਕ-ਏ-ਨਿਕਾਹ ਕੀਤਾ ਏਂ । ਆਪਣੀ ਬੀਵੀ ਕਬੂਲ ਕੀਤਾ ਏਂ । ਪਰ ਜੇ ਫਿਰ ਵੀ ਵਾਪਿਸ ਜਾਣਾ ਚਾਹੇ ਤਾਂ ਮੈਂ ਤੈਨੂੰ ਰੋਕਾਗਾ ਨਹੀ...!ਇਸ ਸਭ ਦਾ ਅਮੀਰ ਖ਼ਾਨ ਨੂੰ ਪਹਿਲਾਂ ਹੀ ਇਹ ਡਰ ਖਾਈ ਜਾ ਰਿਹਾ ਸੀ ।
"ਜੇ ਵਾਪਿਸ ਜਾ ਸਕਦੀ ਤਾਂ ਕੁਰਬਾਨੀ ਦਾ ਬਕਰਾ ਕਿਉਂ ਬਣਦੀ", ! ਗੁਲਬਾਨੋ ਨੇ ਰੋਂਦਿਆ ਪੁੱਛਿਆ ...!
"ਕੁਰਬਾਨੀ ਦਾ ਬੱਕਰਾ ਨਹੀ ਹੈ ਤੂੰ..ਬੇਗਮ ਅਮੀਰ ਖਾਨ ਹੈ ਤੂੰ ...। ਮੈਨੂੰ ਪਤਾ ਏ ਤੇਰੇ ਅਰਮਾਨ ਟੁੱਟੇ ਨੇ, ਧੋਖਾ ਹੁੰਦਾਂ ਆਇਆ ਤੇਰੇ ਨਾਲ, ਪਰ ਹਰ ਮਰਦ ਫਿਰੋਜ ਨਹੀ ਹੁੰਦਾ । ਤੈਨੂੰ ਆਪਣੀ ਜ਼ਿੰਦਗੀ ਤੇ ਪੂਰਾ ਅਖਤਿਆਰ ਏਂ । ਅਗਰ ਤੂੰ ਚਾਹੇ ਤਾਂ ਇਸ ਹਵੇਲੀ, ਚ' ਇਕ ਮਹਿਮਾਨ ਦੇ ਤੌਰ ਤੇ ਜ਼ਿੰਦਗੀ ਬਾਸ਼ਬਰ ਕਰ ਸਕਦੀ ਏਂ..!! ਘਰ ਦਾ ਹਰ ਸ਼ਖਸ ਤੇਰਾ ਅਹਿਤਰਾਮ ਕਰੇਗਾ । ਮੈਂ.....ਮੈਂ......ਮੈਂ ਗੁਸਤਾਖੀ ਲਈ ਸ਼ਰਮਿੰਦਾ ਹਾਂ । ਆਖਕੇ, ਅਮੀਰ ਬਾਹਰ ਚਲਿਆ ਗਿਆ ਤੇ ਗੁਲਬਾਨੋ ਸਾਰੀ ਰਾਤ ਬੈਠੀ ਰੋਂਦੀ ਰਹੀ ।
ਦਿਨ ਬੀਤਣੇ ਸੁਰੂ ਹੋਏ, ਗੁਲਬਾਨੋ ਦੀ ਉਦਾਸੀ ਨਾ ਟੁੱਟੀ। ਉਹ ਆਪਣੇ ਕਮਰੇ, ਚੋਂ ਬਾਹਰ ਨਾ ਨਿੱਕਲਦੀ। ਹਾਰ ਸਿੰਗਾਰ ਸੱਭ ਛੱਡ ਗਈ, ਫੁੱਲ ਵਰਗਾ ਚਿਹਰਾ ਮੁਰਝਾ ਗਿਆ । ਜ਼ੁਲਫ਼ਾ ਦੇ ਪੇਚ ਢਿੱਲੇ ਪੈ ਗਏ। ਅੱਖਾਂ ਸੁਰਮੇ ਨੂੰ ਤਰਸ਼ ਗਈਆ । ਪਰੀਆ ਵਰਗੀ ਸ਼ਕਲ ਤੇ ਮਾਯੂਸੀ ਛਾ ਗਈ । ਹੋਂਠ ਮੁਸਕ੍ਰਾਹਟ ਭੁੱਲ ਗਏ ਤੇ ਬੁਲਬਲ ਨੇ ਚਹਿਕਣਾ ਛੱਡ ਦਿਤਾ। ਸ਼ੋਖੀ ਗਾਇਬ ਹੋ ਗਈ ਤੇ ਸੰਜੀਦਗੀ ਆ ਗਈ । ਦੁਖ ਅਤੇ ਗਮ ਨੇ ਉਸਦੇ ਜ਼ਿਸਮ ਤੇ ਚਿਹਰੇ ਦਾ ਮਾਸ ਤਰਾਸ਼ ਦਿਤਾ... ਜਿਵੇਂ ਕੋਈ ਬੁੱਤਘਾੜਾ ਕਿਸੇ ਬੁੱਤ ਦੇ ਅੰਗ ਨਿਖਾਰਨ ਲਈ ਉਸਦਾ ਫਾਲਤੂ ਸੰਗਮਰਮਰ ਆਪਣੇ ਔਜ਼ਾਰਾਂ ਨਾਲ ਛਿੱਲ ਦੇਵੇ ।
ਅਮੀਰ ਖ਼ਾਨ ਨੇ, ਮੁੜ ਉਸਨੂੰ ਬਲਾਉਣ ਦੀ ਕੋਸ਼ਿਸ ਨਾ ਕੀਤੀ । ਉਹ ਨੌਕਰਾ ਤੋਂ ਆਪਣੇ ਕੰਮ ਕਰਵਾਉਦਾ । ਗੁਲਬਾਨੋ ਦਾ ਖ਼ਿਆਲ ਰੱਖਣ ਦੀਆਂ ਹਦਾਇਤਾਂ ਕਰਦਾ ਤੇ ਉਸ ਦੀ ਜ਼ਰੂਰਤ ਦੀ ਹਰ ਚੀਜ਼ ਵਕਤ ਤੋਂ ਪਹਿਲਾਂ ਹਾਜ਼ਰ ਕਰਵਾਉਦਾ । ਗੁਲਬਾਨੋ ਲਈ ਰੇਸ਼ਮੀ ਸੂਟ, ਜੇਵਰ, ਮੇਵੇ, ਇਤਰ ਤੇ ਮਹਿਕਾ ਦੇ ਢੇਰ ਲੱਗੇ ਰਹਿੰਦੇ ਪਰ ਉਹ ਅੱਖ ਉਠਾ ਨਾ ਦੇਖਦੀ। ਨੌਕਰ ਸਭ ਸਮਝਦੇ ਸੀ, ਪਰ ਹਵੇਲੀ ਦੀ ਕੋਈ ਗੱਲ ਤੇ ਭੇਤ ਕਦੇ ਬਾਹਰ ਨਹੀ ਗਏ ਸੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕੇ ਇਸ ਹਵੇਲੀ ਦੀ ਚਾਰ ਦੀਵਾਰੀ ਅੰਦਰ ਕੀ ਕਹਾਣੀ ਚੱਲ ਰਹੀ ਹੈ।
ਅਮੀਰ ਖ਼ਾਨ ਦੇ ਮਰਹੂਮ ਬਾਪ ਦੀ ਸਲਾਨਾ ਬਰਸੀ ਸੀ । ਹਰ ਸ਼ਾਲ ਬਰਸ਼ੀ ਤੇ ਰਿਸ਼ਤੇਦਾਰ ਅਮੀਰ ਖ਼ਾਨ ਦੇ ਘਰ ਇੱਕਠੇ ਹੁੰਦੇ ਸੀ ।ਇਸ ਸਾਲ ਵੀ ਤਿਆਰੀਆਂ ਹੋਣ ਲੱਗੀਆਂ, ਤਾਂ ਗੁਲਬਾਨੋ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ।
"ਮੈਂ ਨਹੀ ਕੁਝ ਕਰਨਾ ਤੇ ਨਾਂ ਸ਼ਾਮਲ ਹੋਣਾਂ ਏਂ । ਉਹ ਕੁੱਤਾ-ਕਮੀਨਾਂ ਫਿਰੋਜ਼ ਵੀ ਆਵੇਗਾ। ਮੱਥੇ ਨਹੀ ਲੱਗਣਾ ਚਹੁੰਦੀ ਮੈਂ ਉਸ ਜ਼ਲੀਲ ਦੇ "ਗੁਲਬਾਨੋ ਨੇ ਪਰਦੇ ਪਿੱਛੇ ਖੜ੍ਹੇ ਖੜੇ ਅਮੀਰ ਖ਼ਾਨ ਨੂੰ ਸੁਣਾ ਕੇ ਨੌਕਰਾਣੀ ਨੂੰ ਕਿਹਾ। ਤੇ ਅਮੀਰ ਖ਼ਾਨ ਨੇ ਬਾਪ ਦੀ ਬਰਸ਼ੀ ਨਾ ਮਨਾਉਣ ਦਾ ਫੈਸਲਾ ਕਰ ਲਿਆ ।
ਰਿਸ਼ਤੇਦਾਰਾ ਮੈਹਣੇ ਮਾਰਨ ਲੱਗੇ..."ਔਰਤ ਦੇ ਹੇਠਾਂ ਲੱਗ ਗਿਆ"..
