Punjabi Stories/Kahanian
ਰਸਕਿਨ ਬਾਂਡ
Ruskin Bond

Punjabi Kavita
  

Hamsafar Ruskin Bond

ਹਮਸਫ਼ਰ ਰਸਕਿਨ ਬਾਂਡ

ਟੋਹਾਣਾ ਰੇਲਵੇ ਸਟੇਸ਼ਨ ਆਉਣ ਤਕ ਮੈਂ ਕੰਮਪਾਰਟਮੈਂਟ ਵਿਚ ਇਕੱਲਾ ਹੀ ਸਾਂ। ਇੱਥੋਂ ਇਕ ਕੁੜੀ ਕੰਪਾਰਟਮੈਂਟ ਵਿਚ ਆ ਗਈ। ਇਕ ਔਰਤ ਤੇ ਮਰਦ ਉਸ ਨੂੰ ਗੱਡੀ ਚੜ੍ਹਾਉਣ ਆਏ ਸਨ। ਉਹ ਸ਼ਾਇਦ ਉਸ ਦੇ ਮਾਪੇ ਸਨ ਤੇ ਕੁੜੀ ਨੂੰ ਸਫ਼ਰ ਵਿਚ ਔਖ ਨਾ ਹੋਵੇ, ਇਸ ਗੱਲ ਬਾਰੇ ਬੜੇ ਸੁਚੇਤ ਜਾਪਦੇ ਸਨ। ਔਰਤ ਕੁੜੀ ਨੂੰ ਲੰਮੀਆਂ-ਚੌੜੀਆਂ ਹਦਾਇਤਾਂ ਕਰ ਰਹੀ ਸੀ—ਉਸ ਨੂੰ ਆਪਣਾ ਸਾਮਾਨ ਤੇ ਹੋਰ ਵਸਤਾਂ ਕਿੱਥੇ ਰੱਖਣੀਆਂ ਚਾਹੀਦੀਆਂ ਨੇ, ਖਿੜਕੀ ਵਿਚੋਂ ਕਦੋਂ ਤੇ ਕਿਉਂ ਸਿਰ ਬਾਹਰ ਕੱਢਣਾ ਚਾਹੀਦਾ ਹੈ ਤੇ ਅਜਨਬੀ ਲੋਕਾਂ ਨਾਲ ਜ਼ਿਆਦਾ ਗੱਲਾਂ ਕਰਨੀਆਂ ਕਿਉਂ ਠੀਕ ਨਹੀਂ ਹੁੰਦੀਆਂ—ਵਗ਼ੈਰਾ ਵਗ਼ੈਰਾ।
ਚਾਣਚੱਕ ਇੰਜਨ ਨੇ ਵਿਸਲ ਮਾਰੀ ਤੇ ਗੱਡੀ ਹੌਲੀ-ਹੌਲੀ ਤੁਰ ਪਈ ਤੇ ਉਸ ਜੋੜੇ ਦੇ 'ਟਾ-ਟਾ' ਕਹਿੰਦਿਆਂ-ਕਹਿੰਦਿਆਂ ਗੱਡੀ ਨੇ ਪਲੇਟਫਾਰਮ ਪਿਛਾਂਹ ਛੱਡ ਦਿੱਤਾ।
ਮੈਂ ਅੰਨ੍ਹਾਂ ਹਾਂ ਤੇ ਇਹ ਗੱਲ ਪੂਰੀ ਤਰ੍ਹਾਂ ਸਿੱਧ ਵੀ ਹੋ ਚੁੱਕੀ ਹੈ—ਅੱਖਾਂ ਨਾਲ ਮੈਨੂੰ ਕੁਝ ਵੀ ਤਾਂ ਨਹੀਂ ਦਿਸਦਾ; ਸਿਰਫ ਹਨੇਰੇ ਤੇ ਚਾਨਣ ਦੇ ਫਰਕ ਦਾ ਅਹਿਸਾਸ ਹੁੰਦਾ ਹੈ। ਇਸ ਲਈ ਮੈਂ ਇਹ ਫ਼ੈਸਲਾ ਨਾ ਕਰ ਸਕਿਆ ਕਿ ਉਹ ਕੁੜੀ ਵੇਖਣ ਵਿਚ ਕਿੰਜ ਲੱਗਦੀ ਹੈ? ਪਰ ਉਸ ਦੀ ਪੈੜ ਚਾਲ ਤੋਂ ਇਹ ਅੰਦਾਜ਼ਾ ਜ਼ਰੂਰ ਲਾ ਲਿਆ ਕਿ ਉਸ ਨੇ ਸੈਂਡਲ ਪਾਏ ਹੋਏ ਨੇ।