"ਇਸ ਘਰ, ਚ' ਉਹੀ ਹੋਵੇਗਾ ਜੋ ਮਾਲਕਣ ਚਾਹੇਗੀ ", ਤੁਸੀ ਬਰਸੀ ਮਨਾਉਣੀ ਤਾਂ ਮੈਂ ਬਾਹਰ ਪ੍ਰਬੰਧ ਕਰ ਦਿਆਗਾਂ, ਅਮੀਰ ਨੇ ਘਰ ਆਏ ਤਾਏ-ਚਾਚੇ ਸਾਕ-ਸਬੰਧੀ ਵਾਪਸ ਮੋੜ ਦਿਤੇ । ਇਸ ਘਟਨਾ ਤੋਂ ਬਾਅਦ ਗੁਲਬਾਨੋ ਦੀ ਖਾਮੋਸ਼ੀ ਥੋੜੀ ਟੁੱਟੀ। ਹੁਣ ਉਹ ਘਰ ਵਿੱਚ ਨੌਕਰਾਣੀ ਨਾਲ ਥੋੜ੍ਹੀ ਗੱਲਬਾਤ ਕਰਨ ਲੱਗ ਪਈ । ਉਸ ਤੋਂ ਆਪਣੇ ਵਾਲਾਂ ਵਿੱਚ ਖ਼ੁਸ਼ਬੂਦਾਰ ਤੇਲ ਲਗਵਾਉਣ ਲੱਗ ਪਈ ਤੇ ਕਦੇ ਕਦੇ ਉਸ ਨਾਲ ਹਵੇਲੀ ਦੀ ਡਿਉਢੀ ਵਿੱਚ ਬੈਠ ਕੇ ਉਸਦੇ ਬੱਚਿਆਂ ਨਾਲ ਵਕਤ ਗੁਜ਼ਾਰਨ ਲੱਗ ਪਈ ।
ਅਮੀਰ ਖ਼ਾਨ ਨਾਲ ਗੁਲਬਾਨੋ ਦੀ ਕੋਈ ਗੁਫਤਗੂ ਨਹੀਂ, ਨਾ ਜ਼ੁਬਾਨੀ ਨਾ ਕਲਾਮੀ ਸੀ। ਅਮੀਰ ਖਾਨ ਸ਼ਾਮ ਨੂੰ ਘਰ ਆਉਦਾਂ ਤਾਂ, ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ। ਉਹ ਖਾਣਾਂ ਖਾਣ ਤੋ ਬਾਅਦ ਡਿਉਢੀ ਵਿੱਚ ਬੈਠ ਜਾਂਦਾ। ਜੇ ਬਾਹਰੋ ਕੋਈ ਮਿਲਣ ਆ ਜਾਂਦਾ ਤਾਂ ਗੱਲਾਂਬਾਤਾ ਕਰਦਾ ਵਰਨਾ ਹਨੇਰੇ, ਚ' ਖਾਮੋਸ਼ ਅੱਖਾਂ ਮੀਚ ਕੁਰਸੀ ਤੇ ਬੈਠਾ ਰਹਿੰਦਾ।
ਕਿਸੇ ਕੋਲ ਉਸਨੇ ਦਿਲ ਦੀ ਗੱਲ ਨਹੀ ਸੀ ਕੀਤੀ। ਕਦੇ ਜ਼ਾਹਰ ਨਹੀਂ ਹੋਣ ਦਿਤਾ ਸੀ ਕਿ ਦੂਸਰੀ ਵਾਰੀ ਵੀ ਉਸਦੇ ਮੁਕੱਦਰ ਨੇ ਉਸ ਨਾਲ ਦਗ਼ਾ ਕੀਤਾ ਸੀ। ਕਦੇ ਕਦੇ ਨੌਕਰਾਣੀ ਨਾਦਿਰਾ ਦੇ ਬੱਚੇ ਅਮੀਰ ਖ਼ਾਨ ਕੋਲ ਆ ਖੇਡਦੇ। ਉਹ ਬਿਠਾ ਲੈਂਦਾ, ਉਨ੍ਹਾਂ ਲਈ ਤੋਹਫੇ ਲੈ ਕੇ ਆਉਦਾ। ਜਿੰਨੀ ਦੇਰ ਬੱਚੇ ਉਸ ਕੋਲ ਰਹਿੰਦੇ, ਉਹ ਬੱਚਾ ਬਣਿਆਂ ਉਨ੍ਹਾਂ ਨਾਲ ਖੇਡਦਾ ਰਹਿੰਦਾਂ। ਉਨ੍ਹਾਂ ਦੇ ਜਾਂਦਿਆਂ ਹੀ ਉਦਾਸੀ ਦੀ ਚਾਦਰ ਓੜ ਕੇ ਲੰਮਿਆਂ ਪੈ ਜਾਂਦਾ।
ਆਪਣੇ ਸ਼ਰੀਕੇ ਨਾਲੋਂ ਤਾਂ ਪੂਰਾ ਟੁੱਟ ਚੁੱਕਾ ਸੀ। ਹੁਣ ਅਮੀਰ ਬੀਮਾਰ ਰਹਿਣ ਲੱਗ ਪਿਆ ਸੀ। ਡਿਉਢੀ ਵਿਚੋਂ ਉਹਦੇ ਖੰਘਣ ਦੀ ਆਵਾਜ਼ ਗੁਲਬਾਨੋ ਨੂੰ ਆਪਣੇ ਕਮਰੇ ਵਿੱਚ ਸੁਣਾਈ ਦਿੰਦੀ। ਉਹ ਕਈ ਵਾਰ ਪਰਦੇ ਵਿਚੋਂ ਅਮੀਰ ਖ਼ਾਨ ਨੂੰ ਡਿਉਢੀ ਵਿੱਚ ਬੈਠਿਆ ਦੇਖਦੀ। ਵਧੀ ਹੋਈ ਦਾੜੀ, ਵੀਰਾਨ ਅੱਖਾਂ ਦੇ ਆਸੇ ਪਾਸੇ ਵਧ ਰਹੇ ਸਿਆਹ ਘੇਰੇ ਤੇ ਮੋਟੇ ਹੋਂਠਾਂ ਤੇ ਜੰਮ ਰਹੀ ਖੁਸ਼ਕੀ ਤੇ ਪੀਲਾ ਚਿਹਰਾ।