ਉਸ ਦਾ ਰੰਗ ਰੂਪ ਤੇ ਨੱਕ ਨਕਸ਼ਾ ਕਿਹੋ ਜਿਹਾ ਹੈ?...ਇਸ ਗੱਲ ਬਾਰੇ ਜਾਣਨ ਲਈ ਮੈਨੂੰ ਅਜੇ ਸਬਰ ਕਰਨਾ ਪਏਗਾ। ਹੋ ਸਕਦਾ ਹੈ ਕੁਝ ਵੀ ਨਾ ਜਾਣ ਸਕਾਂ...ਪਰ ਮੈਨੂੰ ਉਸ ਦੀ ਆਵਾਜ਼ ਤੇ ਸੈਂਡਲਾਂ ਦੀ ਟਿਪਟਿਪਾਹਟ ਬੜੀ ਚੰਗੀ ਲੱਗੀ ਸੀ।
'ਕੀ ਤੁਸੀਂ ਵੀ ਦੇਹਰਾਦੂਨ ਜਾ ਰਹੇ ਹੋ?'' ਮੈਂ ਪੁੱਛਿਆ।
ਇੰਜ ਲੱਗਾ ਜਿਵੇਂ ਮੈਂ ਅਲਗ-ਥਲਗ ਕਿਸੇ ਹਨੇਰੇ ਕੋਨੇ ਵਿਚ ਬੈਠਾ ਹੋਇਆ ਹੋਵਾਂ...ਕਿਉਂਕਿ ਮੇਰੇ ਇਸ ਸਵਾਲ ਉੱਤੇ ਹੈਰਾਨੀ ਨਾਲ ਤ੍ਰਬਕ ਪਈ ਸੀ ਸ਼ਾਇਦ!
'ਔਹ! ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਇੱਥੇ ਕੋਈ ਹੋਰ ਵੀ ਬੈਠਾ ਏ!''
ਕਦੀ ਕਦੀ ਇੰਜ ਵੀ ਹੋ ਜਾਂਦਾ ਹੈ ਕਿ ਚੰਗੀਆਂ ਭਲੀਆਂ ਅੱਖਾਂ ਵਾਲਿਆਂ ਨੂੰ ਸਾਹਮਣੇ ਪਈ ਹੋਈ ਚੀਜ਼ ਵੀ ਵਿਖਾਈ ਨਹੀਂ ਦਿੰਦੀ। ਹਫੜਾ-ਦਫੜੀ ਵਿਚ ਜਾਂ ਤਾਂ ਉਹ ਉਧਰ ਧਿਆਨ ਹੀ ਨਹੀਂ ਦਿੰਦੇ ਤੇ ਜਾਂ ਫੇਰ ਅਣਗਹਿਲੀ ਵਰਤ ਜਾਂਦੇ ਨੇ। ਦੂਜੇ ਪਾਸੇ ਉਹ ਲੋਕ, ਜਿਹੜੇ ਬਿਲਕੁਲ ਅੰਨ੍ਹੇ ਹੁੰਦੇ ਨੇ ਜਿਹਨਾਂ ਨੂੰ ਬੜਾ ਘੱਟ ਵਿਖਾਈ ਦਿੰਦਾ ਹੈ ਤੇ ਹੋਰਾਂ ਬਾਰੇ ਜਾਣਨ, ਪਛਾਣਨ ਲਈ ਉਹ ਸਿਰਫ ਆਵਾਜ਼ਾਂ ਦਾ ਸਹਾਰਾ ਲੈਂਦੇ ਨੇ, ਜਿਹੜੀਆਂ ਉਹਨਾਂ ਦੀਆਂ ਗਿਆਨ ਇੰਦਰੀਆਂ ਉਪਰ ਸਿੱਧਾ ਅਸਰ ਕਰਦੀਆਂ ਨੇ।
'ਮੈਨੂੰ ਵੀ ਤਾਂ ਤੁਹਾਡੇ ਆਉਣ ਦਾ ਪਤਾ ਨਹੀਂ ਸੀ ਲੱਗਿਆ।'' ਮੈਂ ਬੋਲਿਆ, ''ਪਰ ਤੁਹਾਡੇ ਆਉਣ ਦੀ ਪੈੜ ਚਾਲ ਸੁਣ ਕੇ...।''
ਹੁਣ ਮੈਨੂੰ ਇਹ ਧੜਕਾ ਲੱਗਾ ਹੋਇਆ ਸੀ ਕਿ ਮੈਂ ਉਸ ਤੋਂ ਆਪਣਾ ਅੰਨ੍ਹਾਂਪਨ ਛਿਪਾ ਸਕਾਂਗਾ ਜਾਂ ਨਹੀਂ। ਮੈਂ ਸੋਚਿਆ, ਜੇ ਆਪਣੀ ਸੀਟ ਉੱਤੇ ਬੈਠਾ ਰਹਾਂ ਤਾਂ ਇਸ ਸੱਚ ਨੂੰ ਛਿਪਾਉਣਾ ਔਖਾ ਨਹੀਂ ਹੋਵੇਗਾ।
''ਮੈਂ ਸਹਾਰਨਪੁਰ ਉਤਰ ਜਾਵਾਂਗੀ। ਚਾਚੀ ਜੀ ਮੈਨੂੰ ਸਟੇਸ਼ਨ 'ਤੇ ਲੈਣ ਆ ਰਹੇ ਨੇ।'' ਕੁੜੀ ਬੋਲੀ।
''ਤਾਂ ਤੇ ਮੈਨੂੰ ਤੁਹਾਡੇ ਨਾਲ ਬਹੁਤੀ ਜਾਣ-ਪਛਾਣ ਨਹੀਂ ਕਰਨੀ ਚਾਹੀਦੀ।'' ਅਹਿ ਚਾਚੀ ਹੁਰੀਂ ਬੜੇ ਚਿੜਚਿੜੇ ਤੇ ਤੰਗ-ਦਿਲ ਹੁੰਦੇ ਨੇ।
'ਪਰ ਤੁਸੀਂ ਕਿੱਥੇ ਜਾਣਾ ਏਂ ?'' ਕੁੜੀ ਨੇ ਪੁੱਛਿਆ।
'ਦੇਹਰਾਦੂਨ—ਤੇ ਅਗਾਂਹ ਮਨਸੂਰੀ।''
'ਅੱਛਾ ! ਬੜੇ ਖੁਸ਼ਕਿਸਮਤ ਹੋ ਤੁਸੀਂ। ਕਾਸ਼ ! ਮੈਂ ਵੀ ਮਨਸੂਰੀ ਜਾ ਸਕਦੀ। ਉੱਥੋਂ ਦੀਆਂ ਪਹਾੜੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਮੈਨੂੰ ਤੇ ਖਾਸ ਕਰਕੇ ਅਕਤੂਬਰ ਦੇ ਮਹੀਨੇ ਵਿਚ ਹੀ...''
'ਸੱਚਮੁੱਚ ਇਹੀ ਦਿਨ ਹੁੰਦੇ ਨੇ ਉੱਥੇ ਜਾਣਦੇ—ਬੜਾ ਸ਼ਾਨਦਾਰ ਮੌਸਮ ਹੁੰਦਾ ਏ।'' ਮੈਂ ਬੀਤੇ ਦੀਆਂ ਤੈਹਾਂ ਹੇਠ ਦੱਬੀ ਪਈ ਆਪਣੀ ਯਾਦਆਸ਼ਤ ਉਪਰ ਜ਼ੋਰ ਦੇ ਕੇ ਕਿਹਾ, ''ਪਹਾੜੀਆਂ, ਸੱਜ-ਵਿਆਹੀ ਲਾੜੀ ਵਾਂਗ ਰੰਗ-ਬਿਰੰਗੇ ਫੁੱਲਾਂ ਨਾਲ ਸਜੀਆਂ ਹੁੰਦੀਆਂ ਨੇ। ਧੁੱਪ ਬੜੀ ਚੰਗੀ ਲੱਗਦੀ ਏ ਤੇ ਰਾਤ ਨੂੰ ਅੰਗੀਠੀ ਵਿਚ ਲੱਕੜਾਂ ਬਾਲ ਕੇ ਕੋਲ ਬਹਿਣ ਤੇ ਬਰਾਂਡੀ ਦੀਆਂ ਚੁਸਕੀਆਂ ਲੈਣ ਦਾ ਮਜ਼ਾ ਹੀ ਆ ਜਾਂਦਾ ਏ। ਅੱਜ ਕੱਲ੍ਹ ਕਾਫੀ ਯਾਤਰੀ ਵਾਪਸ ਜਾ ਚੁੱਕੇ ਹੁੰਦੇ ਨੇ। ਸੜਕਾਂ ਤੇ ਬਾਜ਼ਾਰ ਸ਼ਾਂਤ, ਬਲਕਿ ਸੁੰਨਸਾਨ ਹੋ ਗਏ ਹੋਣਗੇ। ਤੁਸੀਂ ਠੀਕ ਹੀ ਪਏ ਆਖਦੇ ਓ...ਅਕਤੂਬਰ ਦੇ ਦਿਨ ਮਨਸੂਰੀ ਜਾਣ ਲਈ ਸਭ ਤੋਂ ਸੁਹਣੇ ਦਿਨ ਹੁੰਦੇ ਨੇ।''