ਇਕ ਵਾਰੀ ਅਮੀਰ ਕਈ ਦਿਨਾਂ ਤੋਂ ਆਪਣੇ ਬਿਜ਼ਨਸ ਤੇ ਨਾ ਗਿਆ, ਹਕੀਮ ਆਉਦਾਂ ਦਵਾਈ ਦੇ ਕੇ ਚਲਾ ਜਾਦਾਂ। ਇਹ ਪਹਿਲੀ ਵਾਰ ਹੋਇਆ ਸੀ, ਕਿ ਗੁਲਬਾਨੋ ਹੈਰਾਨ ਹੋਈ ਸੀ। ਨੌਕਰ ਨੇ ਦੱਸਿਆ ਕਿ ਖ਼ਾਨ ਸਾਹਬ ਦੀ ਤਬੀਅਤ ਠੀਕ ਨਹੀਂ ਏਂ। ਹਕੀਮ ਨੇ ਆਰਾਮ ਕਰਨ ਲਈ ਦੱਸਿਆ ਏਂ। ਗੁਲਬਾਨੋ ਦੇ ਅੰਦਰ ਕੋਈ ਹੱਲਚੱਲ ਜਿਹੀ ਹੋਈ, ਕਾਫ਼ੀ ਦੇਰ ਬੈਠੀ ਉਹ ਸੋਚਦੀ ਰਹੀ। ਉਸ ਰਾਤ ਅਮੀਰ ਖ਼ਾਨ ਰਾਤ ਨੂੰ ਗਰਮ ਚਾਦਰ ਲਪੇਟ ਕੇ ਛੱਤ ਤੇ ਘੁੰਮ ਰਿਹਾ ਸੀ। ਨੌਕਰ ਫਾਰੂਕ ਨੇ ਬਾਵਰਚੀ ਖਾਨੇ ਵਿਚੋਂ ਹਕੀਮ ਵੱਲੋਂ ਦਿਤੀ ਦਵਾਈ ਉਬਾਲੀ ਤੇ ਪਿਆਲੇ ਵਿੱਚ ਪਾ ਉਪਰ ਜਾਣ ਲੱਗਿਆ ਤਾਂ ਗੁਲਬਾਨੋ ਨੇ ੳਸਦੇ ਹੱਥੋਂ ਪਿਆਲਾ ਫੜ੍ਹ ਲਿਆ।
"ਮੈਂ ਲੈ ਕੇ ਜਾਂਦੀ ਹਾਂ ".... ਉਸਨੇ ਬਿਨਾਂ ਨੌਕਰ ਵੱਲ ਦੇਖਦਿਆਂ ਕਿਹਾ। ਨੌਕਰ, ਜੋ ਇਸ ਘਰ ਦੇ ਸਾਰੇ ਭੇਤ ਜਾਣਦਾ ਸੀ, ਗੁਲਬਾਨੋ ਦੀ ਇਸ ਪੇਸ਼ਕਸ਼ ਤੇ ਹੈਰਾਨ ਹੋ ਗਿਆ ਸੀ।
"ਬਹੁਤ ਅੱਛਾ ਬੇਗ਼ਮ ਸਹਿਬਾਂ "..ਉਸਨੇ ਸਿਰ ਝੁਕਾ ਕੇ ਪਿਆਲਾ ਗੁਲਬਾਨੋ ਨੂੰ ਦੇ ਦਿਤਾ।
ਗੁਲਬਾਨੋ ਪਹਿਲੀ ਵਾਰ ਹਵੇਲੀ ਦੀ ਛੱਤ ਤੇ ਚੜ੍ਹੀ ਸੀ। ਜਿਸ ਦਿਨ ਦੀ ਘਰੋ ਨਿਕਲੀ ਸੀ, ਆਸਮਾਨ ਦਾ ਰੰਗ ਨਹੀ ਸੀ ਦੇਖਿਆ ਸੀ। ਤਿੰਨ ਮੰਜ਼ਲੀ ਹਵੇਲੀ ਚੜ੍ਹਦਿਆਂ ਸਾਹ ਫੁਲ ਗਿਆ ਸੀ ਉਸਦਾ। ਖੁੱਲ੍ਹੀ ਚੌੜੀ ਛੱਤ ..ਕਿਸੇ ਮੈਦਾਨ ਵਰਗੀ, ਚੌਂਹੀ ਪਾਸੀ ਜਾਲੀਦਾਰ ਬਨੇਰੇ ਤੇ ਉਤੇ ਖੁੱਲ੍ਹਾ ਆਕਾਸ਼ । ਜਦੋਂ ਉਹ ਉਪਰ ਚੜ੍ਹੀ ਅਮੀਰ ਖਾਨ ਬਨੇਰੇ ਕੋਲ ਖੜ੍ਹਾ ਜਿਹਲਮ ਦੇ ਪਾਣੀ ਨੂੰ ਤੱਕ ਰਿਹਾ ਸੀ।ਗੁਲਬਾਨੋ ਵਲ ਪਿੱਠ ਸੀ ਉਸਦੀ। ਗੁਲਬਾਨੋ ਨੇ ਦਵਾਈ ਬਨੇਰੇ ਤੇ ਰੱਖੀ
ਤੇ ਕੁਝ ਦੇਰ ਸੋਚਿਆ। ਅਮੀਰ ਹਾਲੇ ਵੀ ਉਸ ਤੋਂ ਬੇਖਬਰ ਸੀ।
"ਮੈਂ ਆ ਗਈ ਹਾਂ ਖ਼ਾਨ ਸਾਹਬ "...ਗੁਲਬਾਨੋ ਦੀ ਸੁਰੀਲੀ ਆਵਾਜ਼ ਕਿਸੇ ਜਲਤਰੰਗ ਵਾਂਗ ਖਿਜ਼ਾ ਵਿੱਚ ਫੈਲ ਗਈ।
ਅਮੀਰ ਖ਼ਾਨ ਨੇ ਹੈਰਾਨ ਹੁੰਦਿਆਂ ਪਿੱਛੇ ਦੇਖਿਆ, ਯਕੀਨ ਨਾ ਆਇਆ ਜਿਵੇਂ ਕੋਈ ਖ਼ਾਬ ਦੇਖ ਰਿਹਾ ਹੋਵੇ। ਗੁਲਬਾਨੋ ਸਫੇਦ ਲਿਬਾਸ, ਚ' ਬੇਪਰਦਾ ਸਾਹਮਣੇ ਖੜ੍ਹੀ ਸੀ। ਜਿਵੇ ਚਿੱਟੇ ਬੱਦਲਾਂ ਵਿਚੋਂ ਕੋਈ ਪਰੀ ਛੱਤ 'ਤੇ ਉਤਰ ਆਈ ਹੋਵੇ ਜਾਂ ਜਿਹਲਮ ਦੇ ਠਾਠਾਂ ਮਾਰਦੇ ਪਾਣੀ ਦੀ ਕੋਈ ਛੱਲ ਔਰਤ ਦੀ ਸੂਰਤ ਵਿੱਚ ਉਸਨੂੰ ਮੁਖ਼ਾਤਿਬ ਹੋ ਰਹੀ ਹੋਵੇ। ਉਹ ਗੁਲਬਾਨੋ ਵੱਲ ਵੇਖਦਾ ਹੀ ਰਹਿ ਗਿਆ।
"ਮੈਂ...ਮੈਂ..ਤੁਸਾਂ ਦੀ ਦਵਾਈ ਲੈ ਕੇ ਆਈ ਹਾਂ... ਖਾਨ ਸਾਹਬ "......ਗੁਲਬਾਨੋ ਨੇ ਬਨੇਰੇ ਤੋਂ ਪਿਆਲਾ ਚੁੱਕ ਕੇ ਕਿਹਾ ਤੇ ਅਮੀਰ ਜਿਵੇਂ ਨੀਂਦ, ਚੋਂ ਜਾਗਿਆ ।