ਉਹ ਚੁੱਪਚਾਪ ਬੈਠੀ ਰਹੀ। ਮੈਂ ਸੋਚਣ ਲੱਗਾ—ਪਤਾ ਨਹੀਂ ਜੋ ਕੁਝ ਮੈਂ ਹੁਣ ਤਾਈਂ ਬੋਲਦਾ ਰਿਹਾ ਸਾਂ, ਉਸ ਤੋਂ ਉਹ ਪ੍ਰਭਾਵਿਤ ਵੀ ਹੋਈ ਸੀ ਕਿ ਨਹੀਂ। ਕੀ ਉਸ ਨੇ ਮੈਨੂੰ ਕੋਈ ਆਸ਼ਕ-ਮਿਜਾਜ਼ ਜਾਂ ਦਿਲ-ਫੈਂਕ ਕਿਸਮ ਦਾ ਬੰਦਾ ਤਾਂ ਨਹੀਂ ਸਮਝ ਲਿਆ?...ਤੇ ਫੇਰ ਮੈਂ ਇਕ ਹੋਰ ਗ਼ਲਤੀ ਕਰ ਬੈਠਾ।
ਬਾਹਰ ਦਾ ਦ੍ਰਿਸ਼ ਕਿੰਜ ਲੱਗਦਾ ਏ ਤੁਹਾਨੂੰ ?'' ਮੈਂ ਪੁੱਛ ਲਿਆ ਸੀ। ਬਿੰਦ ਦਾ ਬਿੰਦ ਉਹ ਚੁੱਪ ਰਹੀ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਇਸ ਸਵਾਲ ਵੱਲ ਉਸ ਨੇ ਧਿਆਨ ਹੀ ਨਾ ਦਿੱਤਾ ਹੋਵੇ। ਕੀ ਉਸ ਨੂੰ ਪਤਾ ਲੱਗ ਚੁੱਕਿਆ ਹੈ ਕਿ ਮੈਂ ਅੰਨ੍ਹਾ ਹਾਂ?...ਤੇ ਫੇਰ ਮੇਰੇ ਸਵਾਲ ਦੇ ਜਵਾਬ ਵਿਚ ਉਸ ਨੇ ਉਲਟਾ ਸਵਾਲ ਕਰ ਦਿੱਤਾ—
'ਤੁਸੀਂ ਆਪ ਖਿੜਕੀ 'ਚੋਂ ਬਾਹਰ ਝਾਕ ਕੇ ਕਿਉਂ ਨਹੀਂ ਵੇਖ ਲੈਂਦੇ?'' ਤੇ ਮੇਰੇ ਸਾਰੇ ਧੜਕੇ ਦੂਰ ਹੋ ਗਏ।
ਮੈਂ ਬੜੀ ਆਸਾਨੀ ਨਾਲ ਬਰਥ ਉਪਰ ਖਿਸਕਦਾ ਹੋਇਆ ਖਿੜਕੀ ਤਕ ਪਹੁੰਚ ਗਿਆ ਤੇ ਖਿੜਕੀ ਦੀ ਚੁਗਾਠ ਨੂੰ ਟੋਹਣ ਲੱਗਾ। ਖਿੜਕੀ ਖੁੱਲ੍ਹੀ ਸੀ। ਮੈਂ ਬਾਹਰ ਦੇ ਦ੍ਰਿਸ਼ ਵੇਖਣ ਦਾ ਨਾਟਕ ਕਰਨ ਲੱਗਾ, ਹੇਠਾਂ ਰੇਲ ਦੇ ਪਹੀਆਂ ਦੀ ਕੁਰੱਖ਼ਤ ਖੜਖੜਾਹਟ ਸਾਫ ਸੁਣੀ ਜਾ ਸਕਦੀ ਸੀ।...ਪਿਛਾਂਹ ਵੱਲ ਨੱਸੇ ਜਾ ਰਹੇ ਟੈਲੀਫ਼ੋਨ ਦੇ ਖੰਭਿਆਂ ਦਾ ਦ੍ਰਿਸ਼ ਚਾਣਚੱਕ ਹੀ ਮੇਰੇ ਦਿਮਾਗ਼ ਵਿਚ ਸਾਕਾਰ ਹੋ ਗਿਆ ਸੀ।
'ਵੇਖੋ ਨਾ, ਕਿੰਨੀ ਅਜੀਬ ਗੱਲ ਏ?'' ਮੈਂ ਰਤਾ ਰੁਕ ਕੇ ਕਿਹਾ, ''ਇੰਜ ਜਾਪਦਾ ਏ ਜਿਵੇਂ ਰੁੱਖ ਨੱਸੇ ਜਾ ਰਹੇ ਹੋਣ ਤੇ ਅਸੀਂ ਅਹਿੱਲ-ਅਡੋਲ ਬੈਠੇ ਹੋਈਏ। ਕੀ ਤੁਹਾਨੂੰ ਇੰਜ ਮਹਿਸੂਸ ਨਹੀਂ ਹੁੰਦਾ?''
'ਅਕਸਰ ਇਵੇਂ ਹੀ ਮਹਿਸੂਸ ਹੁੰਦਾ ਏ।'' ਉਹ ਬੋਲੀ, ''ਕੀ ਕਿਤੇ ਜਾਨਵਰ ਵੀ ਦਿਸ ਰਹੇ ਨੇ ਤੁਹਾਨੂੰ?''