"ਉਹ..! ਤੁਹਾਨੂੰ ਤਕੱਲੁਫ ਕਰਨ ਦੀ ਕੀ ਲੋੜ ਸੀ, ਘਰ ਵਿੱਚ ਨੌਕਰ ਹੈਨ ".. ਉਹਨੂੰ ਹਕੀਕਤ ਯਾਦ ਆਈ ।
"ਮੈਨੂੰ ਇਲਮ ਏਂ "..ਪਰ ਅੱਜ ਤੁਸਾਂ ਨੂੰ ਮੇਰੀ ਜਰੂਰਤ ਏ..!ਪਰ ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਏਂ ਖ਼ਾਨ ਸਾਹਬ"ਗੁਲਬਾਨੋ
ਨੇ ਜਵਾਬ ਦਿਤਾ ਤਾਂ, ਅਮੀਰ ਨੂੰ ਕੰਨਾਂ ਤੇ ਯਕੀਨ ਨਾ ਆਇਆ ।
"ਮਿਹਰਬਾਨੀ "...ਆਖ ਉਸਨੇ ਦੀਵਾਈ ਗੁਲਬਾਨੋ ਕੋਲੋ ਫੜ ਲਈ ।
"ਖੁਦਾ ਕਰੇ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਏ"..ਗੁਲਬਾਨੋ ਨੇ ਦੁਆ ਮੰਗੀ ।
"ਇੰਸ਼ਾ ਅੱਲਾਹ ! ਤੁਸਾਂ ਆਪਣੇ ਕੁਆਰੇ ਹੱਥਾਂ ਨਾਲ ਦਵਾ ਪਿਲਾਈ ਏਂ ਤਾਂ ਜਰੂਰ ਅਸਰ ਕਰੇਗੀ "... ਅਮੀਰ ਨੇ ਜਵਾਬ ਦਿਤਾ ਤੇ ਗੁਲਬਾਨੋ ਦੇ ਚਿਹਰੇ 'ਤੇ ਗੁਲਾਬੀ ਰੰਗ ਫਿਰ ਗਿਆ ।
ਥੋੜ੍ਹੀ ਦੇਰ ਦੋਵੇਂ ਖਾਮੋਸ਼ ਖੜ੍ਹੇ ਰਹੇ। ਬੜਾ ਸ਼ਾਤ ਮਾਹੌਲ ਸੀ। ਜਿਹਲਮ ਦੇ ਪਾਣੀ ਦੀ ਅਵਾਜ਼ ਤੋਂ ਬਗੈਰ ਹੋਰ ਕੋਈ ਦੂਸਰੀ ਆਵਾਜ਼ ਨਹੀ ਆ ਰਹੀ ਸੀ।
"ਜੇਹਲਮ ਵਿੱਚ ਤੂਫਾਨ ਆਇਆ ਹੋਇਆ ਏ..."ਅਮੀਰ ਨੇ ਦਰਿਆ ਵੱਲ ਵੇਖ ਕੇ ਕਿਹਾ ।
"ਤੂਫਾਨ ਤਾਂ ਇਸ ਹਵੇਲੀ ਵਿੱਚ ਵੀ ਆਇਆ ਹੋਇਆ ਏ "... ਮੈਨੂੰ ਡਰ ਲੱਗਦਾ ਏ ਕਿਤੇ ਇਹ ਮੈਨੂੰ ਦੂਹਰੀ ਵਾਰ ਰੋੜ੍ਹ ਕੇ ਨਾ ਜਾਵੇ "...ਗੁਲਬਾਨੋ ਨੇ ਪਹਿਲੀ ਵਾਰ ਅਮੀਰ ਦੀਆ ਅੱਖਾਂ ਨਾਲ ਅੱਖਾਂ ਮਿਲਾਈਆਂ।
"ਕੀ ਮਤਲਬ"....! ਅਮੀਰ ਘਬਰਾ ਗਿਆਂ "....
"ਇਸ ਹਨੇਰੇ ਨੂੰ ਇਕ ਚਿਰਾਗ ਦੀ ਜਰੂਰਤ ਏ ਖਾਨ ਸਾਹਿਬ..! ਇਸ ਹਵੇਲੀ ਨੂੰ ਵਾਰਿਸ ਚਾਹੀਦਾ ਏ....! ਇਹੀ ਤੁਸਾਂ ਦੇ ਦੁੱਖ ਦੀ ਦਾਰੂ ਏ "... ਹਕੀਮ ਦੀਆਂ ਜੜ੍ਹੀ-ਬੂਟੀਆਂ ਕੁਛ ਨਹੀ ਕਰਨਗੀਆਂ... ਗੁਲਬਾਨੋ ਨੇ ਕੇਵਲ ਚਿਹਰੇ ਦਾ ਹੀ ਨਹੀਂ, ਦਿਲ ਦਾ ਪਰਦਾ ਵੀ ਲਾਹ ਸੁੱਟਿਆ..
"ਗੁਲਬਾਨੋ "...ਅਮੀਰ ਨੇ ਉਮਰ ਜਿੱਡਾ ਹਾਉਕਾ ਲਿਆ....
"ਮੈਂ ਔਰਤ ਹਾਂ "... ਸਮਝਦੀ ਹਾਂ ਸੱਭ ਕੁਛ.... ਮੇਰਾ ਫਰਜ਼ ਏ ਕਿ ਜਿਸ ਘਰ ਨੇ ਮੈਨੂੰ ਪਨਾਹ ਦਿਤੀ ਏ ਉਸ ਨੂੰ ਰੋਸ਼ਨੀ ਦੇਵਾਂ... ਔਰਤ, ਮਰਦ ਨੂੰ ਸਿਰਫ ਜਿਸਮਾਨੀ ਸੁੱਖ ਨਹੀ ਦਿੰਦੀ, ਉਹਨੂੰ ਬਾਪ ਦਾ ਰੁਤਬਾ ਵੀ ਬਖਸ਼ਦੀ ਏ, ਵਰਨਾ ਜ਼ਮਾਨਾ ਮਰਦ ਨੂੰ "ਨ-ਮਰਦ"ਦੱਸਦਾ ਏ "!! ਗੁਲਬਾਨੋ ਤੋਂ ਇੰਨੀ ਸੰਜੀਦਗੀ ਦੀ ਅਮੀਰ ਨੂੰ ਆਸ ਨਹੀ ਸੀ।
"ਏਨੀ ਦਲੇਰੀ "!!! ਅਮੀਰ ਖ਼ਾਨ ਦੇ ਆਪ ਮੁਹਾਰੇ ਮੂੰਹੋਂ ਨਿਕਲਿਆਂ....