''ਨਹੀਂ।'' ਮੈਂ ਪੂਰੇ ਵਿਸ਼ਵਾਸ ਨਾਲ ਕਿਹਾ। ਮੈਨੂੰ ਪਤਾ ਸੀ ਦੇਹਰਾਦੂਨ ਦੇ ਜੰਗਲਾਂ ਵਿਚ ਅੱਜ ਕੱਲ੍ਹ ਕੋਈ ਜਾਨਵਰ ਵੇਖਣ ਨੂੰ ਵੀ ਨਹੀਂ ਸੀ ਮਿਲਦਾ।
ਮੈਂ ਖਿੜਕੀ ਕੋਲੋਂ ਹਟ ਕੇ ਉਸ ਵੱਲ ਮੂੰਹ ਕਰਕੇ ਬੈਠ ਗਿਆ—ਕੰਪਾਰਟਮੈਂਟ ਵਿਚ ਚੁੱਪ ਵਰਤੀ ਹੋਈ ਸੀ।
'ਤੁਹਾਡਾ ਚਿਹਰਾ ਬੜਾ ਦਿਲਚਸਪ ਹੈ।'' ਮੇਂ ਕਿਹਾ। ਹੁਣ ਮੈਂ ਕੁਝ ਵਧੇਰੇ ਹੀ ਦਲੇਰ ਤੇ ਰੁਮਾਂਟਿਕ ਹੁੰਦਾ ਜਾ ਰਿਹਾ ਸਾਂ ਪਰ ਮੈਂ ਕੋਈ ਮਾੜੀ ਗੱਲ ਤਾਂ ਨਹੀਂ ਸੀ ਕਹੀ।...ਕਿਉਂਕਿ ਸ਼ਾਇਦ ਹੀ ਕੋਈ ਅਜਿਹੀ ਕੁੜੀ ਹੋਵੇ ਜੋ ਅਜਿਹੀ ਚਾਪਲੂਸੀ ਪਸੰਦ ਨਾ ਕਰਦੀ ਹੋਵੇ। ਇਹ ਸੁਣ ਕੇ ਉਹ ਖਿੜ-ਖਿੜਾ ਕੇ ਹੱਸ ਪਈ ਤੇ ਉਸ ਦਾ ਸੰਗੀਤਮਈ ਹਾਸਾ ਮੇਰੇ ਕੰਨਾਂ ਵਿਚ ਸ਼ਹਿਦ ਘੋਲ ਗਿਆ।
'ਕਿੱਡੀ ਵਧੀਆਂ ਗੱਲ ਕਹੀ ਏ ਤੁਸੀਂ—ਚਿਹਰਾ ਦਿਲਚਸਪ ਏ। ਮੈਂ ਤਾਂ ਸੁਣ-ਸੁਣ ਕੇ ਤੰਗ ਆ ਗਈ ਹਾਂ ਕਿ ਮੇਰਾ ਚਿਹਰਾ ਬੜਾ ਦਿਲ-ਖਿੱਚ ਏ।''
ਓਅ ! ਤਾਂ ਉਹ ਸੱਚਮੁੱਚ ਹੀ ਬੜੀ ਹੁਸੀਨ ਹੈ ? ਮੈਂ ਅੰਦਰੇ-ਅੰਦਰ ਸੋਚਿਆ ਤੇ ਫੇਰ ਆਪ-ਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਗਿਆ—
''ਬਈ ਦਿਲਚਸਪ ਚਿਹਰੇ ਦਿਲ-ਖਿੱਚ ਵੀ ਤੇ ਹੁੰਦੇ ਨੇ ਨਾ।''
'ਤੁਸੀਂ ਬੜੇ ਮਨ-ਮੌਜੀ ਬੰਦੇ ਜਾਪਦੇ ਓ...'' ਉਹ ਫੇਰ ਖਿੜ-ਖਿੜ ਕਰਕੇ ਹੱਸ ਪਈ, ''ਪਰ ਏਨੀ ਛੇਤੀ ਗੰਭੀਰ ਕਿੰਜ ਹੋ ਜਾਂਦੇ ਓ?'' ਇਹ ਸੁਣ ਕੇ ਮੇਰੇ ਮਨ ਵਿਚ ਆਇਆ ਸੀ ਕਿ ਮੈਂ ਵੀ ਠਹਾਕਾ ਮਾਰ ਕੇ ਹੱਸਾਂ ਪਰ ਇਸ ਖ਼ਿਆਲ ਤੋਂ ਹੀ ਮੈਨੂੰ ਭੈ ਆਉਂਦਾ ਹੈ ਤੇ ਮੈਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹਾਂ।
'ਹੁਣ ਤਾਂ ਤੁਹਾਡਾ ਸਟੇਸ਼ਨ ਨੇੜੇ ਹੀ ਹੋਵੇਗਾ?'' ਮੈਂ ਕਿਹਾ।
'ਜੀ-ਜੀ, ਇੰਜ ਈ ਜਾਪਦਾ ਏ।'' ਤੇ ਫੇਰ ਉਹ ਇਕ ਠੰਡਾ ਸਾਹ ਭਰ ਕੇ ਬੋਲੀ, ''ਰੱਬ ਦਾ ਸ਼ੁਕਰ ਏ ਕਿ ਸਫ਼ਰ ਬਹੁਤਾ ਲੰਮਾਂ ਨਹੀਂ ਸੀ। ਤਿੰਨ ਚਾਰ ਘੰਟੇ ਤੋਂ ਵੱਧ ਰੇਲ ਦੇ ਸਫ਼ਰ ਵਿਚ ਮੈਨੂੰ ਘਬਰਾਹਟ ਹੋਣ ਲੱਗ ਪੈਂਦੀ ਏ।''
ਪਰ ਇਧਰ ਮਾਮਲਾ ਹੀ ਉਲਟ ਸੀ। ਜੇ ਸੰਭਵ ਹੁੰਦਾ ਤਾਂ ਮੈਂ ਕਾਫੀ ਲੰਮੇ ਅਰਸੇ ਤਾਈਂ ਉੱਥੇ ਬੈਠਾ ਉਸ ਦੀਆਂ ਗੱਲਾਂ ਦੀ ਮਿਠਾਸ ਦਾ ਆਨੰਦ ਮਾਣ ਸਕਦਾ ਸਾਂ। ਉਸ ਦੀ ਆਵਾਜ਼ ਵਿਚ ਕਿਸੇ ਪਹਾੜੀ ਝਰਨੇ ਦੀ ਸੁਰੀਲੀ 'ਕਲ-ਕਲ' ਦਾ ਅਹਿਸਾਸ ਹੁੰਦਾ ਸੀ। ਮੈਂ ਸੋਚਿਆ ਗੱਡੀ ਵਿਚੋਂ ਉਤਰਦਿਆਂ ਹੀ ਉਹ ਇਸ ਨਿੱਕੀ ਜਿਹੀ ਮੁਲਾਕਾਤ ਨੂੰ ਭੁੱਲ-ਭੁਲਾਅ ਜਾਏਗੀ ਪਰ ਮੇਰੇ ਦਿਲ 'ਤੇ ਸ਼ਾਇਦ ਸਾਰੀ ਉਮਰ ਅਟਕੀ ਰਹੇਗੀ।
ਅਚਾਨਕ ਇੰਜਣ ਵਿਸਲਾਂ ਦੇਣ ਲੱਗਾ। ਕੰਪਾਰਟਮੈਂਟ ਹੇਠਲੇ ਪਹੀਆਂ ਦੀ ਬਦਲੀ ਹੋਈ ਖੜਖੜਾਹਟ ਤੋਂ ਬਦਲ ਰਹੀਆਂ ਲਾਈਨਾਂ ਦਾ ਅਹਿਸਾਸ ਹੁੰਦਾ ਸੀ। ਮੈਨੂੰ ਇੰਜ ਲੱਗਿਆ ਜਿਵੇਂ ਉਹ ਕੁੜੀ ਆਪਣੀ ਸੀਟ ਤੋਂ ਉੱਠ ਖਲੋਤੀ ਹੋਏ ਤੇ ਆਪਣਾ ਸਾਮਾਨ ਸਮੇਟ ਰਹੀ ਹੋਏ। ਚਾਣਚੱਕ ਮੈਂ ਇਹ ਜਾਣਨ ਲਈ ਬੇਚੈਨ ਹੋ ਗਿਆ ਕਿ ਉਸ ਨੇ ਆਪਣੇ ਵਾਲਾਂ ਦਾ ਜੂੜਾ ਬੰਨ੍ਹਿਆਂ ਹੋਇਆ ਹੈ ਜਾਂ ਗਰਦਨ ਕੋਲੋਂ ਹੁੰਦੇ ਹੋਈ ਗੁੱਤ ਲੱਕ ਤਾਈਂ ਝੂਲ ਰਹੀ ਹੈ ਜਾਂ ਫੇਰ ਉਸ ਦੀਆਂ ਸੁਨਹਿਰੀ ਜ਼ੁਲਫ਼ਾਂ ਮੋਢਿਆਂ 'ਤੇ ਲਹਿਰਾ ਰਹੀਆਂ ਨੇ ...ਤੇ ਇੰਜ ਵੀ ਹੋ ਸਕਦਾ ਸੀ ਕਿ ਉਸ ਨੇ ਨਵੇਂ ਫੈਸ਼ਨ ਅਨੁਸਾਰ ਵਾਲ ਹੀ ਕਟਵਾਏ ਹੋਏ ਹੋਣ।