"ਖ਼ਾਨ ਸਾਹਬ ਦਲੇਰ ਔਰਤਾ, ਦਲੇਰ ਮਰਦਾ ਨੂੰ ਹੀ ਰੂਹ ਦਾ ਹਾਣੀ ਸਮਝਦੀਆਂ ਨੇ ਭਗੋੜਿਆਂ ਨੂੰ ਨਹੀਂ "...ਉਹਨੇ ਨਫਰਤ ਨਾਲ ਜਵਾਬ ਦਿਤਾ.....ਅਮੀਰ ਨੂੰ ਜੁਵਾਬ ਨਾ ਸੁੱਝਿਆ ।
"ਮੇਰੀਆਂ ਗੁਸਤਾਖ਼ੀਆਂ ਮਾਫ਼ ਕਰ ਦਿਉ ਖਾਨ ਸਾਹਬ... ਮੈਂ ਗੁੰਮਰਾਹ ਹੋ ਗਈ ਸਾਂ...ਤੁਸਾਂ ਨੂੰ ਬੜਾ ਦੁੱਖ ਦਿਤਾ ਏ ਮੈਂ। ਗੁਨਾਹਗਾਰ ਹਾਂ ਤੁਹਾਡੀ"....ਗੁਲਬਾਨੋ ਦਾ ਗਲਾ ਭਰ ਆੲਆ ਸੀ।
"ਪਗਲੀ"...ਗੁਨਾਹਗਾਰ ਤੂੰ ਨਹੀਂ ਮੈਂ ਹਾਂ। ਬਗੈਰ ਤੇਰੇ ਜਜ਼ਾਬਤ ਨੂੰ ਸਮਝਿਆਂ ਕਿਸੇ ਭੁੱਖੇ ਜਾਨਵਰ ਵਾਂਗ ਮੈਂ ਤੇਰੇ ਗੋਸ਼ਤ 'ਤੇ ਟੁੱਟ ਪਿਆ ਸੀ..ਤੈਨੂੰ ਕੀ ਪਤਾ ਏਂ ਕਿੰਨਾ ਸ਼ਰਮਿੰਦਾਂ ਹਾਂ। ਅਮੀਰ ਸੱਚਮੁੱਚ ਅੰਦਰੋਂ ਸ਼ਰਮਸਾਰ ਹੋ ਗਿਆ ਸੀ ਤੇ ਹਿੰਮਤ ਨਹੀ ਪੈ ਰਹੀ ਸੀ ਕਿ ਅੱਖਾਂ, ਚ' ਅੱਖਾ ਪਾ ਝਾਕ ਸਕੇ।
"ਨਹੀਂ..ਫਰਿਸ਼ਤੇ ਹੋ ਤੁਸੀ ਤਾਂ..ਮੈਂ ਦਰੜਿਆ, ਕੁਮਲਾਇਆ ਫੁੱਲ ਹਾਂ ਜੋ ਤੁਹਾਡੇ ਕਾਬਲ ਨਹੀ, ਘਰੋ ਭੱਜੀ"ਗੁਲਬਾਨੋ ਦੀਆਂ ਅੱਖਾਂ, ਚੋਂ 'ਆਂਸੂ ਵਹਿ ਤੁਰੇ...
"ਪਗਲੀ ਕੋਈ ਫਰਿਸ਼ਤਾ ਜਾਂ ਫੁੱਲ ਦ੍ਰੜਿਆ ਨਹੀ ਹੁੰਦਾਂ, ਇਨਸਾਨ ਹਾਂ ਅਸੀ ਸੱਭ..ਜੇ ਮੇਰੀ ਭੈਣ-ਬੇਟੀ ਇਹ ਕਦਮ ਚੁੱਕ ਲੈਂਦੀ ਤਾਂ ਕੀ ਮੈਂ ਉਸਨੂੰ ਮਾਫ਼ ਨਾ ਕਰਦਾ ! ਬੀਵੀ ਏਂ ਤੂੰ ਮੇਰੀ..ਮੇਰੀ ਸ਼ਰੀਕੇ ਹਯਾਤ ਹੈ ਤੂੰ..ਇਸ ਹਵੇਲੀ ਦੀ ਮਾਲਕਣ"
"ਸਿਰਫ ਹਵੇਲੀ ਦੀ”.. ! ਗੁਲਬਾਨੋ ਸੁਬਕੀ ਰੋਣ ਲੱਗੀ...
"ਨਹੀ..ਮੇਰੇ ਦਿਲੋਂ ਜਾਨ ਦੀ ਵੀ"ਅੱਜ ਅਮੀਰ ਦੇ ਉਦਾਸ, ਬੀਮਾਰ ਮੂੰਹ ਤੇਂ ਪਹਿਲੀ ਵਾਰ ਮੁਸਕ੍ਰਾਹਟ ਆਈ ।
ਗੁਲਬਾਨੋ ਤੋਂ ਹੁਣ ਆਪਣਾ ਆਪ ਸੰਭਾਲਿਆ ਨਹੀ ਜਾ ਰਿਹਾ ਸੀ। ਅਮੀਰ ਦੇ ਕਿਰਦਾਰ ਸਾਹਮਣੇ ਉਸਨੂੰ ਆਪਣਾ ਜਾਤੀ ਗਰੂਰ ਬਹੁਤ ਛੋਟਾ ਲੱਗਿਆ । ਇਕ ਬਦਸੂਰਤ ਮਰਦ ਦੇ ਪਿਆਰ ਦੀ ਗਰਮੀ ਸਾਹਮਣੇ ਉਸਦਾ ਵਜੂਦ ਪਿਘਲ ਗਿਆ ਤੇ ਉਹ ਲੜਖੜਾ ਕੇ ਅਮੀਰ ਦੀਆਂ ਬਾਹਾਂ ਵਿੱਚ ਚਲੀ ਗਈ । ਅਮੀਰ ਬਹੁਤ ਦੇਰ ਤੱਕ ਉਸਦੇ ਵਾਲਾਂ ਵਿੱਚ ਹੱਥ ਫੇਰਦਾ ਰਿਹਾ। ਹੌਲੀ ਹੌਲੀ ਉਸਦਾ ਦਾ ਸਿਰ ਸਹਿਲਾਓਦਾਂ ਰਿਹਾ ਤੇ ਗੁਲਬਾਨੋ ਨੂੰ ਲੱਗਿਆ ਜਿਵੇਂ ਬਹੁਤ ਅਰਸੇ ਬਾਅਦ ਅੱਜ ਉਹ ਆਪਣੇ ਅੱਬਾ ਦਾ ਹੱਥ ਆਪਣੇ ਸਿਰ 'ਤੇ ਮਹਿਸੂਸ ਕਰ ਰਹੀ ਸੀ ਜਾਂ ਆਪਣੇ ਵੱਡੇ ਭਰਾ ਦੇ ਮੋਢੇ 'ਤੇ ਸਿਰ ਰੱਖ ਰੋ ਰਹੀ ਸੀ। ਅਮੀਰ ਖਾਨ ਨੇ ਉਸ ਨੂੰ ਚੁੱਪ ਨਾ ਕਰਾਇਆ । ਉਹ ਚਾਹੁੰਦਾ ਸੀ ਗੁਲਬਾਨੋ ਦੇ ਦਿਲ-ਮਨ ਅੰਦਰ ਨਫਰਤ ਦਾ ਜੋ ਨਾਸੂਰ ਬਣ ਗਿਆ ਸੀ, ਉਹ ਹੰਝੂਆਂ ਰਾਹੀ ਨਿਕਲ ਜਾਵੇ । ਗੁਲਬਾਨੋ ਬਹੁਤ ਦੇਰ ਤੱਕ ਰੋਂਦੀ ਰਹੀ। ਥੱਕ ਗਈ ਤਾਂ ਚੁੰਨੀ ਦੇ ਪਲੜੇ ਨਾਲ ਮੂੰਹ ਪੂੰਝਣ ਲੱਗੀ...।
"ਗਮ ਨਾ ਕਰ "...ਮੇਰੇ ਹੁੰਦੇ ਕੋਈ ਤੂਫਾਨ ਤੈਨੂੰ ਉਡਾ ਕੇ ਨਹੀ ਲਿਜਾ ਸਕਦਾ।..... "ਇਸ਼ਕ ਹਕੀਕੀ ਤੇ ਮਾਜਾਜੀ ਦਾ ਫਰਕ ਨਹੀਂ ਮਲੂਮ ਤੈਨੂੰ...ਅਨਜਾਨ ਏਂ ਤੂੰ "..! ਅਮੀਰ ਖਾਨ ਦੇ ਅਰਮਾਨਾਂ ਨੇ ਸਿਰ ਚੁਕਿਆ ।
"ਕਿਹੜਾ ਇਸ਼ਕ"...! ਗਲ ਪਿਆ ਢੋਲ ਵਜਾ ਰਹੇ ਹੋਂ ਤੁਸੀ। ਇਕ ਮਰੇ ਹੋਏ ਰਿਸ਼ਤੇ ਨੂੰ ਨਿਭਾ ਰਹੇ ਹੋ…..ਜਿਸ ਦਾ ਕੋਈ...!! ਗੁਲਬਾਨੋ ਨੇ ਗੱਲ ਪੂਰੀ ਨਹੀਂ ਕਤੀ ਸੀ ਕਿ ਅਮੀਰ ਨੇ ਆਪਣਾ ਹੱਥ ਉਸ ਦੇ ਮੂੰਹ ਤੇ ਰੱਖ ਦਿਤਾ.....।
"ਮਰਿਆਂ ਹੋਇਆਂ ਦੇ 'ਤਾਂ ਤਾਜਮਹਿਲ ਬਣਾਏ ਨੇ...ਬਣਾਉਣ ਵਾਲਿਆਂ ਨੇ....ਪਿਆਰ ਦੀ ਕੋਈ ਹੱਦ ਨਹੀ ਹੁੰਦੀ ਗੁਲਬਾਨੋ "....ਅਮੀਰ ਨੇ ਉਸਨੂੰ ਆਪਣੇ ਸੀਨੇ ਨਾਲ ਲਗਾ ਲਿਆ, ਉਹ ਕੁਝ ਨਾ ਬੋਲੀ ।
"ਅੱਜ ਆਪਣਾ ਅਸਲ ਨਿਕਾਹ ਹੋਇਆ ਏਂ ਜਦੋਂ ਦੋ ਦਿਲਾਂ ਨੇ ਇੱਕ ਦੂਜੇ ਨੂੰ ਕਬੂਲ ਕੀਤਾ ਏਂ । ਜੇ ਦਿਲ ਨਾ ਮੰਨੇ ਤਾਂ ਨਿਕਾਹ ਨਹੀ ਜਬਰਜਿਨਾਹ ਹੁੰਦਾਂ ਏਂ । ਗੁਲਬਾਨੋ ਮੈਨੂੰ ਇਸ ਗੁਨਾਹ ਤੋਂ ਅੱਜ ਤੂੰ ਬਚਾ ਲਿਆ ...। ਅਮੀਰ ਨੇ ਆਪਣਾ ਮੂੰਹ ਉਸਦੇ ਮੂੰਹ ਨਾਲ ਜੋੜਿਆ ।
"ਊਈ ਅੱਲਾਹ"....ਉਹ ਸਮੀਰ ਦੇ ਸੀਨੇ ਨਾਲ ਜੁੜੀ ਸਟਪਟਾਈ ।
"ਕੀ ਹੋਇਆ "...!! ਅਮੀਰ ਵੀ ਘਬਰਾ ਗਿਆ ।
"ਦਾੜ੍ਹੀ ਚੁੱਭਦੀ ਏਂ "ਗੁਲਬਾਨੋ ਨੇ ਆਪਣੀ ਕੋਮਲ ਗਲ 'ਤੇ ਹੱਥ ਫੇਰਿਆ ।
"ਦਾੜ੍ਹੀ ਕਟਵਾਂ ਦਿੰਦਾਂ ਹਾਂ "ਅਮੀਰ ਅੱਖਾਂ, ਚ' ਅੱਖੀ ਪਾਈ ਮਸਕਰਾਇਆ ।
"ਮੇਰੇ ਮੌਲ੍ਹਾ..ਇਸ ਨਾਚੀਜ਼ ਲਈ ਦਾੜ੍ਹੀ ਕਟਵਾਓਗੇ "...! ਗੁਲਬਾਨੋ ਨੇ ਅਦਾ ਨਾਲ ਪੁੱਛਿਆ ।
"ਇਸ਼ਕ ਵਿੱਚ ਤਾਂ ਸਿਰ ਕੱਟ ਜਾਂਦੇ ਨੇ, ਦਾੜ੍ਹੀ ਤਾਂ ਮਾਮੂਲੀ ਚੀਜ਼ ਏਂ ਤੇਰੇ ਲਈ ਗੁਲਬਾਨੋ "ਅਮੀਰ ਦਾ ਹਾਸ਼ਾ ਰਾਤ ਦੇ ਹਨੇਰੇ ਵਿੱਚ ਦੂਰ ਦੂਰ ਤੱਕ ਉਡਿਆ, ਅਤੇ ਇਸੇ ਹਾਸੇ ਵਿੱਚ ਉਡ ਗਿਆ ਦੋਹਾਂ ਦੇ ਜਿਸਮਾਂ ਵਿੱਚਕਾਰਲਾਂ ਫਾਸਲਾ । ਦੋਹੇਂ ਇੱਕ-ਦੂਜੇ ਨੂੰ ਲਿਪਟੇ, ਹਾਸਿਆ, ਚ' ਗੁਆਚੇ ਪੌੜੀਆਂ ਉਤਰਦੇ ਆਪਣੇ ਕਮਰੇ, ਚ' ਚਲੇ ਗਏ ।
ਅਮੀਰ ਖਾਨ ਦੀ ਹਵੇਲੀ ਵਿੱਚ ਮੁੜ ਤੋਂ ਬਹਾਰ ਆ ਗਈ ਸੀ। ਮਹਿਕਾਂ ਦੀਆ ਸੁਗੰਧੀਆਂ ਨਾਲ ਹਵੇਲੀ ਦੀਆ ਕੰਧਾਂ ਜਿਵੇਂ ਜਗ-ਮਗਾ ਰਹੀਆ ਹੋਣ । ਨੌਕਰਾਂ ਚਾਕਰਾਂ ਦੇ ਵੀ ਚਿਹਰਿਆਂ 'ਤੇ ਵੀ ਰੌਣਕਾ ਪ੍ਰਤ ਆਈਆ । ਘਰ ਦੀ ਘੁੱਟਣ ਖਤਮ ਹੋ ਗਈ । ਮੀਆਂ-ਬੀਵੀ ਦੇ ਪਿਆਰ ਨੇ ਸੁੰਨੀ ਹਵੇਲੀ ਆਬਾਦ ਕਰ ਦਿਤੀ ਵਕਤ ਗੁਜ਼ਰਦਾ ਰਿਹਾ । ਗੁਲਬਾਨੋ ਦੇ ਤਿੰਨ ਸਾਲਾਂ ਵਿੱਚ ਤਿੰਨ ਲੜਕੀਆਂ ਪੈਦਾ ਹੋਈਆ । ਨਹੀਦਾ, ਫਰੀਦਾ ਤੇ ਵਹੀਦਾ । ਦਸ ਸਾਲਾਂ ਬਾਅਦ ਜਾ ਕੇ ਪੈਦਾ ਹੋਇਆ ਸੀ ਸਮੀਰ । ਅਮੀਰ ਖਾਨ ਦਾ ਪੁੱਤਰ ਸਮੀਰ ਖਾਨ । ਹਵੇਲੀ ਦਾ ਵਾਰਿਸ਼, ਮਾਲਿਕ । ਭਾਵੇਂ ਬੇਟੀਆ ਦੇ ਪੈਦਾ ਹੋਣ 'ਤੇ ਵੀ ਅਮੀਰ ਖਾਨ ਨੇ ਦਾਅਵਤਾਂ ਦਿੱਤੀਆ ਸੀ, ਪਰ ਪੁੱਤਰ ਦੇ ਜਨਮ ਉਤੇ ਜਸ਼ਨ ਮਨਾਏ ਗਏ । ਕਿਉ ਜੋ ਹਵੇਲੀ ਦਾ ਵਾਰਿਸ਼ ਪੈਦਾ ਹੋਇਆ ਸੀ। ਲੱਖਾਂ ਦੀ ਜਾਇਦਾਤ ਦਾ..ਮਾਲਕ।
ਗੁਲਬਾਨੋ ਹੁਣ ਮੁਕੰਮਲ ਔਰਤ ਬਣ ਗਈ ਸੀ। ਬੱਚਿਆਂ ਦੀ ਪਰਵਰਿਸ਼ ਤੇ ਘਰ ਦੇ ਕੰਮਾਂਕਾਰਾ ਕਾਰਨ ਉਸਨੂੰ ਆਪਣੇ ਬਾਰੇ ਸੋਚਣ ਦੀ ਫੁਰਸ਼ਤ ਨਹੀ ਸੀ। ਵਕਤ ਦੇ ਨਾਲ ਬੇਟੀਆ ਜੁਆਨ ਹੋਈਆ, ਰਿਸ਼ਤੇ ਲੱਭਕੇ ਵਿਆਹ ਕਰ ਦਿਤੇ। ਉਹ ਆਪਣੇ ਘਰ ਚਲੀਆ ਗਈਆ।
ਸੁਮੀਰ ਹਾਲੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਕਿ ਅਮੀਰ ਖਾਨ ਲੰਮੀ ਬਿਮਾਰੀ ਤੋਂ ਬਾਅਦ ਅੱਲਾਹ ਨੂੰ ਪਿਆਰਾ ਹੋ ਗਿਆ। ਗੁਲਬਾਨੋ ਦਾ ਇੱਕੋ-ਇੱਕ ਸਾਥੀ ਉਸਦਾ "ਮਿਜ਼ਾਜੀ ਖੁਦਾ"ਇਸ ਦੁਨੀਆ ਤੋਂ ਚਲਾ ਗਿਆ ਸੀ। ਪਰ ਗੁਲਬਾਨੋ ਨੇ ਸੁਮੀਰ, ਹਵੇਲੀ ਤੇ ਜਾਇਦਾਤ ਦੀ ਜੁੰਮੇਂਵਾਰੀ ਖਾਤਿਰ ਆਪਣੇ ਆਪ ਨੂੰ ਫਿਰ ਤੋਂ ਸੰਭਾਲਿਆਂ । ਗੁਲਬਾਨੋ ਅਤੇ ਸੁਮੀਰ ਇੱਕਲੇ ਰਹਿ ਗਏ ਕਿਲ੍ਹੇ ਵਰਗੀ ਹਵੇਲੀ ਵਿੱਚ। ਬਾਹਰਲੀ ਦੁਨੀਆਂ ਨਾਲ ਉਸਦਾ ਕੋਈ ਰਾਬਤਾ ਨਹੀ ਸੀ। ਅਮੀਰ ਖਾਨ ਨੇ ਕਦੇ ਉਸਨੂੰ ਮਜਬੂਰ ਵੀ ਨਹੀ ਕੀਤਾ ਸੀ ਕਿ ੳਸਦੇ ਪ੍ਰਵਾਰ ਤੇ ਸ਼ਰੀਕੇ ਨੂੰ ਮਿਲੇ ।
ਸਮੀਰ ਜਦੋ ਕਾਨੂੰਨ ਦੀ ਪੜ੍ਹਾਈ ਕਰਨ ਲਾਹੌਰ ਚਲਾ ਗਿਆ ਤਾਂ ਗੁਲਬਾਨੋ ਇਕ ਵਾਰ ਫਿਰ ਤਨਹਾ ਹੋ ਗਈ । ਉਦਾਸੀਆਂ ਨੇ ਫੇਰ ਘੇਰ ਲਿਆ ਸੀ ਗੁਲਬਾਨੋ ਨੂੰ । ਇਕੋ ਆਸ਼ ਤੇ ਜੀਅ ਰਹੀ ਸੀ ਕਿ ਛੇਤੀ ਹੀ ਸ਼ਮੀਰ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆ ਜਾਵੇਗਾ। ਉਸਦੀ ਸ਼ਾਦੀ ਕਰਾਗੀ ਤੇ ਸੁੰਨੀ ਹਵੇਲੀ ਮੁੜ ਆਬਾਦ ਹੋ ਜਾਵੇਗੀ।
ਸਮੀਰ ਪੜ੍ਹਾਈ ਕਰਨ ਗਿਆ, ਆਪਣੀ ਜ਼ਿੰਦਗੀ ਦਾ ਫੈਸਲਾ ਵੀ ਕਰ ਆਇਆ ਸੀ। "ਫਿਰੋਜ ਖਾਨ"ਦੀ ਧੀ ਫਿਰਦੋਸ਼ ਨਾਲ ਇਸ਼ਕ ਹੋ ਗਿਆ ਸੀ, ਜੋ ਉਸਦੀ ਕਲਾਸ ਵਿੱਚ ਹੀ ਪੜ੍ਹਦੀ ਸੀ। ਗੁਲਬਾਨੋ ਨੂੰ ਪਤਾ ਲੱਗਿਆ ਤਾਂ ਜਿਵੇ ਉਸਦੇ ਸਿਰ ਤੇ ਬਿਜਲੀ ਗਿਰੀ । ਲੱਗਿਆ ਜਿਵੇਂ 35 ਸਾਲ ਪਹਿਲਾਂ ਗੁਜ਼ਰਿਆਂ ਹਾਦਸਾ ਮੁੜ ਸਾਹਮਣੇ ਆ ਗਿਆ ਹੋਵੇ । ਸਮੀਰ, ਫਿਰਦੌਸ਼ ਨਾਲ ਨਿਕਾਹ ਕਰਨ ਦਾ ਫੈਸਲਾ ਕਰੀ ਬੈਠਾ ਸੀ। ਗੁਲਬਾਨੋ ਨੂੰ ਸਮਝ ਨਹੀ ਆ ਰਹੀ ਸੀ ਕਿ ਜਵਾਨ ਪੁੱਤਰ ਨੂੰ ਅਣਹੋਣੀ ਤੋਂ ਕਿਵੇ ਰੋਕੇ ।
"ਸਮੀਰ ਪੁੱਤਰ....ਉਸ ਖਾਨਦਾਨ ਨਾਲ ਸਾਡੀ ਬੜੀ ਪੁਰਾਣੀ ਦੁਸ਼ਮਣੀ ਏਂ ".....ਗੁਲਬਾਨੋ ਨੇ ਸਮੀਰ ਨੂੰ ਸਮਝਾਇਆ ।