ਹੌਲੀ ਹੁੰਦੀ ਹੋਈ ਗੱਡੀ ਪਲੇਟਫਾਰਮ ਉੱਤੇ ਆ ਰੁਕੀ। ਬਾਹਰ ਕੁਲੀਆਂ ਅਤੇ ਖੌਂਚੇ ਵਾਲਿਆਂ ਦੀਆਂ ਵੰਨ-ਸੁਵੰਨੀਆਂ ਆਵਜ਼ਾਂ ਦਾ ਹੜ੍ਹ ਆ ਗਿਆ ਸੀ...ਉਦੋਂ ਹੀ ਕੰਪਾਰਟਮੈਂਟ ਦੇ ਬੂਹੇ ਕੋਲ ਇਕ ਬਾਰੀਕ ਪਰ ਚੀਕਵੀਂ ਜਿਹੀ ਜ਼ਨਾਨਾ ਆਵਾਜ਼ ਗੂੰਜੀ। ਲਾਜ਼ਮੀ ਇਹ ਉਸ ਕੁੜੀ ਦੀ ਚਾਚੀ ਦੀ ਆਵਾਜ਼ ਸੀ।
''ਅੱਛਾ ਜੀ, ਮੈਂ ਚੱਲਦੀ ਹਾਂ।'' ਕੁੜੀ ਨੇ ਕਿਹਾ।
ਉਹ ਮੇਰੇ ਨੇੜੇ ਖਲੋਤੀ ਹੋਈ ਸੀ। ਏਨੀ ਨੇੜੇ ਕਿ ਉਸ ਦੀਆਂ ਜ਼ੁਲਫ਼ਾਂ ਦੀ ਮਹਿਕ ਮੇਰੇ ਦਿਲ ਵਿਚ ਉਥਲ-ਪੁਥਲ ਮਚਾਅ ਰਹੀ ਸੀ ਤੇ ਮੇਰੀ ਬੜੀ ਤੀਬਰ ਇੱਛਾ ਹੋ ਰਹੀ ਸੀ ਕਿ ਉਸ ਦੀਆਂ ਜ਼ੁਲਫ਼ਾਂ ਨੂੰ ਹੱਥ ਨਾਲ ਛੂਹ ਕੇ ਵੇਖਾਂ।...ਪਰ ਮੈਂ ਇੰਜ ਨਾ ਕਰ ਸਕਿਆ ਤੇ ਉਹ ਚਲੀ ਗਈ।...ਤੇ ਉਸ ਦੇ ਜਿਸਮ ਦੀ ਮਹਿਕ ਉਸ ਥਾਂ ਰਹਿ ਗਈ ਜਿੱਥੇ ਉਹ ਕੁਝ ਚਿਰ ਪਹਿਲਾਂ ਖੜ੍ਹੀ ਸੀ।
ਫੇਰ ਬੂਹੇ ਵੱਲੋਂ ਕੁਝ ਅਜਿਹੀਆਂ ਆਵਾਜ਼ਾਂ ਆਈਆਂ ਜਿਵੇਂ ਕੋਈ ਚੜ੍ਹ ਰਹੀ ਸਵਾਰੀ ਬੜੀ ਹਲੀਮੀਂ ਨਾਲ ਕਿਸੇ ਨੂੰ ਕੁਝ ਆਖ ਰਹੀ ਹੋਏ। ਉਸ ਪਿੱਛੋਂ ਬੂਹਾ ਭੀੜ ਦਿੱਤਾ ਗਿਆ। ਬਾਹਰੀ ਦੁਨੀਆਂ ਇਕ ਵਾਰ ਫੇਰੇ ਮੈਥੋਂ ਵੱਖ ਹੋ ਗਈ।
ਮੈਂ ਆਪਣੀ ਸੀਟ ਉੱਤੇ ਬੈਠਾ ਰਿਹਾ।
ਇੰਜਣ ਦੀ ਵਿਸਲ ਤੋਂ ਬਾਅਦ ਗੱਡੀ ਫੇਰ ਤੁਰ ਪਈ। ਮੈਂ ਸੋਚਣ ਲੱਗਾ—ਇਕ ਵਾਰ ਫੇਰ ਮੈਨੂੰ ਉਸੇ ਕਿਸਮ ਦਾ ਨਾਟਕ ਨਵੇਂ ਹਮਸਫ਼ਰ ਨਾਲ ਖੇਡਣਾ ਪਏਗਾ। ਗੱਡੀ ਦੀ ਰਿਫ਼ਤਾਰ ਤੇਜ਼ ਹੁੰਦੀ ਰਹੀ। ਪਹੀਆਂ ਆਪਣਾ ਬੇਸੁਰਾ ਰਾਗ ਛੇੜ ਲਿਆ ਤੇ ਕੰਪਾਰਟਮੈਂਟ ਪਹਿਲਾਂ ਵਾਂਗ ਹੀ ਹਿੱਲਣ-ਡੋਲਣ ਲੱਗਾ ਸੀ। ਮੈਂ ਟੋਹ-ਟਟੋਲ ਕੇ ਖਿੜਕੀ ਕੋਲ ਜਾ ਬੈਠਾ। ਬਾਹਰ ਖਿੱਲਰੀ ਦਿਨ ਦੀ ਰੌਸ਼ਨੀ ਮਹਿਸੂਸ ਕਰਨ ਲੱਗਾ, ਜਿਹੜੀ ਅਸਲ ਵਿਚ ਮੇਰੇ ਲਈ ਫਿੱਕੇ ਹਨੇਰੇ ਤੋਂ ਬਿਨਾਂ ਕੁਝ ਵੀ ਨਹੀਂ ਸੀ ਰਹੀ।
ਖਿੜਕੀ ਤੋਂ ਬਾਹਰ ਪਤਾ ਨਹੀਂ ਕੀ-ਕੀ ਸੀ? ਹੋ ਸਕਦਾ ਹੈ ਮੈਦਾਨਾਂ ਵਿਚ ਕਿਤੇ ਕੋਈ ਦਿਲਕਸ਼ ਖੇਡ ਖੇਡੀ ਜਾ ਰਹੀ ਹੋਏ। ਬਾਹਰੀ ਦ੍ਰਿਸ਼ਾਂ ਦੀ ਕਲਪਨਾ ਹੀ ਕੀਤੀ ਜਾ ਸਕਦੀ ਸੀ।
'ਮੈਨੂੰ ਇੱਥੇ ਵੇਖ ਕੇ ਤੁਹਾਨੂੰ ਮਾਯੂਸੀ ਹੀ ਹੋਈ ਹੋਵੇਗੀ ਜਨਾਬ।'' ਕੰਪਾਰਟਮੈਂਟ ਵਿਚ ਆਉਣ ਵਾਲੇ ਦੀ ਆਵਾਜ਼ ਸੁਣ ਕੇ ਮੇਰੇ ਖ਼ਿਆਲਾਂ ਦੀ ਤੰਦ ਟੁੱਟ ਗਈ। ''ਕਿਉਂਕਿ ਮੈਂ ਓਨਾਂ ਅਟਰੈਕਟਿਵ ਹਮਸਫ਼ਰ ਨਹੀਂ ਹਾਂ ਨਾ, ਜਿੰਨੀ ਉਹ ਕੁੜੀ ਸੀ?''
'ਬਿਨਾਂ ਸ਼ੱਕ, ਉਹ ਇਕ ਅਟਰੈਕਟਿਵ ਕੁੜੀ ਸੀ।'' ਮੈਂ ਬੋਲਿਆ, ''ਪਰ ਤੁਸੀਂ ਦੱਸ ਸਕਦੇ ਓ...ਉਸ ਦੇ ਵਾਲ ਲੰਮੇਂ ਸਨ ਜਾਂ ਕੱਟੇ ਹੋਏ?''
'ਮੈਂ ਧਿਆਨ ਨਹੀਂ ਦਿੱਤਾ।'' ਉਸ ਕਿਹਾ। ਉਹ ਕਿਸੇ ਹੈਰਾਨੀ ਵਿਚ ਫਸਿਆ ਜਾਪਦਾ ਸੀ। ''ਪਰ ਉਹ, ਉਸ ਦੀਆਂ ਅੱਖਾਂ ! ਅਚਾਨਕ ਹੀ ਮੇਰਾ ਧਿਆਨ ਉਧਰ ਗਿਆ ਸੀ—ਸਿਰ ਦੇ ਵਾਲਾਂ ਵੱਲ ਨਹੀਂ। ਕਿੰਨੀਆਂ ਆਰਟਿਸਟਿਕ ਤੇ ਹੁਸੀਨ ਸਨ, ਉਸ ਦੀਆਂ ਅੱਖਾਂ! ਪਰ ਮੇਰਾ ਖ਼ਿਆਲ ਏ, ਉਹ ਉਸ ਲਈ ਬੇਕਾਰ ਸਨ...ਉਹਨਾਂ ਵਿਚ ਰੌਸ਼ਨੀ ਹੀ ਨਹੀਂ ਸੀ—ਉਹ ਅੰਨ੍ਹੀ ਸੀ ਸ਼ਾਇਦ। ਕੀ ਤੁਸਾਂ ਧਿਆਨ ਨਹੀਂ ਦਿੱਤਾ?''

(ਉਰਦੂ ਤੋਂ ਅਨੁਵਾਦ:ਮਹਿੰਦਰ ਬੇਦੀ, ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com