"ਦੁਸ਼ਮਣੀ ਨੂੰ ਦੋਸਤੀ ਵਿੱਚ ਬਦਲ ਦੇਣਾ ਚਾਹੀਦਾ ਏ ਅੰਮੀ-ਜਾਨ ਜੀ "....ਸਮੀਰ ਨੇ ਮਾਂ ਦੀ ਗੱਲ ਮੋੜੀ ।
"ਮੇਰੇ ਪੁੱਤਰ, ਤੇਰੇ ਅੱਬਾ-ਜਾਨ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਣਾ ਸੀ ਕੇ ਤੂੰ ਕਿਸ ਕਾਰਨਾਮੇ ਨੂੰ ਅੰਜ਼ਾਮ ਦੇਣ ਜਾ ਰਿਹਾਂ ਏਂ...!! ਗੁਲਬਾਨੋ ਨੇ ਸਖਤ ਆਵਾਜ਼, ਚ' ਸਮੀਰ ਨੂੰ ਤਾੜਿਆ ।
"ਅੱਬਾਜਾਨ ਨੇ ਤਾਂ ਬਹੁਤ ਖੁਸ਼ ਹੋਣਾ ਸੀ ਅੰਮੀ"...ਉਹ ਤਾਂ ਇੰਨਕਲਾਬੀ ਇਨਸਾਨ ਸਨ । ਮੈਂ ਤਾਂ ਫਿਰੋਜ ਅੰਕਲ ਦੀ ਪੜ੍ਹੀ ਲਿਖੀ ਬੇਟੀ ਨਾਲ ਨਿਕਾਹ ਕਰ ਰਿਹਾਂ ਹਾਂ । ਪਰ ਅੱਬਾਜਾਨ ਨੇ ਤਾਂ ਅੰਕਲ ਫਿਰੋਜ਼ ਦੀ ਠੁਕਰਾਈ ਹੋਈ ਮਾਸ਼ੂਕ ਗੁਲਬਾਨੋ ਦਾ ਹੱਥ ਫੜ ਲਿਆਂ ਸੀ । ਸਮੀਰ ਨੇ ਮਜ਼ਾਕ ਕੀਤਾ ।
ਪਰ ਗੁਲਬਾਨੋ ਦੇ ਜਿਵੇਂ ਸੀਨੇ ਵਿੱਚ ਤੀਰ ਲੱਗਿਆ ਹੋਵੇ । "ਸਮੀਰ"...ਗੁਲਬਾਨੋ ਦੇ ਹੋਂਠ ਕੰਬੇ ਅਤੇ ਥਰਥਰਾਏ ।
ਮੁੜ, ਮਾਂ-ਪੁੱਤਰ ਵਿੱਚਕਾਰ ਗੱਲ ਨਾ ਹੋਈ । ਸਮੀਰ, ਅੰਮੀ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਫਿਰਦੌਸ਼ ਨਾਲ ਨਿਕਾਹ ਕਰਕੇ ਵਲਾਇਤ ਚਲਾ ਗਿਆ । ਫਿਰੋਜ਼ ਦੀ ਹਵੇਲੀ ਨਿਕਾਹ ਹੋਇਆ । ਉਸ ਹਵੇਲੀ ਵਿੱਚ ਜਿਥੋਂ ਗਲਬਾਨੋ ਨੂੰ ਬੇਇੱਜ਼ਤ, ਬੇਆਬਰੂ ਕਰਕੇ ਕੱਢਿਆ ਸੀ । ਗੁਲਬਾਨੋ ਤੇ ਉਸ ਦੀਆਂ ਧੀਆਂ ਸਮੀਰ ਦੇ ਨਿਕਾਹ, ਚ'ਸ਼ਰੀਕ ਨਹੀ ਹੋਈਆ ।
ਸਮੀਰ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਬੀਵੀ ਨਾਲ ਮਿਲਣ ਆਇਆ ਸੀ। ਪਰ ਗੁਲਬਾਨੋ ਨੇ ਨੌਕਰ ਤੋਂ ਕਹਿਲਵਾ ਦਿਤਾ ਸੀ ਕਿ ਬੇਗ਼ਮ ਸਾਹਿਬਾਂ ਦੀ ਤਬੀਅਤ ਠੀਕ ਨਹੀ ਏਂ । ਪੁੱਤਰ ਦੇ ਮੱਥੇ ਨਹੀ ਲੱਗੀ ਸੀ ਉਹ ।
ਬਾਕੀ ਦੁਨੀਆਂ ਵਾਂਗ ਆਪਣੇ ਇੱਕਲੌਤੇ ਪੁੱਤਰ ਨਾਲੋਂ ਵੀ ਨਾਤਾ ਤੋੜ ਲਿਆ ਸੀ। ਹਨੇਰੀ ਹਵੇਲੀ ਦਾ ਚਿਰਾਗ ਤੇ ਇੱਕਲੌਤਾ ਵਾਰਿਸ ਹਵੇਲੀ ਦੇ ਦਰਵਾਜ਼ੇ ਤੋਂ ਵਾਪਿਸ ਮੋੜ ਦਿਤਾ ਗਿਆ ਸੀ।
ਉਮਰ ਬੀਤ ਰਹੀ ਸੀ। ਗੁਲਬਾਨੋ ਕੋਲ ਸਮੀਰ ਦੇ ਕਈ ਸੁਨੇਹੇ ਆਏ, ਮੁਆਫੀਆਂ ਮੰਗੀਆਂ ਗਈਆਂ । ਇੰਗਲੈਂਡ ਦੀ ਟਿੱਕਟ, ਪੌਡਾਂ ਦੇ ਮਨੀਆਰਡਰ ਤੇ ਬੱਚਿਆਂ ਦੇ ਪਿਆਰ ਦੇ ਵਾਸਤੇ ਦਿਤੇ ਗਏ । ਪਰ ਗੁਲਬਾਨੋ ਨੇ ਕਦੀ ਕੋਈ ਜੁਵਾਬ ਨਾ ਦਿਤਾ। ਦਰਿਆ ਜਿਹਲਮ ਵਾਂਗ ਹੋ ਗਈ ਸੀ ਉਹ...ਜਿਸਦੇ ਵਿਚੋਂ ਤੂਫਾਨ ਲੰਘਦੇ ਸੀ, ਪਰ ਕੰਢੇ ਨਹੀ ਹਿਲਦੇ ਸੀ। ਇਸ ਹਵੇਲੀ ਵਾਂਗ ਮਜਬੂਤ ਬਣ ਗਈ ਸੀ ਉਹ...ਜਿਸਦੀ ਛੱਤ 'ਤੇ ਖੜ੍ਹੋ ਕੇ ਉਹ ਆਕਾਸ਼ ਨਾਲ ਗੱਲਾਂ ਕਰਦੀ ਸੀ ਤੇ ਧਰਤੀ ਦੇ ਲੋਕਾਂ ਦੀ ਉਸ ਤੱਕ ਕੋਈ ਪਹੁੰਚ ਨਹੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